ਤਾਜਾ ਖ਼ਬਰਾਂ


ਆਈ.ਪੀ.ਐੱਲ 2018 : ਟਾਸ ਜਿੱਤ ਕੇ ਮੁੰਬਈ ਇੰਡੀਅਨਜ਼ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  15 minutes ago
ਆਈ.ਪੀ.ਐੱਲ 2018 : ਚੇਨਈ ਸੁਪਰ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 4 ਦੌੜਾਂ ਨਾਲ ਹਰਾਇਆ
. . .  20 minutes ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 6ਵਾਂ ਝਟਕਾ, ਯੂਸਫ ਪਠਾਨ 45 ਦੌੜਾਂ ਬਣਾ ਕੇ ਆਊਟ
. . .  27 minutes ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਕਪਤਾਨ ਵਿਲੀਅਮਸਨ ਆਊਟ
. . .  29 minutes ago
ਭੌਂ ਰੱਖਿਆ ਵਿਭਾਗ ਦੇ 347 ਸਰਵੇਅਰਾਂ ਦੀ ਨਿਯੁਕਤੀ ਹਾਈਕੋਰਟ ਵਲੋਂ ਰੱਦ
. . .  51 minutes ago
ਮਾਹਿਲਪੁਰ 22 ਅਪ੍ਰੈਲ (ਦੀਪਕ ਅਗਨੀਹੋਤਰੀ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਭੌਂ ਰੱਖਿਆ ਵਿਭਾਗ ਦੇ 347 ਸਰਵੇਅਰਾਂ ਦੀਆਂ ਨਿਯੁਕਤੀਆਂ ਰੱਦ ਕਰਦਿਆਂ ਵਿਭਾਗ...
ਆਈ.ਪੀ.ਐੱਲ 2018 : 15 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 117/4
. . .  52 minutes ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਆਈ.ਪੀ.ਐੱਲ 2018 : 10 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 71/3
. . .  about 1 hour ago
ਆਈ.ਪੀ.ਐੱਲ 2018 : 5 ਓਵਰਾਂ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ 28/3
. . .  about 1 hour ago
ਆਈ.ਪੀ.ਐੱਲ 2018 : ਸਨਰਾਈਜ਼ਰਸ ਹੈਦਰਾਬਾਦ ਨੂੰ ਤੀਸਰਾ ਝਟਕਾ, ਦੀਪਕ ਹੁੱਡਾ ਇੱਕ ਦੌੜ ਬਣਾ ਕੇ ਆਊਟ
. . .  about 1 hour ago
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਾਰਾ ਸਾਲ ਪ੍ਰਚਾਰਿਆ ਜਾਵੇ

ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਧਰਤੀ ਉੱਤੇ ਉਦੋਂ ਹੋਇਆ, ਜਦੋਂ ਸਦੀਆਂ ਦੀ ਗੁਲਾਮੀ ਅਤੇ ਜਾਤ-ਪਾਤ ਦੇ ਆਧਾਰ 'ਤੇ ਪਈਆਂ ਵੰਡੀਆਂ ਨਾਲ ਭਾਰਤੀ ਸਮਾਜ ਦਾ ਭੈੜਾ ਹਾਲ ਸੀ। ਕੰਮਕਾਜੀ ਆਧਾਰ ਉੱਤੇ ਹੋਈ ਵਰਗ ਵੰਡ ਨੂੰ ਪੱਕਿਆਂ ਕਰਕੇ ਲੋਕਾਂ ਨੂੰ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡ ਦਿੱਤਾ ਗਿਆ ਸੀ। ਨੀਵੀਂਆਂ ਜਾਤਾਂ ਨੂੰ ਅਛੂਤ ਆਖਿਆ ਗਿਆ ਅਤੇ ਉਨ੍ਹਾਂ ਦਾ ਜੀਵਨ ਨਰਕ ਤੋਂ ਵੀ ਭੈੜਾ ਬਣਾ ਦਿੱਤਾ ਗਿਆ। ਇਸ ਜ਼ੁਲਮ ਵਿਰੁੱਧ ਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਹੱਕਾਂ ਦੀ ਰਾਖੀ ਵਾਸਤੇ ਜੁੜਨ ਲਈ ਵੰਗਾਰਿਆ। ਉਨ੍ਹਾਂ ਨੇ ਨਿਮਾਣੇ, ਨਿਤਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ-ਆਪ ਨੂੰ ਖੜ੍ਹਾ ਕੀਤਾ ਤੇ ਉਨ੍ਹਾਂ ਦਾ ਸਾਥ ਦਿੱਤਾ। ਜਾਤ-ਪਾਤ ਅਤੇ ਊਚ-ਨੀਚ ਦੀਆਂ ਵੰਡੀਆਂ ਏਨੀਆਂ ਪੀਡੀਆਂ ਸਨ ਕਿ ਇਨ੍ਹਾਂ ਨੂੰ ਤੋੜਨ ਲਈ ਦੋ ਸਦੀਆਂ ਤੋਂ ਵੀ ਵੱਧ ਦਾ ਸਮਾਂ ਲੱਗਿਆ ਤੇ ਦਸ ਜਾਮੇ ਧਾਰਨ ਕਰਨੇ ਪਏ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਇਸ ਵਿਚ ਸਾਰੇ ਧਰਮਾਂ ਅਤੇ ਵਰਣਾਂ ਦੇ ਭਗਤ ਸਾਹਿਬਾਨ ਦੀ ਬਾਣੀ ਦਰਜ ਕਰਕੇ ਗੁਰੂ ਜੀ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਬਣਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਚਾਰ ਬੂਹੇ ਰੱਖ ਕੇ ਚਾਰੇ ਵਰਣਾਂ ਦਾ ਪ੍ਰਤੀਕ ਬਣਾਇਆ। ਦੋ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੇ-ਆਪ ਦੀ ਕੁਰਬਾਨੀ ਦਿੱਤੀ। ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਯਕੀਨ ਹੋ ਗਿਆ ਕਿ ਲੋਕਾਈ ਹੁਣ ਬਰਾਬਰੀ ਲਈ ਤਿਆਰ ਹੋ ਗਈ ਹੈ ਤਾਂ ਉਨ੍ਹਾਂ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਜਾਤ-ਪਾਤ, ਧਰਮ, ਊਚ-ਨੀਚ ਆਦਿ ਦੇ ਨਾਂਅ ਉੱਤੇ ਪਈਆਂ ਵੰਡੀਆਂ ਨੂੰ ਕ੍ਰਿਪਾਨ ਦੇ ਇਕੋ ਝਟਕੇ ਨਾਲ ਹਮੇਸ਼ਾ ਲਈ ਖ਼ਤਮ ਕਰ ਦਿੱਤਾ।
ਇਸ ਇਨਕਲਾਬ ਨੂੰ ਵਾਪਰਿਆਂ ਤਿੰਨ ਸਦੀਆਂ ਤੋਂ ਵੱਧ ਸਮਾਂ ਹੋ ਗਿਆ ਹੈ। ਗੁਰੂ ਦੇ ਸਿੰਘਾਂ ਨੇ ਆਪੋ ਵਿਚ ਤਾਂ ਬਰਾਬਰੀ ਰੱਖਣੀ ਹੀ ਸੀ, ਸਗੋਂ ਸੰਸਾਰ ਵਿਚ ਜਿਥੇ ਵੀ ਧਰਮ, ਜਾਤ, ਰੰਗ, ਨਸਲ ਆਦਿ ਦੇ ਆਧਾਰ ਉੱਤੇ ਮਨੁੱਖੀ ਵੰਡੀਆਂ ਹਨ, ਉਨ੍ਹਾਂ ਨੂੰ ਵੀ ਮੇਟਣਾ ਚਾਹੀਦਾ ਸੀ ਪਰ ਇਹ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਸੀਂ ਦੂਜਿਆਂ ਨੂੰ ਬਰਾਬਰੀ ਦਾ ਸਬਕ ਪੜ੍ਹਾਉਣਾ ਤਾਂ ਦੂਰ, ਸਗੋਂ ਆਪੋ ਵਿਚ ਵੀ ਮੁੜ ਵੰਡੀਆਂ ਨੂੰ ਖੜ੍ਹਾ ਕਰ ਲਿਆ ਹੈ। ਦਸ ਗੁਰੂ ਸਾਹਿਬਾਨ ਤੇ ਅਨੇਕਾਂ ਸਿੰਘਾਂ ਨੇ ਬਰਾਬਰੀ ਦੇ ਜਿਸ ਇਨਕਲਾਬ ਨੂੰ ਸਿਰਜਿਆ ਸੀ, ਅਸੀਂ ਆਪ ਹੀ ਉਸ ਨੂੰ ਮੇਟਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ ਆਪਣੇ-ਆਪ ਨੂੰ ਗੁਰੂ ਦੇ ਸਿੱਖ ਨਹੀਂ ਅਖਵਾਉਂਦੇ, ਸਗੋਂ ਜੱਟ ਸਿੱਖ, ਖੱਤਰੀ ਸਿੱਖ, ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਰਾਮਗੜ੍ਹੀਆ ਸਿੱਖ ਅਖਵਾਉਂਦੇ ਹਾਂ। ਗੁਰੂ-ਘਰ ਵੀ ਆਪਾਂ ਬਰਾਦਰੀ ਦੇ ਨਾਂਅ ਉੱਤੇ ਹੀ ਉਸਾਰ ਲਏ ਹਨ। ਸਿੱਖ ਪੰਥ ਵਿਚ ਜਿਹੜਾ ਵੀ ਕੋਈ ਮਹਾਂਪੁਰਸ਼ ਜਾਂ ਸੰਤ ਹੁੰਦਾ ਹੈ, ਉਸ ਦੇ ਪੈਰੋਕਾਰ ਉਸ ਦੇ ਨਾਂਅ ਉੱਤੇ ਆਪਣੀ ਵੱਖਰੀ ਸੰਪ੍ਰਦਾਇ ਸ਼ੁਰੂ ਕਰ ਲੈਂਦੇ ਹਨ। ਗੁਰੂ-ਘਰਾਂ ਨੂੰ ਲੋਕਾਈ ਦੀ ਸੇਵਾ ਦੇ ਕੇਂਦਰ ਬਣਾਉਣ ਦੀ ਥਾਂ ਸ਼ਕਤੀ ਪ੍ਰਾਪਤੀ ਦੇ ਕੇਂਦਰ ਬਣਾ ਲਿਆ ਹੈ। ਇਕ-ਦੂਜੇ ਦੇ ਮੁਕਾਬਲੇ ਗੁਰੂ ਦੇ ਸਿੱਖ ਵੱਡੇ ਤੋਂ ਵੱਡਾ ਨਗਰ ਕੀਰਤਨ ਜਾਂ ਕੀਰਤਨ ਦਰਬਾਰ ਕਰਵਾਉਣ ਲੱਗ ਪਏ ਹਨ, ਪਰ ਕਿਸੇ ਗਰੀਬ ਸਿੱਖ ਦੀ ਬਾਂਹ ਫੜਨ ਦਾ ਕਦੇ ਕਿਸੇ ਯਤਨ ਨਹੀਂ ਕੀਤਾ। ਉਹ ਗੁਰੂ ਤੋਂ ਬੇਮੁੱਖ ਹੋ ਕੇ ਦੂਜੇ ਰਾਹ ਲੱਭਣ ਲੱਗ ਪਏ ਹਨ।
ਗੁਰੂ ਸਾਹਿਬਾਨ ਨੇ ਸਾਨੂੰ ਸਾਦਗੀ, ਨਿਮਰਤਾ, ਮਿੱਠੀ ਬਾਣੀ, ਨਸ਼ਿਆਂ ਤੋਂ ਦੂਰੀ, ਸੁੱਚੀ ਕਿਰਤ ਕਰਨ ਤੇ ਵੰਡ ਛਕਣ ਦਾ ਸਬਕ ਸਿਖਾਇਆ ਸੀ ਪਰ ਅਸੀਂ ਵਿਖਾਵਾ, ਆਕੜ, ਗਾਲੀ-ਗਲੋਚ, ਹੇਰਾਫੇਰੀ ਤੇ ਘਰ ਭਰਨ ਵੱਲ ਤੁਰ ਪਏ ਹਾਂ।
ਪੰਜਾਹ ਸਾਲ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ, ਗੁਰੂ ਜੀ ਬਾਰੇ ਕਿਤਾਬਾਂ ਲਿਖੀਆਂ ਗਈਆਂ, ਭਵਨ ਉਸਾਰੇ ਗਏ, ਪਰ ਗੁਰੂ ਜੀ ਦੇ ਉਪਦੇਸ਼ਾਂ ਦਾ ਸੰਸਾਰ ਦੇ ਦੂਜੇ ਲੋਕਾਂ ਵਿਚ ਤਾਂ ਕੀ, ਅਸੀਂ ਗੁਰੂ ਦੇ ਸਿੱਖਾਂ ਵਿਚ ਵੀ ਪ੍ਰਚਾਰ ਨਹੀਂ ਕਰ ਸਕੇ। ਪ੍ਰਚਾਰਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਨ੍ਹਾਂ ਦਾ ਬਹੁਤਾ ਜ਼ੋਰ ਗੁਰੂ ਸਾਹਿਬਾਨ ਦੀਆਂ ਕਰਾਮਾਤਾਂ ਜਾਂ ਜਨਮ ਸਾਖੀਆਂ ਦੇ ਵਿਖਿਆਨ ਉੱਤੇ ਹੀ ਵਧੇਰੇ ਹੋ ਗਿਆ ਹੈ। ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ। ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤੀ ਲਈ ਸੁੱਖਾਂ ਸੁੱਖਣੀਆਂ ਤੇ ਕਈ ਹੋਰ ਕਰਮ ਕਾਂਡ ਤਾਂ ਦੱਸੇ ਜਾਂਦੇ ਹਨ ਪਰ ਗੁਰੂ ਦੇ ਹੁਕਮਾਂ ਨੂੰ ਮੰਨ ਕੇ ਜੀਵਨ ਜਿਉਣ ਬਾਰੇ ਨਹੀਂ ਆਖਿਆ ਜਾਂਦਾ। ਗੁਰੂ ਜੀ ਨੇ ਤਾਂ ਸਾਨੂੰ ਸਮਝਾਇਆ ਸੀ ਕਿ ਜਿਹੋ ਜਿਹਾ ਅਸੀਂ ਕਰਮ ਕਰਾਂਗੇ, ਉਹੋ ਹੀ ਫ਼ਲ ਪ੍ਰਾਪਤ ਹੋਵੇਗਾ। ਸਕੂਲ ਵਿਚ ਜਾਣ ਲਈ ਉਥੋਂ ਦੀ ਵਰਦੀ ਪਾਉਣੀ ਤਾਂ ਜ਼ਰੂਰੀ ਹੈ ਪਰ ਇਮਤਿਹਾਨ ਪਾਸ ਕਰਨ ਲਈ ਪੜ੍ਹਾਈ ਵੀ ਕਰਨੀ ਪੈਂਦੀ ਹੈ। ਸਾਡੇ ਬਹੁਤੇ ਪ੍ਰਚਾਰਕ ਵਰਦੀ ਅਤੇ ਵਿਖਾਵੇ ਤੱਕ ਹੀ ਆਪਣੇ ਪ੍ਰਚਾਰ ਨੂੰ ਸੀਮਤ ਕਰ ਰਹੇ ਹਨ, ਕਿਉਂਕਿ ਉਨ੍ਹਾਂ ਵਿਚੋਂ ਬਹੁਤੇ ਗੁਰੂ ਜੀ ਦੇ ਉਪਦੇਸ਼ਾਂ ਉਤੇ ਆਪ ਅਮਲ ਨਹੀਂ ਕਰ ਰਹੇ। ਪ੍ਰਚਾਰ ਦਾ ਅਸਰ ਉਦੋਂ ਹੀ ਹੁੰਦਾ ਜਦੋਂ ਪ੍ਰਚਾਰ ਕਰਨ ਵਾਲਾ ਪਹਿਲਾਂ ਆਪ ਉਸ ਉੱਤੇ ਅਮਲ ਕਰਦਾ ਹੋਵੇ।
ਪੰਜਾਬ ਦੇ ਬਹੁਤੇ ਪਰਿਵਾਰ ਗੁਰੂ ਉਪਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣ ਦੇ ਉਪਦੇਸ਼ ਰਾਹੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਸਿਖਾਇਆ ਹੈ ਪਰ ਵੇਖਣ ਵਿਚ ਆਇਆ ਹੈ ਕਿ ਬਹੁਤੀ ਵਾਰ ਆਪੇ ਹੀ ਸਿਰਜੀ ਭੈੜੀ ਸਥਿਤੀ ਦਾ ਮੁਕਾਬਲਾ ਕਰਕੇ ਉਸ ਨੂੰ ਠੀਕ ਕਰਨ ਦੇ ਯਤਨ ਦੀ ਥਾਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ ਤੇ ਪਿੰਡਾਂ ਦੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ। ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ। ਸਿੱਖਾਂ ਨੂੰ ਤਾਂ ਵੱਡੀ ਤੋਂ ਵੱਡੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਜੁਗਤੀ ਦੱਸੀ ਗਈ ਹੈ। ਸਿੱਖ ਤਾਂ ਉਦੋਂ ਨਹੀਂ ਸੀ ਘਬਰਾਏ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਅਤੇ ਖੁਰਾਕ ਇਕ ਮੁੱਠ ਭੁੱਜੇ ਛੋਲੇ ਹੁੰਦੇ ਸਨ। ਉਦੋਂ ਉਹ ਜ਼ਾਲਮ ਅਤੇ ਜ਼ੁਲਮ ਦਾ ਕੇਵਲ ਮੁਕਾਬਲਾ ਹੀ ਨਹੀਂ ਕਰਦੇ ਸਨ, ਸਗੋਂ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਸਬਕ ਵੀ ਸਿਖਾਉਂਦੇ ਸਨ। ਹੁਣ ਪੰਜਾਬ ਦੇ ਹੀ ਸਿੱਖ ਬੁਝਦਿਲੀ ਦੀ ਮਿਸਾਲ ਬਣ ਰਹੇ ਹਨ। ਨਸ਼ਿਆਂ ਦਾ ਸਹਾਰਾ ਲੈਣਾ ਜਾਂ ਖੁਦਕੁਸ਼ੀ ਕਰਨਾ ਬੁਝਦਿਲੀ ਦੀ ਨਿਸ਼ਾਨੀ ਹੈ। ਇਸ ਦਾ ਮੁੱਖ ਕਾਰਨ ਹੈ ਸਿੱਖੀ ਦਾ ਪ੍ਰਚਾਰ ਘਟਿਆ ਹੈ। ਕੀਰਤਨ ਦਰਬਾਰ ਅਤੇ ਨਗਰ ਕੀਰਤਨਾਂ ਦੀ ਆਪਣੀ ਮਹੱਤਤਾ ਹੈ ਪਰ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਣ ਲਈ ਪ੍ਰਚਾਰ ਦੀ ਲੋੜ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਨਾਇਕਾਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਆ ਰਹੀਆਂ ਕੁਰੀਤੀਆਂ ਵਿਰੁੱਧ ਵੀ ਮੁਹਿੰਮ ਚਲਾਈ ਜਾਵੇ। ਜਿਹੜੇ ਸਿੱਖ ਪਰਿਵਾਰ ਸੱਚਮੁੱਚ ਮੁਸੀਬਤ ਵਿਚ ਹਨ, ਉਨ੍ਹਾਂ ਦੀ ਬਾਂਹ ਫੜਨੀ ਭਾਈਚਾਰੇ ਦਾ ਫਰਜ਼ ਬਣਦਾ ਹੈ। ਕਿਰਤ ਕਰਨ ਤੋਂ ਅਗਲਾ ਪੜਾਅ ਵੰਡ ਛਕਣਾ ਹੈ। ਅਸੀਂ ਆਪਣੀ ਕਿਰਤ ਕਮਾਈ ਵਿਚੋਂ ਗੁਰੂ-ਘਰਾਂ ਨੂੰ ਆਲੀਸ਼ਾਨ ਬਣਾਉਣ ਉੱਤੇ ਤਾਂ ਖਰਚ ਕਰਦੇ ਹੀ ਹਾਂ ਪਰ ਮੁਸੀਬਤ ਵਿਚ ਫਸੇ ਸਿੱਖ ਪਰਿਵਾਰਾਂ ਦੀ ਬਾਂਹ ਫੜਨੀ ਵੀ ਸਿੱਖੀ ਲਹਿਰ ਦਾ ਹਿੱਸਾ ਹੋਣਾ ਚਾਹੀਦਾ ਹੈ।
ਇਹ ਵੇਖਣ ਵਿਚ ਆਇਆ ਹੈ ਕਿ ਗ਼ਰੀਬੀ ਤੋਂ ਘਬਰਾਏ ਕਈ ਸਿੱਖ ਪਰਿਵਾਰ ਸਿੱਖੀ ਤਿਆਗ ਦੂਜੇ ਰਾਹੀਂ ਪੈ ਰਹੇ ਹਨ। ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਤਾਂ ਹਰੇਕ ਪਿੰਡ ਵਿਚ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜਿਹੜੀ ਮੁਸੀਬਤ ਮਾਰੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇ, ਤਾਂ ਜੋ ਉਹ ਮੁੜ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ।
ਸਿੱਖਾਂ ਨੂੰ ਮੁੜ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ ਅਤੇ ਕਰਮ ਕਾਂਡਾਂ ਦੀ ਥਾਂ ਗੁਰਉਪਦੇਸ਼ ਵੱਲ ਮੋੜਨ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਦੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਹ ਚੜ੍ਹਦੀ ਕਲਾ ਵਿਚ ਜਾਣ। ਨੌਜਵਾਨਾਂ ਨੂੰ ਕਿਰਤ ਵੱਲ ਮੋੜੀਏ, ਉਨ੍ਹਾਂ ਨੂੰ ਮਿੱਸੀ ਖੇਤੀ ਨਾਲ ਜੋੜੀਏ। ਗੁਰੂ-ਘਰਾਂ ਨੂੰ ਵੀ ਆਖਿਆ ਜਾਵੇ ਕਿ ਉਹ ਆਪਣੀਆਂ ਦੁੱਧ ਤੇ ਸਬਜ਼ੀਆਂ ਦੀਆਂ ਲੋੜਾਂ ਗੁਰਸਿੱਖਾਂ ਪਾਸੋਂ ਖਰੀਦ ਕੇ ਪੂਰੀਆਂ ਕਰਨ। ਇੰਜ ਸਾਫ਼-ਸੁਥਰੀ ਤੇ ਸਸਤੀ ਸਬਜ਼ੀ ਮਿਲੇਗੀ। ਨੌਜਵਾਨ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਮੁੱਲ ਮਿਲ ਜਾਵੇਗਾ, ਜਿਸ ਨਾਲ ਉਹ ਹੋਰ ਅੱਗੇ ਵਧਣ ਲਈ ਕਦਮ ਪੁੱਟਣਗੇ।
ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਵਿਚ ਸਤਿਕਾਰਯੋਗ ਸੰਤ ਸਮਾਜ ਤੇ ਦੂਜੇ ਮਹਾਂਪੁਰਖਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਇਨਸਾਨ ਖੁਦਕੁਸ਼ੀ ਉਦੋਂ ਹੀ ਕਰਦਾ ਹੈ ਜਦੋਂ ਉਹ ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਸੰਗਤਾਂ ਵਿਚ ਸਾਦਗੀ ਅਤੇ ਚੜ੍ਹਦੀ ਕਲਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਹੁਣ ਵਿਆਹ-ਸ਼ਾਦੀਆਂ ਤਾਂ ਦੂਰ, ਬਜ਼ੁਰਗਾਂ ਦੇ ਭੋਗ ਸਮੇਂ ਵੀ ਖੁੱਲ੍ਹਾ ਖਰਚ ਕੀਤਾ ਜਾਣ ਲੱਗ ਪਿਆ ਹੈ। ਮਹਾਂਪੁਰਖਾਂ ਦੇ ਬਚਨ ਸੰਗਤਾਂ ਜ਼ਰੂਰ ਮੰਨਣਗੀਆਂ। ਕਰਜ਼ੇ ਦੇ ਪੀੜਤ ਕਿਸਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਔਕੜ ਮਹਾਂਪੁਰਸ਼ਾਂ ਨਾਲ ਸਾਂਝੀ ਕਰ ਸਕਣ। ਜਿਥੋਂ ਤੱਕ ਹੋ ਸਕੇ, ਮੁਸੀਬਤ ਵਿਚ ਫਸੇ ਪਰਿਵਾਰ ਦੀ ਮਾਇਕ ਸਹਾਇਤਾ ਕੀਤੀ ਜਾਵੇ। ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਧਰਮ ਵਿਚ ਕਿਸੇ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਨਾ ਕਰਨੀ ਪਵੇ। ਗੁਰੂ ਦੇ ਸਿੱਖਾਂ ਨੇ ਗੁਰੂ ਕੇ ਲੰਗਰ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ਸਾਰੇ ਸੰਸਾਰ ਵਿਚ ਰੋਜ਼ਾਨਾ ਲੱਖਾਂ ਲੋਕ ਗੁਰੂ-ਘਰਾਂ ਵਿਚ ਲੰਗਰ ਛਕਦੇ ਹਨ ਪਰ ਕਦੇ ਤੋਟ ਨਹੀਂ ਆਈ। ਇਸੇ ਤਰ੍ਹਾਂ ਗ਼ਰੀਬ ਦੀ ਬਾਂਹ ਫੜਨ ਦਾ ਲੰਗਰ ਸ਼ੁਰੂ ਕੀਤਾ ਜਾਵੇ। ਗੁਰੂ ਦੀ ਮਿਹਰ ਸਦਕਾ ਇਸ ਵਿਚ ਵੀ ਕਦੇ ਤੋਟ ਨਹੀਂ ਆਵੇਗੀ ਅਤੇ ਕਿਸੇ ਇਨਸਾਨ ਨੂੰ ਗ਼ਰੀਬੀ ਕਾਰਨ ਖੁਦਕੁਸ਼ੀ ਕਰਨ ਦੀ ਨੌਬਤ ਨਹੀਂ ਆਵੇਗੀ। ਇਹੋ ਸਭ ਤੋਂ ਵੱਡੀ ਸੇਵਾ ਹੈ। ਗੁਰੂ-ਘਰਾਂ ਨੂੰ ਆਲੀਸ਼ਾਨ ਜ਼ਰੂਰ ਬਣਾਇਆ ਜਾਵੇ ਪਰ ਮੁਸੀਬਤ ਵਿਚ ਫਸੇ ਗੁਰੂ ਦੇ ਸਿੱਖਾਂ ਦੀ ਬਾਂਹ ਵੀ ਜ਼ਰੂਰ ਫੜੀ ਜਾਵੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ, ਤਾਂ ਹੀ 350ਵੇਂ ਪ੍ਰਕਾਸ਼ ਪੁਰਬ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ।


ਖ਼ਬਰ ਸ਼ੇਅਰ ਕਰੋ

ਵਿਸ਼ਵ ਦੇ ਸਭ ਤੋਂ ਵੱਡੇ ਬੁੱਧ ਸਤੂਪਾਂ 'ਚ ਸ਼ੁਮਾਰ-ਕੇਸਰੀਆ ਸਤੂਪ

ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਚ ਪੈਂਦੇ ਇਕ ਕਸਬੇ ਕੇਸਰੀਆ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਬੁੱਧ ਸਤੂਪਾਂ ਵਿਚ ਸ਼ੁਮਾਰ ਇਕ ਸਤੂਪ ਸਥਿਤ ਹੈ, ਜੋ ਬੋਧੀ ਸ਼ਰਧਾਲੂਆਂ/ਸੈਲਾਨੀਆਂ ਲਈ ਬੜੀ ਮਹੱਤਤਾ ਰੱਖਦਾ ਹੈ। ਇਸ ਦੀ ਉਚਾਈ 104 ਫੁੱਟ ਹੈ ਅਤੇ ਘੇਰਾ ਲਗਪਗ 1400 ਫੁੱਟ। ਭਾਰਤੀ ਪੁਰਾਤੱਤਵ ਸਰਵੇਖਣ (ਪਟਨਾ ਸਰਕਲ) ਅਤੇ ਬਿਹਾਰ ਸੈਰ ਸਪਾਟਾ ਵਿਭਾਗ ਤਾਂ ਇਸ ਨੂੰ ਭਗਵਾਨ ਬੁੱਧ ਦਾ ਸੰਸਾਰ ਵਿਚ ਸਭ ਤੋਂ ਉੱਚਾ ਸਤੂਪ ਹੋਣ ਦਾ ਦਾਅਵਾ ਕਰਦੇ ਹਨ ਪਰ ਵਿਕੀਪੀਡੀਆ ਅਨੁਸਾਰ ਸਭ ਤੋਂ ਵੱਡਾ ਸਤੂਪ ਬੋਰੋਬਦਰ, ਜਾਵਾ, ਇੰਡੋਨੇਸ਼ੀਆ ਵਿਚ ਹੈ, ਜਿਸ ਦੀ ਉਚਾਈ 114.8 ਫੁੱਟ (35 ਮੀਟਰ) ਹੈ। ਇਸ ਹਿਸਾਬ ਨਾਲ ਕੇਸਰੀਆ ਸਤੂਪ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਬੁੱਧ ਸਤੂਪ ਹੈ। ਪਰ ਉਪਰੋਕਤ ਦੋਵੇਂ ਬਿਹਾਰੀ ਸਰੋਤ ਬੋਰੋਬਦਰ ਦੇ ਅਸਥਾਨ ਦੀ ਉਚਾਈ 103 ਫੁੱਟ ਦੱਸਦੇ ਹਨ ਅਤੇ ਇਸ ਕਰਕੇ ਕੇਸਰੀਆ ਦੇ ਸਤੂਪ ਨੂੰ ਸਭ ਤੋਂ ਉੱਚਾ ਮੰਨਦੇ ਹਨ।
ਕੇਸਰੀਆ ਕਸਬਾ ਪਟਨਾ ਤੋਂ 110 ਕਿ: ਮੀ: ਦੀ ਦੂਰੀ ਉਪਰ ਹੈ। ਪਟਨਾ ਦੇ ਉੱਤਰ ਵਿਚ 58 ਕਿ: ਮੀ: ਦੀ ਦੂਰੀ ਉਪਰ ਪ੍ਰਸਿੱਧ ਵਿਰਾਸਤੀ ਅਤੇ ਇਤਿਹਾਸਕ ਅਸਥਾਨ ਵੈਸ਼ਾਲੀ ਸਥਿਤ ਹੈ ਅਤੇ ਵੈਸ਼ਾਲੀ ਦੇ 55 ਕਿ: ਮੀ: ਉੱਤਰ-ਪੱਛਮ ਵਿਚ ਕੇਸਰੀਆ ਹੈ।
ਕਰਨਲ ਮਕੈਂਨਜ਼ੀ ਨੇ 1814 ਵਿਚ ਇਸ ਸਤੂਪ ਦੀ ਢੂੰਡ-ਭਾਲ ਅਰੰਭ ਕੀਤੀ ਸੀ। ਭਾਰਤੀ ਪੁਰਾਤੱਤਵ ਸਰਵੇਖਣ ਦੇ ਪਿਤਾਮਾ ਜਨਰਲ ਅਲੈਗਜ਼ੈਂਡਰ ਕਨਿੰਘਮ ਨੇ 1861-62 ਵਿਚ ਠੁੱਕ ਸਿਰ ਵਿਧੀਪੂਰਵਕ ਖੋਜ ਖੁਦਾਈ ਕੀਤੀ। ਇਸ ਬਾਰੇ ਬਹੁਤਾ ਪਤਾ ਪੁਰਾਤੱਤਵ ਖੋਜੀ ਕੇ.ਕੇ. ਮੁਹੰਮਦ ਨੇ 1958 ਵਿਚ ਲਗਾਇਆ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ 1998 ਵਿਚਲੀ ਖੁਦਾਈ ਦੌਰਾਨ ਇਹ ਮੌਜੂਦਾ ਰੂਪ ਵਿਚ ਸਾਹਮਣੇ ਆਇਆ।
ਭਗਵਾਨ ਬੁੱਧ ਵੈਸ਼ਾਲੀ ਤੋਂ ਕੁਸ਼ੀਨਗਰ ਜਾਂਦਿਆਂ ਕੁਝ ਸਮੇਂ ਲਈ ਇਥੇ ਠਹਿਰੇ ਸਨ। ਉਨ੍ਹਾਂ ਨੇ ਆਪਣਾ ਪਰਵਚਨ 'ਕੇਸਾਪੁਤੀਆ ਸੂਤਾ', ਜਿਸ ਨੂੰ 'ਕਲਾਮਾ ਸੂਤਾ' ਵੀ ਕਹਿੰਦੇ ਹਨ, ਇਸ ਜਗ੍ਹਾ ਉਚਾਰਿਆ। ਕਈ ਤਾਂ ਇਹ ਵੀ ਮੰਨਦੇ ਹਨ ਕਿ ਬੁੱਧ ਨੇ ਆਪਣੇ ਪ੍ਰੀ-ਨਿਰਵਾਣ ਬਾਰੇ ਐਲਾਨ ਵੀ ਇਸ ਥਾਂ ਹੀ ਕੀਤਾ ਪਰ ਬਹੁਤੇ ਇਸ ਐਲਾਨ ਨੂੰ ਵੈਸ਼ਾਲੀ ਨਾਲ ਜੋੜਦੇ ਹਨ।
ਜਦ ਮਹਾਤਮਾ ਬੁੱਧ ਦੇ ਅਨਿਨ ਭਗਤ ਲਿੱਛਵੀ (ਵੈਸ਼ਾਲੀ ਵਾਸੀ) ਭਾਵਨਾਵੱਸ ਗੌਤਮ ਬੁੱਧ ਦੇ ਮਗਰ-ਮਗਰ ਚੱਲ ਪਏ ਤਾਂ ਇਸ ਥਾਂ 'ਤੇ ਉਨ੍ਹਾਂ ਨੂੰ ਆਪਣਾ ਦਕਿਸ਼ਣਾ-ਪਾਤਰ ਪ੍ਰਦਾਨ ਕਰਕੇ ਬੁੱਧ ਨੇ ਲਿੱਛਵੀਆਂ ਨੂੰ ਵਾਪਸ ਮੁੜਨ ਲਈ ਕਿਹਾ। ਇਸ ਭਿਕਸ਼ਾ ਪਾਤਰ ਨੂੰ ਪਵਿੱਤਰ ਨਿਸ਼ਾਨੀ ਵਜੋਂ ਲੈ ਕੇ ਵੈਸ਼ਾਲੀ ਵਾਸੀਆਂ ਨੇ ਬੁੱਧ ਦੇ ਨਿਰਵਾਣ ਤੋਂ ਪਹਿਲਾਂ ਦੀ ਜੀਵਨ ਯਾਤਰਾ ਦੇ ਆਖਰੀ ਕੁਝ ਦਿਨ, ਜੋ ਉਸ ਨੇ ਇਥੇ ਬਿਤਾਏ ਸਨ, ਦੀ ਯਾਦ ਵਿਚ ਇਥੇ ਮਿੱਟੀ ਦਾ ਸਤੂਪ ਬਣਾਇਆ। ਬਾਅਦ ਵਿਚ ਮੌਰੀਆ, ਸੁੰਗਾ, ਕੁਸ਼ਨਾ, ਗੁਪਤਾ, ਪਾਲੀ ਵੰਸ਼ ਕਾਲ ਸਮੇਂ ਇਸ ਨੂੰ ਇੱਟਾਂ ਨਾਲ ਪੱਕਾ ਕਰਵਾਇਆ ਗਿਆ। ਬਹੁਤਾ ਕਾਰਜ ਸਮਰਾਟ ਅਸ਼ੋਕ ਵੇਲੇ ਹੋਇਆ ਸਮਝਿਆ ਜਾਂਦੈ। ਦਰਅਸਲ 200-750 ਈਸਵੀ ਵਿਚਲੇ ਰਾਜਵੰਸ਼ਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਇਸ ਵਿਚ ਯੋਗਦਾਨ ਰਿਹੈ। ਪੰਜਵੀਂ ਸਦੀ ਦਾ ਪ੍ਰਸਿੱਧ ਚੀਨੀ ਯਾਤਰੀ ਫਾਹਿਯਾਨ ਅਤੇ ਸਤਵੀਂ ਸਦੀ ਦਾ ਵਿਦਵਾਨ ਯਾਤਰੀ ਹਿਯੂਨ ਸਾਂਗ ਵੀ ਇਸ ਦਾ ਜ਼ਿਕਰ ਕਰਦੇ ਹਨ। ਫਾਹਿਯਾਨ ਦਕਿਸ਼ਣਾ-ਪਾਤਰ ਉੱਪਰ ਬਣੇ ਸਤੂਪ ਦੀ ਗੱਲ ਕਰਦਾ ਹੈ ਪਰ ਹਿਯੂਨ ਸਾਂਗ ਆਪਣੇ ਯਾਤਰਾ ਬਿਰਤਾਂਤਾਂ ਵਿਚ ਬਕਾਇਦਾ 'ਕਿਆਸ਼ੀਪੋਲਾ' ਦੇ ਸ਼ਾਨਦਾਰ ਸਤੂਪ ਨੂੰ ਦੇਖੇ ਜਾਣ ਬਾਰੇ ਲਿਖਦਾ ਹੈ। ਸਥਾਨਕ ਲੋਕ ਇਸ ਨੂੰ ਦੇਵਲਾ ਪੁਕਾਰਦੇ ਹਨ। ਦੇਵਲਾ ਭਾਵ ਰੱਬ ਦਾ ਘਰ। ਇਹ ਵੀ ਮਨੌਤ ਹੈ ਕਿ ਇਸ ਥਾਂ ਸ਼ਿਵ ਮੰਦਰ ਸੀ, ਜੋ ਰਾਜੇ ਭੀਮ ਨੇ ਬਣਵਾਇਆ ਸੀ। ਕੇਸਰੀਆ ਦਾ ਪੁਰਾਤਨ ਨਾਂਅ ਵੀ ਕੇਸਾਪੂਤਾ ਸੀ। ਇਸ ਉੱਪਰ ਕਲਾਮਾਸ ਦਾ ਰਾਜ ਸੀ, ਜੋ ਬਾਅਦ ਵਿਚ ਕੋਸਲਾ ਰਾਜਸ਼ਾਹੀ ਨੇ ਹਥਿਆ ਲਿਆ। ਗਿਆਨ ਪ੍ਰਾਪਤੀ ਤੋਂ ਪਹਿਲਾਂ ਬੁੱਧ ਦੇ ਅਧਿਆਪਕ ਅਲਾਰਾ ਕਲਾਮਾ ਵੀ ਇਥੋਂ ਦੇ ਦੱਸੇ ਜਾਂਦੇ ਹਨ। ਭਾਰਤੀ ਪੁਰਾਤੱਤਵ ਸਰਵੇਅ ਅਨੁਸਾਰ ਕੇਸਰੀਆ ਸਤੂਪ ਦੀ ਪਹਿਲੀ ਉਚਾਈ 150 ਫੁੱਟ ਸੀ। 1934 ਵਿਚ ਇਸ ਇਲਾਕੇ ਵਿਚ ਆਏ ਭਿਅੰਕਰ ਭੁਚਾਲ ਕਾਰਨ ਇਸ ਸਤੂਪ ਦਾ ਕੁਝ ਭਾਗ ਧਰਤੀ ਵਿਚ ਧੱਸ ਗਿਆ ਅਤੇ ਇਸ ਦੀ ਉਚਾਈ 123 ਫੁੱਟ ਰਹਿ ਗਈ। ਭੁਚਾਲ ਦੇ ਪਿੱਛਲ ਪ੍ਰਭਾਵਾਂ ਅਤੇ ਖੋਰੇ ਕਾਰਨ ਇਹ ਉਚਾਈ ਹੁਣ 104 ਫੁੱਟ ਹੀ ਹੈ, ਪਰ ਖੁਦਾਈ ਅਜੇ ਜਾਰੀ ਹੈ ਅਤੇ ਜ਼ਮੀਨ ਹੇਠੋਂ ਹੋਰ ਭਾਗ ਲੱਭਣ ਦੀ ਆਸ ਹੈ।
ਇਸ ਸਤੂਪ ਵਿਚ ਬੁੱਧ ਦੇ ਕਈ ਬੁੱਤ ਮਿਲੇ, ਜੋ ਭੂਮੀ ਸਪਰਸ਼ ਮੁਦਰਾ, ਪਦਮਆਸਣ ਅਤੇ ਹੋਰ ਬੈਠਵੇਂ ਰੁਖ਼ ਵਾਲੇ ਆਸਣਾਂ ਵਾਲੇ ਹਨ ਪਰ ਮੁਸਲਿਮ ਧਾੜਵੀਆਂ ਨੇ ਇਹ ਸਭ ਬੁੱਤ ਖੰਡਤ ਕੀਤੇ ਹੋਏ ਹਨ। ਇਸ ਸਤੂਪ ਦੀਆਂ 6 ਮੰਜ਼ਲਾਂ ਹਨ। ਖੁਦਾਈ ਦੌਰਾਨ ਕਈ ਸਿੱਕੇ, ਤੀਰਾਂ ਦੇ ਹਿੱਸੇ, ਮਿੱਟੀ ਦੇ ਦੀਵੇ, ਤਾਂਬੇ ਅਤੇ ਟੈਰਾਕੋਟਾ ਦੀਆਂ ਚੀਜ਼ਾਂ ਵੀ ਲੱਭੀਆਂ।
ਕੇਸਰੀਆ ਦਿਹਾਤੀ ਇਲਾਕਾ ਹੈ। ਖੇਤਾਂ ਦੀ ਹਰਿਆਵਲ, ਪਾਮ ਦੀ ਖੇਤੀ ਅਤੇ ਕਾਦਰ ਦੀ ਕੁਦਰਤ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨ ਹੋ ਜਾਂਦੇ ਹਨ। ਪਟਨਾ ਦੇ ਮਿੱਠਾਪੁਰ ਬੱਸ ਅੱਡੇ ਤੋਂ ਬੱਸਾਂ ਵੀ ਮਿਲ ਜਾਂਦੀਆ ਹਨ ਪਰ ਵਿੰਗ-ਵਲੇਵੇਂ ਅਤੇ ਥਾਂ-ਥਾਂ ਰੁਕਣ ਕਾਰਨ ਸਮਾਂ ਬਹੁਤ ਲੱਗ ਜਾਂਦੈ। ਟੈਕਸੀ ਰਾਹੀਂ ਵੈਸ਼ਾਲੀ-ਕੇਸਰੀਆ ਦਾ ਟੂਰ ਬਣਾਇਆ ਜਾ ਸਕਦੈ। ਰੇਲ ਰਾਹੀਂ 22 ਕਿ:ਮੀ: ਦੂਰ ਚਕੀਆ ਰੇਲਵੇ ਸਟੇਸ਼ਨ ਹੈ। ਮੁਜ਼ੱਫਰਪੁਰ-ਮੋਤੀਹਾਰੀ ਸੜਕੀ ਮਾਰਗ ਰਾਹੀਂ ਵੀ ਜਾਇਆ ਜਾ ਸਕਦੈ। ਹਵਾਈ ਅੱਡਾ ਸਿਰਫ ਪਟਨਾ ਹੀ ਪੈਂਦੈ, ਜੋ 110 ਕਿ: ਮੀ: ਦੀ ਦੂਰੀ ਉਪਰ ਹੈ। ਦਿਹਾਤੀ ਇਲਾਕਾ ਹੋਣ ਕਾਰਨ ਰਿਹਾਇਸ਼ ਦਾ ਤਸੱਲੀਬਖਸ਼ ਪ੍ਰਬੰਧ ਨਹੀਂ। ਵੈਸ਼ਾਲੀ ਜਾਂ ਮੁਜ਼ੱਫਰਪੁਰ ਹੀ ਰਹਿਣਾ ਪੈਂਦੈ। ਪਟਨਾ ਵਾਪਸੀ ਸਭ ਤੋਂ ਵਧੀਆ ਵਿਕਲਪ ਹੈ।
ਭਾਵੇਂ ਕੇਸਰੀਆ ਸਤੂਪ ਭਾਰਤੀ ਪੁਰਾਤੱਤਵ ਸਰਵੇਅ ਵਲੋਂ ਰਾਸ਼ਟਰੀ ਮਹੱਤਵ ਵਾਲੇ ਵਿਰਾਸਤੀ ਅਸਥਾਨ ਵਜੋਂ ਸੁਰੱਖਿਅਤ ਹੈ ਪਰ ਇਸ ਦਾ ਰੱਖ-ਰਖਾਵ ਉੱਚ ਪਾਏ ਦਾ ਨਹੀਂ। ਹਟਵੇਂ ਜਿਹੇ ਥਾਂ ਉੱਪਰ ਹੋਣ ਕਾਰਨ ਅਤੇ ਸੰਪਰਕ ਸਾਧਨ ਵੀ ਸੰਤੁਸ਼ਟੀਜਨਕ ਨਾ ਹੋਣ ਕਾਰਨ ਐਡਾ ਮਹੱਤਵਪੂਰਨ ਬੋਧੀ ਧਾਰਮਿਕ ਅਸਥਾਨ ਸੈਲਾਨੀਆਂ ਦੀ ਖਿੱਚ ਦਾ ਓਨਾ ਵੱਡਾ ਕੇਂਦਰ ਨਹੀਂ ਬਣ ਸਕਿਆ, ਜਿੰਨਾ ਵੱਡਾ ਬਣਨਾ ਚਾਹੀਦਾ ਸੀ।


-98-ਸਕੀਮ ਨੰ: 3, ਐਸ.ਬੀ.ਐਸ. ਨਗਰ, ਹੁਸ਼ਿਆਰਪੁਰ ਰੋਡ, ਫਗਵਾੜਾ।

ਗੁਰਦੁਆਰਾ ਗੁਰੂ ਕਾ ਤਾਲ ਆਗਰਾ

ਬ੍ਰਿਜ ਭੂਮੀ ਵਿਚ ਜਮਨਾ ਨਦੀ ਕੰਢੇ ਵਸਿਆ ਆਗਰਾ ਆਪਣੇ ਤਾਜ ਮਹੱਲ ਕਾਰਨ ਵਿਸ਼ਵ ਪ੍ਰਸਿੱਧ ਨਗਰ ਹੈ। ਆਪਣੀ ਬੇਗ਼ਮ ਮੁਮਤਾਜ ਦੀ ਯਾਦ ਵਿਚ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵਲੋਂ ਬਣਵਾਇਆ ਤਾਜ ਮਹੱਲ ਦੁਨੀਆ ਭਰ ਦੇ ਲੱਖਾਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਤਾਜ ਮਹੱਲ ਦੇ ਨਜ਼ਦੀਕ ਬਣਿਆ ਆਗਰੇ ਦਾ ਲਾਲ ਕਿਲ੍ਹਾ ਵੀ ਵਿਸ਼ਵ ਵਿਰਾਸਤੀ ਇਮਾਰਤ ਦਾ ਦਰਜਾ ਰੱਖਦਾ ਹੈ। ਇਸ ਨਗਰ ਦਾ ਸਿੱਖ ਗੁਰੂ ਸਾਹਿਬਾਨਾਂ ਨਾਲ ਵੀ ਵਿਸ਼ੇਸ਼ ਸਬੰਧ ਰਿਹਾ ਹੈ। ਇੱਥੇ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ। ਇੱਥੋਂ ਦੇ ਵੱਖ-ਵੱਖ ਖੇਤਰਾਂ ਵਿਚ ਗੁਰੂ ਸਾਹਿਬਾਨਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬਾਨ ਸਥਾਪਤ ਹਨ। ਉਨ੍ਹਾਂ ਵਿਚੋਂ ਪ੍ਰਮੁੱਖ ਹੈ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ 'ਗੁਰੂ ਕਾ ਤਾਲ'।
ਇਹ ਗੁਰਦੁਆਰਾ ਦਿੱਲੀ-ਆਗਰਾ ਸੜਕ ਉੱਪਰ ਆਗਰਾ ਦੇ ਸਿਕੰਦਰਾ ਵਿਖੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਆਗਰੇ ਤਿੰਨ ਵਾਰ ਆਏ ਸਨ। ਉਨ੍ਹਾਂ ਦੇ ਇੱਥੇ ਆਉਣ ਦੀ ਯਾਦ ਵਿਚ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਬਾਬਾ ਸਾਧੂ ਸਿੰਘ ਮੁਨੀ ਦੀ ਅਗਵਾਈ ਵਿਚ 1970 ਵਿਚ ਕਰਵਾਇਆ ਗਿਆ ਸੀ। ਜਿੱਥੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ, ਪਹਿਲਾਂ ਉੱਥੇ ਹੋਰ ਸ਼ਾਹੀ ਇਮਾਰਤ ਸੀ, ਜੋ ਮੁਗ਼ਲ ਵਸਤੂ ਕਲਾ ਨਾਲ ਮਿਲਦੀ-ਜੁਲਦੀ ਸੀ। 17ਵੀਂ ਸਦੀ ਵਿਚ ਜਹਾਂਗੀਰ ਦੇ ਸ਼ਾਸਨ ਕਾਲ ਦੌਰਾਨ ਇੱਥੇ ਪਾਣੀ ਇਕੱਠਾ ਕਰਨ ਲਈ ਇਕ ਤਲਾਬ, ਜਿਸ ਨੂੰ ਸਥਾਨਕ ਭਾਸ਼ਾ ਵਿਚ ਤਾਲ ਕਿਹਾ ਜਾਂਦਾ ਹੈ, ਬਣਵਾਇਆ ਗਿਆ ਸੀ। ਇਸ ਨੂੰ ਨਿਕਾਸ਼ੀਦਾਰ ਪੱਥਰਾਂ ਨਾਲ ਸਜਾਇਆ ਗਿਆ ਸੀ। ਇਸ ਤਾਲ ਵਿਚ ਪਹਿਲਾਂ 12 ਨਿਕਾਸ਼ੀਦਾਰ ਮੀਨਾਰ ਸਨ, ਹੁਣ ਇਨ੍ਹਾਂ ਵਿਚੋਂ 8 ਬਾਕੀ ਬਚੇ ਹਨ। ਬਰਸਾਤਾਂ ਦੀ ਰੁੱਤ ਵਿਚ ਇਸ ਵਿਚ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ ਅਤੇ ਇਸ ਨੂੰ ਸਿੰਚਾਈ ਆਦਿ ਲਈ ਉਪਯੋਗ ਕੀਤਾ ਜਾਂਦਾ ਸੀ।
ਹੁਣ ਇਸੇ ਤਾਲ ਦੇ ਨਜ਼ਦੀਕ ਗੁਰਦੁਆਰਾ ਗੁਰੂ ਕਾ ਤਾਲ ਦੀ ਸੁੰਦਰ ਇਮਾਰਤ ਬਣੀ ਹੋਈ ਹੈ। ਇਹ ਗੁਰਦੁਆਰਾ ਸਾਹਿਬ 40 ਏਕੜ ਵਿਚ ਫੈਲਿਆ ਹੋਇਆ ਹੈ। ਬਾਹਰੋਂ ਇਹ ਕਿਸੇ ਕਿਲ੍ਹੇ ਦਾ ਨਜ਼ਾਰਾ ਪੇਸ਼ ਕਰਦਾ ਹੈ। ਇਥੇ ਇਕ ਖੂਹ ਹੈ, ਜਿਸ ਦਾ ਪਾਣੀ ਮਿੱਠਾ ਹੈ, ਜਦਕਿ ਆਸ-ਪਾਸ ਦਾ ਧਰਤੀ ਹੇਠਲਾ ਪਾਣੀ ਖਾਰਾ ਹੈ। ਇਸ ਸਬੰਧੀ ਕਿਹਾ ਜਾਂਦਾ ਹੈ ਕਿ ਇਸ ਖੂਹ ਦਾ ਪਾਣੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਵਰਦਾਨ ਨਾਲ ਮਿੱਠਾ ਹੋਇਆ ਹੈ। ਇਸ ਦੇ ਮੂਹਰੇ ਸੁੰਦਰ ਪਾਰਕ ਅਤੇ ਇਸ ਪਾਰਕ ਵਿਚਲੀ ਹੈਜ਼ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਇਸ ਨਾਲ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ-ਜਾਨਵਰਾਂ ਦੇ ਸੁੰਦਰ ਅਕਾਰ ਬਣਦੇ ਹਨ। ਇਸ ਪਾਰਕ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਸ਼ਖ਼ਸੀਅਤਾਂ ਦੇ ਘੋੜਿਆਂ ਉੱਪਰ ਸਵਾਰ ਹੋਇਆਂ ਦੇ ਬੁੱਤ ਸਥਾਪਤ ਕੀਤੇ ਗਏ ਹਨ। ਗੁਰਦੁਆਰਾ 'ਗੁਰੂ ਕਾ ਤਾਲ' ਦੇ ਇਸ ਪਾਰਕ ਵਿਚ ਗੁਰਦੁਅਰਾ ਮੰਜੀ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਇਸੇ ਥਾਂ 'ਤੇ ਗੁਰੂ ਤੇਗ਼ ਬਹਾਦਰ ਗਰੀਬ ਆਜੜੀ ਦੀ ਮਨ ਦੀ ਇੱਛਾ ਪੂਰੀ ਕਰਨ ਲਈ ਠਹਿਰੇ ਸਨ।
'ਗੁਰਦੁਆਰਾ ਗੁਰੂ ਕਾ ਤਾਲ' ਦੀ ਪਹਿਲੀ ਮੰਜ਼ਿਲ 'ਤੇ ਸਥਾਪਤ ਦਰਬਾਰ ਸਾਹਿਬ ਵਿਚ ਬਾਣੀ ਅਤੇ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਇਸ ਦੇ ਹੇਠਾਂ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸਬੰਧਤ ਇਕ ਭੋਰਾ ਵੀ ਮੌਜੂਦ ਹੈ। ਸਾਫ਼-ਸੁਥਰੇ ਤੇ ਵਿਸ਼ਾਲ ਲੰਗਰ ਹਾਲ ਵਿਚ 24 ਘੰਟੇ ਰਾਹੀਆਂ-ਪਾਂਧੀਆਂ ਲਈ ਲੰਗਰ ਚਲਦਾ ਰਹਿੰਦਾ ਹੈ। ਗੁਰੂ-ਘਰ ਦੇ ਪਿਛਲੇ ਪਾਸੇ ਵੱਡੀ ਗਿਣਤੀ ਵਿਚ ਦੁੱਧ ਦੇਣ ਵਾਲੇ ਪਸ਼ੂ ਰੱਖੇ ਹੋਏ ਹਨ, ਜਿਨ੍ਹਾਂ ਦਾ ਦੁੱਧ ਲੰਗਰ ਵਿਚ ਉਪਯੋਗ ਹੁੰਦਾ ਹੈ। ਇਸ ਦੇ ਨਾਲ ਰਾਤ ਨੂੰ ਠਹਿਰਣ ਲਈ ਆਗਰੇ ਆਉਣ ਵਾਲੀਆਂ ਸੰਗਤਾਂ ਲਈ ਨਿੱਜੀ ਕਮਰੇ ਅਤੇ ਹਾਲ ਕਮਰੇ ਬਣੇ ਹੋਏ ਹਨ। ਅੱਗੇ-ਪਿੱਛੇ ਜਾਣ ਵਾਲੇ ਬੱਸਾਂ-ਟਰੱਕਾਂ ਵਾਲਿਆਂ ਲਈ ਵੀ ਇੱਥੇ ਠਹਿਰਣ ਲਈ ਵਧੀਆ ਸੁਰੱਖਿਅਤ ਥਾਂ ਹੈ। ਆਮ ਕਰਕੇ ਪੰਜਾਬ ਤੋਂ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਰਾਤ ਨੂੰ ਵਿਸ਼ਰਾਮ ਲਈ ਇੱਥੇ ਠਹਿਰਦੀਆਂ ਹਨ।
ਇਸ ਗੁਰਦੁਆਰਾ ਸਾਹਿਬ ਨੂੰ ਭਾਰਤ ਸਰਕਾਰ ਵਲੋਂ ਦਸੰਬਰ, 1920 ਵਿਚ ਪੁਰਾਤਨ ਸਮਾਰਕ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਲਗਾਤਾਰ ਵਿਕਸਿਤ ਹੋ ਰਿਹਾ ਹੈ। ਇਸ ਗੁਰਦੁਆਰਾ ਸਾਹਿਬ ਦੀ ਰਹਿਨੁਮਾਈ ਹੇਠ ਹੋਰ ਕਈ ਗੁਰਦੁਆਰੇ ਅਤੇ ਸਕੂਲ ਚੱਲ ਰਹੇ ਹਨ। ਗੁਰਦੁਆਰਾ ਸਾਹਿਬ ਦੇ ਵੱਡੀ ਗਿਣਤੀ ਵਿਚ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਉਚੇਚੇ ਰੂਪ ਵਿਚ ਚਲਾਉਣ 'ਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਇੱਥੇ ਸਿੱਖ ਇਤਿਹਾਸ ਨਾਲ ਸਬੰਧਤ ਦਿਨ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਅਤੇ ਕੀਰਤਨ ਦਰਬਾਰਾਂ ਦਾ ਆਯੋਜਨ ਹੁੰਦਾ ਹੈ। ਇਹ ਸਥਾਨ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਦੂਸਰੇ ਧਰਮਾਂ ਲਈ ਵੀ ਆਸਥਾ ਦਾ ਕੇਂਦਰ ਹੈ। ਆਪਣੀ ਸੁੰਦਰਤਾ ਕਾਰਨ ਇਹ ਗੁਰਦੁਆਰਾ ਸਾਹਿਬ ਧਾਰਮਿਕ ਆਸਥਾ ਦੇ ਕੇਂਦਰ ਦੇ ਨਾਲ-ਨਾਲ ਆਗਰੇ ਦੇ ਸੈਲਾਨੀ ਕੇਂਦਰ ਦੇ ਰੂਪ ਵਿਚ ਵੀ ਆਪਣੀ ਪਹਿਚਾਣ ਰੱਖਦਾ ਹੈ।


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਚੰਦ ਕੌਰ ਨੂੰ ਨਾ ਮਿਲ ਸਕਿਆ ਫ਼ੌਜ ਦਾ ਸਮਰਥਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਕੁਝ ਦਿਨਾਂ ਬਾਅਦ ਦੋ ਸੰਧਾਵਾਲੀਏ ਸਰਦਾਰ, ਅਜੀਤ ਸਿੰਘ ਤੇ ਅਤਰ ਸਿੰਘ ਲਾਹੌਰ ਪਹੁੰਚੇ ਤੇ ਉਨ੍ਹਾਂ ਨੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਉਨ੍ਹਾਂ ਦੇ ਪਿੱਛੇ ਗੁਲਾਬ ਸਿੰਘ ਡੋਗਰਾ ਤੇ ਭਾਈਏ ਸਨ। ਇਕ ਸਮਝੌਤੇ ਉੱਪਰ 27 ਨਵੰਬਰ ਨੂੰ ਦਸਤਖਤ ਹੋਏ, ਜਿਸ ਮੁਤਾਬਿਕ ਸ਼ੇਰ ਸਿੰਘ ਅੱਠ ਮਹੀਨੇ ਵਾਸਤੇ ਮੁਕੇਰੀਆਂ ਵਿਚ ਆਪਣੀ ਜਗੀਰ ਉੱਪਰ ਚਲਾ ਜਾਵੇਗਾ ਤੇ ਆਪਣਾ ਪੁੱਤਰ ਲਾਹੌਰ ਵਿਚ ਹੀ ਬਤੌਰ ਜ਼ਮਾਨਤ ਰੱਖੇਗਾ। ਇਸ ਵਿਚ ਇਹ ਵੀ ਲਿਖਿਆ ਗਿਆ ਕਿ ਜੇ ਨੌਨਿਹਾਲ ਸਿੰਘ ਦੀ ਵਿਧਵਾ ਨੇ ਪੁੱਤਰ ਨੂੰ ਜਨਮ ਦਿੱਤਾ ਤਾਂ ਉਹ ਤਖ਼ਤ ਦਾ ਵਾਰਸ ਹੋਵੇਗਾ, ਨਹੀਂ ਤਾਂ ਨਵਾਂ ਸਮਝੌਤਾ ਤਿਆਰ ਕੀਤਾ ਜਾਵੇਗਾ। ਇਸ ਇਕਰਾਰਨਾਮੇ ਉੱਪਰ 16 ਅਹਿਮ ਹਸਤੀਆਂ ਨੇ ਦਸਤਖਤ ਕੀਤੇ, ਜਿਨ੍ਹਾਂ ਵਿਚ ਸਿੱਖ, ਹਿੰਦੂ ਤੇ ਮੁਸਲਮਾਨ ਸ਼ਾਮਿਲ ਸਨ।
ਹੁਣ ਚੰਦ ਕੌਰ ਨੂੰ ਬਕਾਇਦਾ 'ਮਲਿਕਾ ਏ ਮੁਕੱਦਸ' ਦੇ ਖਿਤਾਬ ਨਾਲ ਤਖ਼ਤ 'ਤੇ ਬਿਠਾਇਆ ਗਿਆ। ਸਾਰੇ ਦਰਬਾਰੀ, ਸਮੇਤ ਸ਼ੇਰ ਸਿੰਘ ਦੇ ਜਿਸ ਨੂੰ ਵਜ਼ੀਰਾਂ ਦੀ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਸੀ ਤੇ ਧਿਆਨ ਸਿੰਘ ਡੋਗਰਾ ਜੋ ਵਜ਼ੀਰੇ ਆਜ਼ਮ ਮੁਕੱਰਰ ਕੀਤਾ ਗਿਆ ਸੀ, ਹਾਜ਼ਰ ਸਨ। ਸਾਰਿਆਂ ਨੇ ਮਹਾਰਾਣੀ ਨੂੰ ਸਤਿਕਾਰ ਦਿੱਤਾ। ਇਹ ਵਾਕਿਆ 2 ਦਸੰਬਰ, 1840 ਦਾ ਸੀ।
ਅਗਲੇ ਦਿਨ ਸ਼ੇਰ ਸਿੰਘ ਲਾਹੌਰ ਨੂੰ ਛੱਡ ਕੇ ਆਪਣੀ ਜਗੀਰ ਉੱਪਰ ਚਲਾ ਗਿਆ। ਉਸ ਨੂੰ ਇਕ ਲੱਖ ਰੁਪਈਆ ਸਾਲਾਨਾ ਭੱਤਾ ਤੇ ਇਸੇ ਰਕਮ ਦੀ ਇਕ ਹੋਰ ਜਗੀਰ ਦੇਣ ਦਾ ਵਾਅਦਾ ਕੀਤਾ ਗਿਆ। ਹਾਲਾਂਕਿ ਇਸ ਦੇ ਨਾਲ ਉਸ ਦਾ ਮਨ ਲਾਹੌਰ ਦੇ ਤਖ਼ਤ ਤੋਂ ਉਚਾਟ ਨਹੀਂ ਸੀ ਹੋਇਆ, ਉਹ ਉਥੋਂ ਨਿਕਲਦੇ ਸਮੇਂ ਵੀ ਇਸ ਬਾਰੇ ਹੀ ਸੋਚਦਾ ਜਾ ਰਿਹਾ ਸੀ।
ਸ਼ੇਰ ਸਿੰਘ ਦੇ ਜਾਣ ਤੋਂ ਬਾਅਦ ਧਿਆਨ ਸਿੰਘ ਡੋਗਰਾ ਇਕ ਅਜਿਹੇ ਕੰਮ ਵਿਚ ਸ਼ਾਮਿਲ ਪਾਇਆ ਗਿਆ ਜੋ ਕਿ 'ਮਾਈ' ਨੂੰ ਪਸੰਦ ਨਹੀਂ ਸੀ ਤੇ ਉਸ ਨੂੰ ਇਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਰਹੀ ਸੀ। ਚੰਦ ਕੌਰ ਨੂੰ ਦਰਬਾਰ ਵਿਚ ਵੀ ਤੇ ਸਾਰੇ ਸ਼ਹਿਰ ਵਿਚ ਮਾਈ ਦੇ ਨਾਂਅ ਨਾਲ ਹੀ ਜਾਣਿਆ ਜਾ ਰਿਹਾ ਸੀ। ਉਹ ਮਹੱਲ ਦੇ ਨਿੱਜੀ ਕਮਰਿਆਂ ਵੱਲ ਜਾ ਰਿਹਾ ਸੀ, ਜੋ ਬਤੌਰ ਮੰਤਰੀ ਉਸ ਦਾ ਹੱਕ ਸੀ ਪਰ ਅਜੀਤ ਸਿੰਘ ਸੰਧਾਵਾਲੀਆ ਵਲੋਂ ਲਗਾਏ ਗਏ ਗਾਰਡ ਨੇ ਉਸ ਨੂੰ ਰੋਕ ਦਿੱਤਾ। ਇਸ ਨਾਲ ਧਿਆਨ ਸਿੰਘ ਡੋਗਰਾ ਤੇ ਸੰਧਾਵਾਲੀਆ ਵਿਚ ਤਕਰਾਰ ਹੋ ਗਈ। ਮਾਈ ਨੇ ਅਜੀਤ ਸਿੰਘ ਦਾ ਸਾਥ ਦਿੱਤਾ ਤੇ ਧਿਆਨ ਸਿੰਘ ਨੂੰ ਕਹਿ ਦਿੱਤਾ ਕਿ ਹੁਣ ਉਹ ਆਪਣੇ-ਆਪ ਨੂੰ ਕਿਲ੍ਹੇ ਦਾ ਡਿਉੜੀਦਾਰ ਨਾ ਸਮਝੇ। ਕਿਸੇ ਸਾਜਿਸ਼ ਵਿਚ ਸ਼ਾਮਿਲ ਹੋਣ ਦੀ ਬਜਾਏ ਧਿਆਨ ਸਿੰਘ ਡੋਗਰਾ ਨੇ ਜਨਵਰੀ, 1841 ਦੇ ਸ਼ੁਰੂ ਵਿਚ ਹੀ ਲਾਹੌਰ ਛੱਡ ਦਿੱਤਾ ਤੇ ਜੰਮੂ ਵਿਚਲੀ ਆਪਣੀ ਜਗੀਰ 'ਤੇ ਆ ਗਿਆ। ਉਸ ਨੇ ਸ਼ੇਰ ਸਿੰਘ ਨੂੰ ਖ਼ਤ ਲਿਖਿਆ। ਉਸ ਨੂੰ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਉਹ ਲਾਹੌਰ ਰਿਜਮੈਂਟ ਦੇ ਅਫਸਰਾਂ ਨਾਲ ਸੰਪਰਕ ਬਣਾਏ।
ਮਾਈ ਤੇ ਸੰਧਾਵਾਲੀਆਂ ਨੇ ਕੁਝ ਦਿਨ ਬਹੁਤ ਮਜ਼ੇ ਨਾਲ ਹਕੂਮਤ ਚਲਾਈ ਪਰ ਸਾਰੇ ਖੇਲ ਦਾ ਚੌਖਟਾ ਉਨ੍ਹਾਂ ਵਾਸਤੇ ਭਾਰੀ ਸੀ। ਉਨ੍ਹਾਂ ਨੇ ਫ਼ੌਜ ਤੇ ਸਾਰੀ ਵਜ਼ਾਰਤ ਦਾ ਸਹਿਯੋਗ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿਚੋਂ ਕੋਈ ਵੀ ਇਸ ਗੱਲ 'ਤੇ ਰਾਜ਼ੀ ਨਹੀਂ ਸੀ ਕਿ ਉਨ੍ਹਾਂ ਦੀ ਹਾਕਮ ਇਕ ਔਰਤ ਹੋਵੇ, ਜੋ ਜ਼ਨਾਨਖਾਨੇ ਦੇ ਪਰਦੇ ਵਿਚੋਂ ਬਾਹਰ ਨਹੀਂ ਆ ਸਕਦੀ।
ਚੰਦ ਕੌਰ ਦੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਸੀ ਕਿ ਉਹ ਆਪਣੀ ਵਿਰਾਸਤ ਨੂੰ ਤਾਕਤਵਰ ਗੁਆਂਢੀ ਅੰਗਰੇਜ਼ਾਂ ਤੋਂ ਮਾਨਤਾ ਹਾਸਲ ਕਰਵਾਏ। ਉਸ ਨੇ ਤਜਵੀਜ਼ ਕੀਤਾ ਕਿ ਗਵਰਨਰ ਜਨਰਲ ਦੇ ਰਾਹੀਂ ਇਕ ਤੋਹਫ਼ਾ ਮਲਕਾ ਵਿਕਟੋਰੀਆ ਦੇ ਨਾਂਅ ਦਾ ਭੇਜਿਆ ਜਾਵੇ। ਇਸ ਮਿਸ਼ਨ ਦਾ ਵਿਚਾਰ ਅੰਗਰੇਜ਼ਾਂ ਦੇ ਕਹਿਣ ਉੱਪਰ ਹੀ ਛੱਡਣਾ ਪਿਆ, ਕਿਉਂਕਿ ਉਹ ਅਜੇ ਵੀ ਕਾਬਲ ਉੱਪਰ ਚੜ੍ਹਾਈ ਵਾਸਤੇ ਪੰਜਾਬ ਦੀ ਹਕੂਮਤ ਦਾ ਸਾਥ ਚਾਹੁੰਦੇ ਸਨ। ਇਸ ਤਰ੍ਹਾਂ ਇਹ ਇਕ ਤਰ੍ਹਾਂ ਨਾਲ ਇਸ ਹਕੂਮਤ ਨੂੰ ਮਾਨਤਾ ਸੀ।
ਮਾਈ ਦੀ ਸਰਕਾਰ ਨੂੰ ਮਾਨਤਾ ਦੇਣ ਦੇ ਨਾਲ ਹੀ ਅੰਗਰੇਜ਼ ਉਸ ਦੀ ਰਿਆਸਤ ਨੂੰ ਕਬਜ਼ੇ ਵਿਚ ਲੈਣ ਦੀਆਂ ਵਿਉਂਤਾਂ ਵੀ ਬਣਾ ਰਹੇ ਸਨ। ਅੰਗਰੇਜ਼ਾਂ ਦਾ ਐਸਾ ਵਤੀਰਾ ਆਪਣੇ ਉਸ ਹਮਾਇਤੀ ਪ੍ਰਤੀ ਸੀ, ਜਿਸ ਨੇ ਨਾ ਸਿਰਫ਼ ਅਫ਼ਗਾਨਿਸਤਾਨ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ, ਬਲਕਿ ਉਨ੍ਹਾਂ ਦੀ ਫ਼ੌਜ ਨੂੰ ਵੀ ਆਪਣੀ ਰਿਆਸਤ ਵਿਚੋਂ ਇਵੇਂ ਨਿਕਲਣ ਦਿੱਤਾ ਸੀ, ਜਿਵੇਂ ਇਹ ਕੋਈ ਆਮ ਰਸਤਾ ਹੋਵੇ। ਅਜਿਹੀ ਮਿਸਾਲ ਇਤਿਹਾਸ ਦੀਆਂ ਕਿਤਾਬਾਂ ਵਿਚ ਹੋਰ ਕਿਧਰੇ ਵੀ ਨਹੀਂ ਮਿਲਦੀ। ਸਰ ਵਿਲੀਅਮ ਮੈਕਨਾਗਟਨ ਦੀ ਤਜਵੀਜ਼ ਸੀ ਕਿ 1809 ਦੀ ਸੰਧੀ ਨੂੰ ਇਕਤਰਫਾ ਤੋੜ ਦਿੱਤਾ ਜਾਵੇ ਤੇ ਪਿਸ਼ਾਵਰ ਨੂੰ ਪੰਜਾਬ ਨਾਲੋਂ ਅੱਡ ਕਰਕੇ ਅਫ਼ਗਾਨਿਸਤਾਨ ਦੇ ਦੁੱਰਾਨੀ ਹੁਕਮਰਾਨਾਂ ਨੂੰ ਦੇ ਦਿੱਤਾ ਜਾਵੇ। ਉਸ ਨੇ ਅੱਗੋਂ ਤਜਵੀਜ਼ ਕੀਤਾ ਕਿ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਜਾਵੇ, ਜਿਸ ਨਾਲ ਪਹਾੜੀ ਇਲਾਕਿਆਂ ਉੱਪਰ ਡੋਗਰਿਆਂ ਦਾ ਰਾਜ ਹੋਵੇ ਤੇ ਮੈਦਾਨੀ ਇਲਾਕਾ ਸੰਧਾਵਾਲੀਆਂ ਨੂੰ ਦੇ ਦਿੱਤਾ ਜਾਵੇ। ਗਵਰਨਰ ਜਨਰਲ ਨੇ ਮੈਕਨਾਗਟਨ ਨੂੰ ਧੀਰਜ ਰੱਖਣ ਦੀ ਸਲਾਹ ਦਿੱਤੀ। ਉਸ ਦਾ ਕਹਿਣਾ ਸੀ ਇਕ ਦਿਨ ਪੰਜਾਬ ਨੇ ਆਪ ਹੀ ਬਿਖਰ ਜਾਣਾ ਹੈ ਤੇ ਫਿਰ ਸਿੰਧ ਤੋਂ ਉਪਰਲਾ ਸਾਰਾ ਪੰਜਾਬ ਆਪਣੇ ਵਿਚ ਸ਼ਾਮਿਲ ਕਰਕੇ ਅਸੀਂ ਆਪਣੀ ਕਠਪੁਤਲੀ ਹਕੂਮਤ ਦੁੱਰਾਨੀ ਦੇ ਸਪੁਰਦ ਕਰ ਦਿਆਂਗੇ।
ਮਾਈ ਦੀ ਸਭ ਤੋਂ ਵੱਡੀ ਸਮੱਸਿਆ ਫ਼ੌਜ ਦੀ ਵਫਾਦਾਰੀ ਹਾਸਲ ਕਰਨਾ ਸੀ। ਕਿਉਂ ਉਸ ਦੀ ਹਮਦਰਦੀ ਸ਼ੇਰ ਸਿੰਘ ਨਾਲ ਸੀ। ਸ਼ੇਰ ਸਿੰਘ ਦਾ ਯੂਰਪੀਨ ਅਫਸਰਾਂ ਨਾਲ ਵੀ ਚੰਗਾ ਸਬੰਧ ਸੀ। ਮਾਈ ਨੂੰ ਰਿਪੋਰਟ ਮਿਲ ਰਹੀ ਸੀ ਕਿ ਫ਼ੌਜੀ ਛਾਉਣੀਆਂ ਛੱਡ ਕੇ ਸ਼ੇਰ ਸਿੰਘ ਦੀ ਜਗੀਰ ਵਿਚ ਬਟਾਲੇ ਪਹੁੰਚ ਰਹੇ ਹਨ। ਚੰਦ ਕੌਰ ਨੇ ਫ਼ੌਜੀਆਂ ਨੂੰ ਲਾਲਚ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੇਜ ਸਿੰਘ ਨੂੰ ਮੁੱਖ ਕਮਾਂਡਰ ਬਣਾ ਕੇ ਫ਼ੌਜੀਆਂ ਦੀ ਤਨਖਾਹ ਹਰ ਮਹੀਨੇ ਦੀ 25 ਤਰੀਕ ਨੂੰ ਦੇਣਾ ਤੈਅ ਕੀਤਾ। ਮਾਈ ਨੇ ਸਾਰੇ ਅਫਸਰਾਂ ਤੇ ਫ਼ੌਜੀਆਂ ਨੂੰ ਕਿਹਾ ਕਿ ਉਹ ਉਸ ਪ੍ਰਤੀ ਵਫਾਦਾਰੀ ਦਾ ਹਲਫ ਲੈਣ। ਪਰ ਇਹ ਸਾਰਾ ਕੁਝ ਕਾਮਯਾਬ ਨਹੀਂ ਹੋਇਆ। ਸ਼ੇਰ ਸਿੰਘ ਨੇ ਫ਼ੌਜੀਆਂ ਦੀਆਂ ਤਨਖਾਹਾਂ ਵਧਾ ਦਿੱਤੀਆਂ, ਜਿਸ ਨਾਲ ਇਧਰੋਂ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਤਾਕਤ ਹਾਸਲ ਕਰਨ ਦੇ 15 ਦਿਨ ਬਾਅਦ ਹੀ ਉਸ ਨੂੰ ਫ਼ੌਜ ਦੀਆਂ ਦੋ ਬਟਾਲੀਅਨਾਂ ਕਿਲ੍ਹੇ ਦੇ ਅੰਦਰ ਆਪਣੀ ਹਿਫਾਜ਼ਤ ਵਾਸਤੇ ਤਾਇਨਾਤ ਕਰਨੀਆਂ ਪਈਆਂ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਖ਼ਤਮ ਹੋ ਗਈ ਮੰਗਲ ਸਿੰਘ ਰਾਮਗੜ੍ਹੀਆ ਦੀ ਹਵੇਲੀ ਦੀ ਸ਼ਾਨ ਤੇ ਨਿਸ਼ਾਨੀਆਂ

ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੀ ਗੁਰੂ ਰਾਮ ਦਾਸ ਸਰਾਂ ਦੇ ਪਾਸ ਚੌਕ ਪਰਾਗਦਾਸ ਵਿਚ ਮੌਜੂਦ ਸਰਕਾਰ-ਏ-ਬਾਵਕਾਰ ਦੀ ਉਪਾਧੀ ਨਾਲ ਸਨਮਾਨਿਤ ਸ: ਮੰਗਲ ਸਿੰਘ ਰਾਮਗੜ੍ਹੀਆ ਦੀ ਮਹਿਲਨੁਮਾ ਸ਼ਹਾਨਾ ਹਵੇਲੀ ਜ਼ਮੀਨਦੋਜ਼ ਹੋ ਚੁੱਕੀ ਹੈ। ਹਵੇਲੀ ਦੇ ਵਿਕਣ ਤੋਂ ਬਾਅਦ ਇਸ ਦੇ ਵੱਡੇ ਹਿੱਸੇ 'ਤੇ ਹੋਟਲਾਂ ਵਰਗੀਆਂ ਉਸਾਰੀਆਂ, ਨਵੀਨਤਮ ਸਰਾਂਵਾਂ ਤੇ ਹੋਰ ਵਪਾਰਕ ਕੇਂਦਰਾਂ ਦੇ ਸਥਾਪਿਤ ਹੋਣ ਨਾਲ ਹਵੇਲੀ ਦੀਆਂ ਕਰੀਬ ਸਭ ਇਤਿਹਾਸਕ ਨਿਸ਼ਾਨੀਆਂ ਖ਼ਤਮ ਹੋ ਚੁੱਕੀਆਂ ਹਨ। ਇਸ ਹਵੇਲੀ ਦੇ ਵਿਕਣ ਸਮੇਂ ਇਸ 'ਚ ਸ: ਮੰਗਲ ਸਿੰਘ ਰਾਮਗੜ੍ਹੀਆ ਦੇ ਪੜਪੋਤੇ ਸਰਦਾਰ ਬਹਾਦਰ ਕਰਤਾਰ ਸਿੰਘ ਦਾ ਪਰਿਵਾਰ ਰਹਿ ਰਿਹਾ ਸੀ। ਆਰਥਿਕ ਹਾਲਤ ਖਰਾਬ ਹੋਣ 'ਤੇ ਇਸ ਪਰਿਵਾਰ ਨੂੰ ਇਹ ਸ਼ਹਾਨਾ ਹਵੇਲੀ ਵੇਚਣੀ ਪਈ। ਤੇਲ ਕੰਧ ਚਿੱਤਰਾਂ ਦਾ ਗੜ੍ਹ ਮੰਨੀ ਜਾਂਦੀ ਰਹੀ ਕੂਚਾ ਮੰਗਲ ਸਿੰਘ ਰਾਮਗੜ੍ਹੀਆ ਦੀ ਉਪਰੋਕਤ ਹਵੇਲੀ ਦੇ ਬੂਹੇ-ਬਾਰੀਆਂ ਤੇ ਹੋਰ ਕੀਮਤੀ ਸਾਮਾਨ ਤਾਂ ਪਹਿਲਾਂ ਹੀ ਵਿਕ ਚੁੱਕੇ ਹਨ, ਹੁਣ ਹਵੇਲੀ ਦੇ ਪੁਰਾਣੇ ਖੂਬਸੂਰਤ ਦਰਵਾਜ਼ੇ ਦੀ ਜਗ੍ਹਾ ਲਗਾਏ ਨਵੇਂ ਦਰਵਾਜ਼ੇ ਦੇ ਨਾਲ ਹੀ ਹਵੇਲੀ ਦੇ ਬਚੇ-ਖੁਚੇ ਹਿੱਸੇ ਨੂੰ ਵੇਚਣ ਸਬੰਧੀ ਵੀ ਬੋਰਡ ਲਗਾ ਦਿੱਤਾ ਗਿਆ ਹੈ। ਉਪਰੋਕਤ ਸ਼ਹਾਨਾ ਹਵੇਲੀ ਰਾਮਗੜ੍ਹੀਆ ਬੁੰਗਾ ਤੋਂ ਲੈ ਕੇ ਕਿਲ੍ਹਾ ਰਾਮਰੌਨੀ (ਰਾਮਗੜ੍ਹ) ਦੇ ਵਿਚਕਾਰ ਆਬਾਦ ਕਟੜਾ ਰਾਮਗੜ੍ਹੀਆ ਦੇ ਆਰੰਭ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਪਾਸ ਉਸਾਰੀ ਗਈ ਸੀ।
ਇਸ ਤਿੰਨ ਮੰਜ਼ਿਲਾ ਹਵੇਲੀ ਦੇ ਸਥਾਨ 'ਤੇ ਪਹਿਲਾਂ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਸਪੁੱਤਰ ਸ: ਜੋਧ ਸਿੰਘ ਰਾਮਗੜ੍ਹੀਆ ਦੀ ਵਿਸ਼ਾਲ ਹਵੇਲੀ ਹੋਇਆ ਕਰਦੀ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਫ਼ਤਹਿ ਕੀਤਾ ਤਾਂ ਅੰਮ੍ਰਿਤਸਰ 'ਤੇ ਕਾਬਜ਼ ਭੰਗੀ ਮਿਸਲ ਦੇ ਅੰਤਿਮ ਹਾਕਮ ਸ: ਗੁਰਦਿੱਤ ਸਿੰਘ ਭੰਗੀ ਤੇ ਉਸ ਦੀ ਮਾਂ ਰਾਣੀ ਸੁੱਖਾਂ ਮਹਾਰਾਜਾ ਦੀ ਫ਼ੌਜ ਤੋਂ ਬਚਦੇ-ਬਚਾਉਂਦੇ ਉਪਰੋਕਤ ਹਵੇਲੀ ਵਿਚ ਸ: ਜੋਧ ਸਿੰਘ ਪਾਸ ਪਹੁੰਚ ਗਏ। ਇਥੇ ਪਹੁੰਚਣ 'ਤੇ ਰਾਮਗੜ੍ਹੀਆ ਸਰਦਾਰ ਦੀ ਸਿਫ਼ਾਰਸ਼ 'ਤੇ ਮਹਾਰਾਜੇ ਨੇ ਭੰਗੀ ਸਰਦਾਰ ਨਾਲ ਸੁਲ੍ਹਾ ਕਰਦਿਆਂ ਉਸ ਨੂੰ ਤੇ ਉਸ ਦੀ ਮਾਂ ਨੂੰ ਉਨ੍ਹਾਂ ਦੇ ਇਲਾਕੇ ਵਿਚੋਂ ਚਾਰ ਪਿੰਡਾਂ ਦੀ ਜਗੀਰ ਬਖ਼ਸ਼ ਦਿੱਤੀ। ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਭਰਾ ਸ: ਤਾਰਾ ਸਿੰਘ ਦੇ ਪੋਤਰੇ ਮੰਗਲ ਸਿੰਘ ਰਾਮਗੜ੍ਹੀਆ ਨੂੰ ਸ: ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਬਾਅਦ ਸ਼ੇਰ-ਏ-ਪੰਜਾਬ ਵਲੋਂ ਪੇਸ਼ਾਵਰ ਤੋਂ ਕਾਬੁਲ ਤੱਕ ਦੇ ਰਸਤੇ ਵਿਚ ਆਉਂਦੇ ਕਬਾਇਲੀ ਪਹਾੜੀ ਕਿਲ੍ਹਿਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ। ਨਲਵਾ ਸਰਦਾਰ ਵਾਂਗ ਮੰਗਲ ਸਿੰਘ ਨੇ ਵੀ ਕਬਾਇਲੀ ਵਿਦਰੋਹੀਆਂ ਨੂੰ ਠੱਪ ਕੇ ਰੱਖਿਆ, ਜਿਸ 'ਤੇ ਮਹਾਰਾਜੇ ਨੇ ਖੁਸ਼ ਹੋ ਕੇ ਸ: ਜੋਧ ਸਿੰਘ ਰਾਮਗੜ੍ਹੀਆ ਦੀ ਜ਼ਬਤ ਕੀਤੀ ਜਗੀਰ ਦਾ ਵੱਡਾ ਹਿੱਸਾ ਬੁੰਗਾ ਰਾਮਗੜ੍ਹੀਆ ਤੇ ਉਪਰੋਕਤ ਸ਼ਹਾਨਾ ਹਵੇਲੀ ਸ: ਮੰਗਲ ਸਿੰਘ ਸਿੰਘ ਰਾਮਗੜ੍ਹੀਆ ਨੂੰ ਬਖ਼ਸ਼ ਦਿੱਤੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਆਜ਼ਾਦੀ ਘੁਲਾਟੀਏ ਹੌਲਦਾਰ ਮੂਲਾ ਸਿੰਘ ਮਾਂਗੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਗੁਰਦੁਆਰਾ ਐਕਟ ਬਣ ਜਾਣ ਪਿੱਛੋਂ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਪੈਨਸ਼ਨਕਾਰ ਸੈਨਿਕਾਂ ਦੀ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਮੂਲੀਅਤ ਕਾਰਨ ਪੈਨਸ਼ਨ ਜ਼ਬਤ ਹੋਈ ਹੈ, ਉਹ ਜੇਕਰ ਸਰਕਾਰ ਨੂੰ ਪੈਨਸ਼ਨ ਦੀ ਬਹਾਲੀ ਸਬੰਧੀ ਬੇਨਤੀ ਕਰਨ ਤਾਂ ਉਨ੍ਹਾਂ ਦੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ। ਬਹੁਤ ਸਾਰੇ ਸਾਬਕਾ ਸੈਨਿਕਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਦਾ ਲਾਭ ਉਠਾਉਂਦਿਆਂ ਪੈਨਸ਼ਨ ਦੀ ਬਹਾਲੀ ਕਰਵਾ ਲਈ ਪਰ ਮੂਲਾ ਸਿੰਘ ਨੇ ਸਰਕਾਰ ਦੀ ਇਸ ਨੀਤੀ ਨੂੰ ਧਰਮ ਖਾਤਰ ਕੀਤੀ ਕੁਰਬਾਨੀ ਦਾ ਮੁੱਲ ਪਵਾਉਣਾ ਸਮਝਦਿਆਂ ਪੈਨਸ਼ਨ ਬਹਾਲੀ ਲਈ ਸਰਕਾਰ ਪਾਸ ਪਹੁੰਚ ਕਰਨੀ ਉਚਿਤ ਨਾ ਸਮਝੀ। ਦੋ ਕੁ ਸਾਲ ਬੀਤਣ ਪਿੱਛੋਂ ਕੁਝ ਪੁਰਾਣੇ ਸੰਗੀਆਂ ਦੀ ਸਲਾਹ ਮੰਨਦਿਆਂ ਮੂਲਾ ਸਿੰਘ ਨੇ ਪੈਨਸ਼ਨ ਬਹਾਲੀ ਲਈ ਦਰਖਾਸਤ ਦੇਣੀ ਤਾਂ ਮੰਨ ਲਈ ਪਰ ਬੇਨਤੀ ਪੱਤਰ ਰਵਾਇਤੀ ਸ਼ਬਦਾਵਲੀ ਵਿਚ ਲਿਖਣ ਦੀ ਥਾਂ ਇਸ ਨੂੰ ਮੌਲਿਕ ਰੂਪ ਦਿੱਤਾ। ਉਸ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਤੀ 25 ਨਵੰਬਰ, 1929 ਨੂੰ ਪੇਸ਼ ਕੀਤੀ ਦਰਖਾਸਤ ਵਿਚ ਲਿਖਿਆ, 'ਮੈਂ ਗੁਰਦੁਆਰਾ ਸੁਧਾਰ ਲਹਿਰ ਨੂੰ ਇਕ ਧਾਰਮਿਕ ਅੰਦੋਲਨ ਸਮਝਦਿਆਂ ਇਸ ਵਿਚ ਭਾਗ ਲਿਆ ਅਤੇ ਅਜਿਹਾ ਕਰਦਿਆਂ ਮੈਂ ਕੋਈ ਕਸੂਰ ਨਹੀਂ ਕੀਤਾ। ...ਜਦੋਂ ਗੁਰਦੁਆਰਾ ਐਕਟ ਲਾਗੂ ਕੀਤਾ ਗਿਆ ਤਾਂ ਗਵਰਨਰ ਪੰਜਾਬ ਨੇ ਐਲਾਨ ਕੀਤਾ ਸੀ ਕਿ ਇਸ ਐਕਟ ਉੱਤੇ ਅਮਨਪੂਰਵਕ ਅਮਲ ਕਰਨ ਵਾਲੇ ਸਿੱਖਾਂ ਨੂੰ ਉਨ੍ਹਾਂ ਦੇ ਬੀਤੇ ਸਮੇਂ ਦੌਰਾਨ ਕੀਤੇ ਸਾਰੇ ਕਸੂਰ ਮੁਆਫ਼ ਕਰ ਦਿੱਤੇ ਜਾਣਗੇ। ਇਸ ਐਲਾਨ ਦੇ ਆਧਾਰ ਉੱਤੇ ਹੀ ਹੋਰਨਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਮੇਰੀ ਬੇਨਤੀ ਹੈ ਕਿ ਮੇਰੀ ਪੈਨਸ਼ਨ ਵੀ ਬਹਾਲ ਕੀਤੀ ਜਾਵੇ। '
ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਕਮਿਸ਼ਨਰ ਲਾਹੌਰ ਨੇ ਵੀ ਮੂਲਾ ਸਿੰਘ ਦੀ ਪੈਨਸ਼ਨ ਬਹਾਲ ਕਰਨ ਦੀ ਸਿਫਾਰਸ਼ ਕੀਤੀ ਪਰ ਪੰਜਾਬ ਸਰਕਾਰ ਦੀ ਪੱਧਰ ਉੱਤੇ ਇਹ ਦਰਖਾਸਤ ਦੋ ਸਾਲ ਇਧਰ-ਉਧਰ ਘੁੰਮਦੀ ਰਹੀ। ਕਾਰਨ ਇਹ ਸੀ ਕਿ ਉੱਚ ਅਧਿਕਾਰੀਆਂ ਨੂੰ ਮੂਲਾ ਸਿੰਘ ਦੇ ਬੇਨਤੀ ਪੱਤਰ ਵਿਚਲੀ ਸ਼ਬਦਾਵਲੀ ਪਸੰਦ ਨਹੀਂ ਸੀ। ਇਸ ਲਈ ਸਰਕਾਰ ਵਲੋਂ ਨਵੰਬਰ, 1931 ਵਿਚ ਮੂਲਾ ਸਿੰਘ ਦੀ ਦਰਖਾਸਤ ਇਸ ਟਿੱਪਣੀ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵਾਪਸ ਕੀਤੀ ਗਈ ਕਿ ਮੂਲਾ ਸਿੰਘ ਪਾਸੋਂ 'ਭਵਿੱਖ ਵਿਚ ਵਫ਼ਾਦਾਰ ਰਹਿਣ ਅਤੇ ਚੰਗਾ ਆਚਰਣ ਰੱਖਣ' ਬਾਰੇ ਭਰੋਸਾ ਨਿਰਧਾਰਤ ਦਰਖਾਸਤ ਫਾਰਮ ਵਿਚ ਲੈ ਕੇ ਭੇਜਿਆ ਜਾਵੇ। ਸਥਾਨਕ ਅਧਿਕਾਰੀਆਂ ਨੇ ਲੋੜੀਂਦੀ ਕਾਰਵਾਈ ਮੁਕੰਮਲ ਕਰਕੇ ਮੂਲਾ ਸਿੰਘ ਦੀ ਦਰਖਾਸਤ ਮੁੜ ਮਾਰਚ, 1932 ਵਿਚ ਪੰਜਾਬ ਸਰਕਾਰ ਨੂੰ ਪੁੱਜਦੀ ਕੀਤੀ। ਇਕ ਵਾਰ ਫਿਰ ਮੂਲਾ ਸਿੰਘ ਦੀ ਦਰਖਾਸਤ ਦਫ਼ਤਰੀ ਘੁੰਮਣਘੇਰੀਆਂ ਵਿਚ ਪੈ ਗਈ। ਅੰਤ ਪੰਜਾਬ ਸਰਕਾਰ ਵਲੋਂ ਸਤੰਬਰ, 1934 ਵਿਚ ਮੂਲਾ ਸਿੰਘ ਦੀ ਪੈਨਸ਼ਨ ਬਹਾਲੀ ਲਈ ਕਮਾਂਡਰ ਲਾਹੌਰ ਨੂੰ ਲਿਖੇ ਜਾਣ ਦੇ ਸਿੱਟੇ ਵਜੋਂ ਮੂਲਾ ਸਿੰਘ ਦੀ ਪੈਨਸ਼ਨ ਦਸੰਬਰ, 1929 ਤੋਂ ਬਹਾਲ ਕੀਤੀ ਗਈ।
ਮੂਲਾ ਸਿੰਘ ਦੇ ਘਰ ਉਸ ਦੀ ਪਤਨੀ ਤੇਜ ਕੌਰ ਦੀ ਕੁੱਖੋਂ ਦੋ ਪੁੱਤਰਾਂ-ਬੇਅੰਤ ਸਿੰਘ ਅਤੇ ਗੁਰਦੀਪ ਸਿੰਘ ਅਤੇ ਇਕ ਧੀ ਜਸਵੰਤ ਕੌਰ ਨੇ ਜਨਮ ਲਿਆ। ਉਸ ਦੇ ਦੋਵੇਂ ਪੁੱਤਰ ਪਿਤਾ ਵਲੋਂ ਪਾਈ ਲੀਹ ਦਾ ਅਨੁਕਰਨ ਕਰਦਿਆਂ ਫੌਜ ਵਿਚ ਭਰਤੀ ਹੋਏ। ਬੇਅੰਤ ਸਿੰਘ ਤਰੱਕੀ ਕਰਦਾ ਹੋਇਆ ਕੈਪਟਨ ਬਣਿਆ ਅਤੇ ਫਿਰ ਦੇਸ਼ ਦੀ ਆਜ਼ਾਦੀ ਲਈ ਸ੍ਰੀ ਸੁਭਾਸ਼ ਚੰਦਰ ਬੋਸ ਦੀ ਅਪੀਲ ਉੱਤੇ ਇੰਡੀਅਨ ਨੈਸ਼ਨਲ ਆਰਮੀ ਵਿਚ ਚਲਾ ਗਿਆ। ਇੰਡੀਅਨ ਨੈਸ਼ਨਲ ਆਰਮੀ ਦੀ ਅਸਫਲਤਾ ਪਿੱਛੋਂ ਉਹ ਅੰਗਰੇਜ਼ ਸਰਕਾਰ ਦੇ ਬੰਦੀਖ਼ਾਨੇ ਵਿਚ ਰਿਹਾ। ਛੋਟਾ ਪੁੱਤਰ ਗੁਰਦੀਪ ਸਿੰਘ ਵੀ ਭਾਰਤੀ ਸੈਨਾ ਵਿਚੋਂ ਮੇਜਰ ਦੇ ਪਦ ਉੱਤੋਂ ਸੇਵਾਮੁਕਤ ਹੋਇਆ। ਹੌਲਦਾਰ ਮੂਲਾ ਸਿੰਘ ਦਾ ਪੋਤਰਾ ਸ: ਅਜੀਤ ਸਿੰਘ ਸੰਧੂ, ਕੈਲੇਫੋਰਨੀਆ (ਅਮਰੀਕਾ) ਦਾ ਵਸਨੀਕ ਹੈ।
ਮੂਲਾ ਸਿੰਘ ਨੇ ਪਿਛਲੀ ਉਮਰ ਆਪਣੇ ਪਿੰਡ ਵਿਚ ਹੀ ਬਤੀਤ ਕੀਤੀ। ਅਕਾਲੀ ਲਹਿਰ ਤੋਂ ਪਿੱਛੋਂ ਉਸ ਨੇ ਰਾਜਨੀਤੀ ਵਿਚ ਭਾਗ ਨਹੀਂ ਲਿਆ ਪਰ ਇਲਾਕੇ ਵਿਚ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਿਹਾ। ਫਲਸਰੂਪ ਇਲਾਕੇ ਵਿਚ ਉਸ ਦੀ ਚੰਗੀ ਪੈਂਠ ਬਣੀ ਅਤੇ ਉਹ ਇਲਾਕੇ ਦੇ ਬਾਰਸੂਖ ਵਿਅਕਤੀਆਂ ਵਿਚੋਂ ਗਿਣਿਆ ਜਾਣ ਲੱਗਾ। ਜਦੋਂ ਕਦੇ ਵੀ ਕਿਸੇ ਪਿੰਡ ਵਿਚ ਕੋਈ ਵਿਵਾਦ ਖੜ੍ਹਾ ਹੁੰਦਾ, ਦੋਵੇਂ ਧਿਰਾਂ ਅਦਾਲਤ ਤੋਂ ਬਾਹਰ ਸਾਲਸੀ ਲਈ ਹੌਲਦਾਰ ਮੂਲਾ ਸਿੰਘ ਤੱਕ ਪਹੁੰਚ ਕਰਦੀਆਂ। ਨਿਰਪੱਖ ਸੋਚ ਦਾ ਧਾਰਨੀ ਮੂਲਾ ਸਿੰਘ ਜੋ ਵੀ ਫੈਸਲਾ ਸੁਣਾਉਂਦਾ, ਦੋਵੇਂ ਧਿਰਾਂ ਖੁਸ਼ੀ-ਖੁਸ਼ੀ ਉਸ ਨੂੰ ਪ੍ਰਵਾਨ ਕਰ ਲੈਂਦੀਆਂ। ਕਈ ਵਾਰ ਇੰਜ ਵੀ ਹੋਇਆ ਕਿ ਜੇਕਰ ਹਾਰਨ ਵਾਲੀ ਧਿਰ ਨੇ ਮੂਲਾ ਸਿੰਘ ਵਲੋਂ ਸੁਣਾਏ ਫੈਸਲੇ ਦੀ ਲੋਅ ਵਿਚ ਦੂਜੀ ਧਿਰ ਨੂੰ ਦੇਣੀ ਬਣਦੀ ਰਕਮ ਬਾਰੇ ਔਖ ਮਹਿਸੂਸ ਕੀਤੀ ਤਾਂ ਮੂਲਾ ਸਿੰਘ ਨੇ ਕੀਤੇ ਜਾ ਚੁੱਕੇ ਨਿਰਣੇ ਵਿਚ ਤਬਦੀਲੀ ਕਰਨ ਦੀ ਥਾਂ ਅਜਿਹੀ ਅਦਾਇਗੀ ਆਪਣੇ ਪੱਲਿਓਂ ਕਰ ਦਿੱਤੀ। ਅਜਿਹੀਆਂ ਕਰਵਾਈਆਂ ਨੇ ਇਲਾਕਾ ਵਾਸੀਆਂ ਦੇ ਮਨਾਂ ਵਿਚ ਹੌਲਦਾਰ ਮੂਲਾ ਸਿੰਘ ਦੀ ਇੱਜ਼ਤ ਹੋਰ ਵੀ ਵਧਾਈ।
ਹੌਲਦਾਰ ਮੂਲਾ ਸਿੰਘ ਦਾ ਆਪਣੇ ਪਿੰਡ ਵਿਚ ਹੀ 1963 ਦੇ ਲਗਪਗ ਦਿਹਾਂਤ ਹੋਇਆ। (ਸਮਾਪਤ)


-ਮੋਬਾ: 94170-49417

ਸੂਫ਼ੀ ਕਾਵਿ ਅਤੇ ਧਨੀ ਰਾਮ ਚਾਤ੍ਰਿਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਕ ਹੋਰ ਥਾਂ ਕੱਤਣ, ਤੁੰਬਣ, ਦਾਜ ਬਣਾਉਣ, ਸਹੁਰੇ ਜਾ ਕੇ ਚੰਗੇ ਵਸੇਬੇ ਦੀ ਗੱਲ ਹੈ। ਜੋ ਅਜਿਹਾ ਨਹੀਂ ਕਰਨਗੀਆਂ, ਉਨ੍ਹਾਂ ਨੂੰ ਝਿੜਕਾਂ ਅਤੇ ਤਾਅਨੇ ਸਹਿਣੇ ਪੈਣਗੇ :
ਬਾਗਾਂ ਦੇ ਵਿਚ ਕਰਨ ਬਹਾਰਾਂ,
ਮੂੰਹ ਮੰਗਿਆ ਫਲ ਪਾਵਣ ਨੀ।
ਕੱਤ ਤੁੰਬ ਲੈ ਗਈਆਂ ਸਹੁਰੇ,
ਝਿੜਕਾਂ ਫੇਰ ਨ ਖਾਵਣ ਨੀਂ।
ਸੱਸ ਨਣਾਨਾਂ ਮਾਰਨ ਤਾਅਨੇ,
ਬਿਨ ਦਾਜੋਂ ਜੋ ਜਾਵਣ ਨੀਂ।
ਚਾਤ੍ਰਿਕ ਕਰ ਲੈ ਭਜਨ ਹਰੀ ਦਾ,
ਚੁੱਕੇ ਆਵਣ ਜਾਵਣ ਨੀਂ।
ਬਾਬਾ ਵਜੀਦ ਜਾਂ ਭਗਤ ਵਜੀਦ ਅਠਾਰ੍ਹਵੀਂ ਸਦੀ ਦਾ ਇਕ ਪ੍ਰਮੁੱਖ ਪੰਜਾਬੀ ਸੂਫ਼ੀ ਹੋ ਗੁਜ਼ਰਿਆ ਹੈ। ਉਸ ਦੇ ਸਲੋਕਾਂ ਦੀ ਸਭ ਤੋਂ ਵੱਡੀ ਖੂਬੀ ਸਮਾਜ ਵਿਚਲੇ ਵਿਰੋਧਾਂ ਨੂੰ ਉਜਾਗਰ ਕਰਕੇ ਕਰਤਾਰ ਦੀ ਕਰਤਾਰਤਾ ਨੂੰ ਵਡਿਆਉਣਾ ਹੈ। ਇਨ੍ਹਾਂ ਵਿਰੋਧਾਂ ਉੱਪਰ ਉਂਗਲ ਧਰਨ ਕਰਕੇ ਹੀ ਉਸ ਦੇ ਸਲੋਕ ਬਹੁਤ ਪ੍ਰਸਿੱਧ ਹੋਏ ਅਤੇ ਹਰ ਬੰਦ ਦੀ ਆਖਰੀ ਸਤਰ 'ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਤਾਂ ਇੰਜ ਕਰ' ਲੋਕੋਕਤੀ ਦਾ ਦਰਜਾ ਅਖਤਿਆਰ ਕਰ ਗਈ।
ਬੰਦਗੀ ਕਰਦਿਆਂ-ਕਰਦਿਆਂ ਸੂਫ਼ੀ ਉੱਤੇ ਅਜਿਹੀ ਅਵਸਥਾ ਤਾਰੀ ਹੁੰਦੀ ਹੈ, ਜਿਸ ਨੂੰ ਵਜਦ ਜਾਂ ਮਸਤੀ ਕਿਹਾ ਜਾਂਦਾ ਹੈ। ਇਸ ਕੈਫ਼ੀਅਤ ਵਿਚ ਉਹ ਸਭ ਕੁਝ ਭੁੱਲ ਭੁਲਾ ਕੇ ਅੱਲਾ ਨਾਲ ਇਕਮਿਕ ਹੋਇਆ ਮਹਿਸੂਸ ਕਰਦਾ ਹੈ ਪਰ ਦੱਸ ਕੁਝ ਨਹੀਂ ਸਕਦਾ। ਇਹੀ ਭਗਤ ਕਬੀਰ ਜੀ ਦਾ ਦੱਸਿਆ 'ਗੂੰਗੇ ਦਾ ਗੁੜ' ਹੈ ਅਤੇ ਇਹੀ 'ਹੋਨਿ ਨਜੀਕ ਖੁਦਾਇ ਦੇ, ਭੇਦ ਨ ਕਿਸੇ ਦੇਣ' ਅਤੇ ਬੁੱਲ੍ਹੇ ਸ਼ਾਹ ਦਾ 'ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ' ਦੀ ਹਾਲਤ ਹੈ। ਇਸੇ ਕੈਫ਼ੀਅਤ ਨੂੰ ਧਨੀ ਰਾਮ ਚਾਤ੍ਰਿਕ ਦੀਆਂ ਸਤਰਾਂ ਵਿਚ ਵੇਖੋ :
ਜਿਨ੍ਹਾਂ ਭੇਦ ਮਹਿਬੂਬ ਦਾ ਖੋਜ ਲੱਭਾ,
ਲੱਗਾ ਮੋਹਰ ਜ਼ਬਾਨ ਤੇ ਗੁੱਟ ਹੋਏ।
ਦੱਸਣ ਗੋਚਰੀ ਰਹੀ ਨ ਗੱਲ ਕੋਈ,
ਐਸੇ ਮਸਤ ਅਨੰਦ ਨੂੰ ਲੁੱਟ ਹੋਏ।
ਸੋਈ ਸਮਝਦਾ ਏਸ ਅਨੰਦ ਤਾਈਂ,
ਜੇਹੜੇ ਨਾਲ ਪਰਮਾਤਮਾ ਜੁੱਟ ਹੋਏ।
ਚਾਤ੍ਰਿਕ ਦੀਆਂ ਪੁਸਤਕਾਂ ਵਿਚੋਂ, ਅੱਜ ਦੇ ਪ੍ਰਸੰਗ ਵਿਚ, 'ਸੂਫ਼ੀਖਾਨਾ' (1950) ਖਾਸ ਮਹੱਤਵ ਰੱਖਦੀ ਹੈ। ਸੂਫ਼ੀਖਾਨਾ ਨਾਂਅ ਤੋਂ ਹੀ ਸਿੱਧ ਹੈ ਕਿ ਇਸ ਕਾਵਿ-ਸੰਗ੍ਰਹਿ ਵਿਚ ਰਹੱਸਵਾਦੀ ਅਤੇ ਸੂਫ਼ੀ ਰੰਗਣ ਦੀਆਂ ਕਵਿਤਾਵਾਂ ਦੀ ਬਹੁਲਤਾ ਹੈ। ਜਿਸ ਦੋਹਿਰੇ ਵਿਚੋਂ ਪੁਸਤਕ ਦਾ ਨਾਂਅ ਲਿਆ ਗਿਆ ਹੈ, ਉੁਹ ਪੂਰੇ ਦਾ ਪੂਰਾ ਇਸ ਤਰ੍ਹਾਂ ਹੈ :
ਸੂਫ਼ੀ ਦਿਲ ਸੂਫ਼ਿਆਨਾ ਜੀਵਨ, ਅੱਡਾ ਸੂਫ਼ੀਖਾਨਾ।
ਸਾਕੀ ਦੇ ਦਰ ਖੜਾ ਸਵਾਲੀ, ਹੱਥ ਖਾਲੀ ਪੈਮਾਨਾ।
'ਸੂਫ਼ੀਖਾਨਾ' ਪੁਸਤਕ ਵਿਚ ਇਕ ਕਵਿਤਾ 'ਰਾਂਝਣ ਯਾਰ' ਨਾਂਅ ਥੱਲੇ ਦਰਜ ਹੈ। ਇਸ ਕਵਿਤਾ ਦਾ ਬਹਿਰ, ਵਜ਼ਨ ਅਤੇ ਤੋਲ ਤੁਕਾਂਤ ਜਿਥੇ ਇਸ ਦੇ ਇਕ ਕਾਫ਼ੀ ਤੋਂ ਲਏ ਹੋਣ ਦੀ ਚੁਗਲੀ ਖਾਂਦੇ ਹਨ, ਉਥੇ ਇਸ ਵਿਚ ਇਕ ਇਸਲਾਮੀ ਸਿਧਾਂਤ ਵੱਲ ਵੀ ਇਸ਼ਾਰਾ ਹੈ, ਜੋ ਸੂਫ਼ੀਆਂ ਨੂੰ ਵੀ ਪ੍ਰਵਾਨ ਸੀ। ਸ੍ਰਿਸ਼ਟੀ ਕਿਵੇਂ ਪੈਦਾ ਹੋਈ? ਇਸ ਦੇ ਉੱਤਰ ਵਿਚ ਇਸਲਾਮੀ ਮਾਨਤਾ ਹੈ ਕਿ ਇਹ ਕੁੰਨ/ਕੁੰਨ ਫਯਕੂਨ ਕਹਿਣ ਨਾਲ ਹੋਈ। ਕਵੀ ਅਹਿਮਦਯਾਰ ਨੇ ਆਪਣੇ ਇਕ ਕਿੱਸੇ 'ਸੱਸੀ ਪੁਨੂੰ' ਦੇ ਆਰੰਭ ਵਿਚ ਹੀ ਜਿਥੇ ਇਸ ਸਿਧਾਂਤ ਵੱਲ ਇਸ਼ਾਰਾ ਕੀਤਾ ਹੈ, ਉਥੇ ਇਸ਼ਕ ਦੇ ਅਜ਼ਲੀ ਹੋਣ ਦੇ ਸਿਧਾਂਤ ਦੀ ਪੁਸ਼ਟੀ ਵੀ ਕੀਤੀ ਹੈ। ਅਹਿਮਦਯਾਰ ਲਿਖਦਾ ਹੈ :
ਅਜੇ ਕੁੰਨ ਫਯਕੂਨ ਨ ਸੱਦ ਹੋਇਆ,
ਐਨ ਸ਼ੀਨ ਤੇ ਕਾਫ਼ ਜ਼ਹੂਰ ਕੀਤਾ।
ਧਨੀ ਰਾਮ ਚਾਤ੍ਰਿਕ ਦੀ ਉਪਰ ਸੰਕੇਤਿਤ ਪੁਸਤਕ 'ਸੂਫ਼ੀਖਾਨਾ' ਦੀ ਇਕ ਕਵਿਤਾ ਇਸ ਤਰ੍ਹਾਂ ਚਲਦੀ ਹੈ :
ਲਾਚੇ ਨੂੰ ਲੱਗੇ ਬੁੱਕ ਬੁੱਕ ਤਾਰੇ।
ਵੰਝਲੀ ਕੁੰਨ ਫਯਕੂਨ ਪੁਕਾਰੇ।
ਮੰਗੂ ਜਿਦੇ, ਫਰਿਸ਼ਤਿਓਂ ਸੋਹਣੇ,
ਸਭ ਦੁਨੀਆ ਤੋਂ ਚੌੜੀ ਬਾਰ।
ਮੈਂ ਢੂੰਢੇਂਦੀ ਰਾਂਝਣ ਯਾਰ।
ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਜਿਹੜਾ ਕਾਵਿ ਰੂਪ ਇਕ ਨਿਸਚਿਤ ਪ੍ਰਭਾਵ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ, ਉਹ ਕਿਸੇ ਹੋਰ ਲਈ ਨਹੀਂ ਵਰਤਿਆ ਜਾ ਸਕਦਾ ਪਰ ਫਿਰ ਵੀ ਕੁਝ ਕਾਵਿ ਰੂਪ ਏਨੇ ਰੂੜ੍ਹ ਹੋ ਗਏ ਹਨ ਕਿ ਉਹ ਨਿਸਚਿਤ ਭਾਵਾਂ ਤੇ ਵਿਚਾਰਾਂ ਲਈ ਮਖਸੂਸ ਹੋ ਕੇ ਰਹਿ ਗਏ ਹਨ। ਉਦਾਹਰਨ ਵਜੋਂ ਵਾਰਾਂ ਬੀਰ ਰਸ ਸਿਰਜਣ ਲਈ, ਬਾਰਾਂ ਮਾਂਹ ਵਿਛੋੜਾ ਜਾਂ ਬਿਰਹਾ ਵਰਣਨ ਲਈ ਅਤੇ ਦੋਹੜੇ, ਰੁਬਾਈਆਂ ਅਤੇ ਕਾਫ਼ੀਆਂ ਸੂਫ਼ੀ ਕਾਵਿ ਲਈ ਰੂੜ੍ਹ ਹੋ ਕੇ ਰਹਿ ਗਏ। ਧਨੀ ਰਾਮ ਚਾਤ੍ਰਿਕ ਦੀਆਂ ਕਾਵਿ ਪੁਸਤਕਾਂ ਵਿਚ ਦੋਹੜੇ, ਰੁਬਾਈਆਂ ਅਤੇ ਬਾਰਾਂ ਮਾਂਹ ਆਦਿ ਕਾਵਿ ਰੂਪ ਮਿਲਦੇ ਹਨ, ਜੋ ਯਕੀਨਨ ਸੂਫ਼ੀ ਵਿਚਾਰਾਂ ਦੇ ਪ੍ਰਗਟਾਵੇ ਲਈ ਨਿਸਚਿਤ ਸਨ। ਹਾਸ਼ਮ ਦੇ ਦੋਹੜਿਆਂ ਨੂੰ ਦਰਿਆਇ-ਮਾਰਫ਼ਤ ਦਾ ਨਾਂਅ ਦਿੱਤਾ ਗਿਆ ਹੈ ਜਿਸ ਕਰਕੇ ਉਸ ਦੀ ਗਿਣਤੀ ਸੂਫ਼ੀਆਂ ਵਿਚ ਕੀਤੀ ਜਾਂਦੀ ਹੈ। ਡਾ: ਮੋਹਨ ਸਿੰਘ ਦੀਵਾਨਾ ਦੀ ਪੁਸਤਕ 'ਮਸਤੀ' ਰੁਬਾਈਆਂ ਵਿਚ ਹੈ। ਬਾਰਾਂ ਮਾਂਹ ਵੀ ਬਹੁਤ ਸਾਰੇ ਸੂਫ਼ੀ ਕਵੀਆਂ ਨੇ ਲਿਖੇ ਹਨ, ਜਿਨ੍ਹਾਂ ਵਿਚ ਦਰਦ-ਫਿਰਾਕ ਹੈ ਅਤੇ ਇਸੇ ਨੂੰ ਬਾਬਾ ਫ਼ਰੀਦ ਸਾਰੇ ਜਜ਼ਬਿਆਂ ਦਾ ਸੁਲਤਾਨ ਕਹਿੰਦਾ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ॥

ਸਿਰੀਰਾਗੁ ਮਹਲਾ ੫ ਘਰੁ ੧
ਸੰਤ ਜਨਾ ਮਿਲਿ ਭਾਈਆ
ਕਟਿਅੜਾ ਜਮਕਾਲੁ॥
ਸਚਾ ਸਾਹਿਬੁ ਮਨਿ ਵੁਠਾ
ਹੋਆ ਖਸਮੁ ਦਇਆਲੁ॥
ਪੂਰਾ ਸਤਿਗੁਰੁ ਭੇਟਿਆ
ਬਿਨਸਿਆ ਸਭੁ ਜੰਜਾਲੁ॥ ੧॥
ਮੇਰੇ ਸਤਿਗੁਰਾ ਹਉ
ਤੁਧੁ ਵਿਟਹੁ ਕੁਰਬਾਣੁ॥
ਤੇਰੇ ਦਰਸਨ ਕਉ ਬਲਿਹਾਰਣੈ
ਤੁਸਿ ਦਿਤਾ ਅੰਮ੍ਰਿਤ ਨਾਮੁ॥ ੧॥ ਰਹਾਉ॥
ਜਿਨ ਤੂੰ ਸੇਵਿਆ ਭਾਉ ਕਰਿ
ਸੇਈ ਪੁਰਖ ਸੁਜਾਨ॥
ਤਿਨਾ ਪਿਛੈ ਛੁਟੀਐ
ਜਿਨ ਅੰਦਰਿ ਨਾਮੁ ਨਿਧਾਨੁ॥
ਗੁਰ ਜੇਵਡੁ ਦਾਤਾ ਕੋ ਨਹੀ
ਜਿਨਿ ਦਿਤਾ ਆਤਮ ਦਾਨੁ॥ ੨॥
ਆਏ ਸੇ ਪਰਵਾਣੁ ਹਹਿ
ਜਿਨ ਗੁਰੁ ਮਿਲਿਆ ਸੁਭਾਇ॥
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ॥
ਕਰਤੇ ਹਥਿ ਵਡਿਆਈਆ
ਪੂਰਬਿ ਲਿਖਿਆ ਪਾਇ॥ ੩॥
ਸਚੁ ਕਰਤਾ ਸਚੁ ਕਰਣਹਾਰੁ
ਸਚੁ ਸਾਹਿਬੁ ਸਚੁ ਟੇਕ॥
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ॥
ਸਰਬ ਨਿਰੰਤਰਿ ਰਵਿ ਰਹਿਆ
ਜਪਿ ਨਾਨਕ ਜੀਵੈ ਏਕ॥ ੪॥ ੨੮॥ ੯੮॥
(ਅੰਗ 52)
ਪਦ ਅਰਥ : ਭਾਈਆ-ਭਾਈਆਂ, ਭਰਾਵਾਂ। ਕਟਿਅੜਾ-ਕੱਟਿਆ ਗਿਆ ਹੈ। ਜਮਕਾਲੁ-ਮੌਤ ਦਾ ਡਰ। ਸਚਾ ਸਾਹਿਬੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਮਨਿ ਵੁਠਾ-ਮਨ ਵਿਚ ਆ ਵਸਿਆ ਹੈ। ਖਸਮੁ-ਮਾਲਕ ਪ੍ਰਭੂ। ਭੇਟਿਆ-ਮਿਲ ਗਿਆ। ਬਿਨਸਿਆ-ਨਾਸ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਜੰਜਾਲੁ-ਦੁਨਿਆਵੀ ਜੰਜਾਲ, ਮਾਇਕ ਜੰਜਾਲ। ਹਉ-ਮੈਂ। ਤੁਧੁ ਵਿਟਹੁ-ਤੇਰੇ ਤੋਂ। ਕੁਰਬਾਣੁ-ਸਦਕੇ। ਤੁਸਿ-ਤ੍ਰੁੱਠਕੇ। ਅੰਮ੍ਰਿਤ-ਅਮਰ ਕਰਨ ਵਾਲਾ।
ਭਾਉ ਕਰਿ-ਪ੍ਰੇਮ ਨਾਲ। ਸੇਈ-ਉਹ। ਸੁਜਾਨ-ਸਿਆਣੇ, ਗਿਆਨਵਾਨ। ਪੁਰਖ-ਮਨੁੱਖ। ਤਿਨਾ ਪਿਛੈ-ਉਨ੍ਹਾਂ ਦੇ ਪਿੱਛੇ ਲੱਗ ਕੇ। ਛੁਟੀਐ-ਛੁੱਟ ਜਾਈਦਾ ਹੈ, ਬਚ ਜਾਈਦਾ ਹੈ। ਨਾਮੁ ਨਿਧਾਨੁ-ਨਾਮ ਰੂਪੀ ਖਜ਼ਾਨਾ। ਜੇਵਡੁ-ਜੇਡਾ ਵੱਡਾ। ਆਤਮ ਦਾਨੁ-ਆਤਮਿਕ ਜੀਵਨ ਦੀ ਦਾਤ। ਆਏ-(ਜਗਤ ਵਿਚ) ਆਏ। ਸੇ-ਸੋਈ, ਉਹੀ। ਸੁਭਾਇ-ਪਿਆਰ ਨਾਲ। ਸਚੇ ਸੇਤੀ-ਸੱਚੇ ਪ੍ਰਭੂ ਨਾਲ। ਰਤਿਆ-ਪਿਆਰ ਕੀਤਿਆਂ। ਬੈਸਣੁ ਜਾਇ-ਬੈਠਣ ਨੂੰ ਥਾਂ ਮਿਲ ਜਾਂਦੀ ਹੈ। ਕਰਤੇ ਹਥਿ-ਕਰਤਾਰ ਦੇ ਹੱਥ ਵਿਚ। ਪੂਰਬਿ ਲਿਖਿਆ-ਪਹਿਲਾਂ ਤੋਂ ਲਿਖੇ ਹੋਏ ਲੇਖ। ਪਾਇ-ਪਾਈਦੇ ਹਨ।
ਸਚੁ-ਸਦਾ ਥਿਰ ਰਹਿਣ ਵਾਲਾ। ਕਰਤਾ-ਜਗਤ ਦਾ ਕਰਤਾ। ਕਰਣਹਾਰੁ-ਕਰਨ ਦੇ ਸਮਰੱਥ। ਸਚੁ ਸਾਹਿਬੁ-ਸਦਾ ਥਿਰ ਰਹਿਣ ਵਾਲਾ ਮਾਲਕ ਪ੍ਰਭੂ। ਟੇਕ-ਆਸਰਾ। ਸਚੋ ਸਚੁ-ਸਦਾ ਥਿਰ ਰਹਿਣ ਵਾਲਾ। ਵਖਾਣੀਐ-ਆਖਿਆ ਜਾਂਦਾ ਹੈ। ਸਚੋ-ਸੱਚ ਹੀ। ਬੁਧਿ ਬਿਬੇਕ-ਬਿਬੇਕ ਬੁੱਧੀ। ਸਰਬ-ਸਭਨੀਂ ਥਾਈਂ। ਨਿਰੰਤਰਿ-ਇਕ ਰਸ। ਰਵਿ ਰਹਿਆ-ਵਿਆਪਕ ਹੋ ਰਿਹਾ ਹੈ। ਜੀਵੈ-ਜਿਉਂਦਾ ਹੈ। ਏਕ-ਇਕ ਪ੍ਰਭੂ ਨੂੰ।
ਜਦੋਂ ਪੂਰੇ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਜੀਵਨ ਸਫਲਾ ਹੋ ਜਾਂਦਾ ਹੈ ਅਰਥਾਤ ਫਿਰ ਕਿਸੇ ਪ੍ਰਕਾਰ ਦੀ ਲੋਚਾ ਨਹੀਂ ਰਹਿੰਦੀ, ਕਿਉਂਕਿ ਹਰਿ ਨਾਮ ਦੇ ਨੌਂ ਖਜ਼ਾਨੇ ਪ੍ਰਾਪਤ ਹੋਣ ਨਾਲ, ਹੁਣ ਨਾਮ ਧਨ ਨਾਲ ਨਾ ਮੁਕਣ ਵਾਲੇ ਭੰਡਾਰ ਭਰੇ ਰਹਿੰਦੇ ਹਨ-
ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ॥
ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਰਾ॥
(ਰਾਗੁ ਆਸਾ ਮਹਲਾ ੩, ਅੰਗ 429)
ਭੇਟਿਆ-ਮਿਲ ਪੈਂਦਾ ਹੈ। ਨਵੈ ਨਿਧਿ-ਨੌਂ ਖਜ਼ਾਨੇ।
ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਦੇ ਸਾਰੇ ਦੁਨਿਆਵੀ ਬੰਧਨ ਟੁੱਟ ਜਾਂਦੇ ਹਨ ਅਰਥਾਤ ਖਤਮ ਹੋ ਜਾਂਦੇ ਹਨ। ਅਜੋਕੇ ਸਾਧਕਾਂ ਦੇ ਨੇੜੇ ਫਿਰ ਜਮਰਾਜ ਦੇ ਦੂਤ ਨੇੜੇ ਨਹੀਂ ਆਉਂਦੇ, ਗੁਰੂ ਉਨ੍ਹਾਂ ਦੀ ਆਪ ਰੱਖਿਆ ਕਰਦਾ ਹੈ (ਇਥੋਂ ਤੱਕ ਕਿ) ਪਰਮਾਤਮਾ ਉਨ੍ਹਾਂ ਦੀ ਆਪ ਰੱਖਿਆ ਕਰਦਾ ਹੈ ਭਾਵ ਆਪ ਉਨ੍ਹਾਂ ਦਾ ਰਖਵਾਲਾ ਬਣਦਾ ਹੈ। ਰਾਗੁ ਮਾਲੀ ਗਉੜਾ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਜਿਨ੍ਰ ਹਰਿ ਨਾਮੁ ਧਿਆਇਆ
ਤਿਨ੍ਰ ਚੂਕੇ ਸਰਬ ਜੰਜਾਲਾ॥
ਤਿਨ੍ਰ ਜਮੁ ਨੇੜਿ ਨ ਆਵਈ
ਗੁਰਿ ਰਾਖੇ ਹਰਿ ਰਖਵਾਲਾ॥
(ਅੰਗ 985)
ਤਿਨੁ-ਉਨ੍ਹਾਂ ਦੇ। ਚੂਕੇ-ਮੁਕ ਗਏ, ਖ਼ਤਮ ਹੋ ਗਏ। ਜੰਜਾਲਾ-ਬੰਧਨ।
ਵਾਸਤ ਵਿਚ ਜਿੰਨੇ ਪਦਾਰਥਾਂ ਦੀ ਅਸੀਂ ਇੱਛਾ ਕਰਦੇ ਹਾਂ, ਗੁਰੂ ਉਨ੍ਹਾਂ ਸਭਨਾਂ ਨੂੰ ਪੂਰਾ ਕਰਨ ਵਾਲਾ ਹੈ। ਚੱਬੇ ਪਿੰਡ (ਅੰਮ੍ਰਿਤਸਰ) ਇਕ ਮਾਈ ਸੁਲੱਖਣੀ ਰਹਿੰਦੀ ਸੀ, ਜਿਸ ਦੇ ਕੋਈ ਸੰਤਾਨ ਨਹੀਂ ਸੀ। ਉਸ ਨੇ ਬਹੁਤੇਰੇ ਪੀਰ ਫ਼ਕੀਰ ਮਨਾਏ ਪਰ ਉਸ ਦੀ ਕੁੱਖ ਹਰੀ ਨਾ ਹੋਈ। ਇਕ ਦਿਨ ਨਾਮ ਦੀ ਵਰਖਾ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਚੱਬੇ ਪਿੰਡ ਪਧਾਰੇ ਤਾਂ ਮਾਈ ਨੇ ਮੌਕਾ ਪਾ ਕੇ ਗੁਰੂ ਜੀ ਅੱਗੇ ਨਿਮਾਣੀ ਹੋ ਕੇ ਪੁੱਤਰ ਦੀ ਦਾਤ ਮੰਗੀ।
ਗੁਰੂ ਜੀ ਨੇ ਸੁਲੱਖਣੀ ਨੂੰ ਆਖਿਆ ਕਿ ਮਾਈ ਤੇਰੇ ਭਾਗਾਂ ਵਿਚ ਵਿਧਾਤਾ ਨੇ ਸੰਤਾਨ ਨਹੀਂ ਲਿਖੀ। ਤਾਂ ਮਾਈ ਨੇ ਅੱਗੋਂ ਬੇਵੱਸ ਹੋ ਕੇ ਆਖਿਆ ਕਿ ਪਾਤਸ਼ਾਹ ਉਥੇ ਵੀ ਤੂੰ ਵਿਧਾਤਾ ਆਪ ਹੀ ਲਿਖਣ ਵਾਲਾ ਸੀ। ਜੇਕਰ ਤੁਸੀਂ ਉਥੇ ਨਹੀਂ ਲਿਖ ਸਕੇ ਤਾਂ ਹੁਣ ਲਿਖ ਦਿਓ। ਤੇਰੇ ਘਰ ਵਿਚ ਕਿਸ ਚੀਜ਼ ਦੀ ਕਮੀ ਹੈ, ਮੇਰੀ ਰੇਖ ਵਿਚ ਹੁਣ ਮੇਖ ਮਾਰ ਦਿਓ। ਸਤਿਗੁਰ ਜੀ ਮਾਈ ਦੀ ਬਿਹਬਲਤਾ ਨੂੰ ਦੇਖ ਕੇ ਦਇਆ ਦੇ ਘਰ ਵਿਚ ਆ ਗਏ, ਅਜਿਹੇ ਤ੍ਰੁੱਠੇ ਕਿ ਮਾਈ ਸੁਲੱਖਣੀ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ, ਜੋ ਗੁਰਮਤਿ ਦੇ ਧਾਰਨੀ ਬਣੇ ਅਤੇ ਗੁਰੂ-ਘਰ ਨੂੰ ਸਮਰਪਿਤ ਰਹੇ।
ਜੀਵਾਂ 'ਤੇ ਦਇਆ ਅਤੇ ਬਖਸ਼ਿਸ਼ ਕਰਨ ਵਾਲਾ ਗੁਰੂ, ਪ੍ਰਭੂ ਦਾ ਹੀ ਰੂਪ ਹੈ। ਰਾਗੁ ਰਾਮਕਲੀ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਗੁਰੁ ਦਾਤਾ ਦਇਆਲ ਬਖਸਿੰਦੁ॥
(ਅੰਗ 897)
ਜਿਨ੍ਹਾਂ-ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਲੱਗ ਜਾਂਦਾ ਹੈ, ਉਨ੍ਹਾਂ ਦੇ ਫਿਰ ਪੂਰਨ ਤੌਰ 'ਤੇ ਭਾਗ ਜਾਗ ਪੈਂਦੇ ਹਨ-
ਗੁਰ ਚਰਨੀ ਜਾ ਕਾ ਮਨੁ ਲਾਗਾ॥
ਨਾਨਕ ਦਾਸ ਤਿਸੁ ਪੂਰਨ ਭਾਗਾ॥
(ਅੰਗ 897)
ਸ਼ਬਦ ਦੇ ਅੱਖਰੀਂ ਅਰਥ : ਸੰਤ ਜਨਾਂ ਭਾਈਆਂ ਨੂੰ ਮਿਲਣ ਨਾਲ ਭਾਵ ਸਤਿ ਸੰਗਤ ਕਰਨ ਨਾਲ ਜਮ ਦੀ ਫਾਹੀ ਕੱਟੀ ਗਈ ਹੈ ਅਤੇ ਸਦਾ ਥਿਰ ਰਹਿਣ ਵਾਲਾ ਮਾਲਕ ਪ੍ਰਭੂ ਦਿਆਲ ਹੋ ਕੇ ਮਨ ਵਿਚ ਆ ਵਸਿਆ ਹੈ। ਪੂਰੇ ਸਤਿਗੁਰੂ ਦੇ ਮਿਲਾਪ ਸਦਕਾ, ਹੁਣ ਸਾਰੇ ਦੁਨਿਆਵੀ ਝਮੇਲਿਆਂ ਦਾ ਨਾਸ ਹੋ ਗਿਆ ਹੈ। ਹੇ ਮੇਰੇ ਸਤਿਗੁਰੂ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਤੇਰੇ ਦਰਸ਼ਨਾਂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਤ੍ਰੁੱਠਕੇ ਅਮਰ ਕਰਨ ਵਾਲੇ ਨਾਮ ਦੀ ਦਾਤ ਮੈਨੂੰ ਬਖ਼ਸ਼ੀ ਹੈ।
ਜਿਨ੍ਹਾਂ ਨੇ ਪ੍ਰੇਮ ਪੂਰਵਕ ਤੈਨੂੰ ਸਿਮਰਿਆ ਹੈ, ਉਹ ਪੁਰਖ ਸਿਆਣੇ ਅਥਵਾ ਗਿਆਨਵਾਨ ਹਨ। ਜਿਨ੍ਹਾਂ ਦਾ ਅੰਦਰਲਾ ਨਾਮ ਖਜ਼ਾਨੇ ਨਾਲ ਭਰਿਆ ਹੋਇਆ ਹੈ, ਉਨ੍ਹਾਂ ਦੇ ਪਿੱਛੇ ਲੱਗ ਕੇ ਭਾਵ ਉਨ੍ਹਾਂ ਦੇ ਸਰਨੀ ਪੈ ਕੇ ਹੀ (ਦੁਨਿਆਵੀ ਵਿਕਾਰਾਂ) ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰੂ ਤੋਂ ਵੱਡਾ ਹੋਰ ਕੋਈ ਦਾਤਾਰ ਨਹੀਂ, ਜੋ ਆਤਮਿਕ ਜੀਵਨ ਦੀ ਦਾਤ ਦਿੰਦਾ ਹੈ।
ਜਿਨ੍ਹਾਂ ਨੂੰ ਪਿਆਰਾ ਗੁਰੂ ਆ ਮਿਲਦਾ ਹੈ, ਉਹ ਹੀ ਮਨੁੱਖ ਸਮਝੋ ਇਸ ਸੰਸਾਰ ਵਿਚ ਆਏ ਪ੍ਰਵਾਨ ਹਨ। ਜਿਨ੍ਹਾਂ ਦੇ ਭਾਗਾਂ ਵਿਚ ਪਹਿਲਾਂ ਤੋਂ ਹੀ ਕੀਤੀ ਕਮਾਈ ਅਨੁਸਾਰ ਲਿਖਿਆ ਹੁੰਦਾ ਹੈ, ਉਨ੍ਹਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲਦੀ ਹੈ। ਇਹ ਸਭ ਵਡਿਆਈਆਂ ਕਰਤਾਰ ਦੇ ਆਪਣੇ ਹੱਥ ਵਿਚ ਹਨ। ਸਦਾ ਥਿਰ ਰਹਿਣ ਵਾਲਾ ਪਰਮਾਤਮਾ ਜਗਤ ਦਾ ਕਰਤਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਦਾ ਆਸਰਾ ਹੈ। ਉਹ ਪਰਮਾਤਮਾ ਜਿਸ ਨੂੰ ਸਦਾ ਥਿਰ ਰਹਿਣ ਵਾਲਾ ਆਖਿਆ ਜਾਂਦਾ ਹੈ, ਸਦਾ ਹੀ ਬਿਬੇਕ ਬੁੱਧੀ ਦੇਣ ਵਾਲਾ ਹੈ, ਜੋ ਸਭ ਥਾਵਾਂ 'ਤੇ ਇਕ ਰਸ ਵਰਤ ਰਿਹਾ ਹੈ। ਗੁਰੂ ਜੀ ਅੰਤਲੀ ਤੁਕ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮੈਂ ਇਕ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਜਿਉਂਦਾ ਹਾਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਅਸ਼ੁੱਭ ਚਿੰਤਨ ਕਮਜ਼ੋਰੀ ਹੈ ਤਾਂ ਸ਼ੁੱਭ ਚਿੰਤਨ ਸ਼ਕਤੀ

ਜੇ ਸ਼ਕਤੀਸ਼ਾਲੀ ਬਣਨਾ ਹੈ ਤਾਂ ਸ਼ੁੱਭ ਵਿਚਾਰ ਮਨ ਵਿਚ ਰੱਖੋ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਅਸ਼ੁੱਭ ਮਨ ਕਮਜ਼ੋਰੀ ਦਾ ਪ੍ਰਤੀਕ ਹੈ, ਜਦ ਕਿ ਸ਼ੁੱਭ ਮਨ ਸ਼ਕਤੀ ਦਾ। ਸ਼ੁੱਭ ਵਿਚਾਰਾਂ ਨਾਲ ਵੈਰ-ਵਿਰੋਧ, ਨਫ਼ਰਤ, ਈਰਖਾ ਆਦਿ ਦਾ ਬੀਜ ਨਹੀਂ ਪੁੰਗਰਦਾ। ਨਿਰੋਗੀ ਮਨ ਬਣਾਉਣ ਲਈ ਇਸ ਵਿਚ ਈਸ਼ਵਰ ਰੂਪੀ ਦੀਪਕ ਨੂੰ ਜਲਾ ਕੇ ਰੱਖੋ। ਤੁਹਾਡੇ ਮਨ ਦੇ ਹਰ ਅਣੂ ਵਿਚ ਪਰਮਾਤਮਾ ਦਾ ਵਾਸ ਹੈ। ਆਪਣੇ ਮਨ ਵਿਚ ਅਸ਼ੁੱਭ ਵਿਚਾਰ ਪੈਦਾ ਕਰਕੇ ਪਰਮਾਤਮਾ ਦੇ ਪ੍ਰਕਾਸ਼ ਰੂਪੀ ਰਾਹ ਵਿਚ ਰੋੜਾ ਨਾ ਅਟਕਾਓ। ਜੇ ਅਧਿਐਨ ਜਾਂ ਸਾਧਨਾ ਮੌਕੇ ਇਕਾਗਰਤਾ ਨਾ ਹੋਵੇ ਤਾਂ ਇੱਛਤ ਫ਼ਲ਼ ਪ੍ਰਾਪਤ ਨਹੀਂ ਹੁੰਦਾ। ਜੇ ਅਸ਼ੁੱਭ ਵਿਚਾਰ ਰੱਖੋਗੇ ਤਾਂ ਮਾਨਸਿਕ ਕਮਜ਼ੋਰੀ ਪੈਦਾ ਹੋਵੇਗੀ, ਮਨ ਦੀਆਂ ਸ਼ਕਤੀਆਂ ਸਮਾਪਤ ਹੋ ਜਾਂਦੀਆਂ ਹਨ ਅਤੇ ਆਸ਼ਾ ਨਸ਼ਟ ਹੋ ਜਾਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਕੋਈ ਵੀ ਚੰਗਾ/ਨੇਕ ਕਾਰਜ ਨਹੀਂ ਕਰ ਸਕਦੇ। ਜਿਵੇਂ ਸਰੀਰਕ ਤੰਦਰੁਸਤੀ ਲਈ ਯੋਗ ਅਤੇ ਕਸਰਤ ਜ਼ਰੂਰੀ ਹਨ, ਉਸੇ ਤਰ੍ਹਾਂ ਮਾਨਸਿਕ ਸਿਹਤ ਬਣਾਈ ਰੱਖਣ ਲਈ ਕੁਝ ਮਾਨਸਿਕ ਯੋਗ ਅਤੇ ਕਸਰਤ ਵੀ ਜ਼ਰੂਰੀ ਹੁੰਦੇ ਹਨ। ਮਨੁੱਖ ਵਿਚ ਸਰੀਰਕ ਸ਼ਕਤੀ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ, ਜੇ ਮਨ ਵਿਕਸਿਤ ਨਾ ਹੋਵੇ ਤਾਂ ਮਨੁੱਖ ਨੂੰ ਪੂਰਨ ਨਹੀਂ ਕਿਹਾ ਜਾ ਸਕਦਾ। ਜੇ ਤੁਹਾਡੇ ਮਨ ਵਿਚ ਵੀ ਕਮਜ਼ੋਰ ਅਤੇ ਘਟੀਆ ਵਿਚਾਰ ਪੈਦਾ ਹੁੰਦੇ ਹਨ ਤਾਂ ਆਪਣੇ ਮਨ ਨੂੰ ਸ਼ੁੱਧ ਕਰੋ। ਬਿਮਾਰੀ, ਦੁੱਖ-ਨਿਰਾਸ਼ਾ ਦੇ ਵਿਚਾਰ ਮਨ ਅੰਦਰ ਜ਼ਹਿਰੀਲੇ ਜੀਵਾਣੂ ਪੈਦਾ ਕਰਦੇ ਹਨ। ਇਸ ਲਈ ਮਨ ਨੂੰ ਅਜਿਹੇ ਹਾਨੀਕਾਰਕ ਜੀਵਾਣੂਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮਨ ਵਿਚੋਂ ਅਸ਼ੁੱਭ ਵਿਚਾਰ ਤਿਆਗਣ ਨਾਲ ਵਿਅਕਤੀ ਉੱਤਮ ਢੰਗ ਅਤੇ ਸ਼ਕਤੀ ਨਾਲ ਕਾਰਜ ਕਰ ਸਕਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਧਾਰਮਿਕ ਸਾਹਿਤ

ਬਲਿਹਾਰੀ ਗੁਰ ਆਪਣੇ
ਲੇਖਕ : ਸੁਖਦੇਵ ਸਿੰਘ ਆਸ਼ੀ (ਈਸ਼ਪੁਰੀ)
ਪ੍ਰਕਾਸ਼ਕ : ਕਲਮ ਪਬਲੀਕੇਸ਼ਨਜ਼, ਜਲੰਧਰ।
ਪੰਨੇ : 112, ਕੀਮਤ : 180 ਰੁਪਏ
ਮੋਬਾ: 94172-79936


ਗੁਰਮਤਿ ਗਿਆਨ ਤੇ ਸਿੱਖ ਇਤਿਹਾਸ/ਫਲਸਫੇ ਨੂੰ ਭਾਵਪੂਰਤ ਗੀਤਾਂ ਰਾਹੀਂ ਦਰਸਾਉਣ ਵਾਲੇ ਸ਼ਾਇਰ ਆਸ਼ੀ ਈਸ਼ਪੁਰੀ ਦੀ ਇਹ ਸੱਤਵੀਂ ਪੁਸਤਕ ਹੈ। ਉਸ ਨੇ ਬਾਲ ਕਵਿਤਾਵਾਂ ਦੀ ਰਚਨਾ ਵੀ ਕੀਤੀ ਹੈ। ਵਿਚਾਰਗੋਚਰੀ ਪੁਸਤਕ ਵਿਚ ਆਰੰਭਕ 6 ਲੇਖਾਂ ਤੋਂ ਇਲਾਵਾ ਆਸ਼ੀ ਵਲੋਂ ਰਚਿਤ 49 ਕਵਿਤਾਵਾਂ ਤੇ ਗੀਤ ਸ਼ਾਮਿਲ ਹਨ। ਅਮੂਮਨ ਸਭੇ ਰਚਨਾਵਾਂ ਧਾਰਮਿਕ ਰੰਗਣ ਵਾਲੀਆਂ ਹਨ। ਉਸ ਦੀ ਹਰ ਰਚਨਾ ਵਿਚੋਂ ਸਿੱਖੀ ਪ੍ਰੇਮ ਦੇ ਝਲਕਾਰੇ ਮਿਲਦੇ ਹਨ।
ਬਾਣੀ ਗੁਰੂ ਗੁਰੂ ਹੈ ਬਾਣੀ
ਪੜ੍ਹਕੇ ਜਨਮ ਸਵਾਰ ਲਵੋ।
ਈਸ਼ਪੁਰੀ ਆਸ਼ੀ ਇਹ ਆਖੇ
ਮੇਰੀ ਗੱਲ ਵਿਚਾਰ ਲਵੋ। (ਪੰਨਾ 20)
ਸਰਬੱਤ ਦਾ ਭਲਾ ਲੋਚਦਾ ਉਹ ਇਉਂ ਅਰਦਾਸ ਕਰਦਾ ਹੈ-
ਈਸ਼ਪੁਰੀ ਆਸ਼ੀ ਦਰ ਤੇਰੇ
ਹੱਥ ਬੰਨ੍ਹ ਏਹੀ ਅਰਜ਼ ਕਰੇ।
ਮਿਹਰਵਾਨ ਕਰੀਂ ਮੇਹਰਾਂ ਸਭ 'ਤੇ
ਰਹਿਣ ਸੰਸਾਰੀ ਹਰੇ ਭਰੇ। (ਪੰਨਾ 28)
'ਤੇਰੇ ਤਾਂ ਦਲੇਰ ਸੂਰਮੇ' ਨਾਮੀ ਰਚਨਾ ਭਾਈ ਡੱਲਾ ਅਤੇ ਕਲਗੀਧਰ ਪਿਤਾ ਵਿਚਾਲੇ ਸੰਵਾਦ ਨੂੰ ਬਿਆਨ ਕਰਦੀ, ਖੂਬਸੂਰਤ ਰਚਨਾ ਹੈ। 'ਇਕ ਜੋੜਾ ਸੁੰਦਰ ਹੰਸਾਂ ਦਾ' ਸਾਹਿਬਜ਼ਾਦਿਆਂ ਦੀ ਅਜ਼ੀਮ ਕੁਰਬਾਨੀ ਨੂੰ ਸਜਦਾ ਹੈ। 'ਨਮਸਕਾਰ ਲੱਖ ਵਾਰ' ਉਨਵਾਨ ਹੇਠਲੀ ਕਵਿਤਾ ਦਸਵੇਂ ਪਾਤਸ਼ਾਹ ਦੀ ਦੁਸ਼ਟਾਂ ਨੂੰ ਸੋਧਣ ਵਾਲੀ (ਕਿਰਪਾਨ) ਦੀ ਉਸਤਤ ਬਿਆਨ ਕਰਦੀ ਹੈ।
ਨਮਸਕਾਰ ਲੱਖ ਵਾਰ, ਤੇਰੀ ਕਿਰਪਾਨ ਨੂੰ,
ਓ ਅਣਖਾਂ ਦੇ ਭੰਡਾਰ, ਨੀਲੇ ਦੇ ਸ਼ਾਹ ਅਸਵਾਰ,
ਤੇਰੀ ਕਿਰਪਾਨ ਨੂੰ। (ਪੰਨਾ 74-75)
'ਸੁਣ ਇਕ ਤਾਰਾ ਫੱਕਰ ਦਾ' ਅਗੰਮੀ ਪ੍ਰੇਮ ਸੰਦੇਸੜਾ ਦਿੰਦੀ ਰਚਨਾ ਹੈ।
ਸੁਣ ਇਕ ਤਾਰਾ ਫੱਕਰ ਦਾ
ਮਾਨਵਤਾ ਦਾ ਦਏ ਸੰਦੇਸ਼ਾ
ਜੋ ਵੀ ਇਸ ਨੂੰ ਟੱਕਰਦਾ
ਇਕ ਦੇ ਹੋਰ ਤਾਂ ਡਰ ਨਹੀਂ,
ਫੇਰ ਚੁਰਾਸੀ ਚੱਕਰ ਦਾ।
ਆਸ਼ੀ ਈਸ਼ਪੁਰੀ ਦੀਆਂ ਇਸ ਸੱਜਰੀ ਪੁਸਤਕ ਵਿਚਲੀਆਂ ਰਚਨਾਵਾਂ, ਖਾਸ ਕਰ ਨਵੀਂ ਪੀੜ੍ਹੀ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ, ਤਾਂ ਕਿ ਉਸ ਨੂੰ ਆਪਣੇ ਮਾਣਮੱਤੇ ਵਿਰਸੇ ਦਾ ਅਹਿਸਾਸ ਹੋ ਸਕੇ।


-ਤੀਰਥ ਸਿੰਘ ਢਿੱਲੋਂ,
ਮੋਬਾ: 83609-13318

ਗੁਰਬਾਣੀ ਕੀਰਤਨ ਨੂੰ ਸਮਰਪਿਤ ਬੀਬੀ ਅਮਨਦੀਪ ਕੌਰ ਖ਼ਾਲਸਾ

ਮਨਮੋਹਕ ਗੁਰਬਾਣੀ ਕੀਰਤਨ ਗਾਇਨ ਕਰਨ ਵਾਲੀ ਰਾਗੀ ਬੀਬੀ ਅਮਨਦੀਪ ਕੌਰ ਖ਼ਾਲਸਾ ਦਾ ਜਨਮ 5 ਅਪ੍ਰੈਲ, 1989 ਨੂੰ ਮਾਤਾ ਸਤਵੰਤ ਕੌਰ ਅਤੇ ਪਿਤਾ ਬਲਦੇਵ ਸਿੰਘ ਦੇ ਘਰ ਕਸਬਾ ਮਜੀਠਾ ਵਿਖੇ ਹੋਇਆ। ਬਚਪਨ ਤੋਂ ਹੀ ਬੀਬੀ ਅਮਨਦੀਪ ਕੌਰ ਨੂੰ ਕੀਰਤਨ ਕਰਨ ਤੇ ਗੁਰਬਾਣੀ ਪੜ੍ਹਨ-ਸੁਣਨ ਦੀ ਤਾਂਘ ਰਹਿੰਦੀ ਸੀ, ਜਿਸ ਕਰਕੇ ਅੱਜ ਉਹ ਗੁਰਬਾਣੀ ਕੀਰਤਨ ਦੀ ਸੇਵਾ ਕਰ ਰਹੀ ਹੈ। ਅਮਨਦੀਪ ਕੌਰ ਖ਼ਾਲਸਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਬੀ.ਸੀ.ਏ, ਐਮ.ਸੀ.ਏ. ਦੀ ਪੜ੍ਹਾਈ ਕੀਤੀ। ਗੁਜ਼ਾਰਾ ਕਰਨ ਲਈ ਨੌਕਰੀ ਕਰਨ ਦੀ ਜਗ੍ਹਾ ਬੀਬੀ ਖ਼ਾਲਸਾ ਨੇ ਗੁਰੂ-ਘਰਾਂ, ਕੀਰਤਨ ਦਰਬਾਰਾਂ ਤੇ ਧਾਰਮਿਕ ਸਮਾਗਮਾਂ ਵਿਚ ਕੀਰਤਨ ਕਰਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ। ਰਾਗੀ ਭਾਈ ਸੁਰਜੀਤ ਸਿੰਘ ਮਜੀਠਾ ਤੋਂ ਕੀਰਤਨ ਦੀਆਂ ਸਿੱਖਿਆਵਾਂ ਤੇ ਵੱਖ-ਵੱਖ ਰਾਗਾਂ ਦੀਆਂ ਬਾਰੀਕੀਆਂ ਨੂੰ ਜਾਣਿਆ। ਉਸ ਦੀ ਮਿੱਠੀ ਤੇ ਪਿਆਰੀ ਆਵਾਜ਼ ਵਿਚ ਕੀਤਾ ਗੁਰਬਾਣੀ ਦਾ ਕੀਰਤਨ ਸੰਗਤਾਂ ਦੇ ਮਨਾਂ ਨੂੰ ਸਕੂਨ ਬਖਸ਼ਦਾ ਹੈ। ਉਹ ਆਪਣੇ ਜਥੇ ਵਿਚ ਬੀਬੀ ਸਿਮਰਜੀਤ ਕੌਰ ਖ਼ਾਲਸਾ ਨਾਲ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ, ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ, ਦਰਬਾਰ ਸਾਹਿਬ ਦਿੱਲੀ, ਯੂ.ਪੀ., ਰਾਜਸਥਾਨ ਤੇ ਦੇਸ਼ ਦੇ ਅਨੇਕਾਂ ਵੱਡੇ ਸ਼ਹਿਰਾਂ 'ਚ ਸੁਸ਼ੋਭਿਤ ਗੁਰੂ-ਘਰਾਂ ਵਿਚ ਕੀਰਤਨ ਦੀ ਸੇਵਾ ਕਰ ਚੁੱਕੀ ਹੈ।
ਸਿੱਖ ਸਿਧਾਂਤਾਂ ਵਿਚ ਪ੍ਰਪੱਕ ਰਹਿ ਕੇ ਉਹ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖੀ ਬਾਣੇ ਵਿਚ ਜੀਵਨ ਜਿਊਂਦੀ ਹੈ। ਵਿਹਲੇ ਸਮੇਂ ਵਿਚ ਸਿੱਖ ਇਤਿਹਾਸ ਪੜ੍ਹਨਾ, ਬੱਚਿਆਂ ਨੂੰ ਕੀਰਤਨ ਸਿਖਾਉਣਾ ਤੇ ਗੁਰਬਾਣੀ ਦੀ ਸੰਥਿਆ ਕਰਾਉਂਦੀ, ਕਲਾਸੀਕਲ ਗੁਰਮਤਿ ਸੰਗੀਤ ਸੁਣਨਾ, ਇਤਿਹਾਸਕ ਧਰਮ ਸਥਾਨਾਂ ਦੀ ਯਾਤਰਾ ਕਰਕੇ ਗੁਰੂ ਸਾਹਿਬਾਨਾਂ, ਸ਼ਹੀਦ ਸਿੰਘਾਂ-ਸਿੰਘਣੀਆਂ ਅਤੇ ਭੁਝੰਗੀਆਂ ਨੂੰ ਸਿਜਦਾ ਕਰਨਾ ਉਸ ਦੀਆਂ ਰੁਚੀਆਂ ਹਨ। ਉਹ ਹਮੇਸ਼ਾ ਸਿੱਖ ਬੱਚਿਆਂ ਨੂੰ ਸਿੱਖੀ ਬਾਣੇ ਵਿਚ ਰਹਿਣ, ਅੰਮ੍ਰਿਤ ਛਕਣ ਤੇ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਸਿੱਖਿਆ ਦਿੰਦੀ ਰਹਿੰਦੀ ਹੈ। ਗੋਲ ਦੁਮਾਲਾ ਸਜਾ ਕੇ ਜਦ ਗੁਰੂ ਦੀ ਬਾਣੀ ਦਾ ਕੀਰਤਨ ਕਰਦੀ ਹੈ ਤਾਂ ਸੰਗਤਾਂ ਸ਼ਾਂਤ ਚਿਤ ਬਹਿ ਕੇ ਸੁਣਦੀਆਂ ਹਨ। ਉਸ ਦੀ ਆਵਾਜ਼ 'ਚੋਂ ਨਿਕਲਿਆ ਹਰ ਸ਼ਬਦ ਸੰਗਤਾਂ ਦੀ ਸਮਝ 'ਚ ਆਉਂਦਾ ਹੈ। ਬੀਬੀ ਅਮਨਦੀਪ ਕੌਰ ਖ਼ਾਲਸਾ ਨੂੰ ਸ਼ਹੀਦ ਭਾਈ ਅਮਰੀਕ ਸਿੰਘ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬੀਬੀ ਅਮਨਦੀਪ ਕੌਰ ਖ਼ਾਲਸਾ ਮਜੀਠਾ ਵਾਲੇ ਦੀ ਆਵਾਜ਼ ਵਿਚ ਕਈ ਗੁਰਬਾਣੀ ਸ਼ਬਦ ਸੰਗਤਾਂ ਸਰਵਣ ਕਰ ਚੁੱਕੀਆਂ ਹਨ। ਅਕਾਲ ਪੁਰਖ ਵਾਹਿਗੁਰੂ ਆਪਣੀ ਇਸ ਬੱਚੀ ਬੀਬੀ ਅਮਨਦੀਪ ਕੌਰ ਖ਼ਾਲਸਾ 'ਤੇ ਹਮੇਸ਼ਾ ਸਵੱਲੀ ਨਜ਼ਰ ਰੱਖਣ, ਤਾਂ ਜੋ ਉਹ ਇਸ ਮਹਾਨ ਕਾਰਜ ਗੁਰਬਾਣੀ ਕੀਰਤਨ ਦੀ ਸੇਵਾ ਵਿਚ ਵੱਧ-ਚੜ੍ਹ ਕੇ ਸੇਵਾ ਕਰੇ ਤੇ ਚੜ੍ਹਦੀ ਕਲਾ 'ਚ ਰਹੇ।


-ਮਜੀਠਾ (ਅੰਮ੍ਰਿਤਸਰ)।

ਭਾਈ ਵੀਰ ਸਿੰਘ ਦੀ ਲਿਖਤ ਦੇ ਰਿਕਾਰਡਿੰਗ ਤਵੇ

ਤਵਿਆਂ ਦੀ ਗਾਇਕੀ ਵਿਚ ਬਹੁਤ ਕੁਝ ਵੱਖ-ਵੱਖ ਵਿਸ਼ਿਆਂ 'ਤੇ ਗੀਤਕਾਰ ਵਲੋਂ ਲਿਖਿਆ ਗਿਆ ਤੇ ਗਾਇਕਾਂ ਨੇ ਆਪਣੀ ਆਵਾਜ਼ ਵਿਚ ਤਵਿਆਂ ਦੀ ਰਿਕਾਰਡਿੰਗ ਕੰਪਨੀ ਵਿਚ ਕਰਾ ਕੇ ਆਪਣੇ ਗੀਤਾਂ ਰਾਹੀਂ ਮਕਬੂਲੀਅਤ ਹਾਸਲ ਕੀਤੀ। ਬਹੁਤ ਸਾਰੇ ਇਸ ਦੁਨੀਆ ਵਿਚ ਅਣਗੌਲੇ ਰਹਿ ਗਏ ਜਾਂ ਡੀਲਰਾਂ ਨੇ ਉਨ੍ਹਾਂ ਗਾਇਕਾਂ ਦੇ ਗੀਤਾਂ ਨੂੰ ਵੇਚਿਆ ਹੀ ਨਹੀਂ ਜਾਂ ਲਾਊਡ ਸਪੀਕਰ ਵਜਾਉਣ ਵਾਲਿਆਂ ਦੀ ਸੂਝ-ਬੂਝ ਨਾ ਹੋਣ ਕਾਰਨ ਉਹ ਖਰੀਦੇ ਨਹੀਂ ਗਏ। ਰਿਕਾਰਡਿੰਗ ਕੰਪਨੀਆਂ ਨੇ ਬੜੇ ਦੂਰਅੰਦੇਸ਼ੀ ਲੋਕਾਂ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਰਿਕਾਰਡ ਵੀ ਕੀਤਾ। ਪਰ ਸਾਡੇ ਲੋਕਾਂ ਨੇ ਸਪੀਕਰ ਵਾਲਿਆਂ ਦੇ ਮਾਧਿਅਮ ਰਾਹੀਂ ਹਲਕੇ-ਫੁਲਕੇ ਗੀਤਾਂ ਨੂੰ ਸੁਣਨ ਵਿਚ ਤਰਜੀਹ ਦਿੱਤੀ। ਸਪੀਕਰਾਂ ਵਾਲੇ ਜ਼ਿਆਦਾ ਅਨਪੜ੍ਹ ਹੀ ਹੁੰਦੇ ਸਨ। ਉਹ ਵਿਆਹ ਸੀਜ਼ਨਾਂ ਵਾਲੇ ਹਲਕੇ-ਫੁਲਕੇ ਮਨਪ੍ਰਚਾਵੇ ਵਾਲੇ ਗੀਤ ਖਰੀਦਦੇ ਸਨ ਅਤੇ ਆਪਣੇ ਸਪੀਕਰਾਂ ਰਾਹੀਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਸਨ। ਕਿਉਂਕਿ ਲਾਊਡ ਸਪੀਕਰ 1952 ਤੋਂ ਬਾਅਦ ਪਿੰਡ ਵਿਚ ਵੱਜਣਾ ਸ਼ੁਰੂ ਹੋਇਆ। ਇਨ੍ਹਾਂ ਤਵਿਆਂ ਵਿਚ ਯਮਲਾ ਜੱਟ, ਦਲੀਪ ਸਿੰਘ ਦੀਪ, ਸਵਰਨ ਲਤਾ, ਭਾਨ ਸਿੰਘ ਮਾਹੀ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਜਿੰਦਰ ਰਾਜਨ, ਗਰੇਵਾਲ, ਕਰਨੈਲ ਗਿੱਲ, ਚਾਂਦੀ ਰਾਮ, ਤਾਨਸੈਨ ਆਦਿ ਕਲਾਕਾਰ ਜੋ 1955 ਤੋਂ ਲੈ ਕੇ 1980 ਤੱਕ ਦੇ ਗਾਇਕਾਂ ਦੇ ਗੀਤਾਂ ਨੂੰ ਸਪੀਕਰਾਂ ਰਾਹੀਂ ਵਜਾਇਆ ਗਿਆ। ਪਰ ਇਨ੍ਹਾਂ ਦਹਾਕਿਆਂ ਵਿਚ ਕਈ ਫੁਨਕਾਰ ਅਤੇ ਗੀਤ ਗੁਆਚ ਗਏ ਹਨ। ਪ੍ਰਕਾਸ਼ ਕੌਰ, ਸੁਰਿੰਦਰ ਕੌਰ ਭੈਣਾਂ ਦੇ ਬਹੁਤ ਸਾਰੇ ਹਿੱਟ ਗੀਤ ਅੱਜ ਵੀ ਗੁਆਚੇ ਹੋਏ ਹਨ। ਚੰਦ ਕੁ ਗੀਤ-ਸੰਗੀਤ ਪ੍ਰੇਮੀਆਂ ਕੋਲ ਸੰਭਾਲੇ ਹੋਏ ਲੱਭਦੇ ਹਨ। ਪਰ ਗੁਆਚੇ ਗੀਤਾਂ ਬਾਰੇ ਪਾਠਕਾਂ ਨੂੰ ਕਿਸੇ ਹੋਰ ਲੇਖ ਰਾਹੀਂ ਜਾਣੂ ਕਰਵਾਇਆ ਜਾਵੇਗਾ। ਪਰ ਅੱਜ ਮੈਂ ਹੈਰਾਨੀਜਨਕ ਦੋ ਤਵਿਆਂ ਦਾ ਵਰਨਣ ਕਰ ਰਿਹਾ ਹਾਂ, ਜੋ ਮਹਾਨ ਲੇਖਕ, ਸਾਹਿਤਕਾਰ, ਬੁੱਧੀਜੀਵੀ ਭਾਈ ਵੀਰ ਸਿੰਘ ਦੀ ਕਲਮ ਨਾਲ ਲਿਖੇ ਹੋਏ ਹਨ।
ਭਾਈ ਵੀਰ ਸਿੰਘ ਦੀ ਕਲਮ ਨਾਲ ਲਿਖਿਆ ਹੋਇਆ ਧਾਰਮਿਕ ਗੀਤ 1947 ਦੀ ਵੰਡ ਤੋਂ ਪਹਿਲਾਂ ਹਰਭਜਨ ਸਿੰਘ ਰਤਨ ਨੇ ਆਪਣੀ ਆਵਾਜ਼ ਵਿਚ ਰਿਕਾਰਡਿੰਗ ਕਰਵਾਇਆ ਸੀ, ਪਰ ਉਹ ਤਵਾ ਹੁਣ ਗੁਆਚ ਚੁੱਕਾ ਹੈ, ਜਿਸ ਦੇ ਬੋਲ ਸਨ, 'ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ', 'ਅਰਸ਼ 'ਤੇ ਵੀ ਤੂੰ, ਫ਼ਰਸ਼ 'ਤੇ ਵੀ ਤੂੰ।' ਇਸ ਤਵੇ ਬਾਰੇ ਮੈਂ ਵਿਸ਼ੇਸ਼ ਜਾਣਕਾਰੀ ਦੇ ਰਿਹਾ ਹਾਂ। ਸੰਨ 2000 'ਚ ਹਰਭਜਨ ਸਿੰਘ ਰਤਨ ਮੇਰੇ ਪਿੰਡ ਸੰਗੀਤਕ ਲਾਇਬ੍ਰੇਰੀ ਵਿਚ ਆਏ ਸਨ। ਉਨ੍ਹਾਂ ਨੇ ਜੋ ਮੈਨੂੰ ਜਾਣਕਾਰੀ ਦਿੱਤੀ, ਜਦੋਂ ਮੈਂ ਇਹ ਤਵਾ ਭਾਈ ਵੀਰ ਸਿੰਘ ਤੋਂ ਲਿਖਾਇਆ ਤਾਂ ਮੈਂ ਐੱਚ.ਐੱਮ.ਵੀ. ਕੰਪਨੀ, ਲਾਹੌਰ ਵਿਖੇ ਰਿਕਾਰਡਿੰਗ ਕਰਵਾਉਣ ਗਿਆ ਤਾਂ ਕੰਪਨੀ ਦੇ ਰਿਕਾਰਡਿੰਗ ਮਾਹਿਰ ਨੇ ਜਦੋਂ ਮੇਰੇ ਕੋਲੋਂ ਤਵੇ ਦੇ ਗੀਤਕਾਰਾਂ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਇਹ ਗੀਤ ਭਾਈ ਵੀਰ ਸਿੰਘ ਦੀ ਕਲਮ ਨਾਲ ਲਿਖਿਆ ਗਿਆ ਹੈ, ਤਾਂ ਉਹ ਭਾਈ ਵੀਰ ਸਿੰਘ ਦਾ ਨਾਂਅ ਸੁਣ ਕੇ ਕੁਰਸੀ ਤੋਂ ਉੱਠ ਖਲੋਤਾ ਤੇ ਬੋਲਿਆ-ਵਾਹ! ਭਾਈ ਵੀਰ ਸਿੰਘ ਦੀ ਲਿਖਤ। ਉਸ ਨੇ ਉਸੇ ਸਮੇਂ ਫ਼ੈਸਲਾ ਲੈਂਦੇ ਹੋਏ ਗੀਤ ਰੁਆਲਿਟੀ ਜੋ ਗੀਤਕਾਰ ਨੂੰ ਪੰਜ ਰੁਪਏ ਮਿਲਦੀ ਸੀ, ਵੀਹ ਰੁਪਏ ਕਰ ਦਿੱਤੀ ਤੇ ਨਾਲ ਦੀ ਨਾਲ ਤੁਰੰਤ ਮੇਰਾ ਤਵਾ ਮੇਰੀ ਆਵਾਜ਼ ਵਿਚ ਰਿਕਾਰਡਿੰਗ ਕਰ ਲਿਆ। ਜਦੋਂ ਮੈਂ ਰੁਆਲਿਟੀ ਦਾ ਚੈੱਕ ਲੈ ਕੇ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਭਾਈ ਵੀਰ ਸਿੰਘ ਕੋਲ ਪਹੁੰਚਿਆ ਤੇ ਕਿਹਾ, 'ਤੁਹਾਡਾ ਲਿਖਿਆ ਤਵਾ ਮੈਂ ਆਪਣੀ ਆਵਾਜ਼ ਵਿਚ ਕਰਵਾ ਆਇਆ ਹਾਂ।' ਤਾਂ ਉਨ੍ਹਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਤੇ ਜਦੋਂ ਮੈਂ ਚੈੱਕ ਦਿੱਤਾ ਤਾਂ ਉਨ੍ਹਾਂ ਆਪਣੇ ਪੈੱਨ ਨਾਲ ਲਿਖ ਕੇ ਚੈੱਕ ਵਾਪਸ ਕਰ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਗੁਰੂ ਸਾਹਿਬਾਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾ ਸਕਦਾ।
ਉਸ ਤੋਂ ਬਾਅਦ ਇਹ ਤਵਾ ਐੱਚ.ਐੱਮ.ਵੀ. ਕੰਪਨੀ ਨੇ ਗਾਇਕ ਬੀ.ਐੱਸ. ਗਿਆਨੀ ਦੀ ਆਵਾਜ਼ ਵਿਚ ਰਿਕਾਰਡਿੰਗ ਕਰਵਾਇਆ। ਇਸ ਦੀ ਤਰਜ਼ ਵੀ ਗਿਆਨੀ ਜੀ ਨੇ ਆਪ ਬਣਾਈ ਸੀ, ਜੋ 1967 ਵਿਚ ਰਿਲੀਜ਼ ਕੀਤਾ ਗਿਆ। ਤਵੇ ਦਾ ਦੂਜਾ ਪਾਸਾ ਮਸ਼ਹੂਰ ਗਾਇਕਾ ਸੁਮਨ ਕਲਿਆਣਪੁਰ ਦੀ ਆਵਾਜ਼ ਵਿਚ ਸੀ, ਜਿਸ ਦੇ ਬੋਲ ਸਨ, 'ਧੁਰ ਪਟਨੇ ਅਪੜਾਈ।'
ਇਕ ਹੋਰ ਦੁਰਲੱਭ ਤਵੇ ਬਾਰੇ ਜੋ ਜ਼ਿਕਰ ਕਰ ਰਿਹਾ ਹਾਂ। 1935 ਵਿਚ ਪੈਦਾ ਹੋਈ ਗੁੱਜਰਾਂਵਾਲਾ ਕਲਾਸੀਕਲ ਗਾਇਕਾ ਮਨਜੀਤ ਕੌਰ ਦੀ ਆਵਾਜ਼ ਵਿਚ ਐੱਚ.ਐੱਮ.ਵੀ. ਕੰਪਨੀ ਨੇ ਇਸ ਮਹਾਨ ਸਾਹਿਤਕਾਰ ਦਾ ਲਿਖਿਆ ਹੋਇਆ ਗੀਤ ਰਿਕਾਰਡਿੰਗ ਕੀਤਾ। ਇਸ ਗੀਤ ਦੀ ਤਰਜ਼ ਮਸ਼ਹੂਰ ਗੀਤਕਾਰ ਉਸਤਾਦ ਮੁਨੱਵਰ ਅਲੀ ਖ਼ਾਨ ਨੇ ਦਿੱਤੀ ਸੀ। ਹਰਮੋਨੀਅਮ 'ਤੇ ਸਾਥ ਅਮੀਰ ਅਲੀ ਖ਼ਾਨ, ਤਬਲੇ 'ਤੇ ਸਾਥ ਵਜ਼ੀਰ ਖ਼ਾਨ ਦਾ ਅਤੇ ਸਾਰੰਗੀ ਸੀਤਾ ਰਾਮ ਨੇ ਵਜਾਈ ਸੀ। ਇਸ ਤਵੇ ਦੇ ਬੋਲ ਸਨ-
1. ਯਾਦ ਸੱਜਣਾ ਦੀ ਯਾਦ ਸੱਜਣਾ ਦੀ,
ਹਰਦਮ ਰਹਿੰਦੀ ਲੈ ਗਈ ਡੂੰਘੀ ਥਾਈਂ।
2. ਅੱਧੀ ਰਾਤੀ ਕੂੰਜ ਕੁਰਲਾਈ,
ਹਾਏ ਚਾਵੀਂ ਚਲਾ ਗਿਆ।
3.ਖੜ੍ਹੇ ਕਿਨਾਰੇ ਕੂਕ ਪੁਕਾਰਾਂ,
ਸਾਈਂ ਨੂੰ ਪਈ 'ਵਾਜ਼ਾਂ ਮਾਰਾਂ।
ਇਹ ਤਵਿਆਂ ਦੇ ਗੀਤ ਮੇਰੇ ਪਿਤਾ ਦੀ ਯਾਦ ਵਿਚ ਜਥੇਦਾਰ ਪ੍ਰਗਟ ਸਿੰਘ ਸੰਗੀਤਕ ਲਾਇਬ੍ਰੇਰੀ ਵਿਚ ਸੰਭਾਲੇ ਹੋਏ ਹਨ।


-ਗੁਰਮੁਖ ਸਿੰਘ ਲਾਲੀ
ਸਟੇਟ ਐਵਾਰਡੀ (ਸੰਗੀਤ), ਪਿੰਡ ਸ਼ੇਰ ਸਿੰਘ ਪੁਰਾ (ਬਰਨਾਲਾ)। ਮੋਬਾ: 98720-29407

ਗੁਰੂ ਗੋਬਿੰਦ ਸਿੰਘ ਜੀ ਦੇ ਜੁਝਾਰੂਪਣ ਦਾ ਉਦੇਸ਼ ਕੀ ਸੀ?

ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਕ ਅਧਿਆਤਮਕ ਗੁਰੂ, ਇਕ ਯੋਧਾ, ਇਕ ਕਵੀ ਅਤੇ ਇਥੋਂ ਤੱਕ ਕਿ ਇਕ ਦਰਸ਼ਨ ਸ਼ਾਸਤਰੀ ਵੀ ਕਹਿ ਕੇ ਸਤਿਕਾਰਿਆ ਜਾਂਦਾ ਹੈ। ਮੈਂ ਅੱਜ ਉਨ੍ਹਾਂ ਦੇ ਇਕ ਯੋਧੇ ਵਾਲੇ ਰੂਪ ਬਾਰੇ ਆਪ ਸਭ ਨਾਲ ਗੱਲ ਕਰਨ ਲੱਗਾ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਮੇਰਾ ਫਰਜ਼ ਬਣਦਾ ਹੈ ਕਿ 2009 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਜੱਜ ਹੁੰਦਿਆਂ ਮੈਨੂੰ ਸਿੱਖ ਧਰਮ ਵਿਚ ਕੇਸਾਂ ਦੀ ਮਹੱਤਤਾ ਨਾਲ ਸਬੰਧਤ ਇਕ ਕੇਸ ਬਾਰੇ ਜੱਜਾਂ ਦੇ ਪੂਰੇ ਬੈਂਚ ਦਾ ਫ਼ੈਸਲਾ ਲਿਖਣ ਦਾ ਮੌਕਾ ਮਿਲਿਆ ਸੀ। ਮੈਂ ਉਸ ਫ਼ੈਸਲੇ ਵਿਚ ਮੰਨਿਆ ਸੀ, ਜਿਵੇਂ ਕਿ ਮੈਂ ਅੱਜ ਵੀ ਮੰਨਦਾ ਹਾਂ ਕਿ ਮੈਨੂੰ ਸਿੱਖ ਧਰਮ ਬਾਰੇ ਕੋਈ ਡੂੰਘੀ ਜਾਂ ਅਧਿਕਾਰਤ ਸਮਝ ਨਹੀਂ ਹੈ। ਮੈਂ ਜੋ ਵਿਚਾਰ ਅੱਜ ਪ੍ਰਗਟਾ ਰਿਹਾ ਹਾਂ, ਉਹ ਮੇਰੇ ਨਿੱਜੀ ਵਿਚਾਰ ਹਨ ਅਤੇ ਇਨ੍ਹਾਂ ਦੀ ਮਨਸ਼ਾ ਉਸ ਕਿਸੇ ਵੀ ਵਿਅਕਤੀ ਦੀ ਆਸਥਾ ਨੂੰ ਠੇਸ ਪਹੁੰਚਾਉਣ ਦੀ ਨਹੀਂ ਹੈ, ਜੋ ਮਾਮਲੇ ਦੀ ਵੱਖਰੇ ਰੁਖ਼ ਵਾਲੀ ਸਮਝ ਰੱਖਦਾ ਹੋਵੇ।
ਗੁਰੂ ਗੋਬਿੰਦ ਸਿੰਘ ਜੀ ਦੀ ਇਕ ਯੋਧੇ ਵਾਲੀ ਜਾਂ ਜੁਝਾਰੂ ਸਮਰੱਥਾ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਕੁਝ ਇਤਿਹਾਸਕ ਤੱਥਾਂ ਦੇ ਪਿਛੋਕੜ ਵੱਲ ਵੀ ਧਿਆਨ ਦਿਵਾਉਣਾ ਚਾਹਾਂਗਾ। 1606 ਵਿਚ ਜਦੋਂ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਸੀ ਤਾਂ ਉਦੋਂ ਸਿੱਖ ਇਤਿਹਾਸ ਦਾ ਇਕ ਬੇਹੱਦ ਔਖਾ ਦੌਰ ਆਇਆ ਸੀ। ਸਿੱਖ ਕੌਮ ਸਾਹਮਣੇ ਖਿੰਡ ਜਾਣ ਦਾ ਖ਼ਤਰਾ ਖੜ੍ਹਾ ਸੀ। ਇਹ ਫ਼ੈਸਲਾ ਲਿਆ ਜਾਣਾ ਸੀ ਕਿ, ਕੀ ਸਿੱਖਾਂ ਨੇ ਅੱਗੇ ਤੋਂ ਹਰ ਤਰ੍ਹਾਂ ਦੇ ਰਾਜਨੀਤਕ ਸਰੋਕਾਰਾਂ ਨੂੰ ਛੱਡ ਕੇ ਕੀ ਸਿਰਫ ਇਕ ਨਿਰੋਲ ਧਾਰਮਿਕ ਸਮੂਹ ਵਜੋਂ ਹੀ ਵਿਚਰਨਾ ਹੈ? ਪਰ ਇਸ ਸਾਰੀ ਚਰਚਾ ਨੂੰ ਉਦੋਂ ਵਿਰਾਮ ਲੱਗ ਗਿਆ ਜਦੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦਸਤਾਰ ਨਾਲ ਕਲਗੀ ਸਜਾ ਕੇ ਅਤੇ ਦੋਵੇਂ ਪਾਸੇ ਤਲਵਾਰਾਂ ਧਾਰਨ ਕਰਕੇ ਸ਼ਾਹੀ ਲਿਬਾਸ ਵਿਚ ਆਪਣੇ ਸ਼ਰਧਾਲੂਆਂ ਦੇ ਸਨਮੁਖ ਆਏ। ਉਨ੍ਹਾਂ ਨੇ ਸਿੱਖੀ ਆਸਥਾ ਨੂੰ ਸੰਭਾਲਣ ਅਤੇ ਇਸ ਦੀ ਰਾਖੀ ਲਈ ਸਿੱਖਾਂ ਦੇ ਫੌਜੀਕਰਨ ਦਾ ਜੁਰਅਤ ਭਰਿਆ ਫ਼ੈਸਲਾ ਲਿਆ ਸੀ। ਉਦੋਂ ਤੋਂ ਲੈ ਕੇ 1839 ਵਿਚ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋਣ ਤੱਕ ਦੇ ਸਮੇਂ ਦੌਰਾਨ ਸਿੱਖ ਕੌਮ ਦੀ ਹੋਣੀ ਵਿਚ ਇਕ ਵੱਡਾ ਉਭਾਰ ਆ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ ਸਮੁੱਚੇ ਪੰਜਾਬ ਦੇ ਨਿਰਵਿਵਾਦਿਤ ਮਹਾਰਾਜਾ ਸਨ। ਉਨ੍ਹਾਂ ਦੇ ਰਾਜ ਵਿਚ ਸਿੰਧ ਦੇ ਪੂਰਬ ਵੱਲ ਦੇ ਖੇਤਰ ਵੀ ਸ਼ਾਮਿਲ ਸਨ। ਉਸ ਸਮੇਂ ਤੱਕ ਸਿੱਖਾਂ ਦਾ ਫੌਜੀਕਰਨ ਆਪਣੀ ਸਿਖਰ 'ਤੇ ਪੁੱਜ ਚੁੱਕਾ ਸੀ।
ਜਦੋਂ ਬਰਤਾਨਵੀ ਪੰਜਾਬ ਵਿਚ ਆਏ ਤਾਂ ਸਿੱਖ ਉਦੋਂ ਇਕ ਮਾਰਸ਼ਲ ਕੌਮ ਹੋਣ ਦੀ ਵਿਸ਼ੇਸ਼ਤਾ ਹਾਸਲ ਕਰ ਚੁੱਕੇ ਸਨ। ਇਨ੍ਹਾਂ ਇਤਿਹਾਸਕ ਤੱਥਾਂ ਵਾਲੇ ਪਿਛੋਕੜ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਕ ਗੱਲ ਹੋਰ ਵੀ ਹੈ, ਜਿਸ ਤੋਂ ਤੁਸੀਂ ਸਾਰੇ ਜਾਣੂ ਹੋ। ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਵਾਲੀਆਂ ਤਾਕਤਾਂ ਖਿਲਾਫ਼ ਲੜਾਈ ਅਤੇ ਸਿੱਖ ਆਸਥਾ ਦੀ ਰਾਖੀ ਦੇ ਕਾਜ ਵਿਚ ਆਪਣੇ ਪਿਤਾ ਜੀ, ਮਾਤਾ ਜੀ ਅਤੇ ਚਾਰ ਪੁੱਤਰਾਂ ਦੀਆਂ ਜਾਨਾਂ ਵੀ ਕੁਰਬਾਨ ਕੀਤੀਆਂ। ਇਨ੍ਹਾਂ ਇਤਿਹਾਸਕ ਤੱਥਾਂ ਦੇ ਪਿਛੋਕੜ ਦਾ ਜ਼ਿਕਰ ਮੈਂ ਤੁਹਾਨੂੰ ਆਪਣੀ ਸਮਝ ਦੇ ਆਧਾਰ ਤੋਂ ਜਾਣੂ ਕਰਵਾਉਣ ਲਈ ਭੂਮਿਕਾ ਵਜੋਂ ਹੀ ਕੀਤਾ ਹੈ। ਜਦੋਂ ਅਸੀਂ ਬੱਚੇ ਸਾਂ ਤਾਂ ਸਾਨੂੰ ਦੱਸਿਆ ਗਿਆ ਸੀ ਕਿ ਤੁਹਾਨੂੰ ਜੋ ਵੀ ਚਾਹੀਦਾ ਹੈ, ਇਸ ਲਈ ਪਰਮਾਤਮਾ ਕੋਲ ਅਰਦਾਸ ਕਰੋ। ਮੇਰੇ ਪਿਤਾ ਜੀ ਸਾਥੋਂ ਅਕਸਰ ਇਹ ਸ਼ਬਦ ਪੜ੍ਹਵਾਉਂਦੇ ਸਨ-
ਜੋ ਮਾਗਹਿ ਠਾਕੁਰ ਅਪੁਨੇ ਤੇ
ਸੋਈ ਸੋਈ ਦੇਵੈ।
ਭਾਵ ਤੁਸੀਂ ਜੋ ਵੀ ਪਰਮਾਤਮਾ ਕੋਲੋਂ ਮੰਗੋ, ਉਹ ਤੁਹਾਨੂੰ ਦਿੰਦਾ ਹੈ।
ਆਪਣੀ ਸਾਰੀ ਜ਼ਿੰਦਗੀ ਮੈਂ ਇਸ ਗੱਲ 'ਤੇ ਅਮਲ ਕਰਦਾ ਰਿਹਾ ਹਾਂ। ਇਕ ਜੱਜ ਵਜੋਂ ਆਪਣੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਿਭਾਉਣ ਵਾਸਤੇ ਤਾਕਤ ਹਾਸਲ ਕਰਨ ਲਈ ਮੈਂ ਸਦਾ ਪਰਮਾਤਮਾ ਕੋਲ ਅਰਦਾਸ ਕਰਦਾ ਰਿਹਾਂ। ਜੱਜ ਵਜੋਂ ਆਪਣੇ ਕਾਰਜ ਦੀਆਂ ਔਖਿਆਈਆਂ ਅਤੇ ਦਬਾਵਾਂ ਦਾ ਅਹਿਸਾਸ ਕਰਨ ਤੋਂ ਬਾਅਦ ਵੀ ਮੈਂ ਇਹੀ ਅਰਦਾਸ ਕੀਤੀ। ਇਹ ਅਰਦਾਸ ਕੀ ਸੀ? ਅਰਦਾਸ ਸੀ-
ਦੇਹਿ ਸਿਵਾ ਬਰੁ ਮੋਹਿ ਇਹੈ
ਸੁਭ ਕਰਮਨ ਤੇ ਕਬਹੂੰ ਨ ਟਰੋ॥
.............
ਜਬ ਆਵ ਕੀ ਅਉਧ ਨਿਦਾਨ ਬਨੈ
ਅਤਿ ਹੀ ਰਨ ਮੈ ਤਬ ਜੂਝ ਮਰੋ॥
ਇਹ ਉਹ ਸ਼ਬਦ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਵਲੋਂ ਪ੍ਰਚਾਰਿਤ ਕੀਤਾ ਗਿਆ। ਇਕ ਜੱਜ ਵਜੋਂ ਕੰਮ ਕਰਦਿਆਂ ਅਤੇ ਉਸ ਤੋਂ ਬਾਅਦ ਵੀ ਮੈਂ ਹਜ਼ਾਰਾਂ-ਸੈਂਕੜੇ ਵਾਰ ਇਹ ਸ਼ਬਦ ਪੜ੍ਹਦਾ ਰਿਹਾ ਹਾਂ। ਇਸ ਬਾਰੇ ਜੀਵਨ ਦੇ ਕੁਝ ਤਜਰਬੇ ਤੋਂ ਬਾਅਦ ਜੋ ਮੇਰੀ ਸਮਝ ਬਣੀ, ਇਹ ਸਮਝ ਇਸ ਸ਼ਬਦ ਨਾਲ ਹੋਰ ਵੀ ਸਾਫ਼-ਸਪੱਸ਼ਟ ਹੋ ਗਈ। ਉਹ ਇਹ ਹੈ ਕਿ ਗੁਰੂ ਜੀ ਦਾ ਯੋਧੇ ਵਾਲਾ ਸਰੂਪ ਜਾਂ ਜੁਝਾਰੂਪਣ ਅਸਲ ਵਿਚ ਸ਼ੁੱਭ ਕਰਮਨ ਦੀ ਰਾਖੀ ਲਈ ਹੈ। ਜਾਇਜ਼-ਵਾਜਿਬ ਸਾਧਨ ਅਤੇ ਚੰਗੇ ਆਦਰਸ਼ਕ ਕਾਜ ਸ਼ੁੱਭ ਕਰਮਨ ਹਨ। ਗੁਰੂ ਜੀ ਦਾ ਯੋਧਾਪਣ ਗੌਰਵ ਅਤੇ ਮਾਣ-ਸਨਮਾਨ ਭਰਿਆ ਆਦਰਸ਼ਕ ਜੀਵਨ ਜਿਉਣ ਅਤੇ ਦਲੇਰੀ ਨਾਲ ਸੂਰਮਗਤੀ ਨੂੰ ਪ੍ਰਾਪਤ ਹੋਣ ਵੱਲ ਸੇਧਿਤ ਸੀ। ਗੁਰੂ ਜੀ ਦਾ ਜੁਝਾਰੂਪਣ ਕਿਸੇ ਜ਼ਮੀਨ ਜਾਂ ਖੇਤਰ ਲਈ ਨਹੀਂ ਸੀ। ਨਾ ਹੀਰੇ-ਮੋਤੀਆਂ ਲਈ ਜਾਂ ਕਿਸੇ ਤਰ੍ਹਾਂ ਦੀ ਅਮੀਰੀ ਲਈ ਸੀ ਅਤੇ ਨਾ ਹੀ ਜਿੱਤਾਂ ਦੀ ਵਾਹ-ਵਾਹ ਖੱਟਣ ਲਈ ਸੀ, ਸਗੋਂ ਸਿਰਫ ਸੱਚੇ ਧਰਮ ਲਈ ਸੀ। ਸੱਚਾ ਧਰਮ ਕੀ ਹੈ? ਸਾਰੇ ਮਜ਼੍ਹਬ ਮੰਨਦੇ ਹਨ ਕਿ ਸੱਚ ਹੀ ਅੰਤਿਮ ਹੈ। ਪਰ ਗੁਰੂ ਜੀ ਚਾਹੁੰਦੇ ਸਨ ਕਿ ਸਿੱਖ ਇਸ ਨੂੰ ਥੋੜ੍ਹੀ ਵੱਖਰੀ ਤਰ੍ਹਾਂ ਸਮਝਣ। ਉਹ ਕਹਿੰਦੇ ਸਨ ਕਿ 'ਸਭੈ ਉਪਰ ਸੱਚ, ਉਪਰ ਸੱਚੁ ਆਚਾਰ।' ਭਾਵ ਸੱਚ ਸਭ ਤੋਂ ਉੱਪਰ ਹੈ ਪਰ ਸੱਚ ਤੋਂ ਵੀ ਉੱਪਰ ਹੈ ਸੱਚਾ ਆਚਾਰ-ਵਿਹਾਰ। ਉੱਚਾ-ਸੁੱਚਾ ਅਤੇ ਸੱਚਾ ਜੀਵਨ ਹੀ ਸੱਚਾ ਧਰਮ ਹੈ। 'ਖ਼ਾਲਸਾ' (ਖਾਲਸ, ਸ਼ੁੱਧ) ਦਾ ਗੁਰੂ ਜੀ ਦਾ ਫਲਸਫਾ ਵੀ ਇਹੀ ਸੀ। ਸੋ, ਮੇਰੀ ਸਮਝ ਇਹੀ ਹੈ ਕਿ ਗੁਰੂ ਜੀ ਵਿਚਲਾ ਯੋਧਾ ਸੱਚ ਧਰਮ ਦੀ ਲੜਾਈ ਲੜਨ ਲਈ ਹੀ ਸੀ।
ਜੋ ਕੁਝ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ, 'ਜ਼ਫਰਨਾਮਾ' ਉਸੇ ਨੂੰ ਹੀ ਜ਼ਾਹਰ ਕਰਦਾ ਹੈ। 'ਜ਼ਫਰਨਾਮਾ' ਉਹ ਚਿੱਠੀ ਹੈ, ਜੋ ਗੁਰੂ ਜੀ ਨੇ ਚਮਕੌਰ ਦੀ ਜੰਗ ਤੋਂ ਬਾਅਦ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੀ ਸੀ। ਇਸ ਜੰਗ ਵਿਚ ਸਿੱਖਾਂ ਦਾ ਵੱਡਾ ਜਾਨੀ ਨੁਕਸਾਨ ਹੋਇਆ ਸੀ ਪਰ ਗੁਰੂ ਜੀ ਨੇ ਇਹ ਚਿੱਠੀ ਲਿਖਦਿਆਂ ਔਰੰਗਜ਼ੇਬ ਨੂੰ ਕਿਹਾ ਕਿ ਅੱਜ ਦੀ ਲੜਾਈ ਵਿਚ ਨੈਤਿਕਤਾ ਦੀਆਂ ਤਾਕਤਾਂ ਦੀ ਜਿੱਤ ਹੋਈ ਹੈ। ਸੋ, ਗੁਰੂ ਜੀ ਦੀ ਲੜਾਈ ਹੋਰ ਕਿਸੇ ਗੱਲ ਲਈ ਨਹੀਂ, ਸਗੋਂ ਨੈਤਿਕ ਜਿੱਤ ਲਈ ਸੀ। ਇਸੇ ਤਰ੍ਹਾਂ ਗੁਰੂ ਜੀ ਵਲੋਂ ਲਿਖੀ ਗਈ 'ਚੰਡੀ ਦੀ ਵਾਰ' ਵੀ ਇਸੇ ਗੱਲ ਨੂੰ ਜ਼ਾਹਿਰ ਕਰਦੀ ਹੈ। ਇਸ ਵਾਰ ਵਿਚ ਜੰਗ ਦੇ ਮੈਦਾਨ ਦੇ ਦ੍ਰਿਸ਼ ਦਾ ਚਿਤਰਣ ਹੈ। ਇਹ ਗੁਰਮੁਖਾਂ ਅਤੇ ਮਨਮੁਖਾਂ, ਆਸਤਿਕਾਂ ਅਤੇ ਨਾਸਤਿਕਾਂ, ਦੇਵਤਿਆਂ ਅਤੇ ਦੈਂਤਾਂ ਵਿਚਲੀ ਲੜਾਈ ਬਾਰੇ ਹੈ। ਗੁਰੂ ਜੀ ਨੇ ਇਹੀ ਅਰਦਾਸ ਕੀਤੀ ਸੀ ਕਿ ਬੁਰਾਈ ਦੀਆਂ ਤਾਕਤਾਂ ਖਿਲਾਫ਼ ਲੜਾਈ ਵਿਚ ਉਭਰਨ ਲਈ ਰੱਬੀ ਤਾਕਤ ਸਹਾਇਤਾ ਕਰੇ। ਸੋ, 'ਚੰਡੀ ਦੀ ਵਾਰ' ਵੀ ਇਸੇ ਤੱਥ ਨੂੰ ਜ਼ਾਹਿਰ ਕਰਦੀ ਹੈ ਕਿ ਗੁਰੂ ਜੀ ਦੀ ਜੰਗਜੂ ਸਮਰੱਥਾ ਹੋਰ ਕਿਸੇ ਚੀਜ਼ ਲਈ ਨਹੀਂ, ਸਗੋਂ ਸੱਚੇ ਧਰਮ ਲਈ ਸੀ। ਗੁਰੂ ਜੀ ਦੇ ਇਕ ਯੋਧੇ ਵਾਲੇ ਰੂਪ ਬਾਰੇ ਮੇਰੀ ਸਮਝ ਇਹੀ ਹੈ। ਇਹ ਉਹ ਵਿਆਖਿਆ ਹੈ, ਜੋ ਸਦੀਵੀ ਹੈ। ਇਹ ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਵੀ ਪ੍ਰਸੰਗਿਕ ਸੀ, ਇਹ ਉਨ੍ਹਾਂ ਦੇ ਜੀਵਨਕਾਲ ਦੌਰਾਨ ਵੀ ਪ੍ਰਸੰਗਿਕ ਰਹੀ, ਉਨ੍ਹਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਪ੍ਰਸੰਗਿਕ ਹੈ ਅਤੇ ਭਵਿੱਖ ਵਿਚ ਵੀ ਪ੍ਰਸੰਗਿਕ ਰਹੇਗੀ। ਜੇ ਅਸੀਂ ਗੁਰੂ ਜੀ ਦੇ ਪੈਰ-ਚਿੰਨ੍ਹਾਂ 'ਤੇ ਚੱਲੀਏ ਅਤੇ ਸੱਚੇ ਧਰਮ ਨੂੰ ਅਪਣਾਉਣ ਦਾ ਯਤਨ ਕਰੀਏ, ਤਾਂ ਲੋਕਾਂ ਅਤੇ ਧਰਮਾਂ ਵਿਚਲੀ ਗ਼ੈਰ-ਬਰਾਬਰੀ ਖ਼ਤਮ ਹੋ ਜਾਵੇਗੀ। ਇਹ ਉਹ ਭਵਿੱਖ ਹੈ, ਜਿਸ 'ਤੇ ਸਾਨੂੰ ਆਪਣਾ ਧਿਆਨ ਦੇਣਾ ਚਾਹੀਦਾ ਹੈ। ਇਸੇ ਕਰਕੇ ਹੀ ਗੁਰੂ ਜੀ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਹਨ, ਜਿੰਨੀਆਂ ਉਦੋਂ ਸਨ ਜਦੋਂ ਇਹ ਲਿਖੀਆਂ ਗਈਆਂ ਸਨ, ਜਦੋਂ ਉਨ੍ਹਾਂ ਨੇ ਇਨ੍ਹਾਂ 'ਤੇ ਅਮਲ ਕੀਤਾ ਅਤੇ ਜਦੋਂ ਇਨ੍ਹਾਂ ਨੂੰ ਜ਼ਾਹਿਰ ਕੀਤਾ ਸੀ।


-(ਲੇਖਕ ਭਾਰਤ ਦੇ ਸਾਬਕਾ ਚੀਫ਼ ਜਸਟਿਸ ਹਨ)

ਭੰਗੀਆਂ ਦੀ ਤੋਪ, ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ

ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਨਾਲ ਉਸ ਦੇ ਵਜ਼ੀਰ ਨਜੀਰ ਸ਼ਾਹ ਨੇ ਲਾਹੌਰ ਵਿਚ ਇਸ ਤੋਪ ਨੂੰ ਬਣਵਾਇਆ ਸੀ। ਭਾਰਤ ਦੇ ਤੋਪਖਾਨੇ ਦੇ ਇਤਿਹਾਸ ਵਿਚ ਪਿੱਤਲ ਅਤੇ ਕੈਂਹ ਤੋਂ ਢਾਲੀਆਂ ਗਈਆਂ ਸਾਰੀਆਂ ਹੀ ਤੋਪਾਂ ਨਾਲੋਂ ਇਹ ਵੱਡੀ ਹੈ। ਇਸ ਦੀ ਨਾਲੀ 14 ਫੁੱਟ 4.5 ਇੰਚ ਲੰਮੀ ਅਤੇ ਬੋਰ 9.5 ਇੰਚ ਹੈ। ਇਸ ਤੋਪ ਵਿਚ 36 ਕਿਲੋਗ੍ਰਾਮ ਦਾ ਗੋਲਾ ਪੈਂਦਾ ਹੈ, ਇਸ ਨੂੰ ਜਮਜਮਾਂ ਭਾਵ ਤੂਫਾਨ ਲਿਆਉਣ ਵਾਲੀ ਤੋਪ ਕਹਿੰਦੇ ਹਨ।
ਇਹ ਤੋਪ ਸਾਲ 1756 ਈ: ਵਿਚ ਬਣ ਕੇ ਤਿਆਰ ਹੋ ਗਈ ਸੀ। ਇਸ ਤੋਪ ਦੀ ਨਾਲੀ ਦੇ ਅਗਲੇ ਪਾਸੇ ਇਸ ਨੂੰ ਬਣਾਉਣ ਵਾਲੇ ਦਾ ਨਾਂਅ 'ਨਾਜੀਰ ਸ਼ਾਹ ਬਾ ਹੁਕਮ ਸ਼ਾਹ ਵਲੀ ਖਾਂ' ਅਤੇ ਪਿਛਲੇ ਪਾਸੇ ਬਣਾਉਣ ਦੀ ਮਿਤੀ '1169 ਹਿਜਰੀ' (ਸਾਲ 1755-56) ਫਾਰਸੀ ਵਿਚ ਉਕਰੀ ਹੋਈ ਹੈ।
ਅਬਦਾਲੀ ਦਾ ਭਾਰਤ ਉੱਤੇ ਪਹਿਲਾ ਹਮਲਾ-ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਸਾਲ 1742 ਈ: ਵਿਚ ਭਾਰਤ ਉੱਤੇ ਹਮਲੇ ਦੀ ਖਬਰ ਸੁਣ ਕੇ ਲਾਹੌਰ ਦੇ ਸੂਬੇਦਾਰ ਬਿਜੇ ਖਾਂ (ਜ਼ਕਰੀਆ ਖਾਨ ਦਾ ਬੇਟਾ) ਨੇ ਦਰਿਆ ਚਨਾਬ ਦੇ ਕੰਢੇ ਅਬਦਾਲੀ ਨੂੰ ਮਿਲ ਕੇ ਈਨ ਮੰਨ ਲਈ ਅਤੇ ਲਾਹੌਰ ਦਾ ਸੂਬਾ ਅਬਦਾਲੀ ਦੇ ਅਧੀਨ ਹੋ ਗਿਆ। ਬਾਅਦ 'ਚ ਅਬਦਾਲੀ ਨੇ ਸਰਹੰਦ ਨੂੰ ਜਿੱਤ ਕੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਅਤੇ ਬਿਜੇ ਖਾਂ ਨੂੰ ਸੂਬੇਦਾਰੀ ਤੋਂ ਹਟਾ ਕੇ ਮਨੂੰ ਨੂੰ ਲਾਹੌਰ ਅਤੇ ਸਰਹੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਭਾਵੇਂ ਅਬਦਾਲੀ ਨੇ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾ ਲਿਆ, ਫਿਰ ਵੀ ਸਿੰਘਾਂ ਨੇ ਅਬਦਾਲੀ ਨੂੰ ਪੰਜਾਬ ਵਿਚ ਰਾਜ ਨਹੀਂ ਕਰਨ ਦਿੱਤਾ।
ਅਹਿਮਦ ਸ਼ਾਹ ਦਾ ਪਿਛੋਕੜ-ਅਹਿਮਦ ਸ਼ਾਹ ਪਠਾਣ ਸੀ ਅਤੇ ਇਸ ਦਾ ਨਾਂਅ ਅਹਿਮਦ ਖਾਂ ਸੀ। ਕਿਹਾ ਜਾਂਦਾ ਹੈ ਕਿ ਇਸ ਦਾ ਵਡੇਰਾ ਬਾਬਾ ਅਬਦਾਲ ਸ਼ਾਹ ਫ਼ਕੀਰ ਸੀ, ਇਸ ਕਰਕੇ ਇਸ ਨੂੰ ਅਹਿਮਦ ਸ਼ਾਹ ਅਬਦਾਲੀ ਕਹਿੰਦੇ ਹਨ। ਦੂਜੇ ਫਿਰਕੇ ਦੇ ਪਠਾਣ ਅਬਦਾਲੀਆਂ ਨੂੰ ਪੀਰ ਮੰਨਦੇ ਹਨ। ਅਹਿਮਦ ਖਾਂ 7 ਸਾਲ ਦਾ ਸੀ, ਉਸ ਦਾ ਬਾਪ ਮਰ ਗਿਆ। ਨਾਦਰ ਸ਼ਾਹ ਦੇ ਘੋੜਿਆਂ ਦਾ ਦਾਣਾ ਦਲ ਕੇ ਉਸ ਦੀ ਮਾਂ ਗੁਜ਼ਾਰਾ ਕਰਦੀ ਸੀ। ਸਾਬਰ ਸ਼ਾਹ ਫ਼ਕੀਰ ਦੀ ਸੇਵਾ ਅਹਿਮਦ ਖਾਂ ਕਰਦਾ ਸੀ। ਕਈ ਵਾਰੀ ਅਹਿਮਦ ਨੂੰ ਉਹ ਪਿਆਰ ਨਾਲ ਫ਼ਕੀਰ ਆਖ ਦਿੰਦਾ, 'ਆ ਮੇਰੇ ਅਹਿਮਦ ਸ਼ਾਹਾ।'
ਅਹਿਮਦ ਖਾਂ ਦਾ ਬਾਦਸ਼ਾਹ ਬਣਨਾ-ਇਕ ਦਿਨ ਇਕ ਟੋਭੇ ਦੇ ਕੰਢੇ ਇਕ ਥੜ੍ਹੇ ਉੱਤੇ ਘਾਹ ਵਿਛਾ ਕੇ ਉਸ ਉੱਤੇ ਅਹਿਮਦ ਖਾਂ ਨੂੰ ਬਿਠਾ ਕੇ ਲੰਮੇ ਘਾਹ ਨਾਲ ਸਾਬਰ ਸ਼ਾਹ ਫ਼ਕੀਰ ਚੌਰ ਕਰ ਰਿਹਾ ਸੀ। ਸ਼ਿਕਾਰ ਖੇਡਦੇ ਨਾਦਰ ਸ਼ਾਹ ਨੇ ਉੱਥੇ ਆ ਕੇ ਫ਼ਕੀਰ ਨੂੰ ਪੁੱਛਿਆ, 'ਸਾਈਂ ਜੀ, ਇਹ ਕੀ ਕਰ ਰਹੇ ਹੋ?' ਫ਼ਕੀਰ ਨੇ ਉੱਤਰ ਦਿੱਤਾ, 'ਇਹ ਮੇਰਾ ਬਾਦਸ਼ਾਹ ਹੈ, ਮੈਂ ਆਪਣੇ ਬਾਦਸ਼ਾਹ ਨੂੰ ਚੌਰ ਕਰ ਰਿਹਾ ਹਾਂ।' ਨਾਦਰ ਸ਼ਾਹ ਨੇ ਅਰਜ਼ ਕੀਤੀ, 'ਮੈਨੂੰ ਵੀ ਟਹਿਲ ਫਰਮਾਓ।' ਫ਼ਕੀਰ ਨੇ ਉੱਤਰ ਦਿੱਤਾ 'ਮੇਰੇ ਅਹਿਮਦ ਨੂੰ ਸਰਦਾਰੀ ਦੇ ਦੇਹ।' ਨਾਦਰ ਸ਼ਾਹ ਨੇ ਅਹਿਮਦ ਖਾਂ ਨੂੰ 100 ਘੋੜਸਵਾਰਾਂ ਦਾ ਸਰਦਾਰ ਬਣਾ ਦਿੱਤਾ। ਅਹਿਮਦ ਖਾਂ ਨੇ ਬੜੀਆਂ ਮੱਲਾਂ ਮਾਰੀਆਂ, ਨਾਦਰ ਸ਼ਾਹ ਨੇ ਖੁਸ਼ ਹੋ ਕੇ ਅਹਿਮਦ ਖਾਂ ਨੂੰ ਜਰਨੈਲ ਬਣਾ ਦਿੱਤਾ।
ਨਾਦਰ ਸ਼ਾਹ ਦੇ ਸਾਲ 1739 ਵਿਚ ਭਾਰਤ ਉੱਤੇ ਹਮਲੇ ਸਮੇਂ ਅਹਿਮਦ ਖਾਂ ਵੀ ਨਾਦਰ ਸ਼ਾਹ ਦੇ ਨਾਲ ਸੀ। ਜਿਸ ਸਮੇਂ ਦਿੱਲੀ ਲੁੱਟ ਕੇ ਨਾਦਰ ਸ਼ਾਹ ਹਰਾਤ (ਅਫਗਾਨਿਸਤਾਨ) ਪਹੁੰਚਿਆ ਤਾਂ ਅਹਿਮਦ ਖਾਂ ਨੇ ਫੌਜ ਵਿਚ ਕਈ ਪਠਾਣ ਭਰਤੀ ਕਰ ਲਏ। ਨਾਦਰ ਸ਼ਾਹ ਦੇ ਸਾਲੇ ਜਰਨੈਲ ਸਮਰ ਖਾਂ ਨੇ ਪਠਾਣਾਂ ਦੀ ਵਧੀ ਹੋਈ ਨਫ਼ਰੀ ਵੇਖ ਕੇ ਫੌਜ ਵਿਚੋਂ ਪਠਾਣਾਂ ਦੇ ਨਾਂਅ ਕੱਟ ਦਿੱਤੇ। ਅਹਿਮਦ ਖਾਂ ਦੇ ਚੁੱਕੇ ਹੋਏ ਪਠਾਣਾਂ ਨੇ ਰਾਤ ਨੂੰ ਜਰਨੈਲ ਸਮਰ ਖਾਂ ਦਾ ਤੰਬੂ ਘੇਰ ਲਿਆ। ਸਮਰ ਖਾਂ ਦੌੜ ਕੇ ਨਾਦਰ ਸ਼ਾਹ ਦੇ ਤੰਬੂ ਵਿਚ ਵੜ ਗਿਆ। ਨਾਦਰ ਸ਼ਾਹ ਸਮੇਤ ਸਮਰ ਖਾਂ ਨੂੰ ਮਾਰ ਕੇ ਪਠਾਣਾਂ ਨੇ ਅਹਿਮਦ ਖਾਂ ਨੂੰ ਬਾਦਸ਼ਾਹ ਬਣਾ ਦਿੱਤਾ ਅਤੇ ਇਸ ਨੇ ਆਪਣਾ ਨਾਂਅ ਅਹਿਮਦ ਸ਼ਾਹ ਅਬਦਾਲੀ ਰੱਖ ਲਿਆ।
ਅਹਿਮਦ ਸ਼ਾਹ ਨੇ ਭਾਰਤ ਨੂੰ ਲੁੱਟਣ ਅਤੇ ਸਿੱਖਾਂ ਨੂੰ ਦਬਾਉਣ ਲਈ ਭਾਰਤ ਉੱਤੇ 11 ਹਮਲੇ ਕੀਤੇ। ਚੌਥੇ ਹਮਲੇ ਵਿਚ ਥਾਨੇਸਰ ਵਿਚੋਂ ਹਜ਼ਾਰਾਂ ਅਸ਼ਰਫੀਆਂ ਲੁੱਟੀਆਂ ਅਤੇ ਹਿੰਦੂਆਂ ਦੀਆਂ ਹਜ਼ਾਰਾਂ ਕੁੜੀਆਂ ਲੈ ਕੇ ਅਫਗਾਨਿਸਤਾਨ ਵੱਲ ਕੂਚ ਕਰ ਦਿੱਤਾ, ਪਰ ਸਿੰਘਾਂ ਨੇ ਇਕ ਵੀ ਕੁੜੀ ਅਫਗਾਨਿਸਤਾਨ ਨਹੀਂ ਪਹੁੰਚਣ ਦਿੱਤੀ। ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸਿੰਘਾਂ ਨੇ ਅਬਦਾਲੀ ਕੋਲੋਂ ਖੋਹ ਕੇ ਕੁੜੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ।
ਅਹਿਮਦ ਸ਼ਾਹ ਨੇ ਦੋ ਵੱਡੀਆਂ ਤੋਪਾਂ ਬਣਵਾਈਆਂ ਸਨ। ਭਾਰੀ ਹੋਣ ਦੇ ਕਾਰਨ, ਕਾਬੁਲ ਲਿਜਾਂਦੇ ਸਮੇਂ ਇਕ ਤੋਪ ਬੇੜੀ ਪਲਟ ਜਾਣ ਨਾਲ ਦਰਿਆ ਚਨਾਬ ਵਿਚ ਡੁੱਬ ਗਈ। ਇਨ੍ਹਾਂ ਤੋਪਾਂ ਨੂੰ ਬਣਾਉਣ ਲਈ ਅਹਿਮਦ ਸ਼ਾਹ ਨੇ ਆਪਣੇ ਕੋਲੋਂ ਇਕ ਪੈਸਾ ਵੀ ਖਰਚ ਨਹੀਂ ਸੀ ਕੀਤਾ। ਉਸ ਨੇ ਸਾਲ 1754-55 ਵਿਚ ਹਿੰਦੂਆਂ ਅਤੇ ਸਿੱਖਾਂ ਉੱਤੇ ਜਜ਼ੀਆ (ਟੈਕਸ) ਲਾ ਕੇ ਪੈਸਾ ਇਕੱਠਾ ਕੀਤਾ ਅਤੇ ਲਾਹੌਰ ਦੇ ਸਾਰੇ ਹੀ ਘਰਾਂ ਵਿਚੋਂ ਪਿੱਤਲ ਅਤੇ ਕੈਂਹ ਦੇ ਭਾਂਡੇ ਖੋਹ ਲਏ। ਲੋਕਾਂ ਨੂੰ ਮਿੱਟੀ ਦੇ ਭਾਂਡਿਆਂ ਵਿਚ ਖਾਣਾ ਬਣਾਉਣ ਅਤੇ ਖਾਣ ਲਈ ਮਜਬੂਰ ਕਰ ਦਿੱਤਾ। ਉਸ ਸਮੇਂ ਦੀ ਕਹਾਵਤ ਹੈ -
ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ।
ਭੰਗੀਆਂ ਦੀ ਤੋਪ ਦਾ ਇਤਹਾਸ-ਇਹ ਤੋਪ ਸਾਲ 1761 ਈ: ਵਿਚ ਪਾਣੀਪਤ ਦੀ ਤੀਜੀ ਲੜਾਈ ਵਿਚ ਅਹਿਮਦ ਸ਼ਾਹ ਨੇ ਮਰਹੱਟਿਆਂ ਦੇ ਵਿਰੁੱਧ ਵਰਤੀ ਸੀ। ਅਬਦਾਲੀ ਇਸ ਤੋਪ ਨੂੰ ਲਾਹੌਰ ਦੇ ਸੂਬੇਦਾਰ ਖਵਾਜ਼ਾ ਉਬੇਦ ਦੇ ਸਪੁਰਦ ਕਰਕੇ ਅਫਗਾਨਿਸਤਾਨ ਚਲਾ ਗਿਆ। ਭੰਗੀ ਸਰਦਾਰ ਹਰੀ ਸਿੰਘ ਨੇ ਸਾਲ 1762 ਈ: ਵਿਚ ਸ਼ੁਕਰਚੱਕੀਆ ਸਰਦਾਰ ਚੜ੍ਹਤ ਸਿੰਘ ਦੀ ਮਦਦ ਨਾਲ ਲਾਹੌਰ ਜਿੱਤ ਕੇ ਇਹ ਤੋਪ ਆਪਣੇ ਕਬਜ਼ੇ ਵਿਚ ਕਰ ਲਈ। ਇਸ ਕਰਕੇ ਇਸ ਦਾ ਨਾਂਅ ਭੰਗੀਆਂ ਦੀ ਤੋਪ ਪੈ ਗਿਆ। ਸਾਲ 1764 ਤੱਕ ਇਹ ਤੋਪ ਭੰਗੀ ਸਰਦਾਰ ਲਹਿਣਾ ਸਿੰਘ ਅਤੇ ਗੁੱਜਰ ਸਿੰਘ ਦੇ ਕਬਜ਼ੇ ਵਿਚ ਰਹੀ। ਲਾਹੌਰ ਜਿੱਤਣ ਵਿਚ ਸਰਦਾਰ ਚੜ੍ਹਤ ਸਿੰਘ ਨੇ ਭੰਗੀ ਸਰਦਾਰ ਹਰੀ ਸਿੰਘ ਦੀ ਮਦਦ ਕੀਤੀ ਸੀ, ਇਸ ਕਰਕੇ ਉਸ ਨੇ ਵੀ ਇਸ ਤੋਪ ਵਿਚ ਆਪਣਾ ਹਿੱਸਾ ਦੱਸਿਆ।
ਸ: ਚੜ੍ਹਤ ਸਿੰਘ ਨੇ ਇਸ ਤੋਪ ਨੂੰ ਗੁੱਜਰਾਂਵਾਲੇ ਲੈ ਕੇ ਜਾਣ ਲਈ ਇਕ ਵਿਸ਼ੇਸ਼ ਗੱਡਾ ਤਿਆਰ ਕਰਵਾਇਆ ਅਤੇ 2,000 ਫੌਜੀ ਇਸ ਨੂੰ ਲੈ ਕੇ ਗਏ। ਅਹਿਮਦ ਖਾਨ ਅਤੇ ਪੀਰ ਮੁਹੰਮਦ (ਚੱਠਾ) ਭਰਾਵਾਂ ਨੇ ਇਹ ਤੋਪ ਸ: ਚੜ੍ਹਤ ਸਿੰਘ ਤੋਂ ਖੋਹ ਲਈ। ਤੋਪ ਦੀ ਮਾਲਕੀ ਲਈ ਚੱਠਾ ਭਰਾਵਾਂ ਦੀ ਆਪੋ ਵਿਚ ਝੜਪ ਹੋ ਗਈ। ਇਸ ਲੜਾਈ ਵਿਚ ਅਹਿਮਦ ਖਾਨ ਦੇ ਦੋ ਅਤੇ ਪੀਰ ਮੁਹੰਮਦ ਦਾ ਇਕ ਪੁੱਤਰ ਮਾਰਿਆ ਗਿਆ। ਇਸ ਲੜਾਈ ਵਿਚ ਭੰਗੀ ਸ: ਗੁੱਜਰ ਸਿੰਘ ਨੇ ਪੀਰ ਮੁਹੰਮਦ ਦੀ ਮਦਦ ਕੀਤੀ ਸੀ ਅਤੇ ਸ: ਗੁੱਜਰ ਸਿੰਘ ਤੋਪ ਨੂੰ ਗੁਜਰਾਤ ਲੈ ਗਿਆ। ਸਾਲ 1772 ਵਿਚ ਚੱਠਾ ਪੀਰ ਮੁਹੰਮਦ ਇਸ ਤੋਪ ਨੂੰ ਰਸੂਲ ਨਗਰ ਲੈ ਗਿਆ। ਘਨੱਈਆ ਮਿਸਲ ਦੇ ਸਰਦਾਰ ਝੰਡਾ ਸਿੰਘ ਨੇ ਸੰਨ 1773 ਵਿਚ ਜਿੱਤ ਕੇ ਇਹ ਤੋਪ ਸ੍ਰੀ ਅੰਮ੍ਰਿਤਸਰ ਲੈ ਆਂਦੀ। ਇਸ ਤੋਪ ਉੱਤੇ ਸਾਲ 1802 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ। ਸਾਲ 1810 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਹ ਤੋਪ ਮੁਲਤਾਨ ਦੀ ਲੜਾਈ ਵਿਚ ਵਰਤੀ ਪਰ ਇਹ ਤੋਪ ਲੜਾਈ ਵਿਚ ਨਿਕਾਰੀ ਹੋ ਗਈ।
ਭਾਵੇਂ ਇਹ ਤੋਪ ਬਣਵਾਈ ਅਹਿਮਦ ਸ਼ਾਹ ਨੇ ਸੀ ਅਤੇ ਥੋੜ੍ਹਾ ਸਮਾਂ ਭੰਗੀ ਸਰਦਾਰਾਂ ਕੋਲ ਰਹੀ, ਵੱਧ ਸਮਾਂ ਮਹਾਰਾਜਾ ਰਣਜੀਤ ਸਿੰਘ ਕੋਲ ਰਹੀ ਸੀ, ਫਿਰ ਵੀ ਇਸ ਨੂੰ ਭੰਗੀਆਂ ਦੀ ਤੋਪ ਹੀ ਕਹਿੰਦੇ ਹਨ। ਭੰਗੀਆਂ ਦੀ ਮਿਸਲ ਦੀ ਥੋੜ੍ਹੀ ਜਾਣਕਾਰੀ ਲਿਖਾਂਗੇ।
ਭੰਗੀਆਂ ਦੀ ਮਿਸਲ-ਸਿੰਘਾਂ ਨੇ ਬੜੀਆਂ ਸ਼ਹੀਦੀਆਂ ਦੇ ਕੇ ਮੁਗ਼ਲਾਂ ਅਤੇ ਗਿਲਜੀਆਂ ਦੇ ਰਾਜ ਤਹਿਸ-ਨਹਿਸ ਕਰਕੇ ਪੰਜਾਬ ਨੂੰ 12 ਮਿਸਲਾਂ ਵਿਚ ਵੰਡ ਦਿੱਤਾ ਸੀ। ਪਹਿਲੀ ਅਤੇ ਸਾਰੀਆਂ ਮਿਸਲਾਂ ਤੋਂ ਵੱਡੀ ਭੰਗੀਆਂ ਦੀ ਮਿਸਲ ਸੀ। ਇਸ ਮਿਸਲ ਦੀ ਰਾਜਧਾਨੀ ਲਾਹੌਰ ਸੀ ਅਤੇ ਇਸ ਮਿਸਲ ਦਾ ਬਾਨੀ ਸਰਦਾਰ ਹਰੀ ਸਿੰਘ ਭੰਗੀ ਸੀ। ਇਸ ਕਰਕੇ ਇਸ ਨੂੰ ਭੰਗੀਆਂ ਦੀ ਮਿਸਲ ਕਹਿੰਦੇ ਸਨ।


-ਹਯਾਤ ਨਗਰ, ਗੁਰਦਾਸਪੁਰ।
ਮੋਬਾ: 88729-46618

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਗੁਰਦੁਆਰਾ ਰਵਾਲਸਰ ਸਾਹਿਬ (ਮੰਡੀ) ਹਿਮਾਚਲ ਪ੍ਰਦੇਸ਼

ਦੇਵੀ-ਦੇਵਤਿਆਂ ਦੀ ਧਰਤੀ, ਕੁਦਰਤ ਦੀ ਗੋਦੀ ਦਾ ਸ਼ਿੰਗਾਰ, ਘੁੱਗ ਵਸਦੇ ਪਹਾੜੀ ਖੇਤਰ ਮੰਡੀ ਸ਼ਹਿਰ ਤੋਂ 25 ਕਿੱਲਮੀਟਰ ਦੀ ਦੂਰੀ 'ਤੇ ਝੀਲ ਦੇ ਕਿਨਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਰਵਾਲਸਰ ਸਾਹਿਬ (ਹਿਮਾਚਲ ਪ੍ਰਦੇਸ਼) ਇਕ ਧਾਰਮਿਕ ਅਤੇ ਇਤਿਹਾਸਕ ਸਥਾਨ ਹੈ। ਇਤਿਹਾਸ ਮੁਤਾਬਿਕ ਬਿਆਸ ਦਰਿਆ ਦੇ ਕਿਨਾਰੇ ਜੰਗਲ ਵਿਚ 'ਰਵਾਲ' ਨਾਂਅ ਦਾ ਰਿਸ਼ੀ ਇਥੇ ਤਪੱਸਿਆ ਕਰਦਾ ਸੀ, ਜਿਸ ਦੇ ਨਾਂਅ 'ਤੇ ਇਹ ਸ਼ਹਿਰ ਰਵਾਲਸਰ ਨਾਂਅ ਨਾਲ ਜਾਣਿਆ ਜਾਣ ਲੱਗਾ ਅਤੇ ਗੁਰੂ ਜੀ ਦੇ ਚਰਨ ਪੈਣ ਨਾਲ ਇਹ ਸਥਾਨ ਰਵਾਲਸਰ ਸਾਹਿਬ ਬਣ ਗਿਆ। ਇਤਿਹਾਸ ਅਨੁਸਾਰ ਫਰਵਰੀ, 1686 ਈ: ਨੂੰ ਭੰਗਾਣੀ ਦੇ ਮੈਦਾਨ ਵਿਚ ਬਾਈਧਾਰ ਦੇ ਰਾਜਿਆਂ ਦਾ ਗੁਰੂ ਜੀ ਨਾਲ ਯੁੱਧ ਹੋਇਆ, ਜਿਸ ਵਿਚ ਗੁਰੂ ਜੀ ਦੀ ਜਿੱਤ ਹੋਈ। ਬਾਈਧਾਰ ਦੇ ਰਾਜਿਆਂ ਨੇ ਗੁਰੂ ਜੀ ਨਾਲ ਕਈ ਯੁੱਧ ਕੀਤੇ। ਸਾਰਿਆਂ ਵਿਚ ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ। ਅੰਤ ਬਾਈਧਾਰ ਦੇ ਰਾਜਿਆਂ ਨੇ ਗੁਰੂ ਜੀ ਨੂੰ ਵਿਸਾਖੀ ਦੇ ਮੌਕੇ ਰਿਵਾਲਸਰ ਆਉਣ ਦਾ ਸੱਦਾ ਦਿੱਤਾ।
ਗੁਰੂ ਜੀ ਜਾਣੀ-ਜਾਣ ਸਨ। ਗੁਰੂ ਜੀ ਆਪਣੇ ਨਾਲ ਆਪਣਾ ਪਰਿਵਾਰ ਅਤੇ 500 ਸਿੰਘ ਨਾਲ ਲੈ ਕੇ ਰਵਾਲਸਰ ਪਹੁੰਚੇ। ਗੁਰੂ ਜੀ ਨੇ ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਆਖਿਆ ਕਿ ਤੁਸੀਂ ਅੰਮ੍ਰਿਤ ਛਕ ਲਵੋ, ਅਸੀਂ ਤੁਹਾਨੂੰ ਮੁਗ਼ਲ ਹਕੂਮਤ ਤੋਂ ਮੁਕਤ ਕਰਵਾ ਦੇਵਾਂਗੇ। ਪਰ ਇਨ੍ਹਾਂ ਬਾਈਧਾਰ ਦੇ ਰਾਜਿਆਂ ਨੇ ਇਨਕਾਰ ਕਰ ਦਿੱਤਾ। ਇਕ ਦਿਨ ਗੁਰੂ ਜੀ ਜੰਗਲ ਵੱਲ ਸੈਰ ਕਰਨ ਗਏ, ਜਿਥੇ ਗੁਰੂ ਜੀ ਦਾ ਮੇਲ ਰਵਾਲ ਰਿਸ਼ੀ ਨਾਲ ਹੋਇਆ, ਜੋ ਗੁਰੂ ਜੀ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਇਸੇ ਅਸਥਾਨ 'ਤੇ ਉਸ ਸਮੇਂ ਦੇ ਮੰਡੀ ਰਿਆਸਤ ਦੇ ਰਾਜਾ ਸਿੱਧ ਸੈਨ ਦਾ ਗੁਰੂ ਜੀ ਨਾਲ ਮੇਲ ਹੋਇਆ। ਉਹ ਗੁਰੂ ਜੀ ਨੂੰ ਪਾਲਕੀ ਵਿਚ ਬਿਠਾ ਕੇ ਸੰਗਤਾਂ ਦੇ ਨਾਲ ਆਪਣੇ ਮਹਿਲਾਂ ਵਿਚ ਲੈ ਗਿਆ, ਜਿਥੇ ਗੁਰੂ ਜੀ ਨੇ 6 ਮਹੀਨੇ 13 ਦਿਨ ਆਰਾਮ ਕੀਤਾ। ਇਸੇ ਅਸਥਾਨ 'ਤੇ ਗੁਰਦੁਆਰਾ ਰਵਾਲਸਰ ਬਣਿਆ ਹੋਇਆ ਹੈ। ਸਵੇਰੇ-ਸ਼ਾਮ ਦੀਵਾਨ ਸਜਣ ਲੱਗੇ। ਗੁਰੂ ਜੀ ਰਬਾਬ ਵਜਾ ਕੇ ਕੀਰਤਨ ਕਰਦੇ, ਜਿਸ ਨੂੰ ਸੁਣ ਕੇ ਇਲਾਕਾ ਨਿਵਾਸੀ ਨਿਹਾਲ ਹੋਣ ਲੱਗੇ। ਗੁਰੂ ਜੀ ਰਾਜੇ ਦੇ ਮਹਿਲਾਂ ਵਿਚ ਸਿਰਫ ਦੋ ਦਿਨ ਹੀ ਠਹਿਰੇ ਸਨ। ਇਥੇ ਹੀ ਬਿਆਸ ਦਰਿਆ ਦੇ ਕਿਨਾਰੇ ਰਾਜੇ ਨਾਲ ਸੈਰ ਕਰ ਰਹੇ ਗੁਰੂ ਜੀ ਨੂੰ ਇਕ ਸ਼ਰਧਾਲੂ ਨੇ ਬੰਦੂਕ ਭੇਟ ਕੀਤੀ। ਗੁਰੂ ਜੀ ਨੇ ਬੰਦੂਕ ਪਰਖਣ ਲਈ ਨਜ਼ਦੀਕ ਹੀ ਦਰਿਆ ਵਿਚ ਤੈਰਦੀ ਮਿੱਟੀ ਦੀ ਹਾਂਡੀ 'ਤੇ ਨਿਸ਼ਾਨਾ ਲਗਾਇਆ, ਹਾਂਡੀ ਉਲਟ ਗਈ।
ਇਸ ਅਸਥਾਨ 'ਤੇ ਪ੍ਰਬੰਧਕਾਂ ਅਨੁਸਾਰ ਗੁਰੂ ਜੀ ਦੀਆਂ ਪੰਜ ਨਿਸ਼ਾਨੀਆਂ-ਪਲੰਘ ਸਾਹਿਬ, ਤਲਾਈ ਸਾਹਿਬ, ਬੰਦੂਕ, ਬਾਰੂਦ ਦੀ ਕੁੱਪੀ ਅਤੇ ਰਬਾਬ ਮੌਜੂਦ ਹੈ। ਇਥੋਂ ਦੇ ਹੈੱਡ ਗ੍ਰੰਥੀ ਸੇਵਾ ਸਿੰਘ, ਪ੍ਰਬੰਧਕੀ ਕਮੇਟੀ ਮੈਂਬਰ ਜਸਪਾਲ ਸਿੰਘ ਅਨੁਸਾਰ ਇਸ ਅਸਥਾਨ 'ਤੇ ਸਾਲਾਨਾ ਦੋ ਪੁਰਬ, ਵਿਸਾਖੀ ਦਾ ਸਾਲਾਨਾ ਦਿਵਸ ਅਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ ਦਾ ਸਾਲਾਨਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਨਗਰ ਕੀਰਤਨ ਸਜਾਏ ਜਾਂਦੇ ਹਨ, ਜਿਸ ਵਿਚ ਬਾਬਾ ਫਤਹਿ ਸਿੰਘ ਸੁਸਾਇਟੀ ਪਟਿਆਲਾ ਦਾ ਵਿਸ਼ੇਸ਼ ਯੋਗਦਾਨ ਮਿਲਦਾ ਹੈ। ਕਾਰ ਸੇਵਾ ਵਾਲੇ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਵਲੋਂ ਵੀ ਗੁਰਦੁਆਰਾ ਸਾਹਿਬ ਲਈ ਵਿਸ਼ੇਸ਼ ਸਹਾਇਤਾ ਮਿਲਦੀ ਹੈ। ਸਾਰੇ ਧਰਮਾਂ ਦੇ ਲੋਕ ਨਗਰ ਕੀਰਤਨ ਵਿਚ ਸ਼ਾਮਿਲ ਹੁੰਦੇ ਹਨ। ਆਉਣ ਵਾਲੇ ਸ਼ਰਧਾਲੂਆਂ ਲਈ ਰਿਹਾਇਸ਼, ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੁੰਦਾ ਹੈ। ਰਵਾਲਸਰ ਸਾਹਿਬ ਤੋਂ 25 ਕਿੱਲੋਮੀਟਰ ਦੂਰ ਗੁਰਦੁਆਰਾ ਮੰਡੀ ਸਕੇਤ, ਮੰਡੀ ਤੋਂ 97 ਕਿੱਲੋਮੀਟਰ ਦੂਰ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ ਹੈ, ਜਿਸ ਲਈ ਸ਼ਰਧਾਲੂ ਯਾਤਰੀਆਂ ਅਤੇ ਸੈਲਾਨੀਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਇਥੇ ਆ ਕੇ ਘਰ ਵਰਗਾ ਮਾਹੌਲ ਸਭ ਨੂੰ ਮਿਲਦਾ ਹੈ।


-ਸੰਤੋਖਗੜ੍ਹ (ਨਜ਼ਦੀਕ ਨੰਗਲ ਡੈਮ)। ਮੋਬਾ: 98167-69794

ਲਾਹੌਰ ਦਰਬਾਰ ਲਈ ਮੁਸੀਬਤਾਂ ਵਧ ਗਈਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਅਭਿਲਾਖੀ ਵਿਧਵਾ
ਕੁਝ ਘੰਟਿਆਂ ਦੇ ਫਰਕ ਨਾਲ ਹੀ ਮਹਾਰਾਜਾ ਖੜਕ ਸਿੰਘ ਤੇ ਨੌਨਿਹਾਲ ਸਿੰਘ ਦੀਆਂ ਮੌਤਾਂ ਨੇ ਲਾਹੌਰ ਦਰਬਾਰ ਉੱਪਰ ਵੱਡੀਆਂ ਮੁਸੀਬਤਾਂ ਲਿਆ ਦਿੱਤੀਆਂ ਸਨ। ਵਜ਼ੀਰੇ ਆਜ਼ਮ ਧਿਆਨ ਸਿੰਘ ਡੋਗਰਾ ਨੇ ਇਸ ਹਾਲਤ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਸੀ। ਜਦੋਂ ਨੌਨਿਹਾਲ ਸਿੰਘ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਪੂਰਾ ਹੋ ਗਿਆ ਤਾਂ ਡੋਗਰਾ ਨੇ ਹੁਕਮ ਦਿੱਤਾ ਕਿ ਤਖ਼ਤ ਦੇ ਵਾਰਸ ਦਾ ਮਸਲਾ ਹੱਲ ਕੀਤੇ ਜਾਣ ਤੋਂ ਪਹਿਲਾਂ ਇਹ ਖ਼ਬਰ ਨਹੀਂ ਫੈਲਣੀ ਚਾਹੀਦੀ। ਉਸ ਨੇ ਸ਼ਾਹੀ ਰਸੋਈ ਖਾਨੇ ਵਿਚੋਂ ਠੰਢੇ ਹੋ ਚੁੱਕੇ ਮਹਾਰਾਜਾ ਵਾਸਤੇ ਖਾਣਾ ਮੰਗਵਾਇਆ ਤੇ ਫਿਰ ਖਾਲੀ ਪਲੇਟਾਂ ਵੀ ਬਾਹਰ ਭੇਜੀਆਂ। ਪਤਾ ਲੈਣ ਵਾਲਿਆਂ ਨੂੰ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਡਾਕਟਰਾਂ ਨੇ ਮੁਕੰਮਲ ਆਰਾਮ ਵਾਸਤੇ ਆਖਿਆ ਹੈ। ਇਥੋਂ ਤੱਕ ਕਿ ਨੌਨਿਹਾਲ ਸਿੰਘ ਦੀ ਮਾਂ ਜੋ ਕੁਝ ਦੇਰ ਪਹਿਲਾਂ ਹੀ ਵਿਧਵਾ ਹੋਈ ਸੀ, ਅੰਦਰ ਨਹੀਂ ਆਉਣ ਦਿੱਤੀ ਗਈ। ਉਹ ਕਿਲ੍ਹੇ ਦੇ ਗੇਟ ਦੀਆਂ ਸੀਖਾਂ ਉੱਪਰ ਹੀ ਗੁੱਸਾ ਕੱਢਦੀ ਰਹੀ।
ਧਿਆਨ ਸਿੰਘ ਨੇ ਫਕੀਰ ਅਜ਼ੀਜ਼ੁਦੀਨ ਤੇ ਜਮੇਦਾਰ ਖੁਸ਼ਹਾਲ ਸਿੰਘ ਨੂੰ ਬੁਲਾ ਲਿਆ ਤੇ ਇਨ੍ਹਾਂ ਦੋਵਾਂ ਦੀਆਂ ਸਲਾਹਾਂ ਲਈਆਂ। ਫਿਰ ਭਾਈਆ ਰਾਮ ਸਿੰਘ ਨਾਲ ਵੀ ਗੱਲਬਾਤ ਕੀਤੀ ਤੇ ਸਭ ਦੀ ਰਜ਼ਾਮੰਦੀ ਨਾਲ ਸ਼ਹਿਜ਼ਾਦਾ ਸ਼ੇਰ ਸਿੰਘ ਨੂੰ ਬਟਾਲਾ ਸੰਦੇਸ਼ ਭੇਜਿਆ ਕਿ ਉਹ ਆ ਕੇ ਪੰਜਾਬ ਦੇ ਮਹਾਰਾਜਾ ਦਾ ਕੰਮ-ਕਾਜ ਸੰਭਾਲੇ।
ਤਖ਼ਤ ਦੇ ਵਾਰਸ ਵਾਸਤੇ ਸ਼ੇਰ ਸਿੰਘ ਸਭ ਤੋਂ ਸਹੀ ਆਦਮੀ ਸੀ। ਉਹ ਫੌਜ ਵਿਚ ਬਹੁਤ ਹਰਮਨ ਪਿਆਰਾ ਤੇ ਸੁਭਾਅ ਦਾ ਮਿਲਣਸਾਰ ਸੀ। ਅਜਿਹੇ ਮਾਮਲਿਆਂ ਵਿਚ ਅੰਗਰੇਜ਼ਾਂ ਦੀ ਪਹੁੰਚ ਵਿਚਾਰਨੀ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ ਅਤੇ ਉਨ੍ਹਾਂ ਵਾਸਤੇ ਵੀ ਸ਼ੇਰ ਸਿੰਘ ਠੀਕ ਸੀ।
ਧਿਆਨ ਸਿੰਘ ਨੇ ਜਿਹੜਾ ਭਰੋਸਾ ਭਾਈਆ ਰਾਮ ਸਿੰਘ ਉੱਪਰ ਕੀਤਾ ਸੀ, ਉਸ ਨੇ ਪੂਰਾ ਨਹੀਂ ਕੀਤਾ ਤੇ ਧੋਖਾ ਦੇ ਦਿੱਤਾ। ਉਸ ਨੇ ਨਾ ਸਿਰਫ ਨੌਨਿਹਾਲ ਸਿੰਘ ਦੀ ਮੌਤ ਦੀ ਖ਼ਬਰ ਹੀ ਜ਼ਾਹਰ ਕਰ ਦਿੱਤੀ, ਬਲਕਿ ਆਪਣੇ ਭਰਾ ਭਾਈਆ ਗੋਬਿੰਦ ਰਾਮ ਨਾਲ ਮਿਲ ਕੇ ਖੜਕ ਸਿੰਘ ਦੀ ਵਿਧਵਾ ਚਾਂਦ ਕੌਰ ਨੂੰ ਤਖ਼ਤ ਦੇ ਵਾਰਸ ਦੀ ਇਕ ਮੁਕਾਬਲੇ ਦੀ ਉਮੀਦਵਾਰ ਬਣਾ ਦਿੱਤਾ। ਉਨ੍ਹਾਂ ਚਾਂਦ ਕੌਰ ਨੂੰ ਵੀ ਇਤਲਾਹ ਦੇ ਦਿੱਤੀ ਤੇ ਸੰਧਾਵਾਲੀਆ ਦੇ ਇਕ ਵਾਰਸ ਅਤਰ ਸਿੰਘ ਨੂੰ ਹਰਿਦੁਆਰ ਤੋਂ ਬੁਲਾ ਲਿਆ, ਜਿਥੇ ਉਹ ਹੁਣ ਸੇਵਾਮੁਕਤੀ ਵਾਲੀ ਜ਼ਿੰਦਗੀ ਬਸਰ ਕਰ ਰਿਹਾ ਸੀ। ਕੁੱਲੂ ਦੀ ਫੌਜ ਨੇ ਸਰਬਰਾਹ ਅਜੀਤ ਸਿੰਘ ਨੂੰ ਵੀ ਲਾਹੌਰ ਪਹੁੰਚਣ ਵਾਸਤੇ ਕਹਿ ਦਿੱਤਾ।
ਧਿਆਨ ਸਿੰਘ ਨੇ ਚਾਂਦ ਕੌਰ ਨਾਲ ਕਿਸੇ ਸਮਝੌਤੇ 'ਤੇ ਪਹੁੰਚਣ ਦੀ ਅਣਥੱਕ ਕੋਸ਼ਿਸ਼ ਕੀਤੀ। ਉਸ ਨੂੰ ਇਕ ਆਰਜ਼ੀ ਕਾਮਯਾਬੀ ਮਿਲੀ ਕਿ ਚਾਂਦ ਕੌਰ ਰਾਜ ਮਾਤਾ ਦਾ ਖ਼ਿਤਾਬ ਹਾਸਲ ਕਰ ਲਵੇ ਤੇ ਸ਼ੇਰ ਸਿੰਘ ਨੂੰ ਮਹਾਰਾਜਾ ਬਣਨ ਦੇਵੇ। ਸ਼ੇਰ ਸਿੰਘ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਧਿਆਨ ਸਿੰਘ ਨੇ ਬ੍ਰਿਟਿਸ਼ ਏਜੰਟ ਮੌਲਵੀ ਰਾਜਬ ਅਲੀ ਨੂੰ ਹਾਜ਼ਰ ਰਹਿਣ ਵਾਸਤੇ ਕਹਿ ਦਿੱਤਾ ਕਿ ਉਹ ਆਪਣੀ ਸਰਕਾਰ ਨੂੰ ਦੱਸ ਦੇਵੇ ਕਿ ਇਹ ਸਾਰਾ ਬੰਦੋਬਸਤ ਸਾਰੇ ਖ਼ਾਲਸਾ ਨੇ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਹੈ।
ਇਸ ਤੋਂ ਕੁਝ ਘੰਟੇ ਬਾਅਦ ਸ਼ਹਿਜ਼ਾਦਾ ਸ਼ੇਰ ਸਿੰਘ ਲਾਹੌਰ ਪਹੁੰਚ ਗਿਆ। ਨੌਨਿਹਾਲ ਸਿੰਘ ਦੀ ਮੌਤ 'ਤੇ ਨਵੇਂ ਮਹਾਰਾਜਾ ਦੀ ਤਾਜਪੋਸ਼ੀ ਦਾ ਵੀ ਐਲਾਨ ਕਰ ਦਿੱਤਾ ਗਿਆ।
ਦੁਪਹਿਰ ਬਾਅਦ ਨੌਨਿਹਾਲ ਸਿੰਘ ਦੀ ਦੇਹ ਨੂੰ ਬਾਹਰ ਉਸ ਜਗ੍ਹਾ ਲੈ ਕੇ ਗਏ, ਜਿਥੇ ਅਜੇ ਉਸ ਦੇ ਪਿਤਾ ਦਾ ਵੀ ਸਿਵਾ ਠੰਢਾ ਨਹੀਂ ਹੋਇਆ ਸੀ। ਉਸ ਦੇ ਦੋ ਸਾਥੀ ਵੀ ਚਿਤਾ ਉੱਪਰ ਚੜ੍ਹ ਗਏ। ਇਕ ਨੇ ਸ਼ੇਰ ਸਿੰਘ ਦੀ ਪਗੜੀ ਉੱਪਰ ਸ਼ਾਹੀ ਕਲਗੀ ਲਗਾਈ ਤੇ ਦੂਜੇ ਨੇ ਧਿਆਨ ਸਿੰਘ ਡੋਗਰਾ ਦੇ ਮੱਥੇ ਉੱਪਰ ਤਿਲਕ ਲਗਾਇਆ, ਜਿਸ ਦਾ ਮਤਲਬ ਸੀ ਕਿ ਉਸ ਦਾ ਵਜ਼ੀਰੇ ਆਜ਼ਮ ਰਹਿਣਾ ਜਾਰੀ ਹੈ। ਸਤੀ ਹੋਣ ਵਾਲਿਆਂ ਨੇ ਚਿਤਾ ਵਿਚ ਜਲ ਜਾਣ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੂੰ ਰਾਜ ਦੇ ਵਫ਼ਾਦਾਰ ਰਹਿਣ ਦੀਆਂ ਕਸਮਾਂ ਖਵਾਈਆਂ।
11 ਨਵੰਬਰ ਨੂੰ ਇਕ ਹੋਰ ਉਦਾਸੀ ਭਰਿਆ ਜਲੂਸ ਲਾਹੌਰ ਦੀਆਂ ਗਲੀਆਂ ਵਿਚੋਂ ਦੀ ਲੰਘਿਆ। ਇਸ ਦੀ ਅਗਵਾਈ ਮਹਾਰਾਜਾ ਦਾ ਮਨਪਸੰਦ ਹਾਥੀ ਕਰ ਰਿਹਾ ਸੀ। ਇਸ ਉੱਪਰ ਦੋ ਬਰਤਨਾਂ ਵਿਚ ਮਹਾਰਾਜਾ ਖੜਕ ਸਿੰਘ ਤੇ ਨੌਨਿਹਾਲ ਸਿੰਘ ਦੀ ਰਾਖ਼ ਲੱਦੀ ਹੋਈ ਸੀ। ਅਮੀਰ ਆਦਮੀ ਇਨ੍ਹਾਂ ਬਰਤਨਾਂ ਉੱਪਰ ਸ਼ਾਲਾਂ ਪਾ ਰਹੇ ਸਨ ਤੇ ਗਰੀਬ ਲੋਕ ਫੁੱਲਾਂ ਨਾਲ ਵਰਖਾ ਕਰ ਰਹੇ ਸਨ। ਇਹ ਕਾਫ਼ਲਾ ਦਿੱਲੀ ਦਰਵਾਜ਼ੇ ਵੱਲ ਵਧ ਰਿਹਾ ਸੀ, ਉਥੋਂ ਜੀ. ਟੀ. ਰੋਡ ਰਾਹੀਂ ਅੰਮ੍ਰਿਤਸਰ ਤੇ ਫਿਰ ਉਸ ਤੋਂ ਅੱਗੇ ਇਸ ਰਾਖ਼ ਨੇ ਹਰਿਦੁਆਰ ਪਹੁੰਚਣਾ ਸੀ। ਇਸ ਤਰ੍ਹਾਂ ਬਾਪ ਤੇ ਪੁੱਤਰ, ਜੋ ਜਿਊਂਦੇ ਜੀਅ ਇਕੱਠੇ ਨਹੀਂ ਰਹਿ ਸਕੇ ਸਨ, ਦੀਆਂ ਅਸਥੀਆਂ ਇਕੱਠੀਆਂ ਹੀ ਗੰਗਾ ਵਿਚ ਪ੍ਰਵਾਹ ਕਰ ਦਿੱਤੀਆਂ ਗਈਆਂ।
ਦਰਬਾਰ ਦੀ ਸਟੇਜ ਤੋਂ ਦੋ ਪਾਤਰ ਜਾ ਚੁੱਕੇ ਸਨ ਤੇ ਦੋ ਹੋਰ ਆ ਗਏ ਸਨ, ਚਾਂਦ ਕੌਰ ਤੇ ਸ਼ੇਰ ਸਿੰਘ।
ਪਾਖੰਡੀ ਭਾਈਏ, ਰਾਮ ਸਿੰਘ ਤੇ ਗੋਬਿੰਦ ਰਾਮ ਨੇ ਚਾਂਦ ਕੌਰ ਨੂੰ ਆਪਣਾ ਮੋਹਰਾ ਬਣਾ ਲਿਆ। ਇਨ੍ਹਾਂ ਦੀ ਸਲਾਹ ਨਾਲ ਹੀ ਉਸ ਨੇ ਸ਼ੇਰ ਸਿੰਘ ਨੂੰ ਉਤਰਅਧਿਕਾਰੀ ਮੰਨਣ ਤੋਂ ਨਾਂਹ ਕਰ ਦਿੱਤੀ ਤੇ ਜੰਮੂ ਤੋਂ ਗੁਲਾਬ ਸਿੰਘ ਡੋਗਰਾ ਨੂੰ ਬੁਲਾਇਆ ਕਿ ਉਹ ਆਪਣੇ ਭਰਾ ਧਿਆਨ ਸਿੰਘ ਡੋਗਰਾ ਨੂੰ ਸਮਝਾਏ। ਧਿਆਨ ਸਿੰਘ ਡੋਗਰਾ ਨੇ ਚਾਂਦ ਕੌਰ ਦੇ ਅੱਗੇ ਰਾਜ਼ੀਨਾਮੇ ਦੀਆਂ ਕਈ ਤਜਵੀਜ਼ਾਂ ਪੇਸ਼ ਕੀਤੀਆਂ। ਉਹ ਸ਼ੇਰ ਸਿੰਘ ਨਾਲ ਵਿਆਹ ਕਰਵਾ ਸਕਦੀ ਸੀ, ਬੇਔਲਾਦ ਹੋਣ ਕਰਕੇ ਉਹ ਸ਼ੇਰ ਸਿੰਘ ਦੇ ਪੁੱਤਰ ਨੂੰ ਗੋਦ ਲੈ ਸਕਦੀ ਸੀ। ਵਿਧਵਾ ਨੇ ਵਿਆਹ ਦੀ ਤਜਵੀਜ਼ ਪਹਿਲੀ ਸੱਟੇ ਹੀ ਰੱਦ ਕਰ ਦਿੱਤੀ। ਉਹ ਅਜਿਹੇ ਬੰਦੇ ਨਾਲ ਕਿਵੇਂ ਵਿਆਹ ਕਰ ਸਕਦੀ ਸੀ, ਜਿਸ ਨੂੰ ਉਹ ਪਹਿਲਾਂ ਹੀ ਕਿਸੇ ਪਾਣੀ ਭਰਨ ਵਾਲੇ ਮਸ਼ਕੀ ਜਾਂ ਛੀਂਬੇ ਦਾ ਪੁੱਤਰ ਦੱਸਦੀ ਸੀ। ਉਹ ਸ਼ੇਰ ਸਿੰਘ ਦੇ ਪੁੱਤਰ ਪ੍ਰਤਾਪ ਸਿੰਘ ਦੀ ਬਜਾਏ ਧਿਆਨ ਸਿੰਘ ਡੋਗਰੇ ਦੇ ਪੁੱਤਰ ਹੀਰਾ ਸਿੰਘ ਨੂੰ ਗੋਦ ਲੈ ਸਕਦੀ ਸੀ ਤੇ ਜਾਂ ਉਸ ਨੇ ਉਧਰ ਵੀ ਇਸ਼ਾਰਾ ਕੀਤਾ ਕਿ ਨੌਨਿਹਾਲ ਸਿੰਘ ਦੀ ਪਤਨੀ ਗਰਭਵਤੀ ਹੈ ਤੇ ਉਸ ਦਾ ਬੱਚਾ ਇਸ ਦਾ ਹੋ ਹੀ ਸਕਦਾ ਹੈ। ਧਿਆਨ ਸਿੰਘ ਆਪਣੇ ਪੁੱਤਰ ਨੂੰ ਰਾਜ ਮਾਤਾ ਦਾ ਮੁਤਬੰਨਾ ਨਹੀਂ ਬਣਾ ਸਕਦਾ ਸੀ ਪਰ ਉਸ ਨੇ ਚਾਂਦ ਕੌਰ ਦੇ ਬਹੁਤ ਤਰਲੇ ਲਏ ਕਿ ਉਹ ਲਾਹੌਰ ਦਰਬਾਰ ਨੂੰ ਬਚਾਏ। ਉਸ ਨੇ ਆਪਣੀ ਪਗੜੀ ਚਾਂਦ ਕੌਰ ਦੇ ਪੈਰਾਂ ਵਿਚ ਰੱਖੀ ਕਿ ਜਿਹੜੀ ਤਜਵੀਜ਼ ਉਸ ਨੇ ਤੇ ਫਕੀਰ ਅਜ਼ੀਜ਼ੁਦੀਨ ਨੇ ਬਣਾਈ ਹੈ, ਉਸ ਨੂੰ ਉਹ ਸਵੀਕਾਰ ਕਰ ਲਵੇ, ਜਿਸ ਮੁਤਾਬਿਕ ਉਹ ਰਾਜ ਕੌਂਸਲ ਦੀ ਮਹਾਰਾਣੀ ਤੇ ਸ਼ੇਰ ਸਿੰਘ ਉਸ ਕੌਂਸਲ ਦਾ ਚੀਫ ਹੋਵੇਗਾ। ਉਸ ਨੇ ਉਹ ਲਿਖਤੀ ਤਜਵੀਜ਼ ਪਾੜ ਕੇ ਸੁੱਟ ਦਿੱਤੀ। ਧਿਆਨ ਸਿੰਘ ਨੇ ਇਕ ਵੱਡਾ ਪੱਤਾ ਖੇਡਿਆ। ਉਸ ਨੇ ਭਰੇ ਦਰਬਾਰ ਵਿਚ ਕਿਹਾ ਕਿ ਚਾਂਦ ਕੌਰ ਨੂੰ ਸ਼ਰਾਰਤੀ ਲੋਕਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ ਤੇ ਨਾਲ ਹੀ ਕਿਹਾ ਕਿ ਪੰਜਾਬ ਦਾ ਇਹ ਤਖ਼ਤ ਨਾ ਤਾਂ ਚਾਂਦ ਕੌਰ ਦਾ ਮੁਥਾਜ ਹੈ ਤੇ ਨਾ ਹੀ ਸ਼ੇਰ ਸਿੰਘ ਦਾ ਤੇ ਨਾ ਹੀ ਸ਼ਾਹੀ ਖਾਨਦਾਨ ਦੇ ਕਿਸੇ ਹੋਰ ਵਿਅਕਤੀ ਦਾ, ਇਹ ਖ਼ਾਲਸਾ ਰਾਜ ਹੈ ਤੇ ਖ਼ਾਲਸੇ ਦੀ ਅਮਾਨਤ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸ਼ਹਿਜ਼ਾਦੀ ਬੰਬਾ ਤੇ ਸੋਫੀਆ ਦੀਆਂ ਵਸੀਅਤਾਂ 'ਚ ਛਿਪੇ ਭੇਦ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸ਼ਹਿਜ਼ਾਦੀ ਨੇ ਵਿਦੇਸ਼ ਦੀਆਂ ਸਰਕਾਰਾਂ ਪਾਸ ਪਿਆ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਅਤੇ ਪਿਤਾ ਦਲੀਪ ਸਿੰਘ ਦਾ ਕੀਮਤੀ ਸਾਮਾਨ ਮੰਗਵਾਉਣ ਲਈ 13 ਜੁਲਾਈ, 1946 ਨੂੰ ਕਾਨੂੰਨੀ ਲੜਾਈ ਦੀ ਸ਼ੁਰੂਆਤ ਕਰਦਿਆਂ ਸਿਨੀਅਰ ਵਕੀਲ ਸ: ਰਘਬੀਰ ਸਿੰਘ ਪਾਸੋਂ ਦਿੱਲੀ ਸਥਿਤ ਭਾਰਤ ਦੀ ਫੈਡਰਲ (ਕੇਂਦਰ ਸਮਰਥਕ) ਅਦਾਲਤ ਦੀ ਮਾਰਫ਼ਤ ਮੁਕੱਦਮਾ ਦਰਜ ਕਰਵਾਇਆ। ਸੰਨ 1947 ਵਿਚ ਸ਼ਹਿਜ਼ਾਦੀ ਕੇਥਰੀਨ ਹਿਲਦਾ ਦੀ ਮੌਤ ਦੇ ਬਾਅਦ ਉਸ ਦੀ ਸਾਰੀ ਜਾਇਦਾਦ ਵੀ ਸ਼ਹਿਜ਼ਾਦੀ ਬੰਬਾ ਨੂੰ ਮਿਲ ਗਈ।
ਹਿੰਦ-ਪਾਕਿ ਵੰਡ ਦੇ ਬਾਅਦ ਉਹ ਲਾਹੌਰ ਹੀ ਰਹੀ, ਕਿਉਂਕਿ ਉਹ ਉਸ ਵਕਤ ਵੀ ਲਾਹੌਰ ਨੂੰ ਪੰਜਾਬ ਅਤੇ ਖੁਦ ਨੂੰ ਪੰਜਾਬ ਦੀ ਰਾਣੀ ਹੀ ਮੰਨਦੀ ਸੀ। ਸ਼ਹਿਜ਼ਾਦੀ ਦੀ ਆਪਣੀ ਕੋਈ ਔਲਾਦ ਨਾ ਹੋਣ ਕਰਕੇ ਉਸ ਨੇ ਆਪਣੀ ਮੌਤ ਤੋਂ ਸਵਾ ਕੁ ਸਾਲ ਪਹਿਲਾਂ 16 ਨਵੰਬਰ, 1955 ਨੂੰ ਸ਼ਾਮ ਪੂਰੇ 5 ਵਜੇ ਦੋ ਗਵਾਹਾਂ ਵਕੀਲ ਮਨਜ਼ੂਰ ਅਨਾਮ (12, ਡੇਵਿਸ ਰੋਡ, ਲਾਹੌਰ) ਅਤੇ ਵਕੀਲ ਮਵਲਿਜ਼ ਹੁਸੈਨ (21, ਦੀ ਮਾਲ, ਲਾਹੌਰ) ਦੀ ਹਾਜ਼ਰੀ ਵਿਚ ਆਪਣੀ ਪਹਿਲੀ ਵਸੀਅਤ ਖਾਰਜ ਕਰਕੇ 5 ਪੈਰਿਆਂ 'ਚ ਲਿਖੀ ਨਵੀਂ ਵਸੀਅਤ ਵਿਚ ਆਪਣੀ ਸ਼ਾਹੀ ਕੋਠੀ 'ਗੁਲਜ਼ਾਰ', ਮਾਡਲ ਟਾਊਨ ਦੀ ਕੋਠੀ ਨੰ: 103, 104 ਅਤੇ ਇੰਗਲੈਂਡ ਦੇ ਬੈਂਕਾਂ ਵਿਚ ਪਈਆਂ ਸਭ ਬਹੁਮੁੱਲੀਆਂ ਵਸਤੂਆਂ ਅਤੇ ਹੋਰ ਸਾਰੀ ਜਾਗੀਰ ਇਕੱਲੇ ਕਰੀਮ ਬਖ਼ਸ਼ ਸਿਪਰਾ ਦੇ ਨਾਂਅ ਕਰ ਦਿੱਤੀ (ਇਸ ਵਸੀਅਤ ਵਿਚ ਸ਼ਹਿਜ਼ਾਦੀ ਨੇ ਆਪਣਾ ਨਾਂਅ ਪ੍ਰਿੰਸਿਸ ਬੰਬਾ ਸਦਰਲੈਂਡ ਲਿਖਿਆ ਹੈ)।
ਇਹ ਵਸੀਅਤ 10 ਦਸੰਬਰ, 1955 ਨੂੰ ਅਦਾਲਤ ਵਿਚ ਦਸਤਾਵੇਜ਼ ਨੰ: 35, ਰਜਿਸਟਰ ਨੰ: 3, ਅੰਕ 78 ਦੇ ਸਫ਼ਾ 256-259 'ਤੇ ਦਰਜ ਕੀਤੀ ਗਈ। ਇਸ ਵਸੀਅਤ ਵਿਚ ਸ਼ਹਿਜ਼ਾਦੀ ਨੇ ਜੋ ਦਸਤਖ਼ਤ ਕੀਤੇ ਹਨ, ਉਹ ਸ਼ਹਿਜ਼ਾਦੀ ਦੁਆਰਾ 13 ਜੁਲਾਈ, 1946 ਨੂੰ ਵਕੀਲ ਸ: ਰਘਬੀਰ ਸਿੰਘ ਨੂੰ ਦਿੱਤੀ ਅਟਾਰਨੀ ਵਿਚਲੇ ਦਸਤਖ਼ਤਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ। ਇਸ ਵਸੀਅਤ ਵਿਚ ਇਕ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਉਸ ਸਮੇਂ ਕਈ ਵਿੱਦਿਅਕ ਅਤੇ ਸਮਾਜਿਕ ਸੰਸਥਾਵਾਂ ਸ਼ਹਿਜ਼ਾਦੀ ਦੇ ਸੰਪਰਕ ਵਿਚ ਸਨ ਅਤੇ ਉਸ ਦੇ ਕਾਫੀ ਕਰੀਬ ਵੀ ਸਨ। ਇਸ ਦੇ ਬਾਵਜੂਦ ਉਸ ਨੇ ਆਪਣੀ ਸਾਰੀ ਜਾਇਦਾਦ ਦਾ ਵਾਰਿਸ ਇਕੱਲੇ ਕਰੀਮ ਬਖ਼ਸ਼ ਸਿਪਰਾ ਨੂੰ ਹੀ ਕਿਉਂ ਘੋਸ਼ਿਤ ਕੀਤਾ? ਸ਼ਹਿਜ਼ਾਦੀ ਬੰਬਾ ਦੀ ਭੈਣ ਸ਼ਹਿਜ਼ਾਦੀ ਸੋਫੀਆ ਅਲੈਗਜੈਂਡਰੋਆਨਾ ਦੀ ਵਸੀਅਤ ਨੂੰ ਪੜ੍ਹਨ ਤੋਂ ਬਾਅਦ ਇਹ ਸ਼ੱਕ ਪੂਰੀ ਤਰ੍ਹਾਂ ਨਾਲ ਯਕੀਨ ਵਿਚ ਬਦਲ ਜਾਂਦਾ ਹੈ ਕਿ ਇਸ ਵਸੀਅਤ ਵਿਚ ਇਕ ਵੱਡੀ ਜਾਅਲਸਾਜ਼ੀ ਕੀਤੀ ਗਈ ਹੈ।
ਮਹਾਰਾਜਾ ਦਲੀਪ ਸਿੰਘ ਦੀ ਦੂਸਰੀ ਸ਼ਹਿਜ਼ਾਦੀ ਸੋਫੀਆ ਅਲੈਗ਼ਜੈਂਡਰੋਆਨਾ ਦੀ 8 ਨਵੰਬਰ, 1948 ਨੂੰ ਰਜਿਸਟਰਡ ਕੀਤੀ ਗਈ ਵਸੀਅਤ ਵਿਚ ਉਸ ਨੇ ਆਪਣੀ ਜਾਇਦਾਦ ਵਿਚੋਂ ਆਪਣੇ ਨੌਕਰਾਂ, ਅੰਗਰੇਜ਼ ਰਿਸ਼ਤੇਦਾਰਾਂ ਅਤੇ ਹੋਰਨਾਂ ਜਾਣਕਾਰਾਂ ਨੂੰ ਉਚਿਤ ਰਾਸ਼ੀ ਦੇਣ ਦੇ ਨਾਲ-ਨਾਲ ਰਾਜਾਸਾਂਸੀ (ਪੰਜਾਬ) ਦੇ ਸ: ਪ੍ਰੀਤਮ ਸਿੰਘ ਪੁੱਤਰ ਸਵਰਗਵਾਸੀ ਸਰਦਾਰ ਗੁਰਦਿਤ ਸਿੰਘ ਸੰਧਾਵਾਲੀਆ ਨੂੰ 300 ਪੌਂਡ, ਬਿਮਾਰ ਜਾਨਵਰਾਂ ਦੀ ਪਿਪਲਜ਼ ਡਿਸਪੈਂਸਰੀ ਨੂੰ 450 ਪੌਂਡ, ਬੇਟਰਸੀਅ ਡੋਗਸ (ਕੁੱਤਿਆਂ) ਹੋਮ ਨੂੰ 500 ਪੌਂਡ, ਸਿੱਖ ਕੰਨਿਆ ਪਾਠਸ਼ਾਲਾ ਫਿਰੋਜ਼ਪੁਰ ਨੂੰ 300 ਪੌਂਡ, ਇੰਡੀਅਨ ਵੂਮੈਨ'ਜ਼ ਐਜੂਕੇਸ਼ਨ ਐਸੋਸੀਏਸ਼ਨ ਨੂੰ 100 ਪੌਂਡ, ਪੰਜਾਬ ਦੇ ਕੁਝ ਚੁਣੇ ਹੋਏ ਮੁਸਲਿਮ ਤੇ ਹਿੰਦੂ ਲੜਕੀਆਂ ਦੇ ਸਕੂਲਾਂ ਨੂੰ 200-200 ਪੌਂਡ ਅਤੇ ਇੰਡੀਅਨ ਮਿਊਜ਼ੀਅਮ ਲਾਹੌਰ ਨੂੰ ਮਹਾਰਾਜਾ ਦਲੀਪ ਸਿੰਘ ਦੀ ਪੇਂਟਿੰਗ ਆਦਿ ਦੇਣ ਦੀ ਵਸੀਅਤ ਕੀਤੀ ਹੈ। ਇਸ ਵਸੀਅਤ ਵਿਚ ਉਸ ਨੇ ਆਪਣੀ ਜਾਇਦਾਦ ਦੀ ਵੰਡ ਦੇ ਸਾਰੇ ਅਧਿਕਾਰ ਕਾਇਮ ਕੀਤੇ ਗਏ ਟਰੱਸਟ ਦੇ ਪ੍ਰਬੰਧਕ ਤੇ ਟਰੱਸਟੀ ਹੇਨਰੀ ਚਾਰਲਸ ਵਾਟਸਟਾਲ ਅਤੇ ਪ੍ਰਿੰਸਿਸ ਬੰਬਾ ਸੋਫ਼ੀਆ ਜਿੰਦਾ ਸਦਰਲੈਂਡ ਨੂੰ ਦਿੱਤੇ।
ਇਸ ਵਸੀਅਤ ਵਿਚ ਸ਼ਹਿਜ਼ਾਦੀ ਸੋਫੀਆ ਅਲੈਗ਼ਜੈਂਡਰੋਆਨਾ ਨੇ ਇਹ ਵੀ ਲਿਖਿਆ ਹੈ ਕਿ ਉਸ ਦੀ ਅੰਤਿਮ ਇੱਛਾ ਹੈ ਕਿ ਉਸ ਦੀ ਮੌਤ ਦੇ ਬਾਅਦ ਉਸ ਦੀ ਸਸਕਾਰ ਯਾਤਰਾ ਸ਼ਾਹੀ ਅੰਦਾਜ਼ ਨਾਲ ਬੈਂਡ-ਵਾਜਿਆਂ ਨਾਲ ਕੱਢੀ ਜਾਵੇ ਅਤੇ ਉਸ ਦਾ ਸਸਕਾਰ ਕਰਨ ਦੇ ਬਾਅਦ ਉਸ ਦੀਆਂ ਅਸਥੀਆਂ ਭਾਰਤ ਵਿਚ ਦਫ਼ਨਾ ਦਿੱਤੀਆਂ ਜਾਣ। ਸ਼ਹਿਜ਼ਾਦੀ ਦੀਆਂ ਅਸਥੀਆਂ ਭਾਰਤ ਵਿਚ ਕਿੱਥੇ ਅਤੇ ਕਿਸ ਢੰਗ ਨਾਲ ਦਫ਼ਨਾਈਆਂ ਜਾਣ, ਇਸ ਦੀ ਜਾਣਕਾਰੀ ਸ਼ਹਿਜ਼ਾਦੀ ਨੇ ਆਪਣੀ ਵਸੀਅਤ ਦੇ ਨਾਲ ਲਿਖੇ ਪੱਤਰ ਵਿਚ ਲਿਖੀ ਹੈ। ਉਸ ਦੀ ਵਸੀਅਤ ਤਾਂ ਮੈਨੂੰ (ਲੇਖਕ) ਪ੍ਰਾਪਤ ਹੋ ਗਈ, ਪਰ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਪੱਤਰ ਪ੍ਰਾਪਤ ਨਹੀਂ ਹੋ ਸਕਿਆ।


-ਅੰਮ੍ਰਿਤਸਰ। ਮੋਬਾ: 9356127771, 7837849764

ਆਜ਼ਾਦੀ ਘੁਲਾਟੀਏ ਹੌਲਦਾਰ ਮੂਲਾ ਸਿੰਘ ਮਾਂਗੀਆਂ

ਅੰਗਰੇਜ਼ ਸਰਕਾਰ ਦੁਆਰਾ ਅਕਾਲੀ ਲਹਿਰ ਵਿਚ ਸ਼ਾਮਿਲ ਹੋਣ ਬਾਰੇ ਸਪੱਸ਼ਟੀਕਰਨ ਮੰਗੇ ਜਾਣ ਉੱਤੇ 'ਮੈਂ ਗੁਰਦੁਆਰਾ ਸੁਧਾਰ ਲਹਿਰ ਨੂੰ ਇਕ ਧਾਰਮਿਕ ਅੰਦੋਲਨ ਸਮਝਦਿਆਂ ਇਸ ਵਿਚ ਭਾਗ ਲਿਆ ਅਤੇ ਅਜਿਹਾ ਕਰਦਿਆਂ ਮੈਂ ਕੋਈ ਕਸੂਰ ਨਹੀਂ ਕੀਤਾ' ਲਿਖ ਕੇ ਦੇਣ ਵਾਲੇ ਮੂਲਾ ਸਿੰਘ ਸੰਧੂ ਨੇ ਆਪ ਹੀ ਅੰਗਰੇਜ਼ ਵਿਰੋਧੀ ਸੰਗਰਾਮ ਵਿਚ ਭਾਗ ਨਹੀਂ ਲਿਆ, ਸਗੋਂ ਉਸ ਤੋਂ ਪ੍ਰੇਰਨਾ ਪ੍ਰਾਪਤ ਕਰਕੇ ਅੰਗਰੇਜ਼ੀ ਸੈਨਾ ਵਿਚ ਭਰਤੀ ਉਸ ਦੇ ਪੁੱਤਰ ਕੈਪਟਨ ਬੇਅੰਤ ਸਿੰਘ ਨੇ ਵੀ ਆਈ. ਐੱਨ. ਏ. ਵਿਚ ਸ਼ਾਮਿਲ ਹੋ ਕੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਪਾਇਆ।
ਮੂਲਾ ਸਿੰਘ ਦਾ ਜਨਮ 1884 ਈਸਵੀ ਦੇ ਨੇੜ ਪਿੰਡ ਮਾਂਗੀਆਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਚ ਸ: ਗੁਰਦਿੱਤ ਸਿੰਘ ਸੰਧੂ ਦੇ ਘਰ ਹੋਇਆ। ਉਹ ਪੰਜ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ, ਇਸ ਲਈ ਬਾਪ ਨੇ ਵੱਡੇ ਪੁੱਤਰਾਂ ਨੂੰ ਖੇਤੀ ਵਿਚ ਲਾਉਂਦਿਆਂ ਗੱਭਰੂ ਮੂਲਾ ਸਿੰਘ ਨੂੰ ਫੌਜ ਵਿਚ ਭਰਤੀ ਕਰਵਾ ਦਿੱਤਾ। ਉਹ ਅੰਗਰੇਜ਼ੀ ਸੈਨਾ ਦੀ 5/11 ਸਿੱਖ ਰਜਮੈਂਟ (47ਵੀਂ ਸਿੱਖਸ) ਵਿਚ ਭਰਤੀ ਹੋਇਆ ਅਤੇ ਫਿਰ ਤਰੱਕੀ ਕਰਕੇ ਹੌਲਦਾਰ ਬਣਿਆ। ਉਹ ਪਹਿਲੀ ਸੰਸਾਰ ਜੰਗ ਦੌਰਾਨ ਮੋਰਚੇ ਉੱਤੇ ਲੜਦਿਆਂ ਗੋਡੇ ਉੱਤੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤਾਂ ਉਸ ਨੂੰ 13 ਰੁਪਏ 8 ਆਨੇ ਮਾਸਿਕ ਪੈਨਸ਼ਨ ਦੇ ਕੇ ਘਰ ਭੇਜ ਦਿੱਤਾ ਗਿਆ।
ਮੂਲਾ ਸਿੰਘ ਸੈਨਿਕ ਸੇਵਾ ਤੋਂ ਫ਼ਾਰਗ ਹੋ ਕੇ ਘਰ ਆ ਗਿਆ। ਵੱਡੇ ਭਰਾ ਪਰਿਵਾਰਕ ਜ਼ਮੀਨ ਉੱਤੇ ਖੇਤੀ ਕਰ ਰਹੇ ਸਨ। ਉਨ੍ਹਾਂ ਨੇ ਮੂਲਾ ਸਿੰਘ ਨੂੰ ਪੜ੍ਹਿਆ-ਲਿਖਿਆ ਹੋਣ ਕਾਰਨ ਖੇਤੀ ਵਾਹੀ ਦੀ ਨਿਗਰਾਨੀ ਅਤੇ ਹੋਰ ਘਰੇਲੂ ਕਾਰਜਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਜਦ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਦਾ ਭਾਰ ਦੂਜੇ ਭਰਾਵਾਂ ਦੇ ਮੋਢਿਆਂ ਉੱਤੇ ਪਾ ਕੇ ਆਪ ਪੰਥਕ ਸੇਵਾ ਵਿਚ ਡਟ ਗਿਆ। ਬਹੁਤ ਥੋੜ੍ਹੇ ਸਮੇਂ ਵਿਚ ਪੰਥਕ ਸਫਾਂ ਵਿਚ ਉਸ ਦੀ ਇਕ ਸੂਝਵਾਨ ਆਗੂ ਵਜੋਂ ਪਹਿਚਾਣ ਬਣ ਗਈ, ਜਿਸ ਦੇ ਫਲਸਰੂਪ ਉਸ ਨੂੰ ਤਹਿਸੀਲ ਬਟਾਲਾ ਅਕਾਲੀ ਜਥੇ ਦਾ ਸਕੱਤਰ ਥਾਪਿਆ ਗਿਆ। ਜੈਤੋ ਦਾ ਮੋਰਚਾ ਲੱਗਿਆ ਤਾਂ ਉਸ ਨੇ ਇਲਾਕੇ ਵਿਚੋਂ ਸੱਤਿਆਗ੍ਰਹੀ ਭੇਜਣ ਲਈ ਪਿੰਡ-ਪਿੰਡ ਜਾ ਕੇ ਭਾਸ਼ਣ ਦਿੱਤੇ ਅਤੇ ਅਕਾਲੀ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਲਾਮਬੰਦ ਕੀਤਾ। ਪੁਲਿਸ ਨੇ ਉਸ ਨੂੰ ਬਾਗੀਆਨਾ ਭਾਸ਼ਣ ਦੇਣ ਦੇ ਦੋਸ਼ ਵਿਚ 1 ਜੁਲਾਈ, 1924 ਨੂੰ ਕ੍ਰਿਮੀਨਲ ਲਾਅ ਅਮੈਂਡਮੈਂਡ ਐਕਟ ਅਧੀਨ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ। ਫਲਸਰੂਪ ਅਦਾਲਤ ਨੇ 20 ਅਗਸਤ, 1924 ਦੇ ਹੁਕਮ ਦੁਆਰਾ ਉਸ ਨੂੰ ਦੋ ਸਾਲ ਲਈ ਕੈਦ ਬਾਮੁਸ਼ੱਕਤ ਅਤੇ 200 ਰੁਪਏ ਜੁਰਮਾਨਾ ਜਾਂ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਛੇ ਮਹੀਨੇ ਹੋਰ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ। ਨਾਲ ਹੀ ਗ੍ਰਿਫ਼ਤਾਰੀ ਦੇ ਦਿਨ ਤੋਂ ਉਸ ਦੀ ਪੈਨਸ਼ਨ ਜ਼ਬਤ ਕਰ ਲਈ ਗਈ।
ਮੂਲਾ ਸਿੰਘ ਸਜ਼ਾ ਭੁਗਤਣ ਉਪਰੰਤ 16 ਜੁਲਾਈ, 1926 ਨੂੰ ਰਿਹਾਅ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਤਕਾਲ ਉਸ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਵਜੋਂ ਇਸ ਗੁਰਧਾਮ ਦੀ ਸੇਵਾ ਸੰਭਾਲ ਦਿੱਤੀ। ਇਸ ਲਈ ਜੇਲ੍ਹ ਵਿਚੋਂ ਰਿਹਾਈ ਉਪਰੰਤ ਘਰੇਲੂ ਜ਼ਿੰਮੇਵਾਰੀ ਸੰਭਾਲਣ ਦੀ ਥਾਂ ਗੁਰਦੁਆਰਾ ਡੇਰਾ ਸਾਹਿਬ ਉਸ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਿਆ। ਗੁਰਦੁਆਰਾ ਐਕਟ ਬਣਨ ਦੇ ਫਲਸਰੂਪ ਇਕਦਮ ਬਹੁਤ ਸਾਰੇ ਗੁਰਦੁਆਰੇ ਮਹੰਤਾਂ ਅਤੇ ਪੁਜਾਰੀਆਂ ਦੇ ਹੱਥਾਂ ਵਿਚੋਂ ਨਿਕਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਆ ਗਏ ਸਨ ਅਤੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਸਥਾਨਕ ਕਮੇਟੀਆਂ ਗਠਿਤ ਕੀਤੀਆਂ। ਹਰ ਗੁਰਦੁਆਰੇ ਦੀ ਆਮਦਨ ਅਤੇ ਖਰਚ ਦਾ ਹਿਸਾਬ-ਕਿਤਾਬ ਰੱਖਣਾ ਇਨ੍ਹਾਂ ਸਥਾਨਕ ਕਮੇਟੀਆਂ ਦੀ ਜ਼ਿੰਮੇਵਾਰੀ ਸੀ ਪਰ ਇਨ੍ਹਾਂ ਪਾਸ ਲੇਖਾ ਰੱਖਣ ਦੀ ਮੁਹਾਰਤ ਰੱਖਣ ਵਾਲੇ ਵਿਅਕਤੀਆਂ ਦੀ ਕਮੀ ਸੀ। ਹੌਲਦਾਰ ਮੂਲਾ ਸਿੰਘ ਰੋਕੜ ਲਿਖਣ ਦੇ ਕੰਮ ਵਿਚ ਮਾਹਰ ਸੀ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਹਿਸਾਬ-ਕਿਤਾਬ ਰੱਖਣ ਦੀ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ। ਮੂਲਾ ਸਿੰਘ ਨੇ ਇਸ ਮਨੋਰਥ ਲਈ ਗੁਰਦੁਆਰਾ ਡੇਰਾ ਸਾਹਿਬ ਵਿਚ ਸਿਖਲਾਈ ਕੈਂਪ ਲਾ ਕੇ ਹੋਰਨਾਂ ਗੁਰਦੁਆਰਿਆਂ ਵਿਚ ਲੇਖਾ ਪਤਾ ਰੱਖਣ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਇਸ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ। ਮੂਲਾ ਸਿੰਘ ਨੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਵਜੋਂ 1 ਫਰਵਰੀ, 1932 ਤੱਕ ਸੇਵਾ ਨਿਭਾਈ।
(ਬਾਕੀ ਅਗਲੇ ਮੰਗਲਵਾਰ ਦੇ
ਧਰਮ ਤੇ ਵਿਰਸਾ ਅੰਕ 'ਚ)


ਮੋਬਾ: 94170-49417

ਸੂਫ਼ੀ ਕਾਵਿ ਅਤੇ ਧਨੀ ਰਾਮ ਚਾਤ੍ਰਿਕ

ਲਾਲਾ ਧਨੀ ਰਾਮ ਚਾਤ੍ਰਿਕ ਮੁੱਢਲੀ ਵੀਹਵੀਂ ਸਦੀ ਦੇ ਪੰਜਾਬੀ ਕਵੀਆਂ ਵਿਚ ਆਦਰਯੋਗ ਸਥਾਨ ਰੱਖਦਾ ਹੈ। ਪਰੰਪਰਾਗਤ ਕਿੱਸਾ ਕਾਵਿ ਨਾਲ ਆਪਣਾ ਸਾਹਿਤਕ ਸਫਰ ਸ਼ੁਰੂ ਕਰਨ ਵਾਲੇ ਇਸ ਕਵੀ ਨੇ ਸਮੇਂ ਦੇ ਨਾਲ-ਨਾਲ, ਆਪਣੇ ਕਾਵਿ ਅਨੁਭਵ ਨੂੰ ਬਦਲ-ਬਦਲ ਕੇ, ਵਕਤ ਦਾ ਹਾਣੀ ਬਣਾਈ ਰੱਖਿਆ। ਪੰਜਾਬੀ ਪ੍ਰਕਾਸ਼ਨਾ ਨੂੰ ਵਧੇਰੇ ਸੁਹਜਮਈ ਅਤੇ ਕਲਾਤਮਕ ਬਣਾਉਣ ਵਿਚ ਉਸ ਦਾ ਯੋਗਦਾਨ ਇਤਿਹਾਸਕ ਮਹੱਤਵ ਵਾਲਾ ਹੈ। ਅੱਜ ਅਸੀਂ ਕੇਵਲ ਉਸ ਦੀ ਕਵਿਤਾ ਵਿਚਲੇ ਸੂਫ਼ੀਆਨਾ ਰੰਗ ਦੀ ਹੀ ਚਰਚਾ ਕਰਨੀ ਚਾਹਾਂਗੇ।
ਧਨੀ ਰਾਮ ਚਾਤ੍ਰਿਕ ਦਾ ਜ਼ਮਾਨਾ ਉਹ ਹੈ ਜਦ ਪੰਜਾਬੀ ਕਵਿਤਾ ਵਿਚ ਕਈ ਪ੍ਰਵਿਰਤੀਆਂ ਨਾਲੋ-ਨਾਲ ਚੱਲ ਰਹੀਆਂ ਸਨ, ਜਿਨ੍ਹਾਂ ਵਿਚ ਇਕ ਪ੍ਰਵਿਰਤੀ ਸੂਫ਼ੀਆਨਾ ਕਵਿਤਾ ਦੀ ਵੀ ਸੀ। ਮੁਸਲਮਾਨ ਕਵੀਆਂ ਵਿਚ ਇਹ ਪ੍ਰਵਿਰਤੀ ਪਹਿਲਾਂ ਤੋਂ ਹੀ ਚੱਲ ਰਹੀ ਸੀ, ਪਰ ਹਿੰਦੂ/ਸਿੱਖ ਲੇਖਕ ਵੀ ਇਸ ਤੋਂ ਅਭਿੱਜ ਨਾ ਰਹਿ ਸਕੇ। ਧਨੀ ਰਾਮ ਚਾਤ੍ਰਿਕ ਤੋਂ ਇਲਾਵਾ ਕਿਸ਼ਨ ਸਿੰਘ ਆਰਿਫ, ਪਾਲ ਸਿੰਘ ਆਰਿਫ, ਡਾ: ਮੋਹਨ ਸਿੰਘ ਦੀਵਾਨਾ ਅਤੇ ਪ੍ਰੋ: ਮੋਹਨ ਸਿੰਘ ਅਜਿਹੇ ਕਵੀ ਸਨ, ਜਿਨ੍ਹਾਂ ਦੀ ਕਵਿਤਾ ਉੱਪਰ ਸੂਫ਼ੀ ਪ੍ਰਭਾਵ ਪਿਆ ਹੈ। ਧਨੀ ਰਾਮ ਚਾਤ੍ਰਿਕ ਨੇ ਵੀ 'ਨਲ ਦਮਯੰਤੀ' ਅਤੇ 'ਭਰਥਰੀ ਹਰੀ' ਕਿੱਸੇ ਲਿਖੇ, ਜੋ ਕਾਫ਼ੀ ਪ੍ਰਸਿੱਧ ਵੀ ਹੋਏ ਪਰ ਸਾਡੀ ਅੱਜ ਦੀ ਚਰਚਾ ਲਈ ਇਹ ਇਸ ਕਰਕੇ ਮਹੱਤਵਪੂਰਨ ਹਨ, ਕਿਉਂਕਿ ਇਨ੍ਹਾਂ ਦੇ ਕਥਾਨਕ ਹਿੰਦੂਆਣਾ ਪਿਛੋਕੜ ਹੋਣ ਦੇ ਬਾਵਜੂਦ, ਇਨ੍ਹਾਂ ਵਿਚ ਸੂਫ਼ੀ ਰੰਗਣ ਮਿਲਦੀ ਹੈ। ਦੋਵਾਂ ਕਿੱਸਿਆਂ ਵਿਚ ਸੂਫ਼ੀ ਕਾਵਿ ਦਾ ਪ੍ਰਸਿੱਧ ਕਾਵਿ ਰੂਪ ਕਾਫ਼ੀ ਵਰਤਿਆ ਗਿਆ ਹੈ। 'ਨਲ ਦਮਯੰਤੀ' ਕਿੱਸੇ ਵਿਚ ਹੀ ਨਿਰੰਤਰਤਾ ਵਿਚ ਇਕ ਨਹੀਂ, ਚੌਦਾਂ ਕਾਫ਼ੀਆਂ ਹਨ। ਇਕ ਕਾਫ਼ੀ ਵਿਚੋਂ ਸ਼ਾਹ ਹੁਸੈਨੀ ਰੰਗ ਵਧੇਰੇ ਉੱਘੜਿਆ ਹੈ :
ਜਗਤ ਮੁਸਾਫ਼ਰ ਖਾਨਾ ਭਾਈਓ,
ਵਾਂਗ ਮੁਸਾਫ਼ਰ ਵਾਸਾ ਹੈ।
ਗੋਇਲ ਵਾਸਾ ਚਾਰ ਦਿਨਾਂ ਦਾ,
ਦਮ ਦਾ ਕੀ ਭਰਵਾਸਾ ਹੈ।
ਆਲ੍ਹਣਿਆਂ ਵਿਚ ਪੰਛੀ ਬੈਠਾ,
ਕਰਦਾ ਖੇਲ ਤਮਾਸ਼ਾ ਹੈ।
ਕੀ ਜਾਣੇ ਕਿਸ ਵੇਲੇ ਨਿਕਲਣ,
ਜਾਣ ਸਰੀਰੋਂ ਸਾਸਾ ਹੈ।
'ਕਿੱਸਾ ਭਰਥਰੀ ਹਰੀ' ਵਿਚ ਵੀ ਸੂਫ਼ੀਆਨਾ ਰੰਗ ਕਈਆਂ ਥਾਵਾਂ ਉਪਰ ਦ੍ਰਿਸ਼ਟੀਗੋਚਰ ਹੁੰਦਾ ਹੈ। ਬਾਬਾ ਫ਼ਰੀਦ ਦੇ ਸਲੋਕਾਂ ਵਿਚਲੇ ਭਾਵਾਂ ਅਤੇ ਸ਼ਬਦਾਂ ਨੂੰ ਧਨੀ ਰਾਮ ਚਾਤ੍ਰਿਕ ਨੇ ਆਪਣੇ ਅੰਦਾਜ਼ ਅਤੇ ਭਾਸ਼ਾ ਵਿਚ ਇਸ ਤਰ੍ਹਾਂ ਬੰਨ੍ਹਿਆ ਹੈ :
ਕਾਲੀ ਕੋਇਲ ਕੂਕਦੀ,
ਪ੍ਰੀਤਮ ਗਏ ਵਿਛੋੜ।
ਕਾਲਾ ਰੰਗ ਵਟਾਇਆ,
ਬਿਰਹੋਂ ਲਈ ਨਿਚੋੜ।
ਇਕ ਥਾਂ ਹੋਰ ਫ਼ਰੀਦੀ ਰੰਗ ਦੀ ਝਲਕ ਇਸ ਤਰ੍ਹਾਂ ਹੈ :
ਕਾਲਾ ਕਾਗਾ ਕਾਲਿਆ,
ਮੇਰਾ ਚੁਣ ਚੁਣ ਖਾਈਂ ਮਾਸ।
ਨੈਣ ਨਿਮਾਣੇ ਤਰਸਦੇ,
ਪੀਆ ਮਿਲਣ ਦੀ ਆਸ।
ਮਾਸ ਬੇਸ਼ਕ ਸਭ ਖਾ ਲੈ,
ਪੀਆ ਮਿਲਣ ਦੀ ਆਸ।
ਪੰਜਾਬੀ ਸੂਫ਼ੀ ਕਾਵਿ ਦੇ ਅਭਿਆਸੀ ਪਾਠਕਾਂ ਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਬਾਬਾ ਫ਼ਰੀਦ ਦੇ ਕਿਹੜੇ ਸਲੋਕਾਂ ਤੋਂ ਪ੍ਰਭਾਵਿਤ ਸਤਰਾਂ ਹਨ।
ਪੰਜਾਬੀ ਸੂਫ਼ੀ ਕਾਵਿ ਵਿਚ ਚਰਖੇ ਦਾ ਚਿੰਨ੍ਹ ਜਾਂ ਰੂਪਕ ਬਹੁਤ ਵਰਤਿਆ ਗਿਆ ਹੈ। ਸਾਰਾ ਸੂਫ਼ੀ ਕਾਵਿ ਹੀ ਚਰਖੇ ਦੁਆਲੇ ਘੁੰਮਦਾ ਹੈ। ਫਾਰਸੀ ਵਿਚ ਤਾਂ ਕਈ ਚਰਖੇਨਾਮੇ ਵੀ ਮਿਲਦੇ ਹਨ। ਚਰਖਾ ਉਸ ਮੁਸ਼ੱਕਤ ਦਾ ਰੂਪਕ ਹੈ, ਜਿਸ ਰਾਹੀਂ ਜੀਵਾਤਮਾ ਨੇ ਆਪਣੇ ਅਮਲਾਂ, ਸਾਧਨਾ ਅਤੇ ਨੇਕੀਆਂ ਦਾ ਦਾਜ ਤਿਆਰ ਕਰਨਾ ਹੈ। ਚਾਤ੍ਰਿਕ ਦੇ ਇਕ ਪੂਰੇ ਬੰਦ ਵਿਚ ਚਰਖਾ ਆਪਣੇ ਇਸੇ ਹੀ ਰੂਪ ਵਿਚ ਪੇਸ਼ ਕੀਤਾ ਗਿਆ ਹੈ :
ਨ ਕੱਤਿਆ ਨ ਦਾਜ ਬਣਾਇਆ,
ਸੀਤੇ ਨ ਕੁਝ ਚੋਲੇ ਨੀਂ।
ਦਿਨ ਲੰਘ ਗਏ ਅਨਮੋਲੇ ਨੀਂ।
ਚਾਤ੍ਰਿਕ ਅੱਲ ਵਲੱਲੀ ਦਾ ਹੁਣ,
ਅੰਦਰਲਾ ਦਿਲ ਡੋਲੇ ਨੀਂ।
ਮੈਂ ਕੀਕਰ ਚੜਸਾਂ ਡੋਲੇ ਨੀਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ॥

ਸਿਰੀਰਾਗੁ ਮਹਲਾ ੫ ਘਰੁ ੭॥
ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ॥
ਭੂਲਹਿ ਚੂਕਹਿ ਬਾਰਿਕ
ਤੂੰ ਹਰਿ ਪਿਤਾ ਮਾਇਆ॥ ੧॥
ਸੁਹੇਲਾ ਕਹਨੁ ਕਹਾਵਨੁ॥
ਤੇਰਾ ਬਿਖਮੁ ਭਾਵਨੁ॥ ੧॥ ਰਹਾਉ॥
ਹਉ ਮਾਣੁ ਤਾਣੁ ਕਰਉ ਤੇਰਾ
ਹਉ ਜਾਨਉ ਆਪਾ॥
ਸਭ ਹੀ ਮਧਿ ਸਭਹਿ ਤੇ ਬਾਹਰਿ
ਬੇਮੁਹਤਾਜ ਬਾਪਾ॥ ੨॥
ਪਿਤਾ ਹਉ ਜਾਨਉ ਨਾਹੀ
ਤੇਰੀ ਕਵਨ ਜੁਗਤਾ॥
ਬੰਧਨ ਮੁਕਤੁ ਸੰਤਹੁ
ਮੇਰੀ ਰਾਖੈ ਮਮਤਾ॥ ੩॥
ਭਏ ਕਿਰਪਾਲ ਠਾਕੁਰ
ਰਹਿਓ ਆਵਣ ਜਾਣਾ॥
ਗੁਰ ਮਿਲਿ ਨਾਨਕ
ਪਾਰਬ੍ਰਹਮੁ ਪਛਾਣਾ॥ ੪॥ ੨੭॥ ੯੭॥
(ਅੰਗ 51-52)
ਪਦ ਅਰਥ : ਤੇਰੈ ਭਰੋਸੈ-ਤੇਰੇ 'ਤੇ ਭਰੋਸਾ ਕਰਕੇ ਹੀ। ਪਿਆਰੇ-ਹੇ ਪ੍ਰਭੂ। ਲਾਡ ਲਡਾਇਆ-ਲਾਡ ਪਿਆਰ ਕੀਤਾ ਹੈ। ਭੂਲਹਿ ਚੂਕਹਿ-ਭੁਲਦੇ ਚੁਕਦੇ ਹਨ। ਬਾਰਿਕ-ਬਾਲਕ। ਮਾਇਆ-ਮਾਂ। ਸੁਹੇਲਾ-ਸੌਖਾ ਹੈ। ਕਹਨੁ ਕਹਾਵਨੁ-ਕਹਣ ਕਹਾਵਣਾ ਨੂੰ ਤਾਂ। ਤੇਰਾ ਭਾਵਨੁ-ਤੇਰਾ ਭਾਣਾ ਮੰਨਣਾ। ਬਿਖਮੁ-ਬੜਾ ਔਖਾ ਹੈ। ਹਉ-ਮੈਂ। ਕਰਉ ਤੇਰਾ-ਤੇਰੇ 'ਤੇ ਹੀ ਕਰਦਾ ਹਾਂ। ਜਾਨਉ ਆਪਾ-ਆਪਣਾ ਹੀ ਜਾਣਦਾ ਹਾਂ। ਮਧਿ-ਵਿਚ, ਅੰਦਰ। ਸਭਹਿ-ਸਭਨਾਂ ਦੇ। ਬੇਮੁਹਤਾਜ ਬਾਪਾ-ਬੇਮੁਥਾਜ ਪਿਤਾ।
ਹਉ ਜਾਨਉ ਨਾਹੀ-ਮੈਂ ਜਾਣਦਾ ਨਹੀਂ। ਕਵਨ-ਕਿਹੜੀ। ਜੁਗਤਾ-ਜੁਗਤੀ, ਢੰਗ ਤਰੀਕਾ। ਬੰਧਨ ਮੁਕਤੁ-ਬੰਧਨਾਂ ਤੋਂ ਮੁਕਤ ਹੈ। ਸੰਤਹੁ-ਹੇ ਸੰਤ ਜਨੋਂ। ਭਏ ਕਿਰਪਾਲ-ਦਇਆਵਾਨ ਹੁੰਦੇ ਹਨ। ਠਾਕੁਰ-ਪਾਲਣਹਾਰ, ਪ੍ਰਭੂ। ਆਵਣ ਜਾਣਾ-ਜੰਮਣ ਮਰਨਾ। ਪਾਰਬ੍ਰਹਮੁ-ਪਰਮਾਤਮਾ ਨੂੰ। ਪਛਾਣਾ-ਪਛਾਣ ਲਿਆ ਹੈ।
ਪੰਚਮ ਗੁਰਦੇਵ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਗੱਲਾਂ ਕਰਨੀਆਂ ਤਾਂ ਬੜੀਆਂ ਅਸਾਨ ਹਨ ਪਰ ਪ੍ਰਭੂ ਦੇ ਭਾਣੇ ਵਿਚ ਵਿਚਰਨਾ ਬੜਾ ਔਖਾ ਹੈ। ਇਸ ਲਈ ਪ੍ਰਭੂ ਅੱਗੇ ਸਦਾ ਇਹੋ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਮੇਰੇ ਪਿਆਰੇ ਪ੍ਰੀਤਮ (ਪ੍ਰਭੂ ਜੀ) ਮੈਨੂੰ ਤੇਰੇ 'ਤੇ ਹੀ ਮਾਣ ਹੈ, ਅਸੀਂ ਤਾਂ ਔਗੁਣ ਕਰਨ ਵਾਲੇ ਅਪਰਾਧੀ ਸਦਾ ਭੁੱਲਾਂ ਹੀ ਕਰਦੇ ਰਹਿੰਦੇ ਹਾਂ, ਤੂੰ ਸਾਨੂੰ ਸਾਡੀਆਂ ਭੁੱਲਾਂ ਨੂੰ ਬਖਸ਼ਣ ਵਾਲਾ ਹੈਂ। ਰਾਗੁ ਬਿਲਾਵਲੁ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਮਾਨੁ ਕਰਉ ਤੁਧੁ ਊਪਰੇ
ਮੇਰੇ ਪ੍ਰੀਤਮ ਪਿਆਰੇ॥
ਹਮ ਅਪਰਾਧੀ ਸਦ ਭੂਲਤੇ
ਤੁਮ੍ਰ ਬਖਸਨਹਾਰੇ॥ ੧॥ ਰਹਾਉ॥
(ਅੰਗ 809)
ਪਰ ਜੋ ਮਨਮਰਜ਼ੀ ਕਰਦਾ ਹੈ, ਉਹ ਪ੍ਰਭੂ ਤੋਂ ਵਿਛੜਿਆ ਰਹਿੰਦਾ ਹੈ ਅਤੇ ਦੁੱਖ ਭੋਗਦਾ ਹੈ-
ਆਪਣੈ ਭਾਣੈ ਜੋ ਚਲੈ ਭਾਈ
ਵਿਛੁੜਿ ਚੋਟਾ ਖਾਵੈ॥
(ਰਾਗੁ ਸੋਰਠਿ ਮਹਲਾ ੩, ਅੰਗ 601)
ਅਥਵਾ
ਭਾਣਾ ਨ ਮੰਨੇ ਬਹੁਤੁ ਦੁਖੁ ਪਾਈ॥
(ਰਾਗੁ ਮਾਰੂ ਮਹਲਾ ੩, ਅੰਗ 1064)
ਦੂਜੇ ਬੰਨੇ ਜੋ ਸਾਧਕ ਪ੍ਰਭੂ ਚਰਨਾਂ ਵਿਚ ਹਰ ਵੇਲੇ ਧਿਆਨ ਲਾਈ ਰੱਖਦਾ ਹੈ, ਉਹ ਪਰਮਾਤਮਾ ਦੇ ਭਾਣੇ ਨੂੰ ਸਦਾ ਮਿੱਠਾ ਕਰਕੇ ਮੰਨਦਾ ਹੈ-
ਆਠ ਪਹਰ ਨਿਕਟਿ ਕਰਿ ਜਾਨੈ॥
ਪ੍ਰਭ ਕਾ ਕੀਆ ਮੀਠਾ ਮਾਨੈ॥
(ਰਾਗੁ ਆਸਾ ਮਹਲਾ ੫, ਅੰਗ 392)
ਇਸ ਅਵਸਥਾ 'ਤੇ ਪੁੱਜ ਕੇ ਸਾਧਕ ਪਰਮਾਤਮਾ ਅੱਗੇ ਸਦਾ ਇਹੋ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ, ਮੈਨੂੰ ਸਦਾ ਆਪਣੇ ਭਾਣੇ ਵਿਚ ਰੱਖ ਅਤੇ ਆਪਣੇ ਨਾਮ ਦੀ ਵਡਿਆਈ ਦੇਹ (ਜੋ ਸਭ ਤੋਂ ਸ੍ਰੇਸ਼ਟ ਹੈ)। ਗੁਰਦੇਵ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਭਾਣਾ ਮੰਨਣ ਦੀ ਸੋਝੀ ਪੂਰੇ ਗੁਰੂ ਪਾਸੋਂ ਹੁੰਦੀ ਹੈ, ਜਿਸ ਸਦਕਾ ਫਿਰ ਆਤਮਿਕ ਅਡੋਲਤਾ ਵਿਚ ਟਿਕੇ ਰਹੀਦਾ ਹੈ-
ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ
ਹਰਿ ਨਾਮੋ ਦੇਹਿ ਵਡਿਆਈ॥
ਪੂਰੇ ਗੁਰ ਤੇ ਭਾਣਾ ਜਾਪੈ
ਅਨਦਿਨੁ ਸਹਜਿ ਸਮਾਈ॥
(ਰਾਗੁ ਪ੍ਰਭਾਤੀ ਮਹਲਾ ੩, ਅੰਗ 1333)
ਹੁਣ ਮਨ ਵਿਚ ਇਹੋ ਲੋਚਾ ਰਹਿ ਜਾਂਦੀ ਹੈ ਕਿ ਹੇ ਮਾਲਕ, ਮੈਨੂੰ ਤੇਰੇ ਨਾਮ ਦਾ ਹੀ ਆਸਰਾ ਹੈ। ਜਿਵੇਂ ਆਪ ਜੀ ਨੂੰ ਚੰਗਾ ਲਗਦਾ ਹੈ, ਸਾਨੂੰ ਉਂਜ ਹੀ ਰੱਖ। ਤੇਰੇ ਤੋਂ ਬਿਨਾਂ ਸਾਡੀ ਹੋਰ ਕੋਈ ਸਾਰ ਲੈਣ ਵਾਲਾ ਨਹੀਂ। ਰਾਗੁ ਸੂਹੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਮੈ ਹਰਿ ਹਰਿ ਨਾਮੁ ਧਰ ਸੋਈ॥
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ
ਮੈ ਤੁਝ ਬਿਨੁ ਅਵਰੁ ਨ ਕੋਈ॥ (ਅੰਗ 735)
ਧਰ-ਆਸਰਾ। ਸਾਹਿਬ-ਸੁਆਮੀ, ਮਾਲਕ। ਅਵਰੁ-ਹੋਰ।
ਭਾਣਾ ਮੰਨਣ ਦੇ ਸੰਕਲਪ ਨੂੰ ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਅਤੇ ਹੋਰ ਬੇਅੰਤ ਗੁਰਸਿੱਖਾਂ, ਜਿਨ੍ਹਾਂ ਨੇ ਆਪਣੇ ਪਿੰਡੇ 'ਤੇ ਹੰਢਾਇਆ, ਉਸ ਨੂੰ ਸੰਸਾਰ ਵਿਚ ਨਿਵੇਕਲਾ ਸਥਾਨ ਪ੍ਰਾਪਤ ਹੈ।
ਸਭ ਨੂੰ ਆਪਣਾ ਸਖਾ ਅਤੇ ਸਾਜਨ ਆਖਣ ਵਾਲੇ (ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥) ਮਿੱਠ ਬੋਲੜੇ ਸਤਿਗੁਰੂ ਜੀ ਸੜਦੀ ਤੱਤੀ ਤਵੀ 'ਤੇ ਚੌਕੜਾ ਮਾਰੀ ਬੈਠੇ ਹਨ। ਸੀਸ 'ਤੇ ਤੱਤੀ ਸੁਰਖ ਰੇਤ ਦੇ ਕੜਛੇ ਪੈ ਰਹੇ ਹਨ ਪਰ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਅਲਾਹੀ ਨਾਦ ਦੀ ਧੁਨ ਗੂੰਜ ਰਹੀ ਸੀ-
ਤੇਰਾ ਕੀਆ ਮੀਠਾ ਲਾਗੈ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥
(ਰਾਗੁ ਆਸਾ ਮਹਲਾ ੫, ਅੰਗ 394)
ਭਾਣਾ ਮੰਨਣ ਦੇ ਸੰਕਲਪ ਦਾ ਇਹ ਸਿਖਰ ਸੀ, ਜਿਸ ਨੇ ਭਾਰਤ ਮਾਤਾ ਜੀ ਡੱਕੇ-ਡੋਲੇ ਖਾਂਦੀ ਨਈਆ ਨੂੰ ਪਾਰ ਲੰਘਾਉਣ ਦਾ ਮੁੱਢ ਬੰਨ੍ਹ ਦਿੱਤਾ, ਜਿਸ ਦੀ ਸ਼ੁਰੂਆਤ ਪਹਿਲੇ ਜਾਮੇ ਵਿਚ ਹੀ ਹੋ ਚੁੱਕੀ ਸੀ।
ਪਰਮਾਤਮਾ ਦੇ ਲੜ ਲੱਗਣ ਅਰਥਾਤ ਆਸਰਾ ਲੈਣ ਵਾਲੇ ਸਾਧਕਾਂ ਦਾ ਜਨਮ-ਮਰਨ ਦਾ ਗੇੜ ਨਹੀਂ ਰਹਿੰਦਾ। ਰਾਗੁ ਗਉੜੀ ਕੀ ਵਾਰ ਮਹਲਾ ੫ ਵਿਚ ਹਜ਼ੂਰ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਹਨ-
ਜੰਮਣੁ ਮਰਣੁ ਨ ਤਿਨ ਕਉ
ਜੋ ਹਰਿ ਲੜਿ ਲਾਗੇ॥ (ਅੰਗ 322)
ਪ੍ਰਭੂ ਦੀ ਸਿਫਤ ਸਾਲਾਹ ਕਰਨ ਸਦਕਾ ਸਾਧਕ ਜਿਊਂਦੇ ਹੀ ਭਾਵ ਇਸੇ ਜੀਵਨ ਵਿਚ ਹੀ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹਨ, ਕਿਉਂਕਿ ਸਿਫ਼ਤ ਸਾਲਾਹ ਦੀ ਬਰਕਤ ਨਾਲ ਉਹ ਵਿਕਾਰਾਂ ਵਲੋਂ ਸੁਚੇਤ ਹੋ ਜਾਂਦੇ ਹਨ-
ਜੀਵਤ ਸੇ ਪਰਵਾਣੁ ਹੋਏ
ਹਰਿ ਕੀਰਤਨਿ ਜਾਗੇ॥
(ਅੰਗ 322)
ਜੀਵਤ-ਜਿਊਂਦੇ ਹੀ। ਜਾਗੇ-ਸੁਚੇਤ ਰਹਿੰਦੇ ਹਨ।
ਗੁਰੂ ਬਾਬਾ ਰਾਗੁ ਬਸੰਤੁ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਬੇਮੁਥਾਜ ਪ੍ਰਭੂ ਬੇਅੰਤ ਹੈ, ਉਸ ਦਾ ਆਰਲਾ-ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ। ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਜੋ ਸੱਚ ਅਥਵਾ ਸਿਮਰਨ ਦੁਆਰਾ ਹੀ ਪ੍ਰਸੰਨ ਹੁੰਦਾ ਹੈ-
ਬੇਮੁਹਤਾਜੁ ਬੇਅੰਤੁ ਅਪਾਰਾ॥
ਸਚਿ ਪਤੀਜੈ ਕਰਣੈਹਾਰਾ॥ (ਅੰਗ 1190)
ਅਪਾਰਾ-ਜਿਸ ਦੇ ਆਰ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਸਚਿ-ਸੱਚ ਦੁਆਰਾ, ਸਿਮਰਨ ਦੁਆਰਾ। ਪਤੀਜੈ-ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ। ਕਰਣੈਹਾਰਾ-ਕਰਤਾ, ਸਿਰਜਨਹਾਰਾ।
ਸ਼ਬਦ ਦੇ ਅੱਖਰੀਂ ਅਰਥ : ਹੇ ਪਿਆਰੇ ਪ੍ਰਭੂ, ਮੈਂ ਤੇਰੇ 'ਤੇ ਭਰੋਸਾ ਰੱਖ ਕੇ ਹੀ ਤੇਰੇ ਨਾਲ ਲਾਡ-ਪਿਆਰ ਕੀਤਾ ਹੈ। ਤੂੰ ਹੀ ਸਾਡਾ ਮਾਤਾ-ਪਿਤਾ ਹੈਂ ਅਤੇ ਅਸੀਂ ਤੇਰੇ ਬੱਚੇ ਭੁੱਲਾਂ-ਚੁੱਕਾਂ ਕਰਦੇ ਰਹਿੰਦੇ ਹਾਂ। ਤੇਰੇ ਬਾਰੇ ਕਹਿਣਾ ਤੇ ਕਹਾਉਣਾ ਤਾਂ ਬੜਾ ਸੌਖਾ ਹੈ ਪਰ ਤੇਰਾ ਭਾਣਾ ਮੰਨਣਾ ਬੜਾ ਔਖਾ ਹੈ। ਹੇ ਪ੍ਰਭੂ, ਮੈਂ ਤੈਨੂੰ ਆਪਣਾ ਸਮਝ ਕੇ ਹੀ ਤੇਰੇ 'ਤੇ ਸਭ ਮਾਣ-ਤਾਣ ਕਰਦਾ ਹਾਂ। ਹੇ ਬੇਮੁਥਾਜ (ਪ੍ਰਭੂ) ਪਿਤਾ, ਤੂੰ ਸਭਨਾਂ ਦੇ ਅੰਦਰ ਅਤੇ ਸਭ ਦੇ ਬਾਹਰ ਵਸਦਾ ਹੈਂ।
ਹੇ ਪ੍ਰਭੂ ਪਿਤਾ, ਮੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਤੈਨੂੰ ਕਿਸ ਢੰਗ-ਤਰੀਕੇ (ਜੁਗਤੀ) ਨਾਲ (ਪ੍ਰਸੰਨ) ਕੀਤਾ ਜਾ ਸਕਦਾ ਹੈ। ਹੇ ਸੰਤ ਜਨੋ, ਪਰਮਾਤਮਾ ਤਾਂ ਸਾਰੇ ਬੰਧਨਾਂ ਤੋਂ ਮੁਕਤ ਕਰਵਾਉਣ ਵਾਲਾ ਹੈ ਅਤੇ ਮਾਇਆ ਦੇ ਮੋਹ ਤੋਂ ਬਚਾਉਣ ਵਾਲਾ ਹੈ। ਸਭ ਦੀ ਪਾਲਣਾ ਕਰਨ ਵਾਲਾ ਪ੍ਰਭੂ, ਜਿਸ 'ਤੇ ਦਇਆਵਾਨ ਹੁੰਦਾ ਹੈ, ਉਸ ਦਾ ਜੰਮਣ-ਮਰਨ ਦਾ ਗੇੜ ਖ਼ਤਮ ਹੋ ਜਾਂਦਾ ਹੈ ਭਾਵ ਉਹ ਚੌਰਾਸੀ ਦੇ ਗੇੜ ਤੋਂ ਬਚ ਜਾਂਦਾ ਹੈ ਅਤੇ ਗੁਰੂ ਨੂੰ ਮਿਲ ਕੇ ਉਹ ਬੇਅੰਤ ਪ੍ਰਭੂ ਨਾਲ ਜਾਣ-ਪਛਾਣ ਭਾਵ ਸਾਂਝ ਪਾ ਲੈਂਦਾ ਹੈ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਵਿਸ਼ਵ ਵਿਚ ਕੇਵਲ ਇਕ ਹੀ ਆਤਮਾ ਹੈ

ਆਧੁਨਿਕ ਯੁੱਗ ਵਿਚ ਵਿਗਿਆਨਾਂ ਵਿਚ ਸਭ ਤੋਂ ਅਨਮੋਲ ਵਿਗਿਆਨ ਨੂੰ ਧਰਮ ਨੇ ਬਹੁਤ ਪਹਿਲਾਂ ਲੱਭ ਲਿਆ ਸੀ। ਇਹ ਸੀ ਇਕ ਤੱਤ ਦੀ ਖੋਜ। ਇਹ ਇਕ ਤੱਤ ਹੈ ਆਤਮਾ, ਜਿਸ ਨੂੰ ਪ੍ਰਾਪਤ ਕਰਨਾ ਗਿਆਨਯੋਗ ਦਾ ਲਕਸ਼ ਹੈ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਵਿਸ਼ਵ ਵਿਚ ਕੇਵਲ ਇਕ ਹੀ ਆਤਮਾ ਹੈ। ਬਾਕੀ ਸਾਰੀਆਂ ਆਤਮਾਵਾਂ ਤਾਂ ਉਸ ਦੇ ਹੇਠਲੇ ਪੱਧਰ ਦੀਆਂ ਪਰਛਾਈਆਂ ਜਾਂ ਪ੍ਰਗਟਾਵੇ ਹਨ। ਪਰ ਇਹ ਆਤਮਾ ਆਪਣੀਆਂ ਸਾਰੀਆਂ ਪਰਛਾਈਆਂ ਵਿਚ ਮੌਜੂਦ ਹੈ। ਸਭ ਕੁਝ ਆਤਮਾ ਜਾਂ ਬ੍ਰਹਮ ਹੈ। ਸਾਧੂ, ਪਾਪੀ, ਸ਼ੇਰ, ਭੇਡ ਜਾਂ ਹਤਿਆਰੇ ਵੀ ਸਿਵਾਏ ਉਸ ਬ੍ਰਹਮ ਦੇ ਹੋਰ ਕੁਝ ਨਹੀਂ ਹੋ ਸਕਦੇ, ਕਿਉਂਕਿ ਹੋਰ ਕੁਝ ਹੈ ਹੀ ਨਹੀਂ। ਉਹ ਤੱਤ ਤਾਂ ਇਕ ਹੀ ਹੈ। ਵੱਖ-ਵੱਖ ਗਿਆਨੀਆਂ ਨੇ ਉਸ ਨੂੰ ਆਪਣੇ-ਆਪਣੇ ਢੰਗ ਨਾਲ ਵਰਨਣ ਕੀਤਾ ਹੈ। ਇਸ ਦੀ ਜਾਣਕਾਰੀ ਦੇ ਗਿਆਨ ਤੋਂ ਸਿਵਾ ਹੋਰ ਕੁਝ ਨਹੀਂ ਹੋ ਸਕਦਾ। ਸ਼ੁੱਧ ਹਿਰਦੇ ਵਿਚ ਇਹ ਗਿਆਨ ਅਚਾਨਕ ਹੀ ਪੁੰਗਰ ਪੈਂਦਾ ਹੈ। ਕੋਈ ਯੋਗ ਅਤੇ ਗਿਆਨ ਨਾਲ ਜਿੰਨਾ ਸ਼ੁੱਧ ਅਤੇ ਯੋਗ ਹੋ ਚੁੱਕਾ ਹੈ, ਉਸ ਨੂੰ ਇਹ ਗਿਆਨ ਓਨੀ ਹੀ ਛੇਤੀ ਪ੍ਰਾਪਤ ਹੁੰਦਾ ਹੈ। ਯੋਗ ਦੀ ਕਾਢ ਤਾਂ ਲਗਪਗ 4 ਹਜ਼ਾਰ ਸਾਲ ਪਹਿਲਾਂ ਹੋਈ ਪਰ ਅਜੇ ਵੀ ਯੋਗ ਆਮ ਲੋਕਾਂ ਦੀ ਸੰਪਤੀ ਨਹੀਂ ਬਣ ਸਕਿਆ ਭਾਵ ਆਮ ਲੋਕ ਅਜੇ ਵੀ ਯੋਗ ਦੀ ਪਹੁੰਚ ਤੋਂ ਦੂਰ ਹਨ ਅਤੇ ਇਹ ਕੁਝ ਲੋਕਾਂ ਤੱਕ ਹੀ ਸੀਮਤ ਹੈ। ਯੋਗ ਹੀ ਤੁਹਾਨੂੰ ਉਸ ਇਕ ਤੱਤ ਨਾਲ ਜੋੜ ਸਕਦਾ ਹੈ, ਜੋ ਤੁਹਾਡੇ ਅੰਦਰ ਹੈ, ਜਿਸ ਨੂੰ ਆਤਮਾ ਕਹਿੰਦੇ ਹਨ ਅਤੇ ਇਹ ਤੁਹਾਨੂੰ ਪੂਰੇ ਬ੍ਰਹਿਮੰਡ ਦੇ ਇਕੋ-ਇਕ ਤੱਤ ਪਰਮਾਤਮਾ ਨਾਲ ਜੋੜ ਸਕਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਬੇਘਰਿਆਂ ਦਾ ਘਰ 'ਪਿੰਗਲਵਾੜਾ'

ਪਿੰਗਲਵਾੜਾ ਅਪਾਹਜ, ਬੇਸਹਾਰਾ, ਲਾਵਾਰਿਸ, ਮੰਦਬੁੱਧੀ, ਦਿਮਾਗ਼ੀ ਬਿਮਾਰ, ਯਤੀਮਾਂ ਅਤੇ ਬਜ਼ੁਰਗਾਂ ਦਾ ਘਰ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਲਾਵਾਰਿਸ ਹਨ, ਇਸ ਲਈ ਆਪਣੀ ਪੂਰੀ ਜ਼ਿੰਦਗੀ ਪਿੰਗਲਵਾੜੇ ਵਿਚ ਬਿਤਾ ਰਹੇ ਹਨ। ਪਿੰਗਲਵਾੜੇ ਦਾ ਸੰਕਲਪ ਭਗਤ ਜੀ ਦੇ ਮਨ ਵਿਚ ਉਸ ਵੇਲੇ ਪੈਦਾ ਹੋਇਆ, ਜਦੋਂ ਸੰਨ 1934 ਵਿਚ ਕੋਈ 4 ਕੁ ਸਾਲ ਦੇ ਲੂਲ੍ਹੇ-ਲੰਗੜੇ ਬੱਚੇ ਨੂੰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਅੱਗੇ ਛੱਡ ਦਿੱਤਾ ਗਿਆ। ਇਸ ਬੱਚੇ ਦੀ ਸੇਵਾ ਗੁਰਦੁਆਰਾ ਡੇਹਰਾ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਭਗਤ ਜੀ ਨੂੰ ਸੌਂਪੀ ਗਈ। ਭਗਤ ਜੀ ਨੇ ਉਸ ਦਾ ਨਾਂਅ 'ਪਿਆਰਾ' ਰੱਖਿਆ। ਅਗਲੇ 14 ਸਾਲ ਭਗਤ ਜੀ ਜਦੋਂ ਵੀ ਕਿਤੇ ਜਾਂਦੇ ਤਾਂ ਪਿਆਰਾ ਉਨ੍ਹਾਂ ਦੇ ਮੋਢਿਆਂ 'ਤੇ ਹੁੰਦਾ। ਪਿਆਰਾ ਉਨ੍ਹਾਂ ਲਈ ਹਮੇਸ਼ਾ ਦਾ ਸਾਥੀ ਤੇ ਪ੍ਰੇਰਨਾ ਸਰੋਤ ਬਣ ਗਿਆ।
ਸੰਨ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਲੱਖਾਂ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਭਾਰਤ ਆਉਣਾ ਪਿਆ। ਇਸ ਦੌਰਾਨ ਹੋ ਰਹੇ ਦੰਗੇ-ਫ਼ਸਾਦ ਵਿਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਭਾਰਤ ਆਉਣ 'ਤੇ ਇਨ੍ਹਾਂ ਸ਼ਰਨਾਰਥੀਆਂ ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਰੱਖਿਆ ਗਿਆ। ਕਈ ਲੱਖਪਤੀ ਲੱਖਾਂ ਤੋਂ ਕੱਖਾਂ 'ਤੇ ਆ ਗਏ ਤੇ ਖਾਣ-ਪੀਣ ਤੋਂ ਵੀ ਮੁਹਤਾਜ ਹੋ ਗਏ। ਇਨ੍ਹਾਂ ਮੁਸੀਬਤਾਂ ਵਿਚ ਬਿਮਾਰ ਤੇ ਮਰਨ ਕਿਨਾਰੇ ਪਏ ਲੋਕਾਂ ਨੂੰ ਉਨ੍ਹਾਂ ਦੇ ਸਬੰਧੀ ਵੀ ਛੱਡ ਕੇ ਚਲੇ ਗਏ।
ਭਗਤ ਜੀ ਇਸ ਕੈਂਪ ਵਿਚ ਪਿਆਰੇ ਤੇ ਇਕ ਹੋਰ ਮਰਨ ਕਿਨਾਰੇ ਪਏ ਬੁੱਢੇ ਨੂੰ ਲੈ ਕੇ ਪਹੁੰਚ ਗਏ। ਕੈਂਪ ਵਿਚ ਬਿਮਾਰ ਤੇ ਸਮਾਜ ਵਲੋਂ ਦੁਤਕਾਰੇ ਹੋਏ ਲੋਕਾਂ ਨੂੰ ਵੇਖ ਕੇ ਉਨ੍ਹਾਂ ਲਾਵਾਰਿਸ ਰੋਗੀਆਂ ਦੀ ਦੇਖਭਾਲ ਆਪਣੇ ਜ਼ਿੰਮੇ ਲੈ ਲਈ। ਇਹ ਇਕ ਜ਼ੋਖ਼ਮ ਭਰਿਆ ਤੇ ਮੁਸ਼ਕਿਲ ਕੰਮ ਸੀ। ਉਨ੍ਹਾਂ ਨੂੰ ਹਰ ਰੋਜ਼ ਪੈਸੇ ਮੰਗਣੇ ਪੈਂਦੇ ਤੇ ਉਨ੍ਹਾਂ ਹੀ ਪੈਸਿਆਂ ਨਾਲ ਉਹ ਲਾਵਾਰਸਾਂ ਨੂੰ ਰੋਟੀ ਖੁਆਉਂਦੇ, ਦਵਾਈਆਂ ਤੇ ਕੱਪੜੇ ਖ਼ਰੀਦਦੇ। ਕਈ ਬਿਮਾਰ ਤਾਂ ਏਨੇ ਲਾਚਾਰ ਸਨ ਕਿ ਉਹ ਆਪਣੇ ਮੂੰਹ ਵਿਚ ਬੁਰਕੀ ਵੀ ਨਹੀਂ ਸਨ ਪਾ ਸਕਦੇ।
ਉਹ ਬਿਮਾਰਾਂ ਦੇ ਗੰਦੇ ਕੱਪੜੇ ਧੋਂਦੇ, ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਂਦੇ ਤੇ ਮੁਰਦਿਆਂ ਦਾ ਸਸਕਾਰ ਵੀ ਆਪ ਕਰਦੇ। ਇਨ੍ਹਾਂ ਸਾਰੇ ਕੰਮਾਂ ਵਿਚ ਕੋਈ ਮੁਸ਼ਕਿਲ ਮਹਿਸੂਸ ਨਹੀਂ ਹੋਈ, ਕਿਉਂਕਿ ਇਹ ਕੰਮ ਤਾਂ ਪਰਮਾਤਮਾ ਨੇ ਆਪ ਹੀ ਉਨ੍ਹਾਂ ਨੂੰ ਸੌਂਪਿਆ ਸੀ। ਜਦੋਂ ਇਹ ਕੈਂਪ ਸਮਾਪਤ ਹੋ ਗਿਆ ਤਾਂ ਉਸ ਵਕਤ ਭਗਤ ਜੀ ਪਾਸ ਸੱਤ ਬਿਮਾਰ ਸਨ। ਉਨ੍ਹਾਂ ਨੂੰ ਸਿਰ ਛੁਪਾਉਣ ਵਾਸਤੇ ਜਿੱਥੇ ਵੀ ਜਗ੍ਹਾ ਮਿਲਦੀ, ਉਥੇ ਹੀ ਆਪਣੇ ਬਿਮਾਰਾਂ ਨੂੰ ਲੈ ਜਾਂਦੇ। ਕਈ ਮਹੀਨੇ ਉਨ੍ਹਾਂ ਨੇ ਸੜਕਾਂ ਦੇ ਕਿਨਾਰੇ ਰੁੱਖਾਂ ਦੇ ਹੇਠਾਂ ਕੱਟੇ ਜਾਂ ਫਿਰ ਕੋਈ ਖ਼ਾਲੀ ਤੇ ਢੱਠੀ ਇਮਾਰਤ ਉਨ੍ਹਾਂ ਦਾ ਆਸਰਾ ਬਣ ਜਾਂਦੀ।
ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਗਈ। ਭਗਤ ਜੀ ਜ਼ਿਆਦਾ ਕੰਮ ਆਪ ਹੀ ਕਰਦੇ। ਖਾਸ ਕਰਕੇ ਉਹ ਕੰਮ ਜੋ ਦੂਸਰੇ ਗੰਦਾ ਤੇ ਮੁਸ਼ਕਿਲ ਸਮਝਦੇ ਸਨ, ਜਿਵੇਂ ਦਸਤਾਂ ਨਾਲ ਲਿਬੜੇ ਕੱਪੜੇ ਧੋਣਾ ਜਾਂ ਮਰੀਜ਼ਾਂ ਨੂੰ ਨਹਾਉਣਾ। ਉਨ੍ਹਾਂ ਦੇ ਅਤੁੱਟ ਵਿਸ਼ਵਾਸ, ਅਣਥੱਕ ਮਿਹਨਤ ਤੇ ਲਗਨ ਸਦਕਾ ਪਿੰਗਲਵਾੜੇ ਨੂੰ ਹਰ ਮਹੀਨੇ ਦਾਨ ਆਉਣ ਲੱਗ ਪਿਆ। ਪਿੰਗਲਵਾੜੇ ਦੀ ਇਮਾਰਤ ਬਣਾਉਣ ਵਾਸਤੇ ਕੁਝ ਜ਼ਮੀਨ ਵੀ ਮਿਲ ਗਈ ਤੇ ਇਸ ਤਰ੍ਹਾਂ ਪਿੰਗਲਵਾੜੇ ਦਾ ਮੁੱਢ ਬੱਝ ਗਿਆ। ਭਗਤ ਜੀ ਦੇ ਲਗਾਏ ਇਸ ਬੂਟੇ ਨੂੰ ਡਾ: ਇੰਦਰਜੀਤ ਕੌਰ ਨੇ ਬੜੇ ਪਿਆਰ ਨਾਲ ਵਧਾਇਆ, ਹੋਰ ਸਿੰਜਿਆ ਤੇ ਸੰਵਾਰਿਆ। ਅੱਜ ਇਸ ਵਿਚ 1390 ਤੋਂ ਵੀ ਵੱਧ ਅਨਾਥ ਤੇ ਬੇਸਹਾਰਾ ਲੋਕ ਇਕ ਸੁਖਾਵਾਂ ਜੀਵਨ ਬਤੀਤ ਕਰ ਰਹੇ ਹਨ। ਭਗਤ ਜੀ ਨੂੰ ਭਾਰਤ ਵਲੋਂ ਹੀ ਨਹੀਂ, ਸਗੋਂ ਸਾਰੇ ਸੰਸਾਰ ਵਲੋਂ ਮਾਨਤਾ ਮਿਲੀ ਹੈ। ਜੋ ਵੀ ਭਗਤ ਜੀ ਨੂੰ ਇਕ ਵਾਰ ਮਿਲਿਆ, ਹਮੇਸ਼ਾ ਲਈ ਪਿੰਗਲਵਾੜੇ ਦਾ ਹਮਦਰਦੀ ਤੇ ਸ਼ੁੱਭਚਿੰਤਕ ਬਣ ਗਿਆ। ਭਗਤ ਜੀ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਵੇਂ ਰਾਸ਼ਟਰੀ ਪੁਰਸਕਾਰ ਪਦਮਸ਼੍ਰੀ, ਹਾਰਮਨੀ ਐਵਾਰਡ, ਲੋਕ ਰਤਨ ਐਵਾਰਡ, ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ, ਪੰਜਾਬ ਵਲੋਂ ਭਾਈ ਘਨੱਈਆ ਪੁਰਸਕਾਰ ਅਤੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਪੰਜਾਬ ਵਲੋਂ ਸਰਬੱਤ ਦਾ ਭਲਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪਿੰਗਲਵਾੜੇ ਵਿਚ ਮਾਨਸਿਕ ਰੋਗੀ 390, ਅਧਰੰਗ/ਪੋਲੀਓ 193, ਮੰਦਬੁੱਧੀ ਵਾਲੇ 337, ਗੂੰਗੇ-ਬੋਲੇ 159, ਬਿਰਧ 143, ਜ਼ਖ਼ਮਾਂ ਵਾਲੇ 35, ਟੀ.ਬੀ. ਵਾਲੇ 16, ਨੇਤਰਹੀਣ 41, ਏਡਜ਼ ਵਾਲੇ 18, ਮਿਰਗੀ ਵਾਲੇ 209, ਕੈਂਸਰ ਵਾਲੇ 1, ਸ਼ੂਗਰ ਵਾਲੇ 83, ਸਕੂਲ ਜਾਣ ਵਾਲੇ ਬੱਚੇ 96, ਛੱਡੇ ਗਏ ਨਵਜਾਤ ਬੱਚੇ 07, ਠੀਕ ਹੋ ਗਏ ਰੋਗੀ 24 ਹਨ। 31 ਜੁਲਾਈ 2016 ਤੱਕ ਮਰੀਜ਼ਾਂ ਦੀ ਗਿਣਤੀ 1752 ਹੋ ਗਈ ਹੈ।
ਪਿੰਗਲਵਾੜੇ ਦੀਆਂ ਸ਼ਾਖਾਵਾਂ ਅੰਮ੍ਰਿਤਸਰ, ਮਾਨਾਂਵਾਲਾ, ਗੋਇੰਦਵਾਲ, ਸੰਗਰੂਰ, ਜਲੰਧਰ, ਚੰਡੀਗੜ੍ਹ ਅਤੇ ਲੁਧਿਆਣਾ ਦਫ਼ਤਰ ਤੱਕ ਮੌਜੂਦ ਹਨ।
ਪਿੰਗਲਵਾੜੇ ਵਿਚ 1752 ਤੋਂ ਵੱਧ ਨਿਵਾਸੀਆਂ ਲਈ ਰਹਿਣ ਪ੍ਰਬੰਧ, ਦਵਾਈਆਂ, ਮੈਡੀਕਲ ਲੈਬਾਰਟਰੀ, ਓਪਰੇਸ਼ਨ ਥੀਏਟਰ, ਐਂਬੂਲੈਂਸ ਤੇ ਟਰੋਮਾ ਵੈਨ, ਮਸਨੂਈ ਅੰਗ ਕੇਂਦਰ, ਫਿਜ਼ਿਓਥਰੈਪੀ ਸੈਂਟਰ, ਡੈਂਟਲ ਕਲੀਨਿਕ, ਮੁੜ ਵਸੇਬਾ ਕੇਂਦਰ, ਅਲਟਰਾ ਸਾਊਂਡ ਕੇਂਦਰ, ਬਜ਼ੁਰਗਾਂ ਲਈ-ਆਪਣਾ ਘਰ, ਸੈਂਸਰੀ ਰੂਮ ਤੇ ਪਲੇਅ ਰੂਮ ਵਰਗੀਆਂ ਸਹੂਲਤਾਂ ਦਾ ਵੀ ਪ੍ਰਬੰਧ ਹੈ।
ਪਿੰਗਲਵਾੜੇ ਵਲੋਂ ਜਾਗੂਰਕਤਾ ਫੈਲਾਉਣ ਦੇ ਮੰਤਵ ਨਾਲ ਪ੍ਰਿੰਟਿੰਗ ਸੈੱਲ, ਮੀਡੀਆ ਅਤੇ ਇਨਫਰਮੇਸ਼ਨ ਕੇਂਦਰ, ਲਾਇਬ੍ਰੇਰੀ, ਕਿਤਾਬਚੇ ਤੇ ਇਸ਼ਤਿਹਾਰ, ਸੈਮੀਨਾਰਾਂ ਤੇ ਵਰਕਸ਼ਾਪਾਂ, ਵਿਦੇਸ਼ੀ ਯਾਤਰਾਵਾਂ ਵੀ ਕੀਤੀਆਂ ਜਾਂਦੀਆਂ ਹਨ। ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਨਰਸਰੀ, ਰੁੱਖ ਲਗਾਉਣਾ, ਕੁਦਰਤੀ ਖੇਤੀ, ਜਾਗਰੂਕਤਾ ਮੁਹਿੰਮਾਂ ਅਤੇ ਪਾਣੀ ਸੋਧਕ ਪਲਾਂਟ ਵੀ ਲਗਵਾਏ ਗਏ ਹਨ।
ਇਸ ਤੋਂ ਇਲਾਵਾ ਬੱਚਿਆਂ ਨੂੰ ਮੁਫ਼ਤ ਵਿੱਦਿਅਕ ਸਹੂਲਤਾਂ ਦੇਣ ਦੇ ਮੰਤਵ ਨਾਲ ਭਗਤ ਪੂਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਮਾਨਾਂਵਾਲਾ ਅੰਮ੍ਰਿਤਸਰ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ, ਬੁੱਟਰ ਕਲਾਂ, ਕਾਦੀਆਂ ਗੁਰਦਾਸਪੁਰ, ਭਗਤ ਪੂਰਨ ਸਿੰਘ ਸਕੂਲ, ਫਾਰ ਡੈੱਫ, ਮਾਨਾਂਵਾਲਾ ਅੰਮ੍ਰਿਤਸਰ, ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ, ਕਟੌਰਾ, ਫਿਰੋਜ਼ਪੁਰ, ਭਗਤ ਪੂਰਨ ਸਿੰਘ ਮੰਦਬੁੱਧੀ ਬੱਚਿਆਂ ਲਈ ਸਕੂਲ, ਮਾਨਾਂਵਾਲਾ ਅੰਮ੍ਰਿਤਸਰ, ਭਗਤ ਪੂਰਨ ਸਿੰਘ ਮੰਦਬੁੱਧੀ ਬੱਚਿਆਂ ਲਈ ਸਕੂਲ, ਪਲੋਸਰਾ ਚੰਡੀਗੜ੍ਹ, ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ, ਮਾਨਾਂਵਾਲਾ ਅੰਮ੍ਰਿਤਸਰ ਵਿਖੇ ਖੋਲ੍ਹੇ ਗਏ ਹਨ।


-ਡਿਪਟੀ ਡਾਇਰੈਕਟਰ (ਸਾਬਕਾ), ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ। ਮੋਬਾ: 81460-96055

ਉਸਤਾਦ ਰਾਗੀ ਜਸਵੰਤ ਸਿੰਘ ਕੁਲਾਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ

ਗੁਰਮਤਿ ਸੰਗੀਤ ਵਿਚ ਜਾਣੀ-ਪਛਾਣੀ ਸ਼ਖ਼ਸੀਅਤ ਸਵ: ਉਸਤਾਦ ਰਾਗੀ ਜਸਵੰਤ ਸਿੰਘ (ਤੀਬਰ) ਕੁਲਾਰ ਦੀ ਤਸਵੀਰ 10 ਫਰਵਰੀ, 2018 ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ। ਤਸਵੀਰ ਤੋਂ ਪਰਦਾ ਸ਼੍ਰੋਮਣੀ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਖੁਦ ਉਠਾਇਆ। ਇਸ ਸਮੇਂ ਉਨ੍ਹਾਂ ਨੇ ਉਸਤਾਦ ਜੀ ਨਾਲ ਮਸਤੂਆਣਾ ਸਾਹਿਬ ਅਤੇ ਲੌਂਗੋਵਾਲ ਵਿਖੇ ਬਿਤਾਏ ਪਲਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਮੈਂ ਉਨ੍ਹਾਂ ਦੀ ਤਸਵੀਰ ਤੋਂ ਪਰਦਾ ਹਟਾ ਕੇ ਮਾਣ ਮਹਿਸੂਸ ਕਰਦਾ ਹਾਂ। ਭਾਈ ਲੌਂਗੋਵਾਲ ਨੇ ਕਿਹਾ ਕਿ ਉਸਤਾਦ ਜੀ ਨੇ 3000 ਤੋਂ ਵੱਧ ਚੋਟੀ ਦੇ ਰਾਗੀ ਹੀ ਨਹੀਂ, ਸਗੋਂ ਉਸਤਾਦ ਵੀ ਪੈਦਾ ਕੀਤੇ, ਜਿਨ੍ਹਾਂ ਨੇ ਅਗਾਂਹ ਹਜ਼ਾਰਾਂ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਦਿੱਤੀ। ਉਸਤਾਦ ਰਾਗੀ ਜਸਵੰਤ ਸਿੰਘ ਨੇ ਦੌਧਰ (ਜ਼ਿਲ੍ਹਾ ਮੋਗਾ) ਦੀ ਕੀਰਤਨ ਟਕਸਾਲ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ 20-22 ਸਾਲ ਦੀ ਉਮਰ ਵਿਚ ਉਸਤਾਦ ਬਣ ਕੇ ਪਹਿਲੀ ਕਲਾਸ ਗੁਰਦੁਆਰਾ ਸੱਚਾ ਸੌਦਾ ਚੂਹਣਕਾਣਾ ਮੰਡੀ (ਪਾਕਿਸਤਾਨ) ਤੋਂ ਸ਼ੁਰੂ ਕਰਕੇ ਸਾਰੀ ਉਮਰ ਕੀਰਤਨ ਦੀ ਦਾਤ ਮੁੱਠਾਂ ਭਰ-ਭਰ ਵੰਡੀ।
ਉਨ੍ਹਾਂ ਨੇ ਨੇਤਰਹੀਣਾਂ, ਅੰਗਹੀਣਾਂ ਅਤੇ ਗਰੀਬ ਵਿਦਿਆਰਥੀਆਂ ਦੀ ਸਾਰੀ ਕਿਰਿਆ ਦਾ ਕੋਲੋਂ ਖਰਚਾ ਕਰਕੇ ਉਨ੍ਹਾਂ ਨੂੰ ਉੱਚ ਕੋਟੀ ਦੇ ਕੀਰਤਨੀਏ ਬਣਾਇਆ। ਉਨ੍ਹਾਂ ਦੇ ਸ਼ਾਗਿਰਦਾਂ 'ਚੋਂ ਰਾਗੀ ਉਸਤਾਦ ਭਾਈ ਲਾਲ ਸਿੰਘ ਧਨੌਲਾ (ਮਸਤੂਆਣਾ ਸਾਹਿਬ), ਉਸਤਾਦ ਭਾਈ ਸੁਰਜੀਤ ਸਿੰਘ ਅਕਾਲ ਅਕਾਦਮੀ ਚੀਮਾ, ਸੰਗਰੂਰ, ਉਸਤਾਦ ਭਾਈ ਪੂਰਨ ਸਿੰਘ ਦਮਦਮੀ ਟਕਸਾਲ ਮਹਿਤਾ, ਭਾਈ ਰਣਜੀਤ ਸਿੰਘ ਚੰਡੀਗੜ੍ਹ, ਬਾਬਾ ਮੁਖਤਿਆਰ ਸਿੰਘ ਮੁਖੀ ਅਮਰੀਕਾ, ਭਾਈ ਸਰਵਣ ਸਿੰਘ ਮਹੰਤ ਕੈਨੇਡਾ ਵਿਚ ਕੀਰਤਨ ਦੀ ਅੱਜ ਵੀ ਸਿਖਲਾਈ ਦੇ ਰਹੇ ਹਨ।
ਉਨ੍ਹਾਂ ਦੇ ਸ਼ਾਗਿਰਦਾਂ ਵਿਚੋਂ ਮੁੱਖ ਤੌਰ 'ਤੇ ਭਾਈ ਅਮਰੀਕ ਸਿੰਘ, ਭਾਈ ਮੁਕੰਦ ਸਿੰਘ ਤਬਲਾ-ਵਾਦਕ, ਭਾਈ ਕੁਲਵੰਤ ਸਿੰਘ ਤਬਲਾ ਵਾਦਕ, ਭਾਈ ਅਜਮੇਰ ਸਿੰਘ, ਭਾਈ ਭਰਪੂਰ ਸਿੰਘ ਭੂਰਾ, ਭਾਈ ਪ੍ਰੀਤਮ ਸਿੰਘ ਸਾਰੋਂ, ਭਾਈ ਸੰਤੋਖ ਸਿੰਘ ਮਰਗਿੰਦ, ਉਸਤਾਦ ਨਿਹੰਗ ਕਰਮ ਸਿੰਘ, ਸ: ਕਰਮ ਸਿੰਘ ਰਸੀਆ, ਮਨਜੀਤ ਸਿੰਘ ਸਾਗਰ ਧਨੌਲਾ, ਭਾਈ ਜਰਨੈਲ ਸਿੰਘ ਲੌਂਗੋਵਾਲ, ਜ਼ਖ਼ਮੀ ਪਰਿਵਾਰ, ਰਾਗੀ ਭਾਈ ਅਜੀਤਪਾਲ ਸਿੰਘ ਫਤਹਿਗੜ੍ਹ ਸਾਹਿਬ, ਭਾਈ ਰਾਮ ਸਿੰਘ (ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਮੈਂਬਰ) ਆਦਿ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਤਖ਼ਤਾਂ 'ਤੇ ਮੁੱਖ ਰਾਗੀ ਰਹਿ ਚੁੱਕੇ ਹਨ। ਡਾ: ਗੁਰਨਾਮ ਸਿੰਘ ਮੁਖੀ ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇਸ ਵਿਭਾਗ ਵਿਚ ਆਪ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਉਸਤਾਦ ਜੀ ਦੀ ਲਿਖੀ ਪੁਸਤਕ 'ਸੰਗੀਤ ਸਾਗਰ', ਜਿਸ ਵਿਚ ਪੰਜਵੇਂ ਪਾਤਸ਼ਾਹ ਵੇਲੇ ਦੀਆਂ ਪੁਰਾਤਨ ਬੰਦਸ਼ਾਂ ਨੂੰ ਲਿਪੀਬੱਧ ਕੀਤਾ ਗਿਆ ਹੈ, ਇਹ ਕਿਤਾਬ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ। ਉਸਤਾਦ ਜਸਵੰਤ ਸਿੰਘ ਕੁਲਾਰ ਦੇ ਸ਼ਾਗਿਰਦਾਂ 'ਚੋਂ ਗੁਰਮਤਿ ਸੰਗੀਤ ਦੇ ਪਰਿਵਾਰ ਦੀ ਤੀਜੀ ਪੀੜ੍ਹੀ (ਭਾਈ ਗੁਰਪ੍ਰੀਤ ਸਿੰਘ ਫਤਹਿਗੜ੍ਹ ਸਾਹਿਬ, ਭਾਈ ਅਵਤਾਰ ਸਿੰਘ ਧਨੌਲਾ, ਭਾਈ ਅਵਤਾਰ ਸਿੰਘ ਬਡਰੁੱਖਾਂ, ਭਾਈ ਗੁਰਪ੍ਰੀਤ ਸਿੰਘ ਕੁੰਨਰਾਂ ਆਦਿ) ਅੱਜ ਸਿੱਖ ਪੰਥ ਦੇ ਮਹਾਨ ਅਸਥਾਨਾਂ 'ਤੇ ਕੀਰਤਨ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਦੇ ਸ਼ਾਗਿਰਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਧੰਨਵਾਦ ਕਰਦੇ ਹਨ ਅਤੇ ਮਾਣ ਵੀ ਮਹਿਸੂਸ ਕਰਦੇ ਹਨ ਕਿ ਉਸਤਾਦ ਜਸਵੰਤ ਸਿੰਘ ਕੁਲਾਰ ਹੁਰਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ ਹੈ।


-ਗੁਰਜਿੰਦਰ ਸਿੰਘ ਰਸੀਆ,
ਧਨੌਲਾ। ਮੋਬਾ: 98787-57904






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX