ਤਾਜਾ ਖ਼ਬਰਾਂ


ਫਿਲੌਰ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ
. . .  3 minutes ago
ਜਲੰਧਰ, 19 ਅਗਸਤ- ਸੂਬੇ ਅੰਦਰ ਲਗਾਤਾਰ ਪਏ ਭਾਰੀ ਮੀਂਹ ਅਤੇ ਭਾਖੜੇ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਫਿਲੌਰ ਇਲਾਕੇ ਅੰਦਰ ਹੜ੍ਹ ਦੇ ਹਾਲਾਤ ਬਣ ਚੁੱਕੇ ਹਨ। ਇੱਥੇ ਅੱਜ ਹੜ੍ਹ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਲੈ ਕੇ ਜਦੋਂ ਬਚਾਅ ਟੀਮ ਦੀ ਕਿਸ਼ਤੀ ਆ ਰਹੀ ਸੀ ਤਾਂ...
ਦਰਿਆ 'ਤੇ ਲੋਕਾਂ ਦੀ ਸਹਾਇਤਾ ਲਈ ਪਹੁੰਚੇ ਸੰਤ ਸੀਚੇਵਾਲ
. . .  28 minutes ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਬਣੀ ਹੜ੍ਹ ਵਰਗੀ ਸਥਿਤੀ ਕਾਰਨ ਲੋਕਾਂ ਦੀ ਸਹਾਇਤਾ ਲਈ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੀ ਆਪਣੇ ਸੇਵਾਦਾਰਾਂ ਨਾਲ ਦਰਿਆ ਦੇ ਬੰਨ੍ਹ 'ਤੇ ਪਹੁੰਚੇ ਹਨ। ਜਾਇਜ਼ਾ ਲੈਣ ਉਪਰੰਤ...
ਸੜਕ ਹਾਦਸੇ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਈ ਨੀਟੂ ਸ਼ਟਰਾਂ ਵਾਲੇ ਦੀ ਬੇਟੀ
. . .  55 minutes ago
ਜਲੰਧਰ, 19 ਅਗਸਤ- ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਮਸ਼ਹੂਰ ਹੋਏ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਅੱਜ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਇਸ ਸੰਬੰਧੀ ਨੀਟੂ ਸ਼ਟਰਾਂ ਵਾਲੇ ਨੇ ਦੱਸਿਆ ਕਿ ਉਸ ਦੀ ਧੀ ਸਾਕਸ਼ੀ (9) ਚੌਥੀ ਜਮਾਤ 'ਚ...
ਬੈਂਕ ਖਾਤਿਆਂ 'ਚੋਂ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
. . .  about 1 hour ago
ਪਟਿਆਲਾ, 19 ਅਗਸਤ (ਗੁਰਪ੍ਰੀਤ ਸਿੰਘ ਚੱਠਾ)- ਪਟਿਆਲਾ ਪੁਲਿਸ ਨੇ ਬੈਂਕ ਖਾਤਿਆਂ 'ਚੋਂ ਆਨਲਾਈਨ ਠੱਗੀ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ...
ਭਾਰੀ ਮੀਂਹ ਨੇ ਫ਼ਸਲਾਂ ਦੇ ਨਾਲ-ਨਾਲ ਸੜਕਾਂ 'ਤੇ ਵੀ ਮਚਾਈ ਤਬਾਹੀ, ਮਾਛੀਵਾੜਾ-ਕੁਹਾੜਾ ਮਾਰਗ ਬੰਦ
. . .  about 1 hour ago
ਮਾਛੀਵਾੜਾ ਸਾਹਿਬ, 19 ਅਗਸਤ (ਸੁਖਵੰਤ ਸਿੰਘ ਗਿੱਲ)- ਸੂਬੇ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਮਾਛੀਵਾੜਾ ਇਲਾਕੇ 'ਚ ਬਰਸਾਤੀ ਪਾਣੀ ਨੇ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਸੜਕਾਂ 'ਚ ਪਏ ਪਾੜ ਕਾਰਨ ਪਿੰਡਾਂ ਦੇ ਨਾਲ ਮਾਛੀਵਾੜਾ-ਕੁਹਾੜਾ ਮੁੱਖ...
ਬੰਨ੍ਹ ਟੁੱਟਣ ਕਾਰਨ ਫਿਲੌਰ ਅੰਦਰ ਪਾਣੀ 'ਚ ਡੁੱਬੇ ਅਨੇਕਾਂ ਪਿੰਡ, ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ
. . .  about 1 hour ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ੍ਹ)- ਸੂਬੇ ਅੰਦਰ ਲਗਾਤਾਰ ਪਏ ਭਾਰੀ ਮੀਂਹ ਅਤੇ ਭਾਖੜੇ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਫਿਲੌਰ ਇਲਾਕੇ ਅੰਦਰ ਹੜ੍ਹ ਦੇ ਹਾਲਾਤ ਬਣ ਚੁੱਕੇ ਹਨ। ਅੱਜ ਸਵੇਰ ਤੋਂ ਫਿਲੌਰ ਦੇ ਪਿੰਡਾਂ ਮੌ ਸਾਹਿਬ, ਮਿਉਵਾਲ ਦੇ ਨਜ਼ਦੀਕ 4 ਥਾਵਾਂ ਤੋਂ ਬੰਨ੍ਹ...
ਹੜ੍ਹ ਕਾਰਨ ਸਹਿਮੇ ਲੋਕ ਘਰ-ਬਾਰ ਛੱਡਣ ਲਈ ਹੋਏ ਮਜਬੂਰ
. . .  1 minute ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ)- ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਵਰਗੀ ਸਥਿਤੀ ਨੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ਼ਾਹਕੋਟ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਹੜ੍ਹ ਤੋਂ ਬਚਾਅ ਲਈ ਆਪਣੇ ਪਿੰਡ ਅਤੇ ਘਰ ਛੱਡ...
ਏ. ਐੱਸ. ਆਈ. ਵਲੋਂ ਮੁੱਦਈ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ
. . .  about 1 hour ago
ਮਮਦੋਟ, 19 ਅਗਸਤ (ਸੁਖਦੇਵ ਸਿੰਘ ਸੰਗਮ)- ਥਾਣਾ ਮਮਦੋਟ ਦੇ ਪਿੰਡ ਤਰ੍ਹਾਂ ਵਾਲੀ ਵਿਖੇ ਪੰਜਾਬ ਪੁਲਿਸ ਦੇ ਇੱਕ ਏ. ਐੱਸ. ਆਈ. ਵਲੋਂ ਮੁੱਦਈ ਦੇ ਘਰ ਪਹੁੰਚ ਕੇ ਕਥਿਤ ਤੌਰ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪਿੰਡ ਦੇ...
ਸਿੱਖਿਆ ਸੰਮੇਲਨ 'ਚ ਬੋਲੇ ਬਾਜਵਾ, ਕਿਹਾ- ਪੈਸਾ ਕਮਾਉਣ ਦੀ ਹੋੜ 'ਚ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕੀਤਾ ਜਾਵੇ
. . .  about 2 hours ago
ਚੰਡੀਗੜ੍ਹ, 19 ਅਗਸਤ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਵਿਖੇ ਕਰਾਏ ਗਏ ਸਿੱਖਿਆ ਸੰਮੇਲਨ 'ਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਹਿਲਾਂ ਅਧਿਆਪਕ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਹੁਣ ਸਿੱਖਿਆ ਨਿੱਜੀ ਹੱਥਾਂ 'ਚ...
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
. . .  about 2 hours ago
ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)- ਪਾਕਿਸਤਾਨ ਨੇ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਭਾਰਤੀ ਫੌਜ ਵਲੋਂ ਕੀਤੀ ਕਥਿਤ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼...
ਹੋਰ ਖ਼ਬਰਾਂ..

ਸਾਡੀ ਸਿਹਤ

ਰਸੋਈ ਦੇ ਤੇਲ ਸਿਹਤ ਲਈ ਕਿੰਨੇ ਚੰਗੇ, ਕਿੰਨੇ ਖ਼ਤਰਨਾਕ

ਪੁਰਾਣੇ ਸਮੇਂ ਵਿਚ ਜ਼ਿਆਦਾਤਰ ਲੋਕ ਬਨਸਪਤੀ ਘਿਓ, ਦੇਸੀ ਘਿਓ ਜਾਂ ਸਰ੍ਹੋਂ ਦਾ ਤੇਲ ਖਾਣਾ ਬਣਾਉਣ ਵਿਚ ਵਰਤਦੇ ਸਨ। ਹੌਲੀ-ਹੌਲੀ ਖੋਜਕਰਤਾਵਾਂ ਨੇ ਸੁਝਾਅ ਦਿੱਤਾ ਕਿ ਬਨਸਪਤੀ ਘਿਓ ਸਭ ਤੋਂ ਖ਼ਤਰਨਾਕ ਹੈ। ਇਸ ਨੂੰ ਖਾਣ ਨਾਲ ਸਾਨੂੰ ਦਿਲ ਦੇ ਰੋਗ ਦਾ ਖ਼ਤਰਾ ਵਧ ਜਾਂਦਾ ਹੈ।
ਖੋਜਕਰਤਾਵਾਂ ਨੇ ਰਿਫਾਇੰਡ ਆਇਲ ਨੂੰ ਹੀ ਚੰਗਾ ਬਦਲ ਦੱਸਿਆ। ਦੇਸੀ ਘਿਓ ਦਾ ਸੇਵਨ ਵੀ ਬਹੁਤ ਹੀ ਘੱਟ ਮਾਤਰਾ ਵਿਚ ਕਰਨ ਨੂੰ ਕਿਹਾ, ਕਿਉਂਕਿ ਇਹ ਵੀ ਦਿਲ ਦੀਆਂ ਧਮਨੀਆਂ ਵਿਚ ਜੰਮ ਜਾਂਦਾ ਹੈ। ਸਰ੍ਹੋਂ ਦਾ ਤੇਲ ਵੀ ਖਾਣਾ ਬਣਾਉਣ ਲਈ ਚੰਗਾ ਬਦਲ ਹੈ ਪਰ ਹੁਣ ਖੋਜਕਰਤਾ ਸਾਰੇ ਰਿਫਾਇੰਡ ਤੇਲਾਂ ਨੂੰ ਰਸੋਈ ਲਈ ਚੰਗਾ ਨਹੀਂ ਮੰਨਦੇ। ਕੁਝ ਹੀ ਤੇਲ ਹਨ ਜੋ ਰਸੋਈ ਲਈ ਠੀਕ ਹਨ। ਆਓ ਜਾਣਦੇ ਹਾਂ ਕਿਸ ਤੇਲ ਵਿਚ ਕੀ ਗੁਣ ਅਤੇ ਔਗੁਣ ਹਨ-
ਸੂਰਜਮੁਖੀ ਤੇਲ : ਸੂਰਜਮੁਖੀ ਤੇਲ ਜ਼ਿਆਦਾਤਰ ਪੰਜਾਬ, ਹਰਿਆਣਾ, ਕਸ਼ਮੀਰ ਰਾਜਾਂ ਵਿਚ ਜ਼ਿਆਦਾ ਵਰਤਿਆ ਜਾਂਦਾ ਹੈ, ਕਿਉਂਕਿ ਇਸ ਵਿਚ ਪਾਲੀਅਨਸੈਚੁਰੇਟਿਡ ਫੈਟ ਜ਼ਿਆਦਾ ਹੁੰਦੇ ਹਨ ਜੋ ਐਲ.ਡੀ.ਐਲ. ਅਤੇ ਐਚ.ਡੀ.ਐਲ. ਦੋਵਾਂ ਦੀ ਮਾਤਰਾ ਨੂੰ ਘਟਾ ਦਿੰਦੇ ਹਨ।
ਸੂਰਜਮੁਖੀ ਤੇਲ ਰਸੋਈ ਦੇ ਲਿਹਾਜ਼ ਨਾਲ ਤਾਂ ਠੀਕ ਹੈ ਪਰ ਇਸ ਵਿਚ ਤਲੇ ਖਾਧ ਪਦਾਰਥ ਸਾਡੀ ਸਿਹਤ ਲਈ ਠੀਕ ਨਹੀਂ, ਕਿਉਂਕਿ ਇਸ ਵਿਚ ਪਾਏ ਜਾਣ ਵਾਲੇ ਪਾਲੀਅਨਸੈਚੂਰੇਟਿਡ ਫੈਟਸ ਗਰਮ ਹੋ ਕੇ ਟਾਕਸੰਸ ਵਿਚ ਬਦਲ ਜਾਂਦੇ ਹਨ।
ਸੋਇਆਬੀਨ ਤੇਲ : ਮੱਧ ਭਾਰਤ ਵਿਚ ਸੋਇਆਬੀਨ ਦਾ ਤੇਲ ਜ਼ਿਆਦਾ ਵਰਤਿਆ ਜਾਂਦਾ ਹੈ। ਸੋਇਆਬੀਨ ਤੇਲ ਵੀ ਐਲ.ਡੀ.ਐਲ. ਅਤੇ ਐਚ.ਡੀ.ਐਲ. ਵਿਚ ਸੰਤੁਲਨ ਬਣਾ ਕੇ ਰੱਖਦਾ ਹੈ ਪਰ ਸੋਇਆਬੀਨ ਤੇਲ ਵੀ ਤਲਣ ਲਈ ਸਹੀ ਨਹੀਂ ਹੈ। ਗਰਮ ਹੋਣ 'ਤੇ ਇਸ ਦੇ ਅਨਸੈਚੁਰੇਟਿਡ ਫੈਟਸ ਵੀ ਟਾਕਸੰਸ ਵਿਚ ਬਦਲ ਜਾਂਦੇ ਹਨ।
ਸਰ੍ਹੋਂ ਦਾ ਤੇਲ : ਸਰ੍ਹੋਂ ਦੇ ਤੇਲ ਦੀ ਵਰਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬੰਗਾਲ, ਬਿਹਾਰ ਆਦਿ ਵਿਚ ਕਾਫੀ ਹੁੰਦੀ ਹੈ। ਸਰ੍ਹੋਂ ਦੇ ਤੇਲ ਵਿਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਜ਼ਿਆਦਾ ਹੁੰਦੇ ਹਨ ਅਤੇ ਪਾਲੀਅਨਸੈਚੁਰੇਟਿਡ ਫੈਟੀ ਐਸਿਡ ਕਾਫੀ ਘੱਟ ਮਾਤਰਾ ਵਿਚ ਹੁੰਦੇ ਹਨ।
ਸਰ੍ਹੋਂ ਦੇ ਤੇਲ ਦੀ ਵਰਤੋਂ ਵਿਚ ਕੁਲ ਕੋਲੈਸਟ੍ਰਾਲ ਅਤੇ ਐਲ.ਡੀ.ਐਲ. ਘੱਟ ਹੁੰਦਾ ਹੈ। ਇਸ ਤੇਲ ਵਿਚ ਤਲੇ ਹੋਏ ਖਾਧ ਪਦਾਰਥ ਦਾ ਸੇਵਨ ਅਸੀਂ ਕਰ ਸਕਦੇ ਹਾਂ। ਹਮੇਸ਼ਾ ਹੀ ਸਰ੍ਹੋਂ ਦਾ ਤੇਲ ਨਾ ਵਰਤੋ, ਕਿਉਂਕਿ ਇਸ ਵਿਚ ਮੌਜੂਦ ਯੂਰੋਸਿਕ ਐਸਿਡ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਨਾਲ ਹੋਰ ਤੇਲ ਵੀ ਰਸੋਈ ਵਿਚ ਵਰਤੋ।
ਨਾਰੀਅਲ ਤੇਲ : ਇਸ ਵਿਚ ਸੈਚੁਰੇਟਿਡ ਫੈਟ ਹੁੰਦੇ ਹਨ ਪਰ ਬਨਸਪਤੀ ਤੇਲ ਹੋਣ ਦੀ ਵਜ੍ਹਾ ਨਾਲ ਇਸ ਵਿਚ ਕੋਲੈਸਟ੍ਰੋਲ ਨਹੀਂ ਹੁੰਦਾ। ਨਾਰੀਅਲ ਤੇਲ ਸਿਹਤ ਲਈ ਠੀਕ ਹੈ ਪਰ ਇਸ ਦਾ ਸੇਵਨ ਵੀ ਇਕੱਲੇ ਇਸ 'ਤੇ ਨਿਰਭਰ ਹੋ ਕੇ ਨਹੀਂ ਕਰਨਾ ਚਾਹੀਦਾ। ਹੋਰ ਤੇਲਾਂ ਦੀ ਵੀ ਨਾਲ ਹੀ ਵਰਤੋਂ ਕਰੋ। ਤਲਣ ਲਈ ਇਹ ਤੇਲ ਚੰਗਾ ਨਹੀਂ ਹੈ।
ਮੂੰਗਫਲੀ ਦਾ ਤੇਲ : ਇਸ ਤੇਲ ਦੀ ਵਰਤੋਂ ਦੇਸ਼ ਦੇ ਬਹੁਤੇ ਭਾਗਾਂ ਵਿਚ ਕੀਤੀ ਜਾਂਦੀ ਹੈ। ਇਸ ਵਿਚ ਮੋਨੋਅਨਸੈਚੁਰੇਟਿਡ ਫੈਟ ਹੁੰਦੇ ਹਨ। ਇਹ ਸਾਡੇ ਐਲ.ਡੀ.ਐਲ. ਪੱਧਰ ਨੂੰ ਘੱਟ ਕਰਦਾ ਹੈ ਅਤੇ ਵਧੀਆ ਕੋਲੈਸਟ੍ਰੋਲ ਦਾ ਪੱਧਰ ਵੀ ਆਮ ਰੱਖਦਾ ਹੈ। ਇਸ ਤੇਲ ਵਿਚ ਤਲੇ ਖਾਧ ਪਦਾਰਥਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
ਪਾਮੋਲਿਵ ਆਇਲ : ਇਸ ਤੇਲ ਵਿਚ ਮੋਨੋਅਨਸੈਚੁਰੇਟਿਡ ਫੈਟ ਹੁੰਦੇ ਹਨ ਪਰ ਲਿਨੋਨੇਇਕ ਐਸਿਡ ਦੀ ਮਾਤਰਾ ਘੱਟ ਹੁੰਦੀ ਹੈ। ਇਸ ਤੇਲ ਦੀ ਵਰਤੋਂ ਹੋਰ ਤੇਲਾਂ ਦੇ ਨਾਲ ਮਿਲਾ ਕੇ ਕਰਨੀ ਚਾਹੀਦੀ ਹੈ। ਇਸ ਵਿਚ ਤਲੇ ਹੋਏ ਖਾਧ ਪਦਾਰਥ ਖਾਧੇ ਜਾ ਸਕਦੇ ਹਨ।
ਕਰੰਡੀ-ਤੇਲ : ਇੰਡੀਆ ਵਿਚ ਦਿਲ ਦੇ ਮਰੀਜ਼ਾਂ ਨੂੰ ਇਸ ਤੇਲ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਬਹੁਤ ਸੀਮਤ ਮਾਤਰਾ ਵਿਚ, ਕਿਉਂਕਿ ਇਸ ਵਿਚ ਵੀ ਪਾਲੀਅਨਸੈਚੁਰੈਟਿਡ ਫੈਟ ਹੁੰਦੇ ਹਨ। ਇਹ ਸਫੋਲਾ ਤੇਲ ਦੇ ਬ੍ਰਾਂਡ ਨਾਲ ਮਸ਼ਹੂਰ ਹੈ। ਸਿਹਤ ਲਈ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ ਪਰ ਇਸ ਵਿਚ ਖਾਧ ਪਦਾਰਥਾਂ ਨੂੰ ਤਲਣਾ ਨਹੀਂ ਚਾਹੀਦਾ।
ਰਾਈਸ ਬ੍ਰਾਨ ਤੇਲ : ਰਾਈਸ ਬ੍ਰਾਨ ਤੇਲ ਚੌਲਾਂ ਦੀਆਂ ਛਿੱਲਾਂ ਤੋਂ ਤਿਆਰ ਕੀਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਤੱਕ ਇਸ ਤੇਲ ਦੀ ਵਰਤੋਂ ਵਿਦੇਸ਼ਾਂ ਵਿਚ ਹੁੰਦੀ ਸੀ। ਹੁਣ ਹੌਲੀ-ਹੌਲੀ ਇਹ ਭਾਰਤ ਵਿਚ ਵੀ ਆਪਣੀ ਜਗ੍ਹਾ ਬਣਾ ਰਿਹਾ ਹੈ। ਇਸ ਵਿਚ ਮੋਨੋਅਨਸੈਚੁਰੇਟਿਡ ਫੈਟਸ ਹੁੰਦੇ ਹਨ ਜੋ ਸਿਹਤ ਪੱਖੋਂ ਠੀਕ ਹਨ। ਇਹ ਐਲ.ਡੀ.ਐਲ. ਦਾ ਪੱਧਰ ਘੱਟ ਰੱਖਦਾ ਹੈ ਅਤੇ ਕੁਦਰਤੀ ਰੂਪ ਨਾਲ ਵਿਟਾਮਿਨ 'ਈ' ਹੋਣ ਦੇ ਕਾਰਨ ਚਮੜੀ ਲਈ ਵੀ ਲਾਭਦਾਇਕ ਹੈ। ਇਸ ਤੇਲ ਵਿਚ ਅਸੀਂ ਖਾਧ ਪਦਾਰਥ ਤਲ ਸਕਦੇ ਹਾਂ।
ਜੈਤੂਨ ਦਾ ਤੇਲ : ਇਹ ਤੇਲ ਵੀ ਵਿਦੇਸ਼ਾਂ ਵਿਚ ਕਾਫੀ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਭਾਰਤ ਵਿਚ ਵੀ ਹੁਣ ਪੜ੍ਹੇ-ਲਿਖੇ, ਸਿਹਤ ਦਾ ਧਿਆਨ ਰੱਖਣ ਵਾਲੇ ਲੋਕ ਇਸ ਤੇਲ ਦੀ ਵਰਤੋਂ ਕਰਨ ਲੱਗੇ ਹਨ। ਜ਼ਿਆਦਾ ਮਹਿੰਗਾ ਹੋਣ ਕਾਰਨ ਇਹ ਏਨਾ ਪ੍ਰਚੱਲਿਤ ਨਹੀਂ ਹੋ ਰਿਹਾ। ਜੋ ਲੋਕ ਸਿਹਤ ਪ੍ਰਤੀ ਜਾਗਰੂਕ ਹਨ, ਉਹ ਵੀ ਇਸ ਦੀ ਵਰਤੋਂ ਨਹੀਂ ਕਰ ਸਕਦੇ। ਇਸ ਤੇਲ ਦਾ ਸਵਾਦ ਵੀ ਚੰਗਾ ਹੈ। ਇਸ ਵਿਚ ਮੋਨੋਸੈਚੁਰੇਟਿਡ ਫੈਟਸ ਹੁੰਦੇ ਹਨ। ਜੈਤੂਨ ਦਾ ਤੇਲ ਕਈ ਰੂਪਾਂ ਵਿਚ ਮਿਲਦਾ ਹੈ ਐਕਸਟ੍ਰਾ ਵਰਜਿਨ, ਵਰਜਿਨ, ਪਿਓਰ ਅਤੇ ਐਕਸਟ੍ਰਾ ਲਾਈਟ ਆਦਿ।
ਇਸ ਤੇਲ ਨਾਲ ਫੈਟ ਡਿਸਟ੍ਰੀਬਿਊਸ਼ਨ ਕੰਟਰੋਲ ਵਿਚ ਰਹਿੰਦਾ ਹੈ, ਪੇਟ 'ਤੇ ਚਰਬੀ ਜਮ੍ਹਾਂ ਹੋਣ ਤੋਂ ਰੋਕਦਾ ਹੈ, ਟੋਟਲ ਕੋਲੈਸਟ੍ਰੋਲ ਅਤੇ ਐਲ.ਡੀ.ਐਲ. ਨੂੰ ਘੱਟ ਕਰਦਾ ਹੈ, ਤਲਣ ਲਈ ਵੀ ਇਹ ਤੇਲ ਚੰਗਾ ਹੈ।
ਇਸ ਤੋਂ ਇਲਾਵਾ ਕੌਰਨ ਆਇਲ ਵੀ ਬਾਜ਼ਾਰ ਵਿਚ ਮਿਲਦਾ ਹੈ। ਇਸ ਵਿਚ ਸੈਚੁਰੇਟਿਡ ਫੈਟਸ ਘੱਟ ਹਨ। ਇਹ ਵੀ ਕੁਲ ਕੋਲੈਸਟ੍ਰੋਲ ਨੂੰ ਕਾਬੂ ਰੱਖਦਾ ਹੈ ਅਤੇ ਐਚ.ਡੀ.ਐਲ., ਐਲ.ਡੀ.ਐਲ. ਨਹੀਂ ਵਧਾਉਂਦਾ ਪਰ ਇਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਲਗਾਤਾਰ ਇਸ ਦੇ ਸੇਵਨ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।


ਖ਼ਬਰ ਸ਼ੇਅਰ ਕਰੋ

ਆਸਾਨ ਹੈ ਅਲਰਜੀ ਤੋਂ ਬਚਣਾ

ਅਲਰਜੀ ਹਰ ਮੌਸਮ ਵਿਚ ਆਪਣਾ ਰੂਪ ਦਿਖਾਉਂਦੀ ਹੈ, ਚਾਹੇ ਗਰਮੀ, ਬਰਸਾਤ ਜਾਂ ਸਰਦੀ ਹੋਵੇ। ਕੁਝ ਅਲਰਜੀ ਤਾਂ ਠੰਢੀ ਹਵਾ ਦੇ ਕਾਰਨ ਹੁੰਦੀ ਹੈ, ਕੁਝ ਜ਼ਿਆਦਾ ਗਰਮੀ ਕਾਰਨ ਅਤੇ ਕੁਝ ਬਰਸਾਤ ਵਿਚ ਉੱਲੀ ਇਨਫੈਕਸ਼ਨ ਦੇ ਰੂਪ ਵਿਚ ਉੱਭਰ ਕੇ ਆਉਂਦੀ ਹੈ। ਅਲਰਜੀ ਤੋਂ ਬਚਣ ਲਈ ਜੇ ਸਾਵਧਾਨੀ ਵਰਤੀ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਘੱਟ ਸਤਾਵੇ।
ਸਫ਼ਾਈ 'ਤੇ ਦਿਓ ਵਿਸ਼ੇਸ਼ ਧਿਆਨ
ਨਿਯਮਤ ਨਹਾਉਣਾ ਸਰੀਰ ਦੀ ਸਫ਼ਾਈ ਲਈ ਬਹੁਤ ਜ਼ਰੂਰੀ ਹੈ। ਮੌਸਮ ਅਨੁਸਾਰ ਪਾਣੀ ਦਾ ਤਾਪਮਾਨ ਧਿਆਨ ਵਿਚ ਰੱਖਦੇ ਹੋਏ ਨਹਾਓ। ਸਾਡੇ ਸਰੀਰ ਵਿਚ ਲੱਖਾਂ ਛੋਟੇ-ਛੋਟੇ ਕੀਟਾਣੂ ਚਿਪਕੇ ਹੁੰਦੇ ਹਨ, ਜਿਨ੍ਹਾਂ ਨੂੰ ਅਸੀਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਜੇ ਅਸੀਂ ਹਰ ਰੋਜ਼ ਇਸ਼ਨਾਨ ਨਾ ਕਰੀਏ ਤਾਂ ਇਨ੍ਹਾਂ ਦੀ ਗਿਣਤੀ ਵਧ ਜਾਵੇਗੀ ਜੋ ਅਲਰਜੀ ਦਾ ਰੂਪ ਲੈ ਲਵੇਗੀ ਅਤੇ ਅਲਰਜੀ ਦੇ ਨਾਲ ਚਮੜੀ ਰੋਗ ਵੀ ਹੋ ਸਕਦੇ ਹਨ।
ਗਰਮੀਆਂ ਵਿਚ ਗਰਮ ਪਾਣੀ ਨਾਲ ਨਾ ਨਹਾਓ, ਨਹੀਂ ਤਾਂ ਪਸੀਨਾ ਜ਼ਿਆਦਾ ਆਵੇਗਾ। ਸਰਦੀਆਂ ਵਿਚ ਨਹਾਉਣ ਲਈ ਵੀ ਕੋਸਾ ਪਾਣੀ ਹੀ ਵਰਤੋ। ਮੌਨਸੂਨ ਅਤੇ ਗਰਮੀਆਂ ਵਿਚ ਤਾਜ਼ੇ-ਠੰਢੇ ਪਾਣੀ ਨਾਲ ਨਹਾ ਕੇ ਸਰੀਰ ਨੂੰ ਚੰਗੀ ਤਰ੍ਹਾਂ ਪੂੰਝ ਕੇ ਕੱਪੜੇ ਪਾਉਣੇ ਚਾਹੀਦੇ ਹਨ।
ਵਧੀਆ ਸਾਬਣ ਦੀ ਵਰਤੋਂ ਕਰੋ
ਧਿਆਨ ਰੱਖੋ, ਜਦੋਂ ਵੀ ਨਹਾਉਣ ਲਈ ਜਾਓ, ਸਰੀਰ 'ਤੇ ਚੰਗੇ ਸਾਬਣ ਜਾਂ ਬਾਡੀਵਾਸ਼ ਦੀ ਵਰਤੋਂ ਜ਼ਰੂਰ ਕਰੋ, ਖਾਸ ਕਰਕੇ ਉਨ੍ਹਾਂ ਅੰਗਾਂ 'ਤੇ ਜੋ ਜ਼ਿਆਦਾ ਸਮੇਂ ਤੱਕ ਢਕੇ ਰਹਿੰਦੇ ਹਨ, ਤਾਂ ਕਿ ਉਨ੍ਹਾਂ ਅੰਗਾਂ ਦਾ ਪਸੀਨਾ ਚੰਗੀ ਤਰ੍ਹਾਂ ਧੋ ਹੋ ਜਾਵੇ। ਸਰੀਰ 'ਤੇ ਜੇ ਮੁਹਾਸੇ ਹੋ ਰਹੇ ਹੋਣ ਤਾਂ ਬਾਡੀਵਾਸ਼ ਦੀ ਵਰਤੋਂ ਨਾਲ ਚਮੜੀ ਸਾਫ਼ ਹੋਵੇਗੀ ਅਤੇ ਆਪਣੇ-ਆਪ ਨੂੰ ਚੰਗਾ ਮਹਿਸੂਸ ਹੋਵੇਗਾ।
ਪਾਣੀ ਖ਼ੂਬ ਪੀਓ
ਦਿਨ ਭਰ ਪਾਣੀ ਦੀ ਲੋੜੀਂਦੀ ਮਾਤਰਾ ਲੈਂਦੇ ਰਹੋ ਤਾਂ ਕਿ ਸਰੀਰ ਚਿ ਪਾਣੀ ਦੀ ਕਮੀ ਨਾ ਹੋਵੇ। ਜਦੋਂ ਵੀ ਘਰੋਂ ਬਾਹਰ ਜਾਓ, ਪਾਣੀ ਦੀ ਬੋਤਲ ਨਾਲ ਲੈ ਕੇ ਜਾਓ। ਪਾਣੀ ਦੀ ਕਮੀ ਨਾਲ ਚਮੜੀ 'ਤੇ ਰੈਸ਼ੇਜ਼ ਹੁੰਦੇ ਹਨ, ਕਿਉਂਕਿ ਚਮੜੀ ਖੁਸ਼ਕ ਹੋ ਜਾਂਦੀ ਹੈ। ਇਹ ਰੈਸ਼ੇਜ਼ ਹੌਲੀ-ਹੌਲੀ ਚਮੜੀ 'ਤੇ ਅਲਰਜੀ ਦਾ ਰੂਪ ਧਾਰਨ ਕਰ ਲੈਂਦੇ ਹਨ।
ਜਾਂਚ ਜ਼ਰੂਰ ਕਰਾਓ
ਚਮੜੀ 'ਤੇ ਅਲਰਜੀ ਧੂੜ-ਮਿੱਟੀ, ਜ਼ਿਆਦਾ ਗਰਮੀ ਅਤੇ ਪਸੀਨੇ ਦੇ ਕਾਰਨ ਹੋ ਸਕਦੀ ਹੈ। ਇਸ ਨਾਲ ਦਮਾ ਰੋਗ ਹੋਣ ਦਾ ਵੀ ਡਰ ਰਹਿੰਦਾ ਹੈ, ਖਾਸ ਕਰਕੇ ਗਰਮੀਆਂ ਵਿਚ। ਆਪਣੀ ਅਲਰਜੀ ਨੂੰ ਪਹਿਚਾਣੋ ਅਤੇ ਉਸ ਤੋਂ ਬਚਣ ਲਈ ਉਪਾਅ ਕਰੋ। ਦਿਨ ਭਰ ਵਿਚ 3-4 ਵਾਰ ਆਪਣੇ ਚਿਹਰੇ ਦੀ ਚਮੜੀ ਨੂੰ ਵੇਟ ਪੇਪਰ ਟਾਵਲ ਨਾਲ ਸਾਫ਼ ਕਰਦੇ ਰਹੋ। ਆਪਣੇ ਆਸ-ਪਾਸ ਅਤੇ ਘਰ ਦੇ ਵਾਤਾਵਰਨ ਨੂੰ ਇਨਫੈਕਸ਼ਨ ਮੁਕਤ ਬਣਾਓ, ਫਿਨਾਈਲ ਦਾ ਪੋਚਾ ਲਗਾਉਂਦੇ ਰਹੋ। ਘਰ ਦੇ ਕੋਨਿਆਂ ਵਿਚ ਸਫ਼ਾਈ ਕਰਦੇ ਰਹੋ ਤਾਂ ਕਿ ਮੱਖੀਆਂ, ਕੀੜੇ-ਮਕੌੜੇ ਅਤੇ ਮੱਛਰ ਤੋਂ ਇਨਫੈਕਸ਼ਨ ਨਾ ਫੈਲ ਸਕੇ।
**

ਧੌਣ ਦੀ ਦਰਦ ਦੇ ਵਧਦੇ ਰੋਗ

ਧੌਣ ਦਰਦ, ਨੈਕ ਪੇਨ, ਸਰਵਾਈਕਲ ਸਪਾਂਡੇਲੋਟਿਸ ਪਹਿਲਾਂ 40 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਸਤਾਉਂਦਾ ਸੀ ਪਰ ਵਰਤਮਾਨ ਸਮੇਂ ਦੀ ਸਿੱਖਿਆ ਸ਼ੈਲੀ, ਰੋਜ਼ਮਰ੍ਹਾ ਅਤੇ ਆਜੀਵਿਕਾ ਨੇ ਬੱਚੇ-ਬਜ਼ੁਰਗ ਸਾਰਿਆਂ ਨੂੰ ਧੌਣ ਦੇ ਦਰਦ ਦਾ ਮਰੀਜ਼ ਬਣਾ ਦਿੱਤਾ ਹੈ। ਇਹ ਲਗਾਤਾਰ ਇਕੋ ਹੀ ਸਥਿਤੀ ਵਿਚ ਰਹਿਣ, ਪਿੱਠ ਅਤੇ ਮੋਢੇ 'ਤੇ ਭਾਰੀ ਬਸਤੇ ਦਾ ਬੋਝ ਲੱਦਣ, ਟੀ. ਵੀ., ਕੰਪਿਊਟਰ ਨੂੰ ਲਗਾਤਾਰ ਦੇਖਣ, ਕੰਨ ਅਤੇ ਮੋਢੇ ਵਿਚਕਾਰ ਮੋਬਾਈਲ ਨੂੰ ਟਿਕਾ ਕੇ ਜ਼ਿਆਦਾ ਦੇਰ ਗੱਲ ਕਰਨੀ, ਹੈਲਮੇਟ ਨੂੰ ਜ਼ਿਆਦਾ ਦੇਰ ਤੱਕ ਪਹਿਨਣ ਨਾਲ ਹੁੰਦਾ ਹੈ।
ਇਹ ਅਜਿਹੇ ਕਾਰਨਾਂ ਦੀ ਬਹੁਤਾਤ ਦੀ ਹਾਲਤ ਵਿਚ ਧੌਣ ਦੀਆਂ ਹੱਡੀਆਂ ਵਿਚ ਗੈਪ ਆਉਣ, ਘਸਣ, ਉਨ੍ਹਾਂ ਦੇ ਜੋੜਾਂ ਵਿਚ ਸੋਜ ਆਦਿ ਨਾਲ ਦਰਦ ਹੁੰਦੀ ਹੈ ਪਰ ਧੌਣ ਦਰਦ ਦਾ ਲਗਾਤਾਰ ਰਹਿਣਾ ਪੀੜਤ ਵਿਅਕਤੀ ਲਈ ਧੌਣ ਘੁਮਾਉਣੀ ਮੁਸ਼ਕਿਲ ਕਰ ਦਿੰਦਾ ਹੈ ਅਤੇ ਉਸ ਦਾ ਰੋਜ਼ਾਨਾ ਕੰਮਕਾਜ ਵੀ ਦੁੱਭਰ ਹੋ ਜਾਂਦਾ ਹੈ। ਦਰਦਨਾਸ਼ਕ ਦਵਾਈਆਂ ਇਸ ਦਾ ਅਸਥਾਈ ਇਲਾਜ ਕਰਦੀਆਂ ਹਨ। ਹੱਡੀਆਂ ਦੇ ਡਾਕਟਰ ਅਤੇ ਫਿਜਿਓਥੈਰੇਪਿਸਟ ਹੀ ਰੋਗੀ ਦੀ ਜਾਂਚ ਕਰਕੇ ਇਸ ਤੋਂ ਰਾਹਤ ਦਿਵਾ ਸਕਦੇ ਹਨ।
ਰੀੜ੍ਹ ਦੀ ਹੱਡੀ ਦਾ ਧੌਣ ਵਾਲਾ ਭਾਗ ਜਿਸ ਨੂੰ 'ਸਰਵਾਈਕਲ ਸਪਾਈਨ' ਕਹਿੰਦੇ ਹਨ, ਇਹ ਸੱਤ ਕਸ਼ੇਰੂਕਾਵਾਂ ਅਤੇ ਉਨ੍ਹਾਂ ਦੀ ਬਾਡੀ ਦੇ ਮੱਧ ਡਿਸਕ ਨਾਲ ਬਣਦਾ ਹੈ। ਧੌਣ ਦੀ ਚਾਲ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਧੌਣ ਦੀਆਂ ਹੱਡੀਆਂ ਵਿਚ 32 ਜੋੜ ਹੁੰਦੇ ਹਨ। ਇਸ ਧੌਣ ਦੀ 85 ਫੀਸਦੀ ਚਾਲ ਉੱਪਰਲੀਆਂ ਦੋ ਕਸ਼ੇਰੂਕਾਵਾਂ ਦੇ ਕਾਰਨ ਹੁੰਦੀ ਹੈ। ਧੌਣ ਦੇ ਦਰਦ ਨਾਲ ਹੋਣ ਵਾਲੀ ਪ੍ਰੇਸ਼ਾਨੀ, ਚਾਲ ਵੀ ਘੱਟ ਹੋ ਜਾਣ ਨਾਲ ਰੋਜ਼ਾਨਾ ਕੰਮਾਂ ਵਿਚ ਰੁਕਾਵਟ ਪੈਂਦੀ ਹੈ।
ਉਮਰ ਦੇ ਨਾਲ ਹੱਡੀਆਂ ਵਿਚ ਘਿਸਾਈ ਅਤੇ ਬਦਲਾਅ ਆ ਜਾਂਦਾ ਹੈ। ਇਹ ਧੌਣ ਦੀਆਂ ਹੱਡੀਆਂ ਵਿਚ ਵੀ ਹੁੰਦਾ ਹੈ। ਇਸ ਵਿਚ ਘਿਸਾਈ, ਗੈਪ ਹੋ ਜਾਣ ਜਾਂ ਇਨ੍ਹਾਂ ਦੇ ਜੋੜ ਵਾਲੇ ਹਿੱਸੇ ਦੀਆਂ ਮਾਸਪੇਸ਼ੀਆਂ ਵਿਚ ਸੋਜ ਨਾਲ ਇਹ ਧੌਣ ਦਾ ਦਰਦ ਹੁੰਦਾ ਹੈ।
ਇਹ ਸਭ ਧੌਣ ਦੀ ਉਸ ਹੱਡੀ ਵਿਚ ਹੁੰਦਾ ਹੈ ਜਿਸ ਨੂੰ 'ਸਰਵਾਈਕਲ ਸਪਾਈਨ' ਕਹਿੰਦੇ ਹਨ। ਇਹ ਦਰਦ ਗ਼ਲਤ ਢੰਗ ਨਾਲ ਇਕੋ ਸਥਿਤੀ ਵਿਚ ਲੰਬੇ ਸਮੇਂ ਤੱਕ ਬੈਠਣ ਜਾਂ ਰਹਿਣ ਨਾਲ ਹੁੰਦਾ ਹੈ। ਵਿਦਿਆਰਥੀਆਂ ਨੂੰ ਪਿੱਠ 'ਤੇ ਰੱਖੇ ਬਸਤੇ ਦੇ ਭਾਰ ਨਾਲ, ਕੰਪਿਊਟਰ 'ਤੇ ਕੰਮ ਕਰਨ ਵਾਲਿਆਂ, ਦੰਦਾਂ ਦੇ ਡਾਕਟਰਾਂ ਨੂੰ ਆਪਣੇ ਕੰਮ ਦੇ ਕਾਰਨ, ਹੈਲਮੇਟ ਲੈਣ ਵਾਲਿਆਂ ਨੂੰ ਉਸ ਦੀ ਲਗਾਤਾਰ ਵਰਤੋਂ ਨਾਲ, ਵਾਹਨ ਚਾਲਕ ਨੂੰ ਸਿਰ ਅਤੇ ਮੋਢੇ ਦੇ ਵਿਚ ਮੋਬਾਈਲ ਘੁੱਟ ਕੇ ਜ਼ਿਆਦਾ ਗੱਲਾਂ ਕਰਨ ਨਾਲ, ਸੌਣ ਸਮੇਂ ਮੋਟੇ ਸਿਰਹਾਣੇ ਦੀ ਵਰਤੋਂ ਨਾਲ ਜ਼ਿਆਦਾਤਰ ਹੁੰਦਾ ਹੈ। ਅੱਜਕਲ੍ਹ ਦੀ ਹੱਦ ਤੋਂ ਜ਼ਿਆਦਾ ਤਣਾਅ ਭਰੀ ਜ਼ਿੰਦਗੀ ਨੈੱਕ ਪੇਨ ਨੂੰ ਵਧਾ ਰਹੀ ਹੈ। ਇਹ ਬੱਚਿਆਂ, ਅੱਲੜ੍ਹਾਂ ਲਈ ਖਤਰੇ ਦੀ ਘੰਟੀ ਹੈ। ਧੌਣ ਦਰਦ ਤੋਂ ਪੀੜਤ ਕੋਈ ਵੀ ਵਿਅਕਤੀ ਜਦੋਂ ਇਸ 'ਤੇ ਧਿਆਨ ਨਹੀਂ ਦਿੰਦਾ, ਇਲਾਜ ਨਹੀਂ ਕਰਵਾਉਂਦਾ ਤਾਂ ਇਹ ਹੋਰ ਪ੍ਰੇਸ਼ਾਨੀਆਂ ਨੂੰ ਵੀ ਵਧਾ ਸਕਦਾ ਹੈ।
ਲੱਛਣ : ਧੌਣ ਦੀ ਆਕੜ, ਦਰਦ ਅਤੇ ਭਾਰੀਪਨ, ਧੌਣ ਘੁਮਾਉਣ ਵਿਚ ਮੁਸ਼ਕਿਲ, ਸਿਰ ਦੇ ਪਿਛਲੇ ਭਾਗ ਵਿਚ ਦਰਦ, ਚੱਕਰ ਆਉਣੇ, ਧੌਣ ਘੁਮਾਉਣ 'ਤੇ ਚਟ ਦੀ ਆਵਾਜ਼ ਆਉਣਾ ਆਦਿ। ਅੱਗੇ ਇਸ ਦਰਦ ਦੇ ਲੱਛਣਾਂ ਦਾ ਵਿਸਥਾਰ ਹੱਥ ਤੱਕ ਵਧ ਜਾਂਦਾ ਹੈ ਅਤੇ ਮੋਢਿਆਂ ਵਿਚ ਹਲਕਾ ਭਾਰੀਪਨ ਅਤੇ ਦਰਦ, ਇਸ ਦਰਦ ਦਾ ਹੱਥ ਤੱਕ ਵਿਸਥਾਰ, ਹੱਥਾਂ ਦਾ ਸੁੰਨ ਹੋਣਾ, ਜਾਨ ਨਾ ਰਹਿਣਾ, ਨਸਾਂ ਵਿਚ ਖਿਚਾਅ ਨਾਲ ਹੱਥਾਂ ਵਿਚ ਕੰਪੰਨ ਆਦਿ ਲੱਛਣ ਦਿਸਦੇ ਹਨ।
ਬਚਾਅ ਉਪਾਅ : ਜੇਕਰ ਪਹਿਲਾਂ ਦੱਸੇ ਗਏ ਕਾਰਨਾਂ ਵਿਚੋਂ ਕਿਸੇ ਕਾਰਨ ਧੌਣ ਦੀ ਦਰਦ ਹੈ ਤਾਂ ਇਸ ਤੋਂ ਬਚਣ ਦਾ ਉਪਾਅ ਖੁਦ ਕਰੋ। ਧੌਣ ਅਤੇ ਮੋਢਿਆਂ ਦੀ ਕਸਰਤ ਨਿਯਮਤ ਕਰੋ। ਸਹੀ ਸਥਿਤੀ ਵਿਚ ਬੈਠੋ। ਪੈਰ ਜ਼ਮੀਨ 'ਤੇ ਅਤੇ ਪਿੱਠ ਕੁਰਸੀ ਦੇ ਪ੍ਰਿਸ਼ਠ ਭਾਗ 'ਤੇ ਸਿੱਧੀ ਰੱਖੋ। ਝੁਕ ਕੇ ਜਾਂ ਇਕੋ ਸਥਿਤੀ ਵਿਚ ਲਗਾਤਾਰ ਕੰਮ ਨਾ ਕਰੋ। ਵਿਚ-ਵਿਚ ਮੋਢਿਆਂ, ਧੌਣ ਨੂੰ ਘੁਮਾਓ। ਮੋਟੇ ਸਿਰਹਾਣੇ ਦੀ ਵਰਤੋਂ ਘੱਟ ਕਰੋ ਜਾਂ ਬੰਦ ਕਰ ਦਿਓ।
ਹਲਕਾ-ਫੁਲਕਾ ਦਰਦ, ਗੋਲੀ ਜਾਂ ਦਰਦਨਾਸ਼ਕ ਕ੍ਰੀਮ ਨਾਲ ਦੂਰ ਹੋ ਜਾਂਦੀ ਹੈ। ਧੌਣ ਦੇ ਦਰਦ ਵਾਲੇ ਭਾਗ 'ਤੇ ਗਰਮ ਕੱਪੜੇ ਨਾਲ ਸੇਕ ਦੇਣ ਜਾਂ ਬਰਫ ਘਸਾਉਣ ਨਾਲ ਦਰਦ ਠੀਕ ਹੋ ਜਾਂਦੀ ਹੈ। ਫਿਰ ਵੀ ਦਰਦ ਨਾ ਹਟੇ ਤਾਂ ਹੱਡੀ ਰੋਗ ਦੇ ਮਾਹਿਰ ਡਾਕਟਰ ਨੂੰ ਮਿਲੋ ਅਤੇ ਇਲਾਜ ਕਰਾਓ, ਨਹੀਂ ਤਾਂ ਪ੍ਰੇਸ਼ਾਨੀ ਵਧ ਜਾਵੇਗੀ।

ਇਨ੍ਹਾਂ ਨੂੰ ਵੀ ਅਜ਼ਮਾਓ

ਅਜਿਹਾ ਕਿਹਾ ਜਾਂਦਾ ਹੈ ਕਿ ਤੰਦਰੁਸਤ ਦਿਮਾਗ ਤੇ ਸਰੀਰ ਵਿਚ ਹੀ ਤੰਦਰੁਸਤ ਜੀਵਨ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਵਿਚ ਕਹਾਵਤ ਵੀ ਹੈ ਕਿ 'ਹੈਲਥ ਇਜ਼ ਵੈਲਥ'। ਜਿਸ ਵਿਅਕਤੀ ਦੀ ਸਿਹਤ ਚੰਗੀ ਹੋਵੇਗੀ, ਉਹ ਆਪਣਾ ਕੰਮ ਵੀ ਸੁਚਾਰੂ ਰੂਪ ਨਾਲ ਕਰ ਸਕੇਗਾ। ਬਿਮਾਰ ਮਨੁੱਖ ਤਾਂ ਆਪਣੇ ਅਤੇ ਦੂਜਿਆਂ ਦੇ ਲਈ ਵੀ ਭਾਰ ਹੁੰਦਾ ਹੈ, ਜਿਸ ਲਈ ਕੁਝ ਉਪਾਅ ਹਨ-
* ਇਕ ਪਾਈਆ ਗਰਮ ਪਾਣੀ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਰਾਤ ਨੂੰ ਸੌਣ ਸਮੇਂ ਪੀਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ।
* ਘਾਹ 'ਤੇ ਪਈਆਂ ਤ੍ਰੇਲ ਦੀਆਂ ਬੂੰਦਾਂ 'ਤੇ ਸਵੇਰੇ ਚੱਲਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।
* ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ।
* ਰਾਤ ਦਾ ਖਾਣਾ ਸੌਣ ਤੋਂ ਦੋ ਘੰਟੇ ਪਹਿਲਾਂ ਖਾਣਾ ਚਾਹੀਦਾ ਹੈ ਤਾਂ ਕਿ ਖਾਣਾ ਅਸਾਨੀ ਨਾਲ ਪਚ ਸਕੇ।
* ਰਾਤ ਨੂੰ ਤਾਂਬੇ ਦੇ ਭਾਂਡੇ ਵਿਚ ਰੱਖਿਆ ਹੋਇਆ ਪਾਣੀ ਖਾਲੀ ਪੇਟ ਸਵੇਰੇ ਪੀਣ ਨਾਲ ਪੇਟ ਸਾਫ਼ ਹੋ ਜਾਂਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
* ਕਸਰਤ ਕਰਦੇ ਰਹਿਣ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
* ਬੁੱਲ੍ਹ ਫਟਣ 'ਤੇ ਰਾਤ ਨੂੰ ਨਾਭੀ 'ਤੇ ਇਕ ਬੂੰਦ ਸਰ੍ਹੋਂ ਦਾ ਤੇਲ ਮਲਿਆ ਜਾਵੇ ਤਾਂ ਬੁੱਲ੍ਹਾਂ ਦਾ ਫਟਣਾ ਠੀਕ ਹੋ ਜਾਂਦਾ ਹੈ।
* ਅਨਾਰ ਦਾ ਰਸ ਬੁੱਲ੍ਹਾਂ 'ਤੇ ਹਰ ਰੋਜ਼ ਲਗਾਉਂਦੇ ਰਹਿਣ ਨਾਲ ਬੁੱਲ੍ਹ ਗੁਲਾਬੀ ਹੋ ਜਾਂਦੇ ਹਨ।
* ਚਿਹਰੇ 'ਤੇ ਬਦਾਮਾਂ ਦੇ ਤੇਲ ਦੀ ਮਾਲਿਸ਼ ਕਰਦੇ ਰਹਿਣ ਨਾਲ ਝੁਰੜੀਆਂ ਤੋਂ ਛੁਟਕਾਰਾ ਮਿਲਦਾ ਹੈ।
* ਮੁਹਾਸਿਆਂ 'ਤੇ ਲਸਣ ਰਗੜ ਦੇਣ ਨਾਲ ਮੁਹਾਸੇ ਮਿਟ ਜਾਂਦੇ ਹਨ।
* ਮੂੰਹ ਦੀ ਬਦਬੂ ਦੂਰ ਕਰਨ ਲਈ ਤੁਲਸੀ ਦੇ ਪੱਤੇ ਚਬਾ ਕੇ ਕੁਰਲੀ ਕਰਨੀ ਚਾਹੀਦੀ ਹੈ।
* ਮੂੰਹ ਵਿਚ ਪਿਪਰਮਿੰਟ ਰੱਖ ਲੈਣ ਨਾਲ ਨੀਂਦ ਆਉਣੀ ਬੰਦ ਹੋ ਜਾਂਦੀ ਹੈ।


-ਜਸਬੀਰ ਕੌਰ

ਪੇਟ ਨੂੰ ਰੱਖੋ ਫਿੱਟ

* ਖਾਣਾ ਨਿਸਚਿਤ ਸਮੇਂ 'ਤੇ ਸ਼ਾਂਤ ਮਨ ਨਾਲ ਖਾਓ।
* ਖਾਣੇ ਨੂੰ ਹੌਲੀ-ਹੌਲੀ ਚਬਾ-ਚਬਾ ਕੇ ਖਾਓ ਅਤੇ ਮੁੱਖ ਤਿੰਨ ਭੋਜਨ ਜੋ ਅਸੀਂ ਖਾਂਦੇ ਹਾਂ, ਉਸ ਨੂੰ ਤੁੰਨ-ਤੁੰਨ ਕੇ ਨਾ ਖਾਓ, ਸਗੋਂ ਥੋੜ੍ਹਾ-ਥੋੜ੍ਹਾ ਕਰਕੇ ਦਿਨ ਵਿਚ ਉਸ ਨੂੰ ਮਿੰਨੀ ਮੀਲ ਦੇ ਰੂਪ ਵਿਚ ਖਾਓ। ਮਾਤਰਾ ਓਨੀ ਹੀ ਰੱਖੋ, ਜਿੰਨਾ ਤੁਹਾਡਾ ਕੁਲ ਆਹਾਰ ਹੈ।
* ਮੌਸਮੀ ਫਲ-ਸਬਜ਼ੀਆਂ ਦਾ ਸੇਵਨ ਕਰੋ, ਕਿਉਂਕਿ ਉਨ੍ਹਾਂ ਨੂੰ ਪਚਾਉਣਾ ਆਸਾਨ ਹੁੰਦਾ ਹੈ ਅਤੇ ਮੌਸਮ ਅਨੁਸਾਰ ਸਰੀਰ ਨੂੰ ਪੌਸ਼ਟਿਕਤਾ ਵੀ ਮਿਲਦੀ ਹੈ।
* ਜ਼ਿਆਦਾ ਤਲੇ ਹੋਏ ਤੇ ਜ਼ਿਆਦਾ ਮਸਾਲੇਦਾਰ ਭੋਜਨ ਦਾ ਸੇਵਨ ਨਾ ਕਰੋ।
* ਖਾਣਾ ਪਚਾਉਣ ਲਈ ਸਰੀਰ ਦਾ ਗਤੀਸ਼ੀਲ ਰਹਿਣਾ ਜ਼ਰੂਰੀ ਹੈ। ਨਿਯਮਤ ਰੂਪ ਨਾਲ ਕਸਰਤ ਕਰੋ।
* ਸਿਗਰਟਨੋਸ਼ੀ, ਸਾਫਟ ਡ੍ਰਿੰਕਸ, ਚਾਹ-ਕੌਫੀ ਤੋਂ ਦੂਰ ਰਹੋ, ਜੇ ਲਓ ਤਾਂ ਬਹੁਤ ਹੀ ਸੀਮਤ ਮਾਤਰਾ ਵਿਚ ਲਓ।
* ਤਣਾਅ ਵਿਚ ਭੋਜਨ ਨਾ ਕਰੋ। ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕਬਜ਼ ਹੋਣ ਦਾ ਮੁੱਖ ਕਾਰਨ ਵੀ ਤਣਾਅ ਵਿਚ ਰਹਿਣਾ ਹੈ। ਇਸ ਲਈ ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ।
* ਰੇਸ਼ੇਦਾਰ ਭੋਜਨ ਦਾ ਸੇਵਨ ਕਰੋ। ਇਹ ਕਬਜ਼ ਨੂੰ ਦੂਰ ਰੱਖਦਾ ਹੈ ਅਤੇ ਮੋਟਾਪਾ ਘੱਟ ਕਰਨ ਵਿਚ ਮਦਦ ਕਰਦਾ ਹੈ।
* ਲੰਬੇ ਸਮੇਂ ਤੱਕ ਕਬਜ਼ ਰਹਿਣ ਨਾਲ ਗੈਸ ਦੀ ਸਮੱਸਿਆ ਹੁੰਦੀ ਹੈ। ਇਸ ਸਮੱਸਿਆ ਨੂੰ ਸ਼ੁਰੂ ਤੋਂ ਹੀ ਕਾਬੂ ਕਰੋ।
* ਦਿਨ ਭਰ ਵਿਚ ਇਕ-ਦੋ ਗਿਲਾਸ ਕੋਸਾ ਪਾਣੀ ਪੀਓ। ਹੋ ਸਕੇ ਤਾਂ ਸਵੇਰੇ ਇਕ ਗਿਲਾਸ ਲਓ।
* ਖਾਣੇ ਦੇ ਤੁਰੰਤ ਬਾਅਦ ਟਹਿਲੋ, ਤਾਂ ਕਿ ਖਾਣਾ ਪਚ ਸਕੇ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਵੀ ਬਚਾਅ ਹੋ ਸਕੇ।
ਪੇਟ ਦੀ ਗੜਬੜੀ ਨਾਲ ਹੋਣ ਵਾਲੀਆਂ ਬਿਮਾਰੀਆਂ
ਕਬਜ਼ : ਕਬਜ਼ ਕਈ ਬਿਮਾਰੀਆਂ ਦੀ ਜੜ੍ਹ ਹੈ। ਇਸ ਦਾ ਅਰਥ ਹੈ ਠੀਕ ਤਰ੍ਹਾਂ ਪੇਟ ਦਾ ਸਾਫ਼ ਨਾ ਹੋਣਾ। ਵੱਡੀ ਅੰਤੜੀ ਤੋਂ ਖਾਧਾ ਹੋਇਆ ਖਾਣਾ ਮਲ ਦੇ ਰੂਪ ਵਿਚ ਮੁਸ਼ਕਿਲ ਨਾਲ ਬਾਹਰ ਆਉਂਦਾ ਹੈ। ਵੱਡੀ ਅੰਤੜੀ ਵਿਚ ਰੁਕਾਵਟ ਆ ਜਾਂਦੀ ਹੈ, ਜਿਸ ਨਾਲ ਕਈ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ। ਇਸ ਦਾ ਪ੍ਰਮੁੱਖ ਕਾਰਨ ਹੈ ਖਾਣ-ਪੀਣ ਦੀਆਂ ਗ਼ਲਤ ਆਦਤਾਂ, ਗ਼ਲਤ ਜੀਵਨਸ਼ੈਲੀ, ਹਾਰਮੋਨ ਸਬੰਧੀ ਗੜਬੜੀਆਂ ਜਾਂ ਦਵਾਈਆਂ ਦੇ ਮਾੜੇ ਪ੍ਰਭਾਵ ਆਦਿ। ਕਾਰਨ ਜਾਣ ਕੇ ਸਮਾਂ ਰਹਿੰਦੇ ਇਸ ਦਾ ਇਲਾਜ ਕਰਾਓ।
ਪੇਟ ਫੁੱਲਣਾ : ਗੈਸ ਹੋਣ 'ਤੇ ਵੀ ਪੇਟ ਫੁੱਲਣਾ ਮਹਿਸੂਸ ਹੁੰਦਾ ਹੈ ਅਤੇ ਹਰਨੀਆ ਦੇ ਕਾਰਨ ਪੇਟ ਵੀ ਫੁੱਲ ਸਕਦਾ ਹੈ। ਕਈ ਵਾਰ ਅਸੀਂ ਜ਼ਿਆਦਾ ਚਰਬੀ ਵਾਲਾ ਖਾਣਾ ਖਾ ਲੈਂਦੇ ਹਾਂ, ਉਸ ਨਾਲ ਵੀ ਪੇਟ ਫੁੱਲ ਸਕਦਾ ਹੈ।
ਡਾਇਰੀਆ : ਜਦੋਂ ਵੱਡੀ ਅੰਤੜੀ ਵਿਚ ਮੌਜੂਦ ਖਾਣੇ ਵਿਚੋਂ ਤਰਲ ਪਦਾਰਥ ਠੀਕ ਤਰ੍ਹਾਂ ਅਵਸ਼ੋਸ਼ਿਤ ਨਹੀਂ ਹੁੰਦੇ ਜਾਂ ਵਾਧੂ ਤਰਲ ਵੀ ਵੱਡੀ ਅੰਤੜੀ ਵਿਚ ਪਹੁੰਚ ਜਾਂਦਾ ਹੈ ਤਾਂ ਮਲ ਪਤਲਾ ਨਿਕਲਦਾ ਹੈ। ਦੋ ਵਾਰ ਪਤਲਾ ਮਲ ਨਿਕਲਣਾ ਸਾਧਾਰਨ ਗੱਲ ਹੈ। ਜੇ ਦਿਨ ਵਿਚ ਉਸ ਤੋਂ ਜ਼ਿਆਦਾ ਵਾਰ ਪਤਲਾ ਮਲ ਨਿਕਲਦਾ ਹੈ ਤਾਂ ਸਾਡੇ ਅੰਦਰ ਪਾਣੀ ਦੀ ਕਮੀ ਹੋ ਸਕਦੀ ਹੈ। ਜ਼ਿਆਦਾ ਪਾਣੀ ਘਟਣ ਨਾਲ ਰੋਗੀ ਦੀ ਸਥਿਤੀ ਵਿਗੜ ਸਕਦੀ ਹੈ।
ਕੋਲਾਇਟਸ : ਵੱਡੀ ਜਾਂ ਛੋਟੀ ਅੰਤੜੀ ਵਿਚ ਛਾਲੇ ਪੈ ਜਾਣ 'ਤੇ ਕੁਝ ਵੀ ਖਾਂਦੇ ਸਮੇਂ ਜਲਣ ਹੁੰਦੀ ਹੈ। ਇਹ ਇਸ ਦਾ ਮੁੱਖ ਲੱਛਣ ਹੈ। ਜਲਣ ਸ਼ਾਂਤ ਕਰਨ ਲਈ ਵਾਰ-ਵਾਰ ਪਾਣੀ ਪੀਣਾ ਪੈਂਦਾ ਹੈ। ਕੋਲਾਇਟਿਸ ਨਾਲ ਵੱਡੀ ਅੰਤੜੀ ਵਿਚ ਸੋਜ ਵੀ ਹੋ ਸਕਦੀ ਹੈ। ਛਾਲੇ ਫਟਣ 'ਤੇ ਕਦੇ-ਕਦੇ ਮਲ ਦੇ ਨਾਲ ਖੂਨ ਵੀ ਬਾਹਰ ਆਉਂਦਾ ਹੈ। ਡਾਕਟਰ ਨਾਲ ਸਲਾਹ ਕਰਕੇ ਸਹੀ ਇਲਾਜ ਕਰਵਾਉਣਾ ਜ਼ਰੂਰੀ ਹੈ।


-ਨੀਤੂ ਗੁਪਤਾ

ਸਿਹਤ ਖ਼ਬਰਨਾਮਾ

ਪਪੀਤਾ ਛੇਤੀ ਲਾਭ ਦੇਣ ਵਾਲਾ ਫ਼ਲ

ਪਪੀਤਾ ਇਕ ਸਰਵਸੁਲਭ ਫਲ ਹੈ। ਇਹ ਬਾਰਾਂ ਮਹੀਨੇ ਅਤੇ ਸਭ ਤੋਂ ਸਸਤਾ ਫਲ ਮੰਨਿਆ ਜਾਂਦਾ ਹੈ। ਇਹ ਪੇਟ ਲਈ ਵਿਟਾਮਿਨਾਂ ਦਾ ਭੰਡਾਰ ਹੈ। ਸਾਰੇ ਫਲਾਂ ਦੀ ਤੁਲਨਾ ਵਿਚ ਛੇਤੀ ਲਾਭ ਦੇਣ ਵਾਲਾ ਅਤੇ ਪ੍ਰਭਾਵ ਦਿਖਾਉਣ ਵਾਲਾ ਹੈ। ਇਹ ਗੁੱਦੇਦਾਰ, ਮਿੱਠਾ ਫਲ ਵਿਟਾਮਿਨ 'ਏ', 'ਬੀ', 'ਸੀ' ਅਤੇ 'ਡੀ' ਨੂੰ ਭਰਪੂਰ ਮਾਤਰਾ ਵਿਚ ਰੱਖਦਾ ਹੈ।
ਇਸ ਵਿਚ ਮੌਜੂਦ ਪੇਪਿਸਨ ਨਾਮਕ ਤੱਤ ਪਾਚਕ ਦਾ ਕੰਮ ਕਰਦਾ ਹੈ। ਉਸ ਦਾ ਰਸ ਪ੍ਰੋਟੀਨ ਨੂੰ ਅਸਾਨੀ ਨਾਲ ਪਚਾ ਦਿੰਦਾ ਹੈ। ਇਹ ਫਲ ਪੇਟ, ਅੰਤੜੀਆਂ ਅਤੇ ਪਾਚਣ ਸਬੰਧੀ ਸਾਰੇ ਰੋਗਾਂ ਵਿਚ ਲਾਭ ਪਹੁੰਚਾਉਂਦਾ ਹੈ। ਇਹ ਪੇਟ ਨੂੰ ਸਾਫ ਕਰਕੇ ਰੋਗਾਂ ਨੂੰ ਦੂਰ ਕਰਦਾ ਹੈ, ਜਿਸ ਨਾਲ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਠੀਕ ਹੋ ਕੇ ਸੁਚਾਰੂ ਕੰਮ ਕਰਨ ਲਗਦੀਆਂ ਹਨ। ਪਪੀਤਾ ਬੱਚਿਆਂ ਦੇ ਵਿਕਾਸ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਿਚ ਸਹਾਇਕ ਹੈ।
ਮੋਬਾਈਲ ਅੱਲੜ੍ਹਾਂ ਵਿਚ ਵਧਾ ਰਿਹਾ ਹੈ ਤਣਾਅ

ਮੋਬਾਈਲ ਦਾ ਜਾਦੂ ਅੱਲੜ੍ਹਾਂ 'ਤੇ ਸਭ ਤੋਂ ਜ਼ਿਆਦਾ ਭਾਰੂ ਹੈ। ਇਸ ਦੀ ਸੁਲੱਭਤਾ ਅਤੇ ਗੱਲਬਾਤ ਸਸਤੀ ਹੋਣ ਕਾਰਨ ਇਸ ਦੀ ਅੰਨ੍ਹੇਵਾਹ ਵਰਤੋਂ ਸਾਡੇ ਅੱਲੜ੍ਹ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦਾ ਤਣਾਅ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਉਹ ਤਣਾਅਗ੍ਰਸਤ ਅਤੇ ਚਿੜਚਿੜੇ ਰਹਿੰਦੇ ਹਨ। ਦੇਸ਼ ਦੇ 85 ਫੀਸਦੀ ਤੋਂ ਜ਼ਿਆਦਾ ਅੱਲੜ੍ਹ ਮੋਬਾਈਲ ਦੀ ਬੇਹੱਦ ਵਰਤੋਂ ਕਰ ਰਹੇ ਹਨ। ਲੜਕੇ-ਲੜਕੀਆਂ ਦੋਵੇਂ ਇਸ ਤੋਂ ਪ੍ਰਭਾਵਿਤ ਹਨ। ਪ੍ਰੇਸ਼ਾਨ ਸਕੂਲ ਪ੍ਰਬੰਧਕਾਂ ਦੁਆਰਾ ਮੋਬਾਈਲਾਂ ਦੀ ਵਰਤੋਂ 'ਤੇ ਰੋਕ ਲਗਾਈ ਜਾ ਰਹੀ ਹੈ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX