ਤਾਜਾ ਖ਼ਬਰਾਂ


84 ਦੇ ਸਿੱਖ ਦੰਗਿਆਂ ਦੇ ਮਸਲੇ 'ਤੇ ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  16 minutes ago
ਅਕਾਲੀ ਦਲ ਵੱਲੋਂ ਸਦਨ 'ਚ ਸੱਜਣ ਕੁਮਾਰ ਅਤੇ ਟਾਈਟਲਰ ਖ਼ਿਲਾਫ਼ ਨਾਅਰੇਬਾਜ਼ੀ
. . .  18 minutes ago
84 ਦੇ ਸਿੱਖ ਦੰਗਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਦਨ 'ਚ ਨਾਅਰੇਬਾਜ਼ੀ ਜਾਰੀ
. . .  21 minutes ago
ਕਮਲ ਨਾਥ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਸਦਨ 'ਚ ਹੰਗਾਮਾ
. . .  24 minutes ago
ਕਾਂਗਰਸ ਦੇ ਧਾਰਮਿਕ ਸਲਾਹਕਾਰ ਨੂੰ ਸਰਕਾਰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼- ਮਜੀਠੀਆ
. . .  27 minutes ago
ਮਜੀਠੀਆ ਨੇ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ 'ਤੇ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦਾ ਚੁੱਕਿਆ ਮੁੱਦਾ
. . .  27 minutes ago
ਚੰਡੀਗੜ੍ਹ, 14 ਦਸੰਬਰ (ਵਿਕਰਮਜੀਤ ਸਿੰਘ ਮਾਨ)-ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਸਮੇਂ ਦੌਰਾਨ ਬਿਆਸ ਦਰਿਆ 'ਚ ਮੱਛੀਆਂ ਮਰਨ ਅਤੇ ਪਾਣੀ ਜ਼ਹਿਰੀਲਾ ਹੋਣ ਮਗਰੋਂ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤਾ ਜਾਣ ਦਾ ਮਸਲਾ ਸਦਨ 'ਚ ਚੁੱਕਿਆ .......
ਲੋਧੀ ਨੰਗਲ ਨੇ ਨਹਿਰਾਂ ਦੇ ਜ਼ਹਿਰੀਲੇ ਪਾਣੀ ਅਤੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
. . .  38 minutes ago
ਅਕਾਲੀ ਦਲ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ
. . .  50 minutes ago
ਕੈਪਟਨ ਅਮਰਿੰਦਰ ਸਿੰਘ ਸਦਨ ਦੀ ਕਾਰਵਾਈ 'ਚ ਹੋਏ ਸ਼ਾਮਲ
. . .  52 minutes ago
ਅਕਾਲੀ-ਭਾਜਪਾ ਦੇ ਵਿਧਾਇਕਾਂ ਵੱਲੋਂ ਕਿਸਾਨਾਂ ਸਮੇਤ ਹੋਰ ਮਸਲਿਆਂ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ ਸ਼ੁਰੂ
. . .  53 minutes ago
ਹੋਰ ਖ਼ਬਰਾਂ..

ਸਾਡੀ ਸਿਹਤ

ਚੰਗੀ ਸਿਹਤ ਅਤੇ ਸੁੰਦਰਤਾ ਲਈ ਲਾਭਕਾਰੀ ਹੈ ਹਲਦੀ

* ਹਲਦੀ ਦਾ ਤੇਲ ਐਲਰਜੀ ਰੋਗ ਵਿਚ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਸ ਦਾ ਪ੍ਰਭਾਵ ਤੁਰੰਤ ਦੇਖਣ ਨੂੰ ਮਿਲਦਾ ਹੈ।
* ਹਲਦੀ ਵਿਚ ਕੀਟਨਾਸ਼ਕ ਗੁਣ ਹਨ। ਜੇਕਰ ਪੇਟ ਵਿਚ ਕੀੜੇ ਹੋ ਜਾਣ ਤਾਂ ਕੱਚੀ ਹਲਦੀ ਦਾ ਇਕ ਚਮਚ ਰਸ ਸਵੇਰੇ ਖਾਲੀ ਪੇਟ ਲੈਣਾ ਚਾਹੀਦਾ। ਚਾਹੋ ਤਾਂ ਇਸ ਵਿਚ ਚੁਟਕੀ ਭਰ ਨਮਕ ਮਿਲਾ ਸਕਦੇ ਹੋ। ਇਹ ਵਰਤੋਂ ਇਕ ਹਫ਼ਤੇ ਤੱਕ ਕਰੋ। ਇਸ ਨਾਲ ਬੱਚਿਆਂ ਦੇ ਪੇਟ ਦੇ ਕੀੜੇ ਮਲ ਨਾਲ ਬਾਹਰ ਨਿਕਲ ਜਾਣਗੇ।
* ਹਲਦੀ ਵਿਚ ਭਰਪੂਰ ਮਾਤਰਾ ਵਿਚ ਲੋਹ ਤੱਤ ਹੁੰਦਾ ਹੈ, ਜੋ ਖੂਨ ਨਿਰਮਾਣ ਵਿਚ ਮਦਦਗਾਰ ਹੁੰਦਾ ਹੈ। ਜਿਨ੍ਹਾਂ ਵਿਚ ਖੂਨ ਦੀ ਘਾਟ ਹੋਵੇ, ਉਨ੍ਹਾਂ ਨੂੰ ਰੋਜ਼ਾਨਾ ਇਕ ਚਮਚ ਤਾਜ਼ੀ ਹਲਦੀ ਦਾ ਰਸ ਬਰਾਬਰ ਮਾਤਰਾ ਵਿਚ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ।
* ਹਲਦੀ ਵਿਚ ਜ਼ਹਿਰਨਾਸ਼ਕ ਗੁਣ ਵੀ ਹਨ। ਜੇਕਰ ਕੋਈ ਜ਼ਹਿਰੀਲਾ ਕੀੜਾ-ਮਕੌੜਾ ਲੜ ਜਾਵੇ ਤਾਂ ਹਲਦੀ ਨੂੰ ਪੀਸ ਕੇ ਲੇਪ ਤਿਆਰ ਕਰਕੇ ਉਸ ਨੂੰ ਗਰਮ ਕਰਕੇ ਲਗਾਓ।
* ਬੇਧਿਆਨੀ ਨਾਲ ਜੇਕਰ ਸਰੀਰ ਦਾ ਕੋਈ ਅੰਗ ਸੜ ਜਾਵੇ ਜਾਂ ਝੁਲਸ ਜਾਵੇ ਤਾਂ ਹਲਦੀ ਪਾਊਡਰ ਨੂੰ ਪਾਣੀ ਵਿਚ ਘੋਲ ਕੇ ਲਗਾ ਦੇਣ ਨਾਲ ਅਰਾਮ ਮਿਲਦਾ ਹੈ।
* ਹੱਡੀ ਟੁੱਟ ਜਾਣ, ਮੋਚ ਆ ਜਾਣ ਜਾਂ ਅੰਦਰੂਨੀ ਸੱਟ ਆਉਣ 'ਤੇ ਹਲਦੀ ਦਾ ਲੇਪ ਕਰਨਾ ਚਾਹੀਦਾ ਜਾਂ ਗਰਮ ਦੁੱਧ ਵਿਚ ਹਲਦੀ ਮਿਲਾ ਕੇ ਪੀਣੀ ਚਾਹੀਦੀ।
* ਜੇਕਰ ਪੇਟ ਵਿਚ ਕੀੜੇ ਹੋ ਗਏ ਹਨ ਤਾਂ ਗੁੜ ਅਤੇ ਹਲਦੀ ਮਿਲਾ ਕੇ ਸੇਵਨ ਕਰਨ ਨਾਲ ਉਹ ਮਰ ਜਾਂਦੇ ਹਨ।
* ਜੇਕਰ ਜੋੜਾਂ ਦਾ ਦਰਦ ਹੋਵੇ ਜਾਂ ਸੋਜ਼ ਹੋਵੇ ਤਾਂ ਹਲਦੀ ਚੂਰਨ ਨੂੰ ਘੱਟ ਪਾਣੀ ਵਿਚ ਘੋਲ ਕੇ ਉਸ ਨੂੰ ਪੇਸਟ ਦਾ ਲੇਪ ਕਰਨਾ ਚਾਹੀਦਾ।
* ਹਲਦੀ ਦਾ ਸੇਵਨ ਖੂਨ ਵਿਕਾਰ ਦੂਰ ਕਰਦਾ ਹੈ। ਨਤੀਜੇ ਵਜੋਂ ਖੂਨ ਦੀ ਖਰਾਬੀ ਤੋਂ ਪੈਦਾ ਚਮੜੀ ਰੋਗਾਂ ਦਾ ਨਾਸ਼ ਹੁੰਦਾ ਹੈ। ਚਮੜੀ ਰੋਗਾਂ ਵਿਚ ਇਸ ਦਾ ਸੇਵਨ ਅਤੇ ਲੇਪ ਦੋਵੇਂ ਹੀ ਗੁਣਕਾਰੀ ਹਨ।
* ਖੰਘ ਤੋਂ ਮੁਕਤੀ ਲਈ ਹਲਦੀ ਦੀ ਇਕ ਛੋਟੀ ਜਿਹੀ ਗੰਢ ਮੂੰਹ ਵਿਚ ਰੱਖ ਕੇ ਚੂਸਣੀ ਚਾਹੀਦੀ।
* ਜੇਕਰ ਗਲੇ ਵਿਚ ਦਰਦ ਜਾਂ ਸੋਜ਼ ਹੋਵੇ ਤਾਂ ਕੱਚੀ ਹਲਦੀ ਅਦਰਕ ਦੇ ਨਾਲ ਪੀਸ ਕੇ ਗੁੜ ਮਿਲਾ ਕੇ ਗਰਮ ਕਰ ਲਓ ਅਤੇ ਇਸ ਦਾ ਸੇਵਨ ਕਰੋ।
* ਜੇਕਰ ਗਲੇ ਵਿਚ ਕਫ ਅਟਕਦਾ ਹੋਵੇ ਤਾਂ ਹਲਦੀ ਨੂੰ ਦੁੱਧ ਵਿਚ ਉਬਾਲ ਕੇ ਪੀਓ।


-ਅੰਜਲੀ ਰੂਪਰੇਲਾ


ਖ਼ਬਰ ਸ਼ੇਅਰ ਕਰੋ

ਸ਼ੂਗਰ ਨੂੰ ਰੋਕਿਆ ਜਾ ਸਕਦਾ ਹੈ

ਸ਼ੂਗਰ ਭਾਰਤ ਵਿਚ ਇਕ ਰੋਗ ਦਾ ਜਾਣਿਆ-ਪਹਿਚਾਣਿਆ ਨਾਂਅ ਹੈ, ਜਿਸ ਨੂੰ ਲੋਕ ਡਾਇਬਟੀਜ਼, ਮਧੂਮੇਹ, ਸ਼ੱਕਰ ਦੀ ਬਿਮਾਰੀ ਆਦਿ ਦੇ ਨਾਂਅ ਨਾਲ ਜਾਣਦੇ ਹਨ। ਇਸ ਵਿਚ ਪੈਂਕ੍ਰੀਆਜ਼ ਅਰਥਾਤ ਅਗਨਾਸ਼ਯ ਵਲੋਂ ਇੰਸੂਲਿਨ ਦਾ ਬਣਨਾ ਘੱਟ ਹੋ ਜਾਂਦਾ ਹੈ, ਬੰਦ ਹੋ ਜਾਂਦਾ ਹੈ ਜਾਂ ਇਸ ਵਲੋਂ ਉਤਪਾਦਿਤ ਇੰਸੂਲਿਨ ਕੰਮ ਕਰਨ ਦੇ ਯੋਗ ਨਹੀਂ ਰਹਿੰਦਾ, ਜਿਸ ਨਾਲ ਖਾਣ-ਪੀਣ ਤੋਂ ਪ੍ਰਾਪਤ ਗੁਲੂਕੋਜ਼ ਸਰੀਰ ਵਿਚ ਇਕੱਤਰ ਹੋਣ ਲਗਦਾ ਹੈ, ਜੋ ਬਹੁਤਾਤ ਦੀ ਸਥਿਤੀ ਵਿਚ ਮੂਤਰ ਦੇ ਮਾਧਿਅਮ ਰਾਹੀਂ ਬਾਹਰ ਨਿਕਲਣ ਲਗਦਾ ਹੈ।
ਪਹਿਲਾਂ ਇਹ ਬੁਢਾਪੇ ਵਿਚ ਅਮੀਰ ਲੋਕਾਂ ਨੂੰ ਹੁੰਦੀ ਸੀ ਪਰ ਹੁਣ ਇਹ ਵਿਆਪਕ ਹੋ ਕੇ ਆਮ ਹੋ ਗਈ ਹੈ। ਭਾਰਤ ਵਿਚ ਇਸ ਦੇ ਰੋਗੀ ਸਭ ਤੋਂ ਵੱਧ ਹਨ, ਇਸ ਲਈ ਭਾਰਤ ਹੁਣ ਵਿਸ਼ਵ ਵਿਚ ਇਸ ਦੀ ਰਾਜਧਾਨੀ ਕਿਹਾ ਜਾਣ ਲੱਗਾ ਹੈ। ਖਾਣ-ਪੀਣ ਦਾ ਸੱਭਿਆਚਾਰ ਅਤੇ ਆਧੁਨਿਕ ਆਰਾਮ ਪਸੰਦ ਜੀਵਨ ਸ਼ੈਲੀ ਇਸ ਨੂੰ ਵਧਾ ਰਹੀ ਹੈ।
ਭੁੱਖ-ਪਿਆਸ ਜ਼ਿਆਦਾ ਲੱਗਣਾ, ਪਿਸ਼ਾਬ ਵਿਚ ਸ਼ੂਗਰ ਜਾਣਾ, ਉਸ ਵਿਚ ਚੀਂਟੀ ਆਉਣਾ, ਸਰੀਰ ਵਿਚ ਖੁਜਲੀ, ਜ਼ਖਮ ਨਾ ਭਰਨਾ, ਪਿਸ਼ਾਬ ਜ਼ਿਆਦਾ ਆਉਣਾ, ਭਾਰ ਦਾ ਅਚਾਨਕ ਘਟਣਾ-ਵਧਣਾ, ਚਮੜੀ ਖੁਸ਼ਕ ਅਤੇ ਸੁਗੰਧਿਤ ਹੋਣਾ, ਅੱਖਾਂ ਵਿਚ ਕਿਰਕਿਰੀ ਇਸ ਦੇ ਪ੍ਰਚਲਿਤ ਲੱਛਣ ਮੰਨੇ ਜਾਂਦੇ ਹਨ। ਲੱਛਣਾਂ ਦੀ ਬਹੁਤਾਤ ਦੀ ਸਥਿਤੀ ਵਿਚ ਸ਼ੂਗਰ ਦੀ ਸੰਭਾਵਨਾ ਹੁੰਦੀ ਹੈ, ਜੋ ਖੂਨ ਅਤੇ ਪਿਸ਼ਾਬ ਦੀ 2-3 ਵਾਰ ਜਾਂਚ ਨਾਲ ਸਪੱਸ਼ਟ ਹੁੰਦੀ ਹੈ।
ਸ਼ੂਗਰ ਦੀਆਂ ਕਿਸਮਾਂ ਅਤੇ ਕਾਰਨ
ਸ਼ੂਗਰ ਤਿੰਨ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਤਰ੍ਹਾਂ ਦੀ ਸ਼ੂਗਰ ਵਿਚ ਭੋਜਨ ਤੋਂ ਪ੍ਰਾਪਤ ਗੁਲੂਕੋਜ਼ ਨੂੰ ਪਚਾਉਣ ਲਈ ਬਾਹਰੀ ਇੰਸੂਲਿਨ ਜ਼ਰੂਰੀ ਹੁੰਦਾ ਹੈ, ਜੋ ਡਾਕਟਰ ਅਨੁਸਾਰ ਮਰੀਜ਼ ਨੂੰ ਟੀਕੇ ਰਾਹੀਂ ਦਿੱਤਾ ਜਾਂਦਾ ਹੈ। ਭਾਰਤ ਦੇ ਸ਼ੂਗਰ ਮਰੀਜ਼ਾਂ ਵਿਚੋਂ 10 ਫੀਸਦੀ ਇਸੇ ਕਿਸਮ ਦੇ ਹਨ। ਦੂਜੀ ਕਿਸਮ ਦੀ ਸ਼ੂਗਰ ਨੂੰ ਜੀਵਨਸ਼ੈਲੀ ਅਤੇ ਖਾਣ-ਪੀਣ ਵਿਚ ਸੁਧਾਰ ਕਰਕੇ ਜਾਂ ਦਵਾਈ ਲੈ ਕੇ ਕਾਬੂ ਕੀਤਾ ਜਾ ਸਕਦਾ ਹੈ। 85 ਫੀਸਦੀ ਮਰੀਜ਼ ਇਸ ਸ਼੍ਰੇਣੀ ਦੇ ਹਨ। ਜੇਸਟੇਸ਼ਨਲ ਸ਼ੂਗਰ ਦੀ ਤੀਜੀ ਕਿਸਮ ਹੈ ਜੋ ਗਰਭਵਤੀ ਔਰਤਾਂ ਵਿਚ ਪ੍ਰਗਟ ਹੁੰਦੀ ਹੈ ਅਤੇ ਪ੍ਰਸੂਤ ਉਪਰੰਤ ਦੂਰ ਹੋ ਜਾਂਦੀ ਹੈ। ਪਹਿਲੀ ਕਿਸਮ ਅਨੁਸਾਰ ਮਰੀਜ਼ ਬੱਚੇ, ਅੱਲ੍ਹੜ ਜਾਂ ਜਵਾਨ ਹੁੰਦੇ ਹਨ ਜੋ ਉਨ੍ਹਾਂ ਨੂੰ ਖਾਨਦਾਨੀ ਕਾਰਨਾਂ ਨਾਲ ਹੁੰਦਾ ਹੈ। ਦੂਜੀ ਕਿਸਮ ਦੇ ਸ਼ੂਗਰ ਮਰੀਜ਼ 35 ਤੋਂ 40 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕ ਹੁੰਦੇ ਹਨ। ਪ੍ਰੀਡਾਇਬਿਟਿਕ ਮਰੀਜ਼, ਦੂਜੀ ਕਿਸਮ ਦੇ ਮਰੀਜ਼ ਬਣ ਜਾਂਦੇ ਹਨ ਜਦੋਂ ਕਿ ਇਹੀ ਦੂਜੀ ਕਿਸਮ ਦੇ ਮਰੀਜ਼ ਲਾਪ੍ਰਵਾਹੀ ਵਰਤਦੇ ਹਨ ਤਾਂ ਪਹਿਲੀ ਕਿਸਮ ਵਿਚ ਬਦਲ ਜਾਂਦੇ ਹਨ। ਖੂਨ ਦਾ ਦਬਾਅ, ਦਿਲ ਦੇ ਰੋਗ ਅਤੇ ਮੋਟਾਪੇ ਤੋਂ ਪੀੜਤ ਵਿਅਕਤੀ ਸ਼ੂਗਰ ਦੀ ਦੂਜੀ ਕਿਸਮ ਦਾ ਮਰੀਜ਼ ਬਣ ਜਾਂਦਾ ਹੈ। ਇਹ ਸਭ ਲਾਪ੍ਰਵਾਹੀ ਦੀ ਵਜ੍ਹਾ ਨਾਲ ਹੁੰਦਾ ਹੈ, ਜਿਸ ਨੂੰ ਚਾਹੋ ਤਾਂ ਬਹੁਤ ਸਫ਼ਲਤਾ ਨਾਲ ਰੋਕਿਆ ਅਤੇ ਕਾਬੂ ਵਿਚ ਕੀਤਾ ਜਾ ਸਕਦਾ ਹੈ।
ਸ਼ੂਗਰ ਨੂੰ ਕਾਬੂ ਵਿਚ ਕਰਨ ਅਤੇ ਰੋਕਣ ਦਾ ਉਪਾਅ
ਹਰ ਬਿਮਾਰੀ ਨੂੰ ਰੋਕਣਾ ਅਤੇ ਕਾਬੂ ਵਿਚ ਕਰਨਾ ਪਹਿਲਾਂ-ਪਹਿਲਾਂ ਉਸ ਮਰੀਜ਼ ਦੇ ਵੱਸ ਵਿਚ ਹੁੰਦਾ ਹੈ। ਪ੍ਰੀਡਾਇਬਿਟੀਜ਼ ਅਤੇ ਸ਼ੂਗਰ ਇਕ, ਦੋ, ਤਿੰਨ ਨੂੰ ਜੀਵਨ ਸ਼ੈਲੀ ਅਤੇ ਖਾਣ-ਪੀਣ ਨੂੰ ਦਰੁਸਤ ਕਰਕੇ ਰੋਕਿਆ ਜਾ ਸਕਦਾ ਹੈ।
* ਹਰ ਰੋਜ਼ ਘੱਟ ਤੋਂ ਘੱਟ 30 ਮਿੰਟ ਕਸਰਤ, ਤੇਜ਼ ਚਾਲ ਚੱਲੋ ਜਾਂ ਸਾਈਕਲ ਚਲਾਓ।
* ਭਾਰ ਜ਼ਿਆਦਾ ਹੈ ਤਾਂ ਉਸ ਨੂੰ ਘਟਾਓ। ਆਮ ਮਾਪ ਨਾਲੋਂ ਇਸ ਨੂੰ ਕੁਝ ਘੱਟ ਰੱਖੋ।
* ਖੂਨ ਦੇ ਦਬਾਅ, ਦਿਲ ਦੇ ਰੋਗ ਨੂੰ ਕਾਬੂ ਵਿਚ ਰੱਖੋ।
* ਚਰਬੀਯੁਕਤ ਖਾਣ-ਪੀਣ ਤੋਂ ਬਚੋ, ਕੋਲੈਸਟ੍ਰੋਲ ਕਾਬੂ ਵਿਚ ਰੱਖੋ।
* ਮਿੱਠੀਆਂ ਚੀਜ਼ਾਂ ਅਤੇ ਸ਼ਰਕਰਾ ਵਧਾਉਣ ਵਾਲੀਆਂ ਚੀਜ਼ਾਂ ਬਹੁਤ ਘੱਟ ਲਓ।
* ਭੋਜਨ ਵਿਚ ਸੂਪ, ਸਲਾਦ ਅਤੇ ਰਾਇਤਾ ਲਓ।
* ਤਲੀਆਂ-ਭੁੰਨੀਆਂ ਚੀਜ਼ਾਂ, ਜੰਕ ਫੂਡ, ਫਾਸਟ ਫੂਡ, ਡੱਬਾਬੰਦ, ਬੋਤਲਬੰਦ ਚੀਜ਼ਾਂ ਦਾ ਸੇਵਨ ਨਾ ਕਰੋ। ਕੋਲਡ ਡ੍ਰਿੰਕਸ, ਜੂਸ ਕਦੇ ਨਾ ਲਓ।
* ਇਕ ਵਾਰ ਹੀ ਜ਼ਿਆਦਾ ਭੋਜਨ ਕਦੇ ਨਾ ਲਓ। ਲੋੜ ਦੇ ਅਨੁਸਾਰ ਭੋਜਨ ਨੂੰ 4 ਭਾਗਾਂ ਵਿਚ ਵੰਡ ਕੇ 3-4 ਘੰਟੇ ਦੇ ਫਰਕ ਨਾਲ ਲਓ।
* ਸਲਾਦ, ਸਬਜ਼ੀ ਅਤੇ ਰੇਸ਼ੇਦਾਰ ਚੀਜ਼ਾਂ ਵੱਧ ਤੋਂ ਵੱਧ ਖਾਓ।
* ਬੈਠੇ ਠਾਲੇ ਸਮਾਂ ਨਾ ਬਿਤਾਓ। ਆਲਸ ਨਾ ਕਰੋ। ਕੁਝ ਨਾ ਕੁਝ ਕੰਮ ਕਰਦੇ ਰਹੋ।
* ਪੈਦਲ ਚੱਲੋ, ਲਿਫਟ ਦੀ ਬਜਾਏ ਪੌੜੀ ਦੀ ਵਰਤੋਂ ਕਰੋ। * ਤਣਾਅ, ਨਿਰਾਸ਼ਾ, ਹਤਾਸ਼ਾ, ਅਵਸਾਦ ਨੂੰ ਨੇੜੇ ਨਾ ਆਉਣ ਦਿਓ। ਚੁਸਤ-ਦਰੁਸਤ, ਹੱਸਮੁੱਖ, ਉਤਸ਼ਾਹੀ, ਆਸ਼ਾਵਾਦੀ ਅਤੇ ਕਰਮਸ਼ੀਲ ਰਹੋ। ਕੰਮ ਕਰਨ ਵਿਚ ਤਤਪਰ ਰਹੋ। * ਸਮੇਂ-ਸਮੇਂ 'ਤੇ ਸ਼ੂਗਰ ਦੀ ਜਾਂਚ ਕਰਾਓ। ਮਾਹਿਰ ਡਾਕਟਰ ਦੇ ਸੰਪਰਕ ਵਿਚ ਰਹੋ। ਉਨ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਕਰੋ। ਕਿਸੇ ਵੀ ਬਦਲਾਅ ਅਤੇ ਲੱਛਣ ਦੀ ਜਾਣਕਾਰੀ ਡਾਕਟਰ ਨੂੰ ਜ਼ਰੂਰ ਦਿਓ।

ਬਹੁਉਪਯੋਗੀ ਘਰੇਲੂ ਇਲਾਜ

* ਭੁੱਖ ਨਾ ਲੱਗੇ ਜਾਂ ਕੁਝ ਖਾਣ ਦੀ ਇੱਛਾ ਨਾ ਹੋਣ 'ਤੇ ਅਜਵਾਇਣ ਵਿਚ ਸਵਾਦ ਅਨੁਸਾਰ ਪੀਸਿਆ ਹੋਇਆ ਕਾਲਾ ਲੂਣ, ਚੁਟਕੀ ਕੁ ਕਾਲੀ ਮਿਰਚ ਪਾਊਡਰ, ਪੀਸਿਆ ਪੁਦੀਨਾ ਮਿਲਾ ਕੇ ਗਰਮ ਪਾਣੀ ਨਾਲ ਫੱਕਾ ਮਾਰ ਲੈਣ 'ਤੇ ਅਰੁਚੀ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
* ਪੇਟ ਵਿਚ ਰੁਕੀ ਹੋਈ ਗੈਸ ਦੂਰ ਕਰਨ ਲਈ ਦੋ ਲਸਣ ਮੁਨੱਕਾ ਵਿਚ ਲਪੇਟ ਕੇ ਭੋਜਨ ਤੋਂ ਬਾਅਦ ਚਬਾ ਕੇ ਨਿਗਲਣ 'ਤੇ ਗੈਸ ਬਾਹਰ ਨਿਕਲ ਜਾਵੇਗੀ।
* ਦਾਣੇਦਾਰ ਮੇਥੀ ਦਾ ਫੱਕਾ ਗਰਮ ਪਾਣੀ ਵਿਚ ਲੈਣ ਨਾਲ ਪੇਟ ਦਰਦ ਦੂਰ ਹੋ ਜਾਂਦੀ ਹੈ।
* ਸਵੇਰੇ-ਸ਼ਾਮ ਦੋ ਭਾਗ ਦਹੀਂ ਅਤੇ ਇਕ ਭਾਗ ਸ਼ਹਿਦ ਮਿਲਾ ਕੇ ਚੱਟਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ।
* ਸਰ੍ਹੋਂ ਦੇ ਤੇਲ ਦੀ ਮਾਲਿਸ਼ ਪੇਟ 'ਤੇ ਕਰਨ ਨਾਲ ਕਬਜ਼ ਵਿਚ ਆਰਾਮ ਮਿਲਦਾ ਹੈ।
* ਦੋ ਲੌਂਗ ਗਰਮ ਪਾਣੀ ਨਾਲ ਲੈਣ 'ਤੇ ਜੀਅ ਕੱਚਾ ਹੋਣਾ, ਹਿਚਕੀ, ਮੂੰਹ ਦਾ ਵਿਗੜਿਆ ਸਵਾਦ, ਚੱਕਰ ਆਉਣਾ ਸਭ ਠੀਕ ਹੋ ਜਾਂਦਾ ਹੈ।
* ਅਦਰਕ ਦੇ ਲੱਛੇ 'ਤੇ ਲੂਣ ਛਿੜਕ ਕੇ ਭੋਜਨ ਦੇ ਨਾਲ ਸੇਵਨ ਕਰਨ ਨਾਲ ਦਸਤ ਵਿਚ ਆਰਾਮ ਮਿਲਦਾ ਹੈ।
* ਪੇਚਿਸ ਵਿਚ ਭਿੰਡੀ ਦੀ ਸਬਜ਼ੀ ਖਾਣਾ ਲਾਭਦਾਇਕ ਹੈ।
* ਪੀਲੀਆ ਹੋਣ 'ਤੇ ਇਕ ਕੱਪ ਪਾਣੀ ਵਿਚ ਇਕ ਚਮਚ ਗਲੂਕੋਜ਼ ਪਾ ਕੇ ਦਿਨ ਵਿਚ 5-5 ਵਾਰ ਲਓ।
* ਤਾਜ਼ੇ ਅਦਰਕ ਦੇ ਛੋਟੇ-ਛੋਟੇ ਟੁਕੜੇ ਕਰਕੇ ਚੂਸਣ ਨਾਲ ਪੁਰਾਣੀ, ਨਵੀਂ ਸਭ ਤਰ੍ਹਾਂ ਦੀ ਹਿਚਕੀ ਬੰਦ ਹੋ ਜਾਂਦੀ ਹੈ।
* ਅਦਰਕ ਨੂੰ ਘੋਲ ਕੇ ਇਕ ਟੁਕੜਾ ਮੂੰਹ ਵਿਚ ਰੱਖ ਕੇ ਚੂਸਣ ਨਾਲ ਕਫ ਅਸਾਨੀ ਨਾਲ ਨਿਕਲ ਜਾਂਦਾ ਹੈ।
* ਹਫ਼ਤੇ ਵਿਚ ਦੋ ਵਾਰ ਲਸਣ ਦੀਆਂ 4 ਕਲੀਆਂ ਲੈਣ 'ਤੇ ਸਰਦੀ ਨਹੀਂ ਲਗਦੀ।
* ਅਜਵਾਇਣ ਨੂੰ ਗਰਮ-ਗਰਮ ਪਾਣੀ ਨਾਲ ਲੈਣ 'ਤੇ ਖੰਘ ਵਿਚ ਆਰਾਮ ਮਿਲਦਾ ਹੈ।
* ਭੋਜਨ ਵਿਚ ਹਿੰਗ ਦੀ ਵਰਤੋਂ ਜ਼ਰੂਰ ਕਰੋ। ਕਮਜ਼ੋਰ ਦਿਲ ਨੂੰ ਸ਼ਕਤੀ ਮਿਲਦੀ ਹੈ। ਖੂਨ ਸੰਚਾਰ ਅਸਾਨੀ ਨਾਲ ਹੁੰਦਾ ਹੈ।
* ਦਿਲ ਦੇ ਦੌਰੇ ਪੈਣ ਦੀ ਸੰਭਾਵਨਾ ਹੋਣ 'ਤੇ 5 ਕਲੀਆਂ ਲਸਣ ਤੁਰੰਤ ਚਬਾ ਕੇ ਨਿਗਲ ਲਓ। ਦੌਰਾ ਪੈਣ ਦੀ ਸੰਭਾਵਨਾ ਨਿਰਮੂਲ ਸਿੱਧ ਹੁੰਦੀ ਹੈ, ਫਿਰ ਲਸਣ ਨੂੰ ਦੁੱਧ ਵਿਚ ਉਬਾਲ ਕੇ ਲੈਂਦੇ ਰਹਿਣਾ ਚਾਹੀਦਾ ਹੈ।

30 ਤੋਂ ਬਾਅਦ ਜ਼ਰੂਰੀ ਹੈ ਕੈਲਸ਼ੀਅਮ ਦਾ ਸੇਵਨ

ਬਚਪਨ ਤੋਂ ਜਵਾਨੀ ਤੱਕ ਪਹੁੰਚਦੇ-ਪਹੁੰਚਦੇ ਅਸੀਂ ਆਪਣੇ ਖਾਣ-ਪੀਣ ਦੇ ਨਾਲ ਲਾਪ੍ਰਵਾਹੀ ਵਰਤਣ ਲਗਦੇ ਹਾਂ, ਜੋ ਅੱਗੇ ਜਾ ਕੇ ਸਾਡੇ ਅੰਦਰ ਕਮਜ਼ੋਰੀ ਦਾ ਕਾਰਨ ਬਣਦੇ ਹਨ ਅਤੇ ਹੌਲੀ-ਹੌਲੀ ਬਿਮਾਰੀਆਂ ਸਰੀਰ ਵਿਚ ਘਰ ਬਣਾਉਣਾ ਸ਼ੁਰੂ ਕਰ ਦਿੰਦੀਆਂ ਹਨ। ਉਮਰ ਦੇ ਨਾਲ ਸਾਡਾ ਪਾਚਣ ਤੰਤਰ ਕਮਜ਼ੋਰ ਹੋਣ ਲਗਦਾ ਹੈ ਅਤੇ ਸਰੀਰ ਵਿਚ ਅਸਾਨੀ ਨਾਲ ਕੈਲਸ਼ੀਅਮ ਪੂਰੀ ਤਰ੍ਹਾਂ ਨਾਲ ਮਿਲਦਾ ਨਹੀਂ, ਜਿਸ ਕਾਰਨ ਸਾਡੀਆਂ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ। ਆਓ, ਜਾਣੀਏ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਲਈ ਕੀ-ਕੀ ਖਾਈਏ-
ਨਿੰਬੂ ਪਾਣੀ ਲਓ
ਸਵੇਰੇ ਜਾਂ ਸ਼ਾਮ ਨੂੰ ਇਕ ਗਿਲਾਸ ਪਾਣੀ ਵਿਚ ਨਿੰਬੂ ਪਾ ਕੇ ਲਓ ਤਾਂ ਕਿ ਵਿਟਾਮਿਨ 'ਸੀ' ਦੀ ਕਮੀ ਨਾ ਹੋਵੇ। ਜੇ ਨਿੰਬੂ ਸਰੀਰ ਨੂੰ ਠੀਕ ਨਹੀਂ ਬੈਠਦਾ ਤਾਂ ਕੋਈ ਵੀ ਇਕ ਖੱਟਾ ਫਲ ਖਾਓ।
ਜ਼ੀਰੇ ਵਾਲਾ ਪਾਣੀ
ਰਾਤ ਨੂੰ ਇਕ ਚਮਚ ਜ਼ੀਰਾ, ਦੋ ਗਿਲਾਸ ਪਾਣੀ ਵਿਚ ਭਿਉਂ ਦਿਓ। ਸਵੇਰੇ ਉਸ ਨੂੰ ਉਬਾਲੋ। ਜਦੋਂ ਪਾਣੀ ਇਕ-ਸਵਾ ਗਿਲਾਸ ਜਿੰਨਾ ਰਹਿ ਜਾਵੇ ਤਾਂ ਉਸ ਨੂੰ ਪੁਣ ਕੇ ਪੀ ਲਓ।
ਸੋਇਆਬੀਨ ਖਾਓ
ਹਫ਼ਤੇ ਵਿਚ ਇਕ ਵਾਰ ਘੱਟ ਤੋਂ ਘੱਟ ਸੋਇਆਬੀਨ ਦੀ ਸਬਜ਼ੀ ਖਾਓ, ਸਰੀਰ ਨੂੰ ਲੋੜੀਂਦਾ ਕੈਲਸ਼ੀਅਮ ਅਤੇ ਪ੍ਰੋਟੀਨ ਮਿਲੇਗਾ।
ਦੁੱਧ ਅਤੇ ਦੁੱਧ ਦੇ ਉਤਪਾਦ ਲਓ
ਆਪਣੇ ਭੋਜਨ ਵਿਚ ਦਿਨ ਵਿਚ ਇਕ ਵਾਰ ਦੁੱਧ ਲਓ, ਦੁੱਧ ਤੋਂ ਇਲਾਵਾ ਦਹੀਂ, ਪਨੀਰ, ਲੱਸੀ ਦਾ ਸੇਵਨ ਕਰੋ। ਦੁੱਧ ਟੋਂਡ ਹੀ ਲਓ, ਉਸੇ ਨਾਲ ਦਹੀਂ ਜਮਾਓ। ਪਨੀਰ ਵੀ ਘਰ ਵਿਚ ਟੋਂਡ ਦੁੱਧ ਤੋਂ ਬਣਾ ਕੇ ਖਾਓ, ਤਾਂ ਕਿ ਸਰੀਰ ਨੂੰ ਕੈਲਸ਼ੀਅਮ ਮਿਲਦਾ ਰਹੇ।
ਹਰੀਆਂ ਸਬਜ਼ੀਆਂ
ਸਰੀਰ ਵਿਚ ਕੈਲਸ਼ੀਅਮ ਗ੍ਰਹਿਣ ਕਰਨ ਲਈ ਖੀਰਾ, ਬ੍ਰੋਕ੍ਰੋਲੀ, ਬੀਨਸ ਵਰਗੀਆਂ ਸਬਜ਼ੀਆਂ ਖਾਓ। ਸਰੀਰ ਨੂੰ ਮੈਗਨੀਸ਼ੀਅਮ ਦੀ ਪ੍ਰਾਪਤੀ ਵੀ ਇਨ੍ਹਾਂ ਤੋਂ ਹੋਵੇਗੀ।
ਸਪ੍ਰਾਊਟਸ
ਸਪ੍ਰਾਊਟਸ ਸਨੈਕ ਦੇ ਰੂਪ ਵਿਚ ਵਧੀਆ ਬਦਲ ਹੈ। ਮਿਡ ਮੀਲ ਭੁੱਖ ਲੱਗਣ 'ਤੇ ਸਪ੍ਰਾਊਟਸ ਦਾ ਸੇਵਨ ਕਰੋ। ਉਸ ਵਿਚ ਥੋੜ੍ਹਾ ਖੀਰਾ, ਟਮਾਟਰ ਮਿਲਾ ਕੇ ਉਸ ਦਾ ਸਵਾਦ ਵਧਾਓ, ਤਾਂ ਕਿ ਸਰੀਰ ਨੂੰ ਪੋਸ਼ਟਿਕ ਤੱਤ ਮਿਲ ਸਕਣ।
ਸਵੇਰੇ ਧੁੱਪ ਦਾ ਸੇਵਨ
ਸਵੇਰੇ 8 ਵਜੇ ਤੋਂ ਪਹਿਲਾਂ 10 ਮਿੰਟ ਤੱਕ ਧੁੱਪ ਦਾ ਸੇਵਨ ਕਰੋ, ਧੁੱਪ ਵਿਚ ਬੈਠੋ। ਇਸ ਨਾਲ ਸਰੀਰ ਨੂੰ ਵਿਟਾਮਿਨ 'ਡੀ' ਮਿਲੇਗਾ ਅਤੇ ਸਰੀਰ ਨੂੰ ਕੈਲਸ਼ੀਅਮ ਲੈਣ ਵਿਚ ਮਦਦ ਮਿਲੇਗੀ।
ਅੰਜੀਰ ਅਤੇ ਬਦਾਮ ਲਓ
ਅੰਜੀਰ ਅਤੇ ਬਦਾਮ ਵਿਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। 2 ਅੰਜੀਰ ਅਤੇ 4 ਬਦਾਮ ਰਾਤ ਨੂੰ ਭਿਉਂ ਕੇ ਰੱਖੋ, ਸਵੇਰੇ ਉਨ੍ਹਾਂ ਨੂੰ ਚਬਾ-ਚਬਾ ਕੇ ਖਾਓ।
ਤਿਲ ਦੀ ਚਿੱਕੀ, ਲੱਡੂ, ਭੁੰਨੇ ਤਿਲ ਸਰਦੀਆਂ ਵਿਚ ਲਓ, ਤਾਂ ਕਿ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨਾ ਹੋਵੇ।
'ਸੀ' ਫੂਡ ਦੇ ਸੇਵਨ ਨਾਲ ਵੀ ਸਰੀਰ ਵਿਚ ਕੈਲਸ਼ੀਅਮ ਦਾ ਪੱਧਰ ਵਧਦਾ ਹੈ।


-ਮੇਘਾ

ਪੇਟ ਦੀਆਂ ਬਿਮਾਰੀਆਂ

ਅੰਤੜੀ ਤੇ ਜਿਗਰ ਦੀ ਸੋਜ ਨੂੰ ਨਜ਼ਰਅੰਦਾਜ਼ ਨਾ ਕਰੋ

ਇਹ ਪੁਰਾਣੀ ਕਹਾਵਤ ਹੈ ਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਹੈ। ਸਾਡੇ ਸਰੀਰ ਦਾ ਵਿਕਾਸ ਸਾਡੇ ਭੋਜਨ 'ਤੇ ਨਿਰਭਰ ਕਰਦਾ ਹੈ। ਭੋਜਨ ਸਾਡੇ ਸਰੀਰਕ ਵਿਕਾਸ ਲਈ ਕੱਚੇ ਮਾਲ ਦਾ ਕੰਮ ਕਰਦਾ ਹੈ, ਪੇਟ ਉਸ ਨੂੰ ਪਚਾ ਕੇ ਸਰੀਰ ਨੂੰ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਜੇ ਤੁਹਾਡੀ ਪਾਚਣ ਪ੍ਰਣਾਲੀ ਠੀਕ ਹੈ ਤਾਂ ਤੁਸੀਂ ਜੋ ਕੁਝ ਵੀ ਖਾਓਗੇ, ਉਹ ਤੁਹਾਡੇ ਸਰੀਰ ਨੂੰ ਲੱਗੇਗਾ। ਕਿਹਾ ਜਾਂਦਾ ਹੈ ਕਿ ਪੇਟ ਦੀ ਬਿਮਾਰੀ ਹਜ਼ਾਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਪਾਚਣ ਪ੍ਰਣਾਲੀ ਵਿਚ ਹੋਣ ਵਾਲੀ ਕਿਸੇ ਵੀ ਗੜਬੜੀ ਨੂੰ ਨਜ਼ਰਅੰਦਾਜ਼ ਨਾ ਕਰੋ, ਨਹੀਂ ਤਾਂ ਇਹ ਵੱਡੀ ਸਮੱਸਿਆ ਬਣ ਸਕਦੀ ਹੈ। ਦੂਸ਼ਿਤ ਵਾਤਾਵਰਨ ਦਾ ਸਿੱਧਾ ਪ੍ਰਭਾਵ ਸਿਹਤ 'ਤੇ ਪੈਂਦਾ ਹੈ। ਸਰੀਰ ਵਿਚ ਪੇਟ ਇਕ ਅਜਿਹਾ ਭਾਗ ਹੈ, ਜੋ ਦੂਸ਼ਿਤ ਵਾਤਾਵਰਨ ਤੋਂ ਪ੍ਰਭਾਵਿਤ ਹੋ ਕੇ ਰੋਗੀ ਹੋ ਜਾਂਦਾ ਹੈ। ਆਮ ਤੌਰ 'ਤੇ ਲੋਕ ਪੇਟ ਵਿਚ ਗੈਸ ਬਣਨ, ਹਲਕਾ ਦਰਦ ਹੋਣ ਅਤੇ ਲੈਟਰੀਨ ਠੀਕ ਤਰ੍ਹਾਂ ਨਾ ਆਉਣ ਜਾਂ ਵਾਰ-ਵਾਰ ਆਉਣ 'ਤੇ ਕਮਜ਼ੋਰੀ ਮਹਿਸੂਸ ਹੋਣ ਦੀ ਸ਼ਿਕਾਇਤ ਕਰਦੇ ਹਨ। ਅਸਲ ਵਿਚ ਸਾਡੀ ਪ੍ਰਣਾਲੀ ਵਿਚ ਲਿਵਰ ਤੋਂ ਬਾਅਦ ਅੰਤੜੀਆਂ ਦਾ ਸਥਾਨ ਆਉਂਦਾ ਹੈ। ਵੱਡੀ ਤੋਂ ਛੋਟੀ ਅੰਤੜੀ ਤੋਂ ਕਈ ਤਰ੍ਹਾਂ ਦੇ ਰਸ ਨਿਕਲਦੇ ਹਨ। ਇਹ ਸਾਡੇ ਭੋਜਨ ਨੂੰ ਪਚਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ। ਅੰਤੜੀਆਂ ਵਿਚ ਤਕਲੀਫ ਦਾ ਸਾਡੇ ਪੇਟ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ। ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਪੇਟ ਦੇ ਰੋਗ ਦਾ ਮੁੱਖ ਕਾਰਨ ਅੰਤੜੀਆਂ ਤੇ ਜਿਗਰ ਦੀ ਸੋਜ ਹੈ। ਇਸ ਦੇ ਕਾਰਨ ਪੇਟ ਵਿਚ ਹਲਕਾ-ਫੁਲਕਾ ਦਰਦ ਤੇ ਵਾਰ-ਵਾਰ ਪਖਾਨਾ ਆਉਂਦਾ ਹੈ। ਹੌਲੀ-ਹੌਲੀ ਮਰੀਜ਼ ਨੂੰ ਕਮਜ਼ੋਰੀ ਹੋਣ ਲਗਦੀ ਹੈ। ਭੁੱਖ ਘੱਟ ਲਗਦੀ ਹੈ ਅਤੇ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ। ਮਰੀਜ਼ ਦਾ ਭਾਰ ਘੱਟ ਹੋ ਜਾਂਦਾ ਹੈ। ਅੰਤੜੀਆਂ ਅਤੇ ਜਿਗਰ ਵਿਚ ਸੋਜ ਹੋਣ 'ਤੇ ਪੇਟ ਫੁੱਲਿਆ ਨਜ਼ਰ ਆਉਂਦਾ ਹੈ। ਕਈ ਵਾਰ ਪੇਟ ਦੀ ਬਾਹਰੀ ਪਰਤ 'ਤੇ ਚਰਬੀ ਦੀ ਮਾਤਰਾ ਵਧ ਜਾਂਦੀ ਹੈ। ਇਹ ਤਕਲੀਫ ਪੇਟ ਦੀ ਸੋਜ ਤੋਂ ਬਿਲਕੁਲ ਵੱਖਰੀ ਹੈ।
ਅੰਤੜੀਆਂ ਦੀ ਸੋਜ : ਅੰਤੜੀਆਂ ਦੀ ਸੋਜ ਦਾ ਮੁੱਖ ਕਾਰਨ ਹੁੰਦਾ ਹੈ ਕੀਟਾਣੂ ਜੋ ਸਾਡੀਆਂ ਅੰਤੜੀਆਂ ਦੀਆਂ ਝਿੱਲੀਆਂ ਵਿਚਾਲੇ ਇਕੱਠੇ ਹੋ ਜਾਂਦੇ ਹਨ। ਇਸ ਨਾਲ ਅੰਤੜੀਆਂ ਦੀ ਹਜ਼ਮ ਕਰਨ ਦੀ ਤਾਕਤ ਘੱਟ ਹੋ ਜਾਂਦੀ ਹੈ ਤੇ ਵਾਰ-ਵਾਰ ਲੈਟਰੀਨ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ।
ਇਲਾਜ : ਇਸ ਬਿਮਾਰੀ ਦਾ ਇਲਾਜ ਬਹੁਤ ਅਸਾਨ ਹੈ। ਪੇਟ ਦੇ ਡਾਕਟਰ ਨਾਲ ਸੰਪਰਕ ਕਰੋ ਅਤੇ ਉਸ ਦੀ ਸਲਾਹ ਅਨੁਸਾਰ ਇਲਾਜ ਕਰਨ ਤੇ ਖਾਣ-ਪੀਣ ਦਾ ਧਿਆਨ ਰੱਖਣ ਨਾਲ ਥੋੜ੍ਹੇ ਦਿਨਾਂ ਵਿਚ ਹੀ ਬਿਮਾਰੀ ਖ਼ਤਮ ਹੋ ਜਾਂਦੀ ਹੈ।
ਲਿਵਰ ਦੀ ਸੋਜ : ਲਿਵਰ ਸਾਡੇ ਪਾਚਣ ਤੰਤਰ ਦਾ ਮੁੱਖ ਅੰਗ ਹੈ। ਇਸ ਵਿਚੋਂ ਕਈ ਤਰ੍ਹਾਂ ਦੇ ਤਰਲ ਪਦਾਰਥ ਨਿਕਲਦੇ ਹਨ।
ਕਾਰਨ : ਕੀਟਾਣੂ ਹੀ ਲਿਵਰ ਦੀ ਸੋਜ ਦਾ ਮੁੱਖ ਕਾਰਨ ਹੁੰਦੇ ਹਨ। ਇਹ ਸਾਡੇ ਲਿਵਰ ਦੇ ਛੋਟੇ-ਛੋਟੇ ਕਣਾਂ ਵਿਚ ਘਰ ਕਰ ਲੈਂਦੇ ਹਨ। ਹੌਲੀ-ਹੌਲੀ ਲੀਵਰ ਦਾ ਭਾਰ ਤੇ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਹਨ। ਲਿਵਰ ਦੀ ਸੋਜ ਕਾਰਨ ਪੇਟ ਇਕ ਪਾਸਿਓਂ ਵੱਡਾ-ਵੱਡਾ ਲਗਦਾ ਹੈ, ਉਸ ਪਾਸੇ ਕਾਫੀ ਦਰਦ ਰਹਿੰਦਾ ਹੈ।
ਇਲਾਜ : ਇਸ ਦੇ ਇਲਾਜ ਲਈ ਵੀ ਬਹੁਤ ਦਵਾਈਆਂ ਖਾਣ ਦੀ ਲੋੜ ਨਹੀਂ ਪੈਂਦੀ। ਮਰੀਜ਼ ਨੂੰ ਖੁਰਾਕ ਵਿਚ ਗੁਲੂਕੋਜ਼ ਅਤੇ ਮਿੱਠੀਆਂ ਚੀਜ਼ਾਂ ਜ਼ਿਆਦਾ ਲੈ ਕੇ ਤਲੀਆਂ ਤੇ ਖੱਟੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰਕੇ ਪੂਰਾ ਆਰਾਮ ਕਰਨਾ ਚਾਹੀਦਾ ਹੈ। ਨਾਲ ਹੀ ਡਾਕਟਰ ਨਾਲ ਸੰਪਰਕ ਵੀ ਜ਼ਰੂਰੀ ਹੈ।


-ਜਸਵੰਤ ਹਸਪਤਾਲ, ਬਸਤੀ ਅੱਡਾ, ਨਾਲ ਪੈਟਰੋਲ ਪੰਪ, ਜਲੰਧਰ।

ਸਰੀਰ ਦਰਦ ਦੇ ਕਾਰਨ ਅਤੇ ਨਿਵਾਰਨ

ਸਰੀਰ ਦਰਦ ਦੇ ਕਾਰਨ
ਸਭ ਤੋਂ ਪਹਿਲਾਂ ਸਾਨੂੰ ਦਰਦ ਦਾ ਕਾਰਨ ਜਾਨਣ ਦਾ ਯਤਨ ਕਰਨਾ ਚਾਹੀਦਾ ਹੈ। ਅੱਜਕਲ੍ਹ ਲੋਕ ਘੰਟਿਆਂ ਤੱਕ ਰੀੜ੍ਹ ਦੀ ਗ਼ਲਤ ਮੁਦਰਾ ਵਿਚ ਬੈਠੇ ਰਹਿੰਦੇ ਹਨ। ਖਾਸ ਤੌਰ 'ਤੇ ਕੰਪਿਊਟਰ 'ਤੇ ਕੰਮ ਕਰਨ ਵਿਚ ਜਾਂ ਗ਼ਲਤ ਹਾਲਤ ਵਿਚ ਸੌਂਦੇ ਹਨ ਜਾਂ ਅਜੀਬੋ-ਗਰੀਬ ਅੰਦਾਜ਼ ਵਿਚ ਬੈਠ ਕੇ ਟੀ. ਵੀ. ਦੇਖਦੇ ਹਨ, ਲੰਬੀਆਂ-ਲੰਬੀਆਂ ਯਾਤਰਾਵਾਂ ਕਰਦੇ ਹਨ, ਘਰ ਦਾ ਕੰਮਕਾਜ ਕਰਦੇ ਹਨ। ਬੈਠੇ-ਬੈਠੇ ਹੀ ਸੌਂ ਜਾਂਦੇ ਹਨ ਜਾਂ ਭਾਰੀ ਸਾਮਾਨ ਉਠਾਉਣ ਵਰਗੀਆਂ ਅਨੇਕਾਂ ਦੈਨਿਕ ਗਤੀਵਿਧੀਆਂ ਕਰਦੇ ਹਨ, ਜਿਸ ਨਾਲ ਰਿਪੀਟਿਵ ਸਟ੍ਰੇਨ ਇੰਜਰੀ (ਆਰ.ਐਸ.ਆਈ.) ਅਰਥਾਤ ਰੀੜ੍ਹ 'ਤੇ ਬਹੁਤ ਜ਼ਿਆਦਾ ਭਾਰ ਅਤੇ ਤਣਾਅ ਆਉਣ ਨਾਲ ਵਾਰ-ਵਾਰ ਦਰਦ ਹੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਇਸੇ ਤਰ੍ਹਾਂ ਧੌਣ 'ਤੇ ਲੰਬੇ ਸਮੇਂ ਤੱਕ ਬੇਲੋੜਾ ਦਬਾਅ ਪੈਣਾ ਜਿਵੇਂ ਮੋਬਾਈਲ ਦੀ ਜ਼ਿਆਦਾ ਵਰਤੋਂ, ਕੰਪਿਊਟਰ ਸਕ੍ਰੀਨ ਨੂੰ ਝੁਕ-ਝੁਕ ਕੇ ਦੇਖਣਾ ਅਤੇ ਧੌਣ ਦੇ ਹੇਠਾਂ ਮੋਟੇ-ਮੋਟੇ ਸਿਰਹਾਣੇ ਰੱਖ ਕੇ ਸੌਣਾ (ਜਾਂ ਮੋੜ-ਮੋੜ ਕੇ ਸਿਰਹਾਣੇ ਨੂੰ ਕਈ ਪਰਤਾਂ ਕਰਕੇ ਸੌਣਾ), ਰੇਲ ਜਾਂ ਬੱਸ ਸਫਰ ਕਰਦੇ ਸਮੇਂ ਧੌਣ ਨੂੰ ਖਰਾਬ ਸਥਿਤੀ ਵਿਚ ਰੱਖਣਾ ਜਾਂ ਫਿਰ ਝਟਕੇ ਲੱਗਣਾ, ਇਨ੍ਹਾਂ ਕਾਰਨਾਂ ਨਾਲ ਬਹੁਤ ਵੱਡੀ ਗਿਣਤੀ ਲੋਕਾਂ ਨੂੰ ਛੋਟੀ ਉਮਰ ਵਿਚ ਹੀ ਸਰਵਾਈਕਲ ਸਪਾਂਡੇਲਾਈਟਿਸ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਵਾਈਕਲ ਰੀੜ੍ਹ ਦੇ ਜੋੜਾਂ ਵਿਚ ਇਕ ਅਪਕਰਸ਼ਕ ਡੀਜੇਨੇਰੇਟਿਵ (ਕਾਨਿਕ ਵਿਯਰਿਮ) ਵਿਕਾਰ ਪੈਦਾ ਹੋ ਜਾਂਦਾ ਹੈ, ਜਿਸ ਨਾਲ ਸਰਵਾਈਕਲ ਰੀੜ੍ਹ ਦੀਆਂ ਹੱਡੀਆਂ ਅਤੇ ਜੋੜਾਂ ਦੇ ਅੰਤਰਗਤ ਡਿਸਕ ਅਤੇ ਗੋਡਿਆਂ ਦੇ ਵਿਚਕਾਰ ਦਰਦ ਹੋਣ ਲਗਦਾ ਹੈ।
ਦਰਦ ਨੂੰ ਦੂਰ ਕਰਨ ਦੇ ਉਪਾਅ
ਸਭ ਤੋਂ ਪਹਿਲਾਂ ਸਾਨੂੰ ਉਨ੍ਹਾਂ ਸਾਰੇ ਕਾਰਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨਾਲ ਸਰੀਰ ਦਰਦ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਰ ਵਿਅਕਤੀ ਨੂੰ ਆਪਣੇ ਕਿਰਿਆਕਲਾਪਾਂ ਦੀ ਸੂਚੀ ਬਣਾਉਣੀ ਪਵੇਗੀ ਅਤੇ ਦੇਖਣਾ ਪਵੇਗਾ ਕਿ ਅਸਲ ਵਿਚ ਕੀ ਉਹ ਆਪਣੇ ਸਰੀਰ ਦੀ ਦੁਰਵਰਤੋਂ ਕਰਨ ਲਈ ਖੁਦ ਜ਼ਿੰਮੇਵਾਰ ਹਨ ਜਾਂ ਫਿਰ ਉਨ੍ਹਾਂ ਦੀਆਂ ਜ਼ਰੂਰਤਾਂ ਹਨ। ਜੇ ਤੁਸੀਂ ਆਪਣੇ-ਆਪ ਨਾਲ ਆਪਣੇ ਸਰੀਰ ਨੂੰ ਸਹੀ ਹਾਲਤਾਂ ਵਿਚ ਰੱਖ ਕੇ ਆਪਣਾ ਰੋਜ਼ਾਨਾ ਦਾ ਕੰਮ ਕਰੋ ਤਾਂ ਸਭ ਤੋਂ ਵਧੀਆ ਹੈ। ਇਸ 'ਤੇ ਜੇਕਰ ਤੁਹਾਨੂੰ ਆਪਣੀ ਨੌਕਰੀ ਜਾਂ ਕੰਮਾਂ ਦੇ ਕਾਰਨ ਸਰੀਰਕ ਤੌਰ 'ਤੇ ਗ਼ਲਤ ਸਥਿਤੀਆਂ ਵਿਚ ਬੈਠਣ ਦੀਆਂ ਕੋਈ ਮਜਬੂਰੀਆਂ ਹਨ ਤਾਂ ਉਨ੍ਹਾਂ ਨੂੰ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਦੂਰ ਕੀਤਾ ਜਾ ਸਕਦਾ ਹੈ, ਉਦਾਹਰਨ ਦੇ ਤੌਰ 'ਤੇ-
ਜੇ ਤੁਹਾਡੀ ਕੰਪਿਊਟਰ ਸਕਰੀਨ ਕੁਰਸੀ 'ਤੇ ਬੈਠਣ ਤੋਂ ਬਾਅਦ ਵੀ ਤੁਹਾਡੀ ਅੱਖ ਦੀ ਸੇਧ ਵਿਚ ਨਹੀਂ ਹੈ ਅਤੇ ਤੁਹਾਨੂੰ ਝੁਕ ਕੇ ਕੰਪਿਊਟਰ ਨੂੰ ਦੇਖਣਾ ਪੈ ਰਿਹਾ ਹੈ ਤਾਂ ਸਕ੍ਰੀਨ ਨੂੰ ਉੱਪਰ ਚੁੱਕਣ ਦਾ ਪ੍ਰਬੰਧ ਕਰੋ। ਮੋਬਾਈਲ 'ਤੇ ਕੰਮ ਕਰਦੇ ਸਮੇਂ ਵੀ ਇਸ ਗੱਲ ਦਾ ਧਿਆਨ ਰੱਖੋ। ਯਾਤਰਾ ਦੌਰਾਨ ਜਿਥੋਂ ਤੱਕ ਸੰਭਵ ਹੋਵੇ, ਨਾ ਸੌਵੋਂ। ਜੇ ਸੌਣਾ ਜ਼ਰੂਰੀ ਹੀ ਹੋਵੇ ਤਾਂ ਸਿਰ ਅਤੇ ਧੌਣ ਦੇ ਹੇਠਾਂ ਭਾਰੀ ਬੈਗ ਨਾ ਰੱਖੋ। ਸਰੀਰ ਵਿਚ ਮੋਚ ਆਉਣ ਦੀਆਂ ਵੀ ਸਥਿਤੀਆਂ ਬਣਨ ਜਿਵੇਂ ਝਟਕੇ ਨਾਲ ਉੱਠਣਾ, ਘੁੰਮਣਾ ਜਾਂ ਫਿਰ ਬੈਠਣਾ, ਇਨ੍ਹਾਂ ਦਾ ਧਿਆਨ ਰੱਖੋ ਅਤੇ ਨਾ ਕਰੋ।
ਡਾਕਟਰ ਨੂੰ ਕਦੋਂ ਮਿਲੀਏ
* ਜੇ ਧੌਣ ਅਤੇ ਕਮਰ ਦੇ ਪਿੱਛੇ ਦਰਦ, ਸੁੰਨਤਾ ਅਤੇ ਖਿਚਾਅ ਮਹਿਸੂਸ ਹੋਵੇ, ਜੋ ਭੁਜਾਵਾਂ, ਉਂਗਲੀਆਂ ਅਤੇ ਕਮਰ ਦੇ ਹੇਠਾਂ ਵੱਲ ਵਧਦਾ ਹੋਇਆ ਹੋਵੇ।
* ਮਾਸਪੇਸ਼ੀਆਂ ਵਿਚ ਏਂਠਨ, ਝਟਕਾ, ਫੜਕਨ ਅਤੇ ਸੰਕੁਚਨ ਜਾਂ ਇਨ੍ਹਾਂ ਵਿਚੋਂ ਕੋਈ ਇਕ।
* ਬਾਹਵਾਂ ਦੇ ਮੱਧ ਵਿਚ ਦਰਦ, ਗਰਦਨ ਵਿਚ ਅਕੜਾਅ ਮਹਿਸੂਸ ਹੋਣਾ ਜਾਂ ਕਰਨਾ।
* ਸਿਰਦਰਦ, ਚੱਕਰ ਆਉਣਾ (ਵਰਟਿਗੋ), ਸਿਰ ਘੁੰਮਣਾ।
* ਰੀੜ੍ਹ ਦੀ ਹੱਡੀ ਵਿਚ ਸੱਟ ਲੱਗ ਜਾਣਾ ਜਾਂ ਆਪਣੀ ਮੂਲ ਜਗ੍ਹਾ ਤੋਂ ਖਿਸਕ ਜਾਣਾ ਜਾਂ ਫਿਰ ਸਪਾਈਨਲ ਕਾਰਡ ਦੇ ਆਧਾਰ ਵਿਚ ਸਥਿਤ ਛੋਟੀਆਂ-ਛੋਟੀਆਂ ਤ੍ਰਿਭੁਜਾਕਾਰ ਹੱਡੀਆਂ ਵਿਚ ਦਰਦ ਮਹਿਸੂਸ ਕਰਨਾ, ਜੋ ਪੂਰੇ ਰੀੜ੍ਹ ਵਿਚ ਉੱਪਰ ਵੱਲ ਵਧਦਾ ਹੈ।

ਸਿਹਤ ਖ਼ਬਰਨਾਮਾ

ਕੈਂਸਰ ਰੋਧੀ ਰਸਾਇਣ ਹਨ ਗ੍ਰੀਨ ਟੀ ਵਿਚ

ਬਲੈਕ ਟੀ ਦੀ ਜਗ੍ਹਾ 'ਤੇ ਜਦੋਂ ਵਿਅਕਤੀ ਗ੍ਰੀਨ ਟੀ ਪੀਣੀ ਸ਼ੁਰੂ ਕਰੇ ਤਾਂ ਉਸ ਦੇ ਸਰੀਰ ਦੇ ਅੰਦਰ ਆਪਣੇ-ਆਪ ਕੈਂਸਰ ਰੋਧੀ ਰਸਾਇਣ ਚਲੇ ਜਾਂਦੇ ਹਨ ਜੋ ਲੰਮੀ ਉਮਰ ਪਾ ਸਕਣ ਦੀ ਸੰਭਾਵਨਾ ਨੂੰ ਜ਼ਰੂਰ ਵਧਾਉਂਦੇ ਹਨ। ਵਾਸ਼ਿੰਗਟਨ ਵਿਚੋਂ ਜੋ ਰਿਪੋਰਟ ਆਈ ਹੈ, ਉਹ ਗ੍ਰੀਨ ਟੀ ਪੀਣ ਵਾਲਿਆਂ ਲਈ ਉਤਸ਼ਾਹ ਵਧਾਉਣ ਵਾਲੀ ਹੈ। ਅਮਰੀਕੀ ਅਧਿਐਨ ਕਰਤਾਵਾਂ ਨੇ ਇਕ ਖੋਜ ਤੋਂ ਬਾਅਦ ਦੱਸਿਆ ਕਿ ਗ੍ਰੀਨ ਟੀ (ਹਰੀ ਚਾਹ) ਵਿਚ ਕੈਂਸਰ ਰੋਧੀ ਰਸਾਇਣ ਪਾਇਆ ਜਾਂਦਾ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆ ਦੇ ਵਿਗਿਆਨੀ ਡਾ: ਜਿਆਨ ਯੂ ਰਾਵ ਦਾ ਕਹਿਣਾ ਹੈ ਕਿ ਤਾਜ਼ਾ-ਤਰੀਨ ਅਧਿਐਨਾਂ ਨਾਲ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਮੂਤ੍ਰਾਸ਼ਯ ਕੈਂਸਰ ਦੇ ਰੋਗੀਆਂ ਲਈ ਗ੍ਰੀਨ ਟੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਰਾਵ ਦਾ ਕਹਿਣਾ ਹੈ-ਗ੍ਰੀਨ ਟੀ ਕੈਂਸਰ ਤੋਂ ਪੀੜਤ ਕੋਸ਼ਿਕਾਵਾਂ ਦੇ ਵਿਭਾਜਨ ਨੂੰ ਰੋਕਦੀ ਹੈ। ਅਜਿਹੇ ਵਿਚ ਪੀੜਤ ਕੋਸ਼ਿਕਾਵਾਂ ਦਾ ਇਲਾਜ ਆਸਾਨ ਹੋ ਜਾਂਦਾ ਹੈ। ਚਾਹੇ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਕਿਉਂ ਨਾ ਹੋਵੋ, ਇਕ ਸਾਧਾਰਨ ਜਿਹਾ ਸੁਝਾਅ ਹੈ ਕਿ ਗ੍ਰੀਨ ਟੀ ਨੂੰ ਖਰੀਦਣ, ਤਿਆਰ ਕਰਨ ਅਤੇ ਸਿਪ ਕਰਨ ਦੀ ਰੁਚੀ ਪੈਦਾ ਕਰੋ। ਬਲੈਕ ਟੀ ਨਾਲ ਹੋਣ ਵਾਲੇ ਨੁਕਸਾਨ ਦੀ ਸੰਭਾਵਨਾ ਤਾਂ ਖ਼ਤਮ ਹੋਵੇਗੀ ਹੀ, ਕੈਂਸਰ ਰੋਧੀ ਰਸਾਇਣ ਵੀ ਪਹੁੰਚ ਜਾਏਗਾ ਸਰੀਰ ਵਿਚ, ਮਤਲਬ ਫਾਇਦਾ ਹੀ ਫਾਇਦਾ।

ਸਿਹਤ ਖ਼ਬਰਨਾਮਾ

ਸਾਕਾਰਾਤਮਿਕ ਭਾਵਨਾ ਬਚਾਏ ਦਿਲ ਦੀ ਬਿਮਾਰੀ ਤੋਂ

ਕਿਹਾ ਗਿਆ ਹੈ ਕਿ ਦਿਲ ਨੂੰ ਖੁਸ਼ ਰੱਖਣ, ਸਾਕਾਰਾਤਮਕ ਵਿਚਾਰ ਰੱਖਣ ਦੇ ਕਈ ਲਾਭ ਹਨ ਪਰ ਜਿਥੇ ਦਿਲ ਨੂੰ ਬਿਮਾਰੀ ਤੋਂ ਬਚਾਈ ਰੱਖਣ ਦੀ ਗੱਲ ਹੈ, ਉਥੇ ਸਾਕਾਰਾਤਮਕ ਸੋਚ ਬੜੀ ਕੰਮ ਦੀ ਚੀਜ਼ ਹੈ। ਅਸੀਂ ਤਾਂ ਕਹਾਂਗੇ ਕਿ ਇਹ ਸਭ ਤੋਂ ਵੱਡਾ ਫਾਇਦਾ ਹੈ।
'ਯੂਰਪੀਅਨ ਹਾਰਟ ਜਰਨਲ' ਵਿਚ ਜਨਵਰੀ-ਫਰਵਰੀ 2010 ਨੂੰ ਹੋਈ ਇਕ ਖੋਜ ਦਾ ਜ਼ਿਕਰ ਹੈ। ਬ੍ਰਿਟਿਸ਼ ਅਧਿਐਨ ਕਰਨ ਵਾਲੇ ਡਾ: ਕਰੀਨਾ ਡੇਵਿਡਸਨ ਲਿਖਦੇ ਹਨ ਜੋ ਲੋਕ ਸਾਕਾਰਾਤਮਕ ਭਾਵਨਾ ਪੈਦਾ ਕਰ ਲੈਂਦੇ ਹਨ, ਉਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਹੁੰਦਾ ਹੈ। ਬ੍ਰਿਟਿਸ਼ ਅਧਿਐਨ ਸਾਨੂੰ ਇਸੇ ਦਿਸ਼ਾ ਵਿਚ ਚੱਲਣ ਦੀ ਸਲਾਹ ਦਿੰਦਾ ਹੈ। ਕੋਲੰਬੀਆ ਵਿਸ਼ਵਵਿਦਿਆਲਾ ਮੈਡੀਕਲ ਸੈਂਟਰ ਦੇ ਡਾ: ਡੇਵਿਡਸਨ ਨੇ ਇਸ ਤਰ੍ਹਾਂ ਕਿਹਾ ਹੈ, 'ਸਾਡੀ ਟੀਮ ਨੇ 1736 ਵਿਅਸਕਾਂ 'ਤੇ 10 ਸਾਲ ਤੱਕ ਅਧਿਐਨ ਕੀਤਾ। ਅਸੀਂ ਇਸ ਖੋਜ ਦੌਰਾਨ ਪਾਇਆ ਕਿ ਸਾਕਾਰਾਤਮਕ ਭਾਵਨਾ ਦਿਲ ਦੀ ਬਿਮਾਰੀ ਦਾ ਜ਼ੋਖਮ 22 ਫੀਸਦੀ ਤੱਕ ਘਟਾ ਦਿੰਦੀ ਹੈ। ਸੋ, ਜੇ ਤੁਸੀਂ ਦਿਲ ਦੇ ਮਰੀਜ਼ ਹੋ ਤਾਂ ਖੁਸ਼ ਰਹਿਣ ਦੀ ਹਰ ਸੰਭਵ ਕੋਸ਼ਿਸ਼ ਕਰੋ, ਕਦੇ ਨਿਰਾਸ਼ ਨਾ ਹੋਵੋ। ਸਦਾ ਹੀ ਚੰਗਾ-ਚੰਗਾ ਸੋਚੋ।

ਸੁੰਦਰਤਾ ਅਤੇ ਸਿਹਤ ਦਾ ਖਜ਼ਾਨਾ-ਨਾਰੀਅਲ

ਨਾਰੀਅਲ ਦਾ ਸੇਵਨ ਸਿਹਤ ਲਈ ਵਧੀਆ ਹੈ, ਕਿਉਂਕਿ ਇਸ ਵਿਚ ਪੋਸ਼ਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਸਿਹਤ ਦੇ ਨਾਲ-ਨਾਲ ਨਾਰੀਅਲ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਸਹੀ ਢੰਗ ਨਾਲ ਕਰਕੇ ਅਸੀਂ ਆਪਣੀ ਚਮੜੀ ਨੂੰ ਨਿਖਾਰ ਅਤੇ ਪੌਸ਼ਟਿਕਤਾ ਪ੍ਰਦਾਨ ਕਰ ਸਕਦੇ ਹਾਂ।
ਚਮੜੀ ਦੇ ਨਿਖਾਰ ਲਈ ਕਰੋ ਨਾਰੀਅਲ ਦੀ ਵਰਤੋਂ : * ਨਾਰੀਅਲ ਦਾ ਤੇਲ ਮਾਇਸਚਰਾਈਜ਼ਰ ਦੇ ਰੂਪ ਵਿਚ ਚਮੜੀ 'ਤੇ ਵਰਤਿਆ ਜਾ ਸਕਦਾ ਹੈ, ਜਿਸ ਨਾਲ ਚਮੜੀ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਚਮੜੀ ਪੋਸ਼ਤ ਵੀ ਰਹਿੰਦੀ ਹੈ। ਬਿਨਾਂ ਕੁਝ ਮਿਲਾਵਟ ਦੇ ਨਾਰੀਅਲ ਤੇਲ (ਵਰਜਿਨ ਕੋਕੋਨੇਟ ਆਇਲ) ਨੂੰ ਚਮੜੀ 'ਤੇ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਇਸਚਰਾਈਜ਼ਰ ਵਿਚ ਕੁਝ ਬੂੰਦਾਂ ਨਾਰੀਅਲ ਤੇਲ ਦੀਆਂ ਮਿਲਾ ਕੇ ਚਮੜੀ 'ਤੇ ਲਗਾ ਸਕਦੇ ਹਾਂ। ਇਸ ਨਾਲ ਚਮੜੀ ਵਿਚ ਚਮਕ ਬਣੀ ਰਹਿੰਦੀ ਹੈ।
* ਨਾਰੀਅਲ ਤੇਲ ਵਿਚ ਮੌਜੂਦ ਲੈਟਿਕ ਐਸਿਡ ਮੁਹਾਸਿਆਂ ਲਈ ਵੀ ਚੰਗਾ ਹੁੰਦਾ ਹੈ।
* ਮੇਕਅਪ ਉਤਾਰਨ ਵਿਚ ਨਾਰੀਅਲ ਤੇਲ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਥੋੜ੍ਹਾ ਜਿਹਾ ਨਾਰੀਅਲ ਤੇਲ ਰੂੰ ਦੇ ਫਹੇ 'ਤੇ ਲਗਾਓ ਜਾਂ ਹਥੇਲੀ 'ਤੇ ਨਾਰੀਅਲ ਤੇਲ ਪਾਓ ਅਤੇ ਚਮੜੀ 'ਤੇ ਮਲੋ। ਹਲਕੇ ਹੱਥਾਂ ਨਾਲ ਮਲਣ 'ਤੇ ਮੇਕਅਪ ਸਾਫ਼ ਹੋ ਜਾਵੇਗਾ ਅਤੇ ਚਮੜੀ ਕੋਮਲ ਬਣੀ ਰਹੇਗੀ।
* ਨਾਰੀਅਲ ਤੇਲ ਚਮੜੀ ਨੂੰ ਮੁਲਾਇਮ ਬਣਾਉਣ ਦੇ ਨਾਲ-ਨਾਲ ਕੁਦਰਤੀ ਰੂਪ ਨਾਲ ਟੋਨਰ ਦਾ ਕੰਮ ਵੀ ਕਰਦਾ ਹੈ। ਨਾਰੀਅਲ ਤੇਲ ਵਿਚ ਵਸਾ ਹੋਣ ਨਾਲ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
ਭੋਜਨ ਵਿਚ ਨਾਰੀਅਲ ਸ਼ਾਮਿਲ ਕਰਕੇ ਪੌਸ਼ਟਿਕਤਾ ਵਧਾਓ : * ਕਰੀ ਵਾਲੀ ਸਬਜ਼ੀ ਵਿਚ ਸੁੱਕੇ ਨਾਰੀਅਲ ਦਾ ਚੂਰਾ ਤਰੀ ਵਾਂਗ ਤਿਆਰ ਕਰਕੇ ਸੇਵਨ ਕਰ ਸਕਦੇ ਹੋ।
* ਚਟਣੀ ਵਿਚ ਕੱਚਾ ਨਾਰੀਅਲ ਪਾ ਕੇ ਖਾ ਸਕਦੇ ਹੋ। ਸਵਾਦ ਵੀ ਵਧੇਗਾ ਅਤੇ ਪੌਸ਼ਟਿਕਤਾ ਵੀ ਮਿਲੇਗੀ।
* ਨਾਰੀਅਲ ਦਾ ਪਾਣੀ ਕਈ ਵਿਟਾਮਿਨਸ, ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਸਰੀਰ ਵਿਚੋਂ ਕਈ ਤਰ੍ਹਾਂ ਦੀਆਂ ਕਮੀਆਂ ਦੂਰ ਹੋਣਗੀਆਂ।
* ਸੁੱਕੇ ਨਾਰੀਅਲ ਦਾ ਪਾਊਡਰ ਕੇਕ-ਪਾਈ ਬਣਾਉਣ ਵਿਚ ਵਰਤ ਕੇ ਉਸ ਨੂੰ ਜ਼ਿਆਦਾ ਪੌਸ਼ਟਿਕ ਬਣਾ ਸਕਦੇ ਹੋ।
* ਕੱਚਾ ਨਾਰੀਅਲ ਕੱਦੂਕਸ ਕਰਕੇ ਸਲਾਦ 'ਤੇ ਪਾ ਸਕਦੇ ਹੋ। ਸਵੀਟ ਡਿਸ਼ ਵਿਚ ਵੀ ਨਾਰੀਅਲ ਮਿਲਾ ਕੇ ਉਸ ਨੂੰ ਜ਼ਿਆਦਾ ਪੌਸ਼ਟਿਕ ਬਣਾ ਸਕਦੇ ਹੋ।

-ਸੁਨੀਤਾ ਗਾਬਾ

ਆਸ਼ਾਵਾਦੀ ਬਣੋ ਅਤੇ ਬਿਮਾਰੀਆਂ ਤੋਂ ਬਚੋ

ਮਾਹਿਰਾਂ ਅਨੁਸਾਰ ਆਸ਼ਾਵਾਦੀ ਹੋਣਾ ਅਤੇ ਖੁਸ਼ ਰਹਿਣਾ ਬਿਮਾਰੀ ਦੇ ਹਮਲੇ ਦੀ ਸੰਭਾਵਨਾ ਨੂੰ ਘੱਟ ਕਰਨ ਦੀ ਸਭ ਤੋਂ ਸ਼ਕਤੀਸ਼ਾਲੀ ਦਵਾਈ ਹੈ। ਹਾਲ ਹੀ ਵਿਚ ਯੂਨੀਵਰਸਿਟੀ ਆਫ ਟੈਕਸਾਸ ਮੈਡੀਕਲ ਬ੍ਰਾਂਚ ਦੇ ਮਾਹਿਰਾਂ ਨੇ ਵਿਅਕਤੀ 'ਤੇ ਆਸ਼ਾਵਾਦੀ ਹੋਣ 'ਤੇ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕੀਤਾ। ਖੋਜ ਕਰਤਾਵਾਂ ਨੇ 65 ਸਾਲ ਦੀ ਉਮਰ ਦੇ 2,478 ਲੋਕਾਂ ਦਾ ਛੇ ਸਾਲ ਤੱਕ ਅਧਿਐਨ ਕੀਤਾ ਅਤੇ ਪਾਇਆ ਕਿ ਜੋ ਵਿਅਕਤੀ ਖੁਸ਼ ਰਹੇ ਅਤੇ ਆਸ਼ਾਵਾਦੀ ਰਹੇ, ਉਨ੍ਹਾਂ ਵਿਚ ਆਘਾਤ ਦੀ ਸੰਭਾਵਨਾ ਘੱਟ ਪਾਈ ਗਈ ਅਤੇ ਜੋ ਲੋਕ ਨਿਰਾਸ਼ਾਵਾਦੀ ਰਹੇ, ਉਨ੍ਹਾਂ ਵਿਚ ਆਘਾਤ ਦੀ ਸੰਭਾਵਨਾ ਜ਼ਿਆਦਾ ਪਾਈ ਗਈ। ਇਸ ਖੋਜ ਦੇ ਖੋਜਕਰਤਾ ਗਲੇਨ ਓਸਿਟਰ ਦਾ ਮੰਨਣਾ ਹੈ ਕਿ ਆਸ਼ਾਵਾਦੀ ਵਿਅਕਤੀ ਇਕ ਤੰਦਰੁਸਤ ਜੀਵਨ ਸ਼ੈਲੀ ਜਿਉਣ ਦਾ ਯਤਨ ਕਰਦਾ ਹੈ ਅਤੇ ਕਸਰਤ ਕਰਦਾ ਹੈ, ਜਿਸ ਦੇ ਕਾਰਨ ਉਹ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ। ਜੇ ਤੁਸੀਂ ਵੀ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਖੁਸ਼ ਰਹੋ ਅਤੇ ਆਸ਼ਾਵਾਦੀ ਬਣੋ।

ਸੈਰ ਕਰਦੇ ਸਮੇਂ ਹਮੇਸ਼ਾ ਯਾਦ ਰੱਖੋ ਕਿ...

ਸੈਰ ਮਨੁੱਖੀ ਸਰੀਰ ਲਈ ਬੇਹੱਦ ਜ਼ਰੂਰੀ ਹੈ। ਸੂਰਜ ਚੜ੍ਹਨ ਦੇ ਸਮੇਂ ਜਿਥੇ ਸੈਰ ਕਰਨ ਨਾਲ ਮਨ ਨੂੰ ਇਕ ਅਸੀਮ ਸ਼ਾਂਤੀ ਮਿਲਦੀ ਹੈ, ਉਥੇ ਕਾਮ, ਕ੍ਰੋਧ ਅਤੇ ਈਰਖਾ ਵਰਗੇ ਮਨੋਦੋਸ਼ਾਂ ਦਾ ਨਾਸ਼ ਹੁੰਦਾ ਹੈ, ਜਦੋਂ ਕਿ ਵਿਦਿਆਰਥੀਆਂ ਲਈ ਇਹ ਇਕਾਗਰਤਾ ਵਧਾਉਣ ਲਈ ਇਕ ਸੰਜੀਵਨੀ ਬੂਟੀ ਤੋਂ ਘੱਟ ਸਾਬਤ ਨਹੀਂ ਹੁੰਦਾ।
ਹਾਲਾਂਕਿ ਸੈਰ ਨੂੰ ਕਸਰਤ ਦੇ ਤੌਰ 'ਤੇ ਸਿਹਤ ਲਈ ਫਾਇਦੇਮੰਦ ਦੱਸਿਆ ਗਿਆ ਹੈ ਪਰ ਜਿਥੇ ਇਹ ਇਕ ਸੌਖੀ ਕਸਰਤ ਪ੍ਰਕਿਰਿਆ ਹੈ, ਉਥੇ ਜੇ ਕੁਝ ਉਚਿਤ ਗੱਲਾਂ ਦਾ ਖਾਸ ਧਿਆਨ ਨਾ ਰੱਖਿਆ ਜਾਵੇ ਤਾਂ ਸਾਡੇ ਸਰੀਰ ਲਈ ਇਕ ਮੁਸੀਬਤ ਖੜ੍ਹੀ ਹੋ ਸਕਦੀ ਹੈ। ਇਸ ਲਈ ਜੇ ਤੁਸੀਂ ਸੈਰ ਦੁਆਰਾ ਹਮੇਸ਼ਾ ਖੁਸ਼ਨੁਮਾ ਬਣੇ ਰਹਿਣਾ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖੋ :
ਸਰੀਰਕ ਮੁਦਰਾ ਦਾ ਵਿਸ਼ੇਸ਼ ਧਿਆਨ ਰੱਖੋ : ਦੇਖਣ ਵਿਚ ਆਇਆ ਹੈ ਕਿ ਅਸੀਂ ਅਕਸਰ ਕਿਸੇ ਦੂਜੇ ਵਿਅਕਤੀ ਦੇ ਕਹਿਣ 'ਤੇ ਹੀ ਸੈਰ ਕਰਨ ਲਈ ਇਕਦਮ ਤਿਆਰ ਹੋ ਕੇ ਚੱਲ ਪੈਂਦੇ ਹਾਂ। ਵੈਸੇ ਤਾਂ ਇਹ ਗ਼ਲਤ ਕੰਮ ਨਹੀਂ ਹੈ ਪਰ ਸੈਰ ਕਰਦੇ ਸਮੇਂ ਸਰੀਰਕ ਮੁਦਰਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਸ ਦੀ ਕਮੀ ਵਿਚ ਸੈਰ ਰੂਪੀ ਕਸਰਤ ਦਾ ਬਹੁਤਾ ਲਾਭ ਨਹੀਂ ਮਿਲਦਾ, ਇਸ ਲਈ ਇਸ ਦੌਰਾਨ ਸਰੀਰ ਨੂੰ ਬਿਲਕੁਲ ਸਿੱਧੀ ਸਥਿਤੀ ਵਿਚ ਰੱਖੋ। ਇਸ ਨਾਲ ਵਾਕਿਆ ਹੀ ਸੌ ਫੀਸਦੀ ਲਾਭ ਹੋਵੇਗਾ। ਸੈਰ ਦੌਰਾਨ ਕੋਸ਼ਿਸ਼ ਕਰੋ ਕਿ ਜਿਥੋਂ ਤੱਕ ਹੋ ਸਕੇ, ਝੁਕੋ ਨਾ, ਸਗੋਂ ਸਰੀਰ ਦੀ ਰੀੜ੍ਹ ਦੀ ਹੱਡੀ ਨੂੰ ਸਿੱਧਾ ਰੱਖ ਕੇ ਸੈਰ ਕਰੋ। ਇਸ ਨਾਲ ਜ਼ਰੂਰ ਹੀ ਸਰੀਰ 'ਤੇ ਚੰਗਾ ਪ੍ਰਭਾਵ ਪਵੇਗਾ।
ਸਮੂਹ ਵਿਚ ਸੈਰ ਕਰੋ : ਦਰਅਸਲ ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਵਿਚ ਸਮੂਹ ਦੇ ਬਗੈਰ ਉਸ ਦੇ ਜੀਵਨ ਦਾ ਅਸਤਿਤਵ ਨਾ ਦੇ ਬਰਾਬਰ ਹੈ, ਇਸ ਲਈ ਕੋਸ਼ਿਸ਼ ਕਰੋ ਕਿ 2-4 ਵਿਅਕਤੀਆਂ ਦੇ ਨਾਲ ਸਮੂਹਿਕ ਸੈਰ ਕਰੋ ਤਾਂ ਚੰਗਾ ਸਾਬਤ ਹੋਵੇਗਾ। ਇਕੱਲੇ ਸੈਰ ਕਰਨ ਨਾਲ ਮਨ ਅਸ਼ਾਂਤ ਅਤੇ ਉਦਾਸ ਰਹਿੰਦਾ ਹੈ ਅਤੇ ਵਿਅਕਤੀ ਇਕੱਲੇ ਸੈਰ ਕਰਦੇ ਸਮੇਂ ਆਪਣੇ ਇਕ ਵੱਖ ਹੀ ਵਿਚਾਰ ਵਿਚ ਲਿਪਤ ਰਹਿੰਦਾ ਹੈ, ਜਿਸ ਦੇ ਕਾਰਨ ਉਸ ਦੀ ਸੈਰ ਸਹੀ ਤਰ੍ਹਾਂ ਸੰਪੂਰਨ ਨਹੀਂ ਹੁੰਦੀ।
ਦੂਜੇ ਪਾਸੇ ਸਮੂਹ ਵਿਚ ਸੈਰ ਕਰਦੇ ਸਮੇਂ ਆਪਸ ਵਿਚ ਹਾਸੇ-ਮਜ਼ਾਕ ਦਾ ਮਾਹੌਲ ਬਣਿਆ ਰਹਿੰਦਾ ਹੈ, ਇਸ ਨਾਲ ਮਨ ਤੇ ਸਿਹਤ 'ਤੇ ਇਕ ਖਾਸ ਅਸਰ ਪੈਂਦਾ ਹੈ। ਨਤੀਜੇ ਵਜੋਂ ਵਿਅਕਤੀ ਦੀ ਸਿਹਤ ਵਿਚ ਇਕ ਵੱਖਰੀ ਹੀ ਤਾਜ਼ਗੀ ਦੇਖਣ ਨੂੰ ਮਿਲਦੀ ਹੈ। ਹੱਸਣ ਨਾਲ ਜਿਥੇ ਵਿਅਕਤੀ ਦੇ ਸਰੀਰ ਵਿਚ ਖੂਨ ਸੰਚਾਰ ਦੀ ਗਤੀ ਜ਼ਿਆਦਾ ਵਧ ਜਾਂਦੀ ਹੈ, ਉਥੇ ਦਿਮਾਗੀ ਸਮੱਸਿਆਵਾਂ ਤੋਂ ਪੀੜਤ ਰੋਗੀਆਂ ਨੂੰ ਵੀ ਬਿਨਾਂ ਸ਼ੱਕ ਇਕ ਵਿਸ਼ੇਸ਼ ਲਾਭ ਪਹੁੰਚਦਾ ਹੈ।
ਨੱਕ ਰਾਹੀਂ ਹੀ ਸਾਹ ਲਓ : ਸੈਰ ਦੇ ਨਿਯਮ ਰੂਪੀ ਇਸ ਪਾਇਦਾਨ 'ਤੇ ਅਸੀਂ ਇਹ ਜ਼ਰੂਰ ਧਿਆਨ ਵਿਚ ਰੱਖਣਾ ਹੈ ਕਿ ਸਾਹ ਪੂਰੀ ਤਰ੍ਹਾਂ ਨੱਕ ਰਾਹੀਂ ਹੀ ਸਰੀਰ ਦੇ ਅੰਦਰ ਜਾਵੇ ਨਾ ਕਿ ਮੂੰਹ ਰਾਹੀਂ, ਕਿਉਂਕਿ ਅਜਿਹਾ ਕਰਨ 'ਤੇ ਮੂੰਹ ਕਾਫੀ ਹੱਦ ਤੱਕ ਸੁੱਕ ਜਾਂਦਾ ਹੈ ਅਤੇ ਫੇਫੜਿਆਂ ਸਮੇਤ ਪੂਰੇ ਸਰੀਰ ਨੂੰ ਠੀਕ ਤਰ੍ਹਾਂ ਆਕਸੀਜਨ ਨਹੀਂ ਮਿਲਦੀ। ਨਤੀਜੇ ਵਜੋਂ ਫੇਫੜਿਆਂ ਵਿਚ ਧੂੜ ਚਲੀ ਜਾਂਦੀ ਹੈ। ਇਸ ਤਰ੍ਹਾਂ ਵਿਅਕਤੀ ਨਾ ਚਾਹੁੰਦੇ ਹੋਏ ਵੀ ਉਲਟ ਹਾਲਤਾਂ ਵਿਚ ਫਸ ਕੇ ਬਿਮਾਰ ਹੋ ਜਾਂਦਾ ਹੈ, ਜੋ ਸਿਹਤ ਦੇ ਪੱਖੋਂ ਯਕੀਨਨ ਬੇਹੱਦ ਨੁਕਸਾਨਦਾਇਕ ਹੋ ਸਕਦਾ ਹੈ।
ਅੱਡੀ ਦੀ ਜਗ੍ਹਾ ਪੰਜੇ ਨੂੰ ਜਗ੍ਹਾ ਦਿਓ : ਜਦੋਂ ਅਸੀਂ ਤਨ ਅਤੇ ਮਨ ਦੀ ਥਕਾਨ ਨੂੰ ਦੂਰ ਕਰਨ ਦੀ ਗੱਲ ਕਰਦੇ ਹਾਂ ਤਾਂ ਇਸ ਵਾਸਤੇ ਹਰ ਰੋਜ਼ ਸਵੇਰ ਦੇ ਸਮੇਂ ਸੈਰ ਦਾ ਸਹਾਰਾ ਲੈਂਦੇ ਹਾਂ। ਅਜਿਹੇ ਵਿਚ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਅੱਡੀ ਦੀ ਤੁਲਨਾ ਵਿਚ ਪੰਜਿਆਂ ਦੀ ਵਰਤੋਂ ਵੱਧ ਤੋਂ ਵੱਧ ਕਰੋ, ਨਹੀਂ ਤਾਂ ਟਖਨੇ ਵਿਚ ਦਰਦ ਦੀ ਤਕਲੀਫ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਡਾਕਟਰਾਂ ਅਨੁਸਾਰ ਵਿਅਕਤੀ ਦੇ ਪੈਰਾਂ ਦੀ ਸੰਰਚਨਾ ਦੌੜਨ ਦੇ ਮੁਕਾਬਲੇ ਤੁਰਨ ਲਈ ਬਹੁਤ ਵਧੀਆ ਹੈ। ਸੋ, ਸੈਰ ਦੌਰਾਨ ਪੈਰਾਂ ਦੀ ਅੱਡੀ ਦੀ ਵਰਤੋਂ ਦੀ ਜਗ੍ਹਾ ਪੰਜਿਆਂ ਨੂੰ ਮਹੱਤਵ ਦੇਣਾ ਚਾਹੀਦਾ ਹੈ।
ਰੁੱਖਾਂ-ਬੂਟਿਆਂ ਨੂੰ ਮਹੱਤਵ ਦਿਓ : ਸਵੇਰ ਵੇਲੇ ਸੈਰ ਕਰਦੇ ਸਮੇਂ ਖੁੱਲ੍ਹੀਆਂ ਥਾਵਾਂ, ਪਾਰਕਾਂ ਤੋਂ ਇਲਾਵਾ ਰੁੱਖਾਂ-ਬੂਟਿਆਂ ਵਾਲੀਆਂ ਥਾਵਾਂ ਦੀ ਚੋਣ ਕਰੋ। ਯਕੀਨਨ ਇਸ ਤਰ੍ਹਾਂ ਨਾਲ ਦਿਮਾਗ ਤਣਾਅ ਤਾਂ ਘੱਟ ਹੋਵੇਗਾ ਹੀ, ਨਾਲ ਹੀ ਉਚਿਤ ਮਾਤਰਾ ਵਿਚ ਸਰੀਰ ਨੂੰ ਸ਼ੁੱਧ ਆਕਸੀਜਨ ਵੀ ਮਿਲੇਗੀ, ਜੋ ਸਿਹਤ ਲਈ ਹਰ ਪੱਖੋਂ ਫਾਇਦੇਮੰਦ ਸਾਬਤ ਹੋਵੇਗੀ।
ਮੋਬਾਈਲ ਦੀ ਵਰਤੋਂ ਤੋਂ ਬਚੋ : ਚੜ੍ਹਦੇ ਸੂਰਜ ਨੂੰ ਨਮਸਕਾਰ ਕਰਦੇ ਸਮੇਂ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਕਿ ਵਿਅਕਤੀ ਸਹਿਜ ਰੂਪ ਨਾਲ ਸੈਰ ਕਰਦੇ ਸਮੇਂ ਵਿਚ-ਵਿਚ ਮੋਬਾਈਲ 'ਤੇ ਗੱਲਾਂ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਵਿਅਕਤੀ ਦਾ ਦਿਮਾਗੀ ਸੰਤੁਲਨ ਵੰਡਿਆ ਜਾਂਦਾ ਹੈ ਅਤੇ ਸਰੀਰ ਦਾ ਸੰਤੁਲਨ ਲੜਖੜਾ ਜਾਣ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਜੇ ਤੁਸੀਂ ਉਪਰੋਕਤ ਗੱਲਾਂ 'ਤੇ ਧਿਆਨ ਕੇਂਦਰਿਤ ਕਰਕੇ ਉਚਿਤ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਦੇ ਹੋ ਤਾਂ ਬਿਨਾਂ ਸ਼ੱਕ ਖੁਦ ਨੂੰ ਹਮੇਸ਼ਾ ਸੁਰੱਖਿਅਤ ਮਹਿਸੂਸ ਕਰੋਗੇ ਅਤੇ ਨਾਲ ਹੀ ਦੂਜੇ ਲੋਕਾਂ ਦੀ ਤੁਲਨਾ ਵਿਚ ਇਕ ਬਿਹਤਰੀਨ ਸੈਰ ਨੂੰ ਅੰਜਾਮ ਦੇ ਕੇ ਸਰਬਸ੍ਰੇਸ਼ਟ ਪ੍ਰਦਰਸ਼ਨ ਕਰਨ ਵਿਚ ਵੀ ਅੱਵਲ ਸਾਬਤ ਹੋਵੋਗੇ ਅਤੇ ਇਹ ਸਾਡੇ ਲਈ ਇਕ ਵਧੀਆ ਕੰਮ ਕਰੇਗਾ।
**

ਤੰਦਰੁਸਤੀ ਲਈ ਕੁਝ ਖਾਸ ਨੁਕਤੇ

* ਜਿਥੋਂ ਤੱਕ ਸੰਭਵ ਹੋਵੇ, ਤਲੇ ਹੋਏ ਅਤੇ ਜ਼ਿਆਦਾ ਮਸਾਲੇਦਾਰ ਭੋਜਨ ਤੋਂ ਦੂਰ ਰਹੋ।
* ਦਿਨ ਵਿਚ ਘੱਟ ਤੋਂ ਘੱਟ 10-12 ਗਿਲਾਸ ਪਾਣੀ ਪੀਣ ਨਾਲ ਸਰੀਰ ਵਿਚੋਂ ਦੂਸ਼ਿਤ ਪਦਾਰਥ ਨਿਕਲ ਜਾਂਦੇ ਹਨ।
* ਨਮਕ ਅਤੇ ਖੰਡ ਦੀ ਵਰਤੋਂ ਸੀਮਤ ਮਾਤਰਾ ਵਿਚ ਕਰੋ।
* ਆਪਣੇ ਘਰ ਵਿਚ ਭੋਜਨ ਬਿਨਾਂ ਚਰਬੀ ਤੋਂ ਜਾਂ ਘੱਟ ਤੋਂ ਘੱਟ ਤੇਲ ਵਿਚ ਬਣਾਉਣ ਦੀ ਕੋਸ਼ਿਸ਼ ਕਰੋ।
* ਹਰ ਰੋਜ਼ 4-5 ਸਬਜ਼ੀਆਂ ਜਾਂ ਫਲ ਵੀ ਜ਼ਰੂਰ ਖਾਓ ਤਾਂ ਕਿ ਸਰੀਰ ਨੂੰ ਸਾਰੇ ਲੋੜੀਂਦੇ ਖਣਿਜ ਅਤੇ ਵਿਟਾਮਿਨ ਮਿਲ ਸਕਣ।
* ਕੱਚੀਆਂ ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਧੋ ਕੇ ਅਤੇ ਪੂੰਝ ਕੇ ਹੀ ਖਾਓ।
* ਦਿਨ ਵਿਚ ਦੋ ਭੋਜਨਾਂ ਦੇ ਵਿਚਾਲੇ ਫਲ ਜਾਂ ਲੱਸੀ ਦਾ ਸੇਵਨ ਲਾਭਦਾਇਕ ਹੈ।
* ਪੁੰਗਰੇ ਅਨਾਜ, ਮੂੰਗਫਲੀ, ਸੋਇਆਬੀਨ ਦਾ ਸੇਵਨ ਕਰੋ।
* ਸਵੇਰੇ ਠੀਕ ਨਾਸ਼ਤਾ ਜ਼ਰੂਰ ਲਓ। ਨਾਸ਼ਤੇ ਵਿਚ ਮਿੱਠਾ ਜਾਂ ਨਮਕੀਨ ਦਲੀਆ, ਉਪਮਾ, ਪੋਹੇ, ਭਰਵੀਂ ਰੋਟੀ, ਦੁੱਧ ਆਦਿ ਲੈ ਸਕਦੇ ਹੋ।
* ਰਾਤ ਨੂੰ ਭੋਜਨ 8 ਵਜੇ ਤੱਕ ਕਰ ਲਓ ਅਤੇ ਰਾਤ ਦਾ ਭੋਜਨ ਹਲਕਾ ਖਾਓ।
* ਖੁਦ ਨੂੰ ਚੁਸਤ-ਦਰੁਸਤ ਰੱਖਣ ਲਈ ਸਵੇਰੇ ਸੈਰ 'ਤੇ ਜਾਓ ਅਤੇ ਹਲਕੀ-ਫੁਲਕੀ ਕਸਰਤ ਨਿਯਮਤ ਕਰੋ। ਦਿਨ ਵਿਚ ਵੀ ਜਿੰਨਾ ਸੰਭਵ ਹੋਵੇ, ਪੈਦਲ ਚੱਲੋ ਅਤੇ ਪੌੜੀਆਂ ਦੀ ਵਰਤੋਂ ਕਰੋ।

ਸਮਾਂ ਰਹਿੰਦੇ ਹੀ ਸੰਭਾਲੋ ਆਪਣੇ ਦਿਲ ਨੂੰ

ਦਿਲ ਨਾਲ ਸਬੰਧਤ ਬਿਮਾਰੀਆਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਤਾਂ ਦਿਲ ਦੇ ਰੋਗ ਘੱਟ ਉਮਰ ਦੇ ਲੋਕਾਂ ਵਿਚ ਵੀ ਦੇਖੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਜੀਵਨ ਵਿਚ ਤਣਾਅ ਦਾ ਵਧਣਾ ਹੈ। ਅਸੀਂ ਹਮੇਸ਼ਾ ਤਣਾਅ ਨਾਲ ਗ੍ਰਸਤ ਰਹਿੰਦੇ ਹਾਂ। ਦੂਜਾ ਕਾਰਨ ਇਹ ਹੈ ਕਿ ਸਾਡੇ ਖਾਣ-ਪੀਣ ਦਾ ਤਰੀਕਾ ਗ਼ਲਤ ਹੁੰਦਾ ਜਾ ਰਿਹਾ ਹੈ, ਜੋ ਦਿਲ ਦੇ ਰੋਗਾਂ ਨੂੰ ਵਧਾ ਰਿਹਾ ਹੈ।
ਜੇ ਅਸੀਂ ਇਸ ਰੋਗ 'ਤੇ ਸਮਾਂ ਰਹਿੰਦੇ ਹੀ ਧਿਆਨ ਦੇਈਏ ਤਾਂ ਅਸੀਂ ਆਪਣੇ ਛੋਟੇ ਜਿਹੇ ਪਰ ਮਹੱਤਵਪੂਰਨ ਕੰਮ ਕਰਨ ਵਾਲੇ ਦਿਲ ਨੂੰ ਸੰਭਾਲ ਸਕਦੇ ਹਾਂ-
* ਸ਼ਾਕਾਹਾਰੀ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਸ਼ਾਕਾਹਾਰੀ ਭੋਜਨ ਦਿਲ ਲਈ ਲਾਭਦਾਇਕ ਹੈ। ਭਾਰਤ ਵਿਚ ਮਾਸਾਹਾਰ ਵਧਣ ਦੇ ਕਾਰਨ ਸਾਡੇ ਦੇਸ਼ ਵਿਚ ਦਿਲ ਦੇ ਰੋਗਾਂ ਦੀ ਦਰ ਵਿਚ ਵੀ ਵਾਧਾ ਹੋਇਆ ਹੈ, ਜਦੋਂ ਕਿ ਵਿਦੇਸ਼ਾਂ ਵਿਚ ਲੋਕ ਹੁਣ ਸ਼ਾਕਾਹਾਰ ਵੱਲ ਮੁੜ ਰਹੇ ਹਨ। ਇਸ ਲਈ ਉਨ੍ਹਾਂ ਦੇਸ਼ਾਂ ਵਿਚ ਦਿਲ ਦੇ ਰੋਗਾਂ ਦੀ ਦਰ ਵਿਚ ਕਮੀ ਆ ਰਹੀ ਹੈ।
* ਸਰ੍ਹੋਂ ਦਾ ਸ਼ੁੱਧ ਤੇਲ ਦਿਲ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਭੋਜਨ ਵਿਚ ਘਿਓ-ਮੱਖਣ ਦੀ ਬਜਾਏ ਰਿਫਾਇੰਡ ਤੇਲ ਅਤੇ ਸਰ੍ਹੋਂ ਦੇ ਤੇਲ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
* ਜੋ ਲੋਕ ਨਾਸ਼ਤੇ ਤੋਂ ਤੁਰੰਤ ਬਾਅਦ ਕੰਮ ਲਈ ਨਿਕਲ ਜਾਂਦੇ ਹਨ, ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਹਲਕਾ ਨਾਸ਼ਤਾ ਲੈਣ। ਭਾਰੀ ਨਾਸ਼ਤਾ ਦਿਲ 'ਤੇ ਦਬਾਅ ਪਾਉਂਦਾ ਹੈ। ਜੇ ਭਾਰੀ ਨਾਸ਼ਤਾ ਖਾਣਾ ਪਵੇ ਤਾਂ ਉਸ ਤੋਂ ਬਾਅਦ ਕੁਝ ਆਰਾਮ ਕਰੋ, ਤੁਰੰਤ ਕੰਮ 'ਤੇ ਨਾ ਨਿਕਲੋ।
* ਦਿਲ ਦੇ ਰੋਗ ਤੋਂ ਬਚਣ ਲਈ ਸਰੀਰ ਨੂੰ ਸਰਗਰਮ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਕਸਰਤ ਅਤੇ ਸੈਰ ਨੂੰ ਆਪਣਾ ਸਾਥੀ ਬਣਾ ਲਓ। ਸੈਰ ਅਤੇ ਕਸਰਤ ਕਰਦੇ ਸਮੇਂ ਮਾਨਸਿਕ ਤੌਰ 'ਤੇ ਸ਼ਾਂਤ ਰਹੋ। ਧਿਆਨ ਵੀ ਮਾਨਸਿਕ ਤਣਾਅ ਨੂੰ ਘੱਟ ਕਰਦਾ ਹੈ।
* ਆਧੁਨਿਕ ਯੁੱਗ ਮੁਕਾਬਲੇ ਦਾ ਯੁੱਗ ਹੋਣ ਕਾਰਨ ਜਦੋਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਲੋਕ ਅਕਸਰ ਉਦਾਸੀ ਅਤੇ ਮਾਨਸਿਕ ਤਣਾਅ ਵਿਚ ਆ ਜਾਂਦੇ ਹਨ। ਇਸ ਲਈ ਇੱਛਾਵਾਂ ਓਨੀਆਂ ਹੀ ਰੱਖੋ, ਜਿੰਨੀਆਂ ਤੁਸੀਂ ਪੂਰੀਆਂ ਕਰ ਸਕੋ ਜਾਂ ਫਿਰ ਇਹ ਸੋਚ ਕੇ ਕੋਸ਼ਿਸ਼ ਕਰੋ ਕਿ ਇੱਛਾ ਪੂਰੀ ਨਾ ਹੋਣ 'ਤੇ ਦੁਬਾਰਾ ਉਸ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ, ਨਿਰਾਸ਼ ਨਹੀਂ ਹੋਵਾਂਗੇ।
* ਸੂਰਜ ਦੀ ਰੌਸ਼ਨੀ ਜਦੋਂ ਹਰੇ ਪੱਤਿਆਂ 'ਤੇ ਪੈਂਦੀ ਹੈ ਤਾਂ ਪ੍ਰਕਾਸ਼ ਸੰਸ਼ਲੇਸ਼ਣ ਹੋਣ ਨਾਲ ਹਵਾ ਵਿਚ ਆਕਸੀਜਨ ਦੀ ਮਾਤਰਾ ਵਧਦੀ ਹੈ। ਇਸ ਦਾ ਅਰਥ ਹੈ ਸਵੇਰੇ ਹਨੇਰੇ ਅਤੇ ਦੇਰ ਰਾਤ ਤੱਕ ਘੁੰਮਣ ਲਈ ਨਾ ਨਿਕਲੋ। ਸੂਰਜ ਚੜ੍ਹਨ ਤੋਂ ਬਾਅਦ ਹੀ ਸੈਰ ਲਈ ਜਾਓ।
* ਮਾਨਸਿਕ ਤਣਾਅ ਖੂਨ ਦੀ ਰਸਾਇਣਕ ਸੰਰਚਨਾ ਨੂੰ ਵਿਗਾੜਨ ਵਿਚ ਮਦਦ ਕਰਦਾ ਹੈ। ਤਣਾਅਗ੍ਰਸਤ ਹੋਣ ਨਾਲ ਦਿਲ 'ਤੇ ਵਾਧੂ ਜ਼ੋਰ ਪੈਂਦਾ ਹੈ, ਜਿਸ ਨਾਲ ਖੂਨ ਦਾ ਦਬਾਅ ਵਧਦਾ ਹੈ ਅਤੇ ਖੂਨ ਵਿਚ ਐਲ.ਡੀ.ਐਲ. ਵਧ ਜਾਂਦਾ ਹੈ, ਜੋ ਦਿਲ ਨੂੰ ਨੁਕਸਾਨ ਪਹੁੰਚਾਉਂਦਾ ਹੈ।
* ਭੱਜ-ਦੌੜ ਤੋਂ ਖੁਦ ਨੂੰ ਦੂਰ ਰੱਖੋ। ਵੈਸੇ ਤਾਂ ਅੱਜ ਦੀ ਮੰਗ ਅਨੁਸਾਰ ਘੱਟ ਸਮੇਂ ਵਿਚ ਜ਼ਿਆਦਾ ਕੰਮ ਕਰਨੇ ਪੈਂਦੇ ਹਨ, ਜਿਸ ਨਾਲ ਭੱਜ-ਦੌੜ ਕਰਨਾ ਸੁਭਾਵਿਕ ਹੁੰਦਾ ਹੈ। ਭੱਜ-ਦੌੜ ਵੀ ਦਿਲ 'ਤੇ ਵਾਧੂ ਭਾਰ ਪਾਉਂਦੀ ਹੈ, ਜੋ ਦਿਲ ਲਈ ਗ਼ਲਤ ਹੈ। ਕੰਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਕਰੋ ਅਤੇ ਕੰਮ 'ਤੇ ਪੂਰਾ ਧਿਆਨ ਅਤੇ ਸਮਾਂ ਦਿਓ, ਤਾਂ ਕਿ ਅੰਤ ਵਿਚ ਭੱਜ-ਦੌੜ ਨਾ ਕਰਨੀ ਪੈ ਜਾਵੇ।
* ਭੋਜਨ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਹੈ ਅਤੇ ਪੇਟ ਨੂੰ ਸਵਾਦ ਦੇ ਚੱਕਰ ਵਿਚ ਤੁੰਨਣਾ ਨਹੀਂ ਚਾਹੀਦਾ। ਜ਼ਿਆਦਾ ਭੋਜਨ ਸੇਵਨ ਕਰਨ ਨਾਲ ਅਤੇ ਛੇਤੀ ਭੋਜਨ ਕਰਨ ਨਾਲ ਵੀ ਦਿਲ 'ਤੇ ਜ਼ੋਰ ਪੈਂਦਾ ਹੈ।
* ਦਿਲ ਲਈ ਸਿਗਰਟ, ਬੀੜੀ ਅਤੇ ਸ਼ਰਾਬ ਪੀਣੀ ਸਭ ਤੋਂ ਵੱਧ ਹਾਨੀਕਾਰਕ ਹੈ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਹੀ ਕਰੋ।
* ਉੱਚ ਖੂਨ ਦਬਾਅ ਅਤੇ ਸ਼ੂਗਰ ਦਿਲ ਦੇ ਰੋਗ ਨੂੰ ਵਧਾ ਦਿੰਦੇ ਹਨ। ਅਜਿਹੀ ਸ਼ਿਕਾਇਤ ਹੋਣ 'ਤੇ ਛੇਤੀ ਹੀ ਇਲਾਜ ਕਰਵਾਓ।
* ਰਾਤ ਦੇ ਖਾਣੇ ਤੋਂ ਬਾਅਦ ਤੁਰੰਤ ਟਹਿਲਣਾ ਨਹੀਂ ਚਾਹੀਦਾ। ਇਸ ਨਾਲ ਦਿਲ 'ਤੇ ਜ਼ੋਰ ਪੈਂਦਾ ਹੈ। ਕੋਈ ਵੀ ਕਸਰਤ ਜਾਂ ਸੈਰ ਖਾਣਾ ਖਾਣ ਤੋਂ ਪਹਿਲਾਂ ਹੀ ਕਰੋ। ਖਾਣਾ ਖਾਣ ਤੋਂ ਬਾਅਦ ਕਦੇ ਨਾ ਕਰੋ। ਖਾਣੇ ਤੋਂ ਬਾਅਦ ਕੁਝ ਦੇਰ ਆਰਾਮ ਜ਼ਰੂਰ ਕਰੋ।
* 40 ਸਾਲ ਤੋਂ ਉੱਪਰ ਹੋਣ 'ਤੇ ਹਰ 6 ਮਹੀਨੇ ਬਾਅਦ ਖੂਨ ਦਬਾਅ, ਖੂਨ ਦੀ ਜਾਂਚ ਅਤੇ ਖੂਨ ਵਿਚ ਚਰਬੀ ਦੀ ਜਾਂਚ ਜ਼ਰੂਰ ਕਰਵਾਓ। ਲੋੜ ਪੈਣ 'ਤੇ ਟੀ.ਐਮ.ਟੀ. ਅਤੇ ਈਕੋ ਵੀ ਕਰਵਾਓ।
* 35 ਸਾਲ ਦੀ ਉਮਰ ਤੋਂ ਬਾਅਦ ਆਪਣੇ ਖਾਣ-ਪੀਣ ਅਤੇ ਰਹਿਣ-ਸਹਿਣ 'ਤੇ ਵਿਸ਼ੇਸ਼ ਧਿਆਨ ਦਿਓ, ਤਾਂ ਕਿ ਖੁਦ ਨੂੰ ਰੋਗਾਂ ਤੋਂ ਦੂਰ ਰੱਖ ਸਕੋ।

ਗੋਡੇ ਅਤੇ ਚੂਲੇ ਬਦਲਾਉਣ ਵਿਚ ਬੇਮਿਸਾਲ ਨਤੀਜੇ

2011 ਵਿਚ ਭਾਰਤ ਜੋਤੀ ਪੁਰਸਕਾਰ ਨਾਲ ਸਨਮਾਨਤ, 2012 ਵਿਚ ਰਾਜੀਵ ਗਾਂਧੀ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਤ ਅਤੇ 2015 ਵਿਚ ਰਾਸ਼ਟਰੀ ਰਤਨ ਪੁਰਸਕਾਰ ਨਾਲ ਸਨਮਾਨਤ, ਜੋਸ਼ੀ ਹਸਪਤਾਲ, ਜਲੰਧਰ ਦੇ ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾਕਟਰ ਅਜੇਦੀਪ ਸਿੰਘ ਦਾ ਕਹਿਣਾ ਹੈ ਕਿ ਪਿਛਲੇ 11 ਸਾਲਾਂ ਤੋਂ ਉਨ੍ਹਾਂ ਵਲੋਂ ਗੋਡੇ ਅਤੇ ਚੂਲੇ ਬਦਲਣ ਦੇ ਬੇਮਿਸਾਲ ਨਤੀਜੇ ਦੇਣ ਦੇ ਬਾਵਜੂਦ ਪੰਜਾਬ ਵਿਚ ਲੋਕ ਅੱਜ ਵੀ ਗੋਡੇ ਅਤੇ ਚੂਲੇ ਬਦਲਾਉਣ ਤੋਂ ਡਰਦੇ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲੋਕਾਂ ਦੇ ਦਿਮਾਗ ਵਿਚ ਇਹ ਗ਼ਲਤ ਧਾਰਨਾ ਹੈ ਕਿ ਗੋਡੇ ਅਤੇ ਚੂਲੇ ਬਦਲਾਉਣ ਤੋਂ ਬਾਅਦ ਮਰੀਜ਼ ਨੂੰ ਲੰਬੇ ਸਮੇਂ ਤੱਕ ਬਿਸਤਰੇ 'ਤੇ ਆਰਾਮ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਜਿਨ੍ਹਾਂ ਮਰੀਜ਼ਾਂ ਦੇ ਗੋਡੇ ਅਤੇ ਚੂਲੇ ਬਦਲੀ ਕੀਤੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ 6 ਦਿਨਾਂ ਵਿਚ ਹੀ ਬਿਨਾਂ ਸਟੈਂਡ ਅਤੇ ਬਿਨਾਂ ਛੜੀ ਦੇ ਸਹਾਰੇ ਚੱਲਣ ਦੇ ਕਾਬਲ ਹੋ ਗਏ ਹਨ ਪਰ ਪੰਜਾਬ ਵਿਚ ਲੋਕ ਅੱਜ ਵੀ ਇਹ ਮੰਨਦੇ ਹਨ ਕਿ ਗੋਡੇ ਅਤੇ ਚੂਲੇ ਬਦਲਾਉਣ ਤੋਂ ਬਾਅਦ 6-8 ਹਫ਼ਤੇ ਤੱਕ ਮਰੀਜ਼ ਨੂੰ ਸਹਾਰੇ ਦੇ ਨਾਲ ਚੱਲਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਲੋਕ ਇਹ ਸਮਝਦੇ ਹਨ ਕਿ ਗੋਡੇ ਅਤੇ ਚੂਲੇ ਬਦਲਣ ਤੋਂ ਬਾਅਦ ਚੌਕੜੀ ਮਾਰ ਕੇ ਬੈਠਣ ਲਈ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮਾਡਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹ ਮਾਡਲ ਕੁਝ ਸਾਲ ਪਹਿਲਾਂ ਉਪਲਬਧ ਨਹੀਂ ਸੀ ਪਰ ਅਜੇਦੀਪ ਸਿੰਘ ਨੇ ਦੱਸਿਆ ਕਿ ਗੋਡੇ ਬਦਲਣ ਦਾ ਜਿਹੜਾ ਮਾਡਲ ਪਿਛਲੇ 30 ਸਾਲਾਂ ਤੋਂ ਉਪਲਬਧ ਹੈ, ਉਨ੍ਹਾਂ ਨੇ ਆਪਣੇ ਸਾਰੇ ਮਰੀਜ਼ਾਂ ਵਿਚ ਉਹ ਹੀ ਇਸਤੇਮਾਲ ਕੀਤਾ ਹੈ ਅਤੇ ਲਗਪਗ ਸਾਰੇ ਮਰੀਜ਼ ਚੌਕੜੀ ਮਾਰਨ ਵਿਚ ਸਮਰੱਥ ਹਨ। ਇਸ ਲਈ ਗੋਡਾ ਬਦਲਾਉਣ ਤੋਂ ਬਾਅਦ ਮਰੀਜ਼ ਚੌਕੜੀ ਮਾਰ ਸਕੇਗਾ ਜਾਂ ਨਹੀਂ, ਇਹ ਚੀਜ਼ ਸਰਜਨ ਦੀ ਕਾਬਲੀਅਤ 'ਤੇ ਨਿਰਭਰ ਕਰਦੀ ਹੈ, ਨਾ ਕਿ ਗੋਡੇ ਬਦਲਣ ਦੇ ਮਾਡਲ 'ਤੇ ਨਿਰਭਰ ਕਰਦੀ ਹੈ।
ਪੰਜਾਬ ਵਿਚ ਲੋਕ ਅੱਜ ਵੀ ਇਹ ਮੰਨਦੇ ਹਨ ਕਿ ਗੋਡਾ ਅਤੇ ਚੂਲਾ ਬਦਲਾਉਣ ਤੋਂ ਬਾਅਦ ਕੋਈ ਠੀਕ ਹੁੰਦਾ ਹੈ ਅਤੇ ਕੋਈ ਨਹੀਂ ਅਤੇ ਇਸ ਆਪ੍ਰੇਸ਼ਨ ਦੀ ਕਾਮਯਾਬੀ ਮਰੀਜ਼ ਦੀ ਕਿਸਮਤ 'ਤੇ ਨਿਰਭਰ ਕਰਦੀ ਹੈ। ਡਾ: ਅਜੇਦੀਪ ਸਿੰਘ ਨੇ ਦੱਸਿਆ ਹੈ ਕਿ ਇਨ੍ਹਾਂ ਸਾਰੇ ਆਪ੍ਰੇਸ਼ਨਾਂ ਵਿਚ ਉਨ੍ਹਾਂ ਨੇ ਕੰਪਿਊਟਰ ਦਾ ਇਸਤੇਮਾਲ ਨਹੀਂ ਕੀਤਾ ਹੈ ਬਲਕਿ ਇਹ ਸਾਰੇ ਨਤੀਜੇ ਉਨ੍ਹਾਂ ਦੀ ਹੱਥ ਦੀ ਸਫਾਈ ਦੇ ਨਤੀਜੇ ਹਨ। ਉਨ੍ਹਾਂ ਦੱਸਿਆ ਕਿ ਗੋਡੇ ਬਦਲਣ ਦੇ ਨਤੀਜੇ ਸਰਜਨ ਦੀ ਕਾਬਲੀਅਤ 'ਤੇ ਨਿਰਭਰ ਕਰਦੇ ਹਨ, ਨਾ ਕਿ ਕਿਸੇ ਕੰਪਿਊਟਰ ਦੇ ਇਸਤੇਮਾਲ ਜਾਂ ਕਿਸੇ ਨਵੀਂ ਤਕਨੀਕ ਜਾਂ ਕਿਸੇ ਗੋਡੇ ਦੇ ਨਵੇਂ ਮਾਡਲ ਦੇ ਇਸਤੇਮਾਲ 'ਤੇ। ਡਾ: ਅਜੇਦੀਪ ਸਿੰਘ ਨੇ ਗੋਡੇ ਅਤੇ ਚੂਲੇ ਬਦਲਣ 'ਚ ਮੁਹਾਰਤ ਹਾਸਲ ਕਰਨ ਲਈ ਇੰਗਲੈਂਡ ਵਿਚ ਕਿੰਗ ਜਾਰਜ ਹਸਪਤਾਲ ਅਤੇ ਹੈਲਿੰਗਡਨ ਹਸਪਤਾਲ, ਲੰਦਨ ਅਤੇ ਜਰਮਨੀ ਵਿਚ ਯੂਨੀਵਰਸਿਟੀ ਕਲੀਨਿਕ, ਮੁਨਸਟਰ ਵਿਖੇ ਵਿਸ਼ੇਸ਼ ਸਿੱਖਿਆ ਹਾਸਲ ਕੀਤੀ ਹੈ।

-ਮੋਬਾ: 98766-26779

ਲਾਭਕਾਰੀ ਹਨ ਫਲਾਂ ਅਤੇ ਸਬਜ਼ੀਆਂ ਦੀਆਂ ਛਿੱਲਾਂ

ਕੀ ਤੁਹਾਨੂੰ ਪਤਾ ਹੈ ਕਿ ਫਲਾਂ ਅਤੇ ਸਬਜ਼ੀਆਂ ਨੂੰ ਛਿੱਲਾਂ ਸਮੇਤ ਵੀ ਖਾਧਾ ਜਾਂਦਾ ਹੈ? ਕਈ ਅਜਿਹੀਆਂ ਸਬਜ਼ੀਆਂ ਹਨ, ਜਿਨ੍ਹਾਂ ਦੀਆਂ ਛਿੱਲਾਂ ਦੀ ਲਜ਼ੀਜ਼ ਸਬਜ਼ੀ ਬਣਦੀ ਹੈ। ਕੀ ਸੰਤਰੇ ਨੂੰ ਛਿੱਲ ਸਮੇਤ ਖਾਧਾ ਜਾ ਸਕਦਾ ਹੈ? ਜਰਨਲ ਆਫ ਨਿਊਟ੍ਰੀਸ਼ਨ ਵਿਚ 1999 ਵਿਚ ਅਮਰੀਕਾ ਦੀ ਪਰਡਿਊ ਯੂਨੀਵਰਸਿਟੀ ਵਿਚ ਹੋਏ ਇਕ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਰਸੇਦਾਰ, ਖੱਟੇ ਫਲਾਂ ਵਿਚ ਮੌਜੂਦ ਮੋਨੋਟਰਪਿੰਸ ਇਕ ਅਜਿਹਾ ਤੇਲ ਹੈ, ਜੋ ਸੰਤਰੇ ਅਤੇ ਨਿੰਬੂ ਨੂੰ ਇਕ ਖਾਸ ਕਿਸਮ ਦੀ ਖੁਸ਼ਬੂ ਦਿੰਦਾ ਹੈ। ਇਹ ਸਾਨੂੰ ਚਮੜੀ, ਲਿਵਰ, ਫੇਫੜਿਆਂ ਅਤੇ ਪੇਟ ਦੇ ਕੈਂਸਰ ਤੋਂ ਬਚਾਉਂਦਾ ਹੈ। ਪਰ ਇਹ ਤੇਲ ਸਿਰਫ ਇਕ ਖੱਟੇ ਅਤੇ ਰਸੇਦਾਰ ਫਲਾਂ ਦੀਆਂ ਛਿੱਲਾਂ ਵਿਚ ਹੀ ਪਾਇਆ ਜਾਂਦਾ ਹੈ।
ਖਰਬੂਜ਼ੇ ਦੀ ਛਿੱਲ : ਗਮਫਲ ਦੇ ਦਿਨਾਂ ਵਿਚ ਖਰਬੂਜ਼ੇ ਦਾ ਪਫਲਾ ਪਲਪ ਖਾਣਾ ਬਹੁਤ ਚੰਗਾ ਲਗਦਾ ਹੈ ਪਰ ਲੋਕ ਇਸ ਦੀਆਂ ਛਿੱਲਾਂ ਨੂੰ ਸੁੱਟ ਦਿੰਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀਆਂ ਸਫੇਦ ਛਿੱਲਾਂ ਵਿਚ ਸਿਟਰੂਲਲਾਈਨ, ਵਿਟਾਮਿਨ 'ਸੀ' ਯੁਕਤ ਅਮੀਨੋ ਐਸਿਡ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ 'ਏ', ਬੀਟਾ ਕੇਰੋਟਿਨ, ਲਾਈਕੋਪਿਨ ਅਤੇ ਥਾਇਮਾਈਨ, ਰਿਬੋਫਲੋਵਿਨ, ਨਾਇਸਿਨ, ਵਿਟਾਮਿਨ ਬੀ-6, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਜ਼ਿੰਕ ਹੁੰਦਾ ਹੈ। ਖਰਬੂਜ਼ੇ ਦੀ ਛਿੱਲ ਸਖ਼ਤ ਹੁੰਦੀ ਹੈ ਅਤੇ ਇਸ ਦਾ ਸਵਾਦ ਰਸਫਲੇ, ਪਫਲੇ ਭਾਗ ਵਰਗਾ ਨਹੀਂ ਹੁੰਦਾ ਪਰ ਖਰਬੂਜ਼ੇ ਦਾ ਰਸ ਬਣਾਉਂਦੇ ਸਮੇਂ ਗਰਾਇੰਡਰ ਵਿਚ ਜੇ ਥੋੜ੍ਹੀਆਂ ਛਿੱਲਾਂ ਪਾ ਕੇ ਇਨ੍ਹਾਂ ਨੂੰ ਪੀਸਿਆ ਜਾਵੇ ਜਾਂ ਦੂਜੇ ਹੋਰ ਫਲਾਂ ਦੇ ਨਾਲ ਮਿਲਾ ਕੇ ਇਸ ਦੀ ਸਮੂਦੀ ਬਣਾਈ ਜਾਵੇ ਤਾਂ ਇਸ ਦਾ ਫਾਇਦਾ ਮਿਲ ਸਕਦਾ ਹੈ। ਪਰ ਖਰਬੂਜ਼ੇ ਦੇ ਬਾਹਰੀ ਸਤ੍ਹਾ ਸਖ਼ਤ ਹੁੰਦੀ ਹੈ, ਇਸ ਵਿਚ ਧੂੜ, ਮਿੱਟੀ, ਬੈਕਟੀਰੀਆ ਅਤੇ ਕੀਟਨਾਸ਼ਕਾਂ ਦਾ ਵੀ ਅਸਰ ਹੁੰਦਾ ਹੈ। ਕਈ ਵਾਰ ਇਸ ਦੀਆਂ ਛਿੱਲਾਂ ਖਾਣ ਨਾਲ ਪੇਟ ਖਰਾਬ ਵੀ ਹੋ ਜਾਂਦਾ ਹੈ। ਤਰਬੂਜ਼ ਦੀਆਂ ਛਿੱਲਾਂ ਵਿਚ ਵੀ ਕਈ ਐਂਟੀਆਕਸੀਡੈਂਟਸ ਹੁੰਦੇ ਹਨ। ਇਹ ਏਨਾ ਸਖ਼ਤ ਹੁੰਦਾ ਹੈ ਕਿ ਇਸ ਨੂੰ ਖਾ ਕੇ ਪਚਾਉਣਾ ਆਸਾਨ ਨਹੀਂ ਹੁੰਦਾ। ਇਸ ਦੀਆਂ ਛਿੱਲਾਂ ਨੂੰ ਸੁਕਾ ਕੇ ਉਨ੍ਹਾਂ ਨੂੰ ਸਬਜ਼ੀ ਜਾਂ ਦੂਜੇ ਡ੍ਰਿੰਕਸ ਦੇ ਨਾਲ ਲਿਆ ਜਾ ਸਕਦਾ ਹੈ।
ਸੇਬ ਦੀਆਂ ਛਿੱਲਾਂ : ਸੇਬ ਵਿਟਾਮਿਨ 'ਸੀ' ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਦਾ ਭੰਡਾਰ ਹੁੰਦਾ ਹੈ। ਇਹ ਸਾਡੀ ਚਮੜੀ ਅਤੇ ਮਸੂੜਿਆਂ ਨੂੰ ਤੰਦਰੁਸਤ ਰੱਖਦਾ ਹੈ। ਸੇਬ ਦੀਆਂ ਛਿੱਲਾਂ ਵਿਚ ਮੌਜੂਦ ਪੋਲੀਫਿਨੋਲਸ ਚਮੜੀ ਲਈ ਉਸ ਦੇ ਗੁੱਦੇ ਨਾਲੋਂ ਵੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਜਰਨਲ ਆਫ ਐਗਰੀਕਲਚਰ ਐਂਡ ਫੂਡ ਕੈਮਿਸਟਰੀ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਸੇਬ ਦੀਆਂ ਛਿੱਲਾਂ ਵਿਚ ਕੈਂਸਰ-ਰੋਧੀ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਾਲੇ ਤੱਤ ਹੁੰਦੇ ਹਨ। ਇਸ ਵਿਚ ਮੌਜੂਦ ਫੋਟੋਕੈਮੀਕਲਜ਼ ਦਾ ਇਕ ਸਮੂਹ ਮਨੁੱਖ ਵਿਚ ਲਿਵਰ, ਬ੍ਰੇਸਟ, ਕੋਲਨ ਵਿਚ ਹੋਣ ਵਾਲੇ ਕੈਂਸਰ ਦੇ ਖਤਰਿਆਂ ਨੂੰ ਘੱਟ ਕਰਦਾ ਹੈ। ਸੇਬ ਨੂੰ ਛਿੱਲਾਂ ਸਮੇਤ ਖਾਣ ਲਈ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ ਅਤੇ ਆਰਗੈਨਿਕ ਫਲ ਖਰੀਦੋ।
ਅੰਗੂਰ, ਬਲੂ ਬੇਰੀ, ਬਲੈਕ ਬੇਰੀ, ਅਮਰੂਦ : ਇਨ੍ਹਾਂ ਨੂੰ ਬਿਨਾਂ ਛਿੱਲੇ ਗੁੱਦੇ ਦੇ ਨਾਲ ਖਾਧਾ ਜਾਂਦਾ ਹੈ। ਅਮਰੀਕਾ ਵਿਚ ਪਿਛਲੇ ਸਾਲ ਹੋਏ ਇਕ ਅਧਿਐਨ ਜੋ ਜਰਨਲ ਆਫ ਐਗਰੀਕਲਚਰ ਐਂਡ ਫੂਡ ਕੈਮਿਸਟਰੀ ਵਿਚ ਪ੍ਰਕਾਸ਼ਿਤ ਹੋਇਆ ਸੀ, ਵਿਚ ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਦੀਆਂ ਛਿੱਲਾਂ ਵਿਚ ਮੌਜੂਦ ਐਂਟੀਆਕਸੀਡੈਂਟ, ਪਲਾਜ਼ਮਾ, ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦੇ ਹਨ। ਅਮਰੂਦ ਦੀਆਂ ਛਿੱਲਾਂ ਵਿਚ ਇੰਥੋਸਾਈਨਿਨ ਵਰਗੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਇਸ ਦੇ ਗੁੱਦੇ ਵਿਚ ਨਹੀਂ ਮਿਲਦਾ, ਇਹ ਕੈਂਸਰਰੋਧੀ ਹੋਣ ਦੇ ਨਾਲ ਤੰਤ੍ਰਿਕਾ ਤੰਤਰ ਨਾਲ ਸਬੰਧਤ ਬਿਮਾਰੀਆਂ ਅਤੇ ਏਜਿੰਗ ਨੂੰ ਰੋਕਣ ਵਿਚ ਸਹਾਇਕ ਹੁੰਦਾ ਹੈ। ਅਮਰੂਦ ਨੂੰ ਛਿੱਲ ਸਮੇਤ ਖਾਓ।
ਫਲਾਂ ਦੀ ਤਰ੍ਹਾਂ ਦੀ ਆਲੂ ਦੀਆਂ ਛਿੱਲਾਂ ਵਿਚ ਵਿਟਾਮਿਨ 'ਸੀ', 'ਬੀ-6', ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕਾਪਰ ਹੁੰਦਾ ਹੈ। ਮੂਲੀ ਨੂੰ ਵੀ ਛਿੱਲ ਸਮੇਤ ਖਾਓ। ਇਸ ਵਿਚ ਮੌਜੂਦ ਇਸੋਥਿਓਸਾਈਨੇਟਸ ਜੋ ਇਸ ਨੂੰ ਚਰਚਰਾ ਬਣਾਉਂਦੇ ਹਨ, ਇਹ ਇਕ ਐਂਟੀਆਕਸੀਡੈਂਟ ਹੈ, ਇਸ ਲਈ ਮੂਲੀ ਨੂੰ ਕੱਚਾ ਖਾਓ ਜਾਂ ਪਕਾ ਕੇ, ਇਸ ਨੂੰ ਛਿੱਲ ਸਮੇਤ ਖਾਓ। ਮੂਲੀ ਵਾਂਗ ਖੀਰੇ ਦੀ ਛਿੱਲ ਵਿਚ ਫਾਈਬਰ, ਬੀਟਾਕੇਰੋਟਿਨ ਹੁੰਦਾ ਹੈ, ਜੋ ਅੱਖਾਂ ਦੀ ਤੰਦਰੁਸਤੀ ਲਈ ਫਾਇਦੇਮੰਦ ਹੁੰਦਾ ਹੈ, ਇਸ ਲਈ ਖੀਰੇ ਦੀ ਛਿੱਲ ਨਾ ਲਾਹੋ।
ਕਿਵੇਂ ਖਾਈਏ : ਫਲਾਂ ਨੂੰ ਛਿੱਲਾਂ ਸਮੇਤ ਖਾਣ ਲਈ ਅਜਿਹੇ ਫਲ ਦੀ ਚੋਣ ਕਰੋ ਜੋ ਤਾਜ਼ਾ, ਆਰਗੈਨਿਕ ਅਤੇ ਕੱਟਿਆ ਨਾ ਹੋਵੇ। ਜਿਸ 'ਤੇ ਦਾਗ-ਧੱਬੇ ਨਾ ਹੋਣ। ਇਸ ਦੀ ਬਾਹਰੀ ਪਰਤ ਨੂੰ ਸਾਫ਼ ਕਰਨ ਲਈ ਇਸ ਨੂੰ ਚੰਗੀ ਤਰ੍ਹਾਂ ਧੋਵੋ ਅਤੇ ਧੋਣ ਤੋਂ ਬਾਅਦ 30 ਮਿੰਟ ਤੱਕ ਨਮਕ ਦੇ ਪਾਣੀ ਵਿਚ ਭਿਉਂ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਫਿਰ ਠੰਢੇ ਪਾਣੀ ਨਾਲ ਧੋਵੋ ਤਾਂ ਕਿ ਇਸ ਦੀ ਚਮੜੀ ਵਿਚ ਮੌਜੂਦ ਬੈਕਟੀਰੀਆ ਦੇ ਆਂਡੇ ਅਤੇ ਲਾਰਵੇ ਸਾਫ਼ ਹੋ ਜਾਣ ਅਤੇ ਇਨ੍ਹਾਂ ਨੂੰ ਸੁਕਾ ਕੇ ਸਾਫ਼ ਕੱਪੜੇ ਨਾਲ ਪੂੰਝ ਕੇ ਖਾਓ।

-ਰਾਜ ਕੁਮਾਰ ਦਿਨਕਰ,
ਇਮੇਜ ਰਿਫਲੈਕਸ਼ਨ ਸੈਂਟਰ

ਸਿਹਤ ਖ਼ਬਰਨਾਮਾ

ਆਸਟਿਓਪੋਰੋਸਿਸ ਦੀਆਂ ਸ਼ਿਕਾਰ ਸਿਰਫ ਔਰਤਾਂ ਹੀ ਨਹੀਂ, ਮਰਦ ਵੀ
ਲੋਕਾਂ ਦਾ ਮੰਨਣਾ ਹੈ ਕਿ ਆਸਟਿਓਪੋਰੋਸਿਸ ਰੋਗ ਸਿਰਫ ਔਰਤਾਂ ਨੂੰ ਹੀ ਹੁੰਦਾ ਹੈ ਜੋ ਇਕ ਗ਼ਲਤ ਧਾਰਨਾ ਹੈ। ਆਸਟਿਓਪੋਰੋਸਿਸ ਰੋਗ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਹੋ ਸਕਦਾ ਹੈ। ਜ਼ਿਆਦਾਤਰ ਇਹ ਰੋਗ 40 ਸਾਲ ਦੀ ਉਮਰ ਤੋਂ ਬਾਅਦ ਦੇਖਣ ਨੂੰ ਮਿਲਦਾ ਹੈ। ਆਸਟਿਓਪੋਰੋਸਿਸ ਰੋਗ ਵਿਚ ਹੱਡੀਆਂ ਏਨੀਆਂ ਕਮਜ਼ੋਰ ਹੋ ਜਾਂਦੀਆਂ ਹਨ ਕਿ ਥੋੜ੍ਹੀ ਜਿਹੀ ਸੱਟ ਵੀ ਸਹਿਣ ਨਹੀਂ ਕਰ ਸਕਦੀਆਂ। 20-30 ਸਾਲ ਦੀ ਉਮਰ ਵਿਚ ਹੱਡੀਆਂ ਬਹੁਤ ਮਜ਼ਬੂਤ ਰਹਿੰਦੀਆਂ ਹਨ ਪਰ 30 ਸਾਲ ਤੋਂ ਬਾਅਦ ਹੱਡੀਆਂ ਦੇ ਘਣਤਵ ਅਤੇ ਸ਼ਕਤੀ ਵਿਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ। ਔਰਤਾਂ ਵਿਚ ਰਜੋਨਿਵਿਰਤੀ ਤੋਂ ਬਾਅਦ ਇਹ ਕਮੀ ਤੇਜ਼ ਹੋ ਜਾਂਦੀ ਹੈ। ਇਸ ਰੋਗ ਦਾ ਕਾਰਨ ਬਣਦੇ ਹਨ ਸਿਗਰਟਨੋਸ਼ੀ, ਅਲਕੋਹਲ, ਸ਼ੂਗਰ, ਕਸਰਤ ਦੀ ਕਮੀ ਅਤੇ ਗ਼ਲਤ ਜੀਵਨ ਸ਼ੈਲੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਰੋਗ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਜ਼ਰੂਰੀ ਹੈ ਫਲਾਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX