ਤਾਜਾ ਖ਼ਬਰਾਂ


ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਭਰਿਆ ਨਾਮਜ਼ਦਗੀ ਪੱਤਰ
. . .  7 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਏਕਤਾ ਪਾਰਟੀ ਦੇ ਆਗੂ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਨਾਮਜ਼ਦਗੀ...
ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
. . .  11 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਲੋਂ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ...
ਲੋਕ ਦੇਸ਼ ਦਾ ਸ਼ਾਸਨ ਕਾਂਗਰਸ ਦੇ ਹੱਥ 'ਚ ਦੇਣ ਲਈ ਤਿਆਰ- ਬੀਬੀ ਭੱਠਲ
. . .  19 minutes ago
ਲਹਿਰਾਗਾਗਾ, 26 ਅਪ੍ਰੈਲ (ਸੂਰਜ ਭਾਨ ਗੋਇਲ) - ਮੀਡੀਆ ਦੇ ਇੱਕ ਹਿੱਸੇ 'ਚ ਮੇਰਾ ਛਪਿਆ ਬਿਆਨ ਕੀ ਬੀਬੀ ਭੱਠਲ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੀ ਹੈ ਇਹ ਬਿਲਕੁਲ ਝੂਠ ਹੈ, ਕਿਉਂਕਿ ਕਾਂਗਰਸ ਮੇਰੀ ਮਾਂ ਪਾਰਟੀ ਹੈ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਪੰਜਾਬ ਦੀ .....
ਬਠਿੰਡਾ ਤੋਂ ਬੀਬਾ ਬਾਦਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਕਾਗ਼ਜ਼
. . .  23 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਇੱਥੇ ਇੱਕ ਵਿਸ਼ਾਲ ਰੋਡ...
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਕੋਰਟ ਵੱਲੋਂ ਖ਼ਾਰਜ
. . .  53 minutes ago
ਨਵੀਂ ਦਿੱਲੀ, 26 ਅਪ੍ਰੈਲ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਸ਼ੁੱਕਰਵਾਰ ਨੂੰ ਲੰਦਨ ਦੀ ਵੈਸਟਮਿੰਸਟਰ ਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਸੁਣਵਾਈ ਦੇ ਦੌਰਾਨ ਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ....
ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 26 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)- ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ...
ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਤਰਨ ਤਾਰਨ, 26 ਅਪ੍ਰੈਲ- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਅੱਜ ਨਾਮਜ਼ਦਗੀ ਪੱਤਰ...
ਜਲੰਧਰ 'ਚ ਨਾਮਜ਼ਦਗੀ ਭਰਨ ਵੇਲੇ ਆਹਮੋ-ਸਾਹਮਣੇ ਹੋਏ ਅਕਾਲੀ ਦਲ ਤੇ ਬਸਪਾ ਦੇ ਸਮਰਥਕ
. . .  about 1 hour ago
ਜਲੰਧਰ, 26 ਅਪ੍ਰੈਲ (ਚਿਰਾਗ)- ਜਲੰਧਰ 'ਚ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਬਲਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ...
ਆਸਾਰਾਮ ਦੇ ਬੇਟੇ ਨਰਾਇਣ ਸਾਈਂ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ- ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖ਼ਿਲਾਫ਼ ਸੂਰਤ ਦੀ ਰਹਿਣ ਵਾਲੀਆਂ ਦੋ ਭੈਣਾਂ ਵੱਲੋਂ ਲਗਾਏ ਜਬਰ ਜਨਾਹ ਦੇ ਦੋਸ਼ 'ਚ ਅੱਜ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ .....
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 26 ਅਪ੍ਰੈਲ- ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਖ਼ੁਰਾਕ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ....
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-26: ਪਿੰਕੀ

ਜਿਹੜੀਆਂ ਲੜਕੀਆਂ ਕਾਰਟੂਨ ਚਰਿੱਤਰ ਵਜੋਂ ਬੱਚਿਆਂ ਵਿਚ ਪ੍ਰਸਿੱਧ ਹੋਈਆਂ ਹਨ, ਉਨ੍ਹਾਂ ਵਿਚੋਂ 'ਪਿੰਕੀ' ਇਕ ਹੈ | ਉਸ ਦੀ ਉਮਰ ਪੰਜ ਸਾਲਾਂ ਦੀ ਹੈ | ਇਹ ਪ੍ਰਸਿੱਧ ਕਾਰਟੂਨਿਸਟ ਪਦਮਸ੍ਰੀ ਪ੍ਰਾਣ ਦੀ ਸਿਰਜਣਾ ਹੈ, ਜੋ 1978 ਵਿਚ ਹੋਂਦ ਵਿਚ ਆਈ ਸੀ | ਪਿੰਕੀ ਵੱਖ-ਵੱਖ ਭਾਰਤੀ ਅਖ਼ਬਾਰਾਂ-ਰਸਾਲਿਆਂ ਵਿਚ ਕਾਰਟੂਨ ਪੱਟੀ ਦੇ ਰੂਪ ਵਿਚ ਆਮ ਵਿਖਾਈ ਦਿੰਦੀ ਹੈ | ਪਿੰਕੀ ਬੜੀ ਚੁਸਤ-ਫੁਰਤ ਪਾਤਰ ਹੈ | ਬਿੱਲੂ ਵਾਂਗ ਇਹਦੇ ਵਾਲ ਵੀ ਮੱਥੇ 'ਤੇ ਲਟਕਦੇ ਰਹਿੰਦੇ ਹਨ ਪਰ ਅੱਖਾਂ ਦਿਖਾਈ ਦਿੰਦੀਆਂ ਹਨ | ਵਾਲ ਵਾਹ ਕੇ ਰਬੜ ਬੈਂਡ ਲਗਾਉਣਾ ਉਸ ਦਾ ਸ਼ੌਕ ਹੈ | ਹਮੇਸ਼ਾ ਮੁਸਕਾਉਂਦੀ ਹੋਈ ਪਿੰਕੀ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ | ਇਹ ਆਮ ਤੌਰ 'ਤੇ ਆਪਣੀ ਪਾਲਤੂ ਗੁਲਹਿਰੀ ਕੁਟਕੁਟ ਨੂੰ ਨਾਲ ਰੱਖਦੀ ਹੈ | ਉਹ ਅੰਕਲ ਝਪਟ ਜੀ, ਚੰਪੂ, ਭੀਕੂ, ਦੀਦੀ, ਪਿ੍ੰਸੀਪਲ ਟਸਮਟ ਅਤੇ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਨਾਲ ਉਹ ਹਲਕੀਆਂ-ਫੁਲਕੀਆਂ ਸ਼ਰਾਰਤਾਂ ਚੱਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦਾ ਕੋਈ ਬੁਰਾ ਨਹੀਂ ਮਨਾਉਂਦਾ ਪਰ ਜਦੋਂ ਕੋਈ ਉਸ ਨੂੰ ਨਿੱਕੀ ਕੁੜੀ ਸਮਝ ਕੇ ਉਸ 'ਤੇ ਵਿਅੰਗ ਕੱਸਦਾ ਹੈ ਜਾਂ ਉਸ ਦਾ ਮਜ਼ਾਕ ਉਡਾਉਂਦਾ ਹੈ ਤਾਂ ਉਹ ਸਬਕ ਸਿਖਾਉਣ ਵਿਚ ਦੇਰੀ ਨਹੀਂ ਲਾਉਂਦੀ | ਇਸ ਕਾਰਟੂਨ ਪਾਤਰ ਨੂੰ ਡਾਇਮੰਡ ਕਾਮਿਕਸ ਪ੍ਰਾਈ: ਲਿਮ: ਨਵੀਂ ਦਿੱਲੀ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਆਦਿ 10 ਭਾਸ਼ਾਵਾਂ ਵਿਚ ਪੁਸਤਕ ਰੂਪ ਵਿਚ ਵੀ ਪ੍ਰਕਾਸ਼ਿਤ ਕੀਤਾ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ | ਮੋਬਾ: 98144-23703
email : dsaasht@yahoo.co.in


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਹਲਵਾਈ ਦਾ ਉੱਦਮ

ਪੁਰਾਣੇ ਸਮੇਂ ਦੀ ਗੱਲ ਹੈ ਕਿ ਇਕ ਨਗਰ ਵਿਚ ਹਜ਼ਾਰੀ ਪਰਸਾਦ ਨਾਂਅ ਦਾ ਇਕ ਵਿਅਕਤੀ ਹਲਵਾਈ ਦੀ ਦੁਕਾਨ ਕਰਦਾ ਸੀ | ਉਹ ਸਵੇਰੇ ਚਾਰ ਵਜੇ ਉੱਠਦਾ | ਨਗਰ ਵਾਸੀਆਂ ਨੂੰ ਵੇਚਣ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਉਂਦਾ | ਪਰ ਉਸ ਦੀ ਦੁਕਾਨ ਉੱਤੇ ਵਿਕਰੀ ਬਹੁਤ ਘੱਟ ਹੁੰਦੀ | ਉਹ ਆਪਣੀ ਦੁਕਾਨ 'ਤੇ ਹੋਣ ਵਾਲੀ ਘੱਟ ਵਿਕਰੀ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਸੀ | ਉਹ ਆਪਣੇ ਮਨ ਵਿਚ ਸੋਚਦਾ ਕਿ ਪਰਮਾਤਮਾ ਉਸ ਨਾਲ ਇਨਸਾਫ ਨਹੀਂ ਕਰ ਰਿਹਾ | ਉਸ ਦੇ ਨਗਰ ਦੇ ਦੂਜੇ ਹਲਵਾਈ ਉਸ ਨਾਲੋਂ ਬਹੁਤ ਬਾਅਦ ਦੁਕਾਨਾਂ ਖੋਲ੍ਹਦੇ ਹਨ | ਉਸ ਨਾਲੋਂ ਬਹੁਤ ਛੇਤੀ ਦੁਕਾਨਾਂ ਬੰਦ ਕਰ ਦਿੰਦੇ ਹਨ ਪਰ ਉਨ੍ਹਾਂ ਦੀਆਂ ਦੁਕਾਨਾਂ 'ਤੇ ਉਸ ਨਾਲੋਂ ਜ਼ਿਆਦਾ ਵਿਕਰੀ ਹੁੰਦੀ ਹੈ | ਉਨ੍ਹਾਂ ਦੀ ਉਸ ਨਾਲੋਂ ਜ਼ਿਆਦਾ ਆਮਦਨ ਹੈ | ਉਨ੍ਹਾਂ ਕੋਲ ਉਸ ਨਾਲੋਂ ਜ਼ਿਆਦਾ ਧਨ ਹੈ | ਉਹ ਉਨ੍ਹਾਂ ਨਾਲੋਂ ਜ਼ਿਆਦਾ ਮਿਹਨਤ ਵੀ ਕਰਦਾ ਹੈ | ਉਹ ਰੱਬ ਨੂੰ ਵੀ ਮੰਨਦਾ ਹੈ | ਉਹ ਆਪਣੀ ਦੁਕਾਨ ਦੀ ਵਿਕਰੀ ਵਧਾਉਣ ਲਈ ਕਈ ਮੰਨਤਾਂ ਵੀ ਮੰਨ ਚੱੁਕਾ ਹੈ ਪਰ ਉਸ ਦੀ ਦੁਕਾਨ ਦੀ ਵਿਕਰੀ ਵਿਚ ਵਾਧਾ ਨਹੀਂ ਹੁੰਦਾ |
ਉਸ ਨਗਰ ਵਿਚ ਇਕ ਬਹੁਤ ਹੀ ਬੱੁਧੀਮਾਨ ਵਿਅਕਤੀ ਰਹਿੰਦਾ ਸੀ | ਉਸ ਦੀ ਉਮਰ ਕਾਫੀ ਹੋ ਚੱੁਕੀ ਸੀ | ਉਹ ਸਭ ਨੂੰ ਨੇਕ ਅਤੇ ਚੰਗੀ ਸਲਾਹ ਦਿੰਦਾ ਸੀ | ਨਗਰ ਦੇ ਲੋਕ ਉਸ ਉੱਤੇ ਬਹੁਤ ਵਿਸ਼ਵਾਸ ਕਰਦੇ ਸਨ ਅਤੇ ਉਸ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਜਾਂਦੇ ਰਹਿੰਦੇ ਸਨ | ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਧਿਆਨ ਨਾਲ ਸੁਣਦਾ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਸਮੱਸਿਆ ਅਨੁਸਾਰ ਸੁਝਾਅ ਵੀ ਦਿੰਦਾ | ਇਕ ਦਿਨ ਹਜ਼ਾਰੀ ਪ੍ਰਸਾਦ ਦੀ ਪਤਨੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਨੂੰ ਵੀ ਆਪਣੀ ਸਮੱਸਿਆ ਲੈ ਕੇ ਨਗਰ ਦੇ ਬੱੁਧੀਮਾਨ ਵਿਅਕਤੀ ਕੋਲ ਜਾਣਾ ਚਾਹੀਦਾ ਹੈ | ਪਹਿਲਾਂ ਤਾਂ ਉਹ ਆਪਣੀ ਪਤਨੀ ਦੇ ਸੁਝਾਅ ਨੂੰ ਕਈ ਦਿਨਾਂ ਤੱਕ ਟਾਲਦਾ ਰਿਹਾ ਪਰ ਪਤਨੀ ਦੇ ਵਾਰ-ਵਾਰ ਕਹਿਣ ਅਤੇ ਹੋਰ ਕੋਈ ਹੱਲ ਨਾ ਲੱਭਣ 'ਤੇ ਉਸ ਨੇ ਉਸ ਬੱੁਧੀਮਾਨ ਕੋਲ ਜਾਣ ਦਾ ਮਨ ਬਣਾ ਹੀ ਲਿਆ |
ਇਕ ਦਿਨ ਉਹ ਉਸ ਬੱੁਧੀਮਾਨ ਵਿਅਕਤੀ ਦੇ ਘਰ ਚਲਾ ਗਿਆ | ਉਸ ਨੇ ਆਪਣੀ ਸਾਰੀ ਸਮੱਸਿਆ ਦੀ ਚਰਚਾ ਕਰਦਿਆਂ ਕਿਹਾ ਕਿ ਉਸ ਨੂੰ ਅਜਿਹਾ ਹੱਲ ਦੱਸਿਆ ਜਾਵੇ ਕਿ ਉਸ ਦੀ ਵਿਕਰੀ ਵਿਚ ਵਾਧਾ ਹੋ ਸਕੇ | ਦੂਜੇ ਹਲਵਾਈਆਂ ਵਾਂਗ ਉਸ ਦੀ ਦੁਕਾਨਦਾਰੀ ਵਿਚ ਵਾਧਾ ਹੋ ਸਕੇ | ਉਸ ਬੱੁਧੀਮਾਨ ਵਿਅਕਤੀ ਨੇ ਪਹਿਲੀ ਵਾਰ ਉਸ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਉਸ ਨੂੰ ਸੋਚ ਕੇ ਜਵਾਬ ਦੇਵੇਗਾ | ਉਹ ਕਿਸੇ ਹੋਰ ਦਿਨ ਆਵੇ | ਕੁਝ ਦਿਨਾਂ ਬਾਅਦ ਉਹ ਫਿਰ ਉਸ ਬੱੁਧੀਮਾਨ ਵਿਅਕਤੀ ਕੋਲ ਚਲਾ ਗਿਆ | ਉਸ ਬੱੁਧੀਮਾਨ ਵਿਅਕਤੀ ਨੇ ਦੂਜੀ ਵਾਰ ਵੀ ਉਸ ਨੂੰ ਖਾਲੀ ਹੀ ਮੋੜ ਦਿੱਤਾ ਤੇ ਕਿਸੇ ਹੋਰ ਦਿਨ ਆਉਣ ਲਈ ਕਿਹਾ | ਦੋ ਵਾਰ ਨਾਂਹ ਸੁਣਨ 'ਤੇ ਉਸ ਨੇ ਮਨ ਵਿਚ ਸੋਚਿਆ ਕਿ ਉਸ ਕੋਲ ਉਸ ਦੀ ਸਮੱਸਿਆ ਦਾ ਹੱਲ ਹੋਵੇਗਾ ਹੀ ਨਹੀਂ | ਮੁੜ ਉਹ ਉਸ ਕੋਲ ਜਾਣ ਲਈ ਤਿਆਰ ਨਹੀਂ ਸੀ | ਪਰ ਉਸ ਦੀ ਪਤਨੀ ਨੇ ਉਸ ਨੂੰ ਜਿਵੇਂ-ਕਿਵੇਂ ਉਸ ਕੋਲ ਜਾਣ ਲਈ ਮਨਾ ਲਿਆ | ਉਸ ਨੇ ਉਸ ਬੱੁਧੀਮਾਨ ਵਿਅਕਤੀ ਕੋਲ ਜਾ ਕੇ ਕਿਹਾ, 'ਸ੍ਰੀਮਾਨ, ਜੇਕਰ ਤੁਸੀਂ ਮੇਰੀ ਸਮੱਸਿਆ ਦਾ ਹੱਲ ਦੱਸ ਸਕਦੇ ਹੋ ਤਾਂ ਮੇਰੇ ਉੱਤੇ ਮਿਹਰਬਾਨੀ ਕਰੋ, ਨਹੀਂ ਤਾਂ ਮੈਂ ਕਿਧਰੇ ਹੋਰ ਕੋਲ ਜਾਵਾਂ |
ਉਸ ਬੱੁਧੀਮਾਨ ਵਿਅਕਤੀ ਨੇ ਉਸ ਨੂੰ ਕਿਹਾ, 'ਭਰਾਵਾ, ਹੱਲ ਤਾਂ ਮੈਂ ਤੈਨੂੰ ਪਹਿਲੀ ਵਾਰ ਹੀ ਦੱਸ ਦੇਣਾ ਸੀ | ਮੈਂ ਤੇਰੀ ਇੱਛਾ ਅਤੇ ਸਹਿਣ ਸ਼ਕਤੀ ਨੂੰ ਪਰਖ ਰਿਹਾ ਸੀ | ਤੰੂ ਉੱਦਮ ਤਾਂ ਜ਼ਰੂਰ ਕਰਦਾ ਹੈਾ ਪਰ ਤੰੂ ਆਪਣੇ ਗਾਹਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕਿਆ | ਤੇਰੀ ਬੋਲਬਾਣੀ ਵਿਚ ਕੁੜੱਤਣ ਹੈ | ਤੇਰੀ ਦੁਕਾਨ ਵਿਚ ਸਫ਼ਾਈ ਦੀ ਘਾਟ ਹੈ | ਤੰੂ ਆਪਣਾ ਫਾਇਦਾ ਜ਼ਿਆਦਾ ਸੋਚਦਾ ਹੈਾ, ਗਾਹਕਾਂ ਦਾ ਘੱਟ | ਹਲਵਾਈ ਅੱਗਿਓਾ ਬੋਲਿਆ, 'ਸ੍ਰੀਮਾਨ ਜੀ, ਮੈਂ ਤੁਹਾਡੀ ਨਸੀਹਤ ਸਮਝ ਗਿਆ ਹਾਂ | ਮੈਂ ਛੇਤੀ ਹੀ ਆਪਣੇ ਵਿਚ ਸੁਧਾਰ ਲੈ ਆਵਾਂਗਾ |' ਉਸ ਨੇ ਉਸ ਦਿਨ ਤੋਂ ਹੀ ਆਪਣੇ-ਆਪ ਨੂੰ ਸੁਧਾਰ ਲਿਆ | ਉਸ ਦੀ ਦੁਕਾਨਦਾਰੀ ਪਹਿਲਾਂ ਨਾਲੋਂ ਚੰਗੀ ਚੱਲਣੀ ਸ਼ੁਰੂ ਹੋ ਗਈ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |
ਮੋਬਾ: 98726-27136

ਕੁਝ ਜਾਨਵਰਾਂ ਦੀਆਂ ਅੱਖਾਂ ਹਨੇਰੇ 'ਚ ਕਿਉਂ ਚਮਕਦੀਆਂ ਹਨ?

ਪਿਆਰੇ ਬੱਚਿਓ, ਤੁਸੀਂ ਹਨੇਰੇ ਵਿਚ ਆਪਣੇ ਘਰ ਬਿੱਲੀ ਨੂੰ ਜ਼ਰੂਰ ਦੇਖਿਆ ਹੋਵੇਗਾ | ਰਾਤ ਸਮੇਂ ਬਿੱਲੀ ਭਾਵੇਂ ਸਾਨੂੰ ਦਿਖਾਈ ਨਹੀਂ ਦਿੰਦੀ ਪਰ ਉਸ ਦੀਆਂ ਪੀਲੀਆਂ ਤੇ ਚਮਕਦਾਰ ਅੱਖਾਂ ਸਾਨੂੰ ਜ਼ਰੂਰ ਦਿਖਾਈ ਦਿੰਦੀਆਂ ਹਨ | ਬਿੱਲੀ ਹੀ ਨਹੀਂ, ਸ਼ੇਰ, ਕੁੱਤਾ, ਬਾਘ, ਤੇਂਦੂਏ, ਸਾਂਬਰ, ਹਿਰਨ, ਭਾਲੂ, ਲੂੰਬੜੀ ਤੇ ਕਈ ਹੋਰ ਜਾਨਵਰ ਵੀ ਹਨ, ਜਿਨ੍ਹਾਂ ਦੀਆਂ ਅੱਖਾਂ ਰਾਤ ਸਮੇਂ ਚਮਕਦੀਆਂ ਹਨ | ਰਾਤ ਸਮੇਂ ਇਨ੍ਹਾਂ ਜਾਨਵਰਾਂ ਦੀਆਂ ਅੱਖਾਂ ਦਾ ਰੰਗ ਚਿੱਟਾ, ਹਰਾ, ਨੀਲਾ, ਪੀਲਾ, ਸੰਤਰੀ ਤੇ ਲਾਲ ਹੁੰਦਾ ਹੈ | ਆਓ, ਜਾਣੀਏ ਇਸ ਪਿੱਛੇ ਕੀ ਕਾਰਨ ਹੈ?
ਇਨ੍ਹਾਂ ਸਾਰੇ ਜਾਨਵਰਾਂ ਦੀਆਂ ਅੱਖਾਂ ਵਿਚ ਇਕ ਵਿਸ਼ੇਸ਼ ਪਾਰਦਰਸ਼ਕ ਦ੍ਰਵ ਦੀ ਪਤਲੀ ਜਿਹੀ ਪਰਤ ਹੁੰਦੀ ਹੈ, ਜੋ ਆਪਣੇ 'ਤੇ ਪੈਣ ਵਾਲੀ ਰੌਸ਼ਨੀ ਨੂੰ ਪਰਤਾਅ ਦਿੰਦੀ ਹੈ | ਇਹੀ ਪਰਤਦੀ ਰੌਸ਼ਨੀ ਇਨ੍ਹਾਂ ਦੀਆਂ ਅੱਖਾਂ ਦੀ ਚਮਕ ਦਾ ਕਾਰਨ ਹੁੰਦੀ ਹੈ | ਰਾਤ ਦੇ ਸਮੇਂ ਇਸ ਪਾਰਦਰਸ਼ੀ ਸਤ੍ਹਾ 'ਤੇ ਪੈਣ ਵਾਲੀ ਹਲਕੀ ਜਿਹੀ ਰੌਸ਼ਨੀ ਵੀ ਜਦੋਂ ਪਰਤਦੀ ਹੈ ਤਾਂ ਸਾਨੂੰ ਜਾਨਵਰਾਂ ਦੀਆਂ ਅੱਖਾਂ ਚਮਕਦੀਆਂ ਵਿਖਾਈ ਦਿੰਦੀਆਂ ਹਨ |
ਬਿੱਲੀਆਂ 'ਤੇ ਕੀਤੀ ਗਈ ਇਕ ਖੋਜ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਬਿੱਲੀ ਦੀਆਂ ਅੱਖਾਂ ਦੇ ਰੈਟਿਨਾ ਦੇ ਪਿੱਛੇ ਇਕ ਪਾਰਦਰਸ਼ੀ ਪਰਤ ਹੁੰਦੀ ਹੈ, ਜਿਸ ਨੂੰ ਟੇਪਟਮ ਲਿਊਸੀਡਮ ਕਿਹਾ ਜਾਂਦਾ ਹੈ, ਜਿਸ ਨਾਲ ਰੌਸ਼ਨੀ ਪਰਤਦੀ ਹੈ | ਇਸੇ ਪਰਤ ਦੇ ਕਾਰਨ ਬਿੱਲੀ ਬਹੁਤ ਘੱਟ ਰੌਸ਼ਨੀ ਵਿਚ ਵੀ ਸਾਫ਼ ਵੇਖ ਸਕਦੀ ਹੈ ਅਤੇ ਜਦੋਂ ਇਸ ਦੀਆਂ ਅੱਖਾਂ 'ਤੇ ਰੌਸ਼ਨੀ ਪਾਈ ਜਾਂਦੀ ਹੈ ਤਾਂ ਇਹ ਹਨੇਰੇ ਵਿਚ ਚਮਕਦੀਆਂ ਹਨ |
ਇਹ ਵੀ ਵੇਖਿਆ ਗਿਆ ਹੈ ਕਿ ਰਾਤ ਸਮੇਂ ਵੱਖ-ਵੱਖ ਜਾਨਵਰਾਂ ਦੀਆਂ ਅੱਖਾਂ ਦਾ ਚਮਕਦਾ ਰੰਗ ਵੱਖ-ਵੱਖ ਹੁੰਦਾ ਹੈ | ਇਹ ਉਨ੍ਹਾਂ ਦੀਆਂ ਅੱਖਾਂ ਵਿਚ ਮੌਜੂਦ ਖੂਨ ਦੀਆਂ ਨਾੜੀਆਂ ਦੀ ਸੰਖਿਆ 'ਤੇ ਨਿਰਭਰ ਕਰਦਾ ਹੈ | ਜੇਕਰ ਖੂਨ ਦੀਆਂ ਨਾੜੀਆਂ ਦੀ ਸੰਖਿਆ ਜ਼ਿਆਦਾ ਹੋਵੇਗੀ ਤਾਂ ਚਮਕਦਾ ਰੰਗ ਲਾਲ ਹੋਵੇਗਾ ਅਤੇ ਜੇਕਰ ਘੱਟ ਤਾਂ ਚਮਕਦਾ ਰੰਗ ਚਿੱਟਾ ਜਾਂ ਹਲਕਾ ਪੀਲਾ ਹੋਵੇਗਾ | ਇਕ ਹੀ ਜਾਤੀ ਦੇ ਦੋ ਜਾਨਵਰਾਂ ਦੀਆਂ ਅੱਖਾਂ ਦਾ ਚਮਕਦਾ ਰੰਗ ਵੀ ਰਾਤ ਸਮੇਂ ਵੱਖ-ਵੱਖ ਹੋ ਸਕਦਾ ਹੈ | ਰਾਤ ਸਮੇਂ ਹੋਣ ਵਾਲੇ ਸਰਚ ਉਪਰੇਸ਼ਨ ਸਮੇਂ ਕੁੱਤੇ ਮਨੁੱਖ ਦੀ ਬਹੁਤ ਮਦਦ ਕਰਦੇ ਹਨ | ਟੇਪਟਮ ਲਿਊਸੀਡਮ ਤਕਨੀਕ ਦੀ ਸਹਾਇਤਾ ਨਾਲ ਸੜਕਾਂ 'ਤੇ ਰਾਤ ਸਮੇਂ ਚਮਕਣ ਵਾਲੇ ਸੰਤਰੀ ਰੰਗ ਦੇ ਕੈਟ ਆਈਜ਼ ਲਗਾਏ ਜਾਂਦੇ ਹਨ, ਜੋ ਰਾਤ ਸਮੇਂ ਸਾਨੂੰ ਡਰਾਈਵਿੰਗ ਕਰਦੇ ਸਮੇਂ ਬਹੁਤ ਸੁਰੱਖਿਆ ਪ੍ਰਦਾਨ ਕਰਦੇ ਹਨ |

-ਸ਼ਮਸ਼ੇਰ ਸਿੰਘ ਸੋਹੀ,
ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ
sohianshamsher@gmail.com

ਚੁਟਕਲੇ

• ਪਤਨੀ ਪੇਕਿਓਾ ਵਾਪਸ ਆਈ, ਪਤੀ ਦਰਵਾਜ਼ਾ ਖੋਲ੍ਹਦਿਆਂ ਹੀ ਉੱਚੀ-ਉੱਚੀ ਹੱਸਣ ਲੱਗਾ |
ਪਤਨੀ-ਕੀ ਤੇਰਾ ਦਿਮਾਗ ਖਰਾਬ ਹੋ ਗਿਆ, ਹੱਸੀ ਜਾਨੈ?
ਪਤੀ-ਮੇਰੇ ਉਸਤਾਦ ਨੇ ਕਿਹਾ ਸੀ ਕਿ ਜਦੋਂ ਵੀ ਕੋਈ ਮਸੀਬਤ ਆਵੇ ਤਾਂ ਉਸ ਦਾ ਮੁਕਾਬਲਾ ਹੱਸ ਕੇ ਕਰੀਦਾ |
• ਔਰਤ ਡਾਕਟਰ ਕੋਲ ਜਾਦੀ ਹੈ ਤੇ ਕਹਿੰਦੀ ਮੇਰੇ ਦਰਦ ਹੋ ਰਹੀ ਹੈ |
ਡਾਕਟਰ-ਤੁਹਾਡਾ ਐਕਸਰੇ ਕਰਨਾ ਪਵੇਗਾ |
ਔਰਤ-ਉਹ ਕੀ ਹੁੰਦਾ ਹੈ ਜੀ?
ਡਾਕਟਰ-ਇਕ ਫੋਟੋ ਖਿੱਚਣੀ ਹੁੰਦੀ ਹੈ |
ਔਰਤ-ਪੰਜ ਮਿੰਟ ਰੁਕੋ, ਮੈਂ ਜ਼ਰਾ ਮੇਕਅੱਪ ਕਰ ਲਵਾਂ |
• ਸੀਰਾ-ਤੂੰ ਹਸਪਤਾਲ ਵਿਚੋਂ ਬਿਨਾਂ ਆਪ੍ਰੇਸ਼ਨ ਤੋਂ ਹੀ ਕਿਉਂ ਭੱਜ ਆਇਆਂ?
ਕਿੰਦਾ-ਯਾਰ, ਨਰਸ ਵਾਰ-ਵਾਰ ਕਹਿ ਰਹੀ ਸੀ ਕਿ ਡਰੋ ਨਾ, ਹਿੰਮਤ ਰੱਖੋ, ਕੁਝ ਨਹੀ ਹੋਵੇਗਾ, ਛੋਟਾ ਜਿਹਾ ਤਾਂ ਆਪ੍ਰੇਸ਼ਨ ਏ |
ਸੀਰਾ-ਫਿਰ ਡਰਨ ਵਾਲੀ ਕਿਹੜੀ ਗੱਲ ਏ, ਸਹੀ ਤਾਂ ਕਹਿੰਦੀ ਸੀ |
ਕਿੰਦਾ-ਓ ਸਾਲਿਆ ਮੈਨੂੰ ਨ੍ਹੀਂ, ਡਾਕਟਰ ਨੂੰ ਕਹਿ ਰਹੀ ਸੀ |
• ਮੁੰਡਾ-ਡਾਕਟਰ ਸਾਹਿਬ, ਮੈਨੂੰ ਦੋ ਸਾਲ ਪਹਿਲਾਂ ਬੁਖਾਰ ਚੜਿ੍ਹਆ ਸੀ |
ਡਾਕਟਰ-ਤੇ ਹੁਣ ਕੀ ਤਕਲੀਫ ਏ?
ਮੁੰਡਾ-ਤੁਸੀਂ ਨਹਾਉਣ ਤੋਂ ਮਨ੍ਹਾਂ ਕੀਤਾ ਸੀ, ਅੱਜ ਇਧਰ ਦੀ ਲੰਘ ਰਿਹਾ ਸੀ, ਮੈਂ ਸੋਚਿਆ ਕਿ ਡਾਕਟਰ ਸਾਹਿਬ ਨੂੰ ਪੁੱਛਦਾ ਜਾਵਾਂ, ਕੀ ਹੁਣ ਮੈਂ ਨਹਾ ਲਵਾਂ?

-ਕੁਲਦੀਪ ਸਿੰਘ ਮਾਨ, ਅਮਨਦੀਪ ਕੌਰ ਮਾਨ ਭੂੰਦੜੀ
ਹੈਮਿਲਟਨ, ਟੋਰਾਂਟੋ, ਕੈਨੇਡਾ | bhundri0002@gmail.com

ਰੇਲਵੇ ਬਾਰੇ ਰੌਚਿਕ ਜਾਣਕਾਰੀ

• ਵਿਸ਼ਵ ਵਿਚ ਸਭ ਤੋਂ ਪਹਿਲੀ ਰੇਲ ਗੱਡੀ ਬਰਤਾਨੀਆ ਵਿਚ ਸਾਲ 1825 ਈ: ਵਿਚ ਚਲਾਈ ਗਈ |
• ਵਿਸ਼ਵ ਦਾ ਸਭ ਤੋਂ ਲੰਬਾ ਰੇਲਵੇ ਪਲੇਟਫਾਰਮ ਗੋਰਖਪੁਰ ਵਿਚ ਹੈ |
• ਜਾਰਜ ਸਟੀਫੰਸਨ ਨੂੰ ਰੇਲਵੇ ਦਾ ਪਿਤਾਮਾ ਕਿਹਾ ਜਾਂਦਾ ਹੈ |
• ਸੁਰੇਖਾ ਭੌਾਸਲੇ ਭਾਰਤ ਵਿਚ ਪਹਿਲੀ ਔਰਤ ਰੇਲਵੇ ਡਰਾਈਵਰ ਸੀ |
• ਭਾਰਤ ਦੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ਦਾ ਨਾਂਅ 'ਗਤੀਮਾਨ ਐਕਸਪ੍ਰੈੱਸ' ਹੈ |
• ਆਸਿਫ਼ ਅਲੀ ਭਾਰਤ ਦੇ ਪਹਿਲੇ ਰੇਲ ਮੰਤਰੀ ਸਨ |
• ਸਾਲ 2017 ਤੋਂ ਰੇਲਵੇ ਬਜਟ ਨੂੰ ਆਮ ਬਜਟ ਨਾਲ ਮੇਲ ਦਿੱਤਾ ਗਿਆ ਹੈ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 94170-05183

ਬਾਲ ਸਾਹਿਤ

ਸੁਨਹਿਰੀ ਮੱਛੀ
(ਰੂਸੀ ਲੋਕ ਕਥਾਵਾਂ)
ਲੇਖਕ : ਡਾ: ਹਰਨੇਕ ਸਿੰਘ ਕੈਲੇ
ਪ੍ਰਕਾਸ਼ਕ : ਸਾਹਿਬਦੀਪ ਪ੍ਰਕਾਸ਼ਨ, ਭੀਖੀ (ਮਾਨਸਾ) |
ਪੰਨੇ : 48, ਮੱੁਲ : 75 ਰੁਪਏ
ਸੰਪਰਕ : 99145-94867

ਹਥਲੀ ਪੁਸਤਕ 'ਸੁਨਹਿਰੀ ਮੱਛੀ' ਡਾ: ਹਰਨੇਕ ਸਿੰਘ ਕੈਲੇ ਵਲੋਂ ਲਿਖਿਆ 'ਰੂਸੀ ਲੋਕ ਕਥਾਵਾਂ' ਦਾ ਅਨੂਠਾ ਕਹਾਣੀ ਸੰਗ੍ਰਹਿ ਹੈ | ਹੁਣ ਤੱਕ ਉਨ੍ਹਾਂ ਵਲੋਂ ਲਿਖੇ ਸਫ਼ਰਨਾਮਾ, ਮਿੰਨੀ ਕਹਾਣੀਆਂ ਅਤੇ ਲੇਖਾਂ ਤੋਂ ਇਲਾਵਾ ਬੱਚਿਆਂ ਲਈ ਕਈ ਕਹਾਣੀ-ਸੰਗ੍ਰਹਿ ਵੀ ਛਪ ਚੱੁਕੇ ਹਨ | ਪੁਸਤਕ ਵਿਚ ਦਿੱਤੀਆਂ ਸਾਰੀਆਂ ਹੀ ਕਹਾਣੀਆਂ ਬੇਹੱਦ ਰੌਚਕ ਅਤੇ ਸੁਆਦਲੀਆਂ ਹਨ, ਜਿਨ੍ਹਾਂ ਨੂੰ ਬੱਚੇ ਸ਼ੌਕ ਨਾਲ ਪੜ੍ਹਨਗੇ | ਇਹ ਸਿੱਖਿਆਦਾਇਕ ਵੀ ਹਨ |
ਡਾ: ਕੈਲੇ ਨੇ ਬਾਲ ਮਨਾਂ ਦੇ ਪੱਧਰ ਨੂੰ ਧਿਆਨ ਵਿਚ ਰੱਖ ਕੇ ਇਨ੍ਹਾਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ | ਪੁਸਤਕ ਵਿਚ 'ਸੁਨਹਿਰੀ ਮੱਛੀ', 'ਲੰੂਬੜੀ ਅਤੇ ਬਘਿਆੜ', 'ਪੰਛੀਆਂ ਦੀ ਬੋਲੀ', 'ਬਾਬਾ ਮੋਰੋਜ਼ਕੋ', 'ਸੁਨਹਿਰੀ ਪਰਬਤ', 'ਡੈਣ ਯਾਗਾ' ਸਮੇਤ ਸਾਰੀਆਂ ਹੀ ਕਹਾਣੀਆਂ ਦਿਲਚਸਪ ਅਤੇ ਪੜ੍ਹਨਯੋਗ ਹਨ |
ਬੱਚਿਆਂ ਲਈ ਅੱਜ ਉਸਾਰੂ ਬਾਲ ਸਾਹਿਤ ਦੀ ਬੇਹੱਦ ਲੋੜ ਭਾਸਦੀ ਹੈ | ਉਸਾਰੂ ਅਤੇ ਸਿਹਤਮੰਦ ਸਾਹਿਤ ਉਨ੍ਹਾਂ ਨੂੰ ਸੇਧ ਦੇਣ ਦੇ ਸਮਰੱਥ ਹੋਵੇਗਾ | ਉਮੀਦ ਕਰਦੇ ਹਾਂ ਕਿ ਡਾ: ਕੈਲੇ ਭਵਿੱਖ ਵਿਚ ਵੀ ਆਪਣਾ ਸਾਹਿਤਕ ਸਿਰਜਣਾ ਦਾ ਇਹ ਸਫ਼ਰ ਨਿਰੰਤਰ ਜਾਰੀ ਰੱਖਣਗੇ |

-ਹਰਜਿੰਦਰ ਸਿੰਘ
ਮੋਬਾਈਲ : 98726-60161

ਬਾਲ ਗੀਤ: ਅਸੀਂ ਤਾਂ ਚੰਗੇ...

ਪੜ੍ਹਨੇ ਦੇ ਵਕਤ ਸੱੁਤੇ ਨਾ ਰੱਜ ਕੇ,
ਕੀਤੀ ਅਸੀਂ ਤਾਂ ਪੜ੍ਹਾਈ ਹੀ ਦੱਬ ਕੇ |
ਮਿਹਨਤ ਕਰੀ ਆਈ ਸਾਡੀ ਰਾਸ ਬਈ,
ਅਸੀਂ ਤਾਂ ਚੰਗੇ ਨੰਬਰਾਂ 'ਚ ਹੋਏ ਪਾਸ ਬਈ |
ਅਸੀਂ ਤਾਂ ਪੂਰੇ........ |
ਪੜ੍ਹਨੋਂ ਜੋ ਕੰਨੀ ਰੋਜ਼ ਰਹੇ ਕਤਰਾਉਂਦੇ,
ਉਹੀ ਵੇਖੇ ਅੱਜ ਅਸੀਂ ਬੜਾ ਪਛਤਾਉਂਦੇ |
ਵਕਤ ਲੰਘਿਆ ਮੁੜ ਹੱਥ ਨ੍ਹੀਂ ਆਉਂਦਾ,
ਸੁਣ ਨਤੀਜਾ ਘਰਾਂ ਨੂੰ ਪਰਤੇ ਉਦਾਸ ਬਈ |
ਅਸੀਂ ਤਾਂ ਚੰਗੇ........ |
ਮਾਪੇ ਅਧਿਆਪਕ ਦਾ ਜੋ ਸਤਿਕਾਰ ਨੇ ਕਰਦੇ,
ਜੀਵਨ ਵਿਚ ਨਾ ਕਦੇ ਵੀ ਬਾਜ਼ੀ ਉਹ ਹਰਦੇ |
ਧਾਰਿਆ ਸੀ ਦਿਲ 'ਚ ਮਾਪਿਆਂ ਦੀ ਰੀਝ ਪੁਗਾਉਣੀ,
ਆਪੇ ਸੁਣ ਲਈ ਰੱਬ ਸੱਚੀ ਅਰਦਾਸ ਬਈ |
ਅਸੀਂ ਤਾਂ ਚੰਗੇ ਨੰਬਰਾਂ 'ਤੇ ਹੋ ਗਏ ਪਾਸ ਬਈ,
ਅਸੀਂ ਤਾਂ ਚੰਗੇ ਨੰਬਰਾਂ......... |

-ਸੁਖਦੇਵ ਸਿੰਘ ਕੱੁਕੂ,
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ) | ਮੋਬਾ: 98143-81972

ਬੁਝਾਰਤਾਂ

1. ਚਿੱਟਾ ਹਾਂ ਪਰ ਦੁੱਧ ਨਹੀਂ,
ਗੱਜਦਾ ਹਾਂ ਪਰ ਰੱਬ ਨਹੀਂ,
ਵਲ ਖਾਂਦਾ ਹਾਂ ਪਰ ਸੱਪ ਨਹੀਂ |
2. ਜਦ ਤੂੰ ਸੌਾ ਜਾਵੇਂ, ਤਾਂ ਕੋਲ ਮੈਂ ਤੇਰੇ ਆਵਾਂ,
ਹਸਾ, ਰਵਾ ਕੇ ਤੈਨੂੰ ਬਿੰਨ ਪੈਸੇ ਸੈਰ ਕਰਾਵਾਂ |
3. ਚਾਲੀ ਚੋਰ ਇਕ ਸਿਪਾਹੀ,
ਸਾਰਿਆਂ ਦੇ ਇਕ-ਇਕ ਟਿਕਾਈ |
4. ਬਾਹਰੋਂ ਆਇਆ ਬਾਬਾ ਲਸ਼ਕਰੀ, ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ |
5. ਨਿੱਕੀ ਜਿਹੀ ਪਿੱਦਣੀ ਪਿੱਦ ਪਿੱਦ ਕਰਦੀ,
ਸਾਰੇ ਜਹਾਨ ਦੀ ਲਿੱਦ 'ਕੱਠੀ ਕਰਦੀ |
6. ਥਾਲ ਮੋਤੀਆਂ ਦਾ ਭਰਿਆ,
ਸਭ ਦੇ ਸਿਰ 'ਤੇ ਉਲਟਾ ਧਰਿਆ |
ਹਨੇਰੀ ਚੱਲੇ, ਪਾਣੀ ਚੱਲੇ,
ਮੋਤੀ ਫਿਰ ਨਾ ਡਿੱਗਣ ਥੱਲੇ |
ਉੱਤਰ : (1) ਪਾਣੀ, (2) ਸੁਪਨਾ, (3) ਜੀਭ, (4) ਬੱਦਲ, (5) ਬੋਕਰ, (6) ਤਾਰੇ |

-ਸ਼ੰਕਰ ਦਾਸ
ਮੋਗਾ | ਮੋਬਾ: 96469-27646

ਬਾਲ ਨਾਵਲ-58: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰੀਸ਼ ਦਾ ਅੱਜ ਕਾਲਜ ਵਿਚ ਪਹਿਲਾ ਦਿਨ ਸੀ | ਕਾਲਜ ਆਉਣ ਤੋਂ ਪਹਿਲਾਂ ਤੱਕ ਉਸ ਦੇ ਮਨ ਵਿਚ ਘਬਰਾਹਟ ਸੀ ਪਰ ਕਾਲਜ ਦੇ ਅੰਦਰ ਪਹੁੰਚਣ ਤੋਂ ਬਾਅਦ ਅਤੇ ਖਾਸ ਕਰਕੇ ਪਹਿਲਾ ਕੈਮਿਸਟਰੀ ਦੀ ਪੀਰੀਅਡ ਲਗਾਉਣ ਤੋਂ ਬਾਅਦ ਉਸ ਦੀ ਘਬਰਾਹਟ ਕਾਫੀ ਹੱਦ ਤੱਕ ਘਟ ਗਈ ਸੀ | ਕਾਲਜ ਦੇ ਖੱੁਲ੍ਹੇ ਵਾਤਾਵਰਨ ਅਤੇ ਪ੍ਰੋਫੈਸਰਾਂ ਦੇ ਮਿੱਠੇ ਬੋਲ-ਚਾਲ ਨੇ ਉਸ ਨੂੰ ਬੜੀ ਤਸੱਲੀ ਦਿੱਤੀ | ਇਸ ਤੋਂ ਵੀ ਵੱਧ ਤਸੱਲੀ ਇਹ ਹੋਈ ਕਿ ਸਾਰੀ ਕਲਾਸ ਦੇ ਬੱਚੇ ਹੀ ਪਹਿਲੀ ਵਾਰੀ ਕਾਲਜ ਆਏ ਸਨ | ਮੈਡੀਕਲ ਦੇ ਵਿਦਿਆਰਥੀ ਹੋਣ ਕਰਕੇ ਸਾਰੇ ਹੀ ਪੜ੍ਹਨ ਵਾਲੇ ਬੱਚੇ ਸਨ |
ਅੱਜ ਪਹਿਲੇ ਦਿਨ ਹੀ ਸਾਰੇ ਪੀਰੀਅਡ ਲੱਗ ਗਏ ਸਨ | ਥੋੜ੍ਹਾ-ਥੋੜ੍ਹਾ ਵਕਤ ਸਾਰੇ ਪ੍ਰੋਫੈਸਰਾਂ ਨੇ ਜਾਣ-ਪਛਾਣ ਵਿਚ ਲਗਾਇਆ, ਬਾਕੀ ਸਮਾਂ ਸਾਰਿਆਂ ਨੇ ਪੜ੍ਹਾਇਆ | ਬੌਟਨੀ ਅਤੇ ਜ਼ਿਓਲੋਜੀ ਦੇ ਪ੍ਰੋਫੈਸਰਾਂ ਨੇ ਆਪੋ-ਆਪਣੇ ਵਿਸ਼ੇ ਬਾਰੇ ਦੱਸਿਆ ਕਿ ਇਨ੍ਹਾਂ ਵਿਚ ਤੁਸੀਂ ਕੀ-ਕੀ ਪੜ੍ਹਨੈ |
ਹਰੀਸ਼ ਦਾ ਅੱਜ ਕਾਲਜ ਦਾ ਪਹਿਲਾ ਦਿਨ ਬੜਾ ਵਧੀਆ ਰਿਹਾ | ਉਹ ਬੜਾ ਖੁਸ਼-ਖੁਸ਼ ਘਰ ਆਇਆ | ਮਾਤਾ ਜੀ ਨੇ ਉਸ ਦਾ ਖਿੜਿਆ ਚਿਹਰਾ ਦੇਖ ਕੇ ਪੱੁਛਿਆ, 'ਅੱਜ ਕਿਸ ਤਰ੍ਹਾਂ ਰਿਹਾ ਕਾਲਜ ਦਾ ਪਹਿਲਾ ਦਿਨ?'
'ਬਹੁਤ ਵਧੀਆ, ਮਾਤਾ ਜੀ |'
ਸ਼ਾਮੀਂ ਸਿਧਾਰਥ ਨੇ ਤਾਂ ਸਕੂਲ ਆਉਣਾ ਹੀ ਸੀ, ਹਰੀਸ਼ ਦਾ ਪਤਾ ਕਰਨ | ਉਸ ਨਾਲ ਮੇਘਾ ਵੀ ਆ ਗਈ | ਉਹ ਦੋਵੇਂ ਉਸ ਨੂੰ ਕਾਲਜ ਬਾਰੇ ਪੱੁਛਦੇ ਰਹੇ | ਸਿਧਾਰਥ ਨੇ ਦੱਸਿਆ ਕਿ ਉਸ ਨੇ ਪਤਾ ਕੀਤੈ, ਅਗਲੇ ਸੋਮਵਾਰ ਤੋਂ ਤੁਹਾਡੀਆਂ ਟਿਊਸ਼ਨਾਂ ਸ਼ੁਰੂ ਹੋਣਗੀਆਂ |
ਚਾਹ ਪੀ ਕੇ ਸਿਧਾਰਥ ਸਕੂਲ ਵਾਲੇ ਪਾਸੇ ਚਲਾ ਗਿਆ, ਮੇਘਾ ਮਾਤਾ ਜੀ ਨਾਲ ਗੱਲਾਂਬਾਤਾਂ ਕਰਨ ਲੱਗ ਪਈ ਅਤੇ ਹਰੀਸ਼ ਆਪਣੇ ਕਮਰੇ ਵਿਚ ਜਾ ਕੇ ਪੜ੍ਹਨ ਲੱਗ ਪਿਆ | ਉਸ ਨੇ ਰਾਤ ਤੱਕ ਉਹ ਸਾਰਾ ਕੁਝ ਪੜ੍ਹ ਕੇ ਦੁਹਰਾਈ ਕਰ ਲਈ, ਜਿਹੜਾ ਅੱਜ ਕਾਲਜ ਵਿਚ ਪੜ੍ਹਾਇਆ ਸੀ | ਹੁਣ ਉਹ ਅੱਗੋਂ ਵੀ ਸਮਝ ਕੇ ਪੜ੍ਹਨ ਲੱਗਾ, ਜਿਹੜਾ ਕੱਲ੍ਹ ਕਾਲਜ ਵਿਚ ਪੜ੍ਹਾਉਣੈ |
ਬੂਟਿਆਂ ਵਿਚ ਹਰੀਸ਼ ਦਾ ਸ਼ੌਕ ਹੋਣ ਕਰਕੇ ਉਹ ਬੌਟਨੀ ਦੇ ਕਿੰਨੇ ਹੀ ਸਫੇ ਪੜ੍ਹ ਗਿਆ | ਉਹ ਹੈਰਾਨ ਹੋ ਰਿਹਾ ਸੀ ਕਿ ਪੌਦਿਆਂ ਦੇ ਵੀ ਪਰਿਵਾਰ ਹੁੰਦੇ ਹਨ ਜਿਵੇਂ ਸੰਤਰਾ, ਨਿੰਬੂ, ਮਾਲਟਾ, ਕੀਨੂੰ, ਖੱਟੇ, ਮਿੱਠੇ ਆਦਿ ਸਾਰੇ ਫਲ ਇਕੋ ਹੀ ਪਰਿਵਾਰ ਦੇ ਹਨ | ਇਨ੍ਹਾਂ ਦੇ ਗੁਣ ਵੀ ਮਿਲਦੇ-ਜੁਲਦੇ ਹਨ | ਇਸ ਪਰਿਵਾਰ ਦੇ ਬੂਟਿਆਂ ਨੂੰ ਜਦੋਂ ਫੱੁਲ ਲਗਦੇ ਹਨ ਤਾਂ ਸਾਰੇ ਬੂਟਿਆਂ ਦੇ ਫੱੁਲ ਵੀ ਤਕਰੀਬਨ ਇਕੋ ਜਿਹੇ ਹੁੰਦੇ ਹਨ ਅਤੇ ਇਨ੍ਹਾਂ ਸਾਰੇ ਫੱੁਲਾਂ ਦੀ ਖੁਸ਼ਬੋ ਵੀ ਇਕੋ ਜਿਹੀ ਹੁੰਦੀ ਹੈ | ਇਹ ਸਾਰੇ ਬੂਟੇ ਸਿਟਰਿਸ ਫੈਮਿਲੀ ਦੇ ਹੁੰਦੇ ਹਨ |
ਹਰੀਸ਼ ਨੂੰ ਪਤਾ ਹੀ ਨਾ ਚੱਲਿਆ ਕਿ ਹਫਤਾ ਕਿਵੇਂ ਲੰਘ ਗਿਆ | ਹੁਣ ਉਸ ਦੀ ਕਲਾਸ ਦੇ ਹੀ ਦੋ ਲੜਕੇ ਉਸ ਦੇ ਦੋਸਤ ਬਣ ਗਏ | ਉਹ ਆਪਸ ਵਿਚ ਪੜ੍ਹਾਈ ਦੀਆਂ ਕਈ ਗੱਲਾਂ ਸਾਂਝੀਆਂ ਕਰ ਲੈਂਦੇ |
ਸੋਮਵਾਰ ਤੋਂ ਉਸ ਦੀਆਂ ਦੋ ਟਿਊਸ਼ਨਾਂ ਸ਼ੁਰੂ ਹੋ ਜਾਣੀਆਂ ਸਨ | ਉਨ੍ਹਾਂ ਦਾ ਅੱਜ ਟਾਈਮ ਪ੍ਰੋਫੈਸਰਾਂ ਨੇ ਦੱਸ ਦਿੱਤਾ ਸੀ | ਫਿਜ਼ਿਕਸ ਦੀ ਕਲਾਸ ਸਵੇਰੇ ਕਾਲਜ ਲੱਗਣ ਤੋਂ ਇਕ ਘੰਟਾ ਪਹਿਲਾਂ, ਕਾਲਜ ਦੇ ਨੇੜੇ ਹੀ ਪ੍ਰੋਫੈਸਰ ਸਾਹਿਬ ਦੇ ਘਰ ਲੱਗਣੀ ਸੀ | ਕੈਮਿਸਟਰੀ ਦੀ ਸ਼ਾਮ ਨੂੰ , ਕਾਲਜ ਛੱੁਟੀ ਹੋਣ ਤੋਂ ਡੇਢ ਘੰਟੇ ਬਾਅਦ | ਇਹ ਹਰੀਸ਼ ਦੇ ਘਰ ਅਤੇ ਕਾਲਜ ਦੇ ਤਕਰੀਬਨ ਅੱਧ ਵਿਚਕਾਰ 'ਰਾਣੀ ਦੇ ਬਾਗ' ਵਿਚ ਲੱਗਣੀ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਮੌਲਸਰੀ

ਸੋਹਣੇ ਸਦਾਬਹਾਰ ਰੱੁਖਾਂ ਵਿਚ
ਗਿਣਿਆ ਜਾਂਦਾ |
ਮੈਂ ਸੁਗੰਧੀਆਂ ਵੰਡਣ ਵਾਲਾ
ਮੌਲਸਰੀ ਹਾਂ ਅਖਵਾਂਦਾ |
ਲੰਬੇ-ਛੋਟੇ ਚਿਕਨੇ ਕੂਲੇ
ਜਾਮਣ ਵਰਗੇ ਪੱਤੇ |
ਤਣੇ ਦੁਆਲੇ ਜੀਕੂੰ ਟਾਹਣੀਆਂ
ਹੋਵਣ ਘੇਰੇ ਘੱਤੇ |
ਗਰਮੀ ਰੱੁਤੇ ਰਾਹਗੀਰਾਂ ਨੂੰ
ਵੰਡਦਾ ਠੰਢੜੀ ਛਾਂ |
ਫੱੁਲਾਂ ਲੱਦੀਆਂ ਟਾਹਣੀਆਂ 'ਚੋਂ
ਉਡਦੀਆਂ ਨੇ ਮਹਿਕਾਂ |
ਫੱੁਲ ਨਿਚੋੜਨ ਲੋਕੀਂ ਮੇਰੇ
ਇਤਰ ਬਣਾ ਲੈਂਦੇ |
ਮੇਰੇ ਸੱਕ, ਲੱਕੜ, ਫੱੁਲਾਂ ਨੂੰ
ਲੋਕ ਦਵਾਈ ਕਹਿੰਦੇ |
ਗੁੰਦ ਕੇ ਫੱੁਲਾਂ ਦੀਆਂ ਮਾਲਾਵਾਂ,
ਗਰਦਨ ਉੱਤੇ ਸਜਾਉਂਦੇ |
ਭੂਰੇ, ਲਾਲ ਰੰਗਾਂ ਤੋਂ
ਸੂਤੀ ਕੱਪੜੇ ਰੰਗ ਲੈਂਦੇ |
ਆਪਣੇ ਬਾਗ-ਬਗੀਚੇ ਵਿਚ
ਮੈਨੂੰ ਤਾਂ ਹੀ ਲੋਕ ਲਗਾਉਂਦੇ |
ਮਹਿਕ ਪਵੇ ਜਦ ਮੌਲਸਰੀ
ਪੌਣਾਂ 'ਚੋਂ ਸਨੇਹੇ ਆਉਂਦੇ |

-ਹਰੀਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਗਲੀ 10, ਪੱਖੋਵਾਲ ਰੋਡ, ਲੁਧਿਆਣਾ-141013. ਮੋਬਾ: 97806-67686

ਬਾਲ ਕਹਾਣੀ

ਘੁੱਗੀ ਅਤੇ ਕਾਂ

ਬੱਚਿਓ, ਤੁਸੀਂ ਚਿੜੀ ਅਤੇ ਕਾਂ ਦੀਆਂ ਕਹਾਣੀਆਂ ਤਾਂ ਬਹੁਤ ਪੜ੍ਹੀਆਂ ਤੇ ਸੁਣੀਆਂ ਹੋਣਗੀਆਂ। ਤੁਹਾਨੂੰ ਇਹ ਵੀ ਪਤਾ ਲੱਗ ਹੀ ਗਿਆ ਹੋਵੇਗਾ ਕਿ ਕਾਂ ਇਕ ਬਹੁਤ ਹੀ ਚਤੁਰ ਪੰਛੀ ਹੈ, ਜੋ ਹਰ ਵਾਰ ਚਿੜੀ ਨਾਲ ਧੋਖਾ ਤੇ ਬੇਵਫ਼ਾਈ ਹੀ ਕਰਦਾ ਹੈ ਪਰ ਇਸ ਕਹਾਣੀ ਵਿਚ ਐਤਕੀਂ ਕਾਂ ਚਿੜੀ ਨਾਲ ਨਹੀਂ, ਬਲਕਿ ਘੁੱਗੀ ਨਾਲ ਬੇਵਫ਼ਾਈ ਕਰਦਾ ਦੱਸਿਆ ਗਿਆ ਹੈ। ਪਰ ਫਿਰ ਵੀ ਅਣਭੋਲ ਤੇ ਮਾਯੂਸ ਘੁੱਗੀ ਆਪਣਾ ਸਭ ਕੁਝ ਲੁਟਾ ਕੇ ਵੀ ਕਾਂ ਦੇ ਬੱਚਿਆਂ ਦੀ ਜਾਨ ਬਚਾਉਂਦੀ ਹੈ।
ਗੱਲ ਕੁਝ ਸਾਲ ਪੁਰਾਣੀ ਹੈ। ਪਿੰਡੋਂ ਬਾਹਰ ਖੇਤਾਂ ਵਿਚ ਟਾਹਲੀ ਦੇ ਰੁੱਖ 'ਤੇ ਘੁੱਗੀ ਆਪਣਾ ਆਲ੍ਹਣਾ ਪਾ ਕੇ ਰਹਿ ਰਹੀ ਸੀ। ਆਲ੍ਹਣੇ ਵਿਚ ਉਸ ਨੇ ਚਾਰ ਆਂਡੇ ਵੀ ਦਿੱਤੇ ਹੋਏ ਸਨ। ਉਸ ਦੇ ਆਲ੍ਹਣੇ ਦੇ ਸਾਹਮਣੇ ਹੀ ਟਾਹਣੀ 'ਤੇ ਇਕ ਕਾਂ ਵੀ ਰਾਤ ਕੱਟਣ ਲਈ ਆ ਠਹਿਰਦਾ ਸੀ। ਉਹ ਸਾਰਾ ਦਿਨ ਵਿਹਲਾ ਘੁੰਮਦਾ ਰਹਿੰਦਾ। ਚੁਗਲੀਆਂ ਕਰਕੇ ਦੂਜਿਆਂ ਦੇ ਪਰਿਵਾਰਾਂ ਵਿਚ ਲੜਾਈ ਪਾਈ ਰੱਖਦਾ। ਪਰ ਆਪਣੇ ਲਈ ਆਲ੍ਹਣਾ ਨਾ ਬਣਾ ਸਕਿਆ। ਹੁਣ ਅੱਗੇ ਆ ਰਹੀ ਠੰਢ ਤੋਂ ਬਚਣ ਲਈ ਮਨ ਹੀ ਮਨ ਘੁੱਗੀ ਦਾ ਆਲ੍ਹਣਾ ਹੜੱਪਣ ਦੀਆਂ ਸਕੀਮਾਂ ਘੜਨ ਲੱਗਾ ਪਰ ਉਸ ਨੂੰ ਕੋਈ ਮੌਕਾ ਜਾਂ ਬਹਾਨਾ ਨਹੀਂ ਮਿਲ ਰਿਹਾ ਸੀ। ਫਿਰ ਇਕ ਦਿਨ ਘੁੱਗੀ ਬਾਹਰ ਚੋਗਾ ਚੁਗਣ ਲਈ ਗਈ ਹੋਈ ਸੀ। ਟਾਹਲੀ 'ਤੇ ਬੈਠੇ ਕਾਂ ਦੇ ਮਨ ਵਿਚ ਬੇਈਮਾਨੀ ਜਾਗ ਪਈ। ਉਸ ਨੇ ਸੋਚਿਆ ਕਿ ਜੇਕਰ ਘੁੱਗੀ ਦੇ ਆਂਡੇ ਪੀ ਗਿਆ ਤਾਂ ਘੁੱਗੀ ਇਕੱਲੀ ਹੀ ਰਹਿ ਜਾਵੇਗੀ ਤੇ ਆਲ੍ਹਣਾ ਛੱਡ ਭੱਜ ਜਾਵੇਗੀ। ਬਸ ਫਿਰ ਕੀ ਸੀ, ਉਹ ਝੱਟ ਉਡਾਰੀ ਮਾਰ ਘੁੱਗੀ ਦੇ ਆਲ੍ਹਣੇ ਵਿਚ ਪੁੱਜ ਗਿਆ ਤੇ ਸਾਰੇ ਹੀ ਆਂਡੇ ਪੀ ਗਿਆ। ਸ਼ਾਮ ਨੂੰ ਘੁੱਗੀ ਜਦੋਂ ਵਾਪਸ ਆਈ ਤਾਂ ਆਪਣਾ ਖਾਲੀ ਆਲ੍ਹਣਾ ਦੇਖ ਵਿਚਾਰੀ ਬਹੁਤ ਰੋਈ। ਕਈ ਦਿਨ ਬੇਚੈਨ ਰਹੀ। ਮਨ ਹੀ ਮਨ ਕਾਂ ਨੂੰ ਕੋਸਦੀ ਰਹੀ। ਵਾਰ-ਵਾਰ ਇਹੀ ਸੋਚਦੀ ਰਹੀ ਕਿ ਕਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਪਰ ਫਿਰ ਉਸ ਨੂੰ ਗੱਲ ਦੀ ਸਮਝ ਆ ਗਈ। ਉਹ ਕਾਂ ਕੋਲ ਜਾ ਕੇ ਤਰਲਾ ਕਰਦਿਆਂ ਬੋਲੀ, 'ਕਾਂ ਵੀਰਾ! ਤੂੰ ਬਹੁਤ ਮਾੜੀ ਕੀਤੀ ਆ, ਜੇ ਤੈਨੂੰ ਆਲ੍ਹਣੇ ਦੀ ਲੋੜ ਸੀ ਤਾਂ ਤੂੰ ਮੈਨੂੰ ਦੱਸ ਦਿੰਦਾ। ਮੈਂ ਤੈਨੂੰ ਆਪਣਾ ਆਲ੍ਹਣਾ ਦੇ ਦਿੰਦੀ।'
ਕਾਂ ਝੱਟ ਬੋਲਿਆ, 'ਲੈ, ਤੂੰ ਮੈਨੂੰ ਹੁਣ ਆਪਣਾ ਆਲ੍ਹਣਾ ਦੇ ਦੇ। ਹੁਣ ਤਾਂ ਤੂੰ ਇਕੱਲੀ ਆਂ, ਜਿਥੇ ਮਰਜ਼ੀ ਜਾ ਕੇ ਰਹਿ ਲੈ।' ਘੁੱਗੀ ਆਪਣਾ ਆਲ੍ਹਣਾ ਕਾਂ ਨੂੰ ਦੇ ਕੇ ਮਨ ਹੀ ਮਨ ਬਹੁਤ ਦੁਖੀ ਹੋਈ। ਹੁਣ ਉਸ ਨੇ ਕੁਝ ਦਿਨਾਂ ਵਿਚ ਹੀ ਨੇੜਲੀ ਟਾਹਣੀ ਉੱਤੇ ਆਪਣੇ ਲਈ ਇਕ ਨਵਾਂ ਆਲ੍ਹਣਾ ਪਾ ਲਿਆ। ਸਮਾਂ ਪਾ ਕੇ ਘੁੱਗੀ ਅਤੇ ਕਾਂ ਦੋਵਾਂ ਦੇ ਆਲ੍ਹਣਿਆਂ ਵਿਚ ਬੋਟ ਰਹਿ ਰਹੇ ਸਨ। ਇਕ ਵਾਰ ਕੀ ਹੋਇਆ, ਕਾਂ ਆਪਣੇ ਬੱਚਿਆਂ ਵਾਸਤੇ ਚੋਗਾ ਲੈਣ ਲਈ ਬਾਹਰ ਗਿਆ ਹੋਇਆ ਸੀ। ਚਿੜੀ ਨੇ ਆਪਣੇ ਆਲ੍ਹਣੇ ਵਿਚ ਬੈਠੇ ਦੇਖਿਆ ਕਿ ਇਕ ਵੱਡਾ ਸਾਰਾ ਸੱਪ ਟਾਹਲੀ 'ਤੇ ਚੜ੍ਹ ਕੇ ਕਾਂ ਦੇ ਬੱਚੇ ਖਾਣ ਲਈ ਅੱਗੇ ਵਧਦਾ ਜਾ ਰਿਹਾ ਹੈ। ਫਿਰ ਕੀ ਸੀ, ਚਿੜੀ ਨੇ ਚੀਂ-ਚੀਂ ਕਰਕੇ ਸਾਰੇ ਪੰਛੀ ਇਕੱਠੇ ਕਰ ਲਏ। ਉਸ ਦੀ ਮਦਦ ਲਈ ਘੁੱਗੀ, ਕਾਂ, ਸ਼ਰਕ, ਤੋਤਾ, ਕਬੂਤਰ ਆ ਗਏ। ਪੰਛੀਆਂ ਨੇ ਚੁੰਝਾਂ ਮਾਰ-ਮਾਰ ਕੇ ਸੱਪ ਦੀ ਪੇਸ਼ ਨਾ ਜਾਣ ਦਿੱਤੀ। ਘਬਰਾ ਕੇ ਜਾਨ ਬਚਾਅ ਕੇ ਸੱਪ ਥੱਲੇ ਉੱਤਰ ਖੇਤਾਂ ਵੱਲ ਭੱਜ ਗਿਆ। ਵਾਪਸ ਆ ਕੇ ਜਦੋਂ ਕਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਕਿ ਚਿੜੀ ਨੇ ਮੇਰੇ ਬੱਚਿਆਂ ਦੀ ਜਾਨ ਬਚਾਈ ਹੈ ਤਾਂ ਉਹ ਬਹੁਤ ਹੀ ਸ਼ਰਮਿੰਦਾ ਹੋਇਆ। ਹੁਣ ਉਹ ਘੁੱਗੀ ਅੱਗੇ ਬੈਠਾ ਅੱਖਾਂ 'ਚ ਅੱਥਰੂ ਭਰ ਕੇ ਵਾਰ-ਵਾਰ ਆਪਣੇ ਕੀਤੇ ਮਾੜੇ ਕਾਰੇ ਦੀ ਮੁਆਫ਼ੀ ਮੰਗ ਰਿਹਾ ਸੀ।
ਸਿੱਖਿਆ : ਸਾਨੂੰ ਕਦੇ ਵੀ ਕਿਸੇ ਨਾਲ ਮਾੜਾ ਵਰਤਾਓ ਨਹੀਂ ਕਰਨਾ ਚਾਹੀਦਾ।


-ਨਕੋਦਰ। ਮੋਬਾ: 99148-33670

ਪੋਕੇਮੌਨ

ਅੱਜਕਲ੍ਹ ਦੀਆਂ ਵੀਡੀਓ ਗੇਮਜ਼ ਦੇ ਪਹਿਲੇ ਪੰਜ ਕਾਰਟੂਨ ਚਰਿੱਤਰਾਂ ਦੇ ਨਾਂਅ ਲੈਣੇ ਹੋਣ ਤਾਂ ਉਨ੍ਹਾਂ ਵਿਚੋਂ ਇਕ ਨਾਂਅ 'ਪੋਕੇਮੌਨ' ਦਾ ਆਉਂਦਾ ਹੈ। ਇਹ ਦੁਨੀਆ ਵਿਚ ਦੂਜੇ ਨੰਬਰ 'ਤੇ ਵਿਕਣ ਵਾਲੀ ਵੀਡੀਓ ਗੇਮ ਦਾ ਜਾਪਾਨੀ ਨਾਇਕ ਹੈ। ਦੋ ਜਾਪਾਨੀ ਸ਼ਬਦਾਂ 'ਪਾਕੇਟ ਮੋਨਸਟਰਜ਼' ਦਾ ਸੰਖੇਪ ਨਾਂਅ 'ਪੋਕੇਮੌਨ' ਹੈ। ਇਹ ਪਾਤਰ ਪਹਿਲੀ ਵਾਰੀ 1995 ਵਿਚ ਸਾਹਮਣੇ ਆਇਆ ਸੀ। ਆਮ ਤੌਰ 'ਤੇ ਕਾਰਟੂਨ ਚਰਿੱਤਰਾਂ ਨੂੰ ਕਿਸੇ ਡਿਜ਼ਾਈਨਰ ਵਲੋਂ ਡਿਜ਼ਾਈਨ ਕੀਤਾ ਜਾਂਦਾ ਹੈ ਪਰ ਇਹ ਇਕ ਅਜਿਹਾ ਚਰਿੱਤਰ ਹੈ, ਜਿਸ ਨੂੰ ਨਿਨਤੇਂਦੋ ਨਾਂਅ ਦੀ ਕੰਪਨੀ ਵਲੋਂ ਡਿਜ਼ਾਈਨ ਕੀਤਾ ਗਿਆ ਸੀ। ਸਤੋਸ਼ੀ ਤਾਜੀਰੀ ਇਸ ਦੇ ਨਿਰਮਾਤਾ ਹਨ। ਪੀਲੇ ਰੰਗ ਵਾਲਾ ਇਹ ਅਦਭੁੱਤ ਪ੍ਰਾਣੀ ਖੜ੍ਹੇ ਕੰਨ ਰੱਖਦਾ ਹੈ, ਜੋ ਪਿਕਾਚੂ ਅਤੇ ਗ੍ਰੇਸਲੀ ਵਰਗੇ ਕਾਰਟੂਨ ਪਾਤਰਾਂ ਨਾਲ ਕਾਫੀ ਹੱਦ ਤੱਕ ਮਿਲਦਾ-ਜੁਲਦਾ ਹੈ। ਵੇਖਣ ਵਿਚ ਇਹ ਟੈਡੀ ਬੀਅਰ, ਬਿੱਲੀ ਜਾਂ ਗੁਲਹਿਰੀ ਦਾ ਭੁਲੇਖਾ ਪਾਉਂਦਾ ਹੈ। ਇਸ ਦੀ ਪੂਛ ਵੀ ਸਾਧਾਰਨ ਜੀਵ-ਜੰਤੂਆਂ ਵਰਗੀ ਨਹੀਂ, ਸਗੋਂ ਖ਼ਾਸ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ। ਇਸ ਪਾਤਰ ਬਾਰੇ ਅਨੇਕ ਕਹਾਣੀਆਂ, ਕਾਮਿਕਸ, ਲਘੂ ਫ਼ਿਲਮਾਂ, ਐਨੀਮੇਸ਼ਨਜ਼, ਟੈਲੀ ਫ਼ਿਲਮਾਂ, ਵੀਡੀਓ ਗੇਮਜ਼, ਖਿਡੌਣਿਆਂ ਅਤੇ ਕਾਰਡ ਗੇਮਜ਼ ਉਪਲਬਧ ਹਨ। ਸੈਂਕੜਿਆਂ ਦੀ ਗਿਣਤੀ ਵਿਚ ਮਿਲਦੇ ਪੋਕੇਮੌਨ ਦੇ ਸਟਿੱਕਰ ਵੀ ਆਮ ਮਿਲਦੇ ਹਨ, ਜਿਨ੍ਹਾਂ ਨੂੰ ਬੱਚੇ ਆਪਣੀਆਂ ਕਾਪੀਆਂ ਕਿਤਾਬਾਂ 'ਤੇ ਚਿਪਕਾ ਕੇ ਖੁਸ਼ ਹੁੰਦੇ ਹਨ।


-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ।
ਮੋਬਾ: 98144-23703

ਬੱਚਿਆਂ ਨੂੰ ਅਣਗੌਲਿਆ ਨਾ ਕਰੋ

ਬੱਚੇ ਸਾਡਾ ਭਵਿੱਖ ਤੇ ਕੌਮ ਦਾ ਸਰਮਾਇਆ ਹੁੰਦੇ ਹਨ। ਪਹਿਲਾਂ ਸੰਯੁਕਤ ਪਰਿਵਾਰਾਂ ਵਿਚ ਜੰਮੇ-ਪਲੇ ਬੱਚੇ ਪਰਿਵਾਰ ਵਿਚੋਂ ਹੀ ਕਾਫੀ ਕੁਝ ਸਿੱਖ ਲੈਂਦੇ ਸਨ। ਨਿਮਰਤਾ, ਸਹਿਣਸ਼ੀਲਤਾ, ਵੱਡਿਆਂ ਦਾ ਆਦਰ ਤੇ ਛੋਟਿਆਂ ਨਾਲ ਪਿਆਰ ਵਰਗੇ ਗੁਣ ਉਨ੍ਹਾਂ ਵਿਚ ਆਪਮੁਹਾਰੇ ਪ੍ਰਵੇਸ਼ ਕਰ ਜਾਂਦੇ ਸਨ। ਅੱਜ ਦੇ ਇਕਹਿਰੇ ਪਰਿਵਾਰਾਂ ਦੇ ਬੱਚਿਆਂ ਵਿਚ ਇਨ੍ਹਾਂ ਗੁਣਾਂ ਦੀ ਬਹੁਤ ਘਾਟ ਦਿਖਾਈ ਦੇ ਰਹੀ ਹੈ। ਅੱਜ ਬੱਚੇ ਜ਼ਿਆਦਾ ਸਮਾਂ ਫੋਨਾਂ 'ਤੇ ਹੀ ਬਰਬਾਦ ਕਰ ਰਹੇ ਹਨ। ਉਹ ਆਪਣੇ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਮਾਪਿਆਂ ਦਾ ਸਤਿਕਾਰ ਕਰਨਾ ਭੁੱਲ ਗਏ ਹਨ। ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ ਉਨ੍ਹਾਂ ਵਿਚ। ਥੋੜ੍ਹਾ ਜਿਹਾ ਝਿੜਕਣ 'ਤੇ ਮਰਨ ਤੱਕ ਦੀਆਂ ਧਮਕੀਆਂ ਦੇਣ ਲੱਗ ਪੈਂਦੇ ਹਨ। ਪੜ੍ਹਾਈ ਵਿਚ ਬੇਸ਼ੱਕ ਬਹੁਤ ਅੱਗੇ ਨਿਕਲ ਚੁੱਕੇ ਹਨ ਪਰ ਨੈਤਿਕ ਕਦਰਾਂ-ਕੀਮਤਾਂ ਨੂੰ ਪਿੱਛੇ ਛੱਡਦੇ ਜਾ ਰਹੇ ਹਨ।
ਇਸ ਸਭ ਲਈ ਅਸੀਂ ਖੁਦ ਹੀ ਕਾਫੀ ਹੱਦ ਤੱਕ ਜ਼ਿੰਮੇਵਾਰ ਹਾਂ। ਬੱਚਿਆਂ ਨੂੰ ਮੋਬਾਈਲ ਦੇ ਕੇ ਜਾਂ ਟੀ. ਵੀ. ਅੱਗੇ ਬਿਠਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੇ ਹਾਂ। ਬੱਚੇ ਨੂੰ ਸਿਰਫ ਪੈਦਾ ਕਰਨਾ ਹੀ ਨਹੀਂ, ਸਗੋਂ ਸੰਸਕਾਰ ਦੇਣੇ ਵੀ ਸਾਡੀ ਹੀ ਜ਼ਿੰਮੇਵਾਰੀ ਹੈ ਪਰ ਇਹ ਸੰਸਕਾਰ ਪਹਿਲਾਂ ਸਾਨੂੰ ਆਪਣੇ ਅੰਦਰ ਪੈਦਾ ਕਰਨੇ ਪੈਣਗੇ। ਬਚਪਨ ਵਿਚ ਮਿਲੇ ਸੰਸਕਾਰ ਹੀ ਅੱਗੇ ਜਾ ਕੇ ਉਸ ਦੇ ਜੀਵਨ ਦਾ ਆਧਾਰ ਬਣਦੇ ਹਨ। ਉਨ੍ਹਾਂ ਨੂੰ ਆਪਣਾ ਕੰਮ ਖੁਦ ਕਰਨ ਦੀ ਆਦਤ ਪਾਓ। ਉਸ ਦੀ ਹਰੇਕ ਜ਼ਿਦ ਪੂਰੀ ਨਾ ਕਰੋ। ਗ਼ਲਤੀ ਕਰਨ 'ਤੇ ਝਿੜਕੋ ਵੀ ਜ਼ਰੂਰ। ਬੱਚਿਆਂ 'ਤੇ ਆਪਣੇ ਵੱਡੇ ਹੋਣ ਦਾ ਰੋਹਬ ਨਹੀਂ ਪਾਉਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਬੱਚੇ ਬਣ ਕੇ ਹੀ ਸਮਝਿਆ ਜਾ ਸਕਦਾ ਹੈ। ਬੱਚਿਆਂ ਦੀ ਗੱਲ ਸੁਣ ਕੇ ਅਣਗੌਲਿਆ ਨਹੀਂ ਕਰਨਾ ਚਾਹੀਦਾ, ਸਗੋਂ ਹਰ ਗੱਲ ਧਿਆਨ ਨਾਲ ਸੁਣ ਕੇ ਸਹੀ ਜਵਾਬ ਦੇਣਾ ਚਾਹੀਦਾ ਹੈ। ਬੱਚਿਆਂ ਨਾਲ ਉਨ੍ਹਾਂ ਦੇ ਦੋਸਤ ਬਣ ਕੇ ਸਮਾਂ ਬਿਤਾਉਣਾ ਚਾਹੀਦਾ ਹੈ, ਤਾਂ ਕਿ ਉਹ ਤੁਹਾਡੇ ਨਾਲ ਕੋਈ ਵੀ ਗੱਲ ਕਰਨ ਤੋਂ ਝਿਜਕਣ ਨਾ, ਸਗੋਂ ਖੁੱਲ੍ਹ ਕੇ ਗੱਲ ਕਰ ਸਕਣ।


-ਪਿੰਡ ਚੱਕਲਾਂ (ਰੋਪੜ)।
ਮੋਬਾ: 94649-18164

ਕਾਵਿ-ਬੁਝਾਰਤ

ਬੁੱਝੋ ਬੱਚਿਓ ਮੇਰਾ ਨਾਂਅ

ਬੁੱਝੋ ਬੱਚਿਓ ਮੇਰਾ ਨਾਂਅ...
ਮੇਰੇ ਉੱਤੋਂ ਹਰ ਪੰਜਾਬੀ ਜਾਂਦਾ ਵਾਰੇ-ਵਾਰੇ,
ਸ਼ਿਵ, ਮੋਹਨ, ਨੂਰਪੁਰੀ, ਜੈਤੋਈ ਚਮਕੇ ਵਾਂਗ ਸਿਤਾਰੇ।
ਯੁਗਾਂ-ਯੁਗਾਂ ਤੋਂ ਹਰ ਪੰਜਾਬੀ ਦੇ ਦਿਲ ਵਿਚ ਵਸਦੀ ਹਾਂ,
ਬੁੱਝੋ ਬੱਚਿਓ ਮੇਰਾ ਨਾਂਅ.........
ਗਿੱਧਾ, ਭੰਗੜਾ, ਕਿੱਕਲੀ, ਮਾਹੀਆ, ਲੋਕ-ਗੀਤਾਂ ਦੀਆਂ ਹੇਕਾਂ,
ਬੋਲੀਆਂ, ਟੱਪੇ, ਸੁਹਾਗ, ਘੋੜੀਆਂ, ਨਾਟਕ, ਨਾਚ ਅਨੇਕਾਂ।
ਮੇਰੀ ਚਰਚਾ ਹਰ ਇਕ ਪਾਸੇ, ਕਸਬੇ, ਸ਼ਹਿਰ ਗਰਾਂ,
ਬੁੱਝੋ ਬੱਚਿਓ ਮੇਰਾ ਨਾਂਅ........
ਦਰਿਆਵਾਂ ਦੇ ਕੰਢਿਆਂ 'ਤੇ ਮੈਂ ਹੋਈ ਨਵੀਂ-ਨਰੋਈ,
ਗੁਰੂਆਂ, ਪੀਰਾਂ-ਫਕੀਰਾਂ ਦੀ ਮੇਰੇ 'ਤੇ ਕਿਰਪਾ ਹੋਈ।
ਸ਼ੇਖ ਫਰੀਦ, ਗੁਰਦਾਸ ਜੀ ਤੇ ਵਾਰਿਸ ਕੀਤੀ ਮੈਨੂੰ ਛਾਂ,
ਬੁੱਝੋ ਬੱਚਿਓ ਮੇਰਾ ਨਾਂਅ.........
ਹਰ ਪੰਜਾਬੀ ਸਾਰੀ ਉਮਰੇ, ਮੈਨੂੰ ਪੜ੍ਹੇ ਤੇ ਮਾਣੇ,
ਲੜ ਮੇਰੇ ਲੱਗ ਅੰਬਰੀਂ ਪੁੱਜੇ, ਅਨਪੜ੍ਹ ਅਤੇ ਨਿਮਾਣੇ।
ਮੇਰੇ ਰਾਹੀਂ ਦਏ ਲੋਰੀਆਂ, ਹਰ ਪੰਜਾਬਣ ਮਾਂ,
ਬੁੱਝੋ ਬੱਚਿਓ ਮੇਰਾ ਨਾਂਅ.........
(ਉੱਤਰ : ਪੰਜਾਬੀ ਮਾਂ-ਬੋਲੀ)


-ਭੁਪਿੰਦਰ ਸਿੰਘ ਆਸ਼ਟ,
ਪਿੰਡ ਤੇ ਡਾਕ: ਘੱਗਾ (ਪਟਿਆਲਾ)-147102.
ਮੋਬਾ: 94632-65532

ਬਾਲ ਨਾਵਲ-57

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਾਤਾ ਜੀ ਦੇ ਜਾਣ ਤੋਂ ਬਾਅਦ ਉਸ ਨੇ ਕਮਰੇ ਦਾ ਬੂਹਾ ਭੇੜ ਦਿੱਤਾ ਅਤੇ ਆਪ ਮੇਜ਼ ਦੇ ਕੋਲ ਪਈ ਕੁਰਸੀ 'ਤੇ ਬੈਠ ਗਿਆ। ਉਸ ਨੇ ਮੇਜ਼ 'ਤੇ ਪਈ ਇਕ ਕਿਤਾਬ ਚੁੱਕ ਲਈ ਅਤੇ ਉਸ ਦੇ ਵਰਕੇ ਫਰੋਲਣ ਲੱਗਾ। ਕਿਤਾਬ ਦੇ ਵਰਕੇ ਪਰਤਦਿਆਂ ਉਹ ਆਪਣੇ ਅਤੀਤ ਵਿਚ ਪਹੁੰਚ ਗਿਆ। ਉਸ ਦੀਆਂ ਅੱਖਾਂ ਅੱਗਿਓਂ ਇਕ-ਇਕ ਸੀਨ ਲੰਘਣ ਲੱਗਾ। ਉਸ ਦੇ ਉਦਾਸ ਚਿਹਰੇ ਉੱਪਰ ਥੋੜ੍ਹੀ ਜਿਹੀ ਖੁਸ਼ੀ ਝਲਕੀ, ਜਦੋਂ ਉਸ ਦੀਆਂ ਅੱਖਾਂ ਅੱਗਿਓਂ ਸਿਧਾਰਥ ਦੀ ਪਹਿਲੀ ਮੁਲਾਕਾਤ ਦਾ ਸੀਨ ਲੰਘਿਆ। ਅਚਾਨਕ ਉਹ ਇਕਦਮ ਬਹੁਤ ਉਦਾਸ ਹੋ ਗਿਆ ਅਤੇ ਫਿਰ ਉਸ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਅੱਥਰੂ ਡਿਗਣ ਲੱਗੇ। ਇਸ ਵੇਲੇ ਸ਼ਾਇਦ ਉਸ ਨੂੰ ਬੀਜੀ ਦੇ ਹਸਪਤਾਲ ਦਾਖਲ ਕਰਾਉਣ ਅਤੇ ਫਿਰ ਉਨ੍ਹਾਂ ਦੇ ਸਵਰਗਵਾਸ ਹੋਣ ਦੀ ਯਾਦ ਆ ਰਹੀ ਸੀ। ਉਹ ਕਿੰਨੀ ਦੇਰ ਬੀਜੀ-ਪਿਤਾ ਜੀ ਦੀ ਫੋਟੋ ਦੇਖਦਾ ਰਿਹਾ ਅਤੇ ਹੰਝੂ ਵਹਾਉਂਦਾ ਰਿਹਾ।
ਇਸ ਭਿਆਨਕ ਸੀਨ ਤੋਂ ਬਾਅਦ ਉਸ ਨੇ ਆਪਣੀਆਂ ਅੱਖਾਂ ਪੂੰਝੀਆਂ। ਫਿਰ ਉਹ ਉੱਠ ਕੇ ਬਾਥਰੂਮ ਚਲਾ ਗਿਆ। ਉਥੇ ਉਸ ਨੇ ਹੱਥ-ਮੂੰਹ ਧੋਤਾ ਅਤੇ ਫਿਰ ਆ ਕੇ ਕੁਰਸੀ 'ਤੇ ਬੈਠ ਗਿਆ। ਹੁਣ ਉਹ ਸਾਰੇ ਕਮਰੇ ਨੂੰ ਅਤੇ ਉਥੇ ਪਈ ਹਰ ਚੀਜ਼ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਸੀ। ਉਹ ਹਰ ਚੀਜ਼ ਨੂੰ ਦੇਖ-ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਮੇਰੇ ਵਰਗੇ ਬੇਸਹਾਰਾ ਲੜਕੇ ਨੂੰ ਕਿੰਨਾ ਸੁਖ-ਆਰਾਮ ਰਿਹਾ ਹੈ। ਮੇਰੇ ਆਲੇ-ਦੁਆਲੇ ਕਿੰਨੇ ਵਧੀਆ ਲੋਕ ਹਨ। ਕੀ ਇਹ ਸਾਰੇ ਕਿਸੇ ਦੇਵੀ-ਦੇਵਤਿਆਂ ਤੋਂ ਘੱਟ ਹਨ? ਮੇਰੇ ਵਰਗੇ ਲੜਕੇ ਨੇ ਸੜਕਾਂ 'ਤੇ ਰੁਲ ਜਾਣਾ ਸੀ, ਜੇ ਮੇਰੇ ਵੀਰ ਜੀ ਮੈਨੂੰ ਨਾ ਮਿਲਦੇ। ਮੈਨੂੰ ਸੜਕ ਤੋਂ ਚੁੱਕ ਕੇ ਇਸ ਆਰਾਮਦਾਇਕ ਕਮਰੇ ਵਿਚ ਪਹੁੰਚਾਉਣ ਦਾ ਸਾਰਾ ਸਿਹਰਾ ਮੇਰੇ ਪਿਓਆਂ ਵਰਗੇ ਵੀਰ ਜੀ ਅਤੇ ਮਾਵਾਂ ਤੋਂ ਵੀ ਵੱਧ ਧਿਆਨ ਰੱਖਣ ਵਾਲੀ ਉਨ੍ਹਾਂ ਦੀ ਪਤਨੀ ਅਤੇ ਮੇਰੀ ਮੇਘਾ ਭਾਬੀ ਨੂੰ ਜਾਂਦਾ ਹੈ। ਹੁਣ ਉਨ੍ਹਾਂ ਤੋਂ ਵੀ ਵੱਧ ਮੇਰੇ ਦਾਦੀ ਜੀ ਯਾਨੀ ਮਾਤਾ ਜੀ। ਇਸ ਨੂੰ ਮੈਂ ਕੁਦਰਤ ਦਾ ਚਮਤਕਾਰ ਕਹਾਂ ਕਿ ਆਪਣੀ ਮਾਂ ਦੀਆਂ ਅਸੀਸਾਂ ਦਾ ਫਲ... ਉਹ ਅਜੇ ਇਨ੍ਹਾਂ ਸੋਚਾਂ ਵਿਚ ਹੀ ਗਵਾਚਿਆ ਹੋਇਆ ਸੀ ਕਿ ਆਸ਼ਾ ਨੇ ਉਸ ਦਾ ਦਰਵਾਜ਼ਾ ਠਕੋਰਦਿਆਂ ਕਿਹਾ, 'ਹਰੀਸ਼ ਬੇਟਾ, ਆ ਕੇ ਗਰਮ-ਗਰਮ ਰੋਟੀ ਖਾ ਲੈ, ਮਾਤਾ ਜੀ ਤੈਨੂੰ ਬੁਲਾ ਰਹੇ ਹਨ।'
'ਆ ਰਿਹਾਂ ਆਂਟੀ ਜੀ', ਹਰੀਸ਼ ਨੇ ਜਵਾਬ ਦਿੱਤਾ। ਉਸ ਦੀ ਨਜ਼ਰ ਜਦੋਂ ਘੜੀ 'ਤੇ ਪਈ ਤਾਂ ਉਹ ਹੈਰਾਨ ਹੋ ਗਿਆ ਕਿ ਅੱਠ ਵੱਜ ਚੁੱਕੇ ਸਨ। ਉਸ ਨੇ ਆਪਣੇ ਸਿਰ 'ਤੇ ਹੱਥ ਫੇਰਿਆ ਅਤੇ ਦੋ ਮਿੰਟ ਆਪਣੇ-ਆਪ ਵਿਚ ਆ ਕੇ ਉਹ ਮਾਤਾ ਜੀ ਦੇ ਕਮਰੇ ਵੱਲ ਤੁਰ ਪਿਆ।
ਰੋਟੀ ਖਾ ਕੇ ਉਹ ਆਪਣੇ ਕਮਰੇ ਵਿਚ ਆ ਗਿਆ। ਆ ਕੇ ਉਸ ਨੇ ਥੋੜ੍ਹੀ ਦੇਰ ਆਪਣੀਆਂ ਨਵੀਆਂ ਕਿਤਾਬਾਂ 'ਤੇ ਝਾਤੀ ਮਾਰੀ ਅਤੇ ਫਿਰ ਉਹ ਸੌਂ ਗਿਆ।
ਅਗਲੇ ਦਿਨ ਐਤਵਾਰ ਸੀ। ਹਰੀਸ਼ ਥੋੜ੍ਹਾ ਆਰਾਮ ਨਾਲ ਉੱਠਿਆ। ਫਿਰ ਨਹਾ-ਧੋ ਕੇ ਨਾਸ਼ਤਾ ਕੀਤਾ। ਨਾਸ਼ਤਾ ਕਰਨ ਤੋਂ ਬਾਅਦ ਉਹ ਕਾਫੀ ਦੇਰ ਪੜ੍ਹਦਾ ਰਿਹਾ। ਦੁਪਹਿਰ ਦਾ ਖਾਣਾ ਖਾ ਕੇ ਉਸ ਨੇ ਮਾਤਾ ਜੀ ਨੂੰ ਕਿਹਾ, 'ਮਾਤਾ ਜੀ, ਮੈਂ ਇਕ ਚੱਕਰ ਵੀਰ ਜੀ ਵੱਲ ਲਗਾ ਆਵਾਂ?'
'ਹਾਂ-ਹਾਂ, ਬੇਟਾ ਜ਼ਰੂਰ, ਉਹ ਵੀ ਦੋਵੇਂ ਤੇਰੇ ਬਿਨਾਂ ਉਦਾਸ ਹੋਏ ਹੋਣੇ ਨੇ।'
'ਥੋੜ੍ਹੀ ਦੇਰ ਵਿਚ ਹੀ ਆ ਜਾਵਾਂਗਾ', ਹਰੀਸ਼ ਨੇ ਆਪਣਾ ਸਾਈਕਲ ਫੜਦਿਆਂ ਕਿਹਾ।
'ਕੋਈ ਗੱਲ ਨਹੀਂ ਬੇਟਾ, ਥੋੜ੍ਹੀ ਦੇਰ ਵੀ ਲੱਗ ਗਈ ਤਾਂ ਕੋਈ ਹਰਜ਼ ਨਹੀਂ।'
'ਠੀਕ ਐ ਜੀ', ਕਹਿੰਦਾ ਉਹ ਸਾਈਕਲ 'ਤੇ ਬੈਠਾ ਅਤੇ ਔਹ ਗਿਆ! ਔਹ!!
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਅਨਮੋਲ ਵਚਨ

* ਰਿਸ਼ਤੇ ਦੂਰ ਰਹਿਣ ਨਾਲ ਟੁੱਟਦੇ ਨਹੀਂ ਤੇ ਕੋਲ ਰਹਿਣ 'ਤੇ ਜੁੜਦੇ ਨਹੀਂ ਪਰ ਅਹਿਸਾਸ ਅਜਿਹਾ ਹੈ ਕਿ ਆਪਣਿਆਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ।
* ਸੱਚਾ ਦੋਸਤ ਉਹ ਹੈ, ਜੋ ਤੁਹਾਡੀਆਂ ਸਿਰਫ ਚੰਗਿਆਈਆਂ ਹੀ ਨਾ ਦੱਸੇ, ਸਗੋਂ ਖਾਮੀਆਂ ਤੋਂ ਵੀ ਜਾਣੂ ਕਰਾਵੇ।
* ਵਿਅਕਤੀ ਨੂੰ ਆਪਣੇ ਵਿਚੋਂ ਕਮੀਆਂ ਲੱਭਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਕਮੀਆਂ ਲੱਭਣ ਲਈ ਲੋਕ ਹੀ ਕਾਫੀ ਹਨ।
* ਜਦੋਂ ਦੋ ਦੋਸਤਾਂ ਵਿਚ ਇਕ-ਦੂਜੇ ਨਾਲੋਂ ਚੰਗਾ ਕਹਾਉਣ ਦੀ ਜੰਗ ਛਿੜ ਜਾਵੇ, ਉਹ ਦੋਸਤੀ ਜ਼ਿਆਦਾ ਚਿਰ ਨਹੀਂ ਟਿਕਦੀ।
* ਅਨਮੋਲ ਰਿਸ਼ਤੇ ਨੂੰ ਬਚਾਅ ਕੇ ਰੱਖਣ ਲਈ ਕੋਈ ਕੀਮਤ ਅਦਾ ਕਰਨੀ ਪਵੇ ਤਾਂ ਉਹ ਥੋੜ੍ਹੀ ਹੀ ਹੋਵੇਗੀ।
* ਇਨਸਾਨ ਕੋਲ ਭਾਵੇਂ ਜੋ ਕੁਝ ਮਰਜ਼ੀ ਹੋਵੇ, ਉਸ ਨੂੰ ਤਸੱਲੀ ਕਦੇ ਵੀ ਨਹੀਂ ਮਿਲਦੀ।
* ਦੁਨੀਆ ਵਿਅਕਤੀ ਨੂੰ ਹਾਰ ਮੰਨਣ ਲਈ ਮਜਬੂਰ ਕਰਦੀ ਹੈ ਪਰ ਉਮੀਦ ਕਹਿੰਦੀ ਹੈ, 'ਨਹੀਂ, ਇਕ ਮੌਕਾ ਹੋਰ ਦਿਓ।'
* ਵਿਅਕਤੀ ਨੂੰ ਮੁਸੀਬਤਾਂ ਤੋਂ ਨਹੀਂ ਡਰਨਾ ਚਾਹੀਦਾ, ਕਿਉਂਕਿ ਫੁੱਲ ਵੀ ਤਾਂ ਕੰਡਿਆਂ 'ਚ ਉੱਗਦੇ ਹਨ, ਸੂਰਜ ਵੀ ਚਮਕਣ ਲਈ ਹਨੇਰੇ ਨੂੰ ਚੀਰਦਾ ਹੈ।


-ਕੁਲਦੀਪ ਛਾਜਲੀ,
ਪਿੰਡ ਤੇ ਡਾਕ: ਛਾਜਲੀ (ਸੰਗਰੂਰ)।

ਬਾਲ ਸਾਹਿਤ

ਰੰਗ ਬਰੰਗੇ ਫੁੱਲ
ਲੇਖਕ : ਗੋਗੀ ਜ਼ੀਰਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ।
ਮੁੱਲ : 30 ਰੁਪਏ, ਪੰਨੇ : 32
ਸੰਪਰਕ : 97811-36240


'ਰੰਗ ਬਰੰਗੇ ਫੁੱਲ' ਨਵੀਂ ਪੀੜ੍ਹੀ ਦੇ ਬਾਲ ਸਾਹਿਤ ਲੇਖਕ ਗੋਗੀ ਜ਼ੀਰਾ ਦੀ ਲਿਖੀ ਬਾਲ ਪੁਸਤਕ ਹੈ। ਇਸ ਵਿਚ ਕੁੱਲ 21 ਗੀਤ ਸ਼ਾਮਿਲ ਹਨ। ਇਹ ਗੀਤ ਬਚਪਨ ਦੀਆਂ ਬੇਪ੍ਰਵਾਹੀਆਂ, ਨਿੱਕੀਆਂ-ਨਿੱਕੀਆਂ ਸ਼ਰਾਰਤਾਂ, ਗ਼ਿਲੇ-ਸ਼ਿਕਵਿਆਂ, ਮਸਤੀਆਂ ਅਤੇ ਹਾਸੇ-ਠੱਠਿਆਂ ਦਾ ਦਰਪਣ ਹਨ। 'ਰੱਖੜੀ', 'ਬਸੰਤ' ਅਤੇ 'ਦੀਵਾਲੀ' ਨਾਲ ਸਬੰਧਤ ਗੀਤ ਭਾਰਤੀ ਤਿਉਹਾਰਾਂ ਦੀ ਇਤਿਹਾਸਕ ਅਤੇ ਵਰਤਮਾਨ ਮਹੱਤਤਾ ਨੂੰ ਦਰਸਾਉਂਦੇ ਹਨ। ਦੂਜੇ ਪਾਸੇ ਇਨ੍ਹਾਂ ਗੀਤਾਂ ਵਿਚੋਂ ਪੇਂਡੂ ਸੱਭਿਆਚਾਰ, ਰਹੁ-ਰੀਤਾਂ ਅਤੇ ਸਕੂਲੀ ਵਾਤਾਵਰਨ ਦਾ ਚਿਤਰਣ ਵੀ ਕੀਤਾ ਗਿਆ ਹੈ। ਅਜਿਹੇ ਵਿਸ਼ਿਆਂ ਦੀ ਤਰਜ਼ਮਾਨੀ ਕਰਨ ਵਾਲੇ ਗੀਤਾਂ ਵਿਚ 'ਨਾਨਕੇ ਪਿੰਡ', 'ਰੱਬਾ ਰੱਬਾ ਮੀਂਹ ਵਰਸਾ', 'ਗਰਮੀ ਦੀਆਂ ਛੁੱਟੀਆਂ', 'ਭੱਠੀ ਵਾਲੀ ਮਾਈ' ਅਤੇ 'ਮੇਲਾ' ਆਦਿ ਸ਼ਾਮਿਲ ਹਨ। 'ਅਸੀਂ ਵੀ ਪੜ੍ਹਨਾ ਚਾਹੁੰਦੇ ਹਾਂ' ਕਵਿਤਾ ਵਿਚੋਂ ਆਰਥਿਕ ਪੱਖੋਂ ਨਿਗੂਣੇ ਪਰਿਵਾਰਾਂ ਦੇ ਬੱਚਿਆਂ ਦੀ ਮਜਬੂਰੀ ਜ਼ਾਹਿਰ ਹੁੰਦੀ ਹੈ। ਥੁੜਾਂ ਮਾਰੇ ਅਜਿਹੇ ਬੱਚਿਆਂ ਲਈ ਸਕੂਲ ਜਾਣਾ ਮਹਿਜ਼ ਇਕ ਸੁਪਨਾ ਬਣ ਕੇ ਰਹਿ ਜਾਂਦਾ ਹੈ। ਇਸ ਕਵਿਤਾ ਦਾ ਨਿਮਨਲਿਖਤ ਬੰਦ ਇਨ੍ਹਾਂ ਮਜਬੂਰ ਬੱਚਿਆਂ ਦੀ ਭਾਵਨਾ ਨੂੰ ਇਸ ਪ੍ਰਕਾਰ ਰੂਪਮਾਨ ਕਰਦਾ ਹੈ :
ਕਿਸਮਤ ਵਲੋਂ ਮਾਰਾਂ ਖਾਈਏ,
ਮਿਹਨਤ ਕਰ ਕੇ ਰੋਟੀ ਕਮਾਈਏ।
ਪਹਿਲਾਂ ਭਰਨਾ ਪੇਟ ਜ਼ਰੂਰੀ,
ਕਰਨੀ ਪੈਂਦੀ ਸਾਨੂੰ ਮਜ਼ਦੂਰੀ। (ਪੰਨਾ 26)
'ਭਵਿੱਖ' ਕਵਿਤਾ ਵਿਚ ਧੀਆਂ-ਧਿਆਣੀਆਂ ਦੇ ਜਜ਼ਬੇ ਅਤੇ ਇੱਛਾਵਾਂ ਦਾ ਪ੍ਰਗਟਾਵਾ ਮਿਲਦਾ ਹੈ, ਜੋ ਵੱਡੀਆਂ ਹੋ ਕੇ ਆਪਣੀ ਮੰਜ਼ਿਲ ਪਾਉਣ ਦੀਆਂ ਲੋਚਕ ਹਨ। ਕੁੱਲ ਮਿਲਾ ਕੇ ਇਹ ਪੁਸਤਕ ਪੜ੍ਹਨਯੋਗ ਹੈ।


-ਦਰਸ਼ਨ ਸਿੰਘ 'ਆਸ਼ਟ' (ਡਾ:)

ਬੁਝਾਰਤਾਂ

1. ਚਿੱਟੀ ਪਲੇਟ ਵਿਚ ਕਾਲਾ ਰਸਗੁੱਲਾ।
2. ਬਾਰਾਂ ਭਾਈ, ਇਕ ਰਜਾਈ।
3. ਅੱਠ ਭੈਣਾਂ, ਦੋ ਭਰਾ,
ਰਲ-ਮਿਲ ਰਹਿੰਦੇ ਉਹ ਸਦਾ।
4. ਲੰਮ-ਸਲੰਮਾ ਆਦਮੀ,
ਉਹਦੇ ਗਿੱਟੇ ਦਾੜ੍ਹੀ।
5. ਨਾ ਕੁਝ ਖਾਂਦਾ, ਨਾ ਕੁਝ ਪੀਂਦਾ,
ਫਿਰ ਵੀ ਘਰ-ਘਰ ਵਿਚ ਖ਼ਬਰ ਪਹੁੰਚਾਉਂਦਾ।
6. ਤਿੰਨ ਭਰਾ ਜਿਹੜੇ ਆਪਸ ਵਿਚ ਫੜੇ ਨਹੀਂ ਜਾਂਦੇ,
ਜਿੰਨਾ ਮਰਜ਼ੀ ਤੇਜ਼ ਭੱਜ ਲੈਣ।
ਉੱਤਰ : (1) ਅੱਖ, (2) ਸੰਤਰਾ, (3) ਉਂਗਲਾਂ ਤੇ ਅੰਗੂਠੇ, (4) ਗੰਨਾ, (5) ਅਖ਼ਬਾਰ, (6) ਪੱਖੇ ਦੇ ਪਰ।


-ਅਵਤਾਰ ਸਿੰਘ ਕਰੀਰ,
ਮੋਗਾ।

ਕੀ ਤੁਸੀਂ ਜਾਣਦੇ ਹੋ?

1. ਚੀਨੀ ਯਾਤਰੀ ਫਾਹਿਯਾਨ ਕਿਸ ਦੇ ਸ਼ਾਸਨ ਕਾਲ ਸਮੇਂ ਆਇਆ ਸੀ?
2. ਬੋਧੀ ਗ੍ਰੰਥ ਕਿਸ ਭਾਸ਼ਾ ਵਿਚ ਲਿਖੇ ਹਨ?
3. ਕੰਪਿਊਟਰ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ?
4. ਦਾਦਾ ਸਾਹਿਬ ਫਾਲਕੇ ਪੁਰਸਕਾਰ ਕਿਸ ਖੇਤਰ ਵਿਚ ਦਿੱਤਾ ਜਾਂਦਾ ਹੈ?
5. ਬ੍ਰਾਜ਼ੀਲ, ਫਰਾਂਸ ਦੀ ਰਾਸ਼ਟਰੀ ਖੇਡ ਕਿਹੜੀ ਹੈ?
6. ਭਾਰਤ ਦਾ ਸਭ ਤੋਂ ਲੰਮਾ ਪਲੇਟਫਾਰਮ ਕਿਹੜਾ ਹੈ?
7. ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ?
8. ਭਾਰਤੀ ਸੰਵਿਧਾਨ ਵਿਚ ਦਰਜ ਮੌਲਿਕ ਅਧਿਕਾਰ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰਾਪਤ ਕੀਤੇ ਹਨ?
9. ਸੰਸਾਰ ਦੇ ਕਿਸ ਸ਼ਹਿਰ ਨੂੰ 'ਫੈਸ਼ਨ ਦੀ ਨਗਰੀ' ਕਹਿੰਦੇ ਹਨ?
10. ਭਾਰਤ ਦੇ ਪਹਿਲੇ ਅਖ਼ਬਾਰ ਦਾ ਕੀ ਨਾਂਅ ਸੀ?
ਉੱਤਰ : (1) ਚੰਦਰਗੁਪਤ ਦੂਜੇ ਦੇ, (2) ਪਾਲੀ ਭਾਸ਼ਾ, (3) ਚਾਰਲਸ ਬੇਬੇਜ, (4) ਫ਼ਿਲਮੀ ਖੇਤਰ, (5) ਫੁੱਟਬਾਲ, (6) ਗੋਰਖਪੁਰ (ਉੱਤਰ ਪ੍ਰਦੇਸ਼), (7) ਏਸ਼ੀਆ ਮਹਾਂਦੀਪ, (8) ਸੰਯੁਕਤ ਰਾਸ਼ਟਰ ਅਮਰੀਕਾ, (9) ਪੈਰਿਸ, (10) ਬੰਗਾਲ ਗਜ਼ਟ।


-ਜੀਵਨ ਮੌੜ
ਮੋਬਾ: 75083-34108


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX