ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਵਾਢੀ ਤੇ ਗਹਾਈ 'ਚ ਫੁਰਸਤ ਦੇ ਪਲਾਂ ਦੀ ਮੌਜ

ਭਾਵੇਂ ਕਣਕਾਂ ਦੀ ਵਾਢੀ ਤੇ ਗਹਾਈ ਲਈ ਕੰਬਾਈਨਾਂ, ਥਰੈਸ਼ਰਾਂ ਵਰਗੀਆਂ ਵੱਡ ਆਕਾਰੀ ਮਸ਼ੀਨਾਂ ਦੇ ਆ ਜਾਣ ਨਾਲ ਹਾੜ੍ਹੀ ਨੂੰ ਸੰਭਾਲਣ ਦਾ ਕੰਮ ਵਧੇਰੇ ਸੌਖਾ ਹੋ ਗਿਆ ਹੈ, ਪਰ ਕਿਸਾਨ ਨੂੰ ਆਪਣੇ ਮਾਲ ਡੰਗਰ ਲਈ ਸਾਰਾ ਸਾਲ ਤੂੜੀ ਵਰਗੇ ਸੁੱਕੇ ਤੇ ਸੁਥਰੇ ਚਾਰੇ ਦੀ ਪ੍ਰਾਪਤੀ ਲਈ ਕਣਕ ਨੂੰ ਹੱਥੀਂ ਵੱਢਣ ਤੇ ਥਰੈਸ਼ਰ ਨਾਲ ਗਾਹੁੰਣਾ ਵੀ ਸਮੇਂ ਦੀ ਲੋੜ ਹੁੰਦੀ ਹੈ। ਕੰਬਾਈਨ ਨਾਲੋਂ ਕਣਕ ਨੂੰ ਹੱਥੀਂ ਵੱਢਣ ਤੇ ਥਰੈਸ਼ਰ ਨਾਲ ਗਾਹੁਣ ਵਾਲੇ ਕੰਮ ਲਈ ਕਿਸਾਨ ਤੇ ਮਜ਼ਦੂਰ ਨੂੰ ਵੱਧ ਸਰੀਰਕ ਮੁਸ਼ੱਕਤ, ਹੌਸਲੇ, ਠਰ੍ਹੰਮੇ ਤੇ ਸਿਦਕ ਨਾਲ ਕੰਮ ਕਰਨਾ ਪੈਂਦਾ ਹੈ। ਕਿਸਾਨ ਤੇ ਮਜ਼ਦੂਰ ਦੀ ਜ਼ਿੰਦਗੀ ਦਾ ਸਾਰਾ ਕਾਰੋਮਦਾਰ ਹਾੜ੍ਹੀ ਦੀ ਫ਼ਸਲ 'ਤੇ ਟਿਕਿਆ ਹੋਣ ਕਰਕੇ ਇਨ੍ਹਾਂ ਦਾ ਸਾਰਾ ਧਿਆਨ ਹੀ ਵੈਸਾਖ ਦੇ ਮਹੀਨੇ ਪੱਕੀ ਕਣਕ ਦੀ ਫ਼ਸਲ ਨੂੰ ਸੰਭਾਲਣ ਵੱਲ ਲੱਗਿਆ ਹੁੰਦਾ ਹੈ। ਕਿਸਾਨਾਂ ਵਲੋਂ ਜ਼ਿੰਦਗੀ ਦੇ ਬਾਕੀ ਸਾਰੇ ਕੰਮਕਾਰ ਕੁਝ ਸਮੇਂ ਲੲਂੀ ਮੁਲਤਵੀ ਕਰਕੇ ਕਈ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਹੋਈ ਫ਼ਸਲ ਰੂਪੀ ਦੌਲਤ ਖੇਤਾਂ 'ਚ ਖਿੱਲਰੀ ਪਈ ਹੋਣ ਕਰਕੇ ਇਸ ਨੂੰ ਸਮੇਂ ਸਿਰ ਸੰਭਾਲੇ ਜਾਣ ਦਾ ਸਭ ਤੋਂ ਵੱਡਾ ਫਿਕਰ ਹੁੰਦਾ ਹੈ। ਵਾਢੀਆਂ ਤੇ ਗਹਾਈਆਂ ਦੇ ਦਿਨਾਂ 'ਚ ਇਹ ਫਿਕਰ ਕਿਰਤੀ ਕਿਸਾਨ ਨੂੰ ਚੈਨ ਨਾਲ ਬੈਠਣ ਨਹੀਂ ਦਿੰਦਾ। ਆਪਣੀ ਫ਼ਸਲ ਨੂੰ ਸੰਭਾਲਣ ਦੇ ਦਿਨਾਂ 'ਚ ਅਸਮਾਨ 'ਚ ਨਿੱਤ ਖੰਗੂਰੇ ਮਾਰ ਮਾਰ ਡਰਾਉਦੇ ਬੱਦਲਾਂ ਤੋਂ ਸਹਿਮਦਿਆਂ, ਦਿਨ 'ਚ ਕਈ ਕਈ ਵਾਰ ਆਪਣੀ ਦਿਸ਼ਾ ਬਦਲਦੀਆਂ ਹਵਾਵਾਂ ਦੇ ਤੇਵਰਾਂ ਨੂੰ ਦੇਖਦਿਆਂ ਤੇ ਰਾਤ ਮੰਜੇ 'ਤੇ ਸੋਚਾਂ ਦੀ ਉਧੇੜ ਬੁਣ 'ਚ ਸਮਾਂ ਲੰਘਾੳਂੁਦਿਆਂ ਕਿਸਾਨ ਕਾਮੇ ਨੂੰ ਦਿਨ ਤੇ ਰਾਤ ਦੇ ਸਮੇਂ ਦੀ ਕੋਈ ਸੁਰਤ ਨਹੀਂ ਰਹਿੰਦੀ। ਇਹੋ ਕਾਰਨ ਹੈ ਕਿ ਇਸ ਰੁੱਤ 'ਚ ਕਣਕ ਸੰਭਾਲਣ 'ਚ ਰੁੱਝੇ ਕਿਸਾਨ ਤੇ ਮਜ਼ਦੂਰ ਨੂੰ ਰੋਟੀ ਪਾਣੀ ਲਈ ਵੀ ਕੋਈ ਨਿਰਧਾਰਿਤ ਸਮਾਂ ਨਹੀਂ ਮਿਲਦਾ, ਸਗੋਂ ਜਦੋਂ ਦਾਅ ਲੱਗ ਗਿਆ ਤੇ ਜਿੱਥੇ ਲੱਗ ਗਿਆ ਲਾ ਕੇ ਝੱਟ ਟਪਾਉਣ ਨੂੰ ਤਰਜੀਹ ਦੇਣੀ ਪੈਂਦੀ ਹੈ। ਇਸ ਦੇ ਬਾਵਜੂਦ ਮਿੱਟੀ ਨਾਲ ਮਿੱਟੀ ਹੋ ਕੇ ਜ਼ਿੰਦਗੀ ਦੇ ਨਖ਼ਸ਼ ਤਰਾਸ਼ਣ ਵਾਲੀ ਮਿਹਨਤੀ ਜਮਾਤ ਹੱਡ ਭੰਨਵੀਂ ਮਿਹਨਤ ਦੇ ਨਾਲ-ਨਾਲ ਹਾਸੇ ਠੱਠੇ ਨਾਲ ਆਪਣਾ ਵਖਤ ਲੰਘਾਉਂਦੀ ਜ਼ਿੰਦਾਦਿਲੀ ਤੇ ਖੁਸ਼ਮਿਜ਼ਾਜੀ ਦੀਆਂ ਬਾਤਾਂ ਪਾਉਂਦੀ ਨਜ਼ਰ ਆਉਂਦੀ ਹੈ। ਕੰਮ ਦੇ ਜ਼ੋਰ 'ਚ ਰੋਟੀ ਪਾਣੀ ਜਾਂ ਚਾਹ ਪੀਣ ਦੇ ਵਖ਼ਵੇ ਦੌਰਾਨ ਖੇਤਾਂ 'ਚ ਕੰਮ ਕਰਨ ਵਾਲੇ ਧਰਤੀ ਮਾਂ ਦੇ ਸੀਨੇ 'ਤੇ ਹੀ ਚੌਕੜੀਆਂ ਮਾਰ, ਜਾਂ ਸੇਬੇ ਸਣ ਦੀਆਂ ਬੋਰੀਆਂ ਜਾਂ ਬੋਰਿਆਂ ਦੇ ਬਣਾਏ ਤਿਰਪਾਲਾਂ 'ਤੇ ਹੀ ਘੜੀ ਪਲ ਲੱਕ ਸਿੱਧਾ ਕਰਕੇ ਕੰਮ ਦੇ ਅਗਲੇ ਪੜਾਅ ਲਈ ਤਿਆਰ-ਬਰ-ਤਿਆਰ ਹੋ ਜਾਂਦੇ ਹਨ। ਫੁਰਸਤ ਦੇ ਕੁਝ ਪਲਾਂ 'ਚ ਕੰਮ ਕਰਨ ਵਾਲੇ ਟੋਲੇ ਦਾ ਆਗੂ ਸਾਥੀਆਂ ਨੂੰ ਤਾਜ਼ੇ ਹੋ ਕੇ ਹੱਲਾ ਮਾਰਨ ਦੀ ਹੱਲਾਸ਼ੇਰੀ ਦਿੰਦਾ ਨਜ਼ਰ ਆਉਂਦਾ ਹੈ, ਕੋਈ ਕਾਮਾ ਪਿੰਡ 'ਚ ਵਾਪਰੀ ਕਿਸੇ ਤਾਜ਼ੀ ਘਟਨਾ 'ਤੇ ਆਪਣਾ ਬਿਆਨ ਦਿੰਦਾ ਦਿਸਦਾ ਹੈ, ਕਿਸੇ ਨੂੰ ਪਿੰਡ ਦੇ ਸਰਪੰਚ ਜਾਂ ਨੰਬਰਦਾਰ 'ਤੇ ਪੈਨਸ਼ਨ ਨਾ ਲਵਾਉਣ ਦਾ ਝੋਰਾ ਹੈ, ਕੋਈ ਦਿੱਲੀ ਦਰਬਾਰ ਦੇ ਕਿਸੇ ਆਗੂ ਵਲੋਂ ਗ਼ਰੀਬਾਂ ਲਈ ਚਲਾਈਆਂ ਸਕੀਮਾਂ ਦੇ ਬਿਆਨ 'ਤੇ ਕੁੜ੍ਹਦਾ ਨਜ਼ਰ ਆਉਂਦਾ ਹੈ, ਕਿਸੇ ਬੰਦੇ ਨੂੰ ਵਾਢੀਆਂ ਤੋਂ ਬਾਅਦ ਸਾਲੀ ਦੇ ਮੁੰਡੇ ਦੇ ਵਿਆਹ 'ਤੇ ਹੋਣ ਵਾਲੇ ਵਿੱਤੋਂ ਬਾਹਰੇ ਖਰਚੇ ਤੋਂ ਪਰੇਸ਼ਾਨੀ ਹੈ, ਇਕ ਜਣਾ ਰਾਤੀਂ ਦੇਰ ਤੱਕ ਮਸ਼ੀਨ 'ਤੇ ਕੰਮ ਕਰੀ ਜਾਣ ਅਤੇ ਸਵੇਰੇ ਜਾਗ ਨਾ ਆਉਣ ਕਰਕੇ ਦੂਜਿਆਂ ਦੀਆਂ ਚੋਭਾ ਝੱਲ ਰਿਹੈ, ਕੋਈ ਵੱਧ ਭੁੱਖ ਲੱਗਣ 'ਤੇ ਬਿਨਾਂ ਗਿਣੇ ਰੋਟੀਆਂ ਖਾਣ ਤੇ ਸਟੀਲ ਦਾ ਗਲਾਸ ਭਰ-ਭਰ ਕੇ ਚਾਹ ਪੀਣ ਕਰਕੇ ਮਜ਼ਾਕ ਦਾ ਪਾਤਰ ਬਣਿਆ ਹੋਇਆ ਹੈ, ਕੋਈ ਕਾਮਾ ਪਿੰਡਾਂ 'ਚ ਦੋ ਧੜਿਆਂ ਦੀਆਂ ਲੜਾਈਆਂ ਦਰਮਿਆਨ ਆਪਣੇ ਪਿੰਡ ਦੇ ਧੜੇ ਦਾ ਹੱਥ ਉਪਰ ਰਹਿਣ ਦੀ ਵਡਿਆਈ ਕਰ ਰਿਹਾ ਹੈ ਤੇ ਟੋਲੇ 'ਚ ਵਡੇਰੀ ਉਮਰ ਦੇ ਬੰਦੇ ਵਲੋਂ ਉਸ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਦੀ ਝਿੜਕ ਵਾਢੀ ਦੇ ਫੁਰਸਤ ਦੇ ਪਲਾਂ ਨੂੰ ਯਾਦਗਾਰੀ ਬਣਾਉਂਦੀ ਰਹਿੰਦੀ ਹੈ। ਇਸ ਦੇ ਨਾਲ-ਨਾਲ ਇਸ ਸਾਲ ਗਹਾਈ ਕਰਕੇ ਪਿਛਲੇ ਸਾਲ ਦੇ ਘਾਟੇ ਵਾਧਿਆਂ ਨੂੰ ਪੂਰਾ ਕਰਨ ਵਾਲਾ ਟਰੈਕਟਰ ਤੇ ਥਰੈਸ਼ਰ ਦਾ ਮਾਲਕ ਇਸ ਵਾਰੀ ਵੀ ਮਹਿੰਗੇ ਡੀਜ਼ਲ, ਮੀਂਹ ਹਨੇਰੀ ਨਾਲ ਢੱਠੀਆਂ ਕਣਕਾਂ ਦੇ ਨਿਕਲ ਰਹੇ ਘੱਟ ਝਾੜ, ਸੀਜ਼ਨ ਪਿੱਛੋਂ ਟਰੈਕਟਰ ਦੀ ਮੁਰੰਮਤ ਤੇ ਉਮੀਦ ਤੋਂ ਵੱਧ ਹੋਣ ਵਾਲੇ ਖਰਚੇ ਤੋਂ ਫ਼ਿਕਰਮੰਦ ਹੈ। ਇਹਦੇ ਨਾਲ ਹੀ ਉਹ ਆਪਣੇ ਫੋਨ 'ਤੇ ਅਗਲੇ ਥਾਂ ਮਸ਼ੀਨ ਉਡੀਕ ਰਹੇ ਬੰਦਿਆਂ ਨੂੰ ਕਈ ਘੰਟੇ ਦੇਰੀ ਹੋਣ ਦੇ ਵੀ ਮੁਨਾਸਿਬ ਜਿਹੇ ਬਹਾਨੇ ਦੱਸਦਾ 'ਬੱਸ ਹੁਣੇ ਆਏ, ਹੁਣੇ ਆਏ, ਤੁਸੀਂ ਚਾਹ-ਪਾਣੀ ਦੀ ਤਿਆਰੀ ਕਰੋ... ਦੀ ਵਾਰਤਾਲਾਪ ਵੀ ਸੁਣਾ ਰਿਹਾ ਹੁੰਦਾ ਹੈ। ਇਨ੍ਹਾਂ ਦਿਨਾਂ 'ਚ ਭਾਵੇਂ ਸੂਰਜ ਦੇਵਤਾ ਆਪਣੇ ਸਫ਼ਰ 'ਤੇ ਵਿਰਾਮ ਲਾਉਣ ਲਈ ਪੱਛਮ ਦੀ ਆਗੋਸ਼ 'ਚ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ ਤੇ ਗੁਰੂ ਘਰੋਂ ਸ਼ਾਮ ਦੇ ਨਿੱਤਨੇਮ ਦੀ ਆਵਾਜ਼ ਆਉਣ 'ਤੇ ਆਪੋ-ਆਪਣੇ ਕੰਮਾਂ 'ਚ ਲੱਗੇ ਲੋਕ ਮਨ ਹੀ ਮਨ 'ਦਾਤਾ ਮਿਹਰ ਕਰੀਂ' ਦੀ ਅਰਦਾਸ ਨਾਲ ਹਨੇਰਾ ਹੋਣ ਤੱਕ ਥੋੜ੍ਹਾ ਜਿਹਾ ਝੱਟ ਹੋਰ ਮਾਰਨ ਦਾ ਆਹਰ ਕਰਦੇ ਨਜ਼ਰ ਆ ਰਹੇ ਹੁੰਦੇ ਹਨ।


ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ, ਮੋਬਾਈਲ: 70877-87700,
Email. nimana727@gmail.com


ਖ਼ਬਰ ਸ਼ੇਅਰ ਕਰੋ

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਕਿਵੇਂ ਬਚਾਈਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
(ੲ) ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ : ਝੋਨੇ ਦੀਆਂ ਲੰਬੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਲਗਾਉਣ ਨਾਲ ਪਾਣੀ ਦੀ ਲੋੜ ਵੱਧ ਜਾਂਦੀ ਹੈ। ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ. ਆਰ. 115 (125 ਦਿਨ) ਅਤੇ ਪੀ. ਆਰ. 124 (135 ਦਿਨ) ਕਿਸਮਾਂ ਸਭ ਤੋਂ ਵੱਧ ਢੁਕਵੀਆਂ ਹਨ। ਇਹ ਕਿਸਮਾਂ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਖੇਤ ਵਿਚ 15-20 ਦਿਨ ਘੱਟ ਰਹਿਣ ਕਰਕੇ ਘੱਟ ਪਾਣੀ ਮੰਗਦੀਆਂ ਹਨ।
(ਸ) ਲੇਜ਼ਰ ਲੈਵਲਿੰਗ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ 15-20 ਫ਼ੀਸਦੀ ਬੱਚਤ ਹੁੰਦੀ ਹੈ। ਇਹ ਇਕ ਸਿੱਧ ਕੀਤੀ ਹੋਈ ਤਕਨੀਕ ਹੈ। ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਖਾਦਾਂ ਦੀ ਲਾਗਤ ਘੱਟਦੀ ਹੈ, ਫ਼ਸਲ ਦੇ ਪੱਖ ਵਿਚ ਸੁਧਾਰ ਅਤੇ ਝਾੜ ਵਿਚ 15 ਪ੍ਰਤੀਸ਼ਤ ਵਾਧਾ ਹੁੰਦਾ ਹੈ।
(ਹ) ਸਿੰਚਾਈ ਖਾਲਾਂ ਵਿਚ ਹੋਣ ਵਾਲੇ ਪਾਣੀ ਦੇ ਨੁਕਸਾਨ ਨੂੰ ਘਟਾਉਣਾ : ਸਿੰਚਾਈ ਖਾਲਾਂ ਵਿਚ ਤਕਰੀਬਨ 15-40 ਫ਼ੀਸਦੀ ਪਾਣੀ ਦਾ ਨੁਕਸਾਨ ਹੋ ਜਾਂਦਾ ਹੈ। ਇਹ ਨੁਕਸਾਨ ਸਿੰਚਾਈ ਖਾਲਾਂ ਨੂੰ ਪੱਕਾ ਕਰਕੇ, ਜ਼ਮੀਨਦੋਜ਼ ਪਾਈਪਾਂ ਦੀ ਵਰਤੋਂ ਕਰਕੇ ਅਤੇ ਟਿਊਬਵੈੱਲ ਨੂੰ ਫਾਰਮ ਦੇ ਵਿਚਕਾਰ ਲਗਾ ਕੇ ਘਟਾਇਆ ਜਾ ਸਕਦਾ ਹੈ ।
(ਕ) ਕਿਆਰੇ ਦਾ ਆਕਾਰ: ਪੰਜਾਬ ਵਿਚ ਸਿੰਚਾਈ ਮੁੱਖ ਤੌਰ 'ਤੇ ਕਿਆਰਿਆਂ ਰਾਹੀਂ ਹੀ ਕੀਤੀ ਜਾਂਦੀ ਹੈ, ਪਰ ਅਜੇ ਕਿਆਰਿਆਂ ਰਾਹੀਂ ਸਿੰਚਾਈ ਕਰਕੇ ਕਿਸਾਨ ਸਿਰਫ 30-40 ਫ਼ੀਸਦੀ ਪਾਣੀ ਹੀ ਫਸਲਾਂ ਨੂੰ ਲਗਾ ਰਿਹਾ ਹੈ। ਜਦੋਂ ਕਿ, ਕਿਆਰਾ ਸਿੰਚਾਈ ਨੂੰ ਸਹੀ ਢੰਗ ਨਾਲ ਅਪਨਾਉਣ 'ਤੇ ਪਾਣੀ ਦੀ ਸਮਰੱਥਾ 60-70 ਫ਼ੀਸਦੀ ਤੱਕ ਵਧਾਈ ਜਾ ਸਕਦੀ ਹੈ। ਕਿਆਰੇ ਦਾ ਆਕਾਰ ਮਿੱਟੀ ਦੀ ਕਿਸਮ, ਉਪਲੱਬਧ ਡਿਸਚਾਰਜ ਦਰ ਅਤੇ ਖੇਤ ਦੀ ਢਲਾਣ 'ਤੇ ਨਿਰਭਰ ਕਰਦਾ ਹੈ। ਜੇਕਰ ਕਿਸਾਨ ਦੇ ਖੇਤ ਦਰਮਿਆਨੀ ਮਿੱਟੀ ਦੇ ਹਨ ਅਤੇ ਉਸ ਦੇ ਟਿਊਬਵੈੱਲ ਦੀ ਧਾਰ 10 ਲਿਟਰ ਪ੍ਰਤੀ ਸੈਕਿੰਡ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਨੂੰ 0.3 ਫ਼ੀਸਦੀ ਦੀ ਢਲਾਣ ਦੇਵੇ ਅਤੇ ਇਕ ਏਕੜ ਦੇ ਕਿਆਰੇ ਵਿਚ 10-11 ਪੱਟੀਆਂ ਬਣਾਵੇ ਤਾਂ ਜੋ ਸਿੰਚਾਈ ਦੇ ਪਾਣੀ ਦੀ ਕਾਰਜ ਸਮਰੱਥਾ ਵਧਾਈ ਜਾ ਸਕੇ।
(ਖ) ਧਰਤੀ ਹੇਠਲੇ ਪਾਣੀ ਨੂੰ ਬਨਾਵਟੀ ਢੰਗਾਂ ਨਾਲ ਰੀਚਾਰਜ ਕਰਨਾ : ਖੇਤਾਂ ਵਿਚ ਖੂਹ ਜਿਹੜੇ ਪਾਣੀ ਕੱਢਣ ਲਈ ਵਰਤੇ ਜਾਂਦੇ ਸੀ, ਉਹ ਹੁਣ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਸੁੱਕ ਚੁੱਕੇ ਹਨ। ਇਨ੍ਹਾਂ ਖੂਹਾਂ ਰਾਹੀਂ ਬਰਸਾਤ ਦਾ ਪਾਣੀ ਜਾਂ ਵਾਧੂ ਨਹਿਰੀ ਪਾਣੀ ਹੇਠਾਂ ਜ਼ਮੀਨ ਵਿਚ ਪਾਇਆ ਜਾ ਸਕਦਾ ਹੈ। ਪਰ ਪਾਣੀ ਨੂੰ ਰਿਚਾਰਜ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।
(ਗ) ਸਿੰਚਾਈ ਦੇ ਨਵੀਨਤਮ ਢੰਗਾਂ ਦੀ ਵਰਤੋ: ਫੁਆਰਾ ਸਿੰਚਾਈ ਅਤੇ ਡਰਿੱਪ ਸਿੰਚਾਈ, ਜਿਨ੍ਹਾਂ ਦੀ ਕਾਰਜ ਸਮਰੱਥਾ ਵੱਧ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਢੰਗਾਂ ਨਾਲ ਪਾਣੀ ਦੀ 40-60 ਫ਼ੀਸਦੀ ਬੱਚਤ ਹੁੰਦੀ ਹੈ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ। (ਸਮਾਪਤ)


-ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ
ਮੋਬਾਈਲ : 98722-08744

ਪੰਜਾਬ ਨੂੰ ਖੁੰਬ ਉਤਪਾਦਨ ਵਿਚ ਮੋਹਰੀ ਬਣਾਉਣ ਵਾਲਾ ਵਿਗਿਆਨੀ : ਡਾ: ਹਰਨੇਕ ਸਿੰਘ ਗਰਚਾ

ਅੱਜ ਤੋਂ ਕੁਝ ਦਹਾਕੇ ਪਹਿਲਾਂ ਪੰਜਾਬ ਵਿਚ ਖੁੰਬਾਂ ਦੀ ਕਾਸ਼ਤ ਬਾਰੇ ਸੋਚਿਆ ਹੀ ਨਹੀਂ ਸੀ ਜਾ ਸਕਦਾ। ਬਰਸਾਤ ਦੇ ਦਿਨਾਂ ਵਿਚ ਕਈ ਵਾਰ ਬੰਜਰ ਧਰਤੀ ਵਿਚ ਕੁਦਰਤੀ ਖੁੰਬਾਂ ਉਗ ਆਉਂਦੀਆਂ ਸਨ। ਉਨ੍ਹਾਂ ਦੀ ਇਹ ਪਰਖ ਕਰਨੀ ਵੀ ਔਖੀ ਸੀ ਕਿ ਇਨ੍ਹਾਂ ਵਿਚੋਂ ਖਾਣ ਵਾਲੀਆਂ ਕਿਹੜੀਆਂ ਹਨ ਕਿਉਂਕਿ, ਕਈ ਖੁੰਬਾਂ ਜ਼ਹਿਰੀਲੀਆਂ ਵੀ ਹੁੰਦੀਆਂ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿੱਥੇ ਹਰੇ ਇਨਕਲਾਬ ਦੀ ਸਿਰਜਣਾ ਕੀਤੀ ਉਥੇ ਪੰਜਾਬ ਵਿਚ ਖੁੰਬਾਂ ਦੀ ਪੈਦਾਵਾਰ ਦੇ ਢੰਗ ਤਰੀਕੇ ਵੀ ਵਿਕਸਤ ਕੀਤੇ। ਹੁਣ ਪੰਜਾਬ ਵਿਚ ਸਾਰਾ ਸਾਲ ਹੀ ਖੁੰਬਾਂ ਦੀ ਖੇਤੀ ਹੋ ਸਕਦੀ ਹੈ। ਖੇਤੀ ਢੰਗ ਵੀ ਬਹੁਤ ਸਰਲ ਅਤੇ ਮਾਮੂਲੀ ਖਰਚੇ ਵਾਲੇ ਹਨ। ਇਸ ਸਮੇਂ ਪੰਜਾਬ ਦੇਸ਼ ਦੀ ਕੁੱਲ ਖੁੰਬ ਉਤਪਾਦਨ ਦਾ ਕੋਈ 38 ਫ਼ੀਸਦੀ ਹਿੱਸਾ ਪੈਦਾ ਕਰ ਕੇ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਪੰਜਾਬ ਵਿਚ ਹੁਣ ਪੰਜ ਕਿਸਮਾਂ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਬਟਨ ਖੁੰਬ, ਢੀਂਗਰੀ ਅਤੇ ਸ਼ਟਾਕੀ ਖੁੰਬ ਸਰਦੀ ਦੇ ਮੌਸਮ ਵਿਚ ਅਤੇ ਪਰਾਲੀ ਵਾਲੀ ਖੁੰਬ ਤੇ ਮਿਲਕੀ ਖੁੰਬ ਗਰਮੀਆਂ ਦੀ ਰੁੱਤੇ ਉਗਾਈ ਜਾਂਦੀ ਹੈ।
ਇਸ ਕ੍ਰਾਂਤੀ ਦੀ ਸਿਰਜਣਾ ਵਿਚ ਮੁੱਖ ਭੂਮਿਕਾ ਡਾ: ਹਰਨੇਕ ਸਿੰਘ ਗਰਚਾ ਦੀ ਹੈ। ਉਨ੍ਹਾਂ ਆਪਣਾ ਸਾਰਾ ਸਮਾਂ ਖੁੰਬਾਂ ਦੀ ਖੋਜ ਉੱਤੇ ਹੀ ਲਗਾਇਆ ਅਤੇ ਪੰਜਾਬ ਨੂੰ ਖੁੰਬ ਉਤਪਾਦਨ ਵਿਚ ਮੋਹਰੀ ਸੂਬਾ ਬਣਾ ਦਿੱਤਾ। ਖੇਤੀ ਯੂਨੀਵਰਸਿਟੀ ਦੇ ਬਹੁਤੇ ਵਿਗਿਆਨੀਆਂ ਵਾਂਗ ਉਹ ਵੀ ਪੇਂਡੂ ਕਿਸਾਨੀ ਪਰਿਵਾਰ ਵਿਚੋਂ ਸਨ ਤੇ ਉਨ੍ਹਾਂ ਦੀ ਮੁੱਢਲੀ ਪੜ੍ਹਾਈ ਸਰਕਾਰੀ ਸਕੂਲਾਂ ਵਿਚ ਹੀ ਹੋਈ ਸੀ। ਉਨ੍ਹਾਂ ਦਾ ਜਨਮ ਸ: ਗੁਰਬਖਸ਼ ਸਿੰਘ ਹੋਰਾਂ ਦੇ ਘਰ ਚਾਰ ਮਾਰਚ 1940 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਜਾਰਾ ਵਿਖੇ ਹੋਇਆ ਅਤੇ ਉਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਸਾਹਨੇਵਾਲ ਤੋਂ ਕੀਤੀ। ਹਰਨੇਕ ਸਿੰਘ ਪੜ੍ਹਾਈ ਵਿਚ ਹੁਸ਼ਿਆਰ ਸੀ ਤੇ ਪਿਤਾ ਫੌਜੀ ਸੀ ਜਿਸ ਨੂੰ ਪੜ੍ਹਾਈ ਦੀ ਕਦਰ ਦਾ ਪਤਾ ਸੀ। ਉਨ੍ਹਾਂ ਆਪਣੇ ਪੁੱਤਰ ਨੂੰ ਉਚੇਰੀ ਪੜ੍ਹਾਈ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖਲ ਕਰਵਾ ਦਿੱਤਾ, ਜਿੱਥੋਂ ਉਨ੍ਹਾਂ ਨੇ ਬੀ. ਐਸ. ਸੀ. ਦੀ ਡਿਗਰੀ ਸੰਨ 1961 ਵਿਚ ਪ੍ਰਾਪਤ ਕੀਤੀ।
ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਅਤੇ ਅਮਰੀਕਾ ਭੇਜਿਆ ਜਿੱਥੇ ਉਨ੍ਹਾਂ ਨੇ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਵਿਚ ਜਾ ਕੇ ਆਪਣੀ ਖੋਜ ਦੇ ਨਤੀਜੇ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਈ 12 ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਭਾਗ ਲਿਆ। ਉਨ੍ਹਾਂ ਨੇ ਕੋਈ 124 ਖੋਜ ਪੱਤਰ ਲਿਖੇ ਜਿਹੜੇ ਕੌਮਾਂਤਰੀ ਪੱਧਰ ਦੇ ਰਸਾਲਿਆਂ ਵਿਚ ਛਪੇ। ਖੁੰਬ ਉਤਪਾਦਕਾਂ ਲਈ ਇਕ ਕਿਤਾਬ ਵੀ ਲਿਖੀ ਜਿਸ ਦੀਆਂ ਹੁਣ ਤੱਕ ਕਈ ਐਡੀਸ਼ਨਾਂ ਛਪ ਚੁੱਕੀਆਂ ਹਨ।
ਪੰਜਾਬ ਦਾ ਇਹ ਸਬੂਤ ਆਪਣੇ ਆਖਰੀ ਸਾਹਾਂ ਤੱਕ ਸੂਬੇ ਵਿਚ ਖੁੰਬਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਿਹਾ। ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਤੇ ਪੰਜਾਬ ਨੂੰ ਖੁੰਬਾਂ ਦੀ ਪੈਦਾਵਾਰ ਦਾ ਮੋਹਰੀ ਬਣਾ ਕੇ ਇਸ ਸੰਸਾਰ ਤੋਂ 20 ਮਾਰਚ 2016 ਨੂੰ ਵਿਦਾ ਲੈ ਲਈ।


-ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ

ਸਬਜ਼ੀਆਂ ਨੂੰ ਵਿਸ਼ਾਣੂੰ ਰੋਗਾਂ ਤੋਂ ਬਚਾਓ

ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਘਰੇਲੂ ਬਗੀਚੀ ਤੋਂ ਲੈ ਕੇ ਵਪਾਰਕ ਪੱਧਰ ਤੱਕ ਕੀਤੀ ਜਾਂਦੀ ਹੈ। ਸਬਜ਼ੀਆਂ ਤੋਂ ਚੰਗਾ ਝਾੜ ਲੈਣ ਲਈ ਇਨ੍ਹਾਂ ਨੂੰ ਨਾ ਕੇਵਲ ਵਿਸ਼ਾਣੂੰ ਰੋਗਾਂ ਤੋਂ ਬਲਕਿ ਸਾਰੇ ਰੋਗਾਂ ਤੋਂ ਹੀ ਬਚਾ ਕੇ ਰੱਖਿਆ ਜਾਣਾ ਚਾਹੀਦਾ ਹੈ। ਪਰ ਵਿਸ਼ਾਣੂੰ ਰੋਗਾਂ ਦੀ ਮਹੱਤਤਾ ਕੁਝ ਇਸ ਕਰਕੇ ਵਧ ਜਾਂਦੀ ਹੈ, ਕਿਉਂਕਿ ਜੇਕਰ ਖੇਤ ਵਿਚ ਇਕ ਵਾਰ ਵਿਸ਼ਾਣੂੰ ਰੋਗ ਦਾ ਹਮਲਾ ਹੋ ਜਾਵੇ ਤਾਂ ਇਨ੍ਹਾਂ ਦਾ ਇਲਾਜ ਔਖਾ ਹੀ ਨਹੀਂ, ਸਗੋਂ ਅਸੰਭਵ ਹੋ ਜਾਂਦਾ ਹੈ। ਗਰਮੀ ਰੁੱਤ ਦੀਆਂ ਮੁੱਖ ਫ਼ਸਲਾਂ ਵਿਚ ਭਿੰਡੀ, ਬੈਂਗਣ, ਮਿਰਚਾਂ, ਕੱਦੂ ਜਾਤੀ ਜਿਵੇਂ ਕਿ ਖੀਰਾ, ਤੋਰੀ, ਚੱਪਣ ਅਤੇ ਘੀਆ ਕੱਦੂ ਆਦਿ ਸ਼ਾਮਿਲ ਹਨ। ਇਨ੍ਹਾਂ ਸਬਜ਼ੀਆਂ ਵਿਚ ਵਿਸ਼ਾਣੂੰ ਰੋਗ, ਜਿਵੇਂ ਕਿ ਠੂਠੀ ਰੋਗ, ਚਿੱਤਕਬਰਾ ਰੋਗ ਅਤੇ ਪੀਲੀਆ ਰੋਗ ਆਦਿ ਦਾ ਹਮਲਾ ਜ਼ਿਆਦਾ ਹੁੰਦਾ ਹੈ, ਜਿਸ ਨਾਲ ਸਬਜ਼ੀ ਉਤਪਾਦਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।
ਠੂਠੀ ਰੋਗ ਜਾਂ ਗੁੱਛਾ ਮੁੱਛਾ ਰੋਗ (ਲੀਫ ਕਰਲ) : ਮਿਰਚ, ਸ਼ਿਮਲਾ ਮਿਰਚ ਅਤੇ ਟਮਾਟਰਾਂ ਦੀ ਬਰਸਾਤ ਵਾਲੀ ਫ਼ਸਲ 'ਤੇ ਇਹ ਰੋਗ ਆਮ ਵੇਖਣ ਨੂੰ ਮਿਲਦਾ ਹੈ । ਜੇਕਰ ਇਸ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਫ਼ਸਲ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਰੋਗ ਤੋਂ ਪ੍ਰਭਾਵਿਤ ਬੂਟਿਆਂ ਦੇ ਪੱਤੇ ਆਕਾਰ ਵਿਚ ਛੋਟੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ਕਲ ਵਿਗੜ ਜਾਂਦੀ ਹੈ। ਬਾਅਦ ਵਿਚ ਪੱਤੇ ਪੀਲੇ ਤੇ ਬੇਰੰਗੇ ਹੋ ਜਾਂਦੇ ਹਨ। ਰੋਗੀ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਮਧਰੇ ਕੱਦ ਦੇ ਰਹਿ ਜਾਂਦੇ ਹਨ ਅਤੇ ਝਾੜੀ ਦੀ ਸ਼ਕਲ ਧਾਰਨ ਕਰ ਲੈਂਦੇ ਹਨ। ਰੋਗੀ ਬੂਟਿਆਂ ਨੂੰ ਫਲ ਬਹੁਤ ਘੱਟ ਲਗਦਾ ਹੈ ਅਤੇ ਜੇ ਫਲ ਲਗਦਾ ਹੈ ਤਾਂ ਉਹ ਛੋਟਾ ਅਤੇ ਬੇਢੱਬਾ ਹੁੰਦਾ ਹੈ ਜਾਂ ਕਈ ਵਾਰ ਅਜਿਹੇ ਬੂਟਿਆਂ ਨੂੰ ਫਲ ਲਗਦਾ ਹੀ ਨਹੀਂ।
ਬਿਮਾਰੀ ਕਿਵੇਂ ਫੈਲਦੀ ਹੈ? : ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਬਿਮਾਰ ਬੂਟਿਆਂ ਤੋਂ ਨਰੋਏ ਬੂਟਿਆਂ 'ਤੇ ਫੈਲਦੀ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੱਛਰ ਮਲੇਰੀਆ ਫੈਲਾਉਂਦਾ ਹੈ। ਜਦੋਂ ਚਿੱਟੀ ਮੱਖੀ ਬਿਮਾਰ ਬੂਟੇ ਤੋਂ ਰਸ ਚੂਸਦੀ ਹੈ ਤਾਂ ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਚਲੇ ਜਾਂਦੇ ਹਨ ਅਤੇ ਜਦੋਂ ਇਹ ਮੱਖੀ ਦੂਜੇ ਨਰੋਏ ਬੂਟੇ ਤੋਂ ਰਸ ਚੂਸਦੀ ਹੈ ਤਾਂ ਉੱਥੇ ਵਿਸ਼ਾਣੂੰ ਦੇ ਕਣ ਨਰੋਏ ਬੂਟੇ ਵਿਚ ਦਾਖਲ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਰੋਗ ਚਿੱਟੀ ਮੱਖੀ ਰਾਹੀਂ ਸਾਰੇ ਖੇਤ ਵਿਚ ਫੈਲ ਜਾਂਦਾ ਹੈ। ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਕਈ ਦਿਨਾਂ ਤੱਕ ਜਿਊਂਦੇ ਰਹਿ ਸਕਦੇ ਹਨ।
ਰੋਕਥਾਮ : ਬੀਜ ਹਮੇਸ਼ਾ ਰੋਗ ਰਹਿਤ ਬੂਟਿਆ ਤੋਂ ਲਵੋ। ਖੇਤ ਵਿਚ ਨਜ਼ਰ ਆਉਣ 'ਤੇ ਰੋਗੀ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਆਮ ਤੌਰ 'ਤੇ ਇਹ ਵੇਖਣ ਵਿਚ ਆਇਆ ਹੈ ਕਿ ਕਈ ਵਾਰ ਕਿਸਾਨ ਭਰਾ ਰੋਗੀ ਬੂਟੇ ਨੂੰ ਖੇਤ ਵਿਚੋਂ ਤਾਂ ਕੱਢ ਦਿੰਦੇ ਹਨ ਪਰ ਉਸ ਨੂੰ ਚੰਗੀ ਤਰ੍ਹਾਂ ਨਸ਼ਟ ਨਹੀਂ ਕਰਦੇ। ਜਾਂ ਖੇਤ ਵਿਚ ਹੀ ਛੱਡ ਦਿੰਦੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ, ਸਗੋਂ ਇਸ ਰੋਗੀ ਬੂਟੇ ਨੂੰ ਮਿੱਟੀ ਵਿਚ ਦੱਬ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਮੱਖੀ ਇਸ ਤੋਂ ਰਸ ਨਾ ਚੂਸ ਸਕੇ।
ਪਨੀਰੀ ਅਤੇ ਖੇਤ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਰੋਗਰ ਜਾਂ ਮੈਟਾਸਿਸਟਾਕਸ 1 ਮਿ.ਲਿ. ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ 10 ਦਿਨਾਂ ਦੇ ਵਕਫੇ 'ਤੇ ਛਿੜਕਾਅ ਕਰੋ। ਮਿਰਚਾਂ ਵਿਚ 400 ਮਿ.ਲਿ. ਮੈਲਾਥਿਆਨ ਨੂੰ 100-125 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਚਿੱਤਕਬਰਾ ਰੋਗ (ਮੌਜ਼ੇਕ) : ਪੰਜਾਬ ਵਿਚ ਇਹ ਬਿਮਾਰੀ ਟਮਾਟਰ, ਮਿਰਚਾਂ, ਬੈਂਗਣ, ਲੋਬੀਆ, ਘੀਆ, ਕੱਦੂ, ਖੀਰਾ ਅਤੇ ਚੱਪਣ ਕੱਦੂ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਵਿਸ਼ਾਣੂੰ ਰੋਗ ਦੀਆਂ ਕਈ ਕਿਸਮਾਂ ਮਿਲਦੀਆਂ ਹਨ । ਜਿਨ੍ਹਾਂ ਦੀਆਂ ਵੱਖ-ਵੱਖ ਨਿਸ਼ਾਨੀਆਂ ਹਨ। ਆਮ ਤੌਰ 'ਤੇ ਰੋਗੀ ਬੂਟਿਆਂ ਦੇ ਪੱਤੇ ਚਿੱਤਕਬਰੇ ਜਿਹੇ ਹੋ ਜਾਂਦੇ ਹਨ ਜਿਨ੍ਹਾਂ 'ਤੇ ਗੂੜ੍ਹੇ ਹਰੇ ਅਤੇ ਹਲਕੇ ਹਰੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤੇ ਛੋਟੇ ਅਤੇ ਬੇਢੱਬੇ ਹੋ ਜਾਂਦੇ ਹਨ। ਕਈ ਵਾਰ ਰੋਗੀ ਪੱਤਿਆਂ 'ਤੇ ਬੇਢੱਬੇ ਉਭਰਵੇਂ ਜਿਹੇ ਧੱਬੇ ਵੀ ਬਣ ਜਾਂਦੇ ਹਨ। ਅਜਿਹੇ ਧੱਬੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਪੱਤਿਆਂ ਅਤੇ ਫਲਾਂ 'ਤੇ ਆਮ ਹੀ ਵੇਖੇ ਜਾ ਸਕਦੇ ਹਨ। ਕਈ ਵਾਰ ਫਲਾਂ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਇਸ ਰੋਗ ਹੇਠਾਂ ਆਏ ਪੱਤੇ ਕਈ ਵਾਰ ਬਾਂਦਰ ਦੇ ਪੰਜੇ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ। ਬਿਮਾਰੀ ਵਾਲੇ ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਫਲ ਘੱਟ ਲਗਦਾ ਹੈ।
ਬਿਮਾਰੀ ਕਿਵੇਂ ਫੈਲਦੀ ਹੈ? : ਆਮ ਤੌਰ 'ਤੇ ਬਿਮਾਰੀ ਬੀਜ ਰਾਹੀਂ ਆਉਂਦੀ ਹੈ। ਤੇਲਾ ਇਸ ਬਿਮਾਰੀ ਨੂੰ ਅੱਗੇ ਫੈਲਾਉਣ ਦਾ ਕੰਮ ਕਰਦਾ ਹੈ। ਇਹ ਰੋਗ ਖੇਤ ਵਿਚ ਕੰਮ ਕਰਨ ਵਾਲੇ ਆਦਮੀ ਅਤੇ ਕੰਮ ਲਈ ਵਰਤੇ ਜਾਣ ਵਾਲੇ ਸੰਦਾਂ ਰਾਹੀਂ ਵੀ ਇਕ ਬੂਟੇ ਤੋਂ ਦੂਜੇ ਬੂਟੇ 'ਤੇ ਫੈਲ ਜਾਂਦਾ ਹੈ।
ਰੋਕਥਾਮ : ਹਮੇਸ਼ਾ ਰੋਗ ਰਹਿਤ ਤਸਦੀਕਸ਼ੁਦਾ ਬੀਜ ਹੀ ਵਰਤੋ । ਰੋਗੀ ਬੂਟੇ ਪੁੱਟ ਕੇ ਚੰਗੀ ਤਰ੍ਹਾਂ ਨਸ਼ਟ ਕਰੋ। ਬਿਮਾਰ ਬੂਟਿਆਂ ਨੂੰ ਐਵੇਂ ਨਾ ਛੂਹੋ। ਖੇਤ ਦੁਆਲੇ ਉਗੇ ਨਦੀਨਾਂ ਨੂੰ ਨਸ਼ਟ ਕਰੋ। ਤੇਲੇ ਦੀ ਰੋਕਥਾਮ ਲਈ ਪਨੀਰੀ ਤੋਂ ਸ਼ੁਰੂ ਕਰਕੇ 10 ਦਿਨਾਂ ਦੇ ਵਕਫੇ 'ਤੇ ਰੋਗਰ ਜਾਂ ਮੈਟਾਸਿਸਟਾਕਸ 1 ਮਿ.ਲਿ. ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਮਿਰਚਾਂ ਵਿਚ 400 ਮਿ.ਲਿ. ਮੈਲਾਥਿਆਨ ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਪੀਲੀਆ ਰੋਗ (ਯੈਲੋ ਵੇਨ ਮੋਜ਼ੇਕ) : ਪੰਜਾਬ ਵਿਚ ਜਿੱਥੇ ਭਿੰਡੀ ਉਗਾਈ ਜਾਂਦੀ ਹੈ ਉਨ੍ਹਾਂ ਸਾਰੇ ਥਾਵਾਂ 'ਤੇ ਇਹ ਬਿਮਾਰੀ ਆਮ ਵੇਖਣ ਨੂੰ ਮਿਲਦੀ ਹੈ। ਇਹ ਬਿਮਾਰੀ ਬਰਸਾਤੀ ਭਿੰਡੀ ਦਾ ਬਹੁਤ ਨੁਕਸਾਨ ਕਰਦੀ ਹੈ। ਜੇ ਬਿਮਾਰੀ ਅਗੇਤੀ ਲੱਗ ਜਾਵੇ ਤਾਂ ਝਾੜ 'ਤੇ ਕਾਫੀ ਮਾੜਾ ਅਸਰ ਪਾਉਂਦੀ ਹੈ। ਬਿਮਾਰੀ ਵਾਲੇ ਬੂਟੇ ਦੇ ਪੱਤਿਆਂ ਦੀਆਂ ਨਾੜੀਆਂ ਪੀਲੀਆਂ ਅਤੇ ਮੋਟੀਆਂ ਹੋ ਜਾਂਦੀਆਂ ਹਨ। ਬਿਮਾਰੀ ਦੇ ਜ਼ਿਆਦਾ ਹਮਲੇ ਨਾਲ ਭਿੰਡੀ ਦੇ ਜ਼ਿਆਦਾਤਰ ਪੱਤੇ ਪੀਲੇ ਪੈ ਜਾਂਦੇ ਹਨ, ਜੋ ਬਾਅਦ ਵਿਚ ਭੂਰੇ ਹੋ ਕੇ ਸੁੱਕ ਜਾਂਦੇ ਹਨ ਅਤੇ ਬੂਟੇ ਤੋਂ ਹੇਠਾਂ ਡਿੱਗ ਜਾਂਦੇ ਹਨ। ਅਜਿਹੇ ਬਿਮਾਰ ਬੂਟਿਆਂ ਨੂੰ ਫਲ ਨਹੀਂ ਪੈਂਦਾ, ਜੇਕਰ ਬਿਮਾਰੀ ਦਾ ਹਮਲਾ ਲੇਟ ਸ਼ੁਰੂ ਹੋਵੇ ਤਾਂ ਉਪਰਲੇ ਪੱਤੇ ਪੀਲੇ ਪੈ ਜਾਂਦੇ ਹਨ, ਪਰ ਤਣਾ ਹਰਾ ਰਹਿੰਦਾ ਹੈ। ਬਿਮਾਰੀ ਵਾਲੇ ਬੂਟੇ ਦੇ ਫਲ ਪੀਲੇ, ਬੇਸ਼ਕਲ ਅਤੇ ਸਖਤ ਹੁੰਦੇ ਹਨ, ਜਿਨ੍ਹਾਂ ਨੂੰ ਮੰਡੀ ਵਿਚ ਭਾਅ ਨਹੀਂ ਮਿਲਦਾ।
ਬਿਮਾਰੀ ਕਿਵੇਂ ਫੈਲਦੀ ਹੈ? :ਚਿੱਟੀ ਮੱਖੀ ਇਸ ਰੋਗ ਨੂੰ ਬਿਮਾਰ ਬੂਟੇ ਤੋਂ ਦੂਜੇ ਬੂਟਿਆਂ ਤੱਕ ਫੈਲਾਉਂਦੀ ਹੈ। ਇਹ ਬਿਮਾਰੀ ਕਈ ਨਦੀਨਾਂ ਜਿਵੇਂ ਕਿ ਜੰਗਲੀ ਪੁਦੀਨੇ 'ਤੇ ਵੀ ਪਲਦੀ ਰਹਿੰਦੀ ਹੈ।
ਰੋਕਥਾਮ : ਇਸ ਦੀ ਰੋਕਥਾਮ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੀਜ ਰੋਗ ਰਹਿਤ ਫ਼ਸਲ ਤੋਂ ਹੀ ਲੈਣਾ ਚਾਹੀਦਾ ਹੈ। ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ। ਬਰਸਾਤੀ ਭਿੰਡੀ 'ਤੇ ਇਸ ਵਿਸ਼ਾਣੂੰ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਕਰਕੇ ਬਰਸਾਤੀ ਭਿੰਡੀ ਬੀਜਣ ਲਈ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਦੀ ਕਾਸ਼ਤ ਕਰੋ। ਚਿੱਟੀ ਮੱਖੀ ਦੀ ਰੋਕਥਾਮ ਵਾਸਤੇ 560 ਮਿ.ਲਿ. ਮੈਲਾਥਿਆਨ ਦਾ 100-125 ਲਿਟਰ ਦਾ ਘੋਲ ਬਣਾ ਕੇ ਛਿੜਕਾਅ ਕਰੋ। ਜੰਗਲੀ ਪੁਦੀਨੇ ਦੇ ਬੂਟਿਆਂ ਨੂੰ ਖੇਤ ਦੇ ਆਲੇ-ਦੁਆਲੇ ਨਾ ਰਹਿਣ ਦਿਓ।
ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ) : ਇਹ ਮਾਈਕੋਪਲਾਜ਼ਮਾ ਦਾ ਰੋਗ ਹੈ। ਜੋ ਬੈਂਗਣਾਂ ਦੀ ਫ਼ਸਲ ਦਾ ਕਾਫੀ ਨੁਕਸਾਨ ਕਰਦਾ ਹੈ। ਇਸ ਰੋਗ ਦਾ ਬਹੁਤਾ ਪਤਾ ਬੂਟੇ ਦੇ ਫੁੱਲ ਕੱਢਣ ਸਮੇਂ ਲਗਦਾ ਹੈ ਅਤੇ ਇਹ ਰੋਗ ਮੁੱਢੀ ਫ਼ਸਲ ਤੋਂ ਵਧੇਰੇ ਹੁੰਦਾ ਹੈ। ਪੱਤੇ ਬਹੁਤ ਛੋਟੇ ਨਿਕਲਦੇ ਹਨ। ਤਣੇ ਵਿਚ ਵਧੇਰੇ ਗੱਠਾਂ ਅਤੇ ਟਾਹਣੀਆਂ ਦੀ ਬਜਾਏ ਫੁਟਾਰਾ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਕਰਕੇ ਬੂਟੇ ਝਾੜੀਨੁਮਾ ਸ਼ਕਲ ਅਖਤਿਆਰ ਕਰ ਲੈਂਦੇ ਹਨ। ਅਜਿਹੇ ਬੂਟੇ ਨੂੰ ਫੁੱਲ ਅਤੇ ਫਲ ਨਹੀਂ ਲਗਦੇ, ਜੇ ਲਗਦੇ ਹਨ ਤਾਂ ਹਰੇ ਅਤੇ ਛੋਟੇ ਆਕਾਰ ਦੇ ਹੁੰਦੇ ਹਨ। ਜੇਕਰ ਬਿਮਾਰੀ ਅਗੇਤੀ ਆ ਜਾਵੇ ਤਾਂ ਫ਼ਸਲ ਦਾ ਝਾੜ ਬਹੁਤ ਘਟ ਜਾਂਦਾ ਹੈ।
ਬਿਮਾਰੀ ਕਿਵੇਂ ਫੈਲਦੀ ਹੈ? : ਬਿਮਾਰੀ ਕਈ ਪ੍ਰਕਾਰ ਦੇ ਬੂਟਿਆਂ ਜਿਵੇਂ ਧਤੂਰਾ ਆਦਿ 'ਤੇ ਪਲਦੀ ਰਹਿੰਦੀ ਹੈ। ਪੱਤਿਆਂ ਦੇ ਟਿੱਡੇ (ਹੌਪਰ), ਰੋਗੀ ਤੋਂ ਨਰੋਏ ਬੂਟੇ 'ਤੇ ਜਾ ਕੇ ਇਸ ਬਿਮਾਰੀ ਨੂੰ ਅੱਗੇ ਫੈਲਾਉਂਦੇ ਹਨ।
ਰੋਕਥਾਮ : ਇਸ ਬਿਮਾਰੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਬਿਮਾਰ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ। ਟਿੱਡੇ ਦੀ ਰੋਕਥਾਮ ਵਾਸਤੇ ਫ਼ਸਲ 'ਤੇ ਮੈਲਾਥਿਆਨ/ ਮੈਟਾਸਿਸਟਾਕਸ 250 ਮਿ.ਲਿ. 100-125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਵਿਸ਼ਾਣੂੰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਸਾਨ, ਸਸਤਾ ਤੇ ਸਧਾਰਨ ਤਰੀਕਾ : ਬੀਜ ਹਮੇਸ਼ਾ ਰੋਗ ਰਹਿਤ ਫ਼ਸਲ ਤੋਂ ਹੀ ਤਿਆਰ ਕਰੋ। ਬੂਟੇ ਜੰਮਣ ਤੋਂ ਬਾਅਦ ਲਗਭਗ ਹਰ ਰੋਜ਼ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਕੇ ਨਸ਼ਟ ਕਰੋ, ਕਿਉਂਕਿ ਵਿਸ਼ਾਣੂੰ ਜਿਉਂਦੇ ਸੈੱਲਾਂ ਵਿਚ ਹੀ ਵੱਧਦਾ ਫੁਲਦਾ ਅਤੇ ਜਾਨਦਾਰ ਹੁੰਦਾ ਹੈ। ਅਗਰ ਸੰਭਵ ਹੋ ਸਕੇ ਤਾਂ ਪਨੀਰੀ ਨੂੰ ਰਸ ਚੂਸਣ ਵਾਲੇ ਕੀੜਿਆਂ ਤੋਂ ਮੁਕਤ ਰੱਖਣ ਲਈ ਜਾਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ ਜੇਕਰ ਤੁਸੀਂ ਸ਼ੁਰੂ ਵਿਚ ਇਹ ਰੋਗੀ ਬੂਟੇ ਪੁੱਟਣ ਤੋਂ ਖੁੰਝ ਗਏ ਤਾਂ ਕੀੜੇ ਇਨ੍ਹਾਂ ਰੋਗਾਂ ਨੂੰ ਸਾਰੇ ਖੇਤਾਂ ਵਿਚ ਫੈਲਾਅ ਕੇ ਤੁਹਾਡੀਆਂ ਆਸਾਂ 'ਤੇ ਪਾਣੀ ਫੇਰ ਦੇਣਗੇ। ਕਿਉਂਕਿ ਬਿਮਾਰੀ ਵਾਲੀ ਫ਼ਸਲ ਨੂੰ ਫਲ ਬਹੁਤ ਥੋੜਾ ਅਤੇ ਘਟੀਆ ਮਿਆਰ ਦਾ ਲੱਗੇਗਾ। ਜਿਸ ਦਾ ਮੰਡੀ ਵਿਚ ਪੂਰਾ ਮੁੱਲ ਵੀ ਨਹੀਂ ਮਿਲੇਗਾ। ਜ਼ਿਆਦਾਤਰ ਵਿਸ਼ਾਣੂੰ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਅੱਗੇ ਫੈਲਦੇ ਹਨ। ਇਸ ਲਈ ਖੇਤ ਵਿਚ ਅਜਿਹੇ ਕੀੜਿਆਂ ਦੀ ਗਿਣਤੀ 'ਤੇ ਕਾਬੂ ਰੱਖੋ। ਇਨ੍ਹਾਂ ਕੀੜਿਆਂ ਦੀ ਰੋਕਥਾਮ ਵਾਸਤੇ ਸਿਫਾਰਿਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰੋ।


-ਮੋਬਾਈਲ : 94637-47280

ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਣਕ ਦੇ ਨਾੜ ਨੂੰ ਮਿੱਟੀ ਵਿਚ ਮਿਲਾਉਣ ਲਈ ਕਿਸੇ ਖਾਸ ਮਸ਼ੀਨਰੀ ਜਾਂ ਨਵੀਂ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਸ ਨੂੰ ਆਮ ਰਵਾਇਤੀ ਸੰਦਾਂ ਜਿਵੇਂ ਕਿ ਰੋਟਾਵੇਟਰ ਅਤੇ ਤਵੀਆਂ ਚਲਾ ਕੇ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ। ਹੇਠ ਲਿਖੇ ਤਰੀਕਿਆਂ ਨਾਲ ਤੂੜੀ ਦੇ ਨਾੜ ਨੂੰ ਖੇਤ ਵਿਚ ਸੰਭਾਲਿਆ ਜਾ ਸਕਦਾ ਹੈ:
1. ਕਣਕ ਦੀ ਕਟਾਈ ਕੰਬਾਈਨ ਨਾਲ ਕਰਨ ਸਮੇਂ ਜੇ ਇਸ ਦੇ ਪਿੱਛੇ ਪਰਾਲੀ ਖਿਲਾਰਨ ਵਾਲਾ ਐਸ. ਐਮ. ਐਸ. ਲੱਗਾ ਹੋਵੇ ਤਾਂ ਤੂੜੀ ਬਣਾਉਂਦੇ ਸਮੇਂ ਸਟਰਾਅ ਕੰਬਾਈਨ ਦੀ ਸਮਰੱਥਾ ਵਧ ਜਾਂਦੀ ਹੈ। ਜੇਕਰ ਕੰਬਾਈਨ ਪਿੱਛੇ ਸੁਪਰ ਐਸ. ਐਮ. ਐਸ. ਲੱਗਾ ਹੋਵੇ ਤਾਂ ਇਸ ਦਾ ਰੋਟਰ ਬੰਦ ਰੱਖੋ।
2. ਕਣਕ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਬਾਅਦ ਤੂੜੀ ਬਣਾਉਂਦੇ ਸਮੇਂ ਸਟਰਾਅ ਕੰਬਾਈਨ ਨੂੰ ਸਹੀ ਉਚਾਈ ਤੇ ਚਲਾਓ ਤਾਂ ਜੋ ਤੂੜੀ ਵੱਧ ਮਾਤਰਾ ਵਿਚ ਬਣੇ।
3. ਤੂੜੀ ਵਾਲੇ ਰੀਪਰ ਤੋਂ ਤੂੜੀ ਬਣਾਉਣ ਉਪਰੰਤ ਇਕ ਵਾਰ ਸੁਹਾਗਾ ਮਾਰੋ।
4. ਜੇਕਰ ਪਾਣੀ ਉਪਲੱਬਧ ਹੋਵੇ ਤਾਂ ਖੇਤ ਨੂੰ ਪਾਣੀ ਲਗਾ ਕੇ ਸਹੀ ਨਮੀਂ 'ਤੇ ਤਵੀਆਂ ਜਾਂ ਰੋਟਾਵੇਟਰ ਨੂੰ ਚਲਾ ਕੇ ਨਾੜ ਨੂੰ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ। ਜੇਕਰ ਵਾਧੂ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਰਵਾਇਤੀ ਸੰਦਾਂ ਜਿਵੇਂ ਕਿ ਇਕ ਵਾਰ ਤਵੀਆਂ ਮਾਰਨ ਵਿਚ ਤਕਰੀਬਨ 200 ਤੋਂ 250 ਰੁਪਏ ਪ੍ਰਤੀ ਏਕੜ ਅਤੇ 450 ਤੋਂ 500 ਰੁਪਏ ਦਾ ਖਰਚ ਰੋਟਾਵੇਟਰ ਚਲਾਉਣ ਵਿਚ ਆਉਂਦਾ ਹੈ। ਜੇਕਰ ਇਨ੍ਹਾਂ ਸੰਦਾਂ ਅਤੇ ਟਰੈਕਟਰਾਂ ਦੀ ਘਸਾਈ ਵਗੈਰਾ ਦੇ ਖਰਚੇ ਵੀ ਗਿਣ ਲਏ ਜਾਣ ਤਾਂ ਇਕ ਵਾਰ ਇਹ ਸੰਦ ਚਲਾਉਣ ਨਾਲ ਇਹ ਤਕਰੀਬਨ 1,000 ਰੁਪਏ ਪ੍ਰਤੀ ਏਕੜ ਬਣਦਾ ਹੈ। ਜੇਕਰ ਪਾਣੀ ਲਗਾਉਣ ਦਾ ਖਰਚਾ ਵੀ ਗਿਣ ਲਿਆ ਜਾਵੇ ਤਾਂ ਇਹ ਤਕਰੀਬਨ 880 ਰੁਪਏ ਪ੍ਰਤੀ ਏਕੜ ਤੱਕ ਆਉਂਦਾ ਹੈ। ਇਸ ਤੋਂ ਇਲਾਵਾ ਪਾਣੀ ਲਈ ਲੋੜੀਂਦੀ ਬਿਜਲੀ ਦਾ ਵੀ ਵਾਧੂ ਖਰਚਾ ਪਵੇਗਾ।
5. ਕਣਕ ਦੀ ਕਟਾਈ ਜਾਂ ਪਹਿਲੀ ਫ਼ਸਲ ਤੋਂ ਬਾਅਦ ਖੇਤ ਨੂੰ ਰੌਣੀ ਕਰ ਦਿਉ ਅਤੇ 20 ਕਿਲੋ ਜੰਤਰ ਜਿਹੜਾ ਕਿ ਅੱਠ ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖਿਆ ਗਿਆ ਹੋਵੇ ਜਾਂ 12 ਕਿਲੋ ਰਵਾਂਹ ਦਾ ਬੀਜ (ਮੋਟੇ ਬੀਜਾਂ ਲਈ 20 ਕਿਲੋ) ਜਾਂ 20 ਕਿਲੋ ਸਣ ਦੇ ਬੀਜ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਈ ਦੇ ਪਹਿਲੇ ਹਫਤੇ ਤੱਕ ਬਿਜਾਈ ਕਰ ਦਿਉ। ਘੱਟ ਫਾਸਫੋਰਸ ਵਾਲੀ ਜ਼ਮੀਨ ਵਿਚ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਢੈਂਚੇ, ਕਾਉਪੀਜ ਜਾਂ ਸਣ ਦੀ ਫ਼ਸਲ ਨੂੰ ਦਿਉੁ । ਇਸ ਪਿਛੋਂ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਖੇਤਾਂ ਵਿਚ ਝੋਨੇ ਦੀ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਦੱਬ ਦਿਉ ਇਸ ਤਰ੍ਹਾਂ 6-8 ਹਫ਼ਤੇ ਦੀ ਹਰੀ ਖਾਦ ਦੱਬਣ ਨਾਲ 25 ਕਿਲੋ ਨਾਈਟ੍ਰੋਜਨ ਤੱਤ (55 ਕਿਲੋ ਯੂਰੀਆ) ਦੀ ਪ੍ਰਤੀ ਏਕੜ ਬੱਚਤ ਹੋ ਜਾਂਦੀ ਹੈ।
6. ਤੂੜੀ ਸਟਰਾਅ ਕੰਬਾਈਨ ਨਾਲ ਬਣਾਉਣ ਤੋਂ ਬਾਅਦ ਪਾਣੀ ਲਗਾ ਕੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਹੈਪੀ ਸੀਡਰ ਜਾਂ ਜ਼ੀਰੋ ਟਿੱਲ ਡਰਿਲ ਨਾਲ ਬਿਨਾਂ ਖੇਤ ਤਿਆਰ ਕੀਤੇ 10 ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕੀਤੀ ਜਾ ਸਕਦੀ ਹੈ ਪਰ ਪੱਕਣ ਸਮੇਂ ਅਗੇਤੀ ਮੌਨਸੂਨ ਬਾਰਿਸ਼ਾਂ ਨਾਲ ਨੁਕਸਾਨ ਦਾ ਡਰ ਰਹਿੰਦਾ ਹੈ।
7. ਜੇਕਰ ਪਾਣੀ ਦੀ ਉਪਲੱਬਧਤਾ ਨਾ ਹੋਵੇ ਤਾਂ ਇਕ ਵਾਰ ਸੁੱਕੇ ਵਿਚ ਤਵੀਆਂ ਜਾਂ ਰੋਟਾਵੇਟਰ ਮਾਰ ਕੇ ਖੇਤ ਨੂੰ ਖਾਲੀ ਛੱਡ ਦਿਉ ਤਾਂ ਜੋ ਨਾੜ ਗਲ ਜਾਵੇ। ਨਾੜ ਮਿੱਟੀ ਦੇ ਸੰਪਰਕ ਵਿਚ ਆਉਣ ਕਰਕੇ ਅਤੇ ਜ਼ਿਆਦਾ ਤਾਪਮਾਨ ਹੋਣ ਦੇ ਕਾਰਨ 50 ਤੋਂ 60 ਦਿਨਾਂ ਵਿਚ ਗਲ ਜਾਂਦਾ ਹੈ।
8. ਕੱਦੂ ਕਰਨ ਦੌਰਾਨ ਨਾੜ ਜ਼ਮੀਨ ਵਿਚ ਦੱਬਿਆ ਜਾਂਦਾ ਹੈ ਤੇ ਪਰ ਕੁਝ ਨਾੜ ਸਤਿਹ 'ਤੇ ਤੈਰਦਾ ਰਹਿੰਦਾ ਹੈ।
9. ਇਸ ਨਾੜ ਨੂੰ ਸਾਂਭਣ ਲਈ ਖੇਤ ਨੂੰ ਕੱਦੂ ਕਰਨ ਤੋਂ ਬਾਅਦ 4-6 ਘੰਟੇ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ। ਇਸ ਦੌਰਾਨ ਤੈਰਦੇ ਹੋਏ ਇਕ ਥਾਂ 'ਤੇ ਇਕੱਠੇ ਹੋਏ ਨਾੜ ਨੂੰ ਤਰੰਗਲੀ ਦੀ ਸਹਾਇਤਾ ਨਾਲ ਕੱਢਿਆ ਜਾ ਸਕਦਾ ਹੈ।
10. ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵਰਤਣ ਨਾਲ ਕਣਕ ਦਾ ਨਾੜ ਲੇਬਰ ਦੇ ਹੱਥਾਂ ਵਿਚ ਨਹੀਂ ਲੱਗੇਗਾ। (ਸਮਾਪਤ)


-ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ।
ਮੋਬਾਈਲ : 94171-22896

ਆਮਦਨੀ ਵਧਾਈਏ

ਆਓ ਕਿਸਾਨ ਵੀਰੋ ਆਪਣੀ ਆਮਦਨੀ ਵਧਾਈਏ।
ਖੇਤੀਬਾੜੀ ਦੇ ਨਾਲ-ਨਾਲ, ਸਹਾਇਕ ਧੰਦੇ ਅਪਣਾਈਏ।
ਮਧੂਮੱਖੀ, ਮੱਛੀ ਪਾਲਣ, ਜਾਂ ਫਿਰ ਹੋਵੇ ਡੇਅਰੀ,
ਸਿਖਲਾਈ ਲੈ ਕੇ ਸ਼ੁਰੂ ਕਰੀਏ, ਕਮਾਈ ਹੋਵੇ ਬਥੇਰੀ।
ਸਾਰਾ ਪਰਿਵਾਰ ਮਿਹਨਤ ਕਰਕੇ, ਘਰ ਵਿਚ ਖੁਸ਼ੀ ਲਿਆਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਪਾਲੀਏ ਭੇਡਾਂ ਬੱਕਰੀਆਂ, ਜਾਂ ਫਿਰ ਪਾਲੀਏ ਸੂਰ,
ਜਦੋਂ ਸਫ਼ਲਤਾ ਮਿਲ ਗਈ, ਫਿਰ ਹੋ ਜਾਣਾ ਮਸ਼ਹੂਰ।
ਆਪ ਸਫ਼ਲ ਹੋ ਕੇ ਫਿਰ, ਹੋਰਾਂ ਨੂੰ ਨਾਲ ਰਲਾਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਮਾਰਕੀਟ ਦੀ ਮੰਗ ਅਨੁਸਾਰ, ਪਾਈਏ ਅਚਾਰ ਮੁਰੱਬੇ,
ਕੋਈ ਕਿਸਾਨ ਨਾ ਪਿੱਛੇ ਰਹਿਣਾ, ਖੁਸ਼ਹਾਲ ਹੋਣਗੇ ਸਭੇ।
ਸਾਫ਼ ਸੁਥਰੀ ਪੈਕਿੰਗ ਕਰ ਕੇ, ਘਰ ਘਰ ਵਿਚ ਪਹੁੰਚਾਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਮਾਹਰਾਂ ਦੇ ਨਾਲ ਰੱਖ ਰਾਬਤਾ, ਫ਼ਾਇਦਾ ਅਸੀਂ ਉਠਾਈਏ,
ਜੇਕਰ ਕੋਈ ਮੁਸ਼ਕਿਲ ਆਵੇ, ਝੱਟ ਫੋਨ ਘੁਮਾਈਏ।
ਸਾਡੀ ਸੇਵਾ ਦੇ ਵਿਚ ਹਾਜ਼ਰ, ਕਿਉਂ ਅਸੀਂ ਘਬਰਾਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਸਭ ਨੂੰ ਜਿਹੜਾ ਖਾਣ ਲਈ ਦਿੰਦਾ, ਭਲੂਰੀਆ ਉਹ ਭਗਵਾਨ,
ਤਾਹੀਓਂ ਉਹ ਦੁਆਵਾਂ ਕਰਦਾ, ਖੁਸ਼ਹਾਲ ਹੋਵੇ ਕਿਸਾਨ।
ਪਿੰਡਾਂ ਦੇ ਵਿਚ ਮੇਲੇ ਲੱਗਣ, ਹੱਸੀਏ, ਨੱਚੀਏ, ਗਾਈਏ।
ਆਓ ਕਿਸਾਨ ਵੀਰੋ ਆਪਣੀ, ਆਮਦਨੀ ਵਧਾਈਏ।
ਖੇਤੀਬਾੜੀ ਦੇ ਨਾਲ-ਨਾਲ, ਸਹਾਇਕ ਧੰਦੇ ਅਪਣਾਈਏ।


-ਜਸਵੀਰ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ) ਮੋਬਾਈਲ : 99159-95505.

ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ

ਕਣਕ ਭਾਰਤ ਦੀ ਦੂਜੀ ਮੁੱਖ ਫ਼ਸਲ ਹੈ। ਭਾਰਤ ਵਿਚ ਤਕਰੀਬਨ 750 ਲੱਖ ਏਕੜ ਵਿਚ ਕਣਕ ਉਗਾਈ ਜਾਂਦੀ ਹੈ ਜਦ ਕਿ ਪੰਜਾਬ ਵਿਚ ਇਸ ਫ਼ਸਲ ਹੇਠ ਰਕਬਾ 87.5 ਲੱਖ ਏਕੜ ਹੈ। ਪੰਜਾਬ ਵਿਚ ਤਕਰੀਬਨ 82 ਫ਼ੀਸਦੀ ਰਕਬੇ ਵਿਚ ਕਣਕ ਦੀ ਫ਼ਸਲ ਦੀ ਕਟਾਈ ਕੰਬਾਈਨ ਨਾਲ ਕੀਤੀ ਜਾਂਦੀ ਹੈ। ਕੰਬਾਈਨ ਦੀ ਵਰਤੋਂ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਪ੍ਰਚੱਲਿਤ ਹੋ ਚੁੱਕੀ ਹੈ ਅਤੇ ਕੰਬਾਈਨ ਦੀ ਵਰਤੋਂ ਸਮੇਂ ਨਾੜ ਦਾ ਵੱਡਾ ਹਿੱਸਾ ਖੇਤ ਵਿਚ ਰਹਿ ਜਾਂਦਾ ਹੈ। ਕਣਕ ਦਾ ਨਾੜ ਆਮ ਤੌਰ 'ਤੇ ਤਕਰੀਬਨ 20 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਕ ਟਨ ਕਣਕ ਦੇ ਨਾੜ ਵਿਚ 4 ਤੋਂ 5 ਕਿਲੋ ਨਾਈਟ੍ਰੋਜਨ, 2 ਤੋਂ 3 ਕਿਲੋ ਫਾਸਫੋਰਸ ਅਤੇ 12 ਤੋਂ 20 ਕਿਲੋ ਪੋਟਾਸ਼ੀਅਮ ਪਾਈ ਜਾਂਦੀ ਹੈ। ਕਣਕ ਦੇ ਨਾੜ ਵਿਚ ਜੈਵਿਕ ਰੂਪ ਵਿਚ ਪਾਏ ਜਾਣ ਵਾਲੇ ਨਾਈਟ੍ਰੋਜਨ ਅਤੇ ਫਾਸਫੋਰਸ ਵਰਗੇ ਬਹੁਮੁੱਲੇ ਤੱਤ ਆਮ ਤੌਰ 'ਤੇ ਜ਼ਿਆਦਾ ਦੇਰ ਤੱਕ ਨਾੜ ਵਿਚ ਨਹੀਂ ਰਹਿੰਦੇ, ਜਿਸ ਕਰਕੇ ਇਨ੍ਹਾਂ ਤੱਤਾਂ ਦੇ ਜ਼ਮੀਨ ਵਿਚ ਜਜ਼ਬ ਹੋਣ ਤੋਂ ਪਹਿਲਾਂ ਕਣਕ ਦੇ ਨਾੜ ਦਾ ਗਲਣਾ ਜ਼ਰੂਰੀ ਹੈ। ਇਨ੍ਹਾਂ ਮੁੱਖ ਤੱਤਾਂ ਤੋਂ ਇਲਾਵਾ ਕਣਕ ਦੇ ਨਾੜ ਵਿਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਹੋਰ ਸੂਖਮ ਤੱਤ ਵੀ ਪਾਏ ਜਾਂਦੇ ਹਨ। ਕਣਕ ਦੇ ਨਾੜ ਨੂੰ ਜ਼ਮੀਨ ਵਿਚ ਮਿਲਾਉਣ 'ਤੇ ਇਨ੍ਹਾਂ ਤੱਤਾਂ ਦੀ ਪੂਰਤੀ ਲਈ ਘੱਟ ਖਾਦਾਂ ਦੀ ਲੋੜ ਪੈਂਦੀ ਹੈ। ਜ਼ਮੀਨ ਵਿਚ ਕਣਕ ਦੇ ਨਾੜ ਨੂੰ ਮਿਲਾਉਣ ਨਾਲ ਮਿੱਟੀ ਦੀ ਬਣਤਰ, ਪਾਣੀ ਦੇ ਜ਼ਮੀਨ ਵਿਚ ਰਿਸਾਵ ਅਤੇ ਜੈਵਿਕ ਕਾਰਬਨ ਨੂੰ ਸੁਧਾਰਿਆ ਜਾ ਸਕਦਾ ਹੈ।
ਕਣਕ ਦੇ ਨਾੜ ਨੂੰ ਕੁਤਰਾ ਕਰ ਕੇ ਬਣਾਈ ਗਈ ਤੂੜੀ ਮੁੱਖ ਤੌਰ 'ਤੇ ਪਸ਼ੂਆਂ ਦੇ ਚਾਰੇ ਅਤੇ ਹੋਰ ਕਈ ਕੰਮਾਂ ਵਾਸਤੇ ਵਰਤੀ ਜਾਂਦੀ ਹੈ। ਕਣਕ ਦੇ ਨਾੜ ਵਿਚ ਤਕਰੀਬਨ 38 ਫ਼ੀਸਦੀ ਸੈਲੂਲੋਜ਼ , 20 ਫ਼ੀਸਦੀ ਲਿਗਨਿਨ, 20 ਫ਼ੀਸਦੀ ਜਾਇਲੋਜ਼ ਵਰਗੇ ਵੱਡਮੁਲੇ ਪਦਾਰਥ ਅਤੇ ਰਾਖ ਪਾਈ ਜਾਂਦੀ ਹੈ। ਕਣਕ ਦੇ ਰੇਸ਼ੇ ਨਾਲ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਹੋਰ ਕਈ ਵੱਡਮੁਲੇ ਪਦਾਰਥ ਵੀ ਬਣਾਏ ਜਾ ਸਕਦੇ ਹਨ। ਕਣਕ ਦੇ ਨਾੜ ਵਿਚ ਵੱਧ ਮਾਤਰਾ ਵਿਚ ਪਾਇਆ ਜਾਣ ਵਾਲਾ ਸੈਲੂਲੋਜ਼ ਇਸ ਨੂੰ ਈਥੇਨੋਲ ਪੈਦਾ ਕਰਨ ਵਾਸਤੇ ਵੀ ਵਰਤੇ ਜਾਣ ਵਿਚ ਸਹਾਈ ਸਿੱਧ ਹੁੰਦਾ ਹੈ। ਕਣਕ ਦੇ ਨਾੜ ਨਾਲ ਬਣਾਏ ਗਏ ਮਿਝ (ਪਲਪ) ਨੂੰ ਲੱਕੜ ਦੇ ਪਲਪ ਨਾਲ ਮਿਲਾ ਕੇ ਕਾਗਜ਼ ਅਤੇ ਗੱਤਾ ਬਣਾਉਣ ਵਿਚ ਵਰਤਿਆ ਜਾਂਦਾ ਹੈ। ਕਣਕ ਦੇ ਨਾੜ ਨੂੰ ਖੁੰਬਾਂ ਉਗਾਉਣ ਲਈ ਕੰਪੋਸਟ ਵਿਚ ਅਤੇ ਘਰਾਂ ਵਿਚ ਛੱਤਾਂ ਅਤੇ ਦੀਵਾਰਾਂ ਨੂੰ ਲਿਪਣ ਦੇ ਕੰਮ ਲਈ ਵੀ ਵਰਤਿਆ ਜਾਂਦਾ ਹੈ।
ਕਣਕ ਦੀ ਕੰਬਾਈਨ ਨਾਲ ਕਟਾਈ ਤੋਂ ਬਾਅਦ ਪੰਜਾਬ ਵਿਚ ਹੀ ਤਿਆਰ ਕੀਤੀ ਗਈ ਤੂੜੀ ਵਾਲੀ ਕੰਬਾਈਨ (ਸਟਰਾਅ ਕੰਬਾਈਨ ਜਾਂ ਸਟਰਾਅ ਰੀਪਰ) ਦੀ ਵਰਤੋਂ ਕਣਕ ਦੇ ਬਚੇ ਹੋਏ ਨਾੜ ਤੋਂ ਤੂੜੀ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਕੰਬਾਈਨ ਨਾਲ ਕੱਟੇ ਗਏ ਕੁੱਲ ਰਕਬੇ ਦਾ ਤਕਰੀਬਨ 90 ਫ਼ੀਸਦੀ ਰਕਬੇ ਵਿਚੋਂ ਤੂੜੀ ਦੀ ਕੰਬਾਈਨ (ਸਟਰਾਅ ਕੰਬਾਈਨ ਜਾਂ ਸਟਰਾਅ ਰੀਪਰ) ਨਾਲ ਕੱਟ ਕੇ ਕਣਕ ਦੇ ਨਾੜ ਤੋਂ ਤੂੜੀ ਤਿਆਰ ਕੀਤੀ ਜਾਂਦੀ ਹੈ। ਜਿਸ ਨਾਲ ਕਣਕ ਦੇ ਬਚੇ ਹੋਏ ਨਾੜ ਦਾ 70 ਤੋਂ 80 ਫ਼ੀਸਦੀ ਤੂੜੀ ਦੇ ਰੂਪ ਵਿਚ ਇਕੱਠਾ ਕਰ ਲਿਆ ਜਾਂਦਾ ਹੈ। ਤੂੜੀ ਦੀ ਕੰਬਾਈਨ ਦੀ ਵਰਤੋਂ ਤੋਂ ਬਾਅਦ ਜ਼ਮੀਨ ਤੋਂ ਕੁਝ ਉਪਰ ਕੱਟੇ ਹੋਏ ਮੁੱਢਾਂ ਨੂੰ ਕਿਸਾਨਾਂ ਦੁਆਰਾ ਜਲਾਇਆ ਜਾਂਦਾ ਹੈ ਜੇਕਰ ਇਨ੍ਹਾਂ ਬਚੇ ਹੋਏ ਮੁੱਢਾਂ ਨੂੰ ਸਹੀ ਢੰਗ ਨਾਲ ਜ਼ਮੀਨ ਵਿਚ ਨਾ ਮਿਲਾਇਆ ਜਾਵੇ ਤਾਂ ਕੱਦੂ ਕਰਨ ਦੌਰਾਨ ਰੁਕਾਵਟ ਪੈਦਾ ਕਰਦੇ ਹਨ ਅਤੇ ਹਵਾ ਦੇ ਵਹਾਅ ਨਾਲ ਇਹ ਨਾੜ ਇਕ ਥਾਂ 'ਤੇ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਝੋਨੇ ਦੇ ਬੂਟੇ ਨਾੜ ਹੇਠ ਦੱਬ ਜਾਂਦੇ ਹਨ।ਕਣਕ ਦੇ ਨਾੜ ਨੂੰ ਜਲਾਉਣ ਨਾਲ ਵਾਤਾਵਰਨ ਵਿਚ ਹਾਨੀਕਾਰਕ ਗੈਸਾਂ ਰਲਦੀਆਂ ਹਨ, ਮੁੱਢਲੇ ਅਤੇ ਸੂਖਮ ਤੱਤ ਨਸ਼ਟ ਹੋ ਜਾਂਦੇ ਹਨ, ਮਿੱਟੀ ਵਿਚਲੇ ਜੈਵਿਕ ਤੱਤਾਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਅੱਗ ਨਾਲ ਹੋਰ ਵੀ ਹਾਦਸੇ ਵਾਪਰ ਸਕਦੇ ਹਨ।
ਬਚੇ ਹੋਏ ਕਣਕ ਦੇ ਨਾੜ (ਬੂਝੇ) ਦੀ ਸੰਭਾਲ ਵਾਸਤੇ ਇਸ ਨੂੰ ਮਿੱਟੀ ਵਿਚ ਮਿਲਾਉਣਾ ਅਤੇ ਗਾਲਣਾ ਜ਼ਰੂਰੀ ਹੈ। ਕਣਕ ਦੇ ਨਾੜ ਦੀ ਸਹੀ ਉਚਾਈ ਤੇ ਕਟਾਈ ਹੀ ਤੂੜੀ ਵਾਲੀ ਕੰਬਾਈਨ ਦੁਆਰਾ ਬਣਾਈ ਤੂੜੀ ਦੀ ਮਾਤਰਾ ਵਧਾਉਂਦੀ ਹੈ। ਕਰਚਿਆਂ ਨੂੰ ਖੇਤ ਵਿਚ ਵਾਹ ਕੇ ਮਿੱਟੀ ਵਿਚ ਮਿਲਾਉਣ ਲਈ ਕੁਝ ਖਾਸ ਉਪਰਾਲਿਆਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਤੂੜੀ ਵਾਲੇ ਰੀਪਰ ਤੋਂ ਤੂੜੀ ਬਣਾਉਣ ਉਪਰੰਤ ਸੁਹਾਗਾ ਮਾਰ ਕੇ ਤਵੀਆਂ ਜਾਂ ਰੋਟਾਵੇਟਰ ਨਾਲ ਕਰਚਿਆਂ ਨੂੰ ਮਿੱਟੀ ਵਿਚ ਮਿਲਾਇਆ ਜਾ ਸਕਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ।
ਮੋਬਾਈਲ : 94171-22896

ਨਹੀਂ ਮੁੱਕਣੀ ਫ਼ਸਲਾਂ ਦੀ ਰਾਖੀ

ਕੰਢੀ ਖੇਤਰ ਪੰਜਾਬ ਦਾ ਨੀਮ-ਪਹਾੜੀ ਅਤੇ ਪਛੜਿਆ ਹੋਇਆ ਖਿੱਤਾ ਹੈ। ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵੱਡੇ ਹਿੱਸੇ ਇਸ ਖੇਤਰ ਅਧੀਨ ਆਉਂਦੇ ਹਨ। ਇਹ ਖੇਤਰ ਸ਼ਿਵਾਲਕ ਪਹਾੜੀਆਂ ਦੇ ਕੰਢੇ-ਕੰਢੇ ਪਠਾਨਕੋਟ ਤੋਂ ਚੰਡੀਗੜ੍ਹ ਮੁੱਖ ਸੜਕ ਦੇ ਚੜ੍ਹਦੇ ਪਾਸੇ ਵਸਿਆ ਇਹ ਖੇਤਰ ਜ਼ਿਲ੍ਹਾ ਪਠਾਨਕੋਟ ਦੀ ਹੱਦ ਨਾਲ-ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੇ ਚੰਬਾ ਦੀਆਂ ਹੱਦਾਂ ਤੋਂ ਸ਼ੁਰੂ ਹੋ ਕੇ ਮੁਹਾਲੀ ਜ਼ਿਲ੍ਹੇ ਨਾਲ ਲਗਦੇ ਹਰਿਆਣਾ ਸੂਬੇ ਨਾਲ ਜਾ ਲਗਦਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ ਅਤੇ ਮੁਹਾਲੀ ਜ਼ਿਲ੍ਹਿਆਂ ਅਧੀਨ ਪੈਂਦੇ ਕੰਢੀ ਖੇਤਰ ਦੀ ਸਥਿਤੀ ਬੜੀ ਭਿੰਨ ਹੈ। ਇਨ੍ਹਾਂ ਜ਼ਿਲ੍ਹਿਆਂ ਅਧੀਨ ਧਾਰ, ਚੰਗਰ, ਘਾੜ, ਦੂਣ ਅਤੇ ਬੀਤ ਵਰਗੇ ਅਜਿਹੇ ਉੱਪ-ਖੇਤਰ ਆਉਂਦੇ ਹਨ, ਜਿਥੋਂ ਦੀ ਕਿਸਾਨੀ ਬੜੀਆਂ ਦਿੱਕਤਾਂ ਵਿਚ ਆਪਣਾ ਜੀਵਨ ਬਸਰ ਕਰਦੀ ਹੈ। ਇਹ ਖੇਤਰ 250 ਕਿਲੋਮੀਟਰ ਲੰਬਾ ਅਤੇ 8 ਤੋਂ 35 ਕਿਲੋਮੀਟਰ ਦੀ ਚੌੜਾਈ ਤੱਕ ਫੈਲਿਆ ਹੋਇਆ ਹੈ। ਪੰਜਾਬ ਦੀ ਵਸੋਂ ਦਾ ਕਰੀਬ 6 ਫ਼ੀਸਦੀ ਅਤੇ ਖੇਤਰਫਲ ਦਾ 9 ਫ਼ੀਸਦੀ ਇਸ ਖੇਤਰ ਅਧੀਨ ਆਉਂਦਾ ਹੈ। ਇਹ ਖਿੱਤਾ ਜੰਗਲਾਂ, ਡੂੰਘੇ ਚੋਆਂ ਅਤੇ ਖੱਡਾਂ ਦੇ ਨਾਲ-ਨਾਲ ਪੈਂਦਾ ਹੋਣ ਕਰਕੇ, ਇੱਥੋਂ ਦੀ ਜ਼ਮੀਨ ਉੱਚੀ-ਨੀਵੀਂ, ਛੋਟੇ-ਛੋਟੇ ਟੋਟਿਆਂ ਵਿਚ ਵੰਡੀ ਹੋਈ ਅਤੇ ਘੱਟ ਉਪਜਾਊ ਹੈ। ਸਮੁੰਦਰ ਤਲ ਤੋਂ ਉਚਾਈ ਹੋਣ ਕਾਰਨ ਪਾਣੀ ਦਾ ਸਤਰ ਡੂੰਘਾ ਹੈ। ਕੰਢੀ ਖਿੱਤੇ ਵਿਚ ਸਰਕਾਰੀ ਟਿਊਬਵੈੱਲਾਂ ਤੋਂ ਇਲਾਵਾ ਨਿੱਜੀ ਟਿਊਬਵੈੱਲ ਲਗਵਾਉਣਾ ਮਹਿੰਗਾ ਪੈਂਦਾ ਹੈ। ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਇੱਥੋਂ ਦੇ ਕਿਸਾਨ ਨਿੱਜੀ ਟਿਊਬਵੈੱਲ ਲਗਵਾਉਣ ਤੋਂ ਅਸਮਰਥ ਹਨ। ਅਜਿਹਾ ਹੋਣ ਕਾਰਨ ਇਸ ਖੇਤਰ ਦਾ ਵੱਡਾ ਹਿੱਸਾ ਸਿੰਚਾਈ ਸਹੂਲਤਾਂ ਤੋਂ ਵਾਂਝਾ ਪਿਆ ਹੈ। ਖੇਤੀ ਰੱਬ ਆਸਰੇ ਹੋਣ ਕਾਰਨ ਕਿਸਾਨੀ ਦੀ ਹਾਲਤ ਕੋਈ ਵਧੀਆ ਨਹੀਂ। ਖਿੱਤੇ ਦੇ ਵੱਡੀ ਗਿਣਤੀ ਲੋਕ ਬਾਹਰਲੇ ਰਾਜਾਂ ਵਿਚ ਜਾ ਕੇ ਪੱਲੇਦਾਰੀ (ਮਜ਼ਦੂਰੀ) ਵੀ ਕਰਦੇ ਹਨ। ਅਜਿਹਾ ਹੋਣ ਕਾਰਨ ਨਵੀਂ ਪੀੜ੍ਹੀ ਖੇਤੀਬਾੜੀ ਵਿਚ ਕੋਈ ਦਿਲਚਸਪੀ ਨਹੀਂ ਦਿਖਾ ਰਹੀ।
ਇਸ ਖੇਤਰ ਵਿਚ ਬਰਸਾਤ ਦਾ ਮੌਸਮ ਹੋਣ ਕਾਰਨ ਮੱਕੀ ਦੀ ਫ਼ਸਲ ਤਾਂ ਹੋ ਜਾਂਦੀ ਹੈ ਪ੍ਰੰਤੂ ਕਣਕ ਦੀ ਫ਼ਸਲ ਦਾ ਕੋਈ ਵਸਾਹ ਨਹੀਂ ਹੁੰਦਾ। ਜ਼ਿਆਦਾਤਰ ਕਿਸਾਨ ਰਿਵਾਇਤੀ ਫ਼ਸਲੀ ਚੱਕਰ ਕਣਕ-ਮੱਕੀ ਅਪਣਾਉਂਦੇ ਹਨ। ਭਾਵੇਂ ਕੰਢੀ ਖੇਤਰ ਵਿਚ ਮੱਕੀ ਦੀ ਫ਼ਸਲ ਚੰਗੀ ਹੋ ਜਾਂਦੀ ਹੈ ਪਰ ਇਸ ਦੀ ਬਿਜਾਈ ਤੋਂ ਲੈ ਕੇ ਦਾਣੇ ਕੋਠੀ 'ਚ ਪਹੁੰਚਣ ਤੱਕ ਜੋ ਔਕੜਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ, ਇਹ ਉਹੀ ਜਾਣਦੇ ਹਨ। ਫ਼ਸਲ ਦਾ ਘਰ ਤੱਕ ਅਪੜਨਾ ਖੁਸ਼ਕਿਸਮਤੀ ਜਾਂ ਸਬੱਬ ਹੀ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸਾਨ ਕਮਾਦ ਵੀ ਬੀਜਦੇ ਹਨ । ਜੇ ਜੰਗਲੀ ਜਾਨਵਰਾਂ ਤੋਂ ਬਚ ਜਾਵੇ ਤਾਂ ਇਹ ਘਰੇਲੂ ਖਪਤ ਹੀ ਪੂਰੀ ਕਰਦਾ ਹੈ। ਖੇਤਰ ਵਿਚ ਹਰ ਸਾਲ ਕਮਾਦ ਹੇਠੋਂ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ। ਖੇਤਾਂ ਵਿਚ ਚਲਦੀਆਂ ਘੁਲਾੜੀਆਂ ਪਿਛਲੇ ਸਾਲਾਂ ਤੋਂ ਗਾਇਬ ਹਨ। ਮੱਕੀ ਦੇ ਦੇਸੀ ਬੀਜਾਂ ਦੀ ਥਾਂ ਹਾਈਬ੍ਰਿਡ ਬੀਜਾਂ ਨੇ ਲੈ ਲਈ ਹੈ। ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਜੰਗਲੀ ਜਾਨਵਰਾਂ ਦੁਆਰਾ ਫ਼ਸਲ ਦੇ ਉਜਾੜੇ ਦੀ ਹੈ। ਖੇਤਾਂ ਦੇ ਨਾਲ-ਨਾਲ ਡੂੰਘੇ ਚੋਅ, ਖੱਡਾਂ ਅਤੇ ਜੰਗਲ ਜੰਗਲੀ ਜਾਨਵਰਾਂ ਲਈ ਆਵਾਸ-ਘਰ ਹਨ। ਇਨ੍ਹਾਂ ਜਾਨਵਰਾਂ ਵਿਚ ਸੂਰ, ਵੈਣਾਂ, ਬਾਂਦਰ, ਸੈਹੇ, ਸਾਂਬਰ, ਗਿੱਦੜ ਅਤੇ ਸੇਹ ਆਦਿ ਮੁੱਖ ਹਨ। ਇਸ ਤੋਂ ਬਿਨਾਂ ਲੋਕ ਅਵਾਰਾ ਪਸ਼ੂਆਂ ਨੂੰ ਟਰਾਲੀਆਂ ਵਿਚ ਲੱਦ ਕੇ ਕੰਢੀ ਦੇ ਨੀਮ ਪਹਾੜੀ ਇਲਾਕਿਆਂ ਦੇ ਨੇੜੇ ਰਾਤ-ਬਰਾਤੇ ਛੱਡ ਜਾਂਦੇ ਹਨ ਜੋ ਸਮਾਂ ਪਾਕੇ ਇੱਥੇ ਝੁੰਡਾਂ ਦੇ ਰੂਪ ਵਿਚ ਪੱਕੇ ਤੌਰ 'ਤੇ ਟਿਕ ਜਾਂਦੇ ਹਨ। ਰਾਤ ਹੁੰਦੇ ਸਾਰ ਹੀ ਇਹ ਖੇਤਾਂ ਵੱਲ ਨੂੰ ਵਹੀਰਾਂ ਘੱਤ ਦਿੰਦੇ ਹਨ। ਫ਼ਸਲਾਂ ਦਾ ਖੂਬ ਉਜਾੜਾ ਕਰਦੇ ਹਨ। ਕਣਕ ਦੀ ਫ਼ਸਲ ਨੂੰ ਵੈਣਾਂ ਜ਼ਿਆਦਾ ਉਜਾੜਦੀਆਂ ਹਨ। ਇਹ ਝੁੰਡਾਂ ਦੇ ਰੂਪ ਵਿਚ ਆ ਕੇ ਪੂਰੇ ਦਾ ਪੂਰਾ ਖੇਤ ਪੱਧਰਾ ਕਰ ਜਾਂਦੀਆਂ ਹਨ। ਮੱਕੀ ਦੀ ਫ਼ਸਲ ਜੰਗਲੀ ਸੂਰਾਂ ਦੁਆਰਾ ਖੂਬ ਲਿਤਾੜੀ ਜਾਂਦੀ ਹੈ। ਇਹ ਔਕੜ ਕਿਸਾਨਾਂ ਦੇ ਗਲ਼ੇ ਦੀ ਹੱਡੀ ਬਣੀ ਹੋਈ ਹੈ ਜਿਸ ਦਾ ਹੱਲ ਲੱਭਿਆਂ ਵੀ ਨਜ਼ਰੀਂ ਨਹੀਂ ਆਉਂਦਾ। ਕੰਡਿਆਲੀ ਤਾਰ ਨੂੰ ਤਾਂ ਹਮਲਾਵਰ ਜਾਨਵਰ ਇਕ ਝਟਕੇ ਨਾਲ ਹੀ ਤੋੜ ਦਿੰਦੇ ਹਨ। ਪਿਛਲੇ ਸਾਲਾਂ ਦੌਰਾਨ ਖੇਤਾਂ ਦੇ ਨਾਲ-ਨਾਲ ਸੋਲਰ ਤਾਰ ਲਗਾਉਣ ਦੀ ਗੱਲ ਚੱਲੀ ਸੀ, ਪਰ ਕਿਸੇ ਤਣ-ਪੱਤਣ ਨਾ ਲੱਗ ਸਕੀ। ਕੋਈ ਸਮਾਂ ਸੀ ਕਿ ਕਣਕ ਦੀ ਫ਼ਸਲ ਨੂੰ ਜਾਨਵਰਾਂ ਦੀ ਮਾਰ ਦਾ ਕੋਈ ਡਰ ਨਹੀਂ ਸੀ ਹੁੰਦਾ। ਹੁਣ ਜਾਨਵਰਾਂ ਦੀ ਗਿਣਤੀ ਵਧਣ ਨਾਲ ਕਣਕ ਦੀ ਰਾਖੀ ਲਈ ਬਿਨ ਨਾਗਾ ਪੋਹ-ਮਾਘ ਦੀਆਂ ਰਾਤਾਂ ਖੇਤਾਂ ਵਿਚ ਗੁਜ਼ਾਰਨੀਆਂ ਕਿਸਾਨਾਂ ਦੀ ਮਜਬੂਰੀ ਬਣ ਗਈ ਹੈ। ਮੱਕੀ ਦੀ ਫ਼ਸਲ ਮੌਕੇ ਖੇਤਾਂ ਵਿਚ ਰੰਗ-ਬਿਰੰਗੀਆਂ ਛੱਤਾਂ ਵਾਲੇ ਮਣ੍ਹੇ ਅਤੇ ਕਣਕ ਦੀ ਫ਼ਸਲ ਮੌਕੇ ਝੁੱਗੀਆਂ ਆਮ ਦਿਖਾਈ ਦਿੰਦੀਆਂ ਹਨ। ਜਦੋਂ ਪੰਜਾਬੀ ਜਨ-ਜੀਵਨ ਵਿਚ ਫ਼ਸਲਾਂ ਦੀ ਰਾਖੀ ਦੀ ਗੱਲ ਚਲਦੀ ਹੈ ਤਾਂ ਇਹ ਸਤਰਾਂ ਆਪ-ਮੁਹਾਰੇ ਮੂੰਹੋਂ ਫੁੱਟ ਪੈਂਦੀਆਂ ਹਨ : ਮੁੱਕ ਗਈ ਫ਼ਸਲਾਂ ਦੀ ਰਾਖੀ, ਵੇ ਜੱਟਾ ਆਈ ਵਿਸਾਖੀ। ਲੋਕ ਤੱਥ ਦੀਆਂ ਸਤਰਾਂ ਕੰਢੀ ਦੇ ਕਿਸਾਨਾਂ ਲਈ ਅਧੂਰੀਆਂ ਜਾਪਦੀਆਂ ਹਨ ਕਿਉਂਕਿ ਮੱਕੀ, ਕਣਕ ਅਤੇ ਕਮਾਦ ਨੂੰ ਬਚਾਉਣ ਲਈ ਕਿਸਾਨਾਂ ਨੂੰ ਸਾਰਾ ਸਾਲ ਰਾਖੀ ਕਰਨੀ ਪੈਂਦੀ ਹੈ।
ਕੰਢੀ ਖੇਤਰ ਅਧੀਨ ਆਉਂਦੇ ਨੀਮ-ਪਹਾੜੀ ਖਿੱਤਿਆਂ ਦੇ ਲੋਕ ਕਿੱਲਿਆਂ-ਵਿੱਘਿਆਂ ਦੇ ਨਹੀਂ ਸਗੋਂ ਕਨਾਲਾਂ-ਮਰਲਿਆਂ ਦੇ ਮਾਲਕ ਹਨ। ਜੇ ਇੰਦਰ ਦੇਵਤਾ ਮਿਹਰਬਾਨ ਰਹਿਣ ਅਤੇ ਜਾਨਵਰਾਂ ਤੋਂ ਬਚਾਅ ਹੋ ਜਾਵੇ ਤਾਂ ਖਾਣ ਜੋਗੇ ਦਾਣੇ ਜ਼ਰੂਰ ਹੋ ਜਾਂਦੇ ਹਨ। ਵਪਾਰਕ ਫ਼ਸਲਾਂ ਦੀ ਕਾਸ਼ਤ ਲਈ ਇਸ ਖੇਤਰ ਦੀ ਜ਼ਮੀਨ ਢੁੱਕਵੀਂ ਹੈ ਪਰ ਜਾਨਵਰਾਂ ਦੇ ਨੁਕਸਾਨ ਕਾਰਨ ਕਿਸਾਨ ਜ਼ੋਖਮ ਲੈਣ ਲਈ ਤਿਆਰ ਨਹੀਂ। ਕਈ ਪਿੰਡਾਂ ਵਿਚ ਕਿਸਾਨਾਂ ਨੇ ਇਕੱਠੇ ਹੋ ਕੇ ਜਾਲੀਦਾਰ ਤਾਰ ਲਗਵਾਈ ਜਿਸ ਨਾਲ ਫ਼ਸਲ ਦੇ ਉਤਪਾਦਨ ਵਿਚ ਚੋਖਾ ਵਾਧਾ ਹੋਇਆ, ਪਰ ਇਹ ਕੰਮ ਹਰ ਕਿਸਾਨ ਦੇ ਵਸ ਦੀ ਗੱਲ ਨਹੀਂ। ਲੋਕਾਂ ਦੀ ਮੰਗ ਅਨੁਸਾਰ ਜੇਕਰ ਸਰਕਾਰ ਵਲੋਂ ਜਾਲੀਦਾਰ ਵਾੜ ਉਪਲਬਧ ਕਰਵਾਈ ਜਾਵੇ ਤਾਂ ਇਸ ਖੇਤਰ ਦੇ ਮਿਹਨਤੀ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦੇ ਸਮਰੱਥ ਹੋ ਸਕਣਗੇ।


-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ: ਗੜ੍ਹਸ਼ੰਕਰ (ਹੁਸ਼ਿਆਰਪੁਰ)-144523
ਮੋਬਾਈਲ:94638-51568
ਈ-ਮੇਲ:amrikdayal@gmail.com

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਕਿਵੇਂ ਬਚਾਈਏ?

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਇਹ ਕਿੳਂੁ ਹੇਠਾਂ ਜਾ ਰਿਹਾ ਹੈ, ਇਸ ਦੇ ਕੀ ਕਾਰਨ ਹਨ ਅਤੇ ਇਸ ਨੂੰ ਰੋਕਣ ਲਈ ਕੀ-ਕੀ ਉਪਰਾਲੇ ਕੀਤੇ ਜਾ ਸਕਦੇ ਹਨ, ਆਓ ਵਿਚਾਰੀਏ!
ਪਾਣੀ ਦਾ ਪੱਧਰ ਹੇਠਾਂ ਕਿੳਂੁ ਜਾ ਰਿਹਾ ਹੈ : ਪਾਣੀ ਚਾਹੇ ਨਹਿਰੀ ਹੋਵੇ ਜਾਂ ਧਰਤੀ ਹੇਠਲਾ, ਸਾਰੇ ਪਾਣੀ ਦਾ ਮੁੱਖ ਸੋਮਾ ਬਾਰਿਸ਼ ਅਤੇ ਬਰਫ਼ ਹੀ ਹੈ। ਪਹਾੜਾਂ ਉੱਪਰ ਪਈ ਬਰਫ਼ ਪਿਘਲ ਕੇ ਜਾਂ ਬਾਰਿਸ਼ ਦਾ ਪਾਣੀ ਇਕੱਠਾ ਹੋ ਕੇ ਨਦੀਆਂ ਅਤੇ ਦਰਿਆਵਾਂ ਵਿਚ ਆ ਜਾਂਦਾ ਹੈ। ਨਦੀਆਂ ਉੱਤੇ ਬੰਨ੍ਹ ਬਣਾ ਕੇ ਪਾਣੀ ਨਹਿਰਾਂ ਰਾਹੀਂ ਵੱਖ-ਵੱਖ ਇਲਾਕਿਆਂ ਵਿਚ ਲਿਜਾ ਕੇ ਸਿੰਚਾਈ ਲਈ ਵਰਤਿਆ ਜਾਂਦਾ ਹੈ। ਬਾਰਿਸ਼ ਅਤੇ ਨਹਿਰੀ ਪਾਣੀ ਦਾ ਕੁਝ ਭਾਗ ਜ਼ੀਰ ਕੇ ਧਰਤੀ ਹੇਠਾਂ ਚਲਾ ਜਾਂਦਾ ਹੈ ਅਤੇ ਉਹ ਜ਼ਮੀਨ ਹੇਠਲੇ ਪਾਣੀ ਦਾ ਭਾਗ ਬਣ ਜਾਂਦਾ ਹੈ। ਇਸ ਤੋਂ ਇਲਾਵਾ ਸਿੰਚਾਈ ਲਈ ਵਰਤੇ ਜਾਂਦੇ ਪਾਣੀ ਦਾ ਕੁਝ ਭਾਗ ਵੀ ਖੇਤਾਂ ਵਿਚੋਂ ਜ਼ੀਰ ਕੇ ਧਰਤੀ ਹੇਠਲੇ ਪਾਣੀ ਦੀ ਸਤਹਿ ਨਾਲ ਜਾ ਰਲਦਾ ਹੈ। ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਮਿਕਦਾਰ ਦੀ ਪ੍ਰਾਪਤੀ ਸਾਲਾਨਾ ਬਾਰਿਸ਼, ਨਹਿਰੀ ਪ੍ਰਣਾਲੀ ਅਤੇ ਸਿੰਚਾਈ ਤੋਂ ਜ਼ੀਰ ਕੇ ਥੱਲੇ ਗਏ ਪਾਣੀ 'ਤੇ ਨਿਰਭਰ ਕਰਦੀ ਹੈ। ਜੇ ਸਾਨੂੰ ਪਾਣੀ ਦੇ ਤਲ ਨੂੰ ਬਰਕਰਾਰ ਰੱਖਣਾ ਹੈ ਤਾਂ ਧਰਤੀ ਹੇਠੋਂ ਟਿਊਬਵੈੱਲ ਨਾਲ ਪਾਣੀ ਓਨਾ ਹੀ ਕੱਢਣਾ ਚਾਹੀਦਾ ਹੈ ਜਿੰਨਾ ਸਾਲਾਨਾ ਪਾਣੀ ਜ਼ੀਰ ਕੇ ਧਰਤੀ ਹੇਠਲੇ ਪਾਣੀ ਦਾ ਅੰਗ ਬਣ ਸਕਦਾ ਹੈ। ਸਾਲਾਨਾ ਧਰਤੀ ਹੇਠ ਜ਼ੀਰ ਕੇ ਜਾਣ ਵਾਲੇ ਪਾਣੀ ਨੂੰ ਸਾਲਾਨਾ ਰਿਚਾਰਜ ਕਹਿੰਦੇ ਹਨ ਅਤੇ ਸਾਲਾਨਾ ਟਿਊਬਵੈੱਲ ਨਾਲ ਕੱਢਣ ਵਾਲੇ ਪਾਣੀ ਨੂੰ ਸਾਲਾਨਾ ਡਰਾਫਟ ਜਾਂ ਸਾਲਾਨਾ ਨਿਕਾਸ ਕਹਿੰਦੇ ਹਨ। ਪੰਜਾਬ ਵਿਚ ਪਾਣੀ ਦੀ ਸਤਹਿ ਹਰ ਸਾਲ ਤਕਰੀਬਨ 50 ਸੈਂਟੀਮੀਟਰ ਥੱਲੇ ਜਾ ਰਹੀ ਹੈ, ਕਿਉਂਕਿ ਸਾਲਾਨਾ ਡਰਾਫਟ ਸਾਲਾਨਾ ਰਿਚਾਰਜ ਨਾਲੋਂ ਕਾਫੀ ਵੱਧ ਹੈ।
ਪਾਣੀ ਦਾ ਪੱਧਰ ਹੇਠਾਂ ਜਾਣ ਦੇ ਕਾਰਨ :
(ੳ) ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਅਧੀਨ ਰਕਬਾ : ਪੰਜਾਬ ਵਿਚ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਿ ਝੋਨੇ ਹੇਠ ਰਕਬਾ ਸਾਲ 1971 ਵਿਚ 3 ਫ਼ੀਸਦੀ ਤੋਂ ਵੱਧ ਕੇ ਸਾਲ 2016 ਵਿਚ 73.5 ਫ਼ੀਸਦੀ ਹੋ ਗਿਆ ਹੈ। ਇਸ ਦੇ ਨਾਲ ਫ਼ਸਲਾਂ ਦੀ ਘਣਤਾ ਜੋ ਕਿ 1960-61 ਵਿਚ 126 ਫ਼ੀਸਦੀ ਸੀ, ਸਾਲ 2016-17 ਵਿਚ ਵੱਧ ਕੇ 204 ਫ਼ੀਸਦੀ ਹੋ ਗਈ ਹੈ।
(ਅ) ਸਿੰਚਾਈ ਹੇਠ ਵਧਿਆ ਰਕਬਾ: ਪੰਜਾਬ ਵਿਚ ਸਿੰਚਾਈ ਹੇਠ ਕੁੱਲ ਰਕਬਾ ਸਾਲ 1960-61 ਵਿਚ 54 ਫ਼ੀਸਦੀ ਤੋਂ ਵੱਧ ਕੇ ਸਾਲ 2016-17 ਵਿਚ 99.9 ਫ਼ੀਸਦੀ ਹੋ ਗਿਆ ਹੈ।
(ੲ) ਜ਼ਮੀਨ ਹੇਠਲੇ ਪਾਣੀ ਦਾ ਜ਼ਿਆਦਾ ਨਿਕਾਸ: ਪੰਜਾਬ ਵਿਚ ਟਿਊਬਵੈਲਾਂ ਦੀ ਵਧਦੀ ਗਿਣਤੀ ਜ਼ਮੀਨ ਹੇਠਲੇ ਪਾਣੀ ਦੇ ਵਧਦੇ ਨਿਕਾਸ ਲਈ ਜ਼ਿੰਮੇਦਾਰ ਹੈ। ਟਿਊਬਵੈੱਲਾਂ ਦੀ ਗਿਣਤੀ ਸਾਲ 1970-71 ਵਿਚ 1.92 ਲੱਖ ਸੀ, ਜੋ ਵੱਧ ਕੇ ਸਾਲ 2015-16 ਵਿਚ 14.19 ਲੱਖ ਹੋ ਗਈ ਹੈ।
(ਸ) ਬਰਸਾਤ ਵਿਚ ਤਬਦੀਲੀ: ਪਿਛਲੇ ਕੁਝ ਸਾਲਾਂ ਵਿਚ ਇਹ ਵੇਖਣ ਵਿਚ ਆਇਆ ਹੈ ਕਿ ਬਰਸਾਤਾਂ ਵਿਚ ਵੀ ਕਾਫ਼ੀ ਤਬਦੀਲੀ ਆਈ ਹੈ। ਹੁਣ ਥੋੜ੍ਹੇ ਸਮੇਂ ਵਿਚ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ, ਜਿਸ ਨਾਲ ਸਤਹਿ ਤੋਂ ਪਾਣੀ ਰੁੜ੍ਹ ਜਾਂਦਾ ਹੈ ਅਤੇ ਧਰਤੀ ਹੇਠਾਂ ਘੱਟ ਜੀਰਦਾ ਹੈ।
ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਵਧਦੀਆਂ ਸਮੱਸਿਆਵਾਂ
ਪਾਣੀ ਦਾ ਪੱਧਰ ਥੱਲੇ ਜਾਣ ਨਾਲ ਕਿਸਾਨਾਂ ਲਈ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਜਿਵੇਂ ਕਿ : (ੳ) ਘੱਟ ਡੂੰਘੇ ਅਤੇ ਸਸਤੇ ਸੈਂਟਰੀਫਿਊਗਲ ਪੰਪਾਂ ਨੂੰ ਬਦਲ ਕੇ ਜ਼ਿਆਦਾ ਡੂੰਘੇ ਅਤੇ ਮਹਿੰਗੇ ਸਬਮਰਸੀਬਲ ਪੰਪਾਂ ਦੀ ਵਰਤੋਂ ਹੋਣਾ। (ਅ) ਟਿਊਬਵੈੱਲਾਂ ਦੀ ਸਕਸ਼ਨ ਲਿਫਟ ਵਧਣ ਕਾਰਨ ਟਿਊਬਵੈੱਲਾਂ ਤੋਂ ਪ੍ਰਾਪਤ ਪਾਣੀ ਦੀ ਮਾਤਰਾ ਘਟਣਾ। (ੲ) ਪਾਣੀ ਦੀ ਡੂੰਘਾਈ ਵੱਧਣ ਨਾਲ ਬਿਜਲੀ ਦੀਆਂ ਮੋਟਰਾਂ 'ਤੇ ਲੋਡ ਵੱਧਣਾ, ਸਿੱਟੇ ਵਜੋਂ ਬਿਜਲੀ ਦੀਆਂ ਜ਼ਿਆਦਾ ਹਾਰਸ ਪਾਵਰ ਵਾਲੀਆਂ ਮੋਟਰਾਂ ਵਰਤਣਾ। ਜਿਸ ਨਾਲ ਬਿਜਲੀ ਦੀ ਖਪਤ ਵੱਧਣਾ। (ਸ) ਪੰਜਾਬ ਵਿਚ 70 ਫ਼ੀਸਦੀ ਬਿਜਲੀ ਦਾ ਉਤਪਾਦਨ ਥਰਮਲ ਪਲਾਂਟ ਤੋਂ ਹੁੰਦਾ ਹੈ ਅਤੇ ਬਿਜਲੀ ਦੇ ਕੁੱਲ ਉਤਪਾਦਨ ਵਿਚੋਂ 80 ਫ਼ੀਸਦੀ ਬਿਜਲੀ ਦੀ ਵਰਤੋਂ ਖੇਤੀ ਵਿਚ ਹੁੰਦੀ ਹੈ। ਜ਼ਿਆਦਾ ਬਿਜਲੀ ਦੀ ਖਪਤ ਮਤਲਬ ਵੱਧ ਉਤਪਾਦਨ ਅਤੇ ਵੱਧ ਉਤਪਾਦਨ ਨਾਲ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ।
ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਦੇ ਉਪਾਅ
ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਲਈ ਦੋ ਤਰ੍ਹਾਂ ਦੇ ਉਪਾਅ ਕੀਤੇ ਜਾ ਸਕਦੇ ਹਨ, ਧਰਤੀ ਹੇਠੋਂ ਟਿਊਬਵੈਲਾਂ ਰਾਹੀਂ ਕੱਢੇ ਜਾਣ ਵਾਲੇ ਪਾਣੀ ਦਾ ਸਾਲਾਨਾ ਡਰਾਫਟ ਘਟਾਇਆ ਜਾਵੇ ਅਤੇ ਬਨਾਵਟੀ ਰਿਚਾਰਜ ਰਾਹੀਂ ਧਰਤੀ ਹੇਠਲੇ ਪਾਣੀ ਦੇ ਭੰਡਾਰ ਵਿਚ ਵਾਧਾ ਕੀਤਾ ਜਾਵੇ।
(ੳ) ਫ਼ਸਲੀ ਚੱਕਰ ਵਿਚ ਤਬਦੀਲੀ : ਜ਼ਿਆਦਾ ਪਾਣੀ ਦੀ ਖਪਤ ਕਰਨ ਵਾਲੀਆ ਫ਼ਸਲਾਂ ਜਿਵੇਂ ਕਿ ਝੋਨੇ ਹੇਠ ਰਕਬਾ ਘਟਾਇਆ ਜਾਵੇ ਅਤੇ ਘੱਟ ਪਾਣੀ ਵਾਲੀਆਂ ਫ਼ਸਲਾਂ ਜਿਵੇਂ ਕਿ ਮੱਕੀ, ਮੂੰਗੀ, ਸੋਇਆਬੀਨ, ਮਾਂਹ, ਅਰਹਰ ਵਾਲੀਆਂ ਫ਼ਸਲਾਂ ਹੇਠ ਰਕਬਾ ਵਧਾਇਆ ਜਾਵੇ। ਕਈ ਫ਼ਸਲੀ ਚੱਕਰ ਜਿਵੇਂ ਕਿ ਮੱਕੀ-ਆਲੂ-ਪਿਆਜ਼, ਮੂੰਗਫਲੀ-ਆਲੂ-ਬਾਜਰਾ (ਹਰਾ ਚਾਰਾ), ਮੱਕੀ-ਆਲੂ-ਮੈਂਥਾ, ਮੱਕੀ-ਕਣਕ/ਕਰਨੌਲੀ-ਬਾਜਰਾ (ਹਰਾ ਚਾਰਾ) ਅਤੇ ਮੂੰਗਫਲੀ-ਤੋਰੀਆ+ਗੋਭੀ ਸਰ੍ਹੋਂ ਆਦਿ ਝੋਨਾ-ਕਣਕ ਫ਼ਸਲੀ ਚੱਕਰ ਦੇ ਮੁਕਾਬਲੇ ਆਰਥਿਕ ਪੱਖੋਂ ਜ਼ਿਆਦਾ ਲਾਭਕਾਰੀ ਹਨ ਅਤੇ ਇਨ੍ਹਾਂ ਫ਼ਸਲੀ ਚੱਕਰਾਂ ਵਿਚ ਸਿੰਚਾਈ ਲਈ ਵਰਤੇ ਜਾਂਦੇ ਪਾਣੀ ਦੀ ਵੀ ਕਾਫੀ ਬੱਚਤ ਹੁੰਦੀ ਹੈ। (ਅ) ਝੋਨੇ ਵਿਚ ਪਾਣੀ ਦੀ ਸਹੀ ਵਰਤੋਂ: ਝੋਨੇ ਨੂੰ ਪਾਣੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਦੇ ਮੁਤਾਬਕ ਹੀ ਲਗਾਉਣਾ ਚਾਹੀਦਾ ਹੈ। ਯੂਨੀਵਰਸਿਟੀ ਸਿਫ਼ਾਰਿਸ਼ ਕਰਦੀ ਹੈ ਕਿ ਪਨੀਰੀ ਲਗਾਉਣ ਤੋਂ ਬਾਅਦ ਦੋ ਹਫ਼ਤੇ ਪਾਣੀ ਖੇਤ ਵਿਚ ਖੜ੍ਹਾ ਰੱਖਿਆ ਜਾਵੇ। ਉਸ ਤੋਂ ਬਾਅਦ ਹਰ ਸਿੰਚਾਈ ਖੇਤ ਵਿਚ ਪਾਣੀ ਜ਼ੀਰਨ ਦੇ ਦੋ ਦਿਨਾਂ ਬਾਅਦ ਲਗਾਈ ਜਾਵੇ, ਪ੍ਰੰਤੂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜ਼ਮੀਨ ਵਿਚ ਤਰੇੜ੍ਹਾਂ ਨਾ ਪੈਣ। ਝੋਨਾ ਵੱਢਣ ਤੋਂ ਦੋ ਹਫ਼ਤੇ ਪਹਿਲਾਂ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ
ਮੋਬਾਈਲ : 98722-08744

ਪਿੰਡਾਂ ਵਿਚ ਗੀਰ੍ਹਿਆਂ ਦੀ ਥਾਂ ਲਈ ਟਾਵਰਾਂ ਨੇ

ਕੋਈ ਸਮਾਂ ਸੀ ਜਦੋਂ ਪੁਰਾਤਨ ਪੰਜਾਬ ਵਿਚ ਇਹ ਕਹਾਵਤ ਮਸ਼ਹੂਰ ਸੀ ਕਿ ਪਿੰਡ ਤਾਂ ਗੀਰ੍ਹਿਆਂ ਤੋਂ ਹੀ ਪਛਾਣਿਆ ਜਾਂਦਾ ਹੈ। ਉਨ੍ਹਾਂ ਸਮਿਆਂ ਵਿਚ ਇਸ ਕਹਾਵਤ ਦਾ ਬਹੁਤ ਵੱਡਾ ਮਤਲਬ ਹੁੰਦਾ ਸੀ ਕਿ ਪਿੰਡ ਦੀ ਤਰੱਕੀ ਦਾ ਪਤਾ ਇਨ੍ਹਾਂ ਗੀਰ੍ਹਿਆਂ ਤੋਂ ਹੀ ਲਗਦਾ ਸੀ। ਭਾਵ ਜਿਹੜੇ ਪਿੰਡ ਦੇ ਵਿਚ ਜ਼ਿਆਦਾ ਗੀਰ੍ਹੇ ਹੁੰਦੇ ਸਨ ਉਥੇ ਜ਼ਿਆਦਾਤਰ ਲੋਕਾਂ ਨੇ ਪਸ਼ੂ ਰੱਖੇ ਹੋਣ ਕਰਕੇ ਹੀ ਗੀਰ੍ਹਿਆਂ ਦੀ ਬਹੁਤਾਤ ਹੁੰਦੀ ਸੀ ਕਿਉਂਕਿ ਗੋਬਰ ਦੀਆਂ ਪਾਥੀਆਂ ਬਣਾ ਕੇ ਗੀਰ੍ਹੇ ਵੀ ਤਾਂ ਹੀ ਲੱਗਣਗੇ ਜੇਕਰ ਪਿੰਡਾਂ ਵਿਚ ਡੰਗਰ ਰੱਖੇ ਹੋਣਗੇ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਡੰਗਰਾਂ ਵਿਚ ਜੇਕਰ ਬਲਦ, ਊਠ, ਕਟਰੂ-ਵੱਛਰੂ ਹੋਣਗੇ ਤਾਂ ਦੁਧਾਰੂ ਪਸ਼ੂ ਵੀ ਜ਼ਰੂਰ ਹੋਣਗੇ ਤੇ ਉਸ ਪਿੰਡ ਦੇ ਲੋਕਾਂ ਦੀ ਸਿਹਤ ਵੀ ਬਹੁਤ ਵਧੀਆ ਹੋਵੇਗੀ ਕਿਉਂਕਿ ਜਿੱਥੇ ਦੁੱਧ, ਘਿਉ, ਮੱਖਣ, ਲੱਸੀ ਹੋਣਗੇ ਉਥੋਂ ਦੇ ਇਨਸਾਨਾਂ ਦੀ ਸਿਹਤ ਵੀ ਵਧੀਆ ਹੋਵੇਗੀ। ਜੁੱਸੇ ਵਾਲੀ ਸਿਹਤ ਤੰਦਰੁਸਤ ਅਤੇ ਬਿਮਾਰੀਆਂ ਤੋਂ ਰਹਿਤ ਹੋਵੇਗੀ। ਖੇਤੀਬਾੜੀ ਪੱਖੋਂ ਵੀ ਉਹ ਪਿੰਡ ਹਮੇਸ਼ਾ ਉੱਨਤ ਹੋਵੇਗਾ। ਪੁਰਾਤਨ ਸਮਿਆਂ ਵਿਚ ਪਿੰਡ ਦੀ ਫਿਰਨੀ ਤੋਂ ਬਾਹਰਵਾਰ ਰੂੜੀਆਂ, ਗੀਰ੍ਹੇ ਤੇ ਪਥਕਣਾਂ ਹੁੰਦੀਆਂ ਸਨ ਤੇ ਹਰ ਇਕ ਘਰ ਦਾ ਤਕਰੀਬਨ ਇਕ ਮਰਲੇ ਵਿਚ ਗੜ੍ਹਾ ਭਾਵ ਰੂੜੀ ਵਾਲਾ ਥਾਂ ਪੰਚਾਇਤੀ ਅਲਾਟ ਹੋਇਆ ਹੁੰਦਾ ਸੀ। ਉਥੇ ਹੀ ਸਾਡੀਆਂ ਮਾਵਾਂ-ਭੈਣਾਂ ਅਤੇ ਦਾਦੀ ਦੀ ਉਮਰ ਦੀਆਂ ਸੁਆਣੀਆਂ ਨੇ ਕੂੜਾ ਸੁੱਟਣਾ ਜੋ ਕਿ ਬਹੁਤ ਗਲ-ਸੜ ਕੇ ਰੂੜੀ ਦੇ ਰੂਪ ਵਿਚ ਹੋ ਜਾਣਾ ਤੇ ਇਹੋ ਹੀ ਖ਼ਾਦ ਦੇ ਤੌਰ 'ਤੇ ਖੇਤਾਂ ਵਿਚ ਪਾਇਆ ਜਾਂਦਾ ਸੀ। ਉਥੇ ਹੀ ਗੜ੍ਹੇ ਦੇ ਇਕ ਪਾਸੇ ਸੁਆਣੀਆਂ ਨੇ ਆਪੋ ਆਪਣੇ ਆਉਂਦੇ ਹਿੱਸੇ ਦੀ ਥਾਂ ਵਿਚ ਇਕ ਵਧੀਆ ਸਫਾਈ ਕਰਕੇ ਪਥਖਣ ਬਣਾ ਲੈਣੀ ਭਾਵ ਪਸ਼ੂਆਂ ਦੇ ਗੋਬਰ ਤੋਂ ਪਾਥੀਆਂ ਪੱਥਣੀਆਂ ਤੇ ਸੁੱਕਣ ਤੇ ਉਨ੍ਹਾਂ ਨੂੰ ਚਿਣਤੀ ਲਾ ਕੇ ਗੀਰ੍ਹਾ ਬਣਾ ਕੇ ਉਪਰੋਂ ਲਿੱਪ ਵੀ ਲੈਂਦੀਆਂ ਸਨ। ਲਿੱਪਦੀਆਂ ਵੀ ਗੋਹੇ ਦੇ ਵਿਚ ਗਲੀ ਹੋਈ ਤੂੜੀ ਪਾ ਕੇ ਸਨ। ਜਦੋਂ ਗੀਰ੍ਹੇ ਵਿਚੋਂ ਪਾਥੀਆਂ ਕੱਢ-ਕੱਢ ਕੇ ਬਾਲ ਕੇ ਖ਼ਤਮ ਹੋ ਜਾਣੀਆਂ ਤਾਂ ਲਿਪਾਈ ਵਾਲੇ ਲਿਉੜ ਵੀ ਵਧੀਆ ਬਲਦੇ ਸਨ। ਇਸੇ ਕਰਕੇ ਹੀ ਇਹ ਕਹਾਵਤ ਕਾਫ਼ੀ ਮਸ਼ਹੂਰ ਸੀ।
ਬਦਲੇ ਸਮੇਂ ਭਾਵ ਇੱਕਵੀਂ ਸਦੀ ਵਿਚ ਸਾਇੰਸ ਨੇ ਐਨੀ ਤਰੱਕੀ ਕਰ ਲਈ ਹੈ ਕਿ ਪਿੰਡ ਵੀ ਪੂਰੀ ਤਰ੍ਹਾਂ ਸ਼ਹਿਰਾਂ ਵਿਚ ਤਬਦੀਲ ਹੋ ਚੁੱਕੇ ਹਨ ਤੇ ਸ਼ਹਿਰਾਂ ਵਾਲੀਆਂ ਹੂ-ਬ-ਹੂ ਸਾਰੀਆਂ ਹੀ ਸਹੂਲਤਾਂ ਪਿੰਡਾਂ ਵਿਚ ਮਿਲ ਗਈਆਂ ਹਨ। ਹੁਣ ਜ਼ਿਆਦਾਤਰ ਲੋਕ ਪਸ਼ੂ ਹੀ ਰੱਖਣੋਂ ਹਟ ਗਏ ਹਨ ਜਾਂ ਫਿਰ ਡੇਅਰੀਆਂ ਦੇ ਰੂਪ ਵਿਚ ਪਸ਼ੂ ਰੱਖਣ ਦਾ ਰਿਵਾਜ ਹੋ ਗਿਆ ਹੈ 'ਤੇ ਉਹ ਲੋਕ ਪਹਿਲੀ ਗੱਲ ਤਾਂ ਪਸ਼ੂਆਂ ਦਾ ਮਲ-ਮੂਤਰ ਖ਼ਾਦ ਦੇ ਰੂਪ ਵਿਚ ਹੀ ਵੇਚਦੇ ਹਨ, ਜੇਕਰ ਕੋਈ ਘਰ ਪਾਥੀਆਂ ਪੱਥਦਾ ਵੀ ਹੈ ਤਾਂ ਉਹ ਬਹੁਤ ਮਹਿੰਗੀਆਂ ਭਾਵ ਤਿੰਨ ਰੁਪਏ ਪਾਥੀ ਦੇ ਹਿਸਾਬ ਨਾਲ ਵੇਚਦੇ ਹਨ। ਹੁਣ ਉਹੀ ਪਿੰਡ ਮੋਬਾਈਲ ਟਾਵਰਾਂ ਕਰ ਕੇ ਮਸ਼ਹੂਰ ਹਨ। ਬਦਲੇ ਨਜ਼ਰੀਏ ਨਾਲ ਜਿਸ ਪਿੰਡ ਵਿਚ ਟਾਵਰ ਘੱਟ ਨੇ ਉਹ ਪਿੰਡ ਪਛੜਿਆ ਹੋਇਆ ਭਾਵ ਤਰੱਕੀ ਨਾ ਹੋਈ ਵਾਲਾ ਸਮਝਿਆ ਜਾਂਦਾ ਹੈ। ਅੱਜ ਦੇ ਇਨਸਾਨ ਨੇ ਪੈਸਾ ਹੀ ਮੁੱਖ ਰੱਖਿਆ ਹੈ ਕਈਆਂ ਨੇ ਤਾਂ ਟਾਵਰ ਆਪੋ-ਆਪਣੇ ਘਰਾਂ 'ਚੋਂ ਥੋੜੀ ਜਗ੍ਹਾ ਲੀਜ਼ 'ਤੇ ਦੇ ਕੇ ਲਵਾਏ ਹੋਏ ਹਨ ਜਦਕਿ ਇਹ ਪਿੰਡੋਂ ਬਾਹਰਵਾਰ ਹੀ ਖੇਤਾਂ ਵਿਚ ਲੱਗਣੇ ਚਾਹੀਦੇ ਹਨ। ਇਨ੍ਹਾਂ ਟਾਵਰਾਂ ਕਰ ਕੇ ਜਿੱਥੇ ਕਈ ਪੰਛੀਆਂ ਦੀਆਂ ਪ੍ਰਜਾਤੀਆਂ ਪੰਜਾਬ ਵਿਚੋਂ ਖ਼ਤਮ ਹੋ ਚੁੱਕੀਆਂ ਨੇ ਉਥੇ ਇਨ੍ਹਾਂ ਦੀਆਂ ਖ਼ਤਰਨਾਕ ਕਿਰਨਾਂ ਮਨੁੱਖੀ ਜੀਵਨ ਲਈ ਵੀ ਖ਼ਤਰਨਾਕ ਨੇ, ਇਹ ਸਾਇੰਸ ਨੇ ਵੀ ਸਿੱਧ ਕਰ ਦਿੱਤਾ ਹੈ। ਕਈ ਵਾਰ ਐਸੀਆਂ ਖ਼ਬਰਾਂ ਅਖ਼ਬਾਰਾਂ ਵਿਚ ਵੀ ਲਗਦੀਆਂ ਰਹਿੰਦੀਆਂ ਹਨ। ਸੋ, ਬਦਲੇ ਸਮੇਂ ਵਿਚ ਇਹ ਕਹਾਵਤ ਕਿ ਪਿੰਡ ਗੀਰ੍ਹਿਆਂ ਤੋਂ ਹੀ ਪਛਾਣਿਆ ਜਾਂਦਾ ਅਲੋਪ ਭਾਵ ਸਾਡੇ ਗੁਆਚਦੇ ਵਿਰਸੇ ਦੀ ਬਾਤ ਬਣ ਕੇ ਰਹਿ ਗਈ ਹੈ।


-ਸ੍ਰੀ ਮੁਕਤਸਰ ਸਾਹਿਬ। ਮੋਬਾਈਲ : 94176-22046.

ਵਿਰਸੇ ਦੀਆਂ ਬਾਤਾਂ

ਘੁੱਗੀ ਪਾਵੇੇ ਨਾਲ ਕਿਹੜਾ ਦੁੱਖ-ਸੁਖ ਕਰਦੀ

ਤਸਵੀਰਾਂ ਬਿਨਾਂ ਬੋਲੇ ਸਮੇਂ ਦੀ ਕਹਾਣੀ ਬਿਆਨ ਕਰ ਜਾਂਦੀਆਂ ਹਨ। ਇਹ ਤਸਵੀਰ ਵੀ ਬੜਾ ਕੁਝ ਬੋਲ ਰਹੀ ਹੈ। ਆਪਣੀ ਸੋਚ ਦੇ ਘੋੜੇ ਦੌੜਾ ਕੇ ਦੇਖੋ, ਕਿੰਨਾ ਕੁਝ ਲੁਕਿਆ ਹੈ ਇਸ ਵਿਚ। ਕੋਠੇ ਦੀ ਛੱਤ 'ਤੇ ਰੱਖਿਆ ਮੰਜਾ ਤੇ ਉਸ 'ਤੇ ਬੈਠੀ ਘੁੱਗੀ, ਜਿਸ ਨੂੰ ਭੋਲ਼ੇ ਪੰਛੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਦੋਵੇਂ ਇਕ-ਦੂਜੇ ਨਾਲ ਦੁੱਖ-ਸੁਖ ਫੋਲਦੇ ਜਾਪਦੇ ਹਨ। ਜਿਵੇਂ ਮੰਜਾ ਆਪਣੀ ਦਰਦ ਕਹਾਣੀ ਬਿਆਨ ਕਰ ਰਿਹਾ ਹੋਵੇ ਤੇ ਘੁੱਗੀ ਆਪਣੀ। ਦੋਵਾਂ ਦੀ ਸੁਣਨ ਵਾਲਾ ਕੋਈ ਨਹੀਂ। ਘੁੱਗੀ, ਜਿਸ ਨੂੰ ਕਦੇ ਮਨੁੱਖ ਤੋਂ ਤੇ ਕਦੇ ਸਾਥੀ ਪੰਛੀਆਂ ਤੋਂ ਖ਼ਤਰਾ ਤੇ ਮੰਜਾ, ਜਿਸ ਨੂੰ ਬੁਣਨ ਦਾ ਸਿਲਸਿਲਾ ਬਹੁਤ ਘਟ ਗਿਆ, ਵਰਤਣ ਦਾ ਸਿਲਸਿਲਾ ਮੁੱਕਦਾ ਜਾ ਰਿਹੈ, ਕਿਉਂਕਿ ਉਹਦੀ ਥਾਂ ਹੁਣ ਬੈੱਡ, ਦੀਵਾਨ ਆ ਗਏ ਹਨ। ਮੰਜੇ ਵੀ ਵਰਤੇ ਜਾਂਦੇ ਹਨ, ਪਰ ਬਜ਼ਾਰੂ ਮੰਜਿਆਂ ਦੀ ਭਰਮਾਰ ਹੈ। ਵਾਣ ਵਾਲੇ ਮੰਜੇ ਘਟ ਗਏ ਤੇ ਹੋਰ ਰੂਪ ਬਥੇਰੇ ਆ ਗਏ।
ਇਸ ਮੰਜੇ ਦੇ ਸਾਥੀਆਂ ਬਾਰੇ ਸੋਚ ਕੇ ਦੇਖੋ। ਫਿਰ ਕਿਸੇ ਵੇਲੇ ਆਪਣੇ ਘਰ ਵਿਚਲੇ ਦਰਜਨਾਂ ਮੰਜਿਆਂ ਬਾਰੇ ਸੋਚੋ। ਬੜਾ ਕੁਝ ਚੇਤੇ ਆਵੇਗਾ। ਇਨ੍ਹਾਂ ਮੰਜਿਆਂ ਬਿਨਾਂ ਬਹਿਣ, ਪੈਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਨਵੀਂ ਬੁਣਤੀ ਵਾਲੇ ਮੰਜੇ ਹੁੰਦੇ, ਜਿਨ੍ਹਾਂ ਦੀ ਬੁਣਤੀ ਲਾਹੁਣ ਲਈ ਆਂਢਣਾਂ-ਗੁਆਂਢਣਾਂ ਭੱਜ-ਭੱਜ ਆਉਂਦੀਆਂ। ਜੀਹਨੇ ਮੰਜਾ ਬੁਣਿਆ ਹੁੰਦਾ, ਉਹਦੀ ਕਲਾਕਾਰੀ ਤੋਂ ਸਾਥਣਾਂ ਬਲਿਹਾਰੇ ਜਾਂਦੀਆਂ। ਮੰਜੇ ਦਾ ਪਾਵਾ ਜਾਂ ਬਾਹੀ ਟੁੱਟਣੀ ਤਾਂ ਤਰਖਾਣ ਕੋਲ ਭੱਜੇ ਜਾਣਾ।
ਘੁੱਗੀ ਸਮੇਤ ਕਈ ਹੋਰ ਪੰਛੀਆਂ ਦੀ ਗਿਣਤੀ ਹੁਣ ਬੇਹੱਦ ਘਟ ਗਈ ਹੈ। ਗਿਣਤੀ ਘਟਣ ਦਾ ਕਾਰਨ ਸ਼ਾਇਦ ਵਾਤਾਵਰਨ ਦਾ ਅਨੁਕੂਲ ਨਾ ਹੋਣਾ ਹੈ। ਨਾ ਪਹਿਲਾਂ ਜਿੰਨੇ ਰੁੱਖ ਰਹੇ, ਨਾ ਮਨੁੱਖ ਅੰਦਰਲੀ ਕੋਮਲਤਾ, ਜਿਹੜੀ ਇਨ੍ਹਾਂ ਪੰਛੀਆਂ ਦੇ ਜਿਊਣ ਦਾ ਸਹਾਰਾ ਬਣਦੀ ਸੀ। ਹਰ ਚੀਜ਼ ਪੱਥਰ ਹੋ ਗਈ ਹੈ। ਘਰ ਪੱਥਰ ਦੇ, ਇਨਸਾਨ ਪੱਥਰ ਦੇ। ਇਸ ਹਾਲਾਤ ਵਿਚ ਪੰਛੀ ਜਿਊਣ ਤਾਂ ਕਿਵੇਂ ਜਿਊਣ। ਪੰਛੀ ਕੁਦਰਤ ਦੀ ਰਜ਼ਾ ਵਿਚ ਰਹਿਣ ਵਾਲੇ ਹਨ ਤੇ ਅਸੀਂ ਕੁਦਰਤ ਦੇ ਵੈਰੀ। ਅਸੀਂ ਨਾ ਧਰਤੀ ਦੀ ਕਦਰ ਕੀਤੀ, ਨਾ ਹਵਾ ਦੀ, ਨਾ ਪਾਣੀ ਦੀ। ਫਿਰ ਅਸੀਂ ਪਸ਼ੂ-ਪੰਛੀਆਂ ਦੀ ਕਦਰ ਕਿਵੇਂ ਕਰ ਸਕਦੇ ਹਾਂ?
ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨਾ ਪਵੇਗਾ। ਸਾਦਗੀ ਅਪਣਾਉਣੀ ਪਵੇਗੀ। ਕੁਦਰਤ ਨਾਲ ਸਾਂਝ ਵਧਾਉਣੀ ਪਵੇਗੀ। ਜ਼ਰਾ ਸੋਚੋ, ਜਦੋਂ ਅੱਜ ਵਰਗੀਆਂ ਸਹੂਲਤਾਂ ਨਹੀਂ ਸਨ, ਉਦੋਂ ਦੀ ਜ਼ਿੰਦਗੀ ਕਿੰਨੀ ਅਨੰਦਦਾਇਕ ਸੀ ਤੇ ਅੱਜ ਸਭ ਕੁੱਝ ਹੋਣ ਦੇ ਬਾਵਜੂਦ ਅਸੀਂ ਅੰਦਰੋਂ ਖੋਖਲੇ ਹਾਂ।
ਇਹ ਤਸਵੀਰ ਤਾਂ ਛੋਟਾ ਜਿਹਾ ਹਲੂਣਾ ਦੇਣ ਦੇ ਤੁਲ ਹੈ, ਸਭ ਕੁਝ ਸਮਝਣ ਲਈ ਬਹੁਤ ਕੁਝ ਵੱਲ ਵੇਖਣ ਦੀ ਜ਼ਰੂਰਤ ਹੈ। ਜੇ ਅਤੀਤ ਨੂੰ ਵਿਸਾਰਾਂਗੇ ਤਾਂ ਵਰਤਮਾਨ ਨਾਲ ਜੁੜੀਆਂ ਚੀਜ਼ਾਂ ਵੀ ਬਚੀਆਂ ਨਹੀਂ ਰਹਿਣੀਆਂ। ਆਓ ਧਰਤੀ 'ਤੇ ਰਹਿਣ ਵਾਲੇ ਹਰ ਜੀਵ ਨੂੰ ਜਿਊਣ ਦਾ ਹੱਕ ਦੇਈਏ ਤੇ ਆਪਣੇ ਸੱਭਿਆਚਾਰ ਦੀਆਂ ਨਿਸ਼ਾਨੀਆਂ ਸੰਭਾਲਣ ਦੀ ਕੋਸ਼ਿਸ਼ ਕਰੀਏ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਸੇਵੀਆਂ ਵਟਾਲੋ ਬਈ ਸੇਵੀਆਂ

ਸੁਆਣੀਆਂ ਵਲੋਂ ਇਕੱਠੇ ਹੋ ਕੇ ਵਿੜ੍ਹੀ ਤੇ ਵਾਰੀ ਸਿਰ ਹੱਥ ਨਾਲ ਸੇਵੀਆਂ ਵੱਟਣ ਦੀ ਥਾਂ ਹੁਣ ਚੁੱਲੇ ਉੱਤੇ ਰਿਝਦੇ ਦੁੱਧ ਵਿਚੋਂ ਉਠਦੀ ਭਾਫ ਅੰਦਰੋਂ ਸੇਵੀਆਂ ਦੀ ਸੁਆਦਲੀ ਮਹਿਕ ਜਦੋਂ ਘਰ ਦੀਆਂ ਫ਼ਿਜ਼ਾਵਾਂ ਵਿਚ ਘੁਲ ਜਾਂਦੀ ਹੈ ਤਾਂ ਗੁਆਂਢੀਆਂ ਤੱਕ ਦਾ ਵੀ ਜੀ ਲਲਚਾ ਜਾਂਦਾ ਹੈ। ਪੇਂਡੂ ਖੇਤਰ ਵਿਚ ਪ੍ਰਾਹੁਣਾਚਾਰੀ ਦੇ ਉਚੇਚ ਲਈ ਇਹ ਸਭ ਤੋਂ ਖ਼ਾਸ ਮੰਨੀ ਜਾਂਦੀ ਡਿਸ਼ ਜਾਂ ਪਕਵਾਨ ਹੈ।
ਪੁਰਾਣੇ ਸਮਿਆਂ ਵਿਚ ਚਾਟੀ ਜਾਂ ਹੋਰ ਗੁਲਾਈ ਵਾਲੇ ਭਾਂਡਿਆਂ 'ਤੇ ਵੱਟ ਚਾੜ੍ਹ ਕੇ ਜਾਂ ਫਿਰ ਹੱਥਾਂ ਦੀਆਂ ਚੁਟਕੀਆਂ ਨਾਲ ਸੇਵੀਆਂ ਵੱਟੀਆਂ ਜਾਂਦੀਆਂ ਸਨ। ਪਰ ਚੁਟਕੀ ਨਾਲ ਸੇਵੀਆਂ ਵੱਟਣ ਦਾ ਰਿਵਾਜ ਲੰਮੇ ਸਮੇਂ ਤੋਂ ਜ਼ਿਆਦਾ ਪ੍ਰਚਲਿਤ ਰਿਹਾ ਹੈ। ਕੁਝ ਸਮਾਂ ਪਹਿਲਾਂ ਜ਼ਿੰਦਰੀ ਨਾਲ ਵੀ ਸੇਵੀਆਂ ਵੱਟੀਆਂ ਜਾਂਦੀਆਂ ਸਨ ਪਰ ਇਹ ਢੰਗ ਬਹੁਤਾ ਕਾਰਗਰ ਸਾਬਤ ਨਹੀਂ ਹੋਇਆ। ਪਿੰਡਾਂ ਵਿਚ ਸੁਆਣੀਆਂ ਵਲੋਂ ਇਕੱਠੇ ਹੋ ਕੇ ਵਿੜ੍ਹੀ 'ਤੇ ਵਾਰੀ ਸਿਰ ਹੱਥਾਂ ਨਾਲ ਸੇਵੀਆਂ ਵੱਟਣ ਦਾ ਰਿਵਾਜ ਕਾਫੀ ਹੱਦ ਤੱਕ ਘਟ ਗਿਆ ਹੈ ਅਤੇ ਹੁਣ ਇਸ ਦੀ ਥਾਂ ਮਸ਼ੀਨ ਨਾਲ ਸੇਵੀਆਂ ਵਟਾਉਣ ਦਾ ਅਮਲ ਜ਼ੋਰ ਫੜਨ ਲੱਗਾ ਹੈ। ਹੁਣ ਪੀਟਰ ਇੰਜਣ ਨਾਲ ਜੁੜੀ ਮਸ਼ੀਨ ਨਾਲ ਸੇਵੀਆਂ ਵੱਟਣ ਵਾਲਾ ਭਾਈ ਘਰ-ਘਰ ਦੀਆਂ ਬਰੂੰਹਾਂ ਅੱਗੇ ਪਹੁੰਚ ਕੇ 'ਸੇਵੀਆਂ ਵਟਾਲੋ ਭਾਈ ਸੇਵੀਆਂ' ਦਾ ਹੋਕਾ ਦਿੰਦਾ ਨਜ਼ਰ ਆਉਣ ਲੱਗ ਪਿਆ ਹੈ। ਅਜੋਕੇ ਤੇਜ਼ਤਰਾਰ ਤੇ ਮਸ਼ੀਨੀ ਯੁੱਗ 'ਚ ਇਕਹਿਰੇ ਪਰਿਵਾਰਾਂ ਕਾਰਨ ਸਮੇਂ ਦੀ ਘਾਟ ਅਤੇ ਨਿੱਜਤਾਂ ਦੀਆਂ ਸੀਮਾਵਾਂ ਦੇ ਮਾਹੌਲ 'ਚ ਹੁਣ ਲੋਕ ਵੀ ਕਈ ਦਿਨਾਂ 'ਚ ਵੱਟੀਆਂ ਜਾਣ ਵਾਲੀਆਂ ਸੇਵੀਆਂ ਦਾ ਕੰਮ ਮਸ਼ੀਨ ਨਾਲ ਮਿੰਟਾਂ 'ਚ ਨਿਬੇੜਨ ਨੂੰ ਤਰਜੀਹ ਦੇਣ ਲੱਗ ਪਏ ਹਨ। ਇਸ ਨਵੇਂ ਰੁਝਾਨ 'ਚ ਕਈ ਲੋਕਾਂ ਨੇ ਪੀਟਰ ਇੰਜਣ ਨਾਲ ਜੁੜੀ ਮਸ਼ੀਨ ਦੀ ਜਗਾੜੂ ਕਾਢ ਕੱਢ ਲਈ ਹੈ। ਇਹ ਮਸ਼ੀਨ ਇਕ ਰਿਕਸ਼ਾ ਰੇਹੜੀ 'ਤੇ ਫਿੱਟ ਕਰਵਾ ਕੇ ਮਸ਼ੀਨ ਮਾਲਕ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਪਹੁੰਚ ਜਾਂਦੇ ਹਨ। 5-6 ਕਿੱਲੋ ਆਟੇ ਦੀਆਂ ਜਿਹੜੀਆਂ ਸੇਵੀਆਂ 10 ਸੁਆਣੀਆਂ ਇਕੱਠੀਆਂ ਹੋ ਕੇ ਸਾਰੇ ਦਿਨ 'ਚ ਵੱਟਦੀਆਂ ਸਨ। ਓਨੇ ਆਟੇ ਦੀਆਂ ਸੇਵੀਆਂ ਇਹ ਮਸ਼ੀਨ 5-6 ਮਿੰਟਾਂ ਵਿਚ ਵੱਟ ਦਿੰਦੀ ਹੈ। ਪਿੰਡ ਬੁੱਚੜੇ ਦੇ ਸੁਰਜੀਤ ਸਿੰਘ ਨੇ ਪਿਛਲੇ ਕਈ ਸਾਲਾਂ ਤੋਂ ਸੇਵੀਆਂ ਵੱਟਣ ਵਾਲੀ ਮਸ਼ੀਨ ਨੂੰ ਹੀ ਰੁਜ਼ਗਾਰ ਦਾ ਸਾਧਨ ਬਣਾਇਆ ਹੋਇਆ ਹੈ। ਉਸ ਮੁਤਾਬਿਕ ਕਿੱਲੋ ਸੇਵੀਆਂ ਇਹ ਮਸ਼ੀਨ ਇਕ ਮਿੰਟ ਵਿਚ ਵੱਟਦੀ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਉਹ 20 ਰੁਪਏ ਕਿੱਲੋ ਸੇਵੀਆਂ ਦੀ ਵਟਾਈ ਲੈਂਦਾ ਹੈ। ਜੇਕਰ ਗ੍ਰਾਹਕ ਚਾਹੇ ਤਾਂ ਉਹ ਆਪਣੇ ਕੋਲੋਂ ਵੀ ਸੂਜੀ ਜਾਂ ਮੈਦੇ ਸਮੇਤ 50 ਰੁਪਏ ਕਿੱਲੋ ਦੇ ਹਿਸਾਬ ਨਾਲ ਸੇਵੀਆਂ ਵੱਟ ਦਿੰਦਾ ਹੈ। ਉਹ ਇਸ ਕੰਮ ਤੋਂ ਸੋਹਣੀ ਕਮਾਈ ਕਰ ਲੈਂਦਾ ਹੈ।
ਪਿੰਡ ਧਰਮਹੇੜੀ ਦੀ 85 ਸਾਲਾ ਬਜ਼ੁਰਗ ਪ੍ਰੀਤਮ ਕੌਰ ਦਾ ਕਹਿਣਾ ਹੈ ਕਿ ਭਾਵੇਂ ਪਹਿਲਾਂ ਵਾਂਗ ਔਰਤਾਂ ਇਕੱਠੀਆਂ ਹੋ ਕੇ ਚੁਟਕੀ ਨਾਲ ਸੇਵੀਆਂ ਨਹੀਂ ਵੱਟਦੀਆਂ ਪਰ ਉਹ ਅੱਜ ਵੀ ਖ਼ੁਦ ਚੁਟਕੀ ਨਾਲ ਸੇਵੀਆਂ ਵੱਟਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵਿਹੜਿਆਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਜਿਹੜੀਆਂ ਸੇਵੀਆਂ ਵੱਟਦੀਆਂ ਸਨ ਉਨ੍ਹਾਂ ਵਿਚੋਂ ਮਿਹਨਤ ਅਤੇ ਅਪਣੱਤ ਦੀ ਜੋ ਮਹਿਕ ਉੱਠਦੀ ਸੀ ਉਹ ਮਸ਼ੀਨਾਂ ਵਾਲੀਆਂ ਸੇਵੀਆਂ ਵਿਚੋਂ ਨਹੀਂ ਮਿਲੇਗੀ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX