ਤਾਜਾ ਖ਼ਬਰਾਂ


ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  20 minutes ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  37 minutes ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਜੰਮੂ ਕਸ਼ਮੀਰ ਦੇ ਲਦਾਖ ਸਥਿਤ ਖਾਰਡੁੰਗ ਲਾ 'ਚ ਅੱਜ ਸਵੇਰੇ ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 10 ਲੋਕ ਫਸ ਗਏ ਸਨ। ਜਿਨ੍ਹਾਂ ਵਿਚੋਂ 5 ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜ ਲੋਕ...
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  about 2 hours ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  about 2 hours ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  about 2 hours ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 3 hours ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਹੋਰ ਖ਼ਬਰਾਂ..

ਨਾਰੀ ਸੰਸਾਰ

ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾਵਾਂ ਨੇ ਸੁਨਹਿਰੀ ਇਤਿਹਾਸ ਸਿਰਜਿਆ

ਦੇਸ਼ ਵਿਚ ਇਸ ਵੇਲੇ ਹਰ ਪਾਸੇ ਕਠੂਆ ਤੇ ਉਨਾਵ 'ਚ ਵਾਪਰੀਆਂ ਘਟਨਾਵਾਂ ਨੇ ਦੇਸ਼ ਵਾਸੀਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਤੇ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਤੋਂ ਸਬਕ ਲੈ ਕੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਉਣਾ ਪਿਆ, ਪਰ ਪਤਾ ਨਹੀਂ ਇਨ੍ਹਾਂ ਬਾਲੜੀਆਂ ਨੇ ਆਪਣੇ ਭਵਿੱਖ ਲਈ ਕੀ ਸੁਪਨੇ ਸੋਚੇ ਸਨ ਤੇ ਜਿੱਥੇ ਸਾਰੇ ਦੇਸ਼ ਵਿਚ ਔਰਤਾਂ ਨੂੰ ਲੈ ਕੇ ਮਾਹੌਲ ਗ਼ਮਗੀਨ ਸੀ ਤੇ ਉਸ ਵੇਲੇ ਭਾਰਤ ਤੋਂ ਹਜ਼ਾਰਾਂ ਮੀਲ ਦੂਰ ਆਸਟਰੇਲੀਆ ਦੇ ਸ਼ਹਿਰ ਗੋਲਡਕੋਸਟ ਵਿਖੇ 21ਵੀਆਂ ਰਾਸ਼ਟਰਮੰਡਲ ਖੇਡਾਂ ਚੱਲ ਰਹੀਆਂ ਸਨ ਤੇ ਇਨ੍ਹਾਂ ਖੇਡਾਂ ਵਿਚੋਂ ਭਾਰਤੀ ਮਹਿਲਾਵਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਦੇਸ਼ ਦੀ ਲਾਜ ਖੇਡ ਖੇਤਰ ਵਿਚ ਰੱਖੀ। ਇਨ੍ਹਾਂ ਖੇਡਾਂ ਵਿਚ ਭਾਰਤ ਦੀ 16 ਸਾਲਾ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣੇ ਪਹਿਲੇ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤਿਆ ਤੇ ਦੂਜੇ ਪਾਸੇ ਉਸ ਤੋਂ ਲਗਪਗ ਦੁੱਗਣੀ ਉਮਰ 35 ਸਾਲਾ ਮੁੱਕੇਬਾਜ਼ ਐਮ.ਸੀ. ਮੈਰੀਕੌਮ ਨੇ ਵੀ ਪਹਿਲਾ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗਮਾ ਜਿੱਤ ਕੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 216 ਖਿਡਾਰੀ ਭੇਜੇ ਸਨ ਤੇ 113 ਮਰਦ ਤੇ 103 ਔਰਤਾਂ ਸਨ। ਜੇ ਭਾਰਤ ਦੇ ਤਗਮਿਆਂ 'ਤੇ ਨਜ਼ਰ ਮਾਰੀਏ ਤਾਂ ਭਾਰਤ ਨੇ ਕੁੱਲ 26 ਸੋਨ, 20 ਚਾਂਦੀ ਤੇ 20 ਕਾਂਸੀ ਦੇ ਤਗਮਿਆਂ ਸਮੇਤ ਕੁੱਲ 66 ਤਗਮੇ ਜਿੱਤੇ ਤੇ ਇਨ੍ਹਾਂ ਵਿਚੋਂ ਔਰਤਾਂ ਨੇ 12 ਸੋਨ ਤਗਮੇ, 10 ਚਾਂਦੀ, 6 ਕਾਂਸੀ ਤੇ ਕੁੱਲ 28 ਤਗਮੇ ਤੇ 3 ਮਿਕਸ ਡਬਲਜ਼ ਟੀਮ ਵਿਚੋੋਂ ਜਿੱਤ ਕੇ ਮਰਦਾਂ ਦੇ ਮੁਕਾਬਲੇ ਆਪਣੀ ਖੇਡ ਖੇਤਰ ਵਿਚ ਬਰਾਬਰੀ ਦਰਜ ਕਰਵਾਈ ਤੇ ਭਾਰਤੀ ਖੇਡ ਦਲ ਦੀ ਝੰਡਾ ਬਰਦਾਰ ਬਣਨ ਦਾ ਮਾਣ ਵੀ ਉਲੰਪਿਕ ਖੇਡਾਂ 'ਚੋਂ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਪੀ.ਵੀ ਸਿੰਧੂ ਨੂੰ ਹਾਸਲ ਹੋਇਆ।
ਪੰਜਾਬ ਦੀ ਧੀ ਨਵਜੀਤ ਕੌਰ ਢਿੱਲੋਂ : ਨੇ ਵੀ ਰਾਸ਼ਟਰਮੰਡਲ ਖੇਡਾਂ ਦੇ ਡਿਸਕਸ ਥ੍ਰੋ ਦੇ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ।
40 ਕਿੱਲੋਮੀਟਰ ਦੀ ਸਾਈਕਲ ਦੌੜ ਆਖਰ ਰੰਗ ਲਿਆਈ : ਇਨ੍ਹਾਂ ਖੇਡਾਂ ਵਿਚ ਕੋਈ ਖਿਡਾਰਨ ਗਰੀਬੀ ਦੀ ਲਕੀਰ ਪਾਰ ਕਰਕੇ ਪੁੱਜੀ ਤੇ ਕੋਈ ਆਪਣੀਆਂ ਰੁਕਾਵਟਾਂ ਨੂੰ ਤੋੜ ਕੇ ਅੱਗੇ ਵਧੀ। ਗੋਲਡਕੋਸਟ ਦੇ ਪਹਿਲੇ ਦਿਨ ਭਾਰਤ ਦੀ ਝੋਲੀ ਵਿਚ ਪਹਿਲਾ ਸੋਨ ਤਗਮਾ ਪਾਉਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂੰ ਹਰ ਰੋਜ਼ 40 ਕਿੱਲੋਮੀਟਰ ਸਾਈਕਲ ਚਲਾ ਕੇ ਟਰੇਨਿੰਗ ਲਈ ਜਾਂਦੀ ਸੀ ਤੇ ਲੋਹਾ ਨਾ ਮਿਲਣ 'ਤੇ ਬਾਂਸ ਦੀ ਬਾਰ ਬਣਾ ਕੇ ਉਸ ਨਾਲ ਅਭਿਆਸ ਕਰਦੀ ਸੀ। ਮਨੀਪੁਰ ਦੇ ਗਰੀਬ ਪਰਿਵਾਰ ਵਿਚ ਜਨਮੀ ਐਮ.ਸੀ. ਮੈਰੀਕਾਮ ਨੇ ਵੀ ਜਦੋਂ ਬਾਕਸਰ ਬਣਨ ਦਾ ਫ਼ੈਸਲਾ ਕੀਤਾ ਸੀ ਤਾਂ ਲੜਕੇ ਉਸ 'ਤੇ ਹੱਸਦੇ ਸਨ ਤੇ ਉਸ ਦੇ ਆਪਣੇ ਮਾਤਾ-ਪਿਤਾ ਕਹਿੰਦੇ ਸਨ ਕਿ ਜੇ ਉਸ ਦੀ ਅੱਖ ਜਾਂ ਨੱਕ ਖਰਾਬ ਹੋ ਗਿਆ ਤਾਂ ਉਸ ਨਾਲ ਵਿਆਹ ਕੌਣ ਕਰੇਗਾ? ਪਰ ਅੱਜ ਇਨ੍ਹਾਂ ਖਿਡਾਰਨਾਂ ਨੇ ਦੇਸ਼ ਦਾ ਨਾਂਅ ਰਾਸ਼ਟਰਮੰਡਲ ਖੇਡਾਂ 'ਚ ਰੌਸ਼ਨ ਕੀਤਾ।
ਮਰਦਾਂ ਦੀ ਖੇਡ ਪਹਿਲਵਾਨੀ 'ਚ ਔਰਤਾਂ ਦੀ ਸਰਦਾਰੀ : ਜਿਥੇ ਮਣੀਪੁਰ ਦੀ ਮੈਰੀਕਾਮ ਤੇ ਸਰਿਤਾ ਦੇਵੀ ਨੇ ਆਪਣੇ ਹੱਕ ਦੀ ਲੜਾਈ ਲੜੀ, ਉਥੇ ਹਰਿਆਣਾ ਦੀਆ ਗਲੀਆਂ ਵਿਚ ਜਾ ਕੇ ਦੰਗਲ ਕਰਦੀਆਂ ਲੜਕੀਆਂ ਦੀ ਵੀ ਆਪਣੀ ਕਹਾਣੀ ਹੈ ਤੇ ਇਨ੍ਹਾਂ ਖੇਡਾਂ ਵਿਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੀ 19 ਸਾਲਾ ਪਹਿਲਵਾਨ ਦਿਵਿਆ ਦੇ ਕਾਂਸੀ ਦੇ ਤਗਮੇ ਨੇ ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ ਤੇ ਸਾਖਸ਼ੀ ਮਲਿਕ ਨੇ ਕਾਂਸੀ ਤੇ ਬਬੀਤਾ ਫੌਗਾਟ ਨੇ ਚਾਂਦੀ ਦਾ ਤਗਮਾ ਜਿੱਤ ਕੇ ਔਰਤਾਂ ਦੀ ਪਹਿਲਵਾਨੀ ਦੇ ਖੇਤਰ ਵਿਚ ਲਾਜ ਰੱਖੀ। ਸਾਖਸ਼ੀ ਮਲਿਕ ਕਹਿੰਦੀ ਹੈ ਕਿ ਜਦੋਂ ਉਸ ਨੇ ਕੁਸ਼ਤੀ ਸ਼ੁਰੂ ਕੀਤੀ ਸੀ ਤੇ ਖੇਡਣ ਲਈ ਉਸ ਦੇ ਨਾਲ ਲੜਕੀਆਂ ਨਹੀਂ ਸਨ ਤੇ ਅੱਜ ਮਹਿਲਾਵਾਂ ਤਗਮੇ ਜਿੱਤ ਰਹੀਆਂ ਹਨ।
ਸੋਨ ਤਗਮਾ ਨਹੀਂ ਪਰਿਵਾਰ ਦੀਆਂ ਉਮੀਦਾਂ ਦਾ ਭਾਰ : ਇਨ੍ਹਾਂ ਖੇਡਾਂ ਵਿਚ ਬਨਾਰਸ ਦੀ ਪੂਨਮ ਯਾਦਵ ਨੇ 69 ਕਿੱਲੋ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿਚੋਂ 222 ਕਿੱਲੋ ਭਾਰ ਚੁੱਕ ਕੇ ਸੋਨ ਤਗਮਾ ਜਿੱਤ ਕੇ ਇਕ ਤਰ੍ਹਾਂ ਨਾਲ ਆਪਣੇ ਪੂਰੇ ਪਰਿਵਾਰ ਦਾ ਭਾਰ ਆਪਣੇ ਮੋਢਿਆਂ 'ਤੇ ਚੁੱਕ ਲਿਆ। ਤਿੰਨੋਂ ਭੈਣਾਂ ਵੇਟਲਿਫਟਰ ਬਣਨਾ ਚਾਹੁੰਦੀਆਂ ਸਨ ਤੇ ਪਿਤਾ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਤੇ ਉਹ ਸਿਰਫ ਇਕ ਬੇਟੀ ਦਾ ਹੀ ਭਾਰ ਚੁੱਕ ਸਕਦੇ ਸਨ। 22 ਸਾਲਾ ਪੂਨਮ ਦੀ ਤਰ੍ਹਾਂ ਹੀ ਕਈ ਖਿਡਾਰਨਾਂ ਗੁਰਬਤ ਦੇ ਨਾਲ ਜੂਝ ਰਹੀਆਂ ਹਨ ਤੇ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ 'ਚੋਂ ਤਗਮੇ ਹਾਸਲ ਕੀਤੇ।
ਜਿਨ੍ਹਾਂ ਨੂੰ ਮਿਲਿਆ ਪਰਿਵਾਰ ਦਾ ਬਿਹਤਰ ਸਾਥ : ਨਿਸ਼ਾਨੇਬਾਜ਼ ਮਨੂੰ ਭਾਕਰ ਤੇ ਤੇਜਸਵਨੀ ਸਾਂਵਤ ਨੇ ਰਾਸ਼ਟਰਮੰਡਲ ਖੇਡਾਂ ਵਿਚ ਰਿਕਾਰਡ ਬਣਾਇਆ ਤੇ 22 ਸਾਲ ਟੇਬਲ ਟੈਨਿਸ ਖਿਡਾਰਨ ਮਨਿਕ ਬੱਤਰਾ ਸਿੰਗਲ ਵਰਗ 'ਚੋਂ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਮਨਿਕ ਬੱਤਰਾ ਨੇ ਭਾਰਤ ਨੂੰ ਇਕ ਨਹੀਂ, ਚਾਰ ਤਗਮੇ ਜਿੱਤ ਕੇ ਦਿੱਤੇ ਤੇ ਅੱਜ ਦੀ ਪੁਰਸ਼ਵਾਦੀ ਸੋਚ ਨੂੰ ਖੇਡ ਮੈਦਾਨ 'ਤੇ ਭਾਰੂ ਨਹੀਂ ਹੋਣ ਦਿੱਤਾ ਤੇ ਅੱਜ ਇਨ੍ਹਾਂ ਮਹਿਲਾਵਾਂ ਨੂੰ ਘਰ ਤੋਂ ਵੱਧ ਖੇਡ ਮੈਦਾਨ ਵਿਚ ਸਮਰਥਨ ਮਿਲ ਰਿਹਾ ਹੈ। 17 ਸਾਲਾ ਮੇਹੂਲੀ ਘੋਸ਼ ਵੀ ਗੋਲਡਕੋਸਟ ਦੇ ਸ਼ੂਟਿੰਗ ਮੁਕਾਬਲੇ ਵਿਚੋਂ ਚਾਂਦੀ ਦਾ ਤਗਮਾ ਜਿੱਤ ਕੇ ਮਾਂ-ਬਾਪ ਦੀਆਂ ਉਮੀਦਾਂ 'ਤੇ ਖਰੀ ਉੱਤਰੀ ਤੇ 14 ਸਾਲ ਪਹਿਲਾਂ ਵਾਪਰੇ ਹਾਦਸੇ ਕਾਰਨ ਉਹ ਡਿਪਰੈਸ਼ਨ ਵਿਚ ਚਲੀ ਗਈ ਸੀ ਤੇ ਇਸ ਦੇ ਮਾਤਾ-ਪਿਤਾ ਨੇ ਆਪਣੀ ਬੇਟੀ ਦੇ ਹੁਨਰ ਨੂੰ ਪਛਾਣਦਿਆਂ ਸਾਬਕਾ ਉਲੰਪਿਕ ਚੈਂਪੀਅਨ ਜੈਦੀਪ ਕਰਮਾਕਰ ਨੂੰ ਇਸ ਦੀ ਸੋਚ ਬਦਲਣ ਲਈ ਕਿਹਾ, ਜੋ ਮੋਹੂਲੀ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਇਆ।
ਵਿਰਾਸਤ 'ਚੋਂ ਮਿਲਿਆ ਜੁਝਾਰੂ ਜਜ਼ਬਾ : 17 ਸਾਲ ਦੀ ਮਨੂੰ ਭਾਕਰ ਦੇ ਪਿਤਾ ਨੇ ਆਪਣੀ ਬੇਟੀ ਲਈ ਬਤੌਰ ਮਰੀਨ ਇੰਜੀਨੀਅਰ ਦੀ ਨੌਕਰੀ ਤੱਕ ਛੱਡ ਦਿੱਤੀ ਤੇ ਹੁਣ ਆਪਣੀ ਪਤਨੀ ਦੇ ਨਾਲ ਮਿਲ ਕੇ ਸਕੂਲ ਚਲਾਉਂਦੇ ਹਨ। ਜਿਸ ਦਿਨ ਮਨੂੰ ਪੈਦਾ ਹੋਈ ਸੀ ਤੇ ਉਸ ਦੀ ਮਾਂ ਦਾ ਸੰਸਕ੍ਰਿਤ ਦਾ ਪੇਪਰ ਸੀ, ਪਰ ਉਹ ਪੇਪਰ ਦੇਣ ਗਈ ਤੇ ਮਾਂ ਦਾ ਇਹ ਜੁਝਾਰੂ ਜਜ਼ਬਾ ਉਸ ਨੂੰ ਵਿਰਾਸਤ 'ਚੋਂ ਮਿਲਿਆ। ਇਸ ਦੇ ਨਾਲ ਹੀ ਸਾਲ 2000 ਦਾ ਉਹ ਕਿੱਸਾ ਯਾਦ ਆਉਂਦਾ ਹੈ, ਜਦੋਂ ਮਹਾਰਾਸ਼ਟਰ ਦੀ ਸ਼ੂਟਰ ਤੇਜਸਵਨੀ ਸਾਂਵਤ ਕੋਲ ਚੰਗੀ ਵਿਦੇਸ਼ ਰਾਈਫਲ ਖਰੀਦਣ ਲਈ ਪੈਸੇ ਨਹੀਂ ਸਨ ਤੇ ਪਿਤਾ ਨੇ ਕਈ ਘਰਾਂ ਦੇ ਦਰਵਾਜ਼ੇ ਵੀ ਖੜਕਾਏ ਤੇ ਜਦੋਂ ਮੈਰੀਕਾਮ ਦੇ ਬੇਟੇ ਦੇ ਦਿਲ ਦਾ ਆਪਰੇਸ਼ਨ ਸੀ ਤੇ ਉਸ ਦੇ ਪਿਤਾ ਨੇ ਉਸ ਨੂੰ ਸੰਭਾਲਿਆ ਤੇ ਮੈਰੀਕਾਮ ਚੀਨ ਵਿਚ ਏਸ਼ੀਆ ਕੱਪ ਖੇਡਣ ਲਈ ਗਈ ਸੀ ਤੇ ਇਸ ਨੂੰ ਕਹਿੰਦੇ ਹਨ ਦੇਸ਼ ਲਈ ਔਰਤਾਂ ਦਾ ਤਿਆਗ। ਇਨ੍ਹਾਂ ਸਾਰੀਆਂ ਖਿਡਾਰਨਾਂ ਨੇ ਆਪੋ-ਆਪਣੇ ਬੁਲੰਦ ਇਰਾਦਿਆਂ ਨਾਲ ਰਸਤੇ ਦੀਆਂ ਰੁਕਾਵਟਾਂ ਨੂੰ ਮਾਤ ਦਿੱਤੀ ਤੇ ਅੱਜ ਇਸ ਮੁਕਾਮ 'ਤੇ ਪੁੱਜੀਆਂ ਹਨ ਤੇ ਸਾਰਾ ਦੇਸ਼ ਇਨ੍ਹਾਂ 'ਤੇ ਮਾਣ ਮਹਿਸੂਸ ਕਰ ਰਿਹਾ ਹੈ।
ਭਾਰਤ ਦੀ ਵੰਡਰਵੂਮੈਨ : ਸਾਈਨਾ ਨੇਹਵਾਲ ਤੇ ਪੀ.ਵੀ ਸਿੰਧੂ ਨੂੰ ਬਚਪਨ ਤੋਂ ਬਿਹਤਰ ਖੇਡ ਸਹੂਲਤਾਂ ਤੇ ਖੇਡ ਟ੍ਰੇਨਿੰਗ ਮਿਲੀ ਪਰ ਦੇਸ਼ ਲਈ ਕੁਝ ਵੱਖਰਾ ਕਰਨ ਦੇ ਇਰਾਦੇ ਨੂੰ ਬੈਡਮਿੰਟਨ ਖੇਡ ਉਚਾਈਆਂ 'ਤੇ ਲੈ ਗਈ।
ਮੈਰੀਕਾਮ ਦਾ ਸੁਪਨਾ ਦੇਸ਼ 'ਚ 1000 ਮੈਰੀਕਾਮ ਪੈਦਾ ਕਰਨਾ : ਜਿਸ ਦੇਸ਼ ਵਿਚ ਸਕਵੈਸ਼ ਖੇਡ ਨੂੰ ਲੋਕ ਚੰਗੀ ਤਰ੍ਹਾਂ ਨਹੀਂ ਸਮਝਦੇ ਤੇ ਉਸ ਖੇਡ ਵਿਚੋਂ ਭਾਰਤੀ ਮਹਿਲਾ ਦੀਪਕਾ ਪੱਲੀਕਲ, ਜੋਸ਼ਨਾ ਨਿਚੱਪਾ ਨੇ ਰਾਸ਼ਟਰਮੰਡਲ ਖੇਡਾਂ ਵਿਚੋਂ ਲਗਾਤਾਰ ਦੂਜੀ ਵਾਰ ਤਗਮਾ ਜਿੱਤ ਕੇ ਇਹ ਸਾਬਤ ਕੀਤਾ ਕਿ ਅੱਜ ਵੀ ਮਹਿਲਾਵਾਂ ਕਿਸੇ ਤੋਂ ਘੱਟ ਨਹੀਂ ਹਨ। ਅੱਜ ਸਾਨੂੰ ਉਲੰਪਿਕ ਖੇਡਾਂ 'ਚੋਂ ਕਾਂਸੀ ਦਾ ਤਗਮਾ ਜੇਤੂ ਵੇਟਲਿਫਟਰ ਕਰਣਮ ਮਲੇਸ਼ਵਰੀ ਦੇ ਬੋਲ ਯਾਦ ਆਉਂਦੇ ਹਨ ਕਿ ਜੇ ਮੀਰਾਬਾਈ ਚਾਨੂੰ ਹਰ ਰੋਜ਼ 40 ਕਿੱਲੋਮੀਟਰ ਸਾਈਕਲ ਚਲਾ ਕੇ ਇਸ ਮੁਕਾਮ 'ਤੇ ਪੁੱਜ ਸਕਦੀ ਹੈ, ਤਾਂ ਸੋਚੋ ਜੇ ਦੇਸ਼ ਵਿਚ ਚੰਗੀਆਂ ਖੇਡ ਸਹੂਲਤਾਂ ਮਿਲਣ ਤਾਂ ਭਾਰਤ ਕਿੰਨੀਆਂ ਹੀ ਮੀਰਾਬਾਈ ਪੈਦਾ ਕਰ ਸਕਦਾ ਹੈ। ਮੈਰੀਕਾਮ ਅੱਜ ਵੀ ਦੇਸ਼ ਦੀਆਂ ਕਿੰਨੀਆਂ ਮਹਿਲਾਵਾਂ ਦੇ ਸੁਪਨੇ ਸਾਕਾਰ ਕਰਨ ਵਿਚ ਲੱਗੀ ਹੋਈ ਹੈ ਤੇ ਉਸ ਦਾ ਸੁੁਪਨਾ ਹੈ ਕਿ 1000 ਮੈਰੀਕਾਮ ਦੇਸ਼ ਵਿਚ ਪੈਦਾ ਕੀਤੀਆਂ ਜਾਣ।
ਜਦੋਂ ਪੜ੍ਹਾਈ 'ਤੇ ਭਾਰੀ ਪਿਆ ਖੇਡਾਂ ਦਾ ਫ਼ੈਸਲਾ : ਇਨ੍ਹਾਂ ਖੇਡਾਂ ਵਿਚੋਂ ਕੋਈ ਹਿਨਾ ਸਿੱਧੂ ਵਰਗੀ ਡੈਂਟਰ ਸਰਜਨ ਤੇ ਕੋਈ ਕ੍ਰਿਕਟ ਟੀਮ ਦਾ ਹਿੱਸਾ ਸ਼ਿਖਾ ਪਾਂਡੇ ਫਲਾਈਟ ਲੈਫਟੀਨੈਂਟ ਵੀ ਹੈ। ਕਈ ਖਿਡਾਰਨਾਂ ਨੇ ਵਿਸ਼ਵ ਰਿਕਾਰਡ ਆਪਣੇ ਨਾਂਅ 'ਤੇ ਕੀਤੇ ਹਨ। ਇਹ ਮਹਿਲਾਵਾਂ ਆਪਣੇ ਵੱਖਰੇ ਅੰਦਾਜ਼ ਤੇ ਸਟਾਈਲ ਨਾਲ ਸਿਰਫ ਖੇਡਦੀਆਂ ਹੀ ਨਹੀਂ ਹਨ, ਸਗੋਂ ਮੈਦਾਨ ਦੇ ਬਾਹਰ ਵੀ ਖੁਸ਼ਮਿਜਾਜ਼ ਰਹਿੰਦੀਆਂ ਹਨ ਜਾਂ ਫਿਰ ਸਾਨੀਆ ਮਿਰਜ਼ਾ ਵਾਂਗ ਆਪਣੀ ਪਸੰਦ ਦੇ ਕੱਪੜੇ ਪਾ ਕੇ ਖੇਡਣ ਦਾ ਫ਼ੈਸਲਾ ਹੋਵੇ ਜਾਂ ਪਹਿਲਵਾਨ ਦਿਵਿਆ ਦੇ ਪਿੰਡ ਦਾ ਦੰਗਲ, ਜਿਥੇ ਉਹ ਆਪਣੀ ਧਾਂਕ ਜਮਾ ਸਕੇ ਜਾਂ ਫਿਰ ਸਕਵੈਸ਼ ਦੀ ਚੈਂਪੀਅਨ ਦੀਪਕਾ ਪੱਲੀਕਲ ਦਾ ਫ਼ੈਸਲਾ ਕਿ ਅੱਜ ਵੀ ਮਹਿਲਾਵਾਂ ਨੂੰ ਮਰਦਾਂ ਦੇ ਬਾਰਬਰ ਇਨਾਮੀ ਰਾਸ਼ੀ ਨਹੀਂ ਮਿਲਦੀ। ਇਨ੍ਹਾਂ ਭਾਰਤੀ ਔਰਤਾਂ ਨੇ ਅੱਜ ਦੇਸ਼ ਲਈ ਤਗਮੇ ਜਿੱਤੇ ਤੇ ਇਸ ਦੇ ਨਾਲ ਹੀ ਦੇਸ਼ ਦੇ ਸਾਰੇ ਲੋਕਾਂ ਦੇ ਖੇਡ ਖੇਤਰ ਵਿਚ ਦਿਲ ਵੀ ਜਿੱਤੇ ਹਨ।


-ਮੋਬਾ: 98729-78781


ਖ਼ਬਰ ਸ਼ੇਅਰ ਕਰੋ

ਪੰਜ ਮਿੰਟ ਦੀ ਕਲਾਕਾਰੀ

* ਪਤਾ ਕਰੋ ਕਿ ਕਿਹੜਾ ਆਂਡਾ ਤਾਜ਼ਾ ਹੈ : ਇਕ ਪਾਣੀ ਦੇ ਭਰੇ ਗਿਲਾਸ ਵਿਚ ਆਂਡਾ ਸੁੱਟ ਕੇ ਦੇਖੋ। ਜੇਕਰ ਉਹ ਗਿਲਾਸ ਦੇ ਤਲ ਨਾਲ ਲੱਗਿਆ ਰਹੇ ਤਾਂ ਉਹ ਸਹੀ ਹੈ। ਜੇਕਰ ਪਾਣੀ ਦੇ ਉੱਪਰ ਤੈਰਨ ਲੱਗੇ ਤਾਂ ਉਹ ਤਾਜ਼ਾ ਨਹੀਂ ਹੈ।
* ਬਚਾਓ ਫੋਨ : ਤੁਸੀਂ ਇੰਟਰਨੈੱਟ ਤੋਂ ਕੋਈ ਪਕਵਾਨ ਬਣਾਉਣਾ ਸਿੱਖ ਰਹੇ ਹੋ ਤਾਂ ਤੁਸੀਂ ਪਕਵਾਨ ਬਣਾਉਂਦੇ ਹੋਏ ਫੋਨ ਦੀ ਵਰਤੋਂ ਵੀ ਕਰ ਰਹੇ ਹੋ ਤਾਂ ਉਸ ਵੇਲੇ ਤੁਸੀਂ ਆਪਣੇ ਫੋਨ 'ਤੇ ਪਲਾਸਟਿਕ ਦਾ ਪਤਲਾ ਕਾਗਜ਼ (ਜਿਸ ਵਿਚ ਅਕਸਰ ਸੂਟ ਆਦਿ ਪੈਕ ਕੀਤੇ ਜਾਂਦੇ ਹਨ) ਚੜ੍ਹਾ ਦਿਓ। ਇਸ ਨਾਲ ਹੁਣ ਫੋਨ 'ਤੇ ਦਾਗ ਲੱਗਣ ਦਾ ਡਰ ਨਹੀਂ ਰਹੇਗਾ।
* ਮੱਖਣ ਅਸਾਨੀ ਨਾਲ ਕੱਟੋ : ਫਰਿੱਜ ਵਿਚੋਂ ਮੱਖਣ ਕੱਢਣ ਤੋਂ ਬਾਅਦ ਜੇਕਰ ਮੱਖਣ ਨੂੰ ਪਲੇਟ ਵਿਚ ਰੱਖ ਕੇ ਉੱਤੋਂ ਗਿਲਾਸ (ਗਿਲਾਸ ਦੀ ਇਕ ਕਿਸਮ) ਕੁਝ ਦੇਰ ਲਈ ਰੱਖ ਕੇ ਫਿਰ ਮੱਖਣ ਕੱਟੋ ਤਾਂ ਉਹ ਅਸਾਨੀ ਨਾਲ ਕੱਟਦਾ ਹੈ।
* ਟੂਟੀਆਂ ਨੂੰ ਚਮਕਾਓ : ਟੂਟੀਆਂ ਤੇ ਸਿੰਕ ਆਦਿ ਨੂੰ ਨਿੰਬੂ ਨਾਲ ਥੋੜ੍ਹੀ ਦੇਰ ਰਗੜੋ ਤੇ ਫਿਰ ਕੱਪੜੇ ਨਾਲ ਸਾਫ਼ ਕਰ ਦਿਓ।


simranjeet. dhiman16 @gmail.com

ਰਸੋਈ-ਘਰ ਵਿਚ ਸਾਵਧਾਨ ਰਹੋ

* ਰਸੋਈ-ਘਰ ਵਿਚ ਹਮੇਸ਼ਾ ਸੂਤੀ ਕੱਪੜੇ ਹੀ ਪਹਿਨੋ। ਟੇਰੇਲੀਨ, ਨਾਈਲੋਨ, ਰੇਸ਼ਮੀ ਕੱਪੜੇ ਤਾਪ ਦੇ ਸੁਚਾਲਕ ਹੁੰਦੇ ਹਨ ਅਤੇ ਅੱਗ ਨੂੰ ਛੇਤੀ ਫੜਦੇ ਹਨ। ਸਾੜ੍ਹੀ ਬੰਨ੍ਹ ਕੇ ਕੰਮ ਕਰ ਰਹੇ ਹੋ ਤਾਂ ਸਾੜ੍ਹੀ ਦਾ ਪੱਲੂ ਹੇਠਾਂ ਨਾ ਲਟਕੇ, ਇਹ ਵੀ ਧਿਆਨ ਰੱਖੋ। ਪਹਿਨੇ ਹੋਏ ਸੂਤੀ ਕੱਪੜੇ ਜ਼ਿਆਦਾ ਢਿੱਲੇ ਨਾ ਹੋਣ।
* ਗੈਸ ਚੁੱਲ੍ਹਾ ਜਲਾਉਣ ਤੋਂ ਪਹਿਲਾਂ ਮਾਚਿਸ ਜਾਂ ਲਾਈਟਰ ਅਤੇ ਹੋਰ ਸਮੱਗਰੀ ਆਪਣੇ ਕੋਲ ਇਕੱਠੀ ਜ਼ਰੂਰ ਕਰ ਲਓ।
* ਦਾਲ, ਚੌਲ ਆਦਿ ਨੂੰ ਚੁਗਣ ਦਾ ਕੰਮ ਭੋਜਨ ਪਕਾਉਂਦੇ ਸਮੇਂ ਨਾ ਕਰਕੇ ਭੋਜਨ ਪਕਾਉਣ ਤੋਂ ਪਹਿਲਾਂ ਹੀ ਕਰੋ।
* ਰਸੋਈ-ਘਰ ਵਿਚ ਹਮੇਸ਼ਾ ਪੈਰਾਂ ਵਿਚ ਤਿਲਕਣ ਵਾਲੀਆਂ ਚੱਪਲਾਂ ਜਾਂ ਉੱਚੀ ਅੱਡੀ ਵਾਲੇ ਸੈਂਡਲ ਨਾ ਪਹਿਨੋ।
* ਘੱਟ ਸਮੱਗਰੀ ਪਕਾਉਣ ਲਈ ਹਮੇਸ਼ਾ ਛੋਟੇ ਭਾਂਡਿਆਂ ਦੀ ਹੀ ਵਰਤੋਂ ਕਰੋ। ਇਸ ਨਾਲ ਗੈਸ ਦੀ ਵੀ ਬੱਚਤ ਹੁੰਦੀ ਹੈ।
* ਖਾਣ ਵਾਲੀਆਂ ਚੀਜ਼ਾਂ ਨੂੰ ਹਮੇਸ਼ਾ ਢਕ ਕੇ ਰੱਖੋ ਤਾਂ ਕਿ ਕੀੜੇ-ਪਤੰਗੇ ਜਾਂ ਕੋਈ ਜ਼ਹਿਰੀਲੀ ਚੀਜ਼ ਨਾ ਡਿਗ ਸਕੇ।
* ਰਸੋਈ ਦੇ ਮਸਾਲੇ ਅਤੇ ਹੋਰ ਸਾਮਾਨ ਹਮੇਸ਼ਾ ਪ੍ਰਮਾਣਿਤ ਕੰਪਨੀਆਂ ਜਾਂ ਇਗਮਾਰਕ ਦੇ ਹੀ ਵਰਤੋਂ ਕਰੋ।
* ਮਾਚਿਸ, ਮੋਮਬੱਤੀ ਜਾਂ ਲੈਂਪ ਨੂੰ ਹਮੇਸ਼ਾ ਇਕ ਹੀ ਜਗ੍ਹਾ 'ਤੇ ਰੱਖੋ ਤਾਂ ਕਿ ਹਨੇਰੇ ਵਿਚ ਵੀ ਉਨ੍ਹਾਂ ਨੂੰ ਲੱਭਿਆ ਜਾ ਸਕੇ।
* ਮਾਚਿਸ ਅਤੇ ਲਾਈਟਰ ਨੂੰ ਹਮੇਸ਼ਾ ਗੈਸ ਚੁੱਲ੍ਹੇ ਦੇ ਨੇੜੇ ਹੀ ਰੱਖੋ ਤਾਂ ਕਿ ਬਾਅਦ ਵਿਚ ਲੱਭਣਾ ਨਾ ਪਵੇ।
* ਰਸੋਈ-ਘਰ ਦੀਆਂ ਸਾਰੀਆਂ ਜ਼ਰੂਰੀ ਵਸਤੂਆਂ ਨੂੰ ਵਿਵਸਥਿਤ ਹੀ ਰੱਖੋ। ਇਸ ਨਾਲ ਰਸੋਈ-ਘਰ ਦੀ ਸੁੰਦਰਤਾ ਵਧੇਗੀ ਅਤੇ ਸਾਮਾਨ ਲੱਭਣ ਵਿਚ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।
* ਰਸੋਈ-ਘਰ ਵਿਚ ਕਿਤੇ ਵੀ ਸਬਜ਼ੀ ਜਾਂ ਚਾਹ ਆਦਿ ਵਸਤੂ ਡਿਗਣ 'ਤੇ ਉਸ ਜਗ੍ਹਾ 'ਤੇ ਗਿੱਲੇ ਕੱਪੜੇ ਦਾ ਪੋਚਾ ਜ਼ਰੂਰ ਲਗਾ ਦਿਓ, ਤਾਂ ਕਿ ਉਥੇ ਕੋਈ ਦਾਗ-ਧੱਬਾ ਨਾ ਰਹਿ ਸਕੇ ਅਤੇ ਉਥੇ ਮੱਖੀਆਂ ਵੀ ਨਾ ਆ ਸਕਣ।
* ਰਸੋਈ-ਘਰ ਦੀਆਂ ਖਿੜਕੀਆਂ 'ਤੇ ਕਦੇ ਪਰਦੇ ਨਾ ਲਗਾਓ, ਕਿਉਂਕਿ ਬਾਹਰੋਂ ਹਵਾ ਤੇਜ਼ ਆਉਣ 'ਤੇ ਪਰਦੇ ਦੇ ਨੇੜੇ ਰੱਖੀਆਂ ਚੀਜ਼ਾਂ ਨੂੰ ਪਰਦੇ ਸੁੱਟ ਸਕਦੇ ਹਨ ਜਾਂ ਗੈਸ ਨਾਲ ਦੁਰਘਟਨਾ ਵੀ ਹੋ ਸਕਦੀ ਹੈ।
* ਰਸੋਈ-ਘਰ ਵਿਚ ਖੜ੍ਹੇ-ਖੜ੍ਹੇ ਜ਼ਿਆਦਾ ਕੰਮ ਕਰਨ ਨਾਲ ਤੁਸੀਂ ਥੱਕ ਵੀ ਸਕਦੇ ਹੋ। ਇਸ ਲਈ ਬੈਠ ਕੇ ਕੰਮ ਕਰਨ ਲਈ ਕੋਈ ਉੱਚਾ ਸਟੂਲ ਜਾਂ ਕੁਰਸੀ ਜ਼ਰੂਰ ਰੱਖੋ।
* ਸਿੰਕ (ਜੂਠੇ ਭਾਂਡੇ ਧੋਣ ਵਾਲੀ ਜਗ੍ਹਾ) ਵਿਚ ਜ਼ਿਆਦਾ ਦੇਰ ਤੱਕ ਜੂਠੇ ਭਾਂਡੇ ਨਾ ਰਹਿਣ ਦਿਓ। ਇਸ ਨਾਲ ਗੰਦਗੀ ਫੈਲੇਗੀ।
* ਸਿੰਕ ਵਿਚੋਂ ਪਾਣੀ ਬਾਹਰ ਕੱਢਣ ਦੀ ਸਹੀ ਵਿਵਸਥਾ ਹੋਣੀ ਚਾਹੀਦੀ ਹੈ।


-ਵਿਜੈ ਬਵੇਜਾ

ਜਦੋਂ ਬਜ਼ੁਰਗ ਮਾਤਾ-ਪਿਤਾ ਨਾਲ ਰਹੋ

* ਵੱਡੇ ਲੋਕਾਂ ਦਾ ਕਮਰਾ ਕਾਫੀ ਵੱਡਾ ਹੋਣਾ ਚਾਹੀਦਾ ਹੈ, ਤਾਂ ਕਿ ਉਹ ਆਰਾਮ ਨਾਲ ਆਪਣੇ ਕਮਰੇ ਵਿਚ ਆ-ਜਾ ਸਕਣ। * ਫਰਨੀਚਰ ਵੀ ਹਲਕਾ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ, ਜਿਸ ਨੂੰ ਲੋੜ ਪੈਣ 'ਤੇ ਖਿਸਕਾਇਆ ਜਾ ਸਕੇ। ਫਰਨੀਚਰ ਓਨਾ ਹੀ ਹੋਣਾ ਚਾਹੀਦਾ ਹੈ, ਜਿੰਨੀ ਉਨ੍ਹਾਂ ਨੂੰ ਲੋੜ ਹੋਵੇ। * ਰੌਸ਼ਨੀ ਦਾ ਪ੍ਰਬੰਧ ਵਧੀਆ ਹੋਣਾ ਚਾਹੀਦਾ ਹੈ। ਖਿੜਕੀ, ਰੌਸ਼ਨਦਾਨ ਹੋਣੇ ਚਾਹੀਦੇ ਹਨ, ਤਾਂ ਕਿ ਕੁਦਰਤੀ ਰੌਸ਼ਨੀ ਅਤੇ ਹਵਾ ਆ ਸਕੇ। ਕਮਰੇ ਵਿਚ ਬਨਾਉਟੀ ਰੌਸ਼ਨੀ ਲਈ ਨਾਈਟ ਬਲਬ, ਟਿਊਬ ਜਾਂ ਐਮਰਜੈਂਸੀ ਲਾਈਟ ਹੋਣੀ ਚਾਹੀਦੀ ਹੈ।
* ਬਜ਼ੁਰਗਾਂ ਦੇ ਕਮਰੇ ਦੇ ਫਰਸ਼ ਅਜਿਹੇ ਹੋਣੇ ਚਾਹੀਦੇ ਹਨ, ਜੋ ਤਿਲਕਣ ਵਾਲੇ ਨਾ ਹੋਣ। ਤਿਲਕਣ ਵਾਲੀਆਂ ਟਾਇਲਾਂ ਵੀ ਨਹੀਂ ਲਗਵਾਉਣੀਆਂ ਚਾਹੀਦੀਆਂ। ਧਿਆਨ ਦਿਓ ਉਨ੍ਹਾਂ ਦੇ ਬਾਥਰੂਮ ਵਿਚ ਵਾਈਪਰ ਜ਼ਰੂਰ ਪਿਆ ਰਹੇ ਤਾਂ ਕਿ ਥੋੜ੍ਹਾ ਜਿਹਾ ਗਿੱਲਾ ਹੋਣ 'ਤੇ ਉਹ ਉਸ ਨੂੰ ਅਸਾਨੀ ਨਾਲ ਸੁਕਾ ਸਕਣ। ਬਾਥਰੂਮ ਵਿਚ ਨਹਾਉਣ ਵਾਲਾ ਪਟਰਾ, ਬਾਲਟੀ ਅਤੇ ਮੱਗ ਇਕ ਕਿਨਾਰੇ 'ਤੇ ਰੱਖਿਆ ਹੋਣਾ ਚਾਹੀਦਾ ਹੈ, ਤਾਂ ਕਿ ਉਹ ਰਾਤ ਸਮੇਂ ਬਾਥਰੂਮ ਦੀ ਵਰਤੋਂ ਅਸਾਨੀ ਨਾਲ ਕਰ ਸਕਣ। ਬਾਥਰੂਮ ਵਿਚ ਰੌਸ਼ਨੀ ਦੀ ਵਧੀਆ ਵਿਵਸਥਾ ਹੋਣੀ ਚਾਹੀਦੀ ਹੈ।
* ਬਜ਼ੁਰਗਾਂ ਦੇ ਕਮਰੇ ਵਿਚ ਸਾਮਾਨ ਇਧਰ-ਉਧਰ ਫੈਲਿਆ ਨਾ ਰਹੇ। ਉਨ੍ਹਾਂ ਦੇ ਕੱਪੜੇ, ਬੈੱਡ ਸ਼ੀਟਸ ਅਤੇ ਤੌਲੀਆ ਢੁਕਵੀਂ ਜਗ੍ਹਾ 'ਤੇ ਰੱਖੇ ਹੋਣੇ ਚਾਹੀਦੇ ਹਨ, ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਨਾ ਹੀ ਉਹ ਤੁਹਾਨੂੰ ਵਾਰ-ਵਾਰ ਇਨ੍ਹਾਂ ਕੰਮਾਂ ਲਈ ਡਿਸਟਰਬ ਕਰਨ।
* ਕਮਰੇ ਵਿਚ ਕੋਈ ਵੀ ਤਾਰ ਫਰਸ਼ 'ਤੇ ਨਾ ਆਵੇ, ਨਾ ਹੀ ਕਿਤੇ ਲਟਕੇ। ਜੇ ਅਜਿਹਾ ਹੋਵੇ ਤਾਂ ਉਸ ਨੂੰ ਫਿਕਸ ਕਰਵਾਓ। * ਪੌੜੀਆਂ ਵੀ ਬਹੁਤ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ, ਨਾ ਹੀ ਅਸਮਤਲ ਹੋਣ। ਪੌੜੀਆਂ ਦੇ ਦੋਵੇਂ ਪਾਸੇ ਰੇਲਿੰਗ ਹੋਣੀ ਚਾਹੀਦੀ ਹੈ, ਤਾਂ ਕਿ ਚੜ੍ਹਦੇ ਅਤੇ ਉਤਰਦੇ ਸਮੇਂ ਸੰਤੁਲਨ ਬਣਿਆ ਰਹੇ।
* ਪੌੜੀਆਂ ਦੇ ਦੋਵੇਂ ਪਾਸੇ ਬਿਜਲੀ ਦੇ ਸਵਿੱਚ ਲਗਵਾਉਣੇ ਚਾਹੀਦੇ ਹਨ, ਤਾਂ ਕਿ ਰਾਤ ਨੂੰ ਚੜ੍ਹਦੇ ਸਮੇਂ ਉਹ ਉਸ ਨੂੰ ਜਗਾ ਲੈਣ ਅਤੇ ਉੱਪਰ ਪਹੁੰਚ ਕੇ ਬੰਦ ਕਰ ਸਕਣ।
* ਬਜ਼ੁਰਗਾਂ ਦੇ ਕਮਰੇ ਵਿਚ ਗਲੀਚਾ ਜਾਂ ਦਰੀ ਵੈਸੇ ਤਾਂ ਨਹੀਂ ਹੋਣੀ ਚਾਹੀਦੀ ਪਰ ਜੇ ਹੈ ਤਾਂ ਧਿਆਨ ਦਿਓ ਕਿ ਉਹ ਢਿੱਲੀ ਨਾ ਹੋਵੇ। ਅਜਿਹਾ ਹੋਣ 'ਤੇ ਉਨ੍ਹਾਂ ਦਾ ਪੈਰ ਫਸ ਸਕਦਾ ਹੈ ਅਤੇ ਉਹ ਡਿਗ ਸਕਦੇ ਹਨ।
* ਟਾਇਲਟ ਵਿਚ ਗ੍ਰੈਬ ਬਾਰ ਵੀ ਲਗਾਓ ਤਾਂ ਕਿ ਉਹ ਉਸ ਦਾ ਸਹਾਰਾ ਲੈ ਕੇ ਉੱਠ-ਬੈਠ ਸਕਣ।
* ਬਜ਼ੁਰਗਾਂ ਦੇ ਕਮਰੇ ਵਿਚ ਫਰਨੀਚਰ ਨੁਕੀਲਾ ਨਾ ਹੋਵੇ, ਇਸ ਗੱਲ ਦਾ ਧਿਆਨ ਰੱਖੋ। ਗੋਲਾਈ ਲਈ ਕੋਨੇ ਵਾਲਾ ਫਰਨੀਚਰ ਹੋਣਾ ਚਾਹੀਦਾ ਹੈ।
* ਫਰਨੀਚਰ ਦੀ ਉਚਾਈ ਜ਼ਿਆਦਾ ਉੱਚੀ ਜਾਂ ਜ਼ਿਆਦਾ ਨੀਵੀਂ ਵੀ ਨਹੀਂ ਹੋਣੀ ਚਾਹੀਦੀ। ਮੱਧ ਉਚਾਈ ਬਜ਼ੁਰਗਾਂ ਲਈ ਠੀਕ ਰਹਿੰਦੀ ਹੈ। ਇਸ ਨਾਲ ਉਨ੍ਹਾਂ ਦੇ ਜੋੜਾਂ 'ਤੇ ਜ਼ਿਆਦਾ ਜ਼ੋਰ ਨਹੀਂ ਪੈਂਦਾ।
* ਬਜ਼ੁਰਗਾਂ ਦੇ ਬਿਸਤਰ ਦੇ ਨਾਲ ਬਿਜਲੀ ਦਾ ਸਵਿੱਚ ਹੋਣਾ ਚਾਹੀਦਾ ਹੈ ਅਤੇ ਟੈਲੀਫੋਨ ਵੀ ਬੈੱਡ ਦੇ ਨੇੜੇ ਹੋਣਾ ਚਾਹੀਦਾ ਹੈ। ਬੈੱਡ ਦੇ ਨੇੜੇ ਵੱਡੇ-ਵੱਡੇ ਅੰਕਾਂ ਵਿਚ ਜ਼ਰੂਰੀ ਫੋਨ ਨੰਬਰ ਲਿਖੇ ਹੋਣੇ ਚਾਹੀਦੇ ਹਨ, ਤਾਂ ਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਭਟਕਣਾ ਨਾ ਪਵੇ।
* ਉਨ੍ਹਾਂ ਦੇ ਕਮਰੇ ਵਿਚ ਛੋਟਾ ਟੀ. ਵੀ. ਹੋਵੇ ਤਾਂ ਬਹੁਤ ਚੰਗਾ ਰਹੇਗਾ ਅਤੇ ਨਾਲ ਹੀ ਕੇਬਲ ਦੀ ਵਿਵਸਥਾ ਵੀ ਉਨ੍ਹਾਂ ਲਈ ਲਾਭਦਾਇਕ ਹੈ, ਤਾਂ ਕਿ ਉਹ ਆਪਣੀ ਮਰਜ਼ੀ ਮੁਤਾਬਿਕ ਆਪਣਾ ਮਨੋਰੰਜਨ ਕਰ ਸਕਣ।

ਕਿੰਨੇ ਕੁ ਦੋਸਤ ਹਨ ਤੁਹਾਡੇ ਜਵਾਨ ਹੁੰਦੇ ਬੱਚੇ ਦੇ...

ਜੇਕਰ ਤੁਹਾਡਾ ਬੱਚਾ ਸਕੂਲ, ਟਿਊਸ਼ਨ ਜਾਂ ਕਿਸੇ ਖੇਡ ਮੈਦਾਨ/ਕਲੱਬ ਆਦਿ 'ਚ ਜਾ ਰਿਹਾ ਹੈ ਤਾਂ ਉਸ 'ਤੇ ਨਜ਼ਰ ਰੱਖੋ। ਇਸ ਦੇ ਲਈ ਜਿਥੇ ਹੋਰ ਪੱਖਾਂ ਤੋਂ ਨਜ਼ਰ ਰੱਖਣ ਦੀ ਜ਼ਰੂਰਤ ਹੈ, ਉਥੇ ਇਸ ਗੱਲ ਵੱਲ ਖਾਸ ਧਿਆਨ ਦੀ ਵੀ ਲੋੜ ਹੈ ਕਿ ਤੁਹਾਡਾ ਜਵਾਨ ਹੁੰਦਾ ਬੱਚਾ ਕਿੰਨੇ ਕੁ ਦੋਸਤ ਬਣਾ ਰਿਹਾ ਹੈ। ਚੰਗਾ, ਸੱਚਾ ਤੇ ਇਮਾਨਦਾਰ ਦੋਸਤ ਇਕ ਵੀ ਬਹੁਤ ਹੁੰਦਾ ਹੈ। ਪਰ ਦੋਸਤ ਇਕ ਦੀ ਬਜਾਏ ਦੋ ਵੀ ਹੋ ਸਕਦੇ ਹਨ। ਆਮ ਵੇਖਣ 'ਚ ਆਉਂਦਾ ਹੈ ਕਿ ਜਵਾਨ ਹੁੰਦੇ ਬੱਚੇ ਖਾਸ ਕਰਕੇ ਲੜਕੇ ਬਹੁਤ ਜ਼ਿਆਦਾ ਦੋਸਤ ਬਣਾ ਲੈਂਦੇ ਹਨ, ਜੋ ਕਿ ਠੀਕ ਨਹੀਂ ਹੈ। ਜੇਕਰ ਦੋਸਤਾਂ ਦੀ ਗਿਣਤੀ ਜ਼ਿਆਦਾ ਵਧ ਜਾਵੇਗੀ ਤਾਂ ਤੁਹਾਡੇ ਬੱਚੇ ਦਾ ਧਿਆਨ ਵੀ ਜ਼ਿਆਦਾ ਭਾਗਾਂ 'ਚ ਵੰਡ ਜਾਵੇਗਾ। ਅਜਿਹਾ ਹੋਣ ਨਾਲ ਉਸ ਦਾ ਰੁਝੇਵਾਂ ਵਧੇਗਾ ਅਤੇ ਉਹ ਸਮੇਂ ਦੀ ਬਰਬਾਦੀ ਵੀ ਕਰੇਗਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇਸ ਪੱਖ ਨੂੰ ਦੇਖਿਆ ਜਾਵੇ ਕਿ ਤੁਹਾਡਾ ਬੱਚਾ ਜਿਸ ਬੱਚੇ ਨਾਲ ਦੋਸਤੀ ਬਣਾ ਰਿਹਾ ਹੈ, ਉਹ ਕਿਹੋ ਜਿਹਾ ਹੈ। ਇਸ ਦੇ ਲਈ ਤੁਸੀਂ ਅਮੀਰੀ-ਗਰੀਬੀ ਦਾ ਮੁਲਾਂਕਣ ਨਹੀਂ ਕਰਨਾ, ਸਗੋਂ ਇਹ ਦੇਖਣਾ ਹੈ ਕਿ ਤੁਹਾਡੇ ਬੱਚੇ ਦੇ ਦੋਸਤ ਦਾ ਸੁਭਾਅ ਤੇ ਆਦਤਾਂ ਕਿਹੋ ਜਿਹੀਆਂ ਹਨ। ਉਹ ਪੜ੍ਹਾਈ 'ਚ ਕਿਹੋ ਜਿਹਾ ਹੈ।
ਇਹ ਵੀ ਖਾਸ ਧਿਆਨ ਰੱਖਿਆ ਜਾਵੇ ਕਿ ਤੁਹਾਡੇ ਬੱਚੇ ਦਾ ਦੋਸਤ ਉਸ ਤੋਂ ਜ਼ਿਆਦਾ ਵੱਡੀ ਉਮਰ ਦਾ ਤਾਂ ਨਹੀਂ, ਕਿਉਂਕਿ ਅਜਿਹਾ ਹੋਣ ਨਾਲ ਤੁਹਾਡੇ ਬੱਚੇ ਦੀਆਂ ਆਦਤਾਂ ਅਤੇ ਸੁਭਾਅ 'ਚ ਸਮੇਂ ਤੋਂ ਪਹਿਲਾਂ ਹੀ ਜ਼ਿਆਦਾ ਤੇਜ਼ੀ ਆ ਸਕਦੀ ਹੈ। ਇਸ ਨਾਲ ਉਸ ਦੀ ਪੜ੍ਹਾਈ ਅਤੇ ਵਿਵਹਾਰ 'ਤੇ ਅਸਰ ਪੈ ਸਕਦਾ ਹੈ। ਬੱਚਿਆਂ ਦਾ ਮਨ ਬਹੁਤ ਕੋਮਲ ਹੁੰਦਾ ਹੈ, ਇਸ ਲਈ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨਾਲ ਖੁਦ ਦੋਸਤਾਨਾ ਸਬੰਧ ਰੱਖਦੇ ਹੋਏ ਉਸ ਦੇ ਦੋਸਤਾਂ ਦੀ ਗਿਣਤੀ ਸੀਮਤ ਰੱਖਣ ਲਈ ਉਸ ਨੂੰ ਤਿਆਰ ਕਰੋ। ਇਸ ਲਈ ਬੱਚੇ ਉਪਰ ਕੋਈ ਦਬਾਅ ਪਾਉਣ ਜਾਂ ਸਖ਼ਤੀ ਵਰਤਣ ਦੀ ਜ਼ਰੂਰਤ ਨਹੀਂ, ਸਗੋਂ ਪਿਆਰ ਨਾਲ ਅਤੇ ਉਸ ਨੂੰ ਬਿਨਾਂ ਅਹਿਸਾਸ ਦਿਵਾਏ ਤੁਸੀਂ ਖੁਦ ਵੀ ਚੰਗਾ ਦੋਸਤ ਚੁਣਨ ਲਈ ਆਪਣੇ ਬੱਚੇ ਦੀ ਅਸਿੱਧੇ ਢੰਗ ਨਾਲ ਮਦਦ ਕਰ ਸਕਦੇ ਹੋ। ਇਥੋਂ ਤੱਕ ਕਿ ਬੱਚੇ ਦੇ ਬਣ ਰਹੇ ਦੋਸਤ ਦੇ ਮਾਪਿਆਂ ਨਾਲ ਮਿਲ ਕੇ ਤੁਸੀਂ ਉਨ੍ਹਾਂ ਨਾਲ ਵੀ ਚੰਗੇ ਸਬੰਧ ਬਣਾ ਸਕਦੇ ਹੋ। ਜੇਕਰ ਤੁਹਾਡੇ ਬੱਚੇ ਦੇ ਦੋਸਤ ਦੇ ਪਰਿਵਾਰ ਅਤੇ ਤੁਹਾਡੇ ਵਿਚਾਰਾਂ ਵਿਚ ਸਮਾਨਤਾ ਹੈ ਤਾਂ ਇਹ ਹੋਰ ਵੀ ਵਧੀਆ ਹੋ ਸਕਦਾ ਹੈ।


-ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

ਪੁਰਸ਼ ਪ੍ਰਧਾਨ ਸਮਾਜ 'ਚ ਔਰਤ ਨੂੰ ਖੁਦ ਹੀ ਬੰਨ੍ਹਣੇ ਪੈਣੇ ਆਪਣੀ ਸੁਰੱਖਿਆ ਦੇ ਘੇਰੇ

ਸਾਡੇ ਦੇਸ਼ 'ਚ ਵੈਸੇ ਤਾਂ ਅਨੇਕਾਂ ਹੀ ਗੰਭੀਰ ਮਸਲੇ ਹਨ, ਜੋ ਸਮੇਂ ਦੀਆਂ ਸਰਕਾਰਾਂ ਲਈ ਚੁਣੌਤੀ ਬਣਦੇ ਹਨ। ਇਨ੍ਹਾਂ ਵਿਚੋਂ ਇਕ ਗੰਭੀਰ ਮੁੱਦਾ ਔਰਤਾਂ ਦੀ ਸੁਰੱਖਿਆ ਦਾ ਵੀ ਹੈ। ਔਰਤ ਦੇਵੀ ਦਾ ਰੂਪ ਮੰਨੀ ਜਾਂਦੀ ਹੈ, ਜਗਤ ਜਨਨੀ ਹੈ, ਫਿਰ ਕਿਉਂ ਇਸ ਨੂੰ ਸੁਰੱਖਿਆ ਦੀ ਲੋੜ ਹੈ? ਮੁੱਢਕਦੀਮ ਤੋਂ ਹੀ ਘਰ ਦੀ ਚਾਰਦੀਵਾਰੀ 'ਚ ਕੈਦ ਰਹੀ ਔਰਤ ਸਾਰੇ ਘਰ-ਪਰਿਵਾਰ ਨੂੰ ਸੰਭਾਲਦੀ ਰਹੀ। ਪਹਿਲਾਂ ਲੜਕੀ ਪੈਦਾ ਹੋਣ 'ਤੇ ਔਰਤ ਨੂੰ ਤਾਹਨੇ-ਮਿਹਣੇ ਦਿੱਤੇ ਜਾਂਦੇ ਸਨ। ਜ਼ਮਾਨੇ ਦੇ ਬਦਲਾਅ ਨਾਲ ਅੱਜ ਆਧੁਨਿਕਤਾ ਦੇ ਦੌਰ 'ਚ ਮੁੱਦਾ ਔਰਤ ਦੀ ਸੁਰੱਖਿਆ ਦਾ ਹੋਰ ਵੀ ਗੰਭੀਰ ਹੋ ਗਿਆ ਹੈ। ਔਰਤਾਂ ਨਾਲ ਹੁੰਦੇ ਅਪਰਾਧਾਂ ਦੀ ਸੰਖਿਆ ਅਤੇ ਤਰੀਕਿਆਂ ਵਿਚ ਕਮੀ ਦੀ ਜਗ੍ਹਾ ਵਾਧਾ ਹੋਇਆ ਹੈ। ਅੱਜ ਦੇ ਯੁੱਗ ਵਿਚ ਔਰਤ ਨਾ ਘਰ ਵਿਚ ਸੁਰੱਖਿਅਤ ਹੈ ਤੇ ਨਾ ਹੀ ਬਾਹਰ। ਘਰ ਦੀ ਚਾਰਦੀਵਾਰੀ ਵਿਚ ਵੀ ਉਸ ਨਾਲ ਘਿਨੌਣੇ ਅਪਰਾਧ ਹੋ ਰਹੇ ਹਨ। ਔਰਤ ਅੱਜ ਹਰ ਮੁਕਾਮ ਹਾਸਲ ਕਰਨ 'ਚ ਅੱਵਲ ਹੈ। ਫਿਰ ਕਿਉਂ ਉਸ ਨੂੰ ਆਪਣੀ ਸੁਰੱਖਿਆ ਲਈ ਕਿਸੇ ਮਰਦ ਜਾਂ ਸਰਕਾਰਾਂ ਦੀ ਲੋੜ ਹੈ। ਔਰਤ ਹੋਵੇ ਜਾਂ ਲੜਕੀ, ਉਸ ਨੂੰ ਥੋੜ੍ਹੀ ਜਿਹੀ ਜਾਗਰੂਕਤਾ ਖੁਦ ਹੀ ਆਪਣੇ ਅੰਦਰ ਰੱਖਣੀ ਪੈਂਦੀ ਹੈ, ਤਾਂ ਜੋ ਕੋਈ ਉਸ ਦਾ ਸ਼ੋਸ਼ਣ ਨਾ ਕਰ ਸਕੇ। ਲੜਕੀਆਂ (ਔਰਤਾਂ) ਸੁਚੇਤ ਹੋ ਕੇ ਰਹਿਣ, ਬਿਨਾਂ ਵਜ੍ਹਾ ਜ਼ਿਆਦਾ ਕਿਸੇ ਨਾਲ ਦੋਸਤੀ ਰੱਖਣ ਤੋਂ ਪ੍ਰਹੇਜ਼ ਹੀ ਰੱਖਣ। ਕੰਮ-ਕਾਜ 'ਤੇ ਜਾਂਦੇ ਸਮੇਂ ਰਸਤੇ 'ਚ ਵੀ ਅਣਜਾਣ ਲੋਕਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਕੰਮਕਾਰ ਵਾਲੀ ਜਗ੍ਹਾ 'ਤੇ ਵੀ ਪੁਰਸ਼ਾਂ ਨਾਲ ਕੰਮਕਾਰ ਤੱਕ ਹੀ ਸੀਮਤ ਗੱਲਬਾਤ ਕਰਨ। ਜ਼ਿਆਦਾ ਲੋੜ ਇਸ ਵਕਤ ਘਰ 'ਚ ਹਰੇਕ ਔਰਤ ਨੂੰ ਆਪਣੀ ਜਵਾਨ ਹੁੰਦੀ ਧੀ ਨੂੰ ਸੁਰੱਖਿਆ ਵਾਸਤੇ ਸਮਝਾਉਣ ਦੀ ਹੈ। ਸਕੂਲ ਜਾਂ ਕਾਲਜ ਜਾਂਦੇ ਸਮੇਂ ਜ਼ਿਆਦਾ ਦੋਸਤਾਂ ਜਾਂ ਸਹੇਲੀਆਂ ਨਾਲ ਸਮਾਂ ਨਾ ਗੁਜ਼ਾਰਨ। ਜਦ ਵੀ ਕੋਈ ਗ਼ਲਤ ਹਰਕਤ ਕਰਨ ਦੀ ਕੋਸ਼ਿਸ਼ ਕਰੇ, ਉਸ ਨੂੰ ਖੁਦ ਹਿੰਮਤ ਕਰਕੇ ਕਰਾਰਾ ਜਵਾਬ ਦੇਣ। ਘਰ ਵਿਚ ਵੀ ਸਾਰਿਆਂ ਵਲੋਂ ਕੁੜੀਆਂ ਨੂੰ ਦੋਸਤਾਨਾ ਮਾਹੌਲ ਮਿਲੇ, ਤਾਂ ਜੋ ਉਹ ਹਰ ਗੱਲ ਬਿਨਾਂ ਝਿਜਕ ਸਭ ਨਾਲ ਕਰ ਸਕਣ। ਸਮੇਂ-ਸਮੇਂ ਸਿਰ ਸਰਕਾਰਾਂ ਨੇ ਕਈ ਕਾਨੂੰਨ ਤੇ ਕਈ ਹੈਲਪਲਾਈਨ ਨੰਬਰ ਵੀ ਔਰਤਾਂ ਵਾਸਤੇ ਜਾਰੀ ਕੀਤੇ ਹਨ ਜੋ ਕਿ ਬਹੁਤ ਚੰਗੀ ਗੱਲ ਹੈ। ਫਿਰ ਵੀ ਔਰਤਾਂ ਨੂੰ ਆਪਣੇ ਆਲੇ-ਦੁਆਲੇ ਇਕ ਸੁਰੱਖਿਆ ਲਾਈਨ ਖਿੱਚ ਕੇ ਰੱਖਣੀ ਚਾਹੀਦੀ ਹੈ। ਉਸ ਦਾਇਰੇ ਵਿਚ ਰਹਿ ਕੇ ਵੀ ਔਰਤ ਆਪਣੀ ਸਫਲਤਾ ਦੀ ਉੱਚੀ ਉਡਾਨ ਭਰ ਸਕਦੀ ਹੈ। ਮਰਦ ਪ੍ਰਧਾਨ ਸਮਾਜ ਵਿਚ ਹੁਣ ਔਰਤ ਆਪਣੀ ਇਕ ਵੱਖਰੀ ਪਹਿਚਾਣ ਦਾਖਲ ਕਰ ਚੁੱਕੀ ਹੈ। ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਣੇ ਔਰਤ ਅਤੇ ਖੁਦ ਵੀ ਆਪਣੀ ਸੁਰੱਖਿਆ ਲਈ ਅੱਗੇ ਆਵੇ ਔਰਤ, ਫਿਰ ਇਹ ਨਾ ਕਹਿਣਾ ਪਵੇ-
ਔਰਤ ਦੀ ਸੁਰੱਖਿਆ ਦਾ ਮੁੱਦਾ ਅੱਜ ਗੰਭੀਰ ਹੈ 'ਜੱਸ' ਸਮਾਜ ਅੰਦਰ,
ਜੋ ਕਦੀ ਚੰਡੀ, ਦੁਰਗਾ ਤੇ ਲਕਸ਼ਮੀ ਬਾਈ ਬਣ ਦੁਸ਼ਟ ਸੰਹਾਰਦੀ ਸੀ।


-ਸੈਕਟਰ 3, ਤਲਵਾੜਾ ਟਾਊਨਸ਼ਿਪ (ਹੁਸ਼ਿਆਰਪੁਰ)। ਮੋਬਾ: 99146-10729

ਅੱਖਾਂ ਦੀ ਖੂਬਸੂਰਤੀ ਲਈ ਪਲਕਾਂ ਨਿਭਾਉਂਦੀਆਂ ਨੇ ਅਹਿਮ ਰੋਲ

* ਪਲਕਾਂ ਸਿਰਫ ਸਾਡੀ ਅੱਖਾਂ ਦੀ ਸੁੰਦਰਤਾ ਹੀ ਨਹੀਂ ਵਧਾਉਂਦੀਆ, ਬਲਕਿ ਮਿੱਟੀ-ਘੱਟੇ ਤੋਂ ਵੀ ਅੱਖਾਂ ਦੀ ਰੱਖਿਆ ਕਰਦੀਆਂ ਹਨ। ਇਸ ਲਈ ਇਨ੍ਹਾਂ ਦੀ ਦੇਖਭਾਲ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਬਦਾਮ ਦੇ ਤੇਲ ਨਾਲ, ਹਲਕੇ ਹੱਥਾਂ ਨਾਲ ਆਈ ਲੈਸ਼ ਦੀ ਮਾਲਿਸ਼ ਕਰੋ। * ਸਿਰ ਦੇ ਵਾਲਾਂ ਦੀ ਸਿਕਰੀ ਵੀ ਪਲਕਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਇਸ ਨਾਲ ਪਲਕਾਂ ਦੇ ਵਾਲ ਝੜਨ ਲਗਦੇ ਹਨ। ਇਸ ਲਈ ਪਲਕਾਂ ਨੂੰ ਤੰਦਰੁਸਤ ਰੱਖਣ ਲਈ ਸਭ ਤੋਂ ਪਹਿਲਾਂ ਵਾਲਾਂ ਨੂੰ ਸਿਕਰੀ ਤੋਂ ਮੁਕਤ ਕਰੋ।
* ਆਈ-ਲੈਬਜ਼ ਨੂੰ ਸੰਘਣਾ ਅਤੇ ਘੁੰਗਰਾਲੀ ਦਿੱਖ ਦੇਣ ਲਈ ਪਲਕਾਂ 'ਤੇ ਮਸਕਾਰਾ ਜੜ੍ਹਾਂ ਤੋਂ ਸਿਰਿਆਂ ਵੱਲ ਨੂੰ ਲਗਾਓ। ਧਿਆਨ ਰੱਖੋ ਕਿ ਪਹਿਲਾ ਕੋਟ ਸੁੱਕਣ 'ਤੇ ਹੀ ਦੂਜਾ ਕੋਟ ਲਗਾਓ।
* ਪਲਕਾਂ ਨੂੰ ਕਰਲ ਕਰਨ ਲਈ ਰੰਗ ਦਾ ਇਸਤੇਮਾਲ ਕਰੋ। ਇਸ ਦੇ ਲਈ ਪਹਿਲਾਂ ਮਸਕਾਰੇ ਨੂੰ ਮੇਕਅੱਪ ਰਿਮੂਵਰ ਨਾਲ ਸਾਫ ਕਰੋ, ਫਿਰ ਰੰਗ ਲਗਾਓ, ਨਹੀਂ ਤਾਂ ਪਲਕਾਂ ਟੁੱਟਣ ਦਾ ਡਰ ਰਹਿੰਦਾ ਹੈ।
* ਜੇਕਰ ਤੁਹਾਡੀਆ ਅੱਖਾਂ ਛੋਟੀਆਂ ਹਨ ਤਾਂ ਆਈ-ਲੇਸ਼ਜ਼ ਦੇ ਨਾਲ ਪਲਕਾਂ 'ਤੇ ਆਈ ਲਾਈਨਰ ਮੋਟਾ ਲਗਾਓ ਅਤੇ ਜੇਕਰ ਪਲਕਾਂ ਛੋਟੀਆਂ ਅਤੇ ਸੰਘਣੀਆਂ ਹਨ ਤਾਂ ਲੰਬਾ ਮਸਕਾਰਾ ਲਗਾਓ। ਅੱਖਾਂ ਵੱਡੀਆਂ ਲੱਗਣਗੀਆਂ। * ਨਕਲੀ ਆਈ ਲੈਸ਼ਜ਼ ਲਗਾ ਕੇ ਵੀ ਤੁਸੀਂ ਆਪਣੀਆਂ ਅੱਖਾਂ ਨੂੰ ਵੱਡੀ ਦਿੱਖ ਦੇ ਸਕਦੇ ਹੋ ਪਰ ਧਿਆਨ ਰਹੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਨੂੰ ਹਟਾਉਣਾ ਨਾ ਭੁੱਲੋ।


-ਗੁਰਭਿੰਦਰ ਗੁਰੀ
ਮੋਬਾ: 99157-27311

ਕੱਪੜੇ ਧੋਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖੀਏ?

ਮੈਲੇ ਕੱਪੜਿਆਂ ਨੂੰ ਧੋਣ ਲਈ ਡਿਟਰਜੈਂਟ ਵਿਚ ਭਿਉਣ ਤੋਂ ਪਹਿਲਾਂ ਜੇਬਾਂ ਦੀ ਜਾਂਚ ਨਾ ਕਰਨੀ, ਸਫ਼ੈਦ ਕੱਪੜਿਆਂ 'ਤੇ ਰੰਗੀਨ ਕੱਪੜਿਆਂ ਦਾ ਰੰਗ ਚੜ੍ਹਨਾ, ਨਵੇਂ ਕੱਪੜਿਆਂ ਦਾ ਸੁੰਗੜ ਕੇ ਛੋਟੇ ਹੋ ਜਾਣਾ, ਇਸ ਤਰ੍ਹਾਂ ਦੀਆਂ ਕਈ ਗ਼ਲਤੀਆਂ ਅਸੀਂ ਕੱਪੜੇ ਧੋਣ ਦੌਰਾਨ ਕਰਦੇ ਹਾਂ। ਭਾਵੇਂ ਅਸੀਂ ਇਸ ਗੱਲ ਦਾ ਦਾਅਵਾ ਕਰਦੇ ਹਾਂ ਕਿ ਮੈਂ ਕਿੰਨੇ ਸਾਲਾਂ ਤੋਂ ਕੱਪੜੇ ਧੋ ਰਹੀ ਹਾਂ। ਇਸ ਦੇ ਬਾਵਜੂਦ ਗ੍ਰਹਿਣੀਆਂ ਕਈ ਅਜਿਹੀਆਂ ਗ਼ਲਤੀਆਂ ਕਰਦੀਆਂ ਹਨ, ਜਿਨ੍ਹਾਂ ਨਾਲ ਮਹਿੰਗੇ ਕੱਪੜੇ ਖ਼ਰਾਬ ਹੋ ਜਾਂਦੇ ਹਨ। ਅਜਿਹੀਆਂ ਕਿਹੜੀਆਂ ਗ਼ਲਤੀਆਂ ਆਮ ਤੌਰ 'ਤੇ ਉਹ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਸੁਧਾਰਨ ਲਈ ਕੀ ਕੀਤਾ ਜਾਵੇ, ਆਓ ਜਾਣੀਏ-
ਡ੍ਰਾਈਕਲੀਨਿੰਗ ਵਾਲੇ ਕੱਪੜਿਆਂ ਨੂੰ ਘਰ ਧੋਣਾ : ਜੜਾਊ ਕੱਪੜੇ, ਲੈਦਰ ਜਾਂ ਜਿਨ੍ਹਾਂ ਕੱਪੜਿਆਂ ਨੂੰ ਸਿਰਫ ਡ੍ਰਾਈਕਲੀਨ ਹੀ ਕਰਵਾਉਣਾ ਹੋਵੇ, ਉਨ੍ਹਾਂ ਨੂੰ ਜੇ ਘਰ ਧੋ ਲਿਆ ਜਾਂਦਾ ਹੈ। ਇਸ ਲਈ ਕੱਪੜੇ ਨੂੰ ਖਰੀਦ ਕੇ ਲਿਆਉਣ ਤੋਂ ਬਾਅਦ ਉਸ 'ਤੇ ਲੱਗੇ ਟੈਗ ਉੱਤੋਂ ਦੇਖ ਲਓ ਕਿ ਕੀ ਇਹ ਡ੍ਰਾਈਕਲੀਨਿੰਗ ਕਰਵਾਉਣ ਵਾਲਾ ਹੀ ਹੈ ਜਾਂ ਇਸ ਨੂੰ ਘਰ ਵੀ ਧੋਇਆ ਜਾ ਸਕਦਾ ਹੈ।
ਧੋਣ ਤੋਂ ਪਹਿਲਾਂ ਕੱਪੜਿਆਂ ਦੀ ਛਟਾਈ ਕਰੋ : ਜ਼ਿਆਦਾ ਗੰਦੇ ਅਤੇ ਘੱਟ ਗੰਦੇ ਕੱਪੜਿਆਂ ਨੂੰ ਇਕੱਠੇ ਧੋਣ ਨਾਲ ਘੱਟ ਗੰਦੇ ਕੱਪੜਿਆਂ ਵਿਚ ਮੈਲੇ ਕੱਪੜਿਆਂ ਦੀ ਗੰਦਗੀ ਚਲੀ ਜਾਂਦੀ ਹੈ ਜਾਂ ਮੋਟੇ ਕੱਪੜਿਆਂ ਨੂੰ ਨਾਜ਼ੁਕ ਅਤੇ ਨਰਮ ਕੱਪੜਿਆਂ ਦੇ ਨਾਲ ਧੋਣ ਨਾਲ ਵੀ ਉਹ ਖ਼ਰਾਬ ਹੋ ਜਾਂਦੇ ਹਨ। ਚਾਦਰ, ਤੌਲੀਏ ਵਰਗੇ ਵੱਡੇ ਅਤੇ ਮੋਟੇ ਕੱਪੜੇ ਵੱਖਰੇ ਧੋਣੇ ਚਾਹੀਦੇ ਹਨ। ਅੰਡਰਵਿਅਰ, ਜੁਰਾਬਾਂ ਅਤੇ ਰੁਮਾਲ, ਇਨ੍ਹਾਂ ਸਭ ਨੂੰ ਵੱਖ-ਵੱਖ ਧੋਣਾ ਚਾਹੀਦਾ ਹੈ।
ਜਿਪ ਅਤੇ ਬਟਨਾਂ ਦਾ ਰੱਖੋ ਖਿਆਲ : ਖੁੱਲ੍ਹੀ ਜਿਪ ਜਾਂ ਕਮਜ਼ੋਰ ਧਾਗੇ 'ਤੇ ਲਟਕੇ ਬਟਨ ਧੋਂਦੇ ਸਮੇਂ ਵਾਸ਼ਿੰਗ ਮਸ਼ੀਨ ਵਿਚ ਫਸ ਜਾਂਦੇ ਹਨ। ਖੁੱਲ੍ਹੀ ਜਿਪ ਫਰੰਟ ਲੋਡਿੰਗ ਮਸ਼ੀਨ ਦੇ ਦਰਵਾਜ਼ੇ 'ਤੇ ਝਰੀਟ ਲਗਾ ਸਕਦੀ ਹੈ। ਧੋਣ ਤੋਂ ਪਹਿਲਾਂ ਢਿੱਲੇ ਬਟਨਾਂ ਨੂੰ ਸੂਈ ਨਾਲ ਮਜ਼ਬੂਤ ਕਰ ਲੈਣਾ ਚਾਹੀਦਾ ਹੈ। ਧੋਂਦੇ ਸਮੇਂ ਕੱਪੜਿਆਂ ਦੀ ਜਿਪ ਬੰਦ ਕਰ ਦੇਣੀ ਚਾਹੀਦੀ ਹੈ।
ਕੱਪੜਿਆਂ ਦਾ ਰੰਗ ਇਕ-ਦੂਜੇ 'ਤੇ ਚੜ੍ਹਨਾ : ਅਕਸਰ ਕੱਪੜੇ ਧੋਂਦੇ ਸਮੇਂ ਇਹ ਧਿਆਨ ਨਹੀਂ ਰਹਿੰਦਾ ਜਾਂ ਜਿਸ ਕੱਪੜੇ ਦਾ ਰੰਗ ਲੱਥਦਾ ਹੋਵੇ ਉਸ ਦੀ ਪਹਿਲਾਂ ਜਾਂਚ-ਪਰਖ ਕਰਨ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਅਤੇ ਉਸ ਨੂੰ ਦੂਜੇ ਹੋਰ ਕੱਪੜਿਆਂ ਦੇ ਨਾਲ ਵਾਸ਼ਿੰਗ ਮਸ਼ੀਨ ਵਿਚ ਪਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਸ ਦਾ ਰੰਗ ਚਿੱਟੇ ਜਾਂ ਦੂਜੇ ਕੱਪੜਿਆਂ ਨੂੰ ਚੜ੍ਹ ਜਾਂਦਾ ਹੈ। ਇਸ ਲਈ ਜਿਸ ਕੱਪੜੇ ਦਾ ਰੰਗ ਲੱਥਣ ਦੀ ਸੰਭਾਵਨਾ ਹੋਵੇ, ਉਸ ਨੂੰ ਵੱਖਰਾ ਧੋਣਾ ਚਾਹੀਦਾ ਹੈ।
ਜ਼ਿਆਦਾ ਡਿਟਰਜੈਂਟ ਦੀ ਵਰਤੋਂ ਕਰਨਾ : ਕਈ ਲੋਕ ਕੱਪੜਿਆਂ ਦੀ ਮੈਲ ਛੇਤੀ ਸਾਫ਼ ਕਰਨ ਲਈ ਉਨ੍ਹਾਂ ਵਿਚ ਜ਼ਿਆਦਾ ਡਿਟਰਜੈਂਟ ਦੀ ਵਰਤੋਂ ਕਰਦੇ ਹਨ। ਇਸ ਨਾਲ ਪਾਣੀ ਦੀ ਖਪਤ ਤਾਂ ਜ਼ਿਆਦਾ ਹੁੰਦੀ ਹੀ ਹੈ, ਇਸ ਦੇ ਨਾਲ ਰੰਗੀਨ ਕੱਪੜੇ ਫਿੱਕੇ ਹੋ ਜਾਂਦੇ ਹਨ ਅਤੇ ਜ਼ਿਆਦਾ ਡਿਟਰਜੈਂਟ ਨਾਲ ਮਸ਼ੀਨ ਵਿਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ। ਉਨ੍ਹਾਂ ਥਾਵਾਂ ਵਿਚ ਜਿਥੇ ਸਾਬਣ ਦਾ ਪਾਣੀ ਜੰਮ ਜਾਂਦਾ ਹੈ ਅਤੇ ਜਿਥੇ ਸਫ਼ਾਈ ਨਹੀਂ ਹੁੰਦੀ। ਕੱਪੜੇ ਦੇ ਪਲੇਟਸ ਅਤੇ ਕਾਲਰ ਵਿਚ ਜਮ੍ਹਾਂ ਡਿਟਰਜੈਂਟ ਵਾਰ-ਵਾਰ ਧੋਣ ਦੇ ਬਾਵਜੂਦ ਨਿਕਲਦੇ ਨਹੀਂ, ਜਿਸ ਨਾਲ ਕੱਪੜੇ ਵਿਚੋਂ ਡਿਟਰਜੈਂਟ ਦੀ ਖੁਸ਼ਬੂ ਆਉਂਦੀ ਹੈ ਅਤੇ ਉਸ ਦੇ ਨਾਜ਼ੁਕ ਤੰਤੁ ਵੀ ਖ਼ਰਾਬ ਹੋ ਜਾਂਦੇ ਹਨ।
ਵਾਰ-ਵਾਰ ਬਲੀਚ ਦੀ ਵਰਤੋਂ ਕਰਨਾ : ਸਫ਼ੈਦ ਕੱਪੜੇ ਦੀ ਸਫ਼ੈਦੀ ਨੂੰ ਬਣਾਈ ਰੱਖਣ ਲਈ ਕਦੇ-ਕਦੇ ਬਲੀਚ ਕਰਨਾ ਠੀਕ ਹੈ ਪਰ ਇਨ੍ਹਾਂ ਨੂੰ ਵਾਰ-ਵਾਰ ਬਲੀਚ ਕਰਨ ਨਾਲ ਇਹ ਪੀਲੇ ਹੋ ਜਾਂਦੇ ਹਨ। ਇਨ੍ਹਾਂ ਕੱਪੜਿਆਂ ਤੋਂ ਖੂਨ ਅਤੇ ਪਸੀਨੇ ਦੇ ਦਾਗ਼ ਹਟਾਉਣ ਲਈ ਦਾਗ਼ ਵਾਲੀ ਜਗ੍ਹਾ 'ਤੇ ਨਿੰਬੂ ਰਗੜੋ ਅਤੇ ਉਸ ਨੂੰ ਥੋੜ੍ਹੀ ਦੇਰ ਤੱਕ ਉਬਲਦੇ ਪਾਣੀ ਵਿਚ ਡੁਬੋ ਕੇ ਰੱਖੋ।
ਕੱਪੜਿਆਂ ਨੂੰ ਜ਼ਿਆਦਾ ਰਗੜਨਾ : ਜ਼ਿਆਦਾ ਰਗੜਨ ਨਾਲ ਕੱਪੜੇ ਜ਼ਿਆਦਾ ਸਾਫ਼ ਹੁੰਦੇ ਹਨ, ਕਈ ਲੋਕ ਇਹ ਸੋਚ ਕੇ ਉਨ੍ਹਾਂ ਨੂੰ ਵਾਰ-ਵਾਰ ਜ਼ਿਆਦਾ ਰਗੜਦੇ ਹਨ, ਜਿਸ ਕਾਰਨ ਦਾਗ਼-ਧੱਬੇ ਨੂੰ ਜਿਥੋਂ ਰਗੜਿਆ ਜਾਂਦਾ ਹੈ, ਉਸ ਜਗ੍ਹਾ ਦੇ ਤੰਤੁ ਜ਼ਿਆਦਾ ਕਮਜ਼ੋਰ ਹੋ ਜਾਂਦੇ ਹਨ ਅਤੇ ਕੱਪੜਾ ਉਥੋਂ ਘਸਣ ਦੇ ਨਾਲ-ਨਾਲ ਉਸ ਥਾਂ ਤੋਂ ਰੰਗ ਵੀ ਫਿੱਕਾ ਪੈ ਜਾਂਦਾ ਹੈ। ਇਸ ਲਈ ਕੱਪੜਿਆਂ ਨੂੰ ਨਰਮ ਹੱਥਾਂ ਨਾਲ ਰਗੜਨਾ ਚਾਹੀਦਾ ਹੈ। ਜ਼ਿਆਦਾ ਮੈਲੇ ਹੋਣ 'ਤੇ ਉਨ੍ਹਾਂ ਨੂੰ ਥੋੜ੍ਹੀ ਦੇਰ ਗਰਮ ਪਾਣੀ ਵਿਚ ਭਿਉਂ ਕੇ ਰੱਖੋ ਤਾਂ ਉਹ ਜ਼ਿਆਦਾ ਸਾਫ਼ ਹੁੰਦੇ ਹਨ।
ਮਸ਼ੀਨ ਵਿਚ ਕੱਪੜੇ ਜ਼ਿਆਦਾ ਭਰਨਾ : ਮਸ਼ੀਨ ਦੀ ਸਮਰੱਥਾ ਨਾਲੋਂ ਜੇ ਜ਼ਿਆਦਾ ਕੱਪੜੇ ਉਸ ਵਿਚ ਪਾ ਦਿੱਤੇ ਜਾਂਦੇ ਹਨ ਤਾਂ ਇਸ ਨਾਲ ਮਸ਼ੀਨ ਨੂੰ ਤਾਂ ਨੁਕਸਾਨ ਹੁੰਦਾ ਹੀ ਹੈ, ਇਸ ਦੇ ਨਾਲ ਹੀ ਕੱਪੜੇ ਚੰਗੀ ਤਰ੍ਹਾਂ ਸਾਫ਼ ਵੀ ਨਹੀਂ ਹੁੰਦੇ। ਕੱਪੜਿਆਂ ਨੂੰ ਸਾਫ਼ ਕਰਨ ਲਈ ਉਨ੍ਹਾਂ ਦਾ ਮਸ਼ੀਨ ਵਿਚ ਡਰੱਮ ਦੇ ਇਧਰ-ਉਧਰ ਘੁੰਮਣਾ ਜ਼ਰੂਰੀ ਹੈ ਤਾਂ ਕਿ ਕੱਪੜਿਆਂ ਵਿਚ ਪਾਣੀ ਅਤੇ ਡਿਟਰਜੈਂਟ ਚੰਗੀ ਤਰ੍ਹਾਂ ਧੋ ਕੇ ਉਨ੍ਹਾਂ ਵਿਚ ਜੰਮੀ ਧੂੜ-ਮਿੱਟੀ ਨੂੰ ਸਾਫ਼ ਕਰ ਸਕੇ। ਮਸ਼ੀਨ ਨੂੰ ਜਦੋਂ ਓਵਰਲੋਡ ਕਰਦੇ ਹਾਂ ਤਾਂ ਕੱਪੜਿਆਂ 'ਤੇ ਲੱਗੇ ਦਾਗ਼-ਧੱਬੇ ਵੀ ਸਾਫ਼ ਨਹੀਂ ਹੁੰਦੇ ਅਤੇ ਛੇਤੀ ਦੀ ਬਜਾਏ ਕੰਮ ਦੇਰ ਨਾਲ ਹੁੰਦਾ ਹੈ।
ਕੱਪੜਿਆਂ 'ਤੇ ਸਿੱਧੇ ਡਿਟਰਜੈਂਟ ਪਾਉਣਾ : ਅਕਸਰ ਲੋਕ ਮਸ਼ੀਨ ਵਿਚ ਕੱਪੜੇ ਪਾ ਕੇ ਸਿੱਧਾ ਡਿਟਰਜੈਂਟ ਪਾਉਣ ਤੋਂ ਬਾਅਦ ਉਸ ਵਿਚ ਪਾਣੀ ਪਾਉਂਦੇ ਹਨ। ਇਸ ਦੀ ਬਜਾਏ ਕੱਪੜਿਆਂ ਨੂੰ ਪਹਿਲਾਂ ਪਾਉਣ ਤੋਂ ਬਾਅਦ ਉਸ ਵਿਚ ਪਾਣੀ ਪਾਓ ਅਤੇ ਸਭ ਤੋਂ ਬਾਅਦ ਡਿਟਰਜੈਂਟ ਪਾਓ। ਜੇ ਤੁਸੀਂ ਉਨ੍ਹਾਂ ਵਿਚ ਬਲੀਚ ਦੀ ਵਰਤੋਂ ਕਰ ਰਹੇ ਹੋ ਤਾਂ ਵੀ ਪਾਣੀ ਪਹਿਲਾਂ ਪਾਓ, ਬਾਅਦ ਵਿਚ ਕੱਪੜਾ ਅਤੇ ਫਿਰ ਡਿਟਰਜੈਂਟ ਪਾਓ।
ਡ੍ਰਾਇਰ ਨੂੰ ਓਵਰਲੋਡ ਕਰਨਾ : ਧੁਲਾਈ ਦਾ ਕੰਮ ਛੇਤੀ ਨਿਪਟਾਉਣ ਲਈ ਅਕਸਰ ਡ੍ਰਾਇਰ ਵਿਚ ਜ਼ਿਆਦਾ ਕੱਪੜੇ ਪਾ ਦਿੱਤੇ ਜਾਂਦੇ ਹਨ ਜਾਂ ਉਸ ਨੂੰ ਜ਼ਿਆਦਾ ਸੁਕਾਇਆ ਜਾਂਦਾ ਹੈ। ਇਸ ਕਾਰਨ ਨਾਜ਼ਕ ਕੱਪੜਿਆਂ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ। ਜੇ ਉਨ੍ਹਾਂ ਨੂੰ ਵਧੇਰੇ ਸੁਕਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਤਹਿ ਖ਼ਰਾਬ ਹੋ ਜਾਂਦੀ ਹੈ, ਕਿਉਂਕਿ ਡ੍ਰਾਇਰ ਵਿਚ ਉਹ ਗੋਲ ਹੋ ਜਾਂਦੇ ਹਨ ਅਤੇ ਉਨ੍ਹਾਂ ਵਿਚ ਵਲ਼ ਵਧ ਜਾਂਦੇ ਹਨ। ਇਸ ਲਈ ਘੱਟ ਕੱਪੜਿਆਂ ਨੂੰ ਨਿਸਚਿਤ ਸਮੇਂ ਤੱਕ ਡ੍ਰਾਇਰ ਕਰੋ।


-ਇਮੇਜ ਰਿਫਲੈਕਸ਼ਨ ਸੈਂਟਰ

ਇੰਜ ਮਿਟਾਓ ਕੱਪੜਿਆਂ ਤੋਂ ਦਾਗ਼-ਧੱਬੇ

ਕੱਪੜਿਆਂ 'ਤੇ ਦਾਗ਼-ਧੱਬੇ ਲੱਗ ਜਾਣਾ ਇਕ ਆਮ ਗੱਲ ਹੈ। ਇਸ ਨਾਲ ਕੱਪੜਿਆਂ ਦੀ ਖੂਬਸੂਰਤੀ ਖਤਮ ਹੋ ਜਾਂਦੀ ਹੈ ਅਤੇ ਇਹ ਪਾਉਣ ਯੋਗ ਨਹੀਂ ਰਹਿੰਦੇ। ਇਥੇ ਤੁਹਾਨੂੰ ਕਈ ਅਜਿਹੇ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਵਰਤੋਂ ਵਿਚ ਲਿਆ ਕੇ ਤੁਸੀਂ ਆਪਣੇ ਕੱਪੜਿਆਂ 'ਤੇ ਲੱਗੇ ਕਿਸੇ ਵੀ ਚੀਜ਼ ਦੇ ਦਾਗ਼-ਧੱਬਿਆਂ ਨੂੰ ਅਸਾਨੀ ਨਾਲ ਸਾਫ਼ ਕਰ ਸਕਦੇ ਹੋ-
* ਗਰੀਸ ਦੇ ਦਾਗ਼ ਜੇਕਰ ਸੂਤੀ ਕੱਪੜੇ 'ਤੇ ਲੱਗ ਜਾਣ ਤਾਂ ਅਖ਼ਬਾਰ ਦਾ ਟੁਕੜਾ ਜਾਂ ਬਲਟਿੰਗ ਪੇਪਰ ਧੱਬੇ ਦੇ ਹੇਠਾਂ ਰੱਖੋ, ਫਿਰ ਬੇਂਜੀਨ ਕਾਰਬਨ ਟਰਾਕਲੋਰਾਈਡ ਜਾਂ ਕਲੋਰੋਫਾਰਮ ਕੱਪੜੇ ਦੇ ਉਲਟੇ ਪਾਸੇ ਲਗਾਓ। ਦਾਗ਼ ਸਾਫ਼ ਹੋ ਜਾਵੇਗਾ।
* ਜੇਕਰ ਆਂਡੇ ਦੀ ਸਫੇਦੀ ਦਾ ਦਾਗ਼ ਕਿਸੇ ਸੂਤੀ ਕੱਪੜੇ 'ਤੇ ਲੱਗ ਜਾਵੇ ਤਾਂ ਉਸ ਨੂੰ ਸਾਰੀ ਰਾਤ ਇਕ ਫੀਸਦੀ ਸੋਡੀਅਮ ਸਿਲੀਕੇਟ ਦੇ ਘੋਲ ਵਿਚ ਭਿਉਂ ਕੇ ਰੱਖਣ ਨਾਲ ਦਾਗ਼ ਸਾਫ਼ ਹੋ ਜਾਵੇਗਾ। * ਚਾਹ ਦੇ ਦਾਗ਼ ਸਾਫ਼ ਕਰਨ ਲਈ ਗਰਮ ਪਾਣੀ ਵਿਚ ਕੱਪੜੇ ਨੂੰ ਦੋ ਤੋਂ ਚਾਰ ਘੰਟੇ ਤੱਕ ਡੁਬੋ ਕੇ ਰੱਖੋ, ਦਾਗ਼ ਮਿਟ ਜਾਣਗੇ। * ਜੇਕਰ ਊਨੀ ਕੱਪੜਿਆਂ 'ਤੇ ਕੌਫੀ ਆਦਿ ਦਾ ਦਾਗ਼ ਲੱਗ ਜਾਵੇ ਤਾਂ ਇਕ ਭਾਗ ਗਲਿਸਰੀਨ ਅਤੇ ਨੌਂ ਭਾਗ ਪਾਣੀ ਦੇ ਘੋਲ ਨਾਲ ਸਾਫ਼ ਕਰੋ। ਦਾਗ਼ ਜਾਂਦਾ ਰਹੇਗਾ। * ਸਿਆਹੀ ਦੇ ਨਿਸ਼ਾਨ ਮਿਟਾਉਣ ਲਈ ਕੱਪੜੇ ਨੂੰ ਨਿੰਬੂ ਅਤੇ ਲੂਣ ਦੇ ਘੋਲ ਵਿਚ ਭਿਉਂ ਦਿਓ। ਬਾਅਦ ਵਿਚ ਨਿਸ਼ਾਨ ਵਾਲੀ ਜਗ੍ਹਾ 'ਤੇ ਐਸਟਿਕ ਐਸਿਡ ਲਗਾਓ, ਨਿਸ਼ਾਨ ਸਾਫ਼ ਹੋ ਜਾਵੇਗਾ। * ਜੇਕਰ ਕੱਪੜੇ 'ਤੇ ਪਾਨ ਦੇ ਦਾਗ਼ ਲੱਗ ਜਾਣ ਤਾਂ ਕੱਚੇ ਆਲੂ ਨੂੰ ਕੱਟ ਕੇ ਦਾਗ਼ ਵਾਲੀ ਜਗ੍ਹਾ 'ਤੇ ਰਗੜੋ। ਦਾਗ਼ ਹਲਕਾ ਹੋ ਜਾਣ 'ਤੇ ਸਾਬਣ ਨਾਲ ਧੋ ਦਿਓ। ਦਾਗ਼ ਦੂਰ ਹੋ ਜਾਵੇਗਾ।
* ਪੇਂਟ ਦਾ ਦਾਗ਼ ਜੇਕਰ ਰੇਸ਼ਮੀ ਕੱਪੜੇ 'ਤੇ ਪੈ ਜਾਵੇ ਤਾਂ ਦਾਗ਼ ਨੂੰ ਟਰਪੇਟਾਈਨ ਜਾਂ ਤਾਰਪੀਨ ਦੇ ਤੇਲ ਨਾਲ ਸਾਫ਼ ਕਰੋ। ਦਾਗ਼ ਨਹੀਂ ਰਹੇਗਾ। * ਬਬਲਗਮ ਦਾ ਦਾਗ਼ ਕੱਪੜਿਆਂ ਤੋਂ ਉਤਾਰਨ ਲਈ ਸਭ ਤੋਂ ਪਹਿਲਾਂ ਦਾਗ਼ ਵਾਲੀ ਜਗ੍ਹਾ 'ਤੇ ਬਰਫ ਰਗੜੋ, ਫਿਰ ਜੰਮੀ ਹੋਈ ਬਬਲਗਮ ਨੂੰ ਹਟਾਉਣ ਲਈ ਕਾਰਬਨ ਟੈਟ੍ਰਾਕਲੋਰਾਈਡ ਨੂੰ ਵਰਤੋਂ ਵਿਚ ਲਿਆਓ। * ਪਸੀਨੇ ਦਾ ਦਾਗ਼ ਹਟਾਉਣ ਲਈ ਕੱਪੜੇ ਨੂੰ ਸਾਫ਼ ਕਰਨ ਸਮੇਂ ਪਾਣੀ ਵਿਚ ਥੋੜ੍ਹਾ ਜਿਹਾ ਹਾਈਡਡ੍ਰੋਕਲੋਰਿਕ ਐਸਿਡ ਮਿਲਾ ਕੇ ਕੱਪੜੇ ਧੋਵੋ, ਦਾਗ਼ ਮਿਟ ਜਾਵੇਗਾ। * ਜੇਕਰ ਕੱਪੜੇ 'ਤੇ ਖੂਨ ਆਦਿ ਦਾ ਦਾਗ਼ ਲੱਗ ਜਾਂਦਾ ਹੈ ਤਾਂ ਅਮੋਨੀਆ ਦੀਆਂ ਕੁਝ ਬੂੰਦਾਂ ਹਾਈਡ੍ਰੋਜਨ ਪੈਰਾਕਸਾਈਡ ਵਿਚ ਮਿਲਾ ਕੇ ਦਾਗ਼ ਵਾਲੀ ਜਗ੍ਹਾ 'ਤੇ ਮਲੋ, ਦਾਗ਼ ਦੂਰ ਹੋ ਜਾਵੇਗਾ। * ਜੇਕਰ ਕੱਪੜੇ 'ਤੇ ਚਾਕਲੇਟ ਆਦਿ ਦਾ ਦਾਗ਼ ਲੱਗ ਜਾਵੇ ਤਾਂ ਕੱਪੜੇ ਨੂੰ ਸਿਰਫ ਗਰਮ ਪਾਣੀ ਅਤੇ ਸਾਬਣ ਨਾਲ ਧੋ ਦਿਓ, ਦਾਗ਼ ਨਹੀਂ ਰਹੇਗਾ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਪੰਜ ਮਿੰਟ ਦੀ ਕਲਾਕਾਰੀ

* ਵਿਨੇਗਰ, ਕਲੱਬ ਸੋਡਾ, ਡਿਸ਼ ਸੋਪ (ਭਾਂਡੇ ਧੋਣ ਲਈ ਵਰਤਿਆ ਜਾਣ ਵਾਲਾ) ਤੇ ਲੈਮਨ ਜੂਸ ਮਿਲਾ ਕੇ ਇਕ ਮਿਸ਼ਰਣ ਤਿਆਰ ਕਰ ਲਓ। ਇਸ ਨੂੰ ਮੇਜ਼ ਵਗੈਰਾ 'ਤੇ ਲੱਗੇ ਦਾਗ਼-ਧੱਬੇ ਹਟਾਉਣ ਲਈ ਵਰਤੋ।
* ਕੌਫੀ ਨੂੰ ਪੋਟਲੀ ਵਿਚ ਬੰਨ੍ਹ ਕੇ ਫਰਿੱਜ ਵਿਚ ਰੱਖਣ ਨਾਲ ਕੁਦਰਤੀ ਖੁਸ਼ਬੋ ਦਾ ਪਸਾਰ ਹੁੰਦਾ ਹੈ।
* ਪਾਣੀ ਤੇ ਫੈਬਰਿਕ ਕੰਡੀਸ਼ਨਰ ਦਾ ਘੋਲ ਬਣਾ ਕੇ 15 ਮਿੰਟ ਲਈ ਧੋਤੇ ਕੱਪੜਿਆਂ ਨੂੰ ਇਸ ਵਿਚ ਭਿਉਂ ਕੇ ਰੱਖਣ ਨਾਲ ਕੱਪੜੇ ਸੁੰਗੜਦੇ ਨਹੀਂ।
* ਮੇਜ਼ ਦੇ ਥੱਲੇ ਪਏ ਗਲੀਚੇ 'ਤੇ ਮੇਜ਼ ਦਾ ਭਾਰ ਪੈਣ ਕਾਰਨ ਗਲੀਚਾ ਹੇਠਾਂ ਨੂੰ ਦੱਬਿਆ ਜਾਂਦਾ ਹੈ। ਉਸ ਥਾਂ 'ਤੇ ਤੁਸੀਂ ਗਿੱਲਾ ਕੱਪੜਾ ਰੱਖ ਕੇ ਉੱਤੋਂ ਦੀ ਪ੍ਰੈੱਸ ਫੇਰ ਦਿਓ ਤਾਂ ਉਹ ਠੀਕ ਹੋ ਜਾਂਦਾ ਹੈ।
* ਆਪਣੀ ਹੱਥ ਦੀ ਬਣੀ ਤਸਵੀਰ ਨੂੰ ਲੈਮੀਨੇਟ ਕਰਨ ਲਈ ਉਸ 'ਤੇ ਲੈਮੀਨੇਸ਼ਨ ਪੇਪਰ ਰੱਖ ਕੇ ਉੱਪਰ ਰੁਮਾਲ ਰੱਖ ਲਓ। ਹੁਣ ਰੁਮਾਲ ਉੱਪਰੋਂ ਪ੍ਰੈੱਸ ਫੇਰੋ। ਇਸ ਨਾਲ ਤੁਹਾਡਾ ਲੈਮੀਨੇਸ਼ਨ ਕਵਰ ਤੁਹਾਡੀ ਬਣਾਈ ਤਸਵੀਰ ਨਾਲ ਚਿਪਕ ਜਾਵੇਗਾ ਤੇ ਤੁਹਾਡੀ ਲੈਮੀਨੇਟਿਡ ਤਸਵੀਰ ਤਿਆਰ ਹੋ ਜਾਵੇਗੀ।
* ਦੋ ਬ੍ਰੈੱਡਾਂ ਵਿਚਕਾਰ ਚੀਜ਼ (ਸੈਂਡਵਿਚ ਪਨੀਰ) ਰੱਖ ਕੇ ਇਸ ਸੈਂਡਵਿਚ ਨੂੰ ਸਿਲਵਰ ਫੋਇਲ (ਰੋਟੀ ਲਪੇਟਣ ਵਾਲਾ ਕਾਗਜ਼) ਵਿਚ ਲਪੇਟ ਕੇ ਥੋੜ੍ਹੀ ਦੇਰ ਲਈ ਇਸ 'ਤੇ ਪ੍ਰੈੱਸ ਧਰ ਦਿਓ। ਤੁਹਾਡਾ ਸੈਂਡਵਿਚ ਤੁਹਾਨੂੰ ਤਿਆਰ ਮਿਲੇਗਾ, ਜਿਸ ਵਿਚ ਬ੍ਰੈੱਡਾਂ ਵਿਚਲੀ ਚੀਜ਼ (ਪਨੀਰ) ਵੀ ਪਿਘਲ ਜਾਵੇਗੀ ਤੇ ਬ੍ਰੈੱਡ ਵੀ ਸਿਕ ਜਾਣਗੇ।


simranjeet.dhiman16@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX