ਤਾਜਾ ਖ਼ਬਰਾਂ


ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, ਐਸ.ਐਚ.ਓ. ਸਮੇਤ ਦੋ ਜ਼ਖਮੀ
. . .  1 day ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸੋਪੋਰ ਸਥਿਤ ਵਾਰਪੋਰਾ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਐਸ.ਐਚ.ਓ. ਸਮੇਤ ਦੋ ਪੁਲਿਸ ਜਵਾਨ ਜ਼ਖਮੀ ਹੋਏ ਹਨ। ਜਵਾਨਾਂ ਵਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ...
ਭਾਜਪਾ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ
. . .  1 day ago
ਨਵੀਂ ਦਿੱਲੀ, 22 ਮਾਰਚ - ਦਿੱਲੀ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ...
ਸ਼ੋਪੀਆ ਮੁੱਠਭੇੜ 'ਚ ਇੱਕ ਹੋਰ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 22 ਮਾਰਚ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਮੁੱਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਹਥਿਆਰ ਵੀ ਬਰਾਮਦ...
ਪਾਕਿ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਲਿਆ ਗਿਆ ਹਿਰਾਸਤ 'ਚ
. . .  1 day ago
ਨਵੀਂ ਦਿੱਲੀ, 22 ਮਾਰਚ - ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪਾਕਿਸਤਾਨ ਦੇ ਹਾਈ ਕਮਿਸ਼ਨ ਵਿਖੇ ਅੱਜ ਪਾਕਿਸਤਾਨ ਦਾ ਰਾਸ਼ਟਰੀ ਦਿਵਸ...
ਸੂਬਾ ਸਰਕਾਰ ਵੱਲੋਂ ਮਿਡ ਡੇ ਮੀਲ ਵਰਕਰਾਂ ਨੂੰ ਕੱਢਣ ਦੀ ਤਿਆਰੀ
. . .  1 day ago
ਮਾਹਿਲਪੁਰ ,22 ਮਾਰਚ (ਦੀਪਕ ਅਗਨੀਹੋਤਰੀ)- ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਮੂਹ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿਚ ਕੰਮ ਕਰਦੀਆਂ ਮਿਡ ਡੇ ਮੀਲ ਕੁਕ ਕਮ ਹੈਲਪਰਾਂ ਨੂੰ ...
ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਨਾਲ 71 ਮੌਤਾਂ
. . .  1 day ago
ਮੁੰਬਈ, 22 ਮਾਰਚ - ਮਹਾਰਾਸ਼ਟਰ 'ਚ ਇਸ ਸਾਲ ਸਵਾਈਨ ਫਲੂ ਦੇ 928 ਮਾਮਲੇ ਸਾਹਮਣੇ ਹਨ, ਜਦਕਿ 71 ਲੋਕਾਂ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ 17 ਮੌਤਾਂ...
ਕੇਂਦਰ ਸਰਕਾਰ ਵੱਲੋਂ ਜੇ.ਕੇ.ਐੱਲ.ਐੱਫ 'ਤੇ ਪਾਬੰਦੀ
. . .  1 day ago
ਨਵੀਂ ਦਿੱਲੀ, 22 ਮਾਰਚ - ਕੇਂਦਰ ਸਰਕਾਰ ਨੇ ਵੱਖਵਾਦੀ ਨੇਤਾ ਯਾਸਿਨ ਮਲਿਕ ਦੀ ਅਗਵਾਈ ਵਾਲੇ ਜੰਮੂ ਕਸ਼ਮੀਰ ਲਿਬਰੇਸ਼ਨ ਫ਼ਰੰਟ (ਜੇ.ਕੇ.ਐੱਲ.ਐੱਫ) 'ਤੇ ਪਾਬੰਦੀ ਲਗਾ...
2 ਮੋਟਰਸਾਈਕਲਾਂ ਦੀ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ, 3 ਜ਼ਖਮੀ
. . .  1 day ago
ਭੁਲੱਥ, 22 ਮਾਰਚ (ਮਨਜੀਤ ਸਿੰਘ ਰਤਨ) - ਨਜ਼ਦੀਕੀ ਪਿੰਡ ਕਮਰਾਏ ਨੇੜੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ...
ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਗਿਆ ਸੁਰੱਖਿਅਤ
. . .  1 day ago
ਹਿਸਾਰ, 22 ਮਾਰਚ - ਹਰਿਆਣਾ ਦੇ ਹਿਸਾਰ 'ਚ ਪੈਂਦੇ ਬਾਲਸਮੰਦ ਪਿੰਡ ਵਿਖੇ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। 18 ਮਹੀਨਿਆਂ ਦਾ ਇਹ ਬੱਚਾ ਬੀਤੇ ਦਿਨ...
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਸੁਲਤਾਨ ਵਿੰਡ, 22 ਮਾਰਚ (ਗੁਰਨਾਮ ਸਿੰਘ ਬੁੱਟਰ)- ਸੁਲਤਾਨ ਵਿੰਡ ਦੀ ਅੱਪਰ ਦੁਆਬ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਪਹਿਚਾਣ ਬਲਰਾਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦੇ ਅਨੁਸਾਰ, ਘਰ ਦੀ ਪ੍ਰੇਸ਼ਾਨੀ ਦੇ ਚੱਲਦਿਆਂ 32 ਸਾਲਾ ਸ਼ਾਦੀਸ਼ੁਦਾ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਰੋਮਨ ਸ਼ਾਸਕਾਂ ਦੀਆਂ ਖ਼ੂਨੀ ਖੇਡਾਂ ਦੇ ਮਜਬੂਰ ਲੜਾਕੇ ਸਨ

ਗਲੈਡੀਏਟਰਜ਼

ਮਨੋਰੰਜਨ ਜਾਂ ਦਿਲਪ੍ਰਚਾਵੇ ਦੀ ਰੁਚੀ ਸਦਾ ਤੋਂ ਮਨੁੱਖੀ ਸੁੁਭਾਅ ਦਾ ਅਨਿੱਖੜਵਾਂ ਅੰਗ ਰਹੀ ਹੈ। ਸਦੀਆਂ ਤੋਂ ਇਸ ਰੁਚੀ ਦੀ ਪੂਰਤੀ ਲਈ ਵਰਤੇ ਜਾਂਦੇ ਬਹੁਤ ਸਾਰੇ ਸਾਧਨਾਂ ਵਿਚ ਖੇਡਾਂ ਸਭ ਤੋਂ ਪ੍ਰਚਲਿਤ ਸਾਧਨ ਰਹੀਆਂ ਹਨ ਅਤੇ ਅੱਜ ਵੀ ਹਨ। ਇਤਿਹਾਸ ਵਿਚ ਮਨੋਰੰਜਨ ਦੇ ਨਾਂਅ ਹੇਠ ਕਈ ਅਣਮਨੁੱਖੀ ਖੇਡਾਂ ਵੀ ਰੁਝਾਨ ਵਿਚ ਰਹੀਆਂ ਜਿਨ੍ਹਾਂ ਵਿਚ ਇਨਸਾਨੀ ਜੀਵਨ ਤੱਕ ਦਾਅ 'ਤੇ ਲੱਗਦੇ ਰਹੇ। ਇਨ੍ਹਾਂ ਖੇਡਾਂ ਦੇ ਇਤਿਹਾਸ ਵੱਲ ਨਜ਼ਰ ਮਾਰਦਿਆਂ ਵਿਸ਼ਵ ਦੀਆਂ ਮਹਾਨ ਕਹੀਆਂ ਜਾਂਦੀਆਂ ਸੱਭਿਆਤਾਵਾਂ ਦੇ ਵਿਗੜੇ ਅਤੇ ਅਣਮਨੁੱਖੀ ਸ਼ੌਂਕਾਂ ਦੀਆਂ ਤਹਿਆਂ ਵੀ ਖੁੱਲ੍ਹਣ ਲੱਗ ਪੈਂਦੀਆਂ ਹਨ।
'ਰੋਮਨ ਸੱਭਿਅਤਾ' ਨੂੰ ਇਤਿਹਾਸਕਾਰਾਂ ਵਲੋਂ ਦੁਨੀਆ ਦੀ ਸਭ ਤੋਂ ਪਹਿਲੀ ਵਿਸ਼ਵ ਸ਼ਕਤੀ ਅਤੇ ਉਸ ਸਮੇਂ ਦੇ ਆਧੁਨਿਕ ਕਹੇ ਜਾਣ ਵਾਲੇ ਮਨੁੱਖੀ ਜੀਵਨ ਪ੍ਰਬੰਧ ਦਾ ਨਾਂਅ ਦਿੱਤਾ ਜਾਂਦਾ ਹੈ ਪਰ ਰੋਮਨਾਂ ਦਾ ਚਕਾਚੌਂਧ ਭਰਿਆ ਇਤਿਹਾਸ ਵੀ ਇਸ ਸੱਭਿਅਤਾ ਦੌਰਾਨ ਵਾਪਰੇ ਗੈਰਮਨੁੱਖੀ ਵਰਤਾਰਿਆਂ ਦੀ ਸਦੀਆਂ ਲੰਮੀ ਗਾਥਾ ਦੇ ਖ਼ੂਨੀ ਦਾਗਾਂ ਨੂੰ ਲੁਕਾ ਨਹੀਂ ਸਕਿਆ। ਸਮਾਂ ਗੁਜ਼ਰਨ ਦੇ ਨਾਲ ਤਾਕਤ ਅਤੇ ਅਮੀਰੀ ਦੇ ਸਿਖਰ 'ਤੇ ਖੜ੍ਹੇ ਰੋਮਨ ਸ਼ਾਸਕਾਂ ਦੇ ਐਸ਼ੋ-ਇਸ਼ਰਤ ਭਰੇ ਜੀਵਨ ਢੰਗ ਵਿਚੋਂ ਦਿਲਪ੍ਰਚਾਵੇ ਦੀ ਇਕ ਕਰੂਪ ਅਤੇ ਬਿਮਾਰ ਵੰਨਗੀ ਪੈਦਾ ਹੋਈ। ਇਹ ਇਕ ਮਾਰੂ ਖੇਡ ਸੀ, ਜਿਸ ਵਿਚ ਸਿੱਖਿਅਤ ਅਤੇ ਲੜਾਕੇ ਗੁਲਾਮ ਆਪਣੇ ਮਾਲਕਾਂ ਅਤੇ ਦਰਸ਼ਕਾਂ ਲਈ ਮਨੋਰੰਜਨ ਵਾਸਤੇ ਬਣੇ ਅਖਾੜਿਆਂ ਵਿਚ ਖ਼ਤਰਨਾਕ ਹਥਿਆਰਾਂ ਨਾਲ ਲੜਦੇ ਹੋਏ ਇਕ ਦੂਸਰੇ ਦਾ ਖ਼ੂਨ ਡੋਲ੍ਹਦੇ ਜਾਂ ਖ਼ਤਰਨਾਕ ਜਾਨਵਰਾਂ ਨਾਲ ਅਖਾੜਿਆਂ ਵਿਚ ਲੜਦੇ ਸਨ। ਇਨ੍ਹਾਂ ਵਿਚੋਂ ਕਈ ਲੜਾਈਆਂ ਦੋਹਾਂ ਵਿਰੋਧੀਆਂ ਵਿਚੋਂ ਇਕ ਦੀ ਮੌਤ ਤੱਕ ਚੱਲਦੀਆਂ। ਉਨ੍ਹਾਂ ਦੇ ਇਸ ਪ੍ਰਦਰਸ਼ਨ 'ਤੇ ਨਸ਼ੇ ਵਿਚ ਧੁੱਤ ਉਨ੍ਹਾਂ ਦੇ ਅਮੀਰ ਦਰਸ਼ਕ ਖੁਸ਼ੀ ਵਿਚ ਚੀਕਾਂ ਮਾਰਦੇ ਹੋਏ ਖੀਵੇ ਹੋਏ ਫਿਰਦੇ। ਗੁਲਾਮ, ਜੋ 'ਗਲੈਡੀਏਟਰਜ਼' ਅਖਵਾਉਂਦੇ ਸਨ, ਪਿੰਜਰਿਆਂ ਵਿਚ ਦੋਸਤਾਂ ਦੀ ਤਰ੍ਹਾਂ ਇਕੱਠੇ ਰਹਿੰਦੇ ਅਤੇ ਅੰਤ ਨੂੰ ਅਖਾੜੇ ਵਿਚ ਆਪਣੇ ਸਾਰੇ ਮਨੁੱਖੀ ਅਹਿਸਾਸਾਂ ਅਤੇ ਭਾਵਨਾਵਾਂ ਦਾ ਕਤਲ ਕਰ ਕੇ ਇਕ ਦੂਸਰੇ ਦੀਆਂ ਲਾਸ਼ਾਂ ਵਿਛਾ ਦਿੰਦੇ। ਰੋਮ ਇਸ ਅਣਮਨੁੱਖੀ ਮਨੋਰੰਜਨ ਦੇ ਅਖਾੜਿਆਂ ਦਾ ਗੜ੍ਹ ਸੀ ਜਿੱਥੇ ਅੱਜ ਵੀ ਉਹ ਅਖਾੜੇ ਅਤੇ ਵਿਸ਼ਾਲ ਸਟੇਡੀਅਮ ਖੰਡਰਾਂ ਦੇ ਰੂਪ ਵਿਚ ਇਸ ਖ਼ੂਨੀ ਦਾਸਤਾਨ ਦੇ ਗਵਾਹ ਬਣੀ ਖੜ੍ਹੇ ਨਜ਼ਰ ਆਉਂਦੇ ਹਨ। ਦੁਨੀਆ ਵਿਚ ਜਦ ਕਿਧਰੇ ਵੀ ਰੋਮਨ ਇਤਿਹਾਸ ਦੀ ਗੱਲ ਤੁਰਦੀ ਹੈ ਤਾਂ ਇਹ ਗਾਥਾ ਗਲੈਡੀਏਟਰਾਂ ਦੇ ਜ਼ਿਕਰ ਤੋਂ ਬਿਨਾਂ ਬਿਲਕੁਲ ਅਧੂਰੀ ਮੰਨੀ ਜਾਂਦੀ ਹੈ।
ਸਪਾਰਟੈਕਸ, ਟੈਟਰੈਟਿਸ, ਕਰਿਕਸੁਸ, ਕੋਮੋਦੋਸ, ਮਾਰਕੁਸ ਐਟੀਲੁਸ, ਫਲਾਮਾ, ਕਾਰਪੋਫੋਰਸ, ਪਰਿਸਕੁਸ ਅਤੇ ਵੈਰੁਸ ਆਦਿ ਗਲੈਡੀਏਟਰਾਂ ਦੇ ਉਹ ਮਸ਼ਹੂਰ ਨਾਂਅ ਹਨ ਜੋ ਇਨ੍ਹਾਂ ਖ਼ੂਨੀ ਖੇਡਾਂ ਦੇ ਸਦੀਆਂ ਲੰਮੇ ਇਤਿਹਾਸ ਅੰਦਰ ਮੂਹਰਲੀਆਂ ਸਫ਼ਾਂ ਅੰਦਰ ਜਾਣੇ ਗਏ। ਗਲੈਡੀਏਟਰ ਸ਼ਬਦ ਲਾਤੀਨੀ ਬੋਲੀ ਨਾਲ ਸਬੰਧ ਰੱਖਦਾ ਹੈ। ਲਾਤੀਨੀ ਵਿਚ ਗਲੈਡੀਅਸ ਤੋਂ ਭਾਵ ਹੈ ਛੋਟੀ ਤਲਵਾਰ। ਇਸ ਤਲਵਾਰ ਨੂੰ ਚਲਾਉਣ ਵਾਲਾ ਗਲੈਡੀਏਟਰ ਕਹਾਉਂਦਾ ਸੀ। ਰੋਮਨਾਂ ਦੇ ਇਸ ਖ਼ੂਨੀ ਸ਼ੌਂਕ ਦੀ ਸ਼ੂਰੂਆਤ ਤੀਸਰੀ ਸਦੀ ਈਸਾ ਪੂਰਵ ਦੌਰਾਨ ਹੋਈ ਮੰਨੀਂ ਜਾਂਦੀ ਹੈ। ਪਹਿਲੀ ਸਦੀ ਈਸਾ ਪੂਰਵ ਤੋਂ ਲੈ ਕੇ ਈਸਵੀ ਕੈਲੰਡਰ ਦੀ ਦੂਸਰੀ ਸਦੀ ਭਾਵ ਤਿੰਨ ਸੌ ਸਾਲ ਦਾ ਸਮਾਂ ਇਸ ਖੇਡ ਦੀ ਚਰਮਸੀਮਾ ਦਾ ਦੌਰ ਰਿਹਾ। ਬਾਅਦ ਵਿਚ ਕਰੀਬ ਪੰਜਵੀਂ ਈਸਵੀ ਸਦੀ ਵਿਚ ਇਹ ਖੇਡ ਰੋਮਨ ਕੈਥੋਲਿਕ ਚਰਚ ਦੇ ਪ੍ਰਭਾਵ ਹੇਠ ਬੰਦ ਕੀਤੀ ਗਈ। ਸੋ, ਇਸ ਖੇਡ ਦਾ ਇਤਿਹਾਸ ਕਰੀਬ ਅੱਠ ਸੌ ਸਾਲਾਂ ਵਿਚ ਵਿਛਿਆ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਖ਼ੂਨੀ ਅਤੇ ਬੀਮਾਰ ਸ਼ੌਂਕ ਰੋਮਨ ਅਮੀਰਾਂ ਦੇ ਖ਼ੂਨ ਵਿਚ ਕਿਸ ਕਦਰ ਘਰ ਕਰ ਗਿਆ ਸੀ।
ਇਹ ਗਲੈਡੀਏਟਰਜ਼ ਕੌਣ ਹੁੰਦੇ ਸਨ ? ਆਪਣੀ ਜਾਨ 'ਤੇ ਖੇਡ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਇਹ ਕਿਉਂ ਮਜਬੂਰ ਸਨ? ਏਨੇ ਖ਼ਤਰਨਾਕ ਲੜਾਕੇ ਹੁੰਦਿਆਂ ਹੋਇਆਂ ਵੀ ਇਹ ਗੁਲਾਮੀ ਵਾਲਾ ਜੀਵਨ ਕਿਉਂ ਜਿਉਂਦੇ ਸਨ ? ਦਰਅਸਲ ਰੋਮਨ ਸ਼ਾਸਕਾਂ ਨੇ ਲੰਮਾ ਸਮਾਂ ਮਨੁੱਖ ਨੂੰ ਮਨੁੱਖ ਦੁਆਰਾ ਗੁਲਾਮ ਬਣਾ ਕੇ ਰੱਖਣ ਦੀ ਕੋਝੀ ਪ੍ਰਵਿਰਤੀ ਨੂੰ ਨੈਤਿਕਤਾ ਅਤੇ ਕਾਨੂੰਨ ਦਾ ਚੋਲਾ ਪਵਾਈ ਰੱਖਿਆ। ਉਸ ਦੌਰ ਵਿਚ ਗੁਲਾਮਾਂ ਦੀ ਸਥਿਤੀ ਪਸ਼ੂਆਂ ਤੋਂ ਵੀ ਬਦਤਰ ਸੀ। ਉਨ੍ਹਾਂ ਤੋਂ ਹਰ ਕਿਸਮ ਦਾ ਸਖਤ ਤੋਂ ਸਖਤ ਮੁਸ਼ੱਕਤ ਭਰਿਆ ਕੰਮ ਬਿਨਾਂ ਕਿਸੇ ਉਜਰਤ ਦੇ ਹੀ ਲਿਆ ਜਾਂਦਾ ਸੀ। ਛੋਟੀ ਤੋਂ ਛੋਟੀ ਗਲਤੀ ਕਰਨ 'ਤੇ ਮਾਲਕਾਂ ਵਲੋਂ ਕਿਸੇ ਗੁਲਾਮ ਦਾ ਕਤਲ ਤਕ ਕਰ ਦੇਣਾ ਇਕ ਪਸ਼ੂ ਨੂੰ ਮਾਰ ਦੇਣ ਦੇ ਬਰਾਬਰ ਸੀ। ਸਮਂੇ ਨਾਲ ਗੱਲ ਇੱਥੋਂ ਤੱਕ ਹੀ ਸੀਮਤ ਨਾ ਰਹੀ ਅਤੇ ਸ਼ਰਾਬ ਅਤੇ ਅਮੀਰੀ ਦੇ ਨਸ਼ੇ ਵਿਚ ਡੁੱਬੇ ਹੋਏ ਰੋਮਨ ਸ਼ਹਿਜ਼ਾਦੇ, ਰਾਣੀਆਂ, ਅਮੀਰਜ਼ਾਦੇ ਅਤੇ ਜਗੀਰਦਾਰ ਜਦ ਮਨੋਰੰਜਨ ਦੇ ਉਪਲਬਧ ਸਾਧਨਾਂ ਤੋਂ ਅੱਕ ਗਏ ਤਾਂ ਆਪਣੇ ਮਨਪ੍ਰਚਾਵੇ ਨੂੰ ਨਵਿਆਉਣ ਦੇ ਨਾਂਅ ਹੇਠ ਆਪਣੇ ਗੁਲਾਮਾਂ ਨੂੰ ਆਪਸ ਵਿਚ ਲੜਵਾਉਣ ਜਾਂ ਖ਼ਤਰਨਾਕ ਜਾਨਵਰਾਂ ਦੇ ਮੂਹਰੇ ਸੁਟਵਾਉਣ ਦੀਆਂ 'ਖੇਡਾਂ' ਖੇਡਣ ਲੱਗ ਪਏ। ਹੌਲੀ-ਹੌਲੀ ਖ਼ੂਨੀ ਖੇਡਾਂ ਦਾ ਇਹ ਵਰਤਾਰਾ ਰੋਮਨ ਅਮੀਰਾਂ ਦੇ ਸ਼ੌਕ ਦਾ ਹਿੱਸਾ ਬਣ ਗਿਆ।
ਸਮੇਂ ਦੇ ਗੇੜ ਨਾਲ ਇਹ ਇਕ ਵੱਡਾ ਕਾਰੋਬਾਰ ਬਣਨਾ ਸ਼ੁਰੂ ਹੋ ਗਿਆ। ਗਲੈਡੀਏਟਰਾਂ ਨੂੰ ਸਿੱਖਅਤ ਕਰਨ ਵਾਲੇ, ਸਾਂਭਣ ਵਾਲੇ, ਖਰੀਦਣ ਅਤੇ ਵੇਚਣ ਵਾਲੇ ਠੇਕੇਦਾਰਾਂ ਦਾ ਇਕ ਵਰਗ ਪੈਦਾ ਹੋ ਗਿਆ। ਇਨ੍ਹਾਂ ਖੇਡ ਤਮਾਸ਼ਿਆਂ ਨੂੰ ਪੇਸ਼ੇਵਾਰਾਨਾ ਢੰਗ ਨਾਲ ਚਲਾਉਣ ਲਈ ਅਖਾੜਿਆਂ ਦੇ ਮਾਲਕ ਸਾਹਮਣੇ ਆਉਣ ਲੱਗੇ। ਗਲੈਡੀਏਟਰਾਂ ਨੂੰ ਸਿਖਲਾਈ ਦੇਣ ਵਾਲੇ ਅਦਾਰੇ ਹੋਂਦ ਵਿਚ ਆ ਗਏ। ਠੇਕੇਦਾਰ ਵਧੀਆ ਲੜਾਕੇ ਗੁਲਾਮਾਂ ਜਾਂ ਜੰਗੀ ਕੈਦੀਆਂ ਦੀ ਭਾਲ ਵਿਚ ਰਹਿੰਦੇ ਅਤੇ ਉਨਾਂ ਦੀ ਸਿਹਤ ਅਤੇ ਜੰਗੀ ਹੁਨਰ ਮੁਤਾਬਿਕ ਉਨ੍ਹਾਂ ਦਾ ਮੁੱਲ ਪਾ ਕੇ ਖਰੀਦ ਲੈਂਦੇ। ਬਾਅਦ ਵਿਚ ਉਨ੍ਹਾਂ ਦੀ ਖ਼ਾਸ ਸਿਖਲਾਈ ਹੁੰਦੀ ਅਤੇ ਇਹ ਲੜਾਕੇ ਗੁਲਾਮ ਮੌਤ ਦੇ ਤਮਾਸ਼ਿਆਂ ਲਈ ਤਿਆਰ ਕਰ ਲਏ ਜਾਂਦੇ। ਗੁਲਾਮਾਂ ਦੀ ਹਾਲਤ ਪਹਿਲਾਂ ਤੋਂ ਹੀ ਬਹੁਤ ਮਾੜੀ ਸੀ ਪਰ ਜੋ ਗੁਲਾਮ ਗਲੈਡੀਏਟਰ ਬਣਨ ਦੇ ਰਾਹ ਤੁਰ ਪੈਂਦੇ ਉਨ੍ਹਾਂ ਦੀ ਜ਼ਿੰਦਗੀ ਵਕਤੀ ਤੌਰ 'ਤੇ ਜਾਂ ਕਹਿ ਲਓ ਅਖਾੜੇ ਵਿਚ ਜੰਗਲੀ ਜਾਨਵਰਾਂ ਦੁਆਰਾ ਜਾਂ ਕਿਸੇ ਹੋਰ ਲੜਾਕੇ ਹੱਥੋਂ ਮਰਨ ਤੋਂ ਪਹਿਲਾਂ ਵਧੀਆ ਢੰਗ ਨਾਲ ਬੀਤਦੀ। ਇਸ ਦਾ ਕਾਰਨ ਸੀ ਕਿ ਇਨ੍ਹਾਂ ਗੁਲਾਮਾਂ ਨੂੰ ਖਾਣ-ਪੀਣ ਅਤੇ ਰਹਿਣ ਦੀਆਂ ਸੁਖ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਕਿ ਉਹ ਅਖਾੜੇ ਵਿਚ ਵਧੀਆ ਪ੍ਰਦਰਸ਼ਨ ਕਰ ਸਕਣ ਪਰ ਇਨ੍ਹਾਂ ਬਲੀ ਦੇ ਬੱਕਰੇ ਵਰਗੇ ਮਨੁੱਖਾਂ ਦੀ ਹੈਸੀਅਤ ਖ਼ਤਰਨਾਕ ਪਸ਼ੂਆਂ ਤੋਂ ਜ਼ਿਆਦਾ ਨਹੀਂ ਸੀ, ਜਿਨ੍ਹਾਂ ਨੂੰ ਵਧੀਆ ਢੰਗ ਨਾਲ ਖੁਆ ਪਿਆ ਕੇ ਅਖਾੜਿਆਂ ਵਿਚ ਲੜਨ-ਮਰਨ ਲਈ ਵਰਤਿਆ ਜਾਂਦਾ ਸੀ। ਅਮੀਰ ਦਰਸ਼ਕ ਵਰਗ ਹੋਣ ਕਰਕੇ ਇਸ ਖੇਡ ਵਿਚ ਬਹੁਤ ਪੈਸਾ ਸੀ ਪਰ ਇਹ ਗੁਲਾਮ ਲੜਾਕਿਆਂ ਦੇ ਅਮੀਰ ਮਾਲਕਾਂ ਦੇ ਹਿੱਸੇ ਹੀ ਆਉਂਦਾ ਸੀ।
ਇਹ ਮੁਕਾਬਲੇ ਦਰਸ਼ਕਾਂ ਦੇ ਨਿੱਜੀ ਵਰਗਾਂ ਤੋਂ ਲੈ ਕੇ ਸਟੇਡੀਅਮ ਰੂਪੀ ਵਿਸ਼ਾਲ ਅਖਾੜਿਆਂ ਵਿਚ ਕਰਵਾਏ ਜਾਂਦੇ। ਛੋਟੇ ਮੁਕਾਬਲਿਆਂ ਵਿਚ ਗਲੈਡੀਏਟਰਾਂ ਦੇ ਠੇਕੇਦਾਰ ਜਾਗੀਰਦਾਰਾਂ ਅਤੇ ਰਾਜਿਆਂ ਦੇ ਨਿੱਜੀ ਸੱਦਿਆਂ 'ਤੇ ਆਪਣੇ ਲੜਾਕਿਆਂ ਨੂੰ ਲੈ ਕੇ ਜਾਂਦੇ ਅਤੇ ਉਨ੍ਹਾਂ ਦੀਆਂ ਹਵੇਲੀਆਂ ਵਿਚ ਮੌਤ ਦੇ ਤਮਾਸ਼ੇ ਦਾ ਪ੍ਰਬੰਧ ਕਰਦੇ। ਇਹ ਮੁਕਾਬਲੇ ਅਕਸਰ ਅਮੀਰ ਜਾਗੀਰਦਾਰ ਆਪਣੇ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਅਤੇ ਮਨੋਰੰਜਨ ਲਈ ਕਰਵਾਉਂਦੇ ਸਨ। ਇਸ ਤੋਂ ਇਲਾਵਾ ਖਾਸ ਮੌਕਿਆਂ 'ਤੇ ਜਨਤਕ ਤੌਰ 'ਤੇ ਵੱਡੇ ਅਖਾੜੇ ਕਰਵਾਏ ਜਾਂਦੇ ਜਿਨ੍ਹਾਂ ਦਾ ਖਰਚਾ ਅਮੀਰ ਸ਼ਹਿਜ਼ਾਦੇ ਝੱਲਦੇ। ਇਨ੍ਹਾਂ ਅਖਾੜਿਆਂ ਵਿਚ ਹਜ਼ਾਰਾਂ ਦਾ ਇਕੱਠ ਹੁੰਦਾ। ਇਹ ਮੁਕਾਬਲੇ ਕਈ ਤਰ੍ਹਾਂ ਦੇ ਹੁੰਦੇ। ਕਦੇ ਲੜਾਕਿਆਂ ਨੂੰ ਤਲਵਾਰਾਂ, ਨੇਜ਼ੇ ਅਤੇ ਢਾਲਾਂ ਫੜਾ ਕੇ ਅਖਾੜੇ ਵਿਚ ਛੱਡ ਦਿੱਤਾ ਜਾਂਦਾ। ਇਹ ਲੜਾਕੇ ਖੁੱਲ੍ਹੇ ਮੈਦਾਨੀ ਅਖਾੜੇ ਵਿਚ ਹਾਜ਼ਰ ਹੋ ਕੇ ਦਰਸ਼ਕ ਗੈਲਰੀ ਵਿਚ ਬੈਠੇ ਰਾਜਿਆਂ, ਰਾਣੀਆਂ ਅਤੇ ਅਹਿਲਕਾਰਾਂ ਨੂੰ ਸਲਾਮ ਕਰਦੇ। ਖ਼ੂਨੀ ਖੇਡ ਵੇਖਣ ਲਈ ਉਤਸੁਕ ਦਰਸ਼ਕ ਚੀਕਾਂ ਮਾਰ ਰਹੇ ਹੁੰਦੇ। ਅਚਾਨਕ ਅਖਾੜੇ ਦੇ ਇਕ ਪਾਸੇ ਬਣੇ ਪਿੰਜਰੇ ਨੂੰ ਖੋਲ੍ਹ ਦਿੱਤਾ ਜਾਂਦਾ ਅਤੇ ਭੁੱਖੇ ਸ਼ੇਰ ਦਹਾੜਾਂ ਮਾਰਦੇ ਅਖਾੜੇ ਵਿਚ ਆ ਪ੍ਰਗਟ ਹੁੰਦੇ। ਐਸੇ ਮੁਕਾਬਲਿਆਂ ਵਿਚ ਜ਼ਿਆਦਾ ਉਪਚਾਰਕਤਾ ਦੀ ਗੁੰਜਾਇਸ਼ ਨਹੀਂ ਸੀ ਹੁੰਦੀ ਕਿਉਂਕਿ ਭੁੱਖੇ ਅਤੇ ਖੂੰਖਾਰ ਜਾਨਵਰ ਮੁਕਾਬਲੇ ਲਈ ਨਹੀਂ ਬਲਕਿ ਆਪਣੀ ਭੁੱਖ ਮਿਟਾਉਣ ਲਈ ਇਕਦਮ ਗਲੈਡੀਏਟਰਾਂ 'ਤੇ ਟੁੱਟ ਪੈਂਦੇ। ਗਲੈਡੀਏਟਰ ਆਪਣੀ ਜਾਨ ਬਚਾਉਣ ਲਈ ਕੋਲ ਮੌਜੂਦ ਹਥਿਆਰਾਂ ਨਾਲ ਖੂੰਖਾਰ ਜਾਨਵਰਾਂ ਵਿਰੁੱਧ ਸਿੱਧੇ ਮੁਕਾਬਲੇ ਵਿਚ ਡਟ ਜਾਂਦੇ। ਕਈ ਵਾਰ ਮੁਕਾਬਲੇ ਨੂੰ ਲੰਮਾ ਖਿੱਚਣ ਲਈ ਸ਼ੇਰਾਂ ਨੂੰ ਲੰਮੇ ਰੱਸਿਆਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਅਤੇ ਉਨ੍ਹਾਂ ਦੇ ਗਲੈਡੀਏਟਰਾਂ 'ਤੇ ਭਾਰੂ ਪੈਣ ਦੀ ਸਥਿਤੀ ਵਿਚ ਰੱਸਿਆਂ ਨੂੰ ਖਿੱਚ ਪਾ ਕੇ ਵਾਪਸ ਧੂਹ ਲਿਆ ਜਾਂਦਾ। ਐਸਾ ਗਲੈਡੀਏਟਰਾਂ ਦੀ ਜਾਨ ਬਚਾਉਣ ਲਈ ਨਹੀਂ ਬਲਕਿ ਮੁਕਾਬਲੇ ਵਿਚ ਉਤਸੁਕਤਾ ਬਣਾਈ ਰੱਖਣ ਲਈ ਅਤੇ ਲੜਾਈ ਨੂੰ ਲੰਮੇਰਾ ਖਿੱਚਣ ਲਈ ਕੀਤਾ ਜਾਂਦਾ। ਇਹ ਮੁਕਾਬਲੇ ਆਖਰ ਇਕ ਧਿਰ ਦੀ ਮੌਤ ਨਾਲ ਹੀ ਤੋੜ ਚੜ੍ਹਦੇ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਵਾਰਸਾ, ਪੋਲੈਂਡ। ਫੋਨ : 0048-516732105
yadsatkoha@yahoo.com


ਖ਼ਬਰ ਸ਼ੇਅਰ ਕਰੋ

ਅੰਬਰ ਵੱਲ ਇਕ ਝਾਤ

ਮੱਸਿਆ ਦੀ ਕਾਲੀ ਰਾਤ ਨੂੰ ਸ਼ਹਿਰ ਦੀ ਰੌਸ਼ਨੀ ਤੋਂ ਦੂਰ ਕਿਸੇ ਉੱਚੇ ਥਾਂ 'ਤੇ ਚੜ੍ਹ ਕੇ ਆਕਾਸ਼ ਵੱਲ ਤੱਕਿਆ ਜਾਵੇ ਤਾਂ ਬੜਾ ਹੀ ਅਦਭੁੱਤ ਨਜ਼ਾਰਾ ਦਿਸਦਾ ਹੈ। ਆਕਾਸ਼ ਜਗਮਗ ਕਰਦੇ ਤਾਰਿਆਂ ਨਾਲ ਭਰਿਆ ਹੁੰਦਾ ਹੈ। ਕਈ ਰੰਗਾਂ ਦੀ ਹਲਕੀ ਲੋਅ ਦਿੰਦੇ ਤਾਰੇ ਨਜ਼ਰ ਆਉਂਦੇ ਹਨ। ਮੋਟੇ ਤਾਰੇ, ਬਾਰੀਕ ਤਾਰੇ, ਕਾਲੀ ਚਾਦਰ ਜਿਹੀ ਪਿਛੋਕੜ 'ਤੇ ਖਿੰਡੇ, ਤਾਰੇ ਹੀ ਤਾਰੇ ਦਿਸਦੇ ਹਨ। ਕੁਝ ਗੁੱਛਿਆਂ ਵਾਂਗ ਲਟਕੇ ਜਾਪਦੇ ਹਨ ਤੇ ਕੁਝ ਵਿਕੋਲਿਤਰੇ, ਨ੍ਹਿੰਮੇ-ਨ੍ਹਿੰਮੇ। ਕਈ ਤਾਂ ਬੜੀਆਂ ਸੁੰਦਰ ਖਿਤੀਆਂ ਵਿਚ ਜੜੇ ਦਿਸਦੇ ਹਨ। ਪੁਰਾਣੇ ਲੋਕਾਂ ਨੇ ਇਨ੍ਹਾਂ ਖਿਤੀਆਂ ਦੇ ਭਿੰਨ-ਭਿੰਨ ਨਾਂਅ ਵੀ ਰੱਖੇ ਹੋਏ ਸਨ। ਔਹ ਸਾਹਮਣੇ ਸਿੱਧੀ ਰੇਖਾ ਵਿਚ ਦਿਸਦੇ ਤਿੰਨ ਤਾਰੇ ਸਰਵਣ ਦੀ ਵਹਿੰਗੀ ਹੈ। ਉੱਤਰ ਵੱਲ ਧਰੂ ਭਗਤ ਭਗਵਾਨ ਕ੍ਰਿਸ਼ਨ ਦੇ ਦੁਆਰ ਖੜ੍ਹਾ ਹੈ, ਤੇ ਸਪਤ ਰਿਸ਼ੀ ਉਸ ਦੀ ਪਰਿਕਰਮਾ ਕਰ ਰਹੇ ਹਨ। ਇਹ ਅਟੁੱਟ ਭਗਤੀ ਪਤਾ ਨਹੀਂ ਕਦੋਂ ਸ਼ੁਰੂ ਹੋਈ ਸੀ ਅਤੇ ਕਦ ਤੱਕ ਚੱਲਦੀ ਰਹੇਗੀ। ਸੰਪੂਰਨ ਆਕਾਸ਼ ਗੰਗਾ ਨਜ਼ਰ ਆਉਂਦੀ ਹੈ। ਕਾਲੇ ਅੰਬਰ ਵਿਚ ਜਗਦੇ ਇਹ ਦੀਵੇ ਹਰ ਕਿਸੇ ਦੀ ਸੋਚਣੀ ਨੂੰ ਟੁੰਬਦੇ ਹਨ, ਤਾਂ ਹੀ ਲੋਕਾਂ ਨੇ ਕਹਾਣੀਆਂ ਘੜ ਕੇ ਮਿਥਿਹਾਸ ਦੇ ਪਾਤਰਾਂ ਨੂੰ ਇਨ੍ਹਾਂ ਨਾਲ ਜੋੜਿਆ ਹੋਇਆ ਹੈ। ਤਾਰਿਆਂ ਦੀ ਗਿਣਤੀ ਦਾ ਅੰਤ ਕੋਈ ਨਹੀਂ, ਸੁਣਿਆ ਕਰਦੇ ਸਾਂ ਜੋ ਵੀ ਪੁਰਸ਼ ਮਰਦਾ ਹੈ ਉਹ ਆਕਾਸ਼ ਦਾ ਤਾਰਾ ਬਣ ਜਾਂਦਾ ਹੈ। ਤਾਂ ਹੀ ਸ਼ਿਵ ਬਟਾਲਵੀ ਨੇ ਲਿਖਿਆ ਸੀ;
ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ।
(ਤੇ ਆਪ ਉਹ ਵਾਕਈ ਸਦਾ ਜਗਣ ਵਾਲਾ ਤਾਰਾ ਬਣ ਗਿਆ)
ਸੱਚਮੁੱਚ ਹੀ ਤਾਰਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਇਸ ਧਰਤੀ 'ਤੇ ਜਨਮ ਲੈ ਕੇ ਮਰ ਚੁੱਕੇ ਸਾਰੇ ਮਨੁੱਖਾਂ ਨੂੰ ਜੇਕਰ ਤਾਰਿਆਂ ਨਾਲ ਜੋੜਿਆ ਜਾਵੇ, ਤਾਂ ਤਾਰੇ ਫਿਰ ਵੀ ਬਚ ਰਹਿਣਗੇ।
ਅੰਬਰ ਦੀ ਹਰ ਗੱਲ ਨਿਆਰੀ ਹੈ। ਆਕਾਸ਼ ਵਿਚ ਜੇ ਕੋਈ ਵਸਤੂ ਦੇਰ ਬਾਅਦ ਪ੍ਰਗਟ ਹੋਵੇ ਤਾਂ ਲੋਕ ਭੈ-ਭੀਤ ਹੋ ਜਾਂਦੇ ਹਨ। ਬੋਦੀ ਵਾਲਾ ਤਾਰਾ ਜਾਂ ਧੂਮਕੇਤੂ ਜਦੋਂ ਵੀ ਆਕਾਸ਼ ਵਿਚ ਦਿਸਿਆ ਹੈ, ਉਹ ਆਪਣੇ ਨਾਲ ਕਈ ਤਰ੍ਹਾਂ ਦੇ ਵਹਿਮ-ਭਰਮ ਲੈ ਕੇ ਆਇਆ ਹੈ। ਇਸ ਦਾ ਪ੍ਰਭਾਵ ਸਾਡੇ ਦੇਸ਼ ਦੇ ਲੋਕਾਂ 'ਤੇ ਵੀ ਬੜਾ ਪੈਂਦਾ ਰਿਹਾ ਹੈ। ਬਾਜ਼ਾਰਾਂ ਵਿਚ ਚੁੰਨੀਆਂ, ਮਿਸ਼ਰੀ ਜਾਂ ਗਰੀ-ਖੋਪੇ ਆਦਿ ਬਹੁਤ ਵਿਕਦੇ ਹਨ। ਭੈਣਾਂ ਆਪਣੇ ਭਰਾਵਾਂ ਦੀ ਸੁੱਖ ਮੰਗਣ ਲਈ ਸ਼ਗਨ ਕਰਦੀਆਂ ਹਨ, ਹਵਨ ਤੇ ਯੱਗ ਕੀਤੇ ਜਾਂਦੇ ਹਨ। ਕਈ ਹੋਰ ਕੁਦਰਤੀ ਘਟਨਾਵਾਂ ਨੂੰ ਵੀ ਗ਼ਲਤ ਕਿਆਸਾਂ ਦੀ ਸੂਲੀ ਚਾੜ੍ਹਿਆ ਜਾਂਦਾ ਹੈ। ਪਿਛਲੀ ਸਦੀ ਦੇ ਨੌਵੇਂ ਦਹਾਕੇ ਦੇ ਆਰੰਭ ਵਿਚ ਨੌਂ ਗ੍ਰਹਿਆਂ ਦੇ ਸੂਰਜ ਦੇ ਸਿੱਧੀ ਰੇਖਾ ਵਿਚ ਇਕ ਪਾਸੇ ਆ ਜਾਣ ਨਾਲ ਵੀ ਬੜੀ ਅਨਿਸ਼ਚਿਤਤਾ ਵਾਲੀ ਸਥਿਤੀ ਬਣ ਗਈ ਸੀ। ਸੰਸਾਰ ਦੇ ਪ੍ਰਸਿੱਧ ਜੋਤਿਸ਼ੀਆਂ ਨੇ ਧਰਤੀ 'ਤੇ ਪਰਲੋ ਆਉਣ ਦਾ ਡਰ ਪ੍ਰਗਟ ਕਰ ਦਿੱਤਾ। ਕਈ ਦੁਰਘਟਨਾਵਾਂ, ਰਾਜ ਪਲਟਿਆਂ ਤੇ ਵੱਡੀਆਂ ਹਸਤੀਆਂ ਦੇ ਕਤਲ ਦਾ ਡਰ ਪ੍ਰਗਟ ਕਰ ਦਿੱਤਾ। ਪਰ ਅਜਿਹਾ ਕੁਝ ਵੀ ਨਾ ਹੋਇਆ। ਧਰਤੀ ਉਂਜ ਹੀ ਘੁੰਮਦੀ ਰਹੀ ਤੇ ਬਾਕੀ ਗ੍ਰਹਿ ਵੀ ਆਪਣੇ ਵਿਗਿਆਨਕ ਤੌਰ 'ਤੇ ਨਿਸ਼ਚਿਤ ਮਾਰਗਾਂ 'ਤੇ ਚੱਲਦੇ ਰਹੇ।
ਕੁਦਰਤ ਦੀ ਹੋਂਦ, ਇਸ ਦੇ ਵਰਤਾਰਿਆਂ ਤੇ ਸਮੁੱਚੀਆਂ ਘਟਨਾਵਾਂ ਨੂੰ ਸੂਤਰਬੱਧ ਕਰਨ ਵਾਲਾ ਵਿਅਕਤੀ ਦਾਰਸ਼ਨਿਕ ਹੁੰਦਾ ਹੈ। ਦਾਰਸ਼ਨਿਕ ਮਨੁੱਖ ਮੁੱਢ-ਕਦੀਮ ਤੋਂ ਹੀ ਆਕਾਸ਼ ਬਾਰੇ, ਉਸ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਕੁਝ ਨਾ ਕੁਝ ਵਿਆਖਿਆਵਾਂ ਮਿਥਦਾ ਰਿਹਾ ਹੈ। ਪੁਰਾਤਨ ਚਿੰਤਕਾਂ ਦੀਆਂ ਕੁਝ ਧਾਰਨਾਵਾਂ ਅੱਜ ਦੇ ਵਿਗਿਆਨਕ ਵਿਸ਼ਲੇਸ਼ਣਾਂ 'ਤੇ ਭਾਵੇਂ ਪੂਰੀਆਂ ਨਾ ਉੱਤਰਦੀਆਂ ਹੋਣ, ਪਰ ਕਈ ਵਾਰ ਬੜੀਆਂ ਦਿਲਚਸਪ ਹੋਇਆ ਕਰਦੀਆਂ ਸਨ। ਉਨ੍ਹਾਂ 'ਚੋਂ ਕੁਝ ਤਾਂ ਅਸਲੀਅਤ ਦੇ ਨੇੜੇ ਪੁੱਜ ਜਾਂਦੀਆਂ ਸਨ, ਪਰੰਤੂ ਕਈ ਬਹੁਤ ਹਾਸੋ-ਹੀਣੀਆਂ ਹੁੰਦੀਆਂ ਸਨ। ਭਾਰਤ ਦੇ ਇਕ ਖਾਸ ਫਿਰਕੇ ਦੇ ਖਿਆਲ ਅਨੁਸਾਰ ਧਰਤੀ ਇਕ ਅਰਧਗੋਲਾ ਹੈ ਜੋ ਚਾਰ ਹਾਥੀਆਂ 'ਤੇ ਟਿਕਿਆ ਹੋਇਆ ਹੈ ਤੇ ਇਹ ਹਾਥੀ ਇਕ ਵਿਸ਼ਾਲ ਕੱਛੂ ਦੀ ਪਿੱਠ 'ਤੇ ਖੜ੍ਹੇ ਹਨ। ਕੱਛੂ ਅਨੰਤਤਾ ਦੇ ਚਿੰਨ੍ਹ ਸੱਪ ਤੇ ਬਿਰਾਜਮਾਨ ਹੈ, ਜੋ ਸਾਡੇ ਉਪਰੋਂ ਦੀ ਵਲ ਕੇ ਸਾਰੇ ਆਕਾਸ਼ 'ਤੇ ਵਿਛਿਆ ਹੋਇਆ ਹੈ। ਸੱਪ ਦੇ ਸਰੀਰ 'ਤੇ ਛਪੇ ਹੋਏ ਜੋ ਟਿਮਕਣੇ ਹਨ ਉਹ ਸਾਨੂੰ ਤਾਰਿਆਂ ਦੀ ਨਿਆਈਂ ਜਾਪਦੇ ਹਨ। ਇਸੇ ਤਰ੍ਹਾਂ ਮਿਸਰ ਦੇਸ਼ ਦੇ ਮੱਤ ਅਨੁਸਾਰ ਉਨ੍ਹਾਂ ਦੀ ਪੂਜਨੀਕ ਦੇਵੀ 'ਨੂ' ਸਾਲਮ ਧਰਤੀ ਦੇ ਉੱਪਰ ਆਕਾਸ਼ ਦੇ ਰੂਪ ਵਿਚ ਝੁਕੀ ਹੋਈ ਹੈ ਤੇ ਉਸ ਦਾ ਹਮਰਾਹ, ਧਰਤ-ਲੋਕ, ਹੇਠਾਂ ਲੇਟਿਆ ਹੋਇਆ ਹੈ। ਉਹ ਧਰਤੀ ਤੋਂ ਵਿੱਛੜੀਆਂ ਰੂਹਾਂ ਨੂੰ ਸੰਭਾਲਦੀ ਹੈ। ਮਿਸਰੀ ਵਿਸ਼ਵਾਸ ਅਨੁਸਾਰ ਦਿਨ ਵੇਲੇ ਆਕਾਸ਼ੀ ਪਿੰਡ ਸੂਰਜ ਤੇ ਚੰਨ ਉਸ ਦੇ ਸਰੀਰ ਉੱਤੋਂ ਲੰਘ ਕੇ ਜਾਂਦੇ ਹਨ। ਤੇ ਫਿਰ ਹਨੇਰਾ ਪੈਣ 'ਤੇ ਉਹ ਉਨ੍ਹਾਂ ਨੂੰ ਨਿਗਲ ਲੈਂਦੀ ਹੈ, ਜੋ ਰਾਤ ਭਰ ਉਸ ਦੇ ਬਦਨ 'ਚੋਂ ਲੰਘਦੇ ਹੋਏ ਸਵੇਰ ਵੇਲੇ ਉਹ ਮੁੜ ਪ੍ਰਗਟ ਹੋ ਜਾਂਦੇ ਹਨ।
ਇਸਾਈ ਮੱਤ ਤੇ ਇਸਲਾਮ ਵਿਚ ਵੀ ਵਿਸ਼ਵ ਦੀ ਆਪਣੀ ਵਿਆਖਿਆ ਹੈ। ਈਸਾ ਤੋਂ ਕਰੀਬ ਤਿੰਨ ਸੌ ਸਾਲ ਪਹਿਲਾਂ ਹੋ ਗੁਜ਼ਰੇ ਦਾਰਸ਼ਨਿਕ 'ਯੁਡੋਕਰੱਸ' ਨੇ ਬ੍ਰਹਿਮੰਡ ਬਾਰੇ ਇਕ ਬੜਾ ਅਜੀਬ ਸਿਧਾਂਤ ਪੇਸ਼ ਕੀਤਾ। ਇਸ ਸਿਧਾਂਤ ਨੂੰ ਦਾਰਸ਼ਨਿਕ ਅਰਸਤੂ ਨੇ ਵੀ ਮਾਨਤਾ ਦਿੱਤੀ ਸੀ। ਉਸ ਨੇ ਦੱਸਿਆ ਕਿ ਗੋਲ ਧਰਤੀ ਦੇ ਗਿਰਦ ਆਕਾਸ਼ ਵਿਚ ਕਾਫੀ ਦੂਰੀ 'ਤੇ ਅੱਠ ਪ੍ਰਮੁੱਖ ਪਾਰਦਰਸ਼ੀ ਬਿਲੌਰੀ ਗੋਲੇ ਹਨ। ਜੋ ਧਰਤੀ ਦੁਆਲੇ ਘੁੰਮ ਰਹੇ ਹਨ। ਕੁੱਲ ਪਚਵੰਜਾ ਗੋਲੇ ਹਨ, ਜਿਨ੍ਹਾਂ ਵਿਚੋਂ ਬਹੁਤੇ ਤਾਂ ਹੇਠਲੇ ਗੋਲਿਆਂ ਨੂੰ ਚਲਾਉਣ ਦੀ ਭੂਮਿਕਾ ਨਿਭਾਉਂਦੇ ਹਨ। ਪਹਿਲੇ ਪਾਰਦਰਸ਼ੀ ਗੋਲੇ ਦੇ ਅੰਦਰ ਚੰਨ ਜੜਿਆ ਹੋਇਆ ਹੈ ਤੇ ਇਹ ਚੰਨ ਦਾ ਆਕਾਸ਼ ਹੈ। ਉਸ ਤੋਂ ਉੱਪਰ ਬੁੱਧ ਦਾ ਆਕਾਸ਼ ਹੈ, ਫਿਰ ਸ਼ੁੱਕਰ ਦਾ, ਸੂੁਰਜ ਦਾ, ਮੰਗਲ, ਬ੍ਰਹਿਸਪਤੀ ਤੇ ਅੰਤ ਵਿਚ ਸ਼ਨੀ ਦਾ ਆਕਾਸ਼ ਹੈ (ਉਦੋਂ ਨੰਗੀ ਅੱਖ ਨਾਲ ਏਨੇ ਹੀ ਗ੍ਰਹਿ ਦਿਸਦੇ ਸਨ)। ਇਨ੍ਹਾਂ ਸਾਰੇ ਆਕਾਸ਼ਾਂ ਤੋਂ ਉੱਪਰ ਅਰਸਤੂ ਨੇ ਇਕ ਗੋਲਾਕਾਰ ਅਪਾਰਦਰਸ਼ੀ ਆਕਾਸ਼ ਕਲਪਿਆ, ਜਿਸ ਵਿਚ ਉਸ ਅਨੁਸਾਰ ਸਥਿਰ ਤਾਰੇ ਜੜੇ ਹੋਏ ਹਨ ਤੇ ਉਨ੍ਹਾਂ ਨੂੰ ਨਾਲ ਲੈ ਕੇ ਆਕਾਸ਼ ਘੁੰਮ ਰਿਹਾ ਹੈ। ਅਰਸਤੂ ਤੋਂ ਛੇਤੀ ਹੀ ਬਾਅਦ ਵਿਚ ਇਕ ਯੂਨਾਨੀ ਚਿੰਤਕ 'ਅਰਿਸਟਾਰਚਸ' ਨੇ ਆਪਣੇ ਅਧਿਐਨ ਤੋਂ ਇਹ ਸਿੱਟਾ ਕੱਢਿਆ ਸੀ ਕਿ ਧਰਤੀ ਆਪਣੇ ਧੁਰੇ ਦੁਆਲੇ ਤੇ ਫਿਰ ਸੂਰਜ ਦੇ ਦੁਆਲੇ ਘੁੰੰਮ ਰਹੀ ਹੈ, ਪ੍ਰੰਤੂ ਲੋਕਾਂ ਨੇ ਅਰਸਤੂ ਦੀ ਪ੍ਰਭੂਤਾ ਸਾਹਮਣੇ ਅਰਿਸਟਾਰਚਸ ਦੀ ਗੱਲ ਨੂੰ ਨਾ ਗੌਲਿਆ।
ਬਾਅਦ ਵਿਚ ਟੋਲੇਮੀ ਤੇ ਹੋਰਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਟੋਲੇਮੀ ਨੇ ਤਰਕ ਦਿੱਤਾ ਕਿ ਵਿਸ਼ਵ ਧਰਤੀ ਦੁਆਲੇ ਹੀ ਘੁੰਮਦਾ ਹੈ। ਟੋਲੇਮੀ ਦੇ ਸਿਧਾਂਤ ਦੀ ਇਸਾਈ ਮੱਤ ਨੇ ਵੀ ਪੁਸ਼ਟੀ ਕਰ ਦਿੱਤੀ, ਉਹ ਇਸ ਕਰਕੇ ਕਿ ਟੋਲੇਮੀ ਵੀ ਧਰਤੀ ਨੂੰ ਜਗਤ-ਕੇਂਦਰ ਮੰਨ ਰਿਹਾ ਸੀ। ਪਰ ਕਾਪਰਨਿਕਸ ਤੇ ਗੈਲੀਲੀਓ ਦੇ ਆਉਣ ਨਾਲ ਬ੍ਰਹਿਮੰਡ ਦੀ ਸਹੀ ਤਸਵੀਰ ਸਾਹਮਣੇ ਆਉਣ ਲੱਗ ਪਈ, ਜਿਸ ਨਾਲ ਅਰਸਤੂ ਤੇ ਟੋਲੇਮੀ ਗ਼ਲਤ ਸਿੱਧ ਹੋ ਗਏ। ਇਸ ਸਬੰਧੀ ਸੱਚ ਬੋਲਣ ਪਿੱਛੇ ਇਟਲੀ ਦੇ ਮਹਾਨ ਚਿੰਤਕ ਜਰਦਾਨੋ ਬਰੁਨੋ ਨੂੰ ਇਨਕੁਈਜ਼ੀਸ਼ਨ ਦੁਆਰਾ ਜ਼ਿੰਦਾ ਸਾੜ ਦਿੱਤਾ ਗਿਆ ਸੀ। ਭੌਤਿਕ ਵਿਗਿਆਨੀ ਗੈਲੀਲੀਓ ਗੈਲੀਲੀ, ਜਿਸ ਨੇ ਆਪਣੇ ਬਣਾਏ ਟੈਲੀਸਕੋਪ ਰਾਹੀਂ ਜੁਪੀਟਰ ਦੇ ਚਾਰ ਚੰਨ ਵੀ ਦੇਖ ਲਏ ਸਨ, ਉਸ ਨੂੰ ਵੀ ਤਸੀਹੇ ਝੱਲਣੇ ਪਏ। ਪਰ ਵਿਗਿਆਨ ਦੀ ਆਖਰ ਜਿੱਤ ਹੋਈ ਤੇ ਹੋਰ ਵਿਗਿਆਨਾਂ ਵਾਂਗ ਤਾਰਾ ਵਿਗਿਆਨ ਨੇ ਵੀ ਹੁਣ ਬਹੁਤ ਉੱਨਤੀ ਕਰ ਲਈ ਹੈ।
ਅੱਜ ਬ੍ਰਹਿਮੰਡ ਬਾਰੇ ਵਿਗਿਆਨ ਦੀ ਅੱਖੀਂ ਡਿੱਠੀ ਤਸਵੀਰ ਕੁਝ ਹੋਰ ਹੀ ਹੈ। ਅਸਲ ਬ੍ਰਹਿਮੰਡ ਏਨਾ ਵਿਸ਼ਾਲ ਹੈ ਕਿ ਇਸ ਦਾ ਆਕਾਰ ਆਸਾਨੀ ਨਾਲ ਸਾਡੀ ਕਲਪਨਾ ਵਿਚ ਨਹੀਂ ਸਮਾ ਸਕਦਾ। ਹਾਂ, ਜੇ ਆਪਸੀ ਫਾਸਲਿਆਂ ਤੇ ਸਹੀ ਆਕਾਰਾਂ ਨੂੰ ਕਿਸੇ ਅਤਿਅੰਤ ਛੋਟੇ ਮਾਪ 'ਤੇ ਉਤਾਰੀਏ ਤਾਂ ਸਾਨੂੰ ਬ੍ਰਹਿਮੰਡ ਦੇ ਕੁਝ ਭਾਗ ਦਾ ਨਜ਼ਾਰਾ ਮਿਲ ਸਕਦਾ ਹੈ।
ਸਾਡੀ ਧਰਤੀ ਸਮੇਤ ਸੂਰਜ ਦੁਆਲੇ ਅੱਠ ਗ੍ਰਹਿ ਘੁੰਮ ਰਹੇ ਹਨ (ਪਹਿਲੋਂ 9 ਗ੍ਰਹਿ ਮੰਨੇ ਜਾਂਦੇ ਸਨ, ਪਰ ਨੌਵਾਂ ਪਲੂਟੋ ਹੁਣ ਗ੍ਰਹਿ ਨਹੀਂ ਹੈ)। ਇਹ ਸੂਰਜ ਉਨ੍ਹਾਂ ਕੋਈ ਡੇਢ ਸੌ ਅਰਬ ਤਾਰਿਆਂ ਵਿਚੋਂ ਇਕ ਤਾਰਾ ਹੈ, ਜਿਨ੍ਹਾਂ ਤੋਂ ਸਾਡੀ ਆਕਾਸ਼ ਗੰਗਾ ਬਣੀ ਹੋਈ ਹੈ। ਵਿਗਿਆਨੀਆਂ ਨੇ ਆਪਣੀਆਂ ਦੂਰਬੀਨਾਂ ਰਾਹੀਂ ਅਜਿਹੀਆਂ ਹਜ਼ਾਰਾਂ ਗਲੈਕਸੀਆਂ ਦੇਖ ਲਈਆਂ ਹਨ, ਭਾਵੇਂ ਇਨ੍ਹਾਂ ਦੀ ਅਸਲੀ ਗਿਣਤੀ ਅਰਬਾਂ ਵਿਚ ਹੈ। ਸਾਡੀ ਧਰਤੀ ਦੀ ਇਸ ਅਨੰਤ ਬ੍ਰਹਿਮੰਡ ਵਿਚ ਕਿੰਨੀ ਕੁ ਹੋਂਦ ਹੈ, ਇਸ ਦਾ ਅੰਦਾਜ਼ਾ ਅਸੀਂ ਇਕ ਸਰਲ ਮਾਡਲ ਰਾਹੀਂ ਲਗਾ ਸਕਦੇ ਹਾਂ।
ਮੰਨ ਲਵੋ ਕਿ ਅਸੀਂ ਸੂਰਜ ਮੰਡਲ ਨੂੰ ਪੰਜ ਅਰਬ ਗੁਣਾ ਛੋਟਾ ਕਰਕੇ ਦੇਖ ਰਹੇ ਹਾਂ ਤਾਂ ਕਿ ਪੰਜਾਹ ਲੱਖ ਕਿਲੋਮੀਟਰ ਕਰੀਬ ਇਕ ਕਿਲੋਮੀਟਰ ਦੇ ਬਰਾਬਰ ਹੋਣ। ਆਕਾਰਾਂ ਦੀ ਇਸ ਪੱਧਰ 'ਤੇ ਸਾਡੇ ਸੂਰਜ ਦਾ ਆਕਾਰ ਇਕ ਫੁੱਟਬਾਲ ਜਿੱਡਾ ਜਾਪੇਗਾ ਤੇ ਧਰਤੀ ਇਕ ਕਣਕ ਦੇ ਦਾਣੇ ਜਿੱਡੀ ਹੋਵੇਗੀ। ਇਹ ਛੋਟੀ ਜਿਹੀ ਧਰਤੀ 60 ਮੀਟਰ ਵਿਆਸ ਵਾਲੇ ਇਕ ਚੱਕਰ ਵਿਚ ਫੁੱਟਬਾਲ ਜਿੱਡੇ ਸੂਰਜ ਦੁਆਲੇ ਘੁੰਮ ਰਹੀ ਹੋਵੇਗੀ। ਸਭ ਤੋਂ ਵੱਡੇ ਗ੍ਰਹਿ ਬ੍ਰਹਿਸਪਤੀ ਦਾ ਆਕਾਰ ਟੈਨਿਸ ਦੇ ਬਾਲ ਜਿੱਡਾ ਹੋਵੇਗਾ, ਜੋ 300 ਮੀਟਰ ਵਿਆਸ ਵਾਲੇ ਚੱੱਕਰ ਵਿਚ ਘੁੰਮ ਰਿਹਾ ਹੋਵੇਗਾ। ਇਕ ਗੋਲ ਬੇਰ ਜਿੱਡਾ ਸ਼ਨੀ ਗ੍ਰਹਿ, ਸੂਰਜ ਦੁਆਲੇ 600 ਮੀਟਰ ਵਿਆਸ ਵਾਲੇ ਗ੍ਰਹਿ ਪੰਧ ਵਿਚ ਸੂਰਜ ਦੀ ਪਰਿਕਰਮਾ ਕਰਦਾ ਦਿਸੇਗਾ। ਸਾਡੀ ਧਰਤੀ ਦਾ ਚੰਨ ਸਰ੍ਹੋਂ ਦੇ ਦਾਣੇ ਸਮਾਨ ਹੋਵੇਗਾ, ਜੋ ਕਣਕ ਦੇ ਦਾਣੇ (ਧਰਤੀ) ਤੋਂ ਕੇਵਲ ਤਿੰਨ ਇੰਚ ਦੀ ਦੂਰੀ 'ਤੇ ਇਸ ਦੀ ਪਰਿਕਰਮਾ ਕਰ ਰਿਹਾ ਹੋਵੇਗਾ।
ਅਰਬਾਂ ਗੁਣਾ ਛੋਟਾ ਕਰਕੇ ਵੀ ਸੂਰਜ ਮੰਡਲ ਦਾ ਆਕਾਰ ਕਰੀਬ 3 ਕਿਲੋਮੀਟਰ ਤੱਕ ਫੈਲਿਆ ਜਾਪਦਾ ਹੈ। ਜੇ ਇਸੇ ਆਕਾਰੀ ਪੱਧਰ 'ਤੇ ਆਪਣੇ ਹੀ ਤਾਰਾਗਣ ਦੇ ਹੋਰ ਅਣਗਿਣਤ ਤਾਰਿਆਂ ਵੱਲ ਦੇਖਣਾ ਹੋਵੇ ਤਾਂ ਸੂਰਜ ਅਗਲਾ ਨਿਕਟਵਰਤੀ ਤਾਰਾ 'ਐਲਫਾ ਸੈਂਟਾਰੀ' ਵੀ 6500 ਕਿਲੋਮੀਟਰ ਦੂਰ ਜਾਪੇਗਾ। ਤਾਂ ਫਿਰ ਕਲਪਨਾ ਕਰੋ ਕਿ ਉਸ ਤਾਰਾਗਣ ਦਾ ਆਕਾਰ ਕਿੱਡਾ ਹੋਵੇਗਾ, ਜਿਸ ਵਿਚ ਡੇਢ ਸੌ ਅਰਬ ਤਾਰੇ ਹਨ ਅਤੇ ਸੂਰਜ ਇਕ ਫੁੱਟਬਾਲ ਜਿੱਡਾ ਹੀ ਹੈ? ਤਾਂ ਫਿਰ ਆਪਣੇ ਤਾਰਾਗਣ ਸਮੇਤ ਬ੍ਰਹਿਮੰਡ ਦੇ ਕਈ ਤਾਰਾਗਣ ਦੇਖਣੇ ਹੋਣ ਤਾਂ ਸੂਰਜ ਨੂੰ ਫੁੱਟਬਾਲ ਮੰਨ ਕੇ ਵੀ ਸ੍ਰਿਸ਼ਟੀ ਦੇ ਬਾਕੀ ਨਛੱਤਰ ਸਾਡੀ ਦ੍ਰਿਸ਼ਟੀ ਵਿਚ ਨਹੀਂ ਆ ਸਕਣਗੇ। ਸਾਨੂੰ ਆਕਾਰਾਂ ਦੀ ਪੱਧਰ ਹੋਰ ਵੀ ਸੁੰਗੇੜਣੀ ਪਵੇਗੀ, ਪਰ ਫਿਰ ਵੀ ਗੱਲ ਨਹੀਂ ਬਣਨੀ, ਬ੍ਰਹਿਮੰਡ ਬਹੁਤ ਵਿਸ਼ਾਲ ਹੈ।
ਜੇ ਪ੍ਰਕਾਸ਼ ਦੁਆਰਾ ਇਕ ਸਾਲ ਵਿਚ ਤੈਅ ਕੀਤਾ ਫਾਸਲਾ, ਜੋ ਕਿ ਸਾਢੇ ਨੌਂ ਖਰਬ ਕਿਲੋਮੀਟਰ ਦੇ ਲਗਪਗ ਹੁੰਦਾ ਹੈ, ਉਹ ਕੇਵਲ ਡੇਢ ਮਿਲੀਮੀਟਰ ਦੇ ਤੁਲ ਹੀ ਹੋਵੇ, ਤਾਂ ਅਸੀਂ ਇਕ ਅਤੀ-ਲਘੂ ਬ੍ਰਹਿਮੰਡ ਦੇ ਦਰਸ਼ਨ ਕਰ ਰਹੇ ਹੋਵਾਂਗੇ। ਬ੍ਰਹਿਮੰਡ ਵਿਚ ਹੁਣ ਵੱਖਰੇ-ਵੱਖਰੇ ਤਾਰਿਆਂ ਦੀ ਬਜਾਏ ਕੇਵਲ ਤਾਰਾਗਣ ਹੀ ਦਿਸਣਗੇ, ਉਹ ਵੀ ਰੂੰ ਦੇ ਛੋਟੇ-ਛੋਟੇ ਫੰਬਿਆਂ ਵਰਗੇ। ਸਾਡਾ ਸੂਰਜ ਮੰਡਲ ਤਾਂ ਕਿਧਰੇ ਦਿਸੇਗਾ ਨਹੀਂ ਪਰ ਸਾਡਾ ਤਾਰਾਗਣ (ਸਾਡੀ ਆਕਾਸ਼-ਗੰਗਾ) 150 ਕਿਲੋਮੀਟਰ ਵਿਆਸ ਤੇ ਕੇਂਦਰ ਵਿਚੋਂ 30-ਕੁ ਮੀਟਰ ਚੌੜੀ ਇਕ ਚਮਕਦਾਰ ਤਸ਼ਤਰੀ ਜਾਪੇਗੀ। ਇਸ ਤਸ਼ਤਰੀ ਦੁਆਲੇ ਹਨੇਰਾ ਹੀ ਹਨੇਰਾ ਹੋਵੇਗਾ ਅਤੇ ਤਿੰਨ ਕੁ ਕਿਲੋਮੀਟਰ ਦੂਰੀ 'ਤੇ ਨਿਕਟਵਰਤੀ ਗਲੈਕਸੀ ਐਂਡਰੋਮਿਡਾ ਇਕ ਛੋਟੀ ਜਿਹੀ ਚਾਨਣ ਦੀ ਪੂਣੀ ਵਾਂਗ ਦਿਸੇਗੀ। ਅਜਿਹੀਆਂ ਅਣਗਿਣਤ ਚਾਨਣ-ਪੂਣੀਆਂ ਹਜ਼ਾਰਾਂ ਕਿਲੋਮੀਟਰ ਤੱਕ ਫੈਲੇ ਟਿਮਕਣਿਆਂ ਵਾਂਗ ਜਾਪਣਗੀਆਂ ਤੇ ਅਨੇਕਾਂ ਹੋਰ ਅਜੇ ਵੀ ਅਦ੍ਰਿਸ਼ਟ ਹੀ ਹੋਣਗੀਆਂ। ਆਕਾਰਾਂ ਦੀ ਪੱਧਰ ਨੂੰ ਇੰਨਾ ਛੋਟਾ ਕਰਕੇ ਵੀ ਬ੍ਰਹਿਮੰਡ ਬਾਰੇ ਸਾਡੀ ਦ੍ਰਿਸ਼ਟੀ ਫਿਰ ਸੀਮਤ ਹੋਵੇਗੀ ਤੇ ਸਮੁੱਚੇ ਬ੍ਰਹਿਮੰਡ ਦੇ ਦਰਸ਼ਨ ਕਰਨ ਦੀ ਸਾਡੀ ਅਭਿਲਾਸ਼ਾ ਅਧੂਰੀ ਹੀ ਰਹਿ ਜਾਏਗੀ।
ਅੰਬਰ ਵਿਚ ਗਲੈਕਸੀਆਂ ਦੀ ਤਸਵੀਰ ਅਸੀਂ ਛੋਟੇ ਛੋਟੇ ਚਮਕਦੇ ਟਿਮਕਣਿਆਂ ਦੇ ਰੂਪ ਵਿਚ ਦੇਖੀ ਹੈ, ਪਰ ਇਸ ਦੀ ਕੋਈ ਅੰਤਿਮ ਸੀਮਾ ਨਹੀਂ ਦਿਸੀ। ਇਹ ਤਾਂ ਅਸੀਂ ਦ੍ਰਿਸ਼ਟ ਵਿਸ਼ਵ ਨੂੰ ਅਰਬਾਂ ਖਰਬਾਂ ਗੁਣਾ ਛੋਟਾ ਕਰਕੇ ਦੇਖਿਆ ਸੀ। ਤੇ ਚਲੋ ਵਾਪਸ ਮੁੜੀਏ, ਬ੍ਰਹਿਮੰਡ ਜਿੱਡਾ ਹੈ ਓਡਾ ਹੀ ਹੈ, ਤਾਂ ਤੇ ਫਿਰ ਇਹ ਬਹੁਤ ਹੀ ਵੱਡਾ ਹੈ! ਅਸਲ ਦੂਰੀਆਂ ਇੰਨੀਆਂ ਜ਼ਿਆਦਾ ਹਨ ਕਿ ਆਕਾਸ਼ੀ ਪਿੰਡਾਂ ਦੇ ਆਪਸੀ ਫਾਸਲਿਆਂ ਨੂੰ ਪ੍ਰਕਾਸ਼ ਵਰ੍ਹਿਆਂ ਵਿਚ ਮਾਪਣਾ ਪੈਂਦਾ ਹੈ (ਇਕ ਪ੍ਰਕਾਸ਼ ਵਰ੍ਹਾ ਹੁੰਦਾ ਹੈ ਪ੍ਰਕਾਸ਼ ਦੁਆਰਾ ਇਕ ਸਾਲ ਵਿਚ ਤੈਅ ਕੀਤਾ ਫਾਸਲਾ, ਜੋ ਕਰੀਬ 9.5 ਖਰਬ ਕਿਲੋਮੀਟਰ ਬਣਦਾ ਹੈ)।
ਧਰਤੀ ਤੋਂ ਸੂਰਜ ਦੀ ਦੂਰੀ 8.3 ਪ੍ਰਕਾਸ਼ ਮਿੰਟ ਹੈ ਤੇ ਸਾਡੇ ਤਾਰਾਗਣ (ਗਲੈਕਸੀ) ਦਾ ਫੈਲਾਓ ਇਕ ਲੱਖ ਪ੍ਰਕਾਸ਼ ਵਰ੍ਹੇ ਤੋਂ ਕੁਝ ਵਧੇਰੇ ਹੈ। ਕਰੀਬ 13.4 ਖਰਬ ਪ੍ਰਕਾਸ਼ ਵਰ੍ਹਿਆਂ ਦੀ ਦੂਰੀ ਤੱਕ ਦੀਆਂ ਗਲੈਕਸੀਆਂ ਦਾ ਹਿਸਾਬ ਲੱਗ ਚੁੱਕਾ ਹੈ ਅਤੇ ਹੋਰ ਦੁਰੇਡੇ ਅਕਾਸ਼ਾਂ ਨੂੰ ਅਜੇ ਦੇਖਣਾ ਬਾਕੀ ਹੈ। ਕੋਈ ਇਕ ਆਕਾਸ਼, ਇਕ ਧਰਤੀ ਜਾਂ ਪਾਤਾਲ ਨਹੀਂ ਹੈ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
(ਜਪੁਜੀ ਸਾਹਿਬ)
ਏਥੇ ਲੱਖ ਤੋਂ ਭਾਵ ਹੈ ਅਣਗਿਣਤ।


(ਸਾਬਕਾ ਪ੍ਰਿੰਸੀਪਲ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ)

ਸੈਰ-ਸਪਾਟੇ ਦਾ ਕੇਂਦਰ ਬਣ ਸਕਦੈ ਹੁਸ਼ਿਆਰਪੁਰ ਦਾ ਕੁਦਰਤੀ ਸੁਹੱਪਣ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹੁਸ਼ਿਆਰਪੁਰ ਦੇ ਢੋਲਬਾਹਾ, ਜਨੌੜੀ, ਮੈਲੀ, ਥਾਨਾ, ਸਲੇਰਨ, ਚੋਹਾਲ, ਨਾਰਾ, ਪਟਿਆਰੀਆਂ, ਮਹਿੰਗਰੋਵਾਲ ਡੈਮ ਜ਼ਿਲ੍ਹੇ ਦੇ ਵੱਖ-ਵੱਖ ਥਾਈਂ ਪਾਣੀ ਇਕੱਠਾ ਕਰਨ ਵਾਲੀਆਂ ਥਾਵਾਂ ਦੇ ਨਾਲ ਖੂ੍ਰਬਸੂਰਤ ਇਲਾਕੇ ਵੀ ਬਣ ਗਏ ਹਨ। ਇਨ੍ਹਾਂ ਥਾਂਵਾਂ 'ਤੇ ਸਰਕਾਰ ਕਿਸ਼ਤੀ ਤੇ ਹੋਰ ਪਾਣੀ ਆਧਾਰਿਤ ਖੇਡਾਂ ਤੇ ਰਿਹਾਇਸ਼ ਦੀਆਂ ਸਹੂਲਤਾਂ ਦੇ ਕੇ ਸੈਰ ਸਪਾਟੇ ਨੂੰ ਪ੍ਰਫੁਲਿਤ ਕਰ ਸਕਦੀ ਹੈ। ਇਨ੍ਹਾਂ ਡੈਮਾਂ ਦੇ ਨੇੜੇ-ਨੇੜੇ ਖਾਣ ਪੀਣ, ਖੇਡਾਂ ਜਾਂ ਹੋਰ ਕੋਈ ਆਕਰਸ਼ਣ ਨਾ ਹੋਣ ਦੇ ਬਾਵਜੂਦ ਸਥਾਨਕ ਲੋਕਾਂ ਵਲੋਂ ਅਕਸਰ ਇਨ੍ਹਾਂ ਇਲਾਕਿਆਂ ਦੀ ਖ਼ੂਬਸੂਰਤੀ ਨੂੰ ਮਾਣਿਆਂ ਜਾਂਦਾ ਹੈ। ਹੁਸ਼ਿਆਰਪੁਰ ਤੋਂ ਪੂਰਬ ਵੱਲ ਕਰੀਬ 10 ਕਿਲੋਮੀਟਰ ਦੀ ਦੂਰੀ 'ਤੇ ਹੁਸ਼ਿਆਰਪੁਰ-ਚਿੰਤਪੁਰਨੀ ਮੁੱਖ ਮਾਰਗ ਤੇ ਚੋਹਾਲ ਡੈਮ ਦੇ ਨੇੜੇ ਕੁਦਰਤੀ ਸੁਹੱਪਣ ਆਪਣੀ ਮੰਜ਼ਿਲ ਵੱਲ ਤੁਰੇ ਰਾਹਗੀਰਾਂ ਨੂੰ ਮੱਲੋਮੱਲੀ ਰੁਕਣ ਲਈ ਮਜਬੂਰ ਕਰ ਦਿੰਦਾ ਹੈ। ਇਸ ਇਲਾਕੇ 'ਚ ਨਿੱਜੀ ਕਾਰੋਬਾਰੀਆਂ ਦੇ ਯਤਨਾਂ ਨਾਲ ਸਥਾਪਿਤ ਹੋਏ ਹੋਟਲ ਤੇ ਰੈਸਟੋਰੈਂਟ ਘੁੰਮਣ ਫਿਰਨ ਵਾਲਿਆਂ ਨੂੰ ਆਕਰਸ਼ਿਤ ਕਰਨ 'ਚ ਕਾਮਯਾਬ ਹੋ ਰਹੇ ਹਨ। ਤਲਵਾੜਾ ਵਿਖੇ ਬਣੇ ਪੌਂਗ ਡੈਮ ਦੇ ਪਿਛੇ ਮਹਾਰਾਣਾ ਪ੍ਰਤਾਪ ਝੀਲ ਵੀ ਘੁੰਮਣ ਫਿਰਨ ਦੇ ਸ਼ੌਕੀਨਾਂ ਲਈ ਆਕਰਸ਼ਣ ਹੈ। ਸਰਦੀ ਦੇ ਮੌਸਮ 'ਚ ਚੀਨ, ਤਿੱਬਤ ਤੇ ਸਾਇਬੇਰੀਆ ਤੋਂ ਆਉਂਦੇ ਪ੍ਰਵਾਸੀ ਪੰਛੀ ਇਸ ਝੀਲ 'ਤੇ ਚੰਗੀ ਰੌਣਕ ਲਾਉਂਦੇ ਹਨ। ਇਸ ਡੈਮ ਤੋਂ ਨਿਕਲਦੀ ਮੁਕੇਰੀਆਂ ਹਾਈਡਲ ਪ੍ਰੋਜੈਕਟ ਵਾਲੀ ਨਹਿਰ ਵੀ ਤਲਵਾੜੇ ਤੋਂ ਉਚੀ ਬੱਸੀ ਹੁੰਦੀ ਹੋਈ ਕਈ ਪਿੰਡਾਂ ਨੂੰ ਖ਼ੂਬਸੂਰਤ ਛੋਹਾਂ ਦਿੰਦੀ ਜਾਂਦੀ ਹੈ। ਟੇਰਕਿਆਣਾ ਟੇਲ 'ਤੇ ਇਸ ਨਹਿਰ ਦਾ ਬਿਆਸ ਦਰਿਆ 'ਚ ਤੇਜ਼ੀ ਨਾਲ ਡਿੱਗਦਾ ਪਾਣੀ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਿਕ ਕਾਲੀ ਵੇਈਂ ਮੁਕੇਰੀਆਂ ਬਲਾਕ ਦੇ ਪਿੰਡ ਧਨੋਆ ਤੋਂ ਸ਼ੁਰੂ ਹੋ ਕੇ ਹਿੰਮਤਪੁਰ ਟੇਰਕਿਆਣਾ, ਸ਼ਤਾਬਕੋਟ ਅਤੇ ਵਧਾਈਆ ਆਦਿ ਪਿੰਡਾਂ ਦੇ ਛੰਭਾਂ ਦੀ ਸੇਮ ਤੋਂ ਪਾਣੀ ਲੈਂਦੀ ਅੱਗੇ ਤੁਰਦੀ ਹੈ। ਸੁਲਤਾਨਪੁਰ ਲੋਧੀ ਵਿਖੇ ਇਸ ਨਦੀ 'ਚ ਟੁੱਭੀ ਲਗਾ ਪ੍ਰਗਟ ਹੋ ਕੇ ਗੁਰੂ ਸਾਹਿਬ ਨੇ ਮੂਲ ਮੰਤਰ ਦੀ ਰਚਨਾ ਕੀਤੀ ਸੀ। ਪਵਿੱਤਰ ਵੇਈਂ ਦੇ ਕੰਢਿਆਂ ਨੇੜੇ ਵਸਦੇ ਪਿੰਡ ਤੇ ਕਸਬੇ ਇਸ ਦੇ ਪਾਣੀਆਂ ਤੋਂ ਰੂਹਾਨੀਅਤ ਦੇ ਰੰਗਾਂ, ਨਿਰੰਤਰਤਾ ਤੇ ਸਾਦਗੀ ਦਾ ਸੁਨੇਹਾ ਲੈਂਦੇ ਪ੍ਰਤੀਤ ਹੁੰਦੇ ਹਨ।
ਹੁਸ਼ਿਆਰਪੁਰ 'ਚ ਬਰਸਾਤਾਂ ਦੇ ਦਿਨਾਂ ਨੂੰ ਸ਼ਿਵਾਲਕ ਦੇ ਪਹਾੜਾਂ ਵਲੋਂ ਵਗਣ ਵਾਲੇ ਚੋਆਂ ਦੇ ਨਾਂਅ ਨਾਲ ਜੁੜੀਆਂ ਕਹਾਣੀਆਂ ਵੀ ਬੜੀਆਂ ਦਿਲਚਸਪ ਹਨ। ਹੁਸ਼ਿਆਰਪੁਰ ਨੇੜੇ ਪੈਂਦੇ ਧੋਬੀ ਚੋਅ ਦੇ ਪਾਣੀ ਨਾਲ ਕਦੇ ਕੱਪੜੇ ਧੋਤੇ ਜਾਂਦੇ ਰਹੇ ਹਨ। ਕੰਢੀ ਦੇ ਪਿੰਡ ਕੂਕਾਨੇਟ 'ਚ ਪਰੀਆਂ ਵਾਲੇ ਚੋਅ ਨਾਲ ਪਰੀਆਂ ਦੇ ਚੋਅ 'ਚ ਪੁਰਾਣੇ ਸਮੇਂ ਪਰੀਆਂ ਦੇ ਨਹਾਉਣ ਦੀ ਦੰਦ ਕਥਾ ਪ੍ਰਚਲਿਤ ਹੈ। ਕਦੀ ਪਿੰਡ ਢੋਲਬਾਹਾ ਦੀਆਂ ਉੱਚੀਆਂ ਪਹਾੜੀਆਂ ਬਾਰੇ ਇੱਥੋਂ ਦੇ ਉਚੇ ਪਹਾੜਾਂ ਤੋਂ ਲਾਹੌਰ ਨਜ਼ਰ ਆਉਣ ਦੀ ਦੰਦ ਕਥਾ ਵੀ ਪ੍ਰਚਲਿਤ ਹੈ । ਜਨੌੜੀ, ਬਹੇੜਾ, ਬਾੜੀਖੱਡ, ਕੂਕਾਨੇਟ, ਪਟਿਆੜੀ, ਕਮਾਹੀਦੇਵੀ, ਧਰਮਪੁਰ ਆਦਿ ਇਲਾਕਿਆਂ ਦੀਆਂ ਉੱਚੀਆਂ ਪਹਾੜੀਆਂ 'ਚ ਕਿਸੇ ਪ੍ਰਾਈਵੇਟ ਏਜੰਸੀ ਦੀ ਮਦਦ ਨਾਲ 'ਏਰੀਅਲ ਟਰਾਂਮਵੇਅ' ਦੀ ਵਿਵਸਥਾ ਕਰਾਈ ਜਾ ਸਕਦੀ ਹੈ।
ਜ਼ਿਲ੍ਹੇ ਦੇ ਕੰਢੀ ਇਲਾਕੇ 'ਚ ਅਜੇ ਵੀ ਕਈ ਥਾਵਾਂ 'ਤੇ ਚੀਲ੍ਹ, ਖੈਰ, ਰਜਾਇਣ, ਆਂਵਲਾ, ਟਾਹਲੀ, ਪਿੱਪਲ, ਬੋਹੜ, ਕੜ੍ਹੀਪੱਤਾ ਬੂਟੀ, ਗਲੋਅ, ਟੌਰ, ਬਹੇੜਾ, ਬਾਂਸ, ਜਮਲੋਟਾ, ਕਾਂਗੂ, ਗਰੂਨਾ, ਸੰਨਨ, ਤੂਤ, ਟਾਹਲੀ, ਡੇਕ, ਨਿੰਮ, ਅਰਜਨ, ਥੋਹਰ, ਕੁਆਰ (ਐਲੋਵੀਰਾ), ਹਰੜ, ਬਗੜ ਆਦਿ ਬਨਸਪਤੀ ਦੇਖਣ ਨੂੰ ਮਿਲ ਜਾਂਦੀ ਹੈ। ਤਲਵਾੜਾ ਇਲਾਕੇ 'ਚ ਪੇਂਡੂ ਸੁਆਣੀਆਂ ਵਲੋਂ ਕੰਢੀ ਏਰੀਆ ਫਰੂਟ ਐਂਡ ਹਰਬਲ ਪ੍ਰੋਸੈਸਿੰਗ ਸੁਸਾਇਟੀ ਵਲੋਂ ਇਸ ਇਲਾਕੇ 'ਚ ਪੈਦਾ ਹੋਣ ਵਾਲੀਆਂ ਵਸਤਾਂ ਦੇ ਆਚਾਰ ਮੁਰੱਬੇ ਤੇ ਹੋਰ ਖਾਧ ਪਦਾਰਥ ਸੈਲਾਨੀਆਂ ਲਈ ਵਪਾਰਕ ਨੁਕਤੇ ਤੋਂ ਵਿਚਾਰੇ ਜਾ ਸਕਦੇ ਹਨ। ਇਸੇ ਤਰ੍ਹਾਂ ਮੈਲੀ ਪਿੰਡ ਦੇ ਸੰਧਿਆ ਸੈਲਫ ਹੈਲਪ ਗਰੁੱਪ ਦੇ ਖਾਧ ਪਦਾਰਥ ਦੇਖੇ ਜਾ ਸਕਦੇ ਹਨ। ਕਸਬਾ ਹਰਿਆਣਾ ਕੋਲ ਕੰਗਮਾਈ ਘੁਗਿਆਲ ਵਿਖੇ ਇਲਾਕੇ ਦੇ ਉੱਦਮੀ ਕਿਸਾਨਾਂ ਵਲੋਂ ਚਲਾਇਆ ਜਾਂਦਾ 'ਫੈਪਰੋ ਹਲਦੀ ਤੇ ਸ਼ਹਿਦ ਪਲਾਂਟ' ਪਹਿਲਾਂ ਹੀ ਖੇਤੀ ਨਾਲ ਜੁੜੇ ਲੋਕਾਂ ਲਈ ਨਮੂਨੇ ਦਾ ਪ੍ਰੋਜੈਕਟ ਹੈ। ਂਇੱਥੇ ਸ਼ਹਿਦ, ਵੇਸਣ, ਹਲਦੀ ਤੇ ਹੋਰ ਘਰਾਂ 'ਚ ਵਰਤੇ ਜਾਂਦੇ ਕਰੀਬ 36 ਖਾਣ ਵਾਲੇ ਪਦਾਰਥ ਆਪਣੀ ਸ਼ੁੱਧਤਾ ਕਰਕੇ ਦੂਰ ਦੂਰ ਤੱਕ ਮਸ਼ਹੂਰ ਹਨ। ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਕਾਂਗੜੀ ਦੀ ਬਹੁਮੰਤਵੀ ਸਹਿਕਾਰੀ ਸਭਾ ਨੇ ਆਪਣੀ ਬਿਹਤਰ ਕਾਰਗੁਜ਼ਾਰੀ ਨਾਲ ਰਾਜ ਤੇ ਕੌਮੀ ਪੱਧਰ 'ਤੇ ਇਨਾਮ ਸਨਮਾਨ ਹਾਸਲ ਕੀਤੇ ਹਨ। ਆਈ. ਏ .ਐਸ. ਅਧਿਕਾਰੀ ਸ. ਕਾਹਨ ਸਿੰਘ ਪਨੂੰ ਵਲੋਂ ਅਪਣਾਈ ਇਸ ਸੁਸਾਇਟੀ ਵਲੋਂ ਪੇਂਡੂ ਖੇਤਰ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਸੁਸਾਇਟੀ ਦੇ ਕਾਰਜ ਪ੍ਰਬੰਧ ਪੇਂਡੂ ਜ਼ਿੰਦਗੀ 'ਚ ਰੁਚੀ ਲੈਣ ਵਾਲਿਆਂ ਲਈ ਆਪਣੇ ਆਪ 'ਚ ਰੋਲ ਮਾਡਲ ਬਣ ਚੁੱਕੀ ਹੈ।
ਜ਼ਿਲ੍ਹੇ ਦੇ ਕੰਢੀ ਜੰਗਲੀ ਇਲਾਕੇ 'ਚ ਸਾਂਬਰ, ਜੰਗਲੀ ਬਿੱਲੀ, ਹਿਰਨ, ਜੰਗਲੀ ਗਿੱਦੜ, ਭਾਲੂ, ਨੀਲ ਗਾਂ, ਅਜਗਰ, ਸੇਹ, ਜੰਗਲੀ ਉੱਲੂ, ਸੱਪ, ਖ਼ਰਗੋਸ਼, ਜੰਗਲੀ ਮੋਰ, ਜੰਗਲੀ ਕੁੱਕੜ, ਬਾਰਾਂਸਿੰਗਾ, ਤਿੱਤਰ ਬਟੇਰ ਆਦਿ ਜੰਗਲੀ ਜੀਵ ਜੰਤੂਆਂ ਦੇ ਕੌਤਕ ਵੀ ਦੇਖਣ ਨੂੰ ਮਿਲਦੇ ਹਨ। ਕਸਬਾ ਹਰਿਆਣਾ ਤੋਂ ਚੜ੍ਹਦੇ ਵਾਲੇ ਪਾਸੇ ਪੈਂਦੇ ਪਿੰਡ ਰਹਿਮਾਪੁਰ ਤੱਖਣੀ ਵਿਖੇ ਸਰਕਾਰ ਵਲੋਂ ਕਰੀਬ 956 ਏਕੜ 'ਚ ਬਣਾਈ ਜੰਗਲੀ ਜੀਵ ਰੱਖ 'ਚ ਵੀ ਅਜਿਹੀ ਬਨਸਪਤੀ ਤੇ ਜੀਵ ਜੰਤੂਆਂ ਦੀ ਮੌਜੂਦਗੀ ਇਸ ਇਲਾਕੇ 'ਚ ਚਿੜੀਆ ਘਰ ਵਰਗੇ ਪ੍ਰੋਜੈਕਟ ਨੂੰ ਅਮਲ 'ਚ ਲਿਆਉਣ ਦੀ ਸੰਭਾਵਨਾ ਰੱਖਦੀ ਹੈ।
ਜ਼ਿਲ੍ਹੇ ਦੇ ਗੌਰਵਮਈ ਇਤਿਹਾਸ ਤੇ ਵਿਰਾਸਤੀ ਪਿਛੋਕੜ 'ਚ ਹੁਸ਼ਿਆਰਪੁਰ ਸ਼ਹਿਰ 'ਚ ਲਾਲਾ ਹੰਸ ਰਾਜ ਜੈਨ ਵਲੋਂ ਬਣਵਾਇਆ 'ਸ਼ੀਸ਼ ਮਹਿਲ, ਡੱਬੀ ਬਾਜ਼ਾਰ 'ਚ ਅੰਗਰੇਜ਼ਾਂ ਦੇ ਵੇਲੇ ਦਾ ਹਾਥੀਦੰਦ ਦੀ ਨੱਕਾਸ਼ੀ ਦਾ ਕੰਮ, ਸਰਕਾਰੀ ਕਾਲਿਜ ਦਾ ਸ਼ਾਨਾਂਮੱਤਾ ਪਿਛੋਕੜ, ਬਜਵਾੜੇ ਪਿੰਡ ਦੀ ਮਾਣਮੱਤੀ ਤੇ ਹੈਰਾਨੀ ਭਰਪੂਰ ਤਵਾਰੀਖ਼, ਹੁਸ਼ਿਆਰਪੁਰ ਦਾ ਵੇਦ ਤੇ ਸੰਸਕ੍ਰਿਤ ਖੋਜ ਕੇਂਦਰ ਸਾਧੂ ਆਸ਼ਰਮ, ਢੋਲਬਾਹਾ ਪਿੰਡ ਦੀ ਪੱਥਰ ਯੁੱਗ ਨਾਲ ਸਾਂਝ, ਰਾਮ ਟਟਵਾਲੀ ਵਿਖੇ ਬੈਰਾਗੀਆਂ ਦੇ ਠਾਕੁਰ ਦੁਆਰੇ 'ਚ ਕੰਧ ਚਿੱਤਰ ਪੁਰਾਤਨ ਕਲਾ ਦੇ ਨਮੂਨੇ, ਹਰਿਆਣੇ ਦੀ ਮੁਗਲ ਸਮਰਾਟ ਅਕਬਰ ਨਾਲ ਸਾਂਝ ਤੇ ਹਰਿਆਣਾ ਘਰਾਣਾ ਦੀ ਧਰੁੱਪਦ ਗਾਇਕੀ ਕਰਕੇ ਦੇਸ਼ ਭਰ 'ਚ ਮਸ਼ਹੂਰੀ, ਪਿੰਡ ਮਲੋਟ 'ਚ ਬਾਬਰ ਨਾਲ ਸਬੰਧਿਤ ਕਿਲ੍ਹਾ, ਪਿੰਡ ਕੰਗਮਾਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੇਵਕ ਬਾਬਾ ਮੰਝ ਜੀ ਦੀ ਚਰਨ ਛੋਹ ਪ੍ਰਾਪਤ ਹੋਣਾ, ਪਿੰਡ ਭੂੰਗਾ ਦਾ ਰਿਆਸਤੀ ਪਿਛੋਕੜ, ਦਸੁੂਹਾ ਕਸਬੇ ਦੇ ਮਹਾਭਾਰਤ ਕਾਲ ਨਾਲ ਸਾਂਝ ਦੇ ਵੇਰਵੇ, ਦਸੂਹਾ ਨੇੜੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਗੁਰਦੁਆਰਾ ਗਰਨਾ ਸਾਹਿਬ ਤੇ ਟਾਂਡਾ ਨੇੜੇ ਮੂਨਕ ਕਲਾਂ ਵਿਖੇ ਗੁਰਦੁਆਰਾ ਟਾਹਲੀ ਸਾਹਿਬ ਦੀ ਮੌਜੂਦਗੀ, ਜੇਜੋਂ ਵਰਗੀਆਂ ਥਾਵਾਂ ਦੇ ਪੁਰਾਣੇ ਵਪਾਰਕ ਕੇਂਦਰਾਂ ਦਾ ਇਤਿਹਾਸ, ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਇਲਾਕਿਆਂ ਦੇ ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ ਤੇ ਹੋਰ ਲੋਕ ਮੁਕਤੀ ਲਹਿਰਾਂ ਲਈ ਕੀਤੀਆਂ ਮਹਾਨ ਕੁਰਬਾਨੀਆਂ ਜ਼ਿਲ੍ਹੇ ਦੀ ਤਵਾਰੀਖ ਦੇ ਖ਼ਜ਼ਾਨੇ ਨੂੰ ਅਮੀਰੀ ਬਖ਼ਸ਼ਣ ਵਾਲੇ ਵੇਰਵੇ ਹਨ। ਜ਼ਿਲ੍ਹੇ ਦੀ ਭੂਗੋਲਿਕ ਵਿਲੱਖਣਤਾ, ਕੁਦਰਤੀ ਸੁਹੱਪਣ ਦੇ ਨਾਲ ਇਤਿਹਾਸਿਕ ਤੇ ਵਿਰਾਸਤੀ ਪਹਿਲੂਆਂ ਨੂੰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ। (ਸਮਾਪਤ)


-ਪਿੰਡ ਤਾਜਪੁਰ ਕਲਾਂ, ਡਾਕ: ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ
ਮੋਬਾਈਲ : 7087787700,
Email. nimana727@gmail.com

ਭੁੱਲੀਆਂ ਵਿਸਰੀਆਂ ਯਾਦਾਂ

ਤਰੀਕ ਤੇ ਸੰਨ ਮੈਨੂੰ ਯਾਦ ਨਹੀਂ। ਉਸ ਵਕਤ ਡਾ: ਜਸਪਾਲ ਸਿੰਘ ਕਿਸੇ ਦੇਸ਼ ਦੇ ਰਾਜਦੂਤ ਸਨ। ਉਹ 'ਅਜੀਤ' ਅਖ਼ਬਾਰ ਦੇ ਦਫ਼ਤਰ ਆਏ ਸਨ। ਉਸ ਦਿਨ ਮੈਂ ਵੀ ਘੁੰਮਦਾ-ਘੁਮਾਉਂਦਾ ਜਲੰਧਰ ਪਹੁੰਚਿਆ ਹੋਇਆ ਸਾਂ। ਡਾ: ਬਰਜਿੰਦਰ ਸਿੰਘ ਹਮਦਰਦ ਨੂੰ ਮਿਲਣ ਲਈ 'ਅਜੀਤ' ਦੇ ਦਫ਼ਤਰ ਪੁੱਜਾ ਤਾਂ ਡਾ: ਜਸਪਾਲ ਸਿੰਘ ਹੋਰਾਂ ਦੇ ਪਹਿਲੀ ਵਾਰ ਦਰਸ਼ਨ ਹੋਏ ਤੇ ਉਨ੍ਹਾਂ ਦੀ ਤਸਵੀਰ ਡਾ: ਬਰਜਿੰਦਰ ਸਿੰਘ ਹਮਦਰਦ ਤੇ ਬਾਕੀ ਸਾਥੀਆਂ ਨਾਲ ਖਿੱਚੀ ਸੀ।
ਇਸ ਤੋਂ ਬਾਅਦ ਡਾ: ਜਸਪਾਲ ਸਿੰਘ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਬਣੇ ਤਾਂ ਉਨ੍ਹਾਂ ਦੇ ਬਹੁਤ ਵਾਰੀ ਦਰਸ਼ਨ ਹੋਏ ਤੇ ਖੁੱਲ੍ਹੀਆਂ ਗੱਲਾਂ ਵੀ ਹੋਈਆਂ। ਉਨ੍ਹਾਂ ਉਪ ਕੁਲਪਤੀ ਹੁੰਦਿਆਂ ਪੰਜਾਬੀ ਤੇ ਪੰਜਾਬੀ ਸੱਭਿਆਚਾਰ ਲਈ ਬਹੁਤ ਕੰਮ ਕੀਤਾ। ਵੱਖ-ਵੱਖ ਵਿਭਾਗਾਂ ਕੋਲੋਂ ਉਹ ਕੰਮ ਕਰਵਾਇਆ ਵੀ ਜਿਹੜਾ ਕੰਮ ਉਨ੍ਹਾਂ ਤੋਂ ਪਹਿਲਾਂ ਕਿਸੇ ਉਪ ਕੁਲਪਤੀ ਨੇ ਨਹੀਂ ਸੀ ਕਰਵਾਇਆ। ਹੁਣ ਉਹ ਦਿੱਲੀ ਚਲੇ ਗਏ ਹਨ। ਇਹ ਤਸਵੀਰ ਹੁਣ ਯਾਦ ਬਣ ਗਈ ਹੈ।


ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-141

ਅਰੇ ਦੀਵਾਨੋ, ਹਮੇ ਪਹਿਚਾਨੋ... ਸਲੀਮ-ਜਾਵੇਦ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਫਿਰ ਸਲੀਮ ਦੀ ਵੀ ਪਹਿਲੀ ਸ਼ਾਦੀ ਸੁਸ਼ੀਲਾ ਚਰਕ ਨਾਲ ਹੋਈ। ਇਸ ਤੋਂ ਉਸ ਦੇ ਚਾਰ ਬੱਚੇ (ਸਲਮਾਨ ਖਾਨ, ਅਰਬਾਜ਼ ਖਾਨ, ਸੋਹੇਲ ਖਾਨ, ਅਲਵੀਰਾ) ਪੈਦਾ ਹੋਏ ਇਕ ਬੱਚੀ ਨੂੰ ਇਸ ਪਰਿਵਾਰ ਨੇ ਗੋਦ ਵੀ ਲਿਆ ਹੋਇਆ ਹੈ। ਪਰ ਸਲੀਮ ਖਾਨ ਨੇ ਵੀ 1981 ਵਿਚ ਹੈਲਨ ਦੇ ਨਾਲ ਦੂਜੀ ਸ਼ਾਦੀ ਵੀ ਕੀਤੀ ਸੀ। ਇਸ ਦੇ ਨਾਲ ਉਸ ਦੇ ਪਰਿਵਾਰ 'ਚ ਕੁਝ ਦਿਨ ਤਾਂ ਕਲੇਸ਼ ਰਿਹਾ, ਪਰ ਬਾਅਦ 'ਚ ਸਭ ਕੁਝ ਠੀਕ ਹੋ ਗਿਆ ਸੀ।
ਸਲੀਮ-ਜਾਵੇਦ ਦੀ ਪਹਿਲੀ ਮੁਲਾਕਾਤ ਐਸ. ਐਮ. ਸਾਗਰ ਦੀ ਫ਼ਿਲਮ 'ਸਰਹੱਦੀ ਲੁਟੇਰਾ' ਦੇ ਸੈੱਟ 'ਤੇ ਹੋਈ ਸੀ। ਇਹ ਇਕ ਛੋਟੇ ਬਜਟ ਦੀ ਫ਼ਿਲਮ ਸੀ। ਜਾਵੇਦ ਇਸ 'ਚ ਕਲੈਪਰ ਬੁਆਏ ਸੀ ਜਦੋਂ ਕਿ ਸਲੀਮ ਇਸ ਦਾ ਨਾਇਕ ਸੀ। ਨਿਰਮਾਤਾ ਸਾਗਰ ਨੂੰ ਘੱਟ ਮੁਆਵਜ਼ੇ 'ਚ ਕੰਮ ਕਰਨ ਵਾਲਾ ਕੋਈ ਲੇਖਕ ਨਹੀਂ ਸੀ ਮਿਲ ਰਿਹਾ, ਇਸ ਲਈ ਜਾਵੇਦ ਨੇ ਇਸ ਫ਼ਿਲਮ ਦੇ ਸੰਵਾਦ ਲਿਖਣ ਦੀ ਪੇਸ਼ਕਸ਼ ਕੀਤੀ। ਇਸ ਤੋਂ ਬਾਅਦ ਹੀ ਸਲੀਮ-ਜਾਵੇਦ ਰਲ ਕੇ ਕਹਾਣੀਆਂ ਲਿਖਣ ਦੇ ਬਾਰੇ 'ਚ ਯੋਜਨਾਵਾਂ ਬਣਾਉਣ ਲੱਗ ਪਏ ਸਨ। ਸਲੀਮ ਕਹਾਣੀ ਦਾ ਪਲਾਟ ਰਚਦਾ ਅਤੇ ਜਾਵੇਦ ਉਸ ਦੀ ਪਟਕਥਾ ਅਤੇ ਸੰਵਾਦ ਲਿਖਦਾ ਸੀ।
ਇਕ ਦਿਨ ਅਚਾਨਕ ਇਸ ਟੀਮ ਦੀ ਮੁਲਾਕਾਤ ਜਦੋਂ ਰਾਜੇਸ਼ ਖੰਨਾ ਨਾਲ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, 'ਮੈਂ ਆਪਣੇ ਬੰਗਲੇ ਦੀ ਮੁਰੰਮਤ ਕਰਵਾ ਰਿਹਾ ਹਾਂ। ਮੈਨੂੰ ਪੈਸੇ ਦੀ ਸਖ਼ਤ ਜ਼ਰੂਰਤ ਹੈ। ਮੇਰੇ ਕੋਲ ਮਦਰਾਸ ਤੋਂ ਦੇਵਰ ਨਾਮਕ ਇਕ ਵਿਅਕਤੀ ਆਇਆ ਸੀ। ਉਹ ਮੈਨੂੰ ਮੂੰਹ-ਮੰਗਿਆ ਮੁਆਵਜ਼ਾ ਦੇਣ ਲਈ ਤਿਆਰ ਹੈ। ਪਰ ਉਸ ਦੇ ਕੋਲ ਜਿਹੜੀ ਕਹਾਣੀ ਹੈ, ਉਹ ਬੜੀ ਤਰਕਹੀਣ ਹੈ। ਜੇਕਰ ਤੁਸੀਂ ਉਸ ਦੀ ਪਟਕਥਾ ਨੂੰ ਸੋਧ ਕੇ ਲਿਖ ਦਿਉ ਤਾਂ ਤੁਹਾਨੂੰ ਮੈਂ ਚੰਗੇ ਮੁਆਵਜ਼ੇ ਤੋਂ ਇਲਾਵਾ ਤੁਹਾਡਾ ਸਹੀ ਕ੍ਰੈਡਿਟ ਵੀ ਫ਼ਿਲਮ 'ਚ ਦੁਆਵਾਂਗਾ।'
ਸਲੀਮ-ਜਾਵੇਦ ਨੇ ਰਾਜੇਸ਼ ਖੰਨਾ ਦੀ ਸਲਾਹ ਮੰਨ ਲਈ। ਜਿਸ ਕਹਾਣੀ ਨੂੰ ਉਨ੍ਹਾਂ ਨੇ ਸੋਧ ਕੇ ਲਿਖਿਆ ਸੀ, ਉਸ 'ਤੇ 'ਹਾਥੀ ਮੇਰੇ ਸਾਥੀ' ਨਾਂਅ ਦੀ ਫ਼ਿਲਮ ਬਣੀ ਸੀ, ਜਿਸ ਨੇ ਕਿ ਜਾਨਵਰਾਂ ਨਾਲ ਸਬੰਧਿਤ ਫ਼ਿਲਮ ਹੋਣ ਤੋਂ ਇਲਾਵਾ ਬਾਕਸ ਆਫ਼ਿਸ 'ਤੇ ਵੀ ਧਮਾਕਾ ਕਰਕੇ ਦੋਹਰੀ ਪਛਾਣ ਕਾਇਮ ਕੀਤੀ ਸੀ।
ਇਸ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਜੀ. ਪੀ. ਸਿੱਪੀ ਨੇ ਇਸ ਟੀਮ ਨੂੰ ਆਪਣਾ ਸਥਾਈ ਤੌਰ 'ਤੇ ਰੈਜ਼ੀਡੈਂਟ ਲੇਖਕ ਹੀ ਬਣਾ ਲਿਆ ਸੀ। ਰੈਜ਼ੀਡੈਂਟ ਲੇਖਕ ਹੋਣ ਦਾ ਮਤਲਬ ਇਹ ਹੈ ਕਿ ਜਿਥੇ ਵੀ ਅਤੇ ਜਦੋਂ ਵੀ ਸਿੱਪੀ ਦੀ ਫ਼ਿਲਮ ਦੀ ਸ਼ੂਟਿੰਗ ਹੁੰਦੀ ਸੀ, ਇਨ੍ਹਾਂ ਨੂੰ ਯੂਨਿਟ ਦੇ ਮੈਂਬਰ ਵਜੋਂ ਨਾਲ ਹੀ ਰਹਿਣਾ ਪੈਂਦਾ ਸੀ। ਜੀ. ਪੀ. ਸਿੱਪੀ ਦੇ ਲਈ ਇਨ੍ਹਾਂ ਨੇ 'ਅੰਦਾਜ਼', 'ਸੀਤਾ ਔਰ ਗੀਤਾ', 'ਸ਼ੋਅਲੇ' ਅਤੇ 'ਸ਼ਾਨ' ਵਰਗੀਆਂ ਮਹਿੰਗੇ ਬਜਟ ਵਾਲੀਆਂ ਫ਼ਿਲਮਾਂ ਲਿਖੀਆਂ ਸਨ।
ਇਨ੍ਹਾਂ ਦਾ ਕੰਮ ਵੰਡਿਆ ਹੁੰਦਾ ਸੀ। ਸਲੀਮ ਫ਼ਿਲਮ ਦੇ ਸੀਨ ਤਿਆਰ ਕਰ ਦਿੰਦਾ ਅਤੇ ਜਾਵੇਦ ਉਨ੍ਹਾਂ ਦੇ ਸੰਵਾਦ ਲਿਖ ਦਿੰਦਾ ਸੀ। ਇਹ ਸਾਰਾ ਕੰਮ ਉਰਦੂ 'ਚ ਕਰਦੇ ਹੁੰਦੇ ਸਨ। ਹਾਂ, ਸੰਵਾਦਾਂ ਦਾ ਸੰਖੇਪ ਉਹ ਲਾਲ ਸਿਆਹੀ ਦੇ ਨਾਲ ਇਕ ਲਾਈਨ 'ਚ ਨਾਲੋ-ਨਾਲ ਅੰਗਰੇਜ਼ੀ ਵਿਚ ਵੀ ਦਿਆ ਕਰਦੇ ਸਨ ਤਾਂ ਕਿ ਜਿਸ ਕਲਾਕਾਰ/ਨਿਰਦੇਸ਼ਕ ਨੂੰ ਉਰਦੂ ਨਹੀਂ ਆਉਂਦਾ ਸੀ, ਉਹ ਵੀ ਸੰਵਾਦਾਂ ਦਾ ਸਾਰ ਅਸਾਨੀ ਨਾਲ ਸਮਝ ਲਵੇ। ਇਹ ਦੋਵੇਂ ਸੁਭਾਵਿਕ ਕਿਸਮ ਦੇ ਪਟਕਥਾ ਲੇਖਕ ਸਨ, ਇਸ ਲਈ ਇਨ੍ਹਾਂ ਦੇ ਕੰਮ 'ਚ ਰਵਾਨਗੀ ਅਤੇ ਰੌਚਕਤਾ ਹੁੰਦੀ ਸੀ। ਬਹੁਤ ਸਾਰੇ ਯਾਦਗਾਰ ਦ੍ਰਿਸ਼ ਇਨ੍ਹਾਂ ਨੇ ਸਵੈ-ਚਾਲਿਤ ਤਰੀਕੇ ਨਾਲ ਹੀ ਲਿਖੇ ਲਗਦੇ ਸਨ। 'ਸ਼ੋਅਲੇ' ਦਾ ਟੈਂਕੀ ਵਾਲਾ ਦ੍ਰਿਸ਼ ਜਾਵੇਦ ਨੇ ਬੰਗਲੌਰ ਦੇ ਹਵਾਈ ਅੱਡੇ 'ਤੇ ਕਾਰ 'ਚ ਬੈਠ ਕੇ ਲਿਖਿਆ ਸੀ ਕਿਉਂਕਿ ਉਸ ਨੇ ਫਲਾਈਟ ਸਮੇਂ ਸਿਰ ਫੜਨੀ ਸੀ। ਪਰ ਇਹ ਦ੍ਰਿਸ਼ ਕਾਮੇਡੀ ਦੇ ਖੇਤਰ 'ਚ ਮਿਸਾਲ ਹੀ ਕਾਇਮ ਕਰ ਗਿਆ ਸੀ। (ਚਲਦਾ)


-ਮੋਬਾਈਲ : 099154-93043

ਸੱਭਿਆਚਾਰ ਦਾ ਦਰਪਣ

ਪੰਜਾਬ ਦੇ ਲੋਕ-ਨਾਚ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਭੰਗੜਾ : ਭੰਗੜਾ ਪੰਜਾਬ ਦੇ ਗੱਭਰੂਆਂ ਦਾ ਬੜਾ ਹਰਮਨ-ਪਿਆਰਾ ਅਤੇ ਪ੍ਰਸਿੱਧ ਨਾਚ ਹੈ। ਇਹ ਨਾਚ ਪੰਜਾਬੀਆਂ ਦੇ ਸੁਭਾਅ, ਉਨ੍ਹਾਂ ਦੀ ਕਰੜਾਈ ਅਤੇ ਗਠੀਲੇਪਣ ਦੀ ਇਕ ਪ੍ਰਤੱਖ ਤਸਵੀਰ ਪੇਸ਼ ਕਰਦਾ ਹੈ। ਇਹ ਨਾਚ ਅਸਲ ਵਿਚ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰੇ, ਗੁਜਰਾਤ ਅਤੇ ਸਿਆਲਕੋਟ ਦਾ ਹੈ, ਪਰ ਜੋਸ਼-ਭਰਿਆ ਹੋਣ ਕਾਰਨ ਸਾਰੇ ਪੰਜਾਬੀਆਂ ਦਾ ਮਨ ਖਿੱਚ ਚੁੱਕਾ ਹੈ। ਇਹ ਨਾਚ ਇੰਨਾ ਕਠਿਨ ਅਤੇ ਜ਼ੋਰ ਵਾਲਾ ਹੈ ਕਿ ਇਸ ਨੂੰ ਨੱਚਣਾ ਪੰਜਾਬੀਆਂ ਦੀ ਹੀ ਹਿੰਮਤ ਹੈ। ਪੰਜਾਬੀ ਸਦਾ ਹੀ ਇਸ ਨਾਚ ਨੂੰ ਨੱਚ ਕੇ ਆਪਣੇ ਜੋਸ਼, ਤਾਕਤ ਅਤੇ ਸਾਹਸ ਨੂੰ ਦਰਸਾਉਣਾ ਆਪਣਾ ਮਾਣ ਸਮਝਦੇ ਰਹੇ ਹਨ।
ਭੰਗੜਾ ਨਾਚ ਦਾ ਸਬੰਧ ਕਣਕ ਦੀ ਫ਼ਸਲ ਨਾਲ ਹੈ। ਜਦੋਂ ਅਪ੍ਰੈਲ ਦੇ ਮਹੀਨੇ ਵਿਚ ਕਿਸਾਨ ਕਹਿਰ ਦੀ ਸਰਦੀ ਵਿਚ ਘਾਲੀ ਹੋਈ ਘਾਲ ਦੇ ਸਿੱਟੇ ਵਜੋਂ ਸੁਨਹਿਰੀ ਕਣਕ ਆਪਣੇ ਖੇਤਾਂ ਵਿਚ ਲਹਿਲਹਾਉਂਦੀ ਵੇਖਦਾ ਹੈ ਤਾਂ ਉਸ ਦਾ ਮਨ ਹੁਲਾਰੇ ਵਿਚ ਆ ਜਾਂਦਾ ਹੈ। ਉਸ ਦਾ ਇਹ ਜੋਸ਼, ਖ਼ੁਸ਼ੀ ਅਤੇ ਵਲਵਲਾ ਉਸ ਦੇ ਭੰਗੜਾ ਨਾਚ ਵਿਚ ਪ੍ਰਗਟ ਹੁੰਦਾ ਹੈ। ਇਹ ਨਾਚ ਭਾਵੇਂ ਹਰ ਖ਼ੁਸ਼ੀ ਦੇ ਸਮੇਂ ਨੱਚਿਆ ਜਾਂਦਾ ਹੈ, ਪਰ ਇਸ ਦਾ ਅਟੁੱਟ ਸਬੰਧ ਵਿਸਾਖੀ ਦੇ ਤਿਉਹਾਰ ਨਾਲ ਹੀ ਹੈ। ਪੱਛਮੀ ਪੰਜਾਬ ਵਿਚ ਵਿਸਾਖੀ ਵਾਲੇ ਦਿਨ ਬੜੀ ਸ਼ਾਨ ਨਾਲ ਪਿੰਡਾਂ ਵਾਲਿਆਂ ਦੇ ਮੇਲੇ ਹੁੰਦੇ ਸਨ। ਅਣਗਿਣਤ ਲੋਕ ਬੱਚੇ, ਬੁੱਢੇ ਅਤੇ ਜਵਾਨ ਆਪਣੀ ਚੰਗੀ ਤੋਂ ਚੰਗੀ ਪੁਸ਼ਾਕ ਪਾ ਕੇ ਆਉਂਦੇ ਅਤੇ ਭੰਗੜਾ ਪਾਉਂਦੇ ਸਨ। ਪੰਜਾਬ ਦੀ ਵੰਡ ਤੋਂ ਪਹਿਲਾਂ ਹਿੰਦੂ, ਸਿੱਖ, ਮੁਸਲਮਾਨ ਸਭ ਰਲ ਕੇ ਇਨ੍ਹਾਂ ਮੇਲਿਆਂ ਵਿਚ ਹਿੱਸਾ ਲੈਂਦੇ ਸਨ। ਉਧਰਲੇ ਇਲਾਕੇ ਤੋਂ ਆਏ ਹੋਏ ਹਿੰਦੂ ਅਤੇ ਸਿੱਖਾਂ ਨੇ ਇਸ ਨਾਚ ਨੂੰ ਮਾਲਵੇ ਵਿਚ ਵੀ ਪ੍ਰਚੱਲਿਤ ਕਰ ਦਿੱਤਾ। ਅੱਜਕੱਲ੍ਹ ਮਰਦਾਂ ਦੇ ਨਾਚ ਵਿਚੋਂ ਭੰਗੜਾ ਪ੍ਰਧਾਨ ਲੋਕ-ਨਾਚ ਹੈ।
ਭਾਵੇਂ ਭੰਗੜੇ ਵਿਚ ਤੂੰਬਾ, ਕਾਟੋ, ਸੱਪ, ਚਿਮਟਾ, ਇਕਤਾਰਾ, ਅਲਗੋਜ਼ੇ ਆਦਿ ਸਾਜ਼ ਵਰਤੇ ਜਾਂਦੇ ਹਨ, ਪਰ ਇਸ ਨਾਚ ਦਾ ਸਭ ਤੋਂ ਜ਼ਰੂਰੀ ਸਾਜ਼ ਢੋਲ ਹੀ ਹੈ ਅਤੇ ਬਾਕੀ ਸਾਰੇ ਸਾਜ਼ ਉਸ ਦੀ ਤਾਲ ਦਾ ਸਾਥ ਦੇਣ ਲਈ ਹੀ ਹੁੰਦੇ ਹਨ। ਸਭ ਤੋਂ ਪਹਿਲਾਂ ਢੋਲੀ ਅਖਾੜੇ ਵਿਚ ਢੋਲ ਵਜਾਉਣਾ ਸ਼ੁਰੂ ਕਰ ਦਿੰਦਾ ਹੈ। ਢੋਲ ਉੱਤੇ ਜਦੋਂ ਡੱਗਾ ਵੱਜਦਾ ਹੈ ਤਾਂ ਲੋਕੀਂ ਇਕ ਗੋਲ ਦਾਇਰਾ ਬਣਾ ਕੇ ਇਕੱਠੇ ਹੋ ਜਾਂਦੇ ਹਨ ਅਤੇ ਝੱਟ ਹੀ ਨੱਚਣ ਵਾਲੇ ਢੋਲੀ ਦੇ ਆਲੇ-ਦੁਆਲੇ ਘੇਰਾ ਘੱਤ ਲੈਂਦੇ ਹਨ। ਢੋਲੀ ਦੇ ਇਸ਼ਾਰੇ ਉੱਤੇ ਨਾਚ ਸ਼ੁਰੂ ਹੁੰਦਾ ਹੈ। ਲੋਕ ਮਸਤੀ ਵਿਚ ਆ ਕੇ ਘੇਰੇ ਵਿਚ ਨੱਚਣ ਲੱਗ ਪੈਂਦੇ ਹਨ। ਢੋਲੀ ਦੀ ਤਾਲ ਬਿਲਕੁਲ ਸਿੱਧੀ ਹੁੰਦੀ ਹੈ।
ਪਹਿਲਾਂ ਤਾਂ ਇਹ ਤਾਲ ਮੱਠੀ-ਮੱਠੀ ਵੱਜਦੀ ਹੈ ਅਤੇ ਲੋਕੀਂ ਤਾਲ ਉੱਤੇ ਪੈਰ ਹਿਲਾਉਂਦੇ, ਸਰੀਰ ਨੂੰ ਹਲੂਣਾ ਦਿੰਦੇ ਅਤੇ ਮੋਢੇ ਮਾਰਦੇ ਹੋਏ ਨੱਚਦੇ ਹਨ। ਕਦੇ ਗੋਡੇ ਅੱਗੇ ਵਧਾ ਕੇ ਸਰੀਰ ਨੂੰ ਨੀਵਾਂ ਕਰ ਕੇ ਤਾਲ ਉੱਤੇ ਨੱਚਦੇ ਹਨ। ਕਦੇ ਮੁੱਠੀ ਜਿਹੀ ਮੀਚ, ਪਹਿਲੀ ਉਂਗਲੀ ਖੜ੍ਹੀ ਕਰ, ਬਾਹਾਂ ਖਿਲਾਰ ਕੇ ਝਟਕਾ ਦਿੰਦੇ ਹਨ। ਮਸਤੀ ਵਿਚ ਝੂੰਮਦੇ ਨਚਾਰਾਂ ਦੇ ਸਰੀਰ ਦਾ ਅੰਗ-ਅੰਗ ਢੋਲ ਦੀ ਤਾਲ ਉੱਤੇ ਹਲੋਰੇ ਲੈਣ ਲੱਗ ਪੈਂਦਾ ਹੈ। ਹੌਲੀ-ਹੌਲੀ ਢੋਲੀ ਆਪਣੀ ਤਾਲ ਨੂੰ ਤੇਜ਼ ਕਰਦਾ ਹੈ। ਉਸ ਦੇ ਨਾਲ ਹੀ ਨੱਚਣ ਵਾਲੇ ਆਪਣੀਆਂ ਹਰਕਤਾਂ ਵੀ ਤੇਜ਼ ਕਰੀ ਜਾਂਦੇ ਹਨ। ਕੁਝ ਚਿਰ ਪਿੱਛੋਂ ਨੱਚਣ ਵਾਲੇ ਖਲੋ ਜਾਂਦੇ ਹਨ। ਕੋਈ ਮਨਚਲਾ ਗੱਭਰੂ ਘੇਰੇ ਦੇ ਅੰਦਰ ਆ ਕੇ ਇਕ ਹੱਥ ਕੰਨ ਉੱਤੇ ਰੱਖ ਕੇ ਅਤੇ ਦੂਜਾ ਹੱਥ ਉੱਚਾ ਚੁੱਕ ਕੇ ਅਨੋਖੇ ਢੰਗ ਨਾਲ ਕੋਈ ਬੋਲੀ ਪਾਉਂਦਾ ਹੈ-
ਇਹ ਗੱਭਰੂ ਦੇਸ਼ ਪੰਜਾਬ ਦੇ, ਉੱਡਦੇ ਵਿਚ ਹਵਾ,
ਇਹ ਨੱਚ ਨੱਚ ਭੰਗੜੇ ਪਾਉਂਦੇਤੇ ਦੇਂਦੇ ਧੂੜ ਧੁਮਾ,
ਹੋ ਢੋਲ ਵਾਲਿਆ ਜਵਾਨਾ।
ਜਦੋਂ ਬੋਲੀ ਮੁੱਕਦੀ ਹੈ ਤਾਂ ਢੋਲੀ ਫੇਰ ਢੋਲ ਉੱਤੇ ਗਿੜਗਿੜਾ ਮਾਰ ਕੇ ਖ਼ਬਰਦਾਰ ਕਰਦਾ ਹੈ। ਇਸ ਤੋਂ ਪਿੱਛੋਂ ਫੇਰ ਉਹ ਨਾਚ ਵਾਲਾ ਤਾਲ ਵਜਾਉਂਦਾ ਹੈ ਅਤੇ ਲੋਕ ਨੱਚਣ ਲੱਗ ਪੈਂਦੇ ਹਨ। ਇਸ ਵਾਰ ਤਾਲ ਪਹਿਲਾਂ ਤੋਂ ਜ਼ਰਾ ਤੇਜ਼ ਸ਼ੁਰੂ ਹੁੰਦਾ ਹੈ ਅਤੇ ਹੌਲੀ-ਹੌਲੀ ਹੋਰ ਤੇਜ਼ ਹੁੰਦਾ ਜਾਂਦਾ ਹੈ। ਇਹ ਸਿਲਸਿਲਾ ਲਗਾਤਾਰ ਚਲਦਾ ਰਹਿੰਦਾ ਹੈ। ਜਿਹੜੇ ਲੋਕ ਥੱਕ ਜਾਂਦੇ ਹਨ, ਉਹ ਘੇਰੇ ਤੋਂ ਬਹਰ ਹੋ ਜਾਂਦੇ ਹਨ ਅਤੇ ਨਵੇਂ ਲੋਕ ਜੋਸ਼ ਵਿਚ ਆ ਕੇ ਘੇਰੇ ਵਿਚ ਰਲਦੇ ਰਹਿੰਦੇ ਹਨ। ਨੱਚਣ ਵਾਲਿਆਂ ਦੀ ਗਿਣਤੀ ਦੀ ਕੋਈ ਬੰਦਿਸ਼ ਨਹੀਂ ਹੁੰਦੀ। ਜਿੰਨੇ ਲੋਕੀਂ ਹੋਰ ਰਲਦੇ ਜਾਂਦੇ ਹਨ, ਓਨਾ ਹੀ ਘੇਰਾ ਵੱਡਾ ਹੁੰਦਾ ਜਾਂਦਾ ਹੈ, ਪਰ ਜੇ ਨੱਚਣ ਵਾਲੇ ਲੋਕੀਂ ਘੱਟ ਜਾਣ ਤਾਂ ਘੇਰਾ ਛੋਟਾ ਹੁੰਦਾ ਜਾਂਦਾ ਹੈ। ਇੰਜ ਹੀ ਬੋਲੀਆਂ ਪੈਂਦੀਆਂ ਰਹਿੰਦੀਆਂ ਹਨ ਅਤੇ ਨਾਚ ਹੁੰਦਾ ਰਹਿੰਦਾ ਹੈ।
ਭੰਗੜੇ ਵਿਚ ਨੱਚਣ ਵਾਲੇ ਲਈ ਕੇਵਲ ਇਕੋ ਗੱਲ ਜ਼ਰੂਰੀ ਹੈ ਕਿ ਉਹ ਤਾਲ ਨਾ ਤੋੜੇ ਅਤੇ ਢੋਲ ਦੀ ਤਾਲ ਉੱਤੇ ਨੱਚਦਾ ਰਹੇ। ਬਾਕੀ ਸਰੀਰ ਦੀਆਂ ਹਰਕਤਾਂ ਜਿਵੇਂ ਮਰਜ਼ੀ ਚਾਹੇ ਕਰੇ। ਕਈ ਵਾਰੀ ਕਈ ਮਨਚਲੇ ਜਵਾਨ ਪਾਲ ਛੱਡ ਕੇ ਘੇਰੇ ਦੇ ਅੰਦਰ ਆ ਜਾਂਦੇ ਹਨ ਅਤੇ ਆਪਣੇ ਸਰੀਰ ਦੀਆਂ ਅਨੋਖੀਆਂ ਹਰਕਤਾਂ ਦਿਖਾ ਕੇ ਵੇਖਣ ਵਾਲਿਆਂ ਅਤੇ ਦੂਜੇ ਨੱਚਣ ਵਾਲਿਆਂ ਦੀ ਪ੍ਰਸੰਸਾ ਲੈਂਦੇ ਹਨ। ਨੱਚਦੇ-ਨੱਚਦੇ ਬਹਿ ਕੇ ਇਕ ਟੰਗ ਨੂੰ ਝਟਕਾ ਦੇ ਕੇ ਖਿਲਾਰਨਾ ਇਸ ਨਾਚ ਦੀ ਸਭ ਤੋਂ ਔਖੀ ਹਰਕਤ ਹੈ, ਜਿਹੜੀ ਕੁਝ ਚੋਣਵੇਂ ਗੱਭਰੂ ਹੀ ਕਰ ਸਕਦੇ ਹਨ। ਕਈ ਵਾਰ ਦੋ ਜਵਾਨ ਘੇਰੇ ਦੇ ਅੰਦਰ ਆਹਮੋ-ਸਾਹਮਣੇ ਇਵੇਂ ਨੱਚਦੇ ਹਨ, ਜਿਵੇਂ ਦੋਵੇਂ ਇਕ ਦੂਜੇ ਦਾ ਮੁਕਾਬਲਾ ਕਰ ਰਹੇ ਹੋਣ। ਇਕ ਟੰਗ ਦੇ ਭਾਰ ਨੀਵੇਂ ਹੋ ਕੇ ਆਪਣੇ ਹੱਥਾਂ ਦੀ ਸਾਹਮਣੇ ਵੱਲ ਕੰਘੀ ਕਰ ਕੇ ਹੁਲਾਰੇ ਦਿੰਦੇ ਹਨ। ਕਈ ਵਾਰੀ ਦੋ ਨੱਚਣ ਵਾਲੇ ਇਕ ਦੂਜੇ ਦੇ ਪੈਰ ਵਿਚ ਪੈਰ ਅਟਕਾ, ਇਕ ਇਕ ਪੈਰ ਉੱਤੇ ਚੱਕਰ ਕੱਟਦੇ ਹਨ। ਭੰਗੜਾ ਕੇਵਲ ਇਕ ਨਾਚ ਹੀ ਨਹੀਂ ਹੈ, ਸਗੋਂ ਸਰੀਰ ਦੀ ਕਸਰਤ ਦਾ ਇਕ ਬੜਾ ਵੱਡਾ ਸਾਧਨ ਵੀ ਹੈ। ਆਮ ਕਸਰਤ ਕਰਦੇ ਸਮੇਂ ਕੇਵਲ ਸਰੀਰ ਦੀ ਤਕੜਾਈ ਦਾ ਹੀ ਖ਼ਿਆਲ ਹੁੰਦਾ ਹੈ। ਪਰ ਭੰਗੜਾ ਪਾਉਂਦੇ ਸਮੇਂ ਸਰੀਰ ਅਤੇ ਮਨ ਦੋਵਾਂ ਦੀ ਕਸਰਤ ਹੁੰਦੀ ਹੈ। ਮਨ ਖ਼ੁਸ਼ੀ ਨਾਲ ਖਿੜਦਾ ਹੈ ਅਤੇ ਸਰੀਰ ਤਕੜਾ ਹੁੰਦਾ ਹੈ। ਇਸ ਤਰ੍ਹਾਂ ਭੰਗੜਾ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ-ਨਾਚ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਪ੍ਰਿੰਸੀਪਲ, ਮਾਤਾ ਰਾਜ ਕੌਰ ਸ: ਸੀ: ਸੈ: ਸਕੂਲ, ਬਡਰੁੱਖਾਂ (ਸੰਗਰੂਰ)। ਮੋਬਾ: 84276-85020

ਪੰਜਾਬੀ ਗੀਤਾਂ ਵਿਚ ਆਏ ਨਿਘਾਰ ਲਈ ਕੌਣ ਜ਼ਿੰਮੇਵਾਰ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸ ਵਰਤਾਰੇ ਨੂੰ ਠੱਲ੍ਹ ਪਾਉਣ ਵਾਸਤੇ ਸਮਾਜ ਸੇਵੀ ਸੰਸਥਾਵਾਂ ਵੀ ਵਧੀਆ ਭੂਮਿਕਾ ਨਿਭਾ ਸਕਦੀਆਂ ਹਨ ਕਿਉਂਕਿ ਉਨ੍ਹਾਂ ਦਾ ਸਮਾਜ ਵਿਚ ਆਪਣੀ ਆਪਣੀ ਥਾਂ 'ਤੇ ਇਕ ਢੁੱਕਵਾਂ ਸਥਾਨ ਹੈ। ਅਜਿਹੇ ਲੋਕਾਂ ਨਾਲ ਸਿੱਧਾ ਸਬੰਧ ਵੀ ਹੈ ਜੋ ਇਸ ਪਾਸੇ ਪੰਜਾਬ ਦੀ ਜਵਾਨੀ ਆਪਣੇ ਮੁਫ਼ਾਦਾਂ ਵਾਸਤੇ ਧੱਕ ਰਹੇ ਹਨ। ਇਨ੍ਹਾਂ ਲੋਕਾਂ ਨਾਲ ਇਕੱਤਰਤਾਵਾਂ ਕਰ ਕੇ ਜਾਂ ਸੰਪਰਕ ਸਾਧ ਕੇ ਇਨ੍ਹਾਂ ਨੂੰ ਇਸ ਵਰਤਾਰੇ ਪ੍ਰਤੀ ਆਪਣਾ ਨਜ਼ਰੀਆ ਬਦਲਣ ਵਾਸਤੇ ਸਮਝਾਇਆ ਜਾ ਸਕਦਾ ਹੈ।
ਅਜਿਹੀਆਂ ਹਾਲਾਤਾਂ ਵਿਚ ਨੌਜਵਾਨ ਪੀੜ੍ਹੀ ਨੂੰ ਗੈਂਗਵਾਦ, ਨਸ਼ਾਵਾਦ ਵੱਲ ਪ੍ਰੇਰਿਤ ਕਰਨ ਵਾਲੇ ਗੀਤਾਂ ਤੋਂ ਲੋਕਾਂ ਨੂੰ ਜਾਗਰੂਕ ਕਰਵਾਉਣਾ ਲਾਜ਼ਮੀਂ ਹੋ ਚੱਲਿਆ ਹੈ ਕਿਉਂਕਿ ਪੰਜਾਬੀ ਨੌਜਵਾਨਾਂ ਦਾ ਭਵਿੱਖ ਮੁੜ ਖ਼ਤਰੇ ਵਿਚ ਪੈਣ ਲੱਗਾ ਹੈ । ਇਸ ਕੰਮ ਵਿਚ ਮੈਰਿਜ ਪੈਲੇਸਾਂ ਵਾਲੇ ਅਤੇ ਡੀ.ਜੇ. ਦਾ ਕੰਮ ਕਰਨ ਵਾਲੇ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ ਕਿਉਂਕਿ ਅੱਜਕਲ੍ਹ ਜ਼ਿਆਦਾਤਰ ਗਾਣੇ ਮੈਰਿਜ ਪੈਲੇਸਾਂ ਜਾਂ ਡੀ.ਜੇ. ਵਾਲਿਆਂ ਦੇ ਪ੍ਰੋਗਰਾਮਾਂ ਵਿਚ ਵੱਜਦੇ ਹਨ। ਇੰਟਰਨੈੱਟ ਸਾਈਟਾਂ ਤੋਂ ਗਾਣਾ ਸੁਣਨ ਵਾਸਤੇ ਤੁਹਾਡੀ ਆਪਣੀ ਚੋਣ ਆ ਜਾਂਦੀ ਹੈ ਕਿ ਕਿਹੜਾ ਗਾਣਾ ਸੁਣਨਾ ਹੈ, ਤੁਸੀਂ ਲੋੜੀਂਦਾ ਗਾਣਾ ਲੱਭ ਕੇ ਸੁਣਦੇ ਹੋ। ਜਨਤਕ ਥਾਵਾਂ 'ਤੇ ਇਹ ਗਾਣੇ ਤੂਹਾਨੂੰ ਮਜਬੂਰਨ ਸੁਣਨੇ ਪੈਂਦੇ ਹਨ ਕਿਉਂਕਿ ਉੱਥੇ ਗਾਣਾ ਤੁਹਾਡੀ ਪਸੰਦ ਨਾਲ ਨਹੀਂ ਗਾਣਾ ਵਜਾਉਣ ਵਾਲੇ ਦੀ ਪਸੰਦ ਨਾਲ ਸੁਣਨਾ ਪੈਂਦਾ ਹੈ। ਅਜਿਹੀਆਂ ਥਾਵਾਂ 'ਤੇ ਗਾਣੇ ਵਜਾਉਣ ਵਾਲੇ ਗ਼ੈਰ-ਜ਼ਿੰਮੇਦਾਰਾਨਾ ਭੂਮਿਕਾ ਨਿਭਾਅ ਰਹੇ ਹਨ । ਬਹੁਤ ਘੱਟ ਸਰੋਤੇ ਆਪਣੀ ਪਸੰਦ ਦਾ ਗਾਣਾ ਚਲਾਉਣ ਵਾਸਤੇ ਕਹਿੰਦੇ ਹਨ ਜ਼ਿਆਦਾਤਰ ਗੀਤ ਮਿਊਜ਼ਿਕ ਸਿਸਟਮ ਚਲਾਉਣ ਵਾਲਾ ਵਿਅਕਤੀ ਆਪਣੀ ਮਰਜ਼ੀ ਨਾਲ ਹੀ ਚਲਾਉਂਦਾ ਹੈ। ਜੇਕਰ ਇਕ ਇਕ ਕਰਕੇ ਸਾਰੇ ਪਾਸੇ ਜਾਗਰੂਕਤਾ ਭਰੀਆਂ ਮੁਹਿੰਮਾਂ ਚਲਾਈਆਂ ਜਾਣ ਤਾਂ ਇਸ ਬਿਮਾਰੀ ਤੋਂ ਹੌਲੀ ਹੌਲੀ ਨਜ਼ਾਤ ਪਾਈ ਜਾ ਸਕਦੀ ਹੈ।
ਇਸ ਪਾਸੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਾਡੇ ਕਲਮਕਾਰ ਬਹੁਤ ਵੱਡਾ ਯੋਗਦਾਨ ਪਾ ਸਕਦੇ ਹਨ ਕਿਉਂਕਿ ਹੁਣ ਤੱਕ ਜਿੰਨਾ ਮਰਜ਼ੀ ਆਨ-ਲਾਈਨ ਮੀਡੀਆ ਆ ਚੁੱਕਾ ਹੈ ਫਿਰ ਵੀ ਪ੍ਰਿੰਟ ਮੀਡੀਆ ਯਾਨਿ ਅਖ਼ਬਾਰਾਂ ਅਤੇ ਰਸਾਲਿਆਂ ਦਾ ਪਾਠਕ ਪਹਿਲਾਂ ਦੇ ਮੁਕਾਬਲੇ ਹੁਣ ਵੀ ਜ਼ਿਆਦਾ ਹੈ। ਪ੍ਰਿੰਟ ਮੀਡੀਆ ਇਸ ਪਾਸੇ ਆਪਣੀ ਉਸਾਰੂ ਤੇ ਸਾਰਥਿਕ ਭੂਮਿਕਾ ਨਿਭਾਉਣ ਵਿਚ ਸਭ ਤੋਂ ਅੱਗੇ ਰਿਹਾ ਹੈ ਜਿਸ ਨੇ ਇਸ ਬਿਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਜਾਨਲੇਵਾ ਬਣਨ ਤੱਕ ਲੋਕਾਂ ਨੂੰ ਅਤੇ ਸਬੰਧਿਤ ਧਿਰਾਂ ਨੂੰ ਸੁਚੇਤ ਕਰਨ ਵਿਚ ਹਮੇਸ਼ਾ ਵੱਡਾ ਯੋਗਦਾਨ ਪਾਇਆ ਹੈ। ਹੁਣ ਵੀ ਪ੍ਰਿੰਟ ਮੀਡੀਆ ਦੀ ਪਹਿਲਕਦਮੀ ਕਰਕੇ ਹੀ ਸੁੱਤੇ ਪਏ ਲੋਕ ਜਾਗਣੇ ਸ਼ੁਰੂ ਹੋਏ ਹਨ । ਸਾਡੇ ਸੂਝਵਾਨ ਕਲਮਕਾਰ ਜੇਕਰ ਆਪਣੀਆਂ ਕਲਮਾਂ ਲੋਕਾਂ ਨੂੰ ਇਸ ਵਿਸ਼ੇ ਵਾਲੇ ਪਾਸੇ ਜਾਗਰੂਕ ਕਰਨ ਵਾਸਤੇ ਵਰਤਣ ਲੱਗ ਜਾਣ ਤਾਂ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਕਿਉਂਕਿ ਅਖ਼ਬਾਰਾਂ ਜਾਂ ਰਸਾਲਿਆਂ ਨੂੰ ਨੌਜਵਾਨ ਘੱਟ, ਸਿਆਣੀ ਉਮਰ ਦੇ ਲੋਕੀਂ ਜ਼ਿਆਦਾ ਪੜ੍ਹਦੇ ਹਨ। ਵਰਤਮਾਨ ਸਮੇਂ ਵਿਚ ਚੱਲ ਰਹੇ ਰੁਝਾਨ ਬਾਰੇ, ਕਲਮਕਾਰਾਂ ਦੀਆਂ ਲਿਖ਼ਤਾਂ ਰਾਹੀਂ ਜਦੋਂ ਸਿਆਣੇ ਲੋਕ ਖ਼ਬਰਦਾਰ ਹੋਣਗੇ ਤਾਂ ਉਹ ਆਪਣੇ ਬੱਚਿਆਂ ਨੂੰ ਇਸ ਪਾਸੇ ਜਾਣ ਤੋਂ ਰੋਕਣ ਲਈ ਸੁਚੇਤ ਰਹਿਣਗੇ ਅਤੇ ਆਪਣੇ ਚੁਫ਼ੇਰੇ 'ਚੋਂ ਇਸ ਕਾਂਗਿਆਰੀ ਨੂੰ ਜੜ੍ਹੋਂ ਪੁੱਟਣ ਵਾਸਤੇ ਚੌਕਸ ਹੋਣਗੇ।
ਇੱਥੇ ਕਲਮਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਕਲਮ ਰਾਹੀਂ ਅਜਿਹੇ ਲੇਖ, ਕਵਿਤਾ, ਗੀਤ, ਵਿਅੰਗ ਲਿਖਣ ਜਿਨ੍ਹਾਂ ਨੂੰ ਪੜ੍ਹ ਕੇ, ਇਕ ਵਾਰ ਹਰੇਕ ਪਾਠਕ ਆਪਣੇ ਚੌਗਿਰਦੇ ਦੀ ਸਵੈ-ਪੜਚੋਲ ਕਰਨ ਵਾਸਤੇ ਮਜਬੂਰ ਹੋ ਜਾਵੇ।
ਜੇਕਰ ਸੰਗੀਤਕ ਪ੍ਰਦੂਸ਼ਣ ਫੈਲਾਅ ਰਹੇ ਕੁਝ ਕੁ ਗੀਤਾਂ ਬਾਰੇ ਸਰਕਾਰ ਸੁਚੇਤ ਹੋ ਜਾਵੇ ਤਾਂ ਜਵਾਨੀ ਨੂੰ ਗੈਂਗਵਾਦ ਲਈ ਉਕਸਾਉਂਦੇ ਗੀਤਾਂ ਦੇ ਉਪਜ ਦਾਤਾ ਖ਼ੁਦ-ਬਾ-ਖ਼ੁਦ ਆਪਣਾ ਨਜ਼ਰੀਆ ਪਰਿਵਾਰਕ, ਸਮਾਜਿਕ ਅਤੇ ਮੰਨੋਰੰਜਕ ਗੀਤਾਂ ਵੱਲ ਬਦਲ ਲੈਣਗੇ। ਹੁਣ ਤੱਕ ਅਜਿਹੇ ਗੀਤਾਂ ਦੇ ਵਿਰੋਧ ਵਿਚ ਸਿਰਫ਼ ਉਂਗਲੀਆਂ ਹੀ ਉੱਠਦੀਆਂ ਰਹੀਆਂ ਹਨ, ਹੁਣ ਤਾਂ ਆਵਾਜ਼ਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਹਨ ।
ਇਸ ਮਾੜੇ ਰੁਝਾਨ ਨੂੰ ਠੱਲ੍ਹਣ ਵਾਸਤੇ, ਉਨ੍ਹਾਂ ਸਾਰੀਆਂ ਧਿਰਾਂ ਨੂੰ ਆਵਾਜ਼ ਉਠਾਉਣ ਦੀ ਲੋੜ ਹੈ ਜੋ ਪੰਜਾਬ-ਪੰਜਾਬੀ-ਪੰਜਾਬੀਅਤ ਵਾਸਤੇ ਸੁਹਿਰਦਤਾ ਨਾਲ ਫ਼ਿਕਰਮੰਦ ਹਨ ਕਿਉਂਕਿ ਇਹ ਵਰਤਾਰਾ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਬਰਬਾਦੀ ਵੱਲ ਲੈ ਕੇ ਜਾ ਰਿਹਾ ਹੈ। ਜੇਕਰ ਅਸੀਂ ਹੁਣ ਵੀ ਨਾ ਸੰਭਲੇ ਤਾਂ ਕੱਲ੍ਹ ਤੱਕ ਬਹੁਤ ਦੇਰ ਹੋ ਜਾਵੇਗੀ, ਕੱਲ੍ਹ ਸਾਡੇ ਕੋਲ ਸਿਵਾਏ ਪਛਤਾਵੇ ਤੋਂ ਕੁਝ ਨਹੀਂ ਬਚੇਗਾ। (ਸਮਾਪਤ)


-ਵਿਸ਼ਵ ਪੰਜਾਬੀ ਗੀਤਕਾਰ ਤੇ ਲੇਖਕ ਪਰਿਵਾਰ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX