ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਹੋਰ ਖ਼ਬਰਾਂ..

ਖੇਡ ਜਗਤ

ਨਿਸਾਰ ਅਹਿਮਦ - ਭਾਰਤ ਦਾ ਉਸੈਨ ਬੋਲਟ

ਭਾਰਤ ਵਿਚ ਜਿਹੜੇ ਔਰਤਾਂ ਤੇ ਮਰਦ ਅਥਲੀਟ ਵਿਸ਼ਵ ਮੰਚ 'ਤੇ ਆਪਣੀ ਪਛਾਣ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਵਿਚ ਦਿੱਲੀ ਦੇ 16 ਸਾਲਾ ਨਿਸਾਰ ਅਹਿਮਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹਨ। ਨਿਸਾਰ 'ਤੇ ਫੋਕਸ ਪਿਛਲੇ ਸਾਲ ਆਇਆ ਜਦੋਂ ਉਨ੍ਹਾਂ ਨੇ ਆਪਣੇ ਸੂਬੇ ਦੇ ਸੀਨੀਅਰ ਅਥਲੀਟਾਂ ਤੋਂ ਚੰਗਾ ਸਮਾਂ ਕੱਢਿਆ। ਉਦੋਂ ਤੋਂ ਉਨ੍ਹਾਂ ਦੀ ਤਰੱਕੀ ਨੇ ਭਵਿੱਖ ਦੀਆਂ ਆਸਾਂ ਵਿਚ ਸਿਰਫ਼ ਵਾਧਾ ਹੀ ਕੀਤਾ ਹੈ ਅਤੇ ਉਨ੍ਹਾਂ ਦੀ ਕਿੰਗਸਟਨ (ਜਮਾਇਕਾ) ਦੇ ਰੇਸਰਜ਼ ਟ੍ਰੈਕ ਕਲੱਬ (ਜੋ ਉਸੈਨ ਬੋਲਟ ਤੇ ਹੋਰ ਮਹਾਨ ਦੌੜਾਕਾਂ ਦਾ ਘਰ ਹੈ) ਦੀ ਯਾਤਰਾ ਨੇ ਉਨ੍ਹਾਂ ਦੀ ਭੁੱਖ ਤੇ ਵਿਸ਼ਵਾਸ ਨੂੰ ਹੋਰ ਵਧਾ ਦਿੱਤਾ ਹੈ।
ਹਾਲ ਦੇ ਭਾਰਤੀ ਖੇਡ ਇਤਿਹਾਸ 'ਤੇ ਜੇਕਰ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਲਗਪਗ ਸਾਰੀਆਂ ਖੇਡਾਂ ਵਿਚ ਜ਼ਿਆਦਾਤਰ ਖਿਡਾਰੀ ਉਨ੍ਹਾਂ ਘਰਾਂ ਤੋਂ ਆ ਰਹੇ ਹਨ, ਜਿਨ੍ਹਾਂ ਵਿਚ ਸਾਧਨਾਂ ਦੀ ਜ਼ਬਰਦਸਤ ਘਾਟ ਹੈ। ਇਹੀ ਸਥਿਤੀ ਨਿਸਾਰ ਦੀ ਵੀ ਹੈ। ਉਹ ਦਿੱਲੀ ਵਿਚ ਸਬਜ਼ੀਆਂ ਦੀ ਥੋਕ ਮੰਡੀ ਆਜ਼ਾਦਪੁਰ ਦੇ ਨੇੜੇ ਮਲਿਨ ਬਸਤੀ ਵਿਚ ਰਹਿੰਦਾ ਹੈ ਅਤੇ ਅਥਲੈਟਿਕਸ ਵਿਚ ਉਸ ਦਾ ਦਾਖ਼ਲਾ ਸਿਰਫ਼ ਸੰਯੋਗ ਹੀ ਕਿਹਾ ਜਾ ਸਕਦਾ ਹੈ। ਉਹ ਦੌੜਦੇ ਸਮੇਂ ਆਪਣੇ ਦੋਸਤਾਂ ਨੂੰ ਬਹੁਤ ਪਿੱਛੇ ਛੱਡ ਜਾਂਦਾ ਸੀ, ਪਰ ਇਹ ਨਹੀਂ ਸੋਚਦਾ ਸੀ ਕਿ ਉਹ ਵਿਸ਼ੇਸ਼ ਹੈ। ਨਿਸਾਰ ਦੇ ਪਿਤਾ ਮੁਹੰਮਦ ਹੱਕ ਰਿਕਸ਼ਾ ਚਾਲਕ ਹਨ ਅਤੇ ਮਾਂ ਸ਼ਫੀਕੂਨਿੰਸਾ ਘਰ-ਘਰ ਜਾ ਕੇ ਚੁੱਲ੍ਹਾ-ਚੌਂਕਾ ਕਰਦੀ ਹੈ। ਦੋਵੇਂ ਮਾਂ-ਬਾਪ ਮਿਲ ਕੇ ਮਹੀਨੇ ਵਿਚ ਲਗਪਗ 6000 ਰੁਪਏ ਕਮਾ ਲੈਂਦੇ ਹਨ, ਜੋ ਚਾਰ ਵਿਅਕਤੀਆਂ ਦੇ ਪਰਿਵਾਰ ਲਈ ਪੂਰਾ ਨਹੀਂ ਪੈਂਦਾ ਹੈ। ਇਸ ਤਰ੍ਹਾਂ ਪਰਿਵਾਰ ਦਾ ਇਕ ਮੈਂਬਰ ਖੇਡ ਵਿਚ ਕੈਰੀਅਰ ਬਣਾਉਣ ਦੀ ਸੋਚ ਵੀ ਨਹੀਂ ਸਕਦਾ।
ਜਦੋਂ ਨਿਸਾਰ ਤੀਜੀ ਜਮਾਤ ਵਿਚ ਸੀ ਤਾਂ ਅਸ਼ੋਕ ਵਿਹਾਰ ਗੌਰਮਿੰਟ (ਲੜਕਿਆਂ) ਸੈਕੰਡਰੀ ਸਕੂਲ ਦੇ ਪੀ. ਟੀ. ਟੀਚਰ ਸੁਰਿੰਦਰ ਸਿੰਘ ਨੇ ਉਸ ਦਾ ਨਾਂਅ ਅੰਤਰ-ਜ਼ੋਨ ਮੁਕਾਬਲਿਆਂ ਵਿਚ ਦੇ ਦਿੱਤਾ ਅਤੇ ਨਿਸਾਰ ਦੀ ਤਾਕਤ ਦਾ ਅਹਿਸਾਸ ਕੀਤਾ। ਸੁਰਿੰਦਰ ਸਿੰਘ ਨਿਸਾਰ ਨੂੰ ਦਿੱਲੀ ਪ੍ਰਸ਼ਾਸਨ ਹੇਠ ਚੱਲਣ ਵਾਲੇ ਛਾਤਰਸਾਲ ਸਟੇਡੀਅਮ ਦੀ ਕੋਚ ਸੁਨੀਤਾ ਰਾਏ ਕੋਲ ਲੈ ਕੇ ਗਏ, ਉਨ੍ਹਾਂ ਨੇ ਟ੍ਰਾਇਲ ਲਿਆ ਅਤੇ ਉਦੋਂ ਤੋਂ ਸੁਨੀਤਾ ਰਾਏ ਦੀ ਨਿਗਰਾਨੀ ਵਿਚ ਹੀ ਨਿਸਾਰ ਸਿਖਅਤ ਕਰ ਰਹੇ ਹਨ। ਨਿਸਾਰ ਵਿਚ ਕਿਸ ਤਰ੍ਹਾਂ ਦੀ ਤਾਕਤ ਹੈ, ਇਹ ਉਨ੍ਹਾਂ ਨੇ ਪਿਛਲੇ ਸਤੰਬਰ ਵਿਚ ਦਿੱਲੀ ਸੂਬੇ ਦੀ ਮੀਟ ਦੌਰਾਨ ਦਿਖਾਈ। ਜੂਨੀਅਰ ਵਰਗ ਵਿਚ ਸੋਨ ਤਗਮਾ ਜਿੱਤਣ ਲਈ ਉਨ੍ਹਾਂ ਨੇ 100 ਮੀਟਰ ਵਿਚ 11 ਸੈਕਿੰਡ ਦਾ ਸਮਾਂ ਕੱਢਿਆ, ਜੋ ਪੁਰਸ਼ ਸ਼੍ਰੇਣੀ ਵਿਚ ਜੇਤੂ ਦੇ ਸਮੇਂ ਤੋਂ 0.02 ਸੈਕਿੰਡ ਚੰਗਾ ਸੀ। ਉਸ ਦਿਨ ਨਿਸਾਰ ਨੇ ਅੰਡਰ-16 ਦੇ ਦੋ ਕੌਮੀ ਰਿਕਾਰਡ ਤੋੜੇ, ਡਬਲ ਲਈ ਉਨ੍ਹਾਂ ਨੇ 200 ਮੀਟਰ ਦੀ ਦੌੜ ਵੀ ਜਿੱਤੀ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਅੱਗੇ ਲਈ ਆਪਣੇ ਰਸਤੇ ਖੋਲ੍ਹੇ।
ਪਰ ਨਿਸਾਰ ਦੀ ਚਮਕ ਤਾਂ ਉਸ ਤੋਂ ਪਹਿਲਾਂ ਹੀ ਜ਼ਾਹਿਰ ਹੋ ਗਈ ਸੀ, ਜਦੋਂ 2014-15 ਵਿਚ ਰਾਂਚੀ ਵਿਚ ਹੋਏ ਸਕੂਲ ਰਾਸ਼ਟਰੀ ਖੇਡਾਂ ਵਿਚ ਉਨ੍ਹਾਂ ਨੇ ਸੋਨ ਤਗਮਾ ਜਿੱਤਿਆ ਅਤੇ ਫਿਰ 2016 ਵਿਚ ਕੋਝੀਕੋਡ ਵਿਚ ਹੋਏ ਅਗਲੇ ਸੈਸ਼ਨ ਵਿਚ ਉਨ੍ਹਾਂ ਨੇ ਚਾਰ ਤਗਮੇ ਜਿੱਤੇ, ਜਿਨ੍ਹਾਂ ਵਿਚ ਦੋ ਸੋਨ ਤੇ ਦੋ ਕਾਂਸੀ ਦੇ ਤਗਮੇ ਸ਼ਾਮਿਲ ਹਨ, ਜਿਸ ਲਈ ਉਨ੍ਹਾਂ ਨੂੰ ਅੰਡਰ-16 ਦੇ ਸਰਬਉੱਤਮ ਅਥਲੀਟ ਦਾ ਐਵਾਰਡ ਮਿਲਿਆ। 2016 ਦੀ ਟੈਲੇਂਟ ਸਰਚ ਦੇ ਬਾਅਦ ਗੈਸ ਅਥਾਰਿਟੀ ਆਫ਼ ਇੰਡੀਆ ਲਿਮਿਟਡ (ਗੇਲ) ਅਤੇ ਐਂਗਲੀਅਨ ਮੈਡਲ ਹੰਟ ਨੇ ਨਿਸਾਰ ਨੂੰ ਉਲੰਪਿਕ ਤਗਮਾ ਲਿਆ ਸਕਣ ਵਾਲੇ ਸੰਭਾਵੀ ਖਿਡਾਰੀਆਂ ਵਿਚ ਚੁਣਿਆ। ਇਨ੍ਹਾਂ ਦੋਵਾਂ ਤੋਂ ਇਹ ਸਹਿਯੋਗ 2020 ਤੱਕ ਜਾਰੀ ਰਹੇਗਾ। ਫਿਲਹਾਲ, ਦਿੱਲੀ ਵਿਚ ਖੇਡ ਦਾ ਪ੍ਰਦਰਸ਼ਨ ਕਰ ਕੇ ਨਿਸਾਰ ਨੂੰ ਆਪਣੇ ਵਿਚ ਸੁਧਾਰ ਲਿਆਉਣ ਦਾ ਮੌਕਾ ਮਿਲਿਆ ਹੈ।
ਉਦੋਂ ਤੋਂ ਨਿਸਾਰ ਦੀ ਟਾਈਮਿੰਗ ਵੀ ਚੰਗੀ ਹੋਈ ਹੈ। 100 ਮੀਟਰ ਵਿਚ ਉਹ 11 ਤੋਂ 10.85 ਸੈਕਿੰਡ 'ਤੇ ਪਹੁੰਚਿਆ ਅਤੇ 200 ਮੀਟਰ ਵਿਚ 22.08 ਤੋਂ 21.73 ਸੈਕਿੰਡ 'ਤੇ ਪਹੁੰਚਿਆ। ਇਹ ਦੋਵੇਂ ਹੀ ਰਾਸ਼ਟਰੀ ਅੰਡਰ-16 ਰਿਕਾਰਡ ਹਨ, ਜੋ ਉਨ੍ਹਾਂ ਨੇ ਪਿਛਲੇ ਸਾਲ ਵਿਜੇਵਾੜਾ ਵਿਚ ਹੋਈ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸਥਾਪਿਤ ਕੀਤੇ ਸਨ। ਹਾਲ ਦੇ 'ਖੇਲੋ ਇੰਡੀਆ' ਖੇਡਾਂ ਵਿਚ ਨਿਸਾਰ ਨੇ ਆਪਣੇ ਹੀ ਸਮੇਂ ਨੂੰ ਚੰਗਾ ਬਣਾਉਂਦੇ ਹੋਏ 100 ਮੀਟਰ ਵਿਚ 10.76 ਸੈਕਿੰਡ ਦਾ ਸਮਾਂ ਕੱਢਿਆ। ਫਿਰ ਅਗਲੇ ਦਿਨ ਉਹ ਜਮਾਇਕਾ ਚਲਾ ਗਿਆ, ਫੈੱਡਰੇਸ਼ਨ ਕੱਪ ਵਿਚ ਵਾਪਸੀ ਕਰਨ ਤੋਂ ਪਹਿਲਾਂ।
ਨਿਸਾਰ ਲਈ ਸਭ ਤੋਂ ਵੱਡੀ ਚੁਣੌਤੀ ਪੈਸਾ ਹੈ, ਪਰ ਹੋਰ ਮੁਸ਼ਕਿਲਾਂ ਵੀ ਹਨ। ਉਨ੍ਹਾਂ ਦੀ ਕੋਚ ਸੁਨੀਤਾ ਰਾਏ ਦਾ ਮੰਨਣਾ ਹੈ ਕਿ ਜੇਕਰ ਨਿਸਾਰ ਸਖ਼ਤ ਮਿਹਨਤ ਕਰੇ ਤਾਂ ਉਹ 100 ਮੀਟਰ 10 ਸੈਕਿੰਡ ਦੇ ਅੰਦਰ ਦੌੜ ਸਕਦਾ ਹੈ। ਪਰ ਇਸ ਤਰ੍ਹਾਂ ਕਰਨ ਲਈ ਉਸ ਨੂੰ ਆਪਣਾ ਦ੍ਰਿੜ੍ਹ ਇਰਾਦਾ ਬਣਾਈ ਰੱਖਣਾ ਹੋਵੇਗਾ। ਪਟਿਆਲਾ ਵਿਚ ਹੋਏ ਫੈੱਡਰੇਸ਼ਨ ਕੱਪ ਵਿਚ ਨਿਸਾਰ ਕਟ-ਆਫ ਮਾਰਕ ਤੱਕ ਵੀ ਨਾ ਪਹੁੰਚ ਸਕਿਆ, ਜੋ ਕਿ ਚੋਣ ਤੋਂ ਪਹਿਲਾਂ ਦਾ ਆਖਰੀ ਮੁਕਾਬਲਾ ਸੀ। ਨਿਸਾਰ ਦੀ ਟਾਈਮਿੰਗ ਹੀਟਸ ਵਿਚ 11.04 ਸੈਕਿੰਡ ਸੀ ਤੇ ਸੈਮੀ ਫਾਈਨਲ ਵਿਚ 10.96 ਸੈਕਿੰਡ ਸੀ ਅਤੇ ਉਹ ਫਾਈਨਲ ਲਈ ਕੁਆਲੀਫਾਈ ਵੀ ਨਾ ਕਰ ਸਕਿਆ।
ਨਿਸਾਰ ਆਉਣ ਵਾਲੇ ਰਾਸ਼ਟਰ ਕੁਲ ਖੇਡਾਂ ਲਈ ਕੁਆਲੀਫਾਈ ਕਰਨ ਵਿਚ ਨਾਕਾਮ ਰਿਹਾ। ਖੇਡਾਂ ਵਿਚ ਜੋ ਸਫਲ ਹੁੰਦਾ ਹੈ, ਉਸ 'ਤੇ ਡੋਪਿੰਗ ਦੀ ਤਲਵਾਰ ਹਮੇਸ਼ਾ ਲਟਕੀ ਰਹਿੰਦੀ ਹੈ। ਨਿਸਾਰ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਕੋਚ ਕਹਿੰਦੀ ਹੈ ਕਿ ਨਿਸਾਰ ਬੋਲਟ ਤੋਂ ਪ੍ਰੇਰਿਤ ਹੋ ਸਕਦੇ ਹਨ, ਜੋਹਨ ਬਲੈਕ ਦੇ ਨਾਲ ਵਰਕਆਊਟ ਕਰ ਸਕਦੇ ਹਨ ਅਤੇ ਮਹਾਨ ਕੋਚ ਗਲੇਨ ਮਿਲਸ ਤੋਂ ਟਿਪਸ ਲੈ ਸਕਦੇ ਹਨ, ਪਰ ਇਸ ਦਾ ਕੋਈ ਅਰਥ ਨਹੀਂ ਰਹੇਗਾ ਜੇਕਰ ਉਹ ਸਾਵਧਾਨ ਨਹੀਂ ਰਹੇਗਾ।
ਪੈਸਾ ਵੀ ਇਕ ਵੱਡਾ ਮੁੱਦਾ ਹੈ। ਗੇਲ ਨਿਸਾਰ ਦੀ ਟ੍ਰੇਨਿੰਗ ਕਿੱਟ ਨੂੰ ਸਪਾਂਸਰ ਕਰਦੀ ਹੈ ਅਤੇ ਪੌਸ਼ਟਿਕਤਾ ਲਈ ਪ੍ਰੋਟੀਨ ਉਪਲਬਧ ਕਰਾਉਂਦੀ ਹੈ, ਪਰ ਉਨ੍ਹਾਂ ਦਾ ਪਰਿਵਾਰ ਸੰਘਰਸ਼ ਹੀ ਕਰ ਰਿਹਾ ਹੈ। ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਦੇ ਬਦਰੂਦੀਨ ਅਜਮਲ ਦੀ ਅਜਮਲ ਫਾਊਂਡੇਸ਼ਨ ਨੇ ਨਿਸਾਰ ਨੂੰ ਸਿੱਖਿਅਤ ਕਰਨ ਦਾ ਜ਼ਿੰਮਾ ਲਿਆ ਹੈ ਅਤੇ ਉਨ੍ਹਾਂ ਦੀ ਟ੍ਰੇਨਿੰਗ ਨੂੰ ਫੰਡ ਕਰ ਰਹੀ ਹੈ, ਪਰ ਆਰਥਿਕ ਦ੍ਰਿਸ਼ਟੀ ਨਾਲ ਮਾਸਿਕ ਸਮਰਥਨ ਕੀ ਰਹੇਗਾ, ਇਹ ਹਾਲੇ ਤੈਅ ਹੋਣਾ ਬਾਕੀ ਹੈ। ਅਥਲੈਟਿਕਸ ਵਿਚ ਕੌਮਾਂਤਰੀ ਪੱਧਰ 'ਤੇ ਸਾਡਾ ਪ੍ਰਦਰਸ਼ਨ ਹਾਲੇ ਤੱਕ ਕੋਈ ਖਾਸ ਚੰਗਾ ਨਹੀਂ ਰਿਹਾ ਹੈ। ਕਦੀ-ਕਦੀ ਮਿਲਖਾ ਸਿੰਘ, ਪੀ. ਟੀ. ਊਸ਼ਾ ਜਾਂ ਅੰਜੂ ਬੌਬੀ ਜਾਰਜ ਹੀ ਸਾਹਮਣੇ ਆਉਂਦੇ ਰਹੇ ਹਨ। ਇਸ ਲਈ ਹੁਣ ਜੋ ਨਿਸਾਰ ਤੇ ਹੋਰਾਂ ਦੇ ਰੂਪ ਵਿਚ ਹੁਨਰ ਸਾਹਮਣੇ ਆ ਰਹੇ ਹਨ, ਉਸ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਣ ਤੇ ਅੱਗੇ ਵਧਾਉਣ ਦੀ ਜ਼ਰੂਰਤ ਹੈ। ਇਸ ਵਿਚ ਸਰਕਾਰ ਨੂੰ ਦਖ਼ਲ ਦੇਣਾ ਚਾਹੀਦਾ ਅਤੇ ਪ੍ਰਤਿਭਾਸ਼ਾਲੀ ਅਥਲੀਟਾਂ ਨੂੰ ਸਾਰੀਆਂ ਸਹੂਲਤਾਂ ਤੇ ਚੰਗੀ ਸਿਖਲਾਈ ਉਪਲਬੱਧ ਕਰਾਉਣੀ ਚਾਹੀਦੀ, ਚਾਹੇ ਖਿਡਾਰੀਆਂ ਨੂੰ ਵਿਦੇਸ਼ ਭੇਜਣਾ ਹੋਵੇ ਜਾਂ ਉਨ੍ਹਾਂ ਲਈ ਚੰਗੇ ਕੋਚ ਲਿਆਉਣੇ ਹੋਣ।


-ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਕ੍ਰਿਕਟ ਨੂੰ ਫਿਰ ਘੇਰਿਆ ਗੇਂਦ ਛੇੜਖਾਨੀ ਵਿਵਾਦ ਨੇ

ਕ੍ਰਿਕਟ ਦੀ ਖੇਡ ਵਿਚ ਗੇਂਦ ਨਾਲ ਛੇੜਖਾਨੀ ਦਾ ਵਿਵਾਦ ਕਈ ਸਾਲਾਂ ਬਾਅਦ ਫਿਰ ਪਰਤ ਆਇਆ ਹੈ ਅਤੇ ਇਸ ਵਾਰ ਇਹ ਬੇਹੱਦ ਵੱਡੇ ਪੱਧਰ ਉੱਤੇ ਆਇਆ ਹੈ। ਆਸਟ੍ਰੇਲੀਆ ਦੀ ਕ੍ਰਿਕਟ ਟੀਮ ਇਨ੍ਹੀਂ ਦਿਨੀਂ ਦੱਖਣੀ ਅਫਰੀਕਾ ਦੇ ਦੌਰੇ ਉੱਤੇ ਹੈ ਅਤੇ ਇਸੇ ਦੌਰਾਨ ਟੈਸਟ ਲੜੀ ਵਿਚ ਗੇਂਦ ਛੇੜਖਾਨੀ ਦਾ ਵਿਵਾਦ ਅਜਿਹਾ ਉੱਭਰਿਆ ਹੈ ਕਿ ਇਸ ਨੇ ਸਾਰੇ ਖੇਡ ਜਗਤ ਦਾ ਧਿਆਨ ਆਪਣੇ ਵੱਲ ਖਿੱਚਦੇ ਹੋਏ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ, ਦੋਵਾਂ ਟੀਮਾਂ ਦਰਮਿਆਨ ਕੇਪਟਾਊਨ ਟੈਸਟ ਵਿਚ ਆਸਟਰੇਲੀਅਨ ਖਿਡਾਰੀ ਬੈਨਕ੍ਰਾਫਟ ਨੂੰ ਗੇਂਦ ਉੱਤੇ ਪੀਲੀ ਟੇਪ ਲਗਾਉਂਦੇ ਹੋਏ ਦੇਖਿਆ ਗਿਆ ਸੀ। ਬਾਅਦ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਮਿਥ ਅਤੇ ਬੈਨਕ੍ਰਾਫਟ ਨੇ ਆਪਣੀ ਗਲਤੀ ਸਵੀਕਾਰ ਕੀਤੀ ਸੀ। ਇਸ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਨੇ ਸਮਿਥ ਅਤੇ ਵਾਰਨਰ ਉੱਤੇ ਇਕ ਸਾਲ ਲਈ ਪਾਬੰਦੀ ਲਾ ਦਿੱਤੀ ਹੈ, ਜਦਕਿ ਬੈਨਕ੍ਰਾਫਟ ਉੱਤੇ ਵੀ 9 ਮਹੀਨੇ ਦੀ ਪਾਬੰਦੀ ਲਾਈ ਗਈ ਹੈ। ਆਸਟ੍ਰੇਲੀਆ ਕ੍ਰਿਕਟ ਟੀਮ ਦੇ ਕੋਚ ਡੈਰੇਨ ਲੀਹਮੈਨ ਭਲੇ ਹੀ ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਸਾਫ਼ ਕਰਾਰ ਦਿੱਤੇ ਹੋਣ, ਪਰ ਹਰ ਹਾਲ ਵਿਚ ਜਿੱਤ ਦੀ ਜੋ ਮਾਨਸਿਕਤਾ ਉਨ੍ਹਾਂ ਨੇ ਟੀਮ ਵਿਚ ਭਰੀ ਹੈ, ਉਸ ਨੇ ਹੀ ਆਸਟ੍ਰੇਲੀਆਈ ਟੀਮ ਦਾ ਨੁਕਸਾਨ ਕਰ ਦਿੱਤਾ ਲੱਗਦਾ ਹੈ। ਲੀਹਮੈਨ ਨੇ ਜਦੋਂ 2013 ਵਿਚ ਆਸਟ੍ਰੇਲੀਆਈ ਟੀਮ ਵਲੋਂ ਕੋਚ ਦਾ ਅਹੁਦਾ ਸੰਭਾਲਿਆ, ਤਦ ਉਸ ਨੂੰ ਟੀਮ ਦਾ ਸੰਕਟਮੋਚਕ ਮੰਨਿਆ ਗਿਆ ਸੀ। ਹੁਣ ਲੀਹਮੈਨ ਨੂੰ ਟੀਮ ਵਿਚ ਗਲਤ ਮਾਨਸਿਕਤਾ ਭਰਨ ਦਾ ਦੋਸ਼ੀ ਮੰਨਿਆ ਜਾ ਰਿਹਾ ਹੈ, ਜਿਸ ਨਾਲ ਆਸਟ੍ਰੇਲੀਆ ਟੀਮ ਦੇ ਅਕਸ ਨੂੰ ਕਾਫੀ ਨੁਕਸਾਨ ਹੋਇਆ ਹੈ।
ਆਸਟ੍ਰੇਲੀਆਈ ਟੀਮ ਦੇ ਖਿਡਾਰੀਆਂ ਵਲੋਂ ਗੇਂਦ ਨਾਲ ਛੇੜਖਾਨੀ ਕਰਨ ਦੇ ਤਾਜ਼ਾ ਮਾਮਲੇ ਤੋਂ ਬਾਅਦ ਇਸ ਦੇ ਤਰੀਕਿਆਂ ਉੱਤੇ ਇਕ ਵਾਰ ਫਿਰ ਤੋਂ ਬਹਿਸ ਛਿੜ ਗਈ ਹੈ, ਜਿਸ ਵਿਚ ਦੰਦ, ਜ਼ਿੱਪਰ (ਚੇਨ), ਮਿੰਟ, ਮਿੱਟੀ ਤੇ ਹੁਣ ਰੇਗਮਾਰ ਦਾ ਨਾਂਅ ਸ਼ਾਮਿਲ ਹੋ ਗਿਆ ਹੈ। ਜੈਂਟਲਮੈਨਾਂ ਦੀ ਖੇਡ ਦੇ ਨਾਂਅ ਨਾਲ ਮਸ਼ਹੂਰ ਇਸ ਖੇਡ ਵਿਚ ਕਈ ਦਹਾਕਿਆਂ ਤੋਂ ਖਿਡਾਰੀਆਂ ਉੱਤੇ ਗੇਂਦ ਨਾਲ ਛੇੜਖਾਨੀ ਦੇ ਦੋਸ਼ ਲੱਗਦੇ ਰਹੇ ਹਨ। ਗੇਂਦ ਨਾਲ ਛੇੜਖਾਨੀ ਦਾ ਪਹਿਲਾ ਦੋਸ਼ 70 ਦੇ ਦਹਾਕੇ ਦੇ ਮੱਧ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜਾਨ ਲੀਵਰ ਉੱਤੇ ਲੱਗਾ ਸੀ। ਗੇਂਦ ਨਾਲ ਛੇੜਖਾਨੀ ਦੇ ਮਾਮਲੇ ਵਿਚ ਸਭ ਤੋਂ ਪਹਿਲਾਂ 2000 ਵਿਚ ਪਾਕਿਸਤਾਨ ਦੇ ਗੇਂਦਬਾਜ਼ ਵੱਕਾਰ ਯੂਨਿਸ ਨੂੰ ਪਾਬੰਦੀਸ਼ੁਦਾ ਕੀਤਾ ਗਿਆ ਸੀ। ਯੂਨਿਸ ਤੇ ਪਾਕਿਸਤਾਨ ਦੇ ਦੂਜੇ ਗੇਂਦਬਾਜ਼ ਵਸੀਮ ਅਕਰਮ ਉੱਤੇ 1992 ਵਿਚ ਰਿਵਰਸ ਸਵਿੰਗ ਲਈ ਗੇਂਦ ਨਾਲ ਛੇੜਖਾਨੀ ਦਾ ਦੋਸ਼ ਲੱਗਾ ਸੀ।
ਇੰਗਲੈਂਡ ਦਾ ਸਾਬਕਾ ਕਪਤਾਨ ਮਾਈਕਲ ਆਰਥਟਨ ਵੀ ਜੇਬ ਵਿਚ ਰੱਖੀ ਮਿੱਟੀ ਦੀ ਮਦਦ ਨਾਲ ਗੇਂਦ ਨਾਲ ਛੇੜਖਾਨੀ ਦੇ ਮਾਮਲੇ ਵਿਚ ਫਸਿਆ ਸੀ। ਉਸ ਨੇ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਉਸ ਨੇ ਹੱਥ ਸੁਕਾਉਣ ਲਈ ਮਿੱਟੀ ਰੱਖੀ ਸੀ ਪਰ ਫਿਰ ਵੀ ਉਸ ਉੱਤੇ 2000 ਪੌਂਡ ਦਾ ਜੁਰਮਾਨਾ ਲੱਗਾ ਸੀ। ਕੁਝ ਅਜਿਹੇ ਵੀ ਖਿਡਾਰੀ ਹਨ, ਜਿਨ੍ਹਾਂ ਨੇ ਕਰੀਅਰ ਖ਼ਤਮ ਹੋਣ ਤੋਂ ਬਾਅਦ ਗੇਂਦ ਨਾਲ ਛੇੜਖਾਨੀ ਦੀ ਗੱਲ ਮੰਨੀ। ਇਨ੍ਹਾਂ ਵਿਚ ਇੰਗਲੈਂਡ ਦਾ ਮਾਰਕਸ ਟ੍ਰੈਸਕੋਥਿਕ ਸ਼ਾਮਿਲ ਹੈ, ਜਿਸ ਨੇ ਆਪਣੀ ਕਿਤਾਬ ਵਿਚ 2005 ਵਿਚ ਐਸ਼ੇਜ਼ ਸੀਰੀਜ਼ ਵਿਚ ਮਿੰਟ ਨਾਲ ਗੇਂਦ ਚਮਕਾਉਣ ਦੀ ਗੱਲ ਮੰਨੀ ਸੀ। ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਤੇ ਦੱਖਣੀ ਅਫਰੀਕਾ ਦਾ ਮੌਜੂਦਾ ਕਪਤਾਨ ਫਾਫ ਡੂ ਪਲੇਸਿਸ ਵੀ ਦੋ ਵਾਰ ਗੇਂਦ ਨਾਲ ਛੇੜਖਾਨੀ ਕਰਦਾ ਫੜਿਆ ਗਿਆ ਸੀ। ਇਸ ਸਭ ਦੇ ਬਾਵਜੂਦ ਜਿੰਨੀ ਚਰਚਾ ਐਤਕੀਂ ਛਿੜੀ ਹੈ, ਏਨੀ ਸ਼ਾਇਦ ਹੀ ਪਹਿਲਾਂ ਕਦੇ ਛਿੜੀ ਹੋਵੇ, ਕਿਉਂਕਿ ਅੱਜਕਲ੍ਹ ਮੈਦਾਨ ਦੇ ਹਰ ਕੋਨੇ ਵਿਚ ਲੱਗੇ ਕੈਮਰੇ ਹਰ ਚੀਜ਼ ਰਿਕਾਰਡ ਕਰਦੇ ਹਨ, ਇਸ ਲਈ ਹੁਣ ਆਈ.ਸੀ.ਸੀ. ਨੂੰ ਇਸ ਬਾਰੇ ਪੱਕੇ ਕਾਨੂੰਨ ਬਣਾ ਦੇਣੇ ਚਾਹੀਦੇ ਹਨ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲਾ ਜਲੰਧਰ-144023
E-mail : sudeepsdhillon@ymail.com

ਏਸ਼ੀਅਨ ਖਿਡਾਰਨਾਂ ਦੀ ਦੀਵਾਨੀ ਹੈ ਦੁਨੀਆ

ਏਸ਼ੀਅਨ ਗੇਮਜ਼, ਉਲੰਪਿਕ ਅਤੇ ਗ੍ਰੈਂਡ ਸਲੈਮ ਵਰਗੇ ਇਵੈਂਟ ਹੁੰਦੇ ਤਾਂ ਖਿਡਾਰੀਆਂ ਦੇ ਲਈ ਆਪਣਾ ਹੁਨਰ ਦਿਖਾਉਣ ਲਈ ਹਨ, ਪਰ ਕੁਝ ਖਿਡਾਰੀ ਉਨ੍ਹਾਂ ਦੀ ਖੇਡ ਤੋਂ ਜ਼ਿਆਦਾ ਸੁੰਦਰਤਾ ਅਤੇ ਗਤੀਵਿਧੀਆਂ ਕਾਰਨ ਚਰਚਾ 'ਚ ਰਹਿੰਦੇ ਹਨ। ਖਾਸ ਕਰਕੇ ਮਹਿਲਾ ਖਿਡਾਰੀਆਂ ਦੀ ਖੇਡ ਤੋਂ ਵੱਧ ਉਨ੍ਹਾਂ ਦੀ ਖੂਬਸੂਰਤੀ ਤੇ ਫੈਨਜ਼ ਦਾ ਵੱਧ ਧਿਆਨ ਰਹਿੰਦਾ ਹੈ। ਹਾਲ ਵਿਚ ਕਜ਼ਾਕਿਸਤਾਨ ਦੀ ਮਹਿਲਾ ਵਾਲੀਬਾਲ ਟੀਮ ਦੀ ਖਿਡਾਰੀ ਸਬੀਨਾ ਅਲਤਿਨਬੇਕੋਵਾ ਆਪਣੇ ਸੁੰਦਰ ਚਿਹਰੇ ਦੇ ਕਾਰਨ ਸੁਰਖੀਆਂ 'ਚ ਸੀ। 19 ਸਤੰਬਰ ਤੋਂ ਸਾਊਥ ਕੋਰੀਆ 'ਚ ਸ਼ੁਰੂ ਹੋ ਰਹੇ 17ਵੀਆਂ ਏਸ਼ੀਅਨ ਖੇਡਾਂ 'ਚ ਕੁਝ ਅਜਿਹੀਆਂ ਮਹਿਲਾ ਖਿਡਾਰਨਾਂ ਹਿੱਸਾ ਲੈਣਗੀਆਂ, ਜੋ ਆਪਣੀ ਖੇਡ ਦੇ ਨਾਲ-ਨਾਲ ਆਪਣੀ ਸੁੰਦਰਤਾ ਕਾਰਨ ਵੀ ਚਰਚਾ 'ਚ ਰਹਿਣਗੀਆਂ।
ਜਿਸ ਤਰ੍ਹਾਂ ਟੈਨਿਸ ਗ੍ਰੈਂਡ ਸਲੈਮ ਟੂਰਨਾਮੈਂਟਾਂ 'ਚ ਮਹਿਲਾ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਨਾਲ-ਨਾਲ ਆਪਣੇ ਕੱਪੜਿਆਂ ਦੇ ਸਟਾਈਲ ਕਾਰਨ ਦਰਸ਼ਕਾਂ ਨੂੰ ਕਾਫੀ ਭਾਉਂਦੀਆਂ ਹਨ। ਲੰਦਨ ਉਲੰਪਿਕ ਦੌਰਾਨ ਵੀ ਮੈਚਿੰਗ ਨੇਲਪੇਂਟ ਅਤੇ ਟੈਟੂ ਦੇ ਲਈ ਮਹਿਲਾ ਖਿਡਾਰੀ ਸੁਰਖੀਆ 'ਚ ਰਹੀਆਂ ਸਨ। ਅਕਸਰ ਆਪਣੀ ਖੂਬਸੂਰਤੀ ਦੇ ਮਾਮਲੇ 'ਚ ਰੂਸ ਅਤੇ ਅਮਰੀਕਾ ਦੀਆਂ ਖਿਡਾਰਨਾਂ ਅੱਗੇ ਰਹਿੰਦੀਆਂ ਹਨ ਪਰ ਕੁਝ ਅਜਿਹੀਆਂ ਏਸ਼ੀਆਈ ਖਿਡਾਰਨਾਂ ਵੀ ਹਨ, ਜੋ ਦਿੱਖ ਦੇ ਮਾਮਲੇ 'ਚ ਮਾਰਿਆ ਸ਼ਾਰਾਪੋਵਾ ਦੀ ਸੁੰਦਰਤਾ ਨੂੰ ਵੀ ਚਕਮਾ ਦੇ ਸਕਦੀਆਂ ਹਨ।
ਹਾਂਗਕਾਂਗ ਦੀ ਸਵਿਮਰ ਸੇਟਫਨੀ ਏਯੂ
2008 ਦੀਆਂ ਬੀਜਿੰਗ ਉਲੰਪਿਕ 'ਚ ਹਾਂਗਕਾਂਗ ਦੀ ਪ੍ਰਧਾਨਗੀ ਕਰਨ ਵਾਲੀ ਸਟੇਫਨੀ ਏਯੂ ਦੇ ਨਾਂਅ ਕਾਫੀ ਰਿਕਾਰਡ ਦਰਜ ਹਨ। ਸਿਰਫ 22 ਸਾਲ ਦੀ ਸਟੇਫਨੀ 200, 400, 800 ਤੇ 1500 ਮੀਟਰ ਫ੍ਰੀ ਸਟਾਈਲ ਤੋਂ ਇਲਾਵਾ 4×100 ਮੀਟਰ ਮੇਡਲੇ ਰਿਲੇਅ ਦੌੜ 'ਚ ਹਾਂਗਕਾਂਗ ਦੀ ਨੰਬਰ ਇਕ ਮਹਿਲਾ ਤੈਰਾਕ ਹੈ।
ਬੈਡਮਿੰਟਨ ਸਟਾਰ-ਜਵਾਲਾ ਗੁੱਟਾ
ਹੈਦਰਾਬਾਦ ਦੀ ਇਸ ਸਟਾਰ ਖਿਡਾਰਨ ਨੇ ਹਾਲ ਹੀ 'ਚ ਸੰਪੰਨ ਹੋਏ ਰਾਸ਼ਟਰ ਮੰਡਲ ਖੇਡਾਂ 'ਚ ਅਸ਼ਵਨੀ ਪੋਨੱਪਾ ਨਾਲ ਚਾਂਦੀ ਦਾ ਤਗਮਾ ਜਿੱਤਿਆ ਹੈ। ਸਾਊਥ ਇੰਡੀਅਨ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੀ ਜਵਾਲਾ ਵੀ ਆਪਣੀ ਦਿੱਖ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।
ਚੀਨੀ ਟੈਨਿਸ ਖਿਡਾਰਨ-ਲੀ ਨਾ
ਚੀਨ ਦੀ ਪ੍ਰੋਫੈਸ਼ਨਲ ਮਹਿਲਾ ਟੈਨਿਸ ਸਟਾਰ ਲੀ ਨਾ ਨੇ 2011 'ਚ ਫ੍ਰੈਂਚ ਓਪਨ ਜਿੱਤ ਕੇ ਇਤਿਹਾਸ ਰਚਿਆ ਸੀ। ਇਸੇ ਸਾਲ ਉਨ੍ਹਾਂ ਨੇ ਆਸਟ੍ਰੇਲੀਅਨ ਓਪਨ ਦਾ ਖ਼ਿਤਾਬ ਜਿੱਤਿਆ ਸੀ। ਲੀ ਨਾ ਵਰਤਮਾਨ ਵਰਲਡ ਰੈਂਕਿੰਗ 'ਚ ਤੀਜੇ ਸਥਾਨ 'ਤੇ ਬਰਕਰਾਰ ਹੈ।
ਸਾਊਥ ਕੋਰੀਆ ਦੀ ਫੁੱਟਬਾਲਰ :
ਜੁਨ ਮਿਨ-ਕਿਊਂਗ
ਮੇਜ਼ਬਾਨ ਟੀਮ ਦੀ ਸਟਾਰ ਗੋਲਕੀਪਰ ਹਨ ਮਿਨ-ਕਿਉਂਗ। ਸਾਊਥ ਕੋਰੀਆ ਦੀ ਨੈਸ਼ਨਲ ਟੀਮ ਲਈ 31 ਮੈਚ ਖੇਡ ਚੁੱਕੀ 29 ਸਾਲ ਦੀ ਜੁਨ ਮਹਿਲਾ ਫੁੱਟਬਾਲ ਕਲੱਬ ਗੋਆਂਗ ਡੇਕਯੋ ਦੀ ਵੀ ਮੈਂਬਰ ਹੈ।
ਟੈਨਿਸ ਸਟਾਰ ਸਾਨੀਆ ਮਿਰਜ਼ਾ
ਟੈਨਿਸ ਸਟਾਰ ਸਾਨੀਆ ਮਿਰਜ਼ਾ ਦੋ ਗ੍ਰੈਂਡ ਸਲੈਮ ਖ਼ਿਤਾਬ ਜਿੱਤ ਚੁੱਕੀ ਹੈ ਪਰ ਇਸ ਦੇ ਬਾਵਜੂਦ ਮੀਡੀਆ 'ਚ ਉਨ੍ਹਾਂ ਦੇ ਸਟਾਈਲ ਸਟੇਟਮੈਂਟ ਨੂੰ ਲੈ ਕੇ ਜ਼ਿਆਦਾ ਚਰਚਾ ਰਹਿੰਦੀ ਹੈ। 2014 'ਚ ਹੋਏ ਕ੍ਰਿਕਟ ਟੂਰਨਾਮੈਂਟ ਆਈ.ਪੀ.ਐਲ. ਦੌਰਾਨ ਉਨ੍ਹਾਂ ਦੀ ਪਿੰਕ ਲਿਪਸਟਿਕ ਨੇ ਬਹੁਤ ਸੁਰਖੀਆਂ ਇਕੱਠੀਆਂ ਕੀਤੀਆਂ ਸਨ।
ਹਾਈ ਜੰਪਰ ਸਵੇਤਲਾਨਾ
ਰਾਦਿਜਵਿਲ ਤਾਸ਼ਕੰਦ 'ਚ ਜੰਮੀ ਸਵੇਤਲਾਨਾ ਨੇ 2006 'ਚ ਵਰਲਡ ਜੂਨੀਅਰ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤ ਕੇ ਪਹਿਲੀ ਵਾਰ ਆਪਣਾ ਜਲਵਾ ਦਿਖਾਇਆ ਸੀ। ਉਸੇ ਸਾਲ ਉਹ ਪਟਾਯਾ 'ਚ ਹੋਏ ਏਸ਼ੀਅਨਸ਼ਿਪਸ ਅਤੇ ਮਕਾਊ 'ਚ ਆਯੋਜਿਤ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ 'ਚ ਸੋਨ ਤਗਮਾ ਜੇਤੂ ਰਹੀ ਹੈ। 2014 'ਚ ਚੀਨ 'ਚ ਆਯੋਜਿਤ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਕੇ ਸਵੇਤਲਨਾ ਨੇ ਏਸ਼ੀਅਨ ਖੇਡਾਂ ਲਈ ਕੁਆਲੀਫਾਈ ਕੀਤਾ ਹੈ।
ਚੀਨੀ ਬੀਚ ਵਾਲੀਬਾਲ ਪਲੇਅਰ-ਝੇਂਗ ਜੀ
29 ਸਾਲ ਦੀ ਝੇਂਗ ਜੀ ਇਸ ਖੇਡ 'ਚ ਵਿਸ਼ਵ ਦੀ ਅੱਵਲ ਖਿਡਾਰਨ ਹੈ। ਸਭ ਤੋਂ ਪਹਿਲਾਂ ਉਸ ਨੇ 2006 ਦੇ ਸੋਹਾ ਏਸ਼ੀਆਡ ਖੇਡਾਂ 'ਚ ਸੋਨ ਤਗਮਾ ਜਿੱਤਿਆ ਸੀ। ਉਸ ਤੋਂ ਬਾਅਦ 2008 ਦੇ ਬੀਜਿੰਗ ਉਲੰਪਿਕ 'ਚ ਉਸ ਨੇ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। 2013 ਦੀ ਵਿਸ਼ਵ ਚੈਂਪੀਅਨਸ਼ਿਪ 'ਚ ਉਸ ਨੇ ਸੋਨ ਤਗਮਾ ਜਿੱਤ ਕੇ ਆਪਣਾ ਦਬਦਬਾ ਦਿਖਾਇਆ।


-ਮੋਬਾ: 99157-27311

ਮਜ਼ਬੂਤ ਇਰਾਦਿਆਂ ਨਾਲ ਤੋੜ ਸੁੱਟੀ ਜੀਤੂ ਕੰਵਰ ਨੇ ਅਪਾਹਜਤਾ ਦੀ ਬੇੜੀ

'ਜ਼ਿੰਦਗੀ ਦੌੜ ਰਹੀ ਹੈ ਬਹੁਤ ਤੇਜ਼ ਰਫਤਾਰ ਸੇ, ਕੌਨ ਜਾਨੇ ਕਿਤਨਾ ਸਫ਼ਰ ਬਾਕੀ ਹੈ, ਮਾਨਾ ਕਿ ਅੰਧੇਰਾ ਪਰ ਗਮ ਨਾ ਕਰ, ਆਗੇ ਉਜਾਲੇ ਆਨੇ ਭੀ ਬਾਕੀ ਹੈਂ।' ਗੱਲ ਕਰਦੇ ਹਾਂ ਜੀਤੂ ਕੰਵਰ ਦੀ, ਜੋ ਅਪਾਹਜ ਹੈ ਪਰ ਉਸ ਨੇ ਆਪਣੇ ਮਜ਼ਬੂਤ ਇਰਾਦਿਆਂ ਅਤੇ ਬੁਲੰਦ ਹੌਸਲੇ ਨਾਲ ਆਪਣੀਆਂ ਅਪਾਹਜਤਾ ਦੀਆਂ ਬੇੜੀਆਂ ਤੋੜ ਕੇ ਸੋਨ ਤਗਮਿਆਂ 'ਤੇ ਨਿਸ਼ਾਨੇ ਸਾਧੇ ਹਨ। ਇਸ ਬੜੀ ਹੀ ਪ੍ਰਤਿਭਾਸ਼ੀਲ ਤੇ ਹੋਣਹਾਰ ਵਿਦਿਆਰਥਣ ਖਿਡਾਰਨ ਨੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਉਂਦੇ ਹੋਏ ਖੇਡ ਦੇ ਮੈਦਾਨ ਵਿਚ ਹੀ ਸੋਨ ਤਗਮੇ ਨਹੀਂ ਜਿੱਤੇ, ਸਗੋਂ ਸਿੱਖਿਆ ਦੇ ਮੈਦਾਨ ਵਿਚ ਵੀ ਸੋਨ ਤਗਮੇ ਫੁੰਡੇ ਹਨ। ਅਥਲੀਟ ਜੀਤੂ ਕੰਵਰ ਦਾ ਜਨਮ ਰਾਜਸਥਾਨ ਪ੍ਰਾਂਤ ਦੇ ਜ਼ਿਲ੍ਹਾ ਜੋਧਪੁਰ ਦੀ ਤਹਿਸੀਲ ਬਾਲੇਸਰ ਦੇ ਇਕ ਪਿੰਡ ਖੁਡਿਆਲਾ ਵਿਖੇ 26 ਜੂਨ, 1994 ਨੂੰ ਪਿਤਾ ਲਾਡੂ ਸਿੰਘ ਦੇ ਘਰ ਮਾਤਾ ਰੁਕਮ ਦੇਵੀ ਕੰਵਰ ਦੀ ਕੁੱਖੋਂ ਹੋਇਆ। ਜੀਤੂ ਕੰਵਰ ਨੇ ਅਜੇ ਬਚਪਨ ਦੀ ਦਹਿਲੀਜ਼ ਹੀ ਟੱਪੀ ਸੀ ਕਿ ਉਹ ਬਹੁਤ ਹੀ ਗੰਭੀਰ ਬਿਮਾਰੀ ਨਾਲ ਗ੍ਰਸਤ ਹੋ ਗਈ, ਜਾਣੀ ਕਿ ਸੇਰੀਬਰਲ ਪਾਲਸੀ ਦੀ ਬਿਮਾਰੀ, ਜਿਸ ਨੂੰ ਆਖਿਆ ਜਾਂਦਾ ਹੈ ਕਿ ਦਿਮਾਗ ਦਾ ਸੁੰਨ ਹੋ ਜਾਣਾ ਤੇ ਸਰੀਰ ਦਾ ਦਿਮਾਗ ਨਾਲੋਂ ਕੰਟਰੋਲ ਟੁੱਟ ਜਾਣਾ। ਮਾਂ-ਬਾਪ ਨੇ ਜੀਤੂ ਦੇ ਇਲਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਜੀਤੂ ਕੰਵਰ ਇਸ ਬਿਮਾਰੀ ਤੋਂ ਨਿਜਾਤ ਨਾ ਪਾ ਸਕੀ।
ਇਸ ਖਤਰਨਾਕ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਇਰਾਦੇ ਨੂੰ ਮਜ਼ਬੂਤ ਅਤੇ ਕੁਝ ਕਰ ਸਕਣ ਦੀ ਸਮਰੱਥਾ ਨਾਲ ਜ਼ਿੰਦਗੀ ਦੀ ਦੌੜ ਵਿਚ ਪਹਿਲਾ ਕਦਮ ਪੁੱਟਿਆ ਅਤੇ ਫਿਰ ਕਦਮ-ਦਰ-ਕਦਮ ਅੱਗੇ ਵਧਦੀ ਗਈ, ਕਦੇ ਵੀ ਪਿੱਛੇ ਮੁੜ ਨਹੀਂ ਵੇਖਿਆ। ਜੀਤੂ ਕੰਵਰ ਨੇ ਜੋਧਪੁਰ ਦੇ ਕਸਬਾ ਮਾਣਕਲਾਓ ਦੇ ਸਪੈਸ਼ਲ ਸਕੂਲ 'ਸੁਚੇਤਾ ਕਿਰਪਲਾਨੀ ਸਕੂਲ' ਤੋਂ ਆਪਣਾ ਸਿੱਖਿਆ ਦਾ ਸਫ਼ਰ ਸ਼ੁਰੂ ਕੀਤਾ ਅਤੇ ਕਮਲਾ ਨਹਿਰੂ ਕਾਲਜ ਤੋਂ ਬੀ.ਏ., ਰਾਜਸਥਾਨ ਦੀ ਸੈਂਟਰਲ ਯੂਨੀਵਰਸਿਟੀ ਤੋਂ ਐਮ.ਏ. ਪਬਲਿਕ ਪਾਲਸੀ ਲਾਅ ਪਾਸ ਕੀਤੀ। ਇਹ ਗੱਲ ਵੀ ਬੜੇ ਮਾਣ ਨਾਲ ਆਖੀ ਜਾਵੇਗੀ ਕਿ ਸਿੱਖਿਆ ਦੇ ਖੇਤਰ ਵਿਚ ਹਮੇਸ਼ਾ ਟਾਪਰ ਰਹਿਣ ਵਾਲੀ ਜੀਤੂ ਕੰਵਰ ਅੱਜਕਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿਲੀ ਤੋਂ ਪੀ.ਐਚ.ਡੀ. ਦੀ ਵਿਦਿਆਰਥਣ ਹੈ। ਭਾਵੇਂ ਉਸ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਖੇਡਾਂ ਦੇ ਖੇਤਰ ਵਿਚ ਪੈਰ ਧਰਿਆ ਹੈ ਪਰ ਉਸ ਦੀਆਂ ਪ੍ਰਾਪਤੀਆਂ ਵੱਡੀਆਂ ਹਨ। ਸਾਲ 2016 ਵਿਚ ਉਸ ਨੇ 7ਵੀਂ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਭਾਗ ਲਿਆ, ਜਿਥੇ ਉਸ ਨੇ ਖੇਡਦਿਆਂ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜ ਵਿਚ ਇਕ ਸੋਨ ਤਗਮਾ ਅਤੇ ਦੋ ਚਾਂਦੀ ਦੇ ਤਗਮੇ ਜਿੱਤ ਕੇ ਖੇਡ ਦੇ ਮੈਦਾਨ ਵਿਚ ਵੀ ਆਪਣਾ ਸੁਨਹਿਰੀ ਆਗਾਜ਼ ਕੀਤਾ।
ਸਾਲ 2017 ਵਿਚ 8ਵੀਂ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਜੋ ਉਦੇਪੁਰ ਵਿਚ ਹੋਈ, ਵਿਚ ਖੇਡਦਿਆਂ 100 ਮੀਟਰ ਦੌੜ ਵਿਚ ਸੋਨ ਤਗਮਾ, 200 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਅਤੇ ਲੰਬੀ ਛਾਲ ਵਿਚ ਵੀ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ। ਸਾਲ 2018 ਵਿਚ ਪਟਨਾ (ਬਿਹਾਰ) ਵਿਖੇ ਹੋਈ 14ਵੀਂ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ 100 ਮੀਟਰ, 200 ਮੀਟਰ ਅਤੇ ਲੌਂਗ ਜੰਪ ਖੇਡਦਿਆਂ ਤਿੰਨ ਸੋਨ ਤਗਮਿਆਂ 'ਤੇ ਕਬਜ਼ਾ ਕੀਤਾ। ਸਾਲ 2018 ਵਿਚ ਹੀ ਪੰਚਕੂਲਾ ਵਿਖੇ ਹੋਈ 18ਵੀਂ ਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਜੀਤੂ ਕੰਵਰ ਨੇ 100 ਮੀਟਰ ਅਤੇ 200 ਮੀਟਰ ਵਿਚ ਦੋ ਸੋਨ ਤਗਮੇ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਇਰਾਦੇ ਮਜ਼ਬੂਤ, ਹੌਸਲਾ ਦ੍ਰਿੜ੍ਹ ਅਤੇ ਜਿੱਤ ਦਾ ਵਿਸ਼ਵਾਸ ਦਿਲ ਵਿਚ ਹੋਵੇ ਤਾਂ ਅਪਾਹਜਤਾ ਵੀ ਹਾਰ ਮੰਨ ਜਾਂਦੀ ਹੈ। ਜੀਤੂ ਕੰਵਰ ਮਾਡਲਿੰਗ ਦੇ ਖੇਤਰ ਵਿਚ ਵੀ ਰੈਂਪ 'ਤੇ ਚੱਲ ਕੇ ਆਪਣੇ ਜਲਵੇ ਬਿਖੇਰ ਲੋਕਾਂ ਨੂੰ ਮੋਹ ਲੈਂਦੀ ਹੈ। ਅੰਤ ਵਿਚ ਜੀਤੂ ਕੰਵਰ ਬਾਰੇ ਇਹੀ ਆਖਿਆ ਜਾ ਸਕਦਾ ਹੈ ਕਿ, 'ਨਿਖਰਤੀ ਹੈ ਮੁਸੀਬਤੋਂ ਸੇ ਹੀ ਸ਼ਖ਼ਸੀਅਤ ਯਾਰੋ, ਜੋ ਚਟਾਨ ਸੇ ਨਾ ਉਲਝੇ ਵੋ ਝਰਨਾ ਕਿਸ ਕਾਮ ਕਾ।' ਜੀਤੂ ਕੰਵਰ ਦੇ ਬੁਲੰਦ ਇਰਾਦਿਆਂ ਨੂੰ ਦਿਲੀ ਸਲਾਮ!


-ਮੋਬਾ: 98551-14484

ਕੌਣ ਸਮਝੇਗਾ ਬੇਰੁਜ਼ਗਾਰ ਖਿਡਾਰੀਆਂ ਦਾ ਦਰਦ?

ਖੇਡਾਂ ਦੀ ਦੁਨੀਆ 'ਚ ਜੇ ਖਿਡਾਰੀ ਵਰਗ ਨੂੰ ਆਪਣੀ ਖੇਡ ਪ੍ਰਤਿਭਾ ਦੇ ਆਧਾਰ 'ਤੇ ਸ਼ੁਹਰਤ, ਪ੍ਰਸਿੱਧੀ ਅਤੇ ਇਕ ਵੱਖਰੀ ਪਛਾਣ ਮਿਲਦੀ ਹੈ ਤਾਂ ਉਸ ਦੇ ਪਿੱਛੇ ਉਸ ਦੀ ਸਾਲਾਂ ਦੀ ਸਖ਼ਤ ਮਿਹਨਤ, ਕਠਿਨ ਤਪੱਸਿਆ ਅਤੇ ਤਿਆਗ ਹੁੰਦਾ ਹੈ। ਆਪਣੇ ਖੇਡ ਕਰੀਅਰ ਦੇ ਸ਼ੁਰੂਆਤ ਤੋਂ ਲੈ ਕੇ ਇਥੋਂ ਤੱਕ ਪ੍ਰਵਾਨ ਚੜ੍ਹਨ ਤੱਕ ਪਤਾ ਨਹੀਂ ਉਹ ਕਿਸ-ਕਿਸ ਦੌਰ 'ਚੋਂ, ਕਿਨ੍ਹਾਂ-ਕਿਨ੍ਹਾਂ ਹਾਲਤਾਂ 'ਚੋਂ ਗੁਜ਼ਰਦਾ ਹੈ। ਕੋਈ ਸ਼ੱਕ ਨਹੀਂ ਕਿ ਉਸ ਦੀ ਖੇਡ ਕਲਾ ਦੀ ਬਦੌਲਤ ਉਸ ਨੂੰ ਆਪਣੀ ਪਿੱਠ 'ਤੇ ਸੈਂਕੜੇ ਥਾਪੀਆਂ ਮਿਲਦੀਆਂ ਹਨ। ਖੇਡ ਮੈਦਾਨਾਂ 'ਚ ਉਸ ਦਾ ਨਾਂਅ ਗੂੰਜਦਾ ਹੈ, ਤਾੜੀਆਂ ਦੀ ਬਰਸਾਤ ਹੁੰਦੀ ਹੈ। ਉਸ ਨੂੰ ਤਗਮੇ ਮਿਲਦੇ ਹਨ, ਅਹਿਮ ਸ਼ਖ਼ਸੀਅਤਾਂ ਦੇ ਮੁਬਾਰਕ ਹੱਥਾਂ ਰਾਹੀਂ, ਇਹ ਹੀ ਤਾਂ ਉਸ ਦਾ ਖੇਡ ਜੀਵਨ ਹੈ, ਜਿਸ ਵਿਚ ਹਜ਼ਾਰਾਂ ਪ੍ਰਸੰਸਕਾਂ ਦੀ ਹੱਲਾਸ਼ੇਰੀ, ਉਤਸ਼ਾਹ ਉਸ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ ਪਰ ਉਸ ਦੀ ਆਪਣੀ ਇਕ ਨਿੱਜੀ, ਵਿਅਕਤੀਗਤ ਜ਼ਿੰਦਗੀ ਵੀ ਹੈ। ਉਸ ਦੇ ਮਾਂ-ਬਾਪ ਹਨ, ਭੈਣ-ਭਰਾ ਹਨ, ਉਸ ਦੀਆਂ ਜ਼ਿੰਮੇਵਾਰੀਆਂ ਵੀ ਹਨ, ਜਿਸ ਨੂੰ ਕੋਈ ਵੀ ਖਿਡਾਰਨ ਜਾਂ ਖਿਡਾਰੀ ਬਾਖੂਬੀ ਨਿਭਾਉਣਾ ਚਾਹੁੰਦਾ ਹੈ। ਇਨਾਮਾਂ-ਸਨਮਾਨਾਂ, ਸੋਵੀਨਰ, ਤਗਮਿਆਂ ਨਾਲ ਘਰ ਸਜਾਏ ਤਾਂ ਜਾ ਸਕਦੇ ਹਨ ਪਰ ਘਰ ਬਣਾਏ ਨਹੀਂ ਜਾ ਸਕਦੇ। ਘਰ ਬਣਾਉਣ ਲਈ ਪੈਸਾ ਚਾਹੀਦਾ ਹੈ, ਨੌਕਰੀ ਚਾਹੀਦੀ, ਉਸ ਨੂੰ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਉਸ ਨੂੰ ਉਸ ਦੀ ਖੇਡ ਦੇ ਆਧਾਰ 'ਤੇ ਕੋਈ ਨੌਕਰੀ ਨਹੀਂ ਮਿਲਦੀ। ਨੌਕਰੀ ਨਾਲ ਕਿਉਂਕਿ ਪੈਸੇ ਆਰਥਿਕਤਾ ਅਤੇ ਰੁਤਬਾ ਜੁੜਿਆ ਹੈ, ਇਸ ਤੋਂ ਵਾਂਝੇ ਰਹਿ ਜਾਣ ਨਾਲ ਹੀ ਉਸ ਦੀ ਮਾਯੂਸੀ ਅਤੇ ਉਦਾਸੀ ਸ਼ੁਰੂ ਹੁੰਦੀ ਹੈ ਤੇ ਫਿਰ ਇਕ ਦਿਨ ਐਸਾ ਆਉਂਦਾ ਹੈ ਕਿ ਉਹ ਆਪਣੇ ਤਮਾਮ ਖੇਡ ਕਰੀਅਰ ਨੂੰ ਵੀ ਨਫਰਤ ਨਾਲ ਦੇਖਣਾ ਸ਼ੁਰੂ ਕਰ ਦਿੰਦਾ ਹੈ। ਖੇਡ ਜਗਤ 'ਚ ਖਿਡਾਰੀ ਵਰਗ ਦੇ ਇਸ ਦੁਖਾਂਤ ਨੂੰ ਸ਼ਿੱਦਤ ਨਾਲ ਸਮਝਣ ਦੀ ਲੋੜ ਹੈ, ਜੋ ਕਿ ਮੌਜੂਦਾ ਸਮੇਂ ਵਧਦਾ ਹੀ ਜਾ ਰਿਹਾ ਹੈ।
ਦੋ-ਤਿੰਨ ਦਹਾਕੇ ਪਹਿਲਾਂ ਦੇਸ਼ ਦੇ ਜ਼ਿਆਦਾ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ 'ਚ, ਬੈਂਕਾਂ, ਬੀਮਾ ਕੰਪਨੀਆਂ, ਬਿਜਲੀ ਬੋਰਡ, ਪੁਲਿਸ ਵਿਭਾਗ ਆਦਿ 'ਚ ਖਿਡਾਰੀਆਂ ਲਈ ਦਰਵਾਜ਼ੇ ਖੁੱਲ੍ਹੇ ਰਹਿੰਦੇ ਸਨ। ਰਾਸ਼ਟਰੀ ਪੱਧਰ ਤੱਕ ਸਕੂਲਾਂ-ਕਾਲਜਾਂ ਅਤੇ ਰਾਜ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀ ਨੌਕਰੀ ਪ੍ਰਾਪਤ ਕਰ ਜਾਂਦੇ ਸਨ। ਫਿਰ ਕਈ ਸਾਲ ਖਿਡਾਰੀ ਆਪਣੇ ਵਿਭਾਗ, ਰਾਜ ਅਤੇ ਦੇਸ਼ ਲਈ ਆਪਣੀਆਂ ਸੇਵਾਵਾਂ ਮੁਹੱਈਆ ਕਰਦੇ ਸਨ ਪਰ ਹੁਣ ਆਲਮ ਬਦਲ ਚੁੱਕਾ ਹੈ। ਹੁਣ ਸਿਰਫ ਉਨ੍ਹਾਂ ਖਿਡਾਰੀਆਂ ਨੂੰ ਹੀ ਨੌਕਰੀ ਮਿਲਦੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੇ ਕੀਰਤੀਮਾਨ ਸਥਾਪਤ ਕੀਤੇ ਹੋਣ, ਕੋਈ ਵੱਡਾ ਤਗਮਾ ਹਾਸਲ ਕੀਤਾ ਹੋਵੇ ਜਾਂ ਉਸ ਦੀ ਵੱਡੀ ਸਿਫਾਰਸ਼ ਜਾਂ ਸਰਕਾਰੇ-ਦਰਬਾਰੇ ਪਹੁੰਚ ਹੋਵੇ। ਦੂਜੇ ਪਾਸੇ ਸਾਡੀ ਸਰਕਾਰ ਸਦਾ ਖਿਡਾਰੀਆਂ ਨੂੰ ਹੱਲਾਸ਼ੇਰੀ, ਬੜਾਵਾ ਦੇਣ ਅਤੇ ਦੇਸ਼-ਵਾਸੀਆਂ ਨੂੰ ਹਮੇਸ਼ਾ ਖੇਡਾਂ ਨੂੰ ਅਪਣਾਉਣ ਦੇ ਨਾਅਰੇ ਬੁਲੰਦ ਕਰਦੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਖਿਡਾਰੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖ ਕੇ ਕੁਝ ਖਾਸ ਨਹੀਂ ਹੋ ਰਿਹਾ, ਜਿਵੇਂ-ਜਿਵੇਂ ਖੇਡਾਂ ਨੂੰ ਅਪਣਾਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ, ਉਸ ਤਰ੍ਹਾਂ ਹੀ ਬੇਰੁਜ਼ਗਾਰ ਖਿਡਾਰੀਆਂ ਦੀ ਸੰਖਿਆ ਵੀ ਵਧ ਰਹੀ ਹੈ। ਭਾਵੇਂ ਉੱਪਰੋਂ-ਉੱਪਰੋਂ ਸਭ ਕੁਝ ਠੀਕ ਹੀ ਲਗਦਾ ਹੈ ਪਰ ਸਚਾਈ ਇਹ ਹੈ ਕਿ ਸਿਰਫ ਉਲੰਪਿਕ, ਵਿਸ਼ਵ ਕੱਪ, ਏਸ਼ੀਆਡ ਆਦਿ ਵੱਡੇ ਮੁਕਾਬਲਿਆਂ 'ਚ ਤਗਮੇ ਜਿੱਤਣ ਵਾਲਿਆਂ ਨੂੰ ਹੀ ਨੌਕਰੀ ਮਿਲ ਪਾਉਂਦੀ ਹੈ। ਇਹੋ ਜਿਹੇ ਖਿਡਾਰੀਆਂ ਦੀ ਸੰਖਿਆ ਉਂਗਲੀਆਂ 'ਤੇ ਗਿਣੀ ਜਾ ਸਕਦੀ ਹੈ।
ਹੇਠਲੇ ਪੱਧਰ 'ਤੇ ਹਰ ਸਾਲ ਹਜ਼ਾਰਾਂ ਖਿਡਾਰੀ ਬੇਰੁਜ਼ਗਾਰਾਂ ਦੀ ਸੂਚੀ ਵਿਚ ਜੁੜ ਰਹੇ ਹਨ। ਇਸ ਤਰ੍ਹਾਂ ਦੇ ਆਲਮ 'ਚ ਇਹ ਕਿਵੇਂ ਮੰਨ ਲਿਆ ਜਾਵੇ ਕਿ ਖਿਡਾਰੀਆਂ ਦਾ ਭਵਿੱਖ ਸੁਰੱਖਿਅਤ ਹੈ। 1982 ਦੇ ਦਿੱਲੀ ਏਸ਼ੀਆਡ ਤੋਂ ਬਾਅਦ ਸਰਕਾਰ ਨੇ ਖਿਡਾਰੀਆਂ ਲਈ 5 ਫ਼ੀਸਦੀ ਕੋਟਾ ਨਿਰਧਾਰਤ ਕੀਤਾ ਸੀ। ਇਸ ਕੋਟੇ ਦੇ ਕਾਰਨ ਦੇਸ਼ 'ਚ ਹਜ਼ਾਰਾਂ ਖਿਡਾਰੀਆਂ ਦੀ ਭਰਤੀ ਹੋਈ ਪਰ 8-10 ਸਾਲ ਬਾਅਦ ਰਫ਼ਤਾਰ ਹੌਲੀ ਹੋ ਗਈ ਅਤੇ ਫਿਰ ਇਕਦਮ ਰੁਕ ਜਿਹੀ ਗਈ। ਖੇਡ ਜਾਣਕਾਰ, ਖੇਡ ਪੰਡਿਤ ਅਤੇ ਖੇਡਾਂ ਪ੍ਰਤੀ ਵਿਸ਼ਾਲ ਤਜਰਬੇ ਰੱਖਣ ਵਾਲਿਆਂ ਅਨੁਸਾਰ ਸਾਡੀ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਉਲੰਪਿਕ ਜਾਂ ਕਿਸੇ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਜਿੱਤਣ ਵਾਲੇ ਖਿਡਾਰੀਆਂ ਨੂੰ ਕੁਝ ਜ਼ਿਆਦਾ ਹੀ ਸਿਰ 'ਤੇ ਚੜ੍ਹਾ ਦਿੰਦੀ ਹੈ। ਉਨ੍ਹਾਂ ਨੂੰ ਕਰੋੜਾਂ ਦਿੱਤੇ ਜਾਂਦੇ ਹਨ ਪਰ ਕਿਸਮਤ ਸਭ ਦਾ ਸਾਥ ਨਹੀਂ ਦਿੰਦੀ, ਜੋ ਅਜਿਹੀ ਸਫਲਤਾ ਹਾਸਲ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਦਾ। ਹਕੀਕਤ ਇਹ ਹੈ ਕਿ ਇਹੋ ਜਿਹਾ ਮੰਦਾ ਰੁਝਾਨ ਦੇਸ਼ਾਂ 'ਚ ਖੇਡਾਂ ਦਾ ਮਾਹੌਲ ਬਣਨ 'ਚ ਵੱਡੀ ਰੁਕਾਵਟ ਪੈਦਾ ਕਰ ਰਿਹਾ ਹੈ। ਰਾਜ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਲਈ ਰੋਜ਼ੀ, ਰੁਜ਼ਗਾਰ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਂਦੀ। ਅਜਿਹੇ ਮਾਹੌਲ 'ਚ ਖੇਡਾਂ ਨੂੰ ਹੱਲਾਸ਼ੇਰੀ ਦੇਣ ਦਾ ਨਾਅਰਾ ਲਾਉਣਾ ਹੀ ਬੇਅਰਥ ਹੈ। ਅੱਜ ਦੇਸ਼ 'ਚ ਕਈ ਲੱਖ ਖਿਡਾਰੀ ਬੇਰੁਜ਼ਗਾਰ ਘੁੰਮ ਰਹੇ ਹਨ। ਨੌਕਰੀ ਸਿਰਫ ਜੁਗਾੜੀ ਅਤੇ ਉੱਚੀ ਪਹੁੰਚ ਵਾਲੇ ਹੀ ਪ੍ਰਾਪਤ ਕਰ ਰਹੇ ਹਨ।
ਇਹੀ ਹਾਲ ਸਾਡੀ ਪੰਜਾਬ ਸਰਕਾਰ ਦਾ ਹੈ, ਜਿਥੇ ਖੇਡਾਂ ਨੂੰ ਲੋਕਪ੍ਰਿਆ ਬਣਾਉਣ ਲਈ ਨੇਤਾ ਵੱਡੀ-ਵੱਡੀ ਬਿਆਨਬਾਜ਼ੀ ਤਾਂ ਕਰਦੇ ਹਨ ਪਰ ਖਿਡਾਰੀ ਬੇਰੁਜ਼ਗਾਰੀ ਦੇ ਆਲਮ 'ਚ ਦਿਨ ਕੱਟ ਰਿਹਾ ਹੈ। ਪੰਜਾਬ 'ਚ ਸਰਕਾਰਾਂ ਤਾਂ ਬਦਲਦੀਆਂ ਹੀ ਆ ਰਹੀਆਂ ਹਨ ਪਰ ਬੇਰੁਜ਼ਗਾਰ ਖਿਡਾਰੀਆਂ ਦੇ ਬੁਰੇ ਦਿਨ ਨਹੀਂ ਬਦਲ ਰਹੇ। ਆਖਰ ਕਦੋਂ ਜਾਗੇਗੀ ਸਾਡੀ ਸਰਕਾਰ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

21ਵੀਆਂ ਰਾਸ਼ਟਰਮੰਡਲ ਖੇਡਾਂ 'ਚ

ਭਾਰਤੀ ਭਾਰ ਤੋਲਕਾਂ ਨੇ ਜਿੱਤ ਦੇ ਝੰਡੇ ਕੀਤੇ ਬੁਲੰਦ

ਆਸਟਰੇਲੀਆ ਦੇ ਸ਼ਹਿਰ ਗੋਲਡਕੋਸਟ ਵਿਖੇ 4 ਤੋਂ 15 ਅਪ੍ਰੈਲ 2018 ਤੱਕ ਕਰਵਾਈਆਂ ਜਾ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਵਿਚ ਐਤਵਾਰ ਇਹ ਲੇਖ ਲਿਖੇ ਜਾਣ ਤੱਕ ਭਾਰਤ ਨੇ 7 ਸੋਨ, 2 ਚਾਂਦੀ ਤੇ 3 ਕਾਂਸੀ ਦੇ ਤਗਮੇ ਜਿੱਤ ਕੇ ਤਗਮਾ ਸੂਚੀ ਵਿਚ ਹੁਣ ਤੱਕ ਚੌਥਾ ਸਥਾਨ ਹਾਸਲ ਕੀਤਾ ਹੈ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ ਭਾਰਤ ਨੇ ਹੁਣ ਤੱਕ 155 ਸੋਨ, 155 ਚਾਂਦੀ, 128 ਕਾਂਸੀ ਤੇ ਕੁੱਲ 438 ਤਗਮੇ ਜਿੱਤੇ ਹਨ ਤੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 15 ਸੋਨ, 30 ਚਾਂਦੀ, 19 ਕਾਂਸੀ ਸਮੇਤ ਕੁੱਲ 64 ਤਗਮੇ ਜਿੱਤੇ ਸਨ ਤੇ ਹੁਣ ਗੋਲਡਕੋਸਟ ਵਿਚ ਇਹ ਵੀ ਵੇਖਣਾ ਹੋਵੇਗਾ ਕਿ ਭਾਰਤ ਆਪਣੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ 500 ਤਗਮਿਆਂ ਦਾ ਅੰਕੜਾਂ ਵੀ ਇਨ੍ਹਾਂ ਖੇਡਾਂ ਵਿਚ ਪਾਰ ਸਰ ਸਕੇਗਾ? ਬੇਸ਼ੱਕ ਭਾਰਤ ਨੇ ਇਸ ਵਾਰੀ ਤਗਮੇ ਦੀ ਤਕੜੀ ਦਾਅਵੇਦਾਰੀ ਵਾਲੇ ਖਿਡਾਰੀ ਹੀ ਗੋਲਡਕੋਸਟ ਭੇਜੇ ਹਨ ਪਰ ਫਿਰ ਵੀ ਦੂਜੇ ਦੇਸ਼ਾਂ ਤੋਂ ਭਾਰਤ ਨੂੰ ਤਕੜੀ ਚੁਣੌਤੀ ਮਿਲੇਗੀ। ਹੁਣ ਤੱਕ ਗੋਲਡਕੋਸਟ ਵਿਚ ਭਾਰਤ ਨੇ ਚੰਗੀ ਕਾਰਗੁਜ਼ਾਰੀ ਵੇਟ ਲਿਫਟਿੰਗ ਦੇ ਖੇਤਰ ਵਿਚ ਹਾਸਲ ਕੀਤੀ ਹੈ ਤੇ ਇਸ ਦੇ ਭਾਰ ਤੋਲਕਾਂ ਨੇ ਬੱਲੇ-ਬੱਲੇ ਕਰਵਾਈ ਹੈ।
ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂ ਨੇ ਸੋਨ ਤਗਮੇ ਨਾਲ ਭਾਰਤ ਦਾ ਖਾਤਾ ਖੋਲ੍ਹਿਆ : ਰਾਸ਼ਟਰਮੰਡਲ ਖੇਡਾਂ ਵਿਚ ਵਿਸ਼ਵ ਚੈਂਪੀਅਨ ਮਣੀਪੁਰ ਦੀ ਸਾਈਖੋਮ ਮੀਰਾਬਾਈ ਚਾਨੂ ਨੇ 48 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਤੇ ਇਸ ਨੇ 86 ਕਿੱਲੋ ਸਨੈਚ, 110 ਕਿੱਲੋ ਕਲੀਨ ਐਂਡ ਜਰਕ ਤੇ 196 ਕਿੱਲੋ ਕੁੱਲ ਭਾਰ ਚੁੱਕ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ। ਇਸ ਦੇ ਸੋਨ ਤਗਮੇ ਦੀ ਖੁਸ਼ੀ ਵਿਚ ਮਣੀਪੁਰ ਦੇ ਮੁੱਖ ਮੰਤਰੀ ਐਨ. ਵਿਰੇਨ ਸਿੰਘ ਨੇ ਇਸ ਨੂੰ 15 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ।
ਸੰਜੀਤਾ ਚਾਨੂ ਨੇ ਦੂਜਾ ਸੋਨ ਤਗਮਾ ਭਾਰਤ ਦੇ ਖਾਤੇ ਵਿਚ ਜੋੜਿਆ : ਭਾਰਤ ਲਈ ਦੂਜਾ ਸੋਨ ਤਗਮਾ ਮਣੀਪੁਰ ਦੀ ਖੁਸਕੁਚਾਮ ਸੰਜੀਤਾ ਚਾਨੂ ਨੇ ਖਾਤੇ ਵਿਚ ਜੋੜਿਆ ਤੇ ਇਸ ਨੇ ਮਹਿਲਾਵਾਂ ਦੇ 53 ਕਿੱਲੋ ਭਾਰ ਵਰਗ ਵਿਚੋਂ ਨਵਾਂ ਰਿਕਾਰਡ ਕਾਇਮ ਕਰਕੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ। ਬੇਸ਼ੱਕ ਉਹ ਲੱਕ ਦੀ ਤਕਲੀਫ ਤੋਂ ਪੀੜਤ ਸੀ ਪਰ ਫਿਰ ਵੀ ਉਸ ਨੇ ਹਿੰਮਤ ਨਾਲ ਨਵਾਂ ਰਿਕਾਰਡ ਕਾਇਮ ਕੀਤਾ। ਸੰਜੀਤਾ ਚਾਨੂ ਨੇ 84 ਕਿੱਲੋ ਸਨੈਚ, 108 ਕਿੱਲੋ ਕਲੀਨ ਐਂਡ ਜਰਕ ਤੇ 192 ਕਿੱਲੋ ਕੁੱਲ ਭਾਰ ਚੁੱਕ ਕੇ ਦੇਸ਼ ਲਈ ਇਹ ਅਹਿਮ ਪ੍ਰਾਪਤੀ ਹਾਸਲ ਕੀਤੀ ਤੇ ਇਸ ਨੂੰ ਵੀ ਮਣੀਪੁਰ ਦੇ ਮੱੁੱਖ ਮੰਤਰੀ ਐਨ. ਵਿਰੇਨ ਸਿੰਘ ਨੇ 15 ਲੱਖ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਮਣੀਪੁਰ ਦੀਆਂ ਖੇਡ ਸੰਘਾਂ ਨੇ ਦੋਵਾਂ ਖਿਡਾਰਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਸਰਕਾਰ ਤੋਂ ਕੀਤੀ ਹੈ।
ਸਤੀਸ਼ ਕੁਮਾਰ ਸ਼ਿਵਲਿੰਗਮ ਨੇ ਵੀ ਸੋਨ ਤਗਮਾ ਫੁੰਡਿਆ : ਭਾਰਤੀ ਭਾਰ-ਤੋਲਕ ਸਤੀਸ਼ ਕੁਮਾਰ ਨੇ 77 ਕਿੱਲੋ ਭਾਰ ਵਰਗ ਵਿਚ ਦੇਸ਼ ਲਈ ਤੀਜਾ ਸੋਨ ਤਗਮਾ ਫੁੰਡਿਆ ਤੇ ਦੇਸ਼ ਦੀ ਤਗਮਾ ਸੂਚੀ ਵਿਚ ਵਾਧਾ ਕੀਤਾ। ਸਤੀਸ਼ ਕੁਮਾਰ ਨੇ 144 ਕਿੱਲੋ ਸਨੈਚ, 173 ਕਿੱਲੋ ਕਲੀਨ ਐਂਡ ਜਰਕ ਤੇ ਕੁੱਲ 317 ਕਿੱਲੋ ਭਾਰ ਚੁੱਕ ਕੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ। ਸਤੀਸ਼ ਕੁਮਾਰ ਵੀ ਪੂਰੀ ਤਰ੍ਹਾਂ ਫਿਟ ਨਹੀਂ ਸੀ ਤੇ ਦਰਦ ਕਾਰਨ ਪ੍ਰੇਸ਼ਾਨ ਸੀ ਤੇ ਇਕ ਵੇਲੇ ਤਾਂ ਇਸ ਨੇ ਤਗਮੇ ਦੀ ਆਸ ਗੁਆ ਦਿੱਤੀ ਸੀ ਪਰ ਵੀ ਸੋਨ ਤਗਮੇ ਨੇ ਇਸ ਦੇ ਦਰਦ ਨੂੰ ਭੁਲਾ ਦਿੱਤਾ ਤੇ ਇਹ ਦਰਦ ਖੁਸ਼ੀ ਵਿਚ ਬਦਲ ਗਿਆ।
ਆਰ ਵੈਂਕਟ ਰਾਹੁਲ ਨੇ ਸੋਨ ਤਗਮੇ 'ਤੇ ਕੀਤਾ ਕਬਜ਼ਾ : ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੂੰ ਚੌਥਾ ਸੋਨ ਤਗਮਾ 85 ਕਿੱਲੋ ਭਾਰ ਵਰਗ ਵਿਚ ਆਰ. ਵੈਂਕਟ ਰਾਹੁਲ ਨੇ ਦਿਵਾਇਆ ਤੇ ਇਸ ਨੇ 151 ਕਿੱਲੋ ਸਨੈਚ, 187 ਕਿੱਲੋ ਕਲੀਨ ਐਂਡ ਜਕਰ ਤੇ ਕੁੱਲ 338 ਕਿੱਲੋ ਭਾਰ ਚੁੱਕ ਕੇ ਸੋਨ ਤਗਮੇ 'ਤੇ ਕਬਜ਼ਾ ਕੀਤਾ।
ਪੂਨਮ ਯਾਦਵੇ ਨੇ 69 ਕਿੱਲੋ ਭਾਰ ਵਰਗ 'ਚੋਂ ਪੰਜਵੇਂ ਸੋਨ ਤਗਮੇ 'ਤੇ ਕੀਤਾ ਕਬਜ਼ਾ : ਭਾਰਤ ਦੀ ਮਹਿਲਾ ਭਾਰ ਤੋਲਕ ਪੂਨਮ ਯਾਦਵ ਨੇ ਮਹਿਲਾਵਾਂ ਦੇ 69 ਕਿੱਲੋ ਭਾਰ ਵਰਗ ਵਿਚੋਂ 100 ਕਿੱਲੋ ਸਨੈਚ, 122 ਕਿੱਲੋ ਕਲੀਨ ਐਂਡ ਜਕਰ ਤੇ 222 ਕਿੱਲੋ ਕੁੱਲ ਭਾਰ ਚੁੱਕ ਕੇ ਭਾਰਤ ਲਈ 5ਵਾਂ ਸੋਨ ਤਗਮਾ ਜਿੱਤ ਕੇ ਤਗਮਾ ਸੂਚੀ ਵਿਚ ਵਾਧਾ ਕਰਕੇ ਭਾਰਤ ਦੀ ਲਾਜ ਰੱਖੀ।
ਮਨੂ ਭਾਕਰ ਨੇ ਸੋਨਾ ਤਗਮਾ ਵੀ ਜਿੱਤਿਆ ਤੇ ਨਵਾਂ ਰਿਕਾਰਡ ਵੀ ਬਣਾਇਆ : ਭਾਰਤ ਦੀ 16 ਸਾਲਾ ਖਿਡਾਰਨ ਮਨੂ ਭਾਕਰ ਨੇ 10 ਮੀਟਰ ਏਅਰ ਪਿਸਟਲ ਈਵੈਂਟਸ ਵਿਚੋਂ 240.9 ਅੰਕ ਹਾਸਲ ਕਰਕੇ ਸੋਨ ਤਗਮਾ ਜਿੱਤਣ ਦੇ ਨਾਲ-ਨਾਲ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਵੀ ਕਾਇਮ ਕਰ ਦਿੱਤਾ ਹੈ।
ਭਾਰਤ ਦੇ ਗੁਰੂਰਾਜਾ ਨੇ ਕੀਤਾ ਚਾਂਦੀ ਤੇ ਤਗਮੇ 'ਤੇ ਕਬਜ਼ਾ : ਵੇਟਲਿਫਟਿੰਗ ਵਿਚ ਕਰਨਾਟਕ ਦੇ 25 ਸਾਲਾ ਕੇ.ਪੀ. ਗੁਰੂਰਾਜਾ ਨੇ ਮਰਦਾਂ ਦੇ 56 ਕਿੱਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਖੁਸ਼ੀ ਦੁੱਗਣੀ ਕੀਤੀ ਤੇ ਇਸ ਨੇ 249 ਕਿੱਲੋ ਕੁੱਲ ਭਾਰ ਚੁੱਕ ਇਹ ਪ੍ਰਾਪਤੀ ਕੀਤੀ। ਯਾਦ ਰਹੇ ਗੁਰੂਰਾਜਾ ਇਕ ਟਰੱਕ ਡਰਾਈਵਰ ਦਾ ਬੇਟਾ ਹੈ ਤੇ ਇਹ 8 ਭੈਣ-ਭਰਾ ਹਨ ਤੇ ਇਹ ਪੰਜਵੇਂ ਸਥਾਨ 'ਤੇ ਹੈ ਤੇ ਗੁਰਬਤ ਦੇ ਬਾਵਜੂਦ ਵੀ ਇਸ ਨੇ ਭਾਰਤ ਲਈ ਬੇਮਿਸਾਲ ਪ੍ਰਾਪਤੀ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ।
ਹਿਨਾ ਸਿੱਧੂ ਨੇ ਚਾਂਦੀ ਤਗਮਾ ਜਿੱਤਿਆ : ਪੰਜਾਬ ਦੀ 28 ਸਾਲਾ ਖਿਡਾਰਨ ਹਿਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ਈਵੈਂਟਸ ਵਿਚ 234 ਅੰਕ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤ ਲਿਆ ਹੈ।
ਹਰਿਆਣਾ ਦੇ ਸ਼ੋਰੇ ਨੇ ਕੀਤੀ ਕਮਾਲ : ਖੇਡਾਂ ਦੇ ਖੇਤਰ ਵਿਚ ਦੇਸ਼ ਦੇ ਮੋਹਰੀ ਸੂਬੇ ਹਰਿਆਣਾ ਦੇ 18 ਸਾਲਾ ਨੌਜਵਾਨ ਭਾਰ ਤੋਲਕ ਦੀਪਕ ਲਾਠੇਰ ਨੇ ਕਮਾਲ ਕਰ ਦਿੱਤੀ ਤੇ ਇਸ ਨੇ ਵੇਟਲਿਫਟਿੰਗ ਦੇ 69 ਕਿੱਲੋ ਭਾਰ ਵਰਗ ਵਿਚ 136 ਕਿੱਲੋ ਸਨੈਚ, 159 ਕਿੱਲੋ ਕਲੀਨ ਐਂਡ ਜਰਕ ਤੇ ਕੁੱਲ 295 ਕਿੱਲੋ ਕੁੱਲ ਭਾਰ ਚੁੱਕ ਕੇ ਦੇਸ਼ ਲਈ ਕਾਂਸੀ ਦਾ ਤਗਮਾ ਹਾਸਲ ਕਰਕੇ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ ਤਗਮਾ ਜਿੱਤਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣਨ ਦਾ ਮਾਣ ਵੀ ਹਾਸਲ ਕੀਤਾ ਹੈ। ਦੀਪਕ ਲਾਠੇਰ ਨੇ 15 ਸਾਲ ਦੀ ਉਮਰ ਵਿਚ ਨਵਾਂ ਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ ਸੀ।
ਵਿਕਾਸ ਠਾਕੁਰ ਨੇ ਕਾਂਸੀ ਦਾ ਤਗਮਾ ਜਿੱਤਿਆ : ਹਿਮਾਚਲ ਪ੍ਰਦੇਸ਼ ਵਿਚਲੇ ਪਿੰਡ ਹਰੀਪੁਰ ਦੇ ਭਾਰ ਤੋਲਕ ਵਿਕਾਸ ਠਾਕੁਰ ਨੇ 94 ਕਿਲੋ ਭਾਰ ਵਰਗ ਵਿਚ 159 ਕਿਲੋ ਸਨੈਚ, 192 ਕਿਲੋ ਕਲੀਨ ਐਂਡ ਜਰਕ ਅਤੇ ਕੁੱਲ 351 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ।
ਰਵੀ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ : ਰਵੀ ਕੁਮਾਰ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬ ਰਿਹਾ।
ਭਾਰਤੀ ਮੁੱਕੇਬਾਜ਼ ਐਮ. ਸੀ. ਮੈਰੀਕਾਮ ਨੇ 45-48 ਕਿਲੋ ਭਾਰ ਵਰਗ ਵਿਚ ਸੈਮੀਫਾਈਨਲ ਵਿਚ ਪਹੁੰਚ ਕੇ ਤਗਮਾ ਪੱਕਾ ਕਰ ਲਿਆ ਹੈ।
ਇਸ ਤੋਂ ਇਲਾਵਾ ਗੋਲਡਕੋਸਟ ਵਿਖੇ ਬਾਕੀ ਖੇਡਾਂ ਵਿਚ ਵੀ ਦੇਸ਼ ਦੇ ਖਿਡਾਰੀਆਂ ਨੇ ਆਪੋ-ਆਪਣੇ ਮੈਚ ਜਿੱਤ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕਰ ਲਿਆ ਹੈ ਤੇ ਤਗਮੇ ਦੀ ਦੌੜ ਵਿਚ ਦੇਸ਼ ਦੀ ਆਸ ਬਣਾਈ ਹੈ।
ਹਾਕੀ ਵਿਚ ਭਾਰਤ ਨੂੰ ਉਸ ਵੇਲੇ ਨਿਰਾਸ਼ਾ ਮਿਲੀ ਜਦੋਂ ਇਸ ਦੇ ਹੱਥੋਂ ਜਿੱਤ ਆਖਰੀ 7 ਸੈਕਿੰਡ ਵਿਚ ਖਿਸਕ ਗਈ ਤੇ ਪਾਕਿਸਤਾਨੀ ਟੀਮ ਨੇ 2-2 ਦੀ ਬਰਾਬਰੀ ਕਰਕੇ ਭਾਰਤ ਦੀ ਜਿੱਤ ਦੀ ਖੁਸ਼ੀ ਫਿੱਕੀ ਕੀਤੀ ਤੇ ਪਹਿਲੇ ਮੈਚ ਵਿਚ ਭਾਰਤੀ ਹਾਕੀ ਟੀਮ ਪਾਕਿਸਤਾਨ ਨਾਲ ਬਾਰਬਰੀ 'ਤੇ ਰਹੀ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਵੀ ਪਹਿਲੇ ਮੈਚ ਵਿਚੋਂ ਵੇਲਜ ਹੱਥੋਂ 3-2 ਨਾਲ ਹਾਰ ਗਈ, ਦੂਜੇ ਮੈਚ ਵਿਚੋਂ ਮਲੇਸ਼ੀਆ ਨੂੰ ਹਰਾਇਆ ਤੇ ਤੀਜੇ ਮੈਚ ਵਿਚੋਂ ਇੰਗਲੈਂਡ 'ਤੇ 2-1 ਨਾਲ ਜਿੱਤ ਦਰਜ ਕਰਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ।
ਭਾਰਤੀ ਸ਼ਟਲਰ ਵੀ ਛਾਏ : ਬੈਡਮਿੰਟਨ ਵਿਚ ਵੀ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਦੀ ਮਿਕਸ ਟੀਮ ਨੇ ਕੁਆਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਤੇ ਸਾਈਨਾ ਨੇਹਵਾਲ ਤੇ ਸ੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਕੁਵੈਸ਼ 'ਚ ਵੀ ਚੰਗੀ ਸ਼ੁਰੂਆਤ : ਭਾਰਤੀ ਖਿਡਾਰੀਆਂ ਨੇ ਸਕੁਵੈਸ਼ ਵਿਚ ਵੀ ਚੰਗੀ ਸ਼ੁਰੂਆਤ ਕੀਤੀ ਹੈ ਤੇ ਜੋਸ਼ਾਨਾ ਚਿਨੱਪਾ ਨੇ ਕੁਆਟਰ ਫਾਈਨਲ ਵਿਚ ਥਾਂ ਪੱਕੀ ਕੀਤੀ।
ਜਿਮਾਨਸਟਿਕ ਵਿਚ ਵੀ ਭਾਰਤ ਦੀ ਪ੍ਰਣਨੀਤੀ ਨਾਇਕ ਤੇ ਪ੍ਰਣਨੀਤੀ ਦਾਸ ਨੇ ਕਿਸਮਤ ਦੇ ਸਹਾਰੇ ਵੋਲਟ ਪ੍ਰਤੀਯੋਗਤਾ ਵਿਚੋਂ ਫਾਈਨਲ ਵਿਚ ਥਾਂ ਪੱਕੀ ਕੀਤੀ।
ਮੁੱਕੇਬਾਜ਼ੀ ਵਿਚ ਵੀ ਮਨੋਜ ਕੁਮਾਰ ਤੇ ਹੁਸਾਮੋਦੀਨ ਕੁਆਟਰ ਫਾਈਨਲ 'ਚ ਪੁੱਜੇ : ਮੁੱਕੇਬਾਜ਼ੀ ਵਿਚ ਵੀ ਭਾਰਤੀ ਮੁੱਕੇਬਾਜ਼ ਹੁਸਾਮੋਦੀਨ ਨੇ 56 ਕਿੱਲੋ ਭਾਰ ਵਰਗ ਵਿਚ ਤੇ ਮਨੋਜ ਕੁਮਾਰ ਨੇ 69 ਕਿੱਲੋ ਭਾਰ ਵਰਗ ਵਿਚ ਕਵਾਟਰ ਫਾਈਨਲ ਵਿਚ ਥਾਂ ਪੱਕੀ ਕੀਤੀ।


-ਮੋਬਾ: 9872978781

ਇਸ ਵਾਰ ਦੀ ਆਈ. ਪੀ. ਐਲ. ਦੇ ਨਵੇਂ ਨਕੋਰ ਪਹਿਲੂ

ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਮੇਲਾ ਯਾਨੀ ਆਈ.ਪੀ.ਐਲ ਦਾ ਨਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਾਰ ਇਹ ਸੀਜ਼ਨ ਕਾਫੀ ਕੁਝ ਨਵਾਂ ਵੀ ਲੈ ਕੇ ਆਇਆ ਹੈ। ਇਸ ਵਾਰ ਦੇ ਆਈ.ਪੀ.ਐਲ ਦੀ ਸਭ ਤੋਂ ਨਵੀਂ ਚੀਜ਼ ਇਹ ਹੈ ਕਿ ਆਈ.ਪੀ.ਐਲ ਦੇ ਇਤਿਹਾਸ ਵਿਚ ਪਹਿਲੀ ਵਾਰ ਡੀ.ਆਰ.ਐੱਸ. (ਡਿਸੀਜ਼ਨ ਰਿਵਿਊ ਸਿਸਟਮ) ਦੀ ਵਰਤੋਂ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਬੋਰਡ ਇਸ ਸਿਸਟਮ ਦੀ ਵਰਤੋਂ ਕਰਨ ਤੋਂ ਝਿਜਕਦਾ ਸੀ। ਆਈ.ਪੀ.ਐੱਲ. ਪੂਰੀ ਦੁਨੀਆ ਵਿਚ ਇਕ ਮੰਨਿਆ-ਪ੍ਰਮੰਨਿਆ ਟੂਰਨਾਮੈਂਟ ਬਣ ਚੁੱਕਾ ਹੈ ਅਤੇ ਇਸ ਵਿਚ ਉੱਚ ਪੱਧਰ ਦੇ ਕੋਚ ਅਤੇ ਖਿਡਾਰੀ ਸ਼ਿਕਰਤ ਕਰਦੇ ਹਨ ਅਤੇ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਭਾਰਤੀ ਅੰਪਾਇਰ ਇਸ ਨੂੰ ਲੈ ਕੇ ਕਿੰਨੇ ਕੁ ਸਹਿਜ ਰਹਿੰਦੇ ਹਨ। ਇਸ ਵਾਰ ਦੇ ਆਈ.ਪੀ.ਐੱਲ. ਵਿਚ ਸਭ ਤੋਂ ਮਜ਼ੇਦਾਰ ਨਿਯਮ ਇਹ ਹੈ ਕਿ ਇਸ ਵਾਰ ਸੀਜ਼ਨ ਵਿਚ ਖਿਡਾਰੀ ਇਕ ਟੀਮ ਵਲੋਂ ਦੂਜੀ ਟੀਮ ਵਿਚ ਤਬਦੀਲ ਕੀਤੇ ਜਾ ਸਕਣਗੇ। ਨਵੇਂ ਨਿਯਮ ਮੁਤਾਬਕ 25ਵੇਂ ਮੈਚ ਦੇ ਬਾਅਦ ਅਨਕੈਪਡ ਅਤੇ ਵਿਦੇਸ਼ੀ ਖਿਡਾਰੀ ਦੂਜੀ ਟੀਮ ਨੂੰ ਟਰਾਂਸਫਰ ਹੋ ਸਕਦਾ ਹੈ, ਜਿਵੇਂ ਕਿ ਫੁੱਟਬਾਲ ਵਿਚ ਹੁੰਦਾ ਹੈ। ਇਹ ਨਿਯਮ ਸਿਰਫ ਵਿਦੇਸ਼ੀ ਅਤੇ ਅਨਕੈਪਡ ਖਿਡਾਰੀਆਂ ਲਈ ਹੀ ਹੋਵੇਗਾ। ਦੋ ਟੀਮਾਂ ਆਪਸ ਵਿਚ ਗੱਲ ਕਰਕੇ ਅਜਿਹਾ ਕਰ ਸਕਦੀਆਂ ਹਨ। ਹਾਲਾਂਕਿ ਜਿਨ੍ਹਾਂ ਵਿਦੇਸ਼ੀ ਖਿਡਾਰੀਆਂ ਨੇ ਸਿਰਫ 2 ਜਾਂ ਉਸ ਤੋਂ ਘੱਟ ਮੈਚ ਖੇਡੇ ਹੋਣ, ਉਹ ਹੀ ਇਸ ਨਿਯਮ ਦੇ ਤਹਿਤ ਟਰਾਂਸਫਰ ਹੋ ਸਕਦੇ ਹਨ। ਇਸ ਵਿਚ ਭਾਰਤੀ ਖਿਡਾਰੀਆਂ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕੇਗਾ। ਇਸ ਵਾਰ ਹਰ ਟੀਮ ਕੋਲ ਦੋ ਤਰ੍ਹਾਂ ਦੀ ਜਰਸੀ ਹੋਵੇਗੀ ਪਰ ਇਸ ਨੂੰ ਪਾਉਣ ਨੂੰ ਲੈ ਕੇ ਨਿਯਮ ਅਲੱਗ ਹੋਣਗੇ। ਪਹਿਲੀ ਜਰਸੀ ਟੀਮ ਆਪਣੇ ਘਰੇਲੂ ਮੈਦਾਨ ਉੱਤੇ ਹੀ ਪਾਵੇਗੀ, ਜਦੋਂ ਕਿ ਦੂਜੀ ਜਰਸੀ ਵਿਰੋਧੀ ਟੀਮ ਦੇ ਗਰਾਊਂਡ ਉੱਤੇ। ਹਰ ਇਕ ਟੀਮ 14 ਮੈਚ ਖੇਡੇਗੀ, ਜਿਨ੍ਹਾਂ ਵਿਚੋਂ 7 ਮੈਚ ਉਹ ਆਪਣੇ ਘਰ ਵਿਚ ਤਾਂ ਉਥੇ ਹੀ 7 ਮੈਚ ਵਿਰੋਧੀ ਮੈਦਾਨ ਉੱਤੇ ਖੇਡੇਗੀ। ਇਸ ਤਰੀਕੇ ਦੀਆਂ ਚੀਜ਼ਾਂ ਫੁੱਟਬਾਲ ਵਿਚ ਹੁੰਦੀ ਆਈਆਂ ਹਨ, ਜੋ ਹੁਣ ਕ੍ਰਿਕਟ ਵਿਚ ਵੀ ਦਿਸਣਗੀਆਂ। ਇਸੇ ਤਰ੍ਹਾਂ ਇਹ ਚੀਜ਼ ਵੀ ਐਤਕੀਂ ਪਹਿਲੀ ਵਾਰ ਹੋ ਰਹੀ ਹੈ ਕਿ ਆਈ.ਪੀ.ਐੱਲ. ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਸਾਰੀਆਂ ਟੀਮਾਂ ਨੇ ਤਿਆਰੀਆਂ ਵਜੋਂ ਜਦੋਂ ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ ਤਾਂ ਅੰਤਰਰਾਸ਼ਟਰੀ ਪੱਧਰ ਨੂੰ ਦੇਖਦੇ ਹੋਏ ਖਿਡਾਰੀਆਂ ਦੀ ਫਿੱਟਨੈਸ ਘੋਖਣ ਲਈ ਚਰਚਿਤ ਯੋ-ਯੋ ਟੈਸਟ ਨੂੰ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਵੀ ਲਾਗੂ ਕੀਤਾ। ਮੰਬਈ ਇੰਡੀਅਨਜ਼ ਨੇ ਆਪਣੇ ਖਿਡਾਰੀਆਂ ਦਾ ਸਭ ਤੋਂ ਪਹਿਲਾਂ ਯੋ-ਯੋ ਟੈਸਟ ਲਿਆ ਸੀ, ਜਿਸ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ, ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਨੇ ਵੀ ਇਸ ਟੈਸਟ ਨੂੰ ਲਾਗੂ ਕੀਤਾ ਅਤੇ ਬਾਕੀਆਂ ਨੇ ਵੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com

ਭਾਰਤ ਦੇ ਬੈਡਮਿੰਟਨ ਖਿਡਾਰੀ ਸ੍ਰੀਕਾਂਤ ਕਿਦੰਬੀ ਦਾ ਪਦਮਸ਼੍ਰੀ ਤੱਕ ਦਾ ਸਫ਼ਰ

ਬੈਡਮਿੰਟਨ ਖੇਡ ਮਯੂਨਿਚ ਵਿਚ 1972 ਦੀਆਂ ਉਲੰਪਿਕ ਖੇਡਾਂ ਵਿਚ ਪਹਿਲੀ ਵਾਰ ਖੇਡ ਵਜੋ ਸ਼ਾਮਲ ਕੀਤੀ ਗਈ। ਦੋ ਦਹਾਕਿਆਂ ਤੋਂ ਬਾਅਦ ਬੈਡਮਿੰਟਨ ਦੇ 4 ਈਵੈਂਟਸ 1992 ਦੀਆਂ ਬਾਰਸੀਲੋਨਾ ਉਲੰਪਿਕ ਖੇਡਾਂ ਵਿਚ ਸ਼ਾਮਿਲ ਕੀਤੇ ਗਏ। ਬਾਰਸੀਲੋਨਾ ਦੀਆਂ ਉਲੰਪਿਕ ਖੇਡਾਂ ਵਿਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਰਗਾਂ ਸਿੰਗਲ ਅਤੇ ਡਬਲਜ਼ ਦੇ ਮੁਕਾਬਲਿਆਂ ਵਿਚ ਪਹਿਲੀ ਵਾਰ ਚਾਰ ਤਗਮੇ ਜਿੱਤੇ। ਉਸ ਤੋਂ ਬਾਅਦ 1996 ਦੀਆਂ ਐਟਲਾਂਟਾ ਉਲੰਪਿਕ ਖੇਡਾਂ ਵਿਚ ਮਿਕਸਡ ਡਬਲਜ਼ ਮੁਕਾਬਲੇ ਤੋਂ ਇਲਾਵਾ 5 ਨਵੇਂ ਮੁਕਾਬਲੇ ਸ਼ਾਮਿਲ ਕੀਤੇ ਗਏ। ਬੈਡਮਿੰਟਨ ਭਾਰਤ ਦੀ ਇਕ ਪ੍ਰਸਿੱਧ ਖੇਡ ਹੈ, ਕ੍ਰਿਕਟ ਤੋਂ ਬਾਅਦ ਭਾਰਤ ਵਿਚ ਦੂਜੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਖੇਡ ਹੈ। ਭਾਰਤ ਵਿਚ ਬੈਡਮਿੰਟਨ ਦਾ ਖੇਡ ਪ੍ਰਬੰਧ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਦੁਆਰਾ ਕੀਤਾ ਜਾਂਦਾ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਉਲੰਪੀਅਨ, ਪਦਮਸ਼੍ਰੀ ਐਵਰਡੀ ਸ੍ਰੀਕਾਂਤ ਨਮਮਾਲਵਰ ਕਿਦੰਬੀ ਦੀਆਂ ਖੇਡ ਪ੍ਰਪਾਤੀਆਂ ਬਾਰੇ।
ਸ੍ਰੀਕਾਂਤ ਨਮਮਾਲਵਰ ਕਿਦੰਬੀ ਦਾ ਜਨਮ 7 ਫਰਵਰੀ, 1993 ਨੂੰ ਰਾਵਲਪਲੇਮ ਹੈਦਰਾਬਾਦ, ਤੇਲੰਗਾਨਾ ਵਿਖੇ ਪਿਤਾ ਕੇਵੀਐਸ ਕ੍ਰਿਸ਼ਨਾ ਤੇ ਮਾਤਾ ਰਾਧਾ ਦੇ ਘਰ ਹੋਇਆ। ਸ੍ਰੀਕਾਂਤ ਦਾ ਵੱਡਾ ਭਰਾ ਕੇ ਨੰਦਗੋਪਾਲ ਵੀ ਬੈਡਮਿੰਟਨ ਦਾ ਖਿਡਾਰੀ ਹੈ। ਜੇਕਰ ਗੱਲ ਖੇਡ ਪ੍ਰਪਾਤੀਆਂ ਦੀ ਕਰੀਏ ਤਾਂ ਸ੍ਰੀਕਾਂਤ ਕਿਦੰਬੀ ਭਾਰਤੀ ਬੈਡਮਿੰਟਨ ਦਾ ਪਹਿਲਾ ਖਿਡਾਰੀ ਹੈ, ਜਿਸ ਨੇ 2014 ਦੀਆਂ ਸੁਪਰ ਸੀਰੀਜ਼ ਪ੍ਰੀਮੀਅਰ ਦੇ ਫਾਈਨਲ ਵਿਚ ਉਲੰਪਿਕ ਚੈਂਪੀਅਨ ਲੀਨ ਡੈਨ ਨੂੰ 21-19, 21-17 ਨਾਲ ਹਰਾ ਕੇ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਖਿਤਾਬ ਜਿੱਤਿਆ ਸੀ। ਸਾਲ 2011 ਵਿਚ ਕਾਮਨਵੈਲਥ ਯੂਥ ਖੇਡਾਂ ਵਿਚ ਕਿਦੰਬੀ ਨੇ ਮਿਕਸਡ ਡਬਲਜ਼ ਵਿਚ ਚਾਂਦੀ ਅਤੇ ਡਬਲਜ਼ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਪੁਣੇ ਵਿਚ ਆਯੋਜਿਤ ਆਲ ਇੰਡੀਆ ਜੂਨੀਅਰ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸਿੰਗਲ ਅਤੇ ਡਬਲ ਵਰਗ ਵਿਚ ਤਗਮੇ ਜਿੱਤੇ। ਥਾਈਲੈਂਡ ਓਪਨ ਗ੍ਰਾਂ ਪ੍ਰੀ ਵਿਚ ਕਿਦੰਬੀ ਨੇ ਪੁਰਸ਼ ਸਿੰਗਲਜ਼ ਦੇ ਖਿਤਾਬ ਵਿਚ ਵਿਸ਼ਵ ਨੰਬਰ 8 ਖਿਡਾਰੀ ਬੋਨਸੈਕ ਪੋਂਸਾਨਾ ਨੂੰ ਸਿੱਧੇ ਸੈੱਟਾਂ ਵਿਚ ਹਰਾਇਆ।
ਉਸੇ ਸਾਲ ਦਿੱਲੀ ਵਿਖੇ ਆਲ ਇੰਡੀਆ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਕਿਦੰਬੀ ਨੇ ਉਲੰਪੀਅਨ ਪਾਰੂਪੱਲੀ ਕਸ਼ਯਪ ਨੂੰ ਹਰਾਇਆ ਅਤੇ ਸੀਨੀਅਰ ਰਾਸ਼ਟਰੀ ਖਿਤਾਬ ਨੂੰ ਆਪਣੇ ਨਾਂਅ ਕੀਤਾ, ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਿਦੰਬੀ ਐਵਾਰਡ ਵਾਰੀਅਰਜ਼ ਟੀਮ ਦਾ ਖਿਡਾਰੀ ਹੈ, ਜਿਸ ਟੀਮ ਨੇ ਭਾਰਤੀ ਬੈਡਮਿੰਟਨ ਲੀਗ 2013 ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਲਖਨਊ ਵਿਚ 2014 ਓਪਨ ਗ੍ਰਾਂ ਪ੍ਰੀ ਗੋਲਡ ਮੁਕਾਬਲੇ ਵਿਚ ਕਿਦੰਬੀ ਉਪ-ਜੇਤੂ ਰਿਹਾ। 2014 ਦੀਆਂ ਗਲਾਸਗੋ ਕਾਮਨਵੈਲਥ ਖੇਡਾਂ ਵਿਚ ਭਾਰਤੀ ਬੈਡਮਿੰਟਨ ਟੀਮ ਦਾ ਹਿੱਸਾ ਸੀ ਅਤੇ ਮਿਸ਼ਰਤ ਟੀਮ ਮੁਕਾਬਲੇ ਦੇ ਸੈਮੀਫਾਈਨਲ ਵਿਚ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪਹੁੰਚਿਆ। ਨਵੰਬਰ, 2014 ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਦੇ ਫਾਈਨਲ ਵਿਚ 5 ਵਾਰ ਵਿਸ਼ਵ ਚੈਂਪੀਅਨ ਤੇ 2 ਵਾਰ ਉਲੰਪਿਕ ਚੈਂਪੀਅਨ ਲੀਨ ਡੈਨ ਨੂੰ ਸਿੱਧੇ ਸੈੱਟਾਂ (21-19, 21-17) ਨਾਲ ਹਰਾ ਕੇ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ। ਕਿਦੰਬੀ 2015 ਸਵਿਸ ਓਪਨ ਗ੍ਰਾਂ ਪ੍ਰੀ ਗੋਲਡ ਵਿਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਬਣ ਗਿਆ। ਉਸ ਨੇ ਵਿਕਟਰ ਐਕਸਲਸੇਨ ਨੂੰ 21-15, 12-21, 21-14 ਨਾਲ ਹਰਾਇਆ, ਉਸੇ ਸਾਲ ਕਿਦੰਬੀ ਨੇ ਵਿਕਟਰ ਐਕਸਲਸਨ ਨੂੰ ਹਰਾ ਕੇ ਭਾਰਤ ਓਪਨ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ ਸੀ।
ਸੈਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਹੁਆਨ ਯੁਕਿੰਗਜ ਨੂੰ 21-13, 14-21, 21-14 ਨਾਲ ਹਰਾ ਕੇ ਗ੍ਰਾਂ ਪ੍ਰੀ ਗੋਲਡ ਦਾ ਖਿਤਾਬ ਜਿੱਤਿਆ। 2016 ਦੇ ਦੱਖਣ ਏਸ਼ੀਆਈ ਖੇਡਾਂ ਵਿਚ ਪੁਰਸ਼ ਟੀਮ ਅਤੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿਚ ਭਾਰਤ ਲਈ ਦੋ ਸੋਨ ਤਗਮੇ ਜਿੱਤੇ। 2016 ਦੀਆਂ ਰੀਓ ਉਲੰਪਿਕਸ ਵਿਚ ਕਿਦੰਬੀ ਨੇ ਹੈਨਰੀ ਹਰਕਕੀਨੇਨ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿਚ ਵਿਸ਼ਵ ਦੇ 5 ਤੇ 11 ਨੰਬਰ ਦੇ ਖਿਡਾਰੀ ਲਿਨੋ ਮਿਓਨੋਜ਼ ਨੂੰ ਹਰਾਇਆ। ਸਾਲ 2017 'ਚ ਕਿਦੰਬੀ ਨੇ ਇਤਿਹਾਸ ਰਚਿਆ, ਕਿਦੰਬੀ ਬੈਡਮਿੰਟਨ ਵਿਚ ਦਰਜਾਬੰਦੀ ਦੇ ਫਾਈਨਲ ਵਿਚ ਦਾਖਲ ਹੋਣ ਵਾਲਾ ਪਹਿਲਾ ਭਾਰਤੀ ਬਣਿਆ। ਕਿਦੰਬੀ ਤੇ ਸਾਈ ਪ੍ਰਣੀਤ ਦੀ ਜੋੜੀ ਨੇ ਵਿਰੋਧੀ ਨੂੰ 17-21, 21-17, 21-12 ਨਾਲ ਹਰਾ ਕੇ 2017 ਵਿਚ ਸਿੰਗਾਪੁਰ ਸੁਪਰ ਸੀਰੀਜ਼ ਦਾ ਖਿਤਾਬ ਜਿੱਤਿਆ। ਕਿਦੰਬੀ ਨੇ ਇੰਡੋਨੇਸ਼ੀਆ ਸੁਪਰ ਸੀਰੀਜ਼ ਨੂੰ ਜਾਪਾਨ ਦੇ ਕਾਜ਼ੁਮਾਸਾ ਸਕਾਈ ਨੂੰ 21-11, 21-19 ਨਾਲ ਹਰਾਇਆ ਅਤੇ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਖਿਡਾਰੀ ਬਣ ਗਿਆ।
ਉਸ ਨੇ ਫਾਈਨਲ ਵਿਚ ਚੀਨ ਦੀ ਚੇਨ ਲੌਂਗ ਨੂੰ 22-20, 21-16 ਨਾਲ ਹਰਾ ਕੇ ਆਸਟਰੇਲੀਆਈ ਸੁਪਰ ਸੀਰੀਜ਼ ਜਿੱਤੀ ਤੇ ਤਿੰਨ ਲਗਾਤਾਰ ਸੁਪਰ ਸੀਰੀਜ਼ ਫਾਈਨਲਜ਼ ਖੇਡ ਕੇ ਇਤਿਹਾਸ ਰਚਿਆ। ਕਿਦੰਬੀ ਨੇ ਇਕ ਸਾਲ ਵਿਚ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤੇ। ਇਸੇ ਨਾਲ ਕਿਦੰਬੀ ਨੇ ਵਿਸ਼ਵ ਚੈਪੀਂਅਨ ਲੀ ਚੋਂਗ ਵੇਈ, ਲਿਨ ਦਾਨ ਅਤੇ ਚੇਨ ਲੌਂਗ ਦੇ ਰਿਕਾਰਡ ਦੀ ਬਰਾਬਰੀ ਕੀਤੀ। ਸ੍ਰੀਕਾਂਤ ਕਿਦੰਬੀ ਨੇ ਕੈਰੀਅਰ ਵਿਚ ਰਿਕਾਰਡ 174 ਮੈਚ ਜਿੱਤੇ। ਉਹ ਹੈਦਰਾਬਾਦ ਦੇ ਗੋਪੀਚੰਦ ਬੈਡਮਿੰਟਨ ਅਕੈਡਮੀ ਵਿਖੇ ਟ੍ਰੇਨਿੰਗ ਕਰਦਾ ਹੈ ਅਤੇ ਗੌਸ ਸਪੋਰਟਸ ਫਾਊਂਡੇਸ਼ਨ, ਬੰਗਲੌਰ ਦੁਆਰਾ ਸਹਾਇਤਾ ਪ੍ਰਾਪਤ ਹੈ। ਉਸ ਦੇ ਕੋਚ ਪੁਲੇਲੇ ਗੋਪੀਚੰਦ, ਜੋ ਆਪ ਮਹਾਨ ਬੈਡਮਿੰਟਨ ਖਿਡਾਰੀ ਹੈ, ਕੋਲੋਂ ਸਿੱਖ ਰਿਹਾ ਹੈ। ਜੇਕਰ ਗੱਲ ਸ੍ਰੀਕਾਂਤ ਕਿਦੰਬੀ ਦੇ ਐਵਾਰਡ ਦੀ ਕਰੀਏ ਤਾਂ ਲਿਸਟ ਲੰਬੀ ਹੈ। 25 ਸਾਲ ਦੀ ਉਮਰ ਵਿਚ ਸ੍ਰੀਕਾਂਤ ਭਾਰਤ ਵਿਚ ਪਦਮਸ਼੍ਰੀ ਪ੍ਰਾਪਤ ਕਰਨ ਵਾਲਾ ਦੂਜਾ ਸਭ ਤੋਂ ਛੋਟਾ ਖਿਡਾਰੀ ਹੈ। ਪਹਿਲਾਂ ਪੀ.ਵੀ. ਸਿੰਧੂ ਨੇ 19 ਸਾਲ ਦੀ ਉਮਰ ਵਿਚ ਇਸ ਮੁਕਾਮ ਨੂੰ ਪ੍ਰਾਪਤ ਕੀਤਾ ਸੀ। ਸ੍ਰੀਕਾਂਤ ਨੇ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਹਾਸਲ ਕੀਤਾ ਹੈ। ਅਸੀ ਦੇਸ਼ ਵਾਸੀ ਉਮੀਦ ਕਰਦੇ ਹਾਂ ਕੇ ਆਉਣ ਵਾਲੀਆਂ ਏਸ਼ੀਆਈ ਅਤੇ ਉਲੰਪਿਕ ਖੇਡਾਂ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਵੇਗਾ।


-ਮੋਬਾ: 82888-47042

ਛੋਟੀ ਉਮਰ ਵਿਚ ਵੱਡੀਆ ਮੱਲਾਂ ਮਾਰ ਰਹੀ ਖਿਡਾਰਨ-ਅਬੀਰ ਕੌਰ

ਹੋਣਹਾਰ ਲੜਕੀ ਹੈ ਅਬੀਰ ਕੌਰ, ਜਿਸ ਨੇ ਬਚਪਨ ਵਿਚ ਹੀ ਹਾਕੀ ਦੀ ਖੇਡ ਦੇ ਨਾਲ-ਨਾਲ ਹੀ ਹੋਰ ਖੇਡਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣਾ ਨਾਂਅ ਚਮਕਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਤੋਂ ਕਰੀਬ 9 ਸਾਲ ਪਹਿਲਾਂ ਪਿੰਡ ਸੰਤਨਗਰ, ਜ਼ਿਲ੍ਹਾ ਸਿਰਸਾ ਵਿਖੇ ਮਾਤਾ ਕਰਮਜੀਤ ਕੌਰ ਅਤੇ ਪਿਤਾ ਨਵਪ੍ਰੀਤ ਸਿੰਘ ਭੰਗੂ ਦੇ ਘਰ ਜਨਮ ਲੈਣ ਵਾਲੀ ਅਬੀਰ ਭਾਵੇਂ ਅਜੇ ਬਾਲ ਵਰੇਸ ਵਿਚ ਹੈ ਪਰ ਉਸ ਦੀਆਂ ਪ੍ਰਾਪਤੀਆਂ ਅਤੇ ਖੇਡਾਂ ਦੇ ਖੇਤਰ ਵਿਚ ਉਸ ਵਲੋਂ ਕੀਤੀ ਜਾ ਰਹੀ ਨਿਰੰਤਰ ਮਿਹਨਤ ਨੂੰ ਵੇਖ ਕੇ ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਬੀਰ ਇਕ ਦਿਨ ਭਾਰਤੀ ਹਾਕੀ ਵਿਚ ਧਰੂ ਤਾਰੇ ਵਾਂਗ ਜ਼ਰੂਰ ਚਮਕੇਗੀ। ਚੌਥੀ ਜਮਾਤ ਵਿਚ ਪੜ੍ਹ ਰਹੀ ਅਬੀਰ ਲਈ ਇਹ ਵੀ ਵੱਡੇ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਖੇਡਾਂ ਦੀ ਗੁੜ੍ਹਤੀ ਘਰ ਵਿਚੋਂ ਹੀ ਮਿਲੀ ਹੈ। ਅਬੀਰ ਦੇ ਮਾਤਾ-ਪਿਤਾ ਵੀ ਵੈਟਰਨ ਖੇਡਾਂ ਵਿਚ ਹੈਮਰ ਥਰੋਅ ਅਤੇ ਦੌੜਾਂ ਆਦਿ ਦੇ ਮੁਕਾਬਲਿਆਂ ਵਿਚ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ। ਉਸ ਨੇ ਸੀ.ਬੀ.ਐਸ.ਈ. ਉੱਤਰੀ ਜ਼ੋਨ ਹਾਕੀ ਪ੍ਰਤੀਯੋਗਤਾ ਵਿਚ ਸਕੂਲ ਵਲੋਂ ਭਾਗ ਲਿਆ। ਇਸ ਮੁਕਾਬਲੇ ਵਿਚ ਵੀ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਹਾਕੀ ਦੇ ਨਾਲ-ਨਾਲ ਉਹ ਹੋਰ ਖੇਡਾਂ ਵਿਚ ਵੀ ਆਪਣਾ ਨਾਂਅ ਚਮਕਾ ਰਹੀ ਹੈ। ਸਾਲ 2016-17 ਵਿਚ ਕਰਨਾਲ ਵਿਚ ਆਯੋਜਿਤ ਹੋਈ ਸੂਬਾ ਪੱਧਰੀ ਅਥਲੈਟਿਕਸ ਪ੍ਰਤੀਯੋਗਤਾ ਵਿਚ ਅੰਡਰ-11 ਮੁਕਾਬਲੇ ਵਿਚ 4×400 ਮੁਕਾਬਲੇ ਵਿਚ ਭਾਗ ਲਿਆ। ਸਾਲ 2017-18 ਵਿਚ ਅਬੀਰ ਨੇ ਸੀ.ਬੀ.ਐਸ.ਈ. ਵਲੋਂ ਆਯੋਜਿਤ ਉੱਤਰ-ਪੱਛਮੀ ਜ਼ੋਨ ਅੰਡਰ-17 ਹਾਕੀ ਮੁਕਾਬਲੇ ਵਿਚ ਭਾਗ ਲਿਆ। ਇਸ ਟੂਰਨਾਮੈਂਟ ਵਿਚ ਉਸ ਦੀ ਟੀਮ ਨੂੰ ਦੂਸਰਾ ਸਥਾਨ ਹਾਸਲ ਹੋਇਆ ਅਤੇ ਅਬੀਰ ਨੂੰ ਟੂਰਨਾਮੈਂਟ ਦੀ ਵਧੀਆ ਖਿਡਾਰਨ ਦੇ ਖਿਤਾਬ ਨਾਲ ਨਵਾਜਿਆ ਗਿਆ। ਇਸੇ ਸਾਲ ਰੋਹਤਕ ਵਿਚ ਆਯੋਜਿਤ ਹੋਈ ਪਹਿਲੀ ਸੂਬਾ ਪੱਧਰੀ ਮੌਲਿਕ ਸਕੂਲ ਪ੍ਰਤੀਯੋਗਤਾ ਵਿਚ ਉਸ ਨੇ ਸਿਰਸਾ ਵਲੋਂ ਰੱਸਾਕਸ਼ੀ ਦੀ ਟੀਮ ਵਿਚ ਭਾਗ ਲਿਆ ਅਤੇ ਆਪਣੀ ਟੀਮ ਨੂੰ ਸੋਨੇ ਦਾ ਤਗਮਾ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪਿਛਲੇ ਦਿਨੀਂ ਹਿਸਾਰ ਵਿਚ ਸਮਾਪਤ ਹੋਈ ਹਾਕੀ ਪ੍ਰਤੀਯੋਗਤਾ ਵਿਚ ਉਸ ਨੇ ਅੰਡਰ-16 ਗਰੁੱਪ ਵਿਚ ਭਾਗ ਲੈ ਕੇ ਇਕ ਵਾਰ ਫਿਰ ਆਪਣੀ ਖੇਡ ਦਾ ਲੋਹਾ ਮੰਨਵਾਇਆ।


-ਜਗਤਾਰ ਸਮਾਲਸਰ,
ਏਲਨਾਬਾਦ, ਸਿਰਸਾ (ਹਰਿਆਣਾ)। ਮੋਬਾ: 94670-95953

ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਸੋਨ ਤਗਮੇ ਜਿੱਤਣ ਵਾਲੀ ਨਿਧੀ ਮਿਸ਼ਰਾ ਦਿੱਲੀ

ਭਾਵੇਂ ਅਥਲੀਟ ਨਿਧੀ ਮਿਸ਼ਰਾ ਅੱਖਾਂ ਤੋਂ ਦੇਖ ਨਹੀਂ ਸਕਦੀ ਪਰ ਉਹ ਆਪਣੀ ਪ੍ਰਤਿਭਾ ਦਾ ਲੋਹਾ ਮਨਾ ਕੇ ਦੂਜਿਆਂ ਦੇ ਲਈ ਚਾਨਣ ਮੁਨਾਰਾ ਹੀ ਨਹੀਂ, ਸਗੋਂ ਰੌਸ਼ਨੀ ਬਿਖੇਰਦੀ ਹੈ। ਇਹ ਗੱਲ ਉਸ ਸਮੇਂ ਸੋਨੇ 'ਤੇ ਸੁਹਾਗਾ ਸਾਬਤ ਹੋ ਜਾਂਦੀ ਹੈ ਕਿ ਨਿਧੀ ਮਿਸ਼ਰਾ ਜਿੱਥੇ ਖੇਡਾਂ ਦੇ ਖੇਤਰ ਵਿਚ ਸੋਨ ਤਗਮੇ ਬਟੋਰ ਰਹੀ ਹੈ, ਉੱਥੇ ਉਹ ਸਿੱਖਿਆ ਦੇ ਖੇਤਰ ਵਿਚ ਵੀ ਸੋਨ ਤਗਮਾ ਵਿਜੇਤਾ ਬਣੀ ਹੈ। ਨਿਧੀ ਮਿਸ਼ਰਾ ਦਾ ਜਨਮ 1 ਜੁਲਾਈ, 1993 ਨੂੰ ਪਿਤਾ ਮੁਨਿੰਦਰ ਨਾਥ ਮਿਸ਼ਰਾ ਦੇ ਘਰ ਮਾਤਾ ਊਸ਼ਾ ਮਿਸ਼ਰਾ ਦੀ ਕੁੱਖੋਂ ਸ਼ਹਿਰ ਵਾਰਾਨਸੀ (ਬਨਾਰਸ) ਵਿਖੇ ਹੋਇਆ। ਨਿਧੀ ਮਿਸ਼ਰਾ ਨੇ ਜਦੋਂ ਜਨਮ ਲਿਆ, ਬਚਪਨ ਦੀ ਦਹਿਲੀਜ਼ ਟੱਪੀ ਤਾਂ ਜਦੋਂ ਅੜ ਕੇ ਡਿਗ ਪਈ ਤਾਂ ਮਾਂ-ਬਾਪ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਬੇਟੀ ਘੱਟ ਦੇਖ ਸਕਣ ਦੇ ਸਮਰਥ ਹੈ। ਡਾਕਟਰੀ ਇਲਾਜ ਕਰਵਾਏ ਗਏ ਪਰ ਕੋਈ ਕਾਰਗਰ ਸਾਬਤ ਨਾ ਹੋਇਆ। ਵੱਡੇ ਦੁੱਖ ਦੀ ਗੱਲ ਇਹ ਸਾਬਤ ਹੋਈ ਕਿ ਬਚਪਨ ਵਿਚ ਜੋ ਨਿਧੀ ਮਿਸ਼ਰਾ ਨੂੰ ਘੱਟ ਦਿਸਦਾ ਸੀ, ਆਖਰ ਉਹ ਰੌਸ਼ਨੀ ਵੀ ਚਲੀ ਗਈ।
ਭਾਵੇਂ ਕਿ ਮਾਂ-ਬਾਪ ਲਈ ਇਹ ਡੂੰਘਾ ਸਦਮਾ ਸੀ ਪਰ ਹਿੰਮਤੀ ਮਾਂ-ਬਾਪ ਨੇ ਨਿਧੀ ਮਿਸ਼ਰਾ ਦੇ ਨੇਤਰਹੀਣਤਾ ਨੂੰ ਇਕ ਵੱਡੀ ਚੁਣੌਤੀ ਵਜੋਂ ਸਵੀਕਾਰਿਆ ਅਤੇ ਉਹ ਲੋਕ ਜਿਹੜੇ ਮਾਂ-ਬਾਪ ਨੂੰ ਇਹ ਆਖ ਕੇ ਤਾਅਨੇ ਦਿੰਦੇ ਸਨ ਕਿ ਤੁਹਾਡੀ ਬੇਟੀ ਦੇਖਣ ਦੇ ਸਮਰੱਥ ਨਹੀਂ ਅਤੇ ਇਹ ਤੁਹਾਡੇ 'ਤੇ ਵੱਡਾ ਬੋਝ ਹੈ। ਪਰ ਮਾਂ-ਬਾਪ ਨੇ ਉਨ੍ਹਾਂ ਦੇ ਤਾਅਨਿਆਂ ਨੂੰ ਵੀ ਚੁਣੌਤੀ ਵਾਂਗ ਲੈ ਕੇ ਆਪਣੀ ਬੇਟੀ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਸਪੈਸ਼ਲ ਸਕੂਲ ਵਿਚ ਪਾ ਦਿੱਤਾ। ਦਸਵੀਂ ਕਲਾਸ ਵਿਚ ਸੀ.ਬੀ.ਐਸ.ਈ. ਬੋਰਡ ਵਿਚ ਪੜ੍ਹਦਿਆਂ ਬੈਸਟ ਸਟੂਡੈਂਟ ਦਾ ਪੁਰਸਕਾਰ ਹਾਸਲ ਕੀਤਾ। ਬੀ.ਏ. ਹਿਸਟਰੀ ਕਰਦਿਆਂ ਦਿੱਲੀ ਯੂਨੀਵਰਸਿਟੀ ਵਿਚ ਉਸ ਨੂੰ ਉਸ ਦੇ ਸਿੱਖਿਆ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕਾਰਨ ਉਸ ਸਮੇਂ ਦੇ ਰਾਸ਼ਟਰਪਤੀ ਡਾ: ਸ਼ੰਕਰ ਦਿਆਲ ਸ਼ਰਮਾ ਨੇ ਨਿਧੀ ਮਿਸ਼ਰਾ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਅਤੇ ਕਾਲਜ ਲਾਈਫ਼ ਵਿਚ ਉਸ ਨੂੰ ਆਲ ਰਾਊਂਡਰ ਸਟੂਡੈਂਟ ਦਾ ਖਿਤਾਬ ਵੀ ਹਾਸਲ ਹੋਇਆ ਅਤੇ ਉਸ ਦੀ ਇਹ ਵੀ ਇਕ ਵੱਡੀ ਪ੍ਰਾਪਤੀ ਹੈ ਕਿ ਉਹ ਭੋਜਪੁਰੀ ਲੋਕ-ਗੀਤਾਂ 'ਤੇ ਵੀ ਕੰਮ ਕਰ ਰਹੀ ਹੈ। ਜੇਕਰ ਉਸ ਦੇ ਖੇਡ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਸਾਲ 2010 ਤੋਂ ਲੈ ਕੇ ਸਕੂਲ ਵਿੱਦਿਆ ਦੌਰਾਨ ਜ਼ੋਨਲ, ਸਟੇਟ, ਯੂਨੀਵਰਸਿਟੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ 100 ਮੀਟਰ ਦੌੜ, ਡਿਸਕਸ ਥਰੋ ਅਤੇ ਸ਼ਾਟਪੁੱਟ ਖੇਡ ਕੇ ਅਨੇਕਾਂ ਤਗਮੇ ਜਿੱਤੇ ਅਤੇ ਉਸ ਦੇ ਨਾਂਅ ਨਾਲ ਨੈਸ਼ਨਲ ਰਿਕਾਰਡ ਵੀ ਦਰਜ ਹੈ ਅਤੇ ਆਈ.ਬੀ.ਐਸ.ਏ. ਨੈਸ਼ਨਲ ਸਪੋਰਟ ਮੀਟ ਜੋ ਦਿੱਲੀ ਵਿਚ ਹੋਈ, ਉਸ ਨੇ ਤਿੰਨ ਸੋਨ ਤਗਮੇ ਜਿੱਤੇ।
24 ਤੋਂ 29 ਮਾਰਚ, 2018 ਪੰਚਕੂਲਾ ਵਿਖੇ ਹੋਈਆਂ ਪੈਰਾ ਉਲੰਪਿਕ ਖੇਡਾਂ ਵਿਚ ਉਸ ਨੇ ਚਾਰ ਸੋਨ ਤਗਮੇ ਅਤੇ ਇਕ ਚਾਂਦੀ ਦਾ ਤਗਮਾ ਸ਼ਾਟਪੁੱਟ, ਡਿਸਕਸ, 100 ਮੀਟਰ ਦੌੜ, 400 ਮੀਟਰ ਰਿਲੇਅ ਖੇਡ ਕੇ ਜਿੱਤੇ। 2017 ਵਿਚ ਚੀਨ ਦੇਸ਼ ਦੇ ਬੀਜਿੰਗ ਸ਼ਹਿਰ ਵਿਚ ਹੋਈ ਚਾਈਨਾ ਓਪਨ ਗਰੈਂਡ ਪਰੈਕਸ ਵਿਚ ਵੀ ਉਹ ਡਿਸਕਸ ਥਰੋ ਖੇਡੀ। ਦਸਵੀਂ ਫਾਜਾ ਇੰਟਰਨੈਸ਼ਨਲ ਅਥਲੈਟਿਕ ਗਰੈਂਡ ਪਰੈਕਸ ਜੋ ਦੁਬਈ ਦੇ ਸ਼ਾਰਜਾ ਵਿਖੇ ਹੋਈ, ਵਿਚ ਵੀ ਉਸ ਨੇ 100 ਮੀਟਰ ਦੌੜ ਅਤੇ ਸ਼ਾਟਪੁੱਟ ਵਿਚ ਦੋ ਤਗਮੇ ਹਾਸਲ ਕੀਤੇ। ਅੱਜਕਲ੍ਹ ਨਿਧੀ ਮਿਸ਼ਰਾ ਅਕਤੂਬਰ 2018 ਵਿਚ ਇੰਡੋਨੇਸ਼ੀਆ ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿਚ ਭਾਗ ਲੈਣ ਲਈ ਤਿਆਰੀ ਵਿਚ ਜੁਟੀ ਹੋਈ ਹੈ ਅਤੇ ਉਸ ਨੂੰ ਆਪਣੀ ਇਸ ਪ੍ਰਤਿਭਾ 'ਤੇ ਮਾਣ ਹੈ ਕਿ ਉਹ ਇੰਡੋਨੇਸ਼ੀਆ ਵਿਚ ਵੀ ਭਾਰਤ ਦੇ ਤਿਰੰਗੇ ਨੂੰ ਲਹਿਰਾਏਗੀ। ਨਿਧੀ ਮਿਸ਼ਰਾ ਨੇ ਦੱਸਿਆ ਕਿ ਉਸ ਦਾ ਕੋਈ ਕੋਚ ਨਹੀਂ ਅਤੇ ਉਸ ਦੇ ਕੋਲ ਉਸ ਦੇ ਮਾਂ-ਬਾਪ ਹੀ ਹਨ, ਜਿਨ੍ਹਾਂ ਨੇ ਉਸ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਸਹਾਰਾ ਅਤੇ ਆਰਥਿਕ ਮਦਦ ਦੇ ਨਾਲ-ਨਾਲ ਉਸ ਨੂੰ ਇੱਥੋਂ ਤੱਕ ਪਹੁੰਚਾਇਆ। ਕਵਿਤਾ ਲਿਖਣੀ, ਨਾਟਕ ਕਰਨੇ, ਚੰਗੀਆਂ ਕਿਤਾਬਾਂ ਪੜ੍ਹਨਾ ਉਸ ਦੇ ਮੁੱਖ ਸ਼ੌਂਕਾਂ ਵਿਚ ਸ਼ਾਮਿਲ ਹੈ। ਨਿਧੀ ਮਿਸ਼ਰਾ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਉਸ ਨੂੰ ਮਰਹੂਮ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਘਰ ਸਿਤਾਰ ਵਜਾਉਣ ਦਾ ਮੌਕਾ ਵੀ ਮਿਲਿਆ, ਕਿਉਂਕਿ ਸਿਤਾਰ ਵਜਾਉਣਾ ਵੀ ਉਸ ਦਾ ਮੁੱਢਲਾ ਸ਼ੌਂਕ ਹੈ। ਇਸ ਦੇ ਨਾਲ ਹੀ ਨਿਧੀ ਮਿਸ਼ਰਾ ਸਮਾਜ ਸੇਵਾ ਦੇ ਕੰਮਾਂ ਕਰਕੇ ਜਾਣੀ ਜਾਂਦੀ ਹੈ ਅਤੇ ਉਹ ਸੈਮੀਨਾਰਾਂ ਵਿਚ ਜਾ ਕੇ ਖ਼ਾਸ ਕਰਕੇ ਨੌਜਵਾਨ ਲੜਕੀਆਂ ਨੂੰ ਹਿੰਮਤ ਅਤੇ ਦਲੇਰੀ ਨਾਲ ਜ਼ਿੰਦਗੀ ਵਿਚ ਵਿਚਰਨ ਦਾ ਸੁਨੇਹਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕਰਦੀ ਹੈ। ਨਿਧੀ ਮਿਸ਼ਰਾ ਦਾ ਆਖਣਾ ਹੈ ਕਿ ਅਜੇ ਤੱਕ ਉਸ ਨੂੰ ਨਾ ਹੀ ਯੂ.ਪੀ. ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਨੇ ਉਸ ਦੀ ਕੋਈ ਆਰਥਿਕ ਮਦਦ ਦਿੱਤੀ ਹੈ। ਉਸ ਨੇ ਦੱਸਿਆ ਕਿ ਜੇਕਰ ਸਰਕਾਰ ਉਸ ਦੀ ਆਰਥਿਕ ਮਦਦ ਕਰੇ ਤਾਂ ਉਹ ਆਪਣੇ ਖੇਤਰ ਵਿਚ ਹੋਰ ਵੀ ਵੱਡੇ ਮੁਕਾਮ ਹਾਸਲ ਕਰਕੇ ਦੇਸ਼ ਦਾ ਨਾਂਅ ਚਮਕਾ ਸਕਦੀ ਹੈ। ਪਰ ਅਜੇ ਤੱਕ ਖ਼ਾਸ ਕਰਕੇ ਪੈਰਾ ਖਿਡਾਰੀਆਂ ਤੋਂ ਸਰਕਾਰਾਂ ਨੇ ਮੁੱਖ ਮੋੜਿਆ ਹੋਇਆ ਹੈ। ਨਿਧੀ ਮਿਸ਼ਰੀ ਅੱਜਕਲ੍ਹ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਪੀ.ਐਚ.ਡੀ. ਦੀ ਵਿਦਿਆਰਥਣ ਹੈ ਅਤੇ ਉਸ ਨੇ ਭਰੇ ਮਨ ਨਾਲ ਆਖਿਆ ਕਿ ਉਸ ਦਾ ਬਾਪ ਇਕ ਸਧਾਰਨ ਕਿਸਾਨ ਹੈ ਅਤੇ ਉਸ ਨੇ ਆਪਣੀ ਥੋੜ੍ਹੀ ਕਮਾਈ ਹੋਣ ਦੇ ਬਾਵਜੂਦ ਵੀ ਨਿਧੀ ਮਿਸ਼ਰਾ ਨੂੰ ਇਥੋਂ ਤੱਕ ਪਹੁੰਚਾਇਆ ਹੈ ਅਤੇ ਉਹ ਹਮੇਸ਼ਾ ਆਪਣੇ ਮਾਂ-ਬਾਪ ਦੀ ਰਿਣੀ ਰਹਿੰਦੀ ਹੈ, ਜਿਹੜੇ ਉਸ ਦੇ ਨਾਲ ਦੋਸਤਾਂ ਵਾਂਗ ਵਿਚਰ ਕੇ ਉਸ ਦੀ ਹਮੇਸ਼ਾ ਮਦਦ ਕਰਨ ਦੇ ਨਾਲ-ਨਾਲ ਉਸ ਨੂੰ ਪ੍ਰੇਰਨਾ ਵੀ ਦਿੰਦੇ ਹਨ। ਬੁਲੰਦ ਹੌਸਲੇ ਦੀ ਮਿਸਾਲ ਨਿਧੀ ਮਿਸ਼ਰਾ ਲਈ ਸਿਰਫ਼ ਇਹੀ ਆਖਿਆ ਜਾ ਸਕਦਾ ਹੈ 'ਆਤੇ ਹੈਂ ਦਿਨ ਹਰ ਕਿਸੀ ਕੇ ਬਿਹਤਰ ਜ਼ਿੰਦਗੀ ਕੇ ਸਮੁੰਦਰ ਮੇਂ ਹਮੇਸ਼ਾ ਤੂਫ਼ਾਨ ਨਹੀਂ ਰਹਤੇ'।


-ਮੋਬਾ: 98551-14484

ਰਾਸ਼ਟਰ ਮੰਡਲ ਖੇਡਾਂ : ਕਿਹੋ ਜਿਹੀ ਰਹੇਗੀ ਭਾਰਤ ਦੀ ਕਾਰਗੁਜ਼ਾਰੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਭਾਰ ਤੋਲਣ : ਭਾਰਤ ਇਸ ਵਾਰ ਗੋਲਡ ਕੋਸਟ 'ਚ 16 ਭਾਰ ਵਰਗਾਂ ਵਿਚੋਂ 15 'ਚ ਹਿੱਸਾ ਲਵੇਗਾ। 48 ਕਿਲੋ ਭਾਰ ਵਰਗ 'ਚ ਮਹਿਲਾ ਖਿਡਾਰੀ ਸੋਖੇਮ ਮੀਰਾ ਬਾਈ ਚਾਨੂ ਨੂੰ ਸੋਨ ਤਗਮੇ ਦੀ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। ਸਾਲ 2017 ਰਾਸ਼ਟਰ ਮੰਡਲ ਚੈਂਪੀਅਨਸ਼ਿਪ 'ਚ ਭਾਰਤ ਨੇ 5 ਸੋਨ ਤਗਮੇ ਜਿੱਤੇ ਸਨ ਪਰ ਇਸ ਵਾਰ ਤਜਰਬੇਕਾਰ ਸਤੀਸ਼ ਵੈਕਟ ਅਤੇ ਮਹਿਲਾ ਖਿਡਾਰੀ ਸੰਜੀਤਾ ਵੰਦਨਾ, ਪੂਨਮ ਅਤੇ ਸੀਮਾ ਸਮੇਤ ਪੁਰਸ਼ ਭਾਰ ਤੋਲਕ ਵਿਕਾਸ ਠਾਕਰ, ਗੁਰਦੀਪ, ਪ੍ਰਦੀਪ ਅਤੇ ਦੀਪਕ ਲਾਥਰ ਸਮੇਤ 10 ਤੋਂ ਜ਼ਿਆਦਾ ਤਗਮੇ ਹਥਿਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਕੁਸ਼ਤੀ : ਪਿਛਲੀ ਵਾਰ ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਨੇ 14 ਵਿਚੋਂ 13 ਤਗਮੇ ਹਾਸਲ ਕੀਤੇ ਸਨ, ਜਿਨ੍ਹਾਂ ਵਿਚ 5 ਸੋਨ ਤਗਮੇ ਸਨ ਪਰ ਹਾਲ ਹੀ ਵਿਚ ਸੰਪੰਨ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਭਾਰਤ ਦੀ ਹੂੰਝਾ ਫੇਰ ਜਿੱਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਗੋਲਡ ਕੋਸਟ ਵਿਚ ਕੈਨੇਡਾ ਭਾਰਤ ਦੀ ਵੱਡੀ ਚੁਣੌਤੀ ਹੋਵੇਗਾ ਪਰ ਮਹਿਲਾ ਖਿਡਾਰੀ ਵਿਨੇਸ਼ ਫੋਗਟ, ਸਾਖਸ਼ੀ ਅਤੇ ਬਬੀਤਾ ਫੋਗਟ ਸਮੇਤ ਦਵਿਆ ਪੂਜਾ ਅਤੇ ਕਿਰਨ ਵੀ ਤਗਮਾ ਦੌੜ 'ਚ ਹਨ। ਪੁਰਸ਼ ਟੀਮ ਦੋ ਵਾਰ ਦੇ ਉਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਦੀ ਅਗਵਾਈ, ਤਜਰਬੇਕਾਰ ਬਜਰੰਗ, ਰਾਹੁਲ ਆਵਰੇ, ਸੋਮਵੀਰ ਅਤੇ 97 ਕਿਲੋ ਵਰਗ 'ਚ ਮੌਸਮ ਮੈਡਲ ਲਈ ਭਰਵੀਂ ਚੁਣੌਤੀ ਪੇਸ਼ ਕਰਨਗੇ।
ਹਾਕੀ : ਮਨਪ੍ਰੀਤ ਸਿੰਘ ਦੀ ਅਗਵਾਈ 'ਚ ਗੋਲਕੀਪਰ ਪੀ. ਆਰ. ਸ੍ਰੀਜੇਸ਼, ਰੁਪਿੰਦਰਪਾਲ ਅਤੇ ਕੋਥਾਜੀਤ ਸਿੰਘ ਆਦਿ ਵਰਗੇ ਖਿਡਾਰੀਆਂ ਨਾਲ ਸਜੀ ਟੀਮ ਦੇ ਕੋਚ ਸਜੋਏਰਡ ਮਾਰੀਜੇਂ ਨੂੰ ਉਮੀਦ ਹੈ ਕਿ ਉਹ ਇੰਗਲੈਂਡ, ਦੱਖਣੀ ਅਫਰੀਕਾ, ਵੇਲਜ ਦੇ ਗਰੁੱਪ 'ਚ ਇੰਗਲੈਂਡ ਤੋਂ ਇਲਾਵਾ ਬਾਕੀ ਸਭ ਟੀਮਾਂ ਨੂੰ ਧਰਾਸ਼ਾਹੀ ਕਰਨ ਦੇ ਸਮਰੱਥ ਹੈ। ਵਿਸ਼ਵ ਰੈਂਕਿੰਗ 'ਚ 10ਵੇਂ ਨੰਬਰ 'ਤੇ ਬਿਰਾਜਮਾਨ ਭਾਰਤੀ ਟੀਮ ਤੋਂ ਚਾਂਦੀ ਦਾ ਤਗਮਾ ਜਿੱਤਣ ਦੀ ਉਮੀਦ ਰੱਖੀ ਜਾ ਰਹੀ ਹੈ, ਜਦ ਕਿ ਮਹਿਲਾ ਹਾਕੀ ਟੀਮ ਦੇ 2006 'ਚ ਸੈਮੀਫਾਈਨਲ 'ਚ ਪਹੁੰਚਣ ਦੇ ਬਾਵਜੂਦ ਕਾਂਸੀ ਤਗਮੇ ਦੀ ਉਮੀਦ ਰੱਖੀ ਗਈ ਹੈ।
ਟੇਬਲ ਟੈਨਿਸ : ਪੁਰਸ਼ ਅਤੇ ਮਹਿਲਾ ਮੁਕਾਬਲੇ ਲਈ ਮਜ਼ਬੂਤ ਟੀਮ ਮੈਦਾਨ 'ਚ ਉਤਾਰੀ ਜਾ ਰਹੀ ਹੈ। ਮਹਿਲਾ ਖਿਡਾਰੀ ਮਾਨੀਕਾ ਬੱਤਰਾ ਅਤੇ ਮਾਉਮਾ ਦਾਸ ਤੋਂ ਕਾਂਸੀ ਤਗਮਾ, ਜਦਕਿ ਡਬਲਜ਼ ਮੁਕਾਬਲੇ 'ਚ ਸਾਥੀਆਨ ਗਿਆਨੇਸ਼ਕਰ ਅਤੇ ਸ਼ਰਤ ਕਮਲ ਤੋਂ ਚਾਂਦੀ ਰੰਗੇ ਤਗਮੇ ਦੀ ਉਮੀਦ ਕੀਤੀ ਜਾ ਰਹੀ ਹੈ।
ਅਥਲੈਟਿਕ : ਗੋਲਡ ਕੋਸਟ 'ਚ 18 ਪੁਰਸ਼ ਅਤੇ 13 ਮਹਿਲਾ ਖਿਡਾਰੀਆਂ ਨੂੰ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ ਪਰ ਜ਼ਿਆਦਾਤਰ ਖਿਡਾਰੀਆਂ ਤੋਂ ਤਗਮੇ ਵਰਗੀ ਉਮੀਦ ਬਹੁਤ ਹੀ ਘੱਟ ਰਹੇਗੀ। ਸਿਰਫ 2 ਜਾਂ 3 ਤਗਮਿਆਂ ਦੀ ਧੁੰਦਲੀ ਉਮੀਦ ਰੱਖੀ ਜਾ ਸਕਦੀ ਹੈ। ਇਨ੍ਹਾਂ ਖੇਡਾਂ ਦੇ ਅਥਲੈਟਿਕ ਮੁਕਾਬਲਿਆਂ 'ਚ ਜਮੈਕਾ, ਕੀਨੀਆ, ਇੰਗਲੈਂਡ, ਆਸਟ੍ਰੇਲੀਆ ਅਤੇ ਕੈਨੇਡਾ ਦਾ ਬੋਲਬਾਲਾ ਰਿਹਾ ਹੈ। ਭਾਰਤੀ ਖਿਡਾਰੀ ਨੀਰਜ ਚੋਪੜਾ, ਪੁਰਸ਼ ਜੈਵਲਿਨ ਥਰੋਅ, ਅਰਪਿੰਦਰ ਸਿੰਘ ਤੋਂ ਤੀਹਰੀ ਛਾਲ 'ਚ ਤਗਮੇ ਦੀ ਉਮੀਦ ਰੱਖੀ ਜਾ ਸਕਦੀ ਹੈ, ਜਦਕਿ ਰਿਲੇਅ ਟੀਮ ਚਾਂਦੀ ਦਾ ਤਗਮਾ, ਤੇਜਿਸਵਨ ਸ਼ੰਕਰ ਉੱਚੀ ਛਾਲ, ਪੂਰਨਮਾ ਹੇਮਬਰਗ, ਪੈਟੇਥਲਿਨ 'ਚ ਕਾਂਸੀ ਦੇ ਤਗਮੇ ਦੀ ਉਮੀਦ ਹਨ।
ਜਿਮਨਾਸਟਿਕ ਅਤੇ ਸਾਈਕਲਿੰਗ : ਭਾਰਤ ਦੀ ਕ੍ਰਿਸ਼ਮਈ ਜਿਮਨਾਸਟ ਦੀਪਾ ਕਰਮਾਕਰ ਦੀ ਗ਼ੈਰ-ਹਾਜ਼ਰੀ 'ਚ (ਚੋਟਗ੍ਰਸਤ) ਅਰੁਣਾ ਬੁਧਾ ਰੈਡੀ ਮਹਿਲਾ ਜਿਮਨਾਸਟ ਤੋਂ ਕਾਂਸੀ ਤਗਮਾ ਜਿੱਤਣ ਦੀ ਉਮੀਦ ਹੈ। ਬੁਧਾ ਰੈਡੀ ਨੇ ਪਿਛਲੇ ਦਿਨੀਂ ਮੈਲਬੌਰਨ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਗਮਾ ਜਿੱਤ ਕੇ ਇਤਿਹਾਸ ਰਚਿਆ ਸੀ। ਸਾਈਕਲਿੰਗ 'ਚ ਹਾਲਾਂਕਿ ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਦਾ ਦਬਦਬਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਅੰਡੇਮਾਨ ਨਾਲ ਸਬੰਧ ਰੱਖਦੇ ਦੇਬੋਰਾਹ ਹੇਰੋਲਡ ਦੇ ਵਿਸ਼ਵ ਰੈਂਕਿੰਗ 'ਚ 13ਵਾਂ ਸਥਾਨ ਹਾਸਲ ਕਰਨ ਵਰਗੀ ਪ੍ਰਾਪਤੀ ਤੋਂ ਉਸ ਤੋਂ ਗੋਲਡ ਕੋਸਟ 'ਚ ਕਾਂਸੀ ਤਗਮਾ ਜਿੱਤਣ ਦੀ ਉਮੀਦ ਰੱਖੀ ਜਾ ਰਹੀ ਹੈ, ਜਦ ਕਿ ਬਾਕੀ ਖੇਡਾਂ ਬਾਸਕਟਬਾਲ, ਲਾਅਨ ਟੈਨਿਸ ਤੇ ਤੈਰਾਕੀ ਆਦਿ 'ਚ ਤਗਮੇ ਦੀ ਉਮੀਦ ਰੱਖਣੀ ਬੇਮਾਇਨੀ ਹੈ।
ਖੈਰ, ਗੋਲਡ ਕੋਸਟ 'ਚ ਤਗਮਿਆਂ ਦੀ ਦੌੜ 'ਚ ਬਾਜ਼ੀ ਕੌਣ ਮਾਰੇਗਾ, ਇਹ ਤਾਂ ਵਕਤ ਹੀ ਦੱਸੇਗਾ। ਉਂਜ ਰਾਸ਼ਟਰ ਮੰਡਲ ਖੇਡਾਂ 'ਚ ਆਸਟ੍ਰੇਲੀਆ ਕੁੱਲ 2218 ਤਗਮੇ ਜਿੱਤ ਕੇ ਪਹਿਲੇ, ਇੰਗਲੈਂਡ 2008 ਤਗਮੇ ਜਿੱਤ ਕੇ ਦੂਜੇ ਸਥਾਨ 'ਤੇ ਹੈ, ਕੈਨੇਡਾ 1473 ਤਗਮੇ ਜਿੱਤ ਚੁੱਕਾ ਹੈ, ਜਦਕਿ ਭਾਰਤ ਹੁਣ ਤੱਕ 436 ਤਗਮੇ ਜਿੱਤਣ ਵਿਚ ਸਫ਼ਲ ਰਿਹਾ ਹੈ। (ਸਮਾਪਤ)


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX