ਤਾਜਾ ਖ਼ਬਰਾਂ


ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  5 minutes ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  7 minutes ago
ਹਰਿਆਣਾ, 11 ਦਸੰਬਰ (ਹਰਮੇਲ ਸਿੰਘ ਖੱਖ)-ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  13 minutes ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  17 minutes ago
ਚੰਡੀਗੜ੍ਹ, 11 ਦਸੰਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਮੰਤਰੀ ਮੰਡਲ ਨੇ ਸ਼ਿਲੌਂਗ ਵਿਖੇ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਨੂੰ ਮੁਆਵਜ਼ੇ ਵਜੋਂ 60 ਲੱਖ ਰੁਪਏ ਮੁਹੱਈਆ ਕਰਵਾਉਣ ਲਈ ਰਾਹਤ 'ਤੇ ਮੁੜ....
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  28 minutes ago
ਅੰਮ੍ਰਿਤਸਰ, 11 ਦਸੰਬਰ (ਰਾਜੇਸ਼ ਕੁਮਾਰ) : ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਅੱਜ ਇੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਸੰਗਠਨਾਂ ਨਾਲ ਅਰਦਾਸ ਕਰਨ ਪਹੁੰਚੇ ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ.....
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
. . .  34 minutes ago
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 4
. . .  48 minutes ago
ਸ੍ਰੀਨਗਰ, 11 ਦਸੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਸਥਿਤ ਜੈਨਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ ਪੋਸਟ 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ 4 ਹੋ ਗਈ.....
ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਜਵਾਨ ਨੂੰ ਹੈਲੀਕਾਪਟਰ ਰਾਹੀ ਲਿਜਾਇਆ ਗਿਆ ਰਾਏਪੁਰ
. . .  58 minutes ago
ਰਾਏਪੁਰ, 11 ਦਸੰਬਰ- ਸੁਕਮਾ ਦੇ ਚਿੰਤਾ ਗੁਫ਼ਾ 'ਚ ਹੋਏ ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਸੀ.ਆਰ.ਪੀ.ਐਫ. ਜਵਾਨ ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਲਿਜਾਇਆ ਗਿਆ ....
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ
. . .  about 1 hour ago
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ...
ਵਿਧਾਨ ਸਭਾ ਸੈਸ਼ਨ ਦੌਰਾਨ ਕੈਪਟਨ ਤੋਂ ਚੋਣ ਵਾਅਦਿਆਂ ਦਾ ਮੰਗਿਆ ਜਾਵੇਗਾ ਹਿਸਾਬ - ਚੀਮਾ
. . .  about 1 hour ago
ਸੰਗਰੂਰ, 11 ਦਸੰਬਰ (ਧੀਰਜ ਪਸ਼ੋਰੀਆ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 13 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੇਸ਼ੱਕ ਬਹੁਤ ਘੱਟ ਸਮੇਂ ਲਈ ਬੁਲਾਇਆ ਗਿਆ ਹੈ ਪਰ ਫਿਰ ਵੀ ਵਿਧਾਨ.....
ਹੋਰ ਖ਼ਬਰਾਂ..

ਖੇਡ ਜਗਤ

ਸਫ਼ਲਤਾ ਦੀ ਨਵੀਂ ਰਾਹ 'ਤੇ ਹਨ ਨਿਸ਼ਾਨੇਬਾਜ਼ੀ ਦੇ ਨਵੇਂ ਸਿਤਾਰੇ

ਪਿਛਲੇ ਇਕ ਦਹਾਕੇ ਤੋਂ ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਚੰਗਾ ਹੁੰਦਾ ਜਾ ਰਿਹਾ ਹੈ। ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਖੇਡ ਵਿਚ ਲਗਾਤਾਰ ਨਵੇਂ ਸਿਤਾਰੇ ਵੀ ਉੱਭਰ ਰਹੇ ਹਨ ਅਤੇ ਇਹ ਕੌਮਾਂਤਰੀ ਪੱਧਰ 'ਤੇ ਆਪਣੀਆਂ ਉਪਲਬਧੀਆਂ ਨਾਲ ਦੇਸ਼ ਦਾ ਨਾਂਅ ਵੀ ਰੌਸ਼ਨ ਕਰ ਰਹੇ ਹਨ। ਅਭਿਨਵ ਬਿੰਦਰਾ, ਗਗਨ ਨਾਰੰਗ ਆਦਿ ਦੇ ਪੈਰਚਿੰਨ੍ਹਾਂ 'ਤੇ ਚਲਦਿਆਂ ਹੁਣ ਇਸ ਲੜੀ ਵਿਚ ਜੋ ਦੋ ਨਵੇਂ ਸਿਤਾਰੇ ਚਮਕੇ ਹਨ-ਇਹ ਹਨ ਸ਼ਾਹਜਰ ਰਿਜਵੀ ਅਤੇ ਮਨੂ ਭਾਕਰ। ਗੌਦਾਲਾਜਾਰਾ, ਮੈਕਸੀਕੋ ਵਿਚ ਖੇਡੇ ਜਾ ਰਹੇ ਸਾਲ ਦੇ ਪਹਿਲੇ ਆਈ. ਐਸ. ਐਸ. ਐਫ. (ਇੰਟਰਨੈਸ਼ਨਲ ਨਿਸ਼ਾਨੇਬਾਜ਼ੀ ਸਪੋਰਟ ਫੈੱਡਰੇਸ਼ਨ) ਵਿਸ਼ਵ ਕੱਪ ਵਿਚ ਰਿਜਵੀ ਨੇ 10 ਮੀਟਰ ਏਅਰ ਪਿਸਟਲ (ਪੁਰਸ਼) ਮੁਕਾਬਲੇ ਵਿਚ ਵਿਸ਼ਵ ਰਿਕਾਰਡ ਸਥਾਪਤ ਕਰਦੇ ਹੋਏ ਸੋਨ ਤਗਮਾ ਆਪਣੇ ਨਾਂਅ ਕੀਤਾ, ਜਦੋਂ ਕਿ ਭਾਕਰ ਨੇ 24 ਸ਼ਾਟ ਫਾਈਨਲ ਵਿਚ ਸੋਨ ਤਗਮਾ ਹਾਸਲ ਕੀਤਾ।
ਇਸ ਮੁਕਾਬਲੇ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ 24 ਸਾਲਾ ਰਿਜਵੀ ਅਤੇ 11ਵੀਂ ਜਮਾਤ ਦੀ ਵਿਦਿਆਰਥਣ ਭਾਕਰ ਨੂੰ ਆਪਣੇ ਕੈਰੀਅਰ ਦਾ ਇਹ ਪਹਿਲਾ ਮੌਕਾ ਮਿਲਿਆ ਸੀ। ਇਨ੍ਹਾਂ ਦੋਵਾਂ ਦੀ ਜਿੱਤ ਦੀ ਵਰਣਨਯੋਗ ਗੱਲ ਇਹ ਰਹੀ ਕਿ ਦੋਵਾਂ ਨੇ ਹੀ ਆਪਣੇ-ਆਪਣੇ ਮੁਕਾਬਲੇ ਵਿਚ ਉਲੰਪਿਕ ਤੇ ਵਿਸ਼ਵ ਚੈਂਪੀਅਨਾਂ ਨੂੰ ਹਰਾ ਕੇ ਇਹ ਸਫਲਤਾ ਹਾਸਲ ਕੀਤੀ। ਰਿਜਵੀ ਨੇ ਰੀਓ ਉਲੰਪਿਕ ਦੇ ਸੋਨ ਤਗਮਾ ਜੇਤੂ ਕ੍ਰਿਸਚੀਅਨ ਰਿਟਜ (ਜਰਮਨੀ) ਨੂੰ ਪਿੱਛੇ ਛੱਡਿਆ ਅਤੇ 242.3 ਦਾ ਸਕੋਰ ਕੱਢ ਕੇ ਜਾਪਾਨ ਦੇ ਲੀਜੈਂਡ ਟੋਮੋਯੂਕੀ ਮੱਤਸੁਦਾ ਦਾ ਵਿਸ਼ਵ ਰਿਕਾਰਡ (241.8) ਤੋੜਿਆ ਜੋ ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿਚ ਸਥਾਪਿਤ ਕੀਤਾ ਸੀ। ਉਥੇ ਭਾਕਰ ਨੇ 24 ਸ਼ਾਟ ਫਾਈਨਲ ਦੇ ਆਖਰੀ ਸ਼ਾਟ ਵਿਚ 10.8 ਦਾ ਸਕੋਰ ਕੀਤਾ ਅਤੇ ਮੇਜ਼ਬਾਨ ਦੇਸ਼ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਲੈਗਜਾਂਡਰ ਜਵਾਲਾ ਨੂੰ ਹਰਾ ਦਿੱਤਾ। ਭਾਕਰ ਦਾ 237.5 ਸਕੋਰ ਰਿਹਾ ਅਤੇ ਜਵਾਲਾ ਦਾ 237.1 ਸਕੋਰ ਰਿਹਾ। ਧਿਆਨ ਰਹੇ ਕਿ ਭਾਕਰ ਨੇ ਹਾਲ ਹੀ ਵਿਚ 2018 ਬਿਊਨੇਸਆਈਰਸ ਯੂਥ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਲਈ ਥਾਂ ਪੱਕੀ ਕੀਤੀ ਸੀ।
ਭਾਕਰ ਨੇ ਤਗਮਾ ਜਿੱਤਣ ਦੇ ਬਾਅਦ ਕਿਹਾ, 'ਸੋਨ ਤਗਮਾ ਜਿੱਤ ਕੇ ਮੈਂ ਬਹੁਤ ਖੁਸ਼ ਹਾਂ, ਵਿਸ਼ੇਸ਼ ਕਰਕੇ ਇਸ ਲਈ ਕਿ ਇਹ ਮੇਰਾ ਪਹਿਲਾ ਵਿਸ਼ਵ ਕੱਪ ਹੈ। ਆਉਣ ਵਾਲੇ ਮੁਕਾਬਲਿਆਂ ਵਿਚ ਮੈਂ ਇਸ ਤੋਂ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ।' ਰਿਜਵੀ ਦਾ ਸਬੰਧ ਮੇਰਠ ਦੇ ਪਿੰਡ ਛੋਟਾ ਮਵਾਨਾ ਦੇ ਇਕ ਸਧਾਰਨ ਪਰਿਵਾਰ ਨਾਲ ਹੈ। ਉਨ੍ਹਾਂ ਦੇ ਪਿਤਾ ਸ਼ਮਸ਼ਾਦ ਅਹਿਮਦ ਟਰਾਂਸਪੋਰਟਰ ਠੇਕੇਦਾਰ ਹਨ ਅਤੇ ਮਾਂ ਸ਼ਾਹਜਹਾਂ ਰਿਜਵੀ ਗ੍ਰਹਿਣੀ ਹੈ। ਰਿਜਵੀ ਨੇ 2010 ਵਿਚ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਸੀ ਅਤੇ ਉਦੋਂ ਤੋਂ ਉਨ੍ਹਾਂ ਦਾ ਇਕਮਾਤਰ ਸੁਪਨਾ ਦੇਸ਼ ਦੀ ਅਗਵਾਈ ਕਰਨਾ ਅਤੇ ਉਲੰਪਿਕ ਸੋਨ ਤਗਮਾ ਲਿਆਉਣਾ ਰਿਹਾ ਹੈ। ਉਹ ਦੱਸਦੇ ਹਨ, 'ਜਿਨ੍ਹਾਂ ਲੋਕਾਂ ਨੂੰ ਮੇਰੀ ਤਾਕਤ 'ਤੇ ਸ਼ੱਕ ਸੀ, ਉਨ੍ਹਾਂ ਨੂੰ ਇਹ (ਵਿਸ਼ਵ ਰਿਕਾਰਡ ਦੇ ਨਾਲ ਸੋਨ ਤਗਮਾ) ਮੇਰਾ ਜਵਾਬ ਹੈ। ਮੇਰਾ ਅਭਿਆਸ ਰਿਕਾਰਡ ਇਸ ਤੋਂ ਚੰਗਾ ਹੈ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਅਮਰੀਕਾ, ਕੋਰੀਆ ਤੇ ਜਰਮਨੀ ਵਿਚ ਹੋਣ ਵਾਲੇ ਵਿਸ਼ਵ ਕੱਪਾਂ ਵਿਚ ਇਸ ਤੋਂ ਚੰਗਾ ਸਕੋਰ ਕਰਾਂ ਤਾਂ ਕਿ ਮੇਰਾ ਰਿਕਾਰਡ ਥੋੜ੍ਹਾ ਲੰਮਾ ਸਮਾਂ ਕਾਇਮ ਰਹੇ।'
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ

ਭਾਰਤੀ ਟੀਮ ਲਈ ਖੱਟਾ-ਮਿੱਠਾ ਤਜਰਬਾ

ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਜੋ ਪਿਛਲੇ ਦਿਨੀਂ ਮਲੇਸ਼ੀਆ ਦੇ ਸ਼ਹਿਰ ਇਪੋਹ ਵਿਖੇ 3 ਤੋਂ 10 ਮਾਰਚ ਤੱਕ ਆਯੋਜਿਤ ਹੋਇਆ। ਭਾਰਤ ਨੂੰ ਇਸ ਵਿਚ ਪੰਜਵਾਂ ਸਥਾਨ ਮਿਲਿਆ। ਭਾਰਤੀ ਹਾਕੀ ਟੀਮ ਦਾ ਪ੍ਰਦਰਸ਼ਨ ਇਸ ਟੂਰਨਾਮੈਂਟ 'ਚ ਕਿਤੇ ਬਹੁਤ ਹੈਰਾਨੀਜਨਕ ਸੀ ਅਤੇ ਕਿਤੇ ਬਹੁਤ ਨਿਰਾਸ਼ਾਵਾਦੀ। ਟੀਮ ਦੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਬਾਰੇ ਅਸੀਂ ਆਪਣੀਆਂ ਵੱਖ-ਵੱਖ ਦਲੀਲਾਂ ਦੇ ਕੇ ਸੰਤੁਸ਼ਟ ਹੋਣਾ ਚਾਹਾਂਗੇ। ਜਿਥੋਂ ਤੱਕ ਇਸ ਭਾਰਤੀ ਟੀਮ ਦਾ ਸਵਾਲ ਹੈ, ਇਸ ਵਿਚ ਨਵੇਂ ਉੱਭਰਦੇ ਹੋਏ ਖਿਡਾਰੀ ਅਜ਼ਮਾਏ ਗਏ, ਰਾਸ਼ਟਰ ਮੰਡਲ ਖੇਡਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਭਾਰਤੀ ਹਾਕੀ ਪ੍ਰਬੰਧਕ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਹਾਕੀ 'ਚ ਇਕ ਬਹੁਤ ਮਜ਼ਬੂਤ ਟੀਮ ਨੂੰ ਉਤਾਰਨ ਦੀ ਸੋਚ ਨਾਲ ਵੀ ਵੱਖ-ਵੱਖ ਪੁਜ਼ੀਸ਼ਨਾਂ ਲਈ ਨਵੇਂ-ਨਵੇਂ ਤਜਰਬੇ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨਵੇਂ ਤਜਰਬਿਆਂ ਦੇ ਨਾਲ ਕਿੰਨਾ ਕੁ ਲਾਭ ਹੋਣ ਵਾਲਾ ਹੈ, ਇਹ ਤਾਂ ਵਕਤ ਹੀ ਜਾਣਦੈ ਪਰ ਵਿਸ਼ਵ ਪੱਧਰ 'ਤੇ ਭਾਰਤੀ ਹਾਕੀ ਦਾ ਅਕਸ ਕੁਝ ਵਿਗੜਦਾ ਵੀ ਜਾਪਦੈ, ਕਿਉਂਕਿ ਇੰਜ ਕਰਨ ਨਾਲ ਜਿੱਤਾਂ ਦੀ ਲਗਾਤਾਰਤਾ ਟੁੱਟ ਰਹੀ ਹੈ। ਇਸ ਟੂਰਨਾਮੈਂਟ 'ਚ ਆਸਟ੍ਰੇਲੀਆ, ਇੰਗਲੈਂਡ ਅਤੇ ਅਰਜਨਟੀਨਾ ਤਗਮਾ ਜੇਤੂ ਰਹੇ। ਇਸ ਟੂਰਨਾਮੈਂਟ 'ਚ ਭਾਰਤੀ ਸੰਦਰਭ ਤੋਂ ਸਰਦਾਰ ਸਿੰਘ ਦੀ ਟੀਮ 'ਚ ਵਾਪਸੀ ਆਕਰਸ਼ਣ ਦਾ ਸਬੱਬ ਬਣੀ। ਅਕਾਸ਼ਦੀਪ, ਮਨਪ੍ਰੀਤ, ਰੁਪਿੰਦਰ ਪਾਲ ਸਿੰਘ, ਹਰਮਨਪ੍ਰੀਤ ਸਿੰਘ ਅਤੇ ਪੀ. ਆਰ. ਸ੍ਰੀ ਜੇਸ਼ ਇਸ ਟੀਮ ਦਾ ਹਿੱਸਾ ਨਹੀਂ ਸਨ। ਸਿਰਫ ਪੰਜ ਖਿਡਾਰੀ ਸਰਦਾਰ ਸਿੰਘ, ਰਮਨਦੀਪ ਸਿੰਘ, ਤਲਵਿੰਦਰ ਸਿੰਘ, ਐਸ. ਕੇ. ਉਥੱਪਾ ਅਤੇ ਸੁਰਿੰਦਰ ਸਿੰਘ, ਜੋ ਕਈ ਚਿਰਾਂ ਤੋਂ ਭਾਰਤੀ ਹਾਕੀ ਟੀਮ ਦਾ ਹਿੱਸਾ ਬਣ ਚੁੱਕੇ ਹਨ, ਇਸ ਟੂਰਨਾਮੈਂਟ 'ਚ ਖੇਡੇ। ਇੰਗਲੈਂਡ ਵਰਗੀ ਸ਼ਕਤੀਸ਼ਾਲੀ ਟੀਮ ਨਾਲ ਇਸ ਟੀਮ ਦੀ ਬਰਾਬਰੀ ਨੂੰ ਕਈ ਹਾਕੀ ਜਾਣਕਾਰ ਇਕ ਪ੍ਰਾਪਤੀ ਮੰਨਦੇ ਹਨ। ਮੇਜ਼ਬਾਨ ਦੇਸ਼ ਦੇ ਵਿਰੁੱਧ 5-1 ਦੀ ਜਿੱਤ ਵੀ ਸਭ ਦਾ ਧਿਆਨ ਖਿੱਚਦੀ ਹੈ, ਕਿਉਂਕਿ ਮਲੇਸ਼ੀਆ ਨੂੰ ਮਲੇਸ਼ੀਆ 'ਚ ਹਰਾਉਣਾ ਭਾਰਤੀ ਟੀਮ ਲਈ ਹਮੇਸ਼ਾ ਔਖਾ ਰਿਹਾ ਹੈ। 1998 'ਚ ਰਾਸ਼ਟਰ ਮੰਡਲ ਖੇਡਾਂ, 2002 ਵਿਸ਼ਵ ਕੱਪ ਹਾਕੀ ਅਤੇ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ 'ਚ ਕਈ ਹਾਰਾਂ ਇਸ ਦੀਆਂ ਉਦਾਹਰਨਾਂ ਹਨ ਪਰ ਜਿਸ ਹਾਰ ਨੇ ਇਸ ਟੂਰਨਾਮੈਂਟ 'ਚ ਹਾਕੀ ਪ੍ਰੇਮੀਆਂ ਨੂੰ ਦੁਖੀ ਕੀਤਾ ਅਤੇ ਜਿਸ ਨੇ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ 'ਤੇ ਕਈ ਪ੍ਰਸ਼ਨ ਚਿੰਨ੍ਹ ਪੈਦਾ ਕੀਤੇ, ਉਹ ਹੈ ਆਇਰਲੈਂਡ ਦੇ ਹੱਥੋਂ ਅੰਤਲੇ ਲੀਗ ਮੈਚ 'ਚ ਹਾਰ ਜਾਣਾ, ਜਦੋਂ ਕਿ ਉਹ ਜਿੱਤ ਅਤੇ ਹਾਰ ਬਹੁਤ ਵੱਡੇ ਅਰਥ ਰੱਖਦੀ ਸੀ। ਮਨੋਵਿਗਿਆਨਕ ਦਬਾਅ ਨਹੀਂ ਝੱਲ ਸਕੀ ਉਸ ਦਿਨ ਸਾਡੀ ਹਾਕੀ ਟੀਮ। ਭਾਰਤ ਆਇਰਲੈਂਡ ਤੋਂ 2-3 ਨਾਲ ਹਾਰ ਗਿਆ। 18 ਮਿੰਟ ਬਾਕੀ ਸਨ ਬਰਾਬਰੀ ਲਈ ਪਰ ਸਾਰੇ ਯਤਨ ਬੇਕਾਰ ਚਲੇ ਗਏ। ਕੋਈ ਵੀ ਯੂਰਪੀਨ ਟੀਮ ਇਸ ਕਦਰ ਮੌਕੇ ਨਹੀਂ ਗਵਾਏਗੀ, ਜਿਸ ਤਰ੍ਹਾਂ ਭਾਰਤ ਨੇ ਮੌਕੇ ਗਵਾ ਦਿੱਤੇ। ਇਸ ਤਰ੍ਹਾਂ ਭਾਰਤੀ ਟੀਮ ਨੇ ਇੰਗਲੈਂਡ ਵਿਰੁੱਧ ਵੀ 8 ਪੈਨਲਟੀ ਕਾਰਨਰ ਅਜਾਈਂ ਗਵਾ ਦਿੱਤੇ। ਭਾਰਤ ਦੀ 'ਬੀ' ਟੀਮ ਵਿਸ਼ਵ ਦੀ ਦੂਜੇ ਨੰਬਰ ਦੀ ਅਰਜਨਟੀਨਾ ਦੀ ਟੀਮ ਵਿਰੁੱਧ ਬਹੁਤ ਕਰੀਬੀ ਹਾਰ ਹਾਰੀ। ਆਸਟ੍ਰੇਲੀਆ ਵਿਰੁੱਧ 2-4 ਨਾਲ ਹਾਰ ਗਈ ਪਰ ਸਰਦਾਰ ਸਿੰਘ ਦੀ ਟੀਮ ਨੇ ਅਗਲੇ ਹੀ ਦਿਨ ਆਇਰਲੈਂਡ ਨੂੰ 4-1 ਦੇ ਵੱਡੇ ਫਰਕ ਨਾਲ ਹਰਾ ਕੇ ਬਦਲਾ ਤਾਂ ਲੈ ਲਿਆ ਪਰ ਉਦੋਂ ਬਹੁਤ ਦੇਰ ਹੋ ਚੁੱਕੀ ਸੀ। ਡਿਪਸਿਨ, ਸ਼ਿਲਾਨੰਦ ਲਾਕਰਾ, ਸਾਨੂੰ ਨਵੇਂ ਹਾਕੀ ਸਟਾਰ ਇਸ ਟੂਰਨਾਮੈਂਟ 'ਚ ਆਪਣੇ ਚੰਗੇ ਪ੍ਰਦਰਸ਼ਨ ਦੇ ਆਧਾਰ 'ਤੇ ਮਿਲੇ ਹਨ। ਸਿਮਰਨਜੀਤ ਸਿੰਘ ਨੂੰ ਭਾਵੇਂ ਖੇਡਣ ਦਾ ਬਹੁਤਾ ਮੌਕਾ ਨਹੀਂ ਮਿਲਿਆ ਪਰ ਜਦੋਂ ਵੀ ਮਿਲਿਆ, ਵਧੀਆ ਪ੍ਰਦਰਸ਼ਨ ਕੀਤਾ। ਜਿਸ ਤਰ੍ਹਾਂ ਉਸ ਨੇ ਦੋ ਪੈਨਲਟੀ ਕਾਰਨਰ ਆਇਰਲੈਂਡ ਵਿਰੁੱਧ ਹਾਸਲ ਕੀਤੇ, ਜਦੋਂ ਭਾਰਤ ਨੂੰ ਬਰਾਬਰੀ ਦੀ ਸਖ਼ਤ ਜ਼ਰੂਰਤ ਸੀ, ਵਿਸ਼ੇਸ਼ ਧਿਆਨ ਖਿੱਚਦਾ ਹੈ। ਰਮਨਦੀਪ ਸਿੰਘ ਦਾ ਇਸ ਟੂਰਨਾਮੈਂਟ 'ਚ ਪ੍ਰਦਰਸ਼ਨ ਨਿਹਾਇਤ ਵਧੀਆ ਰਿਹਾ। ਸੁਰਿੰਦਰ ਕੁਮਾਰ ਨੇ ਵੀ ਆਪਣੀ ਖੇਡ ਪ੍ਰਤਿਭਾ ਨਾਲ ਪ੍ਰਭਾਵਿਤ ਕੀਤਾ। ਸੁਮਿਤ ਇਸ ਟੂਰਨਾਮੈਂਟ 'ਚ ਬਹੁਤਾ ਉੱਭਰ ਨਹੀਂ ਸਕਿਆ। ਸੂਰਜ ਕਰਕੇਰਾ ਨੇ ਆਪਣੀ ਗੋਲਕੀਪਿੰਗ 'ਚ ਵਧੀਆ ਪ੍ਰਦਰਸ਼ਨ ਕੀਤਾ। ਸਰਦਾਰ ਸਿੰਘ ਦੇ ਪ੍ਰਦਰਸ਼ਨ ਨੇ ਮਹਿਸੂਸ ਕਰਵਾਇਆ ਕਿ ਭਾਰਤੀ ਟੀਮ ਨੂੰ ਉਸ ਦੀ ਅਜੇ ਸਖ਼ਤ ਲੋੜ ਹੈ। ਚੀਫ ਕੋਚ ਸ਼ੋਅਰਡ ਦਾ ਫੈਸਲਾ ਸੀ ਇਸ ਪ੍ਰਕਾਰ ਦੀ ਟੀਮ ਭੇਜਣ ਦਾ, ਜੋ ਭਵਿੱਖ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਅਥਲੈਟਿਕਸ 'ਚ ਪੰਜਾਬ ਦੀ ਘਟ ਗਈ ਅਜ਼ਾਰੇਦਾਰੀ

ਪਿਛਲੇ ਦਿਨੀਂ ਆਸਟਰੇਲੀਆ 'ਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ 31 ਮੈਂਬਰੀ ਭਾਰਤੀ ਅਥਲੈਟਿਕਸ ਟੀਮ ਦਾ ਐਲਾਨ ਕੀਤਾ ਗਿਆ, ਜਿਸ ਵਿਚ ਸਿਰਫ 4 ਪੰਜਾਬੀ ਅਥਲੀਟ ਸ਼ਾਮਿਲ ਹਨ। ਇਹ ਅੰਕੜੇ ਪੰਜਾਬ ਦੇ ਖੇਡ ਇਤਿਹਾਸ ਦੇ ਉਲਟ ਅਤੇ ਚਿੰਤਾਜਨਕ ਹਨ, ਜਿਸ ਦੀ ਪੜਚੋਲ ਕਰਨੀ ਬਣਦੀ ਹੈ। ਕਿਉਂ ਅਸੀਂ ਇਸ ਖੇਡ 'ਚ ਆਪਣੀ ਅਜ਼ਾਰੇਦਾਰੀ ਗੁਆ ਰਹੇ ਹਾਂ?
ਜੇਕਰ 70-80 ਦੇ ਦਹਾਕਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਭਾਰਤੀ ਅਥਲੈਟਿਕਸ ਟੀਮਾਂ 'ਚ 70 ਤੋਂ 90 ਫੀਸਦੀ ਤੱਕ ਪੰਜਾਬੀ ਅਥਲੀਟ ਸ਼ਾਮਿਲ ਹੁੰਦੇ ਸਨ। ਖਾਸ ਤੌਰ 'ਤੇ ਥਰੋਅ ਈਵੈਂਟਸ 'ਚ ਤਾਂ ਪੰਜਾਬੀ ਕਿਸੇ ਨੂੰ ਨੇੜੇ ਨਹੀਂ ਢੁੱਕਣ ਦਿੰਦੇ ਸਨ। ਪਰ ਅਜੋਕੀ ਕੌਮੀ ਟੀਮ 'ਚ ਸਿਰਫ ਤੇਜਿੰਦਰਪਾਲ ਸਿੰਘ ਤੂਰ ਗੋਲਾ ਸੁੱਟਣ, ਨਵਜੀਤ ਕੌਰ ਢਿੱਲੋਂ ਡਿਸਕਸ ਸੁੱਟਣ, ਅਰਪਿੰਦਰ ਸਿੰਘ ਤੀਹਰੀ ਛਾਲ ਅਤੇ ਖੁਸ਼ਬੀਰ ਕੌਰ ਪੈਦਲ ਚਾਲ 'ਚ ਹੀ ਪੰਜਾਬ ਦੇ ਨੁਮਾਇੰਦੇ ਹਨ। ਇਸ ਨਿਰਾਸ਼ਾਜਨਕ ਵਰਤਾਰੇ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਸਾਡੇ ਪਿੰਡਾਂ 'ਚ ਖੇਡਣ ਲਈ ਢੁਕਵੇਂ ਮੈਦਾਨ ਹੀ ਨਹੀਂ ਹਨ। ਸਰਕਾਰੀ ਜ਼ਮੀਨਾਂ 'ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰਕੇ ਆਪਣੇ ਪਰਿਵਾਰ ਦੀ ਜਾਇਦਾਦ 'ਚ ਤਾਂ ਵਾਧਾ ਕਰ ਰੱਖਿਆ ਹੈ ਪਰ ਇਸ ਰਵਾਇਤ ਨੇ ਪਿੰਡ ਦੀ ਨਵੀਂ ਪੀੜ੍ਹੀ ਨੂੰ ਸਿਹਤਮੰਦ ਅਤੇ ਤਾਕਤਵਰ ਬਣਾਉਣ ਦਾ ਰਸਤਾ ਬੰਦ ਕਰ ਦਿੱਤਾ ਹੈ। ਭਾਵ ਸ਼ਾਮਲਾਟ ਜਾਂ ਹੋਰਨਾਂ ਸੰਸਥਾਵਾਂ ਦੇ ਨਾਂਅ 'ਤੇ ਦਰਜ ਸਾਂਝੀਆਂ ਜ਼ਮੀਨਾਂ 'ਚ ਖੇਡ ਮੈਦਾਨ ਬਣਾ ਕੇ ਨਵੀਂ ਪੀੜ੍ਹੀ ਨੂੰ ਰਿਸ਼ਟ-ਪੁਸ਼ਟ ਬਣਾਉਣ ਅਤੇ ਖੇਡਾਂ ਨਾਲ ਜੋੜਨ ਲਈ ਕੋਈ ਉਪਰਾਲਾ ਕਰਦੀ ਸਾਡੀ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾ ਨਜ਼ਰ ਨਹੀਂ ਆ ਰਹੀ।
ਪੰਜਾਬ ਦੇ ਪਿੰਡਾਂ 'ਚ ਹਰ ਸਾਲ ਹੋਣ ਵਾਲੇ ਖੇਡ ਮੇਲਿਆਂ ਲਈ ਫ਼ਸਲਾਂ ਕੱਟ ਕੇ, ਆਰਜ਼ੀ ਮੈਦਾਨ ਬਣਾਉਣ ਦਾ ਰੁਝਾਨ ਵੀ ਇਕ ਸੁਆਲ ਖੜ੍ਹਾ ਕਰਦਾ ਹੈ ਕਿ ਅਸੀਂ ਵੱਡੇ-ਵੱਡੇ ਖੇਡ ਮੇਲੇ ਤਾਂ ਕਰਵਾ ਲੈਂਦੇ ਹਾਂ ਪਰ ਇਹ ਨਹੀਂ ਸੋਚਦੇ ਕਿ ਸਾਡੇ ਪਿੰਡ 'ਚ ਖੇਡ ਮੈਦਾਨ 'ਚ ਸਾਰਾ ਸਾਲ ਸਰਗਰਮੀ ਕਿਉਂ ਨਹੀਂ ਰੱਖੀ ਜਾ ਰਹੀ? ਅਥਲੈਟਿਕਸ 'ਚ ਕੇਰਲਾ ਵਰਗੇ ਰਾਜ ਦੇ ਅੱਗੇ ਹੋਣ ਦਾ ਰਾਜ਼ ਇਹ ਹੈ ਕਿ ਉੱਥੇ ਦੀਆਂ ਸਰਕਾਰਾਂ ਨੇ ਹਰੇਕ ਪਿੰਡ, ਸ਼ਹਿਰ ਤੇ ਕਸਬੇ 'ਚ ਜ਼ਮੀਨਾਂ ਖਰੀਦ ਕੇ ਖੇਡ ਮੈਦਾਨ ਬਣਾਏ ਹਨ। ਪਰ ਮੌਸਮ, ਖਾਣ-ਪੀਣ ਅਤੇ ਖੇਡ ਪ੍ਰੰਪਰਾ ਪੱਖੋਂ ਅਮੀਰ ਸੂਬੇ ਪੰਜਾਬ 'ਚ ਨਵੀਂ ਪੀੜ੍ਹੀ ਨੂੰ ਖੇਡਾਂ ਦੇ ਖੇਤਰ 'ਚ ਅੱਗੇ ਵਧਣ ਲਈ ਅਜਿਹਾ ਮਾਹੌਲ ਨਹੀਂ ਦਿੱਤਾ ਜਾ ਰਿਹਾ। ਲੋੜ ਹੈ ਪੰਜਾਬ 'ਚ ਸਾਂਝੀਆਂ ਜ਼ਮੀਨਾਂ ਨੂੰ ਖੇਡ ਮੈਦਾਨਾਂ ਦਾ ਰੂਪ ਦੇ ਕੇ ਨਸ਼ਈਆਂ ਦੀ ਥਾਂ ਸਿਹਤਮੰਦ ਪੰਜਾਬੀ ਪੈਦਾ ਕਰਨ ਲਈ ਮਾਹੌਲ ਪੈਦਾ ਕੀਤਾ ਜਾਵੇ। ਪੰਜਾਬ ਦੀ ਅਥਲੈਟਿਕਸ ਦੇ ਨਿਘਾਰ ਲਈ ਦੂਸਰਾ ਵੱਡਾ ਕਾਰਨ ਸਰਕਾਰੀ ਸਰਪ੍ਰਸਤੀ ਦੀ ਘਾਟ ਹੈ। ਆਂਧਰਾ ਪ੍ਰਦੇਸ਼ ਵਰਗੇ ਸੂਬੇ 'ਚ ਖੇਡਾਂ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਜਾਂਦਾ ਹੈ ਪਰ ਪੰਜਾਬ 'ਚ ਖੇਡਾਂ ਲਈ ਬਹੁਤ ਨਿਗੂਣਾ ਬੱਜਟ ਖੇਡਾਂ ਦੇ ਹਿੱਸੇ ਆਉਂਦਾ ਹੈ। ਤੀਸਰੀ ਗੱਲ ਰਾਜ ਦੇ ਸਕੂਲਾਂ 'ਚ ਅਥਲੈਟਿਕਸ ਦੇ ਈਵੈਂਟਸ ਕਰਵਾਉਣ ਦਾ ਰੁਝਾਨ ਬਹੁਤ ਘਟ ਗਿਆ ਹੈ। ਢੁਕਵੇਂ ਮੈਦਾਨ ਨਾ ਹੋਣ ਦਾ ਬਹਾਨਾ ਲਗਾ ਕੇ ਸਕੂਲਾਂ ਦੇ ਖੇਡ ਸੰਚਾਲਕ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ, ਜਦੋਂ ਕਿ ਜ਼ਰੂਰਤ ਹੈ ਪਿੰਡਾਂ ਦੇ ਮੋਹਤਬਰ ਬੰਦਿਆਂ ਨੂੰ ਅਥਲੈਟਿਕਸ ਟਰੈਕ ਬਣਾਉਣ ਲਈ ਜ਼ਮੀਨ ਦੇਣ ਵਾਸਤੇ ਸਕੂਲਾਂ ਦੇ ਖੇਡ ਸੰਚਾਲਕ ਪ੍ਰੇਰਿਤ ਕਰਨ। ਰਾਜ ਦੇ ਚੰਗੇ ਅਥਲੀਟਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਕੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਨਾਂਅ ਚਮਕਾਉਣ ਦੇ ਮੌਕੇ ਦਿੱਤੇ ਜਾਣ।
ਮੁੱਖ ਕੌਮੀ ਕੋਚ ਪਦਮਸ੍ਰੀ ਬਹਾਦਰ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਉਸ ਦੀਆਂ ਖੇਡ ਪ੍ਰਾਪਤੀਆਂ 'ਚ ਸਕੂਲੀ ਜੀਵਨ ਦੌਰਾਨ ਮਿਲੀ ਅਗਵਾਈ ਅਤੇ ਮੌਕਿਆਂ ਦਾ ਵੱਡਾ ਹੱਥ ਹੈ। ਉਨ੍ਹਾਂ ਨੂੰ ਸਕੂਲਾਂ 'ਚ ਲਾਜ਼ਮੀ ਤੌਰ 'ਤੇ ਖੇਡਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਪਰ ਹੁਣ ਸਕੂਲਾਂ 'ਚ ਅਜਿਹਾ ਮਾਹੌਲ ਵਿਦਿਆਰਥੀਆਂ ਨੂੰ ਪ੍ਰਦਾਨ ਨਹੀਂ ਕੀਤਾ ਜਾਂਦਾ। ਸ: ਚੌਹਾਨ ਦਾ ਕਹਿਣਾ ਹੈ ਕਿ ਚੀਨ ਵਰਗੇ ਮੁਲਕ ਦਾ ਖੇਡਾਂ ਦੇ ਖੇਤਰ 'ਚ ਮੋਹਰੀ ਹੋਣ ਦਾ ਵੱਡਾ ਕਾਰਨ ਸਕੂਲ ਦੇ ਸਮੇਂ ਦੌਰਾਨ ਅੱਧਾ ਸਮਾਂ ਵਿੱਦਿਅਕ ਗਤੀਵਿਧੀਆਂ ਅਤੇ ਅੱਧਾ ਸਮਾਂ ਖੇਡ ਸਰਗਰਮੀਆਂ ਨੂੰ ਦੇਣਾ ਹੈ। ਇਸ ਕਰਕੇ ਚੀਨ ਦੀ ਨਵੀਂ ਪੀੜ੍ਹੀ ਦਾ ਤੰਦਰੁਸਤ ਅਤੇ ਹੁੰਦੜਹੇਲ ਹੋਣਾ ਸੁਭਾਵਿਕ ਗੱਲ ਬਣ ਗਿਆ ਹੈ। ਉਨ੍ਹਾਂ ਪੰਜਾਬ 'ਚ ਅਥਲੈਟਿਕਸ ਦੇ ਘਟ ਰਹੇ ਰੁਝਾਨ ਨੂੰ ਬਹੁਤ ਅਫਸੋਸਨਾਕ ਕਰਾਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇਸ਼ ਦੀ ਅੱਵਲ ਨੰਬਰ ਖੇਡ 'ਵਰਸਿਟੀ ਬਣਾਉਣ ਵਾਲੇ ਸਾਬਕਾ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਸਾਡੇ ਸਕੂਲਾਂ ਅਤੇ ਕਾਲਜਾਂ ਦੇ ਖੇਡ ਸੰਚਾਲਕਾਂ ਨੂੰ ਵੱਧ ਤੋਂ ਵੱਧ ਸਮਾਂ ਖੇਡ ਮੈਦਾਨਾਂ 'ਚ ਖਿਡਾਰੀਆਂ ਨਾਲ ਬਤੀਤ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾਣ। ਅਥਲੀਟਾਂ ਨੂੰ ਸਮੇਂ ਸਿਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਚੰਗੇ ਅਥਲੀਟਾਂ ਲਈ ਖੇਡ ਵਿੰਗਾਂ ਦੀਆਂ ਸਹੂਲਤਾਂ ਨਿਰੰਤਰ ਅਤੇ ਸਮੇਂ ਸਿਰ ਪ੍ਰਦਾਨ ਕੀਤੀਆਂ ਜਾਣ। ਹੋਰਨਾਂ ਖੇਡ ਸਮਾਗਮਾਂ ਦੇ ਨਾਲ-ਨਾਲ ਅਥਲੈਟਿਕਸ ਦੇ ਵੀ ਪਿੰਡ ਪੱਧਰ 'ਤੇ ਖੇਡ ਮੁਕਾਬਲੇ ਕਰਵਾਏ ਜਾਣ।
ਉਪਰੋਕਤ ਵਿਚਾਰ ਚਰਚਾ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀਆਂ ਅਥਲੈਟਿਕਸ ਨੂੰ ਮੁੜ ਮੋਹਰੀ ਸਫ਼ਾਂ 'ਚ ਲਿਆਉਣ ਲਈ ਬਹੁਤ ਸਾਰੇ ਉਪਰਾਲੇ ਕਰਨ ਦੀ ਜ਼ਰੂਰਤ ਹੈ, ਜਿਸ ਵਿਚ ਸਰਕਾਰੀ ਅਤੇ ਗੈਰ-ਸਰਕਾਰੀ ਦੋਵੇਂ ਤਰ੍ਹਾਂ ਦੇ ਉੱਦਮ ਸ਼ਾਮਿਲ ਹੋਣ।


-ਪਟਿਆਲਾ। ਮੋਬਾ: 97795-90575

ਬੀਤੇ ਦੀ ਗੱਲ ਹੋਏ 'ਕੁੱਕੜ ਮੁਕਾਬਲੇ'

ਕਦੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀਆਂ ਆਪਣੀਆਂ ਹੀ ਖੇਡਾਂ ਹੁੰਦੀਆਂ ਸਨ ਤੇ ਕਈ ਸ਼ੌਕ ਵੀ ਸਨ, ਜੋ ਅੱਜ ਕਿਧਰੇ ਵਿਖਾਈ ਨਹੀਂ ਦਿੰਦੇ। ਇਨ੍ਹਾਂ 'ਚੋਂ ਇਕ ਸੀ ਕੁੱਕੜ ਮੁਕਾਬਲੇ ਦਾ ਸ਼ੌਕ। ਪਹਿਲਾਂ ਦੇ ਵੇਲਿਆਂ 'ਚ ਲੋਕ ਕੁੱਕੜਾਂ ਨੂੰ ਚੰਗਾ ਦਾਣਾ-ਪਾਣੀ, ਖ਼ੁਰਾਕ ਤੇ ਹੋਰ ਪੋਸ਼ਟਿਕ ਆਹਾਰ ਦੇ ਕੇ ਸ਼ੌਕ ਨਾਲ ਪਾਲਦੇ ਸਨ ਤੇ ਇਨ੍ਹਾਂ ਦੇ ਮੁਕਾਬਲਿਆਂ 'ਚ ਆਪਣਾ ਨਾਂਅ ਚਮਕਾਉਂਦੇ ਸਨ। ਆਪਣੇ ਬਚਪਨ 'ਚ ਮੈਂ ਪਿੰਡ ਦੀ ਸਾਂਝੀ ਜਗ੍ਹਾ 'ਚ ਕੁੱਕੜਾਂ ਦੇ ਮੁਕਾਬਲੇ ਵੇਖਿਆ ਕਰਦਾ ਸੀ। ਮੇਰੇ ਵੇਖਣ ਅਨੁਸਾਰ ਜਦੋਂ ਕੁੱਕੜ ਆਪਸ 'ਚ ਲੜਨਾ ਸ਼ੁਰੂ ਕਰ ਦਿੰਦੇ ਸਨ ਤਾਂ ਲਹੂ-ਲੁਹਾਣ ਹੋ ਜਾਂਦੇ ਸਨ ਤੇ ਦੇਖਦੇ ਹੀ ਦੇਖਦੇ ਮੁਕਾਬਲੇ ਪੂਰੇ ਭਖ ਜਾਂਦੇ ਸਨ ਤੇ ਅੰਤ ਇਕ ਕੁੱਕੜ ਹਾਰ ਮੰਨ ਜਾਂਦਾ ਸੀ। ਕਈ ਵਾਰ ਤਾਂ ਇਹ ਮੁਕਾਬਲੇ ਕਈ-ਕਈ ਘੰਟੇ ਤੱਕ ਵੀ ਚਲਦੇ ਰਹਿੰਦੇ ਸਨ। ਮੁਕਾਬਲਿਆਂ 'ਚ ਜੇਤੂ ਕੁੱਕੜ ਦੇ ਮਾਲਕ ਨੂੰ ਬਿਹਤਰੀਨ ਇਨਾਮ ਵੀ ਦਿੱਤੇ ਜਾਂਦੇ ਸਨ। ਪਰ ਅੱਜ ਲੋਕਾਂ ਵਿਚ ਇਨ੍ਹਾਂ ਸ਼ੌਕਾਂ ਪ੍ਰਤੀ ਕੋਈ ਖ਼ਾਸ ਰੁਚੀ ਨਹੀਂ ਰਹੀ। ਲੋਕਾਂ ਵਿਚ ਵਧਦੀ ਪੈਸੇ ਦੀ ਲੋੜ ਤੇ ਸਮੇਂ ਦੀ ਘਾਟ ਨੇ ਮਨੁੱਖ ਨੂੰ ਏਨਾ ਵਿਅਸਤ ਕਰ ਦਿੱਤਾ ਹੈ ਕਿ ਸ਼ੌਕ ਪਾਲਣਾ ਅੱਜ ਕਿਸੇ ਮਾੜੇ-ਮੋਟੇ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ। ਅੱਜ ਦੇ ਬਦਲਦੇ ਸਮਾਜ ਵਿਚ ਇਹ ਮੁਕਾਬਲੇ ਹੋਣੇ ਬੰਦ ਹੋ ਗਏ ਹਨ। ਅੱਜ ਦੇ ਸਮੇਂ ਵਿਚ ਲੋਕਾਂ 'ਚ ਆਪਸੀ ਤਕਰਾਰ ਵਧ ਰਹੀ ਹੈ, ਜਿਸ ਦੇ ਚਲਦਿਆਂ ਅਜਿਹੇ ਸ਼ੌਕ ਘਰਾਂ ਤੱਕ ਹੀ ਸੀਮਤ ਰਹਿ ਗਏ ਹਨ।


-ਰਾਜਵੰਤ ਸਿੰਘ ਤੱਖੀ,
ਪਿੰਡ ਤੇ ਡਾਕ: ਭੰਗਚੜੀ (ਸ੍ਰੀ ਮੁਕਤਸਰ ਸਾਹਿਬ)। ਮੋਬਾ: 95015-08202

ਮਹਾਨ ਖਿਡਾਰੀਆਂ ਦੀਆਂ ਮਹਾਨ ਬਾਤਾਂ

ਲਾਮਿਸਾਲ ਹੌਂਸਲੇ ਦਾ ਬਾਦਸ਼ਾਹ
ਸੰਨ 1933 ਦੀਆਂ ਉਲੰਪਿਕ ਖੇਡਾਂ ਤੋਂ ਕਈ ਸਾਲ ਪਹਿਲਾਂ ਦੀ ਘਟਨਾ ਹੈ। ਦੋ ਬੱਚੇ ਅੰਗੀਠੀ ਬਾਲ ਰਹੇ ਸਨ ਤੇ ਉਨ੍ਹਾਂ ਵਿਚੋਂ ਇਕ ਨੇ ਭੁਲੇਖੇ ਨਾਲ ਮਿੱਟੀ ਦੇ ਤੇਲ ਦੀ ਥਾਂ ਪੈਟਰੋਲ ਅੰਗੀਠੀ 'ਚ ਪਾ ਦਿੱਤਾ। ਇਕਦਮ ਅੱਗ ਭੜਕ ਗਈ ਤੇ ਦੋਵੇਂ ਬੱਚੇ ਭਿਆਨਕ ਅੱਗ ਦੀ ਲਪੇਟ ਵਿਚ ਆ ਗਏ। ਇਕ ਦੀ ਤਾਂ ਇਸ ਹਾਦਸੇ ਵਿਚ ਮੌਤ ਹੋ ਗਈ ਤੇ ਦੂਜੇ ਦੇ ਸਰੀਰ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਝੁਲਸ ਗਿਆ। ਡਾਕਟਰਾਂ ਨੇ ਉਸ ਦੀਆਂ ਲੱਤਾਂ ਕੱਟਣ ਦੀ ਗੱਲ ਆਖੀ ਪਰ ਉਹ ਨਾ ਮੰਨਿਆ। ਆਪ੍ਰੇਸ਼ਨ ਨਾ ਕੀਤਾ ਗਿਆ ਤੇ ਉਸ ਦੇ ਦੋਵੇਂ ਪੈਰ ਹੌਲੀ-ਹੌਲੀ ਲੱਕੜੀ ਵਾਂਗ ਸੁੱਕ ਗਏ। ਡਾਕਟਰਾਂ ਨੇ ਐਲਾਨ ਕਰ ਦਿੱਤਾ ਕਿ ਉਹ ਉਮਰ ਭਰ ਲਈ ਅਪਾਹਜ ਹੋ ਗਿਆ ਸੀ ਤੇ ਦੁਬਾਰਾ ਕਦੇ ਵੀ ਤੁਰਨ ਦੇ ਕਾਬਲ ਨਹੀਂ ਰਿਹਾ ਸੀ ਪਰ ਹਕੀਕਤ ਇਹ ਸੀ ਕਿ ਉਸ ਬੱਚੇ ਅੰਦਰ ਬੇਹੱਦ ਮਜ਼ਬੂਤ ਇੱਛਾ ਸ਼ਕਤੀ ਤੇ ਚੋਖਾ ਆਤਮ ਬਲ ਸੀ। ਉਸ ਨੇ ਕਈ ਕਠਿਨਾਈਆਂ ਜਰ ਕੇ ਵੀ ਤੁਰਨ ਦੀ ਕੋਸ਼ਿਸ਼ ਨਾ ਛੱਡੀ ਤੇ ਨਿਰੰਤਰ ਅਭਿਆਸ ਜਾਰੀ ਰੱਖਿਆ। ਆਖ਼ਰ ਉਸ ਦੀ ਦ੍ਰਿੜ੍ਹਤਾ ਤੇ ਸਖ਼ਤ ਮਿਹਨਤ ਨੂੰ ਫ਼ਲ ਮਿਲਿਆ ਤੇ ਉਹ ਦਿਨ ਵੀ ਆਇਆ ਜਦੋਂ ਸੰਨ 1933 ਦੀਆਂ ਉਲੰਪਿਕ ਖੇਡਾਂ ਵਿਚ ਸਰਬੋਤਮ ਦੌੜਾਕ ਵਜੋਂ ਉਸ ਨੇ ਸੋਨ ਤਗਮਾ ਹਾਸਲ ਕੀਤਾ ਤੇ ਇਤਿਹਾਸ ਰਚ ਦਿੱਤਾ। ਸਮੁੱਚੇ ਖੇਡ ਜਗਤ ਲਈ ਇਹ ਇਕ ਅਦੁੱਤੀ ਘਟਨਾ ਸੀ ਤੇ ਇਸ ਹੈਰਤਅੰਗੇਜ਼ ਕ੍ਰਿਸ਼ਮੇ ਨੂੰ ਅੰਜ਼ਾਮ ਦੇਣ ਵਾਲੇ ਲਾਮਿਸਾਲ ਹੌਸਲੇ ਦੇ ਬਾਦਸ਼ਾਹ ਦਾ ਨਾਂਅ ਸੀ-ਗਲੈਮ ਕਨਿੰਘਮ।
ਸਜ਼ਾ ਦੀ ਥਾਂ ਮਿਲੇ ਇਨਾਮ ਨੇ ਬਦਲੀ ਜ਼ਿੰਦਗੀ
ਭਾਰਤ ਵਿਚ ਅੰਗਰੇਜ਼ੀ ਸ਼ਾਸਨਕਾਲ ਸਮੇਂ ਦੀ ਗੱਲ ਹੈ। ਗਵਾਲੀਅਰ ਦੇ ਵਿਕਟੋਰੀਆ ਸਕੂਲ ਵਿਖੇ ਇਕ ਬੱਚਾ ਛੇਵੀਂ ਜਮਾਤ ਵਿਚ ਪੜ੍ਹਦਾ ਸੀ। ਉਹ ਪੜ੍ਹਾਈ ਵਿਚ ਜਿੰਨਾ ਹੁਸ਼ਿਆਰ ਸੀ, ਖੇਡਾਂ ਵਿਚ ਵੀ ਓਨੀ ਹੀ ਵਧੀਆ ਕਾਰਗੁਜ਼ਾਰੀ ਵਿਖਾਇਆ ਕਰਦਾ ਸੀ। ਇਕ ਦਿਨ ਸਕੂਲ ਦੇ ਨਾਲ ਲੱਗਦੇ ਬੰਗਲੇ 'ਚੋਂ ਇਕ ਅੰਗਰੇਜ਼ ਅਫ਼ਸਰ ਗੁੱਸੇ ਵਿਚ ਲਾਲ-ਪੀਲਾ ਹੁੰਦਾ ਹੋਇਆ ਨਿਕਲਿਆ ਤੇ ਸਿੱਧਾ ਸਕੂਲ ਦੇ ਅੰਦਰ ਆ ਵੜਿਆ। ਉਸ ਨੇ ਪ੍ਰਿੰਸੀਪਲ ਨੂੰ ਸ਼ਿਕਾਇਤ ਭਰੇ ਲਹਿਜ਼ੇ 'ਚ ਕਿਹਾ-'ਤੁਹਾਡੇ ਸਕੂਲ ਦੇ ਇਕ ਬੱਚੇ ਨੇ ਹਾਕੀ ਦੀ ਗੇਂਦ ਨੂੰ ਇੰਨੀ ਜ਼ੋਰ ਨਾਲ ਹਿੱਟ ਮਾਰੀ ਹੈ ਕਿ ਮੇਰੇ ਬੰਗਲੇ ਦੀ ਕੰਧ ਵਿਚ ਛੇਕ ਪਾ ਦਿੱਤਾ ਹੈ। ਪ੍ਰਿੰਸੀਪਲ ਨੇ ਤੁਰੰਤ ਮਾਮਲੇ ਦੀ ਪੜਤਾਲ ਅਰੰਭ ਕੀਤੀ ਤੇ ਛੇਤੀ ਹੀ ਉਹ ਬੱਚਾ ਵੀ ਲੱਭ ਲਿਆ, ਜਿਸ ਨੇ ਗੇਂਦ ਨੂੰ ਹਿੱਟ ਕੀਤਾ ਸੀ। ਪ੍ਰਿੰਸੀਪਲ ਨੇ ਉਸ ਬੱਚੇ ਨੂੰ ਆਪਣੇ ਕੋਲ ਬੁਲਾਇਆ ਤੇ ਗੁੱਸਾ ਕਰਨ ਦੀ ਥਾਂ ਉਸ ਦੀ ਪਿੱਠ ਥਾਪੜਦਿਆਂ ਹੋਇਆਂ ਆਖਿਆ-'ਬੇਟਾ, ਤੇਰਾ ਸ਼ਾਟ ਵਾਕਿਆ ਹੀ ਜ਼ਬਰਦਸਤ ਸੀ। ਤੈਨੂੰ ਤਾਂ ਸਜ਼ਾ ਨਹੀਂ, ਸਗੋਂ ਇਨਾਮ ਮਿਲਣਾ ਚਾਹੀਦਾ ਹੈ।'
ਏਨਾ ਆਖ ਕੇ ਪ੍ਰਿੰਸੀਪਲ ਨੇ ਉਸ ਦਾ ਮੱਥਾ ਚੁੰਮਿਆ ਤੇ ਇਨਾਮ ਵਜੋਂ ਇਕ ਹਾਕੀ ਸਟਿੱਕ ਅਤੇ ਇਕ ਗੇਂਦ ਉਕਤ ਬੱਚੇ ਨੂੰ ਭੇਟ ਕਰ ਦਿੱਤੀ। ਆਪਣੇ ਇਸ ਜ਼ਬਰਦਸਤ ਸ਼ਾਟ ਲਈ ਬਚਪਨ ਵਿਚ ਹੀ ਨਾਮਣਾ ਖੱਟਣ ਵਾਲੇ ਤੇ ਵੱਡਾ ਹੋ ਕੇ ਹਾਕੀ ਨੂੰ ਹੀ ਆਪਣਾ ਜਨੂੰਨ ਬਣਾ ਲੈਣ ਵਾਲੇ ਉਸ ਬਾਲਕ ਦਾ ਨਾਂ ਰੂਪ ਸਿੰਘ ਸੀ, ਜੋ ਬਾਅਦ ਵਿਚ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਬਣਿਆ ਸੀ।
ਜ਼ਬਰਦਸਤ ਆਤਮਵਿਸ਼ਵਾਸ
ਦੀ ਹੋਈ ਜਿੱਤ

ਵਿਸ਼ਵ ਦੇ ਮਹਾਨ ਫੁੱਟਬਾਲਰ ਵਜੋਂ ਜਾਣੇ ਜਾਂਦੇ ਇਕ ਖਿਡਾਰੀ ਨੇ ਇਕ ਮੈਚ ਦੌਰਾਨ ਗੋਲ ਕਰਨ ਦੇ ਇਰਾਦੇ ਨਾਲ ਬਾਲ ਦਾਗਿਆ ਪਰ ਗੋਲ ਨਾ ਹੋ ਸਕਿਆ। ਇਸ ਅਸਫ਼ਲਤਾ ਤੋਂ ਖ਼ਫ਼ਾ ਹੋਏ ਉਸ ਖਿਡਾਰੀ ਨੇ ਮੈਚ ਦੇ ਪ੍ਰਬੰਧਕਾਂ ਨੂੰ ਚੁਣੌਤੀ ਦਿੰਦਿਆਂ ਕਿਹਾ-'ਮੈਂ ਤਿੰਨ ਸੌ ਡਿਗਰੀ ਦੇ ਕੋਣ ਤੋਂ ਬਾਲ ਮਾਰਿਆ ਹੈ, ਗੋਲ ਫਿਰ ਭਲਾ ਕਿਉਂ ਨਹੀਂ ਹੋਇਆ?' ਬੜਾ ਹੀ ਜ਼ਬਰਦਸਤ ਆਤਮਵਿਸ਼ਵਾਸ ਸੀ ਉਸ ਖਿਡਾਰੀ ਦੇ ਕਥਨ ਵਿਚ। ਜਦੋਂ ਪੋਲ ਮਾਪਿਆ ਗਿਆ ਤਾਂ ਪਤਾ ਲੱਗਾ ਕਿ ਪੋਲ ਸਚਮੁੱਚ ਹੀ ਟੇਢਾ ਸੀ। ਆਪਣੇ ਦ੍ਰਿੜ੍ਹ ਆਤਮਵਿਸ਼ਵਾਸ ਕਰਕੇ ਜਿੱਤ ਹਾਸਲ ਕਰਨ ਵਾਲੇ ਉਸ ਮਹਾਨ ਖਿਡਾਰੀ ਦਾ ਨਾਂਅ ਸੀ-ਪੇਲੇ, ਜਿਸ ਨੂੰ ਫੁੱਟਬਾਲ ਦੀ ਦੁਨੀਆ ਦਾ ਬਾਦਸ਼ਾਹ ਹੋਣ ਦਾ ਮਾਣ ਵੀ ਦਿੱਤਾ ਗਿਆ ਸੀ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ,
410, ਚੰਦਰ ਨਗਰ, ਬਟਾਲਾ।
ਮੋਬਾ: 97816-46008

ਹੱਥ-ਪੈਰ ਗਵਾਉਣ ਤੋਂ ਬਾਅਦ ਵੀ ਨਹੀਂ ਰੁਕੀ ਸੰਗੀਤਾ ਦੀ ਉਡਾਨ

ਬੁਲੰਦ ਹੌਸਲੇ ਦੀ ਮਿਸਾਲ ਅਤੇ ਇਰਾਦਿਆਂ ਦੀ ਮਜ਼ਬੂਤ ਸੰਗੀਤਾ ਬਿਸ਼ਨੋਈ ਹੱਥ ਅਤੇ ਪੈਰ ਤੋਂ ਪੂਰੀ ਤਰ੍ਹਾਂ ਅਪਾਹਜ ਹੈ ਪਰ ਇਸ ਦੇ ਬਾਵਜੂਦ ਉਸ ਦੀ ਉਡਾਨ ਕਦੇ ਮੱਠੀ ਨਹੀਂ ਪਈ। ਜੇਕਰ ਸੰਗੀਤਾ ਬਿਸ਼ਨੋਈ ਨੂੰ ਭਾਰਤ ਦਾ ਮਾਣ ਆਖ ਦਿੱਤਾ ਜਾਵੇ ਤਾਂ ਗੱਲ ਅਤਿਕਥਨੀ ਨਹੀਂ, ਸਗੋਂ ਇਕ ਜਿਉਂਦੀ-ਜਾਗਦੀ ਹਕੀਕਤ ਹੈ, ਜਿਸ ਨੂੰ ਉਸ ਨੇ ਸੱਚ ਕਰ ਵਿਖਾਇਆ। ਇਹ ਗੱਲ ਵੀ ਵੱਡੇ ਮਾਣ ਨਾਲ ਆਖੀ ਜਾਵੇਗੀ ਕਿ ਸੰਗੀਤਾ ਬਿਸ਼ਨੋਈ ਨੇ 10 ਸਾਲ ਦੀ ਬਹੁਤ ਹੀ ਛੋਟੀ ਉਮਰ ਵਿਚ ਇੰਗਲੈਂਡ ਦੀ ਧਰਤੀ 'ਤੇ ਸਾਲ 2003-04 ਵਿਚ ਮਿੰਨੀ ਪੈਰਾ ਉਲੰਪਿਕ ਵਿਚੋਂ ਸੋਨ ਤਗਮਾ ਜਿੱਤ ਕੇ ਭਾਰਤ ਦੀ ਸ਼ਾਨ ਅਤੇ ਕੱਦ ਨੂੰ ਹੋਰ ਉੱਚਾ ਕੀਤਾ। ਸੰਗੀਤਾ ਬਿਸ਼ਨੋਈ ਦਾ ਜਨਮ 14 ਨਵੰਬਰ, 1990 ਨੂੰ ਰਾਜਸਥਾਨ ਪ੍ਰਾਂਤ ਦੇ ਜ਼ਿਲ੍ਹਾ ਜੋਧਪੁਰ ਦੇ ਕਸਬਾ ਬੁੱਧ ਨਗਰ ਵਿਚ ਪਿਤਾ ਰਾਮ ਸੁੱਖ ਬਿਸ਼ਨੋਈ ਦੇ ਘਰ ਮਾਤਾ ਦਾਖੂ ਦੇਵੀ ਦੀ ਕੁੱਖੋਂ ਹੋਇਆ। ਸੰਗੀਤਾ ਬਿਸ਼ਨੋਈ ਅਜੇ 7 ਕੁ ਸਾਲ ਦੀ ਉਮਰ ਵਿਚ ਹੀ ਸੀ ਕਿ ਉਹ ਆਪਣੇ ਪਰਿਵਾਰ ਨਾਲ ਆਪਣੇ ਮਾਮੇ ਦੇ ਵਿਆਹ 'ਤੇ ਗਈ ਹੋਈ ਸੀ, ਜਿੱਥੇ ਉਹ ਹਾਈ ਪਾਵਰ ਭਿਆਨਕ ਕਰੰਟ ਦੀ ਲਪੇਟ ਵਿਚ ਆ ਗਈ, ਜਿੱਥੇ ਇਸ ਘਟਨਾ ਨਾਲ ਵਿਆਹ ਦੀਆਂ ਖ਼ੁਸ਼ੀਆਂ ਗਮੀ ਵਿਚ ਬਦਲ ਗਈਆਂ।
ਕਈ ਮਹੀਨੇ ਹਸਪਤਾਲ ਵਿਚ ਰਹਿਣ ਤੋਂ ਬਾਅਦ ਸੰਗੀਤਾ ਮੌਤ ਦੇ ਮੂੰਹ ਵਿਚੋਂ ਤਾਂ ਬਚ ਗਈ ਪਰ ਉਸ ਦਾ ਖੱਬਾ ਪੈਰ ਅਤੇ ਸੱਜਾ ਹੱਥ ਕਰੰਟ ਦੀ ਲਪੇਟ ਵਿਚ ਏਨਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਕਿ ਉਸ ਦਾ ਪੈਰ ਅਤੇ ਹੱਥ ਕੱਟਣਾ ਪਿਆ। ਮਾਂ-ਬਾਪ ਲਈ ਇਹ ਸਦਮਾ ਅਸਹਿ ਸੀ ਕਿ ਕੱਲ੍ਹ ਉਨ੍ਹਾਂ ਦੀ ਬਾਲੜੀ ਹਠਖੇਲੀਆਂ ਕਰਦੀ ਆ ਰਹੀ ਸੀ। ਅੱਜ ਉਹ ਅਪਾਹਜਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਮਾਂ-ਬਾਪ ਨੇ ਆਖ਼ਰ ਸਬਰ ਦਾ ਘੁੱਟ ਭਰ ਲਿਆ ਅਤੇ ਮੋਢਿਆਂ 'ਤੇ ਬਿਠਾ ਉਸ ਨੂੰ ਸਕੂਲ ਛੱਡ ਆਉਂਦੇ ਅਤੇ ਛੁੱਟੀ ਸਮੇਂ ਲੈ ਕੇ ਆਉਂਦੇ। ਮੁੱਢਲੀ ਵਿੱਦਿਆ ਤੋਂ ਬਾਅਦ ਸੰਗੀਤਾ ਬਿਸ਼ਨੋਈ ਨੂੰ ਅਪਾਹਜ ਬੱਚਿਆਂ ਦੇ ਸਕੂਲ ਵਿਚ ਪੜ੍ਹਨ ਲਈ ਪਾ ਦਿੱਤਾ ਗਿਆ, ਜਿੱਥੇ ਸੰਗੀਤਾ ਨੇ ਆਪਣੀ ਇਸ ਅਪਾਹਜਤਾ ਨੂੰ ਇਕ ਚੁਣੌਤੀ ਵਜੋਂ ਸਵੀਕਾਰ ਕਰ ਕੇ ਕੁਝ ਨਵਾਂ ਕਰਨ ਦਾ ਦ੍ਰਿੜ੍ਹ ਇਰਾਦਾ ਕਰ ਲਿਆ ਅਤੇ ਉਹ ਅਪਾਹਜ ਹੋਣ ਦੇ ਬਾਵਜੂਦ ਖੇਡ ਦੇ ਮੈਦਾਨ ਵਿਚ ਉੱਤਰੀ। ਭਾਵੇਂ ਕਿ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ-ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਪਰ ਮੁਸ਼ਕਿਲਾਂ-ਦੁਸ਼ਵਾਰੀਆਂ ਸੰਗੀਤਾ ਬਿਸ਼ਨੋਈ ਦੀ ਹਿੰਮਤ ਅੱਗੇ ਰੁਕ ਨਹੀਂ ਸਕੀਆਂ।
ਉਹ ਸਕੂਲ ਵਲੋਂ ਹੀ ਸਾਲ 2003-04 ਵਿਚ ਇੰਗਲੈਂਡ ਖੇਡਣ ਲਈ ਗਈ, ਜਿੱਥੇ ਉਸ ਨੇ 10 ਸਾਲ ਦੀ ਉਮਰ ਵਿਚ ਸੋਨ ਤਗਮਾ ਜਿੱਤ ਕੇ ਦ੍ਰਿੜ੍ਹ ਇੱਛਾ ਸ਼ਕਤੀ ਦਾ ਸਬੂਤ ਦਿੱਤਾ। ਸੰਗੀਤਾ ਦੀ ਇਸ ਛੋਟੀ ਉਮਰ ਵਿਚ ਪ੍ਰਾਪਤੀ ਤੋਂ ਜਿੱਥੇ ਰਾਜਸਥਾਨ ਪ੍ਰਾਂਤ ਖਿੜ ਉੱਠਿਆ, ਉੱਥੇ ਦਿੱਲੀ ਵਿਖੇ ਉਸ ਸਮੇਂ ਦੇ ਰਾਸ਼ਟਰਪਤੀ ਮਰਹੂਮ ਏ.ਪੀ.ਜੇ. ਅਬਦੁਲ ਕਲਾਮ ਨੇ ਉਸ ਦੀ ਸਰਾਹਨਾ ਹੀ ਨਹੀਂ ਕੀਤੀ, ਸਗੋਂ ਉਸ ਦੇ ਹੌਸਲੇ ਦੀ ਦਾਤ ਦੇ ਕੇ ਸਨਮਾਨਿਤ ਵੀ ਕੀਤਾ। ਸੰਗੀਤਾ ਇਕ ਹੱਥ ਨਾਲ ਡਿਸਕਸ ਥਰੋ ਖੇਡਦੀ ਹੈ। ਬਲੇਡ ਰੰਨਰ ਜਾਨੀ ਨਵੀਂ ਤਕਨੀਕ ਨਾਲ ਪੈਰ ਵਿਚ ਬੈਲਟ ਲਗਾ ਕੇ ਤੁਰਦੀ ਹੈ ਅਤੇ ਜਦ ਲੋਕ ਉਸ ਨੂੰ ਖੇਡ ਮੈਦਾਨ ਵਿਚ ਖੇਡਦੇ ਵੇਖਦੇ ਹਨ ਤਾਂ ਬਸ! ਹੈਰਾਨ ਹੀ ਰਹਿ ਜਾਂਦੇ ਹਨ ਅਤੇ ਜਦ ਉਹ ਆਪਣੇ ਸਾਥੀ ਖਿਡਾਰੀਆਂ ਨੂੰ ਪਛਾੜ ਦਿੰਦੀ ਹੈ ਤਾਂ ਸੰਗੀਤਾ ਨੂੰ ਹੋਰ ਬਲ ਮਿਲਦਾ ਹੈ। ਸੰਗੀਤਾ ਨੇ ਹੁਣ ਤੱਕ ਰਾਜਸਥਾਨ ਵਿਖੇ ਹੋਈਆਂ ਵੱਖ-ਵੱਖ ਪੈਰਾ ਅਥਲੈਟਿਕ ਖੇਡਾਂ ਵਿਚ 6 ਸੋਨ ਤਗਮੇ ਜਿੱਤ ਕੇ ਆਪਣੀ ਖੇਡ ਕਲਾ ਦਾ ਲੋਹਾ ਮੰਨਵਾਇਆ ਹੈ। ਇੱਥੇ ਹੀ ਬਸ ਨਹੀਂ, ਉਸ ਨੇ ਇਕ ਹੱਥ ਨਾਲ 40 ਕਿਲੋਮੀਟਰ ਸਾਈਕਲ ਚਲਾ ਕੇ ਵੀ ਇਕ ਕੀਰਤੀਮਾਨ ਸਥਾਪਿਤ ਕੀਤਾ ਹੈ।
ਸੰਗੀਤਾ ਬਿਸ਼ਨੋਈ ਆਖਦੀ ਹੈ ਕਿ ਉਹ ਆਪਣੀ ਅਪਾਹਜਤਾ ਨਾਲ ਨਹੀਂ, ਸਗੋਂ ਆਪਣੀ ਖੇਡ ਕਲਾ ਨਾਲ ਲੋਕਾਂ ਦਾ ਮਨ ਜਿੱਤਣਾ ਚਾਹੁੰਦੀ ਹੈ ਅਤੇ ਉਹ ਲਗਾਤਾਰ ਖੇਡ ਪ੍ਰਦਰਸ਼ਨ ਕਰ ਕੇ ਲੋਕਾਂ ਦੀ ਵਾਹ-ਵਾਹ ਬਟੋਰ ਰਹੀ ਹੈ। ਸੰਗੀਤਾ ਬਿਸ਼ਨੋਈ ਭਾਵੇਂ ਅਪਾਹਜ ਹੈ ਪਰ ਉਹ ਇਕ ਸਮਾਜ ਸੇਵਿਕਾ ਵੀ ਹੈ ਅਤੇ ਉਹ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਜਾਣੀ ਜਾਂਦੀ ਹੈ। ਸੰਗੀਤਾ ਆਖਦੀ ਹੈ ਕਿ ਉਹ ਆਪਣੇ ਕੋਚ ਅਮਰ ਸਿੰਘ ਬਾਟੀ ਨੂੰ ਕਦੇ ਨਹੀਂ ਭੁੱਲਦੀ, ਜਿਸ ਨੇ ਉਸ ਨੂੰ ਉਂਗਲ ਫੜ ਕੇ ਖੇਡ ਦੇ ਮੈਦਾਨ ਵਿਚ ਲਿਆਂਦਾ ਸੀ ਅਤੇ ਉਹ ਹੁਣ ਤੱਕ ਵੀ ਉਸ ਦੇ ਨਾਲ ਹਨ। ਇਸ ਦੇ ਨਾਲ ਹੀ ਉਹ ਵਿਸ਼ੇਸ਼ ਧੰਨਵਾਦੀ ਹੈ ਆਪਣੇ ਕੋਚ ਦਿਨੇਸ਼ ਉਪਧਿਆਏ ਦੀ, ਜਿਨ੍ਹਾਂ ਵਲੋਂ ਵੀ ਉਸ ਨੂੰ ਖੇਡ ਦੇ ਖੇਤਰ ਵਿਚ ਪੂਰਨ ਸਹਿਯੋਗ ਮਿਲਿਆ ਹੈ। ਸੰਗੀਤਾ ਦੇ ਇਸ ਜਜ਼ਬੇ ਅਤੇ ਹੌਸਲੇ ਨੂੰ ਸਲਾਮ ਕਰਦੇ ਹੋਏ ਆਖਰ ਵਿਚ ਇਹੀ ਆਖਿਆ ਜਾ ਸਕਦਾ ਹੈ ਕਿ 'ਜਿਨ ਮੇਂ ਅਕੇਲੇ ਚਲਨੇ ਕੇ ਹੌਸਲੇ ਹੋਤੇ ਹੈਂ, ਏਕ ਦਿਨ ਉਨ ਕੇ ਪੀਛੇ ਹੀ ਕਾਫਲੇ ਬਨਤੇ ਹੈਂ।'


-ਮੋਗਾ। ਮੋਬਾ: 98551-14484

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX