ਤਾਜਾ ਖ਼ਬਰਾਂ


ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ
. . .  4 minutes ago
ਅੰਮ੍ਰਿਤਸਰ, 26 ਅਪ੍ਰੈਲ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਚੋਣ ਲੜ ਰਹੀ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ...
ਭਗਵੰਤ ਮਾਨ ਅੱਜ ਦਾਖਲ ਕਰਨਗੇ ਨਾਮਜ਼ਦਗੀ ਕਾਗ਼ਜ਼
. . .  53 minutes ago
ਸੰਗਰੂਰ, 26 ਅਪ੍ਰੈਲ (ਧੀਰਜ ਪਸ਼ੋਰੀਆ) - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਆਪਣਾ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ। ਭਗਵੰਤ ਮਾਨ ਨੇ 2014 ਲੋਕ ਸਭਾ ਚੋਣਾਂ ਵਿਚ ਇਸ ਸੀਟ ਤੋਂ 5,33,237 ਵੋਟਾਂ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ...
ਚੋਣਾਂ 'ਚ ਵਰਤਣ ਲਈ ਲਿਆਂਦੀ ਸ਼ਰਾਬ ਪੁਲਿਸ ਵੱਲੋਂ ਬਰਾਮਦ
. . .  about 1 hour ago
ਅਟਾਰੀ 26 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ) - ਪੁਲਿਸ ਥਾਣਾ ਘਰਿੰਡਾ ਵੱਲੋਂ ਮੁੱਖ ਅਫ਼ਸਰ ਪ੍ਰਭਜੀਤ ਸਿੰਘ ਗਿੱਲ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਪਿੰਡ ਕਾਉਂਕੇ ਤੋਂ ਚੋਣਾਂ ਵਿਚ ਵਰਤਣ ਲਈ ਲਿਆਂਦੀ ਨਾਜਾਇਜ਼ 546 ਬੋਤਲਾਂ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ...
ਗਿਰੀਰਾਜ ਸਿੰਘ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ
. . .  about 1 hour ago
ਬੇਗੁਸਰਾਏ, 26 ਅਪ੍ਰੈਲ - ਬਿਹਾਰ ਦੇ ਬੇਗੁਸਰਾਏ ਤੋਂ ਭਾਜਪਾ ਦੇ ਉਮੀਦਵਾਰ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਦੱਸਦੇ ਹੋਏ ਉਨ੍ਹਾਂ ਖਿਲਾਫ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਚੋਣ ਰੈਲੀ...
ਮੋਦੀ ਦੇ ਵਾਰਾਨਸੀ 'ਚ ਪੁਲਵਾਮਾ, ਉੜੀ ਹਮਲੇ 'ਤੇ ਸਟ੍ਰਾਈਕ ਦੇ ਜ਼ਿਕਰ ਨਾਲ ਗਰਮਾਇਆ ਮਾਹੌਲ, ਅੱਜ ਭਰਨਗੇ ਪਰਚਾ
. . .  about 2 hours ago
ਨਵੀਂ ਦਿੱਲੀ, 26 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਕੱਲ੍ਹ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ 'ਚ ਰੋਡ ਸ਼ੋਅ ਦੌਰਾਨ ਪੁਲਵਾਮਾ, ਉੜੀ ਹਮਲੇ ਤੇ ਏਅਰ ਸਟ੍ਰਾਈਕ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਹਮਲਾਵਰ ਹੋਏ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜਦੋਂ ਭਾਜਪਾ ਦੇ ਚੋਟੀ ਦੇ ਨੇਤਾ ਚੋਣ ਜ਼ਾਬਤੇ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਹੋਰ ਖ਼ਬਰਾਂ..

ਦਿਲਚਸਪੀਆਂ

ਮਿੰਨੀ ਵਿਅੰਗ/ਟਿੰਬਰ ਮਰਚੈਂਟ

ਇਕ ਰਿਸ਼ਤਾ ਕਰਨ ਵਾਲੇ ਨੇ ਵਿਚੋਲਿਆਂ ਨੂੰ ਪੁੱਛਿਆ ਕਿ ਮੁੰਡੇ ਦਾ ਕਾਰੋਬਾਰ ਕੀ ਹੈ? ਉੱਤਰ ਮਿਲਿਆ ਕਿ ਲੜਕਾ ਟਿੰਬਰ ਮਰਚੈਂਟ ਹੈ | ਭਾਵ ਲਕੜੀ ਦਾ ਵਪਾਰ ਕਰਦਾ ਹੈ |
'ਕੀ ਲੱਕੜੀ ਦੇ ਸਾਮਾਨ ਦੀ ਦੁਕਾਨ ਕਰਦਾ ਹੈ?'
'ਨਹੀਂ |'
'ਕੀ ਲੱਕੜ ਦਾ ਟਾਲ ਪਾਇਆ ਹੋਇਆ ਹੈ?'
'ਨਹੀਂ |'
'ਕੀ ਪਾਪੂਲਰ ਸਫ਼ੈਦੇ ਵਗ਼ੈਰਾ ਦੀ ਖ਼ਰੀਦੋ ਫ਼ਰੋਖ਼ਤ ਕਰਦਾ ਹੈ?'
'ਨਹੀਂ?'
'ਤਾਂ ਫਿਰ ਕਿਸ ਤਰ੍ਹਾਂ ਦਾ ਵਪਾਰ ਹੈ?'
'ਜੀ, ਸੱਚੀ ਗੱਲ ਇਹ ਹੈ ਕਿ ਮੁੰਡਾ ਲੁਧਿਆਣੇ ਦਾਤਣਾਂ ਵੇਚਦਾ ਹੈ |'

-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98720-86101.


ਖ਼ਬਰ ਸ਼ੇਅਰ ਕਰੋ

ਨਾਨੀ ਦੀ ਉਡੀਕ

ਗੱਲ 90ਵਿਆਂ ਦੀ ਹੈ, ਉਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸਾਂ | ਜਦ ਖੇਡਦਿਆਂ-ਖੇਡਦਿਆਂ ਦੀ ਨਜ਼ਰ ਅਚਾਨਕ ਦੂਰ ਪੀਪਾ ਚੁੱਕੀ ਆਉਂਦੀ ਨਾਨੀ 'ਤੇ ਪੈਂਦੀ ਤਾਂ ਅਸੀਂ ਘਰ ਵੱਲ ਸ਼ੂਟ ਵੱਟ ਦੇਣੀ ਤੇ ਆਪਣੀ ਮਾਂ ਨੂੰ ਇਹ ਖ਼ਬਰ ਸੁਣਾਉਣੀ | ਮਾਂ ਦੀਆਂ ਅੱਖਾਂ ਵਿਚ ਵੀ ਚਮਕ ਆ ਜਾਂਦੀ, ਕਿਉਂ ਜੋ ਮਾਵਾਂ ਤੇ ਧੀਆਂ ਨੇ ਰਲ ਬੈਠਣਾ ਹੁੰਦੈ | ਜਦ ਨਾਨੀ ਘਰ ਪਹੁੰਚ ਜਾਂਦੀ ਤਾਂ ਅਸੀਂ ਭਰਿੰਡਾਂ ਵਾਂਗੂੰ ਉਸ ਦੁਆਲੇ ਇਕੱਠੇ ਹੋ ਜਾਂਦੇ | ਨਾਨੀ ਸਾਡਾ ਸਿਰ ਪਲੋਸਦੀ, ਹਿੱਕ ਨਾਲ ਲਾਉਂਦੀ ਤੇ 'ਜਿਉਂਦੇ ਰਹੋ, ਰੱਬ ਥੋਨੂੰ ਭਾਗ ਲਾਵੇ' ਵਰਗੀਆਂ ਅਣਗਿਣਤ ਅਸੀਸਾਂ ਦਿੰਦੀ ਮੰਜੇ 'ਤੇ ਜਾ ਬੈਠਦੀ | ਆਪਣੀ ਧੀ ਤੋਂ ਘਰ ਦੀ ਸਾਰੀ ਸੁੱਖ-ਸਾਂਦ ਪੁੱਛਦੀ | ਹੁਣ ਸਾਨੂੰ ਪੀਪੇ ਦੇ ਖੁੱਲ੍ਹਣ ਦੀ ਉਡੀਕ ਹੁੰਦੀ | ਮਾਂ ਜਦ ਰਸੋਈ ਵਿਚ ਚਾਹ-ਪਾਣੀ ਦੇ ਆਹਰ ਵਿਚ ਰੁੱਝ ਜਾਂਦੀ ਤਾਂ ਨਾਨੀ ਸਾਨੂੰ ਆਵਾਜ਼ ਮਾਰਦੀ, 'ਆ ਜਾਓ ਸਾਰੇ, ਆਹ ਵੇਖੋ ਥੋਡੇ ਵਾਸਤੇ ਚੀਜ਼ੀ ਲਿਆਈ ਆਂ |' ਤੇ ਉਹ ਜਦ ਪੀਪੇ ਦਾ ਢੱਕਣ ਚੁੱਕਦੀ ਤਾਂ ਖੋਏ ਦੀਆਂ ਪਿੰਨੀਆਂ ਦੀ ਮਿੱਠੀ-ਮਿੱਠੀ ਮਹਿਕ ਆਲੇ- ਦੁਆਲੇ ਦੀ ਫਿਜ਼ਾ ਨੂੰ ਮਿਠਾਸ ਨਾਲ ਭਰ ਦਿੰਦੀ | ਅਸੀਂ ਹੱਥ ਵਿਚ ਖੋਏ ਦੀ ਪਿੰਨੀ ਫੜ ਕੇ ਖਾਂਦਿਆਂ-ਖਾਂਦਿਆਂ ਬਾਹਰ ਨੂੰ ਨੱਸ ਜਾਣਾ ਤੇ ਸਾਥੀ ਬੱਚਿਆਂ ਕੋਲ ਨਾਨੀ ਦੇ ਆਉਣ ਦੀ ਸ਼ੇਖੀ ਮਾਰਨੀ | ਰਾਤ ਨੂੰ ਪਕਾ-ਖਾ ਕੇ ਫਿਰ ਨਾਨੀ ਦੁਆਲੇ ਜੁੜ ਜਾਣਾ ਤੇ ਸਾਰਿਆਂ ਨੇ ਆਪੋ-ਆਪਣੀ ਫਰਮਾਇਸ਼ ਮੁਤਾਬਕ ਬਾਤ ਸੁਣਨ ਦੀ ਜ਼ਿੱਦ ਕਰਨੀ | ਨਾਨੀ ਦੀ ਆਮਦ ਦੇ ਇਹ ਦੋ-ਤਿੰਨ ਦਿਨ ਤੀਆਂ ਵਰਗੇ ਬਤੀਤ ਹੋਣੇ | ਵਿਦਾਅ ਹੋਣ ਵੇਲੇ ਉਹ ਸਾਨੂੰ ਛੁੱਟੀਆਂ ਵਿਚ ਆਉਣ ਦੀ ਤਾਕੀਦ ਕਰਕੇ ਜਾਂਦੀ | ਨਾਨੀ ਦੇ ਅੱਖੋਂ ਉਹਲੇ ਹੋ ਜਾਣ ਤੋਂ ਬਾਅਦ ਮਾਂ ਦੀਆਂ ਨਮ ਅੱਖਾਂ ਨੂੰ ਪੜ੍ਹਨ ਤੋਂ ਅਸਮਰੱਥ ਸਾਡਾ ਭੋਲਾ ਬਚਪਨ ਫਿਰ ਖੇਡਣ ਵਿਚ ਰੁੱਝ ਜਾਂਦਾ |
ਪਰ ਅੱਜਕਲ੍ਹ ਇਹ ਸਭ ਕੁਝ ਸਮੇਂ ਤੇ ਤਕਨੀਕ ਦੀ ਗਰਦਿਸ਼ ਵਿਚ ਗੁਆਚ ਗਿਆ ਜਾਪਦਾ ਹੈ | ਹੁਣ ਤਾਂ ਕਿਸੇ ਮਹਿਮਾਨ ਦੇ ਆਉਣ ਦੀ ਅਗਾਊਾ ਸੂਚਨਾ ਮੋਬਾਈਲ ਰਾਹੀਂ ਪਹਿਲਾਂ ਹੀ ਪ੍ਰਾਪਤ ਹੋ ਜਾਂਦੀ ਹੈ, ਜਿਸ ਕਰਕੇ ਕਿਸੇ ਦੇ ਅਚਾਨਕ ਆਉਣ ਦਾ ਚਾਅ ਅਸੀਂ ਮਹਿੂਸਸ ਹੀ ਨਹੀਂ ਕਰ ਸਕਦੇ | ਘਰ ਦੀ ਪੰਜੀਰੀ ਤੇ ਨਾਨੀ ਦੀਆਂ ਖੋਏ ਦੀਆਂ ਪਿੰਨੀਆਂ ਨੂੰ ਦਰਕਿਨਾਰ ਕਰ ਕੇ ਅਜੋਕੇ ਬੱਚੇ ਚਾਕਲੇਟ, ਪੀਜ਼ਾ ਤੇ ਬਰਗਰ ਆਦਿ ਵਰਗੀਆਂ ਆਧੁਨਿਕ 'ਖੁਰਾਕਾਂ' ਵੱਲ ਵਧੇਰੇ ਰੁਚਿਤ ਹੋ ਗਏ ਹਨ | ਨਾਨੀ ਦੀਆਂ ਬਾਤਾਂ ਤਾਂ ਹੁਣ ਬੱਚਿਆਂ ਨੂੰ ਬੋਰ ਹੀ ਕਰਦੀਆਂ ਹਨ, ਕਿਉਂਕਿ ਉਨ੍ਹਾਂ ਕੋਲ ਟੀ.ਵੀ. 'ਤੇ ਵੰਨ-ਸੁਵੰਨੇ ਚੈਨਲ ਅਤੇ ਇੰਟਰਨੈੱਟ ਉੱਪਰ ਵੀਡੀਓ ਗੇਮਜ਼ ਤੋਂ ਹੀ ਸਿਰ ਚੁੱਕਣ ਦੀ ਵਿਹਲ ਨਹੀਂ ਹੈ | ਸਾਰੇ ਪਰਿਵਾਰਕ ਜੀਆਂ ਦਾ ਆਪਣਾ-ਆਪਣਾ ਨਿੱਜੀ ਮੋਬਾਈਲ ਹੈ | ਸਭ ਕੁਝ ਨਕਲੀ-ਨਕਲੀ ਤੇ ਡੰਗ-ਟਪਾਊ ਜਿਹਾ ਹੋ ਗਿਆ ਹੈ | ਮਹਿਮਾਨ ਨੂੰ ਰੱਬ ਦਾ ਰੂਪ ਸਮਝਣ ਦੀ ਸਾਡੀ ਪ੍ਰਵਿਰਤੀ ਹੁਣ ਫਿੱਕੀ ਪੈਂਦੀ ਜਾ ਰਹੀ ਹੈ | ਖੋਏ ਦੀਆਂ ਪਿੰਨੀਆਂ ਦੀ ਮਿੱਠੀ ਮਹਿਕ ਨੂੰ ਸਮੇਂ ਦੀ ਹਨ੍ਹੇਰੀ ਆਪਣੇ ਨਾਲ ਰੋੜ੍ਹ ਕੇ ਲੈ ਗਈ ਹੈ | ਰਿਸ਼ਤਿਆਂ ਦਾ ਨਿੱਘ ਘਟਿਆ ਹੈ | ਸਵਾਰਥਪੁਣਾ ਤੇ ਪੈਸੇ ਦੀ ਦੌੜ ਵਧ ਗਈ ਹੈ | ਕਦੇ-ਕਦੇ ਇਨ੍ਹਾਂ ਜੰਜਾਲਾਂ ਵਿਚੋਂ ਬਾਹਰ ਨਿਕਲ ਕੇ ਰਿਸ਼ਤਿਆਂ ਦਾ ਨਿੱਘ ਮਾਣ ਵੇਖੋ, ਧੁਰ ਅੰਦਰ ਤੱਕ ਰੂਹ ਨਿਹਾਲ ਹੋ ਜਾਵੇਗੀ, ਕਿਉਂਕਿ ਹਰ ਰਿਸ਼ਤੇ ਦਾ ਆਪਣਾ ਵੱਖਰਾ ਹੀ ਨਿੱਘ ਹੁੰਦਾ ਹੈ |

-ਪੰਜਾਬੀ ਅਧਿਆਪਕਾ, ਸ: ਸੀ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ) | ਮੋਬਾ: 90565-26703

ਬਾਹਰਲੇ ਪੇਪਰ

ਮੈਂ ਬਾਰ੍ਹਵੀਂ ਤੋਂ ਬਾਅਦ ਆਈਲਟਸ ਦਾ ਟੈਸਟ ਦਿੱਤਾ | ਰੱਬ ਦੀ ਕਿਰਪਾ ਨਾਲ ਚੰਗੇ ਨੰਬਰ ਆ ਗਏ | ਸਭ ਘਰ ਦੇ ਬਹੁਤ ਖੁਸ਼ ਸਨ | ਘਰ ਵਿਚ ਮੈਂ, ਮੇਰੇ ਮੰਮੀ-ਪਾਪਾ ਤੇ ਦੋ ਮੈਥੋਂ ਛੋਟੀ ਇਕ ਭੈਣ ਤੇ ਇਕ ਭਰਾ ਹੈ | ਮੇਰੇ ਪਾਪਾ ਇਕ ਗਰੀਬ ਕਿਸਾਨ ਹਨ | ਉਹ ਸਾਨੂੰ ਤਿੰਨਾਂ ਭੈਣ-ਭਰਾਵਾਂ ਨੂੰ ਕਿਵੇਂ ਪੜ੍ਹਾ ਰਹੇ ਹਨ? ਇਹ ਉਹੀ ਜਾਣਦੇ ਹਨ | ਉਨ੍ਹਾਂ ਦੀਆਂ ਮਜਬੂਰੀਆਂ ਨੂੰ ਮੈਂ ਸਮਝ ਸਕਦੀ ਹਾਂ | ਭਾਵੇਂ ਮੇਰੀ ਉਮਰ ਛੋਟੀ ਹੈ ਪਰ ਗਰੀਬੀ ਬੰਦੇ ਨੂੰ ਛੇਤੀ ਜ਼ਿੰਮੇਵਾਰ ਬਣਾ ਦਿੰਦੀ ਹੈ |
ਜਿਥੇ ਮੰਮੀ-ਪਾਪਾ ਖੁਸ਼ ਹਨ ਮੇਰੇ ਚੰਗੇ ਨੰਬਰ ਆਉਣ 'ਤੇ, ਉਥੇ ਅੰਦਰੋਂ ਉਦਾਸ ਵੀ ਹਨ ਕਿ ਹੁਣ ਵਿਦੇਸ਼ ਭੇਜਣ ਲਈ ਜੋ ਖਰਚਾ ਹੋਵੇਗਾ, ਉਸ ਦਾ ਇੰਤਜ਼ਾਮ ਕਿਵੇਂ ਹੋਵੇਗਾ? ਮੇਰੇ ਪਾਪਾ ਨੇ ਸਭ ਰਿਸ਼ਤੇਦਾਰਾਂ-ਮਿੱਤਰਾਂ ਤੋਂ ਮਦਦ ਮੰਗੀ, ਕਿਸੇ ਨੇ ਕੋਈ ਮਦਦ ਨਾ ਕੀਤੀ, ਸਗੋਂ ਉਲਟਾ ਪਾਪਾ ਨੂੰ ਕਹਿਣ ਲੱਗੇ ਕਿ ਤੇਰੀ ਮੱਤ ਵੱਜ ਗਈ ਐ, ਇਕੱਲੀ ਕੁੜੀ ਨੂੰ ਵਿਦੇਸ਼ ਭੇਜ ਰਿਹਾਂ, ਇਹ ਠੀਕ ਨਹੀਂ | ਸਭ ਨੇ ਸਾਥੋਂ ਦੂਰੀਆਂ ਬਣਾ ਲਈਆਂ ਕਿ ਕਿਤੇ ਪੈਸਿਆਂ ਦੀ ਮਦਦ ਨੂੰ ਨਾ ਕਹਿ ਦੇਣ | ਪਰ ਪਾਪਾ ਨੇ ਹਿੰਮਤ ਨਹੀਂ ਹਾਰੀ, ਜ਼ਮੀਨ 'ਤੇ ਲੋਨ ਕਰਵਾ ਕੇ ਪੈਸਿਆਂ ਦਾ ਇੰਤਜ਼ਾਮ ਕਰ ਦਿੱਤਾ | ਮੇਰੇ ਪਾਪਾ ਦਾ ਸਾਥ, ਮੰਮੀ ਦੀ ਰੱਬ ਪ੍ਰਤੀ ਸ਼ਰਧਾ ਤੇ ਮੇਰਾ ਦਾਣਾ-ਪਾਣੀ ਮੈਨੂੰ ਕੈਨੇਡਾ ਲੈ ਆਇਆ |
ਕੈਨੇਡਾ ਆ ਕੇ ਮੈਂ ਪੜ੍ਹਾਈ ਦੇ ਨਾਲ-ਨਾਲ ਬਹੁਤ ਮਿਹਨਤ ਕੀਤੀ | ਆਪਣੀ ਫੀਸ ਤੇ ਆਪਣਾ ਰਹਿਣ, ਖਾਣ-ਪੀਣ ਦਾ ਖਰਚ ਆਪ ਕਮਾ ਲੈਂਦੀ | ਪਾਪਾ ਜੋ ਮਿਹਨਤ ਨਾਲ ਕਮਾਉਂਦੇ, ਉਹ ਵਿਆਜ ਵਿਚ ਚਲਾ ਜਾਂਦਾ | ਮੂਲ ਰਕਮ ਉਵੇਂ ਦੀ ਉਵੇਂ ਹੀ ਸੀ ਅਜੇ | ਘਰ ਦਾ ਖਰਚਾ ਮੁਸ਼ਕਿਲ ਨਾਲ ਹੀ ਚਲਦਾ |
ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ 'ਤੇ ਬਹੁਤ ਛੇਤੀ ਕੈਨੇਡਾ ਵਿਚ ਪੱਕੀ ਹੋ ਕੇ ਮੈਂ ਪਿੰਡ ਆਈ | ਘਰ ਵਿਚ ਬਹੁਤ ਰੌਣਕ ਸੀ | ਮੇਰੇ ਪਰਿਵਾਰ ਨੂੰ ਤਾਂ ਚਾਅ ਹੋਣਾ ਹੀ ਸੀ | ਉਹ ਰਿਸ਼ਤੇਦਾਰ ਜੋ ਲੋੜ ਵੇਲੇ ਸਾਡਾ ਸਾਥ ਛੱਡ ਗਏ ਸੀ, ਉਹ ਸਭ ਆਏ ਹੋਏ ਸੀ | ਸਭ ਰਿਸ਼ਤੇਦਾਰ-ਮਿੱਤਰ ਕਹਿਣ ਇਹ ਕੁੜੀ ਤਾਂ ਬਹੁਤ ਚੰਗੀ ਆ, ਇਸ ਦਾ ਰਿਸ਼ਤਾ ਤਾਂ ਅਸੀਂ ਆਪਣੀ ਰਿਸ਼ਤੇਦਾਰੀ 'ਚ ਕਰਾਉਣਾ | ਮੈਨੂੰ ਬੜਾ ਲਾਡ ਲਡਾਉਣ | ਇਹ ਸਭ ਦੇਖ ਮੈਂ ਬਹੁਤ ਹੈਰਾਨ ਹੋਈ | ਮੈਂ ਪਾਪਾ ਨੂੰ ਪੱੁਛਿਆ ਕਿ ਆਪਾਂ ਏਨੇ ਅਮੀਰ ਵੀ ਨਹੀਂ ਹੋਏ, ਅਜੇ ਆਪਣੇ ਬੈਂਕ ਦੇ ਪੈਸੇ ਵੀ ਮੋੜਨੇ ਰਹਿੰਦੇ ਨੇ, ਫਿਰ ਇਹੋ ਜਿਹਾ ਆਪਣੇ ਕੋਲ ਕੀ ਹੈ, ਜੋ ਇਹ ਏਨਾ ਪਿਆਰ ਜਤਾ ਰਹੇ ਹਨ? ਪਾਪਾ ਕਹਿੰਦੇ, ਇਹ ਤਾਂ ਪਿਆਰ ਜਤਾ ਰਹੇ ਹਨ, ਕਿਉਂਕਿ ਹੁਣ ਤੇਰੇ ਕੋਲ ਬਾਹਰਲੇ ਪੇਪਰ ਹਨ | ਮੈਨੂੰ ਸੁਣ ਕੇ ਬੜਾ ਅਜੀਬ ਲੱਗਾ 'ਬਾਹਰਲੇ ਪੇਪਰ' |
ਜੇ ਇਹ ਬਾਹਰਲੇ ਪੇਪਰ ਹੀ ਮਿੱਤਰਾਂ, ਰਿਸ਼ਤੇਦਾਰਾਂ ਦੇ ਦਿਲ 'ਚ ਪਿਆਰ ਜਗਾ ਸਕਦਾ ਆ ਤਾਂ ਮੇਰੀ ਰੱਬ ਅੱਗੇ ਇਹੀ ਅਰਦਾਸ ਹੈ ਕਿ ਜੋ ਵੀ ਆਪਣਾ ਵਤਨ ਛੱਡ ਕੇ ਗਏ ਨੇ, ਰੱਬ ਉਨ੍ਹਾਂ ਸਭ ਨੂੰ ਛੇਤੀ 'ਬਾਹਰਲੇ ਪੇਪਰ' ਦਿਵਾਏ |

-ਪਿੰਡ ਕਾਲਖ (ਲੁਧਿਆਣਾ) |
sukhcheema493@gmail.com

ਮਿੰਨੀ ਕਹਾਣੀਆਂ

ਚੋਰਾਂ ਨੂੰ ਮੋਰ
ਇਕ ਬਿਰਧ ਔਰਤ ਸਖਤ ਬਿਮਾਰ ਹੋ ਗਈ, ਡਾਕਟਰਾਂ ਨੇ ਪਰਿਵਾਰ ਨੂੰ ਦੱਸ ਦਿੱਤਾ ਕਿ ਬੁੜੀ ਦੋ-ਚਾਰ ਦਿਨ ਹੀ ਹੋਰ ਜਿਊਂਦੀ ਰਹੇਗੀ...। ਉਸ ਦੀ ਨੂੰਹ ਨੂੰ ਵੈਣ ਪਾ ਕੇ ਰੋਣਾਂ ਨਹੀਂ ਸੀ ਆਉਂਦਾ, ਨੂੰਹ ਸ਼ਹਿਰ ਗਈ ਉਸ ਨੇ ਇਕ ਦੁਕਾਨ ਜਿੱਥੇ ਕੰਪਿਊਟਰ ਨਾਲ ਮੋਬਾਈਲ ਚਿੱਪਾਂ ਵੀ ਭਰੀਆਂ ਜਾਂਦੀਆਂ ਸਨ। ਉਥੋਂ ਪਤਾ ਕੀਤਾ ਕਿ ਭਾਈ ਏਥੋਂ ਬੁੜ੍ਹੇ-ਬੁੜ੍ਹੀ ਦੇ ਮਰਨ ਵਕਤ ਵੈਣ ਪਾ ਕੇ ਡੰਗ ਸਾਰਨ ਵਾਲੀ ਅਜਿਹੀ ਚਿੱਪ ਵੀ ਮਿਲ ਜਾਂਦੀ ਐ।
'ਹਾਂ ਭਾਈ ਮਿਲ ਜਾਊਗੀ' ਦੁਕਾਨਦਾਰ ਨੇ ਕਿਹਾ, 'ਪ੍ਰੰਤੂ ਅੱਜ ਤਾਂ ਨਹੀਂ...ਕੱਲ੍ਹ ਨੂੰ ਥੋਨੂੰ ਜ਼ਰੂਰ ਮੰਗਵਾ ਦੇਵਾਂਗਾ, ਸਾਡੀ ਚਿੱਪ ਫਲਾਣੇ... ਪਿੰਡ 'ਚ ਡੇਢ ਕੁ ਮਹੀਨਾ ਪਹਿਲਾਂ ਗਈ ਸੀ ਜੋ ਅਜੇ ਵਾਪਸ ਨਹੀਂ ਆਈ। ਅੱਜ ਸਾਡਾ ਕੰਪਿਊਟਰ ਖਰਾਬ ਐ, ਤੁਸੀਂ ਕੱਲ੍ਹ ਨੂੰ ਲੈ ਜਾਣਾ...।'
'ਪਰ ਵੀਰ ਜੀ, ਮੇਰੀ ਸੱਸ ਤਾਂ ਝੱਟ-ਪਲ ਦੀ ਹੀ ਪ੍ਰਾਹੁਣੀਂ ਐ। ਕਿਹੜੇ ਪਿੰਡ ਗਈ ਐ ਤੁਹਾਡੀ ਚਿੱਪ..?'
'ਭੈਣ ਜੀ, ਫਲਾਣੇ ਪਿੰਡ...?'
'ਹਾਏ ਉਹ ਮੇਰਾ ਪੇਕਾ ਪਿੰਡ ਹੈ।'
'ਕੀਹਦੇ ਘਰ..?'
'ਮੈਂ ਮੰਗਵਾ ਲੈਨੀਂ ਆਂ।'
'ਬੂਹ...। ਉਦੋਂ ਤਾਂ ਭਾਈ ਮੇਰੀ ਮਾਂ ਹੀ...। ਹਾਏ ਨੀਂ ਨਿੰਮੋ ਭਾਬੀਏ, ਮੇਰੀ ਮਾਂ ਮਰੀ ਤੋਂ ਤੂੰ ਤਾਂ ਮੇਰੇ ਗਲ ਲੱਗਣ ਸਮੇਂ ਕਹਿੰਦੀ ਸੈਂ, ਕਿ ਕੱਛ 'ਚ ਕਛਰਾਲੀ ਨਿਕਲੀ ਹੋਣ ਕਾਰਨ ਬਾਂਹ ਸਿੱਧੀ ਨਹੀਂ ਹੁੰਦੀ, ਪਰ ਮੈਨੂੰ ਕੀ ਪਤੈ, ਕਿ ਤੂੰ ਕੱਛ 'ਚ ਮੋਬਾਈਲ ਚਿੱਪ ਸਿਸਟਮ ਫਸਾਇਆ ਹੋਇਐ... ਨੀਂ ਦਫਾ ਹੋਣੀਂਏ ਭਾਬੋ ਤੂੰ ਤਾਂ ਮੇਰੇ ਨਾਲੋਂ ਵੀ ਚਲਾਕ ਨਿਕਲੀ।

-ਪਿੰਡ:-ਲੰਗੇਆਣਾ ਕਲਾਂ (ਮੋਗਾ) ਮੋਬਾਈਲ-98781-17285.

ਨੀਂਦ ਚੈਨ ਦੀ
ਮੈਂ ਸੁਰਤ ਸੰਭਾਲਦਿਆਂ ਹੀ ਬਾਪੂ ਜੀ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਲੱਗ ਗਿਆ ਸੀ। ਬੜਾ ਚਾਅ ਹੁੰਦਾ ਸੀ ਬਾਪੂ ਜੀ ਨਾਲ ਸ਼ਰਤਾਂ ਲਾ ਕੇ ਕੰਮ ਕਰਨ ਦਾ। ਜ਼ਿੰਦਗੀ ਦਾ ਸਫ਼ਰ ਚਲਦਾ ਰਿਹਾ ਤੇ ਪਤਾ ਹੀ ਨਾ ਲੱਗਾ ਕਦੋਂ ਬਚਪਨ ਜਵਾਨੀ ਦੀ ਦਹਿਲੀਜ਼ 'ਤੇ ਆ ਪੁੱਜਾ। ਵਿਆਹ ਹੋਇਆ ਤੇ ਜ਼ਿੰਦਗੀ ਦੀ ਦੌੜ ਹੋਰ ਵੀ ਤੇਜ਼ ਹੋ ਗਈ ਜਾਪਦੀ ਸੀ। ਸਾਰਾ ਦਿਨ ਕੰਮ ਕਾਰ ਤੇ ਇਕ ਦਿਨ ਥੱਕੇ ਟੁੱਟੇ ਨੇ ਘਰਵਾਲੀ ਨੂੰ ਪੁੱਛਿਆ ਕਿ, 'ਭਾਗਵਾਨੇ ਬੜੀ ਕਸ਼ਟਦਾਇਕ ਜ਼ਿੰਦਗੀ ਜਾਪਦੀ ਹੈ ਭੋਰਾ ਆਰਾਮ ਨਹੀਂ।' ਸੰਤੀ ਹੱਸ ਕੇ ਬੋਲੀ, 'ਮੁੰਡੇ ਕੁੜੀ ਦੇ ਵਿਆਹ ਤੋਂ ਬਾਅਦ ਚੈਨ ਦੀ ਨੀਂਦ ਸੌਵਾਂਗੇ।' ਚਲੋ ਮੁੰਡਾ ਕੁੜੀ ਪੜ੍ਹ ਲਿਖ ਕੇ ਰੁਜ਼ਗਾਰ 'ਤੇ ਹੋ ਗਏ। ਜ਼ਿੰਦਗੀ ਸਫ਼ਲ ਹੋ ਗਈ ਉਨ੍ਹਾਂ ਦੀ। ਫਿਰ ਧੀ-ਪੁੱਤ ਦਾ ਵਿਆਹ ਬੜੇ ਜਸ਼ਨਾਂ ਤੇ ਚਾਵਾਂ ਨਾਲ ਹੋਇਆ। ਹਾਲੇ ਵੀ ਦੌੜ ਨਹੀਂ ਰੁਕਦੀ ਨਹੀਂ ਜਾਪਦੀ ਸੀ ਮੈਨੂੰ। ਇਕ ਦਿਨ ਸਵੇਰੇ-ਸਵੇਰੇ ਨੂੰਹ ਰਾਣੀ ਪਾਣੀ ਦਾ ਗਿਲਾਸ ਲਿਆਈ ਤੇ ਕਹਿਣ ਲੱਗੀ 'ਬਾਪੂ ਜੀ, ਬੇਬੇ ਜੀ ਉਠੇ ਨਹੀਂ ਅੱਜ। ਮੈਂ ਕਾਫ਼ੀ ਕੋਸ਼ਿਸ਼ ਕੀਤੀ ਹੈ ਜਗਾਉਣ ਦੀ।' ਮੈਂ ਨਾਲ ਤੁਰ ਪਿਆ ਤੇ ਨਜ਼ਦੀਕ ਪਹੁੰਚ ਕੇ ਦੇਖਿਆ ਤਾਂ ਜ਼ਿੰਦਗੀ ਦੀ ਕਹਾਣੀ ਖਤਮ ਹੋ ਚੁੱਕੀ ਸੀ ਸੰਤੀ ਦੀ। ਮੇਰੇ ਦਿਮਾਗ 'ਚ ਸੰਤੀ ਦੇ ਪੁਰਾਣੇ ਬੋਲ ਗੂੰਜੇ ਤੇ ਮੈਂ ਨੂੰਹ ਪੁੱਤ ਨੂੰ ਕਿਹਾ ਕਿ, 'ਹੁਣ ਨਹੀਂ ਜਾਗਣਾ ਤੁਹਾਡੀ ਬੇਬੇ ਨੇ ਬੱਚਿਓ! ਮਸਾਂ-ਮਸਾਂ ਸੁੱਤੀ ਹੈ ਨੀਂਦ ਚੈਨ ਦੀ।'

-ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ, ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

ਮੁਫ਼ਤ ਦਾ ਇੰਟਰਨੈੱਟ

22 ਜੁਲਾਈ ਦੀ ਅਖ਼ਬਾਰ ਦੇਖਦੇ ਹੀ ਮੈਂ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਇਹ ਕੰਪਨੀਆਂ ਵਾਲੇ ਹੁਣ ਹਰ ਆਦਮੀ, ਔਰਤ, ਬੱਚੇ ਤੇ ਬਜ਼ੁਰਗ ਨੂੰ ਇੰਟਰਨੈੱਟ ਦਾ ਨਸ਼ੇੜੀ ਬਣਾ ਕੇ ਹੀ ਛੱਡਣਗੇ | ਦਰਅਸਲ ਹਰ ਅਖ਼ਬਾਰ ਦੇ ਪਹਿਲੇ ਪੰਨੇ 'ਤੇ ਛਪੀ ਇਕ ਖ਼ਬਰ ਨੇ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਸੀ ਕਿ ਇਕ ਕੰਪਨੀ ਆਪਣੇ ਹਰ ਗਾਹਕ ਨੂੰ ਥੋੜ੍ਹੀ ਕੀਮਤ ਲਗਪਗ ਮੁਫ਼ਤ ਦੇ ਬਰਾਬਰ ਫੋਨ ਅਤੇ ਇੰਟਰਨੈੱਟ ਦੀ ਸਹੂਲਤ ਦੇਵੇਗੀ ਪਰ ਉਸ ਦੇ ਉਲਟ ਉਸ ਦੇ ਬੱਚੇ ਚਹਿਕਦੇ ਹੋਏ ਇੰਟਰਨੈੱਟ ਦੇ ਫਾਈਦੇ ਗਿਣਾ ਰਹੇ ਸਨ | ਨਾਸ਼ਤਾ ਕਰਦੇ ਸਮੇਂ ਮੇਰੇ ਦਿਮਾਗ ਵਿਚ ਆਇਆ ਕਿ ਇਕ ਸਮਾਂ ਸੀ ਜਦੋਂ ਰੋਟੀ ਖਾਣ ਤੋਂ ਪਹਿਲਾਂ ਲੋਕ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਸਨ |
ਪਰ ਇਸ ਮੁਫਤ ਦੇ ਇੰਟਰਨੈੱਟ ਨੇ ਸ਼ੁਕਰਾਨੇ ਦਾ ਰਿਵਾਜ ਬਦਲ ਕੇ ਖਾਣੇ ਦੀ ਫੋਟੋ ਖਿੱਚਣ ਅਤੇ ਗਰੁੱਪ ਵਿਚ ਸ਼ੇਅਰ ਕਰਨ ਵਿਚ ਤਬਦੀਲ ਕਰ ਦਿੱਤਾ | ਬੱਚਿਆਂ ਦਾ ਧਿਆਨ ਪੂਰੀਆਂ ਦੀ ਪਲੇਟ ਵੱਲ ਘੱਟ ਸੀ, ਉਹ ਖੁਸ਼ੀ-ਖੁਸ਼ੀ ਦਸ ਰਹੇ ਸਨ ਕਿ ਕਿੰਨੇ ਦੋਸਤਾਂ ਨੇ ਆਲੂ-ਛੋਲੇ ਪੂਰੀਆਂ ਦੀ ਤਸਵੀਰ ਵੇਖੀ ਅਤੇ ਲਾਈਕ ਕੀਤੀ ਹੈ | ਮੈਨੂੰ ਲੱਗਿਆ ਜਿਵੇਂ ਥਾਲੀ ਤੋਂ ਵੱਧ ਸੁਆਦ ਫੋਨ ਦੀ ਸਕਰੀਨ ਵਿਚ ਹੈ | ਮੈਨੂੰ ਯਾਦ ਆਇਆ ਕਿ ਬਚਪਨ ਵਿਚ ਮੈਂ ਅਤੇ ਮੇਰੇ ਭੈਣ-ਭਰਾ ਵਧੀਆ ਨਾਸ਼ਤਾ ਬਣਨ 'ਤੇ ਮਾਂ ਦੇ ਸਾਹਮਣੇ ਉਂਗਲੀਆਂ ਚੱਟ ਕੇ ਤਾਰੀਫ਼ ਕਰਦੇ ਸਨ |
ਮਾਂ ਵੀ ਖੁਸ਼ ਹੋ ਜਾਂਦੀ ਪਰ ਇਹ ਉਂਗਲੀਆਂ ਫੋਨ ਦੀ ਸਕਰੀਨ 'ਤੇ ਤੇਜ਼ੀ ਨਾਲ ਘੁੰਮ ਰਹੀਆਂ ਸਨ | ਮੈਨੂੰ ਯਾਦ ਆਇਆ ਕਿ ਕੱਲ੍ਹ ਮੇਰੇ ਕੁਝ ਸਾਥੀ ਮੁਫ਼ਤ ਇੰਟਰਨੈੱਟ ਦੀ ਤਾਰੀਫ਼ ਕਰਦੇ ਹੋਏ ਦਸ ਰਹੇ ਸਨ ਕਿ ਹੁਣ ਤਾਂ ਘਰ ਅਖ਼ਬਾਰ ਆਉਣ ਤੋਂ ਪਹਿਲਾਂ ਸਵੇਰੇ 4 ਵਜੇ ਇੰਟਰਨੈੱਟ 'ਤੇ ਹੀ ਪੜ੍ਹ ਲਈ ਦੀ ਹੈ |
ਪਰ ਮੈਨੂੰ ਲੱਗਿਆ ਕਿ ਜੋ ਮਜ਼ਾ ਹਾਕਰ ਦਾ ਇੰਤਜ਼ਾਰ ਕਰਨ ਤੋਂ ਬਾਅਦ ਉਸ ਦੇ ਸਾਈਕਲ ਪੈਂਚਰ ਦਾ ਬਹਾਨਾ ਸੁਣਨ ਜਾਂ ਏਜੰਟ ਨਾਲ ਬਹਿਸ ਕੇ ਅਖ਼ਬਾਰ ਪੜ੍ਹਨ 'ਚ ਹੈ, ਉਹ ਮਜ਼ਾ ਇੰਟਰਨੈੱਟ 'ਤੇ ਨਹੀਂ ਮਿਲ ਸਕਦਾ, ਜੋ ਵੀ ਹੋਵੇ ਬੱਚਿਆਂ ਕੋਲ ਦੱਸਣ ਲਈ ਫ੍ਰੀ ਇੰਟਰਨੈੱਟ ਦੇ ਅਣਗਿਣਤ ਫਾਇਦੇ ਸਨ ਤੇ ਮੇਰੇ ਕੋਲ ਅਸਲੀਅਤ ਦੀ ਗਠੜੀ | ਆਪਣੀ ਸੋਚ ਨੂੰ ਹੋਰ ਪੁਖਤਾ ਕਰਨ ਲਈ ਮੈਂ ਪਿੰਡ ਦੇ ਵਿਹੜੇ ਵਿਚ ਬੋਹੜ ਹੇਠਾਂ ਬੈਠੇ ਬਜ਼ੁਰਗਾਂ ਕੋਲ ਗਿਆ | ਉਨ੍ਹਾਂ ਵੀ ਦੱਸਿਆ ਕਿ ਭਲਾ ਹੋਵੇ ਇੰਟਰਨੈੱਟ ਦਾ ਹੁਣ ਤਾਂ ਰੋਜ਼ ਹੀ ਸਕਾਇਪ 'ਤੇ ਸਾਹਮਣੇ ਬੈਠ ਕੇ ਪੋਤੇ-ਪੋਤੀਆਂ ਨਾਲ ਗੱਲ ਕਰ ਲਈ ਦੀ ਹੈ ਤੇ ਨੂੰ ਹ, ਪੁੱਤ ਦੀ ਸ਼ਕਲ ਵੀ ਵੇਖ ਲਈ ਦੀ ਹੈ | ਪਰ ਥੋੜ੍ਹੀ ਹੀ ਦੇਰ ਬਾਅਦ ਚਾਚਾ ਜਲੇਬੀ ਅਖ਼ਬਾਰ ਹੱਥ 'ਚ ਫੜ ਕੇ ਗਾਲਾਂ ਕੱਢਦਾ ਆ ਗਿਆ ਕਿ ਕੀ ਬਣੂ ਦੁਨੀਆ ਦਾ? ਆਖਣ ਲੱਗਾ ਅਖ਼ਬਾਰ ਵਿਚ ਖ਼ਬਰ ਛਪੀ ਹੈ ਕਿ ਦੋ ਲੜਕੀਆਂ ਸੈਲਫੀ ਲੈਂਦੀਆਂ ਹੋਈਆਂ ਨਹਿਰ ਵਿਚ ਡੁੱਬ ਗਈਆਂ | ਬੋਹੜ ਥੱਲੇ ਬੈਠੇ ਸਾਰੇ ਵਿਅਕਤੀ ਫੋਨ ਬੰਦ ਕਰਕੇ ਅਖ਼ਬਾਰ ਵਿਚ ਛਪੀ ਖ਼ਬਰ ਨੂੰ ਉੱਚੀ-ਉੱਚੀ ਪੜ੍ਹਨ ਲੱਗ ਪਏ ਤੇ ਮੈਂ ਵੀ ਪੂਰੀ ਖ਼ਬਰ ਦੀ ਡਿਟੇਲ ਜਾਨਣ ਲਈ ਆਪਣੇ ਫੋਨ 'ਤੇ ਵੈਬ ਟੀ.ਵੀ. ਚਲਾਉਣ ਲੱਗ ਪਿਆ ਕਿਉਂਕਿ ਮੈਂ ਵੀ ਇੰਟਨਰੈੱਟ ਵਰਤ ਕੇ ਦੁਨੀਆ ਦੇ ਨਾਲ ਰਲਣ ਦੀ ਕੋਸ਼ਿਸ ਕਰਨ ਲੱਗ ਪਿਆ |

-ਮੋਬਾਈਲ : 98724-58140.

ਇੱਛਾ

ਪਤੀ ਮੁਸਕਰਾਉਂਦਾ ਹੋਇਆ ਫਟਾਫਟ ਆਪਣੇ ਮੋਬਾਈਲ 'ਤੇ ਉਂਗਲੀਆਂ ਦੌੜਾ ਰਿਹਾ ਸੀ | ਉਸ ਦੀ ਪਤਨੀ ਬਹੁਤ ਦੇਰ ਤੋਂ ਉਸ ਕੋਲ ਬੈਠੀ ਖਾਮੋਸ਼ੀ ਨਾਲ ਦੇਖ ਰਹੀ ਸੀ, ਜੋ ਕਿ ਉਸ ਦੀ ਰੋਜ਼ ਦੀ ਆਦਤ ਬਣ ਗਈ ਸੀ | ਉਹ ਜਦੋਂ ਵੀ ਆਵਦੇ ਪਤੀ ਨਾਲ ਕੋਈ ਗੱਲ ਕਰਦੀ ਤਾਂ ਜਵਾਬ ਹੂੰ ਹਾਂ ਵਿਚ ਹੀ ਹੁੰਦਾ | ਕਿਸ ਨਾਲ ਚੈਟਿੰਗ ਕਰ ਰਹੇ ਓ? 'ਫੇਸਬੁੱਕ ਫਰੈਂਡ ਨਾਲ' | 'ਮਿਲੇ ਓ ਕਦੀ ਆਪਣੇ ਇਸ ਦੋਸਤ ਨਾਲ'? 'ਨਹੀ' | 'ਫਿਰ ਵੀ ਇੰਨੇ ਮੁਸਕੁਰਾਉਂਦੇ ਹੋਏ ਚੈਂਟਿੰੰਗ ਕਰ ਰਹੇ ਓ'? 'ਹੋਰ ਫਿਰ ਕੀ ਕਰਾਂ, ਦੱਸ'? 'ਕੁਝ ਨਹੀਂ, ਫੇਸਬੁੱਕ ਤੇ ਬਹੁਤ ਸਾਰੀਆਂ ਔਰਤਾਂ ਵੀ ਤੁਹਾਡੀਆਂ ਦੋਸਤ ਹੋਣਗੀਆਂ, ਹਣਾ'? 'ਹਮਮਮਮ' | ਉਂਗਲੀਆਂ ਨੂੰ ਥੋੜਾ ਚਿਰ ਰੋਕ ਪਤੀ ਬੋਲਿਆ | 'ਉਨ੍ਹਾਂ ਨਾਲ ਵੀ ਇਸ ਤਰ੍ਹਾਂ ਹੀ ਮੁਸਕੁਰਾਉਂਦੇ ਹੋਏ ਚੈਟਿੰਗ ਕਰਦੇ ਓ, ਕੀ ਤੁਸੀਂ ਸਾਰਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਓ'? ਪਤਨੀ ਨੇ ਬੜੀ ਮਾਸੂਮੀਅਤ ਨਾਲ ਪ੍ਰਸ਼ਨ ਪੁੱਛਿਆ | 'ਚੰਗੀ ਤਰ੍ਹਾਂ ਤਾਂ ਨਹੀ, ਪਰ ਰੋਜ਼ਾਨਾ ਚੈਟਿੰਗ ਕਰਨ ਨਾਲ ਅਸੀਂ ਬਹੁਤ ਕੁਝ ਇਕ-ਦੂਜੇ ਬਾਰੇ ਜਾਨਣ ਲੱਗ ਜਾਂਦੇ ਹਾਂ, ਫਿਰ ਗੱਲਾਂ ਐਦਾਂ ਦੀਆਂ ਹੋਣ ਲੱਗਦੀਆਂ ਕਿ ਜਿਵੇਂ ਵਰਿ੍ਹਆਂ ਤੋਂ ਇਕ-ਦੂਜੇ ਨੂੰ ਜਾਣਦੇ ਹੋਈਏ, ਤਾਂ ਚਿਹਰੇ 'ਤੇ ਮੁਸਕਾਨ ਆ ਜਾਂਦੀ ਤੇ ਫਿਰ ਆਪਣੇ ਲੱਗਣ ਲੱਗ ਜਾਂਦੇ' | 'ਹਮਮਮਮ! ਤੇ ਫਿਰ ਆਪਣੇ ਪਰਾਏ ਲੱਗਣ ਲੱਗ ਜਾਂਦੇ' | ਪਤਨੀ ਨੇ ਧੀਮੀ ਆਵਾਜ਼ 'ਚ ਕਿਹਾ' | 'ਹਜੇ ਬੜਾ ਹੀ ਮਜ਼ੇਦਾਰ ਟੋਪਿਕ ਚੱਲ ਰਿਹਾ ਗਰੁੱਪ 'ਚ' ਕੀ ਕਿਹਾ ਤੂੰ ਦੁਬਾਰਾ ਦੱਸੀ ਮੈਂ ਧਿਆਨ ਨੀ ਦਿੱਤਾ ਬੋਲੀਂ ਫਿਰ ਤੋਂ' | ਪਤੀ ਤੇਜ਼-ਤੇਜ਼ ਫੋਨ 'ਤੇ ਉਂਗਲੀਆਂ ਚਲਾਉਂਦਾ ਬੋਲਿਆ | 'ਕਿਸੇ ਸੋਚ ਵਿਚ ਨਹੀਂ | ਸੁਣੋ, ਮੇਰੀ ਇਕ ਇੱਛਾ ਪੂਰੀ ਕਰੋਂਗੇ'? ਪਤਨੀ ਟਿਕਟਿਕੀ ਲਾਏ ਬੋਲੀ | 'ਮੈਂ ਤੇਰੀ ਕੋਈ ਇੱਛਾ ਅਧੂਰੀ ਰੱਖੀ ਐ? ਖੈਰ ਦੱਸ ਕੀ ਚਾਹੀਦਾ | ਪਤੀ ਨੇ ਬੇਰੁਖੀ 'ਚ ਕਿਹਾ' | 'ਨਹੀ ਮੇਰਾ ਇਹ ਮਤਲਬ ਨਹੀ ਸੀ, ਪਰ ਇਹ ਇੱਛਾ ਬਹੁਤ ਅਹਿਮ ਹੈ' | 'ਹਮਮਮਮ, ਦੱਸ ਕੀ ਚਾਹੀਦਾ' | 'ਟੱਚ ਸਕਰੀਨ ਮੋਬਾਈਲ' | 'ਮੋਬਾਈਲ? ਬੱਸ ਇੰਨੀ ਕੁ ਇੱਛਾ? ਲਿਆ ਦਊਾਗਾ, ਪਰ ਦੱਸ ਕਰਨਾ ਕੀ ਆ'? ਪਤਨੀ ਨੇ ਭਿੱਜੀਆਂ ਹੋਈਆਂ ਪਲਕਾਂ ਨਾਲ ਉੱਤਰ ਦਿੱਤਾ ਕਿ ਕੁਝ ਨੀ ਬੱਸ ਚੈਟਿੰਗ ਦੇ ਜ਼ਰੀਏ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਿਆਂ ਕਰੂੰਗੀ |

-ਮੋਗਾ | ਮੋਬਾ: 9646927646.

ਰਿਸ਼ਤੇ ਦਾ ਭਾਰ

'ਨਾ ਜਿਹੜੀ ਆਪਦੇ ਮਾਂ-ਪਿਉ ਦੀ ਨੀ ਬਣੀ, ਮੇਰੀ ਕੀ ਬਣੂੰ |' ਜਗਦੀਪ ਦੇ ਖਰ੍ਹਵੇਂ ਬੋਲ ਨੀਤੂ ਦਾ ਸੀਨਾ ਚੀਰ ਗਏ | ਚੱਕਵੇਂ ਪੈਰੀਂ ਬੈੱਡਰੂਮ ਵਿਚ ਬੈੱਡ 'ਤੇ ਮੂਧੇ ਮੂੰਹ ਪਈ ਪਤਾ ਨੀ ਕਿੰਨਾ ਚਿਰ ਹੁਬਕੀਂ-ਹੁਬਕੀਂ ਰੋਂਦੀ ਨੂੰ ਅਤੀਤ ਨੇ ਘੇਰ ਲਿਆ | ਮੋਢਿਆਂ 'ਤੇ ਚੁੱਕ ਬਚਿੱਤਰ ਸਿਉਂ ਸੱਥ 'ਚੋਂ ਲੰਘਦਾ ਤਾਂ ਤਾਈ ਲਾਭ ਕੁਰ ਕਹਿੰਦੀ, 'ਵੇ ਬਚਿੱਤਰਾ ਐਵੇਂ ਨਾ ਸਿਰ ਚੜ੍ਹਾਲੀਂ, ਬਾਹਲਾ ਲਾਡ-ਪਿਆਰ ਚੰਗਾ ਨੀ ਹੁੰਦਾ |' ਪਾਪਾ ਦਾ ਮੋੜਵਾਂ ਜਵਾਬ ਬੜਾ ਸਹਿਜ ਹੁੰਦਾ, 'ਇਹ ਮੇਰੀ ਧੀ ਨੀ ਪੁੱਤ ਐ... ਪੁੱਤ, ਦੇਖਲੀਂ ਬਾਬੀ ਪੜ੍ਹ-ਲਿਖ ਕੇ ਕਿਵੇਂ ਮੇਰਾ ਨਾਂਅ ਉੱਚਾ ਕਰੂ | ਤੇ ਮੋਢਿਆਂ ਤੋਂ 'ਤਾਰ੍ਹ ਬਾਹਾਂ ਉਲਾਰ ਕੇ ਮੱਥਾ ਚੁੰਮ ਲੈਂਦਾ | ਨੀਤੂ ਦਾ ਜੀਅ ਕੀਤਾ ਜਾਨ ਤੋਂ ਪਿਆਰੇ ਨਿੱਕੇ ਵੀਰ ਨੂੰ ਘੁੱਟ ਕੇ ਸੀਨੇ ਨਾਲ ਲਗਾ ਲਵੇ | ਕਿਵੇਂ ਸਮਝਾਇਆ ਹੋਊ ਮਾਂ ਨੇ ਉਹਨੂੰ ਉਹ ਤਾਂ ਮੈਥੋਂ ਬਗ਼ੈਰ ਸੌਾਦਾ ਵੀ ਨਹੀਂ ਸੀ |
ਹਮੇਸ਼ਾ ਦੀ ਤਰ੍ਹਾਂ ਯਾਦਾਂ ਦੇ ਤਾਣੇ-ਬਾਣੇ ਉਸ ਘੜੀ 'ਤੇ ਆ ਟਿਕਦੇ ਜਿਥੋਂ ਇਹ ਕਹਾਣੀ ਸ਼ੁਰੂ ਹੁੰਦੀ | ਅੱਜ ਕਾਲਜ ਤੋਂ ਆਉਂਦਿਆਂ ਹੀ ਨੀਤੂ ਕੁਝ ਉਦਾਸ ਸੀ | ਮੰਮੀ ਪਾਪਾ ਇਕੱਠੇ ਬੈਠੇ ਚਾਹ ਪੀ ਰਹੇ ਸਨ | ਮਾਂ ਨੇ ਉਦਾਸ ਦੇਖ ਕੇ ਪੁੱਛਿਆ, 'ਕੀ ਗੱਲ ਪੁੱਤ ਤੇਰਾ ਚਿੱਤ ਤਾਂ ਠੀਕ ਐ? ਕਿਵੇਂ ਬੁਝਿਆ ਜਾ ਮੂੰਹ ਕਰੀ ਆਉਨੀ ਐਾ?' 'ਕੀ ਹੋ ਗਿਆ ਮੇਰੇ ਸ਼ੇਰ ਪੁੱਤ ਨੂੰ ...?' ਪਾਪਾ ਨੇ ਵੀ ਚਿੰਤਾਜਨਕ ਆਵਾਜ਼ ਵਿਚ ਕਿਹਾ | 'ਬੱਸ ਕੁਝ ਨੀ...' ਆਖ ਨੀਤੂ ਕਮਰੇ Ýਚ ਚਲੀ ਗਈ | ਚਿੰਤਾ-ਵਸ ਮਾਂ ਵੀ ਕਮਰੇ 'ਚ ਆ ਗਈ | ਬਹੁਤ ਸਾਰੇ ਸਵਾਲ, 'ਕੋਈ ਕੁੜੀਆਂ ਨਾਲ ਗੱਲ...? ਕਿਸੇ ਨੇ ਕੁਝ ਕਿਹਾ...? ਸਿਹਤ ਠੀਕ ਐ...? ਕੋਈ ਪੇਪਰ ਸੀ...? ਕਿਤੇ ਰਾਹ 'ਚ...? ਮਾਂ ਇਕੋ ਸਾਰੇ ਕਹਿ ਗਈ | 'ਕੁਝ ਨਹੀਂ ਹੋਇਆ' ਥੋੜ੍ਹਾ ਖਿੱਚ ਕੇ ਨੀਤੂ ਨੇ ਕਿਹਾ |
'ਫੇਰ ਕੁਝ ਦੱਸੇਂਗੀ ਵੀ...' ਮਾਂ ਨੇ ਪਿਆਰ ਭਰੇ ਗੁੱਸੇ 'ਚ ਕਿਹਾ | ਮੰਮੀ ਪਲੀਜ਼... ਮੰਮੀ ਪਲੀਜ਼... ਪਲੀਜ਼... ਪਲੀਜ਼... ਆਵਾਜ਼ ਨੀਤੂ ਦੇ ਗਲ ਵਿਚ ਅਟਕ ਗਈ | 'ਨੀ ਕੀ ਪਲੀਜ਼ ਪਲੀਜ਼ ਸਿੱਧੀ ਗੱਲ ਦੱਸ' ਮੰਮੀ ਜਿਵੇਂ ਕਿਸੇ ਅਣਹੋਣੀ ਗੱਲ ਤੋਂ ਫ਼ਿਕਰ ਵਿਚ ਸੀ | ਏਨੀ ਦੇਰ ਨੂੰ ਬਚਿੱਤਰ ਸਿੰਘ ਵੀ ਕਮਰੇ 'ਚ ਆ ਗਿਆ ਤੇ ਭੋਲੇ ਭਾਅ ਬੋਲਿਆ, 'ਕੀ ਹੋ ਗਿਆ ਮੇਰੇ ਪੁੱਤ ਨੂੰ ਖੁੱਲ੍ਹ ਕੇ ਦੱਸ, ਮੈਂ ਤੇਰੀ ਹਰ ਬਲਾਅ ਆਪਣੇ ਸਿਰ ਲੈ ਲੂੰ |' 'ਪਾਪਾ' ... ਆਖ ਉਹ ਸੰਜੀਦਗੀ ਨਾਲ ਬੋਲੀ, 'ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਐ | ਮੈਂ ਤੇ ਜਗਦੀਪ ਨੇ ਵਿਆਹ ਕਰਾਉਣ ਦਾ ਫ਼ੈਸਲਾ ਕਰ ਲਿਆ |' ਅਸੀਂ ਕਈ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਾਂ | ਉਹ ਬਹੁਤ ਹੀ ਨਾਈਸ, ਇੰਟੈਲੀਜੈਂਟ ਤੇ ਕਿਅਰੀ ਪਰਸਨ ਐ |' ਨੀਤੂ ਇਕੋ ਸਾਹੇ ਨਾਟਕ ਦੀ ਸਕਰਪਿਟ ਵਾਂਗੂੰ ਬੋਲ ਗਈ | ਬਚਿੱਤਰ ਸਿੰਘ ਤਾਂ ਜਿਵੇਂ ਸੁੰਨ ਹੀ ਹੋ ਗਿਆ | ਮਾਂ ਸਿਰ ਫੜ ਸੋਫ਼ੇ 'ਤੇ ਡਿੱਗ ਪਈ | ਕਮਰੇ ਵਿਚ ਸਨਾਟਾ ਪਸਰ ਗਿਆ | ਬਚਿੱਤਰ ਸਿੰਘ ਨੇ ਤਾਂ ਸੋਚਿਆ ਵੀ ਨਹੀਂ ਸੀ ਨਿੱਕੀ-ਨਿੱਕੀ ਗੱਲ ਸਾਂਝੀ ਕਰਨ ਵਾਲੀ ਧੀ ਐਡੀ ਗੱਲ ਕਰ ਜਾਵੇਗੀ | ਫਿਰ ਥੋੜ੍ਹਾ ਹੌਸਲਾ ਕਰਕੇ ਚੁੱਪ ਤੋੜੀ, 'ਕੌਣ ਐ ਉਹ... ਕੀ ਕਰਦੈ... ਕਿੱਥੋਂ ਦੈ... ਜਾਤ-ਗੋਤ...?? ਸਵਾਲਾਂ ਦੀ ਲੜੀ ਦੇ ਨਾਲ-ਨਾਲ ਚਿਹਰੇ ਦੇ ਹਾਵ-ਭਾਵ ਵੀ ਬਦਲਦੇ ਗਏ | ਜਾਤ-ਗੋਤ ਤਾਂ ਪਾਪਾ ਬੰਦੇ ਦੇ ਬਣਾਏ ਹੋਏ ਨੇ, ਉਹਦੇ ਨਾਲ ਕੀ ਫ਼ਰਕ ਪੈਂਦੇ ਬੱਸ, ਉਹ ਮੈਨੂੰ ਬਹੁਤ ਖ਼ੁਸ਼ ਰੱਖੂ |'
'ਨੀ ਤੈਨੂੰ ਐਡਾ ਫ਼ੈਸਲਾ ਲੈਂਦੀ ਨੂੰ ਪਿਉ ਦੀ ਪੱਗ ਦਾ ਭੋਰਾ ਖਿਆਲ ਨੀ ਆਇਆ |' ਪ੍ਰੀਤਮ ਕੁਰ ਜਿਵੇਂ ਖਾ ਜਾਣਾ ਚਾਹੁੰਦੀ ਹੋਵੇ | 'ਮੇਰੀ ਇਕ ਗੱਲ ਸੁਣ ਲੈ ਨੀਤੂ ਅਸੀਂ ਤੈਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਆਂ ਪਰ ਤੂੰ ਮੇਰੇ ਗੁੱਸੇ ਨੂੰ ਵੀ ਜਾਣਦੀ ਐਾ | ਜੀਹਤੋਂ ਇਕ ਵਾਰੀ ਮਨ ਮੁੜ ਜਾਵੇ ਮੈਂ ਉਹਦੇ ਕਨੀ ûੱਕਦਾ ਵੀ ਨੀਂ | ਮੈਨੂੰ ਤੇਰਾ ਇਹ ਫ਼ੈਸਲਾ ਮਨਜ਼ੂਰ ਨੀਂ | ਸੋਚ ਲੈ... |' ਇਹ ਆਖ ਬਚਿੱਤਰ ਸਿੰਘ ਕਮਰੇ 'ਚੋਂ ਬਾਹਰ ਆ ਗਿਆ |
'ਇਹ ਕੋਈ ਗੁੱਡੇ-ਗੁੱਡੀ ਦਾ ਖੇਲ ਨੀ, ਵਿਆਹ ਤਾਂ ਉਮਰਾਂ ਦੇ ਜੋੜ ਹੁੰਦੇ ਨੇ... ਮੇਰੀ ਸਿਆਣੀ ਧੀ ਬਣ ਕੇ... ਸਭ ਕੁਝ ਭੁੱਲ ਕੇ ਆਪਣੇ ਪਾਪਾ ਦੀ ਗੱਲ ਮੰਨ ਲੈ | ਇਹ ਅਣਭੋਲ ਉਮਰਾਂ ਦੀਆਂ ਭੁੱਲਾਂ ਜ਼ਿੰਦਗੀ ਬਰਬਾਦ ਕਰ ਦਿੰਦੀਆਂ ਨੇ |' ਮਾਂ ਨੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ | ਪਰ ਨੀਤੂ ਤਾਂ ਟੱਸ ਤੋਂ ਮੱਸ ਨਹੀਂ ਸੀ ਹੋ ਰਹੀ | ਅਖੀਰ ਬਚਿੱਤਰ ਸਿੰਘ ਨੇ ਕਿਹਾ, 'ਜੇ ਤੇਰਾ ਫ਼ੈਸਲਾ ਅਟੱਲ ਹੈ... ਮੇਰਾ ਵੀ ਸੁਣ ਲੈ ਫਿਰ... ਅੱਜ ਤੋਂ ਤੇਰਾ ਸਾਡਾ ਰਿਸ਼ਤਾ ਖ਼ਤਮ, ਤੂੰ ਜਿੱਥੇ ਮਰਜ਼ੀ ਜਾਹ | ਸਾਡੇ ਨਾਲ ਤੇਰਾ ਕੋਈ ਸਬੰਧ ਨੀਂ |' ਨੀਤੂ ਦੀ ਮਾਂ ਨੇ ਗੱਲ ਸੁਲਝਾਉਣ ਲਈ ਆਪਣੇ ਭਰਾ ਨੂੰ ਫੋਨ ਕੀਤਾ | ਨੀਤੂ ਦੇ ਨਾਨਕੇ ਨੇੜੇ ਹੋਣ ਕਾਰਨ ਮਾਮਾ-ਮਾਮੀ ਜਲਦੀ ਪਹੁੰਚ ਗਏ | ਉਨ੍ਹਾਂ ਨੇ ਵੀ ਸਮਝਾਉਣ ਦੀ ਪੂਰੀ ਵਾਹ ਲਾਈ, ਪਰ ਜਦੋਂ ਸਿਰ 'ਤੇ ਇਸ਼ਕ ਦਾ ਭੂਤ ਸਵਾਰ ਹੋਵੇ ਤਾਂ ਅਕਲ ਕੰਮ ਨੀਂ ਕਰਦੀ | ਅਖੀਰ ਮਾਮਾ-ਮਾਮੀ ਉਸ ਨੂੰ ਨਾਲ ਲੈ ਕੇ ਨਾਨਕੇ ਆ ਗਏ |
ਫੋਨ ਆਦਿ ਉਸ ਤੋਂ ਦੂਰ ਰੱਖੇ ਗਏ | ਇਕ ਦਿਨ ਮਾਮੀ ਨਹਾਉਣ ਗਈ ਤੋਂ ਨੀਤੂ ਨੇ ਫੋਨ ਤੋਂ ਜਗਦੀਪ ਨੂੰ ਕਾਲ ਕਰਕੇ ਸਭ ਕੁਝ ਦੱਸ ਦਿੱਤਾ ਤੇ ਦੂਸਰੇ ਦਿਨ ਦੇ ਚੜ੍ਹਨ ਤੋਂ ਪਹਿਲਾਂ ਦੋਵੇਂ ਘਰੋਂ ਚਲੇ ਗਏ ਤੇ ਕੋਰਟ ਮੈਰਿਜ ਕਰਵਾ ਲਈ | ਕਾਫੀ ਦੇਰ ਬਹੁਤ ਵਧੀਆ ਚਲਦਾ ਰਿਹਾ ਫਿਰ ਜਦੋਂ ਗ੍ਰਹਿਸਥੀ ਦੀ ਦਲਦਲ 'ਚ ਗੋਤੇ ਖਾਣ ਲੱਗੇ ਤਾਂ ਰੋਜ਼ ਦੇ ਝਗੜੇ ਨੀਤੂ ਦੀ ਹਰ ਗੱਲ 'ਚ ਨਘੋਚ... ਗੱਲ-ਗੱਲ 'ਤੇ ਤਾਹਨੇ... ਜਗਦੀਪ ਦੀ ਸ਼ਰਾਬ ਪੀਣ ਦੀ ਆਦਤ ਸ਼ਾਇਦ ਘਰ ਨਾਲੋਂ ਟੁੱਟ ਜਾਣ ਕਾਰਨ ਹੀ ਸੀ | ਅੱਜ ਜਗਦੀਪ ਦਾ ਇਹ ਮਿਹਣਾ ਸੁਣ ਨੀਤੂ ਮਹਿਸੂਸ ਕਰ ਸੀ ਕਿ ਇਸ ਰਿਸ਼ਤੇ ਤੱਕ ਪਹੁੰਚਣ ਲਈ ਉਸ ਨੇ ਕਿੰਨੇ ਰਿਸ਼ਤੇ ਪੈਰਾਂ ਥੱਲੇ ਮਧੋਲ ਦਿੱਤੇ | ਤੇ ਮਾਂ ਦੇ ਬੋਲ, 'ਅਣਭੋਲ ਉਮਰ ਦੀਆਂ ਭੁੱਲਾਂ ਜ਼ਿੰਦਗੀ ਤਬਾਹ ਕਰ ਦਿੰਦੀਆਂ ਨੇ...' ਨੀਤੂ ਦੇ ਕੰਨਾਂ ਵਿਚ ਹਥੌੜਿਆਂ ਵਾਂਗ ਬੋਲਣ ਲੱਗੇ ਤੇ ਉਸ ਨੇ ਦੋਵੇਂ ਹੱਥ ਕੰਨਾਂ 'ਤੇ ਰੱਖ ਅੱਖਾਂ ਮੀਚ ਲਈਆਂ, ਜਿਵੇਂ ਉਹ ਆਪ ਸਹੇੜੇ ਰਿਸ਼ਤੇ ਦਾ ਭਾਰ ਝੱਲਣ ਤੋਂ ਅਸਮਰੱਥ ਹੋਵੇ |

-ਬਲਾਕ ਏ, ਹਾਊਸ ਨੰ: 147, ਆਫੀਸਰ ਕਾਲੋਨੀ, ਸੰਗਰੂਰ |
ਮੋਬਾਈਲ : 94654-34177.

ਰੰਗ ਤੇ ਵਿਅੰਗ

ਗੱਲ
ਬਾਜ਼ਾਰ ਵਿਚ ਜ਼ਿਆਦਾ ਭੀੜ ਹੋਣ ਕਾਰਨ ਇਕ ਵਿਅਕਤੀ ਦੀ ਪਤਨੀ ਗੁਆਚ ਗਈ | ਉਹ ਇਕ ਖੂਬਸੂਰਤ ਔਰਤ ਕੋਲ ਜਾ ਕੇ ਬੋਲਿਆ, 'ਮੈਡਮ, ਕੀ ਤੁਸੀਂ ਮੇਰੇ ਨਾਲ ਕੁਝ ਸਮੇਂ ਲਈ ਗੱਲ ਕਰ ਸਕਦੇ ਹੋ?'
ਔਰਤ ਨੇ ਪੱੁਛਿਆ, 'ਕਿਉਂ?'
ਉਸ ਵਿਅਕਤੀ ਦਾ ਜਵਾਬ ਸੀ, 'ਮੇਰੀ ਪਤਨੀ ਗੁਆਚ ਗਈ ਹੈ ਅਤੇ ਜਦੋਂ ਕਿਸੇ ਔਰਤ ਨਾਲ ਗੱਲ ਕਰਦਾ ਹਾਂ ਤਾਂ ਉਹ ਜਿਥੇ ਕਿਤੇ ਵੀ ਹੁੰਦੀ ਹੈ, ਮੈਨੂੰ ਦੇਖ ਕੇ ਆ ਜਾਂਦੀ ਹੈ |'
ਝੂਠ
ਇਕ ਔਰਤ ਨੂੰ ਵੋਟ ਨਹੀਂ ਪਾਉਣ ਦਿੱਤਾ ਗਿਆ ਤਾਂ ਉਹ ਆਪਣੇ ਪਤੀ ਨੂੰ ਲੈ ਕੇ ਚੋਣ ਅਧਿਕਾਰੀ ਦੇ ਕੋਲ ਗਈ | ਜਾਂਚ-ਪੜਤਾਲ ਤੋਂ ਪਤਾ ਲੱਗਾ ਕਿ ਉਸ ਔਰਤ ਦਾ ਨਾਂਅ ਮਰ ਚੱੁਕੇ ਵਿਅਕਤੀਆਂ ਦੀ ਸੂਚੀ ਵਿਚ ਹੈ, ਤਾਂ ਉਹ ਚੀਖੀ, 'ਕੀ? ਮੈਂ ਤਾਂ ਜ਼ਿੰਦਾ ਖਲੋਤੀ ਹਾਂ ਅਤੇ... |'
ਇਹ ਸੁਣ ਕੇ ਪਤੀ ਨੇ ਡਾਂਟਿਆ, 'ਜ਼ਬਾਨ ਕਿਉਂ ਲੜਾ ਰਹੀ ਐਾ? ਕੀ ਏਨੇ ਵੱਡੇ ਆਦਮੀ ਝੂਠ ਬੋਲਣਗੇ?'

-ਸੁਖਮੰਦਰ ਸਿੰਘ ਤੂਰ,
ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਦਬਦਬਾ

ਪਿੰਡ ਦੇ ਧਾਰਮਿਕ ਸਥਾਨ 'ਤੇ ਚੋਰੀ ਹੋ ਗਈ ਸੀ | ਚੋਰ ਫੜ ਹੋ ਗਿਆ ਸੀ | ਪਿੰਡ ਦੇ ਬਹੁਤ ਸਾਰੇ ਬੰਦੇ ਇਸ ਚੋਰ ਨੂੰ ਕਾਫ਼ੀ ਕੁੱਟ ਮਾਰ ਕਰਨ ਤੋਂ ਬਾਅਦ ਸ਼ਹਿਰ ਦੇ ਥਾਣੇ ਲੈ ਆਏ ਸਨ | ਪਿੰਡ ਦੇ ਕਾਫੀ ਮੋਹਤਬਾਰ ਬੰਦੇ ਵੀ ਥਾਣੇ ਪਹੁੰਚ ਗਏ ਸਨ | ਚੋਰ ਦਾ ਇਹ ਕਸੂਰ ਸੀ ਕਿ ਉਸ ਨੇ ਪਿੰਡ ਦੇ ਇਕ ਛੋਟੇ ਜਿਹੇ ਮੰਦਿਰ 'ਚੋਂ ਪੈਸੇ ਚੁਰਾ ਲਏ ਸਨ | ਪ੍ਰਧਾਨ ਨੂੰ ਐਸ. ਐਚ. ਓ. ਨੇ ਪੁੱਛਿਆ ਕਿ, 'ਗੱਲੇ ਵਿਚੋਂ ਕਿੰਨੇ ਪੈਸੇ ਹੋਣ ਦੀ ਆਸ ਹੈ |' ਪ੍ਰਧਾਨ ਨੇ ਦੱਸਿਆ ਕਿ, '6 ਮਹੀਨੇ ਬਾਅਦ ਗੱਲਾ ਖੋਲ੍ਹੀਦਾ ਤਾਂ ਲਗਪਗ 10,000 ਰੁਪਏ ਨਿਕਲ ਆਉਂਦੇ ਹਨ ਹੁਣ ਗੱਲਾ ਖੋਲ੍ਹਣ ਦਾ ਸਮਾਂ ਆ ਚੱਕਾ ਸੀ | ਚੋਰ ਦੀ ਧੁਨਾਈ ਕਰਨ ਤੋਂ ਬਾਅਦ ਉਸ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਤੇ ਬਣਦਾ ਚੋਰੀ ਦਾ ਕੇਸ ਉਸ ਚੋਰ 'ਤੇ ਪਾ ਦਿੱਤਾ | ਪਿੰਡ ਦੀਆਂ ਇਕ-ਦੋ ਚੋਰੀਆਂ ਵੀ ਚੋਰ ਨੇ ਕਬੂਲ ਕਰ ਲਈਆਂ | ਪਿੰਡ ਦੇ ਮੋਹਤਬਰ ਗ਼ਰੀਬ ਚੋਰ ਨੂੰ ਸਜ਼ਾ ਦਵਾ ਕੇ ਖੁਸ਼ ਸਨ | ਉਸੇ ਸਮੇਂ ਇਕ ਹੋਰ ਕੇਸ ਥਾਣੇ ਵਿਚ ਆ ਗਿਆ | ਇਕ ਐਨ.ਆਰ.ਆਈ. ਬੀਬੀ ਨੇ ਸ਼ਿਕਾਇਤ ਕੀਤੀ ਕਿ ਉਸ ਨੇ ਸ਼ਹਿਰ ਦੀ ਮਸ਼ਹੂਰ ਕੱਪੜੇ ਦੀ ਦੁਕਾਨ ਤੋਂ 12000 ਦੀ ਸ਼ਾਲ ਖਰੀਦੀ ਸੀ ਉਹ ਔਰਤ ਉਸ ਸ਼ਾਲ ਨੂੰ ਦੁਕਾਨ 'ਤੇੇੇੇੇ ਵਾਪਿਸ ਕਰਨ ਆਈ ਸੀ ਪਰ ਦੁਕਾਨਦਾਰ ਵਾਪਿਸ ਨਹੀਂ ਕਰ ਰਿਹਾ ਸੀ | ਬੀਬੀ ਨੇ ਕਿਹਾ, 'ਇਸ ਸ਼ਾਲ ਦੀ ਬਾਜ਼ਾਰ ਦੀ ਕੀਮਤ 1500 ਤੋਂ 2000 ਤੱਕ ਹੈ | ਦੁਕਾਨਦਾਰ ਨੇ ਮੇਰੇ ਕੋਲੋਂ ਇਸ ਸ਼ਾਲ ਦੀ ਕੀਮਤ ਜ਼ਿਆਦਾ ਵਸੂਲੀ ਹੈ |' ਸ਼ਿਕਾਇਤ ਸੁਣਨ ਤੋਂ ਬਾਅਦ ਥਾਣੇਦਾਰ ਨੇ ਦੁਕਾਨਦਾਰ ਨੂੰ ਥਾਣੇ ਬੁਲਾਇਆ | ਦੁਕਾਨਦਾਰ ਕੁਝ ਸਮੇਂ ਬਾਅਦ ਥਾਣੇ ਆ ਗਿਆ | ਉਹ ਬਹੁਤ ਰੋਅਬ ਨਾਲ ਕੁਰਸੀ 'ਤੇ ਬੈਠ ਕੇ ਗੱਲਬਾਤ ਕਰ ਰਿਹਾ ਸੀ | ਕੁੱਝ ਚਿਰ ਗੱਲਬਾਤ ਤੋਂ ਬਾਅਦ ਦੁਕਾਨਦਾਰ ਨੇ ਪੈਸੇ ਵਾਪਿਸ ਕਰਨੇ ਮੰਨ ਲਏ | ਥਾਣੇਦਾਰ ਨੇ ਦੁਕਾਨਦਾਰ ਨੂੰ ਚਾਹ ਪਾਣੀ ਪਿਲਾਇਆ ਤੇ ਉਹ ਚਲਾ ਗਿਆ | ਉੱਥੇ ਬੈਠੇ ਲੋਕ ਸੋਚ ਰਹੇ ਸਨ ਪਤਾ ਨਹੀਂ ਇਹ ਦੁਕਾਨਦਾਰ ਰੋਜ਼ ਕਿੰਨੇ ਲੋਕਾਂ ਦੀ ਲੁੱਟ-ਖੁੱਸਟ ਕਰ ਰਿਹਾ, ਅਸਲ ਕੀਮਤ ਤੋਂ ਜ਼ਿਆਦਾ ਪੈਸੇ ਵਸੂਲ ਕੇ ਲੋਕਾਂ ਦੀ ਜੇਬ ਕੱਟ ਰਿਹਾ ਹੈ | ਵੱਡਾ ਚੋਰ ਤਾਂ ਇਹ ਹੈ | ਉਨ੍ਹਾਂ ਨੂੰ ਲੱਗਾ ਕਿ ਇਹ ਜਿਵੇਂ ਅਮੀਰ ਚੋਰ ਦਾ ਗ਼ਰੀਬ ਚੋਰ ਨਾਲੋਂ ਜ਼ਿਆਦਾ ਦਬਦਬਾ ਹੋਵੇ |

-ਆਦਰਸ਼ ਮਾਡਲ ਸੀ. ਸ. ਸਕੂਲ, ਮਾਹਿਲਪੁਰ, ਹੁਸ਼ਿਆਰਪੁਰ |
ਮੋਬਾਈਲ : 9417758355, 8968900989.

ਕਾਵਿ-ਵਿਅੰਗ

ਮਤਲਬੀ ਯਾਰ
* ਨਵਰਾਹੀ ਘੁਗਿਆਣਵੀ *
ਛਾਲ ਮਾਰ ਕੇ ਪਾਰਟੀ ਬਦਲ ਲੈਂਦੇ,
ਵਾਂਙ ਡੱਡੂਆਂ ਕਰਨ ਵਿਹਾਰ ਮੂਜੀ।
ਕਿਹੜੇ ਪਾਸਿਓਂ ਕੁਰਸੀ ਲੱਭ ਸਕਦੀ,
ਲਾਉਣ ਅਟਕਲਾਂ ਕਰਨ ਵਿਚਾਰ ਮੂਜੀ।
ਨੇੜੇ ਚੋਣਾਂ ਦੇ ਬੜੇ ਢਕਵੰਜ ਵਰਤਣ,
ਖੁੱਲ੍ਹਦਿਲੀ ਦਾ ਕਰਨ ਇਜ਼ਹਾਰ ਮੂਜੀ।
ਪਾਉਣ ਜੱਫੀਆਂ, ਆਪਣੇ ਵੋਟਰਾਂ ਨੂੰ,
ਜਣੇ ਖਣੇ ਨੂੰ ਆਖਦੇ ਯਾਰ ਮੂਜੀ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ।
ਮੋਬਾਈਲ : 98150-02302

ਰਾਸ਼ਨ ਸਬਸਿਡੀ ਦਾ
* ਹਰਦੀਪ ਢਿੱਲੋਂ *
ਸਦਾਚਾਰ ਨੂੰ ਖੂੰਜੇ ਲਗਾਈ ਜਾਂਦੀ,
ਭ੍ਰਿਸ਼ਟਾਚਾਰ ਦੀ ਖਿੜੀ ਤਹਿਜ਼ੀਬ ਨਕਲੀ।
ਵਿਕੀਆਂ ਇਲਮੀ ਬਾਜ਼ਾਰ ਦੀਆਂ ਡਿਗਰੀਆਂ ਨੇ,
ਪੈਦਾ ਥੋਕ ਵਿਚ ਕਰੇ ਤਬੀਬ ਨਕਲੀ।
ਕੁਰਸੀ ਮਿਲੀ ਤੋਂ ਪੂਛਲੀ ਨਾਚ ਕਰਦੇ,
ਗਿਰਦੇ ਨੇਤਾ ਦੇ ਜੁੜੇ ਹਬੀਬ ਨਕਲੀ।
'ਮੁਰਾਦਵਾਲਿਆ' ਰਾਸ਼ਨ ਸਬਸਿਡੀ ਦਾ,
ਲੈ ਕੇ ਘਰਾਂ ਨੂੰ ਤੁਰੇ ਗ਼ਰੀਬ ਨਕਲੀ।

-1-ਸਿਵਲ ਹਸਪਤਾਲ, ਅਬੋਹਰ-152116. ਮੋਬਾ: 98764-57242


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX