ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬੀ. ਟੀ. ਨਰਮੇ ਵਿਚ ਯੂਰੀਏ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ?

ਆਪਣੀ ਫ਼ਸਲ ਨੂੰ ਗੁਆਂਢੀ ਕਿਸਾਨ ਦੀ ਫ਼ਸਲ ਨਾਲੋਂ ਗੂੜ੍ਹੇ ਹਰੇ ਰੰਗ ਦੀ ਰੱਖਣ ਅਤੇ ਬੂਟੇ ਦਾ ਵਧੇਰਾ ਵਾਧਾ ਕਰਨ ਲਈ ਇਕ ਦੂਜੇ ਤੋਂ ਵਧ ਕੇ ਯੂਰੀਆ ਖਾਦ ਦੀ ਵਰਤੋਂ ਕਰਨਾ ਇਕ ਆਮ ਰੁਝਾਨ ਬਣ ਗਿਆ ਹੈ। ਇਹ ਰੁਝਾਨ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਪ੍ਰਤੀ ਕਿਸਾਨ ਨੂੰ ਜਾਗਰੂਕ ਕਰਨਾ ਸਮੇਂ ਦੀ ਅਹਿਮ ਲੋੜ ਹੈ। ਵਧੇਰੇ ਯੂਰੀਆ ਖਾਦ ਦੀ ਵਰਤੋਂ ਨਾਲ ਪੈਦਾ ਕੀਤੀ ਗੂੜ੍ਹੇ ਹਰੇ ਰੰਗ ਦੀ ਫ਼ਸਲ ਉਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ, ਇਨ੍ਹਾਂ ਕੀੜਿਆਂ/ਬਿਮਾਰੀਆਂ ਦੀ ਰੋਕਥਾਮ ਲਈ ਵਧੇਰੇ ਜ਼ਹਿਰਾਂ ਦੀ ਵਰਤੋਂ ਕਰਨੀ ਪੈਂਦੀ ਹੈ, ਸਿੱਟੇ ਵਜੋਂ ਉਤਪਾਦਨ ਖ਼ਰਚ ਵਧ ਜਾਂਦੇ ਹਨ ਅਤੇ ਮੁਨਾਫ਼ਾ ਘਟ ਜਾਂਦਾ ਹੈ। ਲੋੜ ਤੋਂ ਵਧੇਰੇ ਪਾਈ ਯੂਰੀਆ ਧਰਤੀ ਹੇਠਲੇ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਵੀ ਬਣਦੀ ਹੈ ਅਤੇ ਵਧੇਰੇ ਯੂਰੀਆ ਖਾਦ ਪਾ ਕੇ ਕਾਸ਼ਤ ਕੀਤੀ ਭਾਰੀ ਫ਼ਸਲ ਦੇ ਪੱਕਣ ਸਮੇਂ ਡਿੱਗ ਜਾਣ ਨਾਲ ਝਾੜ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਯੂਰੀਆ ਖਾਦ ਦੀ ਵਧੇਰੇ ਵਰਤੋਂ ਕਿਸੇ ਵੀ ਤਰ੍ਹਾਂ ਲਾਭਕਾਰੀ ਨਹੀਂ। ਹੁਣ ਸਵਾਲ ਇਹ ਹੈ ਕਿ ਫ਼ਸਲ ਨੂੰ ਯੂਰੀਆ ਖਾਦ ਦੀ ਲੋੜ ਦਾ ਪਤਾ ਕਿਵੇਂ ਲਗਾਈਏ? ਕਿਸਾਨ ਵੀਰੋ! ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਫ਼ਸਲ ਨੂੰ ਯੂਰੀਆ ਖਾਦ ਦੀ ਲੋੜ ਦਾ ਪਤਾ ਲਗਾਉਣ ਲਈ ਪੀ.ਏ.ਯੂ.-ਪੱਤਾ ਰੰਗ ਚਾਰਟ ਵਿਧੀ' ਤਿਆਰ ਕਰ ਦਿੱਤੀ ਹੈ। ਪੀ.ਏ.ਯੂ.-ਪੱਤਾ ਰੰਗ ਚਾਰਟ ਵਿਧੀ ਬਹੁਤ ਹੀ ਸਸਤੀ ਅਤੇ ਆਸਾਨੀ ਨਾਲ ਵਰਤੇ ਜਾ ਸਕਣ ਵਾਲੀ ਕਾਰਗਰ ਵਿਧੀ ਹੈੈ। ਇਸ ਵਿਧੀ ਦੇ ਹੋਂਦ ਵਿਚ ਆਉਣ ਨਾਲ ਸਾਨੂੰ ਪੰਜਾਬ ਦੀਆਂ ਮੁੱਖ ਫ਼ਸਲਾਂ (ਕਣਕ, ਝੋਨਾ, ਮੱਕੀ ਅਤੇ ਬੀ. ਟੀ. ਨਰਮਾ) ਵਿਚ ਪੂਰਾ ਝਾੜ ਪ੍ਰਾਪਤ ਕਰਨ ਲਈ ਲੋੜੀਂਦੇ ਹਰੇ ਰੰਗ ਅਤੇ ਪੱਤਿਆਂ ਦੇ ਰੰਗ ਦੇ ਆਧਾਰ ਤੇ ਖਾਦ ਪਾਉਣ ਦਾ ਗਿਆਨ ਹਾਸਲ ਹੋ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਇਕ ਹੀ 'ਪੀ.ਏ.ਯੂ.-ਪੱਤਾ ਰੰਗ ਚਾਰਟ' ਸਾਰੀਆਂ ਫ਼ਸਲਾਂ ਵਿਚ ਕੰੰਮ ਕਰਦਾ ਹੈ ਅਤੇ ਹਰ ਫ਼ਸਲ ਲਈ ਅਲੱਗ-ਅਲੱਗ ਪੱਤਾ ਰੰਗ ਚਾਰਟ ਖ਼ਰੀਦਣ ਦੀ ਲੋੜ ਨਹੀਂ ਹੈ। ਇਸ ਲੇਖ ਵਿਚ ਅਸੀਂ ਬੀ. ਟੀ. ਨਰਮੇ ਦੀ ਫ਼ਸਲ ਲਈ ਸਿਫ਼ਾਰਸ਼ ਕੀਤੀ ਗਈ ਪੱਤਾ ਰੰਗ ਚਾਰਟ ਵਿਧੀ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਪੀ.ਏ.ਯੂ.-ਪੱਤਾ ਰੰਗ ਚਾਰਟ ਚੰਗੀ ਕਿਸਮ ਦੇ ਪਲਾਸਟਿਕ ਦੀ ਲਗਭਗ 83 ਇੰਚ ਆਕਾਰ ਦੀ ਇਕ ਪੱਟੀ ਹੈ, ਜਿਸ ਉੱਪਰ ਹਰੀ ਰੰਗਤ ਦੀਆਂ ਛੇ ਟਿੱਕੀਆਂ ਹਨ, ਜਿਨ੍ਹਾਂ ਉੱਪਰ 3.0, 3.5, 4.0, 4.5, 5.0 ਅਤੇ 6.0 ਲਿਖਿਆ ਹੋਇਆ ਹੈ। ਬੀ. ਟੀ. ਨਰਮੇ ਵਿਚ ਯੂਰੀਆ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਪੱਤਾ ਰੰਗ ਚਾਰਟ ਵਿਧੀ ਦੀ ਵਰਤੋਂ ਹੇਠ ਲਿਖੇ ਅਨੁਸਾਰ ਕਰੋ:
ਬੂਟੇ ਵਿਰਲੇ ਕਰਨ ਸਮੇਂ ਅਤੇ ਫੁੱਲ ਨਿਕਲਣ ਸਮੇਂ 10 ਬੂਟਿਆਂ ਦੇ ਉਪਰੋਂ ਪੂਰੇ ਵਿਕਸਿਤ ਹੋਏ ਪਹਿਲੇ ਪੱਤੇ ਦਾ ਰੰਗ ਬੂਟੇ ਨਾਲੋਂ ਤੋੜੇ ਬਿਨਾਂ ਪੀ.ਏ.ਯੂ.-ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿਚ ਮਿਲਾਓ।
ਪੱਤਾ ਰੰਗ ਚਾਰਟ ਨਾਲ ਰੰਗ ਮਿਲਾਉਣ ਲਈ ਚੁਣੇ ਬੂਟਿਆਂ ਉਪਰ ਬਿਮਾਰੀ/ਕੀੜਿਆਂ ਦਾ ਹਮਲਾ, ਪਾਣੀ ਦੀ ਔੜ/ਬਹੁਤਾਤ ਜਾਂ ਹੋਰ ਖੁਰਾਕੀ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਸਿੰਚਾਈ ਅਤੇ ਹੋਰ ਖੁਰਾਕੀ ਤੱਤਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਪੱਤਾ ਰੰਗ ਚਾਰਟ ਭੂਮੀ ਵਿਗਿਆਨ ਵਿਭਾਗ, ਬੀਜਾਂ ਦੀ ਦੁਕਾਨ-ਗੇਟ ਨੰ: 1, ਪੀ.ਏ.ਯੂ., ਲੁਧਿਆਣਾ ਅਤੇ ਵੱਖ-ਵੱਖ ਜ਼ਿਲਿਆਂ ਵਿਚ ਸਥਿਤ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। (ਬਾਕੀ ਅਗਲੇ ਅੰਕ 'ਚ)


-ਮੋਬਾਈਲ : 81460-37755


ਖ਼ਬਰ ਸ਼ੇਅਰ ਕਰੋ

ਸ਼ਹਿਦ ਦੀ ਪ੍ਰੋਸੈਸਿੰਗ ਸਮੇਂ ਦੀ ਲੋੜ

ਭਾਰਤ ਇਕ ਖੇਤੀ ਪ੍ਰਧਾਨ ਸੂਬਾ ਹੈ। ਦਾਣਿਆਂ, ਫਲਾਂ, ਸਬਜ਼ੀਆਂ, ਦੁੱਧ ਅਤੇ ਮੱਛੀ ਦੀ ਪੈਦਾਵਾਰ ਵਿਚ ਇਹ ਵਿਸ਼ਵ ਦੇ ਪਹਿਲੇ ਪੰਜ ਸਥਾਨਾਂ ਦੀ ਸੂਚੀ ਵਿਚ ਆਉਂਦਾ ਹੈ। ਭਾਵੇਂ ਇਥੋਂ ਦੇ ਕਿਸਾਨਾਂ ਨੇ ਖੇਤੀ ਦੇ ਖੇਤਰ ਵਿਚ ਬਹੁਤ ਮੱਲਾਂ ਮਾਰੀਆਂ ਹਨ ਪਰ ਅਜੋਕੇ ਸਮੇਂ ਵਿਚ ਵਧ ਰਹੇ ਖੇਤੀ ਖਰਚੇ ਅਤੇ ਘਟ ਰਹੇ ਰਕਬੇ ਕਾਰਨ ਕਿਸਾਨਾਂ ਦੀ ਵਿੱਤੀ ਸਥਿਤੀ ਚਿੰਤਾਜਨਕ ਹੈ। ਸਹਾਇਕ ਧੰਦੇ ਅਜਿਹੇ ਹਲਾਤਾਂ ਵਿਚ ਇਕ ਆਸ ਦੀ ਕਿਰਨ ਉਜਾਗਰ ਕਰਦੇ ਹਨ। ਮਧੂ ਮੱਖੀ ਪਾਲਣ ਦੇ ਧੰਦੇ ਵਿਚ ਛੋਟੇ ਕਿਸਾਨਾਂ ਦਾ ਰੁਝਾਨ ਵਧੇਰੇ ਦੇਖਣ ਨੂੰ ਮਿਲਿਆ ਹੈ। ਇਸ ਦੇ ਕਈ ਕਾਰਨ ਹਨ ਜਿਵੇਂ ਕਿ ਮੌਸਮ ਦਾ ਅਨੁਕੂਲ ਹੋਣਾ, ਸਾਰਾ ਸਾਲ ਫਲਾਂ ਦੀ ਬਹੁਤ ਮਾਤਰਾ ਵਿਚ ਉਪਲੱਬਧ ਹੋਣਾ, ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ, ਇਸ ਧੰਦੇ ਨੂੰ ਸ਼ੁਰੂ ਕਰਨ ਲਈ ਘੱਟ ਨਿਵੇਸ਼ ਦੀ ਲੋੜ ਆਦਿ। 70% ਤੋਂ ਵੱਧ ਸ਼ਹਿਦ ਦੀ ਆਮਦ ਛੋਟੇ ਅਤੇ ਵੱਡੇ ਮੱਖੀ ਪਾਲਕਾਂ ਤੋਂ ਕੀਤੀ ਜਾ ਰਹੀ ਹੈ।
(1) ਫਰੇਮਾਂ ਵਿਚ ਮੋਮੀ ਸ਼ੀਟਾਂ ਤੋਂ ਮੋਮ ਨੂੰ ਉਤਾਰਨਾ (ਅੰਨਕੈਪਿੰਗ) : ਲੱਕੜ ਦੇ ਬਕਸੇ ਵਿਚ ਫਰੇਮਾਂ 'ਤੇ ਮੋਮੀ ਸ਼ੀਟਾਂ ਲਗਾਈਆਂ ਜਾਂਦੀਆਂ ਹਨ। ਮੱਖੀ ਇਨ੍ਹਾਂ ਸ਼ੀਟਾਂ 'ਤੇ ਸੈਲ ਬਣਾ ਕੇ ਸ਼ਹਿਦ ਇਕੱਠਾ ਕਰਦੀ ਹੈ। ਜਦੋਂ ਸੈਲ ਸ਼ਹਿਦ ਨਾਲ ਭਰ ਜਾਂਦਾ ਹੈ ਤਾਂ ਮੱਖੀ ਸੈਲ ਨੂੰ ਮੋਮ ਦੇ ਨਾਲ ਸੀਲ ਕਰ ਦਿੰਦੀ ਹੈ। ਚਾਕੂ ਦੀ ਵਰਤੋਂ ਨਾਲ ਮੋਮ ਨੂੰ ਉਤਾਰਿਆ ਜਾਂਦਾ ਹੈ। ਸ਼ਹਿਦ ਦੀ ਤਰਲਤਾ ਘੱਟ ਹੋਣ ਕਰਕੇ ਸ਼ਹਿਦ ਚਾਕੂ ਨਾਲ ਚਿਪਕਦਾ ਹੈ ਜਿਸ ਕਰਕੇ ਕੰਮ ਦੀ ਗਤੀ ਵਿਚ ਵਿਘਨ ਪੈਂਦਾ ਹੈ। ਇਸ ਨੂੰ ਸੁਖਾਵਾਂ ਕਰਨ ਲਈ ਪੀ. ਏ. ਯੂ. ਦੇ ਵਿਗਿਆਨੀਆਂ ਨੇ ਚਾਕੂ ਦੀ ਧਾਰ ਨੂੰ ਗਰਮ ਕਰਨ, ਲਈ ਬਿਜਲੀ/ਬੈਟਰੀ ਦੀ ਸਹਾਇਤਾ ਨਾਲ ਗਰਮ ਹੋਣ ਵਾਲੇ ਚਾਕੂ ਦਾ ਇਜਾਦ ਕੀਤਾ ਹੈ, ਜਿਸ ਨਾਲ ਅੰਨਕੈਪਿੰਗ ਦੀ ਗਤੀ ਵਿਚ ਵਾਧਾ ਹੋਇਆ ਹੈ।
(2) ਐਕਸਟ੍ਰੈਕਸ਼ਨ : ਫਰੇਮ ਵਿਚ ਲੱਗੀਆਂ ਸ਼ੀਟਾਂ ਤੋਂ ਮੋਮ ਉਤਾਰਨ ਤੋਂ ਬਾਅਦ ਇਹ ਫਰੇਮ ਐਕਸਟ੍ਰੈਕਟਰ ਵਿਚ ਪਾ ਕੇ ਘੁਮਾਏ ਜਾਂਦੇ ਹਨ। ਇਸ ਰਾਹੀਂ ਸੈਲਾਂ ਵਿਚ ਪਿਆ ਸ਼ਹਿਦ ਬਾਹਰ ਆ ਜਾਂਦਾ ਹੈ ਅਤੇ ਐਕਸਟ੍ਰੈਕਟਰ ਦੇ ਤਲੇ ਤੇ ਇਕੱਠਾ ਹੋ ਜਾਂਦਾ ਹੈ। ਦੋ ਤਰ੍ਹਾਂ ਦੇ ਐਕਸਟ੍ਰੈਕਟਰ ਮਾਰਕੀਟ ਵਿਚ ਉਪਲੱਬਧ ਹਨ।
ਹੱਥ ਨਾਲ ਚਲਾਉਣ ਵਾਲੇ ਤੇ ਮੋਟਰ ਦੀ ਸਹਾਇਤਾ ਨਾਲ ਚੱਲਣ ਵਾਲੇ : ਇਸ ਵਿਚ ਫਰੇਮਾਂ ਦੀ ਗਿਣਤੀ 2 ਤੋਂ 120 ਤੱਕ ਦੀ ਹੋ ਸਕਦੀ ਹੈ। ਛੋਟੇ ਕਿਸਾਨਾਂ ਦੀ ਲੋੜ 4-10 ਫਰੇਮਾਂ ਵਾਲੇ ਐਕਸਟ੍ਰੈਕਟਰ ਰਾਹੀਂ ਪੂਰੀ ਹੋ ਸਕਦੀ ਹੈ। ਐਕਸਟ੍ਰੈਕਟਰ ਤੋਂ ਪ੍ਰਾਪਤ ਸ਼ਹਿਦ ਵਿਚ ਬਹੁਤ ਸਾਰੀ ਮੋਮ, ਰਹਿੰਦ-ਖੂੰਹਦ, ਮੱਖੀ ਆਦਿ ਹੁੰਦੀ ਹੈ, ਇਸ ਨੂੰ ਪੁਣ ਕੇ ਸ਼ਹਿਦ ਨਾਲੋਂ ਵੱਖਰਾ ਕੀਤਾ ਜਾਂਦਾ ਹੈ।
(3) ਗਰਮ ਕਰਨਾ ਅਤੇ ਨਿਤਾਰਨਾ : ਸ਼ਹਿਦ ਨੂੰ ਸਿੱਧੀ ਅੱਗ 'ਤੇ ਗਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇਸ ਦੀ ਗੁਣਵੱਤਾ ਘਟਦੀ ਹੈ। ਫੂਡ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਸ਼ਹਿਦ ਨੂੰ ਗਰਮ ਕਰਨ ਅਤੇ ਨਿਤਾਰਨ ਵਾਲੀ ਮਸ਼ੀਨ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮਸ਼ੀਨ ਵਿਚ ਸ਼ਹਿਦ ਨੂੰ 500 'ਚ ਤੇ 40 ਮਿੰਟ ਗਰਮ ਕਰਨ ਨਾਲ ਸ਼ਹਿਦ ਦੀ ਗੁਣਵੱਤਾ ਅਤੇ ਤਰਲਤਾ ਵਿਚ ਵਾਧਾ ਹੁੰਦਾ ਹੈ। ਤਰਲਤਾ ਵਧਣ ਦੇ ਨਾਲ ਸ਼ਹਿਦ ਨੂੰ ਮਲਮਲ ਦੇ ਕੱਪੜੇ ਵਿਚ ਨਿਤਾਰਨਾ ਸੌਖਾ ਹੋ ਜਾਂਦਾ ਹੈ।
(4) ਪੈਕਿੰਗ ਅਤੇ ਲੇਬਲਿੰਗ : ਸੁੰਦਰ ਅਤੇ ਆਕਰਸ਼ਿਤ ਪੈਕਿੰਗ ਸ਼ਹਿਦ ਦੀ ਮੰਡੀਕਰਨ ਦਾ ਅਭਿੰਨ ਅੰਗ ਹੈ। ਪੈਕਿੰਗ ਮੈਟੀਰੀਅਲ ਟਿਕਾਊ, ਕਿਫਾਇਤੀ, ਭੋਜਨ ਭੰਡਾਰਨ ਕਰਨ ਵਾਸਤੇ ਸੁੱਰਖਿਅਤ ਅਤੇ ਮਿਲਾਵਟ ਨੂੰ ਰੋਕਣ ਵਾਸਤੇ ਸਮਰੱਥ ਹੋਣਾ ਚਾਹੀਦਾ ਹੈ। ਭਿੰਨ ਭਿੰਨ ਆਕਾਰ ਅਤੇ ਮਾਪ ਦੀਆਂ ਬੋਤਲਾਂ ਵਿਚ ਸ਼ਹਿਦ ਦੀ ਵਿਕਰੀ ਕੀਤੀ ਜਾਂਦੀ ਹੈ। ਇਸ ਤੇ ਲੇਬਲ ਲਗਾਉਣਾ ਵੀ ਜ਼ਰੂਰੀ ਹੈ।
ਲੇਬਲ ਦੀ ਮਹੱਤਤਾ ਦਿਨੋਂ ਦਿਨ ਵਧ ਰਹੀ ਹੈ ਇਸ ਰਾਹੀਂ ਗਾਹਕ ਨੂੰ ਖਾਣ ਵਾਲੇ ਪਦਾਰਥ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਵਿਚ ਕੰਪਨੀ ਦਾ ਨਾਂਅ/ਬਰੈੱਡ, ਪਤਾ, ਡੱਬਾ ਬੰਦ ਕਰਨ ਦੀ ਤਰੀਕ, ਇਸ ਵਿਚ ਪਾਏ ਜਾਣ ਵਾਲੇ ਪਦਾਰਥ, ਉਨ੍ਹਾਂ ਦੀ ਮਾਤਰਾ, ਰਜਿਸਟਰੇਸ਼ਨ, ਕੁਆਲਿਟੀ ਪ੍ਰਮਾਣ, ਭਾਰ ਰੇਟ ਆਦਿ ਹੁੰਦਾ ਹੈ। ਲੇਬਲ 'ਤੇ ਦਿੱਤੀ ਗਈ ਜਾਣਕਾਰੀ ਦੁਆਰਾ ਕੋਈ ਵੀ ਖਪਤਕਾਰ ਉਤਪਾਦਕ ਨੂੰ ਸੰਪਰਕ ਕਰ ਸਕਦਾ ਹੈ।
(5) ਸਰਟੀਫਿਕੇਸ਼ਨ : ਸਰਟੀਫਿਕੇਸ਼ਨ ਸ਼ੁੱਧਤਾ ਦਾ ਪ੍ਰਮਾਣ ਹੈ। ਐਗਮਾਰਕ, ਬਿਉਰੋ ਆਫ ਇੰਡੀਅਨ ਸਟੈਂਡਰਡ ਅਤੇ ਪੀ. ਐਫ. ਏ. ਰਾਹੀਂ ਸ਼ਹਿਦ ਵਿਚ ਨਮੀਂ ਸੁਕਰੋਜ਼, ਰਿਡਿਉਸਿੰਗ ਸ਼ੂਗਰ, ਸਪੈਸਿਫਿਕ ਗਰੈਵਿਟੀ ਆਦਿ ਦੀ ਮਾਤਰਾ ਨਿਯੁਕਤ ਕੀਤੀ ਗਈ ਹੈ। ਇਨ੍ਹਾਂ ਦੀ ਮਿਆਰ 'ਤੇ ਆਧਾਰਿਤ ਸ਼ਹਿਦ ਨੂੰ ਤਿੰਨ ਗਰੇਡਾਂ ਵਿਚ ਵੰਡਿਆ ਗਿਆ ਹੈ:
ਸਪੈਸ਼ਲ, ਗਰੇਡ ਏ ਅਤੇ ਸਟੈਂਡਰਡ
ਸੰਨ 2006 ਵਿਚ ਐਫ. ਐਸ. ਐਸ. ਏ. ਆਈ ਰਾਹੀਂ ਇਨ੍ਹਾਂ ਦੇ ਉਤਪਾਦਨ, ਭੰਡਾਰਨ, ਡਿਸਟਰੀਬਿਊਸ਼ਨ ਸੈਲ ਅਤੇ ਐਕਸਪੋਰਟ ਵਾਸਤੇ ਮਿਆਰ ਸੈੱਟ ਕੀਤੇ ਗਏ। ਜਿਹੜੇੇ ਵਧੀਆ ਅਤੇ ਸਾਫ-ਸੁਥਰੇ ਸ਼ਹਿਦ ਦੀ ਆਮਦਨ ਵਾਸਤੇ ਲਾਹੇਵੰਦ ਸਾਬਤ ਹੋਏ ਹਨ। ਸ਼ਹਿਦ ਦੀ ਪ੍ਰੋਸੈਸਿੰਗ ਇਕ ਲਾਹੇਵੰਦ ਧੰਦਾ ਹੈ। ਛੋਟੇ ਕਿਸਾਨ ਅਤੇ ਵੱਡੇ ਜ਼ਿਮੀਂਦਾਰ ਆਪਣੇ ਰੋਜ਼ ਦੇ ਰੁਝੇਵਿਆਂ ਦੇ ਨਾਲ ਮੱਖੀ ਦੀ ਸਾਂਭ-ਸੰਭਾਲ ਕਰ ਸਕਦੇ ਹਨ। ਕੱਚੇ ਸ਼ਹਿਦ ਦਾ ਮੁੱਲ 120-150 ਰੁਪਏ ਪ੍ਰਤੀ ਕਿਲੋ ਹੈ ਜਦ ਕੇ ਪ੍ਰੋਸੈਸ ਕਰ ਕੇ ਡੱਬਾ ਬੰਦ ਕੀਤਾ ਹੋਇਆ ਸ਼ਹਿਦ 250 ਰੁਪਏ ਪ੍ਰਤੀ ਕਿਲੋ ਦਾ ਵਿਕਦਾ ਹੈ। ਇਸ ਤਰ੍ਹਾਂ ਵਿੱਤੀ ਮੁਨਾਫਾ ਦੋਗੁਣਾ ਹੋ ਜਾਂਦਾ ਹੈ। ਸ਼ਹਿਦ ਨੂੰ ਪ੍ਰੋਸੈਸ ਕਰਨ ਦੀ ਟ੍ਰੇਨਿੰਗ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਸਾਰਾ ਸਾਲ ਆਯੋਜਿਤ ਕੀਤੀ ਜਾਂਦੀ ਹੈ।


-ਮੋਬਾ: 98781-14400
ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ।

ਫ਼ਸਲਾਂ ਵਿਚ ਮਲਚ ਦੀ ਮਹੱਤਤਾ ਕੀ ਹੈ?

ਮਲਚ ਕੀ ਹੁੁੰਦੀ ਹੈ?
ਜ਼ਮੀਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਫ਼ਸਲਾਂ ਦੀ ਰਹਿੰਦ-ਖੂੰਹਦ, ਸੁੱਕਾ ਘਾਹ, ਸੁੱਕੇ ਪੱਤੇ, ਝੋਨੇ ਦੀ ਪਰਾਲੀ, ਗੰਨੇ ਦੀ ਖੋਰੀ, ਸਰ੍ਹੋਂ ਦੀ ਰਹਿੰਦ-ਖੂੰਹਦ, ਆਦਿ ਨੂੰ ਮਲਚ ਕਹਿੰਦੇ ਹਨ।
ਮਲਚ ਦੇ ਕੀ ਫਾਇਦੇ ਹਨ?
* ਮਲਚ ਵਾਸ਼ਪੀਕਰਨ ਨੂੰ ਕੰਟਰੋਲ ਕਰ ਕੇ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਦੀ ਹੈ।
* ਇਹ ਜ਼ਮੀਨ ਦੇ ਤਾਪਮਾਨ ਨੂੰ ਨਿਯਮਤ ਕਰਨ ਵਿਚ ਸਹਾਈ ਹੁੁੰਦੀ ਹੈ। ਮਲਚ ਦੀ ਵਰਤੋਂ ਕਰਨ ਨਾਲ ਸਰਦੀਆਂ ਵਿਚ ਜ਼ਮੀਨ ਦਾ ਤਾਪਮਾਨ ਆਮ ਨਾਲੋਂ ਵੱਧ ਜਾਂਦਾ ਹੈ ਅਤੇ ਗਰਮੀਆਂ ਵਿਚ ਘਟ ਜਾਂਦਾ ਹੈ ਜਿਸ ਨਾਲ ਫ਼ਸਲਾਂ ਦੇ ਪੁੰਗਾਰੇ ਵਿਚ ਵਾਧਾ ਹੁੰਦਾ ਹੈ।
* ਮਲਚ ਨਾਲ ਨਦੀਨਾਂ ਦੀ ਘਣਤਾ ਵੀ ਬਹੁਤ ਹੱਦ ਤੱਕ ਘਟ ਜਾਂਦੀ ਹੈ। * ਜੈਵਿਕ ਮਲਚ ਜਿਵੇਂ ਕਿ ਫ਼ਸਲਾਂ ਦੀ ਰਹਿੰਦ-ਖੂੰਹਦ, ਗਲਣ ਤੋਂ ਬਾਅਦ ਜ਼ਮੀਨ ਵਿਚ ਫ਼ਸਲਾਂ ਲਈ ਜ਼ਰੂਰੀ ਤੱਤ ਛੱਡ ਦਿੰਦੀ ਹੈ ਜਿਸ ਕਰਕੇ ਜ਼ਮੀਨ ਦੀ ਉਪਜਾਉ ਸ਼ਕਤੀ ਵੱਧ ਜਾਂਦੀ ਹੈ। ਤਜਰਬਿਆਂ ਅਨੁਸਾਰ ਇਕ ਟਨ ਝੋਨੇ ਦੀ ਪਰਾਲੀ ਵਿਚ 6.2 ਕਿੱਲੋ ਨਾਈਟ੍ਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ ਅਤੇ 1.2 ਕਿੱਲੋ ਸਲਫਰ ਮੌਜੂਦ ਹੁੰਦੇ ਹਨ ਜੋ ਕਿ ਗਲਣ ਤੋਂ ਬਾਅਦ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। * ਮਲਚ ਵਿਛਾਉਣ ਨਾਲ ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ।
* ਮਲਚ ਪਾਉਣ ਨਾਲ ਮਿੱਟੀ ਦੀ ਖੁਰਨ ਦੀ ਸਮੱਸਿਆ ਘਟਦੀ ਹੈ।
* ਜੇਕਰ ਅਸੀਂ ਝੋਨੇ ਦੀ ਵਾਧੂ ਪਰਾਲੀ ਨੂੰ ਖੇਤ ਵਿਚ ਜਲਾਉਣ ਦੀ ਬਜਾਏ ਮਲਚ ਦੇ ਰੂਪ ਵਿਚ ਵਰਤੀਏ ਤਾਂ ਹਵਾ ਦਾ ਪ੍ਰਦੂਸ਼ਣ ਘਟ ਜਾਵੇਗਾ ਅਤੇ ਸਾਹ ਸਬੰਧੀ ਬਿਮਾਰੀਆਂ ਤੋਂ ਨਿਜ਼ਾਤ ਪਾਇਆ ਜਾ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪਰਾਲੀ ਵਰਤਣ ਦੀ ਸਿਫ਼ਾਰਸ਼ ਕਈ ਫ਼ਸਲਾਂ ਵਿਚ ਕੀਤੀ ਗਈ ਹੈ ਜਿਵੇਂ ਕਿ ਹਲਦੀ, ਗੰਨਾ, ਪੁਦੀਨਾ (ਮੈਂਥਾ), ਕਣਕ, ਆਲੂ, ਲਸਣ, ਮਿਰਚਾਂ, ਅਮਰੂਦ, ਆਦਿ।
ਹਲਦੀ: ਬਿਜਾਈ ਤੋਂ ਬਾਅਦ 36 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿਚ ਇਕਸਾਰ ਖਿਲਾਰਨ ਨਾਲ ਹਲਦੀ ਦਾ ਪੁੰਗਾਰਾ ਵਧੀਆ ਹੁੰਦਾ ਹੈ ਅਤੇ ਨਾਲ ਹੀ ਨਦੀਨਾਂ ਦੀ ਰੋਕਥਾਮ ਹੁੁੰਦੀ ਹੈ।
ਮੈਂਥਾ: ਬਿਜਾਈ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ 2.4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਗੰਨਾ: ਕਮਾਦ ਜੰਮਣ ਤੋਂ ਬਾਅਦ ਅੱਧ ਅਪ੍ਰੈਲ ਵਿਚ ਕਤਾਰਾਂ ਵਿਚਕਾਰ ਸੁੱਕਾ ਘਾਹ ਫੂਸ ਜਾਂ ਝੋਨੇ ਦੀ ਪਰਾਲੀ ਜਾਂ ਧਾਨ ਦਾ ਛਿਲਕਾ ਜਾਂ ਕਮਾਦ ਦੀ ਖੋਰੀ ਜਾਂ ਦਰੱਖਤਾਂ ਦੇ ਪੱਤੇ 20 ਤੋਂ 25 ਕੁਇੰਟਲ ਪ੍ਰਤੀ ਏਕੜ ਵਿਛਾਉਣ ਨਾਲ ਜ਼ਮੀਨ ਦਾ ਤਾਪਮਾਨ ਘਟਾਇਆ ਜਾ ਸਕਦਾ ਹੈ ਅਤੇ ਜ਼ਮੀਨ ਵਿਚ ਸਿੱਲ੍ਹ ਸੰਭਾਲੀ ਜਾ ਸਕਦੀ ਹੈ। ਕਮਾਦ ਵਿਚ ਇਹ ਮਲਚ ਪਾਉਣ ਨਾਲ ਨਦੀਨਾਂ ਅਤੇ ਆਗ ਦੇ ਗੜੂੰਏ ਦੀ ਸਮੱਸਿਆ ਵੀ ਘੱਟਦੀ ਹੈ। ਬਰਾਨੀ ਹਾਲਤਾਂ ਜਿਵੇਂ ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਆਦਿ ਜ਼ਿਲ੍ਹਿਆਂ ਵਿਚ ਮਲਚ ਪਾਉਣ ਨਾਲ ਕਮਾਦ ਦੀ ਉਪਜ ਵਧਾਈ ਜਾ ਸਕਦੀ ਹੈ ।
ਕਣਕ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹੈਪੀ ਸੀਡਰ ਮਸ਼ੀਨ ਵਿਚ ਦਬਾਅ ਵਾਲੇ ਪਹੀਆਂ ਵਾਲੀ ਅਟੈਚਮੈਂਟ ਲਗਾਈ ਗਈ ਹੈ ਜਿਹੜੀ ਕਿ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿਚ ਬਿਜਾਈ ਦੌਰਾਨ ਝੋਨੇ ਦੀੇ ਪਰਾਲੀ ਨੂੰ ਕਣਕ ਦੇ ਸਿਆੜਾਂ ਵਿਚਕਾਰ ਇਕਸਾਰ ਮਲਚ ਦੇ ਰੂਪ ਵਿਚ ਵਿਛਾਉਣ ਉਪਰੰਤ ਦਬਾਅ ਦਿੰਦੀ ਹੈ, ਜਿਸ ਨਾਲ ਕਣਕ ਦਾ ਪੁੰਗਾਰਾ ਤੇ ਮੁਢਲਾ ਵਾਧਾ ਵਧੀਆ ਹੁੰਦਾ ਹੈ ਅਤੇ ਨਦੀਨਾਂ ਦੀ ਘਣਤਾ ਵੀ ਨਾ ਮਾਤਰ ਹੀ ਹੁੰਦੀ ਹੈ।
ਆਲੂ: ਝੋਨੇ ਦੀੇ ਪਰਾਲੀ ਨੂੰ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਵਿਛਾਉਣ ਨਾਲ ਅਸੀਂ ਦੋ ਪਾਣੀ ਬਚਾ ਸਕਦੇ ਹਾਂ।
ਲਸਣ: ਨਦੀਨ ਉੱਗਣ ਤੋਂ ਪਹਿਲਾਂ ਵਰਤਣ ਵਾਲੇ ਨਦੀਨ-ਨਾਸ਼ਕ ਦੀ ਸਪਰੇਅ ਕਰਨ ਤੋਂ ਬਾਅਦ 25 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਵਿਛਾਉਣ ਨਾਲ ਲੰਬੇ ਸਮੇਂ ਲਈ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਮਿਰਚਾਂ: ਮਿਰਚਾਂ ਵਿਚ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀੇ ਪਰਾਲੀ ਵਿਛਾ ਕੇ 15-16 ਤੋਂ ਪਾਣੀ ਘਟਾ ਕੇ 9 'ਤੇ ਲਿਆਂਦੇ ਜਾ ਸਕਦੇ ਹਨ।
ਅਮਰੂਦ: ਅਮਰੂਦਾਂ ਦੇ ਬੂਟਿਆਂ ਵਿਚ ਮਈ ਵਿਚ ਖਾਦਾਂ ਪਾਉਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ 4 ਟਨ ਪ੍ਰਤੀ ਏਕੜ ਝੋਨੇ ਦੀੇ ਪਰਾਲੀ ਨੂੰ ਮਲਚ ਦੇ ਤੌਰ 'ਤੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।


-ਫ਼ਸਲ ਵਿਗਿਆਨ ਵਿਭਾਗ ਅਤੇ *ਫ਼ਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਪਿੰਡ ਪਹੁੰਚੇ ਪ੍ਰਦੇਸ

ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੇ ਪਿਛੋਕੜ ਨੂੰ ਨਾਲ ਹੀ ਲੈ ਜਾਂਦੇ ਹਨ। ਆਪਣੀਆਂ ਚੰਗੀਆਂ ਜਾਂ ਮੰਦੀਆਂ ਆਦਤਾਂ ਵੀ। ਖਾਣ ਪੀਣ ਦਾ ਸੁਭਾਅ ਵੀ। ਹੁਣ ਵਿਦੇਸ਼ਾਂ ਵਿਚ ਸਾਗ ਮੱਕੀ ਦੀ ਰੋਟੀ ਵੀ ਦੁਰਲੱਭ ਵਸਤੂ ਨਹੀਂ ਹੈ। ਕਾਰਾਂ 'ਤੇ ਖੰਡੇ ਜਾਂ ਦੇਸੀ ਨੰਬਰ ਪਲੇਟਾਂ ਆਮ ਹਨ। ਖੇਡ ਮੇਲਿਆਂ 'ਤੇ ਲੱਖਾਂ ਦੇ 'ਕੱਠ ਹੋਣ ਲੱਗ ਪਏ ਹਨ। ਗਿੱਧੇ, ਭੰਗੜੇ ਆਮ ਹਨ। ਕਬੱਡੀ 'ਤੇ ਦਾਅ ਲੱਗਣ ਲੱਗ ਪਏ ਹਨ। ਇਕ-ਇਕ ਸ਼ਹਿਰ ਵਿਚ ਕਈ-ਕਈ ਪੰਜਾਬੀ ਰੇਡੀਓ, ਟੀ.ਵੀ. ਚੈਨਲ ਆਮ ਹਨ। ਕਈ ਅਖ਼ਬਾਰਾਂ ਨਿਕਲਣ ਲੱਗ ਪਈਆਂ ਹਨ। ਸਿਆਸੀ ਗਲਿਆਰਿਆਂ ਵਿਚ ਪੰਜਾਬੀਆਂ ਨੇ ਥਾਂ ਬਣਾ ਲਈ ਹੈ। ਬਹੁਤੇ ਇਮਾਨਦਾਰੀ ਤੇ ਮਿਹਨਤ ਦੀ ਕਮਾਈ ਕਰਦੇ ਹਨ, ਪਰ ਕਈ ਵਿਚੋਂ ਕੁੰਡੀ ਵੀ ਲਾ ਜਾਂਦੇ ਹਨ। ਘਰ ਵੀ ਇਕੱਠੇ ਲੈਂਦੇ ਹਨ ਤੇ ਫਿਰ ਦੇਸੀ ਪਿੰਡਾਂ ਵਾਲੇ ਨਾਂਅ ਰੱਖ ਲੈਂਦੇ ਹਨ। ਅੱਜ ਦਾ ਸੱਚ ਇਹ ਵੀ ਹੈ ਕਿ ਪੰਜਾਬ ਦੇ ਮੱਧ ਵਰਗੀ ਪਰਿਵਾਰਾਂ ਦੇ ਬਹੁਤੇ ਬੱਚੇ ਬਾਹਰ ਚਲੇ ਗਏ ਹਨ ਜਾਂ ਜਾਣ ਲਈ ਤਿਆਰ ਬੈਠੇ ਹਨ। ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਕਾਲਜਾਂ ਵਿਚ ਹਾਜ਼ਰੀ ਘਟ ਰਹੀ ਹੈ। ਆਉਣ ਵਾਲੇ ਸਮੇਂ ਵਿਚ ਕਈ ਕਾਲਜ ਬੰਦ ਹੋਣ ਦੀ ਉਮੀਦ ਹੈ। ਇਸ ਪਿੱਛੇ, ਸਿਆਸੀ ਦੂਰਅੰਦੇਸ਼ੀ ਦੀ ਘਾਟ ਤੇ ਆਰਥਿਕ ਲੋੜਾਂ ਦਾ ਪੂਰਾ ਨਾ ਹੋਣਾ ਮੁੱਖ ਕਾਰਨ ਮੰਨੇ ਜਾ ਸਕਦੇ ਹਨ। ਖੈਰ ਜੋ ਵੀ ਹੈ, ਜਿਵੇਂ ਵੀ ਹੈ, ਜਿੱਥੇ ਵੀ ਹੈ, ਇਕ ਗੱਲ ਤਾਂ ਪੱਕੀ ਹੈ ਕਿ ਪੰਜਾਬੀਆਂ ਨੇ ਪੰਜਾਬੀ ਤੇ ਪੰਜਾਬੀਅਤ ਮਰਨ ਨਹੀਂ ਦੇਣੀ।

-ਮੋਬਾ: 98159-45018

ਪਰਾਲੀ ਨਾ ਸਾੜਨ ਵਾਲਾ ਸਫ਼ਲ ਕਿਸਾਨ ਨਿਰਮਲ ਸਿੰਘ ਲੌਂਗੋਵਾਲ

ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਵਿਖੇ ਇਕ ਸਧਾਰਨ ਕਿਸਾਨ ਪਰਿਵਾਰ ਵਿਚ ਮਾਤਾ ਮਨਜੀਤ ਕੌਰ ਦੀ ਕੁੱਖੋਂ, ਪਿਤਾ ਹਰਦੇਵ ਸਿੰਘ ਦੇ ਘਰ 12 ਮਾਰਚ, 1978 ਨੂੰ ਨਿਰਮਲ ਸਿੰਘ ਦਾ ਜਨਮ ਹੋਇਆ। ਨਿਰਮਲ ਸਿੰਘ ਨੂੰ ਪੰਜ-ਛੇ ਵਰ੍ਹਿਆਂ ਦੀ ਉਮਰ ਵਿਚ ਸਰਕਾਰੀ ਹਾਈ ਸਕੂਲ ਲੌਂਗੋਵਾਲ ਵਿਖੇ ਪੜ੍ਹਨ ਪਾਇਆ ਗਿਆ। 1992 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਪਰ ਘਰ ਦੀਆਂ ਆਰਥਿਕ ਤੰਗੀਆਂ, ਤੁਸ਼ਟੀਆਂ ਅਤੇ ਘਰੇਲੂ ਮਜਬੂਰੀਆਂ ਨੇ ਅੱਗੇ ਪੜ੍ਹਨ ਦੀ ਬਜਾਏ ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਵੱਲ ਹੀ ਜੋੜ ਲਿਆ ਗਿਆ।
ਨਿਰਮਲ ਸਿੰਘ ਤੇ ਉਨ੍ਹਾਂ ਦੇ ਪਿਤਾ ਜੀ ਨੇ ਆਈਸ਼ਰ ਟਰੈਕਟਰ ਲੈ ਕੇ ਆਪਣਾ ਖੇਤੀਬਾੜੀ ਦਾ ਧੰਦਾ ਸ਼ੁਰੂ ਕੀਤਾ। ਨਿਰਮਲ ਸਿੰਘ ਨੇ ਆਪਣੀ ਸੂਝ-ਬੂਝ ਤੇ ਸਿਆਣਪ ਨਾਲ ਆਪਣੇ ਖੇਤੀਬਾੜੀ ਦੇ ਧੰਦੇ ਨੂੰ ਵਿਕਸਤ ਤੇ ਵਿਕਾਸ ਵੱਲ ਲਿਜਾਣ ਲਈ, ਜ਼ਿਲ੍ਹਾ ਸੰਗਰੂਰ ਦੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ। ਉਹ ਖੇਤੀਬਾੜੀ ਵਿਭਾਗ ਵਲੋਂ ਹਰ ਤਰ੍ਹਾਂ ਦੀ ਖੇਤੀ ਸਬੰਧੀ ਜਾਣਕਾਰੀ ਹਾਸਲ ਕਰਦਾ ਆ ਰਿਹਾ ਹੈ। ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੀ ਸਹੂਲਤ ਲਈ ਹਰ ਸਾਲ ਖੇਤੀਬਾੜੀ ਨਾਲ ਸਬੰਧਿਤ ਸੰਦਾਂ ਦੇ ਡਰਾਅ ਕੱਢੇ ਜਾਂਦੇ ਹਨ। ਜਿਨ੍ਹਾਂ ਕਿਸਾਨਾਂ ਨੂੰ ਲੱਕੀ ਡਰਾਅ ਨਿਕਲਦੇ ਹਨ, ਉਨ੍ਹਾਂ ਕਿਸਾਨਾਂ ਨੂੰ ਡਰਾਅ ਨਿਕਲਦੇ ਸੰਦ 'ਤੇ ਪੰਜਾਹ ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਨਿਰਮਲ ਸਿੰਘ ਨੇ 2013 'ਚ ਹੈਪੀ ਸੀਡਰ ਮਸ਼ੀਨ ਲੈਣ ਲਈ ਆਪਣਾ ਡਰਾਅ ਪਾਇਆ ਸੀ। ਨਿਰਮਲ ਸਿੰਘ ਨੇ ਆਪਣੇ ਪਹਿਲੇ ਡਰਾਅ 'ਚ ਹੀ ਕਣਕ ਦੀ ਬਿਜਾਈ ਵਾਲੀ ਹੈਪੀ ਸੀਡਰ ਮਸ਼ੀਨ ਮਹਿਕਮੇ ਤੋਂ ਪੰਜਾਹ ਫੀਸਦੀ ਕੀਮਤ 'ਤੇ ਖਰੀਦੀ ਹੈਪੀ ਸੀਡਰ ਮਸ਼ੀਨ ਲੈਣ ਤੋਂ ਬਾਅਦ ਨਿਰਮਲ ਸਿੰਘ ਨੇ ਆਪਣਾ ਆਈਸ਼ਰ ਟਰੈਕਟਰ ਬਦਲ ਕੇ ਸੋਨਾਲੀਕਾ 60 ਟ੍ਰੈਕਟਰ ਲੈ ਲਿਆ। ਇਸ ਟ੍ਰੈਕਟਰ ਨਾਲ ਨਿਰਮਲ ਸਿੰਘ ਕਣਕ ਦੀ ਬਿਜਾਈ ਤੋਂ ਬਾਅਦ ਸਰਦੀਆਂ ਦੇ ਵਿਹਲੇ ਸਮੇਂ ਦੌਰਾਨ ਆਪਣੇ ਨੇੜੇ-ਤੇੜੇ ਕੰਪਿਊਟਰ ਕਰਾਹੇ ਨਾਲ ਜ਼ਮੀਨੀ ਰਕਬਾ ਪੱਧਰਾ ਕਰਨਾ, ਉੱਚੇ ਮਿੱਟੀ ਦੇ ਟਿੱਬਿਆਂ ਤੋਂ ਮਿੱਟੀ ਚੁੱਕ ਕੇ ਦੂਰ-ਦੁਰਾਡੇ ਨਵੀਆਂ ਬਣੀਆਂ ਬਿਲਡਿੰਗਾਂ, ਨਵੀਂ ਰਿਹਾਇਸ਼ੀ ਕਾਲੋਨੀਆਂ ਜਾਂ ਸਰਕਾਰੀ ਖੇਤਰਾਂ 'ਚ ਮਿੱਟੀ ਪਾਉਣ ਦਾ ਕੰਮ ਠੇਕੇ 'ਤੇ ਲੈ ਕੇ ਆਪਣੀ ਮਿਹਨਤ ਕਰਦਾ ਆ ਰਿਹਾ ਹੈ।
ਨਿਰਮਲ ਸਿੰਘ ਨੇ ਦੱਸਿਆ ਕਿ 2013 ਦੌਰਾਨ ਮੈਂ ਹੈਪੀ ਸੀਡਰ ਮਸ਼ੀਨ ਖਰੀਦਣ ਤੋਂ ਬਾਅਦ ਆਪਣੇ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ ਕਦੇ ਵੀ ਨਹੀਂ ਸਾੜਿਆ, ਸਗੋਂ ਉਸੇ ਤਰ੍ਹਾਂ ਹੀ ਝੋਨੇ ਦੀ ਸਾਰੀ ਪਰਾਲੀ ਨੂੰ ਖੇਤ 'ਚ ਚੰਗੀ ਤਰ੍ਹਾਂ ਵਿਛਾਇਆ ਜਾਂਦਾ ਹੈ। ਫਿਰ ਉਸੇ ਤਰ੍ਹਾਂ ਹੀ ਆਪਣੀ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੇ ਸਾਰੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਵਿਛਾ ਕੇ ਹੈਪੀ ਸੀਡਰ ਮਸ਼ੀਨ ਨਾਲ ਕਣਕ ਬੀਜਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਵਾਲੇ ਖੇਤ 'ਚ ਕਣਕ ਬੀਜਣ ਨਾਲ ਨਾ ਤਾਂ ਕਣਕ ਪੱਕਣ ਸਮੇਂ ਡਿੱਗਦੀ ਹੈ ਅਤੇ ਨਾ ਝਾੜ ਘਟਣ ਦਾ ਕੋਈ ਅਸਰ ਹੁੰਦਾ ਹੈ। ਸਗੋਂ ਸਿੱਧੀ ਹੈਪੀ ਸੀਡਰ ਨਾਲ ਕਣਕ ਬੀਜਣ 'ਤੇ ਕਿਸਾਨ ਨੂੰ ਚਾਰ ਤੋਂ ਪੰਜ ਹਜ਼ਾਰ ਪ੍ਰਤੀ ਏਕੜ ਦਾ ਖਰਚਾ ਘਟਦਾ ਹੈ।
ਲਗਾਤਾਰ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਬਿਨਾਂ ਸਾੜੇ ਕਣਕ ਦੀ ਬਿਜਾਈ ਕਰਨ 'ਤੇ ਖੇਤੀਬਾੜੀ ਵਿਭਾਗ ਸੰਗਰੂਰ ਵਲੋਂ ਆਪਣੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ 2016 'ਚ ਨਿਰਮਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
3 ਮਾਰਚ, 2017 ਨੂੰ ਆਪਣੇ ਵਾਤਾਵਰਨ ਨੂੰ ਸ਼ੁੱਧ, ਸਾਫ਼ ਤੇ ਸਵੱਛ ਰੱਖਣ ਦੇ ਉਪਰਾਲੇ ਸਦਕਾ ਭਾਈ ਘਨੱਈਆ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਦੂਜੀ ਵਾਰ ਸਨਮਾਨਿਤ ਕੀਤਾ ਗਿਆ। 29 ਸਤੰਬਰ, 2017 ਨੂੰ ਕਿਸਾਨ ਗਿੱਲ ਫਾਰਮ ਢੁੱਡੀਕੇ (ਮੋਗਾ) ਵਲੋਂ ਤੀਜੀ ਵਾਰ ਸਨਮਾਨਿਤ ਕੀਤਾ ਗਿਆ।
26 ਜਨਵਰੀ, 2018 ਨੂੰ ਗਣਤੰਤਰ ਦਿਵਸ ਮੌਕੇ ਮਾਣਯੋਗ ਡਿਪਟੀ ਕਮਿਸ਼ਨਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਮਾਣਯੋਗ ਨਵਜੋਤ ਸਿੰਘ ਸਿੱਧੂ ਵਲੋਂ ਨਿਰਮਲ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਨਿਰਮਲ ਸਿੰਘ ਆਪਣੇ ਵਾਤਾਵਰਨ ਨੂੰ ਸ਼ੁੱਧ-ਸਾਫ਼ ਤੇ ਸਵੱਛ ਰੱਖਣ ਦੇ ਉਪਰਾਲਿਆਂ ਸਦਕਾ ਆਪਣੇ ਪਿੰਡ ਤੇ ਇਲਾਕੇ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।


-ਪਿੰਡ ਤੇ ਡਾਕ: ਮੱਤੀ, ਵਾਇਆ ਭੀਖੀ (ਮਾਨਸਾ)। ਮੋਬਾਈਲ : 98785-47007.

ਵਿਰਸੇ ਦੀਆਂ ਬਾਤਾਂ

ਕਿੱਲੀ 'ਤੇ ਟੰਗੀਆਂ ਯਾਦਾਂ

ਜਿਹੜੀ ਚੀਜ਼ ਅਸੀਂ ਅੱਜ ਵਰਤਦੇ ਹਾਂ, ਸਦੀਆਂ ਤੱਕ ਉਹੀ ਵਰਤੀ ਜਾਵੇ, ਇਹ ਜ਼ਰੂਰੀ ਨਹੀਂ। ਪਰ ਜਿਹੜੀ ਚੀਜ਼ ਅੱਜ ਵਰਤਦੇ ਹਾਂ, ਉਹ ਅਗਲੀਆਂ ਪੀੜ੍ਹੀਆਂ ਸਾਂਭਣ ਤੇ ਉਸ ਦੀ ਅਹਿਮੀਅਤ ਚੇਤੇ ਰੱਖਣ ਇਹ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਵੱਡੇ ਵਡੇਰਿਆਂ ਜਿਨ੍ਹਾਂ ਨੂੰ ਦੇਖਿਆ ਨਹੀਂ, ਉਨ੍ਹਾਂ ਪ੍ਰਤੀ ਮਨ ਵਿਚ ਸਤਿਕਾਰ ਰੱਖਦੇ ਹਾਂ। ਉਨ੍ਹਾਂ ਦੀਆਂ ਯਾਦਾਂ ਸਾਂਭ ਕੇ ਰੱਖਦੇ ਹਾਂ। ਵਰਤੀਆਂ ਜਾਣ ਵਾਲੀਆਂ ਚੀਜ਼ਾਂ ਭਾਵੇਂ ਨਿਰਜੀਵ ਹਨ, ਪਰ ਉਨ੍ਹਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਤਾਂ ਜ਼ਰੂਰੀ ਹੈ ਹੀ।
ਇਸ ਤਸਵੀਰ ਨੂੰ ਦੇਖ ਕਿਸੇ ਨੂੰ ਹੈਰਾਨੀ-ਪ੍ਰੇਸ਼ਾਨੀ ਹੋ ਸਕਦੀ ਹੈ, ਕਿਸੇ ਨੂੰ ਨਹੀਂ। ਪਰ ਇਹ ਤਸਵੀਰ ਸਵਾਲ ਬਹੁਤ ਸਾਰੇ ਖੜ੍ਹੇ ਕਰਦੀ ਹੈ। ਇਹ ਚੀਜ਼ਾਂ ਜੋ ਰਸੋਈ ਵਿਚ ਹਰ ਰੋਜ਼ ਵਰਤੀਆਂ ਜਾਣ ਵਾਲੀਆਂ ਸਨ, ਅੱਜ ਕਿੱਲੀਆਂ 'ਤੇ ਟੰਗੀਆਂ ਗਈਆਂ। ਇਨ੍ਹਾਂ ਦੀ ਹਾਲਤ ਇਹ ਕਿਉਂ ਦੱਸ ਰਹੀ ਹੈ ਕਿ ਇਨ੍ਹਾਂ ਦੀ ਵਰਤੋਂ ਲੰਮੇ ਸਮੇਂ ਤੋਂ ਨਹੀਂ ਹੋ ਰਹੀ। ਹਰ ਕੋਈ ਆਪਣੀ ਸੋਚ ਮੁਤਾਬਕ ਇਸ ਦੇ ਕਈ ਅਰਥ ਕੱਢ ਸਕਦਾ ਹੈ।
ਜਦੋਂ ਸਾਂਝੇ ਪਰਿਵਾਰ ਸਨ, ਵੱਡੇ ਟੱਬਰ ਸਨ, ਉਦੋਂ ਰੋਟੀਆਂ ਇਨ੍ਹਾਂ ਛੋਟੀਆਂ ਤਵੀਆਂ 'ਤੇ ਬਣਦੀਆਂ ਸਨ। ਤਵਿਆਂ 'ਤੇ 'ਕੱਲੀ-'ਕੱਲੀ ਰੋਟੀ ਪਕਾਉਣ ਨਾਲ ਬਹੁਤ ਵਕਤ ਲਗਦਾ ਸੀ। ਸਵੇਰ ਤੇ ਦੁਪਹਿਰ ਦੀ ਰੋਟੀ ਇੱਕੋ ਵੇਲੇ ਤਿਆਰ ਹੁੰਦੀ ਸੀ। ਘਰ ਦੀਆਂ ਔਰਤਾਂ ਵਿਚੋਂ ਇਕ ਪੇੜੇ ਕਰਦੀ, ਰੋਟੀ ਵੇਲਦੀ ਤੇ ਦੂਜੀ ਤਵੀ 'ਤੇ ਰੋਟੀ ਦੇ ਪਾਸੇ ਬਦਲਦੀ। ਸਾਂਝੀ ਮਿਹਨਤ ਨਾਲ ਕੁੱਝ ਮਿੰਟਾਂ ਵਿਚ ਕੰਮ ਸਮਾਪਤ ਹੋ ਜਾਂਦਾ। ਹੁਣ ਸਾਂਝੇ ਪਰਿਵਾਰ ਬਹੁਤ ਘੱਟ ਲੱਭਦੇ ਹਨ। ਚਾਰ-ਚਾਰ, ਪੰਜ-ਪੰਜ ਜੀਆਂ ਵਾਲੇ ਪਰਿਵਾਰ ਹਨ ਤਾਂ ਇਸ ਤਵੀ ਦਾ ਕੀ ਕੰਮ। ਨਿੱਕੀਆਂ-ਨਿੱਕੀਆਂ ਰਸੋਈਆਂ। ਗੈਸ ਚੁੱਲ੍ਹੇ 'ਤੇ ਰੱਖੇ ਤਵੇ 'ਤੇ ਸਵੇਰ-ਦੁਪਹਿਰ-ਰਾਤ ਦੀ ਰੋਟੀ ਮੌਕੇ ਮੁਤਾਬਕ ਬਣਦੀ ਹੈ। ਇਹੋ ਜਿਹੀਆਂ ਤਵੀਆਂ ਸਿਰਫ਼ ਸਮਾਗਮਾਂ ਮੌਕੇ ਵਰਤੀਆਂ ਜਾਣ ਲੱਗੀਆਂ ਹਨ, ਜਦੋਂ ਰੋਟੀਆਂ ਵੱਡੀ ਗਿਣਤੀ ਵਿਚ ਬਣਾਉਣੀਆਂ ਹੋਣ।
ਕੋਲ ਟੰਗਿਆ ਦਾਤ, ਜਿਸ ਦੀ ਖਾਸ ਕਰਕੇ ਸਿਆਲਾਂ ਵਿਚ ਖੂਬ ਵਰਤੋਂ ਹੁੰਦੀ ਸੀ, ਹੁਣ ਇਹਦੀ ਲੋੜ ਨਹੀਂ ਰਹੀ। ਦਾਤ ਨਾਲ ਸਾਗ ਚੀਰਨਾ ਨਵੀਂ ਪੀੜ੍ਹੀ ਦੇ ਵੱਸ ਦੀ ਗੱਲ ਨਹੀਂ ਰਿਹਾ। ਸਾਗ ਕੁਤਰਨ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਹੋਰ ਕਮਾਲ ਕਿ ਸਾਗ ਚੀਰਿਆ ਹੋਇਆ ਬਜ਼ਾਰੋਂ ਮਿਲ ਜਾਂਦਾ ਹੈ ਤੇ ਹੋਰ ਕਮਾਲ ਬਣਿਆ ਬਣਾਇਆ ਸਾਗ ਦੁਕਾਨਾਂ ਤੋਂ ਡੱਬਾਬੰਦ ਮਿਲ ਜਾਂਦਾ। ਇਸ ਹਾਲਤ ਵਿਚ ਦਾਤ ਤੋਂ ਕਿਸੇ ਨੇ ਕੀ ਕਰਾਉਣਾ? ਖੁਰਚਣਾ ਤੇ ਨੇਤਰਾ ਵੀ ਇੰਜ ਜਾਪਦਾ ਕਿਸੇ ਦੀ ਹੱਥ ਛੋਹ ਨੂੰ ਤਰਸ ਰਿਹਾ।
ਕਈ ਘਰਾਂ ਵਿਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਘੱਟ ਜਾਂ ਵੱਧ ਅੱਜ ਵੀ ਹੁੰਦੀ ਹੈ ਤੇ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਹੀ ਚੀਜ਼ਾਂ ਵੇਂਹਦਿਆਂ-ਵੇਂਹਦਿਆਂ ਸਾਡੇ ਹੱਥਾਂ ਵਿਚੋਂ ਨਿਕਲ ਕਬਾੜੀਆਂ ਕੋਲ ਪਹੁੰਚ ਚੁੱਕੀਆਂ ਹਨ, ਪਰ ਜਦੋਂ ਕਦੇ ਇਨ੍ਹਾਂ ਦੀ ਯਾਦ ਆਉਂਦੀ ਹੈ ਤਾਂ ਬੜਾ ਕੁੱਝ ਅੱਖਾਂ ਮੂਹਰੇ ਆ ਜਾਂਦਾ ਹੈ।


37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883

ਵਾਢੀ ਤੇ ਗਹਾਈ 'ਚ ਫੁਰਸਤ ਦੇ ਪਲਾਂ ਦੀ ਮੌਜ

ਭਾਵੇਂ ਕਣਕਾਂ ਦੀ ਵਾਢੀ ਤੇ ਗਹਾਈ ਲਈ ਕੰਬਾਈਨਾਂ, ਥਰੈਸ਼ਰਾਂ ਵਰਗੀਆਂ ਵੱਡ ਆਕਾਰੀ ਮਸ਼ੀਨਾਂ ਦੇ ਆ ਜਾਣ ਨਾਲ ਹਾੜ੍ਹੀ ਨੂੰ ਸੰਭਾਲਣ ਦਾ ਕੰਮ ਵਧੇਰੇ ਸੌਖਾ ਹੋ ਗਿਆ ਹੈ, ਪਰ ਕਿਸਾਨ ਨੂੰ ਆਪਣੇ ਮਾਲ ਡੰਗਰ ਲਈ ਸਾਰਾ ਸਾਲ ਤੂੜੀ ਵਰਗੇ ਸੁੱਕੇ ਤੇ ਸੁਥਰੇ ਚਾਰੇ ਦੀ ਪ੍ਰਾਪਤੀ ਲਈ ਕਣਕ ਨੂੰ ਹੱਥੀਂ ਵੱਢਣ ਤੇ ਥਰੈਸ਼ਰ ਨਾਲ ਗਾਹੁੰਣਾ ਵੀ ਸਮੇਂ ਦੀ ਲੋੜ ਹੁੰਦੀ ਹੈ। ਕੰਬਾਈਨ ਨਾਲੋਂ ਕਣਕ ਨੂੰ ਹੱਥੀਂ ਵੱਢਣ ਤੇ ਥਰੈਸ਼ਰ ਨਾਲ ਗਾਹੁਣ ਵਾਲੇ ਕੰਮ ਲਈ ਕਿਸਾਨ ਤੇ ਮਜ਼ਦੂਰ ਨੂੰ ਵੱਧ ਸਰੀਰਕ ਮੁਸ਼ੱਕਤ, ਹੌਸਲੇ, ਠਰ੍ਹੰਮੇ ਤੇ ਸਿਦਕ ਨਾਲ ਕੰਮ ਕਰਨਾ ਪੈਂਦਾ ਹੈ। ਕਿਸਾਨ ਤੇ ਮਜ਼ਦੂਰ ਦੀ ਜ਼ਿੰਦਗੀ ਦਾ ਸਾਰਾ ਕਾਰੋਮਦਾਰ ਹਾੜ੍ਹੀ ਦੀ ਫ਼ਸਲ 'ਤੇ ਟਿਕਿਆ ਹੋਣ ਕਰਕੇ ਇਨ੍ਹਾਂ ਦਾ ਸਾਰਾ ਧਿਆਨ ਹੀ ਵੈਸਾਖ ਦੇ ਮਹੀਨੇ ਪੱਕੀ ਕਣਕ ਦੀ ਫ਼ਸਲ ਨੂੰ ਸੰਭਾਲਣ ਵੱਲ ਲੱਗਿਆ ਹੁੰਦਾ ਹੈ। ਕਿਸਾਨਾਂ ਵਲੋਂ ਜ਼ਿੰਦਗੀ ਦੇ ਬਾਕੀ ਸਾਰੇ ਕੰਮਕਾਰ ਕੁਝ ਸਮੇਂ ਲੲਂੀ ਮੁਲਤਵੀ ਕਰਕੇ ਕਈ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਹੋਈ ਫ਼ਸਲ ਰੂਪੀ ਦੌਲਤ ਖੇਤਾਂ 'ਚ ਖਿੱਲਰੀ ਪਈ ਹੋਣ ਕਰਕੇ ਇਸ ਨੂੰ ਸਮੇਂ ਸਿਰ ਸੰਭਾਲੇ ਜਾਣ ਦਾ ਸਭ ਤੋਂ ਵੱਡਾ ਫਿਕਰ ਹੁੰਦਾ ਹੈ। ਵਾਢੀਆਂ ਤੇ ਗਹਾਈਆਂ ਦੇ ਦਿਨਾਂ 'ਚ ਇਹ ਫਿਕਰ ਕਿਰਤੀ ਕਿਸਾਨ ਨੂੰ ਚੈਨ ਨਾਲ ਬੈਠਣ ਨਹੀਂ ਦਿੰਦਾ। ਆਪਣੀ ਫ਼ਸਲ ਨੂੰ ਸੰਭਾਲਣ ਦੇ ਦਿਨਾਂ 'ਚ ਅਸਮਾਨ 'ਚ ਨਿੱਤ ਖੰਗੂਰੇ ਮਾਰ ਮਾਰ ਡਰਾਉਦੇ ਬੱਦਲਾਂ ਤੋਂ ਸਹਿਮਦਿਆਂ, ਦਿਨ 'ਚ ਕਈ ਕਈ ਵਾਰ ਆਪਣੀ ਦਿਸ਼ਾ ਬਦਲਦੀਆਂ ਹਵਾਵਾਂ ਦੇ ਤੇਵਰਾਂ ਨੂੰ ਦੇਖਦਿਆਂ ਤੇ ਰਾਤ ਮੰਜੇ 'ਤੇ ਸੋਚਾਂ ਦੀ ਉਧੇੜ ਬੁਣ 'ਚ ਸਮਾਂ ਲੰਘਾੳਂੁਦਿਆਂ ਕਿਸਾਨ ਕਾਮੇ ਨੂੰ ਦਿਨ ਤੇ ਰਾਤ ਦੇ ਸਮੇਂ ਦੀ ਕੋਈ ਸੁਰਤ ਨਹੀਂ ਰਹਿੰਦੀ। ਇਹੋ ਕਾਰਨ ਹੈ ਕਿ ਇਸ ਰੁੱਤ 'ਚ ਕਣਕ ਸੰਭਾਲਣ 'ਚ ਰੁੱਝੇ ਕਿਸਾਨ ਤੇ ਮਜ਼ਦੂਰ ਨੂੰ ਰੋਟੀ ਪਾਣੀ ਲਈ ਵੀ ਕੋਈ ਨਿਰਧਾਰਿਤ ਸਮਾਂ ਨਹੀਂ ਮਿਲਦਾ, ਸਗੋਂ ਜਦੋਂ ਦਾਅ ਲੱਗ ਗਿਆ ਤੇ ਜਿੱਥੇ ਲੱਗ ਗਿਆ ਲਾ ਕੇ ਝੱਟ ਟਪਾਉਣ ਨੂੰ ਤਰਜੀਹ ਦੇਣੀ ਪੈਂਦੀ ਹੈ। ਇਸ ਦੇ ਬਾਵਜੂਦ ਮਿੱਟੀ ਨਾਲ ਮਿੱਟੀ ਹੋ ਕੇ ਜ਼ਿੰਦਗੀ ਦੇ ਨਖ਼ਸ਼ ਤਰਾਸ਼ਣ ਵਾਲੀ ਮਿਹਨਤੀ ਜਮਾਤ ਹੱਡ ਭੰਨਵੀਂ ਮਿਹਨਤ ਦੇ ਨਾਲ-ਨਾਲ ਹਾਸੇ ਠੱਠੇ ਨਾਲ ਆਪਣਾ ਵਖਤ ਲੰਘਾਉਂਦੀ ਜ਼ਿੰਦਾਦਿਲੀ ਤੇ ਖੁਸ਼ਮਿਜ਼ਾਜੀ ਦੀਆਂ ਬਾਤਾਂ ਪਾਉਂਦੀ ਨਜ਼ਰ ਆਉਂਦੀ ਹੈ। ਕੰਮ ਦੇ ਜ਼ੋਰ 'ਚ ਰੋਟੀ ਪਾਣੀ ਜਾਂ ਚਾਹ ਪੀਣ ਦੇ ਵਖ਼ਵੇ ਦੌਰਾਨ ਖੇਤਾਂ 'ਚ ਕੰਮ ਕਰਨ ਵਾਲੇ ਧਰਤੀ ਮਾਂ ਦੇ ਸੀਨੇ 'ਤੇ ਹੀ ਚੌਕੜੀਆਂ ਮਾਰ, ਜਾਂ ਸੇਬੇ ਸਣ ਦੀਆਂ ਬੋਰੀਆਂ ਜਾਂ ਬੋਰਿਆਂ ਦੇ ਬਣਾਏ ਤਿਰਪਾਲਾਂ 'ਤੇ ਹੀ ਘੜੀ ਪਲ ਲੱਕ ਸਿੱਧਾ ਕਰਕੇ ਕੰਮ ਦੇ ਅਗਲੇ ਪੜਾਅ ਲਈ ਤਿਆਰ-ਬਰ-ਤਿਆਰ ਹੋ ਜਾਂਦੇ ਹਨ। ਫੁਰਸਤ ਦੇ ਕੁਝ ਪਲਾਂ 'ਚ ਕੰਮ ਕਰਨ ਵਾਲੇ ਟੋਲੇ ਦਾ ਆਗੂ ਸਾਥੀਆਂ ਨੂੰ ਤਾਜ਼ੇ ਹੋ ਕੇ ਹੱਲਾ ਮਾਰਨ ਦੀ ਹੱਲਾਸ਼ੇਰੀ ਦਿੰਦਾ ਨਜ਼ਰ ਆਉਂਦਾ ਹੈ, ਕੋਈ ਕਾਮਾ ਪਿੰਡ 'ਚ ਵਾਪਰੀ ਕਿਸੇ ਤਾਜ਼ੀ ਘਟਨਾ 'ਤੇ ਆਪਣਾ ਬਿਆਨ ਦਿੰਦਾ ਦਿਸਦਾ ਹੈ, ਕਿਸੇ ਨੂੰ ਪਿੰਡ ਦੇ ਸਰਪੰਚ ਜਾਂ ਨੰਬਰਦਾਰ 'ਤੇ ਪੈਨਸ਼ਨ ਨਾ ਲਵਾਉਣ ਦਾ ਝੋਰਾ ਹੈ, ਕੋਈ ਦਿੱਲੀ ਦਰਬਾਰ ਦੇ ਕਿਸੇ ਆਗੂ ਵਲੋਂ ਗ਼ਰੀਬਾਂ ਲਈ ਚਲਾਈਆਂ ਸਕੀਮਾਂ ਦੇ ਬਿਆਨ 'ਤੇ ਕੁੜ੍ਹਦਾ ਨਜ਼ਰ ਆਉਂਦਾ ਹੈ, ਕਿਸੇ ਬੰਦੇ ਨੂੰ ਵਾਢੀਆਂ ਤੋਂ ਬਾਅਦ ਸਾਲੀ ਦੇ ਮੁੰਡੇ ਦੇ ਵਿਆਹ 'ਤੇ ਹੋਣ ਵਾਲੇ ਵਿੱਤੋਂ ਬਾਹਰੇ ਖਰਚੇ ਤੋਂ ਪਰੇਸ਼ਾਨੀ ਹੈ, ਇਕ ਜਣਾ ਰਾਤੀਂ ਦੇਰ ਤੱਕ ਮਸ਼ੀਨ 'ਤੇ ਕੰਮ ਕਰੀ ਜਾਣ ਅਤੇ ਸਵੇਰੇ ਜਾਗ ਨਾ ਆਉਣ ਕਰਕੇ ਦੂਜਿਆਂ ਦੀਆਂ ਚੋਭਾ ਝੱਲ ਰਿਹੈ, ਕੋਈ ਵੱਧ ਭੁੱਖ ਲੱਗਣ 'ਤੇ ਬਿਨਾਂ ਗਿਣੇ ਰੋਟੀਆਂ ਖਾਣ ਤੇ ਸਟੀਲ ਦਾ ਗਲਾਸ ਭਰ-ਭਰ ਕੇ ਚਾਹ ਪੀਣ ਕਰਕੇ ਮਜ਼ਾਕ ਦਾ ਪਾਤਰ ਬਣਿਆ ਹੋਇਆ ਹੈ, ਕੋਈ ਕਾਮਾ ਪਿੰਡਾਂ 'ਚ ਦੋ ਧੜਿਆਂ ਦੀਆਂ ਲੜਾਈਆਂ ਦਰਮਿਆਨ ਆਪਣੇ ਪਿੰਡ ਦੇ ਧੜੇ ਦਾ ਹੱਥ ਉਪਰ ਰਹਿਣ ਦੀ ਵਡਿਆਈ ਕਰ ਰਿਹਾ ਹੈ ਤੇ ਟੋਲੇ 'ਚ ਵਡੇਰੀ ਉਮਰ ਦੇ ਬੰਦੇ ਵਲੋਂ ਉਸ ਨੂੰ ਆਪਣੇ ਕੰਮ ਨਾਲ ਮਤਲਬ ਰੱਖਣ ਦੀ ਝਿੜਕ ਵਾਢੀ ਦੇ ਫੁਰਸਤ ਦੇ ਪਲਾਂ ਨੂੰ ਯਾਦਗਾਰੀ ਬਣਾਉਂਦੀ ਰਹਿੰਦੀ ਹੈ। ਇਸ ਦੇ ਨਾਲ-ਨਾਲ ਇਸ ਸਾਲ ਗਹਾਈ ਕਰਕੇ ਪਿਛਲੇ ਸਾਲ ਦੇ ਘਾਟੇ ਵਾਧਿਆਂ ਨੂੰ ਪੂਰਾ ਕਰਨ ਵਾਲਾ ਟਰੈਕਟਰ ਤੇ ਥਰੈਸ਼ਰ ਦਾ ਮਾਲਕ ਇਸ ਵਾਰੀ ਵੀ ਮਹਿੰਗੇ ਡੀਜ਼ਲ, ਮੀਂਹ ਹਨੇਰੀ ਨਾਲ ਢੱਠੀਆਂ ਕਣਕਾਂ ਦੇ ਨਿਕਲ ਰਹੇ ਘੱਟ ਝਾੜ, ਸੀਜ਼ਨ ਪਿੱਛੋਂ ਟਰੈਕਟਰ ਦੀ ਮੁਰੰਮਤ ਤੇ ਉਮੀਦ ਤੋਂ ਵੱਧ ਹੋਣ ਵਾਲੇ ਖਰਚੇ ਤੋਂ ਫ਼ਿਕਰਮੰਦ ਹੈ। ਇਹਦੇ ਨਾਲ ਹੀ ਉਹ ਆਪਣੇ ਫੋਨ 'ਤੇ ਅਗਲੇ ਥਾਂ ਮਸ਼ੀਨ ਉਡੀਕ ਰਹੇ ਬੰਦਿਆਂ ਨੂੰ ਕਈ ਘੰਟੇ ਦੇਰੀ ਹੋਣ ਦੇ ਵੀ ਮੁਨਾਸਿਬ ਜਿਹੇ ਬਹਾਨੇ ਦੱਸਦਾ 'ਬੱਸ ਹੁਣੇ ਆਏ, ਹੁਣੇ ਆਏ, ਤੁਸੀਂ ਚਾਹ-ਪਾਣੀ ਦੀ ਤਿਆਰੀ ਕਰੋ... ਦੀ ਵਾਰਤਾਲਾਪ ਵੀ ਸੁਣਾ ਰਿਹਾ ਹੁੰਦਾ ਹੈ। ਇਨ੍ਹਾਂ ਦਿਨਾਂ 'ਚ ਭਾਵੇਂ ਸੂਰਜ ਦੇਵਤਾ ਆਪਣੇ ਸਫ਼ਰ 'ਤੇ ਵਿਰਾਮ ਲਾਉਣ ਲਈ ਪੱਛਮ ਦੀ ਆਗੋਸ਼ 'ਚ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਹੈ ਤੇ ਗੁਰੂ ਘਰੋਂ ਸ਼ਾਮ ਦੇ ਨਿੱਤਨੇਮ ਦੀ ਆਵਾਜ਼ ਆਉਣ 'ਤੇ ਆਪੋ-ਆਪਣੇ ਕੰਮਾਂ 'ਚ ਲੱਗੇ ਲੋਕ ਮਨ ਹੀ ਮਨ 'ਦਾਤਾ ਮਿਹਰ ਕਰੀਂ' ਦੀ ਅਰਦਾਸ ਨਾਲ ਹਨੇਰਾ ਹੋਣ ਤੱਕ ਥੋੜ੍ਹਾ ਜਿਹਾ ਝੱਟ ਹੋਰ ਮਾਰਨ ਦਾ ਆਹਰ ਕਰਦੇ ਨਜ਼ਰ ਆ ਰਹੇ ਹੁੰਦੇ ਹਨ।


ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ, ਮੋਬਾਈਲ: 70877-87700,
Email. nimana727@gmail.com

ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਕਿਵੇਂ ਬਚਾਈਏ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
(ੲ) ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ : ਝੋਨੇ ਦੀਆਂ ਲੰਬੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਲਗਾਉਣ ਨਾਲ ਪਾਣੀ ਦੀ ਲੋੜ ਵੱਧ ਜਾਂਦੀ ਹੈ। ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ. ਆਰ. 115 (125 ਦਿਨ) ਅਤੇ ਪੀ. ਆਰ. 124 (135 ਦਿਨ) ਕਿਸਮਾਂ ਸਭ ਤੋਂ ਵੱਧ ਢੁਕਵੀਆਂ ਹਨ। ਇਹ ਕਿਸਮਾਂ ਝੋਨੇ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਖੇਤ ਵਿਚ 15-20 ਦਿਨ ਘੱਟ ਰਹਿਣ ਕਰਕੇ ਘੱਟ ਪਾਣੀ ਮੰਗਦੀਆਂ ਹਨ।
(ਸ) ਲੇਜ਼ਰ ਲੈਵਲਿੰਗ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ 15-20 ਫ਼ੀਸਦੀ ਬੱਚਤ ਹੁੰਦੀ ਹੈ। ਇਹ ਇਕ ਸਿੱਧ ਕੀਤੀ ਹੋਈ ਤਕਨੀਕ ਹੈ। ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਨਾਲ ਖਾਦਾਂ ਦੀ ਲਾਗਤ ਘੱਟਦੀ ਹੈ, ਫ਼ਸਲ ਦੇ ਪੱਖ ਵਿਚ ਸੁਧਾਰ ਅਤੇ ਝਾੜ ਵਿਚ 15 ਪ੍ਰਤੀਸ਼ਤ ਵਾਧਾ ਹੁੰਦਾ ਹੈ।
(ਹ) ਸਿੰਚਾਈ ਖਾਲਾਂ ਵਿਚ ਹੋਣ ਵਾਲੇ ਪਾਣੀ ਦੇ ਨੁਕਸਾਨ ਨੂੰ ਘਟਾਉਣਾ : ਸਿੰਚਾਈ ਖਾਲਾਂ ਵਿਚ ਤਕਰੀਬਨ 15-40 ਫ਼ੀਸਦੀ ਪਾਣੀ ਦਾ ਨੁਕਸਾਨ ਹੋ ਜਾਂਦਾ ਹੈ। ਇਹ ਨੁਕਸਾਨ ਸਿੰਚਾਈ ਖਾਲਾਂ ਨੂੰ ਪੱਕਾ ਕਰਕੇ, ਜ਼ਮੀਨਦੋਜ਼ ਪਾਈਪਾਂ ਦੀ ਵਰਤੋਂ ਕਰਕੇ ਅਤੇ ਟਿਊਬਵੈੱਲ ਨੂੰ ਫਾਰਮ ਦੇ ਵਿਚਕਾਰ ਲਗਾ ਕੇ ਘਟਾਇਆ ਜਾ ਸਕਦਾ ਹੈ ।
(ਕ) ਕਿਆਰੇ ਦਾ ਆਕਾਰ: ਪੰਜਾਬ ਵਿਚ ਸਿੰਚਾਈ ਮੁੱਖ ਤੌਰ 'ਤੇ ਕਿਆਰਿਆਂ ਰਾਹੀਂ ਹੀ ਕੀਤੀ ਜਾਂਦੀ ਹੈ, ਪਰ ਅਜੇ ਕਿਆਰਿਆਂ ਰਾਹੀਂ ਸਿੰਚਾਈ ਕਰਕੇ ਕਿਸਾਨ ਸਿਰਫ 30-40 ਫ਼ੀਸਦੀ ਪਾਣੀ ਹੀ ਫਸਲਾਂ ਨੂੰ ਲਗਾ ਰਿਹਾ ਹੈ। ਜਦੋਂ ਕਿ, ਕਿਆਰਾ ਸਿੰਚਾਈ ਨੂੰ ਸਹੀ ਢੰਗ ਨਾਲ ਅਪਨਾਉਣ 'ਤੇ ਪਾਣੀ ਦੀ ਸਮਰੱਥਾ 60-70 ਫ਼ੀਸਦੀ ਤੱਕ ਵਧਾਈ ਜਾ ਸਕਦੀ ਹੈ। ਕਿਆਰੇ ਦਾ ਆਕਾਰ ਮਿੱਟੀ ਦੀ ਕਿਸਮ, ਉਪਲੱਬਧ ਡਿਸਚਾਰਜ ਦਰ ਅਤੇ ਖੇਤ ਦੀ ਢਲਾਣ 'ਤੇ ਨਿਰਭਰ ਕਰਦਾ ਹੈ। ਜੇਕਰ ਕਿਸਾਨ ਦੇ ਖੇਤ ਦਰਮਿਆਨੀ ਮਿੱਟੀ ਦੇ ਹਨ ਅਤੇ ਉਸ ਦੇ ਟਿਊਬਵੈੱਲ ਦੀ ਧਾਰ 10 ਲਿਟਰ ਪ੍ਰਤੀ ਸੈਕਿੰਡ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਨੂੰ 0.3 ਫ਼ੀਸਦੀ ਦੀ ਢਲਾਣ ਦੇਵੇ ਅਤੇ ਇਕ ਏਕੜ ਦੇ ਕਿਆਰੇ ਵਿਚ 10-11 ਪੱਟੀਆਂ ਬਣਾਵੇ ਤਾਂ ਜੋ ਸਿੰਚਾਈ ਦੇ ਪਾਣੀ ਦੀ ਕਾਰਜ ਸਮਰੱਥਾ ਵਧਾਈ ਜਾ ਸਕੇ।
(ਖ) ਧਰਤੀ ਹੇਠਲੇ ਪਾਣੀ ਨੂੰ ਬਨਾਵਟੀ ਢੰਗਾਂ ਨਾਲ ਰੀਚਾਰਜ ਕਰਨਾ : ਖੇਤਾਂ ਵਿਚ ਖੂਹ ਜਿਹੜੇ ਪਾਣੀ ਕੱਢਣ ਲਈ ਵਰਤੇ ਜਾਂਦੇ ਸੀ, ਉਹ ਹੁਣ ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ ਸੁੱਕ ਚੁੱਕੇ ਹਨ। ਇਨ੍ਹਾਂ ਖੂਹਾਂ ਰਾਹੀਂ ਬਰਸਾਤ ਦਾ ਪਾਣੀ ਜਾਂ ਵਾਧੂ ਨਹਿਰੀ ਪਾਣੀ ਹੇਠਾਂ ਜ਼ਮੀਨ ਵਿਚ ਪਾਇਆ ਜਾ ਸਕਦਾ ਹੈ। ਪਰ ਪਾਣੀ ਨੂੰ ਰਿਚਾਰਜ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।
(ਗ) ਸਿੰਚਾਈ ਦੇ ਨਵੀਨਤਮ ਢੰਗਾਂ ਦੀ ਵਰਤੋ: ਫੁਆਰਾ ਸਿੰਚਾਈ ਅਤੇ ਡਰਿੱਪ ਸਿੰਚਾਈ, ਜਿਨ੍ਹਾਂ ਦੀ ਕਾਰਜ ਸਮਰੱਥਾ ਵੱਧ ਹੈ, ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਢੰਗਾਂ ਨਾਲ ਪਾਣੀ ਦੀ 40-60 ਫ਼ੀਸਦੀ ਬੱਚਤ ਹੁੰਦੀ ਹੈ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ। (ਸਮਾਪਤ)


-ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ
ਮੋਬਾਈਲ : 98722-08744

ਪੰਜਾਬ ਨੂੰ ਖੁੰਬ ਉਤਪਾਦਨ ਵਿਚ ਮੋਹਰੀ ਬਣਾਉਣ ਵਾਲਾ ਵਿਗਿਆਨੀ : ਡਾ: ਹਰਨੇਕ ਸਿੰਘ ਗਰਚਾ

ਅੱਜ ਤੋਂ ਕੁਝ ਦਹਾਕੇ ਪਹਿਲਾਂ ਪੰਜਾਬ ਵਿਚ ਖੁੰਬਾਂ ਦੀ ਕਾਸ਼ਤ ਬਾਰੇ ਸੋਚਿਆ ਹੀ ਨਹੀਂ ਸੀ ਜਾ ਸਕਦਾ। ਬਰਸਾਤ ਦੇ ਦਿਨਾਂ ਵਿਚ ਕਈ ਵਾਰ ਬੰਜਰ ਧਰਤੀ ਵਿਚ ਕੁਦਰਤੀ ਖੁੰਬਾਂ ਉਗ ਆਉਂਦੀਆਂ ਸਨ। ਉਨ੍ਹਾਂ ਦੀ ਇਹ ਪਰਖ ਕਰਨੀ ਵੀ ਔਖੀ ਸੀ ਕਿ ਇਨ੍ਹਾਂ ਵਿਚੋਂ ਖਾਣ ਵਾਲੀਆਂ ਕਿਹੜੀਆਂ ਹਨ ਕਿਉਂਕਿ, ਕਈ ਖੁੰਬਾਂ ਜ਼ਹਿਰੀਲੀਆਂ ਵੀ ਹੁੰਦੀਆਂ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਿੱਥੇ ਹਰੇ ਇਨਕਲਾਬ ਦੀ ਸਿਰਜਣਾ ਕੀਤੀ ਉਥੇ ਪੰਜਾਬ ਵਿਚ ਖੁੰਬਾਂ ਦੀ ਪੈਦਾਵਾਰ ਦੇ ਢੰਗ ਤਰੀਕੇ ਵੀ ਵਿਕਸਤ ਕੀਤੇ। ਹੁਣ ਪੰਜਾਬ ਵਿਚ ਸਾਰਾ ਸਾਲ ਹੀ ਖੁੰਬਾਂ ਦੀ ਖੇਤੀ ਹੋ ਸਕਦੀ ਹੈ। ਖੇਤੀ ਢੰਗ ਵੀ ਬਹੁਤ ਸਰਲ ਅਤੇ ਮਾਮੂਲੀ ਖਰਚੇ ਵਾਲੇ ਹਨ। ਇਸ ਸਮੇਂ ਪੰਜਾਬ ਦੇਸ਼ ਦੀ ਕੁੱਲ ਖੁੰਬ ਉਤਪਾਦਨ ਦਾ ਕੋਈ 38 ਫ਼ੀਸਦੀ ਹਿੱਸਾ ਪੈਦਾ ਕਰ ਕੇ ਸਭ ਤੋਂ ਮੋਹਰੀ ਸੂਬਾ ਬਣ ਗਿਆ ਹੈ। ਪੰਜਾਬ ਵਿਚ ਹੁਣ ਪੰਜ ਕਿਸਮਾਂ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਬਟਨ ਖੁੰਬ, ਢੀਂਗਰੀ ਅਤੇ ਸ਼ਟਾਕੀ ਖੁੰਬ ਸਰਦੀ ਦੇ ਮੌਸਮ ਵਿਚ ਅਤੇ ਪਰਾਲੀ ਵਾਲੀ ਖੁੰਬ ਤੇ ਮਿਲਕੀ ਖੁੰਬ ਗਰਮੀਆਂ ਦੀ ਰੁੱਤੇ ਉਗਾਈ ਜਾਂਦੀ ਹੈ।
ਇਸ ਕ੍ਰਾਂਤੀ ਦੀ ਸਿਰਜਣਾ ਵਿਚ ਮੁੱਖ ਭੂਮਿਕਾ ਡਾ: ਹਰਨੇਕ ਸਿੰਘ ਗਰਚਾ ਦੀ ਹੈ। ਉਨ੍ਹਾਂ ਆਪਣਾ ਸਾਰਾ ਸਮਾਂ ਖੁੰਬਾਂ ਦੀ ਖੋਜ ਉੱਤੇ ਹੀ ਲਗਾਇਆ ਅਤੇ ਪੰਜਾਬ ਨੂੰ ਖੁੰਬ ਉਤਪਾਦਨ ਵਿਚ ਮੋਹਰੀ ਸੂਬਾ ਬਣਾ ਦਿੱਤਾ। ਖੇਤੀ ਯੂਨੀਵਰਸਿਟੀ ਦੇ ਬਹੁਤੇ ਵਿਗਿਆਨੀਆਂ ਵਾਂਗ ਉਹ ਵੀ ਪੇਂਡੂ ਕਿਸਾਨੀ ਪਰਿਵਾਰ ਵਿਚੋਂ ਸਨ ਤੇ ਉਨ੍ਹਾਂ ਦੀ ਮੁੱਢਲੀ ਪੜ੍ਹਾਈ ਸਰਕਾਰੀ ਸਕੂਲਾਂ ਵਿਚ ਹੀ ਹੋਈ ਸੀ। ਉਨ੍ਹਾਂ ਦਾ ਜਨਮ ਸ: ਗੁਰਬਖਸ਼ ਸਿੰਘ ਹੋਰਾਂ ਦੇ ਘਰ ਚਾਰ ਮਾਰਚ 1940 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਜਾਰਾ ਵਿਖੇ ਹੋਇਆ ਅਤੇ ਉਨ੍ਹਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਸਾਹਨੇਵਾਲ ਤੋਂ ਕੀਤੀ। ਹਰਨੇਕ ਸਿੰਘ ਪੜ੍ਹਾਈ ਵਿਚ ਹੁਸ਼ਿਆਰ ਸੀ ਤੇ ਪਿਤਾ ਫੌਜੀ ਸੀ ਜਿਸ ਨੂੰ ਪੜ੍ਹਾਈ ਦੀ ਕਦਰ ਦਾ ਪਤਾ ਸੀ। ਉਨ੍ਹਾਂ ਆਪਣੇ ਪੁੱਤਰ ਨੂੰ ਉਚੇਰੀ ਪੜ੍ਹਾਈ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਦਾਖਲ ਕਰਵਾ ਦਿੱਤਾ, ਜਿੱਥੋਂ ਉਨ੍ਹਾਂ ਨੇ ਬੀ. ਐਸ. ਸੀ. ਦੀ ਡਿਗਰੀ ਸੰਨ 1961 ਵਿਚ ਪ੍ਰਾਪਤ ਕੀਤੀ।
ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਅਤੇ ਅਮਰੀਕਾ ਭੇਜਿਆ ਜਿੱਥੇ ਉਨ੍ਹਾਂ ਨੇ ਵੱਖੋ-ਵੱਖਰੀਆਂ ਯੂਨੀਵਰਸਿਟੀਆਂ ਵਿਚ ਜਾ ਕੇ ਆਪਣੀ ਖੋਜ ਦੇ ਨਤੀਜੇ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਈ 12 ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਭਾਗ ਲਿਆ। ਉਨ੍ਹਾਂ ਨੇ ਕੋਈ 124 ਖੋਜ ਪੱਤਰ ਲਿਖੇ ਜਿਹੜੇ ਕੌਮਾਂਤਰੀ ਪੱਧਰ ਦੇ ਰਸਾਲਿਆਂ ਵਿਚ ਛਪੇ। ਖੁੰਬ ਉਤਪਾਦਕਾਂ ਲਈ ਇਕ ਕਿਤਾਬ ਵੀ ਲਿਖੀ ਜਿਸ ਦੀਆਂ ਹੁਣ ਤੱਕ ਕਈ ਐਡੀਸ਼ਨਾਂ ਛਪ ਚੁੱਕੀਆਂ ਹਨ।
ਪੰਜਾਬ ਦਾ ਇਹ ਸਬੂਤ ਆਪਣੇ ਆਖਰੀ ਸਾਹਾਂ ਤੱਕ ਸੂਬੇ ਵਿਚ ਖੁੰਬਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਿਹਾ। ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਤੇ ਪੰਜਾਬ ਨੂੰ ਖੁੰਬਾਂ ਦੀ ਪੈਦਾਵਾਰ ਦਾ ਮੋਹਰੀ ਬਣਾ ਕੇ ਇਸ ਸੰਸਾਰ ਤੋਂ 20 ਮਾਰਚ 2016 ਨੂੰ ਵਿਦਾ ਲੈ ਲਈ।


-ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ

ਸਬਜ਼ੀਆਂ ਨੂੰ ਵਿਸ਼ਾਣੂੰ ਰੋਗਾਂ ਤੋਂ ਬਚਾਓ

ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਘਰੇਲੂ ਬਗੀਚੀ ਤੋਂ ਲੈ ਕੇ ਵਪਾਰਕ ਪੱਧਰ ਤੱਕ ਕੀਤੀ ਜਾਂਦੀ ਹੈ। ਸਬਜ਼ੀਆਂ ਤੋਂ ਚੰਗਾ ਝਾੜ ਲੈਣ ਲਈ ਇਨ੍ਹਾਂ ਨੂੰ ਨਾ ਕੇਵਲ ਵਿਸ਼ਾਣੂੰ ਰੋਗਾਂ ਤੋਂ ਬਲਕਿ ਸਾਰੇ ਰੋਗਾਂ ਤੋਂ ਹੀ ਬਚਾ ਕੇ ਰੱਖਿਆ ਜਾਣਾ ਚਾਹੀਦਾ ਹੈ। ਪਰ ਵਿਸ਼ਾਣੂੰ ਰੋਗਾਂ ਦੀ ਮਹੱਤਤਾ ਕੁਝ ਇਸ ਕਰਕੇ ਵਧ ਜਾਂਦੀ ਹੈ, ਕਿਉਂਕਿ ਜੇਕਰ ਖੇਤ ਵਿਚ ਇਕ ਵਾਰ ਵਿਸ਼ਾਣੂੰ ਰੋਗ ਦਾ ਹਮਲਾ ਹੋ ਜਾਵੇ ਤਾਂ ਇਨ੍ਹਾਂ ਦਾ ਇਲਾਜ ਔਖਾ ਹੀ ਨਹੀਂ, ਸਗੋਂ ਅਸੰਭਵ ਹੋ ਜਾਂਦਾ ਹੈ। ਗਰਮੀ ਰੁੱਤ ਦੀਆਂ ਮੁੱਖ ਫ਼ਸਲਾਂ ਵਿਚ ਭਿੰਡੀ, ਬੈਂਗਣ, ਮਿਰਚਾਂ, ਕੱਦੂ ਜਾਤੀ ਜਿਵੇਂ ਕਿ ਖੀਰਾ, ਤੋਰੀ, ਚੱਪਣ ਅਤੇ ਘੀਆ ਕੱਦੂ ਆਦਿ ਸ਼ਾਮਿਲ ਹਨ। ਇਨ੍ਹਾਂ ਸਬਜ਼ੀਆਂ ਵਿਚ ਵਿਸ਼ਾਣੂੰ ਰੋਗ, ਜਿਵੇਂ ਕਿ ਠੂਠੀ ਰੋਗ, ਚਿੱਤਕਬਰਾ ਰੋਗ ਅਤੇ ਪੀਲੀਆ ਰੋਗ ਆਦਿ ਦਾ ਹਮਲਾ ਜ਼ਿਆਦਾ ਹੁੰਦਾ ਹੈ, ਜਿਸ ਨਾਲ ਸਬਜ਼ੀ ਉਤਪਾਦਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ।
ਠੂਠੀ ਰੋਗ ਜਾਂ ਗੁੱਛਾ ਮੁੱਛਾ ਰੋਗ (ਲੀਫ ਕਰਲ) : ਮਿਰਚ, ਸ਼ਿਮਲਾ ਮਿਰਚ ਅਤੇ ਟਮਾਟਰਾਂ ਦੀ ਬਰਸਾਤ ਵਾਲੀ ਫ਼ਸਲ 'ਤੇ ਇਹ ਰੋਗ ਆਮ ਵੇਖਣ ਨੂੰ ਮਿਲਦਾ ਹੈ । ਜੇਕਰ ਇਸ ਦਾ ਹਮਲਾ ਅਗੇਤਾ ਹੋ ਜਾਵੇ ਤਾਂ ਫ਼ਸਲ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਰੋਗ ਤੋਂ ਪ੍ਰਭਾਵਿਤ ਬੂਟਿਆਂ ਦੇ ਪੱਤੇ ਆਕਾਰ ਵਿਚ ਛੋਟੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਦੀ ਸ਼ਕਲ ਵਿਗੜ ਜਾਂਦੀ ਹੈ। ਬਾਅਦ ਵਿਚ ਪੱਤੇ ਪੀਲੇ ਤੇ ਬੇਰੰਗੇ ਹੋ ਜਾਂਦੇ ਹਨ। ਰੋਗੀ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਮਧਰੇ ਕੱਦ ਦੇ ਰਹਿ ਜਾਂਦੇ ਹਨ ਅਤੇ ਝਾੜੀ ਦੀ ਸ਼ਕਲ ਧਾਰਨ ਕਰ ਲੈਂਦੇ ਹਨ। ਰੋਗੀ ਬੂਟਿਆਂ ਨੂੰ ਫਲ ਬਹੁਤ ਘੱਟ ਲਗਦਾ ਹੈ ਅਤੇ ਜੇ ਫਲ ਲਗਦਾ ਹੈ ਤਾਂ ਉਹ ਛੋਟਾ ਅਤੇ ਬੇਢੱਬਾ ਹੁੰਦਾ ਹੈ ਜਾਂ ਕਈ ਵਾਰ ਅਜਿਹੇ ਬੂਟਿਆਂ ਨੂੰ ਫਲ ਲਗਦਾ ਹੀ ਨਹੀਂ।
ਬਿਮਾਰੀ ਕਿਵੇਂ ਫੈਲਦੀ ਹੈ? : ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਬਿਮਾਰ ਬੂਟਿਆਂ ਤੋਂ ਨਰੋਏ ਬੂਟਿਆਂ 'ਤੇ ਫੈਲਦੀ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੱਛਰ ਮਲੇਰੀਆ ਫੈਲਾਉਂਦਾ ਹੈ। ਜਦੋਂ ਚਿੱਟੀ ਮੱਖੀ ਬਿਮਾਰ ਬੂਟੇ ਤੋਂ ਰਸ ਚੂਸਦੀ ਹੈ ਤਾਂ ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਚਲੇ ਜਾਂਦੇ ਹਨ ਅਤੇ ਜਦੋਂ ਇਹ ਮੱਖੀ ਦੂਜੇ ਨਰੋਏ ਬੂਟੇ ਤੋਂ ਰਸ ਚੂਸਦੀ ਹੈ ਤਾਂ ਉੱਥੇ ਵਿਸ਼ਾਣੂੰ ਦੇ ਕਣ ਨਰੋਏ ਬੂਟੇ ਵਿਚ ਦਾਖਲ ਹੋ ਜਾਂਦੇ ਹਨ। ਇਸ ਤਰ੍ਹਾਂ ਇਹ ਰੋਗ ਚਿੱਟੀ ਮੱਖੀ ਰਾਹੀਂ ਸਾਰੇ ਖੇਤ ਵਿਚ ਫੈਲ ਜਾਂਦਾ ਹੈ। ਵਿਸ਼ਾਣੂੰ ਦੇ ਕਣ ਚਿੱਟੀ ਮੱਖੀ ਦੇ ਅੰਦਰ ਕਈ ਦਿਨਾਂ ਤੱਕ ਜਿਊਂਦੇ ਰਹਿ ਸਕਦੇ ਹਨ।
ਰੋਕਥਾਮ : ਬੀਜ ਹਮੇਸ਼ਾ ਰੋਗ ਰਹਿਤ ਬੂਟਿਆ ਤੋਂ ਲਵੋ। ਖੇਤ ਵਿਚ ਨਜ਼ਰ ਆਉਣ 'ਤੇ ਰੋਗੀ ਬੂਟੇ ਪੁੱਟ ਕੇ ਨਸ਼ਟ ਕਰ ਦਿਓ। ਆਮ ਤੌਰ 'ਤੇ ਇਹ ਵੇਖਣ ਵਿਚ ਆਇਆ ਹੈ ਕਿ ਕਈ ਵਾਰ ਕਿਸਾਨ ਭਰਾ ਰੋਗੀ ਬੂਟੇ ਨੂੰ ਖੇਤ ਵਿਚੋਂ ਤਾਂ ਕੱਢ ਦਿੰਦੇ ਹਨ ਪਰ ਉਸ ਨੂੰ ਚੰਗੀ ਤਰ੍ਹਾਂ ਨਸ਼ਟ ਨਹੀਂ ਕਰਦੇ। ਜਾਂ ਖੇਤ ਵਿਚ ਹੀ ਛੱਡ ਦਿੰਦੇ ਹਨ। ਅਜਿਹਾ ਨਹੀਂ ਕਰਨਾ ਚਾਹੀਦਾ, ਸਗੋਂ ਇਸ ਰੋਗੀ ਬੂਟੇ ਨੂੰ ਮਿੱਟੀ ਵਿਚ ਦੱਬ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਮੱਖੀ ਇਸ ਤੋਂ ਰਸ ਨਾ ਚੂਸ ਸਕੇ।
ਪਨੀਰੀ ਅਤੇ ਖੇਤ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਰੋਗਰ ਜਾਂ ਮੈਟਾਸਿਸਟਾਕਸ 1 ਮਿ.ਲਿ. ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ 10 ਦਿਨਾਂ ਦੇ ਵਕਫੇ 'ਤੇ ਛਿੜਕਾਅ ਕਰੋ। ਮਿਰਚਾਂ ਵਿਚ 400 ਮਿ.ਲਿ. ਮੈਲਾਥਿਆਨ ਨੂੰ 100-125 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਚਿੱਤਕਬਰਾ ਰੋਗ (ਮੌਜ਼ੇਕ) : ਪੰਜਾਬ ਵਿਚ ਇਹ ਬਿਮਾਰੀ ਟਮਾਟਰ, ਮਿਰਚਾਂ, ਬੈਂਗਣ, ਲੋਬੀਆ, ਘੀਆ, ਕੱਦੂ, ਖੀਰਾ ਅਤੇ ਚੱਪਣ ਕੱਦੂ ਦਾ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਵਿਸ਼ਾਣੂੰ ਰੋਗ ਦੀਆਂ ਕਈ ਕਿਸਮਾਂ ਮਿਲਦੀਆਂ ਹਨ । ਜਿਨ੍ਹਾਂ ਦੀਆਂ ਵੱਖ-ਵੱਖ ਨਿਸ਼ਾਨੀਆਂ ਹਨ। ਆਮ ਤੌਰ 'ਤੇ ਰੋਗੀ ਬੂਟਿਆਂ ਦੇ ਪੱਤੇ ਚਿੱਤਕਬਰੇ ਜਿਹੇ ਹੋ ਜਾਂਦੇ ਹਨ ਜਿਨ੍ਹਾਂ 'ਤੇ ਗੂੜ੍ਹੇ ਹਰੇ ਅਤੇ ਹਲਕੇ ਹਰੇ ਪੀਲੇ ਰੰਗ ਦੇ ਧੱਬੇ ਪੈ ਜਾਂਦੇ ਹਨ। ਪੱਤੇ ਛੋਟੇ ਅਤੇ ਬੇਢੱਬੇ ਹੋ ਜਾਂਦੇ ਹਨ। ਕਈ ਵਾਰ ਰੋਗੀ ਪੱਤਿਆਂ 'ਤੇ ਬੇਢੱਬੇ ਉਭਰਵੇਂ ਜਿਹੇ ਧੱਬੇ ਵੀ ਬਣ ਜਾਂਦੇ ਹਨ। ਅਜਿਹੇ ਧੱਬੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਪੱਤਿਆਂ ਅਤੇ ਫਲਾਂ 'ਤੇ ਆਮ ਹੀ ਵੇਖੇ ਜਾ ਸਕਦੇ ਹਨ। ਕਈ ਵਾਰ ਫਲਾਂ ਦੀ ਸ਼ਕਲ ਵੀ ਵਿਗੜ ਜਾਂਦੀ ਹੈ। ਇਸ ਰੋਗ ਹੇਠਾਂ ਆਏ ਪੱਤੇ ਕਈ ਵਾਰ ਬਾਂਦਰ ਦੇ ਪੰਜੇ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ। ਬਿਮਾਰੀ ਵਾਲੇ ਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਫਲ ਘੱਟ ਲਗਦਾ ਹੈ।
ਬਿਮਾਰੀ ਕਿਵੇਂ ਫੈਲਦੀ ਹੈ? : ਆਮ ਤੌਰ 'ਤੇ ਬਿਮਾਰੀ ਬੀਜ ਰਾਹੀਂ ਆਉਂਦੀ ਹੈ। ਤੇਲਾ ਇਸ ਬਿਮਾਰੀ ਨੂੰ ਅੱਗੇ ਫੈਲਾਉਣ ਦਾ ਕੰਮ ਕਰਦਾ ਹੈ। ਇਹ ਰੋਗ ਖੇਤ ਵਿਚ ਕੰਮ ਕਰਨ ਵਾਲੇ ਆਦਮੀ ਅਤੇ ਕੰਮ ਲਈ ਵਰਤੇ ਜਾਣ ਵਾਲੇ ਸੰਦਾਂ ਰਾਹੀਂ ਵੀ ਇਕ ਬੂਟੇ ਤੋਂ ਦੂਜੇ ਬੂਟੇ 'ਤੇ ਫੈਲ ਜਾਂਦਾ ਹੈ।
ਰੋਕਥਾਮ : ਹਮੇਸ਼ਾ ਰੋਗ ਰਹਿਤ ਤਸਦੀਕਸ਼ੁਦਾ ਬੀਜ ਹੀ ਵਰਤੋ । ਰੋਗੀ ਬੂਟੇ ਪੁੱਟ ਕੇ ਚੰਗੀ ਤਰ੍ਹਾਂ ਨਸ਼ਟ ਕਰੋ। ਬਿਮਾਰ ਬੂਟਿਆਂ ਨੂੰ ਐਵੇਂ ਨਾ ਛੂਹੋ। ਖੇਤ ਦੁਆਲੇ ਉਗੇ ਨਦੀਨਾਂ ਨੂੰ ਨਸ਼ਟ ਕਰੋ। ਤੇਲੇ ਦੀ ਰੋਕਥਾਮ ਲਈ ਪਨੀਰੀ ਤੋਂ ਸ਼ੁਰੂ ਕਰਕੇ 10 ਦਿਨਾਂ ਦੇ ਵਕਫੇ 'ਤੇ ਰੋਗਰ ਜਾਂ ਮੈਟਾਸਿਸਟਾਕਸ 1 ਮਿ.ਲਿ. ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਮਿਰਚਾਂ ਵਿਚ 400 ਮਿ.ਲਿ. ਮੈਲਾਥਿਆਨ ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।
ਪੀਲੀਆ ਰੋਗ (ਯੈਲੋ ਵੇਨ ਮੋਜ਼ੇਕ) : ਪੰਜਾਬ ਵਿਚ ਜਿੱਥੇ ਭਿੰਡੀ ਉਗਾਈ ਜਾਂਦੀ ਹੈ ਉਨ੍ਹਾਂ ਸਾਰੇ ਥਾਵਾਂ 'ਤੇ ਇਹ ਬਿਮਾਰੀ ਆਮ ਵੇਖਣ ਨੂੰ ਮਿਲਦੀ ਹੈ। ਇਹ ਬਿਮਾਰੀ ਬਰਸਾਤੀ ਭਿੰਡੀ ਦਾ ਬਹੁਤ ਨੁਕਸਾਨ ਕਰਦੀ ਹੈ। ਜੇ ਬਿਮਾਰੀ ਅਗੇਤੀ ਲੱਗ ਜਾਵੇ ਤਾਂ ਝਾੜ 'ਤੇ ਕਾਫੀ ਮਾੜਾ ਅਸਰ ਪਾਉਂਦੀ ਹੈ। ਬਿਮਾਰੀ ਵਾਲੇ ਬੂਟੇ ਦੇ ਪੱਤਿਆਂ ਦੀਆਂ ਨਾੜੀਆਂ ਪੀਲੀਆਂ ਅਤੇ ਮੋਟੀਆਂ ਹੋ ਜਾਂਦੀਆਂ ਹਨ। ਬਿਮਾਰੀ ਦੇ ਜ਼ਿਆਦਾ ਹਮਲੇ ਨਾਲ ਭਿੰਡੀ ਦੇ ਜ਼ਿਆਦਾਤਰ ਪੱਤੇ ਪੀਲੇ ਪੈ ਜਾਂਦੇ ਹਨ, ਜੋ ਬਾਅਦ ਵਿਚ ਭੂਰੇ ਹੋ ਕੇ ਸੁੱਕ ਜਾਂਦੇ ਹਨ ਅਤੇ ਬੂਟੇ ਤੋਂ ਹੇਠਾਂ ਡਿੱਗ ਜਾਂਦੇ ਹਨ। ਅਜਿਹੇ ਬਿਮਾਰ ਬੂਟਿਆਂ ਨੂੰ ਫਲ ਨਹੀਂ ਪੈਂਦਾ, ਜੇਕਰ ਬਿਮਾਰੀ ਦਾ ਹਮਲਾ ਲੇਟ ਸ਼ੁਰੂ ਹੋਵੇ ਤਾਂ ਉਪਰਲੇ ਪੱਤੇ ਪੀਲੇ ਪੈ ਜਾਂਦੇ ਹਨ, ਪਰ ਤਣਾ ਹਰਾ ਰਹਿੰਦਾ ਹੈ। ਬਿਮਾਰੀ ਵਾਲੇ ਬੂਟੇ ਦੇ ਫਲ ਪੀਲੇ, ਬੇਸ਼ਕਲ ਅਤੇ ਸਖਤ ਹੁੰਦੇ ਹਨ, ਜਿਨ੍ਹਾਂ ਨੂੰ ਮੰਡੀ ਵਿਚ ਭਾਅ ਨਹੀਂ ਮਿਲਦਾ।
ਬਿਮਾਰੀ ਕਿਵੇਂ ਫੈਲਦੀ ਹੈ? :ਚਿੱਟੀ ਮੱਖੀ ਇਸ ਰੋਗ ਨੂੰ ਬਿਮਾਰ ਬੂਟੇ ਤੋਂ ਦੂਜੇ ਬੂਟਿਆਂ ਤੱਕ ਫੈਲਾਉਂਦੀ ਹੈ। ਇਹ ਬਿਮਾਰੀ ਕਈ ਨਦੀਨਾਂ ਜਿਵੇਂ ਕਿ ਜੰਗਲੀ ਪੁਦੀਨੇ 'ਤੇ ਵੀ ਪਲਦੀ ਰਹਿੰਦੀ ਹੈ।
ਰੋਕਥਾਮ : ਇਸ ਦੀ ਰੋਕਥਾਮ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਬੀਜ ਰੋਗ ਰਹਿਤ ਫ਼ਸਲ ਤੋਂ ਹੀ ਲੈਣਾ ਚਾਹੀਦਾ ਹੈ। ਬਿਮਾਰੀ ਵਾਲੇ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰਨਾ ਚਾਹੀਦਾ ਹੈ। ਬਰਸਾਤੀ ਭਿੰਡੀ 'ਤੇ ਇਸ ਵਿਸ਼ਾਣੂੰ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਕਰਕੇ ਬਰਸਾਤੀ ਭਿੰਡੀ ਬੀਜਣ ਲਈ ਰੋਗ ਰਹਿਤ ਕਿਸਮਾਂ ਜਿਵੇਂ ਕਿ ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਦੀ ਕਾਸ਼ਤ ਕਰੋ। ਚਿੱਟੀ ਮੱਖੀ ਦੀ ਰੋਕਥਾਮ ਵਾਸਤੇ 560 ਮਿ.ਲਿ. ਮੈਲਾਥਿਆਨ ਦਾ 100-125 ਲਿਟਰ ਦਾ ਘੋਲ ਬਣਾ ਕੇ ਛਿੜਕਾਅ ਕਰੋ। ਜੰਗਲੀ ਪੁਦੀਨੇ ਦੇ ਬੂਟਿਆਂ ਨੂੰ ਖੇਤ ਦੇ ਆਲੇ-ਦੁਆਲੇ ਨਾ ਰਹਿਣ ਦਿਓ।
ਛੋਟੇ ਪੱਤਿਆਂ ਦਾ ਰੋਗ (ਲਿਟਲ ਲੀਫ) : ਇਹ ਮਾਈਕੋਪਲਾਜ਼ਮਾ ਦਾ ਰੋਗ ਹੈ। ਜੋ ਬੈਂਗਣਾਂ ਦੀ ਫ਼ਸਲ ਦਾ ਕਾਫੀ ਨੁਕਸਾਨ ਕਰਦਾ ਹੈ। ਇਸ ਰੋਗ ਦਾ ਬਹੁਤਾ ਪਤਾ ਬੂਟੇ ਦੇ ਫੁੱਲ ਕੱਢਣ ਸਮੇਂ ਲਗਦਾ ਹੈ ਅਤੇ ਇਹ ਰੋਗ ਮੁੱਢੀ ਫ਼ਸਲ ਤੋਂ ਵਧੇਰੇ ਹੁੰਦਾ ਹੈ। ਪੱਤੇ ਬਹੁਤ ਛੋਟੇ ਨਿਕਲਦੇ ਹਨ। ਤਣੇ ਵਿਚ ਵਧੇਰੇ ਗੱਠਾਂ ਅਤੇ ਟਾਹਣੀਆਂ ਦੀ ਬਜਾਏ ਫੁਟਾਰਾ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਕਰਕੇ ਬੂਟੇ ਝਾੜੀਨੁਮਾ ਸ਼ਕਲ ਅਖਤਿਆਰ ਕਰ ਲੈਂਦੇ ਹਨ। ਅਜਿਹੇ ਬੂਟੇ ਨੂੰ ਫੁੱਲ ਅਤੇ ਫਲ ਨਹੀਂ ਲਗਦੇ, ਜੇ ਲਗਦੇ ਹਨ ਤਾਂ ਹਰੇ ਅਤੇ ਛੋਟੇ ਆਕਾਰ ਦੇ ਹੁੰਦੇ ਹਨ। ਜੇਕਰ ਬਿਮਾਰੀ ਅਗੇਤੀ ਆ ਜਾਵੇ ਤਾਂ ਫ਼ਸਲ ਦਾ ਝਾੜ ਬਹੁਤ ਘਟ ਜਾਂਦਾ ਹੈ।
ਬਿਮਾਰੀ ਕਿਵੇਂ ਫੈਲਦੀ ਹੈ? : ਬਿਮਾਰੀ ਕਈ ਪ੍ਰਕਾਰ ਦੇ ਬੂਟਿਆਂ ਜਿਵੇਂ ਧਤੂਰਾ ਆਦਿ 'ਤੇ ਪਲਦੀ ਰਹਿੰਦੀ ਹੈ। ਪੱਤਿਆਂ ਦੇ ਟਿੱਡੇ (ਹੌਪਰ), ਰੋਗੀ ਤੋਂ ਨਰੋਏ ਬੂਟੇ 'ਤੇ ਜਾ ਕੇ ਇਸ ਬਿਮਾਰੀ ਨੂੰ ਅੱਗੇ ਫੈਲਾਉਂਦੇ ਹਨ।
ਰੋਕਥਾਮ : ਇਸ ਬਿਮਾਰੀ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਬਿਮਾਰ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ। ਟਿੱਡੇ ਦੀ ਰੋਕਥਾਮ ਵਾਸਤੇ ਫ਼ਸਲ 'ਤੇ ਮੈਲਾਥਿਆਨ/ ਮੈਟਾਸਿਸਟਾਕਸ 250 ਮਿ.ਲਿ. 100-125 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਵਿਸ਼ਾਣੂੰ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਆਸਾਨ, ਸਸਤਾ ਤੇ ਸਧਾਰਨ ਤਰੀਕਾ : ਬੀਜ ਹਮੇਸ਼ਾ ਰੋਗ ਰਹਿਤ ਫ਼ਸਲ ਤੋਂ ਹੀ ਤਿਆਰ ਕਰੋ। ਬੂਟੇ ਜੰਮਣ ਤੋਂ ਬਾਅਦ ਲਗਭਗ ਹਰ ਰੋਜ਼ ਆਪਣੇ ਖੇਤਾਂ ਦਾ ਨਿਰੀਖਣ ਕਰਦੇ ਰਹੋ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਕੇ ਨਸ਼ਟ ਕਰੋ, ਕਿਉਂਕਿ ਵਿਸ਼ਾਣੂੰ ਜਿਉਂਦੇ ਸੈੱਲਾਂ ਵਿਚ ਹੀ ਵੱਧਦਾ ਫੁਲਦਾ ਅਤੇ ਜਾਨਦਾਰ ਹੁੰਦਾ ਹੈ। ਅਗਰ ਸੰਭਵ ਹੋ ਸਕੇ ਤਾਂ ਪਨੀਰੀ ਨੂੰ ਰਸ ਚੂਸਣ ਵਾਲੇ ਕੀੜਿਆਂ ਤੋਂ ਮੁਕਤ ਰੱਖਣ ਲਈ ਜਾਲੀ ਦਾ ਉਪਯੋਗ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ ਜੇਕਰ ਤੁਸੀਂ ਸ਼ੁਰੂ ਵਿਚ ਇਹ ਰੋਗੀ ਬੂਟੇ ਪੁੱਟਣ ਤੋਂ ਖੁੰਝ ਗਏ ਤਾਂ ਕੀੜੇ ਇਨ੍ਹਾਂ ਰੋਗਾਂ ਨੂੰ ਸਾਰੇ ਖੇਤਾਂ ਵਿਚ ਫੈਲਾਅ ਕੇ ਤੁਹਾਡੀਆਂ ਆਸਾਂ 'ਤੇ ਪਾਣੀ ਫੇਰ ਦੇਣਗੇ। ਕਿਉਂਕਿ ਬਿਮਾਰੀ ਵਾਲੀ ਫ਼ਸਲ ਨੂੰ ਫਲ ਬਹੁਤ ਥੋੜਾ ਅਤੇ ਘਟੀਆ ਮਿਆਰ ਦਾ ਲੱਗੇਗਾ। ਜਿਸ ਦਾ ਮੰਡੀ ਵਿਚ ਪੂਰਾ ਮੁੱਲ ਵੀ ਨਹੀਂ ਮਿਲੇਗਾ। ਜ਼ਿਆਦਾਤਰ ਵਿਸ਼ਾਣੂੰ ਰੋਗ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਅੱਗੇ ਫੈਲਦੇ ਹਨ। ਇਸ ਲਈ ਖੇਤ ਵਿਚ ਅਜਿਹੇ ਕੀੜਿਆਂ ਦੀ ਗਿਣਤੀ 'ਤੇ ਕਾਬੂ ਰੱਖੋ। ਇਨ੍ਹਾਂ ਕੀੜਿਆਂ ਦੀ ਰੋਕਥਾਮ ਵਾਸਤੇ ਸਿਫਾਰਿਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰੋ।


-ਮੋਬਾਈਲ : 94637-47280

ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਬਜਾਏ ਖੇਤ ਵਿਚ ਸੰਭਾਲੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਣਕ ਦੇ ਨਾੜ ਨੂੰ ਮਿੱਟੀ ਵਿਚ ਮਿਲਾਉਣ ਲਈ ਕਿਸੇ ਖਾਸ ਮਸ਼ੀਨਰੀ ਜਾਂ ਨਵੀਂ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਇਸ ਨੂੰ ਆਮ ਰਵਾਇਤੀ ਸੰਦਾਂ ਜਿਵੇਂ ਕਿ ਰੋਟਾਵੇਟਰ ਅਤੇ ਤਵੀਆਂ ਚਲਾ ਕੇ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ। ਹੇਠ ਲਿਖੇ ਤਰੀਕਿਆਂ ਨਾਲ ਤੂੜੀ ਦੇ ਨਾੜ ਨੂੰ ਖੇਤ ਵਿਚ ਸੰਭਾਲਿਆ ਜਾ ਸਕਦਾ ਹੈ:
1. ਕਣਕ ਦੀ ਕਟਾਈ ਕੰਬਾਈਨ ਨਾਲ ਕਰਨ ਸਮੇਂ ਜੇ ਇਸ ਦੇ ਪਿੱਛੇ ਪਰਾਲੀ ਖਿਲਾਰਨ ਵਾਲਾ ਐਸ. ਐਮ. ਐਸ. ਲੱਗਾ ਹੋਵੇ ਤਾਂ ਤੂੜੀ ਬਣਾਉਂਦੇ ਸਮੇਂ ਸਟਰਾਅ ਕੰਬਾਈਨ ਦੀ ਸਮਰੱਥਾ ਵਧ ਜਾਂਦੀ ਹੈ। ਜੇਕਰ ਕੰਬਾਈਨ ਪਿੱਛੇ ਸੁਪਰ ਐਸ. ਐਮ. ਐਸ. ਲੱਗਾ ਹੋਵੇ ਤਾਂ ਇਸ ਦਾ ਰੋਟਰ ਬੰਦ ਰੱਖੋ।
2. ਕਣਕ ਦੀ ਕੰਬਾਈਨ ਨਾਲ ਕਟਾਈ ਕਰਨ ਤੋਂ ਬਾਅਦ ਤੂੜੀ ਬਣਾਉਂਦੇ ਸਮੇਂ ਸਟਰਾਅ ਕੰਬਾਈਨ ਨੂੰ ਸਹੀ ਉਚਾਈ ਤੇ ਚਲਾਓ ਤਾਂ ਜੋ ਤੂੜੀ ਵੱਧ ਮਾਤਰਾ ਵਿਚ ਬਣੇ।
3. ਤੂੜੀ ਵਾਲੇ ਰੀਪਰ ਤੋਂ ਤੂੜੀ ਬਣਾਉਣ ਉਪਰੰਤ ਇਕ ਵਾਰ ਸੁਹਾਗਾ ਮਾਰੋ।
4. ਜੇਕਰ ਪਾਣੀ ਉਪਲੱਬਧ ਹੋਵੇ ਤਾਂ ਖੇਤ ਨੂੰ ਪਾਣੀ ਲਗਾ ਕੇ ਸਹੀ ਨਮੀਂ 'ਤੇ ਤਵੀਆਂ ਜਾਂ ਰੋਟਾਵੇਟਰ ਨੂੰ ਚਲਾ ਕੇ ਨਾੜ ਨੂੰ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ। ਜੇਕਰ ਵਾਧੂ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਰਵਾਇਤੀ ਸੰਦਾਂ ਜਿਵੇਂ ਕਿ ਇਕ ਵਾਰ ਤਵੀਆਂ ਮਾਰਨ ਵਿਚ ਤਕਰੀਬਨ 200 ਤੋਂ 250 ਰੁਪਏ ਪ੍ਰਤੀ ਏਕੜ ਅਤੇ 450 ਤੋਂ 500 ਰੁਪਏ ਦਾ ਖਰਚ ਰੋਟਾਵੇਟਰ ਚਲਾਉਣ ਵਿਚ ਆਉਂਦਾ ਹੈ। ਜੇਕਰ ਇਨ੍ਹਾਂ ਸੰਦਾਂ ਅਤੇ ਟਰੈਕਟਰਾਂ ਦੀ ਘਸਾਈ ਵਗੈਰਾ ਦੇ ਖਰਚੇ ਵੀ ਗਿਣ ਲਏ ਜਾਣ ਤਾਂ ਇਕ ਵਾਰ ਇਹ ਸੰਦ ਚਲਾਉਣ ਨਾਲ ਇਹ ਤਕਰੀਬਨ 1,000 ਰੁਪਏ ਪ੍ਰਤੀ ਏਕੜ ਬਣਦਾ ਹੈ। ਜੇਕਰ ਪਾਣੀ ਲਗਾਉਣ ਦਾ ਖਰਚਾ ਵੀ ਗਿਣ ਲਿਆ ਜਾਵੇ ਤਾਂ ਇਹ ਤਕਰੀਬਨ 880 ਰੁਪਏ ਪ੍ਰਤੀ ਏਕੜ ਤੱਕ ਆਉਂਦਾ ਹੈ। ਇਸ ਤੋਂ ਇਲਾਵਾ ਪਾਣੀ ਲਈ ਲੋੜੀਂਦੀ ਬਿਜਲੀ ਦਾ ਵੀ ਵਾਧੂ ਖਰਚਾ ਪਵੇਗਾ।
5. ਕਣਕ ਦੀ ਕਟਾਈ ਜਾਂ ਪਹਿਲੀ ਫ਼ਸਲ ਤੋਂ ਬਾਅਦ ਖੇਤ ਨੂੰ ਰੌਣੀ ਕਰ ਦਿਉ ਅਤੇ 20 ਕਿਲੋ ਜੰਤਰ ਜਿਹੜਾ ਕਿ ਅੱਠ ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖਿਆ ਗਿਆ ਹੋਵੇ ਜਾਂ 12 ਕਿਲੋ ਰਵਾਂਹ ਦਾ ਬੀਜ (ਮੋਟੇ ਬੀਜਾਂ ਲਈ 20 ਕਿਲੋ) ਜਾਂ 20 ਕਿਲੋ ਸਣ ਦੇ ਬੀਜ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਮਈ ਦੇ ਪਹਿਲੇ ਹਫਤੇ ਤੱਕ ਬਿਜਾਈ ਕਰ ਦਿਉ। ਘੱਟ ਫਾਸਫੋਰਸ ਵਾਲੀ ਜ਼ਮੀਨ ਵਿਚ 75 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਢੈਂਚੇ, ਕਾਉਪੀਜ ਜਾਂ ਸਣ ਦੀ ਫ਼ਸਲ ਨੂੰ ਦਿਉੁ । ਇਸ ਪਿਛੋਂ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਖੇਤਾਂ ਵਿਚ ਝੋਨੇ ਦੀ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਦੱਬ ਦਿਉ ਇਸ ਤਰ੍ਹਾਂ 6-8 ਹਫ਼ਤੇ ਦੀ ਹਰੀ ਖਾਦ ਦੱਬਣ ਨਾਲ 25 ਕਿਲੋ ਨਾਈਟ੍ਰੋਜਨ ਤੱਤ (55 ਕਿਲੋ ਯੂਰੀਆ) ਦੀ ਪ੍ਰਤੀ ਏਕੜ ਬੱਚਤ ਹੋ ਜਾਂਦੀ ਹੈ।
6. ਤੂੜੀ ਸਟਰਾਅ ਕੰਬਾਈਨ ਨਾਲ ਬਣਾਉਣ ਤੋਂ ਬਾਅਦ ਪਾਣੀ ਲਗਾ ਕੇ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਹੈਪੀ ਸੀਡਰ ਜਾਂ ਜ਼ੀਰੋ ਟਿੱਲ ਡਰਿਲ ਨਾਲ ਬਿਨਾਂ ਖੇਤ ਤਿਆਰ ਕੀਤੇ 10 ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ। ਬਿਜਾਈ ਅਪ੍ਰੈਲ ਦੇ ਤੀਜੇ ਹਫਤੇ ਤੱਕ ਵੀ ਕੀਤੀ ਜਾ ਸਕਦੀ ਹੈ ਪਰ ਪੱਕਣ ਸਮੇਂ ਅਗੇਤੀ ਮੌਨਸੂਨ ਬਾਰਿਸ਼ਾਂ ਨਾਲ ਨੁਕਸਾਨ ਦਾ ਡਰ ਰਹਿੰਦਾ ਹੈ।
7. ਜੇਕਰ ਪਾਣੀ ਦੀ ਉਪਲੱਬਧਤਾ ਨਾ ਹੋਵੇ ਤਾਂ ਇਕ ਵਾਰ ਸੁੱਕੇ ਵਿਚ ਤਵੀਆਂ ਜਾਂ ਰੋਟਾਵੇਟਰ ਮਾਰ ਕੇ ਖੇਤ ਨੂੰ ਖਾਲੀ ਛੱਡ ਦਿਉ ਤਾਂ ਜੋ ਨਾੜ ਗਲ ਜਾਵੇ। ਨਾੜ ਮਿੱਟੀ ਦੇ ਸੰਪਰਕ ਵਿਚ ਆਉਣ ਕਰਕੇ ਅਤੇ ਜ਼ਿਆਦਾ ਤਾਪਮਾਨ ਹੋਣ ਦੇ ਕਾਰਨ 50 ਤੋਂ 60 ਦਿਨਾਂ ਵਿਚ ਗਲ ਜਾਂਦਾ ਹੈ।
8. ਕੱਦੂ ਕਰਨ ਦੌਰਾਨ ਨਾੜ ਜ਼ਮੀਨ ਵਿਚ ਦੱਬਿਆ ਜਾਂਦਾ ਹੈ ਤੇ ਪਰ ਕੁਝ ਨਾੜ ਸਤਿਹ 'ਤੇ ਤੈਰਦਾ ਰਹਿੰਦਾ ਹੈ।
9. ਇਸ ਨਾੜ ਨੂੰ ਸਾਂਭਣ ਲਈ ਖੇਤ ਨੂੰ ਕੱਦੂ ਕਰਨ ਤੋਂ ਬਾਅਦ 4-6 ਘੰਟੇ ਲਈ ਖਾਲੀ ਛੱਡ ਦੇਣਾ ਚਾਹੀਦਾ ਹੈ। ਇਸ ਦੌਰਾਨ ਤੈਰਦੇ ਹੋਏ ਇਕ ਥਾਂ 'ਤੇ ਇਕੱਠੇ ਹੋਏ ਨਾੜ ਨੂੰ ਤਰੰਗਲੀ ਦੀ ਸਹਾਇਤਾ ਨਾਲ ਕੱਢਿਆ ਜਾ ਸਕਦਾ ਹੈ।
10. ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵਰਤਣ ਨਾਲ ਕਣਕ ਦਾ ਨਾੜ ਲੇਬਰ ਦੇ ਹੱਥਾਂ ਵਿਚ ਨਹੀਂ ਲੱਗੇਗਾ। (ਸਮਾਪਤ)


-ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ।
ਮੋਬਾਈਲ : 94171-22896

ਆਮਦਨੀ ਵਧਾਈਏ

ਆਓ ਕਿਸਾਨ ਵੀਰੋ ਆਪਣੀ ਆਮਦਨੀ ਵਧਾਈਏ।
ਖੇਤੀਬਾੜੀ ਦੇ ਨਾਲ-ਨਾਲ, ਸਹਾਇਕ ਧੰਦੇ ਅਪਣਾਈਏ।
ਮਧੂਮੱਖੀ, ਮੱਛੀ ਪਾਲਣ, ਜਾਂ ਫਿਰ ਹੋਵੇ ਡੇਅਰੀ,
ਸਿਖਲਾਈ ਲੈ ਕੇ ਸ਼ੁਰੂ ਕਰੀਏ, ਕਮਾਈ ਹੋਵੇ ਬਥੇਰੀ।
ਸਾਰਾ ਪਰਿਵਾਰ ਮਿਹਨਤ ਕਰਕੇ, ਘਰ ਵਿਚ ਖੁਸ਼ੀ ਲਿਆਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਪਾਲੀਏ ਭੇਡਾਂ ਬੱਕਰੀਆਂ, ਜਾਂ ਫਿਰ ਪਾਲੀਏ ਸੂਰ,
ਜਦੋਂ ਸਫ਼ਲਤਾ ਮਿਲ ਗਈ, ਫਿਰ ਹੋ ਜਾਣਾ ਮਸ਼ਹੂਰ।
ਆਪ ਸਫ਼ਲ ਹੋ ਕੇ ਫਿਰ, ਹੋਰਾਂ ਨੂੰ ਨਾਲ ਰਲਾਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਮਾਰਕੀਟ ਦੀ ਮੰਗ ਅਨੁਸਾਰ, ਪਾਈਏ ਅਚਾਰ ਮੁਰੱਬੇ,
ਕੋਈ ਕਿਸਾਨ ਨਾ ਪਿੱਛੇ ਰਹਿਣਾ, ਖੁਸ਼ਹਾਲ ਹੋਣਗੇ ਸਭੇ।
ਸਾਫ਼ ਸੁਥਰੀ ਪੈਕਿੰਗ ਕਰ ਕੇ, ਘਰ ਘਰ ਵਿਚ ਪਹੁੰਚਾਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਮਾਹਰਾਂ ਦੇ ਨਾਲ ਰੱਖ ਰਾਬਤਾ, ਫ਼ਾਇਦਾ ਅਸੀਂ ਉਠਾਈਏ,
ਜੇਕਰ ਕੋਈ ਮੁਸ਼ਕਿਲ ਆਵੇ, ਝੱਟ ਫੋਨ ਘੁਮਾਈਏ।
ਸਾਡੀ ਸੇਵਾ ਦੇ ਵਿਚ ਹਾਜ਼ਰ, ਕਿਉਂ ਅਸੀਂ ਘਬਰਾਈਏ।
ਆਓ ਕਿਸਾਨ ਵੀਰੋ ਆਪਣੀ, ... ... ... ...
ਸਭ ਨੂੰ ਜਿਹੜਾ ਖਾਣ ਲਈ ਦਿੰਦਾ, ਭਲੂਰੀਆ ਉਹ ਭਗਵਾਨ,
ਤਾਹੀਓਂ ਉਹ ਦੁਆਵਾਂ ਕਰਦਾ, ਖੁਸ਼ਹਾਲ ਹੋਵੇ ਕਿਸਾਨ।
ਪਿੰਡਾਂ ਦੇ ਵਿਚ ਮੇਲੇ ਲੱਗਣ, ਹੱਸੀਏ, ਨੱਚੀਏ, ਗਾਈਏ।
ਆਓ ਕਿਸਾਨ ਵੀਰੋ ਆਪਣੀ, ਆਮਦਨੀ ਵਧਾਈਏ।
ਖੇਤੀਬਾੜੀ ਦੇ ਨਾਲ-ਨਾਲ, ਸਹਾਇਕ ਧੰਦੇ ਅਪਣਾਈਏ।


-ਜਸਵੀਰ ਭਲੂਰੀਆ
ਪਿੰਡ ਤੇ ਡਾਕ: ਭਲੂਰ (ਮੋਗਾ) ਮੋਬਾਈਲ : 99159-95505.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX