ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਬ੍ਰਹਿਮੰਡ ਦੇ ਭੇਤ: ਤਾਰਿਆਂ ਦਾ ਜਨਮ, ਜੀਵਨ ਅਤੇ ਮੌਤ

ਸਟਾਰ ਹੋਣਾ ਆਪਣੇ-ਆਪ ਵਿਚ ਹੀ ਬਹੁਤ ਵੱਡੀ ਗੱਲ ਹੈ | ਹਰ ਕੋਈ ਬੰਦਾ ਆਪੋ-ਆਪਣੇ ਖੇਤਰ ਵਿਚ ਸਟਾਰ ਬਣਨਾ ਲੋਚਦਾ ਹੈ | ਸਟਾਰ ਕਿਵੇਂ ਪੈਦਾ ਹੁੰਦਾ ਹੈ, ਤੇ ਕਿਵੇਂ ਵਿਚਰਦਾ ਹੈ, ਇਹ ਗੱਲ ਜਾਨਣ ਲਈ ਸਾਨੂੰ ਤਾਰਿਆਂ ਬਾਰੇ ਸਮਝਣ ਦੀ ਬਹੁਤ ਜ਼ਰੂਰਤ ਹੈ | ਕੋਈ ਸਮਾਂ ਸੀ ਜਦੋਂ ਮਨੁੱਖ ਕੁਦਰਤ ਨਾਲ ਬਹੁਤ ਨੇੜਿਓਾ ਜੁੜਿਆ ਹੋਇਆ ਸੀ | ਉਹ ਰਾਤ ਸਮੇਂ ਤਾਰਿਆਂ ਨੂੰ ਬੜੀ ਨੀਝ ਨਾਲ ਵੇਖਦਾ ਸੀ | ਲੋਕ ਤਾਰਿਆਂ ਤੋਂ ਵਕਤ ਦਾ, ਰੁੱਤਾਂ ਦਾ ਅਤੇ ਰਸਤਿਆਂ ਦਾ ਅੰਦਾਜ਼ਾ ਲਾਉਂਦੇ ਸਨ | ਤਿੰਗੜ ਤਾਰੇ, ਖਿੱਤੀਆਂ, ਧਰੂ ਤਾਰਾ, ਸਪਤ ਰਿਸ਼ੀ ਜਾਂ ਮੰਜੀ ਬਾਰੇ ਹਰ ਕਿਸੇ ਨੂੰ ਪਤਾ ਹੁੰਦਾ ਸੀ | ਸਵੇਰ ਦਾ ਤਾਰਾ ਤੇ ਆਥਣ ਦਾ ਤਾਰਾ ਬੜੀ ਅਹਿਮੀਅਤ ਰੱਖਦੇ ਸਨ | ਉਦੋਂ ਲੋਕ ਕੋਠਿਆਂ, ਵਿਹੜਿਆਂ ਵਿਚ ਖੁੱਲ੍ਹੇ ਆਕਾਸ਼ ਹੇਠ ਸੌਾਦੇ ਸਨ ਅਤੇ ਤਾਰਿਆਂ ਵਿਚ ਬਹੁਤ ਦਿਲਚਸਪੀ ਰੱਖਦੇ ਸਨ |
ਜਿਉਂ-ਜਿਉਂ ਵਿਗਿਆਨ ਨੇ ਤਰੱਕੀ ਕੀਤੀ, ਮਨੁੱਖ ਕੁਦਰਤ ਦੀ ਗੋਦ ਛੱਡ ਕੇ ਕੰਧਾਂ ਦਾ ਕੈਦੀ ਹੋ ਗਿਆ | ਰੌਸ਼ਨੀ ਪ੍ਰਦੂਸ਼ਣ ਨੇ ਤਾਰਿਆਂ ਭਰੇ ਆਕਾਸ਼ ਦੀ ਆਭਾ ਫਿੱਕੀ ਪਾ ਦਿੱਤੀ | ਤਾਰਾ ਵਿਗਿਆਨ ਸਿਰਫ ਕਿਤਾਬਾਂ ਤੱਕ ਸੀਮਿਤ ਹੋ ਕੇ ਰਹਿ ਗਿਆ | ਪਰ ਅਜਿਹਾ ਵੀ ਨਹੀਂ ਹੈ ਕਿ ਮੋਤੀਆਂ ਭਰੇ ਥਾਲ ਰੂਪੀ ਗਗਨ ਬਾਰੇ ਕੋਈ ਜਾਨਣਾ ਹੀ ਨਹੀਂ ਚਾਹੁੰਦਾ | ਅੱਜ ਵੀ ਉਸੇ ਤਰ੍ਹਾਂ ਤਾਰੇ ਜੰਮਦੇ, ਮਰਦੇ, ਟੁੱਟਦੇ, ਬਿਖਰਦੇ ਅਤੇ ਵਿਚਰਦੇ ਹਨ | ਹੁਣ ਵੀ ਬੋਦੀ ਵਾਲੇ ਤਾਰੇ ਚੜ੍ਹਦੇ ਹਨ, ਪਰ ਇਨ੍ਹਾਂ ਨੂੰ ਜਾਨਣ ਤੇ ਸਮਝਣ ਵਾਲੇ ਬਹੁਤ ਘਟ ਗਏ ਹਨ |
ਰਾਤ ਦੇ ਹਨੇਰੇ ਵਿਚ ਜ਼ਰਾ ਆਕਾਸ਼ ਵੱਲ ਮੂੰਹ ਕਰਕੇ ਤੱਕੋ, ਅਰਬਾਂ-ਖਰਬਾਂ ਤਾਰੇ, ਤੁਹਾਨੂੰ ਅੱਜ ਵੀ ਵਿਖਾਈ ਦਿੰਦੇ ਹਨ | ਕੀ ਅਸੀਂ ਕਦੇ ਸੋਚਿਆ ਹੈ ਕਿ ਇਹ ਨਿੱਕੇ-ਨਿੱਕੇ ਚਮਕਦੇ ਬਿੰਦੂ ਜਿਹੇ ਸਾਡੀ ਧਰਤੀ ਤੋਂ ਵੀ ਹਜ਼ਾਰਾਂ ਗੁਣਾਂ ਵੱਡੇ ਅਤੇ ਬਹੁਤ ਪ੍ਰਭਾਵਸ਼ਾਲੀ ਹਨ | ਕਿੱਥੋਂ ਆਏ ਹਨ, ਇਹ ਇੰਨੇ ਸਾਰੇ ਤਾਰੇ? ਕੀ ਤੁਹਾਨੂੰ ਪਤਾ ਹੈ? ਇਕ ਤਾਰੇ ਦਾ ਜਨਮ ਕਿਵੇਂ ਹੁੰਦਾ ਹੈ? ਤੇ ਤਾਰਾ ਕਿਵੇਂ ਆਪਣਾ ਜੀਵਨ ਭੋਗ ਕੇ ਮਰਦਾ ਹੈ? ਕੀ ਤੁਸੀਂ ਜਾਣਦੇ ਹੋ ਕਿ ਤਾਰਿਆਂ ਦੇ ਵੀ ਕਿਰਦਾਰ ਅਤੇ ਪਰਿਵਾਰ ਹੁੰਦੇ ਹਨ? ਤੇ ਇਹ ਵੀ ਮਨੁੱਖਾਂ ਵਾਂਗ ਝੁੰਡ ਬਣਾ ਕੇ ਰਹਿੰਦੇ ਹਨ |
ਸਾਡੇ ਬ੍ਰਹਿਮੰਡ ਵਿਚ ਲੱਖਾਂ ਗਲੈਕਸੀਆਂ ਹਨ ਅਤੇ ਹਰ ਗਲੈਕਸੀ ਵਿਚ ਅਰਬਾਂ-ਖਰਬਾਂ ਤਾਰੇ ਹਨ | ਬਿਲਕੁਲ ਉਸੇ ਤਰ੍ਹਾਂ ਹੀ, ਜਿਵੇਂ ਕਿਸੇ ਦੇਸ਼ ਵਿਚ ਕਰੋੜਾਂ ਲੋਕ ਵੱਸਦੇ ਹਨ | ਅੱਗੋਂ ਇਨ੍ਹਾਂ ਤਾਰਿਆਂ ਦੇ ਗ੍ਰਹਿ ਤੇ ਉੱਪ ਗ੍ਰਹਿ, ਬਿਲਕੁਲ ਉਸੇ ਤਰ੍ਹਾਂ ਇਨ੍ਹਾਂ ਦੀ ਪਰਿਕਰਮਾ ਕਰਦੇ ਹਨ, ਜਿਵੇਂ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੁਆਲੇ ਚਾਪਲੂਸ ਲੋਕ ਘੁੰਮਦੇ ਹਨ | ਜਿਵੇਂ ਮਨੁੱਖ ਜੰਮਦਾ, ਜੀਵਨ ਬਤੀਤ ਕਰਦਾ ਤੇ ਉਮਰ ਹੰਢਾ ਕੇ ਮਰ ਜਾਂਦਾ ਹੈ, ਇਹੋ ਹੋਣੀ ਤਾਰਿਆਂ ਦੀ ਵੀ ਹੈ | ਕੋਈ ਵੀ ਕਾਲ ਤੋਂ ਬਾਹਰ ਨਹੀਂ ਹੈ | ਤਾਰਿਆਂ ਦੇ ਇਸ ਅਦਭੁੱਤ ਕਿਰਦਾਰ ਕਾਰਨ ਹੀ, ਮਸ਼ਹੂਰ ਵਿਅਕਤੀਆਂ ਦੀ ਤੁਲਨਾ ਇਨ੍ਹਾਂ ਨਾਲ ਕੀਤੀ ਜਾਂਦੀ ਹੈ ਤੇ ਉਹ ਆਪਣੇ-ਆਪ ਨੂੰ ਸਟਾਰ ਕਹਾ ਕੇ ਖੁਸ਼ ਹੁੰਦੇ ਹਨ | ਆਓ! ਹੁਣ ਜਾਣਦੇ ਹਾਂ ਕਿ ਇਕ ਸਟਾਰ ਕਿਵੇਂ ਜਨਮ ਲੈਂਦਾ ਹੈ ਅਤੇ ਪ੍ਰਕਾਸ਼ਮਾਨ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ |
ਸਾਡਾ ਆਲਾ-ਦੁਆਲਾ ਜਾਂ ਪੂਰਾ ਬ੍ਰਹਿਮੰਡ ਹੀ ਗੈਸਾਂ, ਮਿੱਟੀ-ਘੱਟੇ ਅਤੇ ਕਣਾਂ ਨਾਲ ਭਰਿਆ ਹੋਇਆ ਹੈ | ਇਸ ਸਭ ਕਾਸੇ ਵਿਚ ਊਰਜਾ ਸਮਾਈ ਹੋਈ ਹੈ | ਇਸ ਖਲਾਅ ਵਿਚ ਨੈਬੂਲਾ ਤੇ ਸੁਪਰਨੋਵਾ ਵਰਗੀਆਂ ਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਰ ਕੇ ਧੂੜ, ਗੈਸਾਂ ਅਤੇ ਬੱਦਲ ਬਣਦੇ ਅਤੇ ਫੈਲਦੇ ਰਹਿੰਦੇ ਹਨ | ਇਕ ਅੰਦਾਜ਼ੇ ਅਨੁਸਾਰ ਸਾਡੀ ਮਿਲਕੀਵੇਅ ਗਲੈਕਸੀ ਦਾ ਦਸਵਾਂ ਹਿੱਸਾ ਇਨ੍ਹਾਂ ਗੈਸਾਂ ਦੇ ਧੂੜ ਕਣ ਹਨ | ਇਹ ਹੀ ਵਰਤਾਰਾ ਪੂਰੇ ਬ੍ਰਹਿਮੰਡ ਵਿਚ ਵਾਪਰ ਰਿਹਾ ਹੈ |
ਜਦੋਂ ਇਹ ਧੂੜ ਕਣ ਕਿਸੇ ਗਰੂਤਾ ਖਿੱਚ ਕਾਰਨ ਸੰਘਣੇ ਹੋਣ ਲੱਗਦੇ ਹਨ, ਤਾਂ ਇਨ੍ਹਾਂ ਦਾ ਤਾਪਮਾਨ ਵੀ ਲਗਾਤਾਰ ਵਧਦਾ ਜਾਂਦਾ ਹੈ | ਕਣਾਂ ਤੇ ਗੈਸਾਂ ਦੇ ਮਿਸ਼ਰਣ ਨਾਲ, ਕਈ ਰਸਾਇਣਕ ਕਿਰਿਆਵਾਂ ਵੀ ਹੁੰਦੀਆਂ ਹਨ | ਫੇਰ ਇਹ ਘਣਤਾ ਅਤੇ ਤਾਪਮਾਨ ਲਗਾਤਾਰ ਵਧਦੇ ਹੀ ਚਲੇ ਜਾਂਦੇ ਹਨ |
ਜਿਉਂ-ਜਿਉਂ ਸੰਘਣਾਪਣ ਵਧਦਾ ਜਾਂਦਾ ਹੈ, ਤੇ ਇਹ ਮੈਟਰ ਇਕ ਦਾਇਰੇ ਅੰਦਰ ਇਕੱਠਾ ਹੋਣ ਲੱਗਦਾ ਹੈ | ਜਦੋਂ ਇਸ ਦਾਇਰੇ ਦੀ ਕੋਰ ਦਾ ਤਾਪਮਾਨ 2000 ਕੈਲਵਨ ਤੋਂ ਵਧ ਜਾਵੇ, ਤਾਂ ਇਸ ਅੰਦਰਲੇ ਹਾਈਡਰੋਜਨ ਐਟਮ ਟੁੱਟਣੇ ਸ਼ੁਰੂ ਹੋ ਜਾਂਦੇ ਹਨ | ਇਸ ਕਿਰਿਆ ਨਾਲ ਤਾਪਮਾਨ ਹੋਰ ਵੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਰਸਾਇਣਕ ਕਿਰਿਆਵਾਂ ਬਹੁਤ ਤੇਜ਼ ਹੋ ਜਾਂਦੀਆਂ ਹਨ |
ਫੇਰ ਇਕ ਅਜਿਹਾ ਸਮਾਂ ਵੀ ਆਉਂਦਾ ਹੈ, ਜਦੋਂ ਤਾਪਮਾਨ ਦਸ ਹਜ਼ਾਰ ਕੈਲਵਿਨ ਤੱਕ ਜਾ ਪਹੁੰਚਦਾ ਹੈ | ਇਸ ਮੌਕੇ ਏਨੇ ਤਾਪਮਾਨ ਕਰਕੇ ਕਣਾਂ ਦਾ ਮਿਸ਼ਰਣ ਧਮਾਕੇ ਨਾਲ ਫਟਦਾ ਹੈ | ਧਮਾਕੇ ਤੋਂ ਬਾਅਦ ਇਸ ਦਾਇਰੇ ਦਾ ਕੇਂਦਰ, ਜਿੱਥੇ ਊਰਜਾ ਇਕੱਤਰ ਹੁੰਦੀ ਹੈ, ਤੇਜ਼ ਗਤੀ ਨਾਲ ਘੁੰਮਣਾ ਸ਼ੁਰੂ ਕਰ ਦਿੰਦਾ ਹੈ | ਜਦੋਂ ਇਹ ਭੰਬੀਰੀ ਵਾਂਗ ਘੁੰਮਦਾ ਹੈ ਤਾਂ ਵਾਧੂ ਦਾ ਮੈਟਰ ਝੜ ਜਾਂਦਾ ਹੈ | ਇਸ ਕਿਰਿਆ ਨੂੰ ਨੈਬੂਲਾ ਕਿਹਾ ਜਾਂਦਾ ਹੈ, ਜਿਸ ਦੇ ਕੇਂਦਰ ਦਾ ਤਾਪਮਾਨ 90,000 ਫਾਰਨਹੀਟ ਤੱਕ ਜਾਂ ਪਹੁੰਚਦਾ ਹੈ, ਤੇ ਕਈ ਵਾਰ ਇਹ ਪੰਜ ਲੱਖ ਫਾਰਨਹੀਟ ਤੱਕ ਵੀ ਪਹੁੰਚ ਜਾਂਦਾ ਹੈ | ਉਦੋਂ ਇਕ ਚਮਕਦਾ ਹੋਇਆ ਤਾਰਾ ਜਨਮ ਲੈ ਚੁੱਕਾ ਹੁੰਦਾ ਹੈ |
ਅਜਿਹੇ ਲੱਖਾਂ ਤਾਰੇ ਬ੍ਰਹਿਮੰਡ ਵਿਚ ਜਨਮਦੇ ਰਹਿੰਦੇ ਹਨ | ਤਾਰੇ ਦੇ ਜਨਮ ਸਮੇਂ ਜੋ ਧਮਾਕਾ ਹੁੰਦਾ ਹੈ, ਉਸ ਦੀ ਸਮੱਗਰੀ ਪੱਚੀ ਤੋਂ ਚਾਲੀ ਹਜ਼ਾਰ ਕਿਲੋਮੀਟਰ ਤੱਕ ਫੈਲ ਜਾਂਦੀ ਹੈ | ਇਹ ਸਮੱਗਰੀ ਕਾਰਬਨ, ਆਕਸੀਜਨ ਅਤੇ ਹਾਈਡ੍ਰੋਜਨ ਗੈਸਾਂ ਨਾਲ ਭਰਪੂਰ ਹੁੰਦੀ ਹੈ |
ਜਿਸ ਤਰ੍ਹਾਂ ਸਮਾਜ ਵਿਚ ਹਰ ਵਿਅਕਤੀ ਦੀ ਇਕ ਵੱਖਰੀ ਪਛਾਣ ਹੈ ਅਤੇ ਵੱਖਰੀਆਂ ਨਸਲਾਂ ਹਨ, ਇਸੇ ਤਰ੍ਹਾਂ ਤਾਰਿਆਂ ਦੇ ਵੀ ਕਈ ਪ੍ਰਕਾਰ ਦੇ ਕਿਰਦਾਰ ਹੁੰਦੇ ਹਨ | ਆਓ! ਥੋੜ੍ਹਾ ਇਨ੍ਹਾਂ ਬਾਰੇ ਵੀ ਜਾਣ ਲਈਏ:-
ਪਲਸਰ ਤਾਰੇ:- ਇਹ ਤਾਰੇ ਹਰ ਦੋ-ਦੋ ਸੈਕਿੰਡ ਬਾਅਦ ਰੇਡੀਏਸ਼ਨ ਛੱਡਦੇ ਹਨ, ਜੋ ਧਰਤੀ ਤੱਕ ਆ ਪੁੱਜਦੀ ਹੈ | ਪਲਸਰ ਤਾਰੇ ਤੁਹਾਨੂੰ ਆਕਾਸ਼ ਵਿਚ ਟਿਮਟਿਮਾਉਂਦੇ ਦਿਖਾਈ ਦੇ ਸਕਦੇ ਹਨ |
ਨਿਊਟ੍ਰਾਨ ਤਾਰੇ:- ਇਹ ਤਾਰੇ ਇਕ ਭੰਬੀਰੀ ਦੀ ਤਰ੍ਹਾਂ ਤੇਜ਼ੀ ਨਾਲ ਘੁੰਮਦੇ ਹਨ | ਇਹ ਇਕ ਸੈਕਿੰਡ ਵਿਚ 622 ਵਾਰ ਆਪਣੀ ਧੁਰੀ ਦੁਆਲੇ ਘੁੰਮ ਜਾਂਦੇ ਹਨ | ਇਨ੍ਹਾਂ ਦੇ ਘੁੰਮਣ ਦੀ ਗਤੀ ਆਮ ਤਾਰਿਆਂ ਤੋਂ ਕਿਤੇ ਤੇਜ਼ ਹੁੰਦੀ ਹੈ | ਜਿਵੇਂ ਦੀਵਾਲੀ ਵਾਲੀ ਰਾਤ ਨੂੰ ਕੋਈ ਚੱਕਰੀ ਘੁੰਮ ਰਹੀ ਹੋਵੇ |
ਬਿੰਨਰੀ ਸਟਾਰ :- ਇਹ ਇਕੋ ਜਿਹੇ ਦੋ ਤਾਰੇ ਹੁੰਦੇ ਹਨ, ਜੋ ਆਪਸੀ ਗਰੂਤਾ ਖਿੱਚ ਕਾਰਨ ਇਕ-ਦੂਸਰੇ ਦੁਆਲੇ ਘੁੰਮਣ ਲੱਗ ਪੈਂਦੇ ਹਨ | ਹੌਲੀ ਹੌਲੀ ਇਨ੍ਹਾਂ 'ਚੋਂ ਇਕ ਤਾਰਾ ਦੂਸਰੇ ਦੀ ਸਾਰੀ ਊਰਜਾ ਨਿਗਲ ਲੈਂਦਾ ਹੈ | ਅੰਤ ਨੂੰ ਇਹ ਤਾਰੇ ਬਲੈਕ ਹੋਲ ਵਿਚ ਤਬਦੀਲ ਹੋ ਜਾਂਦੇ ਹਨ |
ਅਦਭੁੱਤ ਤਾਰੇ:- ਇਹ ਤਾਰੇ ਬਹੁਤ-ਬਹੁਤ ਗਰਮ ਹੁੰਦੇ ਹਨ | ਤਾਰਿਆਂ ਦਾ ਰੰਗ ਉਨ੍ਹਾਂ ਨਾਲ ਸਬੰਧਤ ਗੈਸਾਂ ਅਤੇ ਦੂਰੀ 'ਤੇ ਨਿਰਭਰ ਕਰਦਾ ਹੈ | ਬਹੁਤ ਗਰਮ ਤਾਰੇ ਲਾਲ ਭਾਅ ਮਾਰਦੇ ਪ੍ਰਤੀਤ ਹੁੰਦੇ ਹਨ | ਇਨ੍ਹਾਂ ਦੇ ਰੰਗ ਤੋਂ ਇਨ੍ਹਾਂ ਦੀ ਉਮਰ, ਦੂਰੀ ਅਤੇ ਕਿਰਦਾਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ |
ਬੋਦੀ ਵਾਲੇ ਤਾਰੇ:- ਇਹ ਉਹ ਤਾਰੇ ਹਨ, ਜਿਨ੍ਹਾਂ 'ਤੇ ਬਰਫ਼ ਧੂੜ ਤੇ ਕਚਰਾ ਵੱਡੀ ਤਦਾਦ ਵਿਚ ਜੰਮਿਆ ਹੁੰਦਾ ਹੈ | ਜਦੋਂ ਇਹ ਤਾਰੇ ਕਿਸੇ ਸੂਰਜੀ ਮੰਡਲ 'ਚੋਂ ਲੰਘਦੇ ਹਨ, ਤਾਂ ਕਈ ਵਾਰ ਤਪਸ਼ ਨਾਲ ਇਹ ਮੈਟਰ ਪਿਘਲਣਾ ਸ਼ੁਰੂ ਹੋ ਜਾਂਦਾ ਹੈ | ਇਸ ਦੀ ਤੇਜ਼ ਰਫ਼ਤਾਰ ਕਾਰਨ ਇਹ ਪਿਘਲੀ ਹੋਈ ਬਰਫ਼ ਅਤੇ ਧੂੜ ਹਜ਼ਾਰਾਂ ਮੀਲਾਂ ਤੱਕ ਇਕ ਲੰਬੀ ਪੂਛ ਦੀ ਸ਼ਕਲ ਵਿਚ ਦਿਖਾਈ ਦਿੰਦੀ ਹੈ, ਜਿਸ ਨੂੰ ਅਸੀਂ ਬੋਦੀ ਵਾਲਾ ਤਾਰਾ ਕਹਿੰਦੇ ਹਾਂ |
ਪੁਰਾਣੇ ਸਮਿਆਂ ਵਿਚ ਬੋਦੀ ਵਾਲੇ ਤਾਰੇ ਦਾ ਚੜ੍ਹਨਾ ਅਸ਼ੁਭ ਮੰਨਿਆ ਜਾਂਦਾ ਸੀ, ਕਿਉਂਕਿ ਇਹ ਸਾਡੇ ਸੂਰਜੀ ਮੰਡਲ ਦਾ ਹਿੱਸਾ ਨਾ ਹੋਣ ਕਾਰਨ, ਇਸ ਦੀ ਆਮਦ ਨਾਲ ਕੋਈ ਵੀ ਅਣਚਾਹਿਆ ਟਕਰਾਅ, ਮੌਸਮ ਵਿਚ ਤਬਦੀਲੀ ਤੇ ਭਿਆਨਕ ਤਬਾਹੀ ਦਾ ਸਬੱਬ ਵੀ ਬਣ ਸਕਦਾ ਹੈ | ਇਸ ਕਰਕੇ ਲੋਕ ਬੋਦੀ ਵਾਲੇ ਤਾਰੇ ਦੀ ਆਮਦ ਨੂੰ ਚੰਗਾ ਨਹੀਂ ਸੀ ਸਮਝਦੇ |
ਇਸ ਦਾ ਨਾਂਅ ਕੁਮੈਟ, ਇਸ ਦੀ ਖੋਜ ਕਰਨ ਵਾਲੇ ਕੁਮੈਟ ਰਿਚਰਡ ਵੈਸਟ ਦੇ ਨਾਂਅ 'ਤੇ ਰੱਖਿਆ ਗਿਆ ਸੀ | ਹੁਣ ਤੱਕ ਸਭ ਤੋਂ ਮਸ਼ਹੂਰ ਬੋਦੀ ਵਾਲਾ ਤਾਰਾ ਹੈਲੀ ਹੈ, ਜੋ ਹਰ 76 ਸਾਲ ਬਾਅਦ ਚੜ੍ਹਦਾ ਹੈ | ਪਿਛਲੀ ਵਾਰ ਇਹ ਸਾਲ 1985-86 ਵਿਚ ਚੜਿ੍ਹਆ ਸੀ | ਇਸ ਤਾਰੇ ਦਾ ਸਭ ਤੋਂ ਪਹਿਲਾਂ, ਏ ਡੀ 66 ਤੇ 240 ਬੀ ਸੀ ਵਿਚ ਵੀ ਜ਼ਿਕਰ ਹੋਇਆ ਸੀ |
ਇਸ ਤਾਰੇ ਦਾ ਨਾਂਅ ਮਸ਼ਹੂਰ ਤਾਰਾ ਵਿਗਿਆਨੀ ਅਡਮੈਂਡ ਹੈਲੀ ਦੇ ਨਾਂਅ 'ਤੇ ਰੱਖਿਆ ਗਿਆ ਹੈ, ਜੋ 1656 ਤੋਂ 1742 ਦੇ ਸਮੇਂ ਦੌਰਾਨ ਹੋਇਆ | ਉਸ ਨੇ ਹੀ ਆਪਣੀ ਖੋਜ ਦੇ ਅਧਾਰ 'ਤੇ ਇਹ ਭਵਿੱਖਬਾਣੀ ਕੀਤੀ ਸੀ, ਕਿ ਸਾਲ 1758 ਵਿਚ ਇਹ ਤਾਰਾ ਫੇਰ ਚੜ੍ਹੇਗਾ ਤੇ ਹੋਇਆ ਵੀ ਇਸੇ ਤਰ੍ਹਾਂ ਹੀ |
ਭਾਵੇਂ ਬੋਦੀ ਵਾਲੇ ਤਾਰੇ ਦਾ ਚੜ੍ਹਨਾ ਅਪਸ਼ਗਨ ਮੰਨਿਆ ਜਾਂਦਾ ਹੈ, ਜਿਵੇਂ ਇਕ ਗੀਤ ਵੀ ਹੈ,
ਬੋਦੀ ਵਾਲਾ ਤਾਰਾ ਚੜਿ੍ਹਆ, ਘਰ-ਘਰ ਹੋਣ ਵਿਚਾਰਾਂ ਨੀ
ਕਈ ਬੋਦੀ ਵਾਲੇ ਤਾਰੇ ਸੂਰਜ ਦੁਆਲੇ ਹਜ਼ਾਰਾਂ ਸਾਲ ਬਾਅਦ ਚੱਕਰ ਲਗਾਉਂਦੇ ਹਨ ਤੇ ਕਈ ਤਿੰਨ ਸਾਲਾਂ ਬਾਅਦ ਹੀ ਆ ਜਾਂਦੇ ਹਨ | ਜੋ ਤਾਰਾ 1806 ਵਿਚ ਦੇਖਿਆ ਗਿਆ ਸੀ, ਉਹ ਮੁੜ 1854 ਵਿਚ ਫੇਰ ਆ ਗਿਆ | 1983 ਵਿਚ ਇਕ ਤਾਰਾ ਧਰਤੀ ਤੋਂ ਸਿਰਫ 30 ਲੱਖ ਮੀਲ ਦੀ ਦੂਰੀ ਤੋਂ ਲੰਘਿਆ, ਇਹ ਪਹਿਲਾਂ 1770 ਵਿਚ ਚੜਿ੍ਹਆ ਸੀ | 1965 ਵਿਚ ਇਕ ਬੋਦੀ ਵਾਲਾ ਤਾਰਾ ਤਾਂ ਮਰਕਰੀ ਤੋਂ ਵੀ ਚਾਲੀ ਗੁਣਾ ਸੂਰਜ ਦੇ ਨੇੜੇ ਜਾ ਪੁੱਜਾ ਸੀ | ਇਨ੍ਹਾਂ ਸਾਰੇ ਤਾਰਿਆਂ ਦੇ ਆਪੋ-ਆਪਣੇ ਕਿਰਦਾਰ, ਸੁਭਾਅ ਤੇ ਆਦਤਾਂ ਹਨ |
ਪੁਰਾਣੇ ਸਮਿਆਂ ਵਿਚ, ਬੋਦੀ ਵਾਲਾ ਤਾਰਾ ਚੜ੍ਹਨ 'ਤੇ ਲੋਕ ਸੋਚਦੇ ਸਨ, ਕਿ ਹੁਣ ਕੋਈ ਲੜਾਈ ਲੱਗੇਗੀ, ਹੜ੍ਹ ਜਾਂ ਭੁਚਾਲ ਆਉਣਗੇ ਤੇ ਜਾਂ ਕੋਈ ਹੋਰ ਬਹੁਤ ਵੱਡੀ ਕੁਦਰਤੀ ਆਫਤ ਆਵੇਗੀ | ਅਜਿਹੇ ਮੌਕੇ ਲੋਕਾਂ ਨੂੰ ਦਾਨ-ਪੁੰਨ ਕਰਨ ਲਈ ਪ੍ਰੇਰਿਆ ਜਾਂਦਾ ਤੇ ਪਾਂਧੇ ਪੰਡਿਤਾਂ ਨੇ, ਇਸ ਡਰ ਨੂੰ ਦਾਨ ਦਕਸ਼ਣਾ ਦਾ ਸਾਧਨ ਬਣਾ ਲਿਆ, ਜਿਵੇਂ ਚੰਦਰਮਾ ਅਤੇ ਸੂਰਜ ਗ੍ਰਹਿਣਾਂ ਵੇਲੇ ਹੁੰਦਾ ਸੀ | ਭਾਰਤ ਦੇ ਲੋਕਾਂ ਨੂੰ ਵਿਗਿਆਨਕ ਸੂਝ ਕਿਸੇ ਨੇ ਵੀ ਨਾ ਦਿੱਤੀ, ਕਿਉਂਕਿ ਉਦੋਂ ਮੀਡੀਆ ਬੜਾ ਕਮਜ਼ੋਰ ਸੀ | ਹੁਣ ਹਾਲਾਤ ਅਜਿਹੇ ਨਹੀਂ ਹਨ | ਸਾਨੂੰ ਸਮਝਣ ਦੀ ਲੋੜ ਹੈ ਕਿ ਇਸ ਤਾਰਿਆਂ ਭਰੇ ਆਕਾਸ਼ ਦਾ ਸੱਚ ਕੀ ਹੈ |
ਬੋਦੀ ਵਾਲੇ ਤਾਰੇ ਦਾ ਚੜ੍ਹਨਾ ਵਾਕਿਆ ਹੀ ਭੈਭੀਤ ਕਰਨ ਵਾਲਾ ਹੁੰਦਾ ਹੈ, ਕਿਉਂਕਿ ਕਿਸੇ ਹੋਰ ਖੇਤਰ 'ਚੋਂ ਨਿਕਲ ਕੇ ਕੋਈ ਧੁਮਕੇਤੂ, ਜਦੋਂ ਬਰਫ਼ ਦਾ ਤੂਫਾਨ ਅਤੇ ਕਚਰਾ ਉਡਾਉਂਦਾ, ਸਾਡੇ ਸੂਰਜੀ ਪਰਿਵਾਰ ਦੇ ਨੇੜੇ ਢੁਕਦਾ ਹੈ, ਤਾਂ ਉਸ ਦੀ ਕਿਸੇ ਵੀ ਹੋਰ ਗ੍ਰਹਿ ਨਾਲ ਟੱਕਰ ਹੋ ਸਕਦੀ ਹੈ | ਅਗਰ ਕੋਈ ਟੱਕਰ ਹੋ ਜਾਂਦੀ ਹੈ ਤਾਂ ਪੂਰਾ ਸੋਲਰ ਸਿਸਟਮ ਹੀ ਨਸ਼ਟ ਹੋ ਸਕਦਾ ਹੈ | ਮੌਸਮਾਂ ਵਿਚ ਭਾਰੀ ਤਬਦੀਲੀ ਆ ਸਕਦੀ ਹੈ ਅਤੇ ਕੁਦਰਤੀ ਆਫਤਾਂ ਆ ਸਕਦੀਆਂ ਹਨ | ਇਸੇ ਤਰ੍ਹਾਂ ਜਦੋਂ ਤਾਰਿਆਂ ਦੀ ਬਾਰਿਸ਼ ਹੁੰਦੀ ਹੈ, ਭਾਵ ਉਲਕਾ ਪਿੰਡ ਡਿਗਦੇ ਹਨ, ਉਦੋਂ ਵੀ ਕੋਈ ਅਸਮਾਨੀ ਚਟਾਨ ਧਰਤੀ ਦਾ ਸੀਨਾ ਚਾਕ ਕਰ ਸਕਦੀ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਫੋਨ : 001-416-727-2071
major.mangat2gmail.com


ਖ਼ਬਰ ਸ਼ੇਅਰ ਕਰੋ

ਅੱਜ ਪ੍ਰਕਾਸ਼ ਦਿਵਸ 'ਤੇ ਵਿਸ਼ੇਸ਼

ਸੇਵਾ ਤੇ ਸਿਮਰਨ ਦੇ ਪੰੁਜ: ਸ੍ਰੀ ਗੁਰੂ ਅਮਰਦਾਸ

ਭਾਈ ਗੁਰਦਾਸ ਜੀ ਨੇ ਗੁਰੂ ਅਮਰਦਾਸ ਸਾਹਿਬ ਦੀ ਮਹਿਮਾ ਦਾ ਵਰਨਣ ਕਰਦਿਆਂ ਕਿਹਾ ਸੀ ਕਿ ਆਪ ਨੇ ਸਿੱਖ ਪੰਥ ਨੂੰ ਪੂਰਨ ਮਰਿਆਦਾ ਨਾਲ ਅੱਗੇ ਵਧਾਇਆ ਤੇ ਗੁਰੂ ਸ਼ਬਦ ਦਾ ਖਜ਼ਾਨਾ ਖੋਲ੍ਹ ਮਨੁੱਖਤਾ ਨੂੰ ਨਿਹਾਲ ਕਰ ਦਿੱਤਾ | ਗੁਰੂ ਸਾਹਿਬ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਇਸ ਨਿਵੇਕਲੇ ਪੰਥ ਨੂੰ ਇਕ ਮਜ਼ਬੂਤ ਆਧਾਰ ਬਖਸ਼ਿਆ | ਪੂਰੇ ਪੂਰਾ ਥਾਟੁ ਬਣਾਇਆ | ਗੁਰੂ ਸਾਹਿਬ ਦੀ ਕਰਨੀ ਤੇ ਬਾਣੀ ਦੋਵਾਂ ਦੀ ਵਿਲੱਖਣਤਾ ਅਚਰਜ ਪੈਦਾ ਕਰਦੀ ਹੈ | ਗੁਰੂ ਅੰਗਦ ਦੇਵ ਜੀ ਨਾਲ ਗੁਰੂ ਅਮਰਦਾਸ ਜੀ ਦਾ ਮੇਲ ਸੰਮਤ 1597 ਵਿਚ ਹੋਇਆ ਜੋ ਖਿਣ ਮਾਤਰ 'ਚ ਹੀ ਸਦੀਵੀ ਸੰਗ ਵਿਚ ਬਦਲ ਗਿਆ | ਗੁਰੂ ਅਮਰਦਾਸ ਜੀ ਨੇ ਰਤਾ ਵੀ ਢਿੱਲ ਨਾ ਕੀਤੀ ਤੇ ਆਪਾ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਅਰਪਣ ਕਰ ਦਿੱਤਾ | ਗੁਰੂ ਨਾਲ ਸਿੱਖ ਦਾ ਮੇਲ ਸੰਸਾਰ ਦੀ ਸਭ ਤੋਂ ਸ੍ਰੇਸ਼ਟ ਤੇ ਅਦੁੱਤੀ ਘਟਨਾ ਹੁੰਦੀ ਹੈ, ਜਿਸ ਦੇ ਸੁੱਖ ਨੂੰ ਬਖਾਨ ਨਹੀਂ ਕੀਤਾ ਜਾ ਸਕਦਾ | ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ¨ ਗੁਰੂ ਅਮਰਦਾਸ ਜੀ ਨੇ ਸੇਵਾ ਤੇ ਸਿਮਰਨ ਦੀ ਰਾਹ ਦੱਸੀ | ਸੇਵਾ ਮਨੁੱਖ ਸਿਮਰਨ ਵਾਂਗੂ ਕਰੇ | ਸਤਿਗੁਰੁ ਸੇਵਨਿ ਸੇ ਵਡਭਾਗੀ¨ ਅਨਦਿਨੁ ਸਾਚਿ ਨਾਮਿ ਲਿਵ ਲਾਗੀ¨ ਸਿਮਰਨ ਨੂੰ ਸੇਵਾ ਦੀ ਤਰਹ ਕਰੇ | ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ, ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ | ਗੁਰੂ ਅਮਰਦਾਸ ਸਾਹਿਬ ਨੇ ਆਪ ਹੀ ਆਪਣੀ ਬਾਣੀ ਅੰਦਰ ਸਵਾਲ ਖੜ੍ਹਾ ਕੀਤਾ, ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ | ਗੁਰੂ ਸਾਹਿਬ ਨੇ ਆਪ ਹੀ ਸ਼ੰਕਾ ਨਿਵਾਰਣ ਕੀਤਾ ਕਿ ਸਤਗੁਰ ਕਾ ਭਾਣਾ ਮੰਨਿ ਲਈ ਵਿਚਹੁ ਆਪੁ ਗਵਾਇ | ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ 'ਚ ਆਏ ਤੇ ਅਨਿਨ ਸੇਵਕ ਬਣ ਕੇ ਰਹੇ | ਗੁਰੂ ਹੁਕਮ ਨੂੰ ਜਪ ਤਪ ਸਮਝ ਕੇ ਮੰਨਿਆ | ਆਪ ਜੀ ਤਨ ਤੇ ਮਨ ਤੋਂ ਗੁਰੂ ਦੇ ਸਿੱਖ ਬਣੇ | ਤਨ ਸੇਵਾ 'ਚ ਲੱਗਿਆ ਰਹਿੰਦਾ ਤੇ ਮਨ ਸਿਮਰਨ 'ਚ ਲੀਨ ਰਹਿੰਦਾ | ਸਤਿਗੁਰੂ ਦੀ ਸ਼ਰਨ ਤੇ ਨਦਰਿ ਤੋਂ ਬਿਨਾਂ ਇਸ ਮਾਰਗ 'ਤੇ ਨਹੀਂ ਚੱਲਿਆ ਜਾ ਸਕਦਾ:
ਕਿਆ ਕੋਈ ਤੇਰੀ ਸੇਵਾ ਕਰੇ
ਕਿਆ ਕੋ ਕਰੇ ਅਭਿਮਾਨਾ¨
ਜਬ ਅਪੁਨੀ ਜੋਤਿ ਖਿੰਚਹਿ ਤੂ
ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ¨

ਗੁਰੂ ਅਮਰਦਾਸ ਸਾਹਿਬ ਦਾ ਜੀਵਨ ਮਨੁੱਖੀ ਪ੍ਰੇਰਣਾ ਦਾ ਵੱਡਾ ਸ੍ਰੋਤ ਹੈ ਕਿ ਪਰਮਾਤਮਾ ਸ਼ਰਨ 'ਚ ਆਇਆਂ ਦੀ ਆਪ ਪਤਿ ਰੱਖਦਾ ਤੇ ਜੀਵਨ ਸੰਵਾਰਦਾ ਹੈ | ਅੰਗੀਕਾਰੁ ਉਹੁ ਕਰੇ ਤੇਰਾ ਕਾਰਜ ਸਭਿ ਸਵਾਰਣਾ | ਪਰਮਾਤਮਾ ਦੀ ਸ਼ਰਨ 'ਚ ਹੀ ਸੱਚਾ ਸੁੱਖ ਹੈ | ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ | ਪਰਮਾਤਮਾ ਹੀ ਜੀਵਨ ਮੁਕਤੀ ਦੀ ਰਾਹ ਵਿਖਾਉਣ ਵਾਲਾ ਤੇ ਰਾਹ 'ਤੇ ਪਾਉਣ ਵਾਲਾ ਹੈ | ਸਤਿਗੁਰੂ ਦਾ ਹੁਕਮ ਮੰਨ ਕੇ ਹੀ ਜੀਵਨ ਸਫਲ ਹੁੰਦਾ ਹੈ | ਜੋ ਹੁਕਮ ਤੋਂ ਬਾਹਰ ਰਹਿ ਕੇ ਸੰਸਾਰ ਦੇ ਰਸਾਂ ਵਿਚ ਰਮੇ ਰਹਿੰਦੇ ਹਨ ਜੀਵਨ ਦਾ ਦੁਰਲੱਭ ਅਵਸਰ ਗੁਆ ਬਹਿੰਦੇ ਹਨ | ਸਾਚੀ ਲਿਵੈ ਬਿਨੁ ਦੇਹ ਨਿਮਾਣੀ | ਮਨੁੱਖ ਕਿੰਨੇ ਹੀ ਯਤਨ ਕਿਉਂ ਨਾ ਕਰ ਲਵੇ ਸਤਿਗੁਰੂ ਦੀ ਮਿਹਰ ਤੋਂ ਬਿਨਾਂ ਭਟਕਣ ਨਹੀਂ ਮਿਟ ਸਕਦੀ ਤੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ | ਗੁਰੂ ਸ਼ਬਦ ਨਾਲ ਹੀ ਮਨ ਨਿਰਮਲ ਹੁੰਦਾ ਹੈ ਤੇ ਪਰਮਾਤਮਾ 'ਚ ਟਿਕਦਾ ਹੈ:
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ¨
ਗੁਰੂ ਅਮਰਦਾਸ ਸਾਹਿਬ ਨੇ ਕਿਹਾ ਕਿ ਪਰਮਾਤਮਾ ਨੇ ਮਨੁੱਖੀ ਤਨ ਇਕ ਖਾਸ ਮਨੋਰਥ ਲਈ ਸਿਰਜਿਆ ਹੈ | ਮਨੁੱਖੀ ਤਨ ਦੀ ਸਿਫਤ ਹੈ ਕਿ ਇਹ ਪਰਮਾਤਮਾ ਦੀ ਪ੍ਰਤੀਤਿ ਕਰ ਸਕਦਾ ਹੈ | ਚੁਰਾਸੀ ਲੱਖ ਜੀਵਾਂ 'ਚੋਂ ਕਿਸੇ ਹੋਰ ਜੀਵ ਅੰਦਰ ਇਹ ਸਮਰਥਾ ਨਹੀਂ ਹੈ | ਮਨੁੱਖ ਦਾ ਮਨ ਪਰਮਾਤਮਾ ਦੇ ਸਰਬ ਵਿਆਪਕ ਰੂਪ ਨੂੰ ਵੇਖ ਸਕਦਾ ਹੈ ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ | ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨ ਲਈ ਮਨੁੱਖ ਨੂੰ ਮਨ ਹੀ ਨਹੀਂ ਅੱਖਾਂ, ਕੰਨ ਤੇ ਰਸਨਾ ਆਦਿਕ ਇੰਦ੍ਰੀਆਂ ਵੀ ਪ੍ਰਾਪਤ ਹੋਈਆਂ | ਸਤਿਗੁਰੂ ਹੀ ਗਿਆਨ ਦਿੰਦਾ ਹੈ ਕਿ ਇਨ੍ਹਾਂ ਸ਼ਕਤੀਆਂ ਦੀ ਮਹੱਤਤਾ ਕੀ ਹੈ ਤੇ ਕਿਵੇਂ ਇਨ੍ਹਾਂ ਦੀ ਵਰਤੋਂ ਕਰ ਪਰਮਾਤਮਾ ਦੀ ਸ਼ਰਨ ਪ੍ਰਾਪਤ ਹੁੰਦੀ ਹੈ | ਅੱਖਾਂ ਸੰਸਾਰ ਦੇ ਰੰਗ ਤਮਾਸ਼ੇ ਵੇਖਣ ਲਈ ਨਹੀਂ ਮਿਲੀਆਂ ਹਨ | ਕੰਨ ਨਿੰਦਾ, ਚੁਗਲੀ , ਕੂੜ੍ਹ ਸੁਣਨ ਲਈ ਨਹੀਂ ਬਣੇ | ਜਿਹਵਾ ਫਰੇਬ, ਝੂਠ, ਕੂੜ੍ਹ ਬੋਲਣ ਲਈ ਨਹੀਂ ਬਖਸ਼ੀ ਗਈ | ਇਨ੍ਹਾਂ ਦੀ ਵਰਤੋਂ ਸੱਚ ਵੇਖਣ ਤੇ ਧਾਰਨ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ | ਮਨੁੱਖ ਜਦੋਂ ਆਪਣੀਆ ਸਾਰੀਆਂ ਸ਼ਕਤੀਆਂ ਜਦੋਂ ਪਰਮਾਤਮਾ ਦੀ ਸਿਫਤ ਸਲਾਹ ਤੇ ਉਸ ਦਾ ਹੁਕਮ ਮੰਨਣ 'ਚ ਲਾਉਂਦਾ ਹੈ ਤਾਂ ਹੀ ਉਸ ਦਾ ਜੀਵਨ ਮਨੋਰਥ ਪੂਰਨ ਹੁੰਦਾ ਹੈ | ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ, ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ |
ਬਿਰਧ ਅਵਸਥਾ ਦੇ ਬਾਵਜੂਦ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਤੇ ਸੰਗਤ ਦੀ ਅਣਥਕ ਸੇਵਾ ਕੀਤੀ | ਆਪ ਦਾ ਦਿਨ ਗੁਰੂ ਅੰਗਦ ਦੇਵ ਜੀ ਦੇ ਜਾਗਣ ਤੋਂ ਪਹਿਲਾਂ ਹੀ ਆਰੰਭ ਹੋ ਜਾਂਦਾ ਤੇ ਉਨ੍ਹਾਂ ਦੇ ਰਾਤ ਨੂੰ ਆਰਾਮ ਕਰਨ ਤੋਂ ਬਾਅਦ ਹੀ ਪੂਰਾ ਹੁੰਦਾ ਸੀ | ਇਹ ਕੁਝ ਦਿਨਾਂ, ਮਹੀਨਿਆਂ, ਸਾਲ ਦੋ ਸਾਲ ਦਾ ਨਹੀਂ ਬਾਰ੍ਹਾਂ ਸਾਲ ਤੋਂ ਵੀ ਜ਼ਿਆਦਾ ਦਾ ਕਰੜਾ ਤਪ ਸੀ, ਜੋ ਸੇਵਾ ਤੇ ਸਿਮਰਨ ਰੂਪ 'ਚ ਸਿੱਧ ਹੋਇਆ | ਗੁਰੂ ਅਮਰਦਾਸ ਜੀ ਜਾਣਦੇ ਸਨ ਕਿ ਵਿਕਾਰਾਂ ਤੋਂ ਪਾਰ ਪਾਉਣਾ ਸੌਖਾ ਨਹੀਂ | ਆਪ ਨੇ ਸੁਚੇਤ ਕੀਤਾ ਕਿ ਮਨੁੱਖ ਮਾਣ, ਹੰਕਾਰ ਤੋਂ ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦਾ ਹੈ | ਪਰਮਾਤਮਾ ਦਾ ਹੁਕਮ ਹੀ ਵਰਤਦਾ ਹੈ | ਇੰਦ੍ਰੀ ਧਾਤੁ ਸਬਲ ਕਹੀਅਤ ਹੈ ਇੰਦ੍ਰੀ ਕਿਸ ਤੇ ਹੋਈ¨ ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ | ਮਨੁੱਖ ਕਿੰਨੀ ਹੀ ਸੇਵਾ ਕਰ ਲਵੇ, ਸਿਮਰਨ ਕਰ ਲਵੇ ਪਰ ਮਨ ਤੋਂ ਵਿਕਾਰ ਨਾ ਗਏ ਤਾਂ ਸਭ ਨਿਹਫਲ ਹੋ ਜਾਏਗਾ | ਮਨ ਦੀ ਨਿਰਮਲਤਾ ਤੇ ਪਰਮਾਤਮਾ ਲਈ ਸੱਚਾ ਪ੍ਰੇਮ ਹੀ ਭਗਤੀ ਦੀ ਰਾਹ ਹੈ | ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ¨ ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ¨
ਗੁਰੂ ਅਮਰਦਾਸ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀਆਂ ਸਿਖਿਆਵਾਂ ਨੂੰ ਦਿ੍ੜ੍ਹ ਕਰਾਉਂਦਿਆਂ ਕਿਹਾ ਕਿ ਭੇਖ ਤੇ ਪਾਖੰਡ ਨਾਲ ਪਰਮਾਤਮਾ ਨਹੀਂ ਮਿਲਦਾ | ਲੋਕ ਖਾਸ ਵੇਸ਼, ਰੂਪ ਧਾਰਨ ਕਰ ਕੇ ਆਪਣੇ-ਆਪ ਨੂੰ ਧਰਮੀ ਸਾਬਤ ਕਰਦੇ ਸਨ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਆਪਣੇ ਨਿੱਜੀ ਮਕਸਦ ਪੂਰੇ ਕਰਦੇ ਸਨ | ਬਹੁਤੇ ਭੇਖ ਕਰੈ ਭੇਖਧਾਰੀ, ਅੰਤਰਿ ਤਿ੍ਸਨਾ ਫਿਰੈ ਅਹੰਕਾਰੀ | ਗੁਰੂ ਸਾਹਿਬ ਨੇ ਕਿਹਾ ਕਿ ਮਨੁੱਖ ਦੇ ਗੁਣ ਹੀ ਉਸ ਦੇ ਧਰਮੀ ਹੋਣ ਦੀ ਸੱਚੀ ਤੇ ਪੱਕੀ ਗਵਾਹੀ ਹੁੰਦੇ ਹਨ | ਜੋਗੀਆਂ ਦੇ ਭੇਖ ਦਾ ਜ਼ਿਕਰ ਕਰਦਿਆਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਮਨੁੱਖ ਦੀ ਸੁਚੱਜੀ ਕਿਰਤ ਤੇ ਪਰਉਪਕਾਰੀ ਵਿਰਤੀ ਹੋਵੇ ਤਾਂ ਉਸ ਨੂੰ ਕੰਨਾਂ 'ਚ ਮੁੰਦਰਾਂ ਤੇ ਤਨ 'ਤੇ ਲੰਬਾ ਚੋਲਾ ਪਾਉਣ ਦੀ ਲੋੜ ਨਹੀਂ ਹੁੰਦੀ | ਮਨੁੱਖ ਜੇ ਸੰਸਾਰ 'ਤੇ ਜੀਵਨ ਨੂੰ ਨਾਸ਼ਵਾਨ ਸਮਝ ਲਵੇ ਤਾਂ ਭਸਮ ਚੜ੍ਹਾਉਣ ਦੀ ਲੋੜ ਨਹੀਂ ਪੈਂਦੀ | ਜੋਗੀ ਲੋਕ ਵੀਣਾ ਵਜਾਇਆ ਕਰਦੇ ਸਨ | ਗੁਰੂ ਸਾਹਿਬ ਨੇ ਕਿਹਾ ਕਿ ਮਨ ਪਰਮਾਤਮਾ ਨਾਲ ਜੁੜ ਜਾਏ ਤਾਂ ਆਪ ਹੀ ਅਨਹਦ ਧੁਨ ਵੱਜਣ ਲੱਗ ਪੈਂਦੀ ਹੈ | ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ | ਗੁਰੂ ਅਮਰਦਾਸ ਸਾਹਿਬ ਦਾ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਗੁਰੂ ਸ਼ਬਦ ਦੀ ਪ੍ਰੇਰਣਾ ਸਦਕਾ ਹੋਇਆ ਸੀ | ਗੁਰੂ ਅੰਗਦ ਦੇਵ ਜੀ ਦੇ ਪ੍ਰਤੱਖ ਦਰਸ਼ਨ ਕਰ ਆਪ ਦੇ ਮਨ ਅੰਦਰ ਚੱਲ ਰਹੇ ਵਿਕਾਰਾਂ ਦੇ ਸਾਰੇ ਸ਼ੋਰ ਸ਼ਾਂਤ ਹੋ ਗਏ ਤੇ ਮਨ ਸਹਿਜ ਪ੍ਰੇਮ ਵਿਚ ਆ ਗਿਆ | ਗੁਰੂ ਅਮਰਦਾਸ ਜੀ ਦੀ ਬਾਰ੍ਹਾਂ ਸਾਲ ਦੀ ਸੇਵਾ ਦਰਅਸਲ ਉਨ੍ਹਾਂ ਦੇ ਆਤਮਕ ਗੁਣਾਂ ਤੇ ਸ੍ਰੇਸ਼ਟਤਾ ਦਾ ਪ੍ਰਗਟਾਵਾ ਮਾਤਰ ਸੀ | ਸਤਿਗੁਰੂ ਗਿਆਨ ਦੀ ਬਖਸ਼ਿਸ਼ ਨਾਲ ਸਿੱਖ ਨੂੰ ਗੁਣਾਂ ਦਾ ਧਾਰਨੀ ਬਣਾਉਂਦਾ ਹੈ | ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ¨ ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ¨ ਗੁਰੂ ਦੇ ਬਖ਼ਸ਼ੇ ਗੁਣਾਂ ਨਾਲ ਹੀ ਸਿੱਖਾਂ ਨੇ ਸੇਵਾ ਦੀਆਂ ਮਿਸਾਲਾਂ ਕਾਇਮ ਕੀਤੀਆਂ | ਗੁਰੂ ਦੇ ਬਖ਼ਸ਼ੇ ਗੁਣਾਂ ਨਾਲ ਹੀ ਅਦੁੱਤੀ ਬਲਿਦਾਨਾਂ ਦੇ ਇਤਿਹਾਸ ਰਚੇ ਗਏ | ਉੱਤਮ ਮਤਿ ਤੇ ਅੰਤਰ ਦੀ ਸਹਿਜਤਾ ਬਿਨਾਂ ਇਹ ਸ਼ਾਨਦਾਰ ਵਿਰਸਾ ਨਹੀਂ ਬਣ ਸਕਦਾ ਸੀ, ਜਿਸ 'ਤੇ ਅੱਜ ਅਸੀਂ ਮਾਣ ਕਰਦੇ ਨਹੀਂ ਥੱਕਦੇ | ਗੁਰੂ ਅਮਰਦਾਸ ਸਾਹਿਬ ਨੇ ਸੰਪੂਰਨ ਮਨੁੱਖੀ ਜੀਵਨ ਨੂੰ ਧਰਮ ਦੇ ਦਾਇਰੇ ਅੰਦਰ ਲਿਆਂਦਾ | ਆਪ ਨੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਵਿਆਪਕ ਚੇਤਨਾ ਜਾਗਿ੍ਤ ਕੀਤੀ | ਗੁਰੂ ਦੇ ਲੰਗਰ ਨੂੰ ਗੁਰੂ ਅਮਰਦਾਸ ਸਾਹਿਬ ਨੇ ਸਮਾਜਿਕ ਸਮਾਨਤਾ ਦੀ ਸੋਚ ਨਾਲ ਜੋੜ ਕੇ ਸਿੱਖ ਪੰਥ ਦੀ ਇਕ ਪਾਵਨ ਸੰਸਥਾ ਬਣਾ ਦਿੱਤਾ | ਲੰਗਰ ਸਰੀਰਕ ਭੁੱਖ ਹੀ ਨਹੀਂ ਆਤਮਿਕ ਲੋੜ ਦਾ ਵੀ ਹਿੱਸਾ ਬਣ ਗਿਆ | ਆਪ ਦੀ ਦਿ੍ਸ਼ਟੀ ਸੀ ਕਿ ਮਨੁੱਖ ਹੰਕਾਰ ਤਿਆਗ, ਸਾਂਝੀਵਾਲਤਾ ਦੀ ਭਾਵਨਾ ਧਾਰਨ ਕਰਨ ਤੋਂ ਬਾਅਦ ਹੀ ਗੁਰੂ ਦੇ ਦਰਬਾਰ ਤੱਕ ਪੁੱਜਣ ਦਾ ਹੱਕਦਾਰ ਹੁੰਦਾ ਹੈ | ਅੱਜ ਜਦੋਂ ਵੀ ਕੋਈ ਗੁਰਸਿੱਖ ਆਪਣੀ ਸੇਵਾ 'ਤੇ ਮਾਣ ਕਰਨ ਦੀ ਕੋਸ਼ਿਸ਼ ਕਰੇ ਤਾਂ ਇਕ ਵਾਰ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਨੂੰ ਜ਼ਰੂਰ ਚੇਤੇ ਕਰ ਲਵੇ | ਕੋਈ ਗੁਰਸਿੱਖ ਆਪਣੀ ਭਗਤੀ ਤੇ ਗਿਆਨ ਦੀ ਗੱਲ ਕਰਨ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਦੇ ਵਚਨ :
ਹਮ ਮੂਰਖ ਮੂਰਖ ਮਨ ਮਾਹਿ¨
ਹਉਮੈ ਵਿਚਿ ਸਭ ਕਾਰ ਕਮਾਹਿ¨

'ਤੇ ਵੀਚਾਰ ਕਰੇ ਕਿਉਂਕਿ ਗਿਆਨ ਤਾਂ ਬਸ ਸਤਿਗੁਰੂ ਹੈ:
ਗੁਰਮਤਿ ਸਾਚੀ ਸਾਚਾ ਵੀਚਾਰੁ¨

-ਈ 1716 , ਰਾਜਾਜੀਪੁਰਮ, ਲਖਨਊ 226017
ਮੋਬਾਈਲ : 9415960533 , 8417852899

ਮਨਮੋਹਕ ਥਾਂ: ਪੁਰਾਤਨ ਕੇਨਵੁੱਡ ਹਾਊਸ

800 ਏਕੜ ਦੀ ਪੰਨੇ ਵਰਗੀ ਹਰਿਆਲੀ ਵਿਚੀਂ ਜਾਂਦੇ ਹੋਏ ਇਹ ਕਹਿਣਾ ਮੁਸ਼ਕਿਲ ਸੀ ਕਿ ਅਸੀਂ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਨੇੜੇ ਹਾਂ | ਅਸੀਂ 'ਕੇਨਵੁੱਡ ਹਾਊਸ' ਵੱਲ ਜਾ ਰਹੇ ਸੀ, ਜੋ ਦੇਖਣਯੋਗ ਖੇਤਰ 'ਹੈਮਸਟੈਡ ਹੀਥ' ਵਿਚ ਸਥਿਤ ਹੈ | 'ਓਲਡ ਮਾਸਟਰਜ਼ ਪੇਂਟਿੰਗਜ਼' (ਸੰਸਾਰ ਦੀਆਂ ਮੁੱਲਵਾਨ ਚਿਤਰਕਲਾਵਾਂ) ਦੇ ਵਿਸ਼ੇ ਬਾਰੇ ਪੜ੍ਹਦੇ ਹੋਏ ਮੈਂ ਡਚ ਚਿੱਤਰਕਾਰ 'ਰੇਮਬਰਾ' ਦਾ ਲੇਖ ਪੜਿ੍ਹਆ, ਜਿਸ ਦਾ ਇਥੇ 'ਖ਼ੁਦ ਹਥੀਂ ਬਣਾਇਆ, ਖ਼ੁਦ ਦਾ ਚਿੱਤਰ' ਪ੍ਰਦਰਸ਼ਿਤ ਹੈ | 17ਵੀਂ ਸ਼ਤਾਬਦੀ ਦੇ ਪੁਰਾਣੇ ਘਰ 'ਤੇ ਬਣਿਆ 18ਵੀਂ ਸ਼ਤਾਬਦੀ ਦਾ ਭਵਨ ਕੇਨਵੁੱਡ ਹਾਊਸ ਇੰਗਲੈਂਡ ਦੇ ਪ੍ਰਸਿੱਧ ਜੱਜ ਮਰੇ ਦਾ ਘਰ ਸੀ ਜੋ ਬਾਅਦ ਵਿਚ 'ਅਰਲ ਆਫ ਮੇਨਸਫੀਲਡ' ਦੀ ਪਦਵੀ ਨਾਲ ਸਨਮਾਨਿਤ ਹੋਏ ਸਨ | ਉਨ੍ਹਾਂ ਨੇ ਉਸ ਸਮੇਂ 'ਚ ਮਨੁੱਖੀ ਗ਼ੁਲਾਮੀ ਦੇ ਖ਼ਾਤਮੇ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਸੀ | ਇਸ ਤੋਂ ਇਲਾਵਾ ਅੱਜ ਕੇਨਵੁੱਡ ਹਾਊਸ ਦੇ ਵਿਸ਼ਾਲ ਪਾਰਕ, ਹਰਮਨਪਿਆਰੀ ਪਿਕਨਿਕ ਥਾਂ ਹੈ, ਜਿਸ ਨੂੰ ਆਪਣੇ ਮੂਲ ਰੂਪ ਵਿਚ ਦੁਬਾਰਾ ਠੀਕ ਕਰ ਦਿੱਤਾ ਗਿਆ ਹੈ | ਨਾਲ ਹੀ ਕੇਨਵੁੱਡ ਹਾਊਸ ਵਿਚ ਵਿਸ਼ਵ ਦੀ 'ਲਾਰਡ-ਆਈਵਿਘ' ਵਲੋਂ ਭੇਟ ਕੀਤੀਆਂ ਗਈਆਂ ਬੇਸ਼ਕੀਮਤੀ ਚਿਤਰਕਲਾਵਾਂ ਦਾ ਘਰ ਵੀ ਹੈ |
ਕੇਨਵੁੱਡ ਹਾਊਸ
ਕੁਝ ਸਮਾਂ ਬਾਅਦ ਨਵੀਨ ਕਲਾਸੀਕਲ ਸ਼ੈਲੀ ਵਿਚ ਬਣਾਏ ਉੱਚੇ ਸਤੰਭਾਂ ਵਾਲਾ ਗੌਰਵਸ਼ਾਲੀ ਵਿਲਾ ਕੇਨਵੁੱਡ ਹਾਊਸ ਦਿਸਿਆ, ਜਿਸ ਦਾ ਵਾਤਾਵਰਨ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ | ਅਸੀਂ ਲਾਰਡ ਮੈਨਸਫੀਲਡ ਦੀ ਉਪਾਧੀ ਨਾਲ ਸਨਮਾਨਿਤ ਜੱਜ ਮਰੇ ਦੇ ਗ੍ਰਹਿ ਵਿਚ ਦਾਖ਼ਲ ਹੋਏ ਜੋ ਗ਼ੁਲਾਮੀ ਦੇ ਖ਼ਾਤਮੇ ਅਤੇ ਔਰਤ ਰੱਖਿਆ ਦੇ ਮਹੱਤਵਪੂਰਨ ਕਾਨੂੰਨ ਬਣਾਉਣ ਵਿਚ ਸਹਾਇਕ ਸੀ | ਘਰ ਦੇ ਮੁੱਖ ਦੁਆਰ 'ਤੇ ਇਕ 'ਵਲੰਟੀਅਰ' ਔਰਤ, ਜਿਸ ਨੂੰ ਸਾਨੂੰ ਘਰ ਦੇਖਣ ਲੈਣ ਜਾਣ ਲਈ ਨਿਯੁਕਤ ਕੀਤਾ ਗਿਆ ਸੀ, ਉਹ ਸਾਨੂੰ ਸਮਾਂ ਮਸ਼ੀਨ ਵਿਚ 1600 ਈਸਵੀ ਵਿਚ ਲੈ ਗਈ ਜਦੋਂ ਇੰਗਲੈਂਡ ਦੇ ਮਹਾਰਾਜਾ ਜੇਮਸ ਪਹਿਲੇ ਦੇ ਪਿ੍ੰਟਰ ਜਾਨ ਬਿੱਲ ਨੇ ਇਹ ਘਰ ਬਣਾਇਆ | ਆਉਣ ਵਾਲੇ ਸਮੇਂ ਵਿਚ ਕੇਨਵੁੱਡ ਹਾਊਸ ਦੇ ਅਨੇਕ ਮਾਲਕ ਬਦਲੇ, ਜਿਨ੍ਹਾਂ ਵਿਚੋਂ ਇਕ ਸਕਾਟਲੈਂਡ ਦੇਸ਼ ਦੇ ਜੱਜ ਵਿਲੀਅਮ ਮਰੇ ਸਨ, ਜਿਨ੍ਹਾਂ ਨੇ 1754 ਵਿਚ ਇਹ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ ਸੀ | ਉਨ੍ਹਾਂ ਨੇ ਪ੍ਰਸਿੱਧ ਅੰਗਰੇਜ਼ੀ ਆਰਕੀਟੈਕਟ ਰੋਬਰਟ ਐਡਮਸ ਨੂੰ ਸਾਧਾਰਨ ਲਾਲ ਇੱਟਾਂ ਦੇ ਆਪਣੇ ਨਿਵਾਸ ਨੂੰ ਸਜਾਉਣ ਲਈ ਬੁਲਾਇਆ ਅਤੇ ਫਿਰ ਆਉਣ ਵਾਲੇ 150 ਸਾਲਾਂ ਤੱਕ ਕੇਨਵੁੱਡ ਹਾਊਸ ਵਿਚ ਜ਼ਿਆਦਾ ਬਦਲਾਅ ਨਹੀਂ ਹੋਏ, ਚਾਹੇ ਛੋਟੀ ਉਮਰ ਵਿਚ ਜੱਜ ਮਰੇ ਖ਼ੁਦ ਚਲ ਵਸੇ ਸਨ |
ਕਲਾਤਮਕ ਉੱਤਰ ਫਰੰਟ ਥਾਂ
ਕੇਨਵੁੱਡ ਹਾਊਸ ਦੇ ਗ੍ਰਾਊਾਡ ਫਲੋਰ ਅਤੇ ਪਹਿਲੀ ਮੰਜ਼ਿਲ ਦੇ ਜ਼ਿਆਦਾਤਰ ਕਮਰੇ ਆਰਟ ਗੈਲਰੀ ਦੇ ਪ੍ਰਸਿੱਧ ਚਿੱਤਰਾਂ ਦੀ ਲੜੀ ਨਾਲ ਸਜੇ ਹੋਏ ਹਨ | ਸਾਨੂੰ ਦੱਸਿਆ ਗਿਆ ਕਿ 1922 ਦੀਆਂ ਪੁਰਾਣੀਆਂ ਫੋਟੋਆਂ ਨੂੰ ਦੇਖ ਕੇ ਪ੍ਰਵੇਸ਼ ਹਾਲ ਨੂੰ ਦੁਬਾਰਾ ਸਜਾਇਆ ਗਿਆ | ਇਥੋਂ ਤੱਕ ਕਿ ਦੀਵਾਰ ਅਤੇ ਛੱਤ ਦੇ ਰੰਗ ਵੀ ਮੂਲ ਕਮਰੇ ਦਾ ਪ੍ਰਤੀਬਿੰਬ ਹਨ | ਇਹ ਹਾਲ ਜੱਜ ਲਾਰਡ ਮੈਨਸਫੀਲਡ ਦਾ ਡਾਈਨਿੰਗ ਰੂਮ (ਭੋਜਨ ਖਾਣ ਵਾਲਾ ਕਮਰਾ) ਸੀ | ਕਲਪਨਾ ਵਿਚ ਅਸੀਂ ਦੇਖਿਆ ਕਿ ਇਥੇ ਲਾਰਡ ਮੈਨਸਫੀਲਡ ਇੰਗਲੈਂਡ ਦੇ ਮਹਾਰਾਜਾ ਜਾਰਜ ਤੀਜੇ ਅਤੇ ਉਨ੍ਹਾਂ ਦੀ ਪਤਨੀ ਸ਼ਾਲਰੇਟ ਦੇ ਨਾਲ ਭੋਜਨ ਦਾ ਆਨੰਦ ਲੈ ਰਹੇ ਹਨ | ਸਮੇਂ-ਸਮੇਂ 'ਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਦਾ, ਰਾਜਸੀ ਆਗੂਆਂ, ਨਿਆਂ ਨਾਲ ਜੁੜੇ ਵਿਅਕਤੀਆਂ ਤੇ ਹੋਰ ਮੁਹਾਰਤ ਵਾਲੇ ਕਲਾਕਾਰਾਂ-ਚਿੱਤਰਕਾਰਾਂ ਦੇ ਵਿਸ਼ੇਸ਼ ਭੋਜਨ ਇਸ ਹਾਲ ਵਿਚ ਆਯੋਜਿਤ ਕੀਤੇ ਜਾਂਦੇ ਸਨ |
ਫਿਰ ਅਸੀਂ 'ਗ੍ਰੇਟ ਸਟੇਅਰ ਕੇਸ' (ਸੁੰਦਰ ਵਿਸ਼ਾਲ ਪੌੜੀਆਂ) ਦੇ ਅੱਗੋਂ ਦੀ ਹੋ ਕੇ ਇਕ ਛੋਟੇ ਕਮਰੇ 'ਐਾਟੀ ਚੈਂਬਰ' ਵਿਚ ਗਏ, ਜਿਸ ਨੂੰ ਆਪਣੇ ਮੂਲ ਰੰਗ ਵਿਚ ਪੇਂਟ ਕੀਤਾ ਗਿਆ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਦਾ ਦਿਸਦਾ ਸੀ ਜਿਵੇਂ 18ਵੀਂ ਸਦੀ ਵਿਚ ਸੀ | ਉਥੇ ਅਸੀਂ ਸ਼ਾਨਦਾਰ ਲਾਇਬ੍ਰੇਰੀ ਵਿਚ ਦਾਖ਼ਲ ਹੋਏ ਜੋ ਆਪਣੇ ਵਿਸਤਾਰ ਦੇ ਕਾਰਨ 'ਗ੍ਰੇਟ ਰੂਮ' ਵੀ ਕਹਾਉਂਦੀ ਹੈ | ਲਾਇਬ੍ਰੇਰੀ ਦੀ ਛੱਤ 'ਤੇ ਅਤਿ ਸੁੰਦਰ, ਹਲਕੇ ਗੁਲਾਬੀ ਅਤੇ ਹਲਕੇ ਸਲੇਟੀ ਰੰਗ ਦਾ ਸਜਾਵਟੀ ਪਲਾਸਟਰ ਕੰਮ ਕੀਤਾ ਹੋਇਆ ਸੀ | ਹੋਰ ਚਿੱਤਰ ਪਲਾਸਟਰ ਵਰਕ ਤੋਂ ਇਲਾਵਾ ਚਾਰ ਚੱਕਰਾਂ ਦੇ ਅੰਦਰ ਚਾਰ ਮੌਸਮਾਂ ਦਾ ਵਿਸ਼ੇਸ਼ ਚਿਤਰਣ ਹੈ, ਜੋ ਅਤਿ ਪ੍ਰਸੰਸਾਯੋਗ ਹੈ | ਜੀਵੰਤ ਛੱਤ ਨੂੰ ਜਿਵੇਂ ਸਹਾਰਾ ਦਿੰਦੇ ਹੋਏ ਉੱਚੇ ਆਕਰਸ਼ਕ ਸਤੰਭ ਹਨ, ਜੋ ਆਰਕੀਟੈਕਟ ਰੋਬਰਟ ਐਡਮ ਦੇ ਪ੍ਰਸਿੱਧ ਸਟਾਈਲ ਦਾ ਇਕ ਰੂਪ ਹੈ | ਪੁਸਤਕਾਂ, ਉਨ੍ਹਾਂ ਦੀਆਂ ਅਲਮਾਰੀਆਂ, ਸੁਨਹਿਰੀ ਲਾਈਨਿੰਗ ਵਾਲੇ ਫਰਨੀਚਰ, ਸ਼ੀਸ਼ੇ, ਪਰਦੇ ਸਭ ਕੁਝ ਲਾਇਬ੍ਰੇਰੀ ਦੀ ਕਲਾਤਮਕ ਦਿਖ ਨੂੰ ਵਧਾ ਰਹੇ ਸਨ |
ਓਲਡ ਮਾਸਟਰਜ਼ ਪੇਂਟਿੰਗ : ਮੁੱਲਵਾਨ ਚਿੱਤਰਕਲਾਵਾਂ
ਇਸ ਤੋਂ ਬਾਅਦ ਅਸੀਂ ਕੇਨਵੁੱਡ ਹਾਊਸ ਦੇ ਦੂਜੇ ਪਾਸੇ ਬਣੇ ਸੁੰਦਰ ਡਾਈਨਿੰਗ ਹਾਲ ਵੱਲ ਗਏ | ਦਰਵਾਜ਼ੇ ਦੀ ਬਾਰੀਕ ਨਕਾਸ਼ੀ ਅਤੇ ਉਸ ਦੇ ਬਾਹਰ ਸਜੀ ਸੁਨਹਿਰੀ ਘੜੀ ਦੇਖਣਯੋਗ ਹੈ | ਸੁਨਹਿਰੇ ਅਤੇ ਮਜੰਟਾ ਰੰਗ ਵਿਚ ਸਜਿਆ ਕਮਰਾ ਕਿਸੇ ਸ਼ਾਹੀ ਥਾਂ ਤੋਂ ਘੱਟ ਨਹੀਂ ਹੈ, ਜੋ ਸਾਲ 2000 ਵਿਚ ਹੋਈ ਦੁਬਾਰਾ ਸਜਾਵਟ ਤੋਂ ਬਾਅਦ ਕਲਾਤਮਕ ਡ੍ਰਾਇੰਗ ਰੂਮ ਜਿਹਾ ਦਿਸਦਾ ਹੈ | ਇਥੇ ਅਰਲ ਲਾਰਡ ਆਈਵਿਘ ਵਲੋਂ ਭੇਟ ਕੀਤੀ 'ਓਲਡ ਮਾਸਟਰਜ਼ ਪੇਂਟਿੰਗਜ਼' ਮੁੱਲਵਾਨ ਚਿਤਰਕਲਾਵਾਂ ਦਾ ਸੰਗ੍ਰਹਿ ਪ੍ਰਦਰਸ਼ਿਤ ਹੈ, ਜਿਸ ਲਈ ਕਮਰੇ ਦੀ ਸਜਾਵਟ ਅਨੁਕੂਲ ਹੈ | ਲਾਰਡ ਆਈਵਿਘ ਪ੍ਰਸਿੱਧ ਬਰੂਰੀ ਮਿਨਿਸ ਦੇ ਧਨਾਢ ਪਰਿਵਾਰ ਤੋਂ ਸੀ, ਜਿਨ੍ਹਾਂ ਨੇ ਕੇਨਵੁੱਡ ਹਾਊਸ ਨੂੰ ਢਹਿ ਜਾਣ ਤੋਂ ਬਚਾਇਆ ਅਤੇ ਉਹ ਕੇਨਵੁੱਡ ਹਾਊਸ ਦੇ ਆਖਰੀ ਮਾਲਿਕ ਵੀ ਸਨ | ਅੰਗਰੇਜ਼ੀ ਵਪਾਰੀ ਤੇ ਲੋਕ ਉਪਕਾਰੀ ਵਿਅਕਤੀ ਲਾਰਡ ਆਈਵਿਘ ਨੇ 1925 ਵਿਚ ਭਵਨ ਨੂੰ ਖਰੀਦਿਆ ਸੀ ਪਰ 1928 ਵਿਚ ਹੀ ਉਹ ਚਲ ਵਸੇ ਤਾਂ ਕੇਨਵੁੱਡ ਹਾਊਸ ਨੂੰ ਜਨਤਕ ਥਾਂ ਐਲਾਨ ਕੀਤਾ ਗਿਆ | ਉਨ੍ਹਾਂ ਨੇ ਆਪਣੇ ਦੇਸ਼ ਦੇ ਕਲਾ ਪ੍ਰੇਮੀਆਂ ਅਤੇ ਸੈਲਾਨੀਆਂ ਲਈ ਆਪਣੀ ਨਿੱਜੀ ਬਹੁਕੀਮਤੀ ਚਿੱਤਰਕਲਾ ਸੰਗ੍ਰਹਿ ਦਾਨ ਕਰ ਦਿੱਤਾ ਸੀ, ਜੋ ਉਦੋਂ ਤੋਂ ਅੱਜ ਤੱਕ ਇਥੇ ਪ੍ਰਦਰਸ਼ਿਤ ਹੈ | ਇਥੇ ਸਾਨੂੰ ਪ੍ਰਸਿੱਧ 'ਪੇਂਟਰ ਰੈਮਬਰਾ' ਦਾ ਖ਼ੁਦ ਬਣਾਇਆ 'ਸੈਲਫ ਪੋਟ੍ਰੇਟ' ਵੀ ਮਿਲਿਆ, ਜੋ 'ਰੈਮਬਰਾ' ਵਲੋਂ ਬਣਾਏ 40 'ਸੈਲਫ ਪੋਟ੍ਰੇਟ' ਵਿਚੋਂ ਇਕ ਹੈ, ਜੋ ਕੈਨਵਸ 'ਤੇ ਆਇਲ ਚਿਤਰਕਲਾ ਦਾ ਅਤਿ ਸੁੰਦਰ ਨਮੂਨਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

seemaanandchopra@gmail.com

ਸ਼ੇਰ-ਏ-ਪੰਜਾਬ ਦੀ ਪੁਲ ਕੰਜਰੀ ਨਾਲ ਜੁੜੀ ਦਾਸਤਾਨ

ਇਤਿਹਾਸਕ ਸ਼ਹਿਰ ਅੰਮਿ੍ਤਸਰ ਵਿਖੇ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਸੈਲਾਨੀ ਪੰਜਾਬ ਦੀ ਵਿਲੱਖਣ ਵਿਰਾਸਤ ਦੇ ਰੂ-ਬ-ਰੂ ਹੋਣ ਲਈ ਫੇਰਾ ਪਾਉਂਦੇ ਹਨ | ਪੰਜਾਬ ਟੂਰਿਜ਼ਮ ਦੇ ਮੁੱਖ ਕੇਂਦਰ ਅੰਮਿ੍ਤਸਰ ਦੇ ਲਾਗੇ -ਬੰਨੇ ਕੁਝ ਸਥਾਨ ਅਜਿਹੇ ਵੀ ਹਨ, ਜਿਨ੍ਹਾਂ ਤੋਂ ਸੈਲਾਨੀ ਅਜੇ ਅਨਜਾਣ ਹਨ | ਇਨ੍ਹਾਂ ਸਥਾਨਾਂ ਵਿਚੋਂ ਹੀ ਇਕ ਹੈ ਪੁਲ ਕੰਜਰੀ |
ਪੁਲ ਕੰਜਰੀ (ਪੁਲ ਮੋਰਾਂ) ਲਹਿੰਦੇ ਪੰਜਾਬ ਵੱਲ ਨੂੰ ਭਾਰਤ-ਪਾਕਿਸਤਾਨ ਰੈੱਡਕਲਿੱਫ ਬਾਰਡਰ ਦੇ ਨਾਲ ਅਟਾਰੀ ਤੋਂ ਛੇ ਕੋਹ ਦੀ ਦੂਰੀ 'ਤੇ ਹੈ | ਇਸ ਇਤਿਹਾਸਕ ਜਗ੍ਹਾ ਦਾ ਇਹ ਨਾਂਅ ਪੈਣ ਪਿੱਛੇ ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਨਾਂਅ ਦੀ ਨਾਚੀ ਨਾਲ ਜੁੜੀ ਪ੍ਰੇਮ ਕਹਾਣੀ ਹੈ |
ਮੋਰਾਂ ਤਵਾਇਫ਼ ਘਰਾਣੇ ਨਾਲ ਸਬੰਧਿਤ ਅੰਮਿ੍ਤਸਰ ਦੇ ਪਿੰਡ ਮੱਖਣਪੁਰ ਦੇ ਵਸਨੀਕ ਮਲਕ ਸ਼ਮਸਉਦੀਨ ਅਲੀ ਮੁਹੰਮਦ ਉਰਫ਼ ਮੀਆਂ ਸਮਦੂ ਤੇ ਮਾਂ ਜ਼ੁਬੈਦਾ ਖ਼ਾਨਮ ਦੀ ਧੀ ਸੀ |
ਮੋਰਾਂ ਦੇ ਨਾਂਅ ਸਬੰਧੀ ਬਲਰਾਜ ਸਿੰਘ ਦੀ ਕਿਤਾਬ 'ਮੋਰਾਂ ਦਾ ਮਹਾਰਾਜਾ' ਵਿਚ ਲਿਖਿਆ ਹੈ ਕਿ ਮੋਰਾਂ ਦਾ ਅਸਲ ਨਾਂਅ ਮੁਮਤਾਜ ਸੀ, ਜੋ ਕਿ ਨਾਚ ਸਿੱਖਣ ਸਮੇਂ ਮੋਰਨੀ ਦੀ ਤਰ੍ਹਾਂ ਨੱਚਦੀ ਹੋਣ 'ਤੇ ਉਸਤਾਦ ਉਸ ਨੂੰ ਮੋਰਨੀ ਆਖਣ ਲੱਗਾ | ਸਮਾਂ ਪਾ ਕੇ ਮੋਰਨੀ ਤੋਂ ਮੋਰਾਂ ਨਾਂਅ ਮਕਬੂਲ ਹੋ ਗਿਆ |
ਜਦੋਂ ਭੰਗੀ ਸਰਦਾਰਾਂ ਤੋਂ ਤੰਗ ਆ ਚੁੱਕੇ ਆਵਾਮ ਵਲੋਂ ਲਾਹੌਰ 'ਤੇ ਕਾਬਜ਼ ਹੋਣ ਲਈ ਸੱਦਾ ਘੱਲਣ 'ਤੇ ਲਾਹੌਰੀ ਦਰਵਾਜ਼ੇ ਦੇ ਦਰਬਾਨ ਮਿਹਰ ਮੋਹਕਮ ਦੀਨ ਦੀ ਮਦਦ ਨਾਲ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਲਾਹੌਰ 'ਤੇ ਕਾਬਜ਼ ਹੋ ਗਏ ਤਾਂ ਇਸ ਜਿੱਤ ਦੀ ਖੁਸ਼ੀ ਵਿਚ ਜਸ਼ਨ ਹੋਇਆ | ਇਸ ਜਸ਼ਨ ਵਿਚ ਰੋਜ਼ਮਰ੍ਹਾ ਦੀ ਜ਼ਿੰਦਗੀ 'ਚੋਂ ਸਮਾਂ ਕੱਢ ਮਹਾਰਾਜਾ ਰਣਜੀਤ ਸਿੰਘ ਵੀ ਸ਼ਰੀਕ ਹੋਏ | ਇਸ ਜਸ਼ਨ ਵਿਚ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਸੀ ਅੰਮਿ੍ਤਸਰ ਦੀ ਮਸ਼ਹੂਰ ਨਾਚੀ ਮੋਰਾਂ ਦਾ ਮੁਜ਼ਰਾ | ਮੋਰਾਂ ਤਵਾਇਫ਼ ਇਕ ਕੁਸ਼ਲ ਨ੍ਰਤਕੀ ਦੇ ਨਾਲ-ਨਾਲ ਅੱਤ ਦੀ ਸੋਹਣੀ ਵੀ ਸੀ |
ਨਿਰਮਲ ਅਰਪਨ ਮੋਰਾਂ ਦੀ ਸੁੰਦਰਤਾ ਨੂੰ ਆਪਣੇ ਬਾ-ਕਮਾਲ ਅਲਫਾਜ਼ ਵਿਚ ਪਰੋਂਦੇ ਹੋਏ ਮੋਰਾਂ ਨੂੰ ਜਿਸਮ ਦੇ ਮਾਧਿਅਮ ਨਾਲ ਲਿਖੀ ਗਈ ਖ਼ੂਬਸੂਰਤ ਇਬਾਰਤ ਆਖਦੇ ਹਨ |
ਇਸ ਸ਼ਾਮ-ਏ-ਜਸ਼ਨ ਵਿਚ ਸਾਜ਼, ਨਾਚ 'ਤੇ ਆਵਾਜ਼ ਦੇ ਜਾਦੂ ਨਾਲ ਮੋਰਾਂ ਦੀ ਸੁੰਦਰਤਾ ਨੇ ਮਹਾਰਾਜਾ ਨੂੰ ਬਹੁਤ ਪ੍ਰਭਾਵਿਤ ਕੀਤਾ | ਮੋਰਾਂ ਭਾਵੇਂ ਇਸ ਪੇਸ਼ਕਾਰੀ ਬਾਅਦ ਚਲੀ ਗਈ ਪਰ ਉਹ ਮਹਾਰਾਜੇ ਦੇ ਦਿਲ ਵਿਚ ਘਰ ਕਰ ਗਈ |
ਇਸ ਸ਼ਾਮ ਤੋਂ ਬਾਅਦ ਭਾਵੇਂ ਹਰ ਬੰਨੇ ਖ਼ੁਸ਼ੀ ਦੀ ਲਹਿਰ ਸੀ ਪਰ ਮੋਰਾਂ ਦੀ ਹੋਂਦ ਬਿਨਾਂ ਮਹਾਰਾਜਾ ਉਪਰਾਮਤਾ ਦੇ ਮਾਹੌਲ ਵਿਚ ਮੋਰਾਂ ਬਾਰੇ ਸੋਚਦਾ ਮੋਰਾਂ ਨੂੰ ਆਪਣੀ ਜ਼ਿੰਦਗੀ ਵਿਚ ਲਿਆਉਣ ਦੀ ਤਮੰਨਾ ਨੂੰ ਰਵੇਲ ਸਿੰਘ ਨਾਲ ਸਾਂਝਾ ਕਰਦੇ ਹਨ ਪਰ ਰਵੇਲ ਸਿੰਘ ਇਸ ਕੰਮ ਨੂੰ ਨੇਪਰੇ ਚਾੜ੍ਹਨ ਤੋਂ ਅਸਮਰਥ ਰਹਿੰਦਾ ਹੈ | ਫੇਰ ਸ: ਲਹਿਣਾ ਸਿੰਘ ਨੇ ਮੋਰਾਂ ਦੀ ਮਾਂ ਜ਼ੁਬੈਦਾਂ ਨਾਲ ਗੱਲਬਾਤ ਕਰਕੇ ਗੱਲ ਰਾਹੇ ਪਾਈ | 1802 ਈ: ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖੀ ਰੀਤੀ ਰਿਵਾਜਾਂ ਤਹਿਤ ਵਿਆਹ ਕਰਵਾਇਆ | ਮੰਨਿਆ ਜਾਂਦਾ ਹੈ ਕਿ ਮੁਜਰਾ ਦੇਖਣ ਆਦਿ ਦੀ ਵਜ੍ਹਾ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਵੀ ਮਹਾਰਾਜਾ ਨੂੰ ਤਨਖਾਹੀਆ ਕਰਾਰ ਦਿੱਤਾ ਤੇ ਦਰਖੱਤ ਨਾਲ ਬੰਨ੍ਹ ਕੋੜ੍ਹੇ ਮਾਰੇ ਜਾਣ ਦੀ ਸਜ਼ਾ ਲਾਈ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਸਹਾਇਕ ਪ੍ਰੋਫ਼ੈਸਰ, ਖ਼ਾਲਸਾ ਕਾਲਜ ਅੰਮਿ੍ਤਸਰ
ਮੋਬਾਈਲ : 99150-49009.

ਚੇਤਿਆਂ 'ਚ ਵਸਿਆ ਪੁਰਾਣਾ ਘਰ ਤੇ ਚਿੜੀਆਂ

ਇਹ ਗੱਲ ਲਗਪਗ ਪੰਝੀ ਕੁ ਸਾਲ ਪੁਰਾਣੀ ਹੈ, ਉਦੋਂ ਸਾਡਾ ਘਰ ਕੱਚਾ ਹੁੰਦਾ ਸੀ, ਸਾਡੇ ਕਮਰਿਆਂ ਦੀਆਂ ਛੱਤਾਂ ਲੱਕੜ ਦੇ ਬਾਲਿਆਂ ਉੱਪਰ ਫੱਟੇ ਰੱਖ ਕੇ ਅਤੇ ਉਨ੍ਹਾਂ ਹੇਠਾਂ ਅੱਧ ਵਿਚਕਾਰੋਂ ਲੋਹੇ ਦੇ ਗਾਡਰ ਦਾ ਆਸਰਾ ਦੇ ਕੇ ਅਤੇ ਉੱਪਰੋਂ ਮਿੱਟੀ, ਗੋਹੇ ਅਤੇ ਤੂੜੀ ਦੇ ਮਿਸ਼ਰਣ ਦੀ ਲਿਪਾਈ ਕਰਕੇ ਬਣੀਆਂ ਹੋਈਆਂ ਸਨ | ਘਰ ਖੁੱਲ੍ਹਾ ਹੋਣ ਕਾਰਨ ਸਰਦੀਆਂ ਦੇ ਮੌਸਮ ਵਿਚ ਵਿਹੜੇ ਵਿਚ ਧੁੱਪ ਬਹੁਤ ਆਉਂਦੀ ਸੀ ਤੇ ਗਰਮੀਆਂ ਵਿਚ ਕਮਰਿਆਂ ਦੀਆਂ ਛੱਤਾਂ ਮਿੱਟੀ ਦੀਆਂ ਹੋਣ ਕਾਰਨ ਠੰਢੇ ਰਹਿੰਦੇ ਸਨ | ਮੈਂ ਉਦੋਂ ਮਸਾਂ ਪੰਜ-ਛੇ ਸਾਲ ਦਾ ਸੀ | ਸਾਡੇ ਘਰ ਦਾ ਖੁੱਲ੍ਹਾ ਵਿਹੜਾ ਹੁੰਦਾ ਸੀ ਤੇ ਘਰ ਦੇ ਬਿਲਕੁਲ ਨਾਲ ਬਾਹਰਲੇ ਪਾਸੇ ਇਕ ਪਿੱਪਲ ਦਾ ਬਹੁਤ ਵੱਡਾ ਦਰੱਖਤ ਸੀ, ਜੋ ਕਿ ਸਾਡੇ ਘਰ ਦੇ ਵਿਹੜੇ ਵੱਲ ਉਲਰਿਆ ਹੋਇਆ ਸੀ | ਕੁੱਲ ਮਿਲਾ ਕੇ ਘਰ ਦੇ ਅੰਦਰਲਾ ਤੇ ਬਾਹਰਲਾ ਵਾਤਾਵਰਨ ਬੜਾ ਹੀ ਕੁਦਰਤੀ, ਰਮਣੀਕ ਤੇ ਦਿਲਖਿੱਚਵਾਂ ਸੀ | ਵੱਡਾ ਦਰੱਖਤ ਹੋਣ ਕਰਕੇ ਪੰਛੀਆਂ ਦੀ ਚਹਿਲ-ਪਹਿਲ ਸਾਰਾ ਦਿਨ ਲੱਗੀ ਰਹਿੰਦੀ ਸੀ |
ਇਨ੍ਹਾਂ ਪੰਛੀਆਂ ਵਿਚ ਦੋ ਪੰਛੀ ਮੈਨੂੰ ਬਹੁਤ ਹੀ ਸੁੰਦਰ ਤੇ ਪਿਆਰੇ ਲਗਦੇ ਉਹ ਸਨ, ਤੋਤੇ ਤੇ ਚਿੜੀਆਂ | ਘਰ ਦੀਆਂ ਛੱਤਾਂ ਕੱਚੀਆਂ ਹੋਣ ਕਾਰਨ ਬਹੁਤ ਸਾਰੀਆਂ ਚਿੜੀਆਂ ਨੇ ਲੱਕੜ ਦੇ ਬਾਲਿਆਂ ਵਿਚ ਆਪਣੇ ਆਲ੍ਹਣੇ ਬਣਾਏ ਹੋਏ ਸਨ | ਕਮਰਿਆਂ ਦੇ ਇਕ-ਦੋ ਰੋਸ਼ਨਦਾਨ ਟੁੱਟੇ ਹੋਣ ਕਾਰਨ ਇਨ੍ਹਾਂ ਚਿੜੀਆਂ ਦਾ ਕਮਰੇ ਵਿਚ ਪ੍ਰਵੇਸ਼ ਕਰਨ ਦਾ ਰਸਤਾ ਇਹੀ ਹੁੰਦਾ ਸੀ | ਇਹ ਨਿੱਕੀਆਂ ਨਿੱਕੀਆਂ ਮਾਸੂਮ ਚਿੜੀਆਂ ਕਮਰੇ ਵਿਚ ਕਾਫੀ ਸੋਹਣਾ ਮਾਹੌਲ ਸਿਰਜਦੀਆਂ ਸਨ | ਇਨ੍ਹਾਂ ਦੀ ਚੀਂ-ਚੀਂ ਬੜੀ ਹੀ ਸੰਗੀਤਕ ਹੁੰਦੀ ਸੀ | ਹਰ ਰੋਜ਼ ਸਵੇਰੇ ਅੰਮਿ੍ਤ ਵੇਲੇ ਲਗਪਗ ਚਾਰ-ਪੰਜ ਵਜੇ ਹੀ ਇਨ੍ਹਾਂ ਚਿੜੀਆਂ ਦੀ ਆਪਣੇ ਆਲ੍ਹਣਿਆਂ ਵਿਚ ਹਲਚਲ ਸ਼ੁਰੂ ਹੋ ਜਾਂਦੀ ਸੀ, ਠੀਕ ਉਸੇ ਸਮੇਂ ਮੇਰੇ ਮਾਤਾ ਜੀ ਰੇਡੀਓ ਲਗਾ ਦਿਆ ਕਰਦੇ ਸਨ, ਜਿਸ 'ਤੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮਿ੍ਤਸਰ ਤੋਂ ਅੰਮਿ੍ਤ ਵੇਲੇ ਦੇ ਸ਼ਬਦ ਕੀਰਤਨ ਦਾ ਆਲ ਇੰਡੀਆ ਰੇਡੀਓ, ਜਲੰਧਰ ਸਟੇਸ਼ਨ ਤੋਂ ਸਿੱਧਾ ਪ੍ਰਸਾਰਣ ਚੱਲ ਰਿਹਾ ਹੁੰਦਾ ਸੀ | ਰੇਡੀਓ ਤੋਂ ਗੁਰਬਾਣੀ ਦੀ ਰਸ-ਭਿੰਨੀ ਮਧੁਰ ਅਵਾਜ਼ ਤੇ ਚਿੜੀਆਂ ਦੀ ਅਵਾਜ਼ ਸਚਮੁਚ ਹੀ ਇਕ 'ਸ਼ੁਭ ਸਵੇਰ' ਦਾ ਆਗ਼ਾਜ਼ ਕਰਦੀਆਂ ਸਨ | ਹਲਕੀ-ਹਲਕੀ ਪਹੁ-ਫੁੱਟਣ 'ਤੇ ਇਹ ਚਿੜੀਆਂ ਆਲ੍ਹਣਿਆਂ ਵਿੱਚੋਂ ਨਿਕਲ ਜਾਂਦੀਆਂ ਸਨ | ਇਨ੍ਹਾਂ ਦੀਆਂ ਸੁਰੀਲੀਆਂ ਅਵਾਜ਼ਾਂ ਨਾਲ ਮੈਂ ਵੀ ਜਾਗ ਜਾਇਆ ਕਰਦਾ ਸੀ | ਜਦ ਵੀ ਕੋਈ ਨਵੀਂ ਚਿੜੀ ਛੱਤ ਵਿਚ ਕਿਤੇ ਆਲ੍ਹਣਾ ਬਣਾਉਣ ਦਾ ਯਤਨ ਕਰਦੀ ਤਾਂ ਉਹ ਬਾਹਰੋਂ ਤੀਲਿਆਂ-ਤਿਣਕਿਆਂ ਆਦਿ ਨੂੰ ਇਕੱਠਾ ਕਰ ਕੇ, ਇਕ-ਇਕ ਕਰ ਕੇ ਬਾਲਿਆਂ ਅਤੇ ਲੋਹੇ ਦੇ ਗਾਡਰ ਵਿਚਕਾਰਲੀ ਥਾਂ 'ਤੇ ਜਮ੍ਹਾਂ ਕਰਦੀ | ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਆਲ੍ਹਣੇ ਚਿੜੀਆਂ ਦੀਆਂ ਰਿਹਾਇਸ਼ਗਾਹਾਂ ਬਣਦੇ | ਇਹ ਚਿੜੀਆਂ ਇਨ੍ਹਾਂ ਆਲ੍ਹਣਿਆਂ ਵਿਚ ਜਦ ਆਂਡੇ ਦਿੰਦੀਆਂ ਤਾਂ ਕੁਝ ਦਿਨਾਂ ਬਾਅਦ ਉਨ੍ਹਾਂ ਵਿੱਚੋਂ ਨਿੱਕੇ-ਨਿੱਕੇ ਬੋਟ ਨਿਕਲਦੇ | ਚਿੜੀਆਂ ਆਪਣੇ ਇਨ੍ਹਾਂ ਨਿੱਕੇ-ਨਿੱਕੇ ਬੋਟਾਂ ਲਈ ਬਾਹਰੋਂ ਦਾਣਾ ਚੁਗ ਕੇ ਲਿਆਉਂਦੀਆਂ ਤੇ ਉਨ੍ਹਾਂ ਬੋਟਾਂ ਦੇ ਮੂੰਹਾਂ ਵਿਚ ਪਾਉਂਦੀਆਂ ਸਨ | ਇਹ ਦਿ੍ਸ਼ ਵੇਖ ਕੇ ਮੈਨੂੰ ਇੰਜ ਲੱਗਦਾ ਜਿਵੇਂ ਕੁਦਰਤ ਮੇਰੇ ਅੰਗ-ਸੰਗ ਖੇਡਦੀ | ਕਾਦਰ ਦੀ ਕੁਦਰਤ ਦਾ ਜਲਵਾ ਇਹ ਨਿੱਕੇ ਨਿੱਕੇ ਪੰਛੀ ਬਿਖੇਰਦੇ |
ਸਮਾਂ ਬੀਤਦਾ ਗਿਆ | ਮੈਂ ਬਚਪਨ ਤੋਂ ਜਵਾਨੀ ਵੱਲ ਪ੍ਰਵੇਸ਼ ਕਰ ਗਿਆ | ਪਰਿਵਾਰਕ ਜ਼ਰੂਰਤਾਂ ਕਾਰਨ ਅਸੀਂ ਘਰ ਵੀ ਬਦਲ ਲਿਆ | ਸ਼ਹਿਰੀ ਜੀਵਨ ਦੀ ਤਰਜ਼ਮਾਨੀ ਕਰਦਾ ਹੋਇਆ ਬਦਲਿਆ ਹੋਇਆ ਨਵਾਂ ਘਰ ਸੀਮੈਂਟ, ਬਜਰੀ ਤੇ ਸਰੀਏ ਦੇ ਪੱਕੇ ਲੈਂਟਰ ਦਾ ਸੀ | ਪਿੱਪਲ ਦਾ ਦਰੱਖਤ ਤਾਂ ਦੂਰ, ਇੱਥੇ ਬੰਦ ਕਮਰਿਆਂ ਵਿਚ ਅਸਮਾਨ ਵੀ ਨਹੀਂ ਦਿੱਸਦਾ | ਇਕ ਦਿਨ ਮੈਂ ਬੈੱਡ 'ਤੇ ਲੇਟੇ ਪਏ ਨੇ ਛੱਤ ਵੱਲ ਤੱਕਿਆ ਤਾਂ ਉਸ ਵਿਚ ਨਾ ਤਾਂ ਬਾਲੇ ਸਨ ਤੇ ਨਾ ਹੀ ਉਹ ਚਿੜੀਆਂ ਦੇ ਆਲ੍ਹਣੇ | ਰੌਸ਼ਨਦਾਨ ਦੇ ਸ਼ੀਸ਼ੇ ਵੀ ਪੱਕੇ ਜੜੇ ਹੋਏ ਸਨ |
ਚਿੜੀਆਂ ਦਾ ਚਹਿਕਣਾ, ਉਨ੍ਹਾਂ ਦਾ ਆਲ੍ਹਣੇ ਬਣਾਉਣਾ, ਪਹੁ-ਫੁੱਟਣ 'ਤੇ ਸ਼ੋਰ ਮਚਾਉਣਾ ਆਦਿ ਸਭ ਦਿ੍ਸ਼ ਹੁਣ ਪਰੀ ਕਹਾਣੀਆਂ ਦਾ ਹਿੱਸਾ ਜਿਹਾ ਲੱਗਦਾ ਹੈ | ਕੁਦਰਤ ਜਿਹੜੀ ਸਦਾ ਅੰਗ-ਸੰਗ ਖੇਡਦੀ ਸੀ, ਉਹ ਹੁਣ ਰੁੱਸੀ-ਰੁੱਸੀ ਜਾਪਦੀ ਲਗਦੀ ਸੀ | ਸ਼ਹਿਰੀਕਰਨ ਤੇ ਆਧੁਨਿਕਤਾ ਦੇ ਪ੍ਰਭਾਵ ਨੇ ਜਿਵੇਂ ਸੁਹਜਮਈ ਜੀਵਨ ਨੂੰ ਲੁਕੋ ਲਿਆ ਲਗਦਾ ਹੈ | ਦੂਜੀ ਗੱਲ ਇੱਥੇ ਇਹ ਵੀ ਕਰਨੀ ਬਣਦੀ ਹੈ ਕਿ ਅੱਜਕਲ੍ਹ ਸਾਡੇ ਚੌਗਿਰਦੇ ਵਿਚ ਮਨੁੱਖ ਵਲੋਂ ਕੀਤੀ ਜਾ ਰਹੀ ਕੁਦਰਤ ਨੂੰ ਪ੍ਰਭਾਵਿਤ ਕਰਨ ਵਾਲੀ ਹਿਲਜੁਲ ਕਾਰਨ ਲਗਾਤਾਰ ਚਿੜੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ, ਜੋ ਕਿ ਸਾਡੇ ਲਈ ਤੇ ਖਾਸ ਕਰਕੇ ਵਾਤਾਵਰਨ ਤੇ ਕੁਦਰਤ ਪ੍ਰੇਮੀਆਂ ਲਈ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ | ਕਾਸ਼! ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਮੁੜ ਜੁੜ ਸਕਦੇ ਤੇ ਉਨ੍ਹਾਂ ਵਿਸਮਾਦੀ ਤੇ ਕੁਦਰਤ ਦੇ ਰੰਗਾਂ ਦਾ ਅਨੰਦ ਮੁੜ ਲੈ ਸਕਦੇ |

-ਸ੍ਰੀ ਅੰਮਿ੍ਤਸਰ | ਮੋਬਾਈਲ : 87278-00372

ਭੁੱਲੀਆਂ ਵਿਸਰੀਆਂ ਯਾਦਾਂ

1980 ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਲੰਦਨ ਵਿਚ ਹੋਈ ਸੀ | ਉਸ ਵਕਤ ਉਸ ਕਾਨਫ਼ਰੰਸ ਵਿਚ ਸਾਰੇ ਹੀ ਚੋਟੀ ਦੇ ਸਾਹਿਤਕਾਰ ਸ਼ਾਮਿਲ ਹੋਏ ਸਨ | ਬਹੁਤ ਸਾਰੇ ਸਾਹਿਤਕਾਰ ਪਹਿਲੀ ਵਾਰ ਲੰਦਨ ਗਏ ਸਨ | ਉਨ੍ਹਾਂ ਸਾਰੇ ਸਾਹਿਤਕਾਰਾਂ ਵਿਚੋਂ ਖੁੱਲ੍ਹਦਿਲਾ ਪਿੰ੍ਰਸੀਪਲ ਸੰਤ ਸਿੰਘ ਸੇਖੋਂ ਸੀ | ਹਰ ਇਕ ਨੂੰ ਹੱਸ ਕੇ, ਖੁੱਲ੍ਹੇ ਮਨ ਨਾਲ ਮਿਲਦਾ ਸੀ | ਇਸ ਕਾਨਫ਼ਰੰਸ ਵਿਚ ਸ਼ੇਰ ਜੰਗ ਜਾਂਗਲੀ ਸੇਖੋਂ ਜੀ ਨੂੰ ਆਖਣ ਲੱਗੇ, 'ਸੇਖੋਂ ਜੀ ਆਓ ਤੁਹਾਨੂੰ ਇਕ ਗੋਰੀ ਪੱਤਰਕਾਰ ਨੂੰ ਮਿਲਾਈਏ | ਸੇਖੋਂ ਜੀ ਉਸ ਪੱਤਰਕਾਰ ਨਾਲ ਹੱਥ ਮਿਲਾ ਕੇ ਬਹੁਤ ਖੁਸ਼ ਹੋਏ | ਸਾਰੇ ਹੱਸਣ ਲੱਗ ਪਏ | ਸੇਖੋਂ ਜੀ ਤੇ ਸ਼ੇਰ ਜੰਗ ਜਾਂਗਲੀ ਇਸ ਦੁਨੀਆ ਵਿਚ ਨਹੀਂ ਹਨ | ਪਰ ਉਸ ਕਾਨਫ਼ਰੰਸ ਦੀ ਇਕ ਯਾਦਗਾਰੀ ਤਸਵੀਰ ਜ਼ਰੂਰ ਛੱਡ ਗਏ ਹਨ |

-ਮੋਬਾਈਲ : 98767-41231

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-143: ਮੱਧ ਵਰਗੀ ਸਿਨੇਮਾ ਦਾ ਪੈਰੋਕਾਰ ਰਿਸ਼ੀਕੇਸ਼ ਮੁਕਰਜੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਸੇ ਹੀ ਤਰ੍ਹਾਂ ਰਾਜ ਕਪੂਰ ਦੇ ਨਾਲ ਵੀ ਰਿਸ਼ੀਕੇਸ਼ ਮੁਕਰਜੀ ਦਾ ਬੜਾ ਗੂੜ੍ਹਾ ਸਬੰਧ ਸੀ | ਰਾਜ ਨਾਲ ਉਸ ਨੇ 'ਅਨਾੜੀ' ਤੋਂ ਬਾਅਦ 'ਆਸ਼ਿਕ' ਵੀ ਕੀਤੀ ਸੀ, ਜਿਸ 'ਚ ਨਾਇਕਾ ਪਦਮਨੀ ਸੀ | ਰਾਜ ਕਪੂਰ ਨੇ ਰਿਸ਼ੀਕੇਸ਼ ਮੁਕਰਜੀ ਦਾ ਨਾਂਅ ਬਾਬੂ ਮੁਸ਼ਾਏ ਰੱਖਿਆ ਹੋਇਆ ਸੀ | ਆਪਣੀ ਫ਼ਿਲਮ 'ਆਨੰਦ' ਵਿਚ ਰਿਸ਼ੀ ਦਾਦਾ ਰਾਜ ਕਪੂਰ ਨੂੰ ਹੀ ਲੈਣਾ ਚਾਹੁੰਦਾ ਸੀ ਕਿਉਂਕਿ ਇਸ ਦੀ ਕਹਾਣੀ ਵੀ ਰਾਜ ਕਪੂਰ ਦੀ ਨਿੱਜੀ ਸ਼ਖ਼ਸੀਅਤ ਤੋਂ ਪ੍ਰੇਰਿਤ ਸੀ | ਪਰ ਕੁਝ ਰੁਝੇਵਿਆਂ ਕਰਕੇ ਰਿਸ਼ੀ ਦਾਦਾ ਰਾਜ ਕਪੂਰ ਨੂੰ ਸਾਈਨ ਨਹੀਂ ਕਰ ਸਕੇ ਸਨ, ਇਸ ਲਈ ਇਹ ਭੂਮਿਕਾ ਰਾਜੇਸ਼ ਖੰਨਾ ਨੂੰ ਮਿਲ ਗਈ ਸੀ | 'ਆਨੰਦ' ਇਕ ਸਫਲ ਅਤੇ ਕਲਾਸੀਕਲ ਕਿਰਤ ਸਾਬਤ ਹੋਈ ਸੀ |
ਰਿਸ਼ੀਕੇਸ਼ ਮੁਕਰਜੀ ਦੀ ਕਲਾ ਦੀ ਵਿਸ਼ੇਸ਼ਤਾ ਇਹ ਸੀ ਕਿ ਉਹ ਸਾਧਾਰਨ ਜੀਵਨ ਨਾਲ ਸਬੰਧਤ ਛੋਟੇ-ਛੋਟੇ ਮਸਲਿਆਂ ਨੂੰ ਵੀ ਸਿਨੇਮੈਟਿਕ ਦਿੱਖ ਪ੍ਰਦਾਨ ਕਰਨ 'ਚ ਸਫ਼ਲ ਹੁੰਦਾ ਸੀ | ਮਿਸਾਲ ਦੇ ਤੌਰ 'ਤੇ 'ਅਭਿਆਨ' ਵਿਚ ਉਸ ਨੇ ਇਕ ਗਾਇਕ-ਨਾਇਕ (ਅਮਿਤਾਭ ਬੱਚਨ) ਅਤੇ ਗਾਇਕਾ-ਨਾਇਕਾ (ਜਯਾ ਭਾਦੁੜੀ) ਦੀ ਆਪਸੀ ਹਊਮੈ ਵਾਲੇ ਤਣਾਅ ਨੂੰ ਲੈ ਕੇ ਬਹੁਤ ਹੀ ਸਾਫ਼-ਸੁਥਰੀ ਅਤੇ ਮਨੋਰੰਜਕ ਫ਼ਿਲਮ ਬਣਾਈ ਸੀ |
ਇਸੇ ਹੀ ਤਰ੍ਹਾਂ ਘਰ 'ਚ ਸ਼ਾਂਤੀ ਬਣਾ ਕੇ ਰੱਖਣ ਲਈ ਸਿਰਫ਼ ਥੋੜ੍ਹੇ ਜਿਹੇ ਧੀਰਜ ਦੀ ਜ਼ਰੂਰਤ ਹੈ, ਇਹ ਸੰਦੇਸ਼ ਰਿਸ਼ੀ ਦਾਦਾ ਨੇ 'ਬਾਵਰਚੀ' ਰਾਹੀਂ ਦਿੱਤਾ ਸੀ | ਇਸ 'ਚ ਨਾਇਕ (ਰਾਜੇਸ਼ ਖੰਨਾ) ਇਕ ਪਰਿਵਾਰ 'ਚ ਬਾਵਰਚੀ ਬਣ ਕੇ ਉਸ ਘਰ ਦੇ ਸਾਰੇ ਮੈਂਬਰਾਂ ਦਾ ਦਿਲ ਜਿੱਤ ਲੈਂਦਾ ਹੈ ਅਤੇ ਉਨ੍ਹਾਂ ਨੂੰ ਇਕੱਠੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ |
ਫ਼ਿਲਮ 'ਗੁੱਡੀ' ਵਿਚ ਰਿਸ਼ੀ ਦਾਦਾ ਨੇ ਬਾਲੀਵੁੱਡ ਦੇ ਗਲੈਮਰ ਦੀਆਂ ਧੱਜੀਆਂ ਉਡਾ ਕੇ ਦਰਸ਼ਕਾਂ ਨੂੰ ਇਸ ਦੀ ਸਚਾਈ ਨਾਲ ਪ੍ਰੀਚਿਤ ਕਰਵਾਇਆ ਸੀ |
ਪਰ ਕਾਮੇਡੀ ਰਿਸ਼ੀ ਦਾਦਾ ਦਾ ਸਭ ਤੋਂ ਵੱਡਾ ਹਥਿਆਰ ਸਦਾ ਹੀ ਰਹੀ ਸੀ | ਉਹ ਹਾਸੇ ਮਜ਼ਾਕ 'ਚ ਹੀ ਦਰਸ਼ਕਾਂ ਨੂੰ ਸੰਦੇਸ਼ ਵੀ ਦੇ ਦਿਆ ਕਰਦਾ ਸੀ, ਇਸ ਦਿ੍ਸ਼ਟੀਕੋਣ ਤੋਂ 'ਚੁਪਕੇ ਚੁਪਕੇ' ਉਸ ਦੀ ਇਕ ਕਲਾਸੀਕਲ ਮੂਵੀ ਸੀ | ਇਸੇ ਹੀ ਤਰ੍ਹਾਂ 'ਗੋਲਮਾਲ' ਅਤੇ 'ਰੰਗ-ਬਰੰਗੀ' ਵਰਗੀਆਂ ਮਨੋਰੰਜਨ ਭਰਪੂਰ ਫ਼ਿਲਮਾਂ ਵੀ ਰਿਸ਼ੀਦਾਦਾ ਦੇ ਹੁਨਰ ਦਾ ਹੀ ਚਮਤਕਾਰ ਸਨ | ਇਨ੍ਹਾਂ ਫ਼ਿਲਮਾਂ 'ਚ ਵੀ ਉਸ ਨੇ ਛੋਟੀਆਂ-ਛੋਟੀਆਂ ਘਟਨਾਵਾਂ ਨੂੰ ਲੈ ਕੇ ਉਨ੍ਹਾਂ ਪ੍ਰਤੀ ਉਦਾਰਤਾ ਵਾਲਾ ਰਵੱਈਆ ਰੱਖਣ ਦੀ ਸਲਾਹ ਦਿੱਤੀ ਸੀ | ਉਹ ਖੁਦ ਵੀ ਕਿਹਾ ਕਰਦਾ ਸੀ ਕਿ ਜ਼ਿੰਦਗੀ ਸਾਲਾਂ ਦੇ ਨਾਲ ਨਹੀਂ ਬਲਕਿ ਪਲਾਂ ਦੇ ਹਿਸਾਬ ਨਾਲ ਮਾਨਣੀ ਚਾਹੀਦੀ ਹੈ |
ਰਿਸ਼ੀਕੇਸ਼ ਮੁਕਰਜੀ ਨੇ ਕਿਸੇ ਵੀ ਇੰਟਰਵਿਊ ਵਿਚ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਕਦੇ ਕੋਈ ਚਰਚਾ ਨਹੀਂ ਕੀਤੀ ਸੀ | ਉਹ ਬਾਂਦਰਾ ਵਾਲੇ ਫਲੈਟ 'ਚ ਬਿਲਕੁਲ ਹੀ ਇਕਾਂਤਮਈ ਜੀਵਨ ਬਤੀਤ ਕਰਦੇ ਹੁੰਦੇ ਸਨ | ਘਰ 'ਚ ਉਸ ਨੇ ਕੁੱਤੇ ਅਤੇ ਬਿੱਲੀਆਂ ਵਰਗੇ ਪਾਲਤੂ ਜਾਨਵਰ ਪਾਲ ਰੱਖੇ ਸਨ | ਹਾਂ, ਕਦੇ-ਕਦੇ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਮਿਲਣ ਆ ਜਾਇਆ ਕਰਦੇ ਸਨ |
ਪਰ 2005 ਵਿਚ ਜਦੋਂ ਉਹ ਆਪਣੀ ਆਖਰੀ ਫ਼ਿਲਮ 'ਝੂਠ ਬੋਲੇ ਕੌਆ ਕਾਟੇ' ਦੀ ਸ਼ੂਟਿੰਗ ਲਈ ਡਲਹੌਜ਼ੀ ਆਏ ਤਾਂ ਮੈਂ ਵੀ ਉਥੇ ਹੋਟਲ (ਮਾਊਾਟ ਵਿਊ' ਵਿਚ ਠਹਿਰਿਆ ਸਾਂ ਜਿਥੇ ਉਹ ਠਹਿਰੇ ਸਨ | ਇਸ ਲਈ ਮੈਨੂੰ ਕਈ ਵਾਰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ | ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਮੇਰਾ ਉਸ ਪ੍ਰਤੀ ਸਤਿਕਾਰ ਹੋਰ ਵੀ ਵਧ ਗਿਆ | ਬੜੀਆਂ ਹੀ ਵਿਪਰੀਤ ਹਾਲਾਤ 'ਚ ਵੀ ਰਿਸ਼ੀ ਦਾਦਾ ਨੇ ਆਪਣਾ ਕਲਾ ਪ੍ਰੇਮ ਜਾਰੀ ਰੱਖਿਆ ਸੀ | ਉਨ੍ਹਾਂ ਦੇ ਜਵਾਨ ਬੇਟੇ ਦੀ ਦਿੱਲੀ 'ਚ ਮੌਤ ਹੋ ਚੁੱਕੀ ਸੀ, ਵੱਡੀ ਲੜਕੀ ਵਿਧਵਾ ਹੋ ਗਈ ਸੀ | ਰਿਸ਼ੀ ਦਾਦਾ ਖੁਦ ਗੁਰਦੇ ਦੀ ਬਿਮਾਰੀ ਤੋਂ ਕਈ ਸਾਲਾਂ ਤੋਂ ਪੀੜਤ ਚਲਿਆ ਆ ਰਿਹਾ ਸੀ | ਇਸ ਲਈ ਹਫ਼ਤੇ 'ਚ ਇਕ ਵਾਰ ਉਸ ਨੂੰ ਹਸਪਤਾਲ ਜਾ ਕੇ ਡਾਇਲਸਿਸ ਕਰਵਾਉਣਾ ਪੈਂਦਾ ਸੀ | ਇਸ ਤੋਂ ਇਲਾਵਾ ਉਸ ਨੂੰ ਗਠੀਆ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਚੱਲਣ ਫਿਰਨ 'ਚ ਬਹੁਤ ਹੀ ਮੁਸ਼ਕਿਲ ਆਉਂਦੀ ਸੀ |
ਇਸ ਲਈ ਜਦੋਂ ਲੀਲਾਵਤੀ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਤਾਂ ਮੈਨੂੰ ਉਸ ਦੀ ਫ਼ਿਲਮ ਦੀਆਂ ਇਹ ਹੀ ਲਾਈਨਾਂ ਯਾਦ ਆਈਆਂ ਸਨ:
ਜ਼ਿੰਦਗੀ ਕੈਸੀ ਹੈ ਪਹੇਲੀ ਹਾਏ,
ਕਭੀ ਤੋ ਰੁਲਾਏ ਕਭੀ ਯੇਹ ਹਸਾਏ |
(ਆਨੰਦ) |
ਧੰਨਵਾਦ

1 tarch of realism : The 8indu
5ncylopaedia of 8indi 3inema : 7ul੍ਰar, Nihalani __1MP__ 3hatterji
8rishida is dead : Times of 9ndia 27 1ug. 2006.
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਸਮੰੁਦਰ ਵਿਚ ਕਿਵੇਂ ਦਫ਼ਨ ਹੋਇਆ ਟਾਈਟੈਨਿਕ ਜਹਾਜ਼

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਸ ਬਰਫ਼ੀਲੇ ਪਾਣੀ ਵਿਚ ਕੋਈ ਵੀ ਇਨਸਾਨ ਸਿਰਫ 15-20 ਮਿੰਟ ਹੀ ਜ਼ਿੰਦਾ ਰਹਿ ਸਕਦਾ ਸੀ | ਟੱਕਰ ਤੋਂ ਬਾਅਦ ਟਾਈਟੈਨਿਕ ਹੌਲੀ-ਹੌਲੀ ਡੁੱਬਦਾ ਹੋਇਆ 2 ਘੰਟੇ 40 ਮਿੰਟ ਤੱਕ ਪਾਣੀ 'ਤੇ ਰਿਹਾ ਅਤੇ 700 ਤੋਂ ਜ਼ਿਆਦਾ ਲੋਕਾਂ ਨੂੰ ਜਾਨ ਬਚਾਉਣ ਲਈ ਸਮਾਂ ਦੇ ਗਿਆ ਸੀ | ਇਸ ਵੱਡੇ ਦੁਖਾਂਤ ਨੇ ਪੂਰੀ ਦੁਨੀਆ 'ਤੇ ਤਰਥੱਲੀ ਮਚਾ ਦਿੱਤੀ ਸੀ | ਹਾਦਸੇ ਤੋਂ ਬਾਅਦ ਸਵਾਲ ਇਹ ਉੱਠੇ ਕਿ ਇਸ ਹਾਦਸੇ ਵਿਚ ਇਨਸਾਨੀ ਗ਼ਲਤੀ ਸੀ ਜਾਂ ਜਹਾਜ਼ ਦੀ ਬਨਾਵਟ ਵਿਚ ਕੋਈ ਕਮੀ ਸੀ ਜਾਂ ਵਰਤੇ ਗਏ ਸਾਮਾਨ ਵਿਚ ਕੋਈ ਕਮੀ ਸੀ ਸਭ ਤੱਥਾਂ ਦੀ ਤਹਿਕੀਕਾਤ ਤੋਂ ਬਾਅਦ ਵੀ ਕੋਈ ਭਰੋਸੇਯੋਗ ਉੱਤਰ ਸਾਹਮਣੇ ਨਹੀਂ ਆ ਸਕਿਆ | ਗਵਾਹਾਂ ਅਤੇ ਹੋਰ ਲੋਕਾਂ ਅਨੁਸਾਰ ਜਹਾਜ਼ ਵਿਚਕਾਰ ਤੋਂ ਟੁੱਟ ਕੇ ਦੋ ਟੁੱਕੜੇ ਹੋ ਕੇ ਡੁੱਬਿਆ ਸੀ ਪਰ ਸਰਕਾਰੀ ਰਿਪੋਰਟਾਂ ਅਨੁਸਾਰ ਜਹਾਜ਼ ਸਾਬਤ ਹੀ ਡੁੱਬਿਆ ਸੀ | 7 ਦਹਾਕਿਆਂ ਬਾਅਦ ਇਕ ਸਤੰਬਰ 1985 ਨੂੰ ਜਦੋਂ ਪਹਿਲੀ ਵਾਰ ਟਾਈਟੈਨਿਕ ਦਾ ਮਲਬਾ ਮਿਲਿਆ, ਉਦੋਂ ਉਸ ਮਲਬੇ ਵਿਚ ਜਹਾਜ਼ ਨੂੰ ਦੋ ਟੁਕੜਿਆਂ ਵਿਚ ਟੁੱਟਿਆ ਪਾਇਆ ਗਿਆ ਸੀ | ਇਸ ਤੋਂ ਬਾਅਦ ਹੀ ਫਿਰ ਇਸ ਸਵਾਲ ਨੂੰ ਪ੍ਰਮਾਣ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਟਾਈਟੈਨਿਕ ਡੁੱਬਣ ਸਮੇਂ ਦੋ ਟੁਕੜਿਆਂ ਵਿਚ ਟੁੱਟ ਗਿਆ ਸੀ | ਪਰ ਇਸ ਹਾਦਸੇ ਤੋਂ ਬਾਅਦ ਸਭ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਟਾਈਟੈਨਿਕ ਦਾ ਕਪਤਾਨ ਜਹਾਜ਼ ਨੂੰ ਜ਼ਿਆਦਾ ਤੇਜ਼ੀ ਨਾਲ ਕਿਉਂ ਚਲਾ ਰਿਹਾ ਸੀ ਜਦੋਂ ਕਿ ਉਸ ਨੂੰ ਪਹਿਲਾਂ ਬਰਫ਼ੀਲੇ ਤੋਦਿਆਂ ਦੀ ਸੂਹ ਮਿਲ ਚੁੱਕੀ ਸੀ ਜਾਂ ਫਿਰ ਐਨਾ ਮਜ਼ਬੂਤੀ ਨਾਲ ਬਣਾਇਆ ਗਿਆ ਜਹਾਜ਼ ਇਕਦਮ ਕਿਵੇਂ ਟੁੱਟ ਗਿਆ ਤੇ ਟੱਕਰ ਸਹਿਣ ਕਿਉਂ ਨਹੀਂ ਕਰ ਸਕਿਆ | ਕੀ ਉਸ ਦੀ ਮਜ਼ਬੂਤੀ ਵਿਚ ਕੋਈ ਕਮੀ ਰਹਿ ਗਈ ਸੀ ਜਾਂ ਫਿਰ ਉਸ ਦੇ ਡਿਜ਼ਾਈਨ ਵਿਚ ਕੋਈ ਕਮੀ ਸੀ, ਜਿਸ ਕਾਰਨ ਉਹ ਦੋ ਟੋਟੇ ਹੋ ਗਿਆ | ਇਸ ਤੋਂ ਇਲਾਵਾ ਇਹ ਵੀ ਸਵਾਲ ਉੱਭਰ ਕੇ ਸਾਹਮਣੇ ਆਇਆ ਕਿ ਇਸ ਜਹਾਜ਼ 'ਤੇ ਸਿਰਫ ਨਾ-ਮਾਤਰ ਲਾਈਫ਼ ਕਿਸ਼ਤੀਆਂ ਹੀ ਕਿਉਂ ਰੱਖੀਆਂ ਗਈਆਂ ਸਨ | ਅਜਿਹੇ ਸੈਂਕੜੇ ਸਵਾਲਾਂ ਨੇ ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੱਕ ਸਭ ਨੂੰ ਉਲਝਾਈ ਰੱਖਿਆ ਹੈ | ਇਸ ਦੇ ਹਰ ਜਵਾਬ 'ਤੇ ਸੈਂਕੜੇ ਕਿੰਤੂ ਉੱਠ ਖੜੋਂਦੇ ਹਨ | ਇਨ੍ਹਾਂ ਵਿਚੋਂ ਫਿਰ ਸੈਂਕੜੇ ਸਵਾਲ ਹੋਰ ਜਨਮ ਲੈ ਲੈਂਦੇ ਹਨ | ਭਵਿੱਖ ਵਿਚ ਉਮੀਦ ਕਰਦੇ ਹਾਂ ਕਿ ਕਦੀ ਵੀ ਅਜਿਹਾ ਦੁਖਾਂਤ ਨਹੀਂ ਦੁਹਰਾਇਆ ਜਾਵੇਗਾ | ਗ਼ੌਰਤਲਬ ਗੱਲ ਇਹ ਵੀ ਹੈ ਕਿ ਇਕ ਵੱਡਾ ਇਤਫਾਕ ਹੈ ਕਿ ਮਾਰਗਨ ਰੋਬਰਟਸਨ ਨਾਮਕ ਵਿਅਕਤੀ ਵਲੋਂ ਟਾਈਟੈਨਿਕ ਦੇ ਡੁੱਬਣ ਤੋਂ 14 ਸਾਲ ਪਹਿਲਾਂ 1898 ਵਿਚ ਇਕ ਨਾਵਲ ਲਿਖਿਆ ਗਿਆ ਸੀ, ਜਿਸ ਵਿਚ ਉਸ ਵਲੋਂ ਇਕ ਕਦੇ ਨਾ ਡੁੱਬਣ ਲਈ ਬਣੇ ਜਹਾਜ਼ ਦੇ ਬਰਫ਼ ਦੇ ਤੋਦੇ ਨਾਲ ਟਕਰਾਅ ਕੇ ਡੁੱਬਣ ਦੀ ਦਾਸਤਾਨ ਬਿਆਨ ਕੀਤੀ ਗਈ ਸੀ, ਜੋ ਕਿ ਹੂ-ਬ-ਹੂ ਟਾਈਟੈਨਿਕ ਦੀ ਭਵਿੱਖਬਾਣੀ ਦਾ ਗਰਭਕਾਲ ਕਿਹਾ ਜਾ ਸਕਦਾ ਹੈ | ਨਾਵਲ ਵਿਚ ਡੁੱਬਣ ਵਾਲੇ ਜਹਾਜ਼ ਦਾ ਨਾਂਅ ਸੀ ਟਾਈਟੈਨ | (ਸਮਾਪਤ)

-ਪਟਿਆਲਾ | ਸੰਪਰਕ : 99149-57073.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX