ਤਾਜਾ ਖ਼ਬਰਾਂ


ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  15 minutes ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  46 minutes ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  1 day ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬੀ. ਟੀ. ਨਰਮੇ ਵਿਚ ਯੂਰੀਏ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ?

ਆਪਣੀ ਫ਼ਸਲ ਨੂੰ ਗੁਆਂਢੀ ਕਿਸਾਨ ਦੀ ਫ਼ਸਲ ਨਾਲੋਂ ਗੂੜ੍ਹੇ ਹਰੇ ਰੰਗ ਦੀ ਰੱਖਣ ਅਤੇ ਬੂਟੇ ਦਾ ਵਧੇਰਾ ਵਾਧਾ ਕਰਨ ਲਈ ਇਕ ਦੂਜੇ ਤੋਂ ਵਧ ਕੇ ਯੂਰੀਆ ਖਾਦ ਦੀ ਵਰਤੋਂ ਕਰਨਾ ਇਕ ਆਮ ਰੁਝਾਨ ਬਣ ਗਿਆ ਹੈ। ਇਹ ਰੁਝਾਨ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਪ੍ਰਤੀ ਕਿਸਾਨ ਨੂੰ ਜਾਗਰੂਕ ਕਰਨਾ ਸਮੇਂ ਦੀ ਅਹਿਮ ਲੋੜ ਹੈ। ਵਧੇਰੇ ਯੂਰੀਆ ਖਾਦ ਦੀ ਵਰਤੋਂ ਨਾਲ ਪੈਦਾ ਕੀਤੀ ਗੂੜ੍ਹੇ ਹਰੇ ਰੰਗ ਦੀ ਫ਼ਸਲ ਉਪਰ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ, ਇਨ੍ਹਾਂ ਕੀੜਿਆਂ/ਬਿਮਾਰੀਆਂ ਦੀ ਰੋਕਥਾਮ ਲਈ ਵਧੇਰੇ ਜ਼ਹਿਰਾਂ ਦੀ ਵਰਤੋਂ ਕਰਨੀ ਪੈਂਦੀ ਹੈ, ਸਿੱਟੇ ਵਜੋਂ ਉਤਪਾਦਨ ਖ਼ਰਚ ਵਧ ਜਾਂਦੇ ਹਨ ਅਤੇ ਮੁਨਾਫ਼ਾ ਘਟ ਜਾਂਦਾ ਹੈ। ਲੋੜ ਤੋਂ ਵਧੇਰੇ ਪਾਈ ਯੂਰੀਆ ਧਰਤੀ ਹੇਠਲੇ ਪਾਣੀ ਅਤੇ ਹਵਾ ਦੇ ਪ੍ਰਦੂਸ਼ਣ ਦਾ ਕਾਰਨ ਵੀ ਬਣਦੀ ਹੈ ਅਤੇ ਵਧੇਰੇ ਯੂਰੀਆ ਖਾਦ ਪਾ ਕੇ ਕਾਸ਼ਤ ਕੀਤੀ ਭਾਰੀ ਫ਼ਸਲ ਦੇ ਪੱਕਣ ਸਮੇਂ ਡਿੱਗ ਜਾਣ ਨਾਲ ਝਾੜ ਦਾ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਯੂਰੀਆ ਖਾਦ ਦੀ ਵਧੇਰੇ ਵਰਤੋਂ ਕਿਸੇ ਵੀ ਤਰ੍ਹਾਂ ਲਾਭਕਾਰੀ ਨਹੀਂ। ਹੁਣ ਸਵਾਲ ਇਹ ਹੈ ਕਿ ਫ਼ਸਲ ਨੂੰ ਯੂਰੀਆ ਖਾਦ ਦੀ ਲੋੜ ਦਾ ਪਤਾ ਕਿਵੇਂ ਲਗਾਈਏ? ਕਿਸਾਨ ਵੀਰੋ! ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਫ਼ਸਲ ਨੂੰ ਯੂਰੀਆ ਖਾਦ ਦੀ ਲੋੜ ਦਾ ਪਤਾ ਲਗਾਉਣ ਲਈ ਪੀ.ਏ.ਯੂ.-ਪੱਤਾ ਰੰਗ ਚਾਰਟ ਵਿਧੀ' ਤਿਆਰ ਕਰ ਦਿੱਤੀ ਹੈ। ਪੀ.ਏ.ਯੂ.-ਪੱਤਾ ਰੰਗ ਚਾਰਟ ਵਿਧੀ ਬਹੁਤ ਹੀ ਸਸਤੀ ਅਤੇ ਆਸਾਨੀ ਨਾਲ ਵਰਤੇ ਜਾ ਸਕਣ ਵਾਲੀ ਕਾਰਗਰ ਵਿਧੀ ਹੈੈ। ਇਸ ਵਿਧੀ ਦੇ ਹੋਂਦ ਵਿਚ ਆਉਣ ਨਾਲ ਸਾਨੂੰ ਪੰਜਾਬ ਦੀਆਂ ਮੁੱਖ ਫ਼ਸਲਾਂ (ਕਣਕ, ਝੋਨਾ, ਮੱਕੀ ਅਤੇ ਬੀ. ਟੀ. ਨਰਮਾ) ਵਿਚ ਪੂਰਾ ਝਾੜ ਪ੍ਰਾਪਤ ਕਰਨ ਲਈ ਲੋੜੀਂਦੇ ਹਰੇ ਰੰਗ ਅਤੇ ਪੱਤਿਆਂ ਦੇ ਰੰਗ ਦੇ ਆਧਾਰ ਤੇ ਖਾਦ ਪਾਉਣ ਦਾ ਗਿਆਨ ਹਾਸਲ ਹੋ ਗਿਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਇਕ ਹੀ 'ਪੀ.ਏ.ਯੂ.-ਪੱਤਾ ਰੰਗ ਚਾਰਟ' ਸਾਰੀਆਂ ਫ਼ਸਲਾਂ ਵਿਚ ਕੰੰਮ ਕਰਦਾ ਹੈ ਅਤੇ ਹਰ ਫ਼ਸਲ ਲਈ ਅਲੱਗ-ਅਲੱਗ ਪੱਤਾ ਰੰਗ ਚਾਰਟ ਖ਼ਰੀਦਣ ਦੀ ਲੋੜ ਨਹੀਂ ਹੈ। ਇਸ ਲੇਖ ਵਿਚ ਅਸੀਂ ਬੀ. ਟੀ. ਨਰਮੇ ਦੀ ਫ਼ਸਲ ਲਈ ਸਿਫ਼ਾਰਸ਼ ਕੀਤੀ ਗਈ ਪੱਤਾ ਰੰਗ ਚਾਰਟ ਵਿਧੀ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਪੀ.ਏ.ਯੂ.-ਪੱਤਾ ਰੰਗ ਚਾਰਟ ਚੰਗੀ ਕਿਸਮ ਦੇ ਪਲਾਸਟਿਕ ਦੀ ਲਗਭਗ 83 ਇੰਚ ਆਕਾਰ ਦੀ ਇਕ ਪੱਟੀ ਹੈ, ਜਿਸ ਉੱਪਰ ਹਰੀ ਰੰਗਤ ਦੀਆਂ ਛੇ ਟਿੱਕੀਆਂ ਹਨ, ਜਿਨ੍ਹਾਂ ਉੱਪਰ 3.0, 3.5, 4.0, 4.5, 5.0 ਅਤੇ 6.0 ਲਿਖਿਆ ਹੋਇਆ ਹੈ। ਬੀ. ਟੀ. ਨਰਮੇ ਵਿਚ ਯੂਰੀਆ ਦੀ ਲੋੜ ਅਨੁਸਾਰ ਵਰਤੋਂ ਕਰਨ ਲਈ ਪੱਤਾ ਰੰਗ ਚਾਰਟ ਵਿਧੀ ਦੀ ਵਰਤੋਂ ਹੇਠ ਲਿਖੇ ਅਨੁਸਾਰ ਕਰੋ:
ਬੂਟੇ ਵਿਰਲੇ ਕਰਨ ਸਮੇਂ ਅਤੇ ਫੁੱਲ ਨਿਕਲਣ ਸਮੇਂ 10 ਬੂਟਿਆਂ ਦੇ ਉਪਰੋਂ ਪੂਰੇ ਵਿਕਸਿਤ ਹੋਏ ਪਹਿਲੇ ਪੱਤੇ ਦਾ ਰੰਗ ਬੂਟੇ ਨਾਲੋਂ ਤੋੜੇ ਬਿਨਾਂ ਪੀ.ਏ.ਯੂ.-ਪੱਤਾ ਰੰਗ ਚਾਰਟ ਨਾਲ ਆਪਣੇ ਪਰਛਾਵੇਂ ਵਿਚ ਮਿਲਾਓ।
ਪੱਤਾ ਰੰਗ ਚਾਰਟ ਨਾਲ ਰੰਗ ਮਿਲਾਉਣ ਲਈ ਚੁਣੇ ਬੂਟਿਆਂ ਉਪਰ ਬਿਮਾਰੀ/ਕੀੜਿਆਂ ਦਾ ਹਮਲਾ, ਪਾਣੀ ਦੀ ਔੜ/ਬਹੁਤਾਤ ਜਾਂ ਹੋਰ ਖੁਰਾਕੀ ਤੱਤਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਸਿੰਚਾਈ ਅਤੇ ਹੋਰ ਖੁਰਾਕੀ ਤੱਤਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ। ਪੱਤਾ ਰੰਗ ਚਾਰਟ ਭੂਮੀ ਵਿਗਿਆਨ ਵਿਭਾਗ, ਬੀਜਾਂ ਦੀ ਦੁਕਾਨ-ਗੇਟ ਨੰ: 1, ਪੀ.ਏ.ਯੂ., ਲੁਧਿਆਣਾ ਅਤੇ ਵੱਖ-ਵੱਖ ਜ਼ਿਲਿਆਂ ਵਿਚ ਸਥਿਤ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। (ਬਾਕੀ ਅਗਲੇ ਅੰਕ 'ਚ)


-ਮੋਬਾਈਲ : 81460-37755


ਖ਼ਬਰ ਸ਼ੇਅਰ ਕਰੋ

ਸ਼ਹਿਦ ਦੀ ਪ੍ਰੋਸੈਸਿੰਗ ਸਮੇਂ ਦੀ ਲੋੜ

ਭਾਰਤ ਇਕ ਖੇਤੀ ਪ੍ਰਧਾਨ ਸੂਬਾ ਹੈ। ਦਾਣਿਆਂ, ਫਲਾਂ, ਸਬਜ਼ੀਆਂ, ਦੁੱਧ ਅਤੇ ਮੱਛੀ ਦੀ ਪੈਦਾਵਾਰ ਵਿਚ ਇਹ ਵਿਸ਼ਵ ਦੇ ਪਹਿਲੇ ਪੰਜ ਸਥਾਨਾਂ ਦੀ ਸੂਚੀ ਵਿਚ ਆਉਂਦਾ ਹੈ। ਭਾਵੇਂ ਇਥੋਂ ਦੇ ਕਿਸਾਨਾਂ ਨੇ ਖੇਤੀ ਦੇ ਖੇਤਰ ਵਿਚ ਬਹੁਤ ਮੱਲਾਂ ਮਾਰੀਆਂ ਹਨ ਪਰ ਅਜੋਕੇ ਸਮੇਂ ਵਿਚ ਵਧ ਰਹੇ ਖੇਤੀ ਖਰਚੇ ਅਤੇ ਘਟ ਰਹੇ ਰਕਬੇ ਕਾਰਨ ਕਿਸਾਨਾਂ ਦੀ ਵਿੱਤੀ ਸਥਿਤੀ ਚਿੰਤਾਜਨਕ ਹੈ। ਸਹਾਇਕ ਧੰਦੇ ਅਜਿਹੇ ਹਲਾਤਾਂ ਵਿਚ ਇਕ ਆਸ ਦੀ ਕਿਰਨ ਉਜਾਗਰ ਕਰਦੇ ਹਨ। ਮਧੂ ਮੱਖੀ ਪਾਲਣ ਦੇ ਧੰਦੇ ਵਿਚ ਛੋਟੇ ਕਿਸਾਨਾਂ ਦਾ ਰੁਝਾਨ ਵਧੇਰੇ ਦੇਖਣ ਨੂੰ ਮਿਲਿਆ ਹੈ। ਇਸ ਦੇ ਕਈ ਕਾਰਨ ਹਨ ਜਿਵੇਂ ਕਿ ਮੌਸਮ ਦਾ ਅਨੁਕੂਲ ਹੋਣਾ, ਸਾਰਾ ਸਾਲ ਫਲਾਂ ਦੀ ਬਹੁਤ ਮਾਤਰਾ ਵਿਚ ਉਪਲੱਬਧ ਹੋਣਾ, ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ, ਇਸ ਧੰਦੇ ਨੂੰ ਸ਼ੁਰੂ ਕਰਨ ਲਈ ਘੱਟ ਨਿਵੇਸ਼ ਦੀ ਲੋੜ ਆਦਿ। 70% ਤੋਂ ਵੱਧ ਸ਼ਹਿਦ ਦੀ ਆਮਦ ਛੋਟੇ ਅਤੇ ਵੱਡੇ ਮੱਖੀ ਪਾਲਕਾਂ ਤੋਂ ਕੀਤੀ ਜਾ ਰਹੀ ਹੈ।
(1) ਫਰੇਮਾਂ ਵਿਚ ਮੋਮੀ ਸ਼ੀਟਾਂ ਤੋਂ ਮੋਮ ਨੂੰ ਉਤਾਰਨਾ (ਅੰਨਕੈਪਿੰਗ) : ਲੱਕੜ ਦੇ ਬਕਸੇ ਵਿਚ ਫਰੇਮਾਂ 'ਤੇ ਮੋਮੀ ਸ਼ੀਟਾਂ ਲਗਾਈਆਂ ਜਾਂਦੀਆਂ ਹਨ। ਮੱਖੀ ਇਨ੍ਹਾਂ ਸ਼ੀਟਾਂ 'ਤੇ ਸੈਲ ਬਣਾ ਕੇ ਸ਼ਹਿਦ ਇਕੱਠਾ ਕਰਦੀ ਹੈ। ਜਦੋਂ ਸੈਲ ਸ਼ਹਿਦ ਨਾਲ ਭਰ ਜਾਂਦਾ ਹੈ ਤਾਂ ਮੱਖੀ ਸੈਲ ਨੂੰ ਮੋਮ ਦੇ ਨਾਲ ਸੀਲ ਕਰ ਦਿੰਦੀ ਹੈ। ਚਾਕੂ ਦੀ ਵਰਤੋਂ ਨਾਲ ਮੋਮ ਨੂੰ ਉਤਾਰਿਆ ਜਾਂਦਾ ਹੈ। ਸ਼ਹਿਦ ਦੀ ਤਰਲਤਾ ਘੱਟ ਹੋਣ ਕਰਕੇ ਸ਼ਹਿਦ ਚਾਕੂ ਨਾਲ ਚਿਪਕਦਾ ਹੈ ਜਿਸ ਕਰਕੇ ਕੰਮ ਦੀ ਗਤੀ ਵਿਚ ਵਿਘਨ ਪੈਂਦਾ ਹੈ। ਇਸ ਨੂੰ ਸੁਖਾਵਾਂ ਕਰਨ ਲਈ ਪੀ. ਏ. ਯੂ. ਦੇ ਵਿਗਿਆਨੀਆਂ ਨੇ ਚਾਕੂ ਦੀ ਧਾਰ ਨੂੰ ਗਰਮ ਕਰਨ, ਲਈ ਬਿਜਲੀ/ਬੈਟਰੀ ਦੀ ਸਹਾਇਤਾ ਨਾਲ ਗਰਮ ਹੋਣ ਵਾਲੇ ਚਾਕੂ ਦਾ ਇਜਾਦ ਕੀਤਾ ਹੈ, ਜਿਸ ਨਾਲ ਅੰਨਕੈਪਿੰਗ ਦੀ ਗਤੀ ਵਿਚ ਵਾਧਾ ਹੋਇਆ ਹੈ।
(2) ਐਕਸਟ੍ਰੈਕਸ਼ਨ : ਫਰੇਮ ਵਿਚ ਲੱਗੀਆਂ ਸ਼ੀਟਾਂ ਤੋਂ ਮੋਮ ਉਤਾਰਨ ਤੋਂ ਬਾਅਦ ਇਹ ਫਰੇਮ ਐਕਸਟ੍ਰੈਕਟਰ ਵਿਚ ਪਾ ਕੇ ਘੁਮਾਏ ਜਾਂਦੇ ਹਨ। ਇਸ ਰਾਹੀਂ ਸੈਲਾਂ ਵਿਚ ਪਿਆ ਸ਼ਹਿਦ ਬਾਹਰ ਆ ਜਾਂਦਾ ਹੈ ਅਤੇ ਐਕਸਟ੍ਰੈਕਟਰ ਦੇ ਤਲੇ ਤੇ ਇਕੱਠਾ ਹੋ ਜਾਂਦਾ ਹੈ। ਦੋ ਤਰ੍ਹਾਂ ਦੇ ਐਕਸਟ੍ਰੈਕਟਰ ਮਾਰਕੀਟ ਵਿਚ ਉਪਲੱਬਧ ਹਨ।
ਹੱਥ ਨਾਲ ਚਲਾਉਣ ਵਾਲੇ ਤੇ ਮੋਟਰ ਦੀ ਸਹਾਇਤਾ ਨਾਲ ਚੱਲਣ ਵਾਲੇ : ਇਸ ਵਿਚ ਫਰੇਮਾਂ ਦੀ ਗਿਣਤੀ 2 ਤੋਂ 120 ਤੱਕ ਦੀ ਹੋ ਸਕਦੀ ਹੈ। ਛੋਟੇ ਕਿਸਾਨਾਂ ਦੀ ਲੋੜ 4-10 ਫਰੇਮਾਂ ਵਾਲੇ ਐਕਸਟ੍ਰੈਕਟਰ ਰਾਹੀਂ ਪੂਰੀ ਹੋ ਸਕਦੀ ਹੈ। ਐਕਸਟ੍ਰੈਕਟਰ ਤੋਂ ਪ੍ਰਾਪਤ ਸ਼ਹਿਦ ਵਿਚ ਬਹੁਤ ਸਾਰੀ ਮੋਮ, ਰਹਿੰਦ-ਖੂੰਹਦ, ਮੱਖੀ ਆਦਿ ਹੁੰਦੀ ਹੈ, ਇਸ ਨੂੰ ਪੁਣ ਕੇ ਸ਼ਹਿਦ ਨਾਲੋਂ ਵੱਖਰਾ ਕੀਤਾ ਜਾਂਦਾ ਹੈ।
(3) ਗਰਮ ਕਰਨਾ ਅਤੇ ਨਿਤਾਰਨਾ : ਸ਼ਹਿਦ ਨੂੰ ਸਿੱਧੀ ਅੱਗ 'ਤੇ ਗਰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਇਸ ਦੀ ਗੁਣਵੱਤਾ ਘਟਦੀ ਹੈ। ਫੂਡ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਸ਼ਹਿਦ ਨੂੰ ਗਰਮ ਕਰਨ ਅਤੇ ਨਿਤਾਰਨ ਵਾਲੀ ਮਸ਼ੀਨ ਦਾ ਨਿਰਮਾਣ ਕੀਤਾ ਗਿਆ ਹੈ। ਇਸ ਮਸ਼ੀਨ ਵਿਚ ਸ਼ਹਿਦ ਨੂੰ 500 'ਚ ਤੇ 40 ਮਿੰਟ ਗਰਮ ਕਰਨ ਨਾਲ ਸ਼ਹਿਦ ਦੀ ਗੁਣਵੱਤਾ ਅਤੇ ਤਰਲਤਾ ਵਿਚ ਵਾਧਾ ਹੁੰਦਾ ਹੈ। ਤਰਲਤਾ ਵਧਣ ਦੇ ਨਾਲ ਸ਼ਹਿਦ ਨੂੰ ਮਲਮਲ ਦੇ ਕੱਪੜੇ ਵਿਚ ਨਿਤਾਰਨਾ ਸੌਖਾ ਹੋ ਜਾਂਦਾ ਹੈ।
(4) ਪੈਕਿੰਗ ਅਤੇ ਲੇਬਲਿੰਗ : ਸੁੰਦਰ ਅਤੇ ਆਕਰਸ਼ਿਤ ਪੈਕਿੰਗ ਸ਼ਹਿਦ ਦੀ ਮੰਡੀਕਰਨ ਦਾ ਅਭਿੰਨ ਅੰਗ ਹੈ। ਪੈਕਿੰਗ ਮੈਟੀਰੀਅਲ ਟਿਕਾਊ, ਕਿਫਾਇਤੀ, ਭੋਜਨ ਭੰਡਾਰਨ ਕਰਨ ਵਾਸਤੇ ਸੁੱਰਖਿਅਤ ਅਤੇ ਮਿਲਾਵਟ ਨੂੰ ਰੋਕਣ ਵਾਸਤੇ ਸਮਰੱਥ ਹੋਣਾ ਚਾਹੀਦਾ ਹੈ। ਭਿੰਨ ਭਿੰਨ ਆਕਾਰ ਅਤੇ ਮਾਪ ਦੀਆਂ ਬੋਤਲਾਂ ਵਿਚ ਸ਼ਹਿਦ ਦੀ ਵਿਕਰੀ ਕੀਤੀ ਜਾਂਦੀ ਹੈ। ਇਸ ਤੇ ਲੇਬਲ ਲਗਾਉਣਾ ਵੀ ਜ਼ਰੂਰੀ ਹੈ।
ਲੇਬਲ ਦੀ ਮਹੱਤਤਾ ਦਿਨੋਂ ਦਿਨ ਵਧ ਰਹੀ ਹੈ ਇਸ ਰਾਹੀਂ ਗਾਹਕ ਨੂੰ ਖਾਣ ਵਾਲੇ ਪਦਾਰਥ ਦੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਵਿਚ ਕੰਪਨੀ ਦਾ ਨਾਂਅ/ਬਰੈੱਡ, ਪਤਾ, ਡੱਬਾ ਬੰਦ ਕਰਨ ਦੀ ਤਰੀਕ, ਇਸ ਵਿਚ ਪਾਏ ਜਾਣ ਵਾਲੇ ਪਦਾਰਥ, ਉਨ੍ਹਾਂ ਦੀ ਮਾਤਰਾ, ਰਜਿਸਟਰੇਸ਼ਨ, ਕੁਆਲਿਟੀ ਪ੍ਰਮਾਣ, ਭਾਰ ਰੇਟ ਆਦਿ ਹੁੰਦਾ ਹੈ। ਲੇਬਲ 'ਤੇ ਦਿੱਤੀ ਗਈ ਜਾਣਕਾਰੀ ਦੁਆਰਾ ਕੋਈ ਵੀ ਖਪਤਕਾਰ ਉਤਪਾਦਕ ਨੂੰ ਸੰਪਰਕ ਕਰ ਸਕਦਾ ਹੈ।
(5) ਸਰਟੀਫਿਕੇਸ਼ਨ : ਸਰਟੀਫਿਕੇਸ਼ਨ ਸ਼ੁੱਧਤਾ ਦਾ ਪ੍ਰਮਾਣ ਹੈ। ਐਗਮਾਰਕ, ਬਿਉਰੋ ਆਫ ਇੰਡੀਅਨ ਸਟੈਂਡਰਡ ਅਤੇ ਪੀ. ਐਫ. ਏ. ਰਾਹੀਂ ਸ਼ਹਿਦ ਵਿਚ ਨਮੀਂ ਸੁਕਰੋਜ਼, ਰਿਡਿਉਸਿੰਗ ਸ਼ੂਗਰ, ਸਪੈਸਿਫਿਕ ਗਰੈਵਿਟੀ ਆਦਿ ਦੀ ਮਾਤਰਾ ਨਿਯੁਕਤ ਕੀਤੀ ਗਈ ਹੈ। ਇਨ੍ਹਾਂ ਦੀ ਮਿਆਰ 'ਤੇ ਆਧਾਰਿਤ ਸ਼ਹਿਦ ਨੂੰ ਤਿੰਨ ਗਰੇਡਾਂ ਵਿਚ ਵੰਡਿਆ ਗਿਆ ਹੈ:
ਸਪੈਸ਼ਲ, ਗਰੇਡ ਏ ਅਤੇ ਸਟੈਂਡਰਡ
ਸੰਨ 2006 ਵਿਚ ਐਫ. ਐਸ. ਐਸ. ਏ. ਆਈ ਰਾਹੀਂ ਇਨ੍ਹਾਂ ਦੇ ਉਤਪਾਦਨ, ਭੰਡਾਰਨ, ਡਿਸਟਰੀਬਿਊਸ਼ਨ ਸੈਲ ਅਤੇ ਐਕਸਪੋਰਟ ਵਾਸਤੇ ਮਿਆਰ ਸੈੱਟ ਕੀਤੇ ਗਏ। ਜਿਹੜੇੇ ਵਧੀਆ ਅਤੇ ਸਾਫ-ਸੁਥਰੇ ਸ਼ਹਿਦ ਦੀ ਆਮਦਨ ਵਾਸਤੇ ਲਾਹੇਵੰਦ ਸਾਬਤ ਹੋਏ ਹਨ। ਸ਼ਹਿਦ ਦੀ ਪ੍ਰੋਸੈਸਿੰਗ ਇਕ ਲਾਹੇਵੰਦ ਧੰਦਾ ਹੈ। ਛੋਟੇ ਕਿਸਾਨ ਅਤੇ ਵੱਡੇ ਜ਼ਿਮੀਂਦਾਰ ਆਪਣੇ ਰੋਜ਼ ਦੇ ਰੁਝੇਵਿਆਂ ਦੇ ਨਾਲ ਮੱਖੀ ਦੀ ਸਾਂਭ-ਸੰਭਾਲ ਕਰ ਸਕਦੇ ਹਨ। ਕੱਚੇ ਸ਼ਹਿਦ ਦਾ ਮੁੱਲ 120-150 ਰੁਪਏ ਪ੍ਰਤੀ ਕਿਲੋ ਹੈ ਜਦ ਕੇ ਪ੍ਰੋਸੈਸ ਕਰ ਕੇ ਡੱਬਾ ਬੰਦ ਕੀਤਾ ਹੋਇਆ ਸ਼ਹਿਦ 250 ਰੁਪਏ ਪ੍ਰਤੀ ਕਿਲੋ ਦਾ ਵਿਕਦਾ ਹੈ। ਇਸ ਤਰ੍ਹਾਂ ਵਿੱਤੀ ਮੁਨਾਫਾ ਦੋਗੁਣਾ ਹੋ ਜਾਂਦਾ ਹੈ। ਸ਼ਹਿਦ ਨੂੰ ਪ੍ਰੋਸੈਸ ਕਰਨ ਦੀ ਟ੍ਰੇਨਿੰਗ ਪ੍ਰੋਸੈਸਿੰਗ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ ਸਾਰਾ ਸਾਲ ਆਯੋਜਿਤ ਕੀਤੀ ਜਾਂਦੀ ਹੈ।


-ਮੋਬਾ: 98781-14400
ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ।

ਫ਼ਸਲਾਂ ਵਿਚ ਮਲਚ ਦੀ ਮਹੱਤਤਾ ਕੀ ਹੈ?

ਮਲਚ ਕੀ ਹੁੁੰਦੀ ਹੈ?
ਜ਼ਮੀਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਵਰਤੇ ਜਾਣ ਵਾਲੇ ਪਦਾਰਥ ਜਿਵੇਂ ਕਿ ਫ਼ਸਲਾਂ ਦੀ ਰਹਿੰਦ-ਖੂੰਹਦ, ਸੁੱਕਾ ਘਾਹ, ਸੁੱਕੇ ਪੱਤੇ, ਝੋਨੇ ਦੀ ਪਰਾਲੀ, ਗੰਨੇ ਦੀ ਖੋਰੀ, ਸਰ੍ਹੋਂ ਦੀ ਰਹਿੰਦ-ਖੂੰਹਦ, ਆਦਿ ਨੂੰ ਮਲਚ ਕਹਿੰਦੇ ਹਨ।
ਮਲਚ ਦੇ ਕੀ ਫਾਇਦੇ ਹਨ?
* ਮਲਚ ਵਾਸ਼ਪੀਕਰਨ ਨੂੰ ਕੰਟਰੋਲ ਕਰ ਕੇ ਮਿੱਟੀ ਦੀ ਨਮੀ ਨੂੰ ਬਰਕਰਾਰ ਰੱਖਦੀ ਹੈ।
* ਇਹ ਜ਼ਮੀਨ ਦੇ ਤਾਪਮਾਨ ਨੂੰ ਨਿਯਮਤ ਕਰਨ ਵਿਚ ਸਹਾਈ ਹੁੁੰਦੀ ਹੈ। ਮਲਚ ਦੀ ਵਰਤੋਂ ਕਰਨ ਨਾਲ ਸਰਦੀਆਂ ਵਿਚ ਜ਼ਮੀਨ ਦਾ ਤਾਪਮਾਨ ਆਮ ਨਾਲੋਂ ਵੱਧ ਜਾਂਦਾ ਹੈ ਅਤੇ ਗਰਮੀਆਂ ਵਿਚ ਘਟ ਜਾਂਦਾ ਹੈ ਜਿਸ ਨਾਲ ਫ਼ਸਲਾਂ ਦੇ ਪੁੰਗਾਰੇ ਵਿਚ ਵਾਧਾ ਹੁੰਦਾ ਹੈ।
* ਮਲਚ ਨਾਲ ਨਦੀਨਾਂ ਦੀ ਘਣਤਾ ਵੀ ਬਹੁਤ ਹੱਦ ਤੱਕ ਘਟ ਜਾਂਦੀ ਹੈ। * ਜੈਵਿਕ ਮਲਚ ਜਿਵੇਂ ਕਿ ਫ਼ਸਲਾਂ ਦੀ ਰਹਿੰਦ-ਖੂੰਹਦ, ਗਲਣ ਤੋਂ ਬਾਅਦ ਜ਼ਮੀਨ ਵਿਚ ਫ਼ਸਲਾਂ ਲਈ ਜ਼ਰੂਰੀ ਤੱਤ ਛੱਡ ਦਿੰਦੀ ਹੈ ਜਿਸ ਕਰਕੇ ਜ਼ਮੀਨ ਦੀ ਉਪਜਾਉ ਸ਼ਕਤੀ ਵੱਧ ਜਾਂਦੀ ਹੈ। ਤਜਰਬਿਆਂ ਅਨੁਸਾਰ ਇਕ ਟਨ ਝੋਨੇ ਦੀ ਪਰਾਲੀ ਵਿਚ 6.2 ਕਿੱਲੋ ਨਾਈਟ੍ਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ਼ੀਅਮ ਅਤੇ 1.2 ਕਿੱਲੋ ਸਲਫਰ ਮੌਜੂਦ ਹੁੰਦੇ ਹਨ ਜੋ ਕਿ ਗਲਣ ਤੋਂ ਬਾਅਦ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। * ਮਲਚ ਵਿਛਾਉਣ ਨਾਲ ਜ਼ਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ।
* ਮਲਚ ਪਾਉਣ ਨਾਲ ਮਿੱਟੀ ਦੀ ਖੁਰਨ ਦੀ ਸਮੱਸਿਆ ਘਟਦੀ ਹੈ।
* ਜੇਕਰ ਅਸੀਂ ਝੋਨੇ ਦੀ ਵਾਧੂ ਪਰਾਲੀ ਨੂੰ ਖੇਤ ਵਿਚ ਜਲਾਉਣ ਦੀ ਬਜਾਏ ਮਲਚ ਦੇ ਰੂਪ ਵਿਚ ਵਰਤੀਏ ਤਾਂ ਹਵਾ ਦਾ ਪ੍ਰਦੂਸ਼ਣ ਘਟ ਜਾਵੇਗਾ ਅਤੇ ਸਾਹ ਸਬੰਧੀ ਬਿਮਾਰੀਆਂ ਤੋਂ ਨਿਜ਼ਾਤ ਪਾਇਆ ਜਾ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪਰਾਲੀ ਵਰਤਣ ਦੀ ਸਿਫ਼ਾਰਸ਼ ਕਈ ਫ਼ਸਲਾਂ ਵਿਚ ਕੀਤੀ ਗਈ ਹੈ ਜਿਵੇਂ ਕਿ ਹਲਦੀ, ਗੰਨਾ, ਪੁਦੀਨਾ (ਮੈਂਥਾ), ਕਣਕ, ਆਲੂ, ਲਸਣ, ਮਿਰਚਾਂ, ਅਮਰੂਦ, ਆਦਿ।
ਹਲਦੀ: ਬਿਜਾਈ ਤੋਂ ਬਾਅਦ 36 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿਚ ਇਕਸਾਰ ਖਿਲਾਰਨ ਨਾਲ ਹਲਦੀ ਦਾ ਪੁੰਗਾਰਾ ਵਧੀਆ ਹੁੰਦਾ ਹੈ ਅਤੇ ਨਾਲ ਹੀ ਨਦੀਨਾਂ ਦੀ ਰੋਕਥਾਮ ਹੁੁੰਦੀ ਹੈ।
ਮੈਂਥਾ: ਬਿਜਾਈ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ 2.4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਖਿਲਾਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਗੰਨਾ: ਕਮਾਦ ਜੰਮਣ ਤੋਂ ਬਾਅਦ ਅੱਧ ਅਪ੍ਰੈਲ ਵਿਚ ਕਤਾਰਾਂ ਵਿਚਕਾਰ ਸੁੱਕਾ ਘਾਹ ਫੂਸ ਜਾਂ ਝੋਨੇ ਦੀ ਪਰਾਲੀ ਜਾਂ ਧਾਨ ਦਾ ਛਿਲਕਾ ਜਾਂ ਕਮਾਦ ਦੀ ਖੋਰੀ ਜਾਂ ਦਰੱਖਤਾਂ ਦੇ ਪੱਤੇ 20 ਤੋਂ 25 ਕੁਇੰਟਲ ਪ੍ਰਤੀ ਏਕੜ ਵਿਛਾਉਣ ਨਾਲ ਜ਼ਮੀਨ ਦਾ ਤਾਪਮਾਨ ਘਟਾਇਆ ਜਾ ਸਕਦਾ ਹੈ ਅਤੇ ਜ਼ਮੀਨ ਵਿਚ ਸਿੱਲ੍ਹ ਸੰਭਾਲੀ ਜਾ ਸਕਦੀ ਹੈ। ਕਮਾਦ ਵਿਚ ਇਹ ਮਲਚ ਪਾਉਣ ਨਾਲ ਨਦੀਨਾਂ ਅਤੇ ਆਗ ਦੇ ਗੜੂੰਏ ਦੀ ਸਮੱਸਿਆ ਵੀ ਘੱਟਦੀ ਹੈ। ਬਰਾਨੀ ਹਾਲਤਾਂ ਜਿਵੇਂ ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਆਦਿ ਜ਼ਿਲ੍ਹਿਆਂ ਵਿਚ ਮਲਚ ਪਾਉਣ ਨਾਲ ਕਮਾਦ ਦੀ ਉਪਜ ਵਧਾਈ ਜਾ ਸਕਦੀ ਹੈ ।
ਕਣਕ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹੈਪੀ ਸੀਡਰ ਮਸ਼ੀਨ ਵਿਚ ਦਬਾਅ ਵਾਲੇ ਪਹੀਆਂ ਵਾਲੀ ਅਟੈਚਮੈਂਟ ਲਗਾਈ ਗਈ ਹੈ ਜਿਹੜੀ ਕਿ ਕੰਬਾਈਨ ਨਾਲ ਕੱਟੇ ਝੋਨੇ ਦੇ ਵੱਢ ਵਿਚ ਬਿਜਾਈ ਦੌਰਾਨ ਝੋਨੇ ਦੀੇ ਪਰਾਲੀ ਨੂੰ ਕਣਕ ਦੇ ਸਿਆੜਾਂ ਵਿਚਕਾਰ ਇਕਸਾਰ ਮਲਚ ਦੇ ਰੂਪ ਵਿਚ ਵਿਛਾਉਣ ਉਪਰੰਤ ਦਬਾਅ ਦਿੰਦੀ ਹੈ, ਜਿਸ ਨਾਲ ਕਣਕ ਦਾ ਪੁੰਗਾਰਾ ਤੇ ਮੁਢਲਾ ਵਾਧਾ ਵਧੀਆ ਹੁੰਦਾ ਹੈ ਅਤੇ ਨਦੀਨਾਂ ਦੀ ਘਣਤਾ ਵੀ ਨਾ ਮਾਤਰ ਹੀ ਹੁੰਦੀ ਹੈ।
ਆਲੂ: ਝੋਨੇ ਦੀੇ ਪਰਾਲੀ ਨੂੰ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਵਿਛਾਉਣ ਨਾਲ ਅਸੀਂ ਦੋ ਪਾਣੀ ਬਚਾ ਸਕਦੇ ਹਾਂ।
ਲਸਣ: ਨਦੀਨ ਉੱਗਣ ਤੋਂ ਪਹਿਲਾਂ ਵਰਤਣ ਵਾਲੇ ਨਦੀਨ-ਨਾਸ਼ਕ ਦੀ ਸਪਰੇਅ ਕਰਨ ਤੋਂ ਬਾਅਦ 25 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਵਿਛਾਉਣ ਨਾਲ ਲੰਬੇ ਸਮੇਂ ਲਈ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਮਿਰਚਾਂ: ਮਿਰਚਾਂ ਵਿਚ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀੇ ਪਰਾਲੀ ਵਿਛਾ ਕੇ 15-16 ਤੋਂ ਪਾਣੀ ਘਟਾ ਕੇ 9 'ਤੇ ਲਿਆਂਦੇ ਜਾ ਸਕਦੇ ਹਨ।
ਅਮਰੂਦ: ਅਮਰੂਦਾਂ ਦੇ ਬੂਟਿਆਂ ਵਿਚ ਮਈ ਵਿਚ ਖਾਦਾਂ ਪਾਉਣ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ 4 ਟਨ ਪ੍ਰਤੀ ਏਕੜ ਝੋਨੇ ਦੀੇ ਪਰਾਲੀ ਨੂੰ ਮਲਚ ਦੇ ਤੌਰ 'ਤੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।


-ਫ਼ਸਲ ਵਿਗਿਆਨ ਵਿਭਾਗ ਅਤੇ *ਫ਼ਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਪਿੰਡ ਪਹੁੰਚੇ ਪ੍ਰਦੇਸ

ਪੰਜਾਬੀ ਜਿੱਥੇ ਵੀ ਜਾਂਦੇ ਹਨ, ਆਪਣੇ ਪਿਛੋਕੜ ਨੂੰ ਨਾਲ ਹੀ ਲੈ ਜਾਂਦੇ ਹਨ। ਆਪਣੀਆਂ ਚੰਗੀਆਂ ਜਾਂ ਮੰਦੀਆਂ ਆਦਤਾਂ ਵੀ। ਖਾਣ ਪੀਣ ਦਾ ਸੁਭਾਅ ਵੀ। ਹੁਣ ਵਿਦੇਸ਼ਾਂ ਵਿਚ ਸਾਗ ਮੱਕੀ ਦੀ ਰੋਟੀ ਵੀ ਦੁਰਲੱਭ ਵਸਤੂ ਨਹੀਂ ਹੈ। ਕਾਰਾਂ 'ਤੇ ਖੰਡੇ ਜਾਂ ਦੇਸੀ ਨੰਬਰ ਪਲੇਟਾਂ ਆਮ ਹਨ। ਖੇਡ ਮੇਲਿਆਂ 'ਤੇ ਲੱਖਾਂ ਦੇ 'ਕੱਠ ਹੋਣ ਲੱਗ ਪਏ ਹਨ। ਗਿੱਧੇ, ਭੰਗੜੇ ਆਮ ਹਨ। ਕਬੱਡੀ 'ਤੇ ਦਾਅ ਲੱਗਣ ਲੱਗ ਪਏ ਹਨ। ਇਕ-ਇਕ ਸ਼ਹਿਰ ਵਿਚ ਕਈ-ਕਈ ਪੰਜਾਬੀ ਰੇਡੀਓ, ਟੀ.ਵੀ. ਚੈਨਲ ਆਮ ਹਨ। ਕਈ ਅਖ਼ਬਾਰਾਂ ਨਿਕਲਣ ਲੱਗ ਪਈਆਂ ਹਨ। ਸਿਆਸੀ ਗਲਿਆਰਿਆਂ ਵਿਚ ਪੰਜਾਬੀਆਂ ਨੇ ਥਾਂ ਬਣਾ ਲਈ ਹੈ। ਬਹੁਤੇ ਇਮਾਨਦਾਰੀ ਤੇ ਮਿਹਨਤ ਦੀ ਕਮਾਈ ਕਰਦੇ ਹਨ, ਪਰ ਕਈ ਵਿਚੋਂ ਕੁੰਡੀ ਵੀ ਲਾ ਜਾਂਦੇ ਹਨ। ਘਰ ਵੀ ਇਕੱਠੇ ਲੈਂਦੇ ਹਨ ਤੇ ਫਿਰ ਦੇਸੀ ਪਿੰਡਾਂ ਵਾਲੇ ਨਾਂਅ ਰੱਖ ਲੈਂਦੇ ਹਨ। ਅੱਜ ਦਾ ਸੱਚ ਇਹ ਵੀ ਹੈ ਕਿ ਪੰਜਾਬ ਦੇ ਮੱਧ ਵਰਗੀ ਪਰਿਵਾਰਾਂ ਦੇ ਬਹੁਤੇ ਬੱਚੇ ਬਾਹਰ ਚਲੇ ਗਏ ਹਨ ਜਾਂ ਜਾਣ ਲਈ ਤਿਆਰ ਬੈਠੇ ਹਨ। ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਕਾਲਜਾਂ ਵਿਚ ਹਾਜ਼ਰੀ ਘਟ ਰਹੀ ਹੈ। ਆਉਣ ਵਾਲੇ ਸਮੇਂ ਵਿਚ ਕਈ ਕਾਲਜ ਬੰਦ ਹੋਣ ਦੀ ਉਮੀਦ ਹੈ। ਇਸ ਪਿੱਛੇ, ਸਿਆਸੀ ਦੂਰਅੰਦੇਸ਼ੀ ਦੀ ਘਾਟ ਤੇ ਆਰਥਿਕ ਲੋੜਾਂ ਦਾ ਪੂਰਾ ਨਾ ਹੋਣਾ ਮੁੱਖ ਕਾਰਨ ਮੰਨੇ ਜਾ ਸਕਦੇ ਹਨ। ਖੈਰ ਜੋ ਵੀ ਹੈ, ਜਿਵੇਂ ਵੀ ਹੈ, ਜਿੱਥੇ ਵੀ ਹੈ, ਇਕ ਗੱਲ ਤਾਂ ਪੱਕੀ ਹੈ ਕਿ ਪੰਜਾਬੀਆਂ ਨੇ ਪੰਜਾਬੀ ਤੇ ਪੰਜਾਬੀਅਤ ਮਰਨ ਨਹੀਂ ਦੇਣੀ।

-ਮੋਬਾ: 98159-45018

ਪਰਾਲੀ ਨਾ ਸਾੜਨ ਵਾਲਾ ਸਫ਼ਲ ਕਿਸਾਨ ਨਿਰਮਲ ਸਿੰਘ ਲੌਂਗੋਵਾਲ

ਜ਼ਿਲ੍ਹਾ ਸੰਗਰੂਰ ਦੇ ਪਿੰਡ ਲੌਂਗੋਵਾਲ ਵਿਖੇ ਇਕ ਸਧਾਰਨ ਕਿਸਾਨ ਪਰਿਵਾਰ ਵਿਚ ਮਾਤਾ ਮਨਜੀਤ ਕੌਰ ਦੀ ਕੁੱਖੋਂ, ਪਿਤਾ ਹਰਦੇਵ ਸਿੰਘ ਦੇ ਘਰ 12 ਮਾਰਚ, 1978 ਨੂੰ ਨਿਰਮਲ ਸਿੰਘ ਦਾ ਜਨਮ ਹੋਇਆ। ਨਿਰਮਲ ਸਿੰਘ ਨੂੰ ਪੰਜ-ਛੇ ਵਰ੍ਹਿਆਂ ਦੀ ਉਮਰ ਵਿਚ ਸਰਕਾਰੀ ਹਾਈ ਸਕੂਲ ਲੌਂਗੋਵਾਲ ਵਿਖੇ ਪੜ੍ਹਨ ਪਾਇਆ ਗਿਆ। 1992 ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਪਰ ਘਰ ਦੀਆਂ ਆਰਥਿਕ ਤੰਗੀਆਂ, ਤੁਸ਼ਟੀਆਂ ਅਤੇ ਘਰੇਲੂ ਮਜਬੂਰੀਆਂ ਨੇ ਅੱਗੇ ਪੜ੍ਹਨ ਦੀ ਬਜਾਏ ਆਪਣੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਵੱਲ ਹੀ ਜੋੜ ਲਿਆ ਗਿਆ।
ਨਿਰਮਲ ਸਿੰਘ ਤੇ ਉਨ੍ਹਾਂ ਦੇ ਪਿਤਾ ਜੀ ਨੇ ਆਈਸ਼ਰ ਟਰੈਕਟਰ ਲੈ ਕੇ ਆਪਣਾ ਖੇਤੀਬਾੜੀ ਦਾ ਧੰਦਾ ਸ਼ੁਰੂ ਕੀਤਾ। ਨਿਰਮਲ ਸਿੰਘ ਨੇ ਆਪਣੀ ਸੂਝ-ਬੂਝ ਤੇ ਸਿਆਣਪ ਨਾਲ ਆਪਣੇ ਖੇਤੀਬਾੜੀ ਦੇ ਧੰਦੇ ਨੂੰ ਵਿਕਸਤ ਤੇ ਵਿਕਾਸ ਵੱਲ ਲਿਜਾਣ ਲਈ, ਜ਼ਿਲ੍ਹਾ ਸੰਗਰੂਰ ਦੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ। ਉਹ ਖੇਤੀਬਾੜੀ ਵਿਭਾਗ ਵਲੋਂ ਹਰ ਤਰ੍ਹਾਂ ਦੀ ਖੇਤੀ ਸਬੰਧੀ ਜਾਣਕਾਰੀ ਹਾਸਲ ਕਰਦਾ ਆ ਰਿਹਾ ਹੈ। ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੀ ਸਹੂਲਤ ਲਈ ਹਰ ਸਾਲ ਖੇਤੀਬਾੜੀ ਨਾਲ ਸਬੰਧਿਤ ਸੰਦਾਂ ਦੇ ਡਰਾਅ ਕੱਢੇ ਜਾਂਦੇ ਹਨ। ਜਿਨ੍ਹਾਂ ਕਿਸਾਨਾਂ ਨੂੰ ਲੱਕੀ ਡਰਾਅ ਨਿਕਲਦੇ ਹਨ, ਉਨ੍ਹਾਂ ਕਿਸਾਨਾਂ ਨੂੰ ਡਰਾਅ ਨਿਕਲਦੇ ਸੰਦ 'ਤੇ ਪੰਜਾਹ ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ।
ਨਿਰਮਲ ਸਿੰਘ ਨੇ 2013 'ਚ ਹੈਪੀ ਸੀਡਰ ਮਸ਼ੀਨ ਲੈਣ ਲਈ ਆਪਣਾ ਡਰਾਅ ਪਾਇਆ ਸੀ। ਨਿਰਮਲ ਸਿੰਘ ਨੇ ਆਪਣੇ ਪਹਿਲੇ ਡਰਾਅ 'ਚ ਹੀ ਕਣਕ ਦੀ ਬਿਜਾਈ ਵਾਲੀ ਹੈਪੀ ਸੀਡਰ ਮਸ਼ੀਨ ਮਹਿਕਮੇ ਤੋਂ ਪੰਜਾਹ ਫੀਸਦੀ ਕੀਮਤ 'ਤੇ ਖਰੀਦੀ ਹੈਪੀ ਸੀਡਰ ਮਸ਼ੀਨ ਲੈਣ ਤੋਂ ਬਾਅਦ ਨਿਰਮਲ ਸਿੰਘ ਨੇ ਆਪਣਾ ਆਈਸ਼ਰ ਟਰੈਕਟਰ ਬਦਲ ਕੇ ਸੋਨਾਲੀਕਾ 60 ਟ੍ਰੈਕਟਰ ਲੈ ਲਿਆ। ਇਸ ਟ੍ਰੈਕਟਰ ਨਾਲ ਨਿਰਮਲ ਸਿੰਘ ਕਣਕ ਦੀ ਬਿਜਾਈ ਤੋਂ ਬਾਅਦ ਸਰਦੀਆਂ ਦੇ ਵਿਹਲੇ ਸਮੇਂ ਦੌਰਾਨ ਆਪਣੇ ਨੇੜੇ-ਤੇੜੇ ਕੰਪਿਊਟਰ ਕਰਾਹੇ ਨਾਲ ਜ਼ਮੀਨੀ ਰਕਬਾ ਪੱਧਰਾ ਕਰਨਾ, ਉੱਚੇ ਮਿੱਟੀ ਦੇ ਟਿੱਬਿਆਂ ਤੋਂ ਮਿੱਟੀ ਚੁੱਕ ਕੇ ਦੂਰ-ਦੁਰਾਡੇ ਨਵੀਆਂ ਬਣੀਆਂ ਬਿਲਡਿੰਗਾਂ, ਨਵੀਂ ਰਿਹਾਇਸ਼ੀ ਕਾਲੋਨੀਆਂ ਜਾਂ ਸਰਕਾਰੀ ਖੇਤਰਾਂ 'ਚ ਮਿੱਟੀ ਪਾਉਣ ਦਾ ਕੰਮ ਠੇਕੇ 'ਤੇ ਲੈ ਕੇ ਆਪਣੀ ਮਿਹਨਤ ਕਰਦਾ ਆ ਰਿਹਾ ਹੈ।
ਨਿਰਮਲ ਸਿੰਘ ਨੇ ਦੱਸਿਆ ਕਿ 2013 ਦੌਰਾਨ ਮੈਂ ਹੈਪੀ ਸੀਡਰ ਮਸ਼ੀਨ ਖਰੀਦਣ ਤੋਂ ਬਾਅਦ ਆਪਣੇ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਨੂੰ ਕਦੇ ਵੀ ਨਹੀਂ ਸਾੜਿਆ, ਸਗੋਂ ਉਸੇ ਤਰ੍ਹਾਂ ਹੀ ਝੋਨੇ ਦੀ ਸਾਰੀ ਪਰਾਲੀ ਨੂੰ ਖੇਤ 'ਚ ਚੰਗੀ ਤਰ੍ਹਾਂ ਵਿਛਾਇਆ ਜਾਂਦਾ ਹੈ। ਫਿਰ ਉਸੇ ਤਰ੍ਹਾਂ ਹੀ ਆਪਣੀ ਹੈਪੀ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੇ ਸਾਰੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਵਿਛਾ ਕੇ ਹੈਪੀ ਸੀਡਰ ਮਸ਼ੀਨ ਨਾਲ ਕਣਕ ਬੀਜਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਵਾਲੇ ਖੇਤ 'ਚ ਕਣਕ ਬੀਜਣ ਨਾਲ ਨਾ ਤਾਂ ਕਣਕ ਪੱਕਣ ਸਮੇਂ ਡਿੱਗਦੀ ਹੈ ਅਤੇ ਨਾ ਝਾੜ ਘਟਣ ਦਾ ਕੋਈ ਅਸਰ ਹੁੰਦਾ ਹੈ। ਸਗੋਂ ਸਿੱਧੀ ਹੈਪੀ ਸੀਡਰ ਨਾਲ ਕਣਕ ਬੀਜਣ 'ਤੇ ਕਿਸਾਨ ਨੂੰ ਚਾਰ ਤੋਂ ਪੰਜ ਹਜ਼ਾਰ ਪ੍ਰਤੀ ਏਕੜ ਦਾ ਖਰਚਾ ਘਟਦਾ ਹੈ।
ਲਗਾਤਾਰ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਬਿਨਾਂ ਸਾੜੇ ਕਣਕ ਦੀ ਬਿਜਾਈ ਕਰਨ 'ਤੇ ਖੇਤੀਬਾੜੀ ਵਿਭਾਗ ਸੰਗਰੂਰ ਵਲੋਂ ਆਪਣੇ ਜ਼ਿਲ੍ਹਾ ਪੱਧਰੀ ਕਿਸਾਨ ਮੇਲੇ ਦੌਰਾਨ 2016 'ਚ ਨਿਰਮਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
3 ਮਾਰਚ, 2017 ਨੂੰ ਆਪਣੇ ਵਾਤਾਵਰਨ ਨੂੰ ਸ਼ੁੱਧ, ਸਾਫ਼ ਤੇ ਸਵੱਛ ਰੱਖਣ ਦੇ ਉਪਰਾਲੇ ਸਦਕਾ ਭਾਈ ਘਨੱਈਆ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਦੂਜੀ ਵਾਰ ਸਨਮਾਨਿਤ ਕੀਤਾ ਗਿਆ। 29 ਸਤੰਬਰ, 2017 ਨੂੰ ਕਿਸਾਨ ਗਿੱਲ ਫਾਰਮ ਢੁੱਡੀਕੇ (ਮੋਗਾ) ਵਲੋਂ ਤੀਜੀ ਵਾਰ ਸਨਮਾਨਿਤ ਕੀਤਾ ਗਿਆ।
26 ਜਨਵਰੀ, 2018 ਨੂੰ ਗਣਤੰਤਰ ਦਿਵਸ ਮੌਕੇ ਮਾਣਯੋਗ ਡਿਪਟੀ ਕਮਿਸ਼ਨਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਮਾਣਯੋਗ ਨਵਜੋਤ ਸਿੰਘ ਸਿੱਧੂ ਵਲੋਂ ਨਿਰਮਲ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਨਿਰਮਲ ਸਿੰਘ ਆਪਣੇ ਵਾਤਾਵਰਨ ਨੂੰ ਸ਼ੁੱਧ-ਸਾਫ਼ ਤੇ ਸਵੱਛ ਰੱਖਣ ਦੇ ਉਪਰਾਲਿਆਂ ਸਦਕਾ ਆਪਣੇ ਪਿੰਡ ਤੇ ਇਲਾਕੇ ਦੇ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।


-ਪਿੰਡ ਤੇ ਡਾਕ: ਮੱਤੀ, ਵਾਇਆ ਭੀਖੀ (ਮਾਨਸਾ)। ਮੋਬਾਈਲ : 98785-47007.

ਵਿਰਸੇ ਦੀਆਂ ਬਾਤਾਂ

ਕਿੱਲੀ 'ਤੇ ਟੰਗੀਆਂ ਯਾਦਾਂ

ਜਿਹੜੀ ਚੀਜ਼ ਅਸੀਂ ਅੱਜ ਵਰਤਦੇ ਹਾਂ, ਸਦੀਆਂ ਤੱਕ ਉਹੀ ਵਰਤੀ ਜਾਵੇ, ਇਹ ਜ਼ਰੂਰੀ ਨਹੀਂ। ਪਰ ਜਿਹੜੀ ਚੀਜ਼ ਅੱਜ ਵਰਤਦੇ ਹਾਂ, ਉਹ ਅਗਲੀਆਂ ਪੀੜ੍ਹੀਆਂ ਸਾਂਭਣ ਤੇ ਉਸ ਦੀ ਅਹਿਮੀਅਤ ਚੇਤੇ ਰੱਖਣ ਇਹ ਬਹੁਤ ਜ਼ਰੂਰੀ ਹੈ। ਅਸੀਂ ਆਪਣੇ ਵੱਡੇ ਵਡੇਰਿਆਂ ਜਿਨ੍ਹਾਂ ਨੂੰ ਦੇਖਿਆ ਨਹੀਂ, ਉਨ੍ਹਾਂ ਪ੍ਰਤੀ ਮਨ ਵਿਚ ਸਤਿਕਾਰ ਰੱਖਦੇ ਹਾਂ। ਉਨ੍ਹਾਂ ਦੀਆਂ ਯਾਦਾਂ ਸਾਂਭ ਕੇ ਰੱਖਦੇ ਹਾਂ। ਵਰਤੀਆਂ ਜਾਣ ਵਾਲੀਆਂ ਚੀਜ਼ਾਂ ਭਾਵੇਂ ਨਿਰਜੀਵ ਹਨ, ਪਰ ਉਨ੍ਹਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਤਾਂ ਜ਼ਰੂਰੀ ਹੈ ਹੀ।
ਇਸ ਤਸਵੀਰ ਨੂੰ ਦੇਖ ਕਿਸੇ ਨੂੰ ਹੈਰਾਨੀ-ਪ੍ਰੇਸ਼ਾਨੀ ਹੋ ਸਕਦੀ ਹੈ, ਕਿਸੇ ਨੂੰ ਨਹੀਂ। ਪਰ ਇਹ ਤਸਵੀਰ ਸਵਾਲ ਬਹੁਤ ਸਾਰੇ ਖੜ੍ਹੇ ਕਰਦੀ ਹੈ। ਇਹ ਚੀਜ਼ਾਂ ਜੋ ਰਸੋਈ ਵਿਚ ਹਰ ਰੋਜ਼ ਵਰਤੀਆਂ ਜਾਣ ਵਾਲੀਆਂ ਸਨ, ਅੱਜ ਕਿੱਲੀਆਂ 'ਤੇ ਟੰਗੀਆਂ ਗਈਆਂ। ਇਨ੍ਹਾਂ ਦੀ ਹਾਲਤ ਇਹ ਕਿਉਂ ਦੱਸ ਰਹੀ ਹੈ ਕਿ ਇਨ੍ਹਾਂ ਦੀ ਵਰਤੋਂ ਲੰਮੇ ਸਮੇਂ ਤੋਂ ਨਹੀਂ ਹੋ ਰਹੀ। ਹਰ ਕੋਈ ਆਪਣੀ ਸੋਚ ਮੁਤਾਬਕ ਇਸ ਦੇ ਕਈ ਅਰਥ ਕੱਢ ਸਕਦਾ ਹੈ।
ਜਦੋਂ ਸਾਂਝੇ ਪਰਿਵਾਰ ਸਨ, ਵੱਡੇ ਟੱਬਰ ਸਨ, ਉਦੋਂ ਰੋਟੀਆਂ ਇਨ੍ਹਾਂ ਛੋਟੀਆਂ ਤਵੀਆਂ 'ਤੇ ਬਣਦੀਆਂ ਸਨ। ਤਵਿਆਂ 'ਤੇ 'ਕੱਲੀ-'ਕੱਲੀ ਰੋਟੀ ਪਕਾਉਣ ਨਾਲ ਬਹੁਤ ਵਕਤ ਲਗਦਾ ਸੀ। ਸਵੇਰ ਤੇ ਦੁਪਹਿਰ ਦੀ ਰੋਟੀ ਇੱਕੋ ਵੇਲੇ ਤਿਆਰ ਹੁੰਦੀ ਸੀ। ਘਰ ਦੀਆਂ ਔਰਤਾਂ ਵਿਚੋਂ ਇਕ ਪੇੜੇ ਕਰਦੀ, ਰੋਟੀ ਵੇਲਦੀ ਤੇ ਦੂਜੀ ਤਵੀ 'ਤੇ ਰੋਟੀ ਦੇ ਪਾਸੇ ਬਦਲਦੀ। ਸਾਂਝੀ ਮਿਹਨਤ ਨਾਲ ਕੁੱਝ ਮਿੰਟਾਂ ਵਿਚ ਕੰਮ ਸਮਾਪਤ ਹੋ ਜਾਂਦਾ। ਹੁਣ ਸਾਂਝੇ ਪਰਿਵਾਰ ਬਹੁਤ ਘੱਟ ਲੱਭਦੇ ਹਨ। ਚਾਰ-ਚਾਰ, ਪੰਜ-ਪੰਜ ਜੀਆਂ ਵਾਲੇ ਪਰਿਵਾਰ ਹਨ ਤਾਂ ਇਸ ਤਵੀ ਦਾ ਕੀ ਕੰਮ। ਨਿੱਕੀਆਂ-ਨਿੱਕੀਆਂ ਰਸੋਈਆਂ। ਗੈਸ ਚੁੱਲ੍ਹੇ 'ਤੇ ਰੱਖੇ ਤਵੇ 'ਤੇ ਸਵੇਰ-ਦੁਪਹਿਰ-ਰਾਤ ਦੀ ਰੋਟੀ ਮੌਕੇ ਮੁਤਾਬਕ ਬਣਦੀ ਹੈ। ਇਹੋ ਜਿਹੀਆਂ ਤਵੀਆਂ ਸਿਰਫ਼ ਸਮਾਗਮਾਂ ਮੌਕੇ ਵਰਤੀਆਂ ਜਾਣ ਲੱਗੀਆਂ ਹਨ, ਜਦੋਂ ਰੋਟੀਆਂ ਵੱਡੀ ਗਿਣਤੀ ਵਿਚ ਬਣਾਉਣੀਆਂ ਹੋਣ।
ਕੋਲ ਟੰਗਿਆ ਦਾਤ, ਜਿਸ ਦੀ ਖਾਸ ਕਰਕੇ ਸਿਆਲਾਂ ਵਿਚ ਖੂਬ ਵਰਤੋਂ ਹੁੰਦੀ ਸੀ, ਹੁਣ ਇਹਦੀ ਲੋੜ ਨਹੀਂ ਰਹੀ। ਦਾਤ ਨਾਲ ਸਾਗ ਚੀਰਨਾ ਨਵੀਂ ਪੀੜ੍ਹੀ ਦੇ ਵੱਸ ਦੀ ਗੱਲ ਨਹੀਂ ਰਿਹਾ। ਸਾਗ ਕੁਤਰਨ ਵਾਲੀਆਂ ਮਸ਼ੀਨਾਂ ਆ ਗਈਆਂ ਹਨ। ਹੋਰ ਕਮਾਲ ਕਿ ਸਾਗ ਚੀਰਿਆ ਹੋਇਆ ਬਜ਼ਾਰੋਂ ਮਿਲ ਜਾਂਦਾ ਹੈ ਤੇ ਹੋਰ ਕਮਾਲ ਬਣਿਆ ਬਣਾਇਆ ਸਾਗ ਦੁਕਾਨਾਂ ਤੋਂ ਡੱਬਾਬੰਦ ਮਿਲ ਜਾਂਦਾ। ਇਸ ਹਾਲਤ ਵਿਚ ਦਾਤ ਤੋਂ ਕਿਸੇ ਨੇ ਕੀ ਕਰਾਉਣਾ? ਖੁਰਚਣਾ ਤੇ ਨੇਤਰਾ ਵੀ ਇੰਜ ਜਾਪਦਾ ਕਿਸੇ ਦੀ ਹੱਥ ਛੋਹ ਨੂੰ ਤਰਸ ਰਿਹਾ।
ਕਈ ਘਰਾਂ ਵਿਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਘੱਟ ਜਾਂ ਵੱਧ ਅੱਜ ਵੀ ਹੁੰਦੀ ਹੈ ਤੇ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਹੀ ਚੀਜ਼ਾਂ ਵੇਂਹਦਿਆਂ-ਵੇਂਹਦਿਆਂ ਸਾਡੇ ਹੱਥਾਂ ਵਿਚੋਂ ਨਿਕਲ ਕਬਾੜੀਆਂ ਕੋਲ ਪਹੁੰਚ ਚੁੱਕੀਆਂ ਹਨ, ਪਰ ਜਦੋਂ ਕਦੇ ਇਨ੍ਹਾਂ ਦੀ ਯਾਦ ਆਉਂਦੀ ਹੈ ਤਾਂ ਬੜਾ ਕੁੱਝ ਅੱਖਾਂ ਮੂਹਰੇ ਆ ਜਾਂਦਾ ਹੈ।


37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX