ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, 2 ਕਰਮਚਾਰੀ ਜ਼ਖ਼ਮੀ
. . .  1 minute ago
ਸ੍ਰੀਨਗਰ, 17 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਇੱਕ ਪੁਲਿਸ ਪਾਰਟੀ 'ਤੇ ਹਮਲਾ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਿਲ੍ਹੇ ਦੇ ਪੱਟਾਂ ਸ਼ਹਿਰ 'ਚ ਹੋਏ ਇਸ ਹਮਲੇ 'ਚ ਦੋ ਪੁਲਿਸ ਕਰਮਚਾਰੀ ਜ਼ਖ਼ਮੀ ਹੋਏ...
ਮਿਲਟਰੀ ਹਸਪਤਾਲ 'ਚ ਫੌਜ ਦੇ ਜਵਾਨਾਂ ਨੇ ਗੁੰਗੀ-ਬੋਲੀ ਔਰਤ ਨਾਲ ਕਈ ਸਾਲਾਂ ਤੱਕ ਜਬਰ ਜਨਾਹ
. . .  20 minutes ago
ਪੁਣੇ, 17 ਅਕਤੂਬਰ- ਮਹਾਰਾਸ਼ਟਰ ਦੇ ਪੁਣੇ ਵਿਖੇ ਸਥਿਤ ਖੜਕੀ ਮਿਲਟਰੀ ਹਸਪਤਾਲ 'ਚ ਤਾਇਨਾਤ ਫੌਜ ਦੇ ਚਾਰ ਜਵਾਨਾਂ 'ਤੇ ਛੇੜਛਾੜ ਅਤੇ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਜਵਾਨਾਂ 'ਤੇ ਹਸਪਤਾਲ 'ਚ ਕੰਮ ਕਰਨ ਵਾਲੀ ਇੱਕ ਗੁੰਗੀ-ਬੋਲੀ ਔਰਤ...
ਪੰਜਾਬ ਮੰਤਰੀ ਮੰਡਲ ਨੇ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
. . .  37 minutes ago
ਚੰਡੀਗੜ੍ਹ, 17 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਮੰਤਰੀ ਮੰਡਲ ਦੀ ਅੱਜ ਇੱਕ ਅਹਿਮ ਬੈਠਕ ਹੋਈ। ਇਸ ਬੈਠਕ 'ਚ ਮੰਤਰੀ ਮੰਡਲ ਨੇ ਸੂਬੇ 'ਚ ਵਸੀਲੇ ਪੈਦਾ ਕਰਨ ਲਈ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੰਤਰੀ...
ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਫੜਿਆ ਕਾਂਗਰਸ ਦਾ 'ਹੱਥ'
. . .  about 1 hour ago
ਨਵੀਂ ਦਿੱਲੀ, 17 ਅਕਤੂਬਰ- ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਅਤੇ ਰਾਜਸਥਾਨ 'ਚ ਭਾਜਪਾ ਵਿਧਾਇਕ ਮਾਨਵੇਂਦਰ ਸਿੰਘ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਜਸਵੰਤ ਸਿੰਘ ਭਾਜਪਾ ਦੇ ਸੰਸਥਾਪਕ ਮੈਂਬਰਾਂ 'ਚੋਂ...
ਆਂਧਰਾ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਛੇ ਲੋਕਾਂ ਦੀ ਮੌਤ, 15 ਜ਼ਖ਼ਮੀ
. . .  about 1 hour ago
ਅਮਰਾਵਤੀ, 17 ਅਕਤੂਬਰ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਅਲੁਰ ਡਿਵੀਜ਼ਨ ਦੇ ਪੇਡਾ ਹੋਥੁਰ ਇਲਾਕੇ 'ਚ ਅੱਜ ਲਾਰੀ ਅਤੇ ਭਾਰ ਢੋਹਣ ਵਾਲੇ ਇੱਕ ਵਾਹਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਛੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 2 ਬੱਚੇ ਵੀ ਸ਼ਾਮਲ ਹਨ। ਉੱਥੇ...
ਹੱਤਿਆ ਦੇ ਦੂਜੇ ਮਾਮਲੇ 'ਚ ਰਾਮਪਾਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
. . .  about 1 hour ago
ਚੰਡੀਗੜ੍ਹ, 17 ਅਕਤੂਬਰ- ਹੱਤਿਆ ਦੇ ਇੱਕ ਹੋਰ ਮਾਮਲੇ (ਐੱਫ. ਆਈ. ਆਰ. 430) 'ਚ ਵੀ ਅੱਜ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਹਿਸਾਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ...
ਅਫ਼ਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, 7 ਜ਼ਖ਼ਮੀ
. . .  about 1 hour ago
ਕਾਬੁਲ, 17 ਅਕਤੂਬਰ- ਅਫ਼ਗਾਨਿਸਤਾਨ ਦੇ ਲਸ਼ਕਰਗਾਹ ਸ਼ਹਿਰ 'ਚ ਅੱਜ ਸਵੇਰੇ ਹੋਏ ਇੱਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰੀ ਵਾਈਸ ਅਹਿਮਦ ਬਰਮਕ ਨੇ ਇਸ ਸੰਬੰਧੀ ਪੁਸ਼ਟੀ ਕੀਤੀ ਹੈ...
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 2 hours ago
ਤਿਰੂਵਨੰਤਪੁਰਮ, 17 ਅਕਤੂਬਰ- ਕੇਰਲ ਦੇ ਸਬਰੀਮਾਲਾ ਮੰਦਰ 'ਚ 10-50 ਸਾਲ ਦੀਆਂ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲਿਆ ਗਿਆ...
ਅਣਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ
. . .  about 2 hours ago
ਫਤਿਆਬਾਦ, 17 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)- ਪਿੰਡ ਜਾਮਾਰਾਏ ਦੇ ਪੁਲ ਨੇੜੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ (48) ਵਾਸੀ ਦਲੋਲਪੁਰ ਦੇ ਰੂਪ 'ਚ ਹੋਈ ਹੈ। ਇਸ ਸੰਬੰਧੀ...
ਬਿਹਾਰ : ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਈ. ਡੀ. ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ
. . .  about 2 hours ago
ਪਟਨਾ, 17 ਅਕਤੂਬਰ- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬਿਹਾਰ ਦੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ 'ਪ੍ਰੀਵੈਸ਼ਨ ਆਫ ਮਨੀ ਲਾਂਡਰਿੰਗ ਐਕਟ' (ਪੀ. ਐੱਮ. ਐੱਲ. ਏ.) ਤਹਿਤ ਕੇਸ ਦਰਜ ਕੀਤਾ ਹੈ। ਈ. ਡੀ. ਦੇ ਸੂਤਰਾਂ ਮੁਤਾਬਕ ਮਾਮਲੇ 'ਚ ਮੁਲਜ਼ਮ ਬ੍ਰਜੇਸ਼...
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਬੈਡਮਿੰਟਨ ਲਈ ਪਰਖ ਦੀ ਘੜੀ

ਥਾਮਸ-ਉਬੇਰ ਕੱਪ

ਬੈਡਮਿੰਟਨ ਦੀ ਦੁਨੀਆ ਵਿਚ ਥਾਮਸ-ਉਬੇਰ ਕੱਪ ਇਕ ਖਾਸ ਮੁਕਾਮ ਰੱਖਦਾ ਹੈ। ਇਹ ਉਹੀ ਟੂਰਨਾਮੈਂਟ ਹੈ, ਜਿਸ ਰਾਹੀਂ ਬੈਡਮਿੰਟਨ ਖਿਡਾਰੀ ਆਪਣਾ ਸਹੀ ਮੁਲਾਂਕਣ ਕਰ ਸਕਦੇ ਹਨ, ਕਿਉਂਕਿ ਇਸ ਵੱਕਾਰੀ ਟੂਰਨਾਮੈਂਟ ਵਿਚ ਚੋਟੀ ਦੇ ਖਿਡਾਰੀ ਇਕ-ਦੂਜੇ ਮੂਹਰੇ ਹੁੰਦੇ ਹਨ। ਇਸੇ ਟੂਰਨਾਮੈਂਟ ਰਾਹੀਂ ਕਈ ਸਟਾਰ ਖਿਡਾਰੀ ਅੱਗੇ ਆਏ ਹਨ ਅਤੇ ਇਸੇ ਟੂਰਨਾਮੈਂਟ ਨੇ ਬੈਡਮਿੰਟਨ ਦੀ ਖੇਡ ਦਾ ਰੁਤਬਾ ਕੌਮਾਂਤਰੀ ਪੱਧਰ ਉੱਤੇ ਲਗਾਤਾਰ ਵਧਾਇਆ ਹੈ। ਥਾਈਲੈਂਡ ਦੇਸ਼ ਵਿਚ ਹੁੰਦਾ ਥਾਮਸ-ਉਬੇਰ ਕੱਪ ਦੋ ਹਿੱਸੇ ਤਹਿਤ ਮੁਕਾਬਲੇ ਕਰਾਉਂਦਾ ਹੈ, ਕਿਉਂਕਿ ਥਾਮਸ ਕੱਪ ਪੁਰਸ਼ ਖਿਡਾਰੀਆਂ ਲਈ ਅਤੇ ਉਬੇਰ ਕੱਪ ਖ਼ਾਲਸ ਮਹਿਲਾ ਖਿਡਾਰੀਆਂ ਲਈ ਹੁੰਦਾ ਹੈ। ਐਤਕੀਂ ਦੇ ਥਾਮਸ ਅਤੇ ਉਬੇਰ ਕੱਪ ਦਾ ਆਯੋਜਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਸ਼ਹਿਰ ਵਿਚ 20 ਤੋਂ 27 ਮਈ ਤੱਕ ਹੋਵੇਗਾ। ਭਾਰਤ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਟੂਰਨਾਮੈਂਟ ਪਰਖ ਦੀ ਘੜੀ ਹੈ ਅਤੇ ਦੁਨੀਆ ਦੇ ਅੱਠਵੇਂ ਨੰਬਰ ਦੇ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ ਅਤੇ ਦੁਨੀਆ ਦੀ 10ਵੀਂ ਰੈਂਕਿੰਗ ਪ੍ਰਾਪਤ ਸਾਇਨਾ ਨੇਹਵਾਲ ਥਾਮਸ ਅਤੇ ਉਬੇਰ ਕੱਪ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਥਾਮਸ ਕੱਪ ਦੇ ਲਈ ਪ੍ਰਣਯ ਦੇ ਨਾਲ ਦੁਨੀਆ ਦੇ 18ਵੀਂ ਰੈਂਕਿੰਗ ਪ੍ਰਾਪਤ ਬੀ. ਸਾਈ ਪ੍ਰਣੀਤ, ਨੌਜਵਾਨ ਖਿਡਾਰੀ ਸਮੀਰ ਵਰਮਾ ਅਤੇ ਜੂਨੀਅਰ ਵਿਸ਼ਵ ਨੰਬਰ 4 ਖਿਡਾਰੀ ਲਕਸ਼ ਸੇਨ ਟੀਮ ਵਿਚ ਸ਼ਾਮਿਲ ਹਨ। ਇਹ ਸਾਰੇ ਸਿੰਗਲ ਵਰਗ ਵਿਚ ਮੁਕਾਬਲਾ ਕਰਨਗੇ। ਆਸਟ੍ਰੇਲੀਆ ਦੇ ਗੋਲਡਕੋਸਟ ਵਿਚ ਇਸ ਸਾਲ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਸਾਇਨਾ ਤੋਂ ਇਲਾਵਾ ਵੈਸ਼ਣਵੀ ਜਾਕਾ ਰੇਡੀ, ਕ੍ਰਿਸ਼ਨਾ ਪ੍ਰਿਯਾ, ਅਰੁਣਾ ਪ੍ਰਭੂ ਅਤੇ ਵੈਸ਼ਣਵੀ ਭਾਲੇ ਉਬੇਰ ਕੱਪ ਵਿਚ ਮੁਕਾਬਲਾ ਕਰਨਗੀਆਂ।
ਇਨ੍ਹਾਂ ਤੋਂ ਇਲਾਵਾ ਸੁਮਿਤ ਰੈਡੀ ਅਤੇ ਮਨੂ ਅਤਰੀ ਦੀ ਜੋੜੀ ਥਾਮਸ ਕੱਪ ਦੇ ਪੁਰਸ਼ ਡਬਲਜ਼ ਵਰਗ ਵਿਚ ਮੁਕਾਬਲਾ ਕਰਨਗੇ। ਇਸ ਵਿਚ ਉਨ੍ਹਾਂ ਦੇ ਨਾਲ ਸ਼ਲੋਕ ਰਾਮਚੰਦਰਨ-ਐੱਮ.ਆਰ. ਅਰਜੁਨ ਦੀ ਜੋੜੀ, ਸੰਯਮ ਸ਼ੁਕਲਾ-ਅਰੁਣ ਜਾਰਜ ਦੀ ਜੋੜੀ ਹਿੱਸਾ ਲਵੇਗੀ। ਉਬੇਰ ਕੱਪ ਲਈ ਮਹਿਲਾ ਡਬਲਜ਼ ਵਰਗ ਵਿਚ ਜੇਮੇਘਨਾ, ਪੂਰਵਿਸ਼ਾ ਰਾਮ, ਪ੍ਰਾਜਕਤਾ ਸਾਵੰਤ ਅਤੇ ਸੰਗੀਤਾ ਘੋਰਪੜੇ ਹਿੱਸਾ ਲੈਣਗੀਆਂ। ਥਾਮਸ ਕੱਪ ਦੀਆਂ ਟੀਮਾਂ ਲਈ ਚੁਣੇ ਗਏ ਸਾਰੇ ਖਿਡਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਸਿੰਗਲ ਵਰਗ ਵਿਚ ਐੱਚ.ਐੱਸ.ਪ੍ਰਣਯ, ਬੀ. ਸਾਈ ਪ੍ਰਣੀਤ, ਸਮੀਰ ਵਰਮਾ ਅਤੇ ਲਕਸ਼ ਸੇਨ ਸ਼ਾਮਿਲ ਹਨ ਜਦਕਿ ਡਬਲਜ਼ ਵਰਗ ਵਿਚ ਇਸ ਵਾਰ ਲੋਕ ਰਾਮਚੰਦਰਨ-ਐੱਮ.ਆਰ. ਅਰਜੁਨ, ਸੰਯਮ ਸ਼ੁਕਲਾ-ਅਰੁਣ ਜਾਰਜ ਅਤੇ ਮਨੂ ਅਤਰੀ-ਬੀ ਸੁਮਿਤ ਰੇਡੀ ਖੇਡ ਰਹੇ ਹਨ। ਉਬੇਰ ਕੱਪ ਦੀਆਂ ਟੀਮਾਂ ਲਈ ਸਿੰਗਲ ਵਰਗ ਵਿਚ ਸਾਇਨਾ ਨੇਹਵਾਲ, ਵੈਸ਼ਣਨੀ ਜਾਕਾ ਰੇਡੀ, ਕ੍ਰਿਸ਼ਣਾ ਪ੍ਰਿਯਾ, ਅਰੁਣਾ ਪ੍ਰਭੂ ਅਤੇ ਵੈਸ਼ਣਨੀ ਭਾਲੇ ਜਦਕਿ ਡਬਲਜ਼ ਵਰਗ ਵਿਚ ਜੇ. ਮੇਘਨਾ-ਪੂਰਵਿਸ਼ਾ ਰਾਮ, ਪ੍ਰਾਜਕਤਾ ਸਾਵੰਤ-ਸੰਯੋਗਿਤਾ ਘੋਰਪੜੇ ਸ਼ਾਮਿਲ ਹਨ। ਪਿਛਲੇ ਦਿਨੀਂ ਵੱਖ-ਵੱਖ ਮੁਕਾਬਲਿਆਂ ਵਿਚ ਉਤਸ਼ਾਹ ਭਰਪੂਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਇਨ੍ਹਾਂ ਸਾਰੇ ਭਾਰਤੀ ਖਿਡਾਰੀਆਂ ਦੀ ਅਸਲ ਪਰਖ ਇਸੇ ਟੂਰਨਾਮੈਂਟ ਰਾਹੀਂ ਹੋਵੇਗੀ ਅਤੇ ਨਾਲ ਦੀ ਨਾਲ ਪਰਖ ਹੋ ਜਾਵੇਗੀ ਭਾਰਤੀ ਬੈਡਮਿੰਟਨ ਦੇ ਉਤਸ਼ਾਹ ਦੀ ਵੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਨਿਸ਼ਾਨੇਬਾਜ਼ੀ 'ਚ ਭਾਰਤ ਦਾ ਮਾਣ ਬਣੀ ਪੰਜਾਬਣ ਹਿਨਾ ਸਿੱਧੂ

ਸ਼ਾਹੀ ਸ਼ਹਿਰ ਪਟਿਆਲਾ ਦੀ ਜੰਮਪਲ ਹਿਨਾ ਸਿੱਧੂ ਨੇ ਨਿਸ਼ਾਨੇਬਾਜ਼ੀ 'ਚ ਜੋ ਦਿਸਹੱਦੇ ਸਰ ਕੀਤੇ ਹਨ, ਉਹ ਕਿਸੇ ਹੋਰ ਭਾਰਤੀ ਔਰਤ ਨਿਸ਼ਾਨੇਬਾਜ਼ ਦੇ ਹਿੱਸੇ ਨਹੀਂ ਆਏ ਹਨ। ਸ: ਰਾਜਬੀਰ ਸਿੰਘ ਈ.ਟੀ.ਓ. ਅਤੇ ਸ੍ਰੀਮਤੀ ਰਾਮਿੰਦਰ ਕੌਰ ਦੀ ਸਪੁੱਤਰੀ ਹਿਨਾ ਸਿੱਧੂ ਨੇ ਹਾਲ ਹੀ ਵਿਚ ਗੋਲਡਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ 'ਚੋਂ ਸੋਨ ਤੇ ਚਾਂਦੀ ਦਾ 1-1 ਤਗਮਾ ਜਿੱਤ ਕੇ ਇਕ ਵਾਰ ਫਿਰ ਦੇਸ਼ ਦਾ ਨਾਂਅ ਚਮਕਾਇਆ ਹੈ। ਮੁੰਬਈ ਵਾਸੀ ਅਰਜਨ ਐਵਾਰਡੀ ਨਿਸ਼ਾਨੇਬਾਜ਼ ਅਸ਼ੋਕ ਪੰਡਿਤ ਦੇ ਸਪੁੱਤਰ ਰੌਣਕ ਪੰਡਤ ਨਾਲ ਹਿਨਾ ਦਾ 2013 'ਚ ਵਿਆਹ ਹੋਇਆ। ਰੌਣਕ ਵੀ ਕੌਮਾਂਤਰੀ ਖੇਡ ਉਤਸਵਾਂ 'ਚੋਂ ਦੇਸ਼ ਲਈ ਤਗਮੇ ਜਿੱਤ ਚੁੱਕਾ ਹੈ ਅਤੇ ਅੱਜਕਲ੍ਹ ਹਿਨਾ ਦੇ ਕੋਚ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਜਰਮਨੀ 'ਚ ਵਿਸ਼ਵ ਕੱਪ ਖੇਡਣ ਜਾਣ ਤੋਂ ਪਹਿਲਾਂ ਹਿਨਾ ਸਿੱਧੂ ਨਾਲ ਫੋਨ 'ਤੇ ਹੋਈ ਮੁਲਾਕਾਤ 'ਅਜੀਤ' ਦੇ ਪਾਠਕਾਂ ਦੇ ਸਨਮੁੱਖ ਹੈ-
* ਹਾਲ ਹੀ ਵਿਚ ਰਾਸ਼ਟਰਮੰਡਲ ਖੇਡਾਂ 'ਚੋਂ ਜਿੱਤੇ ਦੋ ਤਗਮਿਆਂ ਤੋਂ ਬਾਅਦ ਅਗਲਾ ਨਿਸ਼ਾਨਾ ਕੀ ਹੈ?
-ਰਾਸ਼ਟਰਮੰਡਲ ਖੇਡਾਂ 'ਚੋਂ ਜਿੱਤੇ ਤਗਮਿਆਂ ਨਾਲ ਮੇਰਾ ਉਤਸ਼ਾਹ ਬਹੁਤ ਵਧਿਆ ਹੈ। ਨਿਸ਼ਾਨਾ ਤਾਂ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੀ ਹਾਂ। ਸਿਰਫ ਉਲੰਪਿਕ ਖੇਡਾਂ 'ਚ ਹੀ ਦੇਸ਼ ਲਈ ਤਗਮਾ ਜਿੱਤਣਾ ਹੈ, ਜਿਸ ਲਈ ਮੈਂ ਸਖ਼ਤ ਮਿਹਨਤ ਕਰ ਰਹੀ ਹਾਂ।
* ਤੁਸੀਂ ਆਪਣੇ ਪ੍ਰਦਰਸ਼ਨ ਤੋਂ ਕਿਸ ਹੱਦ ਤੱਕ ਸੰਤੁਸ਼ਟ ਹੋ?
-ਮੈਂ ਆਪਣੇ ਪ੍ਰਦਰਸ਼ਨ 'ਚ ਸਥਿਰਤਾ ਲਿਆਉਣ ਲਈ ਯਤਨਸ਼ੀਲ ਹਾਂ। ਮੇਰੇ ਨਾਲ ਕਈ ਵਾਰ ਹੋ ਚੁੱਕਾ ਹੈ ਕਿ ਇਕ-ਦੋ ਟੂਰਨਾਮੈਂਟਾਂ 'ਚ ਮੇਰੀ ਕਾਰਗੁਜ਼ਾਰੀ ਬਹੁਤ ਚੰਗੀ ਰਹਿੰਦੀ ਹੈ ਅਤੇ ਅਗਲੇ ਟੂਰਨਾਮੈਂਟ 'ਚ ਮੈਂ ਆਪਣੇ ਸਕੋਰਜ਼ ਦਾ ਮਿਆਰ ਕਾਇਮ ਨਹੀਂ ਰੱਖ ਪਾਉਂਦੀ। ਇਸ ਕਮੀ ਨੂੰ ਦੂਰ ਕਰਕੇ ਮੈਂ ਆਪਣੇ ਵਧੀਆ ਪ੍ਰਦਰਸ਼ਨ 'ਚ ਲਗਾਤਾਰਤਾ ਲਿਆਉਣਾ ਚਾਹੁੰਦੀ ਹਾਂ।
* ਇਸ ਤਰ੍ਹਾਂ ਪ੍ਰਦਰਸ਼ਨ 'ਚ ਉਚਾਣ-ਨਿਵਾਣ ਆ ਜਾਣ ਦਾ ਤੁਸੀਂ ਕੀ ਕਾਰਨ ਮੰਨਦੇ ਹੋ?
-ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ 10 ਮੀਟਰ ਏਅਰ ਪਿਸਟਲ ਈਵੈਂਟ ਨਾਲ ਕੀਤੀ ਸੀ। ਫਿਰ 2017 'ਚ ਮੈਂ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ 'ਚ ਵੀ ਹਿੱਸਾ ਲੈਣ ਲੱਗੀ। ਇਸ ਤਰ੍ਹਾਂ ਜਿੱਥੇ ਪਹਿਲਾਂ ਮੈਂ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਟੀਮ ਮੁਕਾਬਲੇ 'ਚ ਹਿੱਸਾ ਲੈਂਦੀ ਸੀ। ਕਿਸੇ ਵੀ ਕੌਮਾਂਤਰੀ ਟੂਰਨਾਮੈਂਟਾਂ 'ਚ ਇਨ੍ਹਾਂ ਦੋਵਾਂ ਈਵੈਂਟਸ 'ਚ ਦੋ-ਤਿੰਨ ਦਿਨ ਆਰਾਮ ਲਈ ਮਿਲ ਜਾਂਦੇ ਸਨ। ਪਰ ਹੁਣ ਮੈਨੂੰ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ 'ਚ ਹਿੱਸਾ ਲੈਣ ਕਰਕੇ, ਪੂਰੇ ਟੂਰਨਾਮੈਂਟ ਦੌਰਾਨ 7-8 ਦਿਨ ਲਗਾਤਾਰ ਮੁਕਾਬਲੇਬਾਜ਼ੀ 'ਚ ਹਿੱਸਾ ਲੈਣਾ ਪੈਂਦਾ ਹੈ, ਜਿਸ ਕਰਕੇ ਅਕੇਵਾਂ ਅਤੇ ਥਕਾਵਟ ਵੀ ਮੇਰੇ ਪ੍ਰਦਰਸ਼ਨ 'ਚ ਕਿਤੇ ਨਾ ਕਿਤੇ ਨਿਵਾਣ ਲਿਆਉਣ 'ਚ ਜ਼ਿੰਮੇਵਾਰ ਬਣਦੇ ਹਨ।
* ਅੱਜਕਲ੍ਹ ਕਿਸ ਟੂਰਨਾਮੈਂਟ ਵੱਲ ਧਿਆਨ ਕੇਂਦਰਿਤ ਹੈ?
-ਜਰਮਨੀ ਦੇ ਸ਼ਹਿਰ ਮਿਊਨਿਖ 'ਚ 22 ਤੋਂ 29 ਮਈ ਤੱਕ ਹੋਣ ਵਾਲੇ ਵਿਸ਼ਵ ਕੱਪ 'ਚ ਤਿਆਰੀ ਲਈ ਮੈਂ ਜਰਮਨੀ ਦੇ ਸ਼ਹਿਰ ਫੌਰਜੀਅਮ 'ਚ ਕਰ ਰਹੀ ਹਾਂ ਅਤੇ ਵਿਸ਼ਵ ਕੱਪ ਤੋਂ ਪਹਿਲਾਂ 13 ਮਈ ਨੂੰ ਅਭਿਆਸ ਮੈਚ ਵੀ ਖੇਡਾਂਗੀ। ਉਮੀਦ ਹੈ ਕਿ ਆਲਮੀ ਕੱਪ 'ਚ ਮੈਂ ਆਪਣਾ ਮਿਆਰ ਕਾਇਮ ਰੱਖਾਂਗੀ ਅਤੇ ਇਕ ਵਾਰ ਫਿਰ ਕੌਮਾਂਤਰੀ ਮੰਚ 'ਤੇ ਤਿਰੰਗਾ ਲਹਿਰਾਵਾਂਗੀ।
* ਪੰਜਾਬ 'ਚ ਨਿਸ਼ਾਨੇਬਾਜ਼ੀ ਨੂੰ ਪ੍ਰਫੁੱਲਤ ਕਰਨ ਲਈ ਕੀ ਸੁਝਾਅ ਦੇਵੋਗੇ?
-ਪੰਜਾਬ ਦੇ ਬਹੁਤ ਸਾਰੇ ਨਵੇਂ ਨਿਸ਼ਾਨੇਬਾਜ਼ ਅੱਗੇ ਆ ਰਹੇ ਹਨ। ਇਨ੍ਹਾਂ ਨੂੰ ਸੰਭਾਲਣ ਲਈ ਮਿਆਰੀ ਕੋਚਿੰਗ ਅਤੇ ਸਹੂਲਤਾਂ ਦੇਣ ਦੀ ਲੋੜ ਹੈ। ਕੌਮਾਂਤਰੀ ਖੇਡ ਮੰਚ 'ਤੇ ਪਿਛਲੇ ਕੁਝ ਸਾਲਾਂ ਦੌਰਾਨ ਨਿਸ਼ਾਨੇਬਾਜ਼ਾਂ ਨੇ ਹੀ ਕੌਮਾਂਤਰੀ ਮੰਚ 'ਤੇ ਪੰਜਾਬੀਆਂ ਵਲੋਂ ਸਭ ਤੋਂ ਵਧੇਰੇ ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਹਰਿਆਣਾ ਵਾਂਗ ਜੇਤੂ ਖਿਡਾਰੀਆਂ ਨੂੰ ਸਮੇਂ ਸਿਰ ਨਕਦ ਇਨਾਮ ਦਿੱਤੇ ਜਾਣ ਅਤੇ ਇਹ ਹਰਿਆਣਾ ਦੀ ਤਰਜ਼ 'ਤੇ ਦਿੱਤੇ ਜਾਣ। ਵੈਸੇ ਜ਼ਰੂਰਤ ਹੈ ਦੇਸ਼ ਦੇ ਸਾਰੇ ਰਾਜਾਂ 'ਚ ਨਕਦ ਇਨਾਮਾਂ 'ਚ ਇਕਸਾਰਤਾ ਲਿਆਂਦੀ ਜਾਵੇ, ਜਿਸ ਨਾਲ ਖਿਡਾਰੀਆਂ ਦਾ ਉਤਸ਼ਾਹ ਵਧੇਗਾ।


-ਪਟਿਆਲਾ। ਮੋਬਾ: 97795-90575

ਭਾਰਤ ਨੇ ਵਿਸ਼ਵ 'ਚ ਖੇਡ ਮਹਾਂਸ਼ਕਤੀ ਬਣਨ ਲਈ ਵਿਸ਼ੇਸ਼ ਵਿਉਂਤਬੰਦੀ ਕੀਤੀ

ਕਿਸੇ ਵੇਲੇ ਦੇਸ਼ ਵਿਚ ਖੇਡਾਂ ਦੀ ਆਮ ਕਹਾਵਤ ਪ੍ਰਚੱਲਤ ਸੀ ਕਿ 'ਪੜ੍ਹੋਗੇ ਲਿਖੋਗੇ ਬਣੋਗੇ ਨਵਾਬ ਤੇ ਖੇਲੋਗੇ ਕੁੱਦੋਗੇ ਹੋਵੋਗੇ ਖਰਾਬ', ਪਰ ਅੱਜ ਦੇਸ਼ ਵਿਚ ਇਸ ਕਹਾਵਤ ਨੂੰ ਖਿਡਾਰੀਆਂ ਨੇ ਗ਼ਲਤ ਸਿੱਧ ਕਰ ਦਿੱਤਾ ਹੈ ਤੇ ਹੁਣ ਦੇਸ਼ ਵਿਚ ਇਹ ਨਾਅਰਾ ਖੇਡ ਖੇਤਰ ਵਿਚ ਗੂੰਜ ਰਿਹਾ ਰਿਹਾ ਕਿ 'ਖੇਲੋਗੇ ਕੁੱਦੋਗੇ ਬਣੋਗੇ ਲਾਜਵਾਬ' ਤੇ ਭਾਰਤ ਨੂੰ ਵਿਸ਼ਵ ਵਿਚ ਖੇਡ ਮਹਾਂਸ਼ਕਤੀ ਬਣਾਉਣ ਲਈ 2024 ਤੇ 2028 ਦੀਆਂ ਉਲੰਪਿਕ ਖੇਡਾਂ 'ਚ 20 ਤੋਂ 30 ਤਗਮੇ ਜਿੱਤਣ ਦਾ ਨਿਸ਼ਾਨਾ ਰੱਖਿਆ ਗਿਆ ਤੇ ਭਾਰਤ ਇਸ ਦਿਸ਼ਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਹ ਜਾਣਕਾਰੀ ਭਾਰਤ ਸਰਕਾਰ ਦੇ ਖੇਡ ਸਕੱਤਰ ਰਾਹੁਲ ਭਟਨਾਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਖੇਡ ਸੱਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ ਤੇ ਜੋ ਅੱਜ ਸਾਡੇ ਦੇਸ਼ ਦੇ ਖਿਡਾਰੀਆਂ ਦੇ ਰਾਸ਼ਟਰਮੰਡਲ ਖੇਡਾਂ ਵਿਚੋਂ ਤਗਮੇ ਆਏ ਹਨ, ਇਨ੍ਹਾਂ ਦੇ ਮਾਪਿਆਂ ਨੂੰ ਸਲਾਮ ਕਰਨਾ ਬਣਦਾ ਹੈ। ਭਾਰਤ ਸਰਕਾਰ ਜਨਵਰੀ, 2019 ਵਿਚ ਖੇਲੋ ਇੰਡੀਆ ਸਕੂਲ ਗੇਮਜ਼ ਤੇ ਯੂਨੀਵਰਸਿਟੀ ਗੇਮਜ਼ ਕਰਵਾਉਣ ਜਾ ਰਹੀ ਹੈ ਤੇ ਇਸ ਵਿਚ ਟੇਲੈਂਟ ਦੀ ਚੋਣ ਕੀਤੀ ਜਾਵੇਗੀ ਤੇ ਚੁਣੇ ਗਏ ਖਿਡਾਰੀਆਂ ਨੂੰ 5 ਲੱਖ ਦੀ ਸਕਾਲਸ਼ਿੱਪ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਸੈਂਟਰ ਆਫ ਐਕਸੀਲੈਂਸ ਵਿਚ ਦਾਖਲ ਕੀਤਾ ਜਾਵੇਗਾ। ਰਾਹੁਲ ਭਟਨਾਗਰ ਨੇ ਦੱਸਿਆ ਕਿ ਹੁਣ ਭਾਰਤ ਸਰਕਾਰ ਵਲੋਂ ਨਵੋਦਿਆ ਵਿਦਿਆਲਿਆਂ ਤੇ ਕੇਂਦਰੀ ਵਿਦਿਆਲਿਆਂ ਵਿਚ ਖੇਡ ਸੈਂਟਰ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ ਤੇ ਹਰ ਸਾਲ 6ਵੀਂ ਕਲਾਸ ਵਿਚੋਂ 25 ਖਿਡਾਰੀ ਭਰਤੀ ਕੀਤੇ ਜਾਣਗੇ ਤੇ 12ਵੀਂ ਕਲਾਸ ਤੱਕ 200 ਦੇ ਕਰੀਬ ਇਕ ਸਕੂਲ ਵਿਚ ਖਿਡਾਰੀ ਤਿਆਰ ਕੀਤੇ ਜਾਣਗੇ।
ਭਟਨਾਗਰ ਨੇ ਦੱਸਿਆ ਕਿ ਅਸੀਂ ਹੁਣ ਖੇਡ ਸਟੇਡੀਅਮਾਂ 'ਤੇ ਖਰਚਾ ਘਟਾਉਣ ਜਾ ਰਹੇ ਹਾਂ ਤੇ ਸਾਡਾ ਨਿਸ਼ਾਨਾ ਹੁਣ ਦੇਸ਼ ਵਿਚ ਵੱਧ ਤੋਂ ਵੱਧ ਖੇਡ ਮੈਦਾਨ ਸਥਾਪਿਤ ਕਰਨ ਦਾ ਹੈ। ਉਨ੍ਹਾਂ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ, 'ਇਸ 'ਤੇ 11 ਹਜ਼ਾਰ ਕਰੋੜ ਰੁਪਏ ਖਰਚ ਹੋਏ ਹਨ ਤੇ ਖੇਡਣ ਲਈ ਸਿਰਫ 5 ਫੀਸਦੀ ਹੀ ਵਰਤੋਂ ਵਿਚ ਆਉਂਦਾ ਹੈ ਤੇ ਬਾਕੀ ਦਾ ਖਰਚਾ ਸਾਂਭ-ਸੰਭਾਲ 'ਤੇ ਆਉਂਦਾ ਹੈ। ਇਸ ਲਈ ਅਸੀਂ ਹੁਣ ਨੀਤੀ ਬਦਲ ਕੇ ਫੈਸਲਾ ਕੀਤਾ ਹੈ ਕਿ ਵੱਧ ਤੋਂ ਵੱਧ ਖੇਡ ਮੈਦਾਨ ਦੇਸ਼ ਵਿਚ ਬਣਾਏ ਜਾਣ ਤੇ ਖਿਡਾਰੀ ਵੱਧ ਇਸ ਦਾ ਲਾਭ ਲੈ ਸਕਣ। ਸੀ.ਬੀ.ਐਸ.ਈ. ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੁਣ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦਾ ਵਿਸ਼ਾ ਲਾਜ਼ਮੀ ਬਣਾ ਦਿੱਤਾ ਗਿਆ ਹੈ ਤੇ 70 ਨੰਬਰ ਪ੍ਰੈਕਟੀਕਲ ਤੇ 30 ਨੰਬਰ ਥਿਊਰੀ ਦੇ ਰੱਖੇ ਗਏ ਹਨ, ਤਾਂ ਜੋ ਸਕੂਲਾਂ ਦੇ ਵਿਦਿਆਰਥੀ ਖੇਡਾਂ ਵੱਲ ਆਕਰਸ਼ਤ ਹੋਣ।
ਇਸ ਤੋਂ ਇਲਾਵਾ ਦੇਸ਼ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਨਵੀਨਤਵ ਢੰਗਾਂ ਦੀ ਸਿਖਲਾਈ ਦੇਣ ਲਈ ਗੁਹਾਟੀ ਤੇ ਗਵਾਲੀਆਰ ਵਿਖੇ 100 ਤੋਂ 200 ਅਧਿਆਪਕਾਂ ਦੀ ਬੈਚ ਵਾਈਜ਼ ਸਿਖਲਾਈ ਦਿੱਤੀ ਜਾ ਰਹੀ ਹੈ ਤੇ ਇਸ ਸਿਖਲਾਈ ਤੋਂ ਬਾਅਦ ਉਹ ਸਕੂਲਾਂ ਵਿਚ ਕੋਚ ਦੇ ਰੂਪ ਵਿਚ ਕੰਮ ਕਰਨਗੇ। ਇਸ ਦੇ ਨਾਲ ਹੀ ਦੇਸ਼ ਵਿਚ ਕੋਚਾਂ ਦੀ ਦਰਜਾਬੰਦੀ ਵੀ ਕੀਤੀ ਗਈ ਹੈ ਤੇ ਪਹਿਲੇ ਬੇਸਕ ਕੋਚ ਜੋ ਪ੍ਰਾਇਮਰੀ ਪੱਧਰ 'ਤੇ ਖਿਡਾਰੀਆਂ ਨੂੰ ਸਿਖਲਾਈ ਦੇਣਗੇ ਤੇ ਫਿਰ ਇਸ ਤੋਂ ਉਪਰ ਹਾਈ ਸਕੂਲ ਤੇ ਕਾਲਜ ਦੇ ਖਿਡਾਰੀਆਂ ਨੂੰ ਸਿਖਲਾਈ ਦੇਣਗੇ ਤੇ ਤੀਜੇ ਦਰਜੇ ਵਿਚ ਕੌਮਾਂਤਰੀ ਪੱਧਰ 'ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਰੱਖਿਆ ਜਾਵੇਗਾ ਤੇ ਇਸ ਵਿਚ ਵਿਦੇਸ਼ੀ ਕੋਚ ਵੀ ਦੇਸ਼ ਦੇ ਖਿਡਾਰੀਆਂ ਨੂੰ ਸਿਖਲਾਈ ਦੇਣਗੇ। ਖੇਡ ਸਕੱਤਰ ਰਾਹੁਲ ਭਟਨਾਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੇਡ ਖੇਤਰ ਦੀਆਂ ਪ੍ਰਾਪਤੀਆਂ ਦੀ ਤਾਰੀਫ਼ ਵੀ ਕੀਤੀ ਤੇ ਇਸ ਮੌਕੇ 'ਤੇ ਉਨ੍ਹਾਂ ਯੂਨੀਵਰਸਿਟੀ ਦੇ ਤੈਰਾਕੀ ਪੂਲ, ਜਿਮਨੇਜ਼ੀਅਮ ਹਾਲ, ਸ਼ੂਟਿੰਗ ਰੇਂਜ ਤੇ ਹਾਕੀ ਐਸਟਰੋਟਰਫ ਮੈਦਾਨ ਦਾ ਨਿਰੀਖਣ ਵੀ ਕੀਤਾ ਤੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਜੀ.ਐਨ.ਡੀ.ਯੂ. ਦੇ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਨੇ ਵੀ ਯੂਨੀਵਰਸਿਟੀ ਦੇ ਤੈਰਾਕੀ ਪੂਲ ਨੂੰ ਸਾਰੇ ਮੌਸਮ ਵਿਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ, ਅਥਲੈਟਿਕਸ ਦਾ ਸਿੰਥੈਟਿਕਸ ਟਰੈਕ ਬਣਾਉਣ ਤੇ ਸ਼ੂਟਿੰਗ ਰੇਂਜ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਤੇ ਯੂਨੀਵਰਸਿਟੀ ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਖੇਡ ਸੈਂਟਰ ਸਥਾਪਿਤ ਕਰਨ ਦੀ ਮੰਗ ਕੀਤੀ। ਇਸ ਮੌਕੇ 'ਤੇ ਸਾਈ ਨਾਰਥ ਸੈਂਟਰ ਦੀ ਡਾਇਰੈਕਟਰ ਲਲਿਤਾ ਸ਼ਰਮਾ ਤੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਦੇ ਡਾ: ਗੁਰਦੀਪ ਸਿੰਘ ਨੇ ਵੀ ਯੂਨਵਰਸਿਟੀ ਨੂੰ ਖੇਡਾਂ ਦੇ ਖੇਤਰ ਵਿਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ 'ਤੇ ਜੀ.ਐਨ.ਡੀ.ਯੂ. ਦੇ ਡਾਇਰੈਕਟਰ ਸਪੋਰਟਸ ਡਾ: ਸੁਖਦੇਵ ਸਿੰਘ ਤੇ ਸਹਾਇਕ ਡਾਇਰੈਕਟਰ ਸਪੋਰਟਸ ਡਾ: ਕੰਵਰ ਮਨਦੀਪ ਸਿੰਘ ਢਿੱਲੋਂ (ਜਿੰਮੀ) ਵਲੋਂ ਖੇਡਾਂ ਨੂੰ ਉਤਸ਼ਹਿਤ ਕਰਨ ਦੇ ਉਪਰਾਲਿਆਂ ਦੀ ਤਾਰੀਫ ਵੀ ਕੀਤੀ ਗਈ। ਭਾਰਤ ਸਰਕਾਰ ਦੇ ਖੇਡ ਸਕੱਤਰ ਨੇ ਪੰਜਾਬ ਦੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਕਿਹਾ ਕਿ ਕੇਂਦਰੀ ਖੇਡ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਵੋ ਤੇ ਪੰਜਾਬ ਨੂੰ ਖੇਡ ਖੇਤਰ ਵਿਚ ਸਿਰਮੌਰ ਸੂਬਾ ਬਣਾਓ ਤਾਂ ਜੋ ਦੇਸ਼ ਕੌਮਾਂਤਰੀ ਪੱਧਰ 'ਤੇ ਆਪਣਾ ਖੇਡ ਟੀਚਾ ਪੂਰਾ ਕਰ ਸਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਵੀ ਇਸ ਕੰਮ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ ਤੇ ਉਹ ਦੇਸ਼ ਦੀਆਂ ਖੇਡਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ।


-ਮੋਬਾ: 98729-78781.

ਪੈਰਾ ਪਾਵਰ ਲਿਫਟਰ ਮੁਹੰਮਦ ਨਦੀਮ ਮਲੇਰਕੋਟਲਾ

ਹਾਅ ਦਾ ਨਾਅਰਾ ਦੇ ਨਾਂਅ ਨਾਲ ਵਿਸ਼ਵ ਪ੍ਰਸਿੱਧ ਪੰਜਾਬ ਦੇ ਇਤਿਹਾਸਕ ਸ਼ਹਿਰ ਮਲੇਰਕੋਟਲਾ ਦਾ ਪੈਰਾ ਪਾਵਰ ਲਿਫਟਿੰਗ ਦਾ ਅਪਾਹਜ ਖਿਡਾਰੀ ਹੈ ਮੁਹੰਮਦ ਨਦੀਮ, ਜੋ ਆਪਣੀ ਖੇਡ ਸਦਕਾ ਪੰਜਾਬ, ਕੌਮੀ ਅਤੇ ਵਿਸ਼ਵ ਪੱਧਰ 'ਤੇ ਦਰਜਨਾਂ ਤਗਮੇ ਜਿੱਤ ਕੇ ਆਪਣੀ ਸ਼ਾਨਦਾਰ ਖੇਡ ਸਦਕਾ ਭਾਰਤ ਦਾ ਨਾਂਅ ਵਿਸ਼ਵ ਪੱਧਰ 'ਤੇ ਚਮਕਾ ਰਿਹਾ ਹੈ। ਮੁਹੰਮਦ ਨਦੀਮ ਦਾ ਜਨਮ ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਵਿਖੇ ਪਿਤਾ ਮਰਹੂਮ ਮੁਹੰਮਦ ਯਾਸੀਨ ਦੇ ਘਰ ਮਾਤਾ ਰਸ਼ੀਦਾਂ ਦੀ ਕੁੱਖੋਂ 5 ਜੂਨ, 1986 ਨੂੰ ਹੋਇਆ। ਮੁਹੰਮਦ ਨਦੀਮ ਜਨਮ ਤੋਂ ਹੀ ਅਪਾਹਜ ਹੈ। ਉਸ ਦੀਆਂ ਦੋਵੇਂ ਲੱਤਾਂ ਛੋਟੀਆਂ ਅਤੇ ਹੇਠਲੇ ਪੈਰ ਵੀ ਜੁੜੇ ਹੋਏ ਸਨ। ਸਕੂਲ ਸਮੇਂ ਤੋਂ ਹੀ ਮੁਹੰਮਦ ਨਦੀਮ ਨੂੰ ਖੇਡਾਂ ਦਾ ਸ਼ੌਕ ਜਾਗਿਆ ਅਤੇ ਆਪਣੇ ਸਾਥੀ ਖਿਡਾਰੀਆਂ ਨਾਲ ਖੇਡਾਂ ਖੇਡਣ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। ਭਾਵੇਂ ਨਦੀਮ ਦੀਆਂ ਦੋਵੇਂ ਲੱਤਾਂ ਛੋਟੀਆਂ ਸਨ ਪਰ ਤਕੜੇ ਜੁੱਸੇ ਦਾ ਹੋਣ ਕਰਕੇ ਉਸ ਨੇ ਪੈਰਾ ਲਿਫਟਰ ਲਿਫਟਿੰਗ (ਭਾਰ ਤੋਲਕ ਖੇਡ) ਵਿਚ ਜ਼ੋਰ-ਅਜ਼ਮਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਸੰਨ 2003 ਵਿਚ ਜਿੰਮ ਵਿਚ ਦਾਖਲਾ ਲੈ ਲਿਆ ਅਤੇ ਪੈਰਾ ਪਾਵਰ ਲਿਫ਼ਟਿੰਗ ਦੇ ਮੁਕਾਬਲਿਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ। ਜੇਕਰ ਮੁਹੰਮਦ ਨਦੀਮ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਨੈਸ਼ਨਲ ਪੱਧਰ ਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿਚ 7 ਸੋਨ ਤਗਮੇ, ਪੰਜਾਬ ਪੱਧਰ ਦੇ ਮੁਕਾਬਲਿਆਂ ਵਿਚ 15 ਵਾਰ ਚੋਟੀ ਦੇ ਸਥਾਨ 'ਤੇ ਰਹਿੰਦਿਆਂ ਮਾਣ ਹਾਸਲ ਕਰ ਚੁੱਕਾ ਹੈ। ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਹੋਰ ਵੀ ਕਈ ਜਿੱਤਾਂ ਦਰਜ ਕਰਕੇ ਪੰਜਾਬ ਦਾ ਨਾਂਅ ਚਮਕਾ ਚੁੱਕਾ ਹੈ। ਸੰਨ 2013 ਵਿਚ ਸ਼ਹਿਰ (ਪੂਨੇ) ਮਹਾਂਰਾਸ਼ਟਰ ਵਿਖੇ ਹੋਈਆਂ ਨੈਸ਼ਨਲ ਪੈਰਾ ਖੇਡਾਂ ਵਿਚ ਭਾਗ ਲੈਂਦਿਆਂ ਚਾਂਦੀ ਦਾ ਤਗਮਾ, ਸੰਨ 2015 ਵਿਚ ਹੀ ਨਵੀਂ ਦਿੱਲੀ ਵਿਖੇ ਹੋਈਆਂ ਪੈਰਾ ਖੇਡਾਂ ਵਿਚ ਚਾਂਦੀ ਦੇ ਤਗਮੇ ਜਿੱਤ ਆਪਣੀ ਖੇਡ ਦਾ ਲੋਹਾ ਮਨਵਾਇਆ। 2015 ਵਿਚ ਹੀ ਹਰਿਆਣਾ ਵਿਖੇ ਹੋਈਆਂ ਪੈਰਾ ਨੈਸ਼ਨਲ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਜਿੱਤ ਦਾ ਡੰਕਾ ਵਜਾਇਆ। 2017 ਵਿਚ ਸ਼ਹਿਰ ਵਾਸਿਮ ਮਹਾਰਾਸ਼ਟਰ ਵਿਖੇ ਹੋਈਆਂ ਨੈਸ਼ਨਲ ਪੈਰਾ ਖੇਡਾਂ ਵਿਚ 2 ਸੋਨ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਵਾਸਿਮ ਸ਼ਹਿਰ ਵਿਖੇ ਹੋਈਆਂ ਪੈਰਾ ਲਿਫਟਿੰਗ ਨੈਸ਼ਨਲ ਖੇਡਾਂ ਵਿਚ 2 ਸੋਨ ਤਗਮੇ ਜਿੱਤਣ ਉਪਰੰਤ ਉਸ ਦੀ ਚੋਣ ਵਿਸ਼ਵ ਪੱਧਰ 'ਤੇ ਖੇਡਣ ਲਈ ਹੋਈ ਅਤੇ ਭਾਰਤੀ ਖੇਡ ਦਲ ਦਾ ਹਿੱਸਾ ਬਣਿਆ। 6ਵੀਂ ਪੈਰਾ ਅੰਤਰਰਾਸ਼ਟਰੀ ਏਸ਼ੀਅਨ ਸਟ੍ਰੈਂਥ ਲਿਫ਼ਟਿੰਗ ਐਂਡ ਇੰਕਲਾਈਨ ਬੈਂਚ ਪ੍ਰੈੱਸ ਚੈਂਪੀਅਨਸ਼ਿਪ 2018 ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਖੇ ਹੋਈ ਜਨਰਲ ਵਰਗ ਵਿਚ ਖੇਡਦਿਆਂ ਸ੍ਰੀਲੰਕਾ ਦੇ ਖਿਡਾਰੀ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ ਅਤੇ ਇੰਡੋਨੇਸ਼ੀਆ ਵਿਖੇ ਹੀ ਹੈਂਡੀਕੈਪਡ ਵਰਗ ਦੇ ਹੋਏ ਭਾਰ ਤੋਲਕ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਾ ਵਿਖਾਵਾ ਕਰਦਿਆਂ ਇੰਡੋਨੇਸ਼ੀਆ ਦੇ ਖਿਡਾਰੀ ਨੂੰ ਪਛਾੜ ਕੇ ਇਕ ਹੋਰ ਸੋਨ ਤਗਮਾ ਆਪਣੇ ਦੇਸ਼ ਦੇ ਨਾਂਅ ਕੀਤਾ ਅਤੇ ਆਪਣੀ ਖੇਡ ਦੇ ਜੇਤੂ ਰੱਥ ਦੀ ਸਰਦਾਰੀ ਕਾਇਮ ਰੱਖੀ। ਆਪਣੇ ਦੇਸ਼ ਤੇ ਤਿਰੰਗੇ ਦਾ ਵਿਸ਼ਵ ਭਰ ਵਿਚ ਨਾਂਅ ਰੌਸ਼ਨ ਕਰਕੇ 2 ਸੋਨ ਤਗਮੇ ਜਿੱਤ ਕੇ ਦੇਸ਼ ਦੀ ਝੋਲੀ ਪਾਏ। ਨਦੀਮ ਦਾ ਅਗਲਾ ਨਿਸ਼ਾਨਾ ਵਿਸ਼ਵ ਚੈਂਪੀਅਨਸ਼ਿਪ ਤੇ ਪੈਰਾ ਉਲੰਪਿਕ ਚੈਂਪੀਅਨਸ਼ਿਪ ਜਿੱਤਣਾ ਹੈ, ਜੋ ਕਿ 2020 ਵਿਚ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋਵੇਗੀ।


-ਮੁਹੰਮਦ ਹਨੀਫ਼ ਥਿੰਦ,
ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ। ਮੋਬਾ: 95927-54907

ਅੰਤਰਰਾਸ਼ਟਰੀ ਖਿਡਾਰੀ ਸਾਬਤ ਹੋਵੇਗਾ ਹਰਿਆਣਾ ਦਾ ਪ੍ਰਦੀਪ ਢਿੱਲੋਂ

ਪ੍ਰਦੀਪ ਢਿੱਲੋਂ ਉੁਹ ਨੌਜਵਾਨ ਖਿਡਾਰੀ ਹੈ, ਜਿਸ ਨੇ ਅਪਾਹਜ ਹੁੰਦਿਆਂ ਵੀ ਆਪਣੀ ਖੇਡ ਕਲਾ ਨਾਲ ਹਰਿਆਣਾ ਪ੍ਰਾਂਤ ਦਾ ਨਾਂਅ ਉੱਚਾ ਕੀਤਾ ਹੈ ਅਤੇ ਬਿਨਾਂ ਸ਼ੱਕ ਪ੍ਰਦੀਪ ਢਿੱਲੋਂ ਆਉਣ ਵਾਲੇ ਦਿਨਾਂ ਵਿਚ ਹਰਿਆਣਾ ਦਾ ਹੀ ਖਿਡਾਰੀ ਨਹੀਂ ਹੋਵੇਗਾ, ਸਗੋਂ ਪੂਰਾ ਦੇਸ਼ ਉਸ 'ਤੇ ਮਾਣ ਕਰੇਗਾ। ਇਸੇ ਕਰਕੇ ਤਾਂ ਉਹ ਆਪਣੇ ਬਹੁਤ ਹੀ ਮਿਹਨਤੀ ਕੋਚ ਸੁੰਦਰ ਸਿੰਘ ਦੀ ਰਹਿਨੁਮਾਈ ਹੇਠ ਲਗਾਤਾਰ ਮਿਹਨਤ ਕਰ ਰਿਹਾ ਹੈ। ਪ੍ਰਦੀਪ ਢਿੱਲੋਂ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਫਤਿਆਬਾਦ ਦੀ ਤਹਿਸੀਲ ਬੁੱਨਾ ਦੇ ਪਿੰਡ ਨੇਹਲਾ ਵਿਚ ਪਿਤਾ ਰਾਮ ਚੰਦਰ ਦੇ ਘਰ ਮਾਤਾ ਸੰਤੋਸ਼ ਦੇਵੀ ਦੀ ਕੁੱਖੋਂ ਹੋਇਆ। ਪ੍ਰਦੀਪ ਨੇ ਬਚਪਨ ਵਿਚ ਹੀ ਪੈਰ ਧਰਿਆ ਸੀ ਕਿ ਉਹ ਪੋਲੀਓ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਉਹ ਖੱਬੀ ਲੱਤ ਤੋਂ ਲੰਗੜਾਅ ਕੇ ਤੁਰਦਾ ਹੈ ਪਰ ਉਸ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਹਿੰਮਤ ਅਤੇ ਹੌਸਲੇ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਅਪਣਾਇਆ ਅਤੇ ਅੱਜ ਉਹ ਲੰਮੀ ਛਾਲ ਦਾ ਮੰਨਿਆ ਹੋਇਆ ਖਿਡਾਰੀ ਹੈ। ਪ੍ਰਦੀਪ ਨੇ ਆਪਣੀ ਪਿੰਡ ਦੇ ਖੇਡ ਮੈਦਾਨ ਤੋਂ ਲੰਮੀ ਛਾਲ ਦੇ ਖਿਡਾਰੀ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਬੋਧੀਆ ਖੇੜਾ ਸਟੇਡੀਅਮ ਵਿਚ ਆਪਣੇ ਅੰਤਰਰਾਸ਼ਟਰੀ ਮੁਕਾਮ ਨੂੰ ਹਾਸਲ ਕਰਨ ਲਈ ਦਿਨ-ਰਾਤ ਇਕ ਕਰ ਰਿਹਾ ਹੈ।
ਪ੍ਰਦੀਪ ਢਿੱਲੋਂ ਦੀਆਂ ਜੇਕਰ ਹੁਣ ਤੱਕ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸਾਲ 2015 ਵਿਚ ਉਸ ਨੇ ਪਹਿਲੀ ਵਾਰ ਗਾਜ਼ੀਆਬਾਦ ਵਿਖੇ ਹੋਈ 15ਵੀਂ ਸੀਨੀਅਰ ਪੈਰਾ ਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਸਾਲ 2016 ਵਿਚ 16ਵੀਂ ਸੀਨੀਅਰ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਜੋ ਪੰਚਕੂਲਾ ਵਿਖੇ ਹੋਈ, ਵਿਚ 100 ਮੀਟਰ ਲੌਂਗ ਜੰਪ ਵਿਚ ਸੋਨ ਤਗਮਾ ਜਿੱਤਿਆ। ਸਾਲ 2017 ਵਿਚ ਜੈਪੁਰ ਵਿਚ ਹੋਈ 17ਵੀਂ ਸੀਨੀਅਰ ਪੈਰਾ ਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ ਵਿਚ 400 ਅਤੇ 100 ਮੀਟਰ ਲੌਂਗ ਜੰਪ ਵਿਚ ਸੋਨ ਤਗਮਾ ਅਤੇ ਇਕ ਚਾਂਦੀ ਦਾ ਤਗਮਾ ਹਾਸਲ ਕੀਤਾ। ਸਾਲ 2018 ਵਿਚ 18ਵੀਂ ਸੀਨੀਅਰ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਜੋ ਪੰਚਕੂਲਾ ਵਿਖੇ ਹੋਈ, ਵਿਚ ਖੇਡਦਿਆਂ 400 ਮੀਟਰ ਅਤੇ 100 ਮੀਟਰ ਵਿਚ ਸੋਨ ਤਗਮਾ ਅਤੇ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਪ੍ਰਾਂਤ ਦਾ ਮਾਣ ਨਾਲ ਸਿਰ ਉੱਚਾ ਕੀਤਾ। ਦੁਬਈ ਵਿਖੇ ਹੋਈ ਫਾਜਾ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਵੀ ਲੌਂਗ ਜੰਪ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਪ੍ਰਦੀਪ ਢਿੱਲੋਂ ਦੁਬਈ ਵਿਖੇ ਹੋਣ ਵਾਲੀਆਂ ਏਸ਼ੀਅਨ ਪੈਰਾ ਖੇਡਾਂ ਲਈ ਵੀ ਚੁਣਿਆ ਗਿਆ ਹੈ। ਪ੍ਰਦੀਪ ਆਖਦਾ ਹੈ ਕਿ, 'ਨਾ ਥਕੇ ਕਭੀ ਪੈਰ ਨਾ ਕਭੀ ਹਿੰਮਤ ਹਾਰੀ ਹੈ, ਜਜ਼ਬਾ ਹੈ ਜਿੰਦਗੀ ਮੇਂ ਪ੍ਰੀਵਰਤਨ ਕਾ, ਇਸੀ ਲੀਏ ਸਫ਼ਰ ਜਾਰੀ ਹੈ।'


-ਮੋਬਾ: 98551-14484

ਦੇਸ਼ ਦੀ ਇੱਜ਼ਤ ਅਤੇ ਸਨਮਾਨ ਲਈ ਖੇਡਣ ਖਿਡਾਰੀ

ਕੋਈ ਵੀ ਖਿਡਾਰਨ ਜਾਂ ਖਿਡਾਰੀ ਜਦੋਂ ਖੇਡ ਜਗਤ 'ਚ ਜੱਦੋ-ਜਹਿਦ ਕਰ ਰਿਹਾ ਹੁੰਦਾ ਹੈ, ਮਨ 'ਚ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਇਕ ਦਿਨ ਉਹ ਦੇਸ਼ ਦੀ ਕੌਮੀ ਖੇਡ 'ਚ ਆਪਣੀ ਸ਼ਮੂਲੀਅਤ ਬਣਾਵੇ, ਮੀਡੀਆ 'ਚ ਉਸ ਦੀ ਚਰਚਾ ਛਿੜੇ ਕਿ ਉਹ ਭਾਰਤ ਦੀ ਟੀਮ 'ਚ ਆਪਣੀ ਥਾਂ ਬਣਾ ਕੇ ਇਕ ਵੱਡੀ ਪ੍ਰਾਪਤੀ ਕਰ ਚੁੱਕਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਠੀਕ ਹੈ ਕਿ ਰਾਸ਼ਟਰੀ ਟੀਮ 'ਚ ਕਿਸੇ ਲੰਮੇ ਸੰਘਰਸ਼ ਤੋਂ ਬਾਅਦ ਪਹੁੰਚਣਾ ਉਸ ਖੇਡ ਹਸਤੀ ਦੀ ਅਹਿਮ ਪ੍ਰਾਪਤੀ ਹੈ। ਪਰ ਉਸ ਨੂੰ ਇਹ ਵੀ ਯਾਦ ਆਉਣਾ ਚਾਹੀਦਾ ਹੈ ਕਿ ਖੇਡ ਇਕ ਸਿਹਤਮੰਦ ਮਾਧਿਅਮ ਹੈ ਰਾਸ਼ਟਰ ਪ੍ਰੇਮ ਦੇ ਸੰਚਾਰ ਦਾ, ਦੇਸ਼ ਭਗਤੀ ਦੇ ਇਜ਼ਹਾਰ ਦਾ। ਆਪਣੇ-ਆਪ ਲਈ ਬਥੇਰੀਆਂ ਜਗ੍ਹਾ ਉਸ ਨੇ ਲੜੀਆਂ ਹੁੰਦੀਆਂ ਹਨ ਪਰ ਦੇਸ਼ ਲਈ, ਵਤਨ ਦੀ ਖਾਤਰ ਉਸ ਦੀ ਖੇਡ ਸ਼ਖ਼ਸੀਅਤ ਦੀ ਅਸਲੀ ਜੰਗ ਤਾਂ ਉਦੋਂ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਖਿਡਾਰਨ ਜਾਂ ਖਿਡਾਰੀ ਦੇਸ਼ ਦੀ ਕੌਮੀ ਟੀਮ 'ਚ ਪ੍ਰਵੇਸ਼ ਕਰਦੈ। 'ਇੰਡੀਆ' ਸ਼ਬਦ ਨਾਲ ਸਜੀ ਹੋਈ ਕਿੱਟ ਤਾਂ ਉਹ ਪਾਉਂਦੈ ਪਰ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਉਸ 'ਚ ਨਹੀਂ ਹੁੰਦਾ।
ਜਨਾਬ! ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਲਈ ਉਸ ਖੇਡ ਹਸਤੀ ਨੂੰ ਬਚਪਨ ਤੋਂ ਤਿਆਰ ਕਰਨ ਦੀ ਲੋੜ ਹੈ। ਆਪਣੇ ਪ੍ਰਾਇਮਰੀ ਸਕੂਲ ਦੀ ਇੱਜ਼ਤ ਤੇ ਸਨਮਾਨ ਲਈ ਖੇਡਣ ਤੋਂ ਲੈ ਕੇ ਕਾਲਜ, ਯੂਨੀਵਰਸਿਟੀ, ਖੇਡ ਅਕੈਡਮੀ, ਖੇਡ ਕਲੱਬ ਦੇ ਵੱਕਾਰ ਲਈ ਜੂਝਣ ਦਾ ਜਜ਼ਬਾ ਉਸ 'ਚ ਪੈਦਾ ਕਰਨ ਦੀ ਲੋੜ ਹੈ। ਰਾਸ਼ਟਰ ਭਾਵਨਾ, ਕੌਮੀ ਅਣਖ ਦਾ ਜਜ਼ਬਾ ਅਤੇ ਅਹਿਸਾਸ ਰਾਤੋ-ਰਾਤ ਪੈਦਾ ਹੋਣ ਵਾਲੀ ਚੀਜ਼ ਨਹੀਂ ਹੈ। ਇਸ ਪਾਸੇ ਪ੍ਰੇਰਿਤ ਕਰਨ ਲਈ ਸਾਨੂੰ ਛੋਟੀ ਉਮਰੇ ਖਿਡਾਰੀਆਂ-ਖਿਡਾਰਨਾਂ 'ਚ ਖੇਡ ਅਤੇ ਵਿੱਦਿਅਕ ਸੰਸਥਾਵਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਪੈਦਾ ਕਰਨ ਦੀ ਲੋੜ ਹੈ, ਜੋ ਅੱਜ ਦੇ ਖਿਡਾਰੀਆਂ 'ਚ ਨਹੀਂ ਹੈ। ਖੇਡਾਂ ਦੇ ਆਧਾਰ 'ਤੇ ਖੇਡ ਵਿੱਦਿਅਕ ਸੰਸਥਾਵਾਂ ਵਲੋਂ ਖਾਸ-ਖਾਸ ਸਹੂਲਤਾਂ ਪ੍ਰਾਪਤ ਕਰਨਾ, ਮੁਫਤ ਪੜ੍ਹਾਈ ਕਰ ਜਾਣੀ ਹੀ ਸਾਡੇ ਵਿਦਿਆਰਥੀ ਖਿਡਾਰੀਆਂ ਦਾ ਮੰਤਵ ਨਹੀਂ ਹੋਣਾ ਚਾਹੀਦਾ। ਛੋਟੀ ਉਮਰੇ ਜੋ ਖਿਡਾਰਨ-ਖਿਡਾਰੀ ਆਪਣੀ ਖੇਡ ਅਤੇ ਵਿੱਦਿਅਕ ਸੰਸਥਾ ਲਈ ਸੱਚੇ ਮਨੋਂ ਜੱਦੋ-ਜਹਿਦ ਕਰਨ ਲਈ ਉਤਸ਼ਾਹਤ ਨਹੀਂ, ਉਹ ਵੱਡਾ ਹੋ ਕੇ ਦੇਸ਼ ਦੇ ਸਨਮਾਨ ਅਤੇ ਵੱਕਾਰ ਲਈ ਕੌਮੀ ਜਜ਼ਬੇ ਨਾਲ ਕੀ ਜੂਝੇਗਾ? ਉਹ ਤਾਂ ਸਿਰਫ ਪੈਸੇ ਅਤੇ ਨੌਕਰੀ ਦੇ ਵਾਸਤੇ ਹੀ ਖੇਡ ਜੰਗਾਂ ਲੜੇਗਾ। ਉਸ ਨੂੰ ਯਾਦ ਰਹਿਣਾ ਚਾਹੀਦੈ, ਜਿਸ ਵੱਡੇ ਪੱਧਰ ਦੇ ਖੇਡ ਮੰਚ 'ਤੇ ਉਸ ਨੂੰ ਆਪਣੀ ਖੇਡ ਕਲਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ, ਉਸ 'ਚ ਸਮੁੱਚੇ ਦੇਸ਼ ਦਾ ਕਿੰਨਾ ਵੱਡਾ ਯੋਗਦਾਨ ਹੈ।
ਦੇਸ਼ ਦੀ ਕੌਮੀ ਟੀਮ 'ਚ ਥਾਂ ਬਣਾ ਲੈਣੀ ਹੀ ਕਾਫੀ ਨਹੀਂ, ਬਲਕਿ ਦੇਸ਼ ਦੀ ਖੇਡ ਝੋਲੀ ਨੂੰ ਇਨਾਮਾਂ-ਸਨਮਾਨਾਂ ਨਾਲ ਭਰਨਾ ਖਿਡਾਰਨ ਜਾਂ ਖਿਡਾਰੀ ਦੇ ਮਨ ਦੀ ਮਨਸ਼ਾ ਹੋਣੀ ਚਾਹੀਦੀ ਹੈ। ਮੈਦਾਨ ਦੇ ਅੰਦਰ 100 ਫੀਸਦੀ ਦੇਣ ਦੀ ਤਾਂਘ ਹੋਣੀ ਚਾਹੀਦੀ ਹੈ, ਕਿਉਂਕਿ ਉਹ ਖੇਡ ਹਸਤੀ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰ ਰਹੀ ਹੁੰਦੀ ਹੈ। ਪੂਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਉਸ ਖੇਡ ਜਾਂ ਖਿਡਾਰੀ ਨਾਲ ਜੁੜੀਆਂ ਹੁੰਦੀਆਂ ਹਨ। ਉਹ ਖਿਡਾਰੀ ਹਾਰਦੈ ਤਾਂ ਦੇਸ਼ ਹਾਰਦੈ। ਉਹ ਖਿਡਾਰੀ ਜਿੱਤਦੈ ਤਾਂ ਦੇਸ਼ ਜਿੱਤਦੈ। ਯਾਦ ਰੱਖਿਓ, ਜਦੋਂ ਕੋਈ ਦੇਸ਼ ਕੌਮਾਂਤਰੀ ਪੱਧਰ 'ਤੇ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਹੈ। ਇਹ ਉਸ ਦੇਸ਼ ਦੇ ਖਿਡਾਰੀਆਂ ਦੇ ਖੇਡ ਹੁਨਰ ਦਾ ਹੀ ਮਹਿਜ ਕਮਾਲ ਨਹੀਂ ਹੁੰਦਾ, ਬਲਕਿ ਦੇਸ਼ ਲਈ ਜਿੱਤਣ ਦੀ ਪ੍ਰਤਿੱਗਿਆ, ਵਚਨਬੱਧਤਾ ਅਤੇ ਇੱਛਾ ਸ਼ਕਤੀ ਦਾ ਕਮਾਲ ਵੀ ਹੁੰਦਾ ਹੈ। ਸੋ, ਸਾਡੇ ਖਿਡਾਰੀਆਂ ਨੂੰ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਮਾਣ ਅਤੇ ਸਨਮਾਨ ਲਈ ਜੱਦੋ-ਜਹਿਦ ਕਰਨ ਲਈ ਦੇਸ਼ ਪ੍ਰੇਮ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ। ਹਾਰ-ਜਿੱਤ ਵਿਅਕਤੀ ਦੀ ਨਹੀਂ, ਦੇਸ਼ ਦਾ ਵਕਾਰ ਹੁੰਦੀ ਹੈ। ਕੌਮਾਂਤਰੀ ਮੈਦਾਨਾਂ 'ਚ ਸਾਡਾ ਤਿਰੰਗਾ ਪੂਰੀ ਸ਼ਾਨੋ-ਸ਼ੌਕਤ ਨਾਲ ਝੁੱਲੇ, ਤਾਂ ਹੀ ਦੇਸ਼ ਵਾਸੀਆਂ ਨੂੰ ਖੁਸ਼ੀ ਹੁੰਦੀ ਹੈ। ਖੇਡਾਂ ਵੀ ਇਸ ਪੱਖੋਂ ਕੌਮੀ ਸਤਿਕਾਰ ਅਤੇ ਸ਼ਾਨ ਦਾ ਸਬੱਬ ਬਣ ਸਕਦੀਆਂ ਹਨ। ਖਿਡਾਰੀਆਂ ਦੀ ਕਠਿਨ ਮਿਹਨਤ ਅਤੇ ਤਪੱਸਿਆ ਸਦਕਾ ਤਿਰੰਗੇ ਦੀ ਲਾਜ ਰੱਖਣ ਦੀ ਕੋਸ਼ਿਸ਼ ਖਿਡਾਰੀ ਦੇ ਸੱਚੇ ਮਨੋਂ ਹੋਣੀ ਚਾਹੀਦੀ ਹੈ।
ਭਾਰਤੀਆਂ ਨੂੰ ਆਪਣੇ ਗੁਆਂਢੀ ਦੇਸ਼ ਚੀਨ ਜੋ ਦੁਨੀਆ ਦੀ ਵੱਡੀ ਖੇਡ ਸ਼ਕਤੀ ਹੈ, ਤੋਂ ਸਬਕ ਲੈਣ ਦੀ ਲੋੜ ਹੈ, ਜਿਥੋਂ ਤੱਕ ਦੇਸ਼ ਲਈ ਕੌਮੀ ਜਜ਼ਬੇ ਦਾ ਸਬੰਧ ਹੈ। ਚੀਨੀ ਖਿਡਾਰੀਆਂ 'ਚ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੈ, ਉਹ ਖੇਡਾਂ ਦੇ ਖੇਤਰ 'ਚ ਆਪਣੇ ਦੇਸ਼ ਦਾ ਨਾਂਅ ਉੱਚਾ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਲੰਪਿਕ ਖੇਡਾਂ 'ਚ ਚੀਨ ਅਤੇ ਭਾਰਤੀਆਂ ਦੀ ਪ੍ਰਾਪਤੀ ਦਾ ਜੋ ਫਰਕ ਹੈ, ਖੇਡ ਪੰਡਿਤ ਮੰਨਦੇ ਹਨ ਕਿ ਚੀਨੀ ਉਲੰਪਿਕ ਤਗਮੇ ਨੂੰ ਆਪਣਾ ਉਦੇਸ਼ ਮੰਨਦੇ ਹਨ ਪਰ ਭਾਰਤੀ ਆਪਣਾ ਤੇ ਪਰਿਵਾਰ ਦਾ ਪੇਟ ਪਾਲਣ ਲਈ ਖੇਡਦੇ ਹਨ। ਹਕੀਕਤ ਇਹ ਹੈ ਕਿ ਅਸੀਂ ਖੇਡ ਸਹੂਲਤਾਂ ਦੀ ਕਮੀ ਦੇ ਸ਼ੋਰ 'ਚ ਕੌਮੀ ਖੇਡ ਜਜ਼ਬੇ ਦੀ ਘਾਟ ਦੀ ਗੱਲ ਹੀ ਕਦੇ ਨਹੀਂ ਕਰਦੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਬਾਰਸੀਲੋਨਾ ਅਤੇ ਮੈਸੀ ਦੀ ਫੁੱਟਬਾਲ 'ਚ ਬਾਦਸ਼ਾਹਤ

ਬਹੁਤ ਘੱਟ ਅਜਿਹਾ ਹੁੰਦਾ ਹੈ ਕਿ ਇਕ ਖਿਡਾਰੀ ਅਤੇ ਉਸ ਦੀ ਟੀਮ ਦੋਵੇਂ ਇਕੋ ਜਿਹਾ ਪ੍ਰਦਰਸ਼ਨ ਕਰ ਰਹੇ ਹੋਣ ਅਤੇ ਇਕੋ ਜਿਹੀ ਸਫਲਤਾ ਦੇ ਨਾਲ-ਨਾਲ ਇਕੋ ਜਿਹੀ ਬਾਦਸ਼ਾਹਤ ਦਾ ਆਨੰਦ ਮਾਣ ਰਹੇ ਹੋਣ। ਦੁਨੀਆ ਦੀ ਸਭ ਤੋਂ ਬਿਹਤਰੀਨ ਫੁੱਟਬਾਲ ਟੀਮ ਬਾਰਸੀਲੋਨਾ ਅਤੇ ਇਸ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਲਿਓਨਲ ਮੈਸੀ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਸਟਾਰ ਫੁੱਟਬਾਲਰ ਲਿਓਨਲ ਮੈਸੀ ਦੀ ਹੈਟ੍ਰਿਕ ਸਦਕਾ ਬਾਰਸੀਲੋਨਾ ਕਲੱਬ ਨੇ ਲੰਘੇ ਦਿਨੀਂ ਡੈਪੋਰਟਿਵੋ ਲਾ ਕੋਰੂਨਾ ਟੀਮ ਨੂੰ ਹਰਾਇਆ ਤਾਂ ਇਸ ਜਿੱਤ ਦੇ ਨਾਲ-ਨਾਲ ਇਨ੍ਹਾਂ ਦੋਵਾਂ ਨੇ ਸਪੇਨ ਦੀ ਘਰੇਲੂ ਲੀਗ ਲਾ-ਲੀਗਾ ਦਾ ਕੁੱਲ 25ਵਾਂ ਖ਼ਿਤਾਬ ਆਪਣੇ ਨਾਂਅ ਕਰ ਲਿਆ। ਮੈਸੀ ਨੇ ਇਸ ਦੌਰਾਨ ਜਦੋਂ ਆਪਣੀ ਹੈਟ੍ਰਿਕ ਪੂਰੀ ਕੀਤੀ ਤਾਂ ਇਹ ਉਸ ਦਾ ਸੀਜ਼ਨ ਵਿਚ 32ਵਾਂ ਲੀਗ ਗੋਲ ਵੀ ਸੀ ਅਤੇ ਮੈਸੀ ਦੀ ਇਸ ਖੇਡ ਸਦਕਾ ਹੀ ਬਾਰਸੀਲੋਨਾ ਨੇ 10 ਸਾਲਾਂ ਵਿਚ ਸੱਤਵੀਂ ਵਾਰ ਲਾ ਲੀਗਾ ਖ਼ਿਤਾਬ ਜਿੱਤਿਆ ਹੈ।
ਕੋਚ ਅਰਨੈਸਟੋ ਵੈਲਵਰਡੇ ਦੀ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਮੰਤਰਮੁਗਧ ਕਰਨ ਵਾਲੀ ਤਾਕਤਵਰ ਟੀਮ ਬਾਰਸੀਲੋਨਾ ਵਿਚ ਲਿਓਨਲ ਮੈਸੀ, ਲੂਈਸ ਸੁਆਰੇਜ਼, ਫਿਲੀਪ ਕੁਟੀਨੀਓ ਅਤੇ ਈਨੀਐਸਟਾ ਵਰਗੇ ਜ਼ਬਰਦਸਤ ਸਟਾਰ ਖਿਡਾਰੀ ਹਨ ਅਤੇ ਇਸ ਦੀ ਫ਼ਾਰਵਰਡ ਲਾਈਨ ਵਿਸ਼ਵ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉੱਭਰੀ ਹੈ। ਸਪੇਨ ਦੀ ਘਰੇਲੂ ਲੀਗ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਇਨਾਮ ਬਾਰਸੀਲੋਨਾ ਦੇ ਖਿਡਾਰੀ ਲਿਓਨਲ ਮੈਸੀ ਨੂੰ ਮਿਲਣਾ ਤੈਅ ਹੈ। ਸਭ ਤੋਂ ਸਾਫ਼-ਸੁਥਰੀ ਖੇਡ ਵਿਖਾਉਣ ਲਈ ਵੀ ਬਾਰਸੀਲੋਨਾ ਨੂੰ ਸਨਮਾਨ ਮਿਲਿਆ ਹੈ ਭਾਵ ਖੇਡ ਦੇ ਹਰ ਪੱਖ ਵਿਚ ਬਾਰਸੀਲੋਨਾ ਵਾਲੇ ਮੋਹਰੀ ਰਹੇ। ਇਕ ਹੋਰ ਘਰੇਲੂ ਟੂਰਨਾਮੈਂਟ 'ਕੋਪਾ ਡੇਲ ਰੇਅ' ਦਾ ਖ਼ਿਤਾਬ ਵੀ ਇਸੇ ਸਾਲ ਹੀ ਜਿੱਤਿਆ ਸੀ। ਇਸ ਤਰ੍ਹਾਂ ਸਾਲ ਵਿਚ ਬਾਰਸੀਲੋਨਾ ਨੇ ਦੋ ਘਰੇਲੂ ਖ਼ਿਤਾਬ ਜਿੱਤਦੇ ਹੋਏ ਨਾ ਸਿਰਫ ਇਕ ਨਵਾਂ ਇਤਿਹਾਸ ਰਚਿਆ, ਬਲਕਿ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਬਾਰਸੀਲੋਨਾ ਦੀ ਟੀਮ ਇਸ ਵੇਲੇ ਵਿਸ਼ਵ ਦੀ ਬਿਹਤਰੀਨ ਫੁੱਟਬਾਲ ਟੀਮ ਹੈ।
ਮੈਸੀ ਅਤੇ ਬਾਰਸੀਲੋਨਾ ਦਾ ਸਾਥ ਕਾਫੀ ਪੁਰਾਣਾ ਹੈ। ਲਿਓਨਲ ਮੈਸੀ ਦੀ ਇਸ ਸਫਲਤਾ ਪਿੱਛੇ ਕਲੱਬ ਬਾਰਸੀਲੋਨਾ ਦਾ ਵੀ ਯੋਗਦਾਨ ਹੈ, ਜਿੱਥੇ ਉਨ੍ਹਾਂ ਨੇ ਨੌਜਵਾਨ ਅਵਸਥਾ ਵਿਚ ਇਸ ਖੇਡ ਦੇ ਗੁਰ ਸਿੱਖੇ ਸਨ। ਮੈਸੀ ਨੂੰ ਸਾਲ 2000 ਵਿਚ ਇਸ ਕਲੱਬ ਦੀ ਯੂਥ ਅਕੈਡਮੀ ਵਿਚ ਜਗ੍ਹਾ ਦਿੱਤੀ ਸੀ। ਮੈਸੀ ਦਾ ਸੁਪਨਾ ਇਸ ਕਲੱਬ ਵਿਚ ਹੀ ਆਪਣਾ ਕੈਰੀਅਰ ਵਧਾਉਣਾ ਹੈ, ਕਿਉਂਕਿ ਬਚਪਨ ਤੋਂ ਲੈ ਕੇ ਉਨ੍ਹਾਂ ਇੱਥੇ ਨਿਰੰਤਰ ਵਿਕਾਸ ਕੀਤਾ ਹੈ ਅਤੇ ਇਹ ਸਾਰੀਆਂ ਸਫ਼ਲਤਾਵਾਂ ਇੱਥੇ ਹੀ ਆਈਆਂ ਹਨ। ਬਾਰਸੀਲੋਨਾ ਵਲੋਂ ਪੈਦਾ ਕੀਤੇ ਜੈਰਾਰਡ ਪੀਕੇ ਅਤੇ ਇਨਿਐਸਟਾ ਵਰਗੇ ਕੁਝ ਹੋਰ ਖਿਡਾਰੀ ਵੀ ਮੈਸੀ ਦੀ ਸਫ਼ਲਤਾ ਦੇ ਗਵਾਹ ਬਣੇ ਹਨ। ਦੁਨੀਆ ਦਾ ਸਰਬਸ੍ਰੇਸ਼ਠ ਫੁੱਟਬਾਲ ਖਿਡਾਰੀ ਹੋਣ ਦੀ ਬਜਾਏ ਲਿਓਨਲ ਮੈਸੀ ਦੀ ਕੋਸ਼ਿਸ਼ ਹਮੇਸ਼ਾ ਇਕ ਨਿਮਾਣਾ ਅਤੇ ਚੰਗਾ ਇਨਸਾਨ ਬਣਨ ਦੀ ਰਹੀ ਹੈ ਅਤੇ ਇਸੇ ਕਰਕੇ ਇਹ ਖਿਡਾਰੀ ਫੈਸ਼ਨ, ਚਕਾਚੌਂਧ ਅਤੇ ਵਿਵਾਦਾਂ ਤੋਂ ਹਮੇਸ਼ਾ ਦੂਰ ਰਿਹਾ ਹੈ ਅਤੇ ਇਸ ਸਫ਼ਰ ਦੌਰਾਨ ਰਿਕਾਰਡ-ਦਰ-ਰਿਕਾਰਡ ਬਣਾਉਂਦਾ ਜਾ ਰਿਹਾ ਹੈ ਅਤੇ ਨਾਲੋ-ਨਾਲ ਨਵੇਂ-ਨਵੇਂ ਇਤਿਹਾਸ ਵੀ ਬਣਾ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਭਾਰਤ ਏਸ਼ੀਆ ਬੈਡਮਿੰਟਨ ਵਿਚ ਰਾਸ਼ਟਰਮੰਡਲ ਖੇਡਾਂ ਦੀ ਲੈਅ ਨਾ ਕਾਇਮ ਰੱਖ ਸਕਿਆ

ਭਾਰਤ ਨੇ ਕੁਝ ਦਿਨ ਪਹਿਲਾਂ ਚੀਨ ਵੂਹਾਨ ਵਿਚ ਹੋਏ ਬੈਡਮਿੰਟਨ ਟੂਰਨਾਮੈਂਟ ਵਿਚ ਆਸ ਤੋਂ ਉਲਟ ਪ੍ਰਦਰਸ਼ਨ ਕਰਕੇ ਇਕ ਵਾਰ ਫਿਰ ਖੇਡ ਪ੍ਰੇਮੀਆਂ ਨੂੰ ਨਿਰਾਸ਼ ਕਰ ਦਿੱਤਾ ਹੈ। ਅਸੀਂ ਮਰਦ ਅਤੇ ਇਸਤਰੀ ਵਰਗ ਦੋਵਾਂ ਵਿਚ ਹਾਰ ਦਾ ਮੂੰਹ ਦੇਖਿਆ। ਖੇਡ ਪ੍ਰੇਮੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਜੇ ਵੀ ਜਿਸ ਖੇਡ ਵਿਚ ਸਾਨੂੰ ਉਲੰਪਿਕ ਵਿਚ ਸੋਨੇ ਦੇ ਤਗਮੇ ਦੀ ਆਸ ਹੋ ਸਕਦੀ ਹੈ, ਹੁਣ ਇਸ ਖੇਡ ਵਿਚ ਨਿਰੰਤਰਤਾ ਦੀ ਘਾਟ ਇਸ ਦੇ ਪ੍ਰਦਰਸ਼ਨ ਨੂੰ ਲੈ ਕੇ ਮਹਿਸੂਸ ਕੀਤੀ ਜਾ ਸਕਦੀ ਹੈ।
ਇਹ ਆਸ ਪੈਦਾ ਹੋਣ ਦਾ ਇਕ ਮਹੱਤਵਪੂਰਨ ਕਾਰਨ ਇਹ ਹੋ ਸਕਦਾ ਹੈ ਕਿ ਪੀ.ਵੀ. ਸਿੰਧੂ ਨੇ ਰੀਓ ਉਲੰਪਿਕ ਵਿਚ ਚਾਂਦੀ ਦਾ ਤੇ ਸਾਇਨਾ ਨੇ ਲੰਡਨ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਖੇਡਾਂ ਵਿਚ ਬੈਡਮਿੰਟਨ ਦੀ ਖੇਡ ਨੂੰ ਵਿਸ਼ੇਸ਼ ਮਹੱਤਵ ਹੁਣ ਦੂਸਰੀਅਂਾ ਖੇਡਾਂ ਦੇ ਮੁਕਾਬਲੇ ਵਿਚ ਇਸ ਕਰਕੇ ਮਿਲ ਗਿਆ ਹੈ, ਕਿਉਂਕਿ ਭਾਰਤ ਨੇ ਇਕ ਬਹੁਤ ਹੀ ਸ੍ਰੇਸ਼ਠ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ ਰਾਸ਼ਟਰਮੰਡਲ ਵਿਚ ਦੋਵੇਂ ਸੋਨੇ, ਚਾਂਦੀ ਦੇ ਤਗਮੇ ਆਪਣੀ ਝੋਲੀ ਵਿਚ ਪਾਏ ਹਨ।
ਇਸ ਖੇਡ ਦੀ ਇਕ ਨਿਆਰੀ ਗੱਲ ਮਾਹਿਰਾਂ ਅਨੁਸਾਰ ਇਹ ਵੀ ਦੱਸੀ ਜਾਂਦੀ ਹੈ ਕਿ ਸਾਡੀ ਬਹੁਤ ਹੀ ਪ੍ਰਤਿਭਾਸ਼ੀਲ ਖਿਡਾਰਨ ਸਾਇਨਾ ਨੇਹਵਾਲ ਨੇ ਇਸ ਸਮੇਂ ਹੀ ਇਕ ਸੰਤੋਸ਼ ਭਰੀ ਪ੍ਰਾਪਤੀ ਇਹ ਵੀ ਕੀਤੀ ਕਿ ਆਪਣੀਆਂ ਮਾਸਪੇਸ਼ੀਆਂ ਦੇ ਖਿਚਾਓ ਤੋਂ ਉੱਭਰ ਕੇ ਆਪਣੇ ਹੀ ਦੇਸ਼ ਦੀ ਖਿਡਾਰਨ ਪੀ.ਵੀ. ਸਿੰਧੂ ਨੂੰ ਫਾਈਨਲ ਵਿਚ ਹਰਾ ਕੇ ਇਹ ਉਲਟਫੇਰ ਕੀਤਾ। ਬੈਡਮਿੰਟਨ ਦੀ ਖੇਡ ਵਿਚ ਰੁਚੀ ਲੈਣ ਵਾਲੇ ਖੇਡ ਪ੍ਰੇਮੀਆਂ ਦੀ ਉਲੰਪਿਕ 2020 ਵਿਚ ਇਸ ਖੇਡ ਵਿਚ ਸੋਨੇ ਦਾ ਤਗਮਾ ਪ੍ਰਾਪਤ ਕਰਨ ਦੀ ਆਸ ਨੂੰ ਫਿਰ ਬੂਰ ਪਿਆ।
ਕਿਸੇ ਸਮੇਂ ਇਹ ਵੀ ਲਗਦਾ ਰਿਹਾ ਕਿ ਬੈਡਮਿੰਟਨ ਦੀ ਖੇਡ ਵਿਸ਼ਵ ਵਿਚ ਇਸ ਗੱਲ ਕਰਕੇ ਪ੍ਰਸਿੱਧ ਹੋ ਜਾਵੇਗੀ ਕਿ ਇਹ ਖੇਡ ਹੁਣ ਭਾਰਤ ਲਈ ਇਕ ਅਜਿਹਾ ਖੇਤਰ ਬਣ ਗਿਆ ਹੈ, ਜਿਸ ਵਿਚ ਤਗਮਾ ਪ੍ਰਾਪਤ ਕਰਨਾ ਭਾਰਤ ਲਈ ਸਹਿਜ ਹੋ ਗਿਆ ਹੈ, ਕਿਉਂਕਿ ਇਸ ਕੋਲ ਦੋ ਮਹਿਲਾ ਖਿਡਾਰਨਾਂ ਸਾਇਨਾ ਤੇ ਪੀ.ਵੀ. ਸਿੰਧੂ ਹਨ। ਸੰਸਾਰ ਵਿਚ ਪਹਿਲੇ ਦੋ ਸਥਾਨ ਭਾਰਤ ਲਈ ਜਿਵੇਂ ਰਾਖਵੇਂ ਹੋ ਗਏ ਹਨ ਇਹ ਆਮ ਤੌਰ 'ਤੇ ਮਹਿਸੂਸ ਕੀਤਾ ਜਾਣ ਲੱਗ ਪਿਆ ਸੀ।
ਪਰ ਇਸ ਮਤ ਨਾਲ ਸਹਿਮਤ ਨਾ ਹੋਣ ਵਾਲੇ ਮਾਹਿਰਾਂ ਦਾ ਇਹ ਕਹਿਣਾ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਰਾਸ਼ਟਰਮੰਡਲ ਵਿਚ ਚੀਨ ਹਿੱਸਾ ਨਹੀਂ ਸੀ ਲੈ ਰਿਹਾ, ਜੋ ਬੈਡਮਿੰਟਨ ਦੀ ਇਕ ਬਹੁਤ ਵਾਡੀ ਤਾਕਤ ਮੰਨਿਆ ਜਾਂਦਾ ਹੈ। ਗੱਲ ਉਹ ਹੀ ਹੋਈ, ਜਿਸ ਦਾ ਡਰ ਸੀ। ਸੈਮੀਫਾਈਨਲ ਵਿਚ ਸਾਈਨਾ ਦਾ ਮੁਕਾਬਲਾ ਵੀ ਵਿਸ਼ਵ ਦੀ ਨੰਬਰ ਦੋ ਖਿਡਾਰਨ ਚੀਨ ਦੀ ਤਾਈ ਨਾਲ ਹੋਇਆ। ਸਾਇਨਾ ਨੇ ਬਹੁਤ ਸੰਘਰਸ਼ਪੂਰਨ ਮੈਚ ਖੇਡਿਆ ਪਰ ਚੀਨ ਦੀ ਖਿਡਾਰਨ ਅੱਗੇ ਮੈਚ ਦੀਆਂ ਅੰਤਿਮ ਘੜੀਆਂ ਵਿਚ ਮਾਨਸਿਕ ਦਬਾਓ ਦਾ ਸ਼ਿਕਾਰ ਹੋ ਗਈ। ਦੋਵੇਂ ਗੇਮਾਂ ਬਰਾਬਰ ਦੀ ਟੱਕਰ ਨਾਲ ਖੇਡੀਆਂ ਗਈਆਂ ਤੇ ਸਾਇਨਾ 27-25, 21-19 'ਤੇ ਹਾਰ ਗਈ। ਇਹ ਦਿਨ ਨਿਰਸੰਦੇਹ ਭਾਰਤ ਦਾ ਨਹੀਂ ਸੀ। ਪੀ.ਵੀ. ਸਿੰਧੂ ਤਾਂ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ ਤੇ ਇਹੀ ਹਾਲ ਪੁਰਸ਼ ਖਿਡਾਰੀਆਂ ਦਾ ਹੋਇਆ। ਇਸ ਟੂਰਨਾਮੈਂਟ ਨੂੰ ਇਸ ਕਰਕੇ ਯਾਦ ਕੀਤਾ ਜਾਵੇਗਾ ਕਿ ਕਿਵੇਂ ਇਕ ਸ੍ਰੇਸ਼ਠ ਖਿਡਾਰਨ ਆਪਣੀ ਖੇਡ ਵਿਚ ਵਾਪਸੀ ਕਰ ਸਕਦੀ ਹੈ। ਇਹ ਆਸ ਹੁਣ ਸਾਇਨਾ ਦੀ ਵਾਪਸੀ ਨਾਲ ਮੁੜ ਜੀਵਤ ਹੋ ਗਈ ਹੈ ਕਿ ਭਾਰਤ ਅਗਲੀਆਂ ਉਲੰਪਿਕ ਖੇਡਾਂ ਵਿਚ ਮੁੜ ਇਕ ਤਾਕਤ ਬਣ ਕੇ ਉੱਭਰੇਗਾ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਗੁਰੂ ਨਾਨਕ ਦੇਵ ਯੂਨੀਵਰਸਿਟੀ

ਖਿਡਾਰੀਆਂ ਲਈ ਖੇਡ ਮਸ਼ਾਲ ਹਮੇਸ਼ਾ ਜਗਦੀ ਰਹੇਗੀ

ਖੇਡਾਂ ਦੇ ਖੇਤਰ ਵਿਚ 22 ਵਾਰ ਮਾਕਾ ਟਰਾਫੀ ਜਿੱਤਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇਸ਼ ਦੀ ਅਜਿਹੀ ਸਿਰਮੌਰ ਯੂਨੀਵਰਸਿਟੀ ਹੈ, ਜੋ ਆਪਣੇ ਖਿਡਾਰੀਆਂ ਦਾ ਹਰ ਸਾਲ ਨਕਦ ਇਨਾਮਾਂ ਨਾਲ ਸਨਮਾਨ ਕਰਦੀ ਹੈ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਖਿਡਾਰੀਆਂ ਦਾ ਸਨਮਾਨ ਕਰਨਾ ਭੁੱਲ ਜਾਂਦੀਆਂ ਹਨ, ਪਰ ਇਸ ਯੂਨੀਵਰਸਿਟੀ ਨੇ ਆਪਣੀ ਇਸ ਖੇਡ ਵਿਰਾਸਤ ਨੂੰ ਸਾਂਭ ਕੇ ਕਾਇਮ ਰੱਖਿਆ ਹੈ ਤੇ ਇਹ ਹਰ ਸਾਲ ਆਪਣੇ ਖਿਡਾਰੀਆਂ ਦਾ ਖੇਡਾਂ ਦੇ ਖੇਤਰ ਵਿਚ ਵਹਾਇਆ ਪਸੀਨਾ ਸੁੱਕਣ ਤੋਂ ਪਹਿਲਾਂ ਨਕਦ ਇਨਾਮਾਂ ਨਾਲ ਸਨਮਾਨ ਕਰਕੇ ਆਪਣਾ ਵਾਅਦਾ ਜ਼ਰੂਰ ਪੂਰਾ ਕਰਦੀ ਹੈ। ਇਸ ਸਾਲ 2017-18 ਦੇ ਸੈਸ਼ਨ ਵਿਚੋਂ ਦੇਸ਼-ਵਿਦੇਸ਼ ਵਿਚ ਖੇਡਾਂ ਦੇ ਖੇਤਰ ਵਿਚ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕਰਨ ਵਾਲੇ 700 ਦੇ ਕਰੀਬ ਖਿਡਾਰੀਆਂ ਦਾ ਸਨਮਾਨ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ 2 ਕਰੋੜ ਰੁਪਏ ਨਾਲ 11 ਮਈ ਨੂੰ ਕਰਨ ਜਾ ਰਹੀ ਹੈ। ਇਸ ਵਿਚ ਕੌਮਾਂਤਰੀ ਪੱਧਰ 'ਤੇ ਜੇਤੂ ਖਿਡਾਰੀ ਨੂੰ ਇਕ ਲੱਖ ਰੁਪਏ, ਉਪ-ਜੇਤੂ ਨੂੰ 75 ਹਜ਼ਾਰ, ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 50 ਹਜ਼ਾਰ, ਚੌਥੇ ਸਥਾਨ ਵਾਲੇ ਖਿਡਾਰੀ ਨੂੰ 30 ਹਜ਼ਾਰ ਤੇ ਹਿੱਸਾ ਲੈਣ ਵਾਲੇ ਖਿਡਾਰੀ ਨੂੰ 20 ਹਜ਼ਾਰ ਨਾਲ ਸਨਮਾਨਿਤ ਕਰਨ ਜਾ ਰਹੀ ਹੈ।
ਇਸੇ ਤਰ੍ਹਾਂ ਅੰਤਰ ਯੂਨੀਵਰਸਿਟੀ ਤੇ ਨੈਸ਼ਨਲ ਚੈਂਪੀਅਨਸ਼ਿਪ 'ਚੋਂ ਜੇਤੂ ਖਿਡਾਰੀ ਨੂੰ 30 ਹਜ਼ਾਰ, ਉਪ-ਜੇਤੂ ਨੂੰ 25 ਤੇ ਤੀਜੇ ਸਥਾਨ 'ਤੇ ਆਉਣ ਵਾਲੇ ਨੂੰ 20 ਹਜ਼ਾਰ ਨਾਲ ਸਨਮਾਨਿਤ ਕਰੇਗੀ। ਡਾ: ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਤੇ ਸਹਾਇਕ ਡਾਇਰੈਕਟਰ ਡਾ: ਕੰਵਰ ਮਨਦੀਪ ਸਿੰਘ ਢਿੱਲੋਂ (ਜਿੰਮੀ) ਦੀ ਅਗਵਾਈ ਹੇਠ ਇਸ ਸਾਲ ਯੂਨੀਵਰਸਿਟੀ ਨੇ ਕੌਮੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਖੇਤਰ ਵਿਚ ਚੰਗਾ ਨਾਮਣਾ ਖੱਟਿਆ ਹੈ। ਜਦੋਂ ਤੋਂ ਡਾ: ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ ਦੀ ਕਮਾਨ ਸੰਭਾਲੀ ਹੈ, ਖੇਡ ਖੇਤਰ 'ਤੇ ਨਜ਼ਰ ਕਾਫੀ ਸਵੱਲੀ ਕੀਤੀ, ਆਉਣ ਸਾਰ ਹੀ ਯੂਨੀਵਰਸਿਟੀ ਦੇ ਜਿੰਮ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਲਈ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਤੇ ਸਪੋਰਟਸ ਅਥਾਰਟੀ ਆਫ ਇੰਡੀਆ ਤੋਂ ਖੇਡ ਸਕੀਮਾਂ ਲੈ ਕੇ ਆਉਣ ਲਈ ਵਿਸ਼ੇਸ਼ ਰੁਚੀ ਵਿਖਾਈ ਤੇ ਇਸ ਸਬੰਧੀ ਭਾਰਤ ਸਰਕਾਰ ਤੇ ਖੇਡ ਮੰਤਰਾਲੇ ਨਾਲ ਵੀ ਰਾਬਤਾ ਕਾਇਮ ਕੀਤਾ। ਇਸ ਵਾਰੀ ਦੇ ਇਨਾਮ ਵੰਡ ਸਮਾਗਮ 'ਚ ਵੀ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਦੇ ਸਕੱਤਰ ਰਾਹੁਲ ਭਟਨਾਗਰ ਆਈ.ਏ.ਐਸ. ਨੂੰ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸੱਦਾ-ਪੱਤਰ ਦਿੱਤਾ ਹੈ ਤੇ ਉਨ੍ਹਾਂ ਮਨਜ਼ੂਰ ਵੀ ਕੀਤਾ ਹੈ ਤੇ ਲਗਦਾ ਹੈ ਯੂਨੀਵਰਸਿਟੀ ਨੂੰ ਕੇਂਦਰੀ ਖੇਡ ਸਕੀਮਾਂ ਦਾ ਲਾਭ ਵੀ ਜ਼ਰੂਰ ਦੇ ਕੇ ਜਾਣਗੇ, ਜੋ ਯੂਨੀਵਰਸਿਟੀ ਕਾਫੀ ਲੰਬੇ ਸਮੇਂ ਤੋਂ ਮੰਗ ਕਰਦੀ ਆ ਰਹੀ ਹੈ।
ਇਸ ਦੇ ਨਾਲ ਹੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਡਾ: ਗੁਰਦੀਪ ਸਿੰਘ ਨੂੰ ਵੀ ਵਿਸ਼ੇਸ਼ ਮਹਿਮਾਨ ਵਜੋਂ ਸੱਦਾ-ਪੱਤਰ ਭੇਜਿਆ ਗਿਆ ਹੈ। ਯੂਨੀਵਰਸਿਟੀ ਨੂੰ ਖੇਡਾਂ ਬੁਲੰਦੀਆਂ ਤੱਕ ਲਿਜਾਣ ਲਈ ਡਾ: ਕਮਲਜੀਤ ਸਿੰਘ ਡੀਨ ਅਕਾਦਮਿਕ, ਡਾ: ਕਰਨਜੀਤ ਸਿੰਘ ਕਾਹਲੋਂ ਰਜਿਸਟਰਾਰ, ਡਾ: ਸਰਬਜੋਤ ਸਿੰਘ ਬਹਿਲ ਡੀਨ ਸਟੂਡੈਂਟ ਵੈਲਫੇਅਰ ਤੋਂ ਇਲਾਵਾ ਡਾ: ਗੁਰਪਿੰਦਰ ਸਿੰਘ ਸਮਰਾ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜਸ ਜੋ ਯੂਨੀਵਰਸਿਟੀ ਦੇ ਮਰਦਾਂ ਦੀ ਖੇਡ ਕਮੇਟੀ ਦੇ ਪ੍ਰਧਾਨ, ਡਾ: ਸ੍ਰੀਮਤੀ ਅਜੇ ਸਰੀਨ ਪ੍ਰਿੰਸੀਪਲ ਐਚ.ਐਮ.ਵੀ. ਜਲੰਧਰ, ਜੋ ਯੂਨੀਵਰਸਿਟੀ ਦੀ ਮਹਿਲਾ ਖੇਡ ਕਮੇਟੀ ਦੀ ਪ੍ਰਧਾਨ ਵੀ ਹਨ, ਡਾ: ਮਹਿਲ ਸਿੰਘ ਪ੍ਰਿੰਸੀਪਲ, ਡਾ: ਪੁਸ਼ਵਿੰਦਰ ਵਾਲੀਆ, ਪ੍ਰਿੰਸੀਪਲ ਡਾ: ਰਾਜੇਸ਼ ਕੁਮਾਰ, ਪ੍ਰਿੰਸੀਪਲ ਡਾ: ਬੀ.ਬੀ. ਸ਼ਰਮਾ ਦਾ ਵੀ ਅਹਿਮ ਯੋਗਦਾਨ ਹੈ। ਯੂਨੀਵਰਸਿਟੀ ਦਾ ਖੇਡ ਵਿਭਾਗ ਤੇ ਕੋਚ ਸਾਰਾ ਸਾਲ ਮਿਹਨਤ ਕਰਕੇ ਖਿਡਾਰੀਆਂ ਨੂੰ ਤਰਾਸ਼ਦੇ ਹਨ ਤੇ ਇਨ੍ਹਾਂ ਦੀ ਮਿਹਨਤ ਸਦਕਾ ਹੀ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਜੋ ਮਾਰਚ, 2018 ਵਿਚ ਮੈਕਸੀਕੋ ਵਿਖੇ ਕਰਵਾਈ ਗਈ, ਵਿਚੋਂ ਨਿਸ਼ਾਨੇਬਾਜ਼ ਅਖਿਲ ਸ਼ੇਰੋ ਨੇ ਸੋਨ ਤਗਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਇਸ ਦੇ ਪੰਜ ਖਿਡਾਰੀਆਂ ਨੇ ਵਿਸ਼ਵ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ 2018 ਮਲੇਸ਼ੀਆ ਵਿਖੇ ਹਿੱਸਾ ਲੈ ਕੇ ਮਾਣ ਵਧਾਇਆ।
ਇਸ ਸਾਲ ਯੂਨੀਵਰਸਿਟੀ ਨੇ ਵਰਲਡ ਯੂਨੀਵਰਸਿਟੀ ਗੇਮਜ਼ ਤਲਵਾਰਬਾਜ਼ੀ ਦਾ ਕੋਚਿੰਗ ਕੈਂਪ ਲਗਾਇਆ ਤੇ 8 ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ 'ਚ ਚਾਈਨੀ ਤੇਪਈ ਵਿਚ ਹਿੱਸਾ ਲਿਆ। 6 ਜੂਡੋ ਖਿਡਾਰੀਆਂ, 1 ਤਾਇਕਵਾਂਡੋ ਖਿਡਾਰੀ ਨੇ ਇੰਡੀਅਨ ਯੂਨੀਵਰਸਿਟੀ ਵਿਚ ਸ਼ਾਮਿਲ ਹੋ ਕੇ ਵਿਸ਼ਵ ਯੂਨੀਵਰਸਿਟੀ ਵਿਚ ਹਿੱਸਾ ਲਿਆ। ਯੂਨੀਵਰਸਿਟੀ ਦੀ ਤਲਵਾਰਬਾਜ਼ੀ ਦੀ ਖਿਡਾਰਨ ਕਬਿਤਾ ਦੇਵੀ ਨੇ ਚੀਨ ਵਿਖੇ ਹੋਏ ਈ.ਪੀ. ਵਰਲਡ ਕੱਪ ਤੇ ਜਰਮਨੀ ਵਿਖੇ ਹੋਏ ਵਿਸ਼ਵ ਕੱਪ ਤੇ ਹਾਂਗਕਾਂਗ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। ਤਲਵਾਰਬਾਜ਼ੀ ਦੀ ਖਿਡਾਰਨ ਰਾਧਿਕਾ ਨੇ ਜਰਮਨੀ ਵਿਖੇ ਹੋਈ ਵਰਲਡ ਚੈਂਪੀਅਨਸ਼ਿਪ ਤੇ ਹਾਂਗਕਾਂਗ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਬਿੰਦੂ ਦੇਵੀ ਨੇ ਵੀ ਤਲਵਾਰਬਾਜ਼ੀ ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਤੇ ਯੂਨੀਵਰਸਿਟੀ ਦੇ ਦੋ ਸਾਈਕਲਿਸਟਾਂ ਨੇ ਨਵੀਂ ਦਿੱਲੀ ਵਿਖੇ ਹੋਏ ਏਸ਼ੀਆ ਕੱਪ ਵਿਚੋਂ ਦੋ ਸੋਨ ਤਗਮੇ ਜਿੱਤ ਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਅਨੇਕਾਂ ਅੰਤਰ'ਵਰਸਿਟੀ ਮੁਕਾਬਲਿਆਂ ਵਿਚੋਂ ਸੋਨ ,ਚਾਂਦੀ ਤੇ ਕਾਂਸੀ ਦੇ ਤਗਮੇ ਜਿੱਤ ਕੇ ਯੂਨੀਵਰਸਿਟੀ ਦੀ ਤਗਮਾ ਸੂਚੀ 'ਚ ਵਾਧਾ ਕੀਤਾ ਤੇ ਮਾਕਾ ਟਰਾਫੀ ਦੀ ਦੌੜ ਵੱਲ ਆਪਣੇ ਪੈਰ ਵਧਾਏ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਆਪਣੀ ਖੇਡ ਨੀਤੀ ਨਾਲ ਹਰ ਸਾਲ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਗੱਫੇ ਦਿੱਤੇ ਜਾਂਦੇ ਹਨ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਇਸ ਨੂੰ ਖੇਡਾਂ ਦੇ ਖੇਤਰ ਵਿਚ ਵਿਸ਼ੇਸ਼ ਸਹੂਲਤਾਂ ਦੇ ਕੇ ਖੇਡ ਕੇਂਦਰ ਖੋਲ੍ਹਣੇ ਚਾਹੀਦੇ ਹਨ ਤੇ ਦੇਸ਼ ਦੀਆਂ ਬਾਕੀ ਯੂਨੀਵਰਸਿਟੀਆਂ ਨੂੰ ਵੀ ਇਸ ਤੋਂ ਸਬਕ ਲੈਣ ਦੀ ਲੋੜ ਹੈ, ਤਾਂ ਜੋ ਸਾਡੇ ਖਿਡਾਰੀ ਉਲੰਪਿਕ, ਏਸ਼ੀਅਨ ਤੇ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਨਾਂਅ ਰੌਸ਼ਨ ਕਰ ਸਕਣ।


-ਮੋਬਾ: 98729-78781

ਵੇਖ ਨਾ ਸਕਣ ਦੇ ਬਾਵਜੂਦ ਕੁਝ ਕਰ ਵਿਖਾਇਆ ਰਾਮਕਰਣ ਸਿੰਘ ਨੇ

'ਕੌਨ ਕਹਤਾ ਹੈ ਕਿ ਨੇਤਰਹੀਣੋਂ ਮੇਂ ਦਮ ਨਹੀਂ, ਹਮ ਨੇਤਰਹੀਣ ਹੂਏ ਤੋ ਕਿਆ ਹੂਆ, ਹਮ ਭੀ ਕਿਸੀ ਸੇ ਕਮ ਨਹੀਂ', ਇਨ੍ਹਾਂ ਸਤਰਾਂ ਨੂੰ ਸੱਚ ਕਰ ਵਿਖਾਉਣ ਵਾਲਾ ਹੈ ਨੇਤਰਹੀਣ ਖਿਡਾਰੀ ਰਾਮਕਰਣ ਸਿੰਘ, ਜਿਸ ਨੂੰ ਦਿਸਦਾ ਨਹੀਂ ਪਰ ਉਸ ਦੀ ਜ਼ਿੰਦਗੀ ਦੀ ਰਫ਼ਤਾਰ ਘਟੀ ਨਹੀਂ ਅਤੇ ਹਕੀਕਤ ਵਿਚ ਵੀ ਉਹ ਇਕ ਦੌੜਾਕ ਖਿਡਾਰੀ ਹੈ। ਬਸ ਦੌੜ ਰਿਹਾ ਹੈ ਜ਼ਿੰਦਗੀ ਦੀ ਰਫ਼ਤਾਰ ਵਿਚ ਵੀ ਅਤੇ ਖੇਡ ਦੇ ਮੈਦਾਨ ਵਿਚ ਵੀ। ਇਸ ਨੇਤਰਹੀਣ ਖਿਡਾਰੀ ਦਾ ਜਨਮ 5 ਸਤੰਬਰ, 1990 ਵਿਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਹਨਪੁਰ ਵਿਚ ਪੈਂਦੇ ਪਿੰਡ ਬੈਹਮਈ ਵਿਚ ਪਿਤਾ ਵਰਿੰਦਰ ਸਿੰਘ ਦੇ ਘਰ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਹੋਇਆ।
ਰਾਮਕਰਣ ਸਿੰਘ ਅਜੇ ਮੁਢਲੀ ਵਿੱਦਿਆ ਹੀ ਲੈ ਰਿਹਾ ਸੀ, ਉਮਰ ਕਰੀਬ 7-8 ਸਾਲ ਦੀ ਸੀ ਕਿ ਉਹ ਦੀਵਾਲੀ ਦੇ ਦਿਨਾਂ ਵਿਚ ਆਪਣੇ ਸੰਗੀਆਂ ਅਤੇ ਭਰਾਵਾਂ ਨਾਲ ਪਟਾਕੇ ਚਲਾ ਰਹੇ ਸੀ, ਤਾਂ ਅਚਾਨਕ ਪਟਾਕਾ ਫਟ ਕੇ ਰਾਮਕਰਣ ਦੀਆਂ ਅੱਖਾਂ ਵਿਚ ਪੈ ਗਿਆ ਅਤੇ ਰਾਮਕਰਣ ਦੀਆਂ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ। ਉਸ ਨੂੰ ਡਾਕਟਰਾਂ ਦੇ ਕੋਲ ਲਿਜਾਇਆ ਗਿਆ, ਜਿੱਥੇ ਅੱਖਾਂ ਦੇ ਮਾਹਿਰ ਡਾਕਟਰਾਂ ਨੇ ਚੱਲੇ ਪਟਾਕੇ ਵਲੋਂ ਵਰਤਾਈ ਅਣਹੋਣੀ ਨੂੰ ਇਸ ਕਦਰ ਸਾਬਤ ਕਰ ਦਿੱਤਾ ਕਿ ਰਾਮਕਰਣ ਦੇ ਸੁਨਹਿਰੀ ਸੰਸਾਰ ਦਾ ਚੜ੍ਹਦਾ ਸੂਰਜ ਸਦਾ ਲਈ ਪਸਤ ਹੋ ਗਿਆ। ਉਸ ਦੀ ਸੱਜੀ ਅੱਖ ਦੀ ਰੌਸ਼ਨੀ ਬਿਲਕੁਲ ਹੀ ਚਲੀ ਗਈ ਅਤੇ ਹੁਣ ਖੱਬੀ ਅੱਖ ਤੋਂ ਮਾੜਾ-ਮੋਟਾ ਜਾਣੀ 4-5 ਮੀਟਰ ਤੱਕ ਹੀ ਦਿਸਦਾ ਹੈ। ਆਖਰ ਮਾਂ-ਬਾਪ ਨੇ ਉਸ ਨੂੰ ਸਾਲ 1998 ਦੇ ਕਰੀਬ ਵਿੱਦਿਆ ਲਈ ਦਿੱਲੀ ਵਿਖੇ ਸਪੈਸ਼ਲ ਡਰੀਮ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ। 'ਡੂੰਡੇਂਗੇ ਅਗਰ ਤੋ ਹੀ ਰਾਸਤੇ ਮਿਲੇਂਗੇ, ਮੰਜ਼ਲ ਕੀ ਫ਼ਿਤਰਤ ਹੈ ਖੁਦ ਚਲ ਕਰ ਨਹੀਂ ਆਤੀ।' ਡਰੀਮ ਸਕੂਲ ਪੜ੍ਹਦਿਆਂ ਰਾਮਕਰਣ ਆਪਣੇ ਸੁਪਨਿਆਂ ਦੀ ਤਸਵੀਰ ਬਣਾਉਣ ਲੱਗਿਆ ਅਤੇ ਉਹ ਤਸਵੀਰ ਉਸ ਸਮੇਂ ਰੰਗੀਨ ਹੋ ਗਈ, ਜਦੋਂ ਰਾਮਕਰਣ ਖੇਡ ਦੇ ਮੈਦਾਨ ਵਿਚ ਦੌੜ ਕੇ ਸਭ ਨੂੰ ਹੈਰਾਨ ਕਰਨ ਲੱਗਿਆ ਅਤੇ ਛੇਤੀ ਹੀ ਰਾਮਕਰਣ ਨੇ ਆਪਣੀ ਤੇਜ਼ ਦੌੜ ਨੂੰ ਆਪਣੀ ਖੇਡ ਵਿਚ ਸ਼ਾਮਲ ਕਰ ਲਿਆ। ਸਾਲ 2010 ਵਿਚ ਉਹ ਚੀਨ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਦੌੜਾਕ ਵਜੋਂ ਖੇਡਣ ਗਿਆ, ਜਿਥੇ ਉਸ ਨੇ 800 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਉਸੇ ਸਾਲ ਹੀ ਉਹ ਤੁਰਕੀ ਵਿਖੇ ਵਿਸ਼ਵ ਖੇਡਾਂ ਵਿਚ ਭਾਗ ਲੈਣ ਗਿਆ, ਜਿੱਥੇ ਉਸ ਨੇ 5000 ਅਤੇ 1000 ਮੀਟਰ ਦੌੜ ਵਿਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਪੂਰੇ ਭਾਰਤ ਦਾ ਮਾਣ ਵਧਾਇਆ। ਸਾਲ 2013 ਵਿਚ ਕੋਰੀਆ ਦੇ ਸ਼ਹਿਰ ਟਿਊਨੇਸ਼ੀਆ ਵਿਚ ਹੋਈਆਂ ਏਸ਼ੀਅਨ ਖੇਡਾਂ 'ਚੋਂ 800 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ। ਸਾਲ 2018 ਵਿਚ ਉਹ ਭਾਰਤੀ ਖਿਡਾਰੀਆਂ ਨਾਲ ਡੁਬਈ ਖੇਡਣ ਗਿਆ, ਜਿੱਥੇ ਉਸ ਨੇ 5 ਤਗਮੇ ਆਪਣੇ ਨਾਂਅ ਕਰਕੇ ਇਕ ਇਤਿਹਾਸ ਰਚਿਆ। ਹੁਣ ਰਾਮਕਰਣ ਸਿੰਘ ਇੰਡੋਨੇਸ਼ੀਆ ਵਿਖੇ ਹੋਣ ਵਾਲੀਆਂ ਏਸ਼ੀਅਨ ਖੇਡਾਂ ਅਤੇ ਸਾਲ 2020 ਵਿਚ ਟੋਕੀਓ ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਦੀ ਤਿਆਰੀ ਆਪਣੇ ਬਹੁਤ ਹੀ ਮਿਹਨਤੀ ਕੋਚ ਡਾ: ਸੱਤਿਆਪਾਲ ਸਿੰਘ ਦੀ ਅਗਵਾਈ ਵਿਚ ਕਰ ਰਿਹਾ ਹੈ। ਰਾਮਕਰਣ ਸਿੰਘ ਨੂੰ ਆਪਣੇ ਸਵੈ-ਵਿਸ਼ਵਾਸ, ਹੌਸਲੇ 'ਤੇ ਐਨਾ ਯਕੀਨ ਹੈ ਕਿ ਉਹ ਮਾਣ ਨਾਲ ਆਖਦਾ ਹੈ ਕਿ ਉਹ ਉਲੰਪਿਕ ਵਿਚ ਭਾਰਤ ਲਈ ਜਿੱਤ ਹਾਸਲ ਕਰੇਗਾ। ਇਹ ਗੱਲ ਵੀ ਬੜੇ ਮਾਣ ਨਾਲ ਲਿਖੀ ਜਾ ਰਹੀ ਹੈ ਕਿ ਉਸ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਸਾਲ 2012 ਵਿਚ ਰਾਮਕਰਣ ਸਿੰਘ ਨੂੰ ਬਹੁਤ ਹੀ ਵਕਾਰੀ ਐਵਾਰਡ ਅਰਜਨ ਐਵਾਰਡ ਨਾਲ ਸਨਮਾਨਿਆ।


-ਮੋਬਾ: 98551-14484

ਕਿਲ੍ਹਾ ਰਾਏਪੁਰ ਦਾ ਹਾਕੀ ਖਿਡਾਰੀ ਕਰਮਜੀਤ ਸਿੰਘ

ਜ਼ਿਲ੍ਹਾ ਲੁਧਿਆਣਾ ਦੇ ਚਰਚਿਤ ਪਿੰਡ ਕਿਲ੍ਹਾ ਰਾਏਪੁਰ ਦੀ ਪੇਂਡੂ ਖੇਡ ਮੇਲਿਆਂ ਦਾ ਜਾਗ ਲਾਉਣ ਕਰਕੇ ਪੂਰੀ ਦੁਨੀਆ ਵਿਚ ਪਹਿਚਾਣ ਹੈ। ਭਾਵੇਂ ਇਨ੍ਹਾਂ ਖੇਡਾਂ ਵਿਚ ਅੱਜ ਦੀ ਘੜੀ ਜ਼ਿਆਦਾ ਰੁਝਾਨ ਰਵਾਇਤੀ ਖੇਡਾਂ ਦਾ ਹੈ, ਪਰ ਫਿਰ ਵੀ ਕਿਲ੍ਹਾ ਰਾਏਪੁਰ ਦੀ ਕੌਮੀ ਹਾਕੀ ਖੇਡ ਵਿਚ ਇਕ ਵਿਲੱਖਣ ਪਹਿਚਾਣ ਬਣੀ ਹੈ। ਇਹ ਇਕ ਵੱਖਰੀ ਗੱਲ ਹੈ ਕਿ ਕਿਲ੍ਹਾ ਰਾਏਪੁਰ ਨੂੰ ਹਾਕੀ ਵਿਚ ਜੋ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਸਨ, ਉਹ ਨਹੀਂ ਹੋ ਸਕੀਆਂ ਪਰ ਫਿਰ ਵੀ ਉਲੰਪੀਅਨ ਗੁਰਚਰਨ ਸਿੰਘ ਜੋ 1936 ਉਲੰਪਿਕ ਵਿਚ ਧਿਆਨ ਚੰਦ ਦੀ ਕਪਤਾਨੀ ਹੇਠ ਭਾਰਤ ਵਲੋਂ ਖੇਡਿਆ ਤੇ ਰੇਲਵੇ ਵਾਲਾ ਦਲਜੀਤ ਸਿੰਘ ਗਰੇਵਾਲ, ਜਿੰਦੂ ਬਾਈ, ਅਥਲੀਟ ਤੇ ਹਾਕੀ ਖਿਡਾਰੀ ਹਰਭਜਨ ਸਿੰਘ ਗਰੇਵਾਲ, ਸੁਖਵਿੰਦਰ ਸਿੰਘ ਸੁੱਖੀ, ਪਰਮਜੀਤ ਸਿੰਘ ਪੰਮਾ, ਨਰਾਇਣ ਸਿੰਘ ਗਰੇਵਾਲ ਆਦਿ ਕਈ ਹੋਰ ਨਾਮੀ ਖਿਡਾਰੀ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨਾਂ ਨੇ ਪੈਦਾ ਕੀਤੇ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਕੌਮੀ ਪੱਧਰ 'ਤੇ ਆਪਣਾ ਹਾਕੀ ਦਾ ਹੁਨਰ ਬਿਖੇਰਿਆ। ਹੁਣ ਪਿੰਡ ਕਿਲ੍ਹਾ ਰਾਏਪੁਰ ਨੂੰ ਇਕ ਵੱਡਾ ਨਾਮਣਾ ਮਿਲਿਆ ਹੈ ਕਿ ਕਿਲ੍ਹਾ ਰਾਏਪੁਰ ਦਾ ਜਾਂਬਾਜ਼ ਹਾਕੀ ਖਿਡਾਰੀ ਕਰਮਜੀਤ ਸਿੰਘ ਕਾਲਾ ਗੋਲਕੀਪਰ ਇਸ ਵਰ੍ਹੇ 27 ਜੁਲਾਈ ਤੋਂ 5 ਅਗਸਤ ਤੱਕ ਸਪੇਨ ਦੇ ਸ਼ਹਿਰ ਟਰੇਸਾ ਵਿਖੇ ਹੋਣ ਵਾਲੇ ਮਾਸਟਰ ਵਿਸ਼ਵ ਕੱਪ ਲਈ ਅਮਰੀਕਾ ਦੀ ਟੀਮ ਵਾਸਤੇ ਚੁਣਿਆ ਗਿਆ ਹੈ। ਕਰਮਜੀਤ ਸਿੰਘ ਦੀ ਇਹ ਚੋਣ ਸਿੱਖ ਕੌਮ ਲਈ ਤੇ ਖਾਸ ਕਰਕੇ ਪੰਜਾਬੀਆਂ ਲਈ ਇਕ ਵੱਡੇ ਮਾਣ ਵਾਲੀ ਗੱਲ ਹੈ। ਕਿਲ੍ਹਾ ਰਾਏਪੁਰ ਦਾ ਇਹ ਖਿਡਾਰੀ ਕਰਮਜੀਤ ਸਿੰਘ ਕਾਲਾ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਖੇ ਰਹਿੰਦਾ ਹੈ। ਸਾਲ 2000 ਤੋਂ ਅਮਰੀਕਾ ਵਸਦਾ ਕਰਮਜੀਤ ਸਿੰਘ ਕਾਲਾ ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨਾਂ ਤੋਂ ਖੇਡਦਾ ਸਕੂਲਾਂ ਦਾ ਕੌਮੀ ਪੱਧਰ ਦਾ ਨਾਮੀ ਗੋਲਕੀਪਰ ਬਣਿਆ। ਫਿਰ ਗੁਰੂਸਰ ਸੁਧਾਰ ਕਾਲਜ ਵਿਖੇ ਆਪਣੇ ਹਾਕੀ ਹੁਨਰ ਦਾ ਲੋਹਾ ਮੰਨਵਾਉਂਦਾ ਹੋਇਆ ਆਲ ਇੰਡੀਆ ਅੰਤਰ ਯੂਨੀਵਰਸਿਟੀ ਪੱਧਰ 'ਤੇ ਖੇਡਿਆ। ਉਹ ਲਗਾਤਾਰ ਹਾਕੀ ਖੇਡਦਾ ਰਿਹਾ, ਜਿਸ ਦੀ ਵਜ੍ਹਾ ਕਰਕੇ ਅੱਜ ਅਮਰੀਕਾ ਦੀ ਟੀਮ ਵਲੋਂ ਉਸ ਨੂੰ ਮਾਸਟਰ ਵਿਸ਼ਵ ਕੱਪ ਹਾਕੀ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। ਉਸ ਨੇ ਉੱਭਰਦੇ ਹਾਕੀ ਖਿਡਾਰੀਆਂ ਨੂੰ ਇਹੀ ਪ੍ਰੇਰਨਾ ਦਿੱਤੀ ਕਿ ਉਹ ਸਖ਼ਤ ਮਿਹਨਤ, ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਹਾਕੀ ਖੇਡਦੇ ਰਹਿਣ ਤਾਂ ਸਫਲਤਾ ਇਕ ਨਾ ਇਕ ਦਿਨ ਜ਼ਰੂਰ ਆਪਣੇ-ਆਪ ਮਿਲਦੀ ਹੈ।


-ਮੋਬਾ: 95015-82626

ਕੌਮਾਂਤਰੀ ਖੇਡ ਮੰਚ 'ਤੇ ਦੇਸ਼ ਦਾ ਮਾਣ ਬਣਿਆ ਵੈਟਰਨ ਅਥਲੀਟ ਗੋਲਡਨ ਸਿੱਧੂੂ

ਹੱਥੀਂ ਕਿਰਤ ਕਰਨ ਜਾਂ ਨਿਰੰਤਰ ਵਰਜਿਸ਼ ਕਰਨ ਦੇ ਨਾਲ-ਨਾਲ ਸੰਤੁਲਿਤ ਖੁਰਾਕ ਖਾ ਕੇ ਹੀ ਮਨੁੱਖ ਆਪਣੇ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖ ਸਕਦਾ ਹੈ। ਇਸੇ ਧਾਰਨਾ 'ਤੇ ਚੱਲਦਿਆਂ ਉਮਰ ਦੇ 85 ਸਾਲ ਪੂਰੇ ਕਰ ਚੁੱਕੇ ਵੈਟਰਨ ਅਥਲੀਟ ਕੈਪਟਨ ਗੁਰਜੀਵਨ ਸਿੰਘ ਸਿੱਧੂ ਨੇ ਜਿੱਥੇ ਏਸ਼ੀਆ ਪੱਧਰ 'ਤੇ ਸੋਨ ਤਗਮੇ ਜਿੱਤੇ ਹਨ, ਉੱਥੇ ਅਜੋਕੀ ਸਿਹਤ ਸੰਭਾਲ ਤੋਂ ਦੂਰ ਚੱਲ ਰਹੀ ਨਵੀਂ ਪੀੜ੍ਹੀ ਲਈ ਨਵੀਂ ਮਿਸਾਲ ਵੀ ਪੈਦਾ ਕੀਤੀ ਹੈ। ਸ: ਸਿੱਧੂ ਨੇ ਵੈਟਰਨ ਖੇਡਾਂ 'ਚ ਏਸ਼ੀਆ ਪੱਧਰ 'ਤੇ ਇੰਨੇ ਕੁ ਤਗਮੇ ਜਿੱਤ ਲਏ ਹਨ, ਜਿਨ੍ਹਾਂ ਕਾਰਨ ਉਸ ਨੂੰ ਖੇਡ ਹਲਕਿਆਂ 'ਚ ਗੋਲਡਨ ਸਿੱਧੂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲਾ ਵਿਖੇ 16 ਜੂਨ, 1932 ਨੂੰ ਜਨਮੇ ਗੁਰਜੀਵਨ ਸਿੰਘ ਸਿੱਧੂ ਨੇ ਡੀ.ਬੀ. ਹਾਈ ਸਕੂਲ ਨਥਾਣਾ ਵਿਖੇ ਪੜ੍ਹਦਿਆਂ ਕਬੱਡੀ ਅਤੇ ਅਥਲੈਟਿਕਸ 'ਚ ਜ਼ੋਰ ਅਜਮਾਇਸ਼ ਕੀਤੀ। ਫਿਰ ਮਹਿੰਦਰਾ ਕਾਲਜ ਪਟਿਆਲਾ ਵਿਖੇ ਗ੍ਰੈਜੂਏਸ਼ਨ ਕਰਦਿਆਂ ਯੂਨੀਵਰਸਿਟੀ ਪੱਧਰ ਦੇ ਖੇਡ ਮੁਕਾਬਲਿਆਂ 'ਚ ਕਬੱਡੀ, ਗੋਲਾ, ਹੈਮਰ ਅਤੇ ਡਿਸਕਸ ਸੁੱਟਣ 'ਚ ਹਿੱਸਾ ਲਿਆ। ਇਸ ਉਪਰੰਤ ਸ: ਸਿੱਧੂ ਨੇ ਜਲੰਧਰ ਦੇ ਲਾਅ ਕਾਲਜ ਤੋਂ 1956 'ਚ ਵਕਾਲਤ ਪਾਸ ਕਰਨ ਦੌਰਾਨ ਵੀ ਆਪਣੀਆਂ ਖੇਡ ਸਰਗਰਮੀਆਂ ਜਾਰੀ ਰੱਖੀਆਂ। ਫਿਰ ਬਤੌਰ ਪੰਚਾਇਤ ਅਫ਼ਸਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਕਈ ਸਾਲ ਸੇਵਾ ਨਿਭਾਈ ਅਤੇ ਪਿੰਡਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਯਤਨ ਕੀਤੇ। ਫਿਰ 1963 'ਚ ਭਾਰਤੀ ਸੈਨਾ 'ਚ ਕਮਿਸ਼ਨ ਮਿਲਣ ਕਰਕੇ 5 ਸਾਲ ਸੇਵਾ ਨਿਭਾਈ, ਜਿਸ ਦੌਰਾਨ ਉਨ੍ਹਾਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਰਜਿਸ਼ ਜਾਰੀ ਰੱਖੀ। ਫਿਰ ਬਤੌਰ ਕੈਪਟਨ ਸੈਨਾ ਦੀ ਨੌਕਰੀ ਤਿਆਗ ਕੇ ਲੋਕ ਸੰਪਰਕ ਵਿਭਾਗ ਪੰਜਾਬ 'ਚ ਬਤੌਰ ਪੀ.ਆਰ.ਓ. ਭਰਤੀ ਹੋਏ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।
ਇਸ ਉਪਰੰਤ ਉਨ੍ਹਾਂ ਪੰਜਾਬ-ਹਰਿਆਣਾ ਹਾਈ ਕੋਰਟ 'ਚ ਬਤੌਰ ਵਕੀਲ ਸਰਗਰਮੀਆਂ ਸ਼ੁਰੂ ਕੀਤੀਆਂ, ਜਿਸ ਦੌਰਾਨ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਸਿੱਧੂ ਨਿਰਦੇਸ਼ਕ ਖੇਡ ਵਿੰਗ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਦੀ ਪ੍ਰੇਰਨਾ ਨਾਲ ਕੈਪਟਨ ਸਿੱਧੂ ਨੇ ਮੁੜ ਆਪਣੀਆਂ ਖੇਡ ਸਰਗਰਮੀਆਂ ਆਰੰਭ ਕਰ ਦਿੱਤੀਆਂ। ਇਸ ਤਹਿਤ ਉਨ੍ਹਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਮਾਸਟਰਜ਼ ਮੀਟ (70 ਸਾਲ ਤੋਂ ਵੱਧ ਉਮਰ ਗੁੱਟ) 'ਚ ਹਿੱਸਾ ਲਿਆ, ਜਿਸ ਵਿਚੋਂ ਗੋਲਾ, ਹੈਮਰ ਅਤੇ ਡਿਸਕਸ ਸੁੱਟਣ 'ਚ ਸੋਨ ਤਗਮੇ ਜਿੱਤ ਕੇ ਵਧੀਆ ਆਗਾਜ਼ ਕੀਤਾ। ਇਸ ਸ਼ੁਰੂਆਤ ਤੋਂ ਬਾਅਦ ਸ: ਸਿੱਧੂ ਦੀਆਂ ਪ੍ਰਾਪਤੀਆਂ ਦਾ ਗ੍ਰਾਫ਼ ਉੱਪਰ ਹੀ ਜਾਣ ਲੱਗਾ। ਉਹ ਜਲਦੀ ਹੀ ਕੌਮੀ ਚੈਂਪੀਅਨ ਬਣ ਗਏ ਅਤੇ ਕੌਮਾਂਤਰੀ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਲੱਗੇ। ਇਸ ਸਿਲਸਿਲੇ ਦਾ ਸਿਖਰ ਉਸ ਵੇਲੇ ਹੋਇਆ, ਜਦੋਂ ਉਹ ਗੋਲਾ, ਡਿਸਕਸ ਅਤੇ ਹੈਮਰ ਸੁੱਟਣ 'ਚ ਏਸ਼ੀਆ ਚੈਂਪੀਅਨ ਬਣੇ। ਕੈਪਟਨ ਸਿੱਧੂ 80 ਸਾਲ ਤੋਂ ਵੱਧ ਉਮਰ ਗੁੱਟ 'ਚ ਹੁਣ ਤੱਕ 4 ਵਾਰ ਗੋਲਾ ਸੁੱਟਣ 'ਚ ਤੇ ਹੈਮਰ ਥਰੋਅ 'ਚ 2 ਵਾਰ ਏਸ਼ੀਆ ਚੈਂਪੀਅਨ ਬਣ ਚੁੱਕੇ ਹਨ। ਇਸ ਦੇ ਨਾਲ ਹੀ ਉਹ ਗੋਲਾ ਅਤੇ ਹੈਮਰ ਸੁੱਟਣ 'ਚ ਸਿਡਨੀ (ਆਸਟਰੇਲੀਆ) ਵਿਖੇ ਵਿਸ਼ਵ ਮੀਟ 'ਚੋਂ ਕਾਂਸੀ ਦਾ ਤਗਮਾ ਵੀ ਜਿੱਤ ਚੁੱਕੇ ਹਨ। ਕੈਪਟਨ ਸਿੱਧੂ ਨੇ ਪਿਛਲੇ ਵਰ੍ਹੇੇ ਚੀਨ 'ਚ ਹੋਈ ਏਸ਼ੀਅਨ ਮਾਸਟਰਜ਼ ਮੀਟ ਦੇ 85 ਸਾਲ ਤੋਂ ਵੱਧ ਉਮਰ ਗੁੱਟ ਦੇ ਗੋਲਾ, ਡਿਸਕਸ ਅਤੇ ਹੈਮਰ ਸੁੱਟਣ ਮੁਕਾਬਲਿਆਂ 'ਚੋਂ ਸੋਨ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਇਸ ਦੌਰਾਨ ਉਨ੍ਹਾਂ ਗੋਲਾ ਤੇ ਹੈਮਰ ਸੁੱਟਣ 'ਚ ਨਵੇਂ ਏਸ਼ੀਆ ਕੀਰਤੀਮਾਨ ਵੀ ਬਣਾਏ। ਏਸ਼ੀਆ ਪੱਧਰ ਦੀਆਂ ਸੁਨਹਿਰੀ ਪ੍ਰਾਪਤੀਆਂ ਸਦਕਾ ਹੀ ਉਹ ਗੋਲਡਨ ਸਿੱਧੂ ਦੇ ਨਾਂਅ ਨਾਲ ਮਸ਼ਹੂਰ ਹੋ ਗਏ।
ਉਪਰੋਕਤ ਖੇਡ ਪ੍ਰਾਪਤੀਆਂ ਸਦਕਾ 2016 'ਚ ਸ: ਗੁਰਜੀਵਨ ਸਿੰਘ ਸਿੱਧੂ ਦੀ ਚੋਣ ਦੇਸ਼ ਦੇ ਸੀਨੀਅਰ ਨਾਗਰਿਕਾਂ ਨੂੰ ਖੇਡਾਂ ਅਤੇ ਸਾਹਸੀ ਕਾਰਜਾਂ ਲਈ ਦਿੱਤੇ ਜਾਣ ਵਾਲੇ ਕੌਮੀ ਪੁਰਸਕਾਰ ਲਈ ਹੋਈ, ਜੋ ਉਸ ਵੇਲੇ ਦੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨੇ 2.5 ਲੱਖ ਰੁਪਏ ਦੀ ਰਾਸ਼ੀ ਸਮੇਤ ਸ: ਸਿੱਧੂ ਨੂੰ ਪ੍ਰਦਾਨ ਕੀਤਾ। ਪੰਜਾਬ-ਹਰਿਆਣਾ ਬਾਰ ਐਸੋਸੀਏਸ਼ਨ ਵਲੋਂ ਵੀ ਉਨ੍ਹਾਂ ਨੂੰ ਖੇਡ ਸਰਗਰਮੀਆਂ ਰਾਹੀਂ ਵਕੀਲ ਭਾਈਚਾਰੇ ਦਾ ਮਾਣ ਬਣਨ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।


-ਪਟਿਆਲਾ।
ਮੋਬਾ: 97795-90575

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX