ਤਾਜਾ ਖ਼ਬਰਾਂ


ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  1 day ago
ਅਜਨਾਲਾ, 20 ਜਨਵਰੀ ( ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 6 'ਚ ਸਤਪਾਲ ਸਿੰਘ ਭੱਠੇ ਵਾਲਿਆਂ ਦੇ ਘਰੋਂ ਚੋਰਾਂ ਨੇ 15 ਤੋਲੇ ਸੋਨੇ ਦੇ ਗਹਿਣੇ, 25 ਹਜਾਰ...
ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ) - ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕੈਦੀ ਦੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਮੌਤ ਹੋ ਜਾਣ ਦੀ ਖ਼ਬਰ ਹੈ। ਜਿਸ...
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਮੁੰਬਈ, 20 ਜਨਵਰੀ - ਮਹਾਰਾਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 3.6 ਮਾਪੀ ਗਈ...
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜਨਵਰੀ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ 'ਚ ਦਾਖ਼ਲ ਹੋਏ ਇਕ ਅਧਖੜ ਉਮਰ ਦੇ ਵਿਅਕਤੀ ਨੂੰ ਬੀ.ਐੱਸ.ਐਫ...
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਰਾਜਾਸਾਂਸੀ, 20 (ਹਰਦੀਪ ਸਿੰਘ ਖੀਵਾ)26 ਜਨਵਰੀ ਨੂੰ ਦੇਸ਼ ਭਰ ਵਿੱਚ ਮਨਾਏ ਜਾ ਰਹੇ ਗਣਤੰਤਰ ਦਿਵਸ ਤਹਿਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਰੈੱਡ ਅਲਰਟ ਜਾਰੀ ਕਰਦਿਆਂ ਸੁਰੱਖਿਆ ਪ੍ਰਬੰਧ...
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  1 day ago
ਮਾਸਕੋ, 20 ਜਨਵਰੀ - ਅਫ਼ਰੀਕੀ ਮੁਲਕ ਮਾਲੀ ਵਿਚ ਸੰਯੁਕਤ ਰਾਸ਼ਟਰ ਦੇ ਬੇਸ 'ਤੇ ਹੋਏ ਅੱਤਵਾਦੀ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ ਹੋ ਗਈ ਤੇ ਕਈ ਸੈਨਿਕ ਜ਼ਖਮੀ ਹੋਏ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ...
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  1 day ago
ਬਰਨਾਲਾ, 20 ਜਨਵਰੀ - ਬਰਨਾਲਾ 'ਚ ਆਮ ਆਦਮੀ ਪਾਰਟੀ ਦੀ ਹੋਈ ਰੈਲੀ ਵਿਚ ਸੰਗਰੂਰ ਤੋਂ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 1 ਜਨਵਰੀ ਤੋਂ ਸ਼ਰਾਬ ਪੀਣੀ ਛੱਡ ਦਿੱਤੀ ਹੈ ਤੇ ਉਹ ਇਸ ਸਬੰਧ...
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  1 day ago
ਬੈਂਗਲੁਰੂ, 20 ਜਨਵਰੀ - ਕਰਨਾਟਕ 'ਚ ਸਿਆਸੀ ਡਰਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਹਿਲਾ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੇ ਭਾਜਪਾ 'ਤੇ ਵਿਧਾਇਕਾਂ ਦੀ ਖ਼ਰੀਦ ਫ਼ਰੋਖ਼ਤ ਦਾ ਦੋਸ਼ ਲਗਾਇਆ। ਹੁਣ ਮਾਮਲਾ ਮਾਰਕੁੱਟ ਤੱਕ ਪਹੁੰਚ ਗਿਆ ਹੈ। ਕਿਹਾ ਜਾ ਰਿਹਾ ਹੈ ਕਿ...
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  1 day ago
ਜ਼ੀਰਕਪੁਰ, 20 ਜਨਵਰੀ, (ਹਰਦੀਪ ਸਿੰਘ ਹੈਪੀ ਪੰਡਵਾਲਾ) - ਇੱਥੋਂ ਦੇ ਛੱਤਬੀੜ ਚਿੜੀਆ ਘਰ 'ਚ ਅੱਜ ਸ਼ਾਮ ਸ਼ੇਰ ਸਫ਼ਰੀ 'ਚ ਸ਼ੇਰ ਨੇ ਇਕ ਵਿਅਕਤੀ ਨੂੰ ਮਾਰ ਮੁਕਾਇਆ। ਜਾਣਕਾਰੀ ਅਨੁਸਾਰ ਐਤਵਾਰ ਸੈਲਾਨੀਆਂ ਨੂੰ ਲਾਈਨ ਸਫ਼ਾਰੀ 'ਚ ਸ਼ੇਰ ਦਿਖਾਉਣ ਲੈ ਕੇ ਗਈ ਬੱਸ...
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਜੰਮੂ, 20 ਜਨਵਰੀ - ਪਾਕਿਸਤਾਨੀ ਸੈਨਿਕਾਂ ਵਲੋਂ ਅੱਜ ਐਤਵਾਰ ਜੰਮੂ ਕਸ਼ਮੀਰ ਦੇ ਕਠੂਆ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਇਸ ਉਲੰਘਣਾ 'ਚ ਕਿਸੇ ਦੇ ਮਾਰੇ ਜਾਣ ਦੀ ਰਿਪੋਰਟ ਨਹੀਂ ਹੈ। ਪਿਛਲੇ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਝੋਨੇ ਦੀ ਪਨੀਰੀ ਅਗੇਤੀ ਨਾ ਬੀਜੋ

ਪਿਛਲੇ ਸਮਿਆਂ ਵਿਚ ਪਰਾਹੁਣਿਆਂ ਦੇ ਆਉਣ ਉਤੇ ਜਾਂ ਵਿਸ਼ੇਸ਼ ਸਮਾਗਮ ਸਮੇਂ ਚੌਲ ਜ਼ਰੂਰ ਪਰੋਸੇ ਜਾਂਦੇ ਸਨ। ਚੌਲਾਂ ਦੀ ਖੀਰ, ਮਿੱਠੇ ਚਾਵਲ ਜਾਂ ਫਿਰ ਉਬਲੇ ਚੌਲਾਂ ਉਤੇ ਬੂਰਾ (ਪੀਸੀ ਹੋਈ ਖੰਡ) ਤੇ ਦੇਸੀ ਘਿਓ ਪਾ ਕੇ ਪਰੋਸੇ ਜਾਂਦੇ ਸਨ। ਚੌਲਾਂ ਹੇਠ ਹੋਏ ਰਕਬੇ ਦੇ ਵਾਧੇ ਨੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਜ਼ਰੂਰ ਖੜ੍ਹੀ ਕਰ ਦਿੱਤੀ ਹੈ। ਧਰਤੀ ਹੇਠਾਂ ਪਾਣੀ ਦਾ ਪੱਧਰ ਹਰ ਸਾਲ ਹੇਠਾਂ ਜਾ ਰਿਹਾ ਹੈ। ਇਸ ਕਰਕੇ ਕੁਝ ਰਕਬੇ ਨੂੰ ਝੋਨੇ ਹੇਠੋਂ ਕਢ ਕੇ ਦੂਜੀਆਂ ਫ਼ਸਲਾਂ ਬੀਜਣ ਦੀ ਲੋੜ ਹੈ। ਰੇਤਲੀਆਂ ਅਤੇ ਉਚੀਆਂ ਥਾਵਾਂ ਉਤੇ ਮੱਕੀ ਜਾਂ ਦਾਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪਾਣੀ ਦੇ ਹੇਠਾਂ ਜਾ ਰਹੇ ਪੱਧਰ ਨੂੰ ਰੋਕਣ ਲਈ ਅਗੇਤਾ ਝੋਨਾ ਨਹੀਂ ਲਗਾਉਣਾ ਚਾਹੀਦਾ। ਝੋਨੇ ਦੀ ਬਹੁਤੀ ਲੁਆਈ ਪਨੀਰੀ ਰਾਹੀਂ ਕੀਤੀ ਜਾਂਦੀ ਹੈ। ਪਨੀਰੀ ਦੀ ਬਿਜਾਈ ਜੇਠ ਦੀ ਸੰਗਰਾਂਦ ਪਿਛੋਂ ਸ਼ੁਰੂ ਕਰਨੀ ਚਾਹੀਦੀ ਹੈ ਤੇ ਇਸ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿਛੋਂ 20 ਜੂਨ ਤੋਂ ਸ਼ੂਰੂ ਕੀਤੀ ਜਾਵੇ। ਜੇਕਰ ਜੁਲਾਈ ਦੇ ਪਹਿਲੇ ਹਫ਼ਤੇ ਵੀ ਪਨੀਰੀ ਲਗਾਈ ਜਾਵੇ ਤਾਂ ਵੀ ਝਾੜ ਪੂਰਾ ਪ੍ਰਾਪਤ ਹੋ ਜਾਂਦਾ ਹੈ। ਅਜਿਹਾ ਕੀਤਿਆਂ ਪਾਣੀ ਦੀ ਬੱਚਤ ਹੀ ਨਹੀਂ ਹੁੰਦੀ ਸਗੋਂ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵੀ ਘਟ ਹੁੰਦਾ ਹੈ। ਅਗੇਤੀ ਫ਼ਸਲ ਬਰਸਾਤ ਨਾਲ ਖਰਾਬ ਹੋਣ ਦਾ ਵੀ ਡਰ ਰਹਿੰਦਾ ਹੈ। ਹਮੇਸ਼ਾਂ ਪੰਜਾਬ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਘੱਟ ਸਮੇਂ ਵਿਚ ਪਕਣ ਵਾਲੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ।
ਪੀ ਆਰ 126 ਅਜਿਹੀ ਕਿਸਮ ਹੈ ਜਿਹੜੀ ਕੇਵਲ 123 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਚੌਲ ਲੰਬੇ, ਪਤਲੇ ਅਤੇ ਦੇਖਣ ਨੂੰ ਸੋਹਣੇ ਲਗਦੇ ਹਨ। ਇਹ ਝੁਲਸਰੋਗ ਦਾ ਵੀ ਮੁਕਾਬਲਾ ਕਰ ਸਕਦੀ ਹੈ। ਦੂਜੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਪੀ ਆਰ 121, ਪੀ ਆਰ 122, ਪੀ ਆਰ 123, ਪੀ ਆਰ 124, ਪੀ ਆਰ 113 ਅਤੇ ਪੀ ਆਰ 114 ਹਨ। ਇਸ ਵੇਰ ਇਕ ਨਵੀਂ ਕਿਸਮ ਪੀ ਆਰ 127 ਦੀ ਸਿਫਾਰਸ਼ ਕੀਤੀ ਗਈ ਹੈ। ਇਹ ਪਕਣ ਲਈ 137 ਦਿਨ ਲੈਂਦੀ ਹੈ ਤੇ 30 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਝਾੜ ਦਿੰਦੀ ਹੈ। ਕੇਵਲ ਇਕ ਹੀ ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ। ਅਗੇਤੀ ਬਿਜਾਈ ਲਈ ਪੀ ਆਰ 121 ਤੇ ਪੀ ਆਰ 122, ਪੀ ਆਰ 124 ਕਿਸਮਾਂ ਅਤੇ ਪਿਛੇਤੀ ਬਿਜਾਈ ਲਈ ਪੀ ਆਰ 126 ਕਿਸਮ ਬੀਜੋ। ਜੇਕਰ ਕੁਝ ਰਕਬੇ ਵਿਚ ਬਿਜਾਈ ਪਿਛੇਤੀ ਹੋ ਜਾਵੇ ਤਾਂ ਉਥੇ ਬਾਸਮਤੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਅੱਠ ਕਿਲੋ ਨਿਰੋਗ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਪਾਣੀ ਦੇ ਭਰੇ ਟਬ ਵਿਚ ਪਾ ਕੇ ਹਿਲਾਵੋ। ਕਮਜ਼ੋਰ ਬੀਜ ਉੱਤੇ ਤਰ ਪੈਣਗੇ। ਇਨ੍ਹਾਂ ਨੂੰ ਕੱਢ ਦਿੱਤਾ ਜਾਵੇ। ਬਾਕੀ ਬੀਜ ਨੂੰ ਸੁਧਾਈ ਕਰਨ ਲਈ 20 ਗ੍ਰਾਮ ਬਾਵਿਸਟਨ ਅਤੇ ਇਕ ਗ੍ਰਾਮ ਸਟਰੈਪਟੋਸਾਈਕਲੀਨ ਨੂੰ 10 ਲਿਟਰ ਪਾਣੀ ਵਿਚ ਘੋਲੋ। ਬੀਜਣ ਤੋਂ ਕੋਈ 10 ਘੰਟੇ ਪਹਿਲਾਂ ਬੀਜ ਨੂੰ ਇਸ ਵਿਚ ਡੋਬ ਲਵੋ। ਪਨੀਰੀ ਬੀਜਣ ਤੋਂ ਪਹਿਲਾਂ ਖੇਤ ਵਿਚ 15 ਟਨ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਵਹਾਈ ਕਰੋ। ਹੁਣ ਖੇਤ ਨੂੰ ਪਾਣੀ ਦੇਵੋ, ਇਸ ਨਾਲ ਨਦੀਨ ਉੱਗ ਪੈਣਗੇ। ਖੇਤ ਨੂੰ ਦੋ ਵਾਰ ਵਾਹ ਖੇਤ ਵਿਚ ਪਾਣੀ ਭਰਕੇ ਕੱਦੂ ਕਰੋ। ਕੱਦੂ ਕਰਦੇ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਵੋ। ਚੰਗੀ ਪਨੀਰੀ ਲਈ 40 ਕਿਲੋ ਜਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਪ੍ਰਤੀ ਏਕੜ ਪਾਵੋ। ਹੁਣ ਖੇਤ ਵਿਚ ਕੋਈ 10×2 ਮੀਟਰ ਆਕਾਰ ਦੇ ਕਿਆਰੇ ਬਣਾਵੋ। ਇਕ ਕਿਆਰੇ ਵਿਚ ਇਕ ਕਿਲੋ ਬੀਜ ਛੱਟੇ ਨਾਲ ਬੀਜੋ। ਬੀਜ ਨੂੰ ਬਰੀਕ ਰੂੜੀ ਨਾਲ ਢੱਕ ਦੇਵੋ। ਜਦੋਂ ਤੱਕ ਬੀਜ ਉੱਗ ਨਾ ਪੈਣ ਖੇਤ ਨੂੰ ਗਿੱਲਾ ਰੱਖਿਆ ਜਾਵੇ। ਕੇਵਲ 25-30 ਦਿਨਾਂ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਗਾ ਦੇਣੀ ਚਾਹੀਦੀ ਹੈ। ਪਨੀਰੀ ਵਿਚੋਂ ਨਦੀਨਾਂ ਨੂੰ ਬਕਾਇਦਗੀ ਨਾਲ ਪੁੱਟਦੇ ਰਹਿਣਾ ਜ਼ਰੂਰੀ ਹੈ।
ਜਿਹੜੇ ਖੇਤਾਂ ਵਿਚ ਝੋਨਾ ਲਗਾਉਣਾ ਹੈ ਉਨ੍ਹਾਂ ਵਿਚੋਂ ਕੁਝ ਖੇਤਾਂ ਵਿਚ ਹਰੀ ਖਾਦ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਨਾਲ ਖੇਤ ਦੀ ਸਿਹਤ ਠੀਕ ਹੁੰਦੀ ਹੈ ਤੇ ਰਸਾਇਣਿਕ ਖਾਦਾਂ ਦੀ ਲੋੜ ਵੀ ਘਟ ਜਾਂਦੀ ਹੈ। ਹਰੀ ਖਾਦ ਲਈ ਢੈਂਚਾ, ਸਣ ਜਾਂ ਰਵਾਂਹ ਬੀਜੇ ਜਾ ਸਕਦੇ ਹਨ। ਜਿਥੇ ਹਰੀ ਖਾਦ ਨਹੀਂ ਬੀਜੀ ਗਈ ਉਥੇ ਛੇ ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਜੇਕਰ ਪ੍ਰਤੀ ਏਕੜ ਛੇ ਟਨ ਪ੍ਰੈਸ ਮੱਡ ਜਾਂ ਢਾਈ ਟਨ ਮੁਰਗੀਆਂ ਦੀ ਖਾਦ ਪਾਈ ਜਾਵੇ ਤਾਂ ਨਾਈਟ੍ਰੋਜਨ ਅੱਧੀ ਕੀਤੀ ਜਾ ਸਕਦੀ ਹੈ। ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਵੇ। ਵੱਟਾਂ ਮਜ਼ਬੂਤ ਤੇ ਖੇਤ ਪੱਧਰਾ ਹੋਣਾ ਚਾਹੀਦਾ ਹੈ। ਖੇਤ ਵਿਚ ਪਾਣੀ ਖੜ੍ਹਾ ਕਰ ਕੇ ਕੱਦੂ ਕੀਤਾ ਜਾਵੇ। ਝੋਨੇ ਦੀ ਲੁਆਈ 20 ਜੂਨ ਤੋਂ ਸ਼ੁਰੂ ਕਰੋ। ਅਗੇਤਾ ਝੋਨਾ ਲਗਾਉਣ ਤੇ ਸਰਕਾਰੀ ਕਾਰਵਾਈ ਵੀ ਹੋ ਸਕਦੀ ਹੈ। ਪਨੀਰੀ ਪੁੱਟਣ ਤੋਂ ਪਹਿਲਾਂ ਖੇਤ ਨੂੰ ਪਾਣੀ ਲਾਵੋ ਤਾਂ ਜੋ ਪਨੀਰੀ ਸੌਖੀ ਪੁੱਟੀ ਜਾ ਸਕੇ। ਪਨੀਰੀ ਪੁੱਟਣ ਪਿਛੋਂ ਜੜ੍ਹਾਂ ਨੂੰ ਧੋ ਲੈਣਾ ਚਾਹੀਦਾ ਹੈ। ਪਨੀਰੀ ਲਾਈਨਾਂ ਵਿਚਕਾਰ ਲਗਾਵੋ। ਲਾਈਨਾਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਰੱਖਿਆ ਜਾਵੇ। ਇਕ ਥਾਂ ਦੋ ਬੂਟੇ ਲਗਾਵੋ। ਬੂਟੇ ਨੂੰ ਚੰਗੀ ਤਰ੍ਹਾਂ ਗਾਰੇ ਵਿਚ ਗੱਡਿਆ ਜਾਵੇ। ਇਕ ਵਰਗ ਮੀਟਰ ਵਿਚ 33 ਬੂਟੇ ਜ਼ਰੂਰ ਲਗਾਏ ਜਾਣ। ਪਨੀਰੀ ਲਗਾਉਣ ਸਮੇਂ ਆਪ ਕਾਮਿਆਂ ਨਾਲ ਕੰਮ ਕਰੋ ਤਾਂ ਜੋ ਕੋਈ ਕੁਤਾਹੀ ਨਾ ਹੋ ਸਕੇ। ਲੁਆਈ ਤੋਂ 15 ਦਿਨਾਂ ਪਿਛੋਂ ਪੈਡੀਵੀਡਰ ਨਾਲ ਗੋਡੀ ਕਰੋ। ਨਦੀਨਾਂ ਨੂੰ ਹੱਥਾਂ ਨਾਲ ਵੀ ਪੁੱਟਿਆ ਜਾ ਸਕਦਾ ਹੈ। ਪਹਿਲੇ 15 ਦਿਨ ਖੇਤ ਵਿਚ ਪਾਣੀ ਖੜ੍ਹਾ ਰੱਖਿਆ ਜਾਵੇ, ਮੁੜ ਪਾਣੀ ਉਦੋਂ ਲਗਾਵੋ ਜਦੋਂ ਪਾਣੀ ਸੁੱਕੇ ਨੂੰ ਦੋ ਦਿਨ ਹੋ ਜਾਣ। ਜਦੋਂ ਪੱਤੇ ਪੀਲੇ ਪੈ ਜਾਣ ਤਾਂ ਫ਼ਸਲ ਕਟ ਲਈ ਜਾਵੇ। ਕੰਬਾਈਨ ਨਾਲ ਕੱਟੀ ਫ਼ਸਲ ਦੇ ਨਾੜ ਨੂੰ ਖੇਤ ਵਿਚ ਅੱਗ ਨਾ ਲਗਾਈ ਜਾਵੇ ਸਗੋਂ ਖੇਤ ਵਿਚ ਵਾਹ ਦਿੱਤਾ ਜਾਵੇ। ਰੇਤਲੀਆਂ ਹਲਕੀਆਂ ਜ਼ਮੀਨਾਂ ਵਿਚ ਝੋਨਾ ਨਾ ਲਗਾਇਆ ਜਾਵੇ।


-ਮੋਬਾਈਲ : 94170-873289


ਖ਼ਬਰ ਸ਼ੇਅਰ ਕਰੋ

ਆੜੂ ਅਤੇ ਅਲੂਚੇ ਦੇ ਫਲਾਂ ਦੀ ਤੁੜਾਈ ਅਤੇ ਸੰਭਾਲ

ਆੜੂ : ਫਲਾਂ ਦੀ ਤੁੜਾਈ : ਫਲ ਨੂੰ ਵਧੇਰੇ ਸਮੇਂ ਲਈ ਤਾਜ਼ਾ ਰੱਖਣ ਲਈ ਅਤੇ ਖਰਾਬ ਹੋਣ ਤੋਂ ਬਚਾਉਣ ਲਈ ਇਨ੍ਹਾਂ ਦੀ ਤੁੜਾਈ ਸਹੀ ਅਵਸਥਾ ਅਤੇ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ। ਆੜੂ ਦੇ ਫਲ ਤੋੜਨ ਤੋਂ ਬਾਅਦ ਪੱਕਣ ਦੀ ਸਮਰੱਥਾ ਰੱਖਦੇ ਹਨ ਪਰ ਜੇਕਰ ਇਹ ਪੱਕਣ ਲਈ ਪੂਰੀ ਤਰ੍ਹਾਂ ਤਿਆਰ ਹੋਣ। ਸੋ, ਫਲ ਨੂੰ ਉਸ ਸਮੇਂ ਹੀ ਤੋੜੋ ਜਦੋਂ ਉਹ ਪੱਕਣ ਤੋਂ ਬਾਅਦ ਪੂਰੀ ਗੁਣਵੱਤਾ ਵਾਲਾ ਫਲ ਬਣਨ ਦੇ ਯੋਗ ਹੋਵੇ। ਆੜੂ ਦੇ ਫਲਾਂ ਦੀ ਤੁੜਾਈ ਮੰਡੀਕਰਨ ਦੇ ਆਧਾਰ 'ਤੇ ਵੀ ਕੀਤੀ ਜਾ ਸਕਦੀ ਹੈ। ਜੇਕਰ ਫਲ ਕਿਸੇ ਦੂਰ ਦੀ ਮੰਡੀ ਵਿਚ ਭੇਜਣਾ ਹੋਵੇ ਤਾਂ ਉਸ ਨੂੰ ਉਸ ਸਮੇਂ ਤੋੜੋ ਜਦੋਂ ਉਸ ਦਾ ਰੰਗ ਹਰੇ ਤੋਂ ਪੀਲਾ ਬਣਨਾ ਸ਼ੁਰੂ ਹੋ ਜਾਵੇ ਅਤੇ ਫਲ ਹੱਥਾਂ ਵਿਚ ਦਬਾਉਣ 'ਤੇ ਹਲਕੇ ਦੱਬਦੇ ਹੋਣ। ਇਸ ਤਰ੍ਹਾਂ ਦੇ ਫਲ ਦੂਰ ਦੀ ਮੰਡੀ ਵਿਚ ਪਹੁੰਚਣ ਤੱਕ ਪੱਕ ਕੇ ਤਿਆਰ ਹੋ ਜਾਣਗੇ। ਪਰ ਜੇਕਰ ਫਲ ਦਾ ਸਥਾਨਕ ਮੰਡੀਕਰਨ ਕਰਨਾ ਹੋਵੇ ਤਾਂ ਫਲ ਨੂੰ ਪੱਕਣ ਦੀ ਅਵਸਥਾ ਦੇ ਨੇੜੇ ਹੀ ਤੋੜਨਾ ਚਾਹੀਦਾ ਹੈ। ਬੂਟੇ ਉਪਰਲੇ ਸਾਰੇ ਫਲ ਇਕ ਹੀ ਸਮੇਂ ਨਹੀਂ ਪੱਕਦੇ, ਸੋ 3-4 ਤੁੜਾਈਆਂ ਕਰਨੀਆਂ ਚਾਹੀਦੀਆਂ ਹਨ। ਫਲਾਂ ਨੂੰ ਤੋੜਨ ਸਮੇਂ ਧਿਆਨ ਰੱਖੋ ਕਿ ਉਹ ਜ਼ਮੀਨ 'ਤੇ ਨਾ ਡਿੱਗਣ ਅਤੇ ਨਾ ਹੀ ਉਨ੍ਹਾਂ ਉੱਪਰ ਕੋਈ ਜ਼ਖ਼ਮ ਹੋਵੇ। ਫਲ ਤੋੜਨ ਲਈ ਟੋਕਰੀਆਂ ਜਾਂ ਲਿਫ਼ਾਫ਼ਿਆਂ ਦੀ ਵਰਤੋਂ ਕਰੋ। ਫਲਾਂ ਨੂੰ ਤੋੜਨ ਤੋਂ ਬਾਅਦ ਕਦੇ ਵੀ ਧੁੱਪੇ ਨਾ ਰੱਖੋ, ਤੋੜਨ ਤੋਂ ਤੁਰੰਤ ਬਾਅਦ ਕਿਸੇ ਠੰਢੀ ਅਤੇ ਹਵਾਦਾਰ ਥਾਂ 'ਤੇ ਰੱਖੋ। ਫਲ ਨੂੰ 10-15 ਮਿੰਟ ਲਈ ਠੰਢੇ ਪਾਣੀ ਵਿਚ ਡੁਬੋ ਦਿਓ, ਇਸ ਤਰ੍ਹਾਂ ਕਰਨ ਨਾਲ ਫਲਾਂ ਵਿਚਲੀ 'ਖੇਤ ਦੀ ਗਰਮੀ' ਨਿਕਲ ਜਾਵੇਗੀ ਅਤੇ ਇਨ੍ਹਾਂ ਦੀ ਸਾਹ ਅਤੇ ਪੱਕਣ ਦੀ ਕਿਰਿਆ ਘੱਟ ਹੋ ਜਾਵੇਗੀ। ਇਸ ਤਰ੍ਹਾਂ ਠੰਢੇ ਕੀਤੇ ਫਲਾਂ ਨੂੰ ਜ਼ਿਆਦਾ ਸਮੇਂ ਲਈ ਭੰਡਾਰ ਕੀਤਾ ਜਾ ਸਕਦਾ ਹੈ।
ਫਲਾਂ ਦਾ ਸ਼੍ਰੇਣੀਕਰਨ ਅਤੇ ਡੱਬਾਬੰਦੀ : ਫਲਾਂ ਦੀ ਡੱਬਾਬੰਦੀ ਕਰਨ ਤੋਂ ਪਹਿਲਾਂ, ਉਨ੍ਹਾਂ ਦੀ ਛਾਂਟੀ ਕਰਨੀ ਚਾਹੀਦੀ ਹੈ। ਜੇਕਰ ਕੋਈ ਜ਼ਖ਼ਮੀ, ਖ਼ਰਾਬ, ਜ਼ਿਆਦਾ ਪੱਕਿਆ ਹੋਇਆ ਜਾਂ ਬਹੁਤ ਛੋਟਾ ਫਲ ਹੋਵੇ ਤਾਂ ਬਾਹਰ ਕੱਢ ਦਿਓ। ਇਸ ਤੋਂ ਬਾਅਦ ਆਕਾਰ ਦੇ ਆਧਾਰ 'ਤੇ ਫਲਾਂ ਦਾ ਸ਼੍ਰੇਣੀਕਰਨ ਕਰੋ।
ਆਮ ਤੌਰ 'ਤੇ ਆੜੂ ਦੇ ਫਲ ਦੋ ਅਤੇ ਚਾਰ ਕਿਲੋਗ੍ਰਾਮ ਦੇ ਗੱਤੇ ਦੇ ਡੱਬਿਆਂ ਵਿਚ ਬੰਦ (ਪੈਕ) ਕੀਤੇ ਜਾਂਦੇ ਹਨ। ਗੱਤੇ ਦੇ ਡੱਬੇ ਵਿਚ ਹਵਾ ਲਈ ਗਲੀਆਂ (ਮੋਰੀਆਂ) ਦਾ ਹੋਣਾ ਬਹੁਤ ਜ਼ਰੂਰੀ ਹੈ। ਫਲਾਂ ਦੀ ਡੱਬਾਬੰਦੀ ਕਰਨ ਸਮੇਂ ਧਿਆਨ ਰੱਖੋ ਕਿ ਇਹ ਗਲੀਆਂ (ਮੋਰੀਆਂ) ਡੱਬੇ ਅੰਦਰ ਲਾਏ ਕਾਗਜ਼ ਨਾਲ ਬੰਦ ਨਾ ਹੋਣ, ਨਹੀਂ ਤਾਂ ਫਲਾਂ ਦੇ ਖਰਾਬ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।
ਅਲੂਚਾ : ਫਲਾਂ ਦੀ ਤੁੜਾਈ : ਪੰਜਾਬ ਵਿਚ ਲੱਗਣ ਵਾਲੀਆਂ ਅਲੂਚੇ ਦੀਆਂ ਦੋਵਾਂ ਕਿਸਮਾਂ (ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ) ਦੇ ਫਲ ਮਈ ਮਹੀਨੇ ਦੇ ਪਹਿਲੇ ਅਤੇ ਦੂਜੇ ਹਫ਼ਤੇ ਪੱਕ ਕੇ ਤਿਆਰ ਹੋ ਜਾਂਦੇ ਹਨ। ਅਲੂਚੇ ਦੇ ਫਲਾਂ ਨੂੰ ਰੰਗ ਦੇ ਆਧਾਰ 'ਤੇ ਤੋੜਿਆ ਜਾਂਦਾ ਹੈ। ਦੂਰ ਦੀ ਮੰਡੀ ਵਿਚ ਫਲ ਵੇਚਣ ਲਈ ਫਲ ਨੂੰ ਉਸ ਸਮੇਂ ਤੋੜੋ ਜਦੋਂ 50 ਫੀਸਦੀ ਰੰਗ ਬਣ ਜਾਵੇ ਅਤੇ ਫਲ ਸਖਤ ਹੋਣ। ਫਲ ਨੂੰ ਹਮੇਸ਼ਾ ਛੋਟੀ ਡੰਡੀ ਸਮੇਤ ਤੋੜੋ ਅਤੇ ਤੁੜਾਈ ਸਮੇਂ ਜ਼ਖ਼ਮੀ ਨਾ ਹੋਣ ਦਿਓ। ਫਲਾਂ ਦੀ ਤੁੜਾਈ ਸਵੇਰੇ ਠੰਢੇ ਸਮੇਂ ਕਰਨੀ ਚਾਹੀਦੀ ਹੈ।
ਸ਼੍ਰੇਣੀਕਰਨ ਅਤੇ ਡੱਬਾਬੰਦੀ : ਫਲਾਂ ਦੀ ਦਰਜਾਬੰਦੀ ਕਰਨ ਤੋਂ ਪਹਿਲਾਂ ਨਰਮ, ਦਾਗੀ, ਕੱਚੇ ਜਾਂ ਬਹੁਤੇ ਪੱਕੇ ਹੋਏ ਫਲਾਂ ਨੂੰ ਛਾਂਟ ਕੇ ਬਾਹਰ ਕੱਢ ਦਿਓ। ਬਾਕੀ ਚੁਣੇ ਹੋਏ ਫਲਾਂ ਨੂੰ ਐਗ-ਮਾਰਕ ਸਤਰ ਮੁਤਾਬਿਕ ਵੱਖ-ਵੱਖ ਸ਼੍ਰੇਣੀਆਂ ਵਿਚ ਵੰਡ ਲਵੋ ਅਤੇ ਅਲੱਗ-ਅਲੱਗ ਡੱਬਾਬੰਦੀ ਕਰੋ।
ਦੂਰ ਦੀਆਂ ਮੰਡੀਆਂ ਲਈ ਅਲੂਚੇ ਦੇ ਫਲਾਂ ਨੂੰ 5 ਕਿਲੋ ਦੀਆਂ ਲੱਕੜ ਦੀਆਂ ਪੇਟੀਆਂ ਵਿਚ, ਹੇਠ 8-10 ਸੈਂਟੀਮੀਟਰ ਮੋਟੀ ਨਰਮ ਤਹਿ (ਕਾਗਜ਼ ਦੀਆਂ ਕਤਰਾਂ) ਲਗਾ ਕੇ ਬੰਦ ਕਰੋ। ਪੇਟੀ ਵਿਚ ਫਲਾਂ ਦੀ ਹਰ ਇਕ ਤਹਿ ਬਾਅਦ ਕਾਗਜ਼ ਦੀਆਂ ਕਤਰਾਂ ਦੀ ਤਹਿ ਵਿਛਾਓ।

ਮੋਬਾਈਲ : 81461-97777.

ਕਵਿਤਾ

ਨਿਪੱਤਰੀ ਵੇਲ

* ਸੁਰਿੰਦਰ ਮਕਸੂਦਪੁਰੀ *

ਦਿਲ ਦਰਿਆ ਦੇ ਕੰਢੇ ਬੈਠੀ
ਗੁਆਚੇ 'ਚੰਨ' ਦਾ ਅਕਸ ਨਿਹਾਰਾਂ
ਵਗਦੇ ਵਹਿਣੀ ਵਹਿੰਦੀ ਜਾਵਾਂ
ਦਿਸੇ ਨਾ ਕੋਈ ਥਹੁ ਕਿਨਾਰਾ।
ਹੋ ਗਈ ਔੜਾਂ ਮਾਰੀ ਬੰਜਰ ਧਰਤੀ
ਮੇਰੀ ਜਿੰਦ ਜ਼ਰਖੇਜ਼ ਜ਼ਮੀਨ
ਉਹਦੇ ਵਸਲਾਂ ਦੀ ਇਕ ਛੂਹ ਨੂੰ ਤਰਸੇ
ਪਲ-ਪਲ ਲੋਚੇ ਹੋ ਲਿਵਲੀਨ।
ਦਿਲ ਦਰਿਆ ਵੀ ਸੁੱਕ-ਮੁੱਕ ਗਿਆ
'ਚੰਨ' ਦਾ ਚਿਹਰਾ ਲੁੱਕ-ਛੁਪ ਗਿਆ
ਮਹਿਕਾਂ ਵੰਡਦਾ ਗੁਲਸਿਤਾਨ
ਬਣ ਗਿਆ ਤਪਦਾ ਰੇਗਿਸਤਾਨ।
ਬਲਦੇ ਜੀਵਨ-ਜੰਗਲ ਉੱਤੇ
ਜੇ ਕਰ ਦਏ ਸਾਵਣ ਆ ਬਰਸਾਤ
ਹਿਜ਼ਰਾਂ ਦੀ ਇਹ ਰਾਤ ਫਿਰ ਮਿਟ ਜੇ
ਹੋ ਜਾਏ ਵਸਲਾਂ ਦੀ ਪਰਭਾਤ।
ਦੁਸ਼ਮਣ ਹੋਇਆ ਚਾਰ-ਚੁਫੇਰਾ
ਵੱਢ-ਵੱਢ ਖਾਵੇ ਰੈਣ-ਬਸੇਰਾ
ਹਰ 'ਅੱਖ' ਪਰਖੇ ਮੇਰਾ ਕਿਰਦਾਰ
ਦਸ ਦਿਓ ਮੈਨੂੰ ਮੇਰੇ ਹਾਕਮੋਂ
ਕੀ ਹਨ ਮੇਰੇ ਮੌਲਿਕ ਅਧਿਕਾਰ।
ਸ਼ਾਲਾ, ਮੇਰੀ ਸੁਣੇ ਪੁਕਾਰ
ਸਰਬ-ਸੁਆਮੀ, ਦਾਤਾ ਦਾਤਾਰ
ਕਿਸੇ ਦਾ ਸੁਹਜ-ਸੁਹਾਗ ਨਾ ਵਿਛੜੇ
ਕਿਸੇ ਦੇ ਸਿਰ ਦਾ ਤਾਜ ਨਾ ਵਿਛੜੇ।
'ਮਕਸੂਦਪੁਰੀ' ਮੈਂ ਹਰਦਮ ਕੂਕਾਂ
ਸਾਹ-ਸਤਹੀਣ ਨਿਪੱਤਰੀ ਵੇਲ
ਕਿਸੇ ਦੇ ਘਰ ਨਾ ਪਾਵੀਂ ਰੱਬਾ
ਇਹ ਸੂਲੀ ਲਟਕਦੀ ਪੁੱਠੀ ਖੇਲ।


-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ।
ਮੋਬਾਈਲ : 99887-10234.

ਖੇਤੀ ਵਿਭਿੰਨਤਾ ਲਈ ਮੱਕੀ ਬੀਜੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖਾਲੀਆਂ ਵਿਚ ਬਿਜਾਈ: ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿਚ ਕੀਤੀ ਜਾ ਸਕਦੀ ਹੈ, ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲੱਗਦਾ ਹੈ। ਖਾਲੀਆਂ ਵਿਚ ਬੀਜੀ ਮੱਕੀ ਦੀ ਫ਼ਸਲ ਬਹੁਤ ਘੱਟ ਡਿੱਗਦੀ ਹੈ ਅਤੇ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ।
ਬਿਨਾਂ ਵਹਾਈ ਬਿਜਾਈ : ਬਿਨਾਂ ਵਹਾਈ ਜਾਂ ਵਾਹ ਕੇ ਬੀਜੀ ਹੋਈ ਕਣਕ ਤੋਂ ਬਾਅਦ ਮੱਕੀ ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬੀਜੀ ਜਾ ਸਕਦੀ ਹੈ । ਜਿਨ੍ਹਾਂ ਖੇਤਾਂ ਵਿਚ ਨਦੀਨ ਜ਼ਿਆਦਾ ਹੋਣ ਉਥੇ ਅੱਧਾ ਲਿਟਰ ਗ੍ਰਾਮੈਕਸੋਨ 24 ਐਸ ਐਲ 200 ਲਿਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ ਪਹਿਲਾਂ ਛਿੜਕਣ ਨਾਲ ਉਨ੍ਹਾਂ ਦੀ ਰੋਕਥਾਮ ਕਰ ਸਕਦੇ ਹਾਂ । ਮੱਕੀ ਨੂੰ ਬਿਨਾਂ ਵਾਹੇ ਬੀਜਣ ਦੇ ਕਈ ਲਾਭ ਹਨ ਜਿਵੇਂ ਕਿ ਡੀਜ਼ਲ ਅਤੇ ਸਮੇਂ ਦੀ ਬੱਚਤ, ਵਾਯੂ ਮੰਡਲ ਦਾ ਘੱਟ ਪ੍ਰਦੂਸ਼ਣ, ਪਹਿਲੀ ਸਿੰਚਾਈ ਸਮੇਂ ਪਾਣੀ ਦੀ ਬੱਚਤ, ਨਦੀਨਾਂ ਦੀ ਘੱਟ ਸਮੱਸਿਆ ਆਦਿ ਕਾਰਨਾਂ ਕਰਕੇ ਫ਼ਸਲ ਝਾੜ ਪੂਰਾ ਦਿੰਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ।
ਗੋਡੀ ਕਰਨਾ ਅਤੇ ਬੂਟੇ ਵਿਰਲੇ ਕਰਨਾ : ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਕਰਕੇ ਫ਼ਸਲ ਵਿਚੋਂ ਘਾਹ-ਫੂਸ ਖ਼ਤਮ ਕੀਤਾ ਜਾ ਸਕਦਾ ਹੈ। ਪਹਿਲੀ ਗੋਡੀ ਖੁਰਪੇ ਜਾਂ ਕਸੌਲੇ ਨਾਲ ਕਰੋ । ਦੂਜੀ ਗੋਡੀ ਲਈ ਇਕ ਪਹੀਏ ਵਾਲੀ ਤ੍ਰਿਫਾਲੀ ਵਰਤੋ । ਪਹਿਲੀ ਗੋਡੀ ਸਮੇਂ ਬੂਟੇ ਵਿਰਲੇ ਕਰ ਦਿਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਜੇ ਸਹੀ ਸਮੇਂ 'ਤੇ ਨਾ ਕੀਤੀ ਜਾਵੇ ਤਾਂ ਫ਼ਸਲ ਦੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਨਦੀਨ ਮੱਕੀ ਨਾਲ ਬਿਜਾਈ ਤੋਂ ਲੈ ਕੇ ਵੱਢਣ ਤੱਕ ਨਮੀਂ, ਪੋਸ਼ਟਿਕ ਤੱਤ, ਧੁੱਪ, ਜਗ੍ਹਾ ਆਦਿ ਲਈ ਮੁਕਾਬਲਾ ਕਰਦੇ ਹਨ। ਚੌੜੇ ਪੱਤੇ ਵਾਲੇ ਨਦੀਨਾਂ ਲਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਪ੍ਰਤੀ ਏਕੜ ਦਸ ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਵਰਤੋ ਜਾਂ 250 ਗ੍ਰਾਮ ਫ਼ਸਲ ਦੀਆਂ ਕਤਾਰਾਂ ਤੇ 20 ਸੈਂਟੀਮੀਟਰ ਚੌੜੀ ਪੱਟੀ ਵਿਚ ਛਿੜਕਾਅ ਕਰੋ ਅਤੇ ਕਤਾਰਾਂ ਵਿਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨ੍ਹਾਂ ਬਾਅਦ ਗੋਡੀ ਕਰ ਦਿਓ। ਸਖ਼ਤ ਜਾਨ ਨਦੀਨ ਜਿਵੇਂ ਕਿ ਬਾਂਸ ਪੱਤਾ, ਘਾਹ, ਕਾਂ ਮੱਕੀ ਦੀ ਰੋਕਥਾਮ ਲਈ 600 ਗ੍ਰਾਮ ਐਟਰਾਜੀਨ ਨੂੰ ਇਕ ਲਿਟਰ ਲਾਸੋ 50 ਈ ਸੀ ਜਾਂ ਇਕ ਲਿਟਰ ਸਟੌਂਪ 30 ਈ ਸੀ ਨੂੰ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਛਿੜਕਾਅ ਕਰੋ। ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ 105 ਮਿਲੀਲਿਟਰ ਪ੍ਰਤੀ ਏਕੜ ਲੌਡਿਸ 420 ਐਸ ਸੀ ਦਾ ਛਿੜਕਾਅ 150 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ। ਡੀਲੇ-ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਪ੍ਰਤੀਸ਼ਤ 400 ਮਿ.ਲਿ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਸਿੰਚਾਈ: ਆਮ ਤੌਰ 'ਤੇ ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ 'ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ, ਖਾਸ ਕਰਕੇ ਨਿੱਸਰਣ ਅਤੇ ਸੂਤ ਕੱਤਣ ਸਮੇਂ। ਛੋਟੀ ਉਮਰ ਦੀ ਮੱਕੀ ਵਿਚ ਪਾਣੀ ਖੜ੍ਹਾ ਹੋਣ ਨਾਲ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ । ਫ਼ਸਲ ਨੂੰ ਖੜ੍ਹੇ ਪਾਣੀ ਤੋਂ ਬਚਾਉਣ ਲਈ ਖੇਤ ਦੇ ਨੀਵੇਂ ਪਾਸੇ ਵੱਲ ਇਕ ਲੋੜੀਂਦੀ ਨਿਕਾਸ ਨਾਲੀ ਬਣਾ ਲਓ ਜਿਸ ਰਾਹੀਂ ਵਾਧੂ ਪਾਣੀ ਬਾਹਰ ਕੱਢਿਆ ਜਾ ਸਕੇ । ਜੇਕਰ ਜ਼ਿਆਦਾ ਪਾਣੀ ਖੜ੍ਹਨ ਨਾਲ ਨੁਕਸਾਨ ਹੋ ਜਾਵੇ ਤਾਂ 6 ਕਿਲੋ ਯੂਰੀਆ ਨੂੰ 200 ਲਿਟਰ ਵਿਚ ਘੋਲ ਬਣਾ ਕੇ (3 ਪ੍ਰਤੀਸ਼ਤ) ਦੋ ਵਾਰੀ ਹਫ਼ਤੇ ਦੇ ਫ਼ਰਕ 'ਤੇ ਛਿੜਕੋ । ਜੇਕਰ ਨੁਕਸਾਨ ਦਰਮਿਆਨੇ ਤੋਂ ਭਾਰੀ ਹੋ ਜਾਵੇ ਤਾਂ ਫ਼ਸਲ ਵਿਚੋਂ ਪਾਣੀ ਕੱਢਣ ਮਗਰੋਂ 12-24 ਕਿਲੋ ਨਾਈਟ੍ਰੋਜਨ (25-50 ਕਿਲੋ ਯੂਰੀਆ) ਪ੍ਰਤੀ ਏਕੜ ਹੋਰ ਪਾਓ।
ਖਾਦਾਂ: ਮੱਕੀ ਦੀ ਫ਼ਸਲ ਖੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ। ਪਰ ਫ਼ਸਲ ਵਿਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਧਾਰ ਅਤੇ ਫ਼ਸਲੀ ਚੱਕਰ ਨੂੰ ਮੱਦੇ-ਨਜ਼ਰ ਰੱਖ ਕੇ ਕਰੋ। ਮੱਕੀ ਦੀ ਫ਼ਸਲ ਵਿਚ ਰੂੜੀ ਦੀ ਗਲੀ-ਸੜੀ ਅਤੇ ਹਰੀ ਖਾਦ ਪਾਉਣੀ ਚਾਹੀਦੀ ਹੈ। ਹਰੀ ਖਾਦ ਲਈ ਰਵਾਂਹ ਜਾਂ ਸਣ ਜਾਂ ਜੰਤਰ ਕ੍ਰਮਵਾਰ 12, 20 ਅਤੇ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾ ਕੇ ਬਿਜਾਈ ਅਪ੍ਰੈਲ ਦੇ ਦੂਜੇ ਪੰਦਰ੍ਹਵਾੜੇ ਵਿਚ ਕਰੋ । ਫ਼ਸਲ ਜਦੋਂ 50 ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਮੱਕੀ ਬੀਜਣ ਤੋਂ ਤਕਰੀਬਨ 10 ਦਿਨ ਪਹਿਲਾਂ ਮਿੱਟੀ ਵਿਚ ਦਬਾਅ ਦਿਓ ਤੇ ਗਲਣ ਦਿਓ। ਜੇਕਰ ਗਰਮ ਰੁੱਤ ਦੀ ਮੂੰਗੀ ਬੀਜੀ ਗਈ ਹੋਵੇ ਤਾਂ ਫ਼ਲੀਆਂ ਤੋੜਨ ਪਿੱਛੋਂ ਇਸ ਨੂੰ ਮੱਕੀ ਬੀਜਣ ਤੋਂ ਪਹਿਲਾਂ ਵਾਹ ਕੇ ਦੱਬ ਦਿਓ। ਰੂੜੀ ਦੀ ਖਾਦ ਦੀ ਵਰਤੋਂ ਨਾਲ ਜ਼ਮੀਨ ਦੀ ਹਾਲਤ ਸੁਧਰਦੀ ਹੈ ਅਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੀ ਵਧਦੀ ਹੈ।
ਖਾਦਾਂ ਦੀ ਸਮੇਂ ਸਿਰ ਵਰਤੋਂ ਫ਼ਸਲ ਦਾ ਝਾੜ ਵਧਾਉਂਦੀ ਹੈ। ਚੰਗਾ ਝਾੜ ਲੈਣ ਲਈ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ 1 ਨੂੰ 90 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ। ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 2, ਕੇਸਰੀ ਅਤੇ ਪਰਲ ਪੌਪ ਕੌਰਨ ਨੂੰ 65 ਕਿਲੋ ਯੂਰੀਆ, 27 ਕਿਲੋ ਡੀ.ਏ.ਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ। ਜੇ ਖੇਤ ਵਿਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਉ। ਬਾਕੀ ਦੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਹਿੱਸਿਆਂ ਵਿਚ ਪਾਓ। ਇਕ ਹਿੱਸਾ ਉਸ ਵੇਲੇ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਓ। ਜੇ ਮੱਕੀ ਨੂੰ 6 ਟਨ ਪ੍ਰਤੀ ਏਕੜ ਤੋਂ ਵੱਧ ਚੰਗੀ ਗਲੀ ਸੜੀ ਰੂੜੀ ਹਰ ਸਾਲ ਪਾਈ ਜਾਵੇ ਤਾਂ ਬਿਜਾਈ ਸਮੇਂ ਮੱਕੀ ਨੂੰ ਕਿਸੇ ਖਾਦ ਦੀ ਲੋੜ ਨਹੀਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 98726-60990

ਵੀਰਾ ਜੀਣ ਜੋਗਿਆ ਵੇ

* ਗੁਰਭਜਨ ਗਿੱਲ *

ਵੀਰਾ ਜੀਣ ਜੋਗਿਆ ਵੇ
ਆਪਾਂ ਰਲ ਪੰਜਾਬ ਬਚਾਉਣਾ।
ਵੀਹ ਜੂਨ ਤੋਂ ਪਹਿਲਾਂ ਨਾ,
ਆਪਾਂ ਖੇਤ 'ਚ ਝੋਨਾ ਲਾਉਣਾ।
ਵੱਢ ਕਣਕ ਨਾੜਕੇ ਦੇ
ਪਹਿਲਾਂ ਬੀਜ ਤੂੰ ਮੂੰਗੀ ਸੱਠੀ।
ਦਾਲਾਂ ਗੁਣਕਾਰੀ ਨੇ,
ਜੜ੍ਹ ਵਿਚ ਕਰਨ ਖਾਦ ਵੀ ਕੱਠੀ।
ਕਾਹਲੀ ਨਾ ਕਰ ਵੀਰਾ
ਕਾਹਲੇ ਨੂੰ ਪੈਂਦਾ ਪਛਤਾਉਣਾ।
ਰਹਿੰਦੇ ਦਸ ਦਿਨ ਜੂਨ ਦਿਉਂ,
ਸ਼ੁਰੂ ਕਰੀਂ ਤੂੰ ਝੋਨਾ ਲਾਉਣਾ।
ਡੂੰਘੇ ਹੋਏ ਪਾਣੀਆਂ ਨੇ
ਮਹਿੰਗੇ ਬੋਰਾਂ ਬੱਸ ਕਰਾਈ।
ਧਰਤੀ ਵੀ ਨੁੱਚੜ ਗਈ,
ਤਾਹੀਉਂ ਸਾਡੀ ਸ਼ਾਮਤ ਆਈ।
ਜੇ ਹੁਣ ਵੀ ਸਮਝੇ ਨਾ,
ਪੈ ਜੂ ਝੁੱਗਾ ਚੌੜ ਕਰਾਉਣਾ।
ਰਹਿੰਦੇ ਦਸ ਦਿਨ ਜੂਨ ਦਿਉਂ
ਸ਼ੁਰੂ ਕਰੀਂ ਤੂੰ ਝੋਨਾ ਲਾਉਣਾ।
ਤੇਰੇ ਹੀ ਹੱਕ ਵਿਚ ਹੈ,
ਮੰਨ ਲੈ ਵਿਗਿਆਨ ਦਾ ਕਹਿਣਾ।
ਖਰਚੇ ਵਧ ਕਰ ਕਰ ਕੇ,
ਨਹੀਂਉਂ ਗਲੋਂ ਗਲਾਵਾਂ ਲਹਿਣਾ।
ਕਰ ਲਾਪ੍ਰਵਾਹੀਆਂ ਤੂੰ,
ਮੌਤ ਨੂੰ ਮਾਸੀ ਆਖ ਬੁਲਾਉਣਾ।
ਵੀਹ ਜੂਨ ਤੋਂ ਪਹਿਲਾਂ ਨਾ,
ਸ਼ੁਰੂ ਕਰੀਂ ਤੂੰ ਝੋਨਾ ਲਾਉਣਾ।
ਮਰਨਾ ਜਾਂ ਜੀਣਾ ਹੈ,
ਤੇਰੇ ਹੱਥ ਜੰਦਰੇ ਦੀ ਚਾਬੀ।
ਅਕਲਾਂ ਸਿਰ ਖਰਚ ਘਟਾ,
ਓਇ ਤੂੰ ਕਿਰਤੀ ਸ਼ੇਰ ਪੰਜਾਬੀ।
ਖੁਦ ਆਪ ਸਮਝਣਾ ਹੈ,
ਨਾਲੇ ਪਿੰਡ ਸਾਰਾ ਸਮਝਾਉਣਾ।
ਵੀਹ ਜੂਨ ਤੋਂ ਪਹਿਲਾਂ ਨਾ,
ਆਪਾਂ ਇਕ ਵੀ ਤੀਲ੍ਹਾ ਲਾਉਣਾ।


-ਮੋਬਾਈਲ : 81463-29999.

ਮੇਰਾ ਰੁੰਡ ਮਰੁੰਡ ਪੰਜਾਬ

ਜਿਉਂ-ਜਿਉਂ ਆਬਾਦੀ ਵਧੇਗੀ, ਆਵਾਜਾਈ ਵੀ ਵਧੇਗੀ ਤੇ ਇਸ ਦੇ ਨਾਲ ਹੀ ਸੜਕਾਂ ਦੇ ਜਾਲ ਵਿਛਾਉਣੇ ਪੈਣਗੇ ਤੇ ਮੌਜੂਦਾ ਸੜਕਾਂ ਨੂੰ ਚੌੜਾ ਕਰਨਾ ਪਵੇਗਾ। ਇਸ ਕਾਰਜ ਲਈ ਸੜਕਾਂ ਕੰਢੇ ਲੱਗੇ ਰੁੱਖ ਪੁੱਟਣੇ ਹੀ ਪੈਣਗੇ, ਇਹ ਵਿਕਾਸ ਅਧਿਕਾਰੀਆਂ ਦਾ ਮੰਨਣਾ ਹੈ। ਪਰ ਇਹ ਸਾਰਾ ਕੁਝ ਬਹੁਤ ਨੁਕਸਾਨ ਕਰ ਰਿਹਾ ਹੈ। ਖੇਤਾਂ ਵਿਚੋਂ ਛਾਂ ਦੀ ਮਾਰ ਤੋਂ ਫ਼ਸਲਾਂ ਨੂੰ ਬਚਾਉਣ ਦੇ ਬਹਾਨੇ, ਪਹਿਲੋਂ ਹੀ ਲੋਕ ਰੁੱਖ ਪੁੱਟੀ ਜਾਂਦੇ ਨੇ ਤੇ ਹੁਣ ਸੜਕਾਂ ਦੁਆਲੇ ਲੱਗੇ 50 ਸਾਲ ਤੋਂ ਵੀ ਪੁਰਾਣੇ ਰੁੱਖ ਸੜਕਾਂ ਦੀ ਹੀ ਭੇਟਾ ਚੜ੍ਹ ਰਹੇ ਨੇ। ਦੁੱਖ ਦੀ ਗੱਲ ਹੈ ਕਿ ਕੋਈ ਵੀ ਸੰਸਥਾ ਜਾਂ ਮਹਿਕਮਾ ਇਨ੍ਹਾਂ ਦੇ ਬਦਲੇ ਰੁੱਖ ਨਹੀਂ ਲਾ ਰਿਹਾ। ਜਦ ਕਈ ਸਾਲ ਪਹਿਲੋਂ ਹੀ (ਘੱਟੋ ਘੱਟ 5 ਸਾਲ ਤਾਂ) ਪਤਾ ਹੀ ਹੁੰਦਾ ਹੈ ਕਿ ਇਹ ਸੜਕ ਚੌੜੀ ਕਰਨੀ ਹੈ ਜਾਂ ਨਵੀਂ ਕੱਢਣੀ ਹੈ ਤਾਂ ਕਿਉਂ ਨਹੀਂ ਉਸ ਅਨੁਸਾਰ ਪਹਿਲੋਂ ਹੀ ਰੁੱਖ ਲਾਏ ਜਾਂਦੇ? ਸੜਕ ਬਣਦੇ ਵੀ 2-4 ਸਾਲ ਲੱਗ ਜਾਂਦੇ ਹਨ। ਏਨੇ ਚਿਰ ਵਿਚ ਰੁੱਖ ਆਰਾਮ ਨਾਲ ਛਾਂ ਦੇਣ ਲੱਗ ਜਾਂਦੇ ਹਨ। ਪਰ ਇਥੇ ਕਾਗਜ਼ਾਂ 'ਚ ਤਾਂ ਹੋ ਸਕਦਾ ਇਹ ਕਾਨੂੰਨ ਹੋਵੇ ਪਰ ਅਮਲ ਲਈ ਕਿਸੇ ਕੋਲ ਸਮਾਂ ਨਹੀਂ। ਸਾਰਾ ਢਾਂਚਾ ਹੀ ਵਿਗੜ ਚੁੱਕਾ ਹੈ, ਹੁਣ ਪੰਜਾਬ ਨੂੰ ਰੁੰਡ-ਮਰੁੰਡ ਹੋਣ ਤੋਂ ਬਚਾਉਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।

-ਮੋਬਾ: 98159-45018

ਚਿੱਠੀ ਪੱਤਰ ਦੇ ਬਦਲੇ ਤੌਰ ਤਰੀਕੇ

ਯੁਗਾਂ-ਯੁਗਾਂਤਰਾਂ ਤੋਂ ਜਦੋਂ ਦੀ ਸ੍ਰਿਸ਼ਟੀ ਸਾਜੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਆਪਣੇ ਸਾਰੇ ਹੀ ਸੰਸਾਰੀ ਜੀਵ ਇਕ ਦੂਜੇ ਦੀ ਸੁੱਖ ਸ਼ਾਂਤੀ ਪੁੱਛਣ ਲਈ ਉਤਾਵਲੇ ਰਹਿੰਦੇ ਹਾਂ। ਰਿਸ਼ਤੇਦਾਰੀਆਂ ਭਾਵੇਂ ਦੂਰ ਹੋਣ ਜਾਂ ਨੇੜੇ ਪਰ ਇਕ ਦੂਜੇ ਦਾ ਹਾਲ ਜਾਨਣਾ ਵੀ ਆਪਣੀ ਜ਼ਿੰਦਗੀ ਦਾ ਅਹਿਮ ਪਹਿਲੂ ਰਿਹਾ ਹੈ ਪਰ ਇਹ ਜਾਨਣ ਲਈ ਸਮੇਂ ਸਮੇਂ 'ਤੇ ਇਸ ਦੇ ਤੌਰ 'ਤੇ ਤਰੀਕੇ ਬਦਲਦੇ ਰਹੇ ਹਨ। ਕੋਈ ਸਮਾਂ ਸੀ ਜਦੋਂ ਕਹਿੰਦੇ ਨੇ, ਸੁਣਿਆ ਵੀ ਹੈ ਕਿ ਕਬੂਤਰਾਂ ਦੇ ਗਲ ਵਿਚ ਲਿਖ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਕਿਸੇ ਦੂਰ ਦੁਰਾਡੇ ਸੱਜਣ-ਦੋਸਤ ਮਿੱਤਰ ਜਾਂ ਆਪਣੇ ਕਿਸੇ ਚਹੇਤੇ ਨੂੰ ਭੇਜ ਦੇਣੀ, ਸ਼ਾਇਦ ਉਦੋਂ ਹੀ ਇਹ ਗੀਤ ਦੇ ਬੋਲ ਬਣੇ ਜੋ ਇਸ ਦੀ ਹਾਮੀ ਵੀ ਭਰਦੇ ਹਨ : 'ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਵੀਂ ਵੇ ਕਬੂਤਰਾ'। ਇਸ ਵਿਚ ਕਿੰਨੀ ਕੁ ਸੱਚਾਈ ਹੈ ਇਸ ਦਾ ਕੋਈ ਪੱਕਾ ਇਲਮ ਤਾਂ ਨਹੀਂ ਹੈ ਪਰ ਇਹ ਬੋਲ ਜ਼ਰੂਰ ਸੁਣੇ ਨੇ। ਉਸ ਤੋਂ ਬਾਅਦ ਦੇ ਸਮਿਆਂ ਵਿਚ ਸਰਕਾਰੀ ਵਿਭਾਗ ਡਾਕ-ਤਾਰ ਮਹਿਕਮੇ ਰਾਹੀਂ ਚਿੱਠੀਆਂ ਭੇਜਣ ਤੇ ਆਉਣ ਦਾ ਸਿਲਸਿਲਾ ਵੀ ਕਾਫ਼ੀ ਪੁਰਾਣਾ ਹੈ। ਚਿੱਠੀ ਪੱਤਰਾਂ ਰਾਹੀਂ ਰਿਸ਼ਤੇਦਾਰੀਆਂ ਦੋਸਤਾਂ ਤੇ ਸਨੇਹੀਆਂ ਦੀ ਸੁੱਖ-ਸਾਂਦ ਦਾ ਪਤਾ ਲਾਉਣ ਲਈ ਇਨ੍ਹਾਂ ਦਾ ਅਦਾਨ ਪ੍ਰਦਾਨ ਕਾਫ਼ੀ ਸਮਾਂ ਸਿਖ਼ਰਾਂ 'ਤੇ ਰਿਹਾ ਹੈ ਪਰ ਆਮ ਹੀ ਕਹਿੰਦੇ ਸਨ ਕਿ ਕਈ ਵਾਰ ਤਾਂ ਚਿੱਠੀ ਨੂੰ ਥੋੜ੍ਹਾ ਸਫ਼ਰ ਤੈਅ ਕਰਨ ਲਈ ਵੀ ਮਹੀਨੇ ਲੱਗ ਜਾਂਦੇ ਸਨ ਭਾਵ ਇਸ ਮਹਿਕਮੇ ਨੂੰ ਸੁਸਤ ਮਹਿਕਮੇ ਦਾ ਦਰਜਾ ਦਿੱਤਾ ਗਿਆ ਸੀ। ਬੇਸ਼ੱਕ ਅੱਜ ਵੀ ਇਕੀਵੀਂ ਸਦੀ ਦੇ ਵਿਚ ਇਹ ਗੱਲ ਪ੍ਰਚੱਲਿਤ ਹੈ ਪਰ ਸਿਰਫ਼ ਸਰਕਾਰੀ ਵਿਭਾਗਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਪਿਛਲੇ ਸਮੇਂ ਵਿਚ ਰਾਜੇ-ਮਹਾਰਾਜੇ ਵੀ ਆਪਣੇ ਦਰਬਾਨ ਹੱਥੀਂ ਇਕ ਰਾਜੇ ਤੋਂ ਦੂਜੇ ਰਾਜੇ ਤੱਕ ਆਪਣਾ ਸੰਦੇਸ਼ ਲਿਖ ਕੇ ਭੇਜਦੇ ਰਹੇ ਹਨ। ਉਸ ਤੋਂ ਬਾਅਦ ਦੂਰ ਸੰਚਾਰ ਮਹਿਕਮੇ ਨੇ ਜਦੋਂ ਟੈਲੀਫ਼ੂਨ ਇਜ਼ਾਦ ਕੀਤਾ ਤਾਂ ਫ਼ਿਰ ਇਸ ਗੀਤ ਦੇ ਬੋਲ ਵੀ ਕੰਨਾਂ ਵਿਚ ਪਏ : 'ਤੁਸੀ ਚਿੱਠੀਆਂ ਪਾਉਣੀਆਂ ਭੁੱਲ ਗੇ, ਜਦੋਂ ਦਾ ਟੈਲੀਫੂਨ ਲੱਗਿਆ'। ਭਾਵ ਟੈਲੀਫੂਨ ਭਾਵੇਂ ਨੰਬਰ ਮੰਗ ਕੇ ਐਕਸਚੇਂਜ ਰਾਹੀਂ ਨੰਬਰ ਲਿਆ ਜਾਂਦਾ ਸੀ ਪਰ ਗੱਲਬਾਤ ਸਹੀ ਹੋ ਜਾਂਦੀ ਸੀ ਤੇ ਡਾਕ ਰਾਹੀਂ ਚਿੱਠੀਆਂ ਪਾਉਣ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਸੀ। ਫਿਰ ਡਾਇਲ ਵਾਲੇ ਫੋਨ ਸੰਚਾਰ ਵਿਭਾਗ ਨੇ ਕੱਢੇ ਤੇ ਹੁਣ ਤਾਂ ਇਕੀਵੀਂ ਸਦੀ ਵਿਚ ਇੰਟਰਨੈਟ ਨੇ ਐਨੀ ਤਰੱਕੀ ਕਰ ਲਈ ਹੈ ਕਿ ਚਿੱਠੀ ਪੱਤਰ ਤਾਂ ਬਿਲਕੁਲ ਖਤਮ ਹੋ ਗਏ ਹਨ ਤੇ ਵਿਆਹ ਸ਼ਾਦੀਆਂ ਤੇ ਕਿਸੇ ਗ਼ਮੀਂ ਦੇ ਸੰਦੇਸ਼ ਵੀ ਮੋਬਾਈਲ ਫੋਨਾਂ ਰਾਹੀਂ, ਫੇਸਬੁੱਕ ਜਾਂ ਵੱਟਸਐਪ ਰਾਹੀਂ ਹੀ ਦਿੱਤੇ ਜਾਂਦੇ ਹਨ। ਇਥੋਂ ਤੱਕ ਕੇ ਜੇ ਕੋਈ ਵਿਆਹ ਸ਼ਾਦੀ ਜਾਂ ਅੰਤਿਮ ਅਰਦਾਸ ਦਾ ਕਾਰਡ ਵੀ ਛਪਵਾਇਆ ਹੋਵੇ ਉਹ ਵੀ ਫੋਟੋ ਕਰਕੇ ਫੇਸਬੁੱਕ ਜਾਂ ਵੱਟਸਅੱਪ 'ਤੇ ਭੇਜ ਦਿੱਤਾ ਜਾਂਦਾ ਹੈ। ਕੋਈ ਵੀ ਚਿੱਠੀ ਪੱਤਰਾਂ ਜਾਂ ਫ਼ਿਰ ਡਾਕ ਤਾਰ ਵਾਲੇ ਝਮੇਲਿਆਂ ਵਿਚ ਪੈਂਦਾ ਹੀ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਵਿਆਹ ਸ਼ਾਦੀ ਵਿਚ ਜੇਕਰ ਕਿਸੇ ਨੇ ਪੰਜ ਸੌ ਰੁਪਏ ਦਾ ਸ਼ਗਨ ਦੇਣਾ ਹੋਵੇ ਤਾਂ ਅਗਲੇ ਪਾਸਿਓਂ ਉਸ ਨੋਟ ਦੀ ਫੋਟੋ ਖਿੱਚ ਕੇ ਸੰਦੇਸ਼ ਭੇਜਣ ਵਾਲੇ ਨੂੰ ਸ਼ਗਨ ਦੇ ਤੌਰ 'ਤੇ ਭੇਜ ਦਿੰਦੇ ਹਨ ਤੇ ਉਹ ਮਠਿਆਈ ਦੀ ਭਰੀ ਪਲੇਟ ਦੀ ਫੋਟੋ ਉਤਾਰ ਕੇ ਸ਼ਗਨ ਵਾਲੇ ਨੂੰ ਵਾਪਸ ਭੇਜ ਦਿੰਦਾ ਹੈ (ਖ਼ੈਰ ਇਹ ਤਾਂ ਇਕ ਮਜ਼ਾਕੀਆ ਲਹਿਜਾ ਸੀ)। ਕੁਝ ਵੀ ਹੈ ਹੁਣ ਤਾਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਪੁਰਾਤਨ ਡਾਕ ਵਿਭਾਗ ਦੇ ਲੈਟਰ ਬਾਕਸ ਵੀ ਖ਼ਤਮ ਹੀ ਹੋ ਗਏ ਹਨ ਭਾਵ ਉਹ ਸਮੇਂ ਹੀ ਖੰਭ ਲਾ ਕੇ ਉੱਡ ਗਏ ਹਨ। ਇਹੋ ਹੀ ਹਾਲ ਟੈਲੀਗ੍ਰਾਮ ਭਾਵ ਤਾਰ ਦਾ ਹੈ, ਅਜੋਕੇ ਬਦਲੇ ਸਮੇਂ ਨੇ ਜਿੱਥੇ ਇਹ ਸਭ ਕੰਮ ਅਸਾਨ ਤੇ ਛੇਤੀ ਕਰ ਦਿੱਤੇ ਹਨ ਉਥੇ ਹੀ ਪੈਸੇ ਦੇ ਖ਼ਰਚ ਹੱਦੋਂ ਬਾਹਲੇ ਵਧਾ ਦਿੱਤੇ ਹਨ ਪਰ ਫਿਰ ਵੀ ਲੋਕ ਇਸ ਵਾਧੇ ਦਾ ਹੀ ਇਸਤੇਮਾਲ ਕਰ ਰਹੇ ਹਨ।


-ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046

ਜੂਨ ਮਹੀਨੇ ਦੇ ਰੁਝੇਵੇਂ

ਮੂੰਗਫਲੀ
ਬਰਾਨੀ ਹਾਲਤਾਂ ਵਿਚ ਮੂੰਗਫਲੀ ਦੀ ਬਿਜਾਈ ਜੂਨ ਦੇ ਅਖੀਰਲੇ ਹਫ਼ਤੇ ਤੋਂ ਬਾਰਿਸ਼ ਪੈਣ 'ਤੇ ਕਰੋ। ਬੀਜਣ ਤੋਂ ਪਹਿਲਾਂ ਖੇਤ ਨੂੰ ਪਾਣੀ ਦਿਓ। ਵਧੀਆ ਝਾੜ ਲੈਣ ਲਈ ਮੋਟਾ ਬੀਜ ਵਰਤੋ। ਗਿੱਚੀਦੇ ਗਾਲੇ ਦੀ ਰੋਕਥਾਮ ਲਈ ਬੀਜ ਨੂੰ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋਗ੍ਰਾਮ ਗਿਰੀਆਂ ਦੇ ਹਿਸਾਬ ਨਾਲ ਸੋਧ ਲਓ। 38 ਕਿਲੋ ਗਿਰੀਆਂ ਐਮ-522 ਅਤੇ ਐਸ. ਜੀ. 84 ਲਈ ਅਤੇ 40 ਕਿਲੋ ਐਸ. ਜੀ. 99 ਲਈ ਵਰਤੋ।
ਬਿਜਾਈ ਸਮੇਂ 50 ਕਿਲੋ ਸਿੰਗਲ ਸੁਪਰਫਾਸਫੇਟ, 50 ਕਿਲੋਜਿਪਸਮ ਅਤੇ 13 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਓ। ਚਿੱਟੀ ਸੁੰਡੀ ਦੀ ਰੋਕਥਾਮ ਲਈ ਬੀਜਣ ਤੋਂ ਪਹਿਲਾਂ ਗਿਰੀਆਂ ਨੂੰ 12.5 ਮਿਲੀਲਿਟਰ ਡਰਸਬਾਨ 20 ਤਾਕਤ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ। ਬੀਜਣ ਤੋਂ ਪਹਿਲਾਂ ਜਾਂ ਬੀਜਣ ਸਮੇਂ ਖੇਤ 'ਚ 13 ਕਿਲੋ ਫੂਰਾਡਾਨ ਦਾਣੇਦਾਰ 3 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।
ਸਾਉਣੀ ਦੀਆਂ ਦਾਲਾਂ
ਮਾਂਹ ਦੀ ਬਿਜਾਈ ਜੂਨ ਦੇ ਅਖੀਰਲੇ ਹਫ਼ਤੇ ਖਾਸ ਕਰਕੇ ਹਲਕੀਆਂ ਜ਼ਮੀਨਾਂ 'ਤੇ ਕਰਨੀ ਚਾਹੀਦੀ ਹੈ। ਮਾਂਹ ਦੀ ਫ਼ਸਲ ਵਿਚੋਂ ਨਦੀਨਾਂ ਦੀ ਰੋਕਥਾਮ ਸਟੌਂਪ 30 ਈ.ਸੀ. ਇਕ ਲਿਟਰ ਪ੍ਰਤੀ ਏਕੜ ਬਿਜਾਈ ਦੇ ਦੋ ਦਿਨਾਂ ਅੰਦਰ ਛਿੜਕ ਕੇ ਕੀਤੀ ਜਾ ਸਕਦੀ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਲਈ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਮਾਂਹ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਵਰਤੋ। ਮਾਂਹ ਨੂੰ 11 ਕਿਲੋ ਯੂਰੀਆ, 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਓ। ਸੱਠੀ ਮੂੰਗੀ 'ਤੇ ਥਰਿੱਪ ਦਾ ਹਮਲਾ ਫੁੱਲ ਡੋਡੀਆਂ ਅਤੇ ਫਲੀਆਂ ਆਦਿ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ ਫੁੱਲਾਂ ਤੇ ਆਈ ਫ਼ਸਲ 'ਤੇ 100 ਮਿਲੀਲਿਟਰ ਰੋਗਰ 30 ਤਾਕਤ ਜਾਂ ਮੈਲਾਥੀਆਨ 50 ਤਾਕਤ ਨੂੰ 80-120 ਲਿਟਰ ਪਾਣੀ ਵਿਚ ਮਿਲਾ ਕੇ ਛਿੜਕੋ।


ਸੰਯੋਜਕ : ਅਮਰਜੀਤ ਸਿੰਘ

ਖੇਤੀ ਵਿਭਿੰਨਤਾ ਲਈ ਮੱਕੀ ਬੀਜੋ

ਭਾਰਤ ਵਿਚ ਮੱਕੀ ਝੋਨੇ ਅਤੇ ਕਣਕ ਤੋਂ ਬਾਅਦ ਤੀਜੀ ਪ੍ਰਮੁੱੱਖ ਫ਼ਸਲ ਹੈ। ਸਾਲ 2016-17 ਦੌਰਾਨ ਪੰਜਾਬ ਵਿਚ ਮੱਕੀ ਦੀ ਕਾਸ਼ਤ 116 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਅਤੇ ਇਸ ਦੀ ਕੁੱਲ ਉਪਜ 445 ਹਜ਼ਾਰ ਟਨ ਹੋਈ । ਮੱਕੀ ਦਾ ਪ੍ਰਤੀ ਹੈਕਟਰ ਔਸਤ ਝਾੜ 38.35 ਕੁਇੰਟਲ ਰਿਹਾ । ਇਸ ਨੂੰ ਫ਼ੀਡ,ਭੋਜਨ ਅਤੇ ਚਾਰੇ ਲਈ ਵਰਤਿਆਂ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਉਦਯੋਗਿਕ ਵਸਤਾਂ ਜਿਵੇਂ ਕਿ ਸਟਾਰਚ, ਤੇਲ, ਪ੍ਰੋਟੀਨ, ਦਵਾਈਆਂ, ਫ਼ਿਲਮ, ਕੱੱਪੜਾ ਅਤੇ ਪੇਪਰ ਤਿਆਰ ਕੀਤਾ ਜਾਂਦਾ ਹੈ। ਪਰ ਮੱਕੀ ਦੀ ਕਾਸ਼ਤ ਅਧੀਨ ਰਕਬਾ ਵਧਾਉਣ ਲਈ ਇਸ ਦਾ ਮੰਡੀਕਰਨ ਮੁੱਖ ਮੁੱਦਾ ਹੈ। ਜੇਕਰ ਇਸ ਦਾ ਮੰਡੀਕਰਨ ਝੋਨੇ ਦੀ ਤਰਜ਼ 'ਤੇ ਹੋਵੇ ਤਾਂ ਪੰਜਾਬ ਵਿਚ ਖੇਤੀ ਵਿਭਿੰਨਤਾ ਲਿਆਉਣ ਵਿਚ ਮੱਕੀ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਇਸ ਤੋਂ ਇਲਾਵਾ ਝੋਨੇ ਦੀ ਫ਼ਸਲ ਲਈ ਪਾਣੀ ਦੀ ਜ਼ਰੂਰਤ ਬਹੁਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਨੀਵਾਂ ਹੁੰਦਾ ਜਾ ਰਿਹਾ ਹੈ। ਮੱਕੀ ਦੀ ਫ਼ਸਲ ਲਗਪਗ 100 ਦਿਨ੍ਹਾਂ ਵਿਚ ਪੱਕ ਜਾਂਦੀ ਹੈ, ਜਿਸ ਕਾਰਨ ਪਾਣੀ ਦੀ ਖਪਤ ਘੱਟ ਹੁੰਦੀ ਹੈ। ਇਸ ਦੀ ਕਾਸ਼ਤ ਬਰਾਨੀ ਇਲਾਕਿਆਂ ਵਿਚ ਵੀ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ। ਮੱਕੀ ਦੀ ਕਾਸ਼ਤ ਨੂੰ ਜ਼ਿਆਦਾ ਲਾਹੇਵੰਦ ਬਨਾਉਣ ਲਈ ਇਸ ਦੀ ਖਾਸ ਵਰਤੋਂ ਵਾਲੀਆਂ ਕਿਸਮਾਂ ਜਿਵੇਂ ਕਿ ਸਵੀਟ ਕੌਰਨ (ਮਿੱਠੀ ਮੱਕੀ), ਪੌਪ ਕੌਰਨ (ਫੁੱਲਿਆਂ ਵਾਲੀ ਮੱਕੀ) ਅਤੇ ਬੇਬੀ ਕੌਰਨ (ਕੱਚੀ ਮੱਕੀ) ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਨ੍ਹਾਂ ਲਈ ਪੀ. ਏ. ਯੂ. ਵਲੋਂ ਖਾਸ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਸਿਫਾਰਿਸ਼ ਕੀਤੀ ਹੋਈ ਹੈ, ਜਿਨ੍ਹਾਂ ਦਾ ਮਿਆਰ ਹਰ ਕੁਆਲਟੀ ਪੱਧਰ 'ਤੇ ਪੂਰਾ ਹੈ। ਮੱਕੀ ਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ:
ਜਲਵਾਯੂ ਅਤੇ ਜ਼ਮੀਨ: ਮੱਕੀ ਦੀ ਕਾਸ਼ਤ ਲਈ ਚੰਗੇ ਜਲ ਨਿਕਾਸ ਵਾਲੀ, ਮੈਰਾ ਤੋਂ ਭੱਲ ਵਾਲੀ ਜ਼ਮੀਨ ਸਭ ਤੋਂ ਚੰਗੀ ਹੈ। ਮੱਕੀ ਨੂੰ ਉਗਣ ਤੋਂ ਲੈ ਕੇ ਪੂਰੀ ਨਿਸਰਨ ਤੱਕ ਕਾਫ਼ੀ ਸਿੱਲ੍ਹੇ ਤੇ ਗਰਮ ਜਲਵਾਯੂ ਦੀ ਲੋੜ ਹੈ ਫ਼ਸਲ ਨਿਸਰਣ ਸਮੇਂ, ਘੱਟ ਸਿੱਲ੍ਹ ਤੇ ਬਹੁਤ ਜ਼ਿਆਦਾ ਤਾਪਮਾਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰਾਗ ਕਿਣਕੇ ਸੁੱਕ ਜਾਂਦੇ ਹਨ, ਪਰਾਗਣ ਕਿਰਿਆ ਠੀਕ ਨਹੀਂ ਹੁੰਦੀ ਅਤੇ ਦਾਣੇ ਘੱਟ ਪੈਂਦੇ ਹਨ। ਚੰਗਾ ਝਾੜ ਲੈਣ ਲਈ ਖੇਤਾਂ ਦੇ ਜਲ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੈ।
ਮੱਕੀ ਲਈ ਸਿਫਾਰਿਸ਼ ਕਿਸਮਾਂ : ਮੱਕੀ ਦੀਆਂ ਦੋਗਲੀਆਂ ਅਤੇ ਕੰਪੋਜ਼ਿਟ ਕਿਸਮਾਂ ਦੀ ਸਿਫਾਰਿਸ਼ ਪੀ ਏ ਯੂ ਵੱਲੋਂ ਕੀਤੀ ਗਈ ਹੈ। ਕਿਸਾਨ ਵੀਰ ਪੀ. ਏ. ਯੂ. ਤੋਂ ਸਿਖਲਾਈ ਪ੍ਰਾਪਤ ਕਰ ਕੇ ਇਨ੍ਹਾਂ ਕਿਸਮਾਂ ਦਾ ਬੀਜ ਖੁਦ ਤਿਆਰ ਕਰ ਸਕਦੇ ਹਨ।
ਹੇਠ ਲਿਖੇ ਉਨਤ ਢੰਗ ਅਪਣਾ ਕੇ ਮੱਕੀ ਦੀ ਸਾਉਣੀ ਵਿਚ ਸਫ਼ਲਤਾਪੂਰਵਕ ਕਾਸ਼ਤ ਕੀਤੀ ਜਾ ਸਕਦੀ ਹੈ:
ਬੀਜ ਦੀ ਮਾਤਰਾ ਅਤੇ ਸੋਧ: ਬਿਜਾਈ ਲਈ 8 ਕਿਲੋ ਬੀਜ ਪ੍ਰਤੀ ਏਕੜ ਵਰਤੋ, ਪਰਲ ਪੌਪ ਕੌਰਨ ਦੇ ਦਾਣਿਆਂ ਦਾ ਆਕਾਰ ਛੋਟਾ ਹੋਣ ਕਰਕੇ 7 ਕਿਲੋ ਬੀਜ ਪ੍ਰਤੀ ਏਕੜ ਦੀ ਸਿਫਾਰਿਸ਼ ਹੈ। ਜ਼ਿਆਦਾ ਸੰਘਣੀ ਬੀਜੀ ਫ਼ਸਲ 'ਤੇ ਛੱਲੀਆਂ ਘੱਟ ਲੱਗਦੀਆਂ ਹਨ ਅਤੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਸਿਫ਼ਾਰਿਸ਼ ਕੀਤੇ ਕਾਸ਼ਤ ਦੇ ਢੰਗ ਅਪਣਾਉਣ ਨਾਲ ਬੂਟਿਆਂ ਦੀ ਪੂਰੀ ਗਿਣਤੀ ਦੇ ਨਾਲ-ਨਾਲ ਬੂਟਿਆਂ ਦਾ ਵਾਧਾ ਵੀ ਜ਼ਿਆਦਾ ਹੁੰਦਾ ਹੈ। ਕਿਸਾਨਾਂ ਦੇ ਖੇਤਾਂ ਵਿਚ ਬੂਟਿਆਂ ਦੀ ਘੱਟ ਗਿਣਤੀ ਹੋਣਾ ਝਾੜ ਘਟਣ ਦਾ ਮੁੱਖ ਕਾਰਨ ਹੈ। ਉਲੀ ਨਾਸ਼ਕ ਜ਼ਹਿਰਾਂ ਜਿਵੇਂ ਕਿ ਬਾਵਿਸਟਨ ਜਾਂ ਡੈਰੋਸਲ ਜਾਂ ਐਗਰੋਜ਼ਿਮ 50 ਡਬਲਯੂ ਪੀ. ਨੂੰ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧਣਾ ਚਾਹੀਦਾ ਹੈ।
ਬਿਜਾਈ ਦਾ ਸਮਾਂ ਅਤੇ ਢੰਗ: ਸੇਂਜੂ ਹਾਲਤਾਂ ਵਿਚ ਮੱਕੀ ਦੀ ਬਿਜਾਈ ਮਈ ਦੇ ਅਖ਼ੀਰਲੇ ਹਫ਼ਤੇ ਤੋਂ ਅਖ਼ੀਰ ਜੂਨ ਤੱਕ ਕਰ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਅਗਲੀ ਫ਼ਸਲ ਦੀ ਬਿਜਾਈ ਜਿਵੇਂ ਕਿ ਆਲੂ, ਤੋਰਿਆ, ਕਣਕ ਆਦਿ ਲਈ ਖੇਤ ਸਮੇਂ ਸਿਰ ਖ਼ਾਲੀ ਹੋ ਜਾਂਦੇ ਹਨ। ਸਮੇਂ ਸਿਰ ਬੀਜੀ ਫ਼ਸਲ ਤੋਂ ਝਾੜ ਵੀ ਚੰਗਾ ਮਿਲਦਾ ਹੈ ਅਤੇ ਬਾਰਿਸ਼ਾਂ ਵਿਚ ਜ਼ਿਆਦਾ ਪਾਣੀ ਦੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ। ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਰੱਖੋ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 98726-60990

ਹਰੀ ਖਾਦ ਦੀ ਵਰਤੋਂ ਨਾਈਟ੍ਰੋਜਨ ਦੀ ਖਪਤ ਘਟਾਵੇ ਜ਼ਮੀਨ ਦੀ ਸਿਹਤ ਵਧਾਵੇ

ਲੋੜੀਂਦੀ ਮਾਤਰਾ ਵਿਚ ਦੇਸੀ ਖਾਦਾਂ ਦੀ ਉਪਲਬੱਧਤਾ ਨਾ ਹੋਣ ਕਾਰਨ ਝੋਨਾ ਲਾਉਣ ਤੋਂ ਪਹਿਲਾਂ ਹਰੀ ਖਾਦ ਦੀ ਵਰਤੋਂ ਕਰਨਾ ਬਹੁਤ ਹੀ ਜ਼ਰੂਰੀ ਅਤੇ ਫਾਇਦੇਮੰਦ ਹੈ। ਹਰੀ ਖਾਦ ਦਾ ਮੁੱਖ ਉਦੇਸ਼ ਜ਼ਮੀਨ ਦੇ ਖੁਰਾਕੀ ਤੱਤ ਅਤੇ ਜੈਵਿਕ ਮਾਦੇ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣਾ ਹੈ।
ਅਜੋਕੀ ਖੇਤੀ ਦੇ ਯੁੱਗ ਵਿਚ ਇਕ ਸਾਲ ਵਿਚ ਦੋ ਜਾਂ ਤਿੰਨ ਫਸਲਾਂ ਲੈਣ ਲਈ ਰਸਾਇਣਿਕ ਖਾਦਾਂ ਜਿਵੇਂ ਕਿ ਯੂਰੀਆ, ਡੀ.ਏ.ਪੀ. ਅਤੇ ਥੋੜ੍ਹੀ ਬਹੁਤ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ। ਇੰਨੀ ਘਣੀ ਖੇਤੀ ਕਰਨ ਕਰਕੇ ਜ਼ਮੀਨ ਵਿਚ ਲਘੂ ਤੱਤਾਂ ਦੀ ਘਾਟ ਆਉਣ ਲੱਗ ਪਈ ਹੈ। ਝੋਨੇ ਅਤੇ ਖਾਸ ਕਰਕੇ ਜ਼ਿੰਕ ਅਤੇ ਲੋਹੇ ਦੀ ਘਾਟ ਆਮ ਦੇਖਣ ਨੂੰ ਮਿਲਦੀ ਹੈ, ਜਿਸ ਦਾ ਝਾੜ 'ਤੇ ਸਿੱਧਾ ਅਸਰ ਪੈਂਦਾ ਹੈ।
ਇਹ ਇਕ ਸਹਾਇਕ ਫ਼ਸਲ ਹੈ। ਇਹ ਆਪਣੀਆਂ ਜੜ੍ਹਾਂ ਵਿਚ ਗੰਢਾਂ ਵਿਚਲੇ ਬੈਕਟੀਰੀਆ ਦੀ ਮਦਦ ਨਾਲ ਹਵਾ ਵਿਚੋਂ ਨਾਈਟ੍ਰੋਜਨ ਲੈ ਕੇ ਜ਼ਮੀਨ ਵਿਚ ਜਮ੍ਹਾ ਕਰਦੀ ਹੈ। ਢੈਂਚਾ, ਸਣ ਅਤੇ ਰਵਾਂਹ ਆਦਿ ਨੂੰ ਹਰੀ ਖਾਦ ਦੇ ਰੂਪ ਵਿਚ ਬੀਜ ਸਕਦੇ ਹਾਂ। ਇਸ ਤੋਂ ਇਲਾਵਾ ਇਨ੍ਹਾਂ ਦੇ ਸੁੱਕੇ ਮਾਦੇ ਵਿਚ ਫਾਸਫੋਰਸ 0.15-0.20 ਪ੍ਰਤੀਸ਼ਤ, ਪੋਟਾਸ਼ 1.5-2.0 ਪ੍ਰਤੀਸ਼ਤ ਅਤੇ ਲਘੂ ਤੱਤ ਜਿਵੇਂ ਜ਼ਿੰਕ, ਤਾਂਬਾ, ਲੋਹਾ ਅਤੇ ਮੈਗਨੀਜ਼ ਆਦਿ 25-35, 12-18, 280-320 ਅਤੇ 600-700 ਪੀ.ਪੀ.ਐਮ. ਕ੍ਰਮਵਾਰ ਮੌਜੂਦ ਹੁੰਦੇ ਹਨ। ਇਨ੍ਹਾਂ ਫ਼ਸਲਾਂ ਤੋਂ ਇਲਾਵਾ, ਮੂੰਗੀ, ਮਾਂਹ ਅਤੇ ਗੁਆਰਾ ਆਦਿ ਵੀ ਹਰੀ ਖਾਦ ਵਜੋਂ ਵਰਤੀਆਂ ਜਾ ਸਕਦੀਆਂ ਹਨ। ਧਿਆਨ ਰਹੇ ਕਿ ਇਹ ਫ਼ਸਲਾਂ ਫਲੀਦਾਰ, ਜੜ੍ਹਾਂ ਵਿਚ ਵੱਧ ਤੋਂ ਵੱਧ ਗੰਢਾਂ ਵਾਲੀਆਂ ਤਾਂ ਜੋ ਹਵਾ ਵਿਚੋਂ ਨਾਈਟ੍ਰੋਜਨ ਜ਼ਮੀਨ ਵਿਚ ਜਮ੍ਹਾਂ ਕਰ ਸਕਣ, ਛੇਤੀ ਵਧਣ ਅਤੇ ਵੱਧ ਝਾੜ ਦੇਣ ਵਾਲੀਆਂ, ਧਰਤੀ ਵਿਚੋਂ ਡੂੰਘੇ ਗਏ ਤੱਤਾਂ ਨੂੰ ਲੈਣ ਲਈ ਜੜ੍ਹਾਂ ਡੂੰਘੀਆਂ ਜਾਣ ਵਾਲੀਆਂ ਹੋਣ। ਇਸ ਦੇ ਨਾਲ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਪਾਣੀ ਦੀ ਵਰਤੋਂ ਘੱਟ ਕਰਨ। ਢੈਂਚੇ ਨਾਲੋਂ ਸਣ ਅਤੇ ਰਵਾਂਹ ਘੱਟ ਪਾਣੀ ਅਤੇ ਸੋਕੇ ਨੂੰ ਸਹਾਰਨ ਵਿਚ ਜ਼ਿਆਦਾ ਕਾਰਗਾਰ ਹਨ। ਢੈਂਚੇ ਵਿਚ ਤੰਬਾਕੂ ਦੀ ਸੁੰਡੀ ਦਾ ਹਮਲਾ ਅਕਸਰ ਹੋ ਜਾਂਦਾ ਹੈ। ਇਸ ਦੀ ਰੋਕਥਾਮ ਲਈ 150 ਮਿ. ਲਿ. ਰੀਮੋਨ 10 ਈ.ਸੀ. ਦਵਾਈ ਨੂੰ 80-100 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ।
ਇਨ੍ਹਾਂ ਫ਼ਸਲਾਂ ਨੂੰ ਬੀਜਣ ਲਈ ਕਣਕ ਜਾਂ ਹੋਰ ਫ਼ਸਲ ਜਿਸ ਪਿੱਛੋਂ ਝੋਨਾ ਬੀਜਣਾ ਹੋਵੇ, ਨੂੰ ਕੱਟ ਕੇ ਖੇਤਾਂ ਨੂੰ ਪਾਣੀ ਲਾ ਦਿਓ। ਇਸ ਪਿੱਛੋਂ ਢੈਂਚੇ ਦਾ ਬੀਜ, ਜਿਹੜਾ ਕਿ 8 ਘੰਟੇ ਪਾਣੀ ਵਿਚ ਭਿੱਜਿਆ ਰਿਹਾ ਹੋਵੇ, ਜਾਂ ਸਣ ਦਾ ਬੀਜ ਜਾਂ ਰਵਾਂਹ ਦਾ ਬੀਜ ਬੀਜੋ। ਢੈਂਚੇ ਨੂੰ 20-22 ਸੈਂਟੀਮੀਟਰ, ਸਣ 22.5 ਸੈਂਟੀਮੀਟਰ ਅਤੇ ਰਵਾਂਹ ਨੂੰ 30 ਸੈਂ. ਮੀ. ਫ਼ਾਸਲੇ 'ਤੇ ਕਤਾਰਾਂ ਵਿਚ ਬੀਜੋ। ਘੱਟ ਫਾਸਫੋਰਸ ਵਾਲੇ ਖੇਤਾਂ ਵਿਚ ਹਰੀ ਖਾਦ ਦੀ ਫ਼ਸਲ ਨੂੰ 75 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਇਸ ਪਿੱਛੋਂ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਨੂੰ ਫਾਸਫੋਰਸ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹੇਗੀ। ਇਨ੍ਹਾਂ ਫ਼ਸਲਾਂ ਨੂੰ ਮੌਸਮ ਅਨੁਸਾਰ ਪਾਣੀ ਲਾਓ।
ਖੇਤਾਂ ਵਿਚ ਝੋਨੇ ਦੀ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਹਰੀ ਖਾਦ ਦੀ ਫ਼ਸਲ ਨੂੰ ਦੱਬ ਦਿਓ। ਇਸ ਤਰ੍ਹਾਂ 6-8 ਹਫ਼ਤੇ ਦੀ ਹਰੀ ਖਾਦ ਦੱਬਣ ਨਾਲ 25 ਕਿਲੋ ਨਾਈਟ੍ਰੋਜਨ ਤੱਤ (55 ਕਿਲੋ ਯੂਰੀਆ) ਦੀ ਪ੍ਰਤੀ ਏਕੜ ਬੱਚਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੇ ਗਰਮੀ ਰੁੱਤ ਦੀ ਮੂੰਗੀ ਬੀਜੀ ਹੋਵੇ ਤਾਂ ਇਸ ਦੀਆਂ ਫਲੀਆਂ ਤੋੜਨ ਤੋਂ ਬਾਅਦ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ ਟਾਂਗਰ ਨੂੰ ਖੇਤ ਵਿਚ ਦੱਬਣ ਨਾਲ ਨਾਈਟ੍ਰੋਜਨ ਵਾਲੀ ਖਾਦ ਦੀ ਤੀਜਾ ਹਿੱਸਾ ਬੱਚਤ ਕੀਤੀ ਜਾ ਸਕਦੀ ਹੈ। ਕਲਰਾਠੀਆਂ ਅਤੇ ਨਵੀਆਂ ਵਾਹੀਯੋਗ ਜ਼ਮੀਨਾਂ ਵਿਚ ਢੈਂਚੇ ਦੀ ਹਰੀ ਖਾਦ ਨੂੰ ਤਰਜੀਹ ਦਿਓ। ਢੈਂਚੇ ਦੀ ਹਰੀ ਖਾਦ ਦੀ ਵਰਤੋਂ ਨਾਲ ਝੋਨੇ ਦੀ ਫਸਲ ਵਿਚ ਲੋਹੇ ਦੀ ਘਾਟ ਵੀ ਨਹੀਂ ਆਉਂਦੀ। ਇਸੇ ਤਰ੍ਹਾਂ ਬਾਸਮਤੀ ਦੀ ਫ਼ਸਲ ਤੋਂ ਪਹਿਲਾਂ ਢੈਂਚੇ ਜਾਂ ਸਣ ਦੀ 45-55 ਦਿਨਾਂ ਦੀ ਹਰੀ ਖਾਦ ਜਾਂ ਮੂੰਗੀ ਦੀਆਂ ਫਲੀਆਂ ਤੋੜਨ ਉਪਰੰਤ ਟਾਂਗਰ ਨੂੰ ਖੇਤਾਂ ਵਿਚ ਦਬਾਉਣ ਨਾਲ ਫਸਲ ਨੂੰ ਨਾਈਟ੍ਰੋਜਨ ਵਾਲੀ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ।
ਆਓ, ਕਿਸਾਨ ਵੀਰੋ ਹਰੀ ਖਾਦ ਦੀ ਵਰਤੋਂ ਦੇ ਫਾਇਦੇ ਗਿਣੀਏ: 1. ਰਸਾਇਣਿਕ ਖਾਦਾਂ ਦੀ ਖਪਤ ਘਟਾਉਣ ਵਿਚ ਸਹਾਈ ਹੁੰਦੀ ਹੈ। 2. ਜ਼ਮੀਨ ਵਿਚ ਮੱਲੜ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ। 3. ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਧਦੀ ਹੈ। 4. ਲਘੂ ਤੱਤਾਂ ਦੀ ਫਸਲ ਨੂੰ ਘਾਟ ਨਹੀਂ ਆਉਂਦੀ। 5. ਖੁਰਾਕੀ ਤੱਤਾਂ ਨੂੰ ਪਾਣੀ ਨਾਲ ਘੁਲ ਕੇ ਜ਼ਮੀਨ ਦੇ ਹੇਠ ਰਿਸ ਜਾਣ ਨੂੰ ਘਟਾਉਣ ਵਿਚ ਸਹਾਈ ਹੁੰਦੀ ਹੈ।


-ਮੋਬਾਈਲ : 81462-00940.

ਸਨੋਅ ਫਾਲ ਅਤੇ ਚਿੜੀਆਂ

* ਸੁਰਿੰਦਰ ਮਕਸੂਦਪੁਰੀ *

ਸਰਦੀ ਵਿਚ ਸੜਦੇ ਜੰਗਲ ਦੀ ਜੂਹੇ,
ਉਸ ਠੰਢੇ ਮੁਲਕ ਦੇ ਸੰਦਲੀ ਬੂਹੇ।
ਓਢ ਸਨੋਅ ਫਾਲ ਦੀ ਚਾਦਰ ਚਿੱਟੀ,
ਕੁਦਰਤ ਰਾਣੀ ਦਸਤਕ ਦਿੱਤੀ।
ਅੰਬਰੋਂ ਡਿੱਗੇ ਜਿਉਂ ਰੂੰ ਦੇ ਗੋਹੜੇ,
ਮਨੁੱਖ ਮਾਤਰ ਸਭ ਅੰਦਰੀਂ ਹੋੜੇ।
ਬਰਫ਼ਬਾਰੀ ਦੀ ਠਰਦੀ ਰੁੱਤੇ,
ਬਰਫ਼ ਦੀ ਜੰਮੀ ਚਾਦਰ ਉੱਤੇ।
ਅਠਖੇਲੀਆਂ ਕਰਦੀਆਂ ਚਿੜੀਆਂ ਚਹਿਕਣ,
ਤੇਜ਼ ਬਰਫ਼ੀਲੀ ਬਾਰਸ਼ ਵਿਚ ਇਹ।
ਚਿੱਟੀਆਂ ਕਲੀਆਂ ਬਣ ਕੇ ਮਹਿਕਣ,
ਮੇਰੇ ਵਤਨ ਤੋਂ ਰੁੱਸ ਕੇ ਆਈਆਂ।
ਮੈਨੂੰ ਕੰਜਕਾਂ/ਕੂੰਜਾਂ/ਚਿੜੀਆਂ ਜਾਪਣ।
ਖੌਰੇ ਪ੍ਰਦੂਸ਼ਣ ਦੇ ਪ੍ਰਕੋਪ ਤੋਂ ਡਰਦੀਆਂ,
ਵਿਹੁਲਾ ਪਾਣੀ ਪੀ-ਪੀ ਮਰਦੀਆਂ।
ਚਿੜੀਆਂ ਨੇ ਪਰਵਾਸ ਧਾਰਿਆ,
ਲੱਗ ਪਈ ਵਾੜ ਖੇਤ ਨੂੰ ਖਾਵਣ।
ਮਾਲੀ ਨੇ ਹੀ ਚਮਨ ਉਜਾੜਿਆ।
ਪ੍ਰਦੂਸ਼ਿਤ ਪੌਣਾਂ ਸਾਹ ਸੂਤਿਆ,
ਤੜਪਣ ਚਿੜੀਆਂ ਹਉਕੇ ਭਰਦੀਆਂ।
ਜੀਵ-ਜੰਤੂ ਸਭ ਰਹਿਣ ਸਲਾਮਤ,
ਇਹ ਮੌਸਮ ਖ਼ੁਸ਼ਗਵਾਰ ਮੰਗਦੀਆਂ।
ਰੱਬ ਦੇ ਬੰਦਿਆਂ ਕੋਲੋਂ 'ਮਕਸੂਦਪੁਰੀ',
ਇਹ ਹੱਕ ਹਕੂਕ ਇਨਸਾਫ਼ ਮੰਗਦੀਆਂ।


-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ।
ਮੋਬਾਈਲ : 99887-10234.

ਨੌਜਵਾਨ ਕਿਸਾਨ ਜੋ ਇਕ ਚਾਨਣ-ਮੁਨਾਰਾ ਸਿੱਧ ਹੋਇਆ-ਕੁਲਵਿੰਦਰ ਸਿੰਘ

ਇਨ੍ਹਾਂ ਸ਼ਬਦਾਂ ਨੂੰ ਸਹੀ ਸਿੱਧ ਕਰ ਦਿਖਾਇਆ ਕਿਸਾਨ ਕੁਲਵਿੰਦਰ ਸਿੰਘ ਨੇ। ਦੋਰਾਹੇ ਦੇ ਪਿੰਡ ਲੰਡੇ ਤੋਂ ਸਬੰਧ ਰੱਖਣ ਵਾਲਾ ਇਹ ਉਹ ਉੱਦਮੀ ਕਿਸਾਨ ਹੈ ਜਿਸ ਨੇ ਸਿਫ਼ਰ ਤੋਂ ਆਪਣੀ ਕਹਾਣੀ ਆਰੰਭੀ ਤੇ ਸਫ਼ਲਤਾ ਦਾ ਰਾਹ ਆਪ ਬਣਾਉਂਦਾ ਗਿਆ। ਆਪਣੇ ਭਵਿੱਖ ਦੇ ਲੇਖ ਖ਼ੁਦ ਲਿਖਦਾ ਅੱਗੇ ਵਧਦਾ ਗਿਆ ਅਤੇ ਆਪਣੇ-ਆਪ ਨੂੰ ਕਰਮਯੋਗੀ ਸਿੱਧ ਕੀਤਾ। ਇਹ ਉੱਦਮੀ ਕਿਸਾਨ 10+2 ਕਰਨ ਉਪਰੰਤ ਇਕ ਛੋਟੀ ਜਿਹੀ ਟਰੈਕਟਰ ਦੀ ਕੰਪਨੀ ਵਿਚ ਥੋੜ੍ਹੇ ਜਿਹੇ ਪੈਸਿਆਂ 'ਤੇ ਆਪਣੀ ਜੀਵਿਕਾ 2007 ਵਿਚ ਕਮਾਉਣ ਲੱਗਿਆ। ਥੋੜ੍ਹੇ ਸਮੇਂ ਬਾਅਦ ਕੁਲਵਿੰਦਰ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਚੱਕੀ ਦੀ ਮੋਟਰ ਨੂੰ ਸਿਰਫ਼ ਚਾਕੂ ਛੁਰੀਆਂ ਤਿੱਖੇ ਕਰਵਾਉਣ ਲਈ ਵਰਤ ਰਿਹਾ ਹੈ ਅਤੇ ਆਪਣਾ ਸਮਾਂ ਇਸ ਨੌਕਰੀ ਵਿਚ ਬੇਕਾਰ ਕਰ ਰਿਹਾ ਹੈ। ਪਿੰਡ ਦੇ 15 ਕਿੱਲੋਮੀਟਰ ਦੂਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਰਾਹ ਫੜਿਆ ਕੁਲਵਿੰਦਰ ਨੇ। ਬਿਨਾਂ ਇਕ ਰੁਪਿਆ ਫੀਸ ਦਿੱਤੇ ਮਧੂ ਮੱਖੀ ਪਾਲਣ ਦੀ ਸਿਖਲਾਈ ਪ੍ਰਾਪਤ ਕੀਤੀ। ਹਫ਼ਤੇ ਦੀ ਸਿਖਲਾਈ ਵਿਚ ਏਨਾ ਹੌਂਸਲਾ ਖੁੱਲ੍ਹ ਗਿਆ ਕਿ ਉਸ ਨੇ 10 ਡੱਬਿਆਂ ਨਾਲ ਆਪਣੀ ਖੇਤੀ ਨਾਲ ਇਹ ਸਹਾਇਕ ਧੰਦਾ ਚਲਾਉਣ ਦਾ ਸੋਚਿਆ। ਬਾਪੂ ਤੋਂ ਉਧਾਰੇ ਲਏ ਉਸ ਨੇ ਪੈਸਿਆਂ ਨਾਲ ਡੱਬੇ ਖਰੀਦੇ। ਉਸ ਦੀ ਮਿਹਨਤ, ਨੇਕ ਕਮਾਈ ਦੇ ਨਾਲ ਸ਼ਗਨਾਂ ਦੇ ਇਹ ਡੱਬੇ 10-20 ਅਤੇ 20-40 ਹੁੰਦਿਆਂ ਕੁਝ ਦੇਰ ਨਹੀਂ ਲੱਗੀ। ਅੱਜ ਇਸ ਉੱਦਮੀ ਕਿਸਾਨ ਕੋਲ 700 ਤੋਂ ਵੱਧ ਮੱਖੀਆਂ ਦੇ ਬਕਸੇ ਹਨ, ਜਿਨ੍ਹਾਂ ਤੋਂ ਸਾਲਾਨਾ ਆਮਦਨ ਉਹ 40 ਲੱਖ ਤੋਂ ਵੱਧ ਪ੍ਰਾਪਤ ਕਰਦਾ ਹੈ। ਉਸ ਅਨੁਸਾਰ ਮਧੂ ਮੱਖੀ ਪਾਲਣ ਦਾ ਧੰਦਾ ਤਾਂ ਉਨ੍ਹਾਂ ਨੇ ਖੇਤੀ ਨਾਲ ਸਹਾਇਕ ਧੰਦੇ ਵਜੋਂ ਅਪਨਾਇਆ ਸੀ, ਪਰ ਇਸ ਧੰਦੇ ਵਿਚ ਚੌਖਾ ਮੁਨਾਫ਼ਾ ਹੋਣ ਕਾਰਨ ਉਸ ਦੇ ਪਰਿਵਾਰ ਦਾ ਪ੍ਰਮੁੱਖ ਧੰਦਾ ਬਣ ਗਿਆ ਹੈ। ਕੁਲਵਿੰਦਰ ਦੱਸਦਾ ਹੈ ਕਿ ਅੱਜ ਦੇ ਸਮੇਂ ਜਦੋਂ ਨੌਜਵਾਨ ਪੀੜ੍ਹੀ ਖੇਤੀ ਤੋਂ ਬੇਮੁੱਖ ਹੋ ਕੇ ਸ਼ਹਿਰਾਂ ਵੱਲ ਨੌਕਰੀਆਂ ਲੱਭਣਾ ਲੋਚਦੀ ਹੈ, ਜੇਕਰ ਇਸ ਧੰਦੇ ਨੂੰ ਦਿਲਚਸਪੀ ਨਾਲ ਅਪਨਾਇਆ ਜਾਵੇ ਤਾਂ ਰੁਜ਼ਗਾਰ ਸਾਡੇ ਪਿੰਡਾਂ ਵਿਚ ਵੀ ਬਥੇਰਾ ਹੈ। ਉਸ ਦੇ ਦੋਵੇਂ ਪੁੱਤਰਾਂ ਦੀ ਚਾਈਂ-ਚਾਈਂ ਸਾਥ ਨਿਭਾਉਣਾ। ਉਹ ਬੜੇ ਫ਼ਖ਼ਰ ਨਾਲ ਦੱਸਦਾ ਹੈ ਕਿ ਇਸ ਧੰਦੇ ਨਾਲ ਉਸ ਨੇ ਇਲਾਕੇ ਦੇ 7 ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ ਅਤੇ ਅਨੇਕਾਂ ਨੌਜਵਾਨਾਂ ਨੂੰ ਸੈਲਫ ਹੈਲਪ ਗਰੁੱਪਾਂ ਰਾਹੀਂ ਖੁਦ ਸਿਖਲਾਈਆਂ ਵੀ ਪ੍ਰਦਾਨ ਕਰਦਾ ਹੈ।
ਕੁਲਵਿੰਦਰ ਸਿੰਘ ਇਸ ਖੇਤਰ ਵਿਚ ਪਰਪੱਕ ਸ਼ਹਿਦ ਆਗੂ ਬਣ ਚੁੱਕਾ ਹੈ, ਜੋ ਦੂਜਿਆਂ ਲਈ ਵੀ ਇਕ ਚਾਨਣ ਮੁਨਾਰਾ ਸਿੱਧ ਹੋ ਰਿਹਾ ਹੈ। ਇਸ ਉੱਦਮੀ ਕਿਸਾਨ ਵਲੋਂ ਮਧੂ-ਮੱਖੀਆਂ ਆਪ ਹੀ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਉਹ ਦੱਸਦਾ ਹੈ ਕਿ ਇਕ ਮਧੂ ਮੱਖੀ ਦਾ ਡੱਬਾ ਵੇਚਣ ਵਿਚ ਵੀ ਉਹ 3500-4000 ਰੁਪਏ ਤੱਕ ਕਮਾ ਲੈਂਦਾ ਹੈ। ਉਸ ਅਨੁਸਾਰ ਅੱਜ ਤੱਕ ਮੰਡੀਕਰਨ ਦੀ ਉਸ ਨੂੰ ਕੋਈ ਸਮੱਸਿਆ ਨਹੀਂ ਆਈ ਅਤੇ 40 ਕਿੱਲੋਮੀਟਰ ਦੇ ਖੇਤਰ ਵਿਚ ਜੇਕਰ ਕੋਈ ਪੰਜ ਕਿੱਲੋ ਜਾਂ ਉਸ ਤੋਂ ਵੱਧ ਸ਼ਹਿਦ ਦੀ ਮੰਗ ਕਰਦਾ ਹੈ ਤਾਂ ਉਸ ਦੇ ਘਰ ਸ਼ਹਿਦ ਦੀ ਖੇਪ ਅਪੜਾਉਣ ਲਈ ਕੋਈ ਝਿਜਕ ਮਹਿਸੂਸ ਨਹੀਂ ਕਰਦਾ। ਸਾਲ 2010 ਵਿਚ ਕੁਲਵਿੰਦਰ ਨੇ ਐੱਗਮਾਰਕ ਦਾ ਮਾਅਰਕਾ ਵੀ ਪ੍ਰਾਪਤ ਕਰ ਲਿਆ ਅਤੇ ਹਮੇਸ਼ਾ ਆਪਣੇ ਨਾਲ ਸ਼ਹਿਦ ਦੇ ਗੁਣਾਂ ਸਬੰਧੀ ਛੋਟੇ-ਛੋਟੇ ਤਿਆਰ ਕੀਤੇ ਕਿਤਾਬਚੇ ਵੀ ਨਾਲ ਰੱਖਦਾ ਹੈ। ਇਸ ਉੱਦਮੀ ਕਿਸਾਨ ਵਲੋਂ ਮੱਖੀਆਂ ਨੂੰ ਰੱਖਣ ਲਈ ਇਕ ਉੱਨਤ ਹਵਾਦਾਰ ਬਕਸਾ ਵੀ ਤਿਆਰ ਕੀਤਾ ਹੈ। ਉਸ ਵਲੋਂ ਤਿਆਰ ਸ਼ਹਿਦ ਨੂੰ ਗਿਫ਼ਟ ਪੈਕਿੰਗ ਦੇ ਰੂਪ ਵਿਚ ਚੰਡੀਗੜ੍ਹ ਤੱਕ ਲੋਕਾਂ ਨੇ ਪਹੁੰਚਾਇਆ ਜਾਂਦਾ ਹੈ। ਕੁਲਵਿੰਦਰ ਵਲੋਂ ਜਿੱਥੇ ਹਰ ਕਿਸਾਨ ਮੇਲੇ, ਕਿਸਾਨ ਦਿਵਸ 'ਤੇ ਸਟਾਲ ਲਗਾਇਆ ਜਾਂਦਾ ਹੈ, ਨਾਲ ਹੀ ਖਪਤਕਾਰਾਂ ਨੂੰ ਉਹ ਚੰਗੇ ਅਤੇ ਮਿਲਾਵਟੀ ਸ਼ਹਿਦ ਵਿਚ ਫ਼ਰਕ ਦੱਸਣ ਵਿਚ ਗੁਰੇਜ਼ ਨਹੀਂ ਕਰਦਾ।
ਸ਼ਹਿਦ ਦੇ ਚੰਗੇ ਉਤਪਾਦ ਦੇ ਲਈ ਉਹ ਆਪਣੀਆਂ ਮੱਖੀਆਂ ਦੇ ਡੱਬੇ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿਚ ਸਮੇਂ-ਸਮੇਂ 'ਤੇ ਲਿਜਾਉਂਦਾ ਰਹਿੰਦਾ ਹੈ। ਹੁਣ ਕੁਲਵਿੰਦਰ ਨੇ ਡੱਬਿਆਂ ਦੀ ਰਾਜਸਥਾਨ ਵਿਚ ਢੋਆ-ਢੁਆਈ ਦੇ ਨਾਲ ਦਾਲਾਂ ਦੀ ਕਾਸ਼ਤ ਵੀ ਆਰੰਭ ਕਰ ਲਈ ਹੈ। ਉਸ ਨੂੰ ਇਸ ਗੱਲ ਦੀ ਅਥਾਹ ਖੁਸ਼ੀ ਹੁੰਦੀ ਹੈ ਜਦੋਂ ਦੂਜੇ ਮੁਲਕਾਂ ਦੇ ਵਿਗਿਆਨੀ ਤੱਕ ਉਸ ਦੇ ਬਣਾਏ ਮਾਡਲ ਨੂੰ ਵੇਖਣ ਲਈ ਆਉਂਦੇ ਹਨ। ਉਹ ਦੱਸਦਾ ਹੈ ਕਿ ਜਦੋਂ ਆਏ ਮਹਿਮਾਨ ਨੂੰ ਸ਼ਹਿਦ ਦਾ ਗਿਫ਼ਟ ਪੈਕ ਉਪਹਾਰ ਵਜੋਂ ਪ੍ਰਦਾਨ ਕਰਦਾ ਹੈ ਤਾਂ ਉਨ੍ਹਾਂ ਲਈ ਅਨਮੋਲ ਤੋਹਫ਼ਾ ਹੁੰਦਾ ਹੈ। ਕੁਲਵਿੰਦਰ ਦੱਸਦਾ ਹੈ ਕਿ ਅੱਜ ਉਸ ਨੇ ਇਸ ਧੰਦੇ ਨਾਲ ਜੁੜ ਕੇ ਆਪਣੀ ਖੇਤੀਯੋਗ ਜ਼ਮੀਨ ਦੀ ਮਲਕੀਅਤ ਦੋ ਕਿੱਲੇ ਤੋਂ ਪੰਜ ਕਿੱਲੇ ਤੱਕ ਕਰ ਲਈ ਹੈ, ਨਾਲ ਹੀ ਰਿਹਾਇਸ਼ ਵਾਸਤੇ ਦੋਰਾਹੇ ਵਿਚ ਇਕ ਪਲਾਟ ਵੀ ਖਰੀਦ ਲਿਆ ਹੈ। ਉਹ ਦੱਸਦਾ ਹੈ ਕਿ ਇਸ ਧੰਦੇ ਤੋਂ ਹੱਲਾਸ਼ੇਰੀ ਨਾਲ ਉਹ ਦੋ ਚਾਰ-ਪਹੀਆ ਗੱਡੀਆਂ ਵੀ ਆਪਣੇ ਵਲੋਂ ਖਰੀਦ ਸਕਿਆ ਹੈ। ਉਸ ਵਕਤ ਬੜਾ ਪ੍ਰਭਾਵਸ਼ਾਲੀ ਦ੍ਰਿਸ਼ ਲੱਗਦਾ ਹੈ ਜਦੋਂ ਕੁਲਵਿੰਦਰ ਦਾ ਪਰਿਵਾਰ ਅਤੇ ਹੋਰ ਨੌਜਵਾਨ ਸ਼ਿੱਦਤ ਦੇ ਨਾਲ ਇਸ ਪਾਸੇ ਆਪਣੇ ਖੇਤ ਵਿਚ ਕਾਰਜਸ਼ੀਲ ਹੁੰਦੇ ਹਨ।
ਇਸ ਨੌਜਵਾਨ ਕਿਸਾਨ ਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਉਹ ਆਪਣੇ ਦੋਨਾਂ ਲੜਕਿਆਂ 'ਚ ਨਵੀਨਤਮ ਸੰਚਾਰ ਤਕਨੀਕਾਂ ਦੇ ਨਾਲ ਕੰਮ ਧੰਦਾ ਅੱਗੇ ਵਧਾਉਣ ਦੀ ਤਾਂਘ ਦੇਖਦਾ ਹੈ। ਕੁਲਵਿੰਦਰ ਦੀ ਸਫ਼ਲਤਾ 'ਤੇ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਮਧੂ ਮੱਖੀ ਪਾਲਣ ਵਰਗੇ ਸਹਾਇਕ ਧੰਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਸਫ਼ਲਤਾ ਦੀ ਪੌੜੀ ਸਿੱਧ ਹੋ ਸਕਦੇ ਹਨ।


-ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ।

ਭੀੜੇ ਪੁਲਾਂ 'ਤੇ ਹੋ ਗਏ ਟਾਕਰੇ

ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ ਬਈ ਕਿਵੇਂ ਦੋ ਸ਼ੇਰ ਇਕ ਇਕਹਿਰੀ ਲੱਕੜ ਦੇ ਪੁਲ 'ਤੇ ਦੋਵੇਂ ਪਾਸਿਓਂ 'ਕੱਠੇ ਆ ਗਏ। ਹਊਮੇ ਤੇ ਨਾਸਮਝੀ ਦੇ ਮਾਰੇ ਲੜ ਪਏ ਤੇ ਦੋਵੇਂ ਪਾਣੀ ਵਿਚ ਡਿੱਗ ਪਏ। ਕਦੇ ਯਕੀਨ ਹੀ ਨਹੀਂ ਸੀ ਆਇਆ ਕਿ ਇੰਝ ਕਿਵੇਂ ਹੋ ਸਕਦਾ ਹੈ। ਇਹ ਗੱਲ ਪ੍ਰਤੱਖ ਦੇਖਣ ਨੂੰ ਪੰਜਾਹ ਸਾਲ ਲੱਗ ਗਏ। ਪੰਜਾਬੀਆਂ ਦੇ ਸੁਭਾਅ ਵਿਚ ਕਾਹਲ ਤੇ ਬਸ ਇਹ ਹੀ ਸੋਚਣਾ ਕਿ 'ਮੈਂ ਹੀ ਮੈਂ' ਹਾਂ। ਸਭ ਥਾਂ 'ਤੇ ਮੇਰਾ ਹੀ ਹੱਕ ਹੈ, ਕੋਈ ਹੋਰ ਕਿਵੇਂ ਮੇਰੇ ਤੋਂ ਫਾਇਦਾ ਲੈ ਜੂ, ਖਾਸ ਕਰਕੇ ਜਿਹਦਾ ਪਿੱਛਾ ਪੰਜਾਬੀ ਨਾ ਹੋਵੇ। ਸੜਕਾਂ 'ਤੇ ਹੁੰਦੀਆਂ ਰੋਜ਼ ਘਟਨਾਵਾਂ ਦੇ ਪਿੱਛੇ ਇਹੀ ਸੋਚ ਮੂਲ ਰੂਪ ਵਿਚ ਭਾਰੂ ਹੈ। ਸਦੀਆਂ ਤੋਂ ਅਸੀਂ ਵੱਟਾਂ ਪਿੱਛੇ ਲੜਦੇ ਆ ਰਹੇ ਹਾਂ। ਕਤਲ, ਮਾਰ-ਧਾੜ ਕਰਦੇ ਆ ਰਹੇ ਹਾਂ, ਧਰਤੀ 'ਤੇ ਕਬਜ਼ਾ ਕਰਨ ਦੀ ਰੀਝ ਰੱਖਦੇ ਆ ਰਹੇ ਹਾਂ, ਜਦ ਕਿ ਸੱਚ ਇਹ ਹੈ ਕਿ ਧਰਤੀ ਕਿਸੇ ਦੀ ਨਹੀਂ ਹੁੰਦੀ। ਲੱਖਾਂ ਰਾਜੇ-ਮਹਾਰਾਜੇ ਲੜਦੇ ਮਰ ਗਏ, ਪਰ ਅੱਜ ਕਿੱਥੇ ਹਨ, ਉਨ੍ਹਾਂ ਦੇ ਕਬਜ਼ੇ? ਵੱਡੇ-ਵੱਡੇ ਕਿਲ੍ਹਿਆਂ ਵਿਚ ਵੀ ਮਾਲਕ ਕਬੂਤਰ ਤੇ ਤੋਤੇ ਹੀ ਹਨ। ਸਹਿਜ ਨਾਲ ਤੇ ਸਮਝ ਨਾਲ ਜਿਊਣਾ ਜੋ-ਜੋ ਪੰਜਾਬੀ ਸਿਖ ਗਏ, ਸਮਝੋ, ਉਹ ਦੁਨੀਆ 'ਤੇ ਰਾਜ ਕਰ ਜਾਣਗੇ।

ਝੋਨੇ/ਬਾਸਮਤੀ ਦੀ ਉੱਨਤ ਕਿਸਮ ਦੀ ਪਨੀਰੀ ਕਿਵੇਂ ਤਿਆਰ ਕਰੀਏ?

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਭ ਤੋਂ ਪਹਿਲਾਂ ਪਨੀਰੀ ਵਾਲੀ ਥਾਂ ਪੱਧਰ ਕਰ ਕੇ 100 ਕਿੱਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਗਲੀ ਸੜੀ ਰੂੜੀ ਦੀ ਖਾਦ ਪਾਉਣੀ ਚਾਹੀਦੀ ਹੈ। ਪਨੀਰੀ ਦੀ ਬਿਜਾਈ ਵਾਲੇ ਖੇਤ ਵਿਚ ਪਨੀਰੀ ਬੀਜਣ ਤੋਂ ਪਹਿਲਾਂ 165 ਗ੍ਰਾਮ ਯੂਰੀਆ, 375 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 250 ਗ੍ਰਾਮ ਜ਼ਿੰਕ ਸਲਫੇਟ ਪ੍ਰਤੀ ਮਰਲੇ ਦੇ ਹਿਸਾਬ ਨਾਲ ਖਿਲਾਰਨਾ ਚਾਹੀਦਾ ਹੈ। ਰੋਜ਼ਾਨਾ ਸ਼ਾਮ ਨੂੰ ਪਾਣੀ ਲਗਾ ਕੇ ਪਨੀਰੀ ਵਾਲੀ ਥਾਂ ਨੂੰ ਤਰ ਰੱਖਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ ਯੂਰੀਆ ਦੀ ਦੂਜੀ ਖੁਰਾਕ 165 ਗ੍ਰਾਮ ਯੂਰੀਆ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਸੋਧੇ ਹੋਏ ਬੀਜ ਨੂੰ ਗਿੱਲੀਆਂ ਬੋਰੀਆਂ ਉੱਪਰ ਮੋਟੀ ਤਹਿ ਵਿਚ ਖਿਲਾਰ ਕੇ ਗਿੱਲੀਆਂ ਬੋਰੀਆਂ ਨਾਲ ਢੱਕ ਦੇਣਾ ਚਾਹੀਦਾ ਹੈ। ਇਸ ਤਰ੍ਹਾਂ 24 ਤੋਂ 36 ਘੰਟੇ ਅੰਦਰ ਬੀਜ ਪੁੰਗਰ ਪਵੇਗਾ। ਇਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿੱਲੋ ਸੋਧੇ ਹੋਏ ਪੁੰਗਰੇ ਬੀਜ ਨੂੰ ਪਨੀਰੀ ਵਾਲੀ ਥਾਂ ਇਕਸਾਰ ਛਿੱਟਾ ਦੇ ਕੇ ਬੀਜ ਦੇਣਾ ਚਾਹੀਦਾ ਹੈ। ਪਨੀਰੀ ਬੀਜਣ ਤੋਂ 3 ਦਿਨਾਂ ਦੇ ਅੰਦਰ ਨਦੀਨਾਂ ਦੀ ਰੋਕਥਾਮ ਲਈ ਸੋਫ਼ਿਟ 37.5 ਈ. ਸੀ. (ਸੇਫ਼ਨਰ ਸਹਿਤ) (ਪ੍ਰੈਟੀਲਾਕਲੋਰ) ਤਾਕਤ ਵਾਲੀ ਨਦੀਨ ਨਾਸ਼ਕ ਦਵਾਈ 4 ਐਮ. ਐਲ. ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਨਾਲ ਪਨੀਰੀ ਦਾ ਵਾਧਾ ਸਹੀ ਹੁੰਦਾ ਹੈ। ਜਦੋਂ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ। ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ 1 ਫ਼ੀਸਦੀ ਫੈਰਸ ਸਲਫੇਟ (100 ਲੀਟਰ ਪਾਣੀ ਵਿਚ 1 ਕਿੱਲੋ) ਪਾ ਕੇ ਕੱਟ ਵਾਲੀ ਨੋਜ਼ਲ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਜਾਣ ਤਾਂ ਇਹ ਜ਼ਿੰਕ ਦੀ ਘਾਟ ਹੁੰਦੀ ਹੈ। ਇਸ ਨੂੰ ਠੀਕ ਕਰਨ ਲਈ 0.5 ਪ੍ਰਤੀਸ਼ਤ ਜ਼ਿੰਕ ਸਲਫੇਟ ਹੈਪਟਾਹਾਈਡਰੇਟ (ਅੱਧਾ ਕਿੱਲੋ ਜ਼ਿੰਕ 100 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ)। ਝੋਨੇ ਅਤੇ ਬਾਸਮਤੀ ਦੀ ਪਨੀਰੀ ਤਿਆਰ ਕਰਦੇ ਸਮੇਂ ਕੋਈ ਵੀ ਸਮੱਸਿਆ ਆਉਣ 'ਤੇ ਕਿਸਾਨ ਵੀਰਾਂ ਨੂੰ ਨੇੜੇ ਦੇ ਪੀ. ਏ. ਯੂ. ਕੇਂਦਰ (ਫਾਰਮ ਸਲਾਹਕਾਰ ਸੇਵਾ ਕੇਂਦਰ/ਕੇ ਵੀ ਕੇ/ਖੇਤਰੀ ਖੋਜ ਕੇਂਦਰ) ਵਿਚ ਜਾ ਕੇ ਉੱਥੇ ਤਾਇਨਾਤ ਸਾਇੰਸਦਾਨਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਤਕੜੀ ਅਤੇ ਸਿਹਤਮੰਦ ਪਨੀਰੀ ਖੇਤਾਂ ਵਿਚ ਲਾ ਕੇ ਸਹੀ ਦੇਖ-ਰੇਖ ਨਾਲ ਭਰਪੂਰ ਝਾੜ ਲਿਆ ਜਾ ਸਕਦਾ ਹੈ। (ਸਮਾਪਤ)


-ਜ਼ਿਲ੍ਹਾ ਪਸਾਰ ਮਾਹਿਰ (ਸੀਨੀਅਰ ਮੋਸਟ) ਫਾਰਮ ਸਲਾਹਕਾਰ ਸੇਵਾ ਕੇਂਦਰ, ਜੇ.ਜੇ ਫਾਰਮ, ਕਪੂਰਥਲਾ।
ਮੋਬਾਈਲ : 95010-23334

ਬੀਤੇ ਸਮੇਂ ਦੀਆਂ ਯਾਦਾਂ

ਪਿੰਡਾਂ ਦੀਆਂ ਸੁਆਣੀਆਂ ਨੇ ਸੁਵੱਖਤੇ ਜਦੋਂ ਗੁਰਦੁਆਰਾ ਸਾਹਿਬ ਦੇ ਸਪੀਕਰ ਦੀ ਆਵਾਜ਼ ਸੁਣਨੀ ਤੇ ਹੋਰਾਂ ਨੂੰ ਵੀ ਖਾਸ ਕਰਕੇ ਘਰਵਾਲੇ ਨੂੰ ਉਠਾਉਣਾ ਅਖੇ, ਉਠੋ ਗੁਰਦੁਆਰੇ ਬਾਬਾ ਬੋਲ ਪਿਆ। ਉਧਰੋਂ ਚਿੜੀਆਂ ਦੀ ਚੂੰ-ਚੂੰ ਤੇ ਕੁੱਕੜ ਦੀ ਬਾਂਗ ਨੇ ਸਾਰੇ ਪਿੰਡ ਵਾਸੀਆਂ ਨੂੰ ਉਠਣ ਲਈ ਮਜਬੂਰ ਕਰ ਦੇਣਾ। ਔਰਤਾਂ ਨੇ ਇਕੱਠੀਆਂ ਹੋ ਖੂਹਾਂ ਤੋਂ ਪਾਣੀ ਲੈਣ ਜਾਣਾ, ਗਾਗਰਾਂ ਤੇ ਘੜਿਆਂ ਨੂੰ ਸਿਰਾਂ 'ਤੇ ਟਿਕਾ ਕੇ ਬੜੇ ਪਿਆਰ ਨਾਲ ਪਾਣੀ ਲੈ ਕੇ ਆਉਣਾ। ਰਾਤ ਦੇ ਜੂਠੇ ਭਾਂਡੇ ਸੁਵੱਖਤੇ ਚੁੱਲ੍ਹੇ ਦੀ ਸੁਆਹ ਨਾਲ ਸੁਆਣੀਆਂ ਨੇ ਸਾਫ਼ ਕਰਨੇ। ਬੰਦਿਆਂ ਨੇ ਉਠ ਕੇ ਹੱਥ ਵਾਲੇ ਟੋਕੇ ਨਾਲ ਪੱਠੇ ਕੁਤਰਨੇ ਤੇ ਡੰਗਰ ਵੱਛੇ ਦਾ ਕੰਮ ਸਾਂਭ ਲੈਣਾ। ਹੋਰ ਨਿੱਕੇ-ਮੋਟੇ ਘਰ ਦੇ ਕੰਮ ਨਿਬੇੜ ਲੈਣੇ। ਅਜੇ ਲੋਅ ਲੱਗਣੀ ਤੇ ਹਾਲੀਆਂ ਨੇ ਦੋ ਬਲਦਾਂ ਨਾਲ ਹਲ ਗੱਡਾ/ਰੇਹੜੀ ਉਤੇ ਹੋਰ ਸਾਮਾਨ ਰੱਖ ਲੈਣਾ, ਚਾਹ ਪੀ ਕੇ ਘਰੋਂ ਖੂਹਾਂ/ਖੇਤਾਂ ਵੱਲ ਨੂੰ ਚੱਲ ਪੈਣਾ। ਸਾਰਾ-ਸਾਰਾ ਦਿਨ ਹਲ ਵਾਹੁੰਦੇ ਰਹਿਣਾ, ਘਰ ਵਾਲੀ ਨੇ ਰੋਟੀ ਤੇ ਲੱਸੀ ਲੈ ਕੇ ਜਾਣੀ ਤੇ ਕੰਮ ਵਿਚ ਹੱਥ ਵਟਾਉਣਾ। ਸੂਰਜ ਡੁੱਬਣਾ ਤੇ ਉਸੇ ਗੱਡੇ 'ਤੇ ਪੱਠਾ-ਦੱਥਾ ਲੱਦ ਕੇ ਲੈ ਆਉਣਾ। ਇਹ ਸਾਰਾ ਕੁਝ ਪਿੰਡ ਵਾਸੀਆਂ ਦੇ ਹਿੱਸੇ ਆਇਆ ਸੀ। ਹੱਥੀਂ ਮਿਹਨਤ ਕਰਨ ਵਾਲਾ ਬੰਦਾ ਕਦੇ ਬਿਮਾਰ ਨਹੀਂ ਹੁੰਦਾ ਸੀ, ਉਸ ਸਮੇਂ ਵਿਚ ਘਰ ਵਿਚ ਦੁੱਧ, ਦਹੀਂ, ਲੱਸੀ ਆਦਿ ਖੁੱਲ੍ਹਾ ਹੁੰਦਾ ਸੀ। ਖੇਤਾਂ ਵਿਚ ਫ਼ਸਲਾਂ ਵੀ ਆਪ ਹੀ ਵੱਢਣੀਆਂ ਤੇ ਫਿਰ ਤੂੜੀ-ਤੰਦ ਸੰਭਾਲਣ ਨੂੰ ਪਹਿਲ ਦੇਣੀ ਤੇ ਫਿਰ ਮੇਲਿਆਂ ਦਾ ਹਿੱਸਾ ਜਾ ਬਣਨਾ। ਅੱਜ ਹੱਥੀਂ ਕੰਮ ਕਰਨ ਨੂੰ ਪਹਿਲ ਨਹੀਂ ਦਿੱਤੀ ਜਾਂਦੀ, ਹੁਣ ਤਾਂ ਮਸ਼ੀਨਰੀ ਨਾਲ ਜਲਦੀ ਤੋਂ ਜਲਦੀ ਕੰਮ ਨਿਬੇੜ ਲਿਆ ਜਾਂਦਾ ਹੈ। ਉਦੋਂ ਜ਼ਮਾਨੇ ਵੀ ਚੰਗੇ ਸਨ, ਪਿੰਡਾਂ ਦੀਆਂ ਖੁੱਲ੍ਹੀਆਂ ਥਾਵਾਂ 'ਤੇ ਵਿਹਲੇ ਸਮੇਂ ਲੋਕ ਇਕੱਠੇ ਪਿਆਰ ਭਾਵਨਾ ਨਾਲ ਬੈਠਦੇ ਸਨ। ਜਵਾਨ ਕੁੜੀਆਂ ਨੇ ਮਾਂ ਨਾਲ ਕੰਮ ਵਿਚ ਹੱਥ ਵਟਾਉਣਾ, ਚਾਦਰਾਂ ਕੱਢਣੀਆਂ, ਚਾਦਰਾਂ ਉਤੇ ਘੁੱਗੀਆਂ ਤੇ ਮੋਰ ਬਣਾਉਣੇ। ਉਨ੍ਹਾਂ ਸਮਿਆਂ ਵਿਚ ਕਿਸੇ ਦੀ ਧੀ ਜਾਂ ਪੁੱਤ ਦਾ ਵਿਆਹ ਹੋਣਾ, ਪਿੰਡਾਂ ਵਿਚੋਂ ਮੰਜੇ-ਬਿਸਤਰੇ ਦਾ ਮੇਲ ਵਾਸਤੇ ਪ੍ਰਬੰਧ ਕਰਨਾ, ਬਰਾਤ ਨੂੰ ਖੁੱਲ੍ਹੀ ਜਗ੍ਹਾ 'ਤੇ ਬਿਠਾਉਣਾ, ਹਾਸਾ-ਠੱਠਾ ਚੱਲਣਾ, ਕਿਸੇ ਨੇ ਗੁੱਸਾ ਨਾ ਕਰਨਾ, ਪਿੰਡਾਂ ਦੇ ਲੋਕ ਬੜੇ ਪਿਆਰ ਨਾਲ ਰਹਿੰਦੇ ਸੀ। ਪਤਾ ਨਹੀਂ ਉਹ ਗੁਆਚਿਆ ਹੋਇਆ ਸੱਭਿਆਚਾਰ, ਫਿਰ ਕਦੋਂ ਵਾਪਸ ਆਊ।


-ਉਂਕਾਰ ਸਿੰਘ ਘੁੰਮਣ
ਪਿੰਡ ਨਿੱਕੇ ਘੁੰਮਣ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 98880-65893.

ਵਿਰਸੇ ਦੀਆਂ ਬਾਤਾਂ

ਬਿਨ ਪਾਣੀ ਦੱਸੋ ਕਾਹਦੀ ਜ਼ਿੰਦਗੀ

ਦਿਨ ਚੜ੍ਹਦਿਆਂ ਜਦੋਂ ਸੂਰਜ ਅੱਗ ਵਰ੍ਹਾਉਣ ਲੱਗਦਾ ਤਾਂ ਵਾਰ-ਵਾਰ ਪਾਣੀ ਤੇ ਹੋਰ ਠੰਢੀਆਂ ਚੀਜ਼ਾਂ ਨੂੰ ਮੂੰਹ ਲਾਉਣ ਨੂੰ ਜੀਅ ਕਰਦਾ। ਠੰਢਾ-ਠੰਢਾ ਪਾਣੀ ਤਪਦੇ ਅੰਦਰੇ ਨੂੰ ਸ਼ਾਂਤ ਕਰ ਜਾਂਦਾ। ਪਿਛਲੇ ਦਿਨੀਂ ਚੰਡੀਗੜ੍ਹ ਗਿਆ ਤਾਂ ਇਕ ਸੜਕ 'ਤੇ ਪਾਣੀ ਵੇਚਣ ਵਾਲੀ ਗੱਡੀ ਖੜ੍ਹੀ ਦਿਸੀ। ਪਾਣੀ ਦੀ ਬੋਤਲ ਭਰਾਉਣੀ ਹੈ ਤਾਂ ਪੰਜ ਰੁਪਏ ਤੇ ਜੇ ਇਕ ਗਿਲਾਸ ਪਾਣੀ ਪੀਣਾ ਹੈ ਤਾਂ ਦੋ ਰੁਪਏ। ਪਾਣੀ ਸਾਫ਼-ਸੁਥਰਾ ਸੀ। ਪਾਣੀ ਪੀਣ ਮਗਰੋਂ ਮੈਂ ਹੈਰਾਨ ਵੀ ਸਾਂ ਤੇ ਖੁਸ਼ ਵੀ। ਹੈਰਾਨ ਇਸ ਕਰਕੇ ਕਿ ਗਿਲਾਸਾਂ ਵਿਚ ਪਾਣੀ ਵਿਕਣ ਲੱਗਾ ਹੈ ਤੇ ਖੁਸ਼ ਇਸ ਕਰਕੇ ਕਿ ਜਦੋਂ ਆਲੇ-ਦੁਆਲੇ ਪੀਣ ਯੋਗ ਪਾਣੀ ਬਚਿਆ ਹੀ ਨਹੀਂ, ਤਾਂ ਵੀਹ ਰੁਪਿਆਂ ਦੀ ਪਾਣੀ ਦੀ ਬੋਤਲ ਹਰ ਕੋਈ ਨਹੀਂ ਖਰੀਦ ਸਕਦਾ।
ਕੁਦਰਤ ਵਲੋਂ ਮੁਫ਼ਤ ਵਿਚ ਦਿੱਤਾ ਪਾਣੀ ਦਾ ਤੋਹਫ਼ਾ ਕਿਵੇਂ ਪੈਸਿਆਂ ਨਾਲ ਗਿਣਿਆ-ਮਿਣਿਆ ਜਾਣ ਲੱਗਾ, ਇਹਦੇ ਵੱਲ ਜ਼ਰਾ ਝਾਤ ਮਾਰ ਕੇ ਦੇਖੋ। ਪਿੰਡਾਂ ਵਿਚ ਸਾਂਝੀਆਂ ਥਾਵਾਂ, ਪਹੀਆਂ 'ਤੇ ਨਲਕੇ ਲੱਗੇ ਹੁੰਦੇ ਸਨ, ਪਰ ਅੱਜ ਪਾਣੀ ਦੀਆਂ ਬੋਤਲਾਂ ਪਿੰਡਾਂ ਦੀਆਂ ਹੱਟੀਆਂ 'ਤੇ ਵੀ ਪਹੁੰਚ ਗਈਆਂ ਹਨ ਤੇ ਲੋਕ ਮਜਬੂਰੀ ਵਿਚ ਖਰੀਦ ਵੀ ਰਹੇ ਹਨ। ਪਾਣੀ ਬਾਰੇ ਇਕੋ ਰਾਇ ਸੀ ਕਿ ਇਹ ਨਿਰਮਲ ਹੈ, ਪਰ ਹੁਣ ਪਾਣੀ ਦੀਆਂ ਵੀ ਕਿਸਮਾਂ ਬਣ ਗਈਆਂ। ਨਹਾਉਣ ਵਾਲਾ ਪਾਣੀ, ਪੀਣ ਵਾਲਾ ਪਾਣੀ ਤੇ ਪੀਣ ਵਾਲਾ ਸਾਫ਼ ਪਾਣੀ। ਇਹ ਸਭ ਕਿਉਂ ਹੋਇਆ, ਕੀਹਨੇ ਕੀਤਾ, ਕਿਸੇ ਨੂੰ ਸਵਾਲ ਕਰਨ ਦੀ ਲੋੜ ਨਹੀਂ, ਖ਼ੁਦ ਨੂੰ ਪੁੱਛਣ ਦੀ ਜ਼ਰੂਰਤ ਹੈ।
ਇਸ ਤਸਵੀਰ ਨੂੰ ਦੇਖ ਮਨ ਵਿਚ ਕਿੰਨੇ ਵਿਚਾਰ ਉਮੜੇ ਹਨ। ਟੂਟੀ 'ਤੇ ਬੈਠਾ ਇਹ ਪੰਛੀ ਪਾਣੀ ਦੇ ਤੁਪਕੇ ਦੀ ਉਡੀਕ ਕਰ ਰਿਹਾ ਹੈ। ਇਹ ਜਾਣਦਾ ਹੈ ਕਿ ਪਾਣੀ ਬਿਨਾਂ ਜੀਵਨ ਨਹੀਂ। ਪਾਣੀ ਨਾ ਮਿਲਿਆ ਤਾਂ ਜਿਊਣਾ ਔਖਾ ਹੋਵੇਗਾ। ਪਾਣੀ ਇਸ ਲਈ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਸਾਡੇ ਲਈ। ਪਰ ਅਸੀਂ ਪਾਣੀ ਦੀ ਫ਼ਿਕਰ ਨਹੀਂ ਕਰਦੇ। ਪਾਣੀ ਦੇ ਸੋਮੇ ਖ਼ਤਮ ਕਰ ਦਿੱਤੇ।
ਆਮ ਧਾਰਨਾ ਹੈ ਕਿ ਮਨੁੱਖ ਬੇਸ਼ੱਕ ਹੋਰ ਕਿਸੇ ਲਈ ਨਾ ਸੋਚੇ, ਆਪਣੇ ਲਈ ਜ਼ਰੂਰ ਸੋਚਦਾ ਹੈ, ਜਦਕਿ ਕੁਦਰਤੀ ਸੋਮਿਆਂ ਦੇ ਮਾਮਲੇ ਵਿਚ ਅਸੀਂ ਨਾ ਆਪਣੇ ਲਈ ਸੋਚ ਰਹੇ ਹਾਂ, ਨਾ ਆਉਣ ਵਾਲੀਆਂ ਪੀੜ੍ਹੀਆਂ ਲਈ।
ਸੋਚ ਕੇ ਦੇਖੋ, ਜੇ ਪਾਣੀ ਨਾ ਹੋਵੇ ਤਾਂ ਜ਼ਿੰਦਗੀ ਕਿੰਨਾ ਕੁ ਚਿਰ ਚੱਲੇ। ਪਿਆਸ ਬੁਝਾਉਣ ਦੀ ਕੀ ਤਰਕੀਬ ਹੋਵੇਗੀ। ਸ਼ਾਇਦ, ਕੋਈ ਵੀ ਨਹੀਂ। ਸੋ ਆਓ, ਮਨੁੱਖ ਬਣੀਏ। ਸਿਰਫ਼ ਕਹਿਣ ਨੂੰ ਮਨੁੱਖ ਨਹੀਂ, ਸੰਵੇਦਨਸ਼ੀਲ ਮਨੁੱਖ। ਉਹ ਕੰਮ ਕਰੀਏ, ਜਿਹੜੇ ਮਨੁੱਖ ਕੋਲੋਂ ਸ਼ੋਭਦੇ ਹਨ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX