ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਲੋਕ ਮੰਚ

ਅੱਗ 'ਚ ਸੜਦੇ ਸੁਪਨੇ

ਪੰਜਾਬ ਵਿਚ ਤਕਰੀਬਨ ਅਪ੍ਰੈਲ ਮਹੀਨੇ ਦੇ ਪਹਿਲੇ-ਦੂਜੇ ਹਫ਼ਤੇ ਤੱਕ ਕਿਸਾਨਾਂ ਦੁਆਰਾ ਬੀਜੀ ਕਣਕ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਖੇਤਾਂ ਵਿਚ ਹੁਲਾਰੇ ਖਾਂਦੀ ਸੋਨੇ ਰੰਗੀ ਕਣਕ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ ਖਿੜ ਜਾਂਦੇ ਹਨ, ਕਿਉਂਕਿ ਉਨ੍ਹਾਂ ਦੇ ਸਜਾਏ ਹਰ ਛੋਟੇ-ਵੱਡੇ ਸੁਪਨੇ ਇਸ ਫਸਲ ਦੇ ਨਾਲ ਹੀ ਜੁੜੇ ਹੁੰਦੇ ਹਨ। ਹੁਣ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਨ੍ਹਾਂ ਦਿਨਾਂ ਵਿਚ ਪੱਕੀ ਹੋਈ ਕਣਕ ਦੀ ਫਸਲ ਨੂੰ ਅੱਗ ਲੱਗਣ ਦੇ ਖਤਰੇ ਵੀ ਬਹੁਤ ਵਧ ਜਾਂਦੇ ਹਨ। ਅਸੀਂ ਦੇਖ ਹੀ ਰਹੇ ਹਾਂ ਕਿ ਹਰ ਸਾਲ ਇਨ੍ਹਾਂ ਦਿਨਾਂ ਵਿਚ ਅੱਗ ਲੱਗਣ ਨਾਲ ਅਨੇਕਾਂ ਅਭਾਗੇ ਕਿਸਾਨਾਂ ਦੇ ਸੁਪਨੇ ਅੱਗ ਦੀਆਂ ਲਪਟਾਂ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ। ਹੁਣ ਜੇਕਰ ਅੱਗ ਲੱਗਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਮੁੱਖ ਕਾਰਨ ਕਿਸਾਨਾਂ ਦੇ ਖੇਤਾਂ ਉੱਪਰੋਂ ਲੰਘਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੀ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੋਟਰਾਂ ਉੱਤੇ ਲੱਗੇ ਟਰਾਂਸਫਾਰਮਰਾਂ ਦੀਆਂ ਪੱਤੀਆਂ ਢਿੱਲੀਆਂ ਹੋ ਜਾਣ ਕਾਰਨ ਵੀ ਕਈ ਵਾਰ ਅੱਗ ਦੀਆਂ ਚੰਗਿਆੜੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੇਤਾਂ ਵਿਚ ਚਲਦੀਆਂ ਮੋਟਰਾਂ ਜੋ ਕਿਸੇ ਵੇਲੇ 5 ਜਾਂ 7.5 ਹਾਰਸ ਪਾਵਰ ਦੀਆਂ ਹੁੰਦੀਆਂ ਹਨ, ਅੱਜ ਮਹਿਕਮੇ ਵਲੋਂ ਉਨ੍ਹਾਂ ਦੇ ਲੋਡ ਵਧਾ ਕੇ ਭਾਵੇਂ 20-20 ਹਾਰਸ ਪਾਵਰ ਤੱਕ ਦੀਆਂ ਮੋਟਰਾਂ ਤਾਂ ਪਵਾ ਦਿੱਤੀਆਂ ਹਨ ਪਰ ਉਨ੍ਹਾਂ ਮੋਟਰਾਂ ਨੂੰ ਚਲਾਉਣ ਲਈ ਉਹੀ ਪੁਰਾਣੀਆਂ, ਪਤਲੀਆਂ, ਕਮਜ਼ੋਰ ਤਾਰਾਂ ਤੋਂ ਕੰਮ ਲਿਆ ਜਾ ਰਿਹਾ ਹੈ।
ਕਈ ਵਾਰ ਇਨ੍ਹਾਂ ਦਿਨਾਂ ਵਿਚ ਖੇਤਾਂ ਵਿਚ ਕਣਕ ਦੀ ਕਟਾਈ ਕਰਨ ਵਾਲੀਆਂ ਜਾਂ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਦੇ ਬੈਰਿੰਗ ਜਾਂ ਬਿਲਟ ਗਰਮ ਹੋ ਕੇ ਵੀ ਅੱਗ ਲੱਗਣ ਦਾ ਕਾਰਨ ਬਣ ਜਾਂਦੇ ਹਨ, ਜਿਨ੍ਹਾਂ ਪ੍ਰਤੀ ਮਸ਼ੀਨ ਮਾਲਕਾਂ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣਾ ਚਾਹੀਦਾ ਹੈ। ਚੰਗਾ ਹੋਵੇ ਜੇਕਰ ਕਿਸਾਨਾਂ ਵਲੋਂ ਆਪਣੇ ਖੇਤਾਂ ਉੱਪਰੋਂ ਲੰਘਦੀਆਂ ਤਾਰਾਂ ਦੇ ਵਿਚਕਾਰ ਆਪਣੇ ਪੱਧਰ 'ਤੇ ਡੰਡੇ ਆਦਿ ਬੰਨ੍ਹ ਕੇ ਨਿਸਚਿਤ ਦੂਰੀ ਬਣਾਉਣ ਦੇ ਨਾਲ-ਨਾਲ ਟਰਾਂਸਫਾਰਮਰਾਂ ਦੇ ਆਲੇ-ਦੁਆਲੇ ਇਕ ਜਾਂ ਦੋ ਮਰਲੇ ਕਣਕ ਵੱਢ ਲਈ ਜਾਵੇ ਤਾਂ ਇਸ ਨਾਲ ਵੀ ਅੱਗ ਲੱਗਣ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਅਸੀਂ ਆਮ ਹੀ ਦੇਖਦੇ ਹਾਂ ਕਿ ਜਦੋਂ ਕਿਸੇ ਪਿੰਡ ਵਿਚ ਕਿਧਰੇ ਕਣਕ ਨੂੰ ਅੱਗ ਲੱਗ ਜਾਂਦੀ ਹੈ ਤਾਂ ਲੋਕਾਂ ਵਲੋਂ ਜਿਥੇ ਅੱਗ ਬੁਝਾਉਣ ਲਈ ਖੁਦ ਯਤਨ ਕੀਤੇ ਜਾਂਦੇ ਹਨ, ਉਥੇ ਤੁਰੰਤ ਅੱਗ ਬੁਝਾਊ ਅਮਲੇ ਨੂੰ ਫੋਨ ਕਰਕੇ ਸੂਚਿਤ ਵੀ ਕੀਤਾ ਜਾਂਦਾ ਹੈ।
ਮਹਿਕਮੇ ਦੀਆਂ ਇਹ ਅੱਗ-ਬੁਝਾਊ ਗੱਡੀਆਂ ਜ਼ਿਆਦਾਤਰ ਸ਼ਹਿਰਾਂ ਦੇ ਅੰਦਰ ਖੜ੍ਹੀਆਂ ਹੋਣ ਕਾਰਨ ਅਕਸਰ ਹੀ ਘਟਨਾ ਵਾਲੀ ਜਗ੍ਹਾ 'ਤੇ ਪਹੁੰਚਣ ਵਿਚ ਦੇਰੀ ਕਰ ਦਿੰਦੀਆਂ ਹਨ। ਸੋ, ਸਰਕਾਰ ਨੂੰ ਜਿਥੇ ਹਰ ਸ਼ਹਿਰ ਅੰਦਰ ਅੱਗ-ਬੁਝਾਊ ਗੱਡੀਆਂ ਦੀ ਗਿਣਤੀ ਵਿਚ ਵਾਧਾ ਕਰਨਾ ਚਾਹੀਦਾ ਹੈ, ਉਥੇ ਇਨ੍ਹਾਂ ਗੱਡੀਆਂ ਦੀ ਖੜ੍ਹਨ ਦੀ ਵਿਵਸਥਾ ਵੀ ਸ਼ਹਿਰੋਂ ਬਾਹਰ ਕਰਨੀ ਚਾਹੀਦੀ ਹੈ, ਤਾਂ ਜੋ ਇਹ ਘਟਨਾ ਸਥਾਨ 'ਤੇ ਘੱਟ ਤੋਂ ਘੱਟ ਸਮੇਂ ਵਿਚ ਪਹੁੰਚ ਸਕਣ। ਕਿਸਾਨ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਦਿਨਾਂ ਵਿਚ ਆਪਣੇ ਖੇਤਾਂ ਵਿਚ ਬਣੀਆਂ ਪਾਣੀ ਵਾਲੀਆਂ ਡਿੱਗੀਆਂ, ਖਾਲੇ ਜਾਂ ਸਪਰੇਅ ਪੰਪਾਂ ਦੇ ਡਰੱਮਾਂ ਆਦਿ ਨੂੰ ਵੀ ਪਾਣੀ ਨਾਲ ਭਰ ਕੇ ਰੱਖਣ, ਤਾਂ ਜੋ ਅੱਗ ਲੱਗਣ ਦੀ ਸੂਰਤ ਵਿਚ ਤੁਰੰਤ ਅੱਗ 'ਤੇ ਕਾਬੂ ਪਾਇਆ ਜਾ ਸਕੇ। ਇਸ ਤਰ੍ਹਾਂ ਸਮੇਂ ਸਿਰ ਕੀਤੇ ਇਨ੍ਹਾਂ ਛੋਟੇ-ਛੋਟੇ ਉਪਰਾਲਿਆਂ ਨਾਲ ਹਰ ਸਾਲ ਵਾਪਰਦੀਆਂ ਇਨ੍ਹਾਂ ਅਣਸੁਖਾਵੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

-ਪਿੰਡ ਤੇ ਡਾਕ: ਚੜਿੱਕ (ਮੋਗਾ)।
ਮੋਬਾ: 94654-11585


ਖ਼ਬਰ ਸ਼ੇਅਰ ਕਰੋ

ਦਿਨੋਂ-ਦਿਨ ਬਦਲਦਾ ਜਾ ਰਿਹਾ ਪੰਜਾਬੀ ਸੱਭਿਆਚਾਰ

ਸਾਡਾ ਦੇਸ਼ ਹਰ ਪਾਸੇ ਤੋਂ ਤਰੱਕੀ ਕਰ ਰਿਹਾ ਹੈ। ਸਾਡਾ ਦੇਸ਼ ਬਹੁਤ ਸਾਰੀਆਂ ਵਿਗਿਆਨਕ ਖੋਜਾਂ ਕਰ ਰਿਹਾ ਹੈ। ਇਸ ਨਾਲ ਸਾਡੇ ਦੇਸ਼ ਵਿਚ ਹਰ ਇਕ ਪਾਸੇ ਤੋਂ ਬਦਲਾਅ ਆ ਰਹੇ ਹਨ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਅੱਜ ਸਾਡੇ ਦੇਸ਼ ਦੀ ਵਧਦੀ ਤਰੱਕੀ ਕਾਰਨ ਸਾਡੇ ਦੇਸ਼ ਦਾ ਪੰਜਾਬੀ ਸੱਭਿਆਚਾਰ ਕਿਤੇ ਅਲੋਪ ਹੋ ਗਿਆ ਹੈ। ਅੱਜ ਅਸੀਂ ਪਹਿਲਾਂ ਵਾਲੇ ਸਮੇਂ 'ਚ ਧਿਆਨ ਮਾਰੀਏ ਤਾਂ ਪਹਿਲਾਂ ਨਾਲੋਂ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਪਿੱਛੇ ਰਹਿ ਗਿਆ ਹੈ। ਇਸ ਬਦਲਦੇ ਸਮੇਂ ਦੀ ਦੌੜ ਨੇ ਸਾਡੇ ਕੋਲੋਂ ਸਾਡੀ ਅਸਲੀ ਪਹਿਚਾਣ ਖੋਹ ਲਈ ਹੈ। ਸਾਡਾ ਪਹਿਰਾਵਾ, ਰਹਿਣ-ਸਹਿਣ ਅਤੇ ਬੋਲਣ ਦਾ ਤੌਰ-ਤਰੀਕਾ ਬਦਲ ਗਿਆ ਹੈ। ਅੱਜ ਕਿੱਥੇ ਗਏ ਉਹ ਗਹਿਣੇ ਜਾਂ ਕਿੱਥੇ ਗਈਆਂ ਉਹ ਫੁਲਕਾਰੀਆਂ, ਜੋ ਸਾਡੇ ਪੰਜਾਬੀ ਸੱਭਿਆਚਾਰ ਦੀ ਜਾਨ ਹੁੰਦੀਆਂ ਸਨ। ਪਰ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਿਨੋ-ਦਿਨ ਪੱਛਮੀ ਪਹਿਰਾਵਾ ਮਾਰ ਰਿਹਾ ਹੈ। ਮੈਂ ਇੱਥੇ ਪੰਜਾਬੀ ਸੱਭਿਆਚਾਰ ਦਾ ਗਹਿਣਾ ਸੱਗੀ ਫੁੱਲ ਤੇ ਫੁਲਕਾਰੀ ਬਾਰੇ ਦੱਸਦਾ ਹਾਂ, ਜੋ ਸਾਡੇ ਪੰਜਾਬੀ ਸੱਭਿਆਚਾਰ ਦੀ ਅਸਲ ਪਹਿਚਾਣ ਸੀ।
ਸੱਗੀ ਫੁੱਲ ਔਰਤ ਦਾ ਗਹਿਣਾ ਹੈ। ਔਰਤਾਂ ਆਪਣੀ ਦਿੱਖ ਨੂੰ ਨਿਖਾਰਨ ਲਈ ਸ਼ਿੰਗਾਰ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਗਹਿਣਿਆਂ ਨੂੰ ਵੀ ਪਹਿਨਦੀਆਂ ਰਹੀਆਂ ਹਨ। ਜਿਨ੍ਹਾਂ 'ਚ ਸੱਗੀ ਫੁੱਲ ਵੀ ਗਹਿਣਾ ਹੈ। ਸੱਗੀ ਸਿਰ ਦਾ ਗਹਿਣਾ ਹੈ, ਜੋ ਸਿਰ ਦੇ ਵਿਚਕਾਰ ਪਹਿਨਿਆ ਜਾਂਦਾ ਹੈ। ਇਸ ਨਾਲ ਸਿਰ ਦੀ ਚੁੰਨੀ, ਫੁਲਕਾਰੀ ਆਦਿ ਨੂੰ ਟਿਕਾਈ ਰੱਖਣ ਵਿਚ ਸਹਾਇਤਾ ਮਿਲਦੀ ਹੈ। ਇਹ ਅਰਧ ਗੋਲੇ ਦੀ ਸ਼ਕਲ ਵਿਚ ਹੁੰਦਾ ਹੈ, ਜਿਸ ਦੇ ਉੱਤੇ ਨਗ ਜੜਿਆ ਹੁੰਦਾ ਹੈ।
ਫੁਲਕਾਰੀ ਨਾਲ ਪੰਜਾਬਣਾਂ ਦੀਆਂ ਅਨੇਕਾਂ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜੋ ਲੋਕ-ਗੀਤਾਂ ਵਿਚ ਪ੍ਰਗਟ ਹੁੰਦੀਆਂ ਹਨ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ, ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ-
ਮੈਨੂੰ ਤਾਂ ਕਹਿੰਦਾ ਕੱਢਣ ਨ੍ਹੀਂ ਜਾਣਦੀ, ਕੱਤਣ ਨ੍ਹੀਂ ਜਾਣਦੀ।
ਮੈਂ ਕੱਢ ਲਈ ਫੁਲਕਾਰੀ, ਵੇ ਜਦ ਮੈਂ ਉੱਤੇ ਲਈ ਤੈਂ ਹੂੰਗਰ ਕਿਉਂ ਮਾਰੀ।
ਉਨ੍ਹਾਂ ਸਮਿਆਂ ਵਿਚ ਕਿਤੇ ਬੁੱਢੀ ਦਾਦੀ ਸਿਰ 'ਤੇ ਫੁਲਕਾਰੀ ਲਈ ਨਜ਼ਰ ਆਉਂਦੀ, ਕਿਤੇ ਆਪਣੇ ਸਿਰ 'ਤੇ ਆਪਣੇ ਸਾਈਂ ਦਾ ਭੱਤਾ ਚੁੱਕੀ ਜਾਂਦੀ ਮੁਟਿਆਰ ਦੀ ਫੁਲਕਾਰੀ 'ਵਾਜ਼ਾਂ ਮਾਰਦੀ। ਰੀਝਾਂ ਦੀ ਤਰਜਮਾਨੀ ਕਰਦਾ ਕਲਾ ਦਾ ਇਹ ਰੂਪ ਲੋਪ ਹੋ ਰਿਹਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਲੋਕਾਂ ਕੋਲ ਫੁਲਕਾਰੀ ਕੱਢਣ ਦੀ ਵਿਹਲ ਨਹੀਂ। ਹੁਣ ਮਸ਼ੀਨਾਂ ਦੇ ਬਣੇ ਸ਼ਾਲ, ਚਾਦਰਾਂ ਘਰ-ਘਰ ਆ ਚੁੱਕੀਆਂ ਹਨ। ਕਲਾ ਦੇ ਇਸ ਰੂਪ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ, ਤਾਂ ਜੋ ਰੀਝਾਂ ਦੀ ਫੁਲਕਾਰੀ ਮੁੜ ਦੁਬਾਰਾ ਸ਼ਿੰਗਾਰ ਦਾ ਆਧਾਰ ਬਣ ਜਾਵੇ। ਬੇਸ਼ੱਕ ਪੁਰਾਤਨ ਗਹਿਣੇ ਆਧੁਨਿਕ ਫੈਸ਼ਨ ਦਾ ਹਿੱਸਾ ਨਹੀਂ ਰਹੇ, ਪਰ ਇਹ ਸਾਡੇ ਵਿਰਸੇ ਦਾ ਇਕ ਅੰਗ ਹਨ। ਇਹ ਸਾਨੂੰ ਸਾਡੇ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ। ਅੱਜ ਸਾਡਾ ਪੰਜਾਬੀ ਸੱਭਿਆਚਾਰ ਅਲੋਪ ਹੋ ਗਿਆ ਹੈ। ਪੰਜਾਬੀਆਂ ਦੀ ਅਸਲ ਪਹਿਚਾਣ ਮਾਂ-ਬੋਲੀ 'ਪੰਜਾਬੀ' ਹੈ। ਸਾਨੂੰ ਇਸ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਪੰਜਾਬੀ ਬੋਲਣ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ।

-ਪਿੰਡ ਬੂਰ ਵਾਲਾ, ਜ਼ਿਲ੍ਹਾ ਫਾਜ਼ਿਲਕਾ।
ਮੋਬਾ: 94653-19749

ਮੋਬਾਈਲ ਫੋਨ ਵਰ ਜਾਂ ਸਰਾਪ

ਮੋਬਾਈਲ ਫੋਨ ਸਾਡੇ ਜੀਵਨ ਦਾ ਅਹਿਮ ਤੇ ਅਟੁੱਟ ਅੰਗ ਬਣ ਚੁੱਕਾ ਹੈ। ਅਜੋਕੇ ਤੇਜ਼-ਤਰਾਰ ਸਮੇਂ ਵਿਚ ਮੋਬਾਈਲ ਫੋਨ ਮਿੱਤਰਾਂ, ਰਿਸ਼ਤੇਦਾਰਾਂ, ਸਹਿਕਰਮੀਆਂ ਤੇ ਸਮਾਜ ਦੇ ਹੋਰ ਸਮੂਹਾਂ ਨੂੰ ਸੰਚਾਰ ਰਾਹੀਂ ਆਪਸ ਵਿਚ ਜੋੜੀ ਰੱਖਣ ਦਾ ਮਹੱਤਵਪੂਰਨ ਸਾਧਨ ਹੈ। ਦੁਨੀਆ ਦੇ ਵੱਖ-ਵੱਖ ਕੋਨਿਆਂ ਵਿਚ ਭੂਗੋਲਿਕ ਅਧਾਰ 'ਤੇ ਦੂਰ ਬੈਠੇ ਲੋਕ ਵਟਸਐਪ, ਫੇਸਬੁੱਕ ਤੇ ਟਵਿੱਟਰ ਜ਼ਰੀਏ ਇਕ-ਦੂਜੇ ਨਾਲ ਅਤਿ ਕਰੀਬੀ ਵਿਚਰਦੇ ਹਨ। ਮੋਬਾਈਲ ਫੋਨ ਦੇ ਅਤਿ-ਆਧੁਨਿਕ ਤਕਨੀਕੀ ਕਾਰਜਾਂ ਕਾਰਨ ਇਸ ਨੂੰ ਸਮਾਰਟ ਫੋਨ ਵੀ ਕਿਹਾ ਜਾਣ ਲੱਗਾ ਹੈ। ਇਸ ਅਜੋਕੇ ਤਕਨੀਕੀ ਜ਼ਿੰਨ ਨੇ ਸਾਰੀ ਦੁਨੀਆ ਨੂੰ ਮੁੱਠੀ ਵਿਚ ਕੈਦ ਕਰ ਦਿੱਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਬਾਈਲ ਫੋਨ ਇਕ ਫ਼ਾਇਦੇਮੰਦ ਤਕਨੀਕ ਹੈ। ਇਹ ਸੰਚਾਰ-ਕ੍ਰਾਂਤੀ ਦਾ ਸ਼ਕਤੀਸ਼ਾਲੀ ਵਾਹਕ ਸਾਬਤ ਹੋਇਆ ਹੈ। ਇਸ ਦੀ ਵਰਤੋਂ ਵਪਾਰ, ਗਿਆਨ, ਸਿੱਖਿਆ, ਖੇਡਾਂ, ਵਿਗਿਆਨ ਆਦਿ ਖੇਤਰਾਂ ਵਿਚ ਕੀਤੀ ਜਾਂਦੀ ਹੈ। ਇਸ ਦੇ ਅਣਗਿਣਤ ਫ਼ਾਇਦੇ ਹੋਣ ਦੇ ਬਾਵਜੂਦ ਅਨੇਕਾਂ ਨੁਕਸਾਨ ਵੀ ਹਨ, ਕਿਉਂਕਿ ਵਿਗਿਆਨ ਦੀ ਹਰ ਨਵੀਂ ਖੋਜ ਜਿੱਥੇ ਮਨੁੱਖ ਲਈ ਵਰ ਸਿੱਧ ਹੁੰਦੀ ਹੈ, ਉੱਥੇ ਇਸ ਦਾ ਦੂਜਾ ਪਹਿਲੂ ਸਰਾਪ ਦੇ ਰੂਪ ਵਿਚ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ।
ਸਮਾਰਟ ਫੋਨ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀ ਨੂੰ ਆਧੁਨਿਕ ਸਮੇਂ ਦਾ ਹਾਣੀ ਨਹੀਂ ਸਮਝਿਆ ਜਾਂਦਾ। ਇਸ ਦੀ ਵਰਤੋਂ ਭਾਵੇਂ ਸਾਡੀ ਮਜਬੂਰੀ ਬਣ ਚੁੱਕੀ ਹੈ ਪਰ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਹੋਣਾ ਜ਼ਰੂਰੀ ਹੈ। ਇਸ ਦੀ ਬੇਲੋੜੀ ਤੇ ਜ਼ਿਆਦਾ ਵਰਤੋਂ ਨਾਲ ਬੱਚਿਆਂ ਵਿਚ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਦੀ ਸਕਰੀਨ ਦੇ ਮਾੜੇ ਪ੍ਰਭਾਵ ਕਾਰਨ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਵੀਡੀਓ ਗੇਮਾਂ ਨਾਲ ਬੱਚਿਆਂ ਦਾ ਸੁਭਾਅ ਚਿੜਚਿੜਾ ਤੇ ਜ਼ਿੱਦੀ ਹੋ ਜਾਂਦਾ ਹੈ ਅਤੇ ਸੰਵੇਦਨਸ਼ੀਲਤਾ ਵਰਗੀਆਂ ਭਾਵਨਾਵਾਂ ਵਿਚ ਨਿਘਾਰ ਆ ਜਾਂਦਾ ਹੈ। ਮੋਬਾਈਲ ਫੋਨ ਯਾਦਸ਼ਕਤੀ 'ਤੇ ਵੀ ਬੁਰਾ ਅਸਰ ਪਾਉਂਦਾ ਹੈ। ਬੱਚੇ ਤੇ ਨੌਜਵਾਨ ਆਪਣਾ ਕੀਮਤੀ ਸਮਾਂ ਮੋਬਾਈਲ ਫੋਨ ਸੰਗ ਬਿਤਾ ਕੇ ਪੜ੍ਹਾਈ ਦਾ ਨੁਕਸਾਨ ਕਰਦੇ ਹਨ, ਜਿਸ ਕਾਰਨ ਨਤੀਜਿਆਂ ਵਿਚ ਮਾੜੀ ਕਾਰਗੁਜ਼ਾਰੀ ਦਿਖਾ ਕੇ ਮਾਪਿਆਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰਦੇ।
ਖੋਜਕਾਰਾਂ ਅਨੁਸਾਰ ਮੋਬਾਈਲ ਫੋਨ ਦੀ ਅਸੀਮਤ ਵਰਤੋਂ ਦਿਮਾਗੀ ਕੈਂਸਰ ਨੂੰ ਸੱਦਾ ਦਿੰਦੀ ਹੈ। ਮੋਬਾਈਲ ਟਾਵਰਾਂ ਵਿਚੋਂ ਪੈਦਾ ਹੋਣ ਵਾਲੀ ਰੇਡੀਏਸ਼ਨ ਸਮੁੱਚੇ ਜੀਵ-ਜਗਤ ਵਿਚ ਬਾਂਝਪਣ ਦਾ ਕਾਰਨ ਬਣਦੀ ਹੈ। ਇਨ੍ਹਾਂ ਟਾਵਰਾਂ ਵਿਚੋਂ ਸੰਚਾਰਿਤ ਹੁੰਦੀਆਂ ਇਲੈਕਟ੍ਰੋਮੈਗਨੇਟਿਕ ਤਰੰਗਾਂ ਮਨੁੱਖੀ ਸਿਹਤ ਨੂੰ ਅਣਕਿਆਸੇ ਘਾਤਕ ਨੁਕਸਾਨ ਪਹੁੰਚਾਉਂਦੀਆਂ ਹਨ। ਕੇਵਲ ਮਨੁੱਖੀ ਨਸਲ ਹੀ ਨਹੀਂ, ਬਲਕਿ ਕਈ ਪਸ਼ੂ-ਪੰਛੀਆਂ ਦੀਆਂ ਨਸਲਾਂ ਵੀ ਇਨ੍ਹਾਂ ਤਰੰਗਾਂ ਦੇ ਖ਼ਤਰਨਾਕ ਪ੍ਰਭਾਵਾਂ ਕਾਰਨ ਲੋਪ ਹੋਣ ਦੇ ਕਿਨਾਰੇ ਹਨ।
ਅਜੋਕੀ ਪੀੜ੍ਹੀ ਸਿਰਫ਼ ਸਕਾਰਾਤਮਕ, ਚੰਗੇਰੇ ਤੇ ਉਸਾਰੂ ਉਦੇਸ਼ਾਂ ਦੀ ਪੂਰਤੀ ਹਿਤ ਹੀ ਇਸ ਦੀ ਵਰਤੋਂ ਪ੍ਰਤੀ ਵਚਨਬੱਧ ਹੋਵੇ, ਤਾਂ ਜੋ ਅਣਮੁੱਲੀ ਜ਼ਿੰਦਗੀ ਦੇ ਬਹੁਮੁੱਲੇ ਸਮੇਂ ਨੂੰ ਸੁਯੋਗ ਤੇ ਸੁਚੱਜੇ ਢੰਗ ਨਾਲ ਬਤੀਤ ਕਰਕੇ ਭਵਿੱਖ ਨੂੰ ਉੱਜਵਲ ਬਣਾਇਆ ਜਾ ਸਕੇ।

-ਪਿੰਡ ਬੋੜਾਵਾਲ, ਤਹਿ: ਬੁਢਲਾਡਾ,
ਜ਼ਿਲ੍ਹਾ ਮਾਨਸਾ-151502.
ਮੋਬਾ: 84272-77666, 98721-77666

ਸ਼ਹਿਰਾਂ ਵਿਚ ਪਾਰਕਿੰਗ ਸਮੱਸਿਆ ਚਿੰਤਾ ਦਾ ਵਿਸ਼ਾ

ਇਹ ਕੁਦਰਤੀ ਗੱਲ ਹੈ ਕਿ ਜਿਉਂ-ਜਿਉਂ ਦੇਸ਼ ਦੀ ਆਬਾਦੀ ਵਧਦੀ ਹੈ, ਸਮੱਸਿਆਵਾਂ ਵੀ ਵਧਦੀਆਂ ਹੀ ਜਾਂਦੀਆਂ ਹਨ। ਅਜੋਕੇ ਵੱਡੇ ਸ਼ਹਿਰ ਜਿੱਥੇ ਹੋਰ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ ਘਿਰੇ ਹਨ, ਉਥੇ ਇਕ ਨਵੀਂ ਕਿਸਮ ਦੀ ਸਮੱਸਿਆ ਆ ਬਣੀ ਹੈ ਅਤੇ ਉਹ ਹੈ ਕਾਰਾਂ ਦੀ ਪਾਰਕਿੰਗ ਸਮੱਸਿਆ। ਦੇਸ਼ ਦੀ ਵਧਦੀ ਆਬਾਦੀ ਦੇ ਨਾਲ-ਨਾਲ ਹਰ ਸ਼ਹਿਰ ਦੀ ਆਬਾਦੀ ਵੀ ਰਬੜ ਵਾਂਗ ਵਧਦੀ ਜਾਂਦੀ ਹੈ। ਜਿਹੜੇ ਸ਼ਹਿਰ 4-5 ਲੱਖ ਲੋਕਾਂ ਦੀ ਆਬਾਦੀ ਲੋੜਾਂ ਪੂਰੀਆਂ ਕਰ ਸਕਦੇ ਹਨ, ਉਥੇ ਹੁਣ 18-20 ਲੱਖ ਲੋਕਾਂ ਦੀ ਵਸੋਂ ਜਾਂ ਇਸ ਤੋਂ ਵੀ ਵੱਧ ਹੋ ਚੁੱਕੀ ਹੈ।
ਜ਼ਮਾਨੇ ਦੇ ਨਾਲ-ਨਾਲ ਹਰ ਘਰ-ਪਰਿਵਾਰ ਸਹੂਲਤਾਂ ਵੀ ਚਾਹੁੰਦਾ ਹੈ। ਹਰ ਇਕ ਨੂੰ ਬਿਜਲੀ, ਪਾਣੀ ਅਤੇ ਸੀਵਰੇਜ ਦੀ ਲੋੜ ਤਾਂ ਹੈ ਹੀ ਪਰ ਕਿਉਂਕਿ ਹਰ ਮੱਧ ਵਰਗੀ ਪਰਿਵਾਰ ਕੋਲ ਅੱਜਕਲ੍ਹ ਕਾਰ ਆ ਚੁੱਕੀ ਹੈ ਤਾਂ ਇਸ ਲਈ ਕਾਰ ਪਾਰਕਿੰਗ ਦਾ ਹੋਣਾ ਵੀ ਅਤਿ ਜ਼ਰੂਰੀ ਹੈ। ਭਾਵੇਂ ਅੱਜਕਲ੍ਹ ਕਾਰਾਂ ਪਿੰਡਾਂ ਵਿਚ ਵੀ ਬਹੁਤ ਆ ਚੁੱਕੀਆਂ ਹਨ ਪਰ ਵੱਡੇ ਸ਼ਹਿਰਾਂ ਵਿਚ ਤਾਂ ਇਨ੍ਹਾਂ ਦੀ ਬਹੁਤਾਤ ਸਮੱਸਿਆ ਬਣ ਚੁੱਕੀ ਹੈ। ਇੰਨੀਆਂ ਕਾਰਾਂ ਘਰ-ਘਰ ਆ ਚੁੱਕੀਆਂ ਹਨ ਕਿ ਸੜਕਾਂ 'ਤੇ ਤਾਂ ਜਾਮ ਲਗਦੇ ਹੀ ਹਨ। ਇਨ੍ਹਾਂ ਕਾਰਾਂ ਨੂੰ ਖੜ੍ਹੀਆਂ ਕਰਨ ਲਈ ਥਾਂ ਨਹੀਂ ਮਿਲਦੀ।
ਅੱਜ ਤੋਂ 15-20 ਸਾਲ ਪਹਿਲਾਂ ਸੁਣਿਆ ਕਰਦੇ ਸੀ ਕਿ ਵਿਦੇਸ਼ਾਂ ਦੇ ਕਈ ਸ਼ਹਿਰਾਂ ਵਿਚ ਘਰ-ਘਰ ਕਾਰ ਖੜ੍ਹੀ ਹੁੰਦੀ ਹੈ ਪਰ ਅੱਜਕਲ੍ਹ ਇੱਥੇ ਵੀ ਵੱਡੇ ਸ਼ਹਿਰਾਂ ਵਿਚ ਇਕ-ਇਕ ਨਹੀਂ, ਕਈ-ਕਈ ਕਾਰਾਂ ਖੜ੍ਹੀਆਂ ਹੁੰਦੀਆਂ ਹਨ। ਕਾਰਾਂ ਦੀ ਸੰਖਿਆ ਬੜੀ ਤੇਜ਼ੀ ਨਾਲ ਵਧੀ ਹੈ ਅਤੇ ਵਧਦੀ ਹੀ ਜਾਂਦੀ ਹੈ। ਬੈਂਕਾਂ ਵਲੋਂ ਦਿਲ ਖੋਲ੍ਹ ਕੇ ਕਾਰਾਂ ਲਈ ਕਰਜ਼ੇ ਦੇਣਾ, ਆਮ ਲੋਕਾਂ ਨੂੰ ਵੀ ਕਾਰਾਂ ਖ਼ਰੀਦਣ ਦੀ ਸਹੂਲਤ ਪ੍ਰਦਾਨ ਕਰਦੇ ਹਨ, ਜਿਸ ਦੇ ਕਾਰਨ ਲੋਕਾਂ ਵਿਚ ਕਾਰਾਂ ਖ਼ਰੀਦਣ ਦੀ ਹੋੜ ਲੱਗੀ ਰਹਿੰਦੀ ਹੈ। ਦੂਜੇ ਪਾਸੇ ਕਾਰਾਂ ਦੇ ਨਵੇਂ-ਨਵੇਂ ਮਾਡਲ ਹਰ ਰੋਜ਼ ਮਾਰਕੀਟਾਂ ਵਿਚ ਆ ਰਹੇ ਹਨ, ਜਿਸ ਕਾਰਨ ਵੀ ਲੋਕਾਂ ਵਿਚ ਕਾਰਾਂ ਖ਼ਰੀਦਣ ਦੀ ਰੁਚੀ ਵਧੀ ਹੈ। ਅੱਜ ਭਾਵੇਂ ਕਾਰ ਦੀ ਜ਼ਰੂਰਤ ਵੀ ਹੈ ਅਤੇ ਪਰਿਵਾਰ ਦੇ ਆਉਣ-ਜਾਣ ਲਈ ਸਹੂਲਤ ਹੈ ਪਰ ਸਭ ਤੋਂ ਪਹਿਲਾਂ ਇਸ ਦੀ ਪਾਰਕਿੰਗ ਸਮੱਸਿਆ ਨੂੰ ਹੱਲ ਕਰਨਾ ਜ਼ਰੂਰੀ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਨਵੀਆਂ-ਨਵੀਆਂ ਕਾਰਾਂ ਦੀ ਹਰ ਸ਼ਹਿਰ ਵਿਚ ਰਜਿਸਟ੍ਰੇਸ਼ਨ ਹੋ ਰਹੀ ਹੈ। ਇਹੀ ਕਾਰਨ ਹੈ ਕਿ ਹਰ ਵੱਡੇ ਸ਼ਹਿਰ ਵਿਚ ਪਾਰਕਿੰਗ ਸਮੱਸਿਆ ਗੰਭੀਰ ਹੋ ਰਹੀ ਹੈ, ਇਸ ਸਬੰਧ ਵਿਚ ਲੋਕਾਂ ਅਤੇ ਸਰਕਾਰ ਦੋਵਾਂ ਨੂੰ ਧਿਆਨ ਦੇਣ ਦੀ ਲੋੜ ਹੈ। ਲੋਕਾਂ ਨੂੰ ਵੀ ਵਿਅਕਤੀਗਤ ਕਾਰ ਪਾਰਕਿੰਗ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਸਰਕਾਰਾਂ ਨੂੰ ਵੀ ਸ਼ਹਿਰ ਦੀ ਯੋਜਨਾ ਸਮੇਂ ਕਾਰਾਂ ਦੇ ਪਾਰਕਿੰਗ ਲਈ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਕਈ ਸ਼ਹਿਰਾਂ ਵਿਚ ਬਹੁਮੰਜ਼ਲੀਆਂ ਕਾਰ ਪਾਰਕਿੰਗਾਂ ਬਣਾ ਕੇ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਰਿਹਾ ਹੈ। ਪਰ ਭੂਮੀਗਤ ਪਾਰਕਿੰਗ ਵੀ ਇਕ ਚੰਗਾ ਉਪਾਅ ਹੈ, ਖੁੱਲ੍ਹੇ ਪਾਰਕਾਂ ਨੂੰ ਭੂਮੀਗਤ ਪਾਰਕਿੰਗਾਂ ਵਿਚ ਬਦਲਣਾ ਜ਼ਰੂਰੀ ਹੈ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ। ਮੋਬਾ: 98764-52223

ਕਲਾ ਪੱਖੋਂ ਵਿਹੂਣੇ ਗੀਤਕਾਰ ਤੇ ਕਲਾਕਾਰ

ਇਨਸਾਨ ਜੇਕਰ ਦਿਲੋਂ ਮਿਹਨਤ ਕਰਦਾ ਹੈ ਤਾਂ ਮੰਜ਼ਿਲ ਪਾ ਹੀ ਲੈਂਦਾ ਹੈ। ਮਿਹਨਤ ਕੀਤਿਆਂ ਮੰਜ਼ਿਲ ਖੁਦ ਇਨਸਾਨ ਦੇ ਪੈਰ ਚੁੰਮਦੀ ਹੈ। ਹਰ ਇਨਸਾਨ ਜ਼ਿੰਦਗੀ 'ਚ ਸੁਪਨੇ ਤੇ ਇੱਛਾਵਾਂ ਦੇ ਮਹਿਲ ਬਣਾਉਂਦਾ ਰਹਿੰਦਾ ਹੈ ਪਰ ਜਦੋਂ ਮਹਿਲ ਉਪਰ ਛੱਤ ਪਾਉਣ ਦਾ ਸਮਾਂ ਆਉਂਦਾ ਹੈ ਤਾਂ ਕੰਧਾਂ ਆਪਣੇ-ਆਪ ਢਹਿਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕੰਧਾਂ ਕਿਉਂ ਢਹਿੰਦੀਆਂ ਹਨ? ਉਨ੍ਹਾਂ ਵਿਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ। ਸਿਆਣਿਆਂ ਦਾ ਕਥਨ ਹੈ, ਜਿਸ ਮਕਾਨ ਦੀ ਨੀਂਹ ਮਜ਼ਬੂਤ ਹੋਵੇ, ਉਹ ਮਕਾਨ ਕਈ ਪੁਸ਼ਤਾਂ (ਪੀੜ੍ਹੀਆਂ) ਤੱਕ ਨਹੀਂ ਢਹਿੰਦਾ।
ਜਿਸ ਤਰ੍ਹਾਂ ਪੈਸੇ ਨਾਲ ਬਿਸਤਰ ਖ਼ਰੀਦਿਆ ਜਾ ਸਕਦਾ ਹੈ, ਪਰ ਨੀਂਦ ਨਹੀਂ, ਇਸੇ ਤਰ੍ਹਾਂ ਪੈਸੇ ਨਾਲ ਕੋਈ ਕੈਸਿਟ ਤਾਂ ਕਰਾ ਸਕਦਾ ਹੈ, ਟੀ.ਵੀ. ਦੀ ਸਕਰੀਨ 'ਤੇ ਆਉਣ ਦੀ ਭੁੱਖ ਤਾਂ ਪੂਰੀ ਕਰ ਸਕਦਾ ਹੈ ਪਰ ਕਦੇ ਵੀ ਕਲਾ ਨਹੀਂ ਖਰੀਦ ਸਕਦਾ। ਮੈਦਾਨ ਉਨ੍ਹਾਂ ਲੋਕਾਂ ਦੇ ਹੱਥ ਵਿਚ ਹੁੰਦਾ ਹੈ, ਜੋ ਅਖੀਰਲੇ ਦਮਾਂ ਤੱਕ ਡਟੇ ਰਹਿੰਦੇ ਹਨ।
ਕਲਾ ਦੀਆਂ ਬਰੀਕੀਆਂ ਤਾਂ ਮਿਹਨਤ, ਲਗਨ ਤੇ ਰਿਆਜ਼ ਕੀਤਿਆਂ ਹੀ ਆਉਣਗੀਆਂ। ਅੱਜ ਬਹੁਤ ਹੀ ਘਟੀਆ ਗੀਤ ਚੈਨਲਾਂ 'ਤੇ ਚੱਲ ਰਹੇ ਹਨ। ਸਿਆਣਿਆਂ ਕਿਹਾ ਹੈ ਨੀਤ ਨੂੰ ਮੁਰਾਦਾਂ। ਅੱਜ ਜੋ ਬੀਜੋਗੇ, ਕੱਲ੍ਹ ਨੂੰ ਉਹੀ ਵੱਢਣਾ ਪਵੇਗਾ। ਕੰਡੇ ਬੀਜੋਗੇ ਤੇ ਕੰਡੇ ਹੀ ਵੱਢੋਗੇ, ਅੰਬ ਖਾਣ ਦੀ ਇੱਛਾ ਨਹੀਂ ਰੱਖ ਸਕਦੇ।
ਅੱਜ ਦੇ ਕਲਾਕਾਰਾਂ ਕੋਲ ਬਸ ਦੋ-ਚਾਰ ਵਿਸ਼ੇ ਹਨ। ਜਿਵੇਂ ਗੰਡਾਸੇ, ਟਕੂਏ, ਬੰਦੂਕਾਂ, ਨਸ਼ਿਆਂ ਵੱਲ ਪ੍ਰੇਰਤ ਗੀਤ, ਇਕ ਮੁਟਿਆਰ ਲਈ ਬਹੁਤ ਹੀ ਗੰਦੇ ਸ਼ਬਦ ਵਰਤਣੇ ਜਾਂ ਫਿਰ ਰਹਿੰਦਾ-ਖੂੰਹਦਾ ਇਹ ਹੱਥ ਧੋ ਕੇ ਨਹੀਂ ਸਗੋਂ ਨਹਾ-ਧੋ ਕੇ ਚੰਡੀਗੜ੍ਹ ਪਿੱਛੇ ਪਏ ਹਨ। ਚੰਡੀਗੜ੍ਹ ਵਿਚਾਰਾ ਤਾਂ ਪਹਿਲਾਂ ਹੀ ਦੋ ਚੱਕੀਆਂ (ਪੰਜਾਬ ਹਰਿਆਣਾ) ਦਰਮਿਆਨ ਪੀਸਿਆ ਜਾ ਰਿਹਾ ਹੈ। ਬਾਕੀ ਰਹਿੰਦੀ ਕਸਰ ਇਨ੍ਹਾਂ ਕਲਾਕਾਰਾਂ ਨੇ ਪੂਰੀ ਕਰ ਦਿੱਤੀ ਹੈ।
ਲਿਖਣ ਨੂੰ ਬਹੁਤ ਵਿਸ਼ੇ ਹਨ। ਦਾਜ 'ਤੇ ਲਿਖੋ, ਬੇਰੁਜ਼ਗਾਰੀ, ਗ਼ਰੀਬੀ, ਉਸ ਗਰੀਬ ਦੀ ਧੀ 'ਤੇ ਲਿਖੋ ਜਿਹਦਾ ਗਰੀਬੀ ਦੀਆਂ ਤੰਗੀਆਂ-ਤੁਰਸ਼ੀਆਂ ਕਰਕੇ ਕਿਤੇ ਵਿਆਹ ਨਹੀਂ ਹੋ ਰਿਹਾ। ਉਹ ਵਿਚਾਰੀ ਵਿਆਹ ਦੀ ਉਮਰ ਲੰਘਣ ਤੋਂ ਬਾਅਦ ਵੀ ਕਿਸਮਤ ਨੂੰ ਕੋਸਦੀ ਹੋਈ ਬਾਬਲ ਦੇ ਵਿਹੜੇ ਬੈਠੀ ਸੋਚਦੀ ਏ ਪਤਾ ਨਹੀਂ ਰੱਬ ਨੇ ਮੇਰੇ ਸੁਪਨਿਆਂ ਦਾ ਰਾਜ ਕੁਮਾਰ ਕਦੋਂ ਭੇਜਣਾ ਹੈ? ਭਰੂਣ ਹੱਤਿਆ 'ਤੇ ਲਿਖੋ, ਦੁਨੀਆ 'ਤੇ ਹੋ ਰਹੀਆਂ ਧੱਕੇਸ਼ਾਹੀਆਂ (ਤਾਨਾਸ਼ਾਹੀਆਂ) 'ਤੇ ਲਿਖੋ। ਦਾਜ ਦੇ ਲੋਭੀਆਂ 'ਤੇ ਲਿਖੋ, ਪਾਖੰਡੀ ਸਾਧਾਂ 'ਤੇ ਲਿਖੋ, ਜਿਹੜੇ ਨਵੇਂ-ਨਵੇਂ ਤਰੀਕੇ ਵਰਤ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟ ਰਹੇ ਹਨ। ਨਸ਼ਿਆਂ 'ਚ ਗਲਤਾਨ ਨੌਜਵਾਨਾਂ 'ਤੇ ਲਿਖੋ।
ਅਨੇਕਾਂ ਕੁਰਬਾਨੀਆਂ ਦੇਣ ਤੋਂ ਬਾਅਦ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਚੰਗਾ ਲਿਖੋ, ਚੰਗਾ ਗਾਓ। ਦੇਸ਼ ਤੋਂ ਹੱਸ-ਹੱਸ ਕੁਰਬਾਨ ਹੋਣ ਵਾਲੇ ਉਨ੍ਹਾਂ ਆਜ਼ਾਦੀ ਦੇ ਪਰਵਾਨਿਆਂ ਲਈ ਤੁਹਾਡੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।

-ਪਿੰਡ ਵੜੈਚ, ਡਾਕ: ਘੁੰਮਣ ਕਲਾਂ, ਜ਼ਿਲ੍ਹਾ ਗੁਰਦਾਸਪੁਰ। ਮੋਬਾ: 81466-35586

ਗੈਂਗਸਟਰ ਸਾਡੇ ਰੋਲ ਮਾਡਲ ਨਹੀਂ...

ਨੌਜਵਾਨ ਕਿਸੇ ਦੇਸ਼, ਕੌਮ ਜਾਂ ਸਮਾਜ ਦਾ ਸਰਮਾਇਆ ਹੁੰਦੇ ਹਨ। ਨੌਜਵਾਨਾਂ ਦੀ ਸਿਰਜਣਾਤਮਿਕ ਤਾਕਤ ਬਹੁਤ ਕੁਝ ਸਿਰਜਣ ਅਤੇ ਬੁਲੰਦੀਆਂ ਨੂੰ ਛੂਹਣ ਦੇ ਸਮਰੱਥ ਹੁੰਦੀ ਹੈ। ਕਿਸੇ ਸਮਾਜ ਦੇ ਮਿਆਰ ਅਤੇ ਭਵਿੱਖ ਦਾ ਪਤਾ ਉਸ ਸਮਾਜ ਦੇ ਨੌਜਵਾਨਾਂ ਦੇ ਰੁਝਾਨ ਤੋਂ ਕੀਤਾ ਜਾ ਸਕਦਾ ਹੈ। ਨੌਜਵਾਨ ਵਰਗ ਵਿਚ ਪੈਦਾ ਹੋਇਆ ਚੰਗਾ ਰੁਝਾਨ ਚੰਗੇ ਸਮਾਜ ਅਤੇ ਚੰਗੇ ਭਵਿੱਖ ਦੀ ਨਿਸ਼ਾਨੀ ਹੁੰਦਾ ਹੈ। ਸਾਨੂੰ ਅੱਜ ਆਪਣੇ ਆਲੇ-ਦੁਆਲੇ ਝਾਤ ਮਾਰ ਕੇ ਦੇਖਣਾ ਹੋਵੇਗਾ ਕਿ ਸਾਡੇ ਨੌਜਵਾਨ ਕਿਹੜੀ ਦਿਸ਼ਾ ਵੱਲ ਜਾ ਰਹੇ ਹਨ, ਉਨ੍ਹਾਂ ਦੇ ਸ਼ੌਕ, ਰੁਝਾਨ, ਪ੍ਰਵਿਰਤੀ ਕਿਹੜੀ ਹੈ। ਨੌਜਵਾਨ ਵਰਗ ਨੂੰ ਪ੍ਰੇਰਨਾ ਦੇਣਾ ਅਤੇ ਸਹੀ ਦਿਸ਼ਾ ਪ੍ਰਦਾਨ ਕਰਨਾ ਅਤਿ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਸਮਾਜ ਦੇ ਚਿੰਤਨਸ਼ੀਲ ਵਰਗ ਨੂੰ ਚੇਤੰਨ ਹੋਣਾ ਚਾਹੀਦਾ ਹੁੰਦਾ ਹੈ।
ਅੱਜ 'ਗੈਂਗਸਟਰ' ਸ਼ਬਦ ਨੂੰ ਬਹੁਤ ਜ਼ਿਆਦਾ ਹਵਾ ਦਿੱਤੀ ਜਾ ਰਹੀ ਹੈ। ਗੈਂਗਸਟਰ ਕੌਣ ਹਨ, ਕੀ ਕਰਦੇ ਹਨ ਅਤੇ ਕਿਵੇਂ ਪੈਦਾ ਹੁੰਦੇ ਹਨ? ਇਹ ਸਭ ਦੇਖਣਾ ਜ਼ਰੂਰੀ ਹੈ। ਮੁੱਖ ਗੱਲ ਤਾਂ ਇਹ ਹੈ ਕਿ ਗੈਂਗਸਟਰ ਸਾਡੇ ਰੋਲ ਮਾਡਲ ਨਹੀਂ ਹਨ। ਅਸੀਂ ਨੌਜਵਾਨ ਵਰਗ ਲਈ ਗੈਂਗਸਟਰਾਂ ਨੂੰ ਆਦਰਸ਼ ਬਣਨ ਨਹੀਂ ਦੇ ਸਕਦੇ। ਸਾਡੇ ਪਾਸ ਸਾਡੇ ਵਿਰਸੇ ਅਤੇ ਇਤਿਹਾਸ ਵਿਚ ਬਹੁਤ ਸਾਰੇ ਰੋਲ ਮਾਡਲ ਹਨ, ਜਿਨ੍ਹਾਂ ਦਾ ਜੀਵਨ ਅਤੇ ਵਿਚਾਰਧਾਰਾ ਨੌਜਵਾਨਾਂ ਵਾਸਤੇ ਢੁਕਵੇਂ ਆਦਰਸ਼ ਹਨ। ਗੈਂਗਸਟਰ ਤਾਂ ਇਕ ਤਰ੍ਹਾਂ ਨਾਲ ਨੀਵੀਂ ਮਾਨਸਿਕਤਾ ਅਤੇ ਨੀਵੇਂ ਵਿਵਹਾਰ ਦੀ ਨਿਸ਼ਾਨੀ ਹੈ, ਜਿਸ ਵਿਚ ਨੌਜਵਾਨ ਵਰਗ ਨੂੰ ਫ਼ੋਕੀ ਸ਼ੋਹਰਤ ਦਾ ਅਹਿਸਾਸ ਕਰਵਾ ਕੇ ਇਸ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ ਅਤੇ ਇਸ ਦਲਦਲ ਵਿਚ ਫਸੇ ਹੋਏ ਨੌਜਵਾਨਾਂ ਪਾਸ ਫਿਰ ਮੌਤ ਤੋਂ ਬਿਨਾਂ ਕੋਈ ਰਾਹ ਵੀ ਨਹੀਂ ਬਚਦਾ।
ਇੱਥੇ ਜ਼ਰੂਰੀ ਇਹੀ ਹੈ ਕਿ ਨੌਜਵਾਨਾਂ ਨੂੰ ਇਤਿਹਾਸ ਵਿਚਲੇ ਮਹਾਨ ਆਦਰਸ਼ਾਂ ਤੋਂ ਜਾਣੂ ਕਰਵਾਇਆ ਜਾਵੇ। ਇਹੀ ਸਾਡੇ ਰੋਲ ਮਾਡਲ ਹਨ, ਜਿਨ੍ਹਾਂ ਦਾ ਜੀਵਨ ਵੀ ਮਹਾਨ ਹੈ ਅਤੇ ਵਿਚਾਰਧਾਰਾ ਵੀ। ਜੋ ਸਾਡੇ ਨੌਜਵਾਨ ਵਰਗ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦੇ ਹਨ। ਗੈਂਗਸਟਰ ਕੇਵਲ ਫੋਕਾ ਰੁਝਾਨ ਹੈ, ਜਿਸ ਨੂੰ ਸਾਡੀ ਗਾਇਕੀ ਨੇ ਵਾਧੂ ਹਵਾ ਦਿੱਤੀ ਹੋਈ ਹੈ। ਨੌਜਵਾਨਾਂ ਦੀ ਸ਼ਕਤੀ ਤੋਂ ਫਾਇਦਾ ਲਿਆ ਜਾਵੇ। ਉਨ੍ਹਾਂ ਦੀਆਂ ਲੋੜਾਂ ਵੱਲ ਧਿਆਨ ਦਿੱਤਾ ਜਾਵੇ। ਇਹ ਕਾਰਜ ਸਾਡੇ ਸਮਾਜ ਦੇ ਸਿਆਣੇ ਵਿਦਵਾਨਾਂ ਅਤੇ ਚਿੰਤਨਸ਼ੀਲ ਵਰਗ ਦਾ ਹੁੰਦਾ ਹੈ ਕਿ ਉਹ ਸਮਾਜ ਵਿਚ ਪਨਪਦੇ ਨਵੇਂ ਹਾਲਾਤ ਦਾ ਚਿੰਤਨ ਕਰਦੇ ਹੋਏ ਕੋਈ ਢੁਕਵਾਂ ਹੱਲ ਕੱਢਣ। ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਹਾਲਾਤ ਨਾ ਬਣਨ ਦਿੱਤੇ ਜਾਣ, ਜਿਸ ਨਾਲ ਨੌਜਵਾਨ ਕੁਰਾਹੇ ਪੈਣ। ਨੌਜਵਾਨ ਖ਼ੁਦ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਇਸ ਤਰ੍ਹਾਂ ਸਾਰਿਆਂ ਦੇ ਮੇਲ-ਜੋਲ ਨਾਲ ਇਸ ਨਵੇਂ ਰੁਝਾਨ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਫਿਰ ਦੇਖਣਾ ਨੌਜਵਾਨ ਸ਼ਕਤੀ ਸਮਾਜ ਦੀ ਕਾਇਆ ਹੀ ਪਲਟ ਦੇਵੇਗੀ।

-ਵਿਦਿਆਰਥੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲੀਜੀਅਸ ਸਟੱਡੀਜ਼, ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ। ਮੋਬਾ: 98555-34961

ਪੰਜਾਬ ਭਾਲਦਾ ਇਕ ਹੋਰ ਹਰੀ ਕ੍ਰਾਂਤੀ


ਪਿਛਲੇ ਦਿਨੀਂ ਪੰਜਾਬ ਦੇ ਵਾਤਾਵਰਨ ਅਤੇ ਜੰਗਲਾਤ ਮਹਿਕਮੇ ਦੀਆਂ ਆਈਆਂ ਖਬਰਾਂ ਨੇ ਦਿਲ ਹਿਲਾ ਕੇ ਰੱਖ ਦਿੱਤਾ। ਦੇਸ਼ ਵਿਚ ਖੇਤਰਫਲ ਮੁਤਾਬਿਕ 20ਵੇਂ ਨੰਬਰ 'ਤੇ ਠਹਿਰਨ ਵਾਲਾ ਪੰਜਾਬ ਮੌਜੂਦਾ ਸਮੇਂ ਦਰੱਖਤਾਂ ਦੀ ਕਟਾਈ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਹੈ। ਵਿਕਾਸ ਦੇ ਨਾਅ 'ਤੇ ਅਸੀਂ ਅੱਜ ਮਜ਼ਬੂਤ-ਚੌੜੀਆਂ ਸੜਕਾਂ, ਜਿੱਥੇ ਅਸੀਂ ਮਹਿੰਗੇ ਟੋਲ ਟੈਕਸ ਭਰ ਕੇ ਵਰਤ ਰਹੇ ਹਾਂ, ਉੱਥੇ ਹੀ ਸਾਡੀ ਆਪਣੀ ਅਤੇ ਸਰਕਾਰਾਂ ਦੀ ਅਣਗਹਿਲੀ ਨੇ ਸਾਡੇ ਭਵਿੱਖ ਨੂੰ ਮੌਤ ਦੇ ਮੂੰਹ ਵਿਚ ਝੋਂਕ ਕੇ ਰੱਖ ਦਿੱਤਾ ਹੈ। ਹਰਿਆਲੀ ਦੀ ਘਾਟ ਨੇ ਪੰਜਾਬ ਦੀ ਖੂਬਸੂਰਤੀ ਨੂੰ ਤਾਂ ਤਾਰ-ਤਾਰ ਕੀਤਾ ਹੀ ਹੈ, ਨਾਲ ਹੀ ਸਰਦੀਆਂ ਵਿਚ ਭਾਰੀਆਂ, ਸੰਘਣੀਆਂ ਧੁੰਦਾਂ ਅਤੇ ਗਰਮੀਆਂ ਵਿਚ ਵਧ ਰਿਹਾ ਤਾਪਮਾਨ ਸਾਡਾ ਜਿਊਣਾ ਮੁਸ਼ਕਿਲ ਕਰ ਰਿਹਾ ਹੈ। ਆਕਸੀਜਨ ਦੀ ਕਮੀ ਅਤੇ ਵਧਦਾ ਪ੍ਰਦੂਸ਼ਣ ਲਗਾਤਾਰ ਸਾਡੀਆਂ ਉਮਰਾਂ ਘਟਾ ਰਿਹਾ ਹੈ। ਇਨ੍ਹਾਂ ਹਾਲਤਾਂ ਵਿਚ ਸਾਨੂੰ ਖੁਦ ਅੱਗੇ ਆ ਕੇ ਜ਼ਿੰਮੇਵਾਰੀ ਸੰਭਾਲਣੀ ਪਵੇਗੀ। ਸਮੇਂ ਦੀ ਮੰਗ ਹੈ ਕਿ ਪੰਜਾਬ ਨੂੰ ਮੁੜ ਤੋਂ ਇਕ 'ਹਰੀ ਕ੍ਰਾਂਤੀ' ਦੀ ਲੋੜ ਹੈ। ਪਰ ਇਹ ਕ੍ਰਾਂਤੀ ਖੇਤਾਂ ਵਿਚ ਨਹੀਂ, ਬਲਕਿ ਜੰਗਲਾਂ ਅਤੇ ਦਰੱਖਤਾਂ ਦੇ ਰੂਪ ਵਿਚ ਹੋਵੇਗੀ। ਵਣ-ਮੇਲਿਆਂ ਦੇ ਰੂਪ ਵਿਚ ਰੁੱਖ ਲਗਾ ਕੇ ਪ੍ਰਦਰਸ਼ਨ ਕਰਨ ਦੀ ਬਜਾਏ ਲੱਗੇ ਹੋਏ ਬੂਟਿਆਂ ਦੀ ਸੰਭਾਲ ਕਰੀਏ। ਜੇ ਕਿਤੋਂ ਇਕ ਰੁੱਖ ਕੱਟਿਆ ਜਾਵੇ ਤਾਂ ਉਸ ਦੇ ਬਦਲ ਵਿਚ ਇਕ ਨਵਾਂ ਰੁੱਖ ਲੱਗਣਾ ਯਕੀਨੀ ਬਣਾਈਏ। ਜੇ ਸਰਕਾਰਾਂ ਨੇ ਹੀ ਮੋਰਚਾ ਸਾਂਭਣਾ ਹੁੰਦਾ ਤਾਂ ਇਹ ਸਮੱਸਿਆ ਪੈਦਾ ਹੀ ਨਾ ਹੁੰਦੀ, ਸੋ ਉਨ੍ਹਾਂ ਤੋਂ ਆਸ ਛੱਡੀਏ, ਖੁਦ ਨਿਸਚਾ ਅਪਣਾਈਏ।

-ਬਠਿੰਡਾ। ਮੋਬਾ: 99988-646091
jaspreetae18@gmail.com

ਮੌਲਿਕ ਅਧਿਕਾਰਾਂ ਤੋਂ ਵਿਹੂਣੇ ਸਰਪੰਚਾਂ ਨੂੰ ਕਦੋਂ ਮਿਲਣਗੇ ਅਸਲ ਅਧਿਕਾਰ

ਦੇਸ਼ ਆਜ਼ਾਦ ਹੋਣ ਤੋਂ ਲੈ ਕੇ ਅੱਜ ਤੱਕ ਸਰਕਾਰਾਂ ਲੋਕਤੰਤਰ ਦੀ ਪਹਿਲੀ ਪੌੜੀ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਦੀਆਂ ਨਜ਼ਰ ਆ ਰਹੀਆਂ ਹਨ ਪਰ ਜਮਹੂਰੀਅਤ ਦਾ ਪਹਿਲਾ ਡੰਡਾ ਸਰਪੰਚ ਹੀ ਅਪਣੇ ਪਹਿਲੇ ਅਧਿਕਾਰ ਤੋਂ ਵਾਝਾਂ ਬੈਠਾ ਹੈ, ਜਿਨ੍ਹਾਂ ਦੇ ਬਣਦੇ ਹੱਕ ਸੂਬਾ ਸਰਕਾਰਾਂ ਦੱਬੀ ਬੈਠੀਆਂ ਹਨ। ਪੰਜਾਬ ਦੇ ਸਰਪੰਚਾਂ ਦੇ ਬਣਦੇ ਪਿਛਲੇ ਲਗਪਗ 55 ਮਹੀਨਿਆਂ ਦੇ ਬਣਦੇ ਮਾਤਰ 1200 ਰੁਪਏ ਪ੍ਰਤੀ ਮਹੀਨਾ ਦੇ ਮਾਣ-ਭੱਤੇ ਨੂੰ ਦੱਬੀ ਬੈਠੀ ਹੈ। ਇਸ ਸਬੰਧ 'ਚ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਾਂਗਰਸ ਦੇ ਕਾਰਜਕਾਲ ਦੌਰਾਨ ਕੈਪਟਨ ਸਰਕਾਰ ਸਰਪੰਚਾਂ ਨੂੰ ਮਾਤਰ 600 ਰੁਪਏ ਮਾਣ-ਭੱਤਾ ਦੇਣਾ ਆਰੰਭ ਕੀਤਾ ਸੀ, ਜਿਸ ਨੂੰ ਅਕਾਲੀ ਸਰਕਾਰ ਨੇ ਵੀ ਆਪਣੇ 2007 ਤੋਂ ਲੈ ਕੇ 2012 ਦੇ ਕਾਰਜਕਾਲ ਦੌਰਾਨ ਦਿੱਤਾ ਸੀ। ਇਸ ਤੋਂ ਬਆਦ ਅਕਾਲੀ-ਭਾਜਪਾ ਸਰਕਾਰ ਨੇ ਮਾਣਭੱਤੇ ਨੂੰ ਦੁੁੱਗਣਾ ਕਰਕੇ 1200 ਰੁੁਪਏ ਕਰ ਦਿੱਤਾ। ਇਸ ਉਪਰੰਤ ਜੂਨ 2013 'ਚ ਬਣੀਆਂ ਪੰਚਾਇਤਾਂ ਨੂੰ ਸਰਕਾਰ ਦੀ ਸਵੱਲੀ ਨਜ਼ਰ ਦੀ ਅਣਹੋਂਦ ਕਾਰਨ ਸਰਪੰਚਾਂ ਨੂੰ ਇਕ ਵਾਰ ਵੀ ਨਸੀਬ ਨਹੀਂ ਹੋਇਆ।
ਬੇਸ਼ੱਕ ਕੁਝ ਜ਼ਿਲ੍ਹਿਆਂ 'ਚ ਸਰਪੰਚਾਂ ਨੂੰ ਮਾਣ ਭੱਤਾ ਦਿੱਤਾ ਵੀ ਗਿਆ ਪਰ ਲੁਧਿਆਣੇ ਦੇ ਲਗਪਗ 928 ਸਰਪੰਚਾਂ ਨੂੰ ਇਕ ਵਾਰ ਵੀ ਨਸੀਬ ਨਹੀਂ ਹੋ ਸਕਿਆ, ਜੋ ਕਿ ਲੁਧਿਆਣੇ ਦੇ ਸਰਪੰਚਾਂ ਨਾਲ ਵਿਕਤਰਾ ਹੁੰਦਾ ਹੋਇਆ ਵੀ ਨਜ਼ਰ ਆਇਆ, ਜਿਸ ਬਾਰੇ ਵਾਰ-ਵਾਰ ਪੰਚਾਇਤ ਮੰਤਰੀ ਦੀ ਜਾਣਕਾਰੀ 'ਚ ਵੀ ਲਿਆਂਦਾ ਗਿਆ ਪਰ ਕੋਈ ਨਤੀਜਾ ਨਹੀਂ ਨਿਕਲਿਆ। ਅੱਜ ਤੱਕ 55 ਮਹੀਨੇ ਬੀਤਣ 'ਤੇ ਇਕੱਲੇ ਲੁਧਿਆਣਾ ਜ਼ਿਲ੍ਹੇ ਦੇ 928 ਸਰਪੰਚਾਂ ਦਾ ਲਗਪਗ 6 ਕਰੋੜ, 13 ਲੱਖ ਰੁੁਪਏ ਦੀ ਰਾਸ਼ੀ ਬਕਾਇਆ ਖੜ੍ਹੀ ਹੈ, ਜਿਸ ਨੂੰ ਵਿਚਾਰੇ ਸਰਪੰਚ ਸਰਕਾਰ ਉੱਪਰ ਨਜ਼ਰ ਟਿਕਾਈ ਬੈਠੇ ਹਨ। ਅੱਜ ਦੇ ਮਹਿੰਗਾਈ ਦੇ ਯੁੱਗ 'ਚ ਪਿੰਡਾਂ 'ਚ ਸੇਵਾ ਨਿਭਾਅ ਰਹੇ ਸਰਪੰਚਾਂ ਦੇ ਹਜ਼ਾਰਾਂ ਰੁਪਏ ਮਹੀਨਿਆਂ ਦੇ ਹਿਸਾਬ ਨਾਲ ਖਰਚੇ ਹੁੰਦੇ ਹਨ, ਕਿਸੇ ਵੀ ਸਰਕਾਰੀ ਮਹਿਕਮੇ ਦੇ ਅਫਸਰਾਂ ਦੀ ਆਓ ਭਗਤ ਦੇ ਖਰਚੇ, ਨੇਤਾਵਾਂ ਦੀਆਂ ਰੈਲੀਆਂ ਦੇ ਖਰਚੇ ਆਦਿ।
ਸਰਕਾਰਾਂ ਬਣਾਉੁਣ ਲਈ ਸਭ ਤੋਂ ਵੱਡਾ ਰੋਲ ਸਰਪੰਚ ਦਾ ਹੁੰਦਾ ਹੈ ਪਰ ਸਰਕਾਰ ਬਣਦੇ ਕੁਝ ਕੁ ਮਹੀਨਿਆਂ 'ਚ ਹਲਕਾ ਵਿਧਾਇਕਾਂ ਵਲੋਂ ਸਰਪੰਚਾਂ ਨੂੰ ਉਨ੍ਹਾਂ ਦੀ ਅਸਲੀ ਜਗ੍ਹਾ 'ਤੇ ਬਿਠਾ ਦਿੱਤਾ ਜਾਂਦਾ ਹੈ। ਕਾਂਗਰਸ ਸਰਕਾਰ ਨੇ ਤਾਂ ਜੱਗੋਂ ਤੇਰ੍ਹਵੀਂ ਕਰਦੇ ਹੋਏ ਲੋਕਤੰਤਰ ਦਾ ਘਾਣ ਕਰਦਿਆਂ ਸਰਪੰਚਾਂ ਦੇ ਉੱਪਰ ਸਾਬਕਾ ਫੌਜੀਆਂ ਨੂੰ ਬਿਠਾ ਦਿੱਤਾ ਹੈ, ਜਿਨ੍ਹਾਂ ਨੂੰ 10,000 ਰੁਪਏ ਪ੍ਰਤੀ ਮਹੀਨੇ ਦੇਣਾ ਮਿੱਥਿਆ ਗਿਆ ਹੈ, ਜੋ ਕਿ ਸਰਪੰਚਾਂ ਨਾਲ ਨਾਜਾਇਜ਼ ਧੱਕਾ ਹੈ, ਜੋ ਕਿ ਸਰਪੰਚਾਂ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ 'ਚ ਸਰਪੰਚੀ ਦੀਆਂ ਚੋਣਾਂ ਨਾ ਕਰਵਾਉਣ, ਹਰੇਕ ਪਿੰਡ 'ਚ ਇਕ ਸਾਬਕਾ ਫੌਜੀ ਨੂੰ ਹੀ ਜ਼ਿੰਮੇਵਾਰੀ ਸੌਂਪ ਦੇਣ। ਸਰਕਾਰ ਨੂੰ ਸਰਪੰਚਾਂ ਦੀਆਂ ਜ਼ਿੰਮੇਵਾਰੀਆਂ ਅਤੇ ਕੰਮਕਾਜ ਨੂੰ ਦੇਖਦਿਆਂ 15,000 ਰੁਪਏ ਮਹੀਨਾ ਰੁਪਏ ਦਾ ਮਾਣ-ਭੱਤਾ ਦੇਣਾ ਚਾਹੀਦਾ ਹੈ, ਜੋ ਕਿ ਹਰ ਮਹੀਨੇ ਦੇਣਾ ਨਿਸਚਿਤ ਕੀਤਾ ਜਾਵੇ। ਜੇਕਰ ਸਰਕਾਰ ਵਲੋਂ ਬਕਾਇਆ ਰਾਸ਼ੀ ਇਸ ਮਹੀਨੇ ਜਾਰੀ ਨਾ ਕੀਤੀ ਤਾਂ ਸਰਪੰਚਾਂ ਵਲੋਂ ਅਪਣੇ ਹੱਕਾਂ ਲਈ ਲਾਮਬੰਦ ਹੋ ਕੇ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਪਿੰਡਾਂ 'ਚ ਕੀਤੇ ਜਾਂਦੇ ਇਜਲਾਸ, ਪੰਚਾਇਤੀ ਮੀਟਿੰਗਾਂ, ਜਾਗ੍ਰਿਤੀ ਪ੍ਰੋਗਰਾਮ, ਸਰਪੰਚਾਂ ਦਾ ਜ਼ਿਲ੍ਹੇ ਤੇ ਬਲਾਕ ਦੀਆਂ ਮੀਟਿੰਗਾਂ 'ਚ ਜਾਣ ਦਾ ਖਰਚਾ ਸਰਪੰਚ ਆਪਣੀ ਜੇਬ 'ਚੋਂ ਕਰਦੇ ਹਨ। ਵਿਧਾਇਕਾਂ ਅਤੇ ਸੰਸਦ ਮੈਂਬਰਾਂ, ਚੇਅਰਮੈਨਾਂ ਦੀਆਂ ਤਨਖਾਹਾਂ 'ਚ ਵਾਰ-ਵਾਰ ਵਾਧਾ ਹੁੰਦਾ ਆ ਰਿਹਾ ਹੈ। ਕੀ ਸਰਕਾਰਾਂ ਜਾਂ ਮੰਤਰੀਆਂ ਨੂੰ ਸਰਪੰਚਾਂ ਦੇ ਖਰਚਿਆਂ ਬਾਰੇ ਜਾਣਕਾਰੀ ਨਹੀਂ, ਜੋ ਇਕ ਵਾਰੀ ਵੀ ਸਰਪੰਚਾਂ ਬਾਰੇ ਹਾਅ ਦਾ ਨਾਅਰਾ ਨਹੀਂ ਮਾਰਦੇ।

-ਸਾਬਕਾ ਚੇਅਰਮੈਨ, ਸਰਪੰਚ ਐਸੋਸੀਏਸ਼ਨ, ਦੋਰਾਹਾ, ਹਲਕਾ ਪਾਇਲ। ਮੋਬਾ: 98144-09793


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX