ਤਾਜਾ ਖ਼ਬਰਾਂ


'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  21 minutes ago
ਨਵੀਂ ਦਿੱਲੀ, 16 ਜਨਵਰੀ- ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦੋਸ਼ੀ ਕਰਾਰੇ ਜਾਣ 'ਤੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਕੋਈ ਕੀ ਕਹਿ...
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  34 minutes ago
ਨਵੀਂ ਦਿੱਲੀ, 16 ਜਨਵਰੀ- ਸ਼ੀਲਾ ਦੀਕਸ਼ਤ ਵਲੋਂ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲਣ ਮੌਕੇ ਕਰਾਏ ਪ੍ਰੋਗਰਾਮ 'ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਤੀਤ 'ਚ ਰਾਹੁਲ ਗਾਂਧੀ ਦੇ...
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  43 minutes ago
ਜਲਾਲਾਬਾਦ, 16 ਜਨਵਰੀ (ਕਰਨ ਚੁਚਰਾ)- ਸ਼ਹਿਰ ਦੀ ਬਸਤੀ ਗੋਬਿੰਦ ਨਗਰੀ 'ਚ ਇੱਕ 45 ਸਾਲਾ ਵਿਅਕਤੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੇਵਲ ਕ੍ਰਿਸ਼ਨ ਦੇ ਰੂਪ 'ਚ ਹੋਈ ਹੈ। ਕੇਵਲ ਕ੍ਰਿਸ਼ਨ ਖੇਤੀਬਾੜੀ ਅਤੇ ਮਿਹਨਤ-ਮਜ਼ਦੂਰੀ ਕਰਕੇ...
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  54 minutes ago
ਨਵੀਂ ਦਿੱਲੀ, 16 ਜਨਵਰੀ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਨੇ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲ ਲਈ ਹੈ। ਉਨ੍ਹਾਂ ਦੀ ਤਾਜਪੋਸ਼ੀ ਸੰਬੰਧੀ ਕਰਾਏ ਪ੍ਰੋਗਰਾਮ 'ਚ ਜਿੱਥੇ ਕਾਂਗਰਸ ਦੇ ਕਈ ਨੇਤਾ ਮੌਜੂਦ ਸਨ, ਉੱਥੇ ਹੀ...
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  about 1 hour ago
ਨਵੀਂ ਦਿੱਲੀ, 16 ਜਨਵਰੀ- ਸੁਪਰੀਮ ਕੋਰਟ ਨੇ ਅੱਜ ਸੂਬਿਆਂ 'ਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਦੀ ਨਿਯੁਕਤੀ ਸੰਬੰਧੀ ਆਪਣੇ ਪਿਛਲੇ ਸਾਲ ਦੇ ਹੁਕਮ 'ਚ ਬਦਲਾਅ ਕਰਨ ਵਾਲੀਆਂ ਪੰਜਾਬ, ਹਰਿਆਣਾ, ਕੇਰਲ, ਪੱਛਮੀ ਬੰਗਾਲ ਅਤੇ ਬਿਹਾਰ...
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 16 ਜਨਵਰੀ (ਰਣਜੀਤ ਸਿੰਘ ਢਿੱਲੋਂ)- ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ...
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  about 1 hour ago
ਚੰਡੀਗੜ੍ਹ, 16 ਜਨਵਰੀ (ਅਜਾਇਬ ਸਿੰਘ ਔਜਲਾ)- ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਭੇਜੇ ਆਪਣੇ ਅਸਤੀਫ਼ਾ...
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 2 hours ago
ਭੋਗਪੁਰ, 16 ਜਨਵਰੀ (ਕਮਲਜੀਤ ਸਿੰਘ ਡੱਲੀ)- ਪਠਾਨਕੋਟ-ਜਲੰਧਰ ਕੌਮੀ ਹਾਈਵੇਅ 'ਤੇ ਪਿੰਡ ਡੱਲੀ ਵਿਖੇ ਅੱਜ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ...
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  about 2 hours ago
ਕੀਰਤਪੁਰ ਸਾਹਿਬ, 16 ਜਨਵਰੀ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)- ਬੀਤੀ ਰਾਤ ਨਜ਼ਦੀਕੀ ਪਿੰਡ ਅਟਾਰੀ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਨਹਿਰ 'ਚ ਡਿੱਗ ਪਈ। ਇਸ ਹਾਦਸੇ 'ਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਅਤੇ...
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 2 hours ago
ਫਿਲੌਰ, 16 ਜਨਵਰੀ (ਸੁਰਜੀਤ ਸਿੰਘ ਬਰਨਾਲਾ)- ਬੀਤੀ ਰਾਤ 12 ਵਜੇ ਦੇ ਕਰੀਬ ਫਿਲੌਰ ਦੇ ਨਵਾਂਸ਼ਹਿਰ ਰੋਡ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰਾਂ ਨੇ ਸਟਰਾਂਗ ਰੂਮ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਅਸਫ਼ਲ ਰਹੀ। ਹਾਲਾਂਕਿ ਜਾਂਦੇ ਸਮੇਂ ਚੋਰ ਬੈਂਕ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ ਵਕਤ ਮੁੱਠੀ ਮੇਂ

ਹੁਣ 'ਵੂਮਨੀਆ' ਬਣ ਨਜ਼ਰ ਆਏਗੀ ਤਾਪਸੀ ਪੰਨੂੰ ਤੇ ਇਹ ਫ਼ਿਲਮ ਹਟਵੀਆਂ ਫ਼ਿਲਮਾਂ ਬਣਾਉਣ ਦਾ ਮਾਹਿਰ ਅਨੁਰਾਗ ਕਸ਼ਯਪ ਬਣਾ ਰਿਹਾ ਹੈ। 'ਪਿੰਕ', 'ਨਾਮ ਸ਼ਬਾਨਾ' ਵੀ ਨਾਰੀ ਪ੍ਰਧਾਨ ਫ਼ਿਲਮਾਂ ਸਨ ਤੇ ਇਸੇ ਹੀ ਕੜੀ ਦੀ 'ਵੂਮਨੀਆ' ਹੋਵੇਗੀ। 'ਮਨਮਰਜ਼ੀਆਂ' ਕਸ਼ਯਪ ਦੀ ਟੀਮ ਨਾਲ ਕਰਨ ਵਾਲੀ ਤਾਪਸੀ ਕੋਲ ਇਸ ਸਮੇਂ ਸ਼ਾਦ ਅਲੀ ਦੀ 'ਸੂਰਮਾ' ਵੀ ਹੈ। ਤਾਪਸੀ ਦੇ ਸਬੰਧ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਰੁਣ ਧਵਨ ਨਾਲ ਉਸ ਦੀ ਮਿੱਤਰਤਾ ਪੱਕੀ ਹੁੰਦੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਤਾਪਸੀ ਦੀ ਪੇਸ਼ਕਾਰੀ ਉਸ ਨੂੰ ਪ੍ਰਸੰਸਾ ਘੱਟ ਤੇ ਗਾਲ੍ਹਾਂ ਜ਼ਿਆਦਾ ਦਿਵਾ ਰਹੀ ਹੈ। ਦਿਲਜੀਤ ਦੋਸਾਂਝ ਨਾਲ 'ਸੂਰਮਾ' ਉਸ ਨੇ ਕੀਤੀ ਹੈ। ਹਾਕੀ ਟੀਮ ਦੀ ਨੀਲੀ ਜਰਸੀ ਵਾਲੀ ਤਾਪਸੀ ਦੀ 'ਸੂਰਮਾ' ਵਾਲੀ ਤਸਵੀਰ ਪਸੰਦ ਕੀਤੀ ਜਾ ਰਹੀ ਹੈ। ਤਾਪਸੀ ਦਾ ਨਾਂਅ ਇਸ ਫ਼ਿਲਮ 'ਚ ਹਰਪ੍ਰੀਤ ਹੈ। 'ਮਨਮਰਜ਼ੀਆਂ' ਦੀ ਸ਼ੂਟਿੰਗ ਦੌਰਾਨ ਤਾਪਸੀ ਨੇ ਕਸ਼ਮੀਰ 'ਚ ਆਪਣੇ ਯੂਨਿਟ ਮੈਂਬਰਾਂ ਨਾਲ ਕ੍ਰਿਕਟ ਵੀ ਖੇਡੀ। ਕ੍ਰਿਕਟ ਦਾ ਬੁਖਾਰ ਨਹੀਂ ਉਤਰਦਾ ਇਹ ਗੱਲ ਉਥੇ ਤਾਪਸੀ ਸਭ ਨੂੰ ਦੱਸਦੀ ਰਹੀ। ਖੁੱਲ੍ਹਾ ਅਕਾਸ਼, ਹੁਸੀਨ ਵਾਦੀਆਂ ਤੇ ਵਾਰ-ਵਾਰ ਇਥੇ ਆਉਣ ਦੀ ਚਾਹਵਾਨ ਹੈ ਤਾਪਸੀ। ਕਸ਼ਮੀਰ ਦੀ ਪ੍ਰੇਮਣ ਬਣੀ ਤਾਪਸੀ ਨੂੰ ਕਸ਼ਮੀਰ ਸਵਰਗ ਲਗਦਾ ਹੈ। ਤਾਪਸੀ ਨੇ 'ਮਨਮਰਜ਼ੀਆਂ' ਦੌਰਾਨ ਅਭਿਸ਼ੇਕ ਬੱਚਨ ਨਾਲ ਨੇੜਤਾ ਵੀ ਵਧਾਈ ਹੈ। ਅਨੁਰਾਗ ਕਸ਼ਯਪ ਦੀ 'ਵੂਮਨੀਆ' ਤਾਪਸੀ ਪੰਨੂੰ ਹਾਕੀ ਵੀ ਖੇਡਦੀ ਹੈ ਤੇ ਕ੍ਰਿਕਟ ਵੀ। ਦਿਲ ਜੰਗਲੀ ਵੀ ਹੈ, ਮਨਮਰਜ਼ੀਆਂ ਵੀ ਕਰਦੀ ਹੈ ਪਰ 'ਪਿੰਕ' ਰੰਗ ਵਾਲੀ ਤਾਪਸੀ ਪੰਨੂੰ ਨੀਵੀਆ ਇੰਡੀਆ ਦੇ 'ਸ਼ਾਵਰ ਜੈਲ', 'ਬਾਡੀ ਵਾਸ਼' ਦੀ ਬਰਾਂਡ ਅੰਬੈਸਡਰ ਵੀ ਬਣ ਗਈ ਹੈ। ਸਮਾਂ ਤਾਪਸੀ ਪੰਨੂੰ ਦੇ ਹੱਕ ਵਿਚ ਪੂਰੀ ਤਰ੍ਹਾਂ ਨਾਲ ਭੁਗਤ ਰਿਹਾ ਹੈ।


ਖ਼ਬਰ ਸ਼ੇਅਰ ਕਰੋ

ਕਾਜੋਲ

'ਈਲਾ' ਆਏਗੀ

ਵਿਆਹ ਤੋਂ ਬਾਅਦ ਕਾਜੋਲ ਪੂਰੀ ਕਬੀਲਦਾਰਨੀ ਬਣ ਗਈ। ਹਾਂ ਧਨੁਸ਼ ਨਾਲ 'ਵੀ.ਆਈ.ਪੀ.-2' ਉਸ ਦੀ ਫ਼ਿਲਮ ਆਈ। ਅਜੈ ਦੇਵਗਨ ਨਾਲ ਸਲਾਹਾਂ ਕਰਕੇ ਕਾਜੋਲ ਉਸ ਦੀ ਫ਼ਿਲਮ ਨਾਲ ਫਿਰ ਪਰਦੇ 'ਤੇ ਉਤਰਨ ਦੀ ਤਿਆਰੀ 'ਚ ਹੈ। ਫ਼ਿਲਮ ਅਜੈ ਬਣਾ ਰਿਹਾ ਹੈ ਤੇ ਨਾਂਅ 'ਈਲਾ' ਰੱਖਿਆ ਗਿਆ ਹੈ। ਅਜੈ ਨੇ ਕਾਜੋਲ ਦੀ ਖਾਤਿਰ ਗੁਜਰਾਤੀ ਨਾਟਕ 'ਕਾਗੜੋ' ਦੇ ਅਧਿਕਾਰ ਆਨੰਦ ਗਾਂਧੀ ਤੋਂ ਖਰੀਦ ਕੇ 'ਈਲਾ' ਸੈੱਟ 'ਤੇ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਹਨ। ਮਾਂ-ਪੁੱਤਰ ਦੀ ਕਹਾਣੀ ਵਾਲੇ 'ਈਲਾ' ਲਈ ਕਾਜੋਲ ਦੇਵਗਨ ਤਿਆਰ ਹੈ। ਪ੍ਰਦੀਪ ਸਰਕਾਰ ਨੂੰ ਘਰੇ ਸੱਦ ਕੇ ਕਾਜੋਲ ਨੇ ਦਮਦਾਰ ਸੰਵਾਦ ਲਿਖਣ ਲਈ ਕਿਹਾ ਹੈ। ਕਾਜੋਲ ਦੀ ਸੁੰਦਰਤਾ ਤੇ ਅਭਿਨੈ ਈਲਾ ਨੂੰ ਹਿੱਟ ਕਰੇਗਾ। ਪ੍ਰਦੀਪ ਤੇ ਅਜੈ ਦੀਆਂ ਇਹੀ ਗੱਲਾਂ ਅੱਜ ਚਰਚਾ ਦਾ ਵਿਸ਼ਾ ਹਨ। ਕਾਜੋਲ ਦੀਆਂ ਫ਼ਿਲਮੀ ਦਿਲਚਸਪੀਆਂ ਵਧ ਗਈਆਂ ਹਨ। ਪੈਰਿਸ ਵਿਖੇ ਪਤੀ ਅਜੈ ਦੇ ਜਨਮ ਦਿਨ ਲਈ ਪੁੱਤਰ ਯੁੱਗ, ਪੁੱਤਰੀ ਨਿਆਸਾ ਨਾਲ ਮਿਲ ਕੇ ਵਤਸਲ ਸੇਠ, ਇਸ਼ਿਤਾ ਦੱਤਾ ਨਾਲ ਕਾਜੋਲ ਨੇ ਸ਼ਾਨਦਾਰ ਪਾਰਟੀ ਕੀਤੀ। ਕਾਜੋਲ ਦੀ ਮਿਹਨਤ ਨਾਲ ਅਜੈ ਨੇ ਆਪਣਾ ਪ੍ਰਾਈਵੇਟ 6 ਸੀਟਾਂ ਵਾਲਾ ਜਹਾਜ਼ ਖਰੀਦਿਆ ਹੈ। ਗੱਲ 'ਈਲਾ' ਦੀ ਤਾਂ ਸਿੰਗਾਪੁਰ ਜਾ ਕੇ ਕਾਜੋਲ ਇਸ ਫ਼ਿਲਮ ਲਈ ਫ਼ਿਲਮਾਂਕਣ ਥਾਵਾਂ (ਲੋਕੇਸ਼ਨਜ਼) ਦੀ ਭਾਲ ਕਰੇਗੀ। ਕਾਜੋਲ ਫਿਰ ਕਰਨ ਜੌਹਰ ਨਾਲ ਸੁਲਾਹ ਕਰ ਚੁੱਕੀ ਹੈ। ਇਹ ਸਾਰੀਆਂ ਗੱਲਾਂ ਕਾਜੋਲ ਦੀ ਫਿਰ ਫ਼ਿਲਮੀ ਵਾਪਸੀ ਦੇ ਹੱਕ 'ਚ ਭੁਗਤਣਗੀਆਂ। ਕਾਜੋਲ ਬਚਪਨ ਵਿਚ ਹੀ ਮਿਹਨਤੀ ਸੀ ਤੇ ਘਰ ਦੀ ਸਫਾਈ ਆਪ ਕਰਦੀ ਸੀ ਤੇ ਹੁਣ ਇਹ ਕੰਮ ਯੁੱਗ ਤੇ ਨਿਆਸਾ ਨੂੰ ਕਰਵਾਉਂਦੀ ਹੈ। ਕਾਜੋਲ ਸਭ ਨੂੰ ਪਛਾੜ ਕੇ ਖ਼ਬਰਾਂ, ਬਾਲੀਵੁੱਡ ਤੇ ਮੀਡੀਆ ਦਾ ਮੁੱਖ ਆਕਰਸ਼ਣ ਬਣ ਰਹੀ ਹੈ।

ਸ਼ਾਹਰੁਖ ਖ਼ਾਨ

ਨਹੀਂ ਰੀਸਾਂ 'ਬਾਦਸ਼ਾਹ' ਦੀਆਂ

ਕਿੰਗ ਖ਼ਾਨ ਅੱਜਕਲ੍ਹ ਆਪਣੀ ਕ੍ਰਿਕਟ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨਾਲ ਆਈ.ਪੀ.ਐਲ. 20-20 ਓਵਰਜ਼ ਦੇ ਮੈਚਾਂ ਲਈ ਦਿਨ-ਰਾਤ ਸਰਗਰਮ ਹੈ। ਕਦੇ ਉਹ ਕੇ.ਕੇ. ਆਰ. ਲਈ ਪਾਰਟੀ ਕਰ ਕੇ 'ਛਮਕ ਛੱਲੋ' ਗਾਣੇ 'ਤੇ ਨੱਚਦਾ ਹੈ ਤੇ ਕਦੇ ਕੈਟਰੀਨਾ ਕੈਫ਼ ਨੂੰ 'ਜ਼ੀਰੋ' ਦੇ ਵੀਡੀਓ ਵਾਇਰਲ ਕਰਨ ਲਈ ਮੈਦਾਨ ਤੋਂ ਹੀ ਹਦਾਇਤਾਂ ਘੱਲਦਾ ਹੈ। ਧੀ ਸੁਹਾਨਾ ਤੇ ਪੁੱਤਰ ਅਬਰਾਮ ਨਾਲ ਮੈਚ ਵੇਖਦਾ ਹੈ ਤੇ ਮੈਚ ਦੌਰਾਨ ਹੀ ਧੋਨੀ ਦੀ ਨੰਨੀ ਬੇਟੀ ਨਾਲ ਲਾਡ ਲਡਾਉਂਦਾ ਹੈ। ਜੇ ਸਲਮਾਨ ਮੀਆਂ 'ਦਸ ਕਾ ਦਮ', 'ਬਿੱਗ ਬੌਸ' ਨਾਲ ਚਰਚਾ ਦਾ ਬਿੰਦੂ ਹੈ ਤਾਂ 'ਨਈ ਸੋਚ' ਨਾਲ ਟੀ.ਵੀ. 'ਤੇ ਵਾਪਸੀ ਸ਼ਾਹਰੁਖ ਖ਼ਾਨ ਦੀ ਵੀ ਹੋਈ ਹੈ। ਹੁਣ ਸੀਜ਼ਨ ਤੀਸਰਾ ਲੈ ਕੇ 'ਨਈ ਸੋਚ' ਦਾ ਸ਼ਾਹਰੁਖ ਆ ਕੇ ਸਲਮਾਨ ਖ਼ਾਨ ਨੂੰ ਟੱਕਰ ਦੇਵੇਗਾ। ਰੁਮਾਂਸ ਹੀ ਨਹੀਂ ਗੈਂਗਸਟਰ ਫ਼ਿਲਮਾਂ ਦਾ ਵੀ ਲੀਡਰ ਸ਼ਾਹਰੁਖ ਹੈ। 'ਰਾਈਸ' ਇਸ ਦੀ ਉਦਾਹਰਨ ਰਹੀ ਹੈ। ਡਾਨ-2' ਵੀ ਇਸ ਤਰ੍ਹਾਂ ਦੀ ਹੀ ਸੀ। ਕਿੰਗ ਖਾਨ ਦੀ ਕ੍ਰਿਕਟ ਟੀਮ ਕੇ. ਕੇ. ਆਰ. ਦੇ ਰਸੇਲ ਨਾਲ ਸ਼ਾਹਰੁਖ ਦੀ ਨੇੜਤਾ ਵਧੀ ਹੈ। ਹਾਲੇ ਚੋਟੀ ਵੱਲ ਆਈ.ਪੀ.ਐਲ. ਨੇ ਜਾਣਾ ਹੈ। ਮੁਕੇਸ਼ ਅੰਬਾਨੀ ਦੀ ਤਾਂ ਹੁਣ ਸ਼ਾਹਰੁਖ ਬਿਨਾਂ ਪਾਰਟੀ ਹੀ ਫਿੱਕੀ ਹੁੰਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੋਰੂਡੋ ਨਾਲ ਵੀ ਖਾਨ ਦੀ ਕਾਫੀ ਬਣ ਗਈ ਹੈ। ਟੋਰੂਡੋ ਤਾਂ ਸ਼ਾਹਰੁਖ ਨਾਲ ਮਿਲ ਕੈਨੇਡਾ ਲਈ ਫ਼ਿਲਮਾਂ ਦੀ ਭਾਈਵਾਲੀ ਤੱਕ ਦੀ ਗੱਲ ਕਹਿ ਕੇ ਸ਼ਾਹਰੁਖ ਦਾ ਕੱਦ ਵਧਾ ਗਏ ਹਨ। ਦੁਨੀਆ ਦੇ ਹਰ ਕੋਨੇ 'ਚ ਸ਼ਾਹਰੁਖ ਦੇ ਚਹੇਤੇ ਹਨ। ਹਿੰਦੀ ਸਿਨੇਮਾ ਦੇ ਬਾਦਸ਼ਾਹ ਦੀਆਂ ਔਰਤ ਪ੍ਰਸੰਸਕਾਵਾਂ ਬਹੁਤ ਹਨ। 16 ਤੋਂ 60 ਸਾਲ ਦੀ ਉਮਰ ਤੱਕ ਦੀਆਂ ਉਸ ਦੀਆਂ ਚਹੇਤੀਆਂ ਹਨ। ਰੋਬੋਟ ਸੋਫੀਆ ਵੀ ਕਿੰਗ ਖਾਨ ਦੀ ਚਹੇਤੀ ਹੈ। ਸਾਊਦੀ ਅਰਬ ਦੀ ਨਾਗਰਿਕ ਇਹ ਰੋਬੋਟ ਗਾਂਧੀ ਤੇ ਅਬਦੁਲ ਕਲਾਮ ਤੋਂ ਬਾਅਦ ਸ਼ਾਹਰੁਖ ਤੋਂ ਪ੍ਰਭਾਵਿਤ ਹੈ।


-ਸੁਖਜੀਤ ਕੌਰ

ਕਲਕੀ ਕੋਚਲਿਨ

ਉਮੀਦ 'ਤੇ ਦੁਨੀਆ ਕਾਇਮ

ਗੰਭੀਰ ਸਿਨੇਮਾ ਦੀ ਗੰਭੀਰ ਪਰ ਜ਼ਰੂਰਤ ਪੈਣ 'ਤੇ ਵਪਾਰਕ ਸਿਨੇਮਾ ਦੀ ਵਪਾਰਕ ਨਾਇਕਾ ਬਣ ਕੇ ਵੀ ਪ੍ਰਭਾਵਿਤ ਕਰਨ ਵਾਲੀ ਕਲਕੀ ਦੀ ਇਹ ਗੱਲ ਧੁਰ ਅੰਦਰ ਲਹਿ ਜਾਂਦੀ ਹੈ ਕਿ ਉਹ ਕਿਸੇ ਨਾਲ ਸਾੜਾ ਨਹੀਂ ਕਰਦੀ। 'ਰਿਬਨ' ਦਾ ਗੀਤ 'ਚਰਖਾ ਘੁੰਮ ਰਿਹਾ ਹੈ' ਉਸ ਦੇ ਜੀਵਨ 'ਤੇ ਸਹੀ ਬੈਠਦਾ ਹੈ। ਕੋਂਕਨਾ ਸੇਨ ਸ਼ਰਮਾ ਤੋਂ ਪ੍ਰਭਾਵਿਤ ਕਲਕੀ ਵੈਸੇ ਪੱਛਮ ਦੀ ਜ਼ਿਆਦਾ ਦੀਵਾਨੀ ਹੈ। 'ਜੀਆ ਔਰ ਜੀਆ' ਨੇ ਵੀ ਕਲਕੀ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। ਹਾਂ, ਰਣਵੀਰ ਸਿੰਘ-ਆਲੀਆ ਭੱਟ ਨਾਲ 'ਗਲੀ ਬੁਆਏ' ਕਲਕੀ ਦਾ ਗੁਆਚਿਆ ਸਮਾਂ ਵਾਪਸ ਲਿਆ ਸਕਦੀ ਹੈ। ਕਲਕੀ ਨੂੰ ਅਨੁਰਾਗ ਨਾਲ ਵਿਆਹੇ ਜਾਣ ਕਾਰਨ ਨੁਕਸਾਨ ਹੀ ਹੋਇਆ। ਰਿਚਾ ਚੱਢਾ ਨੇ ਹਾਲਾਂ ਕਿ ਕਲਕੀ ਨੂੰ ਵਿਦੇਸ਼ਣ ਫੇਲ੍ਹ ਹੀਰੋਇਨ ਕਿਹਾ ਪਰ ਕਲਕੀ ਇਸ 'ਤੇ ਵੀ ਸ਼ਾਂਤ ਹੀ ਰਹੀ ਹੈ। ਕਲਕੀ ਦੇ 'ਬੋਲਡ ਫੋਟੋਜ਼' ਵਾਇਰਲ ਆਏ ਦਿਨ ਹੁੰਦੇ ਰਹਿੰਦੇ ਹਨ। ਸੈਫ਼ ਅਲੀ ਨਾਲ ਉਹ ਇਕ ਫ਼ਿਲਮ ਕਰ ਰਹੀ ਹੈ ਪਰ ਹਾਲੇ ਇਸ ਦੀ ਰਿਲੀਜ਼ 'ਚ ਦੇਰ ਹੈ। 'ਬੰਬੇ ਵਾਲਵੇਟ', 'ਮਾਰਗਰਿਟਾ ਵਿਦ ਏ ਸਟਰਾਅ', 'ਵੇਟਿੰਗ' ਜਿਹੀਆਂ ਫ਼ਿਲਮਾਂ ਨੇ ਵੀ ਕਲਕੀ ਨੂੰ ਕੁਝ ਲਾਭ ਨਹੀਂ ਦਿੱਤਾ। ਵਿਚਾਰੀ ਕਲਕੀ 34 ਸਾਲ ਦੀ ਉਮਰ ਤੱਕ ਪਹੁੰਚਦੀ-ਪਹੁੰਚਦੀ ਕਈ ਔਕੜਾਂ ਸਹਿ ਚੁੱਕੀ ਹੈ। 'ਗਲੀ ਬੁਆਏ' ਉਸ ਲਈ ਆਸ ਦਾ ਦੀਵਾ ਜਗਾ ਸਕਦੀ ਹੈ। ਇਸ ਕਰਕੇ ਹੀ ਕਲਕੀ ਕੋਚਲਿਨ ਫਿਰ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਗਈ ਹੈ।
**

ਅਦਾਲਤ ਦੇ ਚੱਕਰ ਲਾ ਰਹੀ ਹੈ ਰਿਚਾ ਚੱਢਾ

ਹੁਣ ਸਿਰਲੇਖ ਪੜ੍ਹ ਕੇ ਇਹ ਅੰਦਾਜ਼ਾ ਨਾ ਲਗਾ ਲੈਣਾ ਕਿ 'ਫੁਕਰੇ' ਦੀ ਭੋਲੀ-ਭਾਲੀ ਪੰਜਾਬਣ ਕਿਸੇ ਕਾਨੂੰਨੀ ਲਫੜੇ ਵਿਚ ਫਸ ਗਈ ਹੈ। ਅਸਲ ਵਿਚ ਉਹ ਆਪਣੀ ਅਗਲੀ ਫ਼ਿਲਮ ਦੇ ਕਿਰਦਾਰ ਦੀ ਤਿਆਰੀ ਲਈ ਅਦਾਲਤ ਦੇ ਚੱਕਰ ਲਗਾ ਰਹੀ ਹੈ।
ਰਿਚਾ ਨੇ ਇਕ ਫ਼ਿਲਮ ਸਾਈਨ ਕੀਤੀ ਹੈ ਜਿਸ ਦਾ ਨਾਂਅ ਹੈ 'ਸੈਕਸ਼ਨ 365'। ਇਸ ਵਿਚ ਉਸ ਨੇ ਵਕੀਲ ਦੀ ਭੂਮਿਕਾ ਨਿਭਾਈ ਹੈ। ਰਿਚਾ ਅਨੁਸਾਰ ਉਹ ਆਪਣੀ ਜ਼ਿੰਦਗੀ ਵਿਚ ਕਦੀ ਕਿਸੇ ਅਦਾਲਤ ਵਿਚ ਨਹੀਂ ਗਈ ਹੈ। ਇਸ ਵਜ੍ਹਾ ਕਰਕੇ ਉਹ ਵਕੀਲਾਂ ਦੇ ਤੌਰ-ਤਰੀਕਿਆਂ ਤੋਂ ਜਾਣੂ ਨਹੀਂ ਹੈ। ਉਹ ਇਸ ਵਿਚ ਆਪਣੇ ਕਿਰਦਾਰ ਨੂੰ ਅਸਲੀਅਤ ਦੇ ਨੇੜੇ ਰੱਖਣਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਉਸ ਨੂੰ ਜਦੋਂ ਕਦੀ ਸਮਾਂ ਮਿਲਦਾ ਹੈ ਤਾਂ ਉਹ ਮੁੰਬਈ ਦੀ ਕਿਸੇ ਨਾ ਕਿਸੇ ਕਚਹਿਰੀ ਵਿਚ ਪਹੁੰਚ ਜਾਂਦੀ ਹੈ। ਇਹੀ ਨਹੀਂ, ਉਹ ਆਪਣੇ ਨੇੜਲੇ ਦੋਸਤਾਂ ਤੋਂ ਕਾਨੂੰਨ ਬਾਰੇ ਜਾਣਕਾਰੀ ਵੀ ਲੈ ਰਹੀ ਹੈ ਤਾਂ ਕਿ ਫ਼ਿਲਮ ਦੇ ਪ੍ਰਚਾਰ ਦੌਰਾਨ ਆਪਣੇ ਕਿਰਦਾਰ ਨੂੰ ਲੈ ਕੇ ਵਿਸ਼ਵਾਸ ਦੇ ਨਾਲ ਗੱਲ ਕਰ ਸਕੇ। ਹੁਣ ਜਿਸ ਹਿਸਾਬ ਨਾਲ ਰਿਚਾ ਇਸ ਫ਼ਿਲਮ ਲਈ ਤਿਆਰੀ ਕਰ ਰਹੀ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਉਹ ਭਵਿੱਖ ਵਿਚ ਕਿਤੇ ਬਤੌਰ ਵਕੀਲ ਪ੍ਰੈਕਟਿਸ ਕਰਨੀ ਨਾ ਸ਼ੁਰੂ ਕਰ ਦੇਵੇ।

ਪਰੇਸ਼ ਰਾਵਲ ਦੇ ਸ਼ੁਕਰਗੁਜ਼ਾਰ ਹਨ ਰਿਸ਼ੀ ਕਪੂਰ

ਇਨ੍ਹੀਂ ਦਿਨੀਂ ਰਿਸ਼ੀ ਕਪੂਰ ਜਦੋਂ ਕਦੀ ਮੌਕਾ ਮਿਲਦਾ ਹੈ ਤਾਂ ਪਰੇਸ਼ ਰਾਵਲ ਦਾ ਸ਼ੁਕਰੀਆ ਅਦਾ ਕਰਨਾ ਨਹੀਂ ਭੁੱਲਦੇ। ਇਸ ਦੀ ਵਜ੍ਹਾ ਹੈ ਫ਼ਿਲਮ '102 ਨੌਟ ਆਊਟ'। ਉਮੇਸ਼ ਸ਼ੁਕਲਾ ਦੇ ਨਿਰਦੇਸ਼ਨ ਵਿਚ ਬਣ ਰਹੀ ਇਸ ਫ਼ਿਲਮ ਵਿਚ ਰਿਸ਼ੀ ਕਪੂਰ ਦੇ ਨਾਲ ਅਮਿਤਾਭ ਬੱਚਨ ਹਨ ਅਤੇ ਇਥੇ ਦੋਵੇਂ ਪਿਤਾ-ਪੁੱਤਰ ਦੀ ਭੂਮਿਕਾ ਵਿਚ ਹਨ। ਫ਼ਿਲਮ ਵਿਚ ਅਮਿਤਾਭ ਦੀ ਉਮਰ 102 ਸਾਲ ਦਿਖਾਈ ਗਈ ਹੈ ਅਤੇ ਰਿਸ਼ੀ ਦੀ 75 ਸਾਲ। ਹੁਣ ਤਕ 'ਅਮਰ ਅਕਬਰ ਐਂਥੋਨੀ', 'ਨਸੀਬ' ਸਮੇਤ ਹੋਰ ਕੁਝ ਕੁ ਫ਼ਿਲਮਾਂ ਵਿਚ ਰਿਸ਼ੀ ਕਪੂਰ ਨੂੰ ਅਮਿਤਾਭ ਦੇ ਛੋਟੇ ਭਰਾ ਦੀ ਭੂਮਿਕਾ ਵਿਚ ਪੇਸ਼ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਉਹ ਪਹਿਲੀ ਵਾਰ ਅਮਿਤਾਭ ਦੇ ਬੇਟੇ ਦੀ ਭੂਮਿਕਾ ਨਿਭਾਅ ਰਹੇ ਹਨ ਅਤੇ ਇਹ ਭੂਮਿਕਾ ਉਨ੍ਹਾਂ ਨੂੰ ਪਰੇਸ਼ ਰਾਵਲ ਦੀ ਬਦੌਲਤ ਮਿਲੀ ਹੈ।
ਅਸਲ ਵਿਚ ਇਹ ਫ਼ਿਲਮ ਇਕ ਗੁਜਰਾਤੀ ਨਾਟਕ 'ਤੇ ਆਧਾਰਿਤ ਹੈ। ਉਮੇਸ਼ ਸ਼ੁਕਲਾ ਨੇ ਜਦੋਂ ਨਾਟਕ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਬਣਾਈ ਤਾਂ ਉਨ੍ਹਾਂ ਦੇ ਦਿਮਾਗ਼ ਵਿਚ ਅਮਿਤਾਭ ਬੱਚਨ ਅਤੇ ਪਰੇਸ਼ ਰਾਵਲ ਸਨ। ਕਿਉਂਕਿ ਆਪਣੇ ਹੋਰ ਰੁਝੇਵਿਆਂ ਕਾਰਨ ਪਰੇਸ਼ ਨੇ ਅਮਿਤਾਭ ਦੇ ਬੇਟੇ ਵਾਲੀ ਭੂਮਿਕਾ ਨਕਾਰ ਦਿੱਤੀ ਤਾਂ ਉਨ੍ਹਾਂ ਨੇ ਖ਼ੁਦ ਹੀ ਉਮੇਸ਼ ਨੂੰ ਰਿਸ਼ੀ ਕਪੂਰ ਦਾ ਨਾਂਅ ਸੁਝਾਇਆ ਅਤੇ ਇਸ ਤਰ੍ਹਾਂ ਰਿਸ਼ੀ ਨੂੰ ਇਹ ਫ਼ਿਲਮ ਮਿਲ ਗਈ। ਨਾਲ ਹੀ 27 ਸਾਲ ਦੇ ਲੰਮੇ ਸਮੇਂ ਬਾਅਦ ਉਨ੍ਹਾਂ ਨੂੰ ਅਮਿਤਾਭ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹੀ ਨਹੀਂ, ਫ਼ਿਲਮ ਲਈ ਰਿਸ਼ੀ ਨੇ ਇਕ ਗੀਤ ਲਈ ਵੀ ਆਵਾਜ਼ ਦਿੱਤੀ ਹੈ।
ਰਿਸ਼ੀ ਨੂੰ ਜਦੋਂ ਇਹ ਫ਼ਿਲਮ ਮਿਲੀ ਸੀ, ਉਦੋਂ ਉਹ ਪਰੇਸ਼ ਰਾਵਲ ਤੋਂ ਇਹ ਪੁੱਛਣਾ ਨਹੀਂ ਭੁੱਲੇ ਕਿ ਉਹ ਇਸ ਵਿਚ ਕੰਮ ਕਿਉਂ ਨਹੀਂ ਕਰ ਰਹੇ ਹਨ? ਉਦੋਂ ਪਰੇਸ਼ ਨੇ ਕਿਹਾ ਕਿ 'ਟਾਈਗਰ ਜ਼ਿੰਦਾ ਹੈ' ਤੇ ਸੰਜੇ ਦੱਤ ਦੀ ਬਾਇਓਪਿਕ ਦੀ ਵਜ੍ਹਾ ਕਰਕੇ ਉਨ੍ਹਾਂ ਲਈ ਇਸ ਫ਼ਿਲਮ ਲਈ ਸਮਾਂ ਕੱਢਣਾ ਔਖਾ ਹੈ। ਇਹੀ ਨਹੀਂ, ਉਨ੍ਹਾਂ ਨੇ ਆਪਣੇ ਵਲੋਂ ਨਿਰਮਾਤਾ ਨੂੰ ਇਹ ਐਨ. ਓ. ਸੀ. ਵੀ ਦਿੱਤੀ ਕਿ ਇਸ ਫ਼ਿਲਮ ਵਿਚ ਰਿਸ਼ੀ ਦੇ ਕੰਮ ਕਰਨ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਪੱਤਰ ਦੀ ਵਜ੍ਹਾ ਕਰਕੇ ਫ਼ਿਲਮ ਲਈ ਰਿਸ਼ੀ ਦਾ ਰਸਤਾ ਹੋਰ ਸਾਫ਼ ਹੋ ਗਿਆ ਸੀ। ਖ਼ੁਦ ਨੂੰ ਇਹ ਫ਼ਿਲਮ ਦਿਵਾਉਣ ਵਿਚ ਪਰੇਸ਼ ਦਾ ਸਹਿਯੋਗ ਦੇਖ ਕੇ ਰਿਸ਼ੀ ਉਨ੍ਹਾਂ ਦੇ ਗੁਣਗਾਨ ਕਰਦੇ ਥੱਕ ਨਹੀਂ ਰਹੇ। ਦੂਜੇ ਪਾਸੇ ਪਰੇਸ਼ ਰਾਵਲ ਦਾ ਕਹਿਣਾ ਹੈ ਕਿ ਇਸ ਫ਼ਿਲਮ ਲਈ ਰਿਸ਼ੀ ਦਾ ਨਾਂਅ ਦੇ ਕੇ ਉਨ੍ਹਾਂ ਨੇ ਪੁਰਾਣਾ ਕਰਜ਼ਾ ਲਾਹਿਆ ਹੈ।

ਉਰਵਸ਼ੀ ਰੋਤੇਲਾ ਦਿਨ ਮੁੜਨਗੇ

ਥਾਣੇ, ਕਚਹਿਰੀ ਦੀ ਮੁਸੀਬਤ 'ਚੋਂ ਉਰਵਸ਼ੀ ਰੋਤੇਲਾ ਮਸਾਂ ਹੀ ਬਚੀ, ਵਿਚਾਰੀ ਦੇ ਨਾਂਅ 'ਤੇ ਫ਼ਰਜ਼ੀ ਅਧਾਰ ਕਾਰਡ ਦੇ ਕੇ ਆਨਲਾਈਨ ਕਿਸੇ ਨੇ ਕਮਰਾ ਬੁੱਕ ਕਰਵਾ ਲਿਆ। ਕੁਦਰਤੀ ਉਸ ਹੋਟਲ 'ਚ ਹੀ ਉਰਵਸ਼ੀ ਠਹਿਰਨ ਆਈ ਤਾਂ ਇਹ ਸਭ ਦੇਖ-ਸੁਣ ਕੇ ਹੈਰਾਨ ਹੋ ਗਈ। ਖ਼ੈਰ ਅਗਿਆਤ ਬੰਦੇ ਖਿਲਾਫ਼ ਸ਼ਿਕਾਇਤ ਹੋਟਲ ਵਾਲਿਆਂ ਹੀ ਕਰਵਾਈ ਹੈ। 'ਹੁਸੀਨੋਂ ਕਾ ਦੀਵਾਨਾ' ਵਾਲੀ ਮਿਸ ਰੋਤੇਲਾ ਨੂੰ 'ਹੇਟ ਸਟੋਰੀ-4' ਲਈ 25 ਲੱਖ ਮਿਹਨਤਾਨਾ ਹੀ ਮਿਲਿਆ। ਲੰਦਨ 'ਚ ਸ਼ੂਟਿੰਗ ਦੌਰਾਨ ਹਰ ਹਫ਼ਤੇ ਮਸਾਜ, 85 ਜੁੱਤੀਆਂ ਦੇ ਜੋੜੇ,ਅੱਠ ਆਈ ਫੋਨ ਖਰੀਦ ਕੇ ਇਹ ਸਾਰੀ ਰਕਮ ਉਰਵਸ਼ੀ ਨੇ ਖਰਚ ਲਈ। ਗੱਲ ਕੀ ਆਮਦਨ ਚਵਾਨੀ ਖਰਚ ਅਠੱਨੀ ਵਾਲੀ ਗੱਲ ਉਰਵਸ਼ੀ ਨੇ ਕਰ ਦਿਖਾਈ। 'ਕਾਬਿਲ' ਨੇ ਉਰਵਸ਼ੀ ਨੂੰ ਕਾਫ਼ੀ ਲੋਕਪ੍ਰਿਅਤਾ ਦਿੱਤੀ ਤੇ ਉਸ ਅਨੁਸਾਰ ਜਲਦੀ ਹੀ ਪੰਜਾਹ ਲੱਖ ਦਾ ਮਿਹਨਤਾਨਾ ਉਸਨੂੰ ਮਿਲੇਗਾ। ਹਾਂ ਹੁਣ 'ਰੇਸ-3' 'ਚ ਸਲਮਾਨ ਨਾਲ ਫ਼ਿਲਮ ਮਿਲੀ ਤਾਂ ਉਰਵਸ਼ੀ ਨੂੰ ਪਰ ਹੀ ਲੱਗ ਗਏ ਹਨ। ਉਰਵਸ਼ੀ ਰੋਤੇਲਾ 'ਰੇਸ-3' 'ਚ ਇਕ ਆਈਟਮ ਨੰਬਰ ਕਰ ਰਹੀ ਹੈ। 5 ਸਾਲ ਤੋਂ ਲਗਾਤਾਰ ਫਲਾਪ ਪਰ ਨਖਰੇ ਸੁਪਰ ਸਟਾਰ ਜਿਹੇ ਉਰਵਸ਼ੀ ਦੇ ਸਬੰਧ ਵਿਚ ਮਸ਼ਹੂਰ ਹਨ। 'ਹੇਟ ਸਟੋਰੀ-4' ਦੇ ਇਕ ਸੰਵਾਦ ਨੇ ਉਰਵਸ਼ੀ ਰੋਟੇਲਾ ਨੂੰ ਧਮਕੀਆਂ ਦਿਵਾਈਆਂ ਹਨ। ਹਾਲਾਂਕਿ ਉਰਵਸ਼ੀ ਨੇ ਕਿਹਾ ਹੈ ਕਿ ਉਸ ਨੇ ਤਾਂ ਸੰਵਾਦ ਬੋਲਿਆ ਹੀ ਹੈ, ਲੇਖਿਕਾ ਤਾਂ ਕੋਈ ਹੋਰ ਹੈ। ਉਰਵਸ਼ੀ ਰੋਤੇਲਾ ਆਖਿਰ ਆਪਣੇ ਕਦਮ ਇਥੇ ਮਜ਼ਬੂਤ ਕਰ ਰਹੀ ਹੈ। ਆਸ਼ਿਕ ਤੇ ਚੋਰ 'ਚ ਕੋਈ ਫਰਕ ਨਹੀਂ ਹੁੰਦਾ, ਉਹ ਜਾਣਦੀ ਹੈ। ਉਰਵਸ਼ੀ ਨੂੰ ਆਈਟਮ ਗੀਤਾਂ ਨੇ ਲੋਕਪ੍ਰਿਯਾ ਬਣਾਇਆ ਹੈ। ਉਰਵਸ਼ੀ ਨੂੰ ਹੁਣ ਕਾਫ਼ੀ ਕੰਮ ਮਿਲ ਰਿਹਾ ਹੈ। ਉਸਦਾ ਵਿਚਾਰ ਹੈ ਕਿ ਜਲਦੀ ਹੀ ਉਸ ਨੂੰ ਕਾਮਯਾਬੀ ਮਿਲੇਗੀ ਤੇ ਉਸ ਦਾ ਮਿਹਨਤਾਨਾ ਵੀ ਵਧ ਜਾਏਗਾ। 'ਰੇਸ-3' ਤੇ ਹੁਣ ਉਸ ਦੀਆਂ ਆਸਾਂ ਹਨ। ਦਿਲ ਦੀ ਗੱਲ ਦੱਸਣ ਵਾਲੀ ਉਰਵਸ਼ੀ ਰੋਤੇਲਾ ਇਸ ਸਾਲ ਆਪਣਾ ਕੈਰੀਅਰ ਤੇ ਆਰਥਿਕਤਾ ਸਥਿਰ ਕਰ ਲਵੇਗੀ, ਅਜਿਹਾ ਮਹਿਸੂਸ ਹੋ ਰਿਹਾ ਹੈ।

ਪਰਿਵਾਰਿਕ ਫ਼ਿਲਮਾਂ ਦਾ ਮੁਦਈ ਨਿਰਦੇਸ਼ਕ ਸਮੀਪ ਕੰਗ

ਸ਼ਾਹੀ ਸ਼ਹਿਰ ਪਟਿਆਲਾ ਦਾ ਜੰਮਪਲ ਸਮੀਪ ਕੰਗ ਹਮੇਸ਼ਾਂ ਹੀ ਪਰਿਵਾਰਿਕ ਫ਼ਿਲਮਾਂ ਬਣਾਉਣ ਨੂੰ ਤਰਜੀਹ ਦਿੰਦਾ ਹੈ, ਫ਼ਿਲਮ ਦੀ ਰੰਗਤ ਭਾਵੇਂ ਗੰਭੀਰ, ਹਾਸਰਸ ਜਾਂ ਐਕਸ਼ਨ ਵਾਲੀ ਹੋਵੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੈਮੀਕਲ ਇੰਜੀਨੀਅਰਿੰਗ ਪਾਸ ਸਮੀਪ ਕੰਗ ਦਾ ਫ਼ਿਲਮ ਜਗਤ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ। ਕਿਸਮਤ ਨੇ ਹੀ ਉਸ ਨੂੰ ਪਹਿਲਾ ਨਾਇਕ ਅਤੇ ਫਿਰ ਨਿਰਦੇਸ਼ਕ ਬਣਨ ਦਾ ਰਸਤਾ ਦਿਖਾਇਆ। ਅੱਜਕਲ੍ਹ ਏ ਐਂਡ ਐਡਵਾਈਜ਼ਰਜ਼ ਅਤੇ ਨਾਟੀ ਮੈੱਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣ ਰਹੀ ਹਾਸਰਸ ਵਿਸ਼ੇ ਵਾਲੀ ਪਰਿਵਾਰਿਕ ਫ਼ਿਲਮ 'ਵਧਾਈਆਂ ਜੀ ਵਧਾਈਆਂ' ਦੀ ਸ਼ੁਟਿੰਗ ਦੌਰਾਨ ਸਮੀਪ ਕੰਗ ਨਾਲ ਮੁਲਾਕਾਤ ਕਰਨ ਦਾ ਸਬੱਬ ਬਣਿਆ।
ਸਮੀਪ ਕੰਗ ਜਿਸ ਵੇਲੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ, ਉਨ੍ਹਾਂ ਦਿਨਾਂ ਦੌਰਾਨ ਮਰਹੂਮ ਜਸਪਾਲ ਭੱਟੀ ਆਪਣੀ ਫ਼ਿਲਮ 'ਮਾਹੌਲ ਠੀਕ ਹੈ' ਲਈ ਨਾਇਕ ਦੀ ਭਾਲ ਕਰ ਰਹੇ ਸਨ। ਸਮੀਪ ਸਬੱਬ ਨਾਲ ਹੀ ਇਕ ਚਾਹੁੰਣ ਵਾਲੇ ਦੇ ਤੌਰ 'ਤੇ ਜਸਪਾਲ ਭੱਟੀ ਨੂੰ ਦੋਸਤਾਂ ਸਮੇਤ ਮਿਲਣ ਗਏ ਇਸ ਦੌਰਾਨ ਸਵ. ਭੱਟੀ ਨੇ ਸਮੀਪ ਨੂੰ ਆਪਣੀ ਫ਼ਿਲਮ ਦੇ ਨਾਇਕ ਵਜੋਂ ਕੰਮ ਕਰਨ ਦਾ ਸੱਦਾ ਦਿੱਤਾ। ਫ਼ਿਲਮ ਬਣੀ, ਚੱਲੀ ਵੀ ਖੂਬ ਪਰ ਉਸ ਵੇਲੇ ਪੰਜਾਬੀ ਸਿਨੇਮਾ ਮੰਦੇ ਦੇ ਦੌਰ 'ਚੋਂ ਗੁਜ਼ਰ ਰਿਹਾ ਸੀ, ਜਿਸ ਕਾਰਨ ਸਮੀਪ ਨੂੰ ਚਰਚਾ ਦੇ ਬਾਵਜ਼ੂਦ ਹੋਰ ਕੋਈ ਫ਼ਿਲਮ ਨਾ ਮਿਲੀ। ਇਸ ਦੇ ਨਾਲ ਹੀ ਸਮੀਪ ਨੇ ਆਪਣੀ ਡਿਗਰੀ ਪੂਰੀ ਕਰ ਲਈ ਅਤੇ ਮੁੰਬਈ ਵਿਖੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਜਿਥੇ ਜਾ ਕੇ ਉਸ ਨੂੰ ਹਿੰਦੀ ਤੇ ਪੰਜਾਬੀ ਲੜੀਵਾਰਾਂ 'ਚ ਲਗਾਤਾਰ ਕੰਮ ਮਿਲਣਾ ਸ਼ੁਰੂ ਹੋ ਗਿਆ। ਲੜੀਵਾਰਾਂ 'ਚ ਰੁਝੇਵੇਂ ਇੰਨੇ ਕੁ ਵਧ ਗਏ ਕਿ ਸਮੀਪ ਨੂੰ ਨੌਕਰੀ ਛੱਡਣੀ ਪਈ। ਇਸ ਉਪਰੰਤ ਸਮੀਪ ਨੂੰ ਨਾਲਾਇਕ ਅਤੇ ਦੇਹਿ ਸ਼ਿਵਾ ਵਰ ਮੋਹਿ ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਦੌਰਾਨ ਉਸ ਦੀ ਗੁਰਪ੍ਰੀਤ ਘੁੱਗੀ ਨਾਲ ਦੋਸਤੀ ਹੋਈ ਅਤੇ ਸਮੀਪ ਕੰਗ ਨੇ ਘੁੱਗੀ ਹੋਰਾਂ ਦੀ ਡੀ.ਵੀ.ਡੀ. 'ਮੇਰੀ ਵਹੁਟੀ ਦਾ ਵਿਆਹ ਨਿਰਦੇਸ਼ਤ ਕੀਤੀ। ਇਸ ਡੀ.ਵੀ.ਡੀ. ਨੂੰ ਮਿਲੀ ਬੇਹੱਦ ਸਫਲਤਾ ਨੇ ਸਮੀਪ ਲਈ ਨਿਰਦੇਸ਼ਨ ਦੇ ਖੇਤਰ 'ਚ ਦੁਆਰ ਖੋਲ੍ਹ ਦਿੱਤੇ। ਫਿਰ ਕੁਝ ਦੋਸਤਾਂ ਨਾਲ ਮਿਲ ਕੇ ਸਮੀਪ ਨੇ ਪਹਿਲੀ ਪੰਜਾਬੀ ਫੀਚਰ ਫ਼ਿਲਮ 'ਚੱਕ ਦੇ ਫੱਟੇ' ਨਿਰਦੇਸ਼ਤ ਕੀਤੀ। ਇਹ ਫ਼ਿਲਮ ਪੰਜਾਬ 'ਚ ਫਲਾਪ ਰਹੀ ਪਰ ਵਿਦੇਸ਼ਾਂ 'ਚ ਚੰਗਾ ਕਾਰੋਬਾਰ ਕਰ ਗਈ। ਗਿੱਪੀ ਗਰੇਵਾਲ ਨੇ ਸਮੀਪ ਕੰਗ ਨੂੰ ਫ਼ਿਲਮ 'ਕੈਰੀ ਆਨ ਜੱਟਾ' (2011) ਨਿਰਦੇਸ਼ਤ ਕਰਨ ਦੀ ਪੇਸ਼ਕਸ਼ ਕੀਤੀ ਅਤੇ ਇਹ ਫ਼ਿਲਮ ਸਮੀਪ ਦੀ ਨਿਰਦੇਸ਼ਨਾ 'ਚ ਬਣੀ ਅਤੇ ਬੇਹੱਦ ਸਫਲ ਰਹੀ। ਇਸ ਉਪਰੰਤ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲੱਕੀ ਦੀ ਅਣਲੱਕੀ ਸਟੋਰੀ, ਡਬਲ ਦੀ ਟਰੱਬਲ, ਭਾਜੀ ਇਨ ਟਰੱਬਲ, ਲਾਕ, ਲਾਵਾਂ-ਫੇਰੇ, ਤੇ ਵਿਸਾਖੀ ਲਿਸਟ ਵਰਗੀਆਂ ਸਫਲ ਫ਼ਿਲਮਾਂ ਬਣਾ ਕੇ, ਬੁਲੰਦੀਆਂ ਨੂੰ ਛੂਹਿਆ। ਹਾਲ ਹੀ ਵਿਚ ਸਮੀਪ ਨੇ ਰਿਸ਼ੀ ਕਪੂਰ ਵਰਗੇ ਅਦਾਕਾਰਾਂ ਵਾਲੀ ਹਿੰਦੀ ਫ਼ਿਲਮ 'ਝੂਠਾ ਕਹਾਂ ਕਾ' ਨਿਰਦੇਸ਼ਤ ਕੀਤੀ ਹੈ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਨਾਲ ਜਾਨੀ ਤੇ ਕੈਰੀ ਆਨ ਜੱਟਾ-2 ਪੂਰੀਆਂ ਕਰ ਚੁੱਕਿਆ ਹੈ ਅਤੇ ਅੱਜ-ਕੱਲ੍ਹ ਬਿੰਨੂੰ ਢਿੱਲੋਂ ਹੋਰਾਂ ਦੀ ਫ਼ਿਲਮ ਵਧਾਈਆਂ ਜੀ ਵਧਾਈਆਂ ਨਿਰਦੇਸ਼ਤ ਕਰ ਰਿਹਾ ਹੈ। ਸਮੀਪ ਕੰਗ ਦਾ ਪੰਜਾਬੀ ਸਿਨੇਮੇ ਬਾਰੇ ਮੰਨਣਾ ਹੈ ਕਿ ਪੰਜਾਬੀ ਫ਼ਿਲਮ ਦੀ ਸਫਲਤਾ ਲਈ ਪਰਿਵਾਰਿਕ ਕਹਾਣੀ ਮੁੱਖ ਜ਼ਰੂਰਤ ਹੈ। ਪੰਜਾਬੀ ਫ਼ਿਲਮਾਂ ਕਿਸੇ ਇਕ ਵਿਸ਼ੇਸ਼ ਵਰਗ ਨੂੰ ਧਿਆਨ 'ਚ ਰੱਖ ਕੇ ਨਹੀਂ ਬਣਾਈਆਂ ਜਾ ਸਕਦੀਆਂ। ਬਹੁਤ ਸਾਰੀਆਂ ਵੱਡੇ ਬੱਜਟ ਦੀਆਂ ਫ਼ਿਲਮਾਂ ਸਿਰਫ ਇਕ ਵਰਗ ਦੀ ਕਹਾਣੀ ਕਰਕੇ, ਅਸਫਲਤਾ ਦਾ ਸ਼ਿਕਾਰ ਹੋ ਚੁੱਕੀਆਂ ਹਨ।


-ਪਟਿਆਲਾ।

ਰੋਹਿਤ ਕੁਮਾਰ ਦੀ 'ਮਹਾਭਾਰਤ ਇਨ ਲਾਹੌਰ'

'ਸ਼ਾਦੀ ਤੇਰੀ ਬਜਾਏਂਗੇ ਬੈਂਡ ਹਮ' ਤੋਂ ਬਾਅਦ ਹੁਣ ਅਭਿਨੇਤਾ-ਨਿਰਮਾਤਾ ਰੋਹਿਤ ਕੁਮਾਰ ਨੇ 'ਮਹਾਭਾਰਤ ਇਨ ਲਾਹੌਰ' ਦਾ ਐਲਾਨ ਕੀਤਾ ਹੈ। 'ਸ਼ਾਦੀ ਤੇਰੀ...' ਦੇ ਨਿਰਦੇਸ਼ਕ ਗੁਰਪ੍ਰੀਤ ਸੌਂਧ ਹੀ ਇਸ ਨੂੰ ਨਿਰਦੇਸ਼ਿਤ ਕਰਨਗੇ ਅਤੇ ਇਸ ਦੀ ਪੂਰੀ ਸ਼ੂਟਿੰਗ ਉੱਤਰ ਪ੍ਰਦੇਸ਼ ਵਿਚ ਕੀਤੀ ਜਾਵੇਗੀ। ਰੋਹਿਤ ਕੁਮਾਰ ਅਨੁਸਾਰ ਆਗਰਾ ਸ਼ਹਿਰ ਦੀਆਂ ਪੁਰਾਣੀਆਂ ਗਲੀਆਂ ਤੇ ਲਾਹੌਰ ਦੀਆਂ ਗਲੀਆਂ ਵਿਚ ਕਾਫੀ ਇਕਸਾਰਤਾ ਹੈ ਕਿਉਂਕਿ ਲਾਹੌਰ ਵਿਚ ਸ਼ੂਟਿੰਗ ਕਰਨਾ ਸੰਭਵ ਨਹੀਂ ਹੈ, ਇਸ ਲਈ ਆਗਰਾ ਦੀਆਂ ਗਲੀਆਂ ਨੂੰ ਲਾਹੌਰ ਦਾ ਰੂਪ ਦੇ ਕੇ ਉਥੇ ਸ਼ੂਟਿੰਗ ਕੀਤੀ ਜਾਵੇਗੀ।
ਫ਼ਿਲਮ ਵਿਚ ਕੁਝ ਇਸ ਤਰ੍ਹਾਂ ਦੇ ਮੁੰਡਿਆਂ ਦੀ ਕਹਾਣੀ ਪੇਸ਼ ਕੀਤੀ ਜਾਵੇਗੀ ਜੋ ਇਕ ਅੱਤਵਾਦੀ ਘਟਨਾ ਦਾ ਬਦਲਾ ਲੈਣ ਲਈ ਲਾਹੌਰ ਪਹੁੰਚ ਜਾਂਦੇ ਹਨ ਅਤੇ ਉਥੇ ਜਾ ਕੇ ਅੱਤਵਾਦੀਆਂ ਦੇ ਦੰਦ ਖੱਟੇ ਕਰਕੇ ਵਾਪਸ ਆਉਂਦੇ ਹਨ। ਫ਼ਿਲਮ ਲਈ ਕਲਾਕਾਰਾਂ ਦੀ ਚੋਣ ਜਾਰੀ ਹੈ ਅਤੇ ਖ਼ੁਦ ਰੋਹਿਤ ਕੁਮਾਰ ਵੀ ਇਸ ਵਿਚ ਅਭਿਨੈ ਕਰਨਗੇ।
ਫ਼ਿਲਮ ਲਈ ਇਕ ਗੀਤ ਰਿਕਾਰਡ ਕਰ ਲਿਆ ਗਿਆ ਹੈ ਅਤੇ ਇਹ ਸੋਨੂੰ ਨਿਗਮ ਦੀ ਆਵਾਜ਼ ਵਿਚ ਹੈ। ਪਾਕਿਸਤਾਨੀ ਗੀਤਕਾਰ ਰਜ਼ਾ ਮਾਹਿਰ ਵਲੋਂ ਲਿਖੇ ਗੀਤ 'ਰੱਬ ਜਾਨੇ...' ਨੂੰ ਇਥੇ ਨਵੇਂ ਰੰਗ ਵਿਚ ਪੇਸ਼ ਕੀਤਾ ਗਿਆ ਹੈ।
ਰੋਹਿਤ ਕੁਮਾਰ ਅਨੁਸਾਰ ਇਹ ਫ਼ਿਲਮ ਕਾਮੇਡੀ, ਐਕਸ਼ਨ ਤੇ ਦੇਸ਼ ਭਗਤੀ ਦੇ ਮਿਸ਼ਰਣ ਵਾਲੀ ਹੋਵੇਗੀ।


-ਮੁੰਬਈ ਪ੍ਰਤੀਨਿਧ

ਲਘੂ ਫ਼ਿਲਮ 'ਦ੍ਰਿਸ਼ਟੀ' ਵਿਚ ਮੁਗਧਾ ਗੋਡਸੇ

ਆਪਣੀ ਪਹਿਲੀ ਹਿੰਦੀ ਫ਼ਿਲਮ 'ਫੈਸ਼ਨ' ਰਾਹੀਂ ਸਿਨੇ ਰਸੀਆਂ ਦਾ ਧਿਆਨ ਆਪਣੇ ਵਲ ਖਿੱਚਣ ਵਿਚ ਸਫਲ ਰਹੀ ਮੁਗਧਾ ਗੋਡਸੇ ਨੇ ਬਾਅਦ ਵਿਚ 'ਆਲ ਦ ਬੈਸਟ', 'ਜੇਲ੍ਹ', 'ਗਲੀ ਗਲੀ ਚੋਰ ਹੈ', 'ਹੀਰੋਇਨ', 'ਕਾਗਜ਼ ਕੇ ਫੂਲਸ' ਸਮੇਤ ਕੁਝ ਹੋਰ ਫ਼ਿਲਮਾਂ ਵਿਚ ਕੰਮ ਕੀਤਾ ਸੀ ਪਰ ਪਿਛਲੇ ਢਾਈ-ਤਿੰਨ ਸਾਲ ਤੋਂ ਉਹ ਫ਼ਿਲਮੀ ਪਰਦੇ ਤੋਂ ਗੁੰਮ ਜਿਹੀ ਹੋ ਗਈ ਸੀ। ਹੁਣ ਅਭਿਨੈ ਵਿਚ ਆਪਣੀ ਨਵੀਂ ਸ਼ੁਰੂਆਤ ਕਰਦੇ ਹੋਏ ਮੁਗਧਾ ਨੇ ਲਘੂ ਫ਼ਿਲਮ 'ਦ੍ਰਿਸ਼ਟੀ' ਵਿਚ ਮੁੱਖ ਭਮਿਕਾ ਨਿਭਾਈ ਹੈ। ਮੁਗਧਾ ਦੇ ਨਾਲ ਇਸ ਵਿਚ ਨਵੀਂ ਹੀਰੋਇਨ ਉਮੰਗ ਜੈਨ ਹੈ ਅਤੇ ਫ਼ਿਲਮ ਜੱਸ ਖਹਿਰਾ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ।
20 ਮਿੰਟ ਦੇ ਸਮੇਂ ਵਾਲੀ ਇਸ ਲਘੂ ਫ਼ਿਲਮ ਵਿਚ ਮੁਗਧਾ ਵਲੋਂ ਦ੍ਰਿਸ਼ਟੀ ਨਾਮੀ ਇਕ ਇਸ ਤਰ੍ਹਾਂ ਦੀ ਔਰਤ ਦੀ ਭੂਮਿਕਾ ਨਿਭਾਈ ਗਈ ਹੈ ਜਿਸ ਨੂੰ ਭੂਤਕਾਲ ਤੇ ਭਵਿੱਖ ਦੇਖਣ ਦੀ ਸ਼ਕਤੀ ਹਾਸਲ ਹੈ। ਨਇਨਾ (ਉਮੰਗ ਜੈਨ) ਨਾਮੀ ਇਕ ਪੱਤਰਕਾਰ ਉਸ ਦਾ ਇੰਟਰਵਿਊ ਲੈਣ ਆਉਂਦੀ ਹੈ। ਨਇਨਾ ਨੂੰ ਦੇਖਦਿਆਂ ਹੀ ਦ੍ਰਿਸ਼ਟੀ ਨੂੰ ਇਹ ਆਭਾਸ ਹੋ ਜਾਂਦਾ ਹੈ ਕਿ ਉਸ ਦਾ ਨਇਨਾ ਨਾਲ ਕੋਈ ਪੁਰਾਣਾ ਰਿਸ਼ਤਾ ਹੈ। ਇਹ ਰਿਸ਼ਤਾ ਕੀ ਹੈ, ਇਹ ਅਖੀਰ ਵਿਚ ਪਤਾ ਲਗਦਾ ਹੈ।
ਆਪਣੀ ਪਹਿਲੀ ਇਸ ਲਘੂ ਫ਼ਿਲਮ ਵਿਚ ਕੰਮ ਕਰਨ ਦੇ ਅਨੁਭਵ ਬਾਰੇ ਮੁਗਧਾ ਕਹਿੰਦੀ ਹੈ, 'ਇਸ ਤਰ੍ਹਾਂ ਦੀਆਂ ਫ਼ਿਲਮਾਂ ਡਿਜੀਟਲ ਪਲੇਟਫਾਰਮ 'ਤੇ ਦਿਖਾਈਆਂ ਜਾਂਦੀਆਂ ਹਨ ਅਤੇ ਇਸ ਲਈ ਸੈਂਸਰ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਪੈਂਦੀ। ਜਸ ਖਹਿਰਾ ਨਾਲ ਮੇਰੀ ਪੁਰਾਣੀ ਜਾਣ-ਪਛਾਣ ਹੈ, ਇਸ ਲਈ ਮੈਨੂੰ ਵਿਸ਼ਵਾਸ ਸੀ ਕਿ ਉਹ ਇਕ ਸਲੀਕੇਦਾਰ ਅਤੇ ਵਧੀਆ ਫ਼ਿਲਮ ਬਣਾਉਣਗੇ। ਇਸ ਫ਼ਿਲਮ ਵਿਚ ਕੰਮ ਕਰਨ ਦੀ ਅਹਿਮ ਵਜ੍ਹਾ ਇਹ ਸੀ ਕਿ ਇਹ ਨਵੇਂ ਦੌਰ ਦੀ ਫ਼ਿਲਮ ਹੈ। ਅੱਜ ਲਘੂ ਫ਼ਿਲਮਾਂ ਬਹੁਤ ਬਣ ਰਹੀਆਂ ਹਨ। ਇਸ ਤਰ੍ਹਾਂ ਦੀਆਂ ਫ਼ਿਲਮਾਂ ਨਿਰਮਾਣ ਵਿਚ ਆਏ ਬਦਲਾਅ ਨੂੰ ਦਿਖਾਉਂਦੀਆਂ ਹਨ। ਮੈਨੂੰ ਬਦਲਾਅ ਦੇ ਨਾਲ ਕਦਮ ਮਿਲਾ ਕੇ ਚੱਲਣਾ ਪਸੰਦ ਹੈ। ਨਵਾਂ ਅਨੁਭਵ ਹਾਸਲ ਕਰਨ ਲਈ ਮੈਂ ਇਸ ਫ਼ਿਲਮ ਵਿਚ ਕੰਮ ਕੀਤਾ ਹੈ। ਫ਼ਿਲਮ ਲਈ ਹਾਂ ਕਹਿਣ ਦੀ ਇਕ ਵਜ੍ਹਾ ਇਹ ਵੀ ਸੀ ਕਿ ਮੈਂ ਹੁਣ ਤੱਕ ਕਿਸੇ ਫ਼ਿਲਮ ਵਿਚ ਮੁੱਖ ਭੂਮਿਕਾ ਨਹੀਂ ਨਿਭਾਈ ਹੈ। ਇਥੇ ਮੁੱਖ ਭੂਮਿਕਾ ਨਿਭਾਉਣ ਦਾ ਮੇਰਾ ਪਹਿਲਾ ਅਨੁਭਵ ਹੈ। ਇਥੇ ਜੋ ਮੇਰੀ ਭੂਮਿਕਾ ਹੈ, ਉਸ ਤਰ੍ਹਾਂ ਦੀ ਭੂਮਿਕਾ ਵੀ ਪਹਿਲਾਂ ਕਦੀ ਮੇਰੇ ਹਿੱਸੇ ਨਹੀਂ ਆਈ। ਇਥੇ ਦ੍ਰਿਸ਼ਟੀ ਨੂੰ ਭੂਤਕਾਲ ਤੇ ਭਵਿੱਖ ਦੀ ਜਾਣਕਾਰ ਦਿਖਾਇਆ ਗਿਆ ਹੈ। ਹਿੰਦੀ ਫ਼ਿਲਮਾਂ ਵਿਚ ਆਮ ਕਰਕੇ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਵਿਚ ਕਿਸੇ ਬੰਜਾਰਨ ਨੂੰ ਦਿਖਾਇਆ ਜਾਂਦਾ ਰਿਹਾ ਹੈ, ਜਦੋਂ ਕਿ ਇਥੇ ਦ੍ਰਿਸ਼ਟੀ ਨੂੰ ਉੱਚ ਵਰਗ ਦੀ ਔਰਤ ਦੇ ਰੂਪ ਵਿਚ ਦਿਖਾਇਆ ਗਿਆ ਹੈ। ਮੈਂ ਕੁਝ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਦੇ ਕੋਲ ਕੁਦਰਤੀ ਤਾਕਤ ਹੈ। ਉਨ੍ਹਾਂ ਦੇ ਅੰਦਾਜ਼ੇ ਨੂੰ ਮੈਂ ਦ੍ਰਿਸ਼ਟੀ ਦੇ ਕਿਰਦਾਰ ਵਿਚ ਪੇਸ਼ ਕੀਤਾ ਹੈ। ਜਦੋਂ ਜਸ ਇਹ ਕਹਾਣੀ ਲੈ ਕੇ ਮੇਰੇ ਕੋਲ ਆਏ, ਉਦੋਂ ਉਨ੍ਹਾਂ ਨੇ ਇਸ ਵਿਚ ਦ੍ਰਿਸ਼ਟੀ ਦੇ ਕਿਰਦਾਰ ਨੂੰ ਕਾਫੀ ਲਾਊਡ ਰੱਖਿਆ ਸੀ। ਮੈਂ ਸੁਝਾਅ ਦਿੱਤਾ ਕਿ ਇਸ ਕਿਰਦਾਰ ਨੂੰ ਸੌਫ਼ਟ ਰੱਖੋ, ਉਸ ਨੂੰ ਸ਼ਾਂਤ ਸੁਭਾਅ ਵਾਲੀ ਦਿਖਾਓ। ਕਿਉਂਕਿ ਸ਼ਾਂਤ ਕਿਰਦਾਰ ਰਾਹੀਂ ਸਸਪੈਂਸ ਦਾ ਜਾਲ ਚੰਗਾ ਬੁਣਿਆ ਜਾ ਸਕਦਾ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਸ਼ਾਂਤ ਪਾਣੀ ਜ਼ਿਆਦਾ ਗਹਿਰਾ ਹੁੰਦਾ ਹੈ, ਸ਼ਾਂਤ ਕਿਰਦਾਰ ਦੇ ਨਾਲ ਵੀ ਇਹੀ ਗੱਲ ਲਾਗੂ ਹੁੰਦੀ ਹੈ। ਨਿਰਦੇਸ਼ਕ ਮੇਰੀ ਗੱਲ ਨਾਲ ਸਹਿਮਤ ਹੋ ਗਿਆ ਸੀ। ਇਸ ਲਘੂ ਫ਼ਿਲਮ ਦੀ ਸ਼ੂਟਿੰਗ ਡੇਢ ਦਿਨ ਵਿਚ ਪੂਰੀ ਕਰ ਲਈ ਗਈ ਸੀ। ਸੋ, ਕਿਰਦਾਰ ਨੂੰ ਲੰਬੇ ਸਮੇਂ ਤੱਕ ਆਪਣੇ ਦਿਮਾਗ਼ ਵਿਚ ਜਿਊਂਦਾ ਰੱਖਣ ਦਾ ਤਣਾਅ ਵੀ ਨਹੀਂ ਸੀ। ਇਹ ਮੇਰੀ ਇਕ ਸਪੈਸ਼ਲ ਫ਼ਿਲਮ ਹੈ। ਮੁਗਧਾ ਅਨੁਸਾਰ ਉਹ ਜਲਦੀ ਹੀ ਇਕ ਫ਼ਿਲਮ ਦਾ ਨਿਰਮਾਣ ਕਰਨ ਜਾ ਰਹੀ ਹੈ ਅਤੇ ਫਿਲਹਾਲ ਕਹਾਣੀ 'ਤੇ ਕੰਮ ਚੱਲ ਰਿਹਾ ਹੈ। ਹੁਣ, ਮੁਗਧਾ ਦੀ ਫ਼ਿਲਮ ਦਾ ਐਲਾਨ ਦਾ ਇੰਤਜ਼ਾਰ ਕਰਨਾ ਹੋਵੇਗਾ।


-ਮੁੰਬਈ ਪ੍ਰਤੀਨਿਧ

ਅਭੈ ਦਿਓਲ-ਪੱਤਰਲੇਖਾ ਨੂੰ ਚਮਕਾਉਂਦੀ ਡਰਾਉਣੀ ਫ਼ਿਲਮ 'ਨਾਨੂ ਕੀ ਜਾਨੂ'

ਸਾਲ 2016 ਵਿਚ ਆਈ 'ਹੈਪੀ ਭਾਗ ਜਾਏਗੀ' ਤੋਂ ਬਾਅਦ ਹੁਣ ਅਭੈ ਦਿਓਲ 'ਨਾਨੂ ਕੀ ਜਾਨੂ' ਫ਼ਿਲਮ ਵਿਚ ਆਪਣੇ ਅਭਿਨੈ ਦੇ ਜਲਵੇ ਦਿਖਾਉਣ ਆ ਰਹੇ ਹਨ। ਇਨ੍ਹਾਂ ਦੇ ਨਾਲ ਇਸ ਵਿਚ ਹੈ ਫ਼ਿਲਮ 'ਸਿਟੀਲਾਈਟਸ' ਫੇਮ ਪੱਤਰਲੇਖਾ।
'ਨਾਨੂ ਕੀ ਜਾਨੂ' ਵਿਚ ਅਭੈ ਵਲੋਂ ਨਾਨੂ ਦਾ ਕਿਰਦਾਰ ਨਿਭਾਇਆ ਗਿਆ ਹੈ। ਉਹ ਦਿੱਲੀ ਦਾ ਵਾਸੀ ਹੈ ਅਤੇ ਦੂਜਿਆਂ ਦੇ ਘਰਾਂ 'ਤੇ ਗ਼ੈਰ ਕਾਨੂੰਨੀ ਕਬਜ਼ਾ ਕਰਨਾ ਉਸ ਦਾ ਪੇਸ਼ਾ ਹੈ। ਗੱਲ-ਗੱਲ 'ਤੇ ਹੱਥ-ਪੈਰ ਜਾਂ ਹਥਿਆਰ ਚਲਾਉਣਾ ਉਸ ਦੀ ਆਦਤ ਵਿਚ ਸ਼ਾਮਿਲ ਹੈ। ਇਕ ਦਿਨ ਨਾਨੂ ਦੇਖਦਾ ਹੈ ਕਿ ਉਸ ਦੇ ਘਰ ਵਿਚ ਅਜੀਬ ਫੇਰਬਦਲ ਹੋਏ ਹਨ। ਪਹਿਲਾਂ ਤਾਂ ਉਹ ਇਸ ਬਦਲਾਅ ਵੱਲ ਧਿਆਨ ਨਹੀਂ ਦਿੰਦਾ ਪਰ ਜਦੋਂ ਰੋਜ਼-ਰੋਜ਼ ਘਰ ਵਿਚ ਨਵੀਆਂ ਘਟਨਾਵਾਂ ਵਾਪਰਨ ਲਗਦੀਆਂ ਤਾਂ ਉਸ ਨੂੰ ਲਗਦਾ ਹੈ ਕਿ ਘਰ ਵਿਚ ਕਿਸੇ ਭੂਤ ਨੇ ਡੇਰਾ ਲਾਇਆ ਹੈ। ਨਾਨੂ ਦੀ ਪਰੇਸ਼ਾਨੀ ਉਦੋਂ ਹੋਰ ਵਧ ਜਾਂਦੀ ਹੈ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੇ ਘਰ ਵਿਚ ਭੂਤ ਨਹੀਂ ਭੂਤਨੀ ਹੈ। ਇਸ ਭੂਤਨੀ ਨੂੰ ਨਾਨੂ ਨਾਲ ਮੁਹੱਬਤ ਹੋ ਜਾਂਦੀ ਹੈ। ਆਪਣੀ ਜ਼ਿੰਦਗੀ ਵਿਚ ਆਈ ਇਸ ਭੂਤਨੀ ਦੀ ਵਜ੍ਹਾ ਕਰਕੇ ਨਾਨੂ ਦੇ ਸੁਭਾਅ ਵਿਚ ਵੀ ਬਦਲਾਅ ਆ ਜਾਂਦਾ ਹੈ। ਕਦੀ ਗਰਮ ਤੇਵਰ ਦਿਖਾਉਂਦਾ ਫਿਰਦਾ ਨਾਨੂ ਦਾ ਖੂਨ ਹੁਣ ਠੰਢਾ ਪੈ ਚੁੱਕਾ ਹੁੰਦਾ ਹੈ। ਇਸ ਭੂਤਨੀ ਦੀ ਵਜ੍ਹਾ ਨਾਲ ਨਾਨੂ ਦੀ ਜ਼ਿੰਦਗੀ ਵਿਚ ਕੀ ਕੁਝ ਵਾਪਰ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ।
'ਵਾਰ ਛੋੜ ਨਾ ਯਾਰ' ਨਿਰਦੇਸ਼ਿਤ ਕਰਨ ਵਾਲੇ ਫਰਾਜ਼ ਹੈਦਰ ਹੁਣ ਇਸ ਫ਼ਿਲਮ ਰਾਹੀਂ ਡਰਾਉਣੀ-ਕਾਮੇਡੀ ਲੈ ਕੇ ਆਏ ਹਨ। ਕਦੀ ਫਰਾਜ਼ 'ਓਏ ਲੱਕੀ ਲੱਕੀ ਓਏ' ਵਿਚ ਸਹਾਇਕ ਨਿਰਦੇਸ਼ਕ ਹੋਇਆ ਕਰਦੇ ਸਨ ਅਤੇ ਉਦੋਂ ਅਭੈ ਦਿਓਲ ਨਾਲ ਉਨ੍ਹਾਂ ਦੇ ਚੰਗੇ ਸਬੰਧ ਬਣ ਗਏ ਸਨ। ਇਨ੍ਹਾਂ ਸਬੰਧਾਂ ਦੇ ਚਲਦਿਆਂ ਜਦੋਂ ਫਰਾਜ਼ ਨੇ ਅਭੈ ਨੂੰ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ ਤਾਂ ਅਭੈ ਨੇ ਦੇਖਿਆ ਕਿ ਇਸ ਤਰ੍ਹਾਂ ਦੇ ਵਿਸ਼ੇ ਵਾਲੀ ਫ਼ਿਲਮ ਉਸ ਨੇ ਪਹਿਲਾਂ ਕਦੀ ਨਹੀਂ ਕੀਤੀ ਹੈ। ਨਾਨੂ ਵਰਗਾ ਕਿਰਦਾਰ ਵੀ ਪਹਿਲਾਂ ਕਦੀ ਨਹੀਂ ਨਿਭਾਇਆ। ਸੋ, ਕੁਝ ਵੱਖਰਾ ਕਰਨ ਦੇ ਇਰਾਦੇ ਨਾਲ ਉਨ੍ਹਾਂ ਨੇ ਹਾਂ ਕਹਿ ਦਿੱਤੀ। ਅਭੈ ਦੇ ਅਨੁਸਾਰ ਉਨ੍ਹਾਂ ਦੀ ਦਿੱਖ ਗੰਭੀਰ ਕਲਾਕਾਰ ਦੀ ਹੈ। ਇਸ ਦਿੱਖ ਵਿਚ ਬਦਲਾਅ ਲਿਆਉਣ ਦੇ ਇਰਾਦੇ ਨਾਲ ਵੀ ਉਨ੍ਹਾਂ ਨੇ ਇਸ ਫ਼ਿਲਮ ਲਈ ਹਾਂ ਕੀਤੀ।
ਅਭੈ ਅਤੇ ਪੱਤਰਲੇਖਾ ਦੇ ਨਾਲ ਇਸ ਵਿਚ ਮਨੂ ਰਿਸ਼ੀ ਚੱਢਾ, ਰੇਸ਼ਮਾ ਖਾਨ, ਮਨੋਜ ਪਾਹਵਾ, ਰਾਜੇਸ਼ ਸ਼ਰਮਾ, ਹਿਮਾਨੀ ਸ਼ਿਵਪੁਰੀ ਤੇ ਸਪਨਾ ਚੌਧਰੀ ਨੇ ਅਭਿਨੈ ਕੀਤਾ ਹੈ।
ਲੋਕਾਂ ਨੂੰ ਡਰਾਉਣ ਤੇ ਹਸਾਉਣ ਲਈ ਇਹ ਫ਼ਿਲਮ 20 ਅਪ੍ਰੈਲ ਨੂੰ ਸਿਨੇਮਾ ਘਰਾਂ ਵਿਚ ਆ ਰਹੀ ਹੈ।


-ਇੰਦਰਮੋਹਨ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX