ਤਾਜਾ ਖ਼ਬਰਾਂ


ਦੁਬਈ ਤੋਂ ਪੁੱਜੇ ਦੋ ਸਕੇ ਭਰਾ ਯਾਤਰੀਆਂ ਕੋਲੋਂ ਕਰੀਬ ਸਾਢੇ 11ਲੱਖ ਦਾ ਸੋਨਾ ਬਰਾਮਦ
. . .  1 minute ago
ਰਾਜਾਸਾਂਸੀ, 21,(ਹੇਰ/ਹਰਦੀਪ ਸਿੰਘ ਖੀਵਾ) ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੱਜ ਦੁਬਈ ਤੋਂ ਪੁੱਜੇ ਦੋ ਯਾਤਰੀ (ਸਕੇ ਭਰਾਵਾਂ) ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ 349 ਗ੍ਰਾਮ ਸੋਨਾ ਬਰਾਮਦ ...
ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਦਾ ਟਰੇਲਰ ਰਿਲੀਜ਼
. . .  about 1 hour ago
ਲੁਧਿਆਣਾ, 21 ਮਈ ( ਪੁਨੀਤ ਬਾਵਾ)-ਬਾਲੀਵੁੱਡ ਸਟਾਰ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਅਦਾਕਾਰਾ ਨੀਰੂ ਬਾਜਵਾ ਦੀ 21 ਜੂਨ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ਛੜਾ ਦਾ ਅੱਜ ਟਰੇਲਰ ਰਿਲੀਜ਼ ਕੀਤਾ ਗਿਆ ...
ਦਿੱਲੀ 'ਚ ਕੇਂਦਰੀ ਕੈਬਨਿਟ ਦੀ ਬੈਠਕ ਜਾਰੀ
. . .  about 1 hour ago
ਨਵੀਂ ਦਿੱਲੀ, 21 ਮਈ- ਦਿੱਲੀ 'ਚ ਭਾਜਪਾ ਦੇ ਦਫ਼ਤਰ 'ਚ ਕੇਂਦਰੀ ਕੈਬਨਿਟ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ...
ਬਾਘਾਪੁਰਾਣਾ : ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵਲੋਂ ਡੀ. ਐੱਸ. ਪੀ. ਦਫ਼ਤਰ ਦਾ ਘਿਰਾਓ ਜਾਰੀ
. . .  about 1 hour ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਨੌਜਵਾਨ ਭਾਰਤ ਸਭਾ ਨੇ ਡੀ. ਐੱਸ. ਪੀ. ਦਫ਼ਤਰ ਬਾਘਾਪੁਰਾਣਾ ਦੇ ਘਿਰਾਓ ਕਰੀਬ ਸਵੇਰੇ 11 ਵਜੇ ਤੋਂ ਸ਼ੁਰੂ ਕੀਤਾ ਹੋਇਆ ਹੈ। ਇਸ ਦੀ ਅਗਵਾਈ ਮੰਗਾ ਸਿੰਘ ਵੈਰਕੋ ਅਤੇ...
ਹਾਈਕੋਰਟ ਦੀ ਧਮਕੀ ਦੇ ਕੇ ਕਿਸਾਨਾਂ 'ਤੇ ਬਿੱਲ ਥੋਪਣਾ ਚਾਹੁੰਦਾ ਹੈ ਬਿਜਲੀ ਵਿਭਾਗ- ਅਜਮੇਰ ਲੱਖੋਵਾਲ
. . .  about 1 hour ago
ਪਟਿਆਲਾ, 21 ਮਈ (ਅਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਿਜਲੀ ਵਿਭਾਗ ਕਿਸਾਨਾਂ ਨੂੰ ਬਿਜਲੀ ਦੇ ਬਿੱਲ ਭਰਨ ਲਈ ਆਖਦਾ ਹੈ, ਜਿਸ ਦਾ ਅਸੀਂ ਕਿਸਾਨ ਵਿਰੋਧ...
ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ ਪਹੁੰਚੇ ਕਈ ਕੇਂਦਰੀ ਮੰਤਰੀ
. . .  about 2 hours ago
ਨਵੀਂ ਦਿੱਲੀ, 21 ਮਈ- ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਮੇਨਕਾ ਗਾਂਧੀ ਅਤੇ ਜਨਰਲ ਵੀ. ਕੇ. ਸਿੰਘ ਅੱਜ ਸ਼ਾਮੀਂ 5 ਵਜੇ ਹੋਣ ਵਾਲੀ ਕੇਂਦਰੀ ਕੈਬਨਿਟ ਦੀ ਬੈਠਕ 'ਚ ਸ਼ਾਮਲ ਹੋਣ ਲਈ ਭਾਜਪਾ ਦਫ਼ਤਰ 'ਚ...
ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਨਾਲ ਮੈਂ ਚਿੰਤਾ 'ਚ ਹਾਂ- ਪ੍ਰਣਬ ਮੁਖਰਜੀ
. . .  about 3 hours ago
ਨਵੀਂ ਦਿੱਲੀ, 21 ਮਈ- ਦੇਸ਼ ਭਰ 'ਚ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ 'ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਈ. ਵੀ. ਐੱਮ. ਨਾਲ ਛੇੜਛਾੜ ਦੀਆਂ ਖ਼ਬਰਾਂ ਤੋਂ ਉਹ ਚਿੰਤਤ ਹਨ...
ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਨੇਤਾ
. . .  about 3 hours ago
ਨਵੀਂ ਦਿੱਲੀ, 21 ਮਈ- ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ 'ਚ ਬੈਠਕ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਹੁਣ ਵੀ. ਵੀ. ਪੈਟ ਦੇ ਮੁੱਦੇ 'ਤੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ...
ਸ਼ੋਪੀਆਂ ਦੇ ਜੰਗਲ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 3 hours ago
ਸ੍ਰੀਨਗਰ, 21 ਮਈ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਸ਼ੁਰੂ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਹ ਮੁਠਭੇੜ ਜ਼ਿਲ੍ਹੇ ਦੇ ਯਾਰਵਾਨ ਇਲਾਕੇ ਦੇ ਜੰਗਲ 'ਚ...
ਬਾਘਾਪੁਰਾਣਾ ਨੇੜਿਓਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  about 4 hours ago
ਬਾਘਾਪੁਰਾਣਾ, 21 ਮਈ (ਬਲਰਾਜ ਸਿੰਗਲਾ)- ਬਾਘਾਪੁਰਾਣਾ ਨੇੜਿਓਂ ਅੱਜ ਲੁਟੇਰਿਆਂ ਵਲੋਂ ਇੱਕ ਇਨੋਵਾ ਗੱਡੀ ਨੂੰ ਪਿਸਤੌਲ ਦੀ ਨੋਕ 'ਤੇ ਅਗਵਾ ਕਰਨ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਘਾਪੁਰਾਣਾ ਨਿਵਾਸੀ ਹਿਮਾਂਸ਼ੂ ਮਿੱਤਲ ਆਪਣੇ ਇੱਕ ਹੋਰ ਸਾਥੀ ਨਾਲ...
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਕੁਸ਼ਤੀ ਦੀਆਂ ਉਲੰਪਿਕ ਤਿਆਰੀਆਂ

ਉਲੰਪਿਕ ਖੇਡਾਂ ਅਗਲੇ ਸਾਲ ਯਾਨੀ ਸਾਲ 2020 ਵਿਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋਣੀਆਂ ਹਨ ਅਤੇ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਗੇੜ ਅਤੇ ਤਿਆਰੀ ਦੇ ਮੁਕਾਬਲੇ ਹੁਣ ਸ਼ੁਰੂ ਹੋ ਚੁੱਕੇ ਹਨ। ਕੁਸ਼ਤੀ ਦੀ ਖੇਡ ਲਈ ਉਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਸ਼ੁਰੂ ਹੋਣ ਵਾਲਾ ਹੈ। ਇਸੇ ਦੀ ਤਿਆਰੀ ਦੇ ਮੱਦੇਨਜ਼ਰ ਭਾਰਤੀ ਕੁਸ਼ਤੀ ਪ੍ਰਬੰਧਕਾਂ ਨੇ ਵੀ ਇਸ ਖੇਡ ਵਿਚੋਂ ਤਗਮੇ ਦੀ ਆਸ ਨੂੰ ਵੇਖਦੇ ਹੋਏ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸੇ ਤਹਿਤ ਦੋ ਵਾਰ ਉਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦੀ ਨਿੱਜੀ ਕੋਚ ਮੁਹੱਈਆ ਕਰਾਏ ਜਾਣ ਦੀ ਮੰਗ ਮੰਨ ਲਈ ਗਈ ਹੈ। ਸੁਸ਼ੀਲ ਕੁਮਾਰ ਸਾਲ 2008 ਅਤੇ 2012 ਉਲੰਪਿਕ ਵਿਚ ਤਗਮਾ ਜਿੱਤ ਚੁੱਕੇ ਹਨ ਪਰ 2016 ਰੀਓ ਉਲੰਪਿਕ ਖੇਡਾਂ ਵੇਲੇ ਉਹ ਸੱਟ ਲੱਗੀ ਹੋਣ ਕਾਰਨ ਇਸ ਖੇਡ ਮਹਾਂਕੁੰਭ ਦਾ ਹਿੱਸਾ ਨਹੀਂ ਸਨ ਬਣ ਸਕੇ। ਸੁਸ਼ੀਲ ਦੇ ਨਾਲ ਹੀ ਕੁਝ ਹੋਰ ਭਾਰਤੀ ਪਹਿਲਵਾਨ ਵੀ ਕੁਸ਼ਤੀ ਫੈਡਰੇਸ਼ਨ ਤੋਂ ਨਿੱਜੀ ਕੋਚ ਦੀ ਮੰਗ ਕਰ ਰਹੇ ਸਨ ਪਰ ਹਾਲੇ ਤੱਕ ਸਿਰਫ ਸੁਸ਼ੀਲ ਕੁਮਾਰ ਨੂੰ ਹੀ ਇਹ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ਤਿਆਰੀਆਂ ਦੇ ਤਹਿਤ ਆਉਂਦੇ 5-6 ਦਿਨਾਂ ਵਿਚ ਜਾਰਜੀਆ ਦੇਸ਼ ਦੇ ਇਕ ਤਜਰਬੇਕਾਰ ਕੋਚ ਸੁਸ਼ੀਲ ਕੁਮਾਰ ਦੇ ਨਾਲ ਜੁੜ ਰਹੇ ਹਨ ਅਤੇ ਇਸੇ ਕੋਚ ਨਾਲ 6 ਮਹੀਨਿਆਂ ਦਾ ਕਰਾਰ ਕੀਤਾ ਗਿਆ ਹੈ। ਉਧਰ ਮਹਿਲਾ ਪਹਿਲਵਾਨਾਂ ਸਾਕਸ਼ੀ ਮਲਿਕ ਅਤੇ ਪੂਜਾ ਢਾਂਡਾ ਨੇ ਵੀ ਨਿੱਜੀ ਕੋਚ ਦੀ ਮੰਗ ਕੀਤੀ ਹੋਈ ਹੈ ਜਿਸ ਉੱਤੇ ਕੁਸ਼ਤੀ ਫੈਡਰੇਸ਼ਨ ਵਲੋਂ ਲੋਕ ਸਭਾ ਚੋਣਾਂ ਦੇ ਬਾਅਦ ਫੈਸਲਾ ਕੀਤਾ ਜਾਵੇਗਾ, ਹਾਲਾਂਕਿ ਇਹ ਜ਼ਰੂਰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਸੁਸ਼ੀਲ ਕੁਮਾਰ ਦੇ ਨਾਲ ਅਭਿਆਸ ਕਰਨ ਵਾਲੇ ਦੂਜੇ ਪਹਿਲਵਾਨ ਵੀ ਉਨ੍ਹਾਂ ਦੇ ਨਾਲ ਟ੍ਰੇਨਿੰਗ ਕਰ ਸਕਦੇ ਹਨ।
ਇਸ ਦੌਰਾਨ ਭਾਰਤੀ ਕੁਸ਼ਤੀ ਦੀਆਂ ਤਿਆਰੀਆਂ ਨੂੰ ਹੋਰ ਬਲ ਉਸ ਵੇਲੇ ਮਿਲਿਆ ਸੀ, ਜਦੋਂ ਭਾਰਤ ਨੇ ਲੰਘੇ ਦਿਨੀਂ ਏਸ਼ੀਆਈ ਚੈਂਪੀਅਨਸ਼ਿਪ ਵਿਚ ਆਪਣੀ ਮੁਹਿੰਮ ਦੀ ਸਮਾਪਤੀ ਇਕ ਚਾਂਦੀ ਅਤੇ ਇਕ ਕਾਂਸੀ ਤਗਮਾ ਜਿੱਤ ਕੇ ਕੀਤੀ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਗ੍ਰੀਕੋ ਰੋਮਨ ਪਹਿਲਵਾਨ ਹਰਪ੍ਰੀਤ ਸਿੰਘ ਅਤੇ ਗਿਆਨੇਂਦਰ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਸਨ ਅਤੇ ਭਾਰਤ ਲਈ ਨਵੀਂ ਉਮੀਦ ਵੀ ਜਗਾ ਦਿੱਤੀ ਹੈ। ਭਾਰਤੀ ਦਲ ਨੇ ਇਨ੍ਹਾਂ ਵੱਕਾਰੀ ਮੁਕਾਬਲਿਆਂ ਰਾਹੀਂ 8 ਤਗਮੇ ਪੁਰਸ਼ ਫਰੀਸਟਾਈਲ ਪਹਿਲਵਾਨਾਂ (1 ਸੋਨਾ, 3 ਚਾਂਦੀ ਅਤੇ 4 ਕਾਂਸੀ), 4 ਕਾਂਸੀ ਮਹਿਲਾ ਫਰੀ ਸਟਾਈਲ ਪਹਿਲਵਾਨਾਂ ਵਿਚ ਜਿੱਤੇ, ਜਦਕਿ ਗਰੀਕੋ ਰੋਮਨ ਪਹਿਲਵਾਨਾਂ ਨੇ 3 ਚਾਂਦੀ ਅਤੇ 1 ਕਾਂਸੀ ਦਾ ਤਗਮਾ ਜਿੱਤਿਆ। ਇਸ ਦੌਰਾਨ ਥੋੜ੍ਹੀ ਨਿਰਾਸ਼ਾ ਇਸੇ ਗੱਲੋਂ ਹੋਈ ਸੀ ਕਿ ਰੀਓ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਕਸ਼ੀ ਮਲਿਕ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਗਮਾ ਜੇਤੂ ਵਿਨੇਸ਼ ਫੋਗਾਟ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਕਾਂਸੀ ਤਗਮੇ ਤੋਂ ਅੱਗੇ ਨਹੀਂ ਸਨ ਵਧ ਸਕੀਆਂ ਅਤੇ ਇਸ ਤਰ੍ਹਾਂ ਭਾਰਤੀ ਮਹਿਲਾਵਾਂ ਨੂੰ ਸੋਨ ਤਗਮੇ ਦੇ ਬਿਨਾਂ ਆਪਣੀ ਮੁਹਿੰਮ ਦਾ ਅੰਤ ਕਰਨਾ ਪਿਆ ਸੀ। ਇਸ ਦੇ ਬਾਵਜੂਦ ਭਾਰਤੀ ਕੁਸ਼ਤੀ ਲਈ ਜਿਸ ਅੰਦਾਜ਼ ਵਿਚ ਲਗਾਤਾਰ ਤਿਆਰੀ ਚੱਲ ਰਹੀ ਹੈ, ਉਸ ਤੋਂ ਇਹ ਜ਼ਰੂਰ ਲਗਦਾ ਹੈ ਕਿ ਆਉਂਦੀਆਂ ਉਲੰਪਿਕ ਲਈ ਸਮਾਂ ਰਹਿੰਦਿਆਂ ਇਨ੍ਹਾਂ ਕਮੀਆਂ-ਪੇਸ਼ੀਆਂ ਨੂੰ ਦੂਰ ਕਰ ਲਿਆ ਜਾਵੇਗਾ ਅਤੇ ਭਾਰਤੀ ਪਹਿਲਵਾਨ ਖੇਡ ਮਹਾਂਕੁੰਭ ਵਿਚ ਆਪਣਾ ਪੂਰਾ ਜ਼ੋਰ ਵਿਖਾ ਸਕਣਗੇ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਹਾਕੀ ਟੂਰਨਾਮੈਂਟ ਬਨਾਮ ਦਰਸ਼ਕਾਂ ਦੀ ਗਿਣਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਪਰ ਮੈਂ ਮਹਿਸੂਸ ਕਰਦਾ ਹਾਂ ਕਿ ਜੇ ਇਹੋ ਜਿਹੇ ਹਾਕੀ ਮੁਹੱਬਤੀ ਮਾਹੌਲ ਦੀ ਕਮੀ ਦੇਸ਼ ਵਿਚ ਹੋਈ ਪਈ ਹੈ, ਇਸ ਲਈ ਇਹ ਫਿੱਕੇ-ਫਿੱਕੇ ਹਾਕੀ ਟੂਰਨਾਮੈਂਟ ਜ਼ਿੰਮੇਵਾਰ ਹਨ। ਚਲੋ ਜ਼ਰਾ ਇਨ੍ਹਾਂ ਦੀ ਗੱਲ ਖੁੱਲ੍ਹ ਕੇ ਕਰੀਏ। ਹਾਕੀ ਦੇ ਜਿੰਨੇ ਕੁ ਟੂਰਨਾਮੈਂਟ ਦੇਸ਼ ਦੀ ਧਰਤੀ, ਖਾਸ ਕਰਕੇ ਪੰਜਾਬ 'ਚ ਆਯੋਜਿਤ ਕੀਤੇ ਜਾਂਦੇ ਹਨ, ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਪਰ ਕਾਸ਼! ਇਨ੍ਹਾਂ ਦਾ ਆਯੋਜਨ ਕਿਸੇ ਖੂਬਸੂਰਤ ਢੰਗ ਨਾਲ ਹੋ ਸਕੇ। ਅੱਜ ਜੋ ਲੋਕ ਹਾਕੀ ਨਾਲੋਂ ਟੁੱਟ ਚੁੱਕੇ ਹਨ, ਉਨ੍ਹਾਂ ਨੂੰ ਹਾਕੀ ਨਾਲ ਜੋੜਨ ਦੀ ਲੋੜ ਹੈ। ਸਾਡੀ ਨੌਜਵਾਨ ਪੀੜ੍ਹੀ ਜਿਸ ਦਾ ਦੇਸ਼ ਦੀ ਰਾਸ਼ਟਰੀ ਖੇਡ ਹਾਕੀ ਨਾਲ ਕੋਈ ਲਗਾਓ ਨਜ਼ਰ ਨਹੀਂ ਆਉਂਦਾ, ਉਨ੍ਹਾਂ ਨੂੰ ਇਧਰ ਖਿੱਚਣ ਲਈ ਸਾਡੇ ਟੂਰਨਾਮੈਂਟ ਪ੍ਰਬੰਧਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਛੋਟੇ-ਛੋਟੇ ਬੱਚਿਆਂ ਦੀ ਮੈਦਾਨ 'ਚ ਯਕੀਨੀ ਬਣਾਉਣ ਦੀ ਲੋੜ ਹੈ। ਪਰ ਦੁੱਖ ਇਸ ਗੱਲ ਦਾ ਹੈ ਜਨਾਬ! ਜਿਸ ਢੰਗ ਨਾਲ ਅਸੀਂ ਵੱਖ-ਵੱਖ ਟੂਰਨਾਮੈਂਟ ਆਯੋਜਿਤ ਕਰਵਾਉਂਦੇ ਹਾਂ, ਇਹ ਜਾਂ ਤਾਂ ਪ੍ਰਬੰਧਕਾਂ ਲਈ ਹੀ ਹੁੰਦਾ, ਜਿਨ੍ਹਾਂ 'ਚ ਬਹੁਤੇ ਸਾਡੇ ਸਤਿਕਾਰਯੋਗ ਪੁਰਾਣੇ ਖਿਡਾਰੀ ਨੇ ਤੇ ਜਾਂ ਸਿਰਫ ਉਨ੍ਹਾਂ ਹਾਕੀ ਟੀਮਾਂ ਲਈ ਹੁੰਦਾ, ਹਰ ਟੂਰਨਾਮੈਂਟ 'ਚ ਜਿਨ੍ਹਾਂ ਦੀ ਸ਼ਿਰਕਤ ਹੁੰਦੀ ਹੈ। ਇਹੋ ਜਿਹੇ ਆਯੋਜਨ ਸਮੇਂ ਛੋਟੇ-ਛੋਟੇ ਬੱਚੇ ਜੇ ਕਿਤੇ ਭੁੱਲ-ਭੁਲੇਖੇ ਆ ਜਾਣ ਤਾਂ ਮੈਂ ਕਹਿ ਨਹੀਂ ਸਕਦਾ।
ਦਰਸ਼ਕਾਂ ਲਈ ਇਨਾਮ ਵੀ ਰੱਖੇ ਜਾਣ, ਗੀਤ-ਸੰਗੀਤ ਵੀ ਹੋਵੇ। ਚਾਹੀਦਾ ਤਾਂ ਹੈ ਕਿਸੇ ਹਾਕੀ ਮੁਹੱਬਤੀ ਕੁਮੈਂਟੇਟਰ ਦੀ ਆਵਾਜ਼ ਸਾਰੇ ਸਟੇਡੀਅਮ 'ਚ ਗੂੰਜਦੀ ਪਈ ਹੋਵੇ, ਲੋਕਾਂ ਦਾ ਸਟੇਡੀਅਮ 'ਚ ਜਿਵੇਂ ਹੜ੍ਹ ਆਇਆ ਹੋਵੇ, ਖਿਡਾਰੀਆਂ ਦੀ ਖੇਡ 'ਚ ਅੱਖਾਂ ਸਭ ਦੀਆਂ ਖੁੱਭੀਆਂ ਹੋਣ, ਐਡੇ ਵੱਡੇ ਹਜੂਮ ਦੇ ਸਾਹਮਣੇ ਜਿੱਤ-ਹਾਰ ਦੋਵਾਂ ਧਿਰਾਂ ਲਈ ਜ਼ਿੰਦਗੀ-ਮੌਤ ਦਾ ਸਵਾਲ ਬਣੀ ਹੋਵੇ। ਉੱਚਕੋਟੀ ਦੇ ਅੰਪਾਇਰ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਅ ਰਹੇ ਹੋਣ। ਭਰੇ ਸਟੇਡੀਅਮ ਨੂੰ ਦੇਖ ਕੇ ਲੱਗੇ ਕਿ ਹਾਕੀ ਇਨ੍ਹਾਂ ਭਾਰਤੀਆਂ ਦਾ ਧਰਮ ਹੈ, ਹਾਕੀ ਇਨ੍ਹਾਂ ਪੰਜਾਬੀਆਂ ਲਈ ਇਕ ਧਰਮ ਹੈ। ਖਿਡਾਰੀਆਂ ਦੀ ਮੈਦਾਨ ਦੇ ਅੰਦਰ ਜੱਦੋ-ਜਹਿਦ ਚੱਲ ਰਹੀ ਹੋਵੇ। ਕਿ ਰੁਮਾਂਚਿਕ ਸਨਸਨੀਖੇਜ਼ ਮੁਕਾਬਲਾ ਚੱਲ ਰਿਹਾ ਹੋਵੇ ਤੇ ਮੈਦਾਨ ਦੇ ਬਾਹਰ ਇਹੀ ਜੱਦੋ-ਜਹਿਦ ਹਾਕੀ ਪ੍ਰੇਮੀਆਂ 'ਚ ਆਪੋ-ਆਪਣੀਆਂ ਟੀਮਾਂ ਲਈ ਚੱਲ ਰਹੀ ਹੋਵੇ। ਖਿਡਾਰੀ ਦਰਸ਼ਕਾਂ ਦਾ ਉਤਸ਼ਾਹ ਵਧਾ ਰਹੇ ਹੋਣ, ਦਰਸ਼ਕ ਖਿਡਾਰੀਆਂ ਦਾ। ਸਾਰਾ ਸਟੇਡੀਅਮ ਹਾਕੀ ਦੇ ਰੰਗ 'ਚ ਰੰਗਿਆ ਹੋਵੇ, ਖਾਸ ਕਰਕੇ ਛੋਟੇ ਬੱਚਿਆਂ ਦੀ ਆਮਦ ਜ਼ਰੂਰ ਹੋਵੇ, ਜਿਨ੍ਹਾਂ ਨੂੰ ਅਸੀਂ ਇਸ ਖੇਡ ਪ੍ਰਤੀ ਉਤਸ਼ਾਹਤ ਕਰਨਾ ਹੈ। ਪਰ ਜਨਾਬ! ਇਨ੍ਹਾਂ ਹਾਕੀ ਟੂਰਨਾਮੈਂਟ 'ਚ ਜੇ ਕਿਤੇ ਏਦਾਂ ਦਾ ਕੁਝ ਲੱਭ ਜਾਵੇ ਤਾਂ ਪ੍ਰਬੰਧਕਾਂ ਨੂੰ ਲੱਖ-ਲੱਖ ਵਧਾਈਆਂ ਪਰ ਜੋ ਅਕਸਰ ਲੱਭਦਾ, ਉਹ ਇਹ ਹੈ ਕਿ ਖਾਲੀ ਪਈਆਂ ਕੁਰਸੀਆਂ ਦੇ ਸਾਹਮਣੇ ਹਾਕੀ ਮੈਚ ਚੱਲ ਰਿਹਾ ਹੁੰਦਾ ਤੇ ਖਿਡਾਰੀ ਵਿਚਾਰੇ ਜਿਨ੍ਹਾਂ ਦੇ ਹੌਸਲੇ, ਜਿਨ੍ਹਾਂ ਦਾ ਉਤਸ਼ਾਹ ਦਰਸ਼ਕਾਂ ਦੀਆਂ ਤਾੜੀਆਂ ਨਾਲ ਬੱਝਾ ਹੁੰਦਾ, ਖਾਲੀ ਪਈਆਂ ਕੁਰਸੀਆਂ ਵਲੋਂ ਵੀ ਤਾੜੀਆਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ। (ਸਮਾਪਤ)


-ਮੋਬਾ: 98155-35410

ਯਾਦਗਾਰੀ ਮੈਚਾਂ ਦਾ ਸਿਰਜਕ ਬਣਿਆ ਯਾਦਾਂ ਦਾ ਸਿਰਨਾਵਾਂ-ਬਿੱਟੂ ਦੁਗਾਲ

ਦੁਨੀਆ ਦੇ ਹਰੇਕ ਵੱਡੇ ਕਬੱਡੀ ਮੇਲੇ 'ਚੋਂ ਸਰਬੋਤਮ ਖਿਡਾਰੀ ਦਾ ਖਿਤਾਬ ਜੇਤੂ ਨਰਿੰਦਰ ਕੁਮਾਰ ਉਰਫ ਬਿੱਟੂ ਦੁਗਾਲ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਖੁਰਦ ਵਿਖੇ ਸ੍ਰੀ ਰਾਮ ਸਿੰਘ ਤੇ ਮਾਤਾ ਰੇਸ਼ਮਾ ਦੇਵੀ ਦੇ ਘਰ 27 ਦਸੰਬਰ, 1981 ਨੂੰ ਜਨਮਿਆ ਬਿੱਟੂ ਦੁਗਾਲ ਜਿੱਥੇ ਆਪਣੇ ਸਕੇ-ਸਬੰਧੀਆਂ ਨੂੰ ਰੋਂਦੇ-ਵਿਲਕਦੇ ਛੱਡ ਗਿਆ, ਉੱਥੇ ਖੇਡ ਪ੍ਰੇਮੀਆਂ ਨੂੰ ਵੀ ਝੰਜੋੜ ਕੇ ਰੱਖ ਗਿਆ ਹੈ। ਪਤਨੀ ਅਮਨਪ੍ਰੀਤ ਕੌਰ ਤੇ ਬੇਟਾ ਰਸ਼ਮੀਤ ਸਿੰਘ ਦਾ ਪਿਆਰਾ ਬਿੱਟੂ ਜਿੱਥੇ ਕਬੱਡੀ ਜਗਤ 'ਚ ਇਕ ਜੁਝਾਰੂ ਤੇ ਅਸੰਭਵ ਨੂੰ ਸੰਭਵ ਬਣਾਉਣ ਵਾਲੇ ਜਾਫੀ ਵਜੋਂ ਮਸ਼ਹੂਰ ਹੋਇਆ, ਉੱਥੇ ਨਿੱਜੀ ਜ਼ਿੰਦਗੀ 'ਚ ਉਹ ਇਮਾਨਦਾਰ ਅਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਵਜੋਂ ਜਾਣਿਆ ਜਾਂਦਾ ਸੀ। ਬਿੱਟੂ ਦੇ ਦਾਦੇ-ਪੜਦਾਦੇ ਕੁਸ਼ਤੀ ਨਾਲ ਜੁੜੇ ਹੋਏ ਸਨ, ਇਸ ਕਰਕੇ ਬਿੱਟੂ ਨੂੰ ਘਰ 'ਚੋਂ ਹੀ ਖੇਡਾਂ ਵਾਲਾ ਮਾਹੌਲ ਮਿਲਿਆ। ਉਹ ਆਪਣੇ ਭਰਾਵਾਂ (ਰਾਏ ਸਿੰਘ ਤੇ ਜੈ ਸਿੰਘ) ਨੂੰ ਅਖਾੜਿਆ 'ਚ ਘੁਲਦੇ ਦੇਖ ਕੇ, ਕਾਫੀ ਦੰਗਲਾਂ 'ਚ ਛੋਟੇ ਭਾਰ ਵਾਲੀਆਂ ਕੁਸ਼ਤੀਆਂ ਵੀ ਲੜਿਆ।
ਦੇਖਣ ਨੂੰ ਫਿਲਮੀ ਨਾਇਕਾਂ ਵਰਗੇ ਬਿੱਟੂ ਦਾ ਨਾਂਅ ਮਾਤਾ-ਪਿਤਾ ਨੇ ਨਿਰਭੈ ਸਿੰਘ ਰੱਖਿਆ ਪਰ ਜਦੋਂ ਉਹ ਸਕੂਲ 'ਚ ਦਾਖਲ ਹੋਣ ਗਿਆ ਤਾਂ ਸਕੂਲ ਅਧਿਆਪਕਾ ਨੇ ਉਸ ਦਾ ਨਾਂਅ ਨਰਿੰਦਰ ਰਾਮ ਰੱਖ ਦਿੱਤਾ, ਜਿਸ ਬਾਰੇ ਬਿੱਟੂ ਕਹਿੰਦਾ ਸੀ ਕਿ ਉਸ ਦਾ ਨਾਂਅ ਬਦਲਣ ਨਾਲ ਉਸ ਦੇ ਦਿਨ ਵੀ ਬਦਲ ਗਏ। ਬਿੱਟੂ ਨੇ 32 ਕਿਲੋ ਭਾਰ ਵਰਗ ਦੀ ਕਬੱਡੀ ਨਾਲ ਖੇਡ ਮੈਦਾਨਾਂ 'ਚ ਪੈਰ ਧਰਿਆ। ਉਹ ਆਪਣੇ ਅਜ਼ੀਜ਼ ਦੋਸਤ ਸਰੋਵਰ ਹੁਰਾਂ ਨਾਲ ਮਿਲ ਕੇ 4-5 ਜਣਿਆਂ ਦੀ ਟੀਮ ਬਣਾ ਕੇ ਹੀ ਦੂਰ-ਦੂਰ ਤੋਂ ਵਜ਼ਨੀ ਕਬੱਡੀ ਦੇ ਕੱਪ ਜਿੱਤ ਲਿਆਉਂਦਾ।
ਬਿੱਟੂ ਦੇ ਖੇਡ ਜੀਵਨ 'ਚ ਉਸ ਵੇਲੇ ਵੱਡਾ ਮੋੜ ਆਇਆ ਜਦੋਂ 2002 'ਚ ਪਿੰਡ ਬੱਲਰਾਂ (ਸੰਗਰੂਰ) ਦੇ ਕਬੱਡੀ ਕੱਪ 'ਤੇ ਉਸ ਵੇਲੇ ਦੇ ਸਿਰਕੱਢ ਧਾਵੀ ਗੁਲਜ਼ਾਰੀ ਮੂਣਕ ਨੂੰ ਉਸ ਨੇ 7 ਧਾਵਿਆਂ 'ਚੋਂ 6 ਵਾਰ ਡੱਕ ਲਿਆ, ਜਿਸ ਨਾਲ ਉਸ ਦੀ ਜਾਫੀ ਵਜੋਂ ਹਰ ਪਾਸੇ ਬੱਲੇ-ਬੱਲੇ ਹੋ ਗਈ ਅਤੇ ਗੁਲਜ਼ਾਰੀ ਨੇ ਸੱਚੇ ਖਿਡਾਰੀ ਦੀ ਭਾਵਨਾ ਦਿਖਾਉਂਦਿਆਂ ਬਿੱਟੂ ਨੂੰ ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਕੋਚ ਪ੍ਰੋ: ਮਦਨ ਲਾਲ ਡਡਵਿੰਡੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।
ਪੰਜਾਬ ਸਰਕਾਰ ਵਲੋਂ ਕਰਵਾਏ ਗਏ 3 ਵਿਸ਼ਵ ਕੱਪ ਦੌਰਾਨ ਬਿੱਟੂ ਨੇ ਭਾਰਤੀ ਟੀਮ ਨੂੰ ਚੈਂਪੀਅਨ ਬਣਾਉਣ 'ਚ (5 ਮੈਚ 18 ਜੱਫੇ) ਅਹਿਮ ਭੂਮਿਕਾ ਨਿਭਾਈ। ਬਿੱਟੂ ਨੇ 3 ਵਿਸ਼ਵ ਕੱਪਾਂ ਵਿਚ ਹਿੱਸਾ ਲਿਆ, ਜਿਸ ਦੀ ਬਦੌਲਤ ਉਸ ਨੂੰ ਸਰਕਾਰੀ ਨੌਕਰੀ ਅਤੇ ਥਾਂ-ਥਾਂ ਸਨਮਾਨ ਮਿਲੇ। ਬਿੱਟੂ ਨੇ ਕੈਨੇਡਾ ਦੇ ਵਿਸ਼ਵ ਕੱਪ, ਬੀ.ਸੀ. ਦੇ ਕਬੱਡੀ ਸੀਜ਼ਨ ਅਤੇ ਇੰਗਲੈਂਡ ਦੇ ਸੀਜ਼ਨ ਦੌਰਾਨ ਹਿੱਕ ਠੋਕਵੀਂ ਖੇਡ ਸਦਕਾ ਵੱਡੇ ਇਨਾਮ-ਸਨਮਾਨ ਜਿੱਤੇ। ਉਸ ਦੁਆਰਾ ਕੈਨੇਡਾ ਦੇ ਕਬੱਡੀ ਸੀਜ਼ਨ 'ਚ 124 ਜੱਫੇ ਲਗਾਉਣੇ, ਕਬੱਡੀ ਜਗਤ ਦੀ ਰਿਕਾਰਡਤੋੜ ਪ੍ਰਾਪਤੀ ਹੈ। ਬਿੱਟੂ ਦੁਗਾਲ ਨੂੰ ਖੇਡ ਜੀਵਨ ਦੌਰਾਨ ਬਹੁਤ ਵਾਰ ਵੱਡੀਆਂ ਸੱਟਾਂ ਲੱਗੀਆਂ ਪਰ ਪਰਮਾਤਮਾ 'ਤੇ ਅਥਾਹ ਭਰੋਸਾ ਅਤੇ ਦਲੇਰੀ ਭਰਿਆ ਸੁਭਾਅ ਉਸ ਨੂੰ ਮੁੜ ਖੇਡ ਮੈਦਾਨ 'ਚ ਖਿੱਚ ਲੈ ਆਉਂਦਾ। ਹਰ ਵੇਲੇ ਹਮੇਸ਼ਾ ਸੱਚੀ ਤੇ ਖਰੀ ਗੱਲ ਕਰਨ ਵਾਲਾ ਬਿੱਟੂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ 'ਤੇ ਆਪਣਾ ਆਖਰੀ ਵੱਡਾ ਮੈਚ ਖੇਡਿਆ, ਜਿੱਥੇ ਉਹ ਚਾਰ ਜੱਫੇ ਲਗਾ ਕੇ ਸਭ ਦਾ ਦਿਲ ਜਿੱਤਣ 'ਚ ਕਾਮਯਾਬ ਰਿਹਾ। ਸਿਰਫ 38 ਕੁ ਸਾਲਾਂ ਦੀ ਉਮਰ 'ਚ ਆਪਣੇ ਲੱਖਾਂ ਚਾਹੁਣ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਨੂੰ ਬੇਵਕਤੀ ਵਿਛੋੜਾ ਦੇਣ ਵਾਲੇ ਨਰਿੰਦਰ ਰਾਮ ਉਰਫ ਬਿੱਟੂ ਦੁਗਾਲ ਦੀ ਖੇਡ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।

-ਪਟਿਆਲਾ।

ਪੰਜਾਬੀ ਫੁੱਟਬਾਲ ਦਾ ਮਸੀਹਾ : ਸੁਖਵਿੰਦਰ ਸਿੰਘ ਬੂਰਾ

ਕਾਮਯਾਬੀ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹਸਵਾਰ ਬਣਨਾ ਤਾਂ ਭਾਵੇਂ ਵਕਤੀ ਖੇਡ ਹੈ ਪਰ ਕੁਝ ਲੋਕ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਭਰੇ ਸਫਰ ਦੇ ਬਾਵਜੂਦ ਸਖ਼ਤ ਮਿਹਨਤ ਦੇ ਬਲਬੂਤੇ ਪੱਥਰ 'ਤੇ ਲਕੀਰ ਵਾਂਗ ਏਨੇ ਦ੍ਰਿੜ੍ਹ ਇਰਾਦੇ ਵਾਲੇ ਹੁੰਦੇ ਹਨ ਕਿ ਰਸਤਾ ਕਿੰਨਾ ਵੀ ਕੰਡਿਆਂ ਭਰਿਆ ਕਿਉਂ ਨਾ ਹੋਵੇ, ਉਹ ਆਪਣੀ ਮੰਜ਼ਿਲ ਵੱਲ ਕਦਮ-ਬ-ਕਦਮ ਤੁਰਦੇ ਰਹਿੰਦੇ ਹਨ। ਅਜਿਹੀ ਹੀ ਜ਼ਿੰਦਗੀ ਦੇ ਇਕ ਮੁਕੰਮਲ ਸੰਘਰਸ਼ ਦੀ ਦਾਸਤਾਨ ਹੈ ਫੁੱਟਬਾਲ ਖਿਡਾਰੀ ਅਤੇ ਕੋਚ ਸੁਖਵਿੰਦਰ ਸਿੰਘ ਬੂਰਾ ਜੋ ਬਹੁਪੱਖੀ ਸ਼ਖ਼ਸੀਅਤ ਦੇ ਸਿਰਨਾਵੇਂ ਵਜੋਂ ਪਛਾਣ ਬਣਾਉਣ 'ਚ ਸਫਲ ਰਿਹਾ ਹੈ।
ਪੰਜਾਬੀ ਫੁੱਟਬਾਲ ਦੇ ਵਿਰਸੇ ਨੂੰ ਸੰਭਾਲੀ ਬੈਠੇ ਸੁਖਵਿੰਦਰ ਸਿੰਘ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੂਲੇਵਾਲ 'ਚ 25 ਜੁਲਾਈ, 1963 ਨੂੰ ਪਿਤਾ ਗੁਰਬਖਸ਼ ਸਿੰਘ ਅਤੇ ਮਾਤਾ ਅਜੀਤ ਕੌਰ ਦੇ ਘਰ ਹੋਇਆ। ਮੱਧ ਵਰਗੀ ਪਰਿਵਾਰ ਨਾਲ ਸਬੰਧਤ ਫੁੱਟਬਾਲ 'ਚ ਵਡਮੁੱਲੀਆਂ ਪ੍ਰਾਪਤੀਆਂ ਖੱਟਣ ਵਾਲੇ ਸੁਖਵਿੰਦਰ ਸਿੰਘ ਨੇ ਹਾਈ ਸਕੂਲ ਤੱਕ ਦੀ ਪੜ੍ਹਾਈ ਜੀ.ਐਨ. ਹਾਈ ਸਕੂਲ ਸਤਕੋਹਾ ਤੋਂ ਕੀਤੀ ਪਰ ਫੁੱਟਬਾਲਰ ਬਣਨ ਦੀ ਤਾਂਘ ਕਿਸੇ ਸਮੇਂ ਖੇਡਾਂ 'ਚ ਨਾਮਵਰ ਰਹੇ ਸਪੋਰਟਸ ਸਕੂਲ ਜਲੰਧਰ ਲੈ ਆਈ, ਜਿਥੇ ਕੋਚ ਜੋਗਿੰਦਰ ਸਿੰਘ ਵਾਲੀਆ ਦੀ ਦੇਖ-ਰੇਖ 'ਚ ਉਸ ਨੇ ਫੁੱਟਬਾਲ ਦੇ ਮੈਦਾਨ ਵਿਚ ਛੋਹਲੇ ਕਦਮੀਂ ਮੱਲਾਂ ਮਾਰੀਆਂ। ਸੰਨ 1979 'ਚ ਉਹ ਸ੍ਰੀਨਗਰ 'ਚ ਹੋਈ ਰੂਰਲ ਨੈਸ਼ਨਲ ਗੇਮਜ਼ 'ਚ ਪੰਜਾਬ ਟੀਮ ਵਲੋਂ ਖੇਡਿਆ ਤੇ ਅਗਲੇ ਹੀ ਸਾਲ 1980 'ਚ ਸਕੂਲ ਨੈਸ਼ਨਲ 'ਚ ਉਹ ਪੰਜਾਬ ਦੀ ਟੀਮ ਲਈ ਚੁਣਿਆ ਗਿਆ।
1982 'ਚ ਸੁਖਵਿੰਦਰ ਨੇ ਫੁੱਟਬਾਲ ਦੇ ਮੱਕੇ ਵਜੋਂ ਜਾਣੇ ਜਾਂਦੇ ਖਾਲਸਾ ਕਾਲਜ ਮਾਹਿਲਪੁਰ 'ਚ ਦਾਖਲਾ ਲਿਆ, ਜਿਥੇ ਕੋਚ ਬਲਿਹਾਰ ਸਿੰਘ ਨੇ ਫੁੱਟਬਾਲ ਦੇ ਇਸ ਚੜ੍ਹਦੇ ਸੂਰਜ ਨੂੰ ਦਗਦਗ ਕਰਦੀ ਸਿਖਰ ਦੁਪਹਿਰ ਵਾਂਗ ਚਮਕਾਇਆ ਤੇ ਸੁਖਵਿੰਦਰ ਬੂਰਾ ਹੁਣ ਪੰਜਾਬੀ ਫੁੱਟਬਾਲ ਦੇ ਗਲਿਆਰਿਆਂ 'ਚ ਖੁੰਢ ਚਰਚਾ ਦਾ ਵਿਸ਼ਾ ਬਣ ਗਿਆ। ਸੰਨ 1986 'ਚ ਪੰਜਾਬ ਦੀ ਨਾਮਵਰ ਕਲੱਬ ਜੇ. ਸੀ. ਟੀ. ਫਗਵਾੜਾ ਨੇ ਉਸ ਨੂੰ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। 1986 ਤੋਂ 1991 'ਚ ਜੇ.ਸੀ.ਟੀ. ਵਲੋਂ ਮੈਦਾਨ 'ਚ ਉਤਰਦਿਆਂ ਉਸ ਸਮੇਂ ਹੁੰਦੇ ਵਕਾਰੀ ਟੂਰਨਾਮੈਂਟਾਂ ਡੀ.ਸੀ.ਐਮ., ਡੁਰੰਡ ਕੱਪ ਦਿੱਲੀ, ਰੋਵਰਜ਼ ਕੱਪ, ਸੈਟ ਨਾਗ ਜੀ ਅਤੇ ਗਵਰਨਰ ਗੋਲਡ ਕੱਪ ਆਦਿ 'ਚ ਖੇਡਦਿਆਂ ਅਹਿਮ ਪ੍ਰਾਪਤੀਆਂ ਕੀਤੀਆਂ। ਸੰਨ 1987 'ਚ ਕੇਰਲਾ 'ਚ ਹੋਈਆਂ ਕੌਮੀ ਖੇਡਾਂ 'ਚ ਪੰਜਾਬ ਵਲੋਂ ਖੇਡਦਿਆਂ ਸੁਖਵਿੰਦਰ ਸਿੰਘ ਨੇ ਪੰਜਾਬ ਨੂੰ ਉਪ-ਵਿਜੇਤਾ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਬਤੌਰ ਖਿਡਾਰੀ ਖੇਡ ਕੈਰੀਅਰ ਦਾ ਸ਼ਾਨਾਮੱਤਾ ਅਧਿਆਇ ਲਿਖਣ ਵਾਲੇ ਸੁਖਵਿੰਦਰ ਸਿੰਘ ਨੇ ਫੁੱਟਬਾਲ ਨੂੰ ਅਲਵਿਦਾ ਕਹਿੰਦਿਆਂ ਪੰਜਾਬੀ ਫੁੱਟਬਾਲ ਦੀ ਵਿਰਾਸਤ ਨੂੰ ਸੰਭਾਲਣ ਹਿਤ ਬਤੌਰ ਕੋਚ ਸੰਨ 2002 ਤੋਂ 2009 ਤੱਕ ਪਿੰਡ ਨਿੱਕੇ ਘੁੰਮਣ (ਗੁਰਦਾਸਪੁਰ) ਫੁੱਟਬਾਲ ਅਕੈਡਮੀ 'ਚ ਸੇਵਾਵਾਂ ਦਿੱਤੀਆਂ ਤੇ ਇਥੋਂ ਦੇ ਖਿਡਾਰੀ ਬਿਕਰਮਜੀਤ ਸਿੰਘ, ਸਹਿਨਾਜ਼ ਸਿੰਘ ਅਤੇ ਜਰਮੇਨ ਸਿੰਘ ਵੱਖ-ਵੱਖ ਕਲੱਬਾਂ ਵਲੋਂ ਖੇਡਦੇ ਭਾਰਤੀ ਫੁੱਟਬਾਲ ਦਾ ਰੌਸ਼ਨ ਭਵਿੱਖ ਬਣੇ। ਵਰਤਮਾਨ ਸਮੇਂ ਸੁਖਵਿੰਦਰ ਸਿੰਘ ਬੂਰਾ ਪ੍ਰਿਥੀਪਾਲ ਸਿੰਘ ਐਸ.ਪੀ. ਦੀ ਸ਼ਤਰ ਛਾਇਆ ਹੇਠ ਕੋਟਲਾ ਸ਼ਾਹੀਆਂ 'ਚ ਸੁਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਕਮਲਜੀਤ ਸਪੋਰਟਸ ਅਕੈਡਮੀ ਕੋਟਲਾ ਸ਼ਾਹੀਆਂ 'ਚ ਬਤੌਰ ਕੋਚ ਫੁੱਟਬਾਲ ਨਰਸਰੀ ਤਿਆਰ ਕਰਨ 'ਚ ਜੀਅ-ਜਾਨ ਨਾਲ ਜੁਟਿਆ ਪਿਆ ਹੈ ਪਰ ਪੰਜਾਬੀ ਫੁੱਟਬਾਲ ਦੇ ਭਵਿੱਖ ਪ੍ਰਤੀ ਗੱਲ ਕਰਦਿਆਂ ਅਕਸਰ ਉਸ ਦਾ ਚਿਹਰਾ ਉਦਾਸ ਹੋ ਜਾਂਦਾ ਹੈ।


-ਮੋਬਾ: 94636-12204

ਭਾਰਤ ਦਾ ਧਾਕੜ ਮੁੱਕੇਬਾਜ਼ ਅਮਿਤ ਪੰਘਾਲ

'ਹਾਸ਼ਮ ਫ਼ਤਹਿ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ', ਇਸ ਸੰਸਾਰ ਵਿਚ ਮਿਹਨਤ ਅਤੇ ਲਗਨ ਦੇ ਨਾਲ ਹਰ ਚੀਜ਼ ਸੰਭਵ ਹੈ ਅਤੇ ਜੋ ਵੀ ਕਿਸਮਤ ਦੇ ਆਸਰੇ ਆਪਣੇ-ਆਪ ਨੂੰ ਨਾ ਛੱਡ ਕੇ ਲਹੂ-ਪਸੀਨਾ ਇਕ ਕਰਦੇ ਹਨ, ਉਹ ਦੁਨੀਆ ਵਿਚ ਕੁਝ ਕਰ ਗੁਜ਼ਰਦੇ ਹਨ। ਅੱਜ ਗੱਲ ਕਰਾਂਗੇ ਭਾਰਤ ਦੇ ਇਕ ਨੌਜਵਾਨ ਮੁੱਕੇਬਾਜ਼ ਦੀ, ਜਿਸ ਨੇ ਥੋੜ੍ਹੇ ਸਮੇਂ ਵਿਚ ਹੀ ਆਪਣੇ-ਆਪ ਨੂੰ ਉਸ ਸਥਾਨ 'ਤੇ ਲਿਆ ਕੇ ਖੜ੍ਹਾ ਕਰ ਲਿਆ ਹੈ, ਜਿੱਥੇ ਪਹੁੰਚਣ ਲਈ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਭਾਰਤੀ ਮੁੱਕੇਬਾਜ਼ੀ ਜਿੱਥੇ ਅੱਜ ਦੁਨੀਆ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਰਹੀ ਹੈ, ਉਥੇ ਸਾਡੇ ਮੁੱਕੇਬਾਜ਼ ਦਿਨ-ਰਾਤ ਇਸ ਰੁਤਬੇ ਨੂੰ ਇਕ ਵੱਖਰੇ ਮੁਕਾਮ 'ਤੇ ਪਹੁੰਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ। ਇਹੋ ਜਿਹਾ ਮੁੱਕੇਬਾਜ਼ ਹੈ ਹਰਿਆਣਾ ਦੀ ਧਰਤੀ 'ਤੇ ਪੈਦਾ ਹੋਇਆ ਅਮਿਤ ਪੰਘਾਲ, ਜੋ ਕਿ 16 ਅਕਤੂਬਰ, 1995 ਨੂੰ ਜ਼ਿਲ੍ਹਾ ਰੋਹਤਕ ਦੇ ਪਿੰਡ ਮਾਇਨਾ ਵਿਖੇ ਪਿਤਾ ਚੌਧਰੀ ਵਿਜੇਂਦਰ ਸਿੰਘ ਪੰਘਾਲ ਦੇ ਘਰ ਜਨਮਿਆ।
ਅਮਿਤ ਦਾ ਵੱਡਾ ਭਰਾ ਅਜੇ ਪੰਘਾਲ ਜੋ ਕਿ ਖੁਦ ਇਕ ਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਰਿਹਾ ਹੈ ਅਤੇ ਭਾਰਤੀ ਫੌਜ ਵਿਚ ਨੌਕਰੀ ਕਰਦਾ ਹੈ, ਨੇ ਸਾਲ 2007 ਵਿਚ ਅਮਿਤ ਨੂੰ ਸਰ ਛੋਟੂ ਰਾਮ ਬਾਕਸਿੰਗ ਅਕੈਡਮੀ ਜੁਆਇਨ ਕਰਵਾ ਦਿੱਤੀ, ਜਿਸ ਤੋਂ ਬਾਅਦ ਉਹ ਆਪਣੀ ਮਿਹਨਤ ਨਾਲ ਇਸ ਮੁਕਾਮ 'ਤੇ ਪਹੁੰਚਣ ਵਿਚ ਸਫਲ ਰਿਹਾ। ਅਮਿਤ ਜੋ ਕਿ ਇਸ ਸਮੇਂ ਭਾਰਤੀ ਫੌਜ ਵਿਚ ਜੇ.ਸੀ.ਓ. ਦੀਆਂ ਸੇਵਾਵਾਂ ਨਿਭਾ ਰਿਹਾ ਹੈ, ਨੇ ਆਪਣੀ ਪਹਿਲੀ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਪ੍ਰਤੀਯੋਗਤਾ 2017 ਵਿਚ ਸੋਨ ਤਗਮਾ ਹਾਸਲ ਕੀਤਾ ਅਤੇ ਇਸੇ ਸਾਲ ਉਸ ਨੇ ਲਾਈਟ ਫਲਾਈ ਭਾਰ ਵਰਗ ਵਿਚ ਖੇਡਦਿਆਂ ਏਸ਼ਿਆਈ ਮੁੱਕੇਬਾਜ਼ੀ ਪ੍ਰਤੀਯੋਗਤਾ ਵਿਚ ਤਾਂਬੇ ਦਾ ਤਗਮਾ ਹਾਸਲ ਕੀਤਾ। ਸਾਲ 2018 ਵਿਚ ਪੰਘਾਲ ਨੇ ਸੋਫੀਆ ਵਿਖੇ ਹੋਏ ਸਟਰਾਂਡਜਾ ਕੱਪ ਵਿਚ ਸੋਨ ਤਗਮਾ ਜਿੱਤਿਆ। ਸਾਲ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਵੀ ਅਮਿਤ ਨੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ। ਇਸ ਤੋਂ ਬਾਅਦ ਅਮਿਤ ਦਾ ਜਲਵਾ ਰਿੰਗ ਵਿਚ ਉਦੋਂ ਦੇਖਣ ਨੂੰ ਮਿਲਿਆ, ਜਦੋਂ 2018 ਦੀਆਂ ਏਸ਼ੀਅਨ ਖੇਡਾਂ (ਜਕਾਰਤਾ) ਵਿਚ ਆਪਣੀ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਉਸ ਨੇ ਉਜ਼ਬੇਕਿਸਤਾਨ ਦੇ ਉਲੰਪਿਕ ਚੈਂਪੀਅਨ ਮੁੱਕੇਬਾਜ਼ ਹਸਾਨਬਾਏ ਦਸਮਤੋਵ ਨੂੰ ਹਰਾ ਕੇ ਏਸ਼ੀਅਨ ਖੇਡਾਂ ਦਾ ਸੋਨ ਤਗਮਾ ਆਪਣੇ ਨਾਂਅ ਕੀਤਾ ਅਤੇ ਵਿਸ਼ਵ ਮੁੱਕੇਬਾਜ਼ੀ ਵਿਚ ਤਹਿਲਕਾ ਮਚਾ ਦਿੱਤਾ।
ਹੁਣ ਜਦੋਂ ਉਲੰਪਿਕ ਖੇਡਾਂ 2020 ਵਿਚ 49 ਕਿਲੋ ਭਾਰ ਵਰਗ ਨਾ ਹੋਣ ਕਰਕੇ ਅਮਿਤ ਨੂੰ ਆਪਣਾ ਭਾਰ ਵਰਗ 52 ਕਿਲੋਗ੍ਰਾਮ ਕਰਨਾ ਪਿਆ ਅਤੇ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਉਸ ਲਈ ਇਸ ਭਾਰ ਵਰਗ ਵਿਚ ਖੇਡਣਾ ਇਕ ਨਵੀਂ ਚੁਣੌਤੀ ਸੀ ਪਰ ਇਥੇ ਵੀ ਅਮਿਤ ਦੇ ਮੁੱਕਿਆਂ ਦਾ ਦਮ ਏਸ਼ੀਆਈ ਮੁੱਕੇਬਾਜ਼ਾਂ 'ਤੇ ਭਾਰੂ ਰਿਹਾ ਤੇ ਇਸ ਪ੍ਰਤੀਯੋਗਤਾ ਵਿਚ ਉਸ ਨੇ ਉਲੰਪਿਕ ਚੈਂਪੀਅਨ ਹਸਨਬਾਏ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਅਤੇ ਫਾਈਨਲ ਵਿਚ ਉਸ ਨੇ ਕੋਰੀਆ ਦੇ ਕਿੰਮ ਇਕਕਿਉ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ ਅਤੇ ਇਹ ਸਾਬਤ ਕੀਤਾ ਕਿ ਉਹ ਉਲੰਪਿਕ ਤਗਮੇ ਦਾ ਪ੍ਰਬਲ ਦਾਅਵੇਦਾਰ ਹੈ, ਇਹ ਗੌਰ ਕਰਨ ਵਾਲੀ ਗੱਲ ਹੈ ਕਿ ਇਸ ਪ੍ਰਤੀਯੋਗਤਾ ਦੌਰਾਨ ਅਮਿਤ ਨੂੰ ਬੁਖਾਰ ਨੇ ਘੇਰ ਲਿਆ ਸੀ ਪਰ ਆਪਣੇ ਹੌਸਲੇ ਦੇ ਬਲਬੂਤੇ ਉਸ ਨੇ ਆਪਣੇ-ਆਪ ਨੂੰ ਸਾਬਤ ਕੀਤਾ ਅਤੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਭਾਰਤ ਦੇਸ਼ ਦੇ ਸਮੂਹ ਖੇਡ ਪ੍ਰੇਮੀ ਹੁਣ ਅਮਿਤ ਤੋਂ ਟੋਕੀਉ ਉਲੰਪਿਕ ਖੇਡਾਂ (2020) ਵਿਚ ਸੋਨ ਤਗਮੇ ਦੀ ਆਸ ਲਗਾਈ ਬੈਠੇ ਹਨ।


-ਮੋਬਾ: 94174-79449

ਗੋਲਾ ਸੁਟਾਵਾ ਅਮਨਦੀਪ ਸਿੰਘ ਧਾਲੀਵਾਲ

ਆਪਣੇ ਦੇਸ਼ ਲਈ ਕੁਝ ਕਰਨ ਵਾਲਿਆਂ ਦੇ ਮੱਥੇ ਦਾ ਤੇਜ਼ ਬਚਪਨ ਤੋਂ ਹੀ ਦੱਸਾ ਦਿੰਦਾ ਹੈ। ਅਜਿਹੇ ਹੀ ਜਜ਼ਬੇ ਦੀ ਮਿਸਾਲ ਹੈ ਗੁਰਸਿੱਖ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ,ਜਿਸ ਨੇ ਸਖ਼ਤ ਮਿਹਨਤ ਅਤੇ ਦੇਸ਼ ਲਈ ਕੁਝ ਕਰਨ ਦਾ ਸੁਪਨਾ ਪਾਲ ਰੱਖਿਆ ਹੈ, ਜੋ ਹੁਣ ਸੱਚ ਹੁੰਦਾ ਜਾਪ ਰਿਹਾ ਹੈ। ਸੰਗਰੂਰ ਦੀ ਮਲੇਰਕੋਟਲਾ ਤਹਿਸੀਲ ਦੇ ਪਿੰਡ ਚੱਕ ਸ਼ੇਖਪੁੁਰਾ ਦਾ ਨੌਜਵਾਨ ਅਮਨਦੀਪ ਸਿੰਘ ਧਾਲੀਵਾਲ ਆਪਣੇ ਕੋਚ ਹਰਮਹਿੰਦਰ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ 2015 ਤੋਂ ਅਥਲੈਟਿਕਸ ਅਧੀਨ ਸ਼ਾਟ-ਪੁੱਟ ਦੀ ਤਿਆਰੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ। 16 ਮਈ, 2002 ਨੂੰ ਪਿਤਾ ਹਾਕਮ ਸਿੰਘ ਧਾਲੀਵਾਲ ਦੇ ਘਰ ਚੱਕ ਸ਼ੇਖਪੂਰਾ ਵਿਖੇ ਪੈਦਾ ਹੋਇਆ ਅਮਨਦੀਪ ਅੱਜਕਲ੍ਹ ਡੀ. ਏ. ਵੀ. ਸਕੂਲ ਮਲੇਰਕੋਟਲਾ ਵਿਖੇ 12ਵੀਂ ਕਲਾਸ ਵਿਚ ਪੜ੍ਹ ਰਿਹਾ ਹੈ। ਉਸ ਨੇ ਆਪਣੀ ਪੜ੍ਹਾਈ ਅਤੇ ਖੇਡ ਦੀ ਪ੍ਰੈਕਟਿਸ ਲਈ ਆਪਣੀ ਰਿਹਾਇਸ਼ ਮਲੇਰਕੋਟਲਾ ਕੀਤੀ ਹੋਈ ਹੈ। ਉਹ ਉਲੰਪਿਕ ਅਥਲੀਟ ਬਣਨ ਲਈ ਤਤਪਰ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਛੋਟੀ ਉਮਰੇ ਵੱਡੀਆਂ ਹਨ। ਉਸ ਨੇ ਰਾਏਪੁਰ ਵਿਖੇ ਹੋਈ ਕੌਮੀ ਯੂਥ ਚੈਂਪੀਅਨਸ਼ਿਪ 2019 ਦੌਰਾਨ 19.85 ਮੀਟਰ ਥਰੋਅ ਕਰਕੇ ਵਿਸ਼ਵ ਦਰਜਾਬੰਦੀ ਵਿਚ ਪਹਿਲੇ ਸਥਾਨ 'ਤੇ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਹੈ। ਇਸ ਨੌਜਵਾਨ ਦੀ ਸਖ਼ਤ ਮਿਹਨਤ ਸਦਕਾ ਮਾਰਚ, 2019 ਵਿਚ ਹਾਂਗਕਾਂਗ 'ਚ ਹੋਈ ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਅੰਡਰ-18 ਵਿਚੋਂ 19.08 ਮੀਟਰ ਥਰੋਅ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ। ਪੰਜਾਬ ਦਾ ਇਹ ਨੌਜਵਾਨ ਅਜੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਛੋਟੀ ਉਮਰ ਦੀਆਂ ਇਹ ਪ੍ਰਾਪਤੀਆਂ ਹੀ ਸਪੱਸ਼ਟ ਕਰਦੀਆਂ ਹਨ ਕਿ ਜੇਕਰ ਸਰਕਾਰ ਇਸ ਨੌਜਵਾਨ ਦੀ ਬਾਂਹ ਫੜੇ ਤਾਂ ਉਲੰਪਿਕ ਤੱਕ ਦਾ ਤਗਮਾ ਪੰਜਾਬ ਦੀ ਝੋਲੀ ਪਾ ਸਕਦਾ ਹੈ। ਅਮਨਦੀਪ ਸਿੰਘ ਧਾਲੀਵਾਲ ਨੇ ਇਸ ਸਾਲ ਖੇਲੋ ਇੰਡੀਆ ਵਿਚੋਂ ਸੋਨ ਤਗਮਾ ਹਾਸਲ ਕੀਤਾ ਸੀ। ਦਿੱਲੀ ਵਿਚ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਅਤੇ ਜੂਨੀਅਰ ਨੈਸ਼ਨਲ ਖੇਡਾਂ ਵਿਚੋਂ ਤਾਂਬੇ ਦਾ ਤਗਮਾ ਜਿੱਤਿਆ ਸੀ। ਅਮਨਦੀਪ ਗੁਰਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਹਮੇਸ਼ਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਕੋਚ ਹਰਮਹਿੰਦਰ ਸਿੰਘ ਘੁੰਮਣ ਦਾ ਮੰਨਣਾ ਹੈ ਕਿ ਉਸ ਨੂੰ ਆਪਣੇ ਸ਼ਾਗਿਰਦ 'ਤੇ ਮਾਣ ਹੈ। ਉਸ ਅਨੁਸਾਰ ਅਮਨਦੀਪ ਹਮੇਸ਼ਾ ਆਪਣੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਦਾ ਰਹਿੰਦਾ ਹੈ। ਉਸ ਦੇ ਸਕੂਲ ਅਧਿਆਪਕ ਰਾਜਨ ਸਿੰਗਲਾ ਵੀ ਉਸ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ।


-ਰਾਜੇਸ਼ ਰਿਖੀ ਪੰਜਗਰਾਈਆਂ
ਮੋਬਾ: 93565-52000

ਪੈਰਾ ਖੇਡਾਂ ਵਿਚ ਲੌਂਗ ਜੰਪ ਲਈ ਦੇਸ਼ ਦਾ ਭਵਿੱਖ ਹੈ ਸੈਲਸ ਕੁਮਾਰ ਬਿਹਾਰ

ਸੈਲਸ ਕੁਮਾਰ ਲੌਂਗ ਜੰਪ ਵਿਚ ਦੇਸ਼ ਦਾ ਭਵਿੱਖ ਹੈ, ਜਿਸ ਤੋਂ ਦੇਸ਼ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਅਤੇ ਆਪਣੀਆਂ ਉਮੀਦਾਂ ਨੂੰ ਜਿੱਤਣ ਲਈ ਉਹ ਸਿਰਤੋੜ ਯਤਨ ਕਰ ਰਿਹਾ ਹੈ ਅਤੇ ੳਹ ਮਾਣਮੱਤਾ ਪੈਰਾ ਖਿਡਾਰੀ ਹੈ। ਸੈਲਸ ਕੁਮਾਰ ਦਾ ਜਨਮ 8 ਅਗਸਤ, 2000 ਨੂੰ ਪਿਤਾ ਸ਼ਿਵਨੰਦਨ ਯਾਦਵ ਦੇ ਘਰ ਮਾਤਾ ਪ੍ਰਤਿਮਾ ਦੇਵੀ ਦੀ ਕੁੱਖੋਂ ਬਿਹਾਰ ਪ੍ਰਾਂਤ ਦੇ ਪਿੰਡ ਇਸਲਾਮਾ ਨਗਰ ਵਿਚ ਹੋਇਆ। ਸੈਲਸ ਕੁਮਾਰ ਨੂੰ ਬਚਪਨ ਵਿਚ ਹੀ ਪੋਲੀਓ ਹੋ ਗਿਆ, ਜਿਸ ਕਾਰਨ ਉਹ ਇਕ ਲੱਤ ਤੋਂ ਅਪਾਹਜ ਹੋ ਗਿਆ ਪਰ ਉਸ ਨੂੰ ਬਚਪਨ ਤੋਂ ਹੀ ਖੇਡਾਂ ਵਿਚ ਲੌਂਗ ਜੰਪ ਕਰਨ ਦਾ ਸ਼ੌਕ ਸੀ ਅਤੇ ਉਹ ਸਕੂਲ ਪੜ੍ਹਦਾ ਹੀ ਲੌਂਗ ਜੰਪ ਕਰਨ ਲੱਗਿਆ ਅਤੇ ਉਹ ਲੌਂਗ ਜੰਪ ਵਿਚ ਹੀ ਹੁਣ ਤੱਕ ਕਈ ਤਗਮੇ ਆਪਣੇ ਨਾਂਅ ਕਰ ਚੁੱਕਿਆ ਹੈ ਅਤੇ ਨਾਲ ਹੀ ਉਹ ਬੀ. ਏ. ਐਸ. ਸੀ. ਦਾ ਵਿਦਿਆਰਥੀ ਹੈ। ਜੈਪੁਰ ਵਿਖੇ ਹੋਈ ਨੈਸ਼ਨਲ ਪੈਰਾ ਅਥਲੈਟਿਕ ਵਿਚ ਉਸ ਨੇ ਭਾਗ ਲਿਆ ਅਤੇ ਕਾਂਸੀ ਦਾ ਤਗਮਾ ਜਿੱਤਿਆ। ਪੰਚਕੂਲਾ ਵਿਖੇ ਹੋਈ 18ਵੀਂ ਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਉਸ ਨੇ ਲੌਂਗ ਜੰਪ ਵਿਚ ਸੋਨ ਤਗਮਾ ਆਪਣੇ ਨਾਂਅ ਕੀਤਾ। ਸੈਲਸ ਕੁਮਾਰ ਅੱਜਕਲ੍ਹ ਵਰਲਡ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਿਹਾ ਹੈ ਅਤੇ ਉਹ ਦੇਸ਼ ਲਈ ਸੋਨ ਤਗਮਾ ਜਿੱਤਣ ਦਾ ਇੱਛੁਕ ਹੈ। ਆਪਣੇ ਇਸ ਖੇਤਰ ਵਿਚ ਨਾਗੇਸ਼ਵਰ ਪ੍ਰਸਾਦ ਦਾ ਧੰਨਵਾਦੀ ਹੈ, ਜਿਸ ਨੇ ਹਮੇਸ਼ਾ ਹੀ ਉਸ ਨੂੰ ਉਤਸ਼ਾਹਤ ਕੀਤਾ ਹੈ। ਬਹੁਤ ਹੀ ਛੋਟੀ ਉਮਰ ਵਿਚ ਵੱਡੀਆਂ ਪੁਲਾਂਘਾਂ ਪੁੱਟਦਾ ਸੈਲਸ ਕੁਮਾਰ ਆਉਣ ਵਾਲੇ ਸਮੇਂ ਦਾ ਉਹ ਖਿਡਾਰੀ ਹੈ, ਜਿਸ 'ਤੇ ਭਾਰਤ ਮਾਣ ਕਰੇਗਾ।


-ਮੋਗਾ। ਮੋਬਾ: 98551-14484


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX