ਤਾਜਾ ਖ਼ਬਰਾਂ


ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਫ਼ਰੀਦਕੋਟ, 9 ਦਸੰਬਰ (ਗਗਨਦੀਪ ਸਿੰਘ)- ਫ਼ਰੀਦਕੋਟ 'ਚ ਪਿਛਲੇ 192 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਅੱਜ ਖ਼ਤਮ ਹੋ ਗਿਆ ਹੈ। ਇਸ ਦਾ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਹੈ। ਇਸ ਮੋਰਚੇ 'ਚ ਸ਼ਾਮਲ ਹੋਈਆਂ ਸਿੱਖ ਸੰਗਤਾਂ ਵੱਲੋਂ ਇਹ .....
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 9 ਦਸੰਬਰ- ਮੁੰਬਈ ਦੇ ਮਲਾੜ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਝੁਗੀ-ਝੌਪੜੀਆਂ ਵਾਲੇ ਇਲਾਕੇ 'ਚ ਲੱਗੀ ਅੱਗ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ .....
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਪੁਲਿਸ ਵੱਲੋਂ ਲੋੜੀਂਦੇ ਅੱਤਵਾਦੀ ਰਿਯਾਜ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇਹ ਅੱਤਵਾਦੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਂਦਾ.....
ਹੋਰ ਖ਼ਬਰਾਂ..

ਨਾਰੀ ਸੰਸਾਰ

ਸਾਕਾਰਾਤਮਕ ਸੋਚ ਦਾ ਜਾਦੂ

ਮਨੁੱਖੀ ਸ਼ਖ਼ਸੀਅਤ ਬੜੀ ਹੀ ਡੂੰਘੀ ਅਤੇ ਰਹੱਸਮਈ ਹੈ। ਜ਼ਿੰਦਗੀ ਦੇ ਇਸ ਦਿਲਚਸਪ ਸਫ਼ਰ ਦੌਰਾਨ ਹਰੇਕ ਮੋੜ 'ਤੇ ਇਸ ਵਿਚ ਬਦਲਾਅ ਆਉਣਾ ਲਾਜ਼ਮੀ ਹੈ। ਹਰੇਕ ਇਨਸਾਨ ਦਾ ਆਪਣਾ ਸੁਭਾਅ ਅਤੇ ਨਜ਼ਰੀਆ ਹੁੰਦਾ ਹੈ, ਜਿਸ ਦੇ ਆਖੇ ਲੱਗ ਉਹ ਦੂਜਿਆਂ ਨਾਲ ਵਿਚਰਦਾ ਹੈ। ਹਜ਼ਾਰਾਂ ਵਿਚਾਰ ਸਾਡੇ ਮਨ ਰੂਪੀ ਸਮੁੰਦਰ ਵਿਚ ਛੱਲਾਂ ਮਾਰਦੇ ਫਿਰਦੇ ਹਨ। ਕਦੇ ਵੀ ਸਾਡਾ ਮਨ ਵਿਚਾਰਾਂ ਤੋਂ ਮੁਕਤ ਹੁੰਦਾ ਹੀ ਨਹੀਂ। ਇਹ ਸਾਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੀ ਤਰ੍ਹਾਂ ਦੇ ਹੁੰਦੇ ਹਨ। ਇਹ ਵਿਚਾਰ ਹੀ ਸਾਨੂੰ ਬਣਾਉਂਦੇ ਜਾਂ ਵਿਗਾੜਦੇ ਹਨ। ਸਾਡਾ ਨਜ਼ਰੀਆ ਹੀ ਸਾਡੀ ਸ਼ਖ਼ਸੀਅਤ ਦਾ ਮੁੱਢ ਬੰਨ੍ਹਦਾ ਹੈ। ਜੋ ਵੀ ਅਸੀਂ ਸੋਚਦੇ ਹਾਂ, ਉਹ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਜੇਕਰ ਕਿਸੇ ਇਨਸਾਨ ਬਾਰੇ ਤੁਸੀਂ ਇਹ ਜਾਨਣ ਵਿਚ ਸਫਲ ਹੋ ਗਏ ਕਿ ਉਹ ਕੀ ਸੋਚ ਰੱਖਦਾ ਹੈ ਤਾਂ ਤੁਸੀਂ ਅਸਾਨੀ ਨਾਲ ਉਸ ਦੀ ਸ਼ਖ਼ਸੀਅਤ ਬਾਰੇ ਵੀ ਜਾਣ ਸਕੋਗੇ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਵਿਦਿਆਰਥੀ ਦੀ ਸੋਚ ਆਸ਼ਾਵਾਦੀ ਹੈ ਤਾਂ ਉਹ ਤਮਾਮ ਔਕੜਾਂ ਦੇ ਬਾਵਜੂਦ ਮਿਹਨਤ ਅਤੇ ਸੰਘਰਸ਼ ਕਰਕੇ ਜ਼ਿੰਦਗੀ ਵਿਚ ਕੁਝ ਨਿਵੇਕਲਾ ਕਰਨ ਦੀ ਇੱਛਾ ਰੱਖੇਗਾ, ਉਸ ਦੀ ਸਾਕਾਰਾਤਮਕ ਸੋਚ ਉਸ ਨੂੰ ਜ਼ਰੂਰ ਸਫਲਤਾ ਦੁਆਵੇਗੀ ਅਤੇ ਦੂਜੇ ਪਾਸੇ ਨਿਰਾਸ਼ਾਵਾਦੀ ਸੋਚ ਵਾਲਾ ਵਿਦਿਆਰਥੀ ਇਹੀ ਸੋਚੇਗਾ ਕਿ ਏਨੀਆਂ ਔਕੜਾਂ ਮੇਰਾ ਰਸਤਾ ਮੱਲੀ ਖੜ੍ਹੀਆਂ ਹਨ, ਮੈਂ ਤਾਂ ਸਫਲ ਹੀ ਨਹੀਂ ਹੋ ਸਕਦਾ, ਮੇਰੀ ਤਾਂ ਕਿਸਮਤ ਹੀ ਮਾੜੀ ਹੈ ਅਤੇ ਬਿਨਾਂ ਮਿਹਨਤ ਅਤੇ ਸੰਘਰਸ਼ ਕੀਤਿਆਂ ਸਾਰਾ ਦੋਸ਼ ਕਿਸਮਤ ਦੇ ਮੱਥੇ ਮੜ੍ਹ ਦਿੱਤਾ ਜਾਵੇਗਾ। ਕਿਉਂਕਿ ਸਫਲ ਵਿਅਕਤੀ ਕੋਲ ਹਿੰਮਤ, ਉਦੇਸ਼ ਅਤੇ ਆਦਰਸ਼ ਹੁੰਦੇ ਹਨ ਅਤੇ ਨਾਕਾਰਾਤਮਕ ਸੋਚ ਵਾਲੇ ਕੋਲ ਬਹਾਨੇ, ਸ਼ਿਕਾਇਤਾਂ ਅਤੇ ਸਾੜੇ ਹੁੰਦੇ ਹਨ। ਆਪਣੇ ਵਿਚਾਰ ਬਦਲ ਲਵੋ, ਤੁਹਾਡੀ ਦੁਨੀਆ ਬਦਲ ਜਾਵੇਗੀ। ਉਸਾਰੂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਿਲ ਕਰੋ। ਸਾਕਾਰਾਤਮਕ ਸੋਚ ਰੱਖਣਾ ਬਹੁਤ ਵਧੀਆ ਗੱਲ ਹੈ ਪਰ ਸਭ ਤੋਂ ਵੱਡੀ ਗੱਲ ਹੈ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ।
ਰੁਝੇਵੇਂ ਭਰੀ ਜ਼ਿੰਦਗੀ ਵਿਚ ਕੁਝ ਸਮਾਂ ਆਪਣੇ-ਆਪ ਨੂੰ ਦਿਓ। ਆਤਮ-ਚਿੰਤਨ ਕਰੋ, ਆਪਣੇ-ਆਪ ਨੂੰ ਜਾਨਣ ਦੀ ਕੋਸ਼ਿਸ਼ ਕਰੋ, ਕਿਉਂਕਿ ਹਰੇਕ ਇਨਸਾਨ ਦੀ ਸ਼ਖ਼ਸੀਅਤ ਦੇ ਦੋ ਪੱਖ ਹੁੰਦੇ ਹਨ, ਇਕ ਉਹ ਜੋ ਉਹ ਦੂਜਿਆਂ ਨੂੰ ਦਿਖਾਉਂਦਾ ਹੈ, ਇਕ ਅਜਿਹਾ ਰਹੱਸਮਈ ਪੱਖ ਹੁੰਦਾ ਹੈ, ਜਿਸ ਬਾਰੇ ਸਿਰਫ ਉਸ ਨੂੰ ਹੀ ਪਤਾ ਹੁੰਦਾ ਹੈ। ਸੋ, ਦੂਜਿਆਂ ਦੀ ਫਜ਼ੂਲ ਨਿੰਦਾ ਕਰਨ ਨਾਲੋਂ ਆਪਣੀੇ ਸ਼ਖ਼ਸੀਅਤ ਨੂੰ ਹੋਰ ਬਿਹਤਰ ਬਣਾਉਣ ਬਾਰੇ ਸੋਚੋ। ਜੇ ਸਾਡੇ ਵਿਚਾਰ ਚੜ੍ਹਦੀ ਕਲਾ ਵਿਚ ਰਹਿਣਗੇ, ਤਾਂ ਅਸੀਂ ਹਮੇਸ਼ਾ ਸੁਖੀ ਰਹਾਂਗੇ, ਪਰ ਜੇਕਰ ਅਸੀਂ ਹਮੇਸ਼ਾ ਅਸਫਲਤਾ ਬਾਰੇ ਸੋਚਾਂਗੇ ਜਾਂ ਢਹਿੰਦੀ ਕਲਾ 'ਚ ਰਹਾਂਗੇ ਤਾਂ ਅਸੀਂ ਦੁਖੀ ਹੀ ਰਹਾਂਗੇ। ਜੇਕਰ ਸਾਡੇ ਵਿਚਾਰਾਂ ਵਿਚ ਦੂਜਿਆਂ ਲਈ ਵੈਰ ਹੈ, ਸਾਡੇ ਵਤੀਰੇ ਵਿਚ ਨਿੱਘ ਨਹੀਂ, ਸਾਨੂੰ ਕਿਸੇ ਨਾਲ ਹਮਦਰਦੀ ਨਹੀਂ, ਹਮੇਸ਼ਾ ਜੋੜਨ ਮੱਲਣ ਦੀ ਲਾਲਸਾ ਹੈ। ਜਿੱਥੇ ਖੁਦਗਰਜ਼ੀ ਹੈ, ਜਿੱਥੇ ਕਿਸੇ ਨੂੰ ਭੰਡਣ ਦਾ ਕੋਈ ਮੌਕਾ ਨਾ ਛੱਡਿਆ ਜਾਵੇ, ਜਿੱਥੇ ਦੂਜੇ ਦੀ ਸਫਲਤਾ ਲਈ ਉਤਸ਼ਾਹ ਨਹੀਂ, ਸਗੋਂ ਉਸ ਨੂੰ ਸਰਾਹੁਣ ਦੀ ਥਾਂ ਮੂੰਹ ਸੀਤੇ ਜਾਣ, ਉੱਥੇ ਵਧੀਆ ਸ਼ਖ਼ਸੀਅਤ ਦਾ ਮੰਦਰ ਨਹੀਂ ਉਸਰ ਸਕਦਾ। ਜਿਹੜਾ ਆਪਣੇ-ਆਪ ਨੂੰ ਪੂਰਨ ਅਤੇ ਦੂਜਿਆਂ ਨੂੰ ਅਧੂਰਾ ਸਮਝਦਾ ਹੈ, ਉਸ ਤੋਂ ਕਦੇ ਵੀ ਉੱਚੀ ਸ਼ਖ਼ਸੀਅਤ ਦੀ ਆਸ ਨਹੀਂ ਰੱਖੀ ਜਾ ਸਕਦੀ। ਵਧੀਆ ਵਿਚਾਰਾਂ ਲਈ ਵਧੀਆ ਕਿਤਾਬਾਂ ਪੜ੍ਹੋ। ਸਾਡੇ ਧਾਰਮਿਕ ਗ੍ਰੰਥ ਇਸ ਖਜ਼ਾਨੇ ਨਾਲ ਭਰਪੂਰ ਹਨ ਪਰ ਅਸੀਂ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੇ, ਜਿਸ ਕਾਰਨ ਅਸੀਂ ਦੁਖੀ ਰਹਿੰਦੇ ਹਾਂ। ਇਸ ਜ਼ਿੰਦਗੀ ਰੂਪੀ ਸਫਰ ਵਿਚ ਸਾਡਾ ਕਈ ਇਨਸਾਨਾਂ ਨਾਲ ਵਾਹ ਪੈਂਦਾ ਹੈ ਅਤੇ ਕਈ ਇਨਸਾਨ ਵੀ ਸਾਨੂੰ ਬਹੁਤ ਕੁਝ ਸਿਖਾ ਦਿੰਦੇ ਹਨ। ਜਿਸ ਦਾ ਵੀ ਕੋਈ ਵਧੀਆ ਗੁਣ ਲੱਗੇ, ਉਸ ਨੂੰ ਅਪਣਾ ਲਵੋ। ਘਟੀਆ ਅਤੇ ਮੈਲੇ ਵਿਚਾਰਾਂ ਨੂੰ ਮਨ ਰੂਪੀ ਮਨਮੋਹਕ ਵਿਹੜੇ ਵਿਚ ਦਸਤਕ ਨਾ ਦੇਣ ਦਿਓ, ਕਿਉਂਕਿ ਇਹ ਸ਼ਖਸੀਅਤ ਨੂੰ ਖੋਰਾ ਜ਼ਰੂਰ ਲਾਉਣਗੇ। ਮਨ ਦੇ ਵਿਹੜੇ ਵਿਚ ਵਧੀਆ ਬੀਜ ਬੀਜੋ, ਕੁਦਰਤ ਦਾ ਸ਼ੁਕਰਾਨਾ ਕਰੋ ਅਤੇ ਸਰਬੱਤ ਦਾ ਭਲਾ ਮੰਗੋ।

-ਸ: ਸੀ: ਸੈ: ਸਕੂਲ, ਮੁਸਤਫਾਬਾਦ (ਫਤਹਿਗੜ੍ਹ ਸਾਹਿਬ)। ਮੋਬਾ: 94643-89293
preetminhas09@gmail.com


ਖ਼ਬਰ ਸ਼ੇਅਰ ਕਰੋ

ਗਰਮੀ ਵਿਚ ਝੁਲਸੀ ਚਮੜੀ ਦੀ ਦੇਖਭਾਲ

ਗਰਮੀਆਂ ਦੇ ਮੌਸਮ ਵਿਚ ਤੇਜ਼ ਧੁੱਪ ਵਿਚ ਬਾਹਰ ਘੁੰਮਣ ਨਾਲ ਸੂਰਜ ਦੀਆਂ ਪੈਰਾਬੈਂਗਣੀ ਕਿਰਨਾਂ ਨਾਲ ਟੈਨਿੰਗ ਅਤੇ ਸਨਬਰਨ ਦੀ ਸਮੱਸਿਆ ਆਪਣੇ ਸਿਖਰ 'ਤੇ ਹੁੰਦੀ ਹੈ। ਸੂਰਜ ਦੀ ਗਰਮੀ ਅਤੇ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਚਿਹਰੇ 'ਤੇ ਕਿੱਲ, ਮੁਹਾਸੇ, ਛਾਈਆਂ, ਕਾਲੇ ਦਾਗ, ਬਲੈਕ ਹੈੱਡ ਅਤੇ ਪਸੀਨੇ ਦੀ ਬਦਬੂ ਦੀ ਸਮੱਸਿਆ ਆਮ ਹੋ ਜਾਂਦੀ ਹੈ, ਜਿਸ ਨਾਲ ਚਮੜੀ ਨੂੰ ਪੂਰਾ ਗ੍ਰਹਿਣ ਜਿਹਾ ਲੱਗ ਜਾਂਦਾ ਹੈ ਅਤੇ ਤੁਸੀਂ ਘਰੋਂ ਬਾਹਰ ਨਿਕਲਣ ਵਿਚ ਅਸਹਿਜ ਮਹਿਸੂਸ ਕਰਦੇ ਹੋ ਅਤੇ ਮੌਸਮ ਤੁਹਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ।
ਇਸ ਸਮੱਸਿਆ ਦਾ ਉਚਿਤ ਹੱਲ ਕੀ ਹੈ? ਸੂਰਜ ਦੀਆਂ ਕਿਰਨਾਂ ਤੋਂ ਚਮੜੀ ਦੇ ਬਚਾਅ ਲਈ ਸਨਸਕਰੀਨ ਦਾ ਲੇਪ ਕਾਫੀ ਪ੍ਰਭਾਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਟੋਪੀ ਪਹਿਨਣਾ, ਛਤਰੀ ਲੈ ਕੇ ਚੱਲਣਾ ਅਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰ ਵਿਚ ਹੀ ਰਹਿਣਾ ਵੀ ਬਦਲਵੇਂ ਉਪਾਅ ਮੰਨੇ ਜਾਂਦੇ ਹਨ। ਜੇ ਤੁਹਾਨੂੰ ਸਿਖਰ ਦੁਪਹਿਰੇ ਘਰੋਂ ਨਿਕਲਣਾ ਹੀ ਪਵੇ ਤਾਂ ਸੂਰਜ ਦੀ ਗਰਮੀ ਤੋਂ ਬਚਾਅ ਕਰਨ ਵਾਲੀ ਸਨਸਕਰੀਨ ਬਾਜ਼ਾਰ ਵਿਚ ਉਪਲਬਧ ਹੈ। ਇਸ ਵਿਚ ਫੇਸ਼ੀਅਲ ਸਕਰੱਬ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਤੁਸੀਂ ਆਪਣੀ ਚਮੜੀ ਦੇ ਅਨੁਰੂਪ ਫੇਸ਼ੀਅਲ ਸਕਰੱਬ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੀ ਚਮੜੀ ਖੁਸ਼ਕ ਹੋਵੇ ਤਾਂ ਹਫ਼ਤੇ ਵਿਚ ਸਿਰਫ ਇਕ ਵਾਰ ਹੀ ਸਕਰੱਬ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਤੇਲੀ ਚਮੜੀ ਵਿਚ ਤੁਸੀਂ ਇਸ ਦੀ ਵਰਤੋਂ ਦੁਹਰਾ ਸਕਦੇ ਹੋ। ਇਸ ਨਾਲ ਚਮੜੀ ਵਿਚ ਮ੍ਰਿਤਕ ਕੋਸ਼ਿਕਾਵਾਂ ਹਟ ਜਾਂਦੀਆਂ ਹਨ, ਜਿਸ ਨਾਲ ਚਮੜੀ ਵਿਚ ਨਿਖਾਰ ਆ ਜਾਂਦਾ ਹੈ ਅਤੇ ਧੁੱਪ ਨਾਲ ਝੁਲਸੀ ਚਮੜੀ ਹਟ ਜਾਂਦੀ ਹੈ। ਤੁਸੀਂ ਆਪਣੀ ਰਸੋਈ ਵਿਚ ਰੱਖੇ ਉਤਪਾਦਾਂ ਤੋਂ ਅਸਾਨੀ ਨਾਲ ਸਕਰੱਬ ਬਣਾ ਸਕਦੇ ਹੋ।
ਜੇ ਦਿਨ ਭਰ ਬਾਹਰ ਰਹਿਣਾ ਤੁਹਾਡੀ ਨੌਕਰੀ ਜਾਂ ਪੇਸ਼ੇਵਰ ਮਜਬੂਰੀ ਹੈ ਤਾਂ ਸ਼ਾਮ ਨੂੰ ਚਿਹਰੇ ਨੂੰ ਠੰਢਕ ਪਹੁੰਚਾਉਣ ਲਈ ਚਿਹਰੇ 'ਤੇ ਕੁਝ ਸਮੇਂ ਤੱਕ ਬਰਫ ਦੇ ਟੁਕੜਿਆਂ ਨੂੰ ਰੱਖੋ। ਇਸ ਨਾਲ ਸੂਰਜ ਦੀ ਧੁੱਪ ਨਾਲ ਹੋਏ ਨੁਕਸਾਨ ਤੋਂ ਰਾਹਤ ਮਿਲੇਗੀ ਅਤੇ ਚਮੜੀ ਵਿਚ ਨਮੀ ਵਧੇਗੀ। ਚਿਹਰੇ 'ਤੇ ਟਮਾਟਰ ਦੀ ਲੁਗਦੀ ਲਗਾਉਣ ਨਾਲ ਵੀ ਗਰਮੀਆਂ ਵਿਚ ਝੁਲਸੀ ਚਮੜੀ ਨੂੰ ਕਾਫੀ ਸਕੂਨ ਮਿਲਦਾ ਹੈ। ਗਰਮੀਆਂ ਵਿਚ ਚਮੜੀ 'ਤੇ ਸਨਬਰਨ ਦੇ ਨੁਕਸਾਨ ਨੂੰ ਘੱਟ ਕਰਨ ਲਈ ਚਿਹਰੇ ਨੂੰ ਵਾਰ-ਵਾਰ ਤਾਜ਼ੇ, ਸਾਫ਼ ਅਤੇ ਠੰਢੇ ਪਾਣੀ ਨਾਲ ਧੋਵੋ। ਚਿਹਰੇ ਨੂੰ ਧੋਣ ਤੋਂ ਬਾਅਦ ਇਸ ਨੂੰ ਤੌਲੀਏ ਨਾਲ ਪੂੰਝਣ ਦੀ ਬਜਾਏ ਆਪਣੇ-ਆਪ ਸੁੱਕਣ ਦਿਓ, ਜਿਸ ਨਾਲ ਚਿਹਰੇ ਵਿਚ ਠੰਢਕ ਬਣੀ ਰਹੇਗੀ। ਗੁਲਾਬ-ਜਲ ਵਿਚ ਤਰਬੂਜ਼ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉਣ ਤੋਂ 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਦੇਣ ਨਾਲ ਸਨਬਰਨ ਦਾ ਅਸਰ ਖ਼ਤਮ ਹੋ ਜਾਵੇਗਾ।
ਸਕਰੱਬ : ਬਦਾਮ ਨਾਲ ਸਭ ਤੋਂ ਬਿਹਤਰੀਨ ਫੇਸ਼ੀਅਲ ਸਕਰੱਬ ਬਣਦਾ ਹੈ। ਬਦਾਮ ਨੂੰ ਗਰਮ ਪਾਣੀ ਵਿਚ ਉਦੋਂ ਤੱਕ ਭਿਉਂ ਕੇ ਰੱਖੋ ਜਦੋਂ ਤੱਕ ਇਸ ਦੀ ਬਾਹਰੀ ਛਿੱਲ ਨਾ ਹਟ ਜਾਵੇ। ਇਸ ਤੋਂ ਬਾਅਦ ਬਦਾਮ ਨੂੰ ਸੁਕਾ ਕੇ ਪੀਸ ਲਓ ਅਤੇ ਇਸ ਪਾਊਡਰ ਨੂੰ ਇਕ ਹਵਾਬੰਦ ਡੱਬੇ ਵਿਚ ਰੱਖ ਲਓ। ਰੋਜ਼ਾਨਾ ਸਵੇਰੇ ਦੋ ਚਮਚ ਪਾਊਡਰ ਵਿਚ ਦਹੀਂ ਜਾਂ ਠੰਢਾ ਦੁੱਧ ਮਿਲਾ ਕੇ ਇਸ ਮਿਸ਼ਰਨ ਨੂੰ ਕੋਮਲਤਾ ਨਾਲ ਚਮੜੀ 'ਤੇ ਲਗਾਓ ਅਤੇ ਬਾਅਦ ਵਿਚ ਇਸ ਨੂੰ ਪਾਣੀ ਨਾਲ ਧੋ ਦਿਓ। ਚੌਲਾਂ ਦੇ ਪਾਊਡਰ ਵਿਚ ਦਹੀਂ ਮਿਲਾ ਕੇ ਸਕਰੱਬ ਦੇ ਤੌਰ 'ਤੇ ਵਰਤਣ ਨਾਲ ਤੇਲੀ ਚਮੜੀ ਨੂੰ ਰਾਹਤ ਮਿਲਦੀ ਹੈ। ਥੋੜ੍ਹੀ ਜਿਹੀ ਹਲਦੀ ਨੂੰ ਦਹੀਂ ਵਿਚ ਮਿਲਾਓ। ਇਸ ਨੂੰ ਹਰ ਰੋਜ਼ ਚਮੜੀ 'ਤੇ ਕੋਮਲਤਾ ਨਾਲ ਲਗਾਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ।
ਇਕ ਚਮਚ ਸ਼ਹਿਦ ਵਿਚ ਦੋ ਚਮਚ ਨਿੰਬੂ ਰਸ ਮਿਲਾਓ। ਇਸ ਨੂੰ ਹਰ ਰੋਜ਼ ਚਿਹਰੇ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
ਤੇਲੀ ਚਮੜੀ ਹੋਵੇ ਜਾਂ ਝੁਲਸੀ ਚਮੜੀ ਨੂੰ ਰਾਹਤ ਪ੍ਰਦਾਨ ਕਰਨ ਲਈ ਖੀਰੇ ਦੀ ਲੁਗਦੀ ਨੂੰ ਦਹੀਂ ਵਿਚ ਮਿਲਾਓ ਅਤੇ ਇਸ ਮਿਸ਼ਰਨ ਨੂੰ ਹਰ ਰੋਜ਼ ਚਿਹਰੇ 'ਤੇ ਲਗਾਓ। ਇਸ ਮਿਸ਼ਰਨ ਨੂੰ 20 ਮਿੰਟ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ ਅਤੇ ਇਹ ਤੇਲੀ ਚਮੜੀ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੋਵੇਗਾ।
ਤੇਲੀ ਚਮੜੀ ਲਈ ਟਮਟਾਰ ਦੀ ਲੁਗਦੀ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਇਸ ਮਿਸ਼ਰਨ ਨੂੰ ਹਰ ਰੋਜ਼ ਚਮੜੀ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਦਿਓ। ਚਮੜੀ ਨੂੰ ਸੂਰਜ ਦੀ ਗਰਮੀ ਨਾਲ ਜਲਣ ਤੋਂ ਬਚਾਉਣ ਲਈ ਰੂੰ ਦੀ ਮਦਦ ਨਾਲ ਠੰਢਾ ਦੁੱਧ ਕੋਮਲਤਾ ਨਾਲ ਹਰ ਰੋਜ਼ ਚਮੜੀ 'ਤੇ ਲਗਾਓ। ਇਸ ਨਾਲ ਚਮੜੀ ਨੂੰ ਨਾ ਸਿਰਫ ਰਾਹਤ ਮਿਲੇਗੀ, ਸਗੋਂ ਚਮੜੀ ਕੋਮਲ ਬਣ ਕੇ ਨਿਖਰੇਗੀ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ ਅਤੇ ਇਹ ਖੁਸ਼ਕ ਅਤੇ ਸਾਧਾਰਨ ਚਮੜੀ ਦੋਵਾਂ ਲਈ ਫਾਇਦੇਮੰਦ ਸਿੱਧ ਹੋਵੇਗੀ।
ਸੂਰਜ ਦੀ ਗਰਮੀ ਨਾਲ ਝੁਲਸੀ ਚਮੜੀ ਦੇ ਇਲਾਜ ਅਤੇ ਬਚਾਅ ਵਿਚ ਤਿਲ ਅਹਿਮ ਭੂਮਿਕਾ ਅਦਾ ਕਰਦੇ ਹਨ। ਮੁੱਠੀ ਭਰ ਤਿਲ ਨੂੰ ਪੀਸ ਕੇ ਇਸ ਨੂੰ ਅੱਧੇ ਕੱਪ ਪਾਣੀ ਵਿਚ ਮਿਲਾ ਲਓ ਅਤੇ ਦੋ ਘੰਟੇ ਤੱਕ ਮਿਸ਼ਰਨ ਨੂੰ ਕੱਪ ਵਿਚ ਰਹਿਣ ਦੇਣ ਤੋਂ ਬਾਅਦ ਪਾਣੀ ਨੂੰ ਪੁਣ ਕੇ ਇਸ ਨਾਲ ਚਿਹਰਾ ਸਾਫ਼ ਕਰ ਲਓ।
ਕਲੀਂਜ਼ਿੰਗ ਮਾਸਕ : ਖੀਰੇ ਅਤੇ ਪਪੀਤੇ ਦੀ ਲੁਗਦੀ ਦਾ ਮਿਸ਼ਰਨ ਬਣਾ ਕੇ ਇਸ ਵਿਚ ਇਕ ਚਮਚ ਦਹੀਂ, ਇਕ ਚਮਚ ਸ਼ਹਿਦ, ਚਾਰ ਚਮਚ ਜਈ ਦਾ ਆਟਾ ਅਤੇ ਇਕ ਚਮਚ ਨਿੰਬੂ ਰਸ ਮਿਲਾ ਲਓ ਅਤੇ ਇਸ ਮਿਸ਼ਰਨ ਨੂੰ ਹਫ਼ਤੇ ਵਿਚ ਦੋ ਵਾਰ ਚਿਹਰੇ ਅਤੇ ਧੌਣ 'ਤੇ ਲਗਾਓ ਲਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ।
ਸਰੀਰ : ਸਰੀਰ ਦੀ ਹਰ ਰੋਜ਼ ਤਿਲ ਦੇ ਲੇਪ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਦਹੀਂ ਵਿਚ ਵੇਸਣ, ਨਿੰਬੂ ਦਾ ਰਸ ਅਤੇ ਥੋੜ੍ਹੀ ਹਲਦੀ ਮਿਲਾਓ ਅਤੇ ਇਸ ਨੂੰ ਚਿਹਰੇ ਅਤੇ ਧੌਣ 'ਤੇ ਹਫਤੇ ਵਿਚ ਤਿੰਨ ਵਾਰ ਮਾਲਿਸ਼ ਅਤੇ 30 ਮਿੰਟ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ।
ਹੱਥਾਂ ਲਈ : ਦੋ ਚਮਚ ਸੂਰਜਮੁਖੀ ਤੇਲ ਅਤੇ ਤਿੰਨ ਚਮਚ ਖੁਰਦਰੀ ਖੰਡ ਦੇ ਮਿਸ਼ਰਨ ਨੂੰ ਮਿਲਾ ਕੇ ਇਸ ਦਾ ਪੇਸਟ ਬਣਾ ਲਓ। ਇਸ ਨੂੰ ਹੱਥਾਂ 'ਤੇ ਰਗੜੋ ਅਤੇ 15 ਮਿੰਟ ਬਾਅਦ ਹੱਥਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿਓ।
ਪੈਰਾਂ ਲਈ : ਪਾਣੀ ਵਿਚ ਨਿੰਬੂ ਰਸ ਮਿਲਾ ਕੇ ਇਸ ਵਿਚ ਪੈਰਾਂ ਨੂੰ ਡੁਬੋ ਦਿਓ। ਇਸ ਨਾਲ ਪੈਰਾਂ ਨੂੰ ਸ਼ੀਤਲਤਾ, ਕੋਮਲਤਾ ਅਤੇ ਠੰਢਕ ਦਾ ਅਹਿਸਾਸ ਹੁੰਦਾ ਹੈ ਅਤੇ ਪੈਰਾਂ ਦੀ ਬਦਬੂ ਖਤਮ ਹੋ ਜਾਂਦੀ ਹੈ। ਪੈਰਾਂ 'ਤੇ ਨਿੰਬੂ ਰਗੜਨ ਨਾਲ ਵੀ ਪੈਰਾਂ ਦੀ ਸੁੰਦਰਤਾ ਵਧਦੀ ਹੈ।

ਆਈਸਕ੍ਰੀਮ ਬਣਾਓ ਅਤੇ ਖਿਲਾਓ

ਬਲੈਕ ਗ੍ਰੇਪਸ ਆਈਸਕ੍ਰੀਮ
ਸਮੱਗਰੀ : ਇਕ ਲਿਟਰ ਦੁੱਧ, 200 ਗ੍ਰਾਮ ਬਲੈਕ ਗ੍ਰੇਪਸ (ਕਾਲਾ ਅੰਗੂਰ) ਅਤੇ 150 ਗ੍ਰਾਮ ਸ਼ੱਕਰ (ਖੰਡ)।
ਵਿਧੀ : ਸਭ ਤੋਂ ਪਹਿਲਾਂ ਦੁੱਧ ਨੂੰ ਹੌਲੀ ਅੱਗ 'ਤੇ ਉਬਾਲ ਕੇ ਸੰਘਣਾ ਕਰ ਲਓ। ਜਦੋਂ ਦੁੱਧ ਲਗਪਗ 300 ਗਰਾਮ ਰਹਿ ਜਾਵੇ ਤਾਂ ਉਸ ਨੂੰ ਲਾਹ ਕੇ ਠੰਢਾ ਕਰ ਲਓ। ਠੰਢਾ ਹੋਣ 'ਤੇ ਉਸ ਵਿਚ ਕਾਲੇ ਅੰਗੂਰਾਂ ਨੂੰ ਮਸਲ-ਮਸਲ ਕੇ ਪਾਉਂਦੇ ਜਾਓ ਅਤੇ ਅੰਤ ਵਿਚ ਚੰਗੀ ਤਰ੍ਹਾਂ ਮਿਲਾ ਲਓ। ਉਸ ਤੋਂ ਬਾਅਦ ਇਸ ਵਿਚ ਖੰਡ ਪਾ ਕੇ ਮਿਲਾ ਲਓ ਅਤੇ ਦੁਬਾਰਾ ਅੱਗ 'ਤੇ ਚੜ੍ਹਾ ਕੇ ਗਰਮ ਕਰ ਲਓ। ਕੁਝ ਗਰਮ ਹੋ ਜਾਣ ਤੋਂ ਬਾਅਦ ਉਸ ਨੂੰ ਲਾਹ ਕੇ ਠੰਢਾ ਕਰਕੇ ਆਈਸਕ੍ਰੀਮ ਪਾਟ ਵਿਚ ਪਾ ਕੇ ਫਰਿੱਜ ਵਿਚ ਰੱਖ ਦਿਓ। ਅੱਧੇ ਘੰਟੇ ਵਿਚ 'ਗ੍ਰੇਪਸ ਆਈਸਕ੍ਰੀਮ' ਤਿਆਰ ਹੋ ਜਾਵੇਗੀ। ਚਾਅ ਨਾਲ ਇਸ ਨੂੰ ਖਾਓ ਅਤੇ ਖਵਾਓ। ਆਈਸਕ੍ਰੀਮ ਬਣਾਉਣ ਲਈ ਜੇ ਮੱਝ ਦਾ ਤਾਜ਼ਾ ਦੁੱਧ ਵਰਤਿਆ ਜਾਵੇ ਤਾਂ ਜ਼ਿਆਦਾ ਠੀਕ ਹੋਵੇਗਾ।
ਕੇਸਰ-ਪਿਸਤਾ ਆਈਸਕ੍ਰੀਮ
ਸਮੱਗਰੀ : ਇਕ ਗ੍ਰਾਮ ਕੇਸਰ, 30 ਗ੍ਰਾਮ ਪਿਸਤਾ, ਇਕ ਲਿਟਰ ਦੁੱਧ, 20 ਬੂੰਦਾਂ ਗੁਲਾਬ-ਜਲ ਅਤੇ 150 ਗ੍ਰਾਮ ਸ਼ੱਕਰ।
ਵਿਧੀ : ਦੁੱਧ ਨੂੰ ਤੇਜ਼ ਅੱਗ 'ਤੇ ਉਬਾਲ ਕੇ ਸੰਘਣਾ ਕਰ ਲਓ। ਫਿਰ ਉਸ ਨੂੰ ਲਾਹ ਕੇ ਠੰਢਾ ਕਰਕੇ ਉਸ ਵਿਚ ਕੇਸਰ ਅੇਤ ਪਿਸਤਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਉੱਪਰੋਂ ਦੀ ਸ਼ੱਕਰ ਪਾ ਕੇ ਦੁਬਾਰਾ ਗਰਮ ਕਰ ਲਓ। ਕੋਸਾ ਹੋ ਜਾਣ ਤੋਂ ਬਾਅਦ ਇਸ ਨੂੰ ਲਾਹ ਕੇ ਠੰਢਾ ਕਰਕੇ ਇਸ ਵਿਚ ਗੁਲਾਬਜਲ ਪਾ ਕੇ ਆਈਸਕ੍ਰੀਮ ਪਾਟ ਵਿਚ ਪਾ ਕੇ ਫਰਿੱਜ ਵਿਚ ਜਮਾ ਲਓ। 'ਕੇਸਰ-ਪਿਸਤਾ ਆਈਸਕ੍ਰੀਮ' ਬਣ ਕੇ ਤਿਆਰ ਹੈ।
ਅੰਬ ਤੋਂ ਬਣੀ ਆਈਸਕ੍ਰੀਮ
ਸਮੱਗਰੀ : 100 ਗ੍ਰਾਮ ਅੰਬ ਦੇ ਟੁਕੜੇ, 200 ਗ੍ਰਾਮ ਮਿੱਠਾ ਕੱਟਿਆ ਹੋਇਆ ਅੰਬ ਦਾ ਪਲਪ, 1 ਲਿਟਰ ਦੁੱਧ ਅਤੇ 150 ਗ੍ਰਾਮ ਸ਼ੱਕਰ।
ਵਿਧੀ : ਦੁੱਧ ਨੂੰ ਤੇਜ਼ ਅੱਗ 'ਤੇ ਉਬਾਲੋ। ਜਦੋਂ ਇਹ ਰਬੜੀ ਜਿੰਨਾ ਸੰਘਣਾ ਹੋ ਜਾਵੇ ਤਾਂ ਉਸ ਨੂੰ ਲਾਹ ਕੇ ਉਸ ਵਿਚ ਅੰਬ ਦੇ ਟੁਕੜੇ, ਪਲਪ ਅਤੇ ਸ਼ੱਕਰ ਮਿਲਾ ਕੇ ਪਾਟ ਵਿਚ ਰੱਖ ਕੇ ਫਰਿੱਜ ਵਿਚ ਜਮਾ ਲਓ। ਇਹ ਬਹੁਤ ਸਵਾਦੀ ਆਈਸਕ੍ਰੀਮ ਹੁੰਦੀ ਹੈ।
ਪਪੀਤਾ ਆਈਸਕ੍ਰੀਮ
ਸਮੱਗਰੀ : ਇਕ ਲਿਟਰ ਦੁੱਧ, 200 ਗ੍ਰਾਮ ਪੱਕਿਆ ਪਪੀਤਾ, ਕਾਜੂ, ਬਦਾਮ, ਇਲਾਇਚੀ (ਸਾਰੇ 50-50 ਗ੍ਰਾਮ), ਸ਼ੱਕਰ 150 ਗ੍ਰਾਮ।
ਵਿਧੀ : ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਸੰਘਣਾ ਕਰ ਲਓ। ਇਸ ਨੂੰ ਲਾਹ ਕੇ ਇਸ ਵਿਚ ਕਾਜੂ, ਬਦਾਮ ਅਤੇ ਇਲਾਇਚੀ ਦਾ ਡਸਟ ਬਣਾ ਕੇ ਪਾ ਦਿਓ ਅਤੇ ਖੰਡ ਮਿਲਾ ਕੇ ਫਿਰ ਥੋੜ੍ਹਾ ਗਰਮ ਕਰਕੇ ਲਾਹ ਲਓ। ਇਸ ਵਿਚ ਪਪੀਤੇ ਦੇ ਗੁੱਦੇ ਨੂੰ ਮੱਥ ਕੇ ਚੰਗੀ ਤਰ੍ਹਾਂ ਮਿਲਾ ਕੇ ਪਾਟ ਵਿਚ ਪਾ ਕੇ ਫਰਿੱਜ ਵਿਚ ਜਮਾ ਲਓ। ਇਹ ਪੌਸ਼ਟਿਕ, ਸਿਹਤਵਰਧਕ ਆਈਸਕ੍ਰੀਮ ਹੈ।

-ਪੂਨਮ ਦਿਨਕਰ

ਛਿੱਲਾਂ ਨੂੰ ਫਾਲਤੂ ਸਮਝ ਕੇ ਨਾ ਸੁੱਟੋ

ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਵਿਚ ਜਿੰਨੇ ਪੌਸ਼ਟਿਕ ਤੱਤ ਹੁੰਦੇ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਉਨ੍ਹਾਂ ਦੀਆਂ ਛਿੱਲਾਂ ਵਿਚ ਹੁੰਦੇ ਹਨ। ਜ਼ਿਆਦਾਤਰ ਘਰਾਂ ਵਿਚ ਇਨ੍ਹਾਂ ਛਿੱਲਾਂ ਨੂੰ ਕੂੜਾ ਸਮਝ ਕੇ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਜਾਂਦਾ ਹੈ। ਬੇਕਾਰ ਸਮਝ ਕੇ ਸੁੱਟੇ ਦਿੱਤੇ ਜਾਣ ਵਾਲੀਆਂ ਇਨ੍ਹਾਂ ਛਿੱਲਾਂ ਤੋਂ ਅਸੀਂ ਥੋੜ੍ਹੀ ਜਿਹੀ ਸੂਝ-ਬੂਝ ਨਾਲ ਹੇਠ ਲਿਖੇ ਤਰੀਕਿਆਂ ਨਾਲ ਲਾਭ ਲੈ ਸਕਦੇ ਹਾਂ-
* ਸੰਤਰੇ ਦੀਆਂ ਛਿੱਲਾਂ ਨੂੰ ਛਾਂ ਵਿਚ ਸੁਕਾ ਕੇ ਬਰੀਕ ਪੀਸ ਕੇ ਰੱਖ ਲਓ। ਥੋੜ੍ਹੀ ਜਿਹੀ ਮਲਾਈ ਅਤੇ ਮੁਲਤਾਨੀ ਮਿੱਟੀ ਨਾਲ ਬਣਿਆ ਹੋਇਆ ਇਸ ਦਾ ਫੇਸ ਪੈਕ ਤੁਹਾਡੀ ਚਮੜੀ ਨੂੰ ਸਾਫ਼ ਅਤੇ ਚਮਕਦਾਰ ਬਣਾ ਦੇਵੇਗਾ।
* ਸੰਤਰੇ ਦੀ ਛੋਟੀ ਜਿਹੀ ਛਿੱਲ ਨੂੰ ਚਾਹ ਦੇ ਉੱਬਲਦੇ ਪਾਣੀ ਵਿਚ ਪਾ ਦਿਓ। ਇਸ ਨਾਲ ਚਾਹ ਖੁਸ਼ਬੂਦਾਰ ਅਤੇ ਵਧੇਰੇ ਸੁਆਦੀ ਬਣੇਗੀ।
* ਨਿੰਬੂ ਦੀਆਂ ਛਿੱਲਾਂ ਨੂੰ ਚਿਹਰੇ ਅਤੇ ਕੂਹਣੀਆਂ 'ਤੇ ਮਸਲਣ ਨਾਲ ਉਸ ਜਗ੍ਹਾ ਤੋਂ ਚਮੜੀ ਸਾਫ਼ ਅਤੇ ਚਮਕਦਾਰ ਬਣ ਜਾਂਦੀ ਹੈ।
* ਪਿਆਜ਼ ਅਤੇ ਆਂਡਿਆਂ ਦੀਆਂ ਛਿੱਲਾਂ ਨੂੰ ਉਸ ਜਗ੍ਹਾ ਰੱਖੋ, ਜਿਥੇ ਕਿਰਲੀਆਂ ਦੀ ਬਹੁਤਾਤ ਹੋਵੇ। ਉਥੇ ਉਹ ਨਜ਼ਰ ਨਹੀਂ ਆਉਣਗੀਆਂ।
* ਗੁਲਾਬ ਦੇ ਬੂਟਿਆਂ 'ਤੇ ਜੇਕਰ ਫੁੱਲ ਚੰਗੇ ਨਾ ਆਉਂਦੇ ਹੋਣ ਤਾਂ ਉਨ੍ਹਾਂ ਦੀਆਂ ਜੜ੍ਹਾਂ ਵਿਚ ਆਂਡਿਆਂ ਦੀਆਂ ਛਿੱਲਾਂ ਪਾ ਦਿਓ। ਇਹ ਖਾਦ ਦਾ ਕੰਮ ਕਰਨਗੀਆਂ।
* ਕੇਲਿਆਂ ਦੀਆਂ ਛਿੱਲਾਂ ਨੂੰ ਸੁਕਾ ਕੇ ਜਲਾਉਣ ਨਾਲ ਕਮਰੇ ਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਵਾਤਾਵਰਨ ਸਾਫ਼ ਅਤੇ ਤਾਜ਼ਾ ਹੋ ਜਾਂਦਾ ਹੈ।
* ਤੋਰੀਆਂ ਦੀਆਂ ਛਿੱਲਾਂ ਨੂੰ ਬਰੀਕ-ਬਰੀਕ ਕੱਟੋ। ਫਿਰ ਨਮਕ, ਮਿਰਚ ਅਤੇ ਹਿੰਗ ਨਾਲ ਥੋੜ੍ਹੇ ਜਿਹੇ ਤੇਲ ਨਾਲ ਤੜਕ ਕੇ ਸਬਜ਼ੀ ਬਣਾ ਲਓ। ਘੱਟ ਤੇਲ ਅਤੇ ਮਸਾਲੇ ਦੀ ਬਣੀ ਇਹ ਸਬਜ਼ੀ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੋਵੇਗੀ।
* ਨਿੰਬੂ ਅਤੇ ਸੰਤਰਿਆਂ ਦੀਆਂ ਸੁਕਾਈਆਂ ਹੋਈਆਂ ਛਿੱਲਾਂ ਨੂੰ ਇਕੱਠਾ ਕਰਕੇ ਬਰੀਕ ਪੀਸ ਲਓ। ਇਸ ਮਿਸ਼ਰਨ ਨਾਲ ਦੰਦ ਸਾਫ਼ ਕਰੋ। ਇਸ ਨਾਲ ਦੰਦ ਸਾਫ਼ ਅਤੇ ਮਜ਼ਬੂਤ ਤਾਂ ਹੋਣਗੇ ਹੀ, ਮੂੰਹ ਵਿਚੋਂ ਬਦਬੂ ਵੀ ਨਹੀਂ ਆਵੇਗੀ।
* ਮੂੰਗੀ ਅਤੇ ਮਸਰਾਂ ਦੀ ਦਾਲ ਦੀਆਂ ਛਿੱਲਾਂ ਨੂੰ ਆਟੇ ਨਾਲ ਗੁੰਨ੍ਹ ਲਓ ਅਤੇ ਨਾਲ ਹੀ ਨਮਕ, ਮਿਰਚ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਗਰਮ-ਗਰਮ ਪਰੌਂਠੇ ਤਿਆਰ ਕਰੋ। ਸੁਆਦੀ ਹੋਣ ਦੇ ਨਾਲ ਇਹ ਪਰੌਂਠੇ ਪ੍ਰੋਟੀਨ ਦਾ ਭੰਡਾਰ ਵੀ ਹੋਣਗੇ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਮਾਂ ਤਾਂ ਰੱਬ ਦਾ ਦੂਜਾ ਨਾਂਅ

ਕੀ-ਕੀ ਸਿਫਤ ਕਰਾਂ ਤੇ
ਕੀ-ਕੀ ਕਰਾਂ ਬਿਆਨ
ਲੱਖ ਰਿਸ਼ਤੇ ਬਣ ਜਾਂਦੇ ਨੇ
ਇਕ ਵੀ ਰਿਸ਼ਤਾ ਨਹੀਂ ਵਰਗਾ ਮਾਂ
ਮਾਂ ਤਾਂ ਰੱਬ ਦਾ ਦੂਜਾ ਨਾਂਅ
ਬਾਕੀ ਰਿਸ਼ਤੇ ਝੂਠੇ ਨੇ
ਤੇਰਾ ਰਿਸ਼ਤਾ ਸੱਚਾ ਮਾਂ
ਜਿੰਨਾ ਕਰੀਏ ਆਦਰ ਤੇਰਾ
ਓਨਾ ਹੀ ਹੈ ਥੋੜ੍ਹਾ ਮਾਂ
ਮਾਂ ਤਾਂ ਰੱਬ ਦਾ......
ਮਮਤਾ ਦੀ ਹੈ ਦੇਵੀ ਮਾਂ
ਲੱਖਾਂ ਪੀੜਾਂ ਸਹਿੰਦੀ ਮਾਂ
ਬੱਚੇ ਦੀ ਪੀੜ ਨਾ ਜਰਦੀ ਮਾਂ
ਮਾਂ ਤਾਂ ਰੱਬ ਦਾ.....

ਹੋਵੇ ਜਦ ਭੁੱਖਾ ਬੱਚਾ ਮਾਂ
ਤੇਰੀ ਭੁੱਖ ਵੀ ਮਰਦੀ ਮਾਂ
ਖੁਸ਼ ਰਹਿਣ ਬੱਚੇ ਹਰਦਮ
ਰੱਬ ਤੋਂ ਇਹੋ ਮੰਗਦੀ ਮਾਂ
ਮਾਂ ਤਾਂ ਰੱਬ ਦਾ.......
ਮਾਂ ਦਾ ਬਦਲ ਕੋਈ ਮਿਲਦਾ ਨਾ
ਇਕ ਵਾਰ ਜੇ ਚਲੀ ਜਾਵੇ
ਦੂਜਾ ਕੋਈ ਨਹੀਂ ਬਣਦਾ ਮਾਂ
ਮਾਂ ਤਾਂ ਰੱਬ ਦਾ ਦੂਜਾ......

ਪਤਾ ਨਹੀਂ ਉਹ ਕੈਸੇ ਬੱਚੇ
ਮਾਵਾਂ ਨੂੰ ਜੋ ਦਿੰਦੇ ਧੱਕੇ
ਮਾਵਾਂ ਦੀਆਂ ਜੋ ਖੋਹਵਣ ਛਾਵਾਂ
ਆਪੂੰ ਸੜਦੇ ਲੋਕ ਉਹ ਧੁੱਪੇ
ਆਪੂੰ ਸੜਦੇ ਲੋਕ ਉਹ ਧੁੱਪੇ
**

ਮਾਵਾਂ ਠੰਢੀਆਂ ਛਾਵਾਂ

ਮੋਹ, ਮਮਤਾ, ਪਿਆਰ ਅਤੇ ਬਲੀਦਾਨ ਦਾ ਦੂਜਾ ਰੂਪ ਹੈ ਮਾਂ। ਧਰਤੀ ਉੱਪਰ ਜੇਕਰ ਕਿਤੇ ਸਵਰਗ ਹੈ ਤਾਂ ਉਹ ਮਾਂ ਦੀ ਬੁੱਕਲ ਵਿਚ ਹੀ ਹੈ। ਉਹ ਬੁੱਕਲ ਜਿਥੇ ਦੁਨੀਆ ਦਾ ਹਰ ਦੁੱਖ ਛੋਟਾ ਹੈ, ਜਿਥੇ ਕੋਈ ਚਿੰਤਾ ਨਹੀਂ, ਬਸ ਖੁਸ਼ੀਆਂ ਹੀ ਖੁਸ਼ੀਆਂ ਹਨ। ਪਰਮਾਤਮਾ ਨੇ ਧਰਤੀ 'ਤੇ ਆਪਣੀ ਹੋਂਦ ਦਰਸਾਉਣ ਲਈ ਹੀ ਮਾਂ ਬਣਾਈ। ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਤੋਹਫ਼ਾ ਹੈ ਮਾਂ। ਜਿਸ ਇਨਸਾਨ ਕੋਲ ਮਾਂ ਹੈ ਅਤੇ ਉਸ ਨੂੰ ਉਸ ਦੀ ਕਦਰ ਹੈ ਤਾਂ ਉਹ ਇਨਸਾਨ ਦੁਨੀਆ ਵਿਚ ਸਭ ਤੋਂ ਅਮੀਰ ਇਨਸਾਨ ਹੈ।
9 ਮਹੀਨੇ ਤੱਕ ਇਕ ਅੰਸ਼ ਨੂੰ ਆਪਣੀ ਕੁੱਖ ਵਿਚ ਰੱਖ ਕੇ ਇਕ ਨਵਾਂ ਜੀਵਨ ਦੇਣ ਦਾ ਕੰਮ ਮਾਂ ਹੀ ਕਰ ਸਕਦੀ ਹੈ। ਆਪਣੇ ਦੁੱਖ-ਦਰਦ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਖਤਰੇ ਵਿਚ ਪਾ ਕੇ ਇਕ ਨਵੇਂ ਜੀਵਨ ਨੂੰ ਇਕ ਮਾਂ ਹੀ ਸੰਸਾਰ ਵਿਚ ਲੈ ਕੇ ਆਉਂਦੀ ਹੈ। ਇਨ੍ਹਾਂ 9 ਮਹੀਨਿਆਂ ਵਿਚ ਕਿੰਨਾ ਦਰਦ, ਕਿੰਨੀ ਤਕਲੀਫ ਬਰਦਾਸ਼ਤ ਕਰਦੀ ਹੈ ਔਰਤ, ਇਹ ਸਿਰਫ ਇਕ ਔਰਤ ਹੀ ਜਾਣਦੀ ਹੈ ਪਰ ਫਿਰ ਵੀ ਮਾਂ ਨੇ ਕਦੇ ਆਪਣੀ ਔਲਾਦ ਨੂੰ ਬੋਝ ਨਹੀਂ ਕਿਹਾ।
ਇਕ ਮਾਂ ਹੀ ਹੈ, ਜੋ ਆਪਣੀਆਂ ਖੁਸ਼ੀਆਂ ਨੂੰ ਭੁਲਾ ਕੇ ਨਿਰਸਵਾਰਥ ਹੋ ਕੇ ਆਪਣੇ ਬੱਚੇ ਦੀ ਦੇਖਭਾਲ ਕਰਦੀ ਹੈ। ਬੱਚਾ ਰੋਂਦਾ ਹੈ ਤਾਂ ਮਾਂ ਉਸ ਤੋਂ ਪਹਿਲਾਂ ਰੋ ਦਿੰਦੀ ਹੈ। ਬੱਚਾ ਡਿਗਦਾ ਹੈ ਤਾਂ ਦਰਦ ਮਾਂ ਨੂੰ ਮਹਿਸੂਸ ਹੁੰਦਾ ਹੈ। ਬੱਚਾ ਭੁੱਖਾ ਹੈ ਤਾਂ ਤੜਫਦੀ ਮਾਂ ਹੈ। ਕਿੰਨਾ ਪਿਆਰਾ ਹੈ ਨਾ ਪਰਮਾਤਮਾ ਦਾ ਬਣਾਇਆ ਇਹ ਰਿਸ਼ਤਾ, ਜਿਥੇ ਬੱਚਿਆਂ ਦੀ ਭੁੱਖ ਮਿਟਾਉਣ ਲਈ ਮਾਂ ਖੁਦ ਭੁੱਖ ਜਰਦੀ ਹੈ ਪਰ ਫਿਰ ਵੀ ਬੱਚਿਆਂ ਦੀਆਂ ਖੁਸ਼ੀਆਂ ਵਿਚ ਖੁਸ਼ ਰਹਿੰਦੀ ਹੈ। ਦੁਨੀਆ ਦਾ ਅਮੀਰ ਤੋਂ ਅਮੀਰ ਵਿਅਕਤੀ ਵੀ ਮਾਂ ਦੀ ਮਮਤਾ ਦਾ ਕਰਜ਼ ਨਹੀਂ ਚੁਕਾ ਸਕਦਾ।
ਇਕ ਮਾਂ ਹੀ ਹੈ, ਜੋ ਇਕ ਛੋਟੇ ਜਿਹੇ ਪੌਦੇ ਨੂੰ ਆਪਣੇ ਖੂਨ ਨਾਲ ਸਿੰਜ ਕੇ ਇਕ ਸੰਘਣਾ ਛਾਂਦਾਰ ਰੁੱਖ ਬਣਾਉਂਦੀ ਹੈ ਪਰ ਜਦੋਂ ਉਸੇ ਮਾਂ ਨੂੰ ਉਸ ਰੁੱਖ ਦੀ ਛਾਂ ਦੀ ਲੋੜ ਹੁੰਦੀ ਹੈ ਤਾਂ ਉਹ ਰੁੱਖ ਪਿੱਛੇ ਕਿਉਂ ਹਟ ਜਾਂਦਾ ਹੈ? ਜਿਸ ਔਲਾਦ ਲਈ ਮਾਂ ਆਪਣੀ ਸਾਰੀ ਜ਼ਿੰਦਗੀ ਕੁਰਬਾਨ ਕਰ ਦਿੰਦੀ ਹੈ, ਉਹੀ ਮਾਂ ਆਪਣੀ ਔਲਾਦ ਲਈ ਬੋਝ ਕਿਵੇਂ ਹੋ ਸਕਦੀ ਹੈ?
ਬਚਪਨ ਵਿਚ ਜਦੋਂ ਬੱਚਾ ਖੁਦ ਚੱਲ-ਫਿਰ ਨਹੀਂ ਸਕਦਾ, ਆਪਣੀਆਂ ਰੋਜ਼ ਦੀਆਂ ਕਿਰਿਆਵਾਂ ਆਪ ਨਹੀਂ ਕਰ ਸਕਦਾ ਤਾਂ ਮਾਂ ਨੂੰ ਤਾਂ ਉਹ ਬੱਚਾ ਬੋਝ ਨਹੀਂ ਲਗਦਾ। ਫਿਰ ਬੁਢਾਪੇ ਵਿਚ ਜਦ ਮਾਂ ਚੱਲਣ-ਫਿਰਨ ਤੋਂ ਅਸਮਰੱਥ ਹੋ ਜਾਂਦੀ ਹੈ ਤਾਂ ਮਾਂ ਬੱਚਿਆਂ ਲਈ ਬੋਝ ਕਿਉਂ ਬਣ ਜਾਂਦੀ ਹੈ? ਬਚਪਨ ਵਿਚ ਜਦ ਬੱਚਾ ਖੰਘਦਾ ਹੈ ਜਾਂ ਰੋਂਦਾ ਹੈ ਤਾਂ ਮਾਂ ਨੇ ਤਾਂ ਉਸ ਨੂੰ ਬੋਝ ਸਮਝ ਕੇ ਅਨਾਥ ਆਸ਼ਰਮ ਛੱਡ ਕੇ ਨਹੀਂ ਆਂਦਾ, ਸਗੋਂ ਉਹ ਤਾਂ ਆਪਣੇ ਸੀਨੇ ਨਾਲ ਲਾ ਕੇ ਉਸ ਨੂੰ ਚੁੱਪ ਕਰਵਾਉਂਦੀ ਹੈ, ਫਿਰ ਉਸੇ ਮਾਂ ਦੇ ਖੰਘਣ ਤੋਂ ਜਾਂ ਦਰਦ ਨਾਲ ਕੁਰਲਾਉਣ ਤੋਂ ਬੱਚਿਆਂ ਨੂੰ ਏਨੀ ਤਕਲੀਫ ਕਿਉਂ ਹੁੰਦੀ ਹੈ ਕਿ ਉਹ ਉਸ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ?
ਕੀ ਮਾਂ ਦੀ ਮਮਤਾ ਦਾ ਇਹੀ ਮੁੱਲ ਹੈ? ਇਕ ਮਾਂ ਹੀ ਹੁੰਦੀ ਹੈ ਜੋ ਆਪਣੀ ਔਲਾਦ ਦੇ ਹੱਥੋਂ ਬਰਬਾਦ ਹੋ ਕੇ ਉਸ ਨੂੰ ਸਿਰਫ ਦੁਆਵਾਂ ਹੀ ਦਿੰਦੀ ਹੈ। ਸ਼ਹਿਦ ਨਾਲੋਂ ਵੀ ਮਿੱਠੀ ਜੇਕਰ ਕੋਈ ਚੀਜ਼ ਹੈ ਤਾਂ ਉਹ ਮਾਂ ਹੈ। ਫੁੱਲਾਂ ਨਾਲੋਂ ਵੀ ਜੇਕਰ ਕੋਈ ਕੋਮਲ ਹੈ ਤਾਂ ਉਹ ਮਾਂ ਹੈ, ਜੇਕਰ ਪਹਾੜ ਨਾਲੋਂ ਵੀ ਵੱਡਾ ਜੇਰਾ ਕਿਸੇ ਕੋਲ ਹੈ ਤਾਂ ਉਹ ਮਾਂ ਕੋਲ ਹੈ। ਜਿਸ ਘਰ ਵਿਚ ਮਾਂ-ਬਾਪ ਦੀ ਸੇਵਾ ਨਹੀਂ ਹੁੰਦੀ, ਉਹ ਘਰ, ਘਰ ਨਹੀਂ ਹੁੰਦੇ, ਸਿਰਫ ਇੱਟਾਂ-ਰੋੜਿਆਂ ਦੇ ਮਕਾਨ ਹੁੰਦੇ ਹਨ। ਘਰ ਤਾਂ ਉਹ ਹੁੰਦੇ, ਜਿਥੇ ਬੱਚਿਆਂ ਦੀਆਂ ਕਿਲਕਾਰੀਆਂ ਸੁਣਾਈ ਦੇਣ, ਮਾਪਿਆਂ ਦੀਆਂ ਦੁਆਵਾਂ ਹੋਣ। ਦੋਸਤੋ! ਮਾਂ ਦਾ ਦੇਣ ਤਾਂ ਅਸੀਂ ਕਦੇ ਵੀ ਨਹੀਂ ਚੁਕਾ ਸਕਦੇ, ਪਰ ਬੁਢਾਪੇ ਵਿਚ ਮਾਂ ਦੀ ਸੇਵਾ ਕਰਕੇ ਉਸ ਦਾ ਬੁਢਾਪਾ ਜ਼ਰੂਰ ਸੁਖਦ ਬਣਾ ਸਕਦੇ ਹਾਂ।


-ਪਿੰਡ ਤਨੂੰਲੀ (ਹੁਸ਼ਿਆਰਪੁਰ)।

ਧੁੱਪ ਦਾ ਚਸ਼ਮਾ ਖਰੀਦਣ ਤੋਂ ਪਹਿਲਾਂ

ਤਪਦੀ ਧੁੱਪ ਵਿਚ ਨੰਗੀਆਂ ਅੱਖਾਂ ਨਾਲ ਬਾਹਰ ਘੁੰਮਣ ਦੇ ਮਾੜੇ ਨਤੀਜੇ ਬਹੁਤਿਆਂ ਨੂੰ ਭੁਗਤਣੇ ਪੈਂਦੇ ਹਨ। ਅੱਖਾਂ ਲਾਲ-ਲਾਲ ਹੋ ਜਾਂਦੀਆਂ ਹਨ ਅਤੇ ਦੁਖਣ ਲੱਗ ਜਾਂਦੀਆਂ ਹਨ। ਇਹ ਇਸ ਲਈ ਹੁੰਦਾ ਹੈ ਕਿਉਂਕਿ ਅੱਖਾਂ ਗਰਮੀ ਦੀ ਤਪਸ਼ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ।
ਇਸ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੇਜ਼ ਧੁੱਪ ਵਿਚ ਬਾਹਰ ਨਿਕਲਣ ਤੋਂ ਪਹਿਲਾਂ ਧੁੱਪ ਦਾ ਰੰਗੀਨ ਚਸ਼ਮਾ ਜ਼ਰੂਰ ਪਹਿਨ ਲਿਆ ਜਾਵੇ। ਚਸ਼ਮਾ ਨਾ ਪਹਿਨਣ ਨਾਲ ਸਖ਼ਤ ਧੁੱਪ ਵਿਚ ਸੂਰਜ ਦੀਆਂ ਕਿਰਨਾਂ ਵਿਚ ਜੋ ਤਾਪ ਹੁੰਦਾ ਹੈ, ਉਸ ਨਾਲ ਅੱਖਾਂ ਦੀਆਂ ਪੁਤਲੀਆਂ ਝੁਲਸ ਵੀ ਸਕਦੀਆਂ ਹਨ, ਜਿਸ ਕਾਰਨ ਨਜ਼ਰ ਕਮਜ਼ੋਰ ਹੋ ਜਾਂਦੀ ਹੈ।
ਚਸ਼ਮਾ ਖਰੀਦਦੇ ਸਮੇਂ ਇਸ ਦੀ ਕਵਾਲਿਟੀ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ, ਜਿਸ ਨੂੰ ਅਕਸਰ ਲੋਕ ਨਜ਼ਰਅੰਦਾਜ਼ ਕਰ ਦਿੰਦੇ ਹਨ। ਚਸ਼ਮਾ ਪਹਿਨਦੇ ਸਮੇਂ ਇਸ ਦੀ ਕਵਾਲਿਟੀ ਦੀ ਵੀ ਜਾਂਚ ਨਹੀਂ ਕਰਦੇ। ਤੰਦਰੁਸਤ ਅੱਖਾਂ ਲਈ ਅਜਿਹਾ ਸ਼ੌਕ ਠੀਕ ਨਹੀਂ ਹੈ। ਤੁਸੀਂ ਚਸ਼ਮਾ ਜ਼ਰੂਰ ਖਰੀਦੋ ਪਰ ਅੱਖਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ, ਨਾ ਕਿ ਸਿਰਫ ਸ਼ੌਕ ਲਈ।
ਚਸ਼ਮਾ ਖਰੀਦਦੇ ਸਮੇਂ ਹਮੇਸ਼ਾ ਵਿਸ਼ਵਾਸਯੋਗ ਦੁਕਾਨ 'ਤੇ ਜਾ ਕੇ ਚੰਗੀ ਕੰਪਨੀ ਦਾ ਬਣਿਆ ਚਸ਼ਮਾ ਹੀ ਖਰੀਦੋ। ਫੁੱਟਪਾਥਾਂ 'ਤੇ ਵਿਕ ਰਹੇ ਚਸ਼ਮੇ ਕਿਸੇ ਵੀ ਹਾਲਤ ਵਿਚ ਤੁਹਾਡੀ ਸਿਹਤ ਲਈ ਚੰਗੇ ਨਹੀਂ ਹੋ ਸਕਦੇ। ਫੁੱਟਪਾਥੀ ਚਸ਼ਮਿਆਂ ਦੇ ਲੈੱਨਜ਼ ਆਮ ਹੁੰਦੇ ਹਨ ਜੋ ਧੁੱਪ ਵਿਚ ਬਹੁਤ ਜ਼ਿਆਦਾ ਗਰਮ ਹੋ ਕੇ ਅੱਖਾਂ ਦੀ ਸੁਰੱਖਿਆ ਦੀ ਬਜਾਏ ਉਨ੍ਹਾਂ ਨੂੰ ਹੋਰ ਗਰਮ ਕਰ ਦਿੰਦੇ ਹਨ। ਇਹ ਚਸ਼ਮੇ ਸਿਹਤ ਨੂੰ ਕਈ ਹੋਰ ਤਰ੍ਹਾਂ ਦੇ ਨੁਕਸਾਨ ਵੀ ਪਹੁੰਚਾਉਂਦੇ ਹਨ।
ਚਸ਼ਮੇ ਵਿਚ ਵਰਤੇ ਜਾਣ ਵਾਲੇ ਲੈੱਨਜ਼ ਦੀ ਜਾਂਚ ਆਪ ਵੀ ਕੀਤੀ ਜਾ ਸਕਦੀ ਹੈ। ਚਸ਼ਮੇ ਨੂੰ ਇਕ ਹੱਥ ਨਾਲ ਫੜ ਕੇ ਸਾਹਮਣੇ ਵਾਲੀ ਚੀਜ਼ ਨੂੰ ਦੇਖੋ। ਹੁਣ ਲੈੱਨਜ਼ ਨੂੰ ਕਦੇ ਤਿਰਛਾ ਅਤੇ ਕਦੇ ਸਿੱਧਾ ਕਰੋ। ਸੱਜੇ-ਖੱਬੇ ਕਰਦੇ ਹੋਏ ਲੈੱਨਜ਼ ਵਿਚੋਂ ਝਾਕੋ। ਅਜਿਹਾ ਕਰਨ ਨਾਲ ਜੇ ਸਾਹਮਣੇ ਵਾਲੀ ਚੀਜ਼ ਆੜੀ ਤਿਰਛੀ ਦਿਸੇ ਤਾਂ ਸਮਝ ਲਓ ਕਿ ਉਹ ਚਸ਼ਮਾ ਤੁਹਾਡੇ ਯੋਗ ਨਹੀਂ ਹੈ।
ਜਿਥੋਂ ਤੱਕ ਚਸ਼ਮੇ ਦੇ ਰੰਗਾਂ ਦਾ ਸਵਾਲ ਹੈ ਤਾਂ ਸਲੇਟੀ ਅਤੇ ਭੂਰੇ ਰੰਗ ਦਾ ਲੈੱਨਜ਼ ਹੀ ਲਓ, ਕਿਉਂਕਿ ਇਹ ਰੰਗ ਅੱਖਾਂ ਨੂੰ ਠੰਢਕ ਦਾ ਅਹਿਸਾਸ ਕਰਾਉਂਦੇ ਹਨ। ਇਨ੍ਹਾਂ ਨਾਲ ਅੱਖਾਂ 'ਤੇ ਕੋਈ ਪ੍ਰਤੀਕੂਲ ਅਸਰ ਨਹੀਂ ਪੈਂਦਾ। ਵੈਸੇ ਫੈਸ਼ਨ ਪੱਖੋਂ ਬਾਜ਼ਾਰ ਵਿਚ ਲਾਲ, ਪੀਲਾ, ਹਰਾ, ਨੀਲਾ ਆਦਿ ਕਈ ਰੰਗਾਂ ਵਿਚ ਲੈੱਨਜ਼ ਉਪਲਬਧ ਹੁੰਦੇ ਹਨ। ਇਹ ਰੰਗ ਫੈਸ਼ਨ ਦੀ ਭੁੱਖ ਨੂੰ ਤਾਂ ਸ਼ਾਂਤ ਕਰ ਦਿੰਦੇ ਹਨ ਪਰ ਅੱਖਾਂ ਦੇ ਨਾਲ-ਨਾਲ ਹੋਰ ਸਰੀਰਕ ਅਤੇ ਮਾਨਸਿਕ ਹਾਨੀ ਵੀ ਪਹੁੰਚਾ ਸਕਦੇ ਹਨ।

ਸ਼ਰਬਤ ਬਣਾਓ ਅਤੇ ਪਿਲਾਓ

ਸ਼ਹਿਤੂਤ ਦਾ ਸ਼ਰਬਤ
ਸਮੱਗਰੀ : ਇਕ ਲਿਟਰ ਪਾਣੀ, 300 ਗ੍ਰਾਮ ਸ਼ਹਿਤੂਤ, ਖੰਡ 3 ਕੱਪ।
ਵਿਧੀ : ਕਾਲੇ ਸ਼ਹਿਤੂਤ ਲੈ ਕੇ ਸਾਫ਼ ਕਰਕੇ ਚੀਨੀ ਜਾਂ ਸਟੀਲ ਦੇ ਭਾਂਡੇ ਵਿਚ ਖੂਬ ਮਸਲੋ। ਜਦੋਂ ਗੁੱਦਾ ਬਰੀਕ ਹੋ ਜਾਵੇ ਤਾਂ ਇਸ ਵਿਚ ਇਕ ਲਿਟਰ ਪਾਣੀ ਵਿਚ ਪਾ ਕੇ ਉਬਾਲੋ ਅਤੇ ਖੰਡ ਸਵਾਦ ਅਨੁਸਾਰ ਪਾਓ। ਫਿਰ ਪੋਣੀ ਨਾਲ ਪੁਣ ਕੇ ਬੋਤਲ ਵਿਚ ਰੱਖੋ ਪਰ ਇਸ ਨੂੰ ਜ਼ਿਆਦਾ ਦਿਨ ਨਾ ਰੱਖੋ। ਤਾਜ਼ਾ-ਤਾਜ਼ਾ ਬਣਾ ਕੇ ਗਿਲਾਸਾਂ ਵਿਚ ਪਾ ਕੇ ਦੇਣਾ ਜ਼ਿਆਦਾ ਚੰਗਾ ਹੋਵੇਗਾ। ਉਸ ਵਿਚ ਬਰਫ਼ ਵੀ ਪਾ ਸਕਦੇ ਹੋ।
ਫਾਲਸੇ ਦਾ ਸ਼ਰਬਤ
ਸਮੱਗਰੀ : ਫਾਲਸਾ 100 ਗ੍ਰਾਮ, ਪਾਣੀ ਇਕ ਲਿਟਰ, ਬਰਫ਼ ਸ਼ਰਬਤ ਦੇ ਲਈ, ਖੰਡ ਆਪਣੇ ਸਵਾਦ ਅਨੁਸਾਰ ਜਾਂ 2 ਕੱਪ।
ਵਿਧੀ : ਫਾਲਸੇ ਨੂੰ ਧੋ ਕੇ ਸਟੀਲ ਦੇ ਭਾਂਡੇ ਵਿਚ ਉਦੋਂ ਤੱਕ ਮਲੋ ਜਦੋਂ ਤੱਕ ਬੀਜ ਵੱਖ ਨਾ ਹੋ ਜਾਣ। ਬੀਜਾਂ ਨੂੰ ਸੁੱਟ ਦਿਓ। ਫਿਰ ਉਸ ਗੁੱਦੇ ਵਿਚ ਇਕ ਲਿਟਰ ਪਾਣੀ ਅਤੇ ਖੰਡ ਮਿਲਾ ਕੇ ਖੂਬ ਹਿਲਾਓ। ਹੁਣ ਸ਼ੀਸ਼ੇ ਦੇ ਗਿਲਾਸ ਵਿਚ ਭਰ ਕੇ ਉਸ ਵਿਚ ਬਰਫ਼ ਪਾ ਕੇ ਪੀਣ ਲਈ ਪੇਸ਼ ਕਰੋ।
ਇਮਲੀ ਦਾ ਸ਼ਰਬਤ
ਸਮੱਗਰੀ : ਪੱਕੀ ਇਮਲੀ 50 ਗ੍ਰਾਮ, ਖੰਡ 3 ਕੱਪ, ਪੀਸਿਆ ਪੁਦੀਨਾ, ਪਾਣੀ ਇਕ ਲਿਟਰ, ਕਾਲਾ ਨਮਕ 1/4 ਚਮਚ, ਬਰਫ਼।
ਵਿਧੀ : ਇਮਲੀ ਨੂੰ ਪਾਣੀ ਵਿਚ ਸਾਫ਼ ਕਰਕੇ ਭਿਉਂ ਦਿਓ। ਫਿਰ ਇਕ ਘੰਟੇ ਤੋਂ ਬਾਅਦ ਇਮਲੀ ਨੂੰ ਮਸਲ ਕੇ ਇਸ ਦੇ ਬੀਜ ਕੱਢ ਕੇ ਵੱਖ ਕਰ ਲਓ। ਹੁਣ ਉਸ ਵਿਚ ਖੰਡ, ਇਕ ਲਿਟਰ ਪਾਣੀ, ਕਾਲਾ ਨਮਕ, ਪੁਦੀਨਾ ਮਿਲਾ ਲਓ ਅਤੇ ਬਰਫ਼ ਪਾ ਕੇ ਪੀਣ ਲਈ ਦਿਓ।
ਅੰਗੂਰ ਦਾ ਸ਼ਰਬਤ
ਸਮੱਗਰੀ : 1 ਕਿਲੋ ਮਿੱਠੇ ਅੰਗੂਰ ਦਾ ਰਸ, 1 ਲਿਟਰ ਪਾਣੀ ਅਤੇ 800 ਗ੍ਰਾਮ ਖੰਡ।
ਵਿਧੀ : ਖੰਡ ਅਤੇ ਪਾਣੀ ਮਿਲਾ ਕੇ ਅੱਗ 'ਤੇ ਰੱਖ ਦਿਓ। ਦੋ ਜਾਂ ਤਿੰਨ ਤਾਰ ਦੀ ਚਾਸ਼ਣੀ ਬਣਨ ਤੱਕ ਪਕਾਓ। ਅੱਗ ਤੋਂ ਉਤਾਰ ਕੇ ਚਾਸ਼ਣੀ ਨੂੰ ਪੁਣ ਲਓ।
ਹੁਣ ਚਾਸ਼ਣੀ ਵਿਚ ਅੰਗੂਰ ਦਾ ਰਸ ਮਿਲਾ ਕੇ ਇਸ ਨੂੰ ਹਲਕੀ ਅੱਗ 'ਤੇ ਪੱਕਣ ਲਈ ਰੱਖ ਦਿਓ। ਦੋ ਤਾਰ ਦੀ ਚਾਸ਼ਣੀ ਬਣਨ ਤੱਕ ਪਕਾਓ। ਅੱਗ ਉੱਤੋਂ ਉਤਾਰ ਕੇ ਠੰਢਾ ਹੋਣ ਲਈ ਰੱਖ ਦਿਓ। ਠੰਢੇ ਸ਼ਰਬਤ ਨੂੰ ਬੋਤਲਾਂ ਵਿਚ ਭਰ ਦਿਓ ਅਤੇ ਢੱਕਣ ਨਾਲ ਸੀਲਬੰਦ ਕਰੋ। ਇਹ ਸ਼ਰਬਤ ਸ਼ਕਤੀ ਅਤੇ ਚੁਸਤੀ-ਫੁਰਤੀ ਦੇਣ ਦੇ ਨਾਲ-ਨਾਲ ਦਿਮਾਗ ਨੂੰ ਵੀ ਤਰੋਤਾਜ਼ਾ ਬਣਾਈ ਰੱਖਦਾ ਹੈ।

ਪੰਜ ਮਿੰਟ ਦੀ ਕਲਾਕਾਰੀ

ਬ੍ਰੈੱਡ ਸੈਂਡਵਿਚ

ਲੋੜੀਂਦੀ ਸਮੱਗਰੀ : ਇਕ ਵੱਡਾ ਉਬਲਿਆ ਤੇ ਮੈਸ਼ ਕੀਤਾ ਆਲੂ, ਅੱਧਾ ਕੱਟਿਆ ਹੋਇਆ ਪਿਆਜ਼, ਬਿਨਾਂ ਬੀਜ ਤੋਂ ਕੱਟੇ ਹੋਏ ਟਮਾਟਰ, ਹਰਾ ਧਨੀਆ, ਹਰੀ ਮਿਰਚ, ਜੀਰਾ, ਨਮਕ, ਗਰਮ ਮਸਾਲਾ, ਉਬਲੇ ਹਰੇ ਮਟਰ, ਕੱਦੂਕਸ ਕੀਤਾ ਪਨੀਰ।
ਵਿਧੀ : ਉੱਪਰ ਦਿੱਤੀ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਤਿਆਰ ਮਿਸ਼ਰਣ ਨੂੰ ਬ੍ਰੈਡ 'ਤੇ ਚੰਗੀ ਤਰ੍ਹਾਂ ਫੈਲਾਅ ਦਿਓ। ਇਸ ਬ੍ਰੈੱਡ ਉੱਪਰ ਦੂਜਾ ਬ੍ਰੈੱਡ ਰੱਖ ਕੇ ਢਕ ਦਿਓ। ਤਵੇ 'ਤੇ ਘਿਓ ਲਾ ਕੇ ਤਿਆਰ ਪੀਸ ਉਸ ਉੱਪਰ ਸੇਕਣ ਲਈ ਰੱਖੋ। ਇਕ ਪਾਸੇ ਤੋਂ ਸੇਕੇ ਜਾਣ ਤੋਂ ਬਾਅਦ ਪਾਸਾ ਉਲਟਾ ਕੇ ਦੂਜੇ ਪਾਸੇ ਵੀ ਘਿਓ ਲਾ ਕੇ ਸੇਕ ਲਵੋ। ਤਿਆਰ ਸੈਂਡਵਿਚ ਨੂੰ ਤਿਕੋਣਾ ਕੱਟ ਕੇ ਪੇਸ਼ ਕਰੋ।


-simranjeet.dhiman16@gmail.com

...ਤਾਂ ਕਿ ਘਰ ਨੂੰ ਵੀ ਸਾਹ ਆਵੇ

ਘਰ ਵਿਚ ਜ਼ਰੂਰੀ ਦਿਸਣ ਵਾਲੀਆਂ ਚੀਜ਼ਾਂ ਉਦੋਂ ਗ਼ੈਰ-ਜ਼ਰੂਰੀ ਦਿਸਣ ਲਗਦੀਆਂ ਹਨ, ਜਦੋਂ ਉਨ੍ਹਾਂ ਦੀ ਮਹੀਨਿਆਂ ਜਾਂ ਸਾਲਾਂ ਤੱਕ ਕੋਈ ਵਰਤੋਂ ਨਾ ਹੋਵੇ। ਇਸ ਲਈ ਜ਼ਰੂਰੀ ਹੈ ਕਿ ਚੀਜ਼ਾਂ ਦੀ ਬਿਨਾਂ ਲੋੜ ਤੋਂ ਖਰੀਦਦਾਰੀ ਹੀ ਨਾ ਕੀਤੀ ਜਾਵੇ। ਕਿਉਂਕਿ ਜਿਸ ਚੀਜ਼ ਦੀ ਸੱਚਮੁੱਚ ਲੋੜ ਨਾ ਹੋਵੇ, ਜੇ ਉਸ ਨੂੰ ਵੈਸੇ ਹੀ ਖਰੀਦ ਲਿਆ ਜਾਂਦਾ ਹੈ ਤਾਂ ਥੋੜ੍ਹੇ ਸਮੇਂ ਬਾਅਦ ਉਹ ਗ਼ੈਰ-ਜ਼ਰੂਰੀ ਹੋ ਜਾਂਦੀ ਹੈ। ਪਰ ਉਸ ਨੂੰ ਸੁੱਟਣ ਨੂੰ ਵੀ ਦਿਲ ਨਹੀਂ ਕਰਦਾ। ਇਸ ਲਈ ਆਪਣੀ ਇਸ ਆਦਤ ਨੂੰ ਰੋਕ ਲਗਾਉਣ ਲਈ ਜ਼ਿਆਦਾ ਜ਼ਰੂਰੀ ਹੈ ਗ਼ੈਰ-ਜ਼ਰੂਰੀ ਖਰੀਦਦਾਰੀ ਨਾ ਕਰਨਾ, ਮੁਫ਼ਤ ਦੇ ਤੋਹਫ਼ੇ ਨਾ ਸਵੀਕਾਰਨਾ, ਗ਼ੈਰ-ਜ਼ਰੂਰੀ ਫਰਨੀਚਰ ਜਾਂ ਬਿਨਾਂ ਲੋੜ ਵਾਲੀਆਂ ਉਹ ਚੀਜ਼ਾਂ, ਜੋ ਤੁਹਾਨੂੰ ਪਿਆਰੀਆਂ ਹੁੰਦੀਆਂ ਹਨ ਪਰ ਉਨ੍ਹਾਂ ਦੀ ਤੁਹਾਡੇ ਲਈ ਕੋਈ ਵਰਤੋਂ ਨਹੀਂ ਹੁੰਦੀ, ਦੀ ਖਰੀਦਦਾਰੀ ਨਾ ਕਰਨਾ।
ਰੱਦੀ ਪੇਪਰ ਘਰ ਤੋਂ ਬਾਹਰ ਸੁੱਟੋ
ਅਖ਼ਬਾਰਾਂ ਦੇ ਨਾਲ ਆਉਣ ਵਾਲੇ ਬ੍ਰੋਸ਼ਰ ਜਿਨ੍ਹਾਂ ਨੂੰ ਤੁਸੀਂ ਜ਼ਰੂਰੀ ਸਮਝ ਕੇ ਇਕੱਠਾ ਕਰਦੇ ਜਾਂਦੇ ਹੋ ਅਤੇ ਉਸ ਦਾ ਢੇਰ ਇਕੱਠਾ ਹੋ ਜਾਂਦਾ ਹੈ। ਜੇਕਰ ਉਨ੍ਹਾਂ ਪੈਂਫਲੈਂਟਾਂ ਅਤੇ ਬ੍ਰੋਸ਼ਰਾਂ ਦੀ ਲੋੜ ਹੋਵੇ ਤਾਂ ਉਨ੍ਹਾਂ ਦੇ ਫੋਨ ਨੰਬਰ ਅਤੇ ਨਾਂਅ ਇਕ ਡਾਇਰੀ ਵਿਚ ਨੋਟ ਕਰਕੇ ਇਨ੍ਹਾਂ ਨੂੰ ਰੱਦੀ ਵਿਚ ਸੁੱਟੋ।
ਦਾਨ ਕਰਨ ਦੀ ਆਦਤ ਪਾਓ
ਪੁਰਾਣੇ ਕੱਪੜੇ, ਨਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਜਿਨ੍ਹਾਂ ਨੂੰ ਤੁਸੀਂ ਕਈ ਸਾਲਾਂ ਤੋਂ ਆਪਣੀ ਅਲਮਾਰੀ ਵਿਚ ਹੀ ਜਮ੍ਹਾਂ ਕਰੀ ਰੱਖਦੇ ਹੋ, ਅਨਫਿਟਡ ਕੱਪੜੇ, ਦਸਤਾਨੇ, ਸਕਾਰਫ, ਜਿਨ੍ਹਾਂ ਦੀ ਤੁਸੀਂ ਕੋਈ ਵਰਤੋਂ ਨਹੀਂ ਕਰਦੇ, ਉਹ ਕਿਸੇ ਨੂੰ ਦਾਨ ਕਰ ਦਿਓ। ਸਾਰੇ ਗ਼ੈਰ-ਜ਼ਰੂਰੀ ਸਾਮਾਨ ਨੂੰ ਇਕ ਵੱਡੇ ਬੈਗ ਵਿਚ ਰੱਖੋ ਅਤੇ ਕਿਸੇ ਸੰਸਥਾ ਨੂੰ ਦਾਨ ਕਰ ਦਿਓ।
ਹਰ ਰੋਜ਼ ਘਰ ਨੂੰ ਗ਼ੈਰ-ਜ਼ਰੂਰੀ ਵਸਤਾਂ ਤੋਂ ਮੁਕਤ ਕਰੋ
ਟੁੱਟੀ-ਫੁੱਟੀ ਜਿਊਲਰੀ, ਖਿਡੌਣੇ, ਜਿਨ੍ਹਾਂ ਦਾ ਤੁਹਾਨੂੰ ਕੋਈ ਫਾਇਦਾ ਨਹੀਂ, ਉਹ ਆਪਣੀ ਕੰਮ ਵਾਲੀ ਨੂੰ ਦੇ ਦਿਓ ਜਾਂ ਇਨ੍ਹਾਂ ਨੂੰ ਕੂੜੇ ਵਿਚ ਸੁੱਟੋ।
ਲੋੜ ਅਨੁਸਾਰ ਕਰੋ ਖਰੀਦਦਾਰੀ
ਗ਼ੈਰ-ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਕਰਨ ਤੋਂ ਬਚੋ। ਸੱਚਮੁੱਚ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਹੀ ਖਰੀਦੋ। ਕੱਪੜੇ, ਕਰਾਕਰੀ, ਫਰਨੀਚਰ ਦੀ ਬੇਲੋੜੀ ਖਰੀਦਦਾਰੀ ਕਰਨ ਤੋਂ ਬਚੋ। ਅਕਸਰ ਅਸੀਂ ਉਨ੍ਹਾਂ ਚੀਜ਼ਾਂ ਨੂੰ ਖਰੀਦ ਲੈਂਦੇ ਹਾਂ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ। ਸਿਰਫ ਕੋਈ ਚੀਜ਼ ਪਿਆਰੀ ਲੱਗ ਰਹੀ ਹੈ ਅਤੇ ਉਸ ਨੂੰ ਖਰੀਦਣ ਦੀ ਲੋੜ ਨਾ ਹੋਵੇ ਤਾਂ ਉਸ ਨੂੰ ਖਰੀਦ ਕੇ ਘਰ ਵਿਚ ਬੇਲੋੜਾ ਕੂੜਾ ਜਮ੍ਹਾਂ ਨਾ ਕਰੋ।
ਘਰ ਨੂੰ ਵਿਵਸਥਿਤ ਕਰੋ
ਕਈ ਲੋਕ ਘਰ ਨੂੰ ਇਸ ਤਰ੍ਹਾਂ ਵਿਵਸਥਿਤ ਰੱਖਦੇ ਹਨ ਕਿ ਉਨ੍ਹਾਂ ਦੇ ਘਰ ਵਿਚ ਜ਼ਿਆਦਾ ਸਾਮਾਨ ਵੀ ਬਾਕਸ, ਕੰਟੇਨਰ ਅਤੇ ਸੈਲਫ ਵਿਚ ਰੱਖਿਆ ਰਹਿੰਦਾ ਹੈ। ਲੋੜ ਵਾਲਾ ਸਾਮਾਨ ਸਹੀ ਸਮੇਂ 'ਤੇ ਮਿਲੇ, ਇਸ ਵਾਸਤੇ ਇਹ ਜ਼ਰੂਰੀ ਹੈ ਕਿ ਘਰ ਦੀ ਹਰ ਚੀਜ਼ ਨੂੰ ਸਹੀ ਢੰਗ ਨਾਲ ਰੱਖਿਆ ਜਾਵੇ। ਜੇ ਚੀਜ਼ਾਂ ਨੂੰ ਬਿਨਾਂ ਸੋਚੇ-ਸਮਝੇ ਜ਼ਿਆਦਾ ਮਾਤਰਾ ਵਿਚ ਇਕੋ ਵਾਰ ਖਰੀਦ ਲਿਆ ਜਾਂਦਾ ਹੈ, ਉਸ ਨਾਲ ਘਰ ਵਿਚ ਅਵਿਵਸਥਾ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਥਾਂ ਸਿਰ ਰੱਖਣ ਲਈ ਬਾਕਸ, ਕੰਟੇਨਰ ਅਤੇ ਸੈਲਫ ਦੀ ਵਰਤੋਂ ਕਰੋ।
ਡ੍ਰਾਇਰ ਨੂੰ ਸਹੀ ਤਰ੍ਹਾਂ ਰੱਖੋ
ਅਕਸਰ ਘਰ ਵਿਚ ਡ੍ਰਾਇਰ ਵਿਚ ਚੀਜ਼ਾਂ ਨੂੰ ਇਕੱਠੇ ਮਿਲਾ ਕੇ ਰੱਖ ਦਿੱਤਾ ਜਾਂਦਾ ਹੈ। ਪਰ ਲੋੜ ਪੈਣ 'ਤੇ ਉਨ੍ਹਾਂ ਨੂੰ ਲੱਭਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਡ੍ਰਾਇਰ ਦੇ ਅੰਦਰ ਵੀ ਛੋਟੇ-ਛੋਟੇ ਬਾਕਸ ਜਾਂ ਡੱਬੇ ਵਿਚ ਵੱਖ-ਵੱਖ ਤਰ੍ਹਾਂ ਦੇ ਸਾਮਾਨ ਨੂੰ ਠੀਕ ਕਰਕੇ ਰੱਖੋ।
ਜੁੱਤੀ, ਚੱਪਲ ਸਹੇਜ ਕੇ ਰੱਖੋ
ਘਰ ਸਾਫ਼-ਸੁਥਰਾ ਰਹੇ ਅਤੇ ਦਿਸਣ ਵਿਚ ਚੰਗਾ ਲੱਗੇ, ਇਸ ਵਾਸਤੇ ਆਪਣੀਆਂ ਸਾਰੀਆਂ ਜੁੱਤੀਆਂ, ਕਿਤਾਬਾਂ ਅਤੇ ਜ਼ਰੂਰੀ ਸਾਮਾਨ ਇਕ ਜਾਂ ਦੋ ਥਾਵਾਂ 'ਤੇ ਵਿਵਸਥਿਤ ਕਰਕੇ ਰੱਖੋ ਅਤੇ ਛੋਟੀਆਂ ਚੀਜ਼ਾਂ ਜਿਵੇਂ ਰਿਮੋਟ ਕੰਟਰੋਲ, ਮੇਕਅਪ ਦਾ ਸਾਮਾਨ, ਟਾਇਲਟ ਵਿਚ ਵਰਤੋਂ ਹੋਣ ਵਾਲੀਆਂ ਚੀਜ਼ਾਂ, ਪੈੱਨ ਅਤੇ ਬੈਟਰੀ, ਇਨ੍ਹਾਂ ਸਭ ਚੀਜ਼ਾਂ ਨੂੰ ਵੱਖ-ਵੱਖ ਡੱਬਿਆਂ ਵਿਚ ਅਜਿਹੀ ਜਗ੍ਹਾ ਰੱਖੋ, ਜੋ ਤੁਹਾਡੀ ਪਹੁੰਚ ਦੇ ਨੇੜੇ ਹੋਣ।
ਦੀਵਾਨ ਵਿਚ ਕੱਪੜੇ ਕਰੋ ਸਟੋਰ
ਵਾਰਡਰੋਬ ਵਿਚ ਗ਼ੈਰ-ਜ਼ਰੂਰੀ ਕੱਪੜਿਆਂ ਨੂੰ ਰੱਖਣ ਦੀ ਬਜਾਏ ਉਨ੍ਹਾਂ ਨੂੰ ਦੀਵਾਨ ਜਾਂ ਬੈੱਡ ਦੇ ਬਾਕਸ ਵਿਚ ਪਾ ਕੇ ਰੱਖੋ। ਜਿਨ੍ਹਾਂ ਕੱਪੜਿਆਂ ਦੀ ਰੋਜ਼ ਲੋੜ ਨਾ ਹੋਵੇ, ਉਨ੍ਹਾਂ ਨੂੰ ਵੱਖ ਰੱਖੋ।
ਸੌਣ ਵਾਲੇ ਕਮਰੇ ਨੂੰ ਰੱਖੋ ਸਾਫ਼-ਸੁਥਰਾ
ਅਕਸਰ ਅਸੀਂ ਘਰੋਂ ਗ਼ੈਰ-ਜ਼ਰੂਰੀ ਸਾਮਾਨ ਕੱਢਣ ਜਾਂ ਘਰ ਨੂੰ ਸਾਫ਼ ਕਰਨ ਨੂੰ ਸਮੇਂ ਦੀ ਬਰਬਾਦੀ ਸਮਝਦੇ ਹਾਂ। ਇਸ ਤਰ੍ਹਾਂ ਦੀ ਸੋਚ ਤੋਂ ਬਾਹਰ ਆਓ। ਗ਼ੈਰ-ਜ਼ਰੂਰੀ ਸਾਮਾਨ ਨੂੰ ਜਦੋਂ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਹਰ ਸਮੇਂ ਦਿਖਾਈ ਨਹੀਂ ਦਿੰਦਾ। ਗ਼ੈਰ-ਨਿਯੋਜਤ ਢੰਗ ਨਾਲ ਰੱਖਿਆ ਇਹ ਸਾਮਾਨ ਹਮੇਸ਼ਾ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਡਿਕਲਟਰ ਦਾ ਮਤਲਬ ਹੈ ਕਿਸੇ ਚੀਜ਼ ਸਬੰਧੀ ਕੋਈ ਫੈਸਲਾ ਲੈਣਾ ਕਿ ਕੀ ਤੁਹਾਨੂੰ ਉਸ ਦੀ ਸੱਚਮੁੱਚ ਲੋੜ ਹੈ ਜਾਂ ਨਹੀਂ। ਜੇ ਤੁਹਾਨੂੰ ਹਾਲ ਫਿਲਹਾਲ ਲੋੜ ਨਹੀਂ ਹੈ ਤਾਂ ਇਸ ਨੂੰ ਸਹੀ ਜਗ੍ਹਾ 'ਤੇ ਰੱਖੋ ਜਾਂ ਇਸ ਨੂੰ ਘਰੋਂ ਬਾਹਰ ਕੱਢੋ। ਪਰ ਡਿਕਲਟਰ ਦਾ ਮਤਲਬ ਇਹ ਨਹੀਂ ਹੈ ਕਿ ਅੱਖਾਂ ਤੋਂ ਦੂਰ ਕਰਕੇ ਘਰ ਦੀਆਂ ਚੀਜ਼ਾਂ ਨੂੰ ਕਿਸੇ ਦੂਜੇ ਹਿੱਸੇ ਵਿਚ ਰੱਖ ਦੇਣਾ। ਜੇ ਤੁਹਾਨੂੰ ਉਸ ਦੀ ਸੱਚਮੁੱਚ ਲੋੜ ਨਹੀਂ ਹੈ ਤਾਂ ਉਸ ਨੂੰ ਕੱਢ ਕੇ ਬਾਹਰ ਕਰੋ ਅਤੇ ਘਰ ਨੂੰ ਠੀਕ ਕਰੋ।


-ਮਧੂ ਸਿੰਘ,
ਇਮੇਜ ਰਿਫਲੈਕਸ਼ਨ ਸੈਂਟਰ

ਗਰਮੀ ਅਤੇ ਪਸੀਨੇ ਨਾਲ ਕਿਤੇ ਵਹਿ ਨਾ ਜਾਵੇ...?

ਗਰਮੀਆਂ ਵਿਚ ਮੇਕਅਪ ਕਿਸ ਤਰ੍ਹਾਂ ਕੀਤਾ ਜਾਵੇ, ਜਿਸ ਨਾਲ ਉਸ ਨੂੰ ਵਾਰ-ਵਾਰ ਸਹੀ ਨਾ ਕਰਨਾ ਪਵੇ। ਚਿਹਰੇ 'ਤੇ ਮੇਕਅਪ ਲੰਬੇ ਸਮੇਂ ਤੱਕ ਕਿਵੇਂ ਟਿਕਿਆ ਰਹੇ, ਆਓ ਇਸ ਬਾਰੇ ਜਾਣੀਏ-ਮੇਕਅਪ ਬੇਸ : ਮੇਕਅਪ ਦੀ ਸ਼ੁਰੂਆਤ ਮੇਕਅਪ ਬੇਸ ਤੋਂ ਕੀਤੀ ਜਾਂਦੀ ਹੈ। ਗਰਮੀ ਦੇ ਮੌਸਮ ਵਿਚ ਫਾਊਂਡੇਸ਼ਨ ਲਗਾਉਣ ਨਾਲ ਚਿਹਰਾ ਜ਼ਿਆਦਾ ਹੈਵੀ ਦਿਸਦਾ ਹੈ। ਫਾਊਂਡੇਸ਼ਨ ਦੀ ਬਜਾਏ ਕੰਸੀਲਰ ਦੀ ਵਰਤੋਂ ਕਰੋ। ਕੰਸੀਲਰ ਠੰਢੀ ਜਗ੍ਹਾ 'ਤੇ ਲਗਾਓ, ਤਾਂ ਕਿ ਚਿਹਰੇ 'ਤੇ ਪਸੀਨਾ ਆਉਣ ਤੋਂ ਬਾਅਦ ਉਹ ਇਕੋ ਜਿਹਾ ਲੱਗੇ।
ਕੰਪੈਕਟ : ਕੰਸੀਲਰ ਤੋਂ ਬਾਅਦ ਨੱਕ, ਠੋਡੀ ਅਤੇ ਜਾਅ ਲਾਈਨ ਦੇ ਆਸ-ਪਾਸ ਡਸਟ ਕੰਪੈਕਟ ਲਗਾਓ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਚਮੜੀ ਨੂੰ ਥੋੜ੍ਹਾ ਸਟ੍ਰੈਚ ਕਰ ਲਓ, ਤਾਂ ਕਿ ਇਹ ਚਿਹਰੇ 'ਤੇ ਚੰਗੀ ਤਰ੍ਹਾਂ ਲੱਗ ਜਾਵੇ। ਕੰਪੈਕਟ ਪਾਊਡਰ ਦੀ ਮਾਤਰਾ ਘੱਟ ਰੱਖੋ।
ਬਲਸ਼ ਆਨ : ਇਸ ਮੌਸਮ ਵਿਚ ਪਾਊਡਰਯੁਕਤ ਬਲਸ਼ਰ ਦੀ ਵਰਤੋਂ ਕਰੋ। ਬਲਸ਼ਰਸ ਸਕਿਨ ਟੋਨ ਅਨੁਸਾਰ ਲਗਾਓ। ਇਸ ਮੌਸਮ ਵਿਚ ਬਲਸ਼ਰ ਉੱਪਰ ਦੀਆਂ ਗਲ੍ਹਾਂ 'ਤੇ ਲਗਾਓ, ਬਾਕੀ ਚਿਹਰੇ 'ਤੇ ਪਾਊਡਰ ਵਾਲਾ ਬਲਸ਼ਰ ਲਗਾਓ, ਜ਼ਿਆਦਾ ਕ੍ਰੀਮ ਵਾਲੇ ਬਲਸ਼ਰ ਦੀ ਵਰਤੋਂ ਤੋਂ ਬਚੋ।
ਲਿਪਸਟਿਕ : ਬੁੱਲ੍ਹਾਂ 'ਤੇ ਪਹਿਲਾਂ ਲਿਪਲਾਈਨ ਨਾਲ ਆਕਾਰ ਦੇ ਕੇ ਇਸ ਵਿਚ ਲਿਪਸਟਿਕ ਲਗਾਓ। ਇਸ ਮੌਸਮ ਲਈ ਨਿਊਡ ਕਲਰ ਸਹੀ ਹੁੰਦੇ ਹਨ। ਗਰਮੀ ਵਿਚ ਲਿਪਸਟਿਕ ਬੁੱਲ੍ਹਾਂ ਤੋਂ ਛੇਤੀ ਉਤਰ ਜਾਂਦੀ ਹੈ, ਇਸ ਲਈ ਲਿਪਸਟਿਕ ਤੋਂ ਪਹਿਲਾਂ ਪ੍ਰਾਈਮਰ ਦੀ ਵਰਤੋਂ ਕਰੋ ਜਾਂ ਬੁੱਲ੍ਹਾਂ 'ਤੇ ਪਹਿਲਾਂ ਹਲਕਾ ਫਾਊਂਡੇਸ਼ਨ ਲਗਾ ਕੇ ਉਸ ਤੋਂ ਬਾਅਦ ਲਿਪਸਟਿਕ ਲਗਾਓ।
ਕਾਜਲ : ਹਲਕੇ ਮੇਕਅਪ ਦੇ ਨਾਲ ਅੱਖਾਂ ਦੇ ਮੇਕਅਪ ਲਈ ਹਲਕਾ ਕਾਜਲ ਲਗਾਓ। ਰਾਤ ਦੇ ਫੰਕਸ਼ਨ ਲਈ ਗੂੜ੍ਹਾ ਕਾਜਲ ਲਗਾ ਸਕਦੇ ਹੋ। ਆਈਲਾਈਨਰ ਜਾਂ ਆਈਸ਼ੈਡੋ ਨੂੰ ਲੰਬੇ ਸਮੇਂ ਤੱਕ ਟਿਕਾਈ ਰੱਖਣ ਲਈ ਆਈਸ਼ੈਡਰ ਪ੍ਰਾਈਮਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਦਿਨਾਂ ਵਿਚ ਅੱਖਾਂ ਵਿਚ ਤਰਲ ਆਈਲਾਈਨਰ ਦੀ ਵਰਤੋਂ ਕਰਨ ਤੋਂ ਬਚੋ। ਇਸ ਦੀ ਜਗ੍ਹਾ ਪੈਨਸਿਲ ਵਾਲਾ ਆਈਲਾਈਨਰ ਲਗਾਓ।
ਬਿੰਦੀ : ਹੱਥ ਨਾਲ ਬਣਾਈਆਂ ਗਈਆਂ ਬਿੰਦੀਆਂ ਦੀ ਜਗ੍ਹਾ ਸਟਿਕ ਬਿੰਦੀ ਦੀ ਵਰਤੋਂ ਕਰੋ, ਕਿਉਂਕਿ ਤਰਲ ਹੱਥ ਨਾਲ ਬਣੀ ਬਿੰਦੀ ਪਸੀਨੇ ਨਾਲ ਫੈਲ ਜਾਂਦੀ ਹੈ।


-ਨੀਲੋਫਰ, ਇਮੇਜ ਰਿਫਲੈਕਸ਼ਨ ਸੈਂਟਰ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX