ਤਾਜਾ ਖ਼ਬਰਾਂ


ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  17 minutes ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  34 minutes ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਜੰਮੂ ਕਸ਼ਮੀਰ ਦੇ ਲਦਾਖ ਸਥਿਤ ਖਾਰਡੁੰਗ ਲਾ 'ਚ ਅੱਜ ਸਵੇਰੇ ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 10 ਲੋਕ ਫਸ ਗਏ ਸਨ। ਜਿਨ੍ਹਾਂ ਵਿਚੋਂ 5 ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜ ਲੋਕ...
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  about 2 hours ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  about 2 hours ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  about 2 hours ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 3 hours ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਹੋਰ ਖ਼ਬਰਾਂ..

ਸਾਡੀ ਸਿਹਤ

ਤੰਦਰੁਸਤ ਦੰਦ ਮੰਗਦੇ ਹਨ ਉਚਿਤ ਦੇਖਭਾਲ

ਦੰਦ ਤੰਦਰੁਸਤ ਹਨ ਤਾਂ ਸਾਡਾ ਪੇਟ ਵੀ ਤੰਦਰੁਸਤ ਰਹੇਗਾ, ਕਿਉਂਕਿ ਜੋ ਵੀ ਭੋਜਨ ਅਸੀਂ ਖਾਂਦੇ ਹਾਂ, ਉਹ ਦੰਦਾਂ ਦੁਆਰਾ ਚਬਾਇਆ ਜਾਂਦਾ ਹੈ। ਦੰਦ ਕਮਜ਼ੋਰ ਹੋਣ 'ਤੇ ਭੋਜਨ ਬਿਨਾਂ ਪੂਰੀ ਤਰ੍ਹਾਂ ਚਬਾਏ ਪੇਟ ਵਿਚ ਜਾਵੇਗਾ ਅਤੇ ਪੇਟ ਖਰਾਬ ਹੋ ਜਾਵੇਗਾ। ਦੰਦਾਂ ਨੂੰ ਤੰਦਰੁਸਤ ਰੱਖਣ ਲਈ ਦੰਦਾਂ ਦੀ ਉਚਿਤ ਦੇਖਭਾਲ ਕਰਨੀ ਚਾਹੀਦੀ ਹੈ।
* ਦਿਨ ਵਿਚ ਦੋ ਵਾਰ ਦੰਦਾਂ ਦੀ ਸਫ਼ਾਈ ਜ਼ਰੂਰ ਕਰੋ, ਸਵੇਰੇ ਉੱਠ ਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ।
* ਦੰਦਾਂ ਦੀ ਸਫ਼ਾਈ ਦੇ ਨਾਲ ਮਸੂੜਿਆਂ ਦਾ ਵੀ ਧਿਆਨ ਰੱਖੋ। ਮਸੂੜੇ ਕਮਜ਼ੋਰ ਹੋਣ 'ਤੇ ਦੰਦ ਛੇਤੀ ਹਿੱਲਣੇ ਸ਼ੁਰੂ ਹੋ ਜਾਣਗੇ।
* ਬੁਰਸ਼ ਨੂੰ ਹੌਲੀ-ਹੌਲੀ ਦੰਦਾਂ 'ਤੇ ਉੱਪਰ-ਹੇਠਾਂ, ਸੱਜੇ-ਖੱਬੇ ਚਲਾਓ। ਦੰਦਾਂ ਅਤੇ ਮਸੂੜਿਆਂ 'ਤੇ ਜ਼ੋਰ ਨਾਲ ਬੁਰਸ਼ ਨੂੰ ਨਾ ਰਗੜੋ।
* ਡੇਢ-ਦੋ ਮਹੀਨੇ ਬਾਅਦ ਆਪਣਾ ਦੰਦਾਂ ਵਾਲਾ ਬੁਰਸ਼ ਬਦਲ ਲਓ। ਬੁਰਸ਼ ਦੇ ਬੇਤਰਤੀਬ ਰੇਸ਼ੇ ਦੰਦ ਸਾਫ ਕਰਨ ਦੇ ਯੋਗ ਨਹੀਂ ਹੁੰਦੇ।
* ਟੁੱਥ ਪੇਸਟ, ਬੁਰਸ਼, ਮੰਜਨ ਚੰਗੀ ਕਿਸਮ ਦਾ ਹੀ ਵਰਤੋ। ਸਖ਼ਤ ਮੰਜਨ ਨਾ ਵਰਤੋ।
* ਵਿਟਾਮਿਨ 'ਸੀ' ਦੇ ਸੇਵਨ ਨਾਲ ਦੰਦ ਅਤੇ ਮਸੂੜੇ ਮਜ਼ਬੂਤ ਬਣਦੇ ਹਨ। ਆਪਣੇ ਭੋਜਨ ਵਿਚ ਵਿਟਾਮਿਨ 'ਸੀ' ਵਾਲੇ ਫਲ ਅਤੇ ਪੁੰਗਰੀਆਂ ਦਾਲਾਂ ਦੀ ਵਰਤੋਂ ਨਿਯਮਤ ਕਰੋ। ਭੁੱਟਾ ਖਾਣ ਅਤੇ ਗੰਨਾ ਚੂਪਣ ਨਾਲ ਦੰਦਾਂ ਅਤੇ ਮਸੂੜਿਆਂ ਦੀ ਕਸਰਤ ਹੁੰਦੀ ਹੈ।
* ਜ਼ਿਆਦਾ ਮਸਾਲੇਦਾਰ, ਖਟਿਆਈ ਅਤੇ ਮਿੱਠਾ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਬਹੁਤ ਜ਼ਿਆਦਾ ਗਰਮ ਅਤੇ ਠੰਢੇ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰੋ।
* ਸਾਲ ਵਿਚ ਘੱਟ ਤੋਂ ਘੱਟ ਦੋ ਵਾਰ ਦੰਦਾਂ ਦਾ ਨਿਰੀਖਣ ਦੰਦਾਂ ਦੇ ਡਾਕਟਰ ਕੋਲੋਂ ਕਰਵਾਓ। ਵਿਚ-ਵਿਚਾਲੇ ਦੰਦਾਂ ਵਿਚ ਕਿਸੇ ਤਰ੍ਹਾਂ ਦੀ ਦਰਦ, ਪਸ ਜਾਂ ਖੂਨ ਆਉਣ 'ਤੇ ਘਰੇਲੂ ਇਲਾਜ 'ਤੇ ਹੀ ਨਿਰਭਰ ਨਾ ਰਹੋ। ਡਾਕਟਰ ਨਾਲ ਸਲਾਹ ਕਰਕੇ ਉਚਿਤ ਦਵਾਈ ਲਓ।
* ਦੰਦਾਂ ਵਿਚ ਕੇਵਿਟੀ ਹੋਣ 'ਤੇ ਦੰਦ ਮਾਹਿਰਾਂ ਕੋਲੋਂ ਜਾਂਚ ਕਰਵਾ ਕੇ ਸਮੇਂ ਸਿਰ ਹੀ ਦੰਦਾਂ ਦੀ ਫਿਲਿੰਗ ਕਰਵਾਓ।
* ਦੰਦਾਂ 'ਤੇ ਜੰਮੀ ਪਰਤ ਦੀ ਸਫ਼ਾਈ ਲਈ ਡਾਕਟਰ ਕੋਲੋਂ ਦੰਦਾਂ ਦੀ ਸਕੇਲਿੰਗ ਕਰਵਾਓ।
* ਦੰਦਾਂ ਵਿਚ ਕੁਝ ਫਸ ਜਾਣ ਦੀ ਸਥਿਤੀ ਵਿਚ ਪਹਿਲਾਂ ਬੁਰਸ਼ ਕਰਕੇ ਕੱਢਣ ਦੀ ਕੋਸ਼ਿਸ਼ ਕਰੋ। ਨਾ ਨਿਕਲਣ ਦੀ ਹਾਲਤ ਵਿਚ 'ਡੈਂਟਲ ਪਲਾਸ' ਦੀ ਸਹਾਇਤਾ ਨਾਲ ਦੰਦਾਂ ਨੂੰ ਸਾਫ਼ ਕਰੋ। 'ਡੈਂਟਲ ਪਲਾਸ' ਖਰੀਦਣ ਤੋਂ ਪਹਿਲਾਂ ਡਾਕਟਰ ਕੋਲੋਂ ਉਸ ਦੀ ਸਹੀ ਤਰ੍ਹਾਂ ਵਰਤੋਂ ਕਰਨ ਬਾਰੇ ਜਾਣਕਾਰੀ ਲੈ ਲਓ।
* ਦੇਰ ਰਾਤ ਨੂੰ ਕੋਈ ਮਿੱਠੀ ਚੀਜ਼ ਨਾ ਖਾਓ। ਜੇ ਖਾਣੀ ਪਵੇ ਤਾਂ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੌਵੋਂ।
* ਟੁੱਥ ਬੁਰਸ਼ ਢਕ ਕੇ ਰੱਖੋ, ਨਹੀਂ ਤਾਂ ਗੰਦਗੀ ਨਾਲ ਦੰਦਾਂ ਵਿਚ ਸੰਕ੍ਰਮਣ ਹੋ ਸਕਦਾ ਹੈ।
* ਮੂੰਹ ਦੀ ਬਦਬੂ ਦੂਰ ਕਰਨ ਲਈ 'ਮਾਊਥ ਵਾਸ਼' ਦੀ ਵਰਤੋਂ ਕਰੋ। ਬਿਨਾਂ ਡਾਕਟਰ ਦੀ ਸਲਾਹ ਦੇ ਖੁਦ ਉਲਟੀ-ਸਿੱਧੀ ਦਵਾਈ ਨਾ ਵਰਤੋ।


ਖ਼ਬਰ ਸ਼ੇਅਰ ਕਰੋ

ਲਗਾਤਾਰਤਾ ਜ਼ਰੂਰੀ ਹੈ ਕਸਰਤ ਵਿਚ

ਤੁਸੀਂ ਆਪਣੀ ਸਿਹਤ ਅਤੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਨਿਸ਼ਾਨਾ ਬਣਾਓ। ਸਭ ਤੋਂ ਪਹਿਲਾਂ ਆਪਣੇ ਕੋਲੈਸਟ੍ਰੋਲ, ਸ਼ੂਗਰ ਅਤੇ ਖ਼ੂਨ ਦੇ ਦਬਾਅ ਦੀ ਜਾਂਚ ਕਰਵਾਓ। ਫਿਰ ਨਤੀਜੇ ਅਨੁਸਾਰ ਆਪਣੇ ਕਸਰਤ ਦੇ ਤਰੀਕਿਆਂ ਨੂੰ ਮਿਥ ਲਓ। ਡਾਕਟਰ ਦੀ ਸਲਾਹ ਅਨੁਸਾਰ ਆਪਣੇ ਕਸਰਤ ਦੇ ਤਰੀਕਿਆਂ ਨੂੰ ਜਾਣੋ ਅਤੇ ਸਮਾਂ ਵੀ ਪੁੱਛੋ ਕਿ ਮੈਨੂੰ ਇਕ ਹਫ਼ਤੇ ਵਿਚ ਕਿੰਨਾ ਸਮਾਂ ਕਸਰਤ ਲਈ ਦੇਣਾ ਚਾਹੀਦਾ ਹੈ। ਉਸ ਨੂੰ ਉਸੇ ਰੂਪ ਵਿਚ ਵੰਡ ਕੇ ਆਪਣੀ ਰੁਟੀਨ ਬਣਾਓ। ਫਿਰ ਦੇਖੋ ਤੁਹਾਡਾ ਸਰੀਰ ਤੁਹਾਡੇ ਕਾਬੂ ਵਿਚ ਰਹੇਗਾ।
ਜੇ ਤੁਸੀਂ ਕੋਈ ਖੇਡ ਖੇਡਣਾ ਪਸੰਦ ਕਰਦੇ ਹੋ, ਜਿਵੇਂ ਤੈਰਾਕੀ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ ਆਦਿ ਤਾਂ ਆਪਣੇ ਗਰੁੱਪ ਦੇ ਲੋਕਾਂ ਦੇ ਨਾਲ ਮੁਕਾਬਲਾ ਕਰਦੇ ਰਹੋ ਅਤੇ ਨਿਯਮਤ ਰੂਪ ਨਾਲ ਭਾਰ ਲਓ ਤਾਂ ਕਿ ਤੁਹਾਨੂੰ ਆਪਣੀ ਕਸਰਤ ਦਾ ਲਾਭ ਮਿਲਦਾ ਰਹੇ ਅਤੇ ਖੇਡ ਵਿਚ ਵੀ ਅੱਗੇ ਵਧਦੇ ਰਹੋ।
ਤੁਹਾਡੇ ਸਰੀਰ ਵਿਚ ਜੇ ਚਰਬੀ ਛੇਤੀ ਜਮ੍ਹਾਂ ਹੁੰਦੀ ਹੋਵੇ ਅਤੇ ਖ਼ਰਚ ਘੱਟ ਹੁੰਦੀ ਹੋਵੇ ਤਾਂ ਚਰਬੀ ਨੂੰ ਖ਼ਰਚ ਕਰਨ ਦੇ ਤਰੀਕੇ ਜਾਣੋ ਅਤੇ ਚਰਬੀ ਜਮ੍ਹਾਂ ਨਾ ਹੋਣ ਦਿਓ। ਜੇ ਤੁਸੀਂ ਸਹੀ ਤਰੀਕਿਆਂ ਬਾਰੇ ਅਣਜਾਣ ਹੋ ਤਾਂ ਕਿਸੇ ਮਾਹਿਰ ਅਤੇ ਡਾਈਟੀਸ਼ੀਅਨ ਦੀ ਸਹਾਇਤਾ ਲੈ ਕੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਓ ਤਾਂ ਕਿ ਭਾਰ ਜ਼ਿਆਦਾ ਨਾ ਵਧੇ।
ਜੇ ਕੁਝ ਕਸਰਤਾਂ ਤੁਹਾਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਆਪਣੇ 'ਤੇ ਨਾ ਥੋਪੋ, ਨਹੀਂ ਤਾਂ ਤੁਸੀਂ ਬਹੁਤ ਛੇਤੀ ਬੋਰ ਹੋ ਜਾਓਗੇ ਅਤੇ ਤੁਹਾਡੀ ਲਗਾਤਾਰਤਾ ਟੁੱਟ ਜਾਵੇਗੀ। ਜੇ ਜਿੰਮ ਜਾ ਕੇ ਤੁਹਾਨੂੰ ਰੋਜ਼ ਟ੍ਰੇਡਮਿਲ 'ਤੇ ਚੱਲਣਾ ਪਸੰਦ ਨਹੀਂ ਤਾਂ ਕੋਈ ਹੋਰ ਕਸਰਤ ਕਰੋ। ਜਿੰਮ ਜਾਣਾ ਪਸੰਦ ਨਹੀਂ ਤਾਂ ਘਰ ਹੀ ਯੋਗ ਆਸਣ, ਪ੍ਰਾਣਾਯਾਮ ਕਰ ਸਕਦੇ ਹੋ ਜਾਂ ਫਿਰ ਸੰਗੀਤ ਲਗਾ ਕੇ ਨਾਚ ਵਾਲੀ ਕਸਰਤ ਕਰ ਸਕਦੇ ਹੋ। ਕਦੇ-ਕਦੇ ਪਾਰਕ ਜਾ ਕੇ ਲੰਬੀ ਸੈਰ ਦਾ ਅਨੰਦ ਲੈ ਸਕਦੇ ਹੋ, ਰੱਸੀ ਟੱਪ ਸਕਦੇ ਹੋ, ਭਾਰ ਚੁੱਕ ਸਕਦੇ ਹੋ। ਜੋ ਪਸੰਦ ਹੋਵੇ, ਉਹੀ ਕਰੋ।
ਕੋਸ਼ਿਸ਼ ਕਰ ਕੇ ਆਪਣੀ ਕਸਰਤ ਦਾ ਪ੍ਰੋਗਰਾਮ ਤੁਸੀਂ ਇਕ ਮਹੀਨੇ ਦਾ ਪਹਿਲਾਂ ਤੈਅ ਕਰ ਲਓ, ਫਿਰ ਸ਼ੁਰੂ ਕਰੋ। ਉਸ ਵਿਚ ਕਸਰਤ ਕਰਨ ਦੇ ਤਰੀਕਿਆਂ ਵਿਚ ਵਿਭਿੰਨਤਾ ਵੀ ਰੱਖ ਸਕਦੇ ਹੋ। ਜੋ ਪ੍ਰੋਗਰਾਮ ਤੁਸੀਂ ਲਿਖਤੀ ਰੂਪ ਵਿਚ ਤਿਆਰ ਕਰੋ, ਉਸ 'ਤੇ ਪੱਕੇ ਰਹਿ ਕੇ ਚੱਲੋ, ਤਾਂ ਹੀ ਲਾਭ ਮਿਲੇਗਾ। ਪ੍ਰੋਗਰਾਮ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਹਫ਼ਤੇ ਵਿਚ ਔਸਤ 4 ਘੰਟੇ ਦਾ ਸਮਾਂ ਕਸਰਤ ਲਈ ਜ਼ਰੂਰ ਰੱਖੋ। 4 ਘੰਟੇ ਦਾ ਅਰਥ 4 ਘੰਟੇ ਹੀ ਹੈ, ਇਸ ਤੋਂ ਘੱਟ ਨਹੀਂ।
ਕਸਰਤ ਘਰ ਕਰੋ ਜਾਂ ਜਿੰਮ ਜਾ ਕੇ, ਜੇ ਸੰਗੀਤ ਨਾਲ ਚੱਲ ਰਿਹਾ ਹੋਵੇ ਤਾਂ ਕਸਰਤ ਕਰਨ ਦਾ ਮਜ਼ਾ ਵਧ ਜਾਂਦਾ ਹੈ। ਇਕ ਅਧਿਐਨ ਅਨੁਸਾਰ ਜੇ ਗਾਣਾ ਤੁਹਾਡੀ ਪਸੰਦ ਦਾ ਹੈ ਤਾਂ ਤੁਸੀਂ ਜ਼ਿਆਦਾ ਜੋਸ਼ ਨਾਲ ਕਸਰਤ ਕਰ ਸਕਦੇ ਹੋ। ਇਸ ਗੱਲ ਨੂੰ ਅਣਡਿੱਠ ਨਾ ਕਰੋ। ਆਪਣੀ ਪਸੰਦ ਦੇ ਗਾਣਿਆਂ ਦੀ ਸੀ. ਡੀ. ਆਪਣੇ ਨਾਲ ਜਿੰਮ ਵਿਚ ਲਿਜਾ ਸਕਦੇ ਹੋ। ਚਾਹੋ ਤਾਂ ਘਰ ਹੀ ਕਸਰਤ ਕਰਦੇ ਹੋਏ ਵੀ ਸੁਣ ਸਕਦੇ ਹੋ।
ਆਪਣੇ ਪਰਿਵਾਰ ਵਾਲਿਆਂ ਕੋਲੋਂ ਇਕ ਮਦਦ ਮੰਗੋ ਕਿ ਕਸਰਤ ਕਰਨ ਦੇ ਇਕ ਘੰਟੇ ਦੇ ਸਮੇਂ ਵਿਚ ਤੁਹਾਨੂੰ ਤੰਗ ਨਾ ਕਰਨ, ਸਹਿਯੋਗ ਦੇਣ। ਉਸ ਸਮੇਂ ਦੇ ਕੰਮ ਨੂੰ ਖੁਦ ਨਿਪਟਾ ਲੈਣ। ਉਨ੍ਹਾਂ ਨੂੰ ਸਮਝਾਓ ਕਿ ਉਹ ਤੁਹਾਨੂੰ ਸਹਿਯੋਗ ਦੇਣ, ਕਿਉਂਕਿ ਤੁਹਾਡੀ ਸਿਹਤ ਦਾ ਮਾਮਲਾ ਹੈ। ਉਮੀਦ ਹੈ ਉਹ ਤੁਹਾਨੂੰ ਪੂਰਾ ਸਹਿਯੋਗ ਦੇਣਗੇ।

ਸਮਝੋ ਨਹੁੰਆਂ ਦੇ ਸੰਕੇਤਾਂ ਨੂੰ

ਚਿਹਰਾ ਜਿਵੇਂ ਦਿਲ ਨੂੰ ਦਰਸਾਉਂਦਾ ਹੈ, ਉਸੇ ਤਰ੍ਹਾਂ ਨਹੁੰ ਵੀ ਤੁਹਾਡੀ ਸਿਹਤ ਦਾ ਰਾਜ ਦਰਸਾਉਂਦੇ ਹਨ। ਡਰਮੈਟੋਲੌਜਿਸਟ ਅਨੁਸਾਰ ਨਹੁੰਆਂ ਦੀ ਸਹਾਇਤਾ ਮਿਨਰਲਸ, ਵਿਟਾਮਿਨ ਦੀ ਕਮੀ, ਖੂਨ ਦੀ ਕਮੀ, ਥਾਇਰਾਇਡ, ਦਿਲ ਦੀ ਬਿਮਾਰੀ, ਫੇਫੜੇ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਜਾਂ ਨਹੀਂ, ਇਸ ਦਾ ਪਤਾ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ।
ਨਹੁੰ ਸਾਡੀ ਅੰਦਰੂਨੀ ਸਿਹਤ ਅਤੇ ਉਮਰ ਦੇ ਅਨੁਸਾਰ ਵਧਦੇ ਹਨ। ਵੈਸੇ ਨਹੁੰਆਂ ਦਾ ਵਧਣਾ ਮੌਸਮ 'ਤੇ ਵੀ ਨਿਰਭਰ ਕਰਦਾ ਹੈ, ਜਿਵੇਂ ਸਰਦੀਆਂ ਵਿਚ ਵਾਧਾ ਘੱਟ ਅਤੇ ਗਰਮੀਆਂ ਵਿਚ ਜ਼ਿਆਦਾ ਹੁੰਦਾ ਹੈ। ਸਿਹਤਮੰਦ ਨਹੁੰਆਂ ਦਾ ਹਲਕਾ ਗੁਲਾਬੀ ਰੰਗ ਹੁੰਦਾ ਹੈ। ਆਪਣੇ ਨਹੁੰ ਸਮੇਂ-ਸਮੇਂ 'ਤੇ ਦੇਖਦੇ ਰਹੋ। ਜੇ ਕੋਈ ਬਦਲਾਅ ਨਜ਼ਰ ਆਵੇ ਤਾਂ ਸਾਵਧਾਨ ਹੋ ਜਾਓ। ਆਓ ਜਾਣੀਏ ਨਹੁੰਆਂ ਦੀ ਰੰਗਤ ਦੇ ਬਦਲਾਅ ਤੋਂ ਕਿਹੜੀ ਸਿਹਤ ਸਬੰਧੀ ਸਮੱਸਿਆ ਹੋ ਸਕਦੀ ਹੈ-
* ਸਫੈਦ ਰੰਗ ਵਾਲੇ ਨਹੁੰ ਜਿਗਰ ਨਾਲ ਸਬੰਧਤ ਸਮੱਸਿਆ ਦਾ ਸੰਕੇਤ ਦਿੰਦੇ ਹਨ।
* ਪੀਲੇ ਰੰਗ ਦੇ ਨਹੁੰ ਸਰੀਰ ਵਿਚ ਖੂਨ ਦੀ ਕਮੀ ਨੂੰ ਦਰਸਾਉਂਦੇ ਹਨ। ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਨਹੁੰ ਵੀ ਪੀਲੇ ਰੰਗ ਦੇ ਹੋ ਜਾਂਦੇ ਹਨ।
* ਨਹੁੰਆਂ 'ਤੇ ਆਈਆਂ ਸਫੈਦ ਲਕੀਰਾਂ ਬਾਇਓਟਿਨ ਦੀ ਕਮੀ ਨੂੰ ਦਰਸਾਉਂਦੀਆਂ ਹਨ। ਲਿਵਰ ਸਬੰਧੀ ਸਮੱਸਿਆ ਦਾ ਵੀ ਸੰਕੇਤ ਦਿੰਦੀਆਂ ਹਨ। ਅਜਿਹੇ ਲੋਕਾਂ ਨੂੰ ਤਾਜ਼ੀਆਂ ਸਬਜ਼ੀਆਂ ਅਤੇ ਸਲਾਦ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।
* ਅੱਧੇ ਸਫੈਦ ਅਤੇ ਅੱਧੇ ਗੁਲਾਬੀ ਨਹੁੰ ਗੁਰਦੇ ਦੀ ਸਮੱਸਿਆ ਵੱਲ ਇਸ਼ਾਰਾ ਕਰਦੇ ਹਨ ਅਤੇ ਸਰੀਰ ਵਿਚ ਖੂਨ ਦੀ ਕਮੀ ਨੂੰ ਵੀ ਦਰਸਾਉਂਦੇ ਹਨ।
* ਨਹੁੰਆਂ ਦਾ ਭੁਰਭੁਰਾਉਣਾ ਕੈਲਸ਼ੀਅਮ, ਵਿਟਾਮਿਨ ਅਤੇ ਪ੍ਰੋਟੀਨ ਦੀ ਕਮੀ ਨੂੰ ਦਰਸਾਉਂਦਾ ਹੈ। ਜਦੋਂ ਨਹੁੰਆਂ ਵਿਚ ਖੂਨ ਦਾ ਪ੍ਰਵਾਹ ਠੀਕ ਤਰ੍ਹਾਂ ਨਾ ਹੋਵੇ ਤਾਂ ਨਹੁੰਆਂ ਦੇ ਉਪਰੋਂ ਪਪੜੀ ਨਿਕਲਣ ਲਗਦੀ ਹੈ। ਥਾਇਰਾਇਡ ਦੀ ਸਮੱਸਿਆ ਵੀ ਹੋ ਸਕਦੀ ਹੈ। ਜਾਂਚ ਕਰਵਾਓ ਅਤੇ ਆਪਣੇ ਭੋਜਨ 'ਤੇ ਵਿਸ਼ੇਸ਼ ਧਿਆਨ ਦਿਓ। ਬਦਾਮ, ਆਂਡੇ ਅਤੇ ਮੱਛੀ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ।
* ਜੇ ਤੁਹਾਡੇ ਨਹੁੰਆਂ ਦਾ ਆਕਾਰ ਜ਼ਿਆਦਾ ਨੁਕੀਲਾ ਅਤੇ ਚੁੰਝ ਦੀ ਤਰ੍ਹਾਂ ਹੈ ਤਾਂ ਦਿਲ ਦੀ ਜਾਂ ਫੇਫੜਿਆਂ ਦੀ ਬਿਮਾਰੀ ਦਾ ਖ਼ਤਰਾ ਹੋ ਸਕਦਾ ਹੈ। ਧਿਆਨ ਦਿਓ।
* ਜੇ ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਸੁੱਕਣ ਲੱਗੇ ਤਾਂ ਇਸ ਦਾ ਅਰਥ ਹੈ ਵਿਟਾਮਿਨ 'ਸੀ', ਪ੍ਰੋਟੀਨ ਅਤੇ ਫੋਲਿਕ ਐਸਿਡ ਦੀ ਕਮੀ ਹੋਣੀ। ਆਪਣੇ ਭੋਜਨ ਵਿਚ ਪੱਤੇਦਾਰ ਸਬਜ਼ੀਆਂ ਅਤੇ ਪ੍ਰੋਟੀਨ ਵਾਲੇ ਆਹਾਰ ਦਾ ਸੇਵਨ ਕਰੋ।
* ਨੀਲੇ ਰੰਗ ਵਾਲੇ ਨਹੁੰ ਦਿਲ ਦੀ ਬਿਮਾਰੀ ਜਾਂ ਸਾਹ ਸਬੰਧੀ ਬਿਮਾਰੀ ਦਾ ਸੰਕੇਤ ਦਿੰਦੇ ਹਨ।
ਜ਼ਿਆਦਾ ਪਾਣੀ ਵਿਚ ਕੰਮ ਕਰਨ ਨਾਲ ਵੀ ਨਹੁੰ ਛੇਤੀ ਖ਼ਰਾਬ ਹੁੰਦੇ ਹਨ। ਅਜਿਹੇ ਵਿਚ ਕੋਸੇ ਪਾਣੀ ਵਿਚ ਨਹੁੰਆਂ ਨੂੰ ਸਾਫ਼ ਕਰ ਕੇ ਉਨ੍ਹਾਂ 'ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਨਹੁੰਆਂ ਨੂੰ ਸਮੇਂ ਸਿਰ ਕੱਟ ਕੇ ਸਹੀ ਕਰਦੇ ਰਹੋ। ਨਹੁੰ ਪਾਲਿਸ਼ ਲਗਾਉਣ ਤੋਂ ਪਹਿਲਾਂ ਨੇਲ ਹਾਰਡਰ ਲਗਾਓ, ਤਾਂ ਕਿ ਨੇਲ ਪੇਂਟ ਦੇ ਰਸਾਇਣ ਨਹੁੰਆਂ ਨੂੰ ਨੁਕਸਾਨ ਨਾ ਪਹੁੰਚਾਉਣ। ਨੇਲ ਕਿਊਟੀਕਲਸ ਦਾ ਧਿਆਨ ਰੱਖੋ, ਨਹੀਂ ਤਾਂ ਇਨਫ਼ੈਕਸ਼ਨ ਹੋ ਸਕਦੀ ਹੈ। ਐਸੀਟੋਨ ਵਾਲੇ ਤੇਲ ਰਿਮੂਵਰ ਨਾਲ ਨਹੁੰ ਪਾਲਿਸ਼ ਨੂੰ ਨਾ ਹਟਾਓ। ਆਪਣੀ ਖ਼ੁਰਾਕ 'ਤੇ ਪੂਰਾ ਧਿਆਨ ਦਿਓ। ਸਿਹਤਮੰਦ ਖ਼ੁਰਾਕ ਤੁਹਾਡੇ ਨਹੁੰਆਂ ਦੀ ਸਿਹਤ ਲਈ ਜ਼ਰੂਰੀ ਹੈ।
**

ਦਮੇ ਵਿਚ ਸਹਾਇਕ ਹੈ ਘਰੇਲੂ ਇਲਾਜ

ਜਿਥੇ ਅੰਗਰੇਜ਼ੀ ਦਵਾਈਆਂ ਨਾਲ ਦਮੇ ਦੇ ਲੱਛਣਾਂ ਨੂੰ ਦਬਾਅ ਕੇ ਕੁਝ ਸਮੇਂ ਲਈ ਰਾਹਤ ਹੀ ਪਾਈ ਜਾ ਸਕਦੀ ਹੈ, ਉਥੇ ਘਰੇਲੂ ਅਤੇ ਕੁਦਰਤੀ ਨਿਯਮਾਂ ਦਾ ਪਾਲਣ ਕਰਕੇ ਇਸ ਨੂੰ ਲਗਪਗ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।
ਦਮਾ ਅਲਰਜੀ ਦਾ ਨਤੀਜਾ ਹੈ। ਜਿਨ੍ਹਾਂ ਚੀਜ਼ਾਂ ਤੋਂ ਵਿਅਕਤੀ ਨੂੰ ਅਲਰਜੀ ਹੋਵੇ, ਉਹ ਉਨ੍ਹਾਂ ਦੇ ਪ੍ਰਤੀ ਇਕ ਤਰ੍ਹਾਂ ਦੀ ਸਰੀਰਕ ਪ੍ਰਤੀਕਿਰਿਆ ਹੈ। ਸਾਹ ਸਬੰਧੀ ਰੋਗਾਂ ਵਿਚ ਇਹ ਸਭ ਤੋਂ ਤਕਲੀਫ਼ ਦਿੰਦਾ ਹੈ। ਦਮੇ ਦੇ ਮਰੀਜ਼ ਨੂੰ ਇਸ ਦੇ ਦੌਰੇ ਵਾਰ-ਵਾਰ ਪੈਂਦੇ ਹਨ ਅਤੇ ਉਸ ਸਮੇਂ ਉਸ ਦੇ ਲਈ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ। ਦੌਰੇ ਤੋਂ ਠੀਕ ਪਹਿਲਾਂ ਅਤੇ ਬਾਅਦ ਵਿਚ ਇਹ ਬਿਲਕੁਲ ਆਮ ਵਾਂਗ ਰਹਿੰਦਾ ਹੈ।
ਲੱਛਣ : ਦਮੇ ਦੇ ਮਰੀਜ਼ ਹਫਦੇ ਹੋਏ ਦਿਸਦੇ ਹਨ। ਉਨ੍ਹਾਂ ਨੂੰ ਸਾਹ ਲੈਣ ਵਿਚ ਜਿੰਨੀ ਮੁਸ਼ਕਿਲ ਹੁੰਦੀ ਹੈ, ਉਸ ਨਾਲੋਂ ਜ਼ਿਆਦਾ ਸਾਹ ਛੱਡਣ ਵਿਚ ਹੁੰਦੀ ਹੈ। ਅਜਿਹਾ ਫੇਫੜੇ ਤੱਕ ਹਵਾ ਲਿਜਾਣ ਵਾਲੀ ਨਲੀ ਵਿਚ ਸੰਕੁਚਨ ਦੇ ਕਾਰਨ ਹੁੰਦਾ ਹੈ। ਇਸ ਸੰਕੁਚਨ ਦੀ ਵਜ੍ਹਾ ਨਾਲ ਹਾਲੇ ਪਹਿਲੇ ਸਾਹ ਦੀ ਹਵਾ ਫੇਫੜੇ ਵਿਚੋਂ ਨਿਕਲ ਨਹੀਂ ਸਕੀ ਹੁੰਦੀ ਕਿ ਮਰੀਜ਼ ਅਗਲੀ ਸਾਹ ਲੈਣੀ ਚਾਹੁੰਦਾ ਹੈ। ਇਸ ਨਾਲ ਫੇਫੜੇ ਫੁੱਲਣ ਲਗਦੇ ਹਨ। ਦਮੇ ਦੇ ਸਾਰੇ ਮਰੀਜ਼ਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਰਾਤ ਨੂੰ, ਖਾਸ ਕਰਕੇ ਨੀਂਦ ਦੀ ਹਾਲਤ ਵਿਚ ਹੁੰਦੀ ਹੈ।
ਕਾਰਨ : ਦਮਾ ਕਈ ਕਾਰਨਾਂ ਕਰਕੇ ਹੁੰਦਾ ਹੈ। ਕਈ ਲੋਕਾਂ ਨੂੰ ਇਹ ਅਲਰਜੀ ਦੇ ਕਾਰਨ ਹੁੰਦਾ ਹੈ। ਇਹ ਅਲਰਜੀ ਮੌਸਮ ਦੀਆਂ ਸਥਿਤੀਆਂ, ਕਿਸੇ ਖਾਧ, ਦਵਾਈ, ਗੰਧ ਜਾਂ ਹੋਰ ਕਾਰਨਾਂ ਨਾਲ ਹੋ ਸਕਦੀ ਹੈ। ਅਲਰਜੀ ਦੇ ਕਾਰਨ ਵੱਖ-ਵੱਖ ਵਿਅਕਤੀਆਂ ਲਈ ਵੱਖ-ਵੱਖ ਹੁੰਦੇ ਹਨ ਪਰ ਸਭ ਤੋਂ ਆਮ ਕਾਰਨ ਧੂੜ ਹੈ।
ਕੁਝ ਲੋਕਾਂ ਨੂੰ ਕਿਸੇ ਖਾਸ ਤਰ੍ਹਾਂ ਦੀ ਧੂੜ ਤੋਂ ਅਲਰਜੀ ਹੁੰਦੀ ਹੈ। ਕੱਪੜੇ ਦੀ ਧੂੜ, ਕਣਕ ਦੀ ਧੂੜ, ਕਾਗਜ਼ 'ਤੇ ਜੰਮੀ ਧੂੜ, ਪਸ਼ੂਆਂ ਦੇ ਵਾਲਾਂ ਦੀ ਧੂੜ ਅਤੇ ਕੀਟ-ਪਤੰਗੇ ਦੀ ਧੂੜ ਇਸ ਦੀਆਂ ਮਿਸਾਲਾਂ ਹਨ। ਅਲਰਜੀ ਪੈਦਾ ਕਰਨ ਵਾਲੇ ਖਾਧ ਪਦਾਰਥ ਆਮ ਤੌਰ 'ਤੇ ਇਹ ਹਨ-ਕਣਕ, ਆਂਡਾ, ਦੁੱਧ, ਚਾਕਲੇਟ, ਫਲੀਆਂ, ਆਲੂ ਅਤੇ ਮਾਸ।
ਮਾਹਿਰਾਂ ਦਾ ਅਨੁਮਾਨ ਹੈ ਕਿ ਜੇ ਮਾਂ-ਬਾਪ ਦੋਵਾਂ ਨੂੰ ਦਮਾ ਹੋਵੇ ਤਾਂ 50 ਫੀਸਦੀ ਮਾਮਲਿਆਂ ਵਿਚ ਔਲਾਦ ਨੂੰ ਵੀ ਅਲਰਜੀ ਸਬੰਧੀ ਰੋਗ ਹੋ ਜਾਂਦੇ ਹਨ। ਹਾਲ ਹੀ ਵਿਚ ਕੁਝ ਖੋਜ ਕਰਤਾ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਕੁਪੋਸ਼ਣ ਜਾਂ ਸਰੀਰ ਵਿਚ ਕੁਝ ਪੌਸ਼ਟਿਕ ਤੱਤਾਂ ਦੀ ਕਮੀ ਵੀ ਦਮੇ ਦੇ ਕਾਰਨ ਹਨ। ਅਧਿਵਰਕਿਕ ਗ੍ਰੰਥੀ ਦੇ ਠੀਕ ਤਰ੍ਹਾਂ ਕੰਮ ਨਾ ਕਰਨ, ਖੂਨ ਸ਼ੱਕਰ ਘੱਟ ਹੋਣ ਜਾਂ ਕਾਰਬੋਹਾਈਡ੍ਰੇਟ ਠੀਕ ਤਰ੍ਹਾਂ ਨਾ ਪਚਾ ਸਕਣ ਦੀ ਸਥਿਤੀ ਵਿਚ ਵੀ ਦਮਾ ਹੋ ਸਕਦਾ ਹੈ।
ਇਲਾਜ : ਆਧੁਨਿਕ ਚਿਕਿਤਸਾ ਵਿਗਿਆਨ ਦਮੇ ਦਾ ਇਲਾਜ ਖੋਜ ਸਕਣ ਵਿਚ ਅਸਫਲ ਰਿਹਾ ਹੈ। ਜੋ ਦਵਾਈਆਂ ਜਾਂ ਟੀਕੇ ਬਣਾਏ ਗਏ ਹਨ, ਉਹ ਸਿਰਫ ਤਤਕਾਲਿਕ ਰੂਪ ਨਾਲ ਲੱਛਣਾਂ ਨੂੰ ਦਬਾਅ ਕੇ ਭਰ ਦਿੰਦੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਦਵਾਈਆਂ ਦੀ ਆਦਤ ਪੈ ਜਾਂਦੀ ਹੈ ਅਤੇ ਬਾਅਦ ਵਿਚ ਰਾਹਤ ਪਾਉਣ ਲਈ ਦਵਾਈਆਂ ਦੀ ਮਾਤਰਾ ਵਿਚ ਵਾਧਾ ਕਰਨਾ ਪੈਂਦਾ ਹੈ। ਇਸ ਦੇ ਨਾਲ ਦਮਾ ਪੁਰਾਣਾ ਹੁੰਦਾ ਜਾਂਦਾ ਹੈ।
ਇਲਾਜ ਸ਼ੁਰੂ ਕਰਦੇ ਹੋਏ ਸ਼ੁਰੂ ਵਿਚ ਮਰੀਜ਼ ਨੂੰ 3 ਤੋਂ 5 ਦਿਨ ਤੱਕ ਵਰਤ ਰੱਖਣਾ ਚਾਹੀਦਾ ਹੈ। ਇਸ ਦੌਰਾਨ ਉਸ ਨੂੰ ਰੋਜ਼ ਗਰਮ ਪਾਣੀ ਦਾ ਅਨੀਮਾ ਲੈ ਕੇ ਅੰਤੜੀਆਂ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ। ਵਰਤ ਤੋਂ ਬਾਅਦ 5 ਤੋਂ 7 ਦਿਨ ਮਰੀਜ਼ ਨੂੰ ਪੂਰੀ ਤਰ੍ਹਾਂ ਫਲਾਂ ਦੇ ਆਹਾਰ 'ਤੇ ਰਹਿਣਾ ਚਾਹੀਦਾ ਹੈ ਤਾਂ ਕਿ ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਨਿਕਲ ਜਾਣ। ਇਸ ਤੋਂ ਬਾਅਦ ਮਰੀਜ਼ ਦੂਜੇ ਖਾਧ ਪਦਾਰਥ ਲੈ ਸਕਦਾ ਹੈ।
ਭੋਜਨ : ਦਮੇ ਦੇ ਮਰੀਜ਼ਾਂ ਲਈ ਸ਼ਾਕਾਹਾਰ ਭੋਜਨ ਸਰਬੋਤਮ ਹੈ। ਉਨ੍ਹਾਂ ਦੇ ਭੋਜਨ ਵਿਚ ਕਾਰਬੋਹਾਈਡ੍ਰੇਟ, ਚਰਬੀ ਅਤੇ ਪ੍ਰੋਟੀਨ ਦੀ ਸੀਮਤ ਮਾਤਰਾ ਹੋਣੀ ਚਾਹੀਦੀ ਹੈ, ਕਿਉਂਕਿ ਇਹ ਅਮਲ ਬਣਾਉਣ ਵਾਲੇ ਤੱਤ ਹਨ। ਉਨ੍ਹਾਂ ਦੇ ਭੋਜਨ ਵਿਚ ਖਾਰੇ ਖਾਧ ਪਦਾਰਥ ਜ਼ਿਆਦਾ ਹੋਣੇ ਚਾਹੀਦੇ ਹਨ। ਇਸ ਵਾਸਤੇ ਉਨ੍ਹਾਂ ਨੂੰ ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਪੁੰਗਰੇ ਬੀਜ ਅਤੇ ਅਨਾਜ ਜ਼ਿਆਦਾ ਖਾਣੇ ਚਾਹੀਦੇ ਹਨ।
ਮਰੀਜ਼ ਨੂੰ ਨਾਸ਼ਤੇ ਵਿਚ ਤਾਜ਼ੇ ਫਲ ਅਤੇ ਆਲੂਬੁਖਾਰਾ ਜਾਂ ਹੋਰ ਸੁੱਕੇ ਫਲ ਲੈਣੇ ਚਾਹੀਦੇ ਹਨ। ਦੁਪਹਿਰ ਦੇ ਭੋਜਨ ਵਿਚ ਉਸ ਨੂੰ ਭਾਫ ਨਾਲ ਪਕਾਈਆਂ ਹੋਈਆਂ ਸਬਜ਼ੀਆਂ ਅਤੇ ਕਣਕ ਦੀ ਤਾਜ਼ੀ ਰੋਟੀ ਖਾਣੀ ਚਾਹੀਦੀ ਹੈ। ਰਾਤ ਨੂੰ ਉਸ ਨੂੰ ਤਰ, ਖੀਰਾ, ਟਮਾਟਰ, ਗਾਜਰ, ਚੁਕੰਦਰ ਆਦਿ ਵਰਗੀਆਂ ਕੱਚੀਆਂ ਸਬਜ਼ੀਆਂ ਤੋਂ ਬਣੇ ਸਲਾਦ ਨੂੰ ਕਾਫੀ ਮਾਤਰਾ ਵਿਚ, ਘਰ ਵਿਚ ਬਣੇ ਪਨੀਰ, ਆਲੂਬੁਖਾਰਾ ਅਤੇ ਸੁੱਕੇ ਫਲਾਂ ਆਦਿ ਨਾਲ ਖਾਣਾ ਚਾਹੀਦਾ ਹੈ। ਅੰਤਿਮ ਭੋਜਨ ਸੂਰਜ ਛੁਪਣ ਤੋਂ ਪਹਿਲਾਂ ਜਾਂ ਘੱਟ ਤੋਂ ਘੱਟ ਬਿਸਤਰ 'ਤੇ ਜਾਣ ਤੋਂ ਦੋ ਘੰਟੇ ਪਹਿਲਾਂ ਕਰ ਲੈਣਾ ਚਾਹੀਦਾ ਹੈ।
ਦਮੇ ਦੇ ਮਰੀਜ਼ ਨੂੰ ਚੌਲ, ਖੰਡ, ਦਾਲ, ਦਹੀਂ ਆਦਿ ਵਰਗੇ ਕਫ ਬਣਾਉਣ ਵਾਲੇ, ਤਲੇ ਅਤੇ ਹੋਰ ਖਾਧ ਪਦਾਰਥਾਂ ਤੋਂ ਵੀ ਬਚਣਾ ਚਾਹੀਦਾ ਹੈ। ਉਸ ਨੂੰ ਕੜਕ ਚਾਹ, ਕੌਫੀ, ਅਲਕੋਹਲ ਵਾਲੇ ਪੀਣ ਵਾਲੇ ਪਦਾਰਥ, ਮਸਾਲੇ, ਅਚਾਰ, ਚਟਣੀ ਅਤੇ ਹਰ ਤਰ੍ਹਾਂ ਦੇ ਬਨਾਉਟੀ ਖਾਧ ਛੱਡ ਦੇਣੇ ਚਾਹੀਦੇ ਹਨ। ਦੁੱਧ ਅਤੇ ਦੁੱਧ ਤੋਂ ਬਣੇ ਖਾਧ ਪਦਾਰਥ ਵੀ ਪੂਰੀ ਤਰ੍ਹਾਂ ਛੱਡ ਦੇਣੇ ਚਾਹੀਦੇ ਹਨ। ਰੋਗ ਵਿਚ ਸਪੱਸ਼ਟ ਸੁਧਾਰ ਹੋਣ ਤੋਂ ਬਾਅਦ ਥੋੜ੍ਹੀ ਮਾਤਰਾ ਵਿਚ ਦੁੱਧ ਲੈਣਾ ਸ਼ੁਰੂ ਕੀਤਾ ਜਾ ਸਕਦਾ ਹੈ। ਦਮੇ ਦੇ ਮਰੀਜ਼ਾਂ ਨੂੰ ਹਮੇਸ਼ਾ ਪੇਟ ਦੀ ਸਮਰੱਥਾ ਤੋਂ ਘੱਟ ਖਾਣਾ ਚਾਹੀਦਾ ਹੈ। ਉਨ੍ਹਾਂ ਨੂੰ ਹੌਲੀ-ਹੌਲੀ ਅਤੇ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ। ਉਨ੍ਹਾਂ ਨੂੰ ਰੋਜ਼ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ ਪਰ ਭੋਜਨ ਦੇ ਨਾਲ ਪਾਣੀ ਪੀਣ ਤੋਂ ਉਨ੍ਹਾਂ ਨੂੰ ਬਚਣਾ ਚਾਹੀਦਾ ਹੈ।
ਦਮੇ ਦੇ ਇਲਾਜ ਵਿਚ ਸ਼ਹਿਦ ਬਹੁਤ ਲਾਭਦਾਇਕ ਹੈ। ਕਿਹਾ ਜਾਂਦਾ ਹੈ ਕਿ ਜੇ ਦਮੇ ਦਾ ਮਰੀਜ਼ ਇਕ ਕੱਪ ਸ਼ਹਿਦ ਆਪਣੇ ਨੱਕ ਦੇ ਹੇਠਾਂ ਰੱਖ ਲਵੇ ਤਾਂ ਉਸ ਵਿਚੋਂ ਹੋ ਕੇ ਆਉਣ ਵਾਲੀ ਹਵਾ ਨਾਲ ਸਾਹ ਲੈਣਾ ਆਸਾਨ ਹੋ ਜਾਂਦਾ ਹੈ। ਇਸ ਨਾਲ ਮਰੀਜ਼ ਡੂੰਘੇ ਸਾਹ ਲੈਣ ਲਗਦਾ ਹੈ। ਇਸ ਦਾ ਅਸਰ ਇਕ ਘੰਟਾ ਜਾਂ ਜ਼ਿਆਦਾ ਸਮੇਂ ਤੱਕ ਬਣਿਆ ਰਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਹਿਦ ਵਿਚ ਬਿਹਤਰ ਕਿਸਮ ਦੇ ਅਲਕੋਹਲ ਅਤੇ ਈਥਰ ਯੁਕਤ ਤੇਲਾਂ ਦਾ ਮਿਸ਼ਰਣ ਹੁੰਦਾ ਹੈ, ਜਿਨ੍ਹਾਂ ਦਾ ਵਾਸ਼ਪ ਦਮੇ ਦੇ ਮਰੀਜ਼ਾਂ ਨੂੰ ਲਾਭ ਪਹੁੰਚਾਉਂਦਾ ਹੈ। ਸ਼ਹਿਦ ਨੂੰ ਦੁੱਧ ਜਾਂ ਪਾਣੀ ਵਿਚ ਪਾ ਕੇ ਪੀਣਾ ਵੀ ਦਮੇ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਕ ਸਾਲ ਪੁਰਾਣਾ ਸ਼ਹਿਦ ਜ਼ਿਆਦਾ ਲਾਭਦਾਇਕ ਹੁੰਦਾ ਹੈ।

ਸਿਹਤ ਖ਼ਬਰਨਾਮਾ

ਕਸਰਤ ਬਚਾਉਂਦੀ ਹੈ ਸਤਨ ਕੈਂਸਰ ਤੋਂ

ਨਿਯਮਤ ਰੂਪ ਨਾਲ ਹਰ ਰੋਜ਼ ਕਸਰਤ ਮਨੁੱਖ ਨੂੰ ਕਈ ਰੋਗਾਂ ਤੋਂ ਬਚਾਉਂਦੀ ਹੈ। ਕੈਲੇਫੋਰਨੀਆ ਯੂਨੀਵਰਸਿਟੀ ਦੇ ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਔਰਤਾਂ ਕਸਰਤ ਨਾਲ ਸਤਨ ਕੈਂਸਰ ਤੋਂ ਬਚ ਸਕਦੀਆਂ ਹਨ। ਉਨ੍ਹਾਂ ਦੇ ਪ੍ਰੀਖਣ ਅਨੁਸਾਰ ਜੋ ਔਰਤਾਂ ਆਪਣੇ ਪ੍ਰਜਨਣ ਕਾਲ ਵਿਚ ਹਰ ਹਫਤੇ ਚਾਰ ਜਾਂ ਉਸ ਤੋਂ ਜ਼ਿਆਦਾ ਘੰਟੇ ਕਸਰਤ ਕਰਦੀਆਂ ਹਨ, ਉਨ੍ਹਾਂ ਵਿਚ ਸਤਨ ਕੈਂਸਰ ਦੀ ਸੰਭਾਵਨਾ 60 ਫੀਸਦੀ ਤੱਕ ਘੱਟ ਹੋ ਜਾਂਦੀ ਹੈ। ਪੱਛਮੀ ਦੇਸ਼ਾਂ ਵਿਚ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਔਰਤਾਂ ਕਸਰਤ ਵੱਲ ਪ੍ਰੇਰਿਤ ਹੋਈਆਂ ਹਨ। ਕਿਉਂ ਨਾ ਸਾਡੇ ਦੇਸ਼ ਦੀਆਂ ਔਰਤਾਂ ਵੀ ਇਸ ਸੁਰੱਖਿਅਤ ਪ੍ਰਣਾਲੀ ਨੂੰ ਅਪਣਾਉਣ?
ਮਾਹਵਾਰੀ ਦੇ ਦਰਦ ਤੋਂ ਰਾਹਤ ਦਿਵਾਉਂਦਾ ਹੈ ਸ਼ਾਕਾਹਾਰ

ਮਾਹਵਾਰੀ ਦੇ ਸਮੇਂ ਹੋਣ ਵਾਲੀਆਂ ਅਨੇਕਾਂ ਪ੍ਰੇਸ਼ਾਨੀਆਂ ਅਤੇ ਨਾ ਸਹਿਣਯੋਗ ਦਰਦ ਤੋਂ ਛੁਟਕਾਰਾ ਦਿਵਾਉਣ ਵਿਚ ਸ਼ਾਕਾਹਾਰ ਦਾ ਕੋਈ ਜਵਾਬ ਨਹੀਂ ਹੈ। ਵਾਸ਼ਿੰਗਟਨ ਵਿਚ ਹਾਲ ਹੀ ਵਿਚ ਹੋਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਔਰਤਾਂ ਨੇ ਦੋ ਮਹੀਨੇ ਤੱਕ ਸਿਰਫ ਸ਼ਾਕਾਹਾਰੀ ਭੋਜਨ ਦਾ ਸੇਵਨ ਕੀਤਾ, ਉਨ੍ਹਾਂ ਨੂੰ ਮਾਹਵਾਰੀ ਦੇ ਸਮੇਂ ਮਹਿਸੂਸ ਹੋਣ ਵਾਲੀ ਥਕਾਨ, ਕਮਜ਼ੋਰੀ ਅਤੇ ਸ਼ਿਥਿਲਤਾ ਵਿਚ ਵੀ ਕਮੀ ਆ ਗਈ ਅਤੇ ਇਸ ਦੌਰਾਨ ਦਰਦ ਵੀ ਬਹੁਤ ਘੱਟ ਹੋਣੀ ਸ਼ੁਰੂ ਹੋ ਗਈ।

ਹੁਣ ਮੱਛਰਾਂ ਦਾ ਕੱਟਣਾ ਵੀ ਜਾਨਲੇਵਾ

ਮੱਛਰਾਂ ਅਤੇ ਰੋਗਾਂ ਦੇ ਵਧਣ ਦੇ ਕਾਰਨ ਸਾਰੇ ਜਾਣਦੇ ਹਨ ਪਰ ਇਨ੍ਹਾਂ ਨੂੰ ਰੋਕਣ ਲਈ ਉਪਾਅ ਕਰਨਾ ਲੋਕ ਕਿਉਂ ਭੁੱਲਦੇ ਹਨ? ਮੱਛਰ ਮਾਰਨ ਵਿਚ ਸਾਰੇ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਉਨ੍ਹਾਂ ਨੂੰ ਪੈਦਾ ਹੋਣ ਦੇ ਕਾਰਨਾਂ ਨੂੰ ਕਿਉਂ ਨਹੀਂ ਦੂਰ ਕਰਦੇ? ਜਦੋਂ ਤੱਕ ਮੱਛਰਾਂ ਦੇ ਪੈਦਾ ਹੋਣ ਵਾਲੇ ਕਾਰਨਾਂ ਨੂੰ ਨਹੀਂ ਦੂਰ ਕੀਤਾ ਜਾਵੇਗਾ, ਉਦੋਂ ਤੱਕ ਇਹ ਦੇਸ਼ ਮੱਛਰਾਂ ਵਲੋਂ ਫੈਲਾਈਆਂ ਜਾਂਦੀਆਂ ਬਿਮਾਰੀਆਂ ਨਾਲ ਇਸੇ ਤਰ੍ਹਾਂ ਹੀ ਹਰ ਸਾਲ ਆਪਣੀ ਅਰਥ-ਵਿਵਸਥਾ ਨੂੰ ਕਮਜ਼ੋਰ ਕਰਦਾ ਰਹੇਗਾ।
'ਮੱਛਰ ਉਨਮੂਲਨ ਸਲਾਹਕਾਰ ਸਮਿਤੀ ਜੱਬਲਪੁਰ' ਨੇ ਖੋਜ ਤੋਂ ਬਾਅਦ ਪਾਇਆ ਹੈ ਕਿ ਵਰਤਮਾਨ ਸਮੇਂ ਵਿਚ ਦੇਸ਼ ਭਰ ਵਿਚ ਪੂਰਾ ਸਾਲ ਮੱਛਰਾਂ ਦੀ ਵਧਦੀ ਆਬਾਦੀ ਦਾ ਪ੍ਰਮੁੱਖ ਕਾਰਨ ਛੋਟੀਆਂ-ਵੱਡੀਆਂ ਖੁੱਲ੍ਹੀਆਂ ਨਾਲੀਆਂ ਹੀ ਹਨ, ਜੋ ਮੱਛਰਾਂ ਨੂੰ ਲਗਾਤਾਰ ਹਰ ਸਾਲ ਵਧਾ ਰਹੀਆਂ ਹਨ। ਦੇਸ਼ ਵਿਚ ਬਿਮਾਰੀਆਂ ਫੈਲਾਉਣ ਵਾਲੇ 90 ਫ਼ੀਸਦੀ ਮੱਛਰਾਂ ਦੀ ਉਤਪਤੀ ਇਨ੍ਹਾਂ ਨਾਲੀਆਂ ਵਿਚ ਹੋ ਰਹੀ ਹੈ। ਜੇ ਇਨ੍ਹਾਂ ਨਾਲੀਆਂ ਦੀ ਸਹੀ ਵਿਵਸਥਾ ਕਰ ਦਿੱਤੀ ਜਾਵੇ ਤਾਂ ਮੱਛਰਾਂ 'ਤੇ ਬਹੁਤ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ।
ਕਿਵੇਂ ਨਿਪਟਿਆ ਜਾਵੇ ਮੱਛਰਾਂ ਅਤੇ ਮੱਛਰਾਂ ਵਲੋਂ ਫੈਲਾਈਆਂ ਜਾਂਦੀਆਂ ਬਿਮਾਰੀਆਂ ਨਾਲ
ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ ਅਤੇ ਮੱਛਰਾਂ ਨੂੰ ਕੱਟਣ ਤੋਂ ਰੋਕਣਾ, ਇਹ ਹੀ ਦੋ ਉਪਾਅ ਹਨ, ਜਿਨ੍ਹਾਂ ਨਾਲ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਦੇ ਲਈ ਪ੍ਰਸ਼ਾਸਨ ਇਕੱਲਾ ਕੁਝ ਨਹੀਂ ਕਰ ਸਕਦਾ, ਜਦੋਂ ਤੱਕ ਇਸ ਕੰਮ ਵਿਚ ਲੋਕ ਵੀ ਆਪਣਾ ਸਹਿਯੋਗ ਨਾ ਦੇਣ। ਲੋਕਾਂ ਦਾ ਸਹਿਯੋਗ ਕੀ ਹੋ ਸਕਦਾ ਹੈ, ਆਓ ਜਾਣੀਏ-
* ਆਪਣੇ ਘਰ ਦੇ ਅੰਦਰ-ਬਾਹਰ ਦੀਆਂ ਛੋਟੀਆਂ-ਵੱਡੀਆਂ ਨਾਲੀਆਂ ਵਿਚ ਜੇ ਪਾਣੀ ਰੁਕਿਆ ਹੋਵੇ ਜਾਂ ਚਿੱਕੜ ਬਣਿਆ ਰਹਿੰਦਾ ਹੋਵੇ ਤਾਂ ਇਨ੍ਹਾਂ ਨਾਲੀਆਂ ਵਿਚ ਧਿਆਨ ਨਾਲ ਦੇਖੋ ਕੀ ਇਨ੍ਹਾਂ ਵਿਚ ਘੁੰਮਦੇ ਕੀੜੇ ਨਜ਼ਰ ਆ ਰਹੇ ਹਨ ਜਾਂ ਚਿੱਕੜ ਵਿਚ ਹਲਕੀ-ਹਲਕੀ ਹਲਚਲ ਵੀ ਨਜ਼ਰ ਆ ਰਹੀ ਹੈ, ਖਾਸ ਕਰਕੇ ਉਦੋਂ, ਜਦੋਂ ਪਾਣੀ ਇਕਦਮ ਸਥਿਰ ਹੋਵੇ। ਜੇ ਹਾਂ ਤਾਂ ਇਹ ਮੱਛਰ ਦਾ ਲਾਰਵਾ, ਪਿਊਪਾ ਦੇ ਰੇਂਗਣ ਦੀ ਹਲਚਲ ਹੈ, ਜੋ ਮੱਛਰ ਦੇ ਬੱਚੇ ਕਹਾਉਂਦੇ ਹਨ। ਇਨ੍ਹਾਂ ਵਿਚੋਂ ਕੁਝ ਦਿਨਾਂ ਵਿਚ ਪੰਖ ਸਹਿਤ ਮੱਛਰ ਨਿਕਲਦਾ ਹੈ। ਇਹ ਪ੍ਰਕਿਰਿਆ ਜਦੋਂ ਲਗਾਤਾਰ ਚੱਲਦੀ ਹੈ ਤਾਂ ਹਰ ਰੋਜ਼ ਭਾਰੀ ਮਾਤਰਾ ਵਿਚ ਇਨ੍ਹਾਂ ਨਾਲੀਆਂ ਵਿਚੋਂ ਮੱਛਰ ਨਿਕਲਣ ਲਗਦੇ ਹਨ। ਇਨ੍ਹਾਂ ਲਾਰਵਾ, ਪਿਊਪਾ ਨੂੰ ਹਫ਼ਤੇ ਵਿਚ ਨਾਲੀਆਂ ਦਾ 'ਡਰਾਈ ਸਕੈਨ' ਕਰ ਕੇ ਇਕ ਵਾਰ ਨਾਲੀ ਨੂੰ ਪੂਰੀ ਤਰ੍ਹਾਂ ਸੁਕਾ ਕੇ ਮਾਰਿਆ ਜਾ ਸਕਦਾ ਹੈ, ਕਿਉਂਕਿ ਪਾਣੀ ਨਾ ਹੋਣ 'ਤੇ ਇਹ ਮਰ ਜਾਂਦੇ ਹਨ। ਜਿਵੇਂ ਮੱਛੀ ਬਿਨਾਂ ਪਾਣੀ ਤੋਂ ਨਹੀਂ ਜੀਅ ਸਕਦੀ, ਉਸੇ ਤਰ੍ਹਾਂ ਹੀ ਲਾਰਵਾ ਪਿਊਪਾ ਬਿਨਾਂ ਪਾਣੀ ਦੇ ਜੀਵਤ ਨਹੀਂ ਰਹਿ ਸਕਦੇ।
* ਪਾਣੀ ਦੀਆਂ ਟੈਂਕੀਆਂ ਘਰ ਦੀਆਂ ਹੋਣ ਜਾਂ ਸਰਕਾਰੀ, ਵੱਡੀਆਂ ਟੈਂਕੀਆਂ ਜੇ ਪੂਰੀ ਤਰ੍ਹਾਂ ਬੰਦ ਨਹੀਂ ਹਨ ਭਾਵ ਉੱਪਰੋਂ ਢਕੀਆਂ ਹੋਈਆਂ ਨਹੀਂ ਹਨ ਤਾਂ ਇਨ੍ਹਾਂ ਵਿਚ ਮੱਛਰ ਤੇਜ਼ੀ ਨਾਲ ਪਨਪਦੇ ਹਨ। ਇਨ੍ਹਾਂ ਵਿਚ ਮੱਛਰਾਂ ਦੇ ਬੱਚਿਆਂ ਦਾ ਭੰਡਾਰ ਮੌਜੂਦ ਹੋ ਸਕਦਾ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਕਈ ਇਲਾਕਿਆਂ ਵਿਚ ਸਰਕਾਰੀ ਪਾਣੀ ਵਿਚੋਂ ਕੀੜੇ ਨਿਕਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਹਨ। ਇਹ ਕੀੜੇ ਕੁਝ ਹੋਰ ਨਹੀਂ, ਮੱਛਰਾਂ ਦਾ ਲਾਰਵਾ, ਪਿਊਪਾ ਹੀ ਹੁੰਦੇ ਹਨ। ਅਜਿਹੇ ਸ਼ਿਕਾਇਤ ਵਾਲੇ ਖੇਤਰਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਦੇ ਢੱਕਣਾਂ ਦੀ ਜ਼ਰੂਰ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਖੁੱਲ੍ਹੇ ਤਾਂ ਨਹੀਂ ਰਹਿੰਦੇ ਜਾਂ ਸੜ-ਗਲ ਤਾਂ ਨਹੀਂ ਗਏ, ਨਹੀਂ ਤਾਂ ਉਸ ਖੇਤਰ ਦੇ ਆਲੇ-ਦੁਆਲੇ ਮੱਛਰਾਂ ਦੀ ਭਰਮਾਰ ਸਾਰਾ ਸਾਲ ਬਣੀ ਰਹੇਗੀ।
* ਨਵੇਂ ਬਣ ਰਹੇ ਮਕਾਨ ਦੀਆਂ ਛੱਤਾਂ 'ਤੇ ਜਮ੍ਹਾਂ ਪਾਣੀ, ਸੈਪਟਿਕ ਟੈਂਕ ਜਾਂ ਪਾਣੀ ਲਈ ਬਣਾਏ ਗਏ ਟੈਂਕ ਵਿਚ ਜਮ੍ਹਾਂ ਪਾਣੀ ਵੀ ਮੱਛਰਾਂ ਨੂੰ ਭਾਰੀ ਮਾਤਰਾ ਵਿਚ ਪੈਦਾ ਹੋਣ 'ਚ ਮਦਦ ਕਰਦਾ ਹੈ। ਉਸਾਰੀ ਅਧੀਨ ਮਕਾਨ ਦੇ ਆਲੇ-ਦੁਆਲੇ ਵਾਲੇ ਲੋਕ ਇਸ ਕਾਰਨ ਮੱਛਰਾਂ ਦੀ ਭਰਮਾਰ ਤੋਂ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ਉਸਾਰੀ ਅਧੀਨ ਮਕਾਨ ਦੇ ਮਾਲਕ, ਠੇਕੇਦਾਰ 'ਤੇ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਆਲੇ-ਦੁਆਲੇ ਦੇ ਲੋਕ ਦਬਾਅ ਜ਼ਰੂਰ ਬਣਾਉਣ। ਉਨ੍ਹਾਂ ਨੂੰ ਟੈਂਕੀ ਨੂੰ ਢਕਣ ਅਤੇ ਜਿਥੇ ਵੀ ਮੱਛਰ ਪੈਦਾ ਹੋ ਰਹੇ ਹੋਣ, ਉਥੇ ਕੀਟਨਾਸ਼ਕ ਦਵਾਈ ਪਾਉਣ ਨੂੰ ਕਹਿਣ।
* ਘਰ-ਘਰ ਵਿਚ ਸਜਾਵਟ ਲਈ ਰੱਖੇ ਗਏ ਗਮਲੇ, ਗੁਲਦਸਤੇ, ਪਾਣੀ ਵਾਲੇ ਭਾਂਡੇ, ਜਿਨ੍ਹਾਂ ਵਿਚ ਸ਼ੋਅ ਵਾਸਤੇ ਕਮਲ ਜਾਂ ਹੋਰ ਪੌਦੇ ਲਗਾਏ ਜਾਂਦੇ ਹਨ, ਜੋ ਸਿਰਫ ਪਾਣੀ ਵਿਚ ਹੀ ਤੈਰਦੇ ਹਨ, ਅਜਿਹੇ ਬਰਤਨ ਵੀ ਮੱਛਰਾਂ ਦੇ ਜਨਮ ਸਥਾਨ ਹੁੰਦੇ ਹਨ। ਇਨ੍ਹਾਂ ਦਾ ਪਾਣੀ ਹਰ ਹਫ਼ਤੇ ਬਗੀਚਿਆਂ ਵਿਚ ਪਾ ਦੇਣਾ ਚਾਹੀਦਾ ਹੈ। ਨਾਲੀਆਂ ਵਿਚ ਇਸ ਪਾਣੀ ਨੂੰ ਨਾ ਸੁੱਟੋ, ਨਹੀਂ ਤਾਂ ਇਸ ਵਿਚ ਮੌਜੂਦ ਲਾਰਵਾ-ਪਿਊਪਾ ਜਾਂ ਆਂਡਿਆਂ ਨਾਲ ਨਾਲੀ ਵਿਚ ਹੀ ਮੱਛਰਾਂ ਦੀ ਫੌਜ ਤਿਆਰ ਹੋ ਜਾਵੇਗੀ ਅਤੇ ਜਿਥੇ ਵੀ ਨਾਲੀ ਖੁੱਲ੍ਹੀ ਦਿਸੇਗੀ, ਉਥੋਂ ਇਹ ਫੌਜ ਬਾਹਰ ਨਿਕਲ ਕੇ ਨੇੜਲੇ ਘਰਾਂ ਵਿਚ ਪਨਾਹ ਲੈ ਲਵੇਗੀ।
ਇਸ ਤੋਂ ਇਲਾਵਾ ਵੀ ਮੱਛਰਾਂ ਦੇ ਪੈਦਾ ਹੋਣ ਦੇ ਬਹੁਤ ਸਾਰੇ ਸਥਾਨ ਹਨ, ਜਿਵੇਂ ਖੁੱਲ੍ਹੇ ਵਿਚ ਪਿਆ ਕਬਾੜ, ਜਿਸ ਵਿਚ ਟੁੱਟੇ ਹੋਏ ਅਜਿਹੇ ਹਿੱਸੇ, ਜਿਨ੍ਹਾਂ ਵਿਚ ਪਾਣੀ ਜਮ੍ਹਾਂ ਹੋ ਸਕਦਾ ਹੈ, ਚਿੜੀਆਂ ਨੂੰ ਪਾਣੀ ਪਿਲਾਉਣ ਵਾਲੇ ਭਾਂਡੇ, ਬਰਾਮਦੇ ਵਿਚ ਲੱਗੀ ਬਰਸਾਤੀ, ਤਿਰਪਾਲ ਜਿਸ ਵਿਚ ਝੋਲ ਦੇ ਕਾਰਨ ਪਾਣੀ ਜਮ੍ਹਾਂ ਹੈ ਜਾਂ ਅਜਿਹਾ ਮਕਾਨ ਜਿਸ ਦੀ ਛੱਤ ਜਾਂ ਢਾਲ ਦਾ ਪੱਧਰ ਸਹੀ ਨਹੀਂ ਹੈ ਅਤੇ ਉਸ ਵਿਚ ਕਿਤੇ-ਕਿਤੇ ਪਾਣੀ ਜਮ੍ਹਾਂ ਹੋ ਜਾਂਦਾ ਹੈ, ਮੱਛਰਾਂ ਦੀ ਪੈਦਾਵਾਰ ਦੇ ਚੰਗੇ ਸਥਾਨ ਸਾਬਤ ਹੁੰਦੇ ਹਨ। ਇਨ੍ਹਾਂ ਸਾਰਿਆਂ ਦਾ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਮੱਛਰਾਂ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। *

ਸਿਹਤ ਸਾਹਿਤ

ਫਸਟ-ਏਡ ਗਾਈਡ
(ਮੁਢਲੀ ਸਹਾਇਤਾ ਅਤੇ ਇਲਾਜ)
ਲੇਖਕ : ਡਾ: ਵਿਸ਼ਾਲ ਭਾਰਤੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।
ਪੰਨੇ : 128, ਮੁੱਲ : 140 ਰੁਪਏ
ਸੰਪਰਕ : 01679-241744


ਮੁਢਲੀ ਸਹਾਇਤਾ (ਫਸਟ ਏਡ) ਇਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਕੋਈ ਸਮਾਂ ਸੀ, ਜਦੋਂ ਮੁਢਲੀ ਸਹਾਇਤਾ ਸਬੰਧੀ ਜਾਣਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦੇਣਾ ਲਾਜ਼ਮੀ ਹੁੰਦਾ ਸੀ। ਅਜਿਹੀ ਜਾਣਕਾਰੀ ਕਿਸੇ ਦੀ ਕੀਮਤੀ ਜਾਨ ਬਚਾਉਣ ਲਈ ਸਹਾਈ ਹੁੰਦੀ ਸੀ। ਹਥਲੀ ਪੁਸਤਕ ਵਿਚ ਦਿੱਤੀ ਜਾਣਕਾਰੀ ਰਾਹੀਂ ਤੁਸੀਂ ਅਚਨਚੇਤ ਹੋਈ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਬਚਾਉਣ ਦੇ ਯਤਨ ਕਰ ਸਕਦੇ ਹੋ।
ਡਾ: ਵਿਸ਼ਾਲ ਭਾਰਤੀ ਨੇ ਇਸ ਪੁਸਤਕ ਵਿਚ ਮੁਢਲੀ ਸਹਾਇਤਾ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਇਸ ਕਾਰਜ ਲਈ ਲੇਖਕ ਨੇ ਪੁਸਤਕ ਨੂੰ 9 ਹਿੱਸਿਆਂ ਵਿਚ ਵੰਡਿਆ ਹੈ। ਸਭ ਤੋਂ ਪਹਿਲੇ ਭਾਗ ਵਿਚ ਫਸਟ ਏਡ ਜਾਂ ਮੁਢਲੀ ਸਹਾਇਤਾ ਕੀ ਹੁੰਦੀ ਹੈ, ਇਸ ਦੇ ਉਦੇਸ਼, ਸਿਧਾਂਤ ਅਤੇ ਫਸਟ ਏਡ ਕਿੱਟ ਸਬੰਧੀ ਜਾਣਕਾਰੀ ਉਪਲਬਧ ਕਰਵਾਈ ਹੈ। ਉਸ ਤੋਂ ਬਾਅਦ ਸਾਹ ਪ੍ਰਣਾਲੀ ਤੇ ਇਸ ਦੇ ਮਹੱਤਵਪੂਰਨ ਅੰਗ, ਹੱਡੀਆਂ ਦਾ ਟੁੱਟਣਾ, ਸਧਾਰਨ ਘਰੇਲੂ ਘਟਨਾਵਾਂ ਅਤੇ ਬਚਾਅ, ਪੱਟੀਆਂ ਦੀ ਵਰਤੋਂ, ਹਾਦਸਾਗ੍ਰਸਤ ਵਿਅਕਤੀ ਨੂੰ ਹਸਪਤਾਲ ਲਿਜਾਣਾ, ਰੋਗੀ ਦੀ ਸਫ਼ਾਈ ਜਾਂ ਟਕੋਰ ਅਤੇ ਅਖੀਰ ਵਿਚ ਆਮ ਬਿਮਾਰੀਆਂ ਸਬੰਧੀ ਘਰੇਲੂ ਉਪਾਅ ਦਾ ਜ਼ਿਕਰ ਕੀਤਾ ਗਿਆ ਹੈ, ਜਿਵੇਂ ਅਚਾਨਕ ਸਿਰ ਦੁਖਣਾ, ਅੱਖਾਂ ਦੁਖਣੀਆਂ, ਲੂ ਲੱਗਣਾ, ਪੇਟ ਦਰਦ, ਉਲਟੀਆਂ ਆਦਿ ਲਈ ਕੀ ਮੁਢਲੀ ਸਹਾਇਤਾ ਦਿੱਤੀ ਜਾਵੇ, ਬਾਰੇ ਬੜੀ ਪ੍ਰਭਾਵਸ਼ਾਲੀ ਜਾਣਕਾਰੀ ਮਿਲਦੀ ਹੈ।
ਤਰਕਭਾਰਤੀ ਪ੍ਰਕਾਸ਼ਨ ਦਾ ਇਸ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਹੈ। ਹਰ ਸੂਝਵਾਨ ਵਿਅਕਤੀ ਨੂੰ ਮੁਢਲੀ ਸਹਾਇਤਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਜੋ ਸੰਕਟ ਸਮੇਂ ਉਹ ਬਿਪਤਾ ਦੇ ਸ਼ਿਕਾਰ ਵਿਅਕਤੀ ਦੀ ਮਦਦ ਕਰ ਸਕੇ। ਇਸ ਪੁਸਤਕ ਦੀ ਮਦਦ ਨਾਲ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਮੁਢਲੀ ਸਹਾਇਤਾ ਦੇ ਮਹੱਤਵ ਸਬੰਧੀ ਜਾਗਰੂਕ ਕਰ ਸਕਦੇ ਹਨ। ਪੁਸਤਕ ਦੇ ਲੇਖਕ ਨੂੰ ਇਸ ਉਪਰਾਲੇ ਲਈ 'ਜੀ ਆਇਆਂ' ਕਹਿਣਾ ਬਣਦਾ ਹੈ। ਉਮੀਦ ਕਰਦੇ ਹਾਂ ਕਿ ਭਵਿੱਖ ਵਿਚ ਉਹ ਆਪਣੀ ਕਲਮ ਤੋਂ ਉਸਾਰੂ ਤੇ ਜਾਣਕਾਰੀ ਭਰਪੂਰ ਸਿਰਜਣਾ ਜਾਰੀ ਰੱਖਣਗੇ।


-ਹਰਜਿੰਦਰ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX