ਤਾਜਾ ਖ਼ਬਰਾਂ


ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  10 minutes ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  49 minutes ago
ਭੁਵਨੇਸ਼ਵਰ, 20 ਜਨਵਰੀ- ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ 'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਕੀਮ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ। ਉਹ ਇਕ ਭ੍ਰਿਸ਼ਟ ....
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  55 minutes ago
ਚੇਨਈ, 20 ਜਨਵਰੀ- ਦੇਸ਼ 'ਚ ਰੱਖਿਆ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਉਦਘਾਟਨ ਕੀਤਾ। ਇਸ ਮੌਕੇ ਸੀਤਾਰਮਨ ਨੇ ਕਿਹਾ ਕਿ ਇਸ ਨੂੰ ਲੈ ਕੇ ਸਥਾਨਕ ਉਦਯੋਗ ਦੀ .......
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਮੁੰਬਈ, 20 ਜਨਵਰੀ- ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਂਸਿੰਗ ਦੇ ਜਰੀਏ ਮਹਾਰਾਸ਼ਟਰ ਅਤੇ ਗੋਆ ਦੇ ਭਾਜਪਾ ਵਰਕਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਲਕਾਤਾ 'ਚ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਅਤੇ ਮਹਾਂ ਗੱਠਜੋੜ ਨੂੰ ਲੈ ਕੇ .....
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਉੱਪਰ ਇਕੱਲਿਆਂ ਚੋਣ ਲੜੇਗੀ......
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  about 1 hour ago
ਹੈਦਰਾਬਾਦ, 20 ਜਨਵਰੀ- ਮਾਲ ਖ਼ੁਫ਼ੀਆ ਡਾਇਰੈਕਟੋਰੇਟ ਨੇ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 1996.70 ਗ੍ਰਾਮ ਸੋਨੇ ਦੇ ਨਾਲ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੇ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ਕੀਮਤ .....
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  about 1 hour ago
ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)- ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਹਰਮੋਹਨ ਧਵਨ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਭਗਵੰਤ ਮਾਨ ਵੱਲੋਂ ਬਰਨਾਲਾ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ .....
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  about 2 hours ago
ਦਮਿਸ਼ਕ, 20 ਜਨਵਰੀ- ਸੀਰੀਆ ਦੇ ਅਫਰੀਨ ਸ਼ਹਿਰ 'ਚ ਅੱਜ ਹੋਏ ਇੱਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਧਮਾਕਾ ਇੱਕ ਸਥਾਨਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ...
ਅਫ਼ਗ਼ਾਨਿਸਤਾਨ 'ਚ ਗਵਰਨਰ ਦੇ ਕਾਫ਼ਲੇ 'ਤੇ ਹਮਲਾ, ਅੱਠ ਲੋਕਾਂ ਦੀ ਮੌਤ
. . .  about 2 hours ago
ਕਾਬੁਲ, 20 ਜਨਵਰੀ- ਅਫ਼ਗ਼ਾਨਿਸਤਾਨ ਦੇ ਮੱਧ ਲੋਗਾਰ ਪ੍ਰਾਂਤ 'ਚ ਗਵਰਨਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਹੋਰ .....
ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 20 ਜਨਵਰੀ- ਪਾਕਿਸਤਾਨ ਵਲੋਂ ਅੱਜ ਇੱਕ ਵਾਰ ਫਿਰ ਭਾਰਤ-ਪਾਕਿ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਪਾਕਿਸਤਾਨ ਨੇ ਅੱਜ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ ਪੈਂਦੇ ਹੀਰਾਨਗਰ ਸੈਕਟਰ 'ਚ ਗੋਲੀਬਾਰੀ ਕੀਤੀ, ਜਿਸ ਦਾ ਭਾਰਤੀ ਫੌਜ ਵਲੋਂ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਤਿੰਨ ਕਿਸ਼ਤਾਂ ਵਿਚ ਛਪਣ ਵਾਲੀ ਕਹਾਣੀ: ਜਬ੍ਹੇ ਵਾਲੀ ਔਰਤ

ਮੇਰੀ ਪਤਨੀ ਮੈਨੂੰ ਚਾਹ ਪੀਣ ਵਾਸਤੇ ਬੁਲਾ ਰਹੀ ਸੀ | ਦਰਅਸਲ ਉਹ ਰੋਜ਼ਾਨਾ ਹੀ ਸਵੇਰੇ 11 ਵਜੇ ਦੇ ਕਰੀਬ ਦੂਜੀ ਵਾਰ ਦੀ ਚਾਹ ਬਣਾਉਂਦੀ ਹੈ ਅਤੇ ਸਰਕਾਰੀ ਮਹਿਕਮੇ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਅਸੀਂ ਦੋਵੇਂ ਇਕੱਠੇ ਬੈਠ ਕੇ ਉਸ ਵੇਲੇ ਦੀ ਚਾਹ ਦਾ ਲੁਤਫ਼ ਲੈਂਦੇ ਹਾਂ | ਸਾਡੀ ਕੰਮ-ਵਾਲੀ ਵੀ ਅਕਸਰ ਉਸ ਵੇਲੇ ਸਾਡਾ ਸਾਥ ਦਿੰਦੀ ਹੈ | ਮੈਂ ਦੇਖਿਆ ਕਿ ਅੱਜ ਕੰਮ-ਵਾਲੀ ਸ਼ੀਲਾ ਤਾਂ ਨਹੀਂ ਹੈ, ਇਹ ਤਾਂ ਕੋਈ ਹੋਰ ਹੀ ਨੌਜਵਾਨ ਔਰਤ ਹੈ | ਪੁੱਛਣ 'ਤੇ ਪਤਨੀ ਨੇ ਦੱਸਿਆ ਕਿ ਸ਼ੀਲਾ ਤਾਂ ਕੰਮ ਤੋਂ ਹਟ ਗਈ ਹੈ, ਉਹਦੀ ਤਬੀਅਤ ਅੱਜਕਲ੍ਹ ਠੀਕ ਨਹੀਂ ਰਹਿੰਦੀ | ਇਸ ਔਰਤ ਨੂੰ ਵੀ ਸ਼ੀਲਾ ਨੇ ਹੀ ਕੰਮ 'ਤੇ ਰਖਵਾਇਆ ਹੈ |
'ਕੀ ਨਾਂਅ ਏ ਤੇਰਾ?' ਮੈਂ ਉਸ ਨਵੀਂ ਔਰਤ ਨੂੰ ਪੁੱਛਿਆ |
'ਜੀ ਸਮੀਨਾ' ਉਸ ਨੇ ਜਵਾਬ ਦਿੱਤਾ |
'ਸਮੀਨਾ ਤੂੰ ਕਿਥੋਂ ਤਸ਼ਰੀਫ਼ ਲਿਆਈ ਏਾ'
'ਜੀ ਮੇਰਾ ਤੁਅੱਲਕ ਜ਼ਿਲ੍ਹਾ ਪ੍ਰਤਾਪਗੜ੍ਹ ਸੂਬਾ ਉੱਤਰ ਪ੍ਰਦੇਸ਼ ਨਾਲ ਏ'
'ਕੀ ਤੂੰ ਪਹਿਲੀ ਦਫ਼ਾ ਪੰਜਾਬ ਆਈ ਏਾ?'
'ਜੀ ਹਾਂ' ਉਹ ਬਹੁਤ ਠੰਢੇ ਦਿਮਾਗ਼ ਨਾਲ ਉੱਤਰ ਦੇ ਰਹੀ ਸੀ |
'ਫਿਰ ਇੱਥੇ ਆਉਣ ਦਾ ਕੀ ਸਬੱਬ ਬਣਿਆ?'
'ਜੀ ਬੱਸ ਮੈਂ ਆਪਣੇ ਸ਼ੌਹਰ ਨੂੰ ਲੱਭਦੇ-ਲੱਭਦੇ ਇੱਥੋਂ ਤੱਕ ਆ ਗਈ ਆਂ'
'ਉਹ ਕਿਵੇਂ?' ਮੈਂ ਅਗਲਾ ਸਵਾਲ ਕੀਤਾ | ਹੁਣ ਮੈਨੂੰ ਉਹਦੀਆਂ ਗੱਲਾਂ ਵਿਚ ਡੂੰਘੀ ਦਿਲਚਸਪੀ ਜਾਗ ਪਈ ਸੀ |
'ਇਹ ਤਾਂ ਅੰਕਲ ਜੀ ਇਕ ਲੰਮੀ ਕਹਾਣੀ ਏਾ'
'ਕਹਾਣੀ ਤੂੰ ਬਾਅਦ ਵਿਚ ਸੁਣਾਈਾ, ਪਹਿਲਾਂ ਚਾਹ ਪੀ ਲੈ, ਉਹ ਠੰਢੀ ਹੋ ਰਹੀ ਏ |' ਵਿਚਦੀ ਮੇਰੀ ਪਤਨੀ ਨੇ ਹੁਕਮ ਸੁਣਾਇਆ | ਸਮੀਨਾ ਨੇ ਚਾਹ ਦੀ ਪਿਆਲੀ ਚੁੱਕ ਲਈ | ਮੈਂ ਚਾਹੁੰਦਾ ਸੀ ਕਿ ਉਹ ਝੱਟ ਦੇਣੇ ਚਾਹ ਦੀ ਪਿਆਲੀ ਖ਼ਤਮ ਕਰੇ ਅਤੇ ਆਪਣੀ ਕਹਾਣੀ ਨੂੰ ਅੱਗੇ ਵਧਾਵੇ ਪਰ ਉਸ ਨੇ ਤਾਂ ਆਪਣੀ ਮਰਜ਼ੀ ਨਾਲ ਹੀ ਹੌਲੀ-ਹੌਲੀ ਚਾਹ ਦਾ ਕੱਪ ਖ਼ਤਮ ਕੀਤਾ ਅਤੇ ਇਕ ਪਾਸੇ ਰੱਖ ਦਿੱਤਾ |
'ਸਮੀਨਾ ਹੁਣ ਤੂੰ ਸੁਣਾ ਦੇ ਆਪਣੀ ਕਹਾਣੀ' ਮੇਰੀ ਪਤਨੀ ਨੇ ਮੈਨੂੰ ਅਗਲੀ ਗੱਲ ਸੁਣਨ ਨੂੰ ਉਤਾਵਲਾ ਦੇਖਦੇ ਹੋਏ ਆਪਣੇ ਵਲੋਂ ਮੇਰੀ ਸਿਫ਼ਾਰਸ਼ ਕਰ ਦਿੱਤੀ |
ਸਮੀਨਾ ਨੇ ਆਪਣੇ ਦੁਪੱਟੇ ਨਾਲ ਆਪਣਾ ਮੂੰਹ ਪੂੰਝਿਆ ਅਤੇ ਦੱਸਣਾ ਸ਼ੁਰੂ ਕੀਤਾ, 'ਮੈਂ ਅੰਕਲ ਜੀ ਉਦੋਂ ਸੋਲ੍ਹਾਂ ਸਾਲ ਦੀ ਸੀ ਜਦੋਂ ਕਾਲੂ ਨਾਂਅ ਦੇ ਮੁੰਡੇ ਨਾਲ ਮੇਰਾ ਨਿਕਾਹ ਹੋ ਗਿਆ | ਤਕਰੀਬਨ ਇਕ ਸਾਲ ਤੱਕ ਸਾਡੀਆਂ ਖੁਸ਼ੀਆਂ ਬਰਕਰਾਰ ਰਹੀਆਂ | ਉਸ ਤੋਂ ਬਾਅਦ ਕੰਮ ਦੇ ਸਿਲਸਿਲੇ ਵਿਚ ਕਾਲੂ ਪੰਜਾਬ ਚਲਾ ਆਇਆ, ਉਹ ਪਹਿਲਾਂ ਤੋਂ ਹੀ ਇੱਥੇ ਕੰਮ ਕਰਦਾ ਸੀ | ਦੋ ਸਾਲ ਤੱਕ ਮੈਨੂੰ ਇਹਦੀ ਕੋਈ ਖ਼ਬਰ ਨਹੀਂ ਮਿਲੀ | ਇਹਨੇ ਵੀ ਆਪਣੀ ਖੁਸ਼ੀ ਗ਼ਮੀ ਦਾ ਮੈਨੂੰ ਕੋਈ ਖ਼ਤ ਨਾ ਭੇਜਿਆ |'
'ਅੱਛਾ ਫਿਰ ਕੀ ਹੋਇਆ?' ਮੈਂ ਪੁੱਛਿਆ |
'ਫਿਰ ਅੰਕਲ ਜੀ ਮੇਰੀ ਮਾਂ ਤਾਂ ਚਾਹੁੰਦੀ ਸੀ ਕਿ ਮੈਂ ਕਿਸੇ ਹੋਰ ਮੁੰਡੇ ਨਾਲ ਵਿਆਹ ਕਰਵਾ ਲਵਾਂ, ਉਹਦਾ ਕਹਿਣਾ ਸੀ ਕਿ ਜਿਸ ਬੰਦੇ ਨੂੰ ਤੇਰੀ ਪਰਵਾਹ ਨਹੀਂ, ਤੂੰ ਵੀ ਉਹਦੀ ਪਰਵਾਹ ਨਾ ਕਰ ਪਰ ਮੈਂ ਨਾ ਮੰਨੀ | ਮੇਰਾ ਮੰਨਣਾ ਹੈ ਕਿ ਜਿਸ ਨੂੰ ਇਕ ਵਾਰੀ ਸਿਰ ਦਾ ਸਾਈਾ ਮੰਨ ਲਿਆ, ਸਾਰੀ ਉਮਰ ਉਸੇ ਦੀ ਬੀਵੀ ਬਣ ਕੇ ਰਹਿਣਾ ਹੈ | ਉਸ ਦੇ ਇਲਾਵਾ ਕਈ ਰਿਸ਼ਤੇਦਾਰਾਂ ਨੇ ਵੀ ਮੇਰਾ ਹੌਾਸਲਾ ਢਾਹੁਣ ਦੀ ਕੋਸ਼ਿਸ਼ ਕੀਤੀ ਪਰ ਮੈਂ ਹਾਰ ਨਾ ਕਬੂਲ ਕੀਤੀ | ਮੈਨੂੰ ਇਸ ਗੱਲ ਦਾ ਤਾਂ ਪਤਾ ਸੀ ਕਿ ਕਾਲੂ ਬਠਿੰਡਾ ਛਾਉਣੀ ਵਿਚ ਕਿਸੇ ਠੇਕੇਦਾਰ ਕੋਲ ਕੰਮ ਕਰਦਾ ਹੈ ਪਰ ਇਹ ਮਾਲੂਮ ਨਹੀਂ ਸੀ ਕਿ ਬਠਿੰਡਾ ਕਿੱਥੇ ਕੁ ਹੈ | ਸਾਡੇ ਪਿੰਡ ਦਾ ਇਕ ਅਖ਼ਤਰ ਨਾਂਅ ਦਾ ਬੰਦਾ ਆਪਣੀ ਪਤਨੀ ਸਮੇਤ ਇੱਥੇ ਬਠਿੰਡਾ ਸ਼ਹਿਰ ਵਿਚ ਰਹਿੰਦਾ ਹੈ | ਇਕ ਵਾਰ ਉਹ ਸਾਡੇ ਪਿੰਡ ਗਿਆ ਤਾਂ ਮੈਂ ਉਹਦੇ ਘਰ ਚਲੀ ਗਈ ਅਤੇ ਉਹਦੇ ਸਾਹਮਣੇ ਆਪਣਾ ਸਾਰਾ ਮਾਜਰਾ ਬਿਆਨ ਕਰ ਦਿੱਤਾ | ਅਖ਼ਤਰ ਕਹਿੰਦਾ ਕਿ ਬਠਿੰਡਾ ਏਨਾ ਵੱਡਾ ਸ਼ਹਿਰ ਹੈ ਅਤੇ ਉੱਥੇ ਇੰਨੀ ਵੱਡੀ ਛਾਉਣੀ ਹੈ, ਕਾਲੂ ਦਾ ਇਵੇਂ ਕਿਵੇਂ ਪਤਾ ਲੱਗ ਸਕਦਾ ਹੈ | ਮੈਂ ਕਿਹਾ ਤੂੰ ਬੱਸ ਇਕ ਵਾਰੀ ਮੈਨੂੰ ਬਠਿੰਡਾ ਛਾਉਣੀ ਦਿਖਾ ਦੇ, ਕਾਲੂ ਨੂੰ ਤਾਂ ਮੈਂ ਆਪੇ ਲੱਭ ਲਊਾਗੀ | ਮੇਰੀ ਅਰਜ਼ ਕਰਨ 'ਤੇ ਉਹ ਮੰਨ ਗਿਆ ਅਤੇ ਉਸ ਨੇ ਕਿਹਾ ਕਿ ਠੀਕ ਹੈ ਅੱਜ ਸੋਮਵਾਰ ਹੈ, ਆਪਾਂ ਬੁੱੱਧਵਾਰ ਨੂੰ ਚੱਲਾਂਗੇ, ਤੂੰ ਆਪਣਾ ਸਾਮਾਨ ਬੰਨ੍ਹ ਲੈ ਅਤੇ ਉਸ ਦਿਨ ਤਿਆਰ ਰਹਿਣਾ | ਉਹਦਾ ਜਵਾਬ ਸੁਣ ਕੇ ਮੈਂ ਖੁਸ਼ ਹੋ ਗਈ ਅਤੇ ਮੈਂ ਆਪਣੇ ਸਾਰੇ ਜ਼ਰੂਰੀ ਸਾਮਾਨ ਦਾ ਬੰਦੋਬਸਤ ਕਰ ਲਿਆ, ਕਾਲੂ ਦੇ ਦਸ ਬਾਰ੍ਹਾਂ ਫ਼ੋਟੋ ਵੀ ਬਣਵਾ ਲਏ | ਅਸੀਂ ਬੁੱਧਵਾਰ ਨੂੰ ਗੱਡੀ ਫੜੀ ਅਤੇ ਜੁੰਮੇ ਨੂੰ ਬਠਿੰਡੇ ਪਹੁੰਚ ਗਏ |'
'ਵਾਹ ਬਈ ਵਾਹ' ਮੈਂ ਉਹਦੇ ਹੌਾਸਲੇ ਦੀ ਦਾਦ ਦਿੱਤੇ ਬਿਨਾਂ ਨ੍ਹਾ ਰਹਿ ਸਕਿਆ |
ਉਸ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤਾ, 'ਤੁਹਾਨੂੰ ਪਤਾ ਹੀ ਹੈ ਕਿ ਬਠਿੰਡਾ ਛਾਉਣੀ ਦਾ ਵੱਡਾ ਗੇਟ ਤਾਂ ਵੱਡੀ ਸੜਕ 'ਤੇ ਹੈ | ਇਕ ਛੋਟਾ ਗੇਟ ਉਧਰ ਸ਼ਹਿਰ ਵੱਲ ਖੁੱਲ੍ਹਦਾ ਹੈ ਜਿੱਥੇ ਸਾਡੀ ਰਿਹਾਇਸ਼ ਸੀ | ਉਸ ਬਸਤੀ ਦੇ ਬਹੁਤ ਸਾਰੇ ਲੋਕ ਛਾਉਣੀ ਅੰਦਰ ਨਿੱਤ ਮਜ਼ਦੂਰੀ ਕਰਨ ਜਾਂਦੇ ਹਨ | ਅਖ਼ਤਰ ਨੇ ਮੈਨੂੰ ਪੁੱਛਿਆ ਕਿ ਹੁਣ ਤੇਰੀ ਕੀ ਮਰਜ਼ੀ ਹੈ? ਮੈਂ ਕਿਹਾ ਤੂੰ ਮੈਨੂੰ ਛਾਉਣੀ ਵਿਚ ਕੰਮ ਕਰਨ ਜਾਂਦੀ ਕਿਸੇ ਔਰਤ ਨਾਲ ਮਿਲਾ ਦੇ, ਫਿਰ ਮੈਂ ਜਾਣਾ ਮੇਰਾ ਕੰਮ | ਅਖ਼ਤਰ ਨੇ ਮੇਰੀ ਗੱਲ ਮੰਨ ਲਈ ਅਤੇ ਉਹ ਉਸੇ ਗਲੀ ਵਿਚੋਂ ਕਮਲਾ ਨਾਂਅ ਦੀ ਇਕ ਔਰਤ ਨੂੰ ਬੁਲਾ ਲਿਆਇਆ ਜਿਹੜੀ ਛਾਉਣੀ ਅੰਦਰ ਕੰਮ ਕਰਨ ਜਾਂਦੀ ਸੀ | ਮੈਂ ਕਮਲਾ ਕੋਲ ਕਾਲੂ ਬਾਬਤ ਆਪਣਾ ਸਾਰਾ ਦਰਦ ਬਿਆਨ ਕਰ ਦਿੱਤਾ ਅਤੇ ਉਹਨੂੰ ਭਾਲਣ ਵਾਸਤੇ ਆਪਣਾ ਮਨਸੂਬਾ ਵੀ ਦੱਸ ਦਿੱਤਾ | ਕਮਲਾ ਕਹਿੰਦੀ ਕਿ ਜੋ ਲੋਕ ਛਾਉਣੀ ਅੰਦਰ ਕੰਮ ਕਰਨ ਜਾਂਦੇ ਹਨ ਉਹਨਾਂ ਸਾਰਿਆਂ ਦੇ ਸ਼ਨਾਖ਼ਤੀ ਕਾਰਡ ਬਣੇ ਹੋਏ ਹਨ | ਬਗ਼ੈਰ ਸ਼ਨਾਖ਼ਤੀ ਕਾਰਡ ਦੇ, ਗੇਟ 'ਤੇ ਖੜ੍ਹੀ ਗਾਰਦ ਕਿਸੇ ਨੂੰ ਅੰਦਰ ਨਹੀਂ ਜਾਣ ਦਿੰਦੀ | ਮੈਂ ਕਿਹਾ ਤੂੰ ਮੈਨੂੰ ਇਕ ਵਾਰ ਗੇਟ 'ਤੇ ਪਹੁੰਚਾ ਦੇ ਤਾਂ ਉਸ ਨੇ ਕਿਹਾ ਕਿ ਠੀਕ ਹੈ ਤੂੰ ਤਿਆਰ ਹੋ ਜਾ, ਆਪਾਂ ਇਕ ਘੰਟੇ ਤੋਂ ਬਾਅਦ ਚਲਦੀਆਂ ਹਾਂ |'
'ਅੱਗੇ ਕੀ ਹੋਇਆ ?' ਮੈਂ ਜਲਦ ਤੋਂ ਜਲਦ ਕਾਲੂ ਕੋਲ ਪਹੁੰਚਣਾ ਚਾਹੁੰਦਾ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-1016, ਫੇਜ਼-3 ਭਾਗ-2, ਮਾਡਲ ਟਾਊਨ, ਬਠਿੰਡਾ-151001,
ਮੋਬਾਈਲ : 96461-14221.


ਖ਼ਬਰ ਸ਼ੇਅਰ ਕਰੋ

ਕਾਵਿ-ਮਹਿਫ਼ਲ

* ਹਰਜੀਤ ਸਿੰਘ ਢਿੱਲੋਂ *
ਜੋ ਖੰਭ ਖਿਲਰੇ ਪਏ ਹਨ ਹਾਦਸਾ ਹੋ ਗੁਜ਼ਰਿਆ ਹੋਣਾਂ।
ਤੜਪ ਕੇ ਇਸ ਜਗ੍ਹਾ ਕੋਈ ਪਰਿੰਦਾ ਮਰ ਗਿਆ ਹੋਣਾਂ।
ਸ਼ਿਕਾਰੀ ਬੇਖ਼ਬਰ ਉਨ੍ਹਾਂ ਦੀਆਂ ਪੀੜਾਂ ਤੋਂ ਨਾ ਵਾਕਿਫ਼,
ਜਿਨ੍ਹਾਂ ਦਾ ਗੁੰਮ ਗਿਆ ਹਾਸਾ ਕਦੇ ਨਾ ਪਰਤਿਆ ਹੋਣਾਂ।
ਹਨ੍ਹੇਰੇ ਨੂੰ ਕੋਈ ਚਾਨਣ ਦੀ ਕਾਤਰ ਚੀਰ ਕੇ ਲੰਘੂ,
ਤਾਂ ਸਮਝਾਂਗੇ ਸਮਾਂ ਸ਼ਾਇਦ ਰਤਾ ਕੁ ਬਦਲਿਆ ਹੋਣਾਂ।
ਊਂ ਪਾਗਲ ਹੈ ਮਗਰ ਹਸਦਾ ਕਦੇ ਨਹੀਂ ਸਿਰਫ਼ ਰੋਂਦਾ ਹੈ,
ਕਿਸੇ ਬੇਰਹਿਮ ਹੋ ਕੇ ਉਸ ਦਾ ਦਿਲ ਤੋੜਿਆ ਹੋਣਾਂ।
ਮੁਹੱਬਤ ਵਿਚ ਇਹ ਨੌਬਤ ਵੀ ਬਣੇਗੀ ਸੋਚਿਆ ਨਾ ਸੀ,
ਜੋ ਮੁੜ ਮੁੜ ਕੇ ਇਵੇਂ ਲਗਦੈ ਕੇ ਦਰ 'ਤੇ ਉਹ ਖੜ੍ਹਾ ਹੋਣਾਂ।
ਤੁਸੀਂ ਦਾਅਵੇ ਕਰੋ ਲੱਖਾਂ ਹੈ ਮੰਨਿਆਂ ਬਹੁਤ ਮਜ਼ਬੂਤੀ,
ਪਿਛਾਂਅ ਝਾਤੀ ਤਾਂ ਮਾਰੋ ਦਿਲ ਕਿਤੇ ਤਾਂ ਥਿੜਕਿਆ ਹੋਣਾਂ।
ਇਹ ਕੋਰਾ ਝੂਠ ਹੈ 'ਢਿੱਲੋਂ' ਕਿਵੇਂ ਵਿਸ਼ਵਾਸ ਕਰ ਲਈਏ,
ਕੁਤਰ ਕੇ ਪਰ ਪਰਿੰਦੇ ਦੇ ਉਹ ਕਹਿੰਦੇ ਉੱਡ ਗਿਆ ਹੋਣਾਂ।

-ਸਾਹਨੇਵਾਲ। ਮੋਬਾਈਲ : 98144-51558.

* ਤੇਲੂ ਰਾਮ ਕੁਹਾੜਾ *
ਕੁੱਟ, ਕੁੱਟ ਸੋਨਾ ਜਿਉਂ ਸੁਨਾਰਾ, ਮੜ੍ਹਦਾ ਵਿਚ ਤਬੀਤ ਕੋਈ।
ਸ਼ਬਦਾਂ ਵਿਚ ਵਲਵਲੇ ਮੜ੍ਹਕੇ ਹੀ ਲਿਖ ਹੁੰਦਾ ਗੀਤ ਕੋਈ।
ਟਕੂਏ, ਰਫਲਾਂ, ਮੱਘੇ ਕੱਢਣੇ, ਇਹ ਮਿਜਾਜ਼ ਨਾ ਗੀਤਾਂ ਦੇ,
ਗੀਤ ਸੁਣਦਿਆਂ ਕੰਨ ਮਹਿਸੂਸਣ, ਜੀਕੁਣ ਬਰਸੇ ਪ੍ਰੀਤ ਕੋਈ।
ਮਹਿਰਮ ਦੀ ਗੱਲ ਕਰੇ ਨਾ ਕੋਈ, ਨਾ ਜ਼ਖ਼ਮਾਂ ਤੇ ਲਾਵੇ ਮਰ੍ਹਮ,
ਤੁਕਬੰਦੀਆਂ ਕਰ ਕਰਕੇ ਰਿਸ਼ਤੇ ਕਰਦਾ ਫਿਰੇ ਪਲੀਤ ਕੋਈ।
ਮਲਕੜੇ ਜਿਹੇ ਬੁੱਲ੍ਹ ਖੋਲ੍ਹ ਕੇ ਕਹਿਣਾ ਸਭ ਕੁਝ ਸੌਖਾ ਹੈ,
ਔਖੀ ਬਹੁਤ ਤੋੜਨੀ ਹੁੰਦੀ, ਯੁਗਾਂ ਪੁਰਾਣੀ ਰੀਤ ਕੋਈ।
'ਤੇਲੂ ਰਾਮਾ' ਚੱਲੀਂ ਬਚ ਕੇ ਪੈਂਡੇ, ਉਖੜੇ, ਉਖੜੇ ਨੇ,
ਮਤਲਬੀ ਬਹੁਤ ਮਿਲਣਗੇ ਤੈਨੂੰ, ਟਾਵਾਂ ਮਿਲੇਗਾ ਮੀਤ ਕੋਈ।

-ਪਿੰਡ ਤੇ ਡਾਕ: ਕੁਹਾੜਾ, ਜ਼ਿਲ੍ਹਾ ਲੁਧਿਆਣਾ। ਮੋਬਾਈਲ : 94633-53760.

* ਗੁਰਚਰਨ ਨੂਰਪੁਰ *
ਲਿਖ ਤੂੰ ਗੀਤ ਤੇ ਗ਼ਜ਼ਲਾਂ ਜੀ ਸਦਕੇ ਕਵਿਤਾਵਾਂ ਲਿਖ।
ਧੁੱਪ 'ਚ ਬਲਦੇ ਬਿਰਖਾਂ ਲਈ ਪਰ ਠੰਢੀਆਂ ਸੀਤ ਹਵਾਵਾਂ ਲਿਖ।
ਕੋਹਲੂ ਦੇ ਵਿਚ ਪੀੜ ਕੇ ਕੱਢੇ ਸਾਡੇ ਲਹੂ-ਪਸੀਨੇ ਨੂੰ,
ਰੱਖਿਆ ਕਿਹੜੇ ਬੈਂਕਾਂ ਦੇ ਵਿਚ ਉਹਦਾ ਤੂੰ ਸਿਰਨਾਵਾਂ ਲਿਖ।
ਪੋਣਿਆਂ ਦੇ ਵਿਚ ਬੰਨ੍ਹੀ ਟੁੱਕਰ ਆ ਖੜਦੇ ਵਿਚ ਚੌਕਾਂ ਦੇ,
ਸੁੱਕੇ ਪਿੰਜਰ ਕੰਮ ਉਡੀਕਣ ਅੰਦਰੋਂ ਉਠਦੀਆਂ ਆਹਾਂ ਲਿਖ।
ਸੁਪਨੇ ਬੀਜਣ ਵਾਲਾ ਹੁਣ, ਨਸ਼ਿਆਂ ਵਿਚ ਗਲਤਾਨ ਫਿਰੇ,
ਕਿੰਨੇ ਸੁਪਨੇ ਮਾਰ ਬੈਠੀਆਂ, ਬਹੂ ਬੇਟੀਆਂ ਮਾਵਾਂ ਲਿਖ।
ਚਾਰੇ ਪਾਸੇ ਗਲਬਾ ਪਾ ਲਿਆ, ਜ਼ਹਿਰਾਂ ਵੰਡਣ ਵਾਲੇ ਨੇ,
ਫਿਰਨ ਭਟਕਦੇ ਚਿੜੀ ਜਨੌਰਾਂ ਦੇ ਲਈ ਕੁਝ ਕੁ ਛਾਵਾਂ ਲਿਖ।
ਅੰਨਦਾਤਾ ਸੀ ਕਹਿੰਦੇ ਜਿਹਨੂੰ ਰੁੱਖਾਂ ਦੇ ਨਾਲ ਲਟਕ ਰਿਹਾ,
ਉਹਦੇ ਗਲ ਵਿਚ ਰੱਸਾ ਪਾਇਆ ਕਿਹਨਾਂ ਹੱਥਾਂ ਬਾਹਵਾਂ ਲਿਖ।
ਪੜ੍ਹਿਆਂ-ਲਿਖਿਆਂ ਪੁੱਤਰਾਂ ਨੂੰ ਵੀ ਸ਼ਬਦਾਂ ਦੀ ਕੁਝ ਸਮਝ ਪਵੇ,
ਐਹੋ ਜਿਹੇ ਕੁਝ ਅੱਖਰ ਲਿਖ, ਤੇ ਅੱਖਰਾਂ ਵਿਚ ਦੁਆਵਾਂ ਲਿਖ।

-ਜ਼ੀਰਾ। ਮੋਬਾਈਲ : 98550-51099.

* ਗੁਰਪ੍ਰੀਤ ਸਿੰਘ ਪ੍ਰੀਤ *
ਦਿਲਾਂ ਦੇ ਬੰਦ ਨੇ ਬੂਹੇ ਤੇ ਢੁੱਕੀਆਂ ਖਿੜਕੀਆਂ ਜਾਪਣ,
ਕਿ ਸਾਬਤ ਮੂਰਤਾਂ ਜਾਪਣ ਤੇ ਸ਼ਕਲਾਂ ਤਿੜਕੀਆਂ ਜਾਪਣ।
ਕਿਤਾਬਾਂ ਖੋਲ੍ਹ ਕੇ ਵੇਖੀਂ ਤੂੰ ਵਰਕੇ ਫੋਲ ਕੇ ਵੇਖੀਂ,
ਉਹ ਸਤਰਾਂ ਪੜ੍ਹ ਲਵੀਂ ਜੋ ਵੀ ਲਹੂ ਵਿਚ ਰਿੜਕੀਆਂ ਜਾਪਣ।
ਇਹ ਕੈਸਾ ਆ ਰਿਹਾ ਮੌਸਮ ਜੋ ਹਰ ਰੁੱਖ ਖਾ ਰਿਹਾ ਮੌਸਮ
ਕਿਸੇ ਕੱਚੀ ਕਰੂੰਬਲ 'ਤੇ ਵੀ ਜ਼ਹਿਰਾਂ ਛਿੜਕੀਆਂ ਜਾਪਣ।
ਇਹ ਕਿਸਦਾ ਸਾਥ ਬਾਗ਼ੀ ਹੈ ਕਿ ਕਿਸਦੀ ਸੋਚ ਦਾਗ਼ੀ ਹੈ,
ਜਿਹਨਾਂ ਨੇ ਫੈਸਲਾ ਕਰਨਾ ਜ਼ੁਬਾਨਾਂ ਥਿੜਕੀਆਂ ਜਾਪਣ।
ਲਹੂ ਦੀ ਚਮਕ ਨੂੰ ਧੋ ਕੇ ਮੁਲੰਮਾ ਚਾੜ੍ਹ ਜੋ ਖੜ੍ਹੀਆਂ,
ਉਹ ਅੱਜ ਤਾਂ ਸ਼ੀਸ਼ਿਆਂ ਨੇ ਵੀ ਨਿਗਾਹਾਂ ਝਿੜਕੀਆਂ ਜਾਪਣ।

-ਪਿੰਡ ਕਿੱਲੀ ਬੋਦਲਾਂ, ਡਾਕ: ਮਖੂ, ਜ਼ੀਰਾ (ਫਿਰੋਜ਼ਪੁਰ) ਮੋਬਾਈਲ : 98142-91775

ਦਲਾਂ ਦੀ ਦਲਦਲ

ਮੋਦੀ ਪਿਛੇ ਪੈ ਗਈਆਂ ਵਿਰੋਧੀ ਪਾਰਟੀਆਂ | ਅਸਲ 'ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ਾਂ ਜਾਂ ਵਿਦੇਸ਼ 'ਚ ਜਿਥੇ ਵੀ ਜਾਂਦੇ ਹਨ, ਉਨ੍ਹਾਂ ਦੇ ਭਾਸ਼ਣ ਤੋਂ ਪਹਿਲਾਂ ਹੀ ਸਰੋਤਿਆਂ ਦੀ ਭੀੜ ਉਨ੍ਹਾਂ ਦੇ ਦਰਸ਼ਨ ਹੁੰਦਿਆਂ ਹੀ ਇਕ ਜਨੂੰਨ 'ਚ ਗ੍ਰਸੀ ਸਮੂਹਿਕ ਰੌਲਾ ਪਾ ਦਿੰਦੀ ਹੈ.. 'ਮੋਦੀ... ਮੋਦੀ... ਮੋਦੀ...' ਮੋਦੀ ਦੇ ਸੰਬੋਧਨ ਤੋਂ ਪਹਿਲਾਂ ਵਿਚ-ਵਿਚ ਵੀ ਤੇ ਅੰਤ 'ਚ ਵੀ ਮੋਦੀ ਮੋਦੀ ਦਾ ਨਾਦ ਜਾਰੀ ਰਹਿੰਦਾ ਹੈ | ਵਿਰੋਧੀ ਪਾਰਟੀਆਂ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਬੰਗਾਲ ਦੀ ਮੁੱਖ ਮੰਤਰੀ ਮਮਤਾ ਤੇ ਦੂਜੀ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਬੀ.ਐਸ.ਪੀ. ਦੀ ਮੁਖੀਆ ਮਾਇਆਵਤੀ ਵੀ ਖ਼ੂਬ ਜ਼ੋਰ-ਜ਼ੋਰ ਨਾਲ 'ਮੋਦੀ... ਮੋਦੀ...' ਬੋਲ ਰਹੀਆਂ ਹਨ, ਸਾੜੇ ਤੇ ਨਫ਼ਰਤ ਨਾਲ ਦਿਲ ਦੀ ਭੜਾਸ ਕੱਢ ਰਹੀਆਂ ਹਨ ਤੇ ਨਾਲ ਹੀ ਦੂਜੀਆਂ ਸਭੇ ਪਾਰਟੀਆਂ ਦੇ ਮੁਖੀ, ਸੀ.ਪੀ.ਐਮ. ਦੇ ਪ੍ਰਕਾਸ਼ ਕਰਾਤ ਤੇ ਸੀਤਾ ਰਾਮ ਯੇਚੁਰੀ, ਸੀ.ਪੀ.ਆਈ. ਦੇ ਡੀ. ਰਾਜਾ ਤੇ ਹੋਰ ਸਭੇ ਵੀ ਮੋਦੀ-ਮੋਦੀ ਵਾਲਾ ਬੇਸੁਰਾ ਨਾਦ ਮੁਖੋਂ ਅਲਾਪ ਰਹੇ ਹਨ | ਉਡੀਸ਼ਾ (ਓੜੀਸ਼ਾ) ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਪੱਕੀ ਤਰ੍ਹਾਂ ਪਤਾ ਨਹੀਂ ਕਿ ਉਹ ਵੀ ਇਸ ਪਲਟਣ 'ਚ ਸ਼ਾਮਿਲ ਹਨ ਕਿ ਨਹੀਂ, ਇਸ ਸੰਦਰਭ ਵਿਚ ਕਿਉਂਕਿ ਉਨ੍ਹਾਂ ਦੀ ਬੀਜੂ ਦਲ ਦਾ ਵੀ ਮੁੱਖ ਮੁਕਾਬਲਾ ਮੋਦੀ ਦੀ ਬੀ.ਜੇ.ਪੀ. ਨਾਲ ਹੀ ਹੈ |
ਚੋਣਾਂ ਦੀ 100 ਮੀਟਰ ਦੀ ਰੇਸ ਵਿਚ, ਮੋਦੀ ਇਨ੍ਹਾਂ ਸਭਨਾਂ ਨੂੰ ਪਛਾੜ ਕੇ, ਕਈ ਮੀਟਰ ਪਿਛਾਂਹ ਛੱਡ ਕੇ ਜੇ ਅੱਵਲ ਨੰਬਰ 'ਤੇ ਜੇਤੂ ਰਹੇ ਹਨ | 29 ਪ੍ਰਾਂਤਕ ਰਾਜਾਂ 'ਚੋਂ 21 'ਤੇ ਭਾਜਪਾ ਦੀ ਆਪਣੀ ਜਾਂ ਸਮਰਥਕਾਂ ਨਾਲ ਮਿਲ ਕੇ ਬਣੀਆਂ ਸਰਕਾਰਾਂ ਕਾਬਜ਼ ਹਨ |
ਇਹ ਕੀ ਹੋਇਆ ਭਾਇਆ?
ਮੋਦੀ ਆਇਆ, ਮੋਦੀ ਆਇਆ |
ਚਲੋ ਆਪਣੇ-ਆਪਣੇ ਭਰਮ ਭੁਲੇਖੇ ਦੂਰ ਕਰਕੇ (ਫਿਲਹਾਲ) ਇਕ ਹੋ ਜਾਈਏ | ਦੁਸ਼ਮਣ ਦਾ ਦੁਸ਼ਮਣ ਤਾਂ ਦੋਸਤ ਹੁੰਦਾ ਹੀ ਹੈ, ਪਰ ਜਦ ਇਕ ਵੈਰੀ, ਇਕ ਇਕ ਦਾ ਵੈਰੀ, ਇਕ ਹੀ ਹੋਵੇ ਤਾਂ ਦੁਸ਼ਮਣ, ਦੁਸ਼ਮਣ ਆਪਸ 'ਚ ਦੋਸਤ ਹੋ ਜਾਂਦੇ ਹਨ | ਇਕ ਦਾ ਮੁਕਾਬਲਾ ਕਰਨ ਲਈ ਸਾਰੇ ਦਲ ਸਾਰੀਆਂ ਵਿਰੋਧੀ ਪਾਰਟੀਆਂ, ਕੋਈ ਸਾਂਝਾ ਮੋਰਚਾ ਤੇ ਕੋਈ ਸਾਂਝਾ ਫਰੰਟ ਬਣਾਉਣ 'ਚ ਯਤਨਸ਼ੀਲ ਹਨ | ਝਾੜੂ ਦੀ ਸਿਫ਼ਤ ਇਹ ਹੈ, ਤੀਲੇ-ਤੀਲੇ ਇਕੋ ਥਾਂ ਇਕੱਤਰ ਕਰ, ਬੰਨ੍ਹ ਕੇ ਬਣਾਏ ਜਾਂਦੇ ਹਨ, ਝਾੜੂ ਦੀ ਹੀ ਸਿਫ਼ਤ ਹੈ ਕਿ ਇਹ ਜ਼ਿਆਦਾ ਦੇਰ ਬੰਨਿ੍ਹਆ ਨਹੀਂ ਰਹਿ ਸਕਦਾ, ਇਹ ਟੁੱਟ ਕੇ, ਮੁੜ ਤੀਲੇ-ਤੀਲੇ ਹੋ ਜਾਂਦਾ ਹੈ |
ਦਿਲ ਲੈ ਲੈ, ਦਿਲ ਦੇ ਦੇ
ਹੋਰ ਦੱਸ ਸਾਡੇ ਕੋਲੋਂ
ਕੀ ਮੰਗਨੈਂ?
ਜਿਹੜੇ ਮਛਲੀ ਬਾਜ਼ਾਰ 'ਚ ਜਾਂਦੇ ਹਨ, ਉਨ੍ਹਾਂ ਨੇ, ਜਿਹੜੇ ਮੱਛੀ ਵੇਚਦੇ ਹਨ, ਉਨ੍ਹਾਂ ਕੋਲ ਕੇਕੜਿਆਂ ਦੀ ਭਰੀ ਹੋਈ ਟੋਕਰੀ, ਵੀ ਵੇਖੀ ਹੋਣੀ ਹੈ | ਮੱਛੀ ਤਾਂ ਸਾਹਾਂ ਤੋਂ ਨਵਿਰਤ ਹੋ ਚੁੱਕੀ ਹੁੰਦੀ ਹੈ ਪਰ ਕੇਕੜੇ ਜਿਊਾਦੇ ਹੁੰਦੇ ਹਨ, ਇਨ੍ਹਾਂ ਦੀ ਭਰੀ ਟੋਕਰੀ ਮੱਛੀ ਵੇਚਣ ਵਾਲੇ ਮਾਲਕਾਂ ਨੇ ਖੁੱਲ੍ਹੀ ਛੱਡੀ ਹੁੰਦੀ ਹੈ, ਇਨ੍ਹਾਂ ਨੂੰ ਕਿਸੇ ਢੱਕਣ ਨਾਲ ਢਕਿਆ ਨਹੀਂ ਹੁੰਦਾ | ਕਿਸੇ ਨੇ ਮੱਛੀ ਵਾਲੇ ਭਾਈ ਨੂੰ ਪੁੱਛਿਆ, 'ਕੀ ਗੱਲ ਏ, ਤੁਸਾਂ ਕੇਕੜਿਆਂ ਨੂੰ ਖੁੱਲ੍ਹਾ ਛੱਡਿਆ ਹੋਇਐ ਹੈ? ਇਹ ਨਿਕਲ ਕੇ ਭੱਜ ਗਏ ਤਾਂ?
ਮੱਛੀ ਵਾਲੇ ਨੇ ਹੱਸ ਕੇ ਕਿਹਾ, 'ਇਹ ਆਪੇ ਹੀ ਇਕ-ਦੂਜੇ ਨੂੰ ਭੱਜਣ ਨਹੀਂ ਦਿੰਦੇ | ਜਿਹੜਾ ਕੇਕੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਦੂਜੇ ਕੇਕੜੇ ਉਸ ਦੀਆਂ ਲੱਤਾਂ ਖਿੱਚ ਕੇ ਥੱਲੇ ਪਟਕ ਦਿੰਦੇ ਹਨ |'
ਇਹ ਸਾਡੇ ਸਭਨਾਂ ਪਾਰਟੀਆਂ ਦੇ ਲੀਡਰ, ਕੇਕੜੇ ਵਾਲੀ ਪ੍ਰਵਿਰਤੀ ਵਾਲੇ ਹੀ ਹਨ | ਇਕ-ਦੂਜੇ ਦੀਆਂ ਲੱਤਾਂ ਖਿੱਚ ਕੇ, ਉਨ੍ਹਾਂ ਨੂੰ ਥੱਲੇ ਲਾਹੁਣ ਦੀ ਕੋਸ਼ਿਸ਼ 'ਚ ਬਿਜ਼ੀ ਰਹਿੰਦੇ ਹਨ | ਕੀ ਕਰੀਏ, ਸੁਭਾਅ ਕਰਕੇ ਸੁਭਾਵਿਕ ਹੈ |
ਚੰਗੈ, ਸਾਡੀ ਰਾਸ਼ਟਰ ਭਾਸ਼ਾ ਤੇ ਸਾਡੀ ਮਾਤਰ-ਭਾਸ਼ਾ 'ਚ ਪਾਰਟੀ ਨੂੰ ਦਲ ਕਹਿੰਦੇ ਹਨ |
ਇਕ ਦਲ ਤਾਂ ਦਲ ਹੀ ਹੁੰਦਾ ਹੈ ਪਰ ਜੇਕਰ ਇਕ ਦਲ, ਦੂਜੇ ਦਲ ਨਾਲ ਗੱਠਜੋੜ ਕਰ ਲਏ ਤਾਂ ਦਲ+ਦਲ= ਦਲਦਲ ਹੋ ਜਾਂਦੇ ਹਨ | ਦਲਦਲ 'ਚ ਚਿੱਕੜ ਦਾ ਵਿਸ਼ਾਲ ਰੂਪ ਹੈ, ਇਹ ਅੱਜ ਤਾੲੀਂ ਵਿਨਾਸ਼ਕਾਰੀ ਹੀ ਸਾਬਤ ਹੋਇਆ ਹੈ, ਇਕ ਕਹਾਵਤ ਵੀ ਹੈ, ਚਿੱਕੜ 'ਚ ਲੱਤਾਂ ਮਾਰੋਗੇ ਤਾਂ ਛਿੱਟੇ ਆਪਣੇ ਉਤੇ ਹੀ ਪੈਣਗੇ | ਦਲਦਲ 'ਚ ਵੱਡੇ-ਵੱਡੇ ਸਾਨ੍ਹ ਵੀ ਫਸ ਜਾਣ ਤਾਂ ਉਨ੍ਹਾਂ ਦਾ ਬਾਹਰ ਨਿਕਲਣਾ ਬੜਾ ਕਸ਼ਟਦਾਇਕ ਹੁੰਦਾ ਹੈ | ਇਸ ਦਲਦਲ 'ਚ ਫਸੇ ਲੀਡਰ ਤਾਂ ਦਲਦਲ 'ਚ ਫਸੇ ਵੀ ਇਕ-ਦੂਜੇ ਨਾਲ ਆਪਸ 'ਚ ਹੀ ਲੜਨਾ ਸ਼ੁਰੂ ਕਰ ਦਿੰਦੇ ਹਨ | ਇਕ-ਦੂਜੇ ਦਾ ਸਾਥ ਨਿਭਾਉਣ ਹਿਤ ਇਕੱਠੇ ਹੋਏ ਸਨ, ਇਕ-ਦੂਜੇ ਨੂੰ ਹੀ ਦਲਦਲ 'ਚ ਚਿੱਕੜੋ-ਚਿੱਕੜ ਕਰਨ ਲਈ ਪੱਠੇ ਲੜ-ਮਰਨ ਲਈ ਤਤਪਰ ਰਹਿੰਦੇ ਹਨ |
ਇਹ ਨਜ਼ਾਰਾ, ਇਹ ਅਨੁਭਵ ਅਸੀਂ ਪਹਿਲਾਂ ਵੀ ਅਜ਼ਮਾ ਚੁੱਕੇ ਹਾਂ, ਜਦ ਸਵਰਗੀ ਨੇਤਾ ਜੈ ਪ੍ਰਕਾਸ਼ ਨਾਰਾਇਣ ਨੇ ਹੋਕਾ ਦਿੱਤਾ ਸੀ ਕਿ ਕਾਂਗਰਸ ਨੂੰ ਹਰਾਉਣ ਲਈ ਸਾਰੇ ਦਲ ਇਕ-ਦੂਜੇ ਪ੍ਰਤੀ ਸਾਰੀ ਰੰਜਿਸ਼ ਭੁਲਾ ਕੇ ਇਕ ਹੋ ਜਾਣ | ਫਾਰਮੂਲਾ ਫਿੱਟ ਰਿਹਾ, ਬਹੁਤੀਆਂ ਪਾਰਟੀਆਂ ਨੇ ਇਹ ਮਤ ਸਵੀਕਾਰ ਕੀਤਾ, ਆਪਣੀ-ਆਪਣੀ ਪਾਰਟੀ ਨੂੰ ਪਾਰਖਤੀ ਦੇ ਕੇ, ਸਮੰੁਦਰ ਨੂੰ ਕੁੱਜੇ 'ਚ ਬੰਦ ਕਰ ਕੇ, ਸਾਂਝੀ ਪਾਰਟੀ ਜਨਤਾ ਪਾਰਟੀ ਬਣਾ ਲਈ...
ਜੈ ਹੋ ਗਈ... ਨਿਸ਼ਾਨ ਤੇ ਚੋਣ ਨਿਸ਼ਾਨ ਸੀ ਘੰੁਮਦਾ (ਸਥਿਰ) ਚੱਕਰ | ਕਾਂਗਰਸ ਜਿਹੀ ਪਾਰਟੀ ਨੂੰ ਚੱਕਰਾਂ 'ਚ ਪਾ ਦਿੱਤਾ, ਇੰਦਰਾ ਗਾਂਧੀ ਜਿਹੀ ਨੇਤਾ, ਜਿਸ ਨੂੰ 'ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ' ਦਾ ਿਖ਼ਤਾਬ ਦਿੱਤਾ ਗਿਆ ਸੀ, ਉਹਨੂੰ ਰਾਜ ਨਾਰਾਇਣ ਨੇ ਬੁਰੀ ਤਰ੍ਹਾਂ ਹਰਾ ਦਿਤਾ ਸੀ, ਰਾਜ ਪਲਟਾ ਹੋ ਗਿਆ | ਜਨਤਾ ਪਾਰਟੀ ਦਾ ਰਾਜ ਇੰਡੀਆ 'ਚ ਹੋ ਗਿਆ | ਪ੍ਰਧਾਨ ਮੰਤਰੀ ਇੰਡੀਆ ਦੇ ਮੁਰਾਰਜੀ ਡਿਸਾਈ ਬਣ ਗਏ |
ਫਿਰ ਦਲ-ਦਲੀ ਸਿਆਸਤ ਸ਼ੁਰੂ ਹੋ ਗਈ, ਕੇਕੜੇ ਇਕ-ਦੂਜੇ ਦੀਆਂ ਲੱਤਾਂ ਧੂਹਣ ਲੱਗੇ | ਫਿਰ ਜਦ ਇਕ ਵਾਰ ਵਿਸ਼ਵਾ ਨਾਥ ਪ੍ਰਤਾਪ ਸਿੰਘ ਪ੍ਰਧਾਨ ਬਣੇ ਤਾਂ ਫਿਰ ਪਹਿਲਾਂ ਵਾਲਾ ਕਿੱਸਾ ਦੁਹਰਾਇਆ ਗਿਆ | ਜਦੋਂ ਉਨ੍ਹਾਂ ਨੇ ਵੇਖਿਆ ਕਿ ਦਲਦਲੀ, ਉਹਨੂੰ ਕੁਰਸੀ ਤੋਂ ਲਾਹ ਕੇ ਹੀ ਸਾਹ ਲੈਣਗੇ, ਉਸ ਨੇ ਸਭਨਾਂ ਨੂੰ ਦਲ-ਦਲ 'ਚ ਲਿਬੜਨ ਲਈ ਮਜਬੂਰ ਕਰਨ ਲਈ ਫਾਰਮੂਲਾ ਨੰਬਰ ਵੰਨ ਦੀ ਚਾਲ ਚੱਲੀ, ਜਨਤਾ ਦਲ ਵਾਲੇ ਦੀਵੇ ਨੂੰ ਰਗੜ ਕੇ, 'ਮੰਡਲ' ਵਾਲਾ ਜਿੰਨ ਪ੍ਰਗਟਾ ਦਿੱਤਾ | ਦਲਿਤਾਂ ਨੂੰ ਰਿਜ਼ਰਵੇਸ਼ਨ ਦੇਣ ਵਾਲੀਆਂ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਮੰਨ ਕੇ ਲਾਗੂ ਕਰ ਦਿੱਤੀਆਂ | ਖੂਬ ਰੌਲਾ ਪਿਆ ਦੇਸ਼ ਵਿਚ | ਸਾਡੇ ਦੇਸ਼ ਵਿਚ ਇਕ ਗੱਲ ਬੜੀ ਪ੍ਰਸਿੱਧ ਹੈ, ਇਕ ਵਿਚਾਰ ਦੇ ਹੱਕ 'ਚ ਤੇ ਉਸੇ ਵਿਚਾਰ ਦੇ ਵਿਰੁੱਧ ਅੰਦੋਲਨ ਸ਼ੁਰੂ ਹੋ ਜਾਂਦੇ ਹਨ, ਅੰਦੋਲਨ ਦਾ ਮੁਢਲਾ ਭਰੋਸਾ ਇਹੋ ਹੁੰਦਾ ਹੈ ਕਿ ਇਹ ਅੰਦੋਲਨ ਸੜਕਾਂ 'ਤੇ ਮੁਜ਼ਾਹਰੇ, ਬੜੀ ਸ਼ਾਂਤੀਪੂਰਵਕ ਹੋਣਗੇ | ਸਾਡੇ ਮਹਾਸ਼ਰੇ ਵਿਚ 'ਸ਼ਾਂਤੀ' ਕਈ ਅੱਗ ਭਬੂਕੀਆਂ ਇਸਤਰੀਆਂ ਦਾ ਨਾਂਅ ਵੀ ਹੁੰਦਾ ਹੈ | ਬਸ, ਫਿਰ ਗਈ ਸ਼ਾਂਤੀ, ਬੱਸਾਂ, ਵਾਹਨਾਂ, ਮੋਟਰ ਸਾਈਕਲਾਂ ਅੱਗਾਂ ਲਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ | ਕਈ ਘਰ ਫੂਕ ਦਿੱਤੇ ਜਾਂਦੇ ਹਨ-ਹੋਰ ਤਾਂ ਹੋਰ, ਪੁਲਿਸ ਚੌਕੀਆਂ, ਥਾਣਿਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ | ਸਰਕਾਰੀ ਸੰਪਤੀ ਨੂੰ ਤਹਿਸ-ਨਹਿਸ ਕਰਨਾ ਤਾਂ ਆਮ ਸ਼ੁਗਲ ਹੈ | ਐਨੀ ਸਾਰੀ ਸਰਕਾਰੀ ਤੇ ਆਮ ਲੋਕਾਂ ਦੀ ਜਾਇਦਾਦ ਤਬਾਹ ਕਰਨ ਮਗਰੋਂ ਸਭੇ ਮੁੱਕਰ ਜਾਂਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਤਾਂ ਸ਼ਾਂਤ ਸਨ, ਪਰ ਫਿਰ ਦੂਜੀਆਂ ਪਾਰਟੀਆਂ ਵਾਲਿਆਂ ਨੇ ਆਪਣੇ ਗੰੁਡੇ ਵਾੜ ਦਿੱਤੇ ਸਨ, ਜਿਨ੍ਹਾਂ ਕਾਰਨ ਇਹ ਅੰਦੋਲਨ ਹਿੰਸਕ ਹੋ ਗਿਆ |
ਖ਼ੈਰ, ਅਸੀਂ ਜਨਤਾ ਦਲ ਦੇ ਟੁੱਟਣ ਵੱਲ ਚਲਦੇ ਹਾਂ...
ਇਕ ਦਲ ਕੇ ਟੁਕੜੇ ਹਜ਼ਾਰ ਹੂਏ,
ਕੋਈ ਜਹਾਂ ਗਿਰਾ ਕੋਈ ਵਹਾਂ ਗਿਰਾ |
ਹੁਣੇ ਸਾਰੇ ਟੁਕੜੇ-ਟੁਕੜੇ ਹੋਏ ਜਨਤਾ ਦਲ, ਭਾਰਤੀ ਜਨਤਾ ਪਾਰਟੀ, ਲਾਲੂ ਜਨਤਾ ਦਲ, ਲੋਕ ਜਨਤਾ ਪਾਰਟੀ, ਲੋਕਤੰਤਰਿਕ ਜਨਤਾ ਦੀ ਯੂਨਾਈਟਿਡ ਜਨਤਾ ਦਲ (ਬਿਹਾਰ ਤੇ ਕਰਨਾਟਕ 'ਚ ਵੀ), ਤੇਲਗੂ ਦੇਸਮ ਪਾਰਟੀ, ਬਿਜੂ ਜਨਤਾ ਦਲ, ਬਣ ਗਏ ਕਮਿਊਨਿਸਟ ਵੀ ਆਪਸ 'ਚ ਟੁੱਟ ਕੇ, ਕਮਿਊਨਿਸਟ ਪਾਰਟੀ, ਕਮਿਊਨਿਸਟ ਪਾਰਟੀ ਮਾਰਕਸਿਸਟ, ਕਮਿਊਨਿਸਟ ਪਾਰਟੀ ਮਾਰਕਸਿਸਟ ਲੈਨਿਨ 'ਚ ਵੰਡੇ ਗਏ | ਕਈ ਹੋਰ ਨਵੀਆਂ ਖੇਤਰੀ ਪਾਰਟੀਆਂ ਵੀ ਉਭਰ ਆਈਆਂ | ਅਜੀਤ ਸਿੰਘ ਦੀ ਪਾਰਟੀ, ਹਰਿਆਣੇ 'ਚ ਸਵ: ਚੌਧਰੀ ਦੇਵੀ ਲਾਲ ਦਾ ਦਲ, ਸ਼੍ਰੋਮਣੀ ਅਕਾਲੀ ਦਲ, ਤੇ ਕਈ ਦਲ, ਇਥੇ ਪੰਜਾਬ 'ਚ, ਸਭੇ ਦਲ ਸ਼੍ਰੋਮਣੀ ਅਕਾਲੀ ਦਲ ਹੀ ਬਣੇ, ਸ਼੍ਰੋਮਣੀ ਤੋਂ ਘੱਟ ਕੋਈ ਵੀ ਬਣਨ ਲਈ ਤਿਆਰ ਨਹੀਂ ਸੀ | ਅਸਲ ਜਨਤਾ ਪਾਰਟੀ ਸੁਬਰਾਮਨੀਅਮ ਨੇ ਇਕੱਲਿਆਂ ਸੰਭਾਲੀ ਰੱਖੀ | ਚਾਲ ਸਾਲ ਪਹਿਲਾਂ ਤੱਕ ਉਹ ਹੀ ਇਸ ਦੇ ਪ੍ਰਧਾਨ ਸਨ, ਫਿਰ ਇਨ੍ਹਾਂ ਦਾ 'ਰਲੇਵਾਂ' ਭਾਰਤੀ ਜਨਤਾ ਪਾਰਟੀ 'ਚ ਹੋ ਗਿਆ |
ਮਾਸਟਰ ਤਾਰਾ ਸਿੰਘ ਦੀ ਤਕਰੀਰ ਦਾ ਆਰੰਭ ਇਨ੍ਹਾਂ ਅੱਖਰਾਂ ਨਾਲ ਹੁੰਦਾ ਸੀ, 'ਖ਼ਾਲਸਾ ਜੀ ਬੜਾ ਭਿਆਨਕ ਸਮਾਂ ਆਉਣ ਵਾਲਾ ਹੈ' ਤੇ ਅੰਤ ਵੀ ਇਹੋ ਹੁੰਦਾ ਸੀ, 'ਖ਼ਾਲਸਾ ਜੀ ਪੰਥ 'ਤੇ ਬੜਾ ਭਿਆਨਕ ਸਮਾਂ ਆਉਣ ਵਾਲਾ ਹੈ |' ਮੇਰੀ ਵੀ ਇਕ ਚੁਣੌਤੀ ਹੈ, ਪਾਠਕਾਂ ਨੂੰ ਕਿ ਆਉਣ ਵਾਲੇ ਸਮੇਂ 'ਚ ਸਿਆਸਤ ਇਕ ਬੜੇ ਗੰਦੇ ਦੌਰ 'ਚੋਂ ਗੁਜ਼ਰੇਗੀ | ਹੁਣ ਵੀ ਦੁਸ਼ਮਣ ਦੇ ਦੁਸ਼ਮਣ ਦੋਸਤ ਇਸ ਲਈ ਇਕੱਠੇ ਤੇ ਸਾਂਝੇ ਫਰੰਟ ਲਈ ਕੁਰਲਾ ਰਹੇ ਹਨ, ਮੋਦੀ ਨੂੰ ਲਾਹੁਣਾ ਹੈ, ਦੇਸ਼ ਨੂੰ ਤੜਫਾਉਣਾ ਹੈ 'ਦਲਦਲ ਬਣਾਉਣਾ' ਹੈ।

ਹੰਕਾਰਿਆ ਸੋ ਮਾਰਿਆ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕਾਮਯਾਬੀ ਦੀਆਂ ਉਚਾਈਆਂ ਛੂਹ ਕੇ ਘੁਮੰਡ ਕਰਨਾ ਬੇਵਕੂਫ਼ੀ ਹੈ ਕਿਉਂਕਿ ਢਲਾਨ ਹਮੇਸ਼ਾ ਸਿਖਰ ਤੋਂ ਹੀ ਸ਼ੁਰੂ ਹੁੰਦੀ ਹੈ |
• ਜਿਥੇ ਮਨਾਂ ਵਿਚ 'ਮੈਂ' ਸਿਰ ਚੁੱਕ ਖਲੋਤੀ ਲੱਭ ਜਾਵੇ, ਉਥੇ 'ਅਸੀਂ' ਵਾਲੀ ਸਦਭਾਵਨਾ ਨਹੀਂ ਲੱਭਦੀ |
• ਜੋ ਝੁਕਣਾ ਜਾਣਦਾ ਹੈ, ਦੁਨੀਆ ਉਸ ਨੂੰ ਉਠਾਉਂਦੀ ਹੈ | ਜੋ ਕੇਵਲ ਆਕੜਨਾ ਹੀ ਜਾਣਦਾ ਹੈ, ਦੁਨੀਆ ਉਸ ਨੂੰ ਉਖਾੜ ਸੁੱਟਦੀ ਹੈ | ਇਹ ਵੀ ਤੈਅ ਹੈ ਕਿ ਜੋ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਉਸ ਦੀ ਪ੍ਰਵਾਹ ਵੀ ਕੋਈ ਨਹੀਂ ਕਰਦਾ | ਜਿਸ ਨੇ ਮਾਣ ਕੀਤਾ, ਉਸ ਦਾ ਪਤਨ ਜ਼ਰੂਰ ਹੋਇਆ |
• ਆਕੜ ਕੇ ਨੱਚਿਆ ਨਹੀਂ ਜਾ ਸਕਦਾ ਅਤੇ ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ | ਬਾਂਸ ਦਾ ਦਰੱਖਤ ਉੱਚਾ ਸਿਰ ਖੜ੍ਹਾ ਕਰ ਕੇ ਖੜ੍ਹਾ ਰਹਿੰਦਾ ਹੈ ਪਰ ਉਸ ਨੂੰ ਫਲ ਵੀ ਨਹੀਂ ਲਗਦਾ |
• ਘੁਮੰਡ ਦੇ ਅੰਦਰ ਸਭ ਤੋਂ ਮਾੜੀ ਗੱਲ ਇਹ ਹੁੰਦੀ ਹੈ ਕਿ ਉਹ ਤੁਹਾਨੂੰ, ਇਹ ਮਹਿਸੂਸ ਹੀ ਨਹੀਂ ਹੋਣ ਦਿੰਦਾ ਕਿ ਤੁਸੀਂ ਗ਼ਲਤ ਹੋ |
• ਹੰਕਾਰ ਨਾਲ ਨਹੀਂ ਬਲਕਿ ਸੰਸਕਾਰ ਨਾਲ ਸੰਸਾਰ ਜਿੱਤਿਆ ਜਾਂਦਾ ਹੈ |
• ਘੁਮੰਡ ਵਿਚ ਮਨੁੱਖ ਫੁਲਦਾ ਹੈ, ਫੈਲਦਾ ਨਹੀਂ | ਸੁੱਜਦਾ ਹੈ ਸਜਦਾ ਨਹੀਂ |
• ਅਭਿਮਾਨ ਦੀ ਬਜਾਏ ਨਿਮਰਤਾ ਨਾਲ ਜ਼ਿਆਦਾ ਲਾਭ ਹੁੰਦਾ ਹੈ | ਆਲਸ ਅਤੇ ਘੁਮੰਡ ਪੜ੍ਹਨ ਵਿਚ, ਕੋਈ ਵੀ ਕੰਮ ਸਿੱਖਣ ਦੇ ਰਸਤੇ ਵਿਚ ਦੋ ਦੁਸ਼ਮਣ ਹਨ |
• ਜਿਸ ਨੂੰ 'ਮੈਂ' ਦੀ ਹਵਾ ਲੱਗੀ, ਉਸ ਨੂੰ ਫਿਰ ਨਾ ਦਵਾ ਲੱਗੀ, ਨਾ ਦੁਆ ਲੱਗੀ |
• ਹੰਕਾਰ ਨਾਲ ਦੇਵਤਾ ਦਾਨਵ ਅਤੇ ਨਿਮਰਤਾ ਨਾਲ ਮਾਨਵ ਦੇਵਤਾ ਬਣ ਜਾਂਦਾ ਹੈ |
• ਮੰਜ਼ਿਲ ਪਾਉਣਾ ਤਾਂ ਦੂਰ ਦੀ ਗੱਲ ਹੈ | ਗ਼ਰੂਰ (ਘੁਮੰਡ) ਵਿਚ ਰਹੋਗੇ ਤਾਂ ਰਸਤਾ ਵੀ ਭਟਕ ਜਾਓਗੇ |
• ਜੇ ਜ਼ਿੰਦਗੀ 'ਚ 'ਮੈਂ' ਨੂੰ ਪਿੱਛੇ ਰੱਖ ਕੇ ਧਿਆਨ ਆਪਣੇ ਕੰਮ 'ਤੇ ਕੇਂਦਰਿਤ ਕੀਤਾ ਜਾਵੇ ਤਾਂ ਜ਼ਿੰਦਗੀ ਸੌਖੀ ਤੇ ਖੁਸ਼ਨੁਮਾ ਬਣ ਸਕਦੀ ਹੈ | ਸਵਾਰਥ ਤੇ ਹੰਕਾਰ ਛੱਡ ਦੇਣ ਨਾਲ ਸਾਧੂਪਨ ਆਉਂਦਾ ਹੈ |
• ਹੰਕਾਰ ਦੇ ਪੂਰਨ ਖ਼ਾਤਮੇ ਨਾਲ ਹੀ ਇਛਾਵਾਂ ਦਾ ਅੰਤ ਹੁੰਦਾ ਹੈ | ਜਿਹੜਾ ਹੰਕਾਰ ਤੋਂ ਦੂਰ ਹੈ, ਉਸ ਦੇ ਲਈ ਹਰ ਜਗ੍ਹਾ ਸਵਰਗ ਹੈ | ਸੁੱਖ ਬਾਹਰ ਤੋਂ ਮਿਲਣ ਵਾਲੀ ਵਸਤੂ ਨਹੀਂ ਹੈ, ਬਲਕਿ ਅੰਦਰ ਹੀ ਮੌਜੂਦ ਹੈ | ਇਹ ਹੰਕਾਰ ਛੱਡਣ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ |
• ਗਿਆਨ ਹੀ ਸਭ ਤੋਂ ਵੱਡਾ ਪ੍ਰਕਾਸ਼ ਹੈ | ਇਸ ਨਾਲ ਘੁਮੰਡ ਖ਼ਤਮ ਹੋ ਜਾਂਦਾ ਹੈ |
• ਹੰਕਾਰੀ ਨੂੰ ਹੱਥ ਜੋੜ ਕੇ ਵੱਸ ਵਿਚ ਕੀਤਾ ਜਾ ਸਕਦਾ ਹੈ, ਮੂਰਖ ਨੂੰ ਮਨਮਾਨੀ ਕਰਨ ਦੀ ਆਜ਼ਾਦੀ ਦੇ ਕੇ ਤੇ ਵਿਦਵਾਨ ਨੂੰ ਸੱਚ ਬੋਲ ਕੇ | ਅਜਿਹਾ ਕਰ ਕੇ ਤੁਸੀਂ ਆਪਣਾ ਮਤਲਬ ਵੀ ਪੂਰਾ ਕਰ ਸਕਦੇ ਹੋ ਅਤੇ ਨਾਲ ਹੀ ਲੜਾਈ ਝਗੜੇ ਤੋਂ ਵੀ ਬਚ ਸਕਦੇ ਹੋ |
• ਰੂਹਾਨੀ ਸ਼ਾਨ 'ਚ ਰਹੋ ਤਾਂ ਹੰਕਾਰ ਦਾ ਅਹਿਸਾਸ ਨਹੀਂ ਆਵੇਗਾ |
• ਮੁਆਫ਼ੀ ਮੰਗਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਗ਼ਲਤ ਹੋ ਤੇ ਦੂਜੇ ਠੀਕ ਹਨ ਬਲਕਿ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਸੀਂ ਹਉਮੈ ਨਾਲੋਂ ਰਿਸ਼ਤਿਆਂ ਨੂੰ ਵੱਧ ਮਹੱਤਵ ਦਿੰਦੇ ਹੋ |
• ਸੇਵਾ ਮਨੁੱਖ 'ਚ ਨਿਮਰਤਾ ਪੈਦਾ ਕਰਦੀ ਹੈ | ਹੰਕਾਰ ਦਾ ਖ਼ਾਤਮਾ ਕਰਦੀ ਹੈ | ਉਸ ਨੂੰ ਪਰ-ਉਪਕਾਰੀ ਬਣਾਉਂਦੀ ਹੈ ਅਤੇ ਉਸ 'ਚੋਂ ਮੈਂ ਨੂੰ ਖ਼ਤਮ ਕਰਦੀ ਹੈ, ਜਿਸ ਕਾਰਨ ਉਹ ਆਪੇ ਨੂੰ ਭੁੱਲ ਕੇ ਦੂਜਿਆਂ ਨੂੰ ਸਮਰਪਿਤ ਹੋ ਜਾਂਦਾ ਹੈ |
• ਕਦੇ ਵੀ ਉੱਚੇ ਹੋਣ ਦਾ ਘੁਮੰਡ/ਮਾਣ ਨਾ ਕਰੋ ਕਿਉਂਕਿ ਉਚਾਈ ਤੋਂ ਡਿਗਣ ਵਾਲਿਆਂ ਨੂੰ ਸੱਟ ਵੀ ਕੁਝ ਵਧੇਰੇ ਹੀ ਲਗਦੀ ਹੈ |
• ਗ੍ਰਹਿਸਥੀ ਜੀਵਨ ਵਿਚ 'ਮੈਂ' ਨੂੰ ਕਦੇ ਨਾ ਆਉਣ ਦਿਓ | ਕੋਈ ਗ਼ਲਤ-ਫਹਿਮੀ ਹੋ ਜਾਵੇ ਤਾਂ ਉਸ ਨੂੰ ਆਪਸ ਵਿਚ ਬੈਠ ਕੇ ਸੁਲਝਾ ਲਓ | ਕਿਸੇ ਤੀਸਰੇ ਨੂੰ ਵਿਚ ਨਾ ਲਿਆਓ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.

ਵਿਅੰਗ: ਸ਼ਰਧਾਂਜਲੀ ਸਮਾਗਮ

ਡਾ: ਸ਼ਰਮਾ ਇਕ ਉੱਘੇ ਸਮੀਖਿਆਕਾਰ ਸਨ | ਉਹ ਹਿੰਦੀ ਦੇ ਇਕ ਅਖ਼ਬਾਰ ਵਿਚ ਹਿੰਦੀ ਦੀਆਂ ਨਵੀਆਂ ਛਪੀਆਂ ਪੁਸਤਕਾਂ ਦੀ ਸਮੀਖਿਆ ਕਰਿਆ ਕਰਦੇ ਸਨ | ਇਸ ਤੋਂ ਜ਼ਿਆਦਾ ਮੈਂ ਉਨ੍ਹਾਂ ਬਾਰੇ ਨਹੀਂ ਜਾਣਦਾ ਸੀ | ਹਾਂ, ਐਨਾ ਜ਼ਰੂਰ ਪਤਾ ਲੱਗਿਆ ਸੀ ਕਿ ਉਹ ਕਿਸੇ ਕਾਲਜ ਦੇ ਸੇਵਾਮੁਕਤ ਪਿ੍ੰਸੀਪਲ ਸਨ | ਉਨ੍ਹਾਂ ਨੇ ਅਖ਼ਬਾਰ ਵਿਚ ਮੇਰੇ ਹਿੰਦੀ ਵਿਚ ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਦੀ ਸਮੀਖਿਆ ਕਰਦਿਆਂ ਵਾਹਵਾ ਪ੍ਰਸੰਸਾ ਤਾਂ ਕੀਤੀ ਹੀ ਸੀ ਸਗੋਂ ਫੋਨ ਕਰ ਕੇ ਮੈਨੂੰ ਮੁਬਾਰਕਬਾਦ ਵੀ ਦਿੱਤੀ ਸੀ |
...ਤੇ ਇਸ ਤਰ੍ਹਾਂ ਡਾ: ਸ਼ਰਮਾ ਨਾਲ ਰਾਬਤਾ ਬਣ ਗਿਆ ਸੀ |
ਇਕ ਵਾਰੀ ਉੇਹ ਕਿਸੇ ਕਿਤਾਬ ਦੀ ਰਿਲੀਜ਼ ਮੌਕੇ ਲੁਧਿਆਣੇ ਆਏ ਸਨ ਤਦ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ | ਮੈਨੂੰ ਉਹ ਬਹੁਤ ਹੀ ਜ਼ਹੀਨ ਜਾਪੇ ਸਨ | ਬਹੁਤ ਘੱਟ ਬੋਲਣ ਵਾਲੇ, ਪਰ ਗਿਆਨ ਦੇ ਭੰਡਾਰ ਲੱਗਦੇ ਸਨ | ਉਨ੍ਹਾਂ ਆਪਣੇ ਬਾਰੇ ਦੱਸਿਆ ਸੀ ਕਿ ਉਹ ਗੁਰਦਾਸਪੁਰ ਵਿਖੇ ਇਕ ਕਾਲਜ ਤੋਂ ਬਤੌਰ ਪਿ੍ੰਸੀਪਲ ਸੇਵਾਮੁਕਤ ਹੋਏ ਸਨ | ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ | ਪਰ ਉਹ ਜ਼ਿਆਦਾ ਨਹੀਂ ਸਨ ਲਿਖਦੇ | ਹੋਰਾਂ ਦਾ ਲਿਖਿਆ ਸਾਹਿਤ ਹੀ ਜ਼ਿਆਦਾ ਪੜ੍ਹਦੇ ਸਨ ਅਤੇ ਅਖ਼ਬਾਰਾਂ-ਰਿਸਾਲਿਆਂ ਵਿਚ ਸਮੀਖਿਆ ਕਰ ਦੇਂਦੇ ਸਨ | ਉਨ੍ਹਾਂ ਦੀਆਂ ਦੋ-ਤਿੰਨ ਕਿਤਾਬਾਂ ਵੀ ਛੱਪ ਚੁੱਕੀਆਂ ਸਨ |
ਬਸ ਉਨ੍ਹਾਂ ਨਾਲ ਮੇਰੀ ਇਹੋ ਪਹਿਲੀ ਤੇ ਆਖਰੀ ਮੁਲਾਕਾਤ ਸੀ | ਇਸ ਮਗਰੋਂ ਤਾਂ ਉਨ੍ਹਾਂ ਨਾਲ ਨਹੀਂ ਸਗੋਂ ਫਰੇਮ ਕੀਤੀ ਹੋਈ ਉਨ੍ਹਾਂ ਦੀ ਫੁੱਲਾਂ ਦਾ ਹਾਰ ਪਹਿਨਾਈ ਹੋਈ ਫੋਟੋ ਨਾਲ ਹੀ ਮੇਲ ਹੋਇਆ ਸੀ | ਪਤਾ ਲੱਗਿਆ ਸੀ ਕਿ ਇਕ ਦਿਨ ਸਵੇਰੇ-ਸਵੇਰੇ ਦਿਲ ਦਾ ਦੌਰਾ ਉਨ੍ਹਾਂ ਲਈ ਜਾਨ-ਲੇਵਾ ਸਾਬਤ ਹੋਇਆ ਸੀ |
ਭਾਵੇਂ ਪਰਿਵਾਰ ਵਲੋਂ ਉਨ੍ਹਾਂ ਦੇ ਇਸ ਦੁਨੀਆਂ ਤੋਂ ਕੂਚ ਕਰਨ ਮਗਰੋਂ ਸਾਰੀਆਂ ਲੌੜੀਂਦੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ ਗਈਆਂ ਸਨ, ਪਰ ਅੱਜ ਉਨ੍ਹਾਂ ਦੇ ਸਾਹਿਤਕ ਅਤੇ ਹੋਰ ਮਿੱਤਰਾਂ ਵਲੋਂ ਇਕ ਕਾਲਜ ਦੇ ਆਡੀਟੋਰੀਅਮ ਵਿਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਸੀ ਜਿਸ ਵਿਚ ਕਾਫੀ ਗਿਣਤੀ ਵਿਚ ਉਨ੍ਹਾਂ ਦੇ ਸਨੇਹੀ ਆਏ ਹੋਏ ਸਨ |
ਉੱਥੇ ਮੌਜੂਦ ਸਾਹਿਤਕਾਰ ਅਤੇ ਹੋਰ ਪਤਵੰਤੇੇ ਸੱਜਣ ਆਪਣੇ-ਆਪਣੇ ਵਿਚਾਰਾਂ ਨਾਲ ਡਾ: ਸ਼ਰਮਾ ਨੂੰ ਅਕੀਦਤ ਦੇ ਫੁੱਲ ਭੇਟ ਕਰ ਰਹੇ ਸਨ |
ਇਕ ਵਿਦਵਾਨ ਬੁਲਾਰਾ ਆਖ ਰਿਹਾ ਸੀ-'ਭਾਵੇਂ ਡਾ: ਸ਼ਰਮਾ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਆਪਣੀਆਂ ਕਹਾਣੀਆਂ ਸਦਕਾ ਉਹ ਅਮਰ ਹਨ | ਮੈਨੂੰ ਤਾਂ ਹੁਣ ਵੀ ਇੰਜ ਜਾਪਦੈ ਜਿਵੇਂ ਉਹ ਮੇਰੇ ਮੂਹਰੇ ਬੈਠੇ ਆਪਣੀ ਕਹਾਣੀ ਸੁਣਾ ਰਹੇ ਹੋਣ' |
ਮੇਰੇ ਲਾਗੇ ਬੈਠੇ ਇਕ ਵਿਅਕਤੀ ਨੇ ਰਤਾ ਹੌਲੀ ਆਵਾਜ਼ ਵਿਚ ਆਪਣੇ ਕੋਲ ਬੈਠੇ ਬੰਦਿਆਂ ਨੂੰ ਜਿਵੇਂ ਸੁਣਾਉਂਦਿਆਂ ਕਿਹਾ-'ਡਾ: ਸ਼ਰਮਾ ਨੇ ਤਾਂ ਅੱਜ ਤੱਕ ਇਕ ਵੀ ਕਹਾਣੀ ਨਹੀਂ ਲਿਖੀ...ਤੇ ਏਸ ਨੂੰ ਉਹ ਕਦੋਂ ਸੁਣਾਇਆ ਕਰਦੇ ਸਨ' |
ਪਰ ਉਹ ਭੱਦਰ ਪੁਰਸ਼ ਹਾਲੇ ਵੀ ਬੋਲੀ ਜਾ ਰਿਹਾ ਸੀ-'ਕੋਈ ਵੀ ਕਹਾਣੀ ਲਿਖਣ ਮਗਰੋਂ ਸ਼ਰਮਾ ਜੀ ਮੇਰੇ ਕੋਲੋਂ ਸੋਧ ਜ਼ਰੂਰ ਕਰਵਾਉਂਦੇ ਸਨ..ਤੇ ਫੇਰ ਮੈਂ ਖ਼ੁਦ ਹੀ ਕਿਸੇ ਰਿਸਾਲੇ ਜਾਂ ਅਖ਼ਬਾਰ ਵਿਚ ਸੰਪਾਦਕ ਨੂੰ ਕਹਿ ਕੇ ਉਹ ਕਹਾਣੀ ਛਪਵਾ ਦੇਂਦਾ ਸਾਂ | ਪਰ ਹੁਣ...' | ਉਹ ਬੋਲਦਿਆਂ ਬੋਲਦਿਆਂ ਇਸ ਤਰ੍ਹਾਂ ਰੁਕ ਗਿਆ ਸੀ ਜਿਵੇਂ ਉਸ ਦਾ ਮਨ ਅਤੇ ਅੱਖਾਂ ਭਰ ਆਈਆਂ ਹੋਣ | ਉਹ ਰੁਮਾਲ ਨਾਲ ਅੱਖਾਂ ਪੂੰਝਣ ਦਾ ਨਾਟਕ ਕਰਦੇ ਹੋਏ ਸੀਟ 'ਤੇ ਆ ਬੈਠਾ ਸੀ |
ਹੁਣ ਇਕ ਹੋਰ ਬੁਲਾਰੇ ਦੀ ਵਾਰੀ ਸੀ | ਉਹ ਬਹੁਤ ਹੀ ਜ਼ਿਆਦਾ ਗ਼ਮਗੀਨ ਹੋਣ ਦਾ ਵਿਖਾਵਾ ਕਰ ਰਿਹਾ ਸੀ | ਉਸ ਆਖਿਆ-'ਮੈਂ ਉਨ੍ਹਾਂ ਨੂੰ ਕਦੇ ਵੀ ਉਨ੍ਹਾਂ ਦੇ ਅਸਲੀ ਨਾਂਅ ਨਾਲ ਨਹੀਂ ਬੁਲਾਇਆ ਸੀ..ਤੇ ਮੈਂ ਤਾਂ ਹਮੇਸ਼ਾ ਉਸ ਨੂੰ ਉਸ ਦੇ ਨਿੱਕਨੇਮ 'ਗੁੱਲੂ' ਦੇ ਨਾਂਅ ਨਾਲ ਹੀ ਬੁਲਾਇਆ ਕਰਦਾ ਸੀ ਕਿਉਂਕਿ ਉਮਰ ਵਿਚ ਉਹ ਮੈਥੋਂ ਛੋਟਾ ਸੀ | ਉਹ ਅਕਸਰ ਮੇਰੇ ਕੋਲ ਨੋਟਸ ਮੰਗਣ ਲਈ ਆ ਜਾਂਦਾ ਸੀ | ਸ਼ਾਇਦ ਤੁਹਾਡੇ 'ਚੋਂ ਕਈਆਂ ਨੂੰ ਇਹ ਨਾ ਪਤਾ ਹੋਵੇ ਕਿ ਭਾਵੇਂ ਗੁੱਲੂ ਯਾਨੀ ਤੁਹਾਡਾ ਡਾ: ਸ਼ਰਮਾ ਹਿੰਦੀ ਸਮੀਖਿਆਕਾਰ ਦੇ ਤੌਰ 'ਤੇ ਮਸ਼ਹੂਰ ਸੀ,ਪਰ ਦਰਅਸਲ ਉਹ ਇਕਨਾਮਿਕਸ ਪੜਾਉਂਦਾ ਹੁੰਦਾ ਸੀ | ਆਪ ਸਾਰੇ ਜਾਣਦੇ ਹੀ ਹੋ ਕਿ ਮੈਂ ਖ਼ੁਦ ਵੀ ਇਕਨਾਮਿਕਸ ਦਾ ਇਕ ਨਾਮੀ ਗਰਾਮੀ ਪ੍ਰੋਫੈਸਰ ਆਂ... | ਪਰ ਅੱਜ ਇਹ ਸੋਚ ਕੇ ਮੇਰੇ ਹੌਲ ਪੈ ਰਿਹੈ ਕਿ ਹੁਣ ਮੇਰੇ ਨੋਟਸ...' | ਪਰ ਆਪਣੀ ਗੱਲ ਪੂਰੀ ਕਰਨ ਤੋਂ ਪਹਿਲਾਂ ਦੀ ਉਹ ਇਕਦਮ ਚੁੱਪ ਕਰ ਗਿਆ ਸੀ | ਜਦੋਂ ਕੁਝ ਪਲ ਬਾਅਦ ਮੁੜ ਬੋਲਿਆ ਤਾਂ ਸਿਰਫ਼ ਐਨਾ ਹੀ ਕਿਹਾ-'ਮੁਆਫ਼ ਕਰਨਾ..ਮੈਥੋਂ ਹੋਰ ਨੀ ਬੋਲਿਆ ਜਾ ਰਿਹਾ | ਮਨ ਭਰ ਆਇਐ' |
ਇਸ ਮਗਰੋਂ ਸਾਹਿਤਕਾਰਾਂ ਅਤੇ ਵਿਦਵਾਨਾਂ ਨੇ ਆਪਣੇ-ਆਪਣੇ 'ਵੱਡਮੁੱਲੇ' ਵਿਚਾਰਾਂ ਦੀ ਝੜੀ ਲਾ ਦਿੱਤੀ ਸੀ | ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਿਸੇ ਨੇ ਹਿੰਦੀ ਫ਼ਿਲਮਾਂ ਦੇ ਗਾਣਿਆਂ ਦਾ ਸਹਾਰਾ ਲਿਆ ਸੀ ਤੇ ਕਿਸੇ ਨੇ ਸ਼ਿਅਰੋ-ਸ਼ਾਇਰੀ ਨਾਲ ਉਸ ਸ਼ਰਧਾਂਜਲੀ ਸਮਾਗਮ ਨੂੰ ਪਤਾ ਨਹੀਂ ਗ਼ਮਗੀਨ ਕੀਤਾ ਸੀ ਜਾਂ ਰੰਗੀਨ ਬਣਾਇਆ ਸੀ ਕਿਉਂਕਿ ਇਕੱਠ ਵਿਚੋਂ ਦੋ ਤਿੰਨ ਜਾਣਿਆਂ ਨੇ ਇਕ ਬੁਲਾਰੇ ਵਲੋਂ ਸੁਣਾਏ ਸ਼ਿਅਰ ਮਗਰੋਂ ਤਾੜੀਆਂ ਵਜਾ ਦਿੱਤੀਆਂ ਸਨ, ਭਾਵੇਂ ਅਗਲੇ ਹੀ ਪਲ ਉਨ੍ਹਾਂ ਨੀਵੀਂ ਪਾ ਲਈ ਸੀ |
ਇਕ ਬੁਲਾਰੇ ਨੇ ਤਾਂ ਕਮਾਲ ਹੀ ਕਰ ਦਿੱਤੀ ਸੀ | ਉਹ ਦੱਸ ਰਿਹਾ ਸੀ-'ਅੱੱਠ ਸਾਲ ਹੋ ਗਏ ਨੇ ਜਦੋਂ ਸ਼ਰਮਾ ਜੀ ਨੇ ਸਾਡੇ ਇਲਾਕੇ ਵਿਚ ਆਪਣੀ ਕੋਠੀ ਬਣਾਈ ਸੀ | ਉਹ ਸਵੇਰ ਦੀ ਸੈਰ ਮਗਰੋਂ ਹਮੇਸ਼ਾ ਮੇਰੇ ਘਰ ਚਾਹ ਦਾ ਕੱਪ ਪੀ ਕੇ ਹੀ ਆਪਣੇ ਘਰ ਜਾਂਦੇ ਸਨ | ਜਿਸ ਦਿਨ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ ਸੀ ਉਸ ਦਿਨ ਵੀ ਉਹ ਮੇਰੇ ਘਰੋਂ ਚਾਹ ਪੀ ਕੇ ਗਏ ਸਨ...ਕੀ ਪਤਾ ਸੀ ਅੱਧੇ ਘੰਟੇ ਮਗਰੋਂ ਈ ਏਹ ਭਾਣਾ ਵਾਪਰ ਜਾਣਾ ਸੀ...?'
ਇਸੇ ਤਰ੍ਹਾਂ ਇਹ ਸ਼ਰਧਾਂਜਲੀ ਸਮਾਗਮ ਚਲਦਾ ਰਿਹਾ |
ਮੈਨੂੰ ਹੈਰਾਨੀ ਹੋ ਰਹੀ ਸੀ ਕਿ ਐਨੇ ਬੁਲਾਰਿਆਂ 'ਚੋਂ ਕਿਸੇ ਇਕ ਨੇ ਵੀ ਨਾ ਤਾਂ ਡਾ: ਸ਼ਰਮਾ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਗੱਲ ਕੀਤੀ ਸੀ ਅਤੇ ਨਾ ਹੀ ਵਿੱਦਿਅਕ ਯੋਗਦਾਨ ਬਾਰੇ ਕੁਝ ਆਖਿਆ ਸੀ | ਮੈਨੂੰ ਪਤਾ ਨਹੀਂ ਕਿਉਂ ਉਨ੍ਹਾਂ ਦੀਆਂ ਗੱਲਾਂ ਸੁਣ- ਸੁਣ ਕੇ ਖਿਝ ਆ ਰਹੀ ਸੀ |
ਸ਼ਰਧਾਂਜਲੀ ਸਮਾਗਮ ਦੇ ਅੰਤ ਵਿਚ ਪਰਿਵਾਰ ਵਾਲਿਆਂ ਨੇ ਚਾਹ-ਪਾਣੀ ਦਾ ਬੰਦੋਬਸਤ ਕੀਤਾ ਹੋਇਆ ਸੀ...ਤੇ ਪਰਿਵਾਰ ਦੀ ਬੇਨਤੀ ਸਵੀਕਾਰ ਕਰਦੇ ਹੋਏ ਸਾਰੇ ਉਧਰ ਆ ਗਏ ਸਨ |
ਚਾਹ ਪੀਂਦਿਆਂ ਪਤਾ ਨਹੀਂ ਕਿਉਂ ਮੈਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਾ ਰੱਖ ਸਕਿਆ... ਤੇ ਮੈਂ ਉਸ ਬੰਦੇ ਕੋਲ ਚਲਾ ਗਿਆ ਜਿਹਦੇ ਕੋਲ ਡਾ: ਸ਼ਰਮਾ ਜੀ ਹਰ ਰੋਜ਼ ਸੈਰ ਕਰਨ ਮਗਰੋਂ ਚਾਹ ਪੀਂਦੇ ਸਨ | ਮੈਂ ਉਸ ਨੂੰ ਪੁੱਛਿਆ, 'ਡਾ: ਸ਼ਰਮਾ ਜੀ ਹਾਰਟ ਅਟੈਕ ਤੋਂ ਪਹਿਲਾਂ ਤੁਹਾਡੇ ਘਰੋਂ ਈ ਚਾਹ ਪੀ ਕੇ ਗਏ ਸਨ?'
'ਉਹ ਤਾਂ ਜੀ ਹਰ ਰੋਜ਼ ਸੈਰ ਕਰਨ ਮਗਰੋਂ ਮੇਰੇ ਕੋਲ ਚਾਹ ਦਾ ਕੱਪ...' ਉਹ ਦੱਸਣ ਵਿਚ ਜਿਵੇਂ ਫ਼ਖ਼ਰ ਮਹਿਸੂਸ ਕਰ ਰਿਹਾ ਸੀ |
'ਕਿਤੇ ਤੁਸੀਂ ਤਾਂ ਨੀ ਚਾਹ 'ਚ ਕੁਝ ਮਿਲਾ 'ਤਾ ਸੀ?' ਮੇਰੇ ਇੰਝ ਕਹਿਣ ਦੀ ਦੇਰ ਸੀ ਕਿ ਇਕ ਪਲ ਲਈ ਤਾਂ ਉਸ ਦੇ ਚਿਹਰੇ ਦੀ ਰੰਗਤ ਉੜ ਗਈ ਸੀ | ਲਾਗੇ ਹੀ ਚਾਹ ਪੀਂਦੇ ਕਈ ਲੇਖਕ ਵੀ ਹੈਰਾਨੀ ਨਾਲ ਮੇਰੇ ਵੱਲ ਤੱਕਣ ਲੱਗੇ ਸਨ |
ਉਸ ਵਿਅਕਤੀ ਨੇ ਇਕਦਮ ਗੁੱਸੇ 'ਚ ਤਿਲਮਿਲਾਦਿਆਂ ਕਿਹਾ, 'ਜੇ ਬੋਲਣ ਦੀ ਤਮੀਜ਼ ਨੀ ਤਾਂ ਚੁੱਪ ਰਹੀਦੈ..ਐਾਵੇਂ ਭੌਾਕਣ ਦੀ ਕੀ ਪਈ ਆ...ਨਾਲੇ ਤੈਨੂੰ ਮੈਂ ਇਹੋ ਜਿਹਾ ਬੰਦਾ ਲੱਗਦੈਂ...' |
'ਮੈਨੂੰ ਕੀ ਪਤਾ...ਤੁਸੀਂ ਖੁਦ ਈ ਕਹਿ ਰਹੇ ਸੀ...'
'ਦੱਸਾਂ ਤੈਨੂੰ! ਮੈਂ ਕੀ ਕਹਿ ਰਿਹਾ ਸੀ', ਉਹ ਮੇਰੇ ਵੱਲ ਜਿਵੇਂ ਮਾਰਨ ਲਈ ਵਧਿਆ | ਪਰ ਉਸੇ ਵੇਲੇ ਲਾਗੇ ਖਲੋਤੇ ਦੋ-ਤਿੰਨ ਲੇਖਕ ਮੈਨੂੰ ਪਰ੍ਹਾਂ ਖਿੱਚ ਲੈ ਗਏ...ਤੇ ਇਕ ਜਣਾ ਮੈਨੂੰ ਜਿਵੇਂ ਸਮਝਾਉਂਦੇ ਹੋਏ ਬੋਲਿਆ-'ਕੀ ਕਰੀ ਜਾਂਦੇ ਓਾ ਤੁਸੀਂ...ਮਰਨ ਵਾਲਾ ਤਾਂ ਮਰ ਗਿਐ ਤੇ ਤੁਸੀਂ ਐਵੇਂ ਇਕ ਦੂਜੇ ਨੂੰ ਮਾਰਨ 'ਤੇ ਤੁਲੇ ਹੋਏ ਓਾ' | ਐਨੀ ਦੇਰ ਵਿਚ ਉਨ੍ਹਾਂ ਦੇ ਨਾਲ ਦਾ ਇਕ ਹੋਰ ਲੇਖਕ ਪਲੇਟ ਵਿਚ ਦੋ ਤਿੰਨ ਗੁਲਾਬ ਜਾਮਨਾਂ, ਪੇਸਟਰੀ ਅਤੇ ਪੈਟੀਜ਼ ਰੱਖ ਕੇ ਮੇਰੇ ਵੱਲ ਕਰਦਿਆਂ ਬੋਲਿਆ-'ਛੱਡੋ ਪਰੇ ਲੜਾਈ ਝਗੜੇ ਨੂੰ ...ਆਹ ਖਾਓ ਪਹਿਲਾਂ...ਵੇਖੋ ਕਿੰਨੀਆਂ ਨਰਮ-ਨਰਮ ਗੁਲਾਬ ਜਾਮਨਾਂ ਨੇ...' | ਮੈਂ ਉਸ ਵੱਲ ਹੈਰਾਨੀ ਨਾਲ ਤੱਕਿਆ | ਕਮਾਲ ਹੈ ਇਹ ਕਿਸ ਤਰ੍ਹਾਂ ਦੇ ਲੇਖਕ ਹਨ!...ਤੇ ਕੁਝ ਪਲ ਲਈ ਤਾਂ ਮੈਂ ਇਹੋ ਸੋਚਦਾ ਰਿਹਾ ਕਿ ਕੀ ਮੈਂ ਕਿਸੇ ਸ਼ਰਧਾਂਜਲੀ ਸਮਾਗਮ 'ਤੇ ਆਇਆ ਹੋਇਆ ਹਾਂ ਜਾਂ ਕਿਸੇ ਬਰਥ ਡੇ ਪਾਰਟੀ 'ਤੇ?

-230-ਸੀ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ-141012
ਮੋਬਾਈਲ : 98153-59222.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX