ਤਾਜਾ ਖ਼ਬਰਾਂ


ਪੁਲਵਾਮਾ 'ਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਚਾਰ ਜਵਾਨ ਸ਼ਹੀਦ
. . .  9 minutes ago
ਪੰਜਾਬ ਸਰਕਾਰ ਵਲੋਂ ਅੱਜ ਪੇਸ਼ ਕੀਤਾ ਜਾਵੇਗਾ ਬਜਟ
. . .  19 minutes ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵਲੋਂ ਅੱਜ ਵਿਧਾਨ ਸਭਾ 'ਚ ਸਾਲ 2019-20 ਦਾ ਬਜਟ ਪੇਸ਼ ਕੀਤਾ ਜਾਵੇਗਾ। ਇਸ ਬਜਟ ਤੋਂ ਮਹਿੰਗਾਈ ਨਾਲ ਜੂਝ ਰਹੇ ਸੂਬੇ ਦੇ ਲੋਕ ਵੱਡੀਆਂ ਆਸਾਂ ਲਾਈ ਬੈਠੇ ਹਨ। ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ...
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  39 minutes ago
ਸ੍ਰੀਨਗਰ, 18 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪਿੰਗਲਾਨ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਂ ਨੇ 2-3 ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਹਾਂ ਪਾਸਿਓਂ ਲਗਾਤਾਰ...
ਅੱਜ ਦਾ ਵਿਚਾਰ
. . .  50 minutes ago
ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਹੋਰ ਖ਼ਬਰਾਂ..

ਫ਼ਿਲਮ ਅੰਕ

ਕਦਰਦਾਨ ਨਾਇਕਾ

ਜੈਕਲਿਨ

ਤਹਿਲਕਾ ਹੈ ਜੈਕਲਿਨ ਫਰਨਾਂਡਿਜ਼ ਦਾ ਬਾਲੀਵੁੱਡ ਦੁਨੀਆ ਵਿਚ। ਬਾਕੀ ਗੱਲਾਂ ਬਾਅਦ 'ਚ ਪਹਿਲਾਂ ਫ਼ਿਲਮਾਂ ਕਾਮਯਾਬ ਤੇ ਖ਼ਾਸ ਗਾਣੇ ਲੋਕਪ੍ਰਿਅ, 'ਏਕ ਦੋ ਤੀਨ', 'ਬਾਗੀ-2' ਦੇ ਇਸ ਆਈਟਮ ਗਾਣੇ ਨੇ ਜੈਕੀ ਦੀਆਂ ਧੂੰਮਾਂ ਪਾ ਦਿੱਤੀਆਂ ਹਨ। 'ਰੇਸ-3' ਲਈ ਵੀ ਪਸੀਨਾ ਵਹਿ ਰਿਹਾ ਹੈ ਸ੍ਰੀਲੰਕਾ ਦੀ ਇਸ ਸ਼ਹਿਜ਼ਾਦੀ ਦਾ। ਮੁਸ਼ਕਿਲ ਤੋਂ ਮੁਸ਼ਕਿਲ ਫ਼ਿਲਮੀ ਨਾਚ ਦੇ ਕਦਮ ਉਹ ਸਿੱਖ ਰਹੀ ਹੈ। 'ਕਿੱਕ' ਨੇ ਸੱਲੂ-ਜੈਕੀ ਦੀ ਜੋੜੀ ਹਿੱਟ ਬਣਾਈ ਸੀ। ਯਾਦ ਹੈ ਨਾ 'ਜੁੰਮੇ ਕੀ ਰਾਤ' ਹੁਣ 'ਕਿੱਕ-2' ਲਈ ਵੀ ਜੈਕੀ ਦਾ ਹੀ ਨਾਂਅ ਸਾਹਮਣੇ ਆ ਰਿਹਾ ਹੈ। 'ਅਲਾਦੀਨ' ਵਾਲੀ ਜੈਕੀ ਦਾ ਦਿਲ ਵੀ ਦਰਿਆ ਹੈ। ਆਪਣੇ ਰੂਪ ਸੱਜਾ ਸਹਾਇਕ ਸ਼ਾਨ ਨਾਲ ਉਸ ਦਾ ਮੋਹ ਕਿਸੇ ਨੂੰ ਭੁੱਲਿਆ ਨਹੀਂ। ਸ਼ਾਨ ਦਾ ਜਨਮ ਦਿਨ ਸੀ ਤੇ ਸਾਰੇ ਹੈਰਾਨ ਹੋ ਗਏ ਇਕ ਬਹੁਕੀਮਤੀ ਕਾਰ ਜੈਕਲਿਨ ਨੇ ਤੋਹਫ਼ੇ ਵਿਚ ਦੇ ਦਿੱਤੀ। 20 ਲੱਖ ਦੀ ਇਹ ਕਾਰ ਦੇਣ ਦੇ ਨਾਲ-ਨਾਲ ਸ਼ਾਨ ਦੇ ਜਨਮ ਦਿਨ ਦੀ ਵੀਡੀਓ ਵੀ ਜੈਕੀ ਨੇ ਬਣਾਈ। ਨਵਾਂ ਹੇਅਰ ਕੱਟ, ਐਨਕਾਂ ਤੇ ਚੱਲਣ ਦਾ ਅੰਦਾਜ਼ ਉਸ ਨੇ ਬਦਲ ਲਿਆ ਹੈ। ਇਹ ਠੀਕ ਹੈ ਕਿ 'ਬਾਗੀ-2' ਸੁੱਪਰ ਹਿਟ ਹੈ। ਇਸ ਦੇ 'ਏਕ ਦੋ ਤੀਨ' ਗਾਣੇ ਦੀ ਧੂਮ ਹੈ। ਜੈਕੀ ਨੇ ਗਜ਼ਬ ਦਾ ਡਾਂਸ ਕੀਤਾ ਹੈ ਪਰ ਫਿਰ ਵੀ ਮਾਧੁਰੀ ਦੀਕਸ਼ਤ ਵਾਲਾ ਜਾਦੂ ਉਹ ਨਹੀਂ ਦਿਖਾ ਸਕੀ। ਖ਼ੁਦ ਜੈਕਲਿਨ ਫਰਨਾਂਡਿਜ਼ ਨੇ ਕਿਹਾ ਹੈ ਕਿ ਮਾਧੁਰੀ ਦੇ ਸਾਹਮਣੇ ਉਹ ਕੁਝ ਵੀ ਨਹੀਂ ਹੈ। ਇਹ ਡਾਂਸ ਗੀਤ ਵੀ ਜੈਕੀ ਨੇ ਮਾਧੂਰੀ ਨੂੰ ਹੀ ਸਮਰਪਿਤ ਕੀਤਾ ਹੈ। ਵਾਹ ਸੋਚ ਹੋਏ ਤਾਂ ਜੈਕਲਿਨ ਜਿਹੀ ਕਿ ਕਦਰ ਕਰੋ ਪ੍ਰਤਿਭਾ ਦੀ।


ਖ਼ਬਰ ਸ਼ੇਅਰ ਕਰੋ

ਐਸ਼ਵਰਿਆ ਰਾਏ ਬੱਚਨ

ਸਾਧਨਾ ਵੀ, ਨਰਗਿਸ ਵੀ

54 ਸਾਲ ਪਹਿਲਾਂ ਆਈ ਸੀ ਫ਼ਿਲਮ 'ਵੋਹ ਕੌਨ ਥੀ' ਜੋ ਅੱਜ ਵੀ ਕਲਾਸਿਕ ਫ਼ਿਲਮੀ ਚੈਨਲਜ਼ 'ਤੇ ਪਸੰਦ ਕੀਤੀ ਜਾਂਦੀ ਹੈ ਤੇ ਇਸ ਸਸਪੈਂਸ ਫ਼ਿਲਮ ਦਾ ਸੰਗੀਤ ਬੇਹੱਦ ਮਕਬੂਲ ਹੋਇਆ ਸੀ। ਸਾਧਨਾ ਨੇ ਤਦ 'ਵੋਹ ਕੌਨ ਥੀ' ਕੀਤੀ ਸੀ ਤੇ ਹੁਣ ਇਸ ਦੇ ਰੀਮੇਕ ਵਿਚ ਐਸ਼ਵਰਿਆ ਰਾਏ ਬੱਚਨ ਕੰਮ ਕਰ ਰਹੀ ਹੈ। ਇਸ 'ਚ ਐਸ਼ ਨਾਲ ਛੋਟਾ ਸ਼ਾਹਿਦ ਕਪੂਰ ਨਜ਼ਰ ਆਏਗਾ। 19 ਸਾਲ ਪਹਿਲਾਂ ਇਕ ਗੀਤ 'ਚ ਸ਼ਾਹਿਦ ਨੇ ਡਾਂਸਰ ਲੜਕੇ ਵਜੋਂ ਐਸ਼ਵਰਿਆ ਨਾਲ ਕੰਮ ਕੀਤਾ ਸੀ। ਐਨ.ਐਨ. ਸਿੱਪੀ ਨੇ ਇਹ 'ਵੋਹ ਕੌਨ ਥੀ' ਤਿਆਰ ਕਰਨੀ ਹੈ। ਐਸ਼ ਇਸ ਸਮੇਂ 'ਫੰਨੇ ਖਾਂ' ਕਰ ਰਹੀ ਹੈ ਤੇ ਸ਼ਾਹਿਦ 'ਬੱਤੀ ਗੁੱਲ ਮੀਟਰ ਚਾਲੂ' ਕਰ ਰਿਹਾ ਹੈ। ਹਾਂ 'ਰਾਤ ਔਰ ਦਿਨ' ਵੀ ਐਸ਼ ਕਰ ਰਹੀ ਹੈ। 'ਰਾਤ ਔਰ ਦਿਨ' 'ਚ ਐਸ਼ ਨੂੰ ਨਰਗਿਸ ਦਾ ਕਿਰਦਾਰ ਮਿਲਿਆ ਹੈ। ਮਤਲਬ ਸਾਧਨਾ ਤੇ ਨਰਗਿਸ ਬਣੇਗੀ ਐਸ਼ਵਰਿਆ ਰਾਏ ਤੇ ਜ਼ਾਹਰ ਹੈ ਕਿ ਸਾਧਨਾ ਤੇ ਨਰਗਿਸ ਸਿਰਫ ਤੇ ਸਿਰਫ ਐਸ਼ਵਰਿਆ ਰਾਏ ਬੱਚਨ ਹੀ ਬਣ ਸਕਦੀ ਹੈ।

ਟਾਈਗਰ ਸ਼ਰਾਫ : ਸਭ 'ਤੇ ਭਾਰੂ

ਜੈਕੀ ਸ਼ਰਾਫ਼ ਦੇ ਬੇਟੇ ਨੇ ਤਾਂ 'ਪਦਮਾਵਤ', 'ਪੈਡਮੈਨ', 'ਰੇਡ' ਨੂੰ ਪਛਾੜ ਦਿੱਤਾ ਹੈ ਤੇ ਸਾਰੇ ਹੀ ਟਾਈਗਰ ਸ਼ਰਾਫ ਦੀ 'ਬਾਗੀ-2' ਨੂੰ ਮਿਲੀ ਰਿਕਾਰਡ ਤੋੜ ਕਾਮਯਾਬੀ ਸਬੰਧੀ ਗੱਲਾਂ ਕਰ ਰਹੇ ਹਨ। ਬਚਪਨ 'ਚ ਦਿਸ਼ਾ ਪਟਾਨੀ ਦਾ ਇਹ ਖ਼ਾਸ ਦੋਸਤ ਟਾਈਗਰ ਬਹੁਤ ਨਟਖਟ ਸੀ ਤੇ ਸੀਟ 'ਤੇ ਚਿੰਬੜਨ ਵਾਲੀ ਚਿੰਗਮ ਰੱਖ ਕੇ ਕਈ ਬੈਠਣ ਵਾਲਿਆਂ ਦਾ ਮਜ਼ਾਕ ਉਡਾਉਂਦਾ ਸੀ। ਟਾਈਗਰ ਕੋਲ ਨਿਰਮਾਤਾ ਚੱਲ ਕੇ ਆ ਰਹੇ ਹਨ। ਜਵਾਨ ਦਰਸ਼ਕਾਂ ਦਾ ਚਹੇਤਾ ਹੀਰੋ ਬਣ ਗਿਆ ਹੈ ਟਾਈਗਰ, ਜਿਸ ਦੀ ਪ੍ਰਸੰਸਾ ਸਲਮਾਨ ਖਾਨ ਵੀ ਕਰ ਰਿਹਾ ਹੈ ਤੇ ਰਿਤਿਕ ਰੌਸ਼ਨ ਵੀ। ਇਸ ਤਰ੍ਹਾਂ ਫ਼ਿਲਮ ਸਨਅਤ ਟਾਈਗਰ ਨੂੰ ਅਗਲੇ ਸਲਮਾਨ ਦੇ ਰੂਪ 'ਚ ਦੇਖ ਰਹੀ ਹੈ। ਆਖ਼ਰ ਟਾਈਗਰ ਨੇ 'ਸਟੂਡੈਂਟ ਆਫ ਦਾ ਯੀਅਰ-2' ਵੀ ਲੈ ਲਈ ਹੈ ਤੇ ਟਾਈਗਰ ਦਿਵਾਨਾ ਹੈ ਐਸ਼ਵਰਿਆ ਰਾਏ ਦਾ। ਵਾਹ ਕਿਆ ਅਜੀਬ ਬਾਤ ਹੈ। ਕਰਨ ਜੌਹਰ ਦੀ ਨਜ਼ਰ 'ਚ ਟਾਈਗਰ ਹੀ ਸਰਬਉੱਚ ਹੀਰੋ ਹੈ। ਚੰਕੀ ਪਾਂਡੇ ਦੀ ਬੇਟੀ ਨਾਲ 'ਸਟੂਡੈਂਟ ਆਫ ਦਾ ਯੀਅਰ-2' ਕਰ ਕੇ ਟਾਈਗਰ ਨੇ ਵਰੁਣ ਧਵਨ, ਸਿਧਾਰਥ ਮਲਹੋਤਰਾ, ਦਿਸ਼ਾ ਤੇ ਆਲੀਆ ਸਭ ਨੂੰ ਹੈਰਾਨ ਕੀਤਾ ਹੈ। ਆਈ.ਪੀ.ਐਲ. ਦੀ ਸ਼ੁਰੂਆਤ 'ਚ ਆ ਕੇ ਟਾਈਗਰ ਦਾ ਹਿੱਟ ਹੋਣਾ ਇਹ ਮਿੱਥ ਤੋੜ ਗਿਆ ਕਿ ਆਈ.ਪੀ.ਐਲ. 'ਚ ਫ਼ਿਲਮਾਂ ਨਹੀਂ ਚਲਦੀਆਂ।


-ਸੁਖਜੀਤ ਕੌਰ

ਕਾਜਲ ਅਗਰਵਾਲ

ਦੱਖਣ ਵਲ ਝੁਕਾਅ

ਹੀਰੋਇਨ ਕਾਜਲ ਅਗਰਵਾਲ ਦੇ ਨਾਂਅ 'ਤੇ ਚਿਹਰੇ ਦਾ ਤੁਹਾਨੂੰ ਪਤਾ ਹੀ ਹੈ। 2010 'ਚ 'ਦੋ ਲਫਜ਼ੋਂ ਕੀ ਕਹਾਨੀ' ਵਿਚ ਕਾਜਲ ਦਿਖਾਈ ਦਿੱਤੀ ਸੀ। ਦੱਖਣ 'ਚ ਜ਼ਿਆਦਾ ਰੁੱਝ ਗਈ। 'ਵਿਜਯ-6' ਇਹ ਹੈ ਦੱਖਣ ਦੀ ਨਵੀਂ ਫ਼ਿਲਮ ਜਿਸ 'ਚ ਕਾਜਲ ਨੂੰ ਹੋਟਲ ਦੀ ਰਸੋਈ 'ਚ ਬਿਸਕੁਟ ਬਣਾਉਂਦੇ ਦਿਖਾਇਆ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਸ਼ੂਟਿੰਗ ਖ਼ਤਮ ਹੋਣ ਸਾਰ ਹੋਟਲ ਦੀ ਰਸੋਈ 'ਚ ਜਾ ਕੇ ਸੱਚੀਂ ਉਸ ਨੇ ਚਾਕਲੇਟ, ਕੁਕੀਜ ਤੇ ਬਿਸਕੁਟ ਬਣਾਉਣ ਦੀ ਵਿਧੀ ਸਿੱਖੀ। ਇਹ ਹੋਟਲ ਵਾਲੀਆਂ ਤਸਵੀਰਾਂ ਵਾਇਰਲ ਹੋਈਆਂ। 'ਸਿੰਘਮ' ਵਾਲੀ ਕਾਜਲ ਨੇ 'ਸਪੈਸ਼ਲ-26' ਵੀ ਕੀਤੀ ਸੀ। ਚਲੋ ਇਹ ਤਾਂ ਕਿਰਦਾਰ, ਕਾਜਲ ਦੇ ਸ਼ੌਕ ਤੇ ਵਿਹਲੇ ਸਮੇਂ ਦੀ ਗੱਲ ਹਨ ਪਰ ਹਾਲੇ ਤੱਕ ਕਾਜਲ ਨੂੰ ਇਹ ਅਫ਼ਸੋਸ ਹੈ ਕਿ ਦੱਖਣ ਪ੍ਰੇਮ ਨੇ ਉਸ ਤੋਂ ਬਾਲੀਵੁੱਡ ਦੂਰ ਕਰ ਦਿੱਤੀ ਹੈ। ਪ੍ਰਕਾਸ਼ ਨਾਲ ਕਾਜਲ ਦੇ ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਰਹੀ ਗੱਲ ਮੀਡੀਆ ਯੁੱਗ ਦੀ ਤਾਂ ਇਸ ਮਾਮਲੇ 'ਚ ਉਹ ਆਲਸਣ ਹੈ। ਸਿਰਫ ਅਮਰੀਕਨ ਕੰਪਨੀ ਤੋਂ ਬਣਵਾਈ ਆਪਣੀ ਐਪ ਨਾਲ ਹੀ ਉਹ ਲੋਕਾਂ ਤੇ ਪ੍ਰਸੰਸਕਾਂ ਨਾਲ ਸਬੰਧ ਰੱਖਦੀ ਹੈ।

ਤੁਲਸੀ ਚੌਧਰੀ ਦੀ ਨਵੀਂ ਸਰਗਰਮੀ

ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਤੁਲਸੀ ਚੌਧਰੀ ਜਦੋਂ ਅਭਿਨੈ ਦੀ ਦੁਨੀਆ ਵਿਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਆਈ ਤਾਂ ਉਸ ਨੇ ਮਹਿਸੂਸ ਕੀਤਾ ਕਿ ਗ਼ੈਰ ਫ਼ਿਲਮੀ ਪਰਿਵਾਰ ਤੋਂ ਆਈਆਂ ਕੁੜੀਆਂ ਨੂੰ ਬਹੁਤ ਮਿਹਨਤ ਤੋਂ ਬਾਅਦ ਫ਼ਿਲਮਾਂ ਵਿਚ ਕੰਮ ਮਿਲਦਾ ਹੈ। ਬਾਲੀਵੁੱਡ ਵਿਚ ਹੋਏ ਇਸ ਅਨੁਭਵ ਨੇ ਤੁਲਸੀ ਨੂੰ ਨਵੀਂ ਰਾਹ ਦਿਖਾ ਦਿੱਤੀ ਅਤੇ ਹੁਣ ਉਹ ਨਵੇਂ ਕਲਾਕਾਰਾਂ ਨੂੰ ਅਤੇ ਖ਼ਾਸ ਕਰਕੇ ਕੁੜੀਆਂ ਨੂੰ ਮਾਰਗਦਰਸ਼ਨ ਦੇਣ ਦਾ ਕੰਮ ਕਰਨ ਲੱਗੀ ਹੈ। ਇਸ ਕੰਮ ਵਿਚ ਉਸ ਨੂੰ ਜ਼ਰੀਨ ਖਾਨ, ਅਮਨ ਵਰਮਾ, ਗੋਵਿੰਦਾ ਤੇ ਪੰਜਾਬੀ ਗਾਇਕ ਅਸ਼ੋਕ ਮਸਤੀ ਦਾ ਸਾਥ ਮਿਲਿਆ ਅਤੇ ਇਸ ਤੋਂ ਤੁਲਸੀ ਦਾ ਉਤਸ਼ਾਹ ਹੋਰ ਵਧ ਗਿਆ ਹੈ। ਹੁਣ ਤੁਲਸੀ ਸੁੰਦਰਤਾ ਪ੍ਰਤੀਯੋਗਤਾ ਮਿਸ ਇੰਡੋ-ਏਸ਼ੀਆ ਦਾ ਆਯੋਜਨ ਕਰਨ ਜਾ ਰਹੀ ਹੈ ਅਤੇ ਇਸ ਵਿਚ ਭਾਰਤ ਦੇ ਨਾਲ ਏਸ਼ੀਆ ਦੇ ਹੋਰ ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈਣਗੀਆਂ। ਤੁਲਸੀ ਅਨੁਸਾਰ ਇਨ੍ਹਾਂ ਵਿਚੋਂ ਪ੍ਰਤਿਭਾਸ਼ਾਲੀ ਕੁੜੀਆਂ ਨੂੰ ਫ਼ਿਲਮਾਂ ਵਿਚ ਮੌਕਾ ਦਿੱਤਾ ਜਾਵੇਗਾ। ਤੁਲਸੀ ਦੀ ਇਸ ਕੋਸ਼ਿਸ਼ ਵਿਚ ਗਾਇਕ ਅਸ਼ੋਕ ਮਸਤੀ ਪੂਰਾ ਸਾਥ ਦੇ ਰਹੇ ਹਨ। ਏਸ਼ੀਆ ਦੇ ਹੋਰ ਦੇਸ਼ਾਂ ਦੀਆਂ ਸੁੰਦਰੀਆਂ ਨੂੰ ਇਸ ਪ੍ਰਤੀਯੋਗਤਾ ਵਿਚ ਹਿੱਸਾ ਦੇਣ ਬਾਰੇ ਉਹ ਕਹਿੰਦੇ ਹਨ, 'ਮੈਂ ਦੇਸ਼ ਤੋਂ ਬਾਹਰ ਜਿਥੇ ਕਿਤੇ ਸ਼ੋਅ ਕਰਨ ਜਾਂਦਾ ਹਾਂ ਤਾਂ ਅਕਸਰ ਲੋਕ ਮੈਨੂੰ ਇਹ ਕਹਿੰਦੇ ਹਨ ਕਿ ਉਨ੍ਹਾਂ ਦੀ ਬੇਟੀ ਫ਼ਿਲਮਾਂ ਵਿਚ ਆਉਣਾ ਚਾਹੁੰਦੀ ਹੈ ਪਰ ਰਾਹ ਨਹੀਂ ਮਿਲ ਰਿਹਾ। ਸਹੀ ਮਾਰਗਦਰਸ਼ਨ ਦੀ ਘਾਟ ਵਿਚ ਕਈ ਪ੍ਰਤਿਭਾਵਾਂ ਮੌਕਾ ਮਿਲਣ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਤੇ ਕਈਆਂ ਦੇ ਸੁਪਨੇ ਟੁੱਟ ਜਾਂਦੇ ਹਨ।


-ਇੰਦਰਮੋਹਨ ਪੰਨੂੰ

ਸੋਨਮ ਕਪੂਰ

ਮਹਿੰਦੀ ਸ਼ਗਨਾਂ ਦੀ

8 ਤੋਂ 12 ਮਈ ਦੇ ਵਿਚਕਾਰ ਵਿਆਹ ਦਾ ਮਹੂਰਤ ਨਿਕਲਿਆ ਹੈ। ਵਿਆਹ ਹੋਣ ਦੀ ਦੇਰ ਮਈ ਵਿਚ ਹੀ ਸੋਨਮ ਪੇਕਾ ਘਰ ਛਡ ਲੰਡਨ ਜਾਏਗੀ। ਖ਼ਬਰਾਂ ਇਹੀ ਹਨ। ਨੌਟਿੰਗਮ ਹਿਲ 'ਲੰਡਨ' 'ਚ ਸੋਨਮ ਲਈ ਘਰ ਅਨੰਦ ਨੇ ਲਿਆ ਹੈ। ਲੰਡਨ ਤੋਂ ਹੀ ਫ਼ਿਲਮਾਂ ਲਈ ਉਹ ਮੁੰਬਈ ਆਇਆ ਕਰੇਗੀ। 'ਵੀਰੇ ਦੀ ਵੈਡਿੰਗ' ਤੋਂ ਬਾਅਦ 'ਦਾ ਜ਼ੋਯਾ ਫੈਕਟਰ' ਸ਼ਾਇਦ ਵਿਆਹ ਉਪਰੰਤ ਸੋਨਮ ਕਰੇਗੀ। ਦੀਪਿਕਾ, ਰਣਬੀਰ ਕਪੂਰ, ਕਰੀਨਾ ਕਪੂਰ ਨੂੰ ਸੋਨਮ ਨੇ ਖ਼ਾਸ ਸੱਦਾ ਦੇਣਾ ਹੈ। ਸੋਨਮ ਦੀ ਮੰਮੀ ਸੁਨੀਤਾ ਆਪ ਮਾਡਲ ਰਹੀ ਹੈ। ਇਸ ਲਈ ਧੀ ਦੇ ਵਿਆਹ ਲਈ ਅਨਾਮਿਕਾ ਖੰਨਾ ਤੋਂ ਲੀੜਾ-ਲੱਤਾ ਉਹ ਕੋਲ ਬਹਿ ਬਣਵਾ ਰਹੀ ਹੈ। ਦਿੱਲੀ, ਮੁੰਬਈ 'ਚ ਵਿਆਹ ਪਾਰਟੀਆਂ ਤੇ ਸਵਿੱਟਜ਼ਰਲੈਂਡ 'ਚ ਕੁਝ ਹੋਰ ਰਸਮਾਂ ਵਿਆਹ ਦੀਆਂ ਹੋਣਗੀਆਂ ਤੇ ਫਿਰ ਅਗਲੇ ਮਹੀਨੇ ਸੋਨਮ ਕਪੂਰ ਦੇ ਵਿਆਹ ਦੀਆਂ ਖ਼ਬਰਾਂ ਮੁੰਬਈ 'ਚ ਪ੍ਰਮੁੱਖ ਰਹਿਣਗੀਆਂ। 'ਵੀਰੇ ਦੀ ਵੈਡਿੰਗ' ਤਦ ਤੱਕ ਆ ਜਾਏਗੀ। ਫਰਹਾ ਖਾਨ ਸੰਗੀਤ ਤੇ ਨਾਚ ਦੇ ਪ੍ਰਬੰਧ ਸੰਭਾਲੇਗੀ। 35 ਕਰੋੜ ਦੇ ਅਪਾਰਟਮੈਂਟ ਦੇ 7 ਹਜ਼ਾਰ ਵਰਗ ਸਕੇਅਰ ਫੁੱਟ 'ਚ ਮਹਿੰਦੀ ਸ਼ਗਨਾਂ ਦੀ ਸੋਨਮ ਦੇ ਹੱਥੀਂ ਲੱਗੇਗੀ।

ਮੇਰਾ ਦੇਵਦਾਸ ਅੱਜ ਦੇ ਜ਼ਮਾਨੇ ਦਾ ਹੈ : ਸੁਧੀਰ ਮਿਸ਼ਰਾ

ਨਿਰਦੇਸ਼ਕ ਸੁਧੀਰ ਮਿਸ਼ਰਾ ਦੀਆਂ ਫ਼ਿਲਮਾਂ ਅਸਲੀਅਤ 'ਤੇ ਆਧਾਰਿਤ ਹੁੰਦੀਆਂ ਹਨ। ਉਨ੍ਹਾਂ ਦੀਆਂ ਫ਼ਿਲਮਾਂ ਭਾਵੇਂ 'ਧਾਰਾਵੀ' ਹੋਵੇ ਜਾਂ 'ਇਸ ਰਾਤ ਕੀ ਸੁਬਹ ਨਹੀਂ' ਜਾਂ 'ਇਨਕਾਰ', ਇਨ੍ਹਾਂ ਦਾ ਨਾਇਕ ਸਾਡੇ ਆਲੇ-ਦੁਆਲੇ ਦਾ ਹੀ ਹੁੰਦਾ ਹੈ। ਹੁਣ ਜਦੋਂ ਉਨ੍ਹਾਂ ਨੇ ਸ਼ਰਤਚੰਦਰ ਚਟੋਪਾਧਿਆਏ ਵਲੋਂ ਲਿਖੇ ਨਾਵਲ 'ਦੇਵਦਾਸ' 'ਤੇ ਫ਼ਿਲਮ ਬਣਾਉਣ ਬਾਰੇ ਸੋਚਿਆ ਹੈ ਤਾਂ ਇਥੇ ਕਹਾਣੀ ਦੀ ਪੇਸ਼ਕਾਰੀ ਵੀ ਅੱਜ ਦੇ ਸਮੇਂ ਦੇ ਹਿਸਾਬ ਨਾਲ ਕੀਤੀ ਹੈ। ਉਂਝ ਪਹਿਲਾਂ ਇਹੀ ਤਜਰਬਾ ਅਨੁਰਾਗ ਕਸ਼ਿਅਪ ਵਲੋਂ 'ਦੇਵ ਡੀ' ਵਿਚ ਕੀਤਾ ਗਿਆ ਸੀ ਪਰ ਸੁਧੀਰ ਮਿਸ਼ਰਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫ਼ਿਲਮ ਅਨੁਰਾਗ ਦੀ ਫ਼ਿਲਮ ਤੋਂ ਵੱਖਰੀ ਹੈ। ਆਪਣੀ ਫ਼ਿਲਮ ਦੇ ਵੱਖਰੇਪਨ ਬਾਰੇ ਉਹ ਕਹਿੰਦੇ ਹਨ, 'ਇਥੇ 'ਦੇਵਦਾਸ' ਦੀ ਕਹਾਣੀ ਨੂੰ ਉਲਟਾ ਪੇਸ਼ ਕੀਤਾ ਗਿਆ ਹੈ। ਇਕ ਲਾਈਨ ਵਿਚ 'ਦੇਵਦਾਸ' ਦੀ ਕਹਾਣੀ ਇਹ ਹੈ ਕਿ ਇਕ ਅਮੀਰ ਘਰ ਦੇ ਮੁੰਡੇ ਨੂੰ ਗ਼ਰੀਬ ਘਰ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਪਰ ਮੁੰਡੇ ਦੇ ਘਰ ਵਾਲਿਆਂ ਨੂੰ ਇਹ ਪਿਆਰ ਮਨਜ਼ੂਰ ਨਹੀਂ।
* 'ਦੇਵਦਾਸ' ਦੀ ਕਹਾਣੀ ਇਕ ਹਾਰੇ ਹੋਏ ਇਨਸਾਨ ਦੀ ਕਹਾਣੀ ਹੈ। ਕੀ ਅੱਜ ਦੇ ਦਰਸ਼ਕ ਇਸ ਤਰ੍ਹਾਂ ਦੇ ਵਿਸ਼ੇ ਵਾਲੀ ਫ਼ਿਲਮ ਦੇਖਣਾ ਪਸੰਦ ਕਰਨਗੇ?
-ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਦੇਵਦਾਸ ਅੱਜ ਦੇ ਜ਼ਮਾਨੇ ਦਾ ਹੈ। ਉਹ ਲੂਜ਼ਰ ਜਾਂ ਹਾਰਿਆ ਹੋਇਆ ਆਦਮੀ ਨਹੀਂ ਹੈ। ਉਥੇ ਦੇਵਦਾਸ ਆਪਣੀ ਜ਼ਿੰਦਗੀ ਵਿਚ ਸਭ ਕੁਝ ਹਾਰ ਜਾਂਦਾ ਹੈ, ਜਦੋਂ ਕਿ ਮੈਂ ਆਪਣੀ ਫ਼ਿਲਮ ਦੇ ਨਾਇਕ ਦੇਵ ਨੂੰ ਆਪਣੀ ਜ਼ਿੰਦਗੀ ਵਿਚ ਕੁਝ ਹਾਸਲ ਕਰਦੇ ਹੋਏ ਦਿਖਾਇਆ ਹੈ। ਭਾਵ ਉਹ ਆਪਣੀ ਜ਼ਿੰਦਗੀ ਵਿਚ ਜਿੱਤ ਹਾਸਲ ਕਰਦਾ ਹੈ।
* ਇਥੇ ਕਹਾਣੀ ਵਿਚ ਤੁਸੀਂ ਰਾਜਨੀਤੀ ਨੂੰ ਵੀ ਜੋੜਿਆ ਹੈ। ਇਸ ਬਾਰੇ ਕੁਝ ਦੱਸਣਾ ਚਾਹੋਗੇ ਤੁਸੀਂ?
-ਫ਼ਿਲਮ ਵਿਚ ਜੋ ਰਾਜਨੀਤੀ ਦਿਖਾਈ ਗਈ ਹੈ, ਉਹ ਅੱਜ ਦੇ ਜ਼ਮਾਨੇ ਦੀ ਹੈ। ਇਸ ਵਿਚ ਇਕ ਇਸ ਤਰ੍ਹਾਂ ਦੇ ਰਾਜ ਪਰਿਵਾਰ ਦੀ ਕਹਾਣੀ ਦਿਖਾਈ ਗਈ ਹੈ, ਜੋ ਹਾਲਾਤ ਦੇ ਚਲਦਿਆਂ ਰਾਜਨੀਤੀ ਵਿਚ ਆਪਣਾ ਵਜੂਦ ਗਵਾਉਣ ਲਗਦਾ ਹੈ। ਇਸ ਤਰ੍ਹਾਂ ਪਰਿਵਾਰ ਦੇ ਮੁੰਡੇ ਨੂੰ ਨਾ ਚਾਹੁੰਦਿਆਂ ਵੀ ਰਾਜਨੀਤੀ ਵਿਚ ਆਉਣਾ ਪੈਂਦਾ ਹੈ। ਉਸ ਨੂੰ ਰਾਜਨੀਤੀ ਵਿਚ ਰੁਚੀ ਨਹੀਂ ਹੈ ਫਿਰ ਵੀ ਉਸ ਨੂੰ ਲਿਆਂਦਾ ਜਾਂਦਾ ਹੈ। ਦੇਵਦਾਸ ਦੀ ਕਹਾਣੀ ਚੰਦਰਮੁਖੀ ਬਗ਼ੈਰ ਅਧੂਰੀ ਹੈ। ਇਥੇ ਅਸੀਂ ਚਾਂਦਨੀ ਦਾ ਕਿਰਦਾਰ ਰੱਖਿਆ ਹੈ। ਚਾਂਦਨੀ ਦਾ ਕੰਮ ਆਗੂਆਂ ਦੀ ਜਾਸੂਸੀ ਕਰਨਾ ਹੈ। ਇਸ ਰਾਹੀਂ ਅੱਜ ਦੀ ਰਾਜਨੀਤੀ ਦੀਆਂ ਕਈ ਘਟਨਾਵਾਂ ਇਸ ਵਿਚ ਜੋੜ ਦਿੱਤੀਆਂ ਹਨ। ਫ਼ਿਲਮ ਦੇਖਦੇ ਸਮੇਂ ਦਰਸ਼ਕਾਂ ਨੂੰ ਇਹ ਖਿਆਲ ਹੀ ਨਹੀਂ ਆਵੇਗਾ ਕਿ ਉਹ 'ਦੇਵਦਾਸ' ਨਾਵਲ 'ਤੇ ਬਣੀ ਫ਼ਿਲਮ ਦੇਖ ਰਹੇ ਹਨ। ਉਨ੍ਹਾਂ ਨੂੰ ਤਾਂ ਲੱਗੇਗਾ ਕਿ ਦੇਸ਼ ਦੀ ਰਾਜਨੀਤੀ 'ਤੇ ਬਣੀ ਰੋਮਾਂਚਕ ਫ਼ਿਲਮ ਪਰਦੇ 'ਤੇ ਚੱਲ ਰਹੀ ਹੈ।

ਪੰਜਾਬੀ ਫ਼ਿਲਮਾਂ ਦੀ ਪਰਵਾਸੀ ਪੰਜਾਬਣ ਅਦਾਕਾਰਾ

ਅੰਮ੍ਰਿਤ ਔਲਖ

ਪੰਜਾਬੀ ਫ਼ਿਲਮਾਂ ਵਿਚ ਨਿੱਤ ਨਵੇਂ ਚਿਹਰਿਆਂ ਦੀ ਆਮਦ ਹੁੰਦੀ ਰਹਿੰਦੀ ਹੈ। ਅਜਿਹੇ ਹੀ ਖੂਬਸੁਰਤ ਚਿਹਰਿਆਂ 'ਚੋਂ ਇਕ ਹੈ ਵਿਦੇਸ਼ੀ ਮਾਹੌਲ 'ਚ ਜੰਮੀ ਪਲੀ ਅੰਮ੍ਰਿਤ ਔਲਖ। ਪੰਜਾਬਣ ਹੋਣ ਦਾ ਮਾਣ ਰੱਖਣ ਵਾਲੀ ਇਸ ਅਦਾਕਾਰਾ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਇਕ ਪੰਜਾਬੀ ਫ਼ਿਲਮ 'ਸਾਡੇ ਆਲੇ' ਤੋਂ ਕੀਤੀ ਹੈ। ਨਾਮਵਰ ਨਿਰਦੇਸ਼ਕ ਜਤਿੰਦਰ ਮੋਹਰ ਦੀ ਇਹ ਫ਼ਿਲਮ ਮਾਲਵਾ ਪੱਟੀ ਦੀ ਕਹਾਣੀ ਹੈ ਜਿਸ ਵਿਚ ਪੰਜਾਬੀ ਵਿਰਾਸਤ ਦੇ ਠੇਠ ਮਲਵਈ ਰਿਸ਼ਤਿਆਂ ਨੂੰ ਪਰਦੇ 'ਤੇ ਉਤਾਰਣ ਦਾ ਯਤਨ ਕੀਤਾ ਗਿਆ ਹੈ। ਇਸ ਫ਼ਿਲਮ ਵਿਚ ਅੰਮ੍ਰਿਤ ਔਲਖ ਦਾ ਕਿਰਦਾਰ ਰਾਵੀ ਨਾਂ ਦੀ ਮੁਟਿਆਰ ਦਾ ਹੈ ਜੋ ਇਕ ਸਕੂਲ ਅਧਿਆਪਕਾ ਹੈ। ਅੰਮ੍ਰਿਤ ਔਲਖ ਨੇ ਦੱਸਿਆ ਕਿ ਭਾਵੇਂ ਕਿ ਵਿਦੇਸ਼ੀ ਮਾਹੌਲ 'ਚ ਰਹਿਣ ਕਰਕੇ ਪੰਜਾਬ ਦੇ ਮਲਵਈ ਸੱਭਿਆਚਾਰ ਵਾਲੀ ਫ਼ਿਲਮ ਵਿਚ ਕੰਮ ਕਰਨਾ ਉਸ ਲਈ ਇਕ ਚਣੌਤੀ ਭਰਿਆ ਕੰਮ ਸੀ ਪਰ ਨਿਰਦੇਸ਼ਕ ਜਤਿੰਦਰ ਮੋਹਰ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਉਸ ਨੇ ਪੰਜਾਬੀ ਭਾਸ਼ਾ ਦੇ ਗਿਆਨ ਅਤੇ ਸਹੀ ਉਚਾਰਣ ਲਈ ਸਪੈਸ਼ਲ ਕਲਾਸਾਂ ਲਈਆਂ, ਜਿਸ ਕਰਕੇ ਉਹ ਆਪਣੇ ਕਿਰਦਾਰ ਨਾਲ ਇਨਸਾਫ਼ ਕਰ ਸਕੇ। ਉਸਦਾ ਕਿਰਦਾਰ ਅਦਾਕਾਰ ਸੁਖਦੀਪ ਨਾਲ ਹੈ ਜੋ ਕਿ ਪੇਂਡੂ ਟੱਚ ਵਾਲੀ ਲਵ ਸਟੋਰੀ ਹੋਣ ਕਰਕੇ ਫ਼ਿਲਮ ਦੀ ਕਹਾਣੀ ਦਾ ਅਹਿਮ ਹਿੱਸਾ ਹੈ। ਪੰਜਾਬ ਨਾਲ ਸਬੰਧਤ ਪਰਿਵਾਰਕ ਪਿਛੋਕੜ ਵਾਲੀ ਇਹ ਖੂਬਸੁਰਤ ਅਦਾਕਾਰਾ ਅੰਮ੍ਰਿਤ ਔਲਖ ਸਿੰਗਾਂਪੁਰ ਦੀ ਜੰਮਪਲ ਹੈ। ਅਦਾਕਾਰੀ ਵਾਲਾ ਸ਼ੌਕ ਪਰਿਵਾਰ ਵਿਚ ਪਹਿਲਾਂ ਕਿਸੇ ਨੂੰ ਵੀ ਨਹੀਂ ਸੀ ਪਰ ਵਿਦੇਸ਼ੀ ਭਾਈਚਾਰੇ ਵਿਚ ਰਹਿੰਦਿਆਂ ਅੰਮ੍ਰਿਤ ਨੂੰ ਮਾਡਲਿੰਗ ਕਰਨ ਦਾ ਸ਼ੌਕ ਪੈ ਗਿਆ। ਇਸੇ ਦੌਰਾਨ ਉਸ ਨੂੰ ਇਕ ਤਾਮਿਲ ਫ਼ਿਲਮ ਦੀ ਪੇਸ਼ਕਸ਼ ਆਈ। ਪਰ ਪੰਜਾਬ ਦੀ ਧਰਤੀ ਨਾਲ ਜੁੜੀ ਹੋਣ ਕਰਕੇ ਉਸ ਨੇ ਪੰਜਾਬੀ ਫ਼ਿਲਮ ਨੂੰ ਹੀ ਤਰਜੀਹ ਦਿੱਤੀ।
ਅੰਮ੍ਰਿਤ ਔਲਖ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਪਿਆਰ ਹੈ। ਉਹ ਫ਼ਿਲਮ ਖੇਤਰ ਵਿਚ ਸਿੱਖ ਕੇ ਨਹੀਂ ਆਈ ਬਲਕਿ ਸਿੱਖਣ ਲਈ ਆਈ ਹੈ।


-ਸੁਰਜੀਤ ਜੱਸਲ

30 ਅਪ੍ਰੈਲ ਨੂੰ ਜਨਮ ਦਿਨ 'ਤੇ ਵਿਸ਼ੇਸ਼

ਸੰਘਰਸ਼, ਸਿਰੜ ਅਤੇ ਸੂਝ ਦੀ ਮੂਰਤ ਸਨ ਦਾਦਾ ਸਾਹਿਬ ਫਾਲਕੇ

21 ਅਪ੍ਰੈਲ, ਸੰਨ 1913 ਨੂੰ ਮੁੰਬਈ ਦੇ 'ਉਲੰਪੀਆ' ਸਿਨੇਮਾ ਵਿਖੇ ਰਿਲੀਜ਼ ਹੋਈ ਭਾਰਤ ਦੀ ਸਭ ਤੋਂ ਪਹਿਲੀ ਫਿਲਮ 'ਰਾਜਾ ਹਰੀਸ਼ ਚੰਦਰ' ਇਕ ਮੂਕ (ਆਵਾਜ਼ ਰਹਿਤ) ਫਿਲਮ ਸੀ। ਇਸ ਦੀ ਕੁੱਲ ਲੰਬਾਈ 3700 ਫੁੱਟ (ਚਾਰ ਰੀਲਾਂ) ਸੀ ਤੇ ਇਸਨੂੰ ਛੇ ਮਹੀਨਿਆਂ ਦੇ ਸਮੇਂ ਅੰਦਰ ਉਸ ਜ਼ਮਾਨੇ ਦੇ ਹਿਸਾਬ ਨਾਲ ਇਕ ਵੱਡੀ ਰਕਮ (ਪੰਦਰਾਂ ਹਜ਼ਾਰ) ਖਰਚ ਕੇ ਬਣਾਇਆ ਗਿਆ ਸੀ। ਇਸ ਫਿਲਮ ਦਾ ਕੈਮਰਾਮੈਨ, ਨਿਰਮਾਤਾ ਅਤੇ ਨਿਰਦੇਸ਼ਕ ਧੁੰਢੀਰਾਜ ਗੋਵਿੰਦ ਫਾਲਕੇ ਸੀ, ਜਿਸ ਨੂੰ ਅੱਜ ਸਮੁੱਚਾ ਵਿਸ਼ਵ 'ਦਾਦਾ ਸਾਹਿਬ ਫਾਲਕੇ' ਦੇ ਨਾਂਅ ਨਾਲ ਯਾਦ ਕਰਦਾ ਹੈ ਤੇ ਬਾਲੀਵੁੱਡ ਦਾ ਅਜੋਕੇ ਸਮੇਂ ਦਾ ਸਭ ਤੋਂ ਵੱਡਾ ਪੁਰਸਕਾਰ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਉਸ ਦੇ ਹੀ ਨਾਂਅ 'ਤੇ ਦਿੱਤਾ ਜਾਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਦਾਦਾ ਸਾਹਿਬ ਫਾਲਕੇ ਨੇ ਇਹ ਫਿਲਮ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਬਣਾਈ ਸੀ ਤੇ ਸਮਾਜਿਕ ਸੰਗ ਤੋਂ ਡਰਦਿਆਂ ਕੈਮਰੇ ਅੱਗੇ ਆਉਣ ਤੋਂ ਇਸਤਰੀਆਂ ਵਲੋਂ ਇਨਕਾਰ ਕੀਤੇ ਜਾਣ 'ਤੇ ਸਾਲੁੰਕੇ ਨਾਂਅ ਦੇ ਨੌਜਵਾਨ ਨੇ ਇਸ ਫਿਲਮ ਵਿਚਲੇ ਇਸਤਰੀ ਪਾਤਰ (ਨਾਇਕਾ) ਦਾ ਕਿਰਦਾਰ ਅਦਾ ਕੀਤਾ ਸੀ। 'ਰਾਜਾ ਹਰੀਸ਼ ਚੰਦਰ' ਦੇ ਨਿਰਮਾਣ ਲਈ ਆਪਣਾ ਸਭ ਕੁਝ ਦਾਅ 'ਤੇ ਲਗਾ ਦੇਣ ਵਾਲੇ ਸ੍ਰੀ ਧੁੰਢੀਰਾਜ ਫਾਲਕੇ ਦਾ ਜਨਮ 30 ਅਪ੍ਰੈਲ, ਸੰਨ 1870 ਨੂੰ ਮਹਾਰਾਸ਼ਟਰ ਦੇ ਗਿਅੰਬੇਕੇਸ਼ਵਰ ਨਾਮਕ ਕਸਬੇ ਵਿਚ ਵਸਦੇ ਸ੍ਰੀ ਸ਼ਾਸਤਰੀ ਫਾਲਕੇ ਦੇ ਘਰ ਹੋਇਆ ਸੀ। ਸੰਸਕ੍ਰਿਤ ਅਧਿਆਪਕ ਵਜੋਂ ਸੇਵਾ ਨਿਭਾਉਂਦੇ ਸ੍ਰੀ ਸ਼ਾਸਤਰੀ ਫਾਲਕੇ ਨੇ ਜਦ ਵੇਖਿਆ ਕਿ ਉਨ੍ਹਾਂ ਦੇ ਪੁੱਤਰ ਦਾ ਰੁਝਾਨ ਕਲਾਤਮਕ ਰੁਚੀਆਂ ਵੱਲ ਜ਼ਿਆਦਾ ਹੈ ਤਾਂ ਉਨ੍ਹਾਂ ਨੇ ਉਸ ਦਾ ਦਾਖਲਾ 'ਜੇ. ਜੇ. ਸਕੂਲ ਆਫ ਆਰਟਸ' ਵਿਚ ਕਰਵਾ ਦਿੱਤਾ। ਫੋਟੋਗ੍ਰਾਫੀ ਦੀ ਕਲਾ ਨਾਲ ਡਾਹਢਾ ਮੋਹ ਰੱਖਣ ਵਾਲੇ ਦਾਦਾ ਸਾਹਿਬ ਫਾਲਕੇ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਪ੍ਰਿੰਟਿੰਗ ਤਕਨੀਸ਼ੀਅਨ ਕੀਤੀ। ਇਕ ਅੰਗਰੇਜ਼ੀ ਫਿਲਮ 'ਲਾਈਫ਼ ਆਫ਼ ਕ੍ਰਾਈਸਟ' ਵੇਖਣ ਤੋਂ ਬਾਅਦ ਉਸ ਦੇ ਮਨ 'ਚ ਵੀ ਭਾਰਤ ਦੀਆਂ ਧਾਰਮਿਕ ਤੇ ਇਤਿਹਾਸਕ ਹਸਤੀਆਂ ਬਾਰੇ ਫਿਲਮਾਂ ਬਣਾਉਣ ਦੀ ਤਮੰਨਾ ਨੇ ਜਨਮ ਲੈ ਲਿਆ ਤੇ ਆਪਣਾ ਸੁਪਨਾ ਸਾਕਾਰ ਕਰਨ ਲਈ ਉਹ ਦ੍ਰਿੜ੍ਹ ਨਿਸ਼ਚੇ ਨਾਲ ਘਰੋਂ ਤੁਰ ਪਿਆ। ਫਿਲਮ ਬਣਾਉਣ ਦੀ ਕਲਾ ਸਿੱਖਣ ਅਤੇ ਲੋੜੀਂਦਾ ਸਾਜ਼ੋ-ਸਾਮਾਨ ਖਰੀਦਣ ਲਈ ਉਸ ਨੂੰ ਇੰਗਲੈਂਡ ਵੀ ਜਾਣਾ ਪਿਆ ਸੀ। 'ਰਾਜਾ ਹਰੀਸ਼ ਚੰਦਰ' ਦੀ ਅਪਾਰ ਸਫ਼ਲਤਾ ਤੋਂ ਬਾਅਦ ਦਾਦਾ ਸਾਹਿਬ ਫਾਲਕੇ ਨੇ 'ਭਸਮਾਸੁਰ ਮੋਹਿਨੀ' (1914), ਸੱਤਿਆਵਾਨ ਸਾਵਿੱਤਰੀ (1917), ਲੰਕਾ ਦਹਿਨ (1917), ਸ੍ਰੀ ਕ੍ਰਿਸ਼ਨ ਜਨਮ (1918) ਅਤੇ 'ਕਾਲੀਆ ਮਰਦਨ' ਸਮੇਤ ਕੁੱਲ ਸੌ ਤੋਂ ਵੱਧ ਫਿਲਮਾਂ ਬਣਾਈਆਂ ਸਨ ਅਤੇ ਫਿਲਮ 'ਗੰਗਾ ਅਵਤਰਣ' (1937) ਬਣਾਉਣ ਤੋਂ ਬਾਅਦ ਉਸ ਨੇ ਫਿਲਮ ਜਗਤ ਤੋਂ ਸੰਨਿਆਸ ਲੈ ਲਿਆ ਸੀ।


-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ।

ਕਰਨ ਜੌਹਰ ਬਣਾ ਰਹੇ ਹਨ 'ਕਲੰਕ'

ਬਤੌਰ ਨਿਰਮਾਤਾ ਹੁਣ ਕਰਨ ਜੌਹਰ ਨੇ 'ਕਲੰਕ' ਬਣਾਉਣ ਦਾ ਐਲਾਨ ਕੀਤਾ ਹੈ ਅਤੇ ਇਸ ਵਿਚ ਕਈ ਵੱਡੇ ਸਿਤਾਰਿਆਂ ਨੂੰ ਚਮਕਾਇਆ ਜਾ ਰਿਹਾ ਹੈ। ਅਭਿਸ਼ੇਕ ਵਰਮਨ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਲਈ ਮਾਧੁਰੀ ਦੀਕਿਸ਼ਤ, ਸੋਨਾਕਸ਼ੀ ਸਿਨਹਾ, ਆਲੀਆ ਭੱਟ, ਸੰਜੇ ਦੱਤ, ਵਰੁਣ ਧਵਨ ਤੇ ਆਦਿਤਿਆ ਰਾਏ ਕਪੂਰ ਨੂੰ ਲਿਆ ਗਿਆ ਹੈ।
1940 ਦੇ ਜ਼ਮਾਨੇ ਦੀ ਪਿੱਠਭੂਮੀ 'ਤੇ ਆਧਾਰਿਤ ਇਸ ਫ਼ਿਲਮ ਦਾ ਨਿਰਮਾਣ ਕਰਨ ਵਲੋਂ 'ਕਲ੍ਹ ਹੋ ਨਾ ਹੋ' ਤੋਂ ਬਾਅਦ ਕੀਤਾ ਜਾਣਾ ਸੀ। ਬਟਵਾਰੇ ਤੋਂ ਪਹਿਲਾਂ ਦੇ ਸਮੇਂ ਦੀ ਇਸ ਕਹਾਣੀ 'ਤੇ ਫ਼ਿਲਮ ਬਣਾਉਣ ਦਾ ਸੁਪਨਾ ਉਨ੍ਹਾਂ ਦੇ ਪਿਤਾ ਯਸ਼ ਜੌਹਰ ਦਾ ਸੀ ਪਰ ਅਫ਼ਸੋਸ ਕਿ ਉਹ ਆਪਣੇ ਸੁਪਨੇ ਨੂੰ ਸੱਚ ਹੁੰਦਾ ਨਾ ਦੇਖ ਸਕੇ ਅਤੇ ਦੁਨੀਆ ਨੂੰ ਅਲਵਿਦਾ ਕਹਿ ਗਏ। ਬਾਅਦ ਵਿਚ ਕਰਨ ਵੀ ਆਪਣੀਆਂ ਹੋਰ ਫ਼ਿਲਮਾਂ ਤੇ ਟੀ.ਵੀ. ਵਿਚ ਰੁੱਝ ਗਿਆ ਅਤੇ ਹੁਣ ਜਾ ਕੇ ਇਸ ਫ਼ਿਲਮ ਦੇ ਨਿਰਮਾਣ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਫ਼ਿਲਮ ਦਾ ਬਜਟ ਕਾਫ਼ੀ ਹੈ, ਇਸ ਲਈ ਇਸ ਦੇ ਨਿਰਮਾਣ ਵਿਚ ਸਾਜਿਦ ਨਡਿਆਡਵਾਲਾ ਤੇ ਫੌਕਸ ਸਟਾਰ ਸਟੂਡੀਓ ਵੀ ਹੱਥ ਵਟਾ ਰਹੇ ਹਨ। ਸ਼ਿਬਾਨੀ ਭਤੀਜਾ ਵਲੋਂ ਲਿਖੀ ਕਹਾਣੀ 'ਤੇ ਬਣ ਰਹੀ ਇਸ ਫ਼ਿਲਮ ਨੂੰ 19 ਅਪ੍ਰੈਲ, 2019 ਨੂੰ ਪ੍ਰਦਰਸ਼ਿਤ ਕਰਨ ਦੀ ਯੋਜਨਾ ਹੈ।


-ਮੁੰਬਈ ਪ੍ਰਤੀਨਿਧ

ਪੰਜਾਬੀ ਸੰਗੀਤ ਦੇ ਸਰਤਾਜ ਸਨ ਸੰਗੀਤਕਾਰ ਐਚ. ਐਮ. ਸਿੰਘ

ਦਰਮਿਆਨਾ ਕੱਦ, ਗੁੰਦਵਾਂ ਸਰੀਰ, ਸ਼ਾਂਤ ਸੁਭਾਅ, ਅੱਖਾਂ ਵਿਚ ਦ੍ਰਿੜ੍ਹ ਸੰਕਲਪ ਦੀ ਝਲਕ, ਚਿਹਰੇ 'ਤੇ ਮੁਸਕਾਨ ਅਤੇ ਸਿਰ 'ਤੇ ਸਜੀ ਸਫ਼ੇਦ ਦਸਤਾਰ! ਅਜਿਹੀ ਹੀ ਅਜ਼ੀਮ ਸ਼ਖ਼ਸੀਅਤ ਦੇ ਮਾਲਕ ਸਨ ਪੰਜਾਬ ਦੇ ਉੱਘੇ ਸੰਗੀਤਕਾਰ ਐਚ. ਐਮ. ਸਿੰਘ। ਉਨ੍ਹਾਂ ਦਾ ਪੂਰਾ ਨਾਂਅ ਮਹੇਸ਼ ਇੰਦਰ ਸਿੰਘ ਸੀ ਅਤੇ ਉਨ੍ਹਾਂ ਦੇ ਦੋਸਤ ਅਤੇ ਪ੍ਰੇਮੀ ਉਨ੍ਹਾਂ ਨੂੰ ਪਿਆਰ ਨਾਲ 'ਕੁੱਕੀ ਭਾਅ ਜੀ' ਕਹਿ ਕੇ ਬੁਲਾਉਂਦੇ ਸਨ। ਬੀਤੇ ਵਰ੍ਹੇ ਇਸ ਮਹਾਨ ਸੰਗੀਤਕਾਰ ਦੀ ਅਚਾਨਕ ਹੋਈ ਮੌਤ ਨੇ ਪੰਜਾਬੀ ਜਗਤ ਨੂੰ ਹਲੂਣ ਕੇ ਰੱਖ ਦਿੱਤਾ। ਸੰਗੀਤਕਾਰ ਐਚ. ਐਮ. ਸਿੰਘ ਪੰਜਾਬ ਦੇ ਪਟਿਆਲਾ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਆਪਣੀ ਪੜ੍ਹਾਈ ਵੀ ਉਥੋਂ ਹੀ ਪੂਰੀ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ ਉਹ ਪਰਿਵਾਰ ਨਾਲ ਚੰਡੀਗੜ੍ਹ ਆ ਗਏ ਅਤੇ ਇਥੋਂ ਦੀਆਂ ਕੁਝ ਸੱਭਿਆਚਾਰਕ ਸੰਸਥਾਵਾਂ ਨਾਲ ਜੁੜ ਗਏ। ਇਸੇ ਦੌਰਾਨ ਥੀਏਟਰ ਨਾਲ ਜੁੜੇ ਹਰਬਖ਼ਸ਼ ਲਾਟਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਨ੍ਹਾਂ ਦਾ ਸੰਗੀਤ ਪ੍ਰਤੀ ਪ੍ਰੇਮ, ਨਿਸ਼ਠਾ ਅਤੇ ਕਾਬਲੀਅਤ ਨੂੰ ਦੇਖਦਿਆਂ ਹਰਬਖ਼ਸ਼ ਲਾਟਾ ਨੇ ਉਨ੍ਹਾਂ ਨੂੰ ਆਪਣੀ ਪੰਜਾਬੀ ਫ਼ਿਲਮ 'ਸਰਦਾਰਾ-ਕਰਤਾਰਾ' ਦੇ ਸੰਗੀਤ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਜੋ ਉਨ੍ਹਾਂ ਨੇ ਬਾਖੂੁਬੀ ਨਿਭਾਈ। ਸੰਗੀਤਕਾਰ ਐਚ. ਐਮ. ਸਿੰਘ ਨੇ ਪਹਿਲਾ ਪੰਜਾਬੀ ਗੀਤ 'ਤੇਰਾ ਹੁਸਨ ਸ਼ਰਾਬੀ' ਸਾਲ 1982 ਵਿਚ ਬਾਲੀਵੁੱਡ ਦੇ ਉੱਘੇ ਗਾਇਕ ਮਹਿੰਦਰ ਕਪੂਰ ਦੀ ਆਵਾਜ਼ ਵਿਚ ਰਿਕਾਰਡ ਕੀਤਾ ਸੀ ਜੋ ਬਹੁਤ ਮਕਬੂਲ ਹੋਇਆ। ਸ਼ਾਂਤ ਸੁਭਾਅ ਦੇ ਮਾਲਕ ਇਸ ਪ੍ਰਤਿਭਾਸ਼ਾਲੀ ਸੰਗੀਤਕਾਰ ਨੇ ਤਿੰਨ ਦਹਾਕਿਆਂ ਤੋਂ ਵੀ ਵਧ ਸਮਾਂ ਆਪਣੇ ਸੰਗੀਤ ਕਰੀਅਰ ਵਿਚ ਹਿੰਦੀ ਅਤੇ ਪੰਜਾਬੀ ਦੇ ਕਈ ਉੱਘੇ ਕਲਾਕਾਰਾਂ ਮਲਕੀਤ ਸਿੰਘ, ਸੁਰਿੰਦਰ ਛਿੰਦਾ, ਹੰਸ ਰਾਜ ਹੰਸ, ਕੁਲਦੀਪ ਮਾਣਕ, ਮੁਹੰਮਦ ਸਦੀਕ, ਜਗਤਾਰ ਜੱਗਾ, ਗੁਰਤੇਜ ਤੇਜ, ਪ੍ਰੀਤੀ ਉੱਤਮ, ਕੁਮਾਰ ਸ਼ਾਨੂ, ਬਾਲੀ ਬ੍ਰਹਮਭੱਟ, ਅਰਵਿੰਦਰ ਸਿੰਘ, ਦਿਲਰਾਜ ਕੌਰ, ਜਸਵਿੰਦਰ ਨਰੂਲਾ, ਟੀਨਾ ਘਈ, ਸੁਰੇਸ਼ ਵਾਡੇਕਰ ਅਤੇ ਵਿਨੋਦ ਸਹਿਗਲ ਆਦਿ ਨੂੰ ਆਪਣੇ ਸੰਗੀਤ ਨਿਰਦੇਸ਼ਨ ਵਿਚ ਰਿਕਾਰਡ ਕੀਤਾ ਸੀ। ਹਿੰਦੀ ਫ਼ਿਲਮ ਜਗਤ ਦੇ ਪ੍ਰਸਿੱਧ ਸੰਗੀਤਕਾਰ ਉੱਤਮ ਸਿੰਘ ਦੇ ਨਾਲ ਵੀ ਉਨ੍ਹਾਂ ਨੇ ਕਈ ਵਰ੍ਹਿਆਂ ਤੱਕ ਕੰਮ ਕੀਤਾ। ਉਨ੍ਹਾਂ ਦੇ ਹਾਸਰਸ ਟੀ.ਵੀ. ਲੜੀਵਾਰ 'ਉਲਟਾ ਪੁਲਟਾ', 'ਫਲਾਪ ਸ਼ੋਅ', 'ਫੁੱਲ ਟੈਨਸ਼ਨ' ਤੋਂ ਇਲਾਵਾ ਜਸਪਾਲ ਭੱਟੀ ਦੀ ਫੀਚਰ ਫ਼ਿਲਮ 'ਮਾਹੌਲ ਠੀਕ ਹੈ' ਦਾ ਸੰਗੀਤ ਨਿਰਦੇਸ਼ਨ ਵੀ ਐਚ. ਐਮ. ਸਿੰਘ ਨੇ ਕੀਤਾ ਸੀ। ਹਰਬਖ਼ਸ਼ ਲਾਟਾ ਦੀ ਫ਼ਿਲਮ 'ਸਰਦਾਰਾ-ਕਰਤਾਰਾ' ਅਤੇ 'ਬਾਬਲ ਦਾ ਵਿਹੜਾ' ਦੇ ਸੰਗੀਤ ਨਿਰਦੇਸ਼ਨ ਦੀ ਕਮਾਨ ਵੀ ਉਨ੍ਹਾਂ ਨੇ ਹੀ ਸੰਭਾਲੀ ਸੀ।


-ਅਮਰਪਾਲ ਨੂਰਪੁਰੀ
Aps.noorpuri@gmail.com

ਗਾਇਕ ਫੁਲਵਾੜੀ ਦਾ ਟਹਿਕਦਾ ਫੁੱਲ : ਮੀਤ ਇੰਦਰ

ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਹੀ ਮਹਿਕ ਵੰਡਦੇ ਫੁੱਲ ਗਾਇਕ ਫੁਲਵਾੜੀ ਵਿਚ ਉਪਜੇ ਹਨ, ਇਸੇ ਹੀ ਫੁਲਵਾੜੀ 'ਚ ਟਹਿਕਦਾ ਫੁੱਲ ਹੈ ਮੀਤ ਇੰਦਰ ਜੋ ਟੀ.ਵੀ. 'ਤੇ ਚੱਲੇ ਗੀਤ 'ਪਿਆਰ ਸੋਹਣਿਆ' ਨਾਲ ਪ੍ਰਸਿੱਧ ਹੋਇਆ। ਭਾਵੇਂ ਇਸ ਗਾਇਕ ਨੇ ਪਹਿਲਾਂ ਵੀ ਯੂ-ਟਿਊਬ 'ਤੇ ਗੀਤ 'ਸਾਰੀ ਸਾਰੀ ਰਾਤ', ਇਕ ਉਦਾਸ ਗੀਤ, 'ਦੀ ਲੌਸਟ ਲਵ' ਆਦਿ ਕਈ ਗੀਤ ਗਾਏ ਜੋ ਸਰੋਤਿਆਂ ਨੇ ਕਾਫ਼ੀ ਪਸੰਦ ਕੀਤੇ ਪ੍ਰੰਤੂ 'ਪਿਆਰ ਸੋਹਣਿਆ' ਗੀਤ ਨੂੰ ਵਾਈਟ ਹਿਲ ਮਿਊਜ਼ਿਕ ਕੰਪਨੀ ਵਲੋਂ ਪੇਸ਼ ਕੀਤਾ ਗਿਆ ਹੈ ਤੇ ਸੰਗੀਤਕ ਧੁਨਾਂ ਗੁਪਜ਼ ਸੇਹਰਾ ਵਲੋਂ ਤਿਆਰ ਕੀਤੀਆਂ ਗਈਆਂ ਹਨ। ਇਸ ਗੀਤ ਵਿਚੋਂ ਪੰਜਾਬ ਦੇ ਸੱਭਿਆਚਾਰ ਦੀ ਝਲਕ ਮਹਿਸੂਸ ਹੁੰਦੀ ਹੈ। ਸਰੋਤਿਆਂ ਵਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਨੌਜਵਾਨ ਗਾਇਕ ਦਾ ਕਹਿਣਾ ਹੈ ਕਿ ਸੰਘਰਸ਼ ਜ਼ਿੰਦਗੀ ਦਾ ਦੂਸਰਾ ਨਾਂਅ ਹੈ, ਕਿਸੇ ਵੀ ਖੇਤਰ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਸੰਘਰਸ਼ ਜ਼ਰੂਰੀ ਹੈ। ਚੰਨ ਜਿਹਾ ਉੱਜਲ ਚਿਹਰਾ, ਮਿੱਠੀ ਮੁਸਕਾਨ, ਸ਼ਾਂਤ ਸੁਭਾਅ ਮਿਲਣਸਾਰ ਤਾਸੀਰ ਵਾਲੇ ਨੌਜਵਾਨ ਮੀਤ ਇੰਦਰ ਦਾ ਇਸਤਕਬਾਲ ਅੰਦਾਜ਼ ਬਦੋਬਦੀ ਦਿਲ ਨੂੰ ਟੁੰਬਦਾ ਹੈ।
ਕਿੱਤੇ ਵਜੋਂ ਇਹ ਨੌਜਵਾਨ ਫਿਜ਼ੀਓਥਰੈਪਿਸਟ ਡਾਕਟਰ ਹੈ ਪਰ ਗਾਇਕੀ ਦਾ ਸ਼ੌਕ ਬਚਪਨ ਤੋਂ ਹੈ। ਉਸ ਦੀ ਗਾਇਕੀ ਨੂੰ ਪ੍ਰਸਿਧ ਸੰਗੀਤਕਾਰ ਗੁਪਜ਼ ਸੇਹਰਾ ਨੇ ਸ਼ਿੰਗਾਰਿਆ, ਜਿਸ ਦੀ ਮਿਹਨਤ ਸਦਕਾ 'ਪਿਆਰ ਸੋਹਣਿਆਂ' ਗੀਤ ਮਕਬੂਲ ਹੋਇਆ।
30 ਦਸੰਬਰ, 1989 ਨੂੰ ਫਿਰੋਜ਼ਪੁਰ ਵਿਚ ਜਨਮਿਆ, ਪਿਤਾ ਸ: ਸਵਰਨ ਸਿੰਘ ਸੁਹਾਨਾ, ਮਾਤਾ ਨਵਰੂਪ ਕੌਰ ਦਾ ਹੋਣਹਾਰ ਲਾਡਲਾ ਗਾਇਕੀ ਦੇ ਖੇਤਰ ਵਿਚ ਨਾਮਣਾ ਜ਼ਰੂਰ ਖੱਟੇਗਾ, ਇਹ ਮੇਰਾ ਮੰਨਣਾ ਹੈ। ਮਾਂ ਨਵਰੂਪ ਕੌਰ ਦੀ ਮਮਤਾ ਦਾ ਸਾਇਆ ਬਚਪਨ ਵਿਚ ਉੱਠ ਗਿਆ ਪਰ ਮਾਤਾ ਨੀਲਮ ਕੌਰ ਦੀ ਪਰਵਰਿਸ਼ ਅਤੇ ਪਿਆਰ ਨੇ ਮਾਂ ਦਾ ਹਰ ਫਰਜ਼ ਅਦਾ ਕਰ ਕੇ ਗਾਇਕੀ 'ਚ ਹੌਸਲਾ ਬੁਲੰਦ ਕਰ ਕੇ ਇਸ ਨੌਜਵਾਨ ਨੂੰ ਅਗਾਂਹਵਧੂ ਸੋਚ ਦੇ ਕੇ ਜਿਸ ਬੁਲੰਦੀ 'ਤੇ ਪਹੁੰਚਾਇਆ, ਮੀਤ ਇੰਦਰ ਇਸ ਮਾਂ ਦੇ ਖ਼ੂਨ ਦਾ ਕਰਜ਼ਦਾਰ ਰਹੇਗਾ।


-ਹਰਪਾਲ ਸਿੰਘ ਭੁੱਲਰ

ਲੰਮੇ ਸੰਘਰਸ਼ ਦਾ ਨਾਂਅ ਹੈ

ਵਨੀਤ ਅਟਵਾਲ

'ਜ਼ਖ਼ਮੀ', 'ਲੰਬੜਦਾਰ' ਆਪਣੇ ਸਮੇਂ ਦੀਆਂ ਕਾਮਯਾਬ ਫ਼ਿਲਮਾਂ ਸਨ ਤੇ ਇਨ੍ਹਾਂ ਫ਼ਿਲਮਾਂ ਨੇ ਆਦਮਪੁਰ ਦੇ ਵਨੀਤ ਅਟਵਾਲ ਨੂੰ ਤਦ ਪੰਜਾਬੀ ਫ਼ਿਲਮਾਂ ਦਾ ਲੋਕਪ੍ਰਿਯ ਕਲਾਕਾਰ ਬਣਾਇਆ ਸੀ ਤੇ ਫਿਰ ਦੂਰਦਰਸ਼ਨ ਦੇ ਸੀਰੀਅਲ 'ਯੁੱਗ' ਤੋਂ ਬਾਅਦ ਵਨੀਤ ਅਟਵਾਲ ਨੇ ਮਜਬੂਰੀਆਂ ਤਹਿਤ ਫ਼ਿਲਮਾਂ ਤੋਂ ਅਲਵਿਦਾ ਲਈ। ਪਰ ਸ਼ੌਕ ਦਿਲ 'ਚ ਵਲਵਲੇ ਲੈਂਦੇ ਰਹੇ ਤੇ ਆਖਰ ਤੀਹ ਸਾਲ ਦੇ ਫ਼ਿਲਮੀ ਸੰਘਰਸ਼ ਦੀ ਤਪੱਸਿਆ ਦਾ ਫਲ ਵਨੀਤ ਨੂੰ ਅਜਿਹਾ ਮਿਲਿਆ ਕਿ ਉਹ ਟਾਟਲਾ ਆਰਟ ਐਂਡ ਇਟਰਟੇਨਮੈਂਟ ਦੀ ਫ਼ਿਲਮ 'ਚੰਨ ਤਾਰਾ' ਨਾਲ ਡਾਇਰੈਕਟਰ ਬਣ ਕੇ ਪਾਲੀਵੁੱਡ 'ਚ ਫਿਰ ਦੂਸਰੀ ਫ਼ਿਲਮੀ ਪਾਰੀ ਖੇਡਣ ਆਇਆ ਹੈ। ਅਸਲ ਵਿਚ ਮੁੰਬਈ ਵਿਖੇ 'ਕੈਂਪਸ ਦਾ ਚੈਲਿੰਜ' ਫ਼ਿਲਮ ਦੇ ਸਿਲਸਿਲੇ 'ਚ ਨਿਰਮਾਤਾ ਸਤਨਾਮ ਟਾਟਲਾ ਨਾਲ ਸੀ ਤੇ ਉਥੇ ਜਦ 'ਚੰਨ ਤਾਰਾ' ਦੀ ਸਕ੍ਰਿਪਟ ਉਸ ਨੇ ਰਾਤ ਨੂੰ ਸੁਣਾਈ ਤਾਂ ਇਸ ਤੋਂ ਪ੍ਰਭਾਵਿਤ ਹੋ ਕੇ ਸਤਨਾਮ ਟਾਟਲਾ ਨੇ ਤੁਰੰਤ ਅਗਲੇ ਦਿਨ ਤਮਾਮ ਫ਼ਿਲਮੀ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਕੇ ਵਨੀਤ ਅਟਵਾਲ ਨੂੰ 'ਚੰਨ ਤਾਰਾ' ਫ਼ਿਲਮ ਦੀ ਡਾਇਰੈਕਸ਼ਨ ਸੌਂਪ ਦਿੱਤੀ। ਕਿਉਂਕਿ ਵਨੀਤ ਅਟਵਾਲ ਨੇ ਪਹਿਲਾਂ ਹੀ ਕਈ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਸੀ ਪਰ ਇਥੇ 'ਕੰਮ ਕੋਈ ਕਰੇ' 'ਨਾਂਅ ਕਿਸੇ ਦਾ' ਪਰ ਹੁਣ 'ਚੰਨ ਤਾਰਾ' ਇਹ ਉਲਾਂਭਾ ਲਾਹੁਣ ਜਾ ਰਹੀ ਹੈ। ਵਨੀਤ ਅਟਵਾਲ ਦੀ ਡਾਇਰੈਕਸ਼ਨ, ਦਿਨ ਰਾਤ ਕੰਮ ਕਰਨ ਦੀ ਵਿਧੀ ਤੇਜ਼ ਤਰਾਰੀ ਦਾ ਸਿੱਟਾ ਕਿ 40 ਦਿਨਾਂ ਦੀ ਸ਼ੂਟਿੰਗ ਸਿਰਫ 20 ਦਿਨਾਂ 'ਚ ਮੁਕੰਮਲ ਹੋਈ ਹੈ। 'ਚੰਨ ਤਾਰਾ' 'ਚ 'ਇੰਦੂ ਸਰਕਾਰ' ਫ਼ਿਲਮ ਵਾਲੀ ਜਸ਼ਨ ਅਗਨੀਹੋਤਰੀ ਦਾ ਡਬਲ ਰੋਲ ਹੈ। 'ਰੇਡੂਆ' ਵਾਲਾ ਨਵ ਬਾਜਵਾ ਤੇ ਟੀ.ਵੀ. ਸਟਾਰ ਵਨੀਤਾ ਭਾਰਦਵਾਜ ਦੇ ਨਾਲ ਅਰੁਣ ਬਖਸ਼ੀ, ਲਖਬੀਰ ਲਹਿਰੀ, ਅਮਰੀਕ ਰੰਧਾਵਾ, ਵਿਕਰਮ ਅਟਵਾਲ, ਤਜਿੰਦਰ ਹੀਰ ਤੇ ਅਰਵਿੰਦਰ ਸਿੰਘ ਭੱਟੀ ਜਿਹੇ ਲੋਕਪ੍ਰਿਯ ਚਿਹਰੇ ਹਨ। ਯਾਦ ਰਹੇ ਤਾਪਸੀ ਪੰਨੂ, ਦਿਲਜੀਤ ਨਾਲ ਸ਼ਾਦ ਅਲੀ ਦੀ ਫ਼ਿਲਮ 'ਸੂਰਮਾ' 'ਚ ਵੀ ਉਹ ਹੈ।


-ਅੰਮ੍ਰਿਤ ਪਵਾਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX