ਤਾਜਾ ਖ਼ਬਰਾਂ


50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਸਬ ਇੰਸਪੈਕਟਰ ਗ੍ਰਿਫ਼ਤਾਰ
. . .  32 minutes ago
ਹੈਦਰਾਬਾਦ, 23 ਅਕਤੂਬਰ - ਐਂਟੀ ਕੁਰੱਪਸ਼ਨ ਬਿਉਰੋ ਨੇ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਮੀਰ ਚੌਂਕ ਪੁਲਸ ਥਾਣੇ ਦੇ ਸਬ ਇੰਸਪੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇੱਕ...
ਸਿੰਗਾਪੁਰ ਦੇ ਲਾਪਤਾ ਪੈਰਾਗਲਾਈਡਰ ਦੀ ਮਿਲੀ ਲਾਸ਼
. . .  about 2 hours ago
ਸ਼ਿਮਲਾ, 23 ਅਕਤੂਬਰ - ਬੈਜਨਾਥ ਦੇ ਐੱਸ.ਡੀ.ਐਮ ਵਿਕਾਸ ਸ਼ੁਕਲਾ ਨੇ ਦੱਸਿਆ ਕਿ ਸਿੰਗਾਪੁਰ ਦਾ ਪੈਰਾਗਲਾਈਡਰ, ਜੋ ਕਿ ਬੀਤੇ ਦਿਨ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਬਰਾਮਦ...
ਰਾਜੌਰੀ : ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਆਵਾਜਾਈ ਲਈ ਬੰਦ
. . .  about 2 hours ago
ਸ੍ਰੀਨਗਰ, 23 ਅਕਤੂਬਰ - ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਾਜੌਰੀ ਦਾ ਮੁਗਲ ਰੋਡ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ...
ਦੁਬਈ 'ਚ ਅਕਾਲ ਚਲਾਣਾ ਕਰ ਗਏ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 2 hours ago
ਰਾਜਾਸਾਂਸੀ, 23 ਅਕਤੂਬਰ (ਹੇਰ,ਖੀਵਾ ) - ਦੁਬਈ 'ਚ ਆਪਣੀ ਜਾਨ ਗਵਾ ਬੈਠੇ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਅੰਬ ਨੰਗਲ ਨਾਲ ਸਬੰਧਿਤ 46 ਸਾਲਾਂ ਨਿਰਮਲ ਸਿੰਘ ਪੁੱਤਰ ਸੋਹਨ ਸਿੰਘ...
ਅੰਮ੍ਰਿਤਸਰ 'ਚ 26 ਅਕਤੂਬਰ ਨੂੰ ਛੁੱਟੀ ਦਾ ਐਲਾਨ
. . .  about 2 hours ago
ਅਜਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ 26 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨ ਅਤੇ...
5 ਨਵੰਬਰ ਨੂੰ ਕੈਪਟਨ ਨਾਲ ਬੈਠਕ ਕਰਨਗੀਆਂ ਅਧਿਆਪਕ ਜਥੇਬੰਦੀਆਂ
. . .  about 2 hours ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ਮੁਲਾਕਾਤ ਕੀਤੀ...
ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਸੀ. ਬੀ. ਆਈ. ਦੇ ਡੀ. ਐੱਸ. ਪੀ. ਦੇਵੇਂਦਰ ਕੁਮਾਰ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ- ਸੀ. ਬੀ. ਆਈ. ਦੇ ਡੀ. ਐੱਸ. ਪੀ. ਅਤੇ ਰਾਕੇਸ਼ ਅਸਥਾਨਾ ਦੇ ਸਹਿਯੋਗੀ ਦੇਵੇਂਦਰ ਕੁਮਾਰ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਦੱਸ ਦਈਏ ਕਿ ਸੀ. ਬੀ. ਆਈ. ਨੇ ਦੇਵੇਂਦਰ ਦੇ 10 ਦਿਨਾਂ ਦੇ ਰਿਮਾਂਡ ਦੀ ਮੰਗ...
ਬੋਰਡ ਦੀ ਨਵੀਂ ਸਿੱਖਿਆ ਸਕੀਮ ਅਨੁਸਾਰ 9-10ਵੀਂ ਦੇ ਵਿਦਿਆਰਥੀ ਪੜ੍ਹਨਗੇ 9 ਦੀ ਥਾਂ 8 ਵਿਸ਼ੇ
. . .  about 3 hours ago
ਐੱਸ. ਏ. ਐੱਸ. ਨਗਰ, 23 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ 9 ਵੀਂ ਤੇ 10 ਵੀਂ ਸ਼੍ਰੇਣੀ ਦੇ ਵਿਦਿਆਰਥੀ ਵਿੱਦਿਅਕ ਸੈਸ਼ਨ 2018-19 ਤੋਂ 9 ਵੀਂ ਤੇ 10 ਵੀਂ ਸ਼੍ਰੇਣੀ ਲਈ ...
ਕੇਰਲ ਤੋਂ ਦਸੂਹਾ ਪਹੁੰਚੇ ਫਾਦਰ ਕੁਰੀਆਕੋਸ ਦੇ ਪਰਿਵਾਰਕ ਮੈਂਬਰ
. . .  about 3 hours ago
ਦਸੂਹਾ, 23 ਅਕਤੂਬਰ (ਚੰਦਨ ਕੌਸ਼ਲ)- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦਾ ਛੋਟੇ ਭਰਾ ਜੋਸ ਕੁਰੀਆ ਸਮੇਤ ਹੋਰ ਪਰਿਵਾਰਕ ਮੈਂਬਰ ਕੇਰਲ ਤੋਂ ਅੱਜ ਸਵੇਰੇ ਦਸੂਹਾ ਪਹੁੰਚੇ। ਇਸ ਤੋਂ ਬਾਅਦ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਬਾਦਲ ਨੇ ਵੱਡੀ ਤ੍ਰਾਸਦੀ ਕਰਾਰ ਦਿੱਤਾ
. . .  about 4 hours ago
ਚੰਡੀਗੜ੍ਹ, 23 ਅਕਤੂਬਰ - ਅੰਮ੍ਰਿਤਸਰ ਰੇਲ ਹਾਦਸੇ 'ਤੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੇ ਇਨਸਾਫ਼ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪੰਜਾਬ ਦੇ ਸੱਭਿਆਚਾਰਕ ਦਿ੍ਸ਼ ਵਿਚ ਫ਼ੌਜੀ ਜਵਾਨ

ਪਰਵਾਸ ਪੰਜਾਬੀਆਂ ਲਈ ਕੋਈ ਨਵੀਂ ਗੱਲ ਨਹੀਂ ਪਰ ਨੌਕਰੀ, ਰੁਜ਼ਗਾਰ ਅਤੇ ਰੋਜ਼ੀ-ਰੋਟੀ ਕਮਾਉਣ ਲਈ ਪਰਵਾਸ ਵੀਹਵੀਂ ਸਦੀ ਵਿਚ ਹੀ ਸ਼ੁਰੂ ਹੋਇਆ | ਇਨ੍ਹਾਂ ਪਰਵਾਸੀਆਂ ਜਾਂ ਕਹਿ ਲਵੋ ਕਿ ਭਾਵੇਂ ਥੋੜੇ ਚਿਰ ਲਈ ਹੀ ਸਹੀ, ਦੂਜੇ ਮੁਲਕਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਫ਼ੌਜੀ ਜਵਾਨ ਵੀ ਆਉਂਦੇ ਹਨ | ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਸਰਦਾਰਾਂ ਹੇਠ ਕੰਮ ਕਰਨ ਵਾਲੀ ਫ਼ੌਜ (ਫ਼ੌਜ-ਇ-ਆਈਨ ਅਤੇ ਫ਼ੌਜ-ਏ-ਖਾਸ) ਦੀਆਂ ਟੁਕੜੀਆਂ ਨੂੰ ਨੌਕਰੀਆਂ ਤੋਂ ਜਵਾਬ ਦੇ ਕੇ ਘਰੀਂ ਤੋਰ ਦਿੱਤਾ ਗਿਆ | ਪਰ 1857 ਈ: ਦੇ ਗ਼ਦਰ ਨੇ ਅੰਗਰੇਜ਼ ਹਾਕਮਾਂ ਨੂੰ ਪੰਜਾਬੀ ਸਿਪਾਹੀਆਂ ਦੀ ਕਦਰੋ-ਕੀਮਤ ਤੋਂ ਜ਼ਰੂਰ ਜਾਣੂ ਕਰਵਾ ਦਿੱਤਾ | ਸਿੱਖ ਫ਼ੌਜੀਆਂ ਦੇ ਜੁਝਾਰੂ ਜਜ਼ਬੇ ਨੂੰ ਚਾਲਬਾਜ਼ ਅੰਗਰੇਜ਼ ਨੇ ਆਪਣੇ ਹੱਕ ਵਿਚ ਵਰਨਣ ਲਈ ਯੋਜਨਾਬੰਦੀ ਕਰਨੀ ਸ਼ੁਰੂ ਕਰ ਦਿੱਤੀ |
ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿਚ ਫ਼ੌਜੀ ਅਨੁਸ਼ਾਸ਼ਨ, ਤਨਖ਼ਾਹਾਂ, ਵਰਦੀ, ਟਿਕਾਣਿਆਂ (ਬੈਰਕਾਂ) ਆਦਿ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ ਪਰ ਕੁਝ ਸੰਕੇਤ ਜ਼ਰੂਰ ਮਿਲ ਜਾਂਦੇ ਹਨ ਜਿਨ੍ਹਾਂ ਦੇ ਆਧਾਰ 'ਤੇ ਕਿਸੇ ਨਾ ਕਿਸੇ ਨਤੀਜੇ ਉੱਪਰ ਪਹੁੰਚਿਆ ਜਾ ਸਕਦਾ ਹੈ | ਅਸੀਂ ਜਾਣਦੇ ਹਾਂ ਕਿ ਮਹਾਰਾਜੇ ਨੂੰ ਆਪਣੀ ਫ਼ੌਜ ਦੀ ਚੰਗੀ ਸਿਖਲਾਈ ਲਈ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਸੀ ਅਤੇ ਉਹ ਇਸ ਨੂੰ ਹਮੇਸ਼ਾਂ ਬਿਹਤਰ ਤੋਂ ਬਿਹਤਰੀਨ ਵਾਲੇ ਪਾਸੇ ਲਿਜਾਣ ਦੀ ਸੋਚਦੇ ਰਹਿੰਦੇ ਸੀ | ਅੰਗਰੇਜ਼ ਗਵਰਨਰ ਜਨਰਲ ਅਤੇ ਦੂਜੇ ਅੰਗਰੇਜ਼ ਅਫ਼ਸਰਾਂ ਨਾਲ ਆਉਣ ਵਾਲੇ ਫ਼ੌਜੀ ਦਸਤਿਆਂ ਅਤੇ ਹਥਿਆਰਾਂ ਨੂੰ ਉਹ ਬੜੀ ਉਤਸੁਕਤਾ ਨਾਲ ਵੇਖਦੇ ਅਤੇ ਉਨ੍ਹਾਂ ਵੱਲੋਂ ਵਰਤੇ ਜਾਂਦੇ ਸਾਰੇ ਸਾਜ਼ੋ-ਸਾਮਾਨ ਬਾਰੇ ਜਾਣਨ ਲਈ ਬੇਤਾਬ ਰਹਿੰਦੇ ਸਨ | ਆਪਣੀ ਫ਼ੌਜ ਨੂੰ ਆਧੁਨਿਕ ਜਾਂ ਯੂਰਪੀ ਲੀਹਾਂ ਉੱਪਰ ਸਿੱਖਿਅਤ ਕਰਨ ਲਈ ਉਸ ਨੇ ਫਰਾਂਸੀਸੀ, ਜਰਮਨ ਅਤੇ ਦੂਜੇ ਗੋਰੇ ਅਫ਼ਸਰਾਂ ਨੂੰ ਵੱਡੀਆਂ-ਵੱਡੀਆਂ ਤਨਖ਼ਾਹਾਂ ਦੇ ਕੇ ਨਿਯੁਕਤ ਕਰ ਰੱਖਿਆ ਸੀ | ਮਹਾਰਾਜੇ ਤੋਂ ਪਹਿਲਾਂ ਸ਼ਾਇਦ ਨਿਯਮਿਤ ਰੂਪ ਵਿਚ ਹਰ ਮਹੀਨੇ ਫ਼ੌਜੀਆਂ ਨੂੰ ਨਕਦ ਤਨਖ਼ਾਹ ਨਹੀਂ ਸੀ ਮਿਲਦੀ, ਪਰ ਰਣਜੀਤ ਸਿੰਘ ਵੇਲੇ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ ਅਤੇ ਇਸ ਲਈ ਸ਼ਬਦ 'ਤਲਬ' ਹੀ ਵਧੇਰੇ ਵਰਤਿਆ ਜਾਂਦਾ ਸੀ |
19ਵੀਂ ਸਦੀ ਦੇ ਮੁੱਕਣ ਤਕ ਸਿੱਖ ਰਿਆਸਤਾਂ ਦੀ ਫ਼ੌਜ ਤੋਂ ਇਲਾਵਾ ਅੰਗਰੇਜ਼ਾਂ ਨੇ ਆਪਣੀ ਫ਼ੌਜ ਵਿਚ ਪੰਜਾਬੀਆਂ, ਖਾਸ ਕਰਕੇ ਸਿੱਖਾਂ, ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ, ਬੇਸ਼ੱਕ ਉਹ ਇਸ ਫ਼ੌਜ ਨੂੰ ਹਿੰਦੁਸਤਾਨ ਵਿਚ ਉੱਠਦੀਆਂ ਬਗ਼ਾਵਤਾਂ ਅਤੇ ਸਥਾਨਕ ਰਾਜਿਆਂ, ਨਵਾਬਾਂ ਅਤੇ ਸਰਦਾਰਾਂ ਨਾਲ ਹੁੰਦੀਆਂ ਲੜਾਈਆਂ ਵਿਚ ਵਰਤਦੇ ਰਹੇ | ਪਹਿਲੀ ਸੰਸਾਰ ਜੰਗ (1914-1919 ਈ.) ਛਿੜਨ ਨਾਲ ਪੰਜਾਬੀ ਸਿਪਾਹੀਆਂ ਦਾ ਦੂਜੇ ਮੁਲਕਾਂ ਦੇ ਲੋਕਾਂ ਨਾਲ ਮੇਲ-ਜੋਲ ਵਧਣ ਲੱਗਾ | ਸਫੈਦਪੋਸ਼ਾਂ, ਨੰਬਰਦਾਰਾਂ, ਜ਼ੈਲਦਾਰਾਂ ਅਤੇ ਆਪਣੇ ਦੂਜੇ ਵਿਸ਼ਵਾਸ ਪਾਤਰਾਂ ਲਈ ਵੱਧ ਤੋਂ ਵੱਧ ਸਿੱਖਾਂ ਨੂੰ ਫ਼ੌਜ ਵਿਚ ਭਰਤੀ ਕਰਾਉਣ ਦਾ ਅਮਲ ਸ਼ੁਰੂ ਹੋ ਗਿਆ | ਖੇਤੀਬਾੜੀ ਦੀ ਮਾੜੀ ਹਾਲਤ ਅਤੇ ਨਿਰੰਤਰ ਹਰ ਮਹੀਨੇ ਤਨਖ਼ਾਹ ਮਿਲਣ ਦੇ ਲਾਲਚ ਵਿਚ, ਮਾੜੀ ਆਰਥਿਕਤਾ ਨੂੰ ਸਹਾਰਾ ਦੇਣ ਖ਼ਾਤਰ, ਸਿੱਖ ਵੀ ਉਤਸ਼ਾਹ ਨਾਲ ਭਰਤੀ ਹੁੰਦੇ | ਸਿੱਖ ਫ਼ੌਜੀ ਜਦ ਛੁੱਟੀ ਆਉਂਦੇ ਤਾਂ ਉਨ੍ਹਾਂ ਦੇ ਲਿਬਾਸ, ਦਿੱਖ ਅਤੇ ਰਹਿਣ ਸਹਿਣ ਤੋਂ ਸਥਾਨਕ ਲੋਕ ਹੋਰ ਵੀ ਪ੍ਰਭਾਵਿਤ ਹੁੰਦੇ | ਇੰਝ ਫ਼ੌਜ ਦੀ ਨੌਕਰੀ ਮਾਣ, ਸਤਿਕਾਰ ਅਤੇ ਇੱਜ਼ਤ ਦਾ ਪ੍ਰਤੀਕ ਬਣ ਗਈ | ਪੰਜਾਬੀ ਲੋਕ ਸਾਹਿਤ ਵਿਚ ਅਜਿਹੀ ਇੱਜ਼ਤ ਬਾਰੇ ਕਈ ਗੀਤ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਇਹ ਪ੍ਰਭਾਵ ਮਿਲਦਾ ਹੈ ਕਿ ਫ਼ੌਜੀ ਪਤੀ ਭਾਵੇਂ ਕਿਸੇ ਵੇਲੇ ਵਧੀਕੀ ਵੀ ਕਰ ਲਵੇ ਤਾਂ ਵੀ ਸਹਿ ਲੈਣਾ ਚਾਹੀਦਾ ਹੈ ਕਿਉਂਕਿ ਉਸਦੇ ਘਰ ਵੱਸਣਾ ਹੀ ਲਾਭਦਾਇਕ ਹੈ, ਦੋਹਾਂ ਗੱਲਾਂ ਕਰਕੇ ਮਾਣ-ਸਤਿਕਾਰ ਅਤੇ ਨਿਰੰਤਰ ਆਮਦਨ | ਏਸੇ ਕਰਕੇ ਕਿਸੇ ਲੋਕ ਕਵੀ ਨੇ ਕਿਹਾ ਸੀ:
ਵੱਸਣਾ ਫ਼ੌਜੀ ਦੇ,
ਭਾਵੇਂ ਬੂਟ ਸਣੇ ਲੱਤ ਮਾਰੇ |
ਦੋਹਾਂ ਆਲਮੀ ਜੰਗਾਂ ਵਿਚ ਬਾਹਰ ਗਏ ਫ਼ੌਜੀਆਂ ਦੀ ਤੜਕ-ਭੜਕ ਨੇ ਪੰਜਾਬ ਦੇ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ | ਫ਼ੌਜੀਆਂ ਦੀ ਇਕਸਾਰ ਵਰਦੀ ਅਤੇ ਬਾਹਰੀ ਦਿੱਖ ਨੂੰ ਸੰਵਾਰਨ ਨਿਖਾਰਨ ਦਾ ਅਸਰ ਆਮ ਲੋਕਾਂ ਉੱਪਰ ਦਿੱਸਣ ਲੱਗਾ | ਸਿੱਖ ਫ਼ੌਜੀਆਂ ਲਈ ਦਾੜ੍ਹੀ ਕੇਸ ਰੱਖਣੇ ਜ਼ਰੂਰੀ ਹੁੰਦੇ ਸਨ | ਇਸ ਲਈ ਇਨ੍ਹਾਂ ਦੀ ਸਾਂਭ ਸੰਭਾਲ ਲਈ ਨਿਯਮ ਬਣਾਉਣ ਦੀ ਲੋੜ ਮਹਿਸੂਸ ਹੋਈ | ਪਹਿਲਾਂ ਤਾਂ ਸ਼ਾਇਦ ਪੰਜਾਬੀ ਪੱਗ ਨੂੰ ਉੱਘੜ ਦੁੱਘੜ ਹੀ ਬੰਨ੍ਹ ਲੈਂਦੇ ਹੋਣਗੇ ਪਰ ਫ਼ੌਜ ਵਿਚ ਪੱਗ ਵਿਸ਼ੇਸ਼ ਢੰਗ ਨਾਲ ਤਹਿ ਲਾ ਕੇ ਪੇਚਦਾਰ ਬੰਨ੍ਹਣੀ ਪੈਂਦੀ ਸੀ | ਹਰ ਪੇਚ ਵੱਖਰਾ-ਵੱਖਰਾ ਦਿੱਸਣਾ ਵੀ ਜ਼ਰੂਰੀ ਸੀ | ਇਸ ਲਈ ਪੂਣੀ ਕਰ ਕੇ ਵੱਟਾਂ ਤੋਂ ਬਿਨਾਂ ਪੱਗ ਬੰਨ੍ਹਣ ਦਾ ਰਿਵਾਜ ਪ੍ਰਚਲਿਤ ਹੋਇਆ | ਪੱਗ ਦੇ ਹੇਠਾਂ ਇਕ ਛੋਟੀ ਪੱਗ (ਸਾਫਾ) ਆਦਿ ਬੰਨ੍ਹੀ ਜਾਂਦੀ ਤਾਂ ਜੋ ਪੱਗ ਪੱਕੇ ਤੌਰ 'ਤੇ ਟਿਕੀ ਰਹੇ | ਏਹੋ ਛੋਟੀ ਪੱਗ ਮਗਰੋਂ ਫ਼ਿਫ਼ਟੀ ਅਖਵਾਈ ਕਿਉਂਕਿ ਇਹ ਵੱਡੀ ਪੱਗ ਨਾਲੋਂ ਤਕਰੀਬਨ ਅੱਧੀ ਹੁੰਦੀ ਸੀ | ਫ਼ਿਫ਼ਟੀ ਅੰਗਰੇਜ਼ੀ ਸ਼ਬਦ ਹੈ ਜਿਸਦਾ ਅਰਥ ਹੀ ਅੱਧਾ ਹੈ | ਸੋ, ਫ਼ੌਜੀਆਂ ਦੇ ਪ੍ਰਭਾਵ ਕਾਰਨ ਪੂਣੀ ਕਰ ਕੇ ਫ਼ਿਫ਼ਟੀ ਸਮੇਤ ਬੱਧੀ, ਪੱਗ ਆਮ ਲੋਕਾਂ ਵਿਚ ਵੀ ਪ੍ਰਚਲਿਤ ਹੋ ਗਈ | ਇਸੇ ਤਰ੍ਹਾਂ ਸਿੱਖ ਫ਼ੌਜੀਆਂ ਵਿਚ ਦਾੜ੍ਹੀ ਬੰਨ੍ਹਣ ਦਾ ਵਿਸ਼ੇਸ਼ ਤਰੀਕਾ ਵੀ ਹੋਂਦ ਵਿਚ ਆਇਆ | ਸਿੱਖ ਫ਼ੌਜੀ ਆਪਣੀ ਦਾੜ੍ਹੀ ਨੂੰ ਜਾਲੀ ਪਾ ਕੇ ਸਿਰ ਉੱਪਰ ਕੱਸ ਕੇ ਬੰਨ੍ਹਦੇ | ਇਸ ਲਈ ਉਨ੍ਹਾਂ ਦੀ ਵੇਖਾ-ਵੇਖੀ ਆਮ ਸਿੱਖਾਂ ਵਿਚ ਵੀ ਜਾਲੀ ਨਾਲ ਦਾੜ੍ਹੀ ਬੰਨ੍ਹਣ ਦਾ ਰਿਵਾਜ ਵੀ ਚੱਲ ਪਿਆ | ਪਿੱਛੋਂ ਡੋਰੀ ਨਾਲ ਅਤੇ ਛੋਟੀ ਜਿਹੀ ਇਕ ਜਾਂ ਦੋ ਜੂੜੀਆਂ ਕਰ ਕੇ ਦਾੜ੍ਹੀ ਬੰਨ੍ਹਣ ਦਾ ਰਿਵਾਜ ਚੱਲ ਨਿਕਲਿਆ |
ਫ਼ੌਜ ਵਿਚ ਰਸਮੀ ਅਤੇ ਗ਼ੈਰ-ਰਸਮੀ ਮੌਕਿਆਂ ਉੱਪਰ ਵਿਸ਼ੇਸ਼ ਕੱਪੜੇ ਪਹਿਨਣ ਦਾ ਨਿਯਮ ਸੀ, ਇਸ ਲਈ ਇਹ ਨਿਯਮ ਆਮ ਲੋਕਾਂ ਵਿਚ ਪ੍ਰਵਾਨ ਹੋਣ ਲੱਗਾ | ਗਾਊਨ ਅਤੇ ਨਾਈਟ ਸੂਟ ਕੇਵਲ ਸੌਣ ਵੇਲੇ ਹੀ ਪਾਏ ਜਾਂਦੇ ਸਨ, ਇਸ ਲਈ ਪੰਜਾਬ ਵਿਚ ਵੀ ਇਹ ਰੁਝਾਨ ਚਲ ਨਿਕਲਿਆ | ਇਹ ਸਾਰਾ ਕੁਝ ਕਿਉਂਕਿ ਫ਼ੌਜੀ ਅਨੁਸ਼ਾਸਨ ਦਾ ਹਿੱਸਾ ਹੈ, ਇਸ ਲਈ ਲੰਮਾ ਸਮਾਂ ਫ਼ੌਜ ਵਿਚ ਨੌਕਰੀ ਕਰਨ ਕਰਕੇ ਇਹ ਫ਼ੌਜੀਆਂ ਦੀ ਜੀਵਨ ਸ਼ੈਲੀ ਦਾ ਜ਼ਰੂਰੀ ਅੰਗ ਬਣ ਕੇ ਉਨ੍ਹਾਂ ਦੀਆਂ ਆਦਤਾਂ ਵਿਚ ਸ਼ਾਮਿਲ ਹੋ ਗਿਆ | ਮੇਰੇ ਲਾਗੇ ਇਕ ਫ਼ੌਜੀ ਰਹਿੰਦਾ ਹੈ ਜੋ 1978 ਵਿਚ ਸੇਵਾ ਮੁਕਤ ਹੋਇਆ ਹੈ | ਉਸ ਕੋਲ ਅੱਜ ਕੋਈ ਕੰਮ ਨਹੀਂ ਪਰ ਫਿਰ ਵੀ ਉਹ ਸਾਫ਼-ਸੁਥਰੇ ਪ੍ਰੈੱਸ ਕੀਤੇ ਕੱਪੜੇ ਪਾ ਕੇ ਗੂੜੇ ਰੰਗ ਵਾਲੀ ਪੱਗ ਬੰਨ੍ਹ ਕੇ ਸਵੇਰੇ ਹੀ ਤਿਆਰ ਹੋ ਕੇ ਬੈਠ ਜਾਂਦਾ ਹੈ | ਕੁੜਤਾ ਪਜਾਮਾ ਵੀ ਉਹ ਕਮਰੇ ਦੇ ਅੰਦਰ ਅੰਦਰ ਹੀ ਪਹਿਨਦਾ ਹੈ, ਬਾਹਰ ਪੈੱਟ ਕਮੀਜ਼ ਵਿਚ ਹੀ ਦਿੱਸਦਾ ਹੈ ਕਿਉਂਕਿ ਪਜਾਮੇ ਨੂੰ ਉਹ ਰਸਮੀ ਲਿਬਾਸ ਨਹੀਂ ਸਮਝਦਾ | ਧੌੜੀ ਜਾਂ ਖੱਲ ਦੀ ਜੁੱਤੀ ਦੀ ਥਾਂ ਤਸਮਿਆਂ ਵਾਲੇ ਬੂਟ ਜੁਰਾਬਾਂ ਨੇ ਲੈ ਲਈ ਕਿਉੇਂਕਿ ਇਹ ਫ਼ੌਜੀ ਵਰਦੀ ਦਾ ਹਿੱਸਾ ਸਨ | ਵਰਦੀ ਸ਼ਬਦ ਅੰਗਰੇਜ਼ੀ ਯੂਨੀਫਾਰਮ ਦਾ ਤਰਜਮਾ ਹੈ ਜਿਸ ਦਾ ਅਰਥ ਇਕਸਾਰ ਹੈ | ਏਸੇ ਲਈ ਫ਼ੌਜੀਆਂ ਦੀ ਦਿੱਖ ਇਕਸਾਰ ਕਰਨ ਲਈ ਨਾ ਸਿਰਫ ਕੱਪੜਿਆਂ ਦੀ ਕਿਸਮ ਅਤੇ ਉਨ੍ਹਾਂ ਦੇ ਰੰਗਾਂ ਵਿਚ ਵੀ ਇਕਸਾਰਤਾ ਹੁੰਦੀ, ਸਗੋਂ ਉਨ੍ਹਾਂ ਨੂੰ ਪਹਿਨਣ ਦਾ ਢੰਗ ਵੀ ਇਕਸਾਰ ਹੁੰਦਾ | ਫ਼ੌਜੀ ਜਵਾਨਾਂ ਦੀ ਇਸ ਪ੍ਰਭਾਵਸ਼ਾਲੀ ਅਤੇ ਰੋਅਬਦਾਬ ਵਾਲੀ ਦਿੱਖ ਨੇ ਕਈ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਸਿੱਖੀ ਵਿਚ ਆਉਣ ਲਈ ਪ੍ਰੇਰਿਤ ਕੀਤਾ | ਪ੍ਰਸਿੱਧ ਵਿਦਵਾਨ ਪ੍ਰੋ: ਸਾਹਿਬ ਸਿੰਘ, ਸਿੰਘ ਸੱਜਣ ਤੋਂ ਪਹਿਲਾਂ ਹਿੰਦੂ ਸਨ ਜਿਸ ਦਾ ਨਾਂਅ ਨੱਥੂ ਰਾਮ ਸੀ | ਉਹ ਸਿੱਖ ਕਿਹੜੇ ਪ੍ਰਭਾਵ ਥੱੱਲੇ ਬਣੇ? ਇਸ ਦਾ ਕਥਨ ਉਨ੍ਹਾਂ ਆਪਣੀ ਸਵੈਜੀਵਨੀ 'ਮੇਰੀ ਜੀਵਨ ਕਹਾਣੀ' ਵਿਚ ਇਸ ਤਰ੍ਹਾਂ ਅੰਕਿਤ ਕੀਤਾ ਹੈ, 'ਸਾਡੇ ਪਿੰਡ ਥਰਪਾਲ ਤੋਂ ਗੋਤਾ ਫਤਹਿਗੜ੍ਹ ਪੰਜ ਮੀਲ ਸੀ | ਰਸਤੇ ਵਿਚ ਕੁਝ ਹਟਵਾਂ ਹੀ ਇਕ ਪਿੰਡ ਸੀ, ਢੇਹ | ਦੋਹਾਂ ਪਿੰਡਾਂ ਵਿਚੋਂ 'ਢੇਹ' ਦੇ ਸਿੰਘ ਆਮ ਤੌਰ ਉੱਤੇ ਫ਼ੌਜੀ ਨੌਕਰੀ ਕਰਦੇ ਸਨ | ਤਸੀਲ ਰੱਈਏ ਵੀ ਇਨ੍ਹਾਂ ਦੀ ਆਵਾਜਾਈ ਬਹੁਤ ਰਹਿੰਦੀ ਸੀ | ਪਿੰਡ 'ਢੇਹ' ਦੇ ਕਈ ਫ਼ੌਜੀ ਸਿੰਘਾਂ ਨੇ ਸਵੇਰੇ ਤਹਿਸੀਲ ਨੂੰ ਆਉਣਾ ਹੁੰਦਾ ਸੀ ਤੇ ਸ਼ਾਮ ਵੇਲੇ ਆਪਣੇ ਪਿੰਡ ਨੂੰ ਮੁੜਨਾ ਹੁੰਦਾ ਸੀ | ਇਸ ਤਰ੍ਹਾਂ ਸਾਨੂੰ ਕੋਈ ਨਾ ਕੋਈ ਫ਼ੌਜੀ ਸਿੰਘ ਮਿਲ ਪਿਆ ਕਰਦਾ ਸੀ | ਉਨ੍ਹਾਂ ਨੂੰ ਵੇਖ ਕੇ ਮੇਰੇ ਮਨ ਵਿਚ ਸਹਿਜੇ ਇਹ ਪ੍ਰੇਰਨਾ ਹੋਣੀ ਸ਼ੁਰੂ ਹੋ ਗਈ ਕਿ ਬਾਕੀਆਂ ਨਾਲੋਂ ਸਿੰਘ ਵਧੇਰੇ ਸੋਹਣੇ ਅਤੇ ਜਵਾਨ ਹਨ | ਇਹ ਪ੍ਰੇਰਣਾ ਵਧਦੀ ਗਈ ਤੇ ਸਹਿਜੇ-ਸਹਿਜੇ ਮੇਰੇ ਮਨ ਵਿਚ ਪੱਕੀ ਹੁੰਦੀ ਗਈ | ਇਹ ਮੈਨੂੰ ਹੋਰਨਾਂ ਨਾਲੋਂ ਵਧੀਕ ਸੋਹਣੇ ਤੇ ਜਵਾਨ ਕਿਉਂ ਲਗਦੇ ਹਨ? ਇਨ੍ਹਾਂ ਦੇ ਸਿਰ ਉੱਤੇ ਕੇਸ ਅਤੇ ਮੂੰਹ ਉੱਤੇ ਦਾੜ੍ਹਾ ਸੀ | ਆਖਰ ਮੇਰੇ ਮਨ ਵਿਚ ਨਵੀਆਂ ਸੋਚਾਂ ਉੇੱਠਣੀਆਂ ਸ਼ੁਰੂ ਹੋ ਗਈਆਂ ਕਿ ਮੈਂ ਵੀ ਕੇਸ ਕਿਉਂ ਨਾ ਰੱਖ ਲਵਾਂ?' (ਪੰਨੇ 21-22) ਇਹ ਸੰਕਲਪ ਅਜੇ ਨੱਥੂ ਰਾਮ (ਸਾਹਿਬ ਸਿੰਘ) ਦੇ ਮਨ ਵਿਚ ਹੀ ਸੀ ਕਿ ਉਸ ਦਾ ਮੇਲ ਰਿਸ਼ਤੇ ਵਿਚੋਂ ਰੋਡੇ ਭੋਡੇ ਸਾਧੂ ਬਣ ਗਏ ਮਹਾਰਾਜ ਨਾਲ ਅਚਾਨਕ ਹੀ ਹੋ ਗਿਆ ਜੋ ਹੁਣ ਅੰਮਿ੍ਤ ਛਕ ਕੇ ਧਰਮ ਸਿੰਘ ਬਣ ਚੁੱਕਾ ਸੀ | ਤਿਆਰ ਤਾਂ ਉਹ ਪਹਿਲੇ ਹੀ ਸੀ, ਹੁਣ ਮੌਕਾ ਮੇਲ ਅਜਿਹਾ ਬਣ ਗਿਆ ਕਿ ਸਤੰਬਰ 1906 ਈ. ਵਿਚ ਨੱਥੂ ਰਾਮ ਵੀ ਅੰਮਿ੍ਤ ਛਕ ਕੇ ਸਾਹਿਬ ਸਿੰਘ ਬਣਿਆ ਅਤੇ ਪਿੱਛੋਂ ਇਸੇ ਨਾਂਅ ਨਾਲ ਮਸ਼ਹੂਰ ਹੋਇਆ | ਫ਼ੌਜੀ ਜਵਾਨਾਂ ਤੋਂ ਪ੍ਰਭਾਵਿਤ ਹੋ ਕੇ ਹੋਰ ਕਿੰਨੇ ਕੁ ਹੋਰ ਧਰਮਾਂ ਦੇ ਲੋਕ ਸਿੰਘ ਸਜੇ ਹੋਣਗੇ? ਇਸ ਦਾ ਅਨੁਮਾਨ ਲਾਉਣਾ ਔਖਾ ਹੈ |
ਬਹੁਤਾ ਭਰੋਸੇ ਨਾਲ ਕਹਿਣਾ ਔਖਾ ਹੈ ਪਰ ਸਾਡਾ ਅਨੁਮਾਨ ਹੈ ਕਿ ਪੰਜਾਬ ਵਿਚ ਚਾਹ ਅਤੇ ਵਲੈਤੀ ਘਿਉ ਦੇ ਰੁਝਾਨ ਵਧਾਉਣ ਵਿਚ ਵੀ ਫ਼ੌਜੀ ਜਵਾਨਾਂ ਦਾ ਹੱਥ ਹੈ | ਚਾਹ ਨੂੰ ਪੰਜਾਬੀ, ਲੱਸੀ ਦੇ ਟਾਕਰੇ, ਪਸੰਦ ਨਹੀਂ ਸਨ ਕਰਦੇ | ਏਸੇ ਲਈ ਅਸੀਂ ਵੇਖਦੇ ਹਾਂ ਕਿ ਅੱਜ ਤੋਂ ਸੱਤਰ, ਅੱਸੀ ਸਾਲ ਪਹਿਲਾਂ ਦੇ ਲਿਖੇ ਕਿੱਸਿਆਂ ਵਿਚ 'ਝਗੜਾ ਲੱਸੀ ਤੇ ਚਾਹ ਦਾ' ਵਰਗੇ ਕਿੱਸੇ ਜਾਂ ਪ੍ਰਸੰਗ ਲਿਖੇ ਜਾਣ ਲੱਗੇ | ਅਜਿਹੇ ਕਿੱਸਿਆਂ ਵਿਚੋਂ ਬਚਪਨ ਵਿਚ ਸੁਣੀਆਂ ਕੁਝ ਸਤਰਾਂ ਮੈਨੂੰ ਅਜੇ ਵੀ ਯਾਦ ਹਨ:
ਦੋ ਕੁ ਪੱਤੇ ਚਾਹ ਦੇ ਪਤੀਲਾ ਪਾਣੀ ਦਾ |
ਪੈ ਗਿਆ ਸੁਆਦ ਖ਼ਸਮਾਂ ਨੂੰ ਖਾਣੀ ਦਾ |
ਚਾਹ ਜਾਂ ਤਾਂ ਸੇਵਾ ਮੁਕਤ ਫ਼ੌਜੀ ਪੀਂਦੇ ਸਨ ਜਾਂ ਫਿਰ ਬੀਮਾਰ | ਦੇਸੀ ਘਿਉ ਦੇ ਟਾਕਰੇ ਬਨਸਪਤੀ ਤੇਲ ਵਿਚ ਖਾਣ ਪਕਾਉਣ ਦਾ ਫ਼ੌਜ ਵਿਚ ਪ੍ਰਚਲਣ ਸੀ ਕਿਉਂਕਿ ਲੰਗਰ ਵਿਚ ਹਰ ਚੀਜ਼ ਵੱਡੀ ਮਾਤਰਾ ਵਿਚ ਬਣਨੀ ਹੁੰਦੀ ਸੀ | ਜਦੋਂ ਦੁੱਧ ਮੁੱਲ ਵਿਕਣ ਲੱਗਾ ਤਾਂ ਦੇਸੀ ਘਿਉ ਦੀ ਤੋਟ ਪੂਰੀ ਕਰਨ ਲਈ ਵਲੈਤੀ ਘਿਉ ਵਰਤਿਆ ਜਾਣ ਲੱਗਾ |
ਪਿਛਲੇ ਦਿਨੀਂ ਅੰਗਰੇਜ਼ੀ ਦੀ ਇਕ ਅਖ਼ਬਾਰ ਵਿਚ ਇਹ ਸਟੋਰੀ ਛਪੀ ਸੀ ਕਿ ਹੁਣੇ ਖ਼ਤਮ ਹੋਈਆਂ ਰਾਸ਼ਟਰ ਮੰਡਲ ਖੇਡਾਂ ਅਤੇ ਇਸ ਤੋਂ ਪਹਿਲਾਂ ਲੰਡਨ ਓਲੰਪਿਕ ਖੇਡਾਂ ਵਿਚ ਹਰਿਆਣੇ ਦੇ ਖਿਡਾਰੀਆਂ ਨੇ ਵਧੇਰੇ ਮੈਡਲ ਕਿਉਂ ਜਿੱਤੇ ਹਨ? ਇਸ ਦੇ ਜਵਾਬ ਵਿਚ ਲੇਖਕ ਦਾ ਨਿਰਣਾ ਸੀ ਕਿ ਹਰਿਆਣੇ ਦੇ ਪਿੰਡਾਂ ਵਿਚ ਖੇਡਾਂ ਦੀ ਬੁਨਿਆਦ ਸੇਵਾਮੁਕਤ ਫ਼ੌਜੀਆਂ ਨੇ ਰੱਖੀ ਸੀ ਜੋ ਸ਼ੌਕੀਆ ਤੌਰ 'ਤੇ ਸਿਖਾਂਦਰੂਆਂ ਨੂੰ ਕੋਚ ਵਜੋਂ ਸਿਖਲਾਈ ਦਿੰਦੇ ਸਨ | ਸਮਾਂ ਬੀਤਣ ਨਾਲ ਇਹ ਕੋਸ਼ਿਸ਼ਾਂ ਓਲੰਪਿਕਸ ਤੱਕ ਪਹੁੰਚੀਆਂ | ਪੰਜਾਬ ਵਿਚ ਖੇਡਾਂ ਦੇ ਪ੍ਰਚਲਣ ਵਿਚ ਫ਼ੌਜੀਆਂ ਦਾ ਕਿੰਨਾਂ ਕੁ ਯੋਗਦਾਨ ਹੈ? ਇਕ ਖੋਜਤਲਬ ਮਸਲਾ ਹੈ ਪਰ ਇਕ ਮਹਿੰਗੀ ਖੇਡ (ਗੋਲਫ਼) ਦਾ ਭੱਵਿਖ ਮੈਨੂੰ ਇਸ ਲਈ ਰੌਸ਼ਨ ਦਿੱਸਦਾ ਹੈ ਕਿਉਂਕਿ ਪੰਜਾਬੀ ਅੱਜਕਲ੍ਹ ਮਹਿੰਗੇ-ਮਹਿੰਗੇ ਸ਼ੌਕ ਪਾਲ ਰਹੇ ਹਨ | ਵੱਡੀਆਂ ਕੋਠੀਆਂ, ਵੱਡੀਆਂ ਕਾਰਾਂ, ਭਾਰੇ ਮੋਟਰਸਾਈਕਲ ਅਤੇ ਹੋਰ ਵਿਲਾਸੀ ਚੀਜ਼ਾਂ ਦੇ ਪੰਜਾਬੀ ਦਿਨੋ-ਦਿਨ ਸ਼ੌਕੀਨ ਹੋ ਰਹੇ ਹਨ, ਇਸ ਲਈ ਗੋਲਫ਼ ਮਹਿੰਗੀ ਹੀ ਸਹੀ ਪਰ ਉਨ੍ਹਾਂ ਦੀ ਮਨਪਸੰਦ ਖੇਡ ਬਣ ਜਾਵੇਗੀ | ਗੋਲਫ਼ ਵਧੇਰੇ ਕਰਕੇ ਫ਼ੌਜੀ ਅਫ਼ਸਰਾਂ ਅਤੇ ਸੰਪੰਨ ਲੋਕਾਂ ਦੀ ਖੇਡ ਹੈ, ਇਸ ਲਈ ਮੈਨੂੰ ਉਹ ਪੰਜਾਬੀਆਂ ਦੀ ਅਮੀਰੀ ਦੇ ਐਨ ਅਨੁਕੂਲ ਲਗਦੀ ਹੈ | ਫ਼ੌਜੀਆਂ ਵਾਲੇ ਸ਼ੌਕ, ਦਿਲਚਸਪੀਆਂ, ਰਹਿਣੀ-ਬਹਿਣੀ ਅਤੇ ਤੜਕ- ਭੜਕ ਦਾ ਅਸਰ ਸਾਰੇ ਪੰਜਾਬੀਆਂ ਉੱਪਰ ਨਾ ਸਹੀ ਪਰ ਸਰਦੇ ਪੁੱਜਦੇ ਲੋਕਾਂ ਉੱਪਰ ਜ਼ਰੂਰ ਹੋ ਰਿਹਾ ਹੈ | ਹਰ ਕੰਮ ਸਮੇਂ ਸਿਰ ਕਰਨਾ, ਕਿਸੇ ਦੇ ਸਵਾਗਤ ਲਈ ਸਲੂਟ ਮਾਰਨਾ ਅਤੇ ਰਹਿਣੀ-ਬਹਿਣੀ ਵਿਚ ਸਲੀਕਾ ਆਦਿ ਕੁਝ ਅਜਿਹੇ ਸੱਭਿਆਚਾਰਕ ਵਿਹਾਰ ਹਨ ਜਿਨ੍ਹਾਂ ਉੱਪਰ ਫ਼ੌਜੀ ਜਵਾਨਾਂ ਦੀ ਮੁਹਰ ਛਾਪ ਪ੍ਰਤੱਖ ਹੈ |

-ਮੋਬਾਈਲ : 98889-39808


ਖ਼ਬਰ ਸ਼ੇਅਰ ਕਰੋ

ਜਿਊਾਦੇ ਰਹਿਣ ਲਈ ਜ਼ਰੂਰੀ ਹੈ ਸਾਫ਼ ਅਤੇ ਸ਼ੁੱਧ ਪਾਣੀ

ਦੇਸ਼ ਵਿਚ ਬਹੁਤ ਵੱਡੇ ਪੈਮਾਨੇ 'ਤੇ ਲੋਕ ਸਾਫ਼ ਅਤੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ | ਪਹਿਲਾਂ ਮੰਨਿਆ ਜਾਂਦਾ ਸੀ ਕਿ ਸ਼ੁੱਧ ਪਾਣੀ ਦੀ ਸਮੱਸਿਆ ਆਉਣ ਵਾਲੇ ਸਮੇਂ ਦੀ ਸਮੱਸਿਆ ਹੋਵੇਗੀ ਪਰ ਇਹ ਸਮੱਸਿਆ ਅੰਦਾਜ਼ਿਆਂ ਤੋਂ ਬਹੁਤ ਜ਼ਿਆਦਾ ਗਹਿਰੀ ਹੋ ਗਈ ਹੈ | ਅੱਜ ਤੋਂ ਪੰਜ ਸਾਲ ਪਹਿਲਾਂ ਤੱਕ ਕਿਹਾ ਜਾਂਦਾ ਸੀ ਕਿ ਜੇਕਰ ਭਾਰਤ ਦੇ ਲੋਕ ਪਾਣੀ ਦੀ ਅੰਨ੍ਹੇਵਾਹ ਵਰਤੋਂ ਅਤੇ ਇਸ ਨੂੰ ਲਗਾਤਾਰ ਪ੍ਰਦੂਸ਼ਤ ਕਰਨ ਦੀਆਂ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ 2040 ਤੱਕ ਦੇਸ਼ ਵਿਚ ਪੀਣ ਯੋਗ ਪਾਣੀ ਨਹੀਂ ਬਚੇਗਾ | ਪਰ ਹੁਣ ਨਵੇਂ ਸਿਰੇ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਆਫ਼ਤ 2040 ਤੋਂ ਪਹਿਲਾਂ ਹੀ ਆ ਜਾਵੇਗੀ |
ਅੱਜ ਸ਼ੁੱਧ ਅਤੇ ਸਾਫ਼ ਪਾਣੀ ਦੀ ਘਾਟ ਦਾ ਆਲਮ ਇਹ ਹੈ ਕਿ ਆਸਾਮ ਵਿਚ 17 ਲੱਖ ਲੋਕ ਆਰਸੈਨਿਕ ਘੁਲਿਆ ਪਾਣੀ ਅਤੇ ਪੱਛਮੀ ਬੰਗਾਲ ਵਿਚ 2 ਕਰੋੜ ਤੋਂ ਵੀ ਜ਼ਿਆਦਾ ਲੋਕ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹਨ | ਕੁੱਲ ਮਿਲਾ ਕੇ ਦੇਸ਼ ਵਿਚ 47 ਕਰੋੜ ਤੋਂ ਜ਼ਿਆਦਾ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪੀਣ ਵਾਲਾ ਸਾਫ਼ ਅਤੇ ਸ਼ੁੱਧ ਪਾਣੀ ਨਹੀਂ ਮਿਲ ਰਿਹਾ | ਇਹ ਤਾਂ ਸਰਕਾਰੀ ਅੰਕੜੇ ਹਨ | ਹਕੀਕਤ ਇਸ ਤੋਂ ਵੀ ਕਿਤੇ ਜ਼ਿਆਦਾ ਖ਼ਰਾਬ ਹੈ | ਕਿਹਾ ਜਾਂਦਾ ਹੈ ਕਿ ਜਿਊਾਦੇ ਰਹਿਣ ਲਈ ਸਾਫ਼ ਤੇ ਸ਼ੁੱਧ ਪਾਣੀ ਜ਼ਰੂਰੀ ਹੈ | ਪਰ ਹਰ ਦਿਨ ਦੇਸ਼ ਵਿਚ ਸ਼ੁੱਧ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ |
ਆਜ਼ਾਦੀ ਤੋਂ ਬਾਅਦ ਹੀ ਸਾਫ਼-ਸੁਥਰਾ ਪਾਣੀ ਇਕ ਵੱਡੀ ਸਮੱਸਿਆ ਰਹੀ ਹੈ | ਪਰ ਹੈਰਾਨੀ ਦੀ ਗੱਲ ਇਹ ਹੈ ਕਿ ਏਨੀ ਵੱਡੀ ਸਮੱਸਿਆ ਹੋਣ ਦੇ ਬਾਵਜੂਦ ਸਾਡੀਆਂ ਸਰਕਾਰਾਂ ਨੇ ਇਸ ਨੂੰ ਕਦੀ ਗੰਭੀਰਤਾ ਨਾਲ ਨਹੀਂ ਲਿਆ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਪੂਰੇ ਦੇਸ਼ ਵਿਚ ਪੀਣ ਵਾਲੇ ਸਾਫ਼ ਅਤੇ ਸ਼ੁੱਧ ਪਾਣੀ ਦੀ ਬਹੁਤ ਘਾਟ ਹੈ | ਇਸ ਕਾਰਨ ਕਰੋੜਾਂ ਲੋਕ ਹਰ ਸਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਇਲਾਜ 'ਤੇ ਅਰਬਾਂ, ਖਰਬਾਂ ਰੁਪਏ ਖ਼ਰਚ ਹੁੰਦੇ ਹਨ | ਇਹੀ ਨਹੀਂ ਦੂਸ਼ਿਤ ਪਾਣੀ ਪੀਣ ਨਾਲ ਹਰ ਸਾਲ ਦੇਸ਼ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਤੋਂ ਕਈ ਗੁਣਾ ਵਧੇਰੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ | ਦੇਸ਼ ਵਿਚ ਪੀਣ ਲਈ ਸ਼ੁੱਧ ਪਾਣੀ ਦੀ ਕਮੀ ਹੈ ਜਿਸ ਕਾਰਨ ਲੋਕਾਂ ਨੂੰ ਗੰਦਾ ਹੋਇਆ ਜ਼ਮੀਨ ਹੇਠਲਾ ਪਾਣੀ ਪੀਣਾ ਪੈਂਦਾ ਹੈ | ਹਾਲਾਂਕਿ ਅੱਜ ਤੋਂ 25-30 ਸਾਲ ਪਹਿਲਾਂ ਜ਼ਮੀਨ ਹੇਠਲਾ ਪਾਣੀ ਏਨਾ ਜ਼ਹਿਰੀਲਾ ਜਾਂ ਗੰਦਾ ਨਹੀਂ ਸੀ | ਪਰ ਜਿਵੇਂ-ਜਿਵੇਂ ਉਦਯੋਗੀਕਰਨ ਵਧਿਆ ਹੈ, ਬਹੁਤ ਸਾਰੇ ਕਾਰਖਾਨਿਆਂ ਦਾ ਪ੍ਰਦੂਸ਼ਿਤ ਪਾਣੀ ਨਦੀ-ਨਾਲਿਆਂ ਵਿਚ ਪੈਣ ਕਾਰਨ ਜਾਂ ਜ਼ਮੀਨ ਹੇਠਾਂ ਸੁੱਟ ਦੇਣ ਕਾਰਨ ਵੱਡੀ ਮਾਤਰਾ ਵਿਚ ਜ਼ਮੀਨ ਹੇਠਾਂ ਸਮਾ ਗਿਆ | ਉਸ ਨਾਲ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ | ਅੱਜ ਦੇਸ਼ ਦੇ ਦੋ ਤਿਹਾਈ ਤੋਂ ਜ਼ਿਆਦਾ ਹਿੱਸੇ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਫਲੋਰਾਈਡ, ਆਰਸੈਨਿਕ, ਲੋਹ ਅਤੇ ਨਾਈਟ੍ਰੇਟ ਵਰਗੇ ਤੱਤਾਂ ਅਤੇ ਭਾਰੀ ਧਾਤਾਂ ਦੀ ਮਾਤਰਾ ਬੇਤਹਾਸ਼ਾ ਵਧ ਚੁੱਕੀ ਹੈ |
ਇਸ ਪਾਣੀ ਦੀ ਵਰਤੋਂ ਨਾਲ ਚਮੜੀ ਸਬੰਧੀ ਰੋਗ, ਸਾਹ ਰੋਗ ਅਤੇ ਹੱਡੀਆਂ ਦਾ ਕਮਜ਼ੋਰ ਪੈਣਾ, ਗਠੀਆ ਅਤੇ ਕੈਂਸਰ ਵਰਗੇ ਰੋਗਾਂ ਦੀ ਬਹੁਤਾਤ ਹੋ ਗਈ ਹੈ | ਸਭ ਤੋਂ ਜ਼ਿਆਦਾ ਇਸ ਸਮੱਸਿਆ ਨਾਲ ਪੀੜਤ ਸੂਬੇ ਹਨ ਆਸਾਮ, ਪੱਛਮੀ ਬੰਗਾਲ ਅਤੇ ਰਾਜਸਥਾਨ | ਰਾਜਸਥਾਨ ਵਿਚ ਸਰਕਾਰੀ ਅੰਕੜਿਆਂ ਮੁਤਾਬਿਕ 77 ਲੱਖ ਤੋਂ ਜ਼ਿਆਦਾ ਲੋਕ ਹਰ ਰੋਜ਼ ਦੂਸ਼ਿਤ ਪਾਣੀ ਪੀਂਦੇ ਹਨ ਅਤੇ ਦਰਜਨਾਂ ਕਿਸਮ ਦੀਆਂ ਬਿਮਾਰੀਆਂ ਸਹੇੜ ਲੈਂਦੇ ਹਨ | ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚ 41 ਲੱਖ ਲੋਕ ਫਲੋਰਾਈਡ ਦੀ ਬਹੁਤਾਤ ਵਾਲਾ ਪਾਣੀ ਪੀ ਰਹੇ ਹਨ ਜਦਕਿ 36 ਲੱਖ ਲੋਕ ਨਮਕ, ਨਾਈਟ੍ਰੇਟ ਵਾਲਾ ਪਾਣੀ ਪੀਣ ਲਈ ਮਜਬੂਰ ਹਨ | ਸਰਕਾਰਾਂ ਆਉਂਦੀਆਂ ਹਨ, ਸਰਕਾਰਾਂ ਜਾਂਦੀਆਂ ਹਨ | ਹਰ ਵਾਰ ਵਾਅਦੇ ਕਰਦੀਆਂ ਹਨ ਪਰ ਕੋਈ ਨਹੀਂ ਜਾਣਦਾ ਇਨ੍ਹਾਂ ਤਮਾਮ ਵਾਅਦਿਆਂ ਦੇ ਬਾਵਜੂਦ ਸਾਰੇ ਆਮ ਹਿੰਦੁਸਤਾਨੀਆਂ ਨੂੰ ਕਦੋਂ ਸਾਫ਼ ਪਾਣੀ ਪੀਣ ਲਈ ਮਿਲੇਗਾ |
ਪਾਣੀ ਦੇ ਇਸ ਤਰ੍ਹਾਂ ਜ਼ਹਿਰੀਲੇ ਹੋਣ ਵਿਚ ਸਾਡੀ ਆਮ ਲੋਕਾਂ ਦੀ ਵੀ ਕੋਈ ਘੱਟ ਭੂਮਿਕਾ ਨਹੀਂ ਹੈ | ਖੇਤਾਂ ਵਿਚ ਲੋੜੋਂ ਵੱਧ ਰਸਾਇਣਾਂ ਦੀ ਵਰਤੋਂ ਅਤੇ ਬਰਸਾਤ ਦੇ ਮੌਸਮ ਵਿਚ ਕੁਦਰਤ ਤੋਂ ਹਾਸਲ ਤਮਾਮ ਮਿੱਠੇ ਪਾਣੀ ਨੂੰ ਇੰਜ ਹੀ ਵਹਿ ਜਾਣ ਦੇਣਾ ਸਾਡੀਆਂ ਇਹ ਸਭ ਤੋਂ ਵੱਡੀਆਂ ਦੋ ਗ਼ਲਤੀਆਂ ਹਨ ਜਿਨ੍ਹਾਂ ਨੂੰ ਖ਼ਤਮ ਕਰ ਕੇ ਅਸੀਂ ਸ਼ੁੱਧ ਪਾਣੀ ਦੀ ਇਸ ਵੱਡੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਪਾ ਸਕਦੇ ਹਾਂ | ਪਰ ਇਹ ਏਨਾ ਸੌਖਾ ਨਹੀਂ ਹੈ ਕਿਉਂਕਿ ਅਸੀਂ ਆਮ ਹਿੰਦੁਸਤਾਨੀਆਂ ਨੇ ਇਹ ਮੰਨ ਲਿਆ ਹੈ ਕਿ ਸਾਡੇ ਲਈ ਜੋ ਵੀ ਕੰਮ ਕਰਨਾ ਹੈ, ਉਹ ਸਿਰਫ਼ ਅਤੇ ਸਿਰਫ਼ ਸਰਕਾਰ ਨੇ ਹੀ ਕਰਨਾ ਹੈ | ਅਸੀਂ ਤਾਂ ਬਸ ਸਰਕਾਰਾਂ ਨੂੰ ਕੋਸਣਾ ਹੀ ਹੈ | ਇਕ ਆਮ ਆਦਮੀ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਪਾਣੀ ਨੂੰ ਪਲੀਤ ਕਰਦਾ ਹੈ ਅਤੇ ਇਸ ਦੀ ਦੁਰਵਰਤੋਂ ਵੀ ਕਰਦਾ ਹੈ | ਪਤਾ ਨਹੀਂ ਸ਼ੁਧ ਪਾਣੀ ਦੀ ਏਨੀ ਕਿੱਲਤ ਝੱਲਣ ਦੇ ਬਾਵਜੂਦ ਸਾਡੇ ਵਿਚ ਅਜਿਹੇ ਗੁਣ ਕਿਉਂ ਪੈਦਾ ਨਹੀਂ ਹੋ ਰਹੇ ਕਿ ਅਸੀਂ ਪਾਣੀ ਨੂੰ ਗੰਧਲਾ ਨਾ ਕਰੀਏ?
ਸਾਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਸਮੱਸਿਆ ਬਹੁਤ ਹੀ ਸੰਵੇਦਨਸ਼ੀਲ ਸਮੱਸਿਆ ਹੈ ਕਿਉਂਕਿ ਭਾਵੇਂ ਧਰਤੀ ਵਿਚ 70 ਫ਼ੀਸਦੀ ਤੋਂ ਜ਼ਿਆਦਾ ਪਾਣੀ ਹੋਵੇ ਪਰ ਜਿਹੜਾ ਪਾਣੀ ਪੀਣ ਦੇ ਯੋਗ ਹੈ, ਇਸ ਦੀ ਪੂਰੀ ਮਿਕਦਾਰ ਮਹਿਜ਼ 5-6 ਫ਼ੀਸਦੀ ਹੈ | ਭਾਰਤ ਖ਼ੁਸ਼ਕਿਸਮਤ ਹੈ ਕਿ ਕੈਨੇਡਾ ਤੋਂ ਬਾਅਦ ਦੁਨੀਆ ਵਿਚ ਇਹ ਦੂਸਰਾ ਅਜਿਹਾ ਦੇਸ਼ ਹੈ ਜਿਥੇ ਵੱਡੇ ਪੱਧਰ 'ਤੇ ਪੀਣ ਲਈ ਪਾਣੀ ਉਪਲਬੱਧ ਹੈ | ਪਰ ਅਸੀਂ ਆਪਣੀਆਂ ਹਰਕਤਾਂ ਅਤੇ ਲਾਪ੍ਰਵਾਹੀਆਂ ਕਾਰਨ ਪਾਣੀ ਨੂੰ ਇਕ ਬਹੁਤ ਵੱਡੀ ਸਮੱਸਿਆ ਬਣਾ ਲਿਆ ਹੈ | ਇਕ ਦਹਾਕਾ ਪਹਿਲਾਂ ਜਦੋਂ ਵਿਸ਼ਵ ਬੈਂਕ ਨੇ ਕਿਹਾ ਸੀ ਕਿ 20 ਸਾਲ ਬਾਅਦ ਭਾਰਤ ਵਿਚ ਸਭ ਤੋਂ ਵੱਡਾ ਵਪਾਰ ਪਾਣੀ ਦਾ ਹੋਵੇਗਾ ਤਾਂ ਸਾਰੇ ਕਾਰੋਬਾਰੀ ਲੋਕ ਮਜ਼ਾਕ ਉਡਾ ਰਹੇ ਸਨ | ਪਰ ਅੱਜ ਇਹ ਹਕੀਕਤ ਸਾਹਮਣੇ ਆ ਚੁੱਕੀ ਹੈ ਕਿ ਅੱਜ ਹਿੰਦੁਸਤਾਨ ਵਿਚ ਪਾਣੀ ਬਹੁਤ ਵੱਡਾ ਕਾਰੋਬਾਰ ਬਣ ਚੁੱਕਿਆ ਹੈ | ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਸ਼ੁੱਧ ਬੋਤਲ ਬੰਦ ਪਾਣੀ ਦਾ ਕਾਰੋਬਾਰ 16,000 ਕਰੋੜ ਰੁਪਏ ਤੋਂ ਵੱਧ ਜਾਵੇਗਾ | ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦੇਸ਼ ਵਿਚ ਦੁਨੀਆ ਦੇ ਦੂਸਰੇ ਨੰਬਰ ਦਾ ਸਭ ਤੋਂ ਜ਼ਿਆਦਾ ਪਾਣੀ ਕੁਦਰਤ ਦੇ ਤੋਹਫ਼ੇ ਵਜੋਂ ਮਿਲਦਾ ਹੋਵੇ, ਉਸ ਦੇਸ਼ ਵਿਚ ਕਰੀਬ 10 ਕਰੋੜ ਲੋਕ ਅਜਿਹੇ ਹੋਣ, ਜਿਨ੍ਹਾਂ ਨੂੰ ਪੀਣ ਵਾਲਾ ਪਾਣੀ ਮਿਲਦਾ ਹੀ ਨਹੀਂ ਹੈ |

-ਫਿਊਚਰ ਮੀਡੀਆ ਨੈੱਟਵਰਕ |

ਧਰਤੀ ਹੇਠਲੇ ਪਾਣੀ ਦਾ ਮਾਲਕ ਕੌਣ—ਕਿਸਾਨ ਜਾਂ ਸਰਕਾਰ?
ਭਾਰਤ ਵਿਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਲੋੜ ਤੋਂ ਵਧੇਰੇ ਕੀਤੀ ਜਾ ਰਹੀ ਹੈ, ਜੋ ਖ਼ਤਰੇ ਦੀ ਘੰਟੀ ਹੈ | 2011 ਦੇ ਨਮੂਨੇ ਮੁਲਾਂਕਣ ਅਨੁਸਾਰ ਭਾਰਤ ਦੇ 71 ਜ਼ਿਲਿ੍ਹਆਂ ਵਿਚੋਂ 19 (ਲਗਪਗ 26 ਫ਼ੀਸਦੀ) ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬੇਹੱਦ ਗੰਭੀਰ ਹੈ, ਜਿਸ ਦਾ ਭਾਵ ਇਹ ਹੈ ਕਿ ਉਨ੍ਹਾਂ ਦੇ ਜਲ ਭੰਡਾਰਾਂ ਦੀ ਜੋ ਕੁਦਰਤੀ ਪੂਰਤੀ ਸਮਰਥਾ ਹੈ, ਉਸ ਦੇ ਬਰਾਬਰ ਜਾਂ ਉਸ ਤੋਂ ਵਧੇਰੇ ਪਾਣੀ ਉਨ੍ਹਾਂ 'ਚੋਂ ਕੱਢਿਆ ਜਾ ਰਿਹਾ ਹੈ | 2013 ਦੇ ਇਕ ਹੋਰ ਮੁਲਾਂਕਣ ਅਨੁਸਾਰ ਇਹ ਫ਼ੀਸਦੀ ਵਧ ਕੇ 31 ਹੋ ਗਈ ਹੈ, ਇਸ ਮੁਲਾਂਕਣ ਵਿਚ ਉਨ੍ਹਾਂ ਜ਼ਿਲਿ੍ਹਆਂ ਦੇ ਧਰਤੀ ਹੇਠਲੇ ਪਾਣੀ ਦੇ ਬਲਾਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਜੋ ਖਾਰੇ ਹੋ ਗਏ ਸਨ | ਪਾਣੀ ਦਾ ਲੋੜ ਤੋਂ ਵਧੇਰੇ ਕੱਢਿਆ ਜਾਣਾ ਉੱਤਰ ਪੱਛਮੀ ਸੂਬਿਆਂ ਰਾਜਸਥਾਨ, ਪੰਜਾਬ ਤੇ ਹਰਿਆਣਾ ਵਿਚ ਜਾਰੀ ਹੈ | ਪੰਜਾਬ ਤੇ ਹਰਿਆਣਾ ਵਿਚ ਨਹਿਰਾਂ ਦਾ ਬਹੁਤ ਜ਼ਿਆਦਾ ਵਿਕਸਿਤ ਨੈੱਟਵਰਕ ਤਾਂ ਹੈ ਫਿਰ ਵੀ ਇਹ ਧਰਤੀ ਹੇਠਲੇ ਪਾਣੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ | ਪਿਛਲੇ ਸਾਲ ਕੇਂਦਰੀ ਜਲ ਮੰਤਰਾਲਾ ਇਕ ਬਿੱਲ ਲੈ ਕੇ ਆਇਆ ਸੀ, ਜਿਸ ਤਹਿਤ ਵੱਖ-ਵੱਖ ਵਰਗ, ਜੋ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇਸ ਦੀ ਫੀਸ ਚੁਕਾਉਣੀ ਪਵੇਗੀ | ਮੌਜੂਦਾ ਸਥਿਤੀ ਇਹ ਹੈ ਕਿ ਭੂਮੀ ਦੇ ਮਾਲਕ ਨੂੰ ਹੀ ਉਸ ਭੂਮੀ ਦੇ ਧਰਤੀ ਹੇਠਲੇ ਪਾਣੀ ਦਾ ਮਾਲਕ ਸਮਝਿਆ ਜਾਂਦਾ ਹੈ | ਇਸ ਬਿੱਲ ਰਾਹੀਂ ਧਰਤੀ ਹੇਠਲੇ ਪਾਣੀ ਦਾ ਮਾਲਕ ਸੂਬੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਹੁਣ ਦੇਖਣਾ ਇਹ ਹੈ ਕਿ ਕੀ ਸੂਬੇ ਇਸ ਦਿ੍ਸ਼ਟੀਕੋਣ ਨੂੰ ਸਵੀਕਾਰ ਕਰਨਗੇ? ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਕੀ ਕਿਸਾਨ, ਜਿਸ ਧਰਤੀ ਹੇਠਲੇ ਪਾਣੀ ਨੂੰ ਹੁਣ ਤੱਕ ਆਪਣਾ ਮੰਨਦੇ ਆ ਰਹੇ ਹਨ, ਉਸ ਨੂੰ ਸੂਬੇ ਦੀ ਜਾਇਦਾਦ ਮੰਨ ਕੇ ਸੂਬੇ ਨੂੰ ਉਸ ਦਾ ਮੁੱਲ ਦੇਣ ਲਈ ਤਿਆਰ ਹੋ ਜਾਣਗੇ? ਇਸ ਨਾਲ ਤਾਂ ਲਗਾਤਾਰ ਕਰਜ਼ੇ ਵਿਚ ਡੁਬਦੇ ਕਿਸਾਨਾਂ 'ਤੇ ਹੋਰ ਬੋਝ ਵਧ ਜਾਏਗਾ |

ਤਾਜ਼ਗੀ ਬਖ਼ਸ਼ਦੇ- ਜਲ ਬਗ਼ੀਚੀ ਅਤੇ ਜਲ ਪੌਦੇ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ, ਬਲਕਿ ਧਰਤੀ 'ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ | ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ, ਜੋ ਜੀਵਨ ਦਾ ਆਧਾਰ ਹੈ ਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ | ਮੈਸੋਪੋਟਾਮੀਆ ਵਰਗੀਆਂ ਅਨੇਕਾਂ ਹੀ ਸੱਭਿਆਤਾਵਾਂ ਪਾਣੀ ਦੇ ਕੰਢੇ ਵਿਕਸਤ ਹੋਈਆਂ ਹੋਣ ਦੇ ਤੱਥ ਸਾਨੂੰ ਮਿਲਦੇ ਹਨ | ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਹੀ ਸਾਡੇ ਅੰਗ-ਸੰਗ ਰਹਿੰਦਾ ਹੈ | ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ | ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ | ਪਹਿਲਾਂ ਭੋਜਨ, ਰਹਿਣ-ਸਹਿਣ ਆਦਿ ਵਰਗੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਵੱਖ-ਵੱਖ ਪੌਦੇ | ਰੁੱਖ ਆਦਿ ਸਮਾਂ ਪਾ ਕੇ ਸ਼ੌਕ ਦਾ ਵੀ ਹਿੱਸਾ ਬਣੇ, ਜੋ ਬਗੀਚੀਆਂ ਦੇ ਰੂਪ ਵਿਚ ਸਾਹਮਣੇ ਆਏ | ਬਗੀਚੀਆਂ ਦੇ ਵਾਧੇ ਅਤੇ ਖੂਬਸੂਰਤੀ ਦੇ ਪੱਖ ਤੋਂ ਜਿੰਦ-ਜਾਨ ਪਾਉਣ ਦਾ ਕੰਮ ਵੀ ਪਾਣੀ ਨੇ ਬਾਖੂਬੀ ਨਿਭਾਇਆ ਹੈ |
ਪਹਿਲਾਂ-ਪਹਿਲ ਪਾਣੀ ਨੂੰ ਰੁੱਖ/ਪੌਦਿਆਂ ਜਾਂ ਪੂਰੇ ਬਗੀਚਿਆਂ ਨੂੰ ਸਿਰਫ਼ ਵਾਧੇ ਲਈ ਵਰਤਿਆ ਗਿਆ, ਪੰ੍ਰਤੂ ਹੌਲੀ-ਹੌਲੀ ਪਾਣੀ ਬਗੀਚੀ ਦਾ ਅਨਿੱਖੜਵਾਂ ਅੰਗ ਬਣ ਗਿਆ | ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਬਗੀਚੇ ਵਿਚ ਪਾਣੀ ਨੂੰ ਖੂਬਸੂਰਤੀ ਦੇ ਪੱਖ ਵਜੋਂ ਵਰਤਣ ਦੀ ਉਦਾਹਰਨ ਮਿਸਰ ਦੇਸ਼ ਦੇ ਬਗੀਚਿਆਂ ਵਿਚ ਵੇਖਣ ਨੂੰ ਮਿਲੀ ਹੈ | ਹਾਲਾਂਕਿ ਅਸੀਂ ਚਾਹੇ ਬੁੱਧ ਧਰਮ ਨਾਲ ਜੁੜੇ ਸਥਾਨਾਂ, ਚੀਨ ਦੇਸ਼ ਦੇ ਬਗੀਚਿਆਂ, ਜਾਪਾਨੀ ਬਗੀਚਿਆਂ, ਈਰਾਨੀ ਅਤੇ ਮੁਗ਼ਲ ਬਗੀਚਿਆਂ ਜਾਂ ਫਿਰ ਅਜੋਕੇ ਵਿਕਸਤ ਹੋ ਚੁੱਕੇ ਜਾਂ ਹੋ ਰਹੇ ਦੇਸ਼ਾਂ ਦੇ ਬਗੀਚਿਆਂ 'ਤੇ ਝਾਤੀ ਮਾਰਦੇ ਹਾਂ ਤਾਂ ਪਾਣੀ ਦੀ ਵਰਤੋਂ ਬਾਖੂਬੀ ਨਾਲ ਕੀਤੀ ਗਈ ਮਿਲਦੀ ਹੈ | ਖੜ੍ਹਾ ਪਾਣੀ ਜਿਥੇ ਸ਼ਾਂਤ ਮਾਹੌਲ ਸਿਰਜ ਕੇ ਕੁਦਰਤ ਦੇ ਨੇੜੇ ਹੋਣ ਦਾ ਮਾਹੌਲ ਸਿਰਜਦਾ ਹੈ, ਤਾਂ ਦੂਸਰੇ ਪਾਸੇ ਅਨੇਕਾਂ ਤਰੀਕਿਆਂ ਨਾਲ ਵਗਦਾ ਪਾਣੀ ਹੁਸੀਨ ਦਿ੍ਸ਼ ਅਤੇ ਆਵਾਜ਼ ਨਾਲ ਮਨੁੱਖੀ ਮਨ ਨੂੰ ਤਰੋਤਾਜ਼ਾ ਕਰਦਾ ਹੈ | ਜਾਪਾਨੀ ਅਤੇ ਮੁਗ਼ਲ ਬਗੀਚਿਆਂ ਨੂੰ ਤਾਂ ਪਾਣੀ ਤੋਂ ਬਿਨਾਂ ਸੋਚਿਆਂ ਵੀ ਨਹੀਂ ਜਾ ਸਕਦਾ | ਪੁਰਾਤਨ ਵੇਲਿਆਂ ਵਿਚ ਬਿਨਾਂ ਮੋਟਰਾਂ ਜਾਂ ਮਸ਼ੀਨੀਕਰਨ ਦੇ ਪਾਣੀ ਨੂੰ ਬੜੀ ਬਾਖੂਬੀ ਵਰਤਿਆ ਜਾਂਦਾ ਸੀ ਅਤੇ ਲੰਮੀ ਦੂਰੀ ਵੀ ਤਕਨੀਕੀ ਪੱਖਾਂ ਰਾਹੀਂ ਹੀ ਤੈਅ ਕਰਵਾ ਲਈ ਜਾਂਦੀ ਸੀ | ਭਾਵ ਪਾਣੀ ਨੂੰ ਬੜੀ ਦੂਰੋਂ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾ ਦਿੱਤਾ ਜਾਂਦਾ ਸੀ |
ਖੜ੍ਹੇ ਪਾਣੀ ਨੂੰ ਵਿਸ਼ੇਸ਼ ਤੌਰ 'ਤੇ ਬਗੀਚਿਆਂ ਵਿਚ ਦੋ ਕਾਰਨਾਂ ਕਰਕੇ ਵਰਤਿਆ ਜਾਂਦਾ ਹੈ | ਇਕ ਤਾਂ ਝੀਲ ਦੇ ਰੂਪ ਵਿਚ ਜਾਂ ਫਿਰ ਪੂਲ/ਛੱਪੜ ਆਦਿ ਦੇ ਰੂਪ ਵਿਚ ਰੱਬੀ ਧਿਆਨ ਜਾਂ ਤਪ/ਭਗਤੀ ਮਾਹੌਲ ਨੂੰ ਸਿਰਜਿਆ ਜਾਂਦਾ ਹੈ, ਦੂਸਰਾ ਖੜ੍ਹੇ ਪਾਣੀ ਵਿਚ ਆਕਾਸ਼, ਰੁੱਖ, ਬੱਦਲਾਂ, ਚੰਨ ਸੂਰਜ ਅਤੇ ਸਿਤਾਰਿਆਂ ਦੇ ਅਕਸ ਨੂੰ ਤੱਕਣ ਦੇ ਕੰਮ ਆਉਂਦਾ ਹੈ | ਵਗਦਾ ਪਾਣੀ ਬਗੀਚਿਆਂ ਵਿਚ ਨਹਿਰ, ਫੁਹਾਰੇ, ਝਰਨੇ ਆਦਿ ਦੇ ਰੂਪ ਵਿਚ ਵਰਤਿਆ ਜਾਂਦਾ ਹੈ | ਪਾਣੀ ਦਾ ਵਗਣਾ ਜੀਵਨ ਦੇ ਸਦਾ ਚਲਦੇ ਰਹਿਣ ਨੂੰ ਦਰਸਾਉਂਦਾ ਹੈ |
ਅੱਜ ਜਲ ਬਗੀਚੀਆਂ ਏਕੜਾਂ ਦੇ ਆਕਾਰ ਤੋਂ ਲੈ ਕੇ ਪਾਣੀ ਦੀ ਬੋਤਲ ਤੱਕ ਦੇ ਆਕਾਰ ਦੀਆਂ ਵੀ ਬਣਾਈਆਂ ਜਾਂਦੀਆਂ ਹਨ ਅਤੇ ਬਣਾਈਆਂ ਜਾ ਸਕਦੀਆਂ ਹਨ | ਬਗੀਚੀਆਂ ਵਿਚ ਜਲ ਬਗੀਚੀ ਬਣਾਉਣ ਖਾਤਰ ਬਗੀਚੀ ਦੇ ਸਟਾਈਲ ਮੁਤਾਬਿਕ ਜਾਂ ਪਾਣੀ ਪਸੰਦ ਅਨੁਸਾਰ ਪੂਲ ਜਾਂ ਤਾਲਾਬ ਕਹਿ ਲਈਏ, ਉਸ ਦਾ ਆਕਾਰ ਅਤੇ ਦਿੱਖ ਰੱਖੀ ਜਾਂਦੀ ਹੈ | ਬਗੀਚੀ ਵਿਚਲਾ ਤਾਲਾਬ ਗੋਲ, ਆਇਤਕਾਰ, ਗੁਰਦੇ ਦੀ ਸ਼ਕਲ, ਚੌਰਸ ਜਾਂ ਫਿਰ ਟੇਢਾ-ਮੇਢਾ ਆਦਿ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ | ਸੀਮੈਂਟ ਦੇ ਤਾਲਾਬ ਤੋਂ ਇਲਾਵਾ ਪਲਾਸਟਿਕ ਜਾਂ ਕਿਸੇ ਧਾਤ ਦੇ ਬਣੇ ਡਰੰਮਾਂ ਆਦਿ ਤੋਂ ਵੀ ਕੰਮ ਲਿਆ ਜਾ ਸਕਦਾ ਹੈ | ਛੋਟੇ ਆਕਾਰ ਦੇ ਬਗੀਚਿਆਂ ਲਈ ਤਾਂ ਬਾਜ਼ਾਰਾਂ ਵਿਚੋਂ ਬਣੇ-ਬਣਾਏ ਢਾਂਚੇ ਦੇ ਰੂਪ ਵਿਚ ਬੇਹੱਦ ਸੋਹਣੇ ਤਾਲਾਬ ਰੂਪੀ ਵੱਡਆਕਾਰੀ ਗਮਲੇ ਮਿਲ ਜਾਂਦੇ ਹਨ, ਜਿਨ੍ਹਾਂ ਵਿਚ ਘਰੇ ਪਾਣੀ ਪਾਉਣ ਉਪਰੰਤ ਪਾਣੀ ਵਿਚ ਲੱਗਣ ਵਾਲੇ ਪੌਦੇ ਲਾਏ ਜਾਂਦੇ ਹਨ | ਬਗੀਚਿਆਂ ਵਿਚ ਤਾਲਾਬ ਰੂਪੀ ਪਾਣੀ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਫੁਹਾਰੇ ਵੀ ਲਾਏ ਜਾਂਦੇ ਹਨ | ਉਪਰੋਂ ਹੇਠਾਂ ਵੱਲ ਨੂੰ ਪਾਣੀ ਨੂੰ ਸੁੱਟ ਕੇ ਝਰਨੇ ਦਾ ਰੂਪ ਦਿੱਤਾ ਜਾਂਦਾ ਹੈ | ਪੰ੍ਰਤੂ ਇਸ ਗੱਲ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਪਾਣੀ ਦੀ ਵਰਤੋਂ ਕਰਨ ਲੱਗਿਆਂ ਤਕਨੀਕੀ ਪੱਖਾਂ ਨੂੰ ਅੱਖੋਂ ਪਰੋਖੇ ਬਿਲਕੁਲ ਨਹੀਂ ਕਰਨਾ ਚਾਹੀਦਾ | ਚਾਹੇ ਅਸੀਂ ਤਾਲਾਬ ਰੂਪੀ ਪਾਣੀ ਨੂੰ ਬਗੀਚੀ ਵਿਚ ਵਰਤਣਾ ਹੋਵੇ ਜਾਂ ਫਿਰ ਫੁਹਾਰੇ, ਝਰਨੇ ਆਦਿ ਬਣਾਉਣੇ ਹੋਣ, ਉਨ੍ਹਾਂ ਦਾ ਸਥਾਨ, ਆਕਾਰ, ਦਿਖ ਆਦਿ ਆਪਣੀ ਸੋਚ-ਸਮਝ ਦੇ ਨਾਲ-ਨਾਲ ਤਕਨੀਕੀ ਮਾਹਿਰ ਭਾਵ ਲੈਂਡਸਕੇਪਿੰਗ ਦੇ ਖੇਤਰ ਵਿਚ ਜਾਣਕਾਰੀ ਰੱਖਣ ਵਾਲੇ ਤੋਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ | ਦੇਸੀ ਜੁਗਾੜ ਨਾਲ ਬਣਾਏ ਪੂਲ ਜਾਂ ਲਾਏ ਫੁਹਾਰੇ ਅਕਸਰ ਲੋਕਾਂ ਦੀਆਂ ਬਗੀਚੀਆਂ ਵਿਚ ਬੰਦ ਪਏ ਨਜ਼ਰ ਆਉਂਦੇ ਹਨ | ਵਾਟਰ ਫਾਲ ਦਾ ਫਾਲ ਅਕਸਰ ਦੇਖਣ ਵਿਚ ਸਹੀ ਨਹੀਂ ਮਿਲਦਾ | ਕਹਿਣ ਤੋਂ ਭਾਵ ਪਾਣੀ ਡਿੱਗਣ ਵਿਚ ਇਕਸਾਰਤਾ ਨਜ਼ਰ ਨਹੀਂ ਆਉਂਦੀ |
ਸੀਮੈਂਟ, ਪਲਾਸਟਿਕ ਜਾਂ ਫਾਈਬਰ ਆਦਿ ਦੇ ਢੋਲ ਰੂਪੀ ਤਾਲਾਬ ਜਾਂ ਛੋਟੇ-ਛੋਟੇ ਗਮਲਿਆਂ ਰੂਪੀ ਪੂਲ ਤਿਆਰ ਹੋ ਜਾਣ 'ਤੇ ਅਹਿਮ ਕੰਮ ਆਉਂਦਾ ਹੈ, ਉਸ ਵਿਚ ਬੂਟੇ ਲਾਉਣਾ | ਪਾਣੀ ਵਿਚ ਹੋਣ ਵਾਲੇ ਪੌਦਿਆਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਕਮਲ ਦਾ | ਕਮਲ ਸਾਡਾ ਰਾਸ਼ਟਰੀ ਫੁੱਲ ਹੈ ਅਤੇ ਵਿਸ਼ਨੂੰ ਭਗਵਾਨ ਨਾਲ ਵੀ ਜੁੜਿਆ ਹੋਇਆ ਮਿਥਹਾਸ ਦੱਸਦਾ ਹੈ | ਕਮਲ ਦਾ ਜ਼ਿਕਰ ਵੇਦਾਂ, ਗ੍ਰੰਥਾਂ ਵਿਚ ਮਿਲਦਾ ਹੈ | ਵਿਗਿਆਨੀਆਂ ਨੂੰ ਮਿਲੇ ਪਥਰਾਟਾਂ ਤੋਂ ਪਤਾ ਲਗਦਾ ਹੈ ਕਿ ਪਾਣੀ ਵਿਚ ਕਮਲ ਅਤੇ ਹੋਰਨਾਂ ਪੌਦੇ ਅਨੇਕਾਂ ਹੀ ਸਾਲਾਂ ਤੋਂ ਮਨੁੱਖ ਸ਼ੌਕ ਖਾਤਰ ਲਾਉਂਦਾ ਰਿਹਾ ਹੈ | ਪਾਣੀ ਵਿਚ ਹੋਣ ਵਾਲੇ ਲਿੱਲੀ ਕਿਸਮ ਦੇ ਪੌਦੇ ਭਾਵ 'ਵਾਟਰ ਲਿਲੀ' ਅਕਸਰ ਬਗੀਚੀਆਂ ਦਾ ਸ਼ਿੰਗਾਰ ਬਣਦੇ ਹਨ | ਇਸ ਤੋਂ ਇਲਾਵਾ ਹਾਈਡਰਿੱਲਾ, ਸਾਲਵੀਨੀਆ, ਜਲ ਘਾਹ (ਵੈਲਿਸ ਨੇਰੀਆ ਸਮਾਈਰਡਿਸ) ਅਤੇ ਹੋਰ ਅਨੇਕਾਂ ਕਿਸਮਾਂ ਦੇ ਪੌਦੇ ਪਾਣੀ ਵਿਚ ਉਗਾਏ ਜਾ ਸਕਦੇ ਹਨ, ਜਿਹੜੇ ਕਿ ਅਕਸਰ ਨਰਸਰੀਆਂ ਵਿਚੋਂ ਘੱਟ ਹੀ ਮਿਲਦੇ ਹਨ | ਪਾਣੀ ਵਿਚਲੇ ਪੌਦਿਆਂ ਤੋਂ ਇਲਾਵਾ ਪਾਣੀ ਦੇ ਆਸ-ਪਾਸ ਭਾਵ ਪੂਲ ਦੇ ਕਿਨਾਰਿਆਂ 'ਤੇ ਅੰਬਰੇਲਾ ਪਾਮ, ਐਸਪੈਰੇਗਸ, ਮਾਈਨਿਆ, ਕਲੋਰੋਫਾਈਟਮ ਅਤੇ ਬੰਸ ਜਾਤੀ ਦੇ ਕੁਝ ਪੌਦੇ ਸਜਾਵਟ ਲਈ ਲਾਏ ਜਾ ਸਕਦੇ ਹੁੰਦੇ ਹਨ | ਕੁਝ ਲੋਕ ਪਾਣੀ ਵਿਚ ਗੋਲਡਨ ਫਿਸ਼ ਵਰਗੀਆਂ ਮੱਛੀਆਂ ਵੀ ਖੂਬਸੂਰਤੀ ਪੱਖ ਲਈ ਛੱਡ ਲੈਂਦੇ ਹਨ |
ਕੁੱਲ ਮਿਲਾ ਕੇ ਜਲ ਬਗੀਚੀਆਂ ਅਤੇ ਜਲ ਪੌਦੇ ਸਾਡੀਆਂ ਬਗੀਚੀਆਂ ਨੂੰ ਹੁਸੀਨ ਤਾਂ ਬਣਾਉਂਦੇ ਹਨ, ਪੰ੍ਰਤੂ ਜੇਕਰ ਅਸੀਂ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰੀਏ ਤਾਂ | ਸਾਂਭ-ਸੰਭਾਲ ਤੋਂ ਵੀ ਅਹਿਮ ਹੈ ਬਣਾਉਣ ਵੇਲੇ ਤਕਨੀਕੀ ਪੱਖਾਂ ਵੱਲ ਧਿਆਨ ਜ਼ਰੂਰ ਦੇਵੋ | ਡਿਜ਼ਾਈਨ ਬਣਾਉਣ ਵੇਲੇ ਪਤਾ ਨਾ ਲੱਗੇ ਤਾਂ ਕਿਸੇ ਮਾਹਿਰ ਤੋਂ ਸਲਾਹ ਲੈਣ ਤੋਂ ਗੁਰੇਜ਼ ਬਿਲਕੁਲ ਨਾ ਕਰੋ | ਬਗੀਚੀਆਂ ਵਿਚਲੇ ਪਾਣੀ ਵਾਲੇ ਸਥਾਨਾਂ ਭਾਵ ਪੂਲ, ਫੁਹਾਰੇ, ਝਰਨੇ ਆਦਿ ਦੀ ਸਫ਼ਾਈ ਦਾ ਪੂਰਾ ਧਿਆਨ ਰੱਖੋ | ਜੇਕਰ ਸਾਂਭ-ਸੰਭਾਲ ਦਾ ਕਸ਼ਟ ਨਹੀਂ ਕਰ ਸਕਦੇ ਤਾਂ ਫਿਰ ਜਲ ਬਗੀਚੀ ਬਣਾਉਣ ਦਾ ਕਸ਼ਟ ਵੀ ਨਾ ਹੀ ਕੀਤਾ ਜਾਵੇ ਤਾਂ ਬਿਹਤਰ ਹੁੰਦਾ ਹੈ |
-ਮੋਬਾਈਲ : 98142-39041.
landscapingpeople0rediffmail.com

ਦੇਸੀ ਬਨਾਮ ਵਿਦੇਸ਼ੀ ਕੋਚ: ਭਾਰਤੀ ਹਾਕੀ ਲਈ ਬਿਹਤਰ ਕੌਣ?

ਜਿਨ੍ਹਾਂ ਸਵਦੇਸ਼ੀ ਕੋਚਾਂ ਦੀ ਸਿਖਲਾਈ ਅਧੀਨ ਭਾਰਤ ਨੇ ਵੱਖ-ਵੱਖ ਉਲੰਪਿਕ ਖੇਡਾਂ ਅਤੇ ਵਿਸ਼ਵ ਕੱਪ ਹਾਕੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ, ਉਹ ਹਨ ਪੰਕਜ ਗੁਪਤਾ, ਪ੍ਰੋ: ਜਗਨ ਨਾਥ, ਹਰਬੇਲ ਸਿੰਘ, ਕਿਸ਼ਨ ਲਾਲ, ਬਾਲਕ੍ਰਿਸ਼ਨ ਸਿੰਘ, ਧਰਮ ਸਿੰਘ ਸੀਨੀਅਰ, ਕੇ. ਡੀ. ਸਿੰਘ ਬਾਬੂ, ਬਲਬੀਰ ਸਿੰਘ ਸੀਨੀਅਰ ਅਤੇ ਗੁਰਚਰਨ ਸਿੰਘ ਬੋਧੀ | ਉਪਰੋਕਤ ਦਰਸਾਈਆਂ ਭਾਰਤੀ ਕੋਚਿੰਗ ਸ਼ਖ਼ਸੀਅਤਾਂ ਦੇ ਉਲਟ ਜਿਨ੍ਹਾਂ ਵਿਦੇਸ਼ੀ ਕੋਚਾਂ ਤੋਂ ਸਿਖਲਾਈ ਲੈ ਕੇ ਭਾਰਤ ਨਾ ਤਾਂ ਉਲੰਪਿਕਸ ਵਿਚ ਅਤੇ ਨਾ ਹੀ ਵਿਸ਼ਵ ਕੱਪ ਹਾਕੀ ਮੁਕਾਬਲਿਆਂ ਵਿਚ ਕੋਈ ਤਗਮਾ ਜਿੱਤ ਸਕਿਆ, ਉਹ ਹਨ ਗੈਰਹਾਰਡ ਰਾਕ, ਰਿੱਕ ਚਾਰਲਸਵਰਥ (ਮੱੁਖ ਹਾਕੀ ਸਲਾਹਕਾਰ), ਜੋਸ ਬਰਾਸਾ, ਮਾਈਕਲ ਨੌਬਜ਼, ਟੈਰੀ ਵਾਲਸ਼, ਪਾਲ ਵਾਨ ਆਸ ਅਤੇ ਰੌਇਲੈਂਟ ਓਲਟਮਨਜ਼ |
ਹਾਕੀ ਖੇਡ ਦੀ ਇਸ ਬੁਨਿਆਦੀ ਅਤੇ ਅਤਿ ਜ਼ਰੂਰੀ ਪ੍ਰਕਿਰਿਆ ਤੋਂ ਸਾਰੇ ਹੀ ਜਾਣੂ ਹਨ ਕਿ ਸਵਦੇਸ਼ੀ ਹਾਕੀ ਕੋਚ ਵੱਖ-ਵੱਖ ਉਮਰ ਗਰੱੁਪ ਦੇ ਹੋਣਹਾਰ ਬੱਚਿਆਂ ਨੂੰ ਮੁਢਲੇ ਪੱਧਰ ਤੋਂ ਹੀ ਲੋੜੀਂਦੀ ਕੋਚਿੰਗ ਅਤੇ ਸਰੀਰਕ ਟ੍ਰੇਨਿੰਗ ਦਿੰਦੇ ਹਨ ਅਤੇ ਉਨ੍ਹਾਂ ਨੂੰ ਕੁਸ਼ਲ, ਤੇਜੱਸਵੀ ਅਤੇ ਭਰੋਸੇਯੋਗ ਖਿਡਾਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਹ ਸਿਖਲਾਈ ਦਾ ਸਿਲਸਿਲਾ ਤਕਰੀਬਨ 21 ਵਰਿ੍ਹਆਂ ਦੀ ਉਮਰ ਤੱਕ ਚਲਦਾ ਰਹਿੰਦਾ ਹੈ | ਸਵਦੇਸ਼ੀ ਕੋਚ ਆਪਣੇ ਖਿਡਾਰੀਆਂ ਨੂੰ ਆਪਣੇ ਹੀ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਨਿੱਤ ਪ੍ਰਤੀ ਦਿਨ ਦੀਆਂ ਆਦਤਾਂ, ਜ਼ਰੂਰਤਾਂ, ਖੇਡਣ ਦੇ ਢੰਗ-ਤਰੀਕਿਆਂ, ਖੇਡ ਪ੍ਰਤੀ ਰੁਚੀ, ਲਗਨ, ਚਾਲ-ਚਲਣ, ਖੇਡ ਪ੍ਰਤੀ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਤੋਂ ਵੀ ਜਾਣੂ ਹੁੰਦੇ ਹਨ | ਦੂਜੇ ਸ਼ਬਦਾਂ ਵਿਚ ਸਵਦੇਸ਼ੀ ਕੋਚ ਇਨ੍ਹਾਂ ਖਿਡਾਰੀਆਂ ਦੀ ਰਗ-ਰਗ ਤੋਂ ਵਾਕਿਫ ਹੋਣ ਕਾਰਨ ਇਨ੍ਹਾਂ ਦੀ ਨਬਜ਼ ਨੂੰ ਵੀ ਚੰਗੀ ਤਰ੍ਹਾਂ ਪਛਾਣਦੇ ਹਨ |
ਹੁਣ ਸਵਾਲ ਉਠਦਾ ਹੈ ਕਿ ਜੇ ਏਨੀ ਮਿਹਨਤ ਕਰਨ ਤੋਂ ਬਾਅਦ ਇਨ੍ਹਾਂ ਤਰਾਸ਼ੇ ਹੋਏ ਖਿਡਾਰੀਆਂ ਨੂੰ ਭਾਰਤੀ ਟੀਮ 'ਚ ਸ਼ਾਮਿਲ ਕਰਕੇ ਅਗਲੇਰੀ ਕੋਚਿੰਗ ਲਈ ਇਕ ਅਣਜਾਣ ਵਿਦੇਸ਼ੀ ਕੋਚ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਇਹ ਕੋਈ ਸਾਰਥਿਕਤਾ ਵਾਲੀ ਗੱਲ ਨਹੀਂ ਜਾਪਦੀ | ਵਿਦੇਸ਼ੀ ਕੋਚਾਂ ਨੂੰ ਇਨ੍ਹਾਂ ਖਿਡਾਰੀਆਂ ਦੀਆਂ ਬੁਨਿਆਦੀ ਆਦਤਾਂ, ਅੰਦਰੂਨੀ ਸੰਭਾਵਨਾਵਾਂ, ਸਮਾਜਿਕ ਮਨੋਭਾਵਾਂ, ਕਦਰਾਂ-ਕੀਮਤਾਂ ਅਤੇ ਸਥਾਨਕ ਤੇ ਕੌਮੀ ਸੰਸਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਅਤਿ ਅਹਿਮ ਗੱਲਾਂ ਵਾਸਤੇ ਕੋਈ ਦਿਲਚਸਪੀ ਹੁੰਦੀ ਹੈ | ਵਿਦੇਸ਼ੀ ਕੋਚਾਂ ਦੀ ਬੋਲੀ ਤੇ ਭਾਸ਼ਾ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੁਕਮਾਂ-ਨਿਰਦੇਸ਼ਾਂ 'ਤੇ ਪੂਰਾ ਤੇ ਖਰਾ ਉਤਰਨਾ ਭਾਰਤੀ ਖਿਡਾਰੀਆਂ ਲਈ ਅਸਾਨ ਨਹੀਂ ਹੁੰਦਾ, ਕਿਉਂਕਿ ਜ਼ਿਆਦਾਤਰ ਖਿਡਾਰੀ ਪਿੰਡਾਂ, ਛੋਟੇ ਕਸਬਿਆਂ ਅਤੇ ਗਰੀਬ ਘਰਾਂ ਤੋਂ ਹੁੰਦੇ ਹਨ, ਜੋ ਅੰਗਰੇਜ਼ੀ ਭਾਸ਼ਾ ਘੱਟ ਜਾਣਦੇ ਹਨ | ਉਹ ਸਵਦੇਸ਼ੀ ਭਾਵ ਭਾਰਤੀ ਕੋਚ ਦੀ ਭਾਰਤੀ ਭਾਸ਼ਾ ਵਿਚ ਦਿੱਤੀ ਗਈ ਸਿਖਲਾਈ ਅਤੇ ਸਿੱਖਿਆ ਤੋਂ ਹੀ ਭਰਪੂਰ ਲਾਭ ਤੇ ਲਾਹਾ ਲੈ ਸਕਦੇ ਹਨ |
ਵਿਦੇਸ਼ੀ ਕੋਚ ਅਤੇ ਖਿਡਾਰੀਆਂ ਦੇ ਆਪਸੀ ਦਿ੍ਸ਼ਟੀਕੋਣ, ਨਜ਼ਰੀਏ, ਖੇਡ ਚਾਲਾਂ, ਖੇਡ ਤਕਨੀਕਾਂ ਅਤੇ ਖੇਡ ਸ਼ੈਲੀ ਵਿਚ ਵਖਰੇਵਾਂ, ਅਲਗਾਵ ਅਤੇ ਰੁਚੀਹੀਣਤਾ ਹੋਣ ਕਾਰਨ ਟੀਮ ਵਿਚ ਏਕਤਾ, ਇਕਸੁਰਤਾ ਅਤੇ ਆਪਸੀ ਤਾਲਮੇਲ ਬਣਾਈ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ | ਹਾਕੀ ਦੀ ਖੇਡ ਅਸਲ ਵਿਚ 'ਇਕ ਟੀਮ ਗੇਮ ਹੈ', ਇਸ ਲਈ ਵੱਖ-ਵੱਖ ਰਾਜਾਂ, ਖਿੱਤਿਆਂ ਅਤੇ ਸ਼੍ਰੇਣੀਆਂ 'ਚੋਂ ਆਏ ਖਿਡਾਰੀਆਂ ਨੂੰ ਇਕ ਸੂਤਰ ਵਿਚ ਪਰੋ ਕੇ ਰੱਖਣਾ ਵਿਦੇਸ਼ੀ ਕੋਚ ਲਈ ਇਕ ਚੁਣੌਤੀ ਵਾਂਗ ਹੁੰਦਾ ਹੈ | ਬਹੁਤ ਸਾਰੇ ਕੋਚ ਤਾਂ ਇਸ ਚੁਣੌਤੀ ਦਾ ਮੁਕਾਬਲਾ ਕਰਨ ਵਿਚ ਅਸਫਲ ਹੋ ਜਾਂਦੇ ਹਨ, ਜਿਸ ਨਾਲ ਸਬੰਧਤ ਦੇਸ਼ ਅਤੇ ਖਿਡਾਰੀਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਅਤੇ ਨੁਕਸਾਨ ਸਹਿਣਾ ਪੈਂਦਾ ਹੈ | ਮਿਸਾਲ ਦੇ ਤੌਰ 'ਤੇ 2012 ਦੀਆਂ ਲੰਡਨ ਅਤੇ 2016 ਦੀਆਂ ਰੀਓ ਉਲੰਪਿਕ ਖੇਡਾਂ ਵਿਚ ਭਾਰਤੀ ਟੀਮ ਵਿਦੇਸ਼ੀ ਕੋਚਾਂ ਅਧੀਨ ਨਾ ਤਾਂ ਇਕ ਨਿੱਗਰ ਅਤੇ ਠੋਸ ਯੂਨਿਟ ਦੇ ਤੌਰ 'ਤੇ ਸਾਹਮਣੇ ਆਈ, ਨਾ ਹੀ ਕੋਈ ਮਾਅਰਕੇ ਦੀ ਖੇਡ ਦਿਖਾਈ ਜਾਂ ਵਿਉਂਤ ਬਣਾਈ, ਨਾ ਹੀ ਸੰਘਰਸ਼ ਕੀਤਾ ਅਤੇ ਨਾ ਹੀ ਪੈਨਲਟੀ ਕਾਰਨਰਾਂ ਨੂੰ ਗੋਲਾਂ 'ਚ ਤਬਦੀਲ ਕਰ ਸਕੀ | ਕੋਚਾਂ ਨੇ ਖਿਡਾਰੀਆਂ ਨੂੰ ਉਸ ਤਰੀਕੇ ਨਾਲ ਨਹੀਂ ਖਿਡਾਇਆ ਅਤੇ ਇਸਤੇਮਾਲ ਕੀਤਾ, ਜਿਸ ਤਰੀਕੇ ਨਾਲ ਉਨ੍ਹਾਂ ਨੂੰ ਦਿੱਲੀ, ਪੁਣੇ ਅਤੇ ਬੰਗਲੌਰ ਵਿਖੇ ਸਿਖਲਾਈ ਪ੍ਰਦਾਨ ਕੀਤੀ ਗਈ ਸੀ | ਲੰਡਨ ਖੇਡਾਂ ਵਿਚ ਤਾਂ ਇਹ ਪਹਿਲੀ ਵਾਰ ਵਾਪਰਿਆ ਕਿ ਭਾਰਤੀ ਟੀਮ ਆਪਣੇ ਪੂਲ ਦਾ ਕੋਈ ਵੀ ਮੈਚ ਨਹੀਂ ਜਿੱਤ ਸਕੀ, ਜਿਸ ਕਾਰਨ ਭਾਰਤ ਨੂੰ ਬੜੀ ਨਮੋਸ਼ੀ ਝੱਲਣੀ ਪਈ |
ਕੋਚ ਹੀ ਨਹੀਂ, 'ਸੋਚ' ਵੀ ਬਦਲੇ ਹਾਕੀ ਇੰਡੀਆ
ਭਾਰਤੀ ਹਾਕੀ ਨੂੰ ਬਚਾਉਣ ਅਤੇ ਮੁੜ ਜੇਤੂ ਲੀਹਾਂ 'ਤੇ ਲਿਆਉਣ ਲਈ ਸਾਨੂੰ ਵਿਦੇਸ਼ੀ ਕੋਚਾਂ ਦੀ ਬਜਾਏ ਮਾਹਿਰ ਘਰੇਲੂ ਕੋਚਾਂ ਦੀ ਲੋੜ ਹੈ | ਸਮੇਂ ਦੀ ਮੰਗ ਵੀ ਹੈ ਕਿ ਭਾਰਤੀ ਹਾਕੀ ਦੇ ਸੁਧਾਰ ਲਈ ਸਾਨੂੰ ਵਿਦੇਸ਼ੀ ਨਹੀਂ, ਸਗੋਂ ਸਾਡੇ ਆਪਣੇ ਭਾਰਤੀ ਕੋਚ ਚਾਹੀਦੇ ਹਨ | ਇਸ ਸਬੰਧ ਵਿਚ 'ਹਾਕੀ ਇੰਡੀਆ' ਅਤੇ ਕੇਂਦਰੀ ਖੇਡ ਮੰਤਰਾਲੇ ਨੂੰ ਵੀ ਆਪਣੀ ਸੋਚ ਬਦਲਣੀ ਚਾਹੀਦੀ ਹੈ |
ਘਰੇਲੂ ਕੋਚਾਂ ਦੀ ਸਿਆਣਪ ਅਤੇ ਸਮਰੱਥਾ ਦਾ ਇਤਿਹਾਸ ਗਵਾਹ ਹੈ ਕਿ ਭਾਰਤੀ ਹਾਕੀ ਟੀਮ ਨੇ ਜਦੋਂ-ਜਦੋਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਤਾਂ ਟੀਮਾਂ ਨੂੰ ਸਵਦੇਸ਼ੀ ਕੋਚਾਂ ਨੇ ਹੀ ਕੋਚਿੰਗ ਮੁਹੱਈਆ ਕੀਤੀ ਸੀ | ਉਦਾਹਰਨ ਦੇ ਤੌਰ 'ਤੇ ਉਲੰਪਿਕ ਵਿਚ 1928, 1932, 1936 ਅਤੇ 1948 ਦੇ ਸੋਨ ਤਗਮੇ ਜਿੱਤਣ ਸਮੇਂ ਪੰਕਜ ਗੁਪਤਾ ਅਤੇ ਪ੍ਰੋ: ਜਗਨ ਨਾਥ (ਕੋਚ-ਕਮ-ਮੈਨੇਜਰ) ਨੇ, 1952 ਅਤੇ 1956 ਦੇ ਸੋਨ ਤਗਮੇ ਜਿੱਤਣ ਸਮੇਂ ਸ: ਹਰਬੇਲ ਸਿੰਘ (ਮੱੁਖ ਕੋਚ) ਨੇ, 1960 ਦੀਆਂ ਰੋਮ ਉਲੰਪਿਕ ਖੇਡਾਂ ਸਮੇਂ ਚਾਂਦੀ ਦਾ ਤਗਮਾ ਜਿੱਤਣ ਵੇਲੇ ਉਲੰਪੀਅਨ ਕਿਸ਼ਨ ਲਾਲ (ਮੱੁਖ ਕੋਚ) ਨੇ, 1964 ਦਾ ਸੋਨ ਤਗਮਾ ਜਿੱਤਣ ਵੇਲੇ ਉਲੰਪੀਅਨ ਧਰਮ ਸਿੰਘ (ਮੱੁਖ ਕੋਚ) ਨੇ, 1968 ਅਤੇ 1972 ਦੇ ਕਾਂਸੀ ਦੇ ਤਗਮੇ ਜਿੱਤਣ ਸਮੇਂ ਕ੍ਰਮਵਾਰ ਬਾਲਕ੍ਰਿਸ਼ਨ ਸਿੰਘ ਅਤੇ ਕੇ. ਡੀ. ਬਾਬੂ (ਮੱੁਖ ਕੋਚ) ਨੇ ਅਤੇ 1980 ਦਾ ਸੋਨ ਤਗਮਾ ਜਿੱਤਣ ਸਮੇਂ ਮੁੜ ਬਾਲਕ੍ਰਿਸ਼ਨ ਸਿੰਘ (ਮੱੁਖ ਕੋਚ) ਨੇ ਭਾਰਤੀ ਟੀਮ ਨੂੰ ਕੋਚਿੰਗ ਪ੍ਰਦਾਨ ਕੀਤੀ ਸੀ |
ਇਸੇ ਤਰ੍ਹਾਂ ਵਿਸ਼ਵ ਕੱਪ ਹਾਕੀ ਮੁਕਾਬਲਿਆਂ ਵਿਚ ਭਾਰਤ ਨੇ 1971, 1973 ਅਤੇ 1975 ਵਿਚ ਕ੍ਰਮਵਾਰ ਕਾਂਸੀ, ਚਾਂਦੀ ਅਤੇ ਸੋਨੇ ਦੇ ਤਗਮੇ ਜਿੱਤੇ ਤਾਂ ਭਾਰਤੀ ਟੀਮਾਂ ਦੇ ਕੋਚ ਸਵਦੇਸ਼ੀ ਹੀ ਸਨ, ਜਿਵੇਂ ਕਿ ਬਲਬੀਰ ਸਿੰਘ ਸੀਨੀਅਰ, ਬਾਲਕ੍ਰਿਸ਼ਨ ਸਿੰਘ, ਮੁੜ ਬਲਬੀਰ ਸਿੰਘ ਸੀਨੀਅਰ ਅਤੇ ਗੁਰਬਚਨ ਸਿੰਘ ਬੋਧੀ | ਇਸ ਤੋਂ ਇਲਾਵਾ ਜੂਨੀਅਰ ਵਿਸ਼ਵ ਕੱਪ ਹਾਕੀ ਵਿਚ ਭਾਰਤ ਨੂੰ 1997 'ਚ ਮਿਲਟਨ ਕੇਨਜ਼ ਵਿਖੇ ਚਾਂਦੀ, 2001 ਵਿਚ ਹਾਬਰਟ ਵਿਖੇ ਸੋਨੇ ਅਤੇ 18 ਦਸੰਬਰ, 2016 ਨੂੰ ਲਖਨਊ ਵਿਖੇ ਮੁੜ ਸੋਨੇ ਦਾ ਤਗਮਾ ਹਾਸਲ ਹੋਇਆ ਤਾਂ ਭਾਰਤੀ ਟੀਮ ਦੇ ਮੱੁਖ ਕੋਚ ਕ੍ਰਮਵਾਰ ਵੀ. ਭਾਸਕਰਨ, ਰਾਜਿੰਦਰ ਸਿੰਘ ਸੀਨੀਅਰ ਅਤੇ ਹਰਿੰਦਰਾ ਸਿੰਘ ਸਨ | ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਵਦੇਸ਼ੀ ਕੋਚਾਂ ਨੇ ਭਾਰਤੀ ਹਾਕੀ ਨੂੰ ਅਰਸ਼ਾਂ ਤੱਕ ਲੈ ਜਾਣ ਲਈ ਅਹਿਮ ਭੂਮਿਕਾ ਨਿਭਾਈ | ਇਸ ਦੇ ਮੁਕਾਬਲੇ ਜਦੋਂ-ਜਦੋਂ ਕਿਸੇ ਵਿਦੇਸ਼ੀ ਨੂੰ ਭਾਰਤੀ ਟੀਮ ਦਾ ਮੱੁਖ ਕੋਚ ਲਾਇਆ ਤਾਂ ਉਹ ਸਵਦੇਸ਼ੀ ਕੋਚਾਂ ਨਾਲੋਂ ਚੰਗੇ ਨਤੀਜੇ ਦੇਣ ਵਿਚ ਅਸਮਰੱਥ ਰਿਹਾ ਅਤੇ ਅਖੀਰ ਭਾਰਤੀ ਹਾਕੀ ਅਰਸ਼ ਤੋਂ ਫਰਸ਼ 'ਤੇ ਆ ਗਈ | ਮਿਸਾਲ ਦੇ ਤੌਰ 'ਤੇ 2004 ਦੀਆਂ ਏਥਨਜ਼ ਉਲੰਪਿਕ ਖੇਡਾਂ ਸਮੇਂ ਗੈਰਹਾਰਡ ਰਾਕ ਮੱੁਖ ਕੋਚ ਸਨ ਤਾਂ ਭਾਰਤ ਨੂੰ 7ਵਾਂ ਸਥਾਨ ਮਿਲਿਆ | 2008 ਵਿਚ ਰਿਕ ਚਾਰਲਸਵਰਥ (ਮੱੁਖ ਸਲਾਹਕਾਰ) ਸਮੇਂ ਟੀਮ ਪੇਇਚਿੰਗ ਉਲੰਪਿਕਸ 'ਚ ਕੁਆਲੀਫਾਈ ਕਰਨ ਤੋਂ ਵਾਂਝੀ ਰਹੀ | 2010 ਵਿਚ ਜੋਸ ਬਰਾਸਾ ਸਮੇਂ ਭਾਰਤ ਨੂੰ ਸੀਨੀਅਰ ਵਿਸ਼ਵ ਕੱਪ ਹਾਕੀ ਵਿਚ 8ਵਾਂ ਸਥਾਨ ਅਤੇ 2012 ਦੀਆਂ ਲੰਡਨ ਉਲੰਪਿਕ ਖੇਡਾਂ ਸਮੇਂ ਜਦੋਂ ਮਾਈਕਲ ਨੌਬਜ਼ ਭਾਰਤ ਦੇ ਮੱੁਖ ਕੋਚ ਸਨ ਤਾਂ ਟੀਮ ਨੂੰ ਆਖਰੀ 12ਵਾਂ ਸਥਾਨ ਪ੍ਰਾਪਤ ਹੋਇਆ | 2014 ਦੇ ਹੇਗ ਵਿਸ਼ਵ ਕੱਪ ਸਮੇਂ ਟੈਰੀ ਵਾਲਸ਼ ਭਾਰਤੀ ਟੀਮ ਦੇ ਮੱੁਖ ਕੋਚ ਸਨ | ਇਥੇ ਭਾਰਤ ਨੂੰ 12 ਟੀਮਾਂ 'ਚੋਂ 9ਵਾਂ ਸਥਾਨ ਹਾਸਲ ਹੋਇਆ | 2016 ਦੀਆਂ ਰੀਓ ਉਲੰਪਿਕਸ ਸਮੇਂ ਰੋਇਲੈਂਟ ਓਲਟਮਨਜ਼ ਭਾਰਤੀ ਟੀਮ ਦੇ ਮੱੁਖ ਕੋਚ ਸਨ | ਉਨ੍ਹਾਂ ਨੂੰ ਆਸ ਸੀ ਕਿ ਇਸ ਵਾਰ ਭਾਰਤ ਸੈਮੀਫਾਈਨਲ ਤੱਕ ਜ਼ਰੂਰ ਪੱੁਜੇਗਾ ਪਰ ਅਫਸੋਸ ਕਿ ਭਾਰਤ ਨੂੰ ਇਥੇ 8ਵਾਂ ਸਥਾਨ ਹੀ ਨਸੀਬ ਹੋਇਆ |
ਇਥੇ ਇਹ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਦੇ ਕਰਤਿਆਂ-ਧਰਤਿਆਂ ਨੇ ਹਾਕੀ ਵਿਚ ਹੋਰ ਸੁਧਾਰ ਲਿਆਉਣ ਲਈ ਸੰਨ 2004 ਵਿਚ ਵਿਦੇਸ਼ੀ ਕੋਚ ਲਿਆਉਣੇ ਸ਼ੁਰੂ ਕੀਤੇ | 2004 ਤੋਂ 2016 ਤੱਕ ਭਾਰਤ ਵਿਚ 7 ਵਿਦੇਸ਼ੀ ਕੋਚ ਆਏ ਪਰ ਇਨ੍ਹਾਂ ਵਿਚੋਂ ਕੋਈ ਵੀ ਭਾਰਤੀ ਟੀਮ ਨੂੰ ਉਲੰਪਿਕ ਅਤੇ ਵਿਸ਼ਵ ਕੱਪ ਪੱਧਰ 'ਤੇ ਤਗਮਾ ਜੇਤੂ ਨਹੀਂ ਬਣਾ ਸਕਿਆ | ਸਿੱਟੇ ਵਜੋਂ ਇਹ ਸਾਰੇ ਕੋਚ ਵਾਰੀ-ਵਾਰੀ ਸਿਰ ਬਰਖਾਸਤ ਕਰ ਦਿੱਤੇ ਗਏ | 'ਹਾਕੀ ਇੰਡੀਆ' ਨੇ ਇਨ੍ਹਾਂ ਕੋਚਾਂ ਦੀ ਤਨਖਾਹ, ਭੱਤਿਆਂ ਅਤੇ ਸਹੂਲਤਾਂ ਪ੍ਰਦਾਨ ਕਰਨ 'ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਪਰ ਭਾਰਤੀ ਹਾਕੀ ਨੂੰ ਕੋਈ ਫਾਇਦਾ ਨਹੀਂ ਹੋਇਆ | 1984 ਤੋਂ 2000 ਤੱਕ ਦੇ ਸਮੇਂ ਦੌਰਾਨ ਭਾਰਤ ਨੂੰ ਉਲੰਪਿਕ ਖੇਡਾਂ ਵਿਚ ਔਸਤਨ 7ਵਾਂ ਸਥਾਨ ਪ੍ਰਾਪਤ ਸੀ, ਜਦ ਕਿ 2012 ਲੰਡਨ ਉਲੰਪਿਕਸ ਵਿਚ ਭਾਰਤ ਵਿਦੇਸ਼ੀ ਕੋਚ ਕਾਰਨ 12 ਟੀਮਾਂ 'ਚੋਂ 12ਵੇਂ ਸਥਾਨ 'ਤੇ ਰਿਹਾ | 2016 ਰੀਓ ਉਲੰਪਿਕਸ ਵਿਚ ਭਾਰਤ ਵਿਦੇਸ਼ੀ ਕੋਚ ਓਲਟਮਨਜ਼ ਦੀ ਕੋਚਿੰਗ ਦੇ ਬਾਵਜੂਦ ਬੜੀ ਮੁਸ਼ਕਿਲ ਨਾਲ 8ਵਾਂ ਸਥਾਨ ਹਾਸਲ ਕਰ ਸਕਿਆ |
ਇਸ ਲਈ ਇਥੇ ਸਵਦੇਸ਼ੀ ਕੋਚਾਂ ਦੇ ਪੱਖ ਵਿਚ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਵੇਲੇ ਭਾਰਤ ਕੋਲ ਹਾਕੀ ਦੇ 7 ਦਰੋਣਾਚਾਰੀਆ ਐਵਾਰਡੀ ਅਤੇ ਕੁਝ ਹੋਰ ਚੰਗੇ ਕੋਚ ਮੌਜੂਦ ਹਨ ਜਿਵੇਂ ਕਿ ਰਾਜਿੰਦਰ ਸਿੰਘ ਸੀਨੀਅਰ, ਡਾ: ਏ. ਕੇ. ਬਾਂਸਲ, ਬਲਦੇਵ ਸਿੰਘ, ਐੱਮ. ਕੇ. ਕੌਸ਼ਿਕ, ਹਰਿੰਦਰਾ ਸਿੰਘ, ਰਾਜਿੰਦਰ ਸਿੰਘ ਜੂਨੀਅਰ, ਜੂਡ ਫੈਲਿਕਸ, ਵਾਸੂਦੇਵਨ ਭਾਸਕਰਨ, ਜਗਬੀਰ ਸਿੰਘ ਆਦਿ | ਹਾਕੀ ਇੰਡੀਆ ਨੂੰ ਚਾਹੀਦਾ ਹੈ ਕਿ ਉਹ ਸਵਦੇਸ਼ੀ ਕੋਚਾਂ ਦਾ ਸਤਿਕਾਰ ਕਰੇ ਅਤੇ ਵਿਦੇਸ਼ੀ ਕੋਚਾਂ 'ਤੇ ਰੁਪਏ ਬਰਬਾਦ ਨਾ ਕਰੇ | ਭਾਰਤੀ ਪੁਰਸ਼ ਟੀਮ ਨੂੰ ਕੋਚਿੰਗ ਦੇਣ ਲਈ ਆਪਣੇ ਦੇਸੀ ਕੋਚਾਂ ਨੂੰ ਯੋਗਤਾ ਤੇ ਸਮਰੱਥਾ ਦੇ ਆਧਾਰ 'ਤੇ ਮੱੁਖ ਅਤੇ ਸਹਾਇਕ ਕੋਚ ਦੀ ਜ਼ਿੰਮੇਵਾਰੀ ਸੌਾਪੇ | ਇਨ੍ਹਾਂ ਨੂੰ ਵੀ ਉਹੀ ਅਧਿਕਾਰ ਤੇ ਸਹੂਲਤਾਂ ਦੇਵੇ, ਜੋ ਵਿਦੇਸ਼ੀ ਕੋਚਾਂ ਨੂੰ ਦਿੱਤੀਆਂ ਜਾਂਦੀਆਂ ਹਨ | ਹਾਕੀ ਇੰਡੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਕ੍ਰਿਕਟ ਟੀਮ ਪਿਛਲੇ ਸਮੇਂ ਤੋਂ ਜਿੱਤਾਂ 'ਤੇ ਜਿੱਤਾਂ ਦਰਜ ਕਰ ਰਹੀ ਹੈ, ਉਸ ਦਾ ਮੱੁਖ ਕੋਚ ਰਵੀ ਸ਼ਾਸਤਰੀ ਇਕ ਭਾਰਤੀ ਹੈ | ਹਾਕੀ ਇੰਡੀਆ ਭਾਰਤੀ ਕੋਚਾਂ ਨੂੰ ਕੌਮਾਂਤਰੀ ਹਾਕੀ ਸੰਘ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ 'ਹਾਕੀ ਕੋਚਿੰਗ ਸੈਮੀਨਾਰਾਂ' ਵਿਚ ਵਾਰੀ-ਵਾਰੀ ਸਿਰ ਭੇਜੇ, ਤਾਂ ਜੋ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਹਾਕੀ ਕੋਚਿੰਗ ਸਬੰਧੀ ਤਾਜ਼ਾ ਜਾਣਕਾਰੀ ਮਿਲਦੀ ਰਹੇ |

-ਕੋਠੀ ਨੰ: 2101, ਫੇਜ਼-7, ਮੁਹਾਲੀ |
ਮੋਬਾ: 99140-22101.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-144 _ ਸਮਾਜਿਕ ਸਿਨੇਮਾ ਦਾ ਬਾਗ਼ਬਾਂ ਬੀ.ਆਰ. ਚੋਪੜਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੀ.ਆਰ. ਚੋਪੜਾ ਦੀ ਇਕ ਹੋਰ ਖੂਬੀ ਇਹ ਸੀ ਕਿ ਉਹ ਪਟਕਥਾ ਨੂੰ ਬਹੁਤ ਹੀ ਮਹੱਤਵ ਦਿੰਦੇ ਸੀ | ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਬੈਨਰ ਲਈ ਕੁਝ ਕੁ ਲੇਖਕਾਂ ਨੂੰ ਸਥਾਈ ਤੌਰ 'ਤੇ ਨੌਕਰੀ ਦਿੱਤੀ ਹੋਈ ਸੀ | ਵਜ਼ਾਹਤ ਮਿਰਜ਼ਾ ਅਤੇ ਸੀ.ਜੇ. ਪਾਵਰੀ ਵਰਗੇ ਕੁਝ ਹੋਰ ਲੇਖਕ ਹਰ ਰੋਜ਼ ਉਸ ਦੇ ਦਫ਼ਤਰ 'ਚ ਇਕੱਠੇ ਹੁੰਦੇ ਤੇ ਨਵੇਂ-ਨਵੇਂ ਕਥਾਨਕਾਂ 'ਤੇ ਵਿਚਾਰ ਕਰਦੇ | ਸਪੱਸ਼ਟ ਹੈ ਅਜਿਹੇ ਉਪਰਾਲਿਆਂ ਨਾਲ ਉਸ ਦੀਆਂ ਫ਼ਿਲਮਾਂ 'ਚ ਨਵੀਨਤਾ ਆਉਣੀ ਹੀ ਸੀ |
ਇਸ ਲਈ 'ਗੰੁਮਰਾਹ' (1960) ਵਿਚ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਵਿਆਹ ਤੋਂ ਬਾਅਦ ਕਿਸੇ ਵੀ ਔਰਤ ਲਈ ਪਰਾਏ ਮਰਦ ਨਾਲ ਸਬੰਧ ਰੱਖਣਾ ਘਾਤਕ ਸਿੱਧ ਹੋ ਸਕਦਾ ਹੈ | ਫ਼ਿਲਮ ਦੀ ਨਾਇਕਾ (ਮਾਲਾ ਸਿਨਹਾ) ਇਕ ਗਾਇਕ (ਸੁਨੀਲ ਦੱਤ) ਨਾਲ ਪਿਆਰ ਕਰਦੀ ਹੈ | ਹਾਲਾਤ ਦੀ ਮਜਬੂਰੀ ਕਰ ਕੇ ਉਸ ਦੀ ਸ਼ਾਦੀ ਇਕ ਵਕੀਲ (ਅਸ਼ੋਕ ਕੁਮਾਰ) ਨਾਲ ਹੋ ਜਾਂਦੀ ਹੈ | ਸ਼ਾਦੀ ਤੋਂ ਬਾਅਦ ਵੀ ਉਹ ਆਪਣੇ ਪ੍ਰੇਮੀ ਨੂੰ ਮਿਲਣਾ ਜਾਰੀ ਰੱਖਦੀ ਹੈ | ਪਰ ਅੰਤ 'ਚ ਜਦੋਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਉਸ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦੀ ਹੈ |
ਨਵੇਂ-ਨਵੇਂ ਵਿਸ਼ਿਆਂ ਪ੍ਰਤੀ ਬੀ.ਆਰ. ਚੋਪੜਾ ਏਨਾ ਜ਼ਿਆਦਾ ਸੁਚੇਤ ਸਨ ਕਿ ਆਪਣੇ ਲੇਖਕਾਂ ਦੀਆਂ ਰਚਨਾਵਾਂ ਤੋਂ ਇਲਾਵਾ ਉਹ ਬਾਹਰ ਦੇ ਲੇਖਕਾਂ ਨੂੰ ਵੀ ਪੂਰਾ ਸਨਮਾਨ ਦਿੰਦੇ ਹੁੰਦੇ ਸੀ | ਮਿਸਾਲ ਦੇ ਤੌਰ 'ਤੇ ਇਕ ਦਿਨ ਪੰਡਿਤ ਸੁਖਰਾਮ ਸ਼ਰਮਾ ਨੇ ਉਨ੍ਹਾਂ ਨੂੰ ਕੁਆਰੀ ਮਾਂ ਬਣਨ ਸਬੰਧੀ ਇਕ ਵਿਸ਼ਾ ਸੁਣਾਇਆ | ਬੀ.ਆਰ. ਚੋਪੜਾ ਨੇ ਉਸੇ ਹੀ ਵੇਲੇ ਹਜ਼ਾਰ ਰੁਪਏ ਉਸ ਦੀ ਤਲੀ 'ਤੇ ਰੱਖ ਕੇ ਇਸ ਵਿਸ਼ੇ 'ਤੇ ਪਟਕਥਾ ਤਿਆਰ ਕਰਨ ਨੂੰ ਕਿਹਾ | ਇਸ ਕਥਾਨਕ 'ਤੇ 'ਧੂਲ ਕਾ ਫੂਲ' ਨਾਮਕ ਯਾਦਗਾਰੀ ਫ਼ਿਲਮ ਬਣਾਈ ਗਈ ਸੀ | ਇਸ 'ਚ ਰਾਜਿੰਦਰ ਕੁਮਾਰ ਅਤੇ ਮਾਲਾ ਸਿਨਹਾ ਨੇ ਪ੍ਰਮੁੱਖ ਭੂਮਿਕਾਵਾਂ ਪੇਸ਼ ਕੀਤੀਆਂ ਸਨ | ਇਸ ਦੇ ਗੀਤ ਸਾਹਿਰ ਨੇ ਲਿਖੇ ਸਨ, ਜਿਨ੍ਹਾਂ ਦੀ ਧੁਨ ਐਨ. ਦੱਤਾ ਨੇ ਤਿਆਰ ਕੀਤੀ ਸੀ | ਇਸ ਦਾ ਇਕ ਗੀਤ 'ਤੂ ਹਿੰਦੂ ਬਨੇਗਾ, ਨਾ ਮੁਸਲਮਾਨ ਬਨੇਗਾ' ਬਹੁਤ ਹੀ ਲੋਕਪਿ੍ਆ ਹੋਇਆ ਸੀ |
ਸਾਹਿਰ ਦਾ ਜ਼ਿਕਰ ਇਥੇ ਆਇਆ ਹੀ ਹੈ ਤਾਂ ਇਹ ਵੀ ਸਪੱਸ਼ਟ ਕਰ ਦੇਣਾ ਲਾਜ਼ਮੀ ਹੀ ਹੋਵੇਗਾ ਕਿ ਬੀ.ਆਰ. ਚੋਪੜਾ ਦੀ ਟੀਮ ਦਾ ਇਹ ਸ਼ਾਇਰ ਵੀ ਇਕ ਰੈਗੂਲਰ ਮੈਂਬਰ ਸੀ | ਚੋਪੜਾ ਆਪਣੇ ਇਸ ਸ਼ਾਇਰ ਨਾਲ ਏਨੇ ਜੁੜੇ ਹੋਏ ਸੀ ਕਿ ਜਦੋਂ ਸਾਹਿਰ ਅਤੇ ਓ.ਪੀ. ਨਈਅਰ ਦਾ 'ਨਯਾ ਦੌਰ' ਦੇ ਵੇਲੇ ਝਗੜਾ ਹੋਇਆ ਤਾਂ ਉਹ ਦੋਵੇਂ ਅਲੱਗ ਹੋ ਗਏ ਸਨ | ਬੀ.ਆਰ. ਨੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਲਈ ਓ.ਪੀ. ਨਈਅਰ ਨੂੰ ਤਾਂ ਬਾਹਰ ਕਰ ਦਿੱਤਾ ਸੀ ਪਰ ਸਾਹਿਰ ਦੀ ਸ਼ਾਇਰੀ ਉਸ ਦੇ ਜੀਵਨ ਦੇ ਅੰਤਿਮ ਸਮੇਂ ਤੱਕ ਇਸ ਬੈਨਰ ਦੇ ਨਾਲ ਜੁੜੀ ਰਹੀ ਸੀ |
ਕਿਉਂਕਿ ਬੀ.ਆਰ. ਚੋਪੜਾ ਸਾਹਿਤ ਦਾ ਉਪਾਸ਼ਕ ਸੀ | ਇਸ ਲਈ ਉਹ ਆਪਣੀਆਂ ਫ਼ਿਲਮਾਂ ਦੀ ਪ੍ਰੇਰਨਾ ਸਾਹਿਤਕ ਕਿਰਤਾਂ ਤੋਂ ਵੀ ਲਿਆ ਕਰਦੇ ਸੀ | ਇਸ ਸੰਦਰਭ 'ਚ ਉਨ੍ਹਾਂ ਦੀ ਫ਼ਿਲਮ 'ਧਰਮ ਪੁੱਤਰ' ਹਿੰਦੀ ਦੇ ਪ੍ਰਸਿੱਧ ਲੇਖਕ ਆਚਾਰੀਆ ਚਤੁਰਸੈਨ ਦੇ ਇਸੇ ਹੀ ਨਾਂਅ ਦੇ ਇਕ ਨਾਵਲ ਤੋਂ ਪ੍ਰੇਰਿਤ ਸੀ | ਇਹ ਰਚਨਾ ਵੀ ਕੌਮੀ ਏਕਤਾ ਨਾਲ ਸਬੰਧਤ ਸੀ | ਸ਼ਸ਼ੀ ਕਪੂਰ ਦੀ ਇਸ 'ਚ ਪ੍ਰਮੁੱਖ ਭੂਮਿਕਾ ਸੀ, ਜਦੋਂ ਕਿ ਇਸ ਦਾ ਨਿਰਦੇਸ਼ਨ ਬੀ.ਆਰ. ਚੋਪੜਾ ਦੇ ਛੋਟੇ ਭਰਾ ਯਸ਼ ਚੋਪੜਾ ਨੇ ਕੀਤਾ ਸੀ |
ਇਸੇ ਹੀ ਤਰ੍ਹਾਂ ਸ਼ੈਕਸਪੀਅਰ (Shakespeare) ਦੀ ਮਹਾਨ ਰਚਨਾ ਉਥਲੈਰੋ (Othelo) ਤੋਂ ਪ੍ਰੇਰਨਾ ਲੈ ਕੇ ਬੀ.ਆਰ. ਚੋਪੜਾ ਨੇ 'ਹਮਰਾਜ਼' ਦਾ ਨਿਰਮਾਣ ਵੀ ਕੀਤਾ ਸੀ | ਸੁਨੀਲ ਦੱਤ, ਰਾਜ ਕੁਮਾਰ, ਵਿੰਮੀ ਅਤੇ ਜੀਵਨ ਦੀ ਇਸ ਫ਼ਿਲਮ 'ਚ ਸ਼ਾਨਦਾਰ ਅਦਾਕਾਰੀ ਤੋਂ ਇਲਾਵਾ ਇਸ ਦਾ ਸੰਗੀਤ ਅਤੇ ਗੀਤ 'ਨਾ ਮੰੂਹ ਛੁਪਾ ਕੇ ਜੀਓ', 'ਨੀਲੇ ਗਗਨ ਕੇ ਤਲੇ' ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲੇ ਸਨ | ਸੰਗੀਤਕਾਰ ਰਵੀ ਨੂੰ ਉਸ ਦੀ ਇਸ ਮਿਹਨਤ ਕਰਕੇ ਅਨੇਕਾਂ ਅਦਾਰਿਆਂ ਨੇ ਸਨਮਾਨਿਤ ਵੀ ਕੀਤਾ ਸੀ |
ਸੰਗੀਤ ਦੇ ਸੰਦਰਭ 'ਚ ਇਕ ਗੌਰਤਲਬ ਗੱਲ ਇਹ ਵੀ ਹੈ ਕਿ ਬੀ.ਆਰ. ਚੋਪੜਾ ਨੇ ਵਧੇਰੇ ਗੀਤ ਮਹਿੰਦਰ ਕਪੂਰ ਅਤੇ ਆਸ਼ਾ ਭੌਾਸਲੇ ਦੀਆਂ ਆਵਾਜ਼ਾਂ 'ਚ ਹੀ ਰਿਕਾਰਡ ਕਰਵਾਏ ਸਨ | ਵੈਸੇ ਤਾਂ ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਕੋਲੋਂ ਵੀ ਉਨ੍ਹਾਂ ਨੇ ਕੁਝ ਗੀਤ ਗਵਾਏ ਸਨ, ਪਰ ਫਿਰ ਵੀ ਉਨ੍ਹਾਂ ਦਾ ਝੁਕਾਅ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਗਾਇਕਾਂ ਦੇ ਬਾਰੇ 'ਚ ਵੀ ਉਸ ਦੀ ਆਪਣੀ ਹੀ ਸੋਚ ਸੀ | ਕਈ ਵਾਰ ਉਨ੍ਹਾਂ ਕੋਲੋਂ ਪੱਤਰਕਾਰਾਂ ਨੇ ਇਸ ਪ੍ਰਾਥਮਿਕਤਾ ਦੇ ਜਦੋਂ ਪਿਛੋਕੜ ਦੇ ਬਾਰੇ 'ਚ ਪੁੱਛਿਆ ਤਾਂ ਉਹ ਹਮੇਸ਼ਾ ਹੀ ਪ੍ਰਸ਼ਨ ਨੂੰ ਅਣਗੌਲਿਆ ਕਰ ਦਿੰਦੇ ਹੁੰਦੇ ਸੀ |
ਬੀ.ਆਰ. ਬੈਨਰ ਦੀ ਭਾਰਤੀ ਸਿਨੇਮਾ ਨੂੰ ਇਹ ਵੀ ਦੇਣ ਹੈ ਕਿ ਇਸ ਨੇ ਫ਼ਿਲਮ ਨਿਰਮਾਣ 'ਚ ਕਈ ਤਜਰਬੇ ਕੀਤੇ ਸਨ | ਮਿਸਾਲ ਦੇ ਤੌਰ 'ਤੇ ਮਲਟੀ ਸਟਾਰ ਫ਼ਿਲਮਾਂ ਬਣਾਉਣ ਦਾ ਕੰਮ ਇਸੇ ਹੀ ਕੰਪਨੀ ਨੇ 'ਵਕਤ' ਤੋਂ ਸ਼ੁਰੂ ਕੀਤਾ ਸੀ | 'ਵਕਤ' ਵਿਚ ਬਲਰਾਜ ਸਾਹਨੀ, ਸੁਨੀਲ ਦੱਤ, ਰਾਜ ਕੁਮਾਰ, ਸ਼ਸ਼ੀ ਕਪੂਰ, ਸ਼ਰਮੀਲਾ ਟੈਗੋਰ, ਅਚਲਾ ਸਚਦੇਵ ਅਤੇ ਰਹਿਮਾਨ ਵਰਗੇ ਅਦਾਕਾਰਾਂ ਦੀ ਭਰਮਾਰ ਸੀ, ਫ਼ਿਲਮ ਕਿਉਂਕਿ ਕਾਫੀ ਲੰਬੀ ਸੀ, ਇਸ ਲਈ ਇਸ 'ਚ ਦੋ ਇੰਟਰਵਲ ਰੱਖੇ ਗਏ ਸਨ | ਪਰ ਜਦੋਂ ਇਹ ਰਿਲੀਜ਼ ਹੋਈ ਤਾਂ ਦਰਸ਼ਕਾਂ ਦਾ ਹੜ੍ਹ ਹੀ ਆ ਗਿਆ ਸੀ | ਆਪਣੇ ਸਮੇਂ ਦੀ ਇਹ ਸਭ ਤੋਂ ਵਧ ਕਮਾਈ ਕਰਨ ਵਾਲੀ ਕਿਰਤ ਸੀ | ਨਿਰਦੇਸ਼ਕ ਯਸ਼ ਚੋਪੜਾ ਨੂੰ ਇਸੇ ਹੀ ਫ਼ਿਲਮ ਨੇ ਸਥਾਪਤ ਕੀਤਾ ਸੀ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਜਲੰਧਰ ਵਿਖੇ ਹੋਈ ਸਾਹਿਤਕ ਕਾਨਫਰੰਸ ਸਮੇਂ ਖਿੱਚੀ ਗਈ ਸੀ | ਉਸ ਵਕਤ ਸ: ਅਜੀਤ ਸਿੰਘ ਰਾਹੀ ਪ੍ਰਦੇਸੋਂ ਆਏ ਸੀ | ਉਹ ਆਪਣੇ ਮਿੱਤਰਾਂ ਨਾਲ ਤਸਵੀਰ ਖਿਚਵਾਉਣਾ ਚਾਹੁੰਦੇ ਸੀ | ਮੈਂ ਤਿੰਨਾਂ ਦੀ ਤਸਵੀਰ ਖਿੱਚ ਦਿੱਤੀ ਸੀ | ਇਹ ਤਸਵੀਰ ਮੇਰੇ ਕੋਲ ਹੀ ਰਹੀ ਸੀ | ਸ: ਅਜੀਤ ਸਿੰਘ ਰਾਹੀ ਨੂੰ ਮਿਲਿਆਂ ਬਹੁਤ ਸਮਾਂ ਹੋ ਗਿਆ ਹੈ | ਡਾ: ਰਘਬੀਰ ਸਿੰਘ ਸਿਰਜਣਾ ਨਾਲ ਉਨ੍ਹਾਂ ਦੇ ਪਰਚੇ ਰਾਹੀਂ ਮੇਲ ਹੁੰਦਾ ਰਿਹਾ | ਪ੍ਰੋ: ਸੁਰਿੰਦਰ ਗਿੱਲ ਵੀ ਕਦੀ-ਕਦੀ ਸਾਹਿਤਕ ਪ੍ਰੋਗਰਾਮਾਂ ਵਿਚ ਮਿਲ ਪੈਂਦੇ ਹਨ | ਇਹ ਤਸਵੀਰ ਇਕ ਯਾਦ ਬਣ ਕੇ ਰਹਿ ਗਈ ਹੈ |

-ਮੋਬਾਈਲ : 98767-41231

ਇਕੋ ਦਿਨ ਦੀ ਕਹਾਣੀ 'ਡੇ ਲਿਲੀਸ'

ਦੇਸ਼ ਦੇ ਬਟਵਾਰੇ ਤੋਂ ਬਾਅਦ ਜਲੰਧਰ ਸ਼ਹਿਰ ਲਾਗਲੀ 'ਗਾਰਡਨ ਕਾਲੋਨੀ' ਵਿਚ ਜ਼ਮੀਨ ਅਲਾਟ ਹੋਈ, ਸਾਦਾ ਘਰ ਪਰਮ ਮਿੱਤਰ ਸੁਰਿੰਦਰ ਸੇਖੋਂ ਨੇ ਡਿਜ਼ਾਈਨ ਕਰ ਦਿੱਤਾ ਅਤੇ ਦੁਆਲੇ ਲੈਂਡਸਕੇਪ ਮੈਂ ਇਉਂ ਉਲੀਕੀ ਕਿ ਬਿਲਕੁਲ ਘੱਟ ਦੇਖ-ਭਾਲ ਨਾਲ ਸਾਰਾ ਸਾਲ ਸਮੰੁਦਰ, ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲੇ |
ਪੱਕੇ ਫੁੱਲ-ਬੂਟੇ, ਝਾੜੀਆਂ, ਖੁੱਲ੍ਹੇ-ਡੁੱਲ੍ਹੇ ਲਾਅਨ ਜਿਸ ਦੀ ਕਟਾਈ, ਬਿਜਲੀ ਮਸ਼ੀਨ ਨਾਲ ਕਰ ਲਈ ਦੀ ਹੈ | ਸਬਜ਼ੀ-ਬਾੜੀ ਹਿੱਸੇ ਅਤੇ ਘਾਹ ਮੈਦਾਨ ਨੂੰ ਹਰਿਆਲੀ ਜਾਲੀ ਲਗਾ ਕੇ ਵੱਖ ਕੀਤਾ ਗਿਆ ਹੈ | ਇਕ ਫੋਟੋ ਵਿਚ ਲੱਗੀ ਸੰਤਰੇ ਰੰਗੀ ਡੇ ਲਿਲੀਸ (4ay Lilies) ਲੱਗੀ ਤੁਸੀਂ ਦੇਖ ਸਕਦੇ ਹੋ | ਜਿਸ ਦਾ ਖਿੜਿਆ ਫੁੱਲ ਕੇਵਲ ਇਕ ਦਿਨ ਹੀ ਰਹਿੰਦਾ ਹੈ, ਦੂਸਰੇ ਦਿਨ ਉਸੇ ਦੇ ਲਾਗੇ ਨਵਾਂ ਫੁੱਲ ਤਿਆਰ ਹੋ ਜਾਂਦਾ ਹੈ | ਇਸ ਸਜਾਵਟੀ ਬੂਟੇ ਦੀ ਉੱਕਾ ਹੀ ਕੋਈ ਦੇਖ-ਭਾਲ ਨਹੀਂ ਕੀਤੀ ਗਈ |
ਇਸ ਦੇ ਜਲਵੇ ਕੋਈ ਦੋ ਮਹੀਨੇ ਦਿਖਾਈ ਦੇਣਗੇ | ਅਨੇਕਾਂ ਰੰਗਾਂ ਦੀਆਂ ਨਵੀਆਂ ਕਿਸਮਾਂ ਲਗਾਤਾਰ ਮਾਹਿਰ ਬਣਾਈ ਜਾ ਰਹੇ ਹਨ, ਕੇਵਲ 2 ਹੀ ਵੰਨਗੀਆਂ ਇਥੇ ਹੋਰ ਦਿਖਾਈਆਂ ਗਈਆਂ ਹਨ, ਜੜ੍ਹਾਂ ਗੁੱਦੇਦਾਰ ਹੁੰਦੀਆਂ ਹਨ, ਜਦੋਂ ਬਹੁਤਾ ਖਿਲਾਰਾ ਪੈ ਜਾਵੇ ਤਾਂ ਇਹੋ ਜਿਹੇ ਬੂਟਿਆਂ ਨੂੰ ਪੁਟ ਕੇ 2-3 ਹਿੱਸਿਆਂ ਵਿਚ ਵੰਡ ਕੇ ਨਵੀਂ ਤਿਆਰ ਕੀਤੀ ਕਿਆਰੀ ਵਿਚ ਲਗਾ ਲਓ |

dosanjhsps@gmail.com

ਅੱਜ ਮਾਂ ਦਿਵਸ 'ਤੇ ਵਿਸ਼ੇਸ਼

ਕੁਦਰਤ ਦੀ ਸਰਵੋਤਮ ਰਚਨਾ ਹੈ ਮਾਂ

ਸਮਾਂ ਅਨਮੋਲ ਹੈ | ਮਾਂ ਵੀ ਅਨਮੋਲ ਹੈ | ਉਹ ਇਸ ਲਈ ਕਿ ਉਹ ਆਪਣੀ ਸਭ ਤੋਂ ਕੀਮਤੀ ਚੀਜ਼ ਯਾਨੀ ਸਮਾਂ, ਬੱਚਿਆਂ ਨੂੰ ਦਿੰਦੀ ਹੈ ਤੇ ਬਦਲੇ 'ਚ ਕੁਝ ਨਹੀਂ ਮੰਗਦੀ | ਸਵਰਗ-ਨਰਕ ਹੋਰ ਕੁਝ ਨਹੀਂ, ਮਾਂ ਨਾਲ ਬਿਤਾਏ ਪਲ ਹੀ ਸਵਰਗ ਦੇ ਝੂਟੇ ਹਨ | ਇਉਂ ਲਗਦੈ ਮਾਂ ਸਿ੍ਸ਼ਟੀ ਸਿਰਜਕ ਦੀ ਸਰਵੋਤਮ ਕਿ੍ਤ ਹੈ ਤੇ ਰਿਸ਼ਤਿਆਂ ਵਿਚੋਂ ਸਰਵੋਤਮ ਰਿਸ਼ਤਾ | ਉਸ ਲਈ ਬਣਿਆ ਸ਼ਬਦ 'ਮਾਂ' ਹੀ ਵਾਹਿਦ ਐਸਾ ਸ਼ਬਦ ਹੈ ਜੋ ਹਰ ਲਿਹਾਜ਼ ਨਾਲ ਸੰਪੂਰਨ ਤੇ ਸਸ਼ਕਤ ਜਾਪਦਾ ਹੈ | ਇਹ ਕਥਨ ਬਿਲਕੁਲ ਸੱਚ ਪ੍ਰਤੀਤ ਹੁੰਦਾ ਹੈ ਕਿ ਰੱਬ ਹਰ ਥਾਂ ਨਹੀਂ ਸੀ ਪਹੁੰਚ ਸਕਦਾ, ਇਸ ਲਈ ਉਸ ਨੇ ਮਾਂ ਦੀ ਸਿਰਜਣਾ ਕੀਤੀ ਤੇ ਆਪਣਾ ਫ਼ਰਿਸ਼ਤਾ ਬਣਾ ਕੇ ਉਸ ਨੂੰ ਧਰਤੀ ਉਤੇ ਭੇਜ ਦਿੱਤਾ |
ਸਭ ਧਾਰਮਿਕ ਗ੍ਰੰਥਾਂ ਦੀ ਬਾਣੀ ਮਾਂ ਨੂੰ ਉੱਚਾ ਦਰਜਾ ਦਿੰਦਿਆਂ ਮਾਨਵ ਜਾਤੀ ਦੀ ਰਹਿਨੁਮਾਈ ਕਰਦੀ ਹੈ | ਪਰ ਅਫ਼ਸੋਸ ਕਿ ਬਹੁ-ਗਿਣਤੀ ਲੋਕ, ਆਪਣੀ ਜਨਮ ਦੇਣ ਵਾਲੀ ਮਾਂ ਨੂੰ ਬਣਦਾ ਮਾਣ-ਸਨਮਾਨ ਨਾ ਦੇਣ ਦੀ ਕੁਤਾਹੀ ਕਰ ਰਹੇ ਹਨ | ਉਸ ਵਲੋਂ ਅੱਖਾਂ ਫੇਰ ਰਹੇ ਹਨ | ਇਕ ਮਾਂ ਹੈ ਜੋ ਇਕ ਤੋਂ ਵੱਧ ਬੱਚੇ ਪਾਲਦੀ ਹੈ | ਸਭ ਨੂੰ ਆਪਣੀ ਮਮਤਾ, ਪਿਆਰ-ਦੁਲਾਰ ਵੰਡਦੀ ਹੈ ਪਰ ਕਈ ਵਾਰ ਉਸ ਦੇ ਜਾਏ ਰਲ ਕੇ ਵੀ ਉਸ ਦੀ ਪਾਲਣਾ ਕਰਨ ਤੋਂ ਮੂੰਹ ਫੇਰ ਲੈਂਦੇ ਹਨ | ਵਰਤਮਾਨ ਦੌਰ ਵਿਚ ਭਾਰੂ ਪੈ ਰਹੀਆਂ ਪਦਾਰਥਵਾਦੀ ਰੁਚੀਆਂ ਕਾਰਨ ਭਾਰਤ ਅੰਦਰ ਰਿਸ਼ਤੇ ਤਾਰ-ਤਾਰ ਹੋ ਰਹੇ ਹਨ | ਇਸੇ ਲਈ ਤਾਂ ਭਾਰਤ ਦੇਸ਼ ਨੂੰ ਵੀ 'ਮਾਂ ਦਿਵਸ' ਮਨਾਉਣ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ |
ਮਾਂ ਯਾਨੀ ਆਪਣੇ ਰੱਬ ਦਾ ਮਾਣ-ਸਤਿਕਾਰ ਕਰਨ ਲਈ ਅਸੀਂ ਭਾਰਤੀਆਂ ਨੇ ਵਿਸ਼ਵ ਦੇ 96ਵੇਂ ਹੋਰਨਾਂ ਦੇਸ਼ਾਂ ਵਾਂਗ ਮਈ ਦਾ ਦੂਜਾ ਐਤਵਾਰ ਨਿਸਚਿਤ ਕੀਤਾ ਹੈ ਅਤੇ ਜਿਸ ਨੂੰ ਨਾਂਅ ਦਿੱਤਾ ਹੈ- 'ਮਾਂ ਦਿਵਸ' | ਕੁਝ ਦੇਸ਼ ਇਹ ਪਵਿੱਤਰ ਦਿਹਾੜਾ ਮਈ ਦੇ ਪਹਿਲੇ ਐਤਵਾਰ, ਕੁਝ ਮਈ ਦੇ ਆਖ਼ਰੀ ਐਤਵਾਰ, ਕੁਝ ਮਾਰਚ ਮਹੀਨੇ ਵਿਚ ਅਤੇ ਕੁਝ ਦੇਸ਼ ਆਪੋ-ਆਪਣੀਆਂ ਨਿਸਚਿਤ ਕੀਤੀਆਂ ਮਿਤੀਆਂ ਨੂੰ ਮਨਾਉਂਦੇ ਹਨ | ਬਿਨਾਂ ਸ਼ੱਕ ਮਾਂ ਦਿਵਸ ਸਮੁੱਚੇ ਵਿਸ਼ਵ ਦੀਆਂ ਮਾਵਾਂ ਨੂੰ ਸਮਰਪਿਤ ਕਰਦਿਆਂ ਸਰਵੋਤਮ ਰਿਸ਼ਤੇ ਵਜੋਂ ਨਿਭਦੀ ਮਾਂ ਦੇ ਅਦਬ ਵਿਚ ਮਨਾਇਆ ਜਾਂਦਾ ਹੈ | ਮਾਂ, ਜੋ ਤੁਹਾਡੀ ਸਭ ਦੀ ਮਾਂ ਹੈ, ਜੋ ਮੇਰੀ ਵੀ ਮਾਂ ਹੈ |
ਫੁੱਲ ਇਕ ਵਾਰ ਖਿੜਦਾ ਹੈ | ਜਨਮ ਵੀ ਇਕ ਵਾਰ ਮਿਲਦਾ ਹੈ ਤੇ ਜਨਮਦਾਤੀ ਹੁੰਦੀ ਹੈ-ਮਾਂ | ਨਿਰਸੁਆਰਥ ਭਾਵਨਾ ਨਾਲ ਬਿਨਾਂ ਕਿਸੇ ਲੋਭ ਲਾਲਚ ਦੇ ਢਿੱਡੋਂ ਜਾਏ ਨੂੰ ਗੋਦ ਖਿਡਾਉਂਦੀ ਹੈ, ਲੋਰੀ ਦਿੰਦੀ ਹੈ, ਬੋਲਣਾ-ਚੱਲਣਾ ਸਿਖਾਉਂਦੀ ਹੈ, ਲਾਲਣ-ਪਾਲਣ ਕਰਦੀ ਹੈ, ਵਿਹਾਰਕ ਸਿੱਖਿਆ ਦਿੰਦਿਆਂ ਜੱਗ ਦੀ ਰੀਤ ਸਿਖਾਉਂਦੀ ਹੈ, ਧਰਮ ਦਾ ਪਾਠ ਪੜ੍ਹਾਉਂਦੀ ਹੈ ਅਤੇ ਜ਼ਿੰਦਗੀ ਵਿਚ ਦਰਪੇਸ਼ ਹੋਣ ਵਾਲੇ ਹਰ ਇਮਤਿਹਾਨ ਲਈ ਤਿਆਰ ਕਰਦੀ ਹੈ | ਆਪਣਾ ਸੁੱਖ-ਚੈਨ ਗਵਾ ਕੇ ਤਨੋ-ਮਨੋ ਔਲਾਦ ਨੂੰ ਸੁੱਖ-ਸਹੂਲਤਾਂ ਦਿੰਦੀ ਹੈ, ਉਨ੍ਹਾਂ ਦੀਆਂ ਖ਼ੁਸ਼ੀਆਂ ਪੂਰੀਆਂ ਕਰਦੀ ਹੈ | ਉਹ ਪੜ੍ਹੀ ਲਿਖੀ ਹੈ ਤੇ ਭਾਵੇਂ ਅਨਪੜ੍ਹ, ਦੁਨੀਆ ਦਾ ਦੁਰਲੱਭ ਗਿਆਨ ਪ੍ਰਦਾਨ ਕਰਦੀ ਹੈ |
ਘਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ, ਦੁਪਹਿਰੇ ਸ਼ਾਮ ਮਾਂ ਦਾ ਦਿਨ ਵਿਚ ਕਿੰਨਾ ਸਮਾਂ ਸਾਰੇ ਪਰਿਵਾਰ ਲਈ ਸਿਹਤਮੰਦ ਖੁਰਾਕ ਦਾ ਇੰਤਜ਼ਾਮ ਕਰਦਿਆਂ ਰਸੋਈ ਵਿਚ ਬੀਤਦਾ ਹੈ | ਕਿਸੇ ਦਾ ਿਖ਼ਆਲ ਕਦੇ ਇਸ ਗੱਲ ਵਲ ਨਹੀਂ ਜਾਂਦਾ ਕਿ ਕਿਵੇਂ ਹੋਟਲ ਵਾਲਿਆਂ ਵਾਂਗ ਮਾਂ ਹਰ ਰੋਜ਼ ਸਾਰੇ ਪਰਿਵਾਰ ਦੀਆਂ ਖਾਣ-ਪੀਣ ਸੰਬੰਧੀ ਵੱਖੋ-ਵੱਖ ਫ਼ਰਮਾਇਸ਼ਾਂ ਪੂਰੀਆਂ ਕਰਦੀ ਰਹਿੰਦੀ ਹੈ | ਪੰਜਾਂ ਇੰਦ੍ਰੀਆਂ ਤੋਂ ਇਲਾਵਾ ਉਸਦੀ ਕੋਈ ਛੇਵੀਂ ਇੰਦ੍ਰੀ ਹਮੇਸ਼ਾ ਕਾਰਜਸ਼ੀਲ ਰਹਿੰਦੀ ਹੈ ਕਿ ਉਹ ਸਭ ਦਾ ਿਖ਼ਆਲ ਰੱਖਦੀ ਹੈ | ਦਿਨ ਭਰ ਮਸਤੀ ਕਰਨ ਵਾਲੇ ਬੱਚੇ ਨੂੰ ਮਾਂ ਝਿੜਕਦੀ ਹੈ ਕਿ ਅੱਜ ਉਹ ਉਸ ਨੂੰ ਖਾਣਾ ਨਹੀਂ ਦੇਵੇਗੀ ਪਰ ਅਗਲੇ ਹੀ ਪਲ ਆਪਣੇ ਹੱਥਾਂ ਨਾਲ ਖੁਦ ਉਸ ਨੂੰ ਖਾਣਾ ਖੁਆਉਂਦੀ ਹੈ | ਉਸ ਦਾ ਬੱਚਾ ਰੋਟੀ ਨਹੀਂ ਖਾਂਦਾ ਤਾਂ ਉਹ ਰੋਂਦੀ ਹੈ | ਉਸ ਦਾ ਬੱਚਾ ਖੁਸ਼ ਹੈ, ਸੁਖੀ ਹੈ ਤਾਂ ਉਹ ਖ਼ੁਦ ਨੂੰ ਖੁਸ਼ ਤੇ ਸੁਖੀ ਮਹਿਸੂਸਦੀ ਹੈ | ਪਰਿਵਾਰ ਮੂਹਰੇ ਕਦੇ ਆਪਣੀ ਫਰਮਾਇਸ਼ ਨਹੀਂ ਰੱਖਦੀ | ਕੀ ਕਦੀ ਤੁਸੀਂ ਮਾਂ ਦੇ ਮੂੰਹੋਂ ਇਹ ਸੁਣਿਆ ਹੈ ਕਿ ਅੱਜ ਉਸ ਨੇ ਆਪਣੇ ਪਸੰਦ ਦੀ ਸਬਜ਼ੀ ਬਣਾਈ ਹੈ | ਮੇਰਾ ਿਖ਼ਆਲ ਹੈ ਨਹੀਂ ਸੁਣਿਆ ਹੋਵੇਗਾ | ਉਹ ਖੁਦ ਬੱਚਿਆਂ ਦਾ ਬਚਿਆ ਤੇ ਠੰਢਾ ਭੋਜਨ ਖਾ ਕੇ ਵੀ ਖੁਸ਼ ਰਹਿੰਦੀ ਹੈ |
ਇਕ ਮਾਂ ਹੈ ਜੋ ਆਪਣੇ ਅਰਮਾਨਾਂ 'ਤੇ ਪਾਣੀ ਫੇਰਦੀ ਹੋਈ, ਬੱਚਿਆਂ ਦੀ ਖ਼ਾਤਰ ਹਰ ਹੱਦ ਵਿਚੋਂ ਗੁਜ਼ਰ ਜਾਂਦੀ ਹੈ | ਉਨ੍ਹਾਂ ਦੀ ਲੰਮੀ ਉਮਰ ਲਈ ਜੇ ਉਸ ਨੂੰ ਜਾਨ ਵੀ ਦੇਣੀ ਪਵੇ ਤਾਂ ਵੀ ਉਹ ਪਿੱਛੇ ਨਹੀਂ ਹਟਦੀ | ਮਾਂ ਦੇ ਔਲਾਦ ਨਾਲ ਅਜਿਹੇ ਹੀ ਪਾਕ-ਪਵਿੱਤਰ ਪਿਆਰ ਦੀ ਇਕ ਛੋਟੀ ਪਰ ਸੱਚੀ ਕਹਾਣੀ ਸਾਂਝੀ ਕਰਨ ਲੱਗੀ ਹਾਂ | ਕੁਝ ਵਰ੍ਹੇ ਪਹਿਲਾਂ ਜਦੋਂ ਜਾਪਾਨ ਵਿਚ ਭੁਚਾਲ ਆਇਆ ਸੀ ਤਾਂ ਬਚਾਓ ਦਲ ਦੇ ਕਰਮਚਾਰੀਆਂ ਨੇ ਇਕ ਘਰ ਵਿਚ ਇਕ ਔਰਤ ਨੂੰ ਨਮਾਜ਼ ਅਦਾ ਕਰਨ ਵਾਲੀ ਸਥਿਤੀ ਵਿਚ ਵੇਖਿਆ | ਉਨ੍ਹਾਂ ਕੋਸ਼ਿਸ਼ ਕਰਕੇ ਉਸ ਨੂੰ ਬਾਹਰ ਕੱਢਿਆ | ਉਸਦਾ ਸਰੀਰ ਠੰਢਾ ਹੋ ਚੁੱਕਾ ਸੀ | ਜਿਸ ਜਗ੍ਹਾ ਉਹ ਝੁਕੀ ਬੈਠੀ ਸੀ, ਉਥੇ ਇਕ ਟੋਕਰੀ ਵਿਚ ਤਿੰਨ ਕੁ ਮਹੀਨੇ ਦਾ ਬਾਲ ਕੰਬਲ ਵਿਚ ਲਪੇਟਿਆ ਪਿਆ ਸੀ | ਉਦੋਂ ਤਕ ਬਾਹਰ ਖੜ੍ਹੇ ਸਭ ਲੋਕਾਂ ਨੂੰ ਸਮਝ ਆ ਚੁੱਕੀ ਸੀ ਕਿ ਮਾਂ ਨੇ ਬੱਚੇ ਨੂੰ ਬਚਾਉਣ ਲਈ ਆਪਣੇ ਜੀਵਨ ਦਾ ਤਿਆਗ ਕਰ ਦਿੱਤਾ ਸੀ | ਭੁਚਾਲ ਵੇਲੇ ਜਦੋਂ ਘਰ ਡਿੱਗਣ ਵਾਲਾ ਸੀ ਤਾਂ ਮਾਂ ਨੇ ਆਪਣੇ ਸਰੀਰ ਦੇ ਜ਼ਰੀਏ ਬੱਚੇ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਸੀ | ਡਾਕਟਰਾਂ ਦੀ ਟੀਮ ਨੇ ਬੱਚੇ ਨੂੰ ਚੈੱਕ ਕੀਤਾ ਤਾਂ ਘੋਸ਼ਿਤ ਕੀਤਾ ਕਿ ਬੱਚਾ ਜਿਊਾਦਾ ਹੈ ਪਰ ਬੇਹੋਸ਼ ਹੈ | ਉਸ ਬੱਚੇ ਦੇ ਸਿਰ੍ਹਾਣਿਉਂ ਮਾਂ ਦਾ ਲਿਖਿਆ ਇਕ ਖ਼ਤ ਮਿਲਿਆ ਜਿਸ 'ਚ ਲਿਖਿਆ ਸੀ, 'ਮੇਰੇ ਬੱਚੇ ਜੇ ਤੂੰ ਬਚ ਗਿਆ ਹੈਂ ਤਾਂ ਬਸ ਏਨਾ ਯਾਦ ਰੱਖੀਂ ਕਿ ਤੇਰੀ ਮਾਂ ਤੈਨੂੰ ਬਹੁਤ ਪਿਆਰ ਕਰਦੀ ਸੀ |' ਮਾਂ ਦੇ ਨਿਰਛਲ ਪਿਆਰ ਦੀ ਅਜਿਹੀ ਹੀ ਇਕ ਕਹਾਣੀ ਹੋਰ ਹੈ | ਇਕ ਮਾਂ ਸਿਰਫ਼ ਇਕ ਅੱਖ ਰਾਹੀਂ ਦੁਨੀਆ ਨੂੰ ਵੇਖ ਸਕਦੀ ਸੀ | ਇਸ ਕਰਕੇ ਉਸਦਾ ਪੁੱਤ ਸਾਰੀ ਉਮਰ ਉਸ ਨੂੰ ਘਿ੍ਣਾ ਕਰਦਾ ਰਿਹਾ | ਮਾਂ ਦੀ ਮੌਤ ਤੋਂ ਬਾਅਦ ਮਾਂ ਦੇ ਖ਼ਤ ਰਾਹੀਂ ਉਸਨੂੰ ਪਤਾ ਲੱਗਾ ਕਿ ਇਕ ਦੁਰਘਟਨਾ ਵਿਚ ਬਹੁਤ ਛੋਟੀ ਉਮਰੇ ਉਸ ਦੀ ਇਕ ਅੱਖ ਦੀ ਜੋਤ ਚਲੀ ਗਈ ਸੀ ਤੇ ਮਾਂ ਨੇ ਆਪਣੀ ਅੱਖ ਉਸ ਨੂੰ ਅਰਪਿਤ ਕਰ ਦਿੱਤੀ ਸੀ ਤਾਂ ਕਿ ਉਸ ਦਾ ਪੁੱਤ ਦੁਨੀਆ ਨੂੰ ਦੋਵੇਂ ਅੱਖਾਂ ਨਾਲ ਵੇਖ ਸਕੇ | ਸਾਡਾ ਇਤਿਹਾਸ ਤਾਂ ਅਜਿਹੀਆਂ ਕਹਾਣੀਆਂ ਨਾਲ ਭਰਿਆ ਪਿਆ ਹੈ ਜਿਸ ਰਾਹੀਂ ਪਤਾ ਲਗਦਾ ਹੈ ਕਿ ਸਾਰੀ ਉਮਰ ਆਪਣਾ ਸੌ ਪ੍ਰਤੀਸ਼ਤ ਦਿੰਦੀ ਹੋਈ ਮਾਂ ਔਲਾਦ ਨੂੰ ਹਰ ਸੁਖ-ਸੁਵਿਧਾ ਪ੍ਰਦਾਨ ਕਰਨ ਦਾ ਯਤਨ ਕਰਦੀ ਹੈ | ਇੰਝ ਵੀ ਕਿਹਾ ਜਾ ਸਕਦਾ ਹੈ ਕਿ ਜੇ ਦੁਨੀਆ 'ਚ ਕੋਈ ਸੱਚਾ ਸਾਥੀ ਹੈ, ਸੱਚਾ ਦੋਸਤ ਹੈ ਤਾਂ ਉਹ ਮਾਂ ਹੈ | ਜਦੋਂ ਤਕ ਉਸ ਦਾ ਹੱਥ ਔਲਾਦ ਦੇ ਸਿਰ 'ਤੇ ਰਹਿੰਦਾ ਹੈ, ਉਹ ਤਕਲੀਫਾਂ ਝੱਲਦੀ ਹੋਈ ਵੀ ਪਿਆਰ ਤੇ ਅਸ਼ੀਰਵਾਦ ਦਿੰਦੀ ਹੈ | ਆਪਣਾ ਢਿੱਡ ਬੰਨ੍ਹ ਕੇ, ਲੱਖਾਂ ਮੁਸ਼ਕਿਲਾਂ ਸਹਿ ਕੇ ਉਹ ਢਿੱਡੋਂ ਜਾਇਆਂ ਲਈ ਅੰਤਿਮ ਸਵਾਸਾਂ ਤਕ ਸੁੱਖ ਮੰਗਦੀ ਹੈ | ਬੋਹੜ ਦੀ ਠੰਢੀ ਤੇ ਸੰਘਣੀ ਛਾਂ ਬਣਨ ਵਾਲੀ ਮਾਂ ਬੱਚੇ ਦੀਆਂ ਹਜ਼ਾਰ ਗ਼ਲਤੀਆਂ ਵੀ ਮੁਆਫ਼ ਕਰਨ ਦਾ ਜੇਰਾ ਰੱਖਦੀ ਹੈ | ਕੀ ਇਸ ਸਭ ਕੁਝ ਦੇ ਬਾਵਜੂਦ ਉਹ ਔਲਾਦ ਦੇ ਪਿਆਰ ਤੇ ਸਤਿਕਾਰ ਦੀ ਹੱਕਦਾਰ ਨਹੀਂ? ਕੀ ਮਾਂ ਦਾ ਇਹ ਕਰਜ਼ ਉਤਾਰਿਆ ਜਾ ਸਕਦਾ ਹੈ? ਨਹੀਂ, ਹਰਗਿਜ਼ ਨਹੀਂ | ਸੌ ਜਨਮ ਲੈ ਕੇ ਵੀ ਨਹੀਂ | ਹੈ ਨਾ ਮਾਂ ਧਰਤੀ 'ਤੇ ਰੱਬ ਦਾ ਦੂਜਾ ਰੂਪ | ਉਸ ਨੂੰ ਖ਼ੁਸ਼ ਰੱਖਣਾ ਤੇ ਉਸਦੀ ਦੁਆ ਹਾਸਲ ਕਰਨੀ ਹੀ ਸਭ ਤੋਂ ਵੱਡੀ ਪੂਜਾ ਹੈ | ਉਸ ਨਾਲ ਕੁਝ ਪਲ ਬਿਤਾਉਣੇ ਕਿਸੇ ਤੀਰਥ ਸਥਲ ਦੀ ਯਾਤਰਾ ਤੋਂ ਘੱਟ ਨਹੀਂ | ਇਸ ਹਵਾਲੇ ਨਾਲ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ) ਨੇ ਮਾਂ ਦੀ ਮੁਹੱਬਤ ਦੇ ਵਿਯੋਗ ਨੂੰ ਮਹਿਸੂਸਦਿਆਂ 'ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ' ਗੀਤ ਦੀ ਰਚਨਾ ਕੀਤੀ ਜੋ ਹਰ ਦਿਲ ਦੀ ਆਵਾਜ਼ ਬਣਿਆ |
ਇਸ ਹਿਸਾਬ ਨਾਲ ਤਾਂ ਮਾਂ ਦਿਵਸ ਰੋਜ਼ ਮਨਾਇਆ ਜਾਣਾ ਚਾਹੀਦਾ ਹੈ | ਅਰਥਾਤ ਮਾਂ ਨੂੰ ਬਣਦਾ ਮਾਣ-ਸਤਿਕਾਰ ਤੇ ਜਿੰਨਾ ਸੰਭਵ ਹੋ ਸਕੇ ਕੁਝ ਸਮਾਂ ਰੋਜ਼ ਦਿੱਤਾ ਜਾਣਾ ਬਣਦਾ ਹੈ | ਜਿਹੜਾ ਵਿਅਕਤੀ ਅਜਿਹਾ ਕਰਨ ਵਿਚ ਸਫ਼ਲ ਹੁੰਦਾ ਹੈ, ਅਸਲ ਵਿਚ ਉਸ ਨੂੰ ਹੀ ਮਾਂ ਦਿਵਸ ਮਨਾਏ ਜਾਣ ਦੀ ਅਹਿਮੀਅਤ ਪਤਾ ਹੋ ਸਕਦੀ ਹੈ | ਉਸ ਲਈ ਤਾਂ ਹਰ ਦਿਨ ਮਾਂ ਦਿਵਸ ਹੁੰਦਾ ਹੈ | ਪਰੰਤੂ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਨੇਕ ਕਾਰਨ ਹਨ ਕਿ ਵਰਤਮਾਨ ਸਮੇਂ ਵਿਚ ਅਜਿਹਾ ਘੱਟ ਹੀ ਹੋ ਰਿਹਾ ਹੈ | ਇਸੇ ਕਰਕੇ ਤਾਂ ਮਾਂ ਦੀ ਦੇਣ ਤੇ ਸਮਰਪਣ ਨੂੰ ਪਹਿਚਾਨਣ ਦੇ ਵਿਸ਼ੇਸ਼ ਮਕਸਦ ਹਿਤ ਇਹ ਦਿਨ ਮਨਾਉਣ ਦੀ ਜ਼ਰੂਰਤ ਮਹਿਸੂਸ ਹੋਈ ਹੈ | ਇਹ ਦਿਨ ਅਸਲ 'ਚ ਉਸ ਧੀ-ਪੁੱਤ ਨੂੰ ਆਪਣਾ ਫ਼ਰਜ਼ ਪਛਾਨਣ ਦੀ ਪ੍ਰੇਰਨਾ ਦਿੰਦਾ ਹੈ ਜਿਸ ਨੇ ਜਿਊਾਦੇ ਜੀਅ ਤੇ ਜਾਣੇ-ਅਣਜਾਣੇ ਮਾਂ ਨੂੰ ਅੱਖੀਓਾ ਤੇ ਦਿਲੋਂ ਦੂਰ ਕੀਤਾ ਹੁੰਦਾ ਹੈ | ਏਦਾਂ ਇਹ ਦਿਨ ਹੋਈਆਂ ਗ਼ੁਸਤਾਖ਼ੀਆਂ ਨੂੰ ਭੁਲਾ ਕੇ ਮਾਂ ਤੋਂ ਭੁੱਲਾਂ ਬਖ਼ਸ਼ਾਉਣ ਦਾ ਦਿਨ ਹੈ | ਮਾਪੇ ਕੁਮਾਪੇ ਨਹੀਂ ਬਣਦੇ, ਪੁੱਤ ਕਪੁੱਤ ਹੋ ਸਕਦੇ ਨੇ | ਸੱਚੇ ਦਿਲੋਂ ਮਾਂ ਦੀ ਸੇਵਾ ਕਰਕੇ ਹਾਸਲ ਕੀਤਾ ਅਸ਼ੀਰਵਾਦ ਜ਼ਿੰਦਗੀ ਵਿਚ ਕੋਈ ਕਮੀ ਨਹੀਂ ਰਹਿਣ ਦਿੰਦਾ | ਇਸ ਲਈ ਜੇ ਕਿਸੇ ਕਾਰਨ ਮਾਂ ਤੋਂ ਦੂਰੀ ਬਣਾਈ ਹੈ ਤਾਂ ਆਉ ਅੱਜ ਹੀ, ਹੁਣੇ ਹੀ ਮਾਂ ਦੀ ਮਮਤਾ, ਦਰਿਆਦਿਲੀ, ਮੋਹ ਅਤੇ ਨਿੱਘ ਦਾ ਅਨੰਦ ਮਾਣਨ ਲਈ ਉਸਦੀ ਹਿੱਕ ਨਾਲ ਜਾ ਲੱਗੀਏ | ਉਸਦਾ ਦਿਲ ਮੋਮ ਵਰਗਾ ਹੈ, ਦੇਖਣਾ ਬੜੀ ਛੇਤੀ ਪਿਘਲ ਜਾਏਗਾ | ਮਹਿਸੂਸ ਕਰੋ ਕਿ ਤੁਸੀਂ ਤਾਂ ਪਹਿਲਾਂ ਵੀ ਉਸਦੇ ਦਿਲ ਵਿਚ ਰਹੇ ਹੋ | ਉਸ ਨੇ ਤੁਹਾਡੇ ਤੋਂ ਕਦੇ ਕਿਸੇ ਕੀਮਤੀ ਵਸਤੂ ਦੀ ਮੰਗ ਨਹੀਂ ਰੱਖੀ ਪਰ ਉਸ ਦਾ ਸਭ ਕੁਝ ਤੁਹਾਡਾ ਹੈ | ਜ਼ਿੰਦਗੀ ਦੀ ਢਲਦੀ ਸ਼ਾਮ 'ਚ ਉਸ ਨੇ ਤੁਹਾਡੇ ਕੁਝ ਪਲ ਆਪਣੇ ਸਾਥ ਲਈ ਚਾਹੇ ਹਨ | ਉਹ ਪਲ ਜਿਨ੍ਹਾਂ ਵਿਚ ਤੁਸੀਂ ਉਸ ਦਾ ਦੁੱਖ-ਸੁੱਖ ਵੰਡਾ ਸਕਦੇ ਹੋ | ਆਪਣੇ ਬਚਪਨ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਉਸ ਨਾਲ ਸਾਂਝੀਆਂ ਕਰਦਿਆਂ ਉਸ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ | ਉਸ ਨੂੰ ਆਪਣੇ ਹੱਥਾਂ ਨਾਲ ਰੋਟੀ ਖਵਾ ਸਕਦੇ ਹੋ ਤਾਂ ਕਿ ਮਾਂ ਕਦੇ ਭੁੱਖੀ ਨਾ ਸੌਵੇਂ | ਤੁਲਨਾ ਕਰੋ ਕਿ ਉਸ ਤੁਹਾਨੂੰ ਜ਼ਿੰਦਗੀ 'ਚ ਕੀ ਕੁਝ ਦਿੱਤਾ ਤੇ ਤੁਸੀਂ ਉਸ ਨੂੰ ਕੀ ਦਿੱਤਾ? ਤੁਹਾਡਾ ਜੀਵਨ ਹੀ ਤੁਹਾਡਾ ਆਪਣਾ ਨਹੀਂ ਹੈ, ਮਾਂ ਦੀ ਦਿੱਤੀ ਦਾਤ ਹੈ | ਮਾਂ ਦੀ ਸਿਰਫ਼ ਇਹੀ ਇਕ ਦੇਣ ਵੀ ਯਾਦ ਰੱਖੀ ਜਾਵੇ ਤਾਂ ਉਸ ਦਾ ਦੇਣ ਦਿੱਤਾ ਨਹੀਂ ਜਾ ਸਕਦਾ | ਸੌ ਜਨਮ ਲੈ ਕੇ ਵੀ ਇਕ ਮਾਂ ਦਾ ਰਿਣ ਨਹੀਂ ਉਤਾਰਿਆ ਜਾ ਸਕਦਾ |
ਅੱਜ ਮੀਡੀਆ ਦਾ ਯੁੱਗ ਹੈ | ਸੋਸ਼ਲ ਸਾਈਟਸ 'ਤੇ ਮਾਂ ਦਿਵਸ ਨੂੰ ਲੈ ਕੇ ਕਈ-ਕਈ ਦਿਨ ਅਜਿਹੇ ਵਿਚਾਰ ਪੜ੍ਹਨ-ਸੁਣਨ ਨੂੰ ਮਿਲਦੇ ਹਨ ਕਿ ਏਦਾਂ ਲਗਦਾ ਹੈ ਜਿਵੇਂ ਸਾਰੀ ਦੁਨੀਆ ਦੀ ਸੋਚ ਕਿੰਨੀ ਪਾਕ-ਪਵਿੱਤਰ ਹੋ ਗਈ ਹੈ ਪਰੰਤੂ ਜੀਵਨ-ਸ਼ੈਲੀ ਵੇਖੀਏ ਤਾਂ ਇਹ ਕੁਝ ਨਜ਼ਰ ਨਹੀਂ ਆਉਂਦਾ | ਚਾਹੀਦਾ ਤਾਂ ਇਹ ਹੈ ਕਿ ਮਾਂ ਜਿਹੋ ਜਿਹੀ ਮਰਜ਼ੀ ਹੋਵੇ, ਔਲਾਦ ਹਰ ਹਾਲਤ ਵਿਚ ਮਾਂ ਦਾ ਦਿਲੋਂ ਸਤਿਕਾਰ ਕਰੇ, ਲੋਕ-ਵਿਖਾਵੇ ਵਜੋਂ ਨਹੀਂ | ਮਾਪਿਆਂ ਦੀ ਬੇਕਦਰੀ ਕਰਨ ਵਾਲੇ ਤੇ ਮਾਪਿਆਂ ਨੂੰ ਬਜ਼ੁਰਗ ਆਸ਼ਰਮਾਂ ਦਾ ਰਾਹ ਦਿਖਾਉਣ ਵਾਲੇ ਕਦੇ ਸੁੱਖ ਦੀ ਨੀਂਦ ਨਹੀਂ ਸੌਾਦੇ | ਉਨ੍ਹਾਂ ਦਾ ਪਰਿਵਾਰ ਕਦੇ ਖੁਸ਼ਹਾਲ ਜੀਵਨ ਨਹੀਂ ਜਿਊਾਦਾ | ਕਿਸੇ ਨਾ ਕਿਸੇ ਪੱਖੋਂ ਊਣਾ ਹੀ ਰਹਿੰਦਾ ਹੈ | ਮਾਂ ਦਾ ਬੁਢਾਪਾ ਰੋਲਾਂਗੇ ਤਾਂ ਯਾਦ ਰੱਖਣਾ ਪਵੇਗਾ ਕਿ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ | ਇਸ ਦੇ ਉਲਟ ਮਾਂ ਦਾ ਦਿਲ ਜਿੱਤ ਕੇ ਹਰ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ ਪਰ ਮਾਂ ਨੂੰ ਨਰਾਜ਼ ਕਰਕੇ ਤਾਂ ਸਾਰੀ ਦੁਨੀਆ ਜਿੱਤ ਕੇ ਵੀ ਅੰਤ ਬੰਦਾ ਹਾਰਿਆ ਮਹਿਸੂਸ ਕਰਦਾ ਹੈ | ਜੇ ਕਦੇ ਮਾਂ ਬਿਮਾਰ ਹੋ ਜਾਏ ਤੇ ਪ੍ਰਮਾਤਮਾ ਤੁਹਾਨੂੰ ਮਾਂ ਦੀ ਸੇਵਾ ਲਈ ਚੁਣੇ ਤਾਂ ਯਾਦ ਰੱਖਣਾ ਜਿਨ੍ਹਾਂ ਕੋਲ ਮਾਵਾਂ ਹਨ, ਉਨ੍ਹਾਂ ਕੋਲ ਦੁਆਵਾਂ ਹਨ | ਤੁਹਾਡੇ ਪੱਖ ਵਿਚ ਮਾਂ ਦੀ ਹਾਂ ਹੈ, ਮਾਂ ਦੀ ਦੁਆ ਹੈ ਤਾਂ ਰੱਬ ਵੀ ਉਸ ਨੂੰ ਟਾਲ ਨਹੀਂ ਸਕਦਾ | ਮਾਂ ਦੀ ਹਾਂ ਹੀ, ਰੱਬ ਦੀ ਹਾਂ ਹੁੰਦੀ ਹੈ | ਹਜ਼ਰਤ ਮੂਸਾ ਨੇ ਇਕ ਦਿਨ ਅੱਲ੍ਹਾ ਨੂੰ ਕਿਹਾ ਕਿ ਸਵਰਗ ਵਿਚ ਮੇਰਾ ਗੁਆਂਢੀ ਕੌਣ ਹੋਵੇਗਾ? ਅੱਲ੍ਹਾ ਨੇ ਉਸ ਨੂੰ ਇਕ ਕਸਾਈ ਕੋਲ ਭੇਜਿਆ ਤੇ ਕਿਹਾ ਕਿ ਸਵਰਗ ਵਿਚ ਉਹ ਉਸਦਾ ਗੁਆਂਢੀ ਬਣੇਗਾ | ਮੂਸਾ ਨੇ ਇਸ ਰਹੱਸ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਵੇਖਿਆ ਕਿ ਕਸਾਈ ਸ਼ਾਮ ਨੂੰ ਬਚਿਆ ਮਾਸ ਘਰ ਲਿਆਉਂਦਾ ਹੈ | ਉਸ ਨੂੰ ਪਕਾਉਂਦਾ ਹੈ ਤੇ ਫਿਰ ਮਾਂ ਦੇ ਕਮਰੇ ਵਿਚ ਜਾ ਕੇ ਪਈ ਮਾਂ ਨੂੰ ਆਪਣੀ ਝੋਲੀ ਵਿਚ ਬਿਠਾਉਂਦਾ ਹੈ ਤੇ ਖੁਦ ਆਪਣੇ ਹੱਥਾਂ ਨਾਲ ਇਕ-ਇਕ ਬੁਰਕੀ ਮਾਂ ਦੇ ਮੂੰਹ ਵਿਚ ਪਾਉਂਦਾ ਹੈ | ਰੋਟੀ ਖਵਾ ਕੇ ਉਸ ਨੂੰ ਪਾਣੀ ਪਿਆਉਂਦਾ ਹੈ | ਫਿਰ ਮਾਂ ਦੀਆਂ ਗੱਲ੍ਹਾਂ ਅਤੇ ਪੈਰਾਂ ਨੂੰ ਚੁੰਮਦਾ ਹੈ ਤੇ ਮਾਂ ਨੂੰ ਪੁੱਛਦਾ ਹੈ ਕਿ ਕੀ ਹੋਰ ਕੁਝ ਚਾਹੀਦਾ ਹੈ? ਮਾਂ ਜੁਆਬ ਦੇਣ ਲਗਦੀ ਹੈ ਕਿ ਹਜ਼ਰਤ ਮੂਸਾ ਉਸ ਘਰ ਵਿਚ ਦਾਖ਼ਲ ਹੁੰਦੇ ਹਨ | ਮਾਂ ਪੁੱਤ ਨੂੰ ਅਸੀਸ ਦਿੰਦੀ ਹੈ ਕਿ ਅੱਲ੍ਹਾ ਉਸ ਨੂੰ ਜੱਨਤ ਵਿਚ ਮੂਸਾ ਦਾ ਹਮਸਾਇਆ ਬਣਾਵੇ | ਸੋ, ਮਾਵਾਂ ਨੂੰ ਬੋਝ ਸਮਝਣ ਦੀ ਥਾਂ ਉਨ੍ਹਾਂ ਦੀ ਜਿੰਨੀ ਹੋ ਸਕੇ ਖਿਦਮਤ ਕਰਨੀ ਆਪਣਾ ਸੁਭਾਗ ਸਮਝਣਾ ਚਾਹੀਦਾ ਹੈ | ਬਕੌਲ-ਇ-ਸ਼ਾਇਰ ਮੁਨੱਵਰ ਰਾਣਾ :
ਕਿਸੀ ਕੋ ਘਰ ਮਿਲਾ ਹਿੱਸੇ ਮੇਂ,
ਯਾ ਕੋਈ ਦੁਕਾਂ ਆਈ |
ਮੈਂ ਘਰ ਮੇਂ ਸਬ ਸੇ ਛੋਟਾ ਥਾ,
ਮੇਰੇ ਹਿੱਸੇ ਮੇਂ ਮਾਂ ਆਈ |
ਦੁਨੀਆ ਵਿਚ ਪਤਨੀ, ਪਰਿਵਾਰ, ਬੱਚੇ ਸਭ ਰਿਸ਼ਤਿਆਂ ਦਾ ਤਾਣਾ ਬਾਣਾ ਚੱਲਦਾ ਰਹੇਗਾ ਪਰ ਮਾਂ ਸੱਚਮੁਚ ਬੇਸ਼ਕੀਮਤੀ ਪੂੰਜੀ ਹੈ, ਜੇ ਇਹ ਇਕ ਵਾਰ ਵਿਛੜ ਗਈ ਤਾਂ ਮੁੜ ਨਹੀਂ ਲੱਭਣੀ ਕਿਉਂਕਿ ਗੁਆਚੇ ਲਾਲ ਘਟ ਹੀ ਲੱਭਦੇ ਹੁੰਦੇ ਹਨ | ਆਉ! ਹਰ ਦਿਨ ਨੂੰ ਮਾਂ ਦਿਵਸ ਮਨਾਉਣ ਵਾਲੀ ਭਾਵਨਾ ਨਾਲ ਗੁਜ਼ਾਰਨਾ ਸ਼ੁਰੂ ਕਰਨ ਦਾ ਅਹਿਦ ਲਈਏ ਤਾਂ ਕਿ ਮਾਂ ਦੇ ਤੁਰ ਜਾਣ ਤੋਂ ਬਾਅਦ ਕਰੋੜਾਂ 'ਚ ਵੀ ਨਾ ਮਿਲ ਸਕਣ ਵਾਲੀਆਂ ਅਸੀਸਾਂ ਨੂੰ ਆਪਣਾ ਹਾਸਿਲ ਬਣਾ ਸਕੀਏ |

-ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 85678-86223

ਪੁਤਿਨ ਦੀ ਸੰਸਾਰ ਫ਼ਲਸਫ਼ੇ ਨੂੰ ਦੇਣ

ਇਹ ਕਹਿਣਾ ਸ਼ਾਇਦ ਅਤਿ-ਕਥਨੀ ਨਾ ਹੋਵੇ ਕਿ ਅਜੋਕੇ ਪ੍ਰਸੰਗ ਵਿਚ ਸੰਸਾਰ ਦੇ ਇਤਿਹਾਸ ਦੀ ਦਿਸ਼ਾ ਨੂੰ ਜਿੰਨਾ ਪੁਤਿਨ ਨੇ ਪ੍ਰਭਾਵਿਤ ਕੀਤਾ ਹੈ, ਓਨਾ ਕਿਸੇ ਹੋਰ ਸੰਸਾਰਕ ਨੇਤਾ ਨੇ ਨਹੀਂ ਕੀਤਾ | ਹੁਣੇ-ਹੁਣੇ ਪੁਤਿਨ ਚੌਥੀ ਵਾਰ ਵੱਡੀ ਬਹੁਗਿਣਤੀ ਨਾਲ ਚੋਣ ਜਿੱਤ ਕੇ ਰੂਸ ਦੇ ਰਾਸ਼ਟਰਪਤੀ ਬਣੇ ਹਨ | ਸਟਾਲਿਨ ਤੋਂ ਬਾਅਦ ਪੁਤਿਨ ਪਹਿਲੇ ਰੂਸੀ ਨੇਤਾ ਹਨ ਜਿਨ੍ਹਾਂ ਨੇ ਏਨੀ ਦੇਰ ਤੋਂ ਲਗਾਤਾਰ ਰੂਸ ਦੀ ਵਾਗਡੋਰ ਸੰਭਾਲੀ ਹੈ | ਪੁਤਿਨ ਦਾ ਜਨਮ 7 ਅਕਤੂਬਰ, 1952 ਨੂੰ ਰੂਸ ਦੇ ਦੂਜੇ ਵੱਡੇ ਸ਼ਹਿਰ ਸੇਂਟ ਪੀਟਰਸਬਰਗ, ਜਿਸ ਨੂੰ ਲੈਨਿਨ ਗਰਾਦ ਵੀ ਕਿਹਾ ਜਾਂਦਾ ਹੈ, ਵਿਖੇ ਹੋਇਆ | ਬਾਲਟਿਕ ਸਾਗਰ ਦੇ ਕੰਢੇ ਵਸਿਆ ਇਹ ਸ਼ਹਿਰ ਰੂਸ ਦਾ ਇਤਿਹਾਸਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਰਿਹਾ ਹੈ | ਲੰਮੇ ਅਰਸੇ ਤੱਕ ਇਹ ਸ਼ਹਿਰ ਰੂਸ ਦੀ ਰਾਜਧਾਨੀ ਰਿਹਾ ਹੈ | 1975 ਵਿਚ ਪੁਤਿਨ ਨੇ ਲੈਨਿਨ ਗਰਾਦ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਲਈ | ਉਸ ਨੇ ਰੂਸ ਦੀ ਖੁਫੀਆ ਏਜੰਸੀ ਕੇ.ਜੀ.ਬੀ. ਵਿਚ ਨੌਕਰੀ ਕਰ ਲਈ ਅਤੇ ਲੈਫਟੀਨੈਂਟ ਕਰਨਲ ਦੇ ਅਹੁਦੇ ਤੱਕ ਪਹੁੰਚ ਗਏ | ਉਹ ਪੂਰਬੀ ਜਰਮਨੀ ਵਿਚ ਤਾਇਨਾਤ ਸਨ | 1989 ਵਿਚ ਜਦੋਂ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਇਕੱਠੇ ਹੋ ਗਏ ਤਾਂ ਪੁਤਿਨ ਨੇ ਕੇ.ਜੀ.ਬੀ. ਵਲੋਂ ਇਕੱਠੀ ਕੀਤੀ ਜਾਣਕਾਰੀ ਪੱਛਮੀ ਤਾਕਤਾਂ ਦੇ ਹੱਥ ਜਾਣ ਤੋਂ ਰੋਕਣ ਲਈ ਸਾੜ ਦਿੱਤੀ | ਇਸ ਤੋਂ ਬਾਅਦ ਪੁਤਿਨ ਵਾਪਸ ਸੇਂਟ ਪੀਟਰਸਬਰਗ ਚਲੇ ਗਏ | ਸੇਂਟ ਪੀਟਰਸਬਰਗ ਦਾ ਮੇਅਰ ਅਨਾਤੋਲੀ ਸਬਚਾਕ ਪੁਤਿਨ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਥੋਂ ਦੀ ਸਰਕਾਰ ਵਿਚ ਪੁਤਿਨ ਨੂੰ ਇਕ ਉੱਚਾ ਅਹੁਦਾ ਮਿਲ ਗਿਆ | ਜਲਦੀ ਹੀ ਪੁਤਿਨ ਦੀ ਸਿਆਣਪ ਦੀ ਧਾਂਕ ਜੰਮ ਗਈ | ਉਹ ਮੇਅਰ ਦਾ ਸਭ ਤੋਂ ਨਜ਼ਦੀਕੀ ਦੋਸਤ ਬਣ ਗਿਆ ਅਤੇ ਉਸ ਦਾ ਇਸ ਮੇਅਰ ਤੋਂ ਬਾਅਦ ਅਗਲਾ ਮੇਅਰ ਬਣਨਾ ਲਗਪਗ ਤੈਅ ਹੋ ਗਿਆ | ਪੰ੍ਰਤੂ 1996 ਵਿਚ ਮੇਅਰ ਚੋਣ ਹਾਰ ਗਿਆ ਅਤੇ ਉਸ ਨੇ ਪੁਤਿਨ ਨੂੰ ਸਲਾਹ ਦਿੱਤੀ ਕਿ ਉਸ ਨੂੰ ਮਾਸਕੋ ਜਾ ਕੇ ਕੇਂਦਰੀ ਸਰਕਾਰ ਵਿਚ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ | 1996 ਵਿਚ ਪੁਤਿਨ ਮਾਸਕੋ ਚਲੇ ਗਏ ਅਤੇ ਰੂਸੀ ਰਾਸ਼ਟਰਪਤੀ ਬੋਰਿਸ ਯੇਲਤਸਿਨ ਦੀ ਸਰਕਾਰ ਵਿਚ ਸ਼ਾਮਿਲ ਹੋ ਗਏ | ਉਹ ਪੁਤਿਨ ਦੀ ਸਿਆਣਪ ਅਤੇ ਕਾਬਲੀਅਤ ਤੋਂ ਏਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਪੇਸ਼ ਕੀਤਾ | 1999 ਵਿਚ ਯੇਲਤਸਿਨ ਨੇ ਮਾੜੀ ਸਿਹਤ ਕਾਰਨ ਅਸਤੀਫ਼ਾ ਦੇ ਦਿੱਤਾ ਅਤੇ ਪੁਤਿਨ ਰੂਸ ਦੇ ਕਾਰਜਕਾਰੀ ਰਾਸ਼ਟਰਪਤੀ ਬਣ ਗਏ | 2000 ਵਿਚ ਉਹ ਰੂਸ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਕੇ 2008 ਤੱਕ ਦੋ ਵਾਰੀ ਰੂਸ ਦੇ ਰਾਸ਼ਟਰਪਤੀ ਰਹੇ | ਰੂਸੀ ਸੰਵਿਧਾਨ ਅਨੁਸਾਰ ਕੋਈ ਵਿਅਕਤੀ ਸਿਰਫ਼ ਦੋ ਵਾਰੀ ਹੀ ਲਗਾਤਾਰ ਰਾਸ਼ਟਰਪਤੀ ਬਣ ਸਕਦਾ ਹੈ | ਇਸ ਕਰਕੇ ਸਾਲ 2008 ਤੋਂ 2012 ਤੱਕ ਉਹ ਰੂਸ ਦੇ ਪ੍ਰਧਾਨ ਮੰਤਰੀ ਰਹੇ | 2012 ਵਿਚ ਤੀਜੀ ਵਾਰ ਅਤੇ 2018 ਵਿਚ ਚੌਥੀ ਵਾਰ ਫਿਰ ਰਾਸ਼ਟਰਪਤੀ ਬਣੇ |
ਜਦੋਂ ਪੁਤਿਨ ਨੇ ਰੂਸ ਦੀ ਵਾਗਡੋਰ ਸੰਭਾਲੀ ਸੀ ਤਾਂ ਰੂਸ ਬਹੁਤ ਹੀ ਮਾੜੀ ਸਥਿਤੀ ਵਿਚੋਂ ਗੁਜ਼ਰ ਰਿਹਾ ਸੀ | ਉਸ ਤੋਂ ਪਹਿਲਾਂ ਰੂਸ ਦੇ ਦੋ ਪ੍ਰਧਾਨ, ਮਿਖਾਈਲ ਗੋਰਬਾਚੇਵ ਅਤੇ ਬੋਰਿਸ ਯੇਲਤਸਿਨ ਨੇ ਲੱਗਪਗ ਪੂਰੀ ਤਰ੍ਹਾਂ ਪੱਛਮੀ ਸਾਮਰਾਜੀ ਦੇਸ਼ਾਂ ਦੀ ਗ਼ੁਲਾਮੀ ਕਬੂਲ ਕਰ ਲਈ ਸੀ | ਗੋਰਬਾਚੇਵ ਨੇ ਆਪਣੀ ਨੀਤੀ ਜਿਸ ਨੂੰ ਪ੍ਰੈਸਤੋਰਾਇਕਾ ਕਹਿੰਦੇ ਹਨ, ਅਨੁਸਾਰ ਲੱਗਪਗ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੀ ਹਾਰ ਕਬੂਲ ਲਈ ਸੀ ਅਤੇ ਇਹ ਸਵੀਕਾਰ ਕਰ ਲਿਆ ਸੀ ਕਿ ਰੂਸ ਵਿਚ ਕਮਿਊਨਿਜ਼ਮ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕਾ ਹੈ ਅਤੇ ਰੂਸ ਨੂੰ ਪੱਛਮੀ ਸਾਮਰਾਜੀ ਦੇਸ਼ਾਂ ਦੀ ਵਿਰੋਧਤਾ ਛੱਡ ਕੇ ਪੱਛਮੀ ਸਾਮਰਾਜੀ ਦੇਸ਼ਾਂ ਨਾਲ ਮਿਲ ਕੇ ਚੱਲਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ | ਪੱਛਮੀ ਸਾਮਰਾਜੀ ਦੇਸ਼ਾਂ ਨੇ ਸੋਵੀਅਤ ਯੂਨੀਅਨ ਅਤੇ ਕਮਿਊਨਿਜ਼ਮ ਦੀ ਹਾਰ ਅਤੇ ਪੱਛਮੀ ਸਰਮਾਏਦਾਰੀ ਵਿਵਸਥਾ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਖ਼ੁਸ਼ੀ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਅਤੇ ਰੂਸ ਨੂੰ ਜ਼ਲੀਲ ਕਰਨਾ ਅਤੇ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ | ਰੂਸ ਦੇ ਲੋਕਾਂ ਵਿਚ ਗੋਰਬਾਚੇਵ ਵਿਰੁੱਧ ਬਹੁਤ ਰੋਸ ਅਤੇ ਤਿੱਖੀ ਭਾਵਨਾ ਪੈਦਾ ਹੋ ਗਈ | 1991 ਵਿਚ ਗੋਰਬਾਚੇਵ ਵਿਰੁੱਧ ਹਥਿਆਰਬੰਦ ਬਗ਼ਾਵਤ ਹੋ ਗਈ | ਭਾਵੇਂ ਕਿ ਪੱਛਮੀ ਸਾਮਰਾਜੀ ਦੇਸ਼ਾਂ ਦੀ ਸਹਾਇਤਾ ਨਾਲ ਗੋਰਬਾਚੇਵ ਬਗ਼ਾਵਤ ਨੂੰ ਦਬਾਉਣ ਵਿਚ ਸਫ਼ਲ ਹੋ ਗਏ ਪ੍ਰੰਤੂ ਉਹ ਰਾਜਨੀਤਕ ਤੌਰ 'ਤੇ ਬਹੁਤ ਕਮਜ਼ੋਰ ਹੋ ਗਏ ਅਤੇ ਉਨ੍ਹਾਂ ਨੂੰ ਸੱਤਾ ਛੱਡਣੀ ਪਈ | ਯੇਲਤਸਿਨ ਨਵੇਂ ਰਾਸ਼ਟਰਪਤੀ ਬਣੇ ਪ੍ਰੰਤੂ ਯੇਲਤਸਿਨ ਵੀ ਕਮਜ਼ੋਰ ਅਤੇ ਅਸਫ਼ਲ ਨੇਤਾ ਹੀ ਸਾਬਤ ਹੋਏ | ਇਕ ਕਾਰਨ ਸ਼ਰਾਬੀ ਹੋਣ ਅਤੇ ਦੂਜਾ ਕਾਰਨ ਉਸ ਦੀ ਮਾੜੀ ਸਿਹਤ ਵੀ ਇਸ ਸਥਿਤੀ ਲਈ ਜ਼ਿੰਮੇਵਾਰ ਬਣੇ | ਸਮੁੱਚੇ ਤੌਰ 'ਤੇ ਗੋਰਬਾਚੇਵ ਵਲੋਂ ਸ਼ੁਰੂ ਕੀਤੀ ਪੱਛਮਪ੍ਰਸਤ ਨੀਤੀ ਹੀ ਅਪਣਾਈ | ਰੂਸੀ ਲੋਕ ਅਜਿਹੀ ਨੀਤੀ ਤੋਂ ਬਹੁਤ ਗੁੱਸੇ ਤੇ ਨਿਰਾਸ਼ ਸਨ ਅਤੇ ਚਾਹੁੰਦੇ ਸਨ ਕਿ ਰੂਸ ਦੀ ਅਗਵਾਈ ਅਜਿਹਾ ਨੇਤਾ ਕਰੇ ਜੋ ਰੂਸੀ ਲੋਕਾਂ ਦਾ ਰਾਸ਼ਟਰੀ ਸਵੈਮਾਣ ਬਹਾਲ ਕਰ ਸਕੇ ਅਤੇ ਰੂਸ ਦਾ ਸੰਸਾਰ ਵਿਚ ਸਤਿਕਾਰਿਤ ਸਥਾਨ ਮੁੜ ਸਥਾਪਿਤ ਕਰ ਸਕੇ | ਇਸ ਬਾਰੇ ਲੱਗਪਗ ਪੂਰਨ ਸਹਿਮਤੀ ਬਣ ਗਈ ਕਿ ਪੁਤਿਨ ਹੀ ਅਜਿਹਾ ਕਾਰਜ ਕਰ ਸਕਦੇ ਹਨ | ਯੇਲਤਸਿਨ ਨੂੰ ਰੂਸ ਦੀ ਵਾਗਡੋਰ ਪੁਤਿਨ ਨੂੰ ਸੌਾਪਣੀ ਪਈ | ਪੁਤਿਨ ਨੇ ਸੱਤਾ ਸੰਭਾਲਦਿਆਂ ਹੀ ਰੂਸ ਦੀ ਨੀਤੀ ਵਿਚ ਬੁਨਿਆਦੀ ਤਬਦੀਲੀ ਲੈ ਆਂਦੀ | ਪੁਤਿਨ ਰੂਸ ਦਾ ਭਵਿੱਖ ਪੂਰਬ ਅਤੇ ਏਸ਼ੀਆ ਵਿਚ ਦੇਖਦੇ ਸਨ ਅਤੇ ਰੂਸ ਲਈ ਸਭ ਤੋਂ ਮਹੱਤਵਪੂਰਨ ਰਿਸ਼ਤਾ ਚੀਨ ਨਾਲ ਦੇਖਦੇ ਸਨ | ਉਹ ਰਾਸ਼ਟਰਪਤੀ ਬਣਦਿਆਂ ਹੀ ਚੀਨ ਦੇ ਦੌਰੇ 'ਤੇ ਗਏ ਅਤੇ ਚੀਨ ਨਾਲ ਇਸ ਗੱਲ 'ਤੇ ਸਹਿਮਤੀ ਬਣਾ ਲਈ ਕਿ ਦੋਵਾਂ ਦੇਸ਼ਾਂ ਨੂੰ ਮਿਲ ਕੇ ਸੰਸਾਰ ਨੂੰ ਪੱਛਮੀ ਤਾਕਤ ਅਤੇ ਅਮਰੀਕੀ ਚੌਧਰ ਤੋਂ ਮੁਕਤ ਕਰਨਾ ਚਾਹੀਦਾ ਹੈ ਅਤੇ ਅਜੋਕੀ ਪੱਛਮੀ ਤਾਕਤ ਵਾਲੀ ਇਕ ਧਰੁਵੀ ਸੰਸਾਰਿਕ ਵਿਵਸਥਾ ਨੂੰ ਬਦਲ ਕੇ ਇਕ ਬਹੁਧਰੁਵੀ ਸੰਸਾਰਿਕ ਵਿਵਸਥਾ ਸਥਾਪਿਤ ਕਰਨੀ ਚਾਹੀਦੀ ਹੈ |
ਪੁਤਿਨ ਨੇ ਪੱਛਮੀ ਸਰਮਾਏਦਾਰੀ ਅਤੇ ਰੂਸ ਵਿਚ ਕਮਿਊਨਿਜ਼ਮ ਅਸਫ਼ਲ ਹੋ ਜਾਣ ਬਾਰੇ ਜੋ ਸਿੱਟੇ ਕੱਢੇ ਹਨ, ਉਹ ਬਹੁਤ ਹੀ ਮਹੱਤਵਪੂਰਨ ਅਤੇ ਸਾਰਥਿਕ ਹਨ | ਦੋਵਾਂ ਨੇ ਆਰਥਿਕਤਾ ਨੂੰ ਨੈਤਿਕਤਾ ਤੋਂ ਉੱਪਰ ਰੱਖਿਆ ਹੈ | ਮਨੁੱਖੀ ਜਜ਼ਬੇ, ਮਨੁੱਖੀ ਰਿਸ਼ਤਿਆਂ ਅਤੇ ਮਨੁੱਖੀ ਰਿਸ਼ਤਿਆਂ ਦੀ ਮਹੱਤਤਾ ਨੂੰ ਘਟਾਇਆ ਹੈ | ਪੁਤਿਨ ਨੇ ਪੱਛਮੀ ਸਰਮਾਏਦਾਰੀ ਅਤੇ ਅਨੈਤਿਕ ਆਰਥਿਕਵਾਦੀ ਮਾਰਕਸਵਾਦ ਵਲੋਂ ਮਨੁੱਖਤਾ ਦੇ ਕੀਤੇ ਘਾਣ ਦਾ ਮੁਕਾਬਲਾ ਕਰਨ ਲਈ ਇਸਾਈ ਧਰਮ ਅਤੇ ਕਮਿਊਨਿਜ਼ਮ ਦੇ ਨਰੋਏ ਤੱਤਾਂ ਦੇ ਸੁਮੇਲ ਦੀ ਲੋੜ 'ਤੇ ਜ਼ੋਰ ਦਿੱਤਾ ਹੈ | ਇਸੇ ਤਰ੍ਹਾਂ ਪੁਤਿਨ ਨੇ ਪੱਛਮੀ ਤਾਕਤ ਅਤੇ ਪੱਛਮੀ ਚੌਧਰ ਦਾ ਮੁਕਾਬਲਾ ਕਰਨ ਲਈ ਪੂਰਬ ਅਤੇ ਏਸ਼ੀਆ ਨਾਲ ਮਿਲ ਕੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ | ਪੁਤਿਨ ਰੂਸ ਨੂੰ ਯੂਰੇਸ਼ੀਆ ਦਾ ਹਿੱਸਾ ਮੰਨਦੇ ਹਨ | ਭਾਵ ਉਹ ਖਿੱਤਾ ਜਿਥੇ ਯੂਰਪ ਅਤੇ ਏਸ਼ੀਆ ਆਪਸ ਵਿਚ ਜੁੜਦੇ ਹਨ | ਉਨ੍ਹਾਂ ਦਾ ਦਾਅਵਾ ਹੈ ਕਿ ਪਿਛਲੇ ਹਜ਼ਾਰਾਂ ਸਾਲਾਂ ਦਾ ਇਤਿਹਾਸ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਸੰਸਾਰ ਵਿਚ ਇਸ ਖਿੱਤੇ ਨੇ ਸਿਰਕੱਢ ਭੂਮਿਕਾ ਨਿਭਾਈ ਹੈ | ਪੁਤਿਨ ਅਨੁਸਾਰ ਅਮਰੀਕਾ ਦੀ ਚੜ੍ਹਤ ਇਤਿਹਾਸ ਦੇ ਮੁੱਖ ਰੁਝਾਨ ਤੋਂ ਪਰ੍ਹੇ ਹਟ ਕੇ ਹੈ | ਇਸ ਲਈ ਇਹ ਜ਼ਿਆਦਾ ਦੇਰ ਕਾਇਮ ਨਹੀਂ ਰਹਿ ਸਕਦੀ | ਪੁਤਿਨ ਅਜੋਕੇ ਸੰਸਾਰੀਕਰਨ ਦੀ ਅਗਵਾਈ ਰੂਸ, ਚੀਨ ਅਤੇ ਭਾਰਤ ਦੇ ਹੱਥਾਂ ਵਿਚ ਦੇਣਾ ਚਾਹੁੰਦੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਪੱਛਮੀ ਸਾਮਰਾਜੀ ਦੇਸ਼ਾਂ ਦੀ ਅਗਵਾਈ ਹੇਠ ਅਜੋਕਾ ਸੰਸਾਰੀਕਰਨ ਅਨੈਤਿਕ ਸੰਸਾਰੀਕਰਨ ਹੈ ਜਦੋਂ ਕਿ ਪੂਰਬ ਇਸ ਨੂੰ ਨੈਤਿਕ ਸੰਸਾਰੀਕਰਨ ਬਣਾਉਣ ਦੇ ਸਮਰੱਥ ਹੈ | ਇਸੇ ਤਰ੍ਹਾਂ ਪੱਛਮੀ ਤਾਕਤ ਅਜੇ ਅਮਰੀਕੀ ਚੌਧਰ ਵਾਲੀ ਅਜੋਕੀ ਇਕ ਧਰੁਵੀ ਸੰਸਾਰਕ ਵਿਵਸਥਾ ਜੋ ਕਿ ਨਾਬਰਾਬਰੀ, ਵਿਤਕਰੇ ਅਤੇ ਬੇਇਨਸਾਫ਼ੀ 'ਤੇ ਆਧਾਰਿਤ ਹੈ, ਦੀ ਥਾਂ 'ਤੇ ਪੁਤਿਨ ਇਕ ਬਹੁਧਰੁਵੀ ਸੰਸਾਰਿਕ ਵਿਵਸਥਾ ਦੇ ਪੈਰੋਕਾਰ ਹਨ, ਜਿਸ ਵਿਚ ਸੰਸਾਰ ਦੇ ਸਾਰੇ ਦੇਸ਼, ਸੱਭਿਅਤਾਵਾਂ ਅਤੇ ਖਿੱਤੇ ਬਰਾਬਰ ਦੇ ਭਾਈਵਾਲ ਹੋਣ | ਪੁਤਿਨ ਅਮਰੀਕੀ ਵਿਸ਼ੇਸ਼ਵਾਦ ਜਿਸ ਨੂੰ ਅੰਗਰੇਜ਼ੀ ਵਿਚ ਐਕਸਪੈਸ਼ਨਲਿਜ਼ਮ ਕਿਹਾ ਜਾਂਦਾ ਹੈ, ਨੂੰ ਅਮਰੀਕੀ ਹੰਕਾਰ ਦੀ ਸਿਖਰ ਸਮਝਦੇ ਹਨ | ਇਸ ਦਾ ਅਰਥ ਹੈ ਕਿ ਅਮਰੀਕਾ ਬਾਕੀ ਸੰਸਾਰ ਨਾਲੋਂ ਵੱਖਰਾ ਹੈ ਅਤੇ ਵਿਸ਼ੇਸ਼ ਸਥਾਨ ਦਾ ਹੱਕਦਾਰ ਹੈ | ਪੁਤਿਨ ਯੂਰਪੀ ਰਾਸ਼ਟਰਵਾਦ ਨੂੰ ਅਮਰੀਕੀ ਚੌਧਰ ਦੇ ਟਾਕਰੇ ਲਈ ਹਾਂ-ਪੱਖੀ ਤੱਥ ਸਮਝਦੇ ਹਨ | ਪੁਤਿਨ ਇਸਾਈ ਧਰਮ ਨੂੰ ਯੂਰਪੀਅਨ ਸੱਭਿਅਤਾ ਦਾ ਆਧਾਰ ਮੰਨਦੇ ਹਨ | ਪੁਤਿਨ ਨਾ ਸਿਰਫ਼ ਰੂਸ ਦੇ ਬਹੁਤ ਹਰਮਨਪਿਆਰੇ ਨੇਤਾ ਹਨ, ਸਗੋਂ ਸਮੁੱਚੇ ਯੂਰਪ ਦੀਆਂ ਰਾਸ਼ਟਰਵਾਦੀ ਸ਼ਕਤੀਆਂ ਪੁਤਿਨ ਨੂੰ ਆਪਣਾ ਨੇਤਾ ਮੰਨਦੀਆਂ ਹਨ | ਇਸੇ ਤਰ੍ਹਾਂ ਅਜੋਕੇ ਅਨੈਤਿਕ ਸੰਸਾਰੀਕਰਨ ਦੀਆਂ ਵਿਰੋਧੀ ਸ਼ਕਤੀਆਂ ਅਤੇ ਨਵਉਦਾਰਵਾਦ ਜੋ ਕਿ ਪ੍ਰੰਪਰਾ, ਰਵਾਇਤ, ਸਲੀਕੇ ਅਤੇ ਮਨੁੱਖੀ ਜਜ਼ਬੇ ਦੀ ਥਾਂ 'ਤੇ ਸਿਰਫ਼ ਆਰਥਿਕ ਤਰੱਕੀ ਨੂੰ ਹੀ ਪ੍ਰੋਤਸਾਹਿਤ ਕਰਦਾ ਹੈ, ਦੀਆਂ ਵਿਰੋਧੀ ਸ਼ਕਤੀਆਂ ਪੁਤਿਨ ਨੂੰ ਆਪਣਾ ਨੇਤਾ ਮੰਨਦੀਆਂ ਹਨ | ਪੁਤਿਨ ਦੀ ਇਸ ਹਰਮਨ-ਪਿਆਰਤਾ ਕਾਰਨ ਹੀ ਉਸ 'ਤੇ ਲੱਗਪਗ ਹਰ ਪੱਛਮੀ ਦੇਸ਼ ਨੇ ਦੋਸ਼ ਲਾਏ ਹਨ ਕਿ ਉਸ ਨੇ ਉਨ੍ਹਾਂ ਦੀਆਂ ਚੋਣਾਂ ਵਿਚ ਦਖਲਅੰਦਾਜ਼ੀ ਕੀਤੀ ਹੈ | ਇਹ ਇਕ ਮਹਿਜ਼ ਇਤਫ਼ਾਕ ਨਹੀਂ ਹੈ ਜੋ ਪਾਠਕਾਂ ਨੂੰ ਇਹ ਮਹਿਸੂਸ ਹੋਏ ਕਿ ਮੇਰੇ ਵਲੋਂ ਲਏ ਗਏ ਬਹੁਤ ਸਾਰੇ ਸਟੈਂਡ ਪੁਤਿਨ ਨਾਲ ਮਿਲਦੇ-ਜੁਲਦੇ ਹਨ | ਇਥੇ ਮੈਂ ਇਹ ਦੱਸਣਾ ਚਾਹਾਂਗਾ ਕਿ ਰੂਸ ਦਾ ਪਰਾਵਦਾ ਅਖ਼ਬਾਰ ਜਿਸ ਦਾ ਅਰਥ ਰੂਸੀ ਜ਼ਬਾਨ ਵਿਚ ਸੱਚ ਹੈ, ਲਗਾਤਾਰ ਮੇਰੇ ਲੇਖ ਛਾਪ ਰਿਹਾ ਹੈ | ਇਸ ਅਖ਼ਬਾਰ ਨੂੰ 1911 ਵਿਚ ਲੈਨਿਨ ਨੇ ਸ਼ੁਰੂ ਕੀਤਾ ਸੀ ਅਤੇ ਉਹ ਸੋਵੀਅਤ ਯੂਨੀਅਨ ਦੇ ਟੁੱਟਣ ਤੱਕ ਸੋਵੀਅਤ ਕਮਿਊਨਿਸਟ ਪਾਰਟੀ ਦਾ ਸਰਕਾਰੀ ਅਖ਼ਬਾਰ ਰਿਹਾ ਹੈ | ਅੱਜ ਵੀ ਇਹ ਯੂਰਪ ਦੀਆਂ ਕਈ ਭਾਸ਼ਾਵਾਂ ਵਿਚ ਛਪ ਰਿਹਾ ਹੈ |
-0-

ਮਨੁੱਖੀ ਬਚਾਓ ਪ੍ਰਣਾਲੀ ਹੈ ਪਸੀਨਾ ਆਉਣਾ

ਅੱਜ ਕਈ ਪ੍ਰਾਣੀਆਂ ਦੇ ਲੁਪਤ ਹੋ ਜਾਣ ਦੇ ਬਾਵਜੂਦ ਅਸੀਂ ਧਰਤੀ 'ਤੇ ਕਾਇਮ ਹਾਂ | ਅੱਜ ਸਾਡੀ ਪਹਿਚਾਣ ਇਕ ਵਿਵੇਕਸ਼ੀਲ ਅਤੇ ਬੇਹੱਦ ਸਮਝਦਾਰ ਪ੍ਰਾਣੀਆਂ ਵਜੋਂ ਹੁੰਦੀ ਹੈ, ਤਾਂ ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਸਾਨੂੰ ਪਸੀਨਾ ਆਉਂਦਾ ਹੈ | ਪਸੀਨੇ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਕਿਉਂਕਿ ਅਸਲ ਵਿਚ ਇਹ ਕੋਈ ਆਫ਼ਤ ਨਹੀਂ ਹੈ, ਬਲਕਿ ਇਕ ਰਾਹਤ ਹੈ | ਇਹ ਕੁਦਰਤ ਦੀ ਨਿਹਮਤ ਹੈ | ਤੁਸੀਂ ਇਸ ਨੂੰ ਇੰਜ ਵੀ ਕਹਿ ਸਕਦੇ ਹੋ ਕਿ ਇਹ ਕੁਦਰਤ ਦਾ ਮਨੁੱਖ ਨੂੰ ਦਿੱਤਾ ਗਿਆ ਇਕ ਅਨਮੋਲ ਤੋਹਫ਼ਾ ਹੈ | ਜੇਕਰ ਇਨਸਾਨ ਪ੍ਰਾਣੀਆਂ ਵਿਚੋਂ ਸਭ ਤੋਂ ਉੱਤਮ ਪ੍ਰਾਣੀ ਕਹਾਉਂਦਾ ਹੈ ਤਾਂ ਇਸ ਵਿਚ ਪਸੀਨੇ ਦਾ ਵੀ ਕੁਝ ਹੱਥ ਹੈ | ਪਸੀਨੇ ਦੇ ਕਣ ਤੁਹਾਡੀ ਦਿ੍ੜ੍ਹਤਾ, ਲਗਨ, ਸਖ਼ਤ ਮਿਹਨਤ ਦੇ ਸਰਟੀਫਿਕੇਟ ਜਾਂ ਤਗਮੇ ਹਨ | ਅੱਜ ਬ੍ਰਹਿਮੰਡੀ ਤਪਸ਼ ਦਾ ਜ਼ਮਾਨਾ ਹੈ, ਆਉਣ ਵਾਲੇ ਸਮੇਂ 'ਚ ਧਰਤੀ ਹੋਰ ਗਰਮਾਏਗੀ ਤਾਂ ਭਵਿੱਖ ਵਿਚ ਤੁਹਾਡੀ ਹਿਫਾਜ਼ਤ ਇਹੀ ਪਸੀਨਾ ਕਰੇਗਾ | ਸ਼ੁਕਰ ਕਰੋ ਕਿ ਤੁਹਾਨੂੰ ਨਿਹਮਤ ਪ੍ਰਾਪਤ ਹੈ, ਜਦਕਿ ਧਰਤੀ 'ਤੇ ਮੌਜੂਦ ਬਹੁਤ ਸਾਰੇ ਜੀਵ-ਜੰਤੂਆਂ ਨੂੰ ਇਹ ਸਭ ਤੋਂ ਬਿਹਤਰੀਨ ਵਾਤਾਅਨੁਕੂਲ ਤੰਤਰ ਪ੍ਰਾਪਤ ਨਹੀਂ ਹੈ, ਜਦੋਂਕਿ ਤੁਹਾਨੂੰ ਜਨਮ ਦੇ ਕੁਝ ਮਹੀਨਿਆਂ ਤੋਂ ਬਾਅਦ ਤੋਂ ਹੀ ਪ੍ਰਾਪਤ ਹੈ | ਆਖਿਰ ਇਹ ਪਸੀਨਾ ਹੀ ਤਾਂ ਹੈ, ਜਿਸ ਦੀ ਵਜ੍ਹਾ ਕਰਕੇ ਅਸੀਂ ਧਰਤੀ 'ਤੇ ਬਣੇ ਹੋਏ ਹਾਂ, ਜਦਕਿ ਅਨੇਕਾਂ ਪ੍ਰਾਣੀ ਪਤਾ ਨਹੀਂ ਕਦੋਂ ਦੇ ਲੁਪਤ ਹੋ ਚੁੱਕੇ ਹਨ | ਜ਼ਰਾ ਸੋਚੋ, ਜੇਕਰ ਤੁਹਾਡੇ ਕੋਲ ਇਹ ਸਹੂਲਤ ਨਾ ਹੁੰਦੀ ਤਾਂ ਕੀ ਹੁੰਦਾ? ਥੋੜ੍ਹੀ ਜਿਹੀ ਗਰਮੀ ਪੈਂਦੀ, ਤਪਸ਼ ਵਧਦੀ, ਲੂ ਚਲਦੀ ਤਾਂ ਸੱਚ ਜਾਣਿਓ ਮੌਤਾਂ ਦੇ ਢੇਰ ਲੱਗ ਜਾਣੇ ਸਨ |
ਦਰਅਸਲ ਪਸੀਨਾ ਇਕ ਅਦਭੁਤ ਤਕਨੀਕ ਹੈ, ਜੋ ਆਦਮੀ ਨੂੰ ਉਹਦੇ ਲਗਾਤਾਰ ਵਿਕਾਸ ਕਾਰਨ ਹਾਸਲ ਹੋਈ ਹੈ | ਇਸੇ ਦੀ ਬਦੌਲਤ ਹੀ ਯੁਗਾਂ ਤੋਂ ਇਨਸਾਨ ਧਰਤੀ ਦੇ ਸਾਰੇ ਪ੍ਰਾਣੀਆਂ 'ਤੇ ਹਾਵੀ ਹੋ ਸਕਿਆ ਹੈ | ਖੋਜਾਂ ਦੱਸਦੀਆਂ ਹਨ ਕਿ ਆਦਿ ਮਾਨਵ ਦੇ ਸਾਹਮਣੇ ਜਦੋਂ ਵਾਤਾਵਰਨ ਬਦਲਿਆ ਉਦੋਂ ਮੈਦਾਨੀ ਹਿੱਸਿਆਂ ਵਿਚ ਪਾਏ ਜਾਣ ਵਾਲੇ ਖੁਰਦਾਰ ਜਾਨਵਰ ਉਨ੍ਹਾਂ ਦੇ ਭੋਜਨ ਦੀ ਸਮੱਸਿਆ ਹੱਲ ਕਰ ਸਕਦੇ ਸਨ ਪਰ ਮੁਸੀਬਤ ਇਹ ਸੀ ਕਿ ਮਾਨਵ ਉਨ੍ਹਾਂ ਤੋਂ ਤੇਜ਼ ਤਾਂ ਕੀ ਉਨ੍ਹਾਂ ਦੇ ਬਰਾਬਰ ਵੀ ਨਹੀਂ ਸੀ ਦੌੜ ਸਕਦਾ | ਇਸ ਲੋੜ ਨੇ ਉਨ੍ਹਾਂ ਵਿਚ ਤਿੰਨ ਗੁਣ ਵਿਕਸਤ ਕੀਤੇ | ਪਹਿਲਾ ਦੋ ਪੈਰਾਂ 'ਤੇ ਖੜ੍ਹੇ ਹੋ ਕੇ ਤੁਰਨਾ, ਦੂਜਾ ਪਸੀਨਾ ਵਹਾਉਣ ਦਾ ਤੰਤਰ ਵਿਕਸਤ ਕਰਨਾ ਅਤੇ ਤੀਜਾ ਇਕ ਸਾਫ਼-ਸੁਥਰੀ ਅਤੇ ਘੱਟ ਰੋਮਾਂ (ਵਾਲਾਂ) ਵਾਲੀ ਚਮੜੀ ਹਾਸਲ ਕਰਨਾ |
ਇਸ ਅੰਦਰੂਨੀ ਏਅਰ ਕੰਡੀਸ਼ਨਿੰਗ ਸਿਸਟਮ ਨੇ ਮਨੁੱਖ ਨੂੰ ਘੱਟ ਤੋਂ ਘੱਟ ਏਨਾ ਤੇਜ਼ ਭੱਜਣ ਦੇ ਸਮਰੱਥ ਬਣਾ ਦਿੱਤਾ ਕਿ ਉਹ ਸ਼ਿਕਾਰ ਨੂੰ ਦੌੜਾ ਸਕੇ | ਜਾਨਵਰ ਚਾਰ ਪੈਰਾਂ 'ਤੇ ਦੌੜਦੇ ਸਨ, ਉਨ੍ਹਾਂ ਨੂੰ ਆਪਣਾ ਸਾਹ ਦਰ ਦੌੜਦੇ ਸਮੇਂ ਵੀ ਕਾਇਮ ਰੱਖਣੀ ਪੈਂਦਾ ਸੀ, ਜੋ ਉਨ੍ਹਾਂ ਦੀ ਛਾਤੀ ਦੇ ਫੁਲਣ ਅਤੇ ਸੰੁਗੜਨ 'ਤੇ ਨਿਰਭਰ ਕਰਦਾ ਸੀ | ਇਹ ਚਾਰ ਪੈਰਾਂ 'ਤੇ ਦੌੜਦਿਆਂ ਮੁਸ਼ਕਿਲ ਕੰਮ ਸੀ | ਇਨਸਾਨ ਦੌੜਦੇ ਸਮੇਂ ਬਹੁਤ ਸਾਰੀ ਆਕਸੀਜਨ ਅੰਦਰ ਲੈ ਜਾ ਸਕਦਾ ਹੈ | ਜਦਕਿ ਜਾਨਵਰ ਪਸੀਨਾ ਵਹਾ ਕੇ ਸਰੀਰ ਨੂੰ ਠੰਢਾ ਨਹੀਂ ਕਰ ਸਕਦੇ ਸਨ | ਉਤੋਂ ਉਨ੍ਹਾਂ ਦੇ ਸਰੀਰ 'ਤੇ ਸੰਘਣੇ ਵਾਲ ਉਨ੍ਹਾਂ ਨੂੰ ਹੋਰ ਗਰਮ ਕਰ ਦਿੰਦੇ ਸਨ | ਬਹੁਤੇ ਜਾਨਵਰ ਕੁਝ ਮੀਲ ਲਗਾਤਾਰ ਦੌੜ ਕੇ ਰੁਕ ਜਾਂਦੇ ਜਾਂ ਥੱਕ ਕੇ ਡਿੱਗ ਪੈਂਦੇ ਸਨ | ਉਦੋਂ ਦੇ ਮਨੁੱਖ ਨੂੰ ਜਾਨਵਰ ਦੀ ਇਸ ਕਮਜ਼ੋਰੀ ਦਾ ਪਤਾ ਲੱਗ ਗਿਆ | ਸੋ, ਉਸ ਨੇ ਇਨ੍ਹਾਂ ਨੂੰ ਦੂਰੋਂ ਹੀ ਦੌੜਾਉਣਾ ਸ਼ੁਰੂ ਕਰ ਦਿੱਤਾ | ਉਹ ਉਦੋਂ ਤੱਕ ਦੌੜਾਉਂਦੇ ਰਹਿੰਦੇ ਜਦੋਂ ਤੱਕ ਸ਼ਿਕਾਰ ਡਿੱਗ ਨਾ ਜਾਂਦਾ | ਇਸ ਤਰ੍ਹਾਂ ਇਨਸਾਨ ਜਾਨਵਰਾਂ ਤੋਂ ਘੱਟ ਦੌੜਨ ਦੇ ਬਾਵਜੂਦ ਉਨ੍ਹਾਂ ਦਾ ਸ਼ਿਕਾਰ ਕਰਨ ਦੇ ਸਮਰੱਥ ਬਣ ਗਿਆ |
ਅੱਜ ਸਾਡਾ ਦਿਮਾਗ ਏਨਾ ਕੂਲ ਅਤੇ ਕਾਰਗਿਰ ਹੈ ਤਾਂ ਇਸ ਦੀ ਵਜ੍ਹਾ ਪਸੀਨਾ ਹੀ ਹੈ | ਸਰੀਰ 'ਚੋਂ ਪਸੀਨਾ ਨਿਕਲਣ ਦੀ ਪ੍ਰਕਿਰਿਆ ਦਾ ਡੰੂਘਾ ਸਬੰਧ ਦਿਮਾਗ ਦੇ ਆਕਾਰ ਨਾਲ ਵੀ ਹੈ | ਪਸੀਨਾ ਸਾਡੇ ਦਿਮਾਗ ਨੂੰ ਠੰਢਾ ਅਤੇ ਕਾਰਗਰ ਬਣਾਈ ਰੱਖਦਾ ਹੈ, ਜਿਸ ਨਾਲ ਅਸੀਂ ਨਾ ਸਿਰਫ਼ ਵੱਡੀਆਂ-ਵੱਡੀਆਂ ਖੋਜਾਂ ਕਰ ਸਕਦੇ ਹਾਂ, ਸਮੱਸਿਆਵਾਂ ਸੁਲਝਾ ਸਕਦੇ ਹਾਂ, ਵਿਵੇਕਸ਼ੀਲ ਪ੍ਰਾਣੀ ਕਹਾਉਣ ਦੇ ਕਾਬਲ ਬਣਦੇ ਹਾਂ, ਬਲਕਿ ਇਸ ਦੇ ਚਲਦਿਆਂ ਸਾਡੇ ਦੂਸਰੇ ਅੰਗ ਵੀ ਸਾਡੇ ਤੋਂ ਬਿਹਤਰ ਢੰਗ ਨਾਲ ਨਿਅੰਤਰਿਤ ਕਰਨ ਦੇ ਅਸੀਂ ਸਮਰੱਥ ਹੋ ਜਾਂਦੇ ਹਾਂ | ਇਸੇ ਦੀ ਬਦੌਲਤ ਅਸੀਂ ਆਪਣਾ ਕੰਮ ਸੁਚਾਰੂ ਢੰਗ ਨਾਲ ਜਾਰੀ ਰੱਖ ਸਕਦੇ ਹਾਂ | ਲੱਖਾਂ ਸਾਲ ਪਹਿਲਾਂ ਸਰੀਰ ਦੀ ਬਹੁਤੀ ਊਰਜਾ ਦੀ ਖਪਤ ਪਾਚਣ ਕਿਰਿਆ ਵਿਚ ਹੁੰਦੀ ਸੀ | ਅੱਜ ਪਾਚਣ ਤੰਤਰ ਘੱਟ ਸਗੋਂ ਦਿਮਾਗ ਊਰਜਾ ਵਧੇਰੇ ਲੈਂਦਾ ਹੈ | ਦਿਮਾਗ ਨੂੰ ਸਰੀਰ ਦੇ ਕਿਸੇ ਵੀ ਅੰਗ ਦੇ ਮੁਕਾਬਲੇ 20 ਗੁਣਾਂ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਹੈ | ਇਸ ਲਈ ਕਿਸੇ ਅਜਿਹੇ ਪੋਸ਼ਣ ਦੀ ਲੋੜ ਸੀ, ਜਿਸ ਨਾਲ ਭਰਪੂਰ ਊਰਜਾ ਮਿਲ ਸਕੇ |
ਮਾਸ ਵਿਚ ਭਰਪੂਰ ਕੈਲੋਰੀਜ਼ ਅਤੇ ਫੈਟ ਮਿਲ ਸਕਦਾ ਸੀ | ਪਰ ਸਮੱਸਿਆ ਇਹ ਸੀ ਕਿ ਮਾਸ ਹਾਸਲ ਕਰਨ ਲਈ ਜਾਨਵਰਾਂ ਦਾ ਸ਼ਿਕਾਰ ਕਰਨਾ ਪੈਂਦਾ ਸੀ | ਇਹ ਸ਼ਿਕਾਰ ਪੱਥਰਾਂ ਜਾਂ ਡੰਡਿਆਂ ਨਾਲ ਬਹੁਤਾ ਸੰਭਵ ਨਹੀਂ ਸੀ, ਇਸ ਲਈ ਦੌੜਨਾ ਜ਼ਰੂਰੀ ਸੀ | ਤਕਰੀਬਨ ਢਾਈ ਲੱਖ ਸਾਲ ਪਹਿਲਾਂ ਆਦਮੀ ਨੇ ਦੌੜ ਕੇ ਸ਼ਿਕਾਰ ਕਰਨਾ ਸਿੱਖਿਆ | ਮਾਸ ਖਾਣ ਨਾਲ ਦਿਮਾਗ ਦਾ ਆਕਾਰ ਵਧਣ ਅਤੇ ਹੋਰ ਵਿਕਸਿਤ ਹੋਣ ਵਿਚ ਬਹੁਤ ਮਦਦ ਮਿਲੀ | ਜੇਕਰ ਸਾਡੀ ਪਸੀਨਾ ਪ੍ਰਣਾਲੀ ਨਾ ਹੁੰਦੀ ਤਾਂ ਦੌੜਨਾ ਸੰਭਵ ਨਾ ਹੁੰਦਾ | ਜੇ ਦੌੜਨਾ ਸੰਭਵ ਨਾ ਹੁੰਦਾ ਤਾਂ ਸ਼ਿਕਾਰ ਅਤੇ ਦਿਮਾਗ ਨੂੰ ਵਧਾਉਣ ਲਈ ਮਾਸ ਨਾ ਮਿਲ ਸਕਦਾ |
ਥੋੜ੍ਹਾ ਬਹੁਤ ਪਸੀਨਾ ਘੋੜੇ ਵਰਗੇ ਜਾਨਵਰਾਂ ਨੂੰ ਆਉਂਦਾ ਹੈ | ਕੁਝ ਜਾਨਵਰ ਹਫ਼ ਕੇ ਆਪਣੇ-ਆਪ ਨੂੰ ਗਰਮੀ ਤੋਂ ਬਚਾਉਂਦੇ ਹਨ, ਕੁਝ ਆਪਣੇ ਪੰਜਿਆਂ ਦੇ ਜ਼ਰੀਏ ਇਸ ਨੂੰ ਸੰਤੁਲਤ ਕਰਦੇ ਹਨ ਅਤੇ ਕੁਝ ਪਾਣੀ ਵਿਚ ਵੜ ਕੇ 'ਤੇ ਕੁਝ ਚਿੱਕੜ ਵਿਚ ਲੇਟ ਕੇ, ਊਠ ਵਰਗੇ ਜਾਨਵਰ ਪਾਣੀ ਅਤੇ ਫੈਟ ਨੂੰ ਇਕੱਠਾ ਕਰਕੇ ਤਾਪਮਾਨ ਨੂੰ ਸੰਤੁਲਤ ਕਰਦੇ ਹਨ | ਜਿਨ੍ਹਾਂ ਜਾਨਵਰਾਂ ਨੂੰ ਪਸੀਨਾ ਨਹੀਂ ਆਉਂਦਾ ਉਹ ਗਰਮੀ ਤੋਂ ਬਚਣ ਲਈ ਜੋ-ਜੋ ਕੰਮ ਕਰਦੇ ਹਨ, ਜੇ ਸਾਨੂੰ ਪਸੀਨਾ ਨਾ ਆਉਂਦਾ ਤਾਂ ਉਸੇ ਤਰ੍ਹਾਂ ਦਾ ਕੰਮ ਗਰਮੀ ਦੇ ਦੌਰਾਨ ਸਾਨੂੰ ਵੀ ਕਰਨਾ ਪੈਣਾ ਸੀ ਹੈ | ਉਦੋਂ ਸਾਡਾ ਜੀਵਨ ਕਿੰਨਾ ਦੁਸ਼ਵਾਰੀਆਂ ਨਾਲ ਭਰਿਆ ਹੋਣਾ ਸੀ, ਇਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ | ਪਰ ਪਸੀਨੇ ਦੀ ਜ਼ਰਾ ਜਿਹੀ ਜ਼ਹਿਮਤ ਨੇ ਸਾਨੂੰ ਤਮਾਮ ਤਰ੍ਹਾਂ ਦੇ ਮਹਾਂ ਸੰਕਟ ਤੋਂ ਬਚਾਅ ਲਿਆ ਹੈ |
ਪਸੀਨਾ ਨਿਕਲਣਾ ਸਾਡੀ ਇਕ ਤਰ੍ਹਾਂ ਦੀ ਬਚਾਓ ਪ੍ਰਣਾਲੀ ਹੀ ਹੈ | ਪਸੀਨਾ ਸਰੀਰ ਨੂੰ ਹੱਦੋਂ ਵੱਧ ਗਰਮ ਹੋਣ ਤੋਂ ਬਚਾਈ ਰੱਖਦਾ ਹੈ ਬਲਕਿ ਇਹ ਖ਼ੂਨ ਦੇ ਪਲਾਜ਼ਮਾਂ ਵਿਚ ਪਾਣੀ ਅਤੇ ਲੂਣ ਨੂੰ ਵੀ ਸੰਤੁਲਤ ਕਰਦਾ ਹੈ | ਇਹ ਸਾਡੇ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਗੁਰਦਿਆਂ ਦਾ ਬੋਝ ਵੀ ਘੱਟ ਕਰਦਾ ਹੈ | ਪਸੀਨੇ ਦਾ ਇਹੀ ਫਾਇਦਾ ਹੈ ਕਿ ਇਹ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ | ਇਹ ਜ਼ਹਿਰੀਲੇ ਧਾਤੂ ਤੱਤਾਂ, ਰਸਾਇਣਾਂ, ਜੀਵਾਣੂਆਂ ਨੂੰ ਸਰੀਰ ਵਿਚੋਂ ਬਾਹਰ ਕਰ ਦਿੰਦਾ ਹੈ ਤੇ ਚਮੜੀ ਦੀ ਸਿਹਤ ਠੀਕ ਰੱਖਦਾ ਹੈ | ਇਸ ਕਾਰਨ ਅਲਜ਼ਾਈਮਰ ਵਰਗੇ ਰੋਗਾਂ ਦਾ ਖ਼ਤਰਾ ਘੱਟਦਾ ਹੈ | ਇਹ ਗੁਰਦੇ ਦੀ ਪੱਥਰੀ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਵੀ ਫਾਇਦਾ ਕਰਦਾ ਹੈ | ਇਹ ਹਾਰਮੋਨਜ਼ ਦਾ ਨਿਕਲਣਾ, ਦਿਲ ਦੀ ਧੜਕਣ ਨੂੰ ਕਾਬੂ ਕਰਦਾ ਹੈ, ਇਹ ਦਿਮਾਗੀ ਤਣਾਅ ਅਤੇ ਦਬਾਅ ਵੀ ਕਾਬੂ ਕਰਦਾ ਹੈ ਅਤੇ ਮੁਸੀਬਤ ਦੀ ਸੂਚਨਾ ਦੇਣ 'ਚ ਸਹਾਈ ਵੀ ਬਣ ਜਾਂਦਾ ਹੈ | ਤਾਂ ਹੀ ਤਾਂ ਖ਼ਤਰਾ ਦੇਖਦਿਆਂ ਹੀ ਪਸੀਨੇ ਛੁੱਟ ਜਾਂਦੇ ਹਨ |

-ਇਮੇਜ ਰਿਫਲੈਕਸ਼ਨ ਸੈਂਟਰ |

ਖਿੱਚ ਦਾ ਕੇਂਦਰ ਬਣੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਨਵੀਂ ਖੋਜ-ਹੱਬ

ਬੀਤੇ 15 ਸਾਲਾਂ ਦੌਰਾਨ ਵਿਗਿਆਨ ਦੇ ਪ੍ਰਚਾਰ ਤੇ ਪਾਸਾਰ ਦੇ ਖੇਤਰ ਵਿਚ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਨੇ ਜਿੱਥੇ ਮੋਹਰੀ ਭੂਮਿਕਾ ਨਿਭਾਈ ਹੈ, ਉੱਥੇ ਨਵੀਆਂ-ਨਵੀਆਂ ਕਾਢਾਂ ਅਤੇ ਖੋਜਾਂ ਵੱਲ ਅਕਰਸ਼ਿਤ ਨੌਜਵਾਨਾਂ ਲਈ ਵੀ ਸਾਇੰਸ ਸਿਟੀ ਹੁਣ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਚੁੱਕਾ ਹੈ | ਬੀਤੇ ਕੁਝ ਮਹੀਨੇ ਪਹਿਲਾਂ ਇੱਥੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਧੀਨ ਆਉਂਦੇ ਨੈਸ਼ਨਲ ਕੌਾਸਲ ਆਫ਼ ਸਾਇੰਸ ਮਿਊਜ਼ੀਅਮ ਦੇ ਸਹਿਯੋਗ ਨਾਲ ਇਨੋਵੇਸ਼ਨ ਹੱਬ ਦੀ ਸਥਾਪਨਾ ਕੀਤੀ ਗਈ ਹੈ | ਇਸ ਇਨੋਵੇਸ਼ਨ ਹੱਬ ਵਿਚ ਕੋਈ ਵੀ ਨੌਜਵਾਨ ਚਾਹੇ ਉਹ ਪੜਿ੍ਹਆ-ਲਿਖਿਆ ਹੋਵੇ ਜਾਂ ਕੰਮ-ਕਾਜੀ ਹੋਵੇ, ਇੱਥੇ ਆ ਕੇ ਆਪਣੀ ਕਲਪਨਾ ਨੂੰ ਅਮਲੀ ਰੂਪ ਦੇ ਸਕਦਾ ਹੈ |
ਬੀਤੇ ਕੁਝ ਮਹੀਨਿਆਂ ਤੋਂ ਇੱਥੇ ਪੋਲੀਟੈਕਨਿਕ ਕਾਲਜਾਂ ਦੇ ਵਿਦਿਆਰਥੀਆਂ ਦਾ ਤਾਂਤਾ ਹੀ ਲੱਗਿਆ ਰਿਹਾ ਹੈ | ਹੁਣ ਇੱਥੇ ਤਕਨੀਕੀ ਕਾਲਜਾਂ ਦੇ ਵਿਦਿਆਰਥੀ ਆਉਂਦੇ ਹਨ ਅਤੇ ਆਪਣੀਆਂ ਕਲਪਨਾਵਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਨਵੀਆਂ-ਨਵੀਆਂ ਕਾਢਾਂ 'ਤੇ ਆਧਾਰਤ ਮਾਡਲ ਤਿਆਰ ਕਰਕੇ ਵੱਖ-ਵੱਖ ਕਾਲਜਾਂ ਵਿਚ ਕਰਵਾਏ ਜਾਂਦੇ ਮੁਕਾਬਲਿਆਂ ਵਿਚੋਂ ਇਨਾਮ ਜਿੱਤਦੇ ਹਨ | ਵਿਦਿਆਰਥੀਆਂ ਦੁਆਰਾ ਤਿਆਰ ਮਾਡਲਾਂ ਨੂੰ ਸਾਇੰਸ ਸਿਟੀ ਵਿਖੇ ਡਿਸਪਲੇਅ ਵੀ ਕੀਤਾ ਜਾ ਰਿਹਾ ਹੈ | ਸਾਇੰਸ ਸਿਟੀ ਦੇ ਇਨੋਵੇਸ਼ਨ ਹੱਬ ਵਿਚ ਕਬਾੜ ਤੋਂ ਜੁਗਾੜ ਨਾਂਅ ਦੀ ਇਕ ਵੱਖਰੀ ਲੈਬ ਤਿਆਰ ਕੀਤੀ ਗਈ ਹੈ, ਇੱਥੇ ਆ ਕੇ ਤੁਸੀਂ ਆਪਣੀ ਟੁੱਟੀਆਂ-ਫੁੱਟੀਆਂ ਚੀਜ਼ਾਂ ਨੂੰ ਵੀ ਠੀਕ ਕਰ ਸਕਦੇ ਹੋ | ਆਮ ਤੌਰ 'ਤੇ ਬੱਚਿਆਂ ਨੂੰ ਘਰ ਵਿਚ ਮਹਿੰਗੀਆਂ ਚੀਜ਼ਾਂ ਨੂੰ ਛੇੜਨ ਤੋਂ ਵਰਜਿਆ ਜਾਂਦਾ ਹੈ, ਪਰ ਇੱਥੇ ਬੱਚਿਆਂ ਨੂੰ ਵਾਸ਼ਿੰਗ ਮਸ਼ੀਨਾਂ, ਪ੍ਰੈੱਸਾਂ ਜੂਸਰ, ਮਿਕਸਰ ਅਤੇ ਮੋਬਾਈਲ ਆਦਿ ਤੋੜ ਕੇ ਜੋੜਨ ਤੱਕ ਦਾ ਕੰਮ ਬੜੀ ਰੀਝ ਨਾਲ ਸਿਖਾਇਆ ਜਾਂਦਾ ਹੈ |
ਏਨੇ ਕੁਝ ਤੋਂ ਇਲਾਵਾ ਸਕੂਲਾਂ ਦੇ ਵਿਦਿਆਰਥੀ ਇੱਥੇ ਆ ਕੇ ਖੁਦ ਰੋਬੇਟ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਰੋਬੇਟ ਜੋੜਨ ਤੋਂ ਪ੍ਰੋਗਰਾਮਿੰਗ ਤੱਕ ਦੇ ਸਾਰੇ ਕੰਮ ਦੀ ਟਰੇਨਿੰਗ ਦਿੱਤੀ ਜਾਂਦੀ ਹੈ | ਇੱਥੇ ਆਉਣ ਵਾਲੇ ਵਿਦਿਆਰਥੀਆਂ ਦਾ ਇਕ ਪਾਸ ਬਣਾਇਆ ਜਾਂਦਾ ਹੈ, ਜਿਸ ਨਾਲ ਉਹ ਇਕ ਸਾਲ ਲਈ ਇਨੋਵੇਸ਼ਨ ਹੱਬ ਦੇ ਮੈਂਬਰ ਬਣ ਸਕਦੇ ਹਨ | ਇਸ ਤੋਂ ਬਾਅਦ ਮੈਂਬਰ ਜਦੋਂ ਮਰਜ਼ੀ ਸਾਇੰਸ ਸਿਟੀ ਆਵੇ ਫ਼ਿਰ ਉਸ ਨੂੰ ਟਿਕਟ ਲੈਣ ਦੀ ਲੋੜ ਨਹੀਂ ਪੈਂਦੀ | ਜਦੋਂ ਖੋਜ ਭਰਪੂਰ ਚੀਜ਼ਾਂ ਵੇਖ ਕੇ ਉਸ ਦਾ ਮਨ ਵੀ ਕੁਝ ਨਵਾਂ ਕਰਨ ਨੂੰ ਕਰਦਾ ਹੈ ਤਾਂ ਫ਼ਿਰ ਉਸ ਦੇ ਮਾਡਲ ਬਣਾਉਣ ਤੋਂ ਲੈ ਕੇ ਪੇਟੈਂਟ ਫ਼ਾਈਲ ਕਰਨ ਦੀ ਸਾਰੀ ਜਾਣਕਾਰੀ ਸਾਇੰਸ ਸਿਟੀ ਵਲੋਂ ਦਿੱਤੀ ਜਾਂਦੀ ਹੈ | ਪੋਲੀਟੈਕਨਿਕ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਤਿਆਰ ਕੁਝ ਜੁਗਤਾਂ ਨੂੰ ਵੀ ਪੇਟੈਂਟ ਕਰਵਾਏ ਜਾਣ ਬਾਰੇ ਸੋਚਿਆ ਜਾ ਰਿਹਾ ਹੈ |
ਇਸ ਇਨੋਵੇਸ਼ਨ ਹੱਬ ਵਿਚ ਇਕ ਜੀਵ-ਵਿਗਿਆਨ ਅਤੇ ਰਸਾਇਣ ਵਿਗਿਆਨ ਦੀ ਲੈਬਾਰਟਰੀ ਵੀ ਹੈ | ਜਾਣਕਾਰੀ ਭਰਪੂਰ ਸੂਚਨਾ ਕੇਂਦਰ ਵਿਚ ਇੰਟਰਨੈੱਟ ਰਾਹੀਂ ਕਿਸੇ ਵੀ ਦੇਸ਼ ਦਾ ਜਲਵਾਯੂ ਕਿਹੜੀ ਫ਼ਸਲ ਦੇ ਅਨਕੂਲ ਹੈ, ਦਾ ਇਕ ਮਿੰਟ ਵਿਚ ਹੀ ਪਤਾ ਲਗਾਇਆ ਜਾ ਸਕਦਾ ਹੈ | ਇੱਥੇ ਇਕ ਥ੍ਰੀ-ਡੀ ਪਿ੍ੰਟਰ ਵੀ ਲਗਾਇਆ ਹੈ, ਜਿਹੜਾ ਕਿ ਕਿਸੇ ਵੀ ਚੀਜ਼ ਨੂੰ ਡਿਜ਼ਾਈਨ ਕਰਨ ਵਿਚ ਬਹੁਤ ਸਹਾਇਕ ਹੈ | ਹੁਣ ਤੁਸੀਂ ਕੰਪਿਊਾਟਰ ਵਿਚ ਕੋਈ ਵੀ ਡਰਾਇੰਗ ਤਿਆਰ ਕਰੋ ਅਤੇ ਫ਼ਿਰ ਇਕ ਪਿ੍ੰਟ ਕਮਾਂਡ ਦਿਓ, ਕੁਝ ਹੀ ਦੇਰ ਵਿਚ ਉਸ ਚੀਜ਼ ਦਾ ਹੂ-ਬ-ਹੂ ਮਾਡਲ ਤਿਆਰ ਹੋ ਕੇ ਤੁਹਾਡੇ ਸਾਹਮਣੇ ਆ ਜਾਵੇਗਾ | ਇਸ ਦੀ ਟਰੇਨਿੰਗ ਵੀ ਇੱਥੇ ਆਉਣ ਵਾਲੇ ਮੈਂਬਰਾਂ ਨੂੰ ਦਿੱਤੀ ਜਾ ਰਹੀ ਹੈ | ਇਸ ਇਨੋਵੇਸ਼ਨ ਹੱਬ ਵਿਚ ਬੱਚਿਆਂ ਨੂੰ ਪੈਰੀਸਕੋਪ ਬਣਾਉਣਾ ਵੀ ਸਿਖਾਇਆ ਜਾਂਦਾ ਹੈ | ਇਹ ਇਕ ਅਜਿਹਾ ਯੰਤਰ ਹੈ ਜਿਸ ਰਾਹੀਂ ਅਸੀਂ ਕੰਧ ਤੋਂ ਪਾਰ ਕੀ ਹੋ ਰਿਹਾ ਹੈ, ਬੜੀ ਆਸਾਨੀ ਨਾਲ ਵੇਖ ਸਕਦੇ ਹਾਂ | ਏਨਾ ਹੀ ਨਹੀਂ ਹੁਣ ਸਕੂਲਾਂ ਵਿਚ ਜਾ ਕੇ ਮੌਲੀਕਿਊਲਰ ਬਾਇਓਲਾਜੀ ਵਿਸ਼ੇ 'ਤੇ ਵਰਕਸ਼ਾਪ ਵੀ ਕਰਵਾਈਆਂ ਜਾਂਦੀਆਂ ਹਨ, ਜਿਸ ਦੌਰਾਨ ਬੱਚਿਆਂ ਨੂੰ ਮਾਈਕਰੋਸਕੋਪ ਰਾਹੀਂ ਨੰਗੀ ਅੱਖ ਨਾਲ ਨਾ ਦਿਸਣ ਵਾਲੇ ਛੋਟੇ-ਛੋਟੇ ਸੈਲਾਂ ਨੂੰ ਦਿਖਾਇਆ ਜਾਂਦਾ ਹੈੇ | ਇਨੋਵੇਸ਼ਨ ਹੱਬ ਵਿਚ ਬੇਸਿਕ ਇਲੈਕਟ੍ਰਾਨਿਕ ਦੇ ਗਿਆਨ ਹੇਠ ਬੱਚਿਆਂ ਨੂੰ ਮੋਬਾਈਲ ਚਾਰਜ਼ਰ ਬਣਾਉਣ ਦੇ ਨਾਲ-ਨਾਲ ਮਲਟੀ ਮੀਟਰ ਅਤੇ ਛੋਟੇ-ਛੋਟੇ ਇਲੈਕਟ੍ਰਾਨਿਕ ਸਰਕਟਾਂ ਬਾਰੇ ਵੀ ਪੂਰਾ ਗਿਆਨ ਦਿੱਤਾ ਜਾ ਰਿਹਾ ਹੈ |
ਬਹੁਤ ਹੀ ਥੋੜੇ ਸਮੇਂ ਵਿਚ 150 ਤੋਂ ਵੱਧ ਸਕੂਲਾਂ ਅਤੇ ਤਕਨੀਕੀ ਕਾਲਜਾਂ ਦੇ ਵਿਦਿਆਰਥੀ ਇਸ ਇਨੋਵੇਸ਼ਨ ਹੱਬ ਨਾਲ ਜੁੜ ਚੁੱਕੇ ਹਨ | ਜੇਕਰ ਪਾਠਕਾਂ ਕੋਲ ਵੀ ਨਵੀਂ ਜੁਗਤ ਹੈ ਤਾਂ ਉਹ ਰਾਬਤਾ ਕਾਇਮ ਕਰ ਸਕਦੇ ਹਨ ਅਤੇ ਇਨੋਵੇਸ਼ਨ ਹੱਬ ਦੇ ਮੈਂਬਰ ਬਣ ਕੇ ਆਪਣੀ ਜੁਗਤ ਨੂੰ ਅਮਲੀ ਜਾਮਾ ਪਹਿਨਾ ਸਕਦੇ ਹਨ |

-ਲੋਕ ਸੰਪਰਕ ਅਫ਼ਸਰ ਮੋਬਾਈਲ : 9888056954.

ਬੀਤ : ਪੰਜਾਬ ਦਾ ਇਕ ਇਲਾਕਾ ਇਹ ਵੀ...

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ 1515 ਈਸਵੀ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਚਰਨ ਪਾਏ ਅਤੇ 4 ਸਾਲ 2 ਮਹੀਨੇ 11 ਦਿਨ ਤੱਕ ਇਸ ਧਰਤੀ ਨੂੰ ਭਾਗ ਲਾਏ | ਉਨ੍ਹਾਂ ਦੀ ਯਾਦ ਵਿਚ ਤਪ-ਅਸਥਾਨ ਸਸ਼ੋਭਿਤ ਹੈ ਅਤੇ ਇੱਥੋਂ ਕਰੀਬ ਤਿੰਨ ਕਿਲੋਮੀਟਰ ਦੂਰ ਰਮਣੀਕ ਪਹਾੜੀਆਂ ਵਿਚਕਾਰ ਵਗਦੀ ਚਰਨ ਗੰਗਾ ਹਰ ਯਾਤਰੂ ਦੀ ਰੂਹ ਨੂੰ ਸਰਸ਼ਾਰ ਕਰਦੀ ਹੈ | ਪਿੰਡ ਦਾ ਨਾਂਅ ਪਹਿਲਾਂ ਖੁਰਾਲੀ ਸੀ ਪਰ ਇਸ ਦੀ ਮਹੱਤਤਾ ਦੇ ਮੱਦੇਨਜ਼ਰ ਹੁਣ ਇਸ ਪਿੰਡ ਦਾ ਨਾਂਅ ਸ੍ਰੀ ਖੁਰਾਲਗੜ੍ਹ ਸਾਹਿਬ ਹੈ | ਇੱਥੇ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਸੰਗਤਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਨਤਮਸਤਕ ਹੁੰਦੀਆਂ ਹਨ |
ਬੀਤ ਇਲਾਕੇ ਦੇ ਪਿੰਡ ਮਾਨਸੋਵਾਲ ਵਿਖੇ ਮਹਾਰਾਜ ਭੂਰੀਵਾਲਿਆਂ ਵਲੋਂ ਖੋਲਿ੍ਹਆ ਵਿੱਦਿਆ ਦਾ ਮੰਦਰ ਇਲਾਕੇ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਕਾਲਜ ਲਈ ਜ਼ਮੀਨ ਰਾਣਾ ਗਜੇਂਦਰ ਚੰਦ ਦੇ ਪਰਿਵਾਰ ਵਲੋਂ ਦਾਨ ਦਿੱਤੀ ਗਈ | ਕਾਲਜ ਦਾ ਨਾਂਅ ਮਾਹਾਰਾਜ ਬ੍ਰਹਮਾ ਨੰਦ ਭੂਰੀਵਾਲੇ ਅਤੇ ਰਾਣਾ ਗਜੇਂਦਰ ਚੰਦ ਜੀ ਦੇ ਨਾਂਅ 'ਤੇ ਰੱਖਿਆ ਗਿਆ ਹੈ | ਮਹਾਰਾਜ ਭੂਰੀਵਾਲੇ ਟਰੱਸਟ ਵਲੋਂ ਲੜਕੀਆਂ ਲਈ ਡਿਗਰੀ ਕਾਲਜ, ਬੀ.ਐੱਡ ਕਾਲਜ, ਸੀਨੀਅਰ ਸੈਕੰਡਰੀ ਅਤੇ ਪਬਲਿਕ ਸਕੂਲ ਚਲਾਏ ਜਾ ਰਹੇ ਹਨ |
ਬੀਤ ਦੇ ਪਿੰਡ ਭਵਾਨੀਪੁਰ ਵਿਖੇ ਆਕਰਸ਼ਕ ਦਿੱਖ ਵਾਲਾ ਉੱਚੀ ਥਾਂ 'ਤੇ ਸਥਿਤ ਮਾਤਾ ਹਰੀ ਦੇਵੀ ਪ੍ਰਚੀਨ ਮੰਦਰ ਪੁਰਾਤੱਤਵ ਵਿਭਾਗ ਦੇ ਅਧੀਨ ਹੈ | ਇਸ ਮੰਦਰ ਵਿਚ ਪ੍ਰਾਚੀਨ ਮੂਰਤੀਆਂ, ਪੁਰਾਤਨ ਸਿੱਲਾਂ 'ਤੇ ਕੀਤੀ ਮੀਨਾਕਾਰੀ, ਤਰਾਸ਼ੇ ਹੋਏ ਪੱਥਰ ਖੁੱਲ੍ਹੇ ਵਿਹੜੇ ਵਿਚ ਪਏ ਹਨ | ਮੰਦਰ ਦੇ ਬਾਹਰ ਚਿਤਾਵਨੀ ਬੋਰਡ ਲਗਾਇਆ ਗਿਆ ਹੈ ਜਿਸ ਅਨੁਸਾਰ ਇਸ ਸਮਾਰਕ ਨੂੰ ਪੰਜਾਬ ਸਰਕਾਰ ਦੇ ਪ੍ਰਾਚੀਨ ਤੇ ਇਤਿਹਾਸਕ ਸਮਾਰਕਾਂ ਤੇ ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ਾਂ ਨਾਲ ਸਬੰਧੀ ਸੰਨ 1964 ਦੇ ਐਕਟ ਅਨੁਸਾਰ ਸੁਰੱਖਿਅਤ ਰੱਖਿਆ ਗਿਆ ਹੈ | ਉਲੰਘਣਾ ਕਰਨ ਵਾਲੇ ਨੂੰ 3 ਮਹੀਨੇ ਦੀ ਸਜ਼ਾ ਅਤੇ 4 ਹਜ਼ਾਰ ਰੁਪਏ ਜੁਰਮਾਨੇ ਦੀ ਚਿਤਾਵਨੀ ਵੀ ਲਿਖੀ ਗਈ ਹੈ | ਇਸ ਪ੍ਰਚੀਨ ਸਮਾਰਕ ਨੂੰ ਸਾਂਭਣ ਦੀ ਲੋੜ ਹੈ |
ਇਲਾਕੇ ਦੀ ਵਿਰਾਸਤ ਹਰੋ ਦਾ ਪਿਆਊ: ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਂਦਿਆਂ ਗੁਰੂ ਤੇਗ ਬਹਾਦਰ ਮਾਰਗ 'ਤੇ ਜੰਗਲ ਵਿਚਕਾਰ ਸੁੰਨਸਾਨ ਥਾਂ 'ਤੇ ਬੱਸ ਅੱਡਾ ਹਰੋ ਦਾ ਪਿਆਊ ਬਹੁਤ ਪੁਰਾਣਾ ਅੱਡਾ ਹੈ | ਕੋਈ ਸਮਾਂ ਸੀ ਇੱਥੇ ਬਹੁਤ ਰੌਣਕਾਂ ਹੁੰਦੀਆਂ ਸਨ | ਇਲਾਕੇ ਤੋਂ ਵੱਡੀ ਗਿਣਤੀ ਲੋਕ ਪੈਦਲ ਚੱਲ ਕੇ ਇੱਥੋਂ ਬੱਸ ਫੜਦੇ ਹੁੰਦੇ ਸਨ | ਇਹ ਬੱਸ-ਅੱਡਾ ਮਾਈ ਹਰੋ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਹੈ | ਇਲਾਕੇ ਦੇ ਪਿੰਡ ਕੰਬਾਲਾ (ਸੇਖੋਵਾਲ) ਤੋਂ ਕਸ਼ਯਪ ਬਰਾਦਰੀ ਨਾਲ ਸੰਬੰਧਤ ਕਿਰਪਾ ਰਾਮ ਦੀ ਜੀਵਨ ਸਾਥਣ ਮਾਈ ਹਰੋ ਪਹਾੜੀ ਦੇ ਨਾਲ ਡੂੰਘੀਆਂ ਬੌੜੀਆਂ ਅਤੇ ਸੁਆਂ ਨਦੀ ਤੋਂ ਘੜਿਆਂ ਰਾਹੀਂ ਜਲ ਲਿਆ ਕੇ ਰਾਹੀਆਂ ਨੂੰ ਪਿਲਾਉਂਦੀ ਸੀ | ਮਾਈ ਹਰੋ ਜ਼ਿੰਦਗੀ ਦੇ ਅੰਤਲੇ ਵਕਤ ਤੱਕ ਇਹ ਪੁੰਨ ਦਾ ਕਾਰਜ ਕਰਦੀ ਰਹੀ | ਬਜ਼ੁਰਗਾਂ ਦੇ ਦੱਸਣ ਅਨੁਸਾਰ ਇਸ ਪਿਆਊ ਤੋਂ ਮਾਹਾਰਾਜਾ ਰਣਜੀਤ ਸਿੰਘ ਨੇ ਆਪਣੇ ਲਸ਼ਕਰ ਸਮੇਤ ਜਲ ਛਕਿਆ ਸੀ | ਅੱਜ ਵੀ ਬੱਸ-ਅੱਡੇ ਦੇ ਨਾਲ ਕੱਚੀਆਂ ਕੰਧਾਂ ਅਤੇ ਟੀਨ ਵਾਲੀ ਛੱਤ ਵਾਲੀ ਸਰਾਂ ਮਾਈ ਹਰੋ ਦੀਆਂ ਯਾਦਾਂ ਦਾ ਧੁਰਾ ਬਣੀ ਖੜ੍ਹੀ ਹੈ | ਮਾਈ ਹਰੋ ਦੇ ਪਰਿਵਾਰਕ ਮੈਂਬਰ ਸਮੇਂ-ਸਮੇਂ 'ਤੇ ਇਸ ਦੀ ਦੇਖਭਾਲ ਕਰਦੇ ਰਹਿੰਦੇ ਹਨ | ਇਸ ਵਿਰਾਸਤ ਨੂੰ ਸੰਭਾਲਣ ਦੇ ਸਾਂਝੇ ਉਪਰਾਲੇ ਹੋਣੇ ਚਾਹੀਦੇ ਹਨ |
ਅਮੀਰ ਵਿਰਾਸਤੀ ਮੇਲਾ 'ਛਿੰਝ ਛਰਾਹਾਂ ਦੀ' : ਸਦੀਆਂ ਪੁਰਾਣਾ ਮੇਲਾ 'ਛਿੰਝ ਛਰਾਹਾਂ ਦੀ' ਪੰਜਾਬ ਦੇ ਪਛੜੇ ਨੀਮ ਪਹਾੜੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਨਾਲ ਲਗਦਾ ਹੋਣ ਕਰਕੇ ਇਸ ਮੇਲੇ ਦਾ ਓਨਾ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ | ਇਹ ਮੇਲਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ ਸ਼ਿਵਾਲਕ ਪਹਾੜੀਆਂ ਦੀ ਗੋਦ 'ਚ ਵਸੇ 'ਬੀਤ' ਇਲਾਕੇ ਦੇ ਪਿੰਡ ਅਚਲਪੁਰ (ਛਰਾਹਾਂ) ਵਿਖੇ ਹਰ ਵਰ੍ਹੇ ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚਲਦਾ ਹੈ | ਦੂਰ-ਦੂਰ ਤੱਕ ਇਹ ਮੇਲਾ ਏਨਾ ਮਸ਼ਹੂਰ ਹੈ ਕਿ ਇਹ ਟੋਟਕਾ ਆਪ ਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਵਿਚੋਂ ਫੁੱਟ ਪੈਂਦਾ ਹੈ:
ਦਾਲ ਮਾਹਾਂ ਦੀ, ਛਿੰਝ ਛਰਾਹਾਂ ਦੀ
'ਛਿੰਝ ਛਰਾਹਾਂ ਦੀ' ਨਾਂਅ ਨਾਲ ਮਸ਼ਹੂਰ ਸਾਰੇ ਵਰਗਾਂ ਦਾ ਸਾਂਝਾ ਇਹ ਮੇਲਾ ਜਿੱਥੇ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ ਉੱਥੇ ਧਾਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਪਰਿਪੇਖ ਤੋਂ ਵੀ ਇਸ ਦਾ ਖਾਸ ਮਹੱਤਵ ਹੈ | ਮੇਲੇ ਵਾਲੇ ਸਥਾਨ ਅਚਲਪੁਰ ਨੂੰ ਵੱਖ-ਵੱਖ ਇਲਾਕਿਆਂ ਤੋਂ 6 ਪਗਡੰਡੀਆਂ ਆ ਕੇ ਮਿਲਦੀਆਂ ਸਨ | ਲੋਕ ਪੈਦਲ ਹੀ ਸਫਰ ਕਰਦੇ ਸਨ | 6 ਰਾਹਾਂ ਦਾ ਕੇਂਦਰ ਬਿੰਦੂ ਹੋਣ ਕਰ ਕੇ ਇਸ ਮੇਲੇ ਦਾ ਨਾਂਅ 'ਛਿੰਝ ਛਰਾਹਾਂ ਦੀ' ਪੈ ਗਿਆ | ਕਈਆਂ ਦਾ ਇਹ ਵੀ ਖਿਆਲ ਹੈ ਕਿ ਛਰਾਹਾਂ ਸ਼ਬਦ ਸ਼ਾਹਾਂ ਤੋਂ ਬਣਿਆ ਹੈ | ਪੁਰਾਣੇ ਵੇਲਿਆਂ ਵਿਚ ਵੱਡੇ-ਵੱਡੇ ਸ਼ਾਹ ਲੋਕ ਖੱਚਰਾਂ 'ਤੇ ਧਨ ਲੱਦ ਕੇ ਇਸ ਮੇਲੇ ਵਿਚ ਜੂਆ ਖੇਡਣ ਅਤੇ ਵਪਾਰ ਕਰਨ ਲਈ ਆਉਂਦੇ ਹੁੰਦੇ ਸਨ | ਪਿੰਡ ਦੇ ਲਹਿੰਦੇ ਪਾਸੇ ਚੁਫੇਰਿਉਂ ਪਿੱਪਲਾਂ ਦੇ ਦਰੱਖਤਾਂ ਅਤੇ ਤਿ੍ਵੈਣੀਆਂ ਨਾਲ ਘਿਰਿਆ ਸਾਫ-ਸੁਥਰੇ ਵਾਤਾਵਰਨ 'ਚ ਸਥਿਤ ਸਿੱਧ ਬਾਬਾ ਬਾਲਕ ਰੂਪ ਜੀ ਦਾ ਪ੍ਰਾਚੀਨ ਮੰਦਰ ਸੁਸ਼ੋਭਿਤ ਹੈ | ਮੇਲੇ ਵਿਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਇੱਥੇ ਨਤਮਸਤਕ ਹੁੰਦੀਆਂ ਹਨ | ਕੋਈ ਵੇਲਾ ਸੀ ਜਦੋਂ ਪਸ਼ੂਆਂ ਦੇ ਵਪਾਰੀ ਦੂਰ-ਦੁਰਾਡੇ ਇਲਾਕਿਆਂ ਤੋਂ ਆਉਂਦੇ ਹੁੰਦੇ ਸਨ ਅਤੇ ਲਾਹੌਰ ਤੋਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਹੁੰਦੀਆਂ ਸਨ:
ਪੁੱਜਦੇ ਹੁੰਦੇ ਸਨ ਵਪਾਰੀ ਪਿਸ਼ੌਰ ਤੋਂ,
ਹੱਟੀਆਂ ਆਉਂਦੀਆਂ ਸਨ ਕਦੇ ਲਾਹੌਰ ਤੋਂ |
ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਖੇਤਰ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਇਸ ਮੇਲੇ ਨੂੰ ਵਿਰਾਸਤੀ ਮੇਲਾ ਘੋਸ਼ਿਤ ਕਰੇ |
ਭੰਗੀ ਦੀ ਝੁੱਗੀ ਬਣ ਚੁੱਕੀ ਹੈ ਇਲਾਕੇ ਦਾ ਮੁੱਖ ਖਰੀਦ ਕੇਂਦਰ: ਬੀਤ ਇਲਾਕੇ ਦਾ ਮੁੱਖ ਅੱਡਾ ਝੁੰਗੀਆਂ ਪਿੰਡ ਬੀਣੇਵਾਲ ਵਿਚ ਪੈਂਦਾ ਹੈ | ਇਸ ਸਥਾਨ 'ਤੇ ਸਭ ਤੋਂ ਪਹਿਲਾਂ ਅੰਬਾਂ ਦੇ ਦਰਖਤਾਂ ਹੇਠ ਇਕ ਝੁੱਗੀ ਹੁੰਦੀ ਸੀ ਜੋ ਭੰਗੀ ਨਾਮ ਦੇ ਇਕ ਵਿਅਕਤੀ ਨੇ ਪਾਈ ਸੀ | ਆਉਂਦੇ-ਜਾਂਦੇ ਰਾਹੀਆਂ ਨੂੰ ਪਾਣੀ ਪਿਲਾਉਣ ਲਈ ਪਾਣੀ ਦੇ ਘੜੇ ਵੀ ਰੱਖੇ ਹੁੰਦੇ ਸਨ | ਪਾਣੀ ਪਿਲਾਉਣ ਦੇ ਨਾਲ ਭੰਗੀ ਫਲ ਵੀ ਵੰਡਦਾ ਹੁੰਦਾ ਸੀ | ਬਜ਼ੁਰਗਾਂ ਦੇ ਦੱਸਣ ਮੁਤਾਬਕ ਭੰਗੀ ਦੀ ਇਹ ਕਿਹਾ ਸੀ ਕਿ ਇਹ ਸਥਾਨ ਇਕ ਦਿਨ ਸ਼ਹਿਰ ਬਣੇਗਾ | ਸੱਚਮੁੱਚ ਹੀ ਅੱਡਾ ਝੁੰਗੀਆਂ ਬੀਤ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਾਲੇ ਬੀਤ ਅਤੇ ਲਾਗਲੇ ਦੂਣ ਦੇ ਇਲਾਕੇ ਦਾ ਖਰੀਦ ਕੇਂਦਰ ਬਣ ਚੁੱਕਾ ਹੈ | ਸਮੇਂ ਦੀ ਤੋਰ ਦੇ ਨਾਲ-ਨਾਲ ਸਭ ਕੁਝ ਬਦਲ ਰਿਹਾ ਹੈ | ਬੀਤ ਇਲਾਕੇ ਦੇ ਜਨ ਜੀਵਨ 'ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ | (ਸਮਾਪਤ)
ਨੋਟ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ 13-3-2018 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੰਬਾਲਾ, ਕੋਟ ਰਾਜਪੂਤਾਂ ਅਤੇ ਕੋਕੋਵਾਲ ਗੁੱਜਰਾਂ ਤਿੰਨ ਨਵੀਆਂ ਪੰਚਾਇਤਾਂ ਹੋਂਦ ਵਿਚ ਆਉਣ ਨਾਲ ਬੀਤ ਇਲਾਕੇ ਦੀਆਂ ਪੰਚਾਇਤਾਂ ਦੀ ਗਿਣਤੀ 33 ਤੋਂ ਵਧ ਕੇ 36 ਹੋ ਗਈ ਹੈ |

-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ)
ਮੋਬਾ: 94638-51568.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-144: ਸਮਾਜਿਕ ਸਿਨੇਮਾ ਦਾ ਬਾਗ਼ਬਾਂ ਬੀ.ਆਰ. ਚੋਪੜਾ

ਬੀ.ਆਰ. ਚੋਪੜਾ (ਬਲਦੇਵ ਰਾਜ ਚੋਪੜਾ) ਅਤੇ ਰਾਮਾਨੰਦ ਸਾਗਰ ਦੇ ਦਰਮਿਆਨ ਬਹੁਤ ਕੁਝ ਸਾਂਝਾ ਸੀ | ਦੋਵੇਂ ਹੀ ਪੰਜਾਬੀ ਸਨ ਅਤੇ ਇਨ੍ਹਾਂ ਨੇ ਲਾਹੌਰ ਤੋਂ ਆਪਣਾ ਫ਼ਿਲਮੀ ਕੈਰੀਅਰ ਸ਼ੁਰੂ ਕੀਤਾ ਸੀ | ਦੂਜੀ ਗੱਲ ਉਨ੍ਹਾਂ 'ਚ ਸਾਂਝੀ ਇਹ ਸੀ ਕਿ ਦੋਵੇਂ ਹੀ ਪੱਤਰਕਾਰੀ ਤੋਂ ਫ਼ਿਲਮ ਨਿਰਮਾਣ ਵੱਲ ਪ੍ਰੇਰਿਤ ਹੋਏ ਸਨ | ਤੀਜੀ ਵਿਸ਼ੇਸ਼ਤਾ ਜਿਹੜੀ ਇਨ੍ਹਾਂ ਨੂੰ ਤੁਲਨਾਤਮਿਕ ਰੂਪ 'ਚ ਜੋੜਦੀ ਸੀ ਉਹ ਇਹ ਸੀ ਦੋਵਾਂ ਨੇ ਹੀ ਦੂਰਦਰਸ਼ਨ ਲਈ ਧਾਰਮਿਕ ਲੜੀਵਾਰ ਬਣਾਏ ਸਨ |
ਵੈਸੇ ਬੀ.ਆਰ. ਚੋਪੜਾ ਦੇ ਪਰਿਵਾਰ ਦਾ ਪਿਛੋਕੜ ਜਲੰਧਰ-ਲੁਧਿਆਣਾ ਨਾਲ ਜੁੜਿਆ ਹੋਇਆ ਸੀ | ਅੱਜ ਵੀ ਜਲੰਧਰ ਦੇ ਗੋਬਿੰਦਗੜ੍ਹ ਮੁਹੱਲੇ 'ਚ ਉਸ ਦੇ ਰਿਸ਼ਤੇਦਾਰ ਰਹਿੰਦੇ ਹਨ | ਇਸੇ ਹੀ ਤਰ੍ਹਾਂ ਇਸ ਪਰਿਵਾਰ ਦੀ ਰਾਹੋਂ ਵਿਖੇ ਵੀ ਇਕ ਪੁਰਾਣੀ ਹਵੇਲੀ ਮੌਜੂਦ ਹੈ | ਪਰ ਬੀ.ਆਰ. ਚੋਪੜਾ ਨੇ ਆਪਣੀ ਪੜ੍ਹਾਈ ਲਾਹੌਰ ਤੋਂ ਮੁਕੰਮਲ ਕੀਤੀ ਸੀ | ਐਮ.ਏ. ਅੰਗਰੇਜ਼ੀ ਕਰਨ ਤੋਂ ਬਾਅਦ ਉਸ ਨੇ ਲਾਹੌਰ ਤੋਂ ਪ੍ਰਕਾਸ਼ਿਤ ਹੋਣ ਵਾਲੀ ਇਕ ਮਾਸਿਕ ਪੱਤਿ੍ਕਾ ਸਿਨੇ ਹੇਰਾਲਡ (3ine 8arald) ਲਈ ਲਿਖਣਾ ਸ਼ੁਰੂ ਕਰ ਦਿੱਤਾ | ਕੁਝ ਚਿਰ ਬਾਅਦ ਉਹ ਇਸ ਦਾ ਸੰਪਾਦਕ ਵੀ ਬਣ ਗਿਆ |
ਲਾਹੌਰ ਉਸ ਵੇਲੇ ਭਾਰਤੀ ਫ਼ਿਲਮ ਸਨਅਤ ਦਾ ਇਕ ਪ੍ਰਮੁੱਖ ਕੇਂਦਰ ਸੀ | ਇਸ ਲਈ ਉਸ ਦਾ ਝੁਕਾਅ ਫ਼ਿਲਮਾਂ ਵਲ ਹੋਣਾ ਸੁਭਾਵਿਕ ਹੀ ਸੀ | ਜਦੋਂ ਉਸ ਨੇ ਆਈ.ਐਸ. ਜੌਹਰ ਕੋਲੋਂ ਇਕ ਕਹਾਣੀ ਸੁਣੀ ਤਾਂ ਉਸ ਨੇ ਉਸ 'ਤੇ ਫ਼ਿਲਮ ਬਣਾਉਣ ਦੀ ਘੋਸ਼ਣਾ ਕਰ ਦਿੱਤੀ | ਇਸ ਦਾ ਨਾਂਅ 'ਚਾਂਦਨੀ ਚੌਕ' ਰੱਖਿਆ ਗਿਆ ਸੀ | ਫ਼ਿਲਮ ਦੀ ਸ਼ੂਟਿੰਗ ਬਾਕਾਇਦਾ ਸ਼ੁਰੂ ਵੀ ਹੋ ਗਈ ਸੀ ਪਰ ਦੇਸ਼ ਵੰਡ ਦੇ ਨਾਲ ਸਬੰਧਤ ਫਸਾਦਾਂ ਦੇ ਸ਼ੁਰੂ ਹੋ ਜਾਣ ਕਰਕੇ ਉਸ ਨੂੰ ਇਹ ਪ੍ਰਾਜੈਕਟ ਛੱਡ ਕੇ ਭਾਰਤ ਆਉਣਾ ਪਿਆ ਸੀ | ਬਾਅਦ 'ਚ ਮੀਨਾ ਕੁਮਾਰੀ ਨੂੰ ਲੈ ਕੇ ਉਸ ਨੇ 'ਚਾਂਦਨੀ ਚੌਕ' ਬਣਾਈ ਸੀ |
ਬੰਬਈ ਆ ਕੇ ਉਸ ਨੇ ਸਭ ਤੋਂ ਪਹਿਲਾਂ 'ਕਰਵਟ' (1948) ਫ਼ਿਲਮ ਬਣਾਈ ਸੀ | ਇਹ ਬੁਰੀ ਤਰ੍ਹਾਂ ਨਾਲ ਫਲਾਪ ਹੋ ਗਈ ਸੀ | ਇਸ ਲਈ ਬੀ.ਆਰ. ਚੋਪੜਾ ਬਹੁਤ ਹੀ ਉਦਾਸ ਰਹਿਣ ਲੱਗ ਪਿਆ ਸੀ | ਇਸ ਵੇਲੇ ਫਿਰ ਉਸ ਦਾ ਪੁਰਾਣਾ ਮਿੱਤਰ ਆਈ.ਐਸ. ਜੌਹਰ ਹੀ ਕੰਮ ਆਇਆ | ਜੌਹਰ ਨੇ ਉਸ ਨੂੰ ਇਕ ਪਟਕਥਾ ਸੁਣਾਈ ਅਤੇ ਉਸ 'ਤੇ ਫ਼ਿਲਮ ਬਣਾਉਣ ਲਈ ਕਿਹਾ | ਬੀ.ਆਰ. ਚੋਪੜਾ ਉਹ ਕਹਾਣੀ ਲੈ ਕੇ ਅਸ਼ੋਕ ਕੁਮਾਰ ਨੂੰ ਮਿਲਿਆ | ਅਸ਼ੋਕ ਕੁਮਾਰ ਚੋਪੜਾ ਦੇ ਕਹਾਣੀ ਸੁਣਾਉਣ ਵਾਲੇ ਅੰਦਾਜ਼ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਸੀ | ਇਸ ਲਈ ਉਸ ਨੇ ਫ਼ਿਲਮ 'ਚ ਕੰਮ ਕਰਨਾ ਸਵੀਕਾਰ ਕਰ ਲਿਆ | ਇਹ ਫ਼ਿਲਮ 'ਅਫ਼ਸਾਨਾ' (1951) ਸੀ | ਕਿਸਮਤ ਨੇ ਬੀ.ਆਰ. ਚੋਪੜਾ ਦਾ ਸਾਥ ਦਿੱਤਾ ਅਤੇ ਇਹ ਫ਼ਿਲਮ ਜ਼ਬਰਦਸਤ ਹਿੱਟ ਹੋਈ ਸੀ |
'ਅਫ਼ਸਾਨਾ' ਦੀ ਸਫ਼ਲਤਾ ਤੋਂ ਬਾਅਦ ਹੀ ਬੀ.ਆਰ. ਚੋਪੜਾ ਨੇ ਆਪਣੇ ਬੈਨਰ ਬੀ.ਆਰ. ਫ਼ਿਲਮਜ਼ ਦੀ ਸਥਾਪਨਾ 1954 ਵਿਚ ਕੀਤੀ ਸੀ | ਇਸ ਬੈਨਰ ਦੀ ਪਹਿਲੀ ਫ਼ਿਲਮ 'ਨਯਾ ਦੌਰ' (1957) ਦੇ ਨਿਰਮਾਣ ਦੀ ਕਹਾਣੀ ਵੀ ਬੜੀ ਹੀ ਦਿਲਚਸਪ ਹੈ | ਲੇਖਕ ਵਜ਼ਾਹਤ ਮਿਰਜ਼ਾ ਨੇ ਮਜ਼ਦੂਰ ਅਤੇ ਮਸ਼ੀਨ ਦੇ ਟਕਰਾਅ ਨੂੰ ਲੈ ਕੇ ਇਹ ਕਹਾਣੀ ਲਿਖੀ ਸੀ | ਉਹ ਇਸ ਨੂੰ ਕਈਆਂ ਨਿਰਮਾਤਾਵਾਂ ਨੂੰ ਸੁਣਾ ਚੁੱਕਿਆ ਸੀ, ਪਰ ਕਿਸੇ ਨੂੰ ਵੀ ਇਹ ਕਹਾਣੀ ਫ਼ਿਲਮ ਬਣਾਉਣ ਦੇ ਯੋਗ ਨਹੀਂ ਲੱਗੀ ਸੀ | ਪਰ ਬੀ.ਆਰ. ਚੋਪੜਾ ਨੂੰ ਇਹ ਕਹਾਣੀ ਪਸੰਦ ਆ ਗਈ | ਉਹ ਇਸ ਨੂੰ ਲੈ ਕੇ ਅਸ਼ੋਕ ਕੁਮਾਰ ਨੂੰ ਮਿਲਿਆ | ਅਸ਼ੋਕ ਕੁਮਾਰ ਨੇ ਉਸ ਨੂੰ ਇਸ ਪਟਕਥਾ ਲਈ ਦਲੀਪ ਕੁਮਾਰ ਦੇ ਨਾਂਅ ਦੀ ਸਿਫਾਰਸ਼ ਕੀਤੀ | ਦਲੀਪ ਨੇ ਵੀ ਪਹਿਲੀ ਵਾਰ ਤਾਂ ਇਸ ਕਹਾਣੀ ਨੂੰ ਠੁਕਰਾ ਦਿੱਤਾ ਸੀ ਪਰ ਜਦੋਂ ਬੀ.ਆਰ. ਚੋਪੜਾ ਪੂਰੇ ਸੰਵਾਦਾਂ ਸਹਿਤ ਲੈ ਕੇ ਇਸ ਨੂੰ ਦੁਬਾਰਾ ਉਸ ਕੋਲ ਪਹੁੰਚਾ ਤਾਂ ਦਲੀਪ ਨੇ ਹਾਂ ਕਰ ਦਿੱਤੀ ਸੀ | 'ਨਯਾ ਦੌਰ' ਵਿਚ ਅਜੀਤ, ਵਿਜੈਂਤੀ ਮਾਲਾ ਅਤੇ ਜੀਵਨ ਦੀਆਂ ਪ੍ਰਮੁੱਖ ਭੂਮਿਕਾਵਾਂ ਸਨ | ਓ.ਪੀ. ਨਈਅਰ ਦੇ ਸੰਗੀਤ ਅਤੇ ਸਾਹਿਰ ਦੇ ਗੀਤਾਂ 'ਤੇ ਦਰਸ਼ਕ ਝੂਮ ਉਠੇ ਸਨ | ਇਸ ਲਈ ਭਾਰਤ ਦੇ ਚਾਰੇ ਹੀ ਪਾਸੇ, 'ਯੇਹ ਦੇਸ਼ ਹੈ ਵੀਰ ਜਵਾਨੋਂ ਕਾ' ਅਤੇ 'ਮਾਂਗ ਕੇ ਸਾਥ ਤੁਮਹਾਰਾ' ਵਰਗਿਆਂ ਗੀਤਾਂ ਦੀਆਂ ਗੰੂਜਾਂ ਸੁਣਾਈ ਦੇਣ ਲੱਗ ਪਈਆਂ ਸਨ | ਇਹ ਫ਼ਿਲਮ ਬਲਾਕ ਬਸਟਰ ਹੋਣ ਤੋਂ ਇਲਾਵਾ ਇਕ ਫ਼ਿਲਮ ਸਨਾਤਕੀ ਰੁਚੀਆਂ ਦੀ ਵੀ ਘੋਸ਼ਿਤ ਕੀਤੀ ਗਈ ਸੀ |
ਬੀ.ਆਰ. ਚੋਪੜਾ ਭਾਵੇਂ ਆਪ ਪ੍ਰਗਤੀਸ਼ੀਲ ਵਿਚਾਰਧਾਰਕ ਸੀ, ਪਰ ਸਿਨੇਮਾ ਨੂੰ ਉਸ ਨੇ ਕਦੇ ਵੀ ਪ੍ਰਾਪੇਗੰਡਾ ਦਾ ਸਾਧਨ ਨਹੀਂ ਸਮਝਿਆ ਸੀ | ਉਹ ਕਹਿੰਦਾ ਹੁੰਦਾ ਸੀ, 'ਇਹ ਠੀਕ ਹੈ ਕਿ ਰਾਜਨੀਤਕ ਪੱਧਰ 'ਤੇ ਕਮਿਊਨਿਸਟ ਫਲਸਫੇ ਤੋਂ ਮੈਂ ਪ੍ਰਭਾਵਿਤ ਹਾਂ, ਪਰ ਸਿਨੇਮਾ ਦੀ ਦੁਨੀਆ ਇਕ ਵੱਖਰੀ ਕਿਸਮ ਦੀ ਦੁਨੀਆ ਹੈ, ਜਿਸ ਦੀ ਆਪਣੀ ਹੀ ਨਿਵੇਕਲੀ ਵਿਚਾਰਧਾਰਾ ਹੈ |' ਇਸ ਲਈ ਆਉਣ ਵਾਲੇ ਸਮੇਂ 'ਚ ਉਸ ਨੇ ਭਿੰਨ ਭਿੰਨ ਵਿਸ਼ਿਆਂ 'ਤੇ ਆਧਾਰਿਤ ਫ਼ਿਲਮਾਂ ਬਣਾਈਆਂ ਸਨ | ਇਨ੍ਹਾਂ 'ਚੋਂ 'ਕਾਨੂੰਨ' ਫ਼ਿਲਮ ਵੀ ਇਕ ਵਿਸ਼ੇਸ਼ ਵਿਲੱਖਣਤਾ ਰੱਖਦੀ ਸੀ | ਇਹ ਇਕ ਤਰ੍ਹਾਂ ਦਾ ਕੋਰਟ ਡਰਾਮਾ ਸੀ, ਜਿਸ 'ਚ ਕੋਈ ਵੀ ਗੀਤ ਨਹੀਂ ਸੀ | ਬਾਵਜੂਦ ਇਸ ਦੇ, ਇਸ ਫ਼ਿਲਮ 'ਚ ਕਮਾਲ ਦਾ ਸਸਪੈਂਸ ਸੀ ਅਤੇ ਇਕ ਸੰਦੇਸ਼ ਵੀ ਸੀ ਕਿ ਜੇਕਰ ਅਸੀਂ ਕਿਸੇ ਦਾ ਜੀਵਨ ਵਾਪਸ ਨਹੀਂ ਕਰ ਸਕਦੇ ਤਾਂ ਸਾਨੂੰ ਉਸ ਦਾ ਜੀਵਨ ਲੈਣ ਦਾ ਵੀ ਕੋਈ ਅਧਿਕਾਰ ਨਹੀਂ ਹੈ | 'ਕਾਨੂੰਨ' ਵਿਚ ਅਸ਼ੋਕ ਕੁਮਾਰ, ਰਾਜਿੰਦਰ ਕੁਮਾਰ ਅਤੇ ਨੰਦਾ ਦੇ ਸ਼ਾਨਦਾਰ ਅਭਿਨੈ ਦੀ ਬਦੌਲਤ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1982 ਦੀ ਹੈ | ਲਾਲ ਚੰਦ ਯਮਲਾ ਜੀ ਆਪਣੇ ਗੁਰੂ ਪੀਰ ਦਾ ਸਾਲਾਨਾ ਮੇਲਾ ਆਪਣੇ ਘਰ ਦੇ ਨੇੜੇ ਹੀ ਲਗਵਾਉਂਦੇ ਸੀ | ਆਪਣੇ ਗੁਰੂ ਪੀਰ ਦੀ ਯਾਦਗਾਰੀ ਜਗ੍ਹਾ ਵੀ ਆਪਣੇ ਘਰ ਦੇ ਨੇੜੇ ਹੀ ਬਣਾਈ ਹੋਈ ਸੀ | ਇਸ ਮੇਲੇ 'ਤੇ ਯਮਲਾ ਜੀ ਦੇ ਸਾਰੇ ਸ਼ਾਗਿਰਦ ਤੇ ਆਮ ਲੋਕ ਵੀ ਆਉਂਦੇ ਸਨ, ਕਿਉਂਕਿ ਗਾਉਣ-ਵਜਾਉਣ ਦਾ ਪ੍ਰੋਗਰਾਮ ਬਹੁਤ ਚੰਗਾ ਹੁੰਦਾ ਸੀ |
ਇਸ ਮੇਲੇ 'ਤੇ ਯਮਲਾ ਜੀ ਨੇ ਸ: ਜਗਦੇਵ ਸਿੰਘ ਜੱਸੋਵਾਲ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਸੀ ਤੇ ਦਸਤਾਰ ਦੇ ਕੇ ਸਨਮਾਨਿਤ ਕੀਤਾ ਸੀ | ਉਹ ਦਸਤਾਰ ਜੱਸੋਵਾਲ ਦੇ ਸਿਰ 'ਤੇ ਬੰਨ੍ਹਾ ਕੇ ਆਪਣੇ ਸਾਰੇ ਸ਼ਾਗਿਰਦਾਂ ਨਾਲ ਸਟੇਜ 'ਤੇ ਤਸਵੀਰ ਖਿਚਵਾਈ ਸੀ | ਇਸ ਤਰ੍ਹਾਂ ਦੇ ਕਲਾਕਾਰ ਤੇ ਕਲਾ ਨੂੰ ਪਿਆਰ ਕਰਨ ਵਾਲੇ ਮਨੁੱਖ ਬਹੁਤ ਘੱਟ ਮਿਲਦੇ ਹਨ, ਜਿਸ ਤਰ੍ਹਾਂ ਯਮਲਾ ਜੀ ਤੇ ਜੱਸੋਵਾਲ ਜੀ ਸਨ | ਇਸ ਵਕਤ ਇਹ ਦੋਵੇਂ ਮਹਾਨ ਮਨੁੱਖ ਇਸ ਸੰਸਾਰ ਵਿਚ ਨਹੀਂ ਹਨ, ਸਿਰਫ ਉਨ੍ਹਾਂ ਦੀ ਤਸਵੀਰ ਹੀ ਹੈ |

-ਮੋਬਾਈਲ : 98767-41231

ਨਹਿਲੇ 'ਤੇ ਦਹਿਲਾ

ਕਿਬਲੀ
ਜਨਾਬ ਪ੍ਰੇਸ਼ਾਨ ਖਟਕ ਪਸ਼ਤੋ ਭਾਸ਼ਾ ਦੇ ਲੇਖਕ ਸਨ | ਉਹ ਉਰਦੂ ਭਾਸ਼ਾ ਨਹੀਂ ਸਨ ਜਾਣਦੇ | ਉਨ੍ਹਾਂ ਨੂੰ ਪੇਸ਼ਾਵਰ ਦੇ ਇਕ ਕਾਲਜ ਵਿਚ ਪਸ਼ਤੋ ਭਾਸ਼ਾ ਪੜ੍ਹਾਉਣ ਲਈ ਨੌਕਰੀ ਮਿਲ ਗਈ | ਉਸੇ ਕਾਲਜ ਵਿਚ ਇਕ ਬੀਬੀ ਉਰਦੂ ਭਾਸ਼ਾ ਦੀ ਲੈਕਚਰਾਰ ਸੀ | ਉਹ ਹਮੇਸ਼ਾ ਖੂਬਸੂਰਤ ਅੰਦਾਜ਼ ਵਿਚ ਉਰਦੂ ਭਾਸ਼ਾ ਬੋਲਦੀ ਸੀ | ਉਰਦੂ ਭਾਸ਼ਾ ਵਿਚ ਇਕ ਲਫ਼ਜ਼ ਕਿਬਲਾ ਹੈ ਜੋ ਮਰਦਾਂ ਲਈ ਇਸਤੇਮਾਲ ਹੁੰਦਾ ਹੈ | ਕਿਬਲਾ ਦਾ ਅਰਥ ਸਤਿਕਾਰਯੋਗ ਹੈ ਪੰ੍ਰਤੂ ਇਹ ਸਿਰਫ਼ ਮਰਦਾਂ ਲਈ ਹੀ ਵਰਤਿਆ ਜਾਂਦਾ ਹੈ |
ਜਨਾਬ ਖਟਕ ਸਾਹਿਬ ਨੂੰ ਜਦੋਂ ਵੀ ਉਹ ਬੀਬੀ ਮਿਲਦੀ ਤਾਂ ਉਹ ਉਸ ਨੂੰ ਕਿਬਲੀ ਕਹਿ ਕੇ ਬੁਲਾਉਂਦੇ | ਇਕ ਦਿਨ ਉਸ ਬੀਬੀ ਨੇ ਗੁੱਸੇ ਭਰੇ ਅੰਦਾਜ਼ ਵਿਚ ਕਿਹਾ, 'ਤੁਸੀਂ ਮੈਨੂੰ ਹਰ ਵਕਤ ਕਿਬਲੀ ਕਿਬਲੀ ਕਹਿੰਦੇ ਹੋ | ਮੇਰੇ ਲਈ ਇਹ ਬਦਤਮੀਜ਼ ਲਫ਼ਜ਼ ਕਿਉਂ ਵਰਤਦੇ ਹੋ?'
ਜਨਾਬ ਖਟਕ ਸਾਹਿਬ ਨੇ ਕਿਹਾ, 'ਉਰਦੂ ਭਾਸ਼ਾ ਵਿਚ ਮਰਦ ਨੂੰ ਸਤਿਕਾਰ ਦੀ ਭਾਵਨਾ ਨਾਲ ਕਿਬਲਾ ਕਿਹਾ ਜਾਂਦਾ ਹੈ ਤਾਂ ਔਰਤਾਂ ਨੂੰ ਕਿਬਲੀ ਹੀ ਆਖਦੇ ਹੋਣਗੇ |'

-ਜੇਠੀ ਨਗਰ, ਮਾਲੇਰਕੋਟਲਾ ਰੋਡ,
ਖੰਨਾ-141401.
ਮੋਬਾਈਲ : 94170-91668.

ਮਿੰਨੀ ਕਹਾਣੀ: ਗਹਿਰ

ਸਵੇਰੇ ਅਖ਼ਬਾਰ ਚੁੱਕਦਿਆਂ ਹੀ ਮੇਰੇ ਮੂੰਹੋਂ ਓ! ਹੋ!! ਨਿਕਲ ਗਿਆ ਸੀ | ਤਾਂ ਮਾਂ ਨੇ ਪੁੱਛਿਆ, 'ਕੀ ਗੱਲ ਹੋ ਗਈ ਪੁੱਤਰ |'
'ਕੁਝ ਨੀ ਮਾਂ, ਅਖ਼ਬਾਰ 'ਚ ਖ਼ਬਰ ਐ ਕੇ ਬੱਸ ਟਰੱਕ ਦੀ ਟੱਕਰ 'ਚ ਵੀਹ ਬੰਦੇ ਹਲਾਕ-ਤੀਹ ਜ਼ਖ਼ਮੀ | ਜਿਨ੍ਹਾਂ 'ਚ ਪੰਜ ਦੀ ਹਾਲਤ ਗੰਭੀਰ ਐ |'
'ਪੁੱਤ ਹੁਣ ਤਾਂ ਰੋਜ਼ ਈ ਐਕਸੀਡੈਂਟ ਹੁੰਦੇ ਰਹਿੰਦੇ ਐ | ਸਾਡੇ ਜ਼ਮਾਨੇ ਜੇ ਕਿਤੇ ਅਣਿਆਈ ਮੌਤ ਹੋ ਜਾਂਦੀ ਸੀ ਤਾਂ ਰੱਬ ਵੀ ਅਸਮਾਨ 'ਤੇ ਗਹਿਰ ਚਾੜ੍ਹ ਦਿੰਦਾ ਸੀ |'
'ਮਾਂ ਰੱਬ ਵੀ ਕੀ ਕਰੇ, ਇਥੇ ਪੰਜਾਬ 'ਚ ਤਾਂ ਹਰ ਰੋਜ਼ ਔਸਤ ਦੋ ਕਿਸਾਨ ਖੁਦਕੁਸ਼ੀਆਂ ਕਰਦੇ ਹਨ, ਇਕ ਮਜ਼ਦੂਰ ਖ਼ੁਦਕੁਸ਼ੀ ਕਰਦਾ ਐ, ਇਕ ਆਸ਼ਕ ਮਰਦਾ ਐ, ਦੋ ਮੌਤਾਂ ਕਾਲੇ ਪੀਲੀਏ ਨਾਲ ਹੁੰਦੀਆਂ, ਤਿੰਨ ਕੈਂਸਰ ਨਾਲ ਹੁੰਦੀਆਂ, ਸੜਕ ਹਾਦਸੇ ਵਿਚ ਪੰਜ ਜਾਣੇ ਮਰਦੇ ਹਨ ਰੋਜ਼, ਦੋ ਨਸ਼ੇੜੀ ਰੋਜ਼ ਗੱਡੀ ਚੜਦੇ ਐ, ਜੇ ਰੱਬ ਹੁਣ ਗਹਿਰ ਚਾੜ੍ਹਨ ਲੱਗੇ ਤਾਂ ਕੋਈ ਵੀ ਦਿਨ ਗਹਿਰ ਬਿਨਾਂ ਨਾ ਲੰਘੇ |'
'ਪੁੱਤ ਗਹਿਰ ਚਾੜ੍ਹਨ ਦਾ ਕੰਮ ਵੀ ਬੰਦੇ ਆਪ ਹੀ ਕਰਨ ਲੱਗੇ ਨੇ | ਜਦੋਂ ਆਪ ਨਾੜ-ਪਰਾਲੀ ਸਾੜਦੇ ਐ ਤਾਂ ਮਹੀਨਾ ਗਹਿਰ ਹੀ ਚਾੜ੍ਹੀ ਰੱਖਦੇ ਐ | ਹੁਣ ਨੀ ਪੁੱਛਦਾ ਰੱਬ ਨੂੰ ਕੋਈ |'

-ਜਸਕਰਨ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ | ਫੋਨ : 94176-17337





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX