ਤਾਜਾ ਖ਼ਬਰਾਂ


ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  19 minutes ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  18 minutes ago
ਨਵੀਂ ਦਿੱਲੀ, 21 ਜਨਵਰੀ- ਕੌਮੀ ਮਹਿਲਾ ਕਮਿਸ਼ਨ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਭਾਜਪਾ ਵਿਧਾਇਕਾ ਸਾਧਨਾ ਸਿੰਘ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਟਿੱਪਣੀ ਬਹੁਤ ਹਮਲਾਵਰ ਤੇ...
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  28 minutes ago
ਚੰਡੀਗੜ੍ਹ, 21 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਭਗਵੰਤ ਮਾਨ ਦੀ ਸ਼ਰਾਬ ਛੁਡਾਊ ਰੈਲੀ ਸੀ। ਇਸ ਰੈਲੀ 'ਚ .....
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  39 minutes ago
ਕੋਲੰਬੋ, 21 ਜਨਵਰੀ- ਸ੍ਰੀਲੰਕਾ ਨੇ ਅੱਜ 16 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਬੀਤੀ 13 ਜਨਵਰੀ ਨੂੰ ਸ੍ਰੀਲੰਕਾ ਦੀ ਜਲ ਸੈਨਾ ਵਲੋਂ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ...
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  45 minutes ago
ਅਜਨਾਲਾ/ਹਰਛਾ ਛੀਨਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ,ਕਡਿਆਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ...
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਚੇਨਈ, 21 ਜਨਵਰੀ- ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਦੇ ਲਈ 10 ਫ਼ੀਸਦੀ ਰਾਖਵਾਂਕਰਨ ਦੇ ਮੁੱਦੇ 'ਤੇ ਮਦਰਾਸ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 18 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਡੀ.ਐਮ.ਕੇ. ਦੇ......
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  about 1 hour ago
ਚੁਗਾਵਾਂ, 21 ਜਨਵਰੀ (ਗੁਰਬਿੰਦਰ ਸਿੰਘ ਬਾਗ਼ੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ 3.30 ਵਜੇ ਗੁਰੂ ਨਾਨਕ ਦੇਵ ਯੂਨਾਈਟਿਡ ਕਾਲਜ ....
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  about 1 hour ago
ਭਵਾਨੀਗੜ੍ਹ, 21 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਸਬ ਡਵੀਜ਼ਨ 'ਚ ਪੈਂਦੇ ਪਿੰਡ ਸੰਗਤਪੁਰ 'ਚ ਇਕ ਔਰਤ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ । ਇਸ ਸਬੰਧੀ ਸਿਹਤ ਅਫ਼ਸਰ ਧਰਮਪਾਲ ਸਿੰਘ ਨੇ ਦੱਸਿਆ ....
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  about 1 hour ago
ਮੈਕਸੀਕੋ, 21 ਜਨਵਰੀ- ਮੈਕਸੀਕੋ ਦੇ ਹਿਡਾਲਗੋ ਪ੍ਰਾਂਤ 'ਚ ਤੇਲ ਪਾਈਪਲਾਈਨ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 85 ਹੋ ਗਈ ਹੈ ਜਦਕਿ 58 ਲੋਕ ਗੰਭੀਰ ਜ਼ਖਮੀ ਹੋਏ ਹਨ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਸ਼ਨੀਵਾਰ ਨੂੰ .....
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  about 1 hour ago
ਭੋਪਾਲ, 21 ਜਨਵਰੀ- ਮਨਸੌਰ 'ਚ ਭਾਜਪਾ ਨੇਤਾ ਪ੍ਰਹਿਲਾਦ ਬੰਦਵਾਰ ਅਤੇ ਬਰਵਾਨੀ 'ਚ ਹਾਲ ਹੀ 'ਚ ਹੋਈ ਮਨੋਜ ਠਾਕਰੇ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਭੋਪਾਲ 'ਚ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ.....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ਼ਬਦ-ਗੁਰੂ ਦੇ ਸਿਧਾਂਤ ਦੇ ਪ੍ਰਸੰਗ 'ਚ

ਫ਼ਿਲਮਾਂ ਰਾਹੀਂ ਗੁਰੂ ਸਾਹਿਬਾਨ ਦੇ ਚਿਤਰਨ ਦਾ ਸਵਾਲ

ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਫ਼ੀਚਰ ਫ਼ਿਲਮਾਂ ਜ਼ਰੀਏ ਧਰਮ ਪ੍ਰਚਾਰ ਦਾ ਹਿੱਸਾ ਬਣਾਉਣ ਦਾ ਵਿਚਾਰ ਸਾਹਮਣੇ ਆ ਰਿਹਾ ਹੈ। ਗੁਰੂ ਇਤਿਹਾਸ ਸਬੰਧੀ ਕੁਝ ਫ਼ਿਲਮਾਂ ਬਣ ਵੀ ਚੁੱਕੀਆਂ ਹਨ ਅਤੇ ਕੁਝ ਬਣਨ ਜਾ ਰਹੀਆਂ ਹਨ। ਪਿਛਲੇ ਦਿਨੀਂ ਇਨ੍ਹਾਂ ਵਿਚੋਂ ਹੀ ਇਕ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੱਡ-ਮਾਸ ਦੇ ਮਨੁੱਖਾਂ ਵਲੋਂ ਨਿਭਾਏ ਕਿਰਦਾਰ ਜ਼ਰੀਏ ਫ਼ਿਲਮਾਇਆ ਗਿਆ, ਜਿਸ 'ਤੇ ਸਿੱਖ ਪੰਥ 'ਚ ਵੱਡਾ ਵਿਰੋਧ ਵੀ ਖੜ੍ਹਾ ਹੋ ਗਿਆ। ਕਿਉਂਕਿ 'ਸ਼ਬਦ-ਗੁਰੂ' ਨੂੰ ਪੂਜਣ ਅਤੇ 'ਕਹਿਣੀ-ਕਰਨੀ' ਦੇ ਜੀਵਨ-ਅਮਲ ਵਾਲੀ ਸਿੱਖ ਪਰੰਪਰਾ ਵਿਚ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਕਲ ਕਰਨ ਦੀ ਆਗਿਆ ਨਹੀਂ ਹੈ। ਸਿੱਖ ਧਰਮ ਦੀ ਪੁਰਾਤਨਤਾ ਦੀ ਸੁਰੱਖਿਆ ਕਰਨ ਦੇ ਆਪਣੇ 'ਨੀਤੀਗਤ ਉਦੇਸ਼' ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰ: 5566, ਮਿਤੀ 30.05.2003 ਦੀ ਪੁਸ਼ਟੀ ਅੰਤ੍ਰਿੰਗ ਕਮੇਟੀ ਦੇ ਮਤਾ ਨੰ: 887, ਮਿਤੀ 10.07.2003 ਰਾਹੀਂ ਕਰਦਿਆਂ ਕਿਹਾ ਸੀ, 'ਗੁਰੂ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੀਆਂ ਸਤਿਕਾਰਯੋਗ ਪਰਿਵਾਰਕ ਸ਼ਖ਼ਸੀਅਤਾਂ ਅਤੇ ਪੰਜ ਪਿਆਰੇ ਸਾਹਿਬਾਨ ਦੇ ਪਾਤਰ ਫ਼ਿਲਮਾਂ ਵਿਚ ਨਹੀਂ ਵਿਖਾਏ ਜਾ ਸਕਦੇ।'
ਬੇਸ਼ੱਕ ਬਹੁਤ ਸਾਰੇ ਧਰਮਾਂ ਵਲੋਂ ਅਜੋਕੇ ਤਕਨੀਕੀ ਯੁੱਗ 'ਚ ਫ਼ੀਚਰ ਫ਼ਿਲਮਾਂ ਰਾਹੀਂ ਆਪਣੇ ਪੈਗ਼ੰਬਰਾਂ ਦੇ ਮਹਾਨ ਕਾਰਨਾਮਿਆਂ ਅਤੇ ਇਤਿਹਾਸ ਬਾਰੇ ਦੁਨੀਆ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਸੋ ਸਾਡੇ ਮਨਾਂ 'ਚ ਵੀ ਇਹ ਵਿਚਾਰ ਪੈਦਾ ਹੋ ਰਹੇ ਹਨ ਕਿ ਜੇਕਰ ਅਸੀਂ ਵੀ ਫ਼ਿਲਮਾਂ ਦਾ ਸਹਾਰਾ ਨਾ ਲਿਆ ਤਾਂ ਸਿੱਖ ਧਰਮ ਪ੍ਰਚਾਰ ਦੇ ਪੱਖ ਤੋਂ ਕਿਧਰੇ ਬਾਕੀ ਧਰਮਾਂ ਨਾਲੋਂ ਪਿੱਛੇ ਨਾ ਰਹਿ ਜਾਵੇ। ਪਰ ਇੱਥੇ ਇਹ ਤੱਥ ਵੀ ਵਿਚਾਰਨਯੋਗ ਹੈ ਕਿ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਫ਼ੈਲ ਰਹੇ ਇਸਲਾਮ ਧਰਮ ਦੇ ਪੈਰੋਕਾਰਾਂ ਨੇ ਆਪਣੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਦੀ ਅੱਜ ਤੱਕ ਤਸਵੀਰ ਤੱਕ ਨਹੀਂ ਬਣਨ ਦਿੱਤੀ। ਜਿੱਥੋਂ ਤੱਕ ਸਿੱਖ ਗੁਰੂ ਸਾਹਿਬਾਨ ਬਾਰੇ ਫ਼ਿਲਮੀ ਚਿਤਰਣ 'ਤੇ ਇਤਰਾਜ਼ ਦਾ ਸਵਾਲ ਹੈ, ਇਸ ਦੇ ਮੁੱਖ ਤੌਰ 'ਤੇ ਤਿੰਨ ਸਿਧਾਂਤਕ ਅਤੇ ਮਨੋਵਿਗਿਆਨਕ ਪਹਿਲੂ ਹਨ।
ਪਹਿਲਾ, ਬਹੁਤ ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਸ਼ਬਦ-ਗੁਰੂ ਦੀ ਮਾਨਤਾ ਹੈ ਅਤੇ ਦੇਹ ਜਾਂ ਮੂਰਤੀ ਪੂਜਾ ਦੀ ਮਨਾਹੀ ਹੈ। ਕਿਸੇ ਵੀ ਧਰਮ ਦਾ ਨਿਆਰਾਪਨ ਉਸ ਦੀ ਬੁਨਿਆਦ ਵਿਚ ਸਮਾਇਆ ਹੁੰਦਾ ਹੈ। ਸਿੱਖ ਧਰਮ ਦੀ ਬੁਨਿਆਦ ਸ਼ਬਦ-ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਜਦੋਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਚੱਲ ਬਟਾਲੇ 'ਚ ਸਿੱਧਾਂ ਨੇ ਸਵਾਲ ਕੀਤਾ ਕਿ ਤੁਹਾਡਾ ਗੁਰੂ ਕੌਣ ਹੈ, ਜਿਸ ਦੇ ਤੁਸੀਂ ਪੈਰੋਕਾਰ ਹੋ? ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ :
'ਸਬਦੁ ਗੁਰੂ ਸੁਰਤਿ ਧੁਨਿ ਚੇਲਾ॥' (ਅੰਗ 943)
ਸ੍ਰੀ ਗੁਰੂ ਅਮਰਦਾਸ ਜੀ ਨੂੰ ਇਕ ਵਾਰ ਗੁਰਸਿੱਖੀ ਦੀ ਮੂਰਤ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, 'ਸੱਚੇ ਪਾਤਿਸ਼ਾਹ! ਸਿੱਖੀ ਦੀ ਰਹਿਤ ਦੱਸੋ।' ਤਾਂ ਸਤਿਗੁਰੂ ਨੇ ਫ਼ਰਮਾਨ ਕੀਤਾ :
'ਗੁਰੂ ਵਾਕ ਜਿਨ ਦ੍ਰਿੜ ਕਰ ਮਾਨੇ
ਸੋ ਮਮ ਪਯਾਰੋ ਸਿਖ ਮਹਾਨੇ॥
ਪ੍ਰਭੂ ਸਰੂਪ ਰਿਦੇ ਮੇ ਧਾਰੋ
ਗੁਰਬਾਣੀ ਕੋ ਰਿਦੈ ਬਿਚਾਰੋ॥'
(ਸੂਰਜ ਪ੍ਰਕਾਸ਼, ਰਾਸਿ: 1-64)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ-ਗੁਰੂ ਦਾ ਸਿਧਾਂਤ ਸੰਸਾਰ ਵਿਚ ਪ੍ਰਗਟ ਕੀਤਾ ਅਤੇ 'ਜੋਤਿ ਓਹਾ ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ॥' ਦੇ ਮਹਾਂਵਾਕ ਅਨੁਸਾਰ ਦਸ ਜਾਮਿਆਂ ਅੰਦਰ ਵਿਚਰਦਿਆਂ ਗੁਰੂ ਸਾਹਿਬਾਨ ਨੇ ਦੇਹ ਦੀ ਬਜਾਇ ਸ਼ਬਦ-ਗੁਰੂ ਦਾ ਹੀ ਪ੍ਰਕਾਸ਼ ਕੀਤਾ ਅਤੇ ਸਿੱਖਾਂ ਨੂੰ ਅਮਲੀ ਜੀਵਨ ਦੀ ਜੁਗਤ ਦਿੱਤੀ।
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੇਲੇ ਸੰਗਤਾਂ ਨੇ ਗੁਰੂ ਸਾਹਿਬ ਦੇ ਸਨਮੁਖ ਇਕ ਵਾਰ ਇਹ ਵਿਚਾਰ ਰੱਖਿਆ ਕਿ ਆਪ ਪੰਥ ਦੇ ਰੂਹਾਨੀ ਮੁਖੀ ਹੋਣ ਦੇ ਨਾਲ-ਨਾਲ ਪੰਥ ਦੇ ਸੰਸਾਰਕ ਮੁਖੀ ਵੀ ਹੋ। ਇਸ ਲਈ ਆਪ ਦੇ ਸਰੂਪ ਨੂੰ ਹੂ-ਬ-ਹੂ ਬਿਆਨ ਕਰਦਾ ਹੋਇਆ ਚਿੱਤਰ ਤਿਆਰ ਹੋਣਾ ਚਾਹੀਦਾ ਹੈ। ਪਰ ਗੁਰੂ ਸਾਹਿਬ ਨੇ ਇਸ ਵਿਚਾਰ ਨੂੰ ਆਪਣੀ ਪਾਵਨ ਰਸਨਾ ਨਾਲ ਰੱਦ ਕਰ ਦਿੱਤਾ ਸੀ ਅਤੇ ਸੰਗਤਾਂ ਨੂੰ ਇਕ ਵਾਰ ਫਿਰ ਦ੍ਰਿੜ੍ਹ ਕਰਵਾਇਆ ਕਿ ਸ਼ਬਦ ਹੀ ਗੁਰੂ ਹੈ। ਭਾਈ ਗੁਰਦਾਸ ਜੀ ਦਾ ਫ਼ਰਮਾਨ ਹੈ :
'ਗੁਰ ਮੂਰਤਿ ਗੁਰ ਸਬਦੁ ਹੈ,
ਸਾਧਸੰਗਤਿ ਸਮਸਰਿ ਪਰਵਾਣਾ॥'
ਸਿੱਖ ਪੰਥ ਨੂੰ ਇਸ ਸਾਖ਼ੀ ਵਿਚਲੀ ਦੈਵੀ ਸਿੱਖਿਆ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ।
ਦੂਜਾ, ਕਾਰਨ ਇਹ ਕਿ ਹਰੇਕ ਮਨੁੱਖ ਦੀ ਬੁੱਧੀ ਦੀ ਇਕ ਸੀਮਾ ਹੁੰਦੀ ਹੈ, ਜੋ ਉਸ ਤੋਂ ਪਾਰਲੇ ਵਰਤਾਰਿਆਂ ਅਤੇ ਅਹਿਸਾਸਾਂ ਨੂੰ ਨਹੀਂ ਸਮਝ ਸਕਦੀ। ਸਿੱਖ ਧਰਮ ਵਿਚ ਗੁਰੂ ਸਾਹਿਬਾਨ ਦਾ ਸੰਸਾਰੀ ਜੀਵਨ ਇਕ ਉੱਚੀ ਅਤੇ ਦੈਵੀ ਸੁਰਤ ਦਾ ਸਫ਼ਰ ਹੈ। ਸਿੱਖ ਪਰੰਪਰਾ 'ਚ ਗੁਰੂ ਅਮੂਰਤ ਅਤੇ 'ਵਰਨਾ ਚਿਹਨਾ ਬਾਹਰਾ' ਹੈ। ਗੁਰਬਾਣੀ ਅਨੁਸਾਰ, ਗੁਰੂ ਵਿਵੇਕ ਅਤੇ ਬ੍ਰਹਮ-ਤੱਤ ਦਾ ਸਰੋਵਰ ਹੈ, ਉਸ ਦੀ ਮਹਿਮਾ ਨੂੰ ਪੂਰਨ ਰੂਪ 'ਚ ਚਿੱਤਰਿਆ ਨਹੀਂ ਜਾ ਸਕਦਾ।
'ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ॥
ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ॥'
(ਅੰਗ 396)
ਗੁਰੂ ਸਾਹਿਬਾਨ ਦਾ ਇਕ ਸੰਸਾਰੀ ਰੂਪ ਜ਼ਰੂਰ ਹੈ, ਜਿਸ 'ਚ ਉਹ ਮਨੁੱਖੀ ਜਾਮੇ ਅੰਦਰ ਸੰਸਾਰ ਵਿਚ ਵਿਚਰੇ, ਮਨੁੱਖਤਾ ਨੂੰ ਸੰਸਾਰਕ ਅਤੇ ਆਤਮਿਕ ਗ਼ੁਲਾਮੀ ਦੇ ਬੰਧਨਾਂ ਤੋਂ ਮੁਕਤ ਕਰਵਾਉਣ ਲਈ ਮਹਾਨ ਕਾਰਨਾਮੇ ਵੀ ਕੀਤੇ, ਪਰ ਮਨੁੱਖੀ ਜਾਮਿਆਂ ਅੰਦਰ ਗੁਰੂ ਸਾਹਿਬਾਨ ਦੇ ਇਨ੍ਹਾਂ ਮਹਾਨ ਕਾਰਨਾਮਿਆਂ ਪਿੱਛੇ ਇਕ ਉੱਚੀ ਅਧਿਆਤਮਕ ਰਮਜ਼ ਵੀ ਹੈ। ਕਿਉਂਕਿ ਸਮੁੱਚੇ ਸਿੱਖ ਇਤਿਹਾਸ ਦੀ ਵਿਸ਼ੇਸ਼ਤਾ ਹੈ ਕਿ ਇਸ ਦਾ ਇਕ ਦ੍ਰਿਸ਼ਟਮਾਨ ਮੰਡਲ ਹੈ ਅਤੇ ਦੂਜਾ ਸੂਖਮ ਮੰਡਲ ਹੈ। ਤੱਤੀ ਤਵੀ 'ਤੇ ਬੈਠ ਕੇ ਸ਼ਾਂਤਮਈ ਸ਼ਹਾਦਤਾਂ ਦੇ ਪੂਰਨੇ ਪਾਉਣੇ, ਦਿੱਲੀ ਦੇ ਚਾਂਦਨੀ ਚੌਕ 'ਚ ਸੀਸ ਕਟਾ ਕੇ ਧਰਮ ਦੀ ਆਜ਼ਾਦੀ ਬਰਕਰਾਰ ਰੱਖਣੀ, ਸਰਬੰਸ ਵਾਰ ਕੇ ਵੀ 'ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ' ਉਚਾਰਨਾ, ਬੰਦ-ਬੰਦ ਕਟਵਾਉਣੇ, ਦੇਗ਼ਾਂ 'ਚ ਉੁਬਾਲੇ ਖਾਣੇ, ਚਰਖੜੀਆਂ 'ਤੇ ਚੜ੍ਹਨਾ, ਪੁੱਠੀਆਂ ਖੱਲਾਂ ਲੁਹਾਉਣੀਆਂ, ਆਰਿਆਂ ਨਾਲ ਚੀਰੇ ਜਾਣਾ, ਖੋਪਰ ਲੁਹਾਉਣੇ ਅਤੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਮਾਵਾਂ ਵਲੋਂ ਗਲ਼ਾਂ 'ਚ ਹਾਰ ਪਵਾਉਣੇ ਪਰ ਫਿਰ ਵੀ ਸਿੱਖੀ ਸਿਦਕ ਤੋਂ ਨਾ ਡੋਲਣਾ, ਇਹ ਸਿੱਖ ਇਤਿਹਾਸ ਦਾ ਇਕ ਲਾਸਾਨੀ ਬਿਰਤਾਂਤ ਹੈ, ਜਿਸ ਦੇ ਅਦੁੱਤੀ ਕਾਰਨਾਮਿਆਂ ਦੇ ਪਿੱਛੇ ਕੰਮ ਕਰਦੀ ਰੂਹਾਨੀ ਪ੍ਰੇਰਨਾ ਅਤੇ ਦੈਵੀ ਤਾਕਤ ਨੂੰ ਸਮਝਣਾ ਸਾਧਾਰਨ ਬੁੱਧੀ ਮਨੁੱਖ ਦੇ ਵਸ ਦੀ ਗੱਲ ਨਹੀਂ। ਗੁਰੂ ਦੇ ਜਿਹੜੇ ਮਹਾਨ ਸਿੱਖ ਸ਼ਬਦ-ਗੁਰੂ ਦੀ ਲਿਵ 'ਚ ਜੁੜ ਕੇ ਉੱਚੀ ਸੁਰਤ ਦੇ ਮਾਲਕ ਬਣੇ, ਉਨ੍ਹਾਂ ਨੇ ਸਿੱਖ ਇਤਿਹਾਸ ਦੀਆਂ ਰੂਹਾਨੀ ਰਮਜ਼ਾਂ ਨੂੰ ਸਮਝਣ ਤੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਮਹਾਨ ਦਾਰਸ਼ਨਿਕ ਪ੍ਰੋ: ਪੂਰਨ ਸਿੰਘ ਬਿਆਨ ਕਰਦੇ ਹਨ, 'ਸਾਡਾ ਅਸਲ ਇਤਿਹਾਸ ਤਾਂ ਰੂਹ ਦਾ ਹੈ। ਇਸ ਦੇ ਸਾਰੇ ਵਾਕਿਆਤ ਰੂਹ ਦੇ ਹਨ। ਸਾਡਾ ਸੱਚ ਵੀ ਨਿੱਜੀ ਹੈ। ਸਾਨੂੰ ਸਾਬਤ ਕਰਨ ਦੀ ਲੋੜ ਨਹੀਂ। ਅਸੀਂ ਤਾਂ ਆਪਣੀ ਰੂਹ ਵਿਚ ਉਸ ਦੇ ਆਪ ਸਾਖ਼ੀ ਹਾਂ।'
ਇਸ ਤਰ੍ਹਾਂ ਸਿੱਖ ਗੁਰੂ ਸਾਹਿਬਾਨ ਦਾ ਨਿਆਰਾਪਨ ਅਤੇ ਅਗੰਮੀ ਯਾਦ ਹੀ ਸਿੱਖ ਪੰਥ ਦੀ ਇਲਾਹੀ ਵਿਰਾਸਤ ਹੈ। ਗੁਰੂ ਸਾਹਿਬਾਨ ਦੀ ਦੈਵੀ ਯਾਦ ਹੀ ਸਿੱਖਾਂ ਨੂੰ 'ਦਸ ਗੁਰੂ ਸਾਹਿਬਾਨ' ਦੇ ਸਰੀਰਕ ਜਾਮਿਆਂ ਵਿਚੋਂ ਚਲੇ ਜਾਣ ਤੋਂ ਬਾਅਦ ਹਰ ਜਬਰ-ਜ਼ੁਲਮ ਅਤੇ ਮੁਸੀਬਤ ਨਾਲ ਟਾਕਰਾ ਕਰਨ ਦੀ ਰੂਹਾਨੀ ਪ੍ਰੇਰਨਾ ਅਤੇ ਸ਼ਕਤੀ ਬਖ਼ਸ਼ਦੀ ਹੈ। ਪਰ ਜਦੋਂ ਗੁਰੂ ਸਾਹਿਬਾਨ ਦੀ 'ਅਬਦੀ ਗੁਰਿਆਈ' ਬਕੌਲ ਗੁਰਬਾਣੀ : 'ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥' (ਅੰਗ 759) ਨੂੰ ਫ਼ਿਲਮਾਂ ਰਾਹੀਂ ਸੀਮਤ ਬੁੱਧੀ ਵਾਲੇ ਫ਼ਿਲਮਸਾਜ਼ਾਂ ਵਲੋਂ ਅਦਾਕਾਰਾਂ ਦੀ ਕਲਾਕਾਰੀ ਦੀ ਸੀਮਤਾਈ ਰਾਹੀਂ, ਮਨੁੱਖੀ ਜਾਮੇ 'ਚ ਵਿਖਾਉਣ ਦੇ ਯਤਨ ਕੀਤੇ ਜਾਣਗੇ ਤਾਂ ਸਿੱਖਾਂ ਦੀ ਸੁਰਤ ਵਿਚੋਂ ਗੁਰੂ ਸਾਹਿਬਾਨ ਦੀ ਦੈਵੀ ਅਜ਼ਮਤ ਅਤੇ ਉਹ ਰੂਹਾਨੀ ਬਿੰਬ ਮਿਟ ਜਾਵੇਗਾ, ਜਿਸ ਦੀ ਸਿਰਜਣਾ ਹਰੇਕ ਸਿੱਖ ਦੇ ਹਿਰਦੇ ਅੰਦਰ, ਆਪਣੀ ਆਤਮਕ ਕਮਾਈ ਜ਼ਰੀਏ ਹੁੰਦੀ ਹੈ।
ਸ਼ਬਦ-ਗੁਰੂ ਦੇ ਰੂਪ 'ਚ ਗੁਰਬਾਣੀ ਅਤੇ 'ਬਾਬਾਣੀਆਂ ਕਹਾਣੀਆਂ' ਦੇ ਰੂਪ 'ਚ ਜਦੋਂ ਕੋਈ ਸਿੱਖ ਬਾਲ ਅਵਸਥਾ 'ਚ ਮਾਵਾਂ, ਦਾਦੀਆਂ ਤੋਂ ਸਾਖ਼ੀਆਂ ਅਤੇ ਵੱਡਾ ਹੋ ਕੇ ਗੁਰੂ-ਇਤਿਹਾਸ ਪੜ੍ਹਦਾ/ਸੁਣਦਾ ਹੈ ਤਾਂ ਉਸ ਦੀ ਆਪਣੀ ਅਵਸਥਾ ਦੇ ਮੁਤਾਬਿਕ ਉਸ ਦੇ ਮਨ ਅੰਦਰ ਗੁਰੂ ਬਿੰਬ ਦੀ ਸਿਰਜਣਾ ਹੁੰਦੀ ਹੈ ਅਤੇ ਉਹ ਗੁਰੂ ਦੀ ਅਨੂਠੀ ਯਾਦ 'ਚ ਆਤਮਿਕ ਅਹਿਸਾਸ ਦਾ ਅਨੰਦ ਮਾਣਦਾ ਹੈ। ਕਿਸੇ ਫ਼ਿਲਮ 'ਚ ਕੈਦ ਹੋਇਆ ਦ੍ਰਿਸ਼ ਇਕ ਬੱਝਵਾਂ ਬਿੰਬ ਸਿਰਜ ਦਿੰਦਾ ਹੈ ਅਤੇ ਉਹ ਅਹਿਸਾਸ ਨੂੰ ਹੋਰ ਮੌਲਣ ਵਿਗਸਣ ਦੀ ਖੁੱਲ੍ਹ ਨਹੀਂ ਦਿੰਦਾ। ਇਕ ਮਨੋਵਿਗਿਆਨਕ ਤੱਥ ਹੈ ਕਿ ਕਿਸੇ ਮਹਾਨ ਸ਼ਖ਼ਸੀਅਤ ਜਾਂ ਕਿਸੇ ਬੁਲੰਦ ਖ਼ਿਆਲ ਬਾਰੇ ਜੋ ਅਨੰਦ ਅਤੇ ਵਿਗਾਸ ਆਪਣੇ ਅਨੁਭਵ 'ਚੋਂ ਪ੍ਰਾਪਤ ਹੁੰਦਾ ਹੈ, ਉਹ ਹੋਰਾਂ ਦੇ ਅਨੁਭਵ ਵਿਚੋਂ ਨਹੀਂ ਹੋ ਸਕਦਾ। ਇਸ ਤਰ੍ਹਾਂ ਗੁਰੂ ਸਾਹਿਬਾਨ ਨੂੰ ਮਨੁੱਖੀ ਰੂਪ 'ਚ ਫ਼ਿਲਮਾਂ ਅੰਦਰ ਦਿਖਾਉਣਾ ਸਿੱਖ ਦੇ ਗੁਰੂ ਪ੍ਰਤੀ ਖ਼ਿਆਲ, ਉਸ ਦੀ ਚਿਤਰਣ ਸ਼ਕਤੀ, ਉਸ ਦੇ ਖ਼ਿਆਲਾਂ ਅਤੇ ਰੂਹ ਦੀ ਆਜ਼ਾਦੀ ਦਾ ਕਤਲ ਹੈ।
ਸਾਡਾ ਵਿਸ਼ਵਾਸ ਹੈ ਕਿ ਫ਼ਿਲਮੀ ਦ੍ਰਿਸ਼ ਦੀ ਇਹ ਸਮਰੱਥਾ ਹੀ ਨਹੀਂ ਕਿ ਉਹ ਗੁਰੂ ਸਾਹਿਬਾਨ ਦੀਆਂ ਅਗੰਮੀ ਰਮਜ਼ਾਂ ਅਤੇ ਉਨ੍ਹਾਂ ਦੇ ਤ੍ਰੈਕਾਲੀ, ਪਾਵਨ ਪਵਿੱਤਰ, ਆਦਿ-ਜੁਗਾਦੀ ਅਹਿਸਾਸ ਦੇ ਨੇੜੇ-ਤੇੜੇ ਵੀ ਪਹੁੰਚ ਸਕੇ। ਇਸੇ ਕਾਰਨ ਪ੍ਰੋ: ਹਰਿੰਦਰ ਸਿੰਘ ਮਹਿਬੂਬ ਲਿਖਦੇ ਹਨ 'ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫ਼ਿਲਮਾਂ ਵਿਚ ਗੁਰੂ ਜੀਵਨਾਂ, ਗੁਰਬਾਣੀ ਅਤੇ ਅਭਿਨੈ ਦਾ ਸੰਜੋਗ ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਰੂਹਾਨੀ ਖੁਦਕੁਸ਼ੀ ਸਾਬਤ ਹੋਣਗੇ।'
ਤੀਜਾ, ਗੁਰੂ ਸਾਹਿਬਾਨ ਦੇ ਫ਼ਿਲਮੀ ਚਿਤਰਣ ਪ੍ਰਤੀ ਇਤਰਾਜ਼ ਸਬੰਧੀ 'ਮੂਰਤੀ ਪੂਜਾ ਦੀ ਮਨਾਹੀ' ਦਾ ਉਦੇਸ਼ ਇਹ ਹੈ ਕਿ ਗੁਰੂ ਸਾਹਿਬਾਨ ਸਾਨੂੰ ਮੌਲਿਕ ਸ਼ਬਦ-ਗੁਰੂ ਦੇ ਲੜ ਲਾ ਕੇ 'ਕਥਨੀ-ਕਰਨੀ' ਵਾਲਾ ਆਦਰਸ਼ਕ ਸਿੱਖ-ਜੀਵਨ ਰਾਹ ਬਖ਼ਸ਼ਦੇ ਹਨ। ਗੁਰਮਤਿ ਕਿਸੇ ਵੀ ਪ੍ਰਕਾਰ ਦੀ ਨਕਲ ਨੂੰ ਮਾਨਤਾ ਨਹੀਂ ਦਿੰਦੀ, ਸਗੋਂ ਸਦੀਵ ਸੱਚ ਨਾਲ ਜੁੜਨ ਦੀ ਪ੍ਰੇਰਨਾ ਦਿੰਦੀ ਹੈ। ਜਿਹੜਾ ਮਨੁੱਖ ਸ਼ਬਦ ਦੀ ਕਮਾਈ ਦੇ ਨਾਲ ਉਸ 'ਸੱਚ' ਨਾਲ ਜੁੜਦਾ ਹੈ, ਉਹ ਖ਼ੁਦ-ਬ-ਖ਼ੁਦ ਸਿੱਖੀ ਦਾ ਅਸਲ ਪ੍ਰਚਾਰਕ ਹੈ। ਗੁਰਬਾਣੀ ਦਾ ਮਹਾਂਵਾਕ ਹੈ :
'ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ॥'
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ॥'
(ਅੰਗ 649)
ਸੱਚੇ ਅਤੇ ਸ਼ੁੱਭ ਅਮਲਾਂ ਵਾਲੇ ਮਨੁੱਖੀ ਜੀਵਨ ਦਾ ਦੂਜਿਆਂ ਦੇ ਜੀਵਨ 'ਤੇ ਅਜਿਹਾ ਪ੍ਰਭਾਵ ਪੈਂਦਾ ਹੈ, ਜਿਵੇਂ ਪਾਰਸ ਦੀ ਛੋਹ ਨਾਲ ਲੋਹਾ ਵੀ ਪਾਰਸ ਬਣ ਜਾਂਦਾ ਹੈ।
ਗੁਰਮਤਿ ਦੀ ਅਸਲ ਸਿਧਾਂਤਕ ਲੜਾਈ ਹੀ ਉਸ ਵਿਖਾਵੇਬਾਜ਼ੀ ਵਾਲੇ ਫੋਕੇ ਕਰਮਕਾਂਡਾਂ ਅਤੇ ਧਰਮ ਦੇ ਨਾਂਅ 'ਤੇ ਪੇਟ ਪਾਲਣ ਵਾਲੇ ਮੁਖੌਟਾਧਾਰੀ ਲੋਕਾਂ ਨਾਲ ਸੀ, ਜੋ ਖ਼ੁਦ ਸੱਚੀ ਰੂਹਾਨੀ ਚੇਤਨਾ ਦੀ ਕਣੀ ਦੇ ਜੀਵਨ ਅਮਲ ਤੋਂ ਉੱਕੇ ਹੀ ਸੱਖਣੇ ਹੁੰਦੇ ਸਨ ਅਤੇ ਦੂਜਿਆਂ ਨੂੰ ਧਰਮ ਦੇ ਵੱਡੇ-ਵੱਡੇ ਉਪਦੇਸ਼ ਦਿੰਦੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ।
ਮੋਬਾ: 98780-70008
e-mail : ts1984buttar@yahoo.com


ਖ਼ਬਰ ਸ਼ੇਅਰ ਕਰੋ

'ਅਜ਼ਾਨ ਅਤੇ ਨਮਾਜ਼' ਦੀ ਪ੍ਰਕਿਰਿਆ

ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਤੋਂ ਪਹਿਲਾਂ ਅਜ਼ਾਨ ਦੇਣ ਦੀ ਰਵਾਇਤ ਹੈ। ਅਜ਼ਾਨ ਦਾ ਅਸਲ ਮਕਸਦ ਆਸ-ਪਾਸ ਦੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਇਤਲਾਹ (ਸੂਚਨਾ) ਦੇਣਾ ਹੁੰਦਾ ਹੈ ਕਿ ਨਮਾਜ਼ ਦਾ ਵਕਤ ਹੋ ਗਿਆ ਹੈ, ਉਹ ਮਸਜਿਦ ਵਿਚ ਪਹੁੰਚ ਜਾਣ। ਅਜ਼ਾਨ ਦੇਣ ਦੀ ਪਰੰਪਰਾ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦੇ ਸਮੇਂ ਤੋਂ ਹੀ ਪ੍ਰਚੱਲਿਤ ਚੱਲੀ ਆ ਰਹੀ ਹੈ। ਸਾਊਦੀ ਅਰਬ ਦੇ ਸ਼ਹਿਰ ਮਦੀਨਾ ਸ਼ਰੀਫ਼ ਵਿਖੇ ਫ਼ਤਹਿ ਮੱਕਾ ਹੋਣ ਤੋਂ ਪਹਿਲਾਂ ਅਤੇ ਮੱਕਾ ਮੁਕੱਰਮਾ ਦੀ ਫ਼ਤਹਿ ਤੋਂ ਬਾਅਦ ਮੱਕਾ ਮੁਕੱਰਮਾ ਵਿਖੇ (ਸਹਾਬੀ) ਯਾਨੀ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦੇ ਸਾਥੀ ਹਜ਼ਰਤ ਬਿਲਾਲ (ਰਜ਼ੀਅੱਲਾਹ-ਹੂ-ਅਨਹੁਮਾ) ਨੂੰ ਅਜ਼ਾਨ ਦੇਣ ਦੀ ਜ਼ਿੰਮੇਵਾਰੀ ਸਪੁਰਦ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਹਜ਼ਰਤ ਬਿਲਾਲ ਰਜ਼ੀ. ਦੀ ਆਵਾਜ਼ ਬਹੁਤ ਹੀ ਬੁਲੰਦ ਸੀ। ਅਜ਼ਾਨ ਦੇ ਸ਼ਬਦਾਂ ਨੂੰ ਮੁਸਲਿਮ ਸਮਾਜ ਦੇ ਲੋਕ ਭਲੀ-ਭਾਂਤ ਜਾਣਦੇ ਹਨ। ਦੁਨੀਆ ਭਰ ਦੀਆਂ ਮਸਜਿਦਾਂ ਵਿਚ ਮੁਅੱਜ਼ਿਨਾਂ ਵਲੋਂ ਪੰਜ ਵਕਤ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਬੁਲੰਦ ਆਵਾਜ਼ ਵਿਚ ਇਹ ਹੋਕਾ (ਆਵਾਜ਼) ਦਿੱਤਾ ਜਾਂਦਾ ਹੈ ਕਿ ਹੁਣ ਤੁਹਾਡੇ ਕਾਰੋਬਾਰ ਵੱਡੇ ਨਹੀਂ, ਸਗੋਂ ਇਕ ਅੱਲਾਹ ਦਾ ਹੁਕਮ ਵੱਡਾ ਹੈ।
ਅਰਬੀ ਭਾਸ਼ਾ ਦੇ ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਪਾਕ ਦੀ ਬੜਾਈ ਬਿਆਨ ਅਤੇ ਲੋਕਾਂ ਦੀ ਅਸਲ ਕਾਮਯਾਬੀ ਨਮਾਜ਼ ਵਿਚ ਹੀ ਹੈ ਦੱਸਿਆ ਜਾਂਦਾ ਹੈ ਅਤੇ ਅੱਲਾਹ ਪਾਕ ਦੇ ਆਖ਼ਰੀ ਪੈਗ਼ੰਬਰ/ਰਸੂਲ ਹਜ਼ਰਤ ਮੁਹੰਮਦ (ਸੱਲ.) ਸਾਹਿਬ ਦੀ ਰਿਸਾਲਤ ਦਾ ਜ਼ਿਕਰ ਵੀ ਹੁੰਦਾ ਹੈ। ਜਿਵੇਂ ਮੁਅੱਜ਼ਿਨ (ਯਾਨੀ ਅਜ਼ਾਨ ਦੇਣ ਵਾਲਾ) ਅਰਬੀ ਭਾਸ਼ਾ ਦੇ ਇਨ੍ਹਾਂ ਸ਼ਬਦਾਂ ਰਾਹੀਂ ਬੁਲੰਦ ਆਵਾਜ਼ ਵਿਚ ਪੁਕਾਰਦਾ ਹੋਇਆ ਕਹਿੰਦਾ ਹੈ ਅੱਲਾਹ-ਹੂ-ਅਕਬਰ ਅਰਥਾਤ (ਅੱਲਾਹ ਸਭ ਤੋਂ ਮਹਾਨ ਹੈ), ਅਸ਼ਹਦੁਅੱਲਲਾਇਲਾਹਾ ਇੱਲਲੱਲਾਹ ਅਰਥਾਤ (ਮੈਂ ਗਵਾਹੀ ਦਿੰਦਾ ਹਾਂ ਕਿ ਅੱਲਾਹ ਦੇ ਸਿਵਾ ਕੋਈ (ਇਬਾਦਤ) ਬੰਦਗੀ ਦੇ ਕਾਬਲ ਨਹੀਂ। ਅਸ਼ਹਦੁਅੰਨਾ ਮੁਹੰਮਦ ਰਾਸੂਲਲੁੱਲਾਹ (ਮੈਂ ਗਵਾਹੀ ਦਿੰਦਾ ਹਾਂ ਕਿ ਹਜ਼ਰਤ ਮੁਹੰਮਦ (ਸੱਲ.) ਅੱਲਾਹ ਪਾਕ ਦੇ ਆਖ਼ਰੀ ਪੈਗ਼ੰਬਰ/ਰਸੂਲ ਹਨ। ਹੱਈਯਾ ਅਲਾਸਲਾਹ (ਆਓ ਨਮਾਜ਼ ਦੀ ਤਰਫ਼), ਹੱਈਯਾ ਅਲਲ ਫ਼ਾਲਾਹ (ਆਓ ਸਫ਼ਲਤਾ ਦੀ ਤਰਫ਼), ਅੱਸਸਾਲਾਤੂ ਖ਼ੈਰੁੰ ਮਿਨਨ ਨਾਉਂਮ (ਨਮਾਜ਼ ਸੋਣ ਤੋਂ ਬਿਹਤਰ ਹੈ) ਅਤੇ ਅਖ਼ੀਰ ਵਿਚ ਫ਼ਿਰ ਇਹ ਕਿਹਾ ਜਾਂਦਾ ਹੈ ਕਿ ਅੱਲਾਹ-ਹੂ-ਅਕਬਰ (ਅੱਲਾਹ ਸਭ ਤੋਂ ਮਹਾਨ ਹੈ), ਲਾਇਲਾਹਾ ਇੱਲਲੱਲਾਹ (ਅੱਲਾਹ ਦੇ ਸਿਵਾ ਕੋਈ ਇਬਾਦਤ ਦੇ ਕਾਬਿਲ ਨਹੀਂ)। ਇਕ ਦਿਨ ਦੇ 24 ਘੰਟਿਆਂ ਵਿਚ ਪੰਜ ਨਮਾਜ਼ਾਂ-ਫ਼ਜ਼ਰ, ਜ਼ਹੁਰ, ਅਸਰ, ਮਗ਼ਰਿਬ ਅਤੇ ਇਸ਼ਾ ਮਸਜਿਦਾਂ ਅੰਦਰ ਆ ਕੇ ਪੜ੍ਹਨ ਆਉਣਾ ਇਸ ਦੁਨੀਆ ਅਤੇ ਆਖ਼ਿਰਤ ਦੀ ਜ਼ਿੰਦਗੀ ਯਾਨੀ (ਮਰਨ ਤੋਂ ਬਾਅਦ ਵਾਲੀ ਜ਼ਿੰਦਗੀ) ਦੀ ਅਸਲ ਕਾਮਯਾਬੀ ਵੱਲ ਆਉਣਾ ਹੈ।
ਅਜ਼ਾਨ ਤੋਂ ਕਰੀਬ 15-20 ਮਿੰਟਾਂ ਬਾਅਦ ਨਮਾਜ਼ ਦੀ ਪ੍ਰਕਿਰਿਆ ਦਾ ਅਮਲ ਬਾਕਾਇਦਾ ਤੌਰ 'ਤੇ ਸ਼ੁਰੂ ਹੁੰਦਾ ਹੈ, ਜਿਸ ਨੂੰ ਮਸਜਿਦਾਂ ਵਿਚ ਰੱਖੇ ਗਏ ਇਮਾਮਾਂ ਵਲੋਂ ਬਾਕਾਇਦਾ ਤੌਰ 'ਤੇ ਅਦਾ ਕਰਵਾਇਆ ਜਾਂਦਾ ਹੈ। ਸਲਾਮ ਫ਼ੇਰਨ (ਯਾਨੀ ਨਮਾਜ਼ ਦੇ ਮੁਕੰਮਲ ਹੋਣ) ਤੋਂ ਬਾਅਦ ਮਸਜਿਦਾਂ ਵਿਚ ਮੌਜੂਦ ਮੁਸਲਿਮ ਸਮਾਜ ਦੇ ਲੋਕਾਂ ਵਲੋਂ ਦੁਆ (ਅਰਦਾਸ) ਕੀਤੀ ਜਾਂਦੀ ਕਿ ਐ-ਅੱਲਾਹ ਤੂੰ ਹੀ ਸਾਰੀ ਕਾਇਨਾਤ (ਸ੍ਰਿਸ਼ਟੀ) ਦਾ ਪਾਲਣਹਾਰ ਤੇ ਪੈਦਾ ਕਰਨ ਵਾਲਾ ਹੈ, ਅਸੀਂ ਤੇਰੇ ਗ਼ੁਨਹਾਗ਼ਾਰ ਬੰਦੇ ਹਾਂ ਅਤੇ ਦੁਨੀਆ 'ਤੇ ਵਸਣ ਵਾਲੇ ਹਰ ਇਕ ਇਨਸਾਨ ਨੂੰ ਆਪਣਾ ਸਿੱਧਾ ਰਸਤਾ ਦਿਖਾ ਕੇ ਉਸ ਉੱਤੇ ਚੱਲਣ ਦੀ ਹਿੰਮਤ ਅਤੇ ਤਾਕਤ ਅਤਾ ਫ਼ਰਮਾ ਅਤੇ ਸਾਡੇ ਗੁਨਾਹਾਂ ਨੂੰ ਮੁਆਫ਼ਫ਼ਰਮਾ ਅਤੇ ਪੂਰੇ ਸੰਸਾਰ ਅੰਦਰ ਅਮਨ-ਸ਼ਾਂਤੀ, ਆਪਸੀ ਭਾਈਚਾਰਾ, ਪਿਆਰ ਮੁਹੱਬਤ ਕਾਇਮ ਰੱਖਣ ਦੀ ਤੌਫ਼ੀਕ ਅਤਾ ਫ਼ਰਮਾ। ਇਸ ਪ੍ਰਕਾਰ ਅਜ਼ਾਨ ਤੋਂ ਬਾਅਦ ਇਕ ਨਮਾਜ਼ ਅਦਾ ਕਰਨ ਲਈ ਕਰੀਬ-ਕਰੀਬ 20 ਤੋਂ 25 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਇਸ ਪ੍ਰਕਾਰ ਅਜ਼ਾਨ ਅਤੇ ਨਮਾਜ਼ ਦੀ ਸਾਰੀ ਪ੍ਰਕਿਰਿਆ ਪੂਰਨ ਤੌਰ 'ਤੇ ਮੁਕੰਮਲ ਹੁੰਦੀ ਹੈ।


-ਮਲੇਰਕੋਟਲਾ। ਮੋਬਾ: 95927-54907

ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਕਵੀਸ਼ਰ ਗੁਰਦਿਆਲ ਸਿੰਘ ਢਿਲਵਾਂ

ਕਵੀਸ਼ਰੀ ਕਲਾ ਨੇ ਸਿੱਖ ਕੌਮ ਨੂੰ ਅਨਮੋਲ ਹੀਰੇ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਵਿਦਵਤਾ ਦੇ ਗਿਆਨ ਨਾਲ ਕੇਵਲ ਇਤਿਹਾਸ ਦੀ ਹੀ ਸੇਵਾ ਨਹੀਂ ਕੀਤੀ, ਸਗੋਂ ਸਮਾਜਿਕ ਬੁਰਾਈਆਂ ਦੂਰ ਕਰਕੇ ਇਕ ਨਿੱਗਰ ਅਤੇ ਨਰੋਆ ਸਮਾਜ ਉਸਾਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਅਤੇ ਜਨ ਸਧਾਰਨ ਤੋਂ ਲੈ ਕੇ ਰਾਜਨੀਤੀ ਵਿਚ ਰਹਿ ਕੇ ਆਪਣੀ ਅਮਿੱਟ ਛਾਪ ਛੱਡੀ ਹੈ। ਐਸੇ ਮਹਾਨ ਰਤਨਾਂ ਵਿਚੋਂ ਇਕ ਹਨ ਗੁਰਦਿਆਲ ਸਿੰਘ ਢਿਲਵਾਂ, ਜਿਨ੍ਹਾਂ ਦਾ ਜਨਮ ਪਿਤਾ ਸ: ਗਿਆਨ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਅੱਜ ਤੋਂ 55 ਸਾਲ ਪਹਿਲਾਂ ਢਿਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ। ਮੈਟ੍ਰਿਕ ਪਾਸ ਕਰਨ ਉਪਰੰਤ ਗੁਰਬਾਣੀ ਦੀ ਸੰਥਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਨ ਗਿਆਨ ਸੰਤ ਬਾਬਾ ਪ੍ਰਤਾਪ ਸਿੰਘ ਅਤੇ ਹੋਰ ਮਹਾਂਪੁਰਖਾਂ ਪਾਸੋਂ ਪ੍ਰਾਪਤ ਕੀਤਾ। ਢਿਲਵਾਂ ਨਗਰ ਬਹੁਤ ਹੀ ਧਾਰਮਿਕ ਨਗਰ ਹੈ। ਇੱਥੇ ਅਕਸਰ ਪੰਥ ਦੇ ਵਿਦਵਾਨ ਪੁਰਖ ਆਉਂਦੇ ਰਹਿੰਦੇ ਹਨ। ਕਵੀਸ਼ਰੀ ਦੇ ਬਾਬਾ ਬੋਹੜ ਜੋਗਾ ਸਿੰਘ ਜੋਗੀ ਨੂੰ ੳਸਤਾਦ ਧਾਰ ਕੇ ਕਵੀਸ਼ਰੀ ਪਿੜ ਵਿਚ ਕੁੱਦ ਪਏ। ਥੋੜ੍ਹੇ ਸਮੇਂ ਵਿਚ ਹੀ ਆਪਣੇ ਇਲਾਕੇ ਅਤੇ ਦੂਰ-ਦੁਰਾਡੇ ਦੇਸ਼-ਵਿਦੇਸ਼ਾਂ ਵਿਚ ਵਿਚਰ ਕੇ ਕੌਮ ਦੀ ਸੇਵਾ ਕੀਤੀ ਅਤੇ ਸਾਂਝੀਵਾਲਤਾ ਦਾ ਪ੍ਰਚਾਰ ਕੀਤਾ।
ਜਿੱਥੇ ਉਹ ਉੱਚਾ, ਲੰਮਾ ਅਤੇ ਸੁਨੱਖਾ ਤੇ ਦਰਸ਼ਨੀ ਜਵਾਨ, ਉੱਥੇ ਉਸ ਦੀ ਭਰਵੀਂ ਅਤੇ ਪ੍ਰਭਾਵਸ਼ਾਲੀ ਆਵਾਜ਼, ਬੋਲਣ ਦਾ ਅੰਦਾਜ਼ ਅਤੇ ਵਿਦਵਤਾ ਸਰੋਤਿਆਂ ਨੂੰ ਕੀਲਣ ਦੀ ਸਮੱਰਥਾ ਰੱਖਦੀ ਹੈ। ਅਕਾਲ ਪੁਰਖ ਨੇ ਉਸ ਨੂੰ ਲਿਖਣ ਦੀ ਵੀ ਦਾਤ ਬਖਸ਼ੀ ਹੈ। ਉਸ ਨੇ ਤਿੰਨ ਪੁਸਤਕਾਂ 'ਗੱਜਦੇ ਸੂਰਮੇ, 'ਸਿੱਖੀ ਸ਼ਾਨ', 'ਜੌਹਰ ਖ਼ਾਲਸੇ ਦੇ' ਕੌਮ ਦੀ ਝੋਲੀ ਪਾਈਆਂ। ਦੋ ਕੈਸੇਟਾਂ 'ਮਰਦ ਅਗੰਮੜਾ' ਅਤੇ 'ਇਕ ਜਿੰਦੜੀ ਬੋਲ ਪਈ' ਮਾਰਕਿਟ ਵਿਚ ਸਰੋਤਿਆਂ ਦੀ ਝੋਲੀ ਪਾਈਆਂ। ਗੁਰਦਿਆਲ ਸਿੰਘ ਦੋ ਵਾਰ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਇਕ ਵਾਰ ਕੌਂਸਲਰ ਵੀ ਰਹਿ ਚੁੱਕੇ ਹਨ। 16 ਸਾਲ ਸ਼੍ਰੋਮਣੀ ਅਕਾਲੀ ਦਲ ਸਰਕਲ ਦੇ ਪ੍ਰਧਾਨ ਰਹੇ। ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ ਵਲੋਂ ਪੁਰਸਕਾਰ ਵੀ ਮਿਲੇ। ਉਨ੍ਹਾਂ ਦੇ ਸਾਥੀ ਨਰਿੰਦਰ ਸਿੰਘ, ਬਲਵਿੰਦਰ ਸਿੰਘ, ਸਿਕੰਦਰ ਸਿੰਘ ਅਤੇ ਹਰਜਿੰਦਰ ਸਿੰਘ ਨਾਲ ਸਾਥ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜਕਲ੍ਹ ਲੋਕਾਂ ਦਾ ਰੁਝਾਨ ਚਮਕ-ਦਮਕ ਵਾਲੀ ਗਾਇਕੀ ਵੱਲ ਹੋ ਗਿਆ ਹੈ ਅਤੇ ਲੋਕ ਕਵੀਸ਼ਰੀ ਨੂੰ ਭੁੱਲਦੇ ਜਾ ਰਹੇ ਹਨ। ਉਹ ਹਰ ਸਾਲ ਆਪਣੇ ਨਗਰ ਵਿਚ ਕਵੀਸ਼ਰੀ ਦਰਬਾਰ ਵੀ ਕਰਵਾਉਂਦੇ ਹਨ। ਸਮੁੱਚਾ ਕਵੀਸ਼ਰੀ ਜਗਤ ਇਸ ਬਹੁਮੁੱਲੇ ਹੀਰੇ 'ਤੇ ਫਖਰ ਮਹਿਸੂਸ ਕਰਦਾ ਹੈ।


-ਢਿਲਵਾਂ ਕਪੂਰਥਲਾ। ਮੋਬਾ: 98786-05929

ਸ਼ੇਰ ਸਿੰਘ ਤੇ ਚੰਦ ਕੌਰ ਦੀਆਂ ਫ਼ੌਜਾਂ ਦਰਮਿਆਨ ਲੜਾਈ ਛਿੜ ਗਈ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਸੂਬਿਆਂ ਦੇ ਸੂਬੇਦਾਰਾਂ ਨੇ ਆਪਣਾ ਲਗਾਨ ਵੇਲੇ ਸਿਰ ਨਹੀਂ ਪਹੁੰਚਾਇਆ ਤੇ ਪਹਿਲੇ ਮਹੀਨੇ ਹੀ ਫ਼ੌਜੀਆਂ ਨੂੰ ਇਕਰਾਰ ਮੁਤਾਬਿਕ ਵੇਲੇ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਸਕੀਆਂ। ਫ਼ੌਜੀਆਂ ਦੇ ਛੱਡ ਕੇ ਜਾਣ ਦਾ ਰੁਝਾਨ ਜਾਰੀ ਸੀ ਤੇ ਜੋ ਸਿਪਾਹੀ ਲਾਹੌਰ ਵਿਚ ਰਹਿ ਵੀ ਗਏ ਸਨ, ਉਹ ਮਾਈ ਦੇ ਅਫ਼ਸਰਾਂ ਦਾ ਹੁਕਮ ਮੰਨਣ ਤੋਂ ਇਨਕਾਰੀ ਹੁੰਦੇ ਜਾ ਰਹੇ ਸਨ। ਪੇਂਡੂ ਇਲਾਕਿਆਂ ਵਿਚ ਬਿਨਾਂ ਤਨਖਾਹ ਵਾਲੇ ਸਿਪਾਹੀਆਂ ਨੇ ਆਪਣੇ ਹੀ ਇਲਾਕਿਆਂ ਵਿਚ ਲੁੱਟਮਾਰ ਕਰਕੇ ਆਪਣੀਆਂ ਤਨਖਾਹਾਂ ਵਸੂਲ ਕਰ ਲਈਆਂ ਸਨ।
ਇਸ ਤੋਂ ਬਾਅਦ ਅਫਵਾਹਾਂ ਚੱਲਣ ਲੱਗ ਪਈਆਂ ਕਿ ਅੰਗਰੇਜ਼ੀ ਫ਼ੌਜਾਂ ਪੰਜਾਬ ਦੀ ਸਰਹੱਦ ਵੱਲ ਵਧ ਰਹੀਆਂ ਹਨ। ਇਸ ਨਾਲ ਲਾਹੌਰ ਵਿਚ ਘਬਰਾਹਟ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਸੀ।
ਸ਼ੇਰ ਸਿੰਘ ਨੇ ਫ਼ੈਸਲਾ ਕੀਤਾ ਕਿ ਉਹ ਇਸ ਵਿਧਵਾ ਦੇ ਕਮਜ਼ੋਰ ਹੱਥਾਂ ਤੋਂ ਵਾਗਡੋਰ ਖੋਹ ਲਵੇ ਤੇ ਪੰਜਾਬ ਨੂੰ ਬਿਖਰਨ ਤੋਂ ਬਚਾਅ ਲਵੇ। ਉਸ ਨੇ ਆਪਣਾ ਇਕ ਏਲਚੀ ਗੁਪਤ ਤੌਰ 'ਤੇ ਹੀ ਲੁਧਿਆਣਾ ਮਿਸਟਰ ਕਲੇਰਕ ਨੂੰ ਮਿਲਣ ਭੇਜਿਆ ਕਿ ਉਸ ਦੇ ਇਸ ਇਰਾਦੇ ਦਾ ਉਹ ਕੀ ਜਵਾਬ ਦਿੰਦਾ ਹੈ। ਅੰਗਰੇਜ਼ ਅਫ਼ਗਾਨਿਸਤਾਨ ਵਿਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਸਨ। ਉਨ੍ਹਾਂ ਨੂੰ ਮਦਦ ਦੀ ਲੋੜ ਸੀ ਤੇ ਸਮਝ ਰਹੇ ਸਨ ਕਿ ਸ਼ੇਰ ਸਿੰਘ ਵਰਗਾ ਬੰਦਾ ਹੀ ਉਨ੍ਹਾਂ ਵਾਸਤੇ ਜ਼ਿਆਦਾ ਸਹਾਈ ਹੋ ਸਕਦਾ ਹੈ। ਉਨ੍ਹਾਂ ਨੇ ਉਸ ਨੂੰ ਪੂਰੀ ਹਮਾਇਤ ਦਾ ਭਰੋਸਾ ਦੇ ਦਿੱਤਾ।
ਸ਼ੇਰ ਸਿੰਘ ਨੇ 14 ਜਨਵਰੀ, 1841 ਨੂੰ ਬਟਾਲਾ ਛੱਡ ਦਿੱਤਾ। ਉਹ ਲਾਹੌਰ ਦੀਆਂ ਛਾਉਣੀਆਂ ਛੱਡ ਕੇ ਆਈਆਂ ਫ਼ੌਜਾਂ ਦੇ ਅੱਗੇ ਚੱਲ ਰਿਹਾ ਸੀ। ਉਸ ਨੇ ਲਾਹੌਰ ਦੇ ਬਾਹਰਵਾਰ ਬੁੱਧੂ ਦੇ ਆਵੇ ਕੋਲ ਡੇਰਾ ਲਾ ਲਿਆ। ਕਰਨਲ ਗਾਰਡਨਰ ਨੇ ਸ਼ੇਰ ਸਿੰਘ ਦੇ ਲਾਹੌਰ ਦੇ ਦਰਵਾਜ਼ੇ 'ਤੇ ਆਉਣ ਦਾ ਬਿਆਨ ਕਰਦਿਆਂ ਲਿਖਿਆ ਕਿ 'ਇਕ ਵੱਡਾ ਸ਼ੋਰ-ਸ਼ਰਾਬਾ ਫਿਜ਼ਾ ਵਿਚ ਗੂੰਜ ਉਠਿਆ। ਕੁਝ ਇਸ ਤਰ੍ਹਾਂ ਸੀ ਕਿ ਜਿਸ ਨੇ ਆਉਣਾ ਸੀ, ਉਹ ਆ ਗਿਆ ਹੈ। ਸ਼ੇਰ ਸਿੰਘ ਸੱਚਮੁੱਚ ਪਹੁੰਚ ਗਿਆ ਸੀ। ਉਸ ਨੇ 'ਬੁੱਧੂ ਦੇ ਆਵੇ' ਨਾਲ ਜਾਣੀ ਜਾਂਦੀ ਉੱਚੀ ਜਗ੍ਹਾ ਆਪਣਾ ਟੈਂਟ ਤੇ ਝੰਡਾ ਗੱਡ ਲਿਆ। ਉਥੇ ਸਿਪਾਹੀਆਂ ਦੀ ਪਰੇਡ ਵੀ ਹੋਈ, ਜੋ ਸ਼ੇਰ ਸਿੰਘ ਨੂੰ ਸਲੂਟ ਮਾਰ ਰਹੇ ਸਨ। ਉਹ ਨਾਅਰੇ ਵੀ ਲਗਾ ਰਹੇ ਸਨ ਕਿ 'ਸ਼ੇਰ ਸਿੰਘ, ਬਾਦਸ਼ਾਹ ਤੇ ਧਿਆਨ ਸਿੰਘ ਵਜ਼ੀਰ' ਤੇ ਚੰਦ ਕੌਰ ਦੀ ਮੁਰਦਾਬਾਦ ਦੇ ਨਾਅਰੇ ਵੀ ਲਗਾ ਰਹੇ ਸਨ।'
ਮਾਈ ਨੇ ਫ਼ੈਸਲਾ ਕੀਤਾ ਕਿ ਉਹ ਲੜੇਗੀ। ਉਸ ਨੇ ਫ਼ੌਜਾਂ ਦੇ ਕਮਾਂਡਰ ਤੇਜ ਸਿੰਘ ਨੂੰ ਹਟਾ ਦਿੱਤਾ, ਜੋ ਉਸ ਨੂੰ ਪਸੰਦ ਨਹੀਂ ਸੀ। ਉਸ ਨੇ ਗੁਲਾਬ ਸਿੰਘ ਡੋਗਰਾ ਨੂੰ ਪ੍ਰਬੰਧਕ ਤੇ ਸ਼ਹਿਰ ਦਾ ਰਖਵਾਲਾ ਭਰਤੀ ਕੀਤਾ। ਉਸ ਨੇ ਸਿਪਾਹੀਆਂ ਦੀਆਂ ਚਾਰ ਮਹੀਨੇ ਦੀਆਂ ਤਨਖਾਹਾਂ ਪੂਰੀਆਂ ਕਰ ਦਿੱਤੀਆਂ ਤੇ ਅਫ਼ਸਰਾਂ ਨੂੰ ਸੋਨੇ ਦੇ ਗਹਿਣੇ ਦਿੱਤੇ। ਉਸ ਨੇ ਸ਼ਹਿਰ ਦੇ ਸ਼ਾਹੂਕਾਰਾਂ ਨੂੰ ਹੁਕਮ ਦਿੱਤਾ ਕਿ ਉਹ ਸ਼ੇਰ ਸਿੰਘ ਨੂੰ ਕੋਈ ਪੈਸਾ ਉਧਾਰਾ ਨਾ ਦੇਣ। ਇਨ੍ਹਾਂ ਕਦਮਾਂ ਦਾ ਉਲਟਾ ਅਸਰ ਪਿਆ। ਫ਼ੌਜੀਆਂ ਨੇ ਅੰਦਾਜ਼ਾ ਲਗਾ ਲਿਆ ਕਿ ਮਾਈ ਬਹੁਤ ਘਬਰਾਈ ਹੋਈ ਹੈ ਤੇ ਉਨ੍ਹਾਂ ਨੂੰ ਰਿਸ਼ਵਤ ਦੇ ਰਹੀ ਹੈ। ਉਨ੍ਹਾਂ ਨੂੰ ਜਾਪਿਆ ਕਿ ਸ਼ੇਰ ਸਿੰਘ ਜਿੱਤਣ ਵਾਲੀ ਧਿਰ ਹੈ। ਸ਼ੇਰ ਸਿੰਘ ਕੋਲ ਹੁਣ ਪੈਸਾ ਨਹੀਂ ਸੀ ਪਰ ਉਸ ਨੇ ਫ਼ੌਜੀਆਂ ਦੀ ਤਨਖਾਹ ਇਕ ਰੁਪਈਆ ਮਹੀਨਾ ਵਧਾਉਣ ਦਾ ਵਾਅਦਾ ਕੀਤਾ ਹੋਇਆ ਸੀ ਤੇ ਜਿਹੜੇ ਹੁਣ ਉਸ ਦੇ ਪਾਸੇ ਆਉਣਗੇ, ਉਨ੍ਹਾਂ ਵਾਸਤੇ ਇਨਾਮ ਵੀ। ਰੈਜਮੈਂਟ ਨੇ ਮਾਈ ਦੇ ਤੋਪਚੀਆਂ ਨੂੰ ਬਰੂਦ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਹਿਰ ਦੀ ਦੀਵਾਰ ਦੇ ਬਾਹਰ ਤਾਇਨਾਤ ਸਾਰੀਆਂ ਫ਼ੌਜਾਂ ਸ਼ੇਰ ਸਿੰਘ ਨਾਲ ਰਲ ਗਈਆਂ ਸਨ। ਹੁਣ ਸ਼ੇਰ ਸਿੰਘ ਕੋਲ 26 ਹਜ਼ਾਰ ਪੈਦਲ ਫ਼ੌਜ ਤੋਂ ਇਲਾਵਾ 8 ਹਜ਼ਾਰ ਘੋੜਸਵਾਰ ਤੇ 45 ਤੋਪਾਂ ਸਨ। ਉਧਰ ਮਾਈ ਕੋਲ ਸਿਰਫ 5 ਹਜ਼ਾਰ ਦੀ ਫ਼ੌਜ ਤੇ ਥੋੜ੍ਹਾ ਜਿਹਾ ਹੀ ਬਰੂਦ ਬਚਿਆ ਸੀ।
25 ਜਨਵਰੀ, 1841 ਨੂੰ ਸ਼ੇਰ ਸਿੰਘ ਦੀਆਂ ਫ਼ੌਜਾਂ ਸ਼ਾਲੀਮਾਰ ਬਾਗ ਵਲੋਂ ਲਾਹੌਰ ਵਿਚ ਦਾਖ਼ਲ ਹੋਈਆਂ। ਸ਼ਹਿਰ ਦੇ ਦਰਵਾਜ਼ੇ ਜ਼ਬਰਦਸਤੀ ਖੋਲ੍ਹ ਲਏ ਗਏ ਤੇ ਕੁਝ ਸਿਪਾਹੀਆਂ ਨੇ ਬਾਜ਼ਾਰ ਵੀ ਲੁੱਟੇ ਤੇ 16 ਜਨਵਰੀ ਦੀ ਸਵੇਰ ਨੂੰ ਸ਼ੇਰ ਸਿੰਘ ਵੀ ਲਾਹੌਰ ਵਿਚ ਦਾਖ਼ਲ ਹੋਇਆ। ਉਸ ਨਾਲ ਯੂਰਪੀਨ ਅਫ਼ਸਰ ਵੈਨਤੂਰਾ, ਕੋਰਟ ਤੇ ਵਾਨ ਕਾਰਟਲੈਂਟ ਵੀ ਸਨ। ਉਸ ਨੇ ਸ਼ਹਿਰ ਦੀ ਹਿਫਾਜ਼ਤ ਦਾ ਐਲਾਨ ਕਰਵਾਇਆ ਤੇ ਕਿਹਾ ਕਿ ਜੋ ਮਾਈ ਨੂੰ ਛੱਡ ਕੇ ਉਸ ਦੀ ਤਰਫ਼ ਆ ਜਾਵੇਗਾ, ਉਸ ਨੂੰ ਮੁਆਫ਼ ਕਰ ਦਿੱਤਾ ਜਾਵੇਗਾ। ਸ਼ਾਮ ਤੱਕ ਅਹਿਮ ਸਰਦਾਰ, ਜਿਨ੍ਹਾਂ ਵਿਚ ਸ਼ਾਮ ਸਿੰਘ ਅਟਾਰੀਵਾਲਾ, ਫ਼ਕੀਰ ਅਜ਼ੀਜ਼ੁਦੀਨ ਤੇ ਦੋਵੇਂ ਭਾਈਏ ਗੋਬਿੰਦ ਰਾਮ ਤੇ ਰਾਮ ਸਿੰਘ, ਜਿਨ੍ਹਾਂ ਨੇ ਮਾਈ ਨੂੰ ਗੱਦੀ ਵਾਸਤੇ ਉਕਸਾਇਆ ਸੀ, ਸ਼ੇਰ ਸਿੰਘ ਦੀ ਸ਼ਰਨ ਆ ਗਏ। ਇਨ੍ਹਾਂ ਨੇ ਸਾਂਝੇ ਤੌਰ 'ਤੇ ਮਾਈ ਅਤੇ ਗੁਲਾਬ ਸਿੰਘ ਡੋਗਰਾ ਨੂੰ ਹਥਿਆਰ ਸੁੱਟ ਦੇਣ ਦੀ ਤਜਵੀਜ਼ ਦਿੱਤੀ।
ਮਾਈ ਨੇ ਸੰਧਾਵਾਲੀਆ ਤੇ ਗੁਲਾਬ ਸਿੰਘ ਡੋਗਰਾ ਦੀ ਹਮਾਇਤ ਨਾਲ ਫ਼ੈਸਲਾ ਕੀਤਾ ਕਿ ਉਹ ਬੇਸ਼ਰਤ ਹਥਿਆਰ ਨਹੀਂ ਸੁੱਟੇਗੀ। ਫਿਰ ਉਸੇ ਦਿਨ ਸ਼ੇਰ ਸਿੰਘ ਦੀਆਂ ਤੋਪਾਂ ਗਰਜੀਆਂ ਤੇ ਕਿਲ੍ਹੇ ਦੇ ਰਖਵਾਲਿਆਂ ਨੇ ਵੀ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਦੋ ਦਿਨ ਤੱਕ ਤੋਪਾਂ ਇਕ-ਦੂਜੇ ਵੱਲ ਚਲਦੀਆਂ ਰਹੀਆਂ, ਜਿਸ ਨਾਲ 300 ਸਾਲ ਪੁਰਾਣੇ ਕਿਲ੍ਹੇ ਦਾ ਕਾਫੀ ਨੁਕਸਾਨ ਹੋ ਗਿਆ। ਡੋਗਰੇ ਬਹੁਤ ਮਜ਼ਬੂਤੀ ਨਾਲ ਲੜੇ ਤੇ ਸ਼ੇਰ ਸਿੰਘ ਦਾ ਦਾਖ਼ਲਾ ਮੁਸ਼ਕਿਲ ਬਣਾ ਦਿੱਤਾ। ਦੋ ਦਿਨ ਵਾਸਤੇ ਲਾਹੌਰ ਦੇ ਸ਼ਹਿਰੀਆਂ ਦੀ ਜ਼ਿੰਦਗੀ ਨਰਕ ਬਣ ਗਈ। ਬਾਜ਼ਾਰਾਂ ਵਿਚ ਤੋਪ ਨਾਲ ਉਡਦਾ ਬਰੂਦ ਤੇ ਮਲਬਾ ਖਿੱਲਰ ਗਿਆ। ਮਰੇ ਹੋਏ ਘੋੜਿਆਂ ਤੇ ਫ਼ੌਜੀਆਂ ਦੀਆਂ ਲਾਸ਼ਾਂ ਬਦਬੂ ਮਾਰਨ ਲੱਗੀਆਂ। ਦੋਵਾਂ ਧਿਰਾਂ ਵਾਸਤੇ ਇਹ ਲੜਾਈ ਹੁਣ ਬਹੁਤ ਹੋ ਗਈ ਸੀ ਤੇ ਕਿਲ੍ਹੇ ਦੇ ਅੰਦਰੋਂ ਲੜਨ ਵਾਲਿਆਂ ਵਾਸਤੇ ਹੁਣ ਵੱਡੀ ਮੁਸੀਬਤ ਬਾਦਸ਼ਾਹੀ ਮਸਜਿਦ ਦੇ ਮੀਨਾਰਾਂ ਤੋਂ ਚਲਦੀਆਂ ਗੋਲੀਆਂ ਸਨ, ਜਿਥੋਂ ਕਿਲ੍ਹੇ ਦੇ ਅੰਦਰ ਸਭ ਕੁਝ ਦਿਸਦਾ ਸੀ। ਇਸ 48 ਘੰਟੇ ਦੀ ਲੜਾਈ ਵਿਚ 5 ਹਜ਼ਾਰ ਲੋਕ ਮਾਰੇ ਜਾ ਚੁੱਕੇ ਸਨ ਤੇ ਸ਼ਹਿਰ ਦੇ ਲਗਪਗ ਅੱਧੇ ਘਰ ਤਬਾਹ ਹੋ ਚੁੱਕੇ ਸਨ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਖ਼ਤਮ ਹੋ ਗਈ ਮੰਗਲ ਸਿੰਘ ਰਾਮਗੜ੍ਹੀਆ ਦੀ ਹਵੇਲੀ ਦੀ ਸ਼ਾਨ ਤੇ ਨਿਸ਼ਾਨੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਐਂਗਲੋ-ਸਿੱਖ ਜੰਗ ਵਿਚ ਲਾਹੌਰ ਦਰਬਾਰ ਦੀ ਹੋਈ ਹਾਰ ਦੇ ਬਾਅਦ ਅੰਗਰੇਜ਼ੀ ਹਕੂਮਤ ਤਰਫ਼ੋਂ ਦਿੱਤੀਆਂ ਸੇਵਾਵਾਂ ਬਦਲੇ ਸੰਨ 1862 ਵਿਚ ਮੰਗਲ ਸਿੰਘ ਰਾਮਗੜ੍ਹੀਆ ਨੂੰ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦਾ ਸਰਬਰਾਹ ਨਿਯੁਕਤ ਕਰਦਿਆਂ ਆਨਰੇਰੀ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਪ੍ਰਿੰਸ ਆਫ਼ ਵੇਲਜ਼ ਵਲੋਂ ਉਨ੍ਹਾਂ ਨੂੰ ਹਿਜ਼ ਰਾਇਲ ਹਾਈਨੈਸ ਅਤੇ ਕਮਪੈਨੀਅਨ ਆਫ਼ ਸਟਾਰ ਆਫ਼ ਇੰਡੀਆ (ਸੀ.ਐਸ.ਆਈ.) ਵਰਗੇ ਮਹੱਤਵਪੂਰਨ ਖ਼ਿਤਾਬ ਨਾਲ ਵੀ ਨਿਵਾਜਿਆ ਗਿਆ।
ਉਕਤ ਉਪਾਧੀਆਂ ਨਾਲ ਸਨਮਾਨਿਤ ਹੋਣ ਵਾਲੇ ਸ: ਮੰਗਲ ਸਿੰਘ ਰਾਮਗੜ੍ਹੀਆ ਦੀਆਂ ਸਭ ਨਿਸ਼ਾਨੀਆਂ ਉਨ੍ਹਾਂ ਦੇ ਪੜਪੋਤੇ ਸਰਦਾਰ ਬਹਾਦਰ ਕਰਤਾਰ ਸਿੰਘ ਦੇ ਪੁੱਤਰ ਸ: ਬਲਵਿੰਦਰ ਸਿੰਘ ਪਾਸ ਲੰਬੇ ਸਮੇਂ ਤੱਕ ਸੁਰੱਖਿਅਤ ਰਹੀਆਂ। ਪਰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਪਾਸ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਉਨ੍ਹਾਂ ਦੀ ਵਿਧਵਾ ਬੀਬੀ ਜਸਪਾਲ ਕੌਰ ਨੇ ਸਿਰਫ਼ ਪੰਜ ਹਜ਼ਾਰ ਦਾ ਕਰਜ਼ਾ ਉਤਾਰਨ ਲਈ ਸਾਲ 1991 ਵਿਚ ਰਾਮਗੜ੍ਹੀਆ ਖ਼ਾਨਦਾਨ ਦੀ ਸੋਨੇ ਜੜੇ ਪੱਤਰੇ ਦੀ ਨਕਾਸ਼ੀ ਦੇ ਦਸਤੇ ਵਾਲੀ ਉਹ ਤਲਵਾਰ ਜਲ੍ਹਿਆਂਵਾਲਾ ਬਾਗ ਦੇ ਪਾਸ ਇਕ ਪੁਰਾਤਨ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰ ਨੂੰ ਵੇਚ ਦਿੱਤੀ, ਜੋ ਮਹਾਰਾਜਾ ਰਣਜੀਤ ਸਿੰਘ ਨੇ ਮੰਗਲ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਤੋਂ ਖੁਸ਼ ਹੋ ਕੇ ਦਿੱਤੀ ਸੀ। ਸ਼ੇਰ-ਏ-ਪੰਜਾਬ ਵਲੋਂ ਉਸੇ ਦੌਰਾਨ ਮੰਗਲ ਸਿੰਘ ਰਾਮਗੜ੍ਹੀਆ ਨੂੰ ਕੀਮਤੀ ਪੰਨੇ ਦੇ ਦਸਤੇ ਵਾਲਾ ਚਾਕੂ, ਸੋਨੇ ਦੇ ਕੰਙਣਾਂ ਦੀ ਜੋੜੀ, ਇਕ ਘੋੜਾ ਤੇ ਇਕ ਸ਼ਾਲ ਵੀ ਬਖ਼ਸ਼ੀ ਸੀ। ਇਨ੍ਹਾਂ ਅਨਮੋਲ ਨਿਸ਼ਾਨੀਆਂ ਅਤੇ ਬਖ਼ਸ਼ਿਸ਼ਾਂ ਦਾ ਵੇਰਵਾ ਸਿੱਖ ਰਾਜ ਸਮੇਂ ਦੇ ਇਤਿਹਾਸਕ ਦਸਤਾਵੇਜ਼ਾਂ ਵਿਚ ਵੀ ਦਰਜ ਹੈ।
ਬੀਬੀ ਜਸਪਾਲ ਕੌਰ ਮੌਜੂਦਾ ਸਮੇਂ ਸ਼ਹਿਰ ਦੇ ਚੌਕ ਭੋੜੀਵਾਲਾ ਦੇ ਉੱਤਮ ਨਗਰ ਵਿਚ ਆਪਣੇ ਪੁੱਤਰ ਸ: ਕਮਲ ਸ਼ੇਰ ਸਿੰਘ ਰਾਮਗੜ੍ਹੀਆ ਅਤੇ ਨੂੰਹ ਬੀਬੀ ਦਰਸ਼ਨ ਪਾਲ ਕੌਰ ਨਾਲ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਰਥਿਕ ਤੰਗੀ ਦੇ ਚਲਦਿਆਂ ਉਨ੍ਹਾਂ ਵਲੋਂ ਮਜਬੂਰੀ 'ਚ ਵੇਚੀ ਗਈ ਸ਼ੇਰ-ਏ-ਪੰਜਾਬ ਵਲੋਂ ਭੇਟ ਕੀਤੀ ਤਲਵਾਰ ਅਤੇ ਰਾਮਗੜ੍ਹੀਆ ਪਰਿਵਾਰ ਦੀ ਵਿਰਾਸਤੀ ਨਿਸ਼ਾਨੀ ਦੇ ਖੁਸ ਜਾਣ ਦਾ ਅੱਜ ਵੀ ਮਲਾਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਾਸ ਪਏ ਸ: ਮੰਗਲ ਸਿੰਘ ਰਾਮਗੜ੍ਹੀਆ ਦੇ ਸ਼ਸਤਰ, ਜਿਨ੍ਹਾਂ ਵਿਚ ਤੀਰ ਕਮਾਨ, ਚਾਕੂ, ਬਰਛੀਆਂ, ਕਿਰਚਾਂ ਅਤੇ 200 ਤੋਂ ਵਧੇਰੇ ਰਾਮਗੜ੍ਹੀਆ ਸ਼ਾਹੀ ਪਰਿਵਾਰ ਦੀਆਂ ਪੁਰਾਤਨ ਬਲੈਕ ਐਂਡ ਵਾਈਟ ਕੈਮਰੇ ਨਾਲ ਖਿੱਚੀਆਂ ਅਤੇ ਹੱਥ ਨਾਲ ਬਣਾਈਆਂ ਗਈਆਂ ਤਸਵੀਰਾਂ ਅੱਜ ਵੀ ਸੁਰੱਖਿਅਤ ਹਨ ਅਤੇ ਇਹ ਸਭ ਨਿਸ਼ਾਨੀਆਂ ਉਨ੍ਹਾਂ ਵਲੋਂ ਆਪਣੇ ਨਿਵਾਸ ਸਥਾਨ 'ਚ ਰੱਖੀਆਂ ਗਈਆਂ ਹਨ। ਬੀਬੀ ਦਰਸ਼ਨ ਪਾਲ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਹੇਨਰੀ ਵਿਲਕਨਸਨ ਪਾਲ ਲੰਡਨ ਕੰਪਨੀ ਦੀ ਬਣੀ ਉਹ ਸ਼ਾਹੀ ਤਲਵਾਰ ਵੀ ਮੌਜੂਦ ਹੈ, ਜੋ ਪ੍ਰਿੰਸ ਆਫ਼ ਵੇਲਜ਼ ਵਲੋਂ ਮੰਗਲ ਸਿੰਘ ਰਾਮਗੜ੍ਹੀਆ ਨੂੰ ਹਿਜ਼ ਰਾਇਲ ਹਾਈਨੈਸ ਅਤੇ ਸੀ. ਐਸ. ਆਈ. ਵਰਗੇ ਮਹੱਤਵਪੂਰਨ ਖ਼ਿਤਾਬਾਂ ਨਾਲ ਨਿਵਾਜਦਿਆਂ ਭੇਟ ਕੀਤੀ ਗਈ ਸੀ। ਉਪਰੋਕਤ ਈਰਾਨੀ ਤਲਵਾਰ 'ਤੇ ਅਰਬੀ 'ਚ ਲਿਖੀ ਮੋਹਰ ਉੱਕਰੀ ਹੋਈ ਹੈ, ਜਿਸ 'ਤੇ ਸੰਨ 1171 ਹਿਜਰੀ ਲਿਖਿਆ ਸਾਫ਼ ਪੜ੍ਹਿਆ ਜਾ ਸਕਦਾ ਹੈ। ਸ: ਕਮਲ ਸ਼ੇਰ ਸਿੰਘ ਰਾਮਗੜ੍ਹੀਆ ਦਾ ਕਹਿਣਾ ਹੈ ਕਿ ਉਹ ਰਾਮਗੜ੍ਹੀਆ ਭਾਈਚਾਰੇ ਦੇ ਮਹੱਤਵਪੂਰਨ ਵਿਅਕਤੀਆਂ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਉਨ੍ਹਾਂ ਦੇ ਪੁਰਖਿਆਂ ਨੂੰ ਭੇਟ ਕੀਤੀ ਅਨਮੋਲ ਨਿਸ਼ਾਨੀ ਸੋਨੇ ਜੜੇ ਪੱਤਰੇ ਦੀ ਨਕਾਸ਼ੀ ਦੇ ਦਸਤੇ ਵਾਲੀ ਤਲਵਾਰ ਅਤੇ ਹੋਰਨਾਂ ਵਸਤੂਆਂ ਦੀ ਭਾਲ ਕਰਕੇ ਅਤੇ ਉਨ੍ਹਾਂ ਨੂੰ ਮੁੜ ਖਰੀਦ ਕੇ ਸ: ਮੰਗਲ ਸਿੰਘ ਰਾਮਗੜ੍ਹੀਆ ਦੇ ਨਾਂਅ 'ਤੇ ਉਸਾਰੇ ਜਾਣ ਵਾਲੇ ਯਾਦਗਾਰੀ ਅਜਾਇਬ ਘਰ ਵਿਚ ਸਥਾਪਿਤ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ।


-ਅੰਮ੍ਰਿਤਸਰ। ਮੋਬਾ: 93561-27771

ਗ਼ਦਰ ਪਾਰਟੀ ਦੀ ਸੋਚ ਸੀ ਬਰਾਬਰੀ ਵਾਲਾ ਸਮਾਜ ਸਿਰਜਣਾ

ਅਮਰੀਕਾ ਦੀ ਧਰਤੀ 'ਤੇ ਆਸਟੋਰੀਆ ਵਿਖੇ 21 ਅਪ੍ਰੈਲ, 1913 ਨੂੰ ਹਿੰਦੀ ਕਿਰਤੀਆਂ, ਜਲਾਵਤਨ ਦੇਸ਼-ਭਗਤਾਂ ਅਤੇ ਵਿਦਿਆਰਥੀਆਂ ਨੇ ਸਾਂਝੀ ਮੀਟਿੰਗ ਕਰਕੇ 'ਹਿੰਦੀ ਪੈਸਫਿਕ ਐਸੋਸੀਏਸ਼ਨ' ਨਾਂਅ ਦੀ ਇਕ ਇਨਕਲਾਬੀ ਜਥੇਬੰਦੀ ਬਣਾਈ ਸੀ, ਜਿਹੜੀ ਬਾਅਦ ਵਿਚ 'ਗ਼ਦਰ ਪਾਰਟੀ' ਦੇ ਨਾਂਅ ਨਾਲ ਪ੍ਰਸਿੱਧ ਹੋਈ ਸੀ। ਇਸ ਦੇ ਮੁਢਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ ਲਾਲਾ ਹਰਦਿਆਲ, ਸੰਯੁਕਤ ਸਕੱਤਰ ਲਾਲਾ ਠਾਕੁਰ ਦਾਸ ਧੂਰੀ ਅਤੇ ਖਜ਼ਾਨਚੀ ਪੰਡਿਤ ਕਾਂਸ਼ੀਰਾਮ ਮੜੌਲੀ ਸਨ। ਪਾਰਟੀ ਦਾ ਮਨੋਰਥ ਇਹ ਸੀ ਕਿ ਹਥਿਆਰਬੰਦ ਇਨਕਲਾਬ ਨਾਲ ਭਾਰਤ, ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ ਅਤੇ ਦੇਸ਼ ਵਿਚ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉੱਤੇ ਕੌਮੀ ਜਮਹੂਰੀਅਤ ਕਾਇਮ ਕਰਨੀ।
ਪਾਰਟੀ ਨੇ 'ਗ਼ਦਰ' ਅਖ਼ਬਾਰ ਵੀ ਕੱਢਿਆ, ਜਿਸ ਦਾ ਪਹਿਲਾ ਅੰਕ ਪਹਿਲੀ ਨਵੰਬਰ, 1913 ਨੂੰ ਕਰਤਾਰ ਸਿੰਘ ਸਰਾਭਾ ਅਤੇ ਰਘਬੀਰ ਦਿਆਲ ਨੇ ਹੈਂਡ ਮਸ਼ੀਨ 'ਤੇ ਛਾਪਿਆ ਸੀ। 'ਗ਼ਦਰ' ਅਖ਼ਬਾਰ ਦੀਆਂ ਲਿਖਤਾਂ ਨੇ ਵਿਦੇਸ਼ਾਂ ਵਿਚ ਵਸਦੇ ਹਿੰਦੁਸਤਾਨੀ ਕਿਰਤੀਆਂ ਦੇ ਮਨਾਂ ਵਿਚ ਦੇਸ਼ ਨੂੰ ਆਜ਼ਾਦ ਦੇਖਣ ਦੀ ਤੀਬਰ ਇੱਛਾ ਪੈਦਾ ਕਰ ਦਿੱਤੀ ਸੀ। ਇਹ ਅਖ਼ਬਾਰ ਹਿੰਦੀਆਂ ਵਿਚ ਏਨਾ ਜ਼ਿਆਦਾ ਹਰਮਨ ਪਿਆਰਾ ਹੋ ਗਿਆ ਸੀ ਕਿ ਜਿਸ ਦੀ ਦਿਨਾਂ ਵਿਚ ਹੀ ਪ੍ਰਕਾਸ਼ਨਾ ਲੱਖਾਂ ਤੱਕ ਪਹੁੰਚ ਗਈ ਸੀ।
ਪਾਰਟੀ ਦੀ ਯੁੱਧ ਨੀਤੀ ਬਾਰੇ ਬਾਬਾ ਸੋਹਣ ਸਿੰਘ ਭਕਨਾ ਦੇ ਵਿਚਾਰ ਬੜੇ ਸਪੱਸ਼ਟ ਸਨ ਕਿ, 'ਪਹਿਲੇ ਸੰਸਾਰ ਯੁੱਧ ਦੇ ਬੱਦਲ ਸਿਰ ਉੱਤੇ ਮੰਡਰਾਅ ਰਹੇ ਸਨ, ਅੰਗਰੇਜ਼ ਸ਼ਿਕੰਜੇ ਵਿਚ ਜਕੜਿਆ ਜਾਣ ਲੱਗਾ ਸੀ, ਇਸ ਲਈ ਪਾਰਟੀ ਨੇ ਫੈਸਲਾ ਕੀਤਾ ਕਿ ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਦੇਸ਼ ਵੱਲ ਮੁਹਾਰਾਂ ਮੋੜ ਲੈਣ, ਦੇਸ਼ ਜਾ ਕੇ ਜਥੇਬੰਦ ਫੌਜੀ ਬਗਾਵਤ ਕਰਾਉਣ। ਅੰਗਰੇਜ਼ ਸਰਕਾਰ ਦੇ ਪੈਰਾਂ ਥੱਲੇ ਅੰਗਾਰੇ ਰੱਖ ਦੇਣ, ਤਾਂ ਜੋ ਉਸ ਨੂੰ ਦੁੰਬ ਦਬਾ ਕੇ ਭੱਜਣਾ ਪਵੇ।' ਉਕਤ ਨੀਤੀ ਆਧਾਰਤ ਗ਼ਦਰ ਪਾਰਟੀ ਦੇਸ਼ ਨੂੰ ਅੰਗਰੇਜ਼ ਹਾਕਮਾਂ ਤੋਂ ਮੁਕਤ ਕਰਾਉਣਾ ਚਾਹੁੰਦੀ ਸੀ।
ਗ਼ਦਰ ਪਾਰਟੀ ਨੇ ਜੰਗ ਲੜਨ ਵਾਸਤੇ ਦੋ ਜਰਨੈਲ ਕਰਤਾਰ ਸਿੰਘ ਸਰਾਭਾ ਅਤੇ ਮਾਸਟਰ ਊਧਮ ਸਿੰਘ ਕਸੇਲ ਬਣਾਏ ਹੋਏ ਸਨ। ਪਾਰਟੀ ਨੇ ਕਰਤਾਰ ਸਿੰਘ ਸਰਾਭਾ ਨੂੰ ਹਵਾਈ ਜਹਾਜ਼ ਚਲਾਉਣ ਤੇ ਮੁਰੰਮਤ ਕਰਨ ਦੀ ਸਿੱਖਿਆ ਵੀ ਦਿਵਾਈ ਹੋਈ ਸੀ। ਮਾਸਟਰ ਊਧਮ ਸਿੰਘ ਕਸੇਲ ਕੋਲ ਫੌਜੀ ਟ੍ਰੇਨਿੰਗ ਦੇਣ ਦਾ ਕੰਮ ਸੀ। ਭਾਈ ਹਰਨਾਮ ਸਿੰਘ ਕੋਟਲ ਨੂੰ ਬੰਬ ਬਣਾਉਣ ਅਤੇ ਸਿਖਾਉਣ ਦਾ ਕੰਮ ਸੌਂਪਿਆ ਹੋਇਆ ਸੀ। ਬੰਤਾ ਸਿੰਘ ਸੰਘਵਾਲ ਨੂੰ ਹੁਕਮ ਸੀ ਕਿ ਉਹ ਪੰਜਾਬ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਹੈੱਡਕੁਆਟਰ ਨੂੰ ਰਿਪੋਰਟ ਦੇਣ। ਭਗਤ ਸਿੰਘ ਕਚਰਭੰਨ ਅਤੇ ਕਰਤਾਰ ਸਿੰਘ ਦੁੱਕੀ ਦੀ ਜ਼ਿੰਮੇਵਾਰੀ ਸੀ ਕਿ ਉਹ ਭਾਰਤ ਜਾ ਕੇ 'ਗ਼ਦਰ' ਅਖ਼ਬਾਰ ਕੱਢਣ ਦੇ ਬੰਦੋਬਸਤ ਕਰਨ। ਪੰਡਿਤ ਸੋਹਨ ਲਾਲ ਪਾਠਕ ਪੱਟੀ ਦੀ ਜ਼ਿੰਮੇਵਾਰੀ ਸਿਆਮ-ਬਰਮਾ ਵਾਲੇ ਪਾਸੇ ਤੋਂ ਗ਼ਦਰ ਨੂੰ ਅੰਜਾਮ ਦੇਣ ਦੀ ਸੀ। ਮੌਲਵੀ ਬਰਕਤ ਉੱਲਾ ਨੂੰ ਅਫਗਾਨਿਸਤਾਨ ਦੇ ਬਾਦਸ਼ਾਹ ਤੋਂ ਹਮਾਇਤ ਲੈਣ ਲਈ ਭੇਜਿਆ ਹੋਇਆ ਸੀ।
ਗ਼ਦਰੀ ਦੇਸ਼-ਭਗਤਾਂ ਵਿਚ ਏਨਾ ਉਤਸ਼ਾਹ ਸੀ ਕਿ ਪਾਰਟੀ ਦੇ ਫੈਸਲੇ 'ਤੇ ਅਮਲ ਕਰਨ ਵਾਸਤੇ 9 ਹਜ਼ਾਰ ਦੇ ਕਰੀਬ ਗ਼ਦਰੀ ਭਾਰਤ ਪਹੁੰਚ ਗਏ ਸਨ। ਅੰਗਰੇਜ਼ੀ ਹਕੂਮਤ ਨੂੰ ਵੀ ਗ਼ਦਰੀਆਂ ਦੀ ਸਰਗਰਮੀ ਦਾ ਪਤਾ ਲੱਗ ਗਿਆ ਸੀ, ਜਿਸ ਕਰਕੇ ਹਕੂਮਤ ਨੇ ਸਮੁੰਦਰੀ ਘਾਟਾਂ 'ਤੇ ਸਖ਼ਤ ਪਹਿਰੇ ਲਾ ਦਿੱਤੇ ਸਨ। ਅਨੇਕਾਂ ਗ਼ਦਰੀਆਂ ਨੂੰ ਹਕੂਮਤ ਨੇ ਘਾਟਾਂ ਤੋਂ ਉਤਰਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰ ਹੋਣ ਵਾਲੇ ਪ੍ਰਮੁੱਖ ਗ਼ਦਰੀ ਸਨ ਬਾਬਾ ਸੋਹਣ ਸਿੰਘ ਭਕਨਾ, ਬਾਬਾ ਸ਼ੇਰ ਸਿੰਘ ਵੇਂਈਪੂੰਈ, ਬਾਬਾ ਕੇਸਰ ਸਿੰਘ ਠੱਠਗੜ੍ਹ, ਬਾਬਾ ਵਿਸਾਖਾ ਸਿੰਘ ਦਦੇਹਰ, ਬਾਬਾ ਜਵਾਲਾ ਸਿੰਘ ਠੱਠੀਆਂ ਆਦਿ।
ਅੰਗਰੇਜ਼ ਸਰਕਾਰ ਦੀ ਕਰੜਾਈ ਦੇ ਬਾਵਜੂਦ ਕਰਤਾਰ ਸਿੰਘ ਸਰਾਭਾ ਅਤੇ ਹੋਰ ਅਨੇਕਾਂ ਗ਼ਦਰੀ ਅੰਗਰੇਜ਼ਾਂ ਦੀਆਂ ਨਜ਼ਰਾਂ ਤੋਂ ਬਚ ਕੇ ਪੰਜਾਬ ਪਹੁੰਚਣ ਵਿਚ ਕਾਮਯਾਬ ਹੋ ਗਏ ਸਨ। ਪਾਰਟੀ ਦੀ ਨੀਤੀ ਅਨੁਸਾਰ ਕਰਤਾਰ ਸਿੰਘ ਸਰਾਭਾ, ਭਾਈ ਪ੍ਰੇਮ ਸਿੰਘ ਤੇ ਜਗਤ ਸਿੰਘ ਪਿੰਡ ਸੁਰਸਿੰਘੀਏ ਨੇ ਬਾਕੀ ਗ਼ਦਰੀਆਂ ਨੂੰ ਨਾਲ ਲੈ ਕੇ ਬਹੁਤ ਤੇਜ਼ੀ ਨਾਲ ਛਾਉਣੀਆਂ ਵਿਚ ਹਿੰਦੀ ਫੌਜੀਆਂ ਨਾਲ ਸਬੰਧ ਜੋੜੇ ਸਨ।
ਗ਼ਦਰ ਨੂੰ ਅੰਜ਼ਾਮ ਦੇਣ ਵਾਸਤੇ ਗ਼ਦਰੀਆਂ ਨੇ ਦੋ ਗਰੁੱਪ ਬਣਾ ਲਏ। ਇਕ ਗਰੁੱਪ ਨੇ ਮੀਆਂਮੀਰ ਛਾਉਣੀ ਲਾਹੌਰ ਅਤੇ ਦੂਜੇ ਨੇ ਫਿਰੋਜ਼ਪੁਰ ਛਾਉਣੀ ਤੋਂ ਗ਼ਦਰ ਦੀ ਸ਼ੁਰੂਆਤ ਕਰਨੀ ਸੀ। ਮਾਝੇ ਦੇ ਗ਼ਦਰੀਆਂ ਦਾ ਮਿਲਣ ਸਥਾਨ ਸੀ ਝਾੜ ਸਾਹਿਬ ਨੇੜੇ ਸਾਬਾਜ਼ਪੁਰ (ਤਰਨ ਤਾਰਨ) ਅਤੇ ਦੂਜਿਆਂ ਦਾ ਮਿਲਣ ਅੱਡਾ ਬੱਦੋਵਾਲ ਸੀ। ਦੋਵਾਂ ਗਰੁੱਪਾਂ ਦਾ ਫੈਸਲਾ ਸੀ ਕਿ 26 ਨਵੰਬਰ, 1914 ਨੂੰ ਦੋਵਾਂ ਛਾਉਣੀਆਂ 'ਤੇ ਹਮਲਾ ਕਰਕੇ ਗ਼ਦਰ ਦਾ ਵਿਗਲ ਵਜਾ ਦਿੱਤਾ ਜਾਵੇਗਾ।
ਗ਼ਦਰੀਆਂ ਦੇ ਫੈਸਲੇ ਅਨੁਸਾਰ ਮੀਆਂ ਮੀਰ ਛਾਉਣੀ ਦੇ ਹਿੰਦੀ ਸਿਪਾਹੀਆਂ ਨੇ ਬਗਾਵਤ ਕਰਕੇ ਝਾੜ ਸਾਹਿਬ ਆਉਣਾ ਸੀ ਪਰ ਸਿਪਾਹੀਆਂ ਨੂੰ ਗੁਰਦੁਆਰੇ ਦੇ ਗ੍ਰੰਥੀ ਨੇ ਭੁਚਲਾ ਦਿੱਤਾ, ਜਿਸ ਕਰਕੇ ਸਿਪਾਹੀ ਆ ਨਾ ਸਕੇ। ਗ੍ਰੰਥੀ ਦੀ ਬੇਈਮਾਨੀ ਨਾਲ ਗ਼ਦਰ ਦੀ ਪਹਿਲੀ ਯੋਜਨਾ ਅਸਫਲ ਹੋ ਗਈ। ਇਹ ਖ਼ਬਰ ਫਿਰੋਜ਼ਪੁਰ ਛਾਉਣੀ ਵੀ ਪਹੁੰਚ ਗਈ ਤੇ ਉਥੇ ਵੀ ਗ਼ਦਰ ਨਾ ਹੋ ਸਕਿਆ।
ਗ਼ਦਰ ਪਾਰਟੀ ਦੇ ਆਗੂਆਂ ਨੇ ਮੁੜ ਸਲਾਹ-ਮਸ਼ਵਰਾ ਕਰਕੇ ਗ਼ਦਰ ਦੀ ਅਗਲੀ ਤਾਰੀਖ 21 ਫਰਵਰੀ, 1915 ਮਿਥ ਲਈ। ਯੋਜਨਾ ਇਹ ਸੀ ਕਿ ਮੀਆਂਮੀਰ ਤੋਂ ਗ਼ਦਰ ਸ਼ੁਰੂ ਕਰਕੇ ਅੱਗੇ ਫਿਰੋਜ਼ਪੁਰ, ਮੇਰਠ, ਅੰਬਾਲੇ ਅਤੇ ਕਾਨਪੁਰ ਵਿਖੇ ਬਗਾਵਤ ਕਰਾ ਕੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਦਿੱਲੀ ਵਿਖੇ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾ ਕੇ ਭਾਰਤ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਜਾਵੇਗਾ। ਮੁਖਬਰ ਗ਼ਦਰ ਪਾਰਟੀ ਦੀਆਂ ਮੋਹਰਲੀਆਂ ਸਫਾਂ ਵਿਚ ਘੁਸਿਆ ਹੋਇਆ ਸੀ ਤੇ ਉਸ ਨੇ ਅੰਗਰੇਜ਼ੀ ਹਕੂਮਤ ਨੂੰ ਜਾਣਕਾਰੀ ਦੇ ਦਿੱਤੀ। ਮੁਖਬਰ ਦੀ ਇਸ ਕਮੀਨੀ ਹਰਕਤ ਦਾ ਗ਼ਦਰੀਆਂ ਨੂੰ ਵੀ ਪਤਾ ਲੱਗ ਗਿਆ ਤਾਂ ਗ਼ਦਰੀਆਂ ਨੇ ਤਾਰੀਕ ਬਦਲ ਕੇ 19 ਫਰਵਰੀ ਕਰ ਦਿੱਤੀ। ਮੁਖਬਰ ਨੇ ਫਿਰ ਅੰਗਰੇਜ਼ਾਂ ਨੂੰ ਸੂਹ ਦੇ ਦਿੱਤੀ। ਜਦੋਂ ਗ਼ਦਰੀ ਤਿਆਰ-ਬਰ-ਤਿਆਰ ਹੋ ਕੇ ਮੀਆਂਮੀਰ ਛਾਉਣੀ ਦੇ ਨਜ਼ਦੀਕ ਗਏ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਕਿ ਅੰਗਰੇਜ਼ ਹਾਕਮਾਂ ਨੇ ਹਿੰਦੀ ਫੌਜੀਆਂ ਨੂੰ ਬੇਹਥਿਆਰੇ ਕਰਕੇ ਉਨ੍ਹਾਂ 'ਤੇ ਸਖ਼ਤ ਪਹਿਰੇ ਲਾਏ ਹੋਏ ਸਨ। ਗ਼ਦਰੀ ਵਾਪਸ ਆ ਗਏ। ਇਹੋ ਕੁਝ ਫਿਰੋਜ਼ਪੁਰ ਛਾਉਣੀ ਵਿਚ ਵਾਪਰਿਆ ਸੀ। ਦਰਅਸਲ ਮੁਖਬਰ ਦੀ ਮਾਰ ਨੇ ਗ਼ਦਰ ਪਾਰਟੀ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਸੀ। ਮੁਖਬਰਾਂ ਦੀ ਸੂਹ ਨੇ ਪਾਰਟੀ ਦਾ ਲਾਹੌਰ ਕੇਂਦਰ ਤਬਾਹ ਕਰ ਦਿੱਤਾ ਸੀ। ਇਥੋਂ ਤੱਕ ਕਿ ਮੁਖਬਰਾਂ ਨੇ ਕਰਤਾਰ ਸਿੰਘ ਸਰਾਭਾ, ਜਗਤ ਸਿੰਘ ਪਿੰਡ ਸੁਰਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਨੂੰ ਵੀ ਗ੍ਰਿਫ਼ਤਾਰ ਕਰਵਾ ਦਿੱਤਾ। ਗ਼ਦਰ ਲਹਿਰ ਦਾ ਪਹਿਲਾ ਦੌਰ ਉਕਤ ਗ੍ਰਿਫ਼ਤਾਰੀਆਂ ਹੋ ਜਾਣ ਕਰਕੇ ਖ਼ਤਮ ਹੋ ਗਿਆ ਸੀ।
ਪਹਿਲੇ ਦੌਰ ਦੇ ਖਾਤਮੇ ਤੋਂ ਬਾਅਦ ਭਾਈ ਪ੍ਰੇਮ ਸਿੰਘ ਪਿੰਡ ਸੁਰਸਿੰਘ ਅਤੇ ਬੰਤਾ ਸਿੰਘ ਸੰਘਵਾਲ ਨੇ ਹਿੰਮਤ ਨਾ ਹਾਰੀ ਅਤੇ ਖਿੰਡੇ-ਪੁੰਡੇ ਗ਼ਦਰੀਆਂ ਨੂੰ ਮੁੜ ਇਕੱਤਰ ਕਰਕੇ ਫੈਸਲਾ ਕੀਤਾ ਕਿ ਇਕ ਤਾਂ ਮੁਖਬਰਾਂ ਦੀ ਅਲਖ ਮੁਕਾਈ ਜਾਵੇ ਤੇ ਦੂਜਾ ਹਥਿਆਰ ਜਮ੍ਹਾਂ ਕੀਤੇ ਜਾਣ। ਉਕਤ ਫੈਸਲੇ ਅਨੁਸਾਰ ਗ਼ਦਰੀਆਂ ਨੇ ਮਸ਼ਹੂਰ ਮੁਖਬਰ ਕਪੂਰ ਸਿੰਘ ਪੱਧਰੀ ਅਤੇ ਅੱਛਰ ਸਿੰਘ ਜਗਤਪੁਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਥਿਆਰ ਖੋਹਣ ਵਾਸਤੇ ਕਪੂਰਥਲਾ ਫੌਜੀ ਛਾਉਣੀ 'ਤੇ ਧਾਵਾ ਬੋਲਿਆ ਪਰ ਸਫਲਤਾ ਨਾ ਮਿਲੀ। ਦੂਜੇ ਹੱਲੇ ਵਿਚ ਗ਼ਦਰੀਆਂ ਨੇ 'ਵੱਲੇਪੁਲ' 'ਤੇ ਲੱਗੀ ਫੌਜੀ ਗਾਰਦ 'ਤੇ ਹਮਲਾ ਕਰਕੇ ਹਥਿਆਰ ਖੋਹ ਲਏ ਪਰ ਇਹ ਹਮਲਾ ਗ਼ਦਰੀਆਂ ਨੂੰ ਬੜਾ ਮਹਿੰਗਾ ਪਿਆ। ਗ਼ਦਰੀਆਂ ਮਗਰ ਪੁਲਿਸ ਤੇ ਪਿੰਡ ਦੀ ਵਹੀਰ ਲੱਗ ਗਈ। ਪੁਲਿਸ ਨੇ ਚਾਰੇ ਪਾਸਿਆਂ ਤੋਂ ਘੇਰ ਕੇ ਭਾਈ ਚੰਨਣ ਸਿੰਘ ਬੂੜਚੰਦ, ਕਾਲਾ ਸਿੰਘ ਜਗਤਪੁਰ, ਹਰਨਾਮ ਸਿੰਘ ਅਤੇ ਆਤਮਾ ਸਿੰਘ ਠੱਠੀਖਾਰਾ ਨੂੰ ਗ੍ਰਿਫ਼ਤਾਰ ਕਰ ਲਿਆ।
ਸਿਆਮ ਅਤੇ ਬਰਮਾ ਵਾਲੇ ਪਾਸੇ ਤੋਂ ਗ਼ਦਰ ਨੂੰ ਅੰਜ਼ਾਮ ਦੇਣਾ ਸੀ ਪੰਡਿਤ ਸੋਹਣ ਲਾਲ ਪਾਠਕ ਪੱਟੀ, ਬਾਬੂ ਹਰਨਾਮ ਸਿੰਘ, ਭਾਈ ਸੰਤੋਖ ਸਿੰਘ ਧਰ ਦਿਓ ਆਦਿ ਗ਼ਦਰੀਆਂ ਨੇ। ਇਨ੍ਹਾਂ ਗ਼ਦਰੀਆਂ ਨੇ ਹਜ਼ਾਰਾਂ ਹਿੰਦੀਆਂ ਫੌਜੀਆਂ ਨਾਲ ਤਾਲਮੇਲ ਬਣਾਇਆ ਹੋਇਆ ਸੀ। ਸੋਹਣ ਲਾਲ ਪਾਠਕ ਨੂੰ ਇਕ ਫੌਜੀ ਅਫਸਰ ਨੇ ਗਦਾਰੀ ਕਰਕੇ ਗ੍ਰਿਫ਼ਤਾਰ ਕਰਵਾ ਦਿੱਤਾ, ਜਿਸ ਕਰਕੇ ਇਧਰ ਵੀ ਗ਼ਦਰ ਨਾ ਹੋ ਸਕਿਆ।
ਗ਼ਦਰ ਦੀਆਂ ਕੋਸ਼ਿਸ਼ਾਂ ਅਸਫਲ ਹੋ ਜਾਣ ਤੋਂ ਬਾਅਦ ਗ਼ਦਰੀਆਂ ਦੀਆਂ ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਹੋ ਗਈਆਂ। ਗ਼ਦਰੀਆਂ 'ਤੇ ਵੱਖ-ਵੱਖ ਸਾਜਿਸ਼ ਕੇਸ ਚੱਲੇ। ਇਨ੍ਹਾਂ ਕੇਸਾਂ ਵਿਚ 202 ਦੇ ਕਰੀਬ ਗ਼ਦਰੀ ਦੇਸ਼ ਭਗਤਾਂ ਨੂੰ ਫਾਂਸੀ, 316 ਨੂੰ ਉਮਰ ਕੈਦ, ਕਾਲੇਪਾਣੀ ਤੇ ਜਾਇਦਾਦ ਜ਼ਬਤ ਦੀ ਸਜ਼ਾ ਅਤੇ 121 ਨੂੰ ਕੁਝ ਘੱਟ ਸਜ਼ਾਵਾਂ ਹੋਈਆਂ ਸਨ।


-ਬਾਬਾ ਸੋਹਣ ਸਿੰਘ ਭਕਨਾ ਭਵਨ, 40 ਕੋਰਟ ਰੋਡ, ਅੰਮ੍ਰਿਤਸਰ। ਮੋਬਾ: 98760-78731

ਸੂਫ਼ੀ ਕਾਵਿ ਅਤੇ ਮੋਹਨ ਸਿੰਘ ਦੀਵਾਨਾ

ਪੰਜਾਬੀ ਦੇ ਸਾਰੇ ਵਿਦਵਾਨ ਆਪੋ-ਆਪਣੀ ਥਾਵੇਂ ਸਤਿਕਾਰਯੋਗ ਹਨ ਪਰ ਮੈਨੂੰ ਇਹ ਕਹਿਣ ਵਿਚ ਰਤੀ ਭਰ ਵੀ ਸੰਕੋਚ ਨਹੀਂ ਕਿ ਹੁਣ ਤੱਕ ਦੂਜਾ ਡਾ: ਮੋਹਨ ਸਿੰਘ ਦੀਵਾਨਾ ਪੈਦਾ ਨਹੀਂ ਹੋ ਸਕਿਆ। ਉਹ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਦਾ ਗੂੜ੍ਹ ਵਿਦਵਾਨ ਸੀ, ਜਿਸ ਦਾ ਪ੍ਰਮਾਣ ਇਨ੍ਹਾਂ ਜ਼ਬਾਨਾਂ ਵਿਚ ਲਿਖੀਆਂ ਉਸ ਦੀਆਂ ਪੁਸਤਕਾਂ ਹਨ। ਉਸ ਦੀਆਂ ਸਿਰਫ ਪੰਜਾਬੀ ਵਿਚ ਹੀ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਤੀ ਦੋ ਦਰਜਨ ਤੋਂ ਵੱਧ ਹੈ, ਜਿਨ੍ਹਾਂ ਵਿਚ ਤਿੰਨ ਕਹਾਣੀ-ਸੰਗ੍ਰਹਿ ਹਨ, ਸੱਤ ਕਾਵਿ-ਪੁਸਤਕਾਂ ਅਤੇ ਇਕ ਇਕਾਂਗੀ-ਸੰਗ੍ਰਹਿ ਹੈ। ਅਨੁਵਾਦਿਤ ਅਤੇ ਸੰਪਾਦਿਤ ਪੁਸਤਕਾਂ ਇਨ੍ਹਾਂ ਤੋਂ ਵੱਖਰੀਆਂ ਹਨ। ਸਾਡੀ ਅੱਜ ਦੀ ਚਰਚਾ ਕੇਵਲ ਉਸ ਦੀ ਕਵਿਤਾ ਅਤੇ ਉਸ ਉਪਰ ਵੀ ਸਿਰਫ ਸੂਫ਼ੀ ਕਾਵਿ ਦੇ ਪ੍ਰਭਾਵ ਤੱਕ ਸੀਮਤ ਹੈ।
ਮੋਹਨ ਸਿੰਘ ਦੀਵਾਨਾ ਦੀਆਂ ਸੱਤ ਕਾਵਿ ਪੁਸਤਕਾਂ ਹਨ, ਧੁੱਪ ਛਾਂ, ਨੀਲ ਧਾਰਾ, ਜਗਤ ਤਮਾਸ਼ਾ, ਨਿਰੰਕਾਰੀ ਸਾਖੀਆਂ, ਪੱਤਝੜ, ਮਸਤੀ ਅਤੇ ਸੋਮ ਰਸ। ਇਨ੍ਹਾਂ ਸਾਰੀਆਂ ਦਾ ਸਮੁੱਚਾ ਸੰਕਲਨ 'ਡਾ: ਮੋਹਨ ਸਿੰਘ ਕਵਿਤਾਵਲੀ' ਨਾਂਅ ਥੱਲੇ 1994 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ ਗਿਆ ਸੀ। ਦੀਵਾਨਾ ਦਾ ਸਮਾਂ ਉਹ ਹੈ ਜਦ ਪੰਜਾਬੀ ਕਵਿਤਾ ਪੱਛਮੀ ਪ੍ਰਭਾਵ ਹੇਠ ਨਵੇਂ-ਨਵੇਂ ਤਜਰਬਿਆਂ ਵਿਚੋਂ ਗੁਜ਼ਰ ਰਹੀ ਸੀ। ਇਸੇ ਲਈ ਜਦ 1931 ਵਿਚ ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਛਪਿਆ ਤਾਂ ਉਸ ਨੇ ਪਾਠਕਾਂ ਨੂੰ ਚਕ੍ਰਿਤ ਕਰ ਦਿੱਤਾ। ਅੱਜ ਦੇ ਪ੍ਰਸੰਗ ਵਿਚ ਦੀਵਾਨਾ ਦੀਆਂ ਦੋ ਪੁਸਤਕਾਂ, 'ਜਗਤ ਤਮਾਸ਼ਾ' ਅਤੇ 'ਮਸਤੀ' ਅਤਿ ਮਹੱਤਵਪੂਰਨ ਹਨ। ਬੇਸ਼ੱਕ ਮੋਹਨ ਸਿੰਘ ਦੀਵਾਨਾ ਦੀ ਕਵਿਤਾ ਵਿਚ ਕਈ ਰੁਚੀਆਂ ਨਾਲੋ-ਨਾਲ ਸਮਾਨਾਂਤਰ ਰੂਪ ਵਿਚ ਚਲਦੀਆਂ ਪ੍ਰਤੀਤ ਹੁੰਦੀਆਂ ਹਨ ਪਰ ਉਸ ਦੀ ਸਭ ਤੋਂ ਵੱਡੀ ਰੁਚੀ ਅਧਿਆਤਮਵਾਦੀ ਹੈ। ਉਸ ਦੇ ਅਧਿਆਤਮਵਾਦ ਉਪਰ ਗੁਰਬਾਣੀ, ਸੂਫ਼ੀ, ਵੇਦਾਂਤ, ਜੋਗ ਅਤੇ ਹੋਰ ਕਈ ਰੰਗ ਚੜ੍ਹੇ ਹੋਏ ਹਨ। ਜਗਤ ਤਮਾਸ਼ਾ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਸੂਫ਼ੀ ਰੰਗ ਬੜਾ ਗੂੜ੍ਹਾ ਹੈ। ਕਵਿਤਾਵਾਂ ਉਪਰ ਪਹਿਲੀ ਨਜ਼ਰ ਮਾਰਦਿਆਂ ਹੀ ਸਾਨੂੰ ਪ੍ਰਸਿੱਧ ਸੂਫ਼ੀ ਕਾਵਿ ਰੂਪ ਕਾਫੀ ਦਾ ਅਸਰ ਪ੍ਰਤੱਖ ਦਿਸ ਪੈਂਦਾ ਹੈ। ਇਹ ਅਸਰ ਸੰਬੋਧਨਾਂ, ਸ਼ਬਦਾਵਲੀ, ਵੱਥ ਅਤੇ ਹੋਰ ਕਈ ਗੱਲਾਂ ਵਿਚ ਹੈ। ਬੁੱਲ੍ਹੇ ਸ਼ਾਹ ਦੀ ਪ੍ਰਸਿੱਧ ਕਾਫੀ ਹੈ 'ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ'। ਇਸੇ ਬਹਿਰ ਵਿਚ ਦੀਵਾਨਾ ਦੀ ਨਜ਼ਮ ਹੈ :
ਨੀ ਮੈਂ ਕਰ ਕਰ ਹੁੱਟੀ ਤਰਲੇ ਮਿੰਨਤਾਂ
ਮੇਰੀਆਂ ਵੀ ਕਦੀ ਦੁਆਈਂ ਘਿੰਨ ਖਾਂ।
ਦਿਹੁੰ ਰਾਤੀਂ ਲਿਖਦੀ ਲੇਖੇ।
ਮੈਂ ਵੱਲ ਵੀ ਚਾ ਭੁੱਲ ਕੇ ਵੇਖੇ।
ਮਿਸ ਵੰਡਣ ਭਾਗਾਂ ਦੇ ਰੇਖੇ।
ਪੂਰਣ ਮੇਰੀਆ ਗਿਣਤਾਂ।
ਇਕ ਹੋਰ ਕਾਫੀ 'ਕਦੀ ਆ ਮਿਲ ਯਾਰ ਪਿਆਰਿਆ' ਦੇ ਅਨੁਸਰਣ ਵਿਚ ਲਿਖੀ ਦੀਵਾਨਾ ਦੀ ਇਹ ਕਵਿਤਾ ਵੇਖੋ :
ਨੀ ਮੈਂ ਲੱਖ ਸ਼ਿੰਗਾਰ ਕਰੇਨੀਆਂ।
ਮੈਂ ਸੌ ਸੌ ਕਸਮਾਂ ਦੇਨੀ ਆਂ।
ਕਦੀ ਆ ਮਿਲ ਢੋਲਣ ਪਿਆਰਿਆ।
ਤੇਰੀ ਜੋਗਣ ਜੀਅੜਾ ਹਾਰਿਆ।
ਹਭਾ ਨਾਜ਼ ਨਿਹੋਰਾ ਵਾਰਿਆ।
ਪਈ ਲਿਲਕੜੀਆਂ ਮੈਂ ਕਢੇਨੀਆ।
ਹੁਣ ਜ਼ਰਾ ਸ਼ਾਹ ਹੁਸੈਨੀ ਰੰਗ ਢੰਗ ਵਾਲੀ ਕਾਫ਼ੀ ਦੇ ਅੰਦਾਜ਼ ਵਿਚ ਲਿਖੀ ਗਈ ਕਵਿਤਾ ਵੇਖੋ :
ਨੀ ਸੱਜਣਾਂ ਨਾਲ ਨ ਕੌੜਾ ਬੋਲ।
ਵੇਲਾ ਵਖਤ ਵਿਹਾਂਦਾ ਹੀ ਨੀਂ,
ਪੱਲੇ ਕੁਝ ਘਿੰਨ ਝੋਲ।
ਸ਼ੌਕ ਮਾਹੀ ਦਾ ਮਾਣਕ ਮੋਤੀ,
ਮਿੱਟੀ ਵਿਚ ਨ ਰੋਲ।
ਕੁੜੀਏ ਨੀਂ ਵੱਤ ਨਹੀਓ ਬਹਿਣਾ ਮਿਲਣਾ,
ਮਿੱਠਿਆਂ ਸੱਜਣਾਂ ਕੋਲ।
ਸ਼ਹੁ ਨਾਲ ਮਿਲਾਪ ਕੋਈ ਸੌਖ਼ਾ ਕੰਮ ਨਹੀਂ। ਨਾ ਜਾਣੇ ਸਾਲਕ ਨੂੰ ਕਿਹੜੇ ਰਾਹਾਂ ਤੋਂ ਗੁਜ਼ਰਨਾ ਅਤੇ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਨੂੰ ਸਰ ਕਰਨਾ ਪੈਂਦਾ ਹੈ। ਮੁਸ਼ਕਿਲਾਂ ਵਿਚ ਸਭ ਤੋਂ ਵੱਡੀ ਮੁਸ਼ਕਿਲ ਆਪਾ ਵਾਰਨਾ, ਹੰਕਾਰ ਨੂੰ ਤਿਆਗਣਾ ਅਤੇ ਰਸਤੇ ਦਾ ਰੋੜਾ ਬਣਨਾ ਪੈਂਦਾ ਹੈ। ਹੀਰ ਨੂੰ ਲੱਭਣ ਲਈ ਕੰਨ ਪੜਵਾਉਣੇ ਪੈਂਦੇ ਹਨ, ਫੁੱਲ ਤੋਂ ਫਲ ਬਣਨ ਲਈ ਢਿੱਡ ਚਿਰਵਾਉਣਾ ਪੈਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


ਮੋਬਾ: 98889-39808

ਸ਼ਬਦ ਵਿਚਾਰ

ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ॥

ਸਿਰੀਰਾਗੁ ਮਹਲਾ ੫
ਗੁਰੁ ਪਰਮੇਸੁਰੁ ਪੂਜੀਐ
ਮਨਿ ਤਨਿ ਲਾਇ ਪਿਆਰੁ॥
ਸਤਿਗੁਰੁ ਦਾਤਾ ਜੀਅ ਕਾ
ਸਭਸੈ ਦੇਇ ਆਧਾਰੁ॥
ਸਤਿਗੁਰੁ ਬਚਨ ਕਮਾਵਣੇ ਸਚਾ ਏਹੁ ਵੀਚਾਰੁ॥
ਬਿਨੁ ਸਾਧੂ ਸੰਗਤਿ ਰਤਿਆ
ਮਾਇਆ ਮੋਹੁ ਸਭੁ ਛਾਰੁ॥ ੧॥
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ॥
ਸਾਧੂ ਸੰਗਤਿ ਮਨਿ ਵਸੈ
ਪੂਰਨ ਹੋਵੈ ਘਾਲ॥ ੧॥ ਰਹਾਉ॥
ਗੁਰੁ ਸਮਰਥੁ ਅਪਾਰੁ ਗੁਰੁ
ਵਡਭਾਗੀ ਦਰਸਨੁ ਹੋਇ॥
ਗੁਰੁ ਅਗੋਚਰੁ ਨਿਰਮਲਾ
ਗੁਰ ਜੇਵਡੁ ਅਵਰੁ ਨ ਕੋਇ॥
ਗੁਰੁ ਕਰਤਾ ਗੁਰੁ ਕਰਣਹਾਰੁ
ਗੁਰਮੁਖਿ ਸਚੀ ਸੋਇ॥
ਗੁਰ ਤੇ ਬਾਹਰਿ ਕਿਛੁ ਨਹੀ
ਗੁਰੁ ਕੀਤਾ ਲੋੜੇ ਸੁ ਹੋਇ॥ ੨॥
ਗੁਰੁ ਤੀਰਥੁ ਗੁਰੁ ਪਾਰਜਾਤੁ
ਗੁਰੁ ਮਨਸਾ ਪੂਰਣਹਾਰੁ॥
ਗੁਰੁ ਦਾਤਾ ਹਰਿ ਨਾਮੁ ਦੇਇ
ਉਧਰੈ ਸਭੁ ਸੰਸਾਰੁ॥
ਗੁਰੁ ਸਮਰਥੁ ਗੁਰੁ ਨਿਰੰਕਾਰੁ
ਗੁਰੁ ਊਚਾ ਅਗਮ ਅਪਾਰੁ॥
ਗੁਰ ਕੀ ਮਹਿਮਾ ਅਗਮ ਹੈ
ਕਿਆ ਕਥੈ ਕਥਨਹਾਰੁ॥ ੩॥
ਜਿਤੜੇ ਫਲ ਮਨਿ ਬਾਛੀਅਹਿ
ਤਿਤੜੇ ਸਤਿਗੁਰ ਪਾਸਿ॥
ਪੂਰਬਿ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ॥
ਸਤਿਗੁਰ ਸਰਣੀ ਆਇਆ ਬਾਹੁੜਿ ਨਹੀ ਬਿਨਾਸੁ॥
ਹਰਿ ਨਾਨਕ ਕਦੇ ਨ ਵਿਸਰਉ
ਏਹੁ ਜੀਉ ਪਿੰਡੁ ਤੇਰਾ ਸਾਸੁ॥ ੪॥ ੨੯॥ ੯੯॥
(ਅੰਗ 52)
ਪਦ ਅਰਥ : ਗੁਰੁ ਪਰਮੇਸੁਰੁ-ਗੁਰੂ ਪਰਮਾਤਮਾ ਦਾ ਹੀ ਰੂਪ ਹੈ। ਲਾਇ ਪਿਆਰੁ-ਪਿਆਰ ਲਾ ਕੇ (ਨਾਲ)। ਪੂਜੀਐ-ਪੂਜਣਾ ਚਾਹੀਦਾ ਹੈ। ਦਾਤਾ ਜੀਅ ਕਾ-ਆਤਮਿਕ ਜੀਵਨ ਦੇਣ ਵਾਲਾ ਦਾਤਾ ਹੈ। ਸਭਸੈ-ਸਭ ਜੀਵਾਂ ਨੂੰ। ਦੇਇ ਅਧਾਰੁ-ਆਸਰਾ ਦਿੰਦਾ ਹੈ। ਸਤਿਗੁਰੁ ਬਚਨ ਕਮਾਵਣੇ-ਗੁਰੂ ਦੇ ਬਚਨਾਂ ਅਨੁਸਾਰ ਕਮਾਈ ਕਰਨਾ, ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਨੂੰ ਢਾਲਣਾ। ਸਚਾ ਏਹੁ ਵੀਚਾਰੁ-ਇਹੀ ਸਭ ਤੋਂ ਚੰਗੀ ਅਕਲ ਵਾਲੀ ਗੱਲ ਹੈ। ਬਿਨੁ ਰਤਿਆ-ਰੱਤੇ ਜਾਣ ਤੋਂ ਬਿਨਾਂ, ਰਚੇ ਜਾਣ ਤੋਂ ਬਿਨਾਂ। ਛਾਰੁ-ਸੁਆਹ ਹੈ, ਵਿਅਰਥ ਹੈ। ਮੇਰੇ ਸਾਜਨ-ਹੇ ਮੇਰੇ ਮਿੱਤਰ। ਸਮਾਲਿ-ਸੰਭਾਲ। ਪੂਰਨ ਹੋਵੇ-ਪੂਰੀ ਹੁੰਦੀ ਹੈ। ਘਾਲ-ਮਿਹਨਤ, ਕਮਾਈ। ਸਮਰਥੁ-ਸਭ ਤਾਤਕਾਂ ਵਾਲਾ। ਅਪਾਰੁ-ਜਿਸ ਦਾ ਪਾਰ ਨਾ ਹੋਵੇ, ਬੇਅੰਤ। ਵਡਭਾਗੀ-ਵੱਡੇ ਭਾਗਾਂ ਵਾਲੇ। ਅਗੋਚਰੁ-ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ। ਨਿਰਮਲਾ-ਪਵਿੱਤਰ ਸਰੂਪ ਵਾਲਾ। ਅਵਰੁ-ਹੋਰ ਕੋਈ। ਕਰਤਾ-ਕਰਤਾਰ ਦਾ ਰੂਪ। ਕਰਣਹਾਰੁ-ਸਭ ਕੁਝ ਕਰਨ ਦੇ ਸਮਰੱਥ। ਸੋਇ-ਸੋਭਾ। ਕੀਤਾ ਲੋੜੇ-ਕਰਨਾ ਲੋੜਦਾ ਹੈ, ਕਰਨਾ ਚਾਹੁੰਦਾ ਹੈ। ਸੁ-ਉਹੀ।
ਪਾਰਜਾਤੁ-ਸਵਰਗ ਵਿਚਲਾ ਰੁੱਖ ਜੋ ਮਨੋਕਾਮਨਾਵਾਂ ਪੂਰੀਆਂ ਕਰਦਾ ਹੈ (ਪੁਰਾਣਾਂ ਅਨੁਸਾਰ ਜਦੋਂ ਸਮੁੰਦਰ ਨੂੰ ਰਿੜਕਿਆ ਗਿਆ ਤਾਂ ਉਸ ਵਿਚੋਂ ਇਕ ਰੁੱਖ ਪਾਰਜਾਤ ਨਿਕਲਿਆ ਜੋ ਇੰਦਰ ਦੇ ਹਿੱਸੇ ਆਇਆ)। ਮਨਸਾ-ਮਨੋਕਾਮਨਾ। ਪੂਰਣਹਾਰੁ-ਪੂਰੀਆਂ ਕਰਨ ਵਾਲਾ ਹੈ। ਉਧਰੈ-ਤਰ ਜਾਂਦਾ ਹੈ, ਬਚ ਜਾਂਦਾ ਹੈ। ਸਮਰਥੁ-ਸਭ ਕੁਝ ਕਰਨ ਦੇ ਯੋਗ। ਊਚਾ-ਸਭ ਤੋਂ ਉੱਚਾ। ਅਗਮ-ਪਹੁੰਚ ਤੋਂ ਪਰੇ, ਅਪਹੁੰਚ। ਅਪਾਰੁ-ਪਾਰ ਤੋਂ ਰਹਿਤ। ਮਹਿਮਾ-ਵਡਿਆਈ। ਕਿਆ ਕਥੇ ਕਥਨਹਾਰੁ-ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ। ਬਾਛੀਅਹਿ-ਚਿਤਵਦੇ ਹਾਂ। ਤਿਤੜੇ-ਉਤਨੇ ਹੀ। ਪੂਰਬਿ ਲਿਖੇ-ਪਹਿਲਾਂ ਲਿਖੇ ਕਰਮਾਂ ਅਨੁਸਾਰ। ਪਾਵਣੇ-ਪਾਈਦੇ ਹਨ। ਸਾਚੁ ਨਾਮੁ-ਸਚ ਨਾਮ ਰੂਪੀ। ਦੇ ਰਾਸਿ-ਪੂੰਜੀ ਦਿੰਦਾ ਹੈ। ਬਾਹੁੜਿ-ਮੁੜ। ਨਹੀ ਬਿਨਾਸੁ-ਵਿਨਾਸ਼ ਨਹੀਂ ਹੁੰਦਾ (ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ)। ਜੀਉ-ਜਿੰਦ। ਪਿੰਡੁ-ਸਰੀਰ। ਸਾਸੁ-ਸੁਆਸ।
ਸ਼ਬਦ ਵਿਚ ਗੁਰੂ ਦੀ ਮਹਿਮਾ ਕੀਤੀ ਗਈ ਹੈ। ਗੁਰੂ ਪਰਮੇਸਰ ਦਾ ਰੂਪ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈ। ਗੁਰਵਾਕ ਹੈ-
ਗੁਰੁ ਪਰਮੇਸਰੁ ਕਰਣੈਹਾਰੁ॥
ਸਗਲ ਸ੍ਰਿਸਟਿ ਕਉ ਦੇ ਆਧਾਰੁ॥
(ਰਾਗੁ ਸੂਹੀ ਮਹਲਾ ੫, ਅੰਗ 741)
ਕਰਣੈਹਾਰੁ-ਸਭ ਕੁਝ ਕਰਨ ਵਾਲਾ (ਪਰਮਾਤਮਾ)। ਸਗਲ-ਸਾਰੀ। ਆਧਾਰੁ-ਆਸਰਾ ਦੇਣ ਵਾਲਾ ਹੈ।
ਅਜਿਹੇ ਸਾਧਕਾਂ ਦੇ ਮਨ ਵਿਚ ਜਦੋਂ ਪ੍ਰਭੂ ਦਾ ਨਾਮ ਵਸ ਜਾਂਦਾ ਹੈ ਤਾਂ ਗੁਰੂ ਉਨ੍ਹਾਂ ਦੇ ਮਾਇਆ ਦੇ ਸਾਰੇ ਬੰਧਨ ਕੱਟ ਦਿੰਦਾ ਹੈ ਅਤੇ ਸਾਧਕ ਫਿਰ ਸਦਾ ਆਤਮਿਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ-
ਗੁਰਿ ਬੰਧਨ ਤਿਨ ਕੇ ਸਗਲੇ ਕਾਟੇ
ਜਨ ਨਾਨਕ ਸਹਜਿ ਸਮਾਈ ਜੀਉ॥
(ਰਾਗੁ ਮਾਝ ਮਹਲਾ ੫, ਅੰਗ 101)
ਬੰਧਨ-ਮਾਇਆ ਬੰਧਨ। ਸਹਜਿ-ਆਤਮਿਕ ਅਡੋਲਤਾ ਵਿਚ। ਸਮਾਈ-ਟਿਕਿਆ ਰਹਿੰਦਾ ਹੈ।
ਪਰ ਜਿਨ੍ਹਾਂ ਦੇ ਗੁਰੂ ਆਪ ਅੰਨ੍ਹੇ ਭਾਵ ਅਗਿਆਨੀ ਹਨ, ਉਨ੍ਹਾਂ ਦੇ ਸਿੱਖ ਵੀ ਅੰਨ੍ਹਿਆਂ ਵਾਲੇ ਕੰਮ ਕਰਦੇ ਹਨ। ਉਹ ਆਪਹੁਦਰੇ ਮਨ ਮਰਜ਼ੀਆਂ ਕਰਦੇ ਹਨ ਅਤੇ ਸਦਾ ਝੂਠ 'ਤੇ ਝੂਠ ਬੋਲਦੇ ਹਨ-
ਗੁਰੂ ਜਿਨਾ ਕਾ ਅੰਧੁਲਾ
ਸਿਖ ਭੀ ਅੰਧੇ ਕਰਮ ਕਰੇਨਿ॥
ਓਇ ਭਾਣੈ ਚਲਨਿ ਆਪਣੈ
ਨਿਤ ਝੂਠੇ ਝੂਠੁ ਬੋਲੇਨਿ॥
(ਰਾਗੁ ਰਾਮਕਲੀ ਕੀ ਵਾਰ ਮਹਲਾ ੩, ਅੰਗ 951)
ਸ਼ਬਦ ਦੇ ਅੱਖਰੀਂ ਅਰਥ : ਮਨ ਅਤੇ ਤਨ ਨਾਲ ਪਿਆਰ ਦੁਆਰਾ ਗੁਰੂ ਰੂਪ ਪਰਮੇਸ਼ਰ ਨੂੰ ਪੂਜਣਾ ਚਾਹੀਦਾ ਹੈ। ਗੁਰੂ ਜੀਵਨ ਦੀ ਦਾਤ ਦੇਣ ਵਾਲਾ ਹੈ ਅਤੇ ਸਭਨਾਂ ਨੂੰ ਆਸਰਾ ਦੇਣ ਵਾਲਾ ਹੈ। ਸਭ ਤੋਂ ਸੱਚਾ ਭਾਵ ਅੱਛਾ ਵਿਚਾਰ ਇਹੋ ਹੈ ਕਿ ਗੁਰੂ ਦੇ ਬਚਨਾਂ ਅਨੁਸਾਰ ਜੀਵਨ ਕਮਾਇਆ ਜਾਵੇ ਅਰਥਾਤ ਬਤੀਤ ਕੀਤਾ ਜਾਵੇ। ਸਾਧ ਸੰਗਤ ਵਿਚ ਪਿਆਰ ਪਾਉਣ ਤੋਂ ਬਿਨਾਂ ਹੋਰ ਜੋ ਕੁਝ ਵੀ ਕਰੀਦਾ ਹੈ, ਉਹ ਸਭ ਮੋਹ-ਮਾਇਆ ਹੈ, ਜੋ ਸਭ ਸੁਆਹ ਦੇ ਸਮਾਨ ਹੈ।
ਹੇ ਮੇਰੇ ਸਜਨ, ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਸੰਭਾਲ ਕੇ ਰੱਖ। ਜੇਕਰ ਸਾਧ ਜਨਾਂ ਦੀ ਸੰਗਤ ਦੁਆਰਾ ਪਰਮਾਤਮਾ ਮਨ ਵਿਚ ਆ ਵਸੇ ਤਾਂ ਸਮਝੋ ਘਾਲ ਕਮਾਈ ਅਰਥਾਤ ਕੀਤੀ ਮਿਹਨਤ ਸਫ਼ਲ ਹੋ ਗਈ ਹੈ। ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ, ਗੁਰੂ ਬੇਅੰਤ ਹੈ, ਜਿਸ ਦੇ ਦਰਸ਼ਨ ਵੱਡੇ ਭਾਗਾਂ ਨਾਲ ਹੁੰਦੇ ਹਨ। ਪਵਿੱਤਰ ਸਰੂਪ ਗੁਰੂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਜੇਡਾ ਵੱਡਾ ਹੋਰ ਕੋਈ ਨਹੀਂ ਹੈ। ਗੁਰੂ ਕਰਤਾਰ ਦਾ ਹੀ ਰੂਪ ਹੈ ਅਤੇ ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੁਆਰਾ ਹੀ ਸੱਚੀ ਸੋਭਾ ਮਿਲਦੀ ਹੈ। ਗੁਰੂ ਦੀ ਮਰਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ, ਗੁਰੂ ਜੋ ਕੁਝ ਕਰਨਾ ਚਾਹੁੰਦਾ ਹੈ, ਉਹ ਕੁਝ ਹੁੰਦਾ ਹੈ।
ਗੁਰੂ ਹੀ ਤੀਰਥ ਅਸਥਾਨ ਅਤੇ ਪਾਰਜਾਤ ਰੁਖ਼ ਹੈ ਜੋ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ। ਗੁਰੂ ਹੀ ਦਾਤਾ ਹੈ ਜੋ ਹਰੀ ਨਾਮ ਦੀ ਦਾਤ ਦਿੰਦਾ ਹੈ, ਜਿਸ ਨਾਲ ਫਿਰ ਸਾਰਾ ਸੰਸਾਰ (ਵਿਕਾਰਾਂ ਤੋਂ) ਬਚ ਜਾਂਦਾ ਹੈ। ਨਿਰੰਕਾਰ ਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਸਭ ਤੋਂ ਉੱਚਾ ਹੈ, ਅਪਹੁੰਚ ਹੈ ਅਤੇ ਅਪਰ ਅਪਾਰ ਹੈ ਭਾਵ ਉਸ ਦਾ ਕੋਈ ਪਾਰ ਨਹੀਂ। ਗੁਰੂ ਦੀ ਵਡਿਆਈ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ, ਕੋਈ ਵੀ ਉਸ ਦੀ ਵਡਿਆਈ ਨੂੰ ਜੇਕਰ ਕਥਨ ਕਰਨ ਦੀ ਕੋਸ਼ਿਸ਼ ਕਰੇ ਤਾਂ ਕਥ ਨਹੀਂ ਸਕਦਾ।
ਮਨ ਵਿਚ ਜਿੰਨੇ ਵੀ ਫਲਾਂ ਦੀ ਇੱਛਾ ਹੁੰਦੀ ਹੈ, ਉਹ ਸਭ ਗੁਰੂ ਪਾਸੋਂ ਪ੍ਰਾਪਤ ਹੋ ਜਾਂਦੇ ਹਨ ਪਰ ਪਰਮਾਤਮਾ ਦਾ ਇਹ ਸਦਾ ਥਿਰ ਰਹਿਣ ਵਾਲਾ ਨਾਮ ਸਰਮਾਇਆ, ਪੂਰਬਲੇ ਲਿਖੇ ਕਰਮਾਂ ਅਨੁਸਾਰ ਹੀ ਪ੍ਰਾਪਤ ਹੁੰਦਾ ਹੈ। ਜੇਕਰ ਇਕ ਵਾਰੀ ਗੁਰੂ ਦੀ ਸਰਨੀ ਆ ਜਾਈਏ ਤਾਂ ਮੁੜ ਪ੍ਰਾਣੀ ਦੇ ਆਤਮਿਕ ਜੀਵਨ ਦਾ ਵਿਨਾਸ਼ ਨਹੀਂ ਹੁੰਦਾ।
ਅੰਤਲੀ ਤੁਕ ਵਿਚ ਪੰਚਮ ਗੁਰਦੇਵ ਪ੍ਰਭੂ ਅੱਗੇ ਅਰਜੋਈ ਕਰਦੇ ਹਨ ਕਿ ਹੇ ਪ੍ਰਭੂ, ਮੈਂ ਤੈਨੂੰ ਕਦੇ ਨਾ ਵਿਸਾਰਾਂ, ਇਹ ਜਿੰਦ, ਸਰੀਰ ਅਤੇ ਸੁਆਸ ਸਭ ਤੇਰੇ ਹੀ ਦਿੱਤੇ ਹੋਏ ਹਨ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਾਂਤ ਹੋ ਕੇ ਕਰਮ ਕਰੋ ਅਤੇ ਕਰਮ ਵਿਚ ਸ਼ਾਂਤੀ ਅਨੁਭਵ ਕਰੋ

ਸਾਨੂੰ ਹਮੇਸ਼ਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਸਵਾਮੀ ਵਿਵੇਕਾਨੰਦ 'ਕਰਮਯੋਗ' ਵਿਚ ਲਿਖਦੇ ਹਨ ਕਿ ਆਦਰਸ਼ ਵਿਅਕਤੀ ਤਾਂ ਉਹ ਹੁੰਦੇ ਹਨ, ਜਿਹੜੇ ਖਾਮੋਸ਼ੀ ਜਾਂ ਸਨਾਟੇ ਵਿਚ ਵੀ ਕਰਮ ਦਾ ਅਤੇ ਕਰਮਸ਼ੀਲਤਾ ਵਿਚ ਸ਼ਾਂਤੀ ਦਾ ਅਨੁਭਵ ਕਰਦੇ ਹਨ। ਅਜਿਹੇ ਕਰਮਯੋਗੀ ਹੀ ਸੰਜਮ ਦਾ ਭੇਦ ਜਾਣਦੇ ਹਨ। ਅਜਿਹੇ ਕਰਮਯੋਗੀ ਕਰਮ ਤੋਂ ਬਿਨਾਂ ਨਹੀਂ ਰਹਿ ਸਕਦੇ, ਤਾਂ ਫਿਰ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ 'ਆਰਾਮ' ਬਾਰੇ ਕੀ ਹੋਵੇਗਾ? ਇਸ ਜੀਵਨ ਸੰਗਰਾਮ ਵਿਚ ਇਕ ਪਾਸੇ ਕਰਮ ਹੈ, ਜਿਸ ਦੇ ਜਾਲ ਵਿਚ ਫਸੇ ਲੋਕ ਚੱਕਰ ਕੱਟ ਰਹੇ ਹਨ ਅਤੇ ਦੂਜੇ ਪਾਸੇ ਹੈ 'ਸ਼ਾਂਤੀ'। ਹਰ ਪਾਸੇ ਸਭ ਕੁਝ ਸ਼ਾਂਤ, ਕਿਸੇ ਪਾਸੇ ਕੋਈ ਰੌਲਾ ਨਹੀਂ, ਕੇਵਲ ਕੁਦਰਤ ਆਪਣੇ ਜੀਵਾਂ, ਫੁੱਲ-ਪੱਤੀਆਂ ਨਾਲ ਬਿਰਾਜਮਾਨ ਹੈ। ਪਰ ਇਨ੍ਹਾਂ ਦੋਵੇਂ ਹਾਲਤਾਂ ਵਿਚੋਂ ਕੋਈ ਵੀ ਸੰਪੂਰਨ ਆਦਰਸ਼ ਦਾ ਚਿੱਤਰ ਨਹੀਂ ਹੈ। ਜੇ ਇਕ ਇਕਾਂਤਵਾਸ ਵਿਚ ਰਹਿਣ ਵਾਲੇ ਵਿਅਕਤੀ ਨੂੰ ਸੰਸਾਰਿਕ ਸ਼ੋਰ-ਸ਼ਰਾਬੇ ਵਿਚ ਲੈ ਆਂਦਾ ਜਾਵੇ ਤਾਂ ਉਸ ਦੀ ਹਾਲਤ ਵੀ ਉਸ ਮੱਛੀ ਵਰਗੀ ਹੋਵੇਗੀ, ਜੋ ਡੂੰਘੇ ਸਮੁੰਦਰ ਵਿਚ ਡੂੰਘਾਈ 'ਤੇ ਵਿਚਰਦੀ ਹੈ ਪਰ ਸਤਹ 'ਤੇ ਲਿਆਉਣ ਨਾਲ ਘੱਟ ਦਬਾਓ ਵਿਚ ਉਸ ਦਾ ਸਰੀਰ ਫਟ ਕੇ ਟੁਕੜੇ-ਟੁਕੜੇ ਹੋ ਜਾਂਦਾ ਹੈ, ਕਿਉਂਕਿ ਉਹ ਬਹੁਤ ਹੀ ਉੱਚ ਦਬਾਅ ਵਿਚ ਵਿਚਰਦੀ ਹੈ। ਇਸੇ ਤਰ੍ਹਾਂ ਸ਼ੋਰ ਭਰਪੂਰ ਨਿਵਾਸ ਵਿਚ ਰਹਿਣ ਵਾਲਾ ਵਿਅਕਤੀ ਜੇ ਸ਼ਾਂਤ ਜੰਗਲ ਵਿਚ ਚਲਾ ਜਾਵੇ ਤਾਂ ਉਹ ਵੀ ਬੇਚੈਨ ਹੋ ਜਾਵੇਗਾ ਤੇ ਹੋ ਸਕਦਾ ਹੈ ਉਸ ਦਾ ਸਿਰ ਚਕਰਾ ਜਾਵੇ। ਪਰ ਜਿਸ ਕਰਮਯੋਗੀ ਨੇ ਇਹ ਦੋਵੇਂ ਅਵਸਥਾਵਾਂ ਅਨੁਭਵ ਕਰ ਲਈਆਂ ਹੋਣ, ਉਹ ਕਦੇ ਵੀ ਵਿਚਲਿਤ ਨਹੀਂ ਹੁੰਦਾ ਅਤੇ ਉਸ ਦਾ ਮਨ 'ਕਰਮ' ਵਿਚ ਲੱਗਾ ਰਹਿੰਦਾ ਹੈ। ਇਹ ਹੀ 'ਕਰਮਯੋਗ' ਦਾ ਆਦਰਸ਼ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

ਸਾਲਾਨਾ ਸਮਾਗਮ 'ਤੇ ਵਿਸ਼ੇਸ਼

ਸਿੱਖ ਧਰਮ ਦੇ ਮਹਾਨ ਪ੍ਰਚਾਰਕ ਬਾਬਾ ਭਾਈ ਰੂਪ ਚੰਦ

ਸਿੱਖ ਧਰਮ ਦੇ ਮਹਾਨ ਪ੍ਰਚਾਰਕ ਭਾਈ ਰੂਪ ਚੰਦ ਦਾ ਜਨਮ ਸੰਮਤ 1671 ਨੂੰ ਭਾਈ ਸੱਧੂ ਦੇ ਘਰ ਮਾਤਾ ਬੀਬੀ ਸੂਰਤੀ ਦੀ ਕੁੱਖੋਂ ਹੋਇਆ। ਜਨਮ ਉਪਰੰਤ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਉਨ੍ਹਾਂ ਦਾ ਨਾਂਅ ਰੂਪ ਚੰਦ ਰੱਖਦਿਆਂ ਕਿਹਾ ਕਿ ਇਹ ਬਾਲਕ ਜਵਾਨ ਹੋ ਕੇ ਗੁਰੂ-ਘਰ ਦੀ ਵੱਡੀ ਸੇਵਾ ਕਰੇਗਾ। ਗੁਰੂ ਜੀ ਨੇ ਉਨ੍ਹਾਂ ਨੂੰ 'ਭਾਈ' ਪਦ ਬਖਸ਼ਿਆ ਅਤੇ ਉਨ੍ਹਾਂ ਦੇ ਨਾਂਅ 'ਤੇ 'ਭਾਈ ਰੂਪਾ' ਆਬਾਦ ਕਰਵਾਇਆ, ਜੋ ਕਿ ਜਲਦ ਹੀ ਵੱਡੇ ਨਗਰ ਦਾ ਰੂਪ ਧਾਰਨ ਕਰ ਗਿਆ। ਗੁਰੂ ਜੀ ਨੇ ਭਾਈ ਰੂਪ ਚੰਦ ਨੂੰ ਮਾਲਵੇ ਦਾ ਪ੍ਰਚਾਰਕ ਥਾਪਿਆ। ਉਨ੍ਹਾਂ ਸਮੁੱਚੇ ਮਾਲਵੇ ਦੇ ਦੌਰੇ ਦੌਰਾਨ ਸਿੱਖੀ ਦਾ ਪ੍ਰਚਾਰ ਕਰਦਿਆਂ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਕਰਮਕਾਂਡਾਂ ਦਾ ਤਿਆਗ ਕਰਕੇ ਗੁਰਮਤਿ ਦੀ ਸੱਚੀ ਸਿੱਖਿਆ ਦਿੱਤੀ। ਗੁਰੂ ਹਰਿਗੋਬਿੰਦ ਸਾਹਿਬ ਨੇ ਭਾਈ ਰੂਪ ਚੰਦ ਨੂੰ ਲੰਗਰ ਵਰਤਾਉਣ ਵਾਸਤੇ ਇਕ ਕੜਛਾ ਪ੍ਰਦਾਨ ਕਰਕੇ ਲੰਗਰ ਦੀ ਸੇਵਾ ਦਾ ਦਾਨ ਵੀ ਬਖਸ਼ਿਆ। ਉਨ੍ਹਾਂ ਦਾ ਖਾਨਦਾਨ ਭਗਤੀ-ਸ਼ਕਤੀ ਵਾਲੇ ਮਹਾਂਪੁਰਸ਼ਾਂ ਦਾ ਜਨਮਦਾਤਾ ਹੈ। ਭਾਈ ਰੂਪ ਚੰਦ ਸੰਮਤ 1766 ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਸਲਾਨਾ ਸਮਾਗਮ 28 ਅਪ੍ਰੈਲ ਤੋਂ 1 ਮਈ ਤੱਕ ਕਸਬਾ ਭਾਈ ਰੂਪਾ (ਬਠਿੰਡਾ) ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 28 ਅਪ੍ਰੈਲ ਨੂੰ ਨਗਰ ਕੀਰਤਨ ਹੋਵੇਗਾ। ਸਮਾਗਮ ਦੌਰਾਨ ਸਿੱਖ ਧਰਮ ਦੇ ਮਹਾਨ ਪ੍ਰਚਾਰਕ, ਢਾਡੀ ਅਤੇ ਕਵੀਸ਼ਰੀ ਜਥੇ ਸਿੱਖ ਇਤਿਹਾਸ ਪੇਸ਼ ਕਰਨਗੇ।


-ਪਿੰਡ ਤੇ ਡਾਕ: ਕੋਠਾ ਗੁਰੂ, ਤਹਿ: ਫੂਲ, ਜ਼ਿਲ੍ਹਾ ਬਠਿੰਡਾ।
ਮੋਬਾ: 98765-90387

ਕੈਨੇਡਾ ਵਿਚ ਪਗੜੀ ਸੰਘਰਸ਼ ਦਾ ਹੀਰੋ, ਅਵਤਾਰ ਸਿੰਘ ਢਿੱਲੋਂ

ਬੀਤੇ ਦਿਨੀਂ ਕੈਨੇਡਾ ਦੀ ਅਲਬਰਟਾ ਸਟੇਟ ਵਿਚ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਤੋਂ ਛੋਟ ਦੇਣ ਲਈ ਕਾਨੂੰਨ ਪਾਸ ਹੋ ਗਿਆ ਹੈ। ਅਲਬਰਟਾ ਤੋਂ ਇਲਾਵਾ ਸਿੱਖਾਂ ਨੂੰ ਇਹ ਛੋਟ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸੂਬੇ ਵਿਚ ਵੀ ਪ੍ਰਾਪਤ ਹੈ। ਸਿੱਖਾਂ ਨੇ ਦੇਸ਼-ਵਿਦੇਸ਼ ਵਿਚ ਪਗੜੀ ਖਾਤਰ ਬਹੁਤ ਸੰਘਰਸ਼ ਕੀਤੇ ਹਨ। ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿਚ ਸਿੱਖਾਂ ਨੇ ਹੈਲਮਟ ਪਾਉਣ ਦੀ ਬਜਾਏ ਬ੍ਰਿਟਿਸ਼ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਜੇ ਅਸੀਂ ਸਿਰ ਵਿਚ ਗੋਲੀ ਲੱਗ ਕੇ ਮਰੇ ਤਾਂ ਬੇਸ਼ੱਕ ਸਾਡੇ ਪਰਿਵਾਰ ਨੂੰ ਪੈਨਸ਼ਨ ਨਾ ਲਾਈ ਜਾਵੇ। ਇਸੇ ਤਰ੍ਹਾਂ ਕੈਨੇਡਾ ਵਿਚ ਵੀ ਪਗੜੀ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ। ਇਨ੍ਹਾਂ ਪਾਬੰਦੀਆਂ ਦੇ ਖ਼ਿਲਾਫ਼ ਸੰਘਰਸ਼ ਦੀ ਦਾਸਤਾਨ ਇਸ ਤਰ੍ਹਾਂ ਹੈ।
ਅਸਲ ਵਿਚ ਇਸ ਲੜਾਈ ਵਿਚ ਸਭ ਤੋਂ ਪਹਿਲੀ ਜਿੱਤ ਅਵਤਾਰ ਸਿੰਘ ਢਿੱਲੋਂ ਨੇ ਪ੍ਰਾਪਤ ਕੀਤੀ ਸੀ। ਅਵਤਾਰ ਸਿੰਘ ਢਿੱਲੋਂ ਨੇ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ 22 ਸਾਲ ਲੜਾਈ ਲੜ ਕੇ ਪਗੜੀਧਾਰੀ ਸਿੱਖਾਂ ਵਾਸਤੇ ਬਿਨਾਂ ਹੈਲਮਟ ਮੋਟਰਸਾਈਕਲ ਚਲਾਉਣ ਦਾ ਕਾਨੂੰਨ ਪਾਸ ਕਰਵਾਇਆ ਹੈ। ਢਿੱਲੋਂ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨੇੜੇ ਪੈਂਦੇ ਪਿੰਡ ਮਜਾਰਾ ਡੀਂਗਰੀਆਂ ਵਿਚ ਹੋਇਆ ਸੀ। ਉਸ ਦੀ ਮਾਤਾ ਦਾ ਨਾਂਅ ਚੰਨਣ ਕੌਰ ਤੇ ਬਾਪ ਦਾ ਨਾਂਅ ਨਿਰੰਜਣ ਸਿੰਘ ਢਿੱਲੋਂ ਹੈ। ਉਹ ਆਪਣੇ ਦਾਦੇ ਗੁਲਜ਼ਾਰਾ ਸਿੰੰਘ ਢਿੱਲੋਂ ਤੋਂ ਬਹੁਤ ਪ੍ਰਭਾਵਿਤ ਹੈ, ਜਿਸ ਨੇ ਪਗੜੀ ਪਹਿਨ ਕੇ ਅੰਗਰੇਜ਼ਾਂ ਵਲੋਂ ਪਹਿਲੀ ਸੰਸਾਰ ਜੰਗ ਵਿਚ ਹਿੱਸਾ ਲਿਆ ਸੀ। ਢਿੱਲੋਂ ਨਵੰਬਰ, 1970 ਵਿਚ ਕੈਨੇਡਾ ਪ੍ਰਵਾਸ ਕਰ ਗਿਆ ਤੇ 1971 ਵਿਚ ਉਸ ਨੇ ਅੰਮ੍ਰਿਤ ਛਕ ਲਿਆ। ਕੈਨੇਡਾ ਵਿਚ ਜੇ ਕੋਈ ਵਰਕਰ ਹੈਲਮਟ ਤੋਂ ਬਗੈਰ ਕੰਮ ਕਰਦਾ ਸਰੀਰਕ ਨੁਕਸਾਨ ਖਾ ਜਾਵੇ ਤਾਂ ਕੰਪਨੀ ਨੂੰ ਭਾਰੀ ਜੁਰਮਾਨੇ ਲਗਦੇ ਹਨ। ਉਸ ਦੇ ਮਿਹਨਤੀ ਸੁਭਾਅ ਨੂੰ ਵੇਖਦੇ ਹੋਏ ਕੰਪਨੀ ਨੇ ਲਿਖ ਕੇ ਦਿੱਤਾ ਕਿ ਜੇ ਉਹ ਹੈਲਮਟ ਪਹਿਨ ਲਵੇ ਜਾਂ ਵਰਕਰ ਕੰਪਨਸੇਸ਼ਨ ਬੋਰਡ ਤੋਂ ਹੈਲਮਟ ਦੀ ਛੋਟ ਲੈ ਲਵੇ ਤਾਂ ਨੌਕਰੀ ਦੁਬਾਰਾ ਬਹਾਲ ਕਰ ਦਿੱਤੀ ਜਾਵੇਗੀ।
ਢਿੱੱਲੋਂ ਨੇ ਹੈਲਮਟ ਪਹਿਨਣ ਦੀ ਬਜਾਏ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਕਰ ਲਿਆ। ਉਹ ਚਾਹੁੰਦਾ ਸੀ ਕਿ ਉਸ ਵਰਗੇ ਹੋਰ ਸਿੱਖਾਂ ਨੂੰ ਵੀ ਅਜਿਹੀ ਮੁਸ਼ਕਿਲ ਪੇਸ਼ ਨਾ ਆਵੇ। ਉਸ ਨੇ ਵੈਨਕੂਵਰ ਦੇ ਤਕਰੀਬਨ ਸਾਰੇ ਗੁਰਦੁਆਰਿਆਂ ਤੋਂ ਪਟੀਸ਼ਨਾਂ 'ਤੇ ਦਸਤਖਤ ਕਰਵਾਏ ਤੇ ਸਮਰਥਨ ਕਰਨ ਲਈ ਮਨਾਇਆ। ਸਾਰੀਆਂ ਪਟੀਸ਼ਨਾਂ ਲੈ ਕੇ ਉਸ ਨੇ ਉਸ ਵੇਲੇ ਦੇ ਬੀ.ਸੀ. ਦੇ ਲੇਬਰ ਮੰਤਰੀ ਅਤੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਕਿ ਸਿੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਾਹਮਣੇ ਰੱਖਦੇ ਹੋਏ ਹੈਲਮਟ ਕਾਨੂੰਨ ਬਦਲਿਆ ਜਾਵੇ। ਉਸ ਦੀ ਇਸ ਮੁਹਿੰਮ ਸਬੰਧੀ ਅਖ਼ਬਾਰਾਂ ਨੇ ਬੜੀ ਪ੍ਰਮੁੱਖਤਾ ਨਾਲ ਖ਼ਬਰਾਂ ਛਾਪੀਆਂ। ਗੁਰਦੁਆਰਾ ਅਕਾਲੀ ਸਿੰਘ ਟੈਂਪਲ ਵਿਚ ਹੋਈ ਮੀਟਿੰਗ ਵਿਚ ਸਿੱਖ ਸਮਾਜ ਨੇ ਫੈਸਲਾ ਕੀਤਾ ਕਿ ਢਿੱਲੋਂ ਅਤੇ ਸਿੱਖ ਸਮਾਚਾਰ ਅਖ਼ਬਾਰ ਦਾ ਬੋਰਡ ਇਸ ਕੇਸ ਨੂੰ ਅੱਗੇ ਵਧਾਵੇ ਤੇ ਸਾਰਾ ਸਮਾਜ ਵਿਤ ਮੁਤਾਬਿਕ ਆਰਥਿਕ, ਧਾਰਮਿਕ ਤੇ ਇਖਲਾਕੀ ਮਦਦ ਦੇਵੇ। ਬੋਰਡ ਵਲੋਂ 1 ਅਪ੍ਰੈਲ, 1976 ਨੂੰ ਲੇਬਰ ਮੰਤਰੀ ਐਲਨ ਵਿਲੀਅਮਜ਼ ਨੂੰ ਚਿੱਠੀ ਲਿਖੀ ਗਈ ਕਿ ਪਗੜੀ ਸਿੱਖ ਧਰਮ ਦਾ ਅਟੁੱਟ ਅੰਗ ਹੈ ਤੇ ਇਹ ਸਿਰ ਨੂੰ ਜ਼ਰੂਰੀ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਜੂਨ, 1977 ਨੂੰ ਦੁਬਾਰਾ ਚਿੱਠੀ ਲਿਖੀ ਗਈ। 20 ਜੁਲਾਈ, 1977 ਨੂੰ ਮੰਤਰਾਲੇ ਤੋਂ ਕੋਰਾ ਜਵਾਬ ਆਇਆ ਕਿ ਪਗੜੀ ਸੁਰੱਖਿਅਤ ਨਹੀਂ ਹੈ ਤੇ ਇਹ ਹੈਲਮਟ ਦਾ ਸਥਾਨ ਨਹੀਂ ਲੈ ਸਕਦੀ।
ਪਰ ਢਿੱਲੋਂ ਇਨ੍ਹਾਂ ਅਸਫਲਤਾਵਾਂ ਨਾਲ ਨਿਰਉਤਸ਼ਾਹਿਤ ਨਹੀਂ ਹੋਇਆ। ਉਸ ਨੇ ਸੋਚਿਆ ਕਿ ਕੰਮ ਵਾਲੀ ਜਗ੍ਹਾ 'ਤੇ ਹੈਲਮਟ ਤੋਂ ਛੋਟ ਲੈਣ ਤੋਂ ਪਹਿਲਾਂ ਜੇ ਮੋਟਰਸਾਈਕਲ ਚਲਾਉਣ ਵੇਲੇ ਪਗੜੀ ਪਹਿਨਣ ਦੀ ਆਗਿਆ ਲੈ ਲਈ ਜਾਵੇ ਤਾਂ ਰਾਹ ਕੁਝ ਅਸਾਨ ਹੋ ਜਾਵੇਗਾ। ਇਸ ਲਈ ਉਹ ਅਗਸਤ, 1977 ਵਿਚ ਆਵਾਜਾਈ ਵਿਭਾਗ ਕੋਲ ਗਿਆ ਕਿ ਉਸ ਦਾ ਪਗੜੀ ਪਹਿਨ ਕੇ ਮੋਟਰਸਾਈਕਲ ਰੋਡ ਟੈਸਟ ਲਿਆ ਜਾਵੇ। ਵਿਭਾਗ ਨੇ ਉਸ ਦਾ ਹੈਲਮਟ ਤੋਂ ਬਗੈਰ ਟੈਸਟ ਲੈਣ ਤੋਂ ਇਨਕਾਰ ਕਰ ਦਿੱਤਾ। ਢਿੱਲੋਂ ਨੇ ਇਸ ਦੇ ਖ਼ਿਲਾਫ਼ ਬੀ. ਸੀ. ਦੇ ਟਰਾਂਸਪੋਰਟ ਮੰਤਰਾਲੇ ਅਤੇ ਹਿਊਮਨ ਰਾਈਟਸ ਕਮਿਸ਼ਨ ਕੋਲ ਅਪੀਲ ਕੀਤੀ, ਜੋ ਖਾਰਜ ਕਰ ਦਿੱਤੀ ਗਈ। ਪਰ ਢਿੱਲੋਂ ਥੱਕ ਕੇ ਬੈਠ ਜਾਣ ਵਾਲਾ ਇਨਸਾਨ ਨਹੀਂ ਸੀ। ਉਸ ਨੇ 23 ਅਕਤੂਬਰ, 1980 ਨੂੰ ਪੁਲਿਸ ਨੂੰ ਜਾਣਬੁੱਝ ਕੇ ਫੋਨ ਕੀਤਾ ਕਿ ਇਕ ਵਿਅਕਤੀ ਫਲਾਣੀ ਸੜਕ 'ਤੇ ਬਗੈਰ ਹੈਲਮਟ ਬਾਈਕ ਚਲਾ ਰਿਹਾ ਹੈ। ਆਪ ਉਹ ਪਗੜੀ ਬੰਨ੍ਹ ਕੇ ਬਾਈਕ ਲੈ ਕੇ ਰੋਡ ਨੰ: 3 ਰਿਚਮੰਡ ਚਲਾ ਗਿਆ ਤੇ ਉਦੋਂ ਤੱਕ ਬਾਈਕ ਚਲਾਉਂਦਾ ਰਿਹਾ, ਜਦ ਤੱਕ ਉਸ ਦਾ ਬਿਨਾਂ ਹੈਲਮਟ ਚਲਾਨ ਨਾ ਕਰ ਦਿੱਤਾ ਗਿਆ। ਢਿੱਲੋਂ ਨੇ ਚਲਾਨ ਦੇ ਖ਼ਿਲਾਫ਼ ਅਦਾਲਤ ਵਿਚ ਅਪੀਲ ਪਾ ਦਿੱਤੀ। ਮੁਕੱਦਮੇ ਦੌਰਾਨ ਜੱਜ ਨੂੰ ਪਗੜੀ ਦੀ ਸਿੱਖ ਇਤਿਹਾਸ ਵਿਚ ਮਹੱਤਤਾ ਬਾਰੇ ਦੱਸਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚਿੱਠੀਆਂ ਪੇਸ਼ ਕੀਤੀਆਂ ਗਈਆਂ ਤੇ ਇੰਗਲੈਂਡ ਵਿਚ ਸਿੱਖਾਂ ਨੂੰ 1976 ਵਿਚ ਬਗੈਰ ਹੈਲਮਟ ਮਿਲੀ ਮੋਟਰਸਾਈਕਲ ਦੀ ਆਗਿਆ ਦੇ ਆਰਡਰ ਪੇਸ਼ ਕੀਤੇ ਗਏ। ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਚਲਾਨ ਤਾਂ ਮੁਆਫ਼ ਕਰ ਦਿੱਤਾ ਪਰ ਢਿੱਲੋਂ 'ਤੇ ਬਗੈਰ ਹੈਲਮਟ ਬਾਈਕ ਚਲਾਉਣ ਦੀ ਪਾਬੰਦੀ ਲਗਾ ਦਿੱਤੀ। ਇਹ ਪਗੜੀ ਮਸਲੇ ਵਿਚ ਭਾਵੇਂ ਛੋਟੀ ਪਰ ਪਹਿਲੀ ਜਿੱਤ ਪ੍ਰਾਪਤ ਹੋਈ। ਜੱਜ ਨੇ ਢਿੱਲੋਂ ਨੂੰ ਫੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਕਰਨ ਦੀ ਆਗਿਆ ਦੇ ਦਿੱਤੀ। ਸੁਪਰੀਮ ਕੋਰਟ ਵਿਚ ਸੁਣਵਾਈ ਦੀ ਤਾਰੀਖ 21 ਸਤੰਬਰ, 1984 ਨੀਯਤ ਹੋਈ। ਵਕੀਲ ਦੀ ਗ਼ਲਤ ਸਲਾਹ ਕਾਰਨ ਅਪੀਲ ਵਾਪਸ ਲੈ ਲਈ ਗਈ।
8 ਅਕਤੂਬਰ, 1986 ਨੂੰ ਸੁਪਰੀਮ ਕੋਰਟ ਨੇ ਇਕ ਹੋਰ ਮੋਟਰਸਾਈਕਲ ਪ੍ਰੇਮੀ ਲੈਰੀ ਸਟੋਨ ਦੀ ਅਪੀਲ 'ਤੇ ਉਸ ਨੂੰ ਬਗੈਰ ਹੈਲਮਟ ਬਾਈਕ ਚਲਾਉਣ ਦੀ ਆਗਿਆ ਦੇ ਦਿੱਤੀ, ਜਿਸ ਦੇ ਨਤੀਜੇ ਵਜੋਂ ਕੁਝ ਦੇਰ ਲਈ ਕਾਨੂੰਨ ਵੀ ਬਦਲ ਦਿੱਤਾ ਗਿਆ। ਇਸ ਸਮੇਂ ਦੌਰਾਨ ਢਿੱਲੋਂ ਨੇ ਦੁਬਾਰਾ ਰੋਡ ਟੈਸਟ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਹਾ ਗਿਆ ਕਿ ਬਿਨਾਂ ਹੈਲਮਟ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲੀ ਹੈ, ਟੈਸਟ ਦੇਣ ਦੀ ਨਹੀਂ। ਕੁਝ ਚਿਰ ਬਾਅਦ ਅਪੀਲ ਕਰਨ 'ਤੇ ਸਰਕਾਰ ਕੇਸ ਜਿੱਤ ਗਈ ਤੇ ਹੈਲਮਟ ਦੁਬਾਰਾ ਲਾਗੂ ਹੋ ਗਿਆ। 1994 ਵਿਚ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤੇ ਮੁੱਖ ਮੰਤਰੀ ਮਾਈਕ ਹਾਰਕੋਟ ਨੂੰ ਵੀ ਲਿਖਿਆ ਪਰ ਗੱਲ ਨਾ ਬਣੀ। ਇਸ ਆਖਰੀ ਹੱਲੇ ਤੋਂ ਬਾਅਦ ਢਿੱਲੋਂ ਨੇ ਹੁਣ ਤੱਕ ਦਾ ਸਾਰਾ ਰਿਕਾਰਡ ਨਾਲ ਲਗਾ ਕੇ 17 ਫਰਵਰੀ, 1995 ਨੂੰ ਬੀ.ਸੀ. ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਪਾ ਦਿੱਤੀ।
ਕੇਸ ਦਾਖਲ ਹੋਣ 'ਤੇ ਸਿੱਖ ਸਮਾਜ ਵਲੋਂ ਢਿੱਲੋਂ ਨੂੰ ਬੇਮਿਸਾਲ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ। ਉਸ ਦੀ ਮਦਦ ਲਈ ਇਕ ਕਮੇਟੀ ਬਣਾ ਦਿੱਤੀ ਗਈ ਤੇ ਮਸ਼ਹੂਰ ਵਕੀਲਾਂ ਅਲੈਕਸ ਡੈਨਟਜ਼ਰ ਤੇ ਡੀ.ਏ. ਬੌਏਡ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ। ਜਿਸ ਵੀ ਦੇਸ਼ ਵਿਚ ਸਿੱਖਾਂ ਨੂੰ ਪਗੜੀ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਸੀ, ਉਥੋਂ ਹੀ ਰਿਕਾਰਡ ਇਕੱਠਾ ਕੀਤਾ ਗਿਆ। ਅਵਤਾਰ ਸਿੰਘ ਢਿੱਲੋਂ ਬਨਾਮ ਮਨਿਸਟਰੀ ਆਫ ਟਰਾਂਸਪੋਰਟੇਸ਼ਨ ਐਂਡ ਹਾਈਵੇਜ਼ ਕੇਸ ਐਨਾ ਮਸ਼ਹੂਰ ਹੋ ਗਿਆ ਕਿ ਹਰ ਪੇਸ਼ੀ 'ਤੇ ਹਜ਼ਾਰਾਂ ਲੋਕ ਸੁਣਨ ਲਈ ਆਉਂਦੇ।
ਅਖੀਰ 11 ਮਈ, 1999 ਨੂੰ ਫੈਸਲਾ ਢਿੱਲੋਂ ਦੇ ਹੱਕ ਵਿਚ ਆ ਗਿਆ। ਕਮਿਸ਼ਨ ਨੇ ਮੰਨ ਲਿਆ ਕਿ ਢਿੱਲੋਂ ਨਾਲ ਧਰਮ ਦੇ ਆਧਾਰ 'ਤੇ ਵਿਤਕਰਾ ਕੀਤਾ ਗਿਆ ਹੈ। ਕਮਿਸ਼ਨ ਨੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਕਾਨੂੰਨ ਵਿਚ ਜ਼ਰੂਰੀ ਬਦਲਾਅ ਕਰਨ ਦਾ ਹੁਕਮ ਦਿੱਤਾ, ਜੋ ਸਰਕਾਰ ਨੂੰ ਤੁਰੰਤ ਕਰਨਾ ਪਿਆ। ਢਿੱਲੋਂ ਕੈਨੇਡਾ ਵਿਚ ਪੰਜਾਬੀਆਂ ਦਾ ਹੀਰੋ ਬਣ ਗਿਆ। ਸ਼੍ਰੋਮਣੀ ਕਮੇਟੀ ਵਲੋਂ ਉਸ ਦਾ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਧਾਰਮਿਕ ਸਾਹਿਤ

ਜੰਗਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ
ਲੇਖਕ : ਸ: ਗੁਰਦੇਵ ਸਿੰਘ ਮਠਾੜੂ
ਪ੍ਰਕਾਸ਼ਕ : ਗੁਰੂ ਤੇਗ ਬਹਾਦੁਰ ਸਾਹਿਬ ਗੁਰਦੁਆਰਾ ਲੈਸਟਰ, ਇੰਗਲੈਂਡ।
ਕੀਮਤ : 150 ਰੁਪਏ, ਪੰਨੇ : 296


ਮਹਾਂਕਾਵਿ ਦੇ ਰੂਪ ਵਿਚ ਲਿਖੀ ਗਈ ਇਹ ਕਿਤਾਬ ਵਾਕਈ ਇਕ ਖਜ਼ਾਨੇ ਵਾਂਗ ਜਾਪਦੀ ਹੈ, ਜਿਸ ਵਿਚ ਲੇਖਕ ਸ: ਗੁਰਦੇਵ ਸਿੰਘ ਮਠਾੜੂ ਨੇ ਕਾਵਿ ਦੇ ਰਾਹੀਂ ਆਧੁਨਿਕ ਸਮੇਂ ਦੇ ਸਿੱਖ ਇਤਿਹਾਸ ਦੀ ਗਾਥਾ ਬਿਆਨ ਕੀਤੀ ਹੈ। ਸਿੱਖ ਇਤਿਹਾਸ ਜੋ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਲੰਮੇਰਾ ਅਤੇ ਲਾਮਿਸਾਲ ਸਿਲਸਿਲਾ ਸੰਭਾਲੀ ਬੈਠਾ ਹੈ, ਉਸ ਨੂੰ ਆਧੁਨਿਕ ਸਮੇਂ ਵਿਚ ਅਤੇ ਖਾਸ ਕਰ ਪਿਛਲੀ ਸਦੀ ਦੌਰਾਨ ਜੋ ਸਮਾਂ ਵੇਖਣਾ ਪਿਆ, ਉਸ ਨੂੰ ਲੇਖਕ ਗੁਰਦੇਵ ਸਿੰਘ ਮਠਾੜੂ ਨੇ ਕਾਵਿ ਦੇ ਮਾਧਿਅਮ ਰਾਹੀਂ ਇਕ ਬਿਹਤਰੀਨ ਬਣਤਰ ਸਮੇਤ ਪ੍ਰਸਤੁਤ ਕੀਤਾ ਹੈ। ਇਹ ਕਿਤਾਬ ਕਾਵਿ ਟੋਟਿਆਂ ਦੇ ਰੂਪ ਵਿਚ ਲਿਖੀ ਗਈ ਹੈ ਅਤੇ ਹਰ ਕਾਵਿ ਟੋਟਾ 8 ਸਤਰਾਂ ਦਾ ਹੈ। ਕੁੱਲ ਮਿਲਾ ਕੇ ਇਸ ਕਿਤਾਬ ਵਿਚ ਦੋ ਹਜ਼ਾਰ ਕਾਵਿ ਟੋਟੇ ਹਨ ਅਤੇ ਹਰ ਕਾਵਿ ਟੋਟੇ ਵਿਚ ਸਿੱਖ ਇਤਿਹਾਸ ਅਤੇ ਇਸ ਦੇ ਨਾਇਕ-ਨਾਇਕਾਵਾਂ ਦੀ ਗੱਲ ਨਿਵੇਕਲੇ ਢੰਗ ਨਾਲ ਕੀਤੀ ਗਈ ਹੈ। ਸਿੱਖ ਕੌਮ ਉੱਤੇ ਹੋਏ ਜ਼ੁਲਮ, ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ, 1984 ਦੇ ਸਿੱਖ ਵਿਰੋਧੀ ਕਤਲੇਆਮ, ਪੰਜਾਬ ਵਿਚ ਕਾਲੇ ਦੌਰ ਦੌਰਾਨ ਮਨੁੱਖੀ ਅਧਿਕਾਰ ਦੇ ਹੋਏ ਕਤਲੇਆਮ ਸਮੇਤ ਪੰਜਾਬ ਅਤੇ ਸਿੱਖ ਕੌਮ ਦੀ ਮੌਜੂਦਾ ਦਿਸ਼ਾ ਅਤੇ ਦਸ਼ਾ ਪ੍ਰਤੀ ਵੀ ਲੇਖਕ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਪੂਰੇ ਵਿਸ਼ੇ ਸਬੰਧੀ ਦੇਸ਼ ਅਤੇ ਪੰਜਾਬ ਤੱਕ ਸੀਮਤ ਨਾ ਹੋ ਕੇ ਇਨ੍ਹਾਂ ਸਾਰੀਆਂ ਘਟਨਾਵਾਂ ਸਬੰਧੀ ਵਿਦੇਸ਼ੀ ਧਰਤੀ ਉੱਪਰਲੇ ਵਿਚਾਰਾਂ ਅਤੇ ਭਾਵਾਂ ਨੂੰ ਵੀ ਉਦਾਹਰਨਾਂ ਸਮੇਤ ਬਿਆਨ ਕੀਤਾ ਹੈ। ਸਿੱਖ ਇਤਿਹਾਸ ਬਾਰੇ ਕਲਮ ਚਲਾਉਣ ਦੀ ਕੋਸ਼ਿਸ਼ ਬਹੁਤ ਸਾਰੇ ਲਿਖਾਰੀਆਂ ਨੇ ਕੀਤੀ ਹੈ ਪਰ ਗੁਰਦੇਵ ਸਿੰਘ ਮਠਾੜੂ ਦੀ ਇਹ ਕਿਤਾਬ ਅਤੇ ਉਨ੍ਹਾਂ ਦਾ ਇਹ ਉਪਰਾਲਾ ਨਿਵੇਕਲਾ ਇਸ ਲਈ ਹੈ, ਕਿਉਂਕਿ ਉਨ੍ਹਾਂ ਨੇ ਇਸ ਕਿਤਾਬ ਰਾਹੀਂ ਤਰਤੀਬਵਾਰ ਇਤਿਹਾਸ ਬਿਆਨ ਹੀ ਨਹੀਂ ਕੀਤਾ, ਬਲਕਿ ਇਸ ਦੌਰਾਨ ਵਾਪਰੀ ਹਰ ਘਟਨਾ ਪ੍ਰਤੀ ਆਪਣਾ ਨਜ਼ਰੀਆ ਬੇਬਾਕੀ ਨਾਲ ਪਾਠਕਾਂ ਨਾਲ ਸਾਂਝਾ ਵੀ ਕੀਤਾ ਹੈ। ਇਤਿਹਾਸ ਦੇ ਜਾਣਕਾਰ ਦੇ ਨਾਲ-ਨਾਲ ਪੰਜਾਬ ਅਤੇ ਸਿੱਖ ਇਤਿਹਾਸ ਪ੍ਰਤੀ ਰੁਚੀ ਰੱਖਣ ਵਾਲਿਆਂ ਲਈ ਇਹ ਕਿਤਾਬ ਬੇਸ਼ਕੀਮਤੀ ਖਜ਼ਾਨਾ ਹੈ।


-ਤੀਰਥ ਸਿੰਘ ਢਿੱਲੋਂ,
ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਾਰਾ ਸਾਲ ਪ੍ਰਚਾਰਿਆ ਜਾਵੇ

ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਧਰਤੀ ਉੱਤੇ ਉਦੋਂ ਹੋਇਆ, ਜਦੋਂ ਸਦੀਆਂ ਦੀ ਗੁਲਾਮੀ ਅਤੇ ਜਾਤ-ਪਾਤ ਦੇ ਆਧਾਰ 'ਤੇ ਪਈਆਂ ਵੰਡੀਆਂ ਨਾਲ ਭਾਰਤੀ ਸਮਾਜ ਦਾ ਭੈੜਾ ਹਾਲ ਸੀ। ਕੰਮਕਾਜੀ ਆਧਾਰ ਉੱਤੇ ਹੋਈ ਵਰਗ ਵੰਡ ਨੂੰ ਪੱਕਿਆਂ ਕਰਕੇ ਲੋਕਾਂ ਨੂੰ ਉੱਚੀਆਂ ਤੇ ਨੀਵੀਆਂ ਜਾਤਾਂ ਵਿਚ ਵੰਡ ਦਿੱਤਾ ਗਿਆ ਸੀ। ਨੀਵੀਂਆਂ ਜਾਤਾਂ ਨੂੰ ਅਛੂਤ ਆਖਿਆ ਗਿਆ ਅਤੇ ਉਨ੍ਹਾਂ ਦਾ ਜੀਵਨ ਨਰਕ ਤੋਂ ਵੀ ਭੈੜਾ ਬਣਾ ਦਿੱਤਾ ਗਿਆ। ਇਸ ਜ਼ੁਲਮ ਵਿਰੁੱਧ ਗੁਰੂ ਜੀ ਨੇ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ-ਕੁਚਲੇ ਲੋਕਾਂ ਨੂੰ ਹੱਕਾਂ ਦੀ ਰਾਖੀ ਵਾਸਤੇ ਜੁੜਨ ਲਈ ਵੰਗਾਰਿਆ। ਉਨ੍ਹਾਂ ਨੇ ਨਿਮਾਣੇ, ਨਿਤਾਣੇ ਅਤੇ ਨੀਚ ਸਮਝੇ ਜਾਂਦੇ ਲੋਕਾਂ ਦੇ ਬਰਾਬਰ ਆਪਣੇ-ਆਪ ਨੂੰ ਖੜ੍ਹਾ ਕੀਤਾ ਤੇ ਉਨ੍ਹਾਂ ਦਾ ਸਾਥ ਦਿੱਤਾ। ਜਾਤ-ਪਾਤ ਅਤੇ ਊਚ-ਨੀਚ ਦੀਆਂ ਵੰਡੀਆਂ ਏਨੀਆਂ ਪੀਡੀਆਂ ਸਨ ਕਿ ਇਨ੍ਹਾਂ ਨੂੰ ਤੋੜਨ ਲਈ ਦੋ ਸਦੀਆਂ ਤੋਂ ਵੀ ਵੱਧ ਦਾ ਸਮਾਂ ਲੱਗਿਆ ਤੇ ਦਸ ਜਾਮੇ ਧਾਰਨ ਕਰਨੇ ਪਏ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਇਸ ਵਿਚ ਸਾਰੇ ਧਰਮਾਂ ਅਤੇ ਵਰਣਾਂ ਦੇ ਭਗਤ ਸਾਹਿਬਾਨ ਦੀ ਬਾਣੀ ਦਰਜ ਕਰਕੇ ਗੁਰੂ ਜੀ ਨੂੰ ਸਾਂਝੀਵਾਲਤਾ ਦਾ ਪ੍ਰਤੀਕ ਬਣਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਚਾਰ ਬੂਹੇ ਰੱਖ ਕੇ ਚਾਰੇ ਵਰਣਾਂ ਦਾ ਪ੍ਰਤੀਕ ਬਣਾਇਆ। ਦੋ ਗੁਰੂ ਸਾਹਿਬਾਨ ਨੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੇ-ਆਪ ਦੀ ਕੁਰਬਾਨੀ ਦਿੱਤੀ। ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਯਕੀਨ ਹੋ ਗਿਆ ਕਿ ਲੋਕਾਈ ਹੁਣ ਬਰਾਬਰੀ ਲਈ ਤਿਆਰ ਹੋ ਗਈ ਹੈ ਤਾਂ ਉਨ੍ਹਾਂ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਜਾਤ-ਪਾਤ, ਧਰਮ, ਊਚ-ਨੀਚ ਆਦਿ ਦੇ ਨਾਂਅ ਉੱਤੇ ਪਈਆਂ ਵੰਡੀਆਂ ਨੂੰ ਕ੍ਰਿਪਾਨ ਦੇ ਇਕੋ ਝਟਕੇ ਨਾਲ ਹਮੇਸ਼ਾ ਲਈ ਖ਼ਤਮ ਕਰ ਦਿੱਤਾ।
ਇਸ ਇਨਕਲਾਬ ਨੂੰ ਵਾਪਰਿਆਂ ਤਿੰਨ ਸਦੀਆਂ ਤੋਂ ਵੱਧ ਸਮਾਂ ਹੋ ਗਿਆ ਹੈ। ਗੁਰੂ ਦੇ ਸਿੰਘਾਂ ਨੇ ਆਪੋ ਵਿਚ ਤਾਂ ਬਰਾਬਰੀ ਰੱਖਣੀ ਹੀ ਸੀ, ਸਗੋਂ ਸੰਸਾਰ ਵਿਚ ਜਿਥੇ ਵੀ ਧਰਮ, ਜਾਤ, ਰੰਗ, ਨਸਲ ਆਦਿ ਦੇ ਆਧਾਰ ਉੱਤੇ ਮਨੁੱਖੀ ਵੰਡੀਆਂ ਹਨ, ਉਨ੍ਹਾਂ ਨੂੰ ਵੀ ਮੇਟਣਾ ਚਾਹੀਦਾ ਸੀ ਪਰ ਇਹ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਅਸੀਂ ਦੂਜਿਆਂ ਨੂੰ ਬਰਾਬਰੀ ਦਾ ਸਬਕ ਪੜ੍ਹਾਉਣਾ ਤਾਂ ਦੂਰ, ਸਗੋਂ ਆਪੋ ਵਿਚ ਵੀ ਮੁੜ ਵੰਡੀਆਂ ਨੂੰ ਖੜ੍ਹਾ ਕਰ ਲਿਆ ਹੈ। ਦਸ ਗੁਰੂ ਸਾਹਿਬਾਨ ਤੇ ਅਨੇਕਾਂ ਸਿੰਘਾਂ ਨੇ ਬਰਾਬਰੀ ਦੇ ਜਿਸ ਇਨਕਲਾਬ ਨੂੰ ਸਿਰਜਿਆ ਸੀ, ਅਸੀਂ ਆਪ ਹੀ ਉਸ ਨੂੰ ਮੇਟਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ ਆਪਣੇ-ਆਪ ਨੂੰ ਗੁਰੂ ਦੇ ਸਿੱਖ ਨਹੀਂ ਅਖਵਾਉਂਦੇ, ਸਗੋਂ ਜੱਟ ਸਿੱਖ, ਖੱਤਰੀ ਸਿੱਖ, ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਰਾਮਗੜ੍ਹੀਆ ਸਿੱਖ ਅਖਵਾਉਂਦੇ ਹਾਂ। ਗੁਰੂ-ਘਰ ਵੀ ਆਪਾਂ ਬਰਾਦਰੀ ਦੇ ਨਾਂਅ ਉੱਤੇ ਹੀ ਉਸਾਰ ਲਏ ਹਨ। ਸਿੱਖ ਪੰਥ ਵਿਚ ਜਿਹੜਾ ਵੀ ਕੋਈ ਮਹਾਂਪੁਰਸ਼ ਜਾਂ ਸੰਤ ਹੁੰਦਾ ਹੈ, ਉਸ ਦੇ ਪੈਰੋਕਾਰ ਉਸ ਦੇ ਨਾਂਅ ਉੱਤੇ ਆਪਣੀ ਵੱਖਰੀ ਸੰਪ੍ਰਦਾਇ ਸ਼ੁਰੂ ਕਰ ਲੈਂਦੇ ਹਨ। ਗੁਰੂ-ਘਰਾਂ ਨੂੰ ਲੋਕਾਈ ਦੀ ਸੇਵਾ ਦੇ ਕੇਂਦਰ ਬਣਾਉਣ ਦੀ ਥਾਂ ਸ਼ਕਤੀ ਪ੍ਰਾਪਤੀ ਦੇ ਕੇਂਦਰ ਬਣਾ ਲਿਆ ਹੈ। ਇਕ-ਦੂਜੇ ਦੇ ਮੁਕਾਬਲੇ ਗੁਰੂ ਦੇ ਸਿੱਖ ਵੱਡੇ ਤੋਂ ਵੱਡਾ ਨਗਰ ਕੀਰਤਨ ਜਾਂ ਕੀਰਤਨ ਦਰਬਾਰ ਕਰਵਾਉਣ ਲੱਗ ਪਏ ਹਨ, ਪਰ ਕਿਸੇ ਗਰੀਬ ਸਿੱਖ ਦੀ ਬਾਂਹ ਫੜਨ ਦਾ ਕਦੇ ਕਿਸੇ ਯਤਨ ਨਹੀਂ ਕੀਤਾ। ਉਹ ਗੁਰੂ ਤੋਂ ਬੇਮੁੱਖ ਹੋ ਕੇ ਦੂਜੇ ਰਾਹ ਲੱਭਣ ਲੱਗ ਪਏ ਹਨ।
ਗੁਰੂ ਸਾਹਿਬਾਨ ਨੇ ਸਾਨੂੰ ਸਾਦਗੀ, ਨਿਮਰਤਾ, ਮਿੱਠੀ ਬਾਣੀ, ਨਸ਼ਿਆਂ ਤੋਂ ਦੂਰੀ, ਸੁੱਚੀ ਕਿਰਤ ਕਰਨ ਤੇ ਵੰਡ ਛਕਣ ਦਾ ਸਬਕ ਸਿਖਾਇਆ ਸੀ ਪਰ ਅਸੀਂ ਵਿਖਾਵਾ, ਆਕੜ, ਗਾਲੀ-ਗਲੋਚ, ਹੇਰਾਫੇਰੀ ਤੇ ਘਰ ਭਰਨ ਵੱਲ ਤੁਰ ਪਏ ਹਾਂ।
ਪੰਜਾਹ ਸਾਲ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮਨਾਇਆ ਸੀ, ਗੁਰੂ ਜੀ ਬਾਰੇ ਕਿਤਾਬਾਂ ਲਿਖੀਆਂ ਗਈਆਂ, ਭਵਨ ਉਸਾਰੇ ਗਏ, ਪਰ ਗੁਰੂ ਜੀ ਦੇ ਉਪਦੇਸ਼ਾਂ ਦਾ ਸੰਸਾਰ ਦੇ ਦੂਜੇ ਲੋਕਾਂ ਵਿਚ ਤਾਂ ਕੀ, ਅਸੀਂ ਗੁਰੂ ਦੇ ਸਿੱਖਾਂ ਵਿਚ ਵੀ ਪ੍ਰਚਾਰ ਨਹੀਂ ਕਰ ਸਕੇ। ਪ੍ਰਚਾਰਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਪਰ ਉਨ੍ਹਾਂ ਦਾ ਬਹੁਤਾ ਜ਼ੋਰ ਗੁਰੂ ਸਾਹਿਬਾਨ ਦੀਆਂ ਕਰਾਮਾਤਾਂ ਜਾਂ ਜਨਮ ਸਾਖੀਆਂ ਦੇ ਵਿਖਿਆਨ ਉੱਤੇ ਹੀ ਵਧੇਰੇ ਹੋ ਗਿਆ ਹੈ। ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ। ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤੀ ਲਈ ਸੁੱਖਾਂ ਸੁੱਖਣੀਆਂ ਤੇ ਕਈ ਹੋਰ ਕਰਮ ਕਾਂਡ ਤਾਂ ਦੱਸੇ ਜਾਂਦੇ ਹਨ ਪਰ ਗੁਰੂ ਦੇ ਹੁਕਮਾਂ ਨੂੰ ਮੰਨ ਕੇ ਜੀਵਨ ਜਿਉਣ ਬਾਰੇ ਨਹੀਂ ਆਖਿਆ ਜਾਂਦਾ। ਗੁਰੂ ਜੀ ਨੇ ਤਾਂ ਸਾਨੂੰ ਸਮਝਾਇਆ ਸੀ ਕਿ ਜਿਹੋ ਜਿਹਾ ਅਸੀਂ ਕਰਮ ਕਰਾਂਗੇ, ਉਹੋ ਹੀ ਫ਼ਲ ਪ੍ਰਾਪਤ ਹੋਵੇਗਾ। ਸਕੂਲ ਵਿਚ ਜਾਣ ਲਈ ਉਥੋਂ ਦੀ ਵਰਦੀ ਪਾਉਣੀ ਤਾਂ ਜ਼ਰੂਰੀ ਹੈ ਪਰ ਇਮਤਿਹਾਨ ਪਾਸ ਕਰਨ ਲਈ ਪੜ੍ਹਾਈ ਵੀ ਕਰਨੀ ਪੈਂਦੀ ਹੈ। ਸਾਡੇ ਬਹੁਤੇ ਪ੍ਰਚਾਰਕ ਵਰਦੀ ਅਤੇ ਵਿਖਾਵੇ ਤੱਕ ਹੀ ਆਪਣੇ ਪ੍ਰਚਾਰ ਨੂੰ ਸੀਮਤ ਕਰ ਰਹੇ ਹਨ, ਕਿਉਂਕਿ ਉਨ੍ਹਾਂ ਵਿਚੋਂ ਬਹੁਤੇ ਗੁਰੂ ਜੀ ਦੇ ਉਪਦੇਸ਼ਾਂ ਉਤੇ ਆਪ ਅਮਲ ਨਹੀਂ ਕਰ ਰਹੇ। ਪ੍ਰਚਾਰ ਦਾ ਅਸਰ ਉਦੋਂ ਹੀ ਹੁੰਦਾ ਜਦੋਂ ਪ੍ਰਚਾਰ ਕਰਨ ਵਾਲਾ ਪਹਿਲਾਂ ਆਪ ਉਸ ਉੱਤੇ ਅਮਲ ਕਰਦਾ ਹੋਵੇ।
ਪੰਜਾਬ ਦੇ ਬਹੁਤੇ ਪਰਿਵਾਰ ਗੁਰੂ ਉਪਦੇਸ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰਨੀ, ਵੰਡ ਛਕਣਾ ਤੇ ਨਾਮ ਜਪਣ ਦੇ ਉਪਦੇਸ਼ ਰਾਹੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਸਿਖਾਇਆ ਹੈ ਪਰ ਵੇਖਣ ਵਿਚ ਆਇਆ ਹੈ ਕਿ ਬਹੁਤੀ ਵਾਰ ਆਪੇ ਹੀ ਸਿਰਜੀ ਭੈੜੀ ਸਥਿਤੀ ਦਾ ਮੁਕਾਬਲਾ ਕਰਕੇ ਉਸ ਨੂੰ ਠੀਕ ਕਰਨ ਦੇ ਯਤਨ ਦੀ ਥਾਂ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ ਤੇ ਪਿੰਡਾਂ ਦੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ। ਇਹ ਸਿੱਖਾਂ ਦਾ ਕਿਰਦਾਰ ਨਹੀਂ ਹੈ। ਸਿੱਖਾਂ ਨੂੰ ਤਾਂ ਵੱਡੀ ਤੋਂ ਵੱਡੀ ਮੁਸੀਬਤ ਦਾ ਮੁਕਾਬਲਾ ਕਰਨ ਦੀ ਜੁਗਤੀ ਦੱਸੀ ਗਈ ਹੈ। ਸਿੱਖ ਤਾਂ ਉਦੋਂ ਨਹੀਂ ਸੀ ਘਬਰਾਏ ਜਦੋਂ ਉਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਉਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਅਤੇ ਖੁਰਾਕ ਇਕ ਮੁੱਠ ਭੁੱਜੇ ਛੋਲੇ ਹੁੰਦੇ ਸਨ। ਉਦੋਂ ਉਹ ਜ਼ਾਲਮ ਅਤੇ ਜ਼ੁਲਮ ਦਾ ਕੇਵਲ ਮੁਕਾਬਲਾ ਹੀ ਨਹੀਂ ਕਰਦੇ ਸਨ, ਸਗੋਂ ਸਮੇਂ-ਸਮੇਂ ਸਿਰ ਉਨ੍ਹਾਂ ਨੂੰ ਸਬਕ ਵੀ ਸਿਖਾਉਂਦੇ ਸਨ। ਹੁਣ ਪੰਜਾਬ ਦੇ ਹੀ ਸਿੱਖ ਬੁਝਦਿਲੀ ਦੀ ਮਿਸਾਲ ਬਣ ਰਹੇ ਹਨ। ਨਸ਼ਿਆਂ ਦਾ ਸਹਾਰਾ ਲੈਣਾ ਜਾਂ ਖੁਦਕੁਸ਼ੀ ਕਰਨਾ ਬੁਝਦਿਲੀ ਦੀ ਨਿਸ਼ਾਨੀ ਹੈ। ਇਸ ਦਾ ਮੁੱਖ ਕਾਰਨ ਹੈ ਸਿੱਖੀ ਦਾ ਪ੍ਰਚਾਰ ਘਟਿਆ ਹੈ। ਕੀਰਤਨ ਦਰਬਾਰ ਅਤੇ ਨਗਰ ਕੀਰਤਨਾਂ ਦੀ ਆਪਣੀ ਮਹੱਤਤਾ ਹੈ ਪਰ ਸਿੱਖਾਂ ਨੂੰ ਚੜ੍ਹਦੀ ਕਲਾ ਦਾ ਪਾਠ ਪੜ੍ਹਾਉਣ ਲਈ ਪ੍ਰਚਾਰ ਦੀ ਲੋੜ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦਾਂ ਅਤੇ ਨਾਇਕਾਂ ਬਾਰੇ ਜਾਣਕਾਰੀ ਦੇਣ ਦੀ ਲੋੜ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਆ ਰਹੀਆਂ ਕੁਰੀਤੀਆਂ ਵਿਰੁੱਧ ਵੀ ਮੁਹਿੰਮ ਚਲਾਈ ਜਾਵੇ। ਜਿਹੜੇ ਸਿੱਖ ਪਰਿਵਾਰ ਸੱਚਮੁੱਚ ਮੁਸੀਬਤ ਵਿਚ ਹਨ, ਉਨ੍ਹਾਂ ਦੀ ਬਾਂਹ ਫੜਨੀ ਭਾਈਚਾਰੇ ਦਾ ਫਰਜ਼ ਬਣਦਾ ਹੈ। ਕਿਰਤ ਕਰਨ ਤੋਂ ਅਗਲਾ ਪੜਾਅ ਵੰਡ ਛਕਣਾ ਹੈ। ਅਸੀਂ ਆਪਣੀ ਕਿਰਤ ਕਮਾਈ ਵਿਚੋਂ ਗੁਰੂ-ਘਰਾਂ ਨੂੰ ਆਲੀਸ਼ਾਨ ਬਣਾਉਣ ਉੱਤੇ ਤਾਂ ਖਰਚ ਕਰਦੇ ਹੀ ਹਾਂ ਪਰ ਮੁਸੀਬਤ ਵਿਚ ਫਸੇ ਸਿੱਖ ਪਰਿਵਾਰਾਂ ਦੀ ਬਾਂਹ ਫੜਨੀ ਵੀ ਸਿੱਖੀ ਲਹਿਰ ਦਾ ਹਿੱਸਾ ਹੋਣਾ ਚਾਹੀਦਾ ਹੈ।
ਇਹ ਵੇਖਣ ਵਿਚ ਆਇਆ ਹੈ ਕਿ ਗ਼ਰੀਬੀ ਤੋਂ ਘਬਰਾਏ ਕਈ ਸਿੱਖ ਪਰਿਵਾਰ ਸਿੱਖੀ ਤਿਆਗ ਦੂਜੇ ਰਾਹੀਂ ਪੈ ਰਹੇ ਹਨ। ਇਸ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਨੂੰ ਤਾਂ ਹਰੇਕ ਪਿੰਡ ਵਿਚ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜਿਹੜੀ ਮੁਸੀਬਤ ਮਾਰੇ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰੇ, ਤਾਂ ਜੋ ਉਹ ਮੁੜ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ।
ਸਿੱਖਾਂ ਨੂੰ ਮੁੜ ਗੁਰਬਾਣੀ ਨਾਲ ਜੋੜਨ ਦੀ ਲੋੜ ਹੈ ਅਤੇ ਕਰਮ ਕਾਂਡਾਂ ਦੀ ਥਾਂ ਗੁਰਉਪਦੇਸ਼ ਵੱਲ ਮੋੜਨ ਦੀ ਲੋੜ ਹੈ। ਉਨ੍ਹਾਂ ਨੂੰ ਆਪਣੇ ਮਹਾਨ ਵਿਰਸੇ ਦੀ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਉਹ ਚੜ੍ਹਦੀ ਕਲਾ ਵਿਚ ਜਾਣ। ਨੌਜਵਾਨਾਂ ਨੂੰ ਕਿਰਤ ਵੱਲ ਮੋੜੀਏ, ਉਨ੍ਹਾਂ ਨੂੰ ਮਿੱਸੀ ਖੇਤੀ ਨਾਲ ਜੋੜੀਏ। ਗੁਰੂ-ਘਰਾਂ ਨੂੰ ਵੀ ਆਖਿਆ ਜਾਵੇ ਕਿ ਉਹ ਆਪਣੀਆਂ ਦੁੱਧ ਤੇ ਸਬਜ਼ੀਆਂ ਦੀਆਂ ਲੋੜਾਂ ਗੁਰਸਿੱਖਾਂ ਪਾਸੋਂ ਖਰੀਦ ਕੇ ਪੂਰੀਆਂ ਕਰਨ। ਇੰਜ ਸਾਫ਼-ਸੁਥਰੀ ਤੇ ਸਸਤੀ ਸਬਜ਼ੀ ਮਿਲੇਗੀ। ਨੌਜਵਾਨ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਮੁੱਲ ਮਿਲ ਜਾਵੇਗਾ, ਜਿਸ ਨਾਲ ਉਹ ਹੋਰ ਅੱਗੇ ਵਧਣ ਲਈ ਕਦਮ ਪੁੱਟਣਗੇ।
ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਪ੍ਰਚਾਰਨ ਵਿਚ ਸਤਿਕਾਰਯੋਗ ਸੰਤ ਸਮਾਜ ਤੇ ਦੂਜੇ ਮਹਾਂਪੁਰਖਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਇਨਸਾਨ ਖੁਦਕੁਸ਼ੀ ਉਦੋਂ ਹੀ ਕਰਦਾ ਹੈ ਜਦੋਂ ਉਹ ਢਹਿੰਦੀ ਕਲਾ ਵਿਚ ਚਲਾ ਜਾਂਦਾ ਹੈ। ਸੰਗਤਾਂ ਵਿਚ ਸਾਦਗੀ ਅਤੇ ਚੜ੍ਹਦੀ ਕਲਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਹੁਣ ਵਿਆਹ-ਸ਼ਾਦੀਆਂ ਤਾਂ ਦੂਰ, ਬਜ਼ੁਰਗਾਂ ਦੇ ਭੋਗ ਸਮੇਂ ਵੀ ਖੁੱਲ੍ਹਾ ਖਰਚ ਕੀਤਾ ਜਾਣ ਲੱਗ ਪਿਆ ਹੈ। ਮਹਾਂਪੁਰਖਾਂ ਦੇ ਬਚਨ ਸੰਗਤਾਂ ਜ਼ਰੂਰ ਮੰਨਣਗੀਆਂ। ਕਰਜ਼ੇ ਦੇ ਪੀੜਤ ਕਿਸਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਔਕੜ ਮਹਾਂਪੁਰਸ਼ਾਂ ਨਾਲ ਸਾਂਝੀ ਕਰ ਸਕਣ। ਜਿਥੋਂ ਤੱਕ ਹੋ ਸਕੇ, ਮੁਸੀਬਤ ਵਿਚ ਫਸੇ ਪਰਿਵਾਰ ਦੀ ਮਾਇਕ ਸਹਾਇਤਾ ਕੀਤੀ ਜਾਵੇ। ਸਾਰੇ ਸੰਸਾਰ ਨੂੰ ਚੜ੍ਹਦੀ ਕਲਾ ਤੇ ਵੰਡ ਛਕਣ ਦਾ ਉਪਦੇਸ਼ ਦੇਣ ਵਾਲੇ ਧਰਮ ਵਿਚ ਕਿਸੇ ਨੂੰ ਮਜਬੂਰ ਹੋ ਕੇ ਖੁਦਕੁਸ਼ੀ ਨਾ ਕਰਨੀ ਪਵੇ। ਗੁਰੂ ਦੇ ਸਿੱਖਾਂ ਨੇ ਗੁਰੂ ਕੇ ਲੰਗਰ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ ਹੈ। ਸਾਰੇ ਸੰਸਾਰ ਵਿਚ ਰੋਜ਼ਾਨਾ ਲੱਖਾਂ ਲੋਕ ਗੁਰੂ-ਘਰਾਂ ਵਿਚ ਲੰਗਰ ਛਕਦੇ ਹਨ ਪਰ ਕਦੇ ਤੋਟ ਨਹੀਂ ਆਈ। ਇਸੇ ਤਰ੍ਹਾਂ ਗ਼ਰੀਬ ਦੀ ਬਾਂਹ ਫੜਨ ਦਾ ਲੰਗਰ ਸ਼ੁਰੂ ਕੀਤਾ ਜਾਵੇ। ਗੁਰੂ ਦੀ ਮਿਹਰ ਸਦਕਾ ਇਸ ਵਿਚ ਵੀ ਕਦੇ ਤੋਟ ਨਹੀਂ ਆਵੇਗੀ ਅਤੇ ਕਿਸੇ ਇਨਸਾਨ ਨੂੰ ਗ਼ਰੀਬੀ ਕਾਰਨ ਖੁਦਕੁਸ਼ੀ ਕਰਨ ਦੀ ਨੌਬਤ ਨਹੀਂ ਆਵੇਗੀ। ਇਹੋ ਸਭ ਤੋਂ ਵੱਡੀ ਸੇਵਾ ਹੈ। ਗੁਰੂ-ਘਰਾਂ ਨੂੰ ਆਲੀਸ਼ਾਨ ਜ਼ਰੂਰ ਬਣਾਇਆ ਜਾਵੇ ਪਰ ਮੁਸੀਬਤ ਵਿਚ ਫਸੇ ਗੁਰੂ ਦੇ ਸਿੱਖਾਂ ਦੀ ਬਾਂਹ ਵੀ ਜ਼ਰੂਰ ਫੜੀ ਜਾਵੇ ਤੇ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ, ਤਾਂ ਹੀ 350ਵੇਂ ਪ੍ਰਕਾਸ਼ ਪੁਰਬ ਨੂੰ ਸਾਰਥਿਕ ਬਣਾਇਆ ਜਾ ਸਕਦਾ ਹੈ।

ਵਿਸ਼ਵ ਦੇ ਸਭ ਤੋਂ ਵੱਡੇ ਬੁੱਧ ਸਤੂਪਾਂ 'ਚ ਸ਼ੁਮਾਰ-ਕੇਸਰੀਆ ਸਤੂਪ

ਬਿਹਾਰ ਦੇ ਚੰਪਾਰਨ ਜ਼ਿਲ੍ਹੇ ਵਿਚ ਪੈਂਦੇ ਇਕ ਕਸਬੇ ਕੇਸਰੀਆ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਬੁੱਧ ਸਤੂਪਾਂ ਵਿਚ ਸ਼ੁਮਾਰ ਇਕ ਸਤੂਪ ਸਥਿਤ ਹੈ, ਜੋ ਬੋਧੀ ਸ਼ਰਧਾਲੂਆਂ/ਸੈਲਾਨੀਆਂ ਲਈ ਬੜੀ ਮਹੱਤਤਾ ਰੱਖਦਾ ਹੈ। ਇਸ ਦੀ ਉਚਾਈ 104 ਫੁੱਟ ਹੈ ਅਤੇ ਘੇਰਾ ਲਗਪਗ 1400 ਫੁੱਟ। ਭਾਰਤੀ ਪੁਰਾਤੱਤਵ ਸਰਵੇਖਣ (ਪਟਨਾ ਸਰਕਲ) ਅਤੇ ਬਿਹਾਰ ਸੈਰ ਸਪਾਟਾ ਵਿਭਾਗ ਤਾਂ ਇਸ ਨੂੰ ਭਗਵਾਨ ਬੁੱਧ ਦਾ ਸੰਸਾਰ ਵਿਚ ਸਭ ਤੋਂ ਉੱਚਾ ਸਤੂਪ ਹੋਣ ਦਾ ਦਾਅਵਾ ਕਰਦੇ ਹਨ ਪਰ ਵਿਕੀਪੀਡੀਆ ਅਨੁਸਾਰ ਸਭ ਤੋਂ ਵੱਡਾ ਸਤੂਪ ਬੋਰੋਬਦਰ, ਜਾਵਾ, ਇੰਡੋਨੇਸ਼ੀਆ ਵਿਚ ਹੈ, ਜਿਸ ਦੀ ਉਚਾਈ 114.8 ਫੁੱਟ (35 ਮੀਟਰ) ਹੈ। ਇਸ ਹਿਸਾਬ ਨਾਲ ਕੇਸਰੀਆ ਸਤੂਪ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਬੁੱਧ ਸਤੂਪ ਹੈ। ਪਰ ਉਪਰੋਕਤ ਦੋਵੇਂ ਬਿਹਾਰੀ ਸਰੋਤ ਬੋਰੋਬਦਰ ਦੇ ਅਸਥਾਨ ਦੀ ਉਚਾਈ 103 ਫੁੱਟ ਦੱਸਦੇ ਹਨ ਅਤੇ ਇਸ ਕਰਕੇ ਕੇਸਰੀਆ ਦੇ ਸਤੂਪ ਨੂੰ ਸਭ ਤੋਂ ਉੱਚਾ ਮੰਨਦੇ ਹਨ।
ਕੇਸਰੀਆ ਕਸਬਾ ਪਟਨਾ ਤੋਂ 110 ਕਿ: ਮੀ: ਦੀ ਦੂਰੀ ਉਪਰ ਹੈ। ਪਟਨਾ ਦੇ ਉੱਤਰ ਵਿਚ 58 ਕਿ: ਮੀ: ਦੀ ਦੂਰੀ ਉਪਰ ਪ੍ਰਸਿੱਧ ਵਿਰਾਸਤੀ ਅਤੇ ਇਤਿਹਾਸਕ ਅਸਥਾਨ ਵੈਸ਼ਾਲੀ ਸਥਿਤ ਹੈ ਅਤੇ ਵੈਸ਼ਾਲੀ ਦੇ 55 ਕਿ: ਮੀ: ਉੱਤਰ-ਪੱਛਮ ਵਿਚ ਕੇਸਰੀਆ ਹੈ।
ਕਰਨਲ ਮਕੈਂਨਜ਼ੀ ਨੇ 1814 ਵਿਚ ਇਸ ਸਤੂਪ ਦੀ ਢੂੰਡ-ਭਾਲ ਅਰੰਭ ਕੀਤੀ ਸੀ। ਭਾਰਤੀ ਪੁਰਾਤੱਤਵ ਸਰਵੇਖਣ ਦੇ ਪਿਤਾਮਾ ਜਨਰਲ ਅਲੈਗਜ਼ੈਂਡਰ ਕਨਿੰਘਮ ਨੇ 1861-62 ਵਿਚ ਠੁੱਕ ਸਿਰ ਵਿਧੀਪੂਰਵਕ ਖੋਜ ਖੁਦਾਈ ਕੀਤੀ। ਇਸ ਬਾਰੇ ਬਹੁਤਾ ਪਤਾ ਪੁਰਾਤੱਤਵ ਖੋਜੀ ਕੇ.ਕੇ. ਮੁਹੰਮਦ ਨੇ 1958 ਵਿਚ ਲਗਾਇਆ ਅਤੇ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ 1998 ਵਿਚਲੀ ਖੁਦਾਈ ਦੌਰਾਨ ਇਹ ਮੌਜੂਦਾ ਰੂਪ ਵਿਚ ਸਾਹਮਣੇ ਆਇਆ।
ਭਗਵਾਨ ਬੁੱਧ ਵੈਸ਼ਾਲੀ ਤੋਂ ਕੁਸ਼ੀਨਗਰ ਜਾਂਦਿਆਂ ਕੁਝ ਸਮੇਂ ਲਈ ਇਥੇ ਠਹਿਰੇ ਸਨ। ਉਨ੍ਹਾਂ ਨੇ ਆਪਣਾ ਪਰਵਚਨ 'ਕੇਸਾਪੁਤੀਆ ਸੂਤਾ', ਜਿਸ ਨੂੰ 'ਕਲਾਮਾ ਸੂਤਾ' ਵੀ ਕਹਿੰਦੇ ਹਨ, ਇਸ ਜਗ੍ਹਾ ਉਚਾਰਿਆ। ਕਈ ਤਾਂ ਇਹ ਵੀ ਮੰਨਦੇ ਹਨ ਕਿ ਬੁੱਧ ਨੇ ਆਪਣੇ ਪ੍ਰੀ-ਨਿਰਵਾਣ ਬਾਰੇ ਐਲਾਨ ਵੀ ਇਸ ਥਾਂ ਹੀ ਕੀਤਾ ਪਰ ਬਹੁਤੇ ਇਸ ਐਲਾਨ ਨੂੰ ਵੈਸ਼ਾਲੀ ਨਾਲ ਜੋੜਦੇ ਹਨ।
ਜਦ ਮਹਾਤਮਾ ਬੁੱਧ ਦੇ ਅਨਿਨ ਭਗਤ ਲਿੱਛਵੀ (ਵੈਸ਼ਾਲੀ ਵਾਸੀ) ਭਾਵਨਾਵੱਸ ਗੌਤਮ ਬੁੱਧ ਦੇ ਮਗਰ-ਮਗਰ ਚੱਲ ਪਏ ਤਾਂ ਇਸ ਥਾਂ 'ਤੇ ਉਨ੍ਹਾਂ ਨੂੰ ਆਪਣਾ ਦਕਿਸ਼ਣਾ-ਪਾਤਰ ਪ੍ਰਦਾਨ ਕਰਕੇ ਬੁੱਧ ਨੇ ਲਿੱਛਵੀਆਂ ਨੂੰ ਵਾਪਸ ਮੁੜਨ ਲਈ ਕਿਹਾ। ਇਸ ਭਿਕਸ਼ਾ ਪਾਤਰ ਨੂੰ ਪਵਿੱਤਰ ਨਿਸ਼ਾਨੀ ਵਜੋਂ ਲੈ ਕੇ ਵੈਸ਼ਾਲੀ ਵਾਸੀਆਂ ਨੇ ਬੁੱਧ ਦੇ ਨਿਰਵਾਣ ਤੋਂ ਪਹਿਲਾਂ ਦੀ ਜੀਵਨ ਯਾਤਰਾ ਦੇ ਆਖਰੀ ਕੁਝ ਦਿਨ, ਜੋ ਉਸ ਨੇ ਇਥੇ ਬਿਤਾਏ ਸਨ, ਦੀ ਯਾਦ ਵਿਚ ਇਥੇ ਮਿੱਟੀ ਦਾ ਸਤੂਪ ਬਣਾਇਆ। ਬਾਅਦ ਵਿਚ ਮੌਰੀਆ, ਸੁੰਗਾ, ਕੁਸ਼ਨਾ, ਗੁਪਤਾ, ਪਾਲੀ ਵੰਸ਼ ਕਾਲ ਸਮੇਂ ਇਸ ਨੂੰ ਇੱਟਾਂ ਨਾਲ ਪੱਕਾ ਕਰਵਾਇਆ ਗਿਆ। ਬਹੁਤਾ ਕਾਰਜ ਸਮਰਾਟ ਅਸ਼ੋਕ ਵੇਲੇ ਹੋਇਆ ਸਮਝਿਆ ਜਾਂਦੈ। ਦਰਅਸਲ 200-750 ਈਸਵੀ ਵਿਚਲੇ ਰਾਜਵੰਸ਼ਾਂ ਦਾ ਕਿਸੇ ਨਾ ਕਿਸੇ ਰੂਪ ਵਿਚ ਇਸ ਵਿਚ ਯੋਗਦਾਨ ਰਿਹੈ। ਪੰਜਵੀਂ ਸਦੀ ਦਾ ਪ੍ਰਸਿੱਧ ਚੀਨੀ ਯਾਤਰੀ ਫਾਹਿਯਾਨ ਅਤੇ ਸਤਵੀਂ ਸਦੀ ਦਾ ਵਿਦਵਾਨ ਯਾਤਰੀ ਹਿਯੂਨ ਸਾਂਗ ਵੀ ਇਸ ਦਾ ਜ਼ਿਕਰ ਕਰਦੇ ਹਨ। ਫਾਹਿਯਾਨ ਦਕਿਸ਼ਣਾ-ਪਾਤਰ ਉੱਪਰ ਬਣੇ ਸਤੂਪ ਦੀ ਗੱਲ ਕਰਦਾ ਹੈ ਪਰ ਹਿਯੂਨ ਸਾਂਗ ਆਪਣੇ ਯਾਤਰਾ ਬਿਰਤਾਂਤਾਂ ਵਿਚ ਬਕਾਇਦਾ 'ਕਿਆਸ਼ੀਪੋਲਾ' ਦੇ ਸ਼ਾਨਦਾਰ ਸਤੂਪ ਨੂੰ ਦੇਖੇ ਜਾਣ ਬਾਰੇ ਲਿਖਦਾ ਹੈ। ਸਥਾਨਕ ਲੋਕ ਇਸ ਨੂੰ ਦੇਵਲਾ ਪੁਕਾਰਦੇ ਹਨ। ਦੇਵਲਾ ਭਾਵ ਰੱਬ ਦਾ ਘਰ। ਇਹ ਵੀ ਮਨੌਤ ਹੈ ਕਿ ਇਸ ਥਾਂ ਸ਼ਿਵ ਮੰਦਰ ਸੀ, ਜੋ ਰਾਜੇ ਭੀਮ ਨੇ ਬਣਵਾਇਆ ਸੀ। ਕੇਸਰੀਆ ਦਾ ਪੁਰਾਤਨ ਨਾਂਅ ਵੀ ਕੇਸਾਪੂਤਾ ਸੀ। ਇਸ ਉੱਪਰ ਕਲਾਮਾਸ ਦਾ ਰਾਜ ਸੀ, ਜੋ ਬਾਅਦ ਵਿਚ ਕੋਸਲਾ ਰਾਜਸ਼ਾਹੀ ਨੇ ਹਥਿਆ ਲਿਆ। ਗਿਆਨ ਪ੍ਰਾਪਤੀ ਤੋਂ ਪਹਿਲਾਂ ਬੁੱਧ ਦੇ ਅਧਿਆਪਕ ਅਲਾਰਾ ਕਲਾਮਾ ਵੀ ਇਥੋਂ ਦੇ ਦੱਸੇ ਜਾਂਦੇ ਹਨ। ਭਾਰਤੀ ਪੁਰਾਤੱਤਵ ਸਰਵੇਅ ਅਨੁਸਾਰ ਕੇਸਰੀਆ ਸਤੂਪ ਦੀ ਪਹਿਲੀ ਉਚਾਈ 150 ਫੁੱਟ ਸੀ। 1934 ਵਿਚ ਇਸ ਇਲਾਕੇ ਵਿਚ ਆਏ ਭਿਅੰਕਰ ਭੁਚਾਲ ਕਾਰਨ ਇਸ ਸਤੂਪ ਦਾ ਕੁਝ ਭਾਗ ਧਰਤੀ ਵਿਚ ਧੱਸ ਗਿਆ ਅਤੇ ਇਸ ਦੀ ਉਚਾਈ 123 ਫੁੱਟ ਰਹਿ ਗਈ। ਭੁਚਾਲ ਦੇ ਪਿੱਛਲ ਪ੍ਰਭਾਵਾਂ ਅਤੇ ਖੋਰੇ ਕਾਰਨ ਇਹ ਉਚਾਈ ਹੁਣ 104 ਫੁੱਟ ਹੀ ਹੈ, ਪਰ ਖੁਦਾਈ ਅਜੇ ਜਾਰੀ ਹੈ ਅਤੇ ਜ਼ਮੀਨ ਹੇਠੋਂ ਹੋਰ ਭਾਗ ਲੱਭਣ ਦੀ ਆਸ ਹੈ।
ਇਸ ਸਤੂਪ ਵਿਚ ਬੁੱਧ ਦੇ ਕਈ ਬੁੱਤ ਮਿਲੇ, ਜੋ ਭੂਮੀ ਸਪਰਸ਼ ਮੁਦਰਾ, ਪਦਮਆਸਣ ਅਤੇ ਹੋਰ ਬੈਠਵੇਂ ਰੁਖ਼ ਵਾਲੇ ਆਸਣਾਂ ਵਾਲੇ ਹਨ ਪਰ ਮੁਸਲਿਮ ਧਾੜਵੀਆਂ ਨੇ ਇਹ ਸਭ ਬੁੱਤ ਖੰਡਤ ਕੀਤੇ ਹੋਏ ਹਨ। ਇਸ ਸਤੂਪ ਦੀਆਂ 6 ਮੰਜ਼ਲਾਂ ਹਨ। ਖੁਦਾਈ ਦੌਰਾਨ ਕਈ ਸਿੱਕੇ, ਤੀਰਾਂ ਦੇ ਹਿੱਸੇ, ਮਿੱਟੀ ਦੇ ਦੀਵੇ, ਤਾਂਬੇ ਅਤੇ ਟੈਰਾਕੋਟਾ ਦੀਆਂ ਚੀਜ਼ਾਂ ਵੀ ਲੱਭੀਆਂ।
ਕੇਸਰੀਆ ਦਿਹਾਤੀ ਇਲਾਕਾ ਹੈ। ਖੇਤਾਂ ਦੀ ਹਰਿਆਵਲ, ਪਾਮ ਦੀ ਖੇਤੀ ਅਤੇ ਕਾਦਰ ਦੀ ਕੁਦਰਤ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨ ਹੋ ਜਾਂਦੇ ਹਨ। ਪਟਨਾ ਦੇ ਮਿੱਠਾਪੁਰ ਬੱਸ ਅੱਡੇ ਤੋਂ ਬੱਸਾਂ ਵੀ ਮਿਲ ਜਾਂਦੀਆ ਹਨ ਪਰ ਵਿੰਗ-ਵਲੇਵੇਂ ਅਤੇ ਥਾਂ-ਥਾਂ ਰੁਕਣ ਕਾਰਨ ਸਮਾਂ ਬਹੁਤ ਲੱਗ ਜਾਂਦੈ। ਟੈਕਸੀ ਰਾਹੀਂ ਵੈਸ਼ਾਲੀ-ਕੇਸਰੀਆ ਦਾ ਟੂਰ ਬਣਾਇਆ ਜਾ ਸਕਦੈ। ਰੇਲ ਰਾਹੀਂ 22 ਕਿ:ਮੀ: ਦੂਰ ਚਕੀਆ ਰੇਲਵੇ ਸਟੇਸ਼ਨ ਹੈ। ਮੁਜ਼ੱਫਰਪੁਰ-ਮੋਤੀਹਾਰੀ ਸੜਕੀ ਮਾਰਗ ਰਾਹੀਂ ਵੀ ਜਾਇਆ ਜਾ ਸਕਦੈ। ਹਵਾਈ ਅੱਡਾ ਸਿਰਫ ਪਟਨਾ ਹੀ ਪੈਂਦੈ, ਜੋ 110 ਕਿ: ਮੀ: ਦੀ ਦੂਰੀ ਉਪਰ ਹੈ। ਦਿਹਾਤੀ ਇਲਾਕਾ ਹੋਣ ਕਾਰਨ ਰਿਹਾਇਸ਼ ਦਾ ਤਸੱਲੀਬਖਸ਼ ਪ੍ਰਬੰਧ ਨਹੀਂ। ਵੈਸ਼ਾਲੀ ਜਾਂ ਮੁਜ਼ੱਫਰਪੁਰ ਹੀ ਰਹਿਣਾ ਪੈਂਦੈ। ਪਟਨਾ ਵਾਪਸੀ ਸਭ ਤੋਂ ਵਧੀਆ ਵਿਕਲਪ ਹੈ।
ਭਾਵੇਂ ਕੇਸਰੀਆ ਸਤੂਪ ਭਾਰਤੀ ਪੁਰਾਤੱਤਵ ਸਰਵੇਅ ਵਲੋਂ ਰਾਸ਼ਟਰੀ ਮਹੱਤਵ ਵਾਲੇ ਵਿਰਾਸਤੀ ਅਸਥਾਨ ਵਜੋਂ ਸੁਰੱਖਿਅਤ ਹੈ ਪਰ ਇਸ ਦਾ ਰੱਖ-ਰਖਾਵ ਉੱਚ ਪਾਏ ਦਾ ਨਹੀਂ। ਹਟਵੇਂ ਜਿਹੇ ਥਾਂ ਉੱਪਰ ਹੋਣ ਕਾਰਨ ਅਤੇ ਸੰਪਰਕ ਸਾਧਨ ਵੀ ਸੰਤੁਸ਼ਟੀਜਨਕ ਨਾ ਹੋਣ ਕਾਰਨ ਐਡਾ ਮਹੱਤਵਪੂਰਨ ਬੋਧੀ ਧਾਰਮਿਕ ਅਸਥਾਨ ਸੈਲਾਨੀਆਂ ਦੀ ਖਿੱਚ ਦਾ ਓਨਾ ਵੱਡਾ ਕੇਂਦਰ ਨਹੀਂ ਬਣ ਸਕਿਆ, ਜਿੰਨਾ ਵੱਡਾ ਬਣਨਾ ਚਾਹੀਦਾ ਸੀ।


-98-ਸਕੀਮ ਨੰ: 3, ਐਸ.ਬੀ.ਐਸ. ਨਗਰ, ਹੁਸ਼ਿਆਰਪੁਰ ਰੋਡ, ਫਗਵਾੜਾ।

ਗੁਰਦੁਆਰਾ ਗੁਰੂ ਕਾ ਤਾਲ ਆਗਰਾ

ਬ੍ਰਿਜ ਭੂਮੀ ਵਿਚ ਜਮਨਾ ਨਦੀ ਕੰਢੇ ਵਸਿਆ ਆਗਰਾ ਆਪਣੇ ਤਾਜ ਮਹੱਲ ਕਾਰਨ ਵਿਸ਼ਵ ਪ੍ਰਸਿੱਧ ਨਗਰ ਹੈ। ਆਪਣੀ ਬੇਗ਼ਮ ਮੁਮਤਾਜ ਦੀ ਯਾਦ ਵਿਚ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਵਲੋਂ ਬਣਵਾਇਆ ਤਾਜ ਮਹੱਲ ਦੁਨੀਆ ਭਰ ਦੇ ਲੱਖਾਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੈ। ਤਾਜ ਮਹੱਲ ਦੇ ਨਜ਼ਦੀਕ ਬਣਿਆ ਆਗਰੇ ਦਾ ਲਾਲ ਕਿਲ੍ਹਾ ਵੀ ਵਿਸ਼ਵ ਵਿਰਾਸਤੀ ਇਮਾਰਤ ਦਾ ਦਰਜਾ ਰੱਖਦਾ ਹੈ। ਇਸ ਨਗਰ ਦਾ ਸਿੱਖ ਗੁਰੂ ਸਾਹਿਬਾਨਾਂ ਨਾਲ ਵੀ ਵਿਸ਼ੇਸ਼ ਸਬੰਧ ਰਿਹਾ ਹੈ। ਇੱਥੇ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ। ਇੱਥੋਂ ਦੇ ਵੱਖ-ਵੱਖ ਖੇਤਰਾਂ ਵਿਚ ਗੁਰੂ ਸਾਹਿਬਾਨਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬਾਨ ਸਥਾਪਤ ਹਨ। ਉਨ੍ਹਾਂ ਵਿਚੋਂ ਪ੍ਰਮੁੱਖ ਹੈ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ 'ਗੁਰੂ ਕਾ ਤਾਲ'।
ਇਹ ਗੁਰਦੁਆਰਾ ਦਿੱਲੀ-ਆਗਰਾ ਸੜਕ ਉੱਪਰ ਆਗਰਾ ਦੇ ਸਿਕੰਦਰਾ ਵਿਖੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਤੇਗ਼ ਬਹਾਦਰ ਸਾਹਿਬ ਆਗਰੇ ਤਿੰਨ ਵਾਰ ਆਏ ਸਨ। ਉਨ੍ਹਾਂ ਦੇ ਇੱਥੇ ਆਉਣ ਦੀ ਯਾਦ ਵਿਚ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਬਾਬਾ ਸਾਧੂ ਸਿੰਘ ਮੁਨੀ ਦੀ ਅਗਵਾਈ ਵਿਚ 1970 ਵਿਚ ਕਰਵਾਇਆ ਗਿਆ ਸੀ। ਜਿੱਥੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ, ਪਹਿਲਾਂ ਉੱਥੇ ਹੋਰ ਸ਼ਾਹੀ ਇਮਾਰਤ ਸੀ, ਜੋ ਮੁਗ਼ਲ ਵਸਤੂ ਕਲਾ ਨਾਲ ਮਿਲਦੀ-ਜੁਲਦੀ ਸੀ। 17ਵੀਂ ਸਦੀ ਵਿਚ ਜਹਾਂਗੀਰ ਦੇ ਸ਼ਾਸਨ ਕਾਲ ਦੌਰਾਨ ਇੱਥੇ ਪਾਣੀ ਇਕੱਠਾ ਕਰਨ ਲਈ ਇਕ ਤਲਾਬ, ਜਿਸ ਨੂੰ ਸਥਾਨਕ ਭਾਸ਼ਾ ਵਿਚ ਤਾਲ ਕਿਹਾ ਜਾਂਦਾ ਹੈ, ਬਣਵਾਇਆ ਗਿਆ ਸੀ। ਇਸ ਨੂੰ ਨਿਕਾਸ਼ੀਦਾਰ ਪੱਥਰਾਂ ਨਾਲ ਸਜਾਇਆ ਗਿਆ ਸੀ। ਇਸ ਤਾਲ ਵਿਚ ਪਹਿਲਾਂ 12 ਨਿਕਾਸ਼ੀਦਾਰ ਮੀਨਾਰ ਸਨ, ਹੁਣ ਇਨ੍ਹਾਂ ਵਿਚੋਂ 8 ਬਾਕੀ ਬਚੇ ਹਨ। ਬਰਸਾਤਾਂ ਦੀ ਰੁੱਤ ਵਿਚ ਇਸ ਵਿਚ ਮੀਂਹ ਦਾ ਪਾਣੀ ਇਕੱਠਾ ਕੀਤਾ ਜਾਂਦਾ ਸੀ ਅਤੇ ਇਸ ਨੂੰ ਸਿੰਚਾਈ ਆਦਿ ਲਈ ਉਪਯੋਗ ਕੀਤਾ ਜਾਂਦਾ ਸੀ।
ਹੁਣ ਇਸੇ ਤਾਲ ਦੇ ਨਜ਼ਦੀਕ ਗੁਰਦੁਆਰਾ ਗੁਰੂ ਕਾ ਤਾਲ ਦੀ ਸੁੰਦਰ ਇਮਾਰਤ ਬਣੀ ਹੋਈ ਹੈ। ਇਹ ਗੁਰਦੁਆਰਾ ਸਾਹਿਬ 40 ਏਕੜ ਵਿਚ ਫੈਲਿਆ ਹੋਇਆ ਹੈ। ਬਾਹਰੋਂ ਇਹ ਕਿਸੇ ਕਿਲ੍ਹੇ ਦਾ ਨਜ਼ਾਰਾ ਪੇਸ਼ ਕਰਦਾ ਹੈ। ਇਥੇ ਇਕ ਖੂਹ ਹੈ, ਜਿਸ ਦਾ ਪਾਣੀ ਮਿੱਠਾ ਹੈ, ਜਦਕਿ ਆਸ-ਪਾਸ ਦਾ ਧਰਤੀ ਹੇਠਲਾ ਪਾਣੀ ਖਾਰਾ ਹੈ। ਇਸ ਸਬੰਧੀ ਕਿਹਾ ਜਾਂਦਾ ਹੈ ਕਿ ਇਸ ਖੂਹ ਦਾ ਪਾਣੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਵਰਦਾਨ ਨਾਲ ਮਿੱਠਾ ਹੋਇਆ ਹੈ। ਇਸ ਦੇ ਮੂਹਰੇ ਸੁੰਦਰ ਪਾਰਕ ਅਤੇ ਇਸ ਪਾਰਕ ਵਿਚਲੀ ਹੈਜ਼ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਇਸ ਨਾਲ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ-ਜਾਨਵਰਾਂ ਦੇ ਸੁੰਦਰ ਅਕਾਰ ਬਣਦੇ ਹਨ। ਇਸ ਪਾਰਕ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਸ਼ਖ਼ਸੀਅਤਾਂ ਦੇ ਘੋੜਿਆਂ ਉੱਪਰ ਸਵਾਰ ਹੋਇਆਂ ਦੇ ਬੁੱਤ ਸਥਾਪਤ ਕੀਤੇ ਗਏ ਹਨ। ਗੁਰਦੁਆਰਾ 'ਗੁਰੂ ਕਾ ਤਾਲ' ਦੇ ਇਸ ਪਾਰਕ ਵਿਚ ਗੁਰਦੁਅਰਾ ਮੰਜੀ ਸਾਹਿਬ ਦੀ ਸੁੰਦਰ ਇਮਾਰਤ ਬਣੀ ਹੋਈ ਹੈ। ਕਿਹਾ ਜਾਂਦਾ ਹੈ ਕਿ ਇਸੇ ਥਾਂ 'ਤੇ ਗੁਰੂ ਤੇਗ਼ ਬਹਾਦਰ ਗਰੀਬ ਆਜੜੀ ਦੀ ਮਨ ਦੀ ਇੱਛਾ ਪੂਰੀ ਕਰਨ ਲਈ ਠਹਿਰੇ ਸਨ।
'ਗੁਰਦੁਆਰਾ ਗੁਰੂ ਕਾ ਤਾਲ' ਦੀ ਪਹਿਲੀ ਮੰਜ਼ਿਲ 'ਤੇ ਸਥਾਪਤ ਦਰਬਾਰ ਸਾਹਿਬ ਵਿਚ ਬਾਣੀ ਅਤੇ ਕੀਰਤਨ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ। ਇਸ ਦੇ ਹੇਠਾਂ ਗੁਰੂ ਤੇਗ਼ ਬਹਾਦਰ ਸਾਹਿਬ ਨਾਲ ਸਬੰਧਤ ਇਕ ਭੋਰਾ ਵੀ ਮੌਜੂਦ ਹੈ। ਸਾਫ਼-ਸੁਥਰੇ ਤੇ ਵਿਸ਼ਾਲ ਲੰਗਰ ਹਾਲ ਵਿਚ 24 ਘੰਟੇ ਰਾਹੀਆਂ-ਪਾਂਧੀਆਂ ਲਈ ਲੰਗਰ ਚਲਦਾ ਰਹਿੰਦਾ ਹੈ। ਗੁਰੂ-ਘਰ ਦੇ ਪਿਛਲੇ ਪਾਸੇ ਵੱਡੀ ਗਿਣਤੀ ਵਿਚ ਦੁੱਧ ਦੇਣ ਵਾਲੇ ਪਸ਼ੂ ਰੱਖੇ ਹੋਏ ਹਨ, ਜਿਨ੍ਹਾਂ ਦਾ ਦੁੱਧ ਲੰਗਰ ਵਿਚ ਉਪਯੋਗ ਹੁੰਦਾ ਹੈ। ਇਸ ਦੇ ਨਾਲ ਰਾਤ ਨੂੰ ਠਹਿਰਣ ਲਈ ਆਗਰੇ ਆਉਣ ਵਾਲੀਆਂ ਸੰਗਤਾਂ ਲਈ ਨਿੱਜੀ ਕਮਰੇ ਅਤੇ ਹਾਲ ਕਮਰੇ ਬਣੇ ਹੋਏ ਹਨ। ਅੱਗੇ-ਪਿੱਛੇ ਜਾਣ ਵਾਲੇ ਬੱਸਾਂ-ਟਰੱਕਾਂ ਵਾਲਿਆਂ ਲਈ ਵੀ ਇੱਥੇ ਠਹਿਰਣ ਲਈ ਵਧੀਆ ਸੁਰੱਖਿਅਤ ਥਾਂ ਹੈ। ਆਮ ਕਰਕੇ ਪੰਜਾਬ ਤੋਂ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਰਾਤ ਨੂੰ ਵਿਸ਼ਰਾਮ ਲਈ ਇੱਥੇ ਠਹਿਰਦੀਆਂ ਹਨ।
ਇਸ ਗੁਰਦੁਆਰਾ ਸਾਹਿਬ ਨੂੰ ਭਾਰਤ ਸਰਕਾਰ ਵਲੋਂ ਦਸੰਬਰ, 1920 ਵਿਚ ਪੁਰਾਤਨ ਸਮਾਰਕ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਲਗਾਤਾਰ ਵਿਕਸਿਤ ਹੋ ਰਿਹਾ ਹੈ। ਇਸ ਗੁਰਦੁਆਰਾ ਸਾਹਿਬ ਦੀ ਰਹਿਨੁਮਾਈ ਹੇਠ ਹੋਰ ਕਈ ਗੁਰਦੁਆਰੇ ਅਤੇ ਸਕੂਲ ਚੱਲ ਰਹੇ ਹਨ। ਗੁਰਦੁਆਰਾ ਸਾਹਿਬ ਦੇ ਵੱਡੀ ਗਿਣਤੀ ਵਿਚ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਉਚੇਚੇ ਰੂਪ ਵਿਚ ਚਲਾਉਣ 'ਚ ਆਪਣੀ ਭੂਮਿਕਾ ਨਿਭਾਅ ਰਹੇ ਹਨ। ਇੱਥੇ ਸਿੱਖ ਇਤਿਹਾਸ ਨਾਲ ਸਬੰਧਤ ਦਿਨ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਹਨ ਅਤੇ ਕੀਰਤਨ ਦਰਬਾਰਾਂ ਦਾ ਆਯੋਜਨ ਹੁੰਦਾ ਹੈ। ਇਹ ਸਥਾਨ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਦੂਸਰੇ ਧਰਮਾਂ ਲਈ ਵੀ ਆਸਥਾ ਦਾ ਕੇਂਦਰ ਹੈ। ਆਪਣੀ ਸੁੰਦਰਤਾ ਕਾਰਨ ਇਹ ਗੁਰਦੁਆਰਾ ਸਾਹਿਬ ਧਾਰਮਿਕ ਆਸਥਾ ਦੇ ਕੇਂਦਰ ਦੇ ਨਾਲ-ਨਾਲ ਆਗਰੇ ਦੇ ਸੈਲਾਨੀ ਕੇਂਦਰ ਦੇ ਰੂਪ ਵਿਚ ਵੀ ਆਪਣੀ ਪਹਿਚਾਣ ਰੱਖਦਾ ਹੈ।


-ਪਿੰਡ ਤੇ ਡਾਕ: ਆਦਮਕੇ, ਤਹਿ: ਸਰਦੂਲਗੜ੍ਹ (ਮਾਨਸਾ)। ਮੋਬਾ: 81469-24800

ਚੰਦ ਕੌਰ ਨੂੰ ਨਾ ਮਿਲ ਸਕਿਆ ਫ਼ੌਜ ਦਾ ਸਮਰਥਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਕੁਝ ਦਿਨਾਂ ਬਾਅਦ ਦੋ ਸੰਧਾਵਾਲੀਏ ਸਰਦਾਰ, ਅਜੀਤ ਸਿੰਘ ਤੇ ਅਤਰ ਸਿੰਘ ਲਾਹੌਰ ਪਹੁੰਚੇ ਤੇ ਉਨ੍ਹਾਂ ਨੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਉਨ੍ਹਾਂ ਦੇ ਪਿੱਛੇ ਗੁਲਾਬ ਸਿੰਘ ਡੋਗਰਾ ਤੇ ਭਾਈਏ ਸਨ। ਇਕ ਸਮਝੌਤੇ ਉੱਪਰ 27 ਨਵੰਬਰ ਨੂੰ ਦਸਤਖਤ ਹੋਏ, ਜਿਸ ਮੁਤਾਬਿਕ ਸ਼ੇਰ ਸਿੰਘ ਅੱਠ ਮਹੀਨੇ ਵਾਸਤੇ ਮੁਕੇਰੀਆਂ ਵਿਚ ਆਪਣੀ ਜਗੀਰ ਉੱਪਰ ਚਲਾ ਜਾਵੇਗਾ ਤੇ ਆਪਣਾ ਪੁੱਤਰ ਲਾਹੌਰ ਵਿਚ ਹੀ ਬਤੌਰ ਜ਼ਮਾਨਤ ਰੱਖੇਗਾ। ਇਸ ਵਿਚ ਇਹ ਵੀ ਲਿਖਿਆ ਗਿਆ ਕਿ ਜੇ ਨੌਨਿਹਾਲ ਸਿੰਘ ਦੀ ਵਿਧਵਾ ਨੇ ਪੁੱਤਰ ਨੂੰ ਜਨਮ ਦਿੱਤਾ ਤਾਂ ਉਹ ਤਖ਼ਤ ਦਾ ਵਾਰਸ ਹੋਵੇਗਾ, ਨਹੀਂ ਤਾਂ ਨਵਾਂ ਸਮਝੌਤਾ ਤਿਆਰ ਕੀਤਾ ਜਾਵੇਗਾ। ਇਸ ਇਕਰਾਰਨਾਮੇ ਉੱਪਰ 16 ਅਹਿਮ ਹਸਤੀਆਂ ਨੇ ਦਸਤਖਤ ਕੀਤੇ, ਜਿਨ੍ਹਾਂ ਵਿਚ ਸਿੱਖ, ਹਿੰਦੂ ਤੇ ਮੁਸਲਮਾਨ ਸ਼ਾਮਿਲ ਸਨ।
ਹੁਣ ਚੰਦ ਕੌਰ ਨੂੰ ਬਕਾਇਦਾ 'ਮਲਿਕਾ ਏ ਮੁਕੱਦਸ' ਦੇ ਖਿਤਾਬ ਨਾਲ ਤਖ਼ਤ 'ਤੇ ਬਿਠਾਇਆ ਗਿਆ। ਸਾਰੇ ਦਰਬਾਰੀ, ਸਮੇਤ ਸ਼ੇਰ ਸਿੰਘ ਦੇ ਜਿਸ ਨੂੰ ਵਜ਼ੀਰਾਂ ਦੀ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਸੀ ਤੇ ਧਿਆਨ ਸਿੰਘ ਡੋਗਰਾ ਜੋ ਵਜ਼ੀਰੇ ਆਜ਼ਮ ਮੁਕੱਰਰ ਕੀਤਾ ਗਿਆ ਸੀ, ਹਾਜ਼ਰ ਸਨ। ਸਾਰਿਆਂ ਨੇ ਮਹਾਰਾਣੀ ਨੂੰ ਸਤਿਕਾਰ ਦਿੱਤਾ। ਇਹ ਵਾਕਿਆ 2 ਦਸੰਬਰ, 1840 ਦਾ ਸੀ।
ਅਗਲੇ ਦਿਨ ਸ਼ੇਰ ਸਿੰਘ ਲਾਹੌਰ ਨੂੰ ਛੱਡ ਕੇ ਆਪਣੀ ਜਗੀਰ ਉੱਪਰ ਚਲਾ ਗਿਆ। ਉਸ ਨੂੰ ਇਕ ਲੱਖ ਰੁਪਈਆ ਸਾਲਾਨਾ ਭੱਤਾ ਤੇ ਇਸੇ ਰਕਮ ਦੀ ਇਕ ਹੋਰ ਜਗੀਰ ਦੇਣ ਦਾ ਵਾਅਦਾ ਕੀਤਾ ਗਿਆ। ਹਾਲਾਂਕਿ ਇਸ ਦੇ ਨਾਲ ਉਸ ਦਾ ਮਨ ਲਾਹੌਰ ਦੇ ਤਖ਼ਤ ਤੋਂ ਉਚਾਟ ਨਹੀਂ ਸੀ ਹੋਇਆ, ਉਹ ਉਥੋਂ ਨਿਕਲਦੇ ਸਮੇਂ ਵੀ ਇਸ ਬਾਰੇ ਹੀ ਸੋਚਦਾ ਜਾ ਰਿਹਾ ਸੀ।
ਸ਼ੇਰ ਸਿੰਘ ਦੇ ਜਾਣ ਤੋਂ ਬਾਅਦ ਧਿਆਨ ਸਿੰਘ ਡੋਗਰਾ ਇਕ ਅਜਿਹੇ ਕੰਮ ਵਿਚ ਸ਼ਾਮਿਲ ਪਾਇਆ ਗਿਆ ਜੋ ਕਿ 'ਮਾਈ' ਨੂੰ ਪਸੰਦ ਨਹੀਂ ਸੀ ਤੇ ਉਸ ਨੂੰ ਇਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਰਹੀ ਸੀ। ਚੰਦ ਕੌਰ ਨੂੰ ਦਰਬਾਰ ਵਿਚ ਵੀ ਤੇ ਸਾਰੇ ਸ਼ਹਿਰ ਵਿਚ ਮਾਈ ਦੇ ਨਾਂਅ ਨਾਲ ਹੀ ਜਾਣਿਆ ਜਾ ਰਿਹਾ ਸੀ। ਉਹ ਮਹੱਲ ਦੇ ਨਿੱਜੀ ਕਮਰਿਆਂ ਵੱਲ ਜਾ ਰਿਹਾ ਸੀ, ਜੋ ਬਤੌਰ ਮੰਤਰੀ ਉਸ ਦਾ ਹੱਕ ਸੀ ਪਰ ਅਜੀਤ ਸਿੰਘ ਸੰਧਾਵਾਲੀਆ ਵਲੋਂ ਲਗਾਏ ਗਏ ਗਾਰਡ ਨੇ ਉਸ ਨੂੰ ਰੋਕ ਦਿੱਤਾ। ਇਸ ਨਾਲ ਧਿਆਨ ਸਿੰਘ ਡੋਗਰਾ ਤੇ ਸੰਧਾਵਾਲੀਆ ਵਿਚ ਤਕਰਾਰ ਹੋ ਗਈ। ਮਾਈ ਨੇ ਅਜੀਤ ਸਿੰਘ ਦਾ ਸਾਥ ਦਿੱਤਾ ਤੇ ਧਿਆਨ ਸਿੰਘ ਨੂੰ ਕਹਿ ਦਿੱਤਾ ਕਿ ਹੁਣ ਉਹ ਆਪਣੇ-ਆਪ ਨੂੰ ਕਿਲ੍ਹੇ ਦਾ ਡਿਉੜੀਦਾਰ ਨਾ ਸਮਝੇ। ਕਿਸੇ ਸਾਜਿਸ਼ ਵਿਚ ਸ਼ਾਮਿਲ ਹੋਣ ਦੀ ਬਜਾਏ ਧਿਆਨ ਸਿੰਘ ਡੋਗਰਾ ਨੇ ਜਨਵਰੀ, 1841 ਦੇ ਸ਼ੁਰੂ ਵਿਚ ਹੀ ਲਾਹੌਰ ਛੱਡ ਦਿੱਤਾ ਤੇ ਜੰਮੂ ਵਿਚਲੀ ਆਪਣੀ ਜਗੀਰ 'ਤੇ ਆ ਗਿਆ। ਉਸ ਨੇ ਸ਼ੇਰ ਸਿੰਘ ਨੂੰ ਖ਼ਤ ਲਿਖਿਆ। ਉਸ ਨੂੰ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਉਹ ਲਾਹੌਰ ਰਿਜਮੈਂਟ ਦੇ ਅਫਸਰਾਂ ਨਾਲ ਸੰਪਰਕ ਬਣਾਏ।
ਮਾਈ ਤੇ ਸੰਧਾਵਾਲੀਆਂ ਨੇ ਕੁਝ ਦਿਨ ਬਹੁਤ ਮਜ਼ੇ ਨਾਲ ਹਕੂਮਤ ਚਲਾਈ ਪਰ ਸਾਰੇ ਖੇਲ ਦਾ ਚੌਖਟਾ ਉਨ੍ਹਾਂ ਵਾਸਤੇ ਭਾਰੀ ਸੀ। ਉਨ੍ਹਾਂ ਨੇ ਫ਼ੌਜ ਤੇ ਸਾਰੀ ਵਜ਼ਾਰਤ ਦਾ ਸਹਿਯੋਗ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿਚੋਂ ਕੋਈ ਵੀ ਇਸ ਗੱਲ 'ਤੇ ਰਾਜ਼ੀ ਨਹੀਂ ਸੀ ਕਿ ਉਨ੍ਹਾਂ ਦੀ ਹਾਕਮ ਇਕ ਔਰਤ ਹੋਵੇ, ਜੋ ਜ਼ਨਾਨਖਾਨੇ ਦੇ ਪਰਦੇ ਵਿਚੋਂ ਬਾਹਰ ਨਹੀਂ ਆ ਸਕਦੀ।
ਚੰਦ ਕੌਰ ਦੀ ਸਭ ਤੋਂ ਪਹਿਲੀ ਕੋਸ਼ਿਸ਼ ਇਹ ਸੀ ਕਿ ਉਹ ਆਪਣੀ ਵਿਰਾਸਤ ਨੂੰ ਤਾਕਤਵਰ ਗੁਆਂਢੀ ਅੰਗਰੇਜ਼ਾਂ ਤੋਂ ਮਾਨਤਾ ਹਾਸਲ ਕਰਵਾਏ। ਉਸ ਨੇ ਤਜਵੀਜ਼ ਕੀਤਾ ਕਿ ਗਵਰਨਰ ਜਨਰਲ ਦੇ ਰਾਹੀਂ ਇਕ ਤੋਹਫ਼ਾ ਮਲਕਾ ਵਿਕਟੋਰੀਆ ਦੇ ਨਾਂਅ ਦਾ ਭੇਜਿਆ ਜਾਵੇ। ਇਸ ਮਿਸ਼ਨ ਦਾ ਵਿਚਾਰ ਅੰਗਰੇਜ਼ਾਂ ਦੇ ਕਹਿਣ ਉੱਪਰ ਹੀ ਛੱਡਣਾ ਪਿਆ, ਕਿਉਂਕਿ ਉਹ ਅਜੇ ਵੀ ਕਾਬਲ ਉੱਪਰ ਚੜ੍ਹਾਈ ਵਾਸਤੇ ਪੰਜਾਬ ਦੀ ਹਕੂਮਤ ਦਾ ਸਾਥ ਚਾਹੁੰਦੇ ਸਨ। ਇਸ ਤਰ੍ਹਾਂ ਇਹ ਇਕ ਤਰ੍ਹਾਂ ਨਾਲ ਇਸ ਹਕੂਮਤ ਨੂੰ ਮਾਨਤਾ ਸੀ।
ਮਾਈ ਦੀ ਸਰਕਾਰ ਨੂੰ ਮਾਨਤਾ ਦੇਣ ਦੇ ਨਾਲ ਹੀ ਅੰਗਰੇਜ਼ ਉਸ ਦੀ ਰਿਆਸਤ ਨੂੰ ਕਬਜ਼ੇ ਵਿਚ ਲੈਣ ਦੀਆਂ ਵਿਉਂਤਾਂ ਵੀ ਬਣਾ ਰਹੇ ਸਨ। ਅੰਗਰੇਜ਼ਾਂ ਦਾ ਐਸਾ ਵਤੀਰਾ ਆਪਣੇ ਉਸ ਹਮਾਇਤੀ ਪ੍ਰਤੀ ਸੀ, ਜਿਸ ਨੇ ਨਾ ਸਿਰਫ਼ ਅਫ਼ਗਾਨਿਸਤਾਨ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ, ਬਲਕਿ ਉਨ੍ਹਾਂ ਦੀ ਫ਼ੌਜ ਨੂੰ ਵੀ ਆਪਣੀ ਰਿਆਸਤ ਵਿਚੋਂ ਇਵੇਂ ਨਿਕਲਣ ਦਿੱਤਾ ਸੀ, ਜਿਵੇਂ ਇਹ ਕੋਈ ਆਮ ਰਸਤਾ ਹੋਵੇ। ਅਜਿਹੀ ਮਿਸਾਲ ਇਤਿਹਾਸ ਦੀਆਂ ਕਿਤਾਬਾਂ ਵਿਚ ਹੋਰ ਕਿਧਰੇ ਵੀ ਨਹੀਂ ਮਿਲਦੀ। ਸਰ ਵਿਲੀਅਮ ਮੈਕਨਾਗਟਨ ਦੀ ਤਜਵੀਜ਼ ਸੀ ਕਿ 1809 ਦੀ ਸੰਧੀ ਨੂੰ ਇਕਤਰਫਾ ਤੋੜ ਦਿੱਤਾ ਜਾਵੇ ਤੇ ਪਿਸ਼ਾਵਰ ਨੂੰ ਪੰਜਾਬ ਨਾਲੋਂ ਅੱਡ ਕਰਕੇ ਅਫ਼ਗਾਨਿਸਤਾਨ ਦੇ ਦੁੱਰਾਨੀ ਹੁਕਮਰਾਨਾਂ ਨੂੰ ਦੇ ਦਿੱਤਾ ਜਾਵੇ। ਉਸ ਨੇ ਅੱਗੋਂ ਤਜਵੀਜ਼ ਕੀਤਾ ਕਿ ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਜਾਵੇ, ਜਿਸ ਨਾਲ ਪਹਾੜੀ ਇਲਾਕਿਆਂ ਉੱਪਰ ਡੋਗਰਿਆਂ ਦਾ ਰਾਜ ਹੋਵੇ ਤੇ ਮੈਦਾਨੀ ਇਲਾਕਾ ਸੰਧਾਵਾਲੀਆਂ ਨੂੰ ਦੇ ਦਿੱਤਾ ਜਾਵੇ। ਗਵਰਨਰ ਜਨਰਲ ਨੇ ਮੈਕਨਾਗਟਨ ਨੂੰ ਧੀਰਜ ਰੱਖਣ ਦੀ ਸਲਾਹ ਦਿੱਤੀ। ਉਸ ਦਾ ਕਹਿਣਾ ਸੀ ਇਕ ਦਿਨ ਪੰਜਾਬ ਨੇ ਆਪ ਹੀ ਬਿਖਰ ਜਾਣਾ ਹੈ ਤੇ ਫਿਰ ਸਿੰਧ ਤੋਂ ਉਪਰਲਾ ਸਾਰਾ ਪੰਜਾਬ ਆਪਣੇ ਵਿਚ ਸ਼ਾਮਿਲ ਕਰਕੇ ਅਸੀਂ ਆਪਣੀ ਕਠਪੁਤਲੀ ਹਕੂਮਤ ਦੁੱਰਾਨੀ ਦੇ ਸਪੁਰਦ ਕਰ ਦਿਆਂਗੇ।
ਮਾਈ ਦੀ ਸਭ ਤੋਂ ਵੱਡੀ ਸਮੱਸਿਆ ਫ਼ੌਜ ਦੀ ਵਫਾਦਾਰੀ ਹਾਸਲ ਕਰਨਾ ਸੀ। ਕਿਉਂ ਉਸ ਦੀ ਹਮਦਰਦੀ ਸ਼ੇਰ ਸਿੰਘ ਨਾਲ ਸੀ। ਸ਼ੇਰ ਸਿੰਘ ਦਾ ਯੂਰਪੀਨ ਅਫਸਰਾਂ ਨਾਲ ਵੀ ਚੰਗਾ ਸਬੰਧ ਸੀ। ਮਾਈ ਨੂੰ ਰਿਪੋਰਟ ਮਿਲ ਰਹੀ ਸੀ ਕਿ ਫ਼ੌਜੀ ਛਾਉਣੀਆਂ ਛੱਡ ਕੇ ਸ਼ੇਰ ਸਿੰਘ ਦੀ ਜਗੀਰ ਵਿਚ ਬਟਾਲੇ ਪਹੁੰਚ ਰਹੇ ਹਨ। ਚੰਦ ਕੌਰ ਨੇ ਫ਼ੌਜੀਆਂ ਨੂੰ ਲਾਲਚ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੇਜ ਸਿੰਘ ਨੂੰ ਮੁੱਖ ਕਮਾਂਡਰ ਬਣਾ ਕੇ ਫ਼ੌਜੀਆਂ ਦੀ ਤਨਖਾਹ ਹਰ ਮਹੀਨੇ ਦੀ 25 ਤਰੀਕ ਨੂੰ ਦੇਣਾ ਤੈਅ ਕੀਤਾ। ਮਾਈ ਨੇ ਸਾਰੇ ਅਫਸਰਾਂ ਤੇ ਫ਼ੌਜੀਆਂ ਨੂੰ ਕਿਹਾ ਕਿ ਉਹ ਉਸ ਪ੍ਰਤੀ ਵਫਾਦਾਰੀ ਦਾ ਹਲਫ ਲੈਣ। ਪਰ ਇਹ ਸਾਰਾ ਕੁਝ ਕਾਮਯਾਬ ਨਹੀਂ ਹੋਇਆ। ਸ਼ੇਰ ਸਿੰਘ ਨੇ ਫ਼ੌਜੀਆਂ ਦੀਆਂ ਤਨਖਾਹਾਂ ਵਧਾ ਦਿੱਤੀਆਂ, ਜਿਸ ਨਾਲ ਇਧਰੋਂ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਤਾਕਤ ਹਾਸਲ ਕਰਨ ਦੇ 15 ਦਿਨ ਬਾਅਦ ਹੀ ਉਸ ਨੂੰ ਫ਼ੌਜ ਦੀਆਂ ਦੋ ਬਟਾਲੀਅਨਾਂ ਕਿਲ੍ਹੇ ਦੇ ਅੰਦਰ ਆਪਣੀ ਹਿਫਾਜ਼ਤ ਵਾਸਤੇ ਤਾਇਨਾਤ ਕਰਨੀਆਂ ਪਈਆਂ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਖ਼ਤਮ ਹੋ ਗਈ ਮੰਗਲ ਸਿੰਘ ਰਾਮਗੜ੍ਹੀਆ ਦੀ ਹਵੇਲੀ ਦੀ ਸ਼ਾਨ ਤੇ ਨਿਸ਼ਾਨੀਆਂ

ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਦੀ ਗੁਰੂ ਰਾਮ ਦਾਸ ਸਰਾਂ ਦੇ ਪਾਸ ਚੌਕ ਪਰਾਗਦਾਸ ਵਿਚ ਮੌਜੂਦ ਸਰਕਾਰ-ਏ-ਬਾਵਕਾਰ ਦੀ ਉਪਾਧੀ ਨਾਲ ਸਨਮਾਨਿਤ ਸ: ਮੰਗਲ ਸਿੰਘ ਰਾਮਗੜ੍ਹੀਆ ਦੀ ਮਹਿਲਨੁਮਾ ਸ਼ਹਾਨਾ ਹਵੇਲੀ ਜ਼ਮੀਨਦੋਜ਼ ਹੋ ਚੁੱਕੀ ਹੈ। ਹਵੇਲੀ ਦੇ ਵਿਕਣ ਤੋਂ ਬਾਅਦ ਇਸ ਦੇ ਵੱਡੇ ਹਿੱਸੇ 'ਤੇ ਹੋਟਲਾਂ ਵਰਗੀਆਂ ਉਸਾਰੀਆਂ, ਨਵੀਨਤਮ ਸਰਾਂਵਾਂ ਤੇ ਹੋਰ ਵਪਾਰਕ ਕੇਂਦਰਾਂ ਦੇ ਸਥਾਪਿਤ ਹੋਣ ਨਾਲ ਹਵੇਲੀ ਦੀਆਂ ਕਰੀਬ ਸਭ ਇਤਿਹਾਸਕ ਨਿਸ਼ਾਨੀਆਂ ਖ਼ਤਮ ਹੋ ਚੁੱਕੀਆਂ ਹਨ। ਇਸ ਹਵੇਲੀ ਦੇ ਵਿਕਣ ਸਮੇਂ ਇਸ 'ਚ ਸ: ਮੰਗਲ ਸਿੰਘ ਰਾਮਗੜ੍ਹੀਆ ਦੇ ਪੜਪੋਤੇ ਸਰਦਾਰ ਬਹਾਦਰ ਕਰਤਾਰ ਸਿੰਘ ਦਾ ਪਰਿਵਾਰ ਰਹਿ ਰਿਹਾ ਸੀ। ਆਰਥਿਕ ਹਾਲਤ ਖਰਾਬ ਹੋਣ 'ਤੇ ਇਸ ਪਰਿਵਾਰ ਨੂੰ ਇਹ ਸ਼ਹਾਨਾ ਹਵੇਲੀ ਵੇਚਣੀ ਪਈ। ਤੇਲ ਕੰਧ ਚਿੱਤਰਾਂ ਦਾ ਗੜ੍ਹ ਮੰਨੀ ਜਾਂਦੀ ਰਹੀ ਕੂਚਾ ਮੰਗਲ ਸਿੰਘ ਰਾਮਗੜ੍ਹੀਆ ਦੀ ਉਪਰੋਕਤ ਹਵੇਲੀ ਦੇ ਬੂਹੇ-ਬਾਰੀਆਂ ਤੇ ਹੋਰ ਕੀਮਤੀ ਸਾਮਾਨ ਤਾਂ ਪਹਿਲਾਂ ਹੀ ਵਿਕ ਚੁੱਕੇ ਹਨ, ਹੁਣ ਹਵੇਲੀ ਦੇ ਪੁਰਾਣੇ ਖੂਬਸੂਰਤ ਦਰਵਾਜ਼ੇ ਦੀ ਜਗ੍ਹਾ ਲਗਾਏ ਨਵੇਂ ਦਰਵਾਜ਼ੇ ਦੇ ਨਾਲ ਹੀ ਹਵੇਲੀ ਦੇ ਬਚੇ-ਖੁਚੇ ਹਿੱਸੇ ਨੂੰ ਵੇਚਣ ਸਬੰਧੀ ਵੀ ਬੋਰਡ ਲਗਾ ਦਿੱਤਾ ਗਿਆ ਹੈ। ਉਪਰੋਕਤ ਸ਼ਹਾਨਾ ਹਵੇਲੀ ਰਾਮਗੜ੍ਹੀਆ ਬੁੰਗਾ ਤੋਂ ਲੈ ਕੇ ਕਿਲ੍ਹਾ ਰਾਮਰੌਨੀ (ਰਾਮਗੜ੍ਹ) ਦੇ ਵਿਚਕਾਰ ਆਬਾਦ ਕਟੜਾ ਰਾਮਗੜ੍ਹੀਆ ਦੇ ਆਰੰਭ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਪਾਸ ਉਸਾਰੀ ਗਈ ਸੀ।
ਇਸ ਤਿੰਨ ਮੰਜ਼ਿਲਾ ਹਵੇਲੀ ਦੇ ਸਥਾਨ 'ਤੇ ਪਹਿਲਾਂ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਸਪੁੱਤਰ ਸ: ਜੋਧ ਸਿੰਘ ਰਾਮਗੜ੍ਹੀਆ ਦੀ ਵਿਸ਼ਾਲ ਹਵੇਲੀ ਹੋਇਆ ਕਰਦੀ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਫ਼ਤਹਿ ਕੀਤਾ ਤਾਂ ਅੰਮ੍ਰਿਤਸਰ 'ਤੇ ਕਾਬਜ਼ ਭੰਗੀ ਮਿਸਲ ਦੇ ਅੰਤਿਮ ਹਾਕਮ ਸ: ਗੁਰਦਿੱਤ ਸਿੰਘ ਭੰਗੀ ਤੇ ਉਸ ਦੀ ਮਾਂ ਰਾਣੀ ਸੁੱਖਾਂ ਮਹਾਰਾਜਾ ਦੀ ਫ਼ੌਜ ਤੋਂ ਬਚਦੇ-ਬਚਾਉਂਦੇ ਉਪਰੋਕਤ ਹਵੇਲੀ ਵਿਚ ਸ: ਜੋਧ ਸਿੰਘ ਪਾਸ ਪਹੁੰਚ ਗਏ। ਇਥੇ ਪਹੁੰਚਣ 'ਤੇ ਰਾਮਗੜ੍ਹੀਆ ਸਰਦਾਰ ਦੀ ਸਿਫ਼ਾਰਸ਼ 'ਤੇ ਮਹਾਰਾਜੇ ਨੇ ਭੰਗੀ ਸਰਦਾਰ ਨਾਲ ਸੁਲ੍ਹਾ ਕਰਦਿਆਂ ਉਸ ਨੂੰ ਤੇ ਉਸ ਦੀ ਮਾਂ ਨੂੰ ਉਨ੍ਹਾਂ ਦੇ ਇਲਾਕੇ ਵਿਚੋਂ ਚਾਰ ਪਿੰਡਾਂ ਦੀ ਜਗੀਰ ਬਖ਼ਸ਼ ਦਿੱਤੀ। ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਭਰਾ ਸ: ਤਾਰਾ ਸਿੰਘ ਦੇ ਪੋਤਰੇ ਮੰਗਲ ਸਿੰਘ ਰਾਮਗੜ੍ਹੀਆ ਨੂੰ ਸ: ਹਰੀ ਸਿੰਘ ਨਲਵਾ ਦੀ ਸ਼ਹਾਦਤ ਦੇ ਬਾਅਦ ਸ਼ੇਰ-ਏ-ਪੰਜਾਬ ਵਲੋਂ ਪੇਸ਼ਾਵਰ ਤੋਂ ਕਾਬੁਲ ਤੱਕ ਦੇ ਰਸਤੇ ਵਿਚ ਆਉਂਦੇ ਕਬਾਇਲੀ ਪਹਾੜੀ ਕਿਲ੍ਹਿਆਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ। ਨਲਵਾ ਸਰਦਾਰ ਵਾਂਗ ਮੰਗਲ ਸਿੰਘ ਨੇ ਵੀ ਕਬਾਇਲੀ ਵਿਦਰੋਹੀਆਂ ਨੂੰ ਠੱਪ ਕੇ ਰੱਖਿਆ, ਜਿਸ 'ਤੇ ਮਹਾਰਾਜੇ ਨੇ ਖੁਸ਼ ਹੋ ਕੇ ਸ: ਜੋਧ ਸਿੰਘ ਰਾਮਗੜ੍ਹੀਆ ਦੀ ਜ਼ਬਤ ਕੀਤੀ ਜਗੀਰ ਦਾ ਵੱਡਾ ਹਿੱਸਾ ਬੁੰਗਾ ਰਾਮਗੜ੍ਹੀਆ ਤੇ ਉਪਰੋਕਤ ਸ਼ਹਾਨਾ ਹਵੇਲੀ ਸ: ਮੰਗਲ ਸਿੰਘ ਸਿੰਘ ਰਾਮਗੜ੍ਹੀਆ ਨੂੰ ਬਖ਼ਸ਼ ਦਿੱਤੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਆਜ਼ਾਦੀ ਘੁਲਾਟੀਏ ਹੌਲਦਾਰ ਮੂਲਾ ਸਿੰਘ ਮਾਂਗੀਆਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਗੁਰਦੁਆਰਾ ਐਕਟ ਬਣ ਜਾਣ ਪਿੱਛੋਂ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਪੈਨਸ਼ਨਕਾਰ ਸੈਨਿਕਾਂ ਦੀ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਮੂਲੀਅਤ ਕਾਰਨ ਪੈਨਸ਼ਨ ਜ਼ਬਤ ਹੋਈ ਹੈ, ਉਹ ਜੇਕਰ ਸਰਕਾਰ ਨੂੰ ਪੈਨਸ਼ਨ ਦੀ ਬਹਾਲੀ ਸਬੰਧੀ ਬੇਨਤੀ ਕਰਨ ਤਾਂ ਉਨ੍ਹਾਂ ਦੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ। ਬਹੁਤ ਸਾਰੇ ਸਾਬਕਾ ਸੈਨਿਕਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਦਾ ਲਾਭ ਉਠਾਉਂਦਿਆਂ ਪੈਨਸ਼ਨ ਦੀ ਬਹਾਲੀ ਕਰਵਾ ਲਈ ਪਰ ਮੂਲਾ ਸਿੰਘ ਨੇ ਸਰਕਾਰ ਦੀ ਇਸ ਨੀਤੀ ਨੂੰ ਧਰਮ ਖਾਤਰ ਕੀਤੀ ਕੁਰਬਾਨੀ ਦਾ ਮੁੱਲ ਪਵਾਉਣਾ ਸਮਝਦਿਆਂ ਪੈਨਸ਼ਨ ਬਹਾਲੀ ਲਈ ਸਰਕਾਰ ਪਾਸ ਪਹੁੰਚ ਕਰਨੀ ਉਚਿਤ ਨਾ ਸਮਝੀ। ਦੋ ਕੁ ਸਾਲ ਬੀਤਣ ਪਿੱਛੋਂ ਕੁਝ ਪੁਰਾਣੇ ਸੰਗੀਆਂ ਦੀ ਸਲਾਹ ਮੰਨਦਿਆਂ ਮੂਲਾ ਸਿੰਘ ਨੇ ਪੈਨਸ਼ਨ ਬਹਾਲੀ ਲਈ ਦਰਖਾਸਤ ਦੇਣੀ ਤਾਂ ਮੰਨ ਲਈ ਪਰ ਬੇਨਤੀ ਪੱਤਰ ਰਵਾਇਤੀ ਸ਼ਬਦਾਵਲੀ ਵਿਚ ਲਿਖਣ ਦੀ ਥਾਂ ਇਸ ਨੂੰ ਮੌਲਿਕ ਰੂਪ ਦਿੱਤਾ। ਉਸ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਤੀ 25 ਨਵੰਬਰ, 1929 ਨੂੰ ਪੇਸ਼ ਕੀਤੀ ਦਰਖਾਸਤ ਵਿਚ ਲਿਖਿਆ, 'ਮੈਂ ਗੁਰਦੁਆਰਾ ਸੁਧਾਰ ਲਹਿਰ ਨੂੰ ਇਕ ਧਾਰਮਿਕ ਅੰਦੋਲਨ ਸਮਝਦਿਆਂ ਇਸ ਵਿਚ ਭਾਗ ਲਿਆ ਅਤੇ ਅਜਿਹਾ ਕਰਦਿਆਂ ਮੈਂ ਕੋਈ ਕਸੂਰ ਨਹੀਂ ਕੀਤਾ। ...ਜਦੋਂ ਗੁਰਦੁਆਰਾ ਐਕਟ ਲਾਗੂ ਕੀਤਾ ਗਿਆ ਤਾਂ ਗਵਰਨਰ ਪੰਜਾਬ ਨੇ ਐਲਾਨ ਕੀਤਾ ਸੀ ਕਿ ਇਸ ਐਕਟ ਉੱਤੇ ਅਮਨਪੂਰਵਕ ਅਮਲ ਕਰਨ ਵਾਲੇ ਸਿੱਖਾਂ ਨੂੰ ਉਨ੍ਹਾਂ ਦੇ ਬੀਤੇ ਸਮੇਂ ਦੌਰਾਨ ਕੀਤੇ ਸਾਰੇ ਕਸੂਰ ਮੁਆਫ਼ ਕਰ ਦਿੱਤੇ ਜਾਣਗੇ। ਇਸ ਐਲਾਨ ਦੇ ਆਧਾਰ ਉੱਤੇ ਹੀ ਹੋਰਨਾਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਮੇਰੀ ਬੇਨਤੀ ਹੈ ਕਿ ਮੇਰੀ ਪੈਨਸ਼ਨ ਵੀ ਬਹਾਲ ਕੀਤੀ ਜਾਵੇ। '
ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਕਮਿਸ਼ਨਰ ਲਾਹੌਰ ਨੇ ਵੀ ਮੂਲਾ ਸਿੰਘ ਦੀ ਪੈਨਸ਼ਨ ਬਹਾਲ ਕਰਨ ਦੀ ਸਿਫਾਰਸ਼ ਕੀਤੀ ਪਰ ਪੰਜਾਬ ਸਰਕਾਰ ਦੀ ਪੱਧਰ ਉੱਤੇ ਇਹ ਦਰਖਾਸਤ ਦੋ ਸਾਲ ਇਧਰ-ਉਧਰ ਘੁੰਮਦੀ ਰਹੀ। ਕਾਰਨ ਇਹ ਸੀ ਕਿ ਉੱਚ ਅਧਿਕਾਰੀਆਂ ਨੂੰ ਮੂਲਾ ਸਿੰਘ ਦੇ ਬੇਨਤੀ ਪੱਤਰ ਵਿਚਲੀ ਸ਼ਬਦਾਵਲੀ ਪਸੰਦ ਨਹੀਂ ਸੀ। ਇਸ ਲਈ ਸਰਕਾਰ ਵਲੋਂ ਨਵੰਬਰ, 1931 ਵਿਚ ਮੂਲਾ ਸਿੰਘ ਦੀ ਦਰਖਾਸਤ ਇਸ ਟਿੱਪਣੀ ਨਾਲ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵਾਪਸ ਕੀਤੀ ਗਈ ਕਿ ਮੂਲਾ ਸਿੰਘ ਪਾਸੋਂ 'ਭਵਿੱਖ ਵਿਚ ਵਫ਼ਾਦਾਰ ਰਹਿਣ ਅਤੇ ਚੰਗਾ ਆਚਰਣ ਰੱਖਣ' ਬਾਰੇ ਭਰੋਸਾ ਨਿਰਧਾਰਤ ਦਰਖਾਸਤ ਫਾਰਮ ਵਿਚ ਲੈ ਕੇ ਭੇਜਿਆ ਜਾਵੇ। ਸਥਾਨਕ ਅਧਿਕਾਰੀਆਂ ਨੇ ਲੋੜੀਂਦੀ ਕਾਰਵਾਈ ਮੁਕੰਮਲ ਕਰਕੇ ਮੂਲਾ ਸਿੰਘ ਦੀ ਦਰਖਾਸਤ ਮੁੜ ਮਾਰਚ, 1932 ਵਿਚ ਪੰਜਾਬ ਸਰਕਾਰ ਨੂੰ ਪੁੱਜਦੀ ਕੀਤੀ। ਇਕ ਵਾਰ ਫਿਰ ਮੂਲਾ ਸਿੰਘ ਦੀ ਦਰਖਾਸਤ ਦਫ਼ਤਰੀ ਘੁੰਮਣਘੇਰੀਆਂ ਵਿਚ ਪੈ ਗਈ। ਅੰਤ ਪੰਜਾਬ ਸਰਕਾਰ ਵਲੋਂ ਸਤੰਬਰ, 1934 ਵਿਚ ਮੂਲਾ ਸਿੰਘ ਦੀ ਪੈਨਸ਼ਨ ਬਹਾਲੀ ਲਈ ਕਮਾਂਡਰ ਲਾਹੌਰ ਨੂੰ ਲਿਖੇ ਜਾਣ ਦੇ ਸਿੱਟੇ ਵਜੋਂ ਮੂਲਾ ਸਿੰਘ ਦੀ ਪੈਨਸ਼ਨ ਦਸੰਬਰ, 1929 ਤੋਂ ਬਹਾਲ ਕੀਤੀ ਗਈ।
ਮੂਲਾ ਸਿੰਘ ਦੇ ਘਰ ਉਸ ਦੀ ਪਤਨੀ ਤੇਜ ਕੌਰ ਦੀ ਕੁੱਖੋਂ ਦੋ ਪੁੱਤਰਾਂ-ਬੇਅੰਤ ਸਿੰਘ ਅਤੇ ਗੁਰਦੀਪ ਸਿੰਘ ਅਤੇ ਇਕ ਧੀ ਜਸਵੰਤ ਕੌਰ ਨੇ ਜਨਮ ਲਿਆ। ਉਸ ਦੇ ਦੋਵੇਂ ਪੁੱਤਰ ਪਿਤਾ ਵਲੋਂ ਪਾਈ ਲੀਹ ਦਾ ਅਨੁਕਰਨ ਕਰਦਿਆਂ ਫੌਜ ਵਿਚ ਭਰਤੀ ਹੋਏ। ਬੇਅੰਤ ਸਿੰਘ ਤਰੱਕੀ ਕਰਦਾ ਹੋਇਆ ਕੈਪਟਨ ਬਣਿਆ ਅਤੇ ਫਿਰ ਦੇਸ਼ ਦੀ ਆਜ਼ਾਦੀ ਲਈ ਸ੍ਰੀ ਸੁਭਾਸ਼ ਚੰਦਰ ਬੋਸ ਦੀ ਅਪੀਲ ਉੱਤੇ ਇੰਡੀਅਨ ਨੈਸ਼ਨਲ ਆਰਮੀ ਵਿਚ ਚਲਾ ਗਿਆ। ਇੰਡੀਅਨ ਨੈਸ਼ਨਲ ਆਰਮੀ ਦੀ ਅਸਫਲਤਾ ਪਿੱਛੋਂ ਉਹ ਅੰਗਰੇਜ਼ ਸਰਕਾਰ ਦੇ ਬੰਦੀਖ਼ਾਨੇ ਵਿਚ ਰਿਹਾ। ਛੋਟਾ ਪੁੱਤਰ ਗੁਰਦੀਪ ਸਿੰਘ ਵੀ ਭਾਰਤੀ ਸੈਨਾ ਵਿਚੋਂ ਮੇਜਰ ਦੇ ਪਦ ਉੱਤੋਂ ਸੇਵਾਮੁਕਤ ਹੋਇਆ। ਹੌਲਦਾਰ ਮੂਲਾ ਸਿੰਘ ਦਾ ਪੋਤਰਾ ਸ: ਅਜੀਤ ਸਿੰਘ ਸੰਧੂ, ਕੈਲੇਫੋਰਨੀਆ (ਅਮਰੀਕਾ) ਦਾ ਵਸਨੀਕ ਹੈ।
ਮੂਲਾ ਸਿੰਘ ਨੇ ਪਿਛਲੀ ਉਮਰ ਆਪਣੇ ਪਿੰਡ ਵਿਚ ਹੀ ਬਤੀਤ ਕੀਤੀ। ਅਕਾਲੀ ਲਹਿਰ ਤੋਂ ਪਿੱਛੋਂ ਉਸ ਨੇ ਰਾਜਨੀਤੀ ਵਿਚ ਭਾਗ ਨਹੀਂ ਲਿਆ ਪਰ ਇਲਾਕੇ ਵਿਚ ਸਮਾਜ ਸੇਵਾ ਲਈ ਹਮੇਸ਼ਾ ਤਤਪਰ ਰਿਹਾ। ਫਲਸਰੂਪ ਇਲਾਕੇ ਵਿਚ ਉਸ ਦੀ ਚੰਗੀ ਪੈਂਠ ਬਣੀ ਅਤੇ ਉਹ ਇਲਾਕੇ ਦੇ ਬਾਰਸੂਖ ਵਿਅਕਤੀਆਂ ਵਿਚੋਂ ਗਿਣਿਆ ਜਾਣ ਲੱਗਾ। ਜਦੋਂ ਕਦੇ ਵੀ ਕਿਸੇ ਪਿੰਡ ਵਿਚ ਕੋਈ ਵਿਵਾਦ ਖੜ੍ਹਾ ਹੁੰਦਾ, ਦੋਵੇਂ ਧਿਰਾਂ ਅਦਾਲਤ ਤੋਂ ਬਾਹਰ ਸਾਲਸੀ ਲਈ ਹੌਲਦਾਰ ਮੂਲਾ ਸਿੰਘ ਤੱਕ ਪਹੁੰਚ ਕਰਦੀਆਂ। ਨਿਰਪੱਖ ਸੋਚ ਦਾ ਧਾਰਨੀ ਮੂਲਾ ਸਿੰਘ ਜੋ ਵੀ ਫੈਸਲਾ ਸੁਣਾਉਂਦਾ, ਦੋਵੇਂ ਧਿਰਾਂ ਖੁਸ਼ੀ-ਖੁਸ਼ੀ ਉਸ ਨੂੰ ਪ੍ਰਵਾਨ ਕਰ ਲੈਂਦੀਆਂ। ਕਈ ਵਾਰ ਇੰਜ ਵੀ ਹੋਇਆ ਕਿ ਜੇਕਰ ਹਾਰਨ ਵਾਲੀ ਧਿਰ ਨੇ ਮੂਲਾ ਸਿੰਘ ਵਲੋਂ ਸੁਣਾਏ ਫੈਸਲੇ ਦੀ ਲੋਅ ਵਿਚ ਦੂਜੀ ਧਿਰ ਨੂੰ ਦੇਣੀ ਬਣਦੀ ਰਕਮ ਬਾਰੇ ਔਖ ਮਹਿਸੂਸ ਕੀਤੀ ਤਾਂ ਮੂਲਾ ਸਿੰਘ ਨੇ ਕੀਤੇ ਜਾ ਚੁੱਕੇ ਨਿਰਣੇ ਵਿਚ ਤਬਦੀਲੀ ਕਰਨ ਦੀ ਥਾਂ ਅਜਿਹੀ ਅਦਾਇਗੀ ਆਪਣੇ ਪੱਲਿਓਂ ਕਰ ਦਿੱਤੀ। ਅਜਿਹੀਆਂ ਕਰਵਾਈਆਂ ਨੇ ਇਲਾਕਾ ਵਾਸੀਆਂ ਦੇ ਮਨਾਂ ਵਿਚ ਹੌਲਦਾਰ ਮੂਲਾ ਸਿੰਘ ਦੀ ਇੱਜ਼ਤ ਹੋਰ ਵੀ ਵਧਾਈ।
ਹੌਲਦਾਰ ਮੂਲਾ ਸਿੰਘ ਦਾ ਆਪਣੇ ਪਿੰਡ ਵਿਚ ਹੀ 1963 ਦੇ ਲਗਪਗ ਦਿਹਾਂਤ ਹੋਇਆ। (ਸਮਾਪਤ)


-ਮੋਬਾ: 94170-49417

ਸੂਫ਼ੀ ਕਾਵਿ ਅਤੇ ਧਨੀ ਰਾਮ ਚਾਤ੍ਰਿਕ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਇਕ ਹੋਰ ਥਾਂ ਕੱਤਣ, ਤੁੰਬਣ, ਦਾਜ ਬਣਾਉਣ, ਸਹੁਰੇ ਜਾ ਕੇ ਚੰਗੇ ਵਸੇਬੇ ਦੀ ਗੱਲ ਹੈ। ਜੋ ਅਜਿਹਾ ਨਹੀਂ ਕਰਨਗੀਆਂ, ਉਨ੍ਹਾਂ ਨੂੰ ਝਿੜਕਾਂ ਅਤੇ ਤਾਅਨੇ ਸਹਿਣੇ ਪੈਣਗੇ :
ਬਾਗਾਂ ਦੇ ਵਿਚ ਕਰਨ ਬਹਾਰਾਂ,
ਮੂੰਹ ਮੰਗਿਆ ਫਲ ਪਾਵਣ ਨੀ।
ਕੱਤ ਤੁੰਬ ਲੈ ਗਈਆਂ ਸਹੁਰੇ,
ਝਿੜਕਾਂ ਫੇਰ ਨ ਖਾਵਣ ਨੀਂ।
ਸੱਸ ਨਣਾਨਾਂ ਮਾਰਨ ਤਾਅਨੇ,
ਬਿਨ ਦਾਜੋਂ ਜੋ ਜਾਵਣ ਨੀਂ।
ਚਾਤ੍ਰਿਕ ਕਰ ਲੈ ਭਜਨ ਹਰੀ ਦਾ,
ਚੁੱਕੇ ਆਵਣ ਜਾਵਣ ਨੀਂ।
ਬਾਬਾ ਵਜੀਦ ਜਾਂ ਭਗਤ ਵਜੀਦ ਅਠਾਰ੍ਹਵੀਂ ਸਦੀ ਦਾ ਇਕ ਪ੍ਰਮੁੱਖ ਪੰਜਾਬੀ ਸੂਫ਼ੀ ਹੋ ਗੁਜ਼ਰਿਆ ਹੈ। ਉਸ ਦੇ ਸਲੋਕਾਂ ਦੀ ਸਭ ਤੋਂ ਵੱਡੀ ਖੂਬੀ ਸਮਾਜ ਵਿਚਲੇ ਵਿਰੋਧਾਂ ਨੂੰ ਉਜਾਗਰ ਕਰਕੇ ਕਰਤਾਰ ਦੀ ਕਰਤਾਰਤਾ ਨੂੰ ਵਡਿਆਉਣਾ ਹੈ। ਇਨ੍ਹਾਂ ਵਿਰੋਧਾਂ ਉੱਪਰ ਉਂਗਲ ਧਰਨ ਕਰਕੇ ਹੀ ਉਸ ਦੇ ਸਲੋਕ ਬਹੁਤ ਪ੍ਰਸਿੱਧ ਹੋਏ ਅਤੇ ਹਰ ਬੰਦ ਦੀ ਆਖਰੀ ਸਤਰ 'ਕੌਣ ਸਾਹਿਬ ਨੂੰ ਆਖੇ, ਇੰਜ ਨਹੀਂ ਤਾਂ ਇੰਜ ਕਰ' ਲੋਕੋਕਤੀ ਦਾ ਦਰਜਾ ਅਖਤਿਆਰ ਕਰ ਗਈ।
ਬੰਦਗੀ ਕਰਦਿਆਂ-ਕਰਦਿਆਂ ਸੂਫ਼ੀ ਉੱਤੇ ਅਜਿਹੀ ਅਵਸਥਾ ਤਾਰੀ ਹੁੰਦੀ ਹੈ, ਜਿਸ ਨੂੰ ਵਜਦ ਜਾਂ ਮਸਤੀ ਕਿਹਾ ਜਾਂਦਾ ਹੈ। ਇਸ ਕੈਫ਼ੀਅਤ ਵਿਚ ਉਹ ਸਭ ਕੁਝ ਭੁੱਲ ਭੁਲਾ ਕੇ ਅੱਲਾ ਨਾਲ ਇਕਮਿਕ ਹੋਇਆ ਮਹਿਸੂਸ ਕਰਦਾ ਹੈ ਪਰ ਦੱਸ ਕੁਝ ਨਹੀਂ ਸਕਦਾ। ਇਹੀ ਭਗਤ ਕਬੀਰ ਜੀ ਦਾ ਦੱਸਿਆ 'ਗੂੰਗੇ ਦਾ ਗੁੜ' ਹੈ ਅਤੇ ਇਹੀ 'ਹੋਨਿ ਨਜੀਕ ਖੁਦਾਇ ਦੇ, ਭੇਦ ਨ ਕਿਸੇ ਦੇਣ' ਅਤੇ ਬੁੱਲ੍ਹੇ ਸ਼ਾਹ ਦਾ 'ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੇ ਅੜਿਆ' ਦੀ ਹਾਲਤ ਹੈ। ਇਸੇ ਕੈਫ਼ੀਅਤ ਨੂੰ ਧਨੀ ਰਾਮ ਚਾਤ੍ਰਿਕ ਦੀਆਂ ਸਤਰਾਂ ਵਿਚ ਵੇਖੋ :
ਜਿਨ੍ਹਾਂ ਭੇਦ ਮਹਿਬੂਬ ਦਾ ਖੋਜ ਲੱਭਾ,
ਲੱਗਾ ਮੋਹਰ ਜ਼ਬਾਨ ਤੇ ਗੁੱਟ ਹੋਏ।
ਦੱਸਣ ਗੋਚਰੀ ਰਹੀ ਨ ਗੱਲ ਕੋਈ,
ਐਸੇ ਮਸਤ ਅਨੰਦ ਨੂੰ ਲੁੱਟ ਹੋਏ।
ਸੋਈ ਸਮਝਦਾ ਏਸ ਅਨੰਦ ਤਾਈਂ,
ਜੇਹੜੇ ਨਾਲ ਪਰਮਾਤਮਾ ਜੁੱਟ ਹੋਏ।
ਚਾਤ੍ਰਿਕ ਦੀਆਂ ਪੁਸਤਕਾਂ ਵਿਚੋਂ, ਅੱਜ ਦੇ ਪ੍ਰਸੰਗ ਵਿਚ, 'ਸੂਫ਼ੀਖਾਨਾ' (1950) ਖਾਸ ਮਹੱਤਵ ਰੱਖਦੀ ਹੈ। ਸੂਫ਼ੀਖਾਨਾ ਨਾਂਅ ਤੋਂ ਹੀ ਸਿੱਧ ਹੈ ਕਿ ਇਸ ਕਾਵਿ-ਸੰਗ੍ਰਹਿ ਵਿਚ ਰਹੱਸਵਾਦੀ ਅਤੇ ਸੂਫ਼ੀ ਰੰਗਣ ਦੀਆਂ ਕਵਿਤਾਵਾਂ ਦੀ ਬਹੁਲਤਾ ਹੈ। ਜਿਸ ਦੋਹਿਰੇ ਵਿਚੋਂ ਪੁਸਤਕ ਦਾ ਨਾਂਅ ਲਿਆ ਗਿਆ ਹੈ, ਉੁਹ ਪੂਰੇ ਦਾ ਪੂਰਾ ਇਸ ਤਰ੍ਹਾਂ ਹੈ :
ਸੂਫ਼ੀ ਦਿਲ ਸੂਫ਼ਿਆਨਾ ਜੀਵਨ, ਅੱਡਾ ਸੂਫ਼ੀਖਾਨਾ।
ਸਾਕੀ ਦੇ ਦਰ ਖੜਾ ਸਵਾਲੀ, ਹੱਥ ਖਾਲੀ ਪੈਮਾਨਾ।
'ਸੂਫ਼ੀਖਾਨਾ' ਪੁਸਤਕ ਵਿਚ ਇਕ ਕਵਿਤਾ 'ਰਾਂਝਣ ਯਾਰ' ਨਾਂਅ ਥੱਲੇ ਦਰਜ ਹੈ। ਇਸ ਕਵਿਤਾ ਦਾ ਬਹਿਰ, ਵਜ਼ਨ ਅਤੇ ਤੋਲ ਤੁਕਾਂਤ ਜਿਥੇ ਇਸ ਦੇ ਇਕ ਕਾਫ਼ੀ ਤੋਂ ਲਏ ਹੋਣ ਦੀ ਚੁਗਲੀ ਖਾਂਦੇ ਹਨ, ਉਥੇ ਇਸ ਵਿਚ ਇਕ ਇਸਲਾਮੀ ਸਿਧਾਂਤ ਵੱਲ ਵੀ ਇਸ਼ਾਰਾ ਹੈ, ਜੋ ਸੂਫ਼ੀਆਂ ਨੂੰ ਵੀ ਪ੍ਰਵਾਨ ਸੀ। ਸ੍ਰਿਸ਼ਟੀ ਕਿਵੇਂ ਪੈਦਾ ਹੋਈ? ਇਸ ਦੇ ਉੱਤਰ ਵਿਚ ਇਸਲਾਮੀ ਮਾਨਤਾ ਹੈ ਕਿ ਇਹ ਕੁੰਨ/ਕੁੰਨ ਫਯਕੂਨ ਕਹਿਣ ਨਾਲ ਹੋਈ। ਕਵੀ ਅਹਿਮਦਯਾਰ ਨੇ ਆਪਣੇ ਇਕ ਕਿੱਸੇ 'ਸੱਸੀ ਪੁਨੂੰ' ਦੇ ਆਰੰਭ ਵਿਚ ਹੀ ਜਿਥੇ ਇਸ ਸਿਧਾਂਤ ਵੱਲ ਇਸ਼ਾਰਾ ਕੀਤਾ ਹੈ, ਉਥੇ ਇਸ਼ਕ ਦੇ ਅਜ਼ਲੀ ਹੋਣ ਦੇ ਸਿਧਾਂਤ ਦੀ ਪੁਸ਼ਟੀ ਵੀ ਕੀਤੀ ਹੈ। ਅਹਿਮਦਯਾਰ ਲਿਖਦਾ ਹੈ :
ਅਜੇ ਕੁੰਨ ਫਯਕੂਨ ਨ ਸੱਦ ਹੋਇਆ,
ਐਨ ਸ਼ੀਨ ਤੇ ਕਾਫ਼ ਜ਼ਹੂਰ ਕੀਤਾ।
ਧਨੀ ਰਾਮ ਚਾਤ੍ਰਿਕ ਦੀ ਉਪਰ ਸੰਕੇਤਿਤ ਪੁਸਤਕ 'ਸੂਫ਼ੀਖਾਨਾ' ਦੀ ਇਕ ਕਵਿਤਾ ਇਸ ਤਰ੍ਹਾਂ ਚਲਦੀ ਹੈ :
ਲਾਚੇ ਨੂੰ ਲੱਗੇ ਬੁੱਕ ਬੁੱਕ ਤਾਰੇ।
ਵੰਝਲੀ ਕੁੰਨ ਫਯਕੂਨ ਪੁਕਾਰੇ।
ਮੰਗੂ ਜਿਦੇ, ਫਰਿਸ਼ਤਿਓਂ ਸੋਹਣੇ,
ਸਭ ਦੁਨੀਆ ਤੋਂ ਚੌੜੀ ਬਾਰ।
ਮੈਂ ਢੂੰਢੇਂਦੀ ਰਾਂਝਣ ਯਾਰ।
ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਜਿਹੜਾ ਕਾਵਿ ਰੂਪ ਇਕ ਨਿਸਚਿਤ ਪ੍ਰਭਾਵ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ, ਉਹ ਕਿਸੇ ਹੋਰ ਲਈ ਨਹੀਂ ਵਰਤਿਆ ਜਾ ਸਕਦਾ ਪਰ ਫਿਰ ਵੀ ਕੁਝ ਕਾਵਿ ਰੂਪ ਏਨੇ ਰੂੜ੍ਹ ਹੋ ਗਏ ਹਨ ਕਿ ਉਹ ਨਿਸਚਿਤ ਭਾਵਾਂ ਤੇ ਵਿਚਾਰਾਂ ਲਈ ਮਖਸੂਸ ਹੋ ਕੇ ਰਹਿ ਗਏ ਹਨ। ਉਦਾਹਰਨ ਵਜੋਂ ਵਾਰਾਂ ਬੀਰ ਰਸ ਸਿਰਜਣ ਲਈ, ਬਾਰਾਂ ਮਾਂਹ ਵਿਛੋੜਾ ਜਾਂ ਬਿਰਹਾ ਵਰਣਨ ਲਈ ਅਤੇ ਦੋਹੜੇ, ਰੁਬਾਈਆਂ ਅਤੇ ਕਾਫ਼ੀਆਂ ਸੂਫ਼ੀ ਕਾਵਿ ਲਈ ਰੂੜ੍ਹ ਹੋ ਕੇ ਰਹਿ ਗਏ। ਧਨੀ ਰਾਮ ਚਾਤ੍ਰਿਕ ਦੀਆਂ ਕਾਵਿ ਪੁਸਤਕਾਂ ਵਿਚ ਦੋਹੜੇ, ਰੁਬਾਈਆਂ ਅਤੇ ਬਾਰਾਂ ਮਾਂਹ ਆਦਿ ਕਾਵਿ ਰੂਪ ਮਿਲਦੇ ਹਨ, ਜੋ ਯਕੀਨਨ ਸੂਫ਼ੀ ਵਿਚਾਰਾਂ ਦੇ ਪ੍ਰਗਟਾਵੇ ਲਈ ਨਿਸਚਿਤ ਸਨ। ਹਾਸ਼ਮ ਦੇ ਦੋਹੜਿਆਂ ਨੂੰ ਦਰਿਆਇ-ਮਾਰਫ਼ਤ ਦਾ ਨਾਂਅ ਦਿੱਤਾ ਗਿਆ ਹੈ ਜਿਸ ਕਰਕੇ ਉਸ ਦੀ ਗਿਣਤੀ ਸੂਫ਼ੀਆਂ ਵਿਚ ਕੀਤੀ ਜਾਂਦੀ ਹੈ। ਡਾ: ਮੋਹਨ ਸਿੰਘ ਦੀਵਾਨਾ ਦੀ ਪੁਸਤਕ 'ਮਸਤੀ' ਰੁਬਾਈਆਂ ਵਿਚ ਹੈ। ਬਾਰਾਂ ਮਾਂਹ ਵੀ ਬਹੁਤ ਸਾਰੇ ਸੂਫ਼ੀ ਕਵੀਆਂ ਨੇ ਲਿਖੇ ਹਨ, ਜਿਨ੍ਹਾਂ ਵਿਚ ਦਰਦ-ਫਿਰਾਕ ਹੈ ਅਤੇ ਇਸੇ ਨੂੰ ਬਾਬਾ ਫ਼ਰੀਦ ਸਾਰੇ ਜਜ਼ਬਿਆਂ ਦਾ ਸੁਲਤਾਨ ਕਹਿੰਦਾ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ॥

ਸਿਰੀਰਾਗੁ ਮਹਲਾ ੫ ਘਰੁ ੧
ਸੰਤ ਜਨਾ ਮਿਲਿ ਭਾਈਆ
ਕਟਿਅੜਾ ਜਮਕਾਲੁ॥
ਸਚਾ ਸਾਹਿਬੁ ਮਨਿ ਵੁਠਾ
ਹੋਆ ਖਸਮੁ ਦਇਆਲੁ॥
ਪੂਰਾ ਸਤਿਗੁਰੁ ਭੇਟਿਆ
ਬਿਨਸਿਆ ਸਭੁ ਜੰਜਾਲੁ॥ ੧॥
ਮੇਰੇ ਸਤਿਗੁਰਾ ਹਉ
ਤੁਧੁ ਵਿਟਹੁ ਕੁਰਬਾਣੁ॥
ਤੇਰੇ ਦਰਸਨ ਕਉ ਬਲਿਹਾਰਣੈ
ਤੁਸਿ ਦਿਤਾ ਅੰਮ੍ਰਿਤ ਨਾਮੁ॥ ੧॥ ਰਹਾਉ॥
ਜਿਨ ਤੂੰ ਸੇਵਿਆ ਭਾਉ ਕਰਿ
ਸੇਈ ਪੁਰਖ ਸੁਜਾਨ॥
ਤਿਨਾ ਪਿਛੈ ਛੁਟੀਐ
ਜਿਨ ਅੰਦਰਿ ਨਾਮੁ ਨਿਧਾਨੁ॥
ਗੁਰ ਜੇਵਡੁ ਦਾਤਾ ਕੋ ਨਹੀ
ਜਿਨਿ ਦਿਤਾ ਆਤਮ ਦਾਨੁ॥ ੨॥
ਆਏ ਸੇ ਪਰਵਾਣੁ ਹਹਿ
ਜਿਨ ਗੁਰੁ ਮਿਲਿਆ ਸੁਭਾਇ॥
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ॥
ਕਰਤੇ ਹਥਿ ਵਡਿਆਈਆ
ਪੂਰਬਿ ਲਿਖਿਆ ਪਾਇ॥ ੩॥
ਸਚੁ ਕਰਤਾ ਸਚੁ ਕਰਣਹਾਰੁ
ਸਚੁ ਸਾਹਿਬੁ ਸਚੁ ਟੇਕ॥
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ॥
ਸਰਬ ਨਿਰੰਤਰਿ ਰਵਿ ਰਹਿਆ
ਜਪਿ ਨਾਨਕ ਜੀਵੈ ਏਕ॥ ੪॥ ੨੮॥ ੯੮॥
(ਅੰਗ 52)
ਪਦ ਅਰਥ : ਭਾਈਆ-ਭਾਈਆਂ, ਭਰਾਵਾਂ। ਕਟਿਅੜਾ-ਕੱਟਿਆ ਗਿਆ ਹੈ। ਜਮਕਾਲੁ-ਮੌਤ ਦਾ ਡਰ। ਸਚਾ ਸਾਹਿਬੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਮਨਿ ਵੁਠਾ-ਮਨ ਵਿਚ ਆ ਵਸਿਆ ਹੈ। ਖਸਮੁ-ਮਾਲਕ ਪ੍ਰਭੂ। ਭੇਟਿਆ-ਮਿਲ ਗਿਆ। ਬਿਨਸਿਆ-ਨਾਸ ਹੋ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਜੰਜਾਲੁ-ਦੁਨਿਆਵੀ ਜੰਜਾਲ, ਮਾਇਕ ਜੰਜਾਲ। ਹਉ-ਮੈਂ। ਤੁਧੁ ਵਿਟਹੁ-ਤੇਰੇ ਤੋਂ। ਕੁਰਬਾਣੁ-ਸਦਕੇ। ਤੁਸਿ-ਤ੍ਰੁੱਠਕੇ। ਅੰਮ੍ਰਿਤ-ਅਮਰ ਕਰਨ ਵਾਲਾ।
ਭਾਉ ਕਰਿ-ਪ੍ਰੇਮ ਨਾਲ। ਸੇਈ-ਉਹ। ਸੁਜਾਨ-ਸਿਆਣੇ, ਗਿਆਨਵਾਨ। ਪੁਰਖ-ਮਨੁੱਖ। ਤਿਨਾ ਪਿਛੈ-ਉਨ੍ਹਾਂ ਦੇ ਪਿੱਛੇ ਲੱਗ ਕੇ। ਛੁਟੀਐ-ਛੁੱਟ ਜਾਈਦਾ ਹੈ, ਬਚ ਜਾਈਦਾ ਹੈ। ਨਾਮੁ ਨਿਧਾਨੁ-ਨਾਮ ਰੂਪੀ ਖਜ਼ਾਨਾ। ਜੇਵਡੁ-ਜੇਡਾ ਵੱਡਾ। ਆਤਮ ਦਾਨੁ-ਆਤਮਿਕ ਜੀਵਨ ਦੀ ਦਾਤ। ਆਏ-(ਜਗਤ ਵਿਚ) ਆਏ। ਸੇ-ਸੋਈ, ਉਹੀ। ਸੁਭਾਇ-ਪਿਆਰ ਨਾਲ। ਸਚੇ ਸੇਤੀ-ਸੱਚੇ ਪ੍ਰਭੂ ਨਾਲ। ਰਤਿਆ-ਪਿਆਰ ਕੀਤਿਆਂ। ਬੈਸਣੁ ਜਾਇ-ਬੈਠਣ ਨੂੰ ਥਾਂ ਮਿਲ ਜਾਂਦੀ ਹੈ। ਕਰਤੇ ਹਥਿ-ਕਰਤਾਰ ਦੇ ਹੱਥ ਵਿਚ। ਪੂਰਬਿ ਲਿਖਿਆ-ਪਹਿਲਾਂ ਤੋਂ ਲਿਖੇ ਹੋਏ ਲੇਖ। ਪਾਇ-ਪਾਈਦੇ ਹਨ।
ਸਚੁ-ਸਦਾ ਥਿਰ ਰਹਿਣ ਵਾਲਾ। ਕਰਤਾ-ਜਗਤ ਦਾ ਕਰਤਾ। ਕਰਣਹਾਰੁ-ਕਰਨ ਦੇ ਸਮਰੱਥ। ਸਚੁ ਸਾਹਿਬੁ-ਸਦਾ ਥਿਰ ਰਹਿਣ ਵਾਲਾ ਮਾਲਕ ਪ੍ਰਭੂ। ਟੇਕ-ਆਸਰਾ। ਸਚੋ ਸਚੁ-ਸਦਾ ਥਿਰ ਰਹਿਣ ਵਾਲਾ। ਵਖਾਣੀਐ-ਆਖਿਆ ਜਾਂਦਾ ਹੈ। ਸਚੋ-ਸੱਚ ਹੀ। ਬੁਧਿ ਬਿਬੇਕ-ਬਿਬੇਕ ਬੁੱਧੀ। ਸਰਬ-ਸਭਨੀਂ ਥਾਈਂ। ਨਿਰੰਤਰਿ-ਇਕ ਰਸ। ਰਵਿ ਰਹਿਆ-ਵਿਆਪਕ ਹੋ ਰਿਹਾ ਹੈ। ਜੀਵੈ-ਜਿਉਂਦਾ ਹੈ। ਏਕ-ਇਕ ਪ੍ਰਭੂ ਨੂੰ।
ਜਦੋਂ ਪੂਰੇ ਗੁਰੂ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਜੀਵਨ ਸਫਲਾ ਹੋ ਜਾਂਦਾ ਹੈ ਅਰਥਾਤ ਫਿਰ ਕਿਸੇ ਪ੍ਰਕਾਰ ਦੀ ਲੋਚਾ ਨਹੀਂ ਰਹਿੰਦੀ, ਕਿਉਂਕਿ ਹਰਿ ਨਾਮ ਦੇ ਨੌਂ ਖਜ਼ਾਨੇ ਪ੍ਰਾਪਤ ਹੋਣ ਨਾਲ, ਹੁਣ ਨਾਮ ਧਨ ਨਾਲ ਨਾ ਮੁਕਣ ਵਾਲੇ ਭੰਡਾਰ ਭਰੇ ਰਹਿੰਦੇ ਹਨ-
ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ॥
ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਰਾ॥
(ਰਾਗੁ ਆਸਾ ਮਹਲਾ ੩, ਅੰਗ 429)
ਭੇਟਿਆ-ਮਿਲ ਪੈਂਦਾ ਹੈ। ਨਵੈ ਨਿਧਿ-ਨੌਂ ਖਜ਼ਾਨੇ।
ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਸਿਮਰਿਆ ਹੈ, ਉਨ੍ਹਾਂ ਦੇ ਸਾਰੇ ਦੁਨਿਆਵੀ ਬੰਧਨ ਟੁੱਟ ਜਾਂਦੇ ਹਨ ਅਰਥਾਤ ਖਤਮ ਹੋ ਜਾਂਦੇ ਹਨ। ਅਜੋਕੇ ਸਾਧਕਾਂ ਦੇ ਨੇੜੇ ਫਿਰ ਜਮਰਾਜ ਦੇ ਦੂਤ ਨੇੜੇ ਨਹੀਂ ਆਉਂਦੇ, ਗੁਰੂ ਉਨ੍ਹਾਂ ਦੀ ਆਪ ਰੱਖਿਆ ਕਰਦਾ ਹੈ (ਇਥੋਂ ਤੱਕ ਕਿ) ਪਰਮਾਤਮਾ ਉਨ੍ਹਾਂ ਦੀ ਆਪ ਰੱਖਿਆ ਕਰਦਾ ਹੈ ਭਾਵ ਆਪ ਉਨ੍ਹਾਂ ਦਾ ਰਖਵਾਲਾ ਬਣਦਾ ਹੈ। ਰਾਗੁ ਮਾਲੀ ਗਉੜਾ ਵਿਚ ਗੁਰੂ ਰਾਮਦਾਸ ਜੀ ਦੇ ਪਾਵਨ ਬਚਨ ਹਨ-
ਜਿਨ੍ਰ ਹਰਿ ਨਾਮੁ ਧਿਆਇਆ
ਤਿਨ੍ਰ ਚੂਕੇ ਸਰਬ ਜੰਜਾਲਾ॥
ਤਿਨ੍ਰ ਜਮੁ ਨੇੜਿ ਨ ਆਵਈ
ਗੁਰਿ ਰਾਖੇ ਹਰਿ ਰਖਵਾਲਾ॥
(ਅੰਗ 985)
ਤਿਨੁ-ਉਨ੍ਹਾਂ ਦੇ। ਚੂਕੇ-ਮੁਕ ਗਏ, ਖ਼ਤਮ ਹੋ ਗਏ। ਜੰਜਾਲਾ-ਬੰਧਨ।
ਵਾਸਤ ਵਿਚ ਜਿੰਨੇ ਪਦਾਰਥਾਂ ਦੀ ਅਸੀਂ ਇੱਛਾ ਕਰਦੇ ਹਾਂ, ਗੁਰੂ ਉਨ੍ਹਾਂ ਸਭਨਾਂ ਨੂੰ ਪੂਰਾ ਕਰਨ ਵਾਲਾ ਹੈ। ਚੱਬੇ ਪਿੰਡ (ਅੰਮ੍ਰਿਤਸਰ) ਇਕ ਮਾਈ ਸੁਲੱਖਣੀ ਰਹਿੰਦੀ ਸੀ, ਜਿਸ ਦੇ ਕੋਈ ਸੰਤਾਨ ਨਹੀਂ ਸੀ। ਉਸ ਨੇ ਬਹੁਤੇਰੇ ਪੀਰ ਫ਼ਕੀਰ ਮਨਾਏ ਪਰ ਉਸ ਦੀ ਕੁੱਖ ਹਰੀ ਨਾ ਹੋਈ। ਇਕ ਦਿਨ ਨਾਮ ਦੀ ਵਰਖਾ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਚੱਬੇ ਪਿੰਡ ਪਧਾਰੇ ਤਾਂ ਮਾਈ ਨੇ ਮੌਕਾ ਪਾ ਕੇ ਗੁਰੂ ਜੀ ਅੱਗੇ ਨਿਮਾਣੀ ਹੋ ਕੇ ਪੁੱਤਰ ਦੀ ਦਾਤ ਮੰਗੀ।
ਗੁਰੂ ਜੀ ਨੇ ਸੁਲੱਖਣੀ ਨੂੰ ਆਖਿਆ ਕਿ ਮਾਈ ਤੇਰੇ ਭਾਗਾਂ ਵਿਚ ਵਿਧਾਤਾ ਨੇ ਸੰਤਾਨ ਨਹੀਂ ਲਿਖੀ। ਤਾਂ ਮਾਈ ਨੇ ਅੱਗੋਂ ਬੇਵੱਸ ਹੋ ਕੇ ਆਖਿਆ ਕਿ ਪਾਤਸ਼ਾਹ ਉਥੇ ਵੀ ਤੂੰ ਵਿਧਾਤਾ ਆਪ ਹੀ ਲਿਖਣ ਵਾਲਾ ਸੀ। ਜੇਕਰ ਤੁਸੀਂ ਉਥੇ ਨਹੀਂ ਲਿਖ ਸਕੇ ਤਾਂ ਹੁਣ ਲਿਖ ਦਿਓ। ਤੇਰੇ ਘਰ ਵਿਚ ਕਿਸ ਚੀਜ਼ ਦੀ ਕਮੀ ਹੈ, ਮੇਰੀ ਰੇਖ ਵਿਚ ਹੁਣ ਮੇਖ ਮਾਰ ਦਿਓ। ਸਤਿਗੁਰ ਜੀ ਮਾਈ ਦੀ ਬਿਹਬਲਤਾ ਨੂੰ ਦੇਖ ਕੇ ਦਇਆ ਦੇ ਘਰ ਵਿਚ ਆ ਗਏ, ਅਜਿਹੇ ਤ੍ਰੁੱਠੇ ਕਿ ਮਾਈ ਸੁਲੱਖਣੀ ਦੇ ਘਰ ਸੱਤ ਪੁੱਤਰਾਂ ਨੇ ਜਨਮ ਲਿਆ, ਜੋ ਗੁਰਮਤਿ ਦੇ ਧਾਰਨੀ ਬਣੇ ਅਤੇ ਗੁਰੂ-ਘਰ ਨੂੰ ਸਮਰਪਿਤ ਰਹੇ।
ਜੀਵਾਂ 'ਤੇ ਦਇਆ ਅਤੇ ਬਖਸ਼ਿਸ਼ ਕਰਨ ਵਾਲਾ ਗੁਰੂ, ਪ੍ਰਭੂ ਦਾ ਹੀ ਰੂਪ ਹੈ। ਰਾਗੁ ਰਾਮਕਲੀ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਗੁਰੁ ਦਾਤਾ ਦਇਆਲ ਬਖਸਿੰਦੁ॥
(ਅੰਗ 897)
ਜਿਨ੍ਹਾਂ-ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਵਿਚ ਲੱਗ ਜਾਂਦਾ ਹੈ, ਉਨ੍ਹਾਂ ਦੇ ਫਿਰ ਪੂਰਨ ਤੌਰ 'ਤੇ ਭਾਗ ਜਾਗ ਪੈਂਦੇ ਹਨ-
ਗੁਰ ਚਰਨੀ ਜਾ ਕਾ ਮਨੁ ਲਾਗਾ॥
ਨਾਨਕ ਦਾਸ ਤਿਸੁ ਪੂਰਨ ਭਾਗਾ॥
(ਅੰਗ 897)
ਸ਼ਬਦ ਦੇ ਅੱਖਰੀਂ ਅਰਥ : ਸੰਤ ਜਨਾਂ ਭਾਈਆਂ ਨੂੰ ਮਿਲਣ ਨਾਲ ਭਾਵ ਸਤਿ ਸੰਗਤ ਕਰਨ ਨਾਲ ਜਮ ਦੀ ਫਾਹੀ ਕੱਟੀ ਗਈ ਹੈ ਅਤੇ ਸਦਾ ਥਿਰ ਰਹਿਣ ਵਾਲਾ ਮਾਲਕ ਪ੍ਰਭੂ ਦਿਆਲ ਹੋ ਕੇ ਮਨ ਵਿਚ ਆ ਵਸਿਆ ਹੈ। ਪੂਰੇ ਸਤਿਗੁਰੂ ਦੇ ਮਿਲਾਪ ਸਦਕਾ, ਹੁਣ ਸਾਰੇ ਦੁਨਿਆਵੀ ਝਮੇਲਿਆਂ ਦਾ ਨਾਸ ਹੋ ਗਿਆ ਹੈ। ਹੇ ਮੇਰੇ ਸਤਿਗੁਰੂ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ। ਤੇਰੇ ਦਰਸ਼ਨਾਂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਤ੍ਰੁੱਠਕੇ ਅਮਰ ਕਰਨ ਵਾਲੇ ਨਾਮ ਦੀ ਦਾਤ ਮੈਨੂੰ ਬਖ਼ਸ਼ੀ ਹੈ।
ਜਿਨ੍ਹਾਂ ਨੇ ਪ੍ਰੇਮ ਪੂਰਵਕ ਤੈਨੂੰ ਸਿਮਰਿਆ ਹੈ, ਉਹ ਪੁਰਖ ਸਿਆਣੇ ਅਥਵਾ ਗਿਆਨਵਾਨ ਹਨ। ਜਿਨ੍ਹਾਂ ਦਾ ਅੰਦਰਲਾ ਨਾਮ ਖਜ਼ਾਨੇ ਨਾਲ ਭਰਿਆ ਹੋਇਆ ਹੈ, ਉਨ੍ਹਾਂ ਦੇ ਪਿੱਛੇ ਲੱਗ ਕੇ ਭਾਵ ਉਨ੍ਹਾਂ ਦੇ ਸਰਨੀ ਪੈ ਕੇ ਹੀ (ਦੁਨਿਆਵੀ ਵਿਕਾਰਾਂ) ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰੂ ਤੋਂ ਵੱਡਾ ਹੋਰ ਕੋਈ ਦਾਤਾਰ ਨਹੀਂ, ਜੋ ਆਤਮਿਕ ਜੀਵਨ ਦੀ ਦਾਤ ਦਿੰਦਾ ਹੈ।
ਜਿਨ੍ਹਾਂ ਨੂੰ ਪਿਆਰਾ ਗੁਰੂ ਆ ਮਿਲਦਾ ਹੈ, ਉਹ ਹੀ ਮਨੁੱਖ ਸਮਝੋ ਇਸ ਸੰਸਾਰ ਵਿਚ ਆਏ ਪ੍ਰਵਾਨ ਹਨ। ਜਿਨ੍ਹਾਂ ਦੇ ਭਾਗਾਂ ਵਿਚ ਪਹਿਲਾਂ ਤੋਂ ਹੀ ਕੀਤੀ ਕਮਾਈ ਅਨੁਸਾਰ ਲਿਖਿਆ ਹੁੰਦਾ ਹੈ, ਉਨ੍ਹਾਂ ਨੂੰ ਪ੍ਰਭੂ ਦੀ ਦਰਗਾਹ ਵਿਚ ਬੈਠਣ ਲਈ ਥਾਂ ਮਿਲਦੀ ਹੈ। ਇਹ ਸਭ ਵਡਿਆਈਆਂ ਕਰਤਾਰ ਦੇ ਆਪਣੇ ਹੱਥ ਵਿਚ ਹਨ। ਸਦਾ ਥਿਰ ਰਹਿਣ ਵਾਲਾ ਪਰਮਾਤਮਾ ਜਗਤ ਦਾ ਕਰਤਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਉਹ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਦਾ ਆਸਰਾ ਹੈ। ਉਹ ਪਰਮਾਤਮਾ ਜਿਸ ਨੂੰ ਸਦਾ ਥਿਰ ਰਹਿਣ ਵਾਲਾ ਆਖਿਆ ਜਾਂਦਾ ਹੈ, ਸਦਾ ਹੀ ਬਿਬੇਕ ਬੁੱਧੀ ਦੇਣ ਵਾਲਾ ਹੈ, ਜੋ ਸਭ ਥਾਵਾਂ 'ਤੇ ਇਕ ਰਸ ਵਰਤ ਰਿਹਾ ਹੈ। ਗੁਰੂ ਜੀ ਅੰਤਲੀ ਤੁਕ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਮੈਂ ਇਕ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਜਿਉਂਦਾ ਹਾਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਅਸ਼ੁੱਭ ਚਿੰਤਨ ਕਮਜ਼ੋਰੀ ਹੈ ਤਾਂ ਸ਼ੁੱਭ ਚਿੰਤਨ ਸ਼ਕਤੀ

ਜੇ ਸ਼ਕਤੀਸ਼ਾਲੀ ਬਣਨਾ ਹੈ ਤਾਂ ਸ਼ੁੱਭ ਵਿਚਾਰ ਮਨ ਵਿਚ ਰੱਖੋ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਅਸ਼ੁੱਭ ਮਨ ਕਮਜ਼ੋਰੀ ਦਾ ਪ੍ਰਤੀਕ ਹੈ, ਜਦ ਕਿ ਸ਼ੁੱਭ ਮਨ ਸ਼ਕਤੀ ਦਾ। ਸ਼ੁੱਭ ਵਿਚਾਰਾਂ ਨਾਲ ਵੈਰ-ਵਿਰੋਧ, ਨਫ਼ਰਤ, ਈਰਖਾ ਆਦਿ ਦਾ ਬੀਜ ਨਹੀਂ ਪੁੰਗਰਦਾ। ਨਿਰੋਗੀ ਮਨ ਬਣਾਉਣ ਲਈ ਇਸ ਵਿਚ ਈਸ਼ਵਰ ਰੂਪੀ ਦੀਪਕ ਨੂੰ ਜਲਾ ਕੇ ਰੱਖੋ। ਤੁਹਾਡੇ ਮਨ ਦੇ ਹਰ ਅਣੂ ਵਿਚ ਪਰਮਾਤਮਾ ਦਾ ਵਾਸ ਹੈ। ਆਪਣੇ ਮਨ ਵਿਚ ਅਸ਼ੁੱਭ ਵਿਚਾਰ ਪੈਦਾ ਕਰਕੇ ਪਰਮਾਤਮਾ ਦੇ ਪ੍ਰਕਾਸ਼ ਰੂਪੀ ਰਾਹ ਵਿਚ ਰੋੜਾ ਨਾ ਅਟਕਾਓ। ਜੇ ਅਧਿਐਨ ਜਾਂ ਸਾਧਨਾ ਮੌਕੇ ਇਕਾਗਰਤਾ ਨਾ ਹੋਵੇ ਤਾਂ ਇੱਛਤ ਫ਼ਲ਼ ਪ੍ਰਾਪਤ ਨਹੀਂ ਹੁੰਦਾ। ਜੇ ਅਸ਼ੁੱਭ ਵਿਚਾਰ ਰੱਖੋਗੇ ਤਾਂ ਮਾਨਸਿਕ ਕਮਜ਼ੋਰੀ ਪੈਦਾ ਹੋਵੇਗੀ, ਮਨ ਦੀਆਂ ਸ਼ਕਤੀਆਂ ਸਮਾਪਤ ਹੋ ਜਾਂਦੀਆਂ ਹਨ ਅਤੇ ਆਸ਼ਾ ਨਸ਼ਟ ਹੋ ਜਾਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਤੁਸੀਂ ਕੋਈ ਵੀ ਚੰਗਾ/ਨੇਕ ਕਾਰਜ ਨਹੀਂ ਕਰ ਸਕਦੇ। ਜਿਵੇਂ ਸਰੀਰਕ ਤੰਦਰੁਸਤੀ ਲਈ ਯੋਗ ਅਤੇ ਕਸਰਤ ਜ਼ਰੂਰੀ ਹਨ, ਉਸੇ ਤਰ੍ਹਾਂ ਮਾਨਸਿਕ ਸਿਹਤ ਬਣਾਈ ਰੱਖਣ ਲਈ ਕੁਝ ਮਾਨਸਿਕ ਯੋਗ ਅਤੇ ਕਸਰਤ ਵੀ ਜ਼ਰੂਰੀ ਹੁੰਦੇ ਹਨ। ਮਨੁੱਖ ਵਿਚ ਸਰੀਰਕ ਸ਼ਕਤੀ ਭਾਵੇਂ ਕਿੰਨੀ ਵੀ ਕਿਉਂ ਨਾ ਹੋਵੇ, ਜੇ ਮਨ ਵਿਕਸਿਤ ਨਾ ਹੋਵੇ ਤਾਂ ਮਨੁੱਖ ਨੂੰ ਪੂਰਨ ਨਹੀਂ ਕਿਹਾ ਜਾ ਸਕਦਾ। ਜੇ ਤੁਹਾਡੇ ਮਨ ਵਿਚ ਵੀ ਕਮਜ਼ੋਰ ਅਤੇ ਘਟੀਆ ਵਿਚਾਰ ਪੈਦਾ ਹੁੰਦੇ ਹਨ ਤਾਂ ਆਪਣੇ ਮਨ ਨੂੰ ਸ਼ੁੱਧ ਕਰੋ। ਬਿਮਾਰੀ, ਦੁੱਖ-ਨਿਰਾਸ਼ਾ ਦੇ ਵਿਚਾਰ ਮਨ ਅੰਦਰ ਜ਼ਹਿਰੀਲੇ ਜੀਵਾਣੂ ਪੈਦਾ ਕਰਦੇ ਹਨ। ਇਸ ਲਈ ਮਨ ਨੂੰ ਅਜਿਹੇ ਹਾਨੀਕਾਰਕ ਜੀਵਾਣੂਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਮਨ ਵਿਚੋਂ ਅਸ਼ੁੱਭ ਵਿਚਾਰ ਤਿਆਗਣ ਨਾਲ ਵਿਅਕਤੀ ਉੱਤਮ ਢੰਗ ਅਤੇ ਸ਼ਕਤੀ ਨਾਲ ਕਾਰਜ ਕਰ ਸਕਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਧਾਰਮਿਕ ਸਾਹਿਤ

ਬਲਿਹਾਰੀ ਗੁਰ ਆਪਣੇ
ਲੇਖਕ : ਸੁਖਦੇਵ ਸਿੰਘ ਆਸ਼ੀ (ਈਸ਼ਪੁਰੀ)
ਪ੍ਰਕਾਸ਼ਕ : ਕਲਮ ਪਬਲੀਕੇਸ਼ਨਜ਼, ਜਲੰਧਰ।
ਪੰਨੇ : 112, ਕੀਮਤ : 180 ਰੁਪਏ
ਮੋਬਾ: 94172-79936


ਗੁਰਮਤਿ ਗਿਆਨ ਤੇ ਸਿੱਖ ਇਤਿਹਾਸ/ਫਲਸਫੇ ਨੂੰ ਭਾਵਪੂਰਤ ਗੀਤਾਂ ਰਾਹੀਂ ਦਰਸਾਉਣ ਵਾਲੇ ਸ਼ਾਇਰ ਆਸ਼ੀ ਈਸ਼ਪੁਰੀ ਦੀ ਇਹ ਸੱਤਵੀਂ ਪੁਸਤਕ ਹੈ। ਉਸ ਨੇ ਬਾਲ ਕਵਿਤਾਵਾਂ ਦੀ ਰਚਨਾ ਵੀ ਕੀਤੀ ਹੈ। ਵਿਚਾਰਗੋਚਰੀ ਪੁਸਤਕ ਵਿਚ ਆਰੰਭਕ 6 ਲੇਖਾਂ ਤੋਂ ਇਲਾਵਾ ਆਸ਼ੀ ਵਲੋਂ ਰਚਿਤ 49 ਕਵਿਤਾਵਾਂ ਤੇ ਗੀਤ ਸ਼ਾਮਿਲ ਹਨ। ਅਮੂਮਨ ਸਭੇ ਰਚਨਾਵਾਂ ਧਾਰਮਿਕ ਰੰਗਣ ਵਾਲੀਆਂ ਹਨ। ਉਸ ਦੀ ਹਰ ਰਚਨਾ ਵਿਚੋਂ ਸਿੱਖੀ ਪ੍ਰੇਮ ਦੇ ਝਲਕਾਰੇ ਮਿਲਦੇ ਹਨ।
ਬਾਣੀ ਗੁਰੂ ਗੁਰੂ ਹੈ ਬਾਣੀ
ਪੜ੍ਹਕੇ ਜਨਮ ਸਵਾਰ ਲਵੋ।
ਈਸ਼ਪੁਰੀ ਆਸ਼ੀ ਇਹ ਆਖੇ
ਮੇਰੀ ਗੱਲ ਵਿਚਾਰ ਲਵੋ। (ਪੰਨਾ 20)
ਸਰਬੱਤ ਦਾ ਭਲਾ ਲੋਚਦਾ ਉਹ ਇਉਂ ਅਰਦਾਸ ਕਰਦਾ ਹੈ-
ਈਸ਼ਪੁਰੀ ਆਸ਼ੀ ਦਰ ਤੇਰੇ
ਹੱਥ ਬੰਨ੍ਹ ਏਹੀ ਅਰਜ਼ ਕਰੇ।
ਮਿਹਰਵਾਨ ਕਰੀਂ ਮੇਹਰਾਂ ਸਭ 'ਤੇ
ਰਹਿਣ ਸੰਸਾਰੀ ਹਰੇ ਭਰੇ। (ਪੰਨਾ 28)
'ਤੇਰੇ ਤਾਂ ਦਲੇਰ ਸੂਰਮੇ' ਨਾਮੀ ਰਚਨਾ ਭਾਈ ਡੱਲਾ ਅਤੇ ਕਲਗੀਧਰ ਪਿਤਾ ਵਿਚਾਲੇ ਸੰਵਾਦ ਨੂੰ ਬਿਆਨ ਕਰਦੀ, ਖੂਬਸੂਰਤ ਰਚਨਾ ਹੈ। 'ਇਕ ਜੋੜਾ ਸੁੰਦਰ ਹੰਸਾਂ ਦਾ' ਸਾਹਿਬਜ਼ਾਦਿਆਂ ਦੀ ਅਜ਼ੀਮ ਕੁਰਬਾਨੀ ਨੂੰ ਸਜਦਾ ਹੈ। 'ਨਮਸਕਾਰ ਲੱਖ ਵਾਰ' ਉਨਵਾਨ ਹੇਠਲੀ ਕਵਿਤਾ ਦਸਵੇਂ ਪਾਤਸ਼ਾਹ ਦੀ ਦੁਸ਼ਟਾਂ ਨੂੰ ਸੋਧਣ ਵਾਲੀ (ਕਿਰਪਾਨ) ਦੀ ਉਸਤਤ ਬਿਆਨ ਕਰਦੀ ਹੈ।
ਨਮਸਕਾਰ ਲੱਖ ਵਾਰ, ਤੇਰੀ ਕਿਰਪਾਨ ਨੂੰ,
ਓ ਅਣਖਾਂ ਦੇ ਭੰਡਾਰ, ਨੀਲੇ ਦੇ ਸ਼ਾਹ ਅਸਵਾਰ,
ਤੇਰੀ ਕਿਰਪਾਨ ਨੂੰ। (ਪੰਨਾ 74-75)
'ਸੁਣ ਇਕ ਤਾਰਾ ਫੱਕਰ ਦਾ' ਅਗੰਮੀ ਪ੍ਰੇਮ ਸੰਦੇਸੜਾ ਦਿੰਦੀ ਰਚਨਾ ਹੈ।
ਸੁਣ ਇਕ ਤਾਰਾ ਫੱਕਰ ਦਾ
ਮਾਨਵਤਾ ਦਾ ਦਏ ਸੰਦੇਸ਼ਾ
ਜੋ ਵੀ ਇਸ ਨੂੰ ਟੱਕਰਦਾ
ਇਕ ਦੇ ਹੋਰ ਤਾਂ ਡਰ ਨਹੀਂ,
ਫੇਰ ਚੁਰਾਸੀ ਚੱਕਰ ਦਾ।
ਆਸ਼ੀ ਈਸ਼ਪੁਰੀ ਦੀਆਂ ਇਸ ਸੱਜਰੀ ਪੁਸਤਕ ਵਿਚਲੀਆਂ ਰਚਨਾਵਾਂ, ਖਾਸ ਕਰ ਨਵੀਂ ਪੀੜ੍ਹੀ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ, ਤਾਂ ਕਿ ਉਸ ਨੂੰ ਆਪਣੇ ਮਾਣਮੱਤੇ ਵਿਰਸੇ ਦਾ ਅਹਿਸਾਸ ਹੋ ਸਕੇ।


-ਤੀਰਥ ਸਿੰਘ ਢਿੱਲੋਂ,
ਮੋਬਾ: 83609-13318

ਗੁਰਬਾਣੀ ਕੀਰਤਨ ਨੂੰ ਸਮਰਪਿਤ ਬੀਬੀ ਅਮਨਦੀਪ ਕੌਰ ਖ਼ਾਲਸਾ

ਮਨਮੋਹਕ ਗੁਰਬਾਣੀ ਕੀਰਤਨ ਗਾਇਨ ਕਰਨ ਵਾਲੀ ਰਾਗੀ ਬੀਬੀ ਅਮਨਦੀਪ ਕੌਰ ਖ਼ਾਲਸਾ ਦਾ ਜਨਮ 5 ਅਪ੍ਰੈਲ, 1989 ਨੂੰ ਮਾਤਾ ਸਤਵੰਤ ਕੌਰ ਅਤੇ ਪਿਤਾ ਬਲਦੇਵ ਸਿੰਘ ਦੇ ਘਰ ਕਸਬਾ ਮਜੀਠਾ ਵਿਖੇ ਹੋਇਆ। ਬਚਪਨ ਤੋਂ ਹੀ ਬੀਬੀ ਅਮਨਦੀਪ ਕੌਰ ਨੂੰ ਕੀਰਤਨ ਕਰਨ ਤੇ ਗੁਰਬਾਣੀ ਪੜ੍ਹਨ-ਸੁਣਨ ਦੀ ਤਾਂਘ ਰਹਿੰਦੀ ਸੀ, ਜਿਸ ਕਰਕੇ ਅੱਜ ਉਹ ਗੁਰਬਾਣੀ ਕੀਰਤਨ ਦੀ ਸੇਵਾ ਕਰ ਰਹੀ ਹੈ। ਅਮਨਦੀਪ ਕੌਰ ਖ਼ਾਲਸਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਬੀ.ਸੀ.ਏ, ਐਮ.ਸੀ.ਏ. ਦੀ ਪੜ੍ਹਾਈ ਕੀਤੀ। ਗੁਜ਼ਾਰਾ ਕਰਨ ਲਈ ਨੌਕਰੀ ਕਰਨ ਦੀ ਜਗ੍ਹਾ ਬੀਬੀ ਖ਼ਾਲਸਾ ਨੇ ਗੁਰੂ-ਘਰਾਂ, ਕੀਰਤਨ ਦਰਬਾਰਾਂ ਤੇ ਧਾਰਮਿਕ ਸਮਾਗਮਾਂ ਵਿਚ ਕੀਰਤਨ ਕਰਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ। ਰਾਗੀ ਭਾਈ ਸੁਰਜੀਤ ਸਿੰਘ ਮਜੀਠਾ ਤੋਂ ਕੀਰਤਨ ਦੀਆਂ ਸਿੱਖਿਆਵਾਂ ਤੇ ਵੱਖ-ਵੱਖ ਰਾਗਾਂ ਦੀਆਂ ਬਾਰੀਕੀਆਂ ਨੂੰ ਜਾਣਿਆ। ਉਸ ਦੀ ਮਿੱਠੀ ਤੇ ਪਿਆਰੀ ਆਵਾਜ਼ ਵਿਚ ਕੀਤਾ ਗੁਰਬਾਣੀ ਦਾ ਕੀਰਤਨ ਸੰਗਤਾਂ ਦੇ ਮਨਾਂ ਨੂੰ ਸਕੂਨ ਬਖਸ਼ਦਾ ਹੈ। ਉਹ ਆਪਣੇ ਜਥੇ ਵਿਚ ਬੀਬੀ ਸਿਮਰਜੀਤ ਕੌਰ ਖ਼ਾਲਸਾ ਨਾਲ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ, ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ, ਦਰਬਾਰ ਸਾਹਿਬ ਦਿੱਲੀ, ਯੂ.ਪੀ., ਰਾਜਸਥਾਨ ਤੇ ਦੇਸ਼ ਦੇ ਅਨੇਕਾਂ ਵੱਡੇ ਸ਼ਹਿਰਾਂ 'ਚ ਸੁਸ਼ੋਭਿਤ ਗੁਰੂ-ਘਰਾਂ ਵਿਚ ਕੀਰਤਨ ਦੀ ਸੇਵਾ ਕਰ ਚੁੱਕੀ ਹੈ।
ਸਿੱਖ ਸਿਧਾਂਤਾਂ ਵਿਚ ਪ੍ਰਪੱਕ ਰਹਿ ਕੇ ਉਹ ਸਿੱਖ ਰਹਿਤ ਮਰਯਾਦਾ ਅਨੁਸਾਰ ਸਿੱਖੀ ਬਾਣੇ ਵਿਚ ਜੀਵਨ ਜਿਊਂਦੀ ਹੈ। ਵਿਹਲੇ ਸਮੇਂ ਵਿਚ ਸਿੱਖ ਇਤਿਹਾਸ ਪੜ੍ਹਨਾ, ਬੱਚਿਆਂ ਨੂੰ ਕੀਰਤਨ ਸਿਖਾਉਣਾ ਤੇ ਗੁਰਬਾਣੀ ਦੀ ਸੰਥਿਆ ਕਰਾਉਂਦੀ, ਕਲਾਸੀਕਲ ਗੁਰਮਤਿ ਸੰਗੀਤ ਸੁਣਨਾ, ਇਤਿਹਾਸਕ ਧਰਮ ਸਥਾਨਾਂ ਦੀ ਯਾਤਰਾ ਕਰਕੇ ਗੁਰੂ ਸਾਹਿਬਾਨਾਂ, ਸ਼ਹੀਦ ਸਿੰਘਾਂ-ਸਿੰਘਣੀਆਂ ਅਤੇ ਭੁਝੰਗੀਆਂ ਨੂੰ ਸਿਜਦਾ ਕਰਨਾ ਉਸ ਦੀਆਂ ਰੁਚੀਆਂ ਹਨ। ਉਹ ਹਮੇਸ਼ਾ ਸਿੱਖ ਬੱਚਿਆਂ ਨੂੰ ਸਿੱਖੀ ਬਾਣੇ ਵਿਚ ਰਹਿਣ, ਅੰਮ੍ਰਿਤ ਛਕਣ ਤੇ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਸਿੱਖਿਆ ਦਿੰਦੀ ਰਹਿੰਦੀ ਹੈ। ਗੋਲ ਦੁਮਾਲਾ ਸਜਾ ਕੇ ਜਦ ਗੁਰੂ ਦੀ ਬਾਣੀ ਦਾ ਕੀਰਤਨ ਕਰਦੀ ਹੈ ਤਾਂ ਸੰਗਤਾਂ ਸ਼ਾਂਤ ਚਿਤ ਬਹਿ ਕੇ ਸੁਣਦੀਆਂ ਹਨ। ਉਸ ਦੀ ਆਵਾਜ਼ 'ਚੋਂ ਨਿਕਲਿਆ ਹਰ ਸ਼ਬਦ ਸੰਗਤਾਂ ਦੀ ਸਮਝ 'ਚ ਆਉਂਦਾ ਹੈ। ਬੀਬੀ ਅਮਨਦੀਪ ਕੌਰ ਖ਼ਾਲਸਾ ਨੂੰ ਸ਼ਹੀਦ ਭਾਈ ਅਮਰੀਕ ਸਿੰਘ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬੀਬੀ ਅਮਨਦੀਪ ਕੌਰ ਖ਼ਾਲਸਾ ਮਜੀਠਾ ਵਾਲੇ ਦੀ ਆਵਾਜ਼ ਵਿਚ ਕਈ ਗੁਰਬਾਣੀ ਸ਼ਬਦ ਸੰਗਤਾਂ ਸਰਵਣ ਕਰ ਚੁੱਕੀਆਂ ਹਨ। ਅਕਾਲ ਪੁਰਖ ਵਾਹਿਗੁਰੂ ਆਪਣੀ ਇਸ ਬੱਚੀ ਬੀਬੀ ਅਮਨਦੀਪ ਕੌਰ ਖ਼ਾਲਸਾ 'ਤੇ ਹਮੇਸ਼ਾ ਸਵੱਲੀ ਨਜ਼ਰ ਰੱਖਣ, ਤਾਂ ਜੋ ਉਹ ਇਸ ਮਹਾਨ ਕਾਰਜ ਗੁਰਬਾਣੀ ਕੀਰਤਨ ਦੀ ਸੇਵਾ ਵਿਚ ਵੱਧ-ਚੜ੍ਹ ਕੇ ਸੇਵਾ ਕਰੇ ਤੇ ਚੜ੍ਹਦੀ ਕਲਾ 'ਚ ਰਹੇ।


-ਮਜੀਠਾ (ਅੰਮ੍ਰਿਤਸਰ)।

ਭਾਈ ਵੀਰ ਸਿੰਘ ਦੀ ਲਿਖਤ ਦੇ ਰਿਕਾਰਡਿੰਗ ਤਵੇ

ਤਵਿਆਂ ਦੀ ਗਾਇਕੀ ਵਿਚ ਬਹੁਤ ਕੁਝ ਵੱਖ-ਵੱਖ ਵਿਸ਼ਿਆਂ 'ਤੇ ਗੀਤਕਾਰ ਵਲੋਂ ਲਿਖਿਆ ਗਿਆ ਤੇ ਗਾਇਕਾਂ ਨੇ ਆਪਣੀ ਆਵਾਜ਼ ਵਿਚ ਤਵਿਆਂ ਦੀ ਰਿਕਾਰਡਿੰਗ ਕੰਪਨੀ ਵਿਚ ਕਰਾ ਕੇ ਆਪਣੇ ਗੀਤਾਂ ਰਾਹੀਂ ਮਕਬੂਲੀਅਤ ਹਾਸਲ ਕੀਤੀ। ਬਹੁਤ ਸਾਰੇ ਇਸ ਦੁਨੀਆ ਵਿਚ ਅਣਗੌਲੇ ਰਹਿ ਗਏ ਜਾਂ ਡੀਲਰਾਂ ਨੇ ਉਨ੍ਹਾਂ ਗਾਇਕਾਂ ਦੇ ਗੀਤਾਂ ਨੂੰ ਵੇਚਿਆ ਹੀ ਨਹੀਂ ਜਾਂ ਲਾਊਡ ਸਪੀਕਰ ਵਜਾਉਣ ਵਾਲਿਆਂ ਦੀ ਸੂਝ-ਬੂਝ ਨਾ ਹੋਣ ਕਾਰਨ ਉਹ ਖਰੀਦੇ ਨਹੀਂ ਗਏ। ਰਿਕਾਰਡਿੰਗ ਕੰਪਨੀਆਂ ਨੇ ਬੜੇ ਦੂਰਅੰਦੇਸ਼ੀ ਲੋਕਾਂ ਨੂੰ ਸੇਧ ਦੇਣ ਵਾਲੇ ਗੀਤਾਂ ਨੂੰ ਰਿਕਾਰਡ ਵੀ ਕੀਤਾ। ਪਰ ਸਾਡੇ ਲੋਕਾਂ ਨੇ ਸਪੀਕਰ ਵਾਲਿਆਂ ਦੇ ਮਾਧਿਅਮ ਰਾਹੀਂ ਹਲਕੇ-ਫੁਲਕੇ ਗੀਤਾਂ ਨੂੰ ਸੁਣਨ ਵਿਚ ਤਰਜੀਹ ਦਿੱਤੀ। ਸਪੀਕਰਾਂ ਵਾਲੇ ਜ਼ਿਆਦਾ ਅਨਪੜ੍ਹ ਹੀ ਹੁੰਦੇ ਸਨ। ਉਹ ਵਿਆਹ ਸੀਜ਼ਨਾਂ ਵਾਲੇ ਹਲਕੇ-ਫੁਲਕੇ ਮਨਪ੍ਰਚਾਵੇ ਵਾਲੇ ਗੀਤ ਖਰੀਦਦੇ ਸਨ ਅਤੇ ਆਪਣੇ ਸਪੀਕਰਾਂ ਰਾਹੀਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਸਨ। ਕਿਉਂਕਿ ਲਾਊਡ ਸਪੀਕਰ 1952 ਤੋਂ ਬਾਅਦ ਪਿੰਡ ਵਿਚ ਵੱਜਣਾ ਸ਼ੁਰੂ ਹੋਇਆ। ਇਨ੍ਹਾਂ ਤਵਿਆਂ ਵਿਚ ਯਮਲਾ ਜੱਟ, ਦਲੀਪ ਸਿੰਘ ਦੀਪ, ਸਵਰਨ ਲਤਾ, ਭਾਨ ਸਿੰਘ ਮਾਹੀ, ਆਸਾ ਸਿੰਘ ਮਸਤਾਨਾ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਜਿੰਦਰ ਰਾਜਨ, ਗਰੇਵਾਲ, ਕਰਨੈਲ ਗਿੱਲ, ਚਾਂਦੀ ਰਾਮ, ਤਾਨਸੈਨ ਆਦਿ ਕਲਾਕਾਰ ਜੋ 1955 ਤੋਂ ਲੈ ਕੇ 1980 ਤੱਕ ਦੇ ਗਾਇਕਾਂ ਦੇ ਗੀਤਾਂ ਨੂੰ ਸਪੀਕਰਾਂ ਰਾਹੀਂ ਵਜਾਇਆ ਗਿਆ। ਪਰ ਇਨ੍ਹਾਂ ਦਹਾਕਿਆਂ ਵਿਚ ਕਈ ਫੁਨਕਾਰ ਅਤੇ ਗੀਤ ਗੁਆਚ ਗਏ ਹਨ। ਪ੍ਰਕਾਸ਼ ਕੌਰ, ਸੁਰਿੰਦਰ ਕੌਰ ਭੈਣਾਂ ਦੇ ਬਹੁਤ ਸਾਰੇ ਹਿੱਟ ਗੀਤ ਅੱਜ ਵੀ ਗੁਆਚੇ ਹੋਏ ਹਨ। ਚੰਦ ਕੁ ਗੀਤ-ਸੰਗੀਤ ਪ੍ਰੇਮੀਆਂ ਕੋਲ ਸੰਭਾਲੇ ਹੋਏ ਲੱਭਦੇ ਹਨ। ਪਰ ਗੁਆਚੇ ਗੀਤਾਂ ਬਾਰੇ ਪਾਠਕਾਂ ਨੂੰ ਕਿਸੇ ਹੋਰ ਲੇਖ ਰਾਹੀਂ ਜਾਣੂ ਕਰਵਾਇਆ ਜਾਵੇਗਾ। ਪਰ ਅੱਜ ਮੈਂ ਹੈਰਾਨੀਜਨਕ ਦੋ ਤਵਿਆਂ ਦਾ ਵਰਨਣ ਕਰ ਰਿਹਾ ਹਾਂ, ਜੋ ਮਹਾਨ ਲੇਖਕ, ਸਾਹਿਤਕਾਰ, ਬੁੱਧੀਜੀਵੀ ਭਾਈ ਵੀਰ ਸਿੰਘ ਦੀ ਕਲਮ ਨਾਲ ਲਿਖੇ ਹੋਏ ਹਨ।
ਭਾਈ ਵੀਰ ਸਿੰਘ ਦੀ ਕਲਮ ਨਾਲ ਲਿਖਿਆ ਹੋਇਆ ਧਾਰਮਿਕ ਗੀਤ 1947 ਦੀ ਵੰਡ ਤੋਂ ਪਹਿਲਾਂ ਹਰਭਜਨ ਸਿੰਘ ਰਤਨ ਨੇ ਆਪਣੀ ਆਵਾਜ਼ ਵਿਚ ਰਿਕਾਰਡਿੰਗ ਕਰਵਾਇਆ ਸੀ, ਪਰ ਉਹ ਤਵਾ ਹੁਣ ਗੁਆਚ ਚੁੱਕਾ ਹੈ, ਜਿਸ ਦੇ ਬੋਲ ਸਨ, 'ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ', 'ਅਰਸ਼ 'ਤੇ ਵੀ ਤੂੰ, ਫ਼ਰਸ਼ 'ਤੇ ਵੀ ਤੂੰ।' ਇਸ ਤਵੇ ਬਾਰੇ ਮੈਂ ਵਿਸ਼ੇਸ਼ ਜਾਣਕਾਰੀ ਦੇ ਰਿਹਾ ਹਾਂ। ਸੰਨ 2000 'ਚ ਹਰਭਜਨ ਸਿੰਘ ਰਤਨ ਮੇਰੇ ਪਿੰਡ ਸੰਗੀਤਕ ਲਾਇਬ੍ਰੇਰੀ ਵਿਚ ਆਏ ਸਨ। ਉਨ੍ਹਾਂ ਨੇ ਜੋ ਮੈਨੂੰ ਜਾਣਕਾਰੀ ਦਿੱਤੀ, ਜਦੋਂ ਮੈਂ ਇਹ ਤਵਾ ਭਾਈ ਵੀਰ ਸਿੰਘ ਤੋਂ ਲਿਖਾਇਆ ਤਾਂ ਮੈਂ ਐੱਚ.ਐੱਮ.ਵੀ. ਕੰਪਨੀ, ਲਾਹੌਰ ਵਿਖੇ ਰਿਕਾਰਡਿੰਗ ਕਰਵਾਉਣ ਗਿਆ ਤਾਂ ਕੰਪਨੀ ਦੇ ਰਿਕਾਰਡਿੰਗ ਮਾਹਿਰ ਨੇ ਜਦੋਂ ਮੇਰੇ ਕੋਲੋਂ ਤਵੇ ਦੇ ਗੀਤਕਾਰਾਂ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਇਹ ਗੀਤ ਭਾਈ ਵੀਰ ਸਿੰਘ ਦੀ ਕਲਮ ਨਾਲ ਲਿਖਿਆ ਗਿਆ ਹੈ, ਤਾਂ ਉਹ ਭਾਈ ਵੀਰ ਸਿੰਘ ਦਾ ਨਾਂਅ ਸੁਣ ਕੇ ਕੁਰਸੀ ਤੋਂ ਉੱਠ ਖਲੋਤਾ ਤੇ ਬੋਲਿਆ-ਵਾਹ! ਭਾਈ ਵੀਰ ਸਿੰਘ ਦੀ ਲਿਖਤ। ਉਸ ਨੇ ਉਸੇ ਸਮੇਂ ਫ਼ੈਸਲਾ ਲੈਂਦੇ ਹੋਏ ਗੀਤ ਰੁਆਲਿਟੀ ਜੋ ਗੀਤਕਾਰ ਨੂੰ ਪੰਜ ਰੁਪਏ ਮਿਲਦੀ ਸੀ, ਵੀਹ ਰੁਪਏ ਕਰ ਦਿੱਤੀ ਤੇ ਨਾਲ ਦੀ ਨਾਲ ਤੁਰੰਤ ਮੇਰਾ ਤਵਾ ਮੇਰੀ ਆਵਾਜ਼ ਵਿਚ ਰਿਕਾਰਡਿੰਗ ਕਰ ਲਿਆ। ਜਦੋਂ ਮੈਂ ਰੁਆਲਿਟੀ ਦਾ ਚੈੱਕ ਲੈ ਕੇ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਭਾਈ ਵੀਰ ਸਿੰਘ ਕੋਲ ਪਹੁੰਚਿਆ ਤੇ ਕਿਹਾ, 'ਤੁਹਾਡਾ ਲਿਖਿਆ ਤਵਾ ਮੈਂ ਆਪਣੀ ਆਵਾਜ਼ ਵਿਚ ਕਰਵਾ ਆਇਆ ਹਾਂ।' ਤਾਂ ਉਨ੍ਹਾਂ ਨੇ ਮੈਨੂੰ ਸ਼ਾਬਾਸ਼ ਦਿੱਤੀ ਤੇ ਜਦੋਂ ਮੈਂ ਚੈੱਕ ਦਿੱਤਾ ਤਾਂ ਉਨ੍ਹਾਂ ਆਪਣੇ ਪੈੱਨ ਨਾਲ ਲਿਖ ਕੇ ਚੈੱਕ ਵਾਪਸ ਕਰ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਗੁਰੂ ਸਾਹਿਬਾਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਾ ਸਕਦਾ।
ਉਸ ਤੋਂ ਬਾਅਦ ਇਹ ਤਵਾ ਐੱਚ.ਐੱਮ.ਵੀ. ਕੰਪਨੀ ਨੇ ਗਾਇਕ ਬੀ.ਐੱਸ. ਗਿਆਨੀ ਦੀ ਆਵਾਜ਼ ਵਿਚ ਰਿਕਾਰਡਿੰਗ ਕਰਵਾਇਆ। ਇਸ ਦੀ ਤਰਜ਼ ਵੀ ਗਿਆਨੀ ਜੀ ਨੇ ਆਪ ਬਣਾਈ ਸੀ, ਜੋ 1967 ਵਿਚ ਰਿਲੀਜ਼ ਕੀਤਾ ਗਿਆ। ਤਵੇ ਦਾ ਦੂਜਾ ਪਾਸਾ ਮਸ਼ਹੂਰ ਗਾਇਕਾ ਸੁਮਨ ਕਲਿਆਣਪੁਰ ਦੀ ਆਵਾਜ਼ ਵਿਚ ਸੀ, ਜਿਸ ਦੇ ਬੋਲ ਸਨ, 'ਧੁਰ ਪਟਨੇ ਅਪੜਾਈ।'
ਇਕ ਹੋਰ ਦੁਰਲੱਭ ਤਵੇ ਬਾਰੇ ਜੋ ਜ਼ਿਕਰ ਕਰ ਰਿਹਾ ਹਾਂ। 1935 ਵਿਚ ਪੈਦਾ ਹੋਈ ਗੁੱਜਰਾਂਵਾਲਾ ਕਲਾਸੀਕਲ ਗਾਇਕਾ ਮਨਜੀਤ ਕੌਰ ਦੀ ਆਵਾਜ਼ ਵਿਚ ਐੱਚ.ਐੱਮ.ਵੀ. ਕੰਪਨੀ ਨੇ ਇਸ ਮਹਾਨ ਸਾਹਿਤਕਾਰ ਦਾ ਲਿਖਿਆ ਹੋਇਆ ਗੀਤ ਰਿਕਾਰਡਿੰਗ ਕੀਤਾ। ਇਸ ਗੀਤ ਦੀ ਤਰਜ਼ ਮਸ਼ਹੂਰ ਗੀਤਕਾਰ ਉਸਤਾਦ ਮੁਨੱਵਰ ਅਲੀ ਖ਼ਾਨ ਨੇ ਦਿੱਤੀ ਸੀ। ਹਰਮੋਨੀਅਮ 'ਤੇ ਸਾਥ ਅਮੀਰ ਅਲੀ ਖ਼ਾਨ, ਤਬਲੇ 'ਤੇ ਸਾਥ ਵਜ਼ੀਰ ਖ਼ਾਨ ਦਾ ਅਤੇ ਸਾਰੰਗੀ ਸੀਤਾ ਰਾਮ ਨੇ ਵਜਾਈ ਸੀ। ਇਸ ਤਵੇ ਦੇ ਬੋਲ ਸਨ-
1. ਯਾਦ ਸੱਜਣਾ ਦੀ ਯਾਦ ਸੱਜਣਾ ਦੀ,
ਹਰਦਮ ਰਹਿੰਦੀ ਲੈ ਗਈ ਡੂੰਘੀ ਥਾਈਂ।
2. ਅੱਧੀ ਰਾਤੀ ਕੂੰਜ ਕੁਰਲਾਈ,
ਹਾਏ ਚਾਵੀਂ ਚਲਾ ਗਿਆ।
3.ਖੜ੍ਹੇ ਕਿਨਾਰੇ ਕੂਕ ਪੁਕਾਰਾਂ,
ਸਾਈਂ ਨੂੰ ਪਈ 'ਵਾਜ਼ਾਂ ਮਾਰਾਂ।
ਇਹ ਤਵਿਆਂ ਦੇ ਗੀਤ ਮੇਰੇ ਪਿਤਾ ਦੀ ਯਾਦ ਵਿਚ ਜਥੇਦਾਰ ਪ੍ਰਗਟ ਸਿੰਘ ਸੰਗੀਤਕ ਲਾਇਬ੍ਰੇਰੀ ਵਿਚ ਸੰਭਾਲੇ ਹੋਏ ਹਨ।


-ਗੁਰਮੁਖ ਸਿੰਘ ਲਾਲੀ
ਸਟੇਟ ਐਵਾਰਡੀ (ਸੰਗੀਤ), ਪਿੰਡ ਸ਼ੇਰ ਸਿੰਘ ਪੁਰਾ (ਬਰਨਾਲਾ)। ਮੋਬਾ: 98720-29407


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX