ਤਾਜਾ ਖ਼ਬਰਾਂ


ਅਚਨਚੇਤ ਗੋਲੀ ਚੱਲਣ ਨਾਲ ਹੋਮਗਾਰਡ ਦੇ ਜਵਾਨ ਦੀ ਮੌਤ
. . .  20 minutes ago
ਮਲੋਟ, 21 ਮਾਰਚ (ਗੁਰਮੀਤ ਸਿੰਘ ਮੱਕੜ) -ਸਥਾਨਕ ਥਾਣਾ ਸਦਰ ਵਿਖੇ ਤਾਇਨਾਤ ਹੋਮਗਾਰਡ ਦੇ ਜਵਾਨ ਗੁਰਮੀਤ ਸਿੰਘ (48) ਪੁੱਤਰ ਪ੍ਰੀਤਮ ਸਿੰਘ ਦੀ ਅਚਨਚੇਤ ਗੋਲੀ ਚੱਲਣ ਨਾਲ...
ਜੰਗਬੰਦੀ ਦੀ ਉਲੰਘਣਾ 'ਚ ਇੱਕ ਜਵਾਨ ਸ਼ਹੀਦ
. . .  36 minutes ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ 'ਚ ਪਾਕਿਸਤਾਨ ਵੱਲੋਂ ਅੱਜ ਕੀਤੀ ਗਈ ਜੰਗਬੰਦੀ ਦੀ ਉਲੰਘਣਾ 'ਚ ਭਾਰਤੀ ਫੌਜ ਦਾ 24 ਸਾਲਾਂ ਰਾਈਫਲਮੈਨ ਯਸ਼ ਪਾਲ...
ਪੁਲਵਾਮਾ ਹਮਲਾ ਇੱਕ ਸਾਜ਼ਿਸ਼ - ਰਾਮ ਗੋਪਾਲ ਯਾਦਵ
. . .  58 minutes ago
ਲਖਨਊ, 21 ਮਾਰਚ - ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਰਾਮ ਗੋਪਾਲ ਯਾਦਵ ਦਾ ਕਹਿਣਾ ਹੈ ਪੈਰਾ ਮਿਲਟਰੀ ਫੋਰਸਸ ਸਰਕਾਰ ਤੋਂ ਦੁਖੀ ਹਨ, ਕਿਉਂਕਿ ਵੋਟਾਂ ਲਈ ਜੰਮੂ ਕਸ਼ਮੀਰ...
ਅਧਿਆਪਕਾਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ
. . .  about 1 hour ago
ਸੰਗਰੂਰ, 21 ਮਾਰਚ (ਧੀਰਜ ਪਿਸ਼ੌਰੀਆ) - ਪੂਰੇ ਦੇਸ਼ ਭਰ ਵਿਚ ਜਿੱਥੇ ਲੋਕਾਂ ਨੇ ਇੱਕ ਦੂਸਰੇ ਦੇ ਰੰਗਾ ਲਗਾ ਕੇ ਅਤੇ ਨੱਚ ਟੱਪ ਕੇ ਹੋਲੀ ਦਾ ਤਿਉਹਾਰ ਮਨਾਇਆ, ਉੱਥੇ ਹੀ ਸੰਗਰੂਰ ਜ਼ਿਲ੍ਹੇ ਦੇ ਪਿੰਡ...
ਅੱਤਵਾਦੀਆਂ ਦੇ ਹਮਲੇ 'ਚ ਐੱਸ.ਐੱਚ.ਓ ਸਮੇਤ 2 ਪੁਲਿਸ ਮੁਲਾਜ਼ਮ ਜ਼ਖਮੀ
. . .  about 1 hour ago
ਸ੍ਰੀਨਗਰ, 21 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਐੱਸ.ਐੱਚ.ਓ ਸਮੇਤ ਜੰਮੂ ਕਸ਼ਮੀਰ ਪੁਲਿਸ ਦੇ 2 ਮੁਲਾਜ਼ਮ ਜ਼ਖਮੀ ਹੋ...
ਨਹੀ ਲੜਗਾ ਲੋਕ ਸਭਾ ਚੋਣ - ਕਲਰਾਜ ਮਿਸ਼ਰਾ
. . .  about 1 hour ago
ਲਖਨਊ, 21 ਮਾਰਚ - ਸੀਨੀਅਰ ਭਾਜਪਾ ਆਗੂ ਅਤੇ ਉੱਤਰ ਪ੍ਰਦੇਸ਼ ਦੇ ਦਿਓਰੀਆ ਤੋਂ ਸੰਸਦ ਮੈਂਬਰ ਕਲਰਾਜ ਮਿਸ਼ਰਾ ਨੇ ਇਹ ਕਹਿਕੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਪਾਰਟੀ...
ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਘਰ ਵਾਪਸੀ
. . .  about 2 hours ago
ਅਬੋਹਰ, 21 ਮਾਰਚ (ਸੁਖਜਿੰਦਰ ਸਿੰਘ ਢਿੱਲੋਂ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸ. ਗੁਰਤੇਜ ਸਿੰਘ ਘੁੜਿਆਣਾ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਹੋ ਗਈ ਹੈ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਭੇਟ ਕਰਕੇ ਪਾਰਟੀ ਵਿਚ...
ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਤੇ ਨਿਹੰਗ ਜਥੇਬੰਦੀਆਂ ਵੱਲੋਂ ਭਲਕੇ ਕੱਢਿਆ ਜਾਵੇਗਾ ਮਹੱਲਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਜੇ.ਐਸ. ਨਿੱਕੂਵਾਲ) - ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਹੋਲਾ ਮਹੱਲਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਭਲਕੇ 22 ਮਾਰਚ ਨੂੰ ਮਹੱਲਾ ਕੱਢਿਆ ਜਾ...
ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ 'ਚ ਕਰ ਸਕਦੇ ਨੇ ਪਾਰਟੀ ਉਮੀਦਵਾਰ ਦਾ ਐਲਾਨ
. . .  about 2 hours ago
ਸੰਗਰੂਰ,21 ਮਾਰਚ(ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਅੱਜ ਸੰਗਰੂਰ ਵਿਖੇ ਅਕਾਲੀ ਆਗੂਆਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਪਹੁੰਚ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ.ਬਾਦਲ ਅੱਜ ਲੋਕ ਸਭਾ ਹਲਕਾ ਸੰਗਰੂਰ...
ਨਿਊਜ਼ੀਲੈਂਡ 'ਚ ਫ਼ੌਜੀ ਸ਼ੈਲੀ ਦੀਆਂ ਸਾਰੀਆਂ ਬੰਦੂਕਾਂ 'ਤੇ ਪਾਬੰਦੀ ਆਇਦ
. . .  about 2 hours ago
ਨਵੀਂ ਦਿੱਲੀ, 21 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਰੇ ਪ੍ਰਕਾਰ ਦੇ ਸੈਮੀ ਆਟੋਮੈਟਿਕ ਹਥਿਆਰਾਂ ਦੀ ਵਿੱਕਰੀ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਕ੍ਰਾਈਸਟਚਰਚ ਹਮਲੇ ਦੇ ਮੱਦੇਨਜ਼ਰ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਕ੍ਰਾਈਸਟਚਰਚ 'ਚ ਪਿਛਲੇ ਸ਼ੁੱਕਰਵਾਰ ਨੂੰ ਦੋ ਮਸਜਿਦਾਂ...
ਹੋਰ ਖ਼ਬਰਾਂ..

ਲੋਕ ਮੰਚ

ਸ਼ਰਾਬ ਤੇ ਅਰਥ-ਵਿਵਸਥਾ

ਸ਼ਰਾਬ ਬਾਰੇ ਤਰ੍ਹਾਂ-ਤਰ੍ਹਾਂ ਦੇ ਪ੍ਰਚਾਰ ਹੁੰਦੇ ਰਹਿੰਦੇ ਹਨ। ਇਸ ਦੇ ਬਹੁਤੇ ਨਾਂਹ-ਪੱਖੀ ਪ੍ਰਭਾਵਾਂ ਦੇ ਨਾਲ-ਨਾਲ ਕੁਝ ਗ਼ੈਰ-ਸਿਧਾਂਤਕ ਹਾਂ-ਪੱਖੀ ਪ੍ਰਭਾਵ ਵੀ ਹਨ। ਸ਼ਰਾਬ ਨੂੰ ਇਖ਼ਲਾਕ ਨਾਲ ਜੋੜ ਕੇ ਵੇਖਿਆ ਜਾਵੇ, ਤਾਂ ਇਹ ਬੁਰੀ ਚੀਜ਼ ਹੈ। ਅਜੋਕੀ ਅਰਥ-ਵਿਵਸਥਾ ਸ਼ਰਾਬ ਉੱਤੇ ਅਟਕ ਕੇ ਸ਼ਰਾਬ ਦੇ ਵਜੂਦ ਨੂੰ ਸਹੀ ਦਰਸਾ ਰਹੀ ਹੈ। ਹਰ ਸਾਲ ਸਰਕਾਰ ਵਲੋਂ ਆਬਕਾਰੀ ਨੀਤੀ ਤਹਿਤ ਟੀਚੇ ਨਿਰਧਾਰਤ ਕਰਕੇ ਮਾਲੀਆ ਉਗਰਾਹਿਆ ਜਾਂਦਾ ਹੈ। ਇਸੇ ਤਰ੍ਹਾਂ 2016-17 ਵਿਚ ਪੰਜਾਬ ਮੀਡੀਅਮ ਸ਼ਰਾਬ 'ਤੇ ਲਾਇਸੰਸ ਫੀਸ ਵਜੋਂ 96,32,01,205 ਰੁਪਏ ਅਤੇ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ 'ਤੇ 16,33,08,192 ਦੀ ਰਾਸ਼ੀ ਪੰਚਾਇਤ ਸੰਮਤੀ ਸ਼ੇਅਰ ਵਜੋਂ ਪੇਂਡੂ ਵਿਕਾਸ ਲਈ ਦਿੱਤੀ ਗਈ। 2016-17 ਵਿਚ ਸਿੱਖਿਆ 'ਤੇ 101.61 ਕਰੋੜ, ਖੇਡਾਂ 'ਤੇ 92.37 ਕਰੋੜ, ਸੱਭਿਆਚਾਰ 'ਤੇ 64.66 ਕਰੋੜ, ਹੈਰੀਟੇਜ਼ 'ਤੇ 9.24 ਕਰੋੜ ਸ਼ਰਾਬ ਦੇ ਮਾਲੀਏ ਵਿਚੋਂ ਜਾਰੀ ਕੀਤੇ ਗਏ।
ਸ਼ਰਾਬਬੰਦੀ ਬਾਰੇ ਸਿਹਤ ਮਾਹਿਰਾਂ ਦੀ ਬਹੁਤ ਘੱਟ ਮੰਨੀ ਗਈ, ਜਿਸ ਦਾ ਦੋਸ਼ ਸਰਕਾਰ ਨੂੰ ਦਿੱਤਾ ਜਾਂਦਾ ਹੈ। ਸਰਕਾਰ ਦੀ ਮਜਬੂਰੀ ਹੈ ਕਿ ਆਬਕਾਰੀ ਨੀਤੀ ਤਹਿਤ ਮਾਲੀਆ ਇਕੱਠਾ ਕਰਕੇ ਸੂਬੇ ਦਾ ਸਰਬਪੱਖੀ ਵਿਕਾਸ ਵੀ ਕਰਨਾ ਹੁੰਦਾ ਹੈ। ਅਸੀਂ ਲੋਕ ਖੁਦ ਸ਼ਰਾਬ ਪੀ ਕੇ ਆਪਣੀ ਖੁਦ ਦੀ ਅਰਥ-ਵਿਵਸਥਾ ਖਰਾਬ ਕਰਦੇ ਹਾਂ, ਜਿਸ ਨਾਲ ਸਾਡੀ ਸਿਹਤ ਪ੍ਰਭਾਵਿਤ ਹੋ ਕੇ ਜੀਵਨ ਦੇ ਬਾਕੀ ਪੱਖ ਗ੍ਰਸ ਜਾਂਦੇ ਹਨ। ਇਸ ਲਈ ਸ਼ਰਾਬਬੰਦੀ ਲਈ ਆਮ ਲੋਕਾਂ ਨੂੰ, ਸਿਹਤ ਮਾਹਿਰਾਂ ਨੂੰ ਲੋਕ ਲਹਿਰ ਆਰੰਭਣੀ ਚਾਹੀਦੀ ਹੈ। ਸ਼ਰਾਬ ਉੱਤੇ ਅਟਕੀ ਅਰਥ-ਵਿਵਸਥਾ ਨੂੰ ਥੱਲੇ ਲਾਹੁਣ ਲਈ ਇਸ ਦਾ ਸਾਜਗਾਰ ਬਦਲਵਾਂ ਰੂਪ ਲੱਭਣਾ ਚਾਹੀਦਾ ਹੈ। ਇਸ ਸਬੰਧੀ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਅਤਿਅੰਤ ਲੋੜ ਹੈ। ਲੋਕ ਅਤੇ ਸਰਕਾਰ ਆਪਸੀ ਸਹਿਯੋਗ ਅਤੇ ਤਾਲਮੇਲ ਨਾਲ ਸ਼ਰਾਬ ਦੇ ਸਿਹਤ ਪੱਖੀ ਅਤੇ ਸਮਾਜਿਕ ਆਰਥਿਕਤਾ ਦੀ ਤਬਾਹੀ ਦੇ ਮੱਦੇਨਜ਼ਰ ਸ਼ਰਾਬ ਉੱਤੇ ਅਟਕੀ ਅਰਥ-ਵਿਵਸਥਾ ਦਾ ਰੁਖ਼ ਮੋੜਨ ਲਈ ਲਹਿਰ ਚਲਾਉਣ, ਜਿਸ ਨਾਲ ਲੋਕ ਸ਼ਰਾਬ ਤੋਂ ਪਿੱਛੇ ਹਟਣਗੇ ਅਤੇ ਸਰਕਾਰ ਮਾਲੀਏ ਦੀ ਭਰਪਾਈ ਲਈ ਹੋਰ ਉਪਰਾਲੇ ਕਰਕੇ ਲੋਕਾਂ ਦੀ ਵਿਕਾਸਮੁਖੀ ਭੂਮਿਕਾ ਦਾ ਲਾਹਾ ਲਵੇ।

ਅਬਿਆਣਾ ਕਲਾਂ। ਮੋਬਾ: 98781-11445


ਖ਼ਬਰ ਸ਼ੇਅਰ ਕਰੋ

ਬੱਚਿਆਂ ਦੇ ਚੰਗੇ ਭਵਿੱਖ ਲਈ ਸੁਚਾਰੂ ਯਤਨਾਂ ਦੀ ਲੋੜ

ਅੱਜ ਦੀ ਆਧੁਨਿਕ ਦੌੜ ਵਿਚ ਹਰੇਕ ਮਾਪਾ ਚਾਹੁੰਦਾ ਹੈ ਕਿ ਉਸ ਦਾ ਬੱਚਾ ਵੱਡੇ ਤੋਂ ਵੱਡੇ ਅਹੁਦੇ 'ਤੇ ਪਹੁੰਚੇ। ਸਿਰਫ ਪੈਸਾ ਖਰਚਣ ਅਤੇ ਵੱਡੇ ਸਕੂਲ ਵਿਚ ਪੜ੍ਹਾਉਣ ਨਾਲ ਹੀ ਮਾਪੇ ਫਾਰਗ ਨਹੀਂ ਹੋ ਸਕਦੇ, ਬਲਕਿ ਜਿਥੇ ਮਾਪੇ ਪੈਸਾ ਖਰਚਦੇ ਹਨ, ਉਥੇ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢਣ ਦੀ ਵੀ ਲੋੜ ਹੈ। ਅੱਜਕਲ੍ਹ ਦੀ ਭੱਜ-ਦੌੜ ਦੀ ਜ਼ਿੰਦਗੀ ਵਿਚ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਦੇਣ ਲਈ ਸਮਾਂ ਨਹੀਂ ਹੈ, ਜਿਸ ਕਰਕੇ ਬੱਚੇ ਇਕੱਲਤਾ ਮਹਿਸੂਸ ਕਰਦੇ ਹੋਏ ਰਾਹੋਂ ਕੁਰਾਹ ਹੋ ਜਾਂਦੇ ਹਨ। ਇਸ ਮੁੱਦੇ 'ਤੇ ਵੀ ਅਧਿਆਪਕ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ। ਬੱਚੇ ਦਾ ਸਰਬਪੱਖੀ ਵਿਕਾਸ ਕਰਨ ਲਈ ਜਿਥੇ ਇਕ ਅਧਿਆਪਕ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ, ਉਥੇ ਮਾਪਿਆਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਅਧਿਆਪਕ ਅਤੇ ਸਕੂਲ ਨੂੰ ਸਹਿਯੋਗ ਦੇਣ। ਮਾਪੇ ਕਦੇ ਵੀ ਆਪਣੇ ਬੱਚੇ ਨੂੰ ਗ਼ਲਤ ਨਹੀਂ ਕਹਿੰਦੇ, ਹਮੇਸ਼ਾ ਅਧਿਆਪਕ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਹੈ, ਜਿਸ ਕਰਕੇ ਬੱਚਿਆਂ ਨੂੰ ਸ਼ਹਿ ਮਿਲਦੀ ਹੈ ਤੇ ਉਹ ਆਪਣੇ ਅਧਿਆਪਕਾਂ ਦਾ ਸਤਿਕਾਰ ਨਹੀਂ ਕਰਦੇ ਤੇ ਉਨ੍ਹਾਂ ਨਾਲ ਦੁਰਵਿਹਾਰ ਕਰਦੇ ਹਨ।
ਉਹ ਅਧਿਆਪਕ, ਜਿਸ ਨੂੰ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ, ਜਦੋਂ ਉਸ ਨੂੰ ਤ੍ਰਿਸਕਾਰ ਦੀ ਭਾਵਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਧੁਰ ਅੰਦਰੋਂ ਟੁੱਟ ਜਾਂਦਾ ਹੈ। ਅਧਿਆਪਕ ਦੇ ਮਨ ਵਿਚ ਕਿਸੇ ਬੱਚੇ ਦੇ ਪ੍ਰਤੀ ਵੀ ਵੈਰ-ਵਿਰੋਧ ਜਾਂ ਵਿਤਕਰੇ ਦੀ ਭਾਵਨਾ ਨਹੀਂ ਹੁੰਦੀ। ਉਹ ਸਾਰਿਆਂ ਨੂੰ ਹੀ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਾ ਕੇ ਸਮੇਂ ਦੇ ਹਾਣੀ ਬਣਾਉਂਦਾ ਹੈ। ਇਸ ਲਈ ਮਾਪਿਆਂ ਨੂੰ ਚਾਹੀਦਾ ਹੈ ਕਿ ਉ ਆਪਣੇ ਲਾਡਲਿਆਂ ਦਾ ਭਵਿੱਖ ਸੰਵਾਰਨ ਲਈ ਅਧਿਆਪਕ ਵਰਗ ਨੂੰ ਸਹਿਯੋਗ ਦੇਣ। ਅੱਜ ਟਿਊਸ਼ਨ ਪੜ੍ਹਨ ਦੀ ਪ੍ਰਵਿਰਤੀ ਵਧ ਰਹੀ ਹੈ। ਮਾਪੇ ਬੱਚੇ ਨੂੰ ਸਕੂਲ ਤੋਂ ਬਾਅਦ ਮਹਿੰਗੇ ਟਿਊਸ਼ਨ ਕੇਂਦਰਾਂ ਵਿਚ ਭੇਜ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋ ਜਾਂਦੇ ਹਨ। ਕੀ ਮਹਿੰਗੇ ਟਿਊਸ਼ਨ ਕੇਂਦਰ ਬੱਚੇ ਦਾ ਭਵਿੱਖ ਸੰਵਾਰ ਸਕਦੇ ਹਨ? ਜੀ ਨਹੀਂ, ਟਿਊਸ਼ਨ ਕੇਂਦਰ ਸਿਰਫ ਪੈਸੇ ਕਮਾਉਣ ਦਾ ਧੰਦਾ ਬਣ ਚੁੱਕੇ ਹਨ। ਜੇਕਰ ਬੱਚਾ ਸਕੂਲ ਵਿਚ ਇਕਾਗਰ ਮਨ ਹੋ ਕੇ ਆਪਣੇ ਅਧਿਆਪਕ ਨੂੰ ਸੁਣੇ, ਵਿਸ਼ੇ ਨੂੰ ਸਮਝੇ ਤੇ ਉਸ ਦੀ ਦੁਹਰਾਈ ਕਰੇ ਤਾਂ ਕਦੇ ਵੀ ਟਿਊਸ਼ਨ ਦੀ ਲੋੜ ਨਹੀਂ ਪੈ ਸਕਦੀ। ਮਾਪਿਆਂ ਦੁਆਰਾ ਬੱਚੇ ਨੂੰ ਦਿੱਤਾ ਗਿਆ ਸਮਾਂ ਉਸ ਦਾ ਭਵਿੱਖ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਕਈ ਵਾਰ ਮਾਪਿਆਂ ਦੁਆਰਾ ਬੱਚਿਆਂ ਨੂੰ ਲੋੜ ਨਾਲੋਂ ਵੱਧ ਦਿੱਤੀਆਂ ਸੁਖ ਸਹੂਲਤਾਂ ਉਨ੍ਹਾਂ ਨੂੰ ਵਿਗਾੜਨ ਵਿਚ ਮੁੱਖ ਭੂਮਿਕਾ ਅਦਾ ਕਰਦੀਆਂ ਹਨ। ਬੱਚਿਆਂ ਨੂੰ ਮਾਪਿਆਂ ਵਲੋਂ ਦਿੱਤਾ ਬੇਲੋੜਾ ਜੇਬ ਖਰਚ ਉਨ੍ਹਾਂ ਨੂੰ ਨਸ਼ੇੜੀ ਬਣਾ ਕੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਮਾਪਿਆਂ ਨੂੰ ਅੱਜ ਸੁਚੇਤ ਹੋਣ ਦੀ ਲੋੜ ਹੈ ਕਿ ਉਨ੍ਹਾਂ ਦੁਆਰਾ ਦਿੱਤਾ ਜੇਬ ਖਰਚ ਬੱਚਾ ਕਿਥੇ ਖਰਚ ਰਿਹਾ ਹੈ। ਮਾਪਿਆਂ ਦੁਆਰਾ ਬੱਚਿਆਂ ਦੇ ਹੱਥਾਂ ਵਿਚ ਫੜਾਏ ਮੋਟਰਸਾਈਕਲ, ਸਕੂਟਰ ਬੱਚਿਆਂ ਦੀਆਂ ਕੀਮਤੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਜਦੋਂ ਤੱਕ ਮਾਪੇ ਸਕੂਲਾਂ ਨੂੰ ਸਹਿਯੋਗ ਨਹੀਂ ਦੇਣਗੇ, ਤਦ ਤੱਕ ਅਣਹੋਣੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਤੇ ਆਓ ਅੱਜ ਅਸੀਂ ਸਾਰੇ ਇਕ ਅਹਿਦਨਾਮੇ 'ਤੇ ਦਸਤਖਤ ਕਰੀਏ ਕਿ ਅਸੀਂ ਸਾਰਿਆਂ ਨੇ ਰਲ ਕੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨਾ ਹੈ ਤੇ ਉਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਭਰ ਕੇ ਉਨ੍ਹਾਂ ਦਾ ਸਰਬਪੱਖੀ ਵਿਕਾਸ ਕਰ ਕੇ ਦੇਸ਼-ਕੌਮ ਦੇ ਉਸਰੱਈਏ ਬਣਾਉਣਾ ਹੈ।

-ਮੋਬਾ: 95921-33339

ਮੇਰਾ ਸ਼ਹਿਰ ਜਿਥੇ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਮਿਲਦਾ

ਨਿੱਤ ਦਿਨ ਹੁੰਦੀਆਂ ਲੁੱਟਾਂ-ਖੋਹਾਂ, ਕਦੇ ਰਿਸ਼ਵਤਾਂ, ਕਦੇ ਭਰੂਣ-ਹੱਤਿਆ ਦੇ ਕੇਸਾਂ, ਕਦੇ ਨਿੱਜੀ ਤੇ ਕਦੇ ਸਰਕਾਰੀ ਹਸਪਤਾਲਾਂ ਵਿਚ ਤੜਫਦੇ ਮਰੀਜ਼ਾਂ ਤੇ ਕਦੇ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਏ ਪਿੰਡਾਂ ਦੇ ਪਿੰਡ, ਕਦੇ ਨਿੱਜੀ ਸਕੂਲਾਂ ਵਿਚ ਹੁੰਦੀ ਲੁੱਟ ਅਤੇ ਕਦੇ ਆਪਣਿਆਂ ਹੱਥੋਂ ਲੁੱਟੇ ਆਪਣਿਆਂ ਕਰਕੇ, ਕਦੇ ਬਜ਼ੁਰਗਾਂ ਦੀਆਂ ਪੱਗਾਂ ਰੋਲਣ ਕਰਕੇ, ਕਦੇ ਵਿਖਾਵੇ ਦੇ ਧਰਮੀਂ ਲੋਕਾਂ ਵਲੋਂ ਸਾੜੀਆਂ ਰੇਲਾਂ ਕਰਕੇ। ਬਹੁਤ ਲੰਬੀ ਹੈ ਮੇਰੇ ਮੋਗੇ ਦੀ ਚਰਚਾ ਦੀ ਕਹਾਣੀ। ਹਾਂ, ਕਦੇ-ਕਦੇ ਜਦ ਕੋਈ ਹਰਮਨ ਜਿੱਤਦੀ ਹੈ ਤਾਂ ਹਲਕੀ ਜਿਹੀ ਮਲ੍ਹਮ ਲੱਗੀ ਮਹਿਸੂਸ ਹੁੰਦੀ ਹੈ ਜ਼ਖਮਾਂ 'ਤੇ। ਮੇਰੇ ਮੋਗੇ ਦੀ ਇਕੋ-ਇਕ ਮੁੱਖ ਸੜਕ ਜਿਹੜੀ ਬਾਹਰਲੇ ਲੋਕਾਂ ਨੂੰ ਸਿਵਲ ਹਸਪਤਾਲ ਵਿਚ ਲਿਜਾਣ ਵਿਚ ਮਦਦ ਕਰਦੀ ਹੈ, ਅਕਸਰ ਹੀ ਉਸ ਸੜਕ ਦੀ ਗੋਦ ਵਿਚ ਮਰੀਜ਼ ਦਮ ਤੋੜ ਦਿੰਦੇ ਹਨ, ਕਿਉਂਕਿ ਐਂਬੂਲੈਂਸ ਨੂੰ ਰਸਤਾ ਨਹੀਂ ਮਿਲਦਾ। ਉਹ ਇਸ ਲਈ, ਕਿਉਂਕਿ ਮੇਰੇ ਮੋਗੇ ਦੇ ਲੋਕ ਏਨੇ ਕਾਮੇ ਹਨ ਕਿ ਉਨ੍ਹਾਂ ਨੂੰ ਛੇਤੀ ਕੰਮਾਂ-ਕਾਜਾਂ 'ਤੇ ਜਾਣਾ ਹੁੰਦਾ ਹੈ। ਇਕ ਹੱਥ ਨਾਲ ਡਰਾਈਵ ਕਰਦਿਆਂ ਤੇ ਦੂਜੇ ਕੰਨ ਨੂੰ ਮੋਬਾਈਲ ਲਗਾਇਆ, ਤੁਸੀਂ ਉਨ੍ਹਾਂ ਨੂੰ ਅਕਸਰ ਰੁੱਝੇ ਹੋਏ ਅਤੇ ਛੇਤੀ ਕੰਮ 'ਤੇ ਜਾਣ ਦਾ ਪ੍ਰਭਾਵ ਪਾਉਂਦਿਆਂ ਦੇਖੋਗੇ। ਬੰਦ ਹੋਏ ਫਾਟਕਾਂ ਤੋਂ ਵੀ ਤੁਹਾਨੂੰ ਆਵਾਜਾਈ ਗੁਜ਼ਰਦੀ ਨਜ਼ਰ ਆਵੇਗੀ। ਕਿਉਂਕਿ ਮੇਰੇ ਮੋਗੇ ਸ਼ਹਿਰ ਦੇ ਲੋਕ ਬਹੁਤ ਕਾਮੇ ਹਨ। ਹਾਂ, ਬਸ ਫਾਟਕ ਵਾਲਾ ਹੀ ਵਿਹਲਾ ਲਗਦਾ ਹੈ, ਜਿਹੜਾ ਫਾਟਕ ਲਗਾ ਕੇ ਚੁੱਪ-ਚਾਪ ਲੋਕਾਂ ਨੂੰ ਦੇਖਦਾ ਹੈ। ਸ਼ਾਇਦ ਉਹ ਆਪਣੇ ਅਸੂਲਾਂ ਦਾ ਵੀ ਬਹੁਤ ਪੱਕਾ ਹੈ। ਜੇ ਅਜਿਹਾ ਨਾ ਹੁੰਦਾ ਤਾਂ ਮੇਰੇ ਸ਼ਹਿਰ ਵਿਚੋਂ ਕਦੇ ਵੀ ਰੇਲ ਗੱਡੀ ਨਾ ਗੁਜ਼ਰ ਸਕਦੀ। ਮੇਨ ਸੜਕ 'ਤੇ ਜਾਂਦਿਆਂ ਵੀ ਸਿਰਫ ਤੁਹਾਨੂੰ ਹੀ ਖਿਆਲ ਰੱਖਣਾ ਪੈਂਦਾ ਕਿ ਛੋਟੀਆਂ ਸੜਕਾਂ ਤੋਂ ਕਾਰ ਜਾਂ ਸਕੂਟਰ ਆ ਕੇ ਤੁਹਾਡੇ ਵਾਹਨ ਨਾਲ ਨਾ ਟਕਰਾਅ ਜਾਵੇ, ਕਿਉਂਕਿ ਇਥੇ ਲਾਇਸੰਸ ਉਨ੍ਹਾਂ ਲੋਕਾਂ ਕੋਲ ਹਨ, ਜਿਨ੍ਹਾਂ ਨੂੰ ਟ੍ਰੈਫਿਕ ਨਿਯਮ ਵੀ ਪਤਾ ਨਹੀਂ। ਕਦੇ ਐਮਰਜੈਂਸੀ ਹੋਵੇ ਤਾਂ ਐਂਬੂਲੈਂਸ ਦੀ ਜਗ੍ਹਾ ਕਿਸੇ ਨੇਤਾ ਦੀ ਗੱਡੀ ਵਰਤਣੀ, ਕਿਉਂਕਿ ਮੇਰੇ ਸ਼ਹਿਰ ਦੇ ਲੋਕ ਐਂਬੂਲੈਂਸ ਨੂੰ ਰਾਹ ਨਹੀਂ ਦਿੰਦੇ, ਸਗੋਂ ਏਦਾਂ ਘੂਰਦੇ ਆ ਜਿਵੇਂ ਕਹਿ ਰਹੇ ਹੋਣ ਕਿ 'ਯਾਰ, ਇਹ ਸਾਇਰਨ ਬੰਦ ਕਰ, ਸਾਨੂੰ ਫੋਨ ਸੁਣਨ ਵਿਚ ਵਿਘਨ ਪਾ ਰਿਹਾ ਹੈਂ।' ਮੁੱਖ ਸੜਕ ਦੇ ਦੁਕਾਨਦਾਰ ਵੀ ਹੁਣ ਤਾਂ ਪੱਥਰਾਂ ਵਰਗੇ ਹੋ ਗਏ ਹਨ, ਤਾਂ ਹੀ ਤਾਂ ਉਹ ਟ੍ਰੈਫਿਕ ਵਿਚੋਂ ਐਂਬੂਲੈਂਸ ਕਢਵਾਉਣ ਵਿਚ ਮਦਦ ਨਹੀਂ ਕਰਦੇ ਜਾਂ ਫਿਰ ਉਨ੍ਹਾਂ ਨੂੰ ਪਤਾ ਹੈ ਕਿ ਇਥੋਂ ਨਿਕਲ ਗਿਆ ਤਾਂ ਅੱਗੇ ਫਸ ਜਾਊ।
ਥੋੜ੍ਹਾ ਜਿਹਾ ਵੀ ਮੀਂਹ ਪਵੇ ਤਾਂ ਕਦੇ ਮੇਰੇ ਮੋਗੇ ਸ਼ਹਿਰ ਨਾ ਆਉਣਾ, ਕਿਉਂਕਿ ਇਥੇ ਹੱਡੀਆਂ ਦਾ ਇਲਾਜ ਵੀ ਬੜਾ ਮਹਿੰਗਾ ਹੈ, ਬਸ ਤੁਹਾਡੀ ਜਾਨ ਹੀ ਸਸਤੀ ਹੈ। ਐਕਸੀਡੈਂਟ ਹੋਇਆ ਵਿਅਕਤੀ ਵੀ ਸੜਕ 'ਤੇ ਹੀ ਦਮ ਤੋੜ ਦਿੰਦਾ ਹੈ, ਕਿਉਂਕਿ ਮੇਰੇ ਸ਼ਹਿਰ ਦੀ ਪੁਲਿਸ ਕਦੇ ਸੰਜੀਦਾ ਥਾਵਾਂ 'ਤੇ ਨਹੀਂ ਪਹੁੰਚਦੀ। ਨਾ ਹੀ ਕਦੇ ਵੋਟਾਂ ਦੇ ਮੌਸਮ ਵਾਂਗ ਦੇਖਿਆ ਹੈ ਕਿ ਕਿਸੇ ਆਗੂ ਦੇ ਪੋਸਟਰ ਲੱਗੇ ਹੋਣ, ਜਿਨ੍ਹਾਂ 'ਤੇ ਲਿਖਿਆ ਹੋਵੇ ਕਿ 'ਐਂਬੂਲੈਂਸ ਨੂੰ ਪਹਿਲਾਂ ਜਾਣ ਦਿਓ।' ਮੇਰੇ ਸ਼ਹਿਰ ਦਾ ਮਾਣ ਵਧਾਉਂਦੀ ਸਤਲੁਜ, ਬਿਆਸ, ਰਾਵੀ, ਜੇਹਲਮ ਦੇ ਨਾਂਅ 'ਤੇ ਬਣੀ ਬਿਲਡਿੰਗ (ਮਿੰਨੀ ਸਕੱਤਰੇਤ) ਪਰ ਉੱਚੀ ਦੁਕਾਨ ਤੇ ਫਿੱਕੇ ਪਕਵਾਨ ਵਾਂਗ ਤੁਹਾਡੀ ਕਦਰ ਕੁੱਤੇ ਜਿੰਨੀ ਵੀ ਨਹੀਂ ਪਵੇਗੀ, ਕਿਉਂਕਿ ਕੁੱਤੇ ਦੇ ਤਾਂ ਵੱਢਣ ਦਾ ਡਰ ਹੁੰਦਾ ਹੈ ਤੇ ਕੋਈ ਗਰੀਬ ਵਿਚਾਰਾ ਇਨ੍ਹਾਂ ਅਫਸਰਾਂ ਦਾ ਕੀ ਵਿਗਾੜ ਲਊ? ਸਗੋਂ ਮਾਣਹਾਨੀ ਦਾ ਕੇਸ ਹੋ ਜਾਊ ਤੁਹਾਡੇ 'ਤੇ। ਤਾਂ ਹੀ ਤਾਂ ਅੱਜ ਤੱਕ ਅਸੀਂ ਨਹੀਂ ਬੋਲੇ, ਕਿਉਂਕਿ ਇਥੇ ਅਫਸਰਸ਼ਾਹੀ ਬੋਲਦੀ ਹੈ, ਅਸੀਂ ਗੂੰਗੇ ਬਣ ਗਏ ਹਾਂ, ਕਿਉਂਕਿ ਅਫਸਰਸ਼ਾਹੀ ਬੋਲ਼ੀ ਹੈ।

-ਮੋਗਾ। ਮੋਬਾ: 94656-06210

ਕੀ ਪ੍ਰਵਾਸੀ ਪੰਜਾਬੀ ਸੱਚਮੁੱਚ ਹੀ ਖੇਡਾਂ ਪ੍ਰਤੀ ਸਮਰਪਿਤ ਹਨ?

ਕਿਸੇ ਵੀ ਕੌਮ ਨੂੰ ਸੰਗਠਿਤ ਕਰਨ ਅਤੇ ਆਪਸੀ ਪਿਆਰ ਪੈਦਾ ਕਰਨ ਲਈ ਖੇਡਾਂ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਪੰਜਾਬੀ ਤਾਂ ਖੇਡਾਂ ਪ੍ਰਤੀ ਓਨਾ ਹੀ ਲਗਾਓ ਰੱਖਦੇ ਹਨ, ਜਿੰਨਾ ਕੋਈ ਬੱਚਾ ਆਪਣੀ ਸਕੀ ਮਾਂ ਨਾਲ। ਨਵੰਬਰ ਤੋਂ ਫਰਵਰੀ ਤੱਕ ਬਹੁਤੇ ਪ੍ਰਵਾਸੀ ਪੰਜਾਬੀ ਵੀ ਆਪਣੇ ਨਾਵਾਂ ਨੂੰ ਚਮਕਾਉਣ, ਡਾਲਰਾਂ ਦੀ ਚਮਕ ਦਿਖਾਉਣ ਜਾਂ ਫਿਰ ਆਪਣੀ ਅੰਦਰਲੀ ਖੇਡ ਭਾਵਨਾ ਦਾ ਪ੍ਰਗਟਾਵਾ ਕਰਨ ਲਈ ਆਪਣੇ ਪੰਜਾਬ ਵੱਲ ਵਹੀਰਾਂ ਘੱਤਦੇ ਹਨ। ਪ੍ਰਵਾਸੀ ਪੰਜਾਬੀ ਬਾਹਰਲੇ ਦੇਸ਼ਾਂ ਦੀ ਚਮਕ-ਦਮਕ ਦਿਖਾ ਲੱਖਾਂ ਰੁਪਏ ਖਰਚ ਕੇ ਆਪਣੀਆਂ ਛੁੱਟੀਆਂ ਕੱਟ ਕੇ ਵਾਪਸ ਚਲੇ ਜਾਂਦੇ ਹਨ।
ਅੱਜ ਦੇ ਦੌਰ ਵਿਚ ਪੰਜਾਬ ਅੰਦਰ ਜੋ ਖੇਡ ਮੇਲੇ ਕਰਵਾਏ ਜਾ ਰਹੇ ਹਨ, ਉਨ੍ਹਾਂ ਵਿਚੋਂ ਖੇਡ ਭਾਵਨਾ ਘੱਟ, ਆਪਣੇ ਨਾਂਅ ਜਾਂ ਆਪਣੀ ਹਊਮੈ ਦਾ ਵੱਧ ਦਿਖਾਵਾ ਕਰਨ ਦੀ ਗੰਧ ਆਉਂਦੀ ਹੈ, ਜਿਸ ਦਾ ਅੰਦਾਜ਼ਾ ਅਸੀਂ ਖੇਡ ਮੇਲਿਆਂ ਦੇ ਪੋਸਟਰਾਂ ਦੀ ਬਣਤਰ ਤੋਂ ਲਗਾ ਸਕਦੇ ਹਾਂ, ਜਿਨ੍ਹਾਂ ਵਿਚ ਖੇਡਾਂ ਦਾ ਵੇਰਵਾ ਘੱਟ ਹੁੰਦਾ ਹੈ, ਫੋਟੋਆਂ ਦੀ ਭਰਮਾਰ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਖੇਡ ਮੇਲਿਆਂ ਮੌਕੇ ਸ਼ਾਮ ਨੂੰ ਪੰਜਾਬੀ ਸੱਭਿਆਚਾਰ ਦੇ ਨਾਂਅ ਹੇਠ ਜੋ ਅਸ਼ਲੀਲਤਾ ਲੋਕਾਂ ਸਾਹਮਣੇ ਪਰੋਸੀ ਜਾਂਦੀ ਹੈ, ਉਹ ਵੀ ਕਿਸੇ ਤੋਂ ਨਹੀਂ ਛੁਪੀ ਹੋਈ। ਇਸ ਤੋਂ ਇਲਾਵਾ ਇਨ੍ਹਾਂ ਖੇਡ ਮੇਲਿਆਂ ਅੰਦਰ ਰੱਜ ਕੇ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਖੇਡ ਮੇਲੇ ਤੋਂ ਬਾਅਦ ਉਸ ਸਥਾਨ 'ਤੇ ਪਈਆਂ ਖਾਲੀ ਬੋਤਲਾਂ ਜਾਂ ਹੋਰ ਨਸ਼ੇ ਲਈ ਵਰਤੇ ਜਾਂਦੇ ਵੱਖ-ਵੱਖ ਸਾਧਨ ਇਸ ਦੀ ਗਵਾਹੀ ਭਰਦੇ ਹਨ।
ਜੇਕਰ ਖੇਡਾਂ ਦੇ ਦੂਸਰੇ ਪੱਖ ਤੋਂ ਇਹ ਮੰਨ ਲਿਆ ਜਾਵੇ ਕਿ ਖੇਡਾਂ ਪੰਜਾਬੀਆਂ ਦੀ ਜਿੰਦ-ਜਾਨ ਹਨ, ਫਿਰ ਇਨ੍ਹਾਂ ਖੇਡਾਂ ਦੀ ਪ੍ਰਫੁੱਲਤਾ ਪੰਜਾਬ ਤੋਂ ਬਾਹਰ ਕੌਮੀ ਪੱਧਰ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਪੁੱਜਣ ਤੋਂ ਪਹਿਲਾਂ ਹੀ ਕਿਉਂ ਦਮ ਤੋੜ ਦਿੰਦੀ ਹੈ? ਜੇਕਰ ਬਾਹਰਲੇ ਮੁਲਕਾਂ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਵਲੋਂ ਖੇਡਾਂ ਵਿਚ ਵੱਡੇ-ਵੱਡੇ ਰਿਕਾਰਡ ਕਾਇਮ ਕੀਤੇ ਜਾਂਦੇ ਹਨ। ਏਸ਼ੀਆਈ ਅਤੇ ਉਲੰਪਿਕ ਖੇਡਾਂ ਵਿਚ ਵਿਦੇਸ਼ੀ ਖਿਡਾਰੀ ਵਿਸ਼ਵ ਰਿਕਾਰਡ ਆਪਣੇ ਨਾਂਅ ਕਰਦੇ ਹਨ, ਸੈਂਕੜਿਆਂ ਦੀ ਗਿਣਤੀ ਵਿਚ ਤਗਮੇ ਆਪਣੇ ਦੇਸ਼ ਲਈ ਜਿੱਤਦੇ ਹਨ, ਜਦੋਂ ਕਿ ਭਾਰਤ ਜੋ ਕਿ ਆਬਾਦੀ ਵਿਚ ਸਾਰੀ ਦੁਨੀਆ ਵਿਚ ਪਹਿਲੇ ਨੰਬਰ 'ਤੇ ਹੈ ਅਤੇ ਤਗਮੇ ਜਿੱਤਣ ਵਿਚ ਹਮੇਸ਼ਾ ਫਾਡੀ ਰਹਿੰਦਾ ਹੈ। ਖੇਡਾਂ ਵਿਚ ਨਾਮਣਾ ਖੱਟਣ ਵਾਲੇ ਦੇਸ਼ਾਂ ਵਿਚ ਆਪਣੇ ਵਰਗੇ ਪੇਂਡੂ ਖੇਡ ਮੇਲੇ ਨਹੀਂ ਹੁੰਦੇ, ਪਰ ਹਾਂ, ਟ੍ਰੇਨਿੰਗ ਕੈਂਪ ਜ਼ਰੂਰ ਲੱਗਦੇ ਹਨ, ਜਿੱਥੋਂ ਖਿਡਾਰੀ ਸਿੱਖਿਆ ਲੈ ਕੇ ਆਪਣੀ ਜੀਅਤੋੜ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਆਪਣੇ ਦੇਸ਼ ਲਈ ਕੁਝ ਕਰ ਗੁਜ਼ਰਦੇ ਹਨ ਅਤੇ ਉਹ ਦੇਸ਼ ਵੀ ਉਨ੍ਹਾਂ ਖਿਡਾਰੀਆਂ ਦੀ ਮਿਹਨਤ ਦਾ ਸਹੀ ਮੁੱਲ ਪਾਉਂਦੇ ਹਨ।
ਪ੍ਰਵਾਸੀ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੇ ਸੱਚਮੁੱਚ ਹੀ ਖੇਡਾਂ ਪ੍ਰਤੀ ਸਮਰਪਿਤ ਹੋਣਾ ਹੈ, ਤਾਂ ਚੰਗੇ ਖਿਡਾਰੀਆਂ ਨੂੰ ਖਾਸ ਟ੍ਰੇਨਿੰਗ ਦੇ ਕੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਲਈ ਭੇਜਿਆ ਜਾਵੇ, ਜਿਸ ਨਾਲ ਪੰਜਾਬ ਦਾ ਸਿਰ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਉੱਚਾ ਹੋਵੇ। ਅਸੀਂ ਇਧਰਲੇ ਲੋਕ ਵੀ ਹਰੇਕ ਪਿੰਡ ਵਿਚ ਖੇਡ ਮੇਲਾ (ਕਈ ਪਿੰਡਾਂ ਵਿਚ ਤਾਂ ਦੋ-ਦੋ ਖੇਡ ਮੇਲੇ ਹੁੰਦੇ ਹਨ) ਕਰਵਾ ਕੇ ਲੱਖਾਂ ਰੁਪਏ ਉਜਾੜ ਦਿੰਦੇ ਹਾਂ, ਜੋ ਕਿਸੇ ਵੀ ਅਰਥ ਨਹੀਂ ਲੱਗ ਰਹੇ। ਉਹੀ ਪੈਸਾ ਪਿੰਡਾਂ ਦੀ ਬਿਹਤਰੀ ਲਈ ਲਗਾਇਆ ਜਾਵੇ।
ਮੰਨਿਆ ਕਿ ਖੇਡਾਂ ਸਾਡੇ ਲਈ ਬਹੁਤ ਜ਼ਰੂਰੀ ਹਨ, ਪਰ ਖੇਡਾਂ ਲਈ ਸਾਨੂੰ ਦਿਲੋਂ ਸਮਰਪਿਤ ਹੋਣਾ ਪਵੇਗਾ, ਨਾ ਕਿ ਅਸੀਂ ਕੇਵਲ ਆਪਣਾ ਨਾਂਅ ਚਮਕਾਉਣ ਲਈ ਜਾਂ ਫੋਕੀ ਸ਼ੋਹਰਤ ਖੱਟਣ ਲਈ ਇਨ੍ਹਾਂ ਖੇਡਾਂ ਦੇ ਬਹਾਨੇ ਆਪਣੇ-ਆਪ ਨਾਲ, ਆਪਣੇ ਪੰਜਾਬ ਨਾਲ ਅਤੇ ਆਪਣੇ ਪੰਜਾਬ ਦੀ ਜਵਾਨੀ ਨਾਲ ਧੋਖਾ ਕਰੀਏ।

-ਕੋਟਲਾ ਸਮਸ਼ਪੁਰ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ। ਮੋਬਾ: 98558-82722

ਇਮਾਨਦਾਰੀ ਜ਼ਿੰਦਾ ਹੈ

ਉਪਰੋਕਤ ਸਿਰਲੇਖ ਹੇਠ ਛਪੀ ਖ਼ਬਰ ਪੜ੍ਹ ਕੇ ਅਜੀਬ ਜਿਹੀ ਮਨੋਸਥਿਤੀ ਪੈਦਾ ਹੋ ਗਈ। ਖ਼ਬਰ ਲੱਗੀ ਸੀ ਕਿ ਕਿਸੇ ਵਿਅਕਤੀ ਦਾ ਡਿੱਗਿਆ ਪਰਸ ਵਾਪਸ ਕਰ ਕੇ ਦਿਖਾਈ ਇਮਾਨਦਾਰੀ, ਪਰਸ ਵਾਪਸ ਕਰਨ ਵਾਲਾ ਅਤੇ ਪਰਸ ਗੁਆ ਦੇਣ ਵਾਲਾ ਦੋਵਾਂ ਦੀ ਤਸਵੀਰ ਵੀ ਨਾਲ ਛਪੀ ਸੀ। ਬਹੁਤ ਹੀ ਕਾਬਲੇ ਤਾਰੀਫ਼ ਗੱਲ ਹੈ ਕਿ ਕਿਸੇ ਦੀ ਅਮਾਨਤ ਉਸ ਨੂੰ ਵਾਪਸ ਕਰਨ ਵਾਲਾ ਵਿਅਕਤੀ ਬਹੁਤ ਹੀ ਚੰਗੀ ਸੋਚ ਰੱਖਣ ਵਾਲਾ ਵਾਕਿਆ ਹੀ ਸਨਮਾਨ ਦਾ ਹੱਕਦਾਰ ਹੈ। ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਵਿਚ ਇਮਾਨਦਾਰੀ ਦੀਆਂ ਉਦਾਹਰਨਾਂ ਸਾਨੂੰ ਇੰਜ ਅਖ਼ਬਾਰਾਂ ਵਿਚ ਹੀ ਮਿਲਿਆ ਕਰਨਗੀਆਂ ਜਾਂ ਅਜਿਹੀਆਂ ਮਿਸਾਲਾਂ ਸਿਰਫ਼ ਦੁਨੀਆ ਵਿਚ ਏਨੀਆਂ ਕੁ ਹੀ ਰਹਿ ਗਈਆਂ ਨੇ ਕਿ ਅਖ਼ਬਾਰਾਂ ਵਿਚ ਇਮਾਨਦਾਰੀ ਛਾਪਣ ਦੀ ਲੋੜ ਪੈ ਗਈ ਹੈ। ਸੋਚਣ ਦੀ ਲੋੜ ਹੈ ਕਿ ਕੀ ਸਾਡੇ ਸਮਾਜ ਵਿਚ ਕੁਝ ਕੁ ਲੋਕ ਹੀ ਇਮਾਨਦਾਰ ਬਚੇ ਹਨ? ਕਿਸੇ ਹੋਰ ਵਿਅਕਤੀ ਦੀ ਮਦਦ ਕਰਨ ਵਾਲਾ ਸਮਾਜ ਭਲਾਈ ਦੇ ਕੰਮ ਕਰਨ ਵਾਲਾ ਸਾਡਾ ਅੰਦਰਲਾ ਆਪਣਾ-ਆਪ ਕੀ ਮਰ ਚੁੱਕਾ ਹੈ? ਕਿਸੇ ਸਮੇਂ ਸਾਡਾ ਪੰਜਾਬ ਪ੍ਰਾਂਤ ਦੂਜਿਆਂ ਦੀ ਰਾਖੀ ਕਰਨ ਵਿਚ ਮੋਹਰੀ, ਮਜ਼ਲੂਮਾਂ ਦੇ ਹੱਕ ਲਈ ਆਪਣੀ ਜਾਨ ਕੁਰਬਾਨ ਕਰਨ ਵਾਲਾ, ਅਬਦਾਲੀ, ਨਾਦਰ ਸ਼ਾਹ ਵਰਗੇ ਦੂਜਿਆਂ ਦੇ ਹੱਕਾਂ 'ਤੇ ਡਾਕੇ ਮਾਰਨ ਵਾਲਿਆਂ ਤੋਂ ਬਚਾਉਣ ਵਾਲਾ ਰਿਹਾ ਹੈ। ਪਰ ਕੀ 'ਅੱਜ ਦਾ ਪੰਜਾਬ' ਉਨ੍ਹਾਂ ਦੇ ਹੀ ਰਾਹ 'ਤੇ ਤੁਰ ਪਿਆ ਹੈ?
ਅੱੱਜ ਦੂਜੇ ਦਾ ਹੱਕ ਖੋਹਣਾ ਜਾਂ ਕਿਸੇ ਦੂਜੇ ਦੀਆਂ ਚੀਜ਼ਾਂ 'ਤੇ ਡਾਕੇ ਮਾਰ ਕੇ ਆਪਣੇ-ਆਪ ਨੂੰ ਸਥਾਪਿਤ ਕਰਨ ਦੀ ਸੋਚ ਰੱਖਣ ਵਾਲਿਆਂ ਨੂੰ ਅਜਿਹੀਆਂ ਮਿਸਾਲਾਂ ਤੋਂ ਸਬਕ ਲੈਣਾ ਤਾਂ ਬਣਦਾ ਹੈ। ਅਖ਼ਬਾਰ ਦੀਆਂ ਖ਼ਬਰਾਂ ਇਕ ਸ਼ੀਸ਼ਾ ਬਣ ਕੇ ਇਨਸਾਨ ਦਾ ਪ੍ਰਤੀਬਿੰਬ ਵਿਖਾਉਣ ਲਈ ਉਸ ਦੇ ਦਿਮਾਗ 'ਤੇ ਇਕ ਚੋਟ ਤਾਂ ਕਰਦੀਆਂ ਹਨ ਕਿ ਤੂੰ ਵੀ ਅਜਿਹਾ ਚੰਗਾ ਕੰਮ ਕਰ ਕੇ ਵਿਖਾ ਕਿ ਤੇਰੀ ਤਸਵੀਰ ਵੀ ਦੁਨੀਆ ਦੇ ਸਾਹਮਣੇ ਛਾਪ ਕੇ, ਕਿਹਾ ਜਾ ਸਕੇ ਕਿ ਇਮਾਨਦਾਰ ਇਨਸਾਨ ਅਜੇ ਜ਼ਿੰਦਾ ਹੈ।

-33 ਚੈਪਿਸ ਕਰੇਸ, ਸਕਾਰਬਰੋ, ਕੈਨੇਡਾ। gaganjhinjar@gmail.com

ਆਟੋ-ਰਿਕਸ਼ਿਆਂ ਦੀ ਭਰਮਾਰ-ਚੁੱਪ ਬੈਠੀ ਸਰਕਾਰ

ਭਾਵੇਂ ਥੋੜ੍ਹੇ ਸਫ਼ਰ ਲਈ ਆਟੋ-ਰਿਕਸ਼ਾ ਦੀ ਸਵਾਰੀ ਲਈ ਇਹ ਕੁਝ ਸੁਖਦਾਈ ਹੋ ਸਕਦਾ ਹੈ ਕਿ ਕਿਤੇ ਵੀ ਨੇੜੇ ਜਾਣਾ ਹੋਵੇ ਤਾਂ ਆਟੋ ਦੀ ਸਹੂਲਤ ਕਾਫ਼ੀ ਲਾਹੇਵੰਦ ਹੁੰਦੀ ਹੈ। ਪਰ ਜੇ ਇਹ ਆਟੋ-ਰਿਕਸ਼ਾ ਇੰਨੇ ਵਧ ਜਾਣ ਕਿ ਸਭ ਰਸਤੇ ਇਨ੍ਹਾਂ ਨਾਲ ਹੀ ਭਰੇ ਹੋਣ ਤਾਂ ਕੁਦਰਤੀ ਗੱਲ ਹੈ ਕਿ ਹੋਰ ਮੁਸਾਫ਼ਰਾਂ ਲਈ ਇਹ ਆਟੋ ਦੁਖਦਾਈ ਸਿੱਧ ਹੁੰਦੇ ਹਨ ਅਤੇ ਆਮ ਮੁਸਾਫ਼ਰਾਂ ਲਈ ਔਖ ਪੈਦਾ ਕਰਦੇ ਹਨ। ਕਿਸੇ ਵੀ ਚੀਜ਼ ਦੀ ਬਹੁਤਾਤ ਮਨੁੱਖ ਨੂੰ ਲੈ ਡੁੱਬਦੀ ਹੈ। ਇਹੀ ਦੁਖਾਂਤ ਬਣਿਆ ਹੋਇਆ ਹੈ ਕਿ ਅੱਜਕਲ੍ਹ ਪੰਜਾਬ ਦੇ ਸ਼ਹਿਰਾਂ ਅਤੇ ਖਾਸ ਕਰਕੇ ਚੰਡੀਗੜ੍ਹ ਖੇਤਰ ਦਾ।
ਜੇ ਚੰਡੀਗੜ੍ਹ ਦੇ ਆਸ-ਪਾਸ, ਮੁਹਾਲੀ, ਪੰਚਕੂਲਾ, ਖਰੜ ਆਦਿ ਦੀ ਗੱਲ ਕਰੀਏ ਤਾਂ ਆਟੋ ਰਿਕਸ਼ਿਆਂ ਦੀ ਗਿਣਤੀ ਇੰਨੀ ਵਧ ਚੁੱਕੀ ਹੈ ਕਿ ਸਕੂਟਰਾਂ, ਸਾਈਕਲਾਂ ਅਤੇ ਕਾਰਾਂ ਵਾਲਿਆਂ ਨੂੰ ਤਾਂ ਰਸਤਾ ਮਿਲਦਾ ਹੀ ਨਹੀਂ ਹੈ। ਲੰਬੀਆਂ-ਲੰਬੀਆਂ ਲਾਈਨਾਂ ਵਿਚ ਚਲਦੇ ਆਟੋ ਰਿਕਸ਼ਿਆਂ ਨੂੰ ਆਮ ਦੇਖਿਆ ਜਾ ਸਕਦਾ ਹੈ। ਸਮਝ ਨਹੀਂ ਆਉਂਦੀ ਕਿ ਇੰਨੇ ਆਟੋ ਰਿਕਸ਼ਾ ਹੋਣ ਕਾਰਨ, ਆਟੋ ਚਾਲਕ ਵੀ ਕੀ ਕਮਾਈ ਕਰਦੇ ਹੋਣਗੇ? ਗੱਲ ਸਾਫ਼ ਹੈ ਕਿ ਉਨ੍ਹਾਂ ਦੀ ਕਮਾਈ ਵੀ ਦਿਨ ਪ੍ਰਤੀ ਦਿਨ ਘਟਦੀ ਹੀ ਜਾਂਦੀ ਹੈ। ਇਕ-ਇਕ ਸਵਾਰੀ ਕੋਲ ਚਾਰ-ਚਾਰ ਆਟੋ ਰਿਕਸ਼ਾ ਆ ਰੁਕਦੇ ਹਨ। ਸਭ ਤੋਂ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਆਟੋ ਚਲਾਉਣ ਵਾਲੇ ਰਸਤੇ ਵਿਚ ਹੀ ਸਵਾਰੀ ਦੇਖ ਬ੍ਰੇਕਾਂ ਲਗਾ ਦਿੰਦੇ ਹਨ, ਜਿਸ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਛੱਡ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਤਾਂ ਆਟੋ ਰਿਕਸ਼ਿਆਂ ਦੇ ਬੇਲਗਾਮ ਹੋਣ ਕਾਰਨ ਜਬਰ-ਜਨਾਹ ਵਰਗੀਆਂ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਦੀ ਬਹੁਤਾਤ ਹੋਰ ਨਵੇਂ-ਨਵੇਂ ਅਪਰਾਧਾਂ ਨੂੰ ਜਨਮ ਦਿੰਦੀ ਹੈ।
ਇਕ ਅੰਦਾਜ਼ੇ ਅਨੁਸਾਰ ਚੰਡੀਗੜ੍ਹ ਖੇਤਰ ਵਿਚ ਹੀ 40 ਹਜ਼ਾਰ ਤੋਂ ਵੱਧ ਆਟੋ ਚੱਲ ਰਹੇ ਹਨ। ਇਨ੍ਹਾਂ ਵਿਚ ਕਿੰਨੇ ਕੁ ਵੱਖ-ਵੱਖ ਰੂਟਾਂ ਲਈ ਪੰਜੀਕ੍ਰਿਤ ਹਨ, ਇਸ ਦਾ ਕੋਈ ਹਿਸਾਬ ਨਹੀਂ। ਕੀ ਇਨ੍ਹਾਂ ਦੀ ਬੇਲਗਾਮ ਵਧ ਰਹੀ ਗਿਣਤੀ ਦਾ ਸਰਕਾਰ ਵਲੋਂ ਕੋਈ ਕੰਟਰੋਲ ਹੈ ਜਾਂ ਨਹੀਂ? ਲੋਕਾਂ ਨੂੰ ਪਤਾ ਨਹੀਂ। ਚੰਡੀਗੜ੍ਹ ਵਾਂਗ ਹੀ ਹਾਲ ਹੈ ਪੰਜਾਬ ਦੇ ਬਾਕੀ ਸ਼ਹਿਰਾਂ ਦਾ। ਭਾਵੇਂ ਇਹ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਨਾਲ ਜੁੜਿਆ ਮਸਲਾ ਹੈ ਪਰ ਫਿਰ ਵੀ ਕੋਈ ਸਰਕਾਰੀ ਕੰਟਰੋਲ ਜਾਂ ਬੇਲਗਾਮੀ ਨੂੰ ਨੱਥ ਪਾਉਣ ਦੀ ਲੋੜ ਹੈ। ਸੁਣਨ ਵਿਚ ਤਾਂ ਇਹ ਵੀ ਆਉਂਦਾ ਹੈ ਕਿ ਕਈ ਮਾਲਕਾਂ ਦੇ ਦਰਜਨਾਂ ਆਟੋ ਚਲਦੇ ਹਨ ਅਤੇ ਸਰਕਾਰ ਵਲੋਂ ਕੋਈ ਠੋਸ ਨੀਤੀ ਨਹੀਂ ਅਪਣਾਈ ਜਾ ਰਹੀ।
ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸਰਕਾਰ ਇਨ੍ਹਾਂ ਆਟੋ ਰਿਕਸ਼ਿਆਂ ਦੀ ਬੇਲੋੜੀ ਬਹੁਤਾਤ ਨੂੰ ਕਾਬੂ ਕਰੇ ਅਤੇ ਹਰ ਇਲਾਕੇ ਵਿਚ ਲੋੜ ਅਨੁਸਾਰ ਆਟੋ ਹੀ ਚੱਲਣ। ਬੱਚਿਆਂ ਦੇ ਸਕੂਲ ਜਾਣ ਅਤੇ ਛੁੱਟੀ ਦੇ ਸਮੇਂ ਤਾਂ ਇਨ੍ਹਾਂ ਆਟੋ ਰਿਕਸ਼ਿਆਂ ਦੀ ਭੀੜ ਮੁਸੀਬਤ ਬਣ ਜਾਂਦੀ ਹੈ ਅਤੇ ਬਹੁਤ ਹੀ ਖ਼ਤਰਨਾਕ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਤਾਂ ਲੋੜ ਹੈ ਤੁਰੰਤ ਸਰਕਾਰੀ ਦਖ਼ਲ ਦੀ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ।
ਮੋਬਾ: 98764-52223

ਨਕਲ ਨੂੰ ਨਕੇਲ

ਨਕਲ ਨੂੰ ਨਕੇਲ ਪਾਉਣਾ ਇਸ ਵਾਰੀ ਵੀ ਇਕ ਵੱਡਾ ਮਸਲਾ ਹੈ। ਪ੍ਰੀਖਿਆ ਕੇਂਦਰ ਬਦਲੇ ਗਏ ਹਨ, ਕੋਈ ਵੀ ਵਿਦਿਆਰਥੀ ਹੁਣ ਆਪਣੇ ਸਕੂਲ ਵਿਚ ਪ੍ਰੀਖਿਆ ਨਹੀਂ ਦੇਵੇਗਾ, ਸਗੋਂ ਅਲਾਟ ਹੋਏ ਕਿਸੇ ਹੋਰ ਸਕੂਲ ਵਿਚ ਪੇਪਰ ਦੇਵੇਗਾ। ਨਕਲ ਰੋਕਣ ਲਈ ਕੀਤਾ ਇਹ ਯਤਨ ਕਿੰਨਾ ਕੁ ਸਾਰਥਿਕ ਸਿੱਧ ਹੁੰਦਾ ਹੈ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਫਿਲਹਾਲ ਇਸ ਰਣਨੀਤੀ ਨੇ ਇਕ ਵਾਰੀ ਤਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੋਰ ਵਧੇਰੇ ਮਿਹਨਤ ਕਰਨ ਤੇ ਕਰਵਾਉਣ ਲਈ ਮਜਬੂਰ ਕਰ ਦਿੱਤਾ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸ ਵਾਰ ਨਕਲ ਦਾ ਕੋਹੜ ਜੇਕਰ ਪੂਰੀ ਤਰ੍ਹਾਂ ਨਹੀਂ ਤਾਂ ਘੱਟੋ-ਘੱਟ ਬਹੁਤ ਵੱਡੀ ਹੱਦ ਤੱਕ ਘਟੇਗਾ। ਹੁਣ ਉਨ੍ਹਾਂ ਸਕੂਲਾਂ, ਅਕਾਦਮੀਆਂ ਜਾਂ ਹੋਰਨਾਂ ਸੰਸਥਾਵਾਂ ਦੀ ਹਾਲਤ ਵੀ ਘੋਖਣਯੋਗ ਹੈ, ਜੋ ਵਿਦਿਆਰਥੀਆਂ ਨੂੰ ਸ਼ਰਤੀਆ ਪਾਸ ਕਰਵਾਉਣ ਦੀਆਂ ਡੀਂਗਾਂ ਮਾਰਦੇ ਹਨ। ਇਸ ਵਿਚ ਕੋਈ ਵੀ ਦੋ ਰਾਵਾਂ ਨਹੀਂ ਹਨ ਕਿ ਬਹੁਤੇ ਨਲਾਇਕ ਵਿਦਿਆਰਥੀ ਨਕਲ ਦੇ ਪਸਾਰੇ ਕਰਕੇ ਹੀ ਚੰਗੇ ਨੰਬਰਾਂ ਨਾਲ ਪਾਸ ਕਰਵਾ ਦਿੱਤੇ ਜਾਂਦੇ ਹਨ। ਅਜਿਹਾ ਸਿਸਟਮ ਜਿੱਥੇ ਨਵੀਂ ਪੀੜ੍ਹੀ ਨੂੰ ਅਪਾਹਜ ਬਣਾ ਰਿਹਾ ਹੈ, ਉੱਥੇ ਸਿੱਖਿਆ ਪ੍ਰਣਾਲੀ ਦੇ ਪ੍ਰਬੰਧਕੀ ਢਾਂਚੇ ਵਿਚ ਭ੍ਰਿਸ਼ਟਾਚਾਰ ਵੀ ਫੈਲਾਅ ਚੁੱਕਾ ਹੈ। ਇਸ ਵਾਰ ਇਹ ਵੀ ਵੇਖਣਯੋਗ ਹੋਵੇਗਾ ਕਿ ਅਜਿਹੇ ਅਦਾਰਿਆਂ ਦੇ ਨਤੀਜੇ ਕਿੰਨੇ ਫੀਸਦੀ ਆਉਂਦੇ ਹਨ।
ਹੁਣ ਸਵਾਲ ਇਹ ਉਠਦਾ ਹੈ ਕਿ ਨਕਲ ਨੂੰ ਨਕੇਲ ਆਖਰ ਜ਼ਰੂਰੀ ਕਿਉਂ ਹੈ? ਅਤੇ ਕਿਉਂ ਇਸ ਨੂੰ ਰੋਕਣ ਲਈ ਇੰਨਾ ਜ਼ੋਰ ਲਾਉਣਾ ਪੈਂਦਾ ਹੈ? ਨਕਲ ਆਸਰੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵਿੱਦਿਆ ਗ੍ਰਹਿਣ ਕਰਨ ਦਾ ਅਸਲ ਮੰਤਵ ਕੀ ਹੈ? ਉਹ ਸਮਝ ਹੀ ਨਹੀਂ ਪਾਉਂਦੇ ਕਿ ਸਿਰਫ਼ ਸਰਟੀਫਿਕੇਟਾਂ 'ਤੇ ਵੱਧ ਨੰਬਰ ਹੋਣਾ ਉਨ੍ਹਾਂ ਨੂੰ ਸਫ਼ਲ ਨਹੀਂ ਬਣਾਵੇਗਾ, ਸਗੋਂ ਸਫ਼ਲਤਾ ਕਰੜੀ ਮਿਹਨਤ ਅਤੇ ਮਨ ਦੀ ਦ੍ਰਿੜ੍ਹਤਾ ਲੋਚਦੀ ਹੈ। ਪਰ ਨਕਲ ਕਰਨ ਵਾਲੇ ਵਿਦਿਆਰਥੀ ਦਾ ਸੁਭਾਅ ਇਹ ਹੋ ਜਾਂਦਾ ਹੈ ਕਿ ਉਹ ਹਰ ਕੰਮ ਵਿਚ, ਹਰ ਮੋੜ 'ਤੇ ਉਸ ਕੰਮ ਨੂੰ ਕਰਨ ਤੋਂ ਕੰਨੀਂ ਕਤਰਾਉਣ ਲੱਗ ਜਾਂਦਾ ਹੈ, ਜਿਸ ਨੇ ਉਸ ਦੀ ਜ਼ਿੰਦਗੀ ਦਾ ਕੁਝ ਮੁਹਾਂਦਰਾ ਸੰਵਾਰਨਾ ਹੁੰਦਾ ਹੈ। ਅਗਾਂਹ ਜਾ ਕੇ ਫਿਰ ਜਦ ਨੌਕਰੀਆਂ ਦੀ ਦੌੜ ਵਿਚ ਪਛੜਦੇ ਹਨ ਤਾਂ ਉਨ੍ਹਾਂ ਨੂੰ ਵਤਨੋਂ ਕੂਚ ਕਰਕੇ ਹੋਰ ਮੁਲਕ ਜਾ ਕੇ ਮਜ਼ਦੂਰੀ ਕਰਨਾ ਮੁਨਾਸਿਬ ਜਾਪਣ ਲੱਗ ਪੈਂਦਾ ਹੈ ਤੇ ਸਾਡਾ ਮੁਲਕ ਇਨ੍ਹਾਂ ਹੀ ਰੁਝਾਨਾਂ ਕਰਕੇ ਅੱਜ ਆਪਣੀ ਨਵੀਂ ਪੀੜ੍ਹੀ ਤੋਂ ਨਿਖੜਦਾ ਜਾ ਰਿਹਾ ਹੈ।
ਮਾਪੇ ਅਤੇ ਅਧਿਆਪਕ ਵਰਗ ਦੋਵਾਂ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਇਸ ਲਾਹਨਤ ਨੂੰ ਸ਼ਹਿ ਦੇ ਕੇ ਅਸੀਂ ਆਪਣੇ ਹੀ ਬੱਚਿਆਂ ਦੀਆਂ ਜੜ੍ਹਾਂ ਨੂੰ ਤੇਲ ਦੇ ਰਹੇ ਹਾਂ ਅਤੇ ਅਜਿਹਾ ਕਰਕੇ ਫਿਰ 'ਕੋਈ ਹਰਿਆ ਬੂਟ' ਰਹਿਣ ਦੀ ਆਸ-ਮੁਰਾਦ ਵੀ ਪਾਲਣੀ ਬੰਦ ਕਰਨੀ ਪਵੇਗੀ। ਕੀ ਅਸੀਂ ਇਸ ਵਰਤਾਰੇ ਲਈ ਤਿਆਰ ਹਾਂ? ਜ਼ਰਾ ਸੋਚਣ ਦੀ ਲੋੜ ਹੈ।
ਸਾਨੂੰ ਸਮਝਣਾ ਹੀ ਪਵੇਗਾ ਕਿ ਨਕਲ ਦਾ ਘੁਣ ਜਿੱਥੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਖੋਖਲਾ ਕਰ ਰਿਹਾ ਹੈ, ਉੱਥੇ ਨਾਲ ਹੀ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਬਲੀ ਵੀ ਚਾੜ੍ਹ ਰਿਹਾ ਹੈ। ਬਿਨਾਂ ਕਿਸੇ ਬੌਧਿਕ, ਰਾਜਸੀ, ਸਮਾਜਿਕ ਅਤੇ ਅਧਿਆਤਮਿਕ ਪੜ੍ਹਾਈ ਅਤੇ ਸਮਝ ਵਾਲੇ ਵਿਦਿਆਰਥੀ ਕਦੇ ਵੀ ਕਿਸੇ ਵੀ ਦੇਸ਼ ਜਾਂ ਕੌਮ ਦਾ ਸਰਮਾਇਆ ਨਹੀਂ ਬਣ ਸਕਦੇ। ਸੋ, ਸਾਡਾ ਇਹ ਸੱਚ ਸਮਝ ਕੇ ਅਹਿਦ ਕਰਨਾ ਸਮੇਂ ਦੀ ਲੋੜ ਹੈ ਕਿ ਅਸੀਂ ਨਕਲ ਦੇ ਕੋਹੜ ਨੂੰ ਜੜ੍ਹੋਂ ਵੱਢਾਂਗੇ ਅਤੇ ਆਪਣੀ ਨਵੀਂ ਪੀੜ੍ਹੀ ਨੂੰ ਚੰਗੀ ਸੇਧ ਦੇਵਾਂਗੇ।

-ਮੋਬਾ: 98725-59027

ਉਧਾਰ ਮੋੜਨ ਸਮੇਂ ਬਹਾਨੇਬਾਜ਼ੀ ਕਿਉਂ?

ਪੁਰਾਤਨ ਸਮਿਆਂ ਤੋਂ ਸਮਾਜ 'ਚ ਉਧਾਰ ਦੀ ਪਰੰਪਰਾ ਚਲਦੀ ਆ ਰਹੀ ਹੈ। ਪਰ ਉਸ ਸਮੇਂ ਲੋਕ ਕਹਿਣੀ ਤੇ ਕਰਨੀ ਦੇ ਪਰਪੱਕ ਹੁੰਦੇ ਸਨ। ਪਰ ਅੱਜ ਹਾਲਾਤ ਬਦਲ ਚੁੱਕੇ ਹਨ। ਜ਼ਿੰਦਗੀ 'ਚ ਵਿਅਕਤੀ ਨੂੰ ਇਕ-ਦੂਸਰੇ ਦੀ ਸਦਾ ਹੀ ਲੋੜ ਹੁੰਦੀ ਹੈ, ਕਿਉਂਕਿ ਇਕੱਲਾ ਵਿਅਕਤੀ ਕਦੇ ਵੱਡਾ ਨਹੀਂ ਹੁੰਦਾ। ਵਿਅਕਤੀ ਦੀਆਂ ਲੋੜਾਂ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਕਈ ਵਾਰ ਅਜਿਹਾ ਸਮਾਂ ਹੁੰਦਾ ਹੈ ਕਿ ਵਿਅਕਤੀ ਨੂੰ ਕਿਸੇ ਸਾਮਾਨ ਦੀ ਲੋੜ ਤਾਂ ਹੁੰਦੀ ਹੈ ਪਰ ਉਸ ਕੋਲ ਪੈਸਾ ਨਹੀਂ ਹੁੰਦਾ। ਅਜਿਹੇ ਮੌਕੇ ਬਣਾਇਆ ਵਿਸ਼ਵਾਸ ਕੰਮ ਆਉਂਦਾ ਹੈ ਤੇ ਵਿਅਕਤੀ ਦੁਕਾਨਦਾਰ ਨਾਲ ਉਧਾਰ ਕਰ ਲੈਂਦਾ ਹੈ। ਪਿਛਲੇ ਦਿਨੀਂ ਮੈਂ ਦੁਕਾਨ 'ਤੇ ਸਾਮਾਨ ਲੈਣ ਗਿਆ ਤੇ ਦੁਕਾਨਦਾਰ ਨੇ ਲਿਖ ਕੇ ਲਾਇਆ ਸੀ ਕਿ 'ਉਧਾਰ ਇਕ ਅਜਿਹਾ ਜਾਦੂ ਹੈ, ਜੇ ਅਸੀਂ ਕਰ ਲਿਆ, ਤੁਸੀਂ ਗਾਇਬ ਹੋ ਜਾਣਾ ਹੈ'। ਮੈਂ ਸੋਚ ਰਿਹਾ ਸੀ ਕਿ ਕੁਝ ਸ਼ਰਾਰਤੀ ਤੇ ਮਤਲਬਖੋਰੇ ਲੋਕਾਂ ਕਰਕੇ ਕਿਵੇਂ ਵਿਅਕਤੀ ਦਾ ਇਨਸਾਨੀਅਤ ਤੋਂ ਵਿਸ਼ਵਾਸ ਉੱਠ ਗਿਆ ਹੈ। ਉਧਾਰ ਕਈਆਂ ਦਾ ਸ਼ੌਕ ਤੇ ਕਈਆਂ ਦੀ ਮਜਬੂਰੀ ਹੁੰਦੀ ਹੈ। ਕਈ ਲੋਕ ਤਨਖਾਹ ਮਿਲਣ 'ਤੇ, ਕਈ ਪੈਨਸ਼ਨ ਆਉਣ 'ਤੇ ਅਤੇ ਕਈ ਹੋਰ ਕਿਸੇ ਪਾਸਿਓਂ ਪੈਸੇ ਮਿਲਣ 'ਤੇ ਦੁਕਾਨਦਾਰ ਦੇ ਪੈਸੇ ਦੇਣ ਦੇ ਨਾਲ ਧੰਨਵਾਦੀ ਵੀ ਹੁੰਦੇ ਹਨ। ਉਧਾਰ ਵਿਸ਼ਵਾਸ ਤੋਂ ਸ਼ੁਰੂ ਹੋ ਕੇ ਪਛਤਾਵੇ 'ਤੇ ਖ਼ਤਮ ਹੋ ਜਾਂਦਾ ਹੈ। ਸਮਝਣਾ ਚਾਹੀਦਾ ਹੈ ਕਿ ਦੁਕਾਨਦਾਰ ਨੇ ਸਾਡੇ ਨਾਲ ਉਧਾਰ ਕਰ ਕੇ ਕੋਈ ਗੁਨਾਹ ਨਹੀਂ ਕੀਤਾ, ਸਗੋਂ ਔਖੇ ਸਮੇਂ ਮਦਦ ਹੀ ਕੀਤੀ ਹੈ। ਵਿਸ਼ਵਾਸ ਜੇਕਰ ਇਕ ਵਾਰ ਟੁੱਟ ਜਾਵੇ ਤਾਂ ਕਦੇ ਦੁਬਾਰਾ ਨਹੀਂ ਬਣਦਾ। ਕਈ ਵਿਅਕਤੀ ਸਾਮਾਨ 'ਚ ਨੁਕਸ ਹੋਣ ਦੇ ਬਹਾਨੇ ਬਣਾ ਕੇ ਪੈਸੇ ਦੇਣ ਤੋਂ ਕਿਨਾਰਾ ਕਰ ਜਾਂਦੇ ਹਨ। ਅੰਤ ਦੁਖੀ ਹੋਇਆ ਵਿਅਕਤੀ ਗੇੜੇ ਮਾਰ-ਮਾਰ ਕੇ ਹਟ ਜਾਂਦਾ ਹੈ ਤੇ ਮਨ ਸਮਝਾ ਲੈਂਦਾ ਹੈ ਕਿ ਮਰਿਆ ਤੇ ਮੁਕਰਿਆ ਇਕ ਸਮਾਨ ਹੁੰਦਾ ਹੈ। ਕਈ ਵਾਰ ਕਿਸੇ ਕਾਰਨ ਵਿਅਕਤੀ ਦੀ ਮਜਬੂਰੀ ਵੀ ਹੋ ਜਾਂਦੀ ਹੈ ਤੇ ਸਮੇਂ ਸਿਰ ਪੈਸੇ ਨਹੀਂ ਦੇ ਪਾਉਂਦਾ ਤਾਂ ਅਸੀਂ ਆਪ ਜਾ ਕੇ ਮਜਬੂਰੀ ਦੱਸ ਆਈਏ, ਇਹ ਸਾਡਾ ਫਰਜ਼ ਬਣਦਾ ਹੈ। ਛੋਟੇ ਤੋਂ ਲੈ ਕੇ ਵੱਡੇ ਕਾਰੋਬਾਰ ਤੱਕ ਬਿਨਾਂ ਉਧਾਰ ਕੀਤਿਆਂ ਗੱਡੀ ਨਹੀਂ ਚਲਦੀ। ਕੁਝ ਚੰਗੇ ਵਿਵਹਾਰ ਵਾਲੇ ਤੇ ਇਮਾਨਦਾਰ ਵਿਅਕਤੀਆਂ ਦੇ ਸਹਾਰੇ ਹੀ ਦੁਕਾਨਦਾਰੀ ਤੇ ਕਾਰੋਬਾਰ ਚੱਲਦੇ ਹਨ, ਕਿਉਂਕਿ ਪੰਜੇ ਉਂਗਲਾਂ ਕਦੇ ਇਕਸਾਰ ਨਹੀਂ ਹੁੰਦੀਆਂ। ਜੇਕਰ ਇਹ ਰੁਕ ਜਾਵੇ ਤਾਂ ਆਰਥਿਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ। ਸੋ, ਕਦੇ ਵੀ ਅਜਿਹਾ ਕਰਮ ਨਾ ਕਮਾਈਏ ਕਿ ਸਾਨੂੰ ਨੀਵੀਂ ਪਾ ਕੇ ਤੁਰਨਾ ਪੈ ਜਾਵੇ।

-ਪਿੰਡ ਜਲਵੇੜਾ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ। ਮੋਬਾ: 75081-32699

ਚੁਗਲੀ, ਮਜਬੂਰੀ ਜਾਂ ਆਦਤ

ਚੁਗਲੀ ਕੀ ਹੈ? ਮੈਂ ਕਿਸੇ ਸੁਲਝੇ ਹੋਏ ਵਿਅਕਤੀ ਨੂੰ ਪੁੱਛਿਆ ਕਿ ਇਸ ਦੀ ਸ਼ੁਰੂਆਤ ਕਿਥੋਂ ਹੋਈ? ਉਨ੍ਹਾਂ ਵੀ ਅੱਗੋਂ ਹੱਸ ਕੇ ਕਿਹਾ ਕਿ ਸ਼ਾਇਦ ਸਾਡੀ ਜਦੋਂ ਦੀ ਹੋਂਦ ਸ਼ੁਰੂ ਹੋਈ ਹੈ, ਇਹ ਨਾਲ-ਨਾਲ ਹੀ ਚਲਦੀ ਆ ਰਹੀ ਹੈ। ਇਹ ਉਹ ਸ਼ੈਅ ਹੈ, ਜਿਸ ਤੋਂ ਕੋਈ ਬਚ ਨਹੀਂ ਸਕਿਆ, ਨਾ ਕਰਨ ਤੋਂ, ਨਾ ਕਰਵਾਉਣ ਤੋਂ, ਸ਼ਾਇਦ ਹੀ ਕੋਈ ਹੋਵੇ, ਜਿਸ ਨੇ ਕਦੇ ਕਿਸੇ ਦੀ ਗੱਲ ਨਾ ਕੀਤੀ ਹੋਵੇ। ਚੁਗਲੀ ਵੀ ਕਈ ਤਰ੍ਹਾਂ ਦੀ ਹੁੰਦੀ ਹੈ। ਔਰਤਾਂ ਦੇ ਨਾਲ-ਨਾਲ ਮਰਦ ਵੀ ਕਿਸੇ ਨਾ ਕਿਸੇ ਦੀ ਗੱਲ ਜ਼ਰੂਰ ਕਰਦੇ ਹਨ ਪਰ ਉਨ੍ਹਾਂ ਦਾ ਗੱਲ ਕਰਨ ਦਾ ਢੰਗ ਅਲੱਗ ਤਰੀਕੇ ਦਾ ਹੁੰਦਾ ਹੈ। ਚੁਗਲੀ ਸ਼ਾਇਦ ਸਾਡੀ ਮਜਬੂਰੀ ਹੋਵੇ ਜਾਂ ਆਦਤ। ਕਈ ਵਾਰ ਸਾਨੂੰ ਕੋਈ ਬਹੁਤ ਹੀ ਯਕੀਨ ਨਾਲ ਆਪਣੇ ਦਿਲ ਦੀ ਗੱਲ ਦੱਸਦਾ ਹੈ ਜਾਂ ਅਸੀਂ ਆਪਣਾ ਦੁੱਖ-ਸੁੱਖ ਆਪਣੇ ਢੰਗ ਨਾਲ ਕਿਸੇ ਅੱਗੇ ਰੱਖਦੇ ਹਾਂ ਜਾਂ ਕਈ ਵਾਰ ਅਸੀਂ ਆਪਣੀਆਂ ਗ਼ਲਤ-ਫਹਿਮੀਆਂ ਨਾਲ ਭਾਵੁਕ ਹੋ ਕੇ ਗੱਲ ਕਰ ਦਿੰਦੇ ਹਾਂ। ਜਦੋਂ ਉਹ ਗੱਲ ਅੱਗੇ ਤੀਜੇ ਕੋਲ ਪਹੁੰਚਦੀ ਹੈ, ਉਥੇ ਜਾ ਕੇ ਸੁਰ ਅਤੇ ਲੈ ਵਿਚ ਫਰਕ ਪੈ ਜਾਂਦਾ ਹੈ।
ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਕਦੇ ਕਿਸੇ ਦੀ ਗੱਲ ਨਹੀਂ ਕੀਤੀ। ਸੁਭਾਵਿਕ ਹੈ ਜਦੋਂ ਅਸੀਂ ਸਮਾਜ ਵਿਚ ਰਹਿੰਦੇ ਹਾਂ, ਕਿਤੇ ਨਾ ਕਿਤੇ, ਕੋਈ ਨਾ ਕੋਈ ਚਰਚਾ ਦਾ ਵਿਸ਼ਾ ਰਹਿੰਦਾ ਹੈ। ਸਭ ਨੂੰ ਖੁਸ਼ ਰੱਖਣਾ ਨਾਮੁਮਕਿਨ ਹੈ। ਪਰ ਸਾਨੂੰ ਚੰਗੇ ਕੰਮ ਸਮਾਜ ਤੇ ਦੇਸ਼ ਲਈ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਮਨ ਨੂੰ ਚੰਗਾ ਲੱਗੇ, ਜਿਸ ਨਾਲ ਇਕ ਚੰਗੀ ਸੇਧ ਮਿਲੇ, ਮਨ ਖੁਸ਼ ਹੋਵੇ, ਜਿਸ ਦੀ ਸਜ਼ਾ ਪਰਮਾਤਮਾ ਨਾ ਦੇਵੇ, ਜ਼ਰੂਰ ਕਰਨੇ ਚਾਹੀਦੇ ਹਨ। ਕੁਝ ਲੋਕ ਤੁਹਾਡੇ ਹਰ ਕੰਮ ਵਿਚ ਗ਼ਲਤੀ, ਟੋਕਾ-ਟਾਕੀ, ਵਿਰੋਧ ਕਰਨਗੇ। ਕਈ ਵਾਰ ਅਸੀਂ ਆਪਣਾ ਗੁੱਸਾ ਕਿਸੇ ਹੋਰ 'ਤੇ ਕੱਢਣ ਲਈ ਬੁਰੇ-ਭਲੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਸਾਡੇ ਬਜ਼ੁਰਗ ਕਹਿੰਦੇ ਸੀ ਚੁਗਲੀ ਕਹਿੰਦੀ, 'ਤੂੰ ਮੈਨੂੰ ਮੂੰਹ ਵਿਚੋਂ ਕੱਢ, ਮੈਂ ਤੈਨੂੰ ਪਿੰਡ ਵਿਚੋਂ ਕੱਢੂੰ।' ਪਰ ਜਿਥੇ ਅਸੀਂ ਰਿਸ਼ਤੇ ਬਣਾ ਕੇ ਰੱਖਣੇ ਹੁੰਦੇ, ਜਿਸ ਨਾਲ ਰਿਸ਼ਤਾ ਜੋੜ ਕੇ ਰੱਖਣਾ ਹੁੰਦਾ, ਉਥੇ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ। ਚੁਗਲੀ ਦਾ ਮਤਲਬ ਅਸਲ ਵਿਚ ਹੋਈ ਕਿਸੇ ਗੱਲ ਨੂੰ ਵਿਰੋਧ ਦੇ ਕੇ ਪੇਸ਼ ਕਰਨਾ, ਲੂਤੀ ਦਾ ਮਤਲਬ ਕਿਸੇ ਨੂੰ ਕਿਸੇ ਬਾਰੇ ਕੁਝ ਪਤਾ ਨਾ ਹੋਣਾ ਤੇ ਝੂਠਾ ਇਲਜ਼ਾਮ ਲੱਗਣਾ।
ਘਰਾਂ ਵਿਚ ਜੋ ਭੈਣ-ਭਰਾ, ਸੱਸ-ਸਹੁਰੇ ਦੇ ਰਿਸ਼ਤਿਆਂ ਵਿਚ ਜੋ ਦੂਰੀਆਂ ਆ ਰਹੀਆਂ ਹਨ, ਉਹ ਵੀ ਚੁਗਲੀ ਤੇ ਲੂਤੀ ਲਗਾਉਣ ਦੇ ਹੀ ਨਤੀਜੇ ਹਨ। ਕਿਉਂਕਿ ਸਾਡਾ ਕੋਮਲ ਮਨ ਗੱਲਾਂ ਵਿਚ ਆ ਕੇ ਕੁਝ ਸਮਾਂ ਖਰਾਬ ਜ਼ਰੂਰ ਹੁੰਦਾ ਹੈ ਪਰ ਸਾਡੇ ਚੰਗੇ ਕਰਮ, ਕਿਸੇ ਦੇ ਭਲੇ ਲਈ ਕੀਤੇ ਕੰਮ ਦੇ ਨਿਬੇੜੇ ਪਰਮਾਤਮਾ ਵਕਤ-ਵਕਤ 'ਤੇ ਜ਼ਰੂਰ ਕਰਦਾ ਹੈ। ਸਮਾਂ ਲਗਦਾ ਹੈ ਪਰ ਸੱਚ ਦੀ ਤੇ ਚੰਗੇ ਕਰਮਾਂ ਦੀ ਜਿੱਤ ਜ਼ਰੂਰ ਹੁੰਦੀ ਹੈ। ਪਰਮਾਤਮਾ ਸਭ ਦੇਖ ਰਿਹਾ, ਉਹ ਆਸ-ਪਾਸ ਹੈ। ਤੇ ਇਹ ਚੁਗਲੀ ਜਿਸ ਦਾ ਜਨਮ ਪਤਾ ਨਹੀਂ ਕਦੋਂ ਹੋਇਆ ਤੇ ਕਦੋਂ ਖ਼ਤਮ ਹੋਣਾ ਤੇ ਸ਼ਾਇਦ ਚਲਦਾ ਰਹਿਣਾ...।

-49, ਨਿਊ ਦਿਓਲ ਨਗਰ, ਨਕੋਦਰ ਰੋਡ, ਜਲੰਧਰ। ਮੋਬਾ: 84379-00582


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX