ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  1 day ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  1 day ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  1 day ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  1 day ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  1 day ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  1 day ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  1 day ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  1 day ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  1 day ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  1 day ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-30: ਬੈਟਮੈਨ

ਸੰਸਾਰ ਪ੍ਰਸਿੱਧ ਲਿਓਨਾਰਡੋ ਦਾ ਵਿੰਸੀ ਦੇ ਇਕ ਚਿੱਤਰ ਵਿਚ ਇਕ ਵਿਅਕਤੀ ਨੂੰ ਚਮਗਿੱਦੜ ਵਰਗਾ ਬਣਾਇਆ ਗਿਆ ਸੀ | ਇਹ ਪਾਤਰ ਚਮਗਿੱਦੜ ਵਾਂਗ ਹੀ ਉਡਦਾ ਦਿਖਾਇਆ ਗਿਆ | ਇਸ ਚਿੱਤਰ ਤੋਂ ਪ੍ਰਭਾਵਿਤ ਹੋ ਕੇ ਕਾਰਟੂਨ ਪਾਤਰ 'ਬੈਟਮੈਨ' ਨੂੰ ਇਸ ਦੇ ਬਾਬ ਕੇਨ ਨੇ 1939 ਈਸਵੀ ਵਿਚ ਘੜਿਆ ਸੀ, ਜੋ ਡਿਟੈਕਟਿਵ ਕਾਮਿਕਸ 27 (ਡੀ.ਸੀ. ਕਾਮਿਕਸ) ਦੇ ਰੂਪ ਵਿਚ ਸਾਹਮਣੇ ਆਇਆ | ਇਹ ਕਾਰਟੂਨ ਚਰਿੱਤਰ ਖੜ੍ਹੇ ਕੰਨਾਂ ਵਾਲਾ ਹੈ | ਨੀਲੇ ਰੰਗ ਦੀ ਡ੍ਰੈਸ ਪਹਿਨਣ ਵਾਲਾ ਬੈਟਮੈਨ 6 ਫੁੱਟ ਤੋਂ ਵੀ ਵੱਧ ਕੱਦ ਵਾਲਾ ਪਾਤਰ ਹੈ | ਇਸ ਦਾ ਅਸਲ ਨਾਂਅ ਬਰੂਸ ਵੇਨ ਹੈ | ਉਸ ਨੇ ਬਚਪਨ ਵਿਚ ਹੀ ਕਈ ਅਜਿਹੀਆਂ ਘਟਨਾਵਾਂ ਨੂੰ ਤੱਕਿਆ ਹੈ, ਜਿਨ੍ਹਾਂ ਨੇ ਉਸ ਦੇ ਬਾਲ ਮਨ ਉਪਰ ਡੂੰਘਾ ਅਸਰ ਪਾਇਆ ਹੈ | ਇਨ੍ਹਾਂ ਵਿਚੋਂ ਇਕ ਘਟਨਾ ਉਸ ਦੀਆਂ ਅੱਖਾਂ ਸਾਹਮਣੇ ਮਾਤਾ-ਪਿਤਾ ਦੀ ਹੱਤਿਆ ਨਾਲ ਸਬੰਧਿਤ ਸੀ | ਇਹ ਪਾਤਰ ਦੁਸ਼ਮਣਾਂ ਨੂੰ ਡਰਾ-ਧਮਕਾ ਕੇ ਮੂੰਹ ਦੀ ਖਾਣ ਲਈ ਮਜਬੂਰ ਕਰ ਦਿੰਦਾ ਹੈ | ਇਹ ਪਾਤਰ ਯੁੱਧ ਕਲਾ ਵਿਚ ਇੰਨਾ ਮਾਹਿਰ ਹੈ ਕਿ ਉਹ ਹਿਡਲਰ, ਜੋਕਰ, ਪੈਂਗੁਇਨ ਅਤੇ ਕੈਟ ਵੁਮਨ ਵਰਗੇ ਵਿਰੋਧੀ ਪਾਤਰਾਂ ਦੀਆਂ ਚਾਲਾਂ ਸਫ਼ਲ ਨਹੀਂ ਹੋਣ ਦਿੰਦਾ ਅਤੇ ਸੰਘਰਸ਼ ਵਿਚੋਂ ਜੇਤੂ ਬਣ ਕੇ ਨਿਕਲਦਾ ਹੈ |

-ਪੰਜਾਬੀ ਯੂਨੀਵਰਸਿਟੀ


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਸੱਪ ਅਤੇ ਮੋਰ

ਪਿਆਰੇ ਬੱਚਿਓ! ਅੱਜ ਤੋਂ ਕਾਫੀ ਵਰ੍ਹੇ ਪਹਿਲਾਂ ਇਕ ਪਿੰਡ ਵਿਚ ਕੇਵਲ ਸਿੰਘ ਨਾਂਅ ਦਾ ਇਕ ਮਿਹਨਤੀ ਕਿਸਾਨ ਰਹਿੰਦਾ ਸੀ | ਉਸ ਨੇ ਬੜੀ ਮਿਹਨਤ ਨਾਲ ਆਪਣੇ ਖੇਤਾਂ 'ਚ ਇਕ ਪਾਸੇ ਅੰਬਾਂ ਦਾ ਇਕ ਬਾਗ ਲਗਾਇਆ ਹੋਇਆ ਸੀ | ਸਰਦੀ-ਗਰਮੀ ਤੋਂ ਬਚਾਉਂਦਿਆਂ ਉਸ ਨੇ ਇਹ ਸਾਰੇ ਬੂਟੇ ਆਪਣੀ ਔਲਾਦ ਵਾਂਗ ਪਾਲੇ ਸਨ | ਅੱਜ ਭਾਵੇਂ ਕੇਵਲ ਸਿੰਘ ਨੂੰ ਇਸ ਜਹਾਨ ਤੋਂ ਗਿਆਂ ਹੋਇਆਂ ਵੀ ਕਈ ਸਾਲ ਬੀਤ ਗਏ ਸਨ, ਤਾਂ ਵੀ ਉਸ ਦੇ ਹੱਥੀਂ ਲਾਏ ਬਾਗ ਕਾਰਨ ਉਸ ਦਾ ਨਾਂਅ ਜਿਉਂਦਾ ਸੀ | ਸਮਾਂ ਪਾ, ਕੇਵਲ ਸਿੰਘ ਦੇ ਪਿੱਛੋਂ ਉਸ ਦੀ ਜ਼ਮੀਨ ਉਸ ਦੇ ਪੱੁਤਰਾਂ 'ਚ ਵੰਡੀ ਗਈ | ਇਸੇ ਵੰਡ-ਵੰਡਾਈ 'ਚ ਅੰਬਾਂ ਦਾ ਬਾਗ ਵੀ ਵੰਡਿਆ ਗਿਆ ਤੇ ਖੇਤੀ ਵਧਾਉਣ ਦੇ ਲਾਲਚ 'ਚ ਉਸ ਦੇ ਪੱੁਤਰਾਂ ਨੇ ਬਾਗ ਦਾ ਬਹੁਤਾ ਹਿੱਸਾ ਵਢਾਅ ਮਾਰਿਆ | ਹੁਣ ਕੇਵਲ ਅੰਬਾਂ ਦੇ 5-7 ਰੱੁਖ ਹੀ ਬਚੇ ਸਨ, ਜੋ ਕੇਵਲ ਸਿੰਘ ਦੇ ਸਭ ਤੋਂ ਛੋਟੇ ਪੱੁਤ ਦੇ ਹਿੱਸੇ ਆਏ ਸਨ | ਆਪਣੇ ਵੱਡੇ ਭਰਾਵਾਂ ਦੀ ਰੀਸੇ ਆਖਰ ਉਸ ਨੇ ਵੀ ਅੰਬਾਂ ਦੇ ਰੱੁਖ ਵਢਾਉਣ ਦਾ ਇਰਾਦਾ ਬਣਾ ਲਿਆ |
ਅੰਬਾਂ ਦੇ ਇਸ ਬਾਗ 'ਚ ਬਹੁਤ ਸਾਰੇ ਮੋਰ ਰਹਿੰਦੇ ਸਨ | ਸ਼ਾਮ-ਸਵੇਰੇ ਉਨ੍ਹਾਂ ਦੀ ਕੁਆਂ-ਕੁਆਂ ਦੂਰ ਪਿੰਡ ਤੱਕ ਸੁਣਾਈ ਦਿੰਦੀ ਸੀ | ਪਰ ਅੰਬਾਂ ਦੇ ਰੱੁਖ ਘਟਣ ਕਰਕੇ ਉਹ ਹੁਣ ਉਦਾਸ ਰਹਿਣ ਲੱਗੇ ਸਨ | ਆਪਣਾ ਇਹ ਪਿਆਰਾ ਰੈਣ-ਬਸੇਰਾ ਉਹ ਕਿਵੇਂ ਨਾ ਕਿਵੇਂ ਬਚਾਉਣਾ ਚਾਹੁੰਦੇ ਸਨ | ਇਕ ਸਵੇਰ ਉਨ੍ਹਾਂ ਜਦ ਕੁਝ ਲੱਕੜਹਾਰੇ ਬਾਗ ਵੱਲ ਆਉਂਦੇ ਦੇਖੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ | ਭੈ-ਭੀਤ ਹੋਏ ਉਹ ਇਕ ਰੱੁਖ ਤੋਂ ਦੂਜੇ ਰੱੁਖ ਵੱਲ ਉਡਾਰੀਆਂ ਭਰਨ ਲੱਗੇ | ਜਦੋਂ ਲੱਕੜਹਾਰੇ ਆਪਣੇ ਔਜ਼ਾਰ ਲੈ ਕੇ ਇਕ ਰੱੁਖ ਦੇ ਬਿਲਕੁਲ ਨੇੜੇ ਪੱੁਜੇ ਤਾਂ ਉਨ੍ਹਾਂ ਦਾ ਇਕ ਸਾਥੀ ਇਕਦਮ ਚੀਖਿਆ, 'ਓਹ ਭਰਾਵੋ! ਰੁਕ ਜਾਓ, ਔਹ ਦੇਖੋ ਕਿੰਨਾ ਵੱਡਾ ਫਨੀਅਰ ਸੱਪ... |' ਉਸ ਦਾ ਮੰੂਹ ਅੱਡਿਆ ਹੀ ਰਹਿ ਗਿਆ | ਇਹ ਸੁਣਦੇ ਬਾਕੀ ਲੱਕੜਹਾਰੇ ਵੀ ਕੰਬਦੇ ਹੋਏ ਥਾਏਾ ਖੜ੍ਹ ਗਏ | ਸ਼ਾਹ ਕਾਲਾ ਫਨੀਅਰ ਨਾਗ ਉਨ੍ਹਾਂ ਦੇ ਦੇਖਦਿਆਂ-ਦੇਖਦਿਆਂ ਅੰਬ ਹੇਠ ਬਣੀ ਵਰਮੀ 'ਚ ਜਾ ਵੜਿਆ | ਉਸ ਵਰਮੀ ਦੇ ਇਰਦ-ਗਿਰਦ ਉਹੋ ਜਿਹੀਆਂ ਕੁਝ ਹੋਰ ਵਰਮੀਆਂ ਦੇਖ ਲੱਕੜਹਾਰੇ ਆਪਸ 'ਚ ਘੁਸਰ-ਮੁਸਰ ਕਰਨ ਲੱਗੇ, 'ਆਪਾਂ ਨਹੀਂ ਵੱਢਣੇ ਇਹ ਰੱੁਖ, ...ਔਹ ਦੇਖੋ ਐਥੇ ਕਿੰਨੀਆਂ ਵਰਮੀਆਂ! ਪਤਾ ਨਹੀਂ ਐਹੋ ਜਹੇ ਕਿੰਨੇ ਕੁ ਹੋਰ ਫਨੀਅਰ ਸੱਪ ਐਥੇ ਰਹਿੰਦੇ ਹੋਣੇ, ...ਐਵੇਂ ਆਪਣੀ ਜਾਨ ਗੁਆਉਣੀ |'
ਤੇ ਆਪਸ ਵਿਚ ਕਾਹਲੀ ਨਾਲ ਸਲਾਹ ਕਰਕੇ ਉਨ੍ਹਾਂ ਆਪਣਾ ਫੈਸਲਾ ਕੇਵਲ ਸਿੰਘ ਦੇ ਛੋਟੇ ਪੱੁਤ ਨੂੰ ਵੀ ਦੱਸ ਦਿੱਤਾ | ਸ਼ਾਹ ਕਾਲਾ ਨਾਗ ਉਸ ਨੇ ਵੀ ਕਈ ਵਾਰ ਇਥੇ ਘੁੰਮਦਾ ਦੇਖਿਆ ਸੀ | ਲੱਕੜਹਾਰਿਆਂ ਦੀ ਸਲਾਹ ਮੰਨ ਉਸ ਨੇ ਵੀ ਅੰਬਾਂ ਦੇ ਰੱੁਖ ਵਢਾਉਣ ਦਾ ਇਰਾਦਾ ਸਦਾ ਲਈ ਟਾਲ ਦਿੱਤਾ |
ਅੰਬਾਂ ਉੱਪਰ ਬੈਠੇ ਮੋਰਾਂ ਨੂੰ ਜਿਉਂ ਹੀ ਇਸ ਗੱਲ ਦੀ ਭਿਣਕ ਪਈ ਤਾਂ ਉਹ ਖੁਸ਼ੀ 'ਚ ਫਿਰ ਤੋਂ 'ਕੁਆਂ-ਕੁਆਂ' ਗਾਉਣ ਲੱਗੇ | ਉਨ੍ਹਾਂ ਵਿਚੋਂ ਸਭ ਤੋਂ ਸਿਆਣਾ ਮੋਰ ਮਨੋ-ਮਨੀ ਸੱਪ ਦਾ ਧੰਨਵਾਦ ਕਰਦਾ ਉਨ੍ਹਾਂ ਸਭ ਨੂੰ ਕਹਿਣ ਲੱਗਾ, 'ਸੱਪ ਨਾਲ ਸਾਡੀ ਦੁਸ਼ਮਣੀ ਤਾਂ ਐਵੇਂ ਮਨੱੁਖ ਦੀ ਘੜੀ ਹੋਈ ਐ, ਅਸੀਂ ਸਾਰੇ ਇਕੱਠੇ ਰਹਿਣ ਵਾਲੇ, ਸਾਡਾ ਇਹ ਸਾਂਝਾ ਰੈਣ-ਬਸੇਰਾ, ਭਲਾ ਸਾਡੇ 'ਚ ਕਾਹਦੀ ਦੁਸ਼ਮਣੀ!'

-ਬਗੀਚੀ ਮੁਹੱਲਾ, ਮਾਹਿਲਪੁਰ (ਹੁਸ਼ਿਆਰਪੁਰ) | ਮੋਬਾ: 98550-24495

ਦਿਲਚਸਪ ਇਤਿਹਾਸ ਲਾਇਬ੍ਰੇਰੀ ਦਾ

ਪਿਆਰੇ ਬਾਲ ਸਾਥੀਓ! ਤੁਸੀਂ ਜਦ ਵੀ ਕਿਸੇ ਲਾਇਬ੍ਰੇਰੀ 'ਚ ਬੜੀ ਤਰਤੀਬ, ਸਲੀਕੇ ਪੂਰਵਕ ਸੈਂਕੜੇ-ਹਜ਼ਾਰਾਂ ਕਿਤਾਬਾਂ, ਰਸਾਲੇ ਅਤੇ ਹੋਰ ਪੜ੍ਹਨ ਸਮੱਗਰੀ ਸਜਾ ਕੇ ਰੱਖੇ ਹੋਏ ਦੇਖਦੇ ਹੋਵੋਗੇ ਤਾਂ ਆਪਮੁਹਾਰੇ ਹੀ ਤੁਹਾਡੇ ਬਾਲ-ਮਨਾਂ 'ਚੋਂ ਕਈ ਸਵਾਲ ਜਿਵੇਂ ਲਾਇਬ੍ਰੇਰੀ ਦੀ ਸ਼ੁਰੂਆਤ ਕਦੋਂ, ਕਿਵੇਂ, ਕਿਸ ਵਲੋਂ ਹੋਈ ਆਦਿ ਜ਼ਰੂਰ ਹੀ ਉਪਜਦੇ ਹੋਣਗੇ | ਅਤੇ ਆਓ ਦੋਸਤੋ! ਅਸੀਂ ਇਸ ਬਾਰੇ ਦਿਲਚਸਪ ਜਾਣਕਾਰੀ ਹਾਸਲ ਕਰਦੇ ਹਾਂ |
ਲਗਪਗ 5 ਹਜ਼ਾਰ ਵਰ੍ਹੇ ਪਹਿਲਾਂ ਦੀ ਗੱਲ ਹੈ, ਸੀਰੀਆ ਦੇਸ਼ ਦੇ ਰਾਜੇ ਨੂੰ ਕਲਾਕਾਰਾਂ, ਬੱੁਧੀਜੀਵੀਆਂ, ਬਲਵਾਨਾਂ ਨੂੰ ਆਪਣੇ ਦਰਬਾਰ 'ਚ ਬੁਲਾ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ, ਤਜਰਬੇ ਸਾਂਝੇ ਕਰਨ ਦਾ ਬੜਾ ਹੀ ਸ਼ੌਕ ਸੀ ਪਰ ਉਹ ਅਤੇ ਉਸ ਦੇ ਮੰਤਰੀ ਅਹਿਲਕਾਰ ਅਜਿਹੇ ਤਜਰਬੇ ਭਰੇ ਕੀਮਤੀ ਵਿਚਾਰਾਂ ਨੂੰ ਬਹੁਤੇ ਦਿਨਾਂ, ਮਹੀਨਿਆਂ ਤੱਕ ਯਾਦ ਨਹੀਂ ਸੀ ਰੱਖ ਸਕਦੇ | ਉਸ ਰਾਜੇ ਨੇ ਆਪਣੇ ਮਨ 'ਚੋਂ ਉਪਜੀ ਸਕੀਮ ਤਹਿਤ ਭਾਂਡੇ ਬਣਾਉਣ ਵਾਲੇ ਘੁਮਿਆਰਾਂ ਤੋਂ ਚੀਕਣੀ ਮਿੱਟੀ ਦੀਆਂ ਚੌਰਸ, ਮੁਲਾਇਮ ਫੱਟੀਆਂ ਜਿਹੀਆਂ ਬਣਵਾ, ਅੱਗ 'ਚ ਪਕਵਾ ਸੁੰਦਰ ਰੰਗਾਂ ਨਾਲ ਰੰਗਵਾ ਲਈਆਂ | ਫਿਰ ਆਪਣੇ ਦਰਬਾਰੀਆਂ, ਮੰਤਰੀਆਂ ਦੇ ਸਹਿਯੋਗ ਨਾਲ ਇਨ੍ਹਾਂ ਫੱਟੀਆਂ ਉੱਪਰ ਚਿੱਤਰ ਲਿਪੀ ਜਿਹੀ ਭਾਸ਼ਾ ਵਿਚ ਬੱੁਧੀਜੀਵੀਆਂ ਦੇ ਕੀਮਤੀ ਵਿਚਾਰ, ਗੱਲਾਂ ਉਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ-ਹੌਲੀ ਉਸ ਕੋਲ ਅਜਿਹੀਆਂ ਵੀਹ ਹਜ਼ਾਰ ਦੇ ਕਰੀਬ ਫੱਟੀਆਂ ਹੋ ਗਈਆਂ ਸਨ | ਜਿਥੇ ਇਹ ਫੱਟੀਆਂ ਸੰਭਾਲ-ਸਜਾ ਕੇ ਰੱਖੀਆਂ ਗਈਆਂ ਸਨ, ਬਸ ਉਹ ਹੀ ਦੁਨੀਆ ਦੀ ਪਹਿਲੀ ਲਾਇਬ੍ਰੇਰੀ ਮੰਨੀ ਗਈ ਹੈ |
ਰਾਜੇ ਸਿਕੰਦਰ ਨੂੰ ਸਿਕੰਦਰੀਆ ਨਗਰ ਵਿਖੇ ਅਜਿਹੀ ਹੀ ਕਿਸਮ ਦੀ ਦੂਜੀ ਸਭ ਤੋਂ ਪੁਰਾਤਨ ਲਾਇਬ੍ਰੇਰੀ ਸਥਾਪਤ ਕਰਨ ਦਾ ਮਾਣ ਹਾਸਲ ਹੈ | ਦਰੱਖਤਾਂ ਦੇ ਤਣੇ ਦੇ ਗੱੁਦੇ, ਪਲਪ, ਸੱਕ ਨੂੰ ਪਾਣੀ 'ਚ ਗਾਲ ਕੇ, ਚਪਟਾ ਕਰ, ਚੌਰਸ ਪੱਟੀਆਂ ਬਣਾ ਸੁਕਾ ਲਿਆ ਜਾਂਦਾ ਸੀ, ਜਿਸ ਉੱਪਰ ਵੱਖ-ਵੱਖ ਬਨਸਪਤੀਆਂ, ਰੱੁਖਾਂ ਤੋਂ ਬਣੇ ਰੰਗਾਂ, ਸਿਆਹੀ ਨਾਲ ਲਿਖਿਆ ਜਾਂਦਾ ਸੀ | ਸਾਡੇ ਭਾਰਤ ਵਿਚ ਵੀ ਪੁਰਾਤਨ ਕਾਲ ਸਮੇਂ ਰਿਸ਼ੀ-ਮੁਨੀ, ਰਾਜੇ-ਮਹਾਰਾਜੇ ਰੱੁਖਾਂ ਦੇ ਤਣੇ ਦੀਆਂ ਛਿੱਲਾਂ, ਜਾਨਵਰਾਂ ਦੀਆਂ ਖੱਲਾਂ ਅਤੇ ਭੋਜ-ਪੱਤਰਾਂ ਉੱਪਰ ਆਪਣੇ ਕੀਮਤੀ ਵਿਚਾਰ, ਨੁਸਖੇ, ਸੰਦੇਸ਼ ਆਦਿ ਲਿਖਦੇ ਸਨ ਪਰ ਇਹ ਲਿਖਤਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਨ ਜੋ ਕਿ ਹਵਾ, ਪਾਣੀ, ਧੱੁਪ ਦੇ ਸਿੱਧੇ ਅਸਰ ਸਦਕਾ ਅਕਸਰ ਖਰਾਬ ਹੋ ਜਾਂਦੀਆਂ ਸਨ | ਸਮਾਂ ਬਦਲਦਿਆਂ ਜਿਵੇਂ-ਜਿਵੇਂ ਸਾਇੰਸ ਨੇ ਤਰੱਕੀ ਕੀਤੀ, ਲਿਖਣ ਸ਼ੈਲੀਆਂ, ਭਾਸ਼ਾਵਾਂ, ਸਿਆਹੀ, ਕਾਗਜ਼, ਪਿੰ੍ਰਟਿੰਗ ਪ੍ਰੈੱਸਾਂ ਹੋਂਦ 'ਚ ਆਈਆਂ, ਵੱਡੀ ਗਿਣਤੀ 'ਚ ਕਿਤਾਬਾਂ ਛਪਣੀਆਂ ਆਰੰਭ ਹੋਈਆਂ ਅਤੇ ਪਾਠਕਾਂ ਦੇ ਪੜ੍ਹਨ-ਬੈਠਣ ਲਈ ਲਾਇਬ੍ਰੇਰੀਆਂ ਬਣਨ ਲੱਗੀਆਂ, ਜਿਸ ਵਿਚ ਵੱਖ-ਵੱਖ ਵਿਸ਼ਿਆਂ, ਭਾਸ਼ਾਵਾਂ ਦੀਆਂ ਕਿਤਾਬਾਂ ਰੱਖੀਆਂ ਗਈਆਂ | ਈਸਾ ਤੋਂ 300 ਸਾਲ ਪਹਿਲਾਂ ਬਣੀ ਅਲੈਗਜੈਂਡਰੀਆ ਨਾਮੀ ਲਾਇਬ੍ਰੇਰੀ ਨੂੰ ਵੀ ਚਰਚਿਤ ਪੁਰਾਣੀ ਲਾਇਬ੍ਰੇਰੀ ਮੰਨਿਆ ਜਾਂਦਾ ਹੈ | ਇਸ ਦੀਆਂ 120 ਅਲਮਾਰੀਆਂ ਵਿਚ 70 ਹਜ਼ਾਰ ਦੇ ਕਰੀਬ ਹੱਥ-ਲਿਖਤ ਕਾਗਜ਼ ਦੇ ਰੋਲ ਅੱਜ ਤੱਕ ਵੀ ਸੰਭਾਲ ਕੇ ਰੱਖੇ ਹੋਏ ਹਨ | ਸੰਨ 1400 ਵਿਚ ਆਕਸਫੋਰਡ ਯੂਨੀਵਰਸਿਟੀ ਵਿਚ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ, ਜਿਸ ਦਾ ਨਾਂਅ 'ਬੋਡਲੀਅਨ ਲਾਇਬ੍ਰੇਰੀ' ਹੈ ਅਤੇ ਇਸ ਨੂੰ ਦੁਨੀਆ ਦੀ ਪੁਰਾਣੀ, ਵੱਡੀ ਲਾਇਬ੍ਰੇਰੀ ਮੰਨਿਆ ਗਿਆ ਹੈ | ਸਿਵਲ ਲਾਇਬ੍ਰੇਰੀਆਂ ਦੀ ਸਥਾਪਨਾ ਦਾ ਪ੍ਰਸਤਾਵ ਸੰਨ 1850 ਦੌਰਾਨ ਇੰਗਲੈਂਡ ਪਾਰਲੀਮੈਂਟ ਵਿਚ ਸਰਬਸੰਮਤੀ ਨਾਲ ਪਾਸ ਹੋਇਆ, ਜਿਸ ਤੋਂ ਬਾਅਦ ਸਿਵਲ ਲਾਇਬ੍ਰੇਰੀਆਂ ਦੀ ਸ਼ੁਰੂਆਤ ਹੋਈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ | ਮੋਬਾ: 70870-48140

ਬੁਝਾਰਤਾਂ

1. ਇਕ ਗਜ਼ ਕੱਪੜਾ ਬਾਰ੍ਹਾਂ ਪੱਟ, ਕਲੀਆਂ ਪਾਈਆਂ ਤਿੰਨ ਸੌ ਸੱਠ |
2. ਵੱਡੀ ਬਹੂ ਨੇ ਕੁਤਰਾ ਕੀਤਾ, ਛੋਟੀ ਬਹੂ ਨੇ 'ਕੱਠਾ ਕੀਤਾ |
ਵਾਹ ਨੀ ਨਿੱਕੀਏ, ਤੰੂ ਬੜਾ ਕੰਮ ਕੀਤਾ |
3. ਸੱੁਕਾ ਢੀਂਗਰ, ਆਂਡੇ ਦੇਵੇ |
4. ਦੋ ਕਬੂਤਰ ਲੜਦੇ ਜਾਂਦੇ, ਵੱਢ-ਵੱਢ ਡੱਕਰੇ ਕਰਦੇ ਜਾਂਦੇ |
5. ਥੜ੍ਹੇ ਉੱਤੇ ਥੜ੍ਹਾ, ਉੱਤੇ ਲਾਲ ਕਬੂਤਰ ਖੜ੍ਹਾ |
6. ਮੱੁਲ ਲਿਆ ਤੈਨੂੰ ਕੁੜੇ, ਬਣਾਇਆ ਤੈਨੂੰ ਧੀ ਕੁੜੇ |
ਖਾਂਦੀ-ਪੀਂਦੀ ਨਿਕਲ ਗਈ ਏਾ, ਹੋਇਆ ਤੈਨੂੰ ਕੀ ਕੁੜੇ |
7. ਆਪਣੀ ਰੰਨ ਨੂੰ ਮਾਰਦਾ, ਦੂਜਿਆਂ ਦਾ ਕੰਮ ਸਾਰਦਾ |
8. ਜਿਸ ਘਰ ਜਾਂਦੀ, ਲੱਕੜੀ ਖਾਂਦੀ |
9. ਨਿੱਕੀ ਅੱਖ ਲੰਬੀ ਗਰਦਨ, ਅਜਬ ਢੰਗ ਦਾ ਮੁਰਗਾ |
ਪਿੱਠ ਆਪਣੀ ਚੱੁਕ ਕੇ, ਦੋ ਲੱਤੀ ਤੁਰਦਾ |
10. ਪਹਾੜੋਂ ਆਏ ਰੋੜੇ, ਆਉਂਦਿਆਂ ਦੇ ਸਿਰ ਤੋੜੇ |
ਉੱਤਰ : (1) ਇਕ ਸਾਲ, ਬਾਰ੍ਹਾਂ ਮਹੀਨੇ, ਤਿੰਨ ਸੌ ਸੱਠ ਦਿਨ, (2) ਕੈਂਚੀ ਤੇ ਸੂਈ, (3) ਚਰਖਾ, (4) ਟੋਕਾ ਮਸ਼ੀਨ ਦੇ ਗੰਡਾਸੇ, (5) ਲੈਟਰ ਬਾਕਸ, (6) ਕੜਛੀ, (7) ਉੱਖਲੀ-ਮੋਹਲਾ, (8) ਆਰੀ, (9) ਸ਼ੁਤਰ ਮੁਰਗ, (10) ਅਖਰੋਟ |

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) | ਮੋਬਾ: 98763-22677

ਬਾਲ ਨਾਵਲ-62: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਠੀਕ ਐ ਬੇਟਾ, ਮੇਘਾ ਵੀ ਘਰ ਇਕੱਲੀ ਉਡੀਕਦੀ ਹੋਣੀ ਏਾ |'
ਹਰੀਸ਼ ਆਪਣੇ ਵੀਰ ਜੀ ਨੂੰ ਬਾਹਰ ਸਕੂਟਰ ਤੱਕ ਛੱਡਣ ਗਿਆ | ਸਕੂਟਰ ਕੋਲ ਪਹੁੰਚ ਕੇ ਉਸ ਨੇ ਘੱੁਟ ਕੇ ਵੀਰ ਜੀ ਨੂੰ ਜੱਫੀ ਪਾ ਲਈ | ਸਿਧਾਰਥ ਨੇ ਵੀ ਉਸ ਨੂੰ ਘੱੁਟ ਲਿਆ ਅਤੇ ਕਿੰਨੀ ਦੇਰ ਪਿੱਠ 'ਤੇ ਹੱਥ ਫੇਰਦਾ ਰਿਹਾ |
ਫਿਰ ਸਿਧਾਰਥ ਨੇ ਸਕੂਟਰ ਸਟਾਰਟ ਕੀਤਾ | ਹਰੀਸ਼ ਓਨੀ ਦੇਰ ਉਥੇ ਹੀ ਖੜ੍ਹਾ ਰਿਹਾ, ਜਿੰਨੀ ਦੇਰ ਸਕੂਟਰ ਅੱਖਾਂ ਤੋਂ ਉਹਲੇ ਨਹੀਂ ਹੋ ਗਿਆ |
ਦੋ ਟਿਊਸ਼ਨਾਂ ਰੱਖਣ ਤੋਂ ਬਾਅਦ ਸਮਾਂ ਤੁਰਨ ਦੀ ਥਾਂ ਦੌੜਨ ਲੱਗ ਪਿਆ ਸੀ ਪਰ ਦੋ ਤੋਂ ਜਦੋਂ ਚਾਰ ਟਿਊਸ਼ਨਾਂ ਹੋ ਗਈਆਂ ਤਾਂ ਸਮਾਂ ਦੌੜਨ ਦੀ ਥਾਂ ਉਡਣ ਲੱਗ ਪਿਆ | ਉਸ ਨੂੰ ਪਤਾ ਹੀ ਨਾ ਲੱਗਾ ਕਿ ਦਸ-ਗਿਆਰਾਂ ਮਹੀਨੇ ਕਿਵੇਂ ਲੰਘ ਗਏ ਅਤੇ ਸਾਲਾਨਾ ਇਮਤਿਹਾਨ ਸਿਰ 'ਤੇ ਆ ਗਿਆ |
ਪੇਪਰਾਂ ਦੇ ਦਿਨਾਂ ਵਿਚ ਪੜ੍ਹਾਈ ਦਾ ਹੋਰ ਜ਼ੋਰ ਵਧਿਆ | ਇਕ-ਇਕ ਕਰਕੇ ਸਾਰੇ ਪੇਪਰ ਠੀਕ ਹੁੰਦੇ ਗਏ | ਹੁਣ ਸਿਰਫ ਪ੍ਰੈਕਟੀਕਲ ਰਹਿ ਗਏ ਸਨ | ਪਲੱਸ ਵਨ ਦੇ ਪੇਪਰ ਕਾਲਜ ਪੱਧਰ ਦੇ ਹੀ ਹੁੰਦੇ ਸਨ, ਇਸ ਕਰਕੇ ਪੇਪਰਾਂ ਤੋਂ ਬਾਅਦ ਵੀ ਕਿਸੇ ਕਿਸਮ ਦਾ ਆਰਾਮ ਨਹੀਂ ਸੀ ਮਿਲਦਾ | ਨਤੀਜਾ ਨਿਕਲਿਆ, ਹਰੀਸ਼ ਦੀ ਕਲਾਸ ਵਿਚੋਂ ਅੱਠਵੀਂ ਪੁਜ਼ੀਸ਼ਨ ਆਈ | ਹਰੀਸ਼ ਦੀ ਇਸ ਨਤੀਜੇ ਨਾਲ ਤਸੱਲੀ ਨਹੀਂ ਸੀ ਹੋਈ | ਉਹ ਉਪਰਲੀਆਂ ਤਿੰਨ ਪੁਜ਼ੀਸ਼ਨਾਂ ਵਿਚ ਆਉਣਾ ਚਾਹੁੰਦਾ ਸੀ | ਸਿਧਾਰਥ ਦੀ ਅੰਦਰੋਂ ਇਸ ਨਤੀਜੇ ਨਾਲ ਤਸੱਲੀ ਹੋ ਗਈ ਸੀ ਪਰ ਉੱਪਰੋਂ ਉਹ ਹਰੀਸ਼ ਦੀ ਹਾਂ ਵਿਚ ਹਾਂ ਮਿਲਾ ਰਿਹਾ ਸੀ |
ਨਤੀਜੇ ਤੋਂ ਬਾਅਦ ਅਜੇ ਬੱਚਿਆਂ ਨੂੰ ਸਾਹ ਵੀ ਨਹੀਂ ਸੀ ਆਇਆ ਕਿ ਨਾਲ ਹੀ ਪਲੱਸ ਟੂ ਦੀ ਪੜ੍ਹਾਈ ਸ਼ੁਰੂ ਹੋ ਗਈ | ਕੁਝ ਦਿਨਾਂ ਵਿਚ ਹੀ ਚਾਰੇ ਟਿਊਸ਼ਨਾਂ ਵੀ ਸ਼ੁਰੂ ਹੋ ਗਈਆਂ | ਹਰੀਸ਼ ਸਵੇਰ ਤੋਂ ਲੈ ਕੇ ਰਾਤ ਤੱਕ ਫਿਰ ਰੱੁਝ ਗਿਆ |
ਸਿਧਾਰਥ ਨੂੰ ਪਤਾ ਸੀ ਕਿ ਪਲੱਸ ਟੂ ਦਾ ਸਾਲ ਕਿਸੇ ਵੀ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਸਾਲ ਹੁੰਦਾ ਹੈ | ਜੇ ਬੱਚਾ ਇਸ ਕਲਾਸ ਵਿਚੋਂ ਚੰਗੇ ਨੰਬਰ ਲੈ ਕੇ ਅੱਗੋਂ ਕਿਸੇ ਪ੍ਰੋਫੈਸ਼ਨਲ ਕਾਲਜ ਵਿਚ ਚਲਾ ਜਾਂਦਾ ਹੈ ਤਾਂ ਉਸ ਦੀ ਸਾਰੀ ਜ਼ਿੰਦਗੀ ਚੰਗੀ ਬਣ ਜਾਂਦੀ ਹੈ | ਇਸੇ ਕਰਕੇ ਉਸ ਨੇ ਹਰੀਸ਼ ਨੂੰ ਸਾਰੀਆਂ ਟਿਊਸ਼ਨਾਂ ਸ਼ੁਰੂ ਤੋਂ ਹੀ ਲਵਾ ਦਿੱਤੀਆਂ | ਹਰੀਸ਼ ਭਾਵੇਂ ਕਾਫੀ ਨਾਂਹ-ਨੱੁਕਰ ਕਰਦਾ ਸੀ ਪਰ ਸਿਧਾਰਥ ਨੇ ਉਸ ਮਾਮਲੇ ਵਿਚ ਉਸ ਦੀ ਇਕ ਨਾ ਸੁਣੀ | ਉਹ ਚਾਹੁੰਦਾ ਸੀ ਕਿ ਇਕ ਵਾਰੀ ਹਰੀਸ਼ ਨੂੰ ਕਿਸੇ ਚੰਗੇ ਮੈਡੀਕਲ ਕਾਲਜ ਵਿਚ ਸੀਟ ਮਿਲ ਜਾਵੇ ਤਾਂ ਉਸ ਦੀ ਕੀਤੀ ਸਾਰੀ ਮਿਹਨਤ ਸਫਲ ਹੋ ਜਾਵੇ | ਹਰੀਸ਼ ਨੇ ਵੀ ਮਿਹਨਤ ਵਿਚ ਕੋਈ ਕਸਰ ਨਹੀਂ ਸੀ ਛੱਡੀ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਕਵਿਤਾ: ਵੱਡਿਆਂ ਦਾ ਸਤਿਕਾਰ ਕਰੋ

ਵੱਡਿਆਂ ਦਾ ਸਤਿਕਾਰ ਕਰੋ,
ਛੋਟਿਆਂ ਦੇ ਨਾਲ ਪਿਆਰ ਕਰੋ |
ਚੰਗਾ ਜੀਵਨ ਜੀਣਾ ਹੈ,
ਅੰਮਿ੍ਤ ਸਦਾ ਹੀ ਪੀਣਾ ਹੈ |
ਅਨੁਸ਼ਾਸਨ ਵਿਚ ਰਹਿਣਾ ਹੈ,
ਅਧਿਆਪਕ ਜੀ ਦਾ ਕਹਿਣਾ ਹੈ |
ਮਿੱਠੇ ਬੋਲ ਜ਼ੁਬਾਂ 'ਤੇ ਰੱਖੋ,
ਮਿਸ਼ਰੀ ਦਾ ਸਵਾਦ ਵੀ ਚੱਖੋ |
ਸ਼ੀਤਲਤਾ ਅਪਣਾਉਣੀ ਹੈ,
ਫਿਰ ਚੰਗੀ ਰੱੁਤ ਆਉਣੀ ਹੈ |
'ਅਮਰ' ਸਦਾ ਇਹ ਕਹਿੰਦਾ ਹੈ,
ਸੱਚ ਦਾ ਬੇੜਾ ਵਹਿੰਦਾ ਹੈ |

-ਕੇ. ਐਸ. ਅਮਰ,
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) |
ਮੋਬਾ: 94653-69343

ਬਾਲ ਸਾਹਿਤ

ਅਸਲੀ ਸੁੰਦਰਤਾ
ਲੇਖਕ : ਪਰਮਜੀਤ ਪੰਮਾ ਪੇਂਟਰ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ |
ਮੁੱਲ : 70 ਰੁਪਏ, ਪੰਨੇੇ : 40
ਸੰਪਰਕ : 94632-90505

'ਅਸਲੀ ਸੁੰਦਰਤਾ' ਕਹਾਣੀ-ਸੰਗ੍ਰਹਿ ਵਿਚ ਲੇਖਕ ਪਰਮਜੀਤ ਪੰਮਾ ਪੇਂਟਰ ਨੇ ਬੱਚਿਆਂ ਦੀ ਚਰਿੱਤਰ-ਉਸਾਰੀ ਵਾਲੀਆਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ | ਇਨ੍ਹਾਂ ਕਹਾਣੀਆਂ ਵਿਚ 'ਅਸਲੀ ਸੁੰਦਰਤਾ', 'ਨੀਮ ਹਕੀਮ ਖ਼ਤਰਾ-ਏ-ਜਾਨ', 'ਸ਼ੈਤਾਨ ਫੜਿਆ ਗਿਆ', 'ਤਿਤਲੀ', 'ਸ਼ਹਿਦ ਦੀ ਮੱਖੀ', 'ਬੁੱਢੀ ਚਿੜੀ ਦਾ ਘੁਮੰਡ' ਅਤੇ 'ਅਕਲਮੰਦ ਟਟੀਹਰੀ' ਕਹਾਣੀਆਂ ਜੀਵ-ਜੰਤੂਆਂ ਦੁਆਲੇ ਕੇਂਦਿ੍ਤ ਹਨ | ਇਹ ਜੀਵ-ਜੰਤੂ ਪਾਤਰ ਪ੍ਰਤੀਕਮਈ ਅੰਦਾਜ਼ ਵਿਚ ਸਮਾਜਿਕ ਐਬਾਂ ਦਾ ਖ਼ਾਤਮਾ ਕਰਨ ਦਾ ਪੈਗ਼ਾਮ ਦਿੰਦੇ ਹੋਏ 'ਜੀਓ ਅਤੇ ਜਿਊਣ ਦਿਓ' ਦੀ ਸੋਚ ਨੂੰ ਫੈਲਾਉਂਦੇ ਹਨ | ਇਹ ਕਹਾਣੀਆਂ ਬਾਲ ਪਾਠਕਾਂ ਨੂੰ ਸਬਰ-ਸੰਤੋਖ, ਸਾਂਝੀਵਾਲਤਾ, ਸਮੂਹਿਕ ਏਕਤਾ, ਸੁਰੱਖਿਆ ਦੀ ਭਾਵਨਾ, ਸਿਆਣਪ, ਚੌਗਿਰਦੇ ਦੀ ਸਾਂਭ-ਸੰਭਾਲ, ਹੰਕਾਰ ਦਾ ਤਿਆਗ ਕਰਨ, ਏਕਤਾ ਦੀ ਸ਼ਕਤੀ ਵਧਾਉਣ ਅਤੇ ਉਪਕਾਰ ਕਰਨ ਵਰਗੇ ਕਾਰਜਾਂ ਦਾ ਗਿਆਨ ਕਰਵਾਉਂਦੀਆਂ ਹਨ, ਜਦੋਂ ਕਿ 'ਮਮਤਾ ਦੀ ਜਿੱਤ', 'ਵੀਨੂੰ ਪਰੀ ਸ਼ਹਿਜ਼ਾਦੀ ਤੇ ਜੁਗਨੂੰ' ਅਤੇ 'ਪਛਤਾਵੇ ਦੇ ਹੰਝੂ' ਆਦਿ ਕਹਾਣੀਆਂ ਮਨੁੱਖੀ ਪਾਤਰਾਂ ਨੂੰ ਲੈ ਕੇ ਘੜੀਆਂ ਗਈਆਂ ਹਨ, ਜਿਨ੍ਹਾਂ ਦੁਆਰਾ ਵੰਨ-ਸੁਵੰਨੇ ਸਮਾਜਿਕ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ | ਕਿਹੜੇ ਗੁਣਾਂ ਨਾਲ ਦੁਨੀਆ ਵਿਚ ਨਾਮਣਾ ਖੱਟਿਆ ਜਾ ਸਕਦਾ ਹੈ ਅਤੇ ਸੁਚੱਜੀ ਜੀਵਨ ਸ਼ੈਲੀ ਅਪਣਾਉਂਦੇ ਹੋਏ ਕਿਵੇਂ ਆਪਣੀ ਵੱਖਰੀ ਪਛਾਣ ਬਣਾਈ ਜਾ ਸਕਦੀ ਹੈ, ਇਹ ਕਹਾਣੀਆਂ ਅਜਿਹੇ ਸੁਨੇਹਿਆਂ ਨੂੰ ਪ੍ਰਚਾਰਦੀਆਂ ਪ੍ਰਸਾਰਦੀਆਂ ਹਨ | ਕਹਾਣੀਆਂ ਦੇ ਪਾਤਰਾਂ ਦੀ ਆਪਸੀ ਨੋਕ-ਝੋਕ ਕਹਾਣੀ ਦੇ ਘਟਨਾ ਕਾਰਜ ਨੂੰ ਅੱਗੇ ਤੋਰਦੀ ਹੈ | ਪੁਸਤਕ ਦਾ ਮੁੱਖ ਚਿੱਤਰ ਬਾਲ ਪਾਠਕਾਂ ਨੂੰ ਆਪਣੇ ਵੱਲ ਖਿੱਚਦਾ ਹੈ | ਲੇਖਕ ਤੋਂ ਭਵਿੱਖ ਵਿਚ ਹੋਰ ਉਸਾਰੂ ਕਹਾਣੀਆਂ ਦੀ ਆਸ ਕੀਤੀ ਜਾਂਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)

ਚੁਟਕਲੇ

• ਭਿਖਾਰੀ-ਬਾਬੂ ਜੀ, ਲੰਗੜੇ ਨੂੰ ਦੋ ਰੁਪਏ ਦੇ ਦਿਓ |
ਬਾਬੂ ਜੀ-ਅਜੇ ਖੱੁਲ੍ਹੇ ਰੁਪਏ ਨਹੀਂ ਹਨ, ਬਾਅਦ ਵਿਚ ਲੈ ਜਾਣਾ |
ਭਿਖਾਰੀ-ਏਸੇ ਉਧਾਰ ਵਿਚ ਤਾਂ ਮੇਰੇ ਹਜ਼ਾਰਾਂ ਰੁਪਏ ਡੱੁਬੇ ਪਏ ਹਨ |
• ਜੈਪਾਲ (ਪੁਸ਼ਪਾ ਨੂੰ )-ਚਾਹ ਪੀਣੀ ਸਿਹਤ ਲਈ ਹਾਨੀਕਾਰਕ ਹੈ ਜਾਂ ਲਾਭਦਾਇਕ?
ਪੁਸ਼ਪਾ-ਜੇਕਰ ਕੋਈ ਚਾਹ ਪਿਲਾ ਦੇਵੇ ਤਾਂ ਲਾਭਦਾਇਕ ਅਤੇ ਜੇਕਰ ਕਿਸੇ ਨੂੰ ਪਿਲਾਉਣੀ ਪਵੇ ਤਾਂ ਹਾਨੀਕਾਰਕ |
• ਇਕ ਵਾਰ ਇਕ ਆਦਮੀ ਹਸਪਤਾਲ ਵਿਚ ਡਾਕਟਰ ਕੋਲ ਦੌੜਾ-ਦੌੜਾ ਗਿਆ ਅਤੇ ਕਿਹਾ ਕਿ ਡਾਕਟਰ ਸਾਹਿਬ, 'ਮੇਰੀ ਪਤਨੀ ਦੀ ਆਵਾਜ਼ ਬੰਦ ਹੋ ਗਈ ਹੈ, ਤੁਸੀਂ ਘਰ ਆ ਕੇ ਦੇਖੋ ਕਿ ਉਸ ਦੀ ਆਵਾਜ਼ ਸੱਚੀਂ ਬੰਦ ਹੋ ਗਈ ਹੈ ਜਾਂ ਡਰਾਮਾ ਕਰ ਰਹੀ ਹੈ |
ਅੱਗੋਂ ਡਾਕਟਰ ਉਸ ਨੂੰ ਜਵਾਬ ਦਿੰਦਾ ਹੈ ਕਿ ਕੋਈ ਚਿੰਤਾ ਨਾ ਕਰੋ, ਤੁਸੀਂ ਅੱਜ ਆਪਣੇ ਘਰ ਰਾਤ 12 ਵਜੇ ਤੋਂ ਬਾਅਦ ਜਾਣਾ, ਤੁਹਾਨੂੰ ਆਪਣੇ-ਆਪ ਪਤਾ ਲੱਗ ਜਾਵੇਗਾ |

-ਗੋਬਿੰਦ ਸੁਖੀਜਾ,
ਢਿਲਵਾਂ (ਕਪੂਰਥਲਾ) | ਮੋਬਾ: 98786-05929

ਬਾਲ ਕਵਿਤਾ: ਗਰਮੀ ਆਈ

ਗਰਮੀ ਆਈ ਗਰਮੀ ਆਈ,
ਮੱਖੀਆਂ ਮੱਛਰ ਨਾਲ ਲਿਆਈ |
ਦਿਨੇ ਕਰਦੀਆਂ ਮੱਖੀਆਂ ਤੰਗ,
ਰਾਤੀਂ ਚਲਾਉਂਦਾ ਮੱਛਰ ਡੰਗ |
ਬਿਜਲੀ ਜਦੋਂ ਭੱਜ ਹੈ ਜਾਂਦੀ,
ਸਾਡੀ ਉਦੋਂ ਸ਼ਾਮਤ ਆਂਦੀ |
ਪਸੀਨੇ ਨਾਲ ਭਿੱਜ ਹਾਂ ਜਾਂਦੇ,
ਖੇਡਣ ਤੋਂ ਵੀ ਖਿਝ ਹਾਂ ਜਾਂਦੇ |
ਪੜ੍ਹਾਈ ਨੂੰ ਦਿਲ ਨ੍ਹੀਂ ਕਰਦਾ,
ਕਿਵੇਂ ਕਰੀਏ ਕੰਮ ਜੋ ਘਰ ਦਾ |
ਸਰ ਕਹਿੰਦੇ ਨੇ ਪਾਣੀ ਬਚਾਓ,
ਬਹੁਤੀ ਵਾਰ ਤੁਸੀਂ ਨਾ ਨਹਾਓ |
ਏਹਦੇ ਨਾਲੋਂ ਤਾਂ ਚੰਗੀ ਸਰਦੀ,
ਮੱਖੀ ਕੋਈ ਵੀ ਤੰਗ ਨਾ ਕਰਦੀ |
ਮੱਛਰ ਵੀ ਨਾ ਨੇੜੇ ਆਉਂਦਾ,
ਨਾ ਹੀ ਤਿੱਖਾ ਡੰਗ ਚਲਾਉਂਦਾ |
ਤਾਏ 'ਤਲਵੰਡੀ' ਦਾ ਹੈ ਕਹਿਣਾ,
ਗਰਮੀ ਕੋਲੋਂ ਬਚ ਕੇ ਰਹਿਣਾ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਅਨਮੋਲ ਜਾਣਕਾਰੀ

• ਭਾਰਤ ਦਾ ਰਾਸ਼ਟਰੀ ਝੰਡਾ—ਤਿਰੰਗਾ
• ਭਾਰਤ ਦਾ ਰਾਸ਼ਟਰੀ ਗਾਣ—ਜਨ-ਗਨ-ਮਨ
• ਭਾਰਤ ਦਾ ਰਾਸ਼ਟਰੀ ਗੀਤ—ਬੰਦੇ ਮਾਤਰਮ
• ਭਾਰਤ ਦਾ ਰਾਸ਼ਟਰੀ ਚਿੰਨ੍ਹ—ਅਸ਼ੋਕ ਸਤੰਬ
• ਭਾਰਤ ਦੀ ਰਾਸ਼ਟਰੀਅਤਾ—ਭਾਰਤੀ
• ਭਾਰਤ ਦੀ ਰਾਸ਼ਟਰੀ ਭਾਸ਼ਾ—ਹਿੰਦੀ
• ਭਾਰਤ ਦੀ ਰਾਸ਼ਟਰੀ ਲਿਪੀ—ਦੇਵਨਾਗਰੀ
• ਭਾਰਤ ਦੀ ਰਾਸ਼ਟਰੀ ਨਦੀ—ਗੰਗਾ
• ਭਾਰਤ ਦਾ ਰਾਸ਼ਟਰੀ ਫੱੁਲ—ਕਮਲ
• ਭਾਰਤ ਦਾ ਰਾਸ਼ਟਰੀ ਫਲ—ਅੰਬ
• ਭਾਰਤ ਦੀ ਰਾਸ਼ਟਰੀ ਖੇਡ—ਹਾਕੀ
• ਭਾਰਤ ਦਾ ਰਾਸ਼ਟਰੀ ਪਸ਼ੂ—ਬਾਗ
• ਭਾਰਤ ਦਾ ਰਾਸ਼ਟਰੀ ਵਾਕ—ਸੱਤਅ ਮੇਵਜਯਨਤੀ
• ਭਾਰਤ ਦਾ ਰਾਸ਼ਟਰੀ ਪੁਰਸਕਾਰ—ਭਾਰਤ ਰਤਨ
• ਭਾਰਤ ਦੀ ਰਾਸ਼ਟਰੀ ਮਠਿਆਈ—ਜਲੇਬੀ
• ਭਾਰਤ ਦਾ ਸਭ ਤੋਂ ਉੱਚਾ ਦਰਵਾਜ਼ਾ—ਬੁਲੰਦ ਦਰਵਾਜ਼ਾ
• ਭਾਰਤ ਦਾ ਸਭ ਤੋਂ ਉੱਚਾ ਪਸ਼ੂ—ਜਿਰਾਫ਼
• ਭਾਰਤ ਦਾ ਸਭ ਤੋਂ ਵੱਡਾ ਡੈਲਟਾ—ਸੁੰਦਰਬਨ
• ਭਾਰਤ ਦੀ ਸਭ ਤੋਂ ਲੰਬੀ ਨਦੀ—ਗੰਗਾ
• ਭਾਰਤ ਵਿਚ ਸਭ ਤੋਂ ਵੱਡਾ ਪਸ਼ੂਆਂ ਦਾ ਮੇਲਾ—ਸੋਨਪੁਰ ਵਿਚ

-ਕੰਚਨ ਕੁਮਾਰੀ ਲਾਂਬਾ,
ਸ਼ਹਾਬਦੀ ਨੰਗਲ, ਹੁਸ਼ਿਆਰਪੁਰ |

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-29 ਬਿੱਲੂ

ਕਾਰਟੂਨਿਸਟ ਪ੍ਰਾਣ ਵਲੋਂ ਸਿਰਜਿਆ ਗਿਆ ਪ੍ਰਸਿੱਧ ਕਾਰਟੂਨ ਚਰਿੱਤਰ ਬਿੱਲੂ ਇਕ ਸਕੂਲੀ ਮੁੰਡਾ ਹੈ, ਜੋ ਅਕਸਰ ਆਪਣੇ ਦੋਸਤਾਂ-ਮਿੱਤਰਾਂ ਨਾਲ ਕਿ੍ਕਟ ਖੇਡਦਾ ਨਜ਼ਰ ਆਉਂਦਾ ਹੈ | ਮੋਤੀ ਉਸ ਦਾ ਪਾਲਤੂ ਕੁੱਤਾ ਹੈ | ਬਿੱਲੂ ਦਾ ਚਿਹਰਾ-ਮੋਹਰਾ ਆਮ ਬੱਚਿਆਂ ਨਾਲੋਂ ਕੁਝ ਵੱਖਰੀ ਕਿਸਮ ਦਾ ਹੈ | ਉਸ ਦੇ ਕੱਟੇ ਹੋਏ ਵਾਲ ਉਸ ਦੇ ਮੱਥੇ 'ਤੇ ਇਸ ਹੱਦ ਤੱਕ ਅੱਗੇ ਲਮਕੇ ਹੋਏ ਹੁੰਦੇ ਹਨ ਕਿ ਉਸ ਦੀਆਂ ਅੱਖਾਂ ਵੀ ਵਿਖਾਈ ਨਹੀਂ ਦਿੰਦੀਆਂ | 1973 ਵਿਚ ਪਹਿਲੀ ਵਾਰੀ ਬਾਲ ਰਸਾਲਿਆਂ-ਅਖ਼ਬਾਰਾਂ ਵਿਚ ਸਾਹਮਣੇ ਆਉਣ ਵਾਲਾ ਇਹ ਪਾਤਰ ਪੁੱਜ ਕੇ ਸ਼ਰਾਰਤੀ ਹੈ | ਆਪਣੇ ਦੋਸਤਾਂ ਗਬਦੂ, ਗਿਟਕੂ, ਜੋਜ਼ੀ, ਮੋਨੋ, ਬਿਸ਼ੰਬਰ ਆਦਿ ਨਾਲ ਮਿਲ ਕੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਕੇ ਘਰ ਉਲਾਂਭੇ ਲਿਆਈ ਰੱਖਦਾ ਹੈ | ਹੋਰ ਨਹੀਂ ਤਾਂ ਆਪਣੇ ਵਿਰੋਧੀ ਬਜਰੰਗੀ ਅਤੇ ਉਸ ਦੇ ਸਾਥੀ ਢੱਕਣ ਨਾਲ ਦਸਤਪੰਜਾ ਲੈਂਦਾ ਰਹਿੰਦਾ ਹੈ ਪਰ ਕਿਤੇ-ਕਿਤੇ ਜਦੋਂ ਬਿੱਲੂ ਕੁਝ ਜ਼ਿਆਦਾ ਆਕੜ ਵਿਖਾਉਂਦਾ ਹੈ ਤਾਂ ਉਸ ਤੋਂ ਛੋਟੇ ਬੱਚੇ ਵੀ ਉਸ ਨੂੰ ਸਬਕ ਸਿਖਾ ਦਿੰਦੇ ਹਨ | ਕੁੱਲ ਮਿਲਾ ਕੇ ਚੁਲਬੁਲਾ ਬਿੱਲੂ ਆਪਣੀਆਂ ਸ਼ਰਾਰਤੀ ਹਰਕਤਾਂ ਕਰਕੇ ਬਾਲ ਪਾਠਕਾਂ ਪ੍ਰਤੀ ਖਿੱਚ ਦਾ ਕਾਰਨ ਬਣਿਆ ਰਹਿੰਦਾ ਹੈ | ਇਹ ਕਾਰਟੂਨ ਪਾਤਰ ਪੰਜਾਬੀ ਦੇ ਅਖ਼ਬਾਰਾਂ-ਰਸਾਲਿਆਂ ਸਮੇਤ ਭਾਰਤ ਦੀਆਂ ਕਈ ਹੋਰਨਾਂ ਭਾਸ਼ਾਵਾਂ ਵਿਚ ਛਪਦੇ ਅਖ਼ਬਾਰਾਂ-ਰਸਾਲਿਆਂ ਦੀਆਂ ਕਾਰਟੂਨ ਪੱਟੀਆਂ ਵਿਚ ਵੀ ਅਕਸਰ ਛਪਦਾ ਰਹਿੰਦਾ ਹੈ |

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ | ਮੋਬਾ: 98144-23703

ਬਾਲ ਕਹਾਣੀ: ਮਨ ਦੇ ਹਾਰੇ ਹਾਰ, ਮਨ ਦੇ ਜਿੱਤੇ ਜਿੱਤ

ਪਿਆਰੇ ਬੱਚਿਓ! ਪੁਰਾਣੇ ਵੇਲਿਆਂ ਦੀ ਗੱਲ ਹੈ | ਇਕ ਪਿੰਡ ਜੰਗਲ ਦੇ ਨੇੜੇ ਵਸਿਆ ਹੋਇਆ ਸੀ | ਜੰਗਲ 'ਚੋਂ ਇਕ ਸ਼ੇਰ ਕਦੇ-ਕਦੇ ਪਿੰਡ ਦੀ ਹੱਦ ਤੱਕ ਆ ਜਾਇਆ ਕਰਦਾ ਸੀ | ਉਥੇ ਆ ਕੇ ਉਹ ਝਾੜੀਆਂ ਵਿਚ ਲੁਕ ਕੇ ਬੈਠ ਜਾਂਦਾ | ਇਕ ਵਾਰ ਜਦੋਂ ਉਹ ਪਿੰਡ ਨੇੜੇ ਦੀਆਂ ਝਾੜੀਆਂ ਵਿਚ ਲੁਕਿਆ ਬੈਠਾ ਸੀ ਤਾਂ ਉਸ ਨੇ ਦੇਖਿਆ ਕਿ ਨੇੜੇ ਹੀ ਪਿੰਡ ਦੇ ਨੌਜਵਾਨ ਮੁੰਡੇ ਕਬੱਡੀ ਖੇਡ ਰਹੇ ਸਨ | ਮੁੰਡੇ ਕਾਫੀ ਦੇਰ ਕਬੱਡੀ ਖੇਡਦੇ ਰਹੇ | ਖੂਬ ਸ਼ੋਰ-ਸ਼ਰਾਬੇ ਭਰੀ ਰੌਣਕ ਲੱਗੀ ਹੋਈ ਸੀ | ਉਧਰ ਪੱਛਮ ਵਾਲੇ ਪਾਸੇ ਸੂਰਜ ਛੁਪਣ ਦੀ ਤਿਆਰੀ ਕਰ ਰਿਹਾ ਸੀ | ਇਹ ਦੇਖ ਕੇ ਕਬੱਡੀ ਖੇਡਣ ਵਾਲੇ ਮੁੰਡਿਆਂ ਨੇ ਰੌਲਾ ਪਾ ਦਿੱਤਾ, 'ਚਲੋ ਘਰਾਂ ਨੂੰ ਚਲੀਏ | ਸੰਧਿਆ (ਸ਼ਾਮ) ਆ ਗਈ |
ਮੁੰਡਿਆਂ ਦੇ ਮੰੂਹੋਂ 'ਸੰਧਿਆ' ਦਾ ਨਾਂਅ ਸੁਣ ਕੇ ਸ਼ੇਰ ਦੇ ਮਨ ਵਿਚ ਘਬਰਾਹਟ ਪੈਦਾ ਹੋ ਗਈ | ਉਸ ਨੇ ਸੋਚਿਆ, 'ਸੰਧਿਆ ਕਿਹੜੀ ਐਸੀ ਭਿਆਨਕ ਅਤੇ ਡਰਾਉਣੀ ਚੀਜ਼ ਹੋਵੇਗੀ? ਜਿਸ ਤੋਂ ਡਰ ਕੇ ਸਾਰੇ ਮੁੰਡੇ ਘਰਾਂ ਨੂੰ ਨੱਠ ਗਏ | ਇਹ ਜ਼ਰੂਰ ਕੋਈ ਮੇਰੇ ਤੋਂ ਵੀ ਖਤਰਨਾਕ ਅਤੇ ਤਾਕਤਵਰ ਹੋਣੀ ਏ |' ਇਹ ਸੋਚ ਕੇ ਉਹ ਹੋਰ ਵੀ ਝਾੜੀਆਂ ਵਿਚ ਦੜ ਵੱਟ ਕੇ ਬੈਠ ਗਿਆ |
ਝੱਟ ਕੁ ਪਿੱਛੋਂ ਹਵਾ ਦਾ ਇਕ ਝੋਂਕਾ ਆਇਆ ਅਤੇ ਸਰ-ਸਰ ਦੀ ਆਵਾਜ਼ ਸਾਰੇ ਵਾਤਾਵਰਨ ਵਿਚ ਗੰੂਜ ਉੱਠੀ | ਸ਼ੇਰ ਹੋਰ ਵੀ ਸੁੰਗੜ ਕੇ ਬੈਠ ਗਿਆ | ਉਸ ਨੇ ਸੋਚਿਆ, 'ਹੋਵੇ ਨਾ ਹੋਵੇ, ਇਹ ਆਵਾਜ਼ ਸੰਧਿਆ ਦੇ ਕਦਮਾਂ ਦੀ ਹੀ ਹੈ |' ਸ਼ੇਰ ਡਰਿਆ-ਸਹਿਮਿਆ ਉਥੇ ਹੀ ਦੁਬਕ ਕੇ ਬੈਠਾ ਰਿਹਾ |
ਅਚਾਨਕ ਇਕ ਧੋਬੀ ਆਪਣੇ ਗੁੰਮ ਹੋਏ ਖੋਤੇ ਨੂੰ ਲੱਭਦਾ ਹੋਇਆ ਉਧਰ ਆ ਨਿਕਲਿਆ | ਉਹ ਆ ਕੇ ਝਾੜੀਆਂ ਵਿਚ ਦੇਖਣ ਲੱਗਾ | ਹਨੇਰੇ ਵਿਚ ਧੋਬੀ ਨੂੰ ਲੱਗਾ ਕਿ ਇਹ ਸ਼ੇਰ ਨਹੀਂ, ਇਹ ਤਾਂ ਉਸ ਦਾ ਖੋਤਾ ਝਾੜੀਆਂ 'ਚ ਲੁਕਿਆ ਬੈਠਾ ਹੈ | ਸੋ, ਧੋਬੀ ਨੇ ਸਿੱਧਾ ਹੀ ਸ਼ੇਰ ਨੂੰ ਆਪਣਾ ਖੋਤਾ ਸਮਝ ਕੇ ਕੰਨੋਂ ਜਾ ਫੜਿਆ | ਉਧਰ ਸ਼ੇਰ ਦਾ ਡਰ ਨਾਲ ਹੋਰ ਵੀ ਬੁਰਾ ਹਾਲ ਹੋ ਗਿਆ | ਉਸ ਨੇ ਸੋਚਿਆ, 'ਇਹੋ ਹੀ ਸੰਧਿਆ ਹੈ |' ਉਹ ਚੱੁਪ-ਚਾਪ ਧੋਬੀ ਦੇ ਨਾਲ ਉਸ ਦੇ ਘਰ ਆ ਗਿਆ | ਧੋਬੀ ਨਾਲੇ ਉਸ ਨੂੰ ਰੱਸਾ ਪਾ ਕੇ ਕਿੱਲੇ ਨਾਲ ਬੰਨ੍ਹ ਰਿਹਾ ਸੀ, ਨਾਲੇ ਕਹਿ ਰਿਹਾ ਸੀ, 'ਮੂਰਖ ਖੋਤਿਆ, ਮੈਂ ਤੈਨੂੰ ਸਵੇਰ ਦਾ ਲੱਭਦਾ ਥੱਕ ਗਿਆ ਹਾਂ ਪਰ ਤੰੂ ਝਾੜੀਆਂ 'ਚ ਲੁਕਿਆ ਬੈਠਾ ਰਿਹਾ |' ਇਹ ਕਹਿ ਕੇ ਉਸ ਨੇ ਸ਼ੇਰ ਦੀ ਪਿੱਠ 'ਤੇ ਪੰਜ-ਸੱਤ ਡੰਡੇ ਮਾਰੇ | ਸ਼ੇਰ ਨੇ ਸੋਚਿਆ ਕਿ ਇਹ ਸੰਧਿਆ ਤਾਂ ਬੜੀ ਜ਼ਾਲਮ ਹੈ | ਧੋਬੀ ਇਹ ਕਹਿ ਕੇ ਘਰ ਨੂੰ ਚਲਾ ਗਿਆ ਕਿ ਸਵੇਰੇ ਉਹ ਉਸ ਦੀ ਚੰਗੀ ਤਰ੍ਹਾਂ ਭੁਗਤ ਸਵਾਰੇਗਾ |
ਤੜਕੇ ਧੋਬੀ ਫਿਰ ਆਇਆ ਅਤੇ ਕੱਪੜਿਆਂ ਦੀ ਭਾਰੀ ਗਠੜੀ ਸ਼ੇਰ ਦੀ ਪਿੱਠ 'ਤੇ ਲੱਦ ਕੇ ਉਸ ਦੇ ਡੰਡੇ ਮਾਰਦਾ ਹੋਇਆ ਕੱਪੜੇ ਧੋਣ ਲਈ ਧੋਬੀਘਾਟ ਵੱਲ ਚੱਲ ਪਿਆ | ਸ਼ੇਰ ਅਜੇ ਵੀ ਬਹੁਤ ਡਰਿਆ ਹੋਇਆ ਸੀ ਕਿ ਇਹ ਸੰਧਿਆ ਤਾਂ ਬੜੀ ਖਤਰਨਾਕ ਹੈ, ਜਿਹੜੀ ਉਸ ਨੂੰ ਕੱੁਟੀ ਜਾ ਰਹੀ ਹੈ | ਫਿਰ ਸ਼ੇਰ ਦੇ ਮਨ ਵਿਚ ਵਿਚਾਰ ਆਇਆ ਕਿ ਹੋ ਸਕਦਾ ਇਹ ਸੰਧਿਆ ਮੇਰੇ ਤੋਂ ਕਮਜ਼ੋਰ ਹੋਵੇ? ਇਹ ਕਿਧਰੇ ਐਵੇਂ ਹੀ ਮੇਰੇ ਉੱਤੇ ਰੋਹਬ ਤਾਂ ਨਹੀਂ ਪਾ ਰਹੀ? ਇਸ ਦੀ ਪਰਖ ਕਰਨੀ ਚਾਹੀਦੀ ਹੈ | ਇਹ ਸੋਚ ਕੇ ਸ਼ੇਰ ਚਲਦਾ-ਚਲਦਾ ਰੁਕ ਗਿਆ | ਧੋਬੀ ਨੇ ਇਕ ਡੰਡਾ ਸ਼ੇਰ ਦੀ ਪਿੱਠ 'ਤੇ ਮਾਰਿਆ | ਸ਼ੇਰ ਅੱਗੇ ਜਾਣ ਦੀ ਥਾਂ ਉਥੇ ਹੀ ਅੜ ਕੇ ਖੜ੍ਹ ਗਿਆ ਅਤੇ ਪੂਰੇ ਜ਼ੋਰ ਨਾਲ ਦਹਾੜਿਆ | ਸ਼ੇਰ ਦੇ ਦਹਾੜਨ ਦੀ ਦੇਰ ਸੀ ਕਿ ਧੋਬੀ ਦੌੜ ਕੇ ਦਰੱਖਤ ਉੱਤੇ ਜਾ ਚੜਿ੍ਹਆ ਅਤੇ ਪੱਤਿਆਂ ਵਿਚ ਲੁਕ ਕੇ ਬੈਠ ਗਿਆ |
ਸ਼ੇਰ ਨੂੰ ਗਿਆਨ ਹੋ ਗਿਆ ਕਿ ਸੰਧਿਆ ਉਸ ਤੋਂ ਤਾਕਤਵਰ ਨਹੀਂ | ਫਿਰ ਸ਼ੇਰ ਇਧਰ-ਉਧਰ ਦੇਖਦਾ ਹੋਇਆ ਧੋਬੀ ਦਾ ਸਾਮਾਨ ਥੱਲੇ ਸੱੁਟ ਕੇ ਬੇਫਿਕਰ ਹੋ ਕੇ ਉਥੋਂ ਚਲਾ ਗਿਆ | ਉਸ ਨੂੰ ਸਮਝ ਆ ਗਈ ਕਿ ਇਹ ਗੱਲ ਕਿਸੇ ਨੇ ਸੱਚ ਕਹੀ ਹੈ ਕਿ 'ਮਨ ਦੇ ਹਾਰੇ ਹਾਰ ਹੈ, ਮਨ ਦੇ ਜਿੱਤੇ ਜਿੱਤ... |'

-ਮੋਬਾ: 98146-81444

ਰੇਡੀਓ ਬਾਰੇ ਜਾਣਕਾਰੀ

ਬੱਚਿਓ, ਰੇਡੀਓ ਮਨੋਰੰਜਨ ਦਾ ਇਕ ਬਹੁਤ ਹੀ ਸਸਤਾ ਅਤੇ ਵਧੀਆ ਸਾਧਨ ਹੈ, ਜਿਸ ਨੂੰ ਅਸੀਂ ਆਪਣੇ ਨਾਲ ਕਿਤੇ ਵੀ ਲੈ ਕੇ ਜਾ ਸਕਦੇ ਹਾਂ | ਇਸ ਤੋਂ ਸਾਨੂੰ ਸੰਸਾਰ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ |
ਮਾਰਕੋਨੀ ਨੂੰ ਰੇਡੀਓ ਦਾ ਜਨਮਦਾਤਾ ਮੰਨਿਆ ਜਾਂਦਾ ਹੈ | ਉਹ ਇਕ ਇਟਲੀ ਇੰਜੀਨੀਅਰ ਸੀ | ਇਸ ਦਾ ਜਨਮ 1874 ਈ: ਵਿਚ ਹੋਇਆ | ਉਸ ਨੇ ਤਰੰਗਾਂ ਨੂੰ ਦੂਰ-ਦੂਰ ਭੇਜਣ ਦਾ ਤਰੀਕਾ ਇਜਾਦ ਕੀਤਾ, ਜਦੋਂ ਉਸ ਦੀ ਉਮਰ 20 ਸਾਲ ਤੋਂ ਘੱਟ ਸੀ | ਉਹ ਆਪਣੇ ਮਕਾਨ ਦੀ ਛੱਤ ਤੋਂ ਹੀ ਤਰ੍ਹਾਂ-ਤਰ੍ਹਾਂ ਦੇ ਤਜਰਬੇ ਕਰਦਾ ਹੁੰਦਾ ਸੀ | ਸੰਨ 1901 ਵਿਚ ਉਹ ਆਪਣਾ ਰੇਡੀਓ ਸਿਗਨਲ ਐਾਟਲਾਂਟਿਕਾ ਦੇ ਪਾਰ ਭੇਜਣ ਵਿਚ ਸਫਲ ਰਿਹਾ | ਇਸ ਮਹਾਨ ਇੰਜੀਨੀਅਰ ਦੀ 1937 ਵਿਚ ਮੌਤ ਹੋ ਗਈ |
ਰੇਡੀਓ ਕਿਵੇਂ ਕੰਮ ਕਰਦਾ ਹੈ : ਬੱਚਿਓ, ਜਦੋਂ ਅਸੀਂ ਰੇਡੀਓ ਚਲਾਉਂਦੇ ਹਾਂ ਤਾਂ ਰੇਡੀਓ ਆਵਾਜ਼ ਨੂੰ ਬਿਜਲਈ ਤਰੰਗਾਂ ਵਿਚ ਬਦਲ ਦਿੰਦਾ ਹੈ | ਇਹ ਬਿਜਲਈ ਤਰੰਗਾਂ ਆਪਣੇ-ਆਪ ਨੂੰ ਰੇਡੀਓ ਤਰੰਗਾਂ ਵਿਚ ਤਬਦੀਲ ਕਰ ਲੈਂਦੀਆਂ ਹਨ | ਇਹ ਰੇਡੀਓ ਤਰੰਗਾਂ ਹਜ਼ਾਰਾਂ ਦੀ ਗਿਣਤੀ ਵਿਚ ਵਾਯੂਮੰਡਲ ਵਿਚ ਮੌਜੂਦ ਹੁੰਦੀਆਂ ਹਨ ਪਰ ਰੇਡੀਓ ਉਹੀ ਤਰੰਗ ਨੂੰ ਪ੍ਰਵਾਨ ਕਰਦਾ ਹੈ, ਜਿਸ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ | ਇਹ ਸਭ ਕੁਝ ਟਰਾਂਸਮੀਟਰ ਜਿਸ ਨੂੰ 'ਮੋਡੂਲੇਟਰ' ਕਹਿੰਦੇ ਹਨ, ਰਾਹੀਂ ਸੰਭਵ ਹੁੰਦਾ ਹੈ | ਜਦੋਂ ਇਹ ਤਰੰਗਾਂ ਰੇਡੀਓ ਵਿਚ ਵਾਪਸ ਆਉਂਦੀਆਂ ਹਨ ਤਾਂ ਰੇਡੀਓ ਇਨ੍ਹਾਂ ਨੂੰ ਆਵਾਜ਼ ਵਿਚ ਤਬਦੀਲ ਕਰ ਦਿੰਦਾ ਹੈ ਜੋ ਸਾਡੇ ਤੱਕ ਪਹੁੰਚਦੀ ਹੈ |

-8/29, ਨਿਊ ਕੁੰਦਨਪੁਰੀ, ਲੁਧਿਆਣਾ |

ਅਨਮੋਲ ਵਚਨ

* ਜ਼ਿੰਦਗੀ ਵਿਚ ਜੇਕਰ ਖੁਸ਼ ਰਹਿਣਾ ਹੈ ਤਾਂ ਆਪਣੇ-ਆਪ ਨੂੰ ਸ਼ਾਂਤ ਸਰੋਵਰ ਵਾਂਗ ਬਣਾਓ, ਜਿਸ ਵਿਚ ਕੋਈ ਅੰਗਾਰ ਵੀ ਸੁੱਟੇ ਤਾਂ ਆਪਣੇ-ਆਪ ਠੰਢਾ ਹੋ ਜਾਵੇ।
* ਹਰ ਕੀਮਤੀ ਚੀਜ਼ ਨੂੰ ਚੁੱਕਣ ਲਈ ਝੁਕਣਾ ਪੈਂਦਾ ਹੈ, ਮਾਂ-ਬਾਪ ਦਾ ਅਸ਼ੀਰਵਾਦ ਵੀ ਇਨ੍ਹਾਂ ਵਿਚੋਂ ਇਕ ਹੈ।
* ਨੇਕ ਲੋਕਾਂ ਦੀ ਸੰਗਤ ਨਾਲ ਹਮੇਸ਼ਾ ਭਲਾਈ ਹੀ ਮਿਲਦੀ ਹੈ, ਕਿਉਂਕਿ ਹਵਾ ਜਦੋਂ ਫੁੱਲਾਂ ਤੋਂ ਲੰਘਦੀ ਹੈ ਤਾਂ ਉਹ ਵੀ ਖੁਸ਼ਬੂਦਾਰ ਹੋ ਜਾਂਦੀ ਹੈ।
* ਜਲੇਬੀ ਸਿਰਫ ਮਿੱਠੀ ਹੀ ਨਹੀਂ, ਸਗੋਂ ਇਕ ਸੁਨੇਹਾ ਵੀ ਦਿੰਦੀ ਹੈ ਕਿ ਖੁਦ ਕਿੰਨੇ ਵੀ ਉਲਝੇ ਰਹੋ ਪਰ ਦੂਜਿਆਂ ਨੂੰ ਮਿਠਾਸ ਹਮੇਸ਼ਾ ਵੰਡੋ।
* ਭਰੋਸਾ ਇਕ ਰਬੜ ਵਾਂਗ ਹੁੰਦਾ ਹੈ, ਜੋ ਹਰ ਗ਼ਲਤੀ ਨਾਲ ਛੋਟਾ ਹੁੰਦਾ ਜਾਂਦਾ ਹੈ।
* ਅਕਸਰ ਧੋਖਾ ਦੇ ਜਾਂਦੇ ਹਨ ਧੋਖਾ ਦੇਣ ਵਾਲੇ ਮਜਬੂਰੀ ਦਾ ਬਹਾਨਾ ਬਣਾ ਕੇ।

-ਨੂਰਪੁਰ ਬੇਦੀ (ਰੋਪੜ)। ਮੋਬਾ: 9501810181

ਚੁਟਕਲੇ

• ਪੱਪੂ : ਕਿਧਰ ਦੀ ਤਿਆਰੀ ਖਿੱਚੀ ਆ ਅੱਜ?
ਰਾਜ : ਕੁਝ ਨ੍ਹੀਂ ਯਾਰ, ਸੱਸ ਦੇ ਸਹੁਰਿਆਂ ਨੂੰ ਚੱਲਿਆ ਹਾਂ |
ਪੱਪੂ : ਬੜਾ ਵਿਹਲਾ ਬੰਦਾ ਏਾ ਯਾਰ ਤੰੂ, ਸਾਡੇ ਕੋਲੋਂ ਤਾਂ ਆਪਣੇ ਸਹੁਰਿਆਂ ਨੂੰ ਮਸਾਂ ਗੇੜਾ ਲਗਦਾ ਤੇ ਤੰੂ ਸੱਸ ਦੇ ਸਹੁਰੇ ਚੱਲਿਆ ਏਾ |
• ਬੰਟੀ ਸਾਈਕਲ 'ਤੇ ਆਉਂਦੇ ਅਮਲੀ ਨੂੰ ਸ਼ਰਾਰਤ ਨਾਲ ਕਹਿੰਦਾ, 'ਅਮਲੀਆ, ਤੇਰੇ ਸਾਈਕਲ ਦੇ ਟਾਇਰ ਘੁੰਮੀ ਜਾਂਦੇ ਆ |'
ਅਮਲੀ (ਛੇਤੀ ਨਾਲ ਸਾਈਕਲ ਤੋਂ ਉਤਰਦੇ ਹੋਏ) : ਬੇੜਾ ਬਹਿ ਜਾਏ, ਹਾਲੇ ਪਿਛਲੇ ਹਫਤੇ ਡੇਢ ਸੌ ਦੇ ਕੇ ਰਿਪੇਅਰ ਕਰਾਈ ਸੀ, ਹੁਣ ਆਹ ਨਵਾਂ ਪੰਗਾ ਪੈ ਗਿਆ |

-ਅਰਸ਼ ਸਿੱਧੂ,
ਅਲਫੂ ਕੇ (ਫਿਰੋਜ਼ਪੁਰ) |
ਮੋਬਾ: 94642-15070

ਬਾਲ ਨਾਵਲ-61: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਾਤਾ ਜੀ ਦੀ ਗੱਲ ਸੁਣ ਕੇ ਸਿਧਾਰਥ, ਹਰੀਸ਼ ਵੱਲ ਦੇਖ ਕੇ ਹੱਸਣ ਲੱਗ ਪਿਆ ਪਰ ਹਰੀਸ਼ ਸ਼ਰਮਾਉਂਦਾ ਹੋਇਆ ਬੋਲਿਆ, 'ਇਹ ਤਾਂ ਮੇਰੀਆਂ ਐਵੇਂ ਝੂਠੀਆਂ ਸਿਫਤਾਂ ਕਰਦੇ ਰਹਿੰਦੇ ਨੇ |'
'ਝੂਠੀਆਂ ਸਿਫਤਾਂ ਦੇ ਕੁਝ ਲਗਦੇ, ਇਧਰ ਆ ਮੇਰੇ ਕੋਲ', ਸਿਧਾਰਥ ਨੇ ਪਿਆਰ ਨਾਲ ਉਸ ਨੂੰ ਜੱਫੀ ਪਾਉਂਦਿਆਂ ਆਪਣੇ ਕੋਲ ਬਿਠਾ ਲਿਆ, 'ਕਿੰਨੇ ਦਿਨ ਹੋ ਗਏ ਤੈਨੂੰ ਮਿਲਿਆਂ, ਕੁਝ ਯਾਦ ਵੀ ਐ ਕਿ ਨਹੀਂ? ਹੱਛਾ ਹੁਣ ਇਹ ਦੱਸ ਕਿ ਪੜ੍ਹਾਈ ਠੀਕ ਚੱਲ ਰਹੀ ਏ?'
'ਹਾਂ ਜੀ, ਵੀਰ ਜੀ, ਬਿਲਕੁਲ ਠੀਕ ਚੱਲ ਰਹੀ ਏ |'
'ਕਿਸੇ ਕਿਸਮ ਦੀ ਕੋਈ ਮੁਸ਼ਕਿਲ ਤਾਂ ਨਹੀਂ ਆ ਰਹੀ?'
'ਨਹੀਂ ਵੀਰ ਜੀ, ਜੇ ਮੁਸ਼ਕਿਲ ਆਉਂਦੀ ਤਾਂ ਮੈਂ ਤੁਹਾਡੇ ਕੋਲ ਪਹੁੰਚੇ ਹੋਣਾ ਸੀ |'
'ਨਵੀਆਂ ਟਿਊਸ਼ਨਾਂ ਠੀਕ ਹਨ?'
'ਹਾਂ ਜੀ, ਸਾਡੇ ਕਾਲਜ ਵਾਲੇ ਹੀ ਪ੍ਰੋਫੈਸਰ ਹਨ | ਸਾਰੇ ਬੜੀ ਚੰਗੀ ਤਰ੍ਹਾਂ ਪੜ੍ਹਾਉਂਦੇ ਹਨ |'
'ਚਲੋ, ਬੜੀ ਚੰਗੀ ਗੱਲ ਐ | ਤੇਰੀ ਤਸੱਲੀ, ਮਤਲਬ ਸਾਡੀ ਸਾਰਿਆਂ ਦੀ ਤਸੱਲੀ | ਅੱਛਾ ਇਹ ਦੱਸ ਕਿ ਜ਼ਿਆਦਾ ਥਕਾਵਟ ਵਗੈਰਾ ਤੇ ਨਹੀਂ ਹੋ ਜਾਂਦੀ?'
'ਨਹੀਂ ਵੀਰ ਜੀ, ਥਕਾਵਟ ਕਾਹਦੇ ਨਾਲ ਹੋਣੀ ਏਾ? ਮਾਤਾ ਜੀ ਅਤੇ ਆਸ਼ਾ ਆਂਟੀ ਮੇਰਾ ਏਨਾ ਜ਼ਿਆਦਾ ਧਿਆਨ ਰੱਖਦੇ ਨੇ | ਏਨਾ ਕੁਝ ਮੈਨੂੰ ਖਵਾਂਦੇ ਨੇ, ਮੈਨੂੰ ਤਾਂ ਡਰ ਐ ਕਿ ਮੈਂ ਖਾ-ਖਾ ਕੇ ਕਿਤੇ ਭਲਵਾਨ ਹੀ ਨਾ ਬਣ ਜਾਵਾਂ |'
ਮਾਤਾ ਜੀ ਨੇ ਉਸ ਦੀ ਪਿੱਠ 'ਤੇ ਹੱਥ ਫੇਰਦਿਆਂ ਬੜੇ ਪਿਆਰ ਨਾਲ ਕਿਹਾ, 'ਤੰੂ ਭਲਵਾਨ ਕਿਥੋਂ ਬਣ ਜਾਣੈਂ, ਹੱਡੀਆਂ ਤੇ ਤੇਰੀਆਂ ਹੱਥ ਨੂੰ ਰੜਕਦੀਆਂ ਪਈਆਂ ਨੇ | ਤੈਨੂੰ ਤਾਂ ਕੱਲ੍ਹ ਸਵੇਰ ਤੋਂ ਜ਼ਿਆਦਾ ਖਾਣਾ ਖਵਾਉਣਾ ਪੈਣੈ |'
'ਨਾ ਜੀ ਨਾ, ਮੈਂ ਤਾਂ ਅੱਗੇ ਹੀ ਬਹੁਤ ਖਾਂਦਾ ਹਾਂ | ਇਸ ਤੋਂ ਵੱਧ ਤਾਂ ਮੈਂ ਖਾ ਹੀ ਨਹੀਂ ਸਕਦਾ |'
'ਇਹ ਮੈਂ ਸਵੇਰੇ ਆਪੇ ਵੇਖ ਲਵਾਂਗੀ ਕਿ ਤੈਨੂੰ ਕੀ ਖਵਾਣੈ | ਇਕ ਗੱਲ ਤੰੂ ਮੇਰੀ ਧਿਆਨ ਨਾਲ ਸੁਣ ਲੈ | ਤੰੂ ਡਾਕਟਰ ਬਣਨੈਂ | ਜੇ ਤੰੂ ਆਪ ਹੀ ਕਮਜ਼ੋਰ ਜਿਹਾ ਹੋਇਆ ਤਾਂ ਮਰੀਜ਼ਾਂ ਨੇ ਕਹਿਣੈ ਕਿ ਡਾਕਟਰ ਆਪ ਹੀ ਬਿਮਾਰ ਲਗਦੈ, ਇਸ ਕੋਲੋਂ ਮਰੀਜ਼ ਕਿਥੇ ਠੀਕ ਹੋਣੇ ਨੇ | ਸੋ, ਡਾਕਟਰ ਨੂੰ ਆਪ ਰਿਸ਼ਟ-ਪੁਸ਼ਟ ਲੱਗਣਾ ਚਾਹੀਦੈ |' ਅੱਜ ਮਾਤਾ ਜੀ ਵੀ ਪੂਰੇ ਮੂਡ ਵਿਚ ਗੱਲਾਂ ਕਰ ਰਹੇ ਸਨ |
'ਚੰਗਾ ਮਾਤਾ ਜੀ, ਮੈਂ ਹੁਣ ਚਲਦਾਂ | ਕਾਫੀ ਦੇਰ ਹੋ ਗਈ ਏ | ਹਰੀਸ਼ ਵੀ ਥੱਕਿਆ ਹੋਇਐ | ਇਹ ਕੱਪੜੇ ਵਗੈਰਾ ਬਦਲ ਕੇ ਥੋੜ੍ਹਾ ਆਰਾਮ ਕਰ ਲਵੇ', ਸਿਧਾਰਥ ਨੇ ਉਠਦਿਆਂ ਕਿਹਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ,
ਅੰਮਿ੍ਤਸਰ-143001.
ਮੋਬਾ: 98889-24664

ਬੁਝਾਰਤਾਂ

1. ਕੌਲ ਫੱੁਲ ਕੌਲ ਫੱੁਲ, ਫੱੁਲ ਦਾ ਹਜ਼ਾਰ ਮੱੁਲ |
ਕਿਸੇ ਕੋਲ ਅੱਧਾ, ਕਿਸੇ ਕੋਲ ਸਾਰਾ, ਕਿਸੇ ਕੋਲ ਹੈ ਨ੍ਹੀਂ ਵਿਚਾਰਾ |
2. ਆਈ ਸੀ ਪਰ ਦੇਖੀ ਨਹੀਂ |
3. ਨਿੱਕੀ ਜਿਹੀ ਡੱਬੀ, ਖੋ ਗਈ ਸਬੱਬੀ, ਮੁੜ ਕੇ ਨਾ ਲੱਭੀ |
4. ਉਹ ਕਿਹੜੀ ਚੀਜ਼ ਹੈ ਜਿਹੜੀ ਖਰੀਦਣ ਮੌਕੇ ਕਾਲੀ ਹੋਵੇ, ਜਦੋਂ ਵਰਤੀਏ ਤਾਂ ਲਾਲ ਹੋਵੇ ਤੇ ਵਰਤਣ ਤੋਂ ਬਾਅਦ ਚਿੱਟੀ ਹੋਵੇ |
5. ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤਾਂ ਖੱੁਲ੍ਹ ਜਾਂਦਾ |
6. ਏਨੀ ਕੁ ਡੱਡ, ਕਦੀ ਨਾਲ ਕਦੇ ਅੱਡ |
ਉੱਤਰ : (1) ਮਾਂ-ਪਿਓ, (2) ਨੀਂਦ, (3) ਜਾਨ, (4) ਕੋਲਾ, (5) ਮੰੂਹ, (6) ਟਿੱਚ-ਬਟਨ |

-ਸ਼ੰਕਰ ਦਾਸ, ਮੋਗਾ | ਮੋਬਾ: 96469-27646

ਬਾਲ ਸਾਹਿਤ

ਰੱਜ ਰੱਜ ਕਰ ਲਓ ਪੜ੍ਹਾਈਆਂ
ਲੇਖਕ : ਅਵਿਨਾਸ਼ ਜੱਜ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ |
ਮੁੱਲ : 60 ਰੁਪਏ, ਪੰਨੇ : 40
ਸੰਪਰਕ : 98146-10444

ਅਵਿਨਾਸ਼ ਜੱਜ ਬਾਲ ਸਾਹਿਤ ਨਾਲ ਜੁੜਿਆ ਕਵੀ ਹੈ, ਜਿਸ ਦੀ ਤਾਜ਼ੀ ਪੁਸਤਕ 'ਰੱਜ ਰੱਜ ਕਰ ਲਓ ਪੜ੍ਹਾਈਆਂ' ਬੱਚਿਆਂ ਦੇ ਸਨਮੁੱਖ ਹੈ | ਇਸ ਪੁਸਤਕ ਵਿਚ ਕਵੀ ਨੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਿੱਖਿਆ ਦੇ ਮਹੱਤਵ ਤੋਂ ਜਾਣੂੰ ਕਰਵਾਉਂਦਿਆਂ ਇਸ ਗੱਲ ਉਪਰ ਬਲ ਦਿੱਤਾ ਹੈ ਕਿ ਸਿੱਖਿਆ ਤੋਂ ਬਿਨਾਂ ਮਨੁੱਖ ਅਧੂਰਾ ਹੈ | ਇਸ ਹਵਾਲੇ ਨਾਲ ਕਦੇ ਬੱਚੇ ਸਕੂਲ ਜਾ ਕੇ ਸਿੱਖਿਆ ਪ੍ਰਾਪਤੀ ਦੀ ਮੰਜ਼ਿਲ 'ਤੇ ਅਪੜਨ ਦੀ ਇੱਛਾ ਜ਼ਾਹਿਰ ਕਰਦੇੇ ਹਨ ਅਤੇ ਕਦੇ ਖ਼ੁਦ ਕਵੀ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਨ ਪ੍ਰਤੀ ਸੰਬੋਧਨ ਕਰਦਾ ਹੈ | ਇਸ ਸਬੰਧੀ 'ਪੜ੍ਹਾਈ ਸਭ ਤੋਂ ਵੱਧ ਜ਼ਰੂਰੀ', 'ਕਰ ਲਓ ਪੜ੍ਹਾਈ', 'ਮਨ ਲਗਾ ਕੇ ਕਰੋ ਪੜ੍ਹਾਈ', 'ਰੱਜ ਰੱਜ ਕਰ ਲਓ ਪੜ੍ਹਾਈਆਂ', 'ਆ ਗਏ ਪੇਪਰ ਨੇੜੇ', 'ਮਾਂ ਮੈਂ ਪੜ੍ਹਨੇ ਜਾਣਾ', 'ਮਾਂ ਬੋਲੀ ਪੰਜਾਬੀ', 'ਕਰੋ ਤਿਆਰੀ ਜ਼ੋਰਾਂ 'ਤੇ', 'ਦਿਲ ਲਾ ਕੇ ਕਰ ਲਓ ਪੜ੍ਹਾਈ', 'ਕਰ ਲਓ ਪੜ੍ਹਾਈ', 'ਪੜਿ੍ਹਆ ਕਰੋ' ਅਤੇ 'ਪੁਸਤਕਾਂ ਪੜਿ੍ਹਆ ਕਰੋ' ਕਵਿਤਾਵਾਂ ਦਾ ਸਰਬ ਸਾਂਝਾ ਸੁਨੇਹਾ ਇਹੀ ਹੈ ਕਿ ਵਿਦਿਆਰਥੀਆਂ ਨੂੰ ਮਿਹਨਤ ਅਤੇ ਲਗਨ ਨਾਲ ਪ੍ਰੀਖਿਆ ਦੀ ਤਿਆਰੀ ਵਿਚ ਜੁਟ ਜਾਣਾ ਚਾਹੀਦਾ ਹੈ | ਦੂਜੇ ਪਾਸੇ ਬਜ਼ੁਰਗਾਂ ਦਾ ਸਤਿਕਾਰ, ਰਿਸ਼ਤੇ ਨਾਤਿਆਂ ਅਤੇ ਦਿਨ-ਤਿਉਹਾਰਾਂ ਸਬੰਧੀ ਵੀ ਕੁਝ ਕਵਿਤਾਵਾਂ ਜੀਵਨ-ਮੁੱਲਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ | 'ਜੱਜ' ਇਕ ਕਵਿਤਾ 'ਲਾਓ ਬੱਚਿਓ ਬਈ ਸਾਰੇ ਇਕ ਇਕ ਰੁੱਖ' ਵਿਚ ਪ੍ਰਕਿ੍ਤੀ ਬਚਾਉਣ ਦਾ ਉਸਾਰੂ ਸੱਦਾ ਇਉਂ ਦਿੰਦਾ ਹੈ :
ਰਲਮਿਲ ਹੀਲਾ ਇਹ ਕਰਕੇ ਵਿਖਾਈਏ |
ਪਾਰਕਾਂ, ਸਕੂਲਾਂ ਤੇ ਸੱਥਾਂ 'ਚ ਰੁੱਖ ਲਾਈਏ |
ਮਾਂ ਧਰਤੀ ਦੀ ਹਰੀ ਭਰੀ ਹੋ ਜਾਏ ਕੁੱਖ |
ਲਾਓ ਬੱਚਿਓ ਬਈ ਸਾਰੇ ਇਕ ਇਕ ਰੁੱਖ | (ਪੰਨਾ 28)
ਇਉਂ ਕੁੱਲ ਮਿਲਾ ਕੇ ਜੱਜ ਇਨ੍ਹਾਂ ਬਾਲ ਕਵਿਤਾਵਾਂ ਵਿਚ ਸਮਾਜ ਉਪਰ ਹੋ ਰਹੇ ਵੱਖ-ਵੱਖ ਪ੍ਰਕਾਰ ਦੇ ਹਮਲਿਆਂ, ਸੰਕਟਾਂ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਇੱਛਾ-ਸ਼ਕਤੀ ਨੂੰ ਦਿ੍ੜ੍ਹ ਕਰਨ ਦੀ ਪ੍ਰੇਰਨਾ ਵੀ ਦਿੰਦਾ ਹੈ | ਢੁੱਕਵੇਂ ਚਿੱਤਰ ਕਵਿਤਾਵਾਂ ਨੂੰ ਹੋਰ ਮਾਣਨਯੋਗ ਬਣਾਉਂਦੇ ਹਨ ਪਰ ਚੰਗਾ ਹੁੰਦਾ ਜੇਕਰ ਸ਼ਾਬਦਿਕ ਗ਼ਲਤੀਆਂ ਵੱਲ ਤਵੱਜੋ ਦਿੱਤੀ ਜਾਂਦੀ | ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)

ਚਿੜੀ

ਆ ਨੀ ਚਿੜੀਏ, ਜਾਹ ਦੀ ਚਿੜੀਏ,
ਚੁਗ-ਚੁਗ ਦਾਣੇ ਖਾਹ ਨੀ ਚਿੜੀਏ |
ਕੋਈ ਨਾ ਤੈਨੂੰ ਮਾਰ ਮੁਕਾਵੇ,
ਸਭ ਨੂੰ ਤੇਰਾ ਚਾਅ ਨੀ ਚਿੜੀਏ |
ਅਰਸ਼ਾਂ ਵਿਚ ਤੰੂ ਲਾਏਾ ਉਡਾਰੀ,
ਬੱਚਿਆਂ ਨੂੰ ਤੰੂ ਲੱਗੇਂ ਪਿਆਰੀ |
ਕਾਂ ਵਾਂਗਰ ਨਾ ਰੋਟੀ ਖੋਂਹਦੀ,
ਫਿਰ ਵਿਹੜੇ ਵਿਚ ਆ ਨੀ ਚਿੜੀਏ |
ਕੁਝ ਲੋਕਾਂ ਨੇ ਪਿੰਜਰੇ ਪਾਇਆ,
ਤੇਰੇ ਪਰ ਕੱਟੇ ਤੇ ਜ਼ੁਲਮ ਕਮਾਇਆ |
ਉੱਡਣ ਦੀ ਹੁਣ ਵਾਹ ਨ੍ਹੀਂ ਚਿੜੀਏ |
ਹੁਣ ਤੰੂ ਕਦੇ ਗੁਲਾਮ ਨਹੀਂ ਰਹਿਣਾ,
ਅੰਬਰਾਂ ਦੇ ਵਿਚ ਉਡਦੇ ਰਹਿਣਾ |
ਕਰੀਂ ਨਾ ਤੰੂ ਪ੍ਰਵਾਹ ਨੀ ਚਿੜੀਏ |
ਕੁੜੀਆਂ-ਚਿੜੀਆਂ ਇਕ ਬਰਾਬਰ,
ਸਭ ਦੀ ਇੱਜ਼ਤ ਇਕ ਬਰਾਬਰ |
ਦਿਲ 'ਚ ਰੱਖ ਸਜਾ ਨੀ ਚਿੜੀਏ,
ਆ ਨੀ ਚਿੜੀਏ, ਜਾਹ ਨੀ ਚਿੜੀਏ |
ਚੱੁਕ-ਚੱੁਕ ਦਾਣੇ ਖਾਹ ਨੀ ਚਿੜੀਏ |

-ਬੌਬੀ ਬਾਜਵਾ,
ਪਿੰਡ ਮਸੀਤਾਂ, ਜ਼ਿਲ੍ਹਾ ਕਪੂਰਥਲਾ |

ਆ ਗਈ ਅਖ਼ਬਾਰ

ਆ ਗਈ ਆ ਗਈ ਅਖ਼ਬਾਰ, ਰਾਮੂ ਤੰੂ ਵੀ ਆ ਜਾ ਬਾਹਰ |
ਦੋਵੇਂ ਰਲ ਪੜ੍ਹ ਲਈਏ ਮੇਰੇ ਯਾਰ, ਪੱੁਛੇ ਆ ਵਿਚ ਕਈ ਹੀ ਸਵਾਲ |
ਚਿੱਤਰ ਭਰਨੇ ਆ ਰੰਗਾਂ ਨਾਲ, ਲਿਖੀ ਬੜੀ ਸੋਹਣੇ ਢੰਗ ਨਾਲ |
ਕਵਿਤਾ ਬੜੀਆਂ ਹੀ ਰੌਚਕ ਲਿਖੀਆਂ, ਇਕ ਪੰਨਾ ਭਰਿਆ ਚੁਟਕਲਿਆਂ ਨਾਲ |
ਵੱਡੇ ਹੋ ਕਿਹੜੀ ਕਰਨੀ ਪੜ੍ਹਾਈ, ਇਹ ਵੀ ਗੱਲ ਵਿਚ ਸਮਝਾਈ |
ਕਿੰਨੇ ਦਿੱਤੇ ਦੇਸ਼ ਰਾਕਟ ਚਾੜ੍ਹ, ਹੋਰ ਕਿੰਨੇ ਚੜ੍ਹਨ ਲਈ ਕਰ ਲਏ ਤਿਆਰ |
ਹੋਣੀਆਂ ਵਿਚ ਪਹੇਲੀਆਂ ਵੀ, ਕਈ ਲੱਭਾਂਗੇ ਰਸਤੇ ਤੇ ਜਵਾਬ |
ਬਾਲ ਕਹਾਣੀਆਂ ਦਿੰਦੀਆਂ ਚੰਗੀ ਸਿੱਖਿਆ, ਹੋਰ ਵੀ ਹੁੰਦਾ ਕਈ ਕੁਝ ਲਿਖਿਆ |
ਚੰਗੀ ਜਾਣਕਾਰੀ ਚੰਗੀ ਉੱਚੀ ਸੋਚ ਹੈ ਚੰਗਾ ਪੜ੍ਹ ਬਣਦੀ ਮੇਰੇ ਭਾਈ |
ਬਿਆਸ ਪਿੰਡ ਵਾਲੇ ਬੱਧਣ ਗੱਲ ਸਮਝਾਈ, ਤਦੇ ਮੈਂ ਘਰ ਅਖ਼ਬਾਰ ਹੈ ਲਗਵਾਈ |

-ਰਘਬੀਰ ਸਿੰਘ ਬੱਧਣ,
ਮੋਬਾ: 99154-46392


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX