ਤਾਜਾ ਖ਼ਬਰਾਂ


ਬਜਟ ਪੇਸ਼ ਕਰਨ ਤੋਂ ਬਾਅਦ ਪੰਜਾਬ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ ਵਿੱਤ ਮੰਤਰੀ ਬਾਦਲ
. . .  19 minutes ago
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਪੀੜਤਾਂ ਦੇ ਨਾਲ ਹੀ ਪੁਲਿਸ ਨੇ ਮਜੀਠੀਆ ਸਣੇ ਅਕਾਲੀ-ਵਿਧਾਇਕਾਂ ਨੂੰ ਜ਼ਬਰਦਸਤੀ ਹਟਾਇਆ
. . .  22 minutes ago
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਪੀੜਤਾਂ ਦੇ ਨਾਲ ਹੀ ਪੁਲਿਸ ਨੇ ਮਜੀਠੀਆ ਸਣੇ ਅਕਾਲੀ-ਵਿਧਾਇਕਾਂ ਨੂੰ ਜ਼ਬਰਦਸਤੀ ਹਟਾਇਆ...
ਮਨਪ੍ਰੀਤ ਬਾਦਲ ਦੀ ਕੋਠੀ ਦੇ ਬਾਹਰ ਧਰਨਾ ਦੇ ਰਹੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਿਆ
. . .  24 minutes ago
ਬਜਟ ਇਜਲਾਸ : ਅੰਮ੍ਰਿਤਸਰ ਵਿਖੇ 4-ਐੱਸ. ਚੌਕ 'ਤੇ ਫਲਾਈ ਓਵਰ ਦੀ ਉਸਾਰੀ ਨੂੰ ਲੈ ਕੇ ਬ੍ਰਹਮ ਮਹਿੰਦਰਾ ਨੇ ਦਿੱਤਾ ਇਹ ਜਵਾਬ
. . .  25 minutes ago
ਡੀਗੜ੍ਹ, 28 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਅੱਜ ਦੀ ਕਾਰਵਾਈ ਦੌਰਾਨ ਪ੍ਰਸ਼ਨ ਕਾਲ 'ਚ ਵਿਧਾਇਕ ਸੁਨੀਲ ਦੱਤ ਨੇ ਅੰਮ੍ਰਿਤਸਰ ਵਿਖੇ 4-ਐੱਸ. ਚੌਕ 'ਤੇ ਫਲਾਈ...
ਬਜਟ ਇਜਲਾਸ : 31 ਮਾਰਚ ਤੋਂ 15 ਅਪ੍ਰੈਲ ਤੱਕ ਪੰਜਾਬ ਦੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੇ ਜਾਣਗੇ ਉਪਰਾਲੇ- ਸਿੰਗਲਾ
. . .  43 minutes ago
ਬਜਟ ਇਜਲਾਸ : ਪਠਾਨਕੋਟ 'ਚ ਆਰ.ਟੀ.ਏ. ਦਫ਼ਤਰ ਖੋਲ੍ਹਣ ਸੰਬੰਧੀ ਵਿਧਾਇਕ ਅਮਿਤ ਵਲੋਂ ਪੁੱਛੇ ਸਵਾਲ 'ਤੇ ਰਜ਼ੀਆ ਸੁਲਤਾਨਾ ਨੇ ਨਾਂਹ 'ਚ ਦਿੱਤਾ ਜਵਾਬ
. . .  51 minutes ago
ਅਕਾਲੀ ਦਲ ਵਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ
. . .  54 minutes ago
ਮਹਿਲ ਕਲਾਂ ਦੇ ਪਿੰਡ ਕੁਤਬਾ ਬਾਹਮਣੀਆਂ ਨੂੰ ਯਾਦਗਾਰ ਸਥਾਨ ਬਣਾਉਣ ਸੰਬੰਧੀ ਵਿਧਾਇਕ ਕੁਲਵੰਤ ਪੰਡੋਰੀ ਵਲੋਂ ਸਵਾਲ ਦਾ ਚੰਨੀ ਨੇ ਨਾਂਹ 'ਚ ਦਿੱਤਾ ਜਵਾਬ
. . .  55 minutes ago
ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ 'ਆਪ' ਵਲੋਂ ਪੰਜਾਬ ਸਰਕਾਰ ਵਿਰੁੱਧ ਵਿਧਾਨ ਸਭਾ ਮੂਹਰੇ ਪ੍ਰਦਰਸ਼ਨ
. . .  about 1 hour ago
ਬਜਟ ਇਜਲਾਸ : ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਸ਼ੁਰੂ
. . .  about 1 hour ago
ਹੋਰ ਖ਼ਬਰਾਂ..

ਨਾਰੀ ਸੰਸਾਰ

ਸਾਡਾ ਗੱਲ ਕਰਨ ਦਾ ਤਰੀਕਾ ਕਿਸ ਤਰ੍ਹਾਂ ਦਾ ਹੋਵੇ

ਜੇਕਰ ਜ਼ਿੰਦਗੀ ਵਿਚ ਕੁਝ ਬਣਨਾ ਹੋਵੇ ਜਾਂ ਆਪਣੀ ਅਲੱਗ ਪਛਾਣ ਬਣਾਉਣੀ ਹੋਵੇ ਤਾਂ ਸਾਨੂੰ ਆਪਣੇ-ਆਪ ਵਿਚ ਬਹੁਤ ਸਾਰੇ ਸੁਧਾਰ ਕਰਨੇ ਚਾਹੀਦੇ ਹਨ ਅਤੇ ਸਭ ਤੋਂ ਪਹਿਲਾਂ ਕਿਸੇ ਨੂੰ ਵੀ ਬੁਲਾਉਣ ਤੋਂ ਪਹਿਲਾਂ ਹਮੇਸ਼ਾ ਸਾਡੇ ਚਿਹਰੇ 'ਤੇ ਮੁਸਕਾਹਟ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਨੂੰ ਬੁਲਾ ਕੇ ਦੂਜੇ ਦੇ ਚਿਹਰੇ 'ਤੇ ਵੀ ਮੁਸਕਰਾਹਟ ਹੋਵੇ ਅਤੇ ਦੂਜੇ ਵਿਅਕਤੀ ਨੂੰ ਵੀ ਸਾਡੇ ਨਾਲ ਮਿਲ ਕੇ ਖ਼ੁਸ਼ੀ ਹੋਵੇਗੀ।
ਸਾਡਾ ਰਹਿਣ-ਸਹਿਣ ਦਾ ਢੰਗ ਵੀ ਵਧੀਆ ਹੋਣਾ ਚਾਹੀਦਾ ਹੈ। ਕੱਪੜੇ ਸਾਫ਼-ਸੁਥਰੇ ਅਤੇ ਸਾਦਾ ਪਹਿਰਾਵਾ ਹੋਣਾ ਚਾਹੀਦਾ ਹੈ। ਸਿਰ ਦੇ ਵਾਲ ਖਿੱਲਰੇ ਹੋਏ ਨਹੀਂ ਹੋਣੇ ਚਾਹੀਦੇ, ਚਾਹੇ ਤੁਸੀਂ ਘਰ ਵਿਚ ਹੀ ਰਹਿੰਦੇ ਹੋਵੋ।
ਦੂਜੇ ਵਿਅਕਤੀ ਨੂੰ ਬੁਲਾਉਣ ਦਾ ਢੰਗ ਸਹੀ ਅਤੇ ਸਤਿਕਾਰ ਵਾਲਾ ਹੋਣਾ ਚਾਹੀਦਾ ਹੈ ਅਤੇ ਦੂਜੇ ਵਿਅਕਤੀ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਉਸ ਦੀਆਂ ਗੱਲਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਜਦੋਂ ਸਾਨੂੰ ਦੂਜੀ ਵਾਰ ਮਿਲੇ ਤਾਂ ਉਸ ਵਿਅਕਤੀ ਦਾ ਹਾਲ-ਚਾਲ ਪੁੱਛ ਸਕੋ।
ਜੇਕਰ ਕੋਈ ਵਿਅਕਤੀ ਸਾਡੇ ਤੋਂ ਛੋਟਾ ਹੈ ਤਾਂ ਉਸ ਦਾ ਨਾਂਅ ਯਾਦ ਰੱਖਣਾ ਚਾਹੀਦਾ ਹੈ। ਦੂਜੀ ਵਾਰ ਉਸ ਨੂੰ ਉਸ ਦੇ ਨਾਂਅ ਤੋਂ ਬੁਲਾਇਆ ਜਾਵੇਗਾ ਤਾਂ ਉਸ ਵਿਅਕਤੀ ਨੂੰ ਵਧੀਆ ਲੱਗੇਗਾ। ਕਿਸੇ ਵੀ ਦੂਜੇ ਵਿਅਕਤੀ ਨੂੰ ਆਦਰ, ਮਾਣ ਅਤੇ ਇੱਜ਼ਤ ਦੇਣੀ ਚਾਹੀਦੀ ਹੈ। ਕਿਸੇ ਦੀ ਚੁਗਲੀ, ਨਿੰਦਿਆ ਨਹੀਂ ਕਰਨੀ ਚਾਹੀਦੀ।
ਕਿਸੇ ਵਿਅਕਤੀ ਤੋਂ ਕੋਈ ਵੀ ਚੀਜ਼ ਲੈਣ ਲੱਗੇ ਕਿਰਪਾ ਕਰਕੇ ਅਤੇ ਚੀਜ਼ ਦੇਣ ਲੱਗੇ ਧੰਨਵਾਦ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਦੂਜੇ ਵਿਅਕਤੀ ਨੂੰ ਵਧੀਆ ਲੱਗੇਗਾ।
ਆਪਣੀ ਜ਼ਿੰਦਗੀ ਦੇ ਤਜਰਬੇ ਦੂਜਿਆਂ ਨਾਲ ਸਾਂਝੇ ਕਰਨੇ ਚਾਹੀਦੇ ਹਨ ਤਾਂ ਜੋ ਸਾਡੀਆਂ ਚੰਗੀਆਂ ਗੱਲਾਂ ਕਿਸੇ ਦੇ ਕੰਮ ਆ ਸਕਣ। ਜ਼ਰੂਰਤ ਵੇਲੇ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਸਗੋਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਸਾਡੀ ਬੋਲਚਾਲ ਹੀ ਸਾਡੀ ਪਛਾਣ ਹੈ। ਜੇਕਰ ਸਾਡੀ ਬੋਲਚਾਲ ਸਹੀ ਹੋਵੇਗੀ ਤਾਂ ਸਾਡੀ ਅਲੱਗ ਪਹਿਚਾਣ ਹੋਵੇਗੀ।


-ਸ਼ਹਾਬਦੀ ਨੰਗਲ, ਹੁਸ਼ਿਆਰਪੁਰ।
ਮੋਬਾਈਲ : 97793-68243.


ਖ਼ਬਰ ਸ਼ੇਅਰ ਕਰੋ

ਦੁਲਹਨ ਬਣਨ ਤੋਂ ਪਹਿਲਾਂ ਨਿਖਾਰੋ ਆਪਣੀ ਦਿੱਖ

ਵਿਆਹ ਤੋਂ ਇਕ ਮਹੀਨਾ ਪਹਿਲਾਂ ਆਪਣੀ ਖ਼ੂਬਸੂਰਤੀ ਵਿਚ ਨਿਖਾਰ ਲਿਆਉਣ ਲਈ ਬਿਊਟੀ ਪਾਰਲਰ ਜਾਂ ਸਪਾ ਕਲੀਨਿਕ ਨਾਲ ਸਮਾਂ ਬੰਨ੍ਹ ਲਓ। ਧਿਆਨ ਰੱਖੋ, ਇਸ ਤਰ੍ਹਾਂ ਦੇ ਸਮੇਂ ਵਿਚ ਨਵਾਂ ਪਾਰਲਰ ਬਿਲਕੁਲ ਨਾ ਚੁਣੋ। ਉਸੇ ਪਾਰਲਰ ਦੀ ਚੋਣ ਕਰੋ ਜਿਥੇ ਤੁਸੀਂ ਪਹਿਲਾਂ ਨਿਯਮਿਤ ਰੂਪ ਨਾਲ ਜਾਂਦੇ ਹੋ।
* ਆਪਣੇ ਸਰੀਰ ਨੂੰ ਤਣਾਅਮੁਕਤ ਬਣਾਈ ਰੱਖਣ ਅਤੇ ਦਿੱਖ ਨੂੰ ਨਿਖਾਰਨ ਲਈ ਵਿਆਹ ਤੋਂ ਤਿੰਨ ਮਹੀਨੇ ਪਹਿਲਾਂ ਯੋਗ ਅਤੇ ਮੈਡੀਟੇਸ਼ਨ ਜਮਾਤਾਂ ਦੀ ਮੈਂਬਰ ਬਣੋ। ਇਸ ਨਾਲ ਤੁਸੀਂ ਸਰੀਰਕ ਤੇ ਮਾਨਸਿਕ ਰੂਪ ਨਾਲ ਫਿਟ ਰਹੋਗੇ ਅਤੇ ਵਿਆਹ ਵਾਲੇ ਦਿਨ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਜਾਓਗੀ।
* ਜੇਕਰ ਤੁਸੀਂ ਪਹਿਲਾਂ ਤੋਂ ਚਿਹਰੇ ਦੀ ਸਫ਼ਾਈ ਨਹੀਂ ਕਰਦੇ, ਮਾਇਸਚਰਾਈਜ਼ਰ ਨਹੀਂ ਲਗਾਉਂਦੇ ਤਾਂ ਆਪਣੇ ਚਿਹਰੇ ਤੇ ਹੱਥਾਂ 'ਤੇ ਮਾਇਸਚਰਾਈਜ਼ਰ ਲਗਾਉਣਾ ਸ਼ੁਰੂ ਕਰੋ। ਇਸ ਨੂੰ ਘੱਟ ਤੋਂ ਘੱਟ ਤਿੰਨ ਮਹੀਨੇ ਪਹਿਲਾਂ ਸ਼ੁਰੂ ਕਰ ਲਓ। ਵਿਆਹ ਦੇ ਦਿਨ ਲਈ ਮੁਲਾਇਮ ਤੇ ਚਮਕਦਾਰ ਚਮੜੀ ਦਾ ਹੋਣਾ ਜ਼ਰੂਰੀ ਹੁੰਦਾ ਹੈ।
* ਮੁਲਾਇਮ ਤੇ ਚਮਕਦਾਰ ਚਮੜੀ ਲਈ ਹਫ਼ਤੇ ਵਿਚ ਇਕ ਵਾਰ ਚਿਹਰੇ 'ਤੇ ਸਕਰੱਬ ਦੀ ਵਰਤੋਂ ਕਰੋ। ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ ਅਤੇ ਫਿਰ ਚੰਗੀ ਕਿਸਮ ਦਾ ਮਾਇਸਚਰਾਈਜ਼ਰ ਲਗਾਓ। ਤੁਸੀਂ ਗੁਲਾਬ ਜਾਂ ਚੰਦਨ ਦਾ ਤੇਲ ਵੀ ਲਗਾ ਸਕਦੇ ਹੋ।
* ਵਿਆਹ ਤੋਂ ਪਹਿਲਾਂ ਕਿਸੇ ਚੰਗੇ ਸੈਲੂਨ ਦੀ ਸਲਾਹ ਅਨੁਸਾਰ ਹਫ਼ਤੇ ਵਿਚ ਇਕ ਵਾਰ ਫੈਸ਼ੀਅਲ ਕਰੋ। ਧਿਆਨ ਰੱਖੋ ਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਆਪਣੇ ਚਿਹਰੇ 'ਤੇ ਨਵੀਆਂ ਚੀਜ਼ਾਂ ਦੀ ਵਰਤੋਂ ਬਿਲਕੁਲ ਨਾ ਕਰੋ। ਨਵੀਆਂ ਮੇਕਅਪ ਵਾਲੀਆਂ ਚੀਜ਼ਾਂ ਤੁਹਾਡੇ ਚਿਹਰੇ 'ਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ, ਇਸ ਲਈ ਕਿਸੇ ਚੰਗੇ ਸੈਲੂਨ ਤੋਂ ਸਲਾਹ ਲੈ ਕੇ ਹੀ ਚਿਹਰੇ 'ਤੇ ਫੇਸ਼ੀਅਲ ਕਰੋ।
* ਆਪਣੇ ਪੈਰਾਂ ਦੀ ਸਫ਼ਾਈ ਵੱਲ ਵੀ ਪੂਰਾ ਧਿਆਨ ਦਿਓ। ਕੁਝ ਕੁੜੀਆਂ ਇਸ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ ਪਰ ਜ਼ਰਾ ਸੋਚੋ, ਤੁਹਾਡੇ ਖੁਰਦੁਰੇ ਤੇ ਸਖ਼ਤ ਪੈਰ ਜੀਵਨ ਸਾਥੀ ਦੇ ਸਰੀਰ ਨੂੰ ਛੂਹਣਗੇ ਤਾਂ ਉਸ ਨੂੰ ਕਿੰਨਾ ਬੁਰਾ ਲੱਗੇਗਾ, ਇਸ ਲਈ ਪੈਰਾਂ ਦੀ ਸਫ਼ਾਈ ਨੂੰ ਨਜ਼ਰਅੰਦਾਜ਼ ਨਾ ਕਰੋ। ਨਿਯਮਿਤ ਰੂਪ ਨਾਲ ਮੈਨੀਕਿਓਰ ਤੇ ਪੈਡੀਕਿਓਰ ਕਰੋ। ਜੇਕਰ ਘਰ ਵਿਚ ਇਹ ਸਭ ਕੁਝ ਸੰਭਵ ਨਹੀਂ ਹੈ ਤਾਂ ਬਿਊਟੀ ਪਾਰਲਰ ਜਾਓ।
* ਆਪਣੇ ਪੈਰਾਂ ਨੂੰ ਕੋਸੇ ਪਾਣੀ ਵਿਚ ਡੁਬੋ ਕੇ, ਉਨ੍ਹਾਂ ਨੂੰ ਸੁਕਾਓ ਅਤੇ ਪੈਰਾਂ ਦੇ ਤਲਿਆਂ 'ਤੇ ਚਮੇਲੀ ਦੇ ਤੇਲ ਦੀ ਮਸਾਜ ਕਰੋ। ਵਿਆਹ ਦੇ ਦੋ ਹਫ਼ਤੇ ਪਹਿਲਾਂ ਇਸ ਨੂੰ ਹਰ ਦੂਜੇ ਦਿਨ ਵਰਤੋਂ ਕਰੋ। ਇਹ ਤੁਹਾਡੀ ਘਬਰਾਹਟ ਨੂੰ ਦੂਰ ਕਰਨ ਵਿਚ ਵੀ ਸਹਾਇਕ ਹੋਵੇਗਾ।
* ਇਸ ਖ਼ਾਸ ਦਿਨ 'ਤੇ ਸੁਗੰਧਿਤ ਪਦਾਰਥਾਂ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖੋ ਕਿ ਇਹ ਹਲਕੀ-ਭਿੰਨੀ ਸੁਗੰਧ ਦਿੰਦੇ ਹੋਣ।

ਇਨ੍ਹਾਂ ਸਬਜ਼ੀਆਂ ਨੂੰ ਪੂਰਾ ਸਾਲ ਉਗਾਓ

ਬਾਜ਼ਾਰ ਵਿਚ ਮਿਲਣ ਵਾਲੀਆਂ ਸਬਜ਼ੀਆਂ ਵਿਚ ਕੈਮੀਕਲਯੁਕਤ ਖ਼ਾਦ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਕੈਮੀਕਲਜ਼ ਵਾਲੇ ਰੰਗਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜੋ ਸਾਡੀ ਸਿਹਤ ਲਈ ਖ਼ਤਰਨਾਕ ਹੁੰਦੇ ਹਨ। ਟਮਾਟਰ, ਮਿਰਚ, ਪੁਦੀਨਾ, ਧਨੀਆ, ਫਲੀਆਂ ਇਹ ਇਸ ਤਰ੍ਹਾਂ ਦੀਆਂ ਸਬਜ਼ੀਆਂ ਹਨ ਜਿਨ੍ਹਾਂ ਦੇ ਬੀਜ ਖਰੀਦ ਕੇ ਅਸੀਂ ਇਨ੍ਹਾਂ ਨੂੰ ਪੂਰਾ ਸਾਲ ਉਗਾ ਕੇ ਖਾ ਸਕਦੇ ਹਾਂ।
ਹਰੀ ਮਿਰਚ : ਨਰਸਰੀ ਤੋਂ ਹਰੀ ਮਿਰਚ ਦੇ ਬੀਜ ਖਰੀਦ ਕੇ ਜਾਂ ਪੱਕੀ ਹਰੀ ਮਿਰਚ ਤੋਂ ਉਗਾ ਕੇ ਪੂਰਾ ਸਾਲ ਹਰੀ ਮਿਰਚ ਖਾਧੀ ਜਾ ਸਕਦੀ ਹੈ। ਪੱਕੀ ਹੋਈ ਮਿਰਚ ਦੇ ਬੀਜਾਂ ਨੂੰ ਮਿੱਟੀ ਵਿਚ ਦੱਬ ਦਿਓ। ਇਕ ਹਫ਼ਤੇ ਤੋਂ ਬਾਅਦ ਇਨ੍ਹਾਂ ਦੇ ਅੰਕੁਰ ਫੁੱਟਣ ਲਗਦੇ ਹਨ। ਜਦੋਂ ਇਨ੍ਹਾਂ ਦੇ ਬੂਟੇ ਥੋੜ੍ਹੇ ਜਿਹੇ ਵੱਡੇ ਹੋ ਜਾਣ ਤਾਂ ਇਨ੍ਹਾਂ ਨੂੰ ਵੱਡੇ ਭਾਂਡੇ ਜਾਂ ਗਮਲੇ ਵਿਚ ਲਗਾ ਸਕਦੇ ਹੋ। ਛੋਟੇ ਗਮਲੇ ਵਿਚ ਇਕ ਬੂਟਾ ਹੀ ਲਗਾਓ।
ਟਮਾਟਰ : ਟਮਾਟਰ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਜੇਕਰ ਤੁਸੀਂ ਪਹਿਲੀ ਵਾਰ ਆਪਣੇ ਵੈਜੀਟੇਬਲ ਗਾਰਡਨ ਵਿਚ ਇਸ ਨੂੰ ਲਗਾ ਰਹੇ ਹੋ ਅਤੇ ਤੁਹਾਡੇ ਕੋਲ ਇਸ ਦੇ ਬੀਜ ਨਹੀਂ ਹਨ ਤਾਂ ਇਕ ਟਮਾਟਰ ਦੇ ਚਾਰ ਟੁਕੜੇ ਕਰਕੇ ਇਨ੍ਹਾਂ ਨੂੰ ਜ਼ਮੀਨ ਅੰਦਰ ਇਕ ਤੋਂ ਡੇਢ ਮੀਟਰ ਡੂੰਘਾਈ ਵਿਚ ਬੀਜ ਦਿਓ। ਤਿੰਨ ਤੋਂ ਚਾਰ ਹਫ਼ਤੇ ਬਾਅਦ ਇਨ੍ਹਾਂ ਬੀਜਾਂ ਤੋਂ ਬੂਟੇ ਨਿਕਣੇ ਸ਼ੁਰੂ ਹੋਣ ਲਗਦੇ ਹਨ। ਇਨ੍ਹਾਂ ਛੋਟੇ ਬੂਟਿਆਂ ਨੂੰ ਵੱਡੇ ਕੰਟੇਨਰ ਵਿਚ ਵੱਖ-ਵੱਖ ਟ੍ਰਾਂਸਪਲਾਂਟ ਕਰੋ। ਟਮਾਟਰ ਦੇ ਬੂਟੇ ਵਧ ਕੇ ਲੰਮੇ ਹੋ ਜਾਂਦੇ ਹਨ ਇਨ੍ਹਾਂ ਨੂੰ ਵਧਣ ਲਈ ਸਹਾਰੇ ਦੀ ਲੋੜ ਹੁੰਦੀ ਹੈ। ਇਸ ਲਈ ਬੂਟੇ ਨੂੰ ਬੀਜਣ ਸਮੇਂ ਸਹਾਰਾ ਸਿਸਟਮ ਬਣਾਓ। ਬੂਟੇ 'ਤੇ ਲੱਗੇ ਟਮਾਟਰ ਦੇਖਣ ਵਿਚ ਬਹੁਤ ਸੋਹਣੇ ਲਗਦੇ ਹਨ।
ਧਨੀਆ : ਘਰ ਵਿਚ ਸੌਂਖਿਆਂ ਹੀ ਧਨੀਆ ਉਗਾਇਆ ਜਾ ਸਕਦਾ ਹੈ। ਇਸ ਦੀ ਜ਼ਿਆਦਾ ਦੇਖਭਾਲ ਦੀ ਵੀ ਜ਼ਰੂਰਤ ਨਹੀਂ ਹੁੰਦੀ। ਪਹਿਲੀ ਵਾਰ ਉਗਾਉਣਾ ਥੋੜ੍ਹਾ ਔਖਾ ਹੁੰਦਾ ਹੈ। ਸਾਬਤ ਧਨੀਏ ਨਾਲ ਹੀ ਧਨੀਆ ਬੀਜਿਆ ਜਾ ਸਕਦਾ ਹੈ। ਇਕ ਚੌੜੇ ਭਾਂਡੇ ਵਿਚ ਮਿੱਟੀ ਭਰ ਕੇ ਮਿੱਟੀ ਨੂੰ ਹਲਕਾ ਜਿਹਾ ਗਿੱਲਾ ਕਰ ਲਓ। ਕੰਟੇਨਰ ਜਾਂ ਗਮਲੇ ਤਿਆਰ ਕਰਨ ਤੋਂ ਬਾਅਦ ਥੋੜ੍ਹਾ ਧਨੀਏ ਨੂੰ ਲੈ ਕੇ ਉਸ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਰਗੜ ਲਓ ਅਤੇ ਮਿੱਟੀ ਵਿਚ ਇਸ ਦਾ ਬੀਜ ਪਾ ਕੇ ਉੱਪਰ ਤੋਂ ਢਕ ਦਿਓ। ਮਿੱਟੀ ਨੂੰ ਗਿੱਲੀ ਰੱਖੋ। ਜੇਕਰ ਧਨੀਆ ਭਾਂਡੇ ਵਿਚ ਲਗਾਇਆ ਹੈ ਤਾਂ ਉਸ ਨੂੰ ਹਲਕੀ ਧੁੱਪ ਵਾਲੀ ਥਾਂ 'ਤੇ ਰੱਖ ਦਿਓ। ਇਸ ਨਾਲ ਇਕ ਮਹੀਨੇ ਦੇ ਬਾਅਦ ਧਨੀਆ ਤੋੜ ਕੇ ਵਰਤੋਂ ਕਰ ਸਕਦੇ ਹਨ।
ਪੁਦੀਨਾ : ਪੁਦੀਨਾ ਬੀਜਣ ਲਈ ਕਿਸੇ ਗਮਲੇ ਜਾਂ ਚੌੜੇ ਭਾਂਡੇ ਦੀ ਵਰਤੋਂ ਕਰ ਸਕਦੇ ਹੋ। ਬਾਜ਼ਾਰ ਤੋਂ ਪੁਦੀਨਾ ਖਰੀਦ ਕੇ ਇਸ ਦੇ ਹੇਠਾਂ ਦੀਆਂ ਪੱਤੀਆਂ ਤੋੜ ਦਿਓ। ਕੰਟੇਨਰ ਵਿਚ ਲਗਾ ਕੇ ਇਸ ਨੂੰ ਧੁੱਪ ਵਾਲੀ ਥਾਂ 'ਤੇ ਰੱਖੋ ਅਤੇ ਥੋੜ੍ਹੇ ਦਿਨ ਬਾਅਦ ਇਹ ਆਪਣੇ-ਆਪ ਵਧਣਾ ਸ਼ੁਰੂ ਹੋ ਜਾਂਦਾ ਹੈ।
ਲੋਬੀਆ : ਬਾਜ਼ਾਰ ਤੋਂ ਥੋੜ੍ਹਾ ਲੋਬੀਆ ਖਰੀਦ ਕੇ ਇਸ ਨੂੰ ਗਮਲੇ ਵਿਚ ਇਕ ਤੋਂ ਦੋ ਇੰਚ ਡੂੰਘਾ ਬੀਜ ਦਿਓ। ਇਸ ਨੂੰ ਕਿਸੇ ਗਰਿਲ ਜਾਂ ਲੰਬੇ ਪੋਲ ਦੇ ਸਹਾਰੇ ਰੱਖ ਦਿਓ। ਥੋੜ੍ਹੇ ਦਿਨਾਂ ਬਾਅਦ ਇਸ ਵਿਚੋਂ ਅੰਕੁਰ ਫੁੱਟਣ ਲਗਦੇ ਹਨ ਅਤੇ ਇਸ ਤੋਂ ਪੂਰਾ ਸਾਲ ਫਲੀਆਂ ਮਿਲਦੀਆਂ ਹਨ। ਇਨ੍ਹਾਂ ਸਾਰੇ ਬੂਟਿਆਂ ਨੂੰ ਮਹੀਨੇ ਵਿਚ ਇਕ ਵਾਰ 25 ਤੋਂ 30 ਗ੍ਰਾਮ ਆਰਗੈਨਿਕ ਖ਼ਾਦ ਪਾਓ।


-ਅਨੂ ਆਰ.

ਬਰਿਆਨੀ ਨਾਂਅ ਇਕ ਹੈ, ਜ਼ਾਇਕਾ ਵੱਖ-ਵੱਖ ਹੈ

ਹੈਦਰਾਬਾਦੀ ਬਰਿਆਨੀ : ਦੱਖਣ ਭਾਰਤ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਮਟਨ, ਪਿਆਜ਼, ਪੁਦੀਨਾ ਅਤੇ ਉੱਬਲੇ ਹੋਏ ਚਾਵਲਾਂ ਨਾਲ ਤਿਆਰ ਕੀਤੀ ਜਾਣ ਵਾਲੀ ਬਰਿਆਨੀ ਦਮ ਸਟਾਈਲ ਵਿਚ ਬਣਾਈ ਜਾਂਦੀ ਹੈ। ਕੇਸਰ ਅਤੇ ਨਾਰੀਅਲ ਦੇ ਨਾਲ ਮਿਲਾ ਕੇ ਇਸ ਨੂੰ ਬੇਹੱਦ ਰਚਨਾਤਮਕ ਢੰਗ ਨਾਲ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਗ੍ਰੇਵੀ ਦੇ ਨਾਲ ਸਰਵ ਕੀਤਾ ਜਾਂਦਾ ਹੈ।
ਲਖਨਵੀ ਬਰਿਆਨੀ : ਲਖਨਵੀ ਬਰਿਆਨੀ ਨੂੰ ਬਿਲਕੁਲ ਵੱਖਰੇ ਢੰਗ ਨਾਲ ਦਮਪੁਖਤ ਸਟਾਈਲ ਨਾਲ ਬਣਾਇਆ ਜਾਂਦਾ ਹੈ। ਮੀਟ ਅਤੇ ਗ੍ਰੇਵੀ ਨੂੰ ਵੱਖ-ਵੱਖ ਬਣਾ ਕੇ ਦਮਪੁਖਤ ਸਟਾਈਲ ਵਿਚ ਲੇਅਰਿੰਗ ਕਰਕੇ ਸੀਲਬੰਦ ਹਾਂਡੀ ਵਿਚ ਸਰਵ ਕੀਤਾ ਜਾਂਦਾ ਹੈ। ਇਸ ਵਿਚ ਘੱਟ ਮਸਾਲਿਆਂ ਦੀ ਵਰਤੋਂ ਹੁੰਦੀ ਹੈ, ਇਸ ਲਈ ਇਹ ਵਧੀਆ ਹੁੰਦੀ ਹੈ।
ਬੰਬੇ ਬਰਿਆਨੀ : ਬੰਬੇ ਬਰਿਆਨੀ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਆਲੂ ਦੇ ਨਾਲ ਬਣਾਇਆ ਜਾਂਦਾ ਹੈ। ਸ਼ਾਕਾਹਾਰੀ ਹੋਵੇ ਜਾਂ ਮਾਸਾਹਾਰੀ ਬਰਿਆਨੀ ਵਿਚ ਆਲੂ ਜ਼ਰੂਰ ਪੈਂਦਾ ਹੈ। ਅੱਧੇ ਪੱਕੇ ਬਾਸਮਤੀ ਚਾਵਲਾਂ ਦੇ ਨਾਲ ਮਾਸ ਨੂੰ ਵੱਖ ਤੋਂ ਪਕਾ ਕੇ ਦਮ ਸਟਾਈਲ ਵਿਚ ਲੇਅਰ ਵਿਧੀ ਨਾਲ ਬਣਾਇਆ ਜਾਂਦਾ ਹੈ।
ਮਾਲਾਬਾਰ ਬਰਿਆਨੀ : ਕੇਰਲ ਵਿਚ ਬੇਹੱਦ ਪਸੰਦ ਕੀਤੀ ਜਾਣ ਵਾਲੀ ਇਹ ਵੱਖਰੇ ਤਰ੍ਹਾਂ ਦੀ ਬਰਿਆਨੀ ਇਕ ਖ਼ਾਸ ਕਿਸਮ ਦੇ ਖਾਈਨਾ ਚਾਵਲ ਨੂੰ ਮਿਲਾ ਕੇ ਬਣਾਈ ਜਾਂਦੀ ਹੈ, ਜਿਸ ਵਿਚ ਕਾਜੂ, ਕਿਸ਼ਮਿਸ਼ ਅਤੇ ਮਸਾਲਿਆਂ ਦੀ ਮਹਿਕ ਇਸ ਨੂੰ ਖ਼ਾਸ ਬਣਾਉਂਦੀ ਹੈ। ਇਸ ਵਿਚ ਚਾਵਲ ਨੂੰ ਪਕਾ ਕੇ ਵੱਖਰਾ ਮਟਨ ਗਰੇਵੀ ਵਿਚ ਸਰਵ ਕਰਦੇ ਸਮੇਂ ਮਿਕਸ ਕੀਤਾ ਜਾਂਦਾ ਹੈ।
ਡਿੰਡੀਗੁਲ ਬਰਿਆਨੀ : ਚੇਨਈ ਵਿਚ ਖ਼ਾਸ ਤੌਰ 'ਤੇ ਲੋਕਾਂ ਵਲੋਂ ਪਸੰਦ ਕੀਤੀ ਜਾਣ ਵਾਲੀ ਇਸ ਬਰਿਆਨੀ ਵਿਚ ਬਾਸਮਤੀ ਦੀ ਬਜਾਏ ਜ਼ੀਰਾ ਸਾਂਭਾ ਚਾਵਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਸਵਾਦ ਬਾਸਮਤੀ ਤੋਂ ਬਿਲਕੁਲ ਵੱਖਰਾ ਹੁੰਦਾ ਹੈ। ਇਸ ਵਿਚ ਚਿਕਨ ਜਾਂ ਮਟਨ ਦੇ ਟੁਕੜਿਆਂ ਨੂੰ ਵੱਡਾ ਕੱਟਣ ਦੀ ਬਜਾਏ ਛੋਟਾ ਰੱਖਿਆ ਜਾਂਦਾ ਹੈ ਅਤੇ ਇਸ ਵਿਚ ਕਾਲੀ ਮਿਰਚ ਜ਼ਿਆਦਾ ਪਾਈ ਜਾਂਦੀ ਹੈ।
ਕੋਲਕਾਤਾ ਬਰਿਆਨੀ : ਲਖਨਊ ਦੇ ਨਵਾਬਾਂ ਦੇ ਸਟਾਈਲ ਵਿਚ ਬਣਾਈ ਜਾਣ ਵਾਲੀ ਕੋਲਕਾਤਾ ਬਰਿਆਨੀ ਇਥੇ ਦੇ ਲੋਕਾਂ ਦੀ ਪਹਿਲੀ ਪਸੰਦ ਹੈ। ਕਿਹਾ ਜਾਂਦਾ ਹੈ ਕਿ ਅਵਧ ਦੇ ਰਸੋਈਏ ਇਸ ਖ਼ਾਸ ਕਿਸਮ ਦੀ ਬਰਿਆਨੀ ਦੀ ਰੈਸਪੀ ਕੋਲਕਾਤਾ ਲੈ ਕੇ ਆਏ ਸਨ, ਜੋ ਬਾਅਦ ਵਿਚ ਕੋਲਕਾਤਾ ਵਾਸੀਆਂ ਦੇ ਆਪਣੇ ਸਵਾਦ ਵਿਚ ਢਲਦੀ ਚਲੀ ਗਈ। ਹੁਣ ਇਹ ਬਿਲਕੁਲ ਵੱਖਰੇ ਢੰਗ ਨਾਲ ਬਣਾਈ ਜਾਂਦੀ ਹੈ। ਘਿਓ, ਬਾਸਮਤੀ ਚਾਵਲ ਅਤੇ ਮਟਨ ਦੇ ਨਾਲ-ਨਾਲ ਆਲੂ, ਉਬਲੇ ਅੰਡੇ, ਇਸ ਪਕਵਾਨ ਨੂੰ ਨਵਾਂ ਸਵਾਦ ਦਿੰਦੇ ਹਨ। ਇਸ ਵਿਚ ਕੇਸਰ ਅਤੇ ਕੇਵੜਾ ਇਸ ਨੂੰ ਵੱਖਰਾ ਮਹੱਤਵ ਦਿੰਦੇ ਹਨ।
ਸਿੰਧੀ ਬਰਿਆਨੀ : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਖਾਧੀ ਜਾਣ ਵਾਲੀ ਸਿੰਧੀ ਬਰਿਆਨੀ ਕਾਫ਼ੀ ਮਸਾਲੇਦਾਰ ਹੁੰਦੀ ਹੈ। ਇਸ ਨੂੰ ਖੱਟੇ ਦਹੀਂ ਅਤੇ ਗਰਮ ਮਸਾਲਿਆਂ ਨਾਲ ਬਣਾਇਆ ਜਾਂਦਾ ਹੈ। ਕੇਵੜੇ ਅਤੇ ਮਿੱਠੇ ਇਤਰ ਦੀ ਵਰਤੋਂ ਇਸ ਨੂੰ ਖ਼ਾਸ ਬਣਾਉਂਦੀ ਹੈ। ਇਸ ਵਿਚ ਆਲੂ ਦੀ ਵਰਤੋਂ ਹੁੰਦੀ ਹੈ।
ਅਵਧੀ ਦਮਗੋਸ਼ਤ ਬਰਿਆਨੀ : ਇਸ ਬਰਿਆਨੀ ਨੂੰ ਚਾਵਲ, ਘਿਓ, ਪੁਦੀਨਾ, ਦਹੀਂ, ਦੁੱਧ, ਜੈਫਲ, ਗੁਲਾਬਜਲ, ਕੇਵੜਾ ਜਲ ਅਤੇ ਗਰਮ ਮਸਾਲੇ ਦੇ ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਕਈ ਲੇਅਰਾਂ ਵਿਚ ਬਣਾ ਕੇ ਦਮ ਵਿਧੀ ਨਾਲ ਬਾਅਦ ਵਿਚ ਪਕਾਇਆ ਜਾਂਦਾ ਹੈ। ਅਵਧੀ ਦਮਗੋਸ਼ਤ ਬਰਿਆਨੀ ਨੂੰ ਲਸਣ, ਜ਼ੀਰੇ ਦੇ ਰਾਇਤੇ ਨਾਲ ਪਰੋਸਿਆ ਜਾਂਦਾ ਹੈ।
ਅੰਬੂਰ ਚਿਕਨ ਬਰਿਆਨੀ : ਤਾਮਿਲਨਾਡੂ ਦੇ ਛੋਟੇ ਜਿਹੇ ਸ਼ਹਿਰ ਅੰਬੂਰ ਨੂੰ ਖ਼ਾਸ ਪਛਾਣ ਦਿਵਾਉਣ ਵਾਲੀ ਅੰਬੂਰ ਬਰਿਆਨੀ ਚਿਕਨ, ਮਟਨ, ਬੀਫ਼ ਪ੍ਰੋਨ ਨਾਲ ਬਣਾਈ ਜਾਂਦੀ ਹੈ। ਇਸ ਬਰਿਆਨੀ ਨੂੰ ਧਨੀਆ, ਪੁਦੀਨਾ ਖ਼ਾਸ ਸਵਾਦ ਦਿੰਦੇ ਹਨ। ਇਸ ਵਿਚ ਦਹੀਂ ਵਿਚ ਮਾਸ ਦੇ ਟੁਕੜੇ ਨੂੰ ਚਾਵਲਾਂ ਵਿਚ ਪਾਉਣ ਤੋਂ ਪਹਿਲਾਂ ਮੈਰੀਨੇਟ ਕੀਤਾ ਜਾਂਦਾ ਹੈ, ਜਿਸ ਨਾਲ ਇਹ ਬੇਹੱਦ ਲਜ਼ੀਜ਼ ਬਣਦੀ ਹੈ। ਇਸ ਬਰਿਆਨੀ ਨੂੰ ਪਿਆਜ਼ ਦੇ ਰਾਇਤੇ ਅਤੇ ਬੈਂਗਨ ਦੀ ਗ੍ਰੇਵੀ ਨਾਲ ਸਰਵ ਕੀਤਾ ਜਾਂਦਾ ਹੈ। ਬਰਿਆਨੀ ਕੋਈ ਵੀ ਹੋਵੇ, ਇਸ ਨੂੰ ਰਾਇਤੇ, ਪਿਆਜ਼, ਖ਼ੀਰੇ, ਬੈਂਗਨ ਕਰੀ, ਮਿਰਚ ਦੇ ਸਲਾਦ ਅਤੇ ਚਿਕਨ ਦੀ ਗ੍ਰੇਵੀ ਦੇ ਨਾਲ ਖਾਧਾ ਜਾਂਦਾ ਹੈ।

ਪੰਜ ਮਿੰਟ ਦੀ ਕਲਾਕਾਰੀ

ਅੱਜ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਕੁਝ ਇਹੋ ਜਿਹੇ ਘਰੇਲੂ ਨੁਸਖ਼ੇ, ਜਿਨ੍ਹਾਂ ਨਾਲ ਨਾ ਸਿਰਫ਼ ਤੁਸੀਂ ਆਪਣਾ ਸਮਾਂ ਬਚਾ ਸਕੋਗੇ, ਸਗੋਂ ਬਿਨਾਂ ਕਿਸੇ ਦੁਸ਼ਪ੍ਰਭਾਵ ਤੋਂ ਇਨ੍ਹਾਂ ਨੁਸਖ਼ਿਆਂ ਦਾ ਫ਼ਾਇਦਾ ਵੀ ਲੈ ਸਕੋਗੇ। ਤਾਂ ਆਓ ਸ਼ੁਰੂ ਕਰਦੇ ਹਾਂ :-
* ਚਿਹਰੇ ਦੇ ਦਾਗ਼-ਧੱਬੇ ਜਿਥੇ ਚਿਹਰੇ ਨੂੰ ਕੋਝ ਬਣਾਉਂਦਾ ਹਨ, ਉਥੇ ਚਿਹਰੇ ਦੀ ਰੌਣਕ ਨੂੰ ਵੀ ਖਰਾਬ ਕਰਦੇ ਹਨ। ਅਕਸਰ ਫੋੜੇ-ਫਿਨਸੀਆਂ ਹੁੰਦੀਆਂ ਰਹਿੰਦੀਆਂ ਹਨ ਤੇ ਜੇ ਕਿਤੇ ਕਿਸੇ ਫਿਨਸੀ ਨੂੰ ਤੋੜ ਦਿੱਤਾ ਜਾਵੇ ਤਾਂ ਉਸ ਥਾਂ ਦਾਗ਼ ਰਹਿ ਜਾਂਦਾ ਹੈ। ਇਸ ਤਰ੍ਹਾਂ ਜੇਕਰ ਵਾਰ ਵਾਰ ਤੋੜੇ ਫਿਨਸੀਆਂ ਨੂੰ ਛੇੜਦੇ ਰਹੀਏ ਤਾਂ ਵੀ ਦਾਗ਼-ਧੱਬੇ ਪੈ ਜਾਣ ਦਾ ਡਰ ਰਹਿੰਦਾ ਹੈ। ਇਸ ਲਈ ਤੁਸੀਂ ਆਪਣੇ ਦਾਗ਼-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਇਹ ਉਪਰਾਲਾ ਕਰ ਸਕਦੇ ਹੋ :-
ਬੇਸਣ ਤੇ ਦਹੀਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਘੋਲ ਬਣਾ ਲਓ। ਇਸ ਘੋਲ ਨੂੰ ਆਪਣੇ ਚਿਹਰੇ 'ਤੇ ਪੈਕ ਦੀ ਤਰ੍ਹਾਂ ਵਰਤੋਂ ਕਰੋ। ਇਸ ਘਰੇਲੂ ਪੈਕ ਨਾਲ ਨਾ ਸਿਰਫ਼ ਤੁਹਾਡੇ ਚਿਹਰੇ ਦੇ ਦਾਗ਼-ਧੱਬੇ ਹਲਕੇ ਹੋਣਗੇ, ਸਗੋਂ ਰੰਗ 'ਚ ਵੀ ਨਿਖਾਰ ਆਵੇਗਾ। * ਚਿਹਰੇ ਦੇ ਫੋੜੇ-ਫਿਨਸੀਆਂ ਵਾਸਤੇ ਤੁਸੀਂ ਬੇਸਣ, ਸ਼ਹਿਦ ਤੇ ਨਿੰਬੂ ਦਾ ਰਸ ਤਿੰਨਾਂ ਨੂੰ ਮਿਲਾ ਕੇ ਪੈਕ ਤਿਆਰ ਕਰ ਲਵੋ। ਇਸ ਪੈਕ ਦਾ ਇਸਤੇਮਾਲ ਵੀ ਚਿਹਰੇ ਲਈ ਬੇਹੱਦ ਫ਼ਾਇਦੇਮੰਦ ਹੈ। ਇਸ ਪੈਕ ਨਾਲ ਚਿਹਰੇ ਦੇ ਫੋੜੇ-ਫਿਨਸੀਆਂ ਦੂਰ ਹੁੰਦੇ ਹਨ ਤੇ ਰੰਗ ਵੀ ਨਿਖ਼ਲਦਾ ਹੈ। * ਸਨ ਟੈਨਿੰਗ ਇਕ ਆਮ ਸਮੱਸਿਆ ਹੈ। ਇਸ ਤੋਂ ਆਰਾਮ ਪਾਉਣ ਲਈ ਤੁਸੀਂ ਬੇਸਣ, ਹਲਦੀ ਪਾਊਡਰ ਤੇ ਨਿੰਬੂ ਰਸ ਨੂੰ ਮਿਲਾ ਕੇ ਪੈਕ ਤਿਆਰ ਕਰ ਲਓ ਤੇ ਇਸ ਦਾ ਇਸਤੇਮਾਲ ਚਿਹਰੇ ਜਾਂ ਸਰੀਰ ਦੇ ਹੋਰ ਹਿੱਸਿਆਂ ਜਿਥੇ ਟੈਨਿੰਗ ਹੋਵੇ ਜਿਵੇਂ ਕਿ ਬਾਹਾਂ, ਪਿੱਠ, ਗਲਾ, ਗਰਦਨ ਆਦਿ 'ਤੇ ਕਰ ਸਕਦੇ ਹੋ। * ਚਿਹਰੇ 'ਤੇ ਆਉਣ ਵਾਲੇ ਵਾਧੂ ਤੇਲ ਜਾਂ ਤੇਲੀ ਚਮੜੀ ਲਈ ਤੁਸੀਂ ਬੇਸਣ ਤੇ ਕੱਚਾ ਦੁੱਧ ਮਿਲਾ ਕੇ ਤਿਆਰ ਪੈਕ ਦਾ ਇਸਤੇਮਾਲ ਕਰੋ। ਇਹ ਨੁਸਖ਼ਾ ਤੁਹਾਨੂੰ ਬਹੁਤ ਲਾਭ ਦੇਵੇਗਾ। ਗਰਮੀਆਂ ਦੇ ਮੌਸਮ ਵਿਚ ਤੇਲੀ ਚਮੜੀ ਲਈ ਇਹ ਪੈਕ ਬੇਹੱਦ ਫ਼ਾਇਦੇਮੰਦ ਰਹਿੰਦਾ ਹੈ। * ਝੁਰੜੀਆਂ ਤੋਂ ਬਚਾਅ ਲਈ ਬੇਸਣ, ਹਲਦੀ ਤੇ ਸ਼ਹਿਦ ਦਾ ਪੈਕ ਬਣਾ ਕੇ ਇਸਤੇਮਾਲ ਕਰੋ। ਇਹ ਪੈਕ ਚਿਹਰੇ 'ਤੇ ਝੁਰੜੀਆਂ ਨੂੰ ਜਲਦੀ ਆਉਣ ਤੋਂ ਰੋਕਦਾ ਹੈ। * ਚਿਹਰੇ ਦੀਆਂ ਛਾਈਆਂ ਦੂਰ ਕਰਨ ਲਈ ਬੇਸਣ ਤੇ ਖੀਰੇ ਦਾ ਰਸ ਇਸਤੇਮਾਲ ਕਰੋ। ਇਸ ਦਾ ਲਗਾਤਾਰ ਇਸਤੇਮਾਲ ਛਾਹੀਆਂ ਨੂੰ ਹਲਕਾ ਕਰਨ ਵਿਚ ਮਦਦਗਾਰ ਹੈ। ਹਫ਼ਤੇ ਵਿਚ ਦੋ ਤੋਂ ਤਿੰਨ ਵਾਰੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। * ਹੱਥਾਂ-ਪੈਰਾਂ ਦਾ ਰੰਗ ਗੋਰਾ ਕਰਨ ਲਈ ਨਿੰਬੂ ਦਾ ਰਸ ਤੇ ਕੱਚਾ ਦੁੱਧ ਮਿਲਾ ਕੇ ਇਸਤੇਮਾਲ ਕਰੋ। * ਇਸੇ ਤਰ੍ਹਾਂ ਤੁਸੀਂ ਹੱਥਾਂ-ਪੈਰਾਂ ਦੇ ਸਾਂਵਲੇ ਰੰਗ ਨੂੰ ਦੂਰ ਕਰਨ ਲਈ ਪੁਦੀਨੇ ਦਾ ਰਸ ਵੀ ਵਰਤ ਸਕਦੇ ਹੋ। ਇਹ ਹੱਥਾਂ-ਪੈਰਾਂ ਤੋਂ ਮੈਲ ਹਟਾਉਣ ਵਿਚ ਮਦਦਗਾਰ ਹੈ। * ਪਾਣੀ ਤੇ ਬੇਕਿੰਗ ਸੋਢਾ ਨੂੰ ਮਿਲਾ ਕੇ ਇਸ ਤਿਆਰ ਘੋਲ ਵਿਚ ਕੁਝ ਚਿਰ ਹੱਥ-ਪੈਰ ਡੁਬੋਣ ਨਾਲ ਵੀ ਹੱਥਾਂ-ਪੈਰਾਂ ਦੇ ਰੰਗ ਵਿਚ ਨਿਖਾਰ ਆਉਂਦਾ ਹੈ।


-ਸਿਮਰਨ ਲੁਧਿਆਣਵੀ
simranjeet.dhiman13@gmail.com

ਸੌਖਾ ਹੈ ਸ਼ੀਸ਼ੇ ਅਤੇ ਪਿੱਤਲ ਨੂੰ ਚਮਕਾਉਣਾ

ਗ੍ਰਹਿਣੀਆਂ ਨੂੰ ਘਰ ਦੇ ਕੁਝ ਸਾਜ਼ੋ-ਸਮਾਨ ਨੂੰ ਸਾਫ਼ ਰੱਖਣ ਵਿਚ ਕਦੀ-ਕਦਾਈਂ ਮੁਸ਼ਕਿਲਾਂ ਆਉਂਦੀਆਂ ਹਨ। ਉਂਝ ਕਿਸੇ ਵੀ ਥਾਂ ਦੀ ਸਫ਼ਾਈ ਰੱਖਣਾ ਜ਼ਿਆਦਾ ਮੁਸ਼ਕਿਲ ਨਹੀਂ ਹੁੰਦਾ। ਬਸ ਜ਼ਰੂਰਤ ਹੁੰਦੀ ਹੈ ਥੋੜ੍ਹੀ ਸੂਝ-ਬੂਝ ਦੀ। ਜਦੋਂ ਕਦੀ ਘਰ ਵਿਚ ਸਫ਼ੈਦੀ ਅਤੇ ਦਰਵਾਜ਼ਿਆਂ 'ਤੇ ਰੰਗ-ਰੋਗਨ ਹੁੰਦੇ ਹਨ ਤਾਂ ਪਿੱਤਲ ਦੇ ਹੈਂਡਲ, ਚਿਟਕਨੀ, ਸ਼ੀਸ਼ਿਆਂ ਦੇ ਝੂਮਰ, ਰੋਸ਼ਨਦਾਨ, ਖਿੜਕੀਆਂ ਦੇ ਸ਼ੀਸ਼ੇ ਸਾਫ਼ ਕਰਨਾ ਬਹੁਤ ਮੁਸ਼ਕਿਲ ਲਗਦਾ ਹੈ। ਆਓ ਦੇਖੀਏ ਉਨ੍ਹਾਂ ਦੀ ਸਫ਼ਾਈ ਨੂੰ ਕਿਵੇਂ ਸੌਖਾ ਬਣਾਇਆ ਜਾ ਸਕਦਾ ਹੈ।
* ਧਾਤ ਦੇ ਹੈਂਡਲ, ਚਿਟਕਨੀ ਆਦਿ 'ਤੇ ਪਈ ਧੂੜ ਨੂੰ ਪੂੰਝ ਲੈਣਾ ਚਾਹੀਦਾ ਹੈ। ਫਿਰ ਸਰਫ਼ ਦੇ ਘੋਲ ਵਿਚ ਕੱਪੜੇ ਨੂੰ ਭਿਉਂ ਕੇ ਹੈਂਡਲ, ਚਿਟਕਨੀ 'ਤੇ ਰਗੜੋ। ਫਿਰ ਸੁੱਕੇ ਕੱਪੜੇ ਨਾਲ ਪੂੰਝ ਲਓ। ਜੇਕਰ ਹਾਲੇ ਵੀ ਸਾਫ਼ ਨਾ ਹੋਏ ਹੋਣ ਤਾਂ ਦੁਬਾਰਾ ਸਰਫ਼ ਦੇ ਘੋਲ ਵਿਚ ਕੱਪੜੇ ਨੂੰ ਭਿਉਂ ਕੇ ਹਲਕਾ ਜ਼ੋਰ ਲਗਾ ਕੇ ਰਗੜੋ ਅਤੇ ਸੁੱਕੇ ਕੱਪੜੇ ਨਾਲ ਪੂੰਝ ਲਓ। ਧਿਆਨ ਰੱਖੋ ਧਾਤ ਦੀ ਵਸਤੂ ਨੂੰ ਸਾਫ਼ ਕਰਨ ਲਈ ਕਿਸੇ ਨੁਕੀਲੀ ਚੀਜ਼ ਨਾਲ ਨਾ ਖੁਰਚੋ।
* ਜੇਕਰ ਧਾਤੂ ਦੀ ਵਸਤੂ 'ਤੇ ਜੰਗਾਲ ਜਾਂ ਦਾਗ਼ ਹੋਵੇ ਤਾਂ ਮਿੱਟੀ ਦੇ ਤੇਲ ਵਿਚ ਰੂੰ ਭਿਉਂ ਕੇ ਰਗੜੋ।
* ਸਟੀਲ ਪਾਲਿਸ਼ ਵਾਲੇ ਹੈਂਡਲ, ਚਿਟਕਨੀਆਂ ਆਦਿ ਨੂੰ ਸਾਫ਼ ਕਰਨ ਲਈ ਸੂਤੀ ਕੱਪੜੇ ਨੂੰ ਸਰ੍ਹੋਂ ਦੇ ਤੇਲ ਵਿਚ ਭਿਉਂ ਕੇ ਚੀਜ਼ 'ਤੇ ਰਗੜੋ। ਇਸ ਨਾਲ ਸਟੀਲ ਦੀ ਚਮਕ ਵੀ ਬਣੀ ਰਹੇਗੀ ਅਤੇ ਦਾਗ਼ ਵੀ ਦੂਰ ਹੋ ਜਾਣਗੇ।
* ਪਿੱਤਲ ਦੇ ਗਮਲੇ, ਸ਼ੋਅ ਪੀਸ, ਹੈਂਡਲ ਅਤੇ ਚਿਟਕਨੀ ਨੂੰ ਸਾਫ਼ ਕਰਨ ਲਈ ਇਮਲੀ ਦੇ ਪਾਣੀ ਨਾਲ ਭਿੱਜੇ ਕੱਪੜੇ ਨਾਲ ਰਗੜੋ। ਪਿੱਤਲ ਚਮਕ ਜਾਵੇਗਾ। ਚਾਹੋ ਤਾਂ ਬਰਾਸੋ ਲਗਾ ਕੇ ਕਾਗਜ਼ ਨਾਲ ਰਗੜ ਦਿਉ। ਪਿੱਤਲ ਦੀਆਂ ਚੀਜ਼ਾਂ ਚਮਕ ਜਾਣਗੀਆਂ।
* ਸ਼ੀਸ਼ੇ ਦੀਆਂ ਚੀਜ਼ਾਂ ਨੂੰ ਸਰਫ਼ ਵਾਲੇ ਪਾਣੀ ਨਾਲ ਸਪੰਜ ਦੀ ਸਹਾਇਤਾ ਨਾਲ ਹੌਲੀ-ਹੌਲੀ ਰਗੜ ਕੇ ਸਾਫ਼ ਕੀਤਾ ਜਾ ਸਕਦਾ ਹੈ।
* ਰੋਸ਼ਨਦਾਨ, ਖਿੜਕੀਆਂ ਦੇ ਸ਼ੀਸ਼ੇ ਨੂੰ ਉਨ੍ਹਾਂ 'ਤੇ ਪਾਣੀ ਦਾ ਛਿੱਟਾ ਮਾਰ ਕੇ ਅਖ਼ਬਾਰ ਦੇ ਕਾਗਜ਼ ਨਾਲ ਸਾਫ਼ ਕਰ ਲਓ। ਸਪ੍ਰੇਅ ਵਾਲੀ ਬੋਤਲ ਨਾਲ ਵੀ ਪਾਣੀ ਛਿੜਕ ਕੇ ਅਖ਼ਬਾਰ ਦੇ ਕਾਗਜ਼ ਨਾਲ ਸਾਫ਼ ਕਰ ਸਕਦੇ ਹੋ।
* ਜੇਕਰ ਸੰਭਵ ਹੋਵੇ ਤਾਂ ਝੂਮਰ ਆਦਿ ਨੂੰ ਧਿਆਨ ਨਾਲ ਖੁਲਵਾ ਲਓ। ਫਿਰ ਸਰਫ਼ ਦੇ ਪਾਣੀ ਨਾਲ ਥੋੜ੍ਹੇ-ਥੋੜ੍ਹੇ ਹਿੱਸੇ ਨੂੰ ਧੋ ਲਓ। ਫਿਰ ਨਰਮ ਤੌਲੀਏ ਨਾਲ ਜਾਂ ਨਰਮ ਸੂਤੀ ਕੱਪੜੇ ਨਾਲ ਪਾਣੀ ਸੁਕਾ ਲਓ। ਝੂਮਰ ਫਿਰ ਤੋਂ ਚਮਕ ਜਾਵੇਗਾ।
* ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਟਿਊਬ ਲਾਈਟ ਅਤੇ ਬਲੱਬ ਲਾਹ ਕੇ ਗਿੱਲੇ ਕੱਪੜੇ ਨਾਲ ਸਾਫ਼ ਕਰਕੇ ਲਗਾਓ। ਧਿਆਨ ਰੱਖੋ ਟਿਊਬ ਜਾਂ ਬਲੱਬ ਗਰਮ ਨਾ ਹੋਵੇ ਅਤੇ ਉਨ੍ਹਾਂ ਦੇ ਕੋਨੇ 'ਤੇ ਪਾਣੀ ਨਾ ਲੱਗੇ।
* ਕੱਚ ਦੀ ਕਿਸੇ ਵੀ ਚੀਜ਼ ਨੂੰ ਕਿਸੇ ਨੁਕੀਲੀ ਵਸਤੂ ਨਾਲ ਨਾ ਰਗੜੋ ਅਤੇ ਨਾ ਹੀ ਉਨ੍ਹਾਂ ਨੂੰ ਜ਼ੋਰ ਲਗਾ ਕੇ ਸਾਫ਼ ਕਰੋ।
* ਬਿਜਲੀ ਦੇ ਸਵਿੱਚ ਬੋਰਡ ਨੂੰ ਥੋੜ੍ਹੇ ਜਿਹੇ ਗਿੱਲੇ ਸੂਤੀ ਕੱਪੜੇ ਨਾਲ ਉਂਗਲੀ ਦੀ ਸਹਾਇਤਾ ਨਾਲ ਹਲਕਾ-ਹਲਕਾ ਰਗੜ ਕੇ ਸਾਫ਼ ਕਰੋ।


-ਸੁਨੀਤਾ ਗਾਬਾ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX