ਤਾਜਾ ਖ਼ਬਰਾਂ


ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
. . .  11 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਲੋਂ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ...
ਲੋਕ ਦੇਸ਼ ਦਾ ਸ਼ਾਸਨ ਕਾਂਗਰਸ ਦੇ ਹੱਥ 'ਚ ਦੇਣ ਲਈ ਤਿਆਰ- ਬੀਬੀ ਭੱਠਲ
. . .  19 minutes ago
ਲਹਿਰਾਗਾਗਾ, 26 ਅਪ੍ਰੈਲ (ਸੂਰਜ ਭਾਨ ਗੋਇਲ) - ਮੀਡੀਆ ਦੇ ਇੱਕ ਹਿੱਸੇ 'ਚ ਮੇਰਾ ਛਪਿਆ ਬਿਆਨ ਕੀ ਬੀਬੀ ਭੱਠਲ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੀ ਹੈ ਇਹ ਬਿਲਕੁਲ ਝੂਠ ਹੈ, ਕਿਉਂਕਿ ਕਾਂਗਰਸ ਮੇਰੀ ਮਾਂ ਪਾਰਟੀ ਹੈ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਪੰਜਾਬ ਦੀ .....
ਬਠਿੰਡਾ ਤੋਂ ਬੀਬਾ ਬਾਦਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਕਾਗ਼ਜ਼
. . .  23 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਇੱਥੇ ਇੱਕ ਵਿਸ਼ਾਲ ਰੋਡ...
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਕੋਰਟ ਵੱਲੋਂ ਖ਼ਾਰਜ
. . .  53 minutes ago
ਨਵੀਂ ਦਿੱਲੀ, 26 ਅਪ੍ਰੈਲ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਸ਼ੁੱਕਰਵਾਰ ਨੂੰ ਲੰਦਨ ਦੀ ਵੈਸਟਮਿੰਸਟਰ ਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਸੁਣਵਾਈ ਦੇ ਦੌਰਾਨ ਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ....
ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 26 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)- ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ...
ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਤਰਨ ਤਾਰਨ, 26 ਅਪ੍ਰੈਲ- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਅੱਜ ਨਾਮਜ਼ਦਗੀ ਪੱਤਰ...
ਜਲੰਧਰ 'ਚ ਨਾਮਜ਼ਦਗੀ ਭਰਨ ਵੇਲੇ ਆਹਮੋ-ਸਾਹਮਣੇ ਹੋਏ ਅਕਾਲੀ ਦਲ ਤੇ ਬਸਪਾ ਦੇ ਸਮਰਥਕ
. . .  about 1 hour ago
ਜਲੰਧਰ, 26 ਅਪ੍ਰੈਲ (ਚਿਰਾਗ)- ਜਲੰਧਰ 'ਚ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਬਲਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ...
ਆਸਾਰਾਮ ਦੇ ਬੇਟੇ ਨਰਾਇਣ ਸਾਈਂ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ- ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖ਼ਿਲਾਫ਼ ਸੂਰਤ ਦੀ ਰਹਿਣ ਵਾਲੀਆਂ ਦੋ ਭੈਣਾਂ ਵੱਲੋਂ ਲਗਾਏ ਜਬਰ ਜਨਾਹ ਦੇ ਦੋਸ਼ 'ਚ ਅੱਜ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ .....
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 26 ਅਪ੍ਰੈਲ- ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਖ਼ੁਰਾਕ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ....
ਚਰਨਜੀਤ ਸਿੰਘ ਅਟਵਾਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ
. . .  about 1 hour ago
ਜਲੰਧਰ, 26 ਅਪ੍ਰੈਲ (ਚਿਰਾਗ)- ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪਵਨ ਕੁਮਾਰ ਟੀਨੂੰ, ਗੁਰਪ੍ਰਤਾਪ ਸਿੰਘ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਡਰ ਦੀ ਇਕ ਰਾਤ

ਰਾਤ ਦਾ ਦੂਜਾ ਪਹਿਰ ਗੁਜ਼ਰ ਰਿਹਾ ਸੀ | ਅੰਦਰਲੀ ਕੋਠੜੀ ਚੋਂ ਬੱਚੇ ਦੀ ਡਰੀ-ਡਰੀ ਸਹਿਮੀ-ਸਹਿਮੀ ਰੋਣ ਦੀ ਆਵਾਜ਼ ਆਉਂਦੀ ਹੈ | ਬਾਬਾ ਰੁਲਦਾ ਜੋ ਆਪਣੇ ਛੋਟੇ ਜਿਹੇ ਵਿਹੜੇ ਵਿਚ ਢਿੱਲੀ ਜਿਹੀ ਮੰਜੀ 'ਤੇ ਪਿਆ ਹੈ, ਉਸ ਦੀ ਜਾਗ ਖੁੱਲ੍ਹ ਜਾਂਦੀ ਹੈ | ਉਹ ਕੁਝ ਸੋਚਦਾ ਹੋਇਆ ਬੈਠ ਜਾਂਦਾ ਹੈ | ਰੋਣ ਦੀ ਆਵਾਜ਼ ਇੰਨੀ ਸਹਿਮੀ ਅਤੇ ਡਰੀ-ਡਰੀ ਹੈ ਕਦੇ ਬੰਦ ਹੁੰਦੀ ਹੈ, ਕਦੇ ਫਿਰ ਆਉਣ ਲੱਗਦੀ ਹੈ | ਬਾਬਾ ਰੁਲਦਾ ਉੱਠਦਾ ਹੈ ਅਤੇ ਹੌਲੀ-ਹੌਲੀ ਉਸ ਕੋਠੜੀ ਵੱਲ ਵਧਦਾ ਹੈ, ਜਿਥੋਂ ਇਹ ਆਵਾਜ਼ ਆ ਰਹੀ ਹੈ | ਇਹ ਕੋਠੜੀ ਉਸ ਦੇ ਟੁੱਟੇ ਕਿਰਦੇ ਘਰ ਦੇ ਇਕ ਪਾਸੇ ਜਿਹੇ ਹੈ ਥੋੜ੍ਹੀ ਹਟਵੀਂ ਹੈ | ਉਸ ਤੋਂ ਪਹਿਲਾਂ ਦੋ ਕਮਰੇ ਹਨ, ਕਮਰਿਆਂ ਤੋਂ ਪਹਿਲਾਂ ਇਕ ਰਸੋਈ ਹੈ ਜਿਨ੍ਹਾਂ ਅੱਗੇ ਛੋਟਾ ਜਿਹਾ ਵਰਾਂਡਾ ਹੈ | ਇਹ ਛੋਟਾ ਕਮਰਾ ਜਿਸ ਨੂੰ ਕੋਠੜੀ ਕਹਿੰਦੇ ਹਨ, ਸਭ ਇਕ ਕਤਾਰ ਵਿਚ ਹਨ | ਇਹ ਕੋਠੜੀ ਜੋ ਸਭ ਦੇ ਪਿਛਲੇ ਪਾਸੇ ਹੈ, ਇਸ ਕੋਠੜੀ ਦੇ ਅੱਗੇ ਵਰਾਂਡਾ ਨਹੀਂ ਹੈ, ਇਸ ਦਾ ਛੋੋਟਾ ਜਿਹਾ ਦਰਵਾਜ਼ਾ ਵਰਾਂਡੇ ਤੋਂ ਪਰੇ ਹੈ | ਇਸ ਕੋਠੜੀ ਵਿਚ ਜਾਣ ਤੋਂ ਪਹਿਲਾਂ ਬਾਬੇ ਰੁਲਦੇ ਨੂੰ ਉਸ ਵਿਚਕਾਰਲੇ ਕਮਰੇ ਅੱਗਿਓਾ ਗੁਜਰਨਾ ਪੈਣਾ ਹੈ ਜਿਸ 'ਚੋੋਂ ਰਾਤ-ਬਰਾਤੇ ਉਸ ਨੂੰ ਭੈਅ ਜਿਹਾ ਆਉਂਦਾ ਹੈ | ਉਹ ਉਸ ਕਮਰੇ ਅੱਗਿਓਾ ਲੰਘਦਾ ਹੋਇਆ ਅਕਸਰ ਡਰ ਨਾਲ ਕੰਬ ਜਾਂਦਾ ਹੈ | ਉਸ ਕਮਰੇ ਵਿਚ ਜਿਹੜਾ ਪਿਛਲੇ ਸਾਲ ਕੁ ਤੋਂ ਖਾਲੀ ਪਿਆ ਸੀ | ਜਿਸ ਵਿਚ ਬਾਬੇ ਦੇ ਟੱਬਰ ਨੂੰ ਦਿਨੇ ਵੜਨ ਤੋਂ ਭੈਅ ਆਉਂਦਾ ਹੈ, ਉਸ ਵਿਚ ਬਾਬੇ ਦਾ ਮੁੰਡਾ ਕੈਲਾ ਬੇਖਬਰ ਘੂਕ ਨੀਂਦ ਇਸ ਤਰ੍ਹਾਂ ਸੁੱਤਾ ਪਿਆ ਹੈ ਜਿਸ ਤਰ੍ਹਾਂ ਕੁਝ ਵਾਪਰਿਆ ਹੀ ਨਾ ਹੋਵੇ | ਇਥੇ ਇਸ ਕਮਰੇ ਵਿਚ ਜਿਸ ਤੋਂ ਬਾਕੀ ਸਾਰਾ ਟੱਬਰ ਭੈਅ ਖਾਂਦਾ ਏ ਉਦੋਂ ਤੋਂ |
ਬਾਬਾ ਰੁਲਦਾ ਹੌਲੀ-ਹੌਲੀ ਉਸ ਕੋਠੜੀ ਵੱਲ ਵਧਦਾ ਹੈ ਜਿਥੋਂ ਰੋਣ ਦੀ ਅਵਾਜ਼ ਰੁਕ-ਰੁਕ ਕੇ ਆ ਰਹੀ ਹੈ | ਜਦੋਂ ਉਹ ਦਰਵਾਜ਼ੇ ਨੇੜੇ ਜਾਂਦਾ ਹੈ ਤਾਂ ਰੋਣਾ ਰੁਕ ਜਾਂਦਾ ਹੈ | ਅੰਦਰੋਂ ਸਹਿਮੀਆਂ ਆਵਾਜ਼ਾਂ ਆ ਰਹੀਆਂ ਹਨ | ਉਸ ਦੇ ਕੰਬਦੇ ਹੋਏ ਵਧਦੇ ਕਦਮ ਰੁਕ ਜਾਂਦੇ ਹਨ | ਅੰਦਰ ਸਹਿਮੀ-ਸਹਿਮੀ ਆਵਾਜ਼ ਆ ਰਹੀ ਹੈ, ਬਾਬਾ ਸੁਣਦਾ ਹੈ |
'ਵੀਲ-ਵੀਲ ਤਿਓ ਰੋਨਾ ਏ?' ਰਿੰਮੀ ਦੀ ਆਵਾਜ਼ ਆਉਂਦੀ ਹੈ |
'ਬਸ ਰਿੰਮੀ ਤੂੰ ਸੌਾ ਜਾ ਮੈਨੂੰ ਨੀਂਦ ਨੀ ਆਉਂਦੀ'' ਅਮੀ ਰੋਂਦਾ ਹੋਇਆ ਕਹਿੰਦਾ ਹੈ |
'ਵੀਲ, ਮੈਨੂੰ ਡਰ ਲੱਗਦੈ ਤੂੰ ਨਾ ਰੋ |'
'ਨਹੀਂ ਰੋਂਦਾ ਤੂੰ ਸੌ ਜਾ |'
'ਵੀਲ ਤੂੰ ਵੀ ਸੌ, ਵੀਲ ਬਾਬੇ ਕੋਲ ਚੱਲੀਏ |'
'ਨਹੀਂ ਤੂੰ ਜਾਹ, ਮੈਂ ਨੀ ਜਾਣਾ |'
'ਹੁਣ ਰਿੰਮੀ ਵੀ ਰੋਣ ਲੱਗਦੀ ਹੈ |'
'ਵੀਲ ਮੰਮੀ ਦੀ ਯਾਦ ਆਂਦੀ ਏ?'
'ਹਾਂ... |' ਇਕ ਚੀਕ ਜਿਹੀ ਉਠਦੀ ਹੈ ਸਹਿਮੀ-ਸਹਿਮੀ ਡਰੀ-ਡਰੀ | ਬਾਬੇ ਦੀਆਂ ਅੱਖਾਂ ਚੋਂ ਹੰਝੂ ਵਹਿ-ਵਹਿ ਉਸ ਦੀ ਬੀਬੀ ਦਾਹੜੀ ਵਿਚ ਸਮਾ ਰਹੇ ਹਨ | ਉਹ ਉਥੇ ਹੀ ਕੰਧ ਨਾਲ ਢੋਅ ਲਾ ਕੇ ਬੈਠ ਜਾਂਦਾ ਹੈ, ਜਿਵੇਂ ਲੱਤਾਂ ਵਿਚ ਸਾਹ-ਸਤ ਨਾ ਰਿਹਾ ਹੋਵੇ | ਡਰੀ-ਡਰੀ ਸਹਿਮੀ-ਸਹਿਮੀ ਰੋਣ ਦੀ ਆਵਾਜ਼ ਆ ਰਹੀ ਏ |
'ਵੀਲ ਆਪਾਂ ਡੈਡੀ ਕੋਲ ਜਾ ਕੇ ਸੌਾਈਏ'? ਰਿੰਮੀ ਕਹਿੰਦੀ ਹੈ |
''ਨ... ... ਨਈ... ਅਮੀ ਦੀ ਇਸ ਆਵਾਜ਼ ਨਾਲ ਹੀ ਉਸ ਦੇ ਰੋਣ ਦੀ ਆਵਾਜ਼ ਹੋਰ ਉੱਚੀ ਹੋ ਜਾਂਦੀ ਹੈ |
'ਵੀਲ ਮੰਮੀ ਸੋਹਨੀ ਸੀ, ਕਹੀ ਜੀ ਸੀ ਉਹ?'
'ਸੋਹਣੀ... ਇਕ ਚੀਸ ਜਿਹੀ ਕਮਰੇ 'ਚੋਂ ਉਘੜਦੀ ਹੈ, ਜੋ ਬਾਬੇ ਦੇ ਦਿਲ 'ਚ ਖੁੱਭ ਜਾਂਦੀ ਹੈ |
'ਵੀਲ ਮੰਮੀ ਕਿੱਥੇ ਗਈ?' ਰਿੰਮੀ ਦੀ ਆਵਾਜ਼ ਆਉਂਦੀ ਹੈ |
ਅੰਦਰੋੋਂ ਅਮੀ ਦੇ ਰੋਣ ਦੀ ਆਵਾਜ਼ ਲਗਾਤਾਰ ਆ ਰਹੀ ਹੈ ਜੋ ਬਾਬੇ ਨੂੰ ਲੈ ਜਾਂਦੀ ਹੈ ਭੂਤਕਾਲ, ਵੱਲ ਕੌੜੇ ਭੂਤਕਾਲ ਵੱਲ | ਬਾਬੇ ਨੂੰ ਯਾਦ ਆਉਂਦਾ ਹੈ, ਉਨ੍ਹਾਂ ਨੇ ਕੈਲੇ ਦਾ ਵਿਆਹ ਕਿੰਨੇ ਚਾਵਾਂ ਨਾਲ ਕੀਤਾ ਸੀ, ਉਸ ਦੀ ਘਰਵਾਲੀ ਚਰਨੋ ਉਸ ਦਿਨ ਬਹੁਤ ਖੁਸ਼ ਸੀ | ਸਭ ਸ਼ਗਨ ਕੀਤੇ ਸਨ ਬਾਬੇ ਰੁਲਦੇ ਨੇ ਆਪਣੇ ਮੁੰਡੇ ਕੈਲੇ ਦੇ ਵਿਆਹ 'ਤੇ, ਵਿਤੋਂ ਬਾਹਰ ਖਰਚ ਕੀਤਾ ਸੀ, ਵਿਆਹ ਸੁੱਖੀਂ ਸਾਂਦੀਂ ਹੋਇਆ | ਘਰ ਭਰਿਆ-ਭਰਿਆ ਲਗਦਾ | ਨਵੀਂ ਬਹੂ ਜਿੰਨੀ ਸੋਹਣੀ ਸੀ, ਉਨੀ ਹੀ ਵੱਧ ਸਿਆਣੀ ਕੰਮ-ਕਾਰ ਵਿਚ ਮਘਨ ਰਹਿਣ ਵਾਲੀ, ਹਰ ਸਮੇਂ ਹਰ ਕੰਮ ਨੂੰ ਚਾਵਾਂ ਨਾਲ ਕਰਨ ਵਾਲੀ | ਕੈਲਾ ਉਨ੍ਹਾਂ ਦਿਨਾਂ ਵਿਚ ਇਕ ਫੈਕਟਰੀ ਵਿਚ ਕੰਮ ਕਰਦਾ ਸੀ, ਸ਼ਾਮ ਨੂੰ ਜਦ ਉਹ ਘਰ ਆਉਂਦਾ ਤਾਂ ਵਹੁਟੀ ਉਸ ਦੀ ਅੱਖੀਆਂ ਵਿਛਾ ਕੇ ਉਡੀਕ ਕਰ ਰਹੀ ਹੁੰਦੀ |
ਦਿਨ ਗੁਜ਼ਰਦੇ ਗਏ | ਸਾਲ ਕੁ ਬਾਅਦ ਉਨ੍ਹਾਂ ਦੇ ਘਰ ਮੁੰਡੇ ਦਾ ਜਨਮ ਹੋਇਆ, ਉਨ੍ਹਾਂ ਚਾਵਾਂ ਨਾਲ ਉਸ ਦਾ ਨਾਂ ਰੱਖਿਆ ਅਮਨ, ਪਿਆਰ ਨਾਲ ਸਾਰੇ ਉਸ ਨੂੰ ਅਮੀ ਹੀ ਸੱਦਦੇ | ਕੈਲੇ ਨੇ ਉਸ ਦੇ ਜਨਮ 'ਤੇ ਖੂਬ ਸ਼ਗਨ ਕੀਤੇ, ਦੋਸਤਾਂ-ਮਿੱਤਰਾਂ ਆਂਢੀ ਗੁਆਂਢੀਆਂ ਨੂੰ ਵਧਾਈਆਂ ਵੰਡੀਆਂ, ਖੂਬ ਦਾਰੂ-ਸਿੱਕਾ ਚੱਲਿਆ | ਉਦੋਂ ਹੀ ਚੱਲਿਆ ਕੈਲੇ ਦੇ ਸ਼ਰਾਬ ਪੀਣ ਦਾ ਦੌਰ | ਹੁਣ ਕੈਲਾ ਕੰਮ ਕਰ ਕੇ ਆਉਂਦਾ ਤਾਂ ਅਕਸਰ ਉਸ ਦੀਆਂ ਲੱਤਾਂ ਲੜਖੜ੍ਹਾ ਰਹੀਆਂ ਹੁੰਦੀਆਂ, ਘਰ ਦੀ ਹਾਲਤ ਵਿਗੜਨ ਲੱਗੀ | ਘਰ ਵਿਚ ਕਲੇਸ਼ ਰਹਿਣ ਲੱਗਾ, ਕੈਲਾ ਘਰ ਦਾ ਸਾਮਾਨ ਵੇਚ-ਵੇਚ ਕੇ ਦਾਰੂ ਦੇ ਰਾਹੀਂ ਲੰਘਾਉਣ ਲੱਗਾ | ਬਾਬੇ ਲਈ ਘਰ ਦਾ ਖਰਚ ਚਲਾਉਣਾ ਮੁਸ਼ਕਿਲ ਹੋ ਗਿਆ | ਕੈਲੇ ਦਾ ਸਹੁਰਾ ਬੇਹੱਦ ਸਾਊ ਇਨਸਾਨ ਸੀ | ਉਹ ਉਨ੍ਹਾਂ ਦੀ ਵਿਤੋਂ ਬਾਹਰੀ ਮਦਦ ਕਰਦਾ | ਕਈ ਵਾਰੀ ਘਰ ਦਾ ਰੋਟੀ-ਪਾਣੀ ਵੀ ਉਸ ਦੇ ਦਿੱਤਿਆਂ ਹੀ ਚਲਦਾ |
ਫਿਰ ਚਾਰ ਕੁ ਸਾਲ ਬਾਅਦ ਕੈਲੇ ਦੇ ਘਰ ਰਿੰਮੀ ਦਾ ਜਨਮ ਹੋਇਆ, ਹੁਣ ਕੈਲੇ ਦਾ ਕਲੇਸ਼ ਹੱਦੋਂ ਵਧਣ ਲੱਗਾ | ਉਹ ਬਹੂ ਨੂੰ ਕੁੱਟਦਾ-ਮਾਰਦਾ | ਕਦੇ-ਕਦੇ ਤਾਂ ਮੁਹੱਲਾ ਕੱਠਾ ਹੋ ਜਾਂਦਾ | ਇਕ-ਇਕ ਕਰ ਕੇ ਉਹ ਉਸਦੇ ਗਹਿਣੇ ਵੀ ਦਾਰੂ ਰਾਹੀਂ ਪੀ ਗਿਆ |
ਇਕ ਦਿਨ ਸਵੇਰੇ ਜਦ ਉਹ ਉੱਠੇ ਤਾਂ ਘਰ 'ਚ ਸੰਨਾਟਾ ਸੀ | ਕੈਲਾ ਤੜਕੇ ਹੀ ਕਿਤੇ ਬਾਹਰ ਚਲਾ ਗਿਆ ਸੀ | ਉਸ ਸਵੇਰ ਤੜਕੇ ਤੋਂ ਹੀ ਅੱਜ ਵਾਂਗ ਦੋਵੇਂ ਬੱਚਿਆਂ ਦੇ ਰੋਣ ਦੀ ਆਵਾਜ਼ ਆ ਰਹੀ ਸੀ | ਚਰਨੋ ਬੱਚਿਆਂ ਦੀ ਆਵਾਜ਼ ਸੁਣ ਕੇ ਜਦ ਅੰਦਰ ਗਈ ਤਾਂ ਉਸ ਦੀ ਚੀਕ ਨੇ ਜਿਵੇਂ ਤਿੰਨੇ ਲੋਕ ਜਗਾ ਦਿੱਤੇ ਸਨ | ਬਾਬਾ ਡਰਦਾ-ਡਰਦਾ ਭੱਜਿਆ, ਅੰਦਰ ਗਿਆ, ਬਹੂ ਸ਼ਾਂਤ ਸਥਿਰ ਪਈ ਸੀ ਸਾਹ-ਸਤ ਹੀਣ | ਰਿੰਮੀਂ ਰੋਂਦੀ ਹੋਈ ਉਸ ਦੀਆਂ ਅਧਨੰਗੀਆਂ ਛਾਤੀਆਂ ਚੂੰਡ ਰਹੀ ਸੀ | ਇਕ ਕੋਨੇ ਵਿਚ ਅਮੀ ਧੱਸਿਆ ਬੈਠਾ ਸੀ ਜਿਵੇਂ ਉਸ ਵਿਚ ਸਾਹ-ਸਤ ਹੀ ਨਾ ਹੋਵੇ | ਚਰਨੋ ਦੋਵਾੇ ਗੋਡਿਆਂ ਭਾਰ ਬੈਠੀ ਆਪਣੀ ਛਾਤੀ ਪਿੱਟ ਰਹੀ ਸੀ |
ਵੇਖਦਿਆਂ-ਵੇਖਦਿਆਂ ਉਨ੍ਹਾਂ ਦਾ ਘਰ ਲੋਕਾਂ ਨਾਲ ਭਰ ਗਿਆ ਸੀ | ਬਾਬੇ ਨੇ ਅਮੀ ਨੂੰ ਹਲੂਣ-ਹਲੂਣ ਕੇ ਜਗਾਇਆ, ਉਹ ਕਿਸੇ ਡਰ ਨਾਲ ਕੰਬੀ ਜਾ ਰਿਹਾ ਸੀ | ਘੰਟੇ ਕੁ ਬਾਅਦ ਪੁਲਿਸ ਵੀ ਆ ਗਈ | ਪਤਾ ਨੀ ਕਿਵੇਂ ਪਤਾ ਲੱਗਾ ਪੁਲਿਸ ਨੂੰ | ਲਾਸ਼ ਦੀਆਂ ਮੌਕੇ ਦੀਆਂ ਫੋਟੋਆਂ ਲੈਣ ਅਤੇ ਮੌਕੇ ਦੀ ਲੋੜੀਂਦੀ ਤਫਤੀਸ਼ ਤੋਂ ਬਾਅਦ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ |
ਬਾਬੇ ਦੇ ਕੁੜਮ ਦੀ ਹਾਲਤ ਹਰ ਕਿਸੇ ਦਾ ਦਿਲ ਵਲੂੰਧਰ ਰਹੀ ਸੀ, ਉਸ ਦੇ ਹੰਝੂ ਰੁਕਣ ਦਾ ਨਾਂਅ ਨਹੀਂ ਸਨ ਲੈ ਰਹੇ | ਦੂਜੇ ਦਿਨ ਮੋਹਤਬਰਾਂ ਦੀ ਹਾਜ਼ਰੀ ਵਿਚ ਲਾਸ਼ ਨੂੰ ਲਾਂਬੂ ਲਾਇਆ ਗਿਆ, ਕੋਈ ਇਸ ਨੂੰ ਆਤਮ ਹੱਤਿਆ ਦੱਸ ਰਿਹਾ ਸੀ, ਕੋਈ ਕੁਝ ਹੋਰ...?
ਤਿੰਨ ਦਿਨ ਅਮੀ ਦੀ ਹਾਲਤ ਵਿਚ ਸੁਧਾਰ ਨਾ ਹੋਇਆ, ਚੌਥੇ ਦਿਨ ਜਦ ਉੁਹ ਸੰਭਲਿਆ ਤਾਂ ਥਾਣੇਦਾਰ ਨੇ ਪੁਚਕਾਰ-ਪਚਕਾਰ ਕੇ ਉਸ ਤੋਂ ਪੁੱਛਿਆ | ਅਮੀ ਨੇ ਡਰਦਿਆਂ-ਡਰਦਿਆਂ ਗਲ 'ਚ ਕੱਪੜਾ ਪਾ ਸਭ ਕੁਝ ਸਮਝਾ ਦਿੱਤਾ, ਉਸ ਦੱਸਿਆ ਕਿ ਮਾਂ ਆਪ ਨਹੀਂ ਮਰੀ ਬਲਕਿ ਕੈਲੇ ਨੇ ਚੁੰਨੀ ਨਾਲ... | ਪੁਲਿਸ ਕੈਲੇ ਨੂੰ ਫੜ ਕੇ ਲੈ ਗਈ | ਕਚਹਿਰੀ ਵਿਚ ਅਮੀ ਦੀ ਗਵਾਹੀ ਹੀ ਕੈਲੇ ਵਿਰੁੱਧ ਇਕੋ-ਇਕ ਸਬੂਤ ਸੀ | ਬਾਬੇ ਦੇ ਕੁੜਮਾਂ ਨੂੰ ਆਪਣੀ ਧੀ ਦੇ ਜਾਣ ਦਾ ਦੁੱਖ ਤਾਂ ਸੀ, ਪਰ ਉਹ ਕਹਿੰਦੇ, 'ਜੇ ਕੈਲਾ ਇਨ੍ਹਾਂ ਬੱਚਿਆਂ ਨੂੰ ਪਾਲੇ ਤਾਂ ਅਸੀ ਇਹ ਸਭ ਰੱਬ ਦਾ ਭਾਣਾ ਮੰਨ ਕੇ ਜਰ ਲਵਾਂਗੇ |'
ਅੰਤ ਸਹੁਰਿਆਂ ਦੀ ਢਿੱਲ ਮੱਠ, ਅਮੀ ਦੇ ਡਰ ਕਾਰਨ ਜਾਂ ਦਾਦਕੇ-ਨਾਨਕਿਆਂ ਦੇ ਕਹਿਣ ਕਾਰਨ ਬਿਆਨਾਂ 'ਚ ਫਰਕ ਪੈ ਗਿਆ ਅਤੇ ਕੈਲਾ ਕੱਲ੍ਹ ਬਰੀ ਹੋ ਕੇ ਆ ਗਿਆ ਸੀ | ਜੋ ਉਸੇ ਬੈਠਕ 'ਚ ਘੂਕ ਸੁੱਤਾ ਸੀ ਅਤੇ ਸ਼ਾਇਦ ਅਮੀ ਨੂੰ ਅੱਜ ਫਿਰ ਸਭ ਕੁਝ ਯਾਦ ਆ ਗਿਆ ਸੀ... |

-ਪਿੰਡ ਡਡਿਆਣਾ, ਡਾਕ: ਰੁਪਾਲਹੇੜੀ, ਵਾਇਆ ਸਰਹੰਦ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, 140406.
ਮੋਬਾਈਲ : 94177-33038


ਖ਼ਬਰ ਸ਼ੇਅਰ ਕਰੋ

ਜਵਾਬ ਨਹੀਂ ਦਿੱਤਾ ਜਾਣਾ

ਮੈਂ ਇਕ ਧਾਰਮਿਕ ਥਾਂ 'ਤੇ ਵਚਨ ਸੁਣ ਰਿਹਾ ਸੀ, ਜਿਸ ਵਿਚ ਕਥਾਵਾਚਕ ਦੀ ਕਥਾ ਦਾ ਮੂਲ ਮੁੱਦਾ ਇਹੀ ਸੀ ਕਿ ਕਿਸੇ ਜੀਵ ਦੀ ਹੱਤਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਰੇ ਜੀਵਾਂ ਨੂੰ ਪਰਮਾਤਮਾ ਹੀ ਬਣਾਉਂਦਾ ਹੈ ਤੇ ਸਾਰੇ ਜਾਨਦਾਰ ਜੀਵ ਉਸੇ ਪਰਮਾਤਮਾ ਦੀ ਔਲਾਦ ਹੁੰਦੇ ਹਨ |
ਕਥਾ ਤੋਂ ਬਾਅਦ ਮੈਂ ਕਥਾਵਾਚਕ ਦੇ ਨਾਲ ਹੀ ਤੁਰ ਪਿਆ | ਜਾਂਦੇ-ਜਾਂਦੇ ਪੱੁਛਿਆ ਕਿ ਤੁਸੀਂ ਕਣਕ ਧੋ ਕੇ ਪਿਸਾਉਂਦੇ ਹੋ ਜਾਂ ਵੈਸੇ ਹੀ? ਤਾਂ ਉਸ ਨੇ ਕਿਹਾ 'ਧੋ ਕੇ, ਕਈ ਦਫਾ ਕਣਕ ਵਿਚ ਸੁਸਰੀ ਹੁੰਦੀ ਹੈ | ਇਸ ਲਈ ਧੋਣੀ ਤਾਂ ਪੈਂਦੀ ਹੀ ਹੈ |' ਮੈਂ ਫਿਰ ਕਿਹਾ ਕਿ 'ਰਾਤ ਨੂੰ ਮੱਛਰਾਂ ਤੋਂ ਬਚਣ ਲਈ ਕੀ ਕਰਦੇ ਹੋ? ਅੱਜਕਲ੍ਹ ਮੱਛਰ ਤਾਂ ਬਹੁਤ ਨੇ |' ਤਾਂ ਉਸ ਨੇ ਕਿਹਾ ਕਿ 'ਮੈਂ ਫਿਲਟ ਸਪਰੇਅ ਕਰ ਕੇ ਸਾਰੇ ਮੱਛਰ ਮਾਰ ਦਿੰਦਾ ਹਾਂ |'
ਮੈਂ ਕਿਹਾ ਕਿ 'ਸੁਸਰੀ ਅਤੇ ਮੱਛਰ ਕੀ ਰੱਬ ਦਾ ਜੀਵ ਨਹੀਂ ਹਨ ਜਾਂ ਰੱਬ ਦੀ ਔਲਾਦ ਨਹੀਂ ਹਨ, ਜੋ ਤੁਸੀਂ ਉਨ੍ਹਾਂ ਨੂੰ ਮਾਰਦੇ ਹੋ? ਮੈਂ ਇਹੀ ਸਵਾਲ ਆਪ ਜੀ ਤੋਂ ਧਰਮ ਸਥਾਨ 'ਤੇ ਪੱੁਛਣਾ ਸੀ...', ਤਾਂ ਕਥਾਵਾਚਕ ਨੇ ਦੋਵੇਂ ਹੱਥ ਜੋੜ ਕੇ ਕਿਹਾ, 'ਆਪ ਕਿਉਂ ਮੇਰੀ ਰੋਜ਼ੀ-ਰੋਟੀ 'ਤੇ ਲੱਤ ਮਾਰਦੇ ਹੋ? ਐਸੀ ਗ਼ਲਤੀ ਕਦੇ ਨ੍ਹੀਂ ਕਰਨੀ, ਕਿਉਂਕਿ ਮੈਥੋਂ ਇਸ ਦਾ ਜਵਾਬ ਨਹੀਂ ਦਿੱਤਾ ਜਾਣਾ |'

-ਕਿਰਪਾਲ ਸਿੰਘ 'ਨਾਜ਼',
155, ਸੈਕਟਰ 2-ਏ, ਢਿੱਲੋਂ ਕਾਟੇਜ, ਸ਼ਾਮ ਨਗਰ, ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ)-147301. ਮੋਬਾ: 98554-80191

ਹੰਕਾਰਿਆ ਸੋ ਮਾਰਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਦੁਨੀਆ ਵਿਚ ਕਈ ਲੋਕ ਅਜਿਹੇ ਹੁੰਦੇ ਹਨ ਜਿਹੜੇ ਕਿਸੇ ਨਾਲ ਵੀ ਚੰਗੀ ਤਰ੍ਹਾਂ ਗੱਲ ਕਰਨ ਨੂੰ ਤਿਆਰ ਨਹੀਂ ਹੁੰਦੇ | ਆਪਣੇ ਘੁਮੰਡ ਵਿਚ ਰਹਿਣਾ ਉਨ੍ਹਾਂ ਦੀ ਸੋਚ ਹੁੰਦੀ ਹੈ ਪਰ ਉਨ੍ਹਾਂ ਦੀ ਬਾਹਰ ਇੱਜ਼ਤ ਘੱਟ ਹੁੰਦੀ ਹੈ |
• ਹੰਕਾਰ ਅਤੇ ਜਵਾਨੀ ਦੇ ਨਸ਼ੇ 'ਚ ਆ ਕੇ ਕਦੀ ਕਿਸੇ ਬੇਦੋਸ਼ੇ ਦਾ ਕਤਲ ਨਹੀਂ ਕਰਨਾ ਚਾਹੀਦਾ ਕਿਉਂਕਿ ਕਤਲ ਦੀ ਕੀਮਤ ਸਿਰਫ ਕਤਲ ਕਰਨ ਵਾਲੇ ਨੂੰ ਹੀ ਨਹੀਂ ਸਗੋਂ ਉਸ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰ, ਪਸ਼ੂ ਅਤੇ ਨੇੜਲੇ ਸਮਾਜ ਨੂੰ ਵੀ ਤਾਰਨੀ ਪੈਂਦੀ ਹੈ |
• ਜੇ 'ਮੈਂ' ਕਿਤੇ ਘਰ ਵਿਚ ਆਪਣੀ ਪੁਗਾਉਣ ਲਗ ਪਵੇ ਤਾਂ ਉਥੇ ਕੰਧਾਂ ਖੜ੍ਹੀਆਂ ਕਰ ਦਿੰਦੀ ਹੈ ਤੇ ਬਾਹਰ ਦੀ ਦੁਨੀਆ ਵਿਚ ਪੁੱਛੋ ਹੀ ਨਾ ਕਿ ਕਿੰਨੇ ਕੁ ਬਖੇੜੇ ਸਹੇੜਦੀ ਹੈ |
• ਜੀਵਨ ਨੂੰ ਸਿਰਫ਼ ਦੋ ਹੀ ਸ਼ਬਦ ਭਾਵ ਹੰਕਾਰ ਅਤੇ ਵਹਿਮ ਹੀ ਨਸ਼ਟ ਕਰਦੇ ਹਨ |
• ਸੱਚਾ ਕੰਮ ਹੰਕਾਰ ਤੇ ਸਵਾਰਥ ਨੂੰ ਛੱਡੇ ਬਿਨਾਂ ਨਹੀਂ ਹੁੰਦਾ |
• ਇੱਜ਼ਤ ਬਹੁਤ ਜ਼ਿਆਦਾ ਤੇ ਚੰਗੇ ਕੰਮ ਕਰ ਕੇ ਪ੍ਰਾਪਤ ਕੀਤੀ ਜਾਂਦੀ ਹੈ ਪਰੰਤੂ ਨਸ਼ਟ ਇਕ ਬੁਰੇ ਕੰਮ ਨਾਲ ਹੀ ਹੋ ਜਾਂਦੀ ਹੈ |
• ਪਛਤਾਵਾ ਪਾਪ ਨੂੰ ਖਾ ਜਾਂਦਾ ਹੈ | ਗੁੱਸਾ ਅਕਲ ਨੂੰ ਖਾ ਜਾਂਦਾ ਹੈ | ਲਾਲਚ ਈਮਾਨ ਨੂੰ ਖਾ ਜਾਂਦਾ ਹੈ | ਚਿੰਤਾ ਉਮਰ ਨੂੰ ਖਾ ਜਾਂਦੀ ਹੈ | ਹੰਕਾਰ ਮਨ ਨੂੰ ਖਾ ਜਾਂਦਾ ਹੈ |
• ਅੱਜ ਨਸ਼ਾ, ਵੈਲਪੁਣਾ ਅਤੇ ਹੈਾਕੜ ਰਿਸ਼ਤਿਆਂ ਨੂੰ ਡੋਬ ਰਹੇ ਹਨ |
• ਸਮਝਦਾਰ ਜਦੋਂ ਹੰਕਾਰ ਕਰਨ ਲੱਗੇ ਤਾਂ ਸਮਝੋ ਕਿ ਉਸ ਵਿਚ ਮੂਰਖਤਾ ਆ ਗਈ |
• ਹੰਕਾਰ ਮਨੁੱਖ ਨੂੰ ਰਾਖ਼ਸ਼ ਬਣਾਉਂਦਾ ਹੈ |
• ਜੇ ਔਰਤ/ਲੜਕੀ ਆਪਣੀ ਨੌਕਰੀ ਕਰਨ ਦੇ ਕਾਰਨ ਹਉਮੈ ਦਾ ਸ਼ਿਕਾਰ ਹੋ ਜਾਵੇ ਤੇ ਰਿਸ਼ਤਿਆਂ ਨੂੰ ਬਿਲਕੁਲ ਭੁਲਾ ਹੀ ਦੇਵੇ ਤਾਂ ਉਸ ਦਾ ਰੁਜ਼ਗਾਰ ਤੇ ਕਰੀਅਰ ਇਕ ਵਰਦਾਨ ਨਹੀਂ ਸਗੋਂ ਸਰਾਪ ਹੀ ਬਣ ਜਾਂਦਾ ਹੈ | ਪਰ ਜੇ ਉਹ ਰਿਸ਼ਤਿਆਂ ਦੀ ਤੰਦ ਨੂੰ ਵੀ ਨਾਲ ਜੋੜੀ ਰੱਖਦੀ ਹੈ ਤਾਂ ਉਸ ਦਾ ਇਹ ਗੁਣ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ ਹੈ |
• ਬਜ਼ੁਰਗ ਤੇ ਕਮਜ਼ੋਰ ਲੋਕਾਂ 'ਤੇ ਜ਼ੋਰ ਦਿਖਾਉਣ ਵਾਲਾ ਬੰਦਾ ਬਹਾਦਰ ਨਹੀਂ, ਬੁਜ਼ਦਿਲ ਤੇ ਹੰਕਾਰੀ ਹੁੰਦਾ ਹੈ | ਸਿਆਣਿਆਂ ਦਾ ਕਹਿਣਾ ਹੈ ਕਿ ਸਮਾਂ ਆਉਣ 'ਤੇ ਅਜਿਹੇ ਬੰਦੇ ਨੂੰ ਰੱਬ ਵੀ ਮੁਆਫ਼ ਨਹੀਂ ਕਰਦਾ |
• ਦੰਦ ਜੀਭ ਤੋਂ ਬਾਅਦ ਆਉਂਦੇ ਹਨ ਪਰ ਟੁੱਟਦੇ ਪਹਿਲਾਂ ਹਨ | ਸਿਆਣਿਆਂ ਦਾ ਕਹਿਣਾ ਹੈ ਕਿ ਦੰਦਾਂ ਦੇ ਪਹਿਲਾਂ ਟੁੱਟਣ ਦਾ ਕਾਰਨ ਦੰਦਾਂ ਦਾ ਹੰਕਾਰ ਅਤੇ ਸਖ਼ਤੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਦੰਦ ਸਮਝਦੇ ਹਨ ਕਿ ਉਨ੍ਹਾਂ ਦੇ ਕਾਰਨ ਹੀ ਬੰਦੇ ਦੀ ਸ਼ਾਨ ਵਧਦੀ ਹੈ ਅਤੇ ਇਹ ਸਖ਼ਤ ਵੀ ਬਹੁਤ ਹੁੰਦੇ ਹਨ ਪਰ ਜੀਭ ਇਸ ਲਈ ਨਹੀਂ ਟੁੱਟਦੀ ਕਿਉਂਕਿ ਇਸ ਵਿਚ ਲਚਕ ਹੈ ਅਤੇ ਇਹ ਨਿਮਰ ਹੋ ਕੇ ਅੰਦਰ ਪਈ ਰਹਿੰਦੀ ਹੈ ਅਤੇ ਇਸ ਵਿਚ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ |
• ਤਾਰੀਫ਼ ਸਮਝਦਾਰ ਨੂੰ ਨਰਮ ਬਣਾਉਂਦੀ ਹੈ ਅਤੇ ਮੂਰਖ ਨੂੰ ਹੰਕਾਰੀ |
• ਹੰਕਾਰ ਮਨੁੱਖੀ-ਸੁਭਾਅ ਦਾ ਨੁਕਸਾਨਦੇਹ ਗੁਣ ਹੈ | ਇਹ ਗੁਣ ਜਦੋਂ ਸੁਭਾਅ ਵਿਚ ਆਉਂਦਾ ਹੈ ਤਾਂ ਆਪਣਾ ਹੀ ਨਹੀਂ ਸਗੋਂ ਹੋਰਨਾਂ ਦਾ ਵੀ ਨੁਕਸਾਨ ਕਰਵਾਉਂਦਾ ਹੈ |
• ਮਨੁੱਖ ਵਲੋਂ ਮਨੱੁਖ ਉੱਤੇ ਜ਼ਿਆਦਤੀ, ਜਗਤ ਵਿਚ ਹੋਰ ਸਾਰੀ ਖੂੰਖਾਰੀ ਨਾਲੋਂ ਜ਼ਿਆਦਾ ਭਿਆਨਕ ਹੈ |
• ਮੇਰੇ ਵਿਚਾਰ ਅਨੁਸਾਰ ਘੁਮੰਡੀਆਂ, ਹੰਕਾਰੀਆਂ ਤੇ ਲਾਲਚੀਆਂ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ |
• ਬਹੁਤਾ ਹੰਕਾਰ ਵੱਡੀ ਗ਼ਲਤੀ ਦਾ ਬੀਜ ਬਣਦਾ ਹੈ | ਹੰਕਾਰ ਵਿਅਕਤੀ ਦੀਆਂ ਸਭ ਪ੍ਰਾਪਤੀਆਂ 'ਤੇ ਪਾਣੀ ਫੇਰ ਦਿੰਦਾ ਹੈ | ਹਮੇਸ਼ਾ ਯਾਦ ਰੱਖੋ ਕਿ ਹੰਕਾਰ ਵਿਅਕਤੀ ਦੀ ਤਰੱਕੀ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ |
• ਜਿਵੇਂ ਨਿੰਬੂ ਦੇ ਰਸ ਦੀ ਇਕ ਬੂੰਦ ਹਜ਼ਾਰਾਂ ਲਿਟਰ ਦੁੱਧ ਨੂੰ ਖਰਾਬ ਕਰ ਦਿੰਦੀ ਹੈ, ਉਸੇ ਤਰ੍ਹਾਂ ਮਨੁੱਖ ਦਾ ਹੰਕਾਰ ਵੀ ਚੰਗੇ ਤੋਂ ਚੰਗੇ ਸਬੰਧਾਂ ਨੂੰ ਖ਼ਰਾਬ ਕਰ ਦਿੰਦਾ ਹੈ |
• ਹੰਕਾਰ ਅਤੇ ਪੇਟ ਜਦੋਂ ਵੀ ਵਧ ਜਾਂਦਾ ਹੈ ਤਾਂ ਇਨਸਾਨ ਚਾਹ ਕੇ ਵੀ ਗਲੇ ਨਹੀਂ ਮਿਲ ਪਾਉਂਦਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਗੁਨਾਹੇ ਅਜ਼ੀਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰਿਆਣਾ 'ਚ ਜਦ ਜਾਟ ਅੰਦੋਲਨ ਚਲ ਰਿਹਾ ਸੀ, ਉਸ ਦੌਰਾਨ ਇਕ ਔਰਤ ਨੂੰ ਬੇਪਤ ਕਰਕੇ, ਉਸ ਦੀ ਲਾਸ਼ ਖੇਤਾਂ 'ਚ ਸੁੱਟ ਦਿੱਤੀ ਗਈ ਸੀ | ਲੱਖ ਨਾਂਹ-ਨੁੱਕਰ ਕਰਨ ਦੇ ਬਾਵਜੂਦ ਇਹ ਸੱਚ ਸਾਹਮਣੇ ਆ ਹੀ ਗਿਆ |
ਕੱਲ੍ਹ ਦੇ ਅਖ਼ਬਾਰ 'ਚ ਫੇਰ ਇਹੋ ਜਿਹੀਆਂ ਕਈ ਹੋਰ ਖਬਰਾਂ ਹੋਣਗੀਆਂ | ਮੁੱਕਦੀ ਗੱਲ... 'ਔਰਤ ਤੇਰੀ ਇਹੋ ਕਹਾਣੀ |'
ਇਕ ਹੋਰ ਖ਼ਬਰ ਸੁਣੋ, ਹਰਿਆਣਾ ਦੀ ਹੈ | ਇਕ ਵਿਆਹੁਤਾ ਔਰਤ, ਆਪਣੇ ਪਿੰਡ ਦੇ ਕਿਸੇ ਹੋਰ ਮਰਦ ਨਾਲ ਭੱਜ ਗਈ ਸੀ | ਦੋਵੇਂ ਫੜੇ ਗਏ | ਮਾਮਲਾ ਪਿੰਡ ਦੀ ਪੰਚਾਇਤ ਕੋਲ ਪਹੁੰਚਿਆ | ਸਰਪੰਚਾਂ-ਪੰਚਾਂ ਨੇ ਜੋ ਫ਼ੈਸਲਾ ਦਿੱਤਾ ਉਹ ਇਹ ਸੀ ਇਸ ਕੁਲਟਾ ਨੂੰ ਦਰੱਖਤ ਨਾਲ ਟੰਗ ਕੇ, ਇਹਦਾ ਪਤੀ ਇਹਨੂੰ (ਪਤਾ ਨਹੀਂ ਕਿੰਨੇ) ਕੋੜੇ ਮਾਰੇ | ਇਹ ਵੀਡੀਓ ਤੁਸਾਂ ਟੀ.ਵੀ. ਚੈਨਲਾਂ 'ਤੇ ਵੇਖਿਆ ਹੋਣਾ ਹੈ | ਕਿੱਦਾਂ ਪਿੰਡ ਅਤੇ ਇਲਾਕੇ ਦੇ ਮਰਦਾਂ ਦੇ ਘੇਰੇ ਵਿਚ ਪਤੀ ਉਸ ਨੂੰ ਦਰੱਖਤ ਨਾਲ ਟੰਗ ਕੇ ਪੈਂਟ ਦੀ ਲੈਦਰ ਬੈਲਟ ਨਾਲ ਜ਼ੋਰ-ਜ਼ੋਰ ਦੀ ਪਿੱਠ 'ਤੇ ਮਾਰ ਰਿਹਾ ਸੀ | ਤਮਾਸ਼ਬੀਨ ਮਰਦ ਮਜ਼ਾ ਲੈ ਰਹੇ ਸਨ | ਮੇਰਾ ਐਨਾ ਹੀ ਸਵਾਲ ਹੈ ਕਿ ਇਸ ਕੁਲਟਾ ਵਾਲੇ ਕੇਸ 'ਚ ਉਹਨੂੰ ਭਜਾ ਕੇ ਲੈ ਜਾਣ ਵਾਲਾ ਮਰਦ ਵੀ ਤਾਂ ਬਰਾਬਰ ਦਾ ਗੁਨਾਹਗਾਰ ਸੀ | ਇਕੋ ਜੁਰਮ ਦੀ ਸਜ਼ਾ ਸਿਰਫ਼ ਔਰਤ ਨੂੰ ਹੀ ਕਿਉਂ? ਉਸ ਮਰਦੂਦ ਮਰਦ ਨੂੰ ਕਿਉਂ ਨਹੀਂ |
ਇਥੇ ਮੈਨੂੰ ਬਾਈਬਲ 'ਚ ਦਰਜ ਉਸ ਘਟਨਾ ਦੀ ਯਾਦ ਆ ਗਈ ਹੈ ਜਦ ਇਸੇ ਤਰ੍ਹਾਂ ਦੀ ਇਕ ਵਿਭਚਾਰਨ ਔਰਤ ਨੂੰ ਪੱਥਰ ਮਾਰ-ਮਾਰ ਕੇ ਮਾਰਨ ਦੀ ਸਜ਼ਾ ਦਿੱਤੀ ਗਈ ਸੀ | ਲੋਕੀਂ ਉਸ ਨੂੰ ਪੱਥਰ ਮਾਰਨਾ ਸ਼ੁਰੂ ਕਰਦੇ, ਉਸ ਤੋਂ ਪਹਿਲਾਂ ਹੀ ਉਥੇ ਭਗਵਾਨ ਯਿਸੂ (ਈਸਾ ਮਸੀਹ) ਪਹੁੰਚ ਗਏ, ਉਨ੍ਹਾਂ ਲੋਕਾਂ ਨੂੰ ਇਹੋ ਆਖਿਆ, 'ਇਸ ਨੂੰ ਪਹਿਲਾ ਪੱਥਰ ਉਹ ਮਾਰੇ, ਜਿਸ ਨੇ ਖੁਦ ਕਦੇ ਕੋਈ ਗੁਨਾਹ ਨਾ ਕੀਤਾ ਹੋਵੇ | ਸਭਨਾਂ ਦੇ ਹੱਥ ਰੁਕ ਗਏ | ਮੰੂਹ ਲਟਕ ਗਏ ਤੇ ਹੱਥਾਂ 'ਚੋਂ ਪੱਥਰ ਥੱਲੇ ਡਿੱਗ ਪਏ | ਮੁਤਬਰਕ ਕੁਰਾਨ ਸ਼ਰੀਫ਼ 'ਚ ਵੀ ਇਹ ਦਰਜ ਹੈ:
'ਇਨਸਾਨ ਜੇਕਰ ਆਪਣੇ ਗਿਰੇਬਾਨ 'ਚ ਝਾਕ ਕੇ ਵੇਖੇ ਤਾਂ ਦੁਨੀਆ ਦੇ ਵੱਡੇ ਤੋਂ ਵੱਡੇ ਗੁਨਾਹਗਾਰ ਨੂੰ ਮੁਆਫ਼ ਕਰ ਦਏ |'
ਸਾਡੇ ਗੁਆਂਢ, ਵਾਹਗਿਓਾ ਪਾਰ, ਇਸਲਾਮਿਕ ਰਿਪਬਲਿਕ ਆਫ਼ ਪਾਕਿਸਤਾਨ ਹੈ | ਇਸ ਦੇਸ਼ 'ਚ ਕੁਰਾਨ ਸ਼ਰੀਫ਼ ਦੀ ਬੇਹੁਰਮਤੀ ਕਰਨ ਵਾਲੇ ਸ਼ਖ਼ਸ ਨੂੰ ਸਜ਼ਾ-ਏ-ਮੌਤ ਤੱਕ ਦੀ ਸਜ਼ਾ ਹੈ | 'ਪਵਿੱਤਰ ਕੁਰਾਨ' ਵਾਲੇ ਇਸ ਦੇਸ਼ 'ਚ 'ਜਬਰ ਜਨਾਹ' ਦਾ ਬਦਲਾ ਕਿੱਦਾਂ ਲਿਆ ਜਾਂਦਾ ਹੈ, ਰਤਾ ਇਹ ਖ਼ਬਰ ਪੜ੍ਹੋ:
'ਮੁਲਤਾਨ ਦੇ ਪੀਰਮਹਲ' ਪਿੰਡ 'ਚ ਵਾਸਿਮ ਸੱਯਦ ਨੇ ਇਕ ਕੁੜੀ ਨਾਲ ਜਬਰ ਜਨਾਹ ਕੀਤਾ ਸੀ | ਪਿੰਡ ਦੀ ਪੰਚਾਇਤ ਦੇ ਬਜ਼ੁਰਗ ਵਡੇਰਿਆਂ ਮੈਂਬਰਾਂ ਨੇ ਹੁਕਮ ਦਿੱਤਾ ਕਿ ਵਾਸਿਮ ਸੱਯਦ ਦੀ ਮਾਫ਼ੀ ਸਿਰਫ਼ ਇਸ ਸ਼ਰਤ 'ਤੇ ਕਬੂਲ ਕੀਤੀ ਜਾਏਗੀ ਜਦ ਵਾਸਿਮ ਸੱਯਦ ਦੀ ਭੈਣ ਦਾ ਦੂਜੀ ਧਿਰ ਦੇ ਬੰਦੇ ਜਬਰ ਜਨਾਹ ਕਰਨਗੇ | ਇਸ ਪ੍ਰਕਾਰ ਦੇ ਬਦਲਾਲਊ ਇਨਸਾਫ਼ ਦੀ ਪ੍ਰਥਾ ਨੂੰ ਵਾਨੀ ਆਖਦੇ ਹਨ | ਇਹ ਪ੍ਰਥਾ ਕਈ ਪੇਂਡੂ ਇਲਾਕਿਆਂ 'ਚ ਹਾਲਾਂ ਵੀ ਪ੍ਰਚਲਤ ਹੈ | ਇਸ ਪਿੰਡ ਦੇ ਵਡੇਰਿਆਂ ਸਮੇਤ ਪੁਲਿਸ ਨੇ 12 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ |
ਇਹ ਇਸਤਰੀ ਜਾਤ ਦੀ ਜਬਰ ਜਨਾਹ ਵਾਲੀ ਭੈੜੀ ਪ੍ਰਵਿਰਤੀ ਪਾਕਿਸਤਾਨ ਤੇ ਬੰਗਲਾ ਦੇਸ਼ 'ਚ ਵੀ ਹੈ | ਸ਼ਾਇਦ ਇਕ ਸਾਊਦੀ ਅਰਬ ਹੀ ਹੈ, ਜੋ ਇਸ ਘਿਨਾਉਣੀ ਲਿਜ਼ਤੇ ਹਵਸ਼ ਤੋਂ ਮੁਕਤ ਹੈ | ਇਥੇ ਤਾਂ ਸਿੱਧਾ ਸਿਰ ਵੱਢਣ ਦੀ ਸਜ਼ਾ ਹੈ |
ਪਰ ਕਈ ਔਰਤਾਂ 'ਐਸੀ ਕੀ ਤੈਸੀ' ਕਰਨ ਦੀ ਜੁਰੱਅਤ ਵਾਲੀਆਂ ਵੀ ਹਨ | ਦਿੱਲੀ ਦੀ 24 ਮਾਰਚ ਦੀ ਖ਼ਬਰ ਹੈ ਇਕ 28 ਸਾਲਾਂ ਦੀ ਔਰਤ 'ਤੇ ਦੋਸ਼ ਲੱਗਾ ਹੈ ਕਿ ਉਸ ਨੇ ਉਹਦੇ ਐਕਸ ਬੁਆਏ ਫਰੈਂਡ ਨੇ ਮਿਲਣੋਂ ਇਨਕਾਰ ਕਰ ਦਿੱਤਾ ਤਾਂ ਉਹਨੇ ਸੀਮਾਪੁਰੀ ਤੋਂ ਉਸ ਦੀ 3 ਮਹੀਨੇ ਦੀ ਬੇਟੀ ਨੂੰ ਅਗਵਾ ਕਰ ਲਿਆ | ਲਕਸ਼ਮੀ ਨਾਂਅ ਦੀ ਇਸ ਔਰਤ ਨੇ ਬੱਚੀ ਨੂੰ ਜਾਨੋਂ ਤਾਂ ਨਹੀਂ ਮਾਰਿਆ ਪਰ ਇਸ ਨੂੰ ਕਾਫੀ ਦੇਰ ਮਗਰੋਂ ਇਕ ਮੰਦਰ 'ਚ ਸੁੱਟ ਦਿੱਤਾ, ਮਗਰੋਂ ਇਸ ਨੂੰ ਹਸਪਤਾਲ 'ਚ ਦਾਖਲ ਕਰਾ ਦਿੱਤਾ ਗਿਆ | ਕਈ ਔਰਤਾਂ, ਹਸਪਤਾਲਾਂ 'ਚੋਂ ਨਵ-ਜਨਮੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੀਆਂ ਹਨ | ਕਈ ਜਵਾਨ ਕੁੜੀਆਂ ਨੂੰ ਫਲੈਸ਼ ਟਰੇਡ 'ਚ ਜਿਸਮ ਫਰੋਸ਼ੀ ਕਰਨ ਲਈ 'ਮੈਡਮ' ਜਾਂ ਮਾਲਿਕ ਆਖ ਲਓ, ਪ੍ਰਸਿੱਧ ਹਨ |
ਅਜੋਕੀ ਸਦੀ ਦੇ ਨੌਜਵਾਨਾਂ 'ਚ, ਪੜਿ੍ਹਆਂ-ਲਿਖਿਆਂ ਤੇ ਅਨਪੜ੍ਹਾਂ ਵਿਚ ਵੀ ਇਹ ਕਾਮ ਵਾਸ਼ਨਾ ਜਬਰ ਜਨਾਹ ਰਾਹੀਂ ਪੂਰੀ ਕਰਨ ਦੀ ਪ੍ਰਵਿਰਤੀ ਕਿਉਂ ਹੈ? ਵਿਸ਼ਵਾਸ ਕਰਨਾ ਅੱਜ 'ਕਾਮ-ਸੂਤਰ' ਪੁਸਤਕ ਕਾਫੀ ਉੱਚਾ ਮੁੱਲ ਹੋਣ 'ਤੇ ਵੀ ਖੂਬ ਵਿਕ ਰਹੀ ਹੈ | ਖਾਸ ਕਰਕੇ ਪੜ੍ਹੇ-ਲਿਖੇ ਤਬਕੇ ਵਿਚ | ਬੁਰਾ ਨਾ ਮੰਨਣਾ, ਮੇਰੇ ਫ਼ਿਲਮ ਉਦਯੋਗ ਦੇ ਮਿੱਤਰੋ, ਸਾਡੀਆਂ ਫ਼ਿਲਮਾਂ ਦੇ ਦੋ ਅਰਥੀ ਗਾਣੇ ਤੇ ਇਨ੍ਹਾਂ ਦੀ ਕਾਮੁਕ ਪਿਕਚਰਾਈਜੇਸ਼ਨ ਵੀ ਕਾਫੀ ਹੱਦ ਤਾੲੀਂ ਇਸ ਲਈ ਜ਼ਿੰਮੇਵਾਰ ਹੈ |
ਪੱਛਮੀ ਸੱਭਿਅਤਾ, ਪਹਿਰਾਵਾ, ਕੁੜੀਆਂ ਨੂੰ ਵੀ ਆਖੀਏ, ਉਨ੍ਹਾਂ ਦਾ ਠੋਸ ਜਵਾਬ ਹੈ 'ਅਸੀਂ ਕੀ ਪਾਈਏ ਤੇ ਕੀ ਨਾ ਪਾਈਏ, ਇਹ ਸਾਡਾ ਮੌਲਿਕ ਅਧਿਕਾਰ ਹੈ | ਸੱਚ ਮੰਨਣਾ ਸਲਵਾਰ-ਕਮੀਜ਼, ਦੁਪੱਟੇ, ਸਾੜ੍ਹੀਆਂ ਤਾਂ ਸਿਰਫ਼ ਵੱਡੀਆਂ ਲੇਡੀਜ਼ ਲਈ ਹੀ ਰਹਿ ਗਈਆਂ ਹਨ | ਸੱਸਾਂ, ਮਾਵਾਂ, ਵੱਡੀਆਂ ਭਰਜਾਈਆਂ ਤੱਕ ਹੀ ਭਾਰਤੀ ਪਹਿਰਾਵੇ ਰਹਿ ਗਏ ਹਨ, ਬਾਕੀ ਸਭੇ ਪੈਂਟਾਂ, ਜੀਨਾਂ, ਟੌਪਾਂ, ਕਈ ਡ੍ਰੈੱਸ ਤਾਂ ਯੂਨੀ ਸੈਕਸ ਵਾਲੇ ਹਨ |
ਜਾਰਜ਼ ਫਰਨਾਂਡਿਸ ਜਿਹੜੇ ਸਦਾ ਕੁੜਤਾ-ਪਜਾਮਾ ਹੀ ਪਹਿਨਦੇ ਹਨ, ਉਨ੍ਹਾਂ ਇਕ ਵਾਰੀ ਆਖਿਆ ਸੀ, 'ਅਸਾਂ ਪਹਿਲਾਂ ਆਪਣੀ ਬੋਲੀ ਗਵਾਈ, ਫਿਰ ਸੱਭਿਅਤਾ, ਹੁਣ ਪਹਿਰਾਵਾ ਵੀ ਗਵਾ ਦਿੱਤਾ |'
ਅਜੋਕੇ 'ਗੀਤ' ਪੰਜਾਬੀ ਦੇ ਜਾਂ ਕਿਸੇ ਵੀ ਭਾਸ਼ਾ ਦੇ, ਸੁਣਨ ਨੂੰ ਦਿਲ ਕਰਦਾ ਹੈ? ਇਹ ਇੰਗਲੈਂਡੋਂ ਆਏ ਰੈਪ ਸਿੰਗਰ, ਇਨ੍ਹਾਂ ਨੇ ਭਾਸ਼ਾ ਦਾ 'ਜਬਰ ਜਨਾਹ' ਕੀਤਾ ਹੈ |
ਆਹ ਕੀ? ਆਹ ਲਵੋ ਨਾ... ਇਕ ਕੁੜੀ ਸਿੰਗਰ ਦਾ ਨਾਂਅ ਹੈ ਢਿੰਚਕ ਪੂਜਾ... ਇਸ ਨੇ ਦੋ ਐਲਬਮ ਕੱਢੇ ਹਨ... ਨਾਂਅ ਹਨ...
1. ਢਿੰਚਕ ਪੂਜਾ
2. ਸੈਲਫੀ ਮੈਂਨੇ ਲੇ ਲੀਆ
ਇਸ ਦੇ ਬੋਲ ਸੁਣ ਕੇ ਕੋਈ ਬੇਸ਼ਰਮ ਵੀ ਸ਼ਰਮਾ ਜਾਏ, ਇਸ ਦੇ ਵੀਡੀਓ ਵੀ ਹਨ, ਹੋਰ ਵੀ ਬੇਸੁਰੀ ਤਬਾਹੀ ਵਾਲੇ | ਕੋਈ ਐਨੀ ਸੁਰੀਲੀ ਆਵਾਜ਼ ਨਹੀਂ ਹੈ, ਫਿਰ ਵੀ ਲੱਖਾਂ ਦੀ ਗਿਣਤੀ 'ਚ ਇਸ ਦੇ ਵੀਡੀਓ ਤੇ ਸੀ.ਡੀ. ਵਿਕੇ ਹਨ | ਯੂ-ਟਿਊਬ 'ਤੇ ਇਹਨੂੰ ਕਮਾਲ ਦੀ ਪ੍ਰਸਿੱਧੀ ਮਿਲੀ ਹੈ | ਲੱਖਾਂ ਕਰੋੜਾਂ ਕਮਾਏ ਹਨ ਇਸ ਨੇ | ਮੰੁਡੇ-ਕੁੜੀਆਂ ਤਾਂ ਪਾਗਲ ਹੋਏ ਪਏ ਹਨ, ਕੀ ਆਖੀਏ...
ਸੁਥਰੇ ਸ਼ਾਹ, ਹੁਣ ਕੁਝ ਨਹੀਓਾ ਸੁਥਰਾ | ਖ਼ਾਮੋਸ਼ |

ਨਹਿਲੇ 'ਤੇ ਦਹਿਲਾ: ਮੁਲਾਕਾਤ ਦਾ ਬਹਾਨਾ

ਜਨਾਬ ਜ਼ਾਕਿਰ ਸਾਹਬ ਵੱਡੇ ਸਰਕਾਰੀ ਅਫ਼ਸਰ ਸਨ | ਉਨ੍ਹਾਂ ਦੀ ਅਕਸਰ ਬਦਲੀ ਹੁੰਦੀ ਰਹਿੰਦੀ ਸੀ | ਬਦਲੀ ਦੇ ਨਾਲ ਉਨ੍ਹਾਂ ਨੂੰ ਰਹਿਣ ਦੀ ਸਹੂਲਤ ਦਿੱਤੀ ਜਾਂਦੀ ਸੀ | ਇਸ ਕਰਕੇ ਉਹ ਕਦੇ ਖ਼ੁਸ਼ ਹੋ ਜਾਂਦੇ ਕਦੇ ਉਦਾਸ ਹੋ ਜਾਂਦੇ ਸਨ |
ਇਕ ਵਾਰੀ ਉਨ੍ਹਾਂ ਦੀ ਬਦਲੀ ਹੋਈ ਤਾਂ ਉਨ੍ਹਾਂ ਨੂੰ ਰਹਿਣ ਲਈ ਜੋ ਬੰਗਲਾ ਮਿਲਿਆ, ਉਸ ਦੇ ਗੁਆਂਢ ਵਾਲੇ ਬੰਗਲੇ ਵਿਚ ਇਕ ਜਵਾਨ ਅਤੇ ਸੋਹਣੀ ਸੁਨੱਖੀ ਔਰਤ, ਜੋ ਅਫ਼ਸਰ ਸੀ, ਰਹਿੰਦੀ ਸੀ | ਉਹ ਜਦੋਂ ਬਾਹਰ ਨਿਕਲਦੀ ਤਾਂ ਜ਼ਾਕਿਰ ਸਾਹਬ ਚਾਹੁੰਦੇ ਕਿ ਉਸ ਨਾਲ ਗੱਲਬਾਤ ਹੋਵੇ ਪਰ ਉਹ ਔਰਤ ਇਨ੍ਹਾਂ ਵੱਲ ਵੇਖਦੀ ਵੀ ਨਹੀਂ ਸੀ |
ਇਕ ਵਾਰੀ ਜ਼ਾਕਿਰ ਸਾਹਬ ਨੇ ਇਕ ਯੋਜਨਾ ਬਣਾਈ ਜਿਸ 'ਤੇ ਅਮਲ ਹੋਣ 'ਤੇ ਉਸ ਔਰਤ ਨਾਲ ਗੱਲਬਾਤ ਹੋ ਸਕਦੀ ਸੀ | ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਉਹ ਉਸ ਔਰਤ ਦੇ ਬੰਗਲੇ ਦੇ ਗੇਟ 'ਤੇ ਪਹੁੰਚ ਗਏ ਅਤੇ ਘੰਟੀ ਵਜਾ ਦਿੱਤੀ | ਘੰਟੀ ਦੀ ਆਵਾਜ਼ ਸੁਣ ਕੇ ਉਹ ਔਰਤ ਬਾਹਰ ਆ ਗਈ ਅਤੇ ਜ਼ਾਕਿਰ ਸਾਹਬ ਨੂੰ ਪੁੱਛਿਆ, 'ਤੁਸੀਂ ਘੰਟੀ ਕਿਉਂ ਵਜਾਈ?'
ਜ਼ਾਕਿਰ ਸਾਹਬ ਨੇ ਕਿਹਾ, 'ਮੈਡਮ ਤੁਹਾਡੀ ਬੱਕਰੀ ਮੇਰੇ ਫੁੱਲ ਖਾ ਜਾਂਦੀ ਏ |'
ਉਸ ਔਰਤ ਨੇ ਜਵਾਬ ਦਿੱਤਾ, 'ਮੈਂ ਤਾਂ ਕੋਈ ਬੱਕਰੀ ਨਹੀਂ ਪਾਲੀ ਹੋਈ |'
ਜ਼ਾਕਿਰ ਸਾਹਬ ਨੇ ਮੁਸਕਰਾ ਕੇ ਕਿਹਾ, 'ਮੈਡਮ, ਫੁੱਲ ਤਾਂ ਮੈਂ ਵੀ ਨਹੀਂ ਲਾਏ, ਬਸ ਤੁਹਾਡੇ ਨਾਲ ਮੁਲਾਕਾਤ ਦਾ ਬਹਾਨਾ ਬਣਾ ਲਿਆ ਸੀ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਲਘੂ ਕਥਾ: ਬਰਕਤ ਹੀਣ ਸਿੱਕਾ

ਬੱਚਿਆਂ ਨੇ ਉਸ ਦਾ ਨਾਂਅ 'ਸ਼ਨੀ ਦੇਵੀ' ਰੱਖਿਆ ਹੋਇਆ ਹੈ |
ਹਰ ਸਨਿੱਚਰਵਾਰ ਸੱਠ ਕੁ ਸਾਲ ਦੀ ਉਹ ਔਰਤ ਬਠਿੰਡੇ ਤੋਂ ਜਨਤਾ 'ਤੇ ਚੜਜ੍ਹ ਕੇ ਸਵੇਰੇ ਅੱਠ ਵਜੇ ਸਾਡੇ ਸ਼ਹਿਰ ਦੇ ਸਟੇਸ਼ਨ 'ਤੇ ਆ ਉੱਤਰਦੀ ਹੈ |
ਸਟੇਸ਼ਨ 'ਤੇ ਉੱਤਰਨ ਸਾਰ ਉਸ ਦਾ ਕੰਮ ਸ਼ੁਰੂ ਹੋ ਜਾਂਦਾ ਹੈ |
ਹਰ ਘਰ ਦੇ ਦਰਵਾਜ਼ੇ ਮੂਹਰੇ 'ਜੈ ਸ਼ਨੀਦੇਵ' ਆਖ ਕੇ ਆਪਣੀ ਹਾਜ਼ਰੀ ਲਵਾਉਂਦੀ ਹੈ |
ਮੱਥੇ 'ਤੇ ਕਾਲਾ ਟਿੱਕਾ, ਇਕ ਹੱਥ ਵਿੱਚ ਵੱਡਾ ਸਾਰਾ ਡੋਲੂ ਸਰ੍ਹੋਂ ਦਾ ਤੇਲ ਪਾਉਣ ਲਈ, ਦੂਜੇ ਮੋਢੇ 'ਤੇ ਮੋਟੇ ਖੱਦਰ ਦੀ ਬਣੀ ਬਗਲੀ ਜਿਹੀ ਆਟਾ ਪਾਉਣ ਲਈ | ਸ਼ਨੀ ਦੇਵਤੇ ਦੇ ਪ੍ਰਕੋਪ ਤੋਂ ਸਾਡੇ ਲੋਕ ਬਹੁਤ ਤ੍ਰਹਿੰਦੇ ਹਨ | ਇਸ ਲਈ ਸ਼ਾਇਦ ਹੀ ਕੋਈ ਘਰ ਉਸ ਨੂੰ ਖਾਲੀ ਮੋੜਦਾ ਹੋਵੇ | ਬਹੁਤੇ ਸਰ੍ਹੋਂ ਦਾ ਤੇਲ ਪਾਉਂਦੇ ਹਨ, ਕਈ ਔਰਤਾਂ ਆਟਾ ਪਾ ਦਿੰਦੀਆਂ ਹਨ ਤੇ ਅੱਜਕਲ੍ਹ ਕਈ ਰੁਪਈਆ, ਦੋ ਰੁਪਈਏ (ਜਾਂ ਵੱਧ) ਨਕਦ ਹੀ ਦੇ ਦਿੰਦੇ ਹਨ |
ਸਾਡੇ ਘਰਾਂ ਤੀਕ ਪਹੁੰਚਦਿਆਂ ਉਸ ਨੂੰ ਦੁਪਹਿਰ ਦੇ ਢਾਈ ਤਿੰਨ ਵੱਜ ਜਾਂਦੇ ਹਨ | ਬਹੁਤ ਸਾਲਾਂ ਤੋਂ ਆ ਰਹੀ ਹੈ ਉਹ | ਅੱਗੇ ਉਹ ਸਿਰਫ਼ ਸਨਿੱਚਰਵਾਰ ਨੂੰ ਹੀ ਆਉਂਦੀ ਸੀ ਪਰ ਹੁਣ ਤਾਂ ਹਰ ਦਿਨ ਤਿਹਾਰ 'ਤੇ ਆ ਖਲੋਂਦੀ ਹੈ | ਉਸ ਨੂੰ ਕੋਈ ਝਿਜਕ ਨਹੀਂ ਹੈ | ਇਕ ਵਾਰ 'ਜੈ ਸ਼ਨੀ ਦੇਵ' ਆਖ ਆਪੇ ਹੀ ਬਾਰ ਖੋਲ੍ਹ ਕੇ ਅੰਦਰ ਆ ਵੜਦੀ ਹੈ |
'ਸ਼ਨੀ ਦੇਵੀ ਆ ਗਈ!' ਬੱਚੇ ਰੌਲਾ ਪਾਉਣ ਲੱਗ ਜਾਂਦੇ ਹਨ |
'ਰੁਪਈਆ ਦੇ ਆ ਔਹ ਡੱਬੇ 'ਚੋਂ ਕੱਢ ਕੇ' ਬੱਚਿਆਂ ਦੀ ਦਾਦੀ ਆਖਦੀ ਹੈ |
ਬੱਚੇ ਜਦੋਂ ਰੁਪਈਆ ਦੇਣ ਲਗਦੇ ਹਨ ਤਾਂ ਉਸ ਦੇ ਮੱਥੇ 'ਤੇ ਤਿਊੜੀਆਂ ਪੈ ਜਾਂਦੀਆਂ ਹਨ | 'ਬੱਸ ਰੁਪਈਆ ਈ! ਦਿਨ ਤਿਹਾਰ 'ਤੇ ਤਾਂ ਵੱਧ ਦੇ ਦਿਆ ਕਰੋ |
ਮੈਨੂੰ ਅੰਦਰ ਪਏ ਨੂੰ ਹੀ ਅਹਿਸਾਸ ਹੁੰਦਾ ਹੈ ਕਿ ਉਹ ਰੁਪਈਆ ਲੈ ਕੇ ਉੱਕਾ ਖ਼ੁਸ਼ ਨਹੀਂ ਹੁੰਦੀ | ਕੋਈ ਅਸੀਸ ਦੇਣ ਦੀ ਥਾਂ 'ਤੇ ਉਹ ਗਲੀ ਵਿਚ ਤੁਰੀ ਜਾਂਦੀ ਬੁੜ-ਬੁੜ ਕਰਦੀ ਜਾਂਦੀ ਹੈ |
ਭਾਵੇਂ ਮੇਰਾ ਗ੍ਰਹਿਆਂ ਆਦਿ ਵਿਚ ਕੋਈ ਵਿਸ਼ਵਾਸ ਨਹੀਂ ਹੈ ਪਰ ਫਿਰ ਵੀ ਹਰ ਸ਼ਨੀਵਾਰ ਉਸ ਦੇ ਆਉਣ 'ਤੇ ਮੈਨੂੰ ਜਾਪਦਾ ਹੈ ਕਿ ਰੁਪਈਆ ਲੈ ਕੇ ਵੀ ਉਹ ਸ਼ਨੀ ਦੇਵਤੇ ਦਾ ਪ੍ਰਕੋਪ ਸਾਡੇ ਸਿਰ ਛੱਡ ਜਾਂਦੀ ਹੈ |

-ਗਲੀ ਨੰ: 3, ਕੋਰਟ ਰੋਡ, ਮਾਨਸਾ-151505.
ਮੋਬਾਈਲ : 94172-87399.

ਮਿੰਨੀ ਕਹਾਣੀ: ਅੱਗੇ ਤੋਂ ਅੱਗੇ

'ਸਾਹਿਬ ਜੀ, ਥੋਡੇ ਮਾਸਟਰ ਨੇ, ਮੇਰਾ ਮੁੰਡਾ ਛੱਲੀਆਂ ਕੁੱਟਣ ਵਾਂਗ ਕੁੱਟ ਸੁੱਟਿਐ... ਮੈਂ ਤਾਂ ਇਹ ਲਾਲ ਪਿਛਲੀ ਉਮਰ ਵਿਚ ਹੀ ਦੇਖਿਐ... ਜ਼ਰਾ ਉਹਨੂੰ ਬੁਲਾ ਕੇ ਪੁੱਛੋ ਤਾਂ ਸਹੀ... ਏਨੀ ਮਾਰ ਮਾਰਨ ਦਾ ਕੀ ਕਾਰਨ ਸੀ?' ਵਿਦਿਆਰਥੀ ਦਾ ਪਿਉ, ਪਿ੍ੰਸੀਪਲ ਦੇ ਦਫ਼ਤਰ ਵਿਚ, ਦੋਵੇਂ ਹੱਥ ਜੋੜੀ ਖੜੋਤਾ ਸੀ |
'ਕੀ ਕਾਰਨ ਹੈ?... ਮੁੰਡੇ ਨੇ ਕੁਝ ਦੱਸਿਆ ਹੋਵੇਗਾ?... |' ਪਿ੍ੰਸੀਪਲ, ਆਪਣੀਆਂ ਐਨਕਾਂ ਵਿਚੋਂ, ਆਪਣੀ ਕੁਰਸੀ 'ਤੇ ਬੈਠਾ, ਸ਼ਿਕਾਇਤ ਕਰਤਾ ਨੂੰ ਨਿਹਾਰ ਰਿਹਾ ਸੀ |
'ਜਨਾਬ ਜੀ, ਥੋਡਾ ਮਾਸਟਰ ਮੁੰਡੇ ਤੋਂ ਗੁੜ ਮੰਗਦਾ ਸੀ.. ਮੁੰਡੇ ਨੇ ਘਰੇ ਗੁੜ ਨਾ ਹੋਣ ਬਾਰੇ ਕਿਹਾ ਸੀ... ਮਾਸਟਰ ਜੀ ਨੂੰ ਮੁੰਡੇ 'ਤੇ ਯਕੀਨ ਨਾ ਹੋਇਆ ਤੇ ਉਹਨੂੰ ਸਬਕ ਨਾ ਆਉਣ ਦੇ ਬਹਾਨੇ ਦੈੜ ਦੈੜ ਕੁੱਟ ਸੁੱਟਿਆ... |' ਮੁੰਡੇ ਦੇ ਪਿਉ ਨੇ ਗੱਲ ਦਾ ਨਿਚੋੜ ਕਹਿ ਸੁਣਾਇਆ ਸੀ |
'ਫਿਕਰ ਨਾ ਕਰੋ, ਮੈਂ ਹੁਣੇ ਮਾਸਟਰ ਨੂੰ ਪੁੱਛਦਾ ਹਾਂ... | ਉਹਦੀ ਇਹ ਮਜਾਲ ਕਿਵੇਂ ਹੋਈ? ਸਰਕਾਰ ਤਨਖਾਹਾਂ ਏਸੇ ਲਈ ਦਿੰਦੀ ਹੈ ਕਿ ਜੋ ਮਰਜ਼ੀ ਖਰੀਦੋ... ਗੁੜ ਸ਼ੱਕਰ ਚਾਹੇ ਚੀਨੀ... ਮੈਂ ਉਹਦੀ ਏਥੇ ਬਦਲੀ ਕਰਵਾ ਦਿਆਂਗਾ... ਤੁਸੀਂ ਬਿਲਕੁਲ ਚਿੰਤਾ ਨਾ ਲਾਓ | ਕੁਰਸੀ 'ਤੇ ਬੈਠੋ... ਤੁਹਾਡੀ ਤਸੱਲੀ ਕਰਾ ਕੇ ਤੋਰਾਂਗਾ |' ਪਿ੍ੰਸੀਪਲ ਨੇ ਬੜੇ ਰੋਅਬ ਵਿਚ, ਪਿਉ ਦੀ ਤਸੱਲੀ ਕਰਵਾਉਂਦਿਆਂ, ਗੱਲਾਂ ਕਹੀਆਂ |
'ਪਰ ਸਾਹਿਬ ਜੀ, ਇਕ ਹੋਰ ਬੇਨਤੀ ਹੈ... ਮੈਥੋਂ ਪਰੇ-ਪਰੇ ਪੁੱਛ ਲੈਣਾ... ਨਹੀਂ ਤਾਂ ਉਹ ਮੇਰੇ ਮੁੰਡੇ ਦੇ ਪੇਸ਼ ਪੈ ਜਾਊ... ਦਿਲ ਵਿਚ ਜ਼ਿੱਦਬਾਜ਼ੀ ਰੱਖੂਗਾ... |' ਪਿਉ ਨੇ ਕਿਹਾ |
'ਚਲੋ ਤੁਹਾਡੀ ਸਿਆਣੀ ਗੱਲ ਮੰਨ ਲੈਂਦਾ ਹਾਂ... ਕਿੰਨੀ ਕੁ ਜ਼ਮੀਨ ਹੈ ਤੁਹਾਡੇ ਕੋਲ?'
'ਜੀ, ਏਹੋ ਪੰਜ ਛੇ ਕਿੱਲੇ ਨੇ... |' ਪਿਉ ਨੇ ਉੱਤਰ ਦਿੱਤਾ |
'ਕਮਾਦ ਤੇ ਮੱਕੀ ਕਿੰਨੀ ਕੁ ਬੀਜੀ ਹੈ?' ਪਿ੍ੰਸੀਪਲ ਦਾ ਅਗਲਾ ਸਵਾਲ ਸੀ |
'ਜੀ, ਏਹੋ ਦੋ ਤਿੰਨ ਕਿੱਲੇ ਕਮਾਦ ਤੇ ਬਾਕੀ ਵਿਚ ਮੱਕੀ ਹੀ ਬੀਜੀ ਹੈ... |' ਉਸ ਦਾ ਉੱਤਰ ਸੀ | ਫਿਰ ਸਾਨੂੰ ਵੀ ਥੋੜ੍ਹੇ ਜਿਹੇ ਗੰਨੇ ਤੇ ਛੱਲੀਆਂ ਭੇਜ ਦੇਣਾ... ਤੁਹਾਡਾ ਨਾਂਅ ਲੈ ਕੇ ਗੰਨੇ ਚੂਪਾਂਗੇ ਤੇ ਛੱਲੀਆਂ ਚੱਬਾਂਗੇ... |' ਪਿ੍ੰਸੀਪਲ ਨੇ ਆਪਣੀ ਐਨਕ 'ਚੋਂ ਮੁਸਕਰਾਂਦਿਆਂ ਪਿਉ ਨੂੰ ਕਿਹਾ, ਪਿ੍ੰਸੀਪਲ ਦੀ ਚਾਹਤ ਸੁਣ ਕੇ ਮੁੰਡੇ ਦਾ ਪਿਉ, ਥੋੜ੍ਹਾ ਜਿਹਾ ਸਿਰ ਹਿਲਾ ਕੇ ਦੋਵੇਂ ਹੱਥ ਜੋੜ ਕੇ ਦਫ਼ਤਰੋਂ ਬਾਹਰ ਨਿਕਲ ਆਇਆ ਸੀ |
ਘਰ ਵਲ ਜਾਂਦਿਆਂ ਉਹ ਸੋਚ ਰਿਹਾ ਸੀ ਕਿ ਮਾਇਆਜਾਲ ਕਿੰਨਾ ਵੱਡਾ ਹੈ, ਜੋ ਸਾਰਿਆਂ ਨੂੰ ਹੀ ਅੱਗੇ ਤੋਂ ਅੱਗੇ ਆਪਣੇ ਚੰਗਾਲ ਵਿਚ ਫਸਾ ਰਿਹਾ ਸੀ |

-ਮੋਬਾਈਲ : 9592727087.

ਪਾਪਾ 'ਮਾਮਨ'

ਹਰ ਪਾਪਾ ਦੀ ਜਿੰਦ-ਜਾਨ ਹੁੰਦੀਆਂ ਨੇ ਬੇਟੀਆਂ। ਹੱਥੀਂ ਛਾਂਵਾਂ ਕਰਦੇ ਨੇ ਮਾਪੇ ਇਨ੍ਹਾਂ ਪਰੀਆਂ ਨੂੰ। ਚਾਵਾਂ ਤੇ ਲਾਡਾਂ ਨਾਲ ਪਾਲੀਆਂ ਇਹ ਧੀਆਂ ਕਦੋਂ ਜਵਾਨ ਹੋ ਜਾਂਦੀਆਂ ਨੇ ਪਤਾ ਹੀ ਨਹੀਂ ਲਗਦਾ। ਅੱਜ ਸਰਦਾਰ ਨਰਿੰਦਰ ਸਿੰਘ ਵੀ ਆਪਣੀ ਧੀ ਨੂੰ ਤੋਰ ਕੇ ਉਦਾਸ ਹੋਇਆ ਬੈਠਾ ਸੀ। ਉਸ ਦੀਆਂ ਕਿਲਕਾਰੀਆਂ ਅਤੇ ਹਾਸਿਆਂ ਨਾਲ ਘਰ ਗੂੰਜਦਾ ਸੀ। ਉਸ ਦੇ ਬਗੈਰ ਘਰ ਸੁੰਨਾ-ਸੁੰਨਾ ਅਤੇ ਉਦਾਸ ਲੱਗ ਰਿਹਾ ਸੀ । ਉਹ ਬੈਠਾ ਚੁੱਪ-ਗੜੁੱਪ ਸੀ ਪਰ ਉਸ ਦਾ ਅੰਦਰ ਰੋ ਰਿਹਾ ਸੀ । ਉਹ ਸੋਚ ਰਿਹਾ ਸੀ ਕਿ ਉਸ ਦੀ ਧੀ ਰਿੰਪੀ ਤਾਂ ਕਦੇ ਘਰੋਂ ਬਾਹਰ ਰਹੀ ਹੀ ਨਹੀਂ, ਪਤਾ ਨਹੀਂ ਉਹ ਨਵੇਂ ਮਾਹੌਲ ਵਿਚ ਕੀ ਮਹਿਸੂਸ ਕਰ ਰਹੀ ਹੋਵੇਗੀ। ਉਸ ਦੀ ਘਰਵਾਲੀ ਨੇ ਰੋਟੀ ਖਾਣ ਲਈ ਕਿਹਾ ਪਰ ਉਸ ਨੇ ਨਾਂਹ ਵਿਚ ਸਿਰ ਹਿਲਾ ਦਿੱਤਾ। ਅੱਜ ਇੱਕੀ ਸਾਲਾਂ ਵਿਚ ਸ਼ਾਇਦ ਇਹ ਪਹਿਲਾ ਦਿਨ ਸੀ ਕਿ ਉਹ ਗੁਲਾਬ-ਜਾਮਨਾਂ ਨਹੀਂ ਸੀ ਲੈ ਕੇ ਆਇਆ। ਲਿਆਉਂਦਾ ਵੀ ਕਿਸ ਲਈ ਗੁਲਾਬ-ਜਾਮਨਾਂ ਖਾਣ ਵਾਲੀ ਤਾਂ ਚਲੀ ਗਈ ਸੀ। ਉਸ ਦੇ ਕੰਨਾਂ ਵਿਚ ਆਪਣੀ ਲਾਡਲੀ ਧੀ ਰਿੰਪੀ ਦੇ ਬੋਲ ' ਪਾਪਾ ਮਾਮਨ' ਅੱਜ ਵੀ ਗੂੰਜ ਰਹੇ ਸਨ । ਉਹ ਡੇਢ ਕੁ ਸਾਲ ਦੀ ਹੀ ਸੀ ਜਦ ਪਹਿਲੀ ਵਾਰ ਉਸ ਨੇ ਤੋਤਲੀ ਜਿਹੀ ਆਵਾਜ਼ ਵਿਚ ਕਿਹਾ ਸੀ ਪਾਪਾ 'ਮਾਮਨ' ਉਹ ਕਿੰਨਾ ਖੁਸ਼ ਹੋਏ ਸੀ। ਬਸ ਉਸ ਦਿਨ ਤੋਂ ਬਾਅਦ ਉਹ ਹਰ-ਰੋਜ਼ ਗੁਲਾਬ- ਜਾਮਨਾਂ ਲੈ ਕੇ ਹੀ ਘਰ ਆਉਂਦਾ ਅਤੇ ਪਿਆਰ ਨਾਲ ਆਵਾਜ਼ ਮਾਰਦਾ, 'ਰਿੰਪੀ ਪੁੱਤ ਆ ਲੈ 'ਮਾਮਨ'।'
ਉਸ ਨੇ ਘੜੀ ਦੇਖੀ ਰਾਤ ਦੇ ਦਸ ਵੱਜਣ ਵਾਲੇ ਸਨ । ਐਨੇ ਨੂੰ ਫੋਨ ਦੀ ਘੰਟੀ ਵੱਜੀ ਉਸ ਨੇ ਦੇਖਿਆ ਰਿੰਪੀ ਦਾ ਫੋਨ ਸੀ । ਉਸ ਨੇ ਆਪਣੇ ਆਪ ਨੂੰ ਸੰਭਾਲਿਆ ਗਲਾ ਸਾਫ਼ ਕੀਤਾ ਅਤੇ ਬੋਲਿਆ, 'ਹਾਂ ਰਿੰਪੀ ਪੁੱਤ... ਠੀਕ ਹੈਂ ਤੂੰ ਬੱਚੀਏ...ਰੋਟੀ ਖਾ ਲਈ ਮੇਰੇ ਸ਼ੇਰ ਨੇ।' ਅੱਗੋਂ ਰਿੰਪੀ ਦੀ ਖਣਕਦੀ ਆਵਾਜ਼ ਆ ਰਹੀ ਸੀ , 'ਹਾਂ ਪਾਪਾ ਰੋਟੀ ਖਾ ਲਈ...ਹੁਣ ਤਾਂ ਮੈਂ 'ਮਾਮਨ' ਖਾਈ ਜਾਂਦੀ ਹਾਂ.....ਪਾਪਾ , ਮੰਗਣੀ ਤੋਂ ਬਾਅਦ ਰਵੀ ਜੀ ਨੇ ਗੱਲਾਂ-ਗੱਲਾਂ ਵਿਚ ਮੇਰੀ ਸਾਰੀ ਪਸੰਦ ਪੁੱਛ ਲਈ ਸੀ। ਮੇਰੇ ਕਮਰੇ ਦੇ ਪੇਂਟ ਦਾ ਰੰਗ ਵੀ ਮੇਰੀ ਪਸੰਦ ਦਾ ਹੀ ਕਰਵਾਇਆ ਹੈ...ਨਾਲੇ ਪੜ੍ਹਦੇ ਵੀ.....ਮੈਨੂੰ ਤਾਂ ਲੱਗਦਾ ਹੀ ਨਹੀਂ ਵੀ ਮੈਂ ਕਿਤੇ ਹੋਰ ਆਈ ਹਾਂ....ਮੈਨੂੰ ਤਾਂ ਆਪਣਾ ਘਰ ਹੀ ਲਗਦਾ ਹੈ...।' ਲਓ ਪਾਪਾ, ਆ ਪਾਪਾ ਜੀ ਨਾਲ ਗੱਲ ਕਰ ਲਓ....ਓਧਰੋਂ ਰਿੰਪੀ ਦੇ ਸਹੁਰੇ ਦੀ ਆਵਾਜ਼ ਆ ਰਹੀ ਸੀ , 'ਬਾਈ ਜੀ ਸਤਿ ਸ੍ਰੀ ਅਕਾਲ, ਤੁਸੀਂ ਬੇ-ਫ਼ਿਕਰ ਹੋ ਕੇ ਸੌਂ ਜਾਓ ਅੱਜ ਤੋਂ 'ਮਾਮਨ' ਲਿਆਉਣ ਦੀ ਡਿਊਟੀ ਮੈਂ ਲੈ ਲਈ ਹੈ....ਪਿੱਛੋਂ ਉਨਾਂ ਸਾਰਿਆਂ ਦੇ ਹਾਸੇ-ਠੱਠੇ ਦੀਆਂ ਆਵਾਜ਼ਾਂ ਆ ਰਹੀਆਂ ਸਨ...ਫੋਨ ਰੱਖਣ ਤੋਂ ਬਾਅਦ ਨਰਿੰਦਰ ਸਿੰਘ ਦੀਆਂ ਅੱਖਾਂ ਵਿਚੋਂ ਮੋਟੇ-ਮੋਟੇ ਹੰਝੂ ਡਿੱਗ ਰਹੇ ਸਨ । ਇਹ ਹੰਝੂ ਖੁਸ਼ੀ ਅਤੇ ਪਛਤਾਵੇ ਦੇ ਰਲੇ-ਮਿਲੇ ਸਨ , ਪਛਤਾਵਾ ਇਸ ਗੱਲ ਦਾ ਸੀ ਕਿ ਦੋ ਸਾਲ ਹੋ ਗਏ ਸਨ ਉਸ ਦੇ ਪੁੱਤ ਵਿਆਹੇ ਨੂੰ ਉਸ ਨੇ ਕਦੇ ਆਪਣੀ ਨੂੰਹ ਦੀ ਪਸੰਦ ਜਾਂ ਨਾ-ਪਸੰਦ ਬਾਰੇ ਸੋਚਿਆ ਹੀ ਨਹੀਂ ਸੀ । ਉਸ ਨੂੰ ਆਪਣੇ-ਆਪ 'ਤੇ ਸ਼ਰਮ ਮਹਿਸੂਸ ਹੋ ਰਹੀ ਸੀ । ਉਹ ਉੱਠਿਆ ਆਪਣੇ ਹੰਝੂ ਪੂੰਝੇ ਅਤੇ ਬਾਜ਼ਾਰ ਵੱਲ ਤੁਰ ਪਿਆ , ਉਸ ਨੇ ਗੁਲਾਬ-ਜਾਮਨਾਂ ਖਰੀਦੀਆਂ ਅਤੇ ਨਾਲ ਢੇਰ ਸਾਰਾ ਹੋਰ ਸਾਮਾਨ ਵੀ ਲਿਆ । ਘਰ ਆ ਕੇ ਉਸ ਨੇ ਆਪਣੀ ਨੂੰਹ ਨੂੰ ਆਵਾਜ਼ ਮਾਰੀ , 'ਪੂਨਮ ਬੇਟਾ' ਅੰਦਰੋਂ ਉਸ ਦੀ ਨੂੰਹ ਭੱਜੀ ਆਈ ... 'ਜੀ, ਪਾਪਾ ਜੀ'... ਨਰਿੰਦਰ ਸਿੰਘ ਨੇ ਪਿਆਰ ਨਾਲ ਕਿਹਾ, 'ਲੈ ਧੀਏ ' ਮਾਮਨ'...ਉਸ ਨੇ ਗੁਲਾਬ-ਜਾਮਨਾਂ ਵਾਲਾ ਲਿਫ਼ਾਫ਼ਾ ਅਤੇ ਨਾਲ ਹੀ ਢੇਰ ਸਾਰਾ ਹੋਰ ਸਾਮਾਨ ਉਸ ਨੂੰ ਫੜਾ ਦਿੱਤਾ ....ਐਨੇ ਨੂੰ ਉਸ ਦੀ ਘਰਵਾਲੀ ਅਤੇ ਉਸ ਦਾ ਪੁੱਤ ਵੀ ਆ ਗਏ । ਤਿੰਨਾਂ ਨੇ ਪੂਨਮ ਨੂੰ ਆਪਣੇ ਕਲਾਵੇ ਵਿਚ ਲੈ ਲਿਆ....ਪੂਨਮ ਦੀਆਂ ਨਮ ਅੱਖਾਂ ਅਤੇ ਖਾਮੋਸ਼ ਬੁੱਲ੍ਹਾਂ ਦੀ ਤਸੱਲੀ ਅਤੇ ਅਪਣੱਤ ਭਰੀ ਮੁਸਕਰਾਹਟ ਬਹੁਤ ਕੁਝ ਕਹਿ ਰਹੀ ਸੀ....।


-ਮੋਬਾਈਲ: 82888-42066.

ਮੱਤਾਂ ਦੇਣ ਜੋਗਾ

ਮਹੀਨਾ ਕੁ ਹੋ ਗਿਆ ਸੀ ਰਾਜੇ ਨੂੰ ਕੈਨੇਡਾ ਗਿਆ। ਘਰਦਿਆਂ ਦਾ ਇਕੱਲਾ ਇਕੱਲਾ ਪੁੱਤ ਤੇ ਦਸ ਕਿੱਲੇ ਜ਼ਮੀਨ ਦੇ, ਕੋਈ ਘਾਟਾ ਨਹੀਂ ਸੀ ਇੱਥੇ ਵੀ ਪਰ ਉਸ ਦੀ ਜਿੱਦ 'ਤੇ ਮਾਪਿਆਂ ਦੇ ਚਾਅ ਨੇ ਉਸ ਨੂੰ ਆਖਰ ਕੈਨੇਡਾ ਪਹੁੰਚਾ ਦਿੱਤਾ ਸੀ। ਕਿਸੇ ਜਾਣਕਾਰ ਨੇ ਫੈਕਟਰੀ ਵਿਚ ਕੰਮ ਵੀ ਦਿਵਾ ਦਿੱਤਾ ਸੀ। ਭਾਵੇਂ ਉਹ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਦੇ ਘਰ ਕਿਰਾਏ ਅਤੇ ਖਾਣੇ ਦਾ ਬਣਦਾ ਹਿੱਸਾ ਦੇਣ ਦੀ ਗੱਲ ਖੋਲ੍ਹ ਕੇ ਹੀ ਰਹਿਣ ਲੱਗਿਆ ਸੀ ਪਰ ਸਵੇਰੇ ਟਾਈਮ 'ਤੇ ਉੱਠ ਕੇ ਕੰਮ 'ਤੇ ਜਾਣਾ 'ਤੇ ਵਾਪਸ ਆ ਕੇ 'ਬਿਗਾਨੇ ਚੁੱਲ੍ਹੇ' ਵੱਲ ਝਾਕੀ ਜਾਣਾ ਉਸ ਨੂੰ ਬਹੁਤ ਰੜਕਦਾ ਸੀ। ਰਾਤ ਨੂੰ ਬੇਸਮੈਂਟ ਵਿਚ ਪਏ ਨੂੰ ਉਸ ਨੂੰ ਨੀਂਦ ਨਾ ਆਉਂਦੀ। ਜੇ ਅੱਖ ਲੱਗਦੀ ਵੀ ਤਾਂ ਪਿੰਡ ਵਾਲੀ ਆਲੀਸ਼ਾਨ ਕੋਠੀ ਦੇ ਏਅਰ-ਕੰਡੀਸ਼ਨ ਬੈੱਡ ਰੂਮ ਦੇ ਸੁਪਨੇ ਹੀ ਆਈ ਜਾਂਦੇ ਤੇ ਮੰਮੀ ਦੀਆਂ ਰੋਟੀ ਖਾਣ ਲਈ ਵਾਰ-ਵਾਰ ਮਾਰੀਆਂ ਆਵਾਜ਼ਾਂ ਕੰਨਾਂ ਵਿਚ ਗੂੰਜਣ ਲਗਦੀਆਂ। ਸਰੀਰਕ ਅਤੇ ਮਾਨਸਿਕ ਤੌਰ 'ਤੇ ਭਾਵੇਂ ਉਹ ਕਾਫੀ ਔਖਾ ਸੀ ਪਰ ਹਰ ਰੋਜ਼ ਘਰ ਫੋਨ ਕਰ ਕੇ 'ਸਭ-ਅੱਛਾ' ਦੀ ਸੂਚਨਾ ਦੇ ਕੇ ਘਰਦਿਆਂ, ਖਾਸ ਕਰਕੇ ਆਪਣੀ ਮੰਮੀ ਦਾ ਮਨ ਗੱਲਾਂ ਬਾਤਾਂ ਨਾਲ ਹੀ ਖੁਸ਼ ਕਰਦਾ ਰਹਿੰਦਾ ਸੀ। ਪਰ ਅੱਜ ਜਦੋਂ ਉਹ ਕੰਮ ਤੋਂ ਆਇਆ ਤਾਂ ਬਹੁਤ ਉਦਾਸ ਸੀ ਕਿਉਂਕਿ ਕੰਮ 'ਤੇ ਉਸ ਨੂੰ ਸੁਪਰਵਾਈਜ਼ਰ ਨੇ ਕਿਸੇ ਕਾਰਨ ਥੋੜ੍ਹਾ ਜਿਹਾ ਟੋਕ ਦਿੱਤਾ ਸੀ। ਉਸ ਨੂੰ ਗੁੱਸਾ ਵੀ ਆਇਆ ਪਰ ਲੰਮੀ ਸੋਚ ਕੇ ਸਹਿਣ ਕਰ ਗਿਆ ਸੀ। ਬੇਸਮੈਂਟ ਵਿਚ ਵੜ, ਪਾਣੀ ਦਾ ਗਿਲਾਸ ਪੀਣ ਸਾਰ ਉਸ ਨੇ ਪਿੰਡ ਫੋਨ ਲਾ ਲਿਆ। ਘੰਟੀ ਵੱਜੀ ਤਾਂ ਕਰਮ ਸਿਉਂ ਨੇ ਨੰਬਰ ਦੇਖ ਕੇ ਝੱਟ ਰਾਜੇ ਦੀ ਮੰਮੀ ਨੂੰ ਆਵਾਜ਼ ਮਾਰੀ, 'ਮਖਿਆ ਚਰਨੋਂ, ਹੁਣ ਤਾਂ ਉੱਠ ਖੜ੍ਹ ਰਾਜੇ ਦਾ ਫੋਨ ਆਇਐ।'
'ਕਿਉਂ ਡੈਡੀ, ਮੰਮੀ ਹਾਲੇ ਉੱਠੀ ਨੀ? ਰਾਜੀ ਤਾਂ ਹੈ? ਦੁਜੇ ਪਾਸਿਉਂ ਚਿੰਤਾ ਭਰੀ ਆਵਾਜ਼ ਆਈ।
'ਓ ਨਹੀਂ, ਊਂ ਤਾਂ ਠੀਕ ਠਾਕ ਐ, ਬੱਸ ਤੈਥੋਂ ਪਿੱਛੋਂ ਆਲਸੀ ਜਿਹੀ ਹੋ 'ਗੀ। ਬਥੇਰੀ ਵਾਰੀ ਕਿਹੈ ਬਈ ਸਾਝਰੇ ਉੱਠਿਆ ਕਰ। ਕਹਿ ਦਿੰਦੀ ਐ, ਹੁਣ ਮੈਂ ਕੀ ਕਮਾਈ ਕਰਨੀ ਐ ਸਾਝਰੇ ਉੱਠ ਕੇ। ਆਹ ਦੇਖ ਲੀਂ ਹੁਣ ਭੱਜੀ ਆਊ। ਹੋਰ ਸੁਣਾ ਕਿਵੇਂ ਐ ਕੰਮ ਕਾਰ? ਗੱਲ ਨੂੰ ਹਾਸੇ ਵਿਚ ਟਾਲ ਕੇ ਕਰਮ ਸਿਉਂ ਨੇ ਹਰ ਰੋਜ਼ ਵਾਂਗ ਰਟਿਆ ਰਟਾਇਆ ਸਵਾਲ ਕੀਤਾ।
'ਡੈਡੀ, ਉਹ ਰਾਮੂੰ ਆਪਣੇ ਨਾਲ ਹੀ ਕੰਮ ਕਰੀ ਜਾਂਦੈ ਕਿ ਹਟ ਗਿਆ?' ਬਾਪੂ ਦੀ ਗੱਲ ਅਣਸੁਣੀ ਜਿਹੀ ਕਰਕੇ ਰਾਜੇ ਨੇ ਪੁੱਛਿਆ।
'ਰਾਮੂੰ?... ਓ ਅੱਛਾ, ਉਹ ਭਈਆ। ਆਹੋ ਉਹਨੇ ਸਾਲੇ ਨੇ ਹੋਰ ਕਿੱਥੇ ਜਾਣੈ। ਉਹ ਤਾਂ ਆਪਣੇ ਜੋਗਾ ਈ ਐ। ਪਰ ਕੀ ਗੱਲ?' ਕਰਮ ਸਿਉਂ ਨੂੰ ਰਾਜੇ ਦੇ ਸਵਾਲ ਨਾਲ ਕੁਝ ਹੈਰਾਨੀ ਜਿਹੀ ਹੋਈ।
'ਕੁਸ ਨੀ ਬੱਸ ਮੈਂ ਤਾਂ ਥੋਨੂੰ ਏਹੀ ਕਹਿਣਾ ਸੀ ਬਈ ਉਹਨੂੰ ਅੱਗੇ ਤੋਂ ਘੂਰਿਓ ਨਾ ਤੇ ਨਾ ਹੀ ਗਾਲ਼ ਕੱਢਿਓ। ਓ ਕੇ... ਬਾਏ।' ਰਾਜੇ ਨੇ ਫੋਨ ਕੱਟ ਦਿੱਤਾ ਤੇ ਉਸਦਾ ਡੈਡੀ ਹੈਲੋ ਹੈਲੋ ਕਰਦਾ ਹੀ ਰਹਿ ਗਿਆ।
ਕਾਹਲੀ ਨਾਲ ਤੁਰੀ ਆਉਂਦੀ ਰਾਜੇ ਦੀ ਮੰਮੀ ਦੂਰੋਂ ਹੀ ਬੋਲੀ, 'ਲਿਆ ਫੜ੍ਹਾ ਮੇਰੇ ਨਾਲ ਗੱਲ ਕਰਾ ਦੇ। ਕੀ ਕਹਿੰਦੈ?'
'ਉਹਨੇ ਤਾਂ ਫੋਨ ਕੱਟ ਤਾ', ਡੂੰਘੀ ਸੋਚ 'ਚ ਡੁੱਬੇ ਕਰਮ ਸਿਉਂ ਦੇ ਮੂੰਹੋਂ ਨਿਕਲਿਆ।
'ਹੈਂ ਕੱਟ ਤਾ, ਐਨੀ ਛੇਤੀ, ਉਹ ਤਾਂ ਘੰਟਾ-ਘੰਟਾ ਗੱਲਾਂ ਕਰਦਾ ਰਹਿੰਦੈ ਅੱਗੇ ਤਾਂ। ਸੁੱਖ ਤਾਂ ਹੈ?' ਚਰਨੋ ਨੂੰ ਫਿਕਰ ਹੋ ਗਿਆ।
'ਸੁੱਖ ਹੀ ਐ। ਬੱਸ, ਮੈਨੂੰ ਲੱਗਦੈ ਆਪਣਾ ਰਾਜਾ ਹੁਣ ਆਪਾਂ ਨੂੰ ਮੱਤਾਂ ਦੇਣ ਜੋਗਾ ਹੋ ਗਿਆ।' ਰਾਜੇ ਦੇ ਡੈਡੀ ਦੇ ਚਿਹਰੇ 'ਤੇ ਤਸੱਲੀ ਭਰੀ ਖੁਸ਼ੀ ਦੇਖ ਕੇ ਚਰਨੋ ਦੇ ਮਨ ਨੂੰ ਵੀ ਟਿਕਾ ਜਿਹਾ ਆ ਗਿਆ।


-ਪਿੰਡ ਤੇ ਡਾਕ : ਕਲਾਹੜ, ਲੁਧਿਆਣਾ-141117
ਸੰਪਰਕ : 9878337222

ਹੰਕਾਰਿਆ ਸੋ ਮਾਰਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਆਪਣੇ ਪਿਤਾ ਦੀ ਦੌਲਤ 'ਤੇ ਕਦੇ ਘੁਮੰਡ ਨਹੀਂ ਕਰਨਾ ਚਾਹੀਦਾ। ਅਸਲ ਵਿਚ ਮਜ਼ਾ ਤਾਂ ਉਸ ਵੇਲੇ ਆਉਂਦਾ ਹੈ ਜਦੋਂ ਦੌਲਤ ਆਪਣੀ ਹੋਵੇ ਅਤੇ ਘੁਮੰਡ ਪਿਤਾ ਕਰੇ।
* ਛੋਟੀ ਜਿਹੀ 'ਮੈਂ' ਹੰਕਾਰ ਦਾ ਰੂਪ ਧਾਰਨ ਕਰ ਕੇ ਪਰਿਵਾਰਕ ਮੈਂਬਰਾਂ, ਦੋਸਤਾਂ, ਗੁਆਂਢੀਆਂ, ਨਜ਼ਦੀਕੀਆਂ ਅਤੇ ਸਕੇ-ਸਬੰਧੀਆਂ ਲਈ ਸਮੱਸਿਆ ਬਣ ਜਾਂਦੀ ਹੈ।
* ਜੇਕਰ ਤੁਸੀਂ ਗੁੱਸੇ ਵਾਲੇ ਤੇ ਹੰਕਾਰੀ ਹੋ ਤਾਂ ਤੁਹਾਨੂੰ ਦੁਸ਼ਮਣਾਂ ਦੀ ਲੋੜ ਨਹੀਂ ਕਿਉਂਕਿ ਤੁਹਾਨੂੰ ਬਰਬਾਦ ਕਰਨ ਲਈ ਇਹ ਦੋ ਗੁਣ ਹੀ ਕਾਫੀ ਹਨ।
* ਨਿਮਰਤਾ ਮਨੁੱਖ ਨੂੰ ਮਹਾਨ ਬਣਾਉਂਦੀ ਹੈ। 'ਮੈਂ' ਹਮੇਸ਼ਾ ਵਿਨਾਸ਼ਕਾਰੀ ਹੁੰਦੀ ਹੈ। ਹੰਕਾਰ ਮਨੁੱਖ ਦੀ ਤਬਾਹੀ ਦਾ ਕਾਰਨ ਬਣਦਾ ਹੈ।
* ਜੇ ਤੁਸੀਂ ਸਿਰ ਨੂੰ ਆਕੜ ਨਾਲ ਭਰੀ ਰੱਖੋਗੇ ਤਾਂ ਸਿਆਣਪ ਲਈ ਥਾਂ ਨਹੀਂ ਬਚੇਗੀ।
* ਕਈ ਮਿਠ-ਬੋਲੜੇ ਲੋਕ ਆਪਣੀ ਮਿੱਠੀ ਬੋਲੀ ਦੇ ਜਾਦੂ ਨਾਲ ਵੱਡੇ ਤੋਂ ਵੱਡੇ ਕੰਮ ਵੀ ਕਰਵਾ ਲੈਂਦੇ ਹਨ ਜਦ ਕਿ ਰੁੱਖੀ ਬੋਲੀ ਵਾਲੇ ਲੋਕ ਆਪਣੀ ਆਕੜ ਵਿਚ ਉਥੇ ਦੇ ਉਥੇ ਹੀ ਖੜ੍ਹੇ ਰਹਿ ਜਾਂਦੇ ਹਨ।
* ਸਿਆਣਿਆਂ ਦਾ ਕਹਿਣਾ ਹੈ ਕਿ ਨਿਮਰਤਾ ਰੱਖਣ ਵਾਲੇ ਨੂੰ ਖੁਸ਼ੀ ਅਤੇ ਹੰਕਾਰੀ ਨੂੰ ਕਸ਼ਟ ਮਿਲਦੇ ਹੀ ਮਿਲਦੇ ਹਨ ਅਤੇ ਮਹਾਨਤਾ ਦੇ ਵਿਕਾਸ 'ਚ ਹੰਕਾਰ ਸਭ ਤੋਂ ਵੱਡਾ ਰੋੜਾ ਹੈ।
* ਵਿਆਹ, ਮਰਨਿਆਂ, ਪਰਨਿਆਂ 'ਤੇ ਵਿਖਾਵੇ ਦੀ ਹਉਮੈ ਕਾਰਨ ਸਮਾਜ ਆਰਥਿਕ ਨਿਘਾਰ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ।
* ਪੰਜਾਬੀ ਦੀ ਕਿਸੇ ਪ੍ਰਸਿੱਧ ਸ਼ਾਇਰਾ ਨੇ ਮਗਰੂਰ (ਘੁਮੰਡੀ) ਵਿਅਕਤੀ ਬਾਰੇ ਇੰਝ ਲਿਖਿਆ ਹੈ-
ਆਓ ਦੇਈਏ ਘੇਰ ਕੇ, ਉਸ ਭੜੂਏ ਨੂੰ ਬੁੱਧ,
ਪੀਂਦੈ ਨਿਤ ਸ਼ਰਾਬ ਜੋ, ਵੇਚ ਵੇਚ ਕੇ ਦੁੱਧ।
ਕੋਈ ਲਗਦਾ ਨੇੜ ਨਾ, ਜੋ ਹੁੰਦਾ ਮਗ਼ਰੂਰ,
ਪਾਉਣਾ ਇੱਜ਼ਤ ਮਾਨ ਜੇ, ਰਹਿਣਾ ਨਿਮਰ ਹਜ਼ੂਰ।
* ਮੈਂ ਇਹ ਸਿੱਖਿਆ ਜਾਂ ਜਾਣਿਆ ਹੈ ਕਿ ਜੋ ਤੁਸੀਂ ਕਿਹਾ, ਲੋਕ ਉਸ ਨੂੰ ਭੁੱਲ ਜਾਣਗੇ ਅਤੇ ਜੋ ਤੁਸੀਂ ਕੀਤਾ ਹੈ, ਉਸ ਨੂੰ ਵੀ ਭੁੱਲ ਜਾਣਗੇ ਪਰ ਉਹ ਤੁਹਾਡੇ ਵਲੋਂ ਕੀਤੇ ਗਏ ਮਾੜੇ ਵਿਵਹਾਰ ਨੂੰ ਜਾਂ ਕੀਤੀ ਗਈ ਬੇਇੱਜ਼ਤੀ ਨੂੰ ਕਦੇ ਵੀ ਨਹੀਂ ਭੁੱਲਣਗੇ।
* ਕਿਸੇ ਗੁਣਵਾਨ ਵਿਅਕਤੀ ਦਾ ਉੱਚ ਵਰਗ ਦੇ ਲੋਕ ਸਤਿਕਾਰ ਨਾ ਕਰਨ ਤਾਂ ਇਹ ਨਾ ਸਮਝੋ ਕਿ ਉਸ ਦੇ ਗੁਣਾਂ ਦੀ ਕੋਈ ਕੀਮਤ ਨਹੀਂ। ਇਸੇ ਤਰ੍ਹਾਂ ਬੁਰੇ ਵਿਅਕਤੀ, ਘੁਮੰਡੀ ਨੂੰ ਜੇ ਉਸ ਦੇ ਡਰ ਤੇ ਔਗੁਣਾਂ ਕਾਰਨ ਸਤਿਕਾਰ ਮਿਲਦਾ ਹੈ ਤਾਂ ਵੀ ਉਸ ਦੀ ਕੋਈ ਕੀਮਤ ਨਹੀਂ ਹੁੰਦੀ।
* ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਉਸ ਸਮੇਂ ਇਹ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਅਭਿਮਾਨ (ਘੁਮੰਡ) ਨੂੰ ਛੱਡ ਦਿਓ ਬਜਾਏ ਇਸ ਦੇ ਕਿ ਤੁਸੀਂ ਆਪਣੇ ਉਸ ਸਾਥੀ ਨੂੰ ਆਪਣੇ ਘੁਮੰਡ ਕਾਰਨ ਗੁਆ ਬੈਠੋ।
* ਘੁਮੰਡ ਨਾਲ ਇਨਸਾਨ ਅਤੇ ਇਨਸਾਨੀਅਤ ਵਿਚਕਾਰ ਪਾੜਾ ਵਧਦਾ ਹੈ। ਇਨਸਾਨੀ ਹਮਦਰਦੀ ਖ਼ਤਮ ਹੋ ਜਾਂਦੀ ਹੈ। ਇਨਸਾਨ ਸੁਆਰਥੀ ਹੋ ਜਾਂਦਾ ਹੈ ਅਤੇ ਉਸ ਲਈ ਮਨੁੱਖੀ ਕਦਰਾਂ-ਕੀਮਤਾਂ ਅਰਥਹੀਣ ਹੋ ਜਾਂਦੀਆਂ ਹਨ।
* ਹੰਕਾਰ ਇਕ ਅਜਿਹੀ ਉਪਜਾਊ ਜ਼ਮੀਨ ਹੈ ਜਿਸ 'ਤੇ ਹਰ ਤਰ੍ਹਾਂ ਦੀ ਬੁਰਾਈ ਵਧਦੀ ਫੁਲਦੀ ਹੈ।
* ਕਈ ਵਾਰ ਹੰਕਾਰ ਵਰਗਾ ਛੋਟਾ ਜਿਹਾ ਸ਼ਬਦ ਵਿਆਹ ਨੂੰ ਤਲਾਕ ਦੀ ਦਹਿਲੀਜ਼ ਤੱਕ ਲੈ ਜਾਂਦਾ ਹੈ।
* ਨਾਸ਼ੁਕਰਾ ਕੌਣ ਹੈ? ਪੰਛੀ ਇਕ ਦਾਣਾ ਖਾਣ ਵੇਲੇ ਵੀ ਸਿਰ ਝੁਕਾਉਂਦਾ ਹੈ ਪਰ ਇਨਸਾਨ ਸੌ ਪਦਾਰਥ ਖਾ ਕੇ ਵੀ ਆਕੜ ਵਿਖਾਉਂਦਾ ਹੈ।
* ਕਈ ਵਾਰ ਚੰਗਾ ਕੰਮ ਕਰਨ 'ਤੇ ਮਿਲਣ ਵਾਲੇ ਮਾਣ-ਸਨਮਾਨ ਨਾਲ ਲੋਕਾਂ ਦੇ ਮਨਾਂ 'ਚ ਹੰਕਾਰ ਆ ਜਾਂਦਾ ਹੈ ਅਤੇ ਅਖੀਰ ਵਿਚ ਇਹ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣਦਾ ਹੈ। ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਚਾਹੇ ਇਸ ਜੀਵਨ 'ਚ ਕਿਸੇ ਵੀ ਮੁਕਾਮ 'ਤੇ ਪਹੁੰਚ ਜਾਈਏ, ਕਦੇ ਘੁਮੰਡ ਨਾ ਕਰੀਏ ਅਤੇ ਸਦਾ ਆਪਣੇ ਕੰਮਾਂ ਲਈ ਉਸ ਸਰਬਸ਼ਕਤੀਮਾਨ ਦਾ ਧੰਨਵਾਦ ਕਰਦੇ ਰਹੀਏ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਗੁਨਾਹੇ ਅਜ਼ੀਮ

ਅੱਜਕਲ੍ਹ ਦੋ ਮਹਿਲਾ ਆਗੂ ਪ੍ਰਧਾਨ ਸੇਵਕ ਨੂੰ ਗੱਦੀਉਂ ਲਾਹੁਣ ਲਈ ਭੱਜੀਆਂ ਫਿਰਦੀਆਂ ਹਨ, ਇਕ ਹੈ ਬੰਗਾਲ ਦੀ ਮੁੱਖ ਮੰਤਰੀ ਤਿੱਖੀ ਜ਼ਬਾਨ ਵਾਲੀ ਮਮਤਾ ਬੈਨਰਜੀ, ਦੂਜੀ ਹੈ ਯੂ.ਪੀ. ਦੀ ਸਾਬਕ ਮੁੱਖ ਮੰਤਰੀ ਅਤਿ ਤਿੱਖੇ ਬੋਲਾਂ ਵਾਲੀ ਮਾਇਆਵਤੀ। ਤੇ ਪ੍ਰਧਾਨ ਸੇਵਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਜੋ ਹਲਚਲ ਮਚੀ ਹੈ, ਉਹਦੇ ਬਾਰੇ ਮੈਂ ਅਗਲੇ ਹਫ਼ਤੇ ਲਿਖਾਂਗਾ, ਕਿਉਂਕਿ ਇਸ ਵਾਰ ਮੇਰਾ ਮਨ ਬੜਾ ਦੁਖੀ ਹੈ। ਵਿਸ਼ਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਹੈ, ਇਹ ਇਕ ਵਬਾ ਵਾਂਗ ਦੇਸ਼ ਵਿਚ ਦਿਨ-ਬਦਿਨ ਵਧ ਰਿਹਾ ਹੈ। ਸਵੇਰੇ-ਸਵੇਰੇ ਅਖ਼ਬਾਰ/ਅਖ਼ਬਾਰਾਂ ਦੇ ਮੁੱਖ ਪੰਨੇ ਤੋਂ ਲੈ ਕੇ ਅੰਦਰ ਤੱਕ ਇਸ ਗੁਨਾਹੇ-ਅਜ਼ੀਮ ਦੀਆਂ ਖ਼ਬਰਾਂ ਜਿਵੇਂ ਗੰਦਗ ਦੇ ਦਾਗ਼ ਧਰਤੀ 'ਤੇ ਡਿੱਗ ਕੇ ਫੈਲੇ ਹੁੰਦੇ ਹਨ, ਬਸ ਉਵੇਂ ਹੀ ਹੁੰਦੇ ਹਨ। ਸਭ ਇਹ ਨਿਤ-ਨਿਤ ਹੁੰਦੇ ਕੁਕਰਮਾਂ ਨੂੰ ਪੜ੍ਹਦੇ ਹਨ, ਪਰ ਇਹ ਸਾਡੇ ਲੀਡਰ, ਚੁਣੇ ਹੋਏ ਪ੍ਰਤੀਨਿਧ, ਨਾ ਲੋਕ ਸਭਾ 'ਚ ਨਾ ਰਾਜ ਸਭਾ 'ਚ, ਇਸ ਵਿਆਪਕ ਸਭ ਤੋਂ ਘ੍ਰਿਣਤ ਪਾਪ ਸਮਾਨ ਵਿਸ਼ੇ 'ਤੇ ਚਰਚਾ ਨਹੀਂ ਕਰਦੇ, ਬਸ ਅਜੀਬੋ-ਗਰੀਬ ਮੰਗਾਂ 'ਤੇ ਰੌਲਾ ਪਾਈ ਰੱਖਦੇ ਹਨ। ਸਾਫ਼-ਸਵੱਛ ਭਾਰਤ ਦੀ ਕਾਮਨਾ ਕਰਨ ਵਾਲੇ, ਭਾਰਤੀ ਸੱਭਿਅਤਾ ਦੇ ਮੂੰਹ 'ਤੇ ਕਾਲਖ ਮਲਣ ਵਾਲੇ, ਇਸ ਅਪਰਾਧ ਬਾਰੇ ਫਿਕਰ ਕਰਨ ਦੀ ਕਿਸੇ ਨੂੰ ਵੀ ਵਿਹਲ ਨਹੀਂ ਹੈ। ਇਹ ਵਿਸ਼ਾ ਹੈ, ਨਿੱਤ ਦਿਹਾੜੇ ਬੱਚੀਆਂ ਤੇ ਬੀਬੀਆਂ ਦੇ ਹੋ ਰਹੇ ਜਬਰ ਜਨਾਹ ਯਾਨਿ ਰੇਪ ਦਾ। ਮੈਨੂੰ ਪੂਰਾ ਅਹਿਸਾਸ ਹੈ ਕਿ 'ਅਜੀਤ' ਪਰਿਵਾਰਕ ਪਰਚਾ ਹੈ, ਇਸ ਲਈ ਮੈਂ ਦੁੱਖ ਤੇ ਆਤਮ-ਪੀੜਾ ਦੇ ਬਾਵਜੂਦ ਇਸ ਅਸ਼ਲੀਲ ਵਿਸ਼ੇ ਨੂੰ ਵੀ, ਅਸ਼ਲੀਲਤਾ ਤੋਂ ਪਰ੍ਹਾਂ ਰੱਖ ਕੇ, ਆਪਣੀ ਕਲਮ 'ਤੇ ਕੰਟਰੋਲ ਰੱਖ ਕੇ, ਸਹਿਜਤਾ ਨਾਲ ਇਸ ਦਾ ਉਲੇਖ ਕਰਾਂਗਾ।
ਇਸ ਸੰਸਾਰ ਵਿਚ, ਹਰੇਕ ਧਰਮ 'ਚ, ਮਨੁੱਖ ਨੂੰ ਜੋ ਹਦਾਇਤ, ਸਿੱਖਿਆ ਤੇ ਤਾੜਨਾ ਹੈ, ਉਹ ਮੂਲੰਤ ਇਹ ਹੈ... ਇਹ ਬੁਰਾਈਆਂ...
'ਕਾਮ, ਕ੍ਰੋਧ, ਲੋਭ, ਮੋਹ, ਹੰਕਾਰ'
ਇਨ੍ਹਾਂ 'ਚੋਂ ਸਭ ਤੋਂ ਉੱਪਰ ਸਭ ਤੋਂ ਸਿਖਰ 'ਤੇ ਹੈ... 'ਕਾਮ'।
ਕਾਮ ਵਾਸ਼ਨਾ... ਇਹ ਮਨੁੱਖ ਦੀ, ਜਾਨਵਰਾਂ, ਪੰਛੀਆਂ ਵਿਚ ਵੀ ਸੁਭਾਵਿਕ ਹੈ। ਹਰ ਜਾਤ ਦੀ ਪ੍ਰਜਣਨ ਕਿਰਿਆ ਲਈ ਇਹ, ਕੁਦਰਤ ਦੀ ਨਿਹਾਇਤ ਜ਼ਰੂਰੀ ਹੈ, ਸੁਭਾਵਿਕ ਕਰਮ-ਕਾਂਡ ਹੈ। ਇਸ ਤੋਂ ਬਿਨਾਂ ਅਗਲੀ ਪੀੜ੍ਹੀ ਅਸੰਭਵ ਹੈ, ਕਿਸੇ ਮਾਲੀ ਨੂੰ ਪੁੱਛੋ, ਬੂਟਿਆਂ ਵਿਚ ਵੀ ਜਦ ਤਾਈਂ ਮੇਲ-ਫੀਮੇਲ ਬੀਜਾਂ ਦਾ ਸੁਮੇਲ ਨਾ ਹੋਏ, ਉਹ ਪੁੰਗਰਦੇ ਨਹੀਂ।
ਤੁਸੀਂ ਵੇਖਿਐ, ਕਾਮ ਸਭ ਤੋਂ ਸਿਰਮੌਰ ਹੈ, ਮਨੁੱਖ ਨੂੰ ਤਾੜਨਾ ਹੈ ਕਿ ਇਸ ਤੋਂ ਬਚੋ, ਵਿਆਹ, ਮੈਰਿਜ, ਕੁਦਰਤ ਦੇ ਨਿਯਮ ਨੂੰ ਸਰੰਜਾਮ ਦੇਣ ਲਈ ਇਕ ਪਵਿੱਤਰ ਮਾਰਗ ਹੈ। ਸਿੱਖਾਂ 'ਚ ਇਸ ਕਰਮ ਨੂੰ 'ਆਨੰਦ ਕਾਰਜ' ਦਾ ਨਾਂਅ ਦਿੱਤਾ ਗਿਆ ਹੈ। ਇਹ ਕਾਰਜ ਪਵਿੱਤਰ ਹੈ, ਇਹ ਇਕ ਪੂਰਨ ਵਿਅਕਤੀਗਤ ਕਾਰਜ ਹੈ, ਜਿਸ ਦੀ ਉਘ-ਸੁਗ ਕਿਸੇ ਹੋਰ ਨੂੰ ਨਹੀਂ ਹੁੰਦੀ, ਨਾ ਹੀ ਕੋਈ ਇਸ ਬਾਰੇ ਪੁੱਛਦਾ ਹੈ।
ਭਾਈ ਗੁਰਦਾਸ ਜੀ ਨੇ ਕਿੰਨੀ ਸੋਹਣੀ ਮਤ ਦਿੱਤੀ ਹੈ, ਹਰੇਕ ਬਸ਼ਰ ਨੂੰ:
ਵੇਖ ਪਰਾਈਆਂ ਚੰਗੀਆਂ
ਮਾਵਾਂ, ਧੀਆਂ, ਭੈਣਾਂ, ਜਾਣੀ।
ਕਾਮ ਤੋਂ ਬਖ਼ਸ਼ੀ ਕਾਮੁਕਤਾ ਰੀੜ੍ਹ ਦੀ ਹੱਡੀ ਤੋਂ ਚੜ੍ਹਦੀ, ਮਨੁੱਖ ਦੇ ਦਿਮਾਗ ਤੱਕ ਪਹੁੰਚਦੀ ਹੈ ਤੇ ਇਹ ਇਉਂ ਉਗਰ ਹੁੰਦੀ ਹੈ ਕਿ ਫਿਰ ਮਨੁੱਖ ਇਕ ਵਹਿਸ਼ੀ ਦਰਿੰਦਾ ਬਣ ਜਾਂਦਾ ਹੈ।
ਛੋਟੀਆਂ-ਛੋਟੀਆਂ 3-3 ਸਾਲ ਦੀਆਂ ਬੱਚੀਆਂ ਦੇ ਜਬਰ ਜਨਾਹ। ਆਪਣੇ ਹੀ ਘਰਾਂ 'ਚ ਬੈਠੇ ਸਕੇ ਅੰਕਲ ਤੇ ਮਤਰੇਏ ਬਾਪ ਵੀ ਇਹ ਗੁਨਾਹੇ-ਅਜ਼ੀਮ ਕਰਨ ਤੋਂ ਬਾਜ਼ ਨਹੀਂ ਆਉਂਦੇ। ਦੂਜੇ, ਆਂਢ-ਗੁਆਂਢ ਵਾਲੇ ਅੰਕਲ, ਬੱਚੀਆਂ ਨੂੰ ਚਾਕਲੇਟ ਦੇਣ ਦੇ ਬਹਾਨੇ, ਚਾਕਲੇਟ ਲੈ ਕੇ ਵੀ ਦਿੰਦੇ ਹਨ, ਫਿਰ ਨਾ ਕੇਵਲ ਉਨ੍ਹਾਂ ਨਾਲ ਇਹ ਗੁਨਾਹੇ-ਅਜ਼ੀਮ ਕਰਦੇ ਹਨ, ਵਿਲ੍ਹਕਦੀਆਂ ਬੱਚੀਆਂ ਜਾ ਕੇ ਆਪਣੇ ਮਾਤਾ-ਪਿਤਾ ਨੂੰ ਨਾ ਦਸ ਦੇਣ, ਇਹ ਬਹੁਤੇ ਤਾਂ ਉਨ੍ਹਾਂ ਦਾ ਗਲਾ ਘੁੱਟ ਕੇ ਉਥੇ ਹੀ ਮਾਰ ਦਿੰਦੇ ਹਨ। ਜਿਹੜੀਆਂ ਬੱਚੀਆਂ ਇਨ੍ਹਾਂ ਦਾ ਨਵਾਂ ਤੋਂ ਬਚ ਗਈਆਂ, ਉਹ ਬਹੁਤੀਆਂ ਤਾਂ ਮਾਤਾ-ਪਿਤਾ ਨੂੰ ਦੱਸਦੀਆਂ ਹੀ ਨਹੀਂ ਪਰ ਜਦ ਮਾਪਿਆਂ ਨੂੰ ਅਸਲੀਅਤ ਪਤਾ ਲਗਦੀ ਹੈ ਤਾਂ ਉਨ੍ਹਾਂ ਕੋਲ ਪੁਲਿਸ 'ਚ ਰਿਪੋਰਟ ਕਰਨ ਦੇ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ।
ਖੇਤਾਂ, ਭੱਠਿਆਂ, ਨਵੀਆਂ ਉਸਰ ਰਹੀਆਂ ਬਿਲਡਿੰਗਾਂ 'ਚ ਮਜ਼ਦੂਰੀ ਕਰ ਰਹੀਆਂ ਇਸਤਰੀਆਂ ਨੂੰ ਮੈਂ ਵਰਣਨ ਨਹੀਂ ਕਰ ਸਕਦਾ, ਇਹ ਕਿਸ ਤਰ੍ਹਾਂ ਠੇਕੇਦਾਰਾਂ ਤੇ ਖੇਤ ਮਾਲਕਾਂ ਤੇ ਉਨ੍ਹਾਂ ਦੇ ਪੁੱਤਰਾਂ ਹੱਥੋਂ ਇਸ ਬੇਪਤੀ ਦਾ ਸ਼ਿਕਾਰ ਹੁੰਦੀਆਂ ਹਨ, ਸ਼ਰਮ ਤੇ ਮਜਬੂਰੀ ਕਾਰਨ, ਖ਼ਾਮੋਸ਼, ਬਿਲਕੁਲ ਚੁੱਪ ਰਹਿੰਦੀਆਂ ਹਨ।
ਬੇਟੀ ਬਚਾਓ, ਬੇਟੀ ਪੜ੍ਹਾਓ
ਸਕੂਲ ਜਾਂਦੀਆਂ ਬੱਚੀਆਂ ਨੂੰ ਕੀ-ਕੀ, ਅਸ਼ਲੀਲ ਟਿਚਰਾਂ ਕਰਦੇ ਹਨ, ਇਹ ਨੌਜਵਾਨ, ਇੱਕੀਵੀਂ ਸਦੀ ਦੇ ਮੁੰਡੇ। ਫ਼ਿਲਮੀ ਗਾਣੇ, ਜੋ ਦੋ-ਅਰਥੀ ਹਨ, ਉਹ ਵਧੇਰੇ ਗਾਉਂਦੇ ਹਨ, ਕੋਈ ਕੁੜੀ ਇਕੱਲੀ ਹੋਵੇ ਤਾਂ ਉਸ 'ਤੇ ਹੱਥ ਵੀ ਪਾ ਲੈਂਦੇ ਹਨ। ਸ਼ਹਿਰਾਂ ਨੂੰ ਛੱਡੋ, ਪਿੰਡਾਂ 'ਚ ਸਕੂਲ ਦੂਰ-ਦੂਰ ਹਨ, ਕਾਫੀ ਪੈਂਡਾ ਚੱਲ ਕੇ ਜਾਣਾ ਪੈਂਦਾ ਹੈ ਬੱਚੀਆਂ ਨੂੰ। ਉਨ੍ਹਾਂ ਨੇ ਸਕੂਲ ਜਾਣਾ ਹੀ ਬੰਦ ਕਰ ਦਿੱਤਾ ਹੈ। ਸਕੂਲਾਂ 'ਚ ਬੱਚੀਆਂ ਦੀ ਗਿਣਤੀ ਬੜੀ ਘੱਟ ਹੋ ਗਈ ਹੈ।
ਕਿਵੇਂ ਬਚਾਓਗੇ ਬੇਟੀਆਂ ਨੂੰ?
ਕਿਵੇਂ ਪੜ੍ਹਾਓਗੇ ਬੇਟੀਆਂ ਨੂੰ?
ਅਹਿ ਨਹੀਂ ਬੇਟੀਆਂ ਹੁਣ ਕਾਲਜਾਂ ਵਿਚ ਵੀ ਜਾਂਦੀਆਂ ਹਨ, ਉੱਚੀ ਤੋਂ ਉੱਚੀ ਸਿੱਖਿਆ ਹਾਸਲ ਕਰਦੀਆਂ ਹਨ। ਕਈ ਲੜਕੀਆਂ ਦਫ਼ਤਰਾਂ ਵਿਚ, ਪ੍ਰਾਈਵੇਟ ਦਫਤਰਾਂ ਵਿਚ, ਕਾਲ ਸੈਂਟਰਾਂ ਵਿਚ ਕੰਮ ਵੀ ਕਰਦੀਆਂ ਹਨ। ਰਾਤ ਦੇਰ ਮਗਰੋਂ ਇਨ੍ਹਾਂ ਨੂੰ ਘਰ ਜਾਣਾ ਪੈਂਦਾ ਹੈ। ਕਈਆਂ ਨੂੰ ਰਸਤੇ 'ਚ ਹੀ ਕਿਡਨੈਪ ਕਰਕੇ, ਕਾਰ 'ਚ ਜ਼ਬਰਦਸਤੀ ਬਿਠਾ ਕੇ ਲੈ ਜਾਂਦੇ ਹਨ, ਉਨ੍ਹਾਂ ਨਾਲ ਸਮੂਹਿਕ ਜਬਰ ਜਨਾਹ ਦੇ ਕਈ ਕੇਸ ਹੋਏ ਹਨ।
ਉੱਤਰ ਪ੍ਰਦੇਸ਼ 'ਚ, ਯੋਗੀ ਸਰਕਾਰ ਆਉਣ ਤੋਂ ਪਹਿਲਾਂ ਦੀ ਖ਼ਬਰ ਤੁਹਾਨੂੰ ਯਾਦ ਹੋਵੇਗੀ, ਇਕ ਫੈਮਿਲੀ ਹਾਈਵੇਅ 'ਤੇ ਇਕ ਕਾਰ 'ਚ ਜਾ ਰਹੀ ਸੀ, ਇਕ ਸੁੰਨਸਾਨ ਥਾਂ 'ਤੇ ਅਚਾਨਕ ਉਨ੍ਹਾਂ ਦੀ ਕਾਰ ਰੋਕ ਲਈ ਗਈ, ਇਕਦਮ ਬਦਮਾਸ਼ਾਂ ਦਾ ਟੋਲਾ ਇਕੱਠਾ ਹੋ ਗਿਆ, ਕਾਰ 'ਚੋਂ ਵਿਆਹੁਤਾ, ਬੱਚਿਆਂ ਦੀ ਮਾਂ ਨੂੰ ਖੇਤਾਂ 'ਚ ਘਸੀਟ ਕੇ ਬਾਹਰ ਕੱਢਿਆ, ਉਹਦੇ ਪਤੀ, ਉਹਦੇ ਬੱਚਿਆਂ ਨੂੰ ਖੇਤਾਂ 'ਚ ਘਸੀਟ ਕੇ, ਇਕ ਪਾਸੇ ਮੂੰਹ 'ਤੇ ਪੱਟੀਆਂ ਬੰਨ੍ਹ ਕੇ ਬਿਠਾ ਦਿੱਤਾ ਤੇ ਉਸ ਵਿਚਾਰੀ ਅਬਲਾ ਨਾਲ ਜਬਰ ਜਨਾਹ ਕੀਤਾ। ਮਗਰੋਂ ਉਹ ਉਨ੍ਹਾਂ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਇਹ ਮੁਕੱਦਮਾ ਹੁਣ ਤਾਈਂ ਚਲ ਰਿਹਾ ਹੈ। ਦਿੱਲੀ 'ਚ ਇਸੇ ਤਰ੍ਹਾਂ ਸੜਕ ਤੋਂ ਕਈ ਨੌਜਵਾਨ ਕੁੜੀਆਂ ਨੂੰ ਜ਼ਬਰਦਸਤੀ ਕਾਰ 'ਚ ਚੁੱਕ ਕੇ ਵਹਿਸ਼ੀਆਂ ਵਲੋਂ ਇਸੇ ਤਰ੍ਹਾਂ ਦੀ ਘਟਨਾ ਨੂੰ ਸਮੂਹਿਕ ਤੌਰ 'ਤੇ ਅੰਜਾਮ ਦੇ ਕੇ, ਉਸ ਵਿਚਾਰੀ ਨੂੰ ਸੜਕ 'ਤੇ ਸੁੱਟ ਕੇ, ਕਾਰ ਭਜਾ ਕੇ ਰਫੂਚੱਕਰ ਹੋ ਗਏ। ਇਕ ਨਹੀਂ, ਕਈ ਘਟਨਾਵਾਂ ਹੋਈਆਂ ਹਨ, ਦਿੱਲੀ 'ਚ।
ਇਕ 'ਨਿਰਭੈਅ' ਦੇ ਨਾਲ ਜਿਸ ਤਰ੍ਹਾਂ ਦਾ ਵਹਿਸ਼ੀ ਦੁਸ਼ਕਰਮ ਹੋਇਆ, ਉਹਦੇ ਦੋਸ਼ੀਆਂ ਨੂੰ ਹਾਲਾਂ ਤਾਈਂ ਫਾਂਸੀ ਦੀ ਸਜ਼ਾ ਹੋਣ ਦੇ ਬਾਵਜੂਦ ਫਾਂਸੀ 'ਤੇ ਲਟਕਾਇਆ ਨਹੀਂ ਗਿਆ, ਏਦਾਂ ਦੇ ਹੋਰ ਕੇਸ ਅਬਲਾਵਾਂ ਨਾਲ ਰਿਪੀਟ ਹੋ ਚੁੱਕੇ ਹਨ।
ਕਿੰਨੀਆਂ ਨੌਜਵਾਨ ਕੁੜੀਆਂ ਨੇ ਇਸੇ ਜ਼ਹਿਮਤ ਤੋਂ ਤੰਗ ਆ ਕੇ, ਆਪਣੇ ਘਰ 'ਚ, ਗਲ 'ਚ ਫਾਹਾ ਪਾ ਕੇ, ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਸਭ ਤੋਂ ਪਵਿੱਤਰ ਰਿਸ਼ਤਾ ਹੈ ਟੀਚਰ ਦਾ ਤੇ ਸਿਖਿਆਰਥੀਆਂ ਦਾ। ਕਲਯੁੱਗ ਹੀ ਆਖਾਂਗੇ, ਬਨਾਰਸ ਹਿੰਦੂ ਯੂਨੀਵਰਸਿਟੀ 'ਚ, ਦਿੱਲੀ ਦੀ ਜੇ.ਐਨ.ਯੂ. 'ਚ ਪ੍ਰੋਫੈਸਰਾਂ 'ਤੇ ਕਿੰਨੀਆਂ ਵਿਦਿਆਰਥਣਾਂ ਨੇ ਬਦਸਲੂਕੀ ਦੇ ਇਲਜ਼ਾਮ ਲਾਏ ਹਨ। ਇਹ ਪ੍ਰੋਫੈਸਰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਹਨ।
ਉਤਰਾਖੰਡ ਦਾ ਪ੍ਰਸਿੱਧ ਪ੍ਰੋ: ਪਚੌਰੀ ਇਸ ਸਮੇਂ ਵੀ ਇਕ ਆਪਣੀ ਸ਼ਿਸ਼ਯ ਨਾਲ ਇਸੇ ਸੰਦਰਭ ਵਿਚ ਭੈੜਾ ਵਿਵਹਾਰ ਕਰਨ ਲਈ ਮੁਕੱਦਮਾ ਭੁਗਤ ਰਿਹਾ ਹੈ। ਕਿਹਾ ਜਾਂਦਾ ਹੈ ਕਿ ਮਨੁੱਖ ਨਾਲੋਂ 'ਹੈਵਾਨ' ਚੰਗੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮਿੰਨੀ ਕਹਾਣੀ

ਗੁੱਡ ਮੌਰਨਿੰਗ

ਬਾਜ਼ਾਰ ਵਿਚ ਮਿਲੇ ਫੇਸਬੁੱਕੀ ਦੋਸਤ ਮਿੰਟੂ ਨੂੰ ਪਛਾਣ ਕੇ ਟਿੰਕੂ ਆਪਣੇ ਘਰੇ ਲਿਆਇਆ। ਬਜ਼ੁਰਗ ਮਾਂ ਨੇ ਪਛਾਣਨ ਦਾ ਯਤਨ ਕੀਤਾ ਪਰ ਸਿਆਣ ਵਿਚ ਨਾ ਆਇਆ। ਉਸ ਚਾਹ ਦੇ ਕੱਪ ਮੇਜ਼ 'ਤੇ ਰੱਖਦਿਆਂ ਪੁੱਛਿਆ, 'ਮਿੰਟੂ, ਆਹ ਕਾਕਾ ਕੌਣ ਏ? ਮੈਂ ਪਛਾਣਿਆ ਨਈਂ।'
'ਬੀਬੀ, ਤੂੰ ਕੀ ਪਛਾਣਨਾ ਏਂ, ਮੈਂ ਵੀ ਅੱਜ ਇਸ ਨੂੰ ਪਹਿਲੀ ਵਾਰ ਮਿਲਿਆ ਹਾਂ। ਅੱਜ ਹੀ ਹੋਏ ਆਂ ਆਹਮੋ-ਸਾਹਮਣੇ। ਇਹ ਮੇਰਾ ਫੇਸਬੁੱਕੀ ਦੋਸਤ ਮਿੰਟੂ ਏ। ਮੇਰੀ ਇਸ ਨਾਲ ਸਾਂਝ ਐਨੀ ਏ, ਕਿ ਮੈਂ ਸਵੇਰੇ ਉੱਠ ਕੇ ਹਰ ਰੋਜ਼ ਹੋਰ ਫੇਸਬੁੱਕੀ ਦੋਸਤਾਂ ਨਾਲ ਇਸ ਨੂੰ ਵੀ ਗੁੱਡ ਮੌਰਨਿੰਗ ਦਾ ਸੰਦੇਸ਼ ਭੇਜਦਾ ਹਾਂ।'
'ਐਹ ਤਾਂ ਤੂੰ ਬਹੁਤ ਚੰਗਾ ਕਰਦਾ ਏਂ ਟਿੰਟੂ, ਪਰ ਕਦੀ ਜੰਮਣ ਵਾਲਿਆਂ ਨੂੰ ਵੀ ਗੁੱਡ ਮੌਰਨਿੰਗ ਕਿਹਾ ਈ?' ਹੁਣ ਦੋਵੇਂ ਫੇਸਬੁੱਕੀ ਦੋਸਤ ਅੱਖਾਂ ਨੀਵੀਆਂ ਪਾਈ ਚੁੱਪ ਸਨ।


-ਬਾਸਰਕੇ ਹਾਊਸ, ਭੱਲਾ ਕਾਲੋਨੀ, ਛੇਹਰਟਾ (ਅੰਮ੍ਰਿਤਸਰ)।
ਮੋਬਾਈਲ : 99147-16616.
Email : msbasarke@gmail.com

ਭਿਆਨਕ ਹਾਦਸਾ

ਅੱਵਲ ਉੱਪਰ ਪੜ੍ਹਾਈ ਦਾ ਬਹੁਤ ਦਬਾਅ ਸੀ। ਉਸ ਦੀ ਮਾਂ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੀ ਸੀ ਪਰ ਉਹ ਕਾਮਰਸ ਵਿਚ ਦਿਲਚਸਪੀ ਰੱਖਦਾ ਸੀ। ਮਾਂ ਦੀ ਜ਼ਿਦ ਕਰਨ 'ਤੇ ਉਸ ਨੇ ਡਾਕਟਰੀ ਕੋਰਸ ਲਿਆ ਹੋਇਆ ਸੀ।
'ਦੇਖਣਾ, ਮੇਰਾ ਪੁੱਤ ਇਕ ਦਿਨ ਵੱਡਾ ਡਾਕਟਰ ਬਣ ਕੇ ਸਾਡਾ ਨਾਂਅ ਰੌਸ਼ਨ ਕਰੇਗਾ।'
ਅੱਵਲ ਦੀ ਮਾਂ ਅਕਸਰ ਕਿਹਾ ਕਰਦੀ ਸੀ ਤੇ ਉਹ ਉਤਸ਼ਾਹਿਤ ਹੋ ਕੇ ਪੂਰੀ ਤਨਦੇਹੀ ਨਾਲ ਮਿਹਨਤ ਕਰਦਾ ਸੀ।
ਅੱਵਲ ਨੇ ਕੰਪਿਊਟਰ 'ਤੇ ਨਤੀਜਾ ਦੇਖਿਆ। ਫਿਰ ਕੁਝ ਲਿਖਣ ਲੱਗ ਗਿਆ। ਉਸ ਦੇ ਬਾਪ ਨੇ ਆਵਾਜ਼ ਮਾਰੀ। ਉਸ ਦੇ ਆਉਣ 'ਤੇ ਕਿਹਾ, 'ਅੱਵਲ ਮੈਂ ਲੈਪਟੌਪ 'ਤੇ ਤੇਰਾ ਨਤੀਜਾ ਦੇਖ ਲਿਆ ਹੈ। ਤੈਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਵਿਅਕਤੀ ਨੂੰ ਹਰ ਵਾਰੀ ਸਫ਼ਲਤਾ ਨਹੀਂ ਮਿਲਦੀ। ਜ਼ਿੰਦਗੀ ਵਿਚ ਕਈ ਵਾਰੀ ਅਸਫ਼ਲਤਾ ਦਾ ਮੂੰਹ ਵੀ ਵੇਖਣਾ ਪੈਂਦਾ ਹੈ। ਹਾਰ, ਜਿੱਤ ਦਾ ਰਾਹ ਖੋਲ੍ਹਦੀ ਹੈ . . .।'
'ਮਾਰੇ ਗਏ...ਪੱਟੇ ਗਏ...ਬਰਬਾਦ ਹੋ ਗਏ...।'
ਅੱਵਲ ਦੀ ਮਾਂ ਚੀਕ ਚਿਹਾੜਾ ਪਾਉਂਦੀ ਹੱਥ ਵਿਚ ਅੱਵਲ ਦਾ ਲਿਖਿਆ ਆਤਮ ਹੱਤਿਆ ਨੋਟ ਚੁੱਕੀ ਭੱਜੀ ਆਈ। ਭਿਆਨਕ ਹਾਦਸੇ ਨੇ ਜਿਵੇਂ ਉਸ ਦੀ ਜਾਨ ਹੀ ਕੱਢ ਲਈ। ਦੂਸਰੇ ਪਲ ਅੱਵਲ ਨੂੰ ਆਪਣੇ ਪਿਤਾ ਕੋਲ ਬੈਠਿਆਂ ਦੇਖ ਉਸ ਦੇ ਸਾਹ ਵਿਚ ਸਾਹ ਆਇਆ। ਉਸ ਨੂੰ ਕਲਾਵੇ ਵਿਚ ਲੈ ਹੰਝੂ ਕੇਰਨ ਲੱਗੀ।
ਅੱਵਲ ਦੇ ਬਾਪ ਨੇ ਧਰਵਾਸ ਦਿੰਦਿਆਂ ਕਿਹਾ,
'ਅੱਵਲ ਦੀ ਮਾਂ ਹੌਸਲਾ ਰੱਖ। ਕੀ ਹੋਇਆ ਜੇ ਇਹ ਇਸ ਵਾਰੀ ਫੇਲ੍ਹ ਹੋ ਗਿਆ। ਅਗਲੇ ਸਾਲ ਵਧੀਆ ਨੰਬਰ ਲੈ ਕੇ ਪਾਸ ਹੋਵੇਗਾ। ਤੁਸੀਂ ਦੋਨੋਂ ਸਾਮਾਨ ਬੰਨ੍ਹੋ, ਆਪਾਂ ਪਹਾੜਾਂ ਦੀ ਸੈਰ 'ਤੇ ਚਲਾਂਗੇ।'


ਮੋਬਾਈਲ : 98725-91653
ਈਮੇਲ : kailayanu@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX