ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  1 day ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਵਿਅੰਗ

ਕਾਟੋ ਫ਼ੁੱਲਾਂ 'ਤੇ ਖੇਡਦੀ ਐ...

ਐਤਵਾਰ ਦੀ ਛੁੱਟੀ ਦਾ ਲਾਹਾ ਲੈਣ ਲਈ ਅੱਜ ਅਸੀਂ ਆਪਣੇ ਮਿੱਤਰਾਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕ ਲਿਆ ਸੀ।
'ਸੁਣਾਓ ਜੀ, ਪ੍ਰੋਫੈਸਰ ਸਾਹਿਬ ਕੀ ਹਾਲ ਨੇ?' ਸਭ ਤੋਂ ਪਹਿਲਾਂ ਅਸੀਂ ਪ੍ਰੋਫੈਸਰ ਵਿਨੇ ਸ਼ਰਮਾ ਦੇ ਘਰ ਚਲੇ ਗਏ ਸਾਂ।
'ਵੀਰ ਜੀ ਜੇ ਸੱਚ ਪੁੱਛੋਂ ਤਾਂ ਕੋਈ ਹਾਲ ਨਹੀਂ... ਬਹੁਤ ਹੀ ਮਾੜੇ ਦਿਨ ਲੰਘ ਰਹੇ ਐ...' ਪ੍ਰੋਫੈਸਰ ਸ਼ਰਮਾ ਜੀ ਨੇ ਇਕ ਲੰਮਾ ਹੌਕਾ ਲਿਆ ਸੀ।
'ਕਮਾਲ ਐ ਯਾਰ, ਦੋਹੇਂ ਜੀਅ ਤੁਸੀਂ ਸਰਕਾਰੀ ਕਾਲਜ ਵਿਚ ਪ੍ਰੋਫੈਸਰ ਲੱਗੇ ਹੋਏ ਓ। ਦੋਹਾਂ ਦੀ ਘੱਟੋ-ਘੱਟ ਦੋ ਲੱਖ ਰੁਪਏ ਤਨਖਾਹ ਹੋਊ। ਦੋ ਕਨਾਲਾਂ ਵਿਚ ਤੁਸੀਂ ਏ-ਕਲਾਸ ਕੋਠੀ ਪਾ ਰੱਖੀ ਐ। ਲੱਖਾਂ ਰੁਪਿਆ ਤੁਸੀਂ ਲੋਕਾਂ ਨੂੰ ਮੋਟੇ ਵਿਆਜ 'ਤੇ ਦੇ ਰੱਖਿਐ। ਦੋਹੇਂ ਜੀਅ ਤੁਸੀਂ ਵਾਧੂ ਟਿਊਸ਼ਨਾਂ ਪੜ੍ਹਾਉਂਦੇ ਓ। ਇਕੋ ਤੁਹਾਡਾ ਬੇਟਾ ਐ। ਉਹ ਵੀ ਬਿਲਕੁਲ ਤੁਹਾਡੇ ਵਰਗਾ ਕੰਜੂਸ... ਮੋਰੀ ਵਾਲਾ ਪੈਸਾ ਨਹੀਂ ਕਿਧਰੇ ਲਾਉਂਦਾ। ਫਿਰ ਵੀ ਤੁਸੀਂ ਮਰੂੰ-ਮਰੂੰ ਕਰੀ ਜਾ ਰਹੇ ਓ...।' ਅਸੀਂ ਪ੍ਰੋਫੈਸਰ ਸ਼ਰਮਾ ਜੀ ਦੇ ਰਵੱਈਏ ਤੋਂ ਬਹੁਤ ਹੈਰਾਨ ਸਾਂ।
'ਭਾਈ ਸਾਅਬ ਜੀ, ਜੇ ਸਾਡੀ ਆਮਦਨ ਹੈ ਤਾਂ ਖਰਚੇ ਵੀ ਬਹੁਤ ਨੇ। ਉਪਰੋਂ ਮਹਿੰਗਾਈ ਨੇ ਜਾਨ ਕੱਢ ਰੱਖੀ ਐ। ਹਰ ਚੀਜ਼ ਨੂੰ ਅੱਗ ਲੱਗੀ ਹੋਈ ਐ। ਨਾਲੇ ਟੈਕਸ ਦਾ ਪਤਾ ਕਿੰਨਾ ਪੈਂਦੈ... ਅੱਜ ਫਲਾਇੰਗ ਵਾਲਿਆਂ ਨੇ ਸਵੇਰੇ ਹੀ ਪੰਜ ਵਜੇ ਆ ਕੇ ਸਾਡੇ ਘਰੋਂ ਕੁੰਡੀ ਫੜ੍ਹ ਲਈ... ਬੜੀਆਂ ਮਿੰਨਤਾਂ ਕੀਤੀਆਂ ਅਸੀਂ ਉਨ੍ਹਾਂ ਦੀਆਂ। ਫਿਰ ਵੀ ਉਹ ਸਾਨੂੰ ਪੰਜਾਹ ਹਜ਼ਾਰ ਰੁਪੈ ਜੁਰਮਾਨਾ ਕਰ ਗਏ। ਤਾਹੀਂ ਹੁਣ ਏ.ਸੀ. ਤੋਂ ਬਿਨਾਂ ਬੈਠੇ ਹਾਂ। ਹੁਣ ਤਾਂ ਪੱਖਾ ਚਲਾਉਣ ਨੂੰ ਵੀ ਦਿਲ ਨਹੀਂ ਕਰਦਾ... ਬੜੇ ਦੁਖੀ ਹਾਂ ਯਾਰ। ਟਿਊਸ਼ਨਾਂ ਦਾ ਕੰਮ ਵੀ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਸਾਡੇ ਏਰੀਏ ਵਿਚ ਟਿਊਸ਼ਨਾਂ ਪੜ੍ਹਾਉਣ ਵਾਲੇ ਹੁਣ ਬਹੁਤ ਆ ਗਏ ਹਨ। ਆਹ ਰਿਸ਼ਤੇਦਾਰਾਂ ਨੇ ਅੱਡ ਲਹੂ ਪੀ ਰੱਖਿਐ। ਕਦੇ ਕੋਈ ਮੰਗਣ ਆ ਜਾਂਦੈ ਤੇ ਕਦੇ ਕੋਈ ਆ ਜਾਂਦੈ। ਹੁਣ ਤੂੰ ਹੀ ਦੱਸ ਅਸੀਂ ਕੀਹਦਾ-ਕੀਹਦਾ ਘਰ ਪੂਰਾ ਕਰੀਏ...' ਅਸੀਂ ਜਿੰਨਾਂ ਸਮਾਂ ਪ੍ਰੋਫੈਸਰ ਸਾਹਿਬ ਦੇ ਘਰ ਰਹੇ, ਉਨ੍ਹਾਂ ਦੇ ਮੂੰਹੋਂ ਇਕ ਵੀ ਗੱਲ ਖੁਸ਼ੀ ਵਾਲੀ ਨਹੀਂ ਸੁਣੀਂ। ਬੱਸ ਉਹ 'ਲੁੱਟੇ ਗਏ-ਪੁੱਟੇ ਗਏ' ਹੀ ਕਰਦੇ ਰਹੇ।
'ਸੰਧੂ ਸਾਹਿਬ ਜੀ, ਸੁਣਾਓ ਕੀ ਹਾਲ ਨੇ? ਅਸੀਂ ਹੁਣ ਆਪਣੇ ਮਿੱਤਰ ਸਤਿੰਦਰ ਸੰਧੂ ਦੇ ਘਰ ਆ ਗਏ ਸਾਂ।
'ਭਰਾ ਜੀ, ਬੱਸ ਟਾਈਮ ਲੰਘਾ ਰਹੇ ਹਾਂ ਜਿਵੇਂ ਵੀ ਲੰਘਦਾ।' ਸੰਧੂ ਸਾਹਿਬ ਦਾ ਚਿਹਰਾ ਵੀ ਉਤਰਿਆ ਹੋਇਆ ਜਾਪ ਰਿਹਾ ਸੀ।
'ਵਾਹ ਬਈ ਸੰਧੂ ਸਾਅਬ ਤੁਸੀਂ ਸੁੱਖ ਨਾਲ ਸੌ ਕਿੱਲੇ ਦੇ ਮਾਲਕ ਓ। ਤਿੰਨ ਪੈਟਰੋਲ ਪੰਪ ਚੱਲ ਰਹੇ ਐ ਤੁਹਾਡੇ। ਸ਼ਹਿਰ ਵਿਚ ਤੁਹਾਡੀ ਕਿੰਨੀ ਪ੍ਰਾਪਰਟੀ ਐ... ਇਹਦਾ ਕੋਈ ਹਿਸਾਬ ਹੀ ਨਹੀਂ ਹੈ। ਦੋਹੇਂ ਬੇਟੇ ਅਫ਼ਸਰ ਲੱਗੇ ਹੋਏ ਹਨ ਅਤੇ ਉਹ ਦੋਵੇਂ ਰੱਜੇ-ਪੁੱਜੇ ਘਰਾਂ ਵਿਚ ਵਿਆਹੇ ਹੋਏ ਐ। ਤੁਹਾਡੀ ਆਪਣੀ ਸਰਕਾਰ ਐ ਤੇ ਮੰਤਰੀ ਤੁਹਾਡਾ ਲੰਗੋਟੀਆ ਯਾਰ ਐ। ਸਾਰੇ ਇਲਾਕੇ ਵਿਚ ਤੁਹਾਡਾ ਪੂੁਰਾ ਨਾਂਅ ਚਲਦੈ। ਫਿਰ ਵੀ ਕਹਿ ਰਹੇ ਹੋ ਅਖੇ ਟਾਈਮ ਲੰਘਾ ਰਹੇ ਹਾਂ... ਥੋਡੇ ਮੂੰਹੋਂ ਇਹ ਸ਼ਬਦ ਜਚਦੇ ਨਹੀਂ ਸੰਧੂ ਸਾਅਬ।' ਸੰਧੂ ਸਾਹਿਬ ਦੇ ਬੋਲਾਂ ਤੋਂ ਅਸੀਂ ਭੋਰਾ ਵੀ ਸੰਤੁਸ਼ਟ ਨਹੀਂ ਸਾਂ।
'ਭਰਾ ਜੀ, ਇਹ ਤਾਂ ਮੈਨੂੰ ਪੁੱਛ ਕੇ ਵੇਖੋ ਪਈ ਮੈਂ ਕਿੰਨਾ ਔਖੈਂ... ਰਾਤ ਨੂੰ ਨੀਂਦ ਨਹੀਂ ਆਉਂਦੀ। ਉੱਲੂ ਵਾਂਗ ਆਸੇ-ਪਾਸੇ ਵੇਖਦਾ ਰਹਿੰਨੈ। ਜੇ ਲੱਪ ਗੋਲੀਆਂ ਖਾਂਦੇ ਹਾਂ ਫੇਰ ਭੋਰਾ ਨੀਂਦ ਆਉਂਦੀ ਐ। ਆਹ ਪਿਛਲੇ ਦਿਨੀਂ ਮੰਤਰੀ ਜੀ ਦਾ ਆਪਣੇ ਘਰ ਪ੍ਰੀਤੀ-ਭੋਜ ਸੀ। ਲੱਖ ਰੁਪਿਆ ਖ਼ਰਚ ਹੋ ਗਿਐ। ਪੁਲਿਸ ਅਫ਼ਸਰ ਹਰ ਰੋਜ਼ ਕੋਈ ਨਾ ਕੋਈ ਵਗਾਰ ਪਾਈ ਰੱਖਦੇ ਐ। ਐਤਕੀਂ ਮੰਤਰੀ ਜੀ ਨੂੰ ਸ਼ਰਾਬ ਦੇ ਠੇਕੇ ਦਿਵਾਉਣ ਦੀ ਸਿਫ਼ਾਰਸ਼ ਪਾਈ ਸੀ, ਉਹ ਟਾਲ-ਮਟੋਲ ਜਿਹੀ ਕਰ ਗਏ। ਰੇਤੇ ਵਾਲੀਆਂ ਖੱਡਾਂ ਵਿਚੋਂ ਐਤਕੀਂ ਕੋਈ ਬਹੁਤੀ ਕਮਾਈ ਨਹੀਂ ਹੋਈ। ਆਪਣੇ ਪਿੰਡ ਵਾਲੀ ਵੀਹ ਕਿੱਲੇ ਪੰਚਾਇਤੀ ਜ਼ਮੀਨ 'ਤੇ ਆਪਾਂ ਕਬਜ਼ਾ ਜਿਹਾ ਕਰਨਾ ਚਾਹੁੰਦੇ ਸੀ ਪਰ ਮੰਤਰੀ ਜੀ ਨੇ ਹੁੰਗਾਰਾ ਜਿਹਾ ਨਹੀਂ ਭਰਿਆ। ਪੈਟਰੋਲ ਪੰਪ ਵਾਲਾ ਧੰਦਾ ਵੀ ਹੁਣ ਕੋਈ ਬਹੁਤਾ ਲਾਹੇਵੰਦ ਨਹੀਂ ਰਿਹਾ। ਆਹ ਕਰਿੰਦੇ ਹੀ ਲੋਟ ਨਹੀਂ ਆਉਂਦੇ। ਜੇ ਧਿਆਨ ਜ਼ਰਾ ਏਧਰ-ਓਧਰ ਹੋ ਜੇ ਤਾਂ ਮਿੰਟਾਂ ਵਿਚ ਹੀ ਹੇਰਾ-ਫੇਰੀ ਕਰ ਜਾਂਦੇ ਐ। ਚਲੋ, ਕਿਵੇਂ ਨਾ ਕਿਵੇਂ ਟਾਈਮ ਨੂੰ ਧੱਕਾ ਦੇਈ ਜਾ ਰਹੇ ਹਾਂ ਭਰਾ ਮੇਰਿਆ...।' ਸਭ ਕੁਝ ਹੋਣ ਦੇ ਬਾਵਜੂਦ ਵੀ ਸੰਧੂ ਸਾਹਿਬ ਹੌਕੇ ਲਈ ਜਾ ਰਹੇ ਸਨ।
'ਬਾਂਸਲ ਸਾਹਿਬ ਦੀ ਗਰੇਟ... ਸੁਣਾਓ ਕਿਵੇਂ ਜ਼ਿੰਦਗੀ ਬਤੀਤ ਹੋ ਰਹੀ ਐ?' ਹੁਣ ਅਸੀਂ ਆਪਣੇ ਲੰਗੋਟੀਏ ਮਿੱਤਰ ਸ੍ਰੀ ਸਤੀਸ਼ ਬਾਂਸਲ ਐਡਵੋਕੇਟ ਦੀ ਕੋਠੀ ਆ ਬਿਰਾਜਮਾਨ ਹੋਏ ਸਾਂ।
'ਭਰਾਵਾ ਕੁਝ ਨਾ ਪੁੱਛ। ਹੁਣ ਤਾਂ ਦਿਲ ਇਉਂ ਕਰਦੈ ਕਿ ਸਭ ਕੁਝ ਛੱਡ-ਛਡਾ ਕੇ ਕਿਧਰੇ ਭੱਜ ਜਾਈਏ... ਦਿਲ ਉਪਰਾਮ ਹੋ ਗਿਐ ਏਸ ਜ਼ਿੰਦਗੀ ਤੋਂ...।' ਬਾਂਸਲ ਸਾਹਿਬ ਤਾਂ ਜ਼ਿੰਦਗੀ ਤੋਂ ਕੁਝ ਜ਼ਿਆਦਾ ਹੀ ਦੁਖੀ ਹੋ ਗਏ ਜਾਪਦੇ ਸਨ।
'ਲੈ ਕਰਤੀ ਗੱਲ... ਏਨੇ ਰੱਜੇ-ਪੁੱਜੇ ਘਰਾਣੇ ਨਾਲ ਤੁਹਾਡਾ ਸਬੰਧ ਐ। ਵਧੀਆ ਵਕਾਲਤ ਚਲਦੀ ਐ ਤੁਹਾਡੀ। ਆੜ੍ਹਤ ਦੀ ਦੁਕਾਨ ਤੁਹਾਡੀ ਪੂਰੀ ਇਲਾਕੇ ਵਿਚ ਮਸ਼ਹੂਰ ਐ। ਬੱਚੇ ਪੜ੍ਹੇ-ਲਿਖੇ ਹੋਏ ਹਨ। ਵੱਡਾ ਕਾਕਾ ਸਰਕਾਰੀ ਡਾਕਟਰ ਐ ਤੇ ਛੋਟਾ ਤੁਹਾਡੇ ਨਾਲ ਕਚਹਿਰੀਆਂ ਵਿਚ ਪ੍ਰੈਕਟਿਸ ਕਰਦੈ। ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਜ਼ਿੰਦਗੀ ਤੋਂ ਔਖੇ ਹੋ। ਹੋਰ ਜ਼ਿੰਦਗੀ ਤੋਂ ਤੁਸੀਂ ਕੀ ਵੜੇਵੇਂ ਭਾਲਦੇ ਓ?' ਅਸੀਂ ਬਾਂਸਲ ਸਾਹਿਬ ਦਾ ਉੱਤਰ ਸੁਣ ਕੇ ਖ਼ੁਦ ਪ੍ਰੇਸ਼ਾਨ ਹੋ ਗਏ ਸਾਂ।
'ਭਰਾ ਜੀ, ਅੱਜਕਲ੍ਹ ਵਕਾਲਤ ਵਿਚੋਂ ਕੱਢਣ-ਪਾਉਣ ਨੂੰ ਕੁਝ ਵੀ ਨਹੀਂ। ਹੁਣ ਪੇਂਡੂ ਲੋਕ ਸਿਆਣੇ ਹੋ ਗਏ ਐ। ਪਹਿਲੀ ਗੱਲ ਤਾਂ ਇਹ ਐ ਕਿ ਉਹ ਹੁਣ ਆਪਸ ਵਿਚ ਲੜਦੇ ਹੀ ਨਹੀਂ। ਜੇ ਕਿਤੇ ਲੜ ਵੀ ਪੈਣ ਤਾਂ ਨਿੱਕੇ-ਮੋਟੇ ਮਸਲੇ ਉਹ ਆਪਸ ਵਿਚ ਬਹਿ ਕੇ ਹੀ ਸੁਲਝਾ ਲੈਂਦੇ ਹਨ। ਹੁਣ ਅਦਾਲਤ ਵਿਚ ਜਿਵੇਂ ਜਾਂਦੇ ਹਾਂ, ਉਵੇਂ ਹੀ ਖਾਲੀ ਹੱਥ ਘਰ ਪਰਤ ਆਉਂਦੇ ਹਾਂ। ਆੜ੍ਹਤ ਵਾਲਾ ਕੰਮ ਵੀ ਅੱਜਕਲ੍ਹ ਫ਼ੇਲ੍ਹ ਐ। ਨਾਲੇ ਜੱਟ ਅੱਜਕਲ੍ਹ ਪੜ੍ਹ-ਲਿਖ ਗਏ ਐ। ਪਹਿਲਾਂ ਅਨਪੜ੍ਹ ਹੁੰਦੇ ਸੀ, ਜਿੱਥੇ ਮਰਜ਼ੀ 'ਗੂਠਾ ਲੁਆ ਲੈਂਦੇ ਸੀ। ਹੁਣ ਉਹ ਗੱਲਾਂ ਹੈਅ ਨੀ। ਵੱਡਾ ਬੇਟਾ ਸਰਕਾਰੀ ਡਾਕਟਰ ਐ। ਪਹਿਲਾਂ ਉਹ ਸਰਕਾਰੀ ਡਿਊਟੀ ਘੱਟ-ਵੱਧ ਹੀ ਜਾਂਦਾ ਸੀ ਤੇ ਪ੍ਰਾਈਵੇਟ ਪ੍ਰੈਕਟਿਸ ਕਰ ਕੇ ਚੰਗੀ ਮੋਟੀ ਕਮਾਈ ਕਰ ਲੈਂਦਾ ਸੀ। ਹੁਣ ਸਰਕਾਰ ਨੇ ਸਖ਼ਤੀ ਕਰ ਦਿੱਤੀ ਐ। ਹੁਣ ਉਸ ਨੂੰ ਮਜਬੂਰਨ ਦੂਰ-ਦੁਰਾਡੇ ਦੇ ਪਿੰਡਾਂ ਵਿਚ ਨੌਕਰੀ 'ਤੇ ਜਾਣਾ ਪੈਂਦੈ। ਨਾਲੇ ਭਕਾਈ ਕਰਦੈ ਤੇ ਨਾਲੇ ਪੈਟਰੋਲ ਫੂਕਦੈ। ਮਹਿੰਗਾਈ ਵੀ ਬਹੁਤ ਹੋ ਗਈ ਐ... ਹਰ ਚੀਜ਼ ਨੂੰ ਅੱਗ ਲੱਗੀ ਹੋਈ ਐ। ਉਤੋਂ ਟੈਕਸ ਵਾਲੇ ਛਾਪੇ ਮਾਰਦੇ ਫਿਰਦੇ ਐ। ਬਥੇਰਾ ਉਨ੍ਹਾਂ ਤੋਂ ਕਿਤਾਬਾਂ ਲੁਕੋ ਕੇ ਰੱਖੀਦੀਐਂ ਪਰ ਹਰ ਵਕਤ ਡਰ ਬਣਿਆ ਰਹਿੰਦੈ। ਕੀ ਪਤਾ ਕਦੋਂ ਛਾਪਾ ਮਾਰ ਅਗਲਾ-ਪਿਛਲਾ ਹਿਸਾਬ ਬਰੋਬਰ ਕਰ ਦੇਣ... ਹੁਣ ਤਾਂ ਯਾਰ ਸੱਚੀਂ ਜ਼ਿੰਦਗੀ ਤੋਂ ਔਖੇ ਹੋ ਗਏ ਹਾਂ।'
ਬਾਂਸਲ ਸਾਹਿਬ ਦੀਆਂ 'ਮਰ ਗਏ-ਖਪ ਗਏ' ਵਾਲੀਆਂ ਗੱਲਾਂ ਸੁਣ ਅਸੀਂ ਸੋਚਿਆ ਕਿ ਹੁਣ ਵਾਪਸ ਪਿੰਡ ਨੂੰ ਪਰਤਿਆ ਜਾਵੇ। ਜਦੋਂ ਅਸੀਂ ਵਾਪਸ ਘਰ ਪਰਤ ਰਹੇ ਸਾਂ ਤਾਂ ਸਾਡੇ ਪਿੰਡ ਦਾ ਰਿਕਸ਼ਾ-ਚਾਲਕ ਨਾਇਬ ਸਿੰਘ ਸਾਡੇ ਕੋਲ ਆ ਕੇ ਰੁਕ ਗਿਆ। ਅਸੀਂ ਤੁਰੰਤ ਉਸ ਦੇ ਰਿਕਸ਼ੇ 'ਤੇ ਬੈਠ ਬੱਸ-ਸਟੈਂਡ ਵੱਲ ਚੱਲ ਪਏ।
'ਸੁਣਾ ਬਾਈ ਨਾਇਬ ਸਿਹਾਂ, ਕੀ ਹਾਲ ਨੇ? ਕਾਰੋਬਾਰ ਦਾ ਕੀ ਹਾਲ ਐ? ਬਾਲ ਬੱਚੇ ਠੀਕ ਹਨ?' ਅਸੀਂ ਹੁਣ ਲਗਦੇ ਹੱਥ ਨਾਇਬ ਸਿੰਘ ਨੂੰ ਵੀ ਟੋਹ ਲੈਣਾ ਚਾਹੁੰਦੇ ਸਾਂ।
'ਬਾਈ ਜੀ, ਕਾਟੋ ਫ਼ੁੱਲਾਂ 'ਤੇ ਖੇਡਦੀ ਐ... ਸਵੇਰੇ ਪਿੰਡੋਂ ਬੱਸ ਚੜ੍ਹ ਕੇ ਸ਼ਹਿਰ ਆ ਜਾਂਦਾ ਹਾਂ ਤੇ ਆਥਣ ਨੂੰ ਸੌ-ਡੇਢ ਸੌ ਰੁਪਿਆ ਕਮਾ ਘਰ ਪਰਤ ਜਾਂਦਾ ਹਾਂ। ਬੱਚੇ ਢੋਲੇ ਦੀਆਂ ਲਾਉਂਦੇ ਹਨ ਤੇ ਪਿੰਡ ਦੇ ਸਰਕਾਰੀ ਸਕੂਲ ਵਿਚ ਵਧੀਆ ਪੜ੍ਹ ਰਹੇ ਹਨ। ਬਾਈ ਜੀ, ਜ਼ਿੰਦਗੀ ਬਹੁਤ ਵਧੀਆ ਬੀਤ ਰਹੀ ਐ... ਤਾਜ਼ਾ ਕਮਾਈਦਾ ਹੈ ਤੇ ਤਾਜ਼ਾ ਹੀ ਖਾਈਦਾ ਹੈ... ਕੋਈ ਡਰ ਵੀ ਨਹੀਂ, ਕੋਈ ਡੁੱਕਰ ਨਹੀਂ।'
ਨਾਇਬ ਸਿੰਘ ਦਾ ਉੱਤਰ ਸੁਣ ਸਾਡਾ ਮਨ ਬਹੁਤ ਖੁਸ਼ ਹੋ ਗਿਆ। ਅਸੀਂ ਰਿਕਸ਼ੇ 'ਤੇ ਬੈਠੇ ਸੋਚ ਰਹੇ ਸਾਂ ਕਿ ਰੱਜੇ-ਪੁੱਜੇ ਲੋਕ ਸਭ ਕੁਝ ਹੁੰਦਿਆਂ ਹੋਇਆਂ ਵੀ ਮਰੂੰ-ਮਰੂੰ ਕਰ ਆਪਣੀ ਜ਼ਿੰਦਗੀ ਨੂੰ ਨਰਕ ਬਣਾਈ ਬੈਠੇ ਹਨ ਤੇ ਇਹ ਕਿਰਤੀ ਪੁਰਸ਼ ਸੀਮਤ ਸਾਧਨਾਂ ਦੇ ਹੁੰਦਿਆਂ ਹੋਇਆਂ ਵੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣ ਰਿਹਾ ਹੈ। ਉਨ੍ਹਾਂ ਦੀ ਕਾਟੋ ਸਾਰੀਆਂ ਸਹੂਲਤਾਂ ਹੋਣ 'ਤੇ ਵੀ ਬੌਂਦਲੀ ਫਿਰਦੀ ਐ ਤੇ ਇਸ ਜ਼ਿੰਦਾ-ਦਿਲ ਭਰਾ ਦੀ ਕਾਟੋ ਫ਼ੁੱਲਾਂ 'ਤੇ ਖੇਡ ਰਹੀ ਐ।


-ਸੁਤੰਤਰਤਾ ਸੰਗਰਾਮੀ ਨਿਵਾਸ, ਅਬੋਹਰ ਰੋਡ, ਗਲੀ ਨੰਬਰ-12, ਸ੍ਰੀ ਮੁਕਤਸਰ ਸਾਹਿਬ-152026
ਮੋਬਾਈਲ - 94176-71364.


ਖ਼ਬਰ ਸ਼ੇਅਰ ਕਰੋ

ਹੰਕਾਰਿਆ ਸੋ ਮਾਰਿਆ

* ਹੰਕਾਰ ਨੂੰ ਘੁਮੰਡ, ਅਹਿਮ, ਅਭਿਮਾਨ, ਹੈਂਕੜ, ਹਉਮੈ, ਗ਼ਰੂਰ ਵੀ ਕਿਹਾ ਜਾਂਦਾ ਹੈ। ਆਪਣੇ-ਆਪ ਦੀ ਦੂਜਿਆਂ ਨਾਲ ਤੁਲਨਾ ਕਰ ਕੇ ਆਪਣੇ-ਆਪ ਨੂੰ ਉੱਚਾ, ਤਾਕਤਵਰ ਤੇ ਸ੍ਰੇਸ਼ਠ ਸਾਬਤ ਕਰਨ ਦੀ ਆਦਤ ਦਾ ਨਾਂਅ ਹੀ ਹੰਕਾਰ ਹੈ।
* ਆਮ ਤੌਰ 'ਤੇ ਇਹ ਸਮਝਿਆ ਜਾਂਦਾ ਹੈ ਕਿ ਜਿਸ ਨੂੰ ਆਪਣੀ ਆਲੋਚਨਾ ਸੁਣ ਕੇ ਦੁੱਖ ਮਹਿਸੂਸ ਹੁੰਦਾ ਹੈ, ਉਹ ਹੰਕਾਰੀ ਹੁੰਦਾ ਹੈ।
* ਇਕ ਅਹੁਦੇਦਾਰ ਦਾ ਆਪਣੇ ਅਹੁਦੇ ਨਾਲੋਂ ਵੱਡਾ ਬਣ ਬੈਠਣਾ ਵੀ ਗ਼ਰੂਰ ਦੀ ਨਿਸ਼ਾਨੀ ਹੈ।
* ਸਿਰਫ਼ ਤਿੰਨ ਸ਼ਬਦ ਭਾਵ ਹੰਕਾਰ, ਵਹਿਮ ਅਤੇ ਆਲਸ ਜ਼ਿੰਦਗੀ ਨੂੰ ਤਬਾਹ ਕਰਦੇ ਹਨ। ਹੰਕਾਰ ਹਮੇਸ਼ਾ ਦੂਜਿਆਂ ਨੂੰ ਮਾਪਦੰਡ ਬਣਾ ਕੇ ਚਲਦਾ ਹੈ।
* ਘੁਮੰਡ ਅਤੇ ਆਲਸ ਪੜ੍ਹਨ ਵਿਚ ਜਾਂ ਕੋਈ ਵੀ ਕੰਮ ਸਿੱਖਣ ਦੇ ਰਸਤੇ ਵਿਚ ਦੋ ਦੁਸ਼ਮਣ ਹਨ।
* ਗ਼ਲਤੀਆਂ ਵੀ ਅਭਿਮਾਨ (ਘੁਮੰਡ) ਕਰਨ ਵਾਲਾ ਪਰਮ ਅਗਿਆਨੀ ਹੁੰਦਾ ਹੈ।
* ਹੰਕਾਰ ਪਤਨ ਦਾ ਆਧਾਰ ਹੈ ਤੇ ਦੁਰਗੁਣ ਦੀ ਨਿਸ਼ਾਨੀ ਹੈ।
* ਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ, ਇਸ ਲਈ ਵਿਦਵਾਨੀ ਤੇ ਘੁਮੰਡ ਕਰਨਾ ਫਜ਼ੂਲ ਹੈ।
* ਹੰਕਾਰ ਅਗਿਆਨਤਾ ਤੋਂ ਇਲਾਵਾ ਹੋਰ ਕੁਝ ਨਹੀਂ। ਹੰਕਾਰ ਮਨੁੱਖੀ ਸੁੰਦਰਤਾ ਦਾ ਨਾਸ਼ ਕਰਦਾ ਹੈ। ਜਿਸ ਬੰਦੇ ਨੂੰ ਹੋਸ਼ ਹੈ, ਉਹ ਕਦੇ ਹੰਕਾਰ ਨਹੀਂ ਕਰਦਾ।
* ਹੰਕਾਰ ਇਕ ਦੀਰਘ ਰੋਗ ਹੈ। ਹੰਕਾਰ ਬਰਬਾਦੀ ਦਾ ਬੂਹਾ ਹੈ। ਮਹਾਨ ਗ਼ਲਤੀਆਂ ਦੀ ਤਹਿ ਵਿਚ ਹੰਕਾਰ ਹੁੰਦਾ ਹੈ। ਅਭਿਮਾਨ ਜਾਂ ਘੁਮੰਡ ਨੂੰ ਤਿਆਗਣ ਨਾਲ ਆਦਮੀ ਸਭ ਦਾ ਹਰਮਨ ਪਿਆਰਾ ਬਣ ਜਾਂਦਾ ਹੈ।
* ਹੰਕਾਰ ਛੱਡੇ ਬਗ਼ੈਰ ਸੱਚਾ ਪ੍ਰੇਮ ਨਹੀਂ ਕੀਤਾ ਜਾ ਸਕਦਾ। ਅੱਛਾਈ ਅੱਛੀ ਹੈ ਲੇਕਿਨ ਉਸ ਦਾ ਅਭਿਮਾਨ (ਘੁਮੰਡ) ਚੰਗੀ ਗੱਲ ਨਹੀਂ।
* ਬੰਦਾ ਕਿੰਨਾ ਅਜੀਬ ਹੈ ਕਿ ਉਸ ਨੂੰ ਆਪਣੇ ਗਿਆਨ ਦਾ ਘੁਮੰਡ ਹੁੰਦਾ ਹੈ, ਪਰ ਆਪਣੇ ਘੁਮੰਡ ਦਾ ਗਿਆਨ ਨਹੀਂ ਹੁੰਦਾ।
* ਵਿਖਾਵਾ ਤੇ ਹੰਕਾਰ ਪੱਕੇ ਮਿੱਤਰ ਹਨ। ਜਿਥੇ ਇਹ ਦੋਵੇਂ ਹੋਣ, ਉਥੇ ਤਬਾਹੀ ਲਾਜ਼ਮੀ ਹੈ।
* ਵੱਡਾ ਬਣਨ ਦੇ ਯਤਨ ਕਰੋ ਨਾ ਕਿ ਵੱਡਾ ਦਿਸਣ ਦੇ।
* ਸ਼ਿਅਰ :-
ਜਹਾਂ ਤਕ ਪੰਖ ਜਾਏਂ, ਉੜ ਕਰ ਸ਼ੌਕ ਸੇ ਜਾਓ,
ਮਗਰ ਪੈਰੋਂ ਕੇ ਨੀਚੇ ਕੀ ਜ਼ਮੀਨ ਹੀ ਕਾਮ ਆਏਗੀ।
* ਹੰਕਾਰੀ (ਘੁਮੰਡੀ) ਅਤੇ ਅਤਿਆਚਾਰੀ ਤੋਂ ਵਧ ਕੇ ਅਭਾਗਾ ਹੋਰ ਕੋਈ ਨਹੀਂ ਹੁੰਦਾ ਕਿਉਂਕਿ ਮੁਸ਼ਕਿਲ ਸਮੇਂ ਉਸ ਦਾ ਕੋਈ ਨਹੀਂ ਹੁੰਦਾ। ਹੰਕਾਰ ਸਮਾਪਤ ਹੁੰਦਿਆਂ ਹੀ ਇੱਜ਼ਤ ਮਿਲਣੀ ਸ਼ੁਰੂ ਹੋ ਜਾਂਦੀ ਹੈ।
* ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੀ ਬਹੁਤਾਤ ਮਾੜੀ ਹੁੰਦੀ ਹੈ।
* ਉੱਚੀ ਬੋਲਣਾ ਹਊਮੈ ਅਤੇ ਹੋਛੇਪਨ ਦੀਆਂ ਨਿਸ਼ਾਨੀਆਂ ਹਨ। ਘੱਟ ਬੋਲਣਾ, ਧੀਰਜ ਰੱਖਣਾ, ਸਿਹਤਮੰਦ ਅਤੇ ਰੱਜੇ-ਪੁੱਜੇ ਵਿਅਕਤੀ ਦੀਆਂ ਖ਼ੂਬੀਆਂ ਹਨ। ਚੁੱਪ ਦੀ ਸਥਿਤੀ ਵਿਚ ਸਾਡਾ ਹੰਕਾਰ ਖ਼ਤਮ ਹੋ ਜਾਂਦਾ ਹੈ।
* ਆਪਣੇ ਸਾਹਮਣੇ ਹੋਰਾਂ ਨੂੰ ਹੀਣ (ਛੋਟਾ) ਮੰਨਣਾ ਹੰਕਾਰੀ ਬੰਦੇ ਦੀ ਨਿਸ਼ਾਨੀ ਹੈ।
* ਲੋਭੀ ਨੂੰ ਧਨ ਨਾਲ, ਘੁਮੰਡੀ ਨੂੰ ਹੱਥ ਜੋੜ ਕੇ, ਮੂਰਖ ਨਾਲ ਉਸ ਵਰਗਾ ਹੀ ਵਰਤਾਓ ਕਰ ਕੇ ਵੱਸ ਵਿਚ ਕਰਨਾ ਚਾਹੀਦਾ ਹੈ।
* ਘੁਮੰਡ ਵਿਚ ਆ ਕੇ ਕਦੇ ਵੀ ਆਪਣਾ ਸਿਰ ਉੱਚਾ ਨਾ ਉਠਾਓ। ਹਮੇਸ਼ਾ ਯਾਦ ਰੱਖੋ ਕਿ ਗੋਲਡ ਮੈਡਲ ਦੇ ਜੇਤੂ ਨੂੰ ਵੀ ਆਪਣਾ ਮੈਡਲ ਹਾਸਲ ਕਰਨ ਲਈ ਆਪਣਾ ਸਿਰ ਨੀਵਾਂ ਕਰਨਾ ਪੈਂਦਾ ਹੈ।
* ਆਪਣਾ ਤੇ ਆਪਣੀ ਪੁਜ਼ੀਸ਼ਨ ਦਾ ਕਦੇ ਵੀ ਘੁਮੰਡ ਨਹੀਂ ਕਰਨਾ ਚਾਹੀਦਾ ਕਿਉਂਕਿ ਚੈੱਸ ਦੀ ਖੇਡ ਤੋਂ ਬਾਅਦ 'ਕਿੰਗ' ਅਤੇ 'ਸੋਲਰਜ਼' ਇਕੋ ਹੀ ਬਾਕਸ ਵਿਚ ਜਾਂਦੇ ਹਨ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਬੁੱਤਾਂ ਦੀਆਂ ਬਾਤਾਂ

ਬੁੱਤ!
ਹੈਨ ਕੀ?
ਅਸੀਂ ਸਭੇ ਮਨੁੱਖ 'ਰੱਬ' ਦੇ ਘੜੇ ਹੋਏ ਬੁੱਤ ਹਾਂ ਤੇ ਜਿਹੜੇ ਸਾਡੇ ਦੇਸ਼ਾਂ 'ਚ ਸ਼ਹਿਰਾਂ ਦੇ ਚੌਕਾਂ ਵਿਚ, ਵਿਸ਼ੇਸ਼-ਵਿਸ਼ੇਸ਼ ਇਮਾਰਤਾਂ ਦੇ ਬਾਹਰ ਵਿਸ਼ੇਸ਼ਤਮ ਯਾਦਗਾਰਾਂ ਦੇ ਬਾਹਰ ਬੁੱਤ ਲੱਗੇ ਹੁੰਦੇ ਹਨ, ਉਹ ਮਨੁੱਖ ਦੇ ਹੱਥਾਂ ਦਾ ਕਮਾਲ ਹੈ। ਰੱਬ ਹੱਡ-ਮਾਸ ਦੇ ਬੁੱਤ ਸਿਰਜਦਾ ਹੈ ਤੇ ਹੱਡਾਂ ਤੇ ਮਾਸਾਂ ਮਨੁੱਖ ਪੱਥਰਾਂ ਦੇ, ਲਾਖ ਦੇ, ਮਿੱਟੀ ਦੇ, ਸੋਨੇ ਦੇ, ਹਾਥੀ-ਦੰਦ ਦੇ 'ਬੁੱਤ' ਘੜਦਾ ਹੈ।
ਦੋਵੇਂ ਰੱਬ ਤੇ ਮਨੁੱਖ ਕਮਾਲ ਦੇ ਕਾਰੀਗਰ ਹਨ। ਫਰਕ ਕੀ ਹੈ?
ਰੱਬ ਤਾਂ ਜਿਹੜੇ ਮਨੁੱਖ ਘੜਦਾ ਹੈ, ਉਨ੍ਹਾਂ 'ਚ ਜਾਨ ਪਾ ਦਿੰਦਾ ਹੈ ਤੇ ਉਹ ਮਨੁੱਖ ਹੱਸਦੇ ਹਨ, ਰੋਂਦੇ ਹਨ, ਨੱਚਦੇ-ਟੱਪਦੇ ਹਨ, ਦੁੱਖ-ਸੁੱਖ ਸਹਿੰਦੇ ਹਨ, ਰੋਟੀ ਵੀ ਖਾਂਦੇ ਹਨ, ਰੁਜ਼ਗਾਰ ਲਈ ਮਿਹਨਤ ਮੁਸ਼ਕੱਤ ਵੀ ਕਰਦੇ ਹਨ, ਜਿਊਂਦੇ-ਮਰਦੇ ਵੀ ਹਨ, ਆਪਣੀ ਉਮਰ ਲੰਘਾ ਕੇ, ਕਈਆਂ ਦੇ ਨਹੀਂ ਸਭਨਾਂ ਦੇ ਮਰ ਵੀ ਜਾਂਦੇ ਹਨ।
ਪਰ, ਜਿਹੜੇ ਬੁੱਤ ਮਨੁੱਖ ਘੜਦਾ ਹੈ, ਉਹ ਸਭ ਬੇਜਾਨ ਧਾਤਾਂ ਤੇ ਆਪਣੀ ਸਿਰਜਣ ਕਲਾ ਨਾਲ ਸਿਰਜਦਾ ਹੈ, ਪਰ ਉਨ੍ਹਾਂ 'ਚ ਉਹ ਜਾਨ ਨਹੀਂ ਪਾ ਸਕਦਾ, ਉਹ ਨਿਰਜੀਵ ਹੁੰਦੇ ਹਨ, ਉਨ੍ਹਾਂ ਨੂੰ ਇਕੋ ਥਾਂ 'ਤੇ ਖੜ੍ਹਿਆਂ ਕਰ ਦਿੱਤਾ ਜਾਂਦਾ ਹੈ ਜਾਂ ਆਦਰ ਭਾਵ ਨਾਲ ਫਿਕਸ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਚਿਹਰਿਆਂ ਜਿਹੜੀ ਵੀ ਭਾਵ ਉੱਕਰ ਦਿੱਤੀ, ਉਹ ਸਦਾ-ਸਦਾ ਲਈ ਫਿਕਸ ਹੋ ਜਾਂਦੀ ਹੈ। ਜੇ ਮੁਸਕਰਾਹਟ ਹੈ ਤਾਂ ਅਜ਼ਲ ਤਾਈਂ ਮੁਸਕਰਾਉਂਦਾ ਹੀ ਦਿਸੇਗਾ, ਜੇ ਗੁੱਸੇ 'ਚ ਹੈ ਤਾਂ ਤਾ-ਕਯਾਮਤ ਉਹੀਓ ਗੁੱਸਾ ਨਾ ਘੱਟ ਨਾ ਵੱਧ ਉਸੇ ਤਰ੍ਹਾਂ ਬਰਕਰਾਰ ਰਹੇਗਾ।
ਰੱਬ ਦੇ ਬੰਦਿਆਂ ਨੇ ਮਨੁੱਖਾਂ ਦੇ 'ਬੁੱਤ' ਸਿਰਜੇ ਹਨ, ਮਨੁੱਖ ਨੇ ਖਾਸ ਕਰਕੇ ਰੱਬ ਦੇ ਸਰੂਪਾਂ ਦੇ ਬੁੱਤ ਘੜੇ ਹਨ। ਇਹ ਬੁੱਤ ਧਰਮ ਅਸਥਾਨਾਂ ਵਿਚ, ਗੁਫ਼ਾਵਾਂ ਵਿਚ ਸਿਰਜੇ ਗਏ ਹਨ, ਉਥੇ ਹੀ ਸੁਭਾਇਮਾਨ ਹਨ, ਇਹ ਜਿਨ੍ਹਾਂ-ਜਿਨ੍ਹਾਂ ਦੇ ਇਸ਼ਟ ਹਨ, ਉਥੇ-ਉਥੇ ਇਨ੍ਹਾਂ ਨੂੰ ਨੁਹਾਇਆ-ਸਜਾਇਆ ਜਾਂਦਾ ਹੈ। ਗਲਾਂ 'ਚ ਹਾਰ ਪਾਏ ਜਾਂਦੇ ਹਨ, ਦੁੱਧ ਨਾਲ ਅਭਿਸ਼ੇਕ ਕੀਤੇ ਜਾਂਦੇ ਹਨ। ਇਨ੍ਹਾਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਮੁਰਾਦਾਂ ਮੰਗੀਆਂ ਜਾਂਦੀਆਂ ਹਨ। ਜਿਨ੍ਹਾਂ ਮਨੁੱਖਾਂ ਦੇ ਅਕਸ, ਨਕਸ਼, ਪਹਿਰਾਵੇ ਦੀ ਬਿਲਕੁਲ ਕਾਪੀ ਕਰਦੇ ਇਹ ਜਾਨ-ਹੀਣ ਬੁੱਤ ਘੜੇ ਜਾਂਦੇ ਹਨ, ਉਹ ਅਕਸਰ ਵੱਡੇ-ਵੱਡੇ ਲੀਡਰਾਂ ਦੇ ਹੀ ਹੁੰਦੇ ਹਨ, ਫਿਲਾਸਫਰਾਂ ਦੇ ਜਾਂ ਜਿਨ੍ਹਾਂ ਨੇ ਕੋਈ ਕ੍ਰਾਂਤੀ, ਬੇਜੋੜ ਕੰਮ ਕੀਤਾ ਹੋਵੇ ਜਾਂ ਕੋਈ ਇਸ ਧਰਤੀ 'ਤੇ ਵਿਚਰਦੀ ਲੋਕਾਈ ਨੂੰ ਜੀਵਨ-ਜਾਚ ਦੀ ਕੋਈ ਨਾਮੀ ਵੱਖਰੀ ਸੇਧ ਦਿੱਤੀ ਹੋਵੇ।
ਬੰਦਾ, ਬੰਦੇ ਦਾ ਵੈਰੀ ਹੁੰਦਾ ਹੈ ਪਰ ਬੁੱਤ ਕਦੇ ਵੀ ਬੁੱਤਾਂ ਦੇ ਵੈਰੀ ਨਹੀਂ ਹੁੰਦੇ। ਨਾ ਜੀ ਨਾ... ਬੁੱਤ ਤਾਂ ਆਪਣੀ ਥਾਂ ਤੋਂ ਹਿੱਲ ਨਹੀਂ ਸਕਦੇ, ਬੰਦਾ ਜ਼ਰੂਰ ਉਨ੍ਹਾਂ ਦਾ ਵੈਰੀ ਬਣ ਜਾਂਦਾ ਹੈ।
ਇਸੇ ਮਹੀਨੇ ਤ੍ਰਿਪੁਰਾ 'ਚ ਸਰਕਾਰ ਬਦਲੀ, ਉਥੇ ਲੈਨਿਨ ਦਾ ਬੁੱਤ ਕਈ ਸਾਲਾਂ ਤੋਂ ਆਪਣੀ ਥਾਂ 'ਤੇ ਟਿਕਿਆ, ਸੁਭਾਇਮਾਨ ਸੀ ਪਰ ਵਿਰੋਧੀ ਪਾਰਟੀ ਵਾਲਿਆਂ ਨੇ ਜਾ ਕੇ ਵਿਲਾਦੀਮੀਰ ਲੈਨਿਨ ਦਾ ਬੁੱਤ ਬਿਲਕੁਲ ਉਸੇ ਘਿਰਣਾ, ਦਵੇਸ਼ ਨਾਲ ਜਿਵੇਂ ਅਫ਼ਗਾਨਿਸਤਾਨ 'ਚ ਬਨਿਆਨ ਵਿਖੇ ਪਹਾੜ 'ਚ ਘੜੇ ਮਹਾਤਮਾ ਬੁੱਧ ਦੇ ਬੁੱਤ ਨੂੰ ਤੋਪ ਦੇ ਗੋਲੇ ਦਾਗ਼ ਕੇ ਉਡਾ ਦਿੱਤਾ ਗਿਆ ਸੀ ਜਾਂ ਇਰਾਕ 'ਚ ਸੱਦਾਮ ਹੁਸੈਨ ਦੇ ਬੁੱਤ ਨੂੰ, ਉਹਦੇ ਗਲ 'ਚ ਰੱਸੀ ਪਾ ਕੇ ਇਕ ਵੱਡੀ ਕਰੇਨ ਨਾਲ ਧੂਹ ਕੇ ਜ਼ਮੀਨ 'ਤੇ ਸੁੱਟ ਦਿੱਤਾ ਸੀ।
ਬੁੱਤਾਂ ਨੂੰ ਪੀੜ ਨਹੀਂ ਹੁੰਦੀ, ਪੀੜ ਤਾਂ ਉਨ੍ਹਾਂ ਦੇ ਪੈਰੋਕਾਰਾਂ ਨੂੰ ਹੁੰਦੀ ਹੈ।
ਕਿੰਨਾ ਪਿਆਰਾ ਸੰਦੇਸ਼ ਸੀ :
ਆਓ ਦਿਲਾਂ ਨੂੰ ਜੋੜੀਏ।
ਕਿੰਨੀ ਭੈੜੀ ਪਿਰਤ ਪਈ:
ਆਓ ਬੁੱਤਾਂ ਨੂੰ ਤੋੜੀਏ।
ਹਵਾ ਵਗ ਪਈ, ਇਕ ਸ਼ਹਿਰ 'ਚ ਦੂਜੇ ਦਿਨ ਹੀ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਹੁਮਰਤੀ ਕੀਤੀ ਗਈ, ਉਹਦਾ ਚਸ਼ਮਾ ਤਾਂ ਪਤਾ ਨਹੀਂ ਕਿਥੇ ਸੁੱਟ ਦਿੱਤਾ। (ਚਲੋ ਕੋਈ ਨਾ, ਮਹਾਤਮਾ ਗਾਂਧੀ ਦਾ ਬੁੱਤ ਕਿਹੜਾ ਕੁਝ ਵੇਖਦਾ ਸੀ) ਕੀ ਫਰਕ ਪੈਂਦੈ, ਬੁੱਤ ਦੇ ਚਿਹਰੇ 'ਤੇ ਕੋਈ ਹਾਵ-ਭਾਵ ਥੋੜ੍ਹਾ ਬਦਲ ਜਾਂਦੇ ਹਨ। ਇਸ ਮਗਰੋਂ ਖ਼ਬਰ ਆਈ ਕਿ ਇਕ ਹੋਰ ਸ਼ਹਿਰ 'ਚ ਭਾਰਤ ਦੇ ਸੰਵਿਧਾਨ ਦੇ ਨਿਰਮਾਣਕਰਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਕਿਸੇ ਕਾਲੀ ਸਿਆਹੀ ਸੁੱਟ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਕਲਕੱਤਾ ਵਿਖੇ ਪੰਡਿਤ ਦੀਨ ਜੀ ਦੇ ਬੁੱਤ ਦਾ ਵੀ ਇਸੇ ਤਰ੍ਹਾਂ ਅਪਮਾਨ ਕੀਤਾ ਗਿਆ ਹੈ।
ਕਿਸੇ ਵੀ ਬੋਲੀ ਦੀ ਕਵਿਤਾ-ਸ਼ਾਇਰੀ ਨੂੰ ਲੈ ਲਓ ਸੋਹਣੇ, ਸਜੀਲੇ ਬੁੱਤਾਂ ਦਾ ਜ਼ਿਕਰ ਇਸੇ ਭਾਵਨਾ ਨੂੰ ਸਮਰਪਿਤ ਹੈ। ਮੁੰਬਈ 'ਚ ਮੈਨੂੰ ਇਕ ਦੋਸਤ ਮਿਲਣ ਆਇਆ, ਚਰਚਾ ਇਹੋ ਸੀ... ਬੁੱਤ ਚਲਦੇ-ਫਿਰਦੇ ਨਹੀਂ, 'ਓ ਜੀ ਕੀ ਗੱਲ ਪਏ ਕਰਦੇ ਹੋ? ਬੁੱਤ ਚਲਦੇ ਫਿਰਦੇ ਹਨ, ਖਿੜ-ਖਿੜ ਹੱਸਦੇ ਹਨ, ਚਲੋ ਮੈਂ ਵਿਖਾਨਾ।'
ਉਹ ਮੈਨੂੰ ਬਾਂਦਰਾ ਦੇ ਲਿੰਕਿੰਗ ਰੋਡ ਲੈ ਗਿਆ, ਰੱਬ ਦੀਆਂ ਨਵਾਜ਼ੀਆਂ ਗੁੱਤਾਂ ਵਾਲੀਆਂ 'ਬੁੱਤਾਂ' ਦੀ ਭਰਮਾਰ ਸੀ ਬੁੱਤ ਪਰੀਆਂ ਦੀਆਂ ਡਾਰਾਂ। ਮੇਰਾ ਦੋਸਤ ਤਾਂ ਬੁੱਤਾਂ ਦੀਆਂ ਲੱਤਾਂ ਵੇਖ-ਵੇਖ ਹੀ ਨਿਹਾਲ ਹੋ ਰਿਹਾ ਸੀ।
ਸਾਡੇ ਆਮ ਜਨ-ਜੀਵਨ ਵਿਚ ਵੀ, 'ਬੁੱਤ' ਦੀ ਖੂਬ ਮਹਾਨਤਾ ਹੈ-ਵਾਹਵਾ ਪ੍ਰਯੋਗ ਹੁੰਦਾ ਹੈ।
ਕੋਈ ਬੰਦਾ ਚੁੱਪ-ਚਾਪ ਖੜ੍ਹਾ ਹੋਵੇ, ਖਿਆਲਾਂ 'ਚ ਗੁੰਮ ਹੋਵੇ, ਉਹਨੂੰ ਵੀ ਲੋਕੀ ਆਖਦੇ ਹਨ, ਉਏ ਬੁੱਤ ਕਿਉਂ ਬਣਿਆ ਹੋਇਐ? ਮੁੰਡੇ-ਕੁੜੀਆਂ ਆਪਸ 'ਚ ਖੇਡ ਖੇਡਦੇ ਹਨ, ਅਚਾਨਕ ਇਕ ਬੱਚਾ, ਦੂਜੇ ਨੂੰ ਕਹਿੰਦਾ ਹੈ, ਸਟੈਚੂ (ਬੁੱਤ) ਉਹ ਝੱਟ ਆਪਣੀ ਖੇਡ ਬੰਦ ਕਰ ਕੇ, ਆਪਣੀ ਥਾਂ 'ਤੇ ਹੀ ਬੁੱਤ ਬਣ ਕੇ ਚੁੱਪ-ਚਾਪ ਹਿਲਦਾ ਨਹੀਂ। ਜਦ ਤਾਈਂ ਹੁਕਮ ਦੇਣ ਵਾਲਾ ਬੱਚਾ ਉਹਨੂੰ ਹੁਕਮ ਨਹੀਂ ਦਿੰਦਾ 'ਓਵਰ' ਉਹ ਆਪਣੀ ਥਾਂ ਤੋਂ ਹਿਲਦਾ ਨਹੀਂ।
ਬੁੱਤ ਢਾਹੇ ਨੇ ਇਨ੍ਹਾਂ ਜਨੂੰਨੀਆਂ ਨੇ, ਪਰ ਬੁੱਤਾਂ ਨੂੰ ਕੀ ਫਰਕ ਪਿਆ? ਨਾ ਉਹ ਰੋਏ, ਨਾ ਆਹ ਭਰੀ ਜਿਸ ਤਰ੍ਹਾਂ ਖੜ੍ਹੇ ਸਨ, ਉਸੇ ਤਰ੍ਹਾਂ ਹੀ ਢਹਿ ਪਏ।
ਮੁਰਦਾ ਬੰਦੇ ਤੇ (ਜਿਊਂਦੇ) ਬੁੱਤ 'ਚ ਕੀ ਫਰਕ ਹੈ?
ਫਰਕ ਸਿਰਫ਼ ਐਨਾ ਹੀ ਹੈ ਕਿ ਮੁਰਦੇ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ 'ਬੁੱਤ' ਦਾ ਨਾ ਕਿਰਿਆ-ਕਰਮ, ਨਾ ਚੌਥਾ, ਨਾ ਤੇਰ੍ਹਵੀਂ ਮਗਰੋਂ ਸ਼ਾਇਦ ਹੀ ਇਨ੍ਹਾਂ ਦੀਆਂ ਅਸਥੀਆਂ (ਟੁਕੜਿਆਂ) ਦਾ ਵੀ ਕੋਈ ਜਲ-ਪ੍ਰਵਾਹ ਕਰੇ।
ਵਿਲਾਦੀਮੀਰ ਲੈਨਿਨ, ਰੂਸ ਦਾ ਨੇਤਾ ਸੀ, ਜਦੋਂ ਰੂਸ ਯਾਨੀ ਰਸ਼ੀਆ ਦਾ ਨਾਂਅ ਸੀ, ਯੂਨੀਅਨ ਆਫ਼ ਸੋਵੀਅਤ ਸੋਸ਼ਲਿਸਟ ਰਿਪਬਲਿਕਸ (ਯੂ.ਐਸ.ਐਸ.ਆਰ.) ਸਮਝ ਹੀ ਗਏ ਹੋਵੋਗੇ ਰਸ਼ੀਆ 'ਚ ਸੋਸ਼ਲਿਸਮ ਕਾਮਰੇਡਾਂ ਦਾ ਰਾਜ ਸੀ। ਰਸ਼ੀਆ ਦੇ ਹੁਕਮਰਾਨਾਂ ਨੇ ਇਕ ਸ਼ਹਿਰ ਨੂੰ ਲੈਨਿਨਗ੍ਰਾਡ ਨਾਂਅ ਦੇ ਕੇ ਸਵਰਗੀ ਲੈਨਿਨ ਦੀ ਯਾਦ ਨੂੰ ਸਮਰਪਿਤ ਕਰ ਦਿੱਤਾ ਸੀ, ਉਨ੍ਹਾਂ ਇਸ ਸ਼ਹਿਰ 'ਚ ਤੇ ਕਈ ਹੋਰ ਸ਼ਹਿਰਾਂ ਵਿਚ ਲੈਨਿਨ ਦੇ ਕਈ ਬੁੱਤ ਲਾ ਦਿੱਤੇ ਸਨ। ਇਨ੍ਹਾਂ ਦੇ ਰਾਜ ਤੋਂ ਜਨਤਾ ਖੁਸ਼ ਨਹੀਂ ਸੀ। ਅੰਤ ਰਸ਼ੀਆ ਜਿਵੇਂ ਜੁੜਿਆ ਸੀ, ਉਵੇਂ ਟੁੱਟ ਗਿਆ। ਰੂਸ ਅਤੇ ਵੱਖ-ਵੱਖ ਰਾਜ ਹੋਂਦ ਵਿਚ ਆ ਗਏ। ਕਮਿਊਨਿਸਟਾਂ ਦਾ ਰਾਜ ਖਤਮ ਹੋ ਗਿਆ। ਜਨਤਾ ਨੇ ਲੈਨਿਨਗ੍ਰਾਡ 'ਚ ਲੱਗੇ ਤੇ ਦੂਜੇ ਸ਼ਹਿਰਾਂ 'ਚ ਲੱਗੇ ਲੈਨਿਨ ਦੇ ਲਗਪਗ 300 ਬੁੱਤਾਂ ਨੂੰ ਏਦਾਂ ਹੀ ਢਾਹ ਦਿੱਤਾ, ਨਾਲੇ ਲੈਨਿਨਗ੍ਰਾਡ ਸ਼ਹਿਰ ਦਾ ਨਾਂਅ ਬਦਲ ਕੇ ਸੇਂਟ ਪੀਟਰਬ੍ਰਗਜ਼ ਰੱਖ ਦਿੱਤਾ। ਕਈ ਹੋਰ ਸ਼ਹਿਰਾਂ 'ਚੋਂ ਵੀ ਲੈਨਿਨ ਦੇ ਬੁੱਤ ਹਟਾ ਦਿੱਤੇ ਲੋਕਾਂ ਨੇ। ਭਾਰਤ ਨੂੰ ਆਜ਼ਾਦੀ ਮਿਲੀ ਤਾਂ ਮਲਿਕਾ ਵਿਕਟੋਰੀਆ ਤੇ ਜਾਰਜ ਪੰਚਮ ਦੇ ਸਾਰੇ ਬੁੱਤ (ਤੋੜੇ ਨਹੀਂ ਗਏ) ਹਟਾ ਕੇ ਰਾਸ਼ਟਰਪਤੀ ਦੇ ਨਿਵਾਸ 'ਚ ਇਕ ਖਾਸ ਥਾਂ ਸੁਰੱਖਿਅਤ ਰੱਖ ਦਿੱਤੇ ਗਏ। ਇਕ ਸਵੈ-ਮਾਣ ਗੈਰਤ ਸੀ ਕਿ ਇਨ੍ਹਾਂ ਸਾਨੂੰ 100 ਸਾਲ ਗੁਲਾਮੀ 'ਚ ਜਕੜਿਆ।
ਬੁੱਤ ਆਮ ਤੌਰ 'ਤੇ ਇਨ੍ਹਾਂ ਸ਼ਖ਼ਸੀਅਤਾਂ, ਲੀਡਰਾਂ ਦੇ ਜੀਵੰਤ ਸਰੂਪ ਦੇ ਹੂ-ਬਹੂ ਨਕਲ ਵਾਲੇ ਲਾਏ ਜਾਂਦੇ ਹਨ, ਜਿਨ੍ਹਾਂ ਦੀਆਂ ਉਪਲਬੱਧੀਆਂ ਘਾਲਣਾ ਨੇ ਕੋਈ ਅਜਿਹੇ (ਪਰਿਵਰਤਨ ਲਿਆਂਦੇ ਹੋਣ, ਜਿਨ੍ਹਾਂ ਨੇ ਸਮਾਜ ਨੂੰ ਨਵੀਂ ਦਿਸ਼ਾ, ਸੇਧ ਦਿੱਤੀ ਹੋਵੇ, ਕਈ ਅਦਭੁਤ ਈਜਾਦਾਂ ਕੀਤੀਆਂ ਹੋਣ, ਪਰ ਉਨ੍ਹਾਂ ਦੀ ਮੌਤ ਮਗਰੋਂ। ਆਹ ਲਓ ਆਪਣੇ ਭਾਰਤ ਮਹਾਨ 'ਚੋਂ, ਐਨੀ ਮਹਾਨਤਾ ਹੈ ਕਿ ਜਿਊਂਦੇ ਜੀਅ ਉਨ੍ਹਾਂ ਆਪਣੇ 'ਬੁੱਤ'ਆਪਣੇ ਲਾਏ ਹੋਏ ਨੇ। ਮਾਇਆਵਤੀ, ਡੀ.ਐਮ.ਕੇ. ਦੇ ਕਰੁਣਾਨਿਧੀ ਆਦਿ ਹਰ ਰੋਜ਼ ਆਪਣੇ ਬੁੱਤਾਂ ਦੇ ਦਰਸ਼ਨ ਆਪ ਕਰ ਸਕਦੇ ਹਨ।

ਵਿਰਤਾਂਤ ਕਥਾ

ਦਾਦੂ ਪਾਪਾ ਚੁੱਪ

ਖ਼ੂਬਸੂਰਤ ਸ਼ਹਿਰ ਐਡਮਿੰਟਨ (ਕੈਨੇਡਾ) ਦੇ ਟਾਮਾ ਰਾਕ ਮੁਹੱਲਾ ਦੇ 30 ਐਵੀਨਿਊ ਦੇ ਨਜ਼ਦੀਕ ਲਗਪਗ ਦੋ ਮਿੰਟ ਦੇ ਰਸਤੇ ਤੱਕ ਇਕ ਸੁਵਿਧਾਪੂਰਕ ਪਾਰਕ ਬਣਿਆ ਹੋਇਆ ਹੈ। ਖ਼ੂਬਸੂਰਤ ਪਾਰਕ, ਗੋਲਾਕਾਰ ਮੈਦਾਨ, ਗੋਲਾਕਾਰ ਸੜਕ ਪਾਰਕ ਦੇ ਬਾਹਰੀ ਸਿਰਿਆਂ ਦੇ ਨਾਲ-ਨਾਲ, ਸੜਕ ਦੇ ਨਾਲ ਬਾਹਰ ਵਾਰ ਛੋਟੇ-ਛੋਟੇ ਸੁੰਦਰ ਰੁੱਖ। ਮੈਦਾਨ ਵਿਚ ਹਰਾ-ਭਰਾ ਗੱਦੇਦਾਰ ਮਖ਼ਮਲੀ ਘਾਹ। ਸਫ਼ਾਈ ਖ਼ੂਬਸੂਰਤੀ ਦੀ ਗਵਾਹੀ ਭਰਦੀ, ਭਾਰਤੀ ਧਾਰਮਿਕ ਸਥਾਨਾਂ ਤੋਂ ਵੀ ਜ਼ਿਆਦਾ ਹੈ, ਇਥੇ ਸਫ਼ਾਈ। ਹਰ ਨਾਗਰਿਕ ਸਫ਼ਾਈ ਪਸੰਦ, ਮੁਹੱਬਤ ਪਸੰਦ, ਮਿਲਣਸਾਰ, ਅਨੁਸ਼ਾਸਨਦਾਰ, ਕਾਨੂੰਨਦਾਨ, ਭੋਲੇ ਤੇ ਦੇਸ਼ ਪ੍ਰੇਮੀ, ਇਹ ਸਭ ਕੁਝ ਉਨ੍ਹਾਂ ਨੂੰ ਸਕੂਲਾਂ ਤੋਂ ਮਿਲਦਾ ਹੈ।
ਇਸ ਪਾਰਕ ਵਿਚ ਹਰ ਵਰਗ ਦੇ ਲੋਕ ਸੈਰ ਕਰਨ ਲਈ ਆਉਂਦੇ ਹਨ। ਬੱਚੇ, ਜਵਾਨ, ਪ੍ਰੌੜ੍ਹ, ਬਜ਼ੁਰਗ ਸਭ। ਖ਼ਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚੇ, ਦਾਦੂ-ਦਾਦੀਆਂ, ਨਾਨੂ-ਨਾਨੀਆਂ ਆਦਿ ਇਸ ਪਾਰਕ ਦੀ ਸ਼ੋਭਾ ਵਧਾਉਂਦੇ ਹਨ। ਵੱਖ-ਵੱਖ ਦੇਸ਼ਾਂ ਦੇ ਲੋਕ ਇਥੇ ਸੈਰ ਕਰਦੇ ਹਨ।
ਬਜ਼ੁਰਗ ਲੋਕ ਛੋਟੇ ਬੱਚਿਆਂ ਨੂੰ ਬੱਘੀਆਂ ਵਿਚ ਪਾ ਕੇ, ਉਨ੍ਹਾਂ ਨਾਲ ਲਾਡੀਆਂ, ਪਿਆਰ ਕਰਦੇ ਹੋਏ ਠੰਢੀਆਂ ਹਵਾਵਾਂ ਅਤੇ ਸ਼ੁੱਧ ਮੌਸਮ ਦਾ ਨਜ਼ਾਰਾ ਲੁੱਟਦੇ ਜਾਂਦੇ। ਬਜ਼ੁਰਗ ਲੋਕ ਆਪਣੇ ਨੌਕਰੀ ਪੇਸ਼ੇ ਵਾਲੇ ਬੱਚਿਆਂ ਨੂੰ ਸੁੱਖ ਦੇਣ ਲਈ ਏਧਰ ਆਉਂਦੇ ਹਨ ਅਤੇ ਚੰਗੀਆਂ ਸਹੂਲਤਾਂ ਦਾ ਅਨੰਦ ਮਾਣਦੇ ਹਨ।
ਇਸ ਪਾਰਕ ਦੇ ਖੱਬੇ ਪਾਸੇ ਮੈਦਾਨ ਦੇ ਨਾਲ ਸੁਵਿਧਾਪੂਰਕ ਪੰਘੂੜੇ, ਪੀਂਘਾਂ ਆਦਿ ਹਨ। ਇਥੇ ਬੱਚੇ ਮਨੋਰੰਜਨ ਅਤੇ ਆਪਸ ਵਿਚ ਹਾਸਾ-ਠੱਠਾ ਕਰਦੇ ਸੁੱਖ ਮਹਿਸੂਸ ਕਰਦੇ ਹਨ। ਸਾਈਕਲ ਚਲਾਉਣਾ ਬੱਚਿਆਂ ਦਾ ਮਨਪਸੰਦ ਖਿਡਾਉਣਾ ਹੈ।
ਮੈਂ ਆਪਣੀ ਪੋਤੀ ਤੇ ਦੋ ਪੋਤਿਆਂ ਨਾਲ ਇਸ ਪਾਰਕ ਵਿਚ ਸੈਰ ਕਰਦਾ ਸੀ। ਇਹ ਤਿੰਨੇ ਬੱਚੇ ਆਪਣੇ ਛੋਟੇ-ਛੋਟੇ ਸਾਈਕਲਾਂ ਉੱਪਰ ਮੇਰੇ ਨਾਲ ਸੈਰ ਕਰ ਰਹੇ ਸਨ ਕਿਉਂਕਿ ਇਨ੍ਹਾਂ ਦਾ ਖਿਆਲ ਵੀ ਮੈਨੂੰ ਰੱਖਣਾ ਪੈਂਦਾ ਸੀ। ਮੈਂ ਇਨ੍ਹਾਂ ਦੇ ਨਾਲ-ਨਾਲ ਇਨ੍ਹਾਂ ਦੀਆਂ ਛੋਟੀਆਂ-ਛੋਟੀਆਂ ਬੇਸਮਝ, ਕੁਝ ਸਮਝ ਵਾਲੀਆਂ ਗੱਲਾਂ ਵਿਚ ਮਸਤ ਕਿਸੇ ਜੰਨਤ ਵਰਗੀ ਧਰਤੀ ਉੱਪਰ ਸੈਰ ਕਰਦਾ ਤੁਰਿਆ ਜਾਂਦਾ ਤੇ ਨਾਲ-ਨਾਲ ਅਸੀਂ ਹੋਰ ਗੱਪ-ਛੱਪ ਵੀ ਲੜਾਉਂਦੇ ਚਲੇ ਜਾਂਦੇ।
ਅਚਾਨਕ ਹੀ ਮੇਰੇ ਵੱਡੇ ਪੋਤੇ (ਉਮਰ ਸੱਤ ਸਾਲ) ਨੇ ਆਪਣੀ ਸਾਈਕਲ ਇਕਦਮ ਥੱਲੇ ਸੁੱਟ ਦਿੱਤੀ ਅਤੇ ਗਰਾਊਂਡ ਵਿਚੋਂ ਵਿਚ ਦੌੜਦਾ ਹੋਇਆ ਪਾਰ ਚਲਾ ਗਿਆ। ਮੈਂ ਬੜੀਆਂ ਆਵਾਜ਼ਾਂ ਮਾਰੀਆਂ, 'ਤੂੰ ਕਿੱਥੇ ਜਾ ਰਿਹਾ ਏਂ ਸਾਈਕਲ ਸੁੱਟ ਕੇ? ਮੁੜ ਆ ਵਾਪਸ, ਕਿੱਥੇ ਜਾ ਰਿਹਾ ਏਂ? ਕਿਤੇ ਡਿਗ ਨਾ ਪਵੀਂ।' ਪਰ ਉਹ ਮੇਰੀ ਗੱਲ ਸੁਣੇ ਬਗ਼ੈਰ ਹੀ ਦੌੜੀ ਜਾ ਰਿਹਾ ਸੀ। ਮੈਂ ਦੂਰ ਖੜ੍ਹਾ ਹੋ ਕੇ ਸਭ ਕੁਝ ਵੇਖ ਰਿਹਾ ਸੀ। ਉਹ ਗਰਾਊਂਡ ਦੇ ਪਾਰ ਗਿਆ ਤੇ ਕੁਝ ਚਿਰ ਬਾਅਦ ਵਾਪਸ ਆ ਗਿਆ।
ਮੈਂ ਹੈਰਾਨੀ ਨਾਲ ਉਸ ਨੂੰ ਪੁੱਛਿਆ, 'ਯਾਰ, ਤੂੰ ਸਾਈਕਲ ਸੁੱਟ ਕੇ ਕਿੱਥੇ ਦੌੜ ਗਿਆ ਸੀ? ਜੇ ਤੂੰ ਡਿਗ ਪੈਂਦਾ, ਕਿਤੇ ਤੈਨੂੰ ਸੱਟ ਲੱਗ ਜਾਂਦੀ ਤਾਂ?'
ਮੇਰੇ ਪੋਤੇ ਨੇ ਮੇਰੇ ਵੱਲ ਨਿੱਕੀ ਜਿਹੀ ਘੂਰੀ ਕੱਢ ਕੇ, ਆਪਣਾ ਸਾਈਕਲ ਚੁੱਕਦੇ ਹੋਏ ਕਿਹਾ, 'ਦਾਦੂ ਪਾਪਾ ਚੁੱਪ, ਤੁਹਾਨੂੰ ਨਈਂ ਪਤਾ ਸੀ। ਗਰਾਊਂਡ ਦੇ ਪਾਰ ਮੈਂ ਵੇਖਿਆ ਇਕ ਲੜਕੇ ਦਾ ਸਾਈਕਲ (ਟਾਇਰ) ਪੰਕਚਰ ਹੋ ਗਿਆ ਸੀ। ਉਸ ਕੋਲੋਂ ਸਾਈਕਲ ਨਈਂ ਸੀ ਰਿੜ੍ਹ ਰਿਹਾ। ਉਸ ਕੋਲੋਂ ਸਾਈਕਲ ਰੇੜ੍ਹ ਕੇ ਨਈਂ ਸੀ ਖੜਿਆ ਜਾ ਰਿਹਾ। ਮੈਂ ਉਸ ਨੂੰ ਅਚਾਨਕ ਵੇਖ ਲਿਆ ਸੀ। ਮੈਂ ਉਸ ਦੀ ਮਦਦ ਲਈ ਗਿਆ ਸੀ। ਮੈਂ ਉਸ ਦਾ ਸਾਈਕਲ ਪਿੱਛੋਂ ਚੁੱਕ ਲਿਆ, ਉਸ ਦੀ ਮਦਦ ਲਈ ਅਤੇ ਮੈਂ ਉਸ ਨੂੰ ਉਸ ਦੇ ਘਰ ਤੱਕ ਛੱਡ ਕੇ ਆਇਆ ਹਾਂ।'
ਮੈਂ ਪੋਤੇ ਨੂੰ ਕਿਹਾ, 'ਤੈਨੂੰ ਕੀ ਜ਼ਰੂਰਤ ਸੀ ਪੰਗਾ ਲੈਣ ਦੀ, ਆਪੇ ਕੋਈ ਹੋਰ ਮਦਦ ਕਰ ਦਿੰਦਾ। ਬੇਵਕੂਫ਼ਾ, ਜੇ ਤੇਰੇ ਕੋਈ ਸੱਟ ਲੱਗ ਜਾਂਦੀ ਤਾਂ ਫਿਰ।'
ਤਾਂ ਉਸ ਨੇ ਝੱਟ ਮੈਨੂੰ ਘੂਰੀ ਲੰਬੀ ਕਰਦਿਆਂ ਕਿਹਾ, 'ਦਾਦੂ, ਮੈਂ ਉਸ ਨੂੰ ਵੇਖ ਲਿਆ ਸੀ ਕਿ ਉਸ ਨੂੰ ਮਦਦ ਦੀ ਜ਼ਰੂਰਤ ਹੈ, ਇਸ ਲਈ ਮੈਂ ਉਸ ਦੀ ਮਦਦ ਕਰਨ ਗਿਆ ਸੀ। ਤੁਸੀਂ ਚੁੱਪ ਹੋ ਜਾਓ, ਤੁਹਾਨੂੰ ਨਈਂ ਪਤਾ। ਉਸ ਦੀ ਮਦਦ ਕਰਨਾ ਮੇਰਾ ਫ਼ਰਜ਼ ਸੀ।'


-ਓਂਕਾਰ ਨਗਰ, ਗਰੁਦਾਸਪੁਰ (ਪੰਜਾਬ)
ਮੋਬਾਈਲ : 98156-25409.

ਮਿੰਨੀ ਕਹਾਣੀਆਂ

ਪਛਾਣ

ਅੱਜ ਤੋਂ ਕੋਈ ਦਸ ਕੁ ਸਾਲ ਪਹਿਲਾਂ ਮੈਂ ਜਿਹੜੀ ਦਸਵੀਂ ਜਮਾਤ ਦੀ ਇੰਚਾਰਜ ਸੀ, ਉਸ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪੀਰੀਅਡ ਵੀ ਮੇਰੇ ਕੋਲ ਹੀ ਸੀ। ਮੇਰੀ ਆਦਤ ਸੀ ਕਿ ਮੈਂ ਹਰੇਕ ਵਿਦਿਆਰਥੀ ਵੱਲ ਵਿਸ਼ੇਸ਼ ਧਿਆਨ ਦਿੰਦੀ ਸੀ। ਇਕ ਵਾਰ ਇਕ ਹੋਣ-ਹਾਰ ਲੜਕਾ ਪੜ੍ਹਾਈ ਵਲੋਂ ਅਵੇਸਲਾ ਹੋ ਗਿਆ। ਮੈਂ ਕਈ ਵਾਰ ਉਸ ਨੂੰ ਟੋਕਿਆ ਅਤੇ ਅੱਗੋਂ ਪੜ੍ਹਨ ਲਈ ਵੀ ਪ੍ਰੇਰਿਆ ਪਰ ਉਸ ਦਾ ਉਹੀ ਹਾਲ ਰਿਹਾ, ਬੱਸ ਸਾਰਾ ਦਿਨ ਚੁੱਪ-ਗੜੁੱਪ ਜਿਹਾ ਬੈਠਾ ਰਹਿੰਦਾ। ਮੈਂ ਉਸ ਦੀ ਤਬੀਅਤ ਬਾਰੇ ਪੁੱਛਿਆ ਅਤੇ ਨਾਲ ਹੀ ਘਰ ਦੀ ਕਿਸੇ ਪਰੇਸ਼ਾਨੀ ਬਾਰੇ ਗੱਲ ਕੀਤੀ ਪਰ ਉਸ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਕੁਝ ਸਮੇਂ ਬਾਅਦ ਇਕ ਦਿਨ ਮੈਂ ਸਟਾਫ਼-ਰੂਮ ਵਿਚ ਬੈਠੀ ਕਾਪੀਆਂ ਚੈੱਕ ਕਰ ਰਹੀ ਸੀ ਕਿ ਅਚਾਨਕ ਉਸ ਲੜਕੇ ਦੀ ਕਾਪੀ ਵਿਚੋਂ ਮੈਨੂੰ 'ਲਵ-ਲੈਟਰ' ਮਿਲਿਆ। ਮੈਂ ਸਾਰਾ ਕਿੱਸਾ ਸਮਝ ਗਈ। ਮੈਂ ਉਸ ਨੂੰ ਆਪਣੇ ਕੋਲ ਬੁਲਾਇਆ, ਉਹ ਡਰ ਗਿਆ ਪਰ ਜਦ ਮੈਂ ਉਸ ਨੂੰ ਸਮਝਾਇਆ ਕਿ ਤੂੰ ਪੜ੍ਹਨਾ ਕਿਉਂ ਛੱਡ ਦਿੱਤਾ ਤੈਨੂੰ ਤਾਂ ਅੱਗੇ ਨਾਲੋਂ ਵੀ ਜ਼ਿਆਦਾ ਪੜ੍ਹਨਾ ਚਾਹੀਦਾ ਹੈ। ਕੁੜੀ ਵਾਲੇ ਕਮਾਊ ਮੁੰਡਾ ਭਾਲਦੇ ਨੇ ਵਿਹਲੇ ਤੇ ਨਿਕੰਮੇ ਬੰਦੇ ਨੂੰ ਕੋਈ ਆਪਣੀ ਧੀ ਨਹੀਂ ਦਿੰਦਾ। ਮੇਰੇ ਪੁੱਛਣ 'ਤੇ ਉਸ ਨੇ ਦੱਸਿਆ ਕਿ ਕੁੜੀ ਨਾਲ ਦੇ ਪਿੰਡੋਂ ਆਉਂਦੀ ਹੈ ਅਤੇ ਉਹ ਵੀ ਸਰਕਾਰੀ ਸਕੂਲ 'ਚ ਦਸਵੀਂ ਵਿਚ ਪੜ੍ਹਦੀ ਹੈ।
ਮੈਂ ਸੁਨੇਹਾ ਭੇਜ ਕੇ ਉਸ ਦੇ ਪਿਤਾ ਨੂੰ ਬੁਲਾ ਲਿਆ ਅਤੇ ਕਿਹਾ, 'ਦੇਖੋ ਭਾਈ ਸਾਹਿਬ ਤੁਹਾਡਾ ਬੱਚਾ ਹੋਣ-ਹਾਰ ਹੈ ਪਰ ਜਿਸ ਚੱਕਰ 'ਚ ਇਹ ਪੈ ਗਿਆ ਹੈ, ਇਸ ਨੂੰ ਸਮਝਣ ਦੀ ਲੋੜ ਹੈ... ਤੁਸੀਂ ਬਿਲਕੁਲ ਸਖ਼ਤੀ ਨਾਲ ਪੇਸ਼ ਨਾ ਆਉਣਾ... ਸਗੋਂ ਇਸ ਨੂੰ ਵਿਸ਼ਵਾਸ 'ਚ ਲੈ ਕੇ ਇਹ ਤਸੱਲੀ ਦਿਓ ਕਿ ਤੂੰ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾ... ਤੂੰ ਜਿਥੇ ਕਹੇਂਗਾ ਮੈਂ ਤੇਰਾ ਵਿਆਹ ਉਥੇ ਹੀ ਕਰਾਂਗਾ... ਮੈਂ ਉਸ ਕੁੜੀ ਦੇ ਮਾਪਿਆਂ ਨਾਲ ਆਪ ਗੱਲ ਕਰਦਾ ਹਾਂ... ਤੁਸੀਂ ਉਸ ਨਾਲ ਦੋਸਤਾਂ ਵਾਂਗੂੰ ਗੱਲ ਕਰੋ... ਏਸ ਉਮਰ 'ਚ ਕੀਤੀ ਸਖ਼ਤੀ ਨਾਲ ਕਈ ਵਾਰ ਬੱਚੇ ਗ਼ਲਤ ਕਦਮ ਵੀ ਚੁੱਕ ਲੈਂਦੇ ਹਨ...' ਉਹ ਮੇਰਾ ਬਹੁਤ-ਬਹੁਤ ਧੰਨਵਾਦ ਕਰਦੇ ਹੋਏ ਚਲੇ ਗਏ। ਫੇਰ ਉਹ ਲੜਕਾ ਦਸਵੀਂ ਪਾਸ ਕਰ ਕੇ ਚਲਾ ਗਿਆ।
ਪਿਛਲੇ ਦਿਨੀਂ ਮੈਂ ਇਕ ਸਮਾਰੋਹ ਵਿਚ ਗਈ। ਅਜੇ ਮੈਂ ਪੰਡਾਲ ਵਿਚ ਵੜੀ ਹੀ ਸੀ ਕਿ ਇਕ ਪੁਲਿਸ ਵਾਲਾ ਦੌੜਦਾ ਹੋਇਆ ਮੇਰੇ ਕੋਲ ਆਇਆ ਅਤੇ ਮੇਰੇ ਪੈਰੀਂ ਹੱਥ ਲਾ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਡਮ ਮੈਂ ਤੁਹਾਡਾ ਸਟੂਡੈਂਟ ਰਿਹਾ ਹਾਂ। ਦਸਵੀਂ ਵਿਚ ਮੈਂ ਤੁਹਾਡੇ ਕੋਲ ਪੜ੍ਹਦਾ ਸੀ। ਮੈਂ ਉਸ ਦਾ ਮੋਢਾ ਪਲੋਸਿਆ ਅਤੇ ਕਿਹਾ, 'ਬੇਟੇ ਮੈਂ ਤਾਂ ਪਛਾਣਿਆ ਨਹੀਂ ਤੈਨੂੰ।' ਅੱਗੋਂ ਉਹ ਹੱਸ ਕੇ ਬੋਲਿਆ, 'ਮੈਡਮ, ਮੈਂ ਉਹੀ ਹਰਜੀਤ ਹਾਂ ਜੀ 'ਲਵ-ਲੈਟਰ' ਵਾਲਾ....।' ਅੱਛਾ-ਅੱਛਾ ਮੈਂ ਉਸ ਦੀ ਪਿੱਠ ਥਪ-ਥਪਾਈ... ਇਸ ਤੋਂ ਪਹਿਲਾਂ ਕਿ ਕੋਈ ਹੋਰ ਗੱਲ ਹੁੰਦੀ ਪੰਡਾਲ ਵਿਚ ਰੌਲਾ ਪੈ ਗਿਆ ਕਿ ਚੀਫ਼ ਗੈਸਟ ਆ ਗਏ, ਉਸ ਨੇ ਮੇਰੇ ਪੈਰੀਂ ਹੱਥ ਲਾਏ ਅਤੇ ਵਿਦਾ ਲੈ ਕੇ ਚਲਾ ਗਿਆ...।


-ਮੋਬਾਈਲ : 82888-42066.

ਮਿੰਨੀ ਕਹਾਣੀਆਂ

ਮਮਤਾ ਦਾ ਮੁੱਲ

ਕੁੜੀ ਕੈਨੇਡਾ ਵਿਚ ਸੈੱਟ ਸੀ। ਉਸ ਨੇ ਭਾਰਤ ਵਿਚ ਪੜ੍ਹੇ-ਲਿਖੇ ਅਤੇ ਮੱਧ ਵਰਗੀ ਪਰਿਵਾਰ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਆਪਣੇ ਕਾਗਜ਼ਾਂ ਅਤੇ ਟੈਕਸ ਦੇ ਆਧਾਰ 'ਤੇ ਆਪਣੇ ਪਤੀ ਨੂੰ ਜਲਦੀ ਹੀ ਕੈਨੈਡਾ ਬੁਲਾ ਲਿਆ। ਮੁੰਡੇ ਦੇ ਮਾਂ-ਬਾਪ ਬਹੁਤ ਖੁਸ਼ ਸਨ ਅਤੇ ਮਾਂ ਤਾਂ ਹਮੇਸ਼ਾ ਹੀ ਆਪਣੀ ਬਹੂ ਦੇ ਗੁਣ ਗਾਉਂਦੀ ਰਹਿੰਦੀ ਸੀ। ਕੈਨੇਡਾ ਵਾਲੀ ਬਹੂ ਵੀ ਉਸ ਨੂੰ ਹਰ ਰੋਜ਼ ਫੋਨ 'ਤੇ ਪਿਆਰ ਜਤਾਉਂਦੀ ਰਹਿੰਦੀ ਸੀ। ਭਾਰਤ ਵਾਲੀਆਂ ਬਹੂਆਂ ਵੀ ਸੱਸ ਮਾਂ ਦਾ ਬਹੁਤ ਖਿਆਲ ਰੱਖਦੀਆਂ ਸਨ। ਉਸ ਨੂੰ ਘੱਟ ਹੀ ਕੰਮ ਕਰਨ ਦਿੰਦੀਆਂ ਸਨ। ਪਰ ਉਹ ਪ੍ਰਸੰਸਾ ਹਮੇਸ਼ਾ ਹੀ ਕੈਨੇਡਾ ਵਾਲੀ ਬਹੂ ਦੀ ਕਰਦੀ ਰਹਿੰਦੀ ਸੀ। ਕੈਨੇਡਾ ਵਾਲੀ ਵੀ ਹਰ ਤੀਜੇ ਚੌਥੇ ਦਿਨ ਉਸ ਨੂੰ ਫੋਨ ਕਰਦੀ। ਸੱਸ ਮਾਂ ਲਈ ਤੋਹਫੇ ਭੇਜਦੀ ਅਤੇ ਇੱਜ਼ਤ-ਮਾਣ ਨਾਲ ਮਾਂ ਦਾ ਦਿਲ ਜਿੱਤ ਲਿਆ ਅਤੇ ਕੈਨੇਡਾ ਵਾਲੀ ਬਹੂ ਨੇ ਆਪਣੀ ਸੱਸ ਨੂੰ ਸੈਰ 'ਤੇ ਬੁਲਾਉਣ ਦਾ ਸੋਚਿਆ। ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਸੀ। ਉਹ ਹਰ ਰੋਜ਼ ਕੈਨੇਡਾ ਜਾਣ ਲਈ ਉੱਚੀ ਉੱਚੀ ਗੁਆਂਢੀਆਂ ਨੂੰ ਦੱਸਦੀ ਸੀ। ਆਖ਼ਿਰ ਇਕ ਦਿਨ ਉਹ ਕੈਨੇਡਾ ਪੁੱਜ ਗਈ। ਕੁਝ ਸਮੇਂ ਬਾਅਦ ਕੈਨੇਡਾ ਵਾਲੀ ਬਹੂ ਦੇ ਘਰ ਮੁੰਡੇ ਨੇ ਜਨਮ ਲਿਆ। ਮਾਂ ਹਰ ਰੋਜ਼ ਬੱਚੇ ਨੂੰ ਖੁਸ਼ੀ ਨਾਲ ਸੰਭਾਲਦੀ ਅਤੇ ਇਸ ਦੌਰਾਨ ਬਹੂ ਕੰਮ 'ਤੇ ਚਲੀ ਜਾਂਦੀ, ਇਹ ਦੇਖ ਕੇ ਬਹੂ ਵੀ ਖੁਸ਼ ਹੁੰਦੀ ਕਿਉਂਕਿ ਉਸ ਨੂੰ ਬੱਚੇ ਨੂੰ ਸੰਭਾਲਣਾ ਨਹੀਂ ਸੀ ਪੈਂਦਾ ਅਤੇ ਦਾਦੀ ਤੇ ਪੋਤਾ ਵੀ ਇਕ-ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਸਨ।
ਕੁਝ ਸਮਾਂ ਬੀਤਣ 'ਤੇ ਇਕ ਦਿਨ ਮਾਂ ਨੇ ਮੁੰਡੇ ਤੇ ਬਹੁ ਨੂੰ ਆਪਸ ਵਿਚ ਗੱਲਾਂ ਕਰਦੇ ਸੁਣ ਲਿਆ। ਬਹੁ ਕਹਿੰਦੀ, 'ਟਿਕਟ ਵੀ ਅਸੀਂ ਲਗਾਈ ਹੈ ਤੇ ਮੁਫ਼ਤ ਦੀ ਰੋਟੀ ਪਾਣੀ ਵੀ ਦੇਈ ਜਾਂਦੇ ਆ, ਜੇਕਰ ਅਸੀਂ ਘਰ ਨੌਕਰਾਣੀ ਰੱਖਦੇ ਤਾਂ ਕਿੰਨੇ ਪੈਸੇ ਬਰਬਾਦ ਹੁੰਦੇ। ਹੁਣ ਬੱਚਾ ਵੀ ਪਲ ਗਿਆ ਸੀ, ਹੁਣ ਸਾਡਾ ਕੰਮ ਵੀ ਹੋ ਗਿਆ। ਹੁਣ ਇਸ ਮਾਈ ਨੂੰ ਵਾਪਿਸ ਭੇਜ ਦਿਓ। ਬੱਚੇ ਦਾ ਖਰਚਾ ਵੀ ਵੱਧ ਗਿਆ ਹੈ। ਹੁਣ ਇਸ ਮਾਈ ਦਾ ਸਾਡੇ ਕੋਲੋਂ ਮੁਫ਼ਤ ਦਾ ਖਰਚਾ ਨਹੀਂ ਚੁੱਕ ਹੁੰਦਾ। ਹੁਣ ਅਸੀਂ ਇਸ ਦੀ ਬਥੇਰੀ ਸੇਵਾ ਕਰ ਚੁੱਕੇ ਹਾਂ। ਹੁਣ ਥੋੜੀ ਸੇਵਾ ਪਿੰਡ ਵਾਲੀਆਂ ਬਹੂਆਂ ਵੀ ਕਰ ਲੈਣ। ਮਾਈ ਤਾਂ ਪਿੰਡ ਜਾਣ ਦਾ ਨਾਂਅ ਹੀ ਨਹੀਂ ਲੈਂਦੀ। ਮੁੰਡਾ ਵੀ ਹਾਂ ਵਿਚ ਹਾਂ ਮਿਲਾ ਰਿਹਾ ਸੀ।
ਇਹ ਗੱਲਾਂ ਸੁਣ ਕੇ ਮਾਂ ਦਾ ਹਿਰਦਾ ਵਲੂੰਦਰਿਆ ਗਿਆ। ਉਹ ਸੋਚਣ ਲੱਗੀ ਕਿ ਉਹ ਫੋਨ, ਉਹ ਝੂਠੀ ਇੱਜ਼ਤ, ਉਹ ਤੋਹਫੇ ਅਤੇ ਕੈਨੇਡਾ ਬੁਲਾਉਣਾ ਮਾਂ ਲਈ ਨਹੀਂ ਸੀ ਬਲਕਿ ਇਕ ਨੌਕਰਾਣੀ ਨੂੰ ਭਰਮਾਉਣ ਲਈ ਸੀ। ਉਹ ਸਾਰੀ ਰਾਤ ਹੰਝੂ ਵਹਾਉਂਦੀ ਰਹੀ 'ਤੇ ਆਪਣੀਆਂ ਅੱਖਾਂ ਸਾਹਮਣੇ ਆਪਣੇ ਪਿਆਰ ਅਤੇੇ ਮਮਤਾ ਦਾ ਮੁੱਲ ਪੈਂਦਾ ਦੇਖਦੀ ਰਹੀ।


-ਪ੍ਰਿੰਸੀਪਲ ਸਰਬਜੀਤ ਸਿੰਘ,
ਆਦਰਸ਼ ਮਾਡਲ ਸੀ. ਸ. ਸਕੂਲ, ਮਾਹਿਲਪੁਰ, ਹੁਸ਼ਿਆਰਪੁਰ। ਮੋਬਾਈਲ : 9417758355, 8968900989.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX