ਤਾਜਾ ਖ਼ਬਰਾਂ


ਫਿਲੌਰ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ
. . .  1 minute ago
ਜਲੰਧਰ, 19 ਅਗਸਤ- ਸੂਬੇ ਅੰਦਰ ਲਗਾਤਾਰ ਪਏ ਭਾਰੀ ਮੀਂਹ ਅਤੇ ਭਾਖੜੇ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਫਿਲੌਰ ਇਲਾਕੇ ਅੰਦਰ ਹੜ੍ਹ ਦੇ ਹਾਲਾਤ ਬਣ ਚੁੱਕੇ ਹਨ। ਇੱਥੇ ਅੱਜ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਲੈ ਕੇ ਜਦੋਂ ਬਚਾਅ ਟੀਮ ਦੀ ਕਿਸ਼ਤੀ ਆ ਰਹੀ ਸੀ ਤਾਂ...
ਦਰਿਆ 'ਤੇ ਲੋਕਾਂ ਦੀ ਸਹਾਇਤਾ ਲਈ ਪਹੁੰਚੇ ਸੰਤ ਸੀਚੇਵਾਲ
. . .  26 minutes ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹ ਵਰਗੀ ਸਥਿਤੀ ਕਾਰਨ ਲੋਕਾਂ ਦੀ ਸਹਾਇਤਾ ਲਈ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਆਪਣੇ ਸੇਵਾਦਾਰਾਂ ਨਾਲ ਦਰਿਆ ਦੇ ਬੰਨ੍ਹ 'ਤੇ ਪਹੁੰਚੇ ਹਨ। ਜਾਇਜ਼ਾ ਲੈਣ ਉਪਰੰਤ...
ਸੜਕ ਹਾਦਸੇ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਈ ਨੀਟੂ ਸ਼ਟਰਾਂ ਵਾਲੇ ਦੀ ਬੇਟੀ
. . .  53 minutes ago
ਜਲੰਧਰ, 19 ਅਗਸਤ- ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਮਸ਼ਹੂਰ ਹੋਏ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਅੱਜ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਸ ਸੰਬੰਧੀ ਨੀਟੂ ਸ਼ਟਰਾਂ ਵਾਲੇ ਨੇ ਦੱਸਿਆ ਕਿ ਉਸ ਦੀ ਧੀ ਸਾਕਸ਼ੀ (9) ਚੌਥੀ ਜਮਾਤ 'ਚ...
ਬੈਂਕ ਖਾਤਿਆਂ 'ਚੋਂ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
. . .  about 1 hour ago
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)- ਪਟਿਆਲਾ ਪੁਲਿਸ ਨੇ ਬੈਂਕ ਖਾਤਿਆਂ 'ਚੋਂ ਆਨਲਾਈਨ ਠੱਗੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ...
ਭਾਰੀ ਮੀਂਹ ਨੇ ਫ਼ਸਲਾਂ ਦੇ ਨਾਲ-ਨਾਲ ਸੜਕਾਂ 'ਤੇ ਵੀ ਮਚਾਈ ਤਬਾਹੀ, ਮਾਛੀਵਾੜਾ-ਕੁਹਾੜਾ ਮਾਰਗ ਬੰਦ
. . .  about 1 hour ago
ਮਾਛੀਵਾੜਾ ਸਾਹਿਬ, 19 ਅਗਸਤ (ਸੁਖਵੰਤ ਸਿੰਘ ਗਿੱਲ)- ਸੂਬੇ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਮਾਛੀਵਾੜਾ ਇਲਾਕੇ 'ਚ ਬਰਸਾਤੀ ਪਾਣੀ ਨੇ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਸੜਕਾਂ 'ਚ ਪਏ ਪਾੜ ਕਾਰਨ ਪਿੰਡਾਂ ਦੇ ਨਾਲ ਮਾਛੀਵਾੜਾ-ਕੁਹਾੜਾ ਮੁੱਖ...
ਬੰਨ੍ਹ ਟੁੱਟਣ ਕਾਰਨ ਫਿਲੌਰ ਅੰਦਰ ਪਾਣੀ 'ਚ ਡੁੱਬੇ ਅਨੇਕਾਂ ਪਿੰਡ, ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ
. . .  about 1 hour ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ)- ਸੂਬੇ ਅੰਦਰ ਲਗਾਤਾਰ ਪਏ ਭਾਰੀ ਮੀਂਹ ਅਤੇ ਭਾਖੜੇ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਫਿਲੌਰ ਇਲਾਕੇ ਅੰਦਰ ਹੜ੍ਹ ਦੇ ਹਾਲਾਤ ਬਣ ਚੁੱਕੇ ਹਨ। ਅੱਜ ਸਵੇਰ ਤੋਂ ਫਿਲੌਰ ਦੇ ਪਿੰਡਾਂ ਮੌ ਸਾਹਿਬ, ਮਿਉਵਾਲ ਦੇ ਨਜ਼ਦੀਕ 4 ਥਾਵਾਂ ਤੋਂ ਬੰਨ੍ਹ...
ਹੜ੍ਹ ਕਾਰਨ ਸਹਿਮੇ ਲੋਕ ਘਰ-ਬਾਰ ਛੱਡਣ ਲਈ ਹੋਏ ਮਜਬੂਰ
. . .  about 1 hour ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਵਰਗੀ ਸਥਿਤੀ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ਼ਾਹਕੋਟ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਹੜ੍ਹ ਤੋਂ ਬਚਾਅ ਲਈ ਆਪਣੇ ਪਿੰਡ ਅਤੇ ਘਰ ਛੱਡ...
ਏ. ਐੱਸ. ਆਈ. ਵਲੋਂ ਮੁੱਦਈ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ
. . .  about 1 hour ago
ਮਮਦੋਟ, 19 ਅਗਸਤ (ਸੁਖਦੇਵ ਸਿੰਘ ਸੰਗਮ)- ਥਾਣਾ ਮਮਦੋਟ ਦੇ ਪਿੰਡ ਤਰ੍ਹਾਂ ਵਾਲੀ ਵਿਖੇ ਪੰਜਾਬ ਪੁਲਿਸ ਦੇ ਇੱਕ ਏ. ਐੱਸ. ਆਈ. ਵਲੋਂ ਮੁੱਦਈ ਦੇ ਘਰ ਪਹੁੰਚ ਕੇ ਕਥਿਤ ਤੌਰ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਿੰਡ ਦੇ...
ਸਿੱਖਿਆ ਸੰਮੇਲਨ 'ਚ ਬੋਲੇ ਬਾਜਵਾ, ਕਿਹਾ- ਪੈਸਾ ਕਮਾਉਣ ਦੀ ਹੋੜ 'ਚ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ
. . .  about 2 hours ago
ਚੰਡੀਗੜ੍ਹ, 19 ਅਗਸਤ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਵਿਖੇ ਕਰਾਏ ਗਏ ਸਿੱਖਿਆ ਸੰਮੇਲਨ 'ਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾਂ ਅਧਿਆਪਕ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਹੁਣ ਸਿੱਖਿਆ ਨਿੱਜੀ ਹੱਥਾਂ 'ਚ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
. . .  about 2 hours ago
ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)- ਪਾਕਿਸਤਾਨ ਨੇ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਭਾਰਤੀ ਫੌਜ ਵਲੋਂ ਕੀਤੀ ਕਥਿਤ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼...
ਹੋਰ ਖ਼ਬਰਾਂ..

ਖੇਡ ਜਗਤ

ਦੁਨੀਆ ਦੀਆਂ ਹਰਮਨਪਿਆਰੀਆਂ ਖੇਡਾਂ

ਖੇਡਾਂ ਦੀ ਦੁਨੀਆ ਇਨ੍ਹੀਂ ਦਿਨੀਂ ਆਪਣੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਵੱਡੇ ਖੇਤਰ ਵਿਚ ਪਹੁੰਚ ਚੁੱਕੀ ਹੈ ਅਤੇ ਇਸ ਵੇਲੇ ਏਨੀਆਂ ਮਕਬੂਲ ਖੇਡਾਂ ਦੁਨੀਆ ਦੇ ਹਰ ਕੋਨੇ ਵਿਚ ਚੱਲ ਰਹੀਆਂ ਹਨ ਕਿ ਤਕਰੀਬਨ ਹਰ ਦਿਨ ਕੋਈ ਨਾ ਕੋਈ ਵੱਡਾ ਖੇਡ ਮੁਕਾਬਲਾ ਸਾਹਮਣੇ ਆਉਂਦਾ ਹੈ। ਇਸ ਦੀ ਇਕ ਵੱਡੀ ਉਦਾਹਰਨ ਲੰਘੇ ਦਿਨੀਂ ਉਸ ਵੇਲੇ ਮਿਲੀ ਸੀ, ਜਦੋਂ ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਵਾਲੇ ਦਿਨ ਲੰਦਨ ਸ਼ਹਿਰ ਦੇ ਲਾਰਡਸ ਦੇ ਇਤਿਹਾਸਕ ਮੈਦਾਨ ਦੇ ਨਾਲ-ਨਾਲ ਕੁਝ ਹੀ ਦੂਰੀ ਉੱਤੇ ਵਿੰਬਲਡਨ ਟੈਨਿਸ ਦਾ ਫਾਈਨਲ ਅਤੇ ਠੀਕ ਉਸੇ ਦਿਨ ਹੀ ਵਿਸ਼ਵ ਪ੍ਰਸਿੱਧ ਫਾਰਮੂਲਾ ਵਨ ਰੇਸ ਵੀ ਚੱਲ ਰਹੀ ਸੀ। ਆਓ ਵੇਖਦੇ ਹਾਂ ਕਿ ਕਿਹੜੀਆਂ ਖੇਡਾਂ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਮਸ਼ਹੂਰ ਹਨ।
ਪੂਰੀ ਦੁਨੀਆ ਦੀ ਸਭ ਤੋਂ ਵੱਧ ਵੇਖੀ ਅਤੇ ਪਸੰਦ ਕੀਤੀ ਜਾਣ ਵਾਲੀ ਖੇਡ ਹਾਲੇ ਵੀ ਫੁੱਟਬਾਲ ਹੀ ਹੈ। ਇਹ ਅਜਿਹੀ ਖੇਡ ਹੈ, ਜੋ ਪੂਰਨ ਰੂਪ ਨਾਲ ਹਰ ਦੇਸ਼ ਵਿਚ ਖੇਡੀ ਜਾਂਦੀ ਹੈ। 'ਆਮ ਲੋਕਾਂ ਦੀ ਖੇਡ' ਮੰਨੀ ਜਾਂਦੀ ਫੁੱਟਬਾਲ ਦੀ ਸ਼ੁਰੂਆਤ ਇੰਗਲੈਂਡ ਵਿਚ ਹੋਈ ਤੇ ਇੱਥੋਂ ਇਹ ਖੇਡ ਦੁਨੀਆ ਭਰ ਵਿਚ ਪਹੁੰਚੀ ਹੈ। ਅਜਿਹਾ ਅੰਦਾਜ਼ਾ ਹੈ ਕਿ ਦੁਨੀਆ ਦੀ ਅੱਧੀ ਆਬਾਦੀ ਇਸ ਖੇਡ ਦੀ ਮੁਰੀਦ ਹੈ ਅਤੇ ਪ੍ਰਸੰਸਕਾਂ ਦੇ ਲਿਹਾਜ਼ ਨਾਲ ਸਮੁੱਚੀ ਦੁਨੀਆ ਵਿਚ ਇਸ ਖੇਡ ਦੇ 400 ਕਰੋੜ ਪ੍ਰਸੰਸਕ ਹਨ। ਫੁੱਟਬਾਲ ਵਾਂਗ ਕ੍ਰਿਕਟ ਦਾ ਜਨਮ ਵੀ ਇੰਗਲੈਂਡ ਵਿਚ ਹੋਇਆ ਪਰ ਇਹ ਖੇਡ ਦੁਨੀਆ ਦੇ ਕੁਝ ਦੇਸ਼ਾਂ ਵਿਚ ਬੇਹੱਦ ਹਰਮਨਪਿਆਰੀ ਹੈ ਪਰ ਹਰ ਥਾਂ ਨਹੀਂ। ਇਹ ਖੇਡ ਵਿਸ਼ਵ ਪੱਧਰ ਉੱਤੇ ਮੁੱਖ ਤੌਰ 'ਤੇ ਭਾਰਤ ਕਰਕੇ ਹੀ ਚਮਕੀ ਹੈ ਅਤੇ ਭਾਰਤ ਦੇਸ਼ ਇਸ ਖੇਡ ਦਾ ਸਭ ਤੋਂ ਵੱਡਾ ਬਾਜ਼ਾਰ ਅਤੇ ਸਭ ਤੋਂ ਜ਼ਿਆਦਾ ਪ੍ਰਸੰਸਕ ਵਰਗ ਦੇ ਰਿਹਾ ਹੈ। ਇਸ ਖੇਡ ਦੇ ਪ੍ਰਸੰਸਕਾਂ ਦੀ ਗਿਣਤੀ 250 ਕਰੋੜ ਹੈ, ਜਿਸ ਲਿਹਾਜ਼ ਨਾਲ ਇਹ ਦੁਨੀਆ ਦੀ ਦੂਜੀ ਸਭ ਤੋਂ ਮਕਬੂਲ ਖੇਡ ਹੈ।
ਭਾਰਤ ਦੀ ਕੌਮੀ ਖੇਡ ਹਾਕੀ ਦਾ ਇਤਿਹਾਸ ਵੀ ਬੇਹੱਦ ਪੁਰਾਣਾ ਹੈ ਅਤੇ ਭਾਰਤ, ਪਾਕਿਸਤਾਨ, ਆਸਟ੍ਰੇਲੀਆ ਸਮੇਤ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ਾਂ ਵਿਚ ਫੀਲਡ ਹਾਕੀ ਖੇਡੀ ਜਾਂਦੀ ਹੈ। ਫੀਲਡ ਹਾਕੀ ਦੇ ਪ੍ਰਸੰਸਕਾਂ ਦੀ ਗਿਣਤੀ 200 ਕਰੋੜ ਤੋਂ ਜ਼ਿਆਦਾ ਬਣਦੀ ਹੈ। ਟੈਨਿਸ ਦੀ ਖੇਡ ਦੁਨੀਆ ਦੀ ਇਕ ਹੋਰ ਪਸੰਦੀਦਾ ਖੇਡ ਹੈ, ਜਿਸ ਦੇ ਪ੍ਰਸੰਸਕਾਂ ਦੀ ਗਿਣਤੀ 100 ਕਰੋੜ ਤੋਂ ਜ਼ਿਆਦਾ ਹੈ। ਇਹ ਖੇਡ ਬੇਹੱਦ ਪੁਰਾਣੀ ਹੈ ਅਤੇ ਇਹ ਪੁਰਾਤਨ ਰੋਮਨ ਯੁੱਗ ਵਿਚ ਵੀ ਖੇਡੀ ਜਾਂਦਾ ਸੀ। ਆਧੁਨਿਕ ਕਾਲ ਵਿਚ ਇਹ ਖੇਡ ਫ਼ਰਾਂਸ ਤੋਂ ਹੁੰਦੇ ਹੋਏ ਦੁਨੀਆ ਦੇ ਹੋਰ ਦੇਸ਼ਾਂ ਵਿਚ ਪਹੁੰਚੀ। ਇਸ ਖੇਡ ਦੇ ਗ੍ਰੈਂਡ ਸਲੈਮ ਮੁਕਾਬਲੇ ਬੇਹੱਦ ਪ੍ਰਸਿੱਧ ਹਨ।
ਹੈਰਾਨੀ ਦੀ ਗੱਲ ਹੈ ਕਿ ਟੇਬਲ ਟੈਨਿਸ ਇਕ ਇੰਡੋਰ ਗੇਮ ਹੈ ਅਤੇ ਇਸ ਦੀ ਸ਼ੁਰੂਆਤ 19ਵੀਂ ਸਦੀ ਵਿਚ ਟੈਨਿਸ ਦੇ ਛੋਟੇ ਸਰੂਪ ਵਜੋਂ ਕੀਤੀ ਗਈ ਪਰ ਵਿਸ਼ਵ ਪੱਧਰ ਉੱਤੇ ਇਸ ਖੇਡ ਦੇ ਪ੍ਰਸੰਸਕਾਂ ਦੀ ਗਿਣਤੀ ਵੀ 87 ਕਰੋੜ ਤੋਂ ਜ਼ਿਆਦਾ ਹੈ। ਇਸ ਖੇਡ ਨੂੰ 'ਪਿੰਗ ਪੌਂਗ' ਵੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਬਾਸਕਟਬਾਲ ਦੀ ਖੇਡ ਵੀ ਕਾਫੀ ਮਕਬੂਲ ਹੈ, ਜੋ ਦੁਨੀਆ ਦੇ ਲਗਪਗ ਹਰ ਦੇਸ਼ ਵਿਚ ਖੇਡੀ ਜਾਂਦੀ ਹੈ ਅਤੇ ਇਕ ਅੰਦਾਜ਼ੇ ਮੁਤਾਬਕ ਵਿਸ਼ਵ ਪੱਧਰ ਉੱਤੇ ਇਸ ਦੇ ਪ੍ਰਸੰਸਕਾਂ ਦੀ ਗਿਣਤੀ 82 ਕਰੋੜ ਤੋਂ ਜ਼ਿਆਦਾ ਹੈ। ਇਨ੍ਹਾਂ ਖੇਡਾਂ ਤੋਂ ਇਲਾਵਾ ਅੱਜ ਦੇ ਸਮੇਂ ਵਿਚ ਪੇਸ਼ੇਵਰ ਕਬੱਡੀ, ਫਾਰਮੂਲਾ ਵੰਨ, ਬੇਸਬਾਲ, ਅਮਰੀਕਨ ਰੈਸਲਿੰਗ, ਮੁੱਕੇਬਾਜ਼ੀ ਅਤੇ ਅਥਲੈਟਿਕਸ ਆਦਿ ਵੀ ਤੇਜ਼ੀ ਨਾਲ ਮਕਬੂਲ ਹੋ ਰਹੇ ਹਨ ਅਤੇ ਟੀ.ਵੀ. ਪ੍ਰਸਾਰਨ ਦੇ ਵਧਦੇ ਮੌਕਿਆਂ ਨੇ ਵੀ ਇਸ ਮਕਬੂਲੀਅਤ ਵਿਚ ਕਾਫੀ ਯੋਗਦਾਨ ਪਾਇਆ ਹੈ। ਕੁੱਲ ਮਿਲਾ ਕੇ ਮਕਬੂਲੀਅਤ ਦੇ ਮਾਮਲੇ ਵਿਚ ਫੁੱਟਬਾਲ ਦਾ ਹਾਲੇ ਵੀ ਕੋਈ ਸਾਨੀ ਨਹੀਂ ਅਤੇ ਇਹ ਖੇਡ ਹੀ ਦੁਨੀਆ ਦੀ ਸਭ ਤੋਂ ਮਕਬੂਲ ਖੇਡ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ,
ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com


ਖ਼ਬਰ ਸ਼ੇਅਰ ਕਰੋ

ਥਾਈਲੈਂਡ ਓਪਨ ਬੈਡਮਿੰਟਨ

ਪੁਰਸ਼ ਡਬਲਜ਼ ਵਿਚ ਬਣੇ ਰੈੱਡੀ ਤੇ ਸ਼ੈਟੀ ਨਵੇਂ ਨਾਇਕ

ਅਜੇ ਤੱਕ ਭਾਰਤ ਵਿਚ ਜਦੋਂ ਬੈਡਮਿੰਟਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਮਹਿਲਾ ਬੈਡਮਿੰਟਨ ਵਿਚ ਖਾਸ ਤੌਰ 'ਤੇ ਸਾਇਨਾ ਤੇ ਸਿੰਧੂ ਤੱਕ ਚਰਚਾ ਸੀਮਤ ਹੋ ਜਾਂਦੀ ਹੈ ਪਰ ਹੁਣ ਭਾਰਤ ਦੇ ਪੁਰਸ਼ ਵੰਨਗੀ ਵਿਚ ਥਾਈਲੈਂਡ ਓਪਨ ਵਿਚ ਰੰਕੀਰੈੱਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਜੋ ਫਾਈਨਲ ਜਿੱਤ ਕੇ ਇਤਿਹਾਸ ਰਚਿਆ ਹੈ, ਉਸ ਨੇ ਉਨ੍ਹਾਂ ਨੂੰ ਬੈਡਮਿੰਟਨ ਦੇ ਨਾਇਕ ਬਣਾ ਦਿੱਤਾ ਹੈ।
ਇਸ ਸਮੇਂ 'ਤੇ ਜਦੋਂ ਭਾਰਤ ਬਿਲਕੁਲ ਨਿਰਾਸ਼ਾ ਦੇ ਆਲਮ ਵਿਚ ਵਿਚਰ ਰਿਹਾ ਸੀ, ਸਾਇਨਾ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਰਕੇ ਮੁਢਲੇ ਦੌਰ ਵਿਚ ਹੀ ਬਾਹਰ ਹੋ ਜਾਂਦੀ ਰਹੀ ਹੈ ਤੇ ਸਿੰਧੂ ਮਾਨਸਿਕ ਦਬਾਓ ਦਾ ਸ਼ਿਕਾਰ ਹੋ ਰਹੀ ਸੀ, ਅਜਿਹੇ ਸਮੇਂ ਭਾਰਤ ਨੇ ਥਾਈਲੈਂਡ ਓਪਨ ਬੈਡਮਿੰਟਨ ਵਿਚ ਪੁਰਸ਼ ਜੋੜੀ ਵੰਨਗੀ ਦੇ ਰੂਪ ਵਿਚ ਜਿੱਤ ਕੇ ਜੋ ਇਤਿਹਾਸ ਰਚਿਆ ਹੈ, ਉਸ 'ਤੇ ਸਾਰੇ ਭਾਰਤ ਵਾਸੀਆਂ ਨੂੰ ਮਾਣ ਹੈ। ਪੁਰਸ਼ ਜੋੜੀ ਵਿਚ ਇਹ ਭਾਰਤ ਦੀ ਪਹਿਲੀ ਵਿਕਾਰੀ ਜਿੱਤ ਹੈ ਤੇ ਇਸ ਨੂੰ ਰੰਕੀ ਰੈੱਡੀ ਤੇ ਚਿਰਾਗ ਸ਼ੈਟੀ ਜੋੜੀ ਨੇ ਪ੍ਰਾਪਤ ਕੀਤਾ।
ਦਿਲਚਸਪ ਗੱਲ ਇਹ ਹੈ ਕਿ ਇਸ ਜੋੜੀ ਦਾ ਰੈਂਕਿੰਗ ਵਿਚ 16 ਨੰਬਰ ਹੈ ਤੇ ਇਸ ਜੋੜੀ ਨੇ ਚੀਨ ਦੀ 3 ਨੰਬਰ ਦੀ ਤਾਕਤਵਰ ਜੋੜੀ ਨੂੰ ਇਕ ਸਨਸਨੀਖੇਜ਼ ਉਲਟਫੇਰ ਕਰਦੇ ਹੋਏ ਬੈਂਕਾਕ ਭਾਰਤ ਤੋਂ ਬਾਹਰ ਹੀ ਹਰਾਇਆ ਹੈ। ਇਹ ਮੈਚ ਇੰਨਾ ਸੰਘਰਸ਼ਪੂਰਨ ਸੀ ਕਿ ਇਸ ਦਾ ਵੇਰਵਾ ਬਹੁਤ ਦਿਲਚਸਪ ਹੈ। ਤਿੰਨ ਗੇਮਾਂ ਤੱਕ ਚੱਲੇ ਇਸ ਮੈਚ ਦੇ ਅੰਕ ਕਾਫੀ ਲੰਮੇ ਸਮੇਂ ਤੱਕ ਬਰਾਬਰ-ਬਰਾਬਰ ਚਲਦੇ ਰਹੇ ਤੇ ਇਹ ਮੈਚ ਭਾਰਤ ਨੇ 21-19, 18-21, 21-18 ਨਾਲ ਆਪਣੀ ਝੋਲੀ ਵਿਚ ਪਾ ਲਿਆ।
ਜਦੋਂ ਇਸ ਮੈਚ ਦਾ ਆਰੰਭ ਹੋਇਆ ਤਾਂ ਦੋਵੇਂ ਟੀਮਾਂ ਨੇ ਬਰਾਬਰ ਦੀ ਟੱਕਰ ਦਿਤੀ। ਸ਼ੁਰੂ ਵਿਚ ਸਕੋਰ 3-3 ਦੀ ਬਰਾਬਰੀ 'ਤੇ ਪਹੁੰਚ ਗਿਆ ਤੇ ਇਸ ਤਰ੍ਹਾਂ ਦੋਵੇਂ ਪਾਸਿਆਂ ਤੋਂ ਸੰਘਰਸ਼ ਤੇਜ਼ ਹੋਇਆ ਤਾਂ ਸਕੋਰ ਜੋ ਭਾਰਤ ਦੇ ਹੱਕ ਵਿਚ 10-6 'ਤੇ ਸੀ, 14-14 ਤੱਕ ਪਹੁੰਚ ਗਿਆ। ਪਹਿਲੀ ਗੇਮ ਵਿਚ ਜਦ ਮੈਚ ਗੇਮ ਪੁਆਇੰਟ 'ਤੇ ਪਹੁੰਚ ਗਿਆ ਅਰਥਾਤ 20-18 'ਤੇ ਸੀ ਤਾਂ ਇਵੇਂ ਜਾਪਿਆ ਕਿ ਚੀਨ ਖੇਡ ਵਿਚ ਵਾਪਸੀ ਕਰ ਰਿਹਾ ਹੈ ਤੇ ਸਕੋਰ 19-20 ਹੋ ਗਿਆ ਪਰ ਭਾਰਤ ਨੇ ਗੇਮ ਨੂੰ ਸੰਭਾਲਦੇ ਹੋਏ ਪਹਿਲੀ ਗੇਮ 21-19 ਨਾਲ ਜਿੱਤ ਲਈ।
ਦੂਸਰੀ ਗੇਮ ਵਿਚ ਚੀਨ ਨੇ ਵਾਪਸੀ ਕੀਤੀ ਤੇ ਅੱਧੇ ਸਮੇਂ ਤੱਕ ਸਕੋਰ 11-11 'ਤੇ ਚਲ ਰਿਹਾ ਸੀ। ਇਸ ਸਮੇਂ ਚੀਨ ਨੇ ਜ਼ਬਰਦਸਤ ਖੇਡ ਖੇਡੀ ਤੇ ਸਕੋਰ ਜਦੋਂ 14-14 ਨਾਲ ਬਰਾਬਰੀ ਨਾਲ ਚਲ ਰਿਹਾ ਸੀ, ਇਵੇਂ ਜਾਪਿਆ ਜਿਵੇਂ ਚੀਨ ਦੀਵਾਰ ਹੀ ਬਣ ਗਿਆ ਹੈ। ਲਗਾਤਾਰ 5 ਅੰਕ ਬਟੋਰ ਕੇ ਦੂਜੀ ਗੇਮ 21-18 ਨਾਲ ਚੀਨ ਨੇੇ ਆਪਣੇ ਹੱਕ ਵਿਚ ਕਰਕੇ ਜਿੱਤ ਲਈ। ਹੁਣ ਮੈਚ 1-1 ਦੀ ਬਰਾਬਰੀ ਦਾ ਹੋ ਗਿਆ।
ਤੀਜੀ ਗੇਮ ਵਿਚ ਖੇਡ ਦਾ ਆਰੰਭ ਬਰਾਬਰੀ ਨਾਲ ਹੀ ਚਲਦਾ ਰਿਹਾ ਤੇ ਇਕ ਸਮੇਂ 6-6 ਨਾਲ ਚੱਲ ਰਿਹਾ ਸੀ, ਉਸ ਵੇਲੇ ਦੋਵੇਂ ਟੀਮਾਂ ਨੇ ਤੇਜ਼-ਤਰਾਰ ਖੇਡ ਖੇਡੀ, ਗੇਮ ਦੇ ਅੰਤ 'ਤੇ ਜਾ ਕੇ ਸਕੋਰ ਭਾਰਤ ਦੇ ਹੱਕ ਵਿਚ 19-18 'ਤੇ ਹੋ ਗਿਆ ਤਾਂ ਇਸ ਸਮੇਂ ਇਕ ਸੁਨਹਿਰੀ ਸਮਾਂ ਅਜਿਹਾ ਆਇਆ ਕਿ ਭਾਰਤ ਨੇ ਕੋਈ ਗਲਤੀ ਨਹੀਂ ਕੀਤੀ ਤੇ ਲਗਾਤਾਰ 2 ਅੰਕ ਬਟੋਰ ਕੇ ਮੈਚ ਤੇ ਟੂਰਨਾਮੈਂਟ ਭਾਰਤ ਦੀ ਝੋਲੀ ਵਿਚ ਪਾ ਦਿੱਤਾ।
ਸਾਇਨਾ ਨੇ ਪਹਿਲੇ ਮੈਚ ਵਿਚ ਸਥਾਨਕ ਖਿਡਾਰੀ ਚਾਈ ਵਾਨ ਨੂੰ 21-17, 21-19 ਨਾਲ ਹਰਾ ਕੇ ਦੂਸਰੇ ਦੌਰ ਵਿਚ ਪ੍ਰਵੇਸ਼ ਕੀਤਾ ਸੀ ਤੇ ਕੁਝ ਆਸ ਜਗਾਈ ਸੀ ਪਰ ਸਾਇਨਾ ਦੂਸਰੇ ਦੌਰ ਵਿਚ ਆਪਣੀ ਲੈਅ ਨੂੰ ਕਾਇਮ ਨਾ ਰੱਖ ਸਕੀ ਤੇ ਦੂਜੇ ਦੌਰ ਵਿਚ ਆਪਣੇ ਤੋਂ ਬਹੁਤ ਪਿੱਛੇ ਰੈਂਕਿੰਗ ਵਾਲੀ ਖਿਡਾਰਨ ਤੋਂ ਹਾਰ ਗਈ।
ਇਵੇਂ ਜਾਪਣ ਲੱਗਿਆ ਕਿ ਜਿਵੇਂ ਉਹ ਅਜੇ ਵੀ ਮਾਸਪੇਸ਼ੀਆਂ ਦੇ ਖਿਚਾਓ ਨਾਲ ਜੂਝ ਰਹੀ ਹੈ। ਪਰ ਇਸ ਸਮੇਂ ਮਾਹਿਰਾਂ ਅਨੁਸਾਰ ਜੇ ਇਸ ਖੇਡ ਵਿਚ ਇਕ ਦਰ ਬੰਦ ਹੋਇਆ ਹੈ ਤਾਂ ਦੂਸਰਾ ਦਰ ਖੁੱਲ੍ਹ ਗਿਆ ਹੈ। ਇਸ ਸਮੇਂ ਹੀ ਸਾਡੀਆਂ ਪੁਰਸ਼ ਤੇ ਮਿਕਸ ਜੋੜੀਆਂ ਨੇ ਕਮਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਦੌਰ ਵਿਚ ਹੀ ਸਾਡੇ ਰੰਕੀ ਰੈੱਡੀ ਤੇ ਪੋਨੰਪਾ ਦੀ ਜੋੜੀ ਨੇ ਮਿਕਸ ਡਬਲਜ਼ ਵਿਚ ਉਲੰਪਕ ਦੇ ਚਾਂਦੀ ਦੇ ਤਗਮੇ ਜਿੱਤਣ ਵਾਲੀ ਜੋੜੀ ਨੂੰ 21-18, 18-21, 21-17 ਨਾਲ ਹਰਾ ਕੇ ਇਤਿਹਾਸ ਸਿਰਜ ਦਿੱਤਾ। ਇਸ ਵਿਚ ਭਾਰਤ ਨੇ ਪੁਰਸ਼ ਡਬਲਜ਼ ਵਿਚ ਰੈਂਕਿੰਗ ਵਿਚ ਵੀ ਪਹਿਲੇ ਦਸਾਂ ਵਿਚ ਜਗ੍ਹਾ ਪਾ ਲਈ ਹੈ ਤੇ ਅਗਲੇ ਸਾਲ ਟੋਕੀਓ ਉਲੰਪਿਕ ਲਈ ਇਹ ਇਕ ਸਾਰਥਕ ਪ੍ਰਾਪਤੀ ਹੈ।


-274-ਏ. ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਖੇਡ ਵਿਵਾਦਾਂ ਤੋਂ ਛੁਟਕਾਰੇ ਲਈ

ਭਾਰਤੀ ਖੇਡ ਪ੍ਰਬੰਧਾਂ ਵਿਚ ਸੁਧਾਰ ਜ਼ਰੂਰੀ

ਸਾਡੇ ਦੇਸ਼ 'ਚ ਅਕਸਰ ਹੀ ਖੇਡ ਜਗਤ 'ਚ ਅਜਿਹੇ ਵਿਵਾਦ ਪੈਦਾ ਹੁੰਦੇ ਰਹਿੰਦੇ ਹਨ, ਜੋ ਸਾਡੇ ਖੇਡ ਸੰਚਾਲਕਾਂ ਦੀ ਚੌਧਰ ਜਾਂ ਹਾਊਮੈ ਦੀ ਪੈਦਾਇਸ਼ ਹੁੰਦੇ ਹਨ, ਜਿਨ੍ਹਾਂ ਨਾਲ ਜਿੱਥੇ ਦੇਸ਼ ਦੀ ਕੌਮਾਂਤਰੀ ਖੇਡ ਮੰਚ 'ਤੇ ਬਦਨਾਮੀ ਹੀ ਨਹੀਂ ਹੁੰਦੀ, ਸਗੋਂ ਸਾਡੇ ਖਿਡਾਰੀਆਂ ਦਾ ਨੁਕਸਾਨ ਵੀ ਹੁੰਦਾ ਹੈ। ਸਾਡੇ ਦੇਸ਼ ਦੇ ਖੇਡ ਇਤਿਹਾਸ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਅਜਿਹੇ ਬਹੁਤ ਸਾਰੇ ਵਿਵਾਦ ਸਾਹਮਣੇ ਆ ਜਾਂਦੇ ਹਨ, ਜਿਨ੍ਹਾਂ ਨੇ ਦੇਸ਼ ਨੂੰ ਕੌਮਾਂਤਰੀ ਖੇਡ ਮੰਚ 'ਤੇ ਵਾਰ-ਵਾਰ ਸ਼ਰਮਸ਼ਾਰ ਕੀਤਾ ਹੈ। ਖੇਡਾਂ ਨਾਲ ਆਪਣੇ ਨਿੱਜੀ ਮੁਫਾਦਾਂ ਸਦਕਾ ਖਿਲਵਾੜ ਕਰਨ ਵਾਲੇ ਖੇਡ ਸੰਚਾਲਕਾਂ ਲਈ ਸਾਡੇ ਦੇਸ਼ 'ਚ ਕੋਈ ਨਿਯਮ ਨਹੀਂ ਬਣੇ ਹੋਏ, ਜਿਸ ਕਾਰਨ ਇਹ ਲਗਾਤਾਰ ਮਨਮਾਨੀਆਂ ਕਰਦੇ ਆ ਰਹੇ ਹਨ। ਅੱਜਕਲ੍ਹ ਭਾਰਤੀ ਤੀਰਅੰਦਾਜ਼ੀ, ਕ੍ਰਿਕਟ ਤੇ ਮੁੱਕੇਬਾਜ਼ੀ 'ਚ ਪੈਦਾ ਹੋਏ ਵਿਵਾਦ ਮੀਡੀਆ ਦੀਆਂ ਸੁਰਖੀਆਂ ਬਣੇ ਹੋਏ ਹਨ।
ਤੀਰਅੰਦਾਜ਼ੀ ਉਨ੍ਹਾਂ ਕੁਝ ਖੇਡਾਂ 'ਚ ਸ਼ਾਮਿਲ ਹੈ, ਜਿਨ੍ਹਾਂ 'ਚ ਸਾਡੇ ਖਿਡਾਰੀ ਵਿਸ਼ਵ ਪੱਧਰ 'ਤੇ ਤਗਮੇ ਜਿੱਤ ਰਹੇ ਹਨ ਅਤੇ ਉਲੰਪਿਕ ਖੇਡਾਂ 'ਚ ਵੀ ਤਗਮੇ ਜਿੱਤਣ ਦੀ ਉਮੀਦ ਜਗਾ ਰਹੇ ਹਨ। ਇਸ ਖੇਡ ਨੂੰ ਸਾਡੇ ਦੇਸ਼ 'ਚ ਚਲਾਉਣ ਵਾਲੀ ਸੰਸਥਾ ਦੋਫਾੜ ਹੋ ਗਈ ਹੈ ਅਤੇ ਦੋਨੋਂ ਧਿਰਾਂ ਆਪੋ-ਆਪਣੀਆਂ ਚੋਣਾਂ ਕਰਵਾ ਕੇ ਵਰਲਡ ਆਰਚਰੀ ਕੋਲ ਆਪਣੇ ਸਹੀ ਹੋਣ ਦੀਆਂ ਦਾਅਵੇਦਾਰੀਆਂ ਪੇਸ਼ ਕਰ ਚੁੱਕੀਆਂ ਹਨ ਪਰ ਇਨ੍ਹਾਂ ਦੋਨਾਂ ਐਸੋਸੀਏਸ਼ਨਾਂ ਨੂੰ ਭਾਰਤ ਸਰਕਾਰ ਤੇ ਭਾਰਤੀ ਉਲੰਪਿਕ ਸੰਘ ਨੇ ਮਾਨਤਾ ਨਹੀਂ ਦਿੱਤੀ, ਜਿਸ ਦੇ ਚਲਦਿਆਂ ਵਰਲਡ ਆਰਚਰੀ ਨੇ ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਉਪਰੰਤ ਸਾਡੇ ਦੇਸ਼ 'ਚ ਤੀਰਅੰਦਾਜ਼ੀ ਦੇ ਸੰਚਾਲਕਾਂ ਵਜੋਂ ਸਰਗਰਮ ਦੋ ਧੜਿਆਂ ਵਲੋਂ ਬਣਾਈਆਂ ਦੋ ਐਸੋਸੀਏਸ਼ਨਾਂ ਨੂੰ 31 ਜੁਲਾਈ ਤੱਕ ਆਪਣਾ ਵਿਵਾਦ ਸੁਲਝਾ ਕੇ ਇਕ ਜਥੇਬੰਦੀ ਦੇ ਝੰਡੇ ਹੇਠ ਭਾਰਤ ਸਰਕਾਰ ਤੋਂ ਮਾਨਤਾ ਲੈਣ ਦਾ ਆਦੇਸ਼ ਦਿੱਤਾ ਸੀ, ਪਰ ਦੋਨੋਂ ਜਥੇਬੰਦੀਆਂ ਇਕ ਹੋ ਕੇ ਮਾਨਤਾ ਲੈਣ 'ਚ ਸਫਲ ਨਹੀਂ ਹੋਈਆਂ। ਇਸੇ ਦੌਰਾਨ ਅਦਾਲਤੀ ਫੈਸਲੇ ਤਹਿਤ ਦੋਨਾਂ ਜਥੇਬੰਦੀਆਂ ਨੂੰ 16 ਸਤੰਬਰ ਤੱਕ ਨਿਯਮਾਂ ਅਨੁਸਾਰ ਚੋਣ ਕਰਵਾ ਕੇ ਭਾਰਤ ਸਰਕਾਰ ਤੇ ਭਾਰਤੀ ਉਲੰਪਿਕ ਸੰਘ ਤੋਂ ਮਾਨਤਾ ਲੈਣ ਦਾ ਆਦੇਸ਼ ਦਿੱਤਾ ਹੈ। ਇਸ ਵਿਵਾਦ ਦੌਰਾਨ ਸਪੇਨ 'ਚ ਹੋਣ ਵਾਲੀ ਵਿਸ਼ਵ ਯੂਥ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸਾਡੀ ਟੀਮ ਭਾਰਤੀ ਝੰਡੇ ਹੇਠ ਹੀ ਖੇਡੇਗੀ। ਜੇਕਰ ਭਾਰਤੀ ਤੀਰਅੰਦਾਜ਼ੀ ਸੰਚਾਲਕ ਇਕ ਮੰਚ 'ਤੇ ਆ ਕੇ ਭਾਰਤ ਸਰਕਾਰ ਤੋਂ ਮਾਨਤਾ ਲੈਣ 'ਚ ਸਫਲ ਨਾ ਹੋਏ ਤਾਂ ਇਸ ਤੋਂ ਬਾਅਦ 'ਚ ਭਾਰਤੀ ਖਿਡਾਰੀ, ਵਰਲਡ ਆਰਚਰੀ ਦੇ ਝੰਡੇ ਹੇਠ ਕੌਮਾਂਤਰੀ ਟੂਰਨਾਮੈਂਟਾਂ 'ਚ ਹਿੱਸਾ ਲੈ ਸਕਣਗੇ। ਹੋ ਸਕਦਾ ਵਿਵਾਦ ਲੰਬਾ ਸਮਾਂ ਨਾ ਸੁਲਝਣ ਦੀ ਸੂਰਤ 'ਚ ਭਾਰਤੀ ਤੀਰਅੰਦਾਜ਼ਾਂ ਲਈ ਕੌਮਾਂਤਰੀ ਟੂਰਨਾਮੈਂਟਾਂ 'ਚ ਹਿੱਸਾ ਲੈਣ 'ਤੇ ਵੀ ਪਾਬੰਦੀ ਲੱਗ ਜਾਵੇ।
ਭਾਰਤੀ ਕ੍ਰਿਕਟ ਖਿਡਾਰੀਆਂ ਦੀ ਡੋਪ ਟੈਸਟਿੰਗ ਨੂੰ ਲੈ ਕੇ ਵੀ ਅੱਜਕਲ੍ਹ ਮਾਹੌਲ ਗਰਮਾਇਆ ਹੋਇਆ ਹੈ। ਲੰਬੇ ਅਰਸੇ ਤੋਂ ਖੇਡ ਹਲਕਿਆਂ 'ਚ ਇਹ ਚਰਚਾ ਚਲੀ ਆ ਰਹੀ ਹੈ ਕਿ ਕ੍ਰਿਕਟ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਡੋਪਿੰਗ ਦੇ ਦਾਇਰੇ 'ਚ ਕਿਉਂ ਨਹੀਂ ਲਿਆਂਦਾ ਜਾ ਰਿਹਾ? ਇਸ ਚਰਚਾ ਨੂੰ ਹਾਲ ਹੀ ਵਿਚ ਉਸ ਵੇਲੇ ਹੋਰ ਬਲ ਮਿਲ ਗਿਆ ਜਦੋਂ ਉੱਭਰਦੇ ਕ੍ਰਿਕਟਰ ਪ੍ਰਿਥਵੀ ਸ਼ਾਹ ਦਾ ਡੋਪ ਟੈਸਟ ਫੇਲ੍ਹ ਹੋ ਗਿਆ। ਹੱਦ ਉਸ ਵੇਲੇ ਹੋ ਗਈ ਜਦੋਂ ਪ੍ਰਿਥਵੀ ਸ਼ਾਹ ਦੇ ਪਾਜ਼ੇਟਿਵ ਪਾਏ ਗਏ ਡੋਪ ਟੈਸਟ ਦਾ ਨਤੀਜਾ ਦੋ ਮਹੀਨੇ ਬਾਅਦ 'ਚ ਜਨਤਕ ਕੀਤਾ ਗਿਆ, ਜਿਸ ਦੌਰਾਨ ਪ੍ਰਿਥਵੀ ਆਈ.ਪੀ.ਐਲ. ਦਾ ਸੀਜ਼ਨ ਪੂਰਾ ਕਰ ਗਿਆ ਅਤੇ ਨੈਸ਼ਨਲ ਕ੍ਰਿਕਟ ਅਕੈਡਮੀ ਦੀਆਂ ਸਹੂਲਤਾਂ ਦਾ ਅਨੰਦ ਵੀ ਮਾਣਦਾ ਰਿਹਾ। ਇਸ ਗੱਲ ਦੇ ਉਜਾਗਰ ਹੋਣ ਤੋਂ ਬਾਅਦ ਕ੍ਰਿਕਟਰਾਂ ਦੀ ਡੋਪ ਟੈਸਟਿੰਗ ਦਾ ਮਾਮਲਾ ਇਕਦਮ ਫਿਰ ਭਖ ਗਿਆ। ਕੇਂਦਰੀ ਖੇਡ ਮੰਤਰਾਲੇ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਦੇ ਨਿਯਮਾਂ ਅਨੁਸਾਰ ਚੱਲਣ ਲਈ ਲੰਬੇ ਸਮੇਂ ਤੋਂ ਫੁਰਮਾਨ ਜਾਰੀ ਕੀਤੇ ਹੋਏ ਸਨ ਪਰ ਹੁਣ ਦੋ ਵਿਦੇਸ਼ੀ ਟੀਮਾਂ (ਦੱਖਣੀ ਅਫਰੀਕਾ 'ਏ' ਤੇ ਔਰਤਾਂ ਦੀ ਟੀਮ) ਦੇ ਭਾਰਤ ਦੌਰੇ ਰੱਦ ਕਰਨ ਕਰਕੇ ਅਤੇ ਪ੍ਰਿਥਵੀ ਸ਼ਾਹ ਦੇ ਡੋਪਗ੍ਰਸਤ ਪਾਏ ਜਾਣ ਬਾਅਦ ਬੀ.ਸੀ.ਸੀ.ਆਈ. ਨੇ ਨਾਡਾ ਦੀ ਅਧੀਨਗੀ ਕਬੂਲੀ ਹੈ, ਜਿਸ ਤਹਿਤ ਹੁਣ ਕ੍ਰਿਕਟਰਾਂ ਦੇ ਵੀ ਡੋਪ ਟੈਸਟ ਹੋਣਗੇ। ਸਮੁੱਚੇ ਰੂਪ 'ਚ ਦੇਖਿਆ ਜਾਵੇ ਤਾਂ ਬੀ.ਸੀ.ਸੀ.ਆਈ. ਦੇ ਸੰਚਾਲਕਾਂ ਨੇ ਮਾਮਲਾ ਇੰਨਾ ਕੁ ਗਰਮਾ ਕੇ 'ਨਾਡਾ' ਤੋਂ ਕ੍ਰਿਕਟਰਾਂ ਦੇ ਡੋਪ ਟੈਸਟ ਕਰਵਾਉਣੇ ਕਬੂਲੇ ਹਨ, ਜਿਸ ਨਾਲ ਖੇਡ ਪ੍ਰੇਮੀਆਂ ਨੂੰ ਜਾਪਣ ਲੱਗ ਪਿਆ ਹੈ ਕਿ ਕ੍ਰਿਕਟਰ ਸ਼ਾਇਦ ਡੋਪ ਹੀ ਨਾ ਕਰਦੇ ਹੋਣ, ਜਿਸ ਕਰਕੇ ਬੀ.ਸੀ.ਸੀ.ਆਈ. ਡੋਪ ਟੈਸਟਿੰਗ ਤੋਂ ਡਰੀ ਹੋਈ ਹੈ। ਦੇਖਿਆ ਜਾਵੇ ਤਾਂ ਇਸ ਮਾਮਲੇ 'ਚ ਕ੍ਰਿਕਟ ਸੰਚਾਲਕਾਂ ਦੀ ਨਲਾਇਕੀ ਜ਼ਿੰਮੇਵਾਰ ਹੈ।
ਹਾਲ ਹੀ ਵਿਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਲਈ ਚੁਣੀ ਗਈ ਭਾਰਤੀ ਔਰਤਾਂ ਦੀ ਟੀਮ 'ਚ ਵਿਸ਼ਵ ਚੈਂਪੀਅਨ ਤੇ ਉਲੰਪਿਕ ਤਗਮਾ ਜੇਤੂ ਐਮ.ਸੀ. ਮੈਰੀਕਾਮ ਦੀ ਚੋਣ ਨੂੰ ਉੱਭਰਦੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਚੁਣੌਤੀ ਦਿੱਤੀ ਹੈ। ਉਕਤ ਚੈਂਪੀਅਨਸ਼ਿਪ ਲਈ ਚੁਣੀ ਗਈ 10 ਮੈਂਬਰੀ ਟੀਮ ਦੇ 51 ਕਿਲੋ ਭਾਰ ਵਰਗ 'ਚ ਐਮ.ਸੀ. ਮੈਰੀਕਾਮ ਦੀ ਚੋਣ ਨੂੰ ਚੁਣੌਤੀ ਦਿੰਦਿਆਂ ਨਿਖਤ ਜ਼ਰੀਨ ਨੇ ਕਿਹਾ ਕਿ ਉਸ ਦੇ ਵੀ ਕੌਮੀ ਟੀਮ ਲਈ ਟਰਾਇਲ ਲਏ ਜਾਣ। ਨਿਖਤ ਨੇ ਬੀਤੇ ਵੀਰਵਾਰ ਕੌਮੀ ਟੀਮ ਦੇ ਟਰਾਇਲਾਂ ਵਾਲੀ ਥਾਂ 'ਤੇ ਪੁੱਜ ਕੇ ਅਤੇ ਉਸ ਦੀ ਮੈਰੀਕਾਮ ਵਾਲੇ ਭਾਰ ਵਰਗ 'ਚ ਦਾਅਵੇਦਾਰੀ ਪਰਖਣ ਲਈ ਚੋਣ ਕਰਤਾਵਾਂ ਨੂੰ ਬੇਨਤੀ ਕੀਤੀ ਪਰ ਚੋਣਕਰਤਾਵਾਂ ਨੇ ਉਸ ਦੀ ਅਰਜ਼ ਨਹੀਂ ਸੁਣੀ ਅਤੇ ਮੈਰੀਕਾਮ ਨੂੰ ਐਲਾਨੀ ਗਈ ਟੀਮ 'ਚ ਸ਼ਾਮਲ ਕਰ ਲਿਆ ਗਿਆ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਮੈਰੀਕਾਮ ਨੂੰ ਵਿਸ਼ਵ ਪੱਧਰ 'ਤੇ ਚੁਣੌਤੀ ਦੇਣ ਵਾਲੀ ਇਸ ਸਮੇਂ ਕੋਈ ਮੁੱਕੇਬਾਜ਼ ਨਜ਼ਰ ਨਹੀਂ ਆਉਂਦੀ ਪਰ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਵਲੋਂ ਟੀਮ ਦੀ ਚੋਣ ਸਮੇਂ ਸਾਰੀਆਂ ਖਿਡਾਰਨਾਂ ਲਈ ਇਕ ਵਿਧੀ-ਵਿਧਾਨ ਲਾਗੂ ਕਰਨਾ ਚਾਹੀਦਾ ਹੈ, ਜਿਸ ਕਾਰਨ ਬਿਨਾਂ ਵਜ੍ਹਾ ਵਿਵਾਦ ਨਹੀਂ ਪੈਦਾ ਹੋਣਗੇ। ਨਿਖਤ ਜ਼ਰੀਨ ਨੇ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਪ੍ਰਧਾਨ ਅਜੇ ਸਿੰਘ ਨੂੰ ਈ-ਮੇਲ ਰਾਹੀਂ ਆਪਣੇ ਨਾਲ ਹੋਈ ਵਧੀਕੀ ਬਾਰੇ ਸੂਚਿਤ ਕੀਤਾ ਹੈ ਅਤੇ ਉਨ੍ਹਾਂ ਦਾ ਜੁਆਬ ਮਿਲਣ ਤੋਂ ਬਾਅਦ ਅਗਲਾ ਕਦਮ ਚੁੱਕਣ ਬਾਰੇ ਵਿਚਾਰ ਕਰ ਰਹੀ ਹੈ। ਜਾਪਦਾ ਹੈ ਕਿ ਇਹ ਵਿਵਾਦ ਅਜੇ ਹੋਰ ਭਖੇਗਾ। ਉਪਰੋਕਤ ਤਿੰਨ ਘਟਨਾਵਾਂ ਤੋਂ ਸਾਬਤ ਹੋ ਜਾਂਦਾ ਹੈ ਕਿ ਭਾਰਤੀ ਖੇਡ ਸੰਚਾਲਕ ਬੇਵਜ੍ਹਾ ਵਿਵਾਦ ਪੈਦਾ ਕਰਕੇ, ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਨਾਲ-ਨਾਲ ਦੇਸ਼ ਨੂੰ ਬਦਨਾਮ ਕਰਦੇ ਹਨ। ਇਸ ਲਈ ਖੇਡ ਸੰਚਾਲਕਾਂ ਦੀ ਕਾਰਗੁਜ਼ਾਰੀ ਸਬੰਧੀ ਸਮੇਂ-ਸਮੇਂ ਸਿਰ ਜਾਂਚ ਹੁੰਦੀ ਰਹਿਣੀ ਚਾਹੀਦੀ ਹੈ।


-ਪਟਿਆਲਾ। ਮੋਬਾ: 97795-90575

ਖੇਡਾਂ ਦੀ ਸੱਚੀ-ਸੁੱਚੀ ਭਾਵਨਾ ਦਾ ਮਹੱਤਵ

ਜੀਵਨ ਵਿਚ ਖੇਡਾਂ ਦਾ ਮਹੱਤਵ ਕੌਣ ਨਹੀਂ ਜਾਣਦਾ? ਖੇਡਾਂ ਮਨ ਨੂੰ ਖੁਸ਼ੀ, ਚੰਗੀ ਸਿਹਤ ਅਤੇ ਸੁਹਿਰਦਤਾ ਦਿੰਦੀਆਂ ਹਨ। ਅੱਜਕਲ੍ਹ ਸਾਰੀਆਂ ਖੇਡਾਂ ਵਿਸ਼ਵ ਪੱਧਰ 'ਤੇ ਹੋਣ ਲੱਗ ਪਈਆਂ ਹਨ। ਵੱਖ-ਵੱਖ ਦੇਸ਼ ਹਿੱਸਾ ਲੈਂਦੇ ਹਨ, ਦੋਸਤ ਵੀ ਅਤੇ ਦੁਸ਼ਮਣ ਵੀ। ਪਰ ਸਾਰੇ ਦੇਸ਼ਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਖੇਡਾਂ ਉੱਤੇ ਸਿਆਸਤ ਅਤੇ ਨਫ਼ਰਤ ਦਾ ਪਰਛਾਵਾਂ ਨਾ ਪਵੇ, ਜਿਸ ਦਾ ਰੁਝਾਨ ਸਾਹਮਣੇ ਆਉਣ ਲੱਗ ਪਿਆ ਹੈ। ਖੇਡਾਂ ਕਿਸੇ ਕੌਮ ਦੇ ਵੱਕਾਰ ਦਾ ਸਵਾਲ ਨਹੀਂ ਹੁੰਦੀਆਂ। ਇਹ ਤਕਨੀਕ ਅਤੇ ਕਲਾ ਦੇ ਨਾਲ-ਨਾਲ ਜਿਸਮਾਨੀ, ਮਾਨਸਿਕ ਅਤੇ ਰੂਹਾਨੀ ਸ਼ਕਤੀ ਦਾ ਸੁਮੇਲ ਹੁੰਦੀਆਂ ਹਨ। ਆਧੁਨਿਕ ਉਲੰੰਪਿਕ ਖੇਡਾਂ ਦੇ ਬਾਨੀ ਕੂਬੇਰਤਿਨ ਨੇ ਠੀਕ ਹੀ ਕਿਹਾ ਸੀ, 'ਜੀਵਨ ਵਿਚ ਜ਼ਰੂਰੀ ਗੱਲ ਜਿੱਤਣਾ ਨਹੀਂ, ਬਲਕਿ ਵਧੀਆ ਸੰਘਰਸ਼ ਕਰਨਾ ਹੈ।'
ਇਸ ਦੀ ਇਕ ਸੁਨਹਿਰੀ ਉਦਾਹਰਨ ਸੰਨ 1936 ਵਿਚ ਜਰਮਨੀ ਦੇ ਸ਼ਹਿਰ ਬਰਲਿਨ ਵਿਚ ਹੋਈਆਂ ਉਲੰਪਿਕ ਖੇਡਾਂ ਵਿਚੋਂ ਮਿਲਦੀ ਹੈ। ਉਸ ਸਮੇਂ ਹਿਟਲਰ ਦਾ ਬੋਲਬਾਲਾ ਸੀ। ਪਹਿਲੀ ਵਿਸ਼ਵ ਜੰਗ (1914-1918) ਵਿਚ ਜਰਮਨੀ ਦੀ ਹਾਰ ਤੋਂ ਬਾਅਦ ਹਿਟਲਰ ਨੇ ਆਪਣੇ ਸਾਰੇ ਦੇਸ਼ਵਾਸੀਆਂ ਵਿਚ ਰਾਸ਼ਟਰਵਾਦ ਅਤੇ ਆਰੀਆ ਨਸਲ ਦੀ ਸਰਵਸ੍ਰੇਸ਼ਟਤਾ ਦਾ ਵਿਚਾਰ ਕੁੱਟ-ਕੁੱਟ ਕੇ ਭਰ ਦਿੱਤਾ ਸੀ। ਦੂਜੀਆਂ ਸਾਰੀਆਂ ਨਸਲਾਂ ਅਤੇ ਦੇਸ਼ਾਂ ਪ੍ਰਤੀ ਨਫ਼ਰਤ ਸਿਖ਼ਰ ਉੱਤੇ ਸੀ। ਇਸ ਦੇ ਨਤੀਜੇ ਵਜੋਂ ਬਾਅਦ ਵਿਚ ਦੂਜੇ ਵਿਸ਼ਵ ਯੁੱਧ (1939-1945) ਦੌਰਾਨ ਹਿਟਲਰ ਦੀ ਨਾਜ਼ੀ ਪਾਰਟੀ ਨੇ 60 ਲੱਖ ਤੋਂ ਵੱਧ ਬੇਕਸੂਰ ਆਦਮੀ, ਔਰਤਾਂ ਅਤੇ ਬੱਚਿਆਂ ਨੂੰ ਸਿਰਫ਼ ਇਸ ਲਈ ਗੈਸ ਚੈਂਬਰਾਂ ਵਿਚ ਮਾਰ ਦਿੱਤਾ ਸੀ ਕਿ ਉਹ ਯਹੂਦੀ, ਰੋਮਾਨੀ, ਟੱਪਰੀਵਾਸ ਜਾਂ ਹੋਰ 'ਘਟੀਆ' ਨਸਲਾਂ ਦੇ ਸਨ।
ਹਿਟਲਰ ਚਾਹੁੰਦਾ ਸੀ ਕਿ ਬਰਲਿਨ ਉਲੰੰਪਿਕਸ ਵਿਚ ਜਰਮਨੀ ਦੇ ਖਿਡਾਰੀ ਸਭ ਤੋਂ ਵੱਧ ਤਗਮੇ ਜਿੱਤਣ, ਤਾਂ ਕਿ ਉਸ ਦੇ ਆਰੀਆ ਨਸਲ ਬਾਰੇ ਵਿਚਾਰਾਂ ਦੀ ਪੁਸ਼ਟੀ ਹੋ ਸਕੇ। ਇਨ੍ਹਾਂ ਖੇਡਾਂ ਦੀ ਤਿਆਰੀ ਜੰਗੀ ਪੱਧਰ 'ਤੇ ਕੀਤੀ ਗਈ ਸੀ ਅਤੇ ਖਾਸ ਮੁਕਾਬਲਿਆਂ ਸਮੇਂ ਉਹ ਆਪ ਸਟੇਡੀਅਮ ਵਿਚ ਹਾਜ਼ਰ ਰਹਿੰਦਾ ਸੀ।
ਲੰਬੀ ਛਾਲ ਦਾ ਸੋਨੇ ਦਾ ਤਗਮਾ ਜਿੱਤਣ ਲਈ ਹਿਟਲਰ ਨੇ ਇਕ ਅਗਿਆਤ, ਪ੍ਰਤਿਭਾਸ਼ਾਲੀ ਨੌਜਵਾਨ ਅਥਲੀਟ ਲੁਜ਼ ਲੌਂਗ ਨੂੰ ਗੁਪਤ ਰੱਖ ਕੇ ਤਿਆਰ ਕਰਵਾਇਆ ਸੀ। ਉਸ ਦੀ ਛਾਲ ਪਿਛਲੀਆਂ ਖੇਡਾਂ ਦੇ ਰਿਕਾਰਡ ਤੋਂ ਜ਼ਿਆਦਾ ਸੀ। ਸਾਰੀ ਦੁਨੀਆ ਸਮਝਦੀ ਸੀ ਕਿ ਇਹ ਤਗਮਾ ਅਮਰੀਕਾ ਦਾ ਮਹਾਨ ਹਬਸ਼ੀ ਅਥਲੀਟ ਜੈਸੀ ਓਅਨਜ਼ ਜਿੱਤੇਗਾ, ਜਦ ਕਿ ਹਿਟਲਰ ਦੇ ਮਨ ਵਿਚ ਲੱਡੂ ਫੁੱਟ ਰਹੇ ਸਨ।
ਅਸਲੀ ਮੁਕਾਬਲੇ ਤੋਂ ਪਹਿਲਾਂ ਟਰਾਇਲ ਹੋਏ। ਅੰਤਿਮ ਮੁਕਾਬਲੇ ਵਿਚ ਭਾਗ ਲੈਣ ਲਈ ਇਕ ਨਿਸਚਿਤ ਦੂਰੀ ਤੱਕ ਛਾਲ ਲਾਉਣੀ ਜ਼ਰੂਰੀ ਹੁੰਦੀ ਹੈ। ਲੁਜ਼ ਲੌਂਗ ਨੇ ਪਹਿਲੀ ਛਾਲ ਹੀ 26 ਫ਼ੁੱਟ ਦੀ ਮਾਰੀ ਅਤੇ ਕੁਆਲੀਫ਼ਾਈ ਕਰ ਲਿਆ। ਜੈਸੀ ਓਅਨਜ਼ ਹੱਕਾਬੱਕਾ ਰਹਿ ਗਿਆ। ਆਖ਼ਰ ਇਹ ਅਥਲੀਟ ਕਿੱਥੋਂ ਨਿਕਲ ਆਇਆ! ਹਿਟਲਰ ਦੇ ਨਸਲਵਾਦ ਅਤੇ ਲੁਕੋ ਕੇ ਤਿਆਰ ਕੀਤੇ ਇਸ ਅਥਲੀਟ ਬਾਰੇ ਓਅਨਜ਼ ਦਾ ਪਾਰਾ ਚੜ੍ਹ ਗਿਆ। ਉਸ ਨੇ ਹਿਟਲਰ ਨੂੰ ਗਲਤ ਸਿੱਧ ਕਰਨ ਦੀ ਪੱਕੀ ਠਾਣ ਲਈ।
ਜਿਵੇਂ ਹਰ ਖੇਤਰ ਵਿਚ ਹੁੰਦਾ ਹੈ, ਗੁੱਸੇ ਵਿਚ ਆ ਕੇ ਜੈਸੀ ਓਅਨਜ਼ ਵੀ ਗਲਤੀਆਂ ਕਰਨ ਲੱਗ ਪਿਆ। ਗੁੱਸੇ ਅਤੇ ਘਬਰਾਹਟ ਦੇ ਕਾਰਨ ਉਹ ਪਹਿਲੀਆਂ ਦੋ ਛਾਲਾਂ ਵਿਚ ਫ਼ਾਊਲ ਹੋ ਗਿਆ। ਉਸ ਦਾ ਪੈਰ ਛਾਲ ਚੁੱਕਣ ਵਾਲੇ ਫੱਟੇ ਤੋਂ ਥੋੜ੍ਹਾ ਅੱਗੇ ਚਲਾ ਜਾਂਦਾ ਸੀ। ਬਸ ਇਕ ਮੌਕਾ ਹੋਰ ਮਿਲਣਾ ਸੀ। ਘਬਰਾਹਟ ਹੋਰ ਵਧ ਗਈ। ਜੇ ਉਹ ਛਾਲ ਵੀ ਫ਼ਾਊਲ ਹੋ ਜਾਂਦੀ ਜਾਂ ਘੱਟ ਰਹਿ ਜਾਂਦੀ ਤਾਂ ਕਈ ਸਾਲਾਂ ਦੀ ਮਿਹਨਤ 'ਤੇ ਪਾਣੀ ਫਿਰ ਜਾਣਾ ਸੀ ਅਤੇ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿਣਾ ਸੀ।
ਆਪਣੀ ਵਾਰੀ ਦੀ ਉਡੀਕ ਵਿਚ ਉਹ ਗੁੱਸੇ ਨਾਲ ਜ਼ਮੀਨ ਨੂੰ ਠੁੱਡੇ ਮਾਰ ਰਿਹਾ ਸੀ, ਜਦੋਂ ਇਕ ਹੱਥ ਪਿੱਛੋਂ ਪਿਆਰ ਨਾਲ ਉਸ ਦੇ ਮੋਢੇ 'ਤੇ ਟਿਕਿਆ। ਉਸ ਨੇ ਮੁੜ ਕੇ ਵੇਖਿਆ ਤਾਂ ਸਾਹਮਣੇ ਲੁਜ਼ ਲੌਂਗ ਖੜ੍ਹਾ ਸੀ-ਲੰਬਾ, ਪਤਲਾ, ਬਿੱਲੀਆਂ ਅੱਖਾਂ, ਭੂਰੇ ਵਾਲ, ਗੋਰਾ ਨਿਸ਼ੋਹ। ਉਹ ਹਿਟਲਰ ਦੇ ਨਸਲਵਾਦ ਦਾ ਜਿਊਂਦਾ-ਜਾਗਦਾ ਮੁਜੱਸਮਾ ਜਾਪਦਾ ਸੀ। ਉਸ ਨੇ ਓਅਨਜ਼ ਨਾਲ ਘੁੱਟ ਕੇ ਹੱਥ ਮਿਲਾਇਆ ਅਤੇ ਕਿਹਾ, 'ਤੈਨੂੰ ਕੀ ਹੋ ਗਿਆ? ਕੋਈ ਗੱਲ ਤੈਨੂੰ ਅੰਦਰੋ-ਅੰਦਰੀ ਖਾ ਰਹੀ ਹੈ। ਤੂੰ ਛਾਲ ਚੁੱਕਣ ਵਾਲੇ ਫੱਟੇ ਤੋਂ ਇਕ ਫ਼ੁੱਟ ਪਿੱਛੋਂ ਵੀ ਛਾਲ ਚੁੱਕੇਂ ਤਾਂ ਅੱਖਾਂ ਮੀਚ ਕੇ ਕੁਆਲੀਫ਼ਾਈ ਕਰ ਸਕਦਾ ਹੈਂ। ਹੁਣ ਫ਼ਸਟ ਨਾ ਵੀ ਆਇਆ ਤਾਂ ਕੀ ਹੈ?' ਲੁਜ਼ ਦੀ ਖੁੱਲ੍ਹਦਿਲੀ ਅਤੇ ਹਮਦਰਦੀ ਨਾਲ ਓਅਨਜ਼ ਦਾ ਸਾਰਾ ਗੁੱਸਾ ਅਤੇ ਘਬਰਾਹਟ ਇਕਦਮ ਕਫ਼ੂਰ ਹੋ ਗਏ। ਉਸ ਨੇ ਤੀਜੀ ਛਾਲ ਖਾਸੀ ਪਿੱਛੋਂ ਹੀ ਚੁੱਕੀ ਅਤੇ ਆਸਾਨੀ ਨਾਲ ਕੁਆਲੀਫ਼ਾਈ ਕਰ ਲਿਆ।
ਉਸ ਦਿਨ ਪਿਛਲੇ ਪਹਿਰ ਹੋਏ ਫ਼ਾਈਨਲ ਮੁਕਾਬਲੇ ਵਿਚ ਕੁਦਰਤੀ ਤੌਰ 'ਤੇ ਦੋਵਾਂ ਅਥਲੀਟਾਂ ਨੇ ਸੋਨੇ ਦਾ ਤਗਮਾ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਲੁਜ਼ ਲੌਂਗ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਲੰਬੀ ਛਾਲ ਲਗਾਈ, ਪਰ ਓਅਨਜ਼ ਉਸ ਤੋਂ ਵੱਧ ਛਾਲ ਮਾਰ ਕੇ ਸੋਨੇ ਦਾ ਤਗਮਾ ਜਿੱਤ ਗਿਆ। ਲੁਜ਼ ਲੌਂਗ ਨੇ ਸੁਹਿਰਦ ਮੁਸਕਰਾਹਟ ਅਤੇ ਗਰਮਜੋਸ਼ੀ ਨਾਲ ਜੈਸੀ ਓਅਨਜ਼ ਦਾ ਹੱਥ ਘੁੱਟ ਕੇ ਵਧਾਈ ਦਿੱਤੀ ਅਤੇ ਉਸ ਨਾਲ ਫ਼ੋਟੋ ਖਿਚਵਾਏ। ਸੌ ਕੁ ਗਜ਼ ਦੂਰ ਬੈਠਾ ਹਿਟਲਰ ਅੱਗ ਬਬੂਲਾ ਹੋ ਉੱਠਿਆ। ਲੁਜ਼ ਨੇ ਉਸ ਵੱਲ ਵੇਖਿਆ, ਪਰ ਬਿਲਕੁਲ ਪ੍ਰਵਾਹ ਨਾ ਕੀਤੀ।
ਧੰਨਵਾਦ ਕਰਨ ਲਈ ਜੈਸੀ ਓਅਨਜ਼ ਉਸ ਰਾਤ ਲੁਜ਼ ਲੌਂਗ ਦੇ ਕਮਰੇ ਵਿਚ ਗਿਆ। ਉਹ ਦੋ ਘੰਟੇ ਗੱਲਾਂ ਕਰਦੇ ਰਹੇ। ਲੁਜ਼ ਲੌਂਗ ਨੂੰ ਹਿਟਲਰ ਦੇ ਨਸਲਵਾਦ ਵਿਚ ਵਿਸ਼ਵਾਸ ਨਹੀਂ ਸੀ ਅਤੇ ਨਾ ਹੀ ਉਹ ਉਸ ਤੋਂ ਡਰਦਾ ਸੀ। ਦੋਹਾਂ ਵਿਚਕਾਰ ਡੂੰਘੀ ਦੋਸਤੀ ਹੋ ਗਈ, ਜੋ ਪਰਿਵਾਰਕ ਸਬੰਧਾਂ ਵਿਚ ਬਦਲ ਗਈ ਅਤੇ ਹਮੇਸ਼ਾ ਰਹੀ। ਜੈਸੀ ਓਅਨਜ਼ ਉਸ ਦੋਸਤੀ ਨੂੰ ਆਪਣੇ ਸਾਰੀ ਉਮਰ ਵਿਚ ਜਿੱਤੇ ਤਗਮਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਦਾ ਸੀ।
ਇਹ ਹੈ ਖੇਡਾਂ ਦੀ ਸੱਚੀ-ਸੁੱਚੀ ਭਾਵਨਾ। ਰਿਕਾਰਡ ਬਣਦੇ ਅਤੇ ਟੁੱਟਦੇ ਰਹਿੰਦੇ ਹਨ, ਪਰ ਇਹ ਭਾਵਨਾ ਅਮਰ ਰਹਿੰਦੀ ਹੈ। ਬਦਕਿਸਮਤੀ ਨਾਲ ਲੁਜ਼ ਲੌਂਗ ਦੂਜੇ ਵਿਸ਼ਵ ਯੁੱਧ ਵਿਚ ਲੜਦਾ ਹੋਇਆ 1943 ਵਿਚ 30 ਸਾਲ ਦੀ ਉਮਰ ਵਿਚ ਮਾਰਿਆ ਗਿਆ, ਪਰ ਇਹ ਘਟਨਾ ਖੇਡਾਂ ਦੇ ਇਤਿਹਾਸ ਵਿਚ ਅਮਰ ਹੋ ਗਈ।


-305, ਮਾਡਲ ਟਾਊਨ (ਫੇਜ਼-1), ਬਠਿੰਡਾ-151001. ਮੋਬਾ: 98149-41214

ਕੌਮਾਂਤਰੀ ਦੌੜਾਕ ਨਰਾਇਣ ਠਾਕਰ ਦਿੱਲੀ

'ਬਹੁਤ ਫਰਕ ਹੈ ਔਰੋਂ ਔਰ ਹਮਾਰੀ ਤਾਲੀਮ ਮੇਂ, ਲੋਗੋਂ ਨੇ ਉਸਤਾਦੋਂ ਸੇ ਸੀਖਾ ਮੈਨੇ ਅਪਨੇ ਹਾਲਾਤੋਂ ਸੇ।' ਮੈਂ ਗੱਲ ਕਰ ਰਿਹਾ ਹਾਂ ਦੇਸ਼ ਦੇ ਮਹਾਨ ਖਿਡਾਰੀ ਨਰਾਇਣ ਠਾਕਰ ਦੀ, ਜੋ ਇਕ ਵੱਡੇ ਸੰਘਰਸ਼ ਦੀ ਦਾਸਤਾਨ ਹੈ, ਜਿਸ ਨੇ ਅੰਤਾਂ ਦੀ ਗਰੀਬੀ ਹੋਣ ਦੇ ਬਾਵਜੂਦ ਜ਼ਿੰਦਗੀ ਵਿਚ ਕਦੇ ਹਾਰ ਨਹੀਂ ਮੰਨੀ, ਸਗੋਂ ਆਪਣੇ ਮਜ਼ਬੂਤ ਇਰਾਦੇ, ਬੁਲੰਦ ਹੌਸਲੇ ਨਾਲ ਗਰੀਬੀ ਨਾਲ ਐਸਾ ਦੋ-ਚਾਰ ਹੋਇਆ ਕਿ ਅੱਜ ਨਰਾਇਣ ਠਾਕਰ ਹਰ ਭਾਰਤੀ ਦੇ ਦਿਲ ਵਿਚ ਵਸਦਾ ਹੈ। ਨਰਾਇਣ ਠਾਕਰ ਦਾ ਪਰਿਵਾਰ ਬਿਹਾਰ ਪ੍ਰਾਂਤ ਨਾਲ ਸਬੰਧ ਰੱਖਦਾ ਹੈ ਪਰ ਪੇਟ ਦੀਆਂ ਮਜਬੂਰੀਆਂ ਦਿੱਲੀ ਵਰਗੇ ਮਹਾਂਨਗਰ ਲੈ ਆਈਆਂ ਅਤੇ ਅੱਜ ਉਹ ਦਿੱਲੀ ਦੇ ਹੋ ਕੇ ਹੀ ਰਹਿ ਗਏ ਹਨ। ਨਰਾਇਣ ਠਾਕਰ ਦਾ ਜਨਮ 2 ਫਰਵਰੀ, 1990 ਵਿਚ ਪਿਤਾ ਮਨੋਜ ਠਾਕਰ ਦੇ ਘਰ ਮਾਤਾ ਰੀਤਾ ਦੇਵੀ ਦੀ ਕੁੱਖੋਂ ਬਾਦਲੀ ਰਾਜ ਵਿਹਾਰ ਦਿੱਲੀ ਵਿਚ ਹੋਇਆ। ਨਰਾਇਣ ਠਾਕਰ ਨੇ ਜਦ ਜਨਮ ਲਿਆ ਤਾਂ ਪਤਾ ਲੱਗਾ ਕਿ ਉਹ ਪੈਰਾ ਪਲੈਜਿਕ ਦੀ ਬਿਮਾਰੀ ਤੋਂ ਪੀੜਤ ਸੀ ਯਾਨਿ ਉਸ ਦਾ ਹੇਠਲਾ ਹਿੱਸਾ ਬਿਲਕੁਲ ਹੀ ਸੁੰਨ ਸੀ। ਪਿਤਾ ਦਾਣੇ ਦੀ ਫੈਕਟਰੀ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਬੱਚੇ ਨੇ ਜਨਮ ਲਿਆ ਤਾਂ ਘਰ ਆਈਆਂ ਖੁਸ਼ੀਆਂ ਵੀ ਗਮ ਵਿਚ ਬਦਲ ਗਈਆਂ ਅਤੇ ਗਰੀਬ ਪਿਤਾ ਆਪਣੇ ਬੱਚੇ ਦੇ ਇਲਾਜ ਵਾਸਤੇ ਦਰ-ਬ-ਦਰ ਭਟਕਣ ਲੱਗਿਆ ਪਰ ਕੋਈ ਇਲਾਜ ਨਾ ਹੋਇਆ ਅਤੇ ਨਰਾਇਣ ਠਾਕਰ ਸਾਰੀ ਉਮਰ ਅਪਾਹਜਾਂ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਗਿਆ ਅਤੇ ਹੋਰ ਕੋਈ ਚਾਰਾ ਵੀ ਨਹੀਂ ਸੀ। ਬਾਪ ਇਕ ਪਾਸੇ ਘਰ ਦੀ ਰੋਜ਼ੀ-ਰੋਟੀ ਲਈ ਦੋ-ਚਾਰ ਹੁੰਦਾ, ਦੂਜੇ ਪਾਸੇ ਹਰ ਵਕਤ ਅਪਾਹਜ ਬੇਟੇ ਦੀ ਚਿੰਤਾ ਮਨ ਨੂੰ ਅੰਦਰੋ-ਅੰਦਰ ਖਾਈ ਜਾਂਦੀ।
ਉਹ ਘਬਰਾਇਆ ਨਹੀਂ ਅਤੇ ਉਸ ਨੇ ਸਰਕਾਰੀ ਬੱਸਾਂ ਨੂੰ ਅੰਦਰੋਂ ਸਾਫ ਕਰਨ ਦੀ ਨੌਕਰੀ ਕਰ ਲਈ ਅਤੇ ਡੇਢ ਸਾਲ ਬੱਸਾਂ ਦੀ ਸਫਾਈ ਕਰਦਾ ਰਿਹਾ, ਨਾਲ ਹੀ ਉਸ ਨੇ ਨੇੜੇ ਲਗਦੇ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਜਾਣਾ ਸ਼ੁਰੂ ਕਰ ਦਿੱਤਾ, ਜਿੱਥੇ ਉਸ ਦੀ ਮੁਲਾਕਾਤ ਕੋਚ ਅਮਿਤ ਖੰਨਾ ਨਾਲ ਹੋਈ ਅਤੇ ਉਸ ਨੇ ਨਰਾਇਣ ਨੂੰ ਪੈਰਾ ਖੇਡਾਂ ਵਿਚ ਤਰਾਸ਼ਣਾ ਸ਼ੁਰੂ ਕੀਤਾ। ਸਾਲ 2015 ਵਿਚ ਦਿੱਲੀ ਵਿਚ ਹੋਈਆਂ ਪੈਰਾ ਨੈਸ਼ਨਲ ਖੇਡਾਂ ਵਿਚ ਨਰਾਇਣ ਠਾਕਰ ਨੇ 200 ਮੀਟਰ ਦੌੜ ਅਤੇ ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤਿਆ। ਸਾਲ 2015 ਵਿਚ ਗਾਜ਼ੀਆਬਾਦ ਵਿਚ ਹੋਈ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਵਿਚ ਉਸ ਨੇ ਭਾਗ ਲਿਆ, ਜਿਥੇ ਉਸ ਨੇ ਤੀਸਰਾ ਸਥਾਨ ਹਾਸਲ ਕੀਤਾ। ਸਾਲ 2016 ਵਿਚ ਉਸ ਨੇ ਪੰਚਕੂਲਾ ਵਿਖੇ ਹੋਈਆਂ ਸੂਬਾ ਪੱਧਰੀ ਖੇਡਾਂ ਵਿਚ 100 ਮੀਟਰ ਅਤੇ 200 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ ਅਤੇ ਨਰਾਇਣ ਠਾਕਰ ਦਾ ਹੌਸਲਾ ਵਧਦਾ ਹੀ ਗਿਆ ਅਤੇ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਛੇਤੀ ਹੀ ਉਹ ਨੈਸ਼ਨਲ ਪੱਧਰ 'ਤੇ ਜਿੱਤਾਂ ਦਰਜ ਕਰਦਾ ਰਿਹਾ। ਸਾਲ 2018 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਚ ਹੋਣ ਵਾਲੀਆਂ ਪੈਰਾ ਏਸ਼ੀਅਨ ਖੇਡਾਂ ਦੇ ਟਰਾਇਲ ਹੋਏ, ਜਿੱਥੇ ਨਰਾਇਣ ਨੇ ਕੁਆਲੀਫਾਈ ਕਰ ਲਿਆ ਅਤੇ ਏਸ਼ੀਅਨ ਖੇਡਾਂ ਵਿਚ ਨਰਾਇਣ ਠਾਕਰ ਨੇ 100 ਮੀਟਰ ਫਰਾਟਾ ਦੌੜ ਵਿਚ ਏਸ਼ੀਆ ਦੇ ਸਾਰੇ ਖਿਡਾਰੀਆਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤ ਕੇ ਪੂਰੇ ਭਾਰਤ ਦਾ ਨਾਂਅ ਹੀ ਨਹੀਂ ਚਮਕਾਇਆ, ਸਗੋਂ ਆਪਣੇ ਸੁਪਨੇ ਨੂੰ ਵੀ ਸੱਚ ਕਰ ਵਿਖਾਇਆ।
ਅੱਜਕਲ੍ਹ ਨਰਾਇਣ ਠਾਕਰ ਸਾਲ 2020 ਵਿਚ ਟੋਕੀਓ ਵਿਖੇ ਹੋ ਰਹੀਆਂ ਪੈਰਾ-ਉਲੰਪਿਕ ਅਤੇ ਆਉਣ ਵਾਲੀਆਂ ਏਸ਼ਿਆਈ ਖੇਡਾਂ ਦੀ ਤਿਆਰੀ ਵਿਚ ਦਿਨ-ਰਾਤ ਇਕ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਨਰਾਇਣ ਫਿਰ ਭਾਰਤ ਦੀ ਸ਼ਾਨ ਬਣੇਗਾ।


ਮੋਬਾ: 98551-14484

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX