ਤਾਜਾ ਖ਼ਬਰਾਂ


'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  9 minutes ago
ਚੰਡੀਗੜ੍ਹ, 25 ਅਪ੍ਰੈਲ- ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਨਾਜ਼ਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ....
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  13 minutes ago
ਲੁਧਿਆਣਾ, 25 ਅਪ੍ਰੈਲ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਪੁਲਿਸ ਵੱਲੋਂ ਕਈ ਸੜਕਾਂ 'ਤੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ....
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  24 minutes ago
ਬਠਿੰਡਾ, 25 ਅਪ੍ਰੈਲ (ਕੰਵਲਜੀਤ ਸਿੰਘ ਸੰਧੂ) - ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਬਠਿੰਡਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਆਪਣੇ ਨਾਮਜ਼ਦਗੀ ਕਾਗ਼ਜ਼ ਸਬੰਧਿਤ ਅਧਿਕਾਰੀ ਕੋਲ ਜਮਾਂ ....
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  39 minutes ago
ਚੰਡੀਗੜ੍ਹ, 25 ਅਪ੍ਰੈਲ- ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ 'ਚ ਰੋਡ ਸ਼ੋਅ ਕੀਤਾ ਸੀ। ਇਸ ਮੌਕੇ ਕਿਰਨ ਖੇਰ ਦੇ ਨਾਲ ਉਨ੍ਹਾਂ ਦੇ ਪਤੀ ਅਨੂਪਮ ਖੇਰ ਅਤੇ ਹੋਰ ....
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਾਈਕਲ 'ਤੇ ਆਏ ਮਾਸਟਰ ਬਲਦੇਵ ਸਿੰਘ
. . .  50 minutes ago
ਫ਼ਰੀਦਕੋਟ, 25 ਅਪ੍ਰੈਲ- ਫ਼ਰੀਦਕੋਟ ਲੋਕ ਸਭਾ ਹਲਕੇ ਦੇ ਮਾਸਟਰ ਬਲਦੇਵ ਸਿੰਘ ਨੇ ਪੰਜਾਬ ਏਕਤਾ ਪਾਰਟੀ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਯੂਥ ਦੇ ਪ੍ਰਧਾਨ ਸਮਕਦੀਪ ਵੀ ਹਾਜ਼ਰ ਸਨ। ਜਾਣਕਾਰੀ ਲਈ ਦੱਸ ਦੇਈਏ ਕਿ .....
ਡਾ.ਧਰਮਵੀਰ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  58 minutes ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਭਾਰੀ ....
ਸਟੈਟਿਕ ਸਰਵੀਲਾਂਸ ਟੀਮ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ
. . .  1 minute ago
ਨਾਭਾ 25 ਅਪ੍ਰੈਲ (ਕਰਮਜੀਤ ਸਿੰਘ ) - ਚੋਣ ਕਮਿਸ਼ਨ ਪੰਜਾਬ ਦੀਆਂ ਹਿਦਾਇਤਾਂ ਤੇ ਅਮਲ ਕਰਦਿਆਂ ਕਮਿਸ਼ਨ ਵਲੋਂ ਸ਼ੈਲੇੰਦ੍ਰ ਸ਼ਰਮਾ ਦੀ ਅਗਵਾਈ ਵਿੱਚ ਤੈਨਾਤ ਸਟੈਟਿਕ ਸਰਵੀਲਾਂਸ ਟੀਮ ਵਲੋਂ ਸਥਾਨਕ ਬੱਸ ਅੱਡਾ ਘਨੁੜਕੀ ਵਿੱਖੇ ਨਾਕਾਬੰਦੀ ਕਰ ਗੱਡੀਆਂ ਦੀ ਚੈਕਿੰਗ ....
ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਕਾਂਗਰਸ ਦੇ ਅਜੈ ਰਾਏ ਲੜਨਗੇ ਚੋਣ
. . .  about 1 hour ago
ਨਵੀਂ ਦਿੱਲੀ, 25 ਅਪ੍ਰੈਲ- ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ ਵਾਰਾਨਸੀ ਅਤੇ ਗੋਰਖਪੁਰ ਲੋਕ ਸਭਾ ਸੀਟ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵਾਰਾਨਸੀ ਤੋਂ ਅਜੈ ਰਾਏ ਅਤੇ ਗੋਰਖਪੁਰ ਤੋਂ ਮਧੂਸੁਦਨ ਤਿਵਾਰੀ ਨੂੰ ਟਿਕਟ ਦਿੱਤੀ....
'ਆਪ' ਉਮੀਦਵਾਰ ਨੀਨਾ ਮਿੱਤਲ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 25 ਅਪ੍ਰੈਲ (ਅਮਨ)- ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੀਨਾ ਮਿੱਤਲ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਕਮ ਚੋਣ ਅਫ਼ਸਰ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ.....
ਆੜ੍ਹਤੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਧਰਨਾ
. . .  about 1 hour ago
ਟਾਂਡਾ ਉੜਮੁੜ, 25 ਅਪ੍ਰੈਲ (ਭਗਵਾਨ ਸਿੰਘ ਸੈਣੀ)- ਟਾਂਡਾ ਉੜਮੁੜ ਅਤੇ ਆਸ ਪਾਸ ਦੀਆਂ ਮੰਡੀਆਂ ਦੇ ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਕਣਕ ਦੀ ਖ਼ਰੀਦ ਨਾ ਕਰਨ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ 'ਚ ਦਾਣਾ ....
ਹੋਰ ਖ਼ਬਰਾਂ..

ਲੋਕ ਮੰਚ

ਸੜਕ ਹਾਦਸਿਆਂ ਲਈ ਕੌਣ ਜ਼ਿੰਮੇਵਾਰ?

ਭਾਰਤ ਉਨ੍ਹਾਂ ਦੇਸ਼ਾਂ ਵਿਚ ਮੋਹਰੀ ਹੈ, ਜਿਨ੍ਹਾਂ ਦੀਆਂ ਸੜਕਾਂ 'ਤੇ ਜੰਗਲ ਰਾਜ ਚਲਦਾ ਹੈ। 'ਸੜਕ ਹਾਦਸੇ 'ਚ 4 ਮੌਤਾਂ', 'ਇਕੋ ਪਰਿਵਾਰ ਦੇ 6 ਜੀਅ ਸੜਕ ਹਾਦਸੇ ਵਿਚ ਹਲਾਕ', ਮੀਡੀਆ ਵਿਚ ਅਜਿਹੀਆਂ ਸੁਰਖੀਆਂ ਅਕਸਰ ਹੁੰਦੀਆਂ ਹਨ। ਸ਼ਾਇਦ ਹੀ ਕੋਈ ਦਿਨ ਅਜਿਹਾ ਲੰਘਦਾ ਹੋਵੇ, ਜਿਸ ਦਿਨ ਸੜਕ ਹਾਦਸਿਆਂ ਵਿਚ ਇਨਸਾਨਾਂ ਦੀਆਂ ਕੀਮਤੀ ਜਾਨਾਂ ਭੰਗ ਦੇ ਭਾੜੇ ਨਾ ਜਾਂਦੀਆਂ ਹੋਣ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਜ਼ਿਆਦਾ ਗਿਣਤੀ 15 ਤੋਂ 24 ਸਾਲ ਤੱਕ ਦੇ ਨੌਜਵਾਨਾਂ ਦੀ ਹੁੰਦੀ ਹੈ।
ਜੇ ਦੇਖਿਆ ਜਾਵੇ ਕਿ ਵਿਕਸਿਤ ਦੇਸ਼ਾਂ ਵਿਚ ਆਉਣ-ਜਾਣ ਦੇ ਸਾਧਨ ਵਧੇ ਹਨ ਤਾਂ ਹਾਦਸਿਆਂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਹਨ ਪਰ ਸਾਡੇ ਦੇਸ਼ ਵਿਚ ਵਾਹਨਾਂ ਦੀ ਗਿਣਤੀ ਹੱਦ ਤੋਂ ਜ਼ਿਆਦਾ ਹੋ ਰਹੀ ਹੈ, ਮੁਲਕ ਵਿਚ ਕਾਰਾਂ ਦਾ ਉਤਪਾਦਨ 2010 ਵਿਚ 37 ਲੱਖ ਤੇ 2015 ਵਿਚ ਵਧ ਕੇ 50 ਲੱਖ ਹੋ ਗਿਆ ਤੇ 2020 ਤੱਕ 90 ਲੱਖ ਹੋ ਜਾਵੇਗਾ, ਅੰਦਾਜ਼ਾ ਹੈ ਕਿ 2050 ਤੱਕ ਭਾਰਤ ਵਿਚ ਸੜਕਾਂ ਉੱਪਰ 61.1 ਕਰੋੜ ਵਾਹਨ ਹੋ ਜਾਣਗੇ ਪਰ ਸੁਰੱਖਿਆ ਦੇ ਮਾਮਲੇ ਵਿਚ ਅਸੀਂ ਫਾਡੀ ਰਹੇ ਹਾਂ। ਸੜਕਾਂ 'ਤੇ ਦਬਾਅ ਵਧਣ ਨਾਲ ਦੁਰਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਸੜਕ ਹਾਦਸਿਆਂ ਦਾ ਮੁੱਖ ਕਾਰਨ ਡਰਾਈਵਰਾਂ ਦੀ ਲਾਪ੍ਰਵਾਹੀ ਹੈ, ਜਿਹੜੇ ਪੈਰ-ਪੈਰ 'ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਾ ਸਿਰਫ ਖੁਦ ਜ਼ਖ਼ਮੀ ਹੁੰਦੇ ਹਨ, ਬਲਕਿ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾਉਂਦੇ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣਾ, ਨੀਂਦ ਦੀ ਹਾਲਤ ਵਿਚ ਡਰਾਈਵਿੰਗ, ਗ਼ਲਤ ਢੰਗ ਨਾਲ ਓਵਰਟੇਕ ਕਰਨਾ, ਰਾਤ ਨੂੰ ਡਿੱਪਰ ਦੀ ਵਰਤੋਂ ਨਾ ਕਰਨੀ, ਸਾਹਮਣਿਓਂ ਆ ਰਹੇ ਵਾਹਨ ਨੂੰ ਅੰਨਾ ਕਰ ਦੇਣ ਵਾਲੀਆਂ ਤੇਜ਼ ਲਾਈਟਾਂ ਦੀ ਵਰਤੋਂ ਤੇ ਸੜਕ ਨੂੰ ਰੇਸਿੰਗ ਟਰੈਕ ਬਣਾਉਣ ਦੀ ਗ਼ਲਤੀ ਹਾਦਸਿਆਂ ਦਾ ਮੁੱਖ ਕਾਰਨ ਹੈ। ਮੋਟਰ ਵਾਹਨ ਐਕਟ 1988 ਦੀ ਧਾਰਾ 15 ਅਧੀਨ ਜ਼ਰੂਰੀ ਹੈ ਕਿ ਲਰਨਿੰਗ ਲਾਈਸੈਂਸ ਜਾਰੀ ਕਰਨ ਤੋਂ ਪਹਿਲਾਂ ਹਰ ਵਿਅਕਤੀ ਤੋਂ ਆਵਾਜਾਈ ਨਾਲ ਸਬੰਧਤ ਨਿਯਮਾਂ ਦਾ ਟੈਸਟ ਲਿਆ ਜਾਵੇ। ਇਸੇ ਤਰ੍ਹਾਂ ਪੱਕਾ ਲਾਈਸੈਂਸ ਜਾਰੀ ਕਰਨ ਤੋਂ ਪਹਿਲਾਂ ਪ੍ਰੈਕਟੀਕਲ ਟੈਸਟ ਲੈਣਾ ਜ਼ਰੂਰੀ ਹੈ, ਤਾਂ ਕਿ ਗੱਡੀਆਂ ਨੂੰ ਵੀ ਸੁਰੱਖਿਅਤ ਰੱਖ ਸਕੀਏ ਪਰ ਅਸੀਂ ਸਾਰਾ ਕੁਝ ਜਾਣਦੇ ਹੀ ਹਾਂ ਕਿ ਕਾਨੂੰਨ ਦੀ ਧਾਰਾ ਨੂੰ ਸਹੀ ਅਰਥਾਂ ਵਿਚ ਲਾਗੂ ਨਹੀਂ ਕੀਤਾ ਜਾਂਦਾ। ਸੜਕ ਹਾਦਸਿਆਂ 'ਚ ਇਨਸਾਨਾਂ ਦੀਆਂ ਇਹ ਬੇਵਕਤੀ ਮੌਤਾਂ ਤਾਂ ਚਿੰਤਾਜਨਕ ਹਨ, ਹੋਰ ਵੀ ਵੱਧ ਫਿਕਰਮੰਦੀ ਵਾਲੀ ਗੱਲ ਹੈ ਕਿ ਸਟੇਟ ਅਤੇ ਸਮਾਜ ਦਾ ਇਸ ਪ੍ਰਤੀ ਬੇਲਾਗ ਵਤੀਰਾ। ਕੁੱਲ ਮਿਲਾ ਕੇ ਸੁਰੱਖਿਅਤ ਯਾਤਰਾ ਲਈ ਭਾਰਤ ਦੇ ਹਰ ਨਾਗਰਿਕ ਨੂੰ ਟ੍ਰੈਫਿਕ ਸਮੱਸਿਆ ਅਤੇ ਇਸ ਦੇ ਨਿਘਾਰ ਨੂੰ ਭਲੀਭਾਂਤ ਸਮਝਣ ਦੀ ਲੋੜ ਹੈ। ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਇਸ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ ਤੇ ਕਾਨੂੰਨ ਦੀ ਪਾਲਣਾ ਸਖ਼ਤੀ ਨਾਲ ਕਰਾਉਣੀ ਚਾਹੀਦੀ ਹੈ। ਚੰਗਾ ਹੋਵੇ ਜੇ ਲੋਕ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਅਤੇ ਸੜਕੀ ਨੇਮਾਂ ਦਾ ਪਾਲਣ ਕਰਨ, ਤਾਂ ਜੋ ਮਨੁੱਖੀ ਜਾਨਾਂ ਦੇ ਘਾਣ ਨੂੰ ਰੋਕਿਆ ਜਾ ਸਕੇ।

ਜਰਨਲਿਜ਼ਮ ਮਾਸ ਕਮਿਊਨੀਕੇਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 83609-89593


ਖ਼ਬਰ ਸ਼ੇਅਰ ਕਰੋ

ਰੁੱਤ ਮਾਪਿਆਂ ਨੂੰ ਠੱਗਣ ਦੀ ਆਈ

ਮਾਰਚ ਮਹੀਨਾ ਜਿੱਥੇ ਵਿੱਤੀ ਵਰ੍ਹਾ ਸਮਾਪਤ ਹੋਣ ਦਾ ਮਹੀਨਾ ਹੋਣ ਕਾਰਨ ਵਿੱਤੀ ਲੈਣ-ਦੇਣ ਦੀ ਗਹਿਮਾ-ਮਹਿਮੀ ਭਰਪੂਰ ਹੁੰਦਾ ਹੈ, ਉੱਥੇ ਇਸ ਮਹੀਨੇ ਵਿਚ ਹੀ ਵਿੱਦਿਅਕ ਵਰ੍ਹਾ ਸਮਾਪਤ ਹੁੰਦਾ ਹੈ ਅਤੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਹੁੰਦੀ ਹੈ। ਇਨ੍ਹਾਂ ਮਹੀਨਿਆਂ ਵਿਚ ਮਾਪੇ ਆਪਣੇ ਬੱਚਿਆਂ ਨੂੰ ਉਚੇਰੀਆਂ ਜਮਾਤਾਂ ਅਤੇ ਨਵੇਂ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ। ਹਰੇਕ ਮਾਪੇ ਦੀ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਵਿੱਤੀ ਸਮਰੱਥਾ ਅਨੁਸਾਰ ਵਧੀਆ ਸਕੂਲਾਂ ਵਿਚ ਆਪਣੇ ਬੱਚੇ ਨੂੰ ਪੜ੍ਹਾਏ। ਆਪਣੇ ਬੱਚੇ ਨੂੰ ਵਧੀਆ ਸਿੱਖਿਆ ਦੁਆਉਣ ਦੇ ਚੱਕਰ ਵਿਚ ਅੱਜਕਲ੍ਹ ਮਾਪੇ ਨਿੱਜੀ ਸਕੂਲਾਂ ਹੱਥੋਂ ਠੱਗੇ ਜਾ ਰਹੇ ਹਨ। ਇਹ ਨਿੱਜੀ ਸਕੂਲ ਜੋ ਕਿਸੇ ਰਜਿਸਟਰਡ ਟਰੱਸਟ/ਸੁਸਾਇਟੀ ਅਧੀਨ ਚੱਲਦੇ ਹਨ ਅਤੇ ਇਨ੍ਹਾਂ ਨੂੰ ਮਾਨਤਾ ਇਸ ਆਧਾਰ 'ਤੇ ਮਿਲਦੀ ਹੈ ਕਿ ਇਹ ਕੋਈ ਲਾਭ ਪ੍ਰਾਪਤੀ ਨਹੀਂ ਕਰਨਗੇ। ਫੀਸ ਅਤੇ ਫੰਡ ਸਿਰਫ ਬੱਚਿਆਂ ਦੀ ਬਿਹਤਰੀ ਲਈ ਹੀ ਵਰਤੇ ਜਾ ਸਕਦੇ ਹਨ ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਦੀ ਆਮਦਨੀ ਅਤੇ ਜਾਇਦਾਦਾਂ ਵਿਚ ਬੇਅਥਾਹ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਮਾਪਿਆਂ ਨੂੰ ਠੱਗਣ ਦੇ ਨਵੇਂ-ਨਵੇਂ ਢੰਗ-ਤਰੀਕੇ ਈਜਾਦ ਕੀਤੇ ਜਾਂਦੇ ਹਨ। ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸਕੂਲ ਵਲੋਂ ਰਿਸੈਪਸ਼ਨਿਸਟ ਮਾਪਿਆਂ ਨੂੰ ਕਹਿ ਰਹੀ ਹੈ ਕਿ ਆਪ ਨੂੰ ਕਿਤਾਬਾਂ, ਸਟੇਸ਼ਨਰੀ, ਵਰਦੀਆਂ ਆਦਿ ਸਕੂਲ ਤੋਂ ਲੈਣੀਆਂ ਪੈਣਗੀਆਂ। ਮਾਪੇ ਪੁੱਛਦੇ 'ਪੜ੍ਹਾਈ'? ਜਵਾਬ ਮਿਲਦਾ, 'ਉਸ ਲਈ ਬਾਹਰ ਟਿਊਸ਼ਨ ਰੱਖ ਦੇਣਾ।' ਅਜੋਕੀਆਂ ਪ੍ਰਸਥਿਤੀਆਂ ਵਿਚ ਇਹ ਮੈਸੇਜ ਸਾਰਥਿਕ ਲੱਗਦਾ ਹੈ। ਅੱਜ ਨਿੱਜੀ ਸਕੂਲਾਂ ਵਲੋਂ ਕਿਤਾਬਾਂ, ਸਟੇਸ਼ਨਰੀ, ਵਰਦੀਆਂ, ਫੀਸਾਂ, ਫੰਡਾਂ ਦੇ ਨਾਂਅ 'ਤੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ, 1000 ਕੁ ਰੁਪਏ ਦੀਆਂ ਕਿਤਾਬਾਂ 4000 ਤੋਂ 5000 ਰੁਪਏ ਤੱਕ ਵੇਚੀਆਂ ਜਾ ਰਹੀਆਂ ਹਨ। ਸਰਕਾਰੀ ਟੈਕਸਾਂ ਵਿਚ ਹੇਰਾਫੇਰੀਆਂ ਦਾ ਵੀ ਖਦਸ਼ਾ ਬਰਕਰਾਰ ਹੁੰਦਾ ਹੈ। ਵਰਦੀਆਂ ਦੇ ਕਮਿਸ਼ਨਾਂ, ਟ੍ਰਾਂਸਪੋਰਟ ਦੇ ਕਮਿਸ਼ਨਾਂ, ਅਥਾਹ ਫੀਸਾਂ ਨੇ ਮਾਪਿਆਂ ਦਾ ਕਚੂਮਰ ਕੱਢਿਆ ਪਿਆ। ਇਸ ਦੇ ਉਲਟ ਇਨ੍ਹਾਂ ਸਕੂਲਾਂ ਵਿਚ ਪੜ੍ਹਾਅ ਰਹੇ ਬੇਰੁਜ਼ਗਾਰੀ ਦੇ ਝੰਭੇ ਅਧਿਆਪਕਾਂ ਨੂੰ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਸਰਕਾਰ, ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਭਾਵੇਂ ਇਸ ਸਬੰਧੀ ਬਣਾਏ ਕਾਨੂੰਨਾਂ ਅਤੇ ਨਿਯਮਾਂ ਸਬੰਧੀ ਅਖਬਾਰੀ ਸੁਰਖੀਆਂ ਜ਼ਰੂਰ ਬਟੋਰ ਲੈਂਦੇ ਹਨ, ਪਰ ਅਸਲੀਅਤ ਤੋਂ ਵਾਕਫ ਹੋਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਕਰਨ ਤੋਂ ਅਸਮਰੱਥ ਲੱਗਦੇ ਹਨ। ਅਜਿਹੇ ਸਕੂਲ ਪ੍ਰਬੰਧਕ ਜੋ ਵੈਲਫੇਅਰ ਟਰੱਸਟ ਅਧੀਨ ਕੋਈ ਨਿੱਜੀ ਲਾਭ ਨਾ ਲੈਣ ਦੀ ਸਹੁੰ ਖਾ ਕੇ ਹਲਫੀਆ ਬਿਆਨ ਦਿੰਦੇ ਹਨ, ਉਨ੍ਹਾਂ ਨੂੰ ਨੈਤਿਕ ਤੌਰ 'ਤੇ ਜ਼ਿੰਮੇਵਾਰੀ ਕਬੂਲਣੀ ਬਣਦੀ ਹੈ। ਸਮਾਜ ਸੇਵਕਾਂ ਦਾ ਮਖੌਟਾ ਨਹੀਂ ਪਾਉਣਾ ਚਾਹੀਦਾ। ਮਾਪਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਲੁੱਟ-ਖਸੁੱਟ ਵਿਰੁੱਧ ਲਾਮਬੰਦ ਹੋ ਕੇ ਵਿਰੋਧ ਪ੍ਰਗਟ ਕਰਨਾ ਸਮੇਂ ਦੀ ਲੋੜ ਹੈ। ਉੱਥੇ ਪ੍ਰਸ਼ਾਸਨ, ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਵੀ ਖਾਨਾਪੂਰਤੀ ਛੱਡ ਕੇ ਅਸਲ ਅਰਥਾਂ ਵਿਚ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਲੁੱਟ ਤੋਂ ਬਚਾਉਣ ਦਾ ਠੋਸ ਉਪਰਾਲਾ ਕਰਨਾ ਚਾਹੀਦਾ ਹੈ।

-ਲੈਕਚਰਾਰ ਪੰਜਾਬੀ, ਸ: ਸੀ: ਸੈ: ਸਕੂਲ, ਬਾਸੋਵਾਲ (ਰੂਪਨਗਰ)। ਮੋਬਾ: 94630-26700

ਆਓ ਰਿਸ਼ਤਿਆਂ ਨੂੰ ਗੰਢੀਏ

ਰਿਸ਼ਤੇ-ਨਾਤੇ ਕੀ ਹਨ? ਖੂਨ ਦੇ ਰਿਸ਼ਤੇ ਜਾਂ ਸਮਾਜਿਕ ਰਿਸ਼ਤੇ, ਪਰ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਬਣ ਜਾਂਦਾ ਹੈ ਤੇ ਫਿਰ ਇਹ ਰਿਸ਼ਤਾ ਕੋਈ ਨਾ ਕੋਈ ਨਾਂਅ ਵੀ ਲੈ ਲੈਂਦਾ ਹੈ, ਜਿਸ ਦੇ ਵਜੋਂ ਇਕ ਰਿਸ਼ਤੇ ਦੀ ਪਹਿਚਾਣ ਬਣਦੀ ਹੈ। ਬਿਨਾਂ ਰਿਸ਼ਤਿਆਂ ਦੇ ਚਾਹੇ ਆਪਣੇ ਹੋਣ ਜਾਂ ਪਰਾਏ, ਅਸੀਂ ਨਹੀਂ ਰਹਿ ਸਕਦੇ। ਰਿਸ਼ਤਿਆਂ ਵਿਚ ਆਪਣਾਪਨ ਕਿਸੇ ਲਈ ਕੁਝ ਕਰਨ ਦੀ ਚਾਹਤ, ਕਿਸੇ ਆਪਣੇ ਲਈ ਦੁਆਵਾਂ, ਉਸ ਦੇ ਦੁੱਖ-ਸੁੱਖ ਵਿਚ ਭਾਈਵਾਲ ਹੋਣਾ ਹੈ। ਉਹੀ ਰਿਸ਼ਤੇ, ਜਿਸ ਵਿਚ ਅਸੀਂ ਸਭ ਵਿਚਰਦੇ ਹਾਂ, ਉਹ ਕਈ ਵਾਰ ਬਿਨਾਂ ਵਜ੍ਹਾ ਤੋਂ ਕਈ ਵਾਰ ਤਰੇੜੇ ਜਾਂਦੇ ਹਨ ਪਰ ਦੁੱਖ ਦੋਵਾਂ ਧਿਰਾਂ ਨੂੰ ਹੁੰਦਾ ਹੈ। ਪਰ ਕਿਉਂ ਤਰੇੜਾਂ ਵਧਦੀਆਂ ਜਾ ਰਹੀਆਂ ਹਨ? ਕੀ ਕਾਰਨ ਹਨ ਜ਼ਿੰਦਗੀ? ਜ਼ਿੰਦਗੀ ਬਹੁਤ ਛੋਟੀ ਹੈ। ਜਿਉਂਦਿਆਂ ਢਾਂਗਾ ਮੋਇਆਂ ਵਾਂਗਾ ਵਾਲਾ ਹਿਸਾਬ ਨਹੀਂ ਹੋਣਾ ਚਾਹੀਦਾ। ਜੇ ਸਤਿਕਾਰ, ਇਤਫਾਕ ਰੱਖਣਾ ਹੈ ਤਾਂ ਜਿਉਂਦਿਆਂ ਮਰਨ ਤੋਂ ਬਾਅਦ ਕਿਸੇ ਦੇ ਸਿਰਹਾਣੇ ਰੋਣ ਦਾ ਕੋਈ ਫਾਇਦਾ ਨਹੀਂ। ਜੇ ਅਸੀਂ ਕਿਸੇ ਦੇ ਕੰਮ ਆ ਸਕਦੇ ਹਾਂ ਤਾਂ ਜਿਉਂਦਿਆਂ ਆਈਏ। ਅਜਿਹਾ ਕੰਮ ਕਰਕੇ ਜਾਈਏ ਕਿ ਕੋਈ ਸਾਡੇ ਮਰਨ ਤੋਂ ਬਾਅਦ ਦਿਲੋਂ ਰੋਵੇ। ਜਿਥੇ ਕਿਤੇ ਰਿਸ਼ਤਿਆਂ ਵਿਚ ਤਰੇੜ, ਉਥੇ ਆਪ ਹੀ ਰਫੂ ਕਰ ਲਈਏ, ਕਿਉਂਕਿ ਪਰਮਾਤਮਾ ਤਾਂ ਸਾਡੇ ਚੰਗੇ ਗੁਣ ਦੇਖ ਰਿਹਾ ਹੈ, ਕੋਈ ਤਾਂ ਸੰਪੂਰਨ ਨਹੀਂ, ਕੋਈ ਨਾ ਕੋਈ ਕਮੀ ਹੈ। ਪਰ ਰਿਸ਼ਤਿਆਂ ਵਿਚ ਤਰੇੜ ਪਵੇ, ਇਹੋ ਜਿਹਾ ਕੰਮ ਹੀ ਨਹੀਂ ਕਰਨਾ ਚਾਹੀਦਾ ਪਰ ਮੈਂ ਹੀ ਸਿਆਣਾ, ਮੈਂ ਹੀ ਸਿਆਣੀ ਦੇ ਧਾਰਨੀ ਵੀ ਨਹੀਂ ਹੋਣਾ ਚਾਹੀਦਾ। ਸਭ ਦੀ ਗੱਲ ਸੁਣਨੀ ਚਾਹੀਦੀ ਹੈ। ਸਭ ਦਾ ਹੱਕ ਬਰਾਬਰ ਹੁੰਦਾ ਤੇ ਰਹਿਣਾ ਵੀ ਚਾਹੀਦਾ ਹੈ।
ਜਿਸ ਤਰ੍ਹਾਂ ਦੀ ਆਵਾਜ਼ ਅਸੀਂ ਖੂਹ ਵਿਚ ਦੇਵਾਂਗੇ, ਉਵੇਂ ਦੀ ਹੀ ਵਾਪਸ ਆਵੇਗੀ। ਸਾਨੂੰ ਕਿਸੇ ਨੂੰ ਕੋਈ ਵੀ ਹੱਕ ਨਹੀਂ ਕਿ ਅਸੀਂ ਆਪਣੀ ਹੈਂਕੜ ਨਾਲ ਦੂਜਿਆਂ ਦੀਆਂ ਖੁਸ਼ੀਆਂ ਨੂੰ ਖਤਮ ਕਰੀਏ। ਜਿਥੇ ਚਾਰ ਭਾਂਡੇ ਹੁੰਦੇ ਹਨ, ਉਹ ਖੜਕਦੇ ਹੀ ਹਨ ਪਰ ਉਨ੍ਹਾਂ ਨੂੰ ਸਹੀ ਢੰਗ ਨਾਲ ਰੱਖਣਾ ਹੀ ਵੱਡੇ ਸਿਆਣਿਆਂ ਦਾ ਕੰਮ ਹੈ। ਜੇ ਰਿਸ਼ਤਿਆਂ ਵਿਚ ਤੂੰ-ਤੂੰ, ਮੈਂ-ਮੈਂ, ਈਰਖਾ, ਦਿਖਾਵਾਪਨ ਖਤਮ ਹੋ ਜਾਵੇ ਤਾਂ ਜ਼ਿੰਦਗੀ ਖੂਬਸੂਰਤ ਰੰਗਾਂ ਨਾਲ ਭਰ ਜਾਵੇਗੀ। ਆਪ ਵੀ ਜਿਉਣ ਦਾ ਮਜ਼ਾ ਆਵੇਗਾ ਤੇ ਦੂਜਿਆਂ ਨੂੰ ਵੀ ਖੁਸ਼ੀ ਮਿਲੇਗੀ। ਕਦੇ ਇਹ ਨਾ ਆਖੋ ਕਿ ਆਪਣਿਆਂ ਨਾਲੋਂ ਪਰਾਏ ਚੰਗੇ, ਕਿਉਂਕਿ ਪਰਾਇਆਂ ਦੇ ਵੀ ਅੱਗੇ ਆਪਣੇ ਹੁੰਦੇ ਹਨ। ਆਪਣਿਆਂ ਨੂੰ ਆਪਣੇ ਤੇ ਪਰਾਇਆਂ ਨੂੰ ਵੀ ਆਪਣੇ ਸਮਝੀਏ।

-ਵਿਗਿਆਨ ਅਧਿਆਪਕਾ, 49, ਨਿਊ ਦਿਓਲ ਨਗਰ, ਜਲੰਧਰ।

ਖ਼ੌਫ ਅਤੇ ਸਹਿਮ ਨਾਲ ਭਰੀ ਹੈ ਅਜੋਕੀ ਜ਼ਿੰਦਗੀ

ਅਜੋਕੇ ਮਨੁੱਖ ਅਤੇ ਮਨੁੱਖ ਦੇ ਅੰਦਰ ਦਾ ਵਿਸ਼ਲੇਸ਼ਣ ਕੀਤਿਆਂ ਇਹ ਸਾਫ਼ ਸਾਹਮਣੇ ਆਉਂਦਾ ਹੈ ਕਿ ਉਸ ਦੀ ਜ਼ਿੰਦਗੀ ਖ਼ੌਫ ਅਤੇ ਸਹਿਮ ਨਾਲ ਭਰੀ ਹੋਈ ਹੈ, ਉਹ ਡਰ ਵਿਚ ਜੀਅ ਰਿਹਾ ਹੈ। ਉਹ ਆਪਣੇ ਜੀਵਨ ਦੇ ਹਰ ਕਦਮ ਨੂੰ ਹੁਣ ਵਿਸ਼ਵਾਸ ਨਾਲ ਨਹੀਂ, ਡਰ ਨਾਲ ਚੁੱਕਦਾ ਹੈ। ਸਮਾਜਿਕ ਪ੍ਰਬੰਧ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ। ਆਮ ਵਿਅਕਤੀ ਅਜਿਹੇ ਪ੍ਰਬੰਧ ਵਿਚ ਬੇਵੱਸ ਨਜ਼ਰ ਆ ਰਿਹਾ ਹੈ। ਉਸ ਦੇ ਜੀਵਨ ਦਾ ਸਹਿਜ, ਅਨੰਦ ਅਤੇ ਵਿਸ਼ਵਾਸ ਖ਼ੌਫ ਅਤੇ ਸਹਿਮ ਦੇ ਹੇਠਾਂ ਦੱਬਿਆ ਜਾ ਰਿਹਾ ਹੈ। ਦਿਨ-ਦਿਹਾੜੇ ਕਤਲੋਗਾਰਤ ਅਤੇ ਲੁੱਟ-ਖੋਹ ਦਾ ਹੋ ਜਾਣਾ, ਮਨੁੱਖੀ ਮਾਨਸਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਅਤੇ ਮਨੁੱਖ ਨੂੰ ਸਭ ਆਪਣੇ ਦੁਸ਼ਮਣ ਦਿਖਾਈ ਦੇਣ ਲਗਦੇ ਹਨ। ਉਹ ਹਰ ਸਮੇਂ ਖ਼ੌਫ ਅਤੇ ਸਹਿਮ ਵਿਚ ਰਹਿੰਦਾ ਹੈ ਕਿ ਉਸ ਨਾਲ ਕੁਝ ਵਾਪਰ ਨਾ ਜਾਵੇ। ਇਸ ਤਰ੍ਹਾਂ ਉਸ ਦੀ ਨਿੱਜੀ ਸੁਤੰਤਰਤਾ ਜਾਂਦੀ ਰਹਿੰਦੀ ਹੈ।
ਐਸੀ ਮਨੁੱਖੀ ਦਸ਼ਾ ਦਾ ਕਾਰਨ ਸਮਾਜਿਕ ਢਾਂਚੇ, ਕਦਰਾਂ-ਕੀਮਤਾਂ ਅਤੇ ਸੰਸਥਾਵਾਂ ਵਿਚ ਆਇਆ ਵਿਗਾੜ ਅਤੇ ਭ੍ਰਿਸ਼ਟਾਚਾਰ ਹੈ। ਜਿਨ੍ਹਾਂ ਸੰਸਥਾਵਾਂ ਨੇ ਚੰਗੇ ਪ੍ਰਬੰਧ ਦੀ ਸਿਰਜਣਾ ਕਰਨੀ ਅਤੇ ਚੰਗੇ ਪ੍ਰਬੰਧ ਨੂੰ ਕਾਇਮ ਰੱਖਣਾ ਸੀ, ਉਹ ਵੀ ਇਸੇ ਬਿਮਾਰੀ ਦਾ ਸ਼ਿਕਾਰ ਹਨ। ਕਾਨੂੰਨ ਅਤੇ ਨਿਆਂ ਸ਼ਰੇਆਮ ਦਮ ਤੋੜਦੇ ਦੇਖੇ ਜਾ ਸਕਦੇ ਹਨ। ਆਮ ਵਿਅਕਤੀ ਜੋ ਇਹ ਸਭ ਵਰਤਾਰੇ ਨੂੰ ਅੱਖੀਂ ਵੇਖ ਰਿਹਾ ਹੈ ਕਿ ਕਿਵੇਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਕਿਵੇਂ ਨਿਆਂ ਪ੍ਰਣਾਲੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ, ਫਿਰ ਉਹ ਇਨ੍ਹਾਂ ਵਿਚ ਕਿਵੇਂ ਵਿਸ਼ਵਾਸ ਰੱਖ ਸਕਦਾ ਹੈ। ਕਾਨੂੰਨ ਅਤੇ ਨਿਆਂ ਪ੍ਰਣਾਲੀ ਹੀ ਅਜਿਹੀਆਂ ਸੰਸਥਾਵਾਂ ਸਨ, ਜਿਨ੍ਹਾਂ ਨੇ ਸਮਾਜਿਕ ਪ੍ਰਬੰਧ ਨੂੰ ਸੰਤੁਲਨ ਵਿਚ ਰੱਖਣਾ ਅਤੇ ਇਕਸੁਰ ਕਰਨਾ ਸੀ, ਪਰ ਇਨ੍ਹਾਂ ਵਿਚ ਆਇਆ ਵਿਗਾੜ ਅਤੇ ਭ੍ਰਿਸ਼ਟਾਚਾਰ ਆਮ ਵਿਅਕਤੀ ਵਾਸਤੇ ਡਰ ਅਤੇ ਸਹਿਮ ਦਾ ਕਾਰਨ ਹੈ। ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿਚ ਦੁਨੀਆ ਭਾਵੇਂ ਸੁੰਗੜ ਕੇ ਇਕੱਠੀ ਹੋ ਰਹੀ ਹੈ ਪਰ ਮਨੁੱਖਤਾ ਅੰਦਰਲਾ ਪਾੜਾ ਬਹੁਤ ਵਧ ਰਿਹਾ ਹੈ। ਇਹ ਸਮੱਸਿਆ ਬਹੁਤ ਮਹੱਤਵਪੂਰਨ ਹੈ, ਇਸ ਵੱਲ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਅਜਿਹੇ ਵਿਗਾੜ ਨੂੰ ਦੂਰ ਕੀਤਾ ਜਾ ਸਕੇ ਅਤੇ ਐਸਾ ਸਮਾਜ ਸਿਰਜਿਆ ਜਾ ਸਕੇ, ਜਿਸ ਵਿਚ ਮਨੁੱਖ ਆਪਣੀ ਜ਼ਿੰਦਗੀ ਦਾ ਸੰਪੂਰਨ ਅਨੰਦ ਮਾਣ ਸਕੇ ਅਤੇ ਖ਼ੌਫ ਅਤੇ ਸਹਿਮ ਤੋਂ ਮੁਕਤ ਹੋਵੇ।

-ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ। ਮੋਬਾ: 98555-34961

ਮੋਬਾਈਲ ਫੋਨ ਅਤੇ ਅਸੀਂ

ਮੋਬਾਈਲ ਕ੍ਰਾਂਤੀ ਨੇ ਸਾਰੀ ਦੁਨੀਆ ਨੂੰ ਇਕ ਮਾਲਾ ਦੇ ਮਣਕੇ ਵਿਚ ਪਰੋ ਕੇ ਰੱਖ ਦਿੱਤਾ ਹੈ। ਮੋਬਾਈਲ ਫੋਨਾਂ ਦੀ ਆਮਦ ਨਾਲ ਸੱਚਮੁੱਚ ਹੀ ਪੂਰਾ ਵਿਸ਼ਵ ਸਾਡੀ ਮੁੱਠੀ ਵਿਚ ਹੋ ਗਿਆ ਹੈ ਅਤੇ ਅਸੀਂ ਆਪਣੇ ਦਿਲ ਦੀਆਂ ਗੱਲਾਂ ਨੂੰ ਮਿੰਟਾਂ-ਸਕਿੰਟਾਂ ਵਿਚ ਦੂਜੇ ਤੱਕ ਪਹੁੰਚਾ ਸਕਦੇ ਹਾਂ। ਹਰ ਦੁੱਖ-ਸੁੱਖ, ਖੁਸ਼ੀ-ਗ਼ਮੀ, ਚੰਗੇ-ਮਾੜੇ ਸਮੇਂ 'ਤੇ ਮੋਬਾਈਲ ਫੋਨਾਂ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਦੂਜਿਆਂ ਤੱਕ ਪਹੁੰਚਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ, ਪਰ ਸਿਆਣੇ ਕਹਿੰਦੇ ਹਨ ਕਿ ਹੱਦ ਤੋਂ ਜ਼ਿਆਦਾ ਕੋਈ ਵੀ ਕੰਮ, ਗੱਲ ਜਾਂ ਵਰਤਾਰਾ ਕਦੇ ਵੀ ਠੀਕ ਸਾਬਤ ਸਿੱਧ ਨਹੀਂ ਹੋਇਆ।
ਅੱਜ ਬੰਦਾ ਬੰਦੇ ਨਾਲ ਗੱਲ ਨਹੀਂ ਕਰਦਾ, ਸਗੋਂ ਚੁੱਪਚਾਪ ਇਕੱਲਾ ਹੀ ਖਿਆਲੀ ਦੁਨੀਆ ਵਿਚ ਖੋਇਆ ਰਹਿੰਦਾ ਹੈ ਅਤੇ ਅਣਜਾਣ ਵਿਅਕਤੀਆਂ ਨਾਲ ਚੈਟਿੰਗ ਜਾਂ ਹੋਰ ਰੁਝਾਨਾਂ ਵਿਚ ਰੁੱਝਾ ਰਹਿੰਦਾ ਹੈ। ਛੋਟੇ-ਛੋਟੇ ਬੱਚੇ ਵੀ ਹਰ ਸਮੇਂ, ਹਰ ਪਲ ਮੋਬਾਈਲ ਫੋਨਾਂ 'ਤੇ ਵੀਡੀਓ ਗੇਮਾਂ, ਕਾਰਟੂਨ ਜਾਂ ਹੋਰ ਮਨੋਰੰਜਨ ਦੇ ਸਾਧਨਾਂ ਵਿਚ ਖੋਹੇ ਰਹਿੰਦੇ ਹਨ। ਅਜਿਹਾ ਲਗਾਤਾਰ ਕਰਨ ਨਾਲ ਬੱਚਿਆਂ ਦੀ ਸਿਹਤ, ਅੱਖਾਂ ਅਤੇ ਦਿਮਾਗੀ ਵਿਕਾਸ 'ਤੇ ਵੀ ਸਹੀ ਪ੍ਰਭਾਵ ਨਹੀਂ ਪੈਂਦਾ। ਅੱਜ ਮੋਬਾਈਲ ਫੋਨ ਹਰ ਮਨੁੱਖ ਨੂੰ, ਹਰ ਬੱਚੇ ਨੂੰ ਇਕ ਨਸ਼ੇ ਦੇ ਵਾਂਗ ਹੀ ਚਿੰਬੜ ਗਏ ਜਾਪਦੇ ਹਨ। ਚੰਗਾ ਹੋ ਸਕਦਾ ਹੈ, ਜੇਕਰ ਅਸੀਂ ਆਪਣਾ ਵਿਹਲਾ ਸਮਾਂ ਬਜ਼ੁਰਗਾਂ ਕੋਲ ਬੈਠ ਕੇ, ਉਨ੍ਹਾਂ ਦੀਆਂ ਗੱਲਾਂਬਾਤਾਂ ਸੁਣ ਕੇ, ਪਰਿਵਾਰ ਵਿਚ ਬੈਠ ਕੇ, ਮਿੱਤਰਾਂ-ਸੱਜਣਾਂ ਕੋਲ ਬੈਠ ਕੇ, ਚੰਗਾ ਸਾਹਿਤ, ਚੰਗੀਆਂ ਕਿਤਾਬਾਂ, ਅਖ਼ਬਾਰਾਂ ਪੜ੍ਹ ਕੇ, ਸਮਾਜ ਸੇਵਾ ਦਾ ਕੋਈ ਕੰਮ ਕਰਕੇ ਜਾਂ ਕੋਈ ਹੋਰ ਸੁਚਾਰੂ ਜਾਂ ਉਸਾਰੂ ਕੰਮ ਕਰਕੇ ਬਤੀਤ ਕਰੀਏ ਤਾਂ ਇਕ ਤਾਂ ਸਾਡੇ ਮਨ ਦੀਆਂ ਭਾਵਨਾਵਾਂ ਪ੍ਰਗਟ ਹੋ ਸਕਦੀਆਂ ਹਨ ਅਤੇ ਅਸੀਂ ਦੂਸਰੇ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਵੀ ਸਮਝ ਸਕਣ ਵਿਚ ਕਾਮਯਾਬ ਹੋ ਸਕਦੇ ਹਾਂ ਅਤੇ ਸਾਡੇ ਭਾਈਚਾਰਕ, ਘਰੇਲੂ, ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਵੀ ਮਜ਼ਬੂਤ ਹੋ ਸਕਦੇ ਹਨ। ਇਸ ਨਾਲ ਸਾਡੀਆਂ ਪਰਿਵਾਰਕ ਤੰਦਾਂ ਹੀ ਮਜ਼ਬੂਤ ਨਹੀਂ ਹੋਣਗੀਆਂ, ਸਗੋਂ ਸਾਡੀ ਭਾਈਚਾਰਕ ਏਕਤਾ ਅਤੇ ਮਿਲਵਰਤਨ ਭਾਵਨਾ ਵੀ ਜ਼ਰੂਰ ਹੀ ਵਧੇਗੀ।
ਆਪਣੇ-ਆਪ ਵਿਚ ਖੋਏ ਰਹਿਣਾ, ਆਪਣੀਆਂ ਭਾਵਨਾਵਾਂ, ਵਿਚਾਰਾਂ, ਜ਼ਰੂਰਤਾਂ ਦਾ ਪ੍ਰਗਟਾਵਾ ਨਾ ਹੋਣਾ, ਪਰਿਵਾਰਕ ਅਤੇ ਸਮਾਜਿਕ ਭਾਵਨਾਵਾਂ ਦਾ ਆਦਾਨ-ਪ੍ਰਦਾਨ ਨਾ ਹੋਣ ਨਾਲ ਵੀ ਬਹੁਤ ਜ਼ਿਆਦਾ ਸਮੱਸਿਆਵਾਂ ਸਾਡੇ ਲਈ ਖੜ੍ਹੀਆਂ ਹੋ ਰਹੀਆਂ ਹਨ। ਹੱਦ ਤਾਂ ਉਦੋਂ ਹੋ ਗਈ ਹੈ ਜਦੋਂ ਚੀਨ ਵਰਗੇ ਇੰਨੇ ਵੱਡੇ ਮੁਲਕ ਵਿਚ ਮੋਬਾਈਲ ਨਸ਼ਾ ਛੁਡਾਊ ਕੇਂਦਰ ਖੋਲ੍ਹਣ ਦੀ ਸਰਕਾਰ ਨੂੰ ਨੌਬਤ ਆ ਗਈ ਹੈ। ਪੁਰਾਣੇ ਸਮਿਆਂ ਵਿਚ ਸਾਡੇ ਵੱਡੇ-ਵਡੇਰੇ ਜਾਂ ਛੋਟੇ-ਵੱਡੇ ਹਰ ਕੋਈ ਸੱਥਾਂ ਵਿਚ, ਪਰਿਵਾਰਾਂ ਵਿਚ ਜਾਂ ਹੋਰ ਸਾਂਝੀਆਂ ਥਾਵਾਂ 'ਤੇ ਇਕੱਠੇ ਹੋ ਕੇ ਦਿਲ ਦੀਆਂ ਦੁੱਖ-ਤਕਲੀਫਾਂ ਨੂੰ ਸਾਂਝਾ ਕਰ ਲੈਂਦੇ ਹੁੰਦੇ ਸਨ ਅਤੇ ਸਮੱਸਿਆਵਾਂ ਦਾ ਹੱਲ ਵੀ ਕੱਢ ਲੈਂਦੇ ਸਨ। ਬਜ਼ੁਰਗ ਅਤੇ ਸਿਆਣਿਆਂ ਕੋਲ ਬੈਠ ਕੇ ਸਾਨੂੰ ਕਈ ਤਰ੍ਹਾਂ ਦੀਆਂ ਗੱਲਾਂ, ਗਿਆਨ ਅਤੇ ਜ਼ਿੰਦਗੀ ਦੇ ਤਜਰਬੇ ਵੀ ਜਾਣੇ-ਅਣਜਾਣੇ ਵਿਚ ਪ੍ਰਾਪਤ ਹੋ ਜਾਂਦੇ ਸਨ, ਪਰ ਅੱਜ ਆਪਣੇ-ਆਪ ਤੱਕ ਇਕਾਂਤ ਵਿਚ ਇਕੱਲਿਆਂ ਰਹਿਣਾ ਹੀ ਹਰ ਕਿਸੇ ਦੀ ਫਿਤਰਤ ਬਣਦੀ ਜਾ ਰਹੀ ਹੈ, ਜੋ ਕਿ ਮਨੁੱਖਤਾ ਦੇ ਲਈ ਬਹੁਤ ਮਾੜੀ ਗੱਲ ਹੈ। ਹਰ ਚੰਗੇ ਕੰਮ ਦੀ ਸ਼ੁਰੂਆਤ ਆਪਣੇ-ਆਪ ਤੋਂ ਕਰਨਾ ਹੀ ਬਹੁਤ ਚੰਗੀ ਗੱਲ ਹੋ ਸਕਦੀ ਹੈ। ਸੋ, ਆਓ ਅਸੀਂ ਮੋਬਾਈਲ ਫੋਨਾਂ ਨੂੰ ਇਕ ਹੱਦ ਵਿਚ ਰਹਿ ਕੇ ਹੀ ਵਰਤੋਂ ਵਿਚ ਲਿਆਈਏ ਅਤੇ ਇਨ੍ਹਾਂ ਨੂੰ ਆਪਣੇ ਪਰਿਵਾਰਕ, ਭਾਈਚਾਰਕ ਅਤੇ ਸਮਾਜਿਕ ਜੀਵਨ 'ਤੇ ਭਾਰੂ ਨਾ ਹੋਣ ਦੇਈਏ।

-ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ-140123.
ਮੋਬਾ: 94785-61356

ਤੇਜ਼ਾਬੀ ਹਮਲੇ ਸਜ਼ਾਵਾਂ ਹੋਣ 'ਤੇ ਵੀ ਜਾਰੀ

ਪਿਛਲੇ ਸਮੇਂ ਵਿਚ ਭਾਰਤ 'ਚ ਤੇਜ਼ਾਬੀ ਹਮਲਿਆਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ ਤੇ ਸਾਡੇ ਪੰਜਾਬ ਵਿਚ ਵੀ ਤੇਜ਼ਾਬੀ ਹਮਲਿਆਂ ਕਾਰਨ ਕਈ ਅਬਲਾਵਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਤੇ ਉਹ ਸੰਤਾਪ ਭੋਗ ਰਹੀਆਂ ਹਨ। ਨਿੱਕੀ-ਨਿੱਕੀ ਗੱਲ 'ਤੇ ਵਧੇ ਮਾਮਲੇ ਤੇ ਖਾਸ ਕਰ ਇਕਤਰਫਾ ਪਿਆਰ ਕਾਰਨ ਕਈ ਸਿਰ-ਫਿਰੇ ਨੌਜਵਾਨਾਂ ਨੇ ਅਨੇਕਾਂ ਲੜਕੀਆਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਲੜਾਈ-ਝਗੜਿਆਂ 'ਚ ਹੋਏ ਸਰੀਰਕ ਜ਼ਖ਼ਮ ਤਾਂ ਹੌਲੀ-ਹੌਲੀ ਸਮਾਂ ਪਾ ਕੇ ਠੀਕ ਹੋ ਜਾਂਦੇ ਹਨ, ਇਕ ਤੇਜ਼ਾਬੀ ਹਮਲਾ ਹੀ ਐਸਾ ਜ਼ਖਮ ਹੈ, ਜੋ ਸਾਰੀ ਜ਼ਿੰਦਗੀ ਨਹੀਂ ਭਰ ਹੁੰਦਾ। ਜਿਸ 'ਤੇ ਇਹ ਕਹਿਰ ਵਰਤਿਆ ਹੈ, ਉਹੀ ਜਾਣਦਾ ਹੈ, ਸਗੋਂ ਉਸ ਦੇ ਮਾਪਿਆਂ ਤੇ ਹੋਰ ਸਕੇ ਸਬੰਧੀਆਂ 'ਤੇ ਵੀ ਅਸਰ ਪੈਂਦਾ ਹੈ, ਕਿਉਂਕਿ ਤੇਜ਼ਾਬ ਪੀੜਤ ਸਾਰੀ ਉਮਰ ਲਈ ਇਕ ਅਜੀਬ ਤੇ ਲਾ-ਇਲਾਜ ਰੋਗੀ ਬਣ ਜਾਂਦਾ ਹੈ ਤੇ ਸਾਰੀ ਜ਼ਿੰਦਗੀ ਝੂਰਦਾ ਹੈ।
ਤੇਜ਼ਾਬੀ ਹਮਲੇ ਦਾ ਸ਼ਿਕਾਰ ਇਕ-ਅੱਧਾ ਨਹੀਂ, ਇਨ੍ਹਾਂ ਵਿਚ ਨੌਜਵਾਨ ਲੜਕੀਆਂ, ਔਰਤਾਂ ਤੇ ਬੱਚੇ ਆਦਿ ਵੀ ਸ਼ਾਮਿਲ ਹਨ। ਇਕਤਰਫਾ ਪਿਆਰ ਤੋਂ ਬਿਨਾਂ ਘਰੇਲੂ ਝਗੜੇ ਵੀ ਤੇਜ਼ਾਬੀ ਹਮਲਿਆਂ ਵਿਚ ਬਦਲ ਰਹੇ ਹਨ। ਪਿਛਲੇ ਸਮਿਆਂ ਤੋਂ ਚੱਲ ਰਹੇ ਤੇਜ਼ਾਬੀ ਹਮਲਿਆਂ ਦੇ ਮੁਕੱਦਮੇ ਵੀ ਅਦਾਲਤਾਂ ਵਿਚ ਸੁਣਾਏ ਜਾ ਰਹੇ ਹਨ। ਬੇਸ਼ੱਕ ਕਈ ਕੇਸਾਂ ਵਿਚ ਕਾਨੂੰਨੀ ਚੋਰ-ਮੋਰੀ ਜਾਂ ਪੈਸੇ ਦੇ ਜ਼ੋਰ ਨਾਲ ਦੋਸ਼ੀ ਬਰੀ ਵੀ ਕੀਤੇ ਜਾ ਰਹੇ ਹਨ, ਪਰ ਕਈ ਕੇਸਾਂ ਵਿਚ ਮਿਸਾਲੀ ਸਜ਼ਾਵਾਂ ਵੀ ਹੋਈਆਂ ਹਨ ਤੇ ਕਈ ਕੇਸ ਚੱਲ ਵੀ ਰਹੇ ਹਨ। ਪਿਛਲੇ ਦਿਨੀਂ ਬਹੁਚਰਚਿਤ ਲੁਧਿਆਣਾ ਤੇਜ਼ਾਬ ਕਾਂਡ (ਬਰਨਾਲਾ ਵਾਲੇ) ਵਿਚ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਤੇ ਮੋਟੇ ਜੁਰਮਾਨੇ ਵੀ ਹੋਏ ਹਨ। ਸੋਚਦੇ ਤਾਂ ਇਹ ਸੀ ਕਿ ਏਨੀ ਸਖ਼ਤ ਸਜ਼ਾ ਹੋਣ 'ਤੇ ਸ਼ਾਇਦ ਹੋਰ ਕੋਈ ਤੇਜ਼ਾਬੀ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਪੰਜਾਬ ਦੇ ਇਕ ਪਿੰਡ ਵਿਚ ਸ਼ਾਮਲਾਟ ਦੇ ਝਗੜੇ ਵਿਚ ਇਕੋ ਧਿਰ ਦੀਆਂ ਔਰਤਾਂ ਨੇ ਹੀ ਮਨਰੇਗਾ ਅਧੀਨ ਕੰਮ ਕਰ ਰਹੀਆਂ ਕਈ ਔਰਤਾਂ ਉੱਤੇ ਤੇਜ਼ਾਬ ਹੀ ਛਿੜਕ ਦਿੱਤਾ। ਬੇਸ਼ੱਕ ਇਹ ਝਗੜਾ ਤਾਂ ਪੰਚਾਇਤੀ ਜ਼ਮੀਨ ਦਾ ਸੀ ਪਰ ਸਮਝ ਨਹੀਂ ਆ ਰਹੀ ਕਿ ਮਨਰੇਗਾ ਮਜ਼ਦੂਰ ਔਰਤਾਂ ਉੱਤੇ ਇਹ ਕਾਰਾ ਕਿਉਂ ਕਰ ਦਿੱਤਾ? ਆਸ ਤਾਂ ਇਹ ਸੀ ਕਿ ਤੇਜ਼ਾਬ ਪਾਉਣ ਵਾਲੇ ਦੋਸ਼ੀਆਂ ਨੂੰ ਹੋਈਆਂ ਸਖ਼ਤ ਸਜ਼ਾਵਾਂ ਅਧੀਨ, ਸ਼ਾਇਦ ਹੀ ਕਿਸੇ ਦਾ ਹੌਸਲਾ ਹੁਣ ਤੇਜ਼ਾਬ ਪਾਉਣ ਨੂੰ ਕਰੇ। ਪਰ ਫਿਰ ਵੀ ਪਤਾ ਨਹੀਂ ਕਿਉਂ ਤੇਜ਼ਾਬੀ ਹਮਲੇ ਅਜੇ ਵੀ ਹੋ ਰਹੇ ਹਨ। ਜਿੱਥੇ ਇਹ ਚਿੰਤਾ ਦਾ ਵਿਸ਼ਾ ਹੈ, ਉੱਥੇ ਹੀ ਸਮਾਜ ਦੀ ਗਲਤ ਸੋਚ ਦੀ ਨਿਸ਼ਾਨੀ ਜਾਪਦੀ ਹੈ। ਮੇਰੀ ਸਭ ਨੂੰ ਬੇਨਤੀ ਹੈ ਕਿ ਇਹੋ ਜਿਹੇ ਜ਼ਿੰਦਗੀ ਤਬਾਹ ਕਰਨ ਵਾਲੇ ਕੰਮ ਨਾ ਕਰੋ ਤੇ ਨਾ ਹੀ ਦੋਸ਼ੀ ਬਣੋ। ਕਿਉਂਕਿ ਤੇਜ਼ਾਬ ਦੀ ਮਾਰ ਝੱਲਣ ਵਾਲਾ ਤਬਾਹ ਹੋ ਜਾਂਦਾ ਹੈ ਤੇ ਪਾਉਣ ਵਾਲਾ ਜੇਲ੍ਹ ਪੁੱਜ ਕੇ ਪਛਤਾਉਂਦਾ ਹੈ। ਵੈਸੇ ਵੀ ਪੰਜਾਬ ਦੀ ਧਰਤੀ 'ਤੇ ਇਹੋ ਜਿਹੀਆਂ ਗੱਲਾਂ ਕਲੰਕ ਹੀ ਹਨ। ਤੇਜ਼ਾਬ ਦੀ ਮਾਰ ਝੱਲ ਰਹੀਆਂ ਲੜਕੀਆਂ ਨੂੰ ਆਰਥਿਕ ਮਦਦ ਦੀ ਲੋੜ ਹੈ।

-ਪੰਜਾਬੀ ਸਾਹਿਤ ਸਭਾ, ਸਮਰਾਲਾ (ਲੁਧਿਆਣਾ)। ਮੋਬਾ: 70091-07300

ਜੇਲ੍ਹਾਂ ਦੀ ਨਹੀਂ ਲਾਇਬ੍ਰੇਰੀਆਂ ਦੀ ਲੋੜ ਹੈ

ਤਕਨੀਕ ਦੀ ਤੇਜ਼ ਰਫਤਾਰ ਨੇ ਮਨੁੱਖ ਤੋਂ ਮਨੁੱਖ ਨੂੰ ਦੂਰ ਕਰ ਦਿੱਤਾ ਹੈ, ਤਕਨਾਲੋਜੀ ਅਤੇ ਪੱਛਮੀ ਸੱਭਿਆਚਾਰ ਨੇ ਸਾਡੇ ਜੀਵਨ 'ਤੇ ਕਾਫੀ ਪ੍ਰਭਾਵ ਪਾਇਆ ਹੈ, ਜਿਸ ਨਾਲ ਅਸੀਂ ਸਾਹਿਤ ਤੇ ਸੱਭਿਆਚਾਰ ਨੂੰ ਬਹੁਤ ਤੇਜ਼ੀ ਨਾਲ ਵਿਸਾਰ ਰਹੇ ਹਾਂ, ਲਾਇਬ੍ਰੇਰੀਆਂ ਅੰਦਰ ਪਾਠਕਾਂ ਦੀ ਗਿਣਤੀ ਦਿਨ-ਬ-ਦਿਨ ਬਹੁਤ ਘਟ ਰਹੀ ਹੈ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਸਭ ਤੋਂ ਵੱਡੀ ਫਿਕਰ ਵਾਲੀ ਗੱਲ ਇਹ ਹੈ ਕੀ ਸਾਡਾ ਨੌਜਵਾਨ ਵਰਗ ਇਸ ਤੋਂ ਬਹੁਤ ਹੀ ਤੇਜ਼ੀ ਨਾਲ ਪਾਸਾ ਪਲਟ ਰਿਹਾ ਹੈ, ਜਿਸ ਦਾ ਮੁੱਖ ਕਾਰਨ ਬਦਲਦੇ ਸਮੇਂ ਦੇ ਮਿਜ਼ਾਜ ਨਾਲ ਲਾਇਬ੍ਰੇਰੀਆਂ ਦਾ ਵਿਕਾਸ ਨਹੀਂ ਹੋ ਸਕਿਆ, ਉਲਟਾ ਸਮੇਂ ਦੇ ਅਨੁਸਾਰ ਲਾਇਬ੍ਰੇਰੀਆਂ ਦੀ ਹੋਂਦ ਗੁਆਚ ਰਹੀ ਹੈ। ਅੱਜ ਦੇ ਸਮੇਂ ਅੰਦਰ ਪ੍ਰਾਇਮਰੀ ਪੱਧਰ ਤੋਂ ਲੈ ਕੇ ਸੈਕੰਡਰੀ ਸਕੂਲਾਂ ਵਿਚ ਲਾਇਬ੍ਰੇਰੀਆਂ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ, ਕਈ ਸਰਕਾਰੀ ਸਕੂਲ ਤਾਂ ਰੋਜ਼ਾਨਾ ਦੀ ਅਖ਼ਬਾਰ ਤੋਂ ਹੀ ਸੱਖਣੇ ਹਨ। ਜੇਕਰ ਸਕੂਲਾਂ ਵਿਚ ਕੋਈ ਕਿਤਾਬਾਂ ਹਨ ਤਾਂ ਕੋਈ ਸੰਭਾਲ ਨਹੀਂ ਹੈ, ਲਾਇਬ੍ਰੇਰੀ ਸਟਾਫ ਦੀ ਬਹੁਤ ਕਮੀ ਹੈ, ਰਿਸਟੋਰਰ ਜਾਂ ਸੇਵਾਦਾਰ ਰਾਹੀਂ ਕੰਮ ਚਲਾਇਆ ਜਾਂਦਾ ਹੈ।
ਅੱਜ ਦੇ ਦੌਰ ਵਿਚ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰਾਂ ਇਕ ਗੈਂਗਸਟਰ ਨੂੰ ਫੜਨ ਲਈ ਲੱਖਾਂ ਰੁਪਏ ਖਰਚ ਕਰ ਰਹੀਆਂ ਹਨ, ਮਾਡਰਨ ਜੇਲ੍ਹਾਂ ਦੀ ਉਸਾਰੀ ਲਈ ਕਰੋੜਾਂ ਰੁਪਏ ਖਰਚ ਕਰ ਰਹੀਆਂ ਹਨ, ਜੇਲ੍ਹਾਂ ਦੀ ਆਧੁਨਿਕਤਾ ਦੀ ਗੱਲ ਕੀਤੀ ਜਾਂਦੀ ਹੈ, ਪੰਜਾਬ ਸਰਕਾਰ ਹੋਰਨਾਂ ਰਾਜਾਂ ਵਾਂਗ ਪਕੋਕਾ ਵਰਗੇ ਕਾਨੂੰਨ ਬਣਾਉਣ ਲਈ ਕੋਸ਼ਿਸ਼ ਕਰ ਰਹੀ ਹੈ ਤਾਂ ਫਿਰ ਲਾਇਬ੍ਰੇਰੀ ਐਕਟ ਬਾਰੇ ਕਿਉਂ ਨਹੀਂ ਵਿਚਾਰ ਕਰ ਰਹੀ ਹੈ? ਪੰਜਾਬੀ ਸੂਬਾ ਹੋਂਦ ਵਿਚ ਆਉਣ ਤੋਂ ਬਾਅਦ ਸਰਕਾਰਾਂ ਲਾਇਬ੍ਰੇਰੀ ਐਕਟ ਲਾਗੂ ਨਹੀਂ ਕਰ ਸਕੀਆਂ ਜਦਕਿ 18 ਸੂਬਿਆਂ ਵਿਚ ਪਹਿਲਾਂ ਹੀ ਲਾਇਬ੍ਰੇਰੀ ਕਾਨੂੰਨ ਬਣੇ ਹੋਏ ਹਨ ਤੇ ਪੰਜਾਬ ਇਸ ਪੱਖੋਂ ਪਛੜਿਆ ਚੱਲਿਆ ਆ ਰਿਹਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦੀ ਨਵੀਂ ਪੀੜ੍ਹੀ ਕਿਤਾਬਾਂ ਪੜ੍ਹਨ ਦੇ ਮਾਮਲੇ ਵਿਚ ਬਹੁਤ ਪਿੱਛੇ ਚਲੀ ਗਈ ਹੈ।
ਪੁਸਤਕਾਂ ਪੜ੍ਹਨ ਦੇ ਰੁਝਾਨ ਨੂੰ ਪ੍ਰਫੁੱਲਤ ਕਰਨ ਅਤੇ ਜਨਤਕ ਲਾਇਬ੍ਰੇਰੀਆਂ ਦੀ ਸਥਾਪਨਾ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਸ਼ਬਦ ਪ੍ਰਕਾਸ਼ ਪਬਲਿਕ ਲਾਇਬ੍ਰੇਰੀ ਅਤੇ ਸੂਚਨਾਵਾਂ ਸੇਵਾਵਾਂ ਐਕਟ ਬਣਾਉਣ ਵਾਸਤੇ ਖਰੜੇ ਨੂੰ ਪ੍ਰਵਾਨਗੀ ਪਿਛਲੀ ਸਰਕਾਰ ਨੇ ਦਿੱਤੀ ਸੀ, ਪਰ ਉਹ ਵੀ ਲਾਇਬ੍ਰੇਰੀ ਐਕਟ ਵਿਚ ਤਬਦੀਲ ਕਰਕੇ ਲਾਗੂ ਨਹੀਂ ਕਰ ਸਕੇ। ਅੱਜ ਦੀ ਨੌਜਵਾਨੀ ਨੂੰ ਚੰਗੇ ਪਾਸੇ ਅਤੇ ਚੰਗੇ ਸਮਾਜਿਕ ਅਕਸ ਲਈ ਅਕਾਦਮਿਕ ਅਤੇ ਪਬਲਿਕ ਲਾਇਬ੍ਰੇਰੀਆਂ ਦਾ ਵਿਕਾਸ ਕਰਨ ਦੀ ਬਹੁਤ ਜ਼ਰੂਰਤ ਹੈ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਮਾਜ ਅਤੇ ਵਿੱਦਿਅਕ ਅਦਾਰਿਆਂ ਅੰਦਰ ਸਮੇਂ ਦੇ ਅਨੁਕੂਲ ਮਾਡਰਨ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾਵੇ, ਪੰਜਾਬ ਅੰਦਰ ਲਾਇਬ੍ਰੇਰੀ ਐਕਟ ਲਾਗੂ ਕਰੇ, ਜਿਸ ਨਾਲ ਲਾਇਬ੍ਰੇਰੀਆਂ ਦਾ ਪੁਨਰਜਨਮ ਹੋ ਸਕੇ।

-ਪਿੰਡ ਗਹਿਲੇ ਵਾਲਾ, ਜ਼ਿਲ੍ਹਾ ਫਾਜ਼ਿਲਕਾ।
ਮੋਬਾ: 99887-66013

ਅੱਜ ਵੀ ਖ਼ਤਮ ਨਹੀਂ ਹੋ ਸਕੀ ਦਾਜ-ਪ੍ਰਥਾ

ਦੇਸ਼ ਦੀ, ਸਮਾਜ ਦੀ ਤਰੱਕੀ ਦੇ ਨਾਲ-ਨਾਲ ਸਾਡੇ ਸਮਾਜ ਦਾ ਕਾਫ਼ੀ ਹਿੱਸਾ ਵਿੱਤੀ ਤੌਰ 'ਤੇ ਮਜ਼ਬੂਤ ਹੈ, ਜੋ ਕਿ ਰੋਟੀ, ਕੱਪੜਾ, ਮਕਾਨ ਦੇ ਨਾਲ-ਨਾਲ ਜ਼ਿੰਦਗੀ ਦੀਆਂ ਹੋਰ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹੈ, ਪਰ ਅਫਸੋਸ ਦੀ ਗੱਲ ਹੈ ਕਿ ਪੁਰਾਣੇ ਸਮੇਂ ਤੋਂ ਚੱਲ ਰਹੀ ਸਮਾਜਿਕ ਕੁਰੀਤੀ ਦਾਜ-ਪ੍ਰਥਾ ਅੱਜ ਵੀ ਪਾਈ ਜਾਂਦੀ ਹੈ। ਦਾਜ-ਪ੍ਰਥਾ ਸਾਡੇ ਸਮਾਜ ਵਿਚ ਬਹੁਗਿਣਤੀ ਵਿਚ ਉਨ੍ਹਾਂ ਲੋਕਾਂ ਵਿਚ ਪਾਈ ਜਾਂਦੀ ਹੈ, ਜੋ ਵਿੱਤੀ ਤੌਰ 'ਤੇ ਮਜ਼ਬੂਤ ਹਨ। ਸਾਡੇ ਲੋਕਾਂ ਕੋਲ ਜਿੰਨੀ ਜ਼ਿਆਦਾ ਜ਼ਮੀਨ-ਜਾਇਦਾਦ ਹੈ, ਓਨੀ ਹੀ ਜ਼ਿਆਦਾ ਵਿਆਹ ਸਮੇਂ ਦਾਜ ਦੀ ਮੰਗ ਕੀਤੀ ਜਾਂਦੀ ਹੈ। ਸਾਡੇ ਸ਼ਾਨੋ-ਸ਼ੌਕਤ ਵਾਲੇ ਪੜ੍ਹੇ-ਲਿਖੇ ਲੋਕਾਂ ਦਾ ਵਿਆਹ ਸੋਨੇ ਦੀਆਂ ਛਾਪਾਂ ਤਾਂ ਇਕ ਪਾਸੇ, ਵੱਡੀਆਂ ਕਾਰਾਂ ਅਤੇ ਹੋਰ ਜ਼ਿਆਦਾ ਮਹਿੰਗੇ ਸਮਾਨ ਦੇ ਲੈਣ-ਦੇਣ ਨਾਲ ਪੂਰਾ ਹੁੰਦਾ ਹੈ। ਕਿਉਂ ਪੈਂਦੀ ਹੈ ਸਾਡੇ ਸਮਾਜ ਨੂੰ ਦਾਜ ਦੀ ਲੋੜ? ਸ਼ਾਇਦ ਸਾਡੇ ਲੋਕਾਂ ਵਿਚ ਥੋੜ ਪੈਸਿਆਂ ਦੀ ਨਹੀਂ, ਥੋੜ ਸਾਡੀ ਸੋਚ ਦੀ ਹੈ, ਜੋ ਸਦੀਆਂ ਤੋਂ ਚਲਦੀ ਆ ਰਹੀ ਦਾਜ ਪ੍ਰਥਾ ਨੂੰ ਆਪਣੀ ਸੋਚ ਵਿਚ ਅਜੇ ਵੀ ਜਿਉਂਦਾ ਰੱਖਦੀ ਹੈ। ਹੁਣ ਜੇਕਰ ਗੱਲ ਕਰੀਏ, ਵਿੱਤੀ ਤੌਰ 'ਤੇ ਮੱਧ ਵਰਗ ਦੇ ਲੋਕਾਂ ਦੀ ਤਾਂ ਉਨ੍ਹਾਂ ਵਿਚ ਵੀ ਦਾਜ ਲੈਣਾ-ਦੇਣਾ ਜੇਕਰ ਕਾਰਾਂ, ਸੋਨੇ ਦੇ ਗਹਿਣਿਆਂ ਨਾਲ ਨਹੀਂ ਤਾਂ ਟੈਲੀਵਿਜ਼ਨ, ਫਰਿੱਜ, ਸੋਫਾ-ਸੈੱਟ, ਪੇਟੀ, ਅਲਮਾਰੀ ਕੱਪੜੇ ਵਗੈਰਾ ਤੋਂ ਬਿਨਾਂ ਵਿਆਹ ਪੂਰਾ ਨਹੀਂ ਹੁੰਦਾ। ਕਹਿਣ ਨੂੰ ਭਾਵੇਂ ਕਿਹਾ ਜਾਵੇ ਕਿ ਸਾਡੀ ਕੋਈ ਮੰਗ ਨਹੀਂ? ਮਾਪਿਆਂ ਨੇ ਜੋ ਦੇਣਾ ਹੈ, ਆਪਣੀ ਕੁੜੀ ਨੂੰ ਦੇਣਾ ਹੈ। ਪਰ ਵਿਆਹ ਸਮੇਂ ਹਰ ਵਿਅਕਤੀ ਦੀ ਅੱਖ ਲੜਕੀ ਵਾਲਿਆਂ ਵਲੋਂ ਦਿੱਤੇ ਸਾਮਾਨ 'ਤੇ ਹੁੰਦੀ ਹੈ। ਘਰ ਦੀਆਂ ਵਸਤਾਂ ਜੋ ਦਾਜ ਵਿਚ ਆਉਂਦੀਆਂ ਹਨ, ਸਾਡੇ ਸਮਾਜ ਵਿਚ ਉਨ੍ਹਾਂ ਨੂੰ ਦਾਜ ਵਿਚ ਗਿਣਿਆ ਹੀ ਨਹੀਂ ਜਾਂਦਾ, ਪਰ ਕੁੜੀ ਦੇ ਘਰੋਂ ਆਈ ਹਰ ਚੀਜ਼ ਦਾਜ ਹੀ ਹੁੰਦਾ ਹੈ। ਸਾਡੇ ਦੇਸ਼ ਦੀ, ਸਮਾਜ ਦੀ ਤਰੱਕੀ ਹੋ ਰਹੀ ਹੈ, ਪਰ ਸੋਚ ਦੀ ਨਹੀਂ। ਵਿਆਹ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ, ਜਿਸ ਦੇ ਰੂਪ ਨੂੰ ਬਦਲ ਕੇ ਅਸੀਂ ਮੰਗਾਂ ਵਿਚ ਤੋਲਦੇ ਹਾਂ, ਜਿਸ ਕਰਕੇ ਦਾਜ ਪ੍ਰਥਾ ਦੀਆਂ ਜੜ੍ਹਾਂ ਅਜੇ ਵੀ ਸਮਾਜ ਵਿਚ ਬਹੁਤ ਡੂੰਘੀਆਂ ਪਾਈਆਂ ਜਾ ਰਹੀਆਂ ਹਨ। ਅੱਜ ਅਸੀਂ ਪੜ੍ਹਿਆ-ਲਿਖਿਆ ਸਮਾਜ ਸਿਰਜ ਰਹੇ ਹਾਂ, ਜਿਸ ਵਿਚ ਲੜਕਾ-ਲੜਕੀ ਪੈਸੇ ਕਮਾਉਣ ਲਈ ਸਮਰੱਥ ਹਨ। ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਦਾਜ ਦੀ ਕੁਰੀਤੀ ਨੂੰ ਖ਼ਤਮ ਕਰਕੇ, ਵਿਆਹ ਵਿਚ ਬੇਲੋੜੇ ਖ਼ਰਚੇ ਬੰਦ ਕਰਕੇ ਘਰ ਵਿਚ ਆਈ ਲਕਸ਼ਮੀ (ਨਵੀਂ ਵਿਆਹੀ ਲੜਕੀ) ਦਾ ਪੈਸਿਆਂ ਨਾਲ ਨਹੀਂ, ਸਗੋਂ ਪਿਆਰ ਨਾਲ ਸਵਾਗਤ ਕਰੀਏ। ਨਾ ਦਾਜ ਲਈਏ, ਨਾ ਦਾਜ ਦਈਏ ਨੂੰ ਬੜ੍ਹਾਵਾ ਦੇਵੇ।

-ਪਿੰਡ ਫੱਗੂਵਾਲਾ, ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ।

ਪ੍ਰੈਸ਼ਰ ਹਾਰਨਾਂ, ਹੂਟਰਾਂ 'ਤੇ ਸਖ਼ਤੀ ਨਾਲ ਪਾਬੰਦੀ ਦੀ ਲੋੜ

ਅੱਜਕਲ੍ਹ ਦੌੜ-ਭੱਜ ਦੀ ਜ਼ਿੰਦਗੀ ਨੇ ਮਨੁੱਖ ਨੂੰ ਮਸ਼ੀਨਰੀ ਬਣਾ ਦਿੱਤਾ ਹੈ। ਵਕਤ ਅਤੇ ਸਮੇਂ ਦੀਆਂ ਬੰਦਸ਼ਾਂ 'ਚ ਵਲੇਟਿਆ ਮਨੁੱਖ ਆਰਥਿਕ ਤੌਰ 'ਤੇ ਤਾਂ ਭਾਵੇਂ ਕਾਮਯਾਬ ਹੋਇਆ ਹੋਵੇਗਾ ਪਰ ਮਾਨਸਿਕ ਇਕਾਗਰਤਾ ਤੋਂ ਬੇਚੈਨ ਮਹਿਸੂਸ ਕਰ ਰਿਹਾ ਹੈ। ਅਜਿਹੇ ਕਿਹੜੇ ਕਾਰਨ ਹੋ ਸਕਦੇ ਹਨ, ਜਿਹੜੇ ਕਿ ਮਨੁੱਖ, ਪੰਛੀਆਂ ਨੂੰ ਦਿਨ-ਬ-ਦਿਨ ਅਸ਼ਾਂਤ ਕਰ ਰਹੇ ਹਨ। ਸੜਕਾਂ 'ਤੇ ਚੱਲਣ ਵਾਲੇ ਵਾਹਨਾਂ 'ਤੇ ਵੱਜਦੇ ਪ੍ਰੈਸ਼ਰ ਹਾਰਨ, ਹੂਟਰ, ਬਿਨਾਂ ਇਜਾਜ਼ਤ ਦੇ ਲਾਊਡ ਸਪੀਕਰ, ਟਰੈਕਟਰਾਂ ਉੱਪਰ ਲੱਗੇ ਉੱਚੀ ਆਵਾਜ਼ ਵਾਲੇ ਸਿਸਟਮ ਅਤੇ ਦੇਰ ਰਾਤ ਤੱਕ ਚੱਲਣ ਵਾਲੇ ਡੀ.ਜੇ. ਮਨੁੱਖੀ ਜ਼ਿੰਦਗੀਆਂ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ। ਜੇਕਰ ਅਸੀਂ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਵਾਹਨਾਂ ਅੰਦਰੋਂ ਵੀ ਜ਼ਹਿਰੀਲਾ ਧੂੰਆਂ ਆਉਂਦਾ ਹੈ। ਸਾਡੇ ਧਰਤੀ ਹੇਠਲੇ ਪਾਣੀ ਅੰਦਰ ਜ਼ਹਿਰੀਲੇ ਰਸਾਇਣ ਮਿਲ-ਘੁਲ ਰਹੇ ਹਨ। ਸਾਹ ਲੈਣ ਲਈ ਸੁਥਰੀ ਆਕਸੀਜਨ ਵਿਚ ਧੂੰਏਂ ਦੀ ਜ਼ਹਿਰੀਲੀ ਗੰਧ ਘੁਲ ਰਹੀ ਹੈ। ਇਨ੍ਹਾਂ 'ਚ ਬੰਦਸ਼ਾਂ ਤਾਂ ਬਹੁਤ ਲਗਾਈਆਂ ਹੋਈਆਂ ਹਨ, ਪਰ ਉਨ੍ਹਾਂ 'ਤੇ ਅਮਲ ਘੱਟ ਹੋਇਆ ਜਾਪਦਾ ਹੈ।
ਜੇਕਰ ਅਸੀਂ ਆਵਾਜ਼ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਇਹ ਪ੍ਰਦੂਸ਼ਣ ਫੈਲਾਉਣ ਵਾਲਾ ਕਾਨੂੰਨ ਮੁਤਾਬਿਕ ਭਾਰੀ ਜੁਰਮਾਨੇ ਅਤੇ ਸਜ਼ਾ ਦਾ ਭਾਗੀਦਾਰ ਹੋ ਸਕਦਾ ਹੈ ਪਰ ਇਸ ਨੂੰ ਲਾਗੂ ਕਰਨ ਲਈ ਚਾਲ ਢਿੱਲੀ-ਮੱਠੀ ਹੋਈ ਜਾਪਦੀ ਹੈ। ਸੜਕਾਂ 'ਤੇ ਅਨੇਕਾਂ ਕੀਮਤੀ ਜਾਨਾਂ ਰੋਜ਼ਾਨਾ ਚਲੀਆਂ ਜਾਂਦੀਆਂ ਹਨ। ਵਾਹਨਾਂ ਅੰਦਰ ਲੱਗੇ ਪ੍ਰੈਸ਼ਰ ਹਾਰਨ, ਹੂਟਰ, ਉੱਚੀ ਆਵਾਜ਼ਾਂ ਵਾਲੇ ਜਲਵੇ ਹਾਰਨ ਅਤੇ ਵੰਨ-ਸੁਵੰਨੀਆਂ ਆਵਾਜ਼ਾਂ ਵਾਲੇ ਹਾਰਨ ਆਮ ਦਿਨ-ਰਾਤ ਸੜਕਾਂ 'ਤੇ ਵੱਜਦੇ ਸੁਣੇ ਜਾ ਸਕਦੇ ਹਨ। ਅਸੀਂ ਜ਼ਿੰਦਗੀ ਵਿਦੇਸ਼ੀ ਤਰਜ਼ 'ਤੇ ਜਿਉਣ ਤਾਂ ਲੱਗੇ ਹਾਂ ਪਰ ਉਨ੍ਹਾਂ ਦੇ ਨਿਯਮਾਂ ਤੋਂ ਅਣਜਾਣ ਹਾਂ, ਜਿਥੇ ਹਾਰਨ ਵਜਾਉਣਾ ਗੁਨਾਹ ਸਮਝਿਆ ਜਾਂਦਾ ਹੈ।
ਪਰ ਬਾਜ਼ਾਰਾਂ 'ਚ ਧੜੱਲੇ ਨਾਲ ਪ੍ਰੈਸ਼ਰ ਹਾਰਨ ਆਮ ਵਿਕ ਰਹੇ ਹਨ, ਜਿਨ੍ਹਾਂ ਨੂੰ ਕੋਈ ਰੋਕ ਤੋਂ ਬਗੈਰ ਗਾਹਕ ਆਪਣੀ ਮਰਜ਼ੀ ਮੁਤਾਬਿਕ ਵਾਹਨਾਂ 'ਤੇ ਫਿੱਟ ਕਰਾ ਰਹੇ ਹਨ। ਕੀ ਪ੍ਰਦੂਸ਼ਣ ਕੰਟਰੋਲ ਬੋਰਡ ਗਹਿਰੀ ਨੀਂਦ ਸੁੱਤਾ ਹੋਇਆ ਹੈ? ਜੇਕਰ ਅਸੀਂ ਕਾਨੂੰਨ ਦੀ ਗੱਲ ਕਰੀਏ ਤਾਂ 'ਮੋਟਰ ਵਹੀਕਲ ਐਕਟ-1988' ਅਤੇ 'ਹਵਾ ਪ੍ਰਦੂਸ਼ਣ (ਰੋਕਥਾਮ ਅਤੇ ਕੰਟਰੋਲ) ਐਕਟ-1981' ਅਧੀਨ ਚਲਾਨ ਤੋਂ ਇਲਾਵਾ 6 ਸਾਲ ਤੱਕ ਦੀ ਸਜ਼ਾ ਸਣੇ ਜੁਰਮਾਨਾ ਵੀ ਹੋ ਸਕਦਾ ਹੈ ਪਰ ਏਨੇ ਸਖ਼ਤ ਕਾਨੂੰਨ ਦੇ ਬਾਵਜੂਦ ਇਹ ਪ੍ਰਦੂਸ਼ਣ ਕਿਉਂ ਫੈਲਾਇਆ ਜਾ ਰਿਹਾ ਹੈ?
ਜੇਕਰ ਪੁਲਿਸ ਸਖ਼ਤੀ ਵਰਤਦੀ ਹੈ ਤਾਂ ਉਥੇ ਰਾਜਨੀਤਕ ਪ੍ਰਭਾਵ ਪੈਂਦਾ ਹੈ। ਸਿਰਫ ਇਕ ਜਾਂ ਦੋ ਦਿਨ ਦੀ ਸਖ਼ਤੀ ਨਾਲ ਠੱਲ੍ਹ ਨਹੀਂ ਪੈ ਸਕਦੀ। ਰਾਜਨੀਤਕ ਪ੍ਰਭਾਵ ਵਾਲੇ ਲੋਕ ਬਗੈਰ ਇਜਾਜ਼ਤ ਤੋਂ ਹੁਕਮਾਂ ਦੀ ਉਲੰਘਣਾ ਕਰਕੇ ਬਿਨਾਂ ਵਜ੍ਹਾ ਹੂਟਰ ਵਜਾ ਕੇ ਆਪਣਾ ਰਸੂਖ ਬਰਕਰਾਰ ਰੱਖਦੇ ਜਾਪਦੇ ਹਨ।
ਅਸੀਂ ਆਮ ਨਾਗਰਿਕ ਆਪਣੇ ਫਰਜ਼ਾਂ ਨੂੰ ਪਛਾਣੀਏ। ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣ ਦੀ ਬਜਾਏ ਉਨ੍ਹਾਂ ਦਾ ਹੱਕ ਮਾਰ ਰਹੇ ਹਾਂ। ਸਿਰਫ ਕੁਝ ਲੋਕਾਂ ਦੀ ਵਜ੍ਹਾ ਕਾਰਨ ਬਹੁਤੀ ਭੋਲੀ-ਭਾਲੀ ਜਨਤਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਆਮ ਬਾਜ਼ਾਰਾਂ 'ਚ ਵਿਕਣ ਵਾਲੇ ਪ੍ਰੈਸ਼ਰ ਹਾਰਨ ਹੂਟਰ ਉੱਚੀ ਆਵਾਜ਼ ਵਾਲੇ ਹਾਰਨ 'ਤੇ ਪੂਰਨ ਪਾਬੰਦੀ ਸਖਤੀ ਨਾਲ ਲਗਾਉਣੀ ਚਾਹੀਦੀ ਹੈ। ਜਦੋਂ ਸਾਨੂੰ ਉੱਚੀ ਆਵਾਜ਼ ਵਾਲੇ ਹਾਰਨ ਮਿਲਣਗੇ ਨਹੀਂ ਤਾਂ ਵੱਜਣਗੇ ਕਿਵੇਂ? ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਬਣਦਾ ਹੈ ਕਿ ਵਧ ਰਹੇ ਪ੍ਰਦੂਸ਼ਣ ਨੂੰ ਰੋਕੀਏ, ਨਾ ਫੈਲਾਈਏ-ਨਾ ਆਪਣੇ ਦੁਆਲੇ ਫੈਲਾਉਣ ਦੇਈਏ, ਇਕ ਚੰਗੇ ਨਾਗਰਿਕ ਬਣਨ ਦਾ ਸਬੂਤ ਦੇਈਏ, ਭਾਵੇਂ ਪਾਣੀ ਦਾ ਪ੍ਰਦੂਸ਼ਣ ਹੋਵੇ ਭਾਵੇਂ ਹਵਾ 'ਚ ਮਿਲਣ ਵਾਲਾ ਪ੍ਰਦੂਸ਼ਣ ਜਾਂ ਆਵਾਜ਼ੀ ਪ੍ਰਦੂਸ਼ਣ ਹੋਵੇ, ਸਬੰਧਤ ਮਹਿਕਮੇ ਸਖ਼ਤੀ ਵਰਤਣ, ਨਹੀਂ ਤਾਂ ਇਹ ਕੋਹੜ ਭਿਆਨਕ ਰੂਪ ਧਾਰਨ ਕਰ ਰਿਹਾ ਹੈ।

-ਪਿੰਡ ਤੇ ਡਾਕ: ਜਲਾਲਦੀਵਾਲ (ਲੁਧਿਆਣਾ)। ਮੋਬਾ: 98141-11305

ਸੁੱਖ-ਸਹੂਲਤਾਂ ਦੇ ਬਾਵਜੂਦ ਕਿਉਂ ਮਨੁੱਖ ਦੇ ਮਨ 'ਚ ਸਹਿਜ ਨਹੀਂ?

ਕੁਝ ਸਾਲ ਪਹਿਲਾਂ ਲੋਕ ਵੱਡੇ-ਵੱਡੇ ਟੱਬਰਾਂ ਵਿਚ ਰਹਿੰਦੇ ਸਨ। ਖੁਸ਼ਹਾਲ, ਖੁਸ਼ੀਆਂ ਭਰੀ ਤੇ ਚਿੰਤਾਮੁਕਤ ਜ਼ਿੰਦਗੀ ਬਤੀਤ ਕਰਦੇ ਸਨ। ਆਰਥਿਕ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਉਨ੍ਹਾਂ ਵੱਡੇ ਟੱਬਰਾਂ ਦੀ ਜ਼ਿੰਦਗੀ ਬੜੀ ਅਸਾਨੀ ਨਾਲ ਬਤੀਤ ਹੁੰਦੀ ਜਾਪਦੀ ਸੀ। ਘਰ ਦੀ ਕਬੀਲਦਾਰੀ ਨਜਿੱਠਣ ਵਾਲਾ ਲਾਣੇਦਾਰ ਹੀ ਥੋੜ੍ਹਾ-ਬਹੁਤਾ ਚਿੰਤਾਗ੍ਰਸਤ ਹੁੰਦਾ ਸੀ ਅਤੇ ਬਾਕੀ ਟੱਬਰ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਸਨ। ਆਧੁਨਿਕ ਸਮੇਂ ਵਿਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਰੀਆਂ ਹੀ ਸੁੱਖ-ਸਹੂਲਤਾਂ ਦੇ ਸਾਧਨ ਵਧਣ ਦੇ ਬਾਵਜੂਦ ਅਜੋਕਾ ਮਨੁੱਖ ਬੜਾ ਦੁਖੀ ਹੈ, ਜਿਸ ਦੇ ਮਨ ਅੰਦਰ ਬੜੀ ਗੁੰਝਲਦਾਰ ਕਿਸਮ ਦੀਆਂ ਲੜਾਈਆਂ-ਝਗੜੇ ਅੰਦਰੋ-ਅੰਦਰ ਚਲਦੇ ਰਹਿੰਦੇ ਹਨ, ਜੋ ਅਜੋਕੇ ਮਨੁੱਖ ਨੂੰ ਇਕ ਪਲ ਵੀ ਚੈਨ ਨਹੀਂ ਆਉਣ ਦਿੰਦੇ।
ਉਪਰੋਕਤ ਸਵਾਲ ਮੇਰੇ ਜ਼ਿਹਨ ਵਿਚ ਉਦੋਂ ਆਏ ਜਦੋਂ ਮੇਰਾ ਇਕ ਦੋਸਤ ਮੈਨੂੰ ਦੱਸ ਰਿਹਾ ਸੀ ਕਿ ਮੇਰਾ ਘਰ ਵਿਚ ਕਮਰਾ ਵੱਖਰਾ ਹੈ, ਮੇਰਾ ਡ੍ਰੈਸਿੰਗ ਰੂਮ ਵੱਖਰਾ ਹੈ, ਮੇਰਾ ਬਾਥਰੂਮ ਵੱਖਰਾ ਹੈ, ਮੇਰਾ ਸਭ ਕੁਝ ਵੱਖਰਾ ਹੈ, ਮਤਲਬ ਸਾਰੀਆਂ ਸਹੂਲਤਾਂ ਉਸ ਨੂੰ ਇਕ ਕਮਰੇ ਵਿਚ ਹੀ ਮਿਲ ਗਈਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਏਨੀਆਂ ਸਹੂਲਤਾਂ ਦੇ ਬਾਅਦ ਵੀ ਮਨੁੱਖ ਦੇ ਮਨ ਅੰਦਰਲਾ ਭਾਂਬੜ ਸ਼ਾਂਤ ਕਿਉਂ ਨਹੀਂ ਹੋ ਰਿਹਾ? ਕਿਥੇ ਗਈ ਉਹ ਸ਼ਾਂਤੀ, ਜਿਸ ਦੀ ਮਨੁੱਖ ਭਾਲ ਵਿਚ ਹੈ? ਜਾਂ ਜਿਸ ਸ਼ਾਂਤੀ ਨੂੰ ਪਾਉਣ ਲਈ ਇਹ ਸਹੂਲਤਾਂ ਦੀ ਖੋਜ ਕੀਤੀ ਗਈ।
ਕਈ ਵਾਰੀ ਤਾਂ ਇਹ ਲਗਦਾ ਹੈ ਕਿ ਇਹ ਸਹੂਲਤਾਂ ਬੜੀਆਂ ਕਾਰਗਰ ਸਿੱਧ ਹੋਣਗੀਆਂ ਅਤੇ ਕਈ ਵਾਰ ਇਹ ਲਗਦਾ ਹੈ ਕਿ ਇਨ੍ਹਾਂ ਹੀ ਸਹੂਲਤਾਂ ਨੇ ਮਨੁੱਖ ਨੂੰ ਸਿਰੇ ਦਾ ਆਲਸੀ ਬਣਾ ਦਿੱਤਾ ਹੈ। ਜਦੋਂ ਸਹੂਲਤਾਂ ਸੀਮਤ ਸਨ, ਉਸ ਸਮੇਂ ਪਰਿਵਾਰਕ ਮੈਂਬਰਾਂ ਨੂੰ ਆਪਸ ਵਿਚ ਮਿਲਣ ਦਾ, ਗੱਲ ਕਰਨ ਦਾ ਸਮਾਂ ਵੀ ਕੁਦਰਤੀ ਹੈ ਕਿ ਵਧੇਰੇ ਮਿਲ ਜਾਂਦਾ ਸੀ। ਇਸ ਨਾਲ ਇਕ-ਦੂਜੇ ਨਾਲ ਵੱਧ ਤੋਂ ਵੱਧ ਸਮਾਂ ਵੀ ਬਤੀਤ ਹੁੰਦਾ ਅਤੇ ਕੁਦਰਤੀ ਹੈ ਕਿ ਇਕ-ਦੂਜੇ ਨੂੰ ਵੱਧ ਸਮਾਂ ਮਿਲਣ ਕਾਰਨ ਰਿਸ਼ਤਿਆਂ ਵਿਚ ਆਪਸੀ ਪਿਆਰ ਤੇ ਸਤਿਕਾਰ ਵਧਦਾ ਹੀ ਨਹੀਂ ਸੀ, ਸਗੋਂ ਹੋਰ ਪ੍ਰਪੱਕ ਵੀ ਹੁੰਦਾ ਸੀ। ਮਨੁੱਖ ਨੂੰ ਸੁਖ ਸਹੂਲਤਾਂ ਵਿਚ ਏਨਾ ਗਲਤਾਨ ਨਹੀਂ ਹੋਣਾ ਚਾਹੀਦਾ ਕਿ ਉਹ ਰਿਸ਼ਤੇ-ਨਾਤਿਆਂ ਦੀ ਕਦਰ ਤੇ ਰਿਸ਼ਤਿਆਂ ਦੀ ਪਹਿਰੇਦਾਰੀ ਕਰਨੀ ਭੁੱਲ ਜਾਵੇ। ਮਨੁੱਖ ਨੂੰ ਚੀਜ਼ਾਂ ਨਾਲ ਪਿਆਰ ਨਹੀਂ ਹੋਣਾ ਚਾਹੀਦਾ, ਸਗੋਂ ਇਨਸਾਨੀਅਤ ਨਾਲ ਮੁਹੱਬਤ ਹੋਣੀ ਚਾਹੀਦੀ ਹੈ।
ਆਧੁਨਿਕ ਸਮੇਂ ਵਿਚ ਹੋਈ ਤਰੱਕੀ ਲਈ ਮੈਂ ਵਿਗਿਆਨ ਦੀ ਕੀਤੀ ਖੋਜ ਦਾ ਵਿਰੋਧੀ ਨਹੀਂ ਹਾਂ ਪਰ ਉਸ ਦੀ ਵਰਤੋਂ ਸਾਨੂੰ ਸਾਕਾਰਾਤਮਿਕ ਤੌਰ 'ਤੇ ਸਮਾਜ ਦੇ ਭਲੇ ਹਿਤ ਅਤੇ ਸਾਰਥਿਕ ਮੁੱਦਿਆਂ ਨੂੰ ਘੋਖਣ, ਉਭਾਰਨ ਤੇ ਹੱਲ ਕਰਨ ਲਈ ਹੀ ਕਰਨੀ ਚਾਹੀਦੀ ਹੈ। ਸੁਖ ਸਹੂਲਤਾਂ ਨੂੰ ਲੋੜ ਮੁਤਾਬਿਕ ਹੀ ਵਰਤਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ 'ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ।
ਕਿਸੇ ਮਨੁੱਖ ਦੇ ਅੰਦਰਲੇ ਮਾਨਵੀ ਗੁਣਾਂ ਵਿਚੋਂ ਸਹਿਣਸ਼ੀਲਤਾ ਤੇ ਸਹਿਜਤਾ ਨੂੰ ਬਹੁਤ ਵੱਡਾ ਗੁਣ ਮੰਨਿਆ ਜਾਂਦਾ ਹੈ। ਆਪਣੀ ਗੱਲ ਕਰਦਿਆਂ ਤੇ ਦੂਜੇ ਦੀ ਗੱਲ ਸੁਣਦਿਆਂ ਜਿਹੜਾ ਵਿਅਕਤੀ ਸਹਿਜਤਾ ਤੇ ਠਰ੍ਹੰਮੇ ਦਾ ਪੱਲਾ ਛੇਤੀ ਹੀ ਛੱਡ ਬਹਿੰਦਾ ਹੈ, ਉਸ ਵਿਚ ਹੋਰ ਭਾਵੇਂ ਜਿੰਨੇ ਮਰਜ਼ੀ ਗੁਣ ਹੋਣ ਪਰ ਉਸ ਨੂੰ ਸੰਤੁਲਤ ਸ਼ਖ਼ਸੀਅਤ ਹੋਣ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਸਹਿਣਸ਼ੀਲਤਾ ਦੀ ਮਨੁੱਖੀ ਜੀਵਨ ਵਿਚ ਵਿਸ਼ੇਸ਼ ਮਹੱਤਤਾ ਹੈ। ਸਾਡੇ ਸਮਾਜ ਵਿਚੋਂ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ, ਜਿਸ ਦੇ ਸਮਾਜ ਲਈ ਘਾਤਕ ਸਿੱਟੇ ਨਿਕਲਣੇ ਲਾਜ਼ਮੀ ਹਨ। ਦਿਨ-ਪ੍ਰਤੀ-ਦਿਨ ਰਿਸ਼ਤਿਆਂ ਵਿਚ ਕੁੜੱਤਣ ਵਧ ਰਹੀ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਬਹੁਤ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਆਓ, ਆਪਣੇ ਸੁਭਾਅ ਅੰਦਰ ਸਹਿਜਤਾ, ਨਿੱਘਾਪਣ ਤੇ ਠਰ੍ਹੰਮਾ ਪੈਦਾ ਕਰਨ ਦਾ ਯਤਨ ਕਰੀਏ ਅਤੇ ਸਹਿਣਸ਼ੀਲਤਾ ਭਰਪੂਰ ਸਮਾਜ ਦੀ ਸਿਰਜਣਾ ਵਿਚ ਬਣਦਾ ਹਿੱਸਾ ਪਾਉਣ ਦਾ ਯਤਨ ਕਰੀਏ।

-ਰਿਸਰਚ ਸਕਾਲਰ, ਧਰਮ ਅਭਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 98555-20001

ਦੇਸ਼ ਲਈ ਘਾਤਕ ਸਮੱਸਿਆ ਹੈ ਆਬਾਦੀ ਦਾ ਵਧਣਾ

ਦੁਨੀਆ ਦੇ ਕੁਝ ਅਮੀਰ ਦੇਸ਼ਾਂ ਵਿਚ ਭਾਰਤ ਦਾ ਨਾਂਅ ਵੀ ਆਉਂਦਾ ਹੈ। ਭਾਰਤ ਵਿਚ ਕਰੋੜਪਤੀਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸਾਡੀ ਅਰਥ-ਵਿਵਸਥਾ ਵੀ ਤੇਜ਼ੀ ਨਾਲ ਵਧ ਰਹੀ ਹੈ। ਇਹ ਸਾਰੀ ਸਥਿਤੀ ਤੋਂ ਖੁਸ਼ੀ ਹੁੰਦੀ ਹੈ ਅਤੇ ਮਾਣ ਵੀ ਹੁੰਦਾ ਹੈ। ਪਰ ਦੇਸ਼ ਦੀ ਦੂਜੀ ਤਸਵੀਰ ਚਿੰਤਾਜਨਕ ਤੇ ਸ਼ਰਮਨਾਕ ਵੀ ਹੈ। ਕਿਉਂਕਿ ਪੂਰੇ ਦੇਸ਼ ਵਿਚ 25 ਫੀਸਦੀ ਲੋੋਕ ਝੁੱਗੀਆਂ-ਝੌਂਪੜੀਆਂ ਵਿਚ ਰਹਿੰਦੇ ਹਨ ਅਤੇ 20 ਫੀਸਦੀ ਲੋਕ ਅੱਤ ਦੀ ਗਰੀਬੀ ਵਿਚ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਦਾ ਵੱਡਾ ਕਾਰਨ ਹੈ ਆਬਾਦੀ ਦਾ ਵਧਣਾ। ਪਿੰਡਾਂ-ਸ਼ਹਿਰਾਂ ਵਿਚ ਵਧਦੀ ਭੀੜ, ਕੂੜੇ-ਕਰਕਟ ਦੇ ਢੇਰਾਂ ਅਤੇ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੀ ਹੈ।
ਇਕ ਅੰਦਾਜ਼ੇ ਮੁਤਾਬਿਕ ਦੇਸ਼ 'ਚ ਹਰ ਸਾਲ ਲਗਭਗ 80 ਲੱਖ ਨੌਜਵਾਨ ਨੌਕਰੀਆਂ ਹਾਸਲ ਕਰਨ ਵਾਲੇ ਹੁੰਦੇ ਹਨ। ਪਰ ਮੁਸ਼ਕਿਲ ਨਾਲ 40 ਲੱਖ ਨੌਜਵਾਨਾਂ ਨੂੰ ਹੀ ਨੌਕਰੀਆਂ ਮਿਲਦੀਆਂ ਹਨ।
ਨੌਜਵਾਨ ਨਸ਼ਿਆਂ ਦੀ ਦਲ-ਦਲ ਵਿਚ ਧਸਦੇ ਜਾ ਰਹੇ ਹਨ। ਭੁੱਖੇ ਲੋਕਾਂ ਦੀ ਜ਼ਿਆਦਾ ਗਿਣਤੀ ਭਾਰਤ ਵਿਚ ਹੈ। ਵਧਦੀ ਆਬਾਦੀ ਕਾਰਨ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਵਿੱਦਿਆ, ਅਮਨ-ਸ਼ਾਂਤੀ (ਕਾਨੂੰਨ) ਵਰਗੀਆਂ ਸਹੂਲਤਾਂ ਕੁਝ ਕੁ ਲੋਕਾਂ ਤੱਕ ਹੀ ਸਿਮਟ ਕੇ ਰਹਿ ਜਾਂਦੀਆਂ ਹਨ।
ਮੋਦੀ ਸਰਕਾਰ ਵਲੋਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕਾਂ ਦਾ ਭਲਾ ਹੋ ਸਕੇ, ਪਰ ਵਧਦੀ-ਆਬਾਦੀ ਦੀ ਸਮੱਸਿਆ ਸਭ ਕੁਝ ਠੱਪ ਕਰਕੇ ਰੱਖ ਦਿੰਦੀ ਹੈ। ਗਰੀਬੀ, ਬੇਰੁਜ਼ਗਾਰੀ, ਪ੍ਰਦੂਸ਼ਣ ਸਮੇਤ ਅਨੇਕਾਂ ਸਮੱਸਿਆਵਾਂ ਨਾਲ ਭਾਰਤ ਜੂਝ ਰਿਹਾ ਹੈ, ਪਰ ਸਭ ਤੋਂ ਵੱਡੀ ਸਮੱਸਿਆ ਆਬਾਦੀ ਵਧਣ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ। ਇਕ ਸਮੱਸਿਆ ਦਾ ਹੱਲ ਹੋਣ ਨਾਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਦੇਸ਼ ਦੀ ਆਜ਼ਾਦੀ ਮੌਕੇ ਭਾਰਤ ਦੀ ਆਬਾਦੀ 35 ਕਰੋੜ ਸੀ, ਜੋ ਪਿਛਲੇ 70 ਸਾਲਾਂ ਵਿਚ ਵਧ ਕੇ ਸਵਾ ਅਰਬ ਤੋਂ ਜ਼ਿਆਦਾ ਹੋ ਗਈ ਹੈ, ਭਾਵ ਹਰ ਸਾਲ 1 ਕਰੋੜ 80 ਲੱਖ ਆਬਾਦੀ ਵਧ ਰਹੀ ਹੈ।
ਆਬਾਦੀ ਵਧਣ ਨਾਲ ਮਕਾਨ (ਘਰ) ਵਧ ਰਹੇ ਹਨ। ਪਿੰਡਾਂ ਦੇ ਲੋੋਕਾਂ ਦੀ ਰਿਹਾਇਸ਼ ਖੇਤਾਂ ਤੱਕ, ਸ਼ਹਿਰਾਂ ਦੇ ਲੋਕਾਂ ਦੀ ਰਿਹਾਇਸ਼ ਸ਼ਹਿਰਾਂ ਦੇ ਬਾਹਰ ਤੱਕ ਆ ਗਈ। ਜੰਗਲ, ਦਰੱਖਤ (ਹਰਿਆਵਲ) ਕੱਟੇ ਜਾ ਰਹੇ ਹਨ। ਇੰਡਸਟਰੀ ਵਧ ਰਹੀ ਹੈ। ਗੱਡੀਆ ਜ਼ਿਆਦਾ ਚੱਲਣ ਲੱਗ ਪਈਆਂ, ਲੋਕਾਂ ਦੀ ਭੀੜ ਵਧ ਗਈ, ਪ੍ਰਦੂਸ਼ਣ ਵੀ ਘਟਣ ਦਾ ਨਾਂਅ ਨਹੀਂ ਲੈ ਰਿਹਾ। ਆਵਾਜਾਈ ਵਧਣ ਨਾਲ ਦੇਸ਼ ਭਰ ਵਿਚ ਦੁਰਘਟਨਾਵਾਂ ਕਾਰਨ ਅਨੇਕਾਂ ਲੋਕ ਰੋਜ਼ਾਨਾ ਬੇਵਕਤੀ ਮੌਤ ਮਰ ਰਹੇ ਹਨ। ਵਧਦੀ ਆਬਾਦੀ ਨੇ ਬੱਚਿਆਂ ਦੇ ਖੇਡਣ ਤੇ ਲੋਕਾਂ ਦੇ ਘੁੰਮਣ-ਫਿਰਨ ਵਾਲੀਆਂ ਥਾਵਾਂ ਖ਼ਤਮ ਕਰ ਦਿੱਤੀਆਂ ਅਤੇ ਕੂੜੇ ਦੇ ਢੇਰ ਥਾਂ-ਥਾਂ 'ਤੇ ਬਿਮਾਰੀਆਂ ਵਧਾ ਰਹੇ ਹਨ।
ਕਦੇ ਚੀਨ ਵੀ ਸਾਡੇ ਵਾਂਗ ਵਧਦੀ ਆਬਾਦੀ ਤੋਂ ਪੀੜਤ ਸੀ ਪਰ ਉਸ ਨੇ ਵਧਦੀ ਆਬਾਦੀ 'ਤੇ ਰੋਕ ਲਗਾ ਦਿੱਤੀ ਹੈ। ਜਿਸ ਤਰ੍ਹਾਂ ਅੱਜ ਭਾਰਤ ਦੀ ਆਬਾਦੀ ਵਧ ਰਹੀ ਹੈ, ਕੁਝ ਹੀ ਸਾਲਾ 'ਚ ਭਾਰਤ ਦੁਨੀਆ ਵਿਚ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਹੋਵੇਗਾ।
ਭਾਰਤ ਨੂੰ ਇਸ ਭਿਆਨਕ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਤੇ ਕੌਮੀ ਸਹਿਮਤੀ ਬਣਾ ਕੇ ਕਿਸੇ ਵੀ ਢੰਗ ਨਾਲ ਵਧਦੀ ਆਬਾਦੀ 'ਤੇ ਰੋਕ ਲਗਾਉਣੀ ਪਵੇਗੀ। ਜੇਕਰ ਭਾਰਤ ਅੱਜ ਵੀ ਇਸ ਵਿਸ਼ੇ 'ਤੇ ਚੁੱਪ ਰਿਹਾ ਤਾਂ ਸਾਨੂੰ ਬਰਬਾਦੀ ਲਈ ਤਿਆਰ ਰਹਿਣਾ ਪਵੇਗਾ। ਆਬਾਦੀ ਘਟਣ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਲੇਗਾ। ਇਸ ਨਾਲ ਬੇਰੁਜ਼ਗਾਰੀ ਤੇ ਪ੍ਰਦੂਸ਼ਣ ਖ਼ਤਮ ਹੋਏਗਾ, ਸ਼ੁੱਧ ਵਾਤਾਵਰਨ ਮਿਲੇਗਾ ਤੇ ਦੇਸ਼ ਦੁਨੀਆ ਦੇ ਨਕਸ਼ੇ 'ਤੇ ਨਵੀਆਂ ਬੁਲੰਦੀਆਂ ਵੀ ਹਾਸਲ ਕਰੇਗਾ। ਆਓ, ਅਸੀਂ ਵੀ ਸੁਚੇਤ ਹੋਈਏ ਤੇ ਦੇਸ਼ ਦੇ ਭਵਿੱਖ ਨੂੰ ਬਰਬਾਦ ਹੋਣ ਤੋਂ ਰੋਕੀਏ।

-ਭਗਤਾ ਭਾਈ ਕਾ।
ਮੋਬਾ: 98721-02614

ਚੰਗੇ ਸਮਾਜ ਲਈ ਰੂੜ੍ਹੀਵਾਦੀ ਸੋਚ ਤਿਆਗਣੀ ਹੋਵੇਗੀ

ਨਿੱਤ ਦਿਹਾੜੇ ਵਾਪਰਦੀਆਂ ਜਬਰ-ਜਨਾਹ ਵਰਗੀਆਂ ਘਟਨਾਵਾਂ ਕਿਸੇ ਵੀ ਸਮਾਜ ਲਈ ਘਾਤਕ ਹੁੰਦੀਆਂ ਹਨ। 'ਦਰਦ ਏ ਦਾਸਤਾਂ' ਬਿਆਨ ਕਰਨਾ ਉਦੋਂ ਬਹੁਤ ਹੀ ਦੁਖਦਾਈ ਹੁੰਦਾ ਹੈ, ਜਦੋਂ ਜ਼ਾਲਮ ਲੋਕ ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ਦੇ, ਕਦੇ ਸੱਤ ਸਾਲ ਦੀ ਬੱਚੀ, ਭਾਵੇਂ ਇਹ ਲੋਕ ਨਸ਼ਈ ਹੋਣ ਜਾਂ ਪੂਰੀ ਹੋਸ਼ ਹਵਾਸ ਵਿਚ, ਗੱਲ ਤਾਂ ਬੱਚੀਆਂ 'ਤੇ ਹੋ ਰਹੇ ਜ਼ੁਲਮ ਦੀ ਹੈ। ਬੇਟੀ ਬਚਾਓ, ਬੇਟੀ ਪੜ੍ਹਾਓ ਤੇ ਕਦੇ ਨੰਨ੍ਹੀਆਂ ਛਾਵਾਂ ਦੀ ਰਾਖੀ ਕਰਦੀਆਂ ਸੰਸਥਾਵਾਂ ਆਖਰ ਇਸ ਸਭ ਦੇ ਬਾਅਦ ਵੀ ਚੁੱਪ ਕਿਉਂ ਧਾਰ ਲੈਂਦੀਆਂ ਹਨ? ਸਰਕਾਰੀ ਲੋਕ ਨਾਅਰੇ ਲਗਾਉਂਦੇ ਹਨ ਕਿ ਉਨ੍ਹਾਂ ਦਰਿੰਦਿਆਂ ਨੂੰ ਚੁਰਸਤੇ ਵਿਚ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਕੋਈ ਸ਼ੱਕ ਨਹੀਂ, ਅਜਿਹਾ ਹੋਣਾ ਚਾਹੀਦਾ ਹੈ ਪਰ ਇਹ ਸਭ ਹੋਣ ਤੋਂ ਪਹਿਲਾਂ ਕੁਝ ਸਖ਼ਤ ਕਾਨੂੰਨ ਕਿਉਂ ਨਹੀਂ ਬਣਦੇ? ਅਸੀਂ ਉਦੋਂ ਹੀ ਬੋਲਦੇ ਹਾਂ ਜਦ ਕੋਈ ਨੰਨ੍ਹੀ ਪਰੀ ਜਾਨ ਗੁਆ ਚੁੱਕੀ ਹੁੰਦੀ ਹੈ। ਅਜਿਹੀਆਂ ਧੀਆਂ ਦੇ ਮਾਪੇ ਕਿਵੇਂ ਜਿਉਂਦੇ ਹੋਣਗੇ? ਖੁਦਕੁਸ਼ੀ ਤੋਂ ਬਾਅਦ ਕਿਸਾਨਾਂ ਨੂੰ ਮਾਲੀ ਸਹਾਇਤਾ ਦੇ ਦੇਣਾ ਤੁਹਾਡੀ ਵਜ਼ੀਰੀ ਦਾ ਹਿੱਸਾ ਨਹੀਂ ਹੈ। ਸਮਝਣਾ ਪਵੇਗਾ, ਤਹਿ ਤੱਕ ਜਾਣਾ ਪਵੇਗਾ। ਆਖਰ ਜੜ੍ਹ ਕੀ ਹੈ? ਇਲਾਜ ਜੜ੍ਹਾਂ ਤੋਂ ਕਰਨਾ ਪਵੇਗਾ।
ਮੈਂ ਅਜਿਹੇ ਵਹਿਸ਼ੀ ਲੋਕਾਂ ਦਾ ਸਮਾਜ ਵਿਚ ਹੋਣਾ ਖ਼ਤਰਨਾਕ ਮੰਨਦੀ ਹਾਂ। ਮਹਿਸੂਸ ਕਰਦੀ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਤੇ ਹਰਗਿਜ਼ ਨਹੀਂ ਹੋਣਾ ਚਾਹੀਦਾ, ਪਰ ਸਾਡਾ ਸਮਾਜ, ਸਾਡੀ ਅਫਸਰਸ਼ਾਹੀ ਵੀ ਇਨ੍ਹਾਂ ਗੁਨਾਹਾਂ ਵਿਚ ਬਰਾਬਰ ਦੀ ਹਿੱਸੇਦਾਰ ਹੈ। ਇਹ ਸੱਚ ਹੈ ਕਿ ਲੁਕੀਆਂ ਹੋਈਆਂ ਚੀਜ਼ਾਂ ਜਾਂ ਸਥਿਤੀਆਂ ਨੂੰ ਵੇਖਣ ਦੀ ਲਾਲਸਾ ਇਨਸਾਨੀ ਬਿਰਤੀ ਵਿਚ ਜ਼ਿਆਦਾ ਪਾਈ ਗਈ ਹੈ। ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੇ ਬੱਚਿਆਂ ਨੂੰ ਅਸੀਂ ਇਕੱਠੇ ਦੇਖ ਕਿਉਂ ਨਜ਼ਰਾਂ ਨਾਲ ਘੂਰਦੇ ਹਾਂ? ਜਦ ਬੰਦਸ਼ਾਂ ਵਿਚ ਨਰੜੇ ਲੋਕਾਂ ਨੂੰ ਥੋੜ੍ਹੀ ਜਿਹੀ ਵੀ ਛੋਟ ਮਿਲੇਗੀ ਤਾਂ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਜ਼ੁਲਮ ਨੂੰ ਲੁਕਾਉਣ ਲਈ ਅਜਿਹੇ ਕਾਰਨਾਮੇ ਕਰਨਗੇ, ਜੋ ਅਸਹਿਣਯੋਗ ਹਨ। ਅਕਸਰ ਦੇਖਦੀ ਹਾਂ ਪਾਰਕਾਂ ਵਿਚ ਇਕੱਠੇ ਬੈਠੇ ਜਵਾਨ ਬੱਚਿਆਂ ਨੂੰ ਸਮਾਜ ਅਤੇ ਵਰਦੀਧਾਰੀ ਲੋਕਾਂ ਦੇ ਤਿੱਖੇ ਪ੍ਰਤੀਕਰਮ ਦਾ ਸਾਹਮਣਾ ਕਰਦਿਆਂ। ਜਦੋਂ ਅਸੀਂ ਉਨ੍ਹਾਂ ਜਵਾਨ ਬੱਚਿਆਂ ਨੂੰ ਇਕੱਠੇ ਬੈਠਣ ਵੀ ਨਹੀਂ ਦਿਆਂਗੇ ਤਾਂ ਉਹ ਕਿਤੇ ਦੂਰ ਭੱਜਣ ਦੀਆਂ ਸਾਜਿਸ਼ਾਂ ਰਚਣਗੇ। ਮਾਪਿਆਂ ਅਤੇ ਸਮਾਜ ਵਲੋਂ ਸਦਾ ਲਈ ਦੁਰਕਾਰੇ ਜਾਣਗੇ।
ਮੈਂ ਭਾਵੇਂ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧਾਂ ਦੇ ਹੱਕ ਵਿਚ ਨਹੀਂ ਹਾਂ। ਪਰ ਤੁਹਾਨੂੰ ਆਪਣੇ ਬੱਚਿਆਂ 'ਤੇ ਭਰੋਸਾ ਕਰਨਾ ਪਵੇਗਾ। ਸਮਾਜ ਤੇ ਪੁਲਿਸ ਨੂੰ ਬਦਲਣਾ ਪਵੇਗਾ ਆਪਣਾ ਰਵੱਈਆ। ਜਿੰਨੀ ਦੇਰ ਸਮਾਜ ਅੜਿੱਕਾ ਬਣੇਗਾ, ਪਿਆਰੀਆਂ ਬਾਲੜੀਆਂ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ। ਇਨ੍ਹਾਂ ਨੰਨ੍ਹੀਆਂ ਪਰੀਆਂ ਨੂੰ ਬਚਾਉਣ ਲਈ ਸਾਨੂੰ ਬਦਲਣੇ ਪੈਣਗੇ ਸਾਡੇ ਰਵੱਈਏ, ਰੂੜੀਵਾਦੀ ਸੋਚ ਅਤੇ ਦੇਣੀ ਪਵੇਗੀ ਨੌਜਵਾਨ ਬੱਚਿਆਂ ਨੂੰ ਖੁੱਲ੍ਹ ਕੇ ਜਿਉਣ ਦੀ ਆਜ਼ਾਦੀ। ਭਾਵੇਂ ਅਸੀਂ ਪੱਛਮੀ ਸੱਭਿਆਚਾਰ ਨੂੰ ਅਪਣਾਉਣ ਤੋਂ ਇਨਕਾਰੀ ਹਾਂ ਪਰ ਇਹ ਵੀ ਸੱਚ ਹੈ ਕਿ ਉਧਰ ਨੌਜਵਾਨ ਮੁੰਡੇ-ਕੁੜੀਆਂ ਨੂੰ ਆਜ਼ਾਦੀ ਹਾਸਲ ਹੈ ਅਤੇ ਉਧਰ ਅਜਿਹੇ ਘਿਨਾਉਣੇ ਕਾਰਨਾਮੇ ਨਹੀਂ ਹੁੰਦੇ। ਅਜਿਹੀ ਆਜ਼ਾਦੀ ਮਿਲਣ ਨਾਲ ਨੌਜਵਾਨਾਂ ਦੇ ਮਸਤਕ ਵਿਚ ਘਟੀਆ ਵਿਚਾਰ ਨਹੀਂ ਆਉਣਗੇ।

-ਮੋਗਾ। ਮੋਬਾ: 94656-06210

ਕਿਸਾਨੀ ਨੂੰ ਵੀ ਵੱਜਿਆ ਫੁਕਰਪੁਣੇ ਦਾ ਡੰਗ

ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਇਸ ਦੀ ਜ਼ਿਆਦਾਤਰ ਵਸੋਂ ਖੇਤੀਬਾੜੀ ਧੰਦੇ ਨਾਲ ਜੁੜੀ ਹੋਈ ਹੈ। ਪੁਰਾਣੇ ਸਮੇਂ ਵਿਚ ਲੋਕਾਂ ਵਲੋਂ ਬਲਦਾਂ ਨਾਲ ਹੱਥੀਂ ਹਲ ਵਾਹ ਕੇ ਖੇਤ ਤਿਆਰ ਕੀਤੇ ਜਾਂਦੇ ਸਨ। ਅਜਿਹੇ ਸਮੇਂ ਵਿਚ ਜਿਥੇ ਹਰ ਕਿਸੇ ਨੂੰ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਸੀ, ਉਥੇ ਹਰ ਕੰਮ ਨੂੰ ਨੇਪਰੇ ਚਾੜ੍ਹਨ ਲਈ ਕਈ-ਕਈ ਦਿਨ ਵੀ ਲੱਗ ਜਾਇਆ ਕਰਦੇ ਸਨ। ਇਸ ਤਰ੍ਹਾਂ ਖੇਤੀਬਾੜੀ ਧੰਦੇ ਨਾਲ ਜੁੜੇ ਲੋਕ ਸਾਰਾ-ਸਾਰਾ ਸਾਲ ਆਪਣੇ ਕੰਮਾਂਕਾਰਾਂ ਵਿਚ ਰੁੱਝੇ ਰਹਿੰਦੇ ਸਨ। ਸਮਾਂ ਬਦਲਿਆ ਤੇ ਫਿਰ ਬਲਦਾਂ ਦੀ ਥਾਂ ਖੇਤੀ ਟਰੈਕਟਰਾਂ ਨਾਲ ਹੋਣੀ ਸ਼ੁਰੂ ਹੋ ਗਈ। ਟਰੈਕਟਰ ਅਤੇ ਹੋਰ ਖੇਤੀਬਾੜੀ ਸੰਦਾਂ ਦੀ ਆਮਦ ਨਾਲ ਜਿਥੇ ਖੇਤੀਬਾੜੀ ਕਰਨ ਦਾ ਕੰਮ ਸੁਖਾਲਾ ਹੋ ਗਿਆ, ਉਥੇ ਖੇਤਾਂ ਵਿਚ ਚੱਲੇ ਡੂੰਘੇ ਹਲਾਂ ਅਤੇ ਟੋਏ-ਟਿੱਬੇ ਪੱਧਰ ਹੋਣ ਨਾਲ ਕਿਸਾਨਾਂ ਦੀ ਖੇਤੀਬਾੜੀ ਤੋਂ ਆਮਦਨ ਵੀ ਵਧਣ ਲੱਗੀ।
ਅਸੀਂ ਦੇਖ ਹੀ ਰਹੇ ਹਾਂ ਕਿ ਅੱਜ ਬਹੁਤੇ ਕਿਸਾਨਾਂ ਦਾ ਜ਼ਿਆਦਾ ਜ਼ੋਰ ਵੱਡੇ-ਵੱਡੇ ਟਰੈਕਟਰਾਂ ਨੂੰ ਖੇਤ ਵਿਚ ਵਾਹੁਣ ਲਈ ਘੱਟ ਪਰ ਦਿਖਾਉਣ ਉੱਤੇ ਜ਼ਿਆਦਾ ਲੱਗਾ ਹੋਇਆ ਹੈ। ਕੁਝ ਕੁ ਨੂੰ ਛੱਡ ਕੇ ਅੱਜ ਅਨੇਕਾਂ ਕਿਸਾਨ ਪੱਠੇ ਵੱਢਣ ਵਰਗੇ ਕੰਮਾਂ ਲਈ ਵੀ ਭਈਆਂ/ਸੀਰੀਆਂ ਉੱਤੇ ਨਿਰਭਰ ਹੋਏ ਨਜ਼ਰ ਆ ਰਹੇ ਹਨ। ਇਕ-ਦੂਜੇ ਦੀ ਰੀਸ ਨਾਲ ਕਿਵੇਂ ਲੋਕਾਂ ਵਲੋਂ 40-40 ਕਿੱਲਿਆਂ ਦੀ ਖੇਤੀ ਕਰਨ ਦੇ ਸਮਰੱਥ ਟਰੈਕਟਰਾਂ ਨੂੰ ਸਿਰਫ 3-3 ਕਿੱਲਿਆਂ ਦੀ ਵਾਹੀ ਲਈ ਹੀ ਵਰਤਿਆ ਜਾ ਰਿਹਾ ਹੈ। ਇਨ੍ਹਾਂ ਵੱਡੇ ਟਰੈਕਟਰਾਂ ਨੂੰ ਖਰੀਦਣ ਲਈ ਜਿਥੇ ਕਈ ਕਿਸਾਨਾਂ ਵਲੋਂ 8-8 ਲੱਖ ਰੁਪਏ ਖਰਚੇ ਜਾਂਦੇ ਹਨ, ਉਥੇ ਇਨ੍ਹਾਂ ਟਰੈਕਟਰਾਂ ਨੂੰ ਸ਼ਿੰਗਾਰਨ ਲਈ ਲਗਾਈਆਂ ਜਾਂਦੀਆਂ ਮਹਿੰਗੀਆਂ ਛਤਰੀਆਂ, ਵੱਡੇ-ਵੱਡੇ ਸਪੀਕਰ-ਡੈੱਕ, ਹੂਟਰਾਂ, ਹਾਰਨਾਂ, ਜਗਮਗ-ਜਗਮਗ ਕਰਦੀਆਂ ਲਾਈਟਾਂ ਅਤੇ ਹੋਰ ਕਈ ਤਰ੍ਹਾਂ ਦੇ ਸਾਜੋ-ਸਾਮਾਨ ਉੱਪਰ ਵੀ ਬੇਤਹਾਸ਼ਾ ਖਰਚ ਕੀਤੇ ਜਾਂਦੇ ਹਨ।
ਅੱਜ ਬਹੁਤੇ ਲੋਕਾਂ ਵਲੋਂ ਕਰਜ਼ੇ ਨਾਲ ਖਰੀਦੇ ਟਰੈਕਟਰਾਂ/ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਉੱਤੇ ਐਸ਼ਪ੍ਰਸਤੀ ਵਾਲੇ ਭੜਕੀਲੇ ਸ਼ਿਅਰ ਲਿਖ ਕੇ ਪਤਾ ਨਵੀਂ ਕਿਹੜੀ ਅਮੀਰੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਸੋ, ਸਾਨੂੰ ਸਭ ਨੂੰ ਜਿਥੇ ਆਪਣੇ ਬਣਦੇ ਹੱਕਾਂ ਪ੍ਰਤੀ ਇਕਮੁੱਠ ਹੋ ਕੇ ਸਰਕਾਰਾਂ ਖਿਲਾਫ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ, ਉਥੇ ਆਪਣੀ ਝੂਠੀ ਅਮੀਰੀ ਦਾ ਦਿਖਾਵਾ ਛੱਡ ਕੇ ਆਪਣੀ ਆਮਦਨ ਅਨੁਸਾਰ ਹੀ ਖਰਚ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਇਹ ਫੁਕਰਪੁਣੇ ਦਾ ਸੱਪ ਸਾਨੂੰ ਸਮੇਤ ਘਰ-ਬਾਰ ਹੀ ਨਿਗਲ ਜਾਵੇਗਾ।

-ਪਿੰਡ ਤੇ ਡਾਕ: ਚੜਿੱਕ (ਮੋਗਾ)। ਮੋਬਾ: 94654-11585

ਸਾਂਝੇ ਯਤਨਾਂ ਨਾਲ ਨਸ਼ਿਆਂ ਨੂੰ ਠੱਲ੍ਹ ਪਾਈਏ

ਪੰਜਾਬ ਉਹ ਧਰਤੀ ਹੈ, ਜਿਸ ਨੂੰ ਸੂਰਬੀਰਾਂ, ਯੋਧਿਆ, ਬਹਾਦਰਾਂ, ਜਰਨੈਲਾਂ, ਮਿਹਨਤੀ ਨੌਜਵਾਨਾਂ ਆਦਿ ਕਰਕੇ ਜਾਣਿਆ ਜਾਂਦਾ ਹੈ। ਇਸ ਦੇ ਨੌਜਵਾਨਾਂ ਦੇ ਬਹਾਦਰੀ ਦੇ ਕਿੱਸੇ ਸੁਣਦਿਆਂ ਰੂਹ ਕੰਬ ਜਾਂਦੀ ਹੈ।
ਗੁਰੂਆਂ, ਪੀਰਾਂ, ਪੈਗੰਬਰਾਂ ਦੀ ਇਸ ਧਰਤੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਜਾਪਦੀ ਹੈ। ਇਸ ਧਰਤੀ 'ਤੇ ਇਕ ਨਸ਼ਿਆਂ ਰੂਪੀ ਵਾ-ਵਰੋਲਾ ਆਇਆ ਤੇ ਉਸ ਨੇ ਇਸ ਦੀ ਬਹੁਤੀ ਜਵਾਨੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੰਕੜੇ ਚੀਕ-ਚੀਕ ਕੇ ਹਾਲਤ ਬਿਆਨ ਕਰ ਰਹੇ ਹਨ। ਇਸ ਨੇ ਪਿਉਆਂ ਨੂੰ ਜਵਾਨ ਪੁੱਤਾਂ ਦੀਆ ਅਰਥੀਆਂ ਮੋਢਿਆਂ 'ਤੇ ਚੁਕਵਾ ਦਿੱਤੀਆਂ। ਮਾਵਾਂ ਦੀਆਂ ਅੱਖਾਂ ਦਾ ਨੀਰ ਮੁਕਾ ਦਿੱਤਾ ਹੈ।
ਜੇ ਅਸੀਂ ਆਪਣੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਾ-ਵਰੋਲੇ ਤੋਂ ਬਚਾਉਣਾ ਹੈ ਤਾਂ ਸਾਨੂੰ ਸਾਰਿਆ ਨੂੰ ਰਲ ਕੇ ਸਾਰਥਿਕ ਕਦਮ ਪੁੱਟਣੇ ਪੈਣਗੇ, ਤਾਂ ਹੀ ਇਸ ਦਾ ਹੱਲ ਹੋ ਸਕੇਗਾ ਤੇ ਚੰਗੇ ਸਮਾਜ ਦਾ ਨਿਰਮਾਣ ਹੋਵੇਗਾ।
ਕਿਹਾ ਜਾਂਦਾ ਹੈ ਕਿ ਜੇ ਨੀਂਹ ਮਜ਼ਬੂਤ ਹੋਵੇ ਤਾਂ ਉਸ ਉੱਪਰ ਜਿੰਨੀ ਮਰਜ਼ੀ ਉੱਚੀ ਇਮਾਰਤ ਖੜ੍ਹੀ ਕੀਤੀ ਜਾ ਸਕਦੀ ਹੈ, ਚਾਹੇ ਜਿੰਨੀਆ ਮਰਜ਼ੀ ਹਨੇਰੀਆਂ, ਝੱਖੜ ਆ ਜਾਣ, ਉਸ ਨੂੰ ਢਾਹ ਨਹੀਂ ਸਕਦੇ। ਬਚਪਨ ਜ਼ਿੰਦਗੀ ਦੀ ਨੀਂਂਹ ਹੁੰਦਾ ਹੈ, ਜੇ ਇਹ ਮਜ਼ਬੂਤ ਹੋ ਜਾਵੇ ਤਾਂ ਅਗਲੀ ਜ਼ਿੰਦਗੀ ਵਿਚ ਬੱਚੇ ਦਾ ਮਨ ਨਹੀਂ ਡੋਲੇਗਾ। ਸੋ, ਇਨ੍ਹਾਂ ਨੀਂਹਾਂ ਨੂੰ ਮਜ਼ਬੂਤ ਕਰਨ ਲਈ ਚੰਗੀ ਸਿੱਖਿਆ ਦੇਣੀ ਚਾਹੀਦੀ ਹੈ। ਇਸ ਵਿਚ ਮਾਪੇ ਅਹਿਮ ਭੂਮਿਕਾ ਨਿਭਾਉਣ। ਆਪਣੇ ਪਿਛੋਕੜ ਨਾਲ ਬੱਚਿਆਂ ਨੂੰ ਗਾਹੇ-ਵਗਾਹੇ ਜੋੜੀ ਰੱਖਣ। ਬੱਚੇ ਦੇਖ ਅਤੇ ਸੁਣ ਕੇ ਜਲਦੀ ਸਿੱਖਦੇ ਹਨ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਤਿਹਾਸਕ ਸਥਾਨਾਂ, ਅਜਾਇਬ ਘਰਾਂ ਆਦਿ 'ਚ ਲੈ ਕੇ ਜਾਣ। ਸਾਹਿਤ ਪੜ੍ਹਨ ਦੀ ਚੇਟਕ ਲਗਾਉਣ ਲਈ ਘਰਾਂ ਵਿਚ ਜ਼ਿਆਦਾ ਬਾਲ ਸਾਹਿਤ ਲਿਆਉਣ। ਰੋਜ਼ ਆਪਣੇ ਕੰਮਾਂ-ਕਾਰਾਂ ਤੋਂ ਸਮਾਂ ਕੱਢਣ ਤੇ ਬੱਚਿਆਂ ਨਾਲ ਸਮਾਂ ਬਿਤਾਉਣ, ਤਾਂ ਜੋ ਬੱਚੇ ਉਨ੍ਹਾਂ ਨਾਲ ਦਿਲ ਦੀਆਂ ਗੱਲਾਂ ਕਰ ਸਕਣ।
ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣਾ ਲਾਜ਼ਮੀ ਹੈ, ਇਸ ਲਈ ਸਕੂਲ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਬੱਚੇ ਅਧਿਆਪਕ ਦੀ ਗੱਲ ਧਿਆਨ ਨਾਲ ਸੁਣਦੇ ਹਨ, ਇਸ ਲਈ ਅਧਿਆਪਕਾਂ ਨੂੰ ਚਾਹੀਦਾ ਹੈ ਉਹ ਰੋਜ਼ ਸਵੇਰ ਦੀ ਸਭਾ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵ, ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਕੁਰੀਤੀਆਂ, ਮਹਾਨ ਵਿਅਕਤੀਆਂ ਦੇ ਜੀਵਨ ਬਾਰੇ, ਮਹਾਨ ਇਤਿਹਾਸ ਆਦਿ ਵਿਸ਼ਿਆਂ 'ਚੋਂ ਕਿਸੇ ਇਕ ਉਪਰ ਵਿਚਾਰ ਸਾਂਝੇ ਕਰਨ। ਵੱਖ-ਵੱਖ ਗਤੀਵਿਧੀਆਂ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਭਾਗ ਦਿਵਾਉਣਾ ਚਾਹੀਦਾ ਹੈ, ਉਨ੍ਹਾਂ ਵਿਚ ਉੱਦਮ ਕਰਨ ਦੀ ਸਮਰੱਥਾ ਵਧਾਉਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕੁਝ ਅਧਿਆਪਕ ਆਪਣੇ ਹਾਊਸ ਨੂੰ ਜਿਤਾਉਣ ਦੀ ਇੱਛਾ ਦਾ ਤਿਆਗ ਕਰਨ।
ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉੱਪਰ ਤੋਂ ਥੱਲੇ ਤੱਕ ਵਿਛੀ ਨਸ਼ਿਆਂ ਨੂੰ ਸਪਲਾਈ ਕਰਨ ਦੀ ਕੜੀ ਨੂੰ ਤੋੜੇ ਤੇ ਨਸ਼ਿਆਂ ਦੇ ਤਸਕਰਾਂ 'ਤੇ ਸਖ਼ਤੀ ਕਰੇ। ਪਿੰਡਾਂ ਅਤੇ ਸ਼ਹਿਰਾਂ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਉਣੇ ਚਾਹੀਦੇ ਹਨ। ਨਸ਼ਾ ਛੁਡਾਊ ਕੇਂਦਰਾਂ 'ਚ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ। ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕੀਤੇ ਜਾਣ। ਸਾਰਥਕ ਵਿਵਸਥਾ ਦੀ ਹੋਂਦ ਹੋਵੇ। ਅਖ਼ੀਰ ਸਾਨੂੰ ਖ਼ੁਦ ਵੀ ਯਤਨ ਕਰਦੇ ਰਹਿਣਾ ਚਾਹੀਦਾ ਹੈ ਕਿ ਅਸੀ ਨਸ਼ਿਆਂ ਤੋਂ ਬਚੇ ਰਹੀਏ। ਕਿਹਾ ਜਾਂਦਾ ਹੈ ਵਿਅਕਤੀ ਖ਼ੁਦ, ਉਸ ਦੇ ਆਲੇ-ਦੁਆਲੇ ਦਾ ਮਾਹੌਲ ਤੇ ਨਸ਼ਿਆਂ ਦਾ ਆਸਾਨੀ ਨਾਲ ਮਿਲਣਾ, ਜੇ ਇਨ੍ਹਾਂ ਤਿੰਨਾਂ ਦਾ ਸੁਮੇਲ ਹੁੰਦਾ ਹੈ ਤਾਂ ਹੀ ਵਿਅਕਤੀ ਨਸ਼ਾ ਕਰਦਾ ਹੈ। ਜੇ ਅਸੀਂ ਬਹੁਤਾ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਸਿਰਫ਼ ਅਸੀਂ ਆਪਣੇ-ਆਪ ਨੂੰ ਨਸ਼ਿਆਂ ਤੋਂ ਬਚਾਅ ਲਈਏ ਤਾਂ ਸਮਾਜ ਖ਼ੁਦ ਹੀ ਬਚ ਜਾਵੇਗਾ। ਫਿਰ ਇਹ ਨਸ਼ਿਆਂ ਦਾ ਵਾ-ਵਰੋਲਾ ਪੰਜਾਬ ਦੀ ਜਵਾਨੀ ਨੂੰ ਤਬਾਹ ਨਹੀਂ ਕਰ ਸਕੇਗਾ।

-ਪਿੰਡ ਰਾਏਪੁਰ ਗੁੱਜਰਾਂ, ਵਿਦਿਆਰਥਣ, ਮਾਤਾ ਗੁਜਰੀ ਕਾਲਜ। ਮੋਬਾ: 98722-50010

ਪਾਣੀ ਦੇ 'ਓਵਰਫਲੋਅ' ਨੂੰ ਰੋਕਿਆ ਜਾਵੇ

ਕੁਦਰਤ ਨੇ ਸਾਨੂੰ ਅਨੇਕਾਂ ਦਾਤਾਂ ਤੋਹਫ਼ੇ ਵਜੋਂ ਬਖਸ਼ੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਅਨਮੋਲ ਤੋਹਫ਼ਾ ਪਾਣੀ ਹੈ। ਕੁਦਰਤ ਦੇ ਦਿੱਤੇ ਇਸ ਅਨਮੋਲ ਤੋਹਫ਼ੇ ਨੂੰ ਸਾਂਭ ਕੇ ਰੱਖਣਾ ਸਾਡਾ ਮੁਢਲਾ ਫਰਜ਼ ਹੈ। ਪੰਜਾਬ ਵਿਚ ਜ਼ਮੀਨ ਵਿਚਲੇ ਪਾਣੀ ਦਾ ਪੱਧਰ ਦਿਨ-ਪ੍ਰਤੀ-ਦਿਨ ਘਟਦਾ ਜਾ ਰਿਹਾ ਹੈ, ਜਿਸ ਕਾਰਨ ਅੱਜ ਪੰਜਾਬ ਦਾ ਕਿਸਾਨ ਵੀ ਬੇਵੱਸ ਜਾਪਦਾ ਹੈ, ਕਿਉਂਕਿ ਬਿਨਾਂ ਪਾਣੀ ਜਾਂ ਘੱਟ ਪਾਣੀ ਵਿਚ ਖੇਤੀ ਕਰਨਾ ਅਸੰਭਵ ਹੈ। ਹੁਣ ਜੇਕਰ ਗੱਲ ਸਮਝਣ ਜਾਂ ਸਮਝਾਉਣ ਦੀ ਕਰੀਏ ਤਾਂ ਕਿਸੇ ਨੂੰ ਸਮਝਾਉਣ ਤੋਂ ਪਹਿਲਾਂ ਸਾਨੂੰ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਪਹਿਲਾਂ ਆਪ ਸਮਝਣਾ ਪਵੇਗਾ, ਕਿਉਂਕਿ ਰੋਜ਼ਾਨਾ ਹੀ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਲਿਟਰ ਪਾਣੀ ਬਰਬਾਦ ਕਰ ਦਿੰਦੇ ਹਾਂ, ਜਿਸ ਬਾਰੇ ਅਸੀਂ ਖੁਦ ਅਣਜਾਣ ਬਣ ਜਾਂਦੇ ਹਾਂ। ਉਦਾਹਰਨ ਦੇ ਤੌਰ 'ਤੇ ਸਾਡੇ ਜ਼ਿਆਦਾਤਰ ਘਰਾਂ ਦੀਆਂ ਛੱਤਾਂ 'ਤੇ ਪਾਣੀ ਦੀਆਂ ਟੈਂਕੀਆਂ ਰੱਖੀਆਂ ਹੋਈਆਂ ਹਨ, ਜਿਸ ਨੂੰ ਅਸੀਂ ਮੋਟਰ ਜਾਂ ਪੰਪ ਦੀ ਮਦਦ ਨਾਲ ਭਰਦੇ ਹਾਂ। ਕੁਝ ਸਮੇਂ ਬਾਅਦ ਟੈਂਕੀ ਭਰ ਜਾਂਦੀ ਹੈ ਤੇ ਓਵਰਫਲੋਅ ਹੋ ਕੇ ਪਾਣੀ ਗਲੀ ਵਿਚ ਜਾਂ ਸੀਵਰੇਜ ਵਿਚ ਡਿਗ ਰਿਹਾ ਹੁੰਦਾ ਹੈ। ਟੈਂਕੀ ਦੀ ਸਮਰੱਥਾ ਨਾਲੋਂ ਦੋਗੁਣਾ ਪਾਣੀ ਬਰਬਾਦ ਹੋ ਜਾਂਦਾ ਹੈ। ਆਪਣੇ ਦੇਸ਼ ਵਿਚ ਅਜਿਹੀਆਂ ਥਾਵਾਂ ਵੀ ਹਨ, ਜਿਥੇ ਪਾਣੀ ਦੀ ਬੂੰਦ-ਬੂੰਦ ਨੂੰ ਲੋਕ ਤਰਸਦੇ ਹਨ, ਮੁੱਲ ਲੈ ਕੇ ਪਾਣੀ ਪੀਂਦੇ ਹਨ ਤੇ ਇਥੇ ਆਪਣੇ ਲੋਕ ਹਨ, ਜੋ ਅਣਜਾਣ ਜਿਹੇ ਬਣੇ ਪਾਣੀ ਰੋੜ੍ਹ ਰਹੇ ਹਨ। ਟੈਂਕੀ ਵਿਚਲੇ ਪਾਣੀ ਦੇ ਓਵਰਫਲੋਅ ਰੋਕਣ ਦੇ ਦੋ ਤਰੀਕੇ ਹਨ। ਇਕ ਤਾਂ ਪਾਣੀ ਭਰਨ ਲੱਗਿਆਂ ਸਮੇਂ ਦਾ ਹਿਸਾਬ ਰੱਖਿਆ ਜਾਵੇ ਜਾਂ ਸਭ ਤੋਂ ਮਹੱਤਵਪੂਰਨ ਗੱਲ ਪਾਣੀ ਦੀ ਟੈਂਕੀ ਨਾਲ ਵਾਟਰ ਟੈਂਕ ਅਲਾਰਮ ਲਗਾਇਆ ਜਾਵੇ, ਜੋ ਬਾਜ਼ਾਰ ਵਿਚ 100-150 ਰੁਪਏ ਦੀ ਕੀਮਤ ਵਿਚ ਮਿਲਦਾ ਹੈ। ਵਾਟਰ ਅਲਾਰਮ ਪਾਣੀ ਦੀ ਇਕ ਵੀ ਬੂੰਦ ਬਰਬਾਦ ਨਹੀਂ ਹੋਣ ਦਿੰਦਾ, ਸਗੋਂ ਟੈਂਕੀ ਭਰਨ ਤੋਂ ਪਹਿਲਾਂ ਹੀ ਸੂਚਨਾ ਦੇਣੀ ਸ਼ੁਰੂ ਕਰ ਦਿੰਦਾ ਹੈ।
ਆਓ, ਅਸੀਂ ਸਾਰੇ ਰਲ ਕੇ ਪਾਣੀ ਦੀ ਬਰਬਾਦੀ ਨੂੰ ਬਚਾਈਏ ਤੇ ਪਾਣੀ ਦੇ ਡੂੰਘੇ ਹੋ ਰਹੇ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕਰੀਏ, ਤਾਂ ਜੋ ਆਉਣ ਵਾਲੇ ਸਮੇਂ ਵਿਚ ਸਾਡੇ ਬੱਚਿਆਂ ਨੂੰ ਪਾਣੀ ਮੁੱਲ ਖਰੀਦ ਕੇ ਨਾ ਪੀਣਾ ਪਵੇ।

-ਨਿਊ ਸ਼ਿਮਲਾਪੁਰੀ, ਲੁਧਿਆਣਾ।
ਮੋਬਾ: 99143-21937
ajitbajwa89@gmail.com

ਬੰਦੂਕਾਂ ਦੀ ਛਾਂ ਹੇਠ ਜਵਾਨੀ

ਗੈਂਗਸਟਰ ਸ਼ਬਦ ਜੋ ਕਿ ਕਈ ਸਾਲ ਪਹਿਲਾਂ ਪੱਛਮੀ ਦੇਸ਼ਾਂ ਵਿਚ ਵਰਤਿਆ ਜਾਂਦਾ ਸੀ, ਪਰ ਅੱਜਕਲ੍ਹ ਇਹ ਸ਼ਬਦ ਪੰਜਾਬ ਵਿਚ ਆਮ ਹੀ ਸੁਣਨ ਨੂੰ ਮਿਲਦਾ ਹੈ। ਗੈਂਗਸਟਰ ਤੋਂ ਭਾਵ ਉਹ ਅਪਰਾਧੀ, ਜੋ ਕਿਸੇ ਗੈਂਗ ਜਾਂ ਜੁੰਡਲੀ ਦਾ ਹਿੱਸਾ ਹੋਵੇ ਅਤੇ ਹਰ ਛੋਟੇ ਤੋਂ ਲੈ ਕੇ ਵੱਡੇ ਅਪਰਾਧ ਜਿਵੇਂ ਕਿ ਕਤਲ, ਲੁੱਟਾਂ-ਖੋਹਾਂ, ਫਿਰੌਤੀ ਮੰਗਣਾ, ਅਗਵਾ ਕਰਨ ਆਦਿ ਨੂੰ ਅੰਜ਼ਾਮ ਦੇਵੇ। ਸਵਾਲ ਇਹੀ ਉੱਠਦੇ ਹਨ ਕਿ ਕੀ ਕਾਰਨ ਹੈ, ਜਿਸ ਕਰਕੇ ਵਿੱਕੀ ਗੌਂਡਰ ਵਰਗਾ ਡਿਸਕਸ ਥ੍ਰੋ ਨੈਸ਼ਨਲ ਪੱਧਰ ਦਾ ਖਿਡਾਰੀ ਆਪਣੀ ਖੇਡ ਛੱਡ ਕੇ ਜੁਰਮ ਦੀ ਦੁਨੀਆ ਵੱਲ ਤੁਰ ਪਿਆ? ਇਕੱਲੀ ਬੇਰੁਜ਼ਗਾਰੀ ਦੀ ਦੁਹਾਈ ਦੇ ਕੇ ਇਸ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਪੰਜਾਬੀਆਂ ਦੇ ਹਥਿਆਰ ਰੱਖਣ ਦੇ ਸ਼ੌਕ ਬਾਰੇ ਹਰ ਕੋਈ ਭਲੀ-ਭਾਂਤ ਜਾਣੂ ਹੈ। 2016 ਦੇ ਅੰਕੜਿਆਂ ਮੁਤਾਬਕ ਦੇਸ਼ ਦੇ 20 ਫੀਸਦੀ ਲਾਇਸੰਸੀ ਹਥਿਆਰ ਇਕੱਲੇ ਪੰਜਾਬ ਵਿਚ ਹਨ। ਚੜ੍ਹਦੀ ਉਮਰੇ ਗੋਲੀਆਂ ਦੀ ਤਾੜ-ਤਾੜ ਕਰਨ ਦਾ ਸ਼ੌਕ ਸਾਰੀ ਜ਼ਿੰਦਗੀ ਤਬਾਹ ਕਰ ਦਿੰਦਾ ਹੈ। ਫੋਕੀ ਸ਼ੋਹਰਤ ਲਈ ਹਥਿਆਰਾਂ ਦਾ ਦਿਖਾਵਾ ਕਰਨਾ, ਨਸ਼ੇ ਦੀ ਪੂਰਤੀ ਲਈ ਛੋਟੇ-ਮੋਟੇ ਅਪਰਾਧ ਕਰਨਾ, ਆਪਣੇ ਤੋਂ ਵੱਡਿਆਂ ਦੀ ਬਰਾਬਰੀ ਕਰਨਾ ਅਤੇ ਹਥਿਆਰਾਂ ਦੀ ਨੋਕ 'ਤੇ ਪੈਸਾ ਕਮਾਉਣਾ ਨੌਜਵਾਨਾਂ ਵਿਚ ਆਮ ਗੱਲਾਂ ਹਨ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਨੌਜਵਾਨ ਆਪਣੀ ਜਾਨ ਦੀ ਬਾਜ਼ੀ ਲਾਉਣ ਲਈ ਵੀ ਤਿਆਰ ਹਨ। ਸ੍ਰੀ ਮੁਕਤਸਰ ਸਾਹਿਬ ਦੇ ਮੌਜੂਦਾ ਐੱਸ.ਡੀ.ਐੱਮ. ਰਾਮ ਸਿੰਘ ਨੇ ਆਪਣੀ ਤਿੰਨ ਮਹੀਨੇ ਦੀ ਜੇਲ੍ਹ ਯਾਤਰਾ ਦੌਰਾਨ ਜੇਲ੍ਹਾਂ ਵਿਚ ਘਟੀਆ ਸ਼ਾਸਨ ਪ੍ਰਬੰਧ ਦਾ ਜ਼ਿਕਰ ਆਪਣੀ ਕਿਤਾਬ ਵਿਚ ਕੀਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਜੇਲ੍ਹਾਂ ਵਿਚ ਸ਼ਰਾਬ, ਸਿਗਰਟ, ਬੀੜੀ ਤੋਂ ਇਲਾਵਾ ਨਾਰਕੋਟਿਕਸ ਡਰੱਗ ਦੀ ਸਪਲਾਈ ਪੁਲਿਸ ਨਿਗਰਾਨੀ ਹੇਠ ਹੁੰਦੀ ਹੈ ਅਤੇ ਇਸ ਲਈ ਕੈਦੀ ਨੂੰ ਇਨ੍ਹਾਂ ਨਸ਼ਿਆਂ ਦਾ ਬਹੁਤ ਜ਼ਿਆਦਾ ਮੁੱਲ ਉਤਾਰਨਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਡੀਕਲ ਅਤੇ ਸੈਨੇਟਰੀ ਸਹੂਲਤਾਂ ਦੀ ਅਣਹੋਂਦ ਬਾਰੇ ਵੀ ਆਪਣੀ ਕਿਤਾਬ ਵਿਚ ਲਿਖਿਆ। ਜੇਲ੍ਹਾਂ ਵਿਚ ਫੋਨ ਦੀ ਵਰਤੋਂ ਅਤੇ ਧਮਕੀਆਂ ਦੀਆਂ ਗੱਲਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ। ਅਪਰਾਧ ਦੀ ਦੁਨੀਆ ਵਿਚ ਆਉਣਾ ਤਾਂ ਬਹੁਤ ਅਸਾਨ ਹੈ ਪਰ ਵਾਪਸੀ ਰਾਹ ਬੜੀ ਹੀ ਮੁਸ਼ਕਿਲ ਨਾਲ ਖੁੱਲ੍ਹਦੇ ਹਨ। ਨੌਜਵਾਨੀ ਦੇ ਪੈਰ ਜੁਰਮ ਵੱਲ ਵਧਣ ਦੇ ਕਾਰਨ ਅਤੇ ਹੱਲ ਸਾਡੇ ਸਾਹਮਣੇ ਹਨ, ਬਸ ਲੋੜ ਹੈ ਇਨ੍ਹਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਦੀ, ਤਾਂ ਜੋ ਕਿਸੇ ਮਾਂ ਦਾ ਪੁੱਤ ਭਰ ਜਵਾਨੀ ਵਿਚ ਮੌਤ ਜਾਂ ਜੇਲ੍ਹ ਯਾਤਰਾ ਨੂੰ ਗਲੇ ਨਾ ਲਾਵੇ। ਜੇਲ੍ਹਾਂ ਵਿਚ ਚੰਗੇ ਪ੍ਰਬੰਧ ਹੋਣ, ਜਿਸ ਨਾਲ ਕੈਦੀ ਸੁਧਾਰ ਵੱਲ ਜਾਵੇ, ਨਾ ਕਿ ਜੁਰਮ ਦੀ ਦੁਨੀਆ ਵਿਚ ਹੋਰ ਪੈਰ ਮਜ਼ਬੂਤ ਕਰੇ। ਕਾਲਜਾਂ ਵਿਚ ਛੋਟੇ ਤੋਂ ਵੱਡੇ ਪੱਧਰ ਦੀਆਂ ਗੁੱਟਬੰਦੀਆਂ ਅਤੇ ਪ੍ਰਧਾਨਗੀਆਂ ਨੂੰ ਨੱਥ ਪਾਈ ਜਾਵੇ, ਕਿਉਂਕਿ ਸਾਰੀ ਮੁਸੀਬਤ ਦੀ ਜੜ੍ਹ ਇਥੋਂ ਹੀ ਸ਼ੁਰੂ ਹੁੰਦੀ ਹੈ। ਪੁਲਿਸ ਦੇ ਰੋਲ ਨੂੰ ਪਾਰਦਰਸ਼ੀ ਬਣਾ ਕੇ ਲੋਕਾਂ ਅੱਗੇ ਪੇਸ਼ ਕੀਤਾ ਜਾਵੇ, ਤਾਂ ਹੀ ਮੌਜੂਦਾ ਹਾਲਾਤ ਸੁਧਰ ਸਕਦੇ ਹਨ, ਨਹੀਂ ਤਾਂ ਇਸ ਤਰ੍ਹਾਂ ਦੇ ਪੁਲਿਸ ਮੁਕਾਬਲੇ ਫਿਰ ਦੇਖਣ ਨੂੰ ਮਿਲਣਗੇ।

-ਪਿੰਡ ਪਿਉਰੀ, ਤਹਿ: ਗਿੱਦੜਬਾਹਾ (ਸ੍ਰੀ ਮੁਕਤਸਰ ਸਾਹਿਬ)-152101. ਮੋਬਾ: 95014-59259

ਟੁੱਟ ਰਹੇ ਹਨ ਸਾਂਝੇ ਪਰਿਵਾਰ

ਮਿਲਜੁਲ ਕੇ ਰਹਿਣਾ, ਇਕੱਠੇ ਖੁਸ਼ੀਆਂ ਵੰਡਣਾ ਅਤੇ ਕਿਸੇ ਇਕ ਜੀਅ 'ਤੇ ਆਈ ਮੁਸੀਬਤ ਦਾ ਰਲ ਕੇ ਸਾਹਮਣਾ ਕਰਨਾ ਸਾਂਝੇ ਪਰਿਵਾਰ ਦੀ ਨਿਸ਼ਾਨੀ ਸੀ। ਸਾਂਝੇ ਪਰਿਵਾਰ ਵਿਚ ਬਜ਼ੁਰਗਾਂ ਵਲੋਂ ਬੱਚਿਆਂ ਨੂੰ ਇਕ-ਦੂਜੇ ਦੀ ਸਹਾਇਤਾ ਕਰਨ ਅਤੇ ਮਿਲਜੁਲ ਕੇ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਸੀ। ਅਜਿਹੀ ਸਿੱਖਿਆ ਪ੍ਰਾਪਤ ਕਰਕੇ ਬੱਚੇ ਵੱਡੇ ਹੋ ਕੇ ਚੰਗੇ ਸਮਾਜ ਨੂੰ ਸਿਰਜਣ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦੇ ਸੀ, ਜਿਵੇਂ ਕਿ ਸਮਾਜ ਸੇਵਾ ਕਰਨੀ, ਦੂਜਿਆਂ ਦੀ ਦੁੱਖ ਵੇਲੇ ਸਹਾਇਤਾ ਕਰਨੀ, ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਣਾ ਆਦਿ ਨਾਲ ਸਮਾਜ ਵਿਚ ਏਕਤਾ ਸਥਾਪਿਤ ਹੁੰਦੀ ਸੀ। ਇਕ ਘਰ ਵਿਚ ਸਾਂਝ ਸਥਾਪਤ ਕਰਨ ਵਿਚ ਬਜ਼ੁਰਗਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸੀ। ਅੱਜ ਰੁਝੇਵਿਆਂ ਭਰੇ ਸਮਾਜ ਅੰਦਰ ਪਰਿਵਾਰ ਦੇ ਜੀਆਂ ਵਿਚ ਉਹ ਮੁਹੱਬਤ, ਪਿਆਰ ਅਤੇ ਆਪਾ ਵਾਰਨ ਦੀ ਭਾਵਨਾ ਨਹੀਂ ਰਹੀ, ਜੋ ਪੁਰਾਤਨ ਸਮੇਂ ਵਿਚ ਸੀ। ਮਨੁੱਖੀ ਲਾਲਚ ਅਤੇ ਨਫ਼ਰਤ ਨੇ ਇਨ੍ਹਾਂ ਸਾਂਝੇ ਪਰਿਵਾਰਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਅੱਜ ਵੱਡੇ ਪਰਿਵਾਰਾਂ ਦੇ ਜੀਅ ਸਿਰਫ਼ ਤੇ ਸਿਰਫ਼ ਆਪਣੇ ਬਾਰੇ ਸੋਚਣ ਜੋਗੇ ਰਹਿ ਗਏ ਹਨ। ਤੇਜ਼ੀ ਨਾਲ ਵਧ ਰਹੀ ਜਨ-ਸੰਖਿਆ, ਬੇਰੁਜ਼ਗਾਰੀ, ਮਹਿੰਗਾਈ ਅਤੇ ਲੋਕਾਂ ਦਾ ਬੱਚਿਆਂ ਦੀ ਉੱਚ ਵਿੱਦਿਆ ਖ਼ਾਤਰ ਜਾਂ ਨੌਕਰੀਆ ਕਰਕੇ ਦਿਨ-ਪ੍ਰਤੀ-ਦਿਨ ਪਿੰਡਾਂ ਵਿਚੋਂ ਉੱਠ ਕੇ ਸ਼ਹਿਰਾਂ ਵਿਚ ਆਉਣਾ ਵੀ ਕਿਤੇ ਨਾ ਕਿਤੇ ਪਰਿਵਾਰਾਂ ਦੀ ਸਾਂਝ ਨੂੰ ਤੋੜ ਰਿਹਾ ਹੈ। ਅੱਜ ਨਿੱਕੀ ਉਮਰ ਦੇ ਬੱਚਿਆਂ ਭਾਵ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਅਜੇ ਤੱਕ ਇੰਨੀ ਪਹਿਚਾਣ ਵੀ ਨਹੀਂ ਹੁੰਦੀ, ਉਨ੍ਹਾਂ ਨੂੰ ਮਾਪਿਆਂ ਵਲੋਂ ਕਿਸ ਨਾਲ ਬੋਲਣਾ ਅਤੇ ਕਿਸ ਨਾਲ ਨਹੀਂ ਬੋਲਣਾ ਬਾਰੇ ਤਾੜਨਾ ਦਿੱਤੀ ਜਾਂਦੀ ਹੈ। ਅੱਜ ਅਜੋਕੇ ਸਮਾਜ ਦੇ ਲੋਕਾਂ ਨੂੰ ਵੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਕਿਸੇ ਦਾ ਆਪਣਾ ਨਹੀਂ ਰਿਹਾ ਭਾਵ ਇਕ ਘਰ ਵਿਚ ਰਹਿਣ ਵਾਲੇ ਜੀਅ ਇਕ-ਦੂਜੇ ਦਾ ਸਾਥ ਦੇਣ ਦੀ ਬਜਾਏ ਇਕ-ਦੂਜੇ ਵਿਰੁੱਧ ਕਾਰਵਾਈਆਂ ਕਰਨ ਵਿਚ ਲੱਗੇ ਹਨ। ਸ਼ਾਇਦ ਲੋਕੀਂ ਕਬੂਤਰ ਅਤੇ ਸ਼ਿਕਾਰੀ ਦੇ ਜਾਲ, ਕਿਸਾਨ ਅਤੇ ਉਸ ਦੇ ਚਾਰ ਪੁੱਤਰ ਵਰਗੀਆਂ ਸਿੱਖਿਅਕ ਕਹਾਣੀਆਂ ਨੂੰ ਪੜ੍ਹ ਕੇ ਵੀ ਪਰਿਵਾਰ ਦੀ ਏਕਤਾ ਦੇ ਬਲ ਨੂੰ ਭੁੱਲਦੇ ਜਾ ਰਹੇ ਹਨ। ਅਜਿਹੇ ਪਰਿਵਾਰ ਜੇਕਰ ਅੱਜ ਆਪਣੇ ਘਰ ਵਿਚ ਏਕਤਾ ਸਥਾਪਤ ਨਹੀਂ ਕਰ ਸਕਦੇ ਤਾਂ ਸਮਾਜ ਵਿਚ ਏਕਤਾ ਕਿੱਥੋਂ ਸਥਾਪਤ ਕਰਨਗੇ?

-ਇੰਚਾਰਜ, ਸ: ਐ: ਸਕੂਲ, ਰਾਜਗੜ੍ਹ (ਸਮਾਣਾ-2), ਜ਼ਿਲ੍ਹਾ ਪਟਿਆਲਾ। ਮੋਬਾ: 94175-43175


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX