ਤਾਜਾ ਖ਼ਬਰਾਂ


ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  about 1 hour ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  about 3 hours ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  about 3 hours ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  about 3 hours ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  about 3 hours ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  about 3 hours ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  about 3 hours ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਹੋਰ ਖ਼ਬਰਾਂ..

ਦਿਲਚਸਪੀਆਂ

ਕਿੱਸੇ ਮਹਿਮਾਨ ਨਿਵਾਜ਼ੀ ਦੇ

ਸਾਡੀ ਸੰਸਕ੍ਰਿਤੀ ਵਿਚ ਮਹਿਮਾਨ ਜਾਂ 'ਅਤਿਥੀ' ਨੂੰ ਦੇਵਤਾ ਸਮਝਿਆ ਜਾਂਦਾ ਹੈ ਤੇ ਹੈ ਵੀ ਠੀਕ ਗੱਲ, ਮਹਿਮਾਨ ਦਾ ਸਤਿਕਾਰ ਤੇ ਆਓ ਭਗਤ ਤਾਂ ਕਰਨੀ ਬਣਦੀ ਹੀ ਹੈ। ਕੋਈ ਸੋਚ ਸਮਝ ਕੇ ਹੀ ਤੁਹਾਡੇ ਘਰ ਮਹਿਮਾਨ ਬਣ ਕੇ ਆਉਂਦਾ ਹੈ। ਆਮ ਤੌਰ 'ਤੇ ਸਕੂਲਾਂ ਤੇ ਕਾਲਜਾਂ ਵਿਚ ਛੁੱਟੀਆਂ ਦੇ ਦਿਨ ਹੀ ਮਹਿਮਾਨਾਂ ਦਾ ਮੌਸਮ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਕੌਣ ਪਹਿਲ ਕਰ ਜਾਵੇ, -ਕੌਣ ਮਹਿਮਾਨ ਬਣੇ 'ਤੇ ਕੌਣ ਮੇਜ਼ਬਾਨ। ਮਹਿਮਾਨ ਵੀ ਚਾਰ ਕਿਸਮ ਦੇ ਹੁੰਦੇ ਹਨ। ਪਹਿਲੇ ਦੋਸਤ-ਮਿੱਤਰ, ਦੂਜੇ ਪਤਨੀ ਦੇ ਰਿਸ਼ਤੇਦਾਰ, ਤੀਸਰੇ ਪਤੀ ਦੇ ਰਿਸ਼ਤੇਦਾਰ ਤੇ ਚੌਥੇ ਹਨ ਐਨ. ਆਰ. ਆਈ. ਯਾਨੀ ਵਿਦੇਸ਼ਾਂ ਵਿਚ ਰਹਿਣ ਵਾਲੇ ਮਹਿਮਾਨ।
ਪਹਿਲੀ ਕਿਸਮ ਦੇ ਮਹਿਮਾਨ ਯਾਨੀ ਕਿ ਦੋਸਤ-ਮਿੱਤਰ ਦੀ ਆਓ-ਭਗਤ ਪਤੀ ਤੇ ਪਤਨੀ ਮਿਲ ਕੇ ਕਰਦੇ ਹਨ। ਕੋਈ ਵਾਦ-ਵਿਵਾਦ ਨਹੀਂ ਹੁੰਦਾ। ਦੋਵਾਂ ਦੀ ਸਾਂਝੀ ਕੋਸ਼ਿਸ਼ ਹੁੰਦੀ ਹੈ ਕਿ ਦੋਸਤਾਂ ਦਾ ਸਮਾਂ ਆਰਾਮ ਨਾਲ ਤੇ ਹਾਸੇ-ਮਖੌਲ ਵਿਚ ਬੀਤੇ। ਇਹ ਬੇਤਕੁਲਫੇ ਮਹਿਮਾਨ ਹੁੰਦੇ ਹਨ। ਗੱਲ ਵੀ ਠੀਕ ਹੈ ਦੋਸਤ ਸਾਡੇ ਆਪਣੇ ਚੁਣੇ ਹੁੰਦੇ ਹਨ। ਇਹ ਸਾਡੇ ਉਤੇ ਰੱਬ ਵਲੋਂ ਜਾਂ ਰਿਸ਼ਤੇ-ਨਾਤਿਆਂ ਕਾਰਨ ਮੜ੍ਹੇ ਨਹੀਂ ਹੁੰਦੇ। ਇਨ੍ਹਾਂ ਨਾਲ ਸਾਡੇ ਬੀਤੇ ਤੇ ਮੌਜੂਦਾ ਜੀਵਨ ਦੇ ਹਾਲਾਤ ਦੀ ਸਾਂਝ ਤੇ ਇਕ-ਦੂਜੇ ਬਾਰੇ ਸਮਝ ਹੁੰਦੀ ਹੈ।
ਦੂਸਰੇ ਹਨ ਪਤਨੀ ਦੇ ਰਿਸ਼ਤੇਦਾਰ। ਪਹਿਲੇ ਸਮਿਆਂ ਵਿਚ ਕੁੜੀ ਦੇ ਘਰ ਦੀ ਰੋਟੀ ਖਾਣੀ ਤਾਂ ਇਕ ਪਾਸੇ ਰਹੀ ਪਾਣੀ ਪੀਣਾ ਵੀ ਠੀਕ ਨਹੀਂ ਸਮਝਿਆ ਜਾਂਦਾ ਸੀ। ਪਤਨੀ ਦੇ ਪੇਕਿਆਂ ਤੋਂ ਕੋਈ ਧੀ ਦੇ ਘਰ ਆਰਾਮਦਾਇਕ ਸਮਾਂ ਬਿਤਾਉਣ ਜਾਂ ਛੁੱਟੀ ਮਨਾਉਣ ਆਉਂਦਾ ਹੀ ਨਹੀਂ ਸੀ । ਜੇ ਕੋਈ ਆਉਂਦਾ ਵੀ ਸੀ ਤਾਂ ਸੰਧਾਰਾ ਦੇਣ ਜਾਂ ਖ਼ਾਸ ਤਿਉਹਾਰ 'ਤੇ ਕੱਪੜੇ-ਲੀੜੇ ਆਦਿ ਦੇਣ ਆਉਂਦਾ ਸੀ ਤੇ ਆਪਣੀ ਜ਼ਿੰਮੇਵਾਰੀ ਨਿਭਾਅ ਕਿ ਵਾਪਸ ਚਲਾ ਜਾਂਦਾ ਸੀ। ਪਰ ਅੱਜ ਹਾਲਾਤ ਤੇ ਵਿਚਾਰ ਬਦਲਦੇ ਜਾ ਰਹੇ ਹਨ। ਪਤੀ ਇਨ੍ਹਾਂ ਦੀ ਆਓਭਗਤ ਪਤਨੀ ਤੇ ਆਪਣੇ ਪਰਿਵਾਰ 'ਤੇ ਛੱਡ ਦਿੰਦਾ ਹੈ । ਪਰ ਆਦਰ ਕਰਦਾ ਹੈ ਤੇ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਇਨ੍ਹਾਂ ਦੀ ਕੁੜੀ ਨੂੰ ਪਿਆਰ ਤੇ ਸਤਿਕਾਰ ਨਾਲ ਰੱਖ ਰਿਹਾ ਹੈ। ਸਾਰੇ ਮਿਲ ਕੇ ਬੈਠਦੇ ਹਨ ਤੇ ਖਾਂਦੇ-ਪੀਂਦੇ ਤੇ ਗੱਪ-ਸ਼ੱਪ ਮਾਰਦੇ ਹਨ, ਹੱਸਦੇ-ਖੇਡਦੇ ਹਨ। ਇਸੇ ਗੱਲ 'ਤੇ ਮੈਨੂੰ ਇਕ ਚੁਟਕਲਾ ਯਾਦ ਆ ਗਿਆ ਹੈ:
ਇਕ ਵਾਰੀ ਇਕ ਕੁੜੀ ਦਾ ਬਾਪ ਆਪਣੇ ਜਵਾਈ ਦੇ ਘਰ ਅਇਆ। ਸ਼ਾਮ ਪਈ ਤਾਂ ਦੋਵੇਂ ਕੁੜਮ ਵਿਸਕੀ ਦੀ ਬੋਤਲ ਲੈ ਕੇ ਬੈਠ ਗਏ। ਮੁੰਡੇ ਦੇ ਬਾਪ ਨੇ ਪੁੱਛਿਆ 'ਭਾਈ ਸਾਹਿਬ ਪਾਣੀ ਨਾਲ ਪੀਓਗੇ ਜਾਂ ਸੋਡੇ ਨਾਲ'।
'ਨਾ ਜੀ ਨਾ' ਕੁੜੀ ਦਾ ਬਾਪ ਬੋਲਿਆ। 'ਕੁੜੀ ਦੇ ਘਰ ਦਾ ਪਾਣੀ ਪੀਣਾ ਮਨ੍ਹਾ ਹੈ। ਹਾਂ ਸੱਚ ਸੋਡੇ ਵਿਚ ਵੀ ਤਾਂ ਪਾਣੀ ਹੀ ਹੁੰਦਾ ਹੈ ! ਸੋ ਮੈਨੂ ਨੀਟ ਹੀ ਪਿਲਾ ਦਿਓ ਬਿਨਾ ਪਾਣੀ ਤੇ ਬਿਨਾ ਸੋਡੇ ਤੋਂ' ਦੋਵੇਂ ਜ਼ੋਰ-ਜ਼ੋਰ ਦੀ ਹੱਸ ਪਏ ਤੇ ਬੋਤਲ ਨਿਪਟਾ ਦਿੱਤੀ। ਇਹ ਤਾਂ ਹੋਇਆ ਇਕ ਮਜ਼ੇਦਾਰ ਚੁਟਕਲਾ। ਪਰ ਕੁੱਲ ਮਿਲਾ ਕੇ ਜਵਾਈਆਂ ਦੇ ਘਰ ਕੁੜੀ ਦੇ ਪੇਕਿਆ ਵੱਲ ਮਹਿਮਾਨੀ ਰਵੱਈਆ ਬਦਲ ਗਿਆ ਹੈ।
ਤੀਸਰੇ ਕਿਸਮ ਦੇ ਮਹਿਮਾਨ ਹਨ ਪਤੀ ਦੇ ਰਿਸ਼ਤੇਦਾਰ। ਜਦੋਂ ਇਹ ਆਉਂਦੇ ਹਨ ਤਾਂ ਪਤੀ ਪਤਨੀ ਦੋਵਾਂ ਦਾ ਰਵੱਈਆ ਕੁਝ ਵੱਖ-ਵੱਖ ਹੋ ਜਾਂਦਾ ਹੈ। ਕੁਝ ਪਤਨੀਆਂ ਤਾਂ ਖਾਮਖਾਹ ਹੀ ਨੱਕ ਮੂੁੰਹ ਚੜ੍ਹਾ ਲੈਂਦੀਆਂ ਹਨ, ਕਈ ਮੂੰਹ ਸੁਜਾ ਲੈਂਦੀਆਂ ਹਨ। ਇਹ ਕਰਨਾ ਬਿਲਕੁਲ ਠੀਕ ਨਹੀਂ। ਇਹ ਰਿਸ਼ਤੇਦਾਰ ਆਪਣੇ ਪੁੱਤਰ ਜਾਂ ਭਰਾ ਦੇ ਘਰ ਫ਼ਖਰ ਦੇ ਨਾਲ ਆਉਂਦੇ ਹਨ ਤੇ ਚੰਗੀ ਮਹਿਮਾਨ ਨਿਵਾਜ਼ੀ ਉਨ੍ਹਾਂ ਦਾ ਹੱਕ ਵੀ ਹੈ। ਕਈ ਘਰਾਂ ਵਿਚ ਪਤਨੀ ਦਾ ਰਵੱਈਆ ਠੀਕ ਹੁੰਦਾ ਹੈ ਪਰ ਪਤੀ ਦਾ ਰਵੱਈਆ ਬਦਲ ਜਾਂਦਾ ਹੈ। ਉਹ ਪਤੀ ਜਿਸ ਨੇ ਕਦੀ ਵੀ ਦਾਲ ਜਾਂ ਸਬਜ਼ੀ ਵਿਚ ਨੁਕਸ ਨਾ ਕੱਢਿਆ ਹੋਵੇ ਉਸ ਨੂੰ ਸਬਜ਼ੀ ਵਿਚ ਕਦੇ ਲੂਣ ਘੱਟ ਤੇ ਕਦੇ ਮਿਰਚ ਜ਼ਿਆਦਾ ਲੱਗਣ ਲੱਗ ਜਾਂਦੀ ਹੈ। ਸ਼ਾਇਦ ਉਹ ਆਪਣੇ ਰਿਸ਼ਤੇਦਾਰਾਂ ਨੁੰ ਇਹ ਦੱਸਣਾ ਚਾਹੁੰਦਾ ਹੈ ਕਿ ਘਰ ਵਿਚ ਉਸ ਦਾ ਹੀ ਰੋਹਬ ਚੱਲਦਾ ਹੈ। ਉਸ ਦੀ ਪਤਨੀ ਮਹਿਮਾਨਾਂ ਦੀ ਚਾਹ , ਰੋਟੀ ਆਦਿ ਦਾ ਪੂਰਾ ਖ਼ਿਆਲ ਰੱਖਦੀ ਹੈ , ਮਹਿਮਾਨਾਂ ਦੀ ਵਧੀਆ ਸੇਵਾ ਕਰ ਰਹੀ ਹੁੁੰਦੀ ਹੈ ਪਰ ਪਤੀ ਬਾਹਰੋਂ ਆਉਂਦਿਆਂ ਹੀ ਪੁੱਛਦਾ ਹੈ ਕੀ ਰੋਟੀ ਸਵਾਦੀ ਸੀ? ਖਾਣੇ ਵਿਚ ਮਿੱਠਾ ਕੀ ਬਣਾਇਆ ਸੀ? ਚਾਹ ਪਿਲਾ ਦਿੱਤੀ ਸੀ ਕਿ ਨਹੀਂ? ਮੈਂ ਇਹ ਨਹੀਂ ਕਹਿੰਦੀ ਕਿ ਉਹ ਆਪਣੀ ਪਤਨੀ ਦੀ ਆਓਭਗਤ 'ਤੇ ਸ਼ੱਕ ਕਰਦਾ ਹੈ ਸ਼ਾਇਦ ਉਹ ਸਿਰਫ਼ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਵੀ ਆਪਣੀ ਪਤਨੀ ਜਿੰਨਾ ਹੀ ਮਹਿਮਾਨਾਂ ਦਾਂ ਖਿਆਲ ਕਰ ਰਿਹਾ ਹੈ।
ਹੁਣ ਅਸੀਂ ਐਨ. ਆਰ. ਆਈ. ਮਹਿਮਾਨਾਂ ਦੀ ਗੱਲ ਕਰੀਏ। ਇਹ ਐਨ. ਆਰ. ਆਈ. ਤੁਹਾਡੇ ਧੀ ਪੁੱਤਰ ਹੋਣ ਜਾਂ ਹੋਰ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਇਨ੍ਹਾਂ ਦੇ ਆਉਣ ਦੀ ਖ਼ਬਰ ਸੁਣਦੇ ਹੀ ਘਰ ਵਿਚ ਖਲਲ ਮੱਚ ਜਾਂਦਾ ਹੈ। ਘਰ ਦੇ ਖਲ-ਖੂੰਜਿਆਂ ਦੀ ਜੰਮ ਕੇ ਸਫ਼ਾਈ ਕਰਾਓ, ਗਰਮੀਆਂ ਹਨ ਤਾਂ ਏ.ਸੀ. ਦਾ ਤੇ ਜੇ ਸਰਦੀਆ ਹਨ ਤਾਂ ਹੀਟਰ ਦਾ ਇੰਤਜ਼ਾਮ ਕਰੋ। ਖਾਣ ਲਈ ਵਧੀਆ ਤੋਂ ਵਧੀਆ ਖਾਣੇ ਬਣਾਓ ਉਨ੍ਹਾਂ ਦੇ ਵੱਖਰੇ ਸੁਆਦਾਂ ਦਾ ਧਿਆਨ ਰਖੋ। ਫਿਲਟਰ ਕੀਤੇ ਪਾਣੀ ਦੀਆਂ ਬੋਤਲਾਂ, ਕੋਲਾ ਤੇ ਬੀਅਰ ਆਦਿ ਦੇ ਕਰੇਟ ਲਿਆ ਕੇ ਰੱਖੋ। ਫਿਰ ਵੀ ਉਨ੍ਹਾਂ ਨੂੰ ਕਈ ਕੁਝ ਪਸੰਦ ਨਹੀਂ ਆਉਂਦਾ ਉਹ ਭਾਰਤ ਤੇ ਵਿਦੇਸ਼ ਦੀ ਤੁਲਨਾ ਕਰਦੇ ਹੀ ਰਹਿੰਦੇ ਹਨ। ਇਹ ਨਹੀਂ ਕਿ ਉਹ ਨੱਕ ਚੜ੍ਹੇ ਹਨ ਪਰ ਕਈ ਸਾਲਾਂ ਤੋਂ ਵਿਦੇਸ਼ ਵਿਚ ਰਹਿਣ ਕਰ ਕੇ ਉਹ ਉਥੇ ਦੇ ਸਾਫ਼-ਸੁਥਰੇ ਮਾਹੌਲ ਦੇ ਆਦੀ ਹੋ ਚੁੱਕੇ ਹੁੰਦੇ ਹਨ ਤੇ ਉਨ੍ਹਾਂ ਨੂੰ ਦੇਸ਼ ਦਾ ਸਾਰਾ ਮਾਹੌਲ ਤੇ ਆਲਾ-ਦੁਆਲਾ ਗੰਦਾ ਲੱਗਣ ਲੱਗ ਜਾਂਦਾ ਹੈ। ਕਈ ਵਾਰੀ ਬੱਚੇ ਜੋ ਵਿਦੇਸ਼ ਵਿਚ ਵਧੀਆ ਕਮਾਈ ਕਰ ਰਹੇ ਹਨ ਘਰ ਦੀਆਂ ਕਈ ਚੀਜ਼ਾਂ ਬਦਲ ਜਾਂਦੇ ਹਨ। ਇਹ ਚੀਜ਼ਾਂ ਸੁੱਟਣ ਵਾਲੀਆਂ ਨਹੀਂ ਹੁੰਦੀਆਂ ਹਨ ਪਰ ਅਸੀਂ ਚੁੱਪ-ਚਾਪ ਰਹਿ ਜਾਂਦੇ ਹਾਂ। ਸੋ ਇਨ੍ਹਾਂ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਕਾਫ਼ੀ ਔਖੀ ਤੇ ਮਹਿੰਗੀ ਹੋ ਨਿੱਬੜਦੀ ਹੈ।
ਇਹ ਤਾਂ ਹੋਈ ਮਹਿਮਾਨਾਂ ਤੇ ਮਹਿਮਾਨ ਨਿਵਾਜ਼ੀ ਦੀ ਗੱਲ। ਤੁਸੀਂ ਆਪ ਹੀ ਸੋਚੋ ਕਿ ਤੁਸੀਂ ਕਿਹੋ ਜਿਹੇ ਮਹਿਮਾਨ ਬਣਦੇ ਹੋ ਤੇ ਮਹਿਮਾਨ ਨਿਵਾਜ਼ੀ ਕਰਨ ਵਾਲੇ ਨੂੰ ਕਿੰਨਾ ਤੇ ਕਿਵੇਂ ਸੌਖਾ ਰੱਖਦੇ ਹੋ। ਬਾਕੀ ਤੁਸੀਂ ਆਪ ਸਿਆਣੇ ਹੋ, ਮੈਂ ਕੀ ਕਹਾਂ।


-46 ਕਰਤਾਰਪੁਰ, ਰਵਾਸ ਬ੍ਰਾਹਮਣਾ, ਡਾਕਖਾਨਾ ਸੂਲਰ , ਪਟਿਆਲਾ। ਫੋਨ : 9501531277.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਹਾਫ਼ ਡੇਅ

ਸਰਕਾਰ ਦੀ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਦੀ ਰਾਤੀਂ ਹੋਈ ਅਚਾਨਕ ਮੌਤ ਦੀ ਖ਼ਬਰ ਅਖ਼ਬਾਰ ਵਿਚ ਪੜ੍ਹ ਕੇ ਸਵੇਰੇ ਦਫ਼ਤਰ ਵਿਚ ਹਾਜ਼ਰੀ ਲਗਾਉਣ ਆਈ ਇਕ ਮੈਡਮ ਨੇ ਮੈਨੂੰ ਕਿਹਾ, 'ਸਰ, ਰਾਤ ਫਲਾਣਾ ਸਾਬਕਾ ਕੈਬਨਿਟ ਮੰਤਰੀ ਚਲਾਣਾ ਕਰ ਗਿਆ... ਲਗਦਾ ਅੱਜ ਤਾਂ ਸਰਕਾਰ ਨੇ ਅਫਸੋਸ ਵਜੋਂ ਹਾਫ਼ ਡੇਅ ਕਰ ਦੇਣਾ।'
ਅੱਧੀ ਛੁੱਟੀ ਹੋਣ ਤੱਕ ਅਧਿਆਪਕਾਂ ਵਿਚ ਹਾਫ਼ ਡੇਅ ਹੋਣ ਸਬੰਧੀ ਚਰਚਾ ਚੱਲਦੀ ਰਹੀ। ਅੱਧੀ ਛੁੱਟੀ ਬੰਦ ਹੋਣ ਦੀ ਘੰਟੀ ਵੱਜਣ ਉਪਰੰਤ ਮੇਰੇ ਮੋਬਾਈਲ ਫੋਨ ਦੀ ਘੰਟੀ ਵੱਜੀ। ਅੱਗਿਉਂ ਮੇਰਾ ਇਕ ਕਰੀਬੀ ਅਧਿਆਪਕ ਦੋਸਤ ਖੁਸ਼ੀ ਵਿਚ ਖੀਵਾ ਹੋਇਆ ਦੱਸ ਰਿਹਾ ਸੀ, 'ਸਰ, ਖ਼ੁਸ਼ਖ਼ਬਰੀ ਆ, ਇਕ ਪੰਜ ਮਿੰਟ ਇੰਤਜ਼ਾਰ ਕਰੋ... ਬਸ ਹਾਫ਼ ਡੇਅ ਹੋਣ ਵਾਲਾ...।' ਛੇਵਾਂ ਪੀਰੀਅਡ ਖ਼ਤਮ ਹੋਣ ਉਪਰੰਤ ਜਦੋਂ ਮੈਂ ਛੇਵੀਂ ਜਮਾਤ ਦਾ ਪੀਰੀਅਡ ਲਗਾਉਣ ਲਈ ਜਮਾਤ ਵਿਚ ਪਹੁੰਚਿਆ ਤਾਂ ਪੰਜ ਮਿੰਟ ਬਾਅਦ ਹੀ ਸੇਵਾਦਾਰ ਨੇ ਜ਼ਰੂਰੀ ਕੰਮ ਲਈ ਦਫ਼ਤਰ ਵਿਚ ਕਲਰਕ ਵਲੋਂ ਬੁਲਾਉਣ ਦਾ ਸੁਨੇਹਾ ਦੇ ਦਿੱਤਾ। ਦਫ਼ਤਰ ਪਹੁੰਚਣ 'ਤੇ ਕਲਰਕ ਨੇ ਵਟਸਐਪ 'ਤੇ ਹਾਫ਼ ਡੇਅ ਹੋਣ ਵਾਲੀ ਆਈ ਚਿੱਠੀ ਦਿਖਾ ਕੇ ਮੁਸਕਰਾਉਂਦਿਆਂ ਕਿਹਾ, 'ਕਿਉਂ ਸਰ, ਮੈਂ ਕਿਹਾ ਸੀ ਨਾ, ਬਈ ਹਾਫ਼ ਡੇਅ ਹੋਇਆ ਲਵੋ...।'
ਮੇਰੇ ਕਹਿਣ 'ਤੇ ਛੁੱਟੀ ਦੀ ਘੰਟੀ ਵੱਜਣ ਉਪਰੰਤ ਅਧਿਆਪਕ ਹਾਜ਼ਰੀ ਰਜਿਸਟਰ 'ਤੇ ਜਾਣ ਦੀ ਹਾਜ਼ਰੀ ਲਾਉਂਦਿਆਂ ਮੈਡਮਾਂ ਦੇ ਖੁਸ਼ੀ ਵਿਚ ਖਿੜੇ ਚਿਹਰੇ ਦੇਖ ਕੇ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਹਾਫ਼ ਡੇਅ ਦੇ ਰੂਪ ਵਿਚ ਮੈਡਮਾਂ ਨੂੰ ਕੋਈ ਖ਼ਜ਼ਾਨਾ ਮਿਲ ਗਿਆ ਹੋਵੇ।


-ਮਾ: ਰਾਮ ਦਾਸ ਨਸਰਾਲੀ
ਪਿੰਡ ਤੇ ਡਾਕ: ਨਸਰਾਲੀ, ਤਹਿ: ਖੰਨਾ, ਜ਼ਿਲ੍ਹਾ ਲੁਧਿਆਣਾ। ਮੋਬਾ : 98729-18089.


ਨਕਾਬਪੋਸ਼

ਉਸ ਦਾ ਚਿਹਰਾ ਤਾਂ ਮੈਂ ਨਹੀਂ ਸੀ ਵੇਖਿਆ ਕਿਉਂਕਿ ਉਸ ਨੇ ਨਕਾਬ ਪਹਿਨਿਆ ਹੋਇਆ ਸੀ। ਪਤਾ ਕਰਨ 'ਤੇ ਸਮਝ ਵਿਚ ਆਇਆ ਕਿ ਉਹ ਇਕ ਕਾਲਜ ਵਿਦਿਆਰਥੀ ਸੀ। ਚਿੱਟੀ ਪੈਂਟ, ਚਿੱਟੀ ਕਮੀਜ਼ ਤੇ ਕਾਲਾ ਨਕਾਬ। ਪਰ ਹੌਲਦਾਰਾ ਇਸ ਨੇ ਤਾਂ ਸਿਰਫ਼ ਕਾਲੇ ਕੱਪੜੇ ਨਾਲ ਚਿਹਰਾ ਢਕਿਆ ਹੋਇਐ, ਤੂੰ ਇਸ ਨੂੰ ਕਿਉਂ ਐਵੇਂ ਮੇਰੇ ਕੋਲ ਫੜ ਲਿਆਇਐਂ। ਸਿਪਾਹੀ ਜੋ ਸਾਈਲੈਂਸਰ ਰਾਹੀਂ ਪਟਾਕੇ ਵਜਾਉਂਦਾ ਬੁਲਟ ਵਾਲੇ ਕਾਕੇ ਨੂੰ ਸ਼ਹਿਰ 'ਚੋਂ ਕਾਬੂ ਕਰਕੇ ਲਿਆਇਆ ਸੀ। ਦਫ਼ਤਰ ਵਿਚ ਮੁਨਸ਼ੀ ਕੋਲ ਖਲੋਤਾ ਸੀ। ਹਾਂ ਬਈ, ਦੱਸ ਤੈਨੂੰ ਸਾਡੇ ਬੰਦਿਆਂ ਕਿਥੋਂ ਕਾਬੂ ਕੀਤਾ। 'ਜੀ, ਜੀ ਕਾਲਜ ਰੋਡ ਤੋਂ।' ਤੂੰ ਉਥੇ ਕੀ ਕਰਦਾ ਸੀ? ਮੁਨਸ਼ੀ ਨੇ ਫਿਰ ਸਵਾਲ ਕੀਤਾ, 'ਜੀ-ਜੀ ਮੈਂ ਅਵਾਰਾ ਗਰਦੀ ਕਰ ਰਿਹਾ ਸੀ।' ਸਰਕਾਰੀ ਖਾਮੋਸ਼ੀ ਵਿਚ ਸੁੱਤਾ ਪ੍ਰਸ਼ਾਸਨ ਜਾਗ ਪਵੇ। ਜੀ, ਕਹਿੰਦੇ ਨੇ ਜੇਕਰ ਸੇਵਾਦਾਰ ਸੌਂ ਜਾਵੇ ਤਾਂ ਉਸ ਨੂੰ ਜਗਾ ਦਿਓ। ਚੱਲੋ ਕੰਨ ਪੁੱਟੋ, ਸਾਲਾ ਹਰਾਮੀ, ਚੱਲ ਬਈ ਜਾਣ ਦੇ ਇਹਨੂੰ, ਸਿਪਾਹੀ ਇਕ ਹੋਮਗਾਰਡੀਏ ਵੱਲ ਘੂਰਦਿਆਂ ਅੱਖਾਂ ਨਾਲ ਵੇਖਦਾ ਬੋਲਿਆ। ਚੱਲ ਓਏ ਇਹਨੂੰ ਪਿੰਡ ਛੱਡ ਆਈਏ ਦੋਵੇਂ ਪੁਲਸੀਏ ਉਸ ਨਾਲ ਬੈਠ ਕੇ ਥਾਣਿਓਂ ਥੋੜ੍ਹੀ ਦੂਰ ਅਹਾਤੇ ਵਿਚ ਬਹਾਲ ਕੇ ਆਖਣ ਲੱਗੇ, ਲਿਆ ਬਈ ਫੜ ਲਿਆ ਫੇਰ ਕੋਈ ਠੰਢਾ-ਠੁੰੰਢਾ, ਯਾਰ ਸੇਵਾ ਤਾਂ ਕਰਦੇ-ਪਟਾਕੇ ਭਾਵੇਂ ਨਿੱਤ ਵਜਾਉਂਦਾ ਫਿਰ।


-ਬਾਬਾ ਬਿਕਰਮ ਸਿੰਘ ਔਜਲਾ
ਮੋਬਾਈਲ : 88726-21028.

ਰਹਿਮ ਦਿਲ ਦਾ ਇਨਸਾਨ

ਕਰਿਆਨੇ ਦੀ ਦੁਕਾਨ 'ਤੇ ਬੈਠਾ ਤਾਰ ਮਿਸਤਰੀ ਹੋਰ ਵਿਅਕਤੀਆਂ ਨਾਲ ਗੱਲ ਕਰ ਰਿਹਾ ਸੀ ਮੈਂ ਟਰੈਕਟਰਾਂ ਦੀ ਵਰਕਸ਼ਾਪ ਦਾ ਕੰਮ ਕਰਦਾ ਹਾਂ ਰੋਜ਼ਾਨਾਂ ਹੀ ਮੇਰੇ ਕੋਲ ਲੋਕ ਕੰਮ ਕਰਵਾਉਣ ਲਈ ਆਉਂਦੇ ਰਹਿੰਦੇ ਹਨ। ਕਈ ਮੇਰੇ ਕੋਲੋਂ ਟਰੈਕਟਰਾਂ ਦੀ ਰਿਪੇਅਰ ਉਧਾਰ ਵੀ ਕਰਵਾ ਕੇ ਲੈ ਜਾਂਦੇ ਹਨ। ਇਹੋ ਜਿਹੇ ਲੋਕਾਂ ਨਾਲ ਵੀ ਵਾਹ ਪਿਆ ਜੋ ਕਈ ਸਾਲ ਪਹਿਲਾਂ ਕੰਮ ਕਰਵਾ ਕੇ ਲੈ ਗਏ ਪਰ ਬਾਅਦ 'ਚ ਉਹ ਪੈਸੇ ਨਹੀਂ ਦੇਣ ਆਏ ਪਰ ਮੈਂ ਕਦੇ ਵੀ ਅੱਜ ਤੱਕ ਉਨ੍ਹਾਂ ਤੋਂ ਅੜ ਕੇ ਪੈਸੇ ਨਹੀਂ ਮੰਗੇ। ਤਾਰ ਮਿਸਤਰੀ ਨੂੰ ਕੋਲ ਬੈਠੇ ਵਿਅਕਤੀਆਂ ਨੇ ਪੁੱਛਿਆ ਕਿ 'ਤੂੰ ਪੈਸੇ ਕਿਉਂ ਨੀਂ ਮੰਗਦਾ?' ਤਾਂ ਉਸ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਕਦੇ ਕਿਸੇ ਨੂੰ ਤੰਗ ਨਹੀਂ ਕੀਤਾ। ਜਿਨ੍ਹਾਂ ਤੋਂ ਪੈਸੇ ਲੈਣੇ ਹਨ ਉਨ੍ਹਾਂ ਦੀ ਵੀ ਕੋਈ ਮਜਬੂਰੀ ਹੋਵੇਗੀ ਕਿਉਂਕਿ ਅਜੋਕੇ ਸਮੇਂ ਵਿਚ ਮਹਿੰਗਾਈ ਹੀ ਏਨੀ ਵਧੀ ਪਈ ਹੈ ਕਿ ਹਰ ਆਦਮੀ ਦਾ ਜੀਣਾ ਮੁਹਾਲ ਹੋਇਆ ਪਿਆ ਹੈ। ਇਸ ਕਰਕੇ ਮੇਰਾ ਦਿਲ ਨਹੀਂ ਮੰਨਦਾ ਕਿ ਮੈਂ ਕਿਸੇ ਨੂੰ ਬੁਰਾ ਭਲਾ ਕਹਾਂ। ਤਾਰ ਮਿਸਤਰੀ ਨੇ ਅੱਗੋਂ ਇਕ ਗੱਲ ਹੋਰ ਸੁਣਾਈ ਕਿ ਤਕਰੀਬਨ 5-6 ਸਾਲ ਪਹਿਲਾਂ ਮੇਰੇ ਕੋਲ ਟਰੈਕਟਰ ਟਰਾਲੀ ਹੁੰਦੀ ਸੀ। ਇਕ ਵਿਅਕਤੀ ਨੇ ਆਪਣੇ ਖਾਲੀ ਪਲਾਟ 'ਚ ਭਰਤ (ਰੇਤਾ) ਪਵਾਉਣੀ ਸੀ ਉਹ ਮੇਰੇ ਕੋਲ ਆਇਆ ਤੇ ਕਿਹਾ ਭਰਤ ਪਵਾਉਣੀ ਆ! ਤਾਂ ਮੈਂ ਕਿਹਾ ਮੈਂ ਕੁਝ ਦਿਨ ਲਈ ਕਿਤੇ ਜਾ ਕੇ ਆਉਣਾ , ਤੇਰਾ ਕੰਮ ਦਿਹਾੜੀ 'ਤੇ ਕੋਈ ਆਦਮੀ ਰੱਖ ਕੇ ਕਰਵਾ ਦੇਵਾਂਗਾ। ਮੈਂ ਕੁਝ ਦਿਨਾਂ ਬਾਅਦ ਜਦੋਂ ਵਾਪਸ ਆਇਆ ਤਾਂ ਆ ਕੇ ਆਪਣੇ ਡਰਾਈਵਰ ਤੋਂ ਪੁੱਛਿਆ ਕਿ ਉਸ ਦੇ ਭਰਤ ਪਾ ਦਿੱਤੀ ਤਾਂ ਉਸ ਨੇ ਕਿਹਾ 'ਹਾਂ ਜੀ ਉਨ੍ਹਾਂ ਦਾ ਕੰਮ ਤਾਂ ਨਿਬੇੜ ਦਿੱਤਾ।' ਜਦੋਂ ਕਿਰਾਏ ਬਾਰੇ ਪੁੱਛਿਆ ਤਾਂ ਉਸ ਨੇ ਜਵਾਬ ਦਿੱਤਾ ਮੈਨੂੰ ਕੋਈ ਕਿਰਾਇਆ ਨਹੀਂ ਦਿੱਤਾ। ਮੈਂ ਡਰਾਈਵਰ ਨੂੰ ਦਿਹਾੜੀ ਦੇ ਹਿਸਾਬ ਨਾਲ ਪੈਸੇ ਦੇ ਦਿੱਤੇ, ਕਿਉਂਕਿ ਉਸ ਨੇ ਹੋਰ ਕਿਤੇ ਅੱਗੇ ਕੰਮ 'ਤੇ ਜਾਣਾ ਸੀ। ਜਿਸ ਦੇ ਭਰਤ ਪਾਈ ਸੀ ਉਸ ਕੋਲ ਬਣਦੇ ਰੁਪਏ ਲੈਣ ਗਿਆ ਤਾਂ ਅੱਗੋਂ ਜਵਾਬ ਮਿਲਿਆ ਕਿ ਕੁਝ ਦਿਨ ਰੁਕ ਜਾ ਮੇਰੇ ਕੋਲੋਂ ਪੈਸੇ ਲਗ ਗਏ। ਕਈ ਮਹੀਨੇ ਬੀਤਣ ਤੋਂ ਬਾਅਦ ਫਿਰ ਮੈਂ ਉਸ ਨੂੰ ਕਿਰਾਏ ਦਾ ਚੇਤਾ ਕਰਵਾਇਆ ਤਾਂ ਅੱਗੋਂ ਜਵਾਬ ਮਿਲਿਆ ਕਿ ਕੁਝ ਰੁਪਈਏ ਆਏ ਸੀ ਪਰ ਕਿਸੇ ਹੋਰ ਪਾਸੇ ਲਗ ਗਏ। ਤੂੰ ਇਵੇਂ ਕਰ ਸਾਡੇ ਘਰੋਂ ਟੈਲੀਵੀਜ਼ਨ ਅਤੇ ਹੋਰ ਸਾਮਾਨ ਲੈ ਜਾ ਹੋਰ ਤਾਂ ਕੋਈ ਹੱਲ ਨਹੀਂ ਤਾਂ ਤਾਰ ਮਿਸਤਰੀ ਨੇ ਰਹਿਮ ਕਰਦਿਆਂ ਕਿਹਾ ਕਿ ਜੇ ਤੂੰ ਪੈਸੇ ਦੇਣੇ ਹੋਏ ਤਾਂ ਦੇ ਦੇਵੀਂ ਮੈਂ ਤੇਰੇ ਬੱਚਿਆਂ ਅੱਗੋਂ ਟੈਲੀਵੀਜ਼ਨ ਨਹੀਂ ਚੁੱਕਾਂਗਾ। ਜੇ ਮੈਂ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਤੇਰੇ ਬੱਚੇ ਕੀ ਕਹਿਣਗੇ ਅਤੇ ਉਹ ਤੇਰੇ ਬਾਰੇ ਕੀ ਸੋਚਣਗੇ ਇਹ ਗੱਲ ਸੁਣ ਕੇ ਸਭ ਹੈਰਾਨ ਹੋ ਗਏ।


-ਧਨੌਲਾ 148105 (ਬਰਨਾਲਾ) ਮੋਬਾਈਲ : 97810-48055

ਵਿਸ਼ਵਾਸ

ਪੋਸਟਮੈਨ ਨੇ ਜਗਦੀਪ ਦਾ ਬੂਹਾ ਖੜਕਾ ਕੇ ਉਸ ਨੂੰ ਇਕ ਲਿਫ਼ਾਫ਼ਾ ਫੜਾਇਆ, ਜਿਸ ਵਿਚ ਉਸ ਦਾ ਪਾਸਪੋਰਟ ਸੀ। ਪੋਸਟਮੈਨ ਨੂੰ ਖੁਸ਼ ਕਰਕੇ ਜਦ ਉਸ ਨੇ ਲਿਫ਼ਾਫ਼ਾ ਖੋਲ੍ਹਿਆ ਤਾਂ ਖੁਸ਼ੀ ਵਿਚ ਖੀਵਾ ਹੋ ਗਿਆ। ਉਹ ਬੀ.ਏ. ਤੱਕ ਪੜ੍ਹਿਆ ਸੀ ਪਰ ਬੇਰੁਜ਼ਗਾਰ ਸੀ, ਹੁਣ ਉਸ ਨੂੰ ਪਾਸਪੋਰਟ ਮਿਲ ਜਾਣ 'ਤੇ ਵਿਦੇਸ਼ ਜਾਣ ਦੀ ਆਸ ਨੂੰ ਬੂਰ ਪੈਣ ਦੇ ਸੁਪਨੇ ਚਮਕਣ ਲੱਗੇ।
ਉਸ ਨੇ ਆਪਣੇ ਡੈਡੀ ਨੂੰ ਜਦ ਪਾਸਪੋਰਟ ਵਿਖਾਇਆ ਤਾਂ ਉਸ ਨੇ ਕਿਹਾ, 'ਚੰਗਾ ਹੋਇਆ ਤੂੰ ਹਿੰਮਤ ਨਾਲ ਬਣਾ ਲਿਆ, ਇਹ ਕਿਹੜਾ ਬਣਾਉਣਾ ਸੌਖਾ ਐ ਤੇ ਬਿਨਾਂ ਵਸੀਲੇ ਤੇ ਪੈਸੇ ਬਿਨਾਂ ਇਹ ਪਾਸਪੋਰਟ ਲੋਕਾਂ ਦੇ ਦੱਬੇ ਰਹਿ ਜਾਂਦੇ ਹਨ।' ਜਦੋਂ ਜਗਦੀਪ ਨੇ ਆਪਣੀ ਮਾਤਾ ਨੂੰ ਪਾਸਪੋਰਟ ਬਾਰੇ ਦੱਸਿਆ ਤਾਂ ਉਸ ਨੇ ਕਿਹਾ, 'ਚੰਗਾ ਪੁੱਤ ਇਥੇ ਤਾਂ ਕੋਈ ਰੁਜ਼ਗਾਰ ਨਹੀਂ ਮਿਲਦਾ, ਗੁਰੂ ਜੀ ਮਿਹਰ ਕਰਨਗੇ ਤੇ ਤੂੰ ਵਿਦੇਸ਼ ਜਾ ਕੇ ਸਾਡੇ ਬੁਢੇਪੇ ਦੀ ਡੰਗੋਰੀ ਬਣੇਂਗਾ।
ਮਾਤਾ ਧਾਰਮਿਕ ਵਿਚਾਰਾਂ ਦੀ ਹੋਣ ਕਰਕੇ ਉਸ ਨੇ ਫਿਰ ਕਿਹਾ, 'ਬੇਟਾ ਜਦ ਤੇਰੀ ਬਾਬੇ ਨੇ ਤਮੰਨਾ ਪੂਰੀ ਕਰ ਦਿੱਤੀ ਤਾਂ ਤੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਵੀਂ, ਬਾਹਰ ਜਾ ਕੇ ਤਾਂ ਲੋਕ ਪੈਸੇ ਕਮਾਉਣ ਦੀ ਹੋੜ ਵਿਚ ਸਭ ਨੂੰ ਭੁੱਲ ਜਾਂਦੇ ਹਨ ਅਤੇ ਧਾਰਮਿਕ ਅਸਥਾਨਾਂ ਨੂੰ ਵੀ।
ਜਗਦੀਪ ਨੇ ਕਿਹਾ, 'ਮਾਤਾ ਜੀ ਗੁਰੂ ਨਾਨਕ ਤਾਂ ਸਿੱਖਾਂ ਦੇ ਤਾਂ ਕੀ ਉਹ ਤਾਂ ਘਟ-ਘਟ ਦੇ ਵਿਚ ਸਮਾਇਆ ਹੋਇਆ ਹੈ ਪਰ ਮੈਂ ਵਾਅਦਾ ਕਰਦਾ ਹਾਂ ਕਿ ਜਦ ਵੀ ਮੈਂ ਵਿਦੇਸ਼ ਤੋਂ ਵਾਪਸ ਆਇਆ ਤਾਂ ਮੈਂ ਤੈਨੂੰ ਅਤੇ ਡੈਡੀ ਨੂੰ ਵੀ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਵਾਂਗਾ, ਪਾਕਿਸਤਾਨ ਹਰ ਸਾਲ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਵੀਜ਼ਾ ਦਿੰਦਾ ਹੈ। ਦਸਵੇਂ ਪਾਤਸ਼ਾਹ ਨੇ ਤਾਂ ਸਾਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਹਰ ਦੁੱਖ-ਸੁੱਖ ਵਿਚ ਸਹਾਈ ਹੋਣ ਲਈ ਬਖ਼ਸ਼ਿਆ ਹੈ। ਆਪਾਂ ਸਾਰਾ ਪਰਿਵਾਰ ਆਪਣੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਪਣੇ ਘਰ ਕਰਵਾਵਾਂਗੇ।'
'ਚੰਗਾ ਪੁੱਤਰਾ ਮੈਨੂੰ ਅਨਪੜ੍ਹ ਨੂੰ ਕੀ ਪਤਾ ਹੈ ਕਿ ਗੁਰੂ ਨਾਨਕ ਜੀ ਦੇ ਦਰਸ਼ਨ ਆਪਣੇ ਗੁਰਦੁਆਰਾ ਸਾਹਿਬ ਵਿਚ ਹੀ ਮਹਾਰਾਜ ਦੀ ਹਜ਼ੂਰੀ ਵਿਚ ਮੱਥਾ ਟੇਕਣ ਨਾਲ ਹੋ ਜਾਂਦੇ ਹਨ। ਮੈਂ ਤਾਂ ਭਲਾ ਹੋਈ ਅਨਪੜ੍ਹ ਪਰ ਏਨਾ ਪੜ੍ਹੇ ਹੋਏ ਨੌਜਵਾਨਾਂ ਦੀ ਕੀ ਮੱਤ ਮਾਰੀ ਗਈ ਕਿ ਇਹ ਨਸ਼ਿਆਂ ਦੀ ਦਲਦਲ ਵਿਚ ਆਪਣਾ ਜੀਵਨ ਤਬਾਹ ਕਰ ਰਹੇ ਹਨ। ਇਹ ਕਿਉਂ ਨਹੀਂ ਗੁਰੂ ਨਾਨਕ ਦੇ ਲੜ ਲੱਗਦੇ। ਬਾਬੇ ਨਾਨਕ ਨੇ ਤਾਂ ਜਿਸ ਦੀ ਵੀ ਉਂਗਲ ਫੜ ਲਈ ਉਸ ਦਾ ਬੇੜਾ ਪਾਰ ਹੋ ਗਿਆ।' ਹੁਣ ਮਾਤਾ ਗੁਰਦੁਆਰਾ ਸਾਹਿਬ ਜਾਣ ਦੀ ਤਿਆਰੀ ਕਰ ਰਹੀ ਸੀ।


-ਮੋਬਾਈਲ : 97795-27418.

ਕਰਾਮਾਤ

* ਮੂਲ ਲੇਖਕ : ਸਆਦਤ ਹਸਨ ਮੰਟੋ
ਲੁੱਟਿਆ ਹੋਇਆ ਮਾਲ ਬਰਾਮਦ ਕਰਨ ਲਈ ਪੁਲਿਸ ਨੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ।
ਲੋਕਾਂ ਨੇ ਡਰਦਿਆਂ ਲੁੱਟਿਆ ਹੋਇਆ ਮਾਲ ਰਾਤ ਦੇ ਹਨੇਰੇ 'ਚ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਨੇ ਚੋਰੀ ਦਾ ਮਾਲ ਬਾਹਰ ਸੁੱਟ ਦਿੱਤਾ ਉਹ ਕਾਨੂੰਨੀ ਗ੍ਰਿਫ਼ਤ ਤੋਂ ਬਚ ਗਏ।
ਇਕ ਆਦਮੀ ਨੂੰ ਬਹੁਤ ਮੁਸ਼ਕਿਲ ਆਈ ਕਿਉਂਕਿ ਉਸ ਕੋਲ ਦੋ ਸ਼ੱਕਰ ਦੀਆਂ ਬੋਰੀਆਂ ਸਨ ਜੋ ਉਸ ਨੇ ਪੰਸਾਰੀ ਦੀ ਦੁਕਾਨ ਤੋਂ ਲੁੱਟੀਆਂ ਸਨ। ਇਕ ਬੋਰੀ ਤਾਂ ਉਹ ਰਾਤ ਦੇ ਹਨੇਰੇ 'ਚ ਨੇੜਲੇ ਖੂਹ 'ਚ ਸੁੱਟ ਆਇਆ। ਜਦੋਂ ਦੂਸਰੀ ਬੋਰੀ ਖੂਹ 'ਚ ਸੁੱਟਣ ਗਿਆ ਤਾਂ ਬੋਰੀ ਦੇ ਨਾਲ ਉਹ ਵੀ ਖੂਹ 'ਚ ਡਿੱਗ ਪਿਆ।
ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਖੂਹ 'ਚ ਰੱਸੀਆਂ ਲਟਕਾਈਆਂ ਗਈਆਂ। ਕੁਝ ਨੌਜਵਾਨ ਖੂਹ 'ਚ ਉਤਰੇ ਤੇ ਉਸ ਆਦਮੀ ਨੂੰ ਖੂਹ 'ਚੋਂ ਬਾਹਰ ਕੱਢ ਲਿਆ ਗਿਆ ਪਰ ਉਹ ਥੋੜ੍ਹੀ ਦੇਰ ਬਾਅਦ ਮਰ ਗਿਆ।
ਦੂਸਰੇ ਦਿਨ ਜਦੋਂ ਲੋਕਾਂ ਨੇ ਪੀਣ ਲਈ ਖੂਹ 'ਚੋਂ ਪਾਣੀ ਕੱਢਿਆ ਤਾਂ ਪਾਣੀ ਮਿੱਠਾ ਸੀ। ਬੇਸਮਝ ਲੋਕਾਂ ਨੇ ਬਿਨਾਂ ਸੋਚੇ ਸਮਝੇ ਉਸ ਮਰ ਚੁੱਕੇ ਆਦਮੀ ਦੀ ਕਬਰ 'ਤੇ ਸਮਾਧ ਬਣਾ ਦਿੱਤੀ। ਉਸ ਸਮਾਧ 'ਤੇ 24 ਘੰਟੇ ਚਰਾਗ ਬਲਣ ਲੱਗ ਪਏ ਤੇ ਮੱਥਾ ਟੇਕਣ ਵਾਲਿਆਂ ਦਾ ਤਾਂਤਾ ਲੱਗਣ ਲੱਗ ਪਿਆ।


-511, ਖਹਿਰਾ ਇਨਕਲੇਵ, ਜਲੰਧਰ-144007.

ਆਪਣਾ ਘਰ

ਇਕ ਦਿਨ ਪਾਣੀ ਚੈੱਕ ਕਰਨ ਵਾਲੇ ਸਕੂਲ ਵਿਚ ਆ ਗਏ। ਅਧਿਆਪਕ ਪੰਜਵੀਂ ਕਲਾਸ ਵਿਚ ਜਾ ਕੇ ਬੱਚਿਆਂ ਨੂੰ ਕਹਿਣ ਲੱਗਾ, 'ਬੱਚਿਓ, ਆਪਣੇ ਘਰੋਂ ਇਕ-ਇਕ ਬੋਤਲ ਪੀਣ ਵਾਲੇ ਪਾਣੀ ਦੀ ਲੈ ਕੇ ਆਓ। ਸਾਰੇ ਬੱਚੇ ਆਪਣੇ-ਆਪਣੇ ਘਰ ਚਲੇ ਗਏ। ਗਗਨਦੀਪ ਉਥੇ ਹੀ ਬੈਠੀ ਰਹੀ। ਅਧਿਆਪਕ ਗਗਨਦੀਪ ਨੂੰ ਕਹਿਣ ਲੱਗੇ, 'ਬੇਟਾ ਤੂੰ ਕਿਉਂ ਨਹੀਂ ਗਈ ਆਪਣੇ ਘਰੇ ਪਾਣੀ ਲੈਣ?' ਗਗਨਦੀਪ ਕਹਿਣ ਲੱਗੀ, 'ਸਰ ਜੀ ਤੁਸੀਂ ਕਿਹਾ ਸੀ ਆਪਣੇ ਘਰੋਂ ਪਾਣੀ ਲੈ ਕੇ ਆਉਣਾ ਹੈ, ਪਰ ਮੇਰਾ ਇਥੇ ਕੋਈ ਆਪਣਾ ਘਰ ਨਹੀਂ ਐ। ਮੇਰੀ ਮਾਂ ਕਹਿੰਦੀ ਹੁੰਦੀ ਐ, ਇਹ ਘਰ ਮੇਰੇ ਵੀਰੇ ਅਮਰਪਾਲ ਦਾ ਹੈ, ਤੇਰਾ ਘਰ ਤਾਂ ਕਿਤੇ ਹੋਰ ਈ ਐ।'


-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ ਫੋਨ : 94176-17337

ਕਾਸ਼! ਗੱਲ ਸੱਚ ਹੋਵੇ

ਉਸ ਦਾ ਬਾਪ ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਸੀ। ਘਰ ਵੜਦਿਆਂ ਸਾਰ ਹੀ ਘਰ ਦੇ ਹਰ ਜੀਅ ਨੂੰ ਗਾਲ੍ਹਾਂ ਕੱਢਦਾ। ਛੋਟੀ-ਛੋਟੀ ਗੱਲ 'ਤੇ ਬੱਚਿਆਂ ਦੀ ਕੁੱਟ-ਮਾਰ ਕਰਦਾ। ਜਦ ਤੱਕ ਸੌਂ ਨਾ ਜਾਂਦਾ ਤਦ ਤੱਕ ਇਹੀ ਡਰਾਮਾ ਹੁੰਦਾ। ਪਰ ਹੁਣ ਜਦ ਦੇ ਨਰਾਤੇ ਸ਼ੁਰੂ ਹੋਏ, ਉਹ ਇਕਦਮ ਬਦਲ ਗਿਆ। ਸ਼ਾਮ ਨੂੰ ਵੇਲੇ ਸਿਰ ਘਰ ਆ ਜਾਂਦਾ। ਬੱਚਿਆਂ ਵਾਸਤੇ ਮਠਿਆਈ, ਫਲ ਆਦਿ ਲੈ ਕੇ ਆਉਂਦਾ। ਉਨ੍ਹਾਂ ਨੂੰ ਬਾਜ਼ਾਰ ਘੁੰਮਾਉਣ ਲੈ ਜਾਂਦਾ। ਘਰ 'ਚ ਪਿਆਰ ਅਤੇ ਸ਼ਾਂਤੀ ਹਰ ਪਾਸੇ ਪੱਸਰੀ ਹੋਈ ਸੀ। ਹਰ ਰੋਜ਼ ਸਵੇਰੇ ਮੰਦਿਰ ਜਾਂਦਾ। ਪਰ ਬੱਚਿਆਂ ਨੂੰ ਅਤੇ ਘਰ ਦੇ ਹਰ ਬੰਦੇ ਨੂੰ ਪਤਾ ਸੀ ਕਿ ਨਰਾਤੇ ਖ਼ਤਮ ਹੋਣ ਤੋਂ ਬਾਅਦ ਫਿਰ ਤੋਂ ਘਰ 'ਚ ਸ਼ਰਾਬੀ ਬਾਪ ਨੇ ਕਲ੍ਹਾ-ਕਲੇਸ਼ ਪਾ ਦੇਣਾ ਹੈ। ਇਹ ਸਭ ਦੇਖ ਕੇ ਅੱਠ ਸਾਲਾਂ ਦੀ ਬੱਚੀ ਨੇ ਆਪਣੀ ਮਾਂ ਤੋਂ ਪੁੱਛਿਆ, 'ਮੰਮਾ ਜੀ ਕੀ ਨਰਾਤੇ ਸਾਰਾ ਸਾਲ ਨਹੀਂ ਰਹਿ ਸਕਦੇ?' ਇਸ 'ਤੇ ਉਸ ਦੀ ਮਾਂ ਨੇ ਠੰਢਾ ਸਾਹ ਛੱਡਦੇ ਹੋਏ ਕਿਹਾ, 'ਪੰਮੀ ਪੁੱਤ ਕਾਸ਼! ਤੇਰੀ ਗੱਲ ਸੱਚ ਹੋ ਜਾਵੇ।'


-ਮਕਾ: ਨੰ: 1529/13-ਏ, ਗਲੀ ਨੰ: 5, ਜਗਦੰਬੇ ਕਾਲੋਨੀ, ਬਟਾਲਾ ਰੋਡ, ਅੰਮ੍ਰਿਤਸਰ-143001.

ਬਦਨੀਤੇ

'ਅੱਜ ਸੱਥ ਵਿਚ ਰੌਣਕ ਘੱਟ ਈ ਜਾਪ ਰਹੀ ਹੈ, ਕਿਥੇ ਗਏ ਜੁਆਨ?' ਬਾਬਾ ਸੰਤਾ ਸਿੰਘ ਨੇ ਥੜ੍ਹੇ 'ਤੇ ਬਹਿੰਦਿਆਂ ਆਖਿਆ। 'ਆ ਬਹਿ ਜਾ ਬਾਬਾ, ਸਾਹ ਲੈ ਲਾ। ਆਪਣੇ ਜੁਆਨ ਗਏ ਨੇ ਧਰਨਾ ਲਾਉਣ ਮੁਹਾਲੀ, ਕਹਿੰਦੇ ਸਰਕਾਰ ਸਾਨੂੰ ਪੱਕਾ ਨਹੀਂ ਕਰਦੀ ਪਈ', ਫ਼ੌਜੀ ਨਾਜਰ ਬੋਲਿਆ।
'ਸਰਕਾਰ ਨੂੰ ਰੁਜ਼ਗਾਰ ਪੱਕਾ ਈ ਦੇਣਾ ਚਾਹੀਦਾ ਜਦ ਆਪ ਇਹ ਪੰਜ ਸਾਲ ਪੱਕੇ ਕੈਬਨਿਟ ਮੰਤਰੀ ਬਣ ਸਭ ਸੁੱਖ ਸਹੂਲਤਾਂ ਲੈਂਦੇ ਨੇ। ਤੂੰ ਇਉਂ ਕਰ ਮੈਨੂੰ ਅਖ਼ਬਾਰ 'ਚੋਂ ਖ਼ਬਰਾਂ ਸੁਣਾ', ਬਾਬੇ ਸੰਤੇ ਨੇ ਕਿਹਾ।
'ਬਾਬਾ, ਖ਼ਬਰਾਂ ਮਾੜੀਆਂ ਈ ਨੇ... ਲੈ ਸੁਣ ਫਿਰ, ਸਾਲ ਦੇ ਦਿਨਾਂ ਤੋਂ ਵੱਧ ਕਿਸਾਨਾਂ ਕੀਤੀਆਂ ਖ਼ੁਦਕੁਸ਼ੀਆਂ, ਅਧਿਆਪਕਾਂ ਦੀ ਤਨਖਾਹ ਘੱਟ ਕਰਕੇ ਸਰਕਾਰ ਭਰੂ ਆਵਦਾ ਖਜ਼ਾਨਾ, ਹਰ ਸੱਤ ਵਰ੍ਹਿਆਂ ਬਾਅਦ ਹੋਊ ਅਧਿਆਪਕਾਂ ਦੀਆਂ ਬਦਲੀਆਂ, ਬੈਂਕ ਘੁਟਾਲੇ ਕਰਨ ਵਾਲਿਆਂ ਦੀਆਂ ਮੌਜਾਂ, ਆਟਾ ਦਾਲ ਸਕੀਮ ਹੋਈ ਠੁੱਸ', ਫ਼ੌਜੀ ਨਾਜਰ ਸਿਉਂ ਬੋਲਿਆ।
'ਵਾਹਿਗੁਰੂ ਵਾਹਿਗੁਰੂ! ਇਹ ਤਾਂ ਬਾਹਲਾ ਕੰਮ ਮਾੜਾ ਹੋਇਆ ਪਿਆ, ਜੇ ਸਰਕਾਰ ਨੇ ਖਜ਼ਾਨਾ ਭਰਨਾ ਤਾਂ ਪਹਿਲਾ ਆਵਦੀਆਂ ਪੈਨਸ਼ਨਾਂ ਬੰਦ ਕਰਾ ਕੇ ਆਪਣੀਆਂ ਤਨਖਾਹਾਂ ਨਾ ਲੈਣ, ਦੇਖੀ ਕਿੱਦਾਂ ਖਜ਼ਾਨਾ ਭਰਦਾ। ਰਹੀ ਗੱਲ ਬਦਲੀਆਂ ਵਾਲੀ, ਜਿਥੇ ਵੱਡੇ ਲੋਕਾਂ ਦੀਆਂ ਸਿਫਾਰਸ਼ਾਂ ਵਾਲੇ ਕਿੰਨੇ ਕਿੰਨੇ ਸਾਲਾਂ ਦੇ ਬੈਠੇ ਨੇ ਤੇ ਸਕੂਲ ਦਾ ਕੁਝ ਵੀ ਨਹੀਂ ਸਵਾਰਿਆ, ਭਲਾ ਉਨ੍ਹਾਂ ਦੀਆਂ ਹੋਣਗੀਆਂ ਬਦਲੀਆਂ', ਬਾਬਾ ਸੰਤਾ ਬੋਲਿਆ।
'ਬਾਬਾ ਤੂੰ ਵੀ ਭੋਲਾ ਈ ਆ, ਆਪਣੇ ਮੰਤਰੀ ਤਾਂ ਬਦਨੀਤੇ ਨੇ, ਇਨ੍ਹਾਂ ਕੋਲ ਕਿਥੇ ਜਿਊਂਦਾ ਜਮੀਰ। ਆਪਣੇ ਧੀਆਂ-ਪੁੱਤਾਂ ਨੂੰ ਸਰਕਾਰੀ ਸੱਤਾ ਦੀ ਕੁਰਸੀ 'ਤੇ ਬਿਠਾਉਣ ਦੀਆਂ ਬਦਨੀਤੀਆਂ ਦਾ ਹੀ ਇਹ ਨਤੀਜਾ ਹੈ। ਅਜੇ ਤਾਂ ਹਾਲ ਇਸ ਤੋਂ ਵੀ ਭੈੜਾ ਕਰਨਗੇ ਇਹ ਕਾਲੇ ਅੰਗਰੇਜ਼, ਜੇ ਲੋਕ ਇਕ ਮੁੱਠ ਨਾ ਹੋਏ', ਫ਼ੌਜੀ ਨਾਜਰ ਸਿੰਘ ਨੇ ਕਿਹਾ।


-ਨੰਗਲ ਅੰਬੀਆਂ।

ਕੰਜਕ

ਰੱਜੋ ਆਪਣੇ ਪੰਜ ਭੈਣ-ਭਰਾਵਾਂ ਦੀ ਸਭ ਤੋਂ ਛੋਟੀ ਭੈਣ ਸੀ। ਸਭ ਤੋਂ ਵੱਡੇ ਭਰਾ ਦੀ ਉਮਰ ਵੀਹ ਕੁ ਸਾਲ ਦੀ ਸੀ। ਉਸ ਤੋਂ ਬਾਅਦ ਰੱਜੋ ਦਾ ਨੰਬਰ ਪੰਜਵਾਂ ਸੀ। ਉਸ ਦੀ ਉਮਰ ਮਸਾਂ ਅੱਠ ਕੁ ਸਾਲ ਦੀ ਸੀ। ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਿਆ ਕਰਦੀ ਸੀ। ਉਸ ਦੀ ਇਕ ਭੈਣ ਅਤੇ ਭਰਾ ਨੇੜੇ ਦੇ ਕਿਸੇ ਸਰਕਾਰੀ ਸਕੂਲ 'ਚ ਪੜ੍ਹਦੇ ਸਨ। ਸ਼ਾਇਦ ਉਨ੍ਹਾਂ ਦੀ ਐਨੀ ਹੀ ਹਿੰਮਤ ਸੀ ਕਿ ਉਨ੍ਹਾਂ ਨੇ ਰੱਜੋ ਨੂੰ ਸਕੂਲ ਪੜ੍ਹਨ ਨਹੀਂ ਭੇਜਿਆ। ਰੱਜੋ ਸਾਰਾ ਦਿਨ ਘਰ ਵਿਚ ਹੀ ਖੇਡਦੀ ਰਹਿੰਦੀ। ਜਦੋਂ ਮਾਂ ਘਰ ਆਉਂਦੀ ਤਾਂ ਰੱਜੋ ਲਈ ਕੁਝ ਨਾ ਕੁਝ ਖਾਣ ਵਾਸਤੇ ਜ਼ਰੂਰ ਲਿਆਉਂਦੀ। ਉਨ੍ਹਾਂ ਦਾ ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਜਿਥੇ ਉਨ੍ਹਾਂ ਵਰਗੇ ਬਾਕੀ ਦਿਹਾੜੀਦਾਰ ਆਪਣਾ ਟਾਈਮ ਪਾਸ ਕਰਦੇ ਸਨ।
ਇਕ ਦਿਨ ਰੱਜੋ ਕੋਲ ਉਸ ਦਾ ਗੁਆਂਢੀ ਮੰਗਲ ਆਇਆ, ਜਿਸ ਨੂੰ ਰੱਜੋ ਅੰਕਲ ਕਹਿ ਕੇ ਬੁਲਾਉਂਦੀ ਸੀ। ਇਕ ਦਿਨ ਉਹ ਰੱਜੋ ਕੋਲ ਆਇਆ ਅਤੇ ਕਹਿਣ ਲੱਗਾ, 'ਰੱਜੋ ਚੱਲ ਮੈਂ ਤੈਨੂੰ ਤੇਰੀ ਮੰਮੀ ਕੋਲ ਲੈ ਜਾਵਾਂ। ਨਾਲੇ ਮੈਂ ਤੈਨੂੰ ਚੀਜ਼ੀ ਵੀ ਲੈ ਕੇ ਦੇਵਾਂਗਾ। ਰੱਜੋ ਇਹ ਸੁਣ ਕੇ ਬਹੁਤ ਖੁਸ਼ ਹੋਈ ਅਤੇ ਉਸ ਨਾਲ ਚੱਲ ਪਈ। ਪਰ ਉਹ ਮਾਸੂਮ ਬਾਲੜੀ ਮੰਗਲ ਅੰਕਲ ਦੇ ਅੰਦਰ ਵਸੇ ਸ਼ੈਤਾਨ ਤੋਂ ਬਿਲਕੁਲ ਅਣਜਾਣ ਸੀ। ਤੁਰੀ ਜਾਂਦੀ ਰੱਜੋ ਨੇ ਪੁੱਛਿਆ, 'ਅੰਕਲ ਇਸ ਵਾਰ ਤੁਸੀਂ ਕੰਜਕਾਂ ਬੁਲਾਣੀਆਂ ਹਨ?' ਕਿਉਂ? ਮੰਗਲ ਨੇ ਪੁੱਛਿਆ। ਰੱਜੋ ਨੇ ਕਿਹਾ, 'ਅੰਕਲ ਪਿਛਲੀ ਵਾਰ ਜਦੋਂ ਤੁਸੀਂ ਕੰਜਕਾਂ ਬੁਲਾਈਆਂ ਸੀ ਤਾਂ ਮੈਂ ਵੀ ਆਈ ਸੀ। ਤੁਸੀਂ ਮੇਰੇ ਪੈਰ ਧੋਤੇ ਸੀ, ਲਾਲ ਟਿੱਕਾ, ਚੂੜ੍ਹੀਆਂ, ਪੈਸੇ ਅਤੇ ਕਿੰਨਾ ਕੁਝ ਦਿੱਤਾ ਸੀ। ਫਿਰ ਮੇਰੇ ਪੈਰੀਂ ਹੱਥ ਵੀ ਲਾਇਆ ਸੀ। ਇਸ ਵਾਰ ਕੰਜਕਾਂ ਨਹੀਂ ਕਰਨੀਆਂ?
ਇਹ ਗੱਲ ਸੁਣ ਕੇ ਮੰਗਲ ਦੇ ਕਦਮ ਰੁੱਕ ਗਏ, ਜਿਵੇਂ ਸਰੀਰ ਵਿਚ ਖ਼ੂਨ ਜੰਮ ਗਿਆ ਹੋਵੇ। ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਤੇ ਉਥੇ ਹੀ ਬੈਠ ਗਿਆ। ਕਹਿਣ ਲੱਗਾ, 'ਹੇ ਮੇਰੇ ਰੱਬਾ ਇਹ ਮੈਂ ਕੀ ਕਰਨ ਲੱਗਾ ਸੀ। ਮੈਨੂੰ ਮਾਫ਼ ਕਰ ਦੇ ਮੈਂ ਪਾਪੀ ਹਾਂ, ਮੈਂ ਪਾਪੀ ਹਾਂ।' ਇਹ ਕਹਿ ਕੇ ਉਸ ਨੇ ਰੱਜੋ ਦੇ ਪੈਰੀਂ ਹੱਥ ਲਾਇਆ ਅਤੇ ਉਸ ਨੂੰ ਵਾਪਸ ਉਸ ਦੇ ਘਰ ਛੱਡ ਗਿਆ।'


-ਜਲੰਧਰ।
ਮੋਬਾਈਲ : 98762-22759.

ਵੋਟਰ ਬਨਾਮ ਗੰਨਾ

ਲੋਕ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਸਿਖ਼ਰ 'ਤੇ ਹੈ। ਰਿਕਸ਼ੇ, ਰੇਹੜੀਆਂ ਅਤੇ ਗੱਡੀਆਂ 'ਤੇ ਬੰਨ੍ਹੇ ਸਪੀਕਰ ਕੰਨ ਪਾੜਵੀਆਂ ਆਵਾਜ਼ਾਂ ਨਾਲ ਸ਼ਹਿਰਾਂ/ਪਿੰਡਾਂ ਦੀ ਸ਼ਾਂਤੀ ਭੰਗ ਕਰ ਰਹੇ ਹਨ। ਰੈਲੀਆਂ ਵਿਚ ਲੀਡਰ ਇਕ-ਦੂਜੇ ਦੇ ਪੋਤੜੇ ਫਰੋਲ ਰਹੇ ਹਨ। ਪਰ ਵੋਟਰ ਬਾਦਸ਼ਾਹ ਖਾਮੋਸ਼ ਇਹ ਸਭ ਤਮਾਸ਼ਾ ਦੇਖ ਰਿਹਾ ਹੈ। ਉਸ ਨੂੰ ਇਹ ਵਹਿਮ ਹੈ ਕਿ ਨਵੀਂ ਸਰਕਾਰ ਉਸ ਦੀ ਮਰਜ਼ੀ ਨਾਲ ਚੁਣੀ ਜਾਵੇਗੀ। ਵੋਟ ਪਵਾਉਣ ਲਈ ਵੋਟਰ ਨੂੰ ਖ਼ਰੀਦਿਆ ਵੀ ਜਾਵੇਗਾ, ਡਰਾਇਆ ਵੀ ਜਾਵੇਗਾ, ਕੁੱਟਿਆ ਵੀ ਜਾਵੇਗਾ, ਏ. ਵੀ. ਐਮ. ਮਸ਼ੀਨਾਂ ਵਿਚ ਗੜਬੜ ਵੀ ਕੀਤੀ ਜਾ ਸਕਦੀ ਹੈ। ਮੁੱਕਦੀ ਗੱਲ ਸੱਤ੍ਹਾਧਾਰੀ ਧਿਰ ਚੋਣ ਜਿੱਤਣ ਲਈ ਹਰ ਹਰਬਾ ਵਰਤੇਗੀ। ਜੇਕਰ ਫਿਰ ਵੀ ਵਿਰੋਧੀ ਧਿਰ ਜਿੱਤ ਜਾਂਦੀ ਹੈ ਤਾਂ ਵੋਟਰ ਨੂੰ ਫਿਰ ਵੀ ਕੋਈ ਫ਼ਰਕ ਨਹੀਂ ਪੈਣਾ। ਕਿਉਂਕਿ ਭਾਵੇਂ ਛੁਰੀ ਖ਼ਰਬੂਜ਼ੇ 'ਤੇ ਡਿੱਗੇ, ਭਾਵੇਂ ਖ਼ਰੂਬਜ਼ਾ ਛੁਰੀ 'ਤੇ ਡਿੱਗੇ, ਕੱਟਿਆ ਤਾਂ ਖਰਬੂਜ਼ੇ ਨੇ ਹੀ ਜਾਣੈ ਪਰ ਗੱਲ ਖ਼ਰਬੂਜ਼ੇ ਤੋਂ ਚੱਲ ਕੇ ਹੁਣ ਗੰਨੇ ਤੱਕ ਪਹੁੰਚ ਗਈ ਹੈ।
ਇਹ ਸਿਆਸੀ ਲੋਕ ਵੋਟਰ ਨੂੰ ਗੰਨਾ ਸਮਝਦੇ ਨੇ। ਇਕ ਧਿਰ ਵੋਟਰ ਨੂੰ ਘੁਲਾੜੀ ਵਿਚੋਂ ਲੰਘਾ ਦਿੰਦੀ ਹੈ। ਫਿਰ ਦੂਜੀ ਧਿਰ ਜਿੱਤ ਕੇ ਵੋਟਰ-ਗੰਨੇ ਨੂੰ ਦੂਹਰਾ ਕਰਕੇ ਘੁਲਾੜੀ ਵਿਚੋਂ ਲੰਘਾ ਦਿੰਦੀ ਹੈ ਅਤੇ ਪਹਿਲੀ ਧਿਰ ਜਿੱਤ ਕੇ ਵੋਟਰ-ਗੰਨੇ ਨੂੰ ਘੁਲਾੜੀ ਵਿਚੋਂ ਤੀਹਰਾ ਕਰ ਕੇ ਲੰਘਾ ਦਿੰਦੀ ਹੈ। ...ਤੇ ਵੋਟਰ ਵਿਚਾਰਾ ਇਹ ਸੋਚਣ ਲਈ ਮਜਬੂਰ ਹੋ ਜਾਂਦੈ ਕਿ ਇਸ ਤੋਂ ਤਾਂ ਪਹਿਲੀ ਸਰਕਾਰ ਹੀ ਚੰਗੀ ਸੀ। ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਹੁਣ ਤੱਕ ਇਹੋ ਖੇਡ ਚੱਲ ਰਹੀ ਹੈ।


-ਪਿੰਡ ਤੇ ਡਾਕ: ਭਲੂਰ (ਮੋਗਾ)
ਮੋਬਾਈਲ : 99159-95505.

ਰੰਗ ਤੇ ਵਿਅੰਗ

ਅੰਨ੍ਹਾ
ਪਤਨੀ (ਪਤੀ ਨੂੰ)-ਅੱਜਕਲ੍ਹ ਦੇ ਫਕੀਰ ਬੜੇ ਫਰੇਬੀ ਹੁੰਦੇ ਹਨ।
ਪਤੀ-ਉਹ ਕਿਉਂ?
'ਹੋਇਆ ਇਹ ਕਿ ਇਕ ਫਕੀਰ ਆਇਆ, ਉਸ ਦੇ ਗਲੇ ਵਿਚ ਇਕ ਤਖ਼ਤੀ ਲਟਕੀ ਹੋਈ ਸੀ, ਜਿਸ 'ਤੇ ਲਿਖਿਆ ਹੋਇਆ ਸੀ, 'ਜਨਮ ਤੋਂ ਅੰਨ੍ਹਾ।' ਜਦੋਂ ਮੈਂ ਕੁਝ ਦਿੱਤਾ ਤਾਂ ਉਹ ਬੋਲਿਆ, 'ਹੇ ਸੁੰਦਰੀ! ਤੂੰ ਖੁਸ਼ ਰਹਿ। ਦੱਸੋ ਉਸ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਸੁੰਦਰ ਹਾਂ?' ਪਤਨੀ ਨੇ ਦੱਸਿਆ।
ਪਤੀ ਹੱਸ ਕੇ ਬੋਲਿਆ, 'ਵਿਚਾਰਾ, ਫਿਰ ਤਾਂ ਉਹ ਸੱਚਮੁੱਚ ਅੰਨ੍ਹਾ ਸੀ।'
ਸੁਪਨਾ
ਇਕ ਪਤਨੀ ਨੇ ਸਵੇਰੇ ਉਠਦੇ ਹੀ ਆਪਣੇ ਪਤੀ ਨੂੰ ਆਪਣਾ ਰਾਤ ਵਾਲਾ ਸੁਪਨਾ ਸੁਣਾਉਂਦੇ ਹੋਏ ਕਿਹਾ, 'ਰਾਤ ਨੂੰ ਤੁਸੀਂ ਮੈਨੂੰ ਇਕ ਗਹਿਣਿਆਂ ਦੀ ਦੁਕਾਨ 'ਤੇ ਲੈ ਕੇ ਗਏ ਸੀ, ਉਥੇ ਤੁਸੀਂ ਮੇਰੀ ਪਸੰਦ ਦਾ ਇਕ ਸੋਹਣਾ ਜਿਹਾ ਹਾਰ ਖਰੀਦਿਆ। ਜਿਵੇਂ ਹੀ ਤੁਸੀਂ ਉਹ ਹਾਰ ਖਰੀਦਿਆ, ਮੈਂ ਸਮਝ ਗਈ ਕਿ ਇਹ ਸੁਪਨਾ ਹੀ ਹੈ।'


-ਸੁਖਮੰਦਰ ਸਿੰਘ ਤੂਰ,
ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਕਾਵਿ-ਵਿਅੰਗ

ਲੀਡਰਾਂ ਦੇ ਨਾਂਅ
* ਪ੍ਰਿੰ: ਨਵਰਾਹੀ ਘੁਗਿਆਣਵੀ *

ਬੱਚਾ ਬੱਚਾ ਜਾਣਦਾ, ਕਿਰਦਾਰ ਤੁਹਾਡਾ।
ਸ਼ੋਭਾ ਨਹੀਂ ਵਧਾਂਵਦਾ, ਆਚਾਰ ਤੁਹਾਡਾ।
ਲੀਡਰ ਹੋ ਕੇ ਦੇਸ਼ ਦੇ, ਨਹੀਂ ਫ਼ਰਜ਼ ਨਿਭਾਉਂਦੇ,
ਛੇਤੀ ਹੀ ਬੰਦ ਹੋਵਣਾ, ਪ੍ਰਚਾਰ ਤੁਹਾਡਾ।
ਨਿੱਕੀ-ਨਿੱਕੀ ਗੱਲ 'ਤੇ, ਪਾਉਂਦੇ ਹੋ ਰੌਲ਼ਾ,
ਤਲਖ਼ੀ ਪੈਦਾ ਕਰ ਰਿਹਾ, ਤਕਰਾਰ ਤੁਹਾਡਾ।
ਲੋਕਾਂ ਲਈ ਕੁਝ ਕਰੋਗੋ ਜਾਂ ਲਾਰੇ ਹੀ ਲਾਸੋ,
ਦੱਸੋ ਛੇਤੀ, ਕੀ ਹੈ, ਵਿਚਾਰ ਤੁਹਾਡਾ?
ਆਸਾਂ ਲੈ ਕੇ ਆਏ ਸਾਂ, ਇਨਸਾਫ਼ ਲੈਣ ਲਈ,
ਸਾਨੂੰ ਚੋਭਾ ਮਾਰਦਾ, ਇਨਕਾਰ ਤੁਹਾਡਾ।
ਹਾਲੀਂ ਤਾਂ ਬੇਚੈਨ ਹਾਂ, ਮਾਯੂਸੀ ਭਾਰੀ,
ਕਦੋਂ ਪ੍ਰਾਪਤ ਹੋਵਸੀ, ਇਕਰਾਰ ਤੁਹਾਡਾ?
ਅੱਜ ਸਮੇਂ ਦੀ ਲੋੜ ਹੈ, ਕੁਝ ਕੀਤਾ ਜਾਵੇ,
'ਨਵਰਾਹੀ' ਕਿਉਂ ਚੁੱਪ ਹੈ, ਦਰਬਾਰ ਤੁਹਾਡਾ?
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ,
ਫ਼ਰੀਦਕੋਟ-151203. ਮੋਬਾਈਲ : 98150-02302.

ਗੱਲਾਂ ਸਰਫ਼ੇ ਦੀਆਂ
* ਹਰਦੀਪ ਢਿੱਲੋਂ *

ਅਫ਼ਸਰ ਤਾੜਦਾ ਦਫ਼ਤਰੀ ਬਾਬੂਆਂ ਨੂੰ,
ਲਟਕੀ ਛਾਂਟੀ ਦੀ ਸਿਰ ਤਲਵਾਰ ਜਾਂਦੀ।
ਜਿਹੜੇ ਲਗਦੇ ਠੇਕੇ ਦੀ ਨੌਕਰੀ 'ਤੇ,
ਤੰਗੀ ਘੱਟ ਤਨਖਾਹਾਂ ਦੀ ਮਾਰ ਜਾਂਦੀ।
ਮੁਰਗਾ ਛੁੱਟ ਗਿਆ ਮਹਿਫ਼ਿਲ ਦੇ ਵਿਚ ਖਾਣਾ,
ਗੇੜੀ ਲਾਈ ਨਾ ਮਹਿੰਗੇ ਬਾਜ਼ਾਰ ਜਾਂਦੀ।
'ਮੁਰਾਦਵਾਲਿਆ' ਕਰੋ ਨਾ ਖਰਚ ਖੁੱਲ੍ਹਾ,
ਗੱਲਾਂ ਸਰਫ਼ੇ ਦੀਆਂ ਕਰੀ ਸਰਕਾਰ ਜਾਂਦੀ।


-1-ਸਿਵਲ ਹਸਪਤਾਲ, ਅਬੋਹਰ-152116.
ਮੋਬਾ: 98764-57242


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX