ਤਾਜਾ ਖ਼ਬਰਾਂ


ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  15 minutes ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  42 minutes ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  57 minutes ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਨੇਤਾ ਸੰਜੈ ਰਾਊਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਅੱਜ ਹੀ ਪਾਰਟੀ...
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  42 minutes ago
ਓਠੀਆ, 19 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ 'ਚ ਅੱਜ ਇੱਕ ਦਰਜੀ ਦੀ ਦੁਕਾਨ 'ਚ ਰੱਖੇ ਗੈਸ ਸਲੰਡਰ 'ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੂੰ ਵੀ ਭਾਜੜਾਂ ਪੈ ਗਈਆਂ। ਇਸ ਹਾਦਸੇ 'ਚ ਕਿਸੇ...
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਪਾਰਟੀ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼ ਲਾਉਣ ਵਾਲੇ ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ...
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ- ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਪਾਰਟੀ ਤੋਂ ਅਸਤੀਫ਼ਾ ਦੇ ਸਕਦੀ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੋਂ...
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਘਰ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਹੀ ਸਮਾਗਮ ਦੌਰਾਨ...
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)- ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਪੰਥ ਦੇ ਹਿਤ ਵਿਚ ਨਹੀਂ ਆਪਸੀ ਟਕਰਾਅ

ਸਿੱਖ ਪੰਥ ਨੂੰ ਕੂੜ-ਕੁਸੱਤ ਦਾ ਨਾਸ਼ ਕਰਦਿਆਂ ਤੇ ਲੋਕਾਈ ਨੂੰ ਅਗਿਆਨਤਾ ਵਿਚੋਂ ਬਾਹਰ ਕੱਢ ਕੇ ਧਰਮ ਦਾ ਅਸਲੀ ਰਾਹ ਦਿਖਾਉਂਦਿਆਂ ਸਦੀਆਂ ਤੋਂ ਅਨੇਕਾਂ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੇ ਵਿਚਾਰਧਾਰਕ ਜੰਗਾਂ-ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਹੱਕ-ਸੱਚ ਦਾ ਪਰਚਮ ਝੂਲਦਾ ਰੱਖਣ ਅਤੇ ਧਰਮ ਦਾ ਜੈਕਾਰ ਬਣਾਈ ਰੱਖਣ ਲਈ 'ਸ਼ਾਸਤਰ' ਅਤੇ 'ਸ਼ਸਤਰ' ਰੂਪੀ ਦੋ ਹਥਿਆਰ ਦਿੱਤੇ ਹਨ। 'ਸ਼ਾਸਤਰ' ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਪ੍ਰਕਾਸ਼ ਵਿਚ ਵਿਚਾਰ-ਚਰਚਾ/ਸੰਵਾਦ/ਗਿਆਨ ਖੜਗ ਜ਼ਰੀਏ ਕਿਸੇ ਵੀ ਕਿਸਮ ਦੇ ਵਿਰੋਧਾਭਾਸ ਤੇ ਸੰਕਟ ਨੂੰ ਨਵਿਰਤ ਕਰਨਾ ਅਤੇ ਅਗਿਆਨਤਾ ਦੇ ਧੁੰਦੂਕਾਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨਾ ਹੈ। 'ਸ਼ਸਤਰ' ਤੋਂ ਭਾਵ ਜਦੋਂ ਦੁਸ਼ਮਣ ਮਨੁੱਖਤਾ ਦਾ ਘਾਣ ਕਰਨ ਅਤੇ ਸਿੱਖ ਧਰਮ ਦੀ ਮਾਨਵ-ਕਲਿਆਣਕਾਰੀ ਮਸ਼ਾਲ ਨੂੰ ਬੁਝਾਉਣ 'ਤੇ ਤੁਲਿਆ ਫਿਰੇ, ਤਾਂ ਉਸ ਦਾ 'ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ॥' ਦੇ ਮਹਾਂਵਾਕ ਅਨੁਸਾਰ ਹਥਿਆਰਬੰਦ ਟਾਕਰਾ ਕੀਤਾ ਜਾਵੇ।
ਸ਼ਾਸਤਰ (ਵਿਚਾਰਾਂ) ਦੀ ਜੰਗ ਕਿੰਨੀ ਸ਼ਕਤੀਸ਼ਾਲੀ ਹੁੰਦੀ ਹੈ, ਇਸ ਗੱਲ ਦੀ ਸਭ ਤੋਂ ਢੁਕਵੀਂ ਮਿਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ-ਜੋਗੀਆਂ ਨਾਲ ਅਚਲ ਬਟਾਲੇ ਵਿਚ ਹੋਈ ਗੋਸ਼ਟੀ ਤੋਂ ਮਿਲ ਜਾਂਦੀ ਹੈ। ਸਿੱਧਾਂ ਨੇ ਜਦੋਂ ਗੁਰੂ ਸਾਹਿਬ ਨੂੰ ਆਪਣੀ ਉਮਰ ਅਤੇ ਜਪ-ਤਪ ਦੇ ਅੱਗੇ ਨਿਆਣਾ ਆਖਿਆ ਤਾਂ ਗੁਰੂ ਸਾਹਿਬ ਨੇ 'ਗਿਆਨ ਖੜਗ' (ਵਿਚਾਰਾਂ) ਸਦਕਾ ਸਿੱਧਾਂ ਨੂੰ ਨਿਰਉੱਤਰ ਕਰ ਦਿੱਤਾ।
ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ 30 ਦੇਸ਼ਾਂ ਦੀ ਲਗਪਗ 48 ਹਜ਼ਾਰ ਮੀਲ ਯਾਤਰਾ ਚਾਰ ਉਦਾਸੀਆਂ ਦੇ ਰੂਪ ਵਿਚ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਬਾਦਸ਼ਾਹ ਬਾਬਰ, ਕੌਡਾ ਰਾਖ਼ਸ਼, ਵਲੀ ਕੰਧਾਰੀ, ਮਲਿਕ ਭਾਗੋ ਆਦਿ ਵਰਗੇ ਅਨੇਕਾਂ ਕੁਰਾਹੇ ਤੇ ਮਾਨਵਤਾ ਦੇ ਘਾਣ ਦੇ ਰਾਹ ਪਏ ਬਾਦਸ਼ਾਹਾਂ ਤੇ ਲੁਟੇਰਿਆਂ ਨੂੰ 'ਗਿਆਨ ਖੜਗ' ਦੀ ਜੰਗ ਵਿਚ ਸੋਧਿਆ ਤੇ ਉਨ੍ਹਾਂ ਅੰਦਰਲੇ ਮਨੁੱਖ ਨੂੰ ਜਗਾਇਆ। ਜਿਸ ਵੇਲੇ ਦੁਸ਼ਮਣ ਹਥਿਆਰ ਲੈ ਕੇ ਧਰਮ ਦੇ ਅੱਗੇ ਜ਼ੁਲਮ ਦੀ ਚੁਣੌਤੀ ਲੈ ਕੇ ਆਇਆ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 'ਸ਼ਸਤਰ' ਦੀ ਵਰਤੋਂ ਕੀਤੀ ਤੇ ਜ਼ੁਲਮ ਦੇ ਖ਼ਿਲਾਫ਼ ਹਥਿਆਰਬੰਦ ਲੜਾਈ ਆਰੰਭੀ। ਵਿਚਾਰਾਂ ਦੀ ਜੰਗ ਕਦੋਂ ਲੜਨੀ ਹੈ ਅਤੇ ਸ਼ਸਤਰਾਂ ਦੀ ਜੰਗ ਕਦੋਂ, ਇਹ ਫ਼ੈਸਲਾ ਲੈਣਾ ਸਿੱਖ ਦੀ ਬੌਧਿਕ ਅਤੇ ਅਧਿਆਤਮਕ ਯੋਗਤਾ 'ਤੇ ਨਿਰਭਰ ਕਰਦਾ ਹੈ।
ਅੱਜ ਸਿੱਖ ਕੌਮ ਲਈ ਇਕ ਵੱਡੀ ਚੁਣੌਤੀ ਇਹ ਬਣ ਰਹੀ ਹੈ ਕਿ ਅਸੀਂ 'ਸ਼ਸਤਰ' ਅਤੇ 'ਸ਼ਾਸਤਰ' ਦੀ ਅੱਡੋ-ਅੱਡਰੀ ਪ੍ਰਸੰਗਕਤਾ ਨੂੰ ਸਮਝਣ ਤੋਂ ਅਸਮਰੱਥ ਸਾਬਤ ਹੋ ਰਹੇ ਹਾਂ। ਮੌਜੂਦਾ ਸਮੇਂ ਪੰਥ ਦੇ ਅੰਦਰੂਨੀ ਵਿਚਾਰਧਾਰਕ ਮਤਭੇਦਾਂ ਨੂੰ 'ਸੰਵਾਦ' ਜ਼ਰੀਏ ਨਵਿਰਤ ਕਰਨ ਦੀ ਆਪਣੀ ਅਯੋਗਤਾ ਸਦਕਾ ਹੀ ਅਸੀਂ ਹਰ ਮਸਲੇ 'ਤੇ 'ਸ਼ਸਤਰ' ਨੂੰ ਹੀ ਅੱਗੇ ਰੱਖ ਲਿਆ ਹੈ। ਗੁਰੂ ਸਾਹਿਬ ਨੇ ਜਿਹੜਾ 'ਸ਼ਾਸਤਰ' ਦਾ ਪਹਿਲਾ ਹਥਿਆਰ ਸਾਨੂੰ ਦਿੱਤਾ ਸੀ, ਸ਼ਾਇਦ ਅਸੀਂ ਉਸ ਦੀ ਵਰਤੋਂ ਦੇ ਸਮਰੱਥ ਹੀ ਨਹੀਂ ਰਹੇ, ਜਿਸ ਕਰਕੇ ਬੌਧਿਕ ਤੌਰ 'ਤੇ ਸਿੱਖ ਕਮਜ਼ੋਰ ਹੋ ਰਹੇ ਹਨ ਅਤੇ ਸਮੂਹਿਕ ਸਿੱਖ ਮਾਨਸਿਕਤਾ ਅਗਿਆਨਤਾ ਦੇ ਹਨੇਰੇ ਵਿਚ ਫ਼ਸ ਰਹੀ ਹੈ। ਸਿੱਖਾਂ ਅੰਦਰ ਵਧ ਰਹੇ ਕਰਮ-ਕਾਂਡੀ ਪਸਾਰੇ ਅਤੇ ਸ਼ਬਦ-ਗੁਰੂ ਤੋਂ ਟੁੱਟ ਕੇ 'ਦੇਹ ਪੂਜਾ' ਦੀ ਪ੍ਰਵਿਰਤੀ ਸਿੱਖ ਧਰਮ ਦੇ ਪ੍ਰਚਾਰ ਦੇ ਪ੍ਰਭਾਵਹੀਣ ਹੋਣ ਦਾ ਨਮੂਨਾ ਹੈ। ਨਿੱਕੀ-ਨਿੱਕੀ ਗੱਲ 'ਤੇ ਸਿੱਖਾਂ ਵਲੋਂ ਆਪਸ ਵਿਚ ਹੀ ਕਿਰਪਾਨਾਂ ਚੁੱਕ ਲੈਣ ਕਾਰਨ ਪੰਥ ਦੀ ਸਾਰੀ ਊਰਜਾ ਨਾਕਾਰਾਤਮਕ ਪਾਸੇ ਨਸ਼ਟ ਹੋ ਰਹੀ ਹੈ। ਸਾਨੂੰ 'ਸ਼ਸਤਰ' ਜ਼ਰੀਏ ਵਿਰੋਧੀ ਵਿਚਾਰਾਂ 'ਤੇ ਹਮਲਾਵਰ ਹੋਣ ਲੱਗਿਆਂ ਇਹ ਯਾਦ ਰਹਿਣਾ ਚਾਹੀਦਾ ਹੈ ਕਿ ਜਦੋਂ ਤੱਕ ਸਿੱਖ ਪੰਥ ਸਿਰਜਣਾਤਮਕ ਕਾਰਜਾਂ ਵੱਲ ਊਰਜਾ ਦਾ ਉਲਾਰ ਨਹੀਂ ਕਰਦਾ, 'ਗਿਆਨ ਖੜਗ' ਜ਼ਰੀਏ ਵਿਚਾਰਾਂ 'ਤੇ ਜਿੱਤਣ ਦੀ ਯੋਗਤਾ ਨਹੀਂ ਵਿਖਾਉਂਦਾ, ਉਦੋਂ ਤੱਕ ਵਿਚਾਰਧਾਰਕ ਤੇ ਸਿਧਾਂਤਕ ਵਿਰੋਧ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।
ਕੁਦਰਤ ਦੀ ਅਟੱਲ ਮੌਜ ਹੈ ਕਿ ਕਿਸੇ ਵੀ ਸਮਾਜ, ਪਰਿਵਾਰ, ਪੰਥ ਅਤੇ ਜਥੇਬੰਦੀ ਵਿਚ ਸਾਰੇ ਮਨੁੱਖਾਂ ਦੇ ਸੁਭਾਅ ਅਤੇ ਸੋਝੀ ਇਕ ਨਹੀਂ ਹੋ ਸਕਦੀ। ਪਰ 'ਗੁਰਮਤਿ' ਵਿਚ ਸਿੱਖਾਂ ਨੂੰ ਆਪਸੀ ਮਤਭੇਦ ਤੇ ਵਿਚਾਰਾਂ ਵਿਚ ਦੁਬਿਧਾ ਨੂੰ ਲੈ ਕੇ ਵਿਵਾਦਾਂ-ਤਕਰਾਰਾਂ ਵਿਚ ਪੈਣ ਦੀ ਆਗਿਆ ਨਹੀਂ ਦਿੱਤੀ ਗਈ, ਸਗੋਂ ਗੁਰੂ ਸਾਹਿਬ ਦਾ ਆਦੇਸ਼ ਹੈ: 'ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥' (ਬਸੰਤੁ ਮ: 5, ਅੰਗ 1185) ਕਿਸੇ ਦੁਬਿਧਾ ਦੀ ਸੂਰਤ ਵਿਚ ਗੁਰੂ ਦੀ ਸ਼ਰਨ ਵਿਚ ਇਕੱਠਿਆਂ ਬੈਠ ਕੇ 'ਗੁਰੂ ਦੀ ਮਤਿ' ਦੀ ਰੌਸ਼ਨੀ 'ਚ ਮਨਾਂ ਦੇ ਮਤਭੇਦ ਦੂਰ ਕਰਨ ਦੀ ਜੁਗਤੀ ਦੱਸੀ ਗਈ ਹੈ।
ਜਦੋਂ ਤੱਕ ਸਿੱਖਾਂ ਨੇ ਗੁਰੂ ਆਦਰਸ਼ ਨੂੰ ਸਾਹਮਣੇ ਰੱਖਿਆ ਹੈ ਤਾਂ ਮਤਭੇਦਾਂ ਵਾਲੇ ਵਾਦ-ਵਿਵਾਦ ਅਤੇ ਵਿਚਾਰਧਾਰਕ ਟਕਰਾਅ ਵਾਲੀ ਸਥਿਤੀ ਨਹੀਂ ਉਪਜੀ। ਬਿਖੜੇ ਸਮਿਆਂ 'ਚ ਜੇਕਰ ਵਿਸ਼ੇਸ਼ ਹਾਲਾਤ ਵਿਚ ਜਥੇਬੰਦਕ ਪੱਧਰ 'ਤੇ ਮਾਮੂਲੀ ਮਤਭੇਦ ਹੋਏ ਵੀ ਤਾਂ ਗੁਰੂ ਫ਼ਲਸਫ਼ੇ ਨੂੰ ਕੇਂਦਰੀ ਧੁਰਾ ਮੰਨਦਿਆਂ ਸਿੱਖਾਂ ਨੇ ਆਪਸ ਵਿਚ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ 'ਬੰਦਈ ਖ਼ਾਲਸਾ' ਅਤੇ 'ਤੱਤ ਖ਼ਾਲਸਾ' ਵਿਚਾਲੇ ਮਤਭੇਦ ਨੂੰ ਭਾਈ ਮਨੀ ਸਿੰਘ ਵਲੋਂ ਆਪਣੀ ਬੌਧਿਕ ਸੂਝ-ਬੂਝ ਅਤੇ ਸਿਆਣਪ ਨਾਲ ਦੂਰ ਕਰਨਾ ਇਸ ਦੀ ਉੱਘੜਵੀਂ ਮਿਸਾਲ ਹੈ।
ਵਿਰੋਧੀ ਤਾਂ ਗੁਰੂ ਸਾਹਿਬਾਨ ਦੇ ਵੀ ਰਹੇ ਹਨ ਪਰ ਗੁਰੂ ਸਾਹਿਬਾਨ ਨੇ ਕਦੇ ਵੀ ਵਿਚਾਰਧਾਰਕ ਵਿਰੋਧ ਨੂੰ ਲੈ ਕੇ ਹਥਿਆਰਬੰਦ ਟਕਰਾਅ ਦੀ ਨੀਤੀ ਧਾਰਨ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦੇ ਮਨੋਰਥ ਅਤੇ ਨਿਸ਼ਾਨੇ ਬਹੁਤ ਉੱਚੇ ਅਤੇ ਵਿਆਪਕ ਸਨ। ਉਨ੍ਹਾਂ ਗਿਆਨ ਖੜਗ, ਨਿਮਰਤਾ, ਹਲੀਮੀ, ਸਹਿਣਸ਼ੀਲਤਾ ਅਤੇ ਪਿਆਰ ਵਰਗੇ ਗੁਣਾਂ ਦੇ ਨਾਲ 'ਵਿਰੋਧੀ' ਨੂੰ ਵੀ 'ਆਪਣਾ' ਬਣਾ ਲਿਆ।
ਬਾਬਾ ਬਕਾਲਾ ਵਿਚ ਧੀਰ ਮੱਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ 'ਤੇ ਗੋਲੀ ਚਲਵਾ ਦਿੱਤੀ ਸੀ ਤਾਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਰੋਹ ਵਿਚ ਆ ਕੇ ਧੀਰ ਮੱਲ ਦੇ ਕਰਤਾਰਪੁਰ ਡੇਰੇ 'ਤੇ ਧਾਵਾ ਬੋਲ ਕੇ ਉਸ ਨੂੰ ਬੰਨ੍ਹ ਕੇ ਬਾਬਾ ਬਕਾਲਾ ਲੈ ਆਂਦਾ ਸੀ। ਗੁਰੂ ਜੀ ਸਿੱਖਾਂ ਦੀ ਇਸ ਕਾਰਵਾਈ 'ਤੇ ਬਹੁਤ ਨਾਖੁਸ਼ ਹੋਏ ਤੇ ਹੁਕਮ ਕੀਤਾ, ਧੀਰ ਮੱਲ ਨੂੰ ਛੱਡ ਦਿਓ ਤੇ ਇਸ ਦਾ ਖੋਹਿਆ ਸਾਰਾ ਧਨ-ਮਾਲ ਵੀ ਵਾਪਸ ਕਰ ਦਿਓ। ਗੁਰੂ ਸਾਹਿਬ ਫ਼ਰਮਾਉਣ ਲੱਗੇ, 'ਦਰਬ ਕੇ ਕਾਰਨੇ, ਗੁਰੂ ਮਹਾਰਾਜ ਨੇ, ਨਹੀਂ ਬੈਠ ਇਹ ਦੁਕਾਨ ਪਾਈ।' ਸਪੱਸ਼ਟ ਹੈ ਕਿ ਗੁਰੂ ਸਾਹਿਬ ਦੇ ਸਿਧਾਂਤ ਬਹੁਤ ਉੱਚੇ-ਸੁੱਚੇ ਹਨ, ਜੋ ਸਾਨੂੰ ਵਿਚਾਰਧਾਰਕ ਵੈਰ-ਵਿਰੋਧਾਂ ਵਿਚ ਪੈਣ ਦੀ ਥਾਂ ਉੱਚੇ-ਸੁੱਚੇ ਸਰਬ-ਕਲਿਆਣਕਾਰੀ ਉਦੇਸ਼ਾਂ ਦੀ ਪ੍ਰਾਪਤੀ ਲਈ ਜਥੇਬੰਦਕ ਹੋ ਕੇ ਤਤਪਰ ਹੋਣ ਅਤੇ 'ਗਿਆਨ ਖੜਗ' ਜ਼ਰੀਏ ਅਗਿਆਨਤਾ ਦੇ ਧੁੰਦੂਕਾਰੇ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣ ਦਾ ਸੁਨੇਹਾ ਦਿੰਦੇ ਹਨ।
ਮਤਭੇਦ ਤਾਂ ਹਰੇਕ ਧਰਮ ਅਤੇ ਮਤ ਵਿਚ ਹੁੰਦੇ ਆਏ ਹਨ। ਹਿੰਦੂ ਧਰਮ ਦੇ ਅਨੇਕਾਂ ਧਾਰਮਿਕ ਗ੍ਰੰਥ ਹਨ ਜਿਵੇਂ ਕਿ 4 ਵੇਦ, 6 ਸ਼ਾਸਤ੍ਰ, 18 ਪੁਰਾਣ, 27 ਸਿਮ੍ਰਿਤੀਆਂ, 52 ਉਪਨਿਸ਼ਦ, ਪਵਿੱਤਰ ਰਾਮਾਇਣ ਅਤੇ ਗੀਤਾ ਆਦਿ। ਇਨ੍ਹਾਂ ਗ੍ਰੰਥਾਂ ਨੂੰ ਮੰਨਣ ਵਾਲੇ ਵੱਖੋ-ਵੱਖਰੇ ਅਨੇਕਾਂ ਫ਼ਿਰਕੇ ਹਨ, ਜਿਵੇਂ ਕਿ ਸ਼ਿਵ ਨੂੰ ਮੰਨਣ ਵਾਲੇ ਸ਼ੈਵ, ਵਿਸ਼ਨੂੰ ਨੂੰ ਮੰਨਣ ਵਾਲੇ ਵੈਸ਼ਨਵ ਅਤੇ ਮੂਰਤੀ ਪੂਜਾ ਨੂੰ ਨਾ ਮੰਨਣ ਵਾਲੇ ਆਰੀਆ ਸਮਾਜੀ ਆਦਿ। ਇਨ੍ਹਾਂ ਫ਼ਿਰਕਿਆਂ ਦੀ ਮਰਯਾਦਾ ਅਤੇ ਰਹਿਤ ਵਿਚ ਬਹੁਤ ਫ਼ਰਕ ਹਨ ਪਰ ਫਿਰ ਵੀ ਇਹ ਸਾਰੇ ਹੀ ਚਾਰ ਵੇਦਾਂ ਦੀ ਸਰਬਉੱਚਤਾ ਨੂੰ ਮੰਨਣ ਲਈ ਇਕਮਤ ਹਨ। ਇਸਾਈ ਮਤ ਦੇ ਸੰਨ 1900 ਵਿਚ 1600 ਫ਼ਿਰਕੇ ਸਨ ਪਰ ਹੁਣ ਦੇ ਅੰਦਾਜ਼ੇ ਮੁਤਾਬਕ 20 ਹਜ਼ਾਰ ਤੋਂ ਵੱਧ ਫ਼ਿਰਕੇ ਹਨ। ਇਨ੍ਹਾਂ ਵਿਚ ਅਨੇਕਾਂ ਛੋਟੇ-ਵੱਡੇ ਫ਼ਰਕ ਹਨ ਪਰ ਇਹ ਸਭ ਈਸਾ ਮਸੀਹ ਨੂੰ ਆਪਣਾ ਮਸੀਹਾ (ਸੇਵੀਅਰ) ਮੰਨਦੇ ਹਨ ਅਤੇ ਬਾਈਬਲ ਦੀ ਮਾਨਤਾ 'ਤੇ ਇਹ ਕੋਈ ਉਜਰ ਨਹੀਂ ਕਰਦੇ, ਹਾਲਾਂਕਿ ਬਾਈਬਲ ਦੇ ਅਰਥਾਂ ਵਿਚ ਮਤਭੇਦ ਜ਼ਰੂਰ ਹਨ। ਬਹੁਤੇ ਇਸਾਈ 25 ਦਸੰਬਰ ਨੂੰ ਕ੍ਰਿਸਮਿਸ ਮਨਾਉਂਦੇ ਹਨ ਪਰ ਕਰੋੜਾਂ ਇਸਾਈ ਜੋ ਕਿ ਰੂਸ, ਯੂਕਰੇਨ, ਇਥੋਪੀਆ ਆਦਿ ਦੇਸ਼ਾਂ ਦੇ ਵਾਸੀ ਹਨ, ਇਹ ਦਿਨ 7 ਜਨਵਰੀ ਨੂੰ ਮਨਾਉਂਦੇ ਹਨ, ਕਿਉਂਕਿ ਉਹ ਹਾਲੇ ਵੀ ਜੂਲੀਅਨ ਕੈਲੰਡਰ ਨੂੰ ਮੰਨਦੇ ਹਨ ਅਤੇ ਗਰੈਗੋਰੀਅਨ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੇ। ਪਰ ਕਦੇ ਇਸਾਈ ਧਰਮ 'ਚ ਕ੍ਰਿਸਮਿਸ ਦਿਹਾੜਾ ਮਨਾਉਣ ਨੂੰ ਲੈ ਕੇ ਵਾਦ-ਵਿਵਾਦ ਜਗ-ਹਸਾਈ ਦਾ ਕਾਰਨ ਬਣਦਾ ਨਹੀਂ ਦੇਖਿਆ-ਸੁਣਿਆ। ਫਿਰ ਸਾਡੇ ਸਿੱਖਾਂ ਅੰਦਰ ਹੀ ਕਦੇ ਕੈਲੰਡਰਾਂ ਦੇ ਵਾਦ-ਵਿਵਾਦ, ਕਦੇ ਇਤਿਹਾਸ ਬਾਰੇ ਮਤਭੇਦ ਅਤੇ ਕਦੇ ਮਰਯਾਦਾ ਨੂੰ ਲੈ ਕੇ ਖਾਨਾਜੰਗੀ ਕਿਉਂ ਹੁੰਦੀ ਹੈ?
ਵਿਚਾਰਧਾਰਕ ਮਤਭੇਦਾਂ ਨੂੰ ਲੈ ਕੇ ਆਪਸੀ ਖਾਨਾਜੰਗੀ ਕਰਨ ਲੱਗਿਆਂ ਸਾਨੂੰ ਇਹ ਕਿਉਂ ਯਾਦ ਨਹੀਂ ਆਉਂਦਾ ਕਿ ਅਸੀਂ ਉਸ ਭਾਈ ਘਨੱਈਆ ਜੀ ਦੇ ਵਾਰਸ ਹਾਂ, ਜਿਨ੍ਹਾਂ ਨੇ ਜੰਗ ਦੇ ਮੈਦਾਨ 'ਚ ਫ਼ੱਟੜ ਦੁਸ਼ਮਣ ਸਿਪਾਹੀਆਂ ਨੂੰ ਵੀ ਬਿਨਾਂ ਵਿਤਕਰੇ ਤੋਂ ਪਾਣੀ ਪਿਲਾਇਆ ਅਤੇ ਮਲ੍ਹਮ-ਪੱਟੀ ਕੀਤੀ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪਵਿੱਤਰ ਆਦਰਸ਼ ਸਾਨੂੰ ਕਿੱਥੇ ਵਿਸਰ ਗਿਆ ਹੈ, ਜਿਨ੍ਹਾਂ ਨੇ ਉਲਟ ਵਿਚਾਰਾਂ ਦੀ ਰੱਖਿਆ ਲਈ ਵੀ ਸੀਸ ਵਾਰ ਦਿੱਤਾ ਸੀ। ਜੇਕਰ ਅਸੀਂ ਸਾਰੇ ਆਪਣੇ-ਆਪ ਨੂੰ ਗੁਰੂ ਦੇ ਸਿੱਖ ਮੰਨਦੇ ਹਾਂ, ਸਾਡਾ ਇਸ਼ਟ ਇਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਹੈ, ਸਾਡਾ ਅਕੀਦਾ ਇਕੋ 'ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ' ਹੈ, ਸਾਡਾ ਨਿਸ਼ਾਨ ਇਕ ਹੈ, ਸਾਡਾ ਜੈਕਾਰਾ ਇਕ ਹੈ, ਸਾਡੀ ਬੋਲੀ 'ਗੁਰਮੁਖੀ' ਇਕ ਹੈ ਅਤੇ ਫਿਰ ਵੀ ਅਸੀਂ ਏਨੀ ਬੁਰੀ ਤਰ੍ਹਾਂ ਧੜਿਆਂ ਅਤੇ ਨਫ਼ਰਤਾਂ ਵਿਚ ਕਿਉਂ ਵੰਡੇ ਹੋਏ ਹਾਂ ਕਿ ਗੁਰੂ ਦੀ ਸ਼ਰਨ (ਗੁਰਦੁਆਰਿਆਂ) ਵਿਚ ਵੀ ਇਕੱਠੇ ਇਤਫ਼ਾਕ ਨਾਲ ਨਹੀਂ ਬੈਠ ਸਕਦੇ?
ਅਜੋਕੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਿਤ 'ਸਿੱਖ ਰਹਿਤ ਮਰਯਾਦਾ' ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਪੰਥ ਲਈ 'ਅਨੇਕ ਹੈਂ॥ ਫਿਰ ਏਕ ਹੈਂ॥' ਦਾ ਘੱਟੋ-ਘੱਟ ਸਾਂਝਾ ਆਧਾਰ ਬਣ ਸਕਦੀ ਹੈ। ਜਥੇਬੰਦੀਆਂ ਵਿਚ ਵੱਖੋ-ਵੱਖਰੀਆਂ ਮਰਯਾਦਾਵਾਂ ਨੂੰ ਲੈ ਕੇ ਵਿਵਾਦ ਖੜ੍ਹੇ ਕਰਨੇ ਵੀ ਪੰਥਕ ਇਤਫ਼ਾਕ ਨੂੰ ਖੇਰੂੰ-ਖੇਰੂੰ ਕਰਨ ਦਾ ਬਾਨ੍ਹਣੂ ਬੰਨ੍ਹਦੇ ਹਨ, ਜੋ ਅਜੋਕੇ ਸਮੇਂ ਸਿੱਖ ਪੰਥ ਲਈ ਬੇਹੱਦ ਨੁਕਸਾਨਦੇਹ ਹੈ। ਕਿਉਂਕਿ ਅੱਜ ਸਿੱਖ ਪੰਥ ਦੀ ਹਾਲਤ ਬਹੁਤ ਸੰਕਟਮਈ ਹੈ। ਕੌਮਾਂਤਰੀ ਪੱਧਰ 'ਤੇ ਅਸੀਂ ਅੱਜ ਆਪਣੀ ਵੱਖਰੀ ਪਛਾਣ, ਧਾਰਮਿਕ ਆਜ਼ਾਦੀ ਅਤੇ ਹੋਂਦ ਸਥਾਪਿਤ ਕਰਨ ਲਈ ਜੂਝ ਰਹੇ ਹਾਂ। ਵਿਸ਼ਵ ਭਾਈਚਾਰੇ ਨੂੰ ਆਪਣੇ ਵਿਲੱਖਣ ਅਤੇ ਸਰਬ-ਕਲਿਆਣਕਾਰੀ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਦੀ ਚੁਣੌਤੀ ਸਾਡੇ ਸਾਹਮਣੇ ਦਰਕਾਰ ਹੈ। 80 ਫ਼ੀਸਦੀ ਸਿੱਖ ਨੌਜਵਾਨ ਪਤਿਤਪੁਣੇ ਦਾ ਸ਼ਿਕਾਰ ਹਨ। ਸਿੱਖ ਨੌਜਵਾਨਾਂ 'ਚ ਪੰਥਕ ਜਜ਼ਬਾ ਤਾਂ ਹੈ ਪਰ ਉਨ੍ਹਾਂ ਨੂੰ ਕੋਈ 'ਮਾਰਗ ਦਰਸ਼ਕ' ਨਹੀਂ ਵਿਖਾਈ ਦੇ ਰਿਹਾ, ਜਿਸ ਕਾਰਨ ਉਹ ਸਿੱਖੀ ਦੀ ਮੁੱਖ ਧਾਰਾ ਤੋਂ ਦੂਰ ਜਾ ਰਹੇ ਹਨ। ਵਿਸ਼ਵ ਦੀਆਂ ਕੌਮਾਂ ਦੇ ਮੁਕਾਬਲੇ ਸਿੱਖਾਂ ਦਾ ਸਮੂਹਿਕ ਸਿੱਖਿਆ ਦਾ ਪੱਧਰ ਕਿਤੇ ਵੀ ਮੁਕਾਬਲੇ 'ਚ ਨਹੀਂ ਖੜ੍ਹਦਾ। 60 ਫ਼ੀਸਦੀ ਪੰਜਾਬ ਦੇ ਸਿੱਖ ਨੌਜਵਾਨ ਸਿੱਖਿਆ ਦੇ ਮੈਟ੍ਰਿਕ ਪੱਧਰ ਤੋਂ ਅੱਗੇ ਨਹੀਂ ਵਧ ਰਹੇ। ਕਾਲਜ, ਯੂਨੀਵਰਸਿਟੀਆਂ ਅਤੇ ਵਿਸ਼ਵ ਸਿੱਖਿਆ ਸੰਸਥਾਵਾਂ 'ਚ ਸਿੱਖ ਵਿਦਿਆਰਥੀਆਂ ਦੀ ਕੋਈ ਜ਼ਿਕਰਯੋਗ ਹੋਂਦ ਨਹੀਂ ਹੈ।
ਗੁਰੂ ਸਾਹਿਬਾਨ ਦੇ ਬਖ਼ਸ਼ੇ ਉਚੇਰੇ ਸਰਬ-ਕਲਿਆਣਕਾਰੀ ਫ਼ਲਸਫ਼ੇ ਦਾ ਚਾਨਣ ਦੁਨੀਆ ਤੱਕ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਬੇਮੁਖ ਹੋ ਕੇ, ਆਪਸੀ ਵਾਦ-ਵਿਵਾਦਾਂ ਕਾਰਨ ਕਮਜ਼ੋਰ ਹੋ ਰਹੇ ਪੰਥ ਲਈ, ਸਿੱਖ ਵਿਰੋਧੀ ਤਾਕਤਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਇਨ੍ਹਾਂ ਵਾਦ-ਵਿਵਾਦਾਂ ਲਈ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕਰਦੇ? ਕੀ ਅਸੀਂ ਗੁਰੂ ਦੁਆਰਾ ਬਖ਼ਸ਼ੀ 'ਵਿਵੇਕ ਬੁੱਧੀ' ਨਾਲ ਸਿੱਖ ਵਿਰੋਧੀ ਤਾਕਤਾਂ ਦੇ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਦੇ? ਕੀ ਸਾਨੂੰ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ 'ਗਿਆਨ ਖੜਗ' ਚਲਾਉਣ ਤੋਂ ਅਸੀਂ ਅਸਮਰੱਥ ਹੋ ਗਏ ਹਾਂ, ਜੋ ਵਿਚਾਰਾਂ ਦੇ ਵਖਰੇਵਿਆਂ ਕਾਰਨ ਹੀ ਗੁਰੂ-ਘਰਾਂ ਅੰਦਰ ਆਪਣੇ ਭਰਾਵਾਂ ਦੀਆਂ ਪੱਗਾਂ ਲਾਹ ਕੇ ਅਤੇ ਆਪਸ ਵਿਚ ਹੀ ਤਲਵਾਰਾਂ ਚਲਾ ਕੇ ਦੁਨੀਆ ਲਈ ਤਮਾਸ਼ਾ ਬਣ ਰਹੇ ਹਾਂ। ਕੀ ਅੱਜ ਵਾਪਰ ਰਹੀਆਂ ਘਟਨਾਵਾਂ ਸਿੱਖਾਂ ਦੇ ਬੌਧਿਕ, ਆਤਮਿਕ ਅਤੇ ਸਿਧਾਂਤਕ ਖੋਖਲੇਪਨ ਦੀਆਂ ਸੂਚਕ ਨਹੀਂ ਹਨ?
ਅਜੋਕੇ ਸਿੱਖ ਪੰਥ ਦੇ ਹਾਲਾਤ ਦੇ ਮੱਦੇਨਜ਼ਰ ਇੱਥੇ 'ਦਿਸਹੱਦਿਆਂ ਤੋਂ ਪਾਰ ਵੇਖਣ ਵਾਲੇ' ਉੱਨੀਵੀਂ ਸਦੀ ਦੇ ਸਿੱਖਾਂ ਦੇ ਰੌਸ਼ਨ ਦਿਮਾਗ਼ ਵਿਦਵਾਨ ਤੇ ਪੰਥ ਚਿੰਤਕ ਗਿਆਨੀ ਦਿੱਤ ਸਿੰਘ ਦੀ ਨਸੀਹਤ ਯਾਦ ਆਉਂਦੀ ਹੈ, ਜਿਸ ਵਿਚ ਉਹ 'ਜਾਤੀ ਦੇ ਵੈਰ ਦਾ ਫਲ' ਸਿਰਲੇਖ ਵਾਲੀ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ, 'ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ, ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ, ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜਾਤੀ ਭਾਈ ਹੀ ਮਦਦਗਾਰ ਹੋ ਗਏ ਹਨ, ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਵਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ, ਸੋ ਹੁਣ ਅਸੀਂ ਨਹੀਂ ਬਚਾਂਗੇ।'


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008.
e-mail: ts1984buttar@yahoo.com


ਖ਼ਬਰ ਸ਼ੇਅਰ ਕਰੋ

ਰੂਹਾਨੀ ਅਤੇ ਜਿਸਮਾਨੀ ਫ਼ਾਇਦਿਆਂ ਨਾਲ ਭਰਪੂਰ ਹੈ ਰੋਜ਼ਾ

ਇਸਲਾਮ ਧਰਮ ਦੇ ਆਖਰੀ ਨਬੀ ਤੇ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਰਮਜ਼ਾਨ-ਉਲ-ਮੁਬਾਰਕ ਤੋਂ 2 ਮਹੀਨੇ ਪਹਿਲਾਂ ਤੋਂ ਹੀ ਬੜੀ ਸ਼ਿੱਦਤ ਨਾਲ ਰਮਜ਼ਾਨ ਮਹੀਨੇ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਸਨ ਅਤੇ ਇਹ ਦੁਆ (ਅਰਦਾਸ) ਕਰਦੇ ਕਿ ਐ ਅੱਲਾਹ ਰਜ਼ਬ ਅਤੇ ਸ਼ਾਬਾਨ ਦੋਵੇਂ ਮਹੀਨਿਆਂ ਦੀਆਂ ਬਰਕਤਾਂ ਸਾਨੂੰ ਨਸੀਬ ਫਰਮਾ ਅਤੇ ਸਾਨੂੰ ਰਮਜ਼ਾਨ ਤੱਕ ਪਹੁੰਚਾ। ਰੋਜ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ 'ਵਰਤ, ਫਾਕਾ, ਪਹੁ ਫੁਟਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਖਾਣ-ਪੀਣ ਆਦਿ ਤੋਂ ਰੁਕਣਾ'। ਅਰਬੀ ਭਾਸ਼ਾ ਵਿਚ ਰੋਜ਼ੇ ਨੂੰ ਸੌਮ ਕਹਿੰਦੇ ਹਨ, ਜਿਸ ਦਾ ਆਮ ਅਰਥ ਹੈ 'ਰੁਕਣਾ' 'ਰੋਜ਼ੇ' ਦੀ ਨੀਯਤ ਦੇ ਨਾਲ ਸੁਬਹ ਸਾਦਿਕ (ਪਹੁ-ਫੁਟਣ) ਤੋਂ ਲੈ ਕੇ ਸੂਰਜ ਡੁੱਬਣ ਤੱਕ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਖ਼ਾਣ-ਪੀਣ ਤੋਂ ਅਤੇ ਆਪਣੇ ਨਫ਼ਸ ਦੀਆਂ (ਖ਼ਾਹਿਸ਼ਾਂ) ਦਿਲੀ ਤਮੰਨਾਵਾਂ, ਆਰਜ਼ੂਆਂ ਨੂੰ ਪੂਰਾ ਕਰਨ ਤੋਂ ਰੁਕੇ ਰਹਿਣਾ ਹੈ। 'ਅੰਗਰੇਜ਼ੀ ਭਾਸ਼ਾ ਵਿਚ ਰੋਜ਼ੇ ਨੂੰ ਫਾਸਟ ਕਹਿੰਦੇ ਹਨ। ਇਸ ਦਾ ਅਰਥ ਵੀ 'ਵਰਤ ਰੱਖਣਾ' ਹੀ ਹੈ। ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਹੈ : ਤੌਹੀਦ, ਨਮਾਜ਼, ਰੋਜ਼ਾ, ਜ਼ਕਾਤ, ਹੱਜ। ਰੋਜ਼ਾ ਅੱਲਾਹ ਤਾਅਲਾ ਦਾ ਹੁਕਮ ਹੈ। ਰੋਜ਼ੇ ਦੀ ਫ਼ਰਜ਼ੀਅਤ ਦਾ ਐਲਾਨ ਅੱਲਾਹ ਤਾਅਲਾ ਨੇ ਆਪਣੀ ਆਖਰੀ ਆਸਮਾਨੀ ਕਿਤਾਬ 'ਕੁਰਆਨ ਮਜੀਦ' ਵਿਚ ਕੀਤਾ ਹੈ ਕਿ 'ਐ ਈਮਾਨ ਵਾਲਿਓ ਤੁਹਾਡੇ ਉੱਤੇ ਰੋਜ਼ੇ ਫ਼ਰਜ਼ ਕੀਤੇ ਗਏ ਹਨ ਜਿਵੇਂ ਕਿ ਤੁਹਾਡੇ ਤੋਂ ਪਹਿਲੇ ਲੋਕਾਂ 'ਤੇ ਫ਼ਰਜ਼ ਕੀਤੇ ਗਏ ਸਨ, ਤਾਂ ਕਿ ਤੁਸੀਂ ਪਰਹੇਜ਼ਗ਼ਾਰ ਬਣ ਜਾਵੋ'। (ਸੂਰਹ ਅਲ-ਬਕਰਹ, ਆਇਤ ਨੰ: 183)
ਇਸ ਆਇਤ ਤੋਂ ਪਤਾ ਚੱਲਦਾ ਹੈ ਕਿ ਜਿਸ ਤਰ੍ਹਾਂ ਰੋਜ਼ਾ ਹਜ਼ਰਤ ਮੁਹੰਮਦ ਸੱਲ. ਸਾਹਿਬ ਤੱਕ ਕੋਈ ਸ਼ਰੀਅਤ ਨਮਾਜ਼ ਦੀ ਇਬਾਦਤ ਤੋਂ ਖ਼ਾਲੀ ਨਹੀਂ ਸੀ, ਇਸੇ ਤਰ੍ਹਾਂ ਰੋਜ਼ਾ ਵੀ ਹਰ ਸ਼ਰੀਅਤ ਦੇ ਅੰਦਰ ਫ਼ਰਜ਼ ਰਿਹਾ ਹੈ। ਪਰ ਪਿਛਲੀਆਂ ਸ਼ਰੀਅਤਾਂ ਵਿਚ ਰੋਜ਼ਿਆਂ ਦੀ ਗਿਣਤੀ ਅਤੇ ਸਮੇਂ ਆਦਿ ਵਿਚ ਫਰਕ ਜ਼ਰੂਰ ਰਿਹਾ ਹੈ। ਰੋਜ਼ਾ ਫ਼ਰਜ਼ ਕਰਨ ਦੀ ਇਕ ਹਿਕਮਤ ਅਤੇ ਵਜ੍ਹਾ ਤਾਂ ਅੱਲਾਹ ਤਾਅਲਾ ਨੇ ਆਪ ਹੀ ਬਿਆਨ ਕਰ ਦਿੱਤੀ ਹੈ 'ਤਾਂ ਕਿ ਤੁਸੀਂ ਪਰਹੇਜ਼ਗਾਰ, ਮੁੱਤਕੀ, (ਰੱਬ ਤੋਂ ਡਰਨ ਵਾਲੇ, ਆਪਣੇ ਨਫ਼ਸ 'ਤੇ ਕਾਬੂ ਪਾਉਣ ਵਾਲੇ) ਬਣ ਜਾਵੋ।' ਇਸ ਤੋਂ ਇਲਾਵਾ ਰੋਜ਼ੇ ਦੇ ਹੋਰ ਅਨੇਕਾਂ ਹੀ ਫ਼ਾਇਦੇ ਹਨ। ਅਜਿਹੇ ਫ਼ਾਇਦੇ ਅਤੇ ਨਫ਼ੇ, ਜਿਨ੍ਹਾਂ ਦਾ ਸਬੰਧ ਵਿਅਕਤੀ ਦੀ ਰੂਹ ਅਤੇ ਆਖ਼ਿਰਤ ਨਾਲ ਹੈ, ਉਹ ਤਾਂ ਬਹੁਤ ਜ਼ਿਆਦਾ ਹਨ, ਜਿਹੜੇ ਕਿ ਅਸੀਂ 'ਫ਼ਜ਼ਾਇਲ-ਏ-ਰਮਜ਼ਾਨ' ਆਦਿ ਨਾਮੀ ਕਿਤਾਬਾਂ ਵਿਚ ਪੜ੍ਹਦੇ ਵੀ ਰਹਿੰਦੇ ਹਾਂ ਅਤੇ ਉਲਮਾਂ ਤੋਂ ਸੁਣਦੇ ਵੀ ਰਹਿੰਦੇ ਹਾਂ ਕਿ ਹਦੀਸਾਂ ਦੇ ਅੰਦਰ ਰੋਜ਼ੇ ਦੀ ਪਾਬੰਦੀ ਕਰਨ 'ਤੇ ਕੈਸੇ-ਕੈਸੇ ਇਨਾਮ ਹਨ। ਇਹ ਫ਼ਾਇਦੇ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਸੇ ਕਰਕੇ ਹਜ਼ਰਤ ਮੁਹੰਮਦ ਸਾਹਿਬ ਨੇ ਫ਼ਰਮਾਇਆ ਹੈ ਕਿ 'ਅਗਰ ਮੇਰੀ ਉੱਮਤ ਨੂੰ ਇਹ ਪਤਾ ਲੱਗ ਜਾਵੇ ਕਿ ਰਮਜ਼ਾਨ ਕੀ ਚੀਜ਼ ਹੈ ਤਾਂ ਉਹ ਇਹ ਤਮੰਨਾ (ਆਰਜ਼ੂ) ਕਰਨ ਲੱਗਣ ਕਿ ਸਾਰਾ ਸਾਲ ਹੀ ਰਮਜ਼ਾਨ ਹੋ ਜਾਵੇ।' ਇਕ ਪਾਸੇ ਰੋਜ਼ਾ ਅੱਲਾਹ ਤਾਅਲਾ ਦਾ ਹੁਕਮ ਹੈ ਤੇ ਦੂਜੇ ਪਾਸੇ ਅਣਗਿਣਤ ਦੁਨਿਆਵੀ ਫ਼ਾਇਦਿਆਂ ਨਾਲ ਭਰਪੂਰ ਹੈ। ਹਜ਼ਰਤ ਅੱਬੂ ਹੁਰੈਰ੍ਹਾ ਰਜਿ: (ਹਜ਼ਰਤ ਮੁਹੰਮਦ ਸੱਲ. ਸਾਹਿਬ ਦੇ ਵਿਦਿਆਰਥੀ ਯਾਨੀ (ਸਾਥੀ) ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਇਰਸ਼ਾਦ ਫ਼ਰਮਾਇਆ ਕਿ ਰੋਜ਼ਾ ਰੱਖਿਆ ਕਰੋ ਤੰਦਰੁਸਤ ਰਿਹਾ ਕਰੋਗੇ।'
ਇਕ ਹੀ ਨਹੀਂ, ਅਣਗਿਣਤ ਹੀ ਹਦੀਸ ਦੀਆਂ ਕਿਤਾਬਾਂ ਵਿਚ ਹਦੀਸਾਂ ਮੌਜੂਦ ਹਨ, ਜਿਨ੍ਹਾਂ ਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਰੋਜ਼ਾ ਬਿਮਾਰੀਆਂ ਤੋਂ ਸ਼ਿਫ਼ਾ ਹੈ। ਕੁਝ ਕਮਜ਼ੋਰ ਯਕੀਨ ਵਾਲਿਆਂ ਦਾ ਖ਼ਿਆਲ ਹੈ ਕਿ ਰੋਜ਼ਾ ਰੱਖਣ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ, ਸੁਸਤੀ ਆਉਂਦੀ ਹੈ ਜਾਂ ਵਿਅਕਤੀ ਬਿਮਾਰ ਹੋ ਜਾਂਦਾ ਹੈ, ਖ਼ਾਸ ਕਰਕੇ ਗ਼ਰਮੀਆਂ ਦੇ ਰੋਜ਼ੇ ਰੱਖਣ ਨਾਲ। ਪਰ ਅਜਿਹਾ ਨਹੀਂ ਹੈ, ਕਿਉਂਕਿ ਜਿਸ ਚੀਜ਼ ਵਿਚ ਹਜ਼ਰਤ ਮੁਹੰਮਦ ਸੱਲ. ਸਾਹਿਬ ਸ਼ਿਫ਼ਾ, ਤੰਦਰੁਸਤੀ ਕਹਿਣ, ਉਸ ਵਿਚ ਬਿਮਾਰੀ ਹੋ ਹੀ ਨਹੀਂ ਸਕਦੀ। ਜਿਨ੍ਹਾਂ ਲੋਕਾਂ ਨੇ ਭੁੱਖੇ ਰਹਿ ਕੇ ਜਾਂ ਰੱਖ ਕੇ ਤਜਰਬੇ ਕੀਤੇ ਹਨ, ਉਨ੍ਹਾਂ ਦੇ ਤਜਰਬੇ ਅਤੇ ਭੁੱਖੇ ਰਹਿਣ ਬਾਰੇ ਉਨ੍ਹਾਂ ਦੇ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ, ਭਾਵੇਂ ਕਿ ਉਨ੍ਹਾਂ ਮਹਾਨ ਤਜਰਬੇਕਾਰ ਵਿਅਕਤੀਆਂ ਦਾ ਧਰਮ ਇਸਲਾਮ ਤੋਂ ਇਲਾਵਾ ਹੀ ਹੈ। ਫਿਰ ਵੀ ਉਨ੍ਹਾਂ ਨੇ ਇਸਲਾਮ ਦੇ ਇਸ ਫ਼ਾਰਮੂਲੇ 'ਤੇ ਅਮਲ ਕਰਕੇ ਉਸ ਤੋਂ ਪ੍ਰਾਪਤ ਹੋਏ ਨਤੀਜੇ ਨੂੰ ਸਾਫ਼-ਸਾਫ਼ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ, ਤਾਂ ਕਿ ਹਰ ਵਿਅਕਤੀ ਫ਼ਾਇਦਾ ਉਠਾ ਸਕੇ। ਸਿਕੰਦਰ-ਏ-ਆਜ਼ਮ ਅਤੇ ਅਰਸਤੂ ਦੋਵੇਂ ਯੂਨਾਨੀ ਮਾਹਿਰ ਹਨ। ਉਨ੍ਹਾਂ ਨੇ ਫ਼ਾਕਾ (ਭੁੱਖਾ ਰਹਿਣਾ) ਅਤੇ ਫਿਰ ਲਗਾਤਾਰ ਭੁੱਖੇ ਰਹਿਣ ਨੂੰ ਸਰੀਰ ਦੀ ਤਾਕਤ ਲਈ ਜ਼ਰੂਰੀ ਕਰਾਰ ਦਿੱਤਾ ਹੈ। ਸਿਕੰਦਰ-ਏ-ਆਜ਼ਮ ਕਹਿੰਦੇ ਹਨ ਕਿ 'ਮੇਰੀ ਜ਼ਿੰਦਗੀ ਲਗਾਤਾਰ ਤਜਰਬਿਆਂ ਅਤੇ ਹਾਦਸਿਆਂ 'ਚੋਂ ਦੀ ਗੁਜ਼ਰੀ ਹੈ। ਜੋ ਆਦਮੀ ਸਵੇਰੇ ਅਤੇ ਸ਼ਾਮ ਦੇ ਖਾਣੇ 'ਤੇ ਇਕਤਿਫਾ (ਗੁਜ਼ਰ) ਕਰਦਾ ਹੈ, ਉਹ ਅਜਿਹੀ ਜ਼ਿੰਦਗੀ ਗ਼ੁਜ਼ਾਰ ਸਕਦਾ ਹੈ, ਜਿਸ ਦੇ ਅੰਦਰ ਕਿਸੇ ਤਰ੍ਹਾਂ ਦੀ ਲਚਕ ਨਾ ਹੋਵੇ। ਮੈਂ ਹਿੰਦੁਸਤਾਨੀ ਧਰਤੀ 'ਤੇ ਗਰਮੀ ਦੇ ਅਜਿਹੇ ਇਲਾਕੇ ਵੇਖੇ, ਜਿੱਥੇ ਹਰਿਆਵਲ ਜਲ ਗਈ ਸੀ ਪਰ ਉੱਥੇ ਮੈਂ ਸਵੇਰ ਤੋਂ ਸ਼ਾਮ ਤੱਕ ਨਾ ਕੁਝ ਖਾਧਾ ਤੇ ਨਾ ਹੀ ਪੀਤਾ, ਤਾਂ ਮੈਂ ਆਪਣੇ ਅੰਦਰ ਇਕ ਤਾਜ਼ਗੀ ਅਤੇ ਤਾਕਤ ਮਹਿਸੂਸ ਕੀਤੀ। (ਸਿਕੰਦਰ-ਏ-ਆਜ਼ਮ)
ਇਨ੍ਹਾਂ ਤੋਂ ਇਲਾਵਾ ਚੰਦਰ ਗੁਪਤ ਮੌਰੀਆ ਦੇ ਅਕਲਮੰਦ ਵਜ਼ੀਰ ਚਾਣਕਿਆ ਦਾ ਕਹਿਣਾ ਹੈ ਕਿ 'ਮੈਂ ਭੁੱਖਾ ਰਹਿ ਕੇ ਜਿਊਣਾ ਸਿੱਖਿਆ ਅਤੇ ਭੁੱਖਾ ਰਹਿ ਕੇ ਉੱਡਣਾ ਸਿੱਖਿਆ। ਮੈਂ ਦੁਸ਼ਮਣਾਂ ਦੀਆਂ ਤਦਬੀਰਾਂ, ਸਕੀਮਾਂ ਨੂੰ ਭੁੱਖੇ ਢਿੱਡ ਉਲਟਾ ਕੀਤਾ ਹੈ।' ਮਹਾਤਮਾ ਗਾਂਧੀ ਨੂੰ ਕੌਣ ਨਹੀਂ ਜਾਣਦਾ? ਪੂਰੀ ਜ਼ਿੰਦਗੀ ਬਾਰੇ ਭਾਵੇਂ ਲੋਕ ਨਾ ਜਾਣਦੇ ਹੋਣ ਪਰ ਉਨ੍ਹਾਂ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਦੇ ਫਾਕੇ (ਬਰਤ) ਮਸ਼ਹੂਰ ਹਨ। ਫ਼ਿਰੋਜ਼ ਰਾਜ ਨੇ ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਹਾਲਾਤ ਵਿਚ ਇਹ ਗੱਲ ਲਿਖੀ ਕਿ ਗਾਂਧੀ ਜੀ ਰੋਜ਼ੇ ਦੇ ਹਾਮੀ ਸਨ। ਉਹ ਕਿਹਾ ਕਰਦੇ ਸੀ ਕਿ ਇਨਸਾਨ ਖ਼ਾ-ਖ਼ਾ ਕੇ ਆਪਣੇ ਸਰੀਰ ਨੂੰ ਸੁਸਤ ਕਰ ਲੈਂਦਾ ਹੈ ਅਤੇ ਕਾਹਲ, ਸੁਸਤ ਸਰੀਰ ਨਾ ਹੀ ਦੁਨੀਆ ਦੇ ਕੰਮ ਦਾ ਅਤੇ ਨਾ ਹੀ ਮਹਾਰਾਜ ਦੇ ਕੰਮ ਦਾ। ਜੇਕਰ ਤੁਸੀਂ ਸਰੀਰ ਨੂੰ ਗਰਮ ਅਤੇ ਚੁਸਤ ਰੱਖਣਾ ਚਾਹੁੰਦੇ ਹੋ ਤਾਂ ਜਿਸਮ ਨੂੰ ਘੱਟ ਤੋਂ ਘੱਟ ਖ਼ੁਰਾਕ ਦੇਵੋ ਅਤੇ ਰੋਜ਼ੇ ਰੱਖੋ, ਸਾਰਾ ਦਿਨ ਜਪ ਕਰੋ ਅਤੇ ਫ਼ਿਰ ਸ਼ਾਮ ਨੂੰ ਬੱਕਰੀ ਦੇ ਦੁੱਧ ਨਾਲ ਰੋਜ਼ਾ ਖੋਲ੍ਹੋ।' (ਦਾਸਤਾਨ-ਏ-ਗਾਂਧੀ)।
ਪੌਪ ਈਲਫ ਗਾਲ ਹਾਲੈਂਡ ਦੇ ਪਾਦਰੀ ਹੋਏ ਹਨ। ਉਨ੍ਹਾਂ ਨੇ ਰੋਜ਼ੇ ਦੇ ਬਾਰੇ ਆਪਣੇ ਤਜਰਬੇ ਦਾ ਖ਼ੁਲਾਸਾ ਕੀਤਾ ਹੈ ਕਿ 'ਮੈਂ ਆਪਣੇ ਪੈਰੋਕਾਰਾਂ ਨੂੰ ਹਰ ਮਹੀਨੇ ਤਿੰਨ ਰੋਜ਼ੇ ਰੱਖਣ ਲਈ ਕਿਹਾ ਕਰਦਾ ਸੀ। ਇਸ ਤਰੀਕੇ ਨਾਲ ਮੈਂ ਜਿਸਮਾਨੀ ਅਤੇ ਵਜ਼ਨੀ ਫ਼ਾਇਦਾ ਮਹਿਸੂਸ ਕੀਤਾ। ਫ਼ਿਰ ਮੈਂ ਇਹ ਅਸੂਲ ਬਣਾ ਲਿਆ ਕਿ ਉਹ ਮਰੀਜ਼ ਜੋ ਲਾਇਲਾਜ ਸਨ, ਉਨ੍ਹਾਂ ਨੂੰ ਤਿੰਨ ਦਿਨਾਂ ਦੇ ਨਹੀਂ, ਬਲਕਿ ਉਨ੍ਹਾਂ ਨੂੰ ਇਕ ਮਹੀਨੇ ਦੇ ਰੋਜ਼ੇ ਰਖ਼ਵਾਏ ਜਾਣ। ਲਿਹਾਜ਼ਾ ਮੈਂ ਸ਼ੂਗਰ ਦੇ ਮਰੀਜ਼ਾਂ ਦੇ ਰੋਜ਼ੇ ਰਖਵਾਏ ਤਾਂ ਉਨ੍ਹਾਂ ਦੀ ਹਾਲਤ ਬਿਹਤਰ ਹੋ ਗਈ ਤੇ ਸ਼ੂਗਰ ਕੰਟਰੋਲ ਹੋ ਗਈ। ਦਿਲ ਦੇ ਮਰੀਜ਼ਾਂ ਦੇ ਰੋਜ਼ੇ ਰਖਵਾਏ ਤਾਂ ਉਨ੍ਹਾਂ ਦੀ ਬੇਚੈਨੀ ਅਤੇ ਸਾਹ ਫ਼ੁੱਲਣਾ ਘੱਟ ਹੋ ਗਿਆ। ਮਿਹਦੇ ਦੇ ਮਰੀਜ਼ਾਂ ਨੂੰ ਲਗਾਤਾਰ ਇਕ ਮਹੀਨੇ ਦੇ ਰੋਜ਼ੇ ਰਖਵਾਏ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਇਆ। ਡਾਕਟਰ ਲੋਥਰ ਫ਼ਾਰਮਾਕਾਲੋਜੀ ਦੇ ਮਾਹਿਰ ਸਨ। ਹਰ ਚੀਜ਼ ਨੂੰ ਧਿਆਨ ਅਤੇ ਬਾਰੀਕੀ ਨਾਲ ਦੇਖਣਾ ਉਨ੍ਹਾਂ ਦੀ ਆਦਤ ਸੀ। ਡਾ: ਲੋਥਰ ਦਾ ਕਹਿਣਾ ਹੈ ਕਿ 'ਰੋਜ਼ਾ ਸਰੀਰ ਅਤੇ ਖ਼ਾਸ ਕਰ ਮਿਹਦੇ ਦੀਆਂ ਬਿਮਾਰੀਆਂ ਨੂੰ ਖ਼ਤਮ ਕਰਦਾ ਹੈ।' ਸਿਗਮੰਡ ਨਰਾਇਡ ਮਸ਼ਹੂਰ ਮਾਹਿਰ ਮਨੋਵਿਗਿਆਨੀ ਹਨ, ਇਹ ਵੀ ਭੁੱਖੇ ਰਹਿਣ ਅਤੇ ਰੋਜ਼ੇ ਦੇ ਹਾਮੀ ਸਨ। ਉਨ੍ਹਾਂ ਦਾ ਕਹਿਣਾ ਹੈ ਕਿ 'ਰੋਜ਼ੇ ਨਾਲ ਦਿਮਾਗੀ ਅਤੇ ਮਾਨਸਿਕ ਰੋਗਾਂ ਦਾ ਪੂਰੇ ਤਰੀਕੇ ਨਾਲ ਖ਼ਾਤਮਾ ਹੁੰਦਾ ਹੈ। ਮਨੁੱਖੀ ਸਰੀਰ 'ਤੇ ਅਲੱਗ-ਅਲੱਗ ਹਾਲਤਾਂ ਆਉਂਦੀਆਂ ਹਨ ਪਰ ਰੋਜ਼ਾ ਰੱਖਣ ਵਾਲੇ ਆਦਮੀ ਦਾ ਸਰੀਰ ਲਗਾਤਾਰ ਬਾਹਰੀ ਦਬਾਓ ਨੂੰ ਬਰਦਾਸ਼ਤ ਕਰਨ ਦੀ ਤਾਕਤ ਹਾਸਲ ਕਰ ਲੈਂਦਾ ਹੈ। ਰੋਜ਼ੇਦਾਰ ਨੂੰ ਜਿਸਮਾਨੀ ਖਿੱਚ (ਬਾਡੀ ਕੰਨਜੇਸ਼ਨ) ਅਤੇ ਦਿਮਾਗੀ ਪ੍ਰੇਸ਼ਾਨੀ (ਮੈਂਟਲ ਡਿਪਰੈਸ਼ਨ) ਦਾ ਸਾਹਮਣਾ ਨਹੀਂ ਕਰਨਾ ਪੈਂਦਾ।'
ਇਨ੍ਹਾਂ ਤੋਂ ਇਲਾਵਾ ਯੂਰਪੀ ਮਾਹਿਰ ਰੋਜ਼ੇ ਬਾਰੇ ਲਗਾਤਾਰ ਖੋਜ ਕਰ ਰਹੇ ਹਨ, ਇਥੋਂ ਤੱਕ ਕਿ ਉਹ ਇਹ ਗੱਲ ਮੰਨ ਚੁੱਕੇ ਹਨ ਕਿ ਰੋਜ਼ਾ ਜਿੱਥੇ ਜਿਸਮਾਨੀ ਜ਼ਿੰਦਗੀ ਨੂੰ ਨਵੀਂ ਜਾਨ ਅਤੇ ਤਾਕਤ ਦਿੰਦਾ ਹੈ, ਉੱਥੇ ਹੀ ਇਸ ਨਾਲ ਅਣਗਿਣਤ ਆਰਥਿਕ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ, ਕਿਉਂਕਿ ਜਦੋਂ ਬਿਮਾਰੀਆਂ ਘੱਟ ਹੋਣਗੀਆਂ ਤਾਂ ਹਸਪਤਾਲ ਵੀ ਘੱਟ ਹੋਣਗੇ। ਹਸਪਤਾਲਾਂ ਦਾ ਘੱਟ ਹੋਣਾ ਸਕੂਨ ਦੀ ਨਿਸ਼ਾਨੀ ਹੈ। ਰੋਜ਼ੇ ਬਾਰੇ ਇਹ ਕੁਝ ਮਹਾਨ ਵਿਅਕਤੀਆਂ ਦੇ ਤਜਰਬੇ ਅਤੇ ਵਿਚਾਰ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੇ ਇਸਲਾਮ ਦੇ ਇਸ (ਰੋਜ਼ੇ ਦੇ) ਫ਼ਾਰਮੂਲੇ 'ਤੇ ਅਮਲ ਕਰਕੇ ਖ਼ੁਦ ਵੀ ਰੂਹਾਨੀ ਅਤੇ ਜਿਸਮਾਨੀ ਫ਼ਾਇਦਾ ਹਾਸਲ ਕੀਤਾ ਅਤੇ ਦੂਜਿਆਂ ਨੂੰ ਫ਼ਾਇਦਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ।


-ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ।
ਮੋਬਾ: 95927-54907

ਸੁਲਤਾਨ-ਉਲ-ਕੌਮ

ਸਰਦਾਰ ਜੱਸਾ ਸਿੰਘ ਆਹਲੂਵਾਲੀਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਵਿਆਹ ਤੋਂ ਕਾਫੀ ਸਮਾਂ ਬਾਅਦ ਤੱਕ ਭਾਈ ਬਦਰ ਸਿੰਘ ਦੇ ਘਰ ਕੋਈ ਸੰਤਾਨ ਨਾ ਹੋਈ। ਪਤੀ, ਪਤਨੀ ਜੋਦੜੀ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਹਾਜ਼ਰ ਹੋਏ। ਗੁਰੂ ਸਾਹਿਬ ਨੇ ਅਸੀਸ ਦਿੱਤੀ-'ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾ ਕਰੋ, ਸਾਧ ਸੰਗਤ ਦੀ ਸੇਵਾ ਕਰੋ, ਗੁਰੂ ਨਾਨਕ ਦਾ ਧਿਆਨ ਧਰੋ, ਗੁਰੂ ਅੰਗ ਸੰਗ ਹੈ, ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੇਗਾ।' ਗੁਰੂ ਗੋਬਿੰਦ ਸਿੰਘ ਜੀ 1708 ਈ: ਨੂੰ ਨਾਂਦੇੜ ਵਿਖੇ ਜੋਤੀ ਜੋਤ ਸਮਾ ਗਏ। ਪਰ ਗੁਰੂ ਜੀ ਦੀ ਅਸੀਸ ਅਟੱਲ ਸਾਬਤ ਹੋਈ। ਸੰਮਤ 1775, ਬਿਸਾਖ ਸੁਦੀ 15 ਪੂਰਨਮਾਸ਼ੀ, 3 ਮਈ, 1718 ਈ: ਨੂੰ 'ਗੁਰੂ ਕੇ ਲਾਲ' ਜੱਸਾ ਸਿੰਘ ਦਾ ਜਨਮ ਹੋਇਆ।
ਮਾਤਾ ਜੀ ਨੇ ਪੂਰੀ ਚਾਹ ਨਾਲ ਜੱਸਾ ਸਿੰਘ ਦੀ ਪਾਲਣਾ-ਪੋਸ਼ਣਾ ਕੀਤੀ। ਜੱਸਾ ਸਿੰਘ ਨੂੰ ਗੁਰਬਾਣੀ ਅਤੇ ਕੀਰਤਨ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ। ਬਾਲ ਜੱਸਾ ਸਿੰਘ 4 ਸਾਲ ਦੇ ਹੀ ਸਨ ਕਿ ਉਸ ਦੇ ਪਿਤਾ ਸ: ਬਦਰ ਸਿੰਘ ਅਕਾਲ ਚਲਾਣਾ ਕਰ ਗਏ। ਹੁਣ ਘਰ ਦਾ ਸਾਰਾ ਬੋਝ ਜੱਸਾ ਸਿੰਘ ਦੀ ਮਾਤਾ ਦੇ ਸਿਰ ਪੈ ਗਿਆ। ਇਹ ਸਮਾਂ ਬੜਾ ਖ਼ਤਰਨਾਕ ਸੀ। ਇਕ ਪਾਸੇ ਸਰਕਾਰ ਦੇ ਜ਼ੁਲਮ, ਸਿੰਘਾਂ ਦੀਆਂ ਸ਼ਹੀਦੀਆਂ ਅਤੇ ਦੂਜਾ ਪਤੀ ਦਾ ਸਾਇਆ ਸਿਰ ਤੋਂ ਉਠ ਜਾਣਾ। ਪਰ ਜੱਸਾ ਸਿੰਘ ਦੀ ਮਾਤਾ ਅਡੋਲ ਰਹੀ, ਪਤੀ ਦਾ ਅਕਾਲ ਚਲਾਣਾ ਵਾਹਿਗੁਰੂ ਜੀ ਦਾ ਭਾਣਾ ਸਮਝ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਅਤੇ ਯਾਦ ਵਿਚ ਸਮਾਂ ਬਤੀਤ ਕਰਨ ਲੱਗੀ। ਮਾਤਾ ਜੀ ਦ੍ਰਿੜ੍ਹ ਇਰਾਦੇ ਵਾਲੇ ਸਨ, ਘਬਰਾਏ ਨਹੀਂ ਅਤੇ ਜੱਸਾ ਸਿੰਘ ਦੀ ਸਰੀਰਕ ਤੇ ਧਾਰਮਿਕ ਪ੍ਰਪੱਕਤਾ ਵੱਲ ਪੂਰਾ ਧਿਆਨ ਦਿੱਤਾ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਮਾਤਾ ਸੁੰਦਰੀ ਜੀ ਦਿੱਲੀ ਵਿਚ ਨਿਵਾਸ ਕਰ ਰਹੇ ਸਨ। ਇਥੇ ਹੀ ਸਿੱਖ ਸੰਗਤਾਂ ਉਨ੍ਹਾਂ ਦੇ ਦਰਸ਼ਨ ਕਰਨ ਦਸਮ ਪਾਤਸ਼ਾਹ ਦੀਆਂ ਸਿੱਖਿਆਵਾਂ ਅਤੇ ਸਿੱਖੀ ਵਿਚਾਰਧਾਰਾ ਦੀ ਜਾਣਕਾਰੀ ਹਾਸਲ ਕਰਨ ਲਈ ਹਾਜ਼ਰ ਹੋਇਆ ਕਰਦੀਆਂ ਸਨ। ਜੱਸਾ ਸਿੰਘ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਮਾਤਾ ਜੀ ਨੂੰ ਦਿੱਲੀ ਜਾ ਕੇ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਹੀਂ ਸੀ ਪ੍ਰਾਪਤ ਹੋਇਆ। ਸੰਨ 1723 ਈ: ਦੀ ਗੱਲ ਹੈ ਜਦੋਂ ਜੱਸਾ ਸਿੰਘ ਦੀ ਮਾਤਾ ਨੂੰ ਸੰਗਤਾਂ ਦੇ ਦਿੱਲੀ ਜਾਣ ਬਾਰੇ ਪਤਾ ਲੱਗਾ ਤਾਂ ਆਪ ਜੀ ਜੱਸਾ ਸਿੰਘ ਨੂੰ ਨਾਲ ਲੈ ਕੇ ਸੰਗਤਾਂ ਸੰਗ ਦਿੱਲੀ ਜਾਣ ਲਈ ਤਿਆਰ ਹੋ ਗਏ। ਦਿੱਲੀ ਪਹੁੰਚ ਕੇ ਜੱਸਾ ਸਿੰਘ ਦੀ ਮਾਤਾ ਨੇ ਮਾਤਾ ਸੁੰਦਰੀ ਜੀ ਦੀ ਬਹੁਤ ਸੇਵਾ ਕੀਤੀ। ਇਨ੍ਹਾਂ ਦੇ ਸੁਰੀਲੇ ਕੀਰਤਨ ਤੇ ਗੁਰਬਾਣੀ ਦੇ ਪ੍ਰੇਮ ਨੇ ਮਾਤਾ ਸੁੰਦਰੀ ਜੀ ਦੇ ਦਿਲ 'ਤੇ ਏਨਾ ਡੂੰਘਾ ਅਸਰ ਕੀਤਾ ਕਿ ਉਨ੍ਹਾਂ ਨੇ ਜੱਸਾ ਸਿੰਘ ਅਤੇ ਉਸ ਦੀ ਮਾਤਾ ਨੂੰ ਆਪਣੇ ਕੋਲ ਹੀ ਰੱਖ ਲਿਆ। ਇਥੇ ਹੀ ਇਹ ਆਪਣੇ ਨਿਤਨੇਮ ਅਨੁਸਾਰ ਸਵੇਰੇ-ਸ਼ਾਮ ਪਾਠ ਪਿੱਛੋਂ ਸ਼ਬਦ ਚੌਕੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ। ਬਾਲ ਜੱਸਾ ਸਿੰਘ ਵੀ ਆਪਣੀ ਮਾਤਾ ਦੇ ਨਾਲ ਸ਼ਬਦ ਪੜ੍ਹਦਾ। ਇਨ੍ਹਾਂ ਦੇ ਕੀਰਤਨ ਤੋਂ ਸਾਰੀ ਸੰਗਤ ਬਹੁਤ ਪ੍ਰਸੰਨ ਸੀ।
ਮਾਤਾ ਸੁੰਦਰੀ ਜੀ ਜੱਸਾ ਸਿੰਘ ਨੂੰ ਬਹੁਤ ਪਿਆਰ ਕਰਦੇ, ਉਸ ਨੂੰ ਆਪਣੇ ਪੁੱਤਰਾਂ ਵਾਂਗ ਲਾਡ ਲਡਾਉਂਦੇ, ਖੁਆਉਂਦੇ-ਪਿਆਉਂਦੇ ਅਤੇ ਪਾਲਣਾ ਕਰਦੇ। ਮਾਤਾ ਸੁੰਦਰੀ ਜੀ ਜੱਸਾ ਸਿੰਘ ਦੀ ਧਾਰਮਿਕ ਪ੍ਰਪੱਕਤਾ ਅਤੇ ਗੁਰਬਾਣੀ ਲਈ ਪ੍ਰੇਮ ਦੇਖ ਕੇ ਬਹੁਤ ਖੁਸ਼ ਹੁੰਦੇ ਅਤੇ ਅਸੀਸਾਂ ਦਿਆ ਕਰਦੇ ਸਨ। ਇਸ ਤਰ੍ਹਾਂ ਕੋਈ ਸੱਤ ਕੁ ਸਾਲ ਜੱਸਾ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਰਹੇ। ਦਿੱਲੀ ਵਿਚ ਮਾਤਾ ਸੁੰਦਰੀ ਜੀ ਕੋਲ ਰਹਿਣ ਸਮੇਂ ਜੱਸਾ ਸਿੰਘ ਨੇ ਕੇਵਲ ਸਿੱਖ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਹੀ ਨਹੀਂ ਸਨ ਪੜ੍ਹੀਆਂ, ਸਗੋਂ ਇਕ ਮਕਤਬ (ਸਕੂਲ) ਵਿਚ ਜਾ ਕੇ ਫਾਰਸੀ ਵੀ ਕਾਫੀ ਸਿੱਖ ਲਈ। ਉਸ ਸਮੇਂ ਦਿੱਲੀ ਸ਼ਹਿਰ ਦੀ ਬੋਲੀ ਹਿੰਦੁਸਤਾਨੀ ਸੀ ਅਤੇ ਹਰ ਪਾਸੇ ਹਰ ਕੋਈ ਇਹੋ ਬੋਲੀ ਬੋਲਦਾ ਸੀ। ਇਸ ਲਈ ਜੱਸਾ ਸਿੰਘ ਦੀ ਬੋਲੀ ਵੀ ਹਿੰਦੁਸਤਾਨੀ ਹੋ ਗਈ ਅਤੇ ਇਸ ਦਾ ਅਸਰ ਵੱਡੀ ਉਮਰ ਤੱਕ ਉਨ੍ਹਾਂ ਦੀ ਬੋਲਚਾਲ ਵਿਚ ਰਿਹਾ। ਦਿੱਲੀ ਰਹਿੰਦਿਆਂ ਲੋਕਾਂ ਵਿਚ ਇਹ ਪ੍ਰਸਿੱਧ ਵੀ ਹੋਇਆ ਕਿ ਜੱਸਾ ਸਿੰਘ ਮਾਤਾ ਜੀ ਦਾ 'ਪੁਤ੍ਰੈਲਾ' ਹੈ। ਜੱਸਾ ਸਿੰਘ ਬਚਪਨ ਵਿਚ ਹੀ ਸੂਝਵਾਨ ਸੀ। ਜੱਸਾ ਸਿੰਘ ਕਈ ਵਾਰ ਏਨੀਆਂ ਸੂਝਵਾਨਾਂ ਵਾਲੀਆਂ ਵਿਚਾਰਾਂ ਕਰਦੇ ਕਿ ਸੁਣਨ ਵਾਲੇ ਹੈਰਾਨ ਰਹਿ ਜਾਂਦੇ। ਮਾਤਾ ਸੁੰਦਰੀ ਜੀ ਨੇ ਇਕ ਵਾਰੀ ਗੋਦ ਵਿਚ ਲੈ ਕੇ ਫ਼ਰਮਾਇਆ ਵੀ 'ਯਹਿ ਬਾਦਸ਼ਾਹ-ਪੰਥ' ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਬਠਿੰਡਾ। ਮੋਬਾ: 98155-33725

ਖ਼ਾਲਸਾ ਰਾਜ ਵਿਚ ਵਧ ਰਹੀ ਸੀ ਬੇਵਿਸ਼ਵਾਸੀ

ਫੌਜੀਆਂ ਦੀ ਖੁੱਲ੍ਹੀ ਬਗਾਵਤ ਦੀ ਸੂਰਤ ਵਿਚ ਸ਼ੇਰ ਸਿੰਘ ਸਿਰਫ ਉਨ੍ਹਾਂ ਨੂੰ ਤਰੀਕੇ ਨਾਲ ਚੱਲਣ ਵਾਸਤੇ ਦਲੀਲ ਦੇ ਸਕਦਾ ਸੀ। ਉਸ ਨੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਇਕ ਰੁਪਏ ਮਹੀਨੇ ਦਾ ਵਾਧਾ ਕਰ ਦਿੱਤਾ ਤੇ ਇਕ ਮਹੀਨੇ ਦੀ ਤਨਖਾਹ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ। ਫੌਜੀਆਂ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਨੌਂ ਮਹੀਨੇ ਦਾ ਬਕਾਇਆ ਅਦਾ ਕੀਤਾ ਜਾਵੇ ਤੇ ਪਹਿਲਾਂ ਵਾਅਦਾ ਕੀਤਾ ਇਨਾਮ ਵੀ। ਉਨ੍ਹਾਂ ਆਪਣੇ ਤਰੀਕੇ ਨਾਲ ਧਮਕੀ ਵੀ ਦੇ ਦਿੱਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਮਾਈ ਨੂੰ ਤਾਕਤ ਤੋਂ ਹਟਾਇਆ ਸੀ, ਸ਼ੇਰ ਸਿੰਘ ਨੂੰ ਵੀ ਤਖ਼ਤ ਤੋਂ ਹਟਾ ਸਕਦੇ ਹਨ। ਇਸ ਬਗਾਵਤ ਨੂੰ ਮਜ਼ਬੂਤੀ ਨਾਲ ਦਬਾਉਣ ਦੀ ਬਜਾਏ ਸ਼ੇਰ ਸਿੰਘ ਨੇ ਆਪਣਾ ਬਚਾਅ ਗਲਾਸੀ ਦੇ ਦੌਰ ਤੇ ਦਰਬਾਰੀਆਂ ਦੇ ਘੇਰੇ ਵਿਚ ਹੀ ਲੱਭਿਆ। ਉਦੋਂ ਪੰਜਾਬ ਨੂੰ ਇਕ ਮਜ਼ਬੂਤ ਤੇ ਸਮਝਦਾਰ ਤਾਨਾਸ਼ਾਹ ਦੀ ਲੋੜ ਸੀ ਪਰ ਜੋ ਮਿਲਿਆ, ਉਹ ਇਕ ਖੂਬਸੂਰਤ ਤੇ ਸੋਹਣੇ ਲਿਬਾਸ ਵਿਚ ਸਜਿਆ ਸ਼ਹਿਜ਼ਾਦਾ ਜੋ ਅੰਗੂਰਾਂ ਦੀ ਸ਼ਰਾਬ ਤੇ ਔਰਤਾਂ ਦੇ ਨਖਰਿਆਂ ਦਾ ਜ਼ਿਆਦਾ ਵਾਕਿਫ਼ ਸੀ ਤੇ ਰਾਜ ਚਲਾਉਣ ਦੇ ਦਾਅਪੇਚਾਂ ਦਾ ਘੱਟ।
ਅਜੀਤ ਸਿੰਘ ਸੰਧਾਵਾਲੀਆ, ਜੋ ਪੰਜਾਬ ਦੀ ਸਰਹੱਦ ਉੱਪਰ ਅੰਗਰੇਜ਼ੀ ਰਾਜ ਵਿਚ ਰਹਿੰਦਾ ਸੀ, ਸ਼ੇਰ ਸਿੰਘ ਦੀਆਂ ਮੁਸੀਬਤਾਂ ਦੀ ਜਾਣਕਾਰੀ ਰੱਖਦਾ ਸੀ ਤੇ ਉਹ ਅੰਗਰੇਜ਼ਾਂ ਨੂੰ ਦਖਲ ਦੇਣ ਦੀ ਪ੍ਰੇਰਨਾ ਦੇ ਰਿਹਾ ਸੀ। ਸ਼ੇਰ ਸਿੰਘ ਨੇ ਇਹ ਸਾਜਿਸ਼ ਰੋਕਣ ਵਾਸਤੇ ਅੰਗਰੇਜ਼ਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਬਾਹਰਲੀਆਂ ਤਾਕਤਾਂ ਨਾਲ ਸਾਜਿਸ਼ਾਂ ਦੇ ਘਿਨੌਣੇ ਡਰਾਮਿਆਂ ਨਾਲ ਸ਼ਾਹੀ ਖਾਨਦਾਨ ਦੀ ਤਰਫ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਸੀ। ਕੁਝ ਦਿਨਾਂ ਬਾਅਦ ਹੀ ਮਿਸਟਰ ਕਲੇਰਕ ਨੇ ਇਕ ਤਜਵੀਜ਼ ਪੰਜਾਬ ਵਿਚ ਫੌਜ ਸਮੇਤ ਦਾਖਲ ਹੋਣ ਦੀ ਬਣਾਈ। ਇਸ ਨਾਲ ਲੋਕਾਂ ਨੂੰ ਇਹ ਦੇਖਣ ਦਾ ਵੀ ਮੌਕਾ ਮਿਲ ਸਕਦਾ ਸੀ ਕਿ ਲਾਹੌਰ ਦਰਬਾਰ ਵਿਦੇਸ਼ੀ ਤਾਕਤਾਂ ਨੂੰ ਖੁਸ਼ ਕਰਨ ਵਾਸਤੇ ਕਿਸ ਹੱਦ ਤੱਕ ਜਾ ਸਕਦਾ ਹੈ। ਅੰਗਰੇਜ਼ਾਂ ਨੇ ਸ਼ਾਹ ਸ਼ੁਜਾ ਤੇ ਸ਼ਾਹ ਜ਼ਮਾਨ ਦੇ ਹਰਮ ਦੀਆਂ ਔਰਤਾਂ ਨੂੰ ਪੰਜਾਬ ਵਿਚੋਂ ਲੰਘਾ ਕੇ ਅਫ਼ਗਾਨਿਸਤਾਨ ਪਹੁੰਚਾਉਣ ਦਾ ਰਾਹ ਮੰਗਿਆ। ਇਸ ਦੀ ਇਜਾਜ਼ਤ ਖੁਸ਼ੀ ਨਾਲ ਦੇ ਦਿੱਤੀ ਗਈ ਤੇ ਕਈ ਸਾਰੀਆਂ ਔਰਤਾਂ ਦੇ ਸ਼ਾਹੀ ਗਰੁੱਪ ਦੇ ਨਾਲ-ਨਾਲ ਹੀਜੜੇ ਸੇਵਾਦਾਰ ਤੇ ਅੰਗ-ਰੱਖਿਆ ਜਾ ਰਹੇ ਸਨ।
ਇਹ ਸਭ ਮੇਜਰ ਬਰੌਡਫੋਰਡ ਦੀ ਕਮਾਂਡ ਹੇਠ ਸਨ ਤੇ ਉੱਤਰ ਵੱਲ ਵਧ ਰਹੇ ਸਨ। ਦਰਬਾਰ ਨੇ ਉਨ੍ਹਾਂ ਦੀ ਅਗਵਾਈ ਵਾਸਤੇ ਮੁਸਲਿਮ ਫੌਜੀਆਂ ਦਾ ਇਕ ਜਥਾ ਭੇਜਿਆ। ਸ਼ੁਰੂ ਤੋਂ ਹੀ ਬਰੌਡਫੋਰਡ ਦਾ ਵਤੀਰਾ ਹਮਲਾਵਰ ਸੀ। ਉਹ ਰਸਤੇ ਵਿਚ ਜਿਥੇ ਵੀ ਪੰਜਾਬੀ ਸਿਪਾਹੀ ਕਾਫਲੇ ਦੇ ਨਜ਼ਦੀਕ ਪਹੁੰਚਦੇ, ਉਨ੍ਹਾਂ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੰਦਾ। ਦਰਬਾਰ ਵਲੋਂ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਥੋਂ ਤੱਕ ਕਿ ਸਿੰਧ ਦਰਿਆ ਪਾਰ ਕਰਦਿਆਂ ਹੀ ਬਰੌਡਫੋਰਡ ਨੇ ਕਬਾਇਲੀ ਲੋਕਾਂ ਨੂੰ ਪੰਜਾਬ ਸਰਕਾਰ ਵਿਰੁੱਧ ਬਗਾਵਤ ਕਰਨ ਵਾਸਤੇ ਕਿਹਾ। ਜਨਰਲ ਵੈਨਤੂਰਾ, ਜੋ ਅੰਗਰੇਜ਼ਾਂ ਦਾ ਹਮਾਇਤੀ ਸੀ, ਨੇ ਵੀ ਬਰੌਡਫੋਰਡ ਦੇ ਵਤੀਰੇ ਦੀ ਨਿਖੇਧੀ ਕੀਤੀ। ਕੈਪਟਨ ਜੇ.ਡੀ. ਕਨਿੰਘਮ, ਜੋ 'ਸਿੱਖ ਇਤਿਹਾਸ' ਦਾ ਮਸ਼ਹੂਰ ਲੇਖਕ ਹੈ ਤੇ ਜਿਸ ਨੂੰ ਇਸ ਸਾਰੀ ਕਾਰਵਾਈ ਦਾ ਜਾਤੀ ਗਿਆਨ ਸੀ, ਲਿਖਦਾ ਹੈ ਕਿ 'ਇਹ ਕਿਸੇ ਤਰ੍ਹਾਂ ਨਹੀਂ ਲਗਦਾ ਸੀ ਕਿ ਬਰੌਡਫੋਰਡ ਦੇ ਰਵੱਈਏ ਦਾ ਕੋਈ ਵੀ ਹਮਾਇਤੀ ਸੀ। ਇਸ ਨਾਲ ਲੋਕਾਂ ਵਿਚ ਬੇਚੈਨੀ ਫੈਲ ਗਈ ਤੇ ਸ਼ੇਰ ਸਿੰਘ ਨੂੰ ਵੀ ਮੌਕਾ ਮਿਲਿਆ ਆਪਣੇ ਬਾਗੀ ਸਿਪਾਹੀਆਂ ਨੂੰ ਇਹ ਕਹਿਣ ਦਾ ਕਿ ਪੰਜਾਬ ਦੁਸ਼ਮਣਾਂ ਵਲੋਂ ਘੇਰਿਆ ਜਾ ਰਿਹਾ ਹੈ ਤੇ ਅੰਗਰੇਜ਼ ਉਸ ਵਿਰੁੱਧ ਲੜਾਈ ਛੇੜਨ ਦੀਆਂ ਤਿਆਰੀਆਂ ਕਰ ਰਹੇ ਹਨ।'
ਪਰ ਕੀ ਅੰਗਰੇਜ਼ਾਂ ਨੇ ਪੰਜਾਬ ਦੇ ਵਿਰੁੱਧ ਲੜਾਈ ਛੇੜਨ ਦਾ ਇਰਾਦਾ ਕਰ ਲਿਆ ਸੀ? ਇਸ ਬਾਰੇ ਕੋਈ ਪੱਕੀ ਸਕੀਮ ਤਾਂ ਨਹੀਂ ਸੀ, ਕਿਉਂਕਿ ਅਜੇ ਵੀ ਅੰਗਰੇਜ਼ਾਂ ਨੂੰ ਅਫ਼ਗਾਨ ਮੁਹਿੰਮ ਵਿਚ ਲਾਹੌਰ ਦਰਬਾਰ ਦੀ ਮਦਦ ਚਾਹੀਦੀ ਸੀ ਪਰ ਫਿਰ ਵੀ ਅੰਗਰੇਜ਼ੀ ਸਰਕਲ ਅੰਦਰ ਭਵਿੱਖ ਵਿਚ ਪੰਜਾਬ ਨੂੰ ਆਪਣੇ ਰਾਜ ਵਿਚ ਸ਼ਾਮਿਲ ਕਰਨ ਦੀ ਚਰਚਾ ਜ਼ਰੂਰੀ ਹੋ ਰਹੀ ਸੀ। ਪੰਜਾਬ ਦੇ ਮਾਮਲਿਆਂ ਦਾ ਮਾਹਿਰ ਤੇ ਪੰਜਾਬ ਦੇ ਸੰਭਾਵਤ ਪਹਿਲੇ ਰੈਜ਼ੀਡੈਂਟ ਹੈਨਰੀ ਲਾਰੈਂਸ ਦੀ ਪਤਨੀ ਨੇ 26 ਮਈ, 1841 ਨੂੰ ਇਕ ਜਾਤੀ ਖ਼ਤ ਵਿਚ ਦੱਸਿਆ ਕਿ 'ਲੜਾਈ ਤੇ ਲੜਾਈ ਦੀਆਂ ਗੱਲਾਂ ਦੋਵੇਂ ਪਾਸੇ ਚੱਲ ਰਹੀਆਂ ਹਨ। ਲਗਦਾ ਹੈ ਕਿ ਇਨ੍ਹਾਂ ਸਰਦੀਆਂ ਵਿਚ ਇਸ ਬਾਰੇ ਕੋਈ ਫੈਸਲਾ ਹੋ ਜਾਣਾ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਮੇਰੇ ਪਤੀ ਨੂੰ ਸਿਵਲ ਤੇ ਫੌਜੀ ਦੋਵਾਂ ਅਹੁਦਿਆਂ ਦੇ ਮੁਤਾਬਿਕ ਉਸ ਵਿਚ ਸਰਗਰਮ ਹਿੱਸਾ ਲੈਣਾ ਹੋਵੇਗਾ।'
ਬਰੌਡਫੋਰਡ ਦਾ ਮਾਮਲਾ ਲੰਮੀ ਦੇਰ ਚਲਦੀਆਂ ਰਹੀਆਂ ਅਫਵਾਹਾਂ ਤੋਂ ਬਾਅਦ ਸਾਹਮਣੇ ਆਇਆ ਸੀ। ਇਸ ਨੇ ਅਫਵਾਹਾਂ ਨੂੰ ਸਚਾਈ ਵਿਚ ਬਦਲਣ ਦਾ ਉਪਰਾਲਾ ਕੀਤਾ। ਦਰਬਾਰੀਆਂ ਤੇ ਅਫਸਰਾਂ ਦੇ ਦੋਗਲੇ ਕੰਮਾਂ ਨੂੰ ਧਿਆਨ ਵਿਚ ਰੱਖ ਕੇ ਫੌਜੀ ਸੋਚਦੇ ਸਨ ਕਿ ਉਨ੍ਹਾਂ ਨੂੰ ਆਪ ਕੁਝ ਕਰਨਾ ਚਾਹੀਦਾ ਹੈ, ਜਿਸ ਵਾਸਤੇ ਉਹ ਇਕ ਵਾਰ ਫਿਰ ਆਪਣੇ ਪੰਚ ਚੁਣਨ ਲੱਗ ਪਏ ਸਨ।
ਇਨ੍ਹਾਂ ਹਾਲਤਾਂ ਵਿਚ ਫੌਜੀ ਅਫਸਰ ਤੇ ਦਰਬਾਰੀ ਇਕ ਗੱਲ 'ਤੇ ਸਹਿਮਤ ਹੋ ਰਹੇ ਸਨ ਕਿ ਫੌਜ ਨੂੰ ਵਿਹਲਿਆਂ ਬਿਠਾਉਣ ਵਿਚ ਕੋਈ ਤੁਕ ਨਹੀਂ। ਜਨਰਲ ਜ਼ੋਰਾਵਰ ਸਿੰਘ ਨੇ ਪਹਿਲਾਂ ਹੀ ਇਕ ਸਕੀਮ ਹਿਮਾਲਿਆ ਵਿਚ ਅੱਗੇ ਵਧਣ ਦੀ ਬਣਾਈ ਹੋਈ ਸੀ। ਉਸ ਦੇ ਫੌਰੀ ਹਾਕਮ ਗੁਲਾਬ ਸਿੰਘ ਡੋਗਰਾ ਨੇ ਵੀ ਉਸ ਨੂੰ ਅੱਗੇ ਵਧਣ ਦੀ ਹੌਸਲਾ ਅਫਜ਼ਾਈ ਦਿੱਤੀ। ਕਸ਼ਮੀਰ ਦੇ ਗਵਰਨਰ ਕਰਨਲ ਮੀਹਾਂ ਸਿੰਘ ਦੇ ਕਤਲ ਤੋਂ ਬਾਅਦ ਜੇਹਲਮ ਦੀ ਵਾਦੀ ਡੋਗਰਿਆਂ ਦੇ ਕਬਜ਼ੇ ਹੇਠ ਸੀ। ਦਰਬਾਰ ਦੀਆਂ ਫੌਜਾਂ ਤੇ ਪਹਾੜੀ ਜਗੀਰਦਾਰਾਂ ਦੇ ਸਿਪਾਹੀਆਂ ਨੂੰ ਨਾਲ ਲੈ ਕੇ ਜ਼ੋਰਾਵਰ ਸਿੰਘ ਤਿੱਬਤ ਉੱਪਰ ਪੰਜਾਬ ਦੇ ਕਬਜ਼ੇ ਦੀ ਦੂਜੀ ਲੜੀ ਸ਼ੁਰੂ ਕਰਨ ਵਾਸਤੇ ਨਿਕਲ ਪਿਆ।
ਹਿਮਾਲਿਆ ਵਿਚ ਆਪਣੀ ਸਰਹੱਦ ਨੂੰ ਅੱਗੇ ਵਧਾਉਣ ਦੀ ਲੋੜ ਦੇ ਆਰਥਿਕ ਕਾਰਨ ਵੀ ਸਨ। ਭਾਰਤ ਨੂੰ ਜਾਂਦੇ ਤਿੱਬਤੀਅਨ ਵਪਾਰੀ ਕਸ਼ਮੀਰ ਵਿਚੋਂ ਗੁਜ਼ਰਦੇ ਸਨ, ਕਿਉਂਕਿ ਅੰਗਰੇਜ਼ਾਂ ਨੇ ਆਪਣੀ ਸਰਹੱਦ ਸਤਲੁਜ ਤੱਕ ਕਰ ਲਈ ਸੀ, ਇਹ ਬੁਸ਼ੈਰ ਦੀ ਰਿਆਸਤ ਵਿਚੋਂ ਗੁਜ਼ਰਦੇ ਸਨ। ਕਸ਼ਮੀਰ ਦੇ ਸ਼ਾਲ ਬੁਨਕਰ ਆਪਣੀ ਉੱਨ ਲੱਦਾਖ ਤੇ ਲਾਸਾ ਤੋਂ ਹਾਸਲ ਕਰਦੇ ਸਨ। ਕਸ਼ਮੀਰ ਦੀ ਸ਼ਾਲ ਸਨਅਤ ਖ਼ਤਮ ਹੋਣ ਦੇ ਕਗਾਰ 'ਤੇ ਸੀ ਤੇ ਇਸ ਨੂੰ ਚਾਲੂ ਰੱਖਣ ਦਾ ਇਕ ਹੀ ਤਰੀਕਾ ਸੀ ਕਿ ਲੱਦਾਖ ਤੇ ਲਾਸਾ ਦੇ ਭੇਡ ਪਾਲਕਾਂ ਨੂੰ ਆਪਣਾ ਕੱਚਾ ਮਾਲ ਕਸ਼ਮੀਰ ਵਿਚ ਵੇਚਣ ਵਾਸਤੇ ਪ੍ਰੇਰਿਤ ਜਾਂ ਮਜਬੂਰ ਕੀਤਾ ਜਾਵੇ। ਜੇ ਇਕ ਵਾਰੀ ਤਿੱਬਤ ਕਬਜ਼ੇ ਵਿਚ ਆ ਜਾਂਦਾ ਹੈ ਤਾਂ ਪੰਜਾਬ ਪੂਰਬ ਵੱਲ ਵਧਣ ਦਾ ਸੁਪਨਾ ਵੀ ਲੈ ਸਕਦਾ ਸੀ। ਦੂਜਾ ਤਿੱਬਤ ਵੱਲ ਅੱਗੇ ਕਬਜ਼ਾ ਕਰਨ ਨਾਲ ਗੁਲਾਬ ਸਿੰਘ ਡੋਗਰਾ ਵੀ ਇਹ ਸਮਝਦਾ ਸੀ ਕਿ ਇਹ ਸਾਰਾ ਇਲਾਕਾ ਉਸੇ ਦੀ ਸਰਦਾਰੀ ਵਿਚ ਹੋਵੇਗਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਕਿਲ੍ਹਾ ਗੋਬਿੰਦਗੜ੍ਹ ਦੀ ਨਵਉਸਾਰੀ 'ਚ 10 ਵਰ੍ਹੇ ਵੀ ਪਏ ਘੱਟ

ਅੰਮ੍ਰਿਤਸਰ ਦੇ ਦਰਵਾਜ਼ਾ ਲੋਹਗੜ੍ਹ ਦੇ ਬਾਹਰ ਕਿਲ੍ਹਾ ਗੋਬਿੰਦਗੜ੍ਹ ਦੇ ਰੂਪ 'ਚ ਮੌਜੂਦ ਸਿੱਖ ਰਾਜ ਦੀ ਪ੍ਰਮੁੱਖ ਧਰੋਹਰ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਵਲੋਂ ਸੰਨ 1808 ਦੇ ਫਰਵਰੀ-ਮਾਰਚ ਮਹੀਨੇ 'ਚ ਸ: ਸ਼ਮੀਰ ਸਿੰਘ ਠੇਠਰ ਦੀ ਦੇਖ-ਰੇਖ ਵਿਚ ਸ਼ੁਰੂ ਕਰਵਾਇਆ ਗਿਆ। ਭੰਗੀ ਮਿਸਲ ਦੇ ਕੱਚੇ ਕਿਲ੍ਹੇ ਨੂੰ ਢਾਹ ਕੇ ਉਸ ਦੀ ਜਗ੍ਹਾ ਉਸਾਰੇ ਜਾਣ ਵਾਲੇ ਇਸ ਕਿਲ੍ਹੇ ਦਾ ਨਕਸ਼ਾ ਤਿਆਰ ਕੀਤੇ ਜਾਣ ਦੇ ਬਾਅਦ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਹ ਵਿਸ਼ਾਲ ਕਿਲ੍ਹਾ ਤਿੰਨ ਸਾਲ ਵਿਚ ਮੁਕੰਮਲ ਹੋਵੇਗਾ। ਜਦਕਿ ਸ: ਸ਼ਮੀਰ ਸਿੰਘ ਨੇ ਦਿਨ-ਰਾਤ ਕਾਰੀਗਰਾਂ ਦੀਆਂ ਸੇਵਾਵਾਂ ਜਾਰੀ ਰੱਖਦਿਆਂ ਇਸ ਕਿਲ੍ਹੇ ਦੀ ਉਸਾਰੀ ਨੂੰ ਸਾਢੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਸਿਰੇ ਚਾੜ੍ਹ ਲਿਆ। ਅੱਜ ਕਿਲ੍ਹਾ ਬਣਨ ਦੇ ਲਗਪਗ 200 ਵਰ੍ਹੇ ਬਾਅਦ ਇਹ ਵੇਖ ਕੇ ਵੱਡੀ ਹੈਰਾਨੀ ਹੁੰਦੀ ਹੈ ਕਿ ਉਨ੍ਹੀਂ ਦਿਨੀਂ ਜਦੋਂ ਢੁਆ-ਢੁਆਈ ਦੇ ਸਾਧਨ ਬਹੁਤੇ ਵਿਕਸਿਤ ਨਹੀਂ ਸਨ, ਕਾਰੀਗਰਾਂ ਦੀ ਵੀ ਘਾਟ ਸੀ ਅਤੇ ਸਾਰਾ ਕੰਮ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਕਰਨਾ ਹੁੰਦਾ ਸੀ, ਤਾਂ ਉਸ ਦੌਰ 'ਚ ਇਹ ਕਿਲ੍ਹਾ ਅਤੇ ਕਿਲ੍ਹੇ ਨਾਲ ਸਬੰਧਤ ਸਭ ਸਮਾਰਕ 11 ਮਹੀਨਿਆਂ ਵਿਚ ਸਿਰਫ਼ ਸਾਢੇ 3 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਗਏ, ਜਦੋਂਕਿ ਅੱਜ ਆਧੁਨਿਕ ਸਹੂਲਤਾਂ ਅਤੇ ਮਸ਼ੀਨੀ ਸੇਵਾਵਾਂ ਦੇ ਚਲਦਿਆਂ ਕਿਲ੍ਹੇ ਦੇ ਥੋੜ੍ਹੇ ਜਿਹੇ ਬਚੇ ਹਿੱਸੇ ਦਾ ਨਵਨਿਰਮਾਣ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਅਦ 10 ਵਰ੍ਹਿਆਂ 'ਚ ਵੀ ਮੁਕੰਮਲ ਨਹੀਂ ਹੋ ਸਕਿਆ ਹੈ। ਕਿਲ੍ਹੇ ਦੀ ਨਵਉਸਾਰੀ 'ਚ ਕੀਤੀ ਜਾ ਰਹੀ ਲਾਪ੍ਰਵਾਹੀ ਦੇ ਇਲਾਵਾ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਏ ਉਨ੍ਹਾਂ ਦੇ ਇਸ ਕਿਲ੍ਹੇ ਵਿਚਲੇ ਲਗਪਗ ਸਭ ਸਮਾਰਕਾਂ ਦਾ ਇਤਿਹਾਸ ਅਤੇ ਇਤਿਹਾਸਕ ਦਿੱਖ ਵਿਗਾੜ ਦਿੱਤੀ ਗਈ ਹੈ, ਜਿਸ ਕਾਰਨ ਇਹ ਸਮਾਰਕ ਪੰਜਾਬੀਆਂ ਦੇ ਨਾਲ-ਨਾਲ ਖੁਦ ਸ਼ੇਰ-ਏ-ਪੰਜਾਬ ਨੂੰ ਮੂੰਹ ਚਿੜਾਉਂਦੇ ਪ੍ਰਤੀਤ ਹੋ ਰਹੇ ਹਨ। ਅੰਮ੍ਰਿਤਸਰ ਵਿਚਲੇ ਪੰਜ ਕਿਲ੍ਹਿਆਂ ਵਿਚੋਂ ਸਿਰਫ਼ ਇਕੋ-ਇਕ ਬਚੇ ਕਿਲ੍ਹਾ ਗੋਬਿੰਦਗੜ੍ਹ ਬਾਰੇ ਸ਼ੇਰ-ਏ-ਪੰਜਾਬ ਦਾ ਕਹਿਣਾ ਸੀ ਕਿ ਕਿਲ੍ਹਾ ਗੋਬਿੰਦਗੜ੍ਹ ਸਮੁੱਚੇ ਪੰਜਾਬ ਦੀ ਕੁੰਜੀ (ਚਾਬੀ) ਹੈ ਅਤੇ ਜਿਸ ਪਾਸ ਇਹ ਕਿਲ੍ਹਾ ਹੋਵੇਗਾ, ਉਹੀ ਸਲਤਨਤ-ਏ-ਪੰਜਾਬ ਦਾ ਮਾਲਕ ਹੋਵੇਗਾ। ਕਿਲ੍ਹਾ ਗੋਬਿੰਦਗੜ੍ਹ ਨੂੰ ਲੈ ਕੇ ਕੁਝ ਅਜਿਹੀ ਹੀ ਸੋਚ ਕਿਲ੍ਹੇ 'ਤੇ ਕਾਬਜ਼ ਅੰਗਰੇਜ਼ ਸ਼ਾਸਕਾਂ ਦੀ ਵੀ ਰਹੀ, ਜਿਸ ਦਾ ਅੰਦਾਜ਼ਾ ਸੰਨ 1857 ਦੀ ਕ੍ਰਾਂਤੀ ਸਮੇਂ ਅੰਗਰੇਜ਼ ਸ਼ਾਸਕਾਂ ਵਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਫ. ਐਚ. ਕੂਪਰ ਨੂੰ ਭੇਜੀਆਂ ਟੈਲੀਗ੍ਰਾਮ ਤੋਂ ਸਹਿਜ ਹੀ ਹੋ ਜਾਂਦਾ ਹੈ, ਜਿਨ੍ਹਾਂ ਵਿਚ ਸਾਫ਼ ਤੌਰ 'ਤੇ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਵਿਦਰੋਹੀ ਸਿਪਾਹੀ ਪੰਜਾਬ ਦੇ ਸਿੱਖਾਂ ਦੇ ਸਹਿਯੋਗ ਨਾਲ ਕਿਲ੍ਹਾ ਗੋਬਿੰਦਗੜ੍ਹ 'ਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਏ ਤਾਂ ਪੰਜਾਬ ਨੂੰ ਅੰਗਰੇਜ਼ੀ ਹਕੂਮਤ ਦੇ ਅਧਿਕਾਰ 'ਚੋਂ ਨਿਕਲਣ ਲੱਗਿਆਂ ਬਹੁਤਾ ਸਮਾ ਨਹੀਂ ਲੱਗੇਗਾ। ਕਰੀਬ 100 ਵਰ੍ਹਿਆਂ ਤੱਕ ਦੀ ਅੰਗਰੇਜ਼ੀ ਸ਼ਾਸਨ ਦੀ ਗ਼ੁਲਾਮੀ ਤੋਂ ਬਾਅਦ ਲੰਬੇ ਸਮੇਂ ਤੱਕ ਭਾਰਤੀ ਫ਼ੌਜ ਦੇ ਅਧਿਕਾਰ ਅਧੀਨ ਰਿਹਾ ਕਿਲ੍ਹਾ ਗੋਬਿੰਦਗੜ੍ਹ ਅਪ੍ਰੈਲ, 2005 ਵਿਚ ਸੈਨਾ ਵਲੋਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਮਾਰਫ਼ਤ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ। ਜਦੋਂ ਭਾਰਤੀ ਫੌਜ ਨੇ ਪੰਜਾਬ ਸਰਕਾਰ ਨੂੰ ਸੌਂਪਿਆ ਤਾਂ ਨਾਲ ਹੀ ਫੌਜ ਨੇ ਆਪਣੇ ਢੰਗ ਨਾਲ ਇਸ ਦਾ ਬਦਲਿਆ ਹੋਇਆ ਇਤਿਹਾਸ ਭੇਟ ਵਜੋਂ ਪੰਜਾਬ ਸਰਕਾਰ ਦੀ ਝੋਲੀ 'ਚ ਪਾ ਦਿੱਤਾ। (ਚਲਦਾ)


-ਅੰਮ੍ਰਿਤਸਰ। ਫੋਨ : 9356127771

ਸਮਾਜ ਭਲਾਈ ਵਿਚ ਗੁਰਦੁਆਰਾ ਸੰਸਥਾ ਦਾ ਮਹੱਤਵ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ
ਦਾ ਧਰਮ ਤੇ ਵਿਰਸਾ ਅੰਕ ਦੇਖੋ)
* ਧਰਤੀ ਅਤੇ ਵਾਤਾਵਰਨ ਦੇ ਗਰਮ ਹੋ ਰਹੇ ਪ੍ਰਾਕਰਮ ਨੂੰ ਰੋਕਣ ਅਤੇ ਵਾਤਾਵਰਨ ਸੰਭਾਲ ਲਈ ਗੁਰਦੁਆਰਾ ਕੇਂਦਰਾਂ ਦੇ ਅੰਦਰ ਅਤੇ ਬਾਹਰ ਹਰ ਉਸ ਸਥਾਨ ਉੱਤੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਹਰਬਲ ਦਵਾਈਆਂ ਆਦਿ ਨਾਲ ਸਬੰਧਿਤ ਬੂਟੇ ਲਗਾਏ ਜਾਣ ਅਤੇ ਉਨ੍ਹਾਂ ਦੀ ਲਗਾਤਾਰ ਸੰਭਾਲ ਕੀਤੀ ਜਾਵੇ।
* ਸਬੰਧਿਤ ਕੇਂਦਰ ਨਾਲ ਜੁੜੇ ਹੋਏ ਇਲਾਕੇ ਵਿਚ ਸਥਿਤ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਵਿਚ ਪੜ੍ਹਦੇ, ਵਿਸ਼ੇਸ਼ ਕਰਕੇ ਸਕੂਲੀ ਪੜ੍ਹਾਈ ਵਿਚ ਕਮਜ਼ੋਰ ਬੱਚੇ-ਬੱਚੀਆਂ ਨੂੰ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕ, ਰਿਟਾਇਰਡ ਜਾਂ ਸਵੈ-ਸੇਵੀ ਅਧਿਆਪਕ ਰੋਜ਼ਾਨਾ ਸ਼ਾਮ ਨੂੰ ਲੋੜੀਂਦੇ ਸਮੇਂ ਲਈ ਸਕੂਲੀ ਪੜ੍ਹਾਈ ਕਰਵਾਉਣਗੇ। ਚੰਗਾ ਹੋਵੇ ਜੇਕਰ ਇਸ ਅਧਿਆਪਨ ਕਾਰਜ ਲਈ ਬੇਰੁਜ਼ਗਾਰ ਅਧਿਆਪਕਾਂ ਨੂੰ ਪਹਿਲ ਦਿੱਤੀ ਜਾਵੇ।
* ਇਨ੍ਹਾਂ ਕੇਂਦਰਾਂ ਵਿਚ ਸਮਰਿੱਧ ਅਧਿਆਪਕਾਂ ਦੀ ਅਗਵਾਈ ਹੇਠ ਕੰਪਿਊਟਰ ਅਤੇ ਇਲੈਕਟ੍ਰਾਨਿਕ ਮੀਡੀਆ ਆਦਿ ਵਿਸ਼ਿਆਂ ਦੀ ਪੜ੍ਹਾਈ ਅਤੇ ਸਿਖਲਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਕਮੇਟੀਆਂ ਦੀ ਆਰਥਿਕ ਸਮਰੱਥਾ ਅਨੁਸਾਰ ਅਤੇ ਯੋਗ ਅਧਿਆਪਕਾਂ ਦੀ ਨਿਗਰਾਨੀ ਹੇਠ ਕੰਪਿਊਟਰੀਕਰਨ ਨਾਲ ਸਬੰਧਿਤ ਕੋਰਸ ਵੀ ਕਰਵਾਏ ਜਾਣ।
* ਇਨ੍ਹਾਂ ਕੇਂਦਰਾਂ ਵਿਚ ਇਲਾਕੇ ਦੇ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਲੋਕਾਂ, ਵਿਸ਼ੇਸ਼ ਕਰਕੇ ਘਰੇਲੂ ਬੀਬੀਆਂ ਅਤੇ ਨੌਜਵਾਨਾਂ ਨੂੰ ਸਿੱਖਿਆ ਦੇਣ ਦੇ ਪ੍ਰਬੰਧ ਕੀਤੇ ਜਾਣ। ਗਰੀਬ ਅਤੇ ਲੋੜਵੰਦ ਬੱਚਿਆਂ ਦੀਆਂ ਫੀਸਾਂ, ਸਕੂਲ ਵਰਦੀਆਂ ਅਤੇ ਕਿਤਾਬਾਂ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇ, ਵਿੱਦਿਅਕ ਕਾਰਜ ਕਰਦਿਆਂ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਵਿਚ ਪ੍ਰਪੱਕ ਤੇ ਪੰਜਾਬੀ ਸਾਹਿਤ ਸਰਗਰਮੀਆਂ ਵਿਚ ਕੁਸ਼ਲ ਬਣਾ ਕੇ ਨਵੇਂ ਕਵੀਆਂ, ਬੁਲਾਰਿਆਂ ਅਤੇ ਲਿਖਾਰੀਆਂ ਆਦਿ ਦੀ ਸਿਰਜਣਾ ਪ੍ਰਥਾਇ ਯਤਨ ਕੀਤੇ ਜਾਣ।
* ਗੁਰਦੁਆਰਾ ਸੰਸਥਾ ਆਧਾਰਿਤ ਇਹ ਕੇਂਦਰ ਆਪਣੇ ਇਲਾਕੇ ਦੇ ਬੱਚਿਆਂ, ਬਜ਼ੁਰਗਾਂ, ਬੀਬੀਆਂ ਅਤੇ ਹੋਰ ਲੋੜਵੰਦਾਂ ਦੀ ਸਿਹਤ ਸੰਭਾਲ ਕਰਨ ਅਤੇ ਰੋਗ ਨਵਿਰਤੀ ਆਦਿ ਕਰਨ ਲਈ ਆਪਣੇ ਕੇਂਦਰ ਵਿਚ ਉੱਚ ਪੱਧਰ ਦੀ ਐਲੋਪੈਥਿਕ/ਆਯੁਰਵੈਦਿਕ ਡਿਸਪੈਂਸਰੀ ਅਤੇ ਬਦਲਵੀਆਂ ਮੈਡੀਸਨ ਸਹੂਲਤਾਂ ਦਾ ਪ੍ਰਬੰਧ ਕਰਨਗੇ, ਜਿਸ ਲਈ ਇਲਾਕੇ ਦਾ ਕੋਈ ਯੋਗ ਡਾਕਟਰ ਸਵੇਰੇ-ਸ਼ਾਮ ਸੇਵਾ ਨਿਭਾਅ ਸਕਦਾ ਹੈ।
* ਇਹ ਕੇਂਦਰ ਸਿੱਖ ਪਰੰਪਰਾ ਨਾਲ ਜੁੜੀਆਂ ਹੋਈਆਂ ਪਰੰਪਰਿਕ ਖੇਡਾਂ ਕਬੱਡੀ, ਪਹਿਲਵਾਨੀ, ਅਥਲੈਟਿਕਸ, ਹਾਕੀ, ਫੁੱਟਬਾਲ, ਘੋੜਸਵਾਰੀ, ਗੱਤਕਾ ਅਤੇ ਕਰਾਟੇ ਆਦਿ ਖੇਡਾਂ ਵਿਚ ਲੜਕੇ-ਲੜਕੀਆਂ ਨੂੰ ਸਿਖਲਾਈ ਦੇਣ ਅਤੇ ਆਪਸੀ ਮੁਕਾਬਲੇ ਕਰਵਾਉਣ ਦਾ ਵੀ ਪ੍ਰਬੰਧ ਕਰਨ ਅਤੇ ਜਿਮ ਖੋਲ੍ਹਣ।
* ਇਹ ਕੇਂਦਰ ਤੇ ਇਲਾਕੇ ਦੇ ਨੌਜਵਾਨ ਗੁਰਸਿੱਖ ਘਰਾਂ ਅਤੇ ਹੋਰ ਲੋਕਾਂ ਦੇ ਆਰਥਿਕ ਸੋਮਿਆਂ ਤੋਂ ਪੈਦਾ ਹੋਈ ਕਮਾਈ ਦੇ ਦਿੱਤੇ ਜਾਣ ਵਾਲੇ ਦਸਵੰਧ/ਮਾਇਆ ਨੂੰ ਇਕ ਜਗ੍ਹਾ ਕੇਂਦਰਿਤ ਕਰਕੇ ਇਲਾਕੇ ਦੇ ਲੋੜਵੰਦ ਪਰਿਵਾਰਾਂ ਤੇ ਵਿਅਕਤੀਆਂ ਦੀਆਂ ਆਰਥਿਕ ਮੁਸ਼ਕਿਲਾਂ ਤੇ ਹੋਰ ਸਮੱਸਿਆਵਾਂ ਨੂੰ ਵੀ ਹੱਲ ਕਰਨਗੇ। ਬੇਰੁਜ਼ਗਾਰਾਂ ਲਈ ਰੁਜ਼ਗਾਰ ਅਤੇ ਲੋਕਾਂ ਦੀ ਜਾਇਜ਼ ਆਰਥਿਕ ਲੋੜਾਂ ਦੀ ਪੂਰਤੀ ਲਈ ਇਹ ਕੇਂਦਰ ਹਰ ਸੰਭਵ ਯਤਨ ਕਰੇ। ਗਰੀਬ ਬੱਚੇ-ਬੱਚੀਆਂ ਦੀ ਸ਼ਾਦੀ ਅਤੇ ਹੋਰ ਲੋੜਵੰਦਾਂ ਦੇ ਰਹਿਣ-ਸਹਿਣ ਲਈ ਮਕਾਨ ਆਦਿ ਬਣਾਉਣ ਦਾ ਸਮਰਿੱਧ ਕਮੇਟੀਆਂ ਅਤੇ ਕੇਂਦਰ ਯਤਨ ਕਰਨਗੇ।
ਗੁਰਦੁਆਰਾ ਕੇਂਦਰਾਂ ਦੇ ਸਮਾਜ ਭਲਾਈ ਸੇਵਾਵਾਂ ਸਬੰਧੀ ਇਨ੍ਹਾਂ ਸੁਝਾਵਾਂ ਬਾਰੇ ਪੰਥ ਨੂੰ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। (ਸਮਾਪਤ)


-ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ। ਮੋਬਾ: 98725-91713

ਸੁਲਤਾਨ ਬਾਹੂ ਦੀ ਪੁਸਤਕ ਹੱਕ ਨੁਮਾਏ

ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਸਬੰਧਤ ਹਜ਼ਰਤ ਸੁਲਤਾਨ ਬਾਹੂ (1631-1691 ਈ:) ਪੰਜਾਬੀ ਦੇ ਗਿਣੇ-ਚੁਣੇ ਸਿਰਕੱਢ ਸੂਫ਼ੀਆਂ ਵਿਚੋਂ ਸਨ। ਉਨ੍ਹਾਂ ਦਾ ਜਨਮ ਪਿੰਡ ਅਵਾਣ, ਤਹਿਸੀਲ ਸ਼ੋਰਕੋਟ, ਜ਼ਿਲ੍ਹਾ ਝੰਗ (ਅੱਜਕਲ੍ਹ ਪਾਕਿਸਤਾਨ) ਵਿਚ ਹਜ਼ਰਤ ਬਾਜੀਦ ਮੁਹੰਮਦ ਅਤੇ ਮਾਤਾ ਰਾਸਤੀ ਦੇ ਘਰ ਹੋਇਆ। ਉਨ੍ਹਾਂ ਦੀ ਗੱਦੀ ਅੱਜ ਵੀ ਇਥੇ ਚਲਦੀ ਹੈ। ਬਾਹੂ ਦੀਆਂ ਸੌ ਤੋਂ ਵੱਧ ਪੁਸਤਕਾਂ ਅਰਬੀ ਅਤੇ ਫਾਰਸੀ ਵਿਚ ਰਚੇ ਹੋਣ ਦੀ ਸੂਚਨਾ ਮਿਲਦੀ ਹੈ ਪਰ ਪੰਜਾਬੀ ਵਿਚ ਇਨ੍ਹਾਂ ਦੀਆਂ ਸੀਹਰਫੀਆਂ ਪ੍ਰਸਿੱਧ ਹਨ, ਜਿਨ੍ਹਾਂ ਦੇ ਕੁਝ ਬੋਲ ਤਾਂ ਲੋਕੋਕਤੀਆਂ ਦਾ ਦਰਜਾ ਅਖ਼ਤਿਆਰ ਕਰ ਗਏ ਹਨ। 'ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ', 'ਅਲਫ਼ ਅੱਲਾ ਚੰਬੇ ਦੀ ਬੂਟੀ, ਮੇਰੇ ਮੁਰਸ਼ਦ ਮਨ ਵਿਚ ਲਾਈ ਹੂ' ਆਦਿ ਅਜਿਹੀਆਂ ਹੀ ਕਾਵਿ ਸਤਰਾਂ ਹਨ। 'ਹੂ' ਨਾਲ ਖਤਮ ਹੋਣ ਵਾਲੀਆਂ ਸਤਰਾਂ ਕਰਕੇ ਸੁਲਤਾਨ ਬਾਹੂ ਨੂੰ ਹੂਕਾਂ ਵਾਲਾ ਕਵੀ ਕਰਕੇ ਵੀ ਜਾਣਿਆ ਜਾਂਦਾ ਹੈ। ਜਿਵੇਂ ਮਾਤਾ ਮਰੀਅਮ ਦਾ ਬਾਬਾ ਫ਼ਰੀਦ ਦੀ ਸ਼ਖ਼ਸੀਅਤ ਉਸਾਰੀ ਅਤੇ ਹੋਰ ਰੁਚੀਆਂ ਪ੍ਰਚਲਿਤ ਕਰਨ ਵਿਚ ਵੱਡਾ ਯੋਗਦਾਨ ਸੀ, ਇਵੇਂ ਹੀ ਸੁਲਤਨ ਬਾਹੂ ਉੱਪਰ ਉਨ੍ਹਾਂ ਦੀ ਮਾਤਾ ਰਾਸਤੀ ਦਾ ਭਾਰੀ ਅਸਰ ਸੀ। ਉਨ੍ਹਾਂ ਦੀ ਗੱਦੀ ਅੱਜ ਵੀ ਦਰਿਆ ਝਨਾ ਦੇ ਕੰਢੇ ਸ਼ੋਰਕੋਟ ਵਿਚ ਚੱਲ ਰਹੀ ਹੈ, ਜਿਥੇ ਉਨ੍ਹਾਂ ਦੀ ਮਜ਼ਾਰ ਵੀ ਹੈ।
ਪੰਜਾਬ ਵਿਚ ਸੂਫ਼ੀਆਂ ਦੇ ਸਿਲਸਿਲਿਆਂ ਵਿਚ ਇਕ ਕਾਦਰੀ ਸਿਲਸਿਲਾ ਵੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਕਾਦਰੀ ਸਨ ਅਤੇ ਬੁੱਲੇ ਸ਼ਾਹ ਵੀ ਕਾਦਰੀ ਸਨ। ਬੇਸ਼ੱਕ ਵੱਖ-ਵੱਖ ਸੂਫ਼ੀ ਸਿਲਸਿਲਿਆਂ ਦੇ, ਇਸਲਾਮੀ ਮਾਨਤਾਵਾਂ ਸਮੇਤ, ਬਹੁਤ ਸਾਰੇ ਸਿਧਾਂਤ ਸਾਂਝੇ ਹਨ ਪਰ ਫਿਰ ਵੀ ਕਿਧਰੇ-ਕਿਧਰੇ ਵਖਰੇਵਾਂ ਦਿਸ ਪੈਂਦਾ ਹੈ। ਕਾਦਰੀਆਂ ਵਿਚ ਆਤਮਿਕ ਸ਼ੁੱਧੀ ਲਈ ਸਰੀਰ ਨੂੰ ਕਸ਼ਟ ਦੇਣਾ (ਜ਼ੁਹਦ ਜਾਂ ਤਪ) ਦਾ ਵਿਧਾਨ ਨਹੀਂ ਹੈ, ਸਗੋਂ ਸਾਦਗੀ ਅਤੇੇ ਨਿਮਰਤਾ ਹੈ। ਫਾਕਾਕਸ਼ੀ ਵੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਜੰਗਲਾਂ-ਬੇਲਿਆਂ ਵਿਚ ਭਟਕਣ ਦੀ ਲੋੜ ਹੈ। ਤਸਬੀ ਵੀ ਜ਼ਰੂਰੀ ਨਹੀਂ ਅਤੇ ਕਿਸੇ ਖਾਸ ਪਹਿਰਾਵੇ ਨਾਲ ਲਗਾਓ ਵੀ ਨਹੀਂ। ਇਨ੍ਹਾਂ ਤੋਂ ਬਿਨਾਂ ਤਿੰਨ ਅਸੂਲ ਹੋਰ ਵੀ ਹਨ, ਆਪਣੇ-ਆਪ ਨੂੰ ਛੁਪਾ ਕੇ ਰੱਖਣ (ਗੋਸ਼ਾਨਸ਼ੀਨੀ), ਫਜ਼ੂਲ ਕਿਸਮ ਦੀਆਂ ਵਸਤਾਂ ਦਾ ਤਿਆਗ ਅਤੇ ਸ਼ਰਾਅ ਮੁਹੰਮਦੀ ਉੱਤੇ ਪਹਿਰਾ ਦੇਣਾ।
'ਹੱਕ ਨੁਮਾਏ' ਪੁਸਤਕ ਸੁਲਤਾਨ ਬਾਹੂ ਦੀ ਮੰਨੀ ਗਈ ਹੈ। ਇਨ੍ਹਾਂ ਹੀ ਕਾਲਮਾਂ ਵਿਚ 'ਕਸ਼ਫੁਲ ਮਹਿਜੂਬ', 'ਖੈਰੁਲ ਮਜਾਲਿਸ', 'ਫਵਾਇਦੁਲ ਫ਼ਵਾਦ' ਅਤੇ 'ਸਿਅਰ-ਉਲ-ਔਲੀਆਂ' ਆਦਿ ਪੁਸਤਕਾਂ ਦੇ ਪੰਜਾਬੀ ਅਨੁਵਾਦਾਂ ਬਾਰੇ ਚਰਚਾ ਕੀਤੀ ਗਈ ਹੈ। 'ਹੱਕ ਨੁਮਾਏ' ਵੀ ਇਸੇ ਕੜੀ ਦੀ ਇਕ ਹੋਰ ਪੁਸਤਕ ਹੈ। ਸੁਲਤਾਨ ਬਾਹੂ ਦੇ ਸ਼ਗਿਰਦਾਂ ਵਿਚੋਂ ਇਕ ਨੂਰ ਮੁਹੰਮਦ ਸੀ, ਜਿਸ ਨੇ ਬਾਹੂ ਦੀਆਂ ਅਰਬੀ-ਫਾਰਸੀ ਪੁਸਤਕਾਂ ਨੂੰ ਉਰਦੂ ਵਿਚ ਤਰਜ਼ਮਾਇਆ ਸੀ, ਜਿਨ੍ਹਾਂ ਵਿਚ ਚਰਚਾ ਅਧੀਨ ਪੁਸਤਕ ਵੀ ਸ਼ਾਮਿਲ ਹੈ। ਉਰਦੂ ਤੋਂ ਇਸ ਦਾ ਹਿੰਦੀ ਅਤੇ ਪੰਜਾਬੀ ਤਜ਼ਰਮਾ ਸੁਲੱਖਣ ਸਰਹੱਦੀ ਨੇੇ ਕੀਤਾ ਹੈ। ਪਹਿਲਾਂ ਸਰਹੱਦੀ ਨੇ 'ਹੱਕ ਨੁਮਾਏ' ਦਾ ਹਿੰਦੀ ਤਰਜ਼ਮਾ ਕੀਤਾ, ਜਿਸ ਨੂੰ ਮੇਰਠ ਦੀ ਕਿਸੇ ਏਜੰਸੀ ਨੇ ਪ੍ਰਕਾਸ਼ਿਤ ਕੀਤਾ ਸੀ ਅਤੇ ਫਿਰ ਸਰਹੱਦੀ ਨੇ ਹੀ ਇਸ ਨੂੰ ਪੰਜਾਬੀ ਰੂਪ ਦਿੱਤਾ, ਜੋ ਲੋਕ ਗੀਤ ਪ੍ਰਕਾਸ਼ਨ ਵਲੋਂ 2016 ਵਿਚ ਛਾਪਿਆ ਗਿਆ। ਬੇਸ਼ੱਕ 'ਹੱਕ ਨੁਮਾਏ' ਸੁਲਤਾਨ ਬਾਹੂ ਦੀ ਰਚਨਾ ਕਹੀ ਗਈ ਹੈ ਪਰ ਸਾਨੂੰ ਇਹ ਮੰਨਣ ਵਿਚ ਸੰਕੋਚ ਹੈ। ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਇਹ ਕਿ ਇਸ ਵਿਚ ਅੰਗਰੇਜ਼ੀ ਸ਼ਬਦ ਹਨ ਅਤੇ ਦੂਜਾ ਇਹ ਕਿ ਇਸ ਦੇ ਹਰ ਅਧਿਆਇ ਦੇ ਆਖਰ ਵਿਚ ਹਵਾਲੇ ਅਤੇ ਟਿੱਪਣੀਆਂ ਹਨ। ਇਹ ਦੋਵੇਂ ਗੱਲਾਂ ਸੁਲਤਾਨ ਬਾਹੂ ਦੇ ਰਚਨਾ ਕਾਲ ਨਾਲ ਮੇਲ ਨਹੀਂ ਖਾਂਦੀਆਂ। ਹੋਇਆ ਇੰਜ ਲਗਦਾ ਹੈ ਕਿ 'ਹੱਕ ਨੁਮਾਏ' ਦਾ ਨੂਰ ਮੁਹੰਮਦ ਨੇ ਜਦ ਉਰਦੂ ਤਰਜ਼ਮਾ ਕੀਤਾ ਤਾਂ ਉਸ ਨੇ ਖੁੱਲ੍ਹ ਲੈਂਦਿਆਂ ਅੰਗਰੇਜ਼ੀ ਸ਼ਬਦ ਵਰਤ ਲਏ ਅਤੇ ਨਾਲ ਹੀ ਇਸ ਗ੍ਰੰਥ ਨੂੰ ਆਪਣੇ ਢੰਗ ਨਾਲ ਸੰਪਾਦਿਤ ਵੀ ਕਰ ਦਿੱਤਾ। ਇਸ ਲਈ ਮੂਲ ਪਾਠ ਤਾਂ ਸੁਲਤਾਨ ਬਾਹੂ ਦਾ ਹੈ, ਪਰ ਹਵਾਲੇ ਤੇ ਟਿੱਪਣੀਆਂ ਵਿਚ ਵਿਆਖਿਆ ਨੂਰ ਮੁਹੰਮਦ ਦੀ ਹੈ। ਸਿੱਟੇ ਵਜੋਂ ਅਸੀਂ 'ਹੱਕ ਨੁਮਾਏ' ਦੇ ਪੰਜਾਬੀ ਸੰਸਕਰਨ ਨੂੰ ਸੁਲਤਾਨ ਬਾਹੂ ਅਤੇ ਨੂਰ ਮੁਹੰਮਦ ਦੇ ਸਾਂਝੇ ਯਤਨਾਂ ਦਾ ਸਿੱਟਾ ਸਮਝਾਂਗੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਪੰਚਮ ਗੁਰਦੇਵ ਰਾਗੁ ਗੌਡ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿੰਨੇ ਵੀ ਸ਼ਾਹ ਪਾਤਸ਼ਾਹ, ਅਮੀਰ, ਸਰਦਾਰ, ਚੌਧਰੀ ਆਦਿ ਹਨ, ਇਹ ਸਭ ਨਾਸਵੰਤ ਹਨ। ਇਨ੍ਹਾਂ ਦਾ ਮਾਇਆ ਨਾਲ ਪਿਆਰ ਝੂਠਾ ਜਾਣੋ। ਨਾਸ ਤੋਂ ਰਹਿਤ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਇਸ ਲਈ ਹੇ ਮਨਾਂ, ਸਦਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਜਿਸ ਸਦਕਾ ਤੂੰ ਦਰਗਾਹੇ ਪਰਵਾਨ ਹੋ ਜਾਵੇਂਗਾ-
ਜਿਤਨੇ ਸਾਹ ਪਾਤਿਸਾਹ ਉਮਰਾਵ
ਸਿਕਦਾਰ ਚਉਧਰੀ ਸਭਿ ਮਿਥਿਆ
ਝੂਠੁ ਭਾਉ ਦੂਜਾ ਜਾਣੁ॥
ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ
ਤਿਸੁ ਮੇਰੇ ਮਨ ਭਜੁ ਪਰਵਾਣੁ॥੧॥ (ਅੰਗ 861)
ਸਾਹ-ਸ਼ਾਹ। ਉਮਰਾਵ-ਅਮੀਰ। ਸਿਕਦਾਰ-ਸਰਦਾਰ। ਮਿਥਿਆ-ਨਾਸਵੰਤ ਹਨ। ਭਾਉ-ਪਿਆਰ। ਦੂਜਾ-ਮਾਇਆ। ਅਬਿਨਾਸੀ-ਨਾਸ ਤੋਂ ਰਹਿਤ। ਥਿਰੁ-ਸਦਾ ਕਾਇਮ ਰਹਿਣ ਵਾਲਾ। ਨਿਹਚਲੁ-ਅਟੱਲ।
ਪਰਮਾਤਮਾ ਦੀ ਬੇਅੰਤਤਾ ਦਾ ਕੋਈ ਅੰਤ ਨਹੀਂ ਪਾ ਸਕਦਾ, ਜੋ ਜੀਵਾਂ ਨੂੰ ਆਪ ਹੀ ਭੇਜਦਾ (ਪੈਦਾ ਕਰਦਾ) ਹੈ ਅਤੇ ਆਪ ਹੀ ਫਿਰ ਵਾਪਸ ਬੁਲਾ ਲੈਂਦਾ ਹੈ। ਉਸ ਨੂੰ ਕੋਈ ਹੋਰ ਦੂਜਾ ਮੱਤਾਂ (ਸਲਾਹ ਮਸ਼ਵਰਾ) ਦੇਣ ਵਾਲਾ ਨਹੀਂ। ਉਹ ਆਪ ਹੀ ਆਪਣੀ ਪੈਦਾ ਕੀਤੀ ਹੋਈ ਜਗਤ ਰਚਨਾ ਨੂੰ ਢਾਹੁਣ ਵਾਲਾ ਹੈ ਅਤੇ ਮੁੜ ਇਸ ਦੀ ਉਸਾਰੀ ਕਰਨ ਵਾਲਾ ਵੀ ਆਪ ਹੀ ਹੈ ਭਾਵ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਰਾਗੁ ਸੂਹੀ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਘਲੇ ਆਣੇ ਆਪਿ
ਜਿਸੁ ਨਾਹੀ ਦੂਜਾ ਮਤੈ ਕੋਇ॥
ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ॥ (ਅੰਗ 729)
ਘਲੇ-ਭੇਜਦਾ ਹੈ। ਆਣੇ-ਵਾਪਸ ਸੱਦ ਲੈਂਦਾ ਹੈ। ਮਤੈ-ਮੱਤਾਂ। ਸਾਜਿ-ਸਾਜ ਕੇ, ਬਣਾ ਕੇ। ਜਾਣੈ ਸਭ ਸੋਇ-ਸਭ ਦੇ ਦਿਲਾਂ ਦੀਆਂ ਜਾਨਣ ਵਾਲਾ ਹੈ।
ਪੰਚਮ ਗੁਰਦੇਵ ਦੇ ਰਾਗੁ ਮਾਰੂ ਕੀ ਵਾਰ ਮਹਲਾ ੫ ਵਿਚ ਪਾਵਨ ਬਚਨ ਹਨ ਕਿ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਅਤੇ ਫਿਰ ਇਸ ਨੂੰ ਨਾਸ ਕਰਨ ਦੇ ਸਮਰੱਥ ਵੀ ਪ੍ਰਭੂ ਆਪ ਹੀ ਹੈ-
ਭੰਨਣ ਘੜਣ ਸਮਰਥੁ ਹੈ
ਓਪਤਿ ਸਭ ਪਰਲੈ॥ (ਅੰਗ 1102)
ਭੰਨਣ-ਨਾਸ ਕਰਨ ਦੇ। ਘੜਣ-ਪੈਦਾ ਕਰਨ ਦੇ। ਓਪਤਿ-ਉਤਪਤੀ, ਪੈਦਾ ਕਰਨ ਦੇ। ਪਰਲੈ-ਨਾਸ ਕਰਨ ਦੇ।
ਪ੍ਰਭੂ ਜੋ ਜਗਤ ਦੀ ਉਤਪਤੀ ਕਰਨ ਦੇ ਸਮਰੱਥ ਹੈ ਅਤੇ ਹਰੇਕ ਜੀਵ ਅੰਦਰ ਉਹ ਆਪ ਹੀ ਬੋਲਦਾ ਹੈ ਭਾਵ ਉਸ ਦਾ ਹਰੇਕ ਜੀਵ ਵਿਚ ਵਾਸ ਹੈ, ਉਹ ਤਾਂ (ਐਨਾ ਦਿਆਲੂ) ਹੈ ਕਿ ਸਭਨਾਂ ਨੂੰ ਰਿਜਕ ਵੀ ਆਪ ਹੀ ਪਹੁੰਚਾਉਂਦਾ ਹੈ, ਮਨੁੱਖ ਤਾਂ ਐਵੇਂ ਹੀ ਘਾਬਰਦਾ ਰਹਿੰਦਾ ਹੈ-
ਕਰਣ ਕਾਰਣ ਸਮਰਥੁ ਹੈ
ਘਟਿ ਘਟਿ ਸਭ ਬੋਲੈ॥ (ਅੰਗ 1102)
ਜਿਸ 'ਤੇ ਉਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਸ ਨੂੰ ਉਹ ਸਤਿਗੁਰੂ ਦੀ ਸੇਵਾ ਵਿਚ ਲਾਉਂਦਾ ਹੈ-
ਜਿਸੁ ਹੋਵਹਿ ਆਪਿ ਦਇਆਲੁ
ਤਿਸੁ ਸਤਿਗੁਰ ਸੇਵਾ ਲਾਵਹੀ॥ (ਅੰਗ 1095)
ਅਜਿਹਾ ਸਾਧਕ ਜੋ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਨੂੰ ਕਿਸੇ ਪ੍ਰਕਾਰ ਦੀ ਤੋਟ ਅਥਵਾ ਘਾਟ ਨਹੀਂ ਰਹਿੰਦੀ-
ਤਿਸੁ ਕਦੇ ਨ ਆਵੈ ਤੋਟਿ
ਜੋ ਹਰਿ ਗੁਣ ਗਾਵਹੀ॥
(ਅੰਗ 1095)
ਤੋਟਿ-ਘਾਟ।
ਰਾਗੁ ਆਸਾ ਮਹਲਾ ੧ ਪਟੀ ਲਿਖੀ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਢਢੈ ਢਾਹਿ ਉਸਾਰੈ ਆਪੇ
ਜਿਉ ਤਿਸੁ ਭਾਵੈ ਤਿਵੈ ਕਰੇ॥
ਕਰਿ ਕਰਿ ਵੇਖੈ ਹੁਕਮੁ ਚਲਾਏ
ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ॥ (ਅੰਗ 433)
ਭਾਵ ਪਰਮਾਤਮਾ ਆਪ ਹੀ ਜਗਤ ਨੂੰ ਨਾਸ ਕਰਨ ਵਾਲਾ ਹੈ ਅਤੇ ਆਪ ਹੀ ਇਸ ਦੀ ਉਸਾਰੀ ਕਰਨ ਵਾਲਾ ਹੈ ਭਾਵ ਜਿਵੇਂ ਉਸ ਨੂੰ ਚੰਗਾ ਲਗਦਾ ਹੈ, ਉਹ ਕਰਦਾ ਹੈ। ਪਰਮਾਤਮਾ ਜੀਵਾਂ ਨੂੰ ਪੈਦਾ ਕਰਕੇ ਫਿਰ ਆਪ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ ਅਤੇ ਸਭਨਾਂ 'ਤੇ ਆਪਣਾ ਹੁਕਮ ਚਲਾਉਂਦਾ ਹੈ, ਸਭਨਾਂ ਨੂੰ ਆਪਣੇ ਹੁਕਮ ਵਿਚ ਰੱਖਦਾ ਹੈ। ਜਿਸ-ਜਿਸ 'ਤੇ ਉਸ ਦੀ ਨਜ਼ਰ ਸਵੱਲੀ ਹੁੰਦੀ ਹੈ, ਉਹ (ਇਸ ਭਵਸਾਗਰ 'ਚੋਂ) ਤਰ ਕੇ ਪਾਰ ਲੰਘ ਜਾਂਦਾ ਹੈ।
ਜਿੰਨੇ ਧਨਾਢ, ਉੱਚੀ ਕੁਲ ਵਾਲੇ ਅਤੇ ਜ਼ਮੀਨਾਂ ਦੇ ਮਾਲਕ ਦਿਸਦੇ ਹਨ ਇਹ ਸਭ ਇਸ ਤਰ੍ਹਾਂ ਨਾਸ ਹੋ ਜਾਣਗੇ ਜਿਵੇਂ ਕਸੁੰਭੇ ਦੇ ਕੱਚੇ ਰੰਗ ਨੂੰ ਜਾਂਦਿਆਂ (ਫਿੱਕੇ ਪੈਂਦਿਆਂ) ਦੇਰ ਨਹੀਂ ਲਗਦੀ-
ਜਿਤਨੇ ਧਨਵੰਤ ਕੁਲਵੰਤ ਮਿਲਖਵੰਤ
ਦੀਸਹਿ ਮਨ ਮੇਰੇ
ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ॥
(ਰਾਗੁ ਗੌਡ ਮਹਲਾ ੪, ਅੰਗ 861)
ਕੁਲਵੰਤ-ਉੱਚੀ ਕੁਲ ਵਾਲੇ। ਮਿਲਖਵੰਤ-ਜ਼ਮੀਨਾਂ ਦੇ ਮਾਲਕ। ਬਿਨਸਿ ਜਾਹਿ-ਨਾਸ ਹੋ ਜਾਣਗੇ। ਰੰਗੁ ਕਚਾਣੁ-ਕੱਚਾ ਰੰਗ।
ਇਸ ਲਈ ਹੇ ਮੇਰੇ ਮਨ, ਮਾਇਆ ਤੋਂ ਨਿਰਲੇਪ ਅਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਹਰ ਵੇਲੇ ਸਿਮਰਨ ਕਰ, ਜਿਸ ਸਦਕਾ ਤੈਨੂੰ ਦਰਗਾਹੇ ਮਾਣ-ਸਤਿਕਾਰ ਪ੍ਰਾਪਤ ਹੋਵੇਗਾ-
ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ
ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ॥ (ਅੰਗ 861)
ਸ਼ਬਦ ਦੇ ਅੱਖਰੀਂ ਅਰਥ : ਪ੍ਰਾਣੀ ਨੂੰ ਜਿਵੇਂ-ਜਿਵੇਂ ਗੁਰੂ ਦੇ ਗੁਣਾਂ ਨੂੰ ਆਖਣ (ਬੋਲਣ) ਦੀ ਸੋਝੀ ਪੈਂਦੀ ਹੈ, ਤਿਵੇਂ-ਤਿਵੇਂ ਉਸ ਦੇ ਗੁਣਾਂ ਨੂੰ ਆਖ-ਆਖ ਕੇ (ਮਨ ਵਿਚ) ਵਜਾਉਣਾ ਚਾਹੀਦਾ ਹੈ ਪਰ ਜਿਸ ਪ੍ਰਭੂ ਦੇ ਗੁਣਾਂ ਬਾਰੇ ਹੋਰਨਾਂ ਨੂੰ ਬੋਲ-ਬੋਲ ਕੇ ਸੁਣਾਈਦਾ ਹੈ, ਉਸ ਦੇ ਬਾਰੇ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਕਿੰਨਾ ਕੁ ਵੱਡਾ ਹੈ ਅਤੇ ਕਿਸ ਥਾਂ 'ਤੇ ਉਸ ਦਾ ਵਾਸਾ ਹੈ। ਜਿੰਨੇ ਵੀ ਉਸ ਦੀ ਵਡਿਆਈ ਕਰਨ ਵਾਲੇ ਹਨ, ਉਹ ਸਾਰੇ ਉਸ ਵਿਚ ਲਿਵ ਨੂੰ ਜੋੜ ਕੇ ਪ੍ਰਭੂ ਦਾ ਜਸ ਗਾ (ਆਖ) ਰਹੇ ਹਨ।
ਹੇ ਭਾਈ, ਪਰਮਾਤਮਾ ਅਪਹੁੰਚ ਹੈ, ਸਾਡੀ ਪਹੁੰਚ ਤੋਂ ਪਰੇ ਹੈ ਅਤੇ ਉਸ ਦਾ ਪਾਰਲਾ ਬੰਨ੍ਹਾ ਲੱਭਿਆ ਨਹੀਂ ਜਾ ਸਕਦਾ। ਉਸ ਦਾ ਨਾਮ ਪਵਿੱਤਰ ਹੈ ਅਤੇ ਉਸ ਦਾ ਸਥਾਨ ਵੀ ਪਵਿੱਤਰ ਹੈ। ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਭ ਦੀ ਪਾਲਣਾ ਕਰਨ ਵਾਲਾ ਹੈ। ਹੇ ਪ੍ਰਭੂ, ਤੇਰਾ ਹੁਕਮ ਐਨਾ ਅਟੱਲ ਹੈ ਕਿ ਇਸ ਦੀ ਕਿਸੇ ਨੂੰ ਵੀ ਸੋਝੀ ਨਹੀਂ ਪਈ ਅਤੇ ਨਾ ਹੀ ਕੋਈ ਲਿਖ ਕੇ (ਇਸ ਭੇਦ ਨੂੰ) ਸਮਝਾ ਸਕਦਾ ਹੈ। ਜੇਕਰ ਸੈਂਕੜੇ ਕਵੀਆਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਵੀ ਯਤਨ ਕਰਨ ਦੇ ਬਾਵਜੂਦ ਕਲਪਨਾ ਦੁਆਰਾ ਇਕ ਤਿਲ ਮਾਤਰ ਤੇਰੀ ਵਡਿਆਈ ਨੂੰ ਸਮਝ ਨਹੀਂ ਸਕਦੇ। ਅਸਲ ਵਿਚ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਸਭ ਇਕ-ਦੂਜੇ ਤੋਂ ਸੁਣ-ਸੁਣ ਕੇ ਹੀ ਤੇਰੀ ਉਪਮਾ ਕਰਦੇ ਹਨ।
ਪੀਰ, ਪੈਗੰਬਰ, ਪਰਮਾਤਮਾ ਦਾ ਮਾਰਗ ਦਿਖਾਉਣ ਵਾਲੇ ਸਾਲਕ, ਪਰਮਾਤਮਾ 'ਤੇ ਭਰੋਸਾ ਰੱਖਣ ਵਾਲੇ ਸਿਦਕੀ ਲੋਕ, ਮਸਤ ਮਲੰਗ, ਸ਼ੇਖ, ਪ੍ਰਭੂ ਦਰ 'ਤੇ ਪੁੱਜੇ ਹੋਏ ਰਸੀਦ, ਸ਼ਹਾਦਤਾਂ ਦੇਣ ਵਾਲੇ ਸ਼ਹੀਦ, ਮੌਲਾਣੇ, ਦਰਵੇਸ਼ ਆਦਿ ਲੋਕਾਂ ਨੇ ਪ੍ਰਭੂ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ। ਕੇਵਲ ਉਨ੍ਹਾਂ ਨੂੰ ਹੀ (ਪ੍ਰਭੂ ਦੇ ਗੁਣਾਂ ਦੀ) ਬਰਕਤ ਪ੍ਰਾਪਤ ਹੋਈ ਹੈ, ਜੋ ਰੱਬ (ਅੱਲਾਹ) ਅੱਗੇ ਅਰਦਾਸ ਕਰਦੇ ਰਹਿੰਦੇ ਹਨ ਭਾਵ ਉਸ ਦਾ ਸਿਮਰਨ ਕਰਦੇ ਹਨ, ਉਸ ਨੂੰ ਯਾਦ ਕਰਦੇ ਹਨ।
ਪਰਮਾਤਮਾ ਕਿਸੇ ਨੂੰ ਪੁੱਛ ਕੇ ਸ੍ਰਿਸ਼ਟੀ ਦੀ ਰਚਨਾ ਨਹੀਂ ਕਰਦਾ ਅਤੇ ਨਾ ਹੀ ਕਿਸੇ ਪਾਸੋਂ ਪੁੱਛ ਕੇ ਇਸ ਨੂੰ ਢਾਹੁੰਦਾ ਹੈ। ਉਹ ਨਾ ਹੀ ਕਿਸੇ ਨੂੰ ਪੁੱਛ ਕੇ ਦਾਤਾਂ ਦਿੰਦਾ ਹੈ ਅਤੇ ਨਾ ਹੀ ਕਿਸੇ ਨੂੰ ਪੁੱਛ ਕੇ ਇਨ੍ਹਾਂ ਦਾਤਾਂ ਨੂੰ ਵਾਪਸ ਲੈਂਦਾ ਹੈ। ਆਪਣੀ ਰਚੀ ਹੋਈ ਕੁਦਰਤ ਬਾਰੇ ਉਹ ਆਪ ਹੀ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਸਭਨਾਂ ਜੀਆਂ ਨੂੰ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ ਪਰ ਜੋ ਉਸ ਨੂੰ ਭਾਵਦਾ ਹੈ, ਉਸ ਨੂੰ ਹੀ ਨਾਮ ਦੀ ਦਾਤ ਬਖਸ਼ਦਾ ਹੈ।
ਕਰਤੇ ਦੀ ਵਿਸ਼ਾਲ ਰਚਨਾ ਵਿਚੋਂ ਸਭ ਥਾਵਾਂ ਅਤੇ ਨਾਮਾਂ 'ਚੋਂ ਪ੍ਰਭੂ ਦਾ ਨਾਮ ਕਿੰਨਾ ਕੁ ਬੇਅੰਤ ਹੈ, ਇਸ ਨੂੰ ਜਾਣਿਆ ਨਹੀਂ ਜਾ ਸਕਦਾ। ਇਹ ਵੀ ਆਖਿਆ ਨਹੀਂ ਜਾ ਸਕਦਾ ਕਿ ਜਿਥੇ-ਜਿਥੇ ਮੇਰਾ ਪ੍ਰਭੂ ਪਾਤਸ਼ਾਹ ਵਸਦਾ ਹੈ, ਉਹ ਸਥਾਨ ਕਿੰਨਾ ਕੁ ਵੱਡਾ ਅਥਵਾ ਵਿਸ਼ਾਲ ਹੈ। ਉਸ ਸਥਾਨ ਤੱਕ ਕੋਈ ਅੱਪੜ ਨਹੀਂ ਸਕਦਾ। ਇਸ ਲਈ ਉਸ ਬਾਰੇ ਕਿਸ ਨੂੰ ਪੁੱਛਣ ਜਾਈਏ।
ਪ੍ਰਭੂ ਕਿਸੇ ਨੂੰ ਵੱਡਾ ਕਰਨ ਲੱਗਿਆਂ ਉਸ ਦੀ ਜਾਤ-ਕੁਜਾਤ ਭਾਵ ਵੱਡੀ-ਛੋਟੀ ਜਾਤ ਨਹੀਂ ਦੇਖਦਾ। ਸਭ ਵਡਿਆਈਆਂ ਤਾਂ ਵੱਡੇ ਮਾਲਕ (ਪਰਮਾਤਮਾ) ਦੇ ਹੱਥ ਵਿਚ ਹਨ। ਉਸ ਨੂੰ ਜੋ ਭਾਉਂਦਾ ਹੈ, ਚੰਗਾ ਲਗਦਾ ਹੈ, ਉਸ ਨੂੰ ਹੀ ਦਿੰਦਾ ਹੈ, ਜਿਸ ਨੂੰ ਫਿਰ ਆਪਣੇ ਹੁਕਮ ਵਿਚ ਰੱਖ ਕੇ ਉਸ ਦਾ ਜੀਵਨ ਸੰਵਾਰਨ ਵਿਚ ਰਤਾ ਭਰ ਢਿੱਲ (ਦੇਰੀ) ਨਹੀਂ ਕਰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਉਲਟ ਹਾਲਾਤ ਵਿਚ ਵੀ ਧੀਰਜ ਸਫਲਤਾ ਤੱਕ ਪਹੁੰਚਾਉਂਦਾ ਹੈ

ਜੀਵਨ ਵਿਚ ਸੁੱਖ ਅਤੇ ਦੁੱਖ, ਸਫਲਤਾ ਅਤੇ ਅਸਫਲਤਾ, ਖੁਸ਼ੀ ਅਤੇ ਗ਼ਮੀ, ਸ਼ੋਹਰਤ ਤੇ ਬਦਨਾਮੀ ਨਾਲ-ਨਾਲ ਚਲਦੇ ਹਨ। ਸਵਾਮੀ ਵਿਵੇਕਾਨੰਦ ਵੀ ਗੀਤਾਂ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ ਕਿ ਸਾਡਾ ਜੀਵਨ ਵੀ ਗੁਣਾਂ ਅਤੇ ਅਵਗੁਣਾਂ ਦਾ ਮਿਸ਼ਰਣ ਹੈ। ਸਾਡੇ ਜੀਵਨ ਵਿਚ ਵੀ ਵਿਪਰੀਤ ਹਾਲਤਾਂ ਆਉਂਦੀਆਂ ਰਹਿੰਦੀਆਂ ਹਨ। ਵਿਪਰੀਤ ਹਾਲਤਾਂ ਵਿਚ ਨਿਕਲ ਕੇ ਸਫਲਤਾ ਵੱਲ ਜਾਂਦੀ ਹਰ ਰਾਹ ਅਜੀਬ ਹੁੰਦੀ ਹੈ। ਸੁਖਾਵੇਂ ਹਾਲਾਤ ਵਿਚ ਤਾਂ ਹਰ ਕੋਈ ਵਿਚਰ ਸਕਦਾ ਹੈ ਪਰ ਜੀਵਨ ਉਨ੍ਹਾਂ ਦਾ ਸਾਰਥਕ ਹੈ, ਜੋ ਵਿਪਰੀਤ ਹਾਲਤਾਂ ਵਿਚ ਵੀ ਘਬਰਾਉਂਦੇ ਨਹੀਂ ਅਤੇ ਲਗਨ ਨਾਲ ਮਿਹਨਤ ਕਰਦੇ ਹਨ। ਵਿਪਰੀਤ ਹਾਲਤਾਂ ਸਾਨੂੰ ਨਿਰਾਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹੀਆਂ ਹਾਲਤਾਂ ਵਿਚ ਕਮਜ਼ੋਰ ਮਾਨਸਿਕਤਾ ਵਾਲੇ ਘਬਰਾ ਕੇ ਹਤਾਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਚਰਿੱਤਰ ਵੀ ਬਦਲਣ ਲਗਦਾ ਹੈ। ਪਰ ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਵਿਅਕਤੀ ਭਾਵੇਂ ਜਿਹੜੇ ਵੀ ਖੇਤਰ ਦਾ ਹੋਵੇ, ਕੇਵਲ ਲਗਨ ਅਤੇ ਮਿਹਨਤ ਵਾਲੇ ਹੀ ਇਤਿਹਾਸ ਸਿਰਜਦੇ ਹਨ। ਭਾਵੇਂ ਦੇਰ ਲੱਗ ਜਾਵੇ, ਮਿਹਨਤ ਅਤੇ ਲਗਨ ਵਾਲੇ ਵਿਅਕਤੀ ਦੇ ਰਾਹ ਵਿਚੋਂ ਔਕੜਾਂ ਮਿਟ ਜਾਂਦੀਆਂ ਹਨ। ਮਿਹਨਤੀ ਲੋਕ ਮੁਸੀਬਤਾਂ ਭਰੇ ਹਾਲਾਤ ਵਿਚੋਂ ਲੰਘ ਕੇ ਹੋਰ ਵੀ ਮਜ਼ਬੂਤ ਹੋ ਕੇ ਨਿਕਲਦੇ ਹਨ। ਜਿਵੇਂ ਤਪਸ਼ ਨਾਲ ਸੋਨੇ ਦੀ ਚਮਕ ਵਧਦੀ ਹੈ, ਉਸੇ ਤਰ੍ਹਾਂ ਮਿਹਨਤੀ ਵਿਅਕਤੀ ਵਿਪਰੀਤ ਹਾਲਤਾਂ ਨੂੰ ਸੁਨਹਿਰੀ ਹਾਲਤਾਂ ਵਿਚ ਰੁਪਾਂਤ੍ਰਿਤ ਕਰ ਦਿੰਦੇ ਹਨ। ਸਾਡਾ ਸਰੀਰ ਤਾਂ ਇਕ ਯੰਤਰ ਹੈ, ਜਿਸ ਨੂੰ ਊਰਜਾ ਤਾਂ ਇਸ ਦੀ ਇੱਛਾਸ਼ਕਤੀ ਅਤੇ ਮਿਹਨਤ ਤੋਂ ਪ੍ਰਾਪਤ ਹੁੰਦੀ ਹੈ। ਮਾਨਸਿਕ ਰੁਕਾਵਟ ਵਾਲੇ ਹਾਲਾਤ ਖਤਰਨਾਕ ਹੁੰਦੇ ਹਨ ਪਰ ਸ਼ਾਂਤ ਚਿੱਤ, ਸੰਕਲਪ, ਲਗਨ ਤੇ ਮਿਹਨਤ ਅੱਗੇ ਰੁਕਾਵਟਾਂ ਨਹੀਂ ਟਿਕਦੀਆਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

ਧਾਰਮਿਕ ਸਾਹਿਤ

ਅਸੀਂ ਕਦੋਂ ਬਣਾਂਗੇ ਸਿੱਖਾਂ ਤੋਂ ਖ਼ਾਲਸੇ
ਲੇਖਕ : ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਹਾਲ ਬਾਜ਼ਾਰ, ਅੰਮ੍ਰਿਤਸਰ।
ਕੀਮਤ : 250 ਰੁਪਏ, ਪੰਨੇ : 224
ਸੰਪਰਕ : 98146-19342


ਇਕ ਪ੍ਰਭਾਵਸ਼ਾਲੀ ਅਤੇ ਅਸਰਦਾਰ ਲੇਖ ਸੰਗ੍ਰਹਿ ਦੇ ਰੂਪ ਵਿਚ ਲਿਖੀ ਗਈ ਇਹ ਕਿਤਾਬ ਵਾਕਈ ਇਕ ਧਾਰਮਿਕ ਅਹਿਮੀਅਤ ਵਾਲਾ ਸਾਹਿਤ ਸਾਬਤ ਹੁੰਦੀ ਹੈ। ਇਸ ਕਿਤਾਬ ਵਿਚ ਲੇਖਕ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਨੇ ਕੁੱਲ 57 ਲੇਖਾਂ ਰਾਹੀਂ ਆਧੁਨਿਕ ਸਮੇਂ ਦੇ ਸਿੱਖ ਮਾਹੌਲ ਦਾ ਹਾਲ ਬਿਆਨ ਕੀਤਾ ਹੈ। ਸਿੱਖ ਧਰਮ ਜੋ ਏਨੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਦੀ ਲੰਮੇਰੀ ਫੇਹਰਿਸਤ ਸਦਕਾ ਮਾਣ ਨਾਲ ਸਿਰ ਉੱਚਾ ਚੁੱਕ ਕੇ ਤੁਰਦਾ ਹੈ, ਪਰ ਉਸ ਵਿਚ ਆਈਆਂ ਤਮਾਮ ਊਣਤਾਈਆਂ ਨੂੰ ਲੇਖਕ ਨੇ ਇਸ ਕਿਤਾਬ ਰਾਹੀਂ ਤਰਤੀਬਵਾਰ ਕੀਤਾ ਹੈ। ਹਰ ਇਕ ਲੇਖ ਸਿੱਖ ਧਰਮ ਦੇ ਹਰ ਇਕ ਅਜੋਕੇ ਪਹਿਲੂ ਨੂੰ ਦੱਸਦਾ ਹੋਇਆ ਗੱਲ ਅੱਗੇ ਤੋਰਦਾ ਹੈ। ਸਿੱਖ ਕੌਮ ਨੂੰ ਆਧੁਨਿਕ ਸਮੇਂ ਵਿਚ ਅਤੇ ਖਾਸ ਕਰ ਪਿਛਲੀ ਸਦੀ ਦੌਰਾਨ ਜੋ ਸਮਾਂ ਵੇਖਣਾ ਪਿਆ, ਉਸ ਨੂੰ ਲੇਖਕ ਨੇ ਵੱਖ-ਵੱਖ ਲੇਖਾਂ ਦੇ ਮਾਧਿਅਮ ਰਾਹੀਂ ਇਕ ਬਿਹਤਰੀਨ ਬਣਤਰ ਸਮੇਤ ਪ੍ਰਸਤੁਤ ਕੀਤਾ ਹੈ ਅਤੇ ਇਹ ਕਿਤਾਬ ਹਰ ਪੱਖੋਂ ਪੜ੍ਹਨ ਯੋਗ ਬਣਾ ਦਿੱਤੀ ਹੈ। ਇਹ ਕਿਤਾਬ ਸਿੱਖੀ ਤੋਂ ਖਾਲਸਾ ਬਣਨ ਦੀ ਤਾਂਘ ਨੂੰ ਪ੍ਰਗਟ ਕਰਦੀ ਹੈ ਅਤੇ ਕੁੱਲ ਮਿਲਾ ਕੇ ਇਸ ਕਿਤਾਬ ਦੇ ਹਰ ਲੇਖ ਵਿਚ ਇਸ ਭਾਵ ਦੀ ਤਰਜਮਾਨੀ ਬਾਖੂਬੀ ਹੋ ਜਾਂਦੀ ਹੈ। ਕਿਤਾਬ ਦਾ ਆਗਾਜ਼ ਸਵੈ-ਪੜਚੋਲ ਸੁਰ ਵਾਲੇ ਲੇਖ 'ਪੰਥ ਨੂੰ ਅੰਦਰ ਝਾਤ ਦੀ ਲੋੜ' ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਉਪਰੰਤ ਕਿਤਾਬ ਦੇ ਸਿਰਲੇਖ ਯਾਨੀ 'ਅਸੀਂ ਕਦੋਂ ਬਣਾਂਗੇ ਸਿੱਖ ਤੋਂ ਖਾਲਸੇ?', 'ਸਰਬੱਤ ਦਾ ਭਲਾ', 'ਅਕਾਲ ਪੁਰਖ ਕੀ ਫੌਜ', 'ਸਿੰਘਾਂ ਦੀ ਜੀਵਨ ਜਾਚ' 'ਸਿੱਖ ਅਤੇ ਭਾਰਤ' ਜਿਥੇ ਚਲੰਤ ਮਾਮਲਿਆਂ ਦੀ ਗੱਲ ਤੋਰਦੇ ਹਨ, ਉਥੇ 'ਢੌਂਗੀਆਂ ਦੇ ਵੱਗ ਫਿਰਦੇ', 'ਮੈਂ ਜੀਵਾਂ ਮਰੇ ਪੰਥ', 'ਕਾਹਦੇ ਸਿੱਖ ਹੋ ਤੁਸੀਂ', 'ਸਿੱਖੋ ਜੀਣਾ ਸਿੱਖੋ' ਅਜਿਹੇ ਲੇਖ ਹਨ ਜੋ ਪਾਠਕ ਨੂੰ ਅਜੋਕੇ ਹਾਲਾਤ ਦੀ ਉਹ ਤਸਵੀਰ ਵਿਖਾ ਕੇ ਸੋਚੀਂ ਪਾ ਦਿੰਦੇ ਹਨ, ਜੋ ਸ਼ਾਇਦ ਉਨ੍ਹਾਂ ਆਮ ਤੌਰ 'ਤੇ ਮਹਿਸੂਸ ਨਹੀਂ ਕੀਤੀ ਹੁੰਦੀ। ਇਸੇ ਤਰ੍ਹਾਂ ਇਸ ਕਿਤਾਬ ਵਿਚ 'ਸਿਆਸਤਾਂ ਨਹੀਂ ਆਉਂਦੀਆਂ', 'ਦੇਸੀ ਸਿੱਖ ਅਤੇ ਵਲੈਤੀ ਸਿੱਖ', 'ਮਾਰਕਸਵਾਦ ਅਤੇ ਸਿੱਖੀ', 'ਸਵਾ ਲੱਖ ਵਾਲਾ ਭਾਰਤ' ਮਹਿਜ਼ ਪੰਜਾਬ ਦੀ ਸਿੱਖੀ ਅਤੇ ਦੇਸ਼ ਅੰਦਰਲੀ ਸਿੱਖੀ ਤੱਕ ਸੀਮਤ ਨਾ ਹੋ ਕੇ ਸਿੱਖ ਕੌਮ ਸਬੰਧੀ ਇਕ ਦੁਨਿਆਵੀ ਨਜ਼ਰੀਆ ਪੇਸ਼ ਕਰਦੇ ਹਨ। ਲੇਖਕ ਨੇ ਹਰ ਲੇਖ ਵਿਚ ਆਪਣੇ ਵਿਚਾਰਾਂ ਦੇ ਨਾਲ-ਨਾਲ ਉਦਾਹਰਨਾਂ ਅਤੇ ਮਿਸਾਲਾਂ ਵੀ ਬਾਖੂਬੀ ਪੇਸ਼ ਕੀਤੀਆਂ ਹਨ, ਜਿਨ੍ਹਾਂ ਸਦਕਾ ਸਾਰਾ ਵਿਸ਼ਾ ਵਸਤੂ ਤਰਕ ਆਧਾਰਿਤ ਅਤੇ ਠੋਸ ਪ੍ਰਤੀਤ ਹੁੰਦਾ ਹੈ ਅਤੇ ਕਿਤਾਬ ਪੜ੍ਹਦੇ-ਪੜ੍ਹਦੇ ਪਾਠਕ ਲੇਖਕ ਨਾਲ ਸਹਿਮਤ ਹੁੰਦਾ ਜਾਂਦਾ ਹੈ। ਸਿੱਖ ਕੌਮ ਦੀ ਮੌਜੂਦਾ ਦਿਸ਼ਾ ਤੇ ਦਸ਼ਾ ਬਾਰੇ ਬਹੁਤ ਕੁਝ ਲਿਖਿਆ ਜਾਂਦਾ ਹੈ ਪਰ ਇਸ ਕਿਤਾਬ ਦੀ ਬੇਬਾਕੀ ਅਤੇ ਇਸ ਅੰਦਰਲਾ ਨਿਰੋਲ ਸੱਚ ਇਸ ਨੂੰ ਵਾਕਈ ਨਿਵੇਕਲਾ ਰੂਪ ਦਿੰਦਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023

ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ) ਇਕ ਖੂਨੀ ਦੁਖਾਂਤ

ਇਹ ਦੁਖਾਂਤ 17 ਮਈ, 1746 ਈ: ਨੂੰ ਵਾਪਰਿਆ ਸੀ, ਜਿਸ ਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਕਿਹਾ ਜਾਂਦਾ ਹੈ। ਇਤਿਹਾਸ ਦੇ ਪੰਨੇ ਫਰੋਲਿਆਂ ਪਤਾ ਲੱਗਦਾ ਹੈ ਕਿ 1726 ਈ: ਨੂੰ ਅਬਦੁਸ-ਸੱਮਦ ਖਾਂ ਦੀ ਥਾਂ 'ਤੇ ਉਸ ਦੇ ਪੁੱਤਰ ਜ਼ਕਰੀਆਂ ਖਾਂ (ਖਾਨ ਬਹਾਦਰ) ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਅੱਗੇ ਜਕਰੀਆਂ ਖਾਂ ਦਾ ਪੁੱਤਰ ਯਹੀਆਂ ਖਾਂ ਸੀ, ਜੋ ਆਪਣੇ ਪਿਤਾ ਜਕਰੀਆਂ ਖਾਂ ਦੀ ਤਰ੍ਹਾਂ ਹੀ ਜ਼ਾਲਮ ਤੇ ਬਹੁਤ ਨਿਰਦਈ ਸੀ। ਯਹੀਆ ਖਾਂ ਨੇ ਲੱਖਪਤ ਰਾਏ ਤੇ ਉਸ ਦੇ ਭਰਾ ਜਸਪਤ ਰਾਏ ਨੂੰ ਏਮਨਾਬਾਦ ਦਾ ਫ਼ੌਜਦਾਰ ਨਿਯੁਕਤ ਕੀਤਾ ਸੀ। ਉਸ ਨੇ ਇਨ੍ਹਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਦੇ ਰੱਖੇ ਸਨ। ਸੰਨ 1746 ਈ: ਵਿਚ ਜਸਪਤ ਰਾਏ ਨੇ ਆਮ ਜਨਤਾ 'ਤੇ ਹੱਦੋਂ ਵੱਧ ਸਖ਼ਤੀ ਕਰਕੇ ਜ਼ਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਤਾਂ ਬਹੁਤ ਲੋਕ ਤੰਗ ਆ ਕੇ ਖਾਲਸਾ ਫ਼ੌਜ ਵਿਚ ਭਰਤੀ ਹੋ ਗਏ। ਸਿੱਖਾਂ ਦਾ ਇਹ ਜਥਾ ਘੁੰਮਦਾ-ਘੁੰਮਾਉਂਦਾ ਏਮਨਾਬਾਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਰੋੜੀ ਸਾਹਿਬ ਪਹੁੰਚ ਗਿਆ। ਫ਼ੌਜਦਾਰ ਜਸਪਤ ਰਾਏ ਨੂੰ ਇਤਲਾਹ ਮਿਲੀ ਕਿ ਸਿੱਖਾਂ ਦਾ ਇਕ ਜਥਾ ਗੁ: ਰੋੜੀ ਸਾਹਿਬ ਆ ਕੇ ਠਹਿਰਿਆ ਹੋਇਆ ਹੈ।
ਜਸਪਤ ਰਾਏ ਫ਼ੌਜ ਲੈ ਕੇ ਉੱਥੇ ਪਹੁੰਚ ਗਿਆ ਤੇ ਸਿੱਖਾਂ ਨੂੰ ਕਹਿਣ ਲੱਗਾ ਕਿ 'ਤੁਸੀ ਇੱਥੋਂ ਚਲੇ ਜਾਉ', ਤਾਂ ਅੱਗੋਂ ਸਿੱਖਾਂ ਨੇ ਕਿਹਾ ਕਿ 'ਸਾਡੇ ਪਾਸ ਰਸਦ ਪਾਣੀ ਖਤਮ ਹੋ ਚੁੱਕਾ ਹੈ। ਅਸੀਂ ਇਕ ਰਾਤ ਇੱਥੇ ਠਹਿਰ ਕੇ ਰਸਦ ਪਾਣੀ ਇਕੱਠਾ ਕਰਕੇ ਸੁਭਾ ਹੁੰਦਿਆਂ ਹੀ ਇਥੋਂ ਚਲੇ ਜਾਵਾਂਗੇ।' ਪਰ ਜਸਪਤ ਰਾਏ ਕਿੱਥੇ ਮੰਨਣ ਵਾਲਾ ਸੀ। ਉਹ ਤਾਂ ਮੌਕੇ ਦੀ ਭਾਲ ਵਿਚ ਸੀ। ਉਸ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਲੜਾਈ ਲੜਨੀ ਪਈ। ਦੋਵੇਂ ਪਾਸਿਉਂ ਗਹਿਗੱਚ ਲੜਾਈ ਹੋਈ। ਇਸੇ ਲੜਾਈ ਦੌਰਾਨ ਹੀ ਨਿਰਭੈ ਸਿੰਘ ਨਾਂਅ ਦੇ ਇਕ ਸਿੱਖ ਨੇ ਬਿਜਲੀ ਦੀ ਤਰ੍ਹਾਂ ਫੁਰਤੀ ਦਿਖਾਉਂਦਿਆ ਫ਼ੌਜਦਾਰ ਜਸਪਤ ਰਾਏ ਦੇ ਹਾਥੀ ਦੀ ਪੂਛ ਫੜ ਕੇ ਹਾਥੀ ਉੱਪਰ ਚੜ੍ਹ ਕੇ ਬੈਠੇ ਜਸਪਤ ਰਾਏ ਦੀ ਗਰਦਨ ਉਡਾ ਦਿੱਤੀ। ਜਸਪਤ ਰਾਏ ਦੀ ਮੌਤ ਨਾਲ ਮੁਗ਼ਲ ਫ਼ੌਜ ਵਿਚ ਭਗਦੜ ਮਚ ਗਈ ਤੇ ਫ਼ੌਜ ਉੱਥੋਂ ਭੱਜ ਗਈ। ਸਿੱਖਾਂ ਮੌਕਾ ਸੰਭਾਲਦਿਆਂ ਜਿਨਾ ਹੋ ਸਕਦਾ ਸੀ, ਏਮਨਾਬਾਦ ਸ਼ਹਿਰ ਵਿਚੋਂ ਰਸਦ ਪਾਣੀ ਇਕੱਠਾ ਕਰ ਲਿਆ।
ਜਸਪਤ ਰਾਏ ਦੀ ਮੌਤ ਦੀ ਖਬਰ ਜਦ ਉਸ ਦੇ ਭਰਾ ਲਖਪਤ ਰਾਏ ਨੂੰ ਲੱਗੀ ਤਾਂ ਉਹ ਲਾਹੌਰ ਪਹੁੰਚ ਗਿਆ ਤੇ ਲਾਹੌਰ ਦਰਬਾਰ ਮਿੰਨਤਾਂ-ਤਰਲੇ ਕਰਨ ਲੱਗਾ। ਆਪਣੇ ਸਿਰ ਤੋਂ ਪਗੜੀ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਸਿੱਖਾਂ ਦਾ ਖੁਰਾ-ਖੋਜ ਨਹੀਂ ਮਿਟਾ ਲੈਂਦਾ, ਮੈਂ ਆਪਣੇ ਸਿਰ 'ਤੇ ਪੱਗ ਨਹੀਂ ਬੰਨ੍ਹਾਂਗਾ। ਇਸ ਜ਼ਾਲਮਾਨਾ ਕਾਰਵਾਈ ਦੀ ਆਰੰਭਤਾ ਉਸ ਨੇ ਲਾਹੌਰ ਸ਼ਹਿਰ ਤੋਂ ਹੀ ਕਰ ਦਿੱਤੀ। ਲਖਪਤ ਰਾਏ ਦੀ ਦਰਿੰਦਗੀ ਦੀ ਖਬਰ ਜਦ ਕਪੂਰ ਸਿੰਘ ਨੂੰ ਲੱਗੀ ਤਾਂ ਉਸ ਨੇ ਸਿਰਕੱਢ ਸਿੱਖ ਆਗੂਆਂ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸੁਨੇਹੇ ਭੇਜ ਕੇ ਗੁਰਦਾਸਪੁਰ ਜ਼ਿਲ੍ਹੇ ਦੀ ਕਾਹਨੂੰਵਾਨ ਛੰਭ, ਜੋ ਮੁਕੇਰੀਆਂ ਨੂੰ ਜਾਂਦੀ ਸੜਕ 'ਤੇ 8 ਕਿਲੋਮੀਟਰ ਦੂਰ ਫ਼ੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ 'ਤੇ ਸਥਿਤ ਹੈ, ਵਿਖੇ ਇਕੱਠੇ ਹੋਣ ਦੇ ਸੰਦੇਸ਼ੇ ਭੇਜੇ।
ਸ: ਜੱਸਾ ਸਿੰਘ ਆਹਲੂਵਾਲੀਆ ਵੀ ਇਸ ਲੜਾਈ ਵਿਚ ਅੱਗੇ ਹੋ ਕੇ ਲੜੇ। ਇਸ ਗੱਲ ਦੇ ਪ੍ਰਮਾਣ ਰਤਨ ਸਿੰਘ ਭੰਗੂ ਰਚਿਤ 'ਪੰਥ ਪ੍ਰਕਾਸ਼' ਵਿਚ ਮਿਲਦੇ ਹਨ। ਇਸ ਛੰਭ ਵਿਚ ਕੋਈ 15,000 ਸਿੱਖ ਇਕੱਠੇ ਹੋ ਗਏ। ਕਈ ਇਤਿਹਾਸਕਾਰਾਂ ਨੇ ਇਹ ਗਿਣਤੀ 25,000 ਵੀ ਲਿਖੀ ਹੈ। ਸੂਹ ਮਿਲਣ 'ਤੇ ਜਕਰੀਆਂ ਖਾਂ ਦਾ ਪੁੱਤਰ ਯਹੀਆਂ ਖਾਂ ਤੇ ਲਖਪਤ ਰਾਏ ਆਪਣੀ ਭਾਰੀ ਭਰਕਮ ਗੋਲੇ ਬਾਰੂਦ ਨਾਲ ਲੈਸ ਫ਼ੌਜ ਲੈ ਕੇ ਹਮਲਾ ਕਰਨ ਲਈ ਆਣ ਪਹੁੰਚੇ। ਇਹ ਲੜਾਈ ਕਾਫੀ ਲੰਬੀ ਲਗਪਗ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲੀ। ਏਨੀ ਲੰਬੀ ਲੜਾਈ ਚੱਲਣ ਕਰਕੇ ਸਿੰਘਾਂ ਦਾ ਕੌੜਾ ਮੱਲ ਵਲੋਂ ਭੇਜਿਆ ਹੋਇਆ ਰਾਸ਼ਣ-ਪਾਣੀ ਵੀ ਖਤਮ ਹੋ ਗਿਆ। ਗੋਲੀ ਸਿੱਕਾ ਖਤਮ ਹੋ ਗਿਆ, ਲੜਦੇ-ਲੜਦੇ ਹਥਿਆਰ ਵੀ ਖੁੰਢੇ ਹੋ ਗਏ। ਲਖਪਤ ਰਾਏ ਦਾ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ। ਲਖਪਤ ਰਾਏ ਨੇ ਗੁੱਸੇ ਵਿਚ ਅੰਨ੍ਹੇ ਹੋਏ ਨੇ ਛੰਭ ਨੂੰ ਅੱਗ ਲਗਵਾ ਦਿੱਤੀ ਤੇ ਮਜਬੂਰ ਹੋ ਕੇ ਭੁੱਖਣ ਭਾਣੇ ਸਿੰਘਾਂ ਨੂੰ ਛੰਭ ਵਿਚੋਂ ਨਿਕਲਣਾ ਪਿਆ। ਸਿੱਖ ਛੰਭ ਵਿਚੋਂ ਨਿਕਲ ਕੇ ਮੁਗ਼ਲ ਫ਼ੌਜਾਂ ਨਾਲ ਲੜਦੇ-ਲੜਦੇ ਬਿਆਸ ਦਰਿਆ ਵੱਲ ਨੂੰ ਹੋ ਤੁਰੇ, ਪਰ ਅੱਗੇ ਬਿਆਸ ਦਰਿਆ ਵੀ ਚੜ੍ਹਿਆਂ ਹੋਇਆ, ਠਾਠਾਂ ਮਾਰ ਰਿਹਾ ਸੀ। ਘੋੜੇ ਵੀ ਬੜੇ ਕਮਜ਼ੋਰ ਹੋ ਚੁੱਕੇ ਸਨ। ਅੱਗੇ ਟੋਇਆ ਤੇ ਪਿੱਛੇ ਖਾਈ ਵਾਲੀ ਗੱਲ ਹੋ ਗਈ। ਲੜਾਈ ਸ਼ੁਰੂ ਹੋ ਗਈ, ਕਈ ਸਿੱਖ ਮੁਗ਼ਲਾਂ ਨਾਲ ਲੜਦੇ ਸ਼ਹੀਦ ਹੋ ਗਏ। ਇਨ੍ਹਾਂ ਵਿਚੋਂ ਇਕ ਜਥੇ ਦੇ ਮੋਢੀ ਸੁੱਖਾ ਸਿੰਘ ਵਰਗਿਆਂ ਨੇ ਮੁਗ਼ਲ ਫ਼ੌਜ ਦੇ ਚੰਗੇ ਆਹੂ ਲਾਹੇ ਤੇ ਆਪ ਵੀ ਜ਼ਖਮੀ ਹੋ ਗਿਆ। ਕਾਫੀ ਜੱਦੋ- ਜਹਿਦ ਕਰਦਿਆਂ ਸਿੱਖ ਦਰਿਆ ਵਿਚ ਠਿੱਲ ਪਏ। ਕਈ ਰੁੜ੍ਹ ਗਏ, ਕਈ ਬਚ ਕੇ ਪਹਾੜਾਂ ਵੱਲ ਚਲੇ ਗਏ ਤੇ ਕਈ ਕੀਰਤਪੁਰ ਸਾਹਿਬ ਵੱਲ ਚਲੇ ਗਏ। ਕਈ ਮੁਗ਼ਲਾਂ ਨੇ ਕੈਦ ਕਰ ਲਏ। ਇਸ ਲੜਾਈ ਵਿਚ ਲਗਪਗ 7,000 ਹਜ਼ਾਰ (ਕਈ ਇਤਿਹਾਸਕਾਰਾਂ ਮੁਤਾਬਿਕ ਗਿਣਤੀ 11,000 ਹਜ਼ਾਰ) ਦੇ ਕਰੀਬ ਸ਼ਹੀਦੀਆਂ ਹੋਈਆਂ ਤੇ 3,000 ਹਜ਼ਾਰ (ਕਈਆਂ ਨੇ ਇੱਥੇ ਗਿਣਤੀ 2,000 ਲਿਖੀ ਹੈ) ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਲਖਪਤ ਰਾਏ ਲਾਹੌਰ ਲੈ ਗਿਆ। ਲਾਹੌਰ ਦੇ ਨਾਖਾਸ ਚੌਕ ਵਿਚ ਬੜੇ ਹੀ ਜ਼ਾਲਮਾਨਾ ਤਰੀਕੇ ਨਾਲ ਤਸੀਹੇ ਦੇ ਕੇ ਸਿਰਾਂ ਦੇ ਢੇਰ ਲਗਾ ਦਿੱਤੇ। ਸਰੀਰਾਂ ਨੂੰ ਮਸੀਤਾਂ ਦੀਆਂ ਦੀਵਾਰਾਂ ਵਿਚ ਦੱਬ ਦਿੱਤਾ ਗਿਆ। ਖੂਨ ਨਾਲ ਮਸੀਤਾਂ ਦੇ ਫਰਸ਼ ਧੋਤੇ ਗਏ। ਇਸ ਮੰਦਭਾਗੀ ਘਟਨਾ ਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਪ੍ਰਣਾਮ ਸ਼ਹੀਦਾਂ ਨੂੰ।


-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
email: dharmindersinghchabba@gmail.com

ਬਾਬਾ ਬਚਿੱਤਰ ਸਿੰਘ ਦੀ ਯਾਦ

(1886-1968)

ਮੈਨੂੰ ਬੜੀ ਖੁਸ਼ੀ ਹੈ ਕਿ ਬਾਬਾ ਬਚਿਤਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਪਿੰਡ ਰਾਮਪੁਰ ਵਿਖੇ ਇਕ ਗੁਰਦੁਆਰਾ ਅਤੇ ਆਸ਼ਰਮ ਬਣਾ ਕੇ ਇਲਾਕੇ ਦੇ ਲੋਕਾਂ ਦੀ ਬੜੀ ਸੇਵਾ ਕੀਤੀ ਹੈ। ਬਾਬਾ ਬਚਿਤਰ ਸਿੰਘ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ, ਉਹ ਇਕ ਪੂਰਨ ਗੁਰਸਿੱਖ ਦਾ ਜੀਵਨ ਬਤੀਤ ਕਰਦੇ ਸਨ, ਸੰਤ ਅਤਰ ਸਿੰਘ ਮਸਤੂਆਣਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਨ੍ਹਾਂ ਦੇ ਨਾਲ ਰਹੇ, ਫਿਰ ਸੰਤ ਭਗਵਾਨ ਸਿੰਘ ਰੈੜੂ ਸਾਹਿਬ ਦੀ ਸੰਗਤ ਕੀਤੀ ਤੇ ਦੁਰਾਂਹ ਦਾ ਇਲਾਕਾ, ਜੋ ਪਟਿਆਲਾ ਰਿਆਸਤ ਵਿਚ ਸੀ, ਉਥੇ ਸਿੱਖੀ ਦਾ ਪ੍ਰਚਾਰ ਕੀਤਾ। ਹਰ ਵਕਤ ਭਜਨ ਬੰਦਗੀ ਅਤੇ ਲੋਕ ਭਲਾਈ ਕਰਨਾ ਉਨ੍ਹਾਂ ਦੀ ਵਡਿਆਈ ਸੀ। 1953 ਵਿਚ 27 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਚ ਜੋੜ ਮੇਲਾ ਹੋਇਆ ਸੀ। ਹਰ ਸਾਲ ਲੋਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਾਕੇ ਨੂੰ ਪ੍ਰਣਾਮ ਕਰਨ ਲਈ ਉਸ ਦਿਨ ਉੱਥੇ ਆਉਂਦੇ ਹਨ। ਉਸ ਸਾਲ ਅਜੀਬ ਘਟਨਾ ਵਾਪਰੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਉੱਥੇ ਪੁੱਜ ਗਏ। ਪ੍ਰੋਗਰਾਮ ਅਨੁਸਾਰ ਗੁਰਦੁਆਰੇ ਦੇ ਅੰਦਰ ਇਕ ਸਟੇਜ ਤੋਂ ਉਨ੍ਹਾਂ ਭਾਸ਼ਣ ਦੇਣਾ ਸੀ। ਮਾਸਟਰ ਤਾਰਾ ਸਿੰਘ ਜੋ ਉਸ ਸਮੇਂ ਅਕਾਲੀ ਲੀਡਰ ਸਨ, ਨੇ ਇਹ ਫੈਸਲਾ ਕੀਤਾ ਕਿ ਗੁਰਦੁਆਰੇ ਅੰਦਰ ਭਾਸ਼ਣ ਨਹੀਂ ਹੋ ਸਕਦਾ, ਕੇਵਲ ਮੱਥਾ ਟੇਕ ਕੇ ਵਾਪਸ ਹੋ ਜਾਣਾ ਚਾਹੀਦਾ ਹੈ। ਪਰ ਪੰਡਿਤ ਜੀ ਸਟੇਜ 'ਤੇ ਖਲੋ ਕੇ ਜਦ ਬੋਲਣ ਲੱਗੇ ਤਾਂ ਸੰਗਤ ਵਿਚੋਂ ਉੱਠ ਕੇ ਉਨ੍ਹਾਂ ਵਿਰੁੱਧ ਨਾਅਰੇ ਲੱਗਣ ਲੱਗ ਗਏ, ਸਟੇਜ ਤੋਂ ਮਾਈਕ ਵੀ ਖੋਹ ਲਿਆ ਗਿਆ। ਪੰਡਿਤ ਜੀ ਨੂੰ ਬਿਨਾਂ ਬੋਲੇ ਵਾਪਸ ਜਾਣਾ ਪਿਆ। ਪੁਲਿਸ ਨੇ ਬਾਹਰ ਸੰਗਤਾਂ 'ਤੇ ਲਾਠੀਚਾਰਜ ਕੀਤਾ। ਦੂਸਰੇ ਦਿਨ ਪੁਲਿਸ ਨੇ 9 ਬੰਦੇ ਫੜ ਲਏ। ਉਨ੍ਹਾਂ ਵਿਚ ਬਾਬਾ ਬਚਿਤਰ ਸਿੰਘ ਵੀ ਸਨ, ਜੋ ਉਸ ਸਮੇਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਕਾਲੀ ਜਥਾ ਦੇ ਪ੍ਰਧਾਨ ਸਨ। ਉਨ੍ਹਾਂ 9 ਵਿਚ ਮੈਂ ਵੀ ਸ਼ਾਮਿਲ ਸੀ। ਬਸੀ ਪਠਾਣਾਂ ਦੀ ਪੁਰਾਣੀ ਜੇਲ੍ਹ ਵਿਚ 36 ਦਿਨ ਸਾਨੂੰ ਰੱਖਿਆ ਗਿਆ ਸੀ। ਪੈਰਾਂ ਵਿਚ ਬੇੜੀਆਂ ਪਾ ਕੇ ਰੱਖੀਆਂ ਗਈਆਂ ਸਨ।
ਬਾਬਾ ਬਚਿਤਰ ਸਿੰਘ ਸਵੇਰੇ-ਸ਼ਾਮ ਪਾਠ ਕਰਦੇ ਅਤੇ ਦਿਨ ਭਰ ਭਜਨ ਬੰਦਗੀ ਵਿਚ ਰਹਿੰਦੇ ਸਨ। ਉਨ੍ਹਾਂ ਦਾ ਨੇਕ ਸੁਭਾਅ ਹਰ ਇਕ ਨੂੰ ਪਸੰਦ ਸੀ। ਕਚਹਿਰੀ ਵਿਚ ਵੀ ਬਾਬਾ ਜੀ ਅਡੋਲ ਖੜ੍ਹੇ ਰਹਿੰਦੇ ਸਨ, ਆਪਣੇ ਜੀਵਨ ਵਿਚ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਿਚ ਵੀ ਮਾਣ-ਸਤਿਕਾਰ ਮਿਲਿਆ। ਅਨੰਦਪੁਰ ਸਾਹਿਬ ਗੁਰਦੁਆਰੇ ਦੀ ਬੜੀ ਸੇਵਾ ਕੀਤੀ, ਬੜੀਆਂ ਸਹੂਲਤਾਂ ਬਣਵਾਈਆਂ। ਬਾਬਾ ਜੀ ਆਪਣੇ ਪਿੰਡ ਵਿਚ ਲੋਕਾਂ ਵਿਚ ਏਕਤਾ ਕਰਵਾਉਣ ਵਿਚ ਕਾਮਯਾਬ ਰਹੇ, ਪਿੰਡ ਵਿਚ ਸਕੂਲ ਬਣਵਾਉਣ ਵਿਚ ਅੱਗੇ ਰਹੇ, ਪਿੰਡ ਵਿਚ ਹਮੇਸ਼ਾ ਬਾਹਰੋਂ ਸੰਗਤਾਂ ਨੂੰ ਬੁਲਾ ਕੇ ਕੀਰਤਨ ਦਰਬਾਰ ਕਰਾਉਂਦੇ। ਬਾਬਾ ਦੀ ਫ਼ੌਜ ਵਿਚ ਵੀ ਭਰਤੀ ਹੋਏ ਸਨ ਤੇ ਕਈ ਸਾਲ ਰਹੇ। ਹਾਕੀ ਦੀ ਟੀਮ ਦੇ ਕਪਤਾਨ ਸਨ।
ਬਾਬਾ ਬਚਿਤਰ ਸਿੰਘ ਦੀ ਫੋਟੋ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਿਊਜ਼ੀਅਮ ਵਿਚ ਲੱਗੀ ਹੋਈ ਹੈ। ਬਾਬਾ ਜੀ ਦੀ ਲੜਕੀਆਂ ਅਤੇ ਜਵਾਈਆਂ ਨੇ ਬਾਬਾ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਸਾਰੀ ਜ਼ਮੀਨ-ਜਾਇਦਾਦ ਪਬਲਿਕ ਭਲਾਈ ਲਈ ਲਗਾ ਦਿੱਤੀ ਹੈ। ਬਾਬਾ ਜੀ ਦੇ ਅਕਾਲ ਚਲਾਣੇ ਦੇ 25 ਸਾਲ ਪਿੱਛੋਂ ਪਰਿਵਾਰ ਵਲੋਂ ਇਹ ਕੁਟੀਆ ਤੇ ਆਸ਼ਰਮ ਪਬਲਿਕ ਸੇਵਾ ਲਈ ਖੋਲ੍ਹਿਆ ਜਾ ਰਿਹਾ ਹੈ। ਪਰਿਵਾਰ ਦਾ ਇਸ ਸੇਵਾ ਜਿਹਾ ਕੰਮ ਸ਼ਲਾਘਾਯੋਗ ਹੈ।


-ਤਰਲੋਚਨ ਸਿੰਘ
ਸਾਬਕਾ ਐਮ. ਪੀ.

ਕੀ ਦਸਤਾਰ ਸਿੱਖਾਂ ਦੀ ਧਾਰਮਿਕ ਨਿਸ਼ਾਨੀ ਹੈ?

ਇਕ ਵਾਰੀ ਫਿਰ ਇਹ ਸਵਾਲ ਚਰਚਾ ਵਿਚ ਹੈ ਕਿ ਕੀ ਸਿੱਖਾਂ ਦੀ ਧਾਰਮਿਕ ਨਿਸ਼ਾਨੀ ਦਸਤਾਰ ਹੈ ਕਿ ਕੇਸ? ਦਸਤਾਰ ਧਾਰਮਿਕ ਪਹਿਰਾਵਾ ਹੈ ਕਿ ਸੱਭਿਆਚਾਰਕ? ਇਹ ਪ੍ਰਸ਼ਨ ਕਿਸੇ ਓਪਰੀ ਧਰਤੀ 'ਤੇ ਨਹੀਂ ਉੱਠਿਆ, ਇਹ ਸਵਾਲ ਸਿੱਖਾਂ ਦੀ ਆਪਣੀ ਮਾਤ-ਭੂਮੀ ਦੀ ਸਰਬਉੱਚ ਅਦਾਲਤ ਨੇ ਖੜ੍ਹਾ ਕੀਤਾ ਹੈ। ਸਵਾਲ ਇਸ ਤੋਂ ਅੱਗੇ ਵੀ ਤੁਰਦੇ ਹਨ : ਕੀ ਸਿੱਖ ਲਈ ਵਾਲ ਢਕਣੇ ਜ਼ਰੂਰੀ ਹਨ ਕਿ ਪੱਗ ਬੰਨ੍ਹਣੀ ਜ਼ਰੂਰੀ ਹੈ? ਇਹ ਕਿੱਥੇ ਲਿਖਿਆ ਹੈ ਕਿ ਪੱਗ ਉਤਾਰੀ ਨਹੀਂ ਜਾ ਸਕਦੀ? ਮੁਕਦੀ ਗੱਲ ਸਾਨੂੰ ਦੱਸੋ ਪੱਗ ਦੀ ਪਰਿਭਾਸ਼ਾ ਕੀ ਹੈ?
ਇਹ ਸਵਾਲ ਸਰਬਉੱਚ ਅਦਾਲਤ ਨੇ ਇਕ ਸਾਈਕਲ ਚਾਲਕ ਨੂੰ ਉਸ ਦੇ ਕੇਸ ਦੀ ਸੁਣਵਾਈ ਵਿਚ ਪੁੱਛੇ ਹਨ, ਜੋ ਕਿ ਸਰਬਉੱਚ ਅਦਾਲਤ ਕੋਲ ਇਕ ਸਾਈਕਲ ਐਸੋਸੀਏਸ਼ਨ ਦੇ ਇਸ ਫ਼ੈਸਲੇ ਦੇ ਖਿਲਾਫ਼ ਪਹੁੰਚਿਆ ਹੈ ਕਿ ਮੁਕਾਬਲੇ ਵਿਚ ਹੈਲਮਟ ਪਹਿਨਣਾ ਜ਼ਰੂਰੀ ਹੈ। ਸਾਈਕਲ ਚਾਲਕ ਜਗਦੀਪ ਪੁਰੀ ਦਾ ਇਹ ਕਹਿਣਾ ਹੈ ਕਿ ਉਹ ਸਿੱਖ ਹੋਣ ਦੇ ਨਾਤੇ ਆਪਣੀ ਪੱਗ ਨਹੀਂ ਉਤਾਰ ਸਕਦਾ ਅਤੇ ਉਸ ਦੀ ਜਗ੍ਹਾ ਲੋਹ-ਟੋਪ ਪਾਉਣ ਦੀ ਵੀ ਉਸ ਦਾ ਧਰਮ ਇਜ਼ਾਜਤ ਨਹੀਂ ਦਿੰਦਾ। ਸਰਬਉੱਚ ਅਦਾਲਤ ਦੇ ਦੋ ਜੱਜਾਂ ਦੇ ਪੈਨਲ ਵਿਚ ਸਤਿਕਾਰਯੋਗ ਜੱਜ ਸ਼ਰਦ ਅਰਵਿੰਦ ਬੋਬਡੇ ਅਤੇ ਐੱਲ. ਨਾਗੇਸ਼ਵਰ ਰਾਓ ਸ਼ਾਮਲ ਹਨ। ਮਾਣਯੋਗ ਸ਼ਰਦ ਅਰਵਿੰਦ ਬੋਬਡੇ ਨਾਗਪੁਰ ਦੇ ਜੰਮਪਲ ਹਨ ਅਤੇ ਪਹਿਲਾਂ ਮੱਧ ਪ੍ਰਦੇਸ਼ ਦੀ ਉੱਚ ਅਦਾਲਤ ਦੇ ਚੀਫ ਜਸਟਿਸ ਰਹੇ ਹਨ। ਉਹ ਆਧਾਰ ਕਾਰਡ ਸਬੰਧੀ ਇਕ ਦਿੱਤੇ ਫ਼ੈਸਲੇ ਕਰਕੇ ਵੀ ਪਿਛਲੇ ਸਮੇਂ ਵਿਚ ਚਰਚਾ ਵਿਚ ਰਹੇ ਕਿ ਕੋਈ ਵੀ ਹਿੰਦੁਸਤਾਨੀ ਆਧਾਰ ਕਾਰਡ ਨਾ ਹੋਣ ਕਰਕੇ ਬੁਨਿਆਦੀ ਸੇਵਾਵਾਂ ਅਤੇ ਸਰਕਾਰੀ ਸਬਸਿਡੀਆਂ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ। ਜਸਟਿਸ ਐੱਲ. ਨਾਗੇਸ਼ਵਰ ਰਾਓ ਆਂਧਰਾ ਪ੍ਰਦੇਸ਼ ਤੋਂ ਹਨ। ਉਹ ਹਿੰਦੁਸਤਾਨ ਦੇ ਸਭ ਤੋਂ ਮਹਿੰਗੇ ਵਕੀਲਾਂ ਵਿਚੋਂ ਇਕ ਰਹੇ ਹਨ ਅਤੇ ਜੈਲਲਿਤਾ ਨੂੰ ਨਾਜਾਇਜ਼ ਜਾਇਦਾਦ ਬਣਾਉਣ ਦੇ ਕੇਸ ਵਿਚੋਂ ਬਰੀ ਕਰਾ ਦੇਣ ਵਾਲੇ ਵਕੀਲ ਦੇ ਤੌਰ 'ਤੇ ਜਾਣੇ ਜਾਂਦੇ ਹਨ। ਉਹ ਹਿੰਦੁਸਤਾਨ ਦੇ ਸੱਤਵੇਂ ਅਜਿਹੇ ਵਕੀਲ ਹਨ, ਜਿਨ੍ਹਾਂ ਨੂੰ ਬਾਰ 'ਚੋਂ ਸਿੱਧੇ ਸਰਬਉੱਚ ਅਦਾਲਤ ਦੇ ਜੱਜ ਬਣਾਇਆ ਗਿਆ।
ਸਿੱਖ ਭਾਈਚਾਰੇ ਵਿਚ ਇਸ ਗੱਲ ਦੀ ਭਰਪੂਰ ਚਰਚਾ ਹੈ ਕਿ ਸਰਬਉੱਚ ਅਦਾਲਤ ਵਿਚ ਇਹ ਸਵਾਲ ਖੜ੍ਹਾ ਹੋਇਆ ਹੈ ਕਿ ਦਸਤਾਰ ਦਾ ਸਿੱਖ ਨਾਲ ਕੀ ਸਬੰਧ ਹੈ? ਇਸੇ ਸਰਬਉੱਚ ਅਦਾਲਤ ਦੇ ਜਸਟਿਸ ਜਗਦੀਸ ਸਿੰਘ ਖਹਿਰ ਰਹੇ ਹਨ ਅਤੇ ਇਸੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਸਤਾਰਧਾਰੀ ਸਿੱਖ ਰਹੇ ਹਨ। ਇਹ ਸਵਾਲ ਕੋਈ ਬਾਹਰਲੇ ਦੇਸ਼ ਦੀ ਅਦਾਲਤ ਪੁੱਛਦੀ ਤਾਂ ਸਿੱਖ ਕੌਮ ਨੂੰ ਸ਼ਾਇਦ ਕੋਈ ਹੈਰਾਨੀ ਨਾ ਹੁੰਦੀ। ਇਹ ਵੀ ਸੱਚ ਹੈ ਕਿ ਸੈਂਟਰਲ ਵਹੀਕਲ ਐਕਟ ਵਿਚ ਮੋਟਰਸਾਈਕਲ ਚਲਾਉਂਦੇ ਸਮੇਂ ਦਸਤਾਰਧਾਰੀ ਨੂੰ ਪਹਿਲਾਂ ਦੀ ਛੋਟ ਹੈ। ਦੁਨੀਆ ਦੇ ਹੋਰ ਅਨੇਕਾਂ ਦੇਸ਼ਾਂ ਵਿਚ ਵੀ ਦਸਤਾਰਧਾਰੀ ਸਿੱਖ ਅਜਿਹੇ ਕੇਸਾਂ ਵਿਚ ਧਰਮ ਦੇ ਆਧਾਰ 'ਤੇ ਅਦਾਲਤੀ ਕੇਸ ਜਿੱਤਦੇ ਆ ਰਹੇ ਹਨ। ਆਪਣੇ ਦੇਸ਼ ਵਿਚ ਵੀ ਦਸਤਾਰਧਾਰੀਆਂ ਨੂੰ ਇਥੋਂ ਤੱਕ ਕਿ ਪੁਲਿਸ, ਫੌਜ ਅਤੇ ਨੀਮ-ਫੌਜੀ ਸੰਗਠਨਾਂ ਵਿਚ ਵੀ ਕਈ ਕਿਸਮ ਦੀਆਂ ਛੋਟਾਂ ਅਤੇ ਰਿਆਇਤਾਂ ਹਾਸਲ ਹਨ।
ਸਰਬਉੱਚ ਅਦਾਲਤ ਦੇ ਸਵਾਲ ਹੁਣ ਸਾਈਕਲ ਚਾਲਕ ਜਗਦੀਪ ਪੁਰੀ ਤੱਕ ਹੀ ਸੀਮਤ ਨਹੀਂ ਰਹਿ ਗਏ। ਮੁਢਲਾ ਸਵਾਲ ਤਾਂ ਇਹ ਹੈ ਕਿ ਪੱਗ ਕਿਸ ਨੂੰ ਕਿਹਾ ਜਾ ਸਕਦਾ ਹੈ? ਕੀ ਮੰਤਵ ਸਿਰ ਕੱਜਣ ਦਾ ਹੀ ਹੈ ਜਾਂ ਕੋਈ ਹੋਰ? ਇਹ ਕਿੱਥੇ ਲਿਖਿਆ ਹੈ?
ਸਵਾਲ ਪੈਦਾ ਹੁੰਦਾ ਹੈ ਕਿ ਕੀ ਸਿੱਖਾਂ ਕੋਲ ਇਨ੍ਹਾਂ ਸਵਾਲਾਂ ਦੇ ਜਵਾਬ ਹਨ? ਇਹ ਵਿਸ਼ਾ ਕੋਈ ਨਵਾਂ ਨਹੀਂ। ਸਿੱਖ ਸੰਯੁਕਤ ਰਾਸ਼ਟਰ ਤੱਕ ਅਜਿਹੇ ਕੇਸ ਜਿੱਤ ਚੁੱਕੇ ਹਨ ਤਾਂ ਹੁਣ ਤੱਕ ਸਿੱਖ ਕੌਮ ਕੋਲ ਰੈਡੀਮੇਡ ਜਵਾਬ ਪਿਆ ਹੋਣਾ ਚਾਹੀਦਾ ਹੈ।
ਸਿੱਖ ਧਰਮ ਭਾਵੇਂ ਕਿ ਆਧੁਨਿਕ ਧਰਮ ਮੰਨਿਆ ਜਾਂਦਾ ਹੈ ਪਰ ਫਿਰ ਵੀ ਧਰਮ ਦਾ ਮੁੱਖ ਤੌਰ 'ਤੇ ਨੈਤਿਕਤਾ ਅਤੇ ਰੂਹਾਨੀਅਤ ਨਾਲ ਸਬੰਧ ਹੁੰਦਾ ਹੈ। ਪਰ ਹਰ ਧਰਮ ਦੇ ਲੋਕਾਂ ਦਾ ਦੂਜਿਆਂ ਨਾਲੋਂ ਵੱਖਰਾ ਇਕ ਬਾਹਰੀ ਸਰੂਪ ਵੀ ਹੁੰਦਾ ਹੈ। ਸਿੱਖ ਧਰਮ ਵਿਚ ਵੀ ਅਜਿਹਾ ਹੀ ਹੈ। ਖਾਸ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਸਾਜਣ ਤੋਂ ਬਾਅਦ ਸਿੱਖੀ ਸਰੂਪ ਨੂੰ ਇਕ ਨਵਾਂ ਜਾਮਾ ਪਹਿਨਾਇਆ ਗਿਆ, ਜਿਸ ਵਿਚ ਪੰਜ ਕਕਾਰ (ਕੰਘਾ, ਕੇਸ, ਕੜਾ, ਕਛਹਿਰਾ, ਕਿਰਪਾਨ) ਪਹਿਨਣਾ ਜ਼ਰੂਰੀ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਿੱਖਾਂ ਵਿਚ ਖ਼ਾਲਸਾ ਇਕ ਵੱਖਰੇ ਅੰਗ ਦੇ ਤੌਰ 'ਤੇ ਉੱਭਰਿਆ, ਜੋ ਕੇਸਾਧਾਰੀ ਤਾਂ ਸੀ ਹੀ, ਨਾਲ ਸ਼ਸਤਰਧਾਰੀ ਦੇ ਰੂਪ ਵਿਚ ਉੱਭਰਿਆ ਅਤੇ ਅੰਦਰੂਨੀ ਰਹਿਤ ਦੇ ਨਾਲ-ਨਾਲ ਬਹਿਰੂਨੀ ਸਰੂਪ ਵਿਚ ਵੀ ਵੱਖਰੀ ਪਹਿਚਾਣ ਦਾ ਧਾਰਨੀ ਬਣ ਕੇ ਉੱਭਰਿਆ। ਜਿਥੋਂ ਤੱਕ ਸਿੱਖਾਂ ਜਾਂ ਖ਼ਾਲਸੇ ਦੇ ਕੇਸਾਧਾਰੀ ਹੋਣ ਦਾ ਸਬੰਧ ਹੈ, ਉਸ ਬਾਰੇ ਤਾਂ ਸਪੱਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਕੇਸ਼ (ਕੇਸਾਂ ਸਮੇਤ) ਪਰਮਾਤਮਾ ਦਾ ਸਰੂਪ ਤਾਂ ਗੁਰਬਾਣੀ ਵਿਚ ਵੀ ਵਾਰ-ਵਾਰ ਉੱਭਰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਰਾਗ ਵਡਹੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 567 'ਤੇ ਦਿੱਤਾ ਸਲੋਕ ਸਾਰੇ ਸ਼ੰਕੇ ਨਵਿਕਤ ਕਰ ਦਿੰਦਾ ਹੈ।
ਤੇਰੇ ਬੰਕੇ ਲੋਇਣ ਦੰਤ ਰੀਸਾਲਾ॥
ਸੋਹਣੇ ਨਕ ਜਿਨ ਲੰਮੜੇ ਵਾਲਾ॥
ਕੰਚਨ ਕਾਇਆ ਸੁਇਨੇ ਕੀ ਢਾਲਾ॥
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਗੜੀ ਅਤੇ ਦਸਤਾਰ ਸ਼ਬਦ ਵਰਤੇ ਗਏ ਹਨ, ਜਿਨ੍ਹਾਂ ਤੋਂ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੱਗ ਜਾਂ ਦਸਤਾਰ ਨੂੰ ਸਤਿਕਾਰ ਦਿੱਤਾ ਗਿਆ ਹੈ।
ਕਹਿਣ ਵਾਲੇ ਕਹਿ ਸਕਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ, ਭਾਈ ਨੰਦ ਲਾਲ ਜੀ ਦੀ ਲਿਖਤ ਵਿਚ, ਭਾਈ ਗੁਰਦਾਸ ਜੀ ਦੀ ਬਾਣੀ ਵਿਚ ਕਿਤੇ ਵੀ ਪੱਗ ਧਾਰਨ ਕਰਨ ਦਾ ਹੁਕਮ ਜਾਂ ਆਦੇਸ਼ ਜਾਂ ਨਸੀਹਤ ਨਜ਼ਰ ਨਹੀਂ ਆਉਂਦੀ। ਇਹੋ ਕੁਝ ਰਹਿਤਨਾਮਿਆਂ ਦੇ ਮਾਮਲਿਆਂ ਵਿਚ ਕਿਹਾ ਜਾ ਸਕਦਾ ਹੈ। ਇਹ ਸਾਬਤ ਕਰਨਾ ਬੜਾ ਔਖਾ ਹੈ ਕਿ ਰਹਿਤਨਾਮੇ ਪ੍ਰਮਾਣਿਕ ਹਨ ਅਤੇ ਜਿਸ ਤਰ੍ਹਾਂ ਦੇ ਦਾਅਵੇ ਉਨ੍ਹਾਂ ਦੇ ਕਰਤਾ ਕਰਦੇ ਹਨ, ਉਹ ਸੱਚ ਵੀ ਹਨ ਕਿ ਨਹੀਂ।
ਪਿਛਲੇ ਸਮਿਆਂ ਵਿਚ ਕੁਝ ਸੰਗਠਨਾਂ, ਸੰਸਥਾਵਾਂ ਜਾਂ ਸੰਪਰਦਾਵਾਂ ਵਲੋਂ ਵੀ ਕਿਹਾ ਜਾ ਰਿਹਾ ਹੈ ਕਿ ਗੁਰੂ ਜੀ ਨੇ ਪੰਜ ਕਕਾਰਾਂ ਵਿਚ ਕੇਸਕੀ ਜ਼ਰੂਰੀ ਕੀਤਾ ਹੈ। ਕੇਸ ਤਾਂ ਸਿੱਖ ਰੱਖ ਹੀ ਰਹੇ ਹਨ।
ਪਿਆਰਾ ਸਿੰਘ ਪਦਮ ਆਪਣੀ ਪੁਸਤਕ 'ਰਹਿਤਨਾਮੇ' ਦੇ ਸਫਾ 35 'ਤੇ ਲਿਖਦੇ ਹਨ: 'ਸ੍ਰੀ ਦਸਮੇਸ਼ ਜੀ ਨੇ ਗੁਲਾਮ ਹਿੰਦੁਸਤਾਨ ਨੂੰ ਆਜ਼ਾਦੀ ਦੇ ਰਾਹ ਉੱਤੇ ਤੋਰਨ ਲਈ ਸਿੱਖਾਂ ਦੀ ਬਾਹਰਲੀ ਰਹਿਣੀ-ਬਹਿਣੀ ਵਿਚ ਕਿਰਪਾਨ ਧਾਰਨ ਤੇ ਦਸਤਾਰ ਸਜਾਉਣ ਨੂੰ ਜ਼ਰੂਰੀ ਕਰਾਰ ਦਿੱਤਾ ਗਿਆ ਹੈ। ਨਿੱਕੀ ਪੱਗ ਨੂੰ ਪੁਰਾਤਨ ਸਿੰਘ ਕੇਸਕੀ ਕਿਹਾ ਕਰਦੇ ਸਨ ਤੇ ਭੱਟ ਵਹੀਆ ਵਿਚ ਇਸ ਨੂੰ ਪੰਜ ਕਕਾਰਾਂ ਵਿਚ ਵੀ ਗਿਣਿਆ ਹੈ। (ਦੇਖੋ, ਭੱਟ ਵਹੀ ਪਰਗਣਾ ਥਨੇਸਰ)
ਪਰ ਨਿਊਜ਼ੀਲੈਂਡ ਦੇ ਸਿੱਖ ਧਰਮ ਦੇ ਪ੍ਰਸਿੱਧ ਵਿਦਵਾਨ ਡਬਲਿਯੂ. ਐੱਚ. ਮਕਲਾਓਡ ਦਾ ਮੰਨਣਾ ਹੈ ਕਿ ਅਜਿਹਾ ਬਿਲਕੁਲ ਹੀ ਨਹੀਂ। ਵੀਹਵੀਂ ਸਦੀ ਤੱਕ ਦੇ ਸਿੱਖ ਸਾਹਿਤ ਵਿਚ 'ਕੇਸਕੀ' ਸ਼ਬਦ ਕਿਤੇ ਨਹੀਂ ਮਿਲਦਾ। ਇਹ ਸ਼ਬਦ ਆਧੁਨਿਕ ਭਾਸ਼ਾ ਦਾ ਹੈ ਅਤੇ ਵੱਡੀ ਪੱਗ ਥੱਲੇ ਕੇਸਾਂ ਨੂੰ ਸਾਂਭਣ ਲਈ ਪਟਕੇ ਆਦਿ ਲਈ ਵਰਤਿਆ ਜਾਂਦਾ ਹੈ ਜਾਂ ਬੱਚਿਆਂ ਵਲੋਂ ਕੇਸਾਂ ਨੂੰ ਢਕਣ ਲਈ ਇਕ ਤਹਿ ਦੇ ਕੱਪੜੇ ਲਈ ਪ੍ਰਯੋਗ ਕੀਤਾ ਜਾਂਦਾ ਹੈ।
ਪਰ ਸਭ ਤੋਂ ਅਹਿਮ ਮੁੱਦਾ ਤਾਂ ਇਹ ਹੈ ਕਿ ਕੀ ਹਰ ਧਰਮ ਦੀ ਰਹਿਤ ਲਿਖਤੀ ਸਾਹਿਤ ਵਿਚ ਮੌਜੂਦ ਹੋਣੀ ਜ਼ਰੂਰੀ ਹੈ? ਸਿੱਖ ਧਰਮ ਦੇ ਵਿਕਾਸ ਅਤੇ ਵਿਗਾਸ ਵਿਚ ਜੋ ਕੁਝ ਹੌਲੀ-ਹੌਲੀ ਸੰਮਿਲਤ ਹੋ ਗਿਆ ਅਤੇ ਬਹੁਗਿਣਤੀ ਵਲੋਂ ਉਨ੍ਹਾਂ ਧਾਰਮਿਕ ਅਕੀਦਿਆਂ ਨੂੰ ਪ੍ਰਵਾਨਗੀ ਮਿਲਦੀ ਗਈ। ਦੁਨੀਆ ਦੇ ਹਰੇਕ ਧਰਮ ਵਿਚ ਕਈ ਵਾਰ ਲਿਖਤ ਨਾਲੋਂ ਕਿਤੇ ਵੀ ਵੱਧ ਮਹੱਤਵਪੂਰਨ ਪ੍ਰੰਪਰਾਗਤ ਧਾਰਨਾਵਾਂ ਹੁੰਦੀਆਂ ਹਨ। ਜੇ ਉਹ ਸਾਰਾ ਕੁਝ ਧਰਮ ਦੀ ਪ੍ਰਮੁੱਖਤਾ ਅਤੇ ਅੰਤਰੀਵ ਭਾਵਨਾ ਦੇ ਅਨੁਕੂਲ ਹੋਵੇ ਤਾਂ ਉਸ ਦਾ ਪ੍ਰਮਾਣ ਮੂਲ ਸਾਹਿਤ ਵਿਚੋਂ ਫਰੋਲਦੇ ਫਿਰਨਾ ਫਜ਼ੂਲ ਹੁੰਦਾ ਹੈ। ਪਰ ਇਹ ਵੀ ਜਾਣ ਲੈਣਾ ਜ਼ਰੂਰੀ ਹੁੰਦਾ ਹੈ ਕਿ ਅਦਾਲਤਾਂ ਆਖਰ ਅਦਾਲਤਾਂ ਹੀ ਹੁੰਦੀਆਂ ਹਨ। ਕਈ ਵਾਰ ਇਕ ਮਾਮਲੇ ਵਿਚ ਹੀ ਦੋ ਜੱਜਾਂ ਦੀ ਰਾਇ ਅਲੱਗ-ਅਲੱਗ ਹੋ ਸਕਦੀ ਹੈ।
ਹਿੰਦੁਸਤਾਨ ਜਾਂ ਬਾਹਰਲੀ ਦੁਨੀਆ ਵਿਚ ਪੱਗ ਬਨਾਮ ਹੈਲਮਟ ਦਾ ਇਹ ਪਹਿਲਾ ਕੇਸ ਨਹੀਂ। ਇਸ ਲਈ ਬਹੁਗਿਣਤੀ ਸਿੱਖ ਚਿੰਤਕ ਸਿੱਖ ਪੰਥ ਦੀਆਂ ਜ਼ਿੰਮੇਵਾਰ ਸੰਸਥਾਵਾਂ 'ਤੇ ਇਤਰਾਜ਼ ਕਰਦੇ ਹਨ ਕਿ ਸਿੱਖ ਧਾਰਮਿਕ ਸੰਸਥਾਵਾਂ, ਸਿੱਖ ਸੰਗਠਨਾਂ ਜਾਂ ਆਪਣੇ-ਆਪ ਨੂੰ ਸਿੱਖਾਂ ਦੀ ਰਾਜਨੀਤਕ ਨੁਮਾਇੰਦਗੀ ਦਾ ਦਾਅਵਾ ਕਰਨ ਵਾਲੀਆਂ ਪਾਰਟੀਆਂ ਨੇ ਹੁਣ ਤੱਕ ਪ੍ਰਮਾਣਿਕ, ਬਾਦਲੀਲ ਅਤੇ ਪ੍ਰਪੱਕ ਲਿਖਤੀ ਸਬੂਤਾਂ ਵਾਲਾ ਅਜਿਹਾ ਠੋਸ ਡਾਕੂਮੈਂਟ ਕਿਉਂ ਨਹੀਂ ਤਿਆਰ ਕੀਤਾ, ਜੋ ਦੁਨੀਆ ਦੀ ਹਰ ਅਦਾਲਤ ਵਿਚ ਅਜਿਹੀਆਂ ਸਥਿਤੀਆਂ ਵਿਚ ਵਰਤਿਆ ਜਾ ਸਕੇ।
ਇਥੇ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਅੰਮ੍ਰਿਤਧਾਰੀ ਜਗਦੀਪ ਸਿੰਘ ਪੁਰੀ ਦੀ ਦਸਤਾਰ ਦਾ ਟਕਰਾਓ ਨਾ ਕੇਂਦਰ ਸਰਕਾਰ ਦੇ ਕਿਸੇ ਕਾਨੂੰਨ ਨਾਲ ਹੈ, ਨਾ ਕਿਸੇ ਰਾਜ ਸਰਕਾਰ ਦੇ ਬਣਾਏ ਕਾਨੂੰਨ ਨਾਲ। ਧਾਰਮਿਕ ਆਜ਼ਾਦੀ ਪ੍ਰਤੀ ਅੰਤਰਰਾਸ਼ਟਰੀ ਨੀਤੀ ਵਿਚ ਤੈਅ ਹੈ ਕਿ ਕਿਸੇ ਮਾਮਲੇ 'ਤੇ ਧਾਰਮਿਕ ਆਸਥਾ ਦੀ ਪਾਲਣਾ ਜੇ ਆਮ ਲੋਕਾਂ ਲਈ ਨੁਕਸਾਨਦੇਹ ਹੋਵੇ ਜਾਂ ਸਰਕਾਰ ਲਈ ਲਾਗੂ ਕਰਨੀ ਅਤਿ ਕਠਿਨ ਹੋਵੇ ਤਾਂ ਸਰਕਾਰਾਂ ਅੜ ਜਾਂਦੀਆਂ ਹਨ, ਪ੍ਰੰਤੂ ਇਥੇ ਤਾਂ ਇਕ ਵਿਅਕਤੀ ਖੁਦ ਆਪਣੇ ਲਈ ਜੋਖਮ ਲੈ ਰਿਹਾ ਹੈ। ਉਸ ਦੀ ਆਸਥਾ ਹੈ ਕਿ ਉਸ ਦੀ ਦਸਤਾਰ ਲੋਹ-ਟੋਪ ਨਾਲੋਂ ਕਿਤੇ ਵੱਡੀ ਸ਼ਕਤੀ ਦਾ ਸਰੋਤ ਹੈ। ਬਰਤਾਨਵੀ ਸੰਸਦ ਵਿਚ ਮਿਸਟਰ ਚਰਚਿਲ ਨੇ ਦਸਤਾਰ ਦੇ ਹੱਕ ਵਿਚ ਬੋਲਦਿਆਂ ਠੀਕ ਹੀ ਕਿਹਾ ਸੀ:
'ਅੱਜ ਦੇ ਯੁੱਗ ਵਿਚ ਲੋਕ ਪੁਰਾਤਨ ਕਦਰਾਂ-ਕੀਮਤਾਂ ਦੀਆਂ ਰਵਾਇਤਾਂ ਨਿਭਾਉਣ ਅਤੇ ਕਾਇਮ ਰੱਖਣ ਤੋਂ ਭੱਜ ਰਹੇ ਹਨ ਅਤੇ ਧਾਰਮਿਕ ਅਕੀਦਿਆਂ ਤੋਂ ਟੁੱਟ ਰਹੇ ਹਨ। ਅਸੀਂ ਘੱਟੋ-ਘੱਟ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰੀਏ, ਜੋ ਇਹ ਰਵਾਇਤਾਂ ਕਾਇਮ ਰੱਖਣੀਆਂ ਚਾਹੁੰਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਾਰਲੀਮੈਂਟ ਵਿਚ ਬੈਠੇ ਲੋਕ ਅਜਿਹੇ ਲੋਕਾਂ ਦੀ ਧਾਰਮਿਕ ਆਸਥਾ ਸਬੰਧੀ ਅਧਿਕਾਰਾਂ ਨੂੰ ਕਾਇਮ ਰੱਖੀਏ ਅਤੇ ਉਨ੍ਹਾਂ ਪ੍ਰਤੀ ਸਤਿਕਾਰ ਬਹਾਲ ਕਰੀਏ।'

ਸੁਲਤਾਨ-ਉਲ-ਕੌਮ

ਸਰਦਾਰ ਜੱਸਾ ਸਿੰਘ ਆਹਲੂਵਾਲੀਆ

ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਮਿਸਲਾਂ ਦਾ ਇਤਿਹਾਸ ਬਹੁਤ ਗੌਰਵਮਈ ਹੈ। ਇਸ ਸਮੇਂ ਸਿੱਖ ਪੰਥ ਵਿਚ ਉਹ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕੀਤੇ ਸਨ ਅਤੇ ਦਸਮ ਪਾਤਸ਼ਾਹ ਦੇ ਕਰ ਕੰਵਲਾਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਸੀ। ਉਸ ਸਮੇਂ ਸਿੰਘਾਂ ਦੇ ਅੰਦਰ ਜਜ਼ਬਾ ਸੀ, ਗੁਰੂ ਲਈ ਪਿਆਰ ਸੀ, ਮਰ ਮਿਟਣ ਦੀ ਭਾਵਨਾ ਸੀ। ਇਹੀ ਕਾਰਨ ਹੈ ਕਿ ਸਿੰਘਾਂ ਨੇ 12 ਮਈ, 1710 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸਰਹਿੰਦ ਫਤਹਿ ਕਰਕੇ ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਪਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਸਾਥੀ ਸਿੰਘਾਂ ਦੀ ਜੂਨ, 1716 ਈ: ਨੂੰ ਸ਼ਹੀਦੀ ਤੋਂ ਬਾਅਦ ਇਸ ਤਰ੍ਹਾਂ ਜਾਪਣ ਲੱਗ ਪਿਆ, ਜਿਵੇਂ ਸਿੱਖ ਕੌਮ ਦਾ ਸੂਰਜ ਸਦਾ-ਸਦਾ ਲਈ ਡੁੱਬਣ ਵਾਲਾ ਹੈ। ਇਕ ਪਾਸੇ ਤਾਂ ਫਰੁੱਖਸ਼ੀਅਰ, ਜੋ ਉਸ ਸਮੇਂ ਦਿੱਲੀ ਦਾ ਤਾਜ਼ਦਾਰ ਸੀ, ਨੇ ਇਹ ਹੁਕਮ ਜਾਰੀ ਕਰ ਰੱਖਿਆ ਸੀ ਕਿ 'ਜਿੱਥੇ ਕਿਤੇ ਵੀ ਨਾਨਕ-ਲੇਵਾ ਮਿਲਣ, ਉਨ੍ਹਾਂ ਨੂੰ ਬਿਨਾਂ ਝਿਜਕ ਮਾਰ ਮੁਕਾਇਆ ਜਾਵੇ' ਅਤੇ ਦੂਜੇ ਪਾਸੇ 'ਤੱਤ ਖਾਲਸੇ' ਅਤੇ 'ਬੰਦਈ ਖਾਲਸੇ' ਦੇ ਆਪਸੀ ਮਤਭੇਦਾਂ ਕਾਰਨ ਸਿੱਖ ਕੌਮ ਦੀਆਂ ਸਫ਼ਾਂ ਵਿਚ ਤਰੇੜਾਂ ਵਧ ਰਹੀਆਂ ਸਨ। ਲਾਹੌਰ ਦੇ ਸੂਬੇਦਾਰ ਅਬਦੁ-ਸਮੱਦ ਖਾਨ ਨੇ ਬਾਦਸ਼ਾਹੀ ਹੁਕਮ ਅਨੁਸਾਰ ਸਿੰਘਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਸੱਯਦ ਮੁਹੰਮਦ ਲਤੀਫ਼ ਆਪਣੀ ਕਿਤਾਬ 'ਹਿਸਟਰੀ ਆਫ ਦੀ ਪੰਜਾਬ' ਵਿਚ ਲਿਖਦਾ ਹੈ ਕਿ-
'ਸਿੱਖਾਂ ਨੂੰ ਨੀਚਾ ਦਿਖਾ ਕੇ ਅਤੇ ਉਨ੍ਹਾਂ ਦੇ ਆਗੂ ਬੰਦਾ ਸਿੰਘ ਨੂੰ ਮਾਰ-ਮੁਕਾ ਕੇ, ਉਨ੍ਹਾਂ ਦੀ ਤਾਕਤ ਨੂੰ ਬਰਬਾਦ ਕਰਨ ਅਤੇ ਉਨ੍ਹਾਂ ਦੀ ਕੌਮ ਦਾ ਖੁਰਾ-ਖੋਜ ਮਿਟਾ ਦੇਣ ਲਈ ਅਬਦੁ-ਸਮੱਦ ਖਾਨ ਨੇ ਬੜੀ ਸਖ਼ਤੀ ਕੀਤੀ। ਇਕ ਬਾਦਸ਼ਾਹੀ ਫ਼ਰਮਾਨ ਜਾਰੀ ਕੀਤਾ ਗਿਆ ਕਿ (ਗੁਰੂ) ਨਾਨਕ ਦੇ ਧਰਮ ਨੂੰ ਮੰਨਣ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਵੇ ਅਤੇ ਹਰ ਇਕ ਸਿੱਖ ਦੇ ਸਿਰ ਲਈ ਨਕਦ ਇਨਾਮ ਰੱਖ ਦਿੱਤਾ ਗਿਆ। ਖਿਝੇ ਹੋਏ ਮੁਸਲਮਾਨਾਂ ਨੇ ਉਨ੍ਹਾਂ ਨੂੰ ਕਿਧਰੇ ਟਿਕਣ ਨਾ ਦਿੱਤਾ ਅਤੇ ਜਿਥੇ ਕਿਧਰੇ ਵੀ ਕੋਈ ਸਿੱਖ ਮਿਲਿਆ, ਉਸ ਨੂੰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।' (ਸਫਾ 188)
ਉਸ ਸਮੇਂ ਦੇ ਹਾਲਾਤ ਬਾਰੇ ਕੁਝ ਜਾਣਕਾਰੀ ਭਾਈ ਮਨੀ ਸਿੰਘ ਦੀ ਉਸ ਚਿੱਠੀ ਤੋਂ ਮਿਲ ਜਾਂਦੀ ਹੈ, ਜੋ ਉਨ੍ਹਾਂ ਨੇ ਅਪ੍ਰੈਲ, 1716 ਈ: ਨੂੰ ਮਾਤਾ ਸੁੰਦਰੀ ਜੀ ਵੱਲ ਸ੍ਰੀ ਅੰਮ੍ਰਿਤਸਰ ਤੋਂ ਲਿਖੀ ਸੀ, ਜਿਥੇ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ-ਸੰਭਾਲ ਕਰ ਰਹੇ ਸਨ। ਚਿੱਠੀ ਦਾ ਉਤਾਰਾ ਇਸ ਪ੍ਰਕਾਰ ਹੈ-
ੴ ਅਕਾਲ ਸਹਾਇ॥
'ਪੂਜ ਮਾਤਾ ਜੀ ਕੇ ਚਰਨਾਂ ਪਰ ਮਨੀ ਸਿੰਘ ਕੀ ਡੰਡੋਤ ਬੰਦਨ ਬਹੁਰੇ। ਸਮਾਚਾਰ ਵਾਚਨਾ ਕਿ ਇਧਰ ਆਉਣ ਪਰ ਸਾਡਾ ਸਰੀਰ ਵਾਯੂ ਕਾ ਅਧਿਕ ਵਿਕਾਰੀ ਹੋਇ ਗਿਆ ਹੈ। ਸੁਅਸਤ ਨਾਹੀ ਰਹਿਆ। ...ਦੇਸ ਵਿਚ ਖ਼ਾਲਸੇ ਦਾ ਬਲ ਛੁਟ ਗਿਆ ਹੈ। ਸਿੰਘ ਪਰਬਤਾਂ ਬਬਾਨਾਂ ਵਿਚ ਜਾਇ ਬਸੇ ਹੈਨ। ਮਲੇਛੋਂ ਕੀ ਦੇਸ ਮੇਂ ਦੋਹੀ ਹੈ। ਗੁਰੂ ਦਰੋਹੀ ਬੀ ਉਨ੍ਹਾਂ ਦੇ ਸੰਗ ਮਿਲਿ ਗਏ ਹੈਨ। ਮਤਸਦੀ ਭਾਗ ਗਏ ਹੈਨ। ਸਾਡੇ ਪਰ ਅਭੀ ਤੋ ਅਕਾਲ ਕੀ ਰਛਾ ਹੈ। ਕਲ ਕੀ ਖ਼ਬਰ ਨਾਹੀ।...'
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖ ਕੌਮ ਦੀ ਅਗਵਾਈ ਕਰਨ ਵਾਲਾ ਕੋਈ ਨੇਤਾ ਨਜ਼ਰ ਨਾ ਆਉਂਦਾ ਦੇਖ ਕੇ ਸਿੱਖ ਕੌਮ ਦੀ ਸਮੁੱਚੀ ਹੋਂਦ ਨੂੰ ਬਿਲਕੁਲ ਹੀ ਮੁਕਾਉਣ ਵਾਸਤੇ ਸਰਕਾਰੀ ਮਨਸੂਬਿਆਂ ਅਨੁਸਾਰ ਅਬਦੁ-ਸਮੱਦ ਖਾਨ ਨੇ ਪੂਰੀ ਸਖ਼ਤੀ ਕਰ ਦਿੱਤੀ। ਸਿੱਖਾਂ ਦੀ ਸ਼ਨਾਖਤ ਸੌਖੀ ਹੋ ਸਕੇ, ਇਸ ਲਈ ਸਰਕਾਰ ਵਲੋਂ ਇਹ ਹੁਕਮ ਜਾਰੀ ਕੀਤਾ ਗਿਆ ਕਿ ਸਭ ਹਿੰਦੂ, ਮੁਸਲਮਾਨ ਆਪੋ-ਆਪਣੇ ਦਾਹੜ੍ਹੀ, ਕੇਸ ਮੁਨਵਾ ਕੇ ਰੱਖਣ। ਸਿੱਖਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਸਿੰਘਾਂ ਦੀਆਂ ਢਾਣੀਆਂ ਦੀਆਂ ਢਾਣੀਆਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਫੜ-ਫੜ ਕੇ ਲਾਹੌਰ ਲਿਆਂਦੀਆਂ ਜਾਂਦੀਆਂ ਸਨ, ਜਿਥੇ ਉਨ੍ਹਾਂ ਨੂੰ ਦਿੱਲੀ ਦਰਵਾਜ਼ੇ ਦੇ ਬਾਹਰ ਇਕ ਅਸਥਾਨ 'ਤੇ ਜੋ 'ਨਖਾਸ' ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਮਾਰ ਮੁਕਾਇਆ ਜਾਂਦਾ ਸੀ। ਇਹ ਥਾਂ ਹੁਣ 'ਸ਼ਹੀਦ ਗੰਜ' ਦੇ ਨਾਂਅ ਨਾਲ ਪ੍ਰਸਿੱਧ ਹੈ।
ਉਸ ਸਮੇਂ ਸਿੱਖਾਂ ਦਾ ਵਿਰੋਧ ਕੇਵਲ ਹਕੂਮਤ ਪੱਖੀ ਮੁਸਲਮਾਨਾਂ ਵਲੋਂ ਹੀ ਨਹੀਂ ਕੀਤਾ ਜਾਂਦਾ ਸੀ, ਸਗੋਂ ਕਈ ਹਿੰਦੂ ਵੀ ਹਕੂਮਤ ਤੋਂ ਇਨਾਮ ਹਾਸਲ ਕਰਨ ਲਈ ਸਿੱਖਾਂ ਵਿਰੁੱਧ ਸਾਜਿਸ਼ਾਂ ਅਤੇ ਮੁਖਬਰੀਆਂ ਵਿਚ ਸ਼ਰੀਕ ਸਨ। ਕਈ ਹਿੰਦੂ ਤਾਂ ਆਪਣੀਆਂ ਹੀ ਔਰਤਾਂ ਦੇ ਲੰਬੇ-ਲੰਬੇ ਵਾਲ ਕੱਟ-ਕੱਟ ਕੇ ਉਨ੍ਹਾਂ ਨੂੰ ਸਿੱਖਾਂ ਦੇ ਵਾਲ ਸਿੱਧ ਕਰਕੇ ਇਨਾਮ ਪ੍ਰਾਪਤ ਕਰ ਰਹੇ ਸਨ। ਮਾਝੇ ਵਿਚ, ਵਿਸ਼ੇਸ਼ ਕਰਕੇ ਅੰਮ੍ਰਿਤਸਰ ਦੇ ਦੁਆਲੇ ਸਿੰਘਾਂ ਦਾ ਮੁਕੰਮਲ ਸਫ਼ਾਇਆ ਕਰਨ ਲਈ ਛੀਨਿਆਂ ਦੇ ਚੌਧਰੀ ਕਰਮੇ, ਤਲਵੰਡੀ ਦੇ ਚੌਧਰੀ ਰਾਮੇ ਰੰਧਾਵੇ, ਜੰਡਿਆਲੇ ਦੇ ਚੌਧਰੀ ਸਰਨਦਾਸ ਹੰਦਾਲੀਏ, ਹਰਿ ਭਗਤ ਨਿਰੰਜਨੀਏ, ਨੁਸ਼ਹਿਰੇ ਦੇ ਚੌਧਰੀ ਸਾਹਿਬ ਰਾਏ ਅਤੇ ਚੌਧਰੀ ਧਰਮ ਦਾਸ ਟੋਪੀ ਵਾਲੇ ਨੇ ਘੇਰਾ ਪਾਇਆ ਹੋਇਆ ਸੀ। ਉਸ ਸਮੇਂ ਦੇ ਹਿੰਦੂ ਕਾਰਨਾਮਿਆਂ ਦਾ ਸਿੱਖ ਕੌਮ ਪ੍ਰਤੀ ਜ਼ਿਕਰ ਕਰਦੇ ਹੋਏ ਸਾਧੂ ਗੋਬਿੰਦ ਸਿੰਘ ਲਿਖਦੇ ਹਨ ਕਿ-
'ਹਿੰਦੂ ਲੋਗ ਜਿਨ ਕੀ ਰੱਖਯਾ ਕੇ ਲੀਏ ਸਿੱਖ ਜਾਤੀ ਅਪਨੇ ਹਾਲ ਸੇ ਬੇਹਾਲ ਹੂਹੀ ਫਿਰਤੀ ਥੀ, ਵੁਹ ਭੀ ਇਕ ਵਾਰਗੀ ਸਿੱਖੋਂ ਕੇ ਸ਼ਤਰੂ ਬਨ ਗਏ ਥੇ। ਕਿਸੇ ਹਿੰਦੂ ਕੇ ਮੁਖ ਸੇ ਯਿਹ ਨਹੀਂ ਨਿਕਲਤਾ ਥਾ ਕਿ ਯਿਹ ਸਿੰਘ ਗਰਾਮ ਮੇਂ ਬੈਠਾ ਰਹੇ। ਕਿੰਤੂ ਯਹੀ ਕਹਤੇ ਥੇ ਨਿਕਾਲੋ ਨਿਕਾਲੋ ਇਨ ਕੋ, ਅਨਥਾ ਹਮ ਲੋਗੋਂ ਕੇ ਬਾਦਸ਼ਾਹੀ ਦੰਡ ਸਹਿਨ ਕਰਨਾ ਪੜੇਗਾ। ਉਨਹੀ ਮੇਂ ਸੈਂਕੜੇ ਹਿੰਦੂ-ਮੁਸਲਮਾਨੋਂ ਨੇ ਗਰੀਬ ਸਿੱਖ ਜੋ ਕਿ ਆਪਣੇ ਖੇਤ ਜੋਤ ਕਰ ਨਿਰਬਾਹ ਕੀਆ ਕਰਤੇ ਥੇ, ਪਕੜਵਾ-ਪਕੜਵਾ ਕਰ ਇਨਾਮ ਹਾਸਲ ਕੀਏ।'
ਮੁਗ਼ਲਾਂ ਦੇ ਇਨ੍ਹਾਂ ਅੱਤਿਆਚਾਰਾਂ ਤੋਂ ਤੰਗ ਆ ਕੇ ਕੁਝ ਗਿਣਤੀ ਦੇ ਸਿੰਘ ਉੱਤਰੀ ਪੰਜਾਬ ਦੀਆਂ ਪਹਾੜੀਆਂ ਵੱਲ ਦੂਰ ਇਲਾਕਿਆਂ ਵਿਚ ਅਤੇ ਕੁਝ ਮਾਲਵੇ ਦੇ ਜੰਗਲ ਵੱਲ ਜਾਣ ਵਿਚ ਕਾਮਯਾਬ ਹੋ ਗਏ। ਧੰਨ ਸਨ ਉਹ ਸਿੰਘ, ਜਿਨ੍ਹਾਂ ਨੇ ਇਸ ਮੁਸੀਬਤ ਸਮੇਂ ਵੀ ਸਿੱਖੀ ਸਿਦਕ ਨਹੀਂ ਹਾਰਿਆ, ਸਗੋਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ।
ਸ: ਦੇਵਾ ਸਿੰਘ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸਿੱਖ ਸੀ। ਸ: ਦੇਵਾ ਸਿੰਘ ਦੇ ਤਿੰਨ ਪੁੱਤਰ ਗੁਰਬਖਸ਼ ਸਿੰਘ, ਸਦਰ ਸਿੰਘ ਤੇ ਬਦਰ ਸਿੰਘ ਸਨ। ਬਦਰ ਸਿੰਘ ਬਾਣੀ ਪੜ੍ਹਨ ਵਾਲਾ ਧਾਰਮਿਕ ਵਿਅਕਤੀ ਸੀ। ਬਦਰ ਸਿੰਘ ਨੇ ਆਪਣੇ ਪਿਤਾ ਦੇਵਾ ਸਿੰਘ ਨਾਲ ਕਈ ਵਾਰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਵੀ ਕੀਤੇ ਸਨ। ਸ: ਬਦਰ ਸਿੰਘ ਨੂੰ ਕਲਗੀਧਰ ਪਿਤਾ ਦੇ ਹਜ਼ੂਰੀ ਸਿੰਘਾਂ ਕੋਲੋਂ ਅੰਮ੍ਰਿਤ ਛਕਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸ: ਬਦਰ ਸਿੰਘ ਧਰਮ ਵਿਚ ਪ੍ਰਪੱਕ ਸੀ ਅਤੇ ਸਿੱਖੀ ਉਸ ਦੇ ਸਰੀਰ ਦੇ ਕਣ-ਕਣ ਵਿਚ ਵਸੀ ਹੋਈ ਸੀ।
ਭਾਈ ਬਦਰ ਸਿੰਘ ਦਾ ਵਿਆਹ ਪਿੰਡ ਹਲੋ-ਸਾਧੋ ਦੇ ਸਰਦਾਰ ਬਾਘ ਸਿੰਘ ਦੀ ਭੈਣ ਨਾਲ ਹੋਇਆ। ਉਹ ਬੀਬੀ ਵੀ ਸਿੱਖੀ ਰੰਗਣ ਵਿਚ ਰੰਗੀ ਹੋਈ ਸੀ ਅਤੇ ਤਿਆਰ-ਬਰ-ਤਿਆਰ ਸੀ। ਬੀਬੀ ਜੀ ਗੁਰਮੁਖੀ ਪੜ੍ਹੇ ਹੋਏ ਸਨ ਅਤੇ ਸਿੱਖ ਧਾਰਮਿਕ ਗ੍ਰੰਥਾਂ ਦੀ ਕਾਫੀ ਜਾਣਕਾਰੀ ਸੀ। ਆਪ ਜੀ ਨੂੰ ਬਹੁਤ ਸਾਰੀ ਗੁਰਬਾਣੀ ਜ਼ੁਬਾਨੀ ਯਾਦ ਸੀ ਪਰ ਫਿਰ ਵੀ ਗੁਰਬਾਣੀ ਦੀ ਪੋਥੀ ਆਪ ਕਿਰਪਾਨ ਦੇ ਗਾਤਰੇ ਨਾਲ ਸਜਾਈ ਰੱਖਦੇ ਸਨ। ਬੀਬੀ ਜੀ ਨੂੰ ਕੀਰਤਨ ਨਾਲ ਵਿਸ਼ੇਸ਼ ਪ੍ਰੇਮ ਸੀ ਅਤੇ ਦੁਤਾਰਾ ਬਹੁਤ ਚੰਗੀ ਤਰ੍ਹਾਂ ਵਜਾਉਣਾ ਜਾਣਦੇ ਸਨ। ਸਵੇਰੇ-ਸ਼ਾਮ ਗੁਰਬਾਣੀ ਦਾ ਪਾਠ ਕਰਨਾ ਅਤੇ ਕੀਰਤਨ ਚੌਕੀ ਲਾਉਣਾ ਆਪ ਦਾ ਨਿਤਨੇਮ ਸੀ। ਬੀਬੀ ਜੀ ਦਾ ਜੀਵਨ ਸੱਚਾ-ਸੁੱਚਾ ਇਕ ਆਦਰਸ਼ਕ ਸਿੱਖੀ ਜੀਵਨ ਸੀ। ਇਸ ਅਨੁਸਾਰ ਹੀ ਉਨ੍ਹਾਂ ਦੇ ਸਪੁੱਤਰ ਸ: ਜੱਸਾ ਸਿੰਘ ਦਾ ਜੀਵਨ ਢਲਿਆ ਸੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਬਠਿੰਡਾ। ਮੋਬਾ: 98155-33725

ਬਰਸੀ 'ਤੇ ਵਿਸ਼ੇਸ਼

ਨਾਮ ਵਿਚ ਰੰਗੀ ਰੂਹ ਸਨ ਸੰਤ ਵਰਿਆਮ ਸਿੰਘ ਧੂਰਕੋਟ ਵਾਲੇ

ਸੰਤ ਵਰਿਆਮ ਸਿੰਘ ਧੂਰਕੋਟ ਜ਼ਿਲ੍ਹਾ ਬਰਨਾਲਾ ਵਾਲੇ ਮਾਲਵੇ ਦੇ ਦਰਵੇਸ਼ ਸੰਤ ਅਤਰ ਸਿੰਘ ਘੁੰਨਸਾ ਦੇ ਸੇਵਕ ਸਨ। ਆਪ ਦਾ ਜਨਮ ਸੰਨ 1911 ਈ: ਵਿਚ ਭਾਈ ਦੁੱਲਾ ਸਿੰਘ ਦੇ ਗ੍ਰਹਿ ਮਾਤਾ ਸ੍ਰੀਮਤੀ ਅਮਰ ਕੌਰ ਦੀ ਕੁੱਖੋਂ ਪਿੰਡ ਮਹਿਮਾ ਸਵਾਈ (ਬਠਿੰਡਾ) ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੇ ਗਿਆਨੀ ਠਾਕਰ ਸਿੰਘ ਤੋਂ ਪ੍ਰਾਪਤ ਕੀਤੀ ਅਤੇ ਸਿੱਖ ਸਿਧਾਂਤਾਂ ਬਾਰੇ ਗੂੜ੍ਹਾ ਗਿਆਨ ਪ੍ਰਾਪਤ ਕੀਤਾ। ਆਪ ਦੀ ਪ੍ਰਭੂ ਭਗਤੀ ਬਿਰਤੀ ਕਾਰਨ ਆਪ ਪਿੰਡ ਘੁੰਨਸਾ ਵਿਖੇ ਸੰਤ ਅਤਰ ਸਿੰਘ ਕੋਲ ਆ ਗਏ। ਆਪ ਜੀ ਨੂੰ ਧਾਰਮਿਕ ਵਿੱਦਿਆ ਵਿਚ ਨਿਪੁੰਨਤਾ ਲਈ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਦਿਲਵਾਰ ਸਿੰਘ ਅਤੇ ਗਿਆਨੀ ਅਮੀਰ ਸਿੰਘ ਕੋਲ ਭੇਜ ਦਿੱਤਾ। ਸਾਢੇ ਤਿੰਨ ਸਾਲ ਦੀ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੂਰਕੋਟ ਵਿਖੇ ਨਿਰਮਲੇ ਸੰਪਰਦਾਇ ਨਾਲ ਸਬੰਧਤ ਡੇਰੇ ਦੀ ਸੇਵਾ ਸੰਭਾਲ ਲਈ, ਜਿੱਥੇ ਅੱਜਕਲ੍ਹ ਉਨ੍ਹਾਂ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਸੁਸ਼ੋਭਿਤ ਹੈ। ਇਸ ਸਥਾਨ 'ਤੇ ਅਨੇਕਾਂ ਲਾਵਾਰਿਸ ਬੱਚਿਆਂ ਨੂੰ ਸ਼ੁੱਧ ਗੁਰਬਾਣੀ, ਸ਼ਾਸਤਰ ਵਿੱਦਿਆ, ਘੋੜਸਵਾਰੀ ਸਿਖਾਉਣ ਤੋਂ ਇਲਾਵਾ ਧਾਰਮਿਕ ਖੇਤਰ ਵਿਚ ਇਲਾਕੇ ਦੀ ਹੀ ਨਹੀਂ, ਪੂਰੇ ਮਾਲਵੇ ਵਿਚ ਵਿਸ਼ੇਸ਼ ਸਥਾਨ ਹੈ।
ਆਪ ਜੀ ਨੇ ਆਪਣੀ ਸਾਰੀ ਜ਼ਿੰਦਗੀ ਨਾਮ ਸਿਮਰਨ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਈ। ਪੰਜ ਬਾਣੀਆਂ ਦੇ ਅਰਥਾਂ ਦੀ ਆਪ ਦੀ ਇਕ ਕੈਸਿਟ ਸੰਗਤਾਂ ਲਈ ਅਨਮੋਲ ਖ਼ਜ਼ਾਨਾ ਹੈ। ਉਨ੍ਹਾਂ ਦੇ ਪੂਰਨ ਆਦੇਸ਼ਾਂ 'ਤੇ ਚਲਦੇ ਹੋਏ ਬਾਬਾ ਆਤਮਾ ਸਿੰਘ ਧੂਰਕੋਟ (ਸਾਬਕਾ ਮੈਂਬਰ ਅੰਤ੍ਰਿੰਗ ਕਮੇਟੀ, ਸ਼੍ਰੋਮਣੀ ਕਮੇਟੀ) ਪੰਜਾਬ ਤੋਂ ਬਾਹਰ ਦੇਸ਼-ਵਿਦੇਸ਼ਾਂ ਵਿਚ ਜਾ ਕੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹਨ। ਇਸ ਅਸਥਾਨ 'ਤੇ ਲਾਵਾਰਸ, ਅਪਾਹਜ ਬੱਚਿਆਂ ਨੂੰ ਸਕੂਲੀ ਵਿੱਦਿਆ ਦੇ ਨਾਲ-ਨਾਲ ਗੁਰਬਾਣੀ ਸੰਥਿਆ, ਸਰਬ ਲੋਹ ਗ੍ਰੰਥ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ, ਵੇਦਾਂਤ ਦੇ ਗ੍ਰੰਥ ਦੀ ਸੰਥਿਆ ਕਰਵਾਈ ਜਾਂਦੀ ਹੈ। ਇਸ ਦੇ ਨਾਲ-ਨਾਲ ਇੱਥੇ ਰਹਿੰਦੇ ਵਿਦਿਆਰਥੀਆਂ ਨੂੰ ਕਥਾ ਕੀਰਤਨ ਸਮੇਤ ਗਤਕੇ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੰਤ ਵਰਿਆਮ ਸਿੰਘ 29 ਅਪ੍ਰੈਲ, 1993 ਨੂੰ ਆਪਣਾ ਸਰੀਰ ਤਿਆਗ ਗਏ, ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ 20 ਮਈ, 2018 ਨੂੰ ਟਕਸਾਲ ਭਾਈ ਮਨੀ ਸਿੰਘ ਜੀ ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਧੂਰਕੋਟ, ਜ਼ਿਲ੍ਹਾ ਬਰਨਾਲਾ ਦੇ ਮੁੱਖ ਸੇਵਾਦਾਰ ਬਾਬਾ ਆਤਮਾ ਸਿੰਘ ਧੂਰਕੋਟ (ਸਾਬਕਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ), ਬਾਬਾ ਲਾਲ ਸਿੰਘ, ਬਾਬਾ ਗੁਰਦੀਪ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ।


-ਪਿੰਡ ਖੁੱਡੀ ਖ਼ੁਰਦ (ਬਰਨਾਲਾ)। ਮੋਬਾ: 98725-45131

ਕੁਝ ਹੀ ਦਿਨਾਂ ਵਿਚ ਫ਼ੌਜੀ ਜਵਾਨ ਸ਼ੇਰ ਸਿੰਘ ਦੇ ਕੰਟਰੋਲ ਤੋਂ ਬਾਹਰ ਹੋ ਗਏ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੜੀਅਲ ਸ਼ਹਿਜ਼ਾਦਾ
ਸ਼ਹਿਜ਼ਾਦਾ ਸ਼ੇਰ ਸਿੰਘ ਹਮੇਸ਼ਾ ਫ਼ੌਜੀਆਂ ਤੇ ਆਮ ਲੋਕਾਂ ਵਿਚ ਹਰਮਨ ਪਿਆਰਾ ਰਿਹਾ ਹੈ। ਉਹ ਖੂਬਸੂਰਤ ਦੇ ਹਲੀਮੀ ਵਾਲਾ ਸੀ। ਉਹ ਥੋੜ੍ਹਾ ਜਿਹਾ ਅੜੀਅਲ ਤੇ ਬੜੇ ਸਲੀਕੇ ਨਾਲ ਕੱਪੜੇ ਪਹਿਨਦਾ ਸੀ। ਉਹ ਮਹਿੰਗੀਆਂ ਖੁਸ਼ਬੋਈਆਂ ਲਗਾਉਂਦਾ ਸੀ ਤੇ ਮੁੱਛਾਂ ਨੂੰ ਵੱਟ ਚਾੜ੍ਹਨ ਵਾਸਤੇ ਵੀ ਗੂੰਦ ਵਾਲੀ ਕਰੀਮ ਲਗਾਉਂਦਾ ਸੀ। ਉਹ ਆਪਣੀ ਦਾੜ੍ਹੀ ਨੂੰ ਇਕ ਡਿਜ਼ਾਈਨ ਨਾਲ ਬੰਨ੍ਹਦਾ ਸੀ। ਵਿਚਕਾਰੋਂ ਅੱਡ ਕਰਕੇ ਤੇ ਉੱਪਰ ਨੂੰ ਕੰਨਾਂ ਤੱਕ ਮਰੋੜ ਕੇ ਰੱਖਦਾ ਸੀ। ਉਹ ਚੰਗਾ ਖਾਣਾ ਤੇ ਫਰਾਂਸ ਦੀ ਵਾਈਨ ਪਸੰਦ ਕਰਦਾ ਸੀ। ਉਹ ਔਰਤਾਂ ਦਾ ਸ਼ੌਕੀਨ ਸੀ ਤੇ ਔਰਤਾਂ ਉਸ ਦੀਆਂ ਸ਼ੌਕੀਨ ਸਨ। ਉਹ ਅੰਗਰੇਜ਼ਾਂ ਦਾ ਪ੍ਰਸੰਸਕ ਸੀ ਤੇ ਅੰਗਰੇਜ਼ ਉਸ ਦੇ ਸਮਰਥਕ ਸਨ। ਉਹ ਹੋਰ ਕਿਸੇ ਨਾਲੋਂ ਵੀ ਸ਼ੇਰ ਸਿੰਘ ਨੂੰ ਲਾਹੌਰ ਦੇ ਬਾਦਸ਼ਾਹ ਦੇ ਰੂਪ ਵਿਚ ਪਸੰਦ ਕਰਦੇ ਸਨ। ਹਾਂ, ਸਿਰਫ ਸੰਧਾਵਾਲੀਆਂ ਨੂੰ ਛੱਡ ਕੇ ਜੋ ਸਿੱਧਾ ਹੀ ਚਾਹੁੰਦੇ ਸਨ ਕਿ ਅੰਗਰੇਜ਼ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਕਰ ਲੈਣ। ਪਰ ਸੰਧਾਵਾਲੀਏ ਸ਼ਾਹੀ ਖੂਨ ਦੇ ਸ਼ਹਿਜ਼ਾਦੇ ਨਹੀਂ ਸਨ ਤੇ ਉਨ੍ਹਾਂ ਦੀ ਇਹ ਤਜਵੀਜ਼ ਕਦੇ ਪਸੰਦ ਨਹੀਂ ਕੀਤੀ ਗਈ ਸੀ ਕਿ ਪੰਜਾਬ ਨੂੰ ਅੰਗਰੇਜ਼ਾਂ ਦੀ ਸੁਰੱਖਿਆ ਹੇਠਲੀ ਰਿਆਸਤ ਬਣਾ ਲਿਆ ਜਾਵੇ।
ਲਾਹੌਰ ਵਿਚ ਜੇਤੂ ਦਾਖਲੇ ਦੇ ਪੂਰੇ ਦਸ ਦਿਨ ਬਾਅਦ 27 ਜਨਵਰੀ, 1841 ਨੂੰ ਸ਼ੇਰ ਸਿੰਘ ਦੀ ਬਕਾਇਦਾ ਮਹਾਰਾਜਾ ਦੇ ਖਿਤਾਬ ਨਾਲ ਤਾਜਪੋਸ਼ੀ ਹੋਈ। ਉਸ ਦਾ ਪੁੱਤਰ ਸ਼ਹਿਜ਼ਾਦਾ ਪ੍ਰਤਾਪ ਸਿੰਘ ਤਖ਼ਤ ਦਾ ਵਾਰਸ ਐਲਾਨਿਆ ਗਿਆ ਤੇ ਇਕ ਵਾਰ ਫਿਰ ਧਿਆਨ ਸਿੰਘ ਡੋਗਰਾ ਰਾਜ ਦਾ ਪ੍ਰਧਾਨ ਮੰਤਰੀ ਬਣਿਆ।
ਹਰਮਨ ਪਿਆਰਤਾ ਦੇ ਬਾਵਜੂਦ ਸ਼ੇਰ ਸਿੰਘ ਦੀ ਹਕੂਮਤ ਚੰਗੇ ਮਾਹੌਲ ਵਿਚ ਨਹੀਂ ਸ਼ੁਰੂ ਹੋਈ। ਫ਼ੌਜ ਨੇ ਹੀ ਉਸ ਨੂੰ ਤਖ਼ਤ ਉੱਪਰ ਬਿਠਾਇਆ ਸੀ ਤੇ ਉਮੀਦ ਰੱਖੀ ਸੀ ਕਿ ਉਹ ਉਨ੍ਹਾਂ ਦੀਆਂ ਤਨਖਾਹਾਂ ਦਾ ਬਕਾਇਆ ਵੀ ਪੂਰਾ ਕਰੇਗਾ ਤੇ ਇਨ੍ਹਾਂ ਵਿਚ ਵਾਧਾ ਵੀ ਕਰੇਗਾ। ਉਧਰ ਜਦੋਂ ਸ਼ੇਰ ਸਿੰਘ ਨੇ ਕਿਲ੍ਹੇ ਉੱਪਰ ਕਬਜ਼ਾ ਕੀਤਾ ਤਾਂ ਖਜ਼ਾਨੇ ਨੂੰ ਖਾਲੀ ਪਾਇਆ। ਗੁਲਾਬ ਸਿੰਘ ਡੋਗਰਾ ਨੇ ਉਥੇ ਝਾੜੂ ਹੀ ਫੇਰ ਦਿੱਤਾ ਸੀ। ਸਿਪਾਹੀਆਂ ਨੇ ਅਗਲੇ ਲਾਰੇ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਅਫਸਰਾਂ ਦੇ ਖ਼ਿਲਾਫ਼ ਹੋ ਗਏ, ਜਿਨ੍ਹਾਂ ਬਾਰੇ ਉਹ ਸਮਝਦੇ ਸਨ ਕਿ ਉਨ੍ਹਾਂ ਨੇ ਖੁਦ ਭਾਰੀ ਪੈਸਾ ਲਿਆ ਹੈ।
ਕਿਲ੍ਹੇ ਦੇ ਅੰਦਰ ਦਾਖਲੇ ਦੇ ਪੰਜ ਦਿਨ ਬਾਅਦ ਸ਼ੇਰ ਸਿੰਘ ਤੇ ਧਿਆਨ ਸਿੰਘ ਨੇ ਫ਼ੌਜੀਆਂ ਨੂੰ 'ਸੁਮੁੰਮ ਬੁਰਜ' ਦੀ ਜਗ੍ਹਾ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ। ਕਿਲ੍ਹੇ ਅੰਦਰ ਇਹ ਅੱਠ ਨੁੱਕਰਾ ਬੁਰਜ ਹੈ, ਜਿਥੇ ਆਮ ਤੌਰ 'ਤੇ ਵੱਡਾ ਦਰਬਾਰ ਲਗਦਾ ਹੈ। ਹਰ ਕੰਪਨੀ ਵਿਚੋਂ ਦੋ-ਦੋ ਸਿਪਾਹੀ ਤੇ ਤੋਪਚੀਆਂ ਨੂੰ ਬੁਲਾਇਆ ਗਿਆ। ਫ਼ੌਜੀਆਂ ਨੇ ਉਸ ਵਿਚ ਜਾਣਾ ਇਸ ਸ਼ਰਤ 'ਤੇ ਮੰਨਿਆ ਕਿ ਉਥੇ ਅਫਸਰਾਂ ਨੂੰ ਨਹੀਂ ਬੁਲਾਇਆ ਜਾਵੇਗਾ। ਇਹ ਗੱਲ ਮੰਨ ਲਈ ਗਈ ਤੇ ਪਹਿਲੀ ਮੀਟਿੰਗ ਵਿਚ ਮਹਾਰਾਜਾ ਨੇ ਉਨ੍ਹਾਂ ਦੇ ਸਿਰਫ ਚੁਣੇ ਹੋਏ 'ਪੰਚ' ਹੀ ਬੁਲਾਏ। ਇਨ੍ਹਾਂ ਪੰਚਾਂ ਨੇ ਸ਼ਿਕਾਇਤ ਕੀਤੀ ਕਿ ਰੈਜੀਮੈਂਟਾਂ ਦੇ ਮੁਨਸ਼ੀ ਤਨਖਾਹ ਦੀ ਤਕਸੀਮ ਕਰਨ ਵਿਚ ਬੇਈਮਾਨੀ ਕਰਦੇ ਹਨ। ਮਹਾਰਾਜਾ ਨੇ ਉਨ੍ਹਾਂ ਨੂੰ ਹਟਾਉਣਾ ਮੰਨ ਲਿਆ, ਜਿਨ੍ਹਾਂ ਦੇ ਉਨ੍ਹਾਂ ਨੇ ਨਾਂਅ ਲਏ ਸਨ ਪਰ ਉਨ੍ਹਾਂ ਅਫਸਰਾਂ ਨੂੰ ਤਬਦੀਲ ਕਰਨਾ ਨਹੀਂ ਮੰਨਿਆ ਜੋ ਪੰਚਾਂ ਨੂੰ ਪਸੰਦ ਨਹੀਂ ਸਨ। ਇਸ ਮੀਟਿੰਗ ਵਿਚ ਬਹੁਤ ਗਰਮ ਮਾਹੌਲ ਬਣ ਗਿਆ ਸੀ। ਕਮਜ਼ੋਰ ਪੈ ਚੁੱਕੇ ਮਹਾਰਾਜਾ ਨੇ ਫ਼ੌਜੀਆਂ ਨੂੰ 'ਕੱਚਾ ਪੱਕਾ ਸੰਭਾਲੋ' ਕਹਿ ਦਿੱਤਾ।
ਇਹ ਪੰਚਾਂ ਵਾਸਤੇ ਇਸ਼ਾਰਾ ਸੀ ਕਿ ਉਹ ਆਪਣੇ ਮਸਲੇ ਖੁਦ ਨਜਿੱਠਣ ਵਾਸਤੇ ਆਜ਼ਾਦ ਹਨ। ਫ਼ੌਜ ਵਿਚ ਬੇਚੈਨੀ ਵਧ ਗਈ। ਉਹ ਦੁਕਾਨਦਾਰਾਂ ਨੂੰ ਲੁੱਟਣ ਲੱਗ ਪਏ ਤੇ ਕੁਝ ਮੁਨਸ਼ੀਆਂ ਨੂੰ ਜਾਨੋਂ ਵੀ ਮਾਰ ਦਿੱਤਾ। ਸੋਹਨ ਲਾਲ ਲਿਖਦਾ ਹੈ ਕਿ 6 ਤੋਂ 8 ਹਫਤੇ ਲਾਹੌਰ ਵਿਚ ਹਫੜਾ-ਦਫੜੀ ਮਚੀ ਰਹੀ। ਉਹ ਯੂਰਪੀਨ ਅਫ਼ਸਰਾਂ ਦੇ ਵੀ ਖੂਨ ਦੇ ਪਿਆਸੇ ਹੋ ਗਏ, ਖਾਸ ਕਰਕੇ ਉਨ੍ਹਾਂ ਦੇ ਜੋ ਲੁਧਿਆਣੇ ਦੇ ਬ੍ਰਿਟਿਸ਼ ਏਜੰਟ ਨਾਲ ਰਾਬਤਾ ਰੱਖਦੇ ਸਨ। ਦੋ ਯੂਰਪੀਨ ਅਫਸਰ, ਕਰਨਲ ਫੌਲਕਸ ਤੇ ਮੇਜਰ ਫੋਰਡ, ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਵੈਨਤੂਰਾ ਦੇ ਘਰ ਦੇ ਬਾਹਰ ਤਿੰਨ ਪਹਿਰੇਦਾਰ ਲਗਾ ਦਿੱਤੇ ਜੋ ਸ਼ੇਰ ਸਿੰਘ ਦੇ ਵਫਾਦਾਰ ਸਨ। ਇਕ ਅਫਸਰ, ਕੋਰਟ, ਜੋ ਵੈਨਤੂਰਾ ਦੇ ਘਰ ਵਿਚ ਲੁਕਿਆ ਹੋਇਆ ਸੀ, ਆਪਣੀ ਜਾਨ ਬਚਾਉਣ ਵਾਸਤੇ ਸਤਲੁਜ ਤੋਂ ਪਾਰ ਚਲਾ ਗਿਆ। ਐਵੀਤੇਬਾਈਲ ਨਾਂਅ ਦਾ ਅਫਸਰ ਪੇਸ਼ਾਵਰ ਛੱਡ ਕੇ ਜਲਾਲਾਬਾਦ ਦੌੜ ਗਿਆ ਤੇ ਉਸ ਨੇ ਅਫਗਾਨ ਬਾਦਸ਼ਾਹ ਦੀ ਸ਼ਰਨ ਲੈ ਲਈ। ਸਿਪਾਹੀਆਂ ਨੇ ਸਿੱਖ ਅਫਸਰਾਂ ਨੂੰ ਵੀ ਨਹੀਂ ਬਖਸ਼ਿਆ। ਕਸ਼ਮੀਰ ਸਿੰਘ ਗਵਰਨਰ, ਕਰਨਲ ਮੀਹਾਂ ਸਿੰਘ ਤੇ ਅੰਮ੍ਰਿਤਸਰ ਦੇ ਗੈਰੀਸਨ ਕਮਾਂਡਰ ਸੋਭਾ ਸਿੰਘ ਦਾ ਕਤਲ ਹੋ ਗਿਆ। ਲਾਹੌਰ ਵਿਚ ਜਮਾਂਦਾਰ ਖੁਸ਼ਹਾਲ ਸਿੰਘ ਤੇ ਉਸ ਦੇ ਭਤੀਜੇ ਤੇਜ ਸਿੰਘ ਤੇ ਲਹਿਣਾ ਸਿੰਘ ਮਜੀਠੀਆ, ਜਿਨ੍ਹਾਂ ਬਾਰੇ ਅੰਗਰੇਜ਼ਾਂ ਨਾਲ ਹਮਦਰਦੀ ਰੱਖਣ ਦਾ ਸ਼ੱਕ ਸੀ, ਆਪਣੇ-ਆਪ ਨੂੰ ਘਰਾਂ ਵਿਚ ਬੰਦ ਕਰਕੇ ਬੈਠ ਗਏ।
ਸ਼ੇਰ ਸਿੰਘ ਦੀਆਂ ਮੁਸ਼ਕਿਲਾਂ ਨੇ ਲੁਧਿਆਣਾ ਦੇ ਬ੍ਰਿਟਿਸ਼ ਏਜੰਟ ਮਿਸਟਰ ਕਲੇਰਕ ਨੂੰ ਮੌਕਾ ਦਿੱਤਾ ਕਿ ਉਹ ਦਰਬਾਰ ਦੇ ਕੰਮਕਾਜ ਵਿਚ ਦਖਲ ਦੇ ਸਕੇ। ਉਸ ਨੇ ਸ਼ੇਰ ਸਿੰਘ ਨੂੰ ਸੰਦੇਸ਼ ਭੇਜਿਆ ਕਿ ਉਹ ਮਾਈ ਚਾਂਦ ਕੌਰ ਨਾਲ ਚੰਗਾ ਵਿਹਾਰ ਕਰੇ, ਸੰਧਾਵਾਲੀਆਂ ਪ੍ਰਤੀ ਅਮਨ ਨਾਲ ਰਹੇ। ਚਾਂਦ ਕੌਰ ਬਾਰੇ ਤਾਂ ਉਸ ਨੇ ਮਿਸਟਰ ਕਲੇਰਕ ਨੂੰ ਦੱਸ ਹੀ ਦਿੱਤਾ ਸੀ ਕਿ ਉਹ ਉਸ ਨਾਲ ਵਿਆਹ ਕਰਵਾ ਰਿਹਾ ਹੈ ਤੇ ਸੰਧਾਵਾਲੀਆਂ ਨਾਲ ਵੀ ਚੰਗੇ ਸਬੰਧ ਬਣਾ ਰਿਹਾ ਹੈ।
ਪੰਜਾਬ ਅੰਦਰ ਬੇਚੈਨੀ ਬੇਰੋਕ ਵਧ ਰਹੀ ਸੀ। ਇਹ ਇਸ ਹੱਦ ਤੱਕ ਵਧ ਗਈ ਕਿ ਬ੍ਰਿਟਿਸ਼ ਏਜੰਟ ਨੇ 12000 ਦੀ ਫ਼ੌਜ ਨਾਲ ਲਾਹੌਰ ਦਰਬਾਰ ਵੱਲ ਕੂਚ ਕਰਨ ਦੀ ਸਕੀਮ ਬਣਾ ਲਈ। ਉਸ ਨੇ ਇਕ ਤਜਵੀਜ਼ ਵੀ ਦਿੱਤੀ ਕਿ ਜੋ ਲਾਹੌਰ ਦਰਬਾਰ ਦਾ ਕੁਝ ਇਲਾਕਾ ਸਤਲੁਜ ਦੇ ਪੂਰਬੀ ਕੰਢੇ ਦੇ ਇਸ ਪਾਸੇ ਹੈ, ਉਹ ਅੰਗਰੇਜ਼ਾਂ ਨੂੰ ਦੇ ਦਿੱਤਾ ਜਾਵੇ ਤੇ ਉਸ ਦੇ ਬਦਲੇ 40 ਲੱਖ ਰੁਪਏ ਲੈ ਕੇ ਆਪਣੇ ਹਾਲਾਤ ਸੁਧਾਰ ਲਏ ਜਾਣ। ਜਦੋਂ ਇਹ ਖ਼ਬਰ ਲੀਕ ਹੋ ਗਈ ਜਾਂ ਜਾਣ-ਬੁੱਝ ਕੇ ਲੀਕ ਕੀਤੀ ਗਈ ਤਾਂ ਪੰਜਾਬ ਵਿਚ ਅੰਗਰੇਜ਼ਾਂ ਵਿਰੋਧੀ ਹਵਾ ਬਣ ਗਈ। ਲਹਿਣਾ ਸਿੰਘ ਮਜੀਠੀਆ ਵਰਗੇ ਬੰਦੇ ਜੋ ਅੰਗਰੇਜ਼ਾਂ ਪ੍ਰਤੀ ਦੋਸਤਾਨਾ ਸਬੰਧਾਂ ਬਾਰੇ ਮਸ਼ਹੂਰ ਸਨ, ਰਾਜ ਦੀ ਹੱਦ ਤੋਂ ਬਾਹਰ ਚਲੇ ਗਏ। ਮਹਾਰਾਜਾ ਸ਼ੇਰ ਸਿੰਘ ਨੇ ਪੂਰੇ ਜ਼ੋਰ ਨਾਲ ਇਨਕਾਰ ਕੀਤਾ ਤੇ ਕਿਹਾ ਕਿ ਉਸ ਨੂੰ ਮਿਸਟਰ ਕਲੇਰਕ ਦੀ ਅਜਿਹੀ ਕਿਸੇ ਤਜਵੀਜ਼ ਦੀ ਕੋਈ ਜਾਣਕਾਰੀ ਨਹੀਂ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

'ਬਹੁੜੀਂ ਵੇ ਤਬੀਬਾ, ਮੈਂਡੀ ਜਿੰਦ ਗਈਆ' ਵਾਲੇ ਬਾਬਾ ਬੁੱਲ੍ਹੇ ਸ਼ਾਹ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੁਰਸ਼ਦ ਦੀ ਨਰਾਜ਼ਗੀ ਨੇ ਬੁੱਲ੍ਹੇ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਕੋਲੋਂ ਇਹ ਤੜਪ ਸਹਾਰੀ ਨਾ ਗਈ। ਬੁੱਲ੍ਹੇ ਦਾ ਦਿਲ ਰੂੰਆ-ਰੂੰਆ ਹੋ ਉੱਠਿਆ ਅਤੇ ਉਹ ਆਪਣੇੇ ਮੁਰਸ਼ਦ ਦੇ ਵਿਯੋਗ 'ਚ ਚੀਖ਼ ਉੱਠਿਆ-
ਬਹੁੜੀ ਵੇ ਤਬੀਬਾਂ, ਮੈਂਢੀ ਜਿੰਦ ਗਈ ਆ,
ਤੇਰੇ ਇਸ਼ਕ ਨਚਾਇਆ, ਕਰ ਥਈਆ-ਥਈਆ।
ਇਸ ਤਰ੍ਹਾਂ ਨਾਲ ਮੁਰਸ਼ਦ ਦੇ ਵਿਛੋੜੇ ਵਿਚ ਬੁੱਲ੍ਹੇ ਦੇ ਦਿਲ ਵਿਚੋਂ ਅਜਿਹਾ ਬਿਰਹੋਂ ਫੁੱਟਿਆ, ਜਿਸ ਨੇ ਪੰਜਾਬੀ ਸਾਹਿਤ ਦੀ ਝੋਲੀ ਦਰਦ ਤੇ ਵਿਛੋੜੇ ਦੀ ਤੜਪ 'ਚ ਲਿਖੀਆਂ ਅਮੁੱਲ ਕਾਫ਼ੀਆਂ ਨਾਲ ਭਰ ਦਿੱਤੀ। ਮੁਰਸ਼ਦ ਦੇ ਵਿਯੋਗ ਵਿਚ ਲਿਖਿਆ ਬੁੱਲ੍ਹੇ ਸ਼ਾਹ ਦਾ ਇਕ-ਇਕ ਸ਼ਬਦ ਅਮਰ ਹੋ ਗਿਆ।
ਬੁੱਲ੍ਹੇ ਨੇ ਕਿਸੇ ਨਚਾਰ ਵਾਂਗੂ ਪੈਰਾਂ ਵਿਚ ਘੁੰਗਰੂ, ਹੱਥ 'ਚ ਸਾਰੰਗੀ ਅਤੇ ਜ਼ਨਾਨਾ ਕੱਪੜੇ ਪਾ ਕੇ ਮੁਰਸ਼ਦ ਦੇ ਵਿਯੋਗ ਅਤੇ ਬਿਰਹਾ 'ਚ ਮਦਹੋਸ਼ ਹੋ ਕੇ ਗਲੀ-ਗਲੀ, ਬਾਜ਼ਾਰ-ਬਾਜ਼ਾਰ ਨੱਚਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ-
'ਬੱਸ ਕਰ ਜੀ, ਹੁਣ ਬੱਸ ਕਰ ਜੀ
ਕਾਈ ਗੱਲ ਅਸਾਂ ਨਾਲ ਹੱਸ ਕਰ ਜੀ।'
ਇਕ ਦਿਨ ਨੱਚਦੇ-ਗਾਉਂਦੇ ਬੁੱਲ੍ਹੇ ਸ਼ਾਹ ਉਸ ਮਸੀਤ ਵਿਚ ਪਹੁੰਚ ਗਏ, ਜਿੱਥੇ ਇਨਾਇਤ ਸ਼ਾਹ ਨਿੱਤ ਨਮਾਜ਼ ਪੜ੍ਹਨ ਜਾਂਦੇ ਸਨ। ਆਪਣੇ ਮੁਰੀਦ ਬੁੱਲ੍ਹੇ ਨੂੰ ਇਸ ਰੂਪ ਵਿਚ ਵੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਬੁੱਲ੍ਹੇ ਪਾਸ ਜਾ ਕੇ ਹੈਰਾਨੀ ਨਾਲ ਪੁੱਛਿਆ-'ਵੇ ਤੂੰ ਬੁੱਲ੍ਹਾ ਏਂ?' ਇਸ 'ਤੇ ਬੁੱਲ੍ਹੇ ਸ਼ਾਹ ਭੱਜ ਕੇ ਉਨ੍ਹਾਂ ਦੇ ਪੈਰਾਂ 'ਤੇ ਡਿੱਗ ਗਏ ਅਤੇ ਪੈਰ ਫੜ ਕੇ ਕਹਿਣ ਲੱਗੇ-'ਨਹੀਂ, ਮੇਰੇ ਹਜ਼ਰਤ, ਮੈਂ ਬੁੱਲ੍ਹਾ ਨਹੀਂ, ਮੈਂ ਤਾਂ ਭੁੱਲਾ ਹਾਂ।' ਇਹ ਸੁਣ ਨਰਾਜ਼ਗੀ ਛੱਡ ਇਨਾਇਤ ਸ਼ਾਹ ਕਾਦਰੀ ਨੇ ਬੁੱਲ੍ਹੇ ਨੂੰ ਹਿੱਕ ਨਾਲ ਲਾ ਲਿਆ।
ਬਾਬਾ ਬੁੱਲ੍ਹੇ ਸ਼ਾਹ ਨੇ ਆਪਣੇ ਜੀਵਨ ਕਾਲ ਵਿਚ 156 ਕਾਫ਼ੀਆਂ, 3 ਸੀਹਰਫੀਆਂ, 40 ਗੰਢਾਂ, ਇਕ ਬਾਰਾਮਾਹ, ਇਕ ਅਠਵਾਰਾ ਅਤੇ 49 ਦੋਹੜਿਆਂ ਦੀ ਰਚਨਾ ਕੀਤੀ। ਸਾਰੀ ਉਮਰ ਬ੍ਰਹਮਚਾਰੀ ਜੀਵਨ ਭੋਗ ਕੇ ਬੁੱਲ੍ਹੇ ਸ਼ਾਹ ਨੇ ਸੰਨ 1757 ਵਿਚ ਕਸੂਰ ਵਿਖੇ ਦੇਹ ਤਿਆਗ ਦਿੱਤੀ। ਕੁਝ ਲੇਖਕਾਂ ਨੇ ਬੁੱਲ੍ਹੇ ਸ਼ਾਹ ਦੇ ਦੇਹ ਤਿਆਗਣ ਦਾ ਵਰ੍ਹਾ ਸੰਨ 1753 ਅਤੇ 1759 ਵੀ ਲਿਖਿਆ ਹੈ। ਦੱਸਦੇ ਹਨ ਕਿ ਜਦੋਂ ਬਾਬਾ ਬੁੱਲ੍ਹੇ ਸ਼ਾਹ ਦਾ ਦਿਹਾਂਤ ਹੋ ਗਿਆ ਤਾਂ ਸ਼ਹਿਰ ਦੇ ਮਤਸਬੀ ਮੌਲਵੀਆਂ ਨੇ ਉਨ੍ਹਾਂ ਦਾ ਜਨਾਜ਼ਾ ਪੜ੍ਹਨ ਤੋਂ ਇਨਕਾਰ ਕਰ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਦੇਹ ਨੂੰ ਸ਼ਹਿਰ 'ਚ ਦਫ਼ਨ ਕਰਨ ਦੀ ਇਜਾਜ਼ਤ ਹੀ ਦਿੱਤੀ, ਜਿਸ ਕਾਰਨ ਬਾਬਾ ਜੀ ਦੀ ਦੇਹ ਸ਼ਹਿਰ ਦੇ ਬਾਹਰਵਾਰ ਮੌਜੂਦਾ 'ਦਰਬਾਰ ਬਾਬਾ ਬੁੱਲ੍ਹੇ ਸ਼ਾਹ' ਦੇ ਸਥਾਨ 'ਤੇ ਦਫ਼ਨਾਈ ਗਈ। ਬਾਬਾ ਬੁੱਲ੍ਹੇ ਸ਼ਾਹ ਦਾ ਦਰਬਾਰ ਕਸੂਰ ਸ਼ਹਿਰ ਦੇ ਪੁਰਾਣੇ ਲਾਰੀ ਅੱਡੇ ਤੋਂ ਥੋੜ੍ਹੀ ਦੂਰੀ 'ਤੇ ਹੈ। ਅੱਡੇ ਤੋਂ ਦਰਬਾਰ ਤੱਕ ਆਟੋ ਰਿਕਸ਼ਾ ਅਸਾਨੀ ਨਾਲ ਮਿਲ ਜਾਂਦੇ ਹਨ।


-ਅੰਮ੍ਰਿਤਸਰ। ਮੋਬਾ: 93561-27771, 78378-49764

ਸਮਾਜ ਭਲਾਈ ਵਿਚ ਗੁਰਦੁਆਰਾ ਸੰਸਥਾ ਦਾ ਮਹੱਤਵ

ਗੁਰਦੁਆਰਾ ਸਿੱਖ ਧਰਮ, ਪੰਥ ਅਤੇ ਸਮਾਜ ਦਾ ਕੇਵਲ ਇਕ ਧਰਮ ਸਥਾਨ ਹੀ ਨਹੀਂ, ਸਗੋਂ ਇਹ ਸਮੁੱਚੇ ਸਿੱਖੀ ਜੀਵਨ ਅਤੇ ਸਮਾਜਿਕ-ਮਨੁੱਖੀ ਸਰੋਕਾਰਾਂ ਦਾ ਕੇਂਦਰੀ ਧੁਰਾ ਹੈ। ਸਿੱਖੀ ਜੀਵਨ ਜਿਊਣ ਦੀ ਮੁੱਢਲੀ ਪ੍ਰੇਰਨਾ ਅਤੇ ਦਿਸ਼ਾ ਗੁਰਦੁਆਰਾ ਸਥਾਨ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਦੀ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਸਥਾਪਿਤ ਹੋਈਆਂ ਸੰਗਤਾਂ ਤੋਂ ਲੈ ਕੇ ਵਰਤਮਾਨ ਤੱਕ ਗੁਰਦੁਆਰਾ ਸੰਸਥਾ ਨੇ ਇਕ ਵੱਡਾ ਗੁਣਾਤਮਕ ਤੇ ਗਿਣਾਤਮਕ ਸਫ਼ਰ ਤੈਅ ਕਰ ਲਿਆ ਹੈ। ਅਜੋਕੇ ਸਮੇਂ ਅਤੇ ਭਵਿੱਖ ਵਿਚ ਇਸ ਸੰਸਥਾ ਨੇ ਪੰਥਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਜੋ ਨਵੀਂ ਧਾਰਮਿਕ-ਸਮਾਜਿਕ ਭੂਮਿਕਾ ਨਿਭਾਉਣੀ ਹੈ, ਇਸ ਬਾਰੇ ਕੀਤੇ ਜਾਣ ਵਾਲੇ ਕਾਰਜਾਂ ਦੀ ਇਕ ਰੂਪ-ਰੇਖਾ ਤਿਆਰ ਕੀਤੀ ਜਾਣੀ ਜ਼ਰੂਰੀ ਹੋ ਗਈ ਹੈ।
ਪੰਜਾਬ ਤੋਂ ਲੈ ਕੇ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਵਿਸ਼ਵ ਦੇ ਸਿੱਖ ਵਸੋਂ ਵਾਲੇ ਖੇਤਰਾਂ ਵਿਚ ਇਤਿਹਾਸਕ, ਸਿੰਘ ਸਭਾ ਅਤੇ ਹੋਰ ਗੁਰਦੁਆਰੇ ਵੱਡੀ ਗਿਣਤੀ ਵਿਚ ਉਸਾਰ ਲਏ ਗਏ ਹਨ। ਭਾਵੇਂ ਇਹ ਗੁਰਦੁਆਰਾ ਕੇਂਦਰ ਸਿੱਖ ਸੰਗਤਾਂ ਦੀ ਸਹੂਲਤ ਲਈ ਸਥਾਪਤ ਕੀਤੇ ਗਏ ਹਨ, ਪਰ ਅਕਸਰ ਜਿਨ੍ਹਾਂ ਵਿਰੋਧ ਭਾਵਨਾਵਾਂ ਨਾਲ ਇਹ ਗੁਰਦੁਆਰੇ ਜਾਂ ਪ੍ਰਬੰਧਕਾਂ ਵਿਚ ਮਨ-ਮੁਟਾਵ ਕਾਰਨ ਬਣਾਏ ਗਏ ਹਨ, ਉਸ ਨਾਲ ਸਿੱਖ ਸਮਾਜ ਵਿਚ ਟੁੱਟ-ਭੱਜ ਅਤੇ ਮਤਭੇਦ ਆਦਿ ਵੀ ਵਧ ਰਹੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਥਕ ਸੰਸਥਾਵਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਗੈਰ-ਸਿਧਾਂਤਕ ਜਾਤ-ਪਾਤੀ ਵੰਡ ਦੇ ਆਧਾਰ 'ਤੇ ਉਸਰੇ ਗੁਰਦੁਆਰਿਆਂ ਦਾ ਏਕੀਕਰਨ ਕਰਨ ਬਾਰੇ ਸਮੇਂ-ਸਮੇਂ ਯਤਨ ਕੀਤੇ ਜਾਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਵਲੋਂ 'ਇਕ ਪਿੰਡ ਇਕ ਗੁਰਦੁਆਰਾ' ਸਬੰਧੀ ਚਲਾਈ ਗਈ ਮੁਹਿੰਮ ਇਕ ਸਵਾਗਤਯੋਗ ਕਦਮ ਹੈ, ਜਿਸ ਦਾ ਭਵਿੱਖ ਵਿਚ ਸਿੱਖ ਸੰਗਤਾਂ ਵਲੋਂ ਚੰਗਾ ਹੁੰਗਾਰਾ ਮਿਲਣ ਦੀ ਆਸ ਹੈ। ਪਿੰਡਾਂ ਜਾਂ ਸ਼ਹਿਰਾਂ ਵਿਚ ਜਿਹੜੀਆਂ ਗੁਰਦੁਆਰਾ ਇਮਾਰਤਾਂ ਆਮ ਇਮਾਰਤਾਂ ਵਿਚ ਤਬਦੀਲ ਹੋ ਜਾਣਗੀਆਂ, ਉਨ੍ਹਾਂ ਨੂੰ ਸਮਾਜ ਭਲਾਈ ਹਿੱਤ ਕਿਵੇਂ ਵਰਤਿਆ ਜਾਣਾ ਹੈ, ਸਾਡੇ ਸਾਹਮਣੇ ਇਹ ਇਕ ਵੱਡਾ ਮੁੱਦਾ ਹੈ। ਦੂਸਰਾ, ਜੇਕਰ ਇਸ ਮੁਹਿੰਮ ਨੂੰ ਲੋੜੀਂਦਾ ਹੁੰਗਾਰਾ ਨਹੀਂ ਮਿਲਦਾ ਤਾਂ ਗੁਰਦੁਆਰਾ ਕੇਂਦਰ ਦੀ ਪਰਿਭਾਸ਼ਾ ਅਨੁਸਾਰ ਇਕ ਪਿੰਡ ਜਾਂ ਕੁਝ ਪਿੰਡਾਂ ਦੇ ਕਲੱਸਟਰ ਸਮੂਹਾਂ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਆਪਸੀ ਤਾਲਮੇਲ ਨਾਲ ਧਾਰਮਿਕ ਸਰਗਰਮੀਆਂ ਦੇ ਨਾਲ-ਨਾਲ ਸਮਾਜ ਦੀ ਭਲਾਈ ਹਿੱਤ ਹੋਰ ਕਿਹੜੇ-ਕਿਹੜੇ ਕਾਰਜ ਕਰ ਸਕਦੇ ਹਨ, ਸਾਡੇ ਸਾਹਮਣੇ ਇਹ ਇਕ ਹੋਰ ਮਹੱਤਵਪੂਰਨ ਮੁੱਦਾ ਹੈ।
ਗੁਰਦੁਆਰਾ ਇਮਾਰਤਾਂ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਭਲਾਈ ਲਈ ਵਰਤੇ ਜਾਣ ਨਾਲ ਸਿੱਖ ਪੰਥ ਦੇ ਉੱਜਵਲ ਭਵਿੱਖ ਸਿਰਜਣਾ ਦੀ ਨਾ ਕੇਵਲ ਨਵੀਂ ਸ਼ੁਰੂਆਤ ਹੋ ਸਕੇਗੀ, ਸਗੋਂ ਸਿੱਖ ਪੰਥ ਵਿਸ਼ਵ ਪੱਧਰ ਦੀਆਂ ਹੋਰ ਵੱਡੀਆਂ ਪ੍ਰਾਪਤੀਆਂ ਵੀ ਕਰ ਸਕੇਗਾ। ਇਸ ਸਬੰਧੀ ਅਸੀਂ ਗੁਰਦੁਆਰਾ ਕੇਂਦਰਾਂ ਦੀ ਨਵੀਂ ਧਾਰਮਿਕ-ਸਮਾਜਿਕ ਭੂਮਿਕਾ ਅਤੇ ਸੁਧਾਰਵਾਦੀ ਕਾਰਜਾਂ ਹਿਤ ਕੁਝ ਸੁਝਾਅ ਦੇ ਰਹੇ ਹਾਂ, ਜਿਸ ਨਾਲ ਪੰਥ ਵਿਚ ਨਵੀਂ ਲੋਕ ਭਲਾਈ ਲਹਿਰ ਦੀ ਸ਼ੁਰੂਆਤ ਹੋ ਸਕਦੀ ਹੈ।
* ਆਰਥਿਕ ਤੌਰ 'ਤੇ ਸਮਰਿੱਧ ਅਤੇ ਬੁਨਿਆਦੀ ਢਾਂਚੇ ਵਿਚ ਮਜ਼ਬੂਤ ਇਕ ਪਿੰਡ ਤੋਂ ਲੈ ਕੇ ਵੱਡੇ ਸ਼ਹਿਰਾਂ ਵਿਚ ਸਥਿਤ ਗੁਰਦੁਆਰਾ ਕੇਂਦਰ ਆਪਣੇ ਤੌਰ 'ਤੇ ਜਾਂ ਕੁਝ ਗੁਰਦੁਆਰਿਆਂ ਦੀ ਤਾਲਮੇਲ ਕਮੇਟੀ ਬਣਾ ਕੇ ਜਾਂ ਪਹਿਲਾਂ ਹੀ ਬਣੀਆਂ ਤਾਲਮੇਲ ਕਮੇਟੀਆਂ ਸਮਾਜ ਭਲਾਈ ਦੇ ਕਾਰਜਾਂ ਨੂੰ ਅਮਲੀ ਰੂਪ ਦੇਣ ਲਈ ਕਿਸੇ ਇਕ ਜਾਂ ਇਕ ਤੋਂ ਵਧੇਰੇ ਗੁਰਦੁਆਰਿਆਂ ਨੂੰ ਅਜਿਹਾ ਕੇਂਦਰ ਬਣਾਉਣ।
* ਗੁਰਦੁਆਰਾ ਕੇਂਦਰ ਵਿਚ ਇਕ ਵਿਸ਼ੇਸ਼ ਮਿਆਰ ਦੀ ਕਾਰਜਸ਼ੀਲ ਲਾਇਬ੍ਰੇਰੀ ਸਥਾਪਿਤ ਕੀਤੀ ਜਾਵੇ, ਜਿਸ ਵਿਚ ਧਾਰਮਿਕ-ਬੌਧਿਕ ਗਿਆਨ ਪੁਸਤਕਾਂ ਤੇ ਹੋਰ ਲਿਟਰੇਚਰ ਆਦਿ ਰੱਖਿਆ ਜਾਵੇ। ਲਾਇਬ੍ਰੇਰੀ ਦੀ ਮੈਂਬਰਸ਼ਿਪ ਸਮਾਜ ਦੇ ਸਾਰੇ ਵਰਗਾਂ ਲਈ ਖੁੱਲ੍ਹੀ ਰੱਖੀ ਜਾਵੇ।
* ਸਿੱਖਿਅਤ ਗ੍ਰੰਥੀ ਸਿੰਘ ਜਾਂ ਹੋਰ ਕਿਸੇ ਸਵੈ-ਸੇਵੀ ਧਾਰਮਿਕ ਸ਼ਖ਼ਸੀਅਤ ਸਬੰਧਿਤ ਇਲਾਕੇ ਦੇ ਬੱਚਿਆਂ, ਬੀਬੀਆਂ, ਨੌਜਵਾਨਾਂ ਅਤੇ ਬਜ਼ੁਰਗਾਂ ਆਦਿ ਨੂੰ ਉਨ੍ਹਾਂ ਦੇ ਵਿੱਦਿਅਕ ਤੇ ਬੌਧਿਕ ਮਿਆਰ ਦੇ ਅਨੁਸਾਰ ਧਾਰਮਿਕ-ਨੈਤਿਕ ਵਿੱਦਿਆ ਅਤੇ ਉੱਚ ਜੀਵਨ ਜਾਚ ਸਿਰਜਣ ਸਬੰਧੀ ਸਿੱਖਿਆ ਦੇਣ।
* ਸਬੰਧਿਤ ਇਲਾਕੇ ਦੇ ਵਿਅਕਤੀਆਂ, ਬੀਬੀਆਂ ਅਤੇ ਬੱਚਿਆਂ ਆਦਿ ਨੂੰ ਸ਼ੁੱਧ ਬਾਣੀ ਉਚਾਰਨ, ਕੀਰਤਨ ਸਿਖਲਾਈ ਤੇ ਇਤਿਹਾਸ ਦੀ ਜਾਣਕਾਰੀ ਆਦਿ ਦੇਣ ਲਈ ਸਿੱਖਿਅਤ ਧਾਰਮਿਕ ਅਧਿਆਪਕ ਇਸ ਕੇਂਦਰ ਵਿਚ ਰੱਖੇ ਜਾਣ।
* ਸਬੰਧਿਤ ਕੇਂਦਰ ਅਤੇ ਇਸ ਦੇ ਪ੍ਰਬੰਧਕਾਂ ਵਲੋਂ ਸਿੱਖ ਵਿਦਵਾਨਾਂ ਦੀ ਮਦਦ ਨਾਲ ਛੋਟੀਆਂ ਪੁਸਤਕਾਂ ਤੇ ਹੋਰ ਪੈਂਫਲਿਟ ਲਿਟਰੇਚਰ ਆਦਿ ਦੀ ਛਪਾਈ ਕਰਾ ਕੇ ਇਲਾਕੇ ਵਿਚ ਮੁਫ਼ਤ ਵੰਡਿਆ ਜਾਵੇ। ਕੇਂਦਰ ਵਲੋਂ ਆਦਰਸ਼ਕ ਮਨੁੱਖ ਦੀ ਸਿਰਜਣਾ, ਸਮਾਜਿਕ ਬੁਰਾਈਆਂ, ਨਸ਼ਿਆਂ, ਵਹਿਮਾਂ-ਭਰਮਾਂ, ਜਾਤ-ਪਾਤ, ਊਚ-ਨੀਚ ਆਦਿ ਬਾਰੇ ਗੁਰਮਤਿ ਦਾ ਸੁਨੇਹਾ ਦੇਣ ਨੂੰ ਤਰਜੀਹ ਦਿੱਤੀ ਜਾਵੇ।
* ਕੇਂਦਰ ਦੇ ਪ੍ਰਬੰਧਕਾਂ ਵਲੋਂ ਗੁਰਮਤਿ ਗਿਆਨ, ਨੈਤਿਕ ਸਿੱਖਿਆ ਅਤੇ ਧਾਰਮਿਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਬੰਧਿਤ ਖੇਤਰ ਦੇ ਹਰ ਉਮਰ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਕੁਇਜ਼ ਮੁਕਾਬਲੇ, ਭਾਸ਼ਣ ਮੁਕਾਬਲੇ, ਕੀਰਤਨ ਕਰਨ ਦੇ ਮੁਕਾਬਲੇ, ਦਸਤਾਰਬੰਦੀ ਤੇ ਲੇਖਣੀ ਆਦਿ ਦੇ ਮੁਕਾਬਲਿਆਂ ਸਮੇਤ ਹਰ ਸੰਭਵ ਸਰਗਰਮੀ ਕੀਤੀ ਜਾਵੇ, ਜਿਸ ਨਾਲ ਸਿੱਖ ਧਰਮ ਅਤੇ ਜੀਵਨ ਜਾਚ ਦਾ ਪ੍ਰਸਾਰ ਅਤੇ ਆਦਰਸ਼ਕ ਸ਼ਖ਼ਸੀਅਤ ਦਾ ਨਿਰਮਾਣ ਯਕੀਨੀ ਬਣ ਸਕੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ।
ਮੋਬਾ: 98725-91713

ਸੂਫ਼ੀ ਕਾਵਿ ਅਤੇ ਮੋਹਨ ਸਿੰਘ ਦੀਵਾਨਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੁੱਲ੍ਹੇ ਸ਼ਾਹ ਦੀ ਸ਼ਰਾਅ ਤੋਂ ਨਾਬਰੀ ਅਤੇ ਬਿਆਨ ਦੀ ਬੇਬਾਕੀ ਸਰਬ-ਵਿਖਿਆਤ ਹੈ। 'ਭੱਠ ਨਮਾਜ਼ਾਂ ਚਿੱਕੜ ਰੋਜ਼ੇ' ਵਰਗੀ ਬੇਬਾਕ ਸ਼ੈਲੀ ਵਿਚ ਮੋਹਨ ਸਿੰਘ ਦੀਵਾਨਾ ਲਿਖਦਾ ਹੈ :
ਅਸਾਂ ਸ਼ਰਮ ਹਯਾ ਨੂੰ ਭੁੰਨ ਖਾਧਾ,
ਅਸਾਂ ਮੱਚ ਮਨ ਦੇ ਮਾਰੇ।
ਅਸਾਂ ਟਿੱਚ ਜਾਣਿਆ ਜਗਤ ਜਲੰਦਾ,
ਅਸਾਂ ਲਹੁਕੇ ਜਾਤੇ ਭਾਰੇ।
ਗਏ ਸਰੂ ਦੇ ਵਾਂਗਰ ਸਿੱਧੇ,
ਅਸਾਂ ਸੱਦੇ ਬਾਲ ਨ ਆਰੇ।
ਵਜਦ ਜਾਂ ਬੇਖ਼ੁਦੀ ਦੀ ਅਵਸਥਾ ਐਵੇਂ ਨਹੀਂ ਹਾਸਲ ਹੁੰਦੀ, ਇਸ ਲਈ ਕਈ ਜਫ਼ਰ ਜਲਣੇ ਪੈਂਦੇ ਹਨ। ਸਭ ਤੋਂ ਪਹਿਲੀ ਸ਼ਰਤ ਆਤਮ-ਸਮਰਪਣ ਦੀ ਹੈ, ਸਮਦਰਸ਼ਤਾ ਅਤੇ ਸਾਂਝੀਵਾਲਤਾ ਦੀ ਹੈ। ਇਹ ਦੁਹਰਾਉਣ ਦੀ ਲੋੜ ਨਹੀਂ ਕਿ ਸੂਫ਼ੀ ਸੁਲਹਕੁੱਲ ਜਾਂ ਪ੍ਰੇਮ ਦੇ ਹੀ ਭੁੱਖੇ ਸਨ ਅਤੇ ਪ੍ਰੇਮ ਕਿਸੇ ਦੇ ਬਣ ਜਾਣ ਜਾਂ ਕਿਸੇ ਨੂੰ ਆਪਣੀ ਬਣਾਉਣ ਨਾਲ ਹੀ ਪੈਦਾ ਹੁੰਦਾ ਹੈ :
ਆਪਣਾ ਆਪ ਕਦੇ ਨਹੀਂ ਭੁੱਲਦਾ,
ਜਦ ਤਕ ਨੇਹੁੰ ਨ ਲਾਈਏ।
ਆਪ ਕਿਸੇ ਦੇ ਹੋ ਕੇ ਰਹੀਏ,
ਜਾਂ ਆਪਣਾ ਉਹਨੂੰ ਬਣਾਈਏ।
ਬਾਬੇ ਮੈਨੂੰ ਸਾਫ਼ ਆਖਿਆ,
ਰੱਬ ਦਾ ਮਿਲਣਾ ਮੁਸ਼ਕਿਲ।
ਜਦ ਤੱਕ ਆਪਣੇ ਅਤੇ ਪਰਾਏ
ਦਾ ਨ ਫਰਕ ਮਿਟਾਈਏ।
ਏਹੋ ਅਵਸਥਾ ਹੀ ਦਰਵੇਸ਼ੀ ਜਾਂ ਫ਼ਕੀਰੀ ਦੀ ਹੈ। ਬਾਬਾ ਫ਼ਰੀਦ ਜੀ ਨੇ ਇਸੇ ਕਰਕੇ ਦਰਵੇਸ਼ੀ ਨੂੰ ਔਖੀ ਮੰਜ਼ਿਲ ਕਿਹਾ ਹੈ, ਕਿਉਂਕਿ ਇਹ ਕਹਿਣੀ ਸੌਖੀ, ਪਰ ਕਮਾਉਣੀ ਔਖੀ ਹੈ। ਬਹੁਤੇ ਸੂਫ਼ੀ ਫ਼ਕੀਰ ਰਾਜ ਦਰਬਾਰਾਂ ਦੀ ਤੜਕ-ਭੜਕ ਤੋਂ ਸਦਾ ਹੀ ਪਰੇ ਹੀ ਰਹੇ, ਕਿਉਂਕਿ ਉਨ੍ਹਾਂ ਨੂੰ ਫ਼ਕੀਰੀ, ਬਾਦਸ਼ਾਹਤ ਨਾਲੋਂ ਵਡੇਰੀ ਲਗਦੀ ਸੀ। ਫ਼ਕੀਰ ਤਾਂ ਬਾਦਸ਼ਾਹ ਨੂੰ ਵੰਗਾਰ ਕੇ ਕਹਿੰਦੇ ਸਨ :
ਹਮ ਫ਼ਕੀਰੋਂ ਸੇ ਦੋਸਤੀ ਕਰ ਲੋ,
ਸਿਖਾ ਦੇਂਗੇ ਗੁਰ ਤੁਮ੍ਹੇਂ ਬਾਦਸ਼ਾਹੀ ਕੇ।
ਇਸੇ ਫ਼ਕੀਰੀ ਦੀ ਵਚਿੱਤਰਤਾ ਉੱਪਰ ਮੋਹਰ ਲਾਉਂਦਿਆਂ ਮੋਹਨ ਸਿੰਘ ਦੀਵਾਨਾ ਨੇ ਲਿਖਿਆ ਸੀ :
ਕੁਝ ਨ ਸਹੀ ਫ਼ਕੀਰੀ ਦੇ ਵਿਚ,
ਦਿਲ ਦਾ ਇਤਮਿਨਾਨ ਤਾਂ ਹੈ।
ਧੂਏ ਉੱਪਰ ਸਾਈਂ ਬੈਠਾ,
ਸ਼ਾਹਾਂ ਵਰਗੀ ਸ਼ਾਨ ਤਾਂ ਹੈ।
ਅਜਿਹੀ ਫ਼ਕੀਰਾਨਾ ਮਸਤੀ ਨੂੰ ਹੋਰ ਸਪੱਸ਼ਟ ਕਰਦਿਆਂ ਦੀਵਾਨਾ ਲਿਖਦਾ ਹੈ ਕਿ ਇਹ ਸਭ ਫ਼ਕੀਰੀ ਦੀ ਸਮਦਰਸਤਾ ਦਾ ਨਤੀਜਾ ਹੈ। ਅਖਾਣ ਹੈ ਕਿ ਤਾਰੂ ਹੀ ਡੁੱਬਦਾ ਹੈ, ਠੀਕ ਅਜਿਹੀ ਹਾਲਤ ਦੁਨੀਆਦਾਰ ਦੀ ਹੈ :
ਦੁਨੀਆਦਾਰ ਨੂੰ ਦੁਨੀਆ ਖਾਵੇ,
ਦੀਨ ਦਾਰ ਨੂੰ ਦੀਨ।
ਮਾਂਦਰੀ ਮਰਦਾ ਸੱਪ ਦੇ ਹੱਥੋਂ,
ਧਰੀ ਰਹੀਂਦੀ ਬੀਨ।
ਪੀਰੀ ਨਿਗਲੇ ਪੀਰਾਂ ਤਾਈਂ,
ਹੀਨਤਾ ਨਿਗਲੇ ਹੀਨ।
ਇਹ ਮਸਤੀ ਹੈ ਮਸਤੀ ਦੀ,
ਜੋ ਰਹਿੰਦੀ ਸਦਾ ਅਧੀਨ।
ਬੁੱਲ੍ਹੇ ਸ਼ਾਹ ਦੀ ਇਕ ਪ੍ਰਸਿੱਧ ਕਾਫੀ ਦੀ ਸਤਰ ਹੈ, 'ਮਿਲੇ ਜੇ ਤੀਰਥ ਨਾਤਿਆਂ ਡਡਾਂ ਜਲ ਵਾਸੀ' ਜਿਸ ਦੀਆਂ ਅਗਲੀਆਂ ਸਤਰਾਂ ਵਿਚ ਲੰਮੇ-ਲੰਮੇ ਵਾਲ ਵਧਾਉਣ ਵਾਲਿਆਂ (ਸੂਫ਼ੀਆਂ ਦੀ ਇਕ ਸੰਪਰਦਾ ਜਾਂ ਗੇਸੂਦਰਾਜ਼ ਵੱਲ ਇਸ਼ਾਰਾ ਹੈ) ਅਤੇ ਹੋਰ ਭੇਖਾਂ ਜਾਂ ਕਰਮ ਕਾਂਡ ਕਰਨ ਵਾਲਿਆਂ ਦੀ ਸੂਚੀ ਹੈ। ਮਸਤੀ ਦੀ ਇਕ ਇਸੇ ਭਾਵ ਦੀ ਰੁਬਾਈ ਹੈ :
ਮੈਂ ਨਹੀਂ ਕਹਿੰਦਾ ਦੁਨੀਆ ਛੱਡ ਦੇ,
ਮੈਂ ਕਹਿਨਾ ਦਿਲ ਤੇ ਨ ਲਾ।
ਮੈਂ ਨਹੀਂ ਕਹਿੰਦਾ ਜੰਗਲੀ ਜਾ ਬਹੁ,
ਮੈਂ ਕਹਿੰਦਾ ਬਨ ਦਿਲ ਵਿਚ ਲਿਆ।
ਮੈਂ ਨਹੀਂ ਕਹਿੰਦਾ ਖੁੱਲ੍ਹ ਬੁਰੀ ਹੈ,
ਮੈਂ ਕਹਿੰਨਾ ਰੂਹ ਤਾਈਂ ਉਡਾ।
ਇਹ ਉਦਾਹਰਨਾਂ ਸਪੱਸ਼ਟ ਕਰਦੀਆਂ ਹਨ ਕਿ ਸੂਫ਼ੀਵਾਦ, ਪੰਜਾਬੀ ਸੂਫ਼ੀ ਕਾਵਿ, ਸੂਫ਼ੀ ਕਾਵਿ ਦੀ ਭਾਸ਼ਾ ਤੇ ਸ਼ਬਦਾਵਲੀ ਅਤੇ ਸੰਬੋਧਨਾਂ ਆਦਿ ਦਾ ਮੋਹਨ ਸਿੰਘ ਦੀਵਾਨਾ ਦੀ ਕਵਿਤਾ ਉੱਪਰ ਗਹਿਰਾ ਪ੍ਰਭਾਵ ਹੈ। ਸਾਡਾ ਅਨੁਮਾਨ ਹੈ ਕਿ ਦੀਵਾਨੇ ਦੀ ਫ਼ਿਤਰਤ, ਅਧਿਆਤਮਕ ਰੁਚੀ ਅਤੇ ਸੂਫ਼ੀਆਂ ਬਾਰੇ ਉਸ ਦੇ ਕੀਤੇ ਅਕਾਦਮਿਕ ਕੰਮ ਕਰਕੇ ਇਹ ਕਾਵਿ ਧਾਰਾ ਉਸ ਦੇ ਅਵਚੇਤਨ ਵਿਚ ਵਸ ਗਈ ਹੋਵੇਗੀ। ਡਾ: ਦੀਵਾਨਾ ਦੀਆਂ ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਆਦਿ ਬਾਰੇ ਪੁਸਤਕਾਂ ਮਿਲਦੀਆਂ ਹਨ ਅਤੇ ਇਕ ਵੱਖਰੀ ਸੰਪਾਦਿਤ ਪੁਸਤਕ 'ਸੂਫ਼ੀਆਂ ਦਾ ਕਲਾਮ' ਵੀ ਹੈ। ਅਧਿਆਪਨ ਦੀਆਂ ਲੋੜਾਂ ਕਰਕੇ ਵੀ ਉਸ ਨੇ ਪੰਜਾਬੀ ਸੂਫ਼ੀ ਕਾਵਿ ਦਾ ਗਹਿਨ ਅਧਿਐਨ ਕੀਤਾ ਹੋਵੇਗਾ। ਇੰਜ ਸੂਫ਼ੀ ਕਾਵਿ ਨਾਲ ਉਸ ਦੀ ਨੇੜਤਾ ਉਸ ਦੇ ਕਾਵਿ ਅਨੁਭਵ ਦਾ ਭਾਗ ਰਹੀ ਹੋਵੇਗੀ। ਆਪਣੀ ਗੱਲ ਅਸੀਂ ਧਨੀ ਰਾਮ ਚਾਤ੍ਰਿਕ ਦੇ ਸ਼ਬਦਾਂ ਨਾਲ ਖ਼ਤਮ ਕਰਨੀ ਚਾਹਾਂਗੇ। ਚਾਤ੍ਰਿਕ ਨੇ ਲਿਖਿਆ ਹੈ, 'ਛੇ ਸਤ ਮਹੀਨੇ ਤੋਂ ਮੈਨੂੰ ਡਾਕਟਰ ਮੋਹਨ ਸਿੰਘ ਜੀ ਦੀਵਾਨਾ ਦਾ ਨਿਕਟਵਰਤੀ ਹੋਣ ਦਾ ਮਾਣ ਮਿਲ ਗਿਆ। ਮੈਂ ਇਨ੍ਹਾਂ ਨੂੰ ਬਹੁਤ ਨੇੜੇ ਹੋ ਕੇ ਅਨੁਮਾਨਿਆ ਕਿ ਇਨ੍ਹਾਂ ਪਾਸੋਂ ਇਕ-ਦੋ ਗੁਣ ਹੋਰ ਸਿੱਖ ਸਕਦਾ ਹਾਂ। ਉਹ ਹਨ ਸੂਫ਼ੀਆਨਾ ਰੰਗ ਅਤੇ ਹਮਓਸਤ ਦਾ ਜਜ਼ਬਾ, ਜਿਸ ਨੂੰ ਮੈਂ ਪੂਰੀ ਤਰ੍ਹਾਂ ਸਮਝਣ ਦੇ ਅਸਮਰੱਥ ਸੀ।' ਮੋਹਨ ਸਿੰਘ ਦੀਵਾਨਾ ਸੱਚਮੁੱਚ ਸੂਫ਼ੀ ਕਾਵਿ ਦਾ ਦੀਵਾਨਾ ਸੀ।


-ਮੋਬਾ: 98889-39808

ਸ਼ਬਦ ਵਿਚਾਰ

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥

ੴ ਸਤਿਗੁਰ ਪ੍ਰਸਾਦਿ॥
ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ॥
ਆਖਿ ਆਖਿ ਮਨੁ ਵਾਵਣਾ
ਜਿਉ ਜਿਉ ਜਾਪੈ ਵਾਇ॥
ਜਿਸ ਨੋ ਵਾਇ ਸੁਣਾਈਐ
ਸੋ ਕੇਵਡੁ ਕਿਤੁ ਥਾਇ॥
ਆਖਣ ਵਾਲੇ ਜੇਤੜੇ
ਸਭਿ ਆਖਿ ਰਹੇ ਲਿਵ ਲਾਇ॥ ੧॥
ਬਾਬਾ ਅਲਹੁ ਅਗਮ ਅਪਾਰੁ॥
ਪਾਕੀ ਨਾਈ ਪਾਕ ਥਾਇ
ਸਚਾ ਪਰਵਦਿਗਾਰੁ॥੧॥ ਰਹਾਉ॥
ਤੇਰਾ ਹੁਕਮੁ ਨ ਜਾਪੀ ਕੇਤੜਾ
ਲਿਖਿ ਨ ਜਾਣੈ ਕੋਇ॥
ਜੇ ਸਉ ਸਾਇਰ ਮੇਲੀਅਹਿ
ਤਿਲੁ ਨ ਪੁਜਾਵਹਿ ਰੋਇ॥
ਕੀਮਤਿ ਕਿਨੈ ਨ ਪਾਈਆ
ਸਭਿ ਸੁਣਿ ਸੁਣਿ ਆਖਹਿ ਸੋਇ॥ ੨॥
ਪੀਰ ਪੈਕਾਮਰ ਸਾਲਕ ਸਾਦਕ
ਸੁਹਦੇ ਅਉਰੁ ਸਹੀਦ॥
ਸੇਖ ਮਸਾਇਕ ਕਾਜੀ ਮੁਲਾ
ਦਰਿ ਦਰਵੇਸ ਰਸੀਦ॥
ਬਰਕਤਿ ਤਿਨ ਕਉ ਅਗਲੀ
ਪੜਦੇ ਰਹਨਿ ਦਰੂਦ॥ ੩॥
ਪੁਛਿ ਨ ਸਾਜੇ ਪੁਛਿ ਨ ਢਾਹੇ
ਪੁਛਿ ਨ ਦੇਵੈ ਲੇਇ॥
ਆਪਣੀ ਕੁਦਰਤਿ ਆਪੇ ਜਾਣੈ
ਆਪੇ ਕਰਣੁ ਕਰੇਇ॥
ਸਭਨਾ ਵੇਖੈ ਨਦਰਿ ਕਰਿ
ਜੈ ਭਾਵੈ ਤੈ ਦੇਇ॥ ੪॥
ਥਾਵਾ ਨਾਵ ਨ ਜਾਣੀਅਹਿ
ਨਾਵਾ ਕੇਵਡੁ ਨਾਉ॥
ਜਿਥੈ ਵਸੈ ਮੇਰਾ ਪਾਤਿਸਾਹੁ
ਸੋ ਕੇਵਡੁ ਹੈ ਥਾਉ॥
ਅੰਬੜਿ ਕੋਇ ਨ ਸਕਈ
ਹਉ ਕਿਸ ਨੋ ਪੁਛਣਿ ਜਾਉ॥ ੫॥
ਵਰਨਾ ਵਰਨ ਨ ਭਾਵਨੀ
ਜੇ ਕਿਸੈ ਵਡਾ ਕਰੇਇ॥
ਵਡੇ ਹਥਿ ਵਡਿਆਈਆ
ਜੈ ਭਾਵੈ ਤੈ ਦੇਇ॥
ਹੁਕਮਿ ਸਵਾਰੇ ਆਪਣੈ
ਚਸਾ ਨ ਢਿਲ ਕਰੇਇ॥ ੬॥
ਸਭੁ ਕੋ ਆਖੈ ਬਹੁਤੁ ਬਹੁਤੁ
ਲੈਣੈ ਕੈ ਵੀਚਾਰਿ॥
ਕੇਵਡੁ ਦਾਤਾ ਆਖੀਐ
ਦੇ ਕੈ ਰਹਿਆ ਸੁਮਾਰਿ॥
ਨਾਨਕ ਤੋਟਿ ਨ ਆਵਈ
ਤੇਰੇ ਜੁਗਹ ਜੁਗਹ ਭੰਡਾਰ॥ ੭॥ ੧॥ (ਅੰਗ 53)
ਪਦ ਅਰਥ : ਵਾਵਣਾ-ਵਜਾਉਣਾ। ਵਾਇ-ਵਜਾ ਕੇ। ਜਾਪੈ-ਸੋਝੀ ਪੈਂਦੀ ਹੈ। ਕੇਵਡੁ-ਕਿੰਨਾ ਵੱਡਾ ਹੈ। ਕਿਤੁ ਥਾਇ-ਕਿਥੇ (ਕਿਸ ਥਾਂ) ਵਸਦਾ ਹੈ। ਜੇਤੜੇ-ਜਿੰਨੇ ਵੀ। ਅਲਹੁ-ਅੱਲਾ (ਪਰਮਾਤਮਾ, ਰੱਬ)। ਅਗਮ-ਅਪਹੁੰਚ, ਪਹੁੰਚ ਤੋਂ ਪਰੇ। ਅਪਾਰੁ-ਜਿਸ ਦਾ ਪਾਰ ਪਾਇਆ ਨਹੀਂ ਜਾ ਸਕਦਾ, ਬੇਅੰਤ। ਪਾਕੀ-ਪਵਿੱਤਰ। ਪਾਕੀ ਨਾਈ-ਪਵਿੱਤਰ ਨਾਮ ਵਾਲਾ। ਥਾਇ-ਥਾਂ, ਅਸਥਾਨ। ਪਰਵਦਿਗਾਰੁ-ਪਾਲਣਾ ਕਰਨ ਵਾਲਾ, ਪਰਮਾਤਮਾ। ਜਾਪੀ ਕੇਤੜਾ-ਕਿੰਨਾ ਕੁ ਵੱਡਾ ਹੈ। ਜਾਣੈ-ਸਮਝ ਸਕਦਾ ਹੈ। ਜੇ-ਜੇਕਰ। ਸਉ-ਸੌ (ਸੈਂਕੜੇ)। ਸਾਇਰ-ਸ਼ਾਇਰ, ਕਵੀ। ਮੇਲੀਅਹਿ-ਇਕੱਠੇ ਕੀਤੇ ਜਾਣ। ਰੋਇ-ਰੋ ਰੋ ਕੇ। ਤਿਲ-ਰਤਾ ਭਰ। ਪੁਜਾਵਹਿ-ਪਹੁੰਚ ਸਕਦੇ ਹਨ। ਕਿਨੈ-ਕਿਸੇ ਨੇ। ਕੀਮਤਿ-ਮੁੱਲ। ਸਭਿ-ਸਾਰੇ ਜੀਵ। ਕਿਨੈ-ਕਿਸੇ ਨੇ ਵੀ। ਸੁਣਿ ਸੁਣਿ ਆਖਹਿ ਸੋਇ-ਉਸ ਬਾਰੇ ਸੁਣ ਸੁਣ ਕੇ ਹੀ ਆਖ ਦਿੰਦੇ ਹਨ।
ਪੈਕਾਮਰ-ਪੈਗੰਬਰ ਜੋ ਪਰਮਾਤਮਾ ਦਾ ਸੰਦੇਸ਼ ਲੋਕਾਈ ਤੱਕ ਲਿਆਉਂਦਾ ਹੈ। ਸਾਲਕ-ਪਰਮਾਤਮਾ ਦਾ ਮਾਰਗ ਦਿਖਾਉਣ ਵਾਲੇ। ਸਾਦਕ-ਸਿਦਕ ਰੱਖਣ ਵਾਲੇ, ਸਿਦਕੀ। ਸੁਹਦੇ-ਸ਼ੁਹਦੇ, ਮਸਤ ਮਲੰਗ। ਮਸਾਇਕ-ਸ਼ੇਖ ਦਾ ਬਹੁ ਬਚਨ। ਦਰਿ ਰਸੀਦ-ਪ੍ਰਭੂ ਦੇ ਦਰ 'ਤੇ ਪੁੱਜੇ ਹੋਏ। ਤਿਨ ਕਉ-ਉਨ੍ਹਾਂ ਨੂੰ। ਬਰਕਤ ਅਗਲੀ-ਬਹੁਤ ਬਰਕਤ ਮਿਲੀ। ਦਰੂਦ-ਬੇਨਤੀ, ਅਰਦਾਸ। ਦਰਵੇਸ-ਦਰਵੇਸ਼, ਪਰਮਾਤਮਾ ਦੇ ਦਰ ਦੇ ਅਭਿਲਾਸ਼ੀ। ਨ ਸਾਜੇ-(ਸ੍ਰਿਸ਼ਟੀ ਦੀ) ਸਾਜਨਾ ਨਹੀਂ ਕਰਦਾ। ਪੁਛਿ ਨ ਢਾਹੇ-ਨਾ ਹੀ ਕਿਸੇ ਨੂੰ ਪੁੱਛ ਕੇ ਢਾਉਂਦਾ ਹੈ। ਨ ਦੇਵੈ ਲੇਇ-ਨ ਦਿੰਦਾ ਹੈ ਅਤੇ ਨਾ ਲੈਂਦਾ ਹੈ। ਨਦਰਿ ਕਰਿ-ਮਿਹਰ ਦੀ ਨਜ਼ਰ ਕਰਕੇ। ਜੈ ਭਾਵੈ-ਜੋ ਉਸ ਨੂੰ ਚੰਗਾ ਲਗਦਾ ਹੈ। ਤੈ ਦੇਇ-ਉਸ ਨੂੰ ਦਿੰਦਾ ਹੈ। ਥਾਵਾ ਨਾਵ-ਥਾਵਾਂ ਦੇ ਨਾਮ। ਨ ਜਾਣੀਅਹਿ-ਜਾਣੇ ਨਹੀਂ ਜਾ ਸਕਦੇ। ਨਾਵਾ-ਨਾਵਾਂ ਵਿਚ। ਕੇਵਡੁ ਨਾਉ-ਕਿਹੜਾ ਵੱਡਾ ਨਾਮ ਹੋ ਸਕਦਾ ਹੈ। ਅੰਬੜਿ-ਪਹੁੰਚ। ਨ ਸਕਈ-ਨਹੀਂ ਸਕਦਾ। ਹਉ-ਮੈਂ।
ਵਰਨਾ ਵਰਨ-ਵਰਨ ਅਵਰਨ, ਉੱਚੀਆਂ ਤੇ ਨੀਵੀਆਂ ਜਾਤੀਆਂ। ਨ ਭਾਵਨੀ-ਨਹੀਂ ਤਕਦਾ, ਨਹੀਂ ਦੇਖਦਾ। ਕਿਸੈ ਵਡਾ ਕਰੇਇ-ਕਿਸੇ ਨੂੰ ਵੱਡਾ ਕਰਨ ਲੱਗਿਆਂ। ਸਵਾਰੇ-ਸੰਵਾਰ ਦਿੰਦਾ ਹੈ। ਚਸਾ-ਰਤਾ ਭਰ। ਨ ਢਿਲ ਕਰੇਇ-ਪ੍ਰਵਾਹ ਨਹੀਂ ਕਰਦਾ। ਜੈ ਭਾਵੈ-ਜਿਹੜਾ, ਜੋ ਚੰਗਾ ਲਗਦਾ ਹੈ।
ਲੈਣੈ ਕੈ ਵੀਚਾਰਿ-ਲੈਣ ਦੇ ਵਿਚਾਰ ਨਾਲ। ਕੇਵਡੁ ਦਾਤਾ-ਕਿੰਨਾ ਵੱਡਾ ਦਾਤਾਰ ਪ੍ਰਭੂ। ਸੁਮਾਰਿ-ਬੇਸ਼ੁਮਾਰ, ਅਗਣਤ। ਤੋਟਿ-ਘਾਟ। ਭੰਡਾਰ-ਖ਼ਜ਼ਾਨੇ। ਜੁਗਹ ਜੁਗਹ-ਜੁਗਾਂ ਜੁਗਾਤਰਾਂ ਤੋਂ।
ਸਿਰੀਰਾਗੁ ਦੇ ਪਹਿਲੇ 100 ਸ਼ਬਦਾਂ 'ਤੇ ਵਿਚਾਰ ਹੋ ਚੁੱਕੀ ਹੈ। ਇਨ੍ਹਾਂ 100 ਸ਼ਬਦਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ 33 ਸ਼ਬਦ, ਗੁਰੂ ਅਮਰਦਾਸ ਜੀ ਦੇ 31, ਗੁਰੂ ਰਾਮਦਾਸ ਜੀ ਦੇ 6 ਅਤੇ ਗੁਰੂ ਅਰਜਨ ਦੇਵ ਜੀ ਦੇ ਉਚਾਰੇ ਹੋਏ 30 ਸ਼ਬਦ ਹਨ। ਗੁਰੂ ਅੰਗਦ ਦੇਵ ਜੀ ਨੇ ਕੇਵਲ ਸਲੋਕਾਂ ਦੀ ਰਚਨਾ ਹੀ ਕੀਤੀ ਹੈ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਵੱਖ-ਵੱਖ ਵਾਰਾਂ ਨਾਲ ਦਰਜ ਕਰ ਦਿੱਤਾ।
ਅੱਜ ਤੋਂ ਸਿਰੀਰਾਗੁ ਦੀਆਂ ਅਸਟਪਦੀਆਂ 'ਤੇ ਵਿਚਾਰ ਆਰੰਭ ਹੁੰਦੀ ਹੈ। ਅਸਟਪਦੀ ਤੋਂ ਭਾਵ ਹੈ ਅੱਠਾਂ ਪਦਿਆਂ ਜਾਂ ਬੰਦਾਂ ਵਾਲਾ ਸ਼ਬਦ ਪਰ ਕਈ ਸ਼ਬਦਾਂ ਵਿਚ ਇਨ੍ਹਾਂ ਪਦਿਆਂ ਦੀ ਗਿਣਤੀ ਅੱਠ ਤੋਂ ਵੱਧ ਜਾਂ ਘੱਟ ਵੀ ਹੈ, ਜਿਵੇਂ ਵਿਚਾਰ ਅਧੀਨ ਅਸਟਪਦੀ ਦੇ ਸੱਤ ਪੱਦੇ ਹਨ।
ਪ੍ਰਭੂ ਜੋ ਅਪਹੁੰਚ ਹੈ, ਗਿਆਨ ਇੰਦਰੀਆਂ ਵੀ ਜਿਸ 'ਤੇ ਕੋਈ ਪ੍ਰਭਾਵ ਨਹੀਂ ਪਾ ਸਕਦੀਆਂ, ਉਸ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਿਆ। ਉਹ ਆਪਣੇ-ਆਪ ਬਾਰੇ ਆਪ ਹੀ ਜਾਣਦਾ ਹੈ, ਕੋਈ ਹੋਰ ਦੂਜਾ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ। ਰਾਗੁ ਰਾਮਕਲੀ ਅਨੰਦੁ ਵਿਚ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ॥
ਅੰਤੋ ਨ ਪਾਇਆ ਕਿਨੈ ਤੇਰਾ
ਆਪਣਾ ਆਪੁ ਤੂ ਜਾਣਹੇ॥ (ਅੰਗ 918)
ਅਗਮ-ਅਪਹੁੰਚ। ਅਗੋਚਰਾ-ਗਿਆਨ ਇੰਦਰੀਆਂ ਤੋਂ ਅਪਹੁੰਚ।
ਹੇ ਪ੍ਰਭੂ, ਇਹ ਸਭ ਜੀਵ-ਜੰਤ ਤੇਰੀ ਰਚੀ ਹੋਈ ਖੇਡ ਹੀ ਤਾਂ ਹੈ, ਤਾਂ ਫਿਰ ਹੋਰ ਕੋਈ ਜੀਵ ਤੇਰੇ ਗੁਣਾਂ ਨੂੰ ਬਿਆਨ ਵੀ ਕਿਸ ਤਰ੍ਹਾਂ ਕਰੇ?
ਜੀਅ ਜੰਤ ਸਭਿ ਖੇਲੁ ਤੇਰਾ
ਕਿਆ ਕੋ ਆਖਿ ਵਖਾਣਏ॥ (ਅੰਗ 918)
ਵਖਾਣਏ-ਬਿਆਨ ਕਰੇ।
ਜਿਸ ਪ੍ਰਭੂ ਨੇ ਇਸ ਜਗਤ ਦੀ ਰਚਨਾ ਕੀਤੀ ਹੈ, ਉਹ ਆਪ ਹੀ ਸਭ ਜੀਵਾਂ ਵਿਚ ਬੋਲਦਾ ਤੇ ਸਭ ਕੁਝ ਦੇਖਦਾ ਵੀ ਹੈ ਭਾਵ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਦਾ ਹੈ-
ਆਖਹਿ ਤ ਵੇਖਹਿ ਸਭੁ ਤੂਹੈ
ਜਿਨਿ ਜਗਤੁ ਉਪਾਇਆ॥ (ਅੰਗ 918)
ਆਖਹਿ-ਬੋਲਦਾ ਹੈ। ਵੇਖਹਿ-ਦੇਖਦਾ ਹੈ।
ਪੰਚਮ ਗੁਰਦੇਵ ਰਾਗੁ ਗੌਡ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿੰਨੇ ਵੀ ਸ਼ਾਹ ਪਾਤਸ਼ਾਹ, ਅਮੀਰ, ਸਰਦਾਰ, ਚੌਧਰੀ ਆਦਿ ਹਨ, ਇਹ ਸਭ ਨਾਸਵੰਤ ਹਨ। ਇਨ੍ਹਾਂ ਦਾ ਮਾਇਆ ਨਾਲ ਪਿਆਰ ਝੂਠਾ ਜਾਣੋ। ਨਾਸ ਤੋਂ ਰਹਿਤ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਇਸ ਲਈ ਹੇ ਮਨਾਂ, ਸਦਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਜਿਸ ਸਦਕਾ ਤੂੰ ਦਰਗਾਹੇ ਪਰਵਾਨ ਹੋ ਜਾਵੇਂਗਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪਰਉਪਕਾਰੀ ਵਿਅਕਤੀ ਦੇ ਗੁਣ ਅਤੇ ਯੋਗਤਾ ਸਾਰਥਕ ਹੁੰਦੇ ਹਨ

ਦੀਪਤ ਪਦਾਰਥ ਜਾਂ ਪ੍ਰਕਾਸ਼ ਦਾ ਸਰੋਤ ਉਹ ਹੁੰਦਾ ਹੈ, ਜੋ ਆਪਣੇ ਪ੍ਰਕਾਸ਼ ਨਾਲ ਪ੍ਰਕਾਸ਼ਹੀਣ ਪਦਾਰਥਾਂ ਨੂੰ ਵੀ ਪ੍ਰਕਾਸ਼ਮਾਨ ਕਰਦਾ ਹੈ। ਮਹਾਂਪੁਰਸ਼ ਵੀ ਇਸ ਲਈ ਮਹਾਨ ਹੁੰਦੇ ਹਨ ਕਿ ਉਹ ਆਪਣੇ ਗਿਆਨ ਨਾਲ ਪੂਰੀ ਮਾਨਵਤਾ ਦਾ ਭਲਾ ਕਰਦੇ ਹਨ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਮਨੁੱਖ ਦੇ ਗੁਣ ਅਤੇ ਯੋਗਤਾ ਤਦ ਹੀ ਸਾਰਥਕ ਹੁੰਦੇ ਹਨ ਜੇ ਉਹ ਹੋਰਾਂ ਦੇ ਕੰਮ ਆਉਂਦੇ ਹਨ। ਜੀਵਨ ਵਿਚ ਸਫਲਤਾ ਲਈ ਹਰ ਮਨੁੱਖ ਅੰਦਰ ਕੁਝ ਗੁਣਾਂ ਦਾ ਵਿਕਾਸ ਹੋਣਾ ਲਾਜ਼ਮੀ ਹੈ। ਧਨ ਇਕੱਠਾ ਕਰਕੇ ਵਿਅਕਤੀ ਭੌਤਿਕ ਪਦਾਰਥਾਂ ਤੋਂ ਸੁੱਖ ਸਹੂਲਤਾਂ ਪ੍ਰਾਪਤ ਕਰਦਾ ਹੈ। ਗਿਆਨ ਨਾਲ ਉਸ ਨੂੰ ਮਾਣ ਮਿਲਦਾ ਹੈ। ਗੁਣਾਂ ਨਾਲ ਹੀ ਮਨੁੱਖ ਦੀ ਪਛਾਣ ਬਣਦੀ ਹੈ। ਸੰਸਾਰ ਵਿਚ ਅਜਿਹੇ ਅਨੇਕਾਂ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਨੇ ਆਪਣੇ ਗਿਆਨ ਨਾਲ ਮਹਾਨ ਕਾਰਜ ਕੀਤੇ ਹਨ। ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਹੈ ਜੋ ਆਪਣੇ ਗਿਆਨ ਅਤੇ ਮਿਹਨਤ ਨਾਲ ਪਰਉਪਕਾਰ ਕਰਦੇ ਹਨ। ਸੂਰਜ ਦੀ ਪੂਜਾ ਇਸੇ ਲਈ ਹੁੰਦੀ ਹੈ ਕਿ ਉਹ ਆਪਣਾ ਪ੍ਰਕਾਸ਼ ਅਤੇ ਊਰਜਾ ਸਾਰਿਆਂ ਨੂੰ ਦਿੰਦਾ ਹੈ। ਜੋ ਵਿਅਕਤੀ ਆਪਣੇ ਗਿਆਨ ਅਤੇ ਮਿਹਨਤ ਨਾਲ ਦੂਜਿਆਂ ਲਈ ਕੁਝ ਨਹੀਂ ਕਰਦਾ, ਉਹ ਭਾਵੇਂ ਜਿੰਨਾ ਮਰਜ਼ੀ ਗਿਆਨ ਸੰਜੋਅ ਲਵੇ ਜਾਂ ਸਿੱਧੀਆਂ ਪ੍ਰਾਪਤ ਕਰ ਲਵੇ, ਉਸ ਦਾ ਜੀਵਨ ਸਾਰਥਕ ਨਹੀਂ ਹੋ ਸਕਦਾ। ਮਨੁੱਖ ਦੇ ਗਿਆਨ ਅਤੇ ਯੋਗਤਾ ਦਾ ਮੁੱਲ ਤਦ ਹੀ ਪੈਂਦਾ ਹੈ ਜਦ ਇਸ ਦਾ ਲਾਭ ਦੂਜਿਆਂ ਨੂੰ ਵੀ ਹੁੰਦਾ ਹੈ। ਜਿਹੜਾ ਵਿਅਕਤੀ ਸੁਆਰਥ ਲਈ ਹੀ ਗਿਆਨੀ ਅਤੇ ਨਮਰ ਹੋਵੇ ਪਰ ਦੂਜਿਆਂ ਲਈ ਵਿਪਰੀਤ ਵਰਤਾਰਾ ਕਰੇ ਜਾਂ ਮੌਨ ਧਾਰੀ ਰੱਖੇ, ਉਹ ਗੁਣੀ ਨਹੀਂ ਹੋ ਸਕਦਾ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

ਪ੍ਰਾਚੀਨ, ਇਤਿਹਾਸਕ ਲਘੂ ਹਰੀਦੁਵਾਰ : ਜਵਾਲੀ (ਹਿ: ਪ੍ਰ:)

ਪ੍ਰਾਚੀਨ-ਇਤਿਹਾਸਕ ਸਥਾਨ ਲਘੂ ਹਰੀਦੁਵਾਰ ਜਵਾਲੀ (ਹਿਮਾਚਲ ਪ੍ਰਦੇਸ਼) ਵਿਖੇ ਸੁਸ਼ੋਭਿਤ ਹੈ। ਇਸ ਪ੍ਰਸਿੱਧ ਸਥਾਨ 'ਤੇ ਪਹੁੰਚਣ ਲਈ ਪਠਾਨਕੋਟ ਤੋਂ ਜਸੂਰ ਅਤੇ ਜਸੂਰ ਤੋਂ ਜਵਾਲੀ ਜਾਣਾ ਪੈਂਦਾ ਹੈ। ਜਵਾਲੀ ਨੂਰਪੁਰ ਤੋਂ ਅਤੇ ਧਰਮਸ਼ਾਲਾ ਦੇ ਰਸਤੇ ਨੂਰਪੁਰ ਨੂੰ ਆਉਂਦੇ ਵਿਚਕਾਰ ਦੇ ਰਸਤੇ ਵੀ ਆ ਜਾਂਦਾ ਹੈ। ਇਸ ਨੂੰ ਲਘੂ ਹਰੀਦੁਵਾਰ ਇਸ ਕਰਕੇ ਕਹਿੰਦੇ ਹਨ ਕਿ ਇਸ ਸਥਾਨ ਵਿਖੇ ਲੋਕ ਦੂਰ-ਦੂਰ ਤੋਂ ਅਸਥੀਆਂ ਦਾ ਪ੍ਰਵਾਹ ਕਰਨ ਲਈ ਆਉਂਦੇ ਹਨ। ਇਸ ਸਥਾਨ ਵਿਖੇ ਇਕ ਆਸ਼ਰਮ, ਲਘੂ ਮੰਦਿਰ ਅਤੇ ਦਾਹ ਸਸਕਾਰ ਕਿਰਿਆ ਲਈ ਸ਼ਮਸ਼ਾਨਘਾਟ ਵੀ ਹੈ।
ਇਹ ਸਥਾਨ ਦਰਿਆ ਦੇ ਕਿਨਾਰੇ ਉੱਪਰ ਸਥਿਤ ਹੈ। ਨੀਮ ਪਹਾੜੀ ਇਲਾਕਾ ਹੋਣ ਕਰਕੇ ਇਸ ਦੇ ਚਾਰੇ ਪਾਸੇ ਦੂਰ-ਦੂਰ ਹਰਿਆਲੀ ਅਤੇ ਮਨਮੋਹਣੇ ਦ੍ਰਿਸ਼ ਆਪਣੀ ਵੱਲ ਆਕਰਸ਼ਕ ਕਰਦੇ ਹਨ। ਲੋਕ ਇਸ ਸਥਾਨ ਦੇ ਸਾਧਾਰਨ ਰੂਪ ਵਿਚ ਵੀ ਦਰਸ਼ਨ ਕਰਨ ਲਈ ਆਉਂਦੇ ਹਨ।
ਜਵਾਲੀ ਦਾ ਪੁਰਾਣਾ ਨਾਂਅ ਗੁਲੇਰ ਸੀ। ਜਵਾਲੀ ਦੋਹਰਾ-ਗੋਪੀਪੁਰ ਤੋਂ ਜਸੂਰ ਰਾਜ ਮਾਰਗ 'ਤੇ ਦੋਹਰਾ ਤੋਂ ਲਗਪਗ 50 ਕਿਲੋਮੀਟਰ ਦੀ ਦੂਰੀ ਉੱਪਰ ਪੌਂਗ ਡੈਮ ਦੇ ਸੱਜੇ ਕਿਨਾਰੇ ਉੱਪਰ ਸਥਿਤ ਹੈ। ਇਹ ਇਕ ਪ੍ਰਾਚੀਨ ਸਥਾਨ ਹੈ। ਇਸ ਸਥਾਨ ਨੂੰ ਲਘੂ ਹਰੀਦੁਵਾਰ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ। ਇਹ ਨਗਰ ਪੌਂਡ ਡੈਮ ਦੇ ਕਿਨਾਰੇ ਇਕ ਉੱਚ ਰਿੱਜ ਉੱਪਰ ਸਥਿਤ ਹੈ। ਇਹ ਪਠਾਨਕੋਟ-ਜੋਗਿੰਦਰ ਰੇਲਵੇ ਲਾਈਨ ਨਾਲ ਜੁੜਿਆ ਹੋਇਆ ਹੈ। ਇਥੇ ਮਾਲਾ ਦੇਵੀ ਅਤੇ ਮਨਸ਼ਾ ਮਾਤਾ ਦੇ ਪ੍ਰਾਚੀਨ ਸ਼ਕਤੀ ਮੰਦਿਰ ਵੀ ਹਨ। ਇਸ ਦੇ ਇਲਾਵਾ ਪ੍ਰਾਚੀਨ ਸ਼ਿਵ ਮੰਦਿਰ, ਠਾਕੁਰ ਦੁਵਾਰ, ਬਾਬਾ ਬਾਲਕ ਨਾਥ ਮੰਦਿਰ ਅਤੇ ਹੋਰ ਧਾਰਮਿਕ ਸਥਾਨ ਵੀ ਹਨ। ਜਵਾਲੀ ਹਰੇ-ਭਰੇ ਜੰਗਲਾਂ, ਸੰਤਰਿਆਂ ਅਤੇ ਅੰਬਾਂ ਦੇ ਬਗੀਚਿਆਂ ਅਤੇ ਮੱਕੀ ਅਤੇ ਚੌਲਾਂ ਦੀ ਉਪਜ ਲਈ ਪ੍ਰਸਿੱਧ ਸਥਾਨ ਹੈ। ਇਥੋਂ ਦੇ ਰੇਲਵੇ ਸਟੇਸ਼ਨ ਨੂੰ 'ਜਵਾਂ ਵਾਲਾ' ਕਹਿੰਦੇ ਹਨ।
ਇਸ ਸਥਾਨ ਵਿਖੇ ਕਈ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ। ਯਾਤਰੀ ਇਸ ਸਥਾਨ ਨੂੰ ਦੇਖਣ ਲਈ ਅਤੇ ਦਰਸ਼ਨ ਕਰਨ ਲਈ ਆਪਣੇ-ਆਪ ਜਗਿਆਸਾ ਨਾਲ ਲੈ ਕੇ ਆਉਂਦੇ ਹਨ।


-ਬਲਵਿੰਦਰ ਬਾਲਮ ਗੁਰਦਾਸਪੁਰ,
ਉਂਕਾਰ ਨਗਰ, ਗੁਰਦਾਸਪੁਰ। ਮੋਬਾ: 98156-25409

ਧਾਰਮਿਕ ਸਾਹਿਤ

ਮੂੰਹੋਂ ਮੰਗੀਆਂ ਮੁਰਾਦਾਂ
(ਧਾਰਮਿਕ ਅਤੇ ਸੱਭਿਆਚਾਰਕ ਗੀਤ)
ਗੀਤਕਾਰ/ਲੇਖਕ :
ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਕੀਮਤ : 250 ਰੁਪਏ, ਪੰਨੇ : 160
ਸੰਪਰਕ : 94175-62053


ਗੀਤਕਾਰ ਜਗਜੀਤ ਮੁਕਤਸਰੀ ਨੇ ਆਪਣੀ ਮੁਹਾਰਤ ਵਾਲੀ ਵੰਨਗੀ ਯਾਨੀ ਗੀਤਕਾਰੀ ਦੀ ਇਹ ਕਿਤਾਬ ਜੋ ਪਾਠਕਾਂ ਦੀ ਨਜ਼ਰ ਕੀਤੀ ਹੈ, ਉਸ ਵਿਚ ਵੱਖ-ਵੱਖ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦਾ ਬੇਮਿਸਾਲ ਸੁਮੇਲ ਪੇਸ਼ ਕੀਤਾ ਗਿਆ ਹੈ। ਗੀਤਕਾਰ ਦੀਆਂ ਹੋਰਨਾਂ ਕਿਤਾਬਾਂ ਵਾਂਗ ਇਹ ਕਿਤਾਬ ਵੀ ਇਕ ਅਜਿਹੇ ਰੂਪ ਵਿਚ ਤਿਆਰ ਕੀਤੀ ਗਈ ਹੈ ਕਿ ਲੇਖਕ ਦਾ ਉੱਦਮ ਵੇਖਦੇ ਹੋਏ ਇਹ ਕਿਤਾਬ ਵਾਕਈ ਇਕ ਸਾਂਭਣਯੋਗ ਉਪਰਾਲੇ ਵਾਂਗ ਜਾਪਦੀ ਹੈ, ਜਿਸ ਵਿਚ ਗੀਤਕਾਰ ਜਗਜੀਤ ਮੁਕਤਸਰੀ ਨੇ ਗੀਤਾਂ ਦੇ ਰਾਹੀਂ ਧਰਮ ਅਤੇ ਸੱਭਿਆਚਾਰ ਦੀ ਸ਼ਲਾਘਾਯੋਗ ਬਾਤ ਪਾਈ ਹੈ। ਸਿੱਖ ਇਤਿਹਾਸ ਇਕ ਅਜਿਹਾ ਇਤਿਹਾਸ ਹੈ, ਜੋ ਆਪਣੇ ਮੁੱਢ ਤੋਂ ਹੀ ਜੋ ਇਕ ਵਿਸ਼ਾਲ ਲੰਮੇਰਾ ਅਤੇ ਲਾਮਿਸਾਲ ਪ੍ਰੇਰਨਾ ਭਰਪੂਰ ਖਜ਼ਾਨਾ ਸੰਭਾਲੀ ਬੈਠਾ ਹੈ ਅਤੇ ਇਸੇ ਮਹਾਨ ਵਿਰਸੇ ਨੂੰ ਅਤੇ ਇਸ ਦੀਆਂ ਵੱਖ-ਵੱਖ ਪ੍ਰੇਰਨਾ ਭਰਪੂਰ ਬਾਤਾਂ ਨੂੰ ਇਸ ਕਿਤਾਬ ਰਾਹੀਂ ਗੀਤਾਂ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ, ਜਿਸ ਤੋਂ ਸਾਰੇ ਸੇਧ ਲੈ ਸਕਣ। ਗੀਤਕਾਰ ਨੇ ਸਿੱਖ ਧਰਮ ਦੀਆਂ ਮਹਾਨ ਬਾਤਾਂ ਅਤੇ ਕਿੱਸਿਆਂ ਨੂੰ ਸੁਖਾਲੀ ਭਾਸ਼ਾ ਅਤੇ ਆਸਾਨੀ ਨਾਲ ਸਮਝ ਆਉਣ ਵਾਲੇ ਢੰਗ ਰਾਹੀਂ ਇਕ ਬਿਹਤਰੀਨ ਸ਼ੈਲੀ ਸਮੇਤ ਤਿਆਰ ਕੀਤਾ ਹੈ।
ਇਹ ਕਿਤਾਬ ਮੁੱਖ ਤੌਰ ਉੱਤੇ ਦੋ ਭਾਗਾਂ ਵਿਚ ਤਕਸੀਮ ਕੀਤੀ ਗਈ ਹੈ। ਪਹਿਲੇ ਭਾਗ ਵਿਚ ਧਾਰਮਿਕ ਗੀਤ ਹਨ, ਜਦਕਿ ਦੂਜੇ ਭਾਗ ਵਿਚ ਸੱਭਿਆਚਾਰਕ ਗੀਤ ਪੇਸ਼ ਕੀਤੇ ਗਏ ਹਨ। ਪ੍ਰਮੁੱਖ ਹਿੱਸਾ ਪਹਿਲਾ ਯਾਨੀ ਧਾਰਮਿਕ ਗੀਤਾਂ ਵਾਲਾ ਹੀ ਜਾਪਦਾ ਹੈ, ਜਿਸ ਵਿਚ ਕੁੱਲ ਮਿਲਾ ਕੇ 54 ਧਾਰਮਿਕ ਗੀਤ ਹਨ ਜਦਕਿ ਦੂਜੇ ਹਿੱਸੇ ਯਾਨੀ ਸੱਭਿਆਚਾਰਕ ਹਿੱਸੇ ਵਿਚ ਕੁੱਲ 18 ਗੀਤ ਸ਼ਾਮਿਲ ਹਨ। ਇਸ ਤਰ੍ਹਾਂ ਇਸ ਕਿਤਾਬ ਅੰਦਰ ਕੁੱਲ 72 ਗੀਤ ਸ਼ਾਮਿਲ ਹਨ। ਧਾਰਮਿਕ ਭਾਗ ਦੇ ਗੀਤ ਜਿਵੇਂ 'ਬਾਣੀ ਗੁਰੂ ਨਾਨਕ ਦੀ', 'ਗੁਰੂਆਂ ਦੀ ਰਜਾ 'ਚ', 'ਦਰ ਬਾਬੇ ਦਾ', 'ਪੜ੍ਹ ਸਤਿਗੁਰੂ ਦੀ ਬਾਣੀ' ਸਿੱਖ ਇਤਿਹਾਸ ਵਿਚੋਂ ਸੁਨੇਹੇ ਦਿੰਦੇ ਮਹਿਸੂਸ ਹੁੰਦੇ ਹਨ ਅਤੇ ਇਸ ਭਾਗ ਦੇ ਹਰ ਗੀਤ ਵਿਚ ਸਿੱਖ ਧਰਮ ਦੇ ਮੁਢਲੇ ਅਸੂਲਾਂ, ਆਦਰਸ਼ਾਂ ਅਤੇ ਸਿੱਖਿਆਵਾਂ ਉੱਤੇ ਅਮਲ ਕਰਨ ਦੀ ਗੱਲ ਨਿਵੇਕਲੇ ਢੰਗ ਨਾਲ ਕੀਤੀ ਗਈ ਹੈ। ਦੂਜੇ ਭਾਗ ਯਾਨੀ ਸੱਭਿਆਚਾਰਕ ਭਾਗ ਵਿਚ ਗੀਤਕਾਰ ਨੇ ਸੱਭਿਆਚਾਰਕ ਵਿਸ਼ੇ ਸਬੰਧੀ 'ਸਾਂਭ ਲਓ ਜੇ ਸਾਂਭ ਸਕਦੇ', 'ਮੇਰਾ ਵੱਸਦਾ ਰਵੇ ਪੰਜਾਬ', 'ਦਸਤਾਰ ਬਿਨਾਂ ਸਰਦਾਰ', 'ਵੱਸਦੇ ਰਹਿਣ ਪੰਜਾਬੀ ਮੇਰਾ' ਅਤੇ 'ਮੈਂ ਖੈਰ ਮਨਾਵਾਂ' ਆਦਿ ਗੀਤਾਂ ਰਾਹੀਂ ਮੌਜੂਦਾ ਹਾਲਤ ਬਾਰੇ ਗੀਤਕਾਰ ਨੇ ਆਪਣੇ ਚਲੰਤ ਵਿਚਾਰਾਂ ਅਤੇ ਭਾਵਾਂ ਨੂੰ ਵੀ ਬਾਖੂਬੀ ਬਿਆਨ ਕੀਤਾ ਹੈ। ਇਸ ਤਰ੍ਹਾਂ ਗੀਤਾਂ ਦੀ ਇਹ ਕਿਤਾਬ ਮਹਿਜ਼ ਗੀਤਾਂ ਦਾ ਇਕ ਹੋਰ ਸਮੂਹ ਨਾ ਹੋ ਕੇ ਇਕ ਵਿਸ਼ੇਸ਼ ਕਿਤਾਬ ਬਣ ਜਾਂਦੀ ਹੈ ਜੋ ਆਦਰਸ਼ ਸਿੱਖਿਆ ਮੁਹੱਈਆ ਕਰਵਾਉਣ ਦਾ ਇਕ ਅਹਿਮ ਜ਼ਰੀਆ ਬਣ ਸਕਦੀ ਹੈ।


-ਤੀਰਥ ਸਿੰਘ ਢਿੱਲੋਂ,
ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023

ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਕਾਰਜਾਂ ਨੂੰ ਸਮਰਪਿਤ ਸਨ ਸੰਤ ਬਿਸ਼ਨ ਸਿੰਘ ਅਤੇ ਸੰਤ ਮਾਨ ਸਿੰਘ

ਮਾਹਿਲਪੁਰ ਤੋਂ 3 ਕਿਲੋਮੀਟਰ ਦੀ ਵਿੱਥ 'ਤੇ ਇਤਿਹਾਸਕ ਨਗਰ ਨੰਗਲ ਖੁਰਦ ਹੈ। ਇਸ ਨਗਰ ਵਿਚ ਹੋਤੀ ਮਰਦਾਨ ਸੰਪਰਦਾਇ ਦੇ ਸੰਤ ਬਾਬਾ ਆਇਆ ਸਿੰਘ ਦੇ ਗੁਰਭਾਈ ਸੰਤ ਬਾਬਾ ਹਰਨਾਮ ਸਿੰਘ ਜਿਆਣ ਵਾਲੇ ਹੋਏ ਹਨ। ਇਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਬਿਸ਼ਨ ਸਿੰਘ ਹੋਏ ਹਨ। ਆਪ ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨਾਲ ਮਿਲ ਕੇ ਡੇਰਾ ਜਿਆਣ ਵਿਖੇ ਪੈਦਲ ਯਾਤਰਾ ਕਰਕੇ ਸੰਤ ਬਾਬਾ ਹਰਨਾਮ ਸਿੰਘ ਦੇ ਅਧਿਆਤਮਕ ਇਲਾਹੀ ਪ੍ਰਵਚਨ ਸਰਵਣ ਕਰਦੇ ਰਹੇ। ਆਪ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨੰਗਲ ਖੁਰਦ ਵਿਖੇ ਪਿਤਾ ਨਗੀਨਾ ਸਿੰਘ ਅਤੇ ਮਾਤਾ ਰਾਮ ਕੌਰ ਦੀ ਕੁੱਖੋਂ 29 ਦਸੰਬਰ, 1887 ਈ: (12 ਪੋਹ, 1945 ਬਿ:) ਨੂੰ ਹੋਇਆ। ਛੋਟੀ ਅਵਸਥਾ ਵਿਚ ਹੀ ਨਾਮ ਸਿਮਰਨ ਤੇ ਸੰਤਾਂ ਦੀ ਸੰਗਤ ਦਾ ਪ੍ਰੇਮ ਜਾਗ ਪਿਆ। ਸੇਵਾ ਸਿਮਰਨ ਵਿਚ ਲੀਨ ਹੁੰਦਿਆਂ ਪਹਿਲਾਂ ਆਪਣੇ ਪਿਤਾ ਤੇ ਫਿਰ ਆਪਣੇ ਭਰਾ ਸ਼ਾਮ ਸਿੰਘ ਨਾਲ ਖੇਤੀ ਕਰਾਉਂਦੇ ਰਹੇ। ਜਿਆਣ ਵਾਲੇ ਸੰਤਾਂ ਤੋਂ ਪੰਜ ਪਿਆਰਿਆਂ ਸਹਿਤ 1910 ਈ: ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਪਣੇ ਨਗਰ ਤੋਂ ਦੋ ਫਰਲਾਂਗ ਵਿਥ 'ਤੇ ਆਪਣੀ ਜ਼ਮੀਨ ਵਿਚ ਕੁਟੀਆ ਪਾ ਕੇ ਆਪ ਨੇ ਤਪੱਸਿਆ ਕੀਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ 13 ਅਪ੍ਰੈਲ, 1935 ਈ: ਨੂੰ ਨੀਂਹ ਰੱਖਣ ਸਮੇਂ ਆਪ ਹਾਜ਼ਰ ਹੋ ਕੇ, ਆਪ ਨੇ ਮਾਇਆ ਇਕੱਤਰ ਕਰਕੇ ਸੰਤ ਬਾਬਾ ਹਰੀ ਸਿੰਘ ਕਹਾਰਪੁਰ ਵਾਲਿਆਂ ਦੀ ਅਗਵਾਈ ਵਿਚ ਮਹਾਨ ਯੋਗਦਾਨ ਪਾਇਆ। ਦੋਆਬੇ ਵਿਚ ਆਪ ਨੇ ਲੱਖਾਂ ਪ੍ਰਾਣੀਆਂ ਨੂੰ ਬਾਣੀ ਤੇ ਸੇਵਾ ਨਾਲ ਜੋੜਿਆ। ਗੁਰਮਤਿ ਪ੍ਰਚਾਰ ਦਾ ਮਹਾਨ ਕੇਂਦਰ ਡੇਰਾ ਬਿਸ਼ਨਪੁਰੀ ਦਾ ਨਿਰਮਾਣ ਕੀਤਾ। ਸਿੱਖ ਸੰਗਤਾਂ ਨੂੰ ਪ੍ਰਭੂ ਦਾ ਨਾਮ ਜਪਾਉਂਦਿਆਂ, ਸ਼ਾਂਤ ਚਿੱਤ ਪਰਮ ਰੂਹਾਨੀ ਆਤਮਾ 25 ਵਿਸਾਖ 2012 ਬਿ: (7 ਮਈ, 1954 ਈ:) ਨੂੰ ਪ੍ਰਭਾਵਸ਼ਾਲੀ ਵਿਲੱਖਣ ਰੂਹਾਨੀ ਸ਼ਖ਼ਸੀਅਤ ਸੰਤ ਮਾਨ ਸਿੰਘ ਨੂੰ ਪਾਵਨ ਅਸਥਾਨ ਦੀ ਸੇਵਾ ਲਈ ਨਿਯੁਕਤ ਕਰਕੇ ਆਪ ਡੇਰਾ ਬਿਸ਼ਨਪੁਰੀ ਵਿਖੇ ਪ੍ਰਭੂ ਚਰਨਾਂ 'ਚ ਅਭੇਦ ਹੋ ਗਏ। ਇਸੇ ਹੀ ਪਾਵਨ ਡੇਰੇ ਵਿਖੇ ਆਪ ਤੋਂ ਵਰੋਸਾਏ ਨਿਰਮਲ ਭੇਖ ਦੀ ਅਨਮੋਲ ਅਧਿਆਤਮਕ ਸ਼ਖ਼ਸੀਅਤ ਸੰਤ ਮਾਨ ਸਿੰਘ ਦਾ ਜਨਮ ਇਸੇ ਹੀ ਨਗਰ ਨੰਗਲ ਖੁਰਦ ਵਿਖੇ ਪਿਤਾ ਸ: ਤੁਲਸਾ ਸਿੰਘ ਦੇ ਗ੍ਰਹਿ ਮਾਤਾ ਧਰਮ ਕੌਰ ਦੀ ਕੁੱਖੋਂ 15 ਨਵੰਬਰ, 1928 ਈ: ਨੂੰ ਹੋਇਆ। ਆਪ ਦੋਆਬਾ ਨਿਰਮਲ ਮੰਡਲ ਦੇ 25 ਸਾਲ ਪ੍ਰਧਾਨ ਰਹੇ। ਮਾਹਿਲਪੁਰ ਆਪ ਨੇ ਸੰਤ ਬਿਸ਼ਨ ਸਿੰਘ ਮੈਮੋਰੀਅਲ ਹਸਪਤਾਲ ਬਣਵਾਇਆ। ਗੁਰਦੁਆਰਾ ਥੜ੍ਹਾ ਸਾਹਿਬ ਬਾਬਾ ਲੱਖੋ ਅਤੇ ਬੰਗਿਆਂ ਦੇ ਨਜ਼ਦੀਕ ਸਰੋਵਰ ਬਣਵਾਏ ਅਤੇ ਕੁਲਥਮ ਵਿਖੇ ਗੁਰਦੁਆਰਾ ਸ਼ਹੀਦਾਂ ਦੀ ਨੀਂਹ ਆਪ ਨੇ ਸੰਨ 1967 ਈ: ਨੂੰ ਰੱਖੀ। ਐਸੇ ਮਹਾਨ ਪਰਉਪਕਾਰੀ ਸੰਤ ਬਾਬਾ ਮਾਨ ਸਿੰਘ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਅਤੇ ਸਿੱਖ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਦੇ ਹੋਏ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਵਿਖੇ 4 ਜੂਨ, 1996 ਈ: ਨੂੰ ਪੰਜ ਭੂਤਕ ਸਰੀਰ ਤਿਆਗ ਕੇ ਬ੍ਰਹਮਲੀਨ ਹੋ ਗਏ। ਇਨ੍ਹਾਂ ਦੋਵਾਂ ਹੀ ਮਹਾਂਪੁਰਖਾਂ ਦੀ ਪਾਵਨ ਮਿੱਠੀ ਯਾਦ ਹਰ ਸਾਲ ਦੀ ਤਰ੍ਹਾਂ ਡੇਰਾ ਬਿਸ਼ਨਪੁਰੀ ਦੇ ਮੁੱਖ ਸੰਚਾਲਕ ਨਾਮ ਰਸੀਏ ਸੰਤ ਬਿਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ 8 ਮਈ, 2018 ਨੂੰ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ।


-ਮੋਬਾ: 76528-09190


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX