ਤਾਜਾ ਖ਼ਬਰਾਂ


ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  about 1 hour ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  about 3 hours ago
ਨਵੀਂ ਦਿੱਲੀ, 20 ਮਈ- ਦਿੱਲੀ ਦੇ ਸੰਗਮ ਬਿਹਾਰ 'ਚ ਇਕ 29 ਸਾਲ ਦੇ ਵਿਅਕਤੀ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਜਾਣ ਦੀ ਮਾਮਲਾ ਸਾਹਮਣੇ ਆਇਆ...
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  about 3 hours ago
ਅੰਮ੍ਰਿਤਸਰ, 20 ਮਈ (ਅਮਨ ਮੈਨੀ) - ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 123 'ਤੇ 22 ਮਈ ਨੂੰ ਮੁੜ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵੋਟਿੰਗ ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ। ਇਸ ਸੰਬੰਧੀ....
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  about 3 hours ago
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਆਏ ਪਿੰਡ ਮਾਂਗੇਵਾਲ ਦੇ ਵਾਸੀ ਸੁਖਦੇਵ ਸਿੰਘ ਪੁੱਤਰ ਦਰਸ਼ਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਦੇ ਕਾਰਨ....
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  about 4 hours ago
ਨਵੀਂ ਦਿੱਲੀ, 20 ਮਈ- ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਇੰਨੀ ਦਿਨੀਂ ਆਪਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ, ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵਿਵੇਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ....
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  about 4 hours ago
ਕਾਬੁਲ, 20 ਮਈ- ਅਫ਼ਗ਼ਾਨਿਸਤਾਨ ਦੇ ਪੱਛਮੀ ਪ੍ਰਾਂਤ ਫਰਾਹ 'ਚ ਨਾਟੋ ਦੀ ਅਗਵਾਈ ਹੇਠ ਗੱਠਜੋੜ ਫੌਜ ਦੇ ਹਵਾਈ ਹਮਲਿਆਂ 'ਚ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੱਠਜੋੜ....
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  about 5 hours ago
ਕੋਲਕਾਤਾ, 20 ਮਈ- ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਲਈ ਅੱਜ...
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  about 5 hours ago
ਬਠਿੰਡਾ, 20 ਮਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ ਦੀ ਅਗਰਵਾਲ ਕਲੋਨੀ 'ਚ ਅੱਜ ਘਰੇਲੂ ਲੜਾਈ ਦੌਰਾਨ ਇੱਕ ਪਤੀ ਇੰਨਾ ਹਿੰਸਕ ਹੋ ਗਿਆ ਕਿ ਉਸ ਨੇ ਦੰਦੀਆਂ ਵੱਢ ਕੇ ਆਪਣੀ ਪਤਨੀ ਦਾ ਨੱਕ ਹੀ ਕੱਟ ਦਿੱਤਾ। ਇੰਨਾ ਹੀ ਨਹੀਂ, ਪਤੀ ਨੇ ਆਪਣੀ ਪਤਨੀ ਦੀ ਬਾਹ...
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  about 5 hours ago
ਅਬੋਹਰ, 20 ਮਈ (ਸੁਖਜਿੰਦਰ ਸਿੰਘ ਢਿੱਲੋਂ)- ਅੱਜ ਸ਼ਾਮੀਂ ਅਬੋਹਰ-ਮਲੋਟ ਰੋਡ 'ਤੇ ਬੱਲੂਆਣਾ ਨੇੜੇ ਵਾਪਰੇ ਇੱਕ ਸੜਕ ਹਾਦਸੇ 'ਚ ਮਾਂ-ਪੁੱਤਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ...
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  about 6 hours ago
ਬੱਚੀਵਿੰਡ, 20 ਮਈ (ਬਲਦੇਵ ਸਿੰਘ ਕੰਬੋ)- ਚੋਣ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਨੂੰ ਚੋਣ ਰੱਦ ਕਰ ਦਿੱਤਾ ਹੈ। ਇੱਥੇ ਹੁਣ 21 ਮਈ ਨੂੰ ਮੁੜ ਵੋਟਾਂ ਪੈਣਗੀਆਂ। ਚੋਣਾਂ ਵਾਲੇ ਦਿਨ ਵਿਰੋਧੀ ਧਿਰ ਨੇ ਇਹ ਇਲਜ਼ਾਮ ਲਾਇਆ ਸੀ ਕਿ...
ਹੋਰ ਖ਼ਬਰਾਂ..

ਨਾਰੀ ਸੰਸਾਰ

ਪਛਾਣੋ ਆਪਣੀ ਜ਼ਿੰਦਗੀ ਦਾ ਅਸਲ ਮਨੋਰਥ

ਬਿਨਾਂ ਕਿਸੇ ਮਨੋਰਥ ਤੋਂ ਜ਼ਿੰਦਗੀ ਉਸ ਦੌੜ ਵਾਂਗ ਹੈ, ਜਿਸ ਵਿਚ ਦੌੜਨ ਵਾਲਾ ਦੌੜਦਾ ਤਾਂ ਬਹੁਤ ਹੈ ਪਰ ਪਹੁੰਚਦਾ ਕਿਤੇ ਵੀ ਨਹੀਂ। ਹਰ ਦੌੜਦੀ ਚੀਜ਼ ਮਗਰ ਦੌੜਨ ਵਾਲੇ ਇਨਸਾਨ ਦੀ ਨਾ ਤਾਂ ਕੋਈ ਮੰਜ਼ਿਲ ਹੁੰਦੀ ਹੈ ਅਤੇ ਨਾ ਹੀ ਉਸ ਦਾ ਕੋਈ ਮਨੋਰਥ। ਅਕਸਰ ਜਿਨ੍ਹਾਂ ਚੀਜ਼ਾਂ ਮਗਰ ਅਸੀਂ ਜ਼ਿਆਦਾ ਦੌੜਦੇ ਹਾਂ, ਉਹ ਚੀਜ਼ਾਂ ਸਾਨੂੰ ਮਿਲਦੀਆਂ ਨਹੀਂ ਅਤੇ ਜਿਨ੍ਹਾਂ ਚੀਜ਼ਾਂ ਤੋਂ ਅਸੀਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਚੀਜ਼ਾਂ ਸਾਡਾ ਖਹਿੜਾ ਨਹੀਂ ਛੱਡਦੀਆਂ। ਅਸੀਂ ਆਪਣੇ ਹੀ ਡਰ ਤੋਂ ਸਭ ਤੋਂ ਵੱਧ ਡਰਦੇ ਹਾਂ ਅਤੇ ਇਸੇ ਗੱਲ ਦੀ ਚਿੰਤਾ ਹੀ ਜ਼ਿੰਦਗੀ ਭਰ ਸਾਨੂੰ ਚਿੰਬੜੀ ਰਹਿੰਦੀ ਹੈ। ਅਸੀਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਇਕ ਛੋਟੀ ਜਿਹੀ ਖੁਸ਼ੀ ਦੀ ਕੀਮਤ ਹੀ ਅਦਾ ਕਰਨੀ ਨਹੀਂ ਆਉਂਦੀ। ਇਕ-ਇਕ ਨਿੱਕੀ-ਨਿੱਕੀ ਖੁਸ਼ੀ ਹੀ ਖੁਸ਼ੀਆਂ ਦਾ ਸਬੱਬ ਬਣਦੀ ਹੈ ਅਤੇ ਇਹ ਖੁਸ਼ੀਆਂ ਹੀ ਜ਼ਿੰਦਗੀ ਦੀ ਖੁਸ਼ਹਾਲੀ ਬਣਦੀਆਂ ਹਨ। ਜ਼ਰਾ ਆਪ ਹੀ ਸੋਚੋ, ਅਸੀਂ ਹਰ ਰੋਜ਼ ਕਿੰਨੇ ਕੁ ਲੋਕਾਂ ਦੀਆਂ ਖੁਸ਼ੀਆਂ ਦਾ ਸਬੱਬ ਬਣਦੇ ਹਾਂ? ਅਸੀਂ ਉਹੀ ਕੁਝ ਪ੍ਰਾਪਤ ਕਰਦੇ ਹਾਂ, ਜੋ ਅਸੀਂ ਦੂਜਿਆਂ ਨੂੰ ਵੰਡਦੇ ਹਾਂ। ਘਰ ਵਿਚ ਘਰੇਲੂ ਕੰਮ ਕਰਨ ਵਾਲੀ ਔਰਤ ਨੂੰ ਕਈ ਵਾਰ ਇੰਜ ਲਗਦਾ ਹੈ ਕਿ ਜਿਵੇਂ ਉਸ ਦੀ ਆਪਣੀ ਜ਼ਿੰਦਗੀ ਦਾ ਕੋਈ ਮਨੋਰਥ ਨਹੀਂ ਹੁੰਦਾ।
ਕਈ ਪੜ੍ਹੀਆਂ-ਲਿਖੀਆਂ ਕੁੜੀਆਂ ਵਿਆਹ ਉਪਰੰਤ ਇਸੇ ਲਈ ਪ੍ਰੇਸ਼ਾਨ ਰਹਿੰਦੀਆਂ ਹਨ ਕਿ ਉਹ ਪੜ੍ਹ-ਲਿਖ ਕੇ ਵੀ ਨੌਕਰੀ ਨਹੀਂ ਕਰ ਸਕੀਆਂ ਅਤੇ ਘਰੇਲੂ ਕੰਮ ਕਰਦੀਆਂ ਉਹ ਐਨੀਆਂ ਨੀਰਸ ਅਤੇ ਨਿਰਉਤਸ਼ਾਹ ਹੋ ਜਾਂਦੀਆਂ ਹਨ ਕਿ ਉਨ੍ਹਾਂ ਨੂੰ ਘਰ ਜੇਲ੍ਹ ਲੱਗਣ ਲਗਦਾ ਹੈ। ਹੌਲੀ-ਹੌਲੀ ਉਨ੍ਹਾਂ ਦੇ ਸੁਭਾਅ ਵਿਚ ਚਿੜਚਿੜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਅਕਸਰ ਮਨ ਅਸ਼ਾਂਤ ਅਤੇ ਦਿਲ ਉਦਾਸ ਰਹਿਣਾ ਸ਼ੁਰੂ ਹੋ ਜਾਂਦਾ ਹੈ। ਅਕਸਰ ਅਜਿਹੀਆਂ ਔਰਤਾਂ ਨੂੰ ਸਫਲਤਾ ਦੀ ਪਰਿਭਾਸ਼ਾ ਦਾ ਗਿਆਨ ਤਾਂ ਹੁੰਦਾ ਹੈ ਪਰ ਖੁਸ਼ੀਆਂ ਦੀ ਵਿਆਕਰਣ ਦੇ ਨੇਮਾਂ ਨੂੰ ਉਹ ਨਹੀਂ ਜਾਣਦੀਆਂ ਕਿ ਇਹ ਵੀ ਜ਼ਿੰਦਗੀ ਦਾ ਇਕ ਮਨੋਰਥ ਹੈ। ਦੂਜਿਆਂ ਨਾਲ ਮੁਕਾਬਲੇ ਦੀ ਇੱਛਾ ਹਮੇਸ਼ਾ ਤੰਗ ਕਰਦੀ ਹੈ। ਤੁਹਾਡੇ ਆਲੇ-ਦੁਆਲੇ ਕਿੰਨੇ ਲੋਕ ਹਨ, ਜਿਹੜੇ ਚੰਗੇ ਅਹੁਦਿਆਂ 'ਤੇ ਕਾਬਜ਼ ਹਨ ਅਤੇ ਵੱਡੀਆਂ ਤਨਖਾਹਾਂ ਲੈਂਦੇ ਹਨ ਪਰ ਫਿਰ ਵੀ ਉਹ ਖੁਸ਼ ਨਹੀਂ ਹਨ। ਅਸਲ ਵਿਚ ਉਹ ਲੋਕ ਉਸ ਮੁਕਾਬਲੇ ਦੀ ਦੌੜ ਵਿਚ ਹਨ, ਜਿਥੇ ਉਹ ਜਿੱਤ ਤਾਂ ਸਕਦੇ ਹਨ ਪਰ ਜੇਤੂ ਨਹੀਂ ਰਹਿ ਸਕਦੇ। ਲਾਲਚ ਦਾ ਪੇਟ ਕਦੇ ਨਹੀਂ ਭਰਦਾ। ਅੱਖਾਂ ਵਿਚ ਤ੍ਰਿਸ਼ਨਾ ਕਦੇ ਖ਼ਤਮ ਨਹੀਂ ਹੁੰਦੀ। ਇਹ ਨਾ ਸੋਚੋ ਕਿ ਕਿੰਨੇ ਲੋਕ ਤੁਹਾਡੇ ਤੋਂ ਵੱਧ ਸਫਲ ਹੋਏ ਹਨ, ਬਲਕਿ ਇਹ ਵਿਚਾਰਨ ਵਾਲੀ ਗੱਲ ਹੈ ਕਿੰਨੇ ਕੁ ਲੋਕ ਹਨ, ਜੋ ਤੁਹਾਡੀ ਵਜ੍ਹਾ ਕਰਕੇ ਜ਼ਿੰਦਗੀ ਵਿਚ ਸਫਲ ਹੋਏ ਹਨ।
ਨੇਕੀ ਦੀ ਅਸਲ ਤਾਕਤ ਨੇਕੀ ਕਰਕੇ ਭੁੱਲ ਜਾਣ ਵਿਚ ਹੈ। ਤੁਸੀਂ ਆਪਣੀ ਘਰੇਲੂ ਜ਼ਿੰਦਗੀ ਨੂੰ ਨਿਗੁਣਾ, ਛੋਟਾ ਅਤੇ ਮਨੋਰਥਹੀਣ ਨਾ ਸਮਝੋ। ਸਿਆਣੀ ਅਤੇ ਸਮਝਦਾਰ ਔਰਤ ਕਦੇ ਬੇਰੁਜ਼ਗਾਰ ਨਹੀਂ ਹੁੰਦੀ। ਸੁਖੀ ਰਹਿਣ ਦਾ ਤਰੀਕਾ ਹੈ ਕਿ ਜੇਕਰ ਤੁਹਾਨੂੰ ਪਸੰਦ ਦੀ ਚੀਜ਼ ਨਹੀਂ ਮਿਲੀ ਤਾਂ ਤੁਸੀਂ ਉਸ ਚੀਜ਼ ਨੂੰ ਆਪਣੀ ਪਸੰਦ ਬਣਾ ਲਵੋ ਜੋ ਤੁਹਾਡੇ ਕੋਲ ਹੈ। ਜੋ ਕੋਲ ਨਹੀਂ ਹੈ, ਉਸ ਦੀ ਚਿੰਤਾ ਹੈ ਅਤੇ ਜੋ ਕੋਲ ਹੈ ਉਸ ਦੀ ਕੀਮਤ ਦਾ ਅਹਿਸਾਸ ਨਹੀਂ। ਧੁਰ ਅੰਦਰੋਂ ਜ਼ਿੰਦਗੀ ਨੂੰ ਮਹਿਸੂਸ ਕਰਨ ਵਾਲੇ ਹੀ ਜ਼ਿੰਦਗੀ ਨੂੰ ਮਾਣ ਸਕਦੇ ਹਨ। ਕਈ ਚੀਜ਼ਾਂ ਯਤਨ ਕਰਨ ਨਾਲ ਨਹੀਂ, ਸਗੋਂ ਸਬਰ ਰੱਖਣ ਨਾਲ ਮਿਲਦੀਆਂ ਹਨ। ਤੁਹਾਡਾ ਸੁਭਾਅ ਵੀ ਤੁਹਾਡਾ ਭਵਿੱਖ ਤੈਅ ਕਰਦਾ ਹੈ। ਜੇਕਰ ਤੁਹਾਡੇ ਕੋਲ ਚੰਗੀ ਸਿਹਤ ਹੈ, ਸੋਚ ਅਤੇ ਸਮਝ ਹੈ ਅਤੇ ਏਨਾ ਹੋਣ ਦੇ ਬਾਵਜੂਦ ਵੀ ਤੁਸੀਂ ਜੇਕਰ ਖੁਸ਼ ਨਹੀਂ ਹੋ ਤਾਂ ਇਹ ਕਮੀ ਜ਼ਰੂਰ ਤੁਹਾਡੇ ਇਰਾਦੇ ਵਿਚ ਹੋਵੇਗੀ। ਗ਼ਲਤ ਤਰੀਕੇ ਨਾਲ ਪੂਰੀ ਰੋਟੀ ਖਾਣ ਦੀ ਬਜਾਏ ਸਹੀ ਤਰੀਕੇ ਨਾਲ ਕਮਾਈ ਅੱਧੀ ਰੋਟੀ ਕਿਤੇ ਵੱਧ ਸੰਤੁਸ਼ਟੀ ਦਿੰਦੀ ਹੈ। ਤੁਹਾਡੇ ਅੰਦਰ ਦੀ ਭਾਵਨਾ ਜਿੰਨੀ ਵੱਧ ਸ਼ੁੱਧ ਹੋਵੇਗੀ, ਓਨੀ ਹੀ ਤੁਹਾਡੇ ਕੰਮਾਂ ਦੀ ਤਾਕਤ ਵੱਧ ਹੋਵੇਗੀ। ਜੇਕਰ ਤੁਸੀਂ ਦੂਜਿਆਂ ਦੀ ਸਫਲਤਾ ਵਿਚ ਯੋਗਦਾਨ ਪਾਓਗੇ ਤਾਂ ਤੁਹਾਨੂੰ ਆਪਣੀ ਅਸਫਲਤਾ ਦੇ ਸਾਰੇ ਦਰਦ ਦੂਰ ਹੋ ਗਏ ਮਹਿਸੂਸ ਹੋਣਗੇ। ਦੂਜਿਆਂ ਦੇ ਮਨੋਰਥ ਨੂੰ ਪੂਰਾ ਕਰਨ ਵਿਚ ਸਹਾਈ ਹੋਣਾ ਤੁਹਾਡੀ ਜ਼ਿੰਦਗੀ ਦਾ ਇਕ ਅਜਿਹਾ ਮਨੋਰਥ ਹੈ, ਜੋ ਇਕ ਦਿਨ ਇਤਿਹਾਸ ਦਾ ਹਿੱਸਾ ਬਣਦਾ ਹੈ।
ਕਈ ਲੋਕ ਕੈਰੀਅਰ ਬਣਾਉਂਦੇ ਹਨ ਅਤੇ ਕਈ ਮਦਦ ਕਰਨ ਵਾਲੇ ਲੋਕ ਇਤਿਹਾਸ ਬਣਾਉਂਦੇ ਹਨ। ਸਭ ਤੋਂ ਵੱਡਾ ਨੁਕਸ ਹੈ ਆਪਣੇ ਕਿਸੇ ਨੁਕਸ ਦਾ ਨਜ਼ਰ ਨਾ ਆਉਣਾ। ਉਨ੍ਹਾਂ ਲੋਕਾਂ ਦੀ ਸਲਾਹ ਜ਼ਰੂਰ ਲਵੋ, ਜੋ ਜ਼ਿੰਦਗੀ ਵਿਚ ਖੁਦ ਸਫਲਤਾ ਦੀ ਮਿਸਾਲ ਬਣਦੇ ਹਨ, ਕਿਉਂਕਿ ਅਜਿਹੇ ਲੋਕ ਉਸਾਰੂ ਸੋਚ ਦੇ ਮਾਲਕ ਹੁੰਦੇ ਹਨ। ਮਨੋਰਥ ਸਿਰਫ ਨੌਕਰੀ, ਪੈਸਾ, ਕਾਰੋਬਾਰ, ਡਿਗਰੀ ਜਾਂ ਅਹੁਦਾ ਨਹੀਂ ਹੁੰਦਾ। ਜ਼ਿੰਦਗੀ ਇਕ ਸੰਗੀਤ ਹੈ। ਇਸ ਨੂੰ ਸੁਣੋ ਅਤੇ ਮਾਣੋ। ਜ਼ਿੰਦਗੀ ਇਕ ਮੌਕਾ ਹੈ ਚੰਗਾ ਇਨਸਾਨ ਬਣਨ ਦਾ। ਖੁਸ਼ੀਆਂ ਮਾਣੋ ਅਤੇ ਵੰਡੋ। ਚੰਗੀ ਖੁਰਾਕ, ਚੰਗੀ ਸਿਹਤ ਅਤੇ ਚੰਗੀਆਂ ਆਦਤਾਂ ਜ਼ਿੰਦਗੀ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਕਿਸੇ ਲਈ ਦੁਆ ਅਤੇ ਕਿਸੇ ਲਈ ਅਰਦਾਸ ਬਣੋ। ਕਿਸੇ ਲਈ ਰੌਸ਼ਨੀ ਅਤੇ ਕਿਸੇ ਲਈ ਗਿਆਨ। ਉਮੀਦਾਂ ਜਿੰਨੀਆਂ ਘੱਟ ਹੁੰਦੀਆਂ ਹਨ, ਖੁਸ਼ੀ ਓਨੀ ਵੱਧ ਮਿਲਦੀ ਹੈ। ਕਿਸੇ ਵੀ ਔਰਤ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਮਾਨਤ ਉਸ ਦੀ ਇੱਜ਼ਤ ਹੈ ਅਤੇ ਇੱਜ਼ਤ ਗੁਆ ਕੇ ਪ੍ਰਾਪਤ ਕੀਤੇ ਮਨੋਰਥ ਸ਼ੋਹਰਤ ਤਾਂ ਦੇ ਸਕਦੇ ਹਨ ਪਰ ਤਸੱਲੀ, ਖੁਸ਼ੀ ਜਾਂ ਸ਼ਾਂਤੀ ਨਹੀਂ। ਸਿਰਫ ਪਹੁੰਚ ਜਾਣਾ ਜਾਂ ਪ੍ਰਾਪਤ ਕਰ ਲੈਣਾ ਜ਼ਿੰਦਗੀ ਦੀ ਮੰਜ਼ਿਲ ਤਾਂ ਹੋ ਸਕਦਾ ਹੈ ਪਰ ਮਨੋਰਥ ਨਹੀਂ। ਮਨੋਰਥ ਦਿਲਾਂ ਵਿਚ ਪਲਦੇ ਹਨ, ਰੂਹਾਂ ਨਾਲ ਬਣਦੇ ਹਨ ਅਤੇ ਆਖਰੀ ਸਾਹਾਂ ਤੱਕ ਵੀ ਚਲਦੇ ਰਹਿੰਦੇ ਹਨ।


-ਪਿੰਡ ਗੋਲੇਵਾਲਾ (ਫ਼ਰੀਦਕੋਟ)।
ਮੋਬਾ: 94179-49079


ਖ਼ਬਰ ਸ਼ੇਅਰ ਕਰੋ

ਸੁੰਦਰਤਾ ਵਿਚ ਆਮ ਗ਼ਲਤੀਆਂ

ਔਰਤਾਂ ਨੂੰ ਮੇਕਅੱਪ ਦਾ ਖਾਸ ਸ਼ੌਕ ਹੁੰਦਾ ਹੈ, ਕਿਉਂਕਿ ਮੇਕਅਪ ਖੂਬਸੂਰਤੀ ਦੇ ਨਾਲ ਆਤਮਵਿਸ਼ਵਾਸ ਵੀ ਵਧਾਉਂਦਾ ਹੈ। ਕੁਦਰਤੀ ਸੁੰਦਰਤਾ ਨੂੰ ਨਿਖਾਰਨ ਲਈ ਲੋੜੀਂਦਾ ਸਮਾਂ ਅਤੇ ਵਾਧੂ ਯਤਨਾਂ ਦੀ ਲੋੜ ਹੁੰਦੀ ਹੈ ਅਤੇ ਇਸ ਵਿਚ ਸ਼ਾਰਟਕੱਟ ਜ਼ਿਆਦਾਤਰ ਤੁਹਾਡੇ 'ਤੇ ਭਾਰੀ ਪੈ ਜਾਂਦੇ ਹਨ ਪਰ ਫਿਰ ਵੀ ਜ਼ਿਆਦਾਤਰ ਔਰਤਾਂ ਸਮੇਂ ਦੀ ਕਮੀ ਦੀ ਵਜ੍ਹਾ ਨਾਲ ਕਾਹਲੀ ਵਿਚ ਅੰਤਿਮ ਸਮੇਂ ਵਿਚ ਜ਼ਿਆਦਾਤਰ ਗ਼ਲਤੀਆਂ ਕਰ ਬੈਠਦੀਆਂ ਹਨ, ਕਿਉਂਕਿ ਮੇਕਅੱਪ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਹਰ ਰੋਜ਼ ਤਿਆਰ ਹੋਣ ਲਈ ਹਮੇਸ਼ਾ ਮਹਿੰਗੇ ਬਿਊਟੀ ਪਾਰਲਰ ਜਾਂ ਬਿਊਟੀਸ਼ੀਅਨ ਦੀ ਮਦਦ ਲੈਣਾ ਸੰਭਵ ਨਹੀਂ ਹੁੰਦਾ।
ਆਮ ਤੌਰ 'ਤੇ ਔਰਤਾਂ ਦੀ ਸੁੰਦਰਤਾ ਸਬੰਧੀ ਧਾਰਨਾਵਾਂ ਨੂੰ ਕਦੇ ਜ਼ਿਆਦਾਤਰ ਮਾਮਲਿਆਂ ਵਿਚ ਸਪੱਸ਼ਟ ਨਹੀਂ ਕੀਤਾ ਜਾਂਦਾ, ਇਸ ਲਈ ਉਹ ਵਾਰ-ਵਾਰ ਆਮ ਗ਼ਲਤੀਆਂ ਨੂੰ ਦੁਹਰਾਉਂਦੀਆਂ ਰਹਿੰਦੀਆਂ ਹਨ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਨੁਕਸਾਨ ਸਹਿਣਾ ਪੈਂਦਾ ਹੈ। ਇਸ ਆਲੇਖ ਵਿਚ ਸੁੰਦਰਤਾ ਸਬੰਧੀ ਕੁਝ ਆਮ ਗ਼ਲਤੀਆਂ ਅਤੇ ਧਾਰਨਾਵਾਂ ਨੂੰ ਸਪੱਸ਼ਟ ਕੀਤਾ ਗਿਆ ਹੈ।
* ਸਾਡੀ ਉਮਰ ਵਧਣ ਨਾਲ ਚਮੜੀ ਦੀਆਂ ਨਵੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਜਦੋਂ ਕਿ ਫੇਸ ਵਾਸ਼ ਸਹਿਤ ਹੋਰ ਸੁੰਦਰਤਾ ਪ੍ਰਸਾਧਨ ਅਸੀਂ ਬਦਲਣ ਨੂੰ ਤਿਆਰ ਹੀ ਨਹੀਂ ਹੁੰਦੇ, ਜਦੋਂ ਸਾਨੂੰ ਉਮਰ ਦੇ ਹਿਸਾਬ ਨਾਲ ਫੇਸ ਵਾਸ਼ ਅਤੇ ਹੋਰ ਸੁੰਦਰਤਾ ਪ੍ਰਸਾਧਨ ਵਰਤਣੇ ਚਾਹੀਦੇ ਹਨ।
* ਅੱਜਕਲ੍ਹ ਮੋਬਾਈਲ ਸਾਡੀ ਜੀਵਨਸ਼ੈਲੀ ਦਾ ਹਿੱਸਾ ਬਣ ਗਿਆ ਹੈ। ਮੋਬਾਈਲ ਤੋਂ ਬਿਨਾਂ ਅਕਸਰ ਔਰਤਾਂ ਨੂੰ ਬੇਚੈਨੀ ਵੀ ਮਹਿਸੂਸ ਹੁੰਦੀ ਹੈ ਅਤੇ ਮੋਬਾਈਲ ਨਾਲ ਆਪਣੇ ਜਾਣਕਾਰਾਂ ਦੇ ਸੰਪਰਕ ਵਿਚ ਰਹਿਣ ਨਾਲ ਸੁਰੱਖਿਆ ਦਾ ਅਹਿਸਾਸ ਵੀ ਹੁੰਦਾ ਹੈ ਪਰ ਮੋਬਾਈਲ ਦੀ ਜ਼ਿਆਦਾ ਵਰਤੋਂ ਤੁਹਾਡੀ ਚਮੜੀ ਨੂੰ ਖਰਾਬ ਕਰ ਦਿੰਦੀ ਹੈ। ਦਰਅਸਲ ਮੋਬਾਈਲ 'ਤੇ ਗੱਲ ਕਰਦੇ ਸਮੇਂ ਤੁਸੀਂ ਮੋਬਾਈਲ ਨੂੰ ਆਪਣੇ ਚਿਹਰੇ ਨਾਲ ਸਿੱਧੇ ਜੋੜ ਦਿੰਦੇ ਹੋ, ਜਿਸ ਨਾਲ ਮੋਬਾਈਲ ਵਿਚ ਮੌਜੂਦ ਬੈਕਟੀਰੀਆ ਚਮੜੀ ਨੂੰ ਖਰਾਬ ਕਰ ਦਿੰਦਾ ਹੈ।
* ਇਹ ਇਕ ਆਮ ਧਾਰਨਾ ਹੈ ਕਿ ਸਾਬਣ ਅਤੇ ਪਾਣੀ ਨਾਲ ਮੂੰਹ ਧੋਣਾ ਚੰਗਾ ਸ਼ੁੱਧ ਤਰੀਕਾ ਹੈ ਜਦੋਂ ਕਿ ਅਸਲ ਵਿਚ ਸਾਬਣ ਨਾਲ ਬਨਾਉਟੀ ਸੁੰਦਰਤਾ, ਮੈਲ ਅਤੇ ਪ੍ਰਦੂਸ਼ਣ ਪੂਰੀ ਤਰ੍ਹਾਂ ਨਹੀਂ ਹਟਾਏ ਜਾ ਸਕਦੇ। ਇਸ ਤੋਂ ਬਾਅਦ ਬਹੁਤੇ ਸਾਬਣ ਖਾਰੇ ਹੁੰਦੇ ਹਨ ਜੋ ਕਿ ਚਮੜੀ ਦੇ ਆਮ ਅਮਲੀਯ ਖਾਰੇ ਸੰਤੁਲਨ ਨੂੰ ਵਿਗਾੜਦੇ ਹਨ ਅਤੇ ਚਮੜੀ ਨੂੰ ਖੁਸ਼ਕ ਵੀ ਬਣਾ ਦਿੰਦੇ ਹਨ।
* ਅਕਸਰ ਅਸੀਂ ਕਾਫੀ ਸਾਲਾਂ ਤੋਂ ਇਕ ਹੀ ਫੇਸ ਵਾਸ਼, ਕ੍ਰੀਮ, ਪਾਊਡਰ ਆਦਿ ਸੁੰਦਰਤਾ ਪ੍ਰਸਾਧਨ ਵਰਤਦੇ ਰਹਿੰਦੇ ਹਾਂ ਅਤੇ ਸਾਡੀ ਕੁਝ ਸੁੰਦਰਤਾ ਪ੍ਰਸਾਧਨਾਂ ਦੇ ਪ੍ਰਤੀ ਬ੍ਰਾਂਡ ਲਾਇਲਟੀ ਵੀ ਹੋ ਜਾਂਦੀ ਹੈ, ਪਰ ਬਚਪਨ ਤੋਂ ਲੈ ਕੇ ਚਮੜੀ ਵਿਚ ਅਨੇਕ ਬਦਲਾਅ ਆਉਂਦੇ ਹਨ ਅਤੇ ਇਨ੍ਹਾਂ ਬਦਲਾਵਾਂ ਦੇ ਮੱਦੇਨਜ਼ਰ ਸਾਨੂੰ ਆਪਣੇ ਸੁੰਦਰਤਾ ਪ੍ਰਸਾਧਨਾਂ ਨੂੰ ਬਦਲਣ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਉਸ ਉਮਰ ਦੇ ਹਿਸਾਬ ਨਾਲ ਠੀਕ ਰਹੇ।
* ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਚਿਕਨਾਈ ਵਾਲੀ ਅਤੇ ਜਟਿਲ ਚਮੜੀ ਲਈ ਚਿਹਰੇ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ ਜਦੋਂ ਕਿ ਇਹ ਸਹੀ ਨਹੀਂ ਹੈ। ਚਮੜੀ ਨੂੰ ਸਾਬਣ ਅਤੇ ਪਾਣੀ ਨਾਲ ਦਿਨ ਵਿਚ ਦੋ ਵਾਰ ਤੋਂ ਵੱਧ ਨਹੀਂ ਧੋਣਾ ਚਾਹੀਦਾ। ਸਾਬਣ ਦੀ ਲਗਾਤਾਰ ਵਰਤੋਂ ਨਾਲ ਚਮੜੀ ਵਿਚ ਖਾਰਾਪਨ ਵਧ ਜਾਂਦਾ ਹੈ, ਜਿਸ ਨਾਲ ਚਮੜੀ 'ਤੇ ਬੈਕਟੀਰੀਅਲ ਹਮਲੇ ਦੀ ਪ੍ਰਵਿਰਤੀ ਵਧ ਜਾਂਦੀ ਹੈ ਅਤੇ ਇਸ ਨਾਲ ਚਮੜੀ 'ਤੇ ਕਾਲੇ ਮੁਹਾਸੇ ਪੈਦਾ ਹੋ ਜਾਂਦੇ ਹਨ।
* ਸੁੰਦਰਤਾ ਲਈ ਵਰਤੇ ਜਾਣ ਵਾਲੇ ਬੁਰਸ਼ ਆਦਿ ਦੀ ਸਾਫ਼-ਸਫ਼ਾਈ ਵੀ ਓਨੀ ਹੀ ਜ਼ਰੂਰੀ ਹੁੰਦੀ ਹੈ ਜਿੰਨੀ ਸਾਡੇ ਚਿਹਰੇ ਦੀ ਸੁੰਦਰਤਾ ਦੀ। ਅਸੀਂ ਅਕਸਰ ਬੁਰਸ਼ ਨੂੰ ਸਾਫ਼ ਕਰਨ ਵਿਚ ਕੁਤਾਹੀ ਕਰ ਬੈਠਦੇ ਹਾਂ, ਜਿਸ ਨਾਲ ਬੁਰਸ਼ ਵਿਚ ਲੱਗਿਆ ਤੇਲ, ਕਰੀਮ, ਧੂੜ ਆਦਿ ਬੁਰਸ਼ 'ਤੇ ਜੰਮ ਜਾਂਦੀ ਹੈ ਅਤੇ ਜਦੋਂ ਅਸੀਂ ਇਸੇ ਬੁਰਸ਼ ਨੂੰ ਬਿਨਾਂ ਸਾਫ਼ ਕੀਤੇ ਜਾਂ ਉਚਿਤ ਤਰੀਕੇ ਨਾਲ ਸਾਫ਼ ਕੀਤੇ ਬਿਨਾਂ ਵਰਤਦੇ ਹਾਂ ਤਾਂ ਇਸ ਨਾਲ ਚਮੜੀ ਦੀ ਅਲਰਜੀ ਹੋ ਜਾਂਦੀ ਹੈ ਅਤੇ ਸੁੰਦਰਤਾ ਨਾਲ ਜੁੜੀਆਂ ਅਨੇਕ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਇਹ ਅਤਿਅੰਤ ਜ਼ਰੂਰੀ ਹੈ ਕਿ ਸੁੰਦਰਤਾ ਨਾਲ ਜੁੜੀਆਂ ਸਾਰੀਆਂ ਉਪਕਰਨਾਂ ਨੂੰ ਉਚਿਤ ਤਰੀਕੇ ਨਾਲ ਸਾਫ਼ ਕਰਕੇ ਇਕ ਸਹੀ ਜਗ੍ਹਾ 'ਤੇ ਰੱਖਿਆ ਜਾਵੇ ਅਤੇ ਵਰਤੋਂ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਸਾਫ਼ ਕੀਤਾ ਜਾਵੇ।
* ਅਸੀਂ ਇਹ ਮੰਨਦੇ ਹਾਂ ਕਿ ਸੈਲੂਨ ਫੇਸ਼ੀਅਲ ਮਸਾਜ ਸਾਰੇ ਤਰ੍ਹਾਂ ਦੀ ਚਮੜੀ ਲਈ ਫਾਇਦੇਮੰਦ ਸਾਬਤ ਹੁੰਦੀ ਹੈ, ਜਦਕਿ ਸਚਾਈ ਇਹ ਹੈ ਕਿ ਸੈਲੂਨ ਫੇਸ਼ੀਅਲ ਮਸਾਜ ਵਿਚ ਵੱਖ-ਵੱਖ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਤੇਲੀ ਚਮੜੀ ਦੀ ਕ੍ਰੀਮ ਨਾਲ ਮਾਲਿਸ਼ ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਇਸ ਨਾਲ ਤੇਲੀ ਗ੍ਰੰਥੀਆਂ ਉਤੇਜਿਤ ਹੁੰਦੀਆਂ ਹਨ। ਜੇ ਤੇਲੀ ਚਮੜੀ ਵਿਚ ਫੇਸ਼ੀਅਲ ਕਰਨਾ ਹੋਵੇ ਤਾਂ ਉਸ ਵਿਚ ਸਿਰਫ ਕਲੀਜ਼ਿੰਗ, ਟੋਨਿੰਗ ਮਾਸਕ ਅਤੇ ਇਕਸਫੋਲੀਏਸ਼ਨ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
* ਚਮੜੀ 'ਤੇ ਕ੍ਰੀਮ ਨੂੰ ਲਗਾ ਕੇ ਪੂਰੀ ਰਾਤ ਤੱਕ ਚਮੜੀ 'ਤੇ ਲੱਗੀ ਨਹੀਂ ਰਹਿਣ ਦੇਣਾ ਚਾਹੀਦਾ, ਕਿਉਂਕਿ ਚਮੜੀ ਇਕ ਸੀਮਾ ਤੱਕ ਹੀ ਕ੍ਰੀਮ ਸੋਖ ਸਕਦੀ ਹੈ ਅਤੇ ਇਸ ਤੋਂ ਬਾਅਦ ਉਹ ਕ੍ਰੀਮ ਦੀ ਵਰਤੋਂ ਨਹੀਂ ਕਰ ਸਕਦੀ। ਅਸਲ ਵਿਚ ਸੌਣ ਸਮੇਂ ਚਮੜੀ ਦੇ ਮੁਸਾਮ ਕ੍ਰੀਮ ਤੋਂ ਪੂਰੀ ਤਰ੍ਹਾਂ ਮੁਕਤ ਹੋਣੇ ਚਾਹੀਦੇ ਹਨ। ਫਿਰ ਵੀ ਜੇ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੈ ਤਾਂ ਵਾਧੂ ਕ੍ਰੀਮ ਨੂੰ ਗਿੱਲੇ ਰੂੰ ਨਾਲ ਹਟਾ ਕੇ ਹਲਕਾ ਦ੍ਰਵ ਮਾਇਸਚਰਾਈਜ਼ਰ ਲਗਾਇਆ ਜਾ ਸਕਦਾ ਹੈ। (ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)

ਆਈਸ ਕ੍ਰੀਮ ਦੀ ਆਈ ਬਹਾਰ

ਕੇਲਾ (ਬਨਾਨਾ) ਆਈਸ ਕ੍ਰੀਮ

ਸਮੱਗਰੀ : ਫੁਲਕ੍ਰੀਮ ਦੁੱਧ-375 ਮਿ: ਲਿ:, ਪੱਕੇ ਹੋਏ ਕੇਲੇ-3, ਖੰਡ-100 ਗ੍ਰਾਮ।
ਵਿਧੀ : ਕੇਲਿਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਓ। ਇਸ ਵਿਚ ਦੁੱਧ ਅਤੇ ਖੰਡ ਮਿਲਾਓ। ਇਸ ਮਿਸ਼ਰਣ ਨੂੰ ਆਈਸ ਕ੍ਰੀਮ ਮੇਕਰ ਵਿਚ ਪਾ ਕੇ ਫਰੀਜ਼ਰ ਵਿਚ ਜੰਮਣ ਲਈ ਰੱਖ ਦਿਓ।
ਅੰਬ (ਮੈਂਗੋ) ਆਈਸ ਕ੍ਰੀਮ
ਸਮੱਗਰੀ : ਆਂਡੇ-4, ਅੰਬ ਪੱਕੇ ਹੋਏ-2, ਖੰਡ-2 ਵੱਡੇ ਚਮਚ, ਕ੍ਰੀਮ-ਅੱਧਾ ਕੱਪ।
ਵਿਧੀ : ਆਂਡਿਆਂ ਨੂੰ ਚੰਗੀ ਤਰ੍ਹਾਂ ਫੈਂਟ ਲਓ, ਜਿਸ ਨਾਲ ਉਨ੍ਹਾਂ ਦਾ ਸੰਘਣਾ ਪੇਸਟ ਬਣ ਜਾਵੇ। ਫਿਰ ਇਸ ਵਿਚ ਖੰਡ ਅਤੇ ਕ੍ਰੀਮ ਮਿਲਾ ਕੇ ਚੰਗੀ ਤਰ੍ਹਾਂ ਫੈਂਟੋ। ਜਦੋਂ ਮਿਸ਼ਰਣ ਸੰਘਣਾ ਅਤੇ ਕ੍ਰੀਮੀ ਹੋ ਜਾਵੇ ਤਾਂ ਇਸ ਵਿਚ ਅੰਬ ਦੇ ਟੁਕੜੇ ਮਿਲਾਓ। ਇਸ ਨੂੰ ਖੂਬ ਫੈਂਟੋ। ਫਿਰ ਫ੍ਰੀਜ਼ਰ ਵਿਚ ਜੰਮਣ ਲਈ ਰੱਖ ਦਿਓ।

ਤਣਾਅ ਤੋਂ ਬਚਣ ਔਰਤਾਂ

ਤਣਾਅ ਪੈਦਾ ਹੋਣ ਦੇ ਕਾਰਨ ਹਨ ਸ਼ੱਕ, ਬੇਵਿਸ਼ਵਾਸੀ, ਬੇਚੈਨੀ, ਗ਼ਲਤ-ਫਹਿਮੀ, ਆਸਾਂ-ਉਮੀਦਾਂ, ਅਸਫਲਤਾਵਾਂ, ਲਾਲਸਾਵਾਂ, ਡਰ, ਈਰਖਾ, ਹੰਕਾਰ ਆਦਿ, ਜਿਸ ਦਾ ਨਤੀਜਾ ਅਸੀਂ ਅਸੰਤੋਸ਼ ਅਤੇ ਮਾਨਸਿਕ ਸੰਤਾਪ ਦੇ ਰੂਪ ਵਿਚ ਦੇਖਦੇ ਹਾਂ।
ਤਣਾਅ ਦੇ ਅਨੇਕ ਮਾੜੇ ਨਤੀਜੇ ਸਾਨੂੰ ਦੇਖਣ ਨੂੰ ਮਿਲਦੇ ਹਨ। ਤਣਾਅ ਨਾਲ ਸਾਡੀਆਂ ਮਾਸਪੇਸ਼ੀਆਂ ਵਿਚ ਖਿਚਾਅ ਪੈਦਾ ਹੁੰਦਾ ਹੈ, ਫਿਰ ਅਸੀਂ ਬੇਚੈਨੀ ਮਹਿਸੂਸ ਕਰਦੇ ਹਾਂ। ਇਸ ਨਾਲ ਖੂਨ ਦਾ ਦਬਾਅ ਵਧ ਜਾਂਦਾ ਹੈ। ਮਾਨਸਿਕ ਅਸੰਤੁਲਨ, ਸਾਡੇ ਨਿੱਜੀ ਅਤੇ ਪਰਿਵਾਰਕ ਜੀਵਨ ਵਿਚ ਬਿਖਰਾਅ ਤੋਂ ਇਲਾਵਾ ਹੋਰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ। ਕਿਤੇ-ਕਿਤੇ ਤਾਂ ਆਤਮ-ਹੱਤਿਆ ਕਰਨ ਵਰਗੇ ਕਦਮ ਵੀ ਮਨੁੱਖ ਤਣਾਅਵੱਸ ਚੁੱਕ ਬੈਠਦਾ ਹੈ।
ਤਣਾਅ ਨਾਲ ਸਾਡੀ ਮੌਲਿਕਤਾ ਖ਼ਤਮ ਹੋ ਜਾਂਦੀ ਹੈ, ਪ੍ਰਗਤੀ ਦੇ ਸਾਰੇ ਰਾਹ ਬੰਦ ਹੋ ਜਾਂਦੇ ਹਨ, ਅਸੀਂ ਆਪਣੇ ਨਿਸ਼ਾਨੇ ਤੋਂ ਭਟਕ ਜਾਂਦੇ ਹਾਂ ਅਤੇ ਜੀਵਨ ਦੀਆਂ ਸਮੁੱਚੀਆਂ ਚੰਗੀਆਂ ਭਾਵਨਾਵਾਂ ਸਾਡਾ ਸਾਥ ਛੱਡ ਦਿੰਦੀਆਂ ਹਨ ਅਤੇ ਅਸ਼ਾਂਤੀ, ਨਿਰਾਸ਼ਾ ਵਰਗੀਆਂ ਮਾੜੀਆਂ ਪ੍ਰਵਿਰਤੀਆਂ ਸਾਨੂੰ ਘੇਰ ਲੈਂਦੀਆਂ ਹਨ। ਤਣਾਅ ਨਾਲ ਸਾਡੀ ਇੱਛਾ ਸ਼ਕਤੀ ਖ਼ਤਮ ਹੋ ਜਾਂਦੀ ਹੈ। ਅਸੀਂ ਖੁਦ ਨੂੰ ਕੁਝ ਵੀ ਕਰਨ ਯੋਗ ਨਹੀਂ ਸਮਝਦੇ।
ਸਾਨੂੰ ਤਣਾਅ ਤੋਂ ਮੁਕਤੀ ਪਾਉਣ ਦਾ ਉਪਾਅ ਖੋਜਣਾ ਚਾਹੀਦਾ ਹੈ। ਇਸ ਤੋਂ ਮੁਕਤ ਹੋਣ ਦੇ ਉਪਾਅ ਬਹੁਤ ਸਹਿਜ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਬਹੁਤੇ ਆਸ਼ਾਵਾਦੀ ਨਾ ਬਣੀਏ। ਇੱਛਾਵਾਂ ਅਤੇ ਆਸਾਂ ਪੂਰੀਆਂ ਨਾ ਹੋਣ 'ਤੇ ਤਣਾਅ ਹੋ ਜਾਂਦਾ ਹੈ, ਇਸ ਲਈ ਇੱਛਾਵਾਂ 'ਤੇ ਕਾਬੂ ਰੱਖੋ। ਸੰਤੁਸ਼ਟ ਰਹਿਣਾ ਸਿੱਖੋ।
ਕਿਸੇ ਦੂਜੇ ਨੂੰ ਦੇਖ ਕੇ ਨਾ ਤਾਂ ਉਸ ਦੀਆਂ ਸੁਖ ਸਹੂਲਤਾਂ ਤੋਂ ਖਿਝੋ ਅਤੇ ਨਾ ਹੀ ਖੁਦ ਨੂੰ ਛੋਟਾ ਜਾਂ ਹੀਣ ਸਮਝੋ। ਮਾੜੇ ਹਾਲਾਤ ਵਿਚ ਵੀ ਧੀਰਜ ਬਣਾਈ ਰੱਖੋ। ਜੀਵਨ ਨੂੰ ਸਦਾਚਾਰੀ, ਸਾਧਾਰਨ ਅਤੇ ਨੈਤਿਕਤਾ ਭਰਪੂਰ ਬਣਾਓ। ਗ਼ਲਤ ਆਦਤਾਂ ਨੂੰ ਆਪਣੇ ਜੀਵਨ ਵਿਚ ਜਗ੍ਹਾ ਨਾ ਦਿਓ।
ਤੁਹਾਡਾ ਜੀਵਨ, ਤੁਹਾਡੀ ਤੰਦਰੁਸਤੀ, ਤੁਹਾਡੀ ਤਰੱਕੀ, ਤੁਹਾਡੀ ਉਮਰ, ਸਮਾਜ ਵਿਚ ਮਾਣ-ਸਨਮਾਨ, ਹਰਮਨਪਿਆਰਤਾ ਸਭ ਤੁਹਾਡੇ ਹੱਥ ਵਿਚ ਹੈ। ਖੁਦ 'ਤੇ ਵਿਸ਼ਵਾਸ ਰੱਖੋ। ਜੀਵਨ ਨੂੰ ਭਾਰ ਨਾ ਸਮਝੋ। ਹੱਸਦੇ-ਮੁਸਕਰਾਉਂਦੇ ਜ਼ਿੰਦਗੀ ਜਿਊਣ ਦੀ ਆਦਤ ਪਾਓ। ਹਿੰਮਤ ਕਦੇ ਨਾ ਹਾਰੋ। ਸਹਿਣਸ਼ੀਲ ਅਤੇ ਧੀਰਜਵਾਨ ਬਣੋ। ਸਾਧਾਰਨ ਭੋਜਨ ਕਰੋ।
ਮਿੱਤਰਾਂ, ਰਿਸ਼ਤੇਦਾਰਾਂ ਨਾਲ ਸਬੰਧਾਂ ਨੂੰ ਮਧੁਰ ਬਣਾਈ ਰੱਖੋ। ਸਵੇਰੇ-ਸ਼ਾਮ ਟਹਿਲਣ ਦੀ ਆਦਤ ਪਾਓ। ਆਪਣੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਕਰਕੇ ਜੀਵਨ ਵਿਚ ਕੁਝ ਬਣਨ ਬਾਰੇ ਸੋਚੋ। ਪਾਣੀ ਜ਼ਿਆਦਾ ਪੀਓ, ਕ੍ਰੋਧ ਵਿਚ ਨਾ ਰਹੋ।
ਹਰ ਗੱਲ ਨੂੰ ਸਹਿਜ ਅਤੇ ਸਰਲ ਤਰੀਕੇ ਨਾਲ ਲਓ। ਇਨ੍ਹਾਂ ਸਭ ਗੱਲਾਂ ਨੂੰ ਅਮਲ ਵਿਚ ਲਿਆ ਕੇ ਤੁਸੀਂ ਖੁਦ ਤਾਂ ਤਣਾਅ ਤੋਂ ਬਚੋਗੇ ਹੀ, ਤੁਹਾਡੇ ਘਰ-ਪਰਿਵਾਰ ਵਾਲਿਆਂ ਦੇ ਵੀ ਤੁਸੀਂ ਪਿਆਰੇ ਬਣੇ ਰਹੋਗੇ।

ਇੰਟਰਨੈੱਟ ਗੇਮਾਂ ਦਾ ਨਸ਼ਾ

ਦੋਸਤੋ, ਪਹਿਲਾਂ ਅਸੀਂ ਅੱਜ ਤੱਕ ਇਹ ਸੁਣਦੇ ਆਏ ਹਾਂ ਕਿ ਹਿੰਦੁਸਤਾਨ ਵਿਚ ਅਨੇਕਾਂ ਹੀ ਤਰ੍ਹਾਂ ਦਾ ਨਸ਼ਾ ਚੱਲ ਰਿਹਾ ਹੈ ਜਿਵੇਂ ਕਿ ਚਿੱਟਾ, ਅਫੀਮ, ਪੋਸਤ ਆਦਿ ਹੋਰ ਕਈ ਤਰ੍ਹਾਂ ਦੇ ਸਿੰਥੈਟਿਕ ਨਸ਼ੇ। ਪਰ ਜ਼ਰਾ ਗੌਰ ਕਰੋ, ਇਨ੍ਹਾਂ ਸਭ ਦੇ ਨਾਲ ਨੌਜਵਾਨ ਪੀੜ੍ਹੀ ਇਕ ਹੋਰ ਨਸ਼ੇ ਦਾ ਸੇਵਨ ਕਰ ਰਹੀ ਹੈ, ਜਿਸ ਦਾ ਨਾਂਅ ਹੈ ਇੰਟਰਨੈੱਟ ਗੇਮਾਂ ਦਾ ਨਸ਼ਾ। ਇੰਟਰਨੈੱਟ ਗੇਮਾਂ 'ਚ ਕਈ ਤਰ੍ਹਾਂ ਦੀਆਂ ਗੇਮਾਂ ਹਨ ਜਿਵੇਂ ਕਿ ਪੱਬ ਜੀ, ਮਿੰਨੀ ਮਿਲਟੀਆ, ਏਟ ਬਾਲ ਪੂਲ, ਬਲੂ ਵੇਲ, ਪਾਕਿਮਾਨ ਗੈ ਆਦਿ। ਹਾਲਾਂਕਿ ਇਨ੍ਹਾਂ ਵਿਚੋਂ ਕਈ ਜਾਨਲੇਵਾ ਗੇਮਾਂ 'ਤੇ ਸਰਕਾਰ ਵਲੋਂ ਰੋਕ ਲਗਾ ਦਿੱਤੀ ਗਈ ਹੈ। ਜਿਸ ਤਰ੍ਹਾਂ ਨਸ਼ੇ ਨੌਜਵਾਨਾਂ ਦੀ ਬਰਬਾਦੀ ਦਾ ਕਾਰਨ ਬਣ ਰਹੇ ਹਨ, ਉਸੇ ਤਰ੍ਹਾਂ ਇਹ ਗੇਮਾਂ ਵੀ ਨੌਜਵਾਨਾਂ ਦੇ ਭਵਿੱਖ ਅਤੇ ਸਰੀਰ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਅੱਜ ਦੇ ਨੌਜਵਾਨ ਆਪਣਾ ਬਹੁਤ ਜ਼ਿਆਦਾ ਕੀਮਤੀ ਸਮਾਂ ਇਨ੍ਹਾਂ ਗੇਮਾਂ ਨੂੰ ਖੇਡਦੇ ਹੋਏ ਬਰਬਾਦ ਕਰ ਦਿੰਦੇ ਹਨ। ਇਨ੍ਹਾਂ ਗੇਮਾਂ ਨੂੰ ਖੇਡਦੇ ਸਮੇਂ ਉਹ ਆਪਣੀਆਂ ਜ਼ਿੰਮੇਵਾਰੀਆਂ ਭਾਵੇਂ ਪੜ੍ਹਾਈ ਹੋਵੇ ਜਾਂ ਕੋਈ ਕੰਮਕਾਰ, ਭੁੱਲ ਜਾਂਦੇ ਹਨ। ਇਹ ਗੇਮਾਂ ਵੀ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਹਨ, ਜਿਵੇਂ-ਜਿਵੇਂ ਤੁਸੀਂ ਅੱਗੇ ਵਧਦੇ ਜਾਓਗੇ, ਉਵੇਂ ਹੀ ਤੁਹਾਡਾ ਰੁਝਾਨ ਵਧਦਾ ਜਾਵੇਗਾ ਤੇ ਤੁਹਾਨੂੰ ਹੋਰ ਜ਼ਿਆਦਾ ਪੁਆਇੰਟ ਬਣਾਉਣ ਦੀ ਰੁਚੀ ਬਣੇਗੀ। ਇਹ ਵੀ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਸੇ ਦੂਜੇ ਨਸ਼ੇ ਦੀ ਤੋੜ ਲਗਦੀ ਹੈ। ਅੱਜਕਲ੍ਹ ਤਾਂ ਬੱਚਿਆਂ ਨੂੰ ਇਨ੍ਹਾਂ ਗੇਮਾਂ ਦੀ ਵੀ ਤੋੜ ਲੱਗਣ ਲੱਗ ਗਈ ਹੈ। ਕਈ ਵਾਰ ਤਾਂ ਆਪਣਾ ਕੰਮਕਾਰ ਅਧੂਰਾ ਛੱਡ ਕੇ ਇਨ੍ਹਾਂ ਗੇਮਾਂ ਦੁਆਲੇ ਲੱਗ ਜਾਂਦੇ ਹਨ। ਮੰਨ ਲਓ ਉਸ ਤੋਂ ਫੋਨ ਜਾਂ ਲੈਪਟਾਪ ਖੋਹ ਲਿਆ ਜਾਵੇ ਤਾਂ ਉਹ ਬਿਲਕੁਲ ਉਸ ਤਰ੍ਹਾਂ ਹੀ ਹਰਕਤਾਂ ਕਰਦਾ ਹੈ, ਜਿਵੇਂ ਕਿਸੇ ਨਸ਼ੇੜੀ ਤੋਂ ਕੋਈ ਨਸ਼ਾ ਖੋਹ ਲਿਆ ਜਾਵੇ।
ਅੱਜਕਲ੍ਹ ਇਹ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਕਾਲਜਾਂ ਦੇ ਅਤੇ ਸਕੂਲਾਂ ਦੇ ਬੱਚੇ ਸਕੂਲ ਵਿਚ ਹੀ 5-7 ਵਿਅਕਤੀਆਂ ਦਾ ਗਰੁੱਪ ਬਣਾ ਕੇ ਖੇਡਦੇ ਹਨ। ਇਸ ਦਾ ਪੱਧਰ ਤਾਂ ਇਥੋਂ ਤੱਕ ਚਲਾ ਗਿਆ ਹੈ ਕਿ ਕਈ-ਕਈ ਵਿਦਿਆਰਥੀ ਤਾਂ ਲੈਕਚਰ ਦੇ ਸਮੇਂ ਵੀ ਕਲਾਸ ਰੂਮ ਵਿਚ ਇਹ ਗੇਮਾਂ ਖੇਡਦੇ ਦੇਖੇ ਜਾ ਸਕਦੇ ਹਨ।
ਹੁਣ ਇਕ ਹੋਰ ਪਤੇ ਦੀ ਗੱਲ ਕਰੀਏ ਤਾਂ ਸਾਨੂੰ ਇਹ ਗੇਮਾਂ ਖੇਡ ਕੇ ਇਕ ਫੁੱਟੀ ਕੌਡੀ ਦਾ ਵੀ ਫਾਇਦਾ ਨਹੀਂ ਹੁੰਦਾ। ਦੂਜੇ ਪਾਸੇ ਜਿਹੜੇ ਇਹ ਗੇਮਾਂ ਦੇ ਨਿਰਮਾਤਾ ਹਨ, ਉਹ ਕਰੋੜਾਂ ਰੁਪਿਆ ਕਮਾ ਰਹੇ ਹਨ। ਅਸੀਂ ਆਪਣਾ ਬਹੁਤ ਕੁਝ ਗਵਾ ਰਹੇ ਹਾਂ ਇਹ ਗੇਮਾਂ ਖੇਡ ਕੇ। ਦੋਸਤੋ, ਇਨ੍ਹਾਂ ਗੇਮਾਂ ਦਾ ਸਾਡੇ ਅਤੇ ਸਾਡੀ ਸਿਹਤ 'ਤੇ ਬਹੁਤ ਹੀ ਮਾੜਾ ਅਸਰ (ਦੁਸ਼ਪ੍ਰਭਾਵ) ਪੈ ਰਿਹਾ ਹੈ, ਜਿਵੇਂ ਕਿ ਜਦੋਂ ਅਸੀਂ ਘੰਟਿਆਂ ਬੱਧੀ ਇਨ੍ਹਾਂ 'ਤੇ ਅੱਖਾਂ ਟਿਕਾਈ ਰੱਖਦੇ ਹਾਂ ਤਾਂ ਸਾਡੀਆਂ ਅੱਖਾਂ 'ਤੇ ਸਿੱਧਾ ਪ੍ਰਭਾਵ ਪੈਂਦਾ ਹੈ, ਉਵੇਂ ਹੀ ਅਸੀਂ ਹੱਥਾਂ ਵਿਚ ਮੋਬਾਈਲ ਫੜ ਕੇ ਬੈਠੇ ਰਹਿੰਦੇ ਹਾਂ ਤਾਂ ਸਾਡੇ ਹੱਥਾਂ ਦੀਆਂ ਮਾਸਪੇਸ਼ੀਆਂ 'ਤੇ ਸਿੱਧਾ-ਸਿੱਧਾ ਅਸਰ ਪੈਂਦਾ ਹੈ। ਇਹ ਗੇਮਾਂ ਖੇਡਣ ਨਾਲ ਸਾਡੇ ਦਿਮਾਗ 'ਤੇ ਵੀ ਸਿੱਧਾ ਅਸਰ ਪੈਂਦਾ ਹੈ। ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਇਕਾਗਰਤਾ ਹਟਣ ਦਾ ਇਹ ਮੁੱਖ ਕਾਰਨ ਹੈ। ਕਈ ਵਾਰ ਬੱਚੇ ਕਿਤਾਬ ਬਾਅਦ 'ਚ ਚੁੱਕਦੇ ਹਨ ਤੇ ਇਨ੍ਹਾਂ ਖੇਡਾਂ ਬਾਰੇ ਸੋਚਣ ਲੱਗ ਜਾਂਦੇ ਹਨ। ਇਕ ਰੋਜ਼ਾਨਾ ਅਖ਼ਬਾਰ ਦੇ ਅਨੁਸਾਰ ਇਹ ਪਤਾ ਲੱਗਾ ਹੈ ਕਿ ਪਿਛਲੇ ਸਮੇਂ ਨਾਲੋਂ ਹੁਣ ਦੇ ਸਮੇਂ ਵਿਚ ਫੌਜ ਦਾ ਸਰੀਰਕ ਟੈਸਟ ਪਾਸ ਕਰਨ ਵਾਲੇ ਨੌਜਵਾਨਾਂ ਵਿਚ ਕਾਫੀ ਕਮੀ ਆਈ ਹੈ।
ਇਨ੍ਹਾਂ ਗੇਮਾਂ ਨੂੰ ਛੱਡ ਕੇ ਸਾਨੂੰ ਉਹ ਗੇਮਾਂ ਖੇਡਣੀਆਂ ਚਾਹੀਦੀਆਂ ਹਨ, ਜਿਸ ਨਾਲ ਸਾਡਾ ਸਰੀਰ ਤਰੋਤਾਜ਼ਾ ਹੋਵੇ ਤੇ ਸਰੀਰ ਨੂੰ ਥੋੜ੍ਹੀ-ਬਹੁਤ ਖੇਚਲ ਮਿਲੇ। ਬਾਹਰਲੀਆਂ ਖੇਡਾਂ ਖੇਡਣ ਨਾਲ ਸਾਡਾ ਸਰੀਰ ਤੰਦਰੁਸਤ ਹੁੰਦਾ ਹੈ ਤੇ ਬਿਮਾਰੀ-ਰਹਿਤ ਹੁੰਦਾ ਹੈ। ਦੋਸਤੋ, ਨਸ਼ਾ ਤਾਂ ਨਸ਼ਾ ਹੀ ਹੁੰਦਾ ਹੈ, ਭਾਵੇਂ ਉਹ ਅਫੀਮ, ਸ਼ਰਾਬ ਦਾ ਹੋਵੇ, ਭਾਵੇਂ ਉਹ ਇੰਟਰਨੈੱਟ ਗੇਮਾਂ ਦਾ। ਅਜੇ ਵੀ ਸਮਾਂ ਹੈ, ਸਾਨੂੰ ਰੱਬ ਨੇ ਦਿਮਾਗ ਦਿੱਤਾ, ਸਾਨੂੰ ਉਸ ਤੋਂ ਕੰਮ ਲੈਣਾ ਚਾਹੀਦਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਸਾਡਾ ਸਰੀਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ। ਅੱਜਕਲ੍ਹ ਕਈ ਵਾਰ ਛੋਟੀ ਉਮਰ ਦੇ ਬੱਚਿਆਂ ਨੂੰ ਹੀ ਫੋਨ ਫੜਾ ਦਿੱਤਾ ਜਾਂਦਾ ਹੈ, ਜੋ ਕਿ ਬਹੁਤ ਗ਼ਲਤ ਹੈ। ਉਸ ਨਾਲ ਬੱਚੇ ਦੇ ਵਿਕਾਸ ਦੀ ਦਰ ਘਟ ਜਾਂਦੀ ਹੈ। ਮਾਂ-ਪਿਓ ਨੂੰ ਵੀ ਥੋੜ੍ਹਾ ਜਾਗਰੂਕ ਹੋਣਾ ਪਵੇਗਾ। ਆਸ ਕਰਦਾ ਹਾਂ ਕਿ ਆਪਾਂ ਸਾਰੇ ਆਪਣੀ ਸਿਹਤ ਅਤੇ ਤਰੱਕੀ ਵੱਲ ਧਿਆਨ ਦੇਈਏ ਤੇ ਜ਼ਿੰਦਗੀ ਵਿਚ ਸਫ਼ਲ ਹੋਈਏ, ਕਿਉਂਕਿ ਇਕ ਅੰਗਰੇਜ਼ੀ ਦੀ ਕਹਾਵਤ 'ਹੈਲਥ ਇਜ ਵੈਲਥ' ਅਨੁਸਾਰ 'ਤੰਦਰੁਸਤੀ ਹੀ ਇਨਸਾਨ ਦੀ ਸਭ ਤੋਂ ਵੱਡੀ ਦੌਲਤ ਹੈ।'


-ਪਿੰਡ ਚਾਂਦਪੁਰ, ਡਾਕ: ਪਤਾਰਾ (ਜਲੰਧਰ)। ਮੋਬਾ: 95920-61456

ਨਵੇਂ ਤਰੀਕੇ ਨਾਲ ਭਾਂਡਿਆਂ ਦੀ ਧੁਆਈ

ਭਾਵੇਂ ਤੁਸੀਂ ਪੌਸ਼ਟਿਕ ਆਹਾਰ ਲੈ ਰਹੇ ਹੋ ਪਰ ਜਿਨ੍ਹਾਂ ਭਾਂਡਿਆਂ ਦਾ ਇਸਤੇਮਾਲ ਕਰ ਰਹੇ ਹੋ, ਜੇ ਉਹੀ ਸਾਫ਼ ਨਹੀਂ ਹਨ ਤਾਂ ਤੁਹਾਡੀ ਪੌਸ਼ਟਿਕ ਖੁਰਾਕ ਕੋਈ ਮਾਇਨੇ ਨਹੀਂ ਰੱਖਦੀ। ਪਹਿਲਾਂ ਲੋਕ ਸੁਆਹ ਨਾਲ ਭਾਂਡੇ ਸਾਫ਼ ਕਰਦੇ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਜੋ ਖੁਦ ਹੀ ਸ਼ੁੱਧ ਨਹੀਂ, ਉਹ ਕਿਸੇ ਚੀਜ਼ ਨੂੰ ਸਾਫ਼ ਕਿਵੇਂ ਕਰ ਸਕਦੀ ਹੈ।
ਅਪਣਾਓ ਕੁਝ ਨਵਾਂ : ਭਾਂਡਿਆਂ ਨੂੰ ਚੰਗੀ ਤਰ੍ਹਾਂ ਅਤੇ ਘੱਟ ਮਿਹਨਤ ਨਾਲ ਧੋਣ ਦੀ ਇੱਛਾ ਅੱਜ ਹਰ ਔਰਤ ਦੀ ਹੈ। ਇਸੇ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਬਾਜ਼ਾਰ ਵਿਚ ਆਧੁਨਿਕ ਤਰੀਕਿਆਂ ਨਾਲ ਬਣੇ ਤਰਲ ਕਲੀਨਰ ਪੇਸ਼ ਕੀਤੇ ਗਏ ਹਨ। ਇਨ੍ਹਾਂ ਨਾਲ ਭਾਂਡਿਆਂ ਨੂੰ ਸਾਫ਼ ਕਰਨਾ ਆਸਾਨ ਹੋ ਗਿਆ ਹੈ।
ਆਧੁਨਿਕ ਤਕਨੀਕ : ਆਮ ਤੌਰ 'ਤੇ ਸਾਰੇ ਤਰਲ ਕਲੀਨਰ ਸੰਤੁਲਤ ਪੀ.ਐਚ. ਫਾਰਮੂਲੇ ਨਾਲ ਬਣੇ ਹੁੰਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਨਿੰਬੂ ਅਤੇ ਸਿਰਕੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਭਾਂਡਿਆਂ ਨੂੰ ਪਰੰਪਰਿਕ ਸਾਧਨਾਂ ਨਾਲੋਂ ਵਧੀਆ ਸਾਫ਼ ਕਰ ਸਕਦੇ ਹਨ। ਕੀਟਾਣੂ ਰਹਿਤ ਹੋਣ ਕਾਰਨ ਇਹ ਭਾਂਡਿਆਂ ਨੂੰ ਜਰਮ ਮੁਕਤ ਬਣਾਉਂਦੇ ਹਨ।
ਆਮ ਤੌਰ 'ਤੇ ਤਰਲ ਕਲੀਨਰਾਂ ਵਿਚ ਟਾਕਿੰਸਸ ਦੀ ਵਰਤੋਂ ਨਹੀਂ ਹੁੰਦੀ, ਇਸ ਲਈ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੇ ਹਨ। ਜ਼ਿੱਦੀ ਦਾਗਾਂ ਅਤੇ ਤਲੇ ਤੋਂ ਜਲਣ ਦੇ ਕਾਰਨ ਭਾਂਡਿਆਂ 'ਤੇ ਦਾਗ-ਧੱਬੇ ਪੈ ਜਾਂਦੇ ਹਨ, ਜੋ ਦੇਖਣ ਵਿਚ ਬਹੁਤ ਭੱਦੇ ਲਗਦੇ ਹਨ ਪਰ ਤਰਲ ਕਲੀਨਰ ਅਜਿਹੇ ਰਸਾਇਣਾਂ ਨਾਲ ਬਣਾਏ ਜਾਂਦੇ ਹਨ, ਜਿਨ੍ਹਾਂ ਨਾਲ ਜਿੱਦੀ ਦਾਗ ਵੀ ਸਾਫ਼ ਹੋ ਜਾਂਦੇ ਹਨ।
ਚੀਨੀ ਦੇ ਬਰਤਨਾਂ ਲਈ ਫਾਇਦੇਮੰਦ : ਤਰਲ ਕਲੀਨਰਾਂ ਨਾਲ ਸਾਰੇ ਤਰ੍ਹਾਂ ਦੇ ਭਾਂਡੇ ਜਿਵੇਂ ਬੋਨਚਾਈਨਾ, ਮੈਲਾਮਾਈਨ, ਕੱਚ ਅਤੇ ਸਟੀਲ ਦੇ ਭਾਂਡਿਆਂ ਨੂੰ ਸੌਖਿਆਂ ਧੋਤਾ ਜਾ ਸਕਦਾ ਹੈ। ਬਾਰ ਜਾਂ ਪਾਊਡਰ ਦੀ ਵਰਤੋਂ ਨਾਲ ਇਨ੍ਹਾਂ 'ਤੇ ਸਕਰੱਬ ਦੇ ਘਸਣ ਨਾਲ ਨਿਸ਼ਾਨ ਪੈ ਜਾਂਦੇ ਹਨ ਅਤੇ ਇਨ੍ਹਾਂ ਨੂੰ ਸਾਫ਼ ਕਰਨ ਲਈ ਕਾਫੀ ਮਿਹਨਤ ਵੀ ਕਰਨੀ ਪੈਂਦੀ ਹੈ ਪਰ ਤਰਲ ਕਲੀਨਰਾਂ ਨਾਲ ਧੋਣ ਨਾਲ ਇਹ ਘਸਦੇ ਨਹੀਂ, ਜਿਸ ਨਾਲ ਡੇਲੀਕੇਟ ਕ੍ਰਾਕਰੀ ਵੀ ਸੁਰੱਖਿਅਤ ਤਰੀਕੇ ਨਾਲ ਸਾਫ਼ ਕੀਤੀ ਜਾ ਸਕਦੀ ਹੈ।
ਚਮੜੀ ਨਾਲ ਮਿੱਤਰਤਾ : ਹੋਰ ਸਾਧਨਾਂ ਨਾਲ ਭਾਂਡੇ ਸਾਫ਼ ਕਰਨ ਨਾਲ ਹੱਥਾਂ ਦੀ ਚਮੜੀ ਰੁੱਖੀ ਹੋ ਕੇ ਫਟਣ ਲਗਦੀ ਹੈ ਪਰ ਤਰਲ ਕਲੀਨਰ ਚਮੜੀ ਦੇ ਮਿੱਤਰ ਹੁੰਦੇ ਹਨ। ਇਨ੍ਹਾਂ ਨੂੰ ਬਣਾਉਣ ਲਈ ਤੇਜ਼ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਤਰਲ ਕਲੀਨਰ ਦੁਆਰਾ ਭਾਂਡੇ ਧੋਣ ਵਿਚ ਸਕਰਬਰ ਦੀ ਜਗ੍ਹਾ 'ਤੇ ਸਟੈਂਡਿੰਗ ਬੁਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਭਾਂਡੇ ਸਾਫ਼ ਕਰਨੇ ਜ਼ਿਆਦਾ ਆਸਾਨ ਹੋ ਜਾਂਦੇ ਹਨ, ਕਿਉਂਕਿ ਬਿਨਾਂ ਛੂਹੇ ਹੀ ਭਾਂਡਿਆਂ ਨੂੰ ਅਸਾਨੀ ਨਾਲ ਰਗੜਿਆ ਜਾ ਸਕਦਾ ਹੈ। ਬਸ ਇਕ ਬੂੰਦ ਪਾਓ ਅਤੇ ਬੁਰਸ਼ ਨਾਲ ਸਾਫ਼ ਕਰੋ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX