ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਬ੍ਰਹਿਮੰਡ ਦੇ ਭੇਤ: ਤਾਰਿਆਂ ਦਾ ਜਨਮ, ਜੀਵਨ ਅਤੇ ਮੌਤ

ਸਟਾਰ ਹੋਣਾ ਆਪਣੇ-ਆਪ ਵਿਚ ਹੀ ਬਹੁਤ ਵੱਡੀ ਗੱਲ ਹੈ | ਹਰ ਕੋਈ ਬੰਦਾ ਆਪੋ-ਆਪਣੇ ਖੇਤਰ ਵਿਚ ਸਟਾਰ ਬਣਨਾ ਲੋਚਦਾ ਹੈ | ਸਟਾਰ ਕਿਵੇਂ ਪੈਦਾ ਹੁੰਦਾ ਹੈ, ਤੇ ਕਿਵੇਂ ਵਿਚਰਦਾ ਹੈ, ਇਹ ਗੱਲ ਜਾਨਣ ਲਈ ਸਾਨੂੰ ਤਾਰਿਆਂ ਬਾਰੇ ਸਮਝਣ ਦੀ ਬਹੁਤ ਜ਼ਰੂਰਤ ਹੈ | ਕੋਈ ਸਮਾਂ ਸੀ ਜਦੋਂ ਮਨੁੱਖ ਕੁਦਰਤ ਨਾਲ ਬਹੁਤ ਨੇੜਿਓਾ ਜੁੜਿਆ ਹੋਇਆ ਸੀ | ਉਹ ਰਾਤ ਸਮੇਂ ਤਾਰਿਆਂ ਨੂੰ ਬੜੀ ਨੀਝ ਨਾਲ ਵੇਖਦਾ ਸੀ | ਲੋਕ ਤਾਰਿਆਂ ਤੋਂ ਵਕਤ ਦਾ, ਰੁੱਤਾਂ ਦਾ ਅਤੇ ਰਸਤਿਆਂ ਦਾ ਅੰਦਾਜ਼ਾ ਲਾਉਂਦੇ ਸਨ | ਤਿੰਗੜ ਤਾਰੇ, ਖਿੱਤੀਆਂ, ਧਰੂ ਤਾਰਾ, ਸਪਤ ਰਿਸ਼ੀ ਜਾਂ ਮੰਜੀ ਬਾਰੇ ਹਰ ਕਿਸੇ ਨੂੰ ਪਤਾ ਹੁੰਦਾ ਸੀ | ਸਵੇਰ ਦਾ ਤਾਰਾ ਤੇ ਆਥਣ ਦਾ ਤਾਰਾ ਬੜੀ ਅਹਿਮੀਅਤ ਰੱਖਦੇ ਸਨ | ਉਦੋਂ ਲੋਕ ਕੋਠਿਆਂ, ਵਿਹੜਿਆਂ ਵਿਚ ਖੁੱਲ੍ਹੇ ਆਕਾਸ਼ ਹੇਠ ਸੌਾਦੇ ਸਨ ਅਤੇ ਤਾਰਿਆਂ ਵਿਚ ਬਹੁਤ ਦਿਲਚਸਪੀ ਰੱਖਦੇ ਸਨ |
ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਮਨੁੱਖ ਕੁਦਰਤ ਦੀ ਗੋਦ ਛੱਡ ਕੇ ਕੰਧਾਂ ਦਾ ਕੈਦੀ ਹੋ ਗਿਆ | ਰੌਸ਼ਨੀ ਪ੍ਰਦੂਸ਼ਣ ਨੇ ਤਾਰਿਆਂ ਭਰੇ ਆਕਾਸ਼ ਦੀ ਆਭਾ ਫਿੱਕੀ ਪਾ ਦਿੱਤੀ | ਤਾਰਾ ਵਿਗਿਆਨ ਸਿਰਫ ਕਿਤਾਬਾਂ ਤੱਕ ਸੀਮਿਤ ਹੋ ਕੇ ਰਹਿ ਗਿਆ | ਪਰ ਅਜਿਹਾ ਵੀ ਨਹੀਂ ਹੈ ਕਿ ਮੋਤੀਆਂ ਭਰੇ ਥਾਲ ਰੂਪੀ ਗਗਨ ਬਾਰੇ ਕੋਈ ਜਾਨਣਾ ਹੀ ਨਹੀਂ ਚਾਹੁੰਦਾ | ਅੱਜ ਵੀ ਉਸੇ ਤਰ੍ਹਾਂ ਤਾਰੇ ਜੰਮਦੇ, ਮਰਦੇ, ਟੁੱਟਦੇ, ਬਿਖਰਦੇ ਅਤੇ ਵਿਚਰਦੇ ਹਨ | ਹੁਣ ਵੀ ਬੋਦੀ ਵਾਲੇ ਤਾਰੇ ਚੜ੍ਹਦੇ ਹਨ, ਪਰ ਇਨ੍ਹਾਂ ਨੂੰ ਜਾਨਣ ਤੇ ਸਮਝਣ ਵਾਲੇ ਬਹੁਤ ਘਟ ਗਏ ਹਨ |
ਰਾਤ ਦੇ ਹਨੇਰੇ ਵਿਚ ਜ਼ਰਾ ਆਕਾਸ਼ ਵੱਲ ਮੂੰਹ ਕਰਕੇ ਤੱਕੋ, ਅਰਬਾਂ-ਖਰਬਾਂ ਤਾਰੇ, ਤੁਹਾਨੂੰ ਅੱਜ ਵੀ ਵਿਖਾਈ ਦਿੰਦੇ ਹਨ | ਕੀ ਅਸੀਂ ਕਦੇ ਸੋਚਿਆ ਹੈ ਕਿ ਇਹ ਨਿੱਕੇ-ਨਿੱਕੇ ਚਮਕਦੇ ਬਿੰਦੂ ਜਿਹੇ ਸਾਡੀ ਧਰਤੀ ਤੋਂ ਵੀ ਹਜ਼ਾਰਾਂ ਗੁਣਾਂ ਵੱਡੇ ਅਤੇ ਬਹੁਤ ਪ੍ਰਭਾਵਸ਼ਾਲੀ ਹਨ | ਕਿੱਥੋਂ ਆਏ ਹਨ, ਇਹ ਇੰਨੇ ਸਾਰੇ ਤਾਰੇ? ਕੀ ਤੁਹਾਨੂੰ ਪਤਾ ਹੈ? ਇਕ ਤਾਰੇ ਦਾ ਜਨਮ ਕਿਵੇਂ ਹੁੰਦਾ ਹੈ? ਤੇ ਤਾਰਾ ਕਿਵੇਂ ਆਪਣਾ ਜੀਵਨ ਭੋਗ ਕੇ ਮਰਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਤਾਰਿਆਂ ਦੇ ਵੀ ਕਿਰਦਾਰ ਅਤੇ ਪਰਿਵਾਰ ਹੁੰਦੇ ਹਨ? ਤੇ ਇਹ ਵੀ ਮਨੁੱਖਾਂ ਵਾਂਗ ਝੁੰਡ ਬਣਾ ਕੇ ਰਹਿੰਦੇ ਹਨ |
ਸਾਡੇ ਬ੍ਰਹਿਮੰਡ ਵਿਚ ਲੱਖਾਂ ਗਲੈਕਸੀਆਂ ਹਨ ਅਤੇ ਹਰ ਗਲੈਕਸੀ ਵਿਚ ਅਰਬਾਂ-ਖਰਬਾਂ ਤਾਰੇ ਹਨ | ਬਿਲਕੁਲ ਉਸੇ ਤਰ੍ਹਾਂ ਹੀ, ਜਿਵੇਂ ਕਿਸੇ ਦੇਸ਼ ਵਿਚ ਕਰੋੜਾਂ ਲੋਕ ਵੱਸਦੇ ਹਨ | ਅੱਗੋਂ ਇਨ੍ਹਾਂ ਤਾਰਿਆਂ ਦੇ ਗ੍ਰਹਿ ਤੇ ਉੱਪ ਗ੍ਰਹਿ, ਬਿਲਕੁਲ ਉਸੇ ਤਰ੍ਹਾਂ ਇਨ੍ਹਾਂ ਦੀ ਪਰਿਕਰਮਾ ਕਰਦੇ ਹਨ, ਜਿਵੇਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੁਆਲੇ ਚਾਪਲੂਸ ਲੋਕ ਘੁੰਮਦੇ ਹਨ | ਜਿਵੇਂ ਮਨੁੱਖ ਜੰਮਦਾ, ਜੀਵਨ ਬਤੀਤ ਕਰਦਾ ਤੇ ਉਮਰ ਹੰਢਾ ਕੇ ਮਰ ਜਾਂਦਾ ਹੈ, ਇਹੋ ਹੋਣੀ ਤਾਰਿਆਂ ਦੀ ਵੀ ਹੈ | ਕੋਈ ਵੀ ਕਾਲ ਤੋਂ ਬਾਹਰ ਨਹੀਂ ਹੈ | ਤਾਰਿਆਂ ਦੇ ਇਸ ਅਦਭੁੱਤ ਕਿਰਦਾਰ ਕਾਰਨ ਹੀ, ਮਸ਼ਹੂਰ ਵਿਅਕਤੀਆਂ ਦੀ ਤੁਲਨਾ ਇਨ੍ਹਾਂ ਨਾਲ ਕੀਤੀ ਜਾਂਦੀ ਹੈ ਤੇ ਉਹ ਆਪਣੇ-ਆਪ ਨੂੰ ਸਟਾਰ ਕਹਾ ਕੇ ਖੁਸ਼ ਹੁੰਦੇ ਹਨ | ਆਓ! ਹੁਣ ਜਾਣਦੇ ਹਾਂ ਕਿ ਇਕ ਸਟਾਰ ਕਿਵੇਂ ਜਨਮ ਲੈਂਦਾ ਹੈ ਅਤੇ ਪ੍ਰਕਾਸ਼ਮਾਨ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ |
ਸਾਡਾ ਆਲਾ-ਦੁਆਲਾ ਜਾਂ ਪੂਰਾ ਬ੍ਰਹਿਮੰਡ ਹੀ ਗੈਸਾਂ, ਮਿੱਟੀ-ਘੱਟੇ ਅਤੇ ਕਣਾਂ ਨਾਲ ਭਰਿਆ ਹੋਇਆ ਹੈ | ਇਸ ਸਭ ਕਾਸੇ ਵਿਚ ਊਰਜਾ ਸਮਾਈ ਹੋਈ ਹੈ | ਇਸ ਖਲਾਅ ਵਿਚ ਨੈਬੂਲਾ ਤੇ ਸੁਪਰਨੋਵਾ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰ ਕੇ ਧੂੜ, ਗੈਸਾਂ ਅਤੇ ਬੱਦਲ ਬਣਦੇ ਅਤੇ ਫੈਲਦੇ ਰਹਿੰਦੇ ਹਨ | ਇਕ ਅੰਦਾਜ਼ੇ ਅਨੁਸਾਰ ਸਾਡੀ ਮਿਲਕੀਵੇਅ ਗਲੈਕਸੀ ਦਾ ਦਸਵਾਂ ਹਿੱਸਾ ਇਨ੍ਹਾਂ ਗੈਸਾਂ ਦੇ ਧੂੜ ਕਣ ਹਨ | ਇਹ ਹੀ ਵਰਤਾਰਾ ਪੂਰੇ ਬ੍ਰਹਿਮੰਡ ਵਿਚ ਵਾਪਰ ਰਿਹਾ ਹੈ |
ਜਦੋਂ ਇਹ ਧੂੜ ਕਣ ਕਿਸੇ ਗਰੂਤਾ ਖਿੱਚ ਕਾਰਨ ਸੰਘਣੇ ਹੋਣ ਲੱਗਦੇ ਹਨ, ਤਾਂ ਇਨ੍ਹਾਂ ਦਾ ਤਾਪਮਾਨ ਵੀ ਲਗਾਤਾਰ ਵਧਦਾ ਜਾਂਦਾ ਹੈ | ਕਣਾਂ ਤੇ ਗੈਸਾਂ ਦੇ ਮਿਸ਼ਰਣ ਨਾਲ, ਕਈ ਰਸਾਇਣਕ ਕਿਰਿਆਵਾਂ ਵੀ ਹੁੰਦੀਆਂ ਹਨ | ਫੇਰ ਇਹ ਘਣਤਾ ਅਤੇ ਤਾਪਮਾਨ ਲਗਾਤਾਰ ਵਧਦੇ ਹੀ ਚਲੇ ਜਾਂਦੇ ਹਨ |
ਜਿਉਂ-ਜਿਉਂ ਸੰਘਣਾਪਣ ਵਧਦਾ ਜਾਂਦਾ ਹੈ, ਤੇ ਇਹ ਮੈਟਰ ਇਕ ਦਾਇਰੇ ਅੰਦਰ ਇਕੱਠਾ ਹੋਣ ਲੱਗਦਾ ਹੈ | ਜਦੋਂ ਇਸ ਦਾਇਰੇ ਦੀ ਕੋਰ ਦਾ ਤਾਪਮਾਨ 2000 ਕੈਲਵਨ ਤੋਂ ਵਧ ਜਾਵੇ, ਤਾਂ ਇਸ ਅੰਦਰਲੇ ਹਾਈਡਰੋਜਨ ਐਟਮ ਟੁੱਟਣੇ ਸ਼ੁਰੂ ਹੋ ਜਾਂਦੇ ਹਨ | ਇਸ ਕਿਰਿਆ ਨਾਲ ਤਾਪਮਾਨ ਹੋਰ ਵੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਰਸਾਇਣਕ ਕਿਰਿਆਵਾਂ ਬਹੁਤ ਤੇਜ਼ ਹੋ ਜਾਂਦੀਆਂ ਹਨ |
ਫੇਰ ਇਕ ਅਜਿਹਾ ਸਮਾਂ ਵੀ ਆਉਂਦਾ ਹੈ, ਜਦੋਂ ਤਾਪਮਾਨ ਦਸ ਹਜ਼ਾਰ ਕੈਲਵਿਨ ਤੱਕ ਜਾ ਪਹੁੰਚਦਾ ਹੈ | ਇਸ ਮੌਕੇ ਏਨੇ ਤਾਪਮਾਨ ਕਰਕੇ ਕਣਾਂ ਦਾ ਮਿਸ਼ਰਣ ਧਮਾਕੇ ਨਾਲ ਫਟਦਾ ਹੈ | ਧਮਾਕੇ ਤੋਂ ਬਾਅਦ ਇਸ ਦਾਇਰੇ ਦਾ ਕੇਂਦਰ, ਜਿੱਥੇ ਊਰਜਾ ਇਕੱਤਰ ਹੁੰਦੀ ਹੈ, ਤੇਜ਼ ਗਤੀ ਨਾਲ ਘੁੰਮਣਾ ਸ਼ੁਰੂ ਕਰ ਦਿੰਦਾ ਹੈ | ਜਦੋਂ ਇਹ ਭੰਬੀਰੀ ਵਾਂਗ ਘੁੰਮਦਾ ਹੈ ਤਾਂ ਵਾਧੂ ਦਾ ਮੈਟਰ ਝੜ ਜਾਂਦਾ ਹੈ | ਇਸ ਕਿਰਿਆ ਨੂੰ ਨੈਬੂਲਾ ਕਿਹਾ ਜਾਂਦਾ ਹੈ, ਜਿਸ ਦੇ ਕੇਂਦਰ ਦਾ ਤਾਪਮਾਨ 90,000 ਫਾਰਨਹੀਟ ਤੱਕ ਜਾਂ ਪਹੁੰਚਦਾ ਹੈ, ਤੇ ਕਈ ਵਾਰ ਇਹ ਪੰਜ ਲੱਖ ਫਾਰਨਹੀਟ ਤੱਕ ਵੀ ਪਹੁੰਚ ਜਾਂਦਾ ਹੈ | ਉਦੋਂ ਇਕ ਚਮਕਦਾ ਹੋਇਆ ਤਾਰਾ ਜਨਮ ਲੈ ਚੁੱਕਾ ਹੁੰਦਾ ਹੈ |
ਅਜਿਹੇ ਲੱਖਾਂ ਤਾਰੇ ਬ੍ਰਹਿਮੰਡ ਵਿਚ ਜਨਮਦੇ ਰਹਿੰਦੇ ਹਨ | ਤਾਰੇ ਦੇ ਜਨਮ ਸਮੇਂ ਜੋ ਧਮਾਕਾ ਹੁੰਦਾ ਹੈ, ਉਸ ਦੀ ਸਮੱਗਰੀ ਪੱਚੀ ਤੋਂ ਚਾਲੀ ਹਜ਼ਾਰ ਕਿਲੋਮੀਟਰ ਤੱਕ ਫੈਲ ਜਾਂਦੀ ਹੈ | ਇਹ ਸਮੱਗਰੀ ਕਾਰਬਨ, ਆਕਸੀਜਨ ਅਤੇ ਹਾਈਡ੍ਰੋਜਨ ਗੈਸਾਂ ਨਾਲ ਭਰਪੂਰ ਹੁੰਦੀ ਹੈ |
ਜਿਸ ਤਰ੍ਹਾਂ ਸਮਾਜ ਵਿਚ ਹਰ ਵਿਅਕਤੀ ਦੀ ਇਕ ਵੱਖਰੀ ਪਛਾਣ ਹੈ ਅਤੇ ਵੱਖਰੀਆਂ ਨਸਲਾਂ ਹਨ, ਇਸੇ ਤਰ੍ਹਾਂ ਤਾਰਿਆਂ ਦੇ ਵੀ ਕਈ ਪ੍ਰਕਾਰ ਦੇ ਕਿਰਦਾਰ ਹੁੰਦੇ ਹਨ | ਆਓ! ਥੋੜ੍ਹਾ ਇਨ੍ਹਾਂ ਬਾਰੇ ਵੀ ਜਾਣ ਲਈਏ:-
ਪਲਸਰ ਤਾਰੇ:- ਇਹ ਤਾਰੇ ਹਰ ਦੋ-ਦੋ ਸੈਕਿੰਡ ਬਾਅਦ ਰੇਡੀਏਸ਼ਨ ਛੱਡਦੇ ਹਨ, ਜੋ ਧਰਤੀ ਤੱਕ ਆ ਪੁੱਜਦੀ ਹੈ | ਪਲਸਰ ਤਾਰੇ ਤੁਹਾਨੂੰ ਆਕਾਸ਼ ਵਿਚ ਟਿਮਟਿਮਾਉਂਦੇ ਦਿਖਾਈ ਦੇ ਸਕਦੇ ਹਨ |
ਨਿਊਟ੍ਰਾਨ ਤਾਰੇ:- ਇਹ ਤਾਰੇ ਇਕ ਭੰਬੀਰੀ ਦੀ ਤਰ੍ਹਾਂ ਤੇਜ਼ੀ ਨਾਲ ਘੁੰਮਦੇ ਹਨ | ਇਹ ਇਕ ਸੈਕਿੰਡ ਵਿਚ 622 ਵਾਰ ਆਪਣੀ ਧੁਰੀ ਦੁਆਲੇ ਘੁੰਮ ਜਾਂਦੇ ਹਨ | ਇਨ੍ਹਾਂ ਦੇ ਘੁੰਮਣ ਦੀ ਗਤੀ ਆਮ ਤਾਰਿਆਂ ਤੋਂ ਕਿਤੇ ਤੇਜ਼ ਹੁੰਦੀ ਹੈ | ਜਿਵੇਂ ਦੀਵਾਲੀ ਵਾਲੀ ਰਾਤ ਨੂੰ ਕੋਈ ਚੱਕਰੀ ਘੁੰਮ ਰਹੀ ਹੋਵੇ |
ਬਿੰਨਰੀ ਸਟਾਰ :- ਇਹ ਇਕੋ ਜਿਹੇ ਦੋ ਤਾਰੇ ਹੁੰਦੇ ਹਨ, ਜੋ ਆਪਸੀ ਗਰੂਤਾ ਖਿੱਚ ਕਾਰਨ ਇਕ-ਦੂਸਰੇ ਦੁਆਲੇ ਘੁੰਮਣ ਲੱਗ ਪੈਂਦੇ ਹਨ | ਹੌਲੀ ਹੌਲੀ ਇਨ੍ਹਾਂ 'ਚੋਂ ਇਕ ਤਾਰਾ ਦੂਸਰੇ ਦੀ ਸਾਰੀ ਊਰਜਾ ਨਿਗਲ ਲੈਂਦਾ ਹੈ | ਅੰਤ ਨੂੰ ਇਹ ਤਾਰੇ ਬਲੈਕ ਹੋਲ ਵਿਚ ਤਬਦੀਲ ਹੋ ਜਾਂਦੇ ਹਨ |
ਅਦਭੁੱਤ ਤਾਰੇ:- ਇਹ ਤਾਰੇ ਬਹੁਤ-ਬਹੁਤ ਗਰਮ ਹੁੰਦੇ ਹਨ | ਤਾਰਿਆਂ ਦਾ ਰੰਗ ਉਨ੍ਹਾਂ ਨਾਲ ਸਬੰਧਤ ਗੈਸਾਂ ਅਤੇ ਦੂਰੀ 'ਤੇ ਨਿਰਭਰ ਕਰਦਾ ਹੈ | ਬਹੁਤ ਗਰਮ ਤਾਰੇ ਲਾਲ ਭਾਅ ਮਾਰਦੇ ਪ੍ਰਤੀਤ ਹੁੰਦੇ ਹਨ | ਇਨ੍ਹਾਂ ਦੇ ਰੰਗ ਤੋਂ ਇਨ੍ਹਾਂ ਦੀ ਉਮਰ, ਦੂਰੀ ਅਤੇ ਕਿਰਦਾਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ |
ਬੋਦੀ ਵਾਲੇ ਤਾਰੇ:- ਇਹ ਉਹ ਤਾਰੇ ਹਨ, ਜਿਨ੍ਹਾਂ 'ਤੇ ਬਰਫ਼ ਧੂੜ ਤੇ ਕਚਰਾ ਵੱਡੀ ਤਦਾਦ ਵਿਚ ਜੰਮਿਆ ਹੁੰਦਾ ਹੈ | ਜਦੋਂ ਇਹ ਤਾਰੇ ਕਿਸੇ ਸੂਰਜੀ ਮੰਡਲ 'ਚੋਂ ਲੰਘਦੇ ਹਨ, ਤਾਂ ਕਈ ਵਾਰ ਤਪਸ਼ ਨਾਲ ਇਹ ਮੈਟਰ ਪਿਘਲਣਾ ਸ਼ੁਰੂ ਹੋ ਜਾਂਦਾ ਹੈ | ਇਸ ਦੀ ਤੇਜ਼ ਰਫ਼ਤਾਰ ਕਾਰਨ ਇਹ ਪਿਘਲੀ ਹੋਈ ਬਰਫ਼ ਅਤੇ ਧੂੜ ਹਜ਼ਾਰਾਂ ਮੀਲਾਂ ਤੱਕ ਇਕ ਲੰਬੀ ਪੂਛ ਦੀ ਸ਼ਕਲ ਵਿਚ ਦਿਖਾਈ ਦਿੰਦੀ ਹੈ, ਜਿਸ ਨੂੰ ਅਸੀਂ ਬੋਦੀ ਵਾਲਾ ਤਾਰਾ ਕਹਿੰਦੇ ਹਾਂ |
ਪੁਰਾਣੇ ਸਮਿਆਂ ਵਿਚ ਬੋਦੀ ਵਾਲੇ ਤਾਰੇ ਦਾ ਚੜ੍ਹਨਾ ਅਸ਼ੁਭ ਮੰਨਿਆ ਜਾਂਦਾ ਸੀ, ਕਿਉਂਕਿ ਇਹ ਸਾਡੇ ਸੂਰਜੀ ਮੰਡਲ ਦਾ ਹਿੱਸਾ ਨਾ ਹੋਣ ਕਾਰਨ, ਇਸ ਦੀ ਆਮਦ ਨਾਲ ਕੋਈ ਵੀ ਅਣਚਾਹਿਆ ਟਕਰਾਅ, ਮੌਸਮ ਵਿਚ ਤਬਦੀਲੀ ਤੇ ਭਿਆਨਕ ਤਬਾਹੀ ਦਾ ਸਬੱਬ ਵੀ ਬਣ ਸਕਦਾ ਹੈ | ਇਸ ਕਰਕੇ ਲੋਕ ਬੋਦੀ ਵਾਲੇ ਤਾਰੇ ਦੀ ਆਮਦ ਨੂੰ ਚੰਗਾ ਨਹੀਂ ਸੀ ਸਮਝਦੇ |
ਇਸ ਦਾ ਨਾਂਅ ਕੁਮੈਟ, ਇਸ ਦੀ ਖੋਜ ਕਰਨ ਵਾਲੇ ਕੁਮੈਟ ਰਿਚਰਡ ਵੈਸਟ ਦੇ ਨਾਂਅ 'ਤੇ ਰੱਖਿਆ ਗਿਆ ਸੀ | ਹੁਣ ਤੱਕ ਸਭ ਤੋਂ ਮਸ਼ਹੂਰ ਬੋਦੀ ਵਾਲਾ ਤਾਰਾ ਹੈਲੀ ਹੈ, ਜੋ ਹਰ 76 ਸਾਲ ਬਾਅਦ ਚੜ੍ਹਦਾ ਹੈ | ਪਿਛਲੀ ਵਾਰ ਇਹ ਸਾਲ 1985-86 ਵਿਚ ਚੜਿ੍ਹਆ ਸੀ | ਇਸ ਤਾਰੇ ਦਾ ਸਭ ਤੋਂ ਪਹਿਲਾਂ, ਏ ਡੀ 66 ਤੇ 240 ਬੀ ਸੀ ਵਿਚ ਵੀ ਜ਼ਿਕਰ ਹੋਇਆ ਸੀ |
ਇਸ ਤਾਰੇ ਦਾ ਨਾਂਅ ਮਸ਼ਹੂਰ ਤਾਰਾ ਵਿਗਿਆਨੀ ਅਡਮੈਂਡ ਹੈਲੀ ਦੇ ਨਾਂਅ 'ਤੇ ਰੱਖਿਆ ਗਿਆ ਹੈ, ਜੋ 1656 ਤੋਂ 1742 ਦੇ ਸਮੇਂ ਦੌਰਾਨ ਹੋਇਆ | ਉਸ ਨੇ ਹੀ ਆਪਣੀ ਖੋਜ ਦੇ ਅਧਾਰ 'ਤੇ ਇਹ ਭਵਿੱਖਬਾਣੀ ਕੀਤੀ ਸੀ, ਕਿ ਸਾਲ 1758 ਵਿਚ ਇਹ ਤਾਰਾ ਫੇਰ ਚੜ੍ਹੇਗਾ ਤੇ ਹੋਇਆ ਵੀ ਇਸੇ ਤਰ੍ਹਾਂ ਹੀ |
ਭਾਵੇਂ ਬੋਦੀ ਵਾਲੇ ਤਾਰੇ ਦਾ ਚੜ੍ਹਨਾ ਅਪਸ਼ਗਨ ਮੰਨਿਆ ਜਾਂਦਾ ਹੈ, ਜਿਵੇਂ ਇਕ ਗੀਤ ਵੀ ਹੈ,
ਬੋਦੀ ਵਾਲਾ ਤਾਰਾ ਚੜਿ੍ਹਆ, ਘਰ-ਘਰ ਹੋਣ ਵਿਚਾਰਾਂ ਨੀ
ਕਈ ਬੋਦੀ ਵਾਲੇ ਤਾਰੇ ਸੂਰਜ ਦੁਆਲੇ ਹਜ਼ਾਰਾਂ ਸਾਲ ਬਾਅਦ ਚੱਕਰ ਲਗਾਉਂਦੇ ਹਨ ਤੇ ਕਈ ਤਿੰਨ ਸਾਲਾਂ ਬਾਅਦ ਹੀ ਆ ਜਾਂਦੇ ਹਨ | ਜੋ ਤਾਰਾ 1806 ਵਿਚ ਦੇਖਿਆ ਗਿਆ ਸੀ, ਉਹ ਮੁੜ 1854 ਵਿਚ ਫੇਰ ਆ ਗਿਆ | 1983 ਵਿਚ ਇਕ ਤਾਰਾ ਧਰਤੀ ਤੋਂ ਸਿਰਫ 30 ਲੱਖ ਮੀਲ ਦੀ ਦੂਰੀ ਤੋਂ ਲੰਘਿਆ, ਇਹ ਪਹਿਲਾਂ 1770 ਵਿਚ ਚੜਿ੍ਹਆ ਸੀ | 1965 ਵਿਚ ਇਕ ਬੋਦੀ ਵਾਲਾ ਤਾਰਾ ਤਾਂ ਮਰਕਰੀ ਤੋਂ ਵੀ ਚਾਲੀ ਗੁਣਾ ਸੂਰਜ ਦੇ ਨੇੜੇ ਜਾ ਪੁੱਜਾ ਸੀ | ਇਨ੍ਹਾਂ ਸਾਰੇ ਤਾਰਿਆਂ ਦੇ ਆਪੋ-ਆਪਣੇ ਕਿਰਦਾਰ, ਸੁਭਾਅ ਤੇ ਆਦਤਾਂ ਹਨ |
ਪੁਰਾਣੇ ਸਮਿਆਂ ਵਿਚ, ਬੋਦੀ ਵਾਲਾ ਤਾਰਾ ਚੜ੍ਹਨ 'ਤੇ ਲੋਕ ਸੋਚਦੇ ਸਨ, ਕਿ ਹੁਣ ਕੋਈ ਲੜਾਈ ਲੱਗੇਗੀ, ਹੜ੍ਹ ਜਾਂ ਭੁਚਾਲ ਆਉਣਗੇ ਤੇ ਜਾਂ ਕੋਈ ਹੋਰ ਬਹੁਤ ਵੱਡੀ ਕੁਦਰਤੀ ਆਫਤ ਆਵੇਗੀ | ਅਜਿਹੇ ਮੌਕੇ ਲੋਕਾਂ ਨੂੰ ਦਾਨ-ਪੁੰਨ ਕਰਨ ਲਈ ਪ੍ਰੇਰਿਆ ਜਾਂਦਾ ਤੇ ਪਾਂਧੇ ਪੰਡਿਤਾਂ ਨੇ, ਇਸ ਡਰ ਨੂੰ ਦਾਨ ਦਕਸ਼ਣਾ ਦਾ ਸਾਧਨ ਬਣਾ ਲਿਆ, ਜਿਵੇਂ ਚੰਦਰਮਾ ਅਤੇ ਸੂਰਜ ਗ੍ਰਹਿਣਾਂ ਵੇਲੇ ਹੁੰਦਾ ਸੀ | ਭਾਰਤ ਦੇ ਲੋਕਾਂ ਨੂੰ ਵਿਗਿਆਨਕ ਸੂਝ ਕਿਸੇ ਨੇ ਵੀ ਨਾ ਦਿੱਤੀ, ਕਿਉਂਕਿ ਉਦੋਂ ਮੀਡੀਆ ਬੜਾ ਕਮਜ਼ੋਰ ਸੀ | ਹੁਣ ਹਾਲਾਤ ਅਜਿਹੇ ਨਹੀਂ ਹਨ | ਸਾਨੂੰ ਸਮਝਣ ਦੀ ਲੋੜ ਹੈ ਕਿ ਇਸ ਤਾਰਿਆਂ ਭਰੇ ਆਕਾਸ਼ ਦਾ ਸੱਚ ਕੀ ਹੈ |
ਬੋਦੀ ਵਾਲੇ ਤਾਰੇ ਦਾ ਚੜ੍ਹਨਾ ਵਾਕਿਆ ਹੀ ਭੈਭੀਤ ਕਰਨ ਵਾਲਾ ਹੁੰਦਾ ਹੈ, ਕਿਉਂਕਿ ਕਿਸੇ ਹੋਰ ਖੇਤਰ 'ਚੋਂ ਨਿਕਲ ਕੇ ਕੋਈ ਧੁਮਕੇਤੂ, ਜਦੋਂ ਬਰਫ਼ ਦਾ ਤੂਫਾਨ ਅਤੇ ਕਚਰਾ ਉਡਾਉਂਦਾ, ਸਾਡੇ ਸੂਰਜੀ ਪਰਿਵਾਰ ਦੇ ਨੇੜੇ ਢੁਕਦਾ ਹੈ, ਤਾਂ ਉਸ ਦੀ ਕਿਸੇ ਵੀ ਹੋਰ ਗ੍ਰਹਿ ਨਾਲ ਟੱਕਰ ਹੋ ਸਕਦੀ ਹੈ | ਅਗਰ ਕੋਈ ਟੱਕਰ ਹੋ ਜਾਂਦੀ ਹੈ ਤਾਂ ਪੂਰਾ ਸੋਲਰ ਸਿਸਟਮ ਹੀ ਨਸ਼ਟ ਹੋ ਸਕਦਾ ਹੈ | ਮੌਸਮਾਂ ਵਿਚ ਭਾਰੀ ਤਬਦੀਲੀ ਆ ਸਕਦੀ ਹੈ ਅਤੇ ਕੁਦਰਤੀ ਆਫਤਾਂ ਆ ਸਕਦੀਆਂ ਹਨ | ਇਸੇ ਤਰ੍ਹਾਂ ਜਦੋਂ ਤਾਰਿਆਂ ਦੀ ਬਾਰਿਸ਼ ਹੁੰਦੀ ਹੈ, ਭਾਵ ਉਲਕਾ ਪਿੰਡ ਡਿਗਦੇ ਹਨ, ਉਦੋਂ ਵੀ ਕੋਈ ਅਸਮਾਨੀ ਚਟਾਨ ਧਰਤੀ ਦਾ ਸੀਨਾ ਚਾਕ ਕਰ ਸਕਦੀ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਫੋਨ : 001-416-727-2071
major.mangat2gmail.com


ਖ਼ਬਰ ਸ਼ੇਅਰ ਕਰੋ

ਅੱਜ ਪ੍ਰਕਾਸ਼ ਦਿਵਸ 'ਤੇ ਵਿਸ਼ੇਸ਼

ਸੇਵਾ ਤੇ ਸਿਮਰਨ ਦੇ ਪੰੁਜ: ਸ੍ਰੀ ਗੁਰੂ ਅਮਰਦਾਸ

ਭਾਈ ਗੁਰਦਾਸ ਜੀ ਨੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਦਾ ਵਰਨਣ ਕਰਦਿਆਂ ਕਿਹਾ ਸੀ ਕਿ ਆਪ ਨੇ ਸਿੱਖ ਪੰਥ ਨੂੰ ਪੂਰਨ ਮਰਿਆਦਾ ਨਾਲ ਅੱਗੇ ਵਧਾਇਆ ਤੇ ਗੁਰੂ ਸ਼ਬਦ ਦਾ ਖਜ਼ਾਨਾ ਖੋਲ੍ਹ ਮਨੁੱਖਤਾ ਨੂੰ ਨਿਹਾਲ ਕਰ ਦਿੱਤਾ | ਗੁਰੂ ਸਾਹਿਬ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਇਸ ਨਿਵੇਕਲੇ ਪੰਥ ਨੂੰ ਇਕ ਮਜ਼ਬੂਤ ਆਧਾਰ ਬਖਸ਼ਿਆ | ਪੂਰੇ ਪੂਰਾ ਥਾਟੁ ਬਣਾਇਆ | ਗੁਰੂ ਸਾਹਿਬ ਦੀ ਕਰਨੀ ਤੇ ਬਾਣੀ ਦੋਵਾਂ ਦੀ ਵਿਲੱਖਣਤਾ ਅਚਰਜ ਪੈਦਾ ਕਰਦੀ ਹੈ | ਗੁਰੂ ਅੰਗਦ ਦੇਵ ਜੀ ਨਾਲ ਗੁਰੂ ਅਮਰਦਾਸ ਜੀ ਦਾ ਮੇਲ ਸੰਮਤ 1597 ਵਿਚ ਹੋਇਆ ਜੋ ਖਿਣ ਮਾਤਰ 'ਚ ਹੀ ਸਦੀਵੀ ਸੰਗ ਵਿਚ ਬਦਲ ਗਿਆ | ਗੁਰੂ ਅਮਰਦਾਸ ਜੀ ਨੇ ਰਤਾ ਵੀ ਢਿੱਲ ਨਾ ਕੀਤੀ ਤੇ ਆਪਾ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਅਰਪਣ ਕਰ ਦਿੱਤਾ | ਗੁਰੂ ਨਾਲ ਸਿੱਖ ਦਾ ਮੇਲ ਸੰਸਾਰ ਦੀ ਸਭ ਤੋਂ ਸ੍ਰੇਸ਼ਟ ਤੇ ਅਦੁੱਤੀ ਘਟਨਾ ਹੁੰਦੀ ਹੈ, ਜਿਸ ਦੇ ਸੁੱਖ ਨੂੰ ਬਖਾਨ ਨਹੀਂ ਕੀਤਾ ਜਾ ਸਕਦਾ | ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ¨ ਗੁਰੂ ਅਮਰਦਾਸ ਜੀ ਨੇ ਸੇਵਾ ਤੇ ਸਿਮਰਨ ਦੀ ਰਾਹ ਦੱਸੀ | ਸੇਵਾ ਮਨੁੱਖ ਸਿਮਰਨ ਵਾਂਗੂ ਕਰੇ | ਸਤਿਗੁਰੁ ਸੇਵਨਿ ਸੇ ਵਡਭਾਗੀ¨ ਅਨਦਿਨੁ ਸਾਚਿ ਨਾਮਿ ਲਿਵ ਲਾਗੀ¨ ਸਿਮਰਨ ਨੂੰ ਸੇਵਾ ਦੀ ਤਰਹ ਕਰੇ | ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ, ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ | ਗੁਰੂ ਅਮਰਦਾਸ ਸਾਹਿਬ ਨੇ ਆਪ ਹੀ ਆਪਣੀ ਬਾਣੀ ਅੰਦਰ ਸਵਾਲ ਖੜ੍ਹਾ ਕੀਤਾ, ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ | ਗੁਰੂ ਸਾਹਿਬ ਨੇ ਆਪ ਹੀ ਸ਼ੰਕਾ ਨਿਵਾਰਣ ਕੀਤਾ ਕਿ ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ | ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ 'ਚ ਆਏ ਤੇ ਅਨਿਨ ਸੇਵਕ ਬਣ ਕੇ ਰਹੇ | ਗੁਰੂ ਹੁਕਮ ਨੂੰ ਜਪ ਤਪ ਸਮਝ ਕੇ ਮੰਨਿਆ | ਆਪ ਜੀ ਤਨ ਤੇ ਮਨ ਤੋਂ ਗੁਰੂ ਦੇ ਸਿੱਖ ਬਣੇ | ਤਨ ਸੇਵਾ 'ਚ ਲੱਗਿਆ ਰਹਿੰਦਾ ਤੇ ਮਨ ਸਿਮਰਨ 'ਚ ਲੀਨ ਰਹਿੰਦਾ | ਸਤਿਗੁਰੂ ਦੀ ਸ਼ਰਨ ਤੇ ਨਦਰਿ ਤੋਂ ਬਿਨਾਂ ਇਸ ਮਾਰਗ 'ਤੇ ਨਹੀਂ ਚੱਲਿਆ ਜਾ ਸਕਦਾ:
ਕਿਆ ਕੋਈ ਤੇਰੀ ਸੇਵਾ ਕਰੇ
ਕਿਆ ਕੋ ਕਰੇ ਅਭਿਮਾਨਾ¨
ਜਬ ਅਪੁਨੀ ਜੋਤਿ ਖਿੰਚਹਿ ਤੂ
ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ¨

ਗੁਰੂ ਅਮਰਦਾਸ ਸਾਹਿਬ ਦਾ ਜੀਵਨ ਮਨੁੱਖੀ ਪ੍ਰੇਰਣਾ ਦਾ ਵੱਡਾ ਸ੍ਰੋਤ ਹੈ ਕਿ ਪਰਮਾਤਮਾ ਸ਼ਰਨ 'ਚ ਆਇਆਂ ਦੀ ਆਪ ਪਤਿ ਰੱਖਦਾ ਤੇ ਜੀਵਨ ਸੰਵਾਰਦਾ ਹੈ | ਅੰਗੀਕਾਰੁ ਉਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ | ਪਰਮਾਤਮਾ ਦੀ ਸ਼ਰਨ 'ਚ ਹੀ ਸੱਚਾ ਸੁੱਖ ਹੈ | ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ | ਪਰਮਾਤਮਾ ਹੀ ਜੀਵਨ ਮੁਕਤੀ ਦੀ ਰਾਹ ਵਿਖਾਉਣ ਵਾਲਾ ਤੇ ਰਾਹ 'ਤੇ ਪਾਉਣ ਵਾਲਾ ਹੈ | ਸਤਿਗੁਰੂ ਦਾ ਹੁਕਮ ਮੰਨ ਕੇ ਹੀ ਜੀਵਨ ਸਫਲ ਹੁੰਦਾ ਹੈ | ਜੋ ਹੁਕਮ ਤੋਂ ਬਾਹਰ ਰਹਿ ਕੇ ਸੰਸਾਰ ਦੇ ਰਸਾਂ ਵਿਚ ਰਮੇ ਰਹਿੰਦੇ ਹਨ ਜੀਵਨ ਦਾ ਦੁਰਲੱਭ ਅਵਸਰ ਗੁਆ ਬਹਿੰਦੇ ਹਨ | ਸਾਚੀ ਲਿਵੈ ਬਿਨੁ ਦੇਹ ਨਿਮਾਣੀ | ਮਨੁੱਖ ਕਿੰਨੇ ਹੀ ਯਤਨ ਕਿਉਂ ਨਾ ਕਰ ਲਵੇ ਸਤਿਗੁਰੂ ਦੀ ਮਿਹਰ ਤੋਂ ਬਿਨਾਂ ਭਟਕਣ ਨਹੀਂ ਮਿਟ ਸਕਦੀ ਤੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ | ਗੁਰੂ ਸ਼ਬਦ ਨਾਲ ਹੀ ਮਨ ਨਿਰਮਲ ਹੁੰਦਾ ਹੈ ਤੇ ਪਰਮਾਤਮਾ 'ਚ ਟਿਕਦਾ ਹੈ:
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ¨
ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਿ ਪਰਮਾਤਮਾ ਨੇ ਮਨੁੱਖੀ ਤਨ ਇਕ ਖਾਸ ਮਨੋਰਥ ਲਈ ਸਿਰਜਿਆ ਹੈ | ਮਨੁੱਖੀ ਤਨ ਦੀ ਸਿਫਤ ਹੈ ਕਿ ਇਹ ਪਰਮਾਤਮਾ ਦੀ ਪ੍ਰਤੀਤਿ ਕਰ ਸਕਦਾ ਹੈ | ਚੁਰਾਸੀ ਲੱਖ ਜੀਵਾਂ 'ਚੋਂ ਕਿਸੇ ਹੋਰ ਜੀਵ ਅੰਦਰ ਇਹ ਸਮਰਥਾ ਨਹੀਂ ਹੈ | ਮਨੁੱਖ ਦਾ ਮਨ ਪਰਮਾਤਮਾ ਦੇ ਸਰਬ ਵਿਆਪਕ ਰੂਪ ਨੂੰ ਵੇਖ ਸਕਦਾ ਹੈ ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ | ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨ ਲਈ ਮਨੁੱਖ ਨੂੰ ਮਨ ਹੀ ਨਹੀਂ ਅੱਖਾਂ, ਕੰਨ ਤੇ ਰਸਨਾ ਆਦਿਕ ਇੰਦ੍ਰੀਆਂ ਵੀ ਪ੍ਰਾਪਤ ਹੋਈਆਂ | ਸਤਿਗੁਰੂ ਹੀ ਗਿਆਨ ਦਿੰਦਾ ਹੈ ਕਿ ਇਨ੍ਹਾਂ ਸ਼ਕਤੀਆਂ ਦੀ ਮਹੱਤਤਾ ਕੀ ਹੈ ਤੇ ਕਿਵੇਂ ਇਨ੍ਹਾਂ ਦੀ ਵਰਤੋਂ ਕਰ ਪਰਮਾਤਮਾ ਦੀ ਸ਼ਰਨ ਪ੍ਰਾਪਤ ਹੁੰਦੀ ਹੈ | ਅੱਖਾਂ ਸੰਸਾਰ ਦੇ ਰੰਗ ਤਮਾਸ਼ੇ ਵੇਖਣ ਲਈ ਨਹੀਂ ਮਿਲੀਆਂ ਹਨ | ਕੰਨ ਨਿੰਦਾ, ਚੁਗਲੀ , ਕੂੜ੍ਹ ਸੁਣਨ ਲਈ ਨਹੀਂ ਬਣੇ | ਜਿਹਵਾ ਫਰੇਬ, ਝੂਠ, ਕੂੜ੍ਹ ਬੋਲਣ ਲਈ ਨਹੀਂ ਬਖਸ਼ੀ ਗਈ | ਇਨ੍ਹਾਂ ਦੀ ਵਰਤੋਂ ਸੱਚ ਵੇਖਣ ਤੇ ਧਾਰਨ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ | ਮਨੁੱਖ ਜਦੋਂ ਆਪਣੀਆ ਸਾਰੀਆਂ ਸ਼ਕਤੀਆਂ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਤੇ ਉਸ ਦਾ ਹੁਕਮ ਮੰਨਣ 'ਚ ਲਾਉਂਦਾ ਹੈ ਤਾਂ ਹੀ ਉਸ ਦਾ ਜੀਵਨ ਮਨੋਰਥ ਪੂਰਨ ਹੁੰਦਾ ਹੈ | ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ, ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ |
ਬਿਰਧ ਅਵਸਥਾ ਦੇ ਬਾਵਜੂਦ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਤੇ ਸੰਗਤ ਦੀ ਅਣਥਕ ਸੇਵਾ ਕੀਤੀ | ਆਪ ਦਾ ਦਿਨ ਗੁਰੂ ਅੰਗਦ ਦੇਵ ਜੀ ਦੇ ਜਾਗਣ ਤੋਂ ਪਹਿਲਾਂ ਹੀ ਆਰੰਭ ਹੋ ਜਾਂਦਾ ਤੇ ਉਨ੍ਹਾਂ ਦੇ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਹੀ ਪੂਰਾ ਹੁੰਦਾ ਸੀ | ਇਹ ਕੁਝ ਦਿਨਾਂ, ਮਹੀਨਿਆਂ, ਸਾਲ ਦੋ ਸਾਲ ਦਾ ਨਹੀਂ ਬਾਰ੍ਹਾਂ ਸਾਲ ਤੋਂ ਵੀ ਜ਼ਿਆਦਾ ਦਾ ਕਰੜਾ ਤਪ ਸੀ, ਜੋ ਸੇਵਾ ਤੇ ਸਿਮਰਨ ਰੂਪ 'ਚ ਸਿੱਧ ਹੋਇਆ | ਗੁਰੂ ਅਮਰਦਾਸ ਜੀ ਜਾਣਦੇ ਸਨ ਕਿ ਵਿਕਾਰਾਂ ਤੋਂ ਪਾਰ ਪਾਉਣਾ ਸੌਖਾ ਨਹੀਂ | ਆਪ ਨੇ ਸੁਚੇਤ ਕੀਤਾ ਕਿ ਮਨੁੱਖ ਮਾਣ, ਹੰਕਾਰ ਤੋਂ ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ | ਪਰਮਾਤਮਾ ਦਾ ਹੁਕਮ ਹੀ ਵਰਤਦਾ ਹੈ | ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ¨ ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ | ਮਨੁੱਖ ਕਿੰਨੀ ਹੀ ਸੇਵਾ ਕਰ ਲਵੇ, ਸਿਮਰਨ ਕਰ ਲਵੇ ਪਰ ਮਨ ਤੋਂ ਵਿਕਾਰ ਨਾ ਗਏ ਤਾਂ ਸਭ ਨਿਹਫਲ ਹੋ ਜਾਏਗਾ | ਮਨ ਦੀ ਨਿਰਮਲਤਾ ਤੇ ਪਰਮਾਤਮਾ ਲਈ ਸੱਚਾ ਪ੍ਰੇਮ ਹੀ ਭਗਤੀ ਦੀ ਰਾਹ ਹੈ | ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ¨ ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ¨
ਗੁਰੂ ਅਮਰਦਾਸ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਨੂੰ ਦਿ੍ੜ੍ਹ ਕਰਾਉਂਦਿਆਂ ਕਿਹਾ ਕਿ ਭੇਖ ਤੇ ਪਾਖੰਡ ਨਾਲ ਪਰਮਾਤਮਾ ਨਹੀਂ ਮਿਲਦਾ | ਲੋਕ ਖਾਸ ਵੇਸ਼, ਰੂਪ ਧਾਰਨ ਕਰ ਕੇ ਆਪਣੇ-ਆਪ ਨੂੰ ਧਰਮੀ ਸਾਬਤ ਕਰਦੇ ਸਨ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੇ ਨਿੱਜੀ ਮਕਸਦ ਪੂਰੇ ਕਰਦੇ ਸਨ | ਬਹੁਤੇ ਭੇਖ ਕਰੈ ਭੇਖਧਾਰੀ, ਅੰਤਰਿ ਤਿ੍ਸਨਾ ਫਿਰੈ ਅਹੰਕਾਰੀ | ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖ ਦੇ ਗੁਣ ਹੀ ਉਸ ਦੇ ਧਰਮੀ ਹੋਣ ਦੀ ਸੱਚੀ ਤੇ ਪੱਕੀ ਗਵਾਹੀ ਹੁੰਦੇ ਹਨ | ਜੋਗੀਆਂ ਦੇ ਭੇਖ ਦਾ ਜ਼ਿਕਰ ਕਰਦਿਆਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਮਨੁੱਖ ਦੀ ਸੁਚੱਜੀ ਕਿਰਤ ਤੇ ਪਰਉਪਕਾਰੀ ਵਿਰਤੀ ਹੋਵੇ ਤਾਂ ਉਸ ਨੂੰ ਕੰਨਾਂ 'ਚ ਮੁੰਦਰਾਂ ਤੇ ਤਨ 'ਤੇ ਲੰਬਾ ਚੋਲਾ ਪਾਉਣ ਦੀ ਲੋੜ ਨਹੀਂ ਹੁੰਦੀ | ਮਨੁੱਖ ਜੇ ਸੰਸਾਰ 'ਤੇ ਜੀਵਨ ਨੂੰ ਨਾਸ਼ਵਾਨ ਸਮਝ ਲਵੇ ਤਾਂ ਭਸਮ ਚੜ੍ਹਾਉਣ ਦੀ ਲੋੜ ਨਹੀਂ ਪੈਂਦੀ | ਜੋਗੀ ਲੋਕ ਵੀਣਾ ਵਜਾਇਆ ਕਰਦੇ ਸਨ | ਗੁਰੂ ਸਾਹਿਬ ਨੇ ਕਿਹਾ ਕਿ ਮਨ ਪਰਮਾਤਮਾ ਨਾਲ ਜੁੜ ਜਾਏ ਤਾਂ ਆਪ ਹੀ ਅਨਹਦ ਧੁਨ ਵੱਜਣ ਲੱਗ ਪੈਂਦੀ ਹੈ | ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ | ਗੁਰੂ ਅਮਰਦਾਸ ਸਾਹਿਬ ਦਾ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਗੁਰੂ ਸ਼ਬਦ ਦੀ ਪ੍ਰੇਰਣਾ ਸਦਕਾ ਹੋਇਆ ਸੀ | ਗੁਰੂ ਅੰਗਦ ਦੇਵ ਜੀ ਦੇ ਪ੍ਰਤੱਖ ਦਰਸ਼ਨ ਕਰ ਆਪ ਦੇ ਮਨ ਅੰਦਰ ਚੱਲ ਰਹੇ ਵਿਕਾਰਾਂ ਦੇ ਸਾਰੇ ਸ਼ੋਰ ਸ਼ਾਂਤ ਹੋ ਗਏ ਤੇ ਮਨ ਸਹਿਜ ਪ੍ਰੇਮ ਵਿਚ ਆ ਗਿਆ | ਗੁਰੂ ਅਮਰਦਾਸ ਜੀ ਦੀ ਬਾਰ੍ਹਾਂ ਸਾਲ ਦੀ ਸੇਵਾ ਦਰਅਸਲ ਉਨ੍ਹਾਂ ਦੇ ਆਤਮਕ ਗੁਣਾਂ ਤੇ ਸ੍ਰੇਸ਼ਟਤਾ ਦਾ ਪ੍ਰਗਟਾਵਾ ਮਾਤਰ ਸੀ | ਸਤਿਗੁਰੂ ਗਿਆਨ ਦੀ ਬਖਸ਼ਿਸ਼ ਨਾਲ ਸਿੱਖ ਨੂੰ ਗੁਣਾਂ ਦਾ ਧਾਰਨੀ ਬਣਾਉਂਦਾ ਹੈ | ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ¨ ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ¨ ਗੁਰੂ ਦੇ ਬਖ਼ਸ਼ੇ ਗੁਣਾਂ ਨਾਲ ਹੀ ਸਿੱਖਾਂ ਨੇ ਸੇਵਾ ਦੀਆਂ ਮਿਸਾਲਾਂ ਕਾਇਮ ਕੀਤੀਆਂ | ਗੁਰੂ ਦੇ ਬਖ਼ਸ਼ੇ ਗੁਣਾਂ ਨਾਲ ਹੀ ਅਦੁੱਤੀ ਬਲਿਦਾਨਾਂ ਦੇ ਇਤਿਹਾਸ ਰਚੇ ਗਏ | ਉੱਤਮ ਮਤਿ ਤੇ ਅੰਤਰ ਦੀ ਸਹਿਜਤਾ ਬਿਨਾਂ ਇਹ ਸ਼ਾਨਦਾਰ ਵਿਰਸਾ ਨਹੀਂ ਬਣ ਸਕਦਾ ਸੀ, ਜਿਸ 'ਤੇ ਅੱਜ ਅਸੀਂ ਮਾਣ ਕਰਦੇ ਨਹੀਂ ਥੱਕਦੇ | ਗੁਰੂ ਅਮਰਦਾਸ ਸਾਹਿਬ ਨੇ ਸੰਪੂਰਨ ਮਨੁੱਖੀ ਜੀਵਨ ਨੂੰ ਧਰਮ ਦੇ ਦਾਇਰੇ ਅੰਦਰ ਲਿਆਂਦਾ | ਆਪ ਨੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਵਿਆਪਕ ਚੇਤਨਾ ਜਾਗਿ੍ਤ ਕੀਤੀ | ਗੁਰੂ ਦੇ ਲੰਗਰ ਨੂੰ ਗੁਰੂ ਅਮਰਦਾਸ ਸਾਹਿਬ ਨੇ ਸਮਾਜਿਕ ਸਮਾਨਤਾ ਦੀ ਸੋਚ ਨਾਲ ਜੋੜ ਕੇ ਸਿੱਖ ਪੰਥ ਦੀ ਇਕ ਪਾਵਨ ਸੰਸਥਾ ਬਣਾ ਦਿੱਤਾ | ਲੰਗਰ ਸਰੀਰਕ ਭੁੱਖ ਹੀ ਨਹੀਂ ਆਤਮਿਕ ਲੋੜ ਦਾ ਵੀ ਹਿੱਸਾ ਬਣ ਗਿਆ | ਆਪ ਦੀ ਦਿ੍ਸ਼ਟੀ ਸੀ ਕਿ ਮਨੁੱਖ ਹੰਕਾਰ ਤਿਆਗ, ਸਾਂਝੀਵਾਲਤਾ ਦੀ ਭਾਵਨਾ ਧਾਰਨ ਕਰਨ ਤੋਂ ਬਾਅਦ ਹੀ ਗੁਰੂ ਦੇ ਦਰਬਾਰ ਤੱਕ ਪੁੱਜਣ ਦਾ ਹੱਕਦਾਰ ਹੁੰਦਾ ਹੈ | ਅੱਜ ਜਦੋਂ ਵੀ ਕੋਈ ਗੁਰਸਿੱਖ ਆਪਣੀ ਸੇਵਾ 'ਤੇ ਮਾਣ ਕਰਨ ਦੀ ਕੋਸ਼ਿਸ਼ ਕਰੇ ਤਾਂ ਇਕ ਵਾਰ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਨੂੰ ਜ਼ਰੂਰ ਚੇਤੇ ਕਰ ਲਵੇ | ਕੋਈ ਗੁਰਸਿੱਖ ਆਪਣੀ ਭਗਤੀ ਤੇ ਗਿਆਨ ਦੀ ਗੱਲ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਦੇ ਵਚਨ :
ਹਮ ਮੂਰਖ ਮੂਰਖ ਮਨ ਮਾਹਿ¨
ਹਉਮੈ ਵਿਚਿ ਸਭ ਕਾਰ ਕਮਾਹਿ¨

'ਤੇ ਵੀਚਾਰ ਕਰੇ ਕਿਉਂਕਿ ਗਿਆਨ ਤਾਂ ਬਸ ਸਤਿਗੁਰੂ ਹੈ:
ਗੁਰਮਤਿ ਸਾਚੀ ਸਾਚਾ ਵੀਚਾਰੁ¨

-ਈ 1716 , ਰਾਜਾਜੀਪੁਰਮ, ਲਖਨਊ 226017
ਮੋਬਾਈਲ : 9415960533 , 8417852899

ਮਨਮੋਹਕ ਥਾਂ: ਪੁਰਾਤਨ ਕੇਨਵੁੱਡ ਹਾਊਸ

800 ਏਕੜ ਦੀ ਪੰਨੇ ਵਰਗੀ ਹਰਿਆਲੀ ਵਿਚੀਂ ਜਾਂਦੇ ਹੋਏ ਇਹ ਕਹਿਣਾ ਮੁਸ਼ਕਿਲ ਸੀ ਕਿ ਅਸੀਂ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਨੇੜੇ ਹਾਂ | ਅਸੀਂ 'ਕੇਨਵੁੱਡ ਹਾਊਸ' ਵੱਲ ਜਾ ਰਹੇ ਸੀ, ਜੋ ਦੇਖਣਯੋਗ ਖੇਤਰ 'ਹੈਮਸਟੈਡ ਹੀਥ' ਵਿਚ ਸਥਿਤ ਹੈ | 'ਓਲਡ ਮਾਸਟਰਜ਼ ਪੇਂਟਿੰਗਜ਼' (ਸੰਸਾਰ ਦੀਆਂ ਮੁੱਲਵਾਨ ਚਿਤਰਕਲਾਵਾਂ) ਦੇ ਵਿਸ਼ੇ ਬਾਰੇ ਪੜ੍ਹਦੇ ਹੋਏ ਮੈਂ ਡਚ ਚਿੱਤਰਕਾਰ 'ਰੇਮਬਰਾ' ਦਾ ਲੇਖ ਪੜਿ੍ਹਆ, ਜਿਸ ਦਾ ਇਥੇ 'ਖ਼ੁਦ ਹਥੀਂ ਬਣਾਇਆ, ਖ਼ੁਦ ਦਾ ਚਿੱਤਰ' ਪ੍ਰਦਰਸ਼ਿਤ ਹੈ | 17ਵੀਂ ਸ਼ਤਾਬਦੀ ਦੇ ਪੁਰਾਣੇ ਘਰ 'ਤੇ ਬਣਿਆ 18ਵੀਂ ਸ਼ਤਾਬਦੀ ਦਾ ਭਵਨ ਕੇਨਵੁੱਡ ਹਾਊਸ ਇੰਗਲੈਂਡ ਦੇ ਪ੍ਰਸਿੱਧ ਜੱਜ ਮਰੇ ਦਾ ਘਰ ਸੀ ਜੋ ਬਾਅਦ ਵਿਚ 'ਅਰਲ ਆਫ ਮੇਨਸਫੀਲਡ' ਦੀ ਪਦਵੀ ਨਾਲ ਸਨਮਾਨਿਤ ਹੋਏ ਸਨ | ਉਨ੍ਹਾਂ ਨੇ ਉਸ ਸਮੇਂ 'ਚ ਮਨੁੱਖੀ ਗ਼ੁਲਾਮੀ ਦੇ ਖ਼ਾਤਮੇ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਸੀ | ਇਸ ਤੋਂ ਇਲਾਵਾ ਅੱਜ ਕੇਨਵੁੱਡ ਹਾਊਸ ਦੇ ਵਿਸ਼ਾਲ ਪਾਰਕ, ਹਰਮਨਪਿਆਰੀ ਪਿਕਨਿਕ ਥਾਂ ਹੈ, ਜਿਸ ਨੂੰ ਆਪਣੇ ਮੂਲ ਰੂਪ ਵਿਚ ਦੁਬਾਰਾ ਠੀਕ ਕਰ ਦਿੱਤਾ ਗਿਆ ਹੈ | ਨਾਲ ਹੀ ਕੇਨਵੁੱਡ ਹਾਊਸ ਵਿਚ ਵਿਸ਼ਵ ਦੀ 'ਲਾਰਡ-ਆਈਵਿਘ' ਵਲੋਂ ਭੇਟ ਕੀਤੀਆਂ ਗਈਆਂ ਬੇਸ਼ਕੀਮਤੀ ਚਿਤਰਕਲਾਵਾਂ ਦਾ ਘਰ ਵੀ ਹੈ |
ਕੇਨਵੁੱਡ ਹਾਊਸ
ਕੁਝ ਸਮਾਂ ਬਾਅਦ ਨਵੀਨ ਕਲਾਸੀਕਲ ਸ਼ੈਲੀ ਵਿਚ ਬਣਾਏ ਉੱਚੇ ਸਤੰਭਾਂ ਵਾਲਾ ਗੌਰਵਸ਼ਾਲੀ ਵਿਲਾ ਕੇਨਵੁੱਡ ਹਾਊਸ ਦਿਸਿਆ, ਜਿਸ ਦਾ ਵਾਤਾਵਰਨ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ | ਅਸੀਂ ਲਾਰਡ ਮੈਨਸਫੀਲਡ ਦੀ ਉਪਾਧੀ ਨਾਲ ਸਨਮਾਨਿਤ ਜੱਜ ਮਰੇ ਦੇ ਗ੍ਰਹਿ ਵਿਚ ਦਾਖ਼ਲ ਹੋਏ ਜੋ ਗ਼ੁਲਾਮੀ ਦੇ ਖ਼ਾਤਮੇ ਅਤੇ ਔਰਤ ਰੱਖਿਆ ਦੇ ਮਹੱਤਵਪੂਰਨ ਕਾਨੂੰਨ ਬਣਾਉਣ ਵਿਚ ਸਹਾਇਕ ਸੀ | ਘਰ ਦੇ ਮੁੱਖ ਦੁਆਰ 'ਤੇ ਇਕ 'ਵਲੰਟੀਅਰ' ਔਰਤ, ਜਿਸ ਨੂੰ ਸਾਨੂੰ ਘਰ ਦੇਖਣ ਲੈਣ ਜਾਣ ਲਈ ਨਿਯੁਕਤ ਕੀਤਾ ਗਿਆ ਸੀ, ਉਹ ਸਾਨੂੰ ਸਮਾਂ ਮਸ਼ੀਨ ਵਿਚ 1600 ਈਸਵੀ ਵਿਚ ਲੈ ਗਈ ਜਦੋਂ ਇੰਗਲੈਂਡ ਦੇ ਮਹਾਰਾਜਾ ਜੇਮਸ ਪਹਿਲੇ ਦੇ ਪਿ੍ੰਟਰ ਜਾਨ ਬਿੱਲ ਨੇ ਇਹ ਘਰ ਬਣਾਇਆ | ਆਉਣ ਵਾਲੇ ਸਮੇਂ ਵਿਚ ਕੇਨਵੁੱਡ ਹਾਊਸ ਦੇ ਅਨੇਕ ਮਾਲਕ ਬਦਲੇ, ਜਿਨ੍ਹਾਂ ਵਿਚੋਂ ਇਕ ਸਕਾਟਲੈਂਡ ਦੇਸ਼ ਦੇ ਜੱਜ ਵਿਲੀਅਮ ਮਰੇ ਸਨ, ਜਿਨ੍ਹਾਂ ਨੇ 1754 ਵਿਚ ਇਹ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ ਸੀ | ਉਨ੍ਹਾਂ ਨੇ ਪ੍ਰਸਿੱਧ ਅੰਗਰੇਜ਼ੀ ਆਰਕੀਟੈਕਟ ਰੋਬਰਟ ਐਡਮਸ ਨੂੰ ਸਾਧਾਰਨ ਲਾਲ ਇੱਟਾਂ ਦੇ ਆਪਣੇ ਨਿਵਾਸ ਨੂੰ ਸਜਾਉਣ ਲਈ ਬੁਲਾਇਆ ਅਤੇ ਫਿਰ ਆਉਣ ਵਾਲੇ 150 ਸਾਲਾਂ ਤੱਕ ਕੇਨਵੁੱਡ ਹਾਊਸ ਵਿਚ ਜ਼ਿਆਦਾ ਬਦਲਾਅ ਨਹੀਂ ਹੋਏ, ਚਾਹੇ ਛੋਟੀ ਉਮਰ ਵਿਚ ਜੱਜ ਮਰੇ ਖ਼ੁਦ ਚਲ ਵਸੇ ਸਨ |
ਕਲਾਤਮਕ ਉੱਤਰ ਫਰੰਟ ਥਾਂ
ਕੇਨਵੁੱਡ ਹਾਊਸ ਦੇ ਗ੍ਰਾਊਾਡ ਫਲੋਰ ਅਤੇ ਪਹਿਲੀ ਮੰਜ਼ਿਲ ਦੇ ਜ਼ਿਆਦਾਤਰ ਕਮਰੇ ਆਰਟ ਗੈਲਰੀ ਦੇ ਪ੍ਰਸਿੱਧ ਚਿੱਤਰਾਂ ਦੀ ਲੜੀ ਨਾਲ ਸਜੇ ਹੋਏ ਹਨ | ਸਾਨੂੰ ਦੱਸਿਆ ਗਿਆ ਕਿ 1922 ਦੀਆਂ ਪੁਰਾਣੀਆਂ ਫੋਟੋਆਂ ਨੂੰ ਦੇਖ ਕੇ ਪ੍ਰਵੇਸ਼ ਹਾਲ ਨੂੰ ਦੁਬਾਰਾ ਸਜਾਇਆ ਗਿਆ | ਇਥੋਂ ਤੱਕ ਕਿ ਦੀਵਾਰ ਅਤੇ ਛੱਤ ਦੇ ਰੰਗ ਵੀ ਮੂਲ ਕਮਰੇ ਦਾ ਪ੍ਰਤੀਬਿੰਬ ਹਨ | ਇਹ ਹਾਲ ਜੱਜ ਲਾਰਡ ਮੈਨਸਫੀਲਡ ਦਾ ਡਾਈਨਿੰਗ ਰੂਮ (ਭੋਜਨ ਖਾਣ ਵਾਲਾ ਕਮਰਾ) ਸੀ | ਕਲਪਨਾ ਵਿਚ ਅਸੀਂ ਦੇਖਿਆ ਕਿ ਇਥੇ ਲਾਰਡ ਮੈਨਸਫੀਲਡ ਇੰਗਲੈਂਡ ਦੇ ਮਹਾਰਾਜਾ ਜਾਰਜ ਤੀਜੇ ਅਤੇ ਉਨ੍ਹਾਂ ਦੀ ਪਤਨੀ ਸ਼ਾਲਰੇਟ ਦੇ ਨਾਲ ਭੋਜਨ ਦਾ ਆਨੰਦ ਲੈ ਰਹੇ ਹਨ | ਸਮੇਂ-ਸਮੇਂ 'ਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਦਾ, ਰਾਜਸੀ ਆਗੂਆਂ, ਨਿਆਂ ਨਾਲ ਜੁੜੇ ਵਿਅਕਤੀਆਂ ਤੇ ਹੋਰ ਮੁਹਾਰਤ ਵਾਲੇ ਕਲਾਕਾਰਾਂ-ਚਿੱਤਰਕਾਰਾਂ ਦੇ ਵਿਸ਼ੇਸ਼ ਭੋਜਨ ਇਸ ਹਾਲ ਵਿਚ ਆਯੋਜਿਤ ਕੀਤੇ ਜਾਂਦੇ ਸਨ |
ਫਿਰ ਅਸੀਂ 'ਗ੍ਰੇਟ ਸਟੇਅਰ ਕੇਸ' (ਸੁੰਦਰ ਵਿਸ਼ਾਲ ਪੌੜੀਆਂ) ਦੇ ਅੱਗੋਂ ਦੀ ਹੋ ਕੇ ਇਕ ਛੋਟੇ ਕਮਰੇ 'ਐਾਟੀ ਚੈਂਬਰ' ਵਿਚ ਗਏ, ਜਿਸ ਨੂੰ ਆਪਣੇ ਮੂਲ ਰੰਗ ਵਿਚ ਪੇਂਟ ਕੀਤਾ ਗਿਆ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਦਾ ਦਿਸਦਾ ਸੀ ਜਿਵੇਂ 18ਵੀਂ ਸਦੀ ਵਿਚ ਸੀ | ਉਥੇ ਅਸੀਂ ਸ਼ਾਨਦਾਰ ਲਾਇਬ੍ਰੇਰੀ ਵਿਚ ਦਾਖ਼ਲ ਹੋਏ ਜੋ ਆਪਣੇ ਵਿਸਤਾਰ ਦੇ ਕਾਰਨ 'ਗ੍ਰੇਟ ਰੂਮ' ਵੀ ਕਹਾਉਂਦੀ ਹੈ | ਲਾਇਬ੍ਰੇਰੀ ਦੀ ਛੱਤ 'ਤੇ ਅਤਿ ਸੁੰਦਰ, ਹਲਕੇ ਗੁਲਾਬੀ ਅਤੇ ਹਲਕੇ ਸਲੇਟੀ ਰੰਗ ਦਾ ਸਜਾਵਟੀ ਪਲਾਸਟਰ ਕੰਮ ਕੀਤਾ ਹੋਇਆ ਸੀ | ਹੋਰ ਚਿੱਤਰ ਪਲਾਸਟਰ ਵਰਕ ਤੋਂ ਇਲਾਵਾ ਚਾਰ ਚੱਕਰਾਂ ਦੇ ਅੰਦਰ ਚਾਰ ਮੌਸਮਾਂ ਦਾ ਵਿਸ਼ੇਸ਼ ਚਿਤਰਣ ਹੈ, ਜੋ ਅਤਿ ਪ੍ਰਸੰਸਾਯੋਗ ਹੈ | ਜੀਵੰਤ ਛੱਤ ਨੂੰ ਜਿਵੇਂ ਸਹਾਰਾ ਦਿੰਦੇ ਹੋਏ ਉੱਚੇ ਆਕਰਸ਼ਕ ਸਤੰਭ ਹਨ, ਜੋ ਆਰਕੀਟੈਕਟ ਰੋਬਰਟ ਐਡਮ ਦੇ ਪ੍ਰਸਿੱਧ ਸਟਾਈਲ ਦਾ ਇਕ ਰੂਪ ਹੈ | ਪੁਸਤਕਾਂ, ਉਨ੍ਹਾਂ ਦੀਆਂ ਅਲਮਾਰੀਆਂ, ਸੁਨਹਿਰੀ ਲਾਈਨਿੰਗ ਵਾਲੇ ਫਰਨੀਚਰ, ਸ਼ੀਸ਼ੇ, ਪਰਦੇ ਸਭ ਕੁਝ ਲਾਇਬ੍ਰੇਰੀ ਦੀ ਕਲਾਤਮਕ ਦਿਖ ਨੂੰ ਵਧਾ ਰਹੇ ਸਨ |
ਓਲਡ ਮਾਸਟਰਜ਼ ਪੇਂਟਿੰਗ : ਮੁੱਲਵਾਨ ਚਿੱਤਰਕਲਾਵਾਂ
ਇਸ ਤੋਂ ਬਾਅਦ ਅਸੀਂ ਕੇਨਵੁੱਡ ਹਾਊਸ ਦੇ ਦੂਜੇ ਪਾਸੇ ਬਣੇ ਸੁੰਦਰ ਡਾਈਨਿੰਗ ਹਾਲ ਵੱਲ ਗਏ | ਦਰਵਾਜ਼ੇ ਦੀ ਬਾਰੀਕ ਨਕਾਸ਼ੀ ਅਤੇ ਉਸ ਦੇ ਬਾਹਰ ਸਜੀ ਸੁਨਹਿਰੀ ਘੜੀ ਦੇਖਣਯੋਗ ਹੈ | ਸੁਨਹਿਰੇ ਅਤੇ ਮਜੰਟਾ ਰੰਗ ਵਿਚ ਸਜਿਆ ਕਮਰਾ ਕਿਸੇ ਸ਼ਾਹੀ ਥਾਂ ਤੋਂ ਘੱਟ ਨਹੀਂ ਹੈ, ਜੋ ਸਾਲ 2000 ਵਿਚ ਹੋਈ ਦੁਬਾਰਾ ਸਜਾਵਟ ਤੋਂ ਬਾਅਦ ਕਲਾਤਮਕ ਡ੍ਰਾਇੰਗ ਰੂਮ ਜਿਹਾ ਦਿਸਦਾ ਹੈ | ਇਥੇ ਅਰਲ ਲਾਰਡ ਆਈਵਿਘ ਵਲੋਂ ਭੇਟ ਕੀਤੀ 'ਓਲਡ ਮਾਸਟਰਜ਼ ਪੇਂਟਿੰਗਜ਼' ਮੁੱਲਵਾਨ ਚਿਤਰਕਲਾਵਾਂ ਦਾ ਸੰਗ੍ਰਹਿ ਪ੍ਰਦਰਸ਼ਿਤ ਹੈ, ਜਿਸ ਲਈ ਕਮਰੇ ਦੀ ਸਜਾਵਟ ਅਨੁਕੂਲ ਹੈ | ਲਾਰਡ ਆਈਵਿਘ ਪ੍ਰਸਿੱਧ ਬਰੂਰੀ ਮਿਨਿਸ ਦੇ ਧਨਾਢ ਪਰਿਵਾਰ ਤੋਂ ਸੀ, ਜਿਨ੍ਹਾਂ ਨੇ ਕੇਨਵੁੱਡ ਹਾਊਸ ਨੂੰ ਢਹਿ ਜਾਣ ਤੋਂ ਬਚਾਇਆ ਅਤੇ ਉਹ ਕੇਨਵੁੱਡ ਹਾਊਸ ਦੇ ਆਖਰੀ ਮਾਲਿਕ ਵੀ ਸਨ | ਅੰਗਰੇਜ਼ੀ ਵਪਾਰੀ ਤੇ ਲੋਕ ਉਪਕਾਰੀ ਵਿਅਕਤੀ ਲਾਰਡ ਆਈਵਿਘ ਨੇ 1925 ਵਿਚ ਭਵਨ ਨੂੰ ਖਰੀਦਿਆ ਸੀ ਪਰ 1928 ਵਿਚ ਹੀ ਉਹ ਚਲ ਵਸੇ ਤਾਂ ਕੇਨਵੁੱਡ ਹਾਊਸ ਨੂੰ ਜਨਤਕ ਥਾਂ ਐਲਾਨ ਕੀਤਾ ਗਿਆ | ਉਨ੍ਹਾਂ ਨੇ ਆਪਣੇ ਦੇਸ਼ ਦੇ ਕਲਾ ਪ੍ਰੇਮੀਆਂ ਅਤੇ ਸੈਲਾਨੀਆਂ ਲਈ ਆਪਣੀ ਨਿੱਜੀ ਬਹੁਕੀਮਤੀ ਚਿੱਤਰਕਲਾ ਸੰਗ੍ਰਹਿ ਦਾਨ ਕਰ ਦਿੱਤਾ ਸੀ, ਜੋ ਉਦੋਂ ਤੋਂ ਅੱਜ ਤੱਕ ਇਥੇ ਪ੍ਰਦਰਸ਼ਿਤ ਹੈ | ਇਥੇ ਸਾਨੂੰ ਪ੍ਰਸਿੱਧ 'ਪੇਂਟਰ ਰੈਮਬਰਾ' ਦਾ ਖ਼ੁਦ ਬਣਾਇਆ 'ਸੈਲਫ ਪੋਟ੍ਰੇਟ' ਵੀ ਮਿਲਿਆ, ਜੋ 'ਰੈਮਬਰਾ' ਵਲੋਂ ਬਣਾਏ 40 'ਸੈਲਫ ਪੋਟ੍ਰੇਟ' ਵਿਚੋਂ ਇਕ ਹੈ, ਜੋ ਕੈਨਵਸ 'ਤੇ ਆਇਲ ਚਿਤਰਕਲਾ ਦਾ ਅਤਿ ਸੁੰਦਰ ਨਮੂਨਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਸ਼ੇਰ-ਏ-ਪੰਜਾਬ ਦੀ ਪੁਲ ਕੰਜਰੀ ਨਾਲ ਜੁੜੀ ਦਾਸਤਾਨ

ਇਤਿਹਾਸਕ ਸ਼ਹਿਰ ਅੰਮਿ੍ਤਸਰ ਵਿਖੇ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਸੈਲਾਨੀ ਪੰਜਾਬ ਦੀ ਵਿਲੱਖਣ ਵਿਰਾਸਤ ਦੇ ਰੂ-ਬ-ਰੂ ਹੋਣ ਲਈ ਫੇਰਾ ਪਾਉਂਦੇ ਹਨ | ਪੰਜਾਬ ਟੂਰਿਜ਼ਮ ਦੇ ਮੁੱਖ ਕੇਂਦਰ ਅੰਮਿ੍ਤਸਰ ਦੇ ਲਾਗੇ -ਬੰਨੇ ਕੁਝ ਸਥਾਨ ਅਜਿਹੇ ਵੀ ਹਨ, ਜਿਨ੍ਹਾਂ ਤੋਂ ਸੈਲਾਨੀ ਅਜੇ ਅਨਜਾਣ ਹਨ | ਇਨ੍ਹਾਂ ਸਥਾਨਾਂ ਵਿਚੋਂ ਹੀ ਇਕ ਹੈ ਪੁਲ ਕੰਜਰੀ |
ਪੁਲ ਕੰਜਰੀ (ਪੁਲ ਮੋਰਾਂ) ਲਹਿੰਦੇ ਪੰਜਾਬ ਵੱਲ ਨੂੰ ਭਾਰਤ-ਪਾਕਿਸਤਾਨ ਰੈੱਡਕਲਿੱਫ ਬਾਰਡਰ ਦੇ ਨਾਲ ਅਟਾਰੀ ਤੋਂ ਛੇ ਕੋਹ ਦੀ ਦੂਰੀ 'ਤੇ ਹੈ | ਇਸ ਇਤਿਹਾਸਕ ਜਗ੍ਹਾ ਦਾ ਇਹ ਨਾਂਅ ਪੈਣ ਪਿੱਛੇ ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਨਾਂਅ ਦੀ ਨਾਚੀ ਨਾਲ ਜੁੜੀ ਪ੍ਰੇਮ ਕਹਾਣੀ ਹੈ |
ਮੋਰਾਂ ਤਵਾਇਫ਼ ਘਰਾਣੇ ਨਾਲ ਸਬੰਧਿਤ ਅੰਮਿ੍ਤਸਰ ਦੇ ਪਿੰਡ ਮੱਖਣਪੁਰ ਦੇ ਵਸਨੀਕ ਮਲਕ ਸ਼ਮਸਉਦੀਨ ਅਲੀ ਮੁਹੰਮਦ ਉਰਫ਼ ਮੀਆਂ ਸਮਦੂ ਤੇ ਮਾਂ ਜ਼ੁਬੈਦਾ ਖ਼ਾਨਮ ਦੀ ਧੀ ਸੀ |
ਮੋਰਾਂ ਦੇ ਨਾਂਅ ਸਬੰਧੀ ਬਲਰਾਜ ਸਿੰਘ ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਵਿਚ ਲਿਖਿਆ ਹੈ ਕਿ ਮੋਰਾਂ ਦਾ ਅਸਲ ਨਾਂਅ ਮੁਮਤਾਜ ਸੀ, ਜੋ ਕਿ ਨਾਚ ਸਿੱਖਣ ਸਮੇਂ ਮੋਰਨੀ ਦੀ ਤਰ੍ਹਾਂ ਨੱਚਦੀ ਹੋਣ 'ਤੇ ਉਸਤਾਦ ਉਸ ਨੂੰ ਮੋਰਨੀ ਆਖਣ ਲੱਗਾ | ਸਮਾਂ ਪਾ ਕੇ ਮੋਰਨੀ ਤੋਂ ਮੋਰਾਂ ਨਾਂਅ ਮਕਬੂਲ ਹੋ ਗਿਆ |
ਜਦੋਂ ਭੰਗੀ ਸਰਦਾਰਾਂ ਤੋਂ ਤੰਗ ਆ ਚੁੱਕੇ ਆਵਾਮ ਵਲੋਂ ਲਾਹੌਰ 'ਤੇ ਕਾਬਜ਼ ਹੋਣ ਲਈ ਸੱਦਾ ਘੱਲਣ 'ਤੇ ਲਾਹੌਰੀ ਦਰਵਾਜ਼ੇ ਦੇ ਦਰਬਾਨ ਮਿਹਰ ਮੋਹਕਮ ਦੀਨ ਦੀ ਮਦਦ ਨਾਲ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਲਾਹੌਰ 'ਤੇ ਕਾਬਜ਼ ਹੋ ਗਏ ਤਾਂ ਇਸ ਜਿੱਤ ਦੀ ਖੁਸ਼ੀ ਵਿਚ ਜਸ਼ਨ ਹੋਇਆ | ਇਸ ਜਸ਼ਨ ਵਿਚ ਰੋਜ਼ਮਰ੍ਹਾ ਦੀ ਜ਼ਿੰਦਗੀ 'ਚੋਂ ਸਮਾਂ ਕੱਢ ਮਹਾਰਾਜਾ ਰਣਜੀਤ ਸਿੰਘ ਵੀ ਸ਼ਰੀਕ ਹੋਏ | ਇਸ ਜਸ਼ਨ ਵਿਚ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਸੀ ਅੰਮਿ੍ਤਸਰ ਦੀ ਮਸ਼ਹੂਰ ਨਾਚੀ ਮੋਰਾਂ ਦਾ ਮੁਜ਼ਰਾ | ਮੋਰਾਂ ਤਵਾਇਫ਼ ਇਕ ਕੁਸ਼ਲ ਨ੍ਰਤਕੀ ਦੇ ਨਾਲ-ਨਾਲ ਅੱਤ ਦੀ ਸੋਹਣੀ ਵੀ ਸੀ |
ਨਿਰਮਲ ਅਰਪਨ ਮੋਰਾਂ ਦੀ ਸੁੰਦਰਤਾ ਨੂੰ ਆਪਣੇ ਬਾ-ਕਮਾਲ ਅਲਫਾਜ਼ ਵਿਚ ਪਰੋਂਦੇ ਹੋਏ ਮੋਰਾਂ ਨੂੰ ਜਿਸਮ ਦੇ ਮਾਧਿਅਮ ਨਾਲ ਲਿਖੀ ਗਈ ਖ਼ੂਬਸੂਰਤ ਇਬਾਰਤ ਆਖਦੇ ਹਨ |
ਇਸ ਸ਼ਾਮ-ਏ-ਜਸ਼ਨ ਵਿਚ ਸਾਜ਼, ਨਾਚ 'ਤੇ ਆਵਾਜ਼ ਦੇ ਜਾਦੂ ਨਾਲ ਮੋਰਾਂ ਦੀ ਸੁੰਦਰਤਾ ਨੇ ਮਹਾਰਾਜਾ ਨੂੰ ਬਹੁਤ ਪ੍ਰਭਾਵਿਤ ਕੀਤਾ | ਮੋਰਾਂ ਭਾਵੇਂ ਇਸ ਪੇਸ਼ਕਾਰੀ ਬਾਅਦ ਚਲੀ ਗਈ ਪਰ ਉਹ ਮਹਾਰਾਜੇ ਦੇ ਦਿਲ ਵਿਚ ਘਰ ਕਰ ਗਈ |
ਇਸ ਸ਼ਾਮ ਤੋਂ ਬਾਅਦ ਭਾਵੇਂ ਹਰ ਬੰਨੇ ਖ਼ੁਸ਼ੀ ਦੀ ਲਹਿਰ ਸੀ ਪਰ ਮੋਰਾਂ ਦੀ ਹੋਂਦ ਬਿਨਾਂ ਮਹਾਰਾਜਾ ਉਪਰਾਮਤਾ ਦੇ ਮਾਹੌਲ ਵਿਚ ਮੋਰਾਂ ਬਾਰੇ ਸੋਚਦਾ ਮੋਰਾਂ ਨੂੰ ਆਪਣੀ ਜ਼ਿੰਦਗੀ ਵਿਚ ਲਿਆਉਣ ਦੀ ਤਮੰਨਾ ਨੂੰ ਰਵੇਲ ਸਿੰਘ ਨਾਲ ਸਾਂਝਾ ਕਰਦੇ ਹਨ ਪਰ ਰਵੇਲ ਸਿੰਘ ਇਸ ਕੰਮ ਨੂੰ ਨੇਪਰੇ ਚਾੜ੍ਹਨ ਤੋਂ ਅਸਮਰਥ ਰਹਿੰਦਾ ਹੈ | ਫੇਰ ਸ: ਲਹਿਣਾ ਸਿੰਘ ਨੇ ਮੋਰਾਂ ਦੀ ਮਾਂ ਜ਼ੁਬੈਦਾਂ ਨਾਲ ਗੱਲਬਾਤ ਕਰਕੇ ਗੱਲ ਰਾਹੇ ਪਾਈ | 1802 ਈ: ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਰੀਤੀ ਰਿਵਾਜਾਂ ਤਹਿਤ ਵਿਆਹ ਕਰਵਾਇਆ | ਮੰਨਿਆ ਜਾਂਦਾ ਹੈ ਕਿ ਮੁਜਰਾ ਦੇਖਣ ਆਦਿ ਦੀ ਵਜ੍ਹਾ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਵੀ ਮਹਾਰਾਜਾ ਨੂੰ ਤਨਖਾਹੀਆ ਕਰਾਰ ਦਿੱਤਾ ਤੇ ਦਰਖੱਤ ਨਾਲ ਬੰਨ੍ਹ ਕੋੜ੍ਹੇ ਮਾਰੇ ਜਾਣ ਦੀ ਸਜ਼ਾ ਲਾਈ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਸਹਾਇਕ ਪ੍ਰੋਫ਼ੈਸਰ, ਖ਼ਾਲਸਾ ਕਾਲਜ ਅੰਮਿ੍ਤਸਰ
ਮੋਬਾਈਲ : 99150-49009.

ਚੇਤਿਆਂ 'ਚ ਵਸਿਆ ਪੁਰਾਣਾ ਘਰ ਤੇ ਚਿੜੀਆਂ

ਇਹ ਗੱਲ ਲਗਪਗ ਪੰਝੀ ਕੁ ਸਾਲ ਪੁਰਾਣੀ ਹੈ, ਉਦੋਂ ਸਾਡਾ ਘਰ ਕੱਚਾ ਹੁੰਦਾ ਸੀ, ਸਾਡੇ ਕਮਰਿਆਂ ਦੀਆਂ ਛੱਤਾਂ ਲੱਕੜ ਦੇ ਬਾਲਿਆਂ ਉੱਪਰ ਫੱਟੇ ਰੱਖ ਕੇ ਅਤੇ ਉਨ੍ਹਾਂ ਹੇਠਾਂ ਅੱਧ ਵਿਚਕਾਰੋਂ ਲੋਹੇ ਦੇ ਗਾਡਰ ਦਾ ਆਸਰਾ ਦੇ ਕੇ ਅਤੇ ਉੱਪਰੋਂ ਮਿੱਟੀ, ਗੋਹੇ ਅਤੇ ਤੂੜੀ ਦੇ ਮਿਸ਼ਰਣ ਦੀ ਲਿਪਾਈ ਕਰਕੇ ਬਣੀਆਂ ਹੋਈਆਂ ਸਨ | ਘਰ ਖੁੱਲ੍ਹਾ ਹੋਣ ਕਾਰਨ ਸਰਦੀਆਂ ਦੇ ਮੌਸਮ ਵਿਚ ਵਿਹੜੇ ਵਿਚ ਧੁੱਪ ਬਹੁਤ ਆਉਂਦੀ ਸੀ ਤੇ ਗਰਮੀਆਂ ਵਿਚ ਕਮਰਿਆਂ ਦੀਆਂ ਛੱਤਾਂ ਮਿੱਟੀ ਦੀਆਂ ਹੋਣ ਕਾਰਨ ਠੰਢੇ ਰਹਿੰਦੇ ਸਨ | ਮੈਂ ਉਦੋਂ ਮਸਾਂ ਪੰਜ-ਛੇ ਸਾਲ ਦਾ ਸੀ | ਸਾਡੇ ਘਰ ਦਾ ਖੁੱਲ੍ਹਾ ਵਿਹੜਾ ਹੁੰਦਾ ਸੀ ਤੇ ਘਰ ਦੇ ਬਿਲਕੁਲ ਨਾਲ ਬਾਹਰਲੇ ਪਾਸੇ ਇਕ ਪਿੱਪਲ ਦਾ ਬਹੁਤ ਵੱਡਾ ਦਰੱਖਤ ਸੀ, ਜੋ ਕਿ ਸਾਡੇ ਘਰ ਦੇ ਵਿਹੜੇ ਵੱਲ ਉਲਰਿਆ ਹੋਇਆ ਸੀ | ਕੁੱਲ ਮਿਲਾ ਕੇ ਘਰ ਦੇ ਅੰਦਰਲਾ ਤੇ ਬਾਹਰਲਾ ਵਾਤਾਵਰਨ ਬੜਾ ਹੀ ਕੁਦਰਤੀ, ਰਮਣੀਕ ਤੇ ਦਿਲਖਿੱਚਵਾਂ ਸੀ | ਵੱਡਾ ਦਰੱਖਤ ਹੋਣ ਕਰਕੇ ਪੰਛੀਆਂ ਦੀ ਚਹਿਲ-ਪਹਿਲ ਸਾਰਾ ਦਿਨ ਲੱਗੀ ਰਹਿੰਦੀ ਸੀ |
ਇਨ੍ਹਾਂ ਪੰਛੀਆਂ ਵਿਚ ਦੋ ਪੰਛੀ ਮੈਨੂੰ ਬਹੁਤ ਹੀ ਸੁੰਦਰ ਤੇ ਪਿਆਰੇ ਲਗਦੇ ਉਹ ਸਨ, ਤੋਤੇ ਤੇ ਚਿੜੀਆਂ | ਘਰ ਦੀਆਂ ਛੱਤਾਂ ਕੱਚੀਆਂ ਹੋਣ ਕਾਰਨ ਬਹੁਤ ਸਾਰੀਆਂ ਚਿੜੀਆਂ ਨੇ ਲੱਕੜ ਦੇ ਬਾਲਿਆਂ ਵਿਚ ਆਪਣੇ ਆਲ੍ਹਣੇ ਬਣਾਏ ਹੋਏ ਸਨ | ਕਮਰਿਆਂ ਦੇ ਇਕ-ਦੋ ਰੋਸ਼ਨਦਾਨ ਟੁੱਟੇ ਹੋਣ ਕਾਰਨ ਇਨ੍ਹਾਂ ਚਿੜੀਆਂ ਦਾ ਕਮਰੇ ਵਿਚ ਪ੍ਰਵੇਸ਼ ਕਰਨ ਦਾ ਰਸਤਾ ਇਹੀ ਹੁੰਦਾ ਸੀ | ਇਹ ਨਿੱਕੀਆਂ ਨਿੱਕੀਆਂ ਮਾਸੂਮ ਚਿੜੀਆਂ ਕਮਰੇ ਵਿਚ ਕਾਫੀ ਸੋਹਣਾ ਮਾਹੌਲ ਸਿਰਜਦੀਆਂ ਸਨ | ਇਨ੍ਹਾਂ ਦੀ ਚੀਂ-ਚੀਂ ਬੜੀ ਹੀ ਸੰਗੀਤਕ ਹੁੰਦੀ ਸੀ | ਹਰ ਰੋਜ਼ ਸਵੇਰੇ ਅੰਮਿ੍ਤ ਵੇਲੇ ਲਗਪਗ ਚਾਰ-ਪੰਜ ਵਜੇ ਹੀ ਇਨ੍ਹਾਂ ਚਿੜੀਆਂ ਦੀ ਆਪਣੇ ਆਲ੍ਹਣਿਆਂ ਵਿਚ ਹਲਚਲ ਸ਼ੁਰੂ ਹੋ ਜਾਂਦੀ ਸੀ, ਠੀਕ ਉਸੇ ਸਮੇਂ ਮੇਰੇ ਮਾਤਾ ਜੀ ਰੇਡੀਓ ਲਗਾ ਦਿਆ ਕਰਦੇ ਸਨ, ਜਿਸ 'ਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮਿ੍ਤਸਰ ਤੋਂ ਅੰਮਿ੍ਤ ਵੇਲੇ ਦੇ ਸ਼ਬਦ ਕੀਰਤਨ ਦਾ ਆਲ ਇੰਡੀਆ ਰੇਡੀਓ, ਜਲੰਧਰ ਸਟੇਸ਼ਨ ਤੋਂ ਸਿੱਧਾ ਪ੍ਰਸਾਰਣ ਚੱਲ ਰਿਹਾ ਹੁੰਦਾ ਸੀ | ਰੇਡੀਓ ਤੋਂ ਗੁਰਬਾਣੀ ਦੀ ਰਸ-ਭਿੰਨੀ ਮਧੁਰ ਅਵਾਜ਼ ਤੇ ਚਿੜੀਆਂ ਦੀ ਅਵਾਜ਼ ਸਚਮੁਚ ਹੀ ਇਕ 'ਸ਼ੁਭ ਸਵੇਰ' ਦਾ ਆਗ਼ਾਜ਼ ਕਰਦੀਆਂ ਸਨ | ਹਲਕੀ-ਹਲਕੀ ਪਹੁ-ਫੁੱਟਣ 'ਤੇ ਇਹ ਚਿੜੀਆਂ ਆਲ੍ਹਣਿਆਂ ਵਿੱਚੋਂ ਨਿਕਲ ਜਾਂਦੀਆਂ ਸਨ | ਇਨ੍ਹਾਂ ਦੀਆਂ ਸੁਰੀਲੀਆਂ ਅਵਾਜ਼ਾਂ ਨਾਲ ਮੈਂ ਵੀ ਜਾਗ ਜਾਇਆ ਕਰਦਾ ਸੀ | ਜਦ ਵੀ ਕੋਈ ਨਵੀਂ ਚਿੜੀ ਛੱਤ ਵਿਚ ਕਿਤੇ ਆਲ੍ਹਣਾ ਬਣਾਉਣ ਦਾ ਯਤਨ ਕਰਦੀ ਤਾਂ ਉਹ ਬਾਹਰੋਂ ਤੀਲਿਆਂ-ਤਿਣਕਿਆਂ ਆਦਿ ਨੂੰ ਇਕੱਠਾ ਕਰ ਕੇ, ਇਕ-ਇਕ ਕਰ ਕੇ ਬਾਲਿਆਂ ਅਤੇ ਲੋਹੇ ਦੇ ਗਾਡਰ ਵਿਚਕਾਰਲੀ ਥਾਂ 'ਤੇ ਜਮ੍ਹਾਂ ਕਰਦੀ | ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਆਲ੍ਹਣੇ ਚਿੜੀਆਂ ਦੀਆਂ ਰਿਹਾਇਸ਼ਗਾਹਾਂ ਬਣਦੇ | ਇਹ ਚਿੜੀਆਂ ਇਨ੍ਹਾਂ ਆਲ੍ਹਣਿਆਂ ਵਿਚ ਜਦ ਆਂਡੇ ਦਿੰਦੀਆਂ ਤਾਂ ਕੁਝ ਦਿਨਾਂ ਬਾਅਦ ਉਨ੍ਹਾਂ ਵਿੱਚੋਂ ਨਿੱਕੇ-ਨਿੱਕੇ ਬੋਟ ਨਿਕਲਦੇ | ਚਿੜੀਆਂ ਆਪਣੇ ਇਨ੍ਹਾਂ ਨਿੱਕੇ-ਨਿੱਕੇ ਬੋਟਾਂ ਲਈ ਬਾਹਰੋਂ ਦਾਣਾ ਚੁਗ ਕੇ ਲਿਆਉਂਦੀਆਂ ਤੇ ਉਨ੍ਹਾਂ ਬੋਟਾਂ ਦੇ ਮੂੰਹਾਂ ਵਿਚ ਪਾਉਂਦੀਆਂ ਸਨ | ਇਹ ਦਿ੍ਸ਼ ਵੇਖ ਕੇ ਮੈਨੂੰ ਇੰਜ ਲੱਗਦਾ ਜਿਵੇਂ ਕੁਦਰਤ ਮੇਰੇ ਅੰਗ-ਸੰਗ ਖੇਡਦੀ | ਕਾਦਰ ਦੀ ਕੁਦਰਤ ਦਾ ਜਲਵਾ ਇਹ ਨਿੱਕੇ ਨਿੱਕੇ ਪੰਛੀ ਬਿਖੇਰਦੇ |
ਸਮਾਂ ਬੀਤਦਾ ਗਿਆ | ਮੈਂ ਬਚਪਨ ਤੋਂ ਜਵਾਨੀ ਵੱਲ ਪ੍ਰਵੇਸ਼ ਕਰ ਗਿਆ | ਪਰਿਵਾਰਕ ਜ਼ਰੂਰਤਾਂ ਕਾਰਨ ਅਸੀਂ ਘਰ ਵੀ ਬਦਲ ਲਿਆ | ਸ਼ਹਿਰੀ ਜੀਵਨ ਦੀ ਤਰਜ਼ਮਾਨੀ ਕਰਦਾ ਹੋਇਆ ਬਦਲਿਆ ਹੋਇਆ ਨਵਾਂ ਘਰ ਸੀਮੈਂਟ, ਬਜਰੀ ਤੇ ਸਰੀਏ ਦੇ ਪੱਕੇ ਲੈਂਟਰ ਦਾ ਸੀ | ਪਿੱਪਲ ਦਾ ਦਰੱਖਤ ਤਾਂ ਦੂਰ, ਇੱਥੇ ਬੰਦ ਕਮਰਿਆਂ ਵਿਚ ਅਸਮਾਨ ਵੀ ਨਹੀਂ ਦਿੱਸਦਾ | ਇਕ ਦਿਨ ਮੈਂ ਬੈੱਡ 'ਤੇ ਲੇਟੇ ਪਏ ਨੇ ਛੱਤ ਵੱਲ ਤੱਕਿਆ ਤਾਂ ਉਸ ਵਿਚ ਨਾ ਤਾਂ ਬਾਲੇ ਸਨ ਤੇ ਨਾ ਹੀ ਉਹ ਚਿੜੀਆਂ ਦੇ ਆਲ੍ਹਣੇ | ਰੌਸ਼ਨਦਾਨ ਦੇ ਸ਼ੀਸ਼ੇ ਵੀ ਪੱਕੇ ਜੜੇ ਹੋਏ ਸਨ |
ਚਿੜੀਆਂ ਦਾ ਚਹਿਕਣਾ, ਉਨ੍ਹਾਂ ਦਾ ਆਲ੍ਹਣੇ ਬਣਾਉਣਾ, ਪਹੁ-ਫੁੱਟਣ 'ਤੇ ਸ਼ੋਰ ਮਚਾਉਣਾ ਆਦਿ ਸਭ ਦਿ੍ਸ਼ ਹੁਣ ਪਰੀ ਕਹਾਣੀਆਂ ਦਾ ਹਿੱਸਾ ਜਿਹਾ ਲੱਗਦਾ ਹੈ | ਕੁਦਰਤ ਜਿਹੜੀ ਸਦਾ ਅੰਗ-ਸੰਗ ਖੇਡਦੀ ਸੀ, ਉਹ ਹੁਣ ਰੁੱਸੀ-ਰੁੱਸੀ ਜਾਪਦੀ ਲਗਦੀ ਸੀ | ਸ਼ਹਿਰੀਕਰਨ ਤੇ ਆਧੁਨਿਕਤਾ ਦੇ ਪ੍ਰਭਾਵ ਨੇ ਜਿਵੇਂ ਸੁਹਜਮਈ ਜੀਵਨ ਨੂੰ ਲੁਕੋ ਲਿਆ ਲਗਦਾ ਹੈ | ਦੂਜੀ ਗੱਲ ਇੱਥੇ ਇਹ ਵੀ ਕਰਨੀ ਬਣਦੀ ਹੈ ਕਿ ਅੱਜਕਲ੍ਹ ਸਾਡੇ ਚੌਗਿਰਦੇ ਵਿਚ ਮਨੁੱਖ ਵਲੋਂ ਕੀਤੀ ਜਾ ਰਹੀ ਕੁਦਰਤ ਨੂੰ ਪ੍ਰਭਾਵਿਤ ਕਰਨ ਵਾਲੀ ਹਿਲਜੁਲ ਕਾਰਨ ਲਗਾਤਾਰ ਚਿੜੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ, ਜੋ ਕਿ ਸਾਡੇ ਲਈ ਤੇ ਖਾਸ ਕਰਕੇ ਵਾਤਾਵਰਨ ਤੇ ਕੁਦਰਤ ਪ੍ਰੇਮੀਆਂ ਲਈ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ | ਕਾਸ਼! ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਮੁੜ ਜੁੜ ਸਕਦੇ ਤੇ ਉਨ੍ਹਾਂ ਵਿਸਮਾਦੀ ਤੇ ਕੁਦਰਤ ਦੇ ਰੰਗਾਂ ਦਾ ਅਨੰਦ ਮੁੜ ਲੈ ਸਕਦੇ |

-ਸ੍ਰੀ ਅੰਮਿ੍ਤਸਰ | ਮੋਬਾਈਲ : 87278-00372

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਲੰਦਨ ਵਿਚ ਹੋਈ ਸੀ | ਉਸ ਵਕਤ ਉਸ ਕਾਨਫ਼ਰੰਸ ਵਿਚ ਸਾਰੇ ਹੀ ਚੋਟੀ ਦੇ ਸਾਹਿਤਕਾਰ ਸ਼ਾਮਿਲ ਹੋਏ ਸਨ | ਬਹੁਤ ਸਾਰੇ ਸਾਹਿਤਕਾਰ ਪਹਿਲੀ ਵਾਰ ਲੰਦਨ ਗਏ ਸਨ | ਉਨ੍ਹਾਂ ਸਾਰੇ ਸਾਹਿਤਕਾਰਾਂ ਵਿਚੋਂ ਖੁੱਲ੍ਹਦਿਲਾ ਪਿੰ੍ਰਸੀਪਲ ਸੰਤ ਸਿੰਘ ਸੇਖੋਂ ਸੀ | ਹਰ ਇਕ ਨੂੰ ਹੱਸ ਕੇ, ਖੁੱਲ੍ਹੇ ਮਨ ਨਾਲ ਮਿਲਦਾ ਸੀ | ਇਸ ਕਾਨਫ਼ਰੰਸ ਵਿਚ ਸ਼ੇਰ ਜੰਗ ਜਾਂਗਲੀ ਸੇਖੋਂ ਜੀ ਨੂੰ ਆਖਣ ਲੱਗੇ, 'ਸੇਖੋਂ ਜੀ ਆਓ ਤੁਹਾਨੂੰ ਇਕ ਗੋਰੀ ਪੱਤਰਕਾਰ ਨੂੰ ਮਿਲਾਈਏ | ਸੇਖੋਂ ਜੀ ਉਸ ਪੱਤਰਕਾਰ ਨਾਲ ਹੱਥ ਮਿਲਾ ਕੇ ਬਹੁਤ ਖੁਸ਼ ਹੋਏ | ਸਾਰੇ ਹੱਸਣ ਲੱਗ ਪਏ | ਸੇਖੋਂ ਜੀ ਤੇ ਸ਼ੇਰ ਜੰਗ ਜਾਂਗਲੀ ਇਸ ਦੁਨੀਆ ਵਿਚ ਨਹੀਂ ਹਨ | ਪਰ ਉਸ ਕਾਨਫ਼ਰੰਸ ਦੀ ਇਕ ਯਾਦਗਾਰੀ ਤਸਵੀਰ ਜ਼ਰੂਰ ਛੱਡ ਗਏ ਹਨ |

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-143: ਮੱਧ ਵਰਗੀ ਸਿਨੇਮਾ ਦਾ ਪੈਰੋਕਾਰ ਰਿਸ਼ੀਕੇਸ਼ ਮੁਕਰਜੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸੇ ਹੀ ਤਰ੍ਹਾਂ ਰਾਜ ਕਪੂਰ ਦੇ ਨਾਲ ਵੀ ਰਿਸ਼ੀਕੇਸ਼ ਮੁਕਰਜੀ ਦਾ ਬੜਾ ਗੂੜ੍ਹਾ ਸਬੰਧ ਸੀ | ਰਾਜ ਨਾਲ ਉਸ ਨੇ 'ਅਨਾੜੀ' ਤੋਂ ਬਾਅਦ 'ਆਸ਼ਿਕ' ਵੀ ਕੀਤੀ ਸੀ, ਜਿਸ 'ਚ ਨਾਇਕਾ ਪਦਮਨੀ ਸੀ | ਰਾਜ ਕਪੂਰ ਨੇ ਰਿਸ਼ੀਕੇਸ਼ ਮੁਕਰਜੀ ਦਾ ਨਾਂਅ ਬਾਬੂ ਮੁਸ਼ਾਏ ਰੱਖਿਆ ਹੋਇਆ ਸੀ | ਆਪਣੀ ਫ਼ਿਲਮ 'ਆਨੰਦ' ਵਿਚ ਰਿਸ਼ੀ ਦਾਦਾ ਰਾਜ ਕਪੂਰ ਨੂੰ ਹੀ ਲੈਣਾ ਚਾਹੁੰਦਾ ਸੀ ਕਿਉਂਕਿ ਇਸ ਦੀ ਕਹਾਣੀ ਵੀ ਰਾਜ ਕਪੂਰ ਦੀ ਨਿੱਜੀ ਸ਼ਖ਼ਸੀਅਤ ਤੋਂ ਪ੍ਰੇਰਿਤ ਸੀ | ਪਰ ਕੁਝ ਰੁਝੇਵਿਆਂ ਕਰਕੇ ਰਿਸ਼ੀ ਦਾਦਾ ਰਾਜ ਕਪੂਰ ਨੂੰ ਸਾਈਨ ਨਹੀਂ ਕਰ ਸਕੇ ਸਨ, ਇਸ ਲਈ ਇਹ ਭੂਮਿਕਾ ਰਾਜੇਸ਼ ਖੰਨਾ ਨੂੰ ਮਿਲ ਗਈ ਸੀ | 'ਆਨੰਦ' ਇਕ ਸਫਲ ਅਤੇ ਕਲਾਸੀਕਲ ਕਿਰਤ ਸਾਬਤ ਹੋਈ ਸੀ |
ਰਿਸ਼ੀਕੇਸ਼ ਮੁਕਰਜੀ ਦੀ ਕਲਾ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਸਾਧਾਰਨ ਜੀਵਨ ਨਾਲ ਸਬੰਧਤ ਛੋਟੇ-ਛੋਟੇ ਮਸਲਿਆਂ ਨੂੰ ਵੀ ਸਿਨੇਮੈਟਿਕ ਦਿੱਖ ਪ੍ਰਦਾਨ ਕਰਨ 'ਚ ਸਫ਼ਲ ਹੁੰਦਾ ਸੀ | ਮਿਸਾਲ ਦੇ ਤੌਰ 'ਤੇ 'ਅਭਿਆਨ' ਵਿਚ ਉਸ ਨੇ ਇਕ ਗਾਇਕ-ਨਾਇਕ (ਅਮਿਤਾਭ ਬੱਚਨ) ਅਤੇ ਗਾਇਕਾ-ਨਾਇਕਾ (ਜਯਾ ਭਾਦੁੜੀ) ਦੀ ਆਪਸੀ ਹਊਮੈ ਵਾਲੇ ਤਣਾਅ ਨੂੰ ਲੈ ਕੇ ਬਹੁਤ ਹੀ ਸਾਫ਼-ਸੁਥਰੀ ਅਤੇ ਮਨੋਰੰਜਕ ਫ਼ਿਲਮ ਬਣਾਈ ਸੀ |
ਇਸੇ ਹੀ ਤਰ੍ਹਾਂ ਘਰ 'ਚ ਸ਼ਾਂਤੀ ਬਣਾ ਕੇ ਰੱਖਣ ਲਈ ਸਿਰਫ਼ ਥੋੜ੍ਹੇ ਜਿਹੇ ਧੀਰਜ ਦੀ ਜ਼ਰੂਰਤ ਹੈ, ਇਹ ਸੰਦੇਸ਼ ਰਿਸ਼ੀ ਦਾਦਾ ਨੇ 'ਬਾਵਰਚੀ' ਰਾਹੀਂ ਦਿੱਤਾ ਸੀ | ਇਸ 'ਚ ਨਾਇਕ (ਰਾਜੇਸ਼ ਖੰਨਾ) ਇਕ ਪਰਿਵਾਰ 'ਚ ਬਾਵਰਚੀ ਬਣ ਕੇ ਉਸ ਘਰ ਦੇ ਸਾਰੇ ਮੈਂਬਰਾਂ ਦਾ ਦਿਲ ਜਿੱਤ ਲੈਂਦਾ ਹੈ ਅਤੇ ਉਨ੍ਹਾਂ ਨੂੰ ਇਕੱਠੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ |
ਫ਼ਿਲਮ 'ਗੁੱਡੀ' ਵਿਚ ਰਿਸ਼ੀ ਦਾਦਾ ਨੇ ਬਾਲੀਵੁੱਡ ਦੇ ਗਲੈਮਰ ਦੀਆਂ ਧੱਜੀਆਂ ਉਡਾ ਕੇ ਦਰਸ਼ਕਾਂ ਨੂੰ ਇਸ ਦੀ ਸਚਾਈ ਨਾਲ ਪ੍ਰੀਚਿਤ ਕਰਵਾਇਆ ਸੀ |
ਪਰ ਕਾਮੇਡੀ ਰਿਸ਼ੀ ਦਾਦਾ ਦਾ ਸਭ ਤੋਂ ਵੱਡਾ ਹਥਿਆਰ ਸਦਾ ਹੀ ਰਹੀ ਸੀ | ਉਹ ਹਾਸੇ ਮਜ਼ਾਕ 'ਚ ਹੀ ਦਰਸ਼ਕਾਂ ਨੂੰ ਸੰਦੇਸ਼ ਵੀ ਦੇ ਦਿਆ ਕਰਦਾ ਸੀ, ਇਸ ਦਿ੍ਸ਼ਟੀਕੋਣ ਤੋਂ 'ਚੁਪਕੇ ਚੁਪਕੇ' ਉਸ ਦੀ ਇਕ ਕਲਾਸੀਕਲ ਮੂਵੀ ਸੀ | ਇਸੇ ਹੀ ਤਰ੍ਹਾਂ 'ਗੋਲਮਾਲ' ਅਤੇ 'ਰੰਗ-ਬਰੰਗੀ' ਵਰਗੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਵੀ ਰਿਸ਼ੀਦਾਦਾ ਦੇ ਹੁਨਰ ਦਾ ਹੀ ਚਮਤਕਾਰ ਸਨ | ਇਨ੍ਹਾਂ ਫ਼ਿਲਮਾਂ 'ਚ ਵੀ ਉਸ ਨੇ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਪ੍ਰਤੀ ਉਦਾਰਤਾ ਵਾਲਾ ਰਵੱਈਆ ਰੱਖਣ ਦੀ ਸਲਾਹ ਦਿੱਤੀ ਸੀ | ਉਹ ਖੁਦ ਵੀ ਕਿਹਾ ਕਰਦਾ ਸੀ ਕਿ ਜ਼ਿੰਦਗੀ ਸਾਲਾਂ ਦੇ ਨਾਲ ਨਹੀਂ ਬਲਕਿ ਪਲਾਂ ਦੇ ਹਿਸਾਬ ਨਾਲ ਮਾਨਣੀ ਚਾਹੀਦੀ ਹੈ |
ਰਿਸ਼ੀਕੇਸ਼ ਮੁਕਰਜੀ ਨੇ ਕਿਸੇ ਵੀ ਇੰਟਰਵਿਊ ਵਿਚ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਕਦੇ ਕੋਈ ਚਰਚਾ ਨਹੀਂ ਕੀਤੀ ਸੀ | ਉਹ ਬਾਂਦਰਾ ਵਾਲੇ ਫਲੈਟ 'ਚ ਬਿਲਕੁਲ ਹੀ ਇਕਾਂਤਮਈ ਜੀਵਨ ਬਤੀਤ ਕਰਦੇ ਹੁੰਦੇ ਸਨ | ਘਰ 'ਚ ਉਸ ਨੇ ਕੁੱਤੇ ਅਤੇ ਬਿੱਲੀਆਂ ਵਰਗੇ ਪਾਲਤੂ ਜਾਨਵਰ ਪਾਲ ਰੱਖੇ ਸਨ | ਹਾਂ, ਕਦੇ-ਕਦੇ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਮਿਲਣ ਆ ਜਾਇਆ ਕਰਦੇ ਸਨ |
ਪਰ 2005 ਵਿਚ ਜਦੋਂ ਉਹ ਆਪਣੀ ਆਖਰੀ ਫ਼ਿਲਮ 'ਝੂਠ ਬੋਲੇ ਕੌਆ ਕਾਟੇ' ਦੀ ਸ਼ੂਟਿੰਗ ਲਈ ਡਲਹੌਜ਼ੀ ਆਏ ਤਾਂ ਮੈਂ ਵੀ ਉਥੇ ਹੋਟਲ (ਮਾਊਾਟ ਵਿਊ' ਵਿਚ ਠਹਿਰਿਆ ਸਾਂ ਜਿਥੇ ਉਹ ਠਹਿਰੇ ਸਨ | ਇਸ ਲਈ ਮੈਨੂੰ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ | ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਮੇਰਾ ਉਸ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ | ਬੜੀਆਂ ਹੀ ਵਿਪਰੀਤ ਹਾਲਾਤ 'ਚ ਵੀ ਰਿਸ਼ੀ ਦਾਦਾ ਨੇ ਆਪਣਾ ਕਲਾ ਪ੍ਰੇਮ ਜਾਰੀ ਰੱਖਿਆ ਸੀ | ਉਨ੍ਹਾਂ ਦੇ ਜਵਾਨ ਬੇਟੇ ਦੀ ਦਿੱਲੀ 'ਚ ਮੌਤ ਹੋ ਚੁੱਕੀ ਸੀ, ਵੱਡੀ ਲੜਕੀ ਵਿਧਵਾ ਹੋ ਗਈ ਸੀ | ਰਿਸ਼ੀ ਦਾਦਾ ਖੁਦ ਗੁਰਦੇ ਦੀ ਬਿਮਾਰੀ ਤੋਂ ਕਈ ਸਾਲਾਂ ਤੋਂ ਪੀੜਤ ਚਲਿਆ ਆ ਰਿਹਾ ਸੀ | ਇਸ ਲਈ ਹਫ਼ਤੇ 'ਚ ਇਕ ਵਾਰ ਉਸ ਨੂੰ ਹਸਪਤਾਲ ਜਾ ਕੇ ਡਾਇਲਸਿਸ ਕਰਵਾਉਣਾ ਪੈਂਦਾ ਸੀ | ਇਸ ਤੋਂ ਇਲਾਵਾ ਉਸ ਨੂੰ ਗਠੀਆ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਚੱਲਣ ਫਿਰਨ 'ਚ ਬਹੁਤ ਹੀ ਮੁਸ਼ਕਿਲ ਆਉਂਦੀ ਸੀ |
ਇਸ ਲਈ ਜਦੋਂ ਲੀਲਾਵਤੀ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਤਾਂ ਮੈਨੂੰ ਉਸ ਦੀ ਫ਼ਿਲਮ ਦੀਆਂ ਇਹ ਹੀ ਲਾਈਨਾਂ ਯਾਦ ਆਈਆਂ ਸਨ:
ਜ਼ਿੰਦਗੀ ਕੈਸੀ ਹੈ ਪਹੇਲੀ ਹਾਏ,
ਕਭੀ ਤੋ ਰੁਲਾਏ ਕਭੀ ਯੇਹ ਹਸਾਏ |
(ਆਨੰਦ) |
ਧੰਨਵਾਦ

1 tarch of realism : The 8indu
5ncylopaedia of 8indi 3inema : 7ul੍ਰar, Nihalani __1MP__ 3hatterji
8rishida is dead : Times of 9ndia 27 1ug. 2006.
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਸਮੰੁਦਰ ਵਿਚ ਕਿਵੇਂ ਦਫ਼ਨ ਹੋਇਆ ਟਾਈਟੈਨਿਕ ਜਹਾਜ਼

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਬਰਫ਼ੀਲੇ ਪਾਣੀ ਵਿਚ ਕੋਈ ਵੀ ਇਨਸਾਨ ਸਿਰਫ 15-20 ਮਿੰਟ ਹੀ ਜ਼ਿੰਦਾ ਰਹਿ ਸਕਦਾ ਸੀ | ਟੱਕਰ ਤੋਂ ਬਾਅਦ ਟਾਈਟੈਨਿਕ ਹੌਲੀ-ਹੌਲੀ ਡੁੱਬਦਾ ਹੋਇਆ 2 ਘੰਟੇ 40 ਮਿੰਟ ਤੱਕ ਪਾਣੀ 'ਤੇ ਰਿਹਾ ਅਤੇ 700 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਬਚਾਉਣ ਲਈ ਸਮਾਂ ਦੇ ਗਿਆ ਸੀ | ਇਸ ਵੱਡੇ ਦੁਖਾਂਤ ਨੇ ਪੂਰੀ ਦੁਨੀਆ 'ਤੇ ਤਰਥੱਲੀ ਮਚਾ ਦਿੱਤੀ ਸੀ | ਹਾਦਸੇ ਤੋਂ ਬਾਅਦ ਸਵਾਲ ਇਹ ਉੱਠੇ ਕਿ ਇਸ ਹਾਦਸੇ ਵਿਚ ਇਨਸਾਨੀ ਗ਼ਲਤੀ ਸੀ ਜਾਂ ਜਹਾਜ਼ ਦੀ ਬਨਾਵਟ ਵਿਚ ਕੋਈ ਕਮੀ ਸੀ ਜਾਂ ਵਰਤੇ ਗਏ ਸਾਮਾਨ ਵਿਚ ਕੋਈ ਕਮੀ ਸੀ ਸਭ ਤੱਥਾਂ ਦੀ ਤਹਿਕੀਕਾਤ ਤੋਂ ਬਾਅਦ ਵੀ ਕੋਈ ਭਰੋਸੇਯੋਗ ਉੱਤਰ ਸਾਹਮਣੇ ਨਹੀਂ ਆ ਸਕਿਆ | ਗਵਾਹਾਂ ਅਤੇ ਹੋਰ ਲੋਕਾਂ ਅਨੁਸਾਰ ਜਹਾਜ਼ ਵਿਚਕਾਰ ਤੋਂ ਟੁੱਟ ਕੇ ਦੋ ਟੁੱਕੜੇ ਹੋ ਕੇ ਡੁੱਬਿਆ ਸੀ ਪਰ ਸਰਕਾਰੀ ਰਿਪੋਰਟਾਂ ਅਨੁਸਾਰ ਜਹਾਜ਼ ਸਾਬਤ ਹੀ ਡੁੱਬਿਆ ਸੀ | 7 ਦਹਾਕਿਆਂ ਬਾਅਦ ਇਕ ਸਤੰਬਰ 1985 ਨੂੰ ਜਦੋਂ ਪਹਿਲੀ ਵਾਰ ਟਾਈਟੈਨਿਕ ਦਾ ਮਲਬਾ ਮਿਲਿਆ, ਉਦੋਂ ਉਸ ਮਲਬੇ ਵਿਚ ਜਹਾਜ਼ ਨੂੰ ਦੋ ਟੁਕੜਿਆਂ ਵਿਚ ਟੁੱਟਿਆ ਪਾਇਆ ਗਿਆ ਸੀ | ਇਸ ਤੋਂ ਬਾਅਦ ਹੀ ਫਿਰ ਇਸ ਸਵਾਲ ਨੂੰ ਪ੍ਰਮਾਣ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਟਾਈਟੈਨਿਕ ਡੁੱਬਣ ਸਮੇਂ ਦੋ ਟੁਕੜਿਆਂ ਵਿਚ ਟੁੱਟ ਗਿਆ ਸੀ | ਪਰ ਇਸ ਹਾਦਸੇ ਤੋਂ ਬਾਅਦ ਸਭ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਟਾਈਟੈਨਿਕ ਦਾ ਕਪਤਾਨ ਜਹਾਜ਼ ਨੂੰ ਜ਼ਿਆਦਾ ਤੇਜ਼ੀ ਨਾਲ ਕਿਉਂ ਚਲਾ ਰਿਹਾ ਸੀ ਜਦੋਂ ਕਿ ਉਸ ਨੂੰ ਪਹਿਲਾਂ ਬਰਫ਼ੀਲੇ ਤੋਦਿਆਂ ਦੀ ਸੂਹ ਮਿਲ ਚੁੱਕੀ ਸੀ ਜਾਂ ਫਿਰ ਐਨਾ ਮਜ਼ਬੂਤੀ ਨਾਲ ਬਣਾਇਆ ਗਿਆ ਜਹਾਜ਼ ਇਕਦਮ ਕਿਵੇਂ ਟੁੱਟ ਗਿਆ ਤੇ ਟੱਕਰ ਸਹਿਣ ਕਿਉਂ ਨਹੀਂ ਕਰ ਸਕਿਆ | ਕੀ ਉਸ ਦੀ ਮਜ਼ਬੂਤੀ ਵਿਚ ਕੋਈ ਕਮੀ ਰਹਿ ਗਈ ਸੀ ਜਾਂ ਫਿਰ ਉਸ ਦੇ ਡਿਜ਼ਾਈਨ ਵਿਚ ਕੋਈ ਕਮੀ ਸੀ, ਜਿਸ ਕਾਰਨ ਉਹ ਦੋ ਟੋਟੇ ਹੋ ਗਿਆ | ਇਸ ਤੋਂ ਇਲਾਵਾ ਇਹ ਵੀ ਸਵਾਲ ਉੱਭਰ ਕੇ ਸਾਹਮਣੇ ਆਇਆ ਕਿ ਇਸ ਜਹਾਜ਼ 'ਤੇ ਸਿਰਫ ਨਾ-ਮਾਤਰ ਲਾਈਫ਼ ਕਿਸ਼ਤੀਆਂ ਹੀ ਕਿਉਂ ਰੱਖੀਆਂ ਗਈਆਂ ਸਨ | ਅਜਿਹੇ ਸੈਂਕੜੇ ਸਵਾਲਾਂ ਨੇ ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੱਕ ਸਭ ਨੂੰ ਉਲਝਾਈ ਰੱਖਿਆ ਹੈ | ਇਸ ਦੇ ਹਰ ਜਵਾਬ 'ਤੇ ਸੈਂਕੜੇ ਕਿੰਤੂ ਉੱਠ ਖੜੋਂਦੇ ਹਨ | ਇਨ੍ਹਾਂ ਵਿਚੋਂ ਫਿਰ ਸੈਂਕੜੇ ਸਵਾਲ ਹੋਰ ਜਨਮ ਲੈ ਲੈਂਦੇ ਹਨ | ਭਵਿੱਖ ਵਿਚ ਉਮੀਦ ਕਰਦੇ ਹਾਂ ਕਿ ਕਦੀ ਵੀ ਅਜਿਹਾ ਦੁਖਾਂਤ ਨਹੀਂ ਦੁਹਰਾਇਆ ਜਾਵੇਗਾ | ਗ਼ੌਰਤਲਬ ਗੱਲ ਇਹ ਵੀ ਹੈ ਕਿ ਇਕ ਵੱਡਾ ਇਤਫਾਕ ਹੈ ਕਿ ਮਾਰਗਨ ਰੋਬਰਟਸਨ ਨਾਮਕ ਵਿਅਕਤੀ ਵਲੋਂ ਟਾਈਟੈਨਿਕ ਦੇ ਡੁੱਬਣ ਤੋਂ 14 ਸਾਲ ਪਹਿਲਾਂ 1898 ਵਿਚ ਇਕ ਨਾਵਲ ਲਿਖਿਆ ਗਿਆ ਸੀ, ਜਿਸ ਵਿਚ ਉਸ ਵਲੋਂ ਇਕ ਕਦੇ ਨਾ ਡੁੱਬਣ ਲਈ ਬਣੇ ਜਹਾਜ਼ ਦੇ ਬਰਫ਼ ਦੇ ਤੋਦੇ ਨਾਲ ਟਕਰਾਅ ਕੇ ਡੁੱਬਣ ਦੀ ਦਾਸਤਾਨ ਬਿਆਨ ਕੀਤੀ ਗਈ ਸੀ, ਜੋ ਕਿ ਹੂ-ਬ-ਹੂ ਟਾਈਟੈਨਿਕ ਦੀ ਭਵਿੱਖਬਾਣੀ ਦਾ ਗਰਭਕਾਲ ਕਿਹਾ ਜਾ ਸਕਦਾ ਹੈ | ਨਾਵਲ ਵਿਚ ਡੁੱਬਣ ਵਾਲੇ ਜਹਾਜ਼ ਦਾ ਨਾਂਅ ਸੀ ਟਾਈਟੈਨ | (ਸਮਾਪਤ)

-ਪਟਿਆਲਾ | ਸੰਪਰਕ : 99149-57073.

ਸ਼ਹਿਰ ਜੋ ਤਬਾਹੀ ਤੋਂ ਬਾਅਦ ਮੁੜ ਉੱਭਰੇ

1939 ਤੋਂ 1945 ਤਾੲੀਂ ਚੱਲੀ ਦੂਜੀ ਵਿਸ਼ਵ ਜੰਗ ਦੇ ਦਰਮਿਆਨ ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ ਭਾਰੀ ਬੰਬਾਰੀ ਬਰਤਾਨੀਆ ਦੇ ਵਿਰੋਧੀ ਜਰਮਨੀ ਵਲੋਂ ਕੀਤੀ ਗਈ | ਇਸ ਬੰਬਾਰੀ ਦਾ ਸਭ ਤੋਂ ਵੱਧ ਪ੍ਰਭਾਵ ਪੂਰਬੀ ਲੰਡਨ ਵਿਚ ਵੇਖਣ ਨੂੰ ਮਿਲਿਆ | ਇਸ ਇਲਾਕੇ ਵਿਚ ਚੰਦ ਇਕ ਹੀ ਇਮਾਰਤਾਂ ਦਾ ਵਜੂਦ ਬਚਿਆ, ਬਾਕੀ ਸਾਰੀਆਂ ਇਮਾਰਤਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈਆਂ | ਇਸ ਤੋਂ ਤਿੰਨ ਸਾਲ ਬਾਅਦ ਲੰਡਨ ਨੂੰ 1948 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮਾਣ ਹਾਸਲ ਹੋਇਆ | ਅਮਰੀਕਾ ਨੇ ਬਰਤਾਨਵੀ ਸਰਕਾਰ ਨੂੰ ਮਸ਼ਵਰਾ ਦਿੱਤਾ ਕਿ ਖ਼ਰਚੇ ਵਿਚ ਕਿਫਾਇਤ ਕੀਤੀ ਜਾਵੇ, ਕੋਈ ਉਲੰਪਿਕ ਪਿੰਡ ਨਾ ਉਸਾਰਿਆ ਜਾਵੇ | ਜੋ ਸਟੇਡੀਅਮ ਸ਼ਹਿਰ ਵਿਚ ਮੌਜੂਦ ਹਨ, ਉਨ੍ਹਾਂ ਨੂੰ ਹੀ ਕੁਝ ਰੱਦੋ-ਬਦਲ ਕਰਕੇ ਉਲੰਪਿਕ ਮੁਕਾਬਲਿਆਂ ਲਈ ਇਸਤੇਮਾਲ ਕੀਤਾ ਜਾਵੇ | ਬਰਤਾਨੀਆ ਦੀ ਸਰਕਾਰ ਨੇ ਅਮਰੀਕਾ ਦਾ ਆਖਾ ਮੰਨ ਕੇ ਸਾਰੇ ਕਹਿੰਦੇ-ਕਹਾਉਂਦੇ ਸਕੂਲਾਂ ਅਤੇ ਕਾਲਜਾਂ ਵਿਚ ਛੁੱਟੀਆਂ ਕਰਕੇ ਸਾਰੇ ਹੋਸਟਲ ਕਮਰਿਆਂ ਨੂੰ ਖਾਲੀ ਕਰਵਾ ਲਿਆ | ਸਾਰੇ ਖਿਡਾਰੀਆਂ ਨੂੰ ਇਨ੍ਹਾਂ ਕਮਰਿਆਂ ਵਿਚ ਠਹਿਰਾਇਆ ਗਿਆ | ਗ਼ੈਰ-ਮੁਲਕੀ ਖੇਡ ਪ੍ਰਬੰਧਕਾਂ ਨੂੰ ਹੋਟਲਾਂ ਵਿਚ ਠਹਿਰਾਇਆ | ਖੇਡਾਂ ਬੇਹੱਦ ਕਾਮਯਾਬ ਰਹੀਆਂ ਅਤੇ ਲੰਡਨ ਦੀ ਮੁੜ ਸੁਰਜੀਤੀ ਦੀ ਸ਼ੁਰੂਆਤ ਧੂਮ-ਧੜੱਕੇ ਨਾਲ ਹੋ ਗਈ | ਅੱਜ ਲੰਡਨ ਦੁਨੀਆ ਦਾ ਦੂਜਾ ਸਭ ਤੋਂ ਅਹਿਮ ਸ਼ਹਿਰ ਬਣ ਕੇ ਉੱਭਰਿਆ ਹੈ |
1947 ਵਿਚ ਪੰਜਾਬ ਦੀ ਵੰਡ ਨਾਲ ਭਾਰਤ ਨੇ ਆਪਣਾ ਜਸ਼ਨ-ਏ-ਆਜ਼ਾਦੀ ਮਨਾਇਆ | ਪੰਜਾਬ ਸੜ ਰਿਹਾ ਸੀ, ਦੱਖਣੀ ਭਾਰਤ ਨੂੰ ਇਸ ਦਾ ਪਤਾ ਥਹੁ ਵੀ ਨਹੀਂ ਸੀ | ਉਹ ਖ਼ੁਸ਼ੀਆਂ ਮਨਾ ਰਹੇ ਸਨ | ਪੰਜਾਬ ਦੀ ਰਾਜਧਾਨੀ ਲਾਹੌਰ ਬਰਬਾਦ ਹੋ ਰਹੀ ਸੀ | ਇਸ ਦਾ ਖ਼ੁਸ਼ਹਾਲ ਹਿੰਦੂ ਅਤੇ ਸਿੱਖ ਫਿਰਕਾ ਲੁੱਟਿਆ-ਪੁੱਟਿਆ ਅਤੇ ਉਜਾੜਿਆ ਜਾ ਰਿਹਾ ਸੀ | ਫ਼ਿਲਮ ਸਨਅਤ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਰਹੀ ਸੀ | ਸਾਰੇ ਵੱਡੇ ਫ਼ਿਲਮ ਨਿਰਮਾਤਾ, ਨਿਰਦੇਸ਼ਕ, ਅਭਿਨੇਤਾ-ਅਭਿਨੇਤਰੀਆਂ, ਸੰਗੀਤਕਾਰ, ਗੀਤਕਾਰ ਅਤੇ ਗਾਇਕ ਸ਼ਹਿਰ ਛੱਡ ਕੇ ਜਾ ਰਹੇ ਸਨ | ਭਾਰਤ ਵਾਲੇ ਪਾਸਿਓਾ ਲੁੱਟੇ-ਪੁੱਟੇ ਮੁਸਲਮਾਨ ਹਿਜਰਤ ਕਰਕੇ ਲਾਹੌਰ ਜਾ ਰਹੇ ਸਨ | ਪਰ ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਬੜੀ ਦਾਨਿਸ਼ਵਰੀ ਵਿਖਾਈ | ਸਰਹੱਦ 'ਤੇ ਹੋਣ ਦੇ ਬਾਵਜੂਦ ਪੰਜਾਬ ਦਾ ਕੋਈ ਵੀ ਦਫ਼ਤਰ ਲਾਹੌਰੋਂ ਬਾਹਰ ਨਹੀਂ ਜਾਣ ਦਿੱਤਾ | ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਨੂੰ ਖੁੱਲ੍ਹ ਕੇ ਮਦਦ ਜਾਰੀ ਕੀਤੀ ਗਈ | ਮੈਕਲੈਗਨ ਕਾਲਜ ਆਫ਼ ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜ ਨੂੰ ਮਾਲੀ ਮਦਦ ਵਧਾ ਦਿੱਤੀ ਗਈ | ਇਨ੍ਹਾਂ ਸਾਰੇ ਪ੍ਰਬੰਧਾਂ ਦੇ ਕਾਰਨ ਲਾਹੌਰ ਮੁੜ ਆਪਣੇ ਪੈਰਾਂ 'ਤੇ ਖਲੋਣ ਵਿਚ ਸਫ਼ਲ ਰਿਹਾ | ਇਹ ਸ਼ਹਿਰ ਅੱਜ ਇਕ ਕਰੋੜ ਤੋਂ ਵੱਧ ਵਸੋਂ ਵਾਲਾ ਮਹਾਂਨਗਰ ਬਣ ਚੁੱਕਿਆ ਹੈ ਅਤੇ ਪਾਕਿਸਤਾਨ ਦਾ ਦੂਜਾ ਸਭ ਤੋਂ ਅਹਿਮ ਸ਼ਹਿਰ ਬਣ ਗਿਆ ਹੈ |
ਨਿਊਯਾਰਕ
11 ਸਤੰਬਰ, 2001 ਨੂੰ ਅਮਰੀਕਾ ਦੀ ਜਿੰਦ-ਜਾਨ, ਇਸ ਦੇ ਸਭ ਤੋਂ ਵੱਡੇ ਸ਼ਹਿਰ ਨਿਊਯਾਰਕ ਉੱਪਰ ਦਹਿਸ਼ਤੀ ਹਮਲਾ ਹੋਇਆ | ਸ਼ਹਿਰ ਦੀ ਸਭ ਤੋਂ ਅਹਿਮ ਇਮਾਰਤ ਵਿਸ਼ਵ ਵਪਾਰ ਕੇਂਦਰ ਦੇ ਦੋ ਭਵਨਾਂ ਨਾਲ ਹਵਾਈ ਜਹਾਜ਼ ਜਾ ਟਕਰਾਏ | ਅਮਰੀਕਾ ਦਾ ਰੱਖਿਆ ਪ੍ਰਬੰਧ ਸਾਰੀ ਦੁਨੀਆ ਤੋਂ ਬਿਹਤਰ ਹੈ | ਰੂਸ, ਲੀਬੀਆ, ਈਰਾਨ, ਚੀਨ, ਉੱਤਰੀ ਕੋਰੀਆ ਸਮੇਤ ਕੋਈ ਵੀ ਦੇਸ਼ ਅਮਰੀਕਾ ਉੱਪਰ ਹਵਾਈ ਹਮਲਾ ਨਹੀਂ ਕਰ ਸਕਦਾ |
ਜੇਕਰ ਹਮਲਾ ਆਪਣੇ ਹੀ ਮੁਲਕ ਦੇ ਇਕ ਘਰੇਲੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੋ ਜਾਏ, ਉਸ ਹਾਲਤ ਵਾਸਤੇ ਅਮਰੀਕਾ ਤਿਆਰ ਨਹੀਂ ਸੀ | ਹੋਇਆ ਇਸ ਤਰ੍ਹਾਂ ਕਿ ਕੁਝ ਵਿਦੇਸ਼ੀ ਦਹਿਸ਼ਤਗਰਦਾਂ ਨੇ ਰਿਆਸਤ ਮੈਸਾਚੂਸੈਟਸ ਦੇ ਬੋਸਟਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੈਲੀਫੋਰਨੀਆ ਜਾਂਦੇ ਤਿੰਨ ਵੱਡੇ ਹਵਾਈ ਜਹਾਜ਼ ਅਗਵਾ ਕਰਕੇ ਉਨ੍ਹਾਂ ਦਾ ਰੁਖ਼ ਨਿਊਯਾਰਕ ਅਤੇ ਵਾਸ਼ਿੰਗਟਨ ਡੀ.ਸੀ. ਵੱਲ ਮੋੜ ਲਿਆ | ਇਨ੍ਹਾਂ ਵਿਚੋਂ ਦੋ ਅਮਰੀਕਾ ਦੀਆਂ ਸਭ ਤੋਂ ਵੱਧ ਅਹਿਮ ਇਮਾਰਤਾਂ ਵਿਸ਼ਵ ਵਪਾਰ ਕੇਂਦਰ ਨਾਲ ਜਾ ਟਕਰਾਏ ਅਤੇ ਸ਼ਹਿਰ ਵਿਚ ਹਾਹਾਕਾਰ ਮਚਾ ਦਿੱਤੀ | ਉਸ ਸਮੇਂ ਬਹੁਤ ਸਾਰੇ ਧਨਾਢ ਕਾਰੋਬਾਰੀ ਲੋਕਾਂ ਦਾ ਵਿਸ਼ਵਾਸ ਨਿਊਯਾਰਕ ਦੀ ਸੁਰੱਖਿਆ ਤੋਂ ਉੱਠ ਗਿਆ ਅਤੇ ਉਹ ਸ਼ਹਿਰ ਛੱਡ ਕੇ ਜਾਣ ਲੱਗੇ | ਇਹ ਹਾਲਤ ਦੋ ਕੁ ਸਾਲ ਚੱਲੀ | ਇਸ ਤੋਂ ਬਾਅਦ ਅਮੀਰ ਤਬਕੇ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਨਿਊਯਾਰਕ ਦਾ ਸਹੀ ਬਦਲ ਕੋਈ ਨਹੀਂ | ਅੱਜ ਨਿਊਯਾਰਕ ਮੁੜ ਕੇ ਦੁਨੀਆ ਦਾ ਸਭ ਤੋਂ ਰਮਣੀਕ ਸ਼ਹਿਰ ਬਣ ਕੇ ਉੱਭਰਿਆ ਹੈ | ਦੁਨੀਆ ਭਰ ਵਿਚ ਜ਼ਮੀਨਾਂ ਅਤੇ ਜਾਇਦਾਦਾਂ ਦੀਆਂ ਕੀਮਤਾਂ ਘਟੀਆ ਹੋਣਗੀਆਂ, ਪਰ ਮੈਨਹਟਨ ਵਿਚ ਨਹੀਂ |
ਅੰਮਿ੍ਤਸਰ
ਅਸੀਂ ਹੁਣ ਆਪਣੀ ਗੱਲ ਕਰੀਏ | ਅੰਗਰੇਜ਼ਾਂ ਨੂੰ ਇਲਮ ਸੀ ਕਿ ਪੰਜਾਬ ਦਾ ਦਿਲ ਕਿਸ ਸ਼ਹਿਰ ਵਾਸਤੇ ਧੜਕਦਾ ਹੈ | ਜਿਸ ਵਕਤ ਅੰਗਰੇਜ਼ਾਂ ਨੇ ਫ਼ੈਸਲਾ ਕੀਤਾ ਕਿ ਲਾਹੌਰ ਪਾਕਿਸਤਾਨ ਨੂੰ ਦੇਣਾ ਹੈ, ਉਸੇ ਹੀ ਵਕਤ ਇਹ ਵੀ ਫ਼ੈਸਲਾ ਕਰ ਲਿਆ ਕਿ ਪੰਜਾਬ ਦੀ ਉਦਯੋਗਿਕ ਅਤੇ ਵਪਾਰਕ ਰਾਜਧਾਨੀ ਅੰਮਿ੍ਤਸਰ ਭਾਰਤ ਨੂੰ ਦੇਣੀ ਹੈ | ਜੇ ਅੰਗਰੇਜ਼ਾਂ ਦਾ ਵੱਸ ਚਲਦਾ ਤਾਂ ਉਨ੍ਹਾਂ ਨੇ ਅੰਮਿ੍ਤਸਰ ਨੂੰ ਪੂਰਬੀ ਪੰਜਾਬ ਦੀ ਰਾਜਧਾਨੀ ਵੀ ਬਣਾ ਦੇਣਾ ਸੀ | ਰਾਜ ਪ੍ਰਬੰਧ ਦੀ ਅਦਲਾ-ਬਦਲੀ ਵੀ ਸੌਖੀ ਸੀ | ਕੇਵਲ 35 ਮੀਲ 55 ਕਿਲੋਮੀਟਰ ਦੀ ਦੂਰੀ 'ਤੇ ਹੀ ਰਿਕਾਰਡ ਤਬਦੀਲ ਕਰਨਾ ਪੈਣਾ ਸੀ | ਸ਼ੁਰੂ-ਸ਼ੁਰੂ ਵਿਚ ਪੰਜਾਬ ਦਾ ਪ੍ਰਬੰਧ ਸ਼ਿਮਲਾ ਅਤੇ ਜਲੰਧਰ ਤੋਂ ਕੀਤਾ ਜਾਂਦਾ ਰਿਹਾ | ਫਿਰ ਸਰਦਾਰ ਬਲਦੇਵ ਸਿੰਘ ਦੇ ਮਸ਼ਵਰੇ 'ਤੇ ਰਾਜਧਾਨੀ ਬਣਾਉਣ ਦਾ 1951 ਵਿਚ ਫ਼ੈਸਲਾ ਕੀਤਾ ਗਿਆ ਅਤੇ ਰਾਜਧਾਨੀ ਅੰਬਾਲਾ ਜ਼ਿਲ੍ਹੇ ਦੀ ਖਰੜ ਤਹਿਸੀਲ ਵਿਚ ਚੰਡੀਗੜ੍ਹ ਵਿਖੇ ਬਣਾਈ ਗਈ ਪਰ ਵਣਜ ਅਤੇ ਉਦਯੋਗ ਦੀ ਰਾਜਧਾਨੀ ਅੰਮਿ੍ਤਸਰ ਹੀ ਰਹੀ |
ਅੰਮਿ੍ਤਸਰ ਨੂੰ ਪਹਿਲਾ ਝਟਕਾ 1965 ਦੀ ਜੰਗ ਦੇ ਖ਼ਾਤਮੇ ਸਮੇਂ ਲੱਗਿਆ, ਜਦੋਂ ਜੰਗਬੰਦੀ ਦੇ ਸਮੇਂ ਹੀ ਪਾਕਿਸਤਾਨੀ ਹਵਾਈ ਜਹਾਜ਼ਾਂ ਨੇ ਛੇਹਰਟਾ ਦੇ ਉਦਯੋਗਿਕ ਖੇਤਰ ਵਿਚ ਭਾਰੀ ਬੰਬਾਰੀ ਕੀਤੀ | ਇਸ ਦੇ ਫਲਸਰੂਪ ਤਕਰੀਬਨ ਇਕ ਲੱਖ ਧਨਾਢ ਉਦਯੋਗਪਤੀ ਅਤੇ ਕਾਰੋਬਾਰੀ ਅੰਮਿ੍ਤਸਰੀਏ ਇਸ ਸ਼ਹਿਰ ਨੂੰ ਛੱਡ ਕੇ ਹੋਰ ਥਾੲੀਂ ਵਸ ਗਏ | ਇਸ ਦੇ ਬਾਵਜੂਦ ਥੋਕ ਵਪਾਰ ਤੇ ਉੱਨ ਦੀ ਸਨਅਤ ਦਾ ਭਾਰਤ ਦਾ ਪ੍ਰਮੁੱਖ ਕੇਂਦਰ ਅੰਮਿ੍ਤਸਰ ਹੀ ਰਿਹਾ |
ਅੰਮਿ੍ਤਸਰ ਦੇ ਨਾਲ ਧੱਕਾ 1947 ਵਿਚ ਵੀ ਹੋਇਆ | ਉਸ ਸਮੇਂ ਅੰਮਿ੍ਤਸਰ ਦੀ ਵਸੋਂ ਤਕਰੀਬਨ ਚਾਰ ਲੱਖ ਸੀ, ਜਿਸ ਵਿਚੋਂ ਅੱਧੇ ਮੁਸਲਮਾਨ ਸਨ | ਦੂਜੇ ਪਾਸੇ ਲਾਹੌਰ ਦੀ ਵਸੋਂ ਤਕਰੀਬਨ 7 ਲੱਖ ਸੀ, ਜਿਸ ਵਿਚੋਂ ਤਕਰੀਬਨ ਅੱਧੇ ਹਿੰਦੂ ਅਤੇ ਸਿੱਖ ਸਨ | ਪਾਕਿਸਤਾਨ ਬਣਨ ਦੇ ਸਮੇਂ ਤਕਰੀਬਨ ਸਾਢੇ ਤਿੰਨ ਲੱਖ ਹਿੰਦੂ ਅਤੇ ਸਿੱਖ ਲਾਹੌਰੋਂ ਹਿਜ਼ਰਤ ਕਰਕੇ ਭਾਰਤ ਆਏ ਅਤੇ ਤਕਰੀਬਨ ਦੋ ਲੱਖ ਮੁਸਲਮਾਨ ਅੰਮਿ੍ਤਸਰ ਤੋਂ ਰੁਖ਼ਸਤ ਹੋ ਕੇ ਲਾਹੌਰ ਗਏ | ਜਿਹੜੇ ਹਿੰਦੂ ਅਤੇ ਸਿੱਖ ਲਾਹੌਰ ਛੱਡ ਕੇ ਆਏ ਸਨ, ਉਹ ਮੁਕਾਬਲਤਨ ਜ਼ਿਆਦਾ ਅਮੀਰ ਸਨ | ਇਨ੍ਹਾਂ ਦੀ ਤੁਲਨਾ ਵਿਚ ਅੰਮਿ੍ਤਸਰ ਤੋਂ ਉਜੜਨ ਵਾਲੇ ਮੁਸਲਮਾਨ ਵਧੇਰੇ ਕਰਕੇ ਗ਼ਰੀਬ ਸਨ, ਕੁਝ ਅਮੀਰ ਵੀ ਸਨ | ਅੰਮਿ੍ਤਸਰ ਦੇ ਮੁਸਲਮਾਨਾਂ ਨੂੰ ਲਾਹੌਰ ਵਿਚ ਵਸਾਉਣ ਵਿਚ ਪਾਕਿਸਤਾਨ ਨੂੰ ਕੋਈ ਦਿੱਕਤ ਨਹੀਂ ਸੀ, ਕਿਉਂਕਿ ਜਾਣ ਵਾਲੇ ਮਹਿਲ ਤੇ ਮਾੜੀਆਂ ਪਿੱਛੇ ਛੱਡ ਕੇ ਆਏ ਸਨ | ਭਾਰਤ ਸਿਰਫ਼ 50,000 ਲਾਹੌਰੀਆਂ ਨੂੰ ਅੰਮਿ੍ਤਸਰ ਵਿਚ ਵਸਾ ਸਕਿਆ |
ਦਿੱਲੀ ਵਿਚ ਤਕਰੀਬਨ ਡੇਢ ਲੱਖ (1,50,000) ਲਾਹੌਰੀਏ ਅਤੇ ਪੰਜ ਲੱਖ ਹੋਰ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਵਸਾਇਆ ਗਿਆ | ਇਨ੍ਹਾਂ ਦੇ ਮੁੜ ਵਸੇਬੇ ਵਾਸਤੇ ਕਰੋਲ ਬਾਗ਼, ਪਟੇਲ ਨਗਰ, ਵਿਨੈ ਨਗਰ, ਅਤੇ ਲਾਜਪਤ ਨਗਰ ਜਿਹੇ ਉਪਨਗਰ ਵਸਾਏ ਗਏ, ਜਿਨ੍ਹਾਂ ਉੱਪਰ ਅਰਬਾਂ ਰੁਪਏ ਖਰਚ ਕੀਤੇ ਗਏ | ਪਰ ਪੰਜਾਬ ਦੇ ਇਕ ਵੀ ਨਗਰ ਵਿਚ ਅਜਿਹੀਆਂ ਬਸਤੀਆਂ ਵਸਾਉਣ ਦਾ ਯਤਨ ਨਹੀਂ ਕੀਤਾ ਗਿਆ | ਇੰਜ ਕਰਨ ਨਾਲ ਦਿੱਲੀ ਦੀ 1947 ਦੀ ਪੰਜ ਲੱਖ ਵਸੋਂ ਵਧ ਕੇ 11 ਲੱਖ ਹੋ ਗਈ | ਅੰਮਿ੍ਤਸਰ ਦੀ ਵਸੋਂ ਚਾਰ ਲੱਖ ਤੋਂ ਘਟ ਕੇ ਪੌਣੇ ਚਾਰ ਲੱਖ ਰਹਿ ਗਈ | ਇੰਜ ਹੋਣ ਨਾਲ ਪੰਜਾਬੀਆਂ ਦਾ ਸੱਭਿਆਚਾਰਕ ਨੁਕਸਾਨ ਵੀ ਚੋਖਾ ਹੋਇਆ | ਪਹਿਲੀ ਪੀੜ੍ਹੀ ਤਾਂ ਕੁਝ ਹੱਦ ਤਾੲੀਂ ਆਪਣੇ ਸੱਭਿਆਚਾਰ ਨਾਲ ਜੁੜੀ ਰਹੀ, ਪਰ ਦੂਜੀ ਅਤੇ ਤੀਜੀ ਪੀੜ੍ਹੀ ਪੰਜਾਬੀ ਸੱਭਿਆਚਾਰ ਨਾਲੋਂ ਪੂਰੀ ਤਰ੍ਹਾਂ ਟੁੱਟ ਕੇ ਰਹਿ ਗਈ ਹੈ | ਹੁਣ ਦਿੱਲੀ ਦੇ ਨੌਜਵਾਨ ਪੰਜਾਬੀ ਵੀ ਹਿੰਦੀ ਬੋਲਦੇ ਹਨ |
ਅੰਮਿ੍ਤਸਰ ਦਾ ਸਭ ਤੋਂ ਵੱਧ ਨੁਕਸਾਨ 1978 ਤੋਂ 1997 ਦੇ ਦਰਮਿਆਨ ਪੁਲਿਸ ਅਤੇ ਖਾੜਕੂਆਂ ਦੇ ਵਿਚਕਾਰ ਚੱਲੀ ਦੋ ਦਹਾਕੇ ਲੰਬੀ ਜੰਗ ਵਿਚ ਹੋਇਆ | ਇਸ ਭਿਆਨਕ ਹਾਲਤ ਵਾਸਤੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ ਰਾਇ ਹੈ | ਕੋਈ ਪੁਲਿਸ ਨੂੰ ਕਸੂਰਵਾਰ ਠਹਿਰਾਉਂਦਾ ਹੈ ਅਤੇ ਕੋਈ ਖਾੜਕੂ ਤਬਕੇ ਨੂੰ | ਕਸੂਰ ਭਾਵੇਂ ਕਿਸੇ ਦਾ ਵੀ ਹੋਵੇ, ਨੁਕਸਾਨ ਅੰਮਿ੍ਤਸਰ ਦਾ ਬਹੁਤ ਹੋਇਆ | ਸ਼ਹਿਰ ਦੀ ਅੱਧੀ ਤੋਂ ਵੱਧ ਸਨਅਤ ਇਥੋਂ ਪਲਾਇਨ ਕਰ ਗਈ | ਸਭ ਤੋਂ ਵੱਧ ਨੁਕਸਾਨ ਉੱਨ ਦੀ ਸਨਅਤ ਦਾ ਹੋਇਆ | ਥੋਕ ਦਾ ਵਪਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ |
ਸਭ ਤੋਂ ਵੱਧ ਖੂਨ ਖਰਾਬਾ ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਚ ਹੋਇਆ | ਪਰ ਅੰਮਿ੍ਤਸਰ ਦੀ ਮੁੜ ਸੁਰਜੀਤੀ ਵੀ ਸ੍ਰੀ ਹਰਿਮੰਦਰ ਸਾਹਿਬ ਨੇ ਹੀ ਕੀਤੀ ਹੈ | ਵੱਖ-ਵੱਖ ਅਨੁਮਾਨਾਂ ਅਨੁਸਾਰ ਅੱਜਕਲ੍ਹ, ਹਰ ਰੋਜ਼ 80,000 ਤੋਂ ਸਵਾ ਲੱਖ ਦੇ ਕਰੀਬ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ | ਇਨ੍ਹਾਂ ਵਿਚੋਂ ਚੰਦ ਇਕ ਜਲਿ੍ਹਆਂਵਾਲਾ ਬਾਗ਼, ਦੁਰਗਿਆਨਾ ਮੰਦਰ, ਰਾਮ ਤੀਰਥ ਅਤੇ ਸਰਹੱਦ 'ਤੇ ਝੰਡੇ ਦੀ ਰਸਮ ਵੇਖਣ ਵੀ ਜਾਂਦੇ ਹਨ | ਅੰਮਿ੍ਤਸਰ ਵਿਚ ਪੂਰਾ ਦਿਨ ਬਿਤਾਉਣ ਦੀ ਪ੍ਰਵਿਰਤੀ ਲਗਾਤਾਰ ਵਧ ਰਹੀ ਹੈ | ਇਸੇ ਕਾਰਨ ਅੰਮਿ੍ਤਸਰ ਵਿਚ ਛੋਟੇ ਅਤੇ ਵੱਡੇ ਹੋਟਲਾਂ ਦੀ ਉਸਾਰੀ ਦੀ ਹੋੜ ਲੱਗੀ ਹੋਈ ਹੈ |
ਅੱਜ ਤੋਂ ਪੰਜ ਸਾਲ ਪਹਿਲਾਂ ਇਕ ਅੰਦਾਜ਼ਾ ਸੀ ਕਿ ਅੰਮਿ੍ਤਸਰ ਵਿਚ ਜਾਇਜ਼ ਅਤੇ ਨਾਜਾਇਜ਼ ਹੋਟਲਾਂ ਦੀ ਗਿਣਤੀ 300 ਤੋਂ ਵਧ ਗਈ ਹੈ | ਅੱਜ ਦਾ ਅੰਦਾਜ਼ਾ ਹੈ ਕਿ ਇਹ ਗਿਣਤੀ 650 ਹੋ ਚੁੱਕੀ ਹੈ | ਉਹ ਅੰਮਿ੍ਤਸਰ ਜੋ 1997 ਤਾੲੀਂ ਉਜੜਿਆ ਹੋਇਆ ਸ਼ਹਿਰ ਸੀ, ਅੱਜਕਲ੍ਹ ਵਸਦਾ-ਰਸਦਾ ਮਹਾਂਨਗਰ ਹੈ | ਅੱਜ ਦੀ ਤਾਰੀਖ ਵਿਚ ਜਿੰਨੇ ਪੰਜ ਤਾਰਾ ਅਤੇ ਚਾਰ ਤਾਰਾ ਹੋਟਲ ਅੰਮਿ੍ਤਸਰ ਵਿਚ ਹਨ, ਓਨੇ ਇਕ ਕਰੋੜ ਤੋਂ ਵੱਧ ਆਬਾਦੀ ਵਾਲੇ ਗੁਆਂਢੀ ਸ਼ਹਿਰ ਲਾਹੌਰ ਵਿਚ ਨਹੀਂ ਹਨ | ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਐੈਨੇ ਹੋਟਲ ਨਹੀਂ ਹਨ | ਅੰਮਿ੍ਤਸਰ ਦਾ ਪੰਜ ਤਾਰਾ ਹੋਟਲ ਤਾਜ ਸਵਰਨ ਦਿੱਲੀ ਤੋਂ ਉੱਤਰ-ਪੱਛਮ ਵਿਚ ਸਭ ਤੋਂ ਵੱਧ ਮਿਆਰੀ ਹੋਟਲ ਹੈ | ਅਜੇ ਹੋਰ ਕਈ ਅਮਰੀਕਨ ਅਤੇ ਯੂਰਪੀ ਚੇਨਾਂ ਦੇ ਬਿਹਤਰੀਨ ਹੋਟਲ ਅੰਮਿ੍ਤਸਰ ਵਿਚ ਬਣਨ ਜਾ ਰਹੇ ਹਨ | ਦੁਆਬਾ, ਮਾਝਾ, ਫਿਰੋਜ਼ਪੁਰ ਅਤੇ ਮੋਗਾ ਦੇ ਪ੍ਰਵਾਸੀ ਭਾਰਤੀਆਂ ਦੀ ਵੀ ਬੜੀ ਵੱਡੀ ਗਿਣਤੀ ਮੀਲਾਨ (ਇਟਲੀ), ਲੰਦਨ, ਬਰਮਿੰਘਮ (ਯੂ. ਕੇ.), ਟੋਰਾਂਟੋ (ਕੈਨੇਡਾ), ਵੈਨਕੂਵਰ (ਕੈਨੇਡਾ), ਸਾਨਫਰਾਂਸਿਸਕੋ (ਕੈਲੇਫੋਰਨੀਆ), ਲਾਸਏਾਜਲਸ (ਕੈਲੀਫੋਰਨੀਆ ਯੂ.ਐਸ.ਏ.) ਅਤੇ ਮੈਲਬੌਰਨ (ਆਸਟ੍ਰੇਲੀਆ) ਵਿਚ ਵਸੇਬਾ ਕਰ ਰਹੀ ਹੈ | ਇਨ੍ਹਾਂ ਪੰਜਾਬੀਆਂ ਦਾ ਮਨਪਸੰਦ ਹਵਾਈ ਅੱਡਾ ਅੰਮਿ੍ਤਸਰ ਹੈ | ਪਰ ਦਿੱਲੀ ਹਵਾਈ ਅੱਡੇ ਦਾ ਐਨਾ ਜ਼ੋਰ ਹੈ ਕਿ ਅੰਮਿ੍ਤਸਰ ਨੂੰ ਇਨ੍ਹਾਂ ਥਾਵਾਂ ਵਾਸਤੇ ਉਡਾਣਾਂ ਨਹੀਂ ਮਿਲ ਰਹੀਆਂ | ਜੇ ਅੰਮਿ੍ਤਸਰ ਤੋਂ ਮੀਲਾਨ, ਲੰਡਨ, ਬਰਮਿੰਘਮ, ਟੋਰਾਂਟੋ, ਵੈਨਕੂਵਰ, ਸਾਨਫਰਾਂਸਿਸਕੋ, ਲਾਸਏਾਜਲਸ, ਨਿਊਯਾਰਕ ਅਤੇ ਮੈਲਬੌਰਨ ਵਾਸਤੇ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਘੱਟ ਤੋਂ ਘੱਟ ਹਰ ਰੋਜ਼ 3000 ਤੋਂ ਵੱਧ ਸਵਾਰੀਆਂ ਅੰਮਿ੍ਤਸਰ ਪੁੱਜ ਸਕਦੀਆਂ ਹਨ | ਇਸ ਕਾਰਨ ਹੋਟਲਾਂ ਦੀ ਮੰਗ ਹੋਰ ਵੀ ਵਧੇਗੀ |
ਜੇ ਅੰਮਿ੍ਤਸਰ ਦੀਆਂ ਸਨਅਤਾਂ ਉੱਜੜ ਗਈਆਂ ਹਨ ਤਾਂ ਉਨ੍ਹਾਂ ਦੀ ਥਾਂ ਹੋਟਲ ਉਦਯੋਗ ਨੇ ਲੈ ਲਈ ਹੈ | ਪਿਛਲੀ ਸਰਕਾਰ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦਾ ਵਿਰਾਸਤੀ ਮਾਰਗ ਬੇਹੱਦ ਦਿਲਕਸ਼ ਬਣਾ ਦਿੱਤਾ ਹੈ | ਇਹ ਦਿੱਖ ਭਰਾਵਾਂ ਦੇ ਢਾਬੇ ਤੋਂ ਸ਼ੁਰੂ ਹੋ ਕੇ ਸਾਬਕਾ ਮਲਿਕਾ ਵਿਕਟੋਰੀਆ ਦੇ ਬੁੱਤ (ਅੱਜਕਲ੍ਹ ਦਾ ਫੁਆਰਾ ਚੌਕ) ਅਤੇ ਬਰਾਸਤਾ ਜਲਿ੍ਹਆਂਵਾਲਾ ਬਾਗ਼ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਤਾੲੀਂ ਸੁਧਾਰੀ ਗਈ ਹੈ | ਹਰ ਇਕ ਯਾਤਰੀ ਇਸ ਦਿਲਕਸ਼ ਰਸਤੇ ਦੀਆਂ ਸਿਫ਼ਤਾਂ ਕਰ ਰਿਹਾ ਹੈ | ਜੇ ਅੰਮਿ੍ਤਸਰ ਸਫ਼ਾਈ ਦਾ ਪ੍ਰਬੰਧ ਬਿਹਤਰ ਕਰ ਲਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਸਕਦੀ ਹੈ | ਪੰਜਾਬ ਵਿਚ ਸੈਰ-ਸਪਾਟੇ ਲਈ ਇਨਕਲਾਬ ਦੀ ਨੀਂਹ ਅੰਮਿ੍ਤਸਰ ਵਿਚ ਰੱਖੀ ਜਾ ਚੁੱਕੀ ਹੈ | ਅਗਲੇ ਪੜਾਓ ਵਿਚ ਕਪੂਰਥਲਾ ਅਤੇ ਜਲੰਧਰ ਆਉਂਦੇ ਹਨ | ਕਪੂਰਥਲਾ ਦਾ ਸ਼ਾਹੀ ਮਹੱਲ ਬੜਾ ਆਕਰਸ਼ਿਕ ਹੈ | ਜਲੰਧਰ ਨੇੜੇ ਕਰਤਾਰਪੁਰ ਵਿਚ ਜੰਗ-ਏ-ਆਜ਼ਾਦੀ ਯਾਦਗਾਰ ਦੀ ਦਿੱਖ ਆਧੁਨਿਕ ਹੈ ਪਰ ਯਾਦਾਂ ਅਤੀਤ ਦੀਆਂ ਸਮੇਟੀ ਬੈਠੀ ਹੈ | ਇਸ ਨੂੰ ਅੰਮਿ੍ਤਸਰ ਦੇ ਸੈਰ-ਸਪਾਟਾ ਖੇਤਰ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ |
ਪੰਜਾਬ ਵਿਚ ਸੈਰ-ਸਪਾਟਾ ਇਨਕਲਾਬ ਦੀ ਦੂਜੀ ਕੜੀ ਜਲੰਧਰ ਤੋਂ ਸ਼ੁਰੂ ਹੋਵੇਗੀ | ਇਸ ਵਿਚ ਜੰਗ-ਏ-ਆਜ਼ਾਦੀ ਯਾਦਗਾਰ, ਜਲੰਧਰ ਸ਼ਹਿਰ ਦੇ ਪੁਰਾਤਨ ਖੇਤਰ, ਨੂਰਮਹਿਲ ਦੀ ਸਰਾਂ, ਨਕੋਦਰ ਦੇ ਮਕਬਰੇ, ਪਿੰਡ ਜਹਾਂਗੀਰ ਦੀ ਦੱਖਣੀ ਸਰਾਂ, ਸੁਲਤਾਨਪੁਰ ਲੋਧੀ ਦੇ ਗੁਰ ਅਸਥਾਨ ਅਤੇ ਕਪੂਰਥਲੇ ਦੇ ਮਹੱਲ ਸ਼ਾਮਿਲ ਹਨ |
ਫਿਲਹਾਲ ਅੰਮਿ੍ਤਸਰ ਦਾ ਸੈਰ-ਸਪਾਟਾ ਆਪਣੇ ਜੋਬਨ 'ਤੇ ਹੈ | ਪੁਰਾਣੇ ਟਾਊਨ ਹਾਲ ਨੂੰ ਅੰਮਿ੍ਤਸਰ ਨਿਗਮ ਤੋਂ ਖਾਲੀ ਕਰਵਾ ਕੇ ਉਥੇ ਵੰਡ ਦਾ ਅਜਾਇਬ ਘਰ ਬਣਾਇਆ ਜਾ ਰਿਹਾ ਹੈ | ਇਹ ਅਜਾਇਬ ਘਰ ਅਜੇ ਨਵਾਂ ਹੈ, ਅਧੂਰਾ ਹੈ, ਪਰ ਯਾਤਰੂਆਂ ਨੂੰ ਬਾਖੂਬੀ ਖਿੱਚ ਰਿਹਾ ਹੈ | ਅੰਮਿ੍ਤਸਰ ਦਾ ਗੋਬਿੰਦਗੜ੍ਹ ਕਿਲ੍ਹਾ ਫ਼ੌਜ ਨੇ ਖਾਲੀ ਕਰ ਦਿੱਤਾ ਹੈ ਅਤੇ ਉਸ ਨੂੰ ਬਤੌਰ ਅਜਾਇਬ ਘਰ ਤਾਮੀਰ ਕੀਤਾ ਜਾ ਰਿਹਾ ਹੈ | ਇਥੇ ਕੋਹਿਨੂਰ ਹੀਰਾ ਤਾਂ ਨਹੀਂ ਸੁਸ਼ੋਭਿਤ ਕੀਤਾ ਜਾ ਸਕਦਾ, ਪਰ ਉਸ ਦੀ ਨਕਲ ਇਥੇ ਪ੍ਰਦਰਸ਼ਿਤ ਕੀਤੀ ਗਈ ਹੈ | ਅਫ਼ਗਾਨਿਸਤਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮਸ਼ਹੂਰ ਤੋਪ 'ਜ਼ਮਜ਼ਮ' ਦਾ ਇਕ ਨਮੂਨਾ ਵੀ ਇਥੇ ਪ੍ਰਦਰਸ਼ਿਤ ਕੀਤਾ ਗਿਆ ਹੈ | ਇਹ ਕਿਲ੍ਹਾ ਵੀ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣ ਚੁੱਕਿਆ ਹੈ | ਅੰਮਿ੍ਤਸਰ ਦਾ ਫ਼ੌਜੀ ਅਜਾਇਬ ਘਰ ਸ਼ਹਿਰ ਤੋਂ ਕਾਫ਼ੀ ਦੂਰ ਹੈ ਪਰ ਸੈਲਾਨੀ ਉਥੇ ਵੀ ਪੁੱਜ ਰਹੇ ਹਨ | ਮੈਨੂੰ ਹੈਰਾਨੀ ਹੈ ਕਿ ਅੰਮਿ੍ਤਸਰ ਦਾ 'ਸਾਡਾ ਪਿੰਡ' ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ |
ਮੁੱਕਦੀ ਗੱਲ ਇਹ ਹੈ ਕਿ ਅੰਮਿ੍ਤਸਰ ਇਕ ਸੈਰ-ਸਪਾਟੇ ਦੇ ਇਨਕਲਾਬ ਵਿਚੋਂ ਦੀ ਗੁਜ਼ਰ ਰਿਹਾ ਹੈ | ਇਸ ਪਵਿੱਤਰ ਸ਼ਹਿਰ ਦੀ ਖਿੱਚ ਦਾ ਕੇਂਦਰੀ ਬਿੰਦੂ ਸ੍ਰੀ ਹਰਿਮੰਦਰ ਸਾਹਿਬ ਹੈ, ਜੋ ਦਰਸ਼ਕਾਂ ਵਾਸਤੇ ਚੰੁਬਕ ਦਾ ਕੰਮ ਕਰ ਰਿਹਾ ਹੈ | ਹਾਲ ਦੀ ਘੜੀ ਅੰਮਿ੍ਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਰ ਮਹੀਨੇ ਦੋ ਲੱਖ ਸਵਾਰੀਆਂ ਉਤਰਦੀਆਂ ਹਨ, ਜੋ ਵਧ ਕੇ ਤਿੰਨ ਲੱਖ ਹੋ ਸਕਦੀਆਂ ਹਨ | ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅੰਮਿ੍ਤਸਰ ਦੁਨੀਆ ਦੇ ਮਹਾਨ ਸ਼ਹਿਰਾਂ ਵਿਚੋਂ ਇਕ ਹੈ | ਹੁਣ ਉਸ ਦੇ ਹੋਰ ਚੰਗੇ ਦਿਨਾਂ ਦਾ ਆਗਾਜ਼ ਹੋ ਰਿਹਾ ਹੈ |

harjapaujla@gmail.com

ਵਿਦਾਈ

ਵਿਦਾਈ ਦੀ ਗੱਲ ਕਰਦਿਆਂ ਭਾਵੁਕ ਜਿਹਾ ਮਾਹੌਲ ਬਣ ਜਾਂਦਾ ਹੈ | ਹਰ ਕੋਈ ਕਿਸੇ ਭੈਣ ਜਾਂ ਧੀ ਦੀ ਵਿਦਾਈ ਨੂੰ ਯਾਦ ਕਰਦਾ ਹੈ ਜਾਂ ਫਿਰ ਬਹੁਤ ਹੀ ਭਾਵੁਕਤਾ ਭਰਪੂਰ ਦੇਖੀ ਗਈ ਵਿਦਾਈ ਨੂੰ | ਹਰ ਔਰਤ ਆਪਣੀ ਵਿਦਾਇਗੀ ਦੇ ਪਲਾਂ ਨੂੰ ਇਸ ਤਰ੍ਹਾਂ ਮਹਿਸੂਸ ਕਰਦੀ ਰਹਿੰਦੀ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ | ਪੇਕੇ ਘਰ ਦੇਹੜੀ 'ਤੇ ਪੈਰ ਰੱਖਦਿਆਂ ਵਿਦਾਈ ਦੇ ਪਲ ਦਿਲ ਤੇ ਦਿਮਾਗ 'ਚ ਜ਼ਰੂਰ ਆਉਂਦੇ ਹਨ ਫਿਰ ਭਾਂਵੇ ਔਰਤ ਬੁੜ੍ਹੀ ਕਿਉਂ ਨਾ ਹੋ ਗਈ ਹੋਵੇ | ਸੰਨ 2010 ਵਿਚ ਜਦੋਂ ਮਾਸੀ ਜੀ ਦੇ ਬੇਟੇ ਦਾ ਵਿਆਹ ਸੀ ਤਾਂ ਵੀਰੇ ਦਾ ਸਾਲਾ (ਨਵੀਂ ਭਾਬੀ ਦਾ ਭਾਈ) ਪਹਿਲਾਂ ਬਹੁਤ ਨੱਚਿਆ | ਖੂਬ ਨੱਚ-ਨੱਚ ਉਸ ਨੇ ਭੈਣ ਦੇ ਵਿਆਹ ਦੀ ਖੁਸ਼ੀ ਮਨਾਈ ਪਰ ਵਿਦਾਇਗੀ ਪਲਾਂ ਵਿਚ ਜਿੰਨਾ ਰੋਇਆ ਮੈਂ ਕਦੇ ਕਿਸੇ ਨੂੰ ਐਨਾ ਰੋਂਦੇ ਹੋਏ ਨਹੀਂ ਦੇਖਿਆ | ਉਸ ਨੂੰ ਦੇਖ ਕੇ ਮੇਰੀ ਮਾਂ ਅਤੇ ਮਾਸੀ ਜੀ ਵੀ ਰੋਣ ਲੱਗ ਗਏ | ਉਦੋਂ ਵਿਦਾਇਗੀ ਦੇ ਅਰਥ ਮੈਨੂੰ ਨਹੀਂ ਸੀ ਪਤਾ | ਮੈਂ ਮਾਂ ਤੇ ਮਾਸੀ ਨੂੰ ਕਿਹਾ, 'ਕਿਉਂ ਰੋਨੇ ਓ ਮਾਂ ਤੇ ਮਾਸੀ ਆਪਾਂ ਤਾਂ ਭਾਬੀ ਲੈ ਕੇ ਚੱਲੇ ਆ |' ਪਰ ਅੱਜ ਮੈਨੂੰ ਮੇਰੀ ਮਾਂ ਦੇ ਰੋਣ ਦਾ ਅਹਿਸਾਸ ਹੁੰਦਾ ਹੈ | ਕਿਉਂਕਿ ਉਸ ਸਮੇਂ ਮੇਰੀ ਮਾਂ ਨੂੰ ਪਤਾ ਸੀ ਕਿ ਕੁਝ ਸਾਲਾਂ ਬਾਅਦ ਮੈਂ ਵੀ ਆਪਣੀ ਬੇਟੀ ਨੂੰ ਵਿਦਾ ਕਰਨਾ ਹੈ |
ਕਹਿੰਦੇ ਨੇ ਕਿ ਧੀ ਜੰਮੇ ਤੇ ਕੋਈ ਖੁਸ਼ੀ ਨਹੀਂ ਮਨਾਉਂਦਾ ਮੇਰੀ ਤੁੱਛ ਸੋਚ ਮੁਤਾਬਿਕ ਸ਼ਾਇਦ ਤਾਂ ਹੀ ਨਹੀਂ ਮਨਾਉਂਦੇ ਕਿ ਧੀ ਤਾਂ ਬੇਗਾਨਾ ਧਨ ਹੈ ਸਾਡੇ 'ਚ ਪਿਆਰ ਪਾ ਕੇ ਇਸ ਨੇ ਬੇਗਾਨੀ ਹੋ ਜਾਣਾ ਹੈ | ਜਦੋਂ ਕਦੇ ਛੋਟੇ ਹੁੰਦੇ ਕਹਿ ਦੇਣਾ 'ਮਾਂ ਮੈਂ ਨੀਂ ਵਿਆਹ ਕਰਾਉਣਾ' ਮਾਂ ਨੇ ਕਹਿ ਦੇਣਾ, 'ਪੁੱਤ ਧੀਆਂ ਤਾਂ ਰਾਜੇ ਮਹਾਰਾਜੇ ਨੇ ਨੀਂ ਰੱਖੀਆਂ ਅਸੀਂ ਤਾਂ ਆਮ ਬੰਦੇ ਆਂ |' ਜਦੋਂ ਮੇਰੇ ਵਿਆਹ ਬਾਰੇ ਮਾਂ ਨੇ ਜਾਂ ਕਿਸੇ ਹੋਰ ਦੋਸਤ-ਮਿੱਤਰ, ਰਿਸ਼ਤੇਦਾਰ ਨੇ ਗੱਲ ਕਰਨੀ ਤਾਂ ਮੈਂ ਸੋਚਣਾ ਜੇ ਦੋ ਕੁ ਸਾਲ ਮਾਂ ਕੋਲ ਹੋਰ ਲੰਘ ਜਾਣ ਤਾਂ ਵਧੀਆ ਕਿਉਂਕਿ ਹੁਣ ਥੋੜਾ-ਥੋੜਾ ਅਹਿਸਾਸ ਹੋਣ ਲੱਗਾ ਸੀ ਕਿ ਵਿਆਹ ਮਤਲਬ ਆਪਣਾ ਘਰ ਛੱਡ ਕੇ ਜਾਣਾ | ਪਰ ਧੀ ਤੇ ਫ਼ਸਲ ਕਦੋਂ ਕਿਸ ਨੇ ਘਰ ਰੱਖੀਆਂ ਨੇ?
ਦੇਖ-ਪਰਖ ਤੋਂ ਬਾਅਦ ਮੰਗਣੇ ਦਾ ਦਿਨ ਰੱਖ ਦਿੱਤਾ ਗਿਆ ਅਤੇ ਨਾਲ ਦੀ ਨਾਲ ਹੀ ਵਿਆਹ ਦਾ ਦਿਨ ਵੀ ਪੱਕਾ ਕਰ ਦਿੱਤਾ ਗਿਆ | ਬੰਨ੍ਹੇ ਦਿਨ ਕਦ ਰੁਕੇ ਨੇ? ਜਿਉਂ-ਜਿਉਂ ਦਿਨ ਘਟਣ ਲੱਗੇ ਤਿਉਂ-ਤਿਉਂ ਮਨ 'ਚ ਬੈਰਾਗ ਦੀ ਭਾਵਨਾ ਪੈਦਾ ਹੁੰਦੀ ਗਈ | ਕਦੇ ਤਾਂ ਇੰਝ ਹੋਣਾ ਰਾਤ ਨੂੰ ਜਾਗ ਆ ਜਾਣੀ ਫਿਰ ਨੀਂਦ ਨਾ ਆਉਣੀ ਮਨ 'ਚ ਬਹੁਤ ਕਿਸਮ ਦੇ ਸਵਾਲ ਉੱਠਣੇ, 'ਨਵਾਂ ਘਰ ਕਿਵੇਂ ਦਾ ਹੋਊ? ਉੱਥੋਂ ਦਾ ਮਾਹੌਲ ਕਿਵੇਂ ਦਾ ਹੋਊ?' ਪਤਾ ਨੀ ਮੇਰੇ ਤੋਂ ਮਾਹੌਲ ਮੁਤਾਬਿਕ ਆਪਣੇ-ਆਪ ਨੂੰ ਢਾਲਿਆ ਵੀ ਜਾਊ ਜਾਂ ਨਹੀਂ? 'ਇਸ ਤਰ੍ਹਾਂ ਦੇ ਬਹੁਤ ਕਿਸਮ ਦੇ ਸਵਾਲ ਮਨ 'ਚ ਉੱਠਦੇ ਤੇ ਦੱਬ ਜਾਂਦੇ | ਕਈ ਵਾਰ ਚੋਰੀ-ਚੋਰੀ ਰੋ ਵੀ ਲੈਣਾ ਪਰ ਜਦੋੋਂ ਮਾਂ, ਮਾਸੀਆ, ਮਾਮੀਆਂ ਨੂੰ ਦੇਖਣਾ ਫਿਰ ਸੋਚਣਾ ਕਿ ਇਹ ਵੀ ਤਾਂ ਆਪਣਾ ਘਰ ਛੱਡ ਕੇ ਆਏ ਨੇ ਤੇ ਹੁਣ ਕਦੇ ਪੇਕਿਆ ਦਾ ਜ਼ਿਕਰ ਵੀ ਨਹੀਂ ਕਰਦੇ | ਇਸ ਤਰ੍ਹਾਂ ਸੋਚਦੇ ਹੋਏ ਪ੍ਰਮਾਤਮਾ ਦਾ ਧੰਨਵਾਦ ਕਰਨ ਦਾ ਮਨ ਕਰਨਾ ਕਿ ਵਾਹਿਗੁਰੂ ਨੇ ਔਰਤਾਂ ਨੂੰ ਕਿੰਨੀਆਂ ਵੱਖਰੀਆਂ ਸ਼ਕਤੀਆਂ ਨਾਲ ਨਿਵਾਜਿਆ ਹੈ ਜੋ ਕਿਸੇ ਓਪਰੇ ਘਰ ਜਾ ਕੇ ਕਿੰਝ ਉਸ ਮੁਤਾਬਿਕ ਢਲ਼ ਜਾਂਦੀਆ ਨੇ ਤੇ ਕਿਵੇਂ ਸਾਰੀ ਜ਼ਿੰਦਗੀ ਉਸ ਘਰ ਨੂੰ ਸਮਰਪਿਤ ਰਹਿੰਦੀਆਂ ਨੇ?
ਮੰਗਣੇ ਦਾ ਮਿੱਥਿਆ ਦਿਨ ਆ ਗਿਆ | ਸਾਰੇ ਬਹੁਤ ਖੁਸ਼ ਸਨ | ਮੇਰੇ ਮਨ ਵਿਚ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ ਚਾਹਨਾ ਸੀ | ਨਵੇਂ ਮਹਿਮਾਨ ਘਰ ਪਹੁੰਚੇ ਮੰਗਣੇ ਦੀ ਰਸਮ ਹੋਈ ਥੋੜ੍ਹਾ ਜਿਹਾ ਨੱਚਣ-ਕੁੱਦਣ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ ਖੁਸ਼ੀ-ਖੁਸ਼ੀ ਅਲਵਿਦਾ ਕਹਿ ਕੇ ਵਾਪਸ ਪਰਤ ਗਿਆ | ਮੇਰਾ ਛੋਟਾ ਭਰਾ ਦੀਪੀ ਮੈਨੂੰ ਖਿਝਾ ਰਿਹਾ ਸੀ, 'ਦੀਦੀ ਤੁਸੀਂ ਰੋਏ ਕਾਹਤੋਂ ਨੀ?' ਮੈਂ ਕਿਹਾ, 'ਅੱਜ ਕਿਹੜਾ ਮੈਂ ਸਹੁਰੇ ਜਾਣਾ ਸੀ ਮੈਂ ਕਿਉਂ ਰੋਂਦੀ?' ਸਾਰੇ ਰਿਸ਼ਤੇਦਾਰ ਕੋਲ ਬੈਠੇ ਉੱਚੀ-ਉੱਚੀ ਹੱਸਣ ਲੱਗੇ | ਮੰਗਣੇ ਵਾਲੇ ਦਿਨ ਮੈਂ ਬਿਲਕੁਲ ਵੀ ਭਾਵੁਕ ਨਹੀਂ ਸੀ ਸ਼ਾਇਦ ਦੀਪੀ ਨੂੰ ਹਾਸੇ 'ਚ ਬੋਲੀ ਗੱਲ ਸੱਚ ਸੀ | ਹਫ਼ਤੇ ਬਾਅਦ ਚਿੱਠੀ ਤੋਰੀ ਗਈ | ਸਕੇ-ਸੰਬੰਧੀਆਂ ਨੂੰ ਡੱਬੇ ਦੇਣ ਲਈ ਮਠਿਆਈ ਘਰੇ ਬਣਵਾਈ ਗਈ | ਹਰ ਵੇਲੇ ਘਰ 'ਚ ਰੌਣਕ ਰਹਿੰਦੀ | ਆਂਢ-ਗੁਆਂਢ ਦੀਆਂ ਔਰਤਾਂ ਮੇਰੀ ਮਾਂ ਨਾਲ ਮਿਲ ਕੇ ਗੀਤ ਗਾਉਂਦੀਆਂ :-
'ਲੰਮੀਏ ਤੇ ਲੱਝੀਏ ਲਾਲ ਖੰਜੂਰੇ
ਕਿਹਨੇ ਵਰ ਟੋਹਲਿਆ ਨੀ ਦੂਰ ਏ....
ਬਾਬਲ ਤਾਂ ਮੇਰਾ ਦੇਸ਼ਾਂ ਦਾ ਰਾਜਾ
ਉਹਨੇ ਵਰ ਟੋਹਲਿਆ ਨੀ ਦੂਰ ਏ ...'

ਐਨੇ ਬੋਲ ਸੁਣਨ ਦੀ ਦੇਰ ਸੀ, ਮੈਂ ਹਉਕੇ ਲੈ ਕੇ ਰੋਣ ਲੱਗੀ | ਸਾਰੇ ਮੈਨੂੰ ਸਮਝਾਉਣ ਲੱਗੇ ਕੇ 'ਪੁੱਤ ਤੂੰ ਉੱਥੇ ਚੱਲੀ ਆਂ ਜਿੱਥੇ ਜਾਣ ਲਈ ਲੋਕ ਲੱਖਾਂ ਰੁਪਏ ਲਾਉਂਦੇ ਨੇ ਤੂੰ ਰੋਨੀ ਕਿਉਂ ਏ?' ਤੁਸੀਂ ਸਾਰੇ ਇੱਥੇ ਹੋਊਾਗੇ ਤੇ ਮੈਂ ਐਨੀ ਦੂਰ ਸੱਤ ਸਮੁੰਦਰੋਂ ਪਾਰ ਪਤਾ ਨਹੀਂ ਕਿੰਨੇ ਸਮੇਂ ਬਾਅਦ ਆਇਆਂ ਕਰੂੰ?' ਏਨਾ ਕਹਿ ਮੈਂ ਰੋਣ ਲੱਗੀ | ਜਸਵੀਰ ਮਾਸੀ ਨੇ ਭਾਵੁਕ ਗੀਤ ਬੰਦ ਕਰਵਾ ਦਿੱਤਾ | 'ਏ ਕੰਵਲ ਤੂੰ ਰੋਨੀ ਕਿਉਂ ਐ ਦੇਖ ਸਾਡੇ 'ਚੋਂ ਕੋਈ ਰੋਂਦਾ ?' ਮੇਰੇ ਮਾਮਾ ਜੀ ਦੇ ਬੇਟੇ ਨੇ ਕਿਹਾ 'ਵੀਰੇ ਤੁਸੀਂ ਕਿਹੜਾ ਸੁਹਰੇ ਜਾਣਾ?' ਮੈਂ ਇਕਦਮ ਵੀਰੇ ਨੂੰ ਕਿਹਾ | 'ਤੈਨੂੰ ਤਾਂ ਵਿਦਾ ਕਰਨਾ ਆ ਜੇ ਅਸੀਂ ਨੀ ਜਾਣਾ, ਤੂੰ ਦੇਖੀ ਜਦ ਤੂੰ ਵਿਦਾ ਹੋਊਾਗੀ, ਮੈਂ ਜਮਾ ਨੀ ਰੋਣਾ ਤੂੰ ਕੰਨ ਬਹੁਤ ਖਾਨੀ ਆ ਇਸ ਲਈ ਤੈਨੂੰ ਏਨੀ ਦੂਰ ਵਿਆਹ ਰਹੇ ਆਂ' ਵੀਰੇ ਦੀ ਐਨੀ ਗੱਲ ਸੁਣ ਮੈਂ ਹੋਰ ਉੱਚੀ-ਉੱਚੀ ਰੋਣ ਲੱਗੀ | ਮਾਂ ਨੇ ਚੁੱਪ ਕਰਵਾਇਆ 'ਪੁੱਤ ਚੁੱਪ ਕਰ ਤੈਨੂੰ ਵਿਆਹ ਤੱਕ ਇਨ੍ਹਾਂ ਨੇ ਰਵਾ-ਰਵਾ ਪਤਲੀ ਕਰ ਦੇਣਾ | ਚੁੱਪ ਕਰ ਮੇਰੀ ਸਿਆਣੀ ਧੀ |'
ਜਿਉਂ-ਜਿੳਾੁ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਮੇਰੀ ਭੁੱਖ ਘਟਦੀ ਗਈ | ਬੋਲਣ ਦਾ ਵੀ ਘੱਟ ਹੀ ਜੀਅ ਕਰਦਾ | ਜਿਸ ਦਿਨ ਮਹਿੰਦੀ ਦੀ ਰਸਮ ਸੀ ਸਾਰੀਆਂ ਭਾਬੀਆਂ, ਭੈਣਾਂ ਸਾਡੇ ਘਰ ਇਕੱਠੀਆਂ ਹੋ ਮਹਿੰਦੀ ਲਗਵਾ ਰਹੀਆਂ ਸਨ | ਮਾਸੀ ਜੀ ਦੀ ਨੂੰ ਹ ਜਗਜੀਤ ਭਾਬੀ ਨੇ ਮੈਨੂੰ ਭਾਵੁਕ ਜਿਹੀ ਹੁੰਦੀ ਦੇਖ ਕਿਹਾ 'ਦੀਦੀ ਤੁਸੀਂ ਰੋਇਆ ਨਾ ਕਰੋ ਦੇਖੋ ਜਦ ਮੈਂ ਵਿਦਾ ਹੋ ਕੇ ਆਈ ਸੀ ਮੈਂ ਬਿਲਕੁਲ ਨੀ ਸੀ ਰੋਈ ਥੋਨੂੰ ਪਤਾ ਨੀ ਆ |' ਮੈਂ ਸੋਚ ਰਹੀ ਸੀ ਕਿ ਸਾਰੇ ਜਣੇ ਬਹੁਤ ਦਲੇਰ ਨੇ ਮੈਂ ਹੀ ਆ ਕਮਜ਼ੋਰ ਦਿਲ | ਮੇਲ ਵਾਲਾ ਦਿਨ ਆ ਗਿਆ ਸੀ | ਕੁਆਰੀ ਧੀ ਦੇ ਰੂਪ 'ਚ ਮੇਰਾ ਮੇਰੇ ਪੇਕੇ ਪਰਿਵਾਰ 'ਚ ਆਖਰੀ ਦਿਨ | ਸ੍ਰੀ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਇਆ | ਸਾਰੇ ਪਿੰਡ ਦੇ ਲੋਕ, ਦੋਸਤ-ਮਿੱਤਰ, ਰਿਸ਼ਤੇਦਾਰ ਆ ਰਹੇ ਸਨ | ਅੱਜ ਮੇਰੇ ਵੱਲ ਦੇਖਣ ਦਾ ਸਭ ਦਾ ਨਜ਼ਰੀਆ ਹੋਰ ਸੀ | ਸਾਰੇ ਬਜ਼ੁਰਗ ਮੇਰਾ ਸਿਰ ਪਰੋਸ ਕੇ ਚੰਗੇ ਭਵਿੱਖ ਦੀ ਕਾਮਨਾ ਕਰ ਰਹੇ ਸਨ | ਪਾਠ ਦੀ ਸਮਾਪਤੀ ਤੋਂ ਬਾਅਦ ਢੋਲ-ਢਮੱਕੇ ਨਾਲ ਨਾਨਕਾ ਪਰਿਵਾਰ ਆਇਆ | ਘੰਟਾ ਕੁ ਬਾਅਦ ਇਸੇ ਤਰ੍ਹਾਂ ਸਾਰੀਆ ਮਾਸੀਆਂ ਆਈਆਂ | ਘਰ 'ਚ ਖੂਬ ਰੌਣਕ ਸੀ |
ਸਰਦੀਆਂ ਦੇ ਦਿਨ ਛੋਟੇ ਹੋਣ ਕਰਕੇ ਪੰਜ ਕੁ ਵਜੇ ਹੀ ਮੂੰਹ ਹਨ੍ਹੇਰਾ ਜਿਹਾ ਹੋਣ ਲੱਗਦਾ ਹੈ | ਮਾਂ ਨੇ ਮੈਨੂੰ ਬੰਨ੍ਹ ਦੀ ਰਸਮ ਲਈ ਤਿਆਰ ਹੋਣ ਲਈ ਕਿਹਾ | ਵਿਆਹ 'ਚ ਇਕੱਠ-ਮੱਠ ਕਰ ਕੇ ਸਾਰੇ ਕੱਪੜੇ ਮਠਿਆਈਆਂ ਵਾਲੇ ਕਮਰੇ 'ਚ ਅਟੈਚੀਆ 'ਚ ਪਏ ਸਨ | ਕਮਰੇ 'ਚ ਵੜਦੇ ਹੀ ਮੇਰੇ ਹੰਝੂਆਂ ਦਾ ਐਸਾ ਬੰਨ੍ਹ ਟੁੱਟਿਆ ਸਾਹ ਨਾਲ ਸਾਹ ਰਲਾਉਣਾ ਔਖਾ ਹੋ ਗਿਆ | ਜਸਵੀਰ ਮਾਸੀ ਮੇਰੇ ਰੋਣ ਦੀ ਆਵਾਜ਼ ਸੁਣ ਅੰਦਰ ਆ ਗਏ | ਚੁੱਪ ਕਰਵਾਉਂਦੇ ਆਪ ਵੀ ਰੋਣ ਲੱਗੇ | ਮਾਂ ਨੇ ਅੰਦਰ ਆ ਥੋੜ੍ਹਾ ਸਖ਼ਤਾਈ ਨਾਲ ਕਿਹਾ, 'ਕੀ ਐ ਕੰਵਲ ਸਾਰੇ ਰਿਸ਼ਤੇਦਾਰ ਚਾਅ ਲਾਡ ਕਰ ਰਹੇ ਨੇ ਤੂੰ ਰੋਈ ਜਾਨੀ ਆਂ, ਐਾਵੇ ਨੀ ਮਨ ਖਰਾਬ ਕਰੀਦਾ |' ਮਾਂ ਨੂੰ ਥੋੜ੍ਹਾ ਗੁੱਸੇ 'ਚ ਦੇਖ ਮੈਂ ਚੁੱਪ ਕਰ ਗਈ | ਬੰਨ੍ਹ ਦੀ ਰਸਮ ਸਮੇਂ ਖੱਬੇ ਪਾਸਿਓਾ ਮਾਂ ਸੱਜੇ ਪਾਸਿਓਾ ਦੀਪੀ ਮੈਨੂੰ ਫੜ੍ਹੀ ਜਾ ਰਹੇ ਸਨ | ਸਭ ਨੇ ਚਾਅ ਤੇ ਹੁਲਾਮ ਨਾਲ ਬੰਨ੍ਹ ਲਾਇਆ | ਜਾਗੋ 'ਤੇ ਦੀਪੀ ਆਪ ਬੋਲੀਆਂ ਪਾ-ਪਾ ਨੱਚਿਆ | ਮੈਂ ਪਹਿਲੀ ਵਾਰ ਇਹਨੂੰ ਬੋਲੀਆਂ ਪਾਉਂਦੇ ਸੁਣਿਆ ਸੀ | ਜਿਸ ਤਰ੍ਹਾਂ ਭੰਗੜਾ ਪਾ ਰਿਹਾ ਸੀ ਮੇਰੇ ਵਿਆਹ ਦਾ ਚਾਅ ਉਜਾਗਰ ਕਰ ਰਿਹਾ ਉਸ ਤਰ੍ਹਾਂ ਇਹ ਆਪਣਾ ਹੁਲਾਸ ਪ੍ਰਗਟ ਕਰ ਰਿਹਾ ਸੀ | ਪਾਪਾ ਦੇ ਦੋਸਤ, ਮੇਰੇ ਸਾਰੇ ਵੀਰੇ ਭਾਬੀਆਂ, ਸਹੇਲੀਆਂ ਢੋਲ 'ਤੇ ਬੋਲੀਆਂ ਪਾ-ਪਾ ਨੱਚੇ | ਡੀ.ਜੇ. ਦੀ ਰਿਵਾਇਤ ਨੂੰ ਬਹੁਤ ਲੇਟ ਸ਼ੁਰੂ ਕੀਤਾ | ਮੈਨੂੰ ਛੇਤੀ ਸੌਣ ਦੀ ਹਦਾਇਤ ਕੀਤੀ ਗਈ ਤਾਂ ਜੋ ਅਗਲੇ ਦਿਨ ਚਿਹਰੇ 'ਤੇ ਥਕਾਵਟ ਨਾ ਦਿਸੇ | ਪਰ ਦੀਪੀ, ਮਾਂ ਤੇ ਮੋਹਤਬਰ ਰਿਸ਼ਤੇਦਾਰ ਸਾਰੀ ਰਾਤ ਜਾਗਦੇ ਰਹੇ | ਬਰਾਤ ਦੀ ਆਓ ਭਗਤ ਦੀ ਤਿਆਰੀ ਕਰਦੇ ਰਹੇ |
ਵਿਆਹ ਵਾਲੇ ਦਿਨ ਦੀ ਸਵੇਰ ਹੋਈ | 'ਉੱਠ ਪੁੱਤ, ਚਾਰ ਵੱਜਗੇ |' ਮਾਂ ਨੇ ਉਠਾਇਆ | ਮਾਂ ਗਰਮ ਪਾਣੀ ਦਾ ਗਿਲਾਸ ਫੜ੍ਹੀ ਖੜ੍ਹੇ ਸਨ | ਮੈਂ ਮਾਂ ਨੂੰ ਦੇਖਦੇ ਹੀ ਭਾਵੁਕ ਹੋ ਗਈ ਕਿਉਂਕਿ ਪਤਾ ਸੀ ਕਿ ਅੱਜ ਆਖਰੀ ਦਿਨ ਸੀ ਜਦ ਮੇਰੀ ਮਾਂ ਨੇ ਉਠਾਉਣਾ ਸੀ | ਕੱਲ੍ਹ ਤੋਂ ਕਿਸ ਨੇ ਕਿਵੇਂ ਉਠਾਉਣਾ ਸੀ ਕੁਝ ਨਹੀਂ ਸੀ ਪਤਾ | ਜਦੋਂ ਅੱਖ 'ਚ ਇਕ ਹੰਝੂ ਗਿਰਿਆ ਮਾਂ ਨੇ ਮੇਰੇ ਸਿਰ੍ਹਾਣੇ ਬੈਠ ਦਿਲਾਸਾ ਦਿੱਤਾ | ਪੁੱਤ ਘਰ ਬਦਲਿਆ ਜਾਣਾ ਮਾਂ ਤਾਂ ਨੀ ਬਦਲਣੀ, ਘਰੋਂ ਰਿਸ਼ਤਾ ਤਾਂ ਨੀ ਟੁੱਟਣਾ ਤੂੰ ਦੇਖ ਫੋਨਾਂ ਨੇ ਦੁਨੀਆ ਨੂੰ ਕੋਲ-ਕੋਲ ਕਰਤਾ ਜਦ ਮਰਜ਼ੀ ਫੋਨ ਕਰ ਲਿਆ ਕਰੀਂ ਜਦ ਮਰਜ਼ੀ ਆ ਜਾਇਆ ਕਰੀਂ ਉੱਠ ਮੇਰੀ ਧੀ ਨ੍ਹਾਈ ਧੋਈ ਕਰੀਏ ਪੁੱਤ |' ਮਾਂ ਦੀ ਗੱਲ ਨੇ ਮਨ ਕੈੜਾ ਕਰ ਦਿੱਤਾ | ਨ੍ਹਾਈ ਧੋਈ ਸਮੇਂ ਸੱਤ ਸੁਹਾਗਣਾ ਮੇਰੇ ਆਲੇ-ਦੁਆਲੇ ਖੜ੍ਹ ਗਈਆਂ | ਜਿਹੜੀ ਮਾਂ ਨੇ ਪਾਲਿਆ, ਪੜ੍ਹਾਇਆ ਉਹ ਮਾਂ ਮੈਨੂੰ ਦਿਖੀ ਨੀ | 'ਮਾਂ ....ਮਾਂ....ਮਾਂ... ਏਧਰ ਆਓ ਪਹਿਲਾਂ ਸ਼ਗਨ ਤੁਸੀਂ ਕਰੋ | 'ਮਾਂ ਨੂੰ ਪਤਾ ਸੀ ਉਨ੍ਹਾਂ ਨੇ ਕੋਈ ਸਵਾਲ ਨੀ ਕੀਤਾ | ਮਾਣ ਨਾਲ ਸ਼ਗਨ ਕੀਤਾ | ਇੱਥੇ ਵੀ ਰੌਣਾ ਨਿਕਲਣਾ ਲਾਜ਼ਮੀ ਸੀ | ਕਰਮਜੀਤ ਮਾਸੀ ਦੇ ਬੋਲ ਅਜੇ ਵੀ ਚੇਤੇ ਨੇ 'ਪੁੱਤ ਵਿਆਹ ਮਤਲਬ ਧੀ ਦਾ ਦੂਜਾ ਜਨਮ ਜਦੋਂ ਨਵਜਨਮੇ ਬੱਚੇ ਨੂੰ ਪਹਿਲੀ ਵਾਰ ਨਹਾਉਂਦੇ ਨੇ ਤਾਂ ਦਹੀਂ ਨਾਲ ਨਹਾਉਂਦੇ ਨੇ ਪੁੱਤ ਅੱਜ ਤੇਰਾ ਵੀ ਦੂਜਾ ਜਨਮ ਹੋਇਆ ਧੀ ਦੇ ਰੂਪ 'ਚ ਤੂੰ ਸਾਨੂੰ ਬਹੁਤ ਖੁਸ਼ੀ ਦਿੱਤੀ ਆ ਬੱਸ ਨੂੰ ਹ ਦੇ ਰੂਪ 'ਚ ਵੀ ਸਾਡਾ ਐਾਵੇ ਹੀ ਮਾਣ ਵਧਾੲੀਂ |' ਮਾਸੀ ਦੇ ਬੋਲ ਐਨੀ ਦਿਲ ਦੀ ਗਹਿਰਾਈ 'ਚੋਂ ਨਿਕਲੇ ਸਨ ਮੈਂ ਸ਼ਾਇਦ ਹੀ ਕਦੇ ਭੁੱਲ ਸਕਾਂ | ਫਿਰ ਚੂੜੇ ਦੀ ਰਸਮ ਹੋਈ ਸਾਰੇ ਆਲੇ-ਦੁਆਲੇ ਖੜ੍ਹੇ ਸਨ | ਮੇਰਾ ਬੈਗ ਪੈਕ ਹੋ ਗਿਆ ਸੀ | ਅੱਜਕਲ੍ਹ ਧੀ ਦੀ ਵਿਦਾਈ ਤਾਂ ਪਾਰਲਰ ਜਾਣ ਲੱਗੇ ਹੀ ਹੋ ਜਾਂਦੀ ਹੈ | ਸਾਰੇ ਮੇਰੇ ਆਲੇ-ਦੁਆਲੇ ਹੋ ਗੱਡੀ ਤੱਕ ਮੈਨੂੰ ਛੱਡਣ ਆਏ | ਮੈਂ ਘਰ ਨੂੰ ਵਾਰ-ਵਾਰ ਨਿਹਾਰ ਰਹੀ ਸੀ | ਪਤਾ ਸੀ ਕਿ ਧੀ ਦੇ ਰੂਪ 'ਚ ਵਿਦਾ ਹੋ ਰਹੀ ਹਾਂ ਫਿਰ ਪ੍ਰਾਹੁਣੀ ਧੀ ਦੇ ਰੂਪ 'ਚ ਪਰਤ ਕੇ ਆਵਾਂਗੀ | ਮਾਂ ਨੇ ਦਹੀਂ-ਸ਼ੱਕਰ ਖਵਾ ਕੇ ਤੋਰਿਆ | ਪਾਰਲਰ ਤੋਂ ਤਿਆਰ ਹੋ ਮੈਂ ਪੈਲੇਸ ਪਹੁੰਚੀ | ਸਾਰਿਆਂ ਲਈ ਮੈਂ ਖਿੱਚ ਦਾ ਕੇਂਦਰ ਸੀ | ਬਰਾਤ ਆਈ ਕੁਝ ਕੁ ਮੁੱਖ ਪਰਿਵਾਰਕ ਮੈਂਬਰ ਸਾਨੂੰ ਅਨੰਦ ਕਾਰਜਾਂ ਦੀ ਰਸਮ ਲਈ ਲੈ ਕੇ ਗਏ |
ਗੁਰੂ ਮਹਾਰਾਜ ਦੇ ਸਰੂਪ ਅੱਗੇ ਸਾਨੂੰ ਨਮਸਤਕ ਕੀਤਾ ਗਿਆ | ਜਦੋਂ ਮੇਰੇ ਮਾਸੜ ਜੀ ਨੇ ਮੈਨੂੰ ਲੜ ਫੜਾਇਆ ਤਾਂ ਪਾਪਾ ਦੀਆਂ ਯਾਦਾਂ ਨੇ ਮੈਨੂੰ ਘੇਰ ਲਿਆ | ਹੰਝੂਆਂ ਦਾ ਵਹਿ ਤੁਰਨਾ ਲਾਜ਼ਮੀ ਸੀ ਲਾਵਾਂ ਤੋਂ ਬਾਅਦ ਰਾਗੀ ਸਿੰਘਾਂ ਦੇ ਗਾਏ ਸ਼ਬਦ ਨੇ ਹੋਰ ਭਾਵੁਕ ਕਰ ਦਿੱਤਾ |
ਮੇਰੇ ਬਾਬੁਲਾ... ਮੇਰਾ ਬਾਬੁਲਾ
ਵੀਆਹੁ ਹੋਆ ਮੇਰੇ ਬਾਬੁਲਾ
ਗੁਰਮੁਖੇ ਹਰਿ ਪਾਇਆ
ਅਗਿਆਨੁ ਅੰਧੇਰਾ ਕਟਿਆ
ਗੁਰ ਗਿਆਨੁ ਪ੍ਰਚੰਡ
ਬਲਾਇਆ ¨
ਵੀਆਹੁ ਹੋਆ ਮੇਰੇ ਬਾਬੁਲਾ
ਗੁਰਮੁਖੇ ਹਰਿ ਪਾਇਆ¨

ਪਿੱਛੇ ਬੈਠੀ ਮੇਰੀ ਭੈਣਾਂ ਵਰਗੀ ਸਹੇਲੀ ਤੇ ਮਾਸੀ ਜੀ ਦੀ ਬੇਟੀ ਵਾਰੀ-ਵਾਰੀ ਧਰਵਾਸ ਦੇ ਚੁੱਪ ਕਰਵਾ ਰਹੀਆਂ ਸਨ | ਪਰ ਮਨ ਟਿੱਕ ਨਹੀਂ ਸੀ ਰਿਹਾ | ਚਾਰ ਲਾਵਾਂ ਤੋਂ ਬਾਅਦ ਪਾਠੀ ਸਾਹਿਬਾਨ ਨੇ ਸਿੱਖਿਆ ਪੜ੍ਹਨੀ ਸ਼ੁਰੂ ਕੀਤੀ | ਜਦੋਂ ਭਾਵੁਕਤਾ ਦਾ ਮਾਹੌਲ ਬਣਨ ਲੱਗਾ ਜੋਤ ਵੀਰ ਜੀ ਨੇ ਪਾਠੀ ਨੂੰ ਬੇਨਤੀ ਕਰ ਸਿੱਖਿਆ ਬੰਦ ਕਰਵਾਈ | ਮਾਂ ਨੇ ਸਿਰ ਪਰੋਸ ਕੇ ਚੁੱਪ ਕਰਵਾਉਂਦੇ ਕਿਹਾ, 'ਪੁੱਤ ਐਾਵੇ ਨਾ ਕਰ ਨਵੀਂ ਜ਼ਿੰਦਗੀ ਨੂੰ ਖੁਸ਼ ਹੋ ਕੇ ਸਵਿਕਾਰ ਕਰ | ਮਹਾਰਾਜ ਦੀ ਹਜ਼ੂਰੀ ਵਿਚ ਹੁਣ ਮੈਂ ਕਈ ਰਿਸ਼ਤਿਆ ਨੂੰ ਬੰਨ੍ਹੀ ਬੈਠੀ ਸੀ | ਇਕ ਧੀ ਦਾ ਰਿਸ਼ਤਾ, ਇਕ ਪਤਨੀ ਦਾ ਇਕ ਨੂੰ ਹ ਦਾ | ਅਨੰਦ ਕਾਰਜਾਂ ਤੋਂ ਬਾਅਦ ਮੇਰਾ ਪੇਕਾ ਪਰਿਵਾਰ ਅੱਡ ਰਾਹ 'ਤੇ ਪੈ ਗਿਆ ਤੇ ਸਹੁਰਾ ਪਰਿਵਾਰ ਮੈਨੂੰ ਲੈ ਕੇ ਅੱਡ ਰਾਹ 'ਤੇ | ਮਨ ਬਹੁਤ ਉਦਾਸ ਹੋਇਆ | ਮੈਂ ਰੋ ਰਹੀ ਸੀ ਮੇਰਾ ਪਤੀ ਮੈਨੂੰ ਚੁੱਪ ਕਰਵਾ ਰਿਹਾ ਸੀ |
'ਪੈਲੇਸ ਪਹੁੰਚ ਬਾਕੀ ਰਸਮਾਂ ਸ਼ੁਰੂ ਹੋਈਆਂ ਸਮਾਂ ਅੱਜ ਭੱਜਿਆ ਜਾ ਰਿਹਾ ਸੀ | ਅੰਤ ਵਿਦਾਇਗੀ ਦਾ ਸਮਾਂ ਆ ਗਿਆ | ਸਾਰੇ ਮੈਨੂੰ ਡੋਲੀ ਵਾਲੀ ਕਾਰ ਕੋਲ ਛੱਡਣ ਜਾ ਰਹੇ ਸਨ | ਇਕ ਲੰਮੀ ਭੀੜ ਮੇਰੇ ਪਿੱਛੇ ਆ ਰਹੀ ਸੀ | ਮੇਰਾ ਸਾਰਾ ਪਿੰਡ ਪਰਿਵਾਰ ਨਾਲ ਸਬੰਧਿਤ ਦੋਸਤ, ਮਿੱਤਰ, ਰਿਸ਼ਤੇਦਾਰ ਸਭ ਡੋਲੀ ਸਮੇਂ ਮੌਜੂਦ ਸਨ | ਮੈਂ ਪਹਿਲੀ ਵਾਰ ਵਿਦਾਇਗੀ ਸਮੇਂ ਐਨੀ ਭੀੜ ਦੇਖ ਰਹੀ ਸੀ | ਨਹੀਂ ਤਾਂ 95% ਵਿਆਹਾਂ ਵਿਚ 25-30 ਕੁ ਜਣੇ ਕੁੜੀ ਨੂੰ ਵਿਦਾ ਕਰਨ ਲਈ ਰਹਿ ਜਾਂਦੇ ਹਨ ਬਾਕੀ ਸ਼ਗਨ ਫੜਾ, ਖਾ-ਪੀ ਕੇ ਜਾਣ ਦੀ ਕਰਦੇ ਹਨ | ਸਾਰੇ ਮੈਨੂੰ ਜੱਫੀ 'ਚ ਲੈ ਰੋ ਰਹੇ ਸਨ | ਨਾ ਰੋਣ ਦੀ ਹਾਮੀ ਭਰਨ ਵਾਲਾ ਮੇਰੇ ਮਾਮਾ ਜੀ ਦਾ ਬੇਟਾ ਉੱਚੀ-ਉੱਚੀ ਰੋ ਰਿਹਾ ਸੀ | ਜਗਜੀਤ ਭਾਬੀ ਨੂੰ ਦੇਖ ਕੇ ਮੈਂ ਹੈਰਾਨ ਸੀ ਜੋ ਆਪਣੀ ਵਿਦਾਇਗੀ 'ਤੇ ਨਹੀਂ ਸੀ ਰੋਈ ਮੇਰੀ ਵਿਦਾਇਗੀ ਨੂੰ ਜਾਰੋ-ਜਾਰ ਰੋ ਰਹੀ ਸੀ | ਹਰ ਇਕ ਅੱਖ ਨਮ ਸੀ | ਦੀਪੀ ਮੈਨੂੰ ਭਾਵੁਕ ਹੋਇਆ ਮਜ਼ਾਕ ਕਰ ਰਿਹਾ ਸੀ 'ਦੀਦੀ ਥੋਡਾ ਮੇਕਅੱਪ ਖਰਾਬ ਹੋ ਜੂ | ਚੁੱਪ ਕਰ ਜੋ |' ਮਾਂ ਦੇ ਹੰਝੂਆਂ ਦਾ ਵੀ ਬੰਨ੍ਹ ਟੁੱਟ ਗਿਆ ਸੀ | ਜਦੋਂ ਮਾਂ ਰੋਣ ਲੱਗੇ ਤਾਂ ਮੇਰੇ ਅੰਦਰ ਚੀਸ ਜਿਹੀ ਉੱਠੀ ਫਿਰ ਮੈਂ ਥੋੜ੍ਹਾ ਮਨ ਕਰੜਾ ਕਰ ਕੇ ਮਾਂ ਨੂੰ ਚੁੱਪ ਕਰਵਾਇਆ | ਦਿਨ ਬੰਨ੍ਹੇ ਤੋਂ ਲੈ ਕੇ ਵਿਦਾਈ ਤੱਕ ਦੇ ਹਰ ਪਲ ਭਾਵਕੁਤਾ ਭਰਪੂਰ ਸੀ | ਮੇਰੇ ਤਜਰਬੇ ਮੁਤਾਬਿਕ ਨਾ ਤਾਂ ਇਨ੍ਹਾਂ ਪਲਾਂ ਨੂੰ ਖੁਸ਼ੀ ਵਿਚ ਹੀ ਗਿਣ ਸਕਦੇ ਹਾਂ ਨਾ ਦੁੱਖ ਵਿਚ ਹੀ | ਇਨ੍ਹਾਂ ਪਲਾਂ 'ਚ ਕੁਝ ਮਿਠਾਸ ਹੁੰਦੀ ਹੈ ਕੁਝ ਖਟਾਸ ਹੁੰਦੀ ਹੈ ਕੁਝ ਨਵੇਂ ਅਹਿਸਾਸ ਹੁੰਦੇ ਨੇ ਕੁਝ ਦਰਦ ਦੀ ਚੀਸ ਹੁੰਦੀ ਹੈ | ਇਸ ਤਰ੍ਹਾਂ ਨਵੇਂ ਰਿਸ਼ਤਿਆਂ 'ਚ ਬੱਝੀ ਮੈਂ ਪੇਕੇ ਪਰਿਵਾਰ ਦੀ ਅਣ ਵਿਆਹੀ ਧੀ ਦੇ ਰੂਪ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ |

-ਪਿੰਡ ਬੂਥਗੜ੍ਹ (ਖੰਨਾ)
ਮੋਬਾਈਲ : 97801-00348

ਅੱਜ ਵਿਸ਼ਵ ਧਰਤੀ ਦਿਵਸ 'ਤੇ ਵਿਸ਼ੇਸ਼

ਧਰਤੀ ਸਾਡਾ ਸਭਨਾਂ ਦਾ ਘਰ ਹੈ

ਧਰਤੀ ਦਾ ਵਿਹੜਾ ਉਦੋਂ ਫੁੱਲਾਂ ਨਾਲ ਭਰਿਆ ਹੁੰਦਾ ਹੈ | ਠੰਢ ਧਰਤੀ ਤੋਂ ਹੰੂਝੀ ਜਾ ਚੁੱਕੀ ਹੈ | ਅਪ੍ਰੈਲ ਮਹੀਨੇ 22 ਤਾਰੀਖ ਨੂੰ ਆਉਂਦਾ ਹੈ 'ਵਿਸ਼ਵ ਧਰਤੀ ਦਿਵਸ' | ਅੱਜ ਜਦੋਂ ਮਨੁੱਖ ਕੁਦਰਤੀ ਸਾਧਨਾਂ ਨੂੰ ਬੇਕਿਰਕ ਹੋ ਕੇ ਲੁੱਟ ਰਿਹਾ ਹੈ | ਪਾਣੀ ਜ਼ਹਿਰੀਲੇ ਹੋ ਗਏ ਹਨ | ਧਰਤੀ ਬੰਜਰ ਦੀ ਜੂਨ ਪੈਣ ਦੇ ਰਾਹ ਪੈ ਗਈ ਹੈ | ਧਰਤ ਦਿਵਸ ਅਜਿਹੇ ਮੌਕੇ ਲੋਕਾਂ ਨੂੰ ਸੰਭਲ ਜਾਣ ਦਾ ਹੋਕਾ ਜ਼ਰੂਰ ਦੇ ਰਿਹਾ ਹੈ |
ਪਿਛੋਕੜ : ਅਮਰੀਕਾ ਵਲੋਂ ਵੀਅਤਨਾਮ ਨਾਲ ਛੇੜੀ ਜੰਗ ਦਾ ਕਾਲਜਾਂ, ਵਿਸ਼ਵ ਵਿਦਿਆਲਿਆਂ ਦੇ ਵਿਦਿਆਰਥੀ ਵਿਰੋਧ ਕਰ ਰਹੇ ਸਨ | ਰੋਹ ਭਰੇ ਮੁਜ਼ਾਹਰੇ ਹੋ ਰਹੇ ਸਨ | ਜੰਗ ਵਿਰੋਧੀ ਲਹਿਰ ਖ਼ਤਰਨਾਕ ਰੁਖ਼ ਅਖ਼ਤਿਆਰ ਕਰ ਗਈ ਸੀ | ਇਸ ਮੌਕੇ ਸੰਨ 1969 'ਚ ਯੂਨੈਸਕੋ ਨੇ ਸਾਨਫਰਾਂਸਿਸਕੋ ਵਿਚ ਇਕ ਕਾਨਫਰੰਸ ਆਯੋਜਿਤ ਕੀਤੀ | ਇਸ ਕਾਨਫਰੰਸ ਦੌਰਾਨ ਸ਼ਾਂਤੀ ਦੇ ਚਾਹਵਾਨ ਜੌਹਨ ਮੈਕਕੋਨੈਲ ਨੇ ਧਰਤੀ ਦੀ ਬਿਹਤਰੀ ਲਈ ਇਕ ਦਿਨ ਮਨਾਉਣ ਦੀ ਤਜਵੀਜ਼ ਰੱਖੀ | ਉਨ੍ਹਾਂ ਸੁਝਾਅ ਦਿੱਤਾ ਕਿ ਇਸ ਦਿਨ ਧਰਤੀ ਉੱਪਰ ਸਾਵੀਂ ਪੱਧਰੀ ਜ਼ਿੰਦਗੀ ਬਣਾਈ ਰੱਖਣ ਬਾਰੇ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ | ਇਹ ਦਿਨ 21 ਮਾਰਚ, 1970 ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਪਰ ਬਾਅਦ ਵਿਚ ਸੰਯੁਕਤ ਰਾਸ਼ਟਰ ਸੰਘ ਦੇ ਸੈਨੇਟਰ ਗੇਅਲਾਰਡ ਨੈਲਸਨ ਵਲੋਂ ਵਿਸ਼ਵ ਧਰਤ ਦਿਵਸ 22 ਅਪ੍ਰੈਲ, 1970 ਨੂੰ ਮਨਾਉਣ ਦਾ ਐਲਾਨ ਕੀਤਾ ਗਿਆ | ਧਰਤ ਦਿਵਸ ਮਨਾਉਣ ਦਾ ਉਦੇਸ਼ ਵਾਤਾਵਰਨ ਪ੍ਰਤੀ ਚੇਤਨਤਾ ਪੈਦਾ ਕਰਨੀ, ਧਰਤੀ ਨੂੰ ਇਨਸਾਨਾਂ, ਜੀਵ-ਜੰਤੂਆਂ, ਬਨਸਪਤੀਆਂ ਦੇ ਮੌਲਣ ਜੋਗੀ ਬਣਾਈ ਰੱਖਣ ਦੇ ਯਤਨ ਕਰਨੇ ਮਿੱਥੇ ਗਏ, ਤਾਂ ਜੋ ਹਵਾ ਸ਼ੁੱਧ ਸੁਆਸ ਦੇਵੇ, ਪਾਣੀ 'ਚ ਜ਼ਹਿਰਾਂ ਨਾ ਘੁਲਣ, ਧਰਤੀ ਨੂੰ ਕਿਤੇ ਬੰਜਰ ਦੀ ਆਉਧ ਨਾ ਕੱਟਣੀ ਪੈ ਜਾਵੇ |
ਪਹਿਲਾ ਧਰਤੀ ਦਿਵਸ : ਪਹਿਲੀ ਵਾਰ ਧਰਤੀ ਦਿਵਸ 22 ਅਪ੍ਰੈਲ, 1970 ਨੂੰ ਅਮਰੀਕਾ ਵਿਚ ਕੌਮੀ ਕੋਆਰਡੀਨੇਟਰ ਡੈਨਿਸ ਹੇਅ ਦੀ ਰਹਿਨੁਮਾਈ 'ਚ ਵਾਤਾਵਰਨ ਦੇ ਫਿਕਰਾਂ ਨੂੰ ਮੱਦੇਨਜ਼ਰ ਰੱਖ ਕੇ ਜਥੇਬੰਦ ਕੀਤਾ ਗਿਆ | ਵੀਹ ਲੱਖ ਅਮਰੀਕਨਾਂ ਨੇ ਇਸ ਪ੍ਰੋਗਰਾਮ 'ਚ ਹਾਜ਼ਰੀ ਭਰੀ | ਬਹਾਰ ਦੀ ਕੋਸੀ-ਕੋਸੀ ਧੁੱਪ ਵਿਚ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲੇ ਸਨ | ਸ਼ਾਂਤਮਈ ਰੈਲੀ 'ਚ ਇਕ ਖਾਸ ਗੱਲ ਜੋ ਦੇਖਣ ਨੂੰ ਮਿਲੀ, ਉਹ ਇਹ ਸੀ ਕਿ ਵਿਸ਼ਵ ਧਰਤ ਦਿਵਸ ਮਨਾਉਣ, ਧਾਰਮਿਕ ਲੋਕ ਵੀ ਆਏ ਹੋਏ ਸਨ ਅਤੇ ਰਾਜਨੀਤਕ ਲੋਕ ਵੀ | ਅਮੀਰ ਵੀ ਆਏ ਸਨ ਅਤੇ ਗਰੀਬ ਵੀ | ਲੋਕ ਬੰਦਸ਼ਾਂ ਤੇ ਲੀਕਾਂ ਨੂੰ ਤੋੜ ਕੇ ਵਾਤਾਵਰਨ ਪ੍ਰਤੀ ਸੁਹਿਰਦਤਾ ਨਾਲ ਧਰਤੀ ਦਿਵਸ ਮਨਾਉਣ ਆਏ ਸਨ | ਉਦੋਂ ਹੋਈ ਸ਼ੁਰੂਆਤ ਅੱਜ 192 ਮੁਲਕਾਂ ਤੱਕ ਫੈਲ ਗਈ ਹੈ | ਸੰਤਾਲੀ ਸਾਲ ਬੀਤਣ 'ਤੇ ਇਨ੍ਹਾਂ ਦੇਸ਼ਾਂ ਦੇ ਲੋਕ ਧਰਤ ਦਿਵਸ ਨੂੰ ਸਰਬ ਸਾਂਝੇ, ਧਰਮ-ਨਿਰਪੱਖ ਉਤਸਵ ਵਾਂਗੂ ਮਨਾਉਂਦੇ ਹਨ | ਅੱਜ ਧਰਤ ਦਿਵਸ ਦੀਆਂ ਸਰਗਰਮੀਆਂ ਭਵਿੱਖ ਵਿਚ ਵਾਤਾਵਰਨ ਦੇ ਸੰਦਰਭ 'ਚ ਨੀਤੀਆਂ ਤੈਅ ਕਰਨ ਲਈ ਆਧਾਰ ਬਣ ਰਹੀਆਂ ਹਨ ਅਤੇ ਮਨੁੱਖੀ ਸੋਚ ਅਤੇ ਵਤੀਰੇ 'ਚ ਵਰਨਣਯੋਗ ਪਰਿਵਰਤਨ ਆਇਆ ਹੈ |
ਝੰਡਾ ਤੇ ਪ੍ਰਤੀਕ ਚਿੰਨ੍ਹ : ਰੁੱਖ, ਫੁੱਲ, ਪੱਤੇ, ਧਰਤੀ ਦੇ ਮੌਲਣ ਅਤੇ ਵਿਗਸਣ ਨੂੰ ਦਰਸਾਉਂਦੇ ਹਨ | ਨਿਗੂਣੀਆਂ ਵਸਤਾਂ ਦੇ ਮੁੜ ਵਰਤਣਯੋਗ ਬਣਾਉਣ ਦੀਆਂ ਜੁਗਤਾਂ ਨੂੰ ਧਰਤ ਦਿਵਸ ਦੇ ਸੰਕੇਤ ਵਜੋਂ ਮੰਨਿਆ ਜਾਂਦਾ ਹੈ | ਇਨ੍ਹਾਂ ਵਿਚ ਹਰਾ, ਭੂਰਾ ਅਤੇ ਨੀਲਾ ਰੰਗ ਭਰਿਆ ਹੁੰਦਾ ਹੈ | ਜੌਹਨ ਮੈਕਕੋਨੈਲ ਨੇ ਸਭ ਤੋਂ ਪਹਿਲਾਂ ਧਰਤ ਦਿਵਸ ਦਾ ਝੰਡਾ ਤਿਆਰ ਕਰਕੇ ਵੰਡਿਆ, ਜਿਸ ਦੇ ਉੱਪਰ ਧਰਤੀ ਦਾ ਖਲਾਅ 'ਚੋਂ ਤੱਕਿਆ ਗੂੜਾ ਨੀਲਾ ਅਕਸ ਨਜ਼ਰੀਂ ਪੈਂਦਾ ਹੈ |
ਧਰਤ ਦਿਵਸ ਦਾ ਗੀਤ : ਧਰਤ ਦਿਵਸ 'ਤੇ ਕਿੰਨੇ ਹੀ ਗੀਤ ਗਾਏ ਜਾਂਦੇ ਹਨ | ਯੂਨੈਸਕੋ ਨੇ ਇਕ ਭਾਰਤੀ ਕਵੀ ਅਤੇ ਨੀਤੀਵਾਨ ਅਭੈ ਕੁਮਾਰ ਦੇ ਲਿਖੇ ਗੀਤ ਨੂੰ ਰਚਨਾਤਮਿਕ ਅਤੇ ਪ੍ਰੇਰਨਾਦਾਇਕ ਮੰਨਿਆ ਹੈ | ਇਸ ਗੀਤ ਵਿਚ ਧਰਤੀ ਪ੍ਰਤੀ ਇਸ ਤਰ੍ਹਾਂ ਮੋਹ ਵਿਅਕਤ ਕੀਤਾ ਗਿਆ ਹੈ : ਸਾਡੇ ਬ੍ਰਹਿਮੰਡੀ ਨਖਲਸਤਾਨ, ਅੰਬਰੀ ਨੀਲਮਣੀ, ਸਿ੍ਸ਼ਟੀ ਦਾ ਸਭ ਤੋਂ ਖੂਬਸੂਰਤ ਗ੍ਰਹਿ, ਸਾਰੇ ਮਹਾਂਦੀਪ ਅਤੇ ਮਹਾਂਸਾਗਰ, ਕੁਲ ਦੁਨੀਆ ਦੇ ਕਾਲੇ ਭੂਰੇ, ਗੋਰੇ ਮਨੁੱਖ, ਇਕਜੁੱਟ ਹੋਏ ਖੜ੍ਹੇ ਹਾਂ, ਧਰਤੀ ਦੀਆਂ ਉਪ ਜਾਤਾਂ ਬਣ ਕੇ, ਧਰਤੀ ਸਾਡਾ ਸਭਨਾਂ ਦਾ ਘਰ ਹੈ | ਇਹ ਗੀਤ ਅਰਬੀ, ਚੀਨੀ, ਅੰਗਰੇਜ਼ੀ, ਫਰਾਂਸੀਸੀ, ਰੂਸੀ, ਸਪੇਨੀ ਭਾਸ਼ਾ 'ਚ ਅਨੁਵਾਦ ਹੋ ਚੁੱਕਾ ਹੈ | ਉਂਜ ਨੇਪਾਲੀ ਅਤੇ ਹਿੰਦੀ ਵਿਚ ਵੀ ਇਹ ਗੀਤ ਪ੍ਰੋਗਰਾਮਾਂ 'ਚ ਅਕਸਰ ਗਾਇਆ ਜਾਂਦਾ ਹੈ |
ਸਾਡੇ ਮੁਲਕ ਅੰਦਰ : ਧਰਤ ਦਿਵਸ ਨੈੱਟਵਰਕ ਪ੍ਰੋਗਰਾਮ ਹੈੱਡਕੁਆਟਰ ਕੋਲਕਾਤਾ ਰਾਹੀਂ ਦੇਸ਼ ਭਰ ਦੇ ਸਭਨਾਂ ਕਾਲਜਾਂ 'ਚ ਧਰਤ ਦਿਵਸ ਦੇ ਦਿਨ, ਵਾਤਾਵਰਨ ਪੱਖੀ ਲਹਿਰ ਚਲਾਈ ਜਾਂਦੀ ਹੈ | ਇਸ ਦਿਨ ਬੂਟੇ ਲਗਾਏ ਜਾਂਦੇ ਹਨ | ਧਰਤੀ ਵਿਚ ਬੀਜ ਬੀਜੇ ਜਾਂਦੇ ਹਨ | ਹਰਿਆਵਲ ਮੁਹਿੰਮ ਅਧੀਨ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ | ਇਸ ਲਹਿਰ ਵਿਚ ਮੁਲਕ ਦੇ ਦੋ ਲੱਖ ਤੋਂ ਵੱਧ ਬੱਚੇ ਸ਼ਾਮਿਲ ਹੁੰਦੇ ਹਨ |
ਵਿਸ਼ਵ ਪੱਧਰ 'ਤੇ : ਵਾਤਾਵਰਣਿਕ ਮੁੱਦੇ ਵਿਸ਼ਵ ਵਿਆਪੀ ਮੰਚ ਉਤੇ ਉੱਭਰੇ ਹਨ | ਸਾਲ 1990 'ਚ ਮੁੜ ਵਰਤਣਯੋਗ ਵਰਤਾਰੇ (ਰੀਸਾਈਕਲਿੰਗ) ਨੂੰ ਚੰਗਾ ਹੁੰਗਾਰਾ ਮਿਲਿਆ ਸੀ | ਤਾਂ ਹੀ ਤਾਂ ਸੰਯੁਕਤ ਰਾਸ਼ਟਰ ਸੰਘ ਵਲੋਂ ਰੀਓ ਡੀ ਜਨੇਰੀਓ ਵਿਚ ਵਾਤਾਵਰਨ ਮੁਹਿੰਮ ਲਈ ਰਾਹ ਪੱਧਰਾ ਹੋ ਸਕਿਆ ਸੀ | ਸਮੁੱਚੇ ਸੰਸਾਰ ਦਾ ਧਿਆਨ ਵਾਤਾਵਰਣਿਕ ਮੁੱਦਿਆਂ ਵੱਲ ਖਿੱਚਿਆ ਗਿਆ ਹੈ | ਵਿਕਸਤ ਦੇਸ਼ ਤਰੱਕੀ ਦੇ ਨਾਂਅ 'ਤੇ ਧੜਾਧੜ ਕਾਰਬਨ ਕਣ ਵਾਤਾਵਰਨ 'ਚ ਘੱਲੀ ਜਾ ਰਹੇ ਹਨ ਅਤੇ ਸਮਝੌਤੇ ਦੇ ਰਾਹ 'ਤੇ ਨਹੀਂ ਆਉਂਦੇ | ਆਲਮੀ ਤਪਸ਼ ਕਾਰਨ ਧਰਤੀ ਦਾ ਤਾਪਮਾਨ ਤਕਰੀਬਨ ਡੇਢ ਦਰਜੇ ਸੈਂਟੀਗ੍ਰੇਡ ਤੱਕ ਵੱਧ ਚੁੱਕਾ ਹੈ | ਇਕ ਵਾਰ ਧਰਤ ਦਿਵਸ 'ਤੇ ਅਮਰੀਕਾ, ਰੂਸ ਅਤੇ ਚੀਨ ਦੇ ਵਾਤਾਵਰਨ ਪ੍ਰੇਮੀ ਮਾਊਾਟ ਐਵਰਸਟ ਚੋਟੀ ਤੋਂ 2 ਟਨ ਕੂੜਾ ਇਕੱਤਰ ਕਰਕੇ ਲਿਆਏ ਸਨ | ਹੁਣ ਤਾਂ ਪ੍ਰਬਤਾਰੋਹੀਆਂ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਉਹ ਮੁੜਦੇ ਵਕਤ ਕੂੜਾ ਜ਼ਰੂਰ 'ਕੱਠਾ ਕਰਕੇ ਲਿਆਉਣ |
ਆਪਾਂ ਕਿਵੇਂ ਮਨਾਈਏ : ਸਾਨੂੰ ਉਸੇ ਉਤਸ਼ਾਹ ਤੇ ਜਜ਼ਬੇ ਨਾਲ ਧਰਤ ਦਿਵਸ ਮਨਾਉਣਾ ਚਾਹੀਦਾ ਹੈ, ਜਿਵੇਂ ਅਸੀਂ ਆਪਣੀ ਮਾਂ ਦਾ ਜਨਮ ਦਿਨ ਮਨਾ ਰਹੇ ਹੋਈਏ | ਕੇਕ ਕੱਟਣ ਦੀ ਥਾਂ, ਕੱਟੇ ਜੰਗਲ, ਬੂਟੇ ਲਗਾ ਕੇ, ਬੀਜ ਬੀਜ ਕੇ, ਧਰਤੀ ਨੂੰ ਮੋੜੇ ਜਾਣ | ਉਂਜ ਤਾਂ ਹਰੇਕ ਦਿਨ ਧਰਤੀ ਦਾ ਦਿਨ ਹੋਣਾ ਚਾਹੀਦਾ ਹੈ | ਇਸ ਦੇ ਪਾਣੀ, ਹਵਾ, ਮਿੱਟੀ ਦੇ ਸੁਭਾਅ ਨੂੰ ਲੋਕਾਂ ਤਬਦੀਲ ਕਰ ਦਿੱਤਾ ਹੈ | ਇਨ੍ਹਾਂ 'ਚ ਹੋਰ ਜ਼ਹਿਰਾਂ ਭਰਨ ਤੋਂ ਲੋਕਾਂ ਨੂੰ ਰੋਕੀਏ | ਇਸ ਦਿਨ ਚੇਤਨਾ ਰੈਲੀਆਂ ਕੱਢੀਆਂ ਜਾਣ, ਸੈਮੀਨਾਰ ਆਯੋਜਿਤ ਕੀਤੇ ਜਾਣ, ਬੱਚਿਆਂ ਲਈ ਪੋਸਟਰ ਮੁਕਾਬਲੇ ਤੇ ਭਾਸ਼ਣ ਮੁਕਾਬਲੇ ਕਰਵਾਏ ਜਾਣ | ਧਰਤੀ ਪ੍ਰਤੀ ਸੁਹਿਰਦਤਾ ਦਾ ਸੁਨੇਹਾ ਦੇਣ ਵਾਲੇ ਨਾਟਕ ਖੇਡੇ ਜਾਣ | ਫ਼ਿਲਮਾਂ ਦਿਖਾਈਆਂ ਜਾਣ | ਆਪਣੇ ਆਸ-ਪਾਸ ਕੂੜੇ ਦੇ ਢੇਰ ਪਰ੍ਹੇ ਹਟਾਏ ਜਾਣ | ਪਾਰਕਾਂ 'ਚੋਂ ਫਾਲਤੂ ਘਾਹ-ਫੂਸ ਚੁੱਕਿਆ ਜਾਵੇ | ਦਰਿਆਵਾਂ, ਝੀਲਾਂ 'ਚ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਕੂੜਾ ਸੁੱਟਣ ਤੋਂ ਲੋਕਾਂ ਨੂੰ ਵਰਜਿਆ ਜਾਵੇ | ਲੋਕਾਂ ਨੂੰ ਦੱਸਿਆ ਜਾਵੇ ਕਿ ਅਜਿਹਾ ਕਰਨਾ ਕਾਨੂੰਨੀ ਤੌਰ 'ਤੇ ਇਕ ਜੁਰਮ ਹੈ |
ਕਿੰਨਾ ਚੰਗਾ ਹੋਵੇ ਜੇ ਧਰਤ ਦਿਵਸ ਦੇ ਦਿਨ ਆਪਾਂ ਕੋਈ ਸਕੂਟਰ, ਕਾਰ ਦੀ ਵਰਤੋਂ ਹੀ ਨਾ ਕਰੀਏ, ਸਗੋਂ ਸੰਭਵ ਹੋਵੇ ਤਾਂ ਪੈਦਲ ਤੁਰੀਏ ਜਾਂ ਸਾਈਕਲ ਇਸਤੇਮਾਲ ਕਰੀਏ | ਇਸ ਤਰੀਕੇ ਨਾਲ ਵਾਤਾਵਰਨ ਨੂੰ ਕਾਰਬਨ ਦੇ ਕਿਣਕਿਆਂ ਤੋਂ ਇਕ ਦਿਨ ਲਈ ਤਾਂ ਰਾਹਤ ਮਿਲੇਗੀ |

-398 ਵਿਕਾਸ ਨਗਰ, ਗਲੀ ਨੰ: 10, ਪੱਖੋਵਾਲ ਰੋਡ, ਲੁਧਿਆਣਾ-141013.
ਮੋਬਾਈਲ : 97806-67686. mayer_hk@yahoo.com

ਸਮੰੁਦਰ ਵਿਚ ਕਿਵੇਂ ਦਫ਼ਨ ਹੋਇਆ ਟਾਈਟੈਨਿਕ ਜਹਾਜ਼?

ਦੁਨੀਆ ਵਿਚ ਉਂਗਲਾਂ 'ਤੇ ਗਿਣੀਆਂ ਜਾਣ ਵਾਲੀਆਂ ਕਈ ਅਜਿਹੀਆਂ ਘਟਨਾਵਾਂ ਹਨ, ਜੋ ਕਿ ਇਤਿਹਾਸ ਵਿਚ ਕਾਲੇ ਅਧਿਆਏ ਵਜੋਂ ਜਾਣੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਪੂਰਨ ਜਾਣਕਾਰੀ ਅਤੇ ਗਿਆਨ ਅੱਜ ਦੀ ਨਵੀਂ ਪੀੜ੍ਹੀ ਦੀ ਕਲਪਨਾ ਵਿਚੋਂ ਵੀ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਹੈ, ਜੋ ਕਿ ਆਉਂਦੀ ਸਦੀ ਤੱਕ ਇਕ ਮਿਥਿਹਾਸ ਬਣ ਕੇ ਹੀ ਰਹਿ ਜਾਵੇਗਾ | ਇਤਿਹਾਸ ਦੇ ਅਜਿਹੇ ਪ੍ਰਮੁੱਖ ਕਾਲੇ ਪੰਨੇ ਹਨ ਜਿਵੇਂ ਸੰਸਾਰ ਜੰਗ, ਹੀਰੋਸ਼ੀਮਾ-ਨਾਗਾਸਾਕੀ ਹਮਲਾ ਅਤੇ ਇਨ੍ਹਾਂ ਵਾਂਗ ਹੀ ਇਕ ਹੈ ਸਮੁੰਦਰੀ ਕਿਆਮਤ ਦਾ ਸਭ ਤੋਂ ਵੱਡਾ ਦੁਖਾਂਤ ਕਦੇ ਨਾ ਡੁੱਬਣ ਲਈ ਬਣੇ ਸਮੁੰਦਰੀ ਜਹਾਜ਼ ਆਰ.ਐਮ.ਐਸ ਟਾਈਟੈਨਿਕ ਦਾ ਆਪਣੇ ਪਲੇਠੇ ਸਫ਼ਰ ਇੰਗਲੈਂਡ ਦੇ ਸ਼ਹਿਰ ਸਾਊਥੈਪਟਨ ਤੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਜਾਂਦੇ ਸਮੇਂ 15 ਅਪ੍ਰੈਲ, 1912 ਨੂੰ ਸਮੁੰਦਰ ਵਿਚ ਡੁੱਬ ਜਾਣਾ | ਉਂਝ ਤਾਂ ਨੀਰ ਅਤੇ ਥਲ ਉੱਤੇ ਅਜਿਹੇ ਸੈਂਕੜੇ ਰਹੱਸਮਈ ਇਤਿਹਾਸ ਦੇ ਪੰਨੇ ਦਫ਼ਨ ਹਨ, ਜਿਨ੍ਹਾਂ ਤੋਂ ਜੇ ਇਨਸਾਨ ਪਰਦਾ ਚੁੱਕਣ ਵਿਚ ਕਾਮਯਾਬ ਹੋ ਜਾਵੇ ਤਾਂ ਭਵਿੱਖ ਵਿਚ ਇਸ ਦੇ ਅਨੂਠੇ ਨਤੀਜੇ ਮਿਲ ਸਕਦੇ ਹਨ | ਇਹ ਇਕ ਅਜਿਹਾ ਦੁਖਾਂਤ ਸੀ, ਜਿਸ ਵਿਚੋਂ ਜਨਮੇ ਸਵਾਲ, ਰਹੱਸ ਅਤੇ ਸੰਦੇਹਾਂ ਨੂੰ ਇਕ ਸਦੀ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੂਰਨ ਤੌਰ 'ਤੇ ਹੱਲ ਨਹੀਂ ਕੀਤਾ ਜਾ ਸਕਿਆ | ਹੁਣ ਤੱਕ ਦੋ ਦਰਜਨ ਤੋਂ ਵੀ ਜ਼ਿਆਦਾ ਖੋਜੀ ਦਲ ਅਤੇ ਇਸ ਖੇਤਰ ਦੇ ਮਾਹਿਰ ਵਿਅਕਤੀ ਸਮੁੰਦਰ ਹੇਠ ਉਸ ਘਟਨਾ ਵਾਲੀ ਜਗ੍ਹਾ 'ਤੇ ਜਾ ਕੇ ਸਵਾਲਾਂ ਦੇ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ ਪਰ ਕਿਸੇ ਨੂੰ ਵੀ ਜ਼ਿਆਦਾ ਠੋਸ ਸਬੂਤ ਨਹੀਂ ਮਿਲੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਇਸ ਹਾਦਸੇ ਦੇ ਅਸਲ ਕਾਰਨਾਂ ਨੂੰ ਘੋਖਿਆ ਜਾ ਸਕੇ, ਕਿਉਂਕਿ ਜ਼ਿਆਦਾਤਰ ਖੋਜ਼ਾਂ ਵਿਚ ਟਾਈਟੈਨਿਕ ਦਾ ਅੱਧਾ ਮਲਵਾ ਵੀ ਨਹੀਂ ਮਿਲਿਆ, ਜਿਸ ਤੋਂ ਟਾਈਟੈਨਿਕ ਦੇ ਡੁੱਬਣ ਦੇ ਕਾਰਨਾਂ ਬਾਰੇ ਉਪਜੇ ਸੰਭਾਵਿਤ ਉੱਤਰਾਂ ਨੂੰ ਪ੍ਰਮਾਣ ਮਿਲ ਸਕੇ | ਵਾਈਟ ਸਟਾਰ ਲਾਈਨ ਕੰਪਨੀ ਵਲੋਂ ਬਣਾਇਆ ਗਿਆ ਇਹ ਜਹਾਜ਼ ਵੀਹਵੀਂ ਸਦੀ ਦੇ ਸਾਲ 1912 ਦੇ ਦਹਾਕੇ ਸਮੇਂ ਦੁਨੀਆ ਦਾ ਸਭ ਤੋਂ ਮਹਿਫੂਜ਼ ਅਤੇ ਵੱਡਾ ਸਮੁੰਦਰੀ ਜਹਾਜ਼ ਮੰਨਿਆ ਗਿਆ ਸੀ | ਮੁਕੰਮਲ ਤੌਰ 'ਤੇ ਇਸ ਨੂੰ ਬਣਾਉਣ ਸਮੇਂ ਇਸ ਤਰੀਕੇ ਦੀ ਮਿਸਾਲੀ ਇੰਜੀਨਿਅਰਿੰਗ ਕੀਤੀ ਗਈ ਸੀ ਕਿ ਇਸ ਦੇ ਡੁੱਬਣ ਦੀ ਫੀਸਦ ਸਿਫ਼ਰ ਹੋ ਜਾਵੇ | ਇਸੇ ਸਦਕਾ ਯਕੀਨ ਸੀ ਕਿ ਇਹ ਕਦੇ ਵੀ ਡੁੱਬ ਨਹੀਂ ਸਕਦਾ ਪਰ ਜੇ ਅਚਨਚੇਤ ਫਿਰ ਵੀ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਨਾਲ ਤਿਆਰ ਕੀਤਾ ਹੋਇਆ ਸੀ ਕਿ ਇਸ ਦੀਆਂ ਪਹਿਲੀਆਂ ਚਾਰ ਮੰਜ਼ਿਲਾਂ ਤੱਕ ਵੀ ਪਾਣੀ ਭਰ ਜਾਵੇ ਤਾਂ ਵੀ ਇਹ ਆਪਣੀ ਯਾਤਰਾ ਪੂਰਨ ਕਰਨ ਲਈ ਸਮੁੰਦਰੀ ਸਤ੍ਹਾ 'ਤੇ ਤੈਰਦਾ ਰਹੇ | ਵਾਈਟ ਸਟਾਰਲਾਈਨ ਕੰਪਨੀ ਨੇ ਸੰਸਾਰ ਦਾ ਸਭ ਤੋਂ ਵੱਡਾ ਸਮੁੰਦਰੀ ਜਹਾਜ਼ ਬਣਾਉਣ ਦੇ ਟੀਚੇ ਨਾਲ 1909 ਵਿਚ 3000 ਤੋਂ ਜ਼ਿਆਦਾ ਵਿਅਕਤੀਆਂ ਦੇ ਸਮੂਹ ਨਾਲ ਟਾਈਟੈਨਿਕ ਦਾ ਕੰਮ ਸ਼ੁਰੂ ਕੀਤਾ ਅਤੇ 1911 ਮਈ ਤੱਕ ਟਾਈਟੈਨਿਕ ਦਾ ਕੰਮ ਪੂਰਾ ਕਰ ਲਿਆ ਸੀ ਪਰ ਇਸ ਦੇ ਕੁਝ ਹਿੱਸਿਆਂ ਦੀ ਸਜਾਵਟ ਦਾ ਕੰਮ 1912 ਵਿਚ ਜਾ ਕੇ ਪੂਰਾ ਹੋਇਆ | ਇਸ ਵਿਸ਼ਾਲ ਪ੍ਰਾਜੈਕਟ ਵਿਚ 200 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਅਤੇ 2 ਵਿਅਕਤੀਆਂ ਦੀ ਮੌਤ ਵੀ ਹੋਈ | ਲਗਪਗ 882 ਫੁੱਟ ਲੰਬਾ ਇਹ ਦੈਂਤ ਆਕਾਰ ਜਹਾਜ਼ ਆਪਣੇ ਜ਼ਮਾਨੇ ਦਾ ਸਭ ਤੋਂ ਜ਼ਿਆਦਾ ਧਿਆਨ ਖਿੱਚਣ ਵਾਲਾ ਜਹਾਜ਼ ਸੀ, ਜਿਸ ਨੂੰ ਦੇਖਣ ਲਈ ਉਸ ਸਮੇਂ ਇਕ ਲੱਖ ਤੋਂ ਜ਼ਿਆਦਾ ਲੋਕ ਆਏ ਸਨ | ਕਾਬਿਲੇ ਜ਼ਿਕਰ ਗੱਲ ਇਹ ਰਹੀ ਕਿ ਟਾਈਟੈਨਿਕ ਆਪਣੇ ਪਹਿਲੇ ਹੀ ਸਫ਼ਰ ਦੌਰਾਨ ਉੱਤਰੀ ਐਟਲਾਂਟਿਕ ਵਿਚ ਬਰਫ਼ ਦੇ ਤੋਦੇ ਨਾਲ ਟਕਰਾਅ ਕੇ ਦੁਰਘਟਨਾਗ੍ਰਸਤ ਹੋਇਆ, ਜਿਸ ਨਾਲ ਇਸ ਦੇ ਕਾਫੀ ਅਹਿਮ ਹਿੱਸਿਆਂ ਵਿਚ ਵੱਡੇ ਛੇਦ ਹੋ ਗਏ ਸਨ, ਜਿਸ ਕਾਰਨ ਪਾਣੀ ਜਹਾਜ਼ ਅੰਦਰ ਦਾਖ਼ਲ ਹੋਣਾ ਸ਼ੁਰੂ ਹੋਇਆ ਅਤੇ ਇਸ ਸਥਿਤੀ ਵਿਚ ਵੀ ਟਾਈਟੈਨਿਕ ਦੋ ਘੰਟੇ ਚਾਲੀ ਮਿੰਟ ਦੇ ਸਮੇਂ ਤੱਕ ਸਮੁੰਦਰ 'ਤੇ ਟਿਕਿਆ ਰਿਹਾ ਅਤੇ ਫਿਰ ਡੁੱਬਣ ਤੋਂ ਬਾਅਦ ਕਈ ਟੁਕੜਿਆਂ ਵਿਚ ਟੁੱਟ ਕੇ ਸਮੁੰਦਰੀ ਧਰਾਤਲ ਵਿਚ ਜਾ ਡਿੱਗਿਆ | ਇਤਿਹਾਸਕ ਅੰਕੜਿਆਂ ਅਨੁਸਾਰ ਟਾਈਟੈਨਿਕ ਆਪਣੇ ਵਿਚ ਸਵਾਰ 860 ਅਮਲਾ ਮੈਂਬਰਾਂ ਸਮੇਤ ਲਗਪਗ 2224 ਮੁਸਾਫਿਰਾਂ ਲਈ ਤਾਬੂਤ ਬਣ ਕੇ ਸਮੁੰਦਰ ਵਿਚ ਦਫ਼ਨ ਹੋ ਗਿਆ | ਇਸ ਵਿਚ ਔਰਤਾਂ, ਬੱਚਿਆਂ ਅਤੇ ਮਰਦਾਂ ਸਮੇਤ 1507 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ | ਜਿਸ ਦੇ ਰਹੱਸ ਨੂੰ ਖੋਲ੍ਹਣ ਦੀਆਂ ਕੋਸ਼ਿਸ਼ਾਂ ਅਜੇ ਤੱਕ ਯਕੀਨਨ ਤੌਰ 'ਤੇ ਸਫ਼ਲ ਨਹੀਂ ਹੋ ਸਕੀਆਂ | 42000 ਟਨ ਸਟੀਲ ਦਾ ਬਣਿਆ ਇਹ ਜਹਾਜ਼ ਤਿੰਨ ਘੰਟੇ ਤੋਂ ਵੀ ਘੱਟ ਸਮੇਂ ਵਿਚ ਲਗਪਗ ਚਾਰ ਕਿਲੋਮੀਟਰ ਦੇ ਦਾਇਰੇ ਵਿਚ ਖਿਲਰ ਗਿਆ ਸੀ | ਹਾਦਸੇ ਤੋਂ ਬਾਅਦ ਇਸ ਦੇ ਹਿੱਸੇ ਲਗਪਗ 40 ਵਰਗ ਕਿਲੋਮੀਟਰ ਦੇ ਖੇਤਰ ਵਿਚ ਖਿਲਰ ਗਏ ਸਨ | ਇਸ ਦੁਖਾਂਤ 'ਤੇ ਸੈਂਕੜੇ ਫ਼ਿਲਮਾਂ, ਕਿਤਾਬਾਂ, ਡਾਕੂਮੈਂਟਰੀਆਂ ਅਤੇ ਹੋਰ ਪ੍ਰੋਗਰਾਮ ਬਣ ਚੁੱਕੇ ਹਨ ਪਰ ਜੇ ਅਸਲ ਸੱਚਾਈ ਬਾਰੇ ਕਿਹਾ ਜਾਵੇ ਤਾਂ ਉਹ ਅਜੇ ਵੀ ਰਹੱਸ ਹੀ ਬਣੀ ਹੋਈ ਹੈ | ਇਸ ਬਾਰੇ ਵੱਖਰੇ-ਵੱਖਰੇ ਇਤਿਹਾਸਕਾਰਾਂ ਦੇ ਵੱਖਰੇ ਮੱਤ ਭੇਦ ਹਨ, ਕਿਉਂਕਿ ਟਾਈਟੈਨਿਕ ਦੇ ਬਹੁਤੇ ਅਜਿਹੇ ਟੁਕੜੇ ਕਦੇ ਨਹੀਂ ਮਿਲੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਸੱਚਾਈ ਜਾਣੀ ਜਾ ਸਕੇ | ਕਿਉਂਕਿ ਕਿਸੇ ਵੀ ਵੱਡੇ ਹਾਦਸੇ ਵਿਚ ਚਾਹੇ ਉਹ ਹਵਾਈ ਜਹਾਜ਼ ਹੋਏ, ਰਾਕਟ ਜਾਂ ਸਮੁੰਦਰੀ ਜਹਾਜ਼, ਹਾਦਸੇ ਤੋਂ ਬਾਅਦ ਉਸ ਦੇ ਸਭ ਟੁਕੜਿਆਂ ਨੂੰ ਜੋੜ ਕੇ ਹੈਂਗਰ 'ਤੇ ਟੰਗ ਕੇ ਗ੍ਰਹਿਰਾਈ ਨਾਲ ਹਾਦਸੇ ਦੇ ਕਾਰਨਾਂ ਬਾਰੇ ਜਾਣਿਆ ਜਾਂਦਾ ਹੈ ਪਰ ਟਾਈਟੈਨਿਕ ਦਾ ਬਹੁਤਾ ਮਲਬਾ ਨਾ ਮਿਲਣ ਕਾਰਨ ਇਸ ਹਾਦਸੇ ਦੇ ਕਾਰਨਾਂ ਬਾਰੇ ਮੱਤਭੇਦ ਹਨ | ਹਰ ਇਤਿਹਾਸਕਾਰ ਆਪਣੇ ਤੌਰ 'ਤੇ ਇਸ ਨੂੰ ਹੱਲ ਕਰਨ ਵਿਚ ਲੱਗਿਆ ਹੋਇਆ ਹੈ ਪਰ ਇਸ ਦੇ ਅਜਿਹੇ ਅੰਤ ਨੇ ਅੱਜ ਤੱਕ ਕਿਸੇ ਨੂੰ ਸੱਚਾਈ ਤੱਕ ਨਹੀਂ ਅੱਪੜਨ ਦਿੱਤਾ | ਟਾਈਟੈਨਿਕ ਪਾਣੀ ਉੱਪਰ ਐਸ਼ੋ-ਆਰਾਮ ਵਾਲੀਆਂ ਸਹੂਲਤਾਂ ਨਾਲ ਭਰਪੂਰ ਇਕ ਚਲਦਾ-ਫਿਰਦਾ ਸ਼ਹਿਰ ਹੀ ਸੀ, ਜਿਸ ਦੇ ਤਿੰਨ ਹਿੱਸੇ ਬਣਾਏ ਗਏ ਸਨ ਜਿਨ੍ਹਾਂ ਵਿਚ ਪਹਿਲਾ ਸੀ ਫਸਟ ਕਲਾਸ, ਫਿਰ ਦੂਜੇ ਦਰਜੇ ਦਾ ਸੈਕਿੰਡ ਕਲਾਸ ਅਤੇ ਆਖਰੀ ਥਰਡ ਕਲਾਸ | ਇਨ੍ਹਾਂ ਤਿੰਨਾਂ ਹੀ ਦਰਜਿਆਂ ਵਿਚ ਟਿਕਟ ਦੇ ਪੈਸਿਆਂ ਦੇ ਅਨੁਸਾਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ | ਪਹਿਲੇ ਦਰਜ਼ੇ ਦੇ ਮੁਸਾਫਿਰਾਂ ਲਈ ਗਰਮ ਸਵੀਮਿੰਗ ਪੂਲ, ਠੰਢਾ ਸਵੀਮਿੰਗ ਪੂਲ, ਜਿਮਨਾਸਟਿਕ ਹਾਲ, ਸਿਗਾਰ ਰੂਮ, ਲਾਇਬ੍ਰੇਰੀ, ਠੰਢਾ-ਗਰਮ ਰੂਮ, ਮਸਾਜ ਰੂਮ, ਪਾਰਟੀ ਲਈ ਇਕ ਬਹੁਤ ਵੱਡਾ ਸ਼ਾਹੀ ਰਿਸੈਪਸ਼ਨ ਹਾਲ, ਡਾਇਨਿੰਗ ਰੂਮ, ਸਟੱਡੀ ਰੂਮ ਤੋਂ ਇਲਾਵਾ ਹੋਰ ਬਹੁਤ ਸੁੱਖ ਸਹੂਲਤਾਂ ਸਨ ਭਾਵ ਪਹਿਲੇ ਅਤੇ ਦੂਜੇ ਦਰਜੇ ਦੇ ਮੁਸਾਫ਼ਰਾਂ ਲਈ ਇਹ ਇਕ ਪੰਜ ਤਾਰਾ ਤੈਰਦੇ ਹੋਟਲ ਦਾ ਅਨੁਭਵ ਸੀ | ਕਿਉਂਕਿ ਇਸ ਵਿਚ ਸੋਚ ਤੋਂ ਵੀ ਜ਼ਿਆਦਾ ਸੁੱਖ ਸਹੂਲਤਾਂ ਮੌਜੂਦ ਸਨ | ਤੀਜੇ ਦਰਜੇ ਲਈ ਵੀ ਇਹ ਉਸ ਜ਼ਮਾਨੇ ਦੇ ਬਾਕੀ ਜਹਾਜ਼ਾਂ ਨਾਲੋਂ ਬਿਹਤਰ ਸੀ ਕਿਉਂਕਿ ਵਾਈਟ ਸਟਾਰ ਲਾਈਨ ਕੰਪਨੀ ਨੇ ਬਾਕੀ ਸਾਰੇ ਜਹਾਜ਼ਾਂ ਦੇ ਮੁਕਾਬਲੇ ਜ਼ਿਆਦਾ ਸਹੂਲਤਾਂ ਤੀਜੇ ਦਰਜ਼ੇ ਦੇ ਮੁਸਾਫ਼ਰਾਂ ਲਈ ਵੀ ਰੱਖੀਆਂ ਸਨ | ਇਹ ਜਹਾਜ਼ 10 ਅਪ੍ਰੈਲ, 1912 ਨੂੰ ਨਿਊਯਾਰਕ ਲਈ ਆਪਣੇ ਪਹਿਲੇ ਸਫ਼ਰ 'ਤੇ ਰਵਾਨਾ ਹੋਇਆ ਸੀ | ਇਸ ਸਫ਼ਰ ਤੋਂ ਪਹਿਲਾਂ ਇਸ ਨੂੰ ਸਿਰਫ਼ ਪਰਖ ਲਈ ਹੀ ਸਮੁੰਦਰ ਵਿਚ ਉਤਾਰਿਆ ਗਿਆ ਸੀ | ਸਫ਼ਰ ਦੀ ਸ਼ੁਰੂਆਤ ਵਿਚ ਟਾਈਟੈਨਿਕ ਨਿਊਯਾਰਕ ਜਾਂਦੇ ਸਮੇਂ ਰਸਤੇ ਵਿਚ ਕਈ ਸ਼ਹਿਰਾਂ ਵਿਚ ਰੁਕਿਆ ਅਤੇ ਹੋਰ ਮੁਸਾਫਿਰਾਂ ਨੂੰ ਚੁੱਕਦਾ ਹੋਇਆ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ ਸੀ | ਇਸ ਜਹਾਜ਼ ਵਿਚ ਕਈ ਅਜਿਹੇ ਬਦਕਿਸਮਤ ਮੁਸਾਫ਼ਰ ਵੀ ਮੌਜੂਦ ਸਨ, ਜੋ ਇਸ ਜਹਾਜ਼ ਦੇ ਮੁਸਾਫਿਰ ਨਹੀਂ ਸਨ, ਜਿਨ੍ਹਾਂ ਨੂੰ ਵਾਈਟ ਸਟਾਰ ਲਾਈਨ ਨੇ ਆਪਣੇ ਦੂਸਰੇ ਰੱਦ ਹੋਏ ਜਹਾਜ਼ਾਂ ਤੋਂ ਟਾਈਟੈਨਿਕ ਵਿਚ ਤਬਦੀਲ ਕੀਤਾ ਸੀ | ਤਿੰਨ ਦਿਨਾਂ ਤੱਕ ਸਫ਼ਰ ਬਿਲਕੁਲ ਠੀਕ-ਠਾਕ ਚੱਲ ਰਿਹਾ ਸੀ ਪਰ 14 ਤਰੀਕ ਦੀ ਰਾਤ ਨੂੰ ਬਰਫ਼ੀਲੇ ਐਟਲਾਂਟਿਕ ਵਿਚ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਟਾਈਟੈਨਿਕ ਸੌ ਫੁੱਟ ਤੋਂ ਵੀ ਜ਼ਿਆਦਾ ਵੱਡੇ ਬਰਫ਼ ਦੇ ਤੋਦੇ ਨਾਲ ਟਕਰਾਅ ਕੇ ਤਬਾਹੀ ਨਾਲ ਦੋ-ਚਾਰ ਹੋਇਆ, ਜੋ ਕਿ ਡੇਢ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਕਿਆਮਤੀ ਮੌਤ ਦਾ ਕਾਰਨ ਬਣਿਆ | 14 ਅਪ੍ਰੈਲ ਰਾਤ ਨੂੰ ਉਸ ਬਰਫ਼ਾਨੀ ਸਮੁੰਦਰੀ ਤੂਫ਼ਾਨ ਵਿਚ ਟਾਈਟੈਨਿਕ ਤੋਂ ਕੁਝ ਦੂਰੀ 'ਤੇ ਇਕ ਹੋਰ ਜਹਾਜ਼ ਵੀ ਮੌਜੂਦ ਸੀ ਜੋ ਖ਼ਤਰੇ ਦੇ ਸੰਦੇਸ਼ ਮਿਲਣ ਤੋਂ ਬਾਅਦ ਹੌਲੀ ਹੋ ਗਿਆ ਸੀ ਤੇ ਆਪਣੀ ਦਿਸ਼ਾ ਵਿਚ ਬਦਲਾਅ ਕਰ ਚੁੱਕਾ ਸੀ | ਗਵਾਹਾਂ ਅਨੁਸਾਰ ਟਾਈਟੈਨਿਕ ਦੇ ਕੈਪਟਨ ਏਡਵਾਰਡ ਜੇ. ਸਮਿੱਥ ਨੂੰ ਵੀ ਖ਼ਤਰੇ ਦੇ ਸੰਕੇਤ ਦਿੱਤੇ ਗਏ ਸਨ ਪਰ ਉਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਟਾਈਟੈਨਿਕ ਆਪਣੀ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਸੀ | ਅਚਾਨਕ ਰਾਤ ਨੂੰ 11.40 ਮਿੰਟ 'ਤੇ ਠੰਢ ਕਾਰਨ ਬਿਸਤਰਿਆਂ ਵਿਚ ਸੁੱਤੇ ਪਏ ਮੁਸਾਫ਼ਰਾਂ ਨੇ ਇਕ ਵੱਡਾ ਝਟਕਾ ਮਹਿਸੂਸ ਕੀਤਾ ਜਿਸ ਦਾ ਕਾਰਨ ਕਾਫੀ ਸਮੇਂ ਤੱਕ ਬਹੁਤੇ ਮੁਸਾਫ਼ਰਾਂ ਨੂੰ ਪਤਾ ਹੀ ਨਹੀਂ ਲੱਗਾ | ਇਸ ਸਫ਼ਰ 'ਤੇ ਪਹਿਲੇ ਦਰਜ਼ੇ ਵਿਚ 8 ਨਵ-ਵਿਆਹੇ ਜੋੜੇ ਹਨੀਮੂਨ ਮਨਾਉਣ ਲਈ ਨਿਊਯਾਰਕ ਜਾ ਰਹੇ ਸਨ | ਇਨਾਂ ਤੋਂ ਬਿਨਾਂ ਪਾਲਤੂ ਕੁੱਤੇ, ਕਈ ਵੱਡੇ-ਵੱਡੇ ਅਮੀਰ ਅਤੇ ਬਿਜ਼ਨੈਸਮੈਨ ਅਤੇ ਸੈਲੀਬਰਿਟੀ ਵੀ ਸਫ਼ਰ ਵਿਚ ਸ਼ਾਮਿਲ ਸਨ | ਮੰਨਿਆ ਜਾਂਦਾ ਹੈ ਕਿ ਪਹਿਲੇ ਦਰਜੇ ਦੇ ਲੋਕਾਂ ਕੋਲ ਕਾਫੀ ਪੈਸਾ ਕੈਸ਼ ਅਤੇ ਬਹੁਤ ਕੀਮਤੀ ਸਾਮਾਨ ਤੋਂ ਇਲਾਵਾ ਸੋਨੇ-ਚਾਂਦੀ ਅਤੇ ਹੋਰ ਕੀਮਤੀ ਧਾਤਾਂ ਦੇ ਗਹਿਣੇ ਵੀ ਮੌਜੂਦ ਸਨ, ਜੋ ਉਹ ਆਪਣੇ ਨਾਲ ਨਿਊਯਾਰਕ ਨੂੰ ਲਿਜਾ ਰਹੇ ਸਨ | ਟੱਕਰ ਤੋਂ ਬਾਅਦ ਜਦ ਲੋਕਾਂ ਨੂੰ ਪਤਾ ਲੱਗਾ ਕਿ ਜਹਾਜ਼ ਵਿਚ ਪਾਣੀ ਭਰ ਰਿਹਾ ਹੈ ਅਤੇ ਕੁਝ ਹੀ ਪਲਾਂ ਵਿਚ ਜਹਾਜ਼ ਡੁੱਬਣ ਵਾਲਾ ਹੈ ਤਾਂ ਹਰ ਤਰਫ ਸਰਨਾਟਾ ਛਾ ਗਿਆ ਅਤੇ ਜਾਨ ਬਚਾਉਣ ਲਈ ਅਫਰਾ-ਤਫ਼ਰੀ ਮੱਚ ਗਈ ਸੀ | ਜਾਨ ਬਚਾਉਣ ਲਈ ਜਹਾਜ਼ 'ਤੇ ਸਿਰਫ਼ 20 ਲਾਈਫ ਕਿਸ਼ਤੀਆਂ ਹੀ ਮੌਜੂਦ ਸਨ, ਜਿਨ੍ਹਾਂ ਵਿਚ ਬੈਠ ਕੇ ਜਾਨ ਬਚਾਉਣ ਦੀ ਜੱਦੋ-ਜਹਿਦ ਲਈ ਮੁਸਾਫ਼ਰਾਂ ਵਿਚ ਝਗੜਾ ਸ਼ੁਰੂ ਹੋ ਗਿਆ ਅਤੇ ਪਹਿਲਾਂ ਬੱਚਿਆਂ ਅਤੇ ਔਰਤਾਂ ਨੂੰ ਮਹਿਫੂਜ਼ ਕੀਤਾ ਗਿਆ | ਪਰ 1500 ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾਉਣ ਦੀ ਸਮਰੱਥਾ ਵਾਲੀਆਂ ਇਨ੍ਹਾਂ ਕਿਸ਼ਤੀਆਂ ਵਿਚ ਲਗਪਗ 700 ਲੋਕਾਂ ਦੀ ਹੀ ਜਾਨ ਬਚਾਈ ਜਾ ਸਕੀ, ਕਿਉਂਕਿ ਕੁਝ ਖੁਦਗਰਜ਼ ਲੋਕ ਸਿਰਫ਼ ਆਪਣੇ ਪਰਿਵਾਰ ਸਮੇਤ ਇਕ-ਇਕ ਕਿਸ਼ਤੀ ਲੈ ਕੇ ਭੱਜ ਨਿਕਲੇ,ਜਿਸ ਕਾਰਨ 1500 ਤੋਂ ਜ਼ਿਆਦਾ ਮੁਸਾਫਿਰਾਂ ਜਿਨ੍ਹਾਂ ਵਿਚ ਬੱਚੇ, ਬੁੱਢੇ ਅਤੇ ਔਰਤਾਂ ਸਮੇਤ ਅਮਲੇ ਦੇ ਮੈਂਬਰ ਵੀ ਸ਼ਾਮਿਲ ਸਨ, ਮੌਤ ਦੇ ਮੰੂਹ 'ਚ ਜਾ ਪਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪਟਿਆਲਾ |
ਸੰਪਰਕ : 99149-57073.

ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਵਾਰਸ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
5. ਰਾਜਕੁਮਾਰੀ ਸੋਫੀਆ ਅਲੈਗਜੈਂਡਰਾ ਦਲੀਪ ਸਿੰਘ - ਸੋਫੀਆ ਦਾ ਜਨਮ 8 ਅਗਸਤ 1876 ਨੂੰ ਐਲਵੇਡਨ ਹਾਲ, ਸਫੌਲਕ ਵਿਖੇ ਹੋਇਆ ਸੀ | ਉਹ ਕ੍ਰਾਂਤੀਕਾਰੀ ਅਤੇ ਬਾਗੀ ਸੁਭਾਅ ਵਾਲੀ ਔਰਤ ਸੀ | ਔਰਤਾਂ ਦੇ ਅਧਿਕਾਰਾਂ ਅਤੇ ਹੋਰ ਮੁੱਦਿਆਂ 'ਤੇ ਉਸ ਦਾ ਸਾਰੀ ਉਮਰ ਬਰਤਾਨਵੀ ਸਰਕਾਰ ਨਾਲ ਟਕਰਾਉ ਚਲਦਾ ਰਿਹਾ | ਰਾਣੀ ਵਿਕਟੋਰੀਆ ਇਸ ਨੂੰ ਬਹੁਤ ਪਿਆਰ ਕਰਦੀ ਸੀ ਕਿਉਂਕਿ ਉਹ ਇਸ ਦੀ ਧਰਮ ਮਾਤਾ (ਗਾਡ ਮਦਰ) ਸੀ | ਸੋਫੀਆ ਆਪਣੀ ਭੈਣ ਬੰਬਾ ਨਾਲ 1903 ਵਿਚ ਦਿੱਲੀ ਦਰਬਾਰ ਵਿਚ ਹਿੱਸਾ ਲੈਣ ਲਈ ਆਈ | 1907 ਵਿਚ ਉਹ ਲਾਹੌਰ ਅਤੇ ਅੰਮਿ੍ਤਸਰ ਆਈ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੀ | ਉਥੋਂ ਆਪਣੇ ਬਾਪ ਅਤੇ ਦਾਦੀ ਨਾਲ ਹੋਈ ਬੇਇਨਸਾਫੀ ਬਾਰੇ ਪਤਾ ਲੱਗਣ 'ਤੇ ਉਸ ਦਾ ਦਿਲ ਬਰਤਾਨਵੀ ਸਰਕਾਰ ਪ੍ਰਤੀ ਨਫਰਤ ਨਾਲ ਭਰ ਗਿਆ | ਉਸ ਦੇ ਗੋਪਾਲ ਕਿ੍ਸ਼ਨ ਗੋਖਲੇ, ਸਰਲਾ ਦੇਵੀ ਅਤੇ ਲਾਲਾ ਲਾਜਪਤ ਰਾਏ ਵਰਗੇ ਦੇਸ਼ ਭਗਤਾਂ ਨਾਲ ਨੇੜਲੇ ਸੰਬੰਧ ਸਨ | 1909 ਵਿਚ ਉਹ ਮਹਾਤਮਾ ਗਾਂਧੀ ਨੂੰ ਲੰਡਨ ਵਿਚ ਮਿਲੀ ਅਤੇ ਵੈਸਟਮਿੰਸਟਰ ਪੈਲਸ ਹੋਟਲ ਵਿਚ ਉਸ ਦੀ ਵਿਦਾਇਗੀ ਪਾਰਟੀ ਵਿਚ ਹਿੱਸਾ ਲਿਆ |
1909 ਵਿਚ ਉਹ ਇੰਗਲੈਂਡ ਵਿਚ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਲਈ ਅੰਦੋਲਨ ਵਿਚ ਕੁੱਦ ਪਈ | ਉਸ ਨੇ ਔਰਤਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਦੇਣ ਲਈ ਅੰਦੋਲਨ ਚਲਾਇਆ ਤੇ ਅਜਿਹਾ ਅਧਿਕਾਰ ਮਿਲਣ ਤੱਕ ਟੈਕਸ ਦੇਣ ਤੋਂ ਇਨਕਾਰ ਕਰ ਦਿੱਤਾ | ਉਸ ਨੇ ਇੰਗਲੈਂਡ ਦੀਆਂ ਬਸਤੀਆਂ ਵਿਚ ਵੀ ਇਹ ਅੰਦੋਲਨ ਚਲਾਇਆ | ਇਸ ਕਾਰਨ ਉਸ ਨੂੰ ਅਨੇਕਾਂ ਵਾਰ ਜਰਮਾਨਾ ਭਰਨਾ ਪਿਆ | ਬਰਤਾਨਵੀ ਸਰਕਾਰ ਐਨੀ ਪ੍ਰੇਸ਼ਾਨ ਹੋ ਗਈ ਕਿ ਖੁਦ ਬਾਦਸ਼ਾਹ ਜਾਰਜ 5ਵੇਂ ਨੇ ਪੁੱਛਿਆ ਕਿ ਕੀ ਸਾਡਾ ਉਸ ਉੱਪਰ ਕੋਈ ਕੰਟਰੋਲ ਨਹੀਂ ਹੈ? ਪਹਿਲੇ ਸੰਸਾਰ ਯੁੱਧ ਵੇਲੇ ਉਸ ਨੇ ਰੈੱਡ ਕਰਾਸ ਵਲੋਂ ਨਰਸ ਦੀ ਵਰਦੀ ਪਾ ਕੇ ਬਰਾਈਟਨ ਹਸਪਤਾਲ (ਇੰਗਲੈਂਡ) ਵਿਚ ਜ਼ਖਮੀ ਭਾਰਤੀ ਫ਼ੌਜੀਆਂ ਦੀ ਰੱਜ ਕੇ ਸੇਵਾ ਕੀਤੀ | ਸਿੱਖ ਫ਼ੌਜੀ ਉਸ ਨੂੰ ਸਨਮਾਨ ਦੇਣ ਲਈ ਜ਼ਖ਼ਮੀ ਹਾਲਤ ਵਿਚ ਵੀ ਬਿਸਤਰੇ ਤੋਂ ਖੜ੍ਹੇ ਹੋ ਜਾਂਦੇ ਸਨ ਕਿ ਸ਼ੇਰ-ਏ-ਪੰਜਾਬ ਦੀ ਪੋਤਰੀ ਉਨ੍ਹਾਂ ਦੀ ਸੇਵਾ ਕਰ ਰਹੀ ਹੈ |
ਉਸ ਵਰਗੇ ਅਨੇਕਾਂ ਲੋਕਾਂ ਦੇ ਸੰਘਰਸ਼ ਕਾਰਨ ਇੰਗਲੈਂਡ ਵਿਚ 1918 ਵਿਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲ ਗਿਆ | ਉਸ ਨੇ ਵਿਆਹ ਨਹੀਂ ਸੀ ਕਰਵਾਇਆ | 22 ਅਗਸਤ, 1948 ਨੂੰ 82 ਸਾਲ ਦੀ ਉਮਰ ਵਿਚ ਨੀਂਦ ਦੌਰਾਨ ਸ਼ਾਂਤੀ ਨਾਲ ਉਸ ਦੀ ਮੌਤ ਹੋ ਗਈ | ਉਸ ਦੀ ਇੱਛਾ ਮੁਤਾਬਕ ਉਸ ਦਾ ਅੰਤਿਮ ਸੰਸਕਾਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਗੋਲਡਨ ਗਰੀਨ ਸ਼ਮਸ਼ਾਨ ਘਾਟ ਵਿਚ ਕਰ ਦਿੱਤਾ ਗਿਆ |
6. ਪਿ੍ੰਸ ਅਲਬਰਟ ਐਡਵਰਡ ਅਲੈਗਜੈਂਡਰ ਦਲੀਪ ਸਿੰਘ - ਇਹ ਦਲੀਪ ਸਿੰਘ ਅਤੇ ਬੰਬਾ ਦਾ ਸਭ ਤੋਂ ਛੋਟਾ ਪੁੱਤਰ ਸੀ | ਉਸ ਦਾ ਜਨਮ 20 ਅਗਸਤ, 1879 ਨੂੰ ਲੰਡਨ ਵਿਖੇ ਹੋਇਆ | ਨਮੂਨੀਏ ਕਾਰਨ ਇਸ ਦੀ ਮੌਤ 31 ਅਪਰੈਲ, 1893 ਨੂੰ 13 ਸਾਲ ਦੀ ਉਮਰ 'ਚ ਹੀ ਹੋ ਗਈ ਸੀ |
ਮਹਾਰਾਜਾ ਦਲੀਪ ਸਿੰਘ ਦੀ ਦੂਸਰੀ ਪਤਨੀ ਦਾ ਨਾਂਅ ਆਡਾ ਡਗਲਸ ਵੈਦਰਿਲ ਸੀ | ਉਸ ਦਾ ਜਨਮ 15 ਜਨਵਰੀ, 1869 ਨੂੰ ਸਰੀ ਸ਼ਹਿਰ ਵਿਚ ਹੋਇਆ ਸੀ | ਉਸ ਦੇ ਬਾਪ ਦਾ ਨਾਂਅ ਚਾਰਲਸ ਡਗਲਸ ਵੈਦਰਿਲ ਅਤੇ ਮਾਤਾ ਦਾ ਨਾਂਅ ਸਾਰਾਹ ਚਾਰਲੋਟ ਸੀ | ਚਾਰਲਸ ਸਿਵਲ ਇੰਜੀਨੀਅਰ ਸੀ ਤੇ ਸਾਰਾਹ ਵੀ ਪ੍ਰਾਈਵੇਟ ਨੌਕਰੀ ਕਰਦੀ ਸੀ | ਇਹ ਪਰਿਵਾਰ 1881 ਵਿਚ ਲੰਡਨ ਪ੍ਰਵਾਸ ਕਰ ਗਿਆ | ਆਡਾ ਉਥੇ ਕਾਕਸ ਹੋਟਲ ਵਿਚ ਵੇਟਰ ਦੇ ਤੌਰ 'ਤੇ ਕੰਮ ਕਰਨ ਲੱਗੀ | ਇਥੇ ਹੀ 16 ਸਾਲ ਦੀ ਆਡਾ ਦੀ 46 ਸਾਲਾ ਦਲੀਪ ਸਿੰਘ ਨਾਲ ਮੁਲਾਕਾਤ ਹੋਈ ਜੋ ਪਿਆਰ ਵਿਚ ਬਦਲ ਗਈ | ਜਦੋਂ ਦਲੀਪ ਸਿੰਘ ਪੈਰਿਸ ਗਿਆ ਤਾਂ ਉਹ ਵੀ ਉਥੇ ਉਸ ਕੋਲ ਪਹੁੰਚ ਗਈ | ਉਹ ਉਸ ਦੇ ਨਾਲ ਹੀ ਸੇਂਟ ਪੀਟਰਜ਼ਬਰਗ (ਰੂਸ) ਵੀ ਗਈ | 1887 ਵਿਚ ਬੰਬਾ ਦੀ ਮੌਤ ਹੋਣ ਤੋਂ ਬਾਅਦ ਦਲੀਪ ਸਿੰਘ ਨੇ ਆਡਾ ਨਾਲ ਵਿਆਹ ਕਰ ਲਿਆ | ਰਾਣੀ ਵਿਕਟੋਰੀਆ ਆਡਾ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ | ਉਸ ਨੂੰ ਲੱਗਦਾ ਸੀ ਕਿ ਆਡਾ ਨੇ ਹੀ ਦਲੀਪ ਸਿੰਘ ਨੂੰ ਬਗਾਵਤ ਲਈ ਭੜਕਾਇਆ ਹੈ |
ਆਡਾ ਤੋਂ ਦਲੀਪ ਸਿੰਘ ਦੀਆਂ ਦੋ ਬੇਟੀਆਂ ਸਨ | ਰਾਜਕੁਮਾਰੀ ਪਾਉਲੀਨ ਅਲੈਗਜ਼ੈਂਡਰਾ ਦਲੀਪ ਸਿੰਘ ਅਤੇ ਰਾਜਕੁਮਾਰੀ ਆਡਾ ਈਰੀਨ ਬੈਰੀਲ ਦਲੀਪ ਸਿੰਘ | ਪਾਉਲੀਨ ਬਾਰੇ ਤਾਂ ਕੁਝ ਪਤਾ ਲਗਦਾ ਹੈ ਪਰ ਈਰੀਨ ਬਾਰੇ ਅਜੇ ਬਹੁਤੀ ਖੋਜ ਨਹੀਂ ਕੀਤੀ ਗਈ | ਉਸ ਦੀ ਜ਼ਿੰਦਗੀ ਆਪਣੇ ਅਮੀਰ ਮਤਰੇਏ ਭੈਣਾਂ ਭਰਾਵਾਂ ਤੋਂ ਇਕ ਦਮ ਅਲੱਗ ਸੀ | ਉਸ ਦੇ ਜਨਮ ਵੇਲੇ ਦਲੀਪ ਸਿੰਘ ਬਗਾਵਤ ਕਰਨ ਕਾਰਨ ਗਰੀਬ ਹੋ ਚੁੱਕਾ ਸੀ | ਉਸ ਦਾ ਜਨਮ 1887 ਵਿਚ ਮਾਸਕੋ ਦੇ ਇਕ ਸਧਾਰਨ ਜਿਹੇ ਹਸਪਤਾਲ ਵਿਚ ਹੋਇਆ | ਜਦੋਂ ਉਸ ਦੀ ਛੋਟੀ ਭੈਣ ਈਰੀਨ ਨੇ 1926 ਵਿਚ ਮੋਨਾਕੋ ਵਿਖੇ ਆਤਮ-ਹੱਤਿਆ ਕਰ ਲਈ ਤਾਂ ਪਾਉਲੀਨ ਦਾ ਮਤਰੇਈ ਭੈਣ ਬੰਬਾ ਨਾਲ ਈਰੀਨ ਦੀ ਜਾਇਦਾਦ ਕਾਰਨ ਝਗੜਾ ਪੈ ਗਿਆ | ਬੰਬਾ ਨੇ ਵਸੀਅਤ ਦੇ ਖਿਲਾਫ ਅਦਾਲਤੀ ਕੇਸ ਕਰ ਦਿੱਤਾ ਕਿ ਈਰੀਨ ਦੀ 20000 ਪੌਾਡ ਦੀ ਜਾਇਦਾਦ 'ਤੇ ਸਾਰੇ ਭੈਣ ਭਰਾਵਾਂ ਦਾ ਬਰਾਬਰ ਦਾ ਹੱਕ ਬਣਦਾ ਹੈ | ਪਰ ਅਦਾਲਤ ਨੇ ਸਿਰਫ ਪਾਉਲੀਨ ਨੂੰ ਹੀ ਈਲੀਨ ਦਾ ਵਾਰਸ ਮੰਨਿਆ | ਇਸ ਤੋਂ ਬਾਅਦ ਉਹ ਪੈਰਿਸ ਚਲੀ ਗਈ ਤੇ ਦੂਸਰੇ ਸੰਸਾਰ ਯੁੱਧ ਦੌਰਾਨ ਇਕ ਤਰ੍ਹਾਂ ਨਾਲ ਗਾਇਬ ਹੀ ਹੋ ਗਈ | ਉਸ ਦੇ ਬੰਬਾਰੀ ਵਿਚ ਮਾਰੇ ਜਾਣ ਦੀਆਂ ਖਬਰਾਂ ਚੱਲ ਪਈਆਂ | ਬਹੁਤ ਖੋਜਬੀਣ ਤੋਂ ਬਾਅਦ 2014 ਵਿਚ ਇੰਗਲੈਂਡ ਦੇ ਇਤਿਹਾਸਕਾਰ ਪੀਟਰ ਸਿੰਘ ਬੈਂਸ ਨੇ ਪਤਾ ਲਗਾ ਲਿਆ ਕਿ ਪਾਉਲੀਨ ਦੀ ਮੌਤ ਬੰਬਾਰੀ ਕਾਰਨ ਨਹੀਂ ਸਗੋਂ 10 ਅਪਰੈਲ, 1941 ਨੂੰ ਫਰਾਂਸ ਦੇ ਪਾਉ ਹਸਪਤਾਲ ਵਿਚ ਟੀ.ਬੀ. ਦੀ ਬਿਮਾਰੀ ਕਾਰਨ ਹੋਈ ਸੀ | ਪਰ ਉਸ ਦੀ ਕਬਰ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ | (ਸਮਾਪਤ)

-ਪੰਡੋਰੀ ਸਿੱਧਵਾਂ |
ਮੋਬਾਈਲ : 9501100062.

ਭੁੱਲੀਆਂ ਵਿਸਰੀਆਂ ਯਾਦਾਂ

ਤਾਰੀਖ ਤਾਂ ਮੈਨੂੰ ਯਾਦ ਨਹੀਂ ਪਰ ਏਨਾ ਜ਼ਰੂਰ ਯਾਦ ਏ ਕਿ ਇਹ ਤਸਵੀਰ ਸ: ਅਮਰੀਕ ਸਿੰਘ 'ਅਮਨ' ਪਰਚਾ 'ਲੋਅ' ਦੇ ਮਾਲਕ ਦੇ ਪੁੱਤਰ ਦੀ ਸ਼ਾਦੀ ਦੀ ਪਾਰਟੀ ਦੀ ਹੈ | ਅਸੀਂ ਸਾਰੇ ਪਾਰਟੀ 'ਚ ਸ਼ਾਮਿਲ ਹੋਏ ਸੀ | ਉਸ ਵਕਤ ਕਹਾਣੀਕਾਰ ਤੇ ਕਵਿੱਤਰੀ ਸ੍ਰੀਮਤੀ ਸ਼ਰਨ ਮੱਕੜ ਜੀ ਵੀ ਆਏ ਹੋਏ ਸੀ | ਸ੍ਰੀਮਤੀ ਮੱਕੜ ਜੀ ਉਸ ਨਾਲ ਸਰਦਾਰ ਪੰਛੀ ਗੱਲਾਂ ਕਰਨ ਲੱਗ ਪਏ ਸੀ | ਗੱਲਾਂ ਵੀ ਸਾਹਿਤ ਬਾਰੇ ਤੇ ਸਾਹਿਤਕਾਰਾਂ ਬਾਰੇ ਹੋ ਰਹੀਆਂ ਸਨ | ਪ੍ਰੋ: ਊਧਮ ਸਿੰਘ ਸ਼ਾਹੀ ਖ਼ਾਲਸਾ ਕਾਲਜ ਤੇ ਪ੍ਰੋ: ਜਤਿੰਦਰ ਸਿੰਘ ਜੌਲੀ ਤੇ ਬਾਕੀ ਸਾਥੀ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣ ਰਹੇ ਸੀ | ਕਿਉਂਕਿ ਸਾਰਿਆਂ ਦੀ ਖਿੱਚ ਦਾ ਕੇਂਦਰ ਸ੍ਰੀਮਤੀ ਮੱਕੜ ਸੀ | ਇਸ ਸਮੇਂ ਸ਼ਰਨ ਮੱਕੜ ਤੇ ਪ੍ਰੋ: ਜਤਿੰਦਰ ਜੌਲੀ ਇਸ ਸੰਸਾਰ ਵਿਚ ਨਹੀਂ ਹਨ ਪਰ ਇਹ ਯਾਦਗਾਰੀ ਤਸਵੀਰ ਜ਼ਰੂਰ ਸਾਡੇ ਕੋਲ ਹੈ |

ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-143: ਮੱਧ ਵਰਗੀ ਸਿਨੇਮਾ ਦਾ ਪੈਰੋਕਾਰ ਰਿਸ਼ੀਕੇਸ਼ ਮੁਕਰਜੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਿਸ਼ੀਕੇਸ਼ ਮੁਕਰਜੀ ਨੇ ਦੇਵ ਆਨੰਦ ਨੂੰ ਵੀ 'ਅਸਲੀ ਨਕਲੀ' ਲਈ ਸਾਈਨ ਕੀਤਾ ਸੀ | ਦੇਵ ਦੀ ਉਸ ਵੇਲੇ ਦੀ ਇਮੇਜ ਇਕ ਆਧੁਨਿਕ ਸ਼ਹਿਰੀ ਯੁਵਕ ਵਜੋਂ ਕੀਤੀ ਜਾਂਦੀ ਸੀ | ਇਸ ਇਮੇਜ ਨੂੰ ਰਿਸ਼ੀ ਦਾਦਾ ਨੇ ਬੜੇ ਢੰਗ ਨਾਲ ਤੋੜਿਆ | ਫ਼ਿਲਮ ਦਾ ਨਾਇਕ ਅਮੀਰ ਜ਼ਰੂਰ ਹੈ ਪਰ ਝੌਾਪੜੀਆਂ 'ਚ ਰਹਿ ਰਹੇ ਲੋਕਾਂ ਨਾਲ ਉਹ ਸਨੇਹ ਕਰਨ ਲੱਗ ਪੈਂਦਾ ਹੈ ਕਿਉਂਕਿ ਉਸ ਦੀ ਪ੍ਰੇਮਿਕਾ (ਸਾਧਨਾ) ਵੀ ਇਕ ਚਾਲ 'ਚ ਰਹਿਣ ਵਾਲੀ ਲੜਕੀ ਹੈ | ਪ੍ਰੇਮਿਕਾ ਦੇ ਲਈ ਇਹ ਨਾਇਕ ਆਪਣਾ ਸਾਰਾ ਸੁਖ ਅਤੇ ਜਾਇਦਾਦ ਤਿਆਗਣ ਲਈ ਤਿਆਰ ਹੋ ਜਾਂਦਾ ਹੈ | ਫ਼ਿਲਮ ਦਾ ਸੰਗੀਤ ਇਸ ਦੇ ਸੰਕਲਪ ਦੇ ਅਨੁਸਾਰ ਹੀ ਸੀ ਅਤੇ ਇਸ ਦੇ ਕਈ ਗੀਤ 'ਅਸਲੀ ਕਿਆ ਹੈ, ਨਕਲੀ ਕਿਆ ਹੈ' ਭਾਰਤ ਦੇ ਗਲੀ-ਕੂਚਿਆਂ 'ਚ ਗੰੂਜੇ ਸਨ |
ਆਮ ਤੌਰ 'ਤੇ ਰਿਸ਼ੀ ਦਾਦਾ ਸਥਾਪਤ ਕਲਾਕਾਰਾਂ ਨਾਲ ਹੀ ਕੰਮ ਕਰਦਾ ਹੁੰਦਾ ਸੀ, ਪਰ ਲੋੜ ਪੈਣ 'ਤੇ ਉਹ ਨਵੇਂ ਅਦਾਕਾਰਾਂ ਨੂੰ ਵੀ ਮੌਕਾ ਦਿੰਦਾ ਸੀ | ਫ਼ਿਲਮ 'ਅਨੁਰਾਧਾ' ਵਿਚ ਉਸ ਨੇ ਬਲਰਾਜ ਸਾਹਨੀ ਦੇ ਨਾਲ ਨਵੀਂ ਨਾਇਕਾ ਲੀਲਾ ਨਾਇਡੂ ਨੂੰ ਹੀ ਲਿਆ ਸੀ |
1964 ਵਿਚ ਗੁਰੂ ਦੱਤ ਨੂੰ 'ਸਾਂਝ ਔਰ ਸਵੇਰਾ' ਫ਼ਿਲਮ ਲਈ ਜਦੋਂ ਫ਼ਿਲਮਸਾਜ਼ ਸਾਈਨ ਕਰਨ ਲਈ ਆਏ ਤਾਂ ਉਸ ਨੇ ਕਹਾਣੀ ਸੁਣਨ ਤੋਂ ਬਾਅਦ ਉਨ੍ਹਾਂ ਅੱਗੇ ਸ਼ਰਤ ਰੱਖੀ ਕਿ ਉਹ ਇਹ ਫ਼ਿਲਮ ਤਾਂ ਕਰੇਗਾ ਜੇਕਰ ਰਿਸ਼ੀ ਦਾਦਾ ਨੂੰ ਨਿਰਦੇਸ਼ਕ ਲਿਆ ਜਾਵੇ | ਫ਼ਿਲਮਸਾਜ਼ਾਂ ਨੇ ਇਹ ਸੁਝਾਅ ਮੰਨ ਲਿਆ ਅਤੇ ਇਹ ਫ਼ਿਲਮ ਵੀ ਯਾਦਗਾਰੀ ਫ਼ਿਲਮਾਂ ਦੀ ਸ਼੍ਰੇਣੀ 'ਚ ਆ ਗਈ ਸੀ |
ਪਰ ਲਗਦਾ ਹੈ ਕਿ ਧਰਮਿੰਦਰ ਨਾਲ ਇਸ ਨਿਰਦੇਸ਼ਕ ਨੂੰ ਖਾਸ ਸਨੇਹ ਸੀ | ਇਸ ਤਰਕ ਦਾ ਆਧਾਰ ਇਹ ਹੈ ਕਿ ਇਹ ਰਿਸ਼ੀਕੇਸ਼ ਮੁਕਰਜੀ ਹੀ ਸੀ ਜਿਸ ਨੇ ਧਰਮਿੰਦਰ ਦੇ ਅੰਦਰ ਲੁਕੀ ਹੋਈ ਪ੍ਰਤਿਭਾ ਦੀ ਅਸਲੀ ਪਛਾਣ ਕੀਤੀ | 1969 ਤੋਂ ਪਹਿਲਾਂ ਧਰਮਿੰਦਰ ਆਮ ਤੌਰ 'ਤੇ ਫਾਰਮੂਲਾ ਫ਼ਿਲਮਾਂ 'ਚ ਹੀ ਕੰਮ ਕਰਦਾ ਹੁੰਦਾ ਸੀ ਪਰ ਜਦੋਂ ਰਿਸ਼ੀਕੇਸ਼ ਮੁਕਰਜੀ ਨੇ 'ਅਨੁਪਮਾ' ਬਣਾਉਣ ਦੀ ਘੋਸ਼ਣਾ ਕੀਤੀ ਤਾਂ ਲੋਕ ਇਸ 'ਚ ਧਰਮਿੰਦਰ ਦਾ ਬਤੌਰ ਨਾਇਕ ਨਾਂਅ ਪੜ੍ਹ ਕੇ ਹੈਰਾਨ ਜਿਹੇ ਰਹਿ ਗਏ ਸਨ | 'ਅਨੁਪਮਾ' ਇਕ ਮਨੋਵਿਗਿਆਨਕ ਸ਼ੈਲੀ ਦੀ ਮੂਵੀ ਸੀ | ਇਸ ਦੀ ਨਾਇਕਾ (ਸ਼ਰਮੀਲਾ ਟੈਗੋਰ) ਹਰ ਵੇਲੇ ਡਰੀ-ਸਹਿਮੀ ਰਹਿੰਦੀ ਹੈ | ਉਸ ਦੀ ਇਸ ਮਾਨਸਿਕ ਅਪਾਹਿਜਤਾ ਨੂੰ ਨਾਇਕ (ਧਰਮਿੰਦਰ) ਕਵਿਤਾ ਦੇ ਰਾਹੀਂ ਜਾਂ ਉਸ ਦੀਆਂ ਭਾਵਨਾਵਾਂ ਦਾ ਪੂਰਾ ਧਿਆਨ ਕਰਨ ਤੋਂ ਬਾਅਦ ਦੂਰ ਕਰਦਾ ਹੈ |
ਧਰਮਿੰਦਰ ਦੇ ਜੀਜੇ ਪੰਛੀ ਨੇ ਜਦੋਂ 'ਸਤਿਆਕਾਮ' ਬਣਾਉਣ ਦਾ ਐਲਾਨ ਕੀਤਾ ਸੀ ਤਾਂ ਧਰਮਿੰਦਰ ਨੇ ਉਸ ਨੂੰ ਰਿਸ਼ੀਕੇਸ਼ ਦੇ ਨਾਂਅ ਦਾ ਸੁਝਾਅ ਦਿੱਤਾ ਸੀ | ਇਸ ਫ਼ਿਲਮ ਦਾ ਨਾਇਕ ਸੱਚ ਦੀ ਖਾਤਰ ਜੀਵਨ ਸੰਘਰਸ਼ ਕਰਦਾ ਹੈ |ਇਸ ਉਦੇਸ਼ ਲਈ ਉਸ ਨੂੰ ਕਾਫ਼ੀ ਕਸ਼ਟ ਵੀ ਸਹਿਣੇ ਪੈਂਦੇ ਹਨ | ਧਰਮਿੰਦਰ ਨੇ ਇਸ ਭੂਮਿਕਾ 'ਚ ਸੰਵੇਦਨਸ਼ੀਲ ਅਭਿਨੈ ਦੀ ਮਿਸਾਲ ਕਾਇਮ ਕੀਤੀ ਸੀ | 'ਸਤਿਆਕਾਮ' ਦੀ ਬਹੁਤ ਸਾਰੀ ਸ਼ੂਟਿੰਗ ਦੱਖਣੀ ਅਫਰੀਕਾ 'ਚ ਹੋਈ ਸੀ | ਜਦੋਂ ਇਹ ਫ਼ਿਲਮ ਵਿੱਤੀ ਸੰਕਟ 'ਚ ਫਸ ਗਈ ਸੀ ਤਾਂ ਧਰਮਿੰਦਰ ਨੇ ਕੋਲੋਂ ਪੈਸੇ ਖਰਚ ਕੇ ਇਸ ਨੂੰ ਮੁਕੰਮਲ ਕੀਤਾ ਸੀ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 099154-93043.

ਛੋਟੀ ਕਹਾਣੀ: ਕੰਮ ਵਾਲੀ

ਭਾਂਡੇ ਮਾਂਜ ਕੇ, ਪਸੀਨੇ ਨਾਲ ਲੱਥ-ਪੱਥ ਤੇ ਘਬਰਾਈ ਹੋਈ, ਹੱਥ ਵਿਚ ਮੋਬਾਈਲ ਫੜੀ ਬੈਠੀ ਨਾਲੇ ਮੇਰੇ ਵੱਲ ਦੇਖੇ ਤੇ ਨਾਲੇ ਮੋਬਾਈਲ ਫੋਨ 'ਤੇ ਟੱਚ ਕਰਕੇ ਮਨਪਸੰਦ ਦਾ ਦੇਖਣ ਲਈ ਹੱਥ ਇਧਰ-ਉਧਰ ਮਾਰੇ | ਫੋਨ 'ਤੇ ਅਤੇ ਨਾਲ ਕਮਰੇ ਦੇ ਇਰਦ-ਗਿਰਦ ਤੇ ਫਰਸ਼ ਨੂੰ ਦੇਖ ਕੇ ਲਾਲ-ਪੀਲੀ ਹੁੰਦਿਆਂ ਵਰ੍ਹ ਪਈ ਸੀ, ਨਾਸ਼ਤਾ ਕਰਦਿਆਂ ਉਤੇ | ਰੁਕ-ਰੁਕ ਕੇ ਬੋਲ ਰਹੀ ਸੀ, ਕੋਈ ਟਿਕਾਣੇ ਦੀ ਗੱਲ ਕਹਿਣ ਲਈ | ਮੇਰੀ ਧਰਮ-ਪਤਨੀ ਦੋਸਤ ਵੀ | ਮੈਂ ਉਸ ਨੂੰ ਪਹਿਚਾਣ ਲਿਆ ਸੀ ਕਿ ਕੋਈ ਗੜਬੜ ਹੈ | ਮੈਂ ਇਹ ਵੀ ਸੋਚ ਰਿਹਾ ਸੀ ਕਿ ਸ਼ਾਇਦ ਭਾਂਡੇ ਮਾਂਜ ਕੇ ਅੱਕੀ ਥੱਕੀ ਹੋਈ ਹੋਵੇਗੀ | ਹੌਲੀ-ਹੌਲੀ ਬੋਲ ਰਿਹਾ ਸੀ ਕਿ ਕਾਕੂ ਨੂੰ ਖੇਡਣ ਜਾਣ ਤੋਂ ਪਹਿਲਾਂ ਫੋਨ ਲੈ ਕੇ ਜਾਣ ਨਾ ਦਿਆ ਕਰ | ਨਾਲੇ ਕਹਿ ਰਿਹਾ ਸੀ ਕਿ ਕਾਕੂ ਦੀ ਪੜ੍ਹਾਈ ਵਿਚ ਕੋਈ ਕਮੀ ਨਹੀਂ ਹੈ, ਸਿਰਫ਼ ਥੋੜ੍ਹਾ ਜਿਹਾ ਧਿਆਨ ਦੇਵੇ ਤਾਂ ਇਹ ਵਧੀਆ ਪੜ੍ਹਾਈ ਕਰ ਸਕਦਾ ਹੈ | ਹੁਣ ਤਾਂ ਬਾਕੀ ਕੋਈ ਕਸਰ ਨਹੀਂ ਹੈ |
ਪਸੀਨੇ ਦੀਆਂ ਬੰੂਦਾਂ ਪੂੰਝਦੀ ਹੋਈ ਕੰਮ ਵਾਲੀ ਦੀ ਉਡੀਕ ਕਰ ਰਹੀ ਸੀ ਤੇ ਖਿਝ ਕੇ ਬੋਲੀ ਕਿ ਇਹ ਹਰ ਮਹੀਨੇ 5-7 ਛੁੱਟੀਆਂ ਕਰ ਲੈਂਦੀ ਹੈ | ਬੜਾ ਤੰਗ ਕੀਤਾ ਹੋਇਆ ਇਸ ਨੇ ਤੇ ਨਾਲੇ ਮੈਨੂੰ ਵੀ ਪੈ ਰਹੀ ਸੀ ਕਿ ਕਿਵੇਂ ਕਾਗਜ਼ ਦੇ ਰੋਲ ਕਰਕੇ ਭੁੰਜੇ ਹੀ ਸੁੱਟੀ ਜਾਂਦੇ ਹੋ | ਮੈਂ ਥੋੜ੍ਹਾ ਜਿਹਾ ਹੱਸਿਆ ਤੇ ਉਸ ਦੀ ਉਡੀਕ ਕਰਨ ਨੂੰ ਕਹਿ ਹੀ ਰਿਹਾ ਸੀ ਤੇ ਮੇਰੀ ਗੱਲ ਵਿਚੇ ਹੀ ਟੋਕ ਦਿੱਤੀ | ਕਿਹਾ ਕਿ 'ਐਵੇਂ ਨਾ ਵਿਚ ਹੀ ਬੋਲਿਆ ਕਰ |' ਮੈਂ ਹੇਠਾਂ ਉਤੇ ਦੇਖਣ ਲੱਗਾ ਤੇ ਹੱਕਾ-ਬੱਕਾ ਰਹਿ ਗਿਆ ਸੀ | ਸ਼ਾਇਦ ਗੱਲ ਕਰਦਿਆਂ ਕੋਈ ਅਵੱਲੀ-ਸਵੱਲੀ ਕਿਤੇ ਗੱਲ ਨਾ ਨਿਕਲ ਗਈ ਹੋਵੇ | ਸ਼ਾਇਦ ਉਹ ਇਹ ਕਹਿਣਾ ਚਾਹੁੰਦੀ ਸੀ ਕਿ ਬੁੜ੍ਹੀਆਂ ਦੀਆਂ ਗੱਲਾਂ ਵਿਚ ਬੋਲਿਆ ਨਾ ਕਰ ਜਿਵੇਂ ਕਿਤੇ ਉਹ ਪਹਿਲਾਂ ਹੀ ਨੋਟ ਕਰ ਗਈ ਹੋਵੇਗੀ, ਮੇਰੀਆਂ ਅਵੱਲੀਆਂ-ਸਵੱਲੀਆਂ ਮਾਰਦਿਆਂ ਤੋਂ ਖਿਝ ਕੇ ਕਿਤੇ |
ਅੱਗੋਂ ਮੈਂ ਵੀ ਕਿਹੜਾ ਘੱਟ ਸੀ | ਮੈਂ ਵੀ ਉਸੇ ਟੋਨ ਵਿਚ ਪੈ ਗਿਆ | 'ਮੈਂ ਕਹਿ ਕੀ ਦਿੱਤਾ, ਤੈਨੂੰ ਐਵੇਂ ਹੀ ਬੋਲਣ ਦੀ ਆਦਤ ਪਈ ਹੋਈ ਹੈ, ਤੂੰ ਆਦਤ ਤੋਂ ਮਜਬੂਰ ਹੋ ਗਈ ਹੈਾ | ਜ਼ਰਾ ਸੰਭਲ ਕੇ ਬੋਲਿਆ ਕਰ | ਜੇ ਕੋਈ ਗੱਲ ਕਰ ਵੀ ਦਿੱਤੀ ਹੋਵੇਗੀ ਤਾਂ ਕੀ ਹੋ ਗਿਆ | ਤੇਰੀ ਕੀ ਸ਼ਾਨ ਵਿਚ ਫਰਕ ਪੈ ਗਿਆ |' ਮੈਂ ਉਸ ਨੂੰ ਆਪਣੀ ਸਫਾਈ ਦਿੰਦੇ ਹੋਏ ਨੇ ਇਕੋ ਸਾਹ ਵਿਚ ਸਾਰਾ ਕੁਝ ਕਹਿ ਦਿੱਤਾ ਸੀ | ਅਜੇ ਉਠਿਆ ਹੀ ਸੀ ਕਿ 'ਕੰਮ ਵਾਲੀ' ਆ ਗਈ | ਇਹ ਸੋਚ ਕੇ ਮਨ ਨੂੰ ਧਰਵਾਸ ਆ ਗਿਆ | ਚਲ ਬਲਵਤ ਲਹਿ ਗਈ ਮੇਰੇ ਤੋਂ | ਕੰਮ ਵਾਲੀ ਨੂੰ ਦੇਖ ਕੇ ਫਾਟਕ ਖੁੱਲ੍ਹ ਗਿਆ ਸੀ | ਰੇਲ ਗੱਡੀ ਵਾਂਗੂੰ ਸ਼ੋਰ ਮਚਾਉਂਦੀ ਹੋਈ ਹੱਸੀ ਤੇ ਹੌਲੀ-ਹੌਲੀ ਸ਼ਾਂਤ ਹੋ ਗਈ | ਗੱਲਾਂ ਮਾਰਨ ਲਈ ਤੇ ਕੰਮ ਕਰਵਾਉਣਾ ਸੀ ਹੁਣ ਬਿਲਕੁਲ ਚੁੱਪ ਵੱਟ ਲਈ ਸੀ, ਉਸ ਨੇ ਜਿਵੇਂ ਕਿਤੇ ਚੀਕੀ ਹੀ ਨਾ ਹੋਵੇ ਕਦੇ |

-ਮੁਕਤਸਰ | ਮੋਬਾਈਲ : 98558-00758.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX