ਤਾਜਾ ਖ਼ਬਰਾਂ


18 ਹਜ਼ਾਰ ਫੁੱਟ ਦੀ ਉਚਾਈ 'ਤੇ ਜਵਾਨਾਂ ਵਲੋਂ ਯੋਗਾ
. . .  48 minutes ago
ਨਵੀਂ ਦਿੱਲੀ, 21 ਜੂਨ - ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਭਾਰਤ-ਤਿੱਬਤ ਸੀਮਾ ਪੁਲਿਸ ਦੇ ਜਵਾਨਾਂ ਨੇ ਲਦਾਖ਼ ਵਿਖੇ ਕੜਾਕੇ ਦੀ ਠੰਢ 'ਚ ਯੋਗਾ ਕੀਤਾ। ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਯੋਗਾ ਕੀਤਾ। ਜਵਾਨਾਂ ਨੇ ਅਜਿਹਾ ਕਰਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ...
ਮੱਧ ਪ੍ਰਦੇਸ਼ 'ਚ ਹਾਦਸਾ, 12 ਮੌਤਾਂ
. . .  57 minutes ago
ਭੋਪਾਲ, 21 ਜੂਨ - ਮੱਧ ਪ੍ਰਦੇਸ਼ ਦੇ ਮੁਰੈਨਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਮੁਰੈਨਾ 'ਚ ਗੈਰ ਕਾਨੂੰਨੀ ਰੇਤ ਨਾਲ ਭਰੀ ਟਰੈਕਟਰ ਟਰਾਲੀ ਨੇ ਚਾਰ ਪਹੀਆ ਵਾਹਨ ਨੂੰ ਟੱਕਰ ਮਾਰਨ 'ਤੇ ਇਹ ਹਾਦਸਾ...
ਸਰਹੱਦ 'ਤੇ ਪਰਿਵਾਰਾਂ ਦੇ ਵਿਛੜਣ 'ਤੇ ਰੋਕ ਲਗਾਉਣ ਦੇ ਆਦੇਸ਼ 'ਤੇ ਟਰੰਪ ਨੇ ਕੀਤੇ ਦਸਤਖ਼ਤ
. . .  about 1 hour ago
ਨਵੀਂ ਦਿੱਲੀ, 21 ਜੂਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਰਹੱਦ 'ਤੇ ਪ੍ਰਵਾਸੀ ਪਰਿਵਾਰਾਂ ਨੂੰ ਅਲੱਗ ਕਰਨ 'ਤੇ ਰੋਕ ਲਗਾਉਣ ਵਾਲੇ ਇਕ ਆਦੇਸ਼ 'ਤੇ ਦਸਤਖ਼ਤ ਕਰ ਦਿੱਤੇ ਹਨ। ਗੌਰਤਲਬ ਹੈ ਕਿ ਪ੍ਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੇ ਵਿਵਾਦਿਤ ਫ਼ੈਸਲੇ ਦੀ ਦੁਨੀਆ...
ਬਾਬਾ ਰਾਮਦੇਵ ਨੇ ਦੋ ਲੱਖ ਤੋਂ ਵੱਧ ਲੋਕਾਂ ਨਾਲ ਯੋਗਾ ਕਰਕੇ ਬਣਾਇਆ ਵਿਸ਼ਵ ਰਿਕਾਰਡ
. . .  about 1 hour ago
ਕੋਟਾ, 21 ਜੂਨ - ਅੱਜ ਚੌਥੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਦੇਸ਼ ਭਰ 'ਚ ਵੱਡੀ ਗਿਣਤੀ 'ਚ ਯੋਗਾ ਅਭਿਆਸ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹਰਾਦੂਨ 'ਚ 55 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ, ਉੱਥੇ ਹੀ ਰਾਜਸਥਾਨ ਦੇ ਕੋਟਾ...
ਪ੍ਰਧਾਨ ਮੰਤਰੀ ਨੇ 55 ਹਜ਼ਾਰ ਲੋਕਾਂ ਨਾਲ ਕੀਤਾ 'ਯੋਗਾ'
. . .  about 2 hours ago
ਨਵੀਂ ਦਿੱਲੀ, 21 ਜੂਨ - ਅੱਜ ਵਿਸ਼ਵ ਭਰ ਵਿਚ ਚੌਥਾ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ 55 ਹਜ਼ਾਰ ਲੋਕਾਂ ਨਾਲ ਯੋਗਾ ਕੀਤਾ। ਯੋਗਾ ਕਰਨ ਤੋਂ ਪਹਿਲਾ ਪ੍ਰਧਾਨ ਮੰਤਰੀ ਮੋਦੀ ਨੇ...
ਅੱਜ ਦਾ ਵਿਚਾਰ
. . .  about 2 hours ago
ਫੀਫਾ ਵਿਸ਼ਵ ਕੱਪ 2018 : ਉਰੂਗੋਏ ਨੇ ਸਾਉਦੀ ਅਰਬ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਤੋਂ ਕੀਤਾ ਬਾਹਰ
. . .  1 day ago
ਗਿਰੀਡੀਹ [ਝਾਰਖੰਡ] 'ਚ ਬਿਜਲੀ ਡਿੱਗਣ ਨਾਲ 6 ਦੀ ਮੌਤ , 4 ਜ਼ਖ਼ਮੀ
. . .  1 day ago
ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਨਵੀਂ ਦਿੱਲੀ, 20 ਜੂਨ - ਦਿੱਲੀ ਦੇ ਉਪਰਾਜਪਾਲ ਵੱਲੋਂ ਦਿੱਲੀ ਤੋਂ 15 ਆਈ.ਪੀ.ਐੱਸ ਅਫ਼ਸਰਾਂ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ ਗਿਆ...
ਫੀਫਾ ਵਿਸ਼ਵ ਕੱਪ 2018 : ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ
. . .  1 day ago
ਮਾਸਕੋ, 20 ਜੂਨ - ਫੀਫਾ ਵਿਸ਼ਵ ਕੱਪ 2018 ਦੇ ਇੱਕ ਮੁਕਾਬਲੇ ਵਿਚ ਕਪਤਾਨ ਕ੍ਰਿਸਟਿਆਨੋ ਰੋਨਾਲਡੋ ਦੇ ਸ਼ਾਨਦਾਰ ਗੋਲ ਸਦਕਾ ਪੁਰਤਗਾਲ ਨੇ ਆਪਣਾ ਜੇਤੂ ਅਭਿਆਨ ਜਾਰੀ...
ਹੋਰ ਖ਼ਬਰਾਂ..
  •     Confirm Target Language  

ਫ਼ਿਲਮ ਅੰਕ

ਤਾਪਸੀ ਪੰਨੂੰ ...ਪਿਆਰ ਪੰਜਾਬੀ ਏ


'ਯਾਰ ਪੰਜਾਬੀ ਏ, ਮੇਰਾ ਪਿਆਰ ਪੰਜਾਬੀ ਏ' ਵਾਲੀ ਗੱਲ 'ਮਨਮਰਜ਼ੀਆਂ' ਫ਼ਿਲਮ ਵਾਲੀ 'ਪਿੰਕ' ਕੁੜੀ ਤਾਪਸੀ ਪੰਨੂੰ ਨੇ ਸਹੀ ਸਿੱਧ ਕਰਵਾਈ, ਜਦ ਉਹ ਆਪਣੇ ਸਾਥੀ ਸਿਤਾਰੇ ਵਿੱਕੀ ਕੌਸ਼ਲ ਨੂੰ 'ੳ. ਅ.' ਲਿਖ ਕੇ ਸਮਝਾਉਂਦੀ ਨਜ਼ਰ ਆਈ। ਹਾਲਾਂਕਿ ਵਿੱਕੀ ਵੀ ਪੰਜਾਬੀ ਹੈ ਪਰ ਵਿੱਕੀ ਪੰਜਾਬੀ ਬੋਲ ਲੈਂਦਾ ਹੈ, ਸਮਝ ਲੈਂਦਾ ਹੈ, ਪੜ੍ਹ ਲੈਂਦਾ ਹੈ ਪਰ 'ਗੁਰਮੁਖੀ' ਪੰਜਾਬੀ ਵਲੋਂ ਉਸ ਦਾ ਹੱਥ ਤੰਗ ਹੈ ਤੇ ਤਾਪਸੀ ਨੇ 'ੳ' ਤੋਂ ਲੈ ਕੇ 'ਸ' ਪੈਰ ਬਿੰਦੀ (ਸ਼), 'ਖ' ਪੈਰ ਬਿੰਦੀ (ਖ਼) ਪੂਰੀ ਗੁਰਮੁਖੀ ਉਸ ਨੂੰ ਰਟਾ ਦਿੱਤੀ, ਸਮਝਾ ਦਿੱਤੀ। ਦੋਵੇਂ ਤਾਮਿਲ ਫ਼ਿਲਮ 'ਮੁਲਕ' ਵੀ ਕਰਨਗੇ ਤੇ ਤਾਪਸੀ ਤੇ ਵਿੱਕੀ ਆਪਸੀ ਗੱਲਬਾਤ ਸੈੱਟ 'ਤੇ ਪੰਜਾਬੀ 'ਚ ਹੀ ਕਰਦੇ ਹਨ। 'ਦਿਲ ਜੰਗਲੀ' ਵਾਲੀ ਇਹ ਦੱਖਣ ਦੀ ਸਟਾਰ ਹੀਰੋਇਨ ਨਵੇਂ ਰੂਪ 'ਚ 'ਮਨਮਰਜ਼ੀਆਂ' ਨਾਲ ਨਜ਼ਰ ਪੈ ਰਹੀ ਹੈ। ਇਸ ਸਾਲ ਗਰਮੀਆਂ ਮੁੱਕਦੇ ਹੀ ਬਰਸਾਤਾਂ 'ਚ ਕਿਣਮਿਣ ਕਰੇਗੀ ਤਾਪਸੀ ਦੀ 'ਮਨਮਰਜ਼ੀਆਂ' ਤੇ ਉਸ ਸਬੰਧ ਨਾਲ 'ਸਰਦਾਰ ਜੀ' (ਅਭਿਸ਼ੇਕ ਬੱਚਨ) ਦੀ 'ਸਰਦਾਰਨੀ' (ਤਾਪਸੀ) ਇਸ ਫ਼ਿਲਮ 'ਚ ਬਣੀ ਹੈ। ਸਾਕਿਬ ਸਲੀਮ ਤਾਂ ਤਾਪਸੀ ਲਈ ਹਉਕੇ ਭਰਦਾ ਕਈਆਂ ਨੇ ਦੇਖਿਆ ਹੈ ਪਰ 'ਦਿਲ ਜੰਗਲੀ' ਲਈ ਤਾਪਸੀ ਤਾਂ 'ਸੂਰਮਾ' ਦਿਲਜੀਤ ਦੋਸਾਂਝ ਨਾਲ ਵੀ ਸੈੱਟ 'ਤੇ ਕੰਮ ਤੱਕ ਹੀ ਸੀਮਤ ਨਜ਼ਰ ਆਈ ਸੀ, ਤਾਂ ਸਾਕਿਬ ਉਸ ਮੂਹਰੇ ਕੀ ਹੈ? ਸੁਜਾਏ ਘੋਸ਼ ਦੀ ਨਵੀਂ ਫ਼ਿਲਮ 'ਬਦਲਾ' 'ਚ ਤਾਪਸੀ ਫਿਰ ਅਮਿਤਾਭ ਬੱਚਨ ਨਾਲ ਨਜ਼ਰ ਆਏਗੀ। 'ਮਨਮਰਜ਼ੀਆਂ', 'ਸੂਰਮਾ', 'ਬਦਲਾ', 'ਮੁਲਕ' ਇਹ ਵੱਡੀਆਂ ਫ਼ਿਲਮਾਂ ਉਸ ਕੋਲ ਹਨ। ਤਾਪਸੀ ਪੰਨੂੰ 'ਜੁੜਵਾਂ-2' ਨਾਲ ਖ਼ਬਰਾਂ 'ਚ ਰਹੀ ਹੈ। ਵਰੁਣ ਧਵਨ ਲਈ ਜ਼ਰੂਰ ਉਸ ਦਾ ਦਿਲ ਕੁਝ ਨਰਮ ਹੈ। ਸਾਕਿਬ ਕਿੱਥੇ ਤੇ ਕਿੱਥੇ ਵਰੁਣ? ਤਾਪਸੀ ਸਭ ਜਾਣਦੀ ਹੈ। ਸਪੇਨ ਵਿਖੇ ਪਰਿਵਾਰ ਨਾਲ ਤਾਪਸੀ ਨੇ ਨਵੀਆਂ ਫੋਟੋਆਂ ਖਿਚਵਾ ਕੇ ਪਾਈਆਂ ਹਨ। ਤਾਪਸੀ ਨਾਲ-ਨਾਲ ਇਹ ਅਹਿਸਾਸ ਵੀ ਕਰਵਾ ਰਹੀ ਹੈ ਕਿ ਕੰਮ ਦੇ ਨਾਲ-ਨਾਲ ਪਰਿਵਾਰ ਉਸ ਲਈ ਅਹਿਮ ਹੈ। ਹਾਂ, ਸੋਸ਼ਲ ਮੀਡੀਆ 'ਤੇ ਲਿਖਣ ਦੀ ਸ਼ੈਲੀ ਜ਼ਰੂਰ ਤਾਪਸੀ ਨੂੰ ਪ੍ਰੇਸ਼ਾਨੀਆਂ ਦਿਖਾਉਂਦੀ ਹੈ ਪਰ ਕੁੱਲ ਮਿਲਾ ਕੇ ਤਾਪਸੀ ਦੀਆਂ ਰਗਾਂ 'ਚ ਪੰਜਾਬੀ ਖ਼ੂਨ ਉਸ ਦੇ ਜੋਸ਼ ਨੂੰ ਠੰਢਾ ਨਹੀਂ ਪੈਣ ਦਿੰਦਾ, ਹਿੰਮਤ ਹੀ ਦਿੰਦਾ ਹੈ।


ਖ਼ਬਰ ਸ਼ੇਅਰ ਕਰੋ

ਸੋਨਾਕਸ਼ੀ ਸਿਨਹਾ ਹੈਪੀ ਫਿਰ ਭਾਗ ਜਾਏਗੀ?

ਸਿਰ ਦੇ ਭਾਰ ਖੜ੍ਹੀ ਹੋਣਾ ਸੋਨਾਕਸ਼ੀ ਸਿਨਹਾ ਨੂੰ ਇੰਜ ਆਉਂਦਾ ਏ ਜਿਵੇਂ ਭਲਵਾਨਾਂ ਦੇ ਖਾਨਦਾਨ 'ਚੋਂ ਹੋਵੇ। ਇਹ ਕਸਰਤ ਤਾਂ ਵੱਡੇ-ਵੱਡਿਆਂ ਨੂੰ ਨਾਨੀ ਯਾਦ ਕਰਵਾ ਦਿੰਦੀ ਹੈ। ਇਹ ਸਾਰਾ ਸਿਹਰਾ ਸੋਨਾ ਨੇ ਬਾਬਾ ਰਾਮਦੇਵ ਨੂੰ ਦਿੱਤਾ ਹੈ। ਵਾਅਦੇ ਦੀ ਪੱਕੀ ਇਹ 'ਦਬੰਗ ਕੁੜੀ' ਮਲੇਸ਼ੀਆ ਤੋਂ ਸ਼ੂਟਿੰਗ ਕਰ ਕੇ ਭਾਰਤ ਪਰਤੀ ਤਾਂ ਜੋ ਵਿਗਿਆਪਨ ਦੀ ਸ਼ੂਟਿੰਗ ਕਰੇ। 'ਹੈਪੀ ਫਿਰ ਭਾਗ ਜਾਏਗੀ' ਦੀ ਸ਼ੂਟਿੰਗ ਲਈ ਮਲੇਸ਼ੀਆ ਸੀ ਸੋਨਾ। ਕਿਉਂਕਿ ਕੁਆਲਾਲੰਪੁਰ 'ਚ ਭਾਰੀ ਮੀਂਹ ਕਾਰਨ ਕਈ ਦਿਨ ਫ਼ਿਲਮਾਂਕਣ ਰੁਕਿਆ ਰਿਹਾ। ਸ਼ਤਰੂ-ਪੂਨਮ ਦੀ ਇਹ ਹੋਣਹਾਰ ਬਿਟੀਆ ਆਪਣੇ ਫ਼ਿਲਮੀ ਸਫ਼ਰ ਨੂੰ ਕਾਮਯਾਬ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਸੋਨਾ ਨੂੰ ਜੇ ਕਿਸੇ ਗੱਲ ਤੋਂ ਹੈਰਾਨਗੀ ਹੋਈ ਤਾਂ ਉਹ ਸੀ ਨੇਹਾ ਧੂਪੀਆ ਦਾ ਵਿਆਹ ਤੇ ਇਸ ਵਿਆਹ 'ਤੇ ਸੋਨਾ ਨੇ ਸੁਨੇਹਾ ਲਿਖਿਆ ਹੈ 'ਹੈਂ ਹੋ ਗਿਆ'? ਗੱਲ ਕੀ ਸੋਨਾ ਹੁਣ ਨਵੇਂ ਪੱਛਮੀ-ਭਾਰਤੀ ਫੈਸ਼ਨ ਨੂੰ ਅਪਣਾ ਕੇ ਛੋਟੇ ਵਾਲਾਂ ਨਾਲ ਨਜ਼ਰ ਆ ਰਹੀ ਹੈ। ਜ਼ਰੂਰ ਕੁਝ ਨਵਾਂ ਕਰਨ ਦੇ ਰੌਂਅ ਵਿਚ ਉਹ ਹੈ। 'ਦਬੰਗ-3' 'ਚ ਸੋਨਾ ਫਿਰ ਸਲਮਾਨ ਨਾਲ ਆ ਸਕਦੀ ਹੈ। 'ਯਮਲਾ ਪਗਲਾ ਦਿਵਾਨਾ ਫਿਰ ਸੇ' ਧਰਮਿੰਦਰ ਦੀ ਇਸ ਫ਼ਿਲਮ 'ਚ ਸੋਨਾਕਸ਼ੀ ਸਿਨਹਾ ਇਕ ਖ਼ਾਸ ਡਾਂਸ ਕਰ ਰਹੀ ਹੈ। ਸਲਮਾਨ ਖਾਨ ਤੇ ਰੇਖਾ ਦੇ ਨਾਲ ਸੋਨਾ ਦਾ ਇਹ ਗਾਣਾ ਧਮਾਲ ਪਾਏਗਾ। ਸੋਨਮ ਦੇ ਵਿਆਹ ਤੋਂ ਬਾਅਦ, ਨੇਹਾ ਧੂਪੀਆ ਦੀ ਸ਼ਾਦੀ 'ਤੇ ਸ਼ਾਇਦ ਸੋਨਾਕਸ਼ੀ ਸਿਨਹਾ ਹੁਣ ਆਪਣੇ ਲਈ ਖੇਤਰ ਖਾਲੀ ਸਮਝ ਰਹੀ ਹੈ। ਮਨੀਸ਼ ਤੇ ਅਨੀਤਾ ਡੋਂਗਰੇ ਦੀ ਵੈੱਬ ਲੜੀ 'ਇਟਰਨ ਡਾਈਰੀਜ਼' ਸੋਨਾ ਕਰੇਗੀ। ਸੋਨਾ ਆਪ ਪਹਿਰਾਵੇ ਦੀ ਮਾਸਟਰਨੀ ਰਹੀ ਹੈ। 8 ਕਿਸ਼ਤਾਂ ਵਾਲੀ ਇਹ ਲੜੀ ਸੋਨਾ ਦੇ ਆਉਣ ਨਾਲ ਚਰਚਿਤ ਹੋ ਗਈ ਹੈ। 'ਵੈਲਕਮ ਟੂ ਨਿਊਯਾਰਕ' ਖ਼ਾਸ ਨਹੀਂ ਰਹੀ ਤੇ ਸੋਨਾਕਸ਼ੀ ਸਿਨਹਾ ਇਸ ਅਸਫ਼ਲਤਾ ਨੂੰ ਭੁਲਾਉਣ ਲਈ ਵੈੱਬ ਲੜੀ ਕਰ ਚੁੱਕੀ ਹੈ। ਰਹੀ ਗੱਲ 'ਹੈਪੀ ਫਿਰ ਭਾਗ ਜਾਏਗੀ' ਦੀ ਤਾਂ ਇਸ 'ਚ 'ਭਗੌੜੀ ਦੁਲਹਨ' ਦਾ ਮਜ਼ੇਦਾਰ ਕਿਰਦਾਰ ਉਸ ਨੇ ਕੀਤਾ ਹੈ। ਕੁੱਲ ਮਿਲਾ ਕੇ ਹਾਲੇ ਸਮੇਂ ਦੀ ਡੋਰ ਸੋਨਾਕਸ਼ੀ ਸਿਨਹਾ ਦੇ ਹੱਥ 'ਚ ਹੈ।

ਸੋਨੂੰ ਸੂਦਸਰਵਗੁਣ ਸੰਪੂਰਣ 'ਸਿੰਬਾ'


ਰਣਵੀਰ ਸਿੰਘ ਦੀ ਜਾਨ 'ਚ ਜਾਨ ਆਈ ਕਿਉਂਕਿ ਆਰ. ਮਾਧਵਨ ਦੀ ਨਾਂਹ ਤੋਂ ਬਾਅਦ ਫ਼ਿਲਮ 'ਸਿੰਬਾ' ਦਾ ਭਵਿੱਖ ਹਨੇਰੇ 'ਚ ਡੁੱਬ ਗਿਆ ਸੀ। ਰੋਹਿਤ ਸ਼ੈਟੀ ਨੇ ਸ਼ਾਨ ਨਾਲ ਐਲਾਨ ਕੀਤਾ ਹੈ ਕਿ ਹੁਣ 'ਸਿੰਬਾ' ਦਾ ਖਲਨਾਇਕ ਸੋਨੂੰ ਸੂਦ ਹੋਵੇਗਾ ਤੇ ਪਹਿਲੀ ਵਾਰ ਰਣਵੀਰ ਸਿੰਘ-ਸੋਨੂੰ ਸੂਦ ਦੀ ਜੋੜੀ ਨਜ਼ਰ ਆਏਗੀ ਤਾਂ ਨਜ਼ਾਰੇ ਹੀ ਹੋਰ ਹੋਣਗੇ। ਮਜ਼ੇਦਾਰ ਗੱਲ ਇਹ ਹੈ ਕਿ 'ਸਿੰਬਾ' ਦੇ ਰਣਵੀਰ ਤੇ ਸੋਨੂੰ ਦਾ ਸਰੀਰ ਸੁੱਖ ਨਾਲ ਦੋਵਾਂ ਦਾ ਹੀ ਚੰਗਾ ਹੈ। ਹਾਂ ਅਭਿਸ਼ੇਕ ਬੱਚਨ, ਆਰ. ਮਾਧਵਨ ਤੋਂ ਬਾਅਦ ਸੋਨੂੰ ਸੂਦ 'ਸਿੰਬਾ' 'ਚ ਆਇਆ ਹੈ। ਯਾਦ ਰਹੇ ਪੰਜਾਬੀ ਪੁੱਤ ਸੋਨੂੰ ਸੂਦ ਕਦੇ ਇਕਬਾਲ ਢਿੱਲੋਂ ਹੁਰਾਂ ਦੀ ਮਿਹਰਬਾਨੀ ਨਾਲ ਪਰਦੇ 'ਤੇ ਪਹਿਲੀ ਵਾਰ ਆਇਆ ਸੀ। ਫ਼ਿਲਮ ਚੱਲੀ ਜਾਂ ਨਹੀਂ ਸੋਨੂੰ ਪੂਰਾ ਸਫ਼ਲ ਹੋਇਆ ਤੇ ਅੱਜ ਉਹੀ ਸੋਨੂੰ ਸੂਦ ਅਭਿਨੇਤਾ ਹੀ ਨਹੀਂ ਨਿਰਮਾਤਾ ਵੀ ਹੈ। ਬੀ. ਟਾਊਨ ਤੇ ਦੱਖਣ ਲੋਕ ਦਾ ਚਹੇਤਾ 'ਸਿੰਬਾ' ਸੋਨੂੰ ਇਕ ਹੋਰ ਫ਼ਿਲਮ 'ਸਰਵ ਗੁਣ ਸੰਪੰਨ' ਵੀ ਕਰ ਰਿਹਾ ਹੈ। ਯੂ.ਪੀ. ਤੇ ਬਿਹਾਰ ਦੇ ਸੱਭਿਆਚਾਰ ਤੋਂ ਪ੍ਰੇਰਿਤ ਸੋਨੂੰ ਦੀ ਇਹ ਹਾਸਰਸ ਫ਼ਿਲਮ ਹੋਏਗੀ। ਲਖਨਊ ਤੇ ਫਰੁਖਾਬਾਦ ਵਿਖੇ ਜਾ ਕੇ ਸੋਨੂੰ ਸੂਦ ਨੇ 'ਸਿੰਬਾ' ਦੀ ਕਹਾਣੀ ਸੁਣੀ ਤੇ 'ਸਰਵਗੁਣ ਸੰਪੰਨ' ਲਈ ਯੋਜਨਾ ਉਲੀਕੀ। ਯੂ.ਪੀ. ਤੇ ਬਿਹਾਰ 'ਚ ਸੋਨੂੰ ਕਾਫੀ ਦੇਰ ਰਿਹਾ ਹੈ। ਅਰਜਨ ਰਾਮਪਾਲ ਨੂੰ ਵੀ 'ਸਰਵਗੁਣ ਸੰਪੰਨ' 'ਚ ਸੋਨੂੰ ਨੇ ਲਿਆ ਹੈ। ਕਰਨ ਕਸ਼ਯਪ ਨੂੰ ਨਿਰਦੇਸ਼ਨ ਦਾ ਜ਼ਿੰਮਾ ਸੋਨੂੰ ਸੂਦ ਨੇ 'ਸਰਵਗੁਣ ਸੰਪੰਨ' ਲਈ ਦਿੱਤਾ ਹੈ। ਕੰਗਨਾ ਦੇ ਨਾਲ ਵੀ ਬੀਕਾਨੇਰ 'ਚ ਉਸ ਨੇ ਸ਼ੂਟਿੰਗ ਕੀਤੀ ਹੈ। 'ਕੁੰਗਫੂ ਯੋਗ' ਨਾਲ ਹੋਰ ਹਰਮਨ-ਪਿਆਰੇ ਹੋਏ ਸੋਨੂੰ ਨੂੰ 'ਦਬੰਗ-3' 'ਚ ਕੰਮ ਮਿਲਣ ਦੇ ਮੌਕੇ ਮਿਲੇ ਹਨ। ਜੇ.ਪੀ. ਦੱਤਾ ਦੀ 'ਪਲਟਨ' 'ਚ ਵੀ ਸੋਨੂੰ ਸੂਦ ਹੈ। ਦੱਤਾ ਜੀ 'ਬਾਰਡਰ' ਤੋਂ ਬਾਅਦ 'ਪਲਟਨ' ਨਾਲ ਇਤਿਹਾਸ ਲਿਖਣਗੇ। ਇਸ ਤਰ੍ਹਾਂ ਪੰਜਾਬੀਆਂ ਦਾ ਆਪਣਾ ਸੋਨੂੰ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਤੇ ਚੰਨ ਤੱਕ ਮਸ਼ਹੂਰ ਹੋਇਆ ਹੈ ਤਾਂ ਇਸ ਪਿਛੇ ਉਸ ਦੀ ਮਿਹਨਤ, ਪ੍ਰਤਿਭਾ ਤੇ ਲਗਨ ਹੈ। 'ਸਰਵਗੁਣ ਸੰਪੰਨ', 'ਪਲਟਨ' ਸੋਨੂੰ ਸੂਦ ਦਾ ਅਭਿਨੈ ਜੀਵਨ ਹੋਰ ਨਿਖਾਰਨਗੀਆਂ। 'ਸਰਵਗੁਣ ਸੰਪੰਨ', 'ਸਿੰਬਾ' ਦਰਸ਼ਕਾਂ ਦੀ 'ਪਲਟਨ' ਨੂੰ ਇਸੇ ਹੀ ਤਰ੍ਹਾਂ ਖੁਸ਼ ਰੱਖੇਗਾ।

-ਸੁਖਜੀਤ ਕੌਰ

ਵਿਦਿਆ ਬਾਲਨ ਬਣੇਗੀ ਗੈਂਗਸਟਰ

ਪਤੀ ਪਰਮੇਸ਼ਵਰ ਸਿਧਾਰਥ ਰਾਏ ਕਪੂਰ ਨੇ ਸ੍ਰੀਮਤੀ ਇੰਦਰਾ ਗਾਂਧੀ ਸਾਬਕਾ ਪੀ.ਐਮ. 'ਤੇ ਲਿਖੀ ਕਿਤਾਬ ਦੇ ਅਧਿਕਾਰ ਖਰੀਦਣ ਤੋਂ ਬਾਅਦ ਧਰਮਪਤਨੀ ਸ੍ਰੀਮਤੀ ਸਿਧਾਰਥ ਰਾਏ ਕਪੂਰ ਭਾਵ ਵਿਦਿਆ ਬਾਲਨ ਨਾਲ ਮਸ਼ਵਰੇ ਕਰ ਕੇ ਇੰਦਰਾ ਗਾਂਧੀ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਕਾਗਜ਼ਾਂ 'ਤੇ ਉਲੀਕ ਲਈ ਹੈ। ਸਾਰਾ ਕੁਝ ਸਹੀ-ਸਲਾਮਤ ਰਿਹਾ ਤਾਂ ਇਹ ਕਿਰਦਾਰ ਵਿਦਿਆ ਬਾਲਨ ਹੀ ਕਰੇਗੀ ਪਰ ਹਾਲੇ ਇਸ ਦਾ ਐਲਾਨ ਹੋਣਾ ਬਾਕੀ ਹੈ। 'ਤੁਮਹਾਰੀ ਸੱਲੂ', 'ਕਹਾਨੀ' ਜਿਹੀਆਂ ਸਫ਼ਲ ਫ਼ਿਲਮਾਂ ਤੋਂ ਬਾਅਦ ਇਸ ਤਰ੍ਹਾਂ ਇਹ ਵਿਦਿਆ ਦੀ ਇਕ ਖਾਸ ਆਪਣੀ ਤਰ੍ਹਾਂ ਦੀ ਕਿਤਾਬ ਨਾਲ ਪਹਿਲੀ ਬਾਇਓਪਿਕ ਹੋਵੇਗੀ। ਇਸ ਸਮੇਂ ਸਨਅਤ ਦਾ ਧਿਆਨ ਅਚਾਨਕ ਵਿਦਿਆ ਵੱਲ ਗਿਆ ਹੈ। 15 ਸਾਲ ਦੇ ਫ਼ਿਲਮੀ ਜੀਵਨ 'ਚ 'ਡਰਟੀ ਪਿਕਚਰ' ਤੋਂ ਲੈ ਕੇ ਅਨੇਕਾਂ ਫ਼ਿਲਮਾਂ ਕੀਤੀਆਂ ਹਨ। ਹੁਣ ਜਯੋਤੀ ਦਾਸ ਨੇ ਵਿਦਿਆ ਨੂੰ ਲੈ ਲਿਆ ਹੈ। ਅਪਰਾਧ ਦੀ ਦੁਨੀਆ 'ਚੋਂ ਕਹਾਣੀ ਲੈ ਕੇ ਵਿਦਿਆ ਤੇ ਜਯੋਤੀ ਦਾਸ ਫ਼ਿਲਮ ਬਣਾਏਗੀ ਤੇ ਵਿਦਿਆ ਇਸ ਵਿਚ 'ਗੈਂਗਸਟਰ' ਬਣੇਗੀ। ਹੁਣ ਵਿਦਿਆ ਵੀ ਕਈ ਅਹਿਮ ਫ਼ੈਸਲੇ ਲੈ ਰਹੀ ਹੈ। ਹੁਣ ਸਾੜ੍ਹੀ ਦੀ ਥਾਂ ਉਹ ਕੁੜਤਾ-ਪਜਾਮਾ ਪਹਿਨਣਾ ਜ਼ਿਆਦਾ ਪਸੰਦ ਕਰ ਰਹੀ ਹੈ। ਯਾਦ ਰਹੇ ਵਿਦਿਆ ਲਗਾਤਾਰ 6 ਫੇਲ੍ਹ ਫ਼ਿਲਮਾਂ ਦੇ ਕੇ ਆਲੋਚਨਾ ਦਾ ਕੇਂਦਰ ਬਣੀ ਹੈ। ਇਸ ਦਾ ਅਰਥ ਇਹ ਹੈ ਕਿ ਹੁਣ ਢੀਠ ਹੋ ਕੇ ਹੀ ਚਲਣਾ ਪੈਣਾ ਹੈ। ਤੇ ਹਾਂ ਰੋਟੀ-ਟੁੱਕ ਵਿਦਿਆ ਦੇ ਵਸ ਦੀ ਗੱਲ ਨਹੀਂ, ਉਹ ਖਾਣਾ ਨਹੀਂ ਬਣਾ ਸਕਦੀ। ਘਰ 'ਚ ਜੁੱਤੀ ਪਹਿਨ ਕੇ ਚਲਣਾ ਵੀ ਉਸ ਦੀ ਆਦਤ ਨਹੀਂ। ਨੰਗੇ ਪੈਰੀਂ ਘਰ ਵਿਚ ਰਹਿਣਾ ਤੇ ਵਹਿਮ ਕਹਿ ਲਵੋ ਕਿ ਜੁੱਤੀਆਂ ਨਾਲ ਕੀਟਾਣੂ ਘਰ ਵਿਚ ਦਾਖਲ ਹੁੰਦੇ ਹਨ। ਅਸੀਂ ਦੋ ਤੇ ਸਾਡੇ... ਹਾਲੇ ਇਸ 'ਤੇ ਉਹ ਚੁੱਪ ਹੈ। ਖਾਣਾ ਬਣਾਉਣਾ ਨਹੀਂ ਸਿੱਖਣਾ ਕਿਉਂਕਿ ਸਮਾਂ ਹੀ ਨਹੀਂ ਹੈ। ਪੂਰੇ ਦੱਖਣ ਭਾਰਤੀ ਰੀਤ-ਰਸਮਾਂ ਨਾਲ ਉਹ ਜ਼ਿੰਦਗੀ ਬਸਰ ਕਰਦੀ ਹੈ। ਇੰਦਰਾ ਗਾਂਧੀ ਦੀ ਬਾਇਓਪਿਕ, ਗੈਂਗਸਟਰ ਵਾਲਾ ਕਿਰਦਾਰ, ਔਲਾਦ ਪ੍ਰਤੀ ਹਾਲੇ ਚੁੱਪ ਵਿਦਿਆ ਬਾਲਨ ਰਸਮੋ-ਰਿਵਾਜ ਅਪਣਾ, ਸੱਭਿਆਚਾਰ ਲੈ ਕੇ ਜ਼ਿੰਦਗੀ ਬਤੀਤ ਕਰ ਰਹੀ ਹੈ। ਚਾਹੇ ਫ਼ਿਲਮੀ ਕਿਰਦਾਰ ਉਹ ਕਿਸੇ ਵੀ ਤਰ੍ਹਾਂ ਦੇ ਕਰਦੀ ਹੋਵੇ। ਚੁੱਲ੍ਹਾ-ਚੌਂਕਾ ਚਾਹੇ ਨਹੀਂ ਕਰਨਾ ਆਉਂਦਾ ਪਰ ਅਭਿਨੈ ਦੀ ਮਹਾਰਾਣੀ ਉਹ ਹੈ ਤੇ ਹੋਰ ਚਾਹੀਦਾ ਵੀ ਉਸ ਨੂੰ ਕੀ ਹੈ?

ਪੂਨਮ ਪਾਂਡੇ ਦੀ ਸ਼ੁਰੂ ਹੋਈ ਦ ਜਰਨੀ ਆਫ਼ ਕਰਮਾ

ਪੂਨਮ ਪਾਂਡੇ ਸ਼ੁਰੂ ਤੋਂ ਹੀ ਆਪਣੇ ਅਭਿਨੈ ਦੀ ਬਜਾਏ ਆਪਣੀ ਬੇਬਾਕ ਬਿਆਨਬਾਜ਼ੀ ਤੇ ਗਲੈਮਰਸ ਫੋਟੋ ਸੈਸ਼ਨ ਦੀ ਬਦੌਲਤ ਖ਼ਬਰਾਂ ਵਿਚ ਬਣੀ ਰਹਿੰਦੀ ਆਈ ਹੈ। ਫ਼ਿਲਮਾਂ ਦੇ ਨਾਂਅ 'ਤੇ ਉਸ ਦੀ ਇਕਮਾਤਰ ਫ਼ਿਲਮ 'ਨਸ਼ਾ' ਹੈ, ਜਿਸ ਵਿਚ ਉਹ ਮੁੱਖ ਨਾਇਕਾ ਸੀ। 'ਆ ਗਿਆ ਹੀਰੋ' ਵਿਚ 'ਆਈਟਮ ਗਰਲ' ਦੇ ਤੌਰ 'ਤੇ ਚਮਕੀ ਤਾਂ 'ਯੁਵਾ' ਵਿਚ ਉਹ ਛੋਟੀ ਜਿਹੀ ਭੂਮਿਕਾ ਵਿਚ ਸੀ। ਹੁਣ ਪੂਨਮ ਪਾਂਡੇ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ 'ਦ ਜਰਨੀ ਆਫ਼ ਕਰਮਾ' ਆ ਰਹੀ ਹੈ। ਇਸ ਵਿਚ ਪੂਨਮ ਵਲੋਂ ਕਰਮਾ ਨਾਮੀ ਕੁੜੀ ਦਾ ਕਿਰਦਾਰ ਨਿਭਾਇਆ ਗਿਆ ਹੈ।
ਫ਼ਿਲਮ ਦਾ ਨਿਰਮਾਣ ਜਗਬੀਰ ਦਹੀਆ ਵਲੋਂ ਕੀਤਾ ਗਿਆ ਹੈ। ਇਸ ਹਰਿਆਣਵੀ ਨਿਰਮਾਤਾ ਨੇ ਪਹਿਲਾਂ ਗਾਇਕ ਸੁਖਵਿੰਦਰ ਨੂੰ ਨਾਇਕ ਦੇ ਤੌਰ 'ਤੇ ਲੈ ਕੇ 'ਖ਼ੁਦ ਹੀ ਕੋ ਕਰ ਬੁਲੰਦ ਇਤਨਾ' ਬਣਾਈ ਸੀ। ਜਦੋਂ ਸੁਖਵਿੰਦਰ ਵਲੋਂ 'ਚੱਕ ਦੇ ਇੰਡੀਆ' ਦਾ ਗੀਤ 'ਕੁਛ ਕਰੀਏ...' ਹਿੱਟ ਹੋਇਆ ਤਾਂ ਉਨ੍ਹਾਂ ਨੇ ਆਪਣੀ ਫ਼ਿਲਮ ਦਾ ਟਾਈਟਲ ਬਦਲ ਕੇ 'ਕੁਛ ਕਰੀਏ' ਰੱਖ ਲਿਆ. ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ ਟਿਕਟ ਖਿੜਕੀ 'ਤੇ ਕੁਝ ਕਰਨ ਵਿਚ ਨਾਕਾਮ ਰਹੀ ਸੀ।
ਆਪਣੀ ਇਸ ਨਵੀਂ ਫ਼ਿਲਮ ਵਿਚ ਜਗਬੀਰ ਨੇ ਕਰਮਾ ਨਾਮੀ ਕੁੜੀ ਦੀ ਕਹਾਣੀ ਪੇਸ਼ ਕੀਤੀ ਹੈ। ਕਰਮਾ ਗ਼ਰੀਬ ਘਰ ਦੀ ਕੁੜੀ ਹੈ ਪਰ ਪੜ੍ਹਾਈ ਵਿਚ ਕਾਫੀ ਤੇਜ਼ ਹੈ। ਉਹ ਅਮਰੀਕਾ ਜਾ ਕੇ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੀ ਹੈ ਪਰ ਪੈਸਿਆਂ ਦੀ ਘਾਟ ਦੇ ਚਲਦਿਆਂ ਉਹ ਵਿਦੇਸ਼ ਜਾ ਨਹੀਂ ਪਾਉਂਦੀ ਹੈ। ਕਰਮਾ ਦੀ ਜਾਣ-ਪਛਾਣ ਇਕ ਸ਼ਾਇਰ ਨਾਲ ਹੁੰਦੀ ਹੈ, ਜੋ ਕਿ ਵੱਡੀ ਉਮਰ ਦਾ ਹੈ। ਇਸ ਅਧੇੜ ਉਮਰ ਦੇ ਸ਼ਾਇਰ ਨੂੰ ਕਰਮਾ ਨਾਲ ਮੁਹੱਬਤ ਹੋ ਜਾਂਦੀ ਹੈ ਪਰ ਦੋਵਾਂ ਵਿਚਾਲੇ ਉਮਰ ਦੇ ਫ਼ਾਸਲੇ ਨੂੰ ਦੇਖਦੇ ਹੋਏ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਹਿਚਕਚਾਉਂਦੇ ਹਨ। ਆਖਿਰ ਸ਼ਾਇਰ ਤੇ ਕਰਮਾ ਵਿਚਾਲੇ ਜ਼ਿੰਦਗੀ ਕੀ-ਕੀ ਮੋੜ ਲਿਆਉਂਦੀ ਹੈ, ਇਹ ਇਸ ਦੀ ਕਹਾਣੀ ਹੈ।
ਸ਼ਾਇਰ ਦੀ ਭੂਮਿਕਾ ਇਥੇ ਸ਼ਕਤੀ ਕਪੂਰ ਵਲੋਂ ਨਿਭਾਈ ਗਈ ਹੈ। ਨਿਰਮਾਤਾ ਅਨੁਸਾਰ ਇਥੇ ਸ਼ਕਤੀ ਕਪੂਰ ਦੀ ਇਸ ਤਰ੍ਹਾਂ ਦੀ ਭੂਮਿਕਾ ਹੈ, ਜੋ ਯਾਦਗਾਰੀ ਬਣ ਸਕੇਗੀ। ਦੂਜੇ ਪਾਸੇ ਉਹ ਪੂਨਮ ਪਾਂਡੇ ਦੀ ਤਾਰੀਫ ਕਰਨ ਤੋਂ ਵੀ ਥੱਕਦੇ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁੱਖ ਭੂਮਿਕਾ ਲਈ ਪੂਨਮ ਨੇ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਹੈ ਅਤੇ ਰੋਜ਼ਾਨਾ ਉਹ ਦੋ ਘੰਟੇ ਪਹਿਲਾਂ ਸ਼ੂਟਿੰਗ 'ਤੇ ਪਹੁੰਚ ਜਾਂਦੀ ਸੀ, ਤਾਂ ਕਿ ਕੰਮ ਸਮੇਂ 'ਤੇ ਸ਼ੁਰੂ ਹੋ ਸਕੇ। ਨਿਰਮਾਤਾ ਦਾ ਇਹ ਵੀ ਦਾਅਵਾ ਹੈ ਕਿ ਇਹ ਫ਼ਿਲਮ ਪੂਨਮ ਪਾਂਡੇ ਦੀ ਇਮੇਜ ਬਦਲ ਦੇਵੇਗੀ।
ਆਪਣੀ ਇਸ ਨਵੀਂ ਫ਼ਿਲਮ ਵਿਚ ਉਹ ਸੁਖਵਿੰਦਰ ਨੂੰ ਭੁੱਲੇ ਨਹੀਂ ਹਨ। ਫ਼ਿਲਮ ਲਈ ਸੁਖਵਿੰਦਰ ਨੇ ਇਕ ਗੀਤ ਲਈ ਆਵਾਜ਼ ਦਿੱਤੀ ਹੈ ਅਤੇ ਇਸ ਦੇ ਬੋਲ ਹਨ, 'ਓ ਰੇ ਪਰਿੰਦੇ... ਤੂ ਜੀਨਾ ਮਤ ਭੂਲ ਰੇ...'।
ਓਮਕਾਰ ਰਾਣਾ ਤੇ ਦਾਨਿਸ਼ ਦੇ ਸੰਗੀਤ ਨਾਲ ਸਜੀ ਇਸ ਫ਼ਿਲਮ ਵਿਚ ਪੰਜ ਗੀਤ ਹਨ ਅਤੇ ਇਹ ਜਲਦੀ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

ਈਸ਼ਾ ਗੁਪਤਾ ਫ਼ਿਲਮਾਂ 'ਚ ਰੁੱਝ ਗਈ

ਆਪਣੀ ਗਰਮ ਤੇ ਚਮਕੀਲੀ ਦਿੱਖ ਲਈ ਮਸ਼ਹੂਰ ਅਭਿਨੇਤਰੀ ਈਸ਼ਾ ਗੁਪਤਾ ਲਈ ਗਰਮੀਆਂ ਦਾ ਮੌਸਮ ਵਧੀਆ ਆਇਆ ਹੈ। ਹਾਲੇ ਤੱਕ ਈਸ਼ਾ ਦਾ ਕੈਰੀਅਰ ਰੋਟੀ-ਟੁੱਕ ਤੇ ਥੋੜ੍ਹੀ ਮਸਤੀ ਕਰਨ ਜੋਗੇ ਪੈਸੇ ਤੇ ਚਾਰ ਲੋਕਾਂ 'ਚ ਨਾਂਅ ਤੱਕ ਸੀਮਤ ਰਿਹਾ ਹੈ। ਅਜੈ ਦੇਵਗਨ ਨਾਲ ਫ਼ਿਲਮ ਨੇ ਜ਼ਰੂਰ ਈਸ਼ਾ ਦਾ ਕੱਦ ਵਧਾਇਆ ਹੈ। ਪ੍ਰਸਿੱਧ ਨਿਰਦੇਸ਼ਕ ਜੇ.ਪੀ. ਦੱਤਾ ਦਾ ਕਰਜ਼ ਸ਼ਾਇਦ ਜੀਵਨ ਭਰ ਨਾ ਲਾਹ ਸਕੇ ਈਸ਼ਾ ਜਿਨ੍ਹਾਂ ਨੇ ਭਾਰਤ-ਚੀਨ ਯੁੱਧ 'ਤੇ ਆਪਣੀ ਨਵੀਂ ਫ਼ਿਲਮ 'ਪਲਟਨ' 'ਚ ਈਸ਼ਾ ਗੁਪਤਾ ਨੂੰ ਲਿਆ ਹੈ। 'ਪਲਟਨ' 'ਚ ਈਸ਼ਾ ਬਣੀ ਹੈ ਅਰਜਨ ਰਾਮਪਾਲ ਦੀ ਵਹੁਟੀ ਤੇ ਲਵ ਸਿਨਹਾ, ਹਰਸ਼ਵਰਧਨ ਰਾਣੇ, ਸਿਧਾਂਤ ਕਪੂਰ, ਗੁਰਮੀਤ ਚੌਧਰੀ ਵੀ ਉਸ ਦੇ ਨਾਲ ਹਨ। 'ਰੁਸਤਮ' ਉਸ ਨੇ ਹਾਲਾਂ ਕਿ ਅਕਸ਼ੈ ਕੁਮਾਰ ਨਾਲ ਕੀਤੀ ਸੀ ਤੇ 'ਬਾਦਸ਼ਾਹੋ' 'ਚ ਉਹ ਅਜੈ ਦੇਵਗਨ ਨਾਲ ਸੀ। ਕਈ ਫਲਾਪ ਫ਼ਿਲਮਾਂ ਤੋਂ ਬਾਅਦ ਈਸ਼ਾ ਗੁਪਤਾ ਨੂੰ 'ਪਲਟਨ' ਜਿਹੀ ਚੰਗੀ ਫ਼ਿਲਮ ਮਿਲੀ ਹੈ। ਲਿਪ ਸਰਜਰੀ ਕਰਵਾ ਚੁੱਕੀ ਈਸ਼ਾ ਗੁਪਤਾ ਹੁਣ ਮਾੜੀਆਂ ਤਸਵੀਰਾਂ ਲੋਕਾਂ ਦੇ ਕਹਿਣ 'ਤੇ ਆਪਣੇ ਸੋਸ਼ਲ ਮੀਡੀਆ ਖਾਤੇ 'ਚੋਂ ਡਿਲੀਟ ਵੀ ਕਰਨ ਲੱਗ ਪਈ ਹੈ। ਅਨਾਰ ਨੂੰ ਤਰਬੂਜ਼ ਕਹਿਣ ਵਾਲੀ ਈਸ਼ਾ ਗੁਪਤਾ ਜਾਣ ਗਈ ਹੈ ਕਿ ਲੋਕ ਸਿਆਣੇ ਹਨ ਤੇ ਉਸ ਦਾ ਝੂਠ ਮਿੰਟ 'ਚ ਹੀ ਫੜਿਆ ਜਾਂਦਾ ਹੈ। 'ਜੰਨਤ-2' ਵਾਲੀ ਈਸ਼ਾ ਦਾ ਕੈਰੀਅਰ ਇਕਦਮ 'ਪਲਟਨ' ਨੇ ਹੀ ਬਦਲਣਾ ਹੈ। ਆਪਣੀ ਭੈਣ ਨੇਹਾ ਤੋਂ ਵੀ ਉਹ ਪ੍ਰਭਾਵਿਤ ਹੈ। ਯਾਦ ਰਹੇ ਈਸ਼ਾ ਨੇ ਈਰਾਨੀ ਫ਼ਿਲਮ 'ਡੇਵਿਲਸ ਡਾਟਰ' 'ਚ ਵੀ ਕੰਮ ਕੀਤਾ ਹੈ। ਅਲੀ ਫਜ਼ਨ ਨਾਲ ਰੈਪ ਕਰ ਚੁੱਕੀ ਈਸ਼ਾ ਗੁਪਤਾ ਨੂੰ ਜੇ.ਪੀ. ਦੱਤਾ 'ਤੇ ਬਹੁਤ ਵਿਸ਼ਵਾਸ ਹੈ। ਸੀਰੀਆ ਦੇ ਮਲਾਹ ਹੋਣ ਜਾਂ ਇਰਾਕ ਦੇ ਈਸ਼ਾ ਇਨ੍ਹਾਂ 'ਚ ਵੀ ਦਿਲਚਸਪੀ ਰੱਖਦੀ ਹੈ। ਕਾਨੂੰਨ ਦੀ ਸਕਾਲਰਸ਼ਿਪ ਠੁਕਰਾ ਕੇ ਈਸ਼ਾ ਨੇ ਸਿਨੇਮਾ ਨੂੰ ਜੇ ਚੁਣਿਆ ਸੀ ਤਾਂ ਅੱਜ ਭਾਵੇਂ ਹੌਲੀ ਹੀ ਸਹੀ, ਉਸ ਦਾ ਕੈਰੀਅਰ ਅੱਗੇ ਵਧ ਰਿਹਾ ਹੈ। ਈਸ਼ਾ ਗੁਪਤਾ ਦੀ ਫਿੱਟਨੈੱਸ ਬਰਕਰਾਰ ਹੈ। ਅੰਦਾਜ਼ ਤੇ ਫਿੱਟਨੈਸ ਦਾ ਦਰਪਣ ਹੈ ਈਸ਼ਾ। ਉਸ ਦੀ ਖੁਰਾਕ ਭਾਰੀ ਹੈ, ਰਾਜਮਾਂਹ-ਚੌਲ, ਫਿਰ ਵੀ ਉਹ ਮੋਟੀ ਨਹੀਂ ਹੁੰਦੀ ਕਿਉਂਕਿ ਮਾਰਸ਼ਲ ਆਰਟ, ਪਿਲਾਟੇ, ਡਾਂਸ ਤੇ ਯੋਗਾ ਉਹ ਨਿਰੰਤਰ ਕਰਦੀ ਹੈ। ਇਸ ਫਿੱਟਨੈੱਸ ਦਾ ਮੁੱਲ ਆਖਰ ਜੇ.ਪੀ. ਦੱਤਾ ਨੇ ਪਾ ਦਿੱਤਾ ਹੈ।

ਲੇਖ ਟੰਡਨ ਵਲੋਂ ਨਿਰਦੇਸ਼ਿਤ ਆਖ਼ਰੀ ਫ਼ਿਲਮ 'ਫਿਰ ਉਸੀ ਮੋੜ ਪਰ'

'ਪ੍ਰੋਫੈਸਰ', 'ਆਮਰਪਾਲੀ', 'ਝੁਕ ਗਯਾ ਆਸਮਾਨ', 'ਜਹਾਂ ਪਿਆਰ ਮਿਲੇ', 'ਦੁਲਹਨ ਵਹੀ ਜੋ ਪੀਆ ਮਨ ਭਾਏ', 'ਪ੍ਰਿੰਸ', 'ਅਗਰ ਤੁਮ ਨ ਹੋਤੇ' ਸਮੇਤ ਕਈ ਹੋਰ ਯਾਦਗਾਰ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਲੇਖ ਟੰਡਨ ਹੁਣ ਸਾਡੇ ਵਿਚਾਲੇ ਨਹੀਂ ਹਨ। ਪਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਆਪਣੀ ਉਮਰ ਦੇ ਅਖ਼ੀਰ ਤਕ ਉਹ ਆਪਣੇ ਪਸੰਦੀਦਾ ਕੰਮ ਨਿਰਦੇਸ਼ਨ ਵਿਚ ਰੁੱਝੇ ਰਹੇ। ਫ਼ਿਲਮਾਂ ਦੇ ਨਾਲ-ਨਾਲ ਲੜੀਵਾਰ ਨਿਰਦੇਸ਼ਿਤ ਕਰਨ ਵਾਲੇ ਲੇਖ ਟੰਡਨ ਆਪਣੀ ਆਖ਼ਰੀ ਫ਼ਿਲਮ ਦੇ 'ਪੋਸਟ ਪ੍ਰੋਡਕਸ਼ਨ' ਕੰਮ ਨੂੰ ਅੰਜਾਮ ਦੇ ਰਹੇ ਸਨ ਪਰ ਫਿਰ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਆਪਣੀ ਇਸ ਆਖ਼ਰੀ ਪੇਸ਼ਕਾਰੀ ਵਿਚ ਲੇਖ ਜੀ ਨੇ ਤਿੰਨ ਤਲਾਕ ਦਾ ਮੁੱਦਾ ਚੁੱਕਿਆ ਹੈ। ਪੰਡਿਤ ਰੇਵਤੀ ਸ਼ਰਣ ਸ਼ਰਮਾ ਵਲੋਂ ਲਿਖੀ ਕਹਾਣੀ 'ਤੇ ਬਣੀ ਇਸ ਫ਼ਿਲਮ ਵਿਚ ਇਕ ਇਸ ਤਰ੍ਹਾਂ ਦੀ ਮੁਸਲਿਮ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਸ ਦੇ ਪਤੀ ਵਲੋਂ ਤਲਾਕ ਦਿੱਤੇ ਜਾਣ ਤੋਂ ਬਾਅਦ ਕਾਫੀ ਕੁਝ ਸਹਿਣਾ ਪੈ ਜਾਂਦਾ ਹੈ। ਅੱਗੇ ਚੱਲ ਕੇ ਇਸ ਦੀ ਬੇਟੀ ਦੇ ਅੱਗੇ ਵੀ ਤਲਾਕ ਦਾ ਮੁੱਦਾ ਆਉਂਦਾ ਹੈ ਉਦੋਂ ਉਹ ਕੀ ਕਦਮ ਚੁੱਕਦੀ ਹੈ, ਇਹ ਇਸ ਦੀ ਕਹਾਣੀ ਹੈ।
ਇਹ ਫ਼ਿਲਮ ਤ੍ਰਿਨੇਤਰ ਵਾਜਪੇਈ ਵਲੋਂ ਬਣਾਈ ਗਈ ਹੈ। ਉਹ ਲੇਖ ਟੰਡਨ ਦੇ ਸ਼ੁਰੂ ਤੋਂ ਦੀਵਾਨੇ ਰਹੇ ਹਨ। ਸਾਲ 1962 ਵਿਚ ਜਦੋਂ ਉਨ੍ਹਾਂ ਨੇ ਲਖਨਊ ਵਿਚ 'ਪ੍ਰੋਫੈਸਰ' ਦੇਖੀ ਸੀ, ਉਦੋਂ ਤੋਂ ਸੋਚ ਲਿਆ ਸੀ ਕਿ ਇਕ ਦਿਨ ਉਹ ਇਸ ਨਿਰਦੇਸ਼ਕ ਨਾਲ ਜ਼ਰੂਰ ਫ਼ਿਲਮ ਬਣਾਉਣਗੇ। ਪਹਿਲਾਂ ਉਨ੍ਹਾਂ ਨੇ ਲੇਖ ਜੀ ਦੇ ਨਾਲ ਲੜੀਵਾਰ 'ਬਿਖਰੀ ਆਸ ਨਿਖਰੀ ਪ੍ਰੀਤ' ਦਾ ਨਿਰਮਾਣ ਕੀਤਾ ਅਤੇ ਫਿਰ ਇਹ ਫ਼ਿਲਮ। ਫ਼ਿਲਮ ਵਿਚ ਮੁੱਖ ਭੂਮਿਕਾ ਜਿਵਿਧਾ ਆਸ਼ਟਾ ਵਲੋਂ ਨਿਭਾਈ ਗਈ ਹੈ। ਉਨ੍ਹਾਂ ਨਾਲ ਇਸ ਵਿਚ ਜ਼ਿਆਦਾਤਰ ਉਹ ਕਲਾਕਾਰ ਹਨ ਜਿਨ੍ਹਾਂ ਨੇ ਲੇਖ ਜੀ ਨਾਲ ਲੜੀਵਾਰਾਂ ਵਿਚ ਕੰਮ ਕੀਤਾ ਸੀ। ਇਹ ਹਨ ਕੰਵਲਜੀਤ ਸਿੰਘ, ਪਰਮੀਤ ਸੇਠੀ, ਹੈਦਰ ਅਲੀ, ਅਰੁਣ ਬਾਲੀ, ਸੰਜੈ ਬੱਤਰਾ, ਗੋਵਿੰਦ ਨਾਮਦੇਵ, ਦਿਵਿਆ ਦਿਵੇਦੀ, ਰਾਜੀਵ ਵਰਮਾ, ਭਰਤ ਕਪੂਰ, ਸ਼ਿਖਾ ਇਟਕਾਨ ਆਦਿ। ਤ੍ਰਿਨੇਤਰ ਦੀ ਪਤਨੀ ਕਨਿਕਾ ਵਾਜਵੇਈ ਨੇ ਵੀ ਇਸ ਵਿਚ ਅਭਿਨੈ ਕੀਤਾ ਹੈ ਤੇ ਖ਼ੁਦ ਤ੍ਰਿਨੇਤਰ ਨੇ ਇਸ ਵਿਚ ਸੰਗੀਤ ਦਿੱਤਾ ਹੈ। ਉਨ੍ਹਾਂ ਅਨੁਸਾਰ ਲੇਖ ਜੀ ਨੂੰ ਫ਼ਿਲਮ ਲਈ ਕੱਵਾਲੀ ਦੀ ਜ਼ਰੂਰਤ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਸ਼ੰਕਰ-ਜੈਕਿਸ਼ਨ ਦੇ ਸਟਾਈਲ ਵਾਲੀ ਕੱਵਾਲੀ ਚਾਹੀਦੀ ਹੈ। ਤ੍ਰਿਨੇਤਰ ਫ਼ਿਲਮ ਵਿਚ ਸੰਗੀਤ ਦੇਣ ਨੂੰ ਰਾਜ਼ੀ ਹੋ ਗਏ ਅਤੇ ਅੱਠੇ ਗੀਤਾਂ ਵਿਚ ਉਨ੍ਹਾਂ ਨੇ ਸੰਗੀਤ ਪੇਸ਼ ਕੀਤਾ ਹੈ।

-ਮੁੰਬਈ ਪ੍ਰਤੀਨਿਧ

ਨਕਲੀ ਗਾਡਮੈਨ ਥ੍ਰੀ ਦੇਵ

ਇਕ ਫ਼ਿਲਮ ਆਈ ਸੀ 'ਤ੍ਰਿਦੇਵ', ਜਿਸ ਵਿਚ ਸੰਨੀ ਦਿਓਲ, ਨਸੀਰੂਦੀਨ ਸ਼ਾਹ ਤੇ ਜੈਕੀ ਸ਼ਰਾਫ ਸਨ। ਹੁਣ ਨਿਰਦੇਸ਼ਕ ਅੰਕੁਸ਼ ਭੱਟ ਤੇ ਨਵੇਂ ਨਿਰਮਾਤਾ ਚਿੰਤਨ ਰਾਣਾ ਇਸ ਨਾਲ ਮਿਲਦੇ ਜੁਲਦੇ ਨਾਂਅ ਵਾਲੀ ਫ਼ਿਲਮ 'ਥ੍ਰੀ ਦੇਵ' ਲੈ ਕੇ ਆਏ ਹਨ ਅਤੇ ਇਥੇ ਵੀ ਤਿੰਨ ਹੀਰੋ ਹਨ। ਇਹ ਹਨ ਕਰਣ ਸਿੰਘ ਗਰੋਵਰ, ਰਵੀ ਦੂਬੇ ਤੇ ਕੁਨਾਲ ਰਾਏ ਕਪੂਰ। ਫ਼ਿਲਮ ਦੀ ਕਹਾਣੀ 'ਬਾਬੂਮੋਸ਼ਾਏ ਬੰਦੂਕਬਾਜ਼' ਫੇਮ ਲੇਖਕ ਗ਼ਾਲਿਬ ਵਲੋਂ ਲਿਖੀ ਗਈ ਹੈ।
ਕਹਾਣੀ ਇਹ ਹੈ ਕਿ ਤਿੰਨ ਦੋਸਤ ਹਨ ਅਤੇ ਤਿੰਨੇ ਨਿਕੰਮੀ ਕਿਸਮ ਦੇ ਹਨ। ਇਕ ਚੋਰ ਹੈ ਤੇ ਦੂਜਾ ਚਰਸੀ ਤੇ ਤੀਜਾ ਹਰ ਵੇਲੇ ਝੂਠ ਬੋਲਦਾ ਹੈ। ਕਾਨੂੰਨ ਤੋਂ ਬਚਣ ਲਈ ਇਹ ਤਿੰਨੇ ਇਸ ਤਰ੍ਹਾਂ ਦੇ ਪਿੰਡ ਪਹੁੰਚ ਜਾਂਦੇ ਹਨ ਜਿਥੋਂ ਦੇ ਲੋਕ ਅੰਨ੍ਹੇ ਸ਼ਰਧਾਲੂ ਕਿਸਮ ਦੇ ਹਨ। ਉਸੇ ਪਿੰਡ ਵਿਚ ਰਹਿੰਦੇ ਇਕ ਬੰਦੇ ਨੇ ਆਪਣੇ ਘਰ ਤਿੰਨ ਕਮਰੇ ਕਿਰਾਏ 'ਤੇ ਦੇਣੇ ਹਨ ਅਤੇ ਉਸ ਦੀ ਪਤਨੀ ਨੂੰ ਪਿੰਡ ਦਾ ਪੰਡਿਤ ਇਹ ਸਲਾਹ ਦਿੰਦਾ ਹੈ ਕਿ ਜੇਕਰ ਉਹ ਪੂਜਾ-ਪਾਠ ਕਰਵਾ ਲਵੇ ਤਾਂ ਕਿਰਾਏਦਾਰ ਮਿਲ ਜਾਵੇਗਾ। ਤਿੰਨੇ ਦੋਸਤ ਇਨ੍ਹਾਂ ਨੂੰ ਕਿਰਾਏਦਾਰ ਦੇ ਰੂਪ ਵਿਚ ਮਿਲ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਕੇ ਪਤੀ ਨੂੰ ਲਗਦਾ ਹੈ ਕਿ ਜੇਕਰ ਇਨ੍ਹਾਂ ਤਿੰਨਾਂ ਨੂੰ ਬ੍ਰਹਮਾ, ਵਿਸ਼ਣੂ ਤੇ ਮਹੇਸ਼ ਦੇ ਰੂਪ ਵਿਚ ਪਿੰਡ ਵਾਲਿਆਂ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਚੰਦੇ ਦੇ ਨਾਂਅ 'ਤੇ ਚੰਗੀ ਦੌਲਤ ਇਕੱਠੀ ਕੀਤੀ ਜਾ ਸਕਦੀ ਹੈ। ਪੈਸੇ ਦੇ ਲਾਲਚ ਵਿਚ ਇਹ ਤਿੰਨੇ ਵੀ ਨਕਲੀ ਭਗਵਾਨ ਬਣਨ ਨੂੰ ਰਾਜ਼ੀ ਹੋ ਜਾਂਦੇ ਹਨ। ਪਰ ਬਾਅਦ ਵਿਚ ਉਹ ਕਿਹੜੀਆਂ ਉਲਝਣਾਂ ਵਿਚ ਉਲਝ ਜਾਂਦੇ ਹਨ, ਇਹ ਇਸ ਵਿਚ ਦਿਖਾਇਆ ਗਿਆ ਹੈ।
ਫ਼ਿਲਮ ਦੇ ਨਿਰਮਾਤਾ ਚਿੰਤਨ ਰਾਣਾ ਅਨੁਸਾਰ ਇਨ੍ਹੀਂ ਦਿਨੀਂ ਦੇਸ਼ ਵਿਚ ਨਕਲੀ ਗਾਡਮੈਨ ਦੀ ਚਰਚਾ ਬਹੁਤ ਹੈ। ਕਈ ਬਾਬੇ ਖ਼ੁਦ ਨੂੰ ਭਗਵਾਨ ਦਾ ਅਵਤਾਰ ਬਣਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਫ਼ਿਲਮ ਵਿਚ ਨਕਲੀ ਗਾਡਮੈਨ ਦੇ ਖਿਲਾਫ਼ ਸੰਦੇਸ਼ ਦਿੱਤਾ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਅੱਜ ਦੇ ਸਮੇਂ ਦੀ ਫ਼ਿਲਮ ਹੈ।
ਫ਼ਿਲਮ ਵਿਚ ਜਿਹੜੀਆਂ ਤਿੰਨ ਨਾਇਕਾਵਾਂ ਹਨ, ਉਹ ਹਨ ਪੂਨਮ ਕੌਰ, ਪ੍ਰਿਆ ਬੈਨਰਜੀ ਤੇ ਰਾਇਮਾ ਸੇਨ। ਇਨ੍ਹਾਂ ਦੇ ਨਾਲ ਕੇ. ਕੇ. ਮੈਨਨ ਤੇ ਟਿਸਕਾ ਚੋਪੜਾ ਹਨ। ਪੂਨਮ ਕੌਰ ਦੱਖਣ ਦੀਆਂ ਫ਼ਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਆਈ ਹੈ ਤੇ ਪ੍ਰਿਆ ਬੈਨਰਜੀ ਪਹਿਲਾਂ 'ਜਜ਼ਬਾ' ਵਿਚ ਅਭਿਨੈ ਕਰ ਚੁੱਕੀ ਹੈ। ਫਿਲਹਾਲ ਆਪਣੇ ਜ਼ਮਾਨੇ ਵਿਚ 'ਤ੍ਰਿਦੇਵ' ਤਾਂ ਹਿੱਟ ਰਹੀ ਸੀ, ਹੁਣ ਦੇਖੋ 'ਥ੍ਰੀ ਦੇਵ' ਕੀ ਚਮਤਕਾਰ ਕਰਦੀ ਹੈ।

-ਮੁੰਬਈ ਪ੍ਰਤੀਨਿਧ

ਬਾਲੀਵੁੱਡ ਫਲੈਸ਼ਬੈਕ

ਇਕ ਥੱਪੜ ਨੇ ਬਦਲ ਦਿੱਤੀ ਸੀ ਲਲਿਤਾ ਪਵਾਰ ਦੀ ਜ਼ਿੰਦਗੀ

'ਦਾਗ਼', 'ਅਨਾੜੀ', 'ਆਂਖੇਂ', 'ਜਿਸ ਦੇਸ਼ ਮੇ ਗੰਗਾ ਬਹਿਤੀ ਹੈ' ਆਦਿ ਸਮੇਤ ਪੰਜ ਦਰਜਨ ਤੋਂ ਵੱਧ ਫ਼ਿਲਮਾਂ ਕਰਨ ਵਾਲੀ ਅਦਾਕਾਰਾ ਲਲਿਤਾ ਪਵਾਰ ਦੀ ਜ਼ਿੰਦਗੀ ਇਕ ਥੱਪੜ ਨੇ ਬਦਲ ਕੇ ਰੱਖ ਦਿੱਤੀ ਸੀ।
ਫ਼ਿਲਮ ਨਿਰਦੇਸ਼ਕ ਚੰਦਰ ਰਾਓ ਕਦਮ ਆਪਣੀ ਫ਼ਿਲਮ 'ਜੰਗੇ ਆਜ਼ਾਦੀ ' ਦੀ ਸ਼ੂਟਿੰਗ ਕਰ ਰਹੇ ਸਨ। ਅਦਾਕਾਰ ਭਗਵਾਨ ਦਾਦਾ ਨੇ ਫ਼ਿਲਮ ਦੇ ਦ੍ਰਿਸ਼ ਦੀ ਮੰਗ ਅਨੁਸਾਰ ਲਲਿਤਾ ਪਵਾਰ ਦੀ ਖੱਬੀ ਗੱਲ 'ਤੇ ਇਕ ਥੱਪੜ ਮਾਰਨਾ ਸੀ । ਚਾਰ-ਪੰਜ 'ਰੀਟੇਕ' ਹੋ ਗਏ ਪਰ ਦ੍ਰਿਸ਼ 'ਓ.ਕੇ.' ਨਾ ਹੋ ਸਕਿਆ । ਅਗਲੀ ਵਾਰ ਭਗਵਾਨ ਦਾਦਾ ਨੇ ਲਲਿਤਾ ਪਵਾਰ ਦੇ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਦੇ ਕੰਨ 'ਚੋਂ ਖ਼ੂਨ ਵਗਣ ਲਗ ਪਿਆ। ਕੁਝ ਦਿਨ ਹਸਪਤਾਲ 'ਚ ਰਹਿਣ ਮਗਰੋਂ ਲਲਿਤਾ ਨੇ ਤਿੰਨ ਸਾਲ ਤੱਕ ਕਿਸੇ ਵੀ ਹੋਰ ਫ਼ਿਲਮ 'ਚ ਕੰਮ ਨਾ ਕੀਤਾ। ਸੱਟ ਜ਼ਿਆਦਾ ਲੱਗਣ ਕਾਰਨ ਲਲਿਤਾ ਦੀ ਇਕ ਅੱਖ ਛੋਟੀ ਹੋ ਗਈ ਜਿਸ ਕਾਰਨ ਉਸ ਦੀ ਸਾਰੀ ਖ਼ੂਬਸੂਰਤੀ ਦਾਗ਼ਦਾਰ ਹੋ ਗਈ ਤੇ ਉਸ ਨੂੰ ਹੀਰੋਇਨ ਦੀ ਥਾਂ ਚਰਿੱਤਰ ਅਦਾਕਾਰਾ ਜਾਂ ਖਲਨਾਇਕਾ ਵਜੋਂ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਇਕ ਜ਼ਾਲਮ ਸੱਸ ਵਜੋਂ ਵੱਖ-ਵੱਖ ਫ਼ਿਲਮਾਂ 'ਚ ਨਿਭਾਈਆਂ ਭੂਮਿਕਾਵਾਂ ਲਈ ਅਤੇ ਮਸ਼ਹੂਰ ਟੀ.ਵੀ. ਲੜੀਵਾਰ 'ਰਾਮਾਇਣ' (ਨਿਰਦੇਸ਼ਕ ਰਾਮਾਨੰਦ ਸਾਗਰ) ਵਿਚ ਨਿਭਾਈ ਗਈ 'ਮੰਥਰਾ' ਦੀ ਭੂਮਿਕਾ ਲਈ ਲਲਿਤਾ ਪਵਾਰ ਨੂੰ ਸਦਾ ਹੀ ਯਾਦ ਰੱਖਿਆ ਜਾਵੇਗਾ।

-410, ਚੰਦਰ ਨਗਰ, ਬਟਾਲਾ, (ਗੁਰਦਾਸਪੁਰ)

ਮੁਰਲੀ-ਅਸ਼ਵਨੀ ਫਿਰ ਇਕੱਠੇ

ਅਸਲ ਜ਼ਿੰਦਗੀ ਵਿਚ ਪਤੀ-ਪਤਨੀ ਮੁਰਲੀ ਸ਼ਰਮਾ ਤੇ ਅਸ਼ਵਨੀ ਕਾਲਸੇਕਰ 'ਗੋਲਮਾਲ' ਲੜੀ ਦੀ ਫ਼ਿਲਮ ਵਿਚ ਦਿਸੇ ਸਨ। ਪਰ ਉਥੇ ਦੋਵੇਂ ਇਕੱਠੇ ਨਹੀਂ ਸਨ। ਹੁਣ ਨਿਰਦੇਸ਼ਕ ਜਗਨਨਾਥ ਪੁਰੀ ਨੇ ਤੇਲਗੂ ਫ਼ਿਲਮ 'ਮਹਿਬੂਬਾ' ਲਈ ਦੋਵਾਂ ਨੂੰ ਕਰਾਰਬੱਧ ਕੀਤਾ ਹੈ। ਇਥੇ ਉਨ੍ਹਾਂ ਨੂੰ ਪਤੀ-ਪਤਨੀ ਦੀ ਭੂਮਿਕਾ ਵਿਚ ਚਮਕਾਇਆ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਇਹ ਦੋਵੇਂ ਕਿਸੇ ਫ਼ਿਲਮ ਵਿਚ ਪਤੀ-ਪਤਨੀ ਦੀ ਭੂਮਿਕਾ ਨਿਭਾਅ ਰਹੇ ਹਨ। ਵਰਣਨਯੋਗ ਗੱਲ ਇਹ ਹੈ ਕਿ ਇਥੇ ਉਹ ਪਾਕਿਸਤਾਨੀ ਕੁੜੀ ਦੇ ਮਾਤਾ-ਪਿਤਾ ਬਣੇ ਹਨ, ਕਿਉਂਕਿ ਦੋਵਾਂ ਨੂੰ ਇਸ ਭੂਮਿਕਾ ਵਿਚ ਕੁਝ ਵੱਖਰੀ ਜਿਹੀ ਗੱਲ ਨਜ਼ਰ ਆਈ, ਸੋ ਫ਼ਿਲਮ ਲਈ ਹਾਮੀ ਭਰ ਦਿੱਤੀ।

ਹੁਣ 'ਕਭੀ ਖੁਸ਼ੀ...' ਵਾਲਾ ਲੜੀਵਾਰ

ਹਿੱਟ ਫ਼ਿਲਮ 'ਕਭੀ ਖੁਸ਼ੀ ਕਭੀ ਗ਼ਮ' ਦੀ ਕਹਾਣੀ ਨੂੰ ਲੜੀਵਾਰ ਵਿਚ ਬਦਲ ਕੇ ਪੇਸ਼ ਕੀਤਾ ਜਾ ਰਿਹਾ ਹੈ। ਲੜੀਵਾਰ ਨੂੰ 'ਦਿਲ ਹੀ ਤੋ ਹੈ' ਨਾਂਅ ਦਿੱਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਏਕਤਾ ਕਪੂਰ ਵਲੋਂ ਕੀਤਾ ਜਾ ਰਿਹਾ ਹੈ। 'ਕਭੀ ਖੁਸ਼ੀ...' ਵਿਚ ਜਿਥੇ ਅਮਿਤਾਭ ਬੱਚਨ, ਜਯਾ ਬੱਚਨ, ਸ਼ਾਹਰੁਖ ਖਾਨ, ਕਾਜੋਲ, ਰਿਤਿਕ ਰੌਸ਼ਨ ਅਤੇ ਕਰੀਨਾ ਕਪੂਰ ਵਰਗੇ ਵੱਡੇ ਸਿਤਾਰਿਆਂ ਦੀ ਫ਼ੌਜ ਸੀ, ਉਥੇ ਇਸ ਲੜੀਵਾਰ ਵਿਚ ਬਿਜੋਏ ਆਨੰਦ, ਯੋਗਿਤਾ ਬਿਹਾਨੀ, ਵਰੁਣ ਸੂਦ, ਰਜਤ ਟੋਕਸ ਆਦਿ ਕਲਾਕਾਰ ਚਮਕਣਗੇ।

ਮੇਰੇ ਅੰਦਰ ਵੀ ਨਿਮਕੀ ਹੈ ਭੂਮਿਕਾ ਗੁਰੰਗ

ਸਟਾਰ ਭਾਰਤ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਨਿਮਕੀ ਮੁਖੀਆ' ਨੇ ਆਪਣੇ ਪ੍ਰਸਾਰਨ ਦੇ ਦੋ ਸੌ ਐਪੀਸੋਡ ਪੂਰੇ ਕਰ ਲਏ ਹਨ ਅਤੇ ਹੁਣ ਇਹ ਲੜੀਵਾਰ ਤਿੰਨ ਸੌ ਦੇ ਅੰਕੜੇ ਵੱਲ ਵਧਿਆ ਹੈ। ਨਵੀਂ ਕਲਾਕਾਰ ਭੂਮਿਕਾ ਗੁਰੰਗ ਵਲੋਂ ਇਸ ਵਿਚ ਨਿਮਕੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ।
ਜ਼ਾਹਰ ਹੈ ਕਿ ਆਪਣੇ ਇਸ ਲੜੀਵਾਰ ਦੀ ਸਫ਼ਲਤਾ ਤੋਂ ਉਹ ਕਾਫੀ ਖ਼ੁਸ਼ ਹੈ। ਆਪਣੀ ਖ਼ੁਸ਼ੀ ਨੂੰ ਜ਼ਾਹਰ ਕਰਦੇ ਹੋਏ ਉਹ ਕਹਿੰਦੀ ਹੈ, 'ਜਦੋਂ ਇਹ ਲੜੀਵਾਰ ਸ਼ੁਰੂ ਹੋਇਆ ਸੀ, ਉਦੋਂ ਸੋਚਿਆ ਨਹੀਂ ਸੀ ਕਿ ਇਹ ਪ੍ਰਸਾਰਨ ਵੀ ਦੋਹਰਾ ਸੈਂਕੜਾ ਮਾਰਨ ਵਿਚ ਕਾਮਯਾਬ ਰਹੇਗਾ। ਲੜੀਵਾਰ ਦੀ ਸਫ਼ਲਤਾ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਕਈ ਚੀਜ਼ਾਂ ਇਥੇ ਨਹੀਂ ਸਨ। ਜਿਵੇਂ ਨਾ ਤਾਂ ਇਸ ਵਿਚ ਆਲੀਸ਼ਾਨ ਸੈੱਟ ਹੈ ਤੇ ਨਾ ਹੀ ਮਹਿੰਗੇ ਕੱਪੜੇ ਤੇ ਗਹਿਣਿਆਂ ਨਾਲ ਸਜੀਆਂ ਔਰਤਾਂ ਇਸ ਵਿਚ ਹਨ। ਇਹ ਕਹਾਣੀ ਪਿੰਡ 'ਤੇ ਆਧਾਰਿਤ ਹੈ। ਇਸ ਦਾ ਨਾਂਅ ਵੀ ਜ਼ਰਾ ਵੱਖਰਾ ਜਿਹਾ ਹੈ। ਹੁਣ ਇਸ ਲੜੀਵਾਰ ਦੀ ਸਫ਼ਲਤਾ ਨੂੰ ਦੇਖ ਕੇ ਲਗਦਾ ਹੈ ਕਿ ਸਾਡੀ ਮਿਹਨਤ ਸਫ਼ਲ ਰਹੀ।
* ਨਿਮਕੀ ਦੀ ਭੂਮਿਕਾ ਨਿਭਾਉਣ ਲਈ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਸੀ?
-ਇਸ ਲੜੀਵਾਰ ਵਿਚ ਬਿਹਾਰ ਦੇ ਇਕ ਪਿੰਡ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਨਿਮਕੀ ਬਿਹਾਰਨ ਹੈ, ਜਦੋਂ ਕਿ ਮੈਂ ਹਿਮਾਚਲ ਦੀ ਹਾਂ। ਇਹ ਭੂਮਿਕਾ ਨਿਭਾਉਣ ਤੋਂ ਪਹਿਲਾਂ ਮੈਨੂੰ ਬਿਹਾਰੀ ਲੜਕੀ ਵਾਲੀ ਹਿੰਦੀ ਬੋਲਣ ਦੀ ਰੀਹਰਸਲ ਕਰਨੀ ਪਈ। ਇਸ ਲੜੀਵਾਰ ਵਿਚ ਮੇਰਾ ਕੰਮ ਤੇ ਰੰਗ-ਢੰਗ ਦੇਖ ਕੇ ਲੋਕ ਇਹ ਸਮਝਦੇ ਹਨ ਕਿ ਮੈਂ ਵਾਕਈ ਬਿਹਾਰ ਤੋਂ ਹਾਂ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਬਿਹਾਰ ਵਿਚ ਕਿੱਥੋਂ ਦੀ ਹਾਂ। ਪਟਨਾ, ਛਪਰਾ ਜਾਂ ਦਰਭੰਗਾ। ਇਹ ਸਵਾਲ ਸੁਣ ਕੇ ਫ਼ਖਰ ਹੁੰਦਾ ਹੈ ਕਿ ਮੈਂ ਨਿਮਕੀ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਨਿਭਾਉਣ ਵਿਚ ਸਫ਼ਲ ਰਹੀ ਹਾਂ।
* ਉਂਝ, ਕੀ ਤੁਹਾਨੂੰ ਪਿੰਡ ਦੀ ਜ਼ਿੰਦਗੀ ਦਾ ਅਨੁਭਵ ਹੈ?
-ਜੀ ਹਾਂ, ਬਹੁਤ ਹੈ। ਛੁੱਟੀਆਂ ਵਿਚ ਆਪਣੇ ਪਿੰਡ ਜਾਂਦੀ ਹਾਂ। ਉਹ ਇਕ ਆਮ ਪਿੰਡ ਹੈ। ਕੁਝ ਸਮਾਂ ਪਹਿਲਾਂ ਤੱਕ ਨਾ ਤਾਂ ਸੜਕ ਸੀ ਤੇ ਨਾ ਹੀ ਪਾਣੀ ਦੀਆਂ ਟੂਟੀਆਂ ਸਨ। ਮੈਂ ਪਿੰਡ ਦੀ ਜ਼ਿੰਦਗੀ ਤੋਂ ਜਾਣੂ ਹਾਂ। ਮੰਨਿਆ ਕਿ ਮੇਰੇ ਪਿੰਡ ਵਿਚ ਜ਼ਿਆਦਾ ਸਹੂਲਤਾਂ ਨਹੀਂ ਹਨ ਪਰ ਮੈਨੂੰ ਆਪਣਾ ਪਿੰਡ ਬਹੁਤ ਪਸੰਦ ਹੈ। ਉਥੇ ਜਦੋਂ ਮੈਂ ਜਾਂਦੀ ਹਾਂ ਤਾਂ ਮਨ ਉਦਾਸ ਹੋ ਜਾਂਦਾ ਹੈ। ਸੱਚ ਕਹਾਂ ਤਾਂ ਮੇਰੇ ਅੰਦਰ ਵੀ ਨਿਮਕੀ ਹੈ, ਜਿਸ ਨੂੰ ਪਿੰਡ ਦੀ ਜ਼ਿੰਦਗੀ ਪਸੰਦ ਹੈ।
* ਇਥੇ ਤੁਸੀਂ ਮੁੱਖ ਭੂਮਿਕਾ ਨਿਭਾਅ ਰਹੇ ਹੋ, ਇਸ ਦਾ ਤਣਾਅ ਕਿੰਨਾ ਕੁ ਰਹਿੰਦਾ ਹੈ?
-ਹਾਂ, ਸ਼ੁਰੂ ਵਿਚ ਤਣਾਅ ਸੀ। ਪਰ ਬਾਅਦ ਵਿਚ ਮੈਂ ਇਸ ਤਣਾਅ ਨੂੰ ਸਾਕਾਰਾਤਮਕ ਰੂਪ ਨਾਲ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਲ ਕੰਮ ਵਿਚ ਮਜ਼ਾ ਆਉਣ ਲੱਗਿਆ ਅਤੇ ਅਭਿਨੈ ਵਿਚ ਨਿਖਾਰ ਵੀ ਆਉਣ ਲੱਗਿਆ। ਅੱਜ ਜਦੋਂ ਲੋਕ ਮੈਨੂੰ ਨਿਮਕੀ ਕਹਿ ਬੁਲਾਉਂਦੇ ਹਨ ਤਾਂ ਇਹ ਮੁੱਖ ਭੂਮਿਕਾ ਦੀ ਹੀ ਦੇਣ ਹੈ।

-ਇੰਦਮਰੋਹਨ ਪੰਨੂੰ

ਬਾਈਸਕੋਪਵਾਲਾ ਬਣਿਆ ਡੈਨੀ

ਰਵਿੰਦਰ ਨਾਥ ਟੈਗੋਰ ਨੇ ਇਕ ਕਹਾਣੀ 'ਕਾਬੁਲੀਵਾਲਾ' ਲਿਖੀ ਸੀ। ਇਸ ਵਿਚ ਇਕ ਇਸ ਤਰ੍ਹਾਂ ਦੇ ਪਠਾਣ ਦੀ ਕਹਾਣੀ ਪੇਸ਼ ਕੀਤੀ ਗਈ ਸੀ, ਜੋ ਆਪਣੇ ਦੇਸ਼ ਤੋਂ ਸੁੱਕਾ ਮੇਵਾ ਲਿਆ ਕੇ ਕੋਲਕਾਤਾ ਜਾ ਕੇ ਵੇਚਦਾ ਹੈ ਅਤੇ ਉਥੋਂ ਪੰਜ ਸਾਲ ਦੀ ਇਕ ਬੱਚੀ ਨੂੰ ਦੇਖ ਕੇ ਉਸ ਨੂੰ ਆਪਣੀ ਬੇਟੀ ਦੀ ਯਾਦ ਆਉਂਦੀ ਹੈ, ਜਿਸ ਨੂੰ ਉਹ ਆਪਣੇ ਦੇਸ਼ ਛੱਡ ਆਇਆ ਹੁੰਦਾ ਹੈ। ਹੁਣ ਇਸੇ ਕਹਾਣੀ ਨੂੰ ਫ਼ਿਲਮ 'ਬਾਈਸਕੋਪਵਾਲਾ' ਵਿਚ ਅੱਜ ਦੇ ਸਮੇਂ ਦਾ ਟੱਚ ਦੇ ਕੇ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿਚ ਡੈਨੀ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ।
ਕਹਾਣੀ ਇਹ ਹੈ ਕਿ ਇਕ ਪਠਾਣ ਬਾਈਸਕੋਪ ਲੈ ਕੇ ਕੋਲਕਾਤਾ ਦੀਆਂ ਗਲੀਆਂ ਵਿਚ ਘੁੰਮਦਾ ਰਹਿੰਦਾ ਹੈ ਅਤੇ ਉਹ ਬੱਚਿਆਂ ਨੂੰ ਬਾਈਸਕੋਪ 'ਤੇ ਫ਼ਿਲਮਾਂ ਦਿਖਾਉਂਦਾ ਹੈ। ਇਸ ਵਜ੍ਹਾ ਕਰਕੇ ਉਹ ਬੱਚਿਆਂ ਵਿਚ ਬਹੁਤ ਹਰਮਨ ਪਿਆਰਾ ਹੈ। ਇਸ ਬਾਈਸਕੋਪ ਵਾਲੇ ਦੀ ਮੁਲਾਕਾਤ ਇਕ ਨੰਨ੍ਹੀ ਬੱਚੀ ਮਿੰਨੀ ਨਾਲ ਹੁੰਦੀ ਹੈ। ਮਿੰਨੀ ਨੂੰ ਦੇਖ ਕੇ ਉਸ ਨੂੰ ਆਪਣੀ ਬੇਟੀ ਦੀ ਯਾਦ ਆਉਂਦੀ ਹੈ, ਜਿਸ ਨੂੰ ਉਹ ਆਪਣੇ ਦੇਸ਼ ਛੱਡ ਆਇਆ ਹੁੰਦਾ ਹੈ। ਆਪਣੀ ਬੇਟੀ ਲਈ ਪਿਤਾ ਦੀ ਚਿੰਤਾ ਉਦੋਂ ਹੋਰ ਵਧ ਜਾਂਦੀ ਹੈ, ਜਦੋਂ ਦੇਸ਼ ਵਿਚ ਜੰਗ ਛਿੜ ਜਾਂਦੀ ਹੈ। ਉਸ ਦੇ ਦਿਲ ਵਿਚ ਬੇਟੀ ਨੂੰ ਮਿਲਣ ਦੀ ਤਾਂਘ ਜਾਗਦੀ ਹੈ ਅਤੇ ਆਪਣੀ ਬੇਟੀ ਦੇ ਕੋਲ ਜਾਣ ਲਈ ਪਿਤਾ ਨੂੰ ਕਿਹੜੀਆਂ ਮਜਬੂਰੀਆਂ ਵਿਚੀਂ ਲੰਘਣਾ ਪੈਂਦਾ ਹੈ, ਇਸ ਵਿਚ ਦਿਖਾਇਆ ਗਿਆ ਹੈ।
ਡੈਨੀ ਦੇ ਨਾਲ ਗੀਤਾਂਜਲੀ ਥਾਪਾ, ਟਿਸਕਾ ਚੋਪੜਾ ਤੇ ਆਦਿਲ ਹੁਸੈਨ ਨੂੰ ਚਮਕਾਉਂਦੀ ਇਸ ਫ਼ਿਲਮ ਦਾ ਨਿਰਮਾਣ ਸੁਨੀਲ ਦੋਸ਼ੀ ਵਲੋਂ ਕੀਤਾ ਗਿਆ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਦੇਬ ਮੇਧੇਕਰ।

-ਪੰਨੂੰ

ਰਣਬੀਰ ਕਪੂਰ ਡਾਕੂ ਬਣੇਗਾ

ਯਸ਼ਰਾਜ ਫ਼ਿਲਮਜ਼ ਵਲੋਂ 'ਸ਼ਮਸ਼ੇਰਾ' ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਵਿਚ ਰਣਬੀਰ ਕਪੂਰ ਵਲੋਂ ਮੁੱਖ ਭੂਮਿਕਾ ਨਿਭਾਈ ਜਾਵੇਗੀ। ਪਹਿਲਾਂ ਰਣਬੀਰ ਨੇ ਯਸ਼ਰਾਜ ਬੈਨਰ ਲਈ 'ਰੋਕੇਟ ਸਿੰਘ ਸੇਲਜ਼ਮੈਨ ਆਫ਼ ਦ ਯੀਅਰ' ਵਿਚ ਕੰਮ ਕੀਤਾ ਸੀ। ਹੁਣ ਨੌਂ ਸਾਲ ਦੇ ਲੰਮੇ ਵਕਫ਼ੇ ਬਾਅਦ ਉਨ੍ਹਾਂ ਦਾ ਫਿਰ ਇਸ ਬੈਨਰ ਦੀ ਫ਼ਿਲਮ ਵਿਚ ਕੰਮ ਕਰਨ ਦਾ ਸੰਯੋਗ ਬਣਿਆ ਹੈ।
'ਸ਼ਮਸ਼ੇਰ' ਡਾਕੂ ਪ੍ਰਧਾਨ ਫ਼ਿਲਮ ਹੈ ਅਤੇ ਇਹ ਐਕਸ਼ਨ ਨਾਲ ਭਰੀ ਹੋਵੇਗੀ ਅਤੇ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ ਕਰਨ ਮਲਹੋਤਰਾ, ਜੋ ਪਹਿਲਾਂ 'ਅਗਨੀਪਥ' (ਰਿਤਿਕ ਰੌਸ਼ਨ) ਤੇ 'ਬ੍ਰਦਰਜ਼' ਨਿਰੇਦਸ਼ਿਤ ਕਰ ਚੁੱਕੇ ਹਨ।
ਰਣਬੀਰ ਵੀ ਇਸ ਐਕਸ਼ਨ ਫ਼ਿਲਮ ਨੂੰ ਲੈ ਕੇ ਬਹੁਤ ਖੁਸ਼ ਹਨ। ਉਹ ਕਹਿੰਦੇ ਹਨ, 'ਇਸ ਵਿਚ ਮੇਰੀ ਜੋ ਭੂਮਿਕਾ ਹੈ, ਉਹ ਮੇਰੇ ਪਿਤਾ ਨੇ ਕਦੀ ਨਹੀਂ ਨਿਭਾਈ। ਉਹ ਕਦੀ ਕਿਸੇ ਫ਼ਿਲਮ ਵਿਚ ਡਾਕੂ ਨਹੀਂ ਬਣੇ। ਮੈਂ ਆਪਣੇ ਕੈਰੀਅਰ ਦੇ ਉਸ ਮੋੜ 'ਤੇ ਹਾਂ, ਜਿਥੇ ਮੈਨੂੰ ਐਕਸ਼ਨ ਫ਼ਿਲਮ ਦੀ ਜ਼ਰੂਰਤ ਸੀ। ਮੈਂ ਐਕਸ਼ਨ ਫ਼ਿਲਮਾਂ ਦੇਖ ਕੇ ਵੱਡਾ ਹੋਇਆ ਹਾਂ ਅਤੇ ਸਾਡੇ ਦੇਸ਼ ਵਿਚ ਐਕਸ਼ਨ ਫ਼ਿਲਮਾਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਮੈਨੂੰ ਪੂਰੀ ਉਮੀਦ ਹੈ ਕਿ ਇਸ ਫ਼ਿਲਮ ਦੀ ਬਦੌਲਤ ਅੰਦਰੂਨੀ ਭਾਰਤ ਵਿਚ ਵੀ ਮੇਰਾ ਕੱਦ ਵਧੇਗਾ ਕਿਉਂਕਿ ਇਸ ਫ਼ਿਲਮ ਨੂੰ ਆਮ ਭਾਰਤੀ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾ ਰਿਹਾ ਹੈ।
ਇਕ ਜ਼ਮਾਨੇ ਵਿਚ ਵੱਡੇ ਪਰਦੇ 'ਤੇ ਡਾਕੂ ਬਣ ਕੇ ਅਮਿਤਾਭ ਬੱਚਨ, ਧਰਮਿੰਦਰ ਤੋਂ ਲੈ ਕੇ ਰਾਜ ਕੁਮਾਰ, ਸੁਨੀਲ ਦੱਤ ਤੇ ਵਿਨੋਦ ਖੰਨਾ ਆਦਿ ਨੇ ਬਹੁਤ ਲੋਕਪ੍ਰਿਅਤਾ ਹਾਸਲ ਕੀਤੀ ਸੀ। ਹੁਣ ਦੇਖੋ, ਰਣਬੀਰ ਕਪੂਰ ਡਾਕੂ ਬਣ ਕੇ ਕੀ ਕਮਾਲ ਦਿਖਾਉਂਦੇ ਹਨ।

-ਮੁੰਬਈ ਪ੍ਰਤੀਨਿਧ

ਇਲੀਆਨਾ

ਸਿਤਾਰੇ ਬੁਲੰਦ

ਲੋਕ ਝੂਠੀਆਂ ਗੱਲਾਂ ਇਲੀ ਦੇ ਸਬੰਧ ਵਿਚ ਕਰ ਰਹੇ ਹਨ ਕਿ ਉਹ ਤਾਂ ਮਾਂ ਬਣਨ ਵਾਲੀ ਹੈ। ਹਾਲਾਂਕਿ ਉਸ ਨੇ ਅਧਿਕਾਰਤ ਤੌਰ 'ਤੇ ਅਜੇ ਤੱਕ ਸ਼ਾਦੀ ਹੀ ਨਹੀਂ ਕੀਤੀ ਚਾਹੇ ਨਿਬੋਨ ਨਾਲ ਵਿਆਹ ਦੇ ਕਿੱਸੇ ਵੀ ਚਰਚਿਤ ਹੋਏ ਪਰ ਹੁਣ ਨਿਬੋਨ ਨੇ ਹੀ ਝੂਠ ਫੈਲਾਅ ਰਹੇ ਲੋਕਾਂ 'ਤੇ ਤਨਜ ਕੱਸਿਆ ਹੈ ਤੇ ਕਿਹਾ ਹੈ ਕਿ ਇਲੀਆਨਾ ਦੀ ਨਵੀਂ ਫ਼ਿਲਮ 'ਰੇਡ' ਬਹੁਤ ਕਾਮਯਾਬ ਰਹੀ ਹੈ। ਉਹ ਸਕੂਨ ਨਾਲ ਵਿਦੇਸ਼ ਘੁੰਮ ਰਹੀ ਹੈ ਤੇ ਗੱਲਾਂ 'ਚ ਕਿਹਾ ਹੈ ਕਿ ਇਲੀਆਨਾ ਮਾਂ ਬਣੇਗੀ, ਦੀਆਂ ਗੱਲਾਂ ਕੋਰਾ ਝੂਠ ਹਨ, ਉਹ ਤਾਂ ਕੁਆਰੀ ਹੈ। ਸਿਰਫ਼ ਉਸ ਦੀ ਦੋਸਤ ਹੈ। ਵਾਕਿਆ ਹੀ ਇਲੀ ਨੇ ਵੀ ਕਿਹਾ ਸੀ ਕਿ ਸਿਤਾਰਿਆਂ ਦੀ ਕਾਹਦੀ ਜ਼ਿੰਦਗੀ, ਜਿਸ ਦਾ ਜੀਅ ਕਰੇ ਉਹੀ ਉਨ੍ਹਾਂ ਨੂੰ ਐਵੇਂ ਹੀ ਬਦਨਾਮ ਕਰ ਦਿੰਦਾ ਹੈ। ਚਾਹੇ ਆਲੀਆ ਭੱਟ ਜਿਹੀਆਂ ਅਭਿਨੇਤਰੀਆਂ ਅਫ਼ਵਾਹਾਂ ਦੇ ਮਜ਼ੇ ਲੈਂਦੀਆਂ ਹਨ ਪਰ ਇਲੀ ਅਲੱਗ ਤਰ੍ਹਾਂ ਦੀ ਹੈ, ਉਹ ਦੁਖੀ ਹੁੰਦੀ ਹੈ। 'ਹੈਪੀ ਐਂਡਿੰਗ' ਨੂੰ ਆਪਣੀ ਬਿਹਤਰ ਫ਼ਿਲਮ ਕਹਿਣ ਵਾਲੀ 'ਰੇਡ' ਨਾਲ ਚਰਚਿਤ ਹੋਈ ਇਲੀਆਨਾ ਡਿਕਰੂਜ਼ ਅਨੁਸਾਰ ਸੋਹਣੀ ਬਣੀ ਰਹਾਂ, ਇਸ ਦਬਾਅ ਨੂੰ ਝੱਲਦੀ ਹੈ। ਕਦੇ ਪਤਲੀ-ਕਦੇ ਮੋਟੀ ਇਸ ਚੱਕਰ 'ਚ ਹੀ ਉਸ ਅਨੁਸਾਰ ਹੀਰੋਇਨ ਦੀ ਨੀਂਦ ਗੁਆਚੀ ਰਹਿੰਦੀ ਹੈ। ਅਕਸ਼ੈ ਕੁਮਾਰ, ਅਜੈ ਦੇਵਗਨ ਦੀ ਪ੍ਰਸੰਸਕ ਇਲੀ 'ਬਾਦਸ਼ਾਹੋ' ਜਿਹੀ ਕਾਮਯਾਬ ਫ਼ਿਲਮ ਦਾ ਵੀ ਹਿੱਸਾ ਰਹੀ ਹੈ। ਦੱਖਣ ਦੇ ਸਿਨੇਮਾ ਦੀ ਦੀਵਾਨਗੀ ਇਲੀ ਨੂੰ ਬਹੁਤ ਹੈ। ਅਨੀਸ ਬਜ਼ਮੀ ਦੀ ਅਗਲੀ ਕਾਮੇਡੀ ਫ਼ਿਲਮ ਲਈ ਇਲੀ ਦਾ ਨਾਂਅ ਸਭ ਤੋਂ ਅੱਗੇ ਚਲ ਰਿਹਾ ਹੈ। ਹਰ ਸਾਲ ਇਕ ਹਿੱਟ ਫ਼ਿਲਮ ਉਹ ਦੇ ਰਹੀ ਹੈ। ਟੂਰਿਜ਼ਮ ਫਿਜ਼ੀ ਨੇ 'ਰੇਡ' ਤੋਂ ਬਾਅਦ ਉਸ ਨੂੰ ਆਪਣੀ ਬਰਾਂਡ ਅੰਬੈਸਡਰ ਬਣਾਇਆ ਹੈ। 'ਬਰਫ਼ੀ', 'ਰੁਸਤਮ' ਦਾ ਆਕਰਸ਼ਣ ਫਿਜ਼ੀ 'ਚ ਬਹੁਤ ਰਿਹਾ ਹੈ। ਹੁਣ ਅਗਲੇ ਮਹੀਨੇ ਇਲੀ ਫਿਜ਼ੀ ਜਾ ਰਹੀ ਹੈ। ਸਤਿਕਾਰ, ਪਿਆਰ, ਸ਼ਰਧਾ ਤੇ ਅਪਣੱਤ ਜੋ ਫਿਜ਼ੀ ਲੋਕਾਂ ਨੇ ਇਲੀ ਪ੍ਰਤੀ ਦਰਸਾਈ ਹੈ, ਉਸ ਦੀ ਉਹ ਦੇਣਦਾਰ ਹੈ। ਇਲੀ ਵੀ ਫਿਜ਼ੀ ਦੇਸ਼ ਨੂੰ ਸਵਰਗ ਲੋਕ ਕਹਿੰਦੀ ਹੈ। ਭਾਰਤ ਤੋਂ ਫਿਜ਼ੀ ਜਾਣ ਵਾਲਿਆਂ ਦੀ ਗਿਣਤੀ ਵਧੀ ਹੈ। ਇਸ ਦਾ ਲਾਹਾ ਇਲੀ ਨੂੰ ਮਿਲਿਆ ਹੈ। ਇਲੀਆਨਾ ਡਿਕਰੂਜ਼ ਦੀ ਬਾਲੀਵੁੱਡ 'ਚ ਪੈਂਦੀ ਹਰ 'ਰੇਡ' ਕਾਮਯਾਬ ਰਹੀ ਹੈ।

ਵਰੁਣ ਧਵਨ : ਧੋ ਦਿੱਤੇ 'ਕਲੰਕ'

ਵਰੁਣ ਨੇ ਆਪਣੀ ਨਵੀਂ ਫ਼ਿਲਮ 'ਕਲੰਕ' ਦੇ ਸੈੱਟ 'ਤੇ ਆਪਣਾ ਜਨਮ ਦਿਨ ਆਲੀਆ ਭੱਟ ਨਾਲ ਮਨਾਇਆ। 1940 ਦੇ ਸਮੇਂ ਦੀ ਕਹਾਣੀ ਹੈ ਵਰੁਣ ਦੀ ਨਵੀਂ ਫ਼ਿਲਮ 'ਕਲੰਕ' ਦੀ ਤੇ ਹਾਂ ਮਿਹਨਤਾਨੇ ਦੇ ਮਾਮਲੇ ਦੇ ਸਵਾਲ 'ਤੇ ਵਰੁਣ ਨੇ ਕੈਟਰੀਨਾ ਕੈਫ਼ ਨੂੰ ਪਿਛਾਂਹ ਛੱਡ ਦਿੱਤਾ ਹੈ। 32 ਕਰੋੜ ਵਰੁਣ ਲੈ ਰਿਹਾ ਹੈ ਤੇ ਕੈਟੀ ਸਿਰਫ਼ 7 ਕਰੋੜ ਹੀ ਲੈ ਰਹੀ ਹੈ। 7 ਮਈ ਤੋਂ 'ਕਲੰਕ' ਦੀ ਸ਼ੂਟਿੰਗ ਨਹੀਂ ਹੋ ਰਹੀ। 'ਕਲੰਕ' ਵਿਚ ਵਰੁਣ ਦੇ ਨਾਲ ਸੰਜੇ ਦੱਤ ਤੇ ਮਾਧੁਰੀ ਦੀਕਸ਼ਤ ਵੀ ਹਨ। ਆਲੀਆ ਭੱਟ ਤਾਂ ਹੈ ਹੀ। ਇਸ ਫ਼ਿਲਮ ਲਈ ਵਰੁਣ ਨੇ ਆਪਣੇ ਸਰੀਰ 'ਤੇ ਕਾਫ਼ੀ ਮਿਹਨਤ ਕੀਤੀ ਹੈ। ਕੁਨਾਲ ਖੇਮੂ ਨਾਲ ਵਰੁਣ ਦੀ ਯਾਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੈਸੇ ਵਰੁਣ ਅੱਜਕਲ੍ਹ ਨਵੀਆਂ-ਨਵੀਆਂ ਗੱਲਾਂ ਆਪ ਹੀ ਆਪਣਿਆਂ ਨੂੰ ਦੱਸ ਰਿਹਾ ਹੈ। ਆਪਣੀ ਦੋਸਤ ਨਤਾਸ਼ਾ ਦੀਆਂ ਗੱਲਾਂ ਉਹ ਹੱਸ-ਹੱਸ ਸਭ ਨੂੰ ਦੱਸਦਾ ਹੈ। ਨਤਾਸ਼ਾ ਇਕ ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹੈ। ਵਰੁਣ ਦੀ ਫ਼ਿਲਮ 'ਸੂਈ ਧਾਗਾ' ਵੀ ਤੇਜ਼ੀ ਨਾਲ ਬਣ ਰਹੀ ਹੈ। ਵਰੁਣ ਇਸ ਫ਼ਿਲਮ 'ਚ ਇਕ ਦਰਜੀ ਬਣਿਆ ਹੈ। ਅਮਾਂਡਾ ਸਰਨੀ ਹਾਲੀਵੁੱਡ ਦੀ ਇਹ ਅਭਿਨੇਤਰੀ 'ਸੂਈ ਧਾਗਾ' ਦੀਆਂ ਝਲਕਾਂ ਦੇਖ ਵਰੁਣ ਤੋਂ ਪ੍ਰਭਾਵਿਤ ਹੋਈ ਹੈ। ਅਮਾਂਡਾ ਨੇ ਟਵਿੱਟਰ 'ਤੇ ਵਰੁਣ ਨਾਲ ਫ਼ਿਲਮ ਕਰਨ ਦੀ ਖਾਹਿਸ਼ ਦਾ ਪ੍ਰਗਟਾਵਾ ਕੀਤਾ ਹੈ। ਵਰੁਣ ਨੂੰ ਅਮਾਂਡਾ ਨੇ ਪੁੱਛਿਆ ਹੈ ਕਿ ਕਿਸ ਸੁਲੱਖਣੀ ਘੜੀ ਨੂੰ ਉਹ ਉਸ ਨਾਲ ਫ਼ਿਲਮ ਕਰੇਗਾ। ਵਰੁਣ ਅਨੁਸਾਰ ਜਲਦੀ ਹੀ ਇਹ ਮੌਕਾ ਆਏਗਾ। ਸੱਚੀ ਗੱਲ ਹੈ ਕਿ ਵਰੁਣ ਧਵਨ ਨੇ ਫੇਲ੍ਹ-ਪਾਸ ਵਾਲਾ 'ਕਲੰਕ' ਧੋ ਦਿੱਤਾ ਹੈ। ਮਈ ਹੋਵੇ ਤਾਂ ਵੀ ਉਸ ਦੀ 'ਅਕਤੂਬਰ' ਪਾਸ ਹੈ। ਕਾਮਯਾਬੀ ਦਾ 'ਸੂਈ ਧਾਗਾ' ਉਸ ਕੋਲ ਹੈ, ਫਿਰ ਕਾਹਦਾ ਤੇ ਕਿਹੜੇ 'ਕਲੰਕ' ਦਾ ਡਰ।

ਰਾਣੀ ਮੁਖਰਜੀ

ਅਭੀ ਤੋ ਮੈਂ ਜਵਾਨ ਹੂੰ

'ਪ੍ਰਾਈਡ ਆਫ਼ ਬੰਗਾਲ' ਬਣੀ ਰਾਣੀ 3 ਸਾਲ ਬਾਅਦ ਫਿਰ ਪਰਦੇ 'ਤੇ ਆਈ ਹੈ। ਧੀ ਆਦਿਰਾ ਦੇ ਜਨਮ ਤੋਂ ਬਾਅਦ ਥੋੜ੍ਹੀ ਮੋਟੀ ਹੋਈ ਰਾਣੀ ਨੇ ਹੁਣ ਆਪਣਾ ਵਜ਼ਨ ਘਟਾ ਲਿਆ ਹੈ। ਗੌਰੀ ਖ਼ਾਨ ਨਾਲ ਦੋਸਤੀ ਨੇ ਰਾਣੀ ਨੂੰ ਉਤਸ਼ਾਹਿਤ ਕੀਤਾ ਹੈ। ਮੂੰਹ ਫੱਟ ਔਰਤ ਰਾਣੀ ਦਿਮਾਗ 'ਚ ਕੁਝ ਨਹੀਂ ਰੱਖਦੀ, ਮੂੰਹ 'ਤੇ ਕਹਿ ਦਿੰਦੀ ਹੈ। ਰਾਣੀ ਤਾਂ ਆਪਣੇ ਪਤੀ ਅਦਿਤਯ ਚੋਪੜਾ ਨੂੰ ਵੀ ਨਹੀਂ ਬਖ਼ਸ਼ਦੀ ਤੇ ਕਈ ਵਾਰ ਖੂਬ ਤੱਤਾ ਬੋਲਦੀ ਹੈ। ਰਾਸ਼ਟਰਪਤੀ ਤੱਕ ਰਾਣੀ ਦੀ ਅਭਿਨੈ ਕਲਾ ਨੂੰ ਸਲਾਹੁੰਦੇ ਹਨ। ਸੋਨਮ ਕਪੂਰ ਦੀ 'ਮਹਿੰਦੀ ਰਸਮ' 'ਚ ਰਾਣੀ ਜਾ ਆਈ ਹੈ। ਕਦੇ 'ਮਰਦਾਨੀ' ਕਦੇ 'ਹਿਚਕੀ' ਔਰਤ ਪ੍ਰਧਾਨ ਫ਼ਿਲਮਾਂ ਕਰਕੇ ਰਾਣੀ ਨੇ ਵੱਡੇ-ਵੱਡੇ ਹੀਰੋਜ਼ ਨੂੰ ਟੱਕਰ ਦਿੱਤੀ ਹੈ। ਬੇਟੀ ਆਦਿਰਾ ਉਸ ਲਈ ਸਭ ਤੋਂ ਅਹਿਮ ਹੈ। ਸਲਮਾਨ ਖ਼ਾਨ ਦੇ ਇਕ ਵਾਰ ਘਰ ਜਾ ਕੇ ਉਸ ਤੋਂ ਮੰਗ ਕੀਤੀ ਸੀ ਕਿ ਉਹ ਉਸ ਦੀ ਫ਼ਿਲਮ ਜ਼ਰੂਰ ਕਰੇ। ਬੀਤਿਆ ਵਕਤ ਉਸ ਨੂੰ ਨਹੀਂ ਭੁੱਲਿਆ। ਤਿੰਨ ਖ਼ਾਨ, ਉਨ੍ਹਾਂ ਨਾਲ ਫ਼ਿਲਮਾਂ, ਯਸ਼ਰਾਜ ਪਰਿਵਾਰ ਦੀ ਨੂੰਹ ਰਾਣੀ ਸ੍ਰੀਮਤੀ ਰਾਣੀ ਮੁਖਰਜੀ ਚੋਪੜਾ ਨੇ ਆਪਣੇ ਪਿਤਾ ਰਾਮ ਚੋਪੜਾ ਤੇ ਮਾਂ ਕ੍ਰਿਸ਼ਨ ਚੋਪੜਾ ਤੋਂ ਲਏ ਚੰਗੇ ਸੰਸਕਾਰਾਂ ਕਾਰਨ ਹਰ ਖੇਤਰ 'ਚ ਸਫਲ ਹੈ। ਆਪਣੇ ਦਿਓਰ ਉਦੈ ਚੋਪੜਾ ਦੇ ਭਵਿੱਖ ਲਈ ਉਹ ਜ਼ਰੂਰ ਫਿਕਰਮੰਦ ਹੈ। ਗੱਲ ਮੌਜੂਦਾ ਸਮੇਂ ਦੀ ਰਾਣੀ ਮੁਖਰਜੀ ਫਿਰ 'ਹਿਚਕੀ' ਜਿਹੀ ਕਿਸੇ ਨਵੀਂ ਕਹਾਣੀ ਦੀ ਭਾਲ 'ਚ ਹੈ। ਰਾਣੀ ਨਾ ਤਾਂ ਕਰਨ ਜੌਹਰ ਦੀ ਮੰਨਦੀ ਹੈ, ਨਾ ਹੀ ਅਦਿਤਯ ਦੀ, ਫ਼ਿਲਮਾਂ ਦੇ ਮਾਮਲੇ ਵਿਚ ਉਹ ਆਪਣੇ ਮਨ ਦੀ ਮਰਜ਼ੀ ਕਰਦੀ ਹੈ।


-ਸੁਖਜੀਤ ਕੌਰ

ਕੈਟਰੀਨਾ ਕੈਫ਼

ਜਲਵਾ ਬਰਕਰਾਰ

ਭਾਰਤ 'ਚ ਤਾਂ ਕੈਟੀ ਦੀ ਪੂਰੀ ਧੁੰਮ ਹੈ ਪਰ ਭਾਰਤ ਤੋਂ ਬਾਹਰ ਵੀ ਉਸ ਦਾ ਜਲਵਾ ਹੈ। ਇਕ ਸਰਵੇ ਅਨੁਸਾਰ ਵਿਦੇਸ਼ਾਂ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਕੈਟਰੀਨਾ ਕੈਫ਼ ਹੈ। ਚਾਹੇ ਵਰੁਣ ਧਵਨ ਤੋਂ ਘੱਟ ਪੈਸੇ ਉਹ ਪ੍ਰਤੀ ਫ਼ਿਲਮ ਲੈ ਰਹੀ ਹੈ ਪਰ ਵੱਡੇ-ਵੱਡੇ ਸਟਾਰਜ਼ ਨਾਲ ਵੀ ਉਹ ਵੱਡੀਆਂ ਫ਼ਿਲਮਾਂ ਕਰ ਰਹੀ ਹੈ। ਕੈਟੀ ਦੀ ਪ੍ਰੇਰਨਾ ਹੀ ਈਸਾ ਬੇਲ ਦੇ ਕੰਮ ਆ ਰਹੀ ਹੈ। ਲੰਦਨ ਤੋਂ ਨਿਊਯਾਰਕ ਤੱਕ ਉਸ ਦਾ ਜਲਵਾ ਹੈ। ਤੁਸਾਦ ਅਜਾਇਬ ਘਰ ਲੰਦਨ ਹੋਏ ਜਾਂ ਮੈਡਮ ਤੁਸਾਦ ਮਿਊਜ਼ੀਅਮ ਨਿਊਯਾਰਕ, ਉਸ ਦੇ ਬੁੱਤ ਉਥੇ ਕਾਇਮ ਹਨ। 'ਏ.ਬੀ.ਸੀ.ਡੀ.-3' ਉਹ ਵਰੁਣ ਧਵਨ ਨਾਲ ਕਰ ਰਹੀ ਹੈ। 'ਠੱਗਜ਼ ਆਫ਼ ਹਿੰਦੁਸਤਾਨ', 'ਅਵੇਂਜਰਜ਼' ਕਰ ਰਹੀ ਕੈਟੀ ਕੋਲ ਮਹੱਤਵਪੂਰਨ ਫ਼ਿਲਮ 'ਜ਼ੀਰੋ' ਵੀ ਹੈ। ਵੈਸੇ ਪੜ੍ਹਾਈ ਦੀ ਗੱਲ ਕਰੀਏ ਤਾਂ ਹੈਰਾਨ ਹੋ ਜਾਓਗੇ ਕਿ ਕੈਟੀ ਨੇ ਪਲੱਸ ਟੂ ਵੀ ਨਹੀਂ ਕੀਤੀ। 'ਬਿੱਗ ਬੌਸ-2' ਸ਼ਾਇਦ ਉਹ ਸਲਮਾਨ ਨਾਲ ਕਰੇ। ਆਮਿਰ ਤੇ ਸ਼ਾਹਰੁਖ ਖ਼ਾਨ, ਵਰੁਣ ਤੇ ਸਿਧਾਰਥ ਸਭ ਨਾਲ ਉਸ ਕੋਲ ਫ਼ਿਲਮਾਂ ਹਨ। 'ਬਾਰ ਬਾਰ ਦੇਖੋ' ਤਾਂ 'ਜੱਗਾ ਜਾਸੂਸ' ਜਿਹੀਆਂ ਅਸਫ਼ਲ ਫ਼ਿਲਮਾਂ ਦੇ ਬਾਵਜੂਦ ਕੈਟਰੀਨਾ ਕੈਫ਼ ਦਾ ਕੈਰੀਅਰ 'ਜ਼ੀਰੋ' ਨਹੀਂ ਹੋਇਆ। ਉਸ ਕੋਲ 'ਅਵੇਂਜਰਜ਼', 'ਠੱਗਜ਼ ਆਫ਼ ਹਿੰਦੁਸਤਾਨ' ਜਿਹੀਆਂ ਵੱਡੀਆਂ ਫ਼ਿਲਮਾਂ ਹਨ। ਫਿਲਹਾਲ ਉਸ ਨੂੰ ਕੋਈ ਖ਼ਤਰਾ ਨਹੀਂ ਹੈ।

ਟੀ.ਵੀ. 'ਤੇ ਆਪਣੀ ਵਾਪਸੀ ਨੂੰ ਲੈ ਕੇ ਘਬਰਾਇਆ ਸੀ

ਰਾਜੀਵ ਖੰਡੇਲਵਾਲ

ਛੋਟੇ ਪਰਦੇ ਤੋਂ ਆਪਣੇ ਅਭਿਨੈ ਦੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਰਾਜੀਵ ਖੰਡੇਲਵਾਲ ਨੇ 'ਕਿਆ ਹਾਦਸਾ ਕਿਆ ਹਕੀਕਤ', 'ਕਹੀਂ ਤੋ ਹੋਗਾ', 'ਲੈਫਟ ਰਾਈਟ ਲੈਫਟ' ਆਦਿ ਲੜੀਵਾਰਾਂ ਦੀ ਬਦੌਲਤ ਕਾਫ਼ੀ ਨਾਂਅ ਕਮਾਇਆ ਅਤੇ ਫਿਰ ਆਪਣਾ ਰੁਖ ਵੱਡੇ ਪਰਦੇ ਵੱਲ ਕਰਦੇ ਹੋਏ 'ਆਮਿਰ', 'ਸ਼ੈਤਾਨ', 'ਟੇਬਲ ਨੰ. 21', 'ਸਾਊਂਡਟ੍ਰੈਕ', 'ਸਮਰਾਟ ਐਂਡ ਕੰਪਨੀ', 'ਵਿਲ ਯੂ ਮੈਰੀ ਮੀ', 'ਫੀਵਰ' ਸਮੇਤ ਕਈ ਫ਼ਿਲਮਾਂ ਕੀਤੀਆਂ। ਹੁਣ ਤਕਰੀਬਨ ਤਿੰਨ ਸਾਲ ਦੇ ਵਕਫ਼ੇ ਬਾਅਦ ਰਾਜੀਵ ਨੇ ਟੀ.ਵੀ. 'ਤੇ ਆਪਣਾ ਦੁਬਾਰਾ ਆਗਮਨ ਕਰ ਲਿਆ ਹੈ।
ਸ਼ੁਰੂ ਹੋਏ ਨਵੇਂ ਚੈਟ ਸ਼ੋਅ 'ਜਜ਼ਬਾਤ... ਸੰਗੀਨ ਸੇ ਨਮਕੀਨ ਤਕ' ਦੇ ਉਹ ਸੰਚਾਲਕ ਹਨ ਅਤੇ ਇਥੇ ਉਹ ਕਲਾਕਾਰਾਂ ਦੇ ਨਾਲ ਗੱਲਬਾਤ ਰਾਹੀਂ ਉਨ੍ਹਾਂ ਦੀ ਜ਼ਿੰਦਗੀ ਵਿਚ ਝਾਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਵੇਂ ਸ਼ੋਅ ਦੀ ਰੂਪਰੇਖਾ ਬਾਰੇ ਦੱਸਦੇ ਹੋਏ ਉਹ ਕਹਿੰਦੇ ਹਨ, 'ਇਹ ਇਕ ਇਮਾਨਦਾਰ ਸ਼ੋਅ ਹੈ। ਇਥੇ ਕਲਾਕਾਰਾਂ ਨੂੰ ਸੱਦਾ ਦੇ ਕੇ ਉਨ੍ਹਾਂ ਤੋਂ ਸਵਾਲ-ਜਵਾਬ ਕੀਤੇ ਜਾਂਦੇ ਹਨ ਅਤੇ ਇਸ ਰਾਹੀਂ ਕਲਾਕਾਰ ਦੇ ਅੰਦਰ ਵਸੇ ਆਮ ਇਨਸਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਥੇ ਜੋ ਸਵਾਲ ਪੁੱਛੇ ਜਾਂਦੇ ਹਨ, ਉਹ ਸਾਧਾਰਣ ਤਰੀਕੇ ਨਾਲ ਪੁੱਛੇ ਜਾਂਦੇ ਹਨ। ਇਸ ਵਜ੍ਹਾ ਨਾਲ ਇਥੇ ਮੈਂ ਹੋਸਟ ਘੱਟ ਦੋਸਤ ਜ਼ਿਆਦਾ ਹਾਂ। ਇਸ ਸ਼ੋਅ ਰਾਹੀਂ ਕਲਾਕਾਰ ਦੀ ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਂਦਾ ਹੈ। ਸ਼ੋਅ ਵਿਚ ਜੋ ਵੀ ਕਲਾਕਾਰ ਆਉਂਦਾ ਹੈ, ਉਸ ਬਾਰੇ ਸਾਡੀ ਖੋਜ ਟੀਮ ਖੋਜਬੀਨ ਕਰਕੇ ਨਵੀਆਂ ਜਾਣਕਾਰੀਆਂ ਹਾਸਲ ਕਰਦੀ ਹੈ ਅਤੇ ਉਨ੍ਹਾਂ ਜਾਣਕਾਰੀਆਂ ਦੇ ਆਧਾਰ 'ਤੇ ਮੇਰੇ ਵਲੋਂ ਸਵਾਲ ਪੁੱਛੇ ਜਾਂਦੇ ਹਨ। ਇਕ ਕਲਾਕਾਰ ਦੇ ਨਾਤੇ ਮੈਂ ਖ਼ੁਦ ਕਈ ਵਾਰ ਸਵਾਲ-ਜਵਾਬ ਦੇ ਦੌਰ ਵਿਚੀਂ ਲੰਘਿਆ ਹਾਂ ਅਤੇ ਉਹ ਅਨੁਭਵ ਮੈਨੂੰ ਇਥੇ ਕੰਮ ਆ ਰਿਹਾ ਹੈ।'
ਕਿਉਂਕਿ ਇਸ ਟਾਕ ਸ਼ੋਅ ਦੀ ਤੁਲਨਾ ਸ਼ੋਅ 'ਜੀਨਾ ਇਸੀ ਕਾ ਨਾਮ ਹੈ' ਦੇ ਨਾਲ-ਨਾਲ 'ਕਾਫੀ ਵਿਦ ਕਰਨ' ਅਤੇ ਸਿਮੀ ਗਰੇਵਾਲ ਦੇ ਸ਼ੋਅ ਨਾਲ ਹੋਣੀ ਸੁਭਾਵਿਕ ਹੀ ਹੈ ਤਾਂ ਇਸ ਬਾਰੇ ਰਾਜੀਵ ਕਹਿੰਦੇ ਹਨ, 'ਹਾਂ, ਇਹ ਤਾਂ ਮੈਨੂੰ ਵੀ ਪਤਾ ਸੀ ਕਿ ਤੁਲਨਾ ਹੋਵੇਗੀ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਲਨਾ ਦੇ ਡਰੋਂ ਅਸੀਂ ਸ਼ੋਅ ਦਾ ਨਿਰਮਾਣ ਹੀ ਨਾ ਕਰੀਏ। ਤੁਲਨਾ ਦਾ ਖੌਫ਼ ਲੈ ਕੇ ਕੁਝ ਨਵਾਂ ਨਾ ਕਰੀਏ, ਇਹ ਤਾਂ ਗ਼ਲਤ ਹੈ ਨਾ। ਸਾਡੀ ਕੋਸ਼ਿਸ਼ ਇਹੀ ਹੈ ਕਿ ਇਸ ਸ਼ੋਅ ਦੀ ਵੱਖਰੀ ਪਛਾਣ ਹੋਵੇ। ਇਥੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪੇਸ਼ ਕੀਤੀਆਂ ਜਾਣ, ਜਿਸ ਨੂੰ ਦੇਖ ਦਰਸ਼ਕ ਕਹਿਣ ਕਿ, 'ਚੰਗਾ, ਤਾਂ ਇਸ ਕਲਾਕਾਰ ਦੇ ਨਾਲ ਇਸ ਤਰ੍ਹਾਂ ਹੋਇਆ ਸੀ। ਇਹ ਤਾਂ ਸਾਨੂੰ ਪਤਾ ਹੀ ਨਹੀਂ ਸੀ।'


-ਇੰਦਰਮੋਹਨ ਪੰਨੂੰ

ਦੀਪਿਕਾ ਪਾਦੂਕੋਨ

ਚੁੰਨੀ ਚੜ੍ਹਾਵੇ ਲਈ ਤਿਆਰ

ਪ੍ਰੇਮ ਦੇ ਦੋ ਪੰਛੀ ਜਿਨ੍ਹਾਂ ਨੂੰ ਇੰਡਸਟਰੀ 'ਲਵ ਬਰਡਜ਼' ਕਹਿੰਦੀ ਹੈ, ਡਿਪੀ ਤੇ ਰਣਵੀਰ ਸਿੰਘ ਵੀ ਇਸ ਸਾਲ ਵਿਆਹ ਦੇ ਕਾਰਡ ਵੰਡ ਸਕਦੇ ਹਨ। ਦੋਵਾਂ ਦਾ ਵਿਆਹ ਸ਼ਾਹੀ ਨਹੀਂ ਬਲਕਿ ਵੱਖਰੀ ਕਿਸਮ ਦਾ ਹੋਵੇਗਾ। ਲੱਗਦਾ ਤਾਂ ਇਹੀ ਹੈ ਕਿ ਦੀਪਿਕਾ ਦਾ ਚੁੰਨੀ ਚੜ੍ਹਾਵਾ ਹੋਏਗਾ। ਸਿਰਫ਼ ਥੋੜ੍ਹੇ ਜਿਹੇ ਪ੍ਰਾਹੁਣੇ ਲੈ ਕੇ ਹੀ ਰਣਵੀਰ ਸਿੰਘ ਸਾਲ ਦੇ ਅਖੀਰ 'ਚ ਡਿਪੀ ਦੀ ਡੋਲੀ ਵਾਲੀ ਕਾਰ ਘਰੇ ਲੈ ਆਏਗਾ। ਦੀਪਿਕਾ ਇਸ ਸਮੇਂ ਨਿਊਯਾਰਕ 'ਚ ਹੈ। 'ਮੈਟ ਗਾਲਾ 2018' ਸਮਾਰੋਹ ਨਿਊਯਾਰਕ 'ਚ ਉਹ ਭਾਗ ਲੈ ਰਹੀ ਹੈ। ਨਿਊਯਾਰਕ ਤੋਂ ਬਾਅਦ ਉਹ ਸਿੱਧੀ ਸਵਿੱਟਜ਼ਰਲੈਂਡ ਜਾਵੇਗੀ। ਇਥੇ ਮਨ ਦੀ ਸ਼ਾਂਤੀ ਲਈ ਉਹ ਆਰਾਮ ਕਰੇਗੀ। ਇਸ ਸਭ ਨੂੰ ਵਿਆਹ ਦੀ ਤਿਆਰੀ ਲਈ ਦੀਪਿਕਾ ਵਲੋਂ ਬਣਾਈ ਜਾ ਰਹੀ ਯੋਜਨਾ ਦੇ ਤੌਰ 'ਤੇ ਲਿਆ ਜਾ ਰਿਹਾ ਹੈ। ਸੰਸਾਰ ਦੀਆਂ 100 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿਚੋਂ ਇਕ ਦੀਪਿਕਾ ਵੀ ਹੈ। ਆਪਣੀ ਇਕ ਸੰਸਥਾ ਚਲਾ ਰਹੀ ਦੀਪਿਕਾ ਰੈਡ ਕਾਰਪੇਟ 'ਤੇ ਅਗਲੇ ਹਫ਼ਤੇ ਜਲਵੇ ਦਿਖਾਉਣ ਜਾ ਰਹੀ ਹੈ। ਇਹ ਸਾਰਾ ਕੁਝ ਅਮਰੀਕਾ ਵਿਖੇ ਹੀ ਹੋਏਗਾ। ਆਪ ਚੁੰਨੀ ਚੜ੍ਹਾਵੇ ਦੀ ਸੋਚ, ਫਜ਼ੂਲ ਪੈਸੇ ਵਰਤਣ ਤੋਂ ਸੰਕੋਚ ਕਰਨ ਵਾਲੀ, ਸਮਾਜਿਕ ਭਲੇ ਲਈ ਦਾਨ ਦੇ ਰਹੀ ਦੀਪਿਕਾ ਪਾਦੂਕੋਨ ਨੇ ਆਮਿਰ ਖ਼ਾਨ ਨਾਲ ਸੰਪਰਕ ਕੀਤਾ ਹੈ। ਆਮਿਰ ਦੇ ਵੱਡੇ ਸੁਪਨੇ 'ਮਹਾਂਭਾਰਤ' ਲਈ ਦੀਪਿਕਾ ਅੱਗੇ ਆਈ ਹੈ। ਮੁਕੇਸ਼ ਅੰਬਾਨੀ ਨੂੰ 'ਮਹਾਂਭਾਰਤ' ਲਈ ਡਿਪੀ ਨੇ ਰਾਜ਼ੀ ਕੀਤਾ। 'ਮਹਾਂਭਾਰਤ' 'ਚ ਆਮਿਰ ਖ਼ਾਨ ਨਾਲ 'ਦਰੋਪਦੀ' ਡਿਪੀ ਬਣ ਰਹੀ ਹੈ।

ਫ਼ਿਲਮੀ ਖ਼ਬਰਾਂ

ਹੁਣ ਬਣ ਰਹੀ ਹੈ 'ਹੈਪੀ ਭਾਗ ਜਾਏਗੀ ਰਿਟਨਰਜ਼'
ਡਾਇਨਾ ਪੇਂਟੀ ਨੂੰ ਹੈਪੀ ਦੀ ਭੂਮਿਕਾ ਵਿਚ ਚਮਕਾਉਂਦੀ 'ਹੈਪੀ ਭਾਗ ਜਾਏਗੀ' ਲੋਕਾਂ ਵਲੋਂ ਪਸੰਦ ਕੀਤੀ ਗਈ ਸੀ। ਹੁਣ ਇਸ ਦਾ ਦੂਜਾ ਭਾਗ 'ਹੈਪੀ ਭਾਗ ਜਾਏਗੀ ਰਿਟਰਨਜ਼' ਬਣਾਇਆ ਜਾ ਰਿਹਾ ਹੈ। ਇਥੇ ਵੀ ਡਾਇਨਾ ਹੀ ਹੈਪੀ ਦੀ ਭੂਮਿਕਾ ਵਿਚ ਦਿਖਾਈ ਦੇਵੇਗੀ। ਹਾਂ, ਫਰਕ ਸਿਰਫ਼ ਏਨਾ ਹੈ ਕਿ ਪਹਿਲੀ ਫ਼ਿਲਮ ਦੀ ਕਹਾਣੀ ਦਾ ਸਬੰਧ ਜਿਥੇ ਪਾਕਿਸਤਾਨ ਨਾਲ ਸੀ, ਉਥੇ ਇਸ ਦੂਜੀ ਫ਼ਿਲਮ ਦੀ ਕਹਾਣੀ ਵਿਚ ਮਲੇਸ਼ੀਆ ਦੀ ਪਿੱਠਭੂਮੀ ਰੱਖੀ ਗਈ ਹੈ। 'ਹੈਪੀ...' ਦੇ ਹੀ ਨਿਰਦੇਸ਼ਕ ਮੁਦੱਸਰ ਅਜ਼ੀਜ਼ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ ਅਤੇ ਇਸ ਵਿਚ ਅਲੀ ਫ਼ਜ਼ਲ ਅਤੇ ਸੋਨਾਕਸ਼ੀ ਸਿਨਹਾ ਦੇ ਨਾਲ ਪੰਜਾਬੀ ਗਾਇਕ-ਅਭਿਨੇਤਾ ਜੱਸੀ ਗਿੱਲ ਨੂੰ ਵੀ ਚਮਕਾਇਆ ਗਿਆ ਹੈ।
'ਛੂਰੀਆਂ' ਵਿਚ ਸੁਨੀਲ ਗਰੋਵਰ
ਵਿਸ਼ਾਲ ਭਾਰਦਵਾਜ ਵਲੋਂ ਬਣਾਈ ਜਾ ਰਹੀ ਫ਼ਿਲਮ 'ਛੂਰੀਆਂ' ਲਈ ਕਾਮੇਡੀਅਨ ਸੁਨੀਲ ਗਰੋਵਰ ਨੂੰ ਕਰਾਰਬੱਧ ਕੀਤਾ ਗਿਆ ਹੈ। ਇਸ ਕਾਮੇਡੀ ਫ਼ਿਲਮ ਵਿਚ 'ਦੰਗਲ' ਫੇਮ ਸਾਨੀਆ ਮਲਹੋਤਰਾ ਦੇ ਨਾਲ ਰਾਧਿਕਾ ਮਦਾਨ ਤੇ ਵਿਜੇ ਰਾਜ ਵੀ ਅਭਿਨੈ ਕਰ ਰਹੇ ਹਨ।
'ਅਭੀ ਤੋ ਪਾਰਟੀ ਸ਼ੁਰੂ ਹੁਈ ਹੈ' ਵਿਚ ਸ਼੍ਰੇਯਾ
ਫ਼ਿਲਮ 'ਫੈਨ' ਵਿਚ ਸ਼ਾਹਰੁਖ ਖਾਨ ਦੇ ਨਾਲ ਅਭਿਨੈ ਕਰਨ ਵਾਲੀ ਸ਼੍ਰੇਯਾ ਪਿਲਗਾਂਵਕਰ ਨੂੰ ਅਨੁਭਵ ਸਿਨਹਾ ਨੇ 'ਅਭੀ ਤੋ ਪਾਰਟੀ ਸ਼ੁਰੂ ਹੁਈ ਹੈ' ਲਈ ਕਾਸਟ ਕਰ ਲਿਆ ਗਿਆ ਹੈ। ਲਖਨਊ ਵਿਚ ਫ਼ਿਲਮਾਈ ਜਾਣ ਵਾਲੀ ਇਸ ਫ਼ਿਲਮ ਵਿਚ ਰਿਚਾ ਚੱਢਾ, ਪੰਕਜ ਤ੍ਰਿਪਾਠੀ, ਸੌਰਭ ਸ਼ੁਕਲਾ, ਮਨੋਜ ਪਾਹਵਾ, ਵਿਨੈ ਪਾਠਕ ਤੇ ਕੁਮੁਦ ਮਿਸ਼ਰਾ ਵੀ ਕੰਮ ਕਰ ਰਹੇ ਹਨ।

ਅਭਿਨੈ ਵਲ ਮੁੜ ਆਈ ਸਵਰੂਪ ਸੰਪਤ

ਮਿਸ ਇੰਡੀਆ ਦਾ ਤਾਜ ਪਾਉਣ ਤੋਂ ਬਾਅਦ ਸਵਰੂਪ ਸੰਪਤ ਨੇ ਅਭਿਨੈ ਵੱਲ ਰੁਖ ਕਰ ਕੇ ਨਾਖ਼ੁਦਾ, ਨਰਮ ਗਰਮ, ਸਵਾਲ, ਹਿੰਮਤਵਾਲਾ, ਸਾਥੀਆ ਆਦਿ ਫ਼ਿਲਮਾਂ ਕੀਤੀਆਂ ਅਤੇ ਫਿਰ ਟੀ.ਵੀ. 'ਤੇ ਆ ਕੇ ਹਿਟ ਲੜੀਵਾਰ 'ਯੇ ਜੋ ਹੈ ਜ਼ਿੰਦਗੀ' ਵਿਚ ਰੇਣੂ ਦਾ ਕਿਰਦਾਰ ਨਿਭਾਅ ਕੇ ਬਹੁਤ ਲੋਕਪ੍ਰਿਅਤਾ ਹਾਸਲ ਕੀਤੀ ਸੀ। ਸਵਰੂਪ ਨੇ ਅਭਿਨੇਤਾ ਪਰੇਸ਼ ਰਾਵਲ ਨਾਲ ਵਿਆਹ ਕਰਾਉਣ ਤੋਂ ਬਾਅਦ ਅਭਿਨੈ ਤੋਂ ਦੂਰੀ ਬਣਾ ਲਈ ਸੀ। ਇਕ ਜ਼ਮਾਨੇ ਬਾਅਦ ਉਹ ਫ਼ਿਲਮ 'ਕੀ ਐਂਡ ਕਾ' ਵਿਚ ਦਿਸੀ ਸੀ ਅਤੇ ਹੁਣ ਉਹ ਫਿਰ ਇਕ ਵਾਰ ਅਭਿਨੈ ਵਿਚ ਰੁੱਝ ਗਈ ਹੈ।
ਹੁਣ ਦੀ ਵਾਰ ਉਹ ਕਿਸੇ ਫ਼ਿਲਮ ਜਾਂ ਲੜੀਵਾਰ ਲਈ ਨਹੀਂ ਪਰ ਡਿਜੀਟਲ ਦੀ ਦੁਨੀਆ ਲਈ ਬਣ ਰਹੇ ਲੜੀਵਾਰ 'ਦ ਗ੍ਰੇਟ ਇੰਡੀਅਨ ਡਾਈਫੰਕਸ਼ਨਲ ਫੈਮਿਲੀ' ਵਿਚ ਅਭਿਨੈ ਕਰਨ ਵਿਚ ਰੁੱਝ ਗਈ ਹੈ। ਇਸ ਲੜੀਵਾਰ ਦਾ ਨਿਰਮਾਣ ਏਕਤਾ ਕਪੂਰ ਵਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਸਵਰੂਪ ਵਲੋਂ ਪ੍ਰੇਮਲਤਾ ਰਾਣਾਵਤ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ। ਇਥੇ ਪ੍ਰੇਮਲਤਾ ਦੇ ਦੋ ਬੇਟੇ ਹਨ ਅਤੇ ਇਹ ਭੂਮਿਕਾ ਕੇ. ਕੇ. ਮੈਨਨ ਤੇ ਬਰੁਨ ਸੋਬਤੀ ਵਲੋਂ ਨਿਭਾਈ ਜਾ ਰਹੀ ਹੈ। ਇਸ ਲੜੀਵਾਰ ਵਿਚ ਇਕ ਉਦਯੋਗਿਕ ਘਰਾਣੇ ਦੀ ਕਹਾਣੀ ਪੇਸ਼ ਕੀਤੀ ਗਈ ਹੈ ਅਤੇ ਇਹ ਦਿਖਾਇਆ ਗਿਆ ਹੈ ਕਿ ਜਦੋਂ ਦੋ ਭਰਾਵਾਂ ਵਿਚ ਤਕਰਾਰ ਹੁੰਦੀ ਹੈ ਤਾਂ ਪਰਿਵਾਰ ਨੂੰ ਕੀ ਸਹਿਣਾ ਪੈ ਜਾਂਦਾ ਹੈ। ਸਵਰੂਪ ਅਨੁਸਾਰ ਡਿਜੀਟਲ ਲੜੀਵਾਰਾਂ ਨੂੰ ਦੇਖਣ ਵਾਲਾ ਵਰਗ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਨੂੰ ਦੇਖਣ ਵਾਲਿਆਂ ਵਿਚ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਹੈ।


-ਮੁੰਬਈ ਪ੍ਰਤੀਨਿਧ

ਸੁਰੇਸ਼ ਵਾਡਕਰ ਦੀ ਮਾਰਗ ਦਰਸ਼ਕ- ਆਸ਼ਾ ਭੋਂਸਲੇ

ਰੇਸ਼ਮੀ ਆਵਾਜ਼ ਦੇ ਮਾਲਿਕ ਗੁਲੂਕਾਰ 'ਸੁਰੇਸ਼ ਵਾਡਕਰ' ਨੇ ਜਦ ਪਿੱਠਵਰਤੀ ਗਾਇਕ ਦੇ ਤੌਰ 'ਤੇ ਫ਼ਿਲਮ ਇੰਡਸਟਰੀ 'ਚ ਕਦਮ ਰੱਖਣ ਦੀ ਸੋਚੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਪਲੇਅ-ਬੈਕ ਆਪਣੀ ਮਾਤ ਭਾਸ਼ਾ 'ਚ ਬਣੀਆਂ ਮਰਾਠੀ ਫ਼ਿਲਮਾਂ ਤੋਂ ਹੀ ਸ਼ੁਰੂ ਕੀਤਾ ਸੀ। ਜਦ ਇਕ ਮਰਾਠੀ ਫ਼ਿਲਮ 'ਡਾਕਟੀ ਮੇਹੁਨੀ' ਦੇ ਗਾਣੇ 'ਧੁੰਧ ਹੀ ਹਵਾ...' ਦੀ ਰਿਕਾਰਡਿੰਗ ਮੌਕੇ ਪ੍ਰਸਿੱਧ ਗਾਇਕਾ 'ਆਸ਼ਾ ਭੋਂਸਲੇ' ਜੀ ਨੇ 'ਸੁਰੇਸ਼ ਵਾਡਕਰ' ਦੀ ਆਵਾਜ਼ ਸੁਣੀ ਤਾਂ ਉਹ ਇਸ ਕਦਰ ਪ੍ਰਭਾਵਿਤ ਹੋਏ ਕਿ 'ਆਸ਼ਾ' ਜੀ ਨੇ ਫ਼ਿਲਮ ਇੰਡਸਟਰੀ ਦੇ ਮੰਨ੍ਹੇ-ਪ੍ਰਮੰਨ੍ਹੇ ਸੰਗੀਤਕਾਰਾਂ ਨੂੰ 'ਸੁਰੇਸ਼ ਵਾਡਕਰ' ਦੀ ਮੌਲਿਕ ਆਵਾਜ਼ ਨੂੰ ਸੁਣਨ 'ਤੇ ਮੌਕਾ ਦੇਣ ਦੀ ਸਿਫਾਰਸ਼ ਕੀਤੀ। ਸਿੱਟੇ ਵਜੋਂ ਫ਼ਿਲਮ 'ਕੁਦਰਤ' 'ਚ ਸਭ ਤੋਂ ਪਹਿਲਾਂ ਸੰਗੀਤਕਾਰ 'ਰਾਹੁਲ ਦੇਵ ਬਰਮਨ' ਨੇ 'ਸਾਵਨ ਨਹੀਂ ਭਾਦੋਂ ਨਹੀਂ...' ਗੀਤ ਇਸ ਜੋੜੀ ਤੋਂ ਗਵਾ ਕੇ ਹਿੰਦੀ ਫ਼ਿਲਮਾਂ 'ਚ ਇਸ ਜੋੜੀ ਲਈ ਰਾਹ ਖੋਲ੍ਹ ਦਿੱਤਾ। ਬਾਅਦ 'ਚ ਸੰਗੀਤਕਾਰ 'ਲਕਸ਼ਮੀ ਕਾਂਤ-ਪਿਆਰੇ ਲਾਲ' , 'ਕਲਿਆਣ ਜੀ-ਆਨੰਦ ਜੀ', 'ਅਨੂ ਮਲਿਕ' 'ਅਜੀਤ ਬਰਮਨ', 'ਵਿਸ਼ਾਲ ਭਾਰਦਵਾਜ' ਤੇ 'ਹਿਰਦੇ ਨਾਥ ਮੰਗੇਸ਼ਕਰ' ਸਮੇਤ ਬਹੁਤ ਸਾਰੇ ਸੰਗੀਤਕਾਰਾਂ ਨੇ ਇਨ੍ਹਾਂ ਦੋ ਆਵਾਜ਼ਾਂ ਦਾ ਬਾਖ਼ੂਬੀ ਇਸਤੇਮਾਲ ਕੀਤਾ। ਫ਼ਿਲਮ 'ਇਨਸਾਨੀਅਤ ਕੇ ਦੁਸ਼ਮਨ' ਦਾ ਸੰਗੀਤਕਾਰ 'ਅਨੂ ਮਲਿਕ' ਦਾ ਸੰਗੀਤਬੱਧ ਕੀਤਾ ਹੋਇਆ ਪੰਜਾਬੀ ਟਾਈਪ ਇਕ ਗੀਤ 'ਚਾਹੇ ਮੇਰੀ ਜਿੰਦ ਲੇ ਲੇ...', ਅਤੇ ਫ਼ਿਲਮ 'ਈਮਾਨਦਾਰ' ਦਾ ਗੀਤ 'ਔਰ ਇਸ ਦਿਲ ਮੇਂ ਕਿਆ ਰੱਖਾ ਹੈ...' ਨੂੰ ਸੁਣੀਏ ਤਾਂ 'ਸੁਰੇਸ਼-ਆਸ਼ਾ' ਦੀਆਂ ਆਵਾਜ਼ਾਂ ਦਾ ਤਾਲਮੇਲ ਮਨ ਨੂੰ ਮੋਹ ਲੈਂਦਾ ਹੈ। ਇੰਡਸਟਰੀ 'ਚ ਪਿੱਠਵਰਤੀ ਗਾਇਕ ਵਜੋਂ ਜਦੋਂ 'ਸੁਰੇਸ਼ ਵਾਡਕਰ' ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਤਾਂ ਫ਼ਿਲਮ ਇੰਡਸਟਰੀ 'ਚ ਇਹ ਗੱਲ ਅੱਗ ਦੀ ਤਰ੍ਹਾਂ ਫੈਲ ਗਈ ਕਿ ਫ਼ਿਲਮ ਇੰਡਸਟਰੀ 'ਚ ਇਕ ਅਜਿਹਾ ਗਾਇਕ ਆਇਆ ਹੈ ਜੋ ਕਿਸੇ ਦੀ ਆਵਾਜ਼ ਦੀ ਨਕਲ ਨਹੀਂ ਕਰਦਾ। 'ਸੁਰੇਸ਼ ਵਾਡਕਰ' ਦੀ ਮੌਲਿਕ ਆਵਾਜ਼ ਹੋਣ ਕਰਕੇ ਹਰ ਸੰਗੀਤਕਾਰ ਉਸ ਦੀ ਆਵਾਜ਼ 'ਚ ਗੀਤ ਰਿਕਾਰਡ ਕਰਨਾ ਚਾਹੁੰਦਾ ਸੀ ਤੇ ਗਾਇਕਾਵਾਂ ਉਸ ਨਾਲ ਗੀਤ ਗਾਉਣਾ ਚਾਹੁੰਦੀਆਂ ਸਨ। ਫ਼ਿਲਮ ਇੰਡਸਟਰੀ ਦੀਆਂ ਮੰਨੀਆਂ ਪ੍ਰਮੰਨੀਆਂ ਗਾਇਕਾਵਾਂ 'ਲਤਾ ਮੰਗੇਸ਼ਕਰ' 'ਤੇ 'ਆਸ਼ਾ ਭੋਂਸਲੇ' ਦੇ ਪਸੰਦੀਦਾ ਗਾਇਕਾਂ ਦੀ ਲੜੀ 'ਚ 'ਸੁਰੇਸ਼ ਵਾਡਕਰ' ਆਪਣੀ ਜਗ੍ਹਾ ਬਣਾਉਣ 'ਚ ਸਫ਼ਲ ਰਹੇ। 'ਆਸ਼ਾ' ਜੀ 'ਸੁਰੇਸ਼' ਜੀ ਦੇ ਹਮੇਸ਼ਾ ਹੀ ਪ੍ਰਸੰਸਕ ਰਹੇ ਹਨ। 'ਸੁਰੇਸ਼ ਵਾਡਕਰ' ਨੂੰ 'ਆਸ਼ਾ' ਜੀ ਨੇ ਕਾਗਜ਼ ਹੱਥ 'ਚ ਲੈ ਕੇ ਦੱਸਿਆ ਕਿ ਇਸ ਤਰ੍ਹਾਂ ਗਾਓ, ਗਾ ਕੇ ਵੀ ਦੱਸਿਆ। ਸਟੇਜ 'ਤੇ ਠੁਮਕਾ ਲਗਾਉਣ ਦੀ ਵੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਇਸ ਜੋੜੀ ਨੇ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ ਤੇ ਭੋਜਪੁਰੀ ਆਦਿ ਖੇਤਰੀ ਭਾਸ਼ਾਵਾ 'ਚ ਅਨੇਕਾਂ ਗਾਣੇ ਗਾ ਕੇ ਦਿਖਾ ਦਿੱਤਾ ਕਿ ਇਹ ਜੋੜੀ ਖੇਤਰੀ ਭਾਸ਼ਾਵਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਕਿਵੇਂ ਉਸੇ ਹੀ ਭਾਸ਼ਾ 'ਚ ਰਮ ਜਾਂਦੀ ਏ। 'ਆਸ਼ਾ ਭੋਸਲੇ' ਨੇ 'ਸੁਰੇਸ਼' ਨੂੰ ਆਪਣਾ ਬੇਟਾ ਮੰਨ੍ਹਿਆ ਤੇ 'ਸੁਰੇਸ਼ ਵਾਡਕਰ' ਦੇ ਕੈਰੀਅਰ ਨੂੰ ਉੱਪਰ ਲੈ ਕੇ ਜਾਣ ਲਈ ਪੂਰੀ-ਪੁੂਰੀ ਵਾਹ ਲਾਈ। 'ਸੁਰੇਸ਼ - ਆਸ਼ਾ' ਦੇ 'ਮੁਹੱਬਤ ਤੋ ਕਰਤਾ ਹੈ ਸਾਰਾ ਜ਼ਮਾਨਾ...', 'ਆਈਨਾ ਹੈ ਮੇਰਾ ਚਿਹਰਾ...', 'ਤੁਮਹਾਰੀ ਖ਼ੁਸ਼ਬੂ...', 'ਸਪਨੇ ਮੇ ਮਿਲਤੀ ਹੈ...', 'ਮੈਨੇ ਕਹਾ ਤੂਨੇ ਸੁਨਾ...', ਤੇਰੇ ਨੈਨੋ ਸੇ ਨੈਨਾ ਲੜ ਗਏ...', ਮੁਝੇ ਮਾਫ਼ ਕਰਨਾ... ਆਦਿ ਯਾਦਗਾਰੀ ਗੀਤ ਸੰਗੀਤ ਪ੍ਰੇਮੀ ਬੜੇ ਚਾਅ ਨਾਲ ਸੁਣਦੇ ਹਨ।


-ਸਿਮਰਨ, ਜਗਰਾਉਂ

'ਟੋਟਲ ਧਮਾਲ' ਵਿਚ 'ਕਰਜ਼' ਦਾ ਗੀਤ

ਕਾਮੇਡੀ ਫ਼ਿਲਮ 'ਧਮਾਲ' ਹਿੱਟ ਹੋਣ ਤੋਂ ਬਾਅਦ ਨਿਰਦੇਸ਼ਕ ਇੰਦਰ ਕੁਮਾਰ ਨੇ 'ਡਬਲ ਧਮਾਲ' ਬਣਾਈ ਅਤੇ ਜਦੋਂ ਇਹ ਵੀ ਹਿੱਟ ਰਹੀ ਤਾਂ 'ਧਮਾਲ' ਲੜੀ ਨੂੰ ਅੱਗੇ ਵਧਾਉਂਦੇ ਹੋਏ ਹੁਣ ਉਹ 'ਟੋਟਲ ਧਮਾਲ' ਬਣਾ ਰਹੇ ਹਨ। ਪਹਿਲਾਂ ਦੋਵੇਂ ਫ਼ਿਲਮਾਂ ਦੀ ਤਰ੍ਹਾਂ ਇਥੇ ਵੀ ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ ਅਤੇ ਜਾਵੇਦ ਜਾਫਰੀ ਤਾਂ ਹੈ ਹੀ, ਨਾਲ ਹੀ ਇਸ ਵਿਚ ਅਜੈ ਦੇਵਗਨ, ਮਾਧੁਰੀ ਦੀਕਿਸ਼ਤ ਤੇ ਅਨਿਲ ਕਪੂਰ ਨੂੰ ਵੀ ਕਾਸਟ ਕੀਤਾ ਗਿਆ ਹੈ।
ਆਪਣੀ ਇਸ ਫ਼ਿਲਮ ਨੂੰ ਹੋਰ ਆਕਰਸ਼ਕ ਬਣਾਉਣ ਲਈ ਹੁਣ ਇੰਦਰ ਕੁਮਾਰ ਨੇ ਇਸ ਵਿਚ ਫ਼ਿਲਮ 'ਕਰਜ਼' ਦਾ ਗੀਤ 'ਪੈਸਾ ਯੇ ਪੈਸਾ...' ਵੀ ਜੋੜ ਦਿੱਤਾ ਹੈ। 'ਕਰਜ਼' ਵਿਚ ਉਹ ਗੀਤ ਰਿਸ਼ੀ ਕਪੂਰ 'ਤੇ ਫ਼ਿਲਮਾਇਆ ਗਿਆ ਸੀ, ਜਦੋਂ ਕਿ ਇਥੇ ਫ਼ਿਲਮ ਦੇ ਸਾਰੇ ਮੁੱਖ ਕਲਾਕਾਰਾਂ ਦੇ ਨਾਲ-ਨਾਲ ਸੰਜੇ ਮਿਸ਼ਰਾ ਤੇ ਪਿਤੋਬਾਸ਼ 'ਤੇ ਵੀ ਇਹ ਫ਼ਿਲਮਾਇਆ ਗਿਆ ਹੈ। ਇਕ ਜ਼ਮਾਨੇ ਵਿਚ ਇੰਦਰ ਕੁਮਾਰ ਗੁਜਰਾਤੀ ਫ਼ਿਲਮਾਂ ਵਿਚ ਅਭਿਨੈ ਕਰਿਆ ਕਰਦਾ ਸੀ। ਬਾਅਦ ਵਿਚ ਅਭਿਨੈ ਤੋਂ ਦੂਰੀ ਬਣਾ ਕੇ ਉਹ ਨਿਰਮਾਤਾ-ਨਿਰਦੇਸ਼ਕ ਬਣ ਗਿਆ। ਮਜ਼ੇ ਦੀ ਗੱਲ ਇਹ ਰਹੀ ਕਿ ਜਦੋਂ ਇਸ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਦੇ ਅੰਦਰ ਦਾ ਕਲਾਕਾਰ ਜਾਗ ਉੱਠਿਆ ਅਤੇ ਉਹ ਵੀ ਕੈਮਰੇ ਸਾਹਮਣੇ ਆ ਗਏ। ਇਸ ਤਰ੍ਹਾਂ ਉਹ ਵੀ ਇਸ ਗੀਤ ਦਾ ਹਿੱਸਾ ਬਣ ਗਏ।
ਫ਼ਿਲਮ ਲਈ ਇਸ ਗੀਤ ਦੀ ਚੋਣ ਬਾਰੇ ਇੰਦਰ ਕੁਮਾਰ ਕਹਿੰਦੇ ਹਨ, 'ਪਹਿਲੀ ਗੱਲ ਤਾਂ ਇਹ ਕਿ ਇਹ ਮੇਰਾ ਪਸੰਦੀਦਾ ਗੀਤ ਹੈ। ਦੂਜੀ ਗੱਲ ਇਹ ਕਿ ਇਸ ਦੇ ਬੋਲ ਸਾਡੀ ਫ਼ਿਲਮ ਦੀ ਕਹਾਣੀ ਦੇ ਥੀਮ ਨਾਲ ਚੰਗੀ ਤਰ੍ਹਾਂ ਮਿਲਦੇ ਹਨ। ਅੱਜ ਹਰ ਕੋਈ ਪੈਸੇ ਦੇ ਲਾਲਚ ਦਾ ਮਾਰਿਆ ਹੈ। ਪੈਸੇ ਦੀ ਅੰਨ੍ਹੀ ਦੌੜ ਵਿਚ ਸਾਰੇ ਸ਼ਾਮਿਲ ਹਨ। ਫ਼ਿਲਮ ਵਿਚ ਪੈਸੇ ਦੇ ਪਿੱਛੇ ਦੀ ਦੌੜ ਨੂੰ ਦਿਖਾਇਆ ਗਿਆ ਹੈ। ਸੋ, ਇਹ ਗੀਤ ਸਹੀ ਲੱਗਿਆ। ਮੈਂ ਸ਼ੁਕਰਗੁਜ਼ਾਰ ਹਾਂ ਸੁਭਾਸ਼ ਘਈ ਦਾ, ਜਿਨ੍ਹਾਂ ਨੇ ਨਾਂਹ-ਨੁੱਕਰ ਕੀਤੇ ਬਿਨਾਂ ਗੀਤ ਦੀ ਮਨਜ਼ੂਰੀ ਦੇ ਦਿੱਤੀ।
ਇਸ ਗੀਤ 'ਤੇ ਥਿਰਕ ਕੇ ਮਾਧੁਰੀ ਵੀ ਬਹੁਤ ਖੁਸ਼ ਸੀ। ਉਹ ਕਹਿੰਦੀ ਹੈ, 'ਜਦੋਂ ਮੈਂ ਪੜ੍ਹਾਈ ਕਰਦੀ ਸੀ ਉਦੋਂ ਅਕਸਰ ਜਨਮ ਦਿਨ ਪਾਰਟੀ ਵਿਚ ਇਹ ਗੀਤ ਵਜਾਇਆ ਜਾਂਦਾ ਸੀ ਅਤੇ ਮੈਂ ਇਸ ਦੀ ਧੁਨ 'ਤੇ ਜੰਮ ਕੇ ਨੱਚਿਆ ਕਰਦੀ ਸੀ। ਉਦੋਂ ਇਹ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਇਸੇ ਗੀਤ 'ਤੇ ਕੈਮਰੇ ਸਾਹਮਣੇ ਵੀ ਨੱਚਾਂਗੀ। ਇਥੇ ਨੱਚਣ ਸਮੇਂ ਮੈਨੂੰ ਆਪਣੇ ਪੁਰਾਣੇ ਦਿਨ ਯਾਦ ਆ ਗਏ ਸਨ ਅਤੇ ਸ਼ੂਟਿੰਗ ਦਾ ਬਹੁਤ ਮਜ਼ਾ ਲਿਆ ਸੀ।
ਦੇਖੋ, ਇਸ ਗੀਤ ਦੇ ਦਮ 'ਤੇ ਇਹ ਫ਼ਿਲਮ ਟਿਕਟ ਖਿੜਕੀ 'ਤੇ ਧਮਾਲ ਮਚਾ ਪਾਉਂਦੀ ਹੈ।


-ਪੰਨੂੰ

ਆਟੋ ਰਿਕਸ਼ੇ 'ਚ ਰੋਮਾਂਸ ਦੀ ਕਹਾਣੀ ਪੇਸ਼ ਕਰਦੀ ਫ਼ਿਲਮ 'ਆਟੋ ਰੋਮਾਂਸ ਇਨ ਮੁੰਬਈ'

ਇਕ ਜ਼ਮਾਨਾ ਸੀ ਜਦੋਂ ਮੁੰਬਈ ਸ਼ਹਿਰ ਦੀਆਂ ਸੜਕਾਂ 'ਤੇ ਸਿਰਫ਼ ਟੈਕਸੀਆਂ ਚੱਲਿਆ ਕਰਦੀਆਂ ਸਨ। ਇਨ੍ਹਾਂ ਨੂੰ ਕਾਲਾ-ਪੀਲਾ ਰੰਗ ਕੀਤਾ ਹੁੰਦਾ ਸੀ ਅਤੇ ਫ਼ਿਲਮ ਵਾਲਿਆਂ ਨੇ ਟੈਕਸੀ ਪ੍ਰਤੀ ਆਕਰਸ਼ਿਤ ਹੋ ਕੇ 'ਟੈਕਸੀ ਡ੍ਰਾਈਵਰ', 'ਟੈਕਸੀ ਟੈਕਸੀ' ਆਦਿ ਫ਼ਿਲਮਾਂ ਬਣਾਈਆਂ। ਫਿਰ ਅੱਸੀ ਦੇ ਦਹਾਕੇ ਵਿਚ ਮੁੰਬਈ ਦੀਆਂ ਸੜਕਾਂ 'ਤੇ ਰਿਕਸ਼ਾ ਦਾ ਆਗਮਨ ਹੋਇਆ ਅਤੇ ਹੁਣ ਰਿਕਸ਼ਾ ਵੀ ਬਾਲੀਵੁੱਡ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰਨ ਵਿਚ ਸਫਲ ਰਿਹਾ ਹੈ।
ਨਿਰਮਾਤਰੀ ਅੰਜਲੀ ਸ਼ਰਮਾ ਨੇ 'ਜਾਜੂ ਕ੍ਰਇਏਟਿਵ ਪ੍ਰੋਡਕਸ਼ਨ' ਦੇ ਬੈਨਰ ਹੇਠ 'ਆਟੋ ਰੋਮਾਂਸ ਇਨ ਮੁੰਬਈ' ਦਾ ਨਿਰਮਾਣ ਕੀਤਾ ਹੈ ਅਤੇ ਇਸ ਵਿਚ ਸਿਧਾਰਥ ਜਾਜੂ, ਅਵੰਤਿਕਾ ਵਿਲਸਨ, ਸ਼ਕਤੀ ਸ਼ੰਕਰ ਤੇ ਰਾਸ਼ਿਦ ਨੇ ਅਭਿਨੈ ਕੀਤਾ ਹੈ। ਫ਼ਿਲਮ ਵਿਚ ਅਭਿਨੈ ਕਰਨ ਵਾਲੇ ਸ਼ਕਤੀ ਸ਼ੰਕਰ ਇਸ ਦੇ ਨਿਰਦੇਸ਼ਕ ਹਨ। ਪਹਿਲਾਂ ਪੰਜ ਮਰਾਠੀ ਫ਼ਿਲਮਾਂ ਨਿਰੇਦਸ਼ਿਤ ਕਰਨ ਵਾਲੇ ਸ਼ਕਤੀ ਸ਼ੰਕਰ ਦੀ ਇਹ ਪਹਿਲੀ ਹਿੰਦੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਵਲੋਂ ਲਿਖੀ ਗਈ ਹੈ।
ਕਹਾਣੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਰਿਕਸ਼ਾ ਵਿਚ ਕਿਵੇਂ ਰੋਮਾਂਸ ਪੈਦਾ ਹੁੰਦਾ ਹੈ, ਇਸ 'ਤੇ ਕਹਾਣੀ ਦਾ ਆਈਡੀਆ ਉਨ੍ਹਾਂ ਨੂੰ ਚਾਰ ਸਾਲ ਪਹਿਲਾਂ ਆਇਆ ਸੀ। ਉਹ ਜਦੋਂ ਕਹਾਣੀ ਲਿਖਣ ਲੱਗੇ ਤਾਂ ਉਸ ਵਿਚ ਆਪਣੇ ਕੁਝ ਨਿੱਜੀ ਅਨੁਭਵ ਵੀ ਪਰੋ ਦਿੱਤੇ। ਉਨ੍ਹਾਂ ਦੀ ਪ੍ਰੇਮਿਕਾ ਨੌਕਰੀ ਕਰਦੀ ਸੀ ਅਤੇ ਉਹ ਉਸ ਨੂੰ ਅੰਧੇਰੀ ਸਟੇਸ਼ਨ 'ਤੇ ਲੈਣ ਜਾਇਆ ਕਰਦੇ ਸੀ ਅਤੇ ਫਿਰ ਰਿਕਸ਼ੇ ਵਿਚ ਬੈਠ ਕੇ ਅੱਗੇ ਚਲੇ ਜਾਂਦੇ। ਉਨ੍ਹਾਂ ਦੇ ਪਿਆਰ ਨੂੰ ਵਧਾਉਣ ਵਿਚ ਰਿਕਸ਼ਾ ਦਾ ਮਹੱਤਵਪੂਰਨ ਯੋਗਦਾਨ ਰਿਹਾ ਸੀ।
ਫ਼ਿਲਮ ਦੀ ਕਹਾਣੀ ਇਹ ਹੈ ਕਿ ਜੈ (ਸਿਧਾਰਥ ਜਾਜੂ) ਇਕ ਸੰਘਰਸ਼ਮਈ ਮੁੰਡਾ ਹੈ। ਉਹ ਮਾਡਲਿੰਗ ਅਤੇ ਫਾਈਨਾਂਸ ਦੇ ਖੇਤਰ ਵਿਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਵਿਚ ਲੱਗਿਆ ਹੈ। ਜੈ ਦੀ ਜ਼ਿੰਦਗੀ ਵਿਚ ਸਨਾ (ਅਵੰਤਿਕਾ ਵਿਲਸਨ) ਆਉਂਦੀ ਹੈ ਪਰ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਕਿ ਸਨਾ ਉਸ ਦੀ ਜ਼ਿੰਦਗੀ ਤੋਂ ਦੂਰ ਚਲੀ ਜਾਂਦੀ ਹੈ। ਫਿਰ ਜੈ ਦੀ ਜ਼ਿੰਦਗੀ ਵਿਚ ਸੋਨਮ (ਅਲਕਾ) ਆਉਂਦੀ ਹੈ ਅਤੇ ਉਸ ਤੋਂ ਬਾਅਦ ਫਿਰ ਇਕ ਵਾਰ ਜੈ ਦਾ ਵਾਸਤਾ ਸਨਾ ਨਾਲ ਪੈ ਜਾਂਦਾ ਹੈ। ਸਨਾ ਦੇ ਦੁਬਾਰਾ ਆਉਣ ਤੋਂ ਬਾਅਦ ਜੈ ਦੀ ਜ਼ਿੰਦਗੀ ਵਿਚ ਕੀ ਬਦਲਾਅ ਆਉਂਦੇ ਹਨ, ਇਹ ਇਸ ਦੀ ਕਹਾਣੀ ਹੈ।
ਫ਼ਿਲਮ ਨੂੰ ਸਸਪੈਂਸ-ਥ੍ਰਿਲਰ ਕਰਾਰ ਦਿੰਦੇ ਹੋਏ ਸ਼ਕਤੀ ਸ਼ੰਕਰ ਕਹਿੰਦੇ ਹਨ ਕਿ ਇਸ ਦੀ ਕਹਾਣੀ ਏਨੀ ਘੁਮਾਅਦਾਰ ਹੈ ਕਿ ਦਰਸ਼ਕ ਹੈਰਾਨ ਰਹਿ ਜਾਣਗੇ। ਰਿਕਸ਼ਾ ਵਿਚ ਰੋਮਾਂਸ ਦੇ ਬਹਾਨੇ ਫ਼ਿਲਮ ਵਿਚ ਮੁੰਬਈ ਦੇ ਨਜ਼ਾਰੇ ਤਾਂ ਪੇਸ਼ ਕੀਤੇ ਹੀ ਹਨ ਨਾਲ ਹੀ ਇਸ ਦੀ ਸ਼ੂਟਿੰਗ ਲੰਡਨ, ਸ਼ਿਮਲਾ, ਗੋਆ ਤੇ ਔਰੰਗਾਬਾਦ ਵਿਚ ਵੀ ਕੀਤੀ ਗਈ ਹੈ।


-ਮੁੰਬਈ ਪ੍ਰਤੀਨਿਧ

'ਮਾਹੀ ਮੇਰਾ ਨਿੱਕਾ ਜਿਹਾ' ਵਾਲਾ ਗਾਇਕ ਮਾਸਟਰ ਖਾਨ

ਅੱਜ ਤੋਂ ਕੁਝ ਸਾਲ ਪਹਿਲਾਂ ਇਕ ਅਜਿਹੇ ਬੱਚੇ ਦੀ ਆਵਾਜ਼ ਨੂੰ ਸੁਣਿਆ, ਜਿਸ ਨੂੰ ਸੁਣ ਕੇ ਹਰ ਸਰੋਤਾ ਇਹੀ ਅਨੁਮਾਨ ਲਗਾਉਂਦਾ ਸੀ ਕਿ ਇਹ ਬੱਚਾ ਆਉਣ ਵਾਲੇ ਸਮੇਂ ਦਾ ਸੁਪਰ ਸਟਾਰ ਗਾਇਕ ਬਣੇਗਾ। ਉਸ ਤੋਂ ਬਾਅਦ ਵਧੀਆ ਤੇ ਪਰਿਵਾਰਕ ਗਾਇਕੀ ਨੂੰ ਗਾਉਣ ਵਾਲੇ ਗਾਇਕ ਦੀ ਪਹਿਚਾਣ ਨਾ ਆ ਸਕੀ ਤੇ ਇਸ ਗਾਇਕ ਨੂੰ ਗਾਇਕੀ ਅੱਧ ਵਿਚਕਾਰ ਹੀ ਛੱਡਣੀ ਪਈ। ਉਸ ਸੁਰੀਲੇ ਗਾਇਕ ਦਾ ਨਾਂਅ ਹੈ ਗਾਇਕ ਮਾਸਟਰ ਖਾਨ। ਪਿਛਲੇ ਦਿਨੀਂ ਉਨ੍ਹਾਂ ਦੀ ਗਾਇਕੀ ਤੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਲੈਣ ਦਾ ਸਬੱਬ ਬਣਿਆ। ਗਾਇਕ ਮਾਸਟਰ ਖਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਜਨਮ ਪਿਤਾ ਰਵਿੰਦਰ ਦੀਵਾਨਾ ਅਤੇ ਮਾਤਾ ਸ੍ਰੀਮਤੀ ਸ਼ੀਲਾ ਰਾਣੀ ਦੇ ਘਰ ਪਿੰਡ ਰੱਤਾਖੇੜਾ (ਪੰਜਾਬ ਸਿੰਘ ਵਾਲਾ) ਫ਼ਿਰੋਜ਼ਪੁਰ ਵਿਖੇ ਹੋਇਆ।
ਮਾਸਟਰ ਖਾਨ ਨੇ ਗਾਇਕੀ ਦੀਆਂ ਬਾਰੀਕੀਆਂ ਬਾਰੇ ਕਲਾਸੀਕਲ ਗਾਇਕੀ ਗਾਉਣ ਵਾਲੇ ਗਾਇਕਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਗਾਇਕ ਨੇ ਆਪਣੀ ਪਹਿਲੀ ਟੇਪ 'ਮਾਹੀ ਮੇਰਾ ਨਿੱਕਾ ਜਿਹਾ' ਮਾਰਕੀਟ ਵਿਚ ਭੇਜੀ, ਜਿਸ ਨੇ ਸਫ਼ਲਤਾ ਦੇ ਝੰਡੇ ਗੱਡ ਦਿੱਤੇ। ਉਸ ਤੋਂ ਬਾਅਦ ਤਾਂ ਫਿਰ ਚੱਲ-ਸੋ-ਚੱਲ ਹੋ ਗਈ।
ਗਾਇਕ ਮਾਸਟਰ ਖਾਨ ਦੀਆਂ ਹੁਣ ਤੱਕ ਮਾਰਕੀਟ ਵਿਚ ਆ ਚੁੱਕੀਆਂ ਕੈਸੇਟਾਂ 'ਮਾਹੀ ਮੇਰਾ ਨਿੱਕਾ ਜਿਹਾ', 'ਖਿੜ ਖਿੜ ਹੱਸਦਿਆ ਮਾਹੀਆ', 'ਬੋਲ ਕਰਾਇਆ ਕੀ ਲੈਣਾ', 'ਹੂਰ ਪਸੰਦ ਨਾ ਆਵੇ' ਆਦਿ ਮਰਾਕੀਟ ਵਿਚ ਆ ਚੁੱਕੀਆਂ ਹਨ। ਇਨ੍ਹਾਂ ਦਾ ਪ੍ਰਚਾਰ ਨਾ ਹੋਣ ਦੇ ਬਾਵਜੂਦ ਉਸ ਸਮੇਂ ਦੀਆਂ ਸੁਪਰ ਹਿੱਟ ਕੈਸੇਟਾਂ ਰਹੀਆਂ ਸਨ। ਇਥੇ ਹੀ ਬੱਸ ਨਹੀਂ, ਇਸ ਸੁਰੀਲੇ ਗਾਇਕ ਨੇ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਪੰਜਾਬੀ ਫ਼ਿਲਮਾਂ ਵਿਚ ਵੀ ਬਿਖੇਰਿਆ, ਜਿਨ੍ਹਾਂ ਵਿਚੋਂ 'ਤਬਾਹੀ' (ਸਾਥੀ ਗਾਇਕ ਮਾਸਟਰ ਸਲੀਮ), 'ਬਾਗੀ ਸੂਰਮੇ', 'ਸ਼ਾਮਲਾਟ' ਆਦਿ ਸਨ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਬਹੁਤ ਪਿਆਰ ਮਿਲਿਆ। ਬਹੁਤ ਜਲਦੀ ਇਸ ਗਾਇਕ ਦਾ ਸਿੰਗਲ ਟਰੈਕ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ।


-ਗੁਰਜੰਟ ਸਿੰਘ ਸਿੱਧੂ
ਪਿੰਡ ਤੇ ਡਾਕ: ਘੱਲ ਖੁਰਦ ਜੌੜੀਆਂ ਨਹਿਰ, ਫ਼ਿਰੋਜ਼ਪੁਰ।






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX