ਤਾਜਾ ਖ਼ਬਰਾਂ


ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  29 minutes ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 minute ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  about 1 hour ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  about 2 hours ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  about 3 hours ago
ਚੰਡੀਗੜ੍ਹ, 18 ਜਨਵਰੀ (ਹਰਕਵਲਜੀਤ ਸਿੰਘ) - ਪਿਛਲੇ ਦਿਨੀਂ ਆਪਣੀ ਹੀ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਸ਼ਿਆਂ ਦੇ ਮਾਮਲੇ 'ਚ ਸਵਾਲ ਚੁੱਕਣ ਸਮੇਤ ਪੁਲਿਸ ਦੀ ਸੀਨੀਅਰ ਅਫ਼ਸਰਸ਼ਾਹੀ 'ਤੇ ਗੰਭੀਰ ਦੋਸ਼ ਲਗਾਉਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ...
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਫ਼ੌਜ ਵਿਚ ਖ਼ਰਾਬ ਭੋਜਨ ਦੀ ਵੀਡੀਓ ਬਣਾ ਕੇ ਸ਼ਿਕਾਇਤ ਕਰਨ ਵਾਲੇ ਬੀ.ਐਸ.ਐਫ. ਜਵਾਨ ਤੇਜ਼ ਬਹਾਦੁਰ ਯਾਦਵ ਦੇ ਬੇਟੇ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਤੇਜ ਬਹਾਦੁਰ ਦੇ 22 ਸਾਲ ਦੇ ਬੇਟੇ ਰੋਹਿਤ ਰੇਵਾੜੀ ਦੇ ਸ਼ਾਂਤੀ ਵਿਹਾਰ ਰਿਹਾਇਸ਼ 'ਤੇ...
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਜੰਮੂ ਕਸ਼ਮੀਰ ਦੇ ਲਦਾਖ ਸਥਿਤ ਖਾਰਡੁੰਗ ਲਾ 'ਚ ਅੱਜ ਸਵੇਰੇ ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 10 ਲੋਕ ਫਸ ਗਏ ਸਨ। ਜਿਨ੍ਹਾਂ ਵਿਚੋਂ 5 ਲੋਕਾਂ ਦੀ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਪੰਜ ਲੋਕ...
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  about 4 hours ago
ਨਵੀਂ ਦਿੱਲੀ, 18 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  about 4 hours ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  about 4 hours ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਹੋਰ ਖ਼ਬਰਾਂ..

ਸਾਡੀ ਸਿਹਤ

ਭਾਰੂ ਨਾ ਹੋਣ ਦਿਓ ਬੱਚੇ 'ਤੇ ਮੋਟਾਪਾ* ਬੱਚਿਆਂ ਨੂੰ ਸਵੇਰ ਦਾ ਨਾਸ਼ਤਾ ਜ਼ਰੂਰ ਦਿਓ।

* ਟਿਫਿਨ ਵਿਚ ਬੱਚਿਆਂ ਨੂੰ ਬਿਸਕੁਟ, ਚਿਪਸ, ਮੈਦਾ ਬ੍ਰੈੱਡ ਨਾ ਦਿਓ।
* ਬੱਚਿਆਂ ਨੂੰ ਤਿੰਨ ਮੁੱਖ ਆਹਾਰ ਦਿਓ। ਭੋਜਨ ਦਿੰਦੇ ਸਮੇਂ ਧਿਆਨ ਰੱਖੋ ਕਿ ਭੋਜਨ ਛੋਟੀ ਪਲੇਟ ਵਿਚ ਪਾ ਕੇ ਦਿਓ।
* ਘਰ ਵਿਚ ਬਣੇ ਹੋਏ ਭੋਜਨ ਦਾ ਸਵਾਦ ਬੱਚਿਆਂ ਵਿਚ ਪੈਦਾ ਕਰੋ।
* ਬ੍ਰੈੱਡ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜੇ ਬ੍ਰੈੱਡ ਖਾਣੀ ਹੈ ਤਾਂ ਸੰਪੂਰਨ ਆਟੇ ਵਾਲੀ ਬ੍ਰੈੱਡ ਵਰਤੋਂ ਵਿਚ ਲਿਆਓ।
* ਪਹਿਲਾਂ ਪਲੇਟ ਵਿਚ ਭੋਜਨ ਦੀ ਮਾਤਰਾ ਜ਼ਿਆਦਾ ਨਾ ਪਾਓ। ਘੱਟ ਹੋਣ 'ਤੇ ਬੱਚੇ ਨੂੰ ਹੋਰ ਖਾਣ ਨੂੰ ਦਿਓ।
* ਨਾਸ਼ਤੇ ਵਿਚ ਦਲੀਆ, ਉਪਮਾ, ਪੋਹਾ, ਭਰਵਾਂ ਪਰਾਊਂਠਾ ਬੱਚਿਆਂ ਲਈ ਵਧੀਆ ਆਹਾਰ ਹੈ। ਇਨ੍ਹਾਂ ਸਭ ਨਾਲ ਪੇਟ ਵੀ ਭਰਦਾ ਹੈ ਅਤੇ ਬੱਚਿਆਂ ਨੂੰ ਕੁਝ ਸਬਜ਼ੀਆਂ ਵੀ ਮਿਲ ਜਾਂਦੀਆਂ ਹਨ। ਪੇਟ ਭਰਿਆ ਹੋਣ 'ਤੇ ਬੱਚੇ ਵਾਰ-ਵਾਰ ਖਾਣ ਦੀ ਮੰਗ ਨਹੀਂ ਕਰਨਗੇ।
* ਜ਼ਿਆਦਾ ਤਲੇ ਅਤੇ ਮਸਾਲੇ ਵਾਲੇ ਭੋਜਨ ਦੀ ਆਦਤ ਨਾ ਪਾਓ।
* ਵਿਚਾਲੇ ਭੁੱਖ ਲੱਗਣ 'ਤੇ ਤਾਜ਼ੇ ਫਲ ਅਤੇ ਸਲਾਦ ਖਾਣ ਦੀ ਆਦਤ ਪਾਓ।
* ਦਿਨ ਦੇ ਭੋਜਨ ਵਿਚ ਦਾਲ, ਹਰੀ ਸਬਜ਼ੀ ਅਤੇ ਦਹੀਂ ਚੋਕਰਯੁਕਤ ਰੋਟੀ ਨਾਲ ਜਾਂ ਉਬਲੇ ਚੌਲਾਂ ਨਾਲ ਦਿਓ।
* ਠੰਢੇ ਪੀਣ ਵਾਲੇ ਪਦਾਰਥ ਘਰ ਵਿਚ ਨਾ ਰੱਖੋ। ਨਿੰਬੂ ਪਾਣੀ ਅਤੇ ਸ਼ਿਕੰਜਵੀ ਪੀਣ ਦੀ ਆਦਤ ਪਾਓ।
* ਸਲਾਦ ਵਿਚ ਹਰੀਆਂ ਸਬਜ਼ੀਆਂ ਤੋਂ ਇਲਾਵਾ ਪੁੰਗਰੇ ਸਲਾਦ, ਨਿੰਬੂ, ਕਾਲਾ ਨਮਕ, ਕਾਲੀ ਮਿਰਚ ਮਿਲਾ ਕੇ ਦਿਓ।
* ਟੀ. ਵੀ. ਜ਼ਿਆਦਾ ਨਾ ਆਪ ਦੇਖੋ, ਨਾ ਬੱਚਿਆਂ ਨੂੰ ਦੇਖਣ ਦਿਓ।
* ਸਮਾਂ ਤੈਅ ਕਰਕੇ ਬੱਚਿਆਂ ਨੂੰ ਖੇਡਣ ਜਾਂ ਹੋਰ ਸਰੀਰਕ ਸਰਗਰਮੀਆਂ ਲਈ ਉਤਸ਼ਾਹਤ ਕਰੋ।
* ਲੰਮੇ ਪੈ ਕੇ ਕਿਤਾਬ ਪੜ੍ਹਨ ਦੀ ਆਦਤ ਨੂੰ ਨਾ ਪਨਪਣ ਦਿਓ।
* ਖਾਂਦੇ ਸਮੇਂ ਨਾ ਟੋਕੋ ਤੇ ਬਾਅਦ ਵਿਚ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਭੋਜਨ ਬਾਰੇ ਦੱਸੋ।
* ਕਿਸੇ ਖਾਣੇ ਵਾਲੀ ਚੀਜ਼ ਲਈ ਤਰਸਾਓ ਨਾ, ਘੱਟ ਮਾਤਰਾ ਵਿਚ ਖਾਣ ਨੂੰ ਦਿਓ।
* ਹੌਲੀ-ਹੌਲੀ ਚਬਾ ਕੇ ਖਾਣ ਦੀ ਆਦਤ ਪਾਓ।
* ਘਰ ਵਿਚ ਡੱਬਾਬੰਦ ਅਤੇ ਫਾਸਟ ਫੂਡ ਘੱਟ ਤੋਂ ਘੱਟ ਲਿਆਓ। ਕਦੇ-ਕਦੇ ਬੱਚਿਆਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਫਾਸਟ ਫੂਡ ਖਾਣ ਨੂੰ ਦਿਓ।


ਖ਼ਬਰ ਸ਼ੇਅਰ ਕਰੋ

ਬੁਢਾਪੇ ਵਿਚ ਇਕੱਲੇਪਨ ਤੋਂ ਬਚੋ

ਸੇਵਾਮੁਕਤ ਹੁੰਦੇ ਹੀ ਵਿਅਕਤੀ ਨੂੰ ਲਗਦਾ ਹੈ ਜਿਵੇਂ ਸਭ ਕੁਝ ਰੁਕ ਗਿਆ, ਸਭ ਕੁਝ ਖੜ੍ਹਾ ਹੋ ਗਿਆ ਪਰ ਅਜਿਹਾ ਨਹੀਂ ਹੈ। ਬੁਢਾਪਾ ਵੀ ਉਮਰ ਦੇ ਦੂਜੇ ਦੌਰਾਂ ਦੀ ਤਰ੍ਹਾਂ ਇਕ ਦੌਰ ਹੈ, ਜਿਸ ਦਾ ਸਾਹਮਣਾ ਹਰ ਵਿਅਕਤੀ ਨੂੰ ਕਰਨਾ ਪੈਂਦਾ ਹੈ। ਕੁਝ ਵਿਅਕਤੀ ਬੁਢਾਪੇ ਵਿਚ ਵੀ ਉਮਰ ਦੇ ਹੋਰ ਦੌਰਾਂ ਵਾਂਗ ਅਨੰਦ ਮਾਣਦੇ ਹਨ ਪਰ ਕੁਝ ਇਸ ਨੂੰ ਬੋਝ ਸਮਝਦੇ ਹੋਏ ਆਪਣੇ ਇਕੱਲੇਪਨ ਵਿਚ ਘੁਟਦੇ ਰਹਿੰਦੇ ਹਨ।
ਉਮਰ ਵਧਣ ਦਾ ਅਰਥ ਖਾਲੀਪਨ ਅਤੇ ਬੇਕਾਰ ਹੋਣਾ ਨਹੀਂ, ਸਗੋਂ ਕੁਝ ਅਜਿਹਾ ਕਰਨ ਦਾ ਸਮਾਂ ਹੈ, ਜਦੋਂ ਤੁਸੀਂ ਜ਼ਿੰਮੇਵਾਰੀ ਤੋਂ ਮੁਕਤ ਹੋ ਅਤੇ ਤੁਹਾਡੇ ਕੋਲ ਸਮੇਂ ਦੀ ਕੋਈ ਕਮੀ ਨਹੀਂ। ਤੁਹਾਡੇ ਮਨ ਵਿਚ ਜੋ ਚਾਹੇ, ਆਵੇ, ਤੁਸੀਂ ਕਰ ਸਕਦੇ ਹੋ। ਆਓ, ਜਾਣੀਏ ਉਮਰ ਦੇ ਇਸ ਦੌਰ ਨੂੰ ਖਾਲੀਪਨ ਤੋਂ ਬਚਾਉਣ ਲਈ ਤੁਸੀਂ ਕੀ ਕਰ ਸਕਦੇ ਹੋ-
* ਸਮਾਜਿਕ ਬਣੋ। ਪਹਿਲਾਂ ਤੋਂ ਆਪਣੇ ਕੋਲ ਸਮਾਜਿਕ ਗਤੀਵਿਧੀਆਂ ਲਈ ਸਮਾਂ ਨਹੀਂ ਸੀ ਪਰ ਹੁਣ ਤੁਸੀਂ ਆਪਣੇ ਦੋਸਤਾਂ ਦੀ ਗਿਣਤੀ ਨੂੰ ਵਧਾਓ। ਕਿਸੇ ਸਮਾਜਿਕ ਸੰਸਥਾ ਦੇ ਮੈਂਬਰ ਬਣ ਕੇ ਸੇਵਾ ਵਾਲੇ ਕੰਮ ਕਰੋ।
* ਸੇਵਾਮੁਕਤ ਹੋਣ ਤੋਂ ਬਾਅਦ ਵੀ ਤੁਸੀਂ ਕੋਈ ਪਾਰਟ ਟਾਈਮ ਨੌਕਰੀ ਕਰ ਸਕਦੇ ਹੋ। ਟਿਊਸ਼ਨ, ਅਕਾਊਂਟਸ ਆਦਿ ਪਾਰਟ ਟਾਈਮ ਕੰਮ ਕਰਕੇ ਤੁਸੀਂ ਰੁੱਝੇ ਵੀ ਰਹੋਗੇ ਅਤੇ ਤੁਹਾਡੀ ਆਮਦਨ ਦਾ ਜ਼ਰੀਆ ਵੀ ਬਣਿਆ ਰਹੇਗਾ।
* ਤੁਹਾਡੇ ਕੋਲ ਹੱਥ ਦਾ ਹੁਨਰ ਹੈ ਤਾਂ ਤੁਸੀਂ ਆਪਣਾ ਛੋਟਾ-ਮੋਟਾ ਕੰਮ ਸ਼ੁਰੂ ਕਰ ਸਕਦੇ ਹੋ।
* ਘਰ ਦੇ ਕੰਮਾਂ ਵਿਚ ਮਦਦ ਕਰੋ। ਬੱਚਿਆਂ ਨੂੰ ਸਕੂਲ ਛੱਡਣ, ਬੈਂਕ ਦੇ ਕੰਮ, ਜੋ ਵੀ ਕੰਮ ਤੁਹਾਨੂੰ ਸੌਖਾ ਲੱਗੇ, ਉਸ ਨੂੰ ਕਰਕੇ ਆਪਣੇ-ਆਪ ਨੂੰ ਰੁੱਝੇ ਰੱਖਣ ਦੀ ਕੋਸ਼ਿਸ਼ ਕਰੋ।
* ਤੁਹਾਡੇ ਬੁਢਾਪੇ ਵਿਚ ਪਹੁੰਚਦੇ-ਪਹੁੰਚਦੇ ਤੁਹਾਡੇ ਬੱਚੇ ਜਵਾਨ ਹੋ ਚੁੱਕੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਜਿਥੇ ਆਪਣੇ ਲਈ ਵੀ ਸਮਾਂ ਕੱਢਣਾ ਮੁਸ਼ਕਿਲ ਹੁੰਦਾ ਹੈ, ਉਥੇ ਉਨ੍ਹਾਂ ਤੋਂ ਜ਼ਿਆਦਾ ਆਸ ਰੱਖ ਕੇ ਨਾ ਚੱਲੋ ਕਿ ਉਹ ਤੁਹਾਡੇ ਟਾਈਮ ਪਾਸ ਲਈ ਸਮਾਂ ਕੱਢ ਸਕਣਗੇ। ਜੇ ਤੁਸੀਂ ਉਨ੍ਹਾਂ ਤੋਂ ਘੱਟ ਆਸ ਰੱਖੋਗੇ ਤਾਂ ਆਪ ਵੀ ਖੁਸ਼ ਰਹੋਗੇ ਤੇ ਤੁਹਾਡੇ ਪਰਿਵਾਰ ਵਾਲੇ ਵੀ ਖੁਸ਼ ਰਹਿਣਗੇ।
* ਜਦੋਂ ਵਿਅਕਤੀ ਖਾਲੀ ਹੁੰਦਾ ਹੈ ਤਾਂ ਉਹ ਦੂਜੇ ਦੇ ਕੰਮਾਂ ਵਿਚ ਜ਼ਿਆਦਾ ਟੋਕਾ-ਟਾਕੀ ਕਰਦਾ ਹੈ। ਅਕਸਰ ਪਰਿਵਾਰਾਂ ਵਿਚ ਇਹ ਲੜਾਈ ਦੀ ਵਜ੍ਹਾ ਦੇਖੀ ਗਈ ਹੈ। ਇਸ ਲਈ ਪਰਿਵਾਰ ਵਿਚ ਦਖਲਅੰਦਾਜ਼ੀ ਘੱਟ ਕਰੋ ਅਤੇ ਹਰ ਕਿਸੇ ਨੂੰ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਨਾ ਕਰੋ।
* ਨਵੇਂ ਸ਼ੌਕ ਅਪਣਾਓ ਜਾਂ ਆਪਣੇ ਪੁਰਾਣੇ ਸ਼ੌਕਾਂ ਨੂੰ ਦੁਬਾਰਾ ਜਗਾਓ। ਸੰਗੀਤ ਸੁਣਨਾ, ਬਾਗਬਾਨੀ ਕਰਨਾ, ਅਖ਼ਬਾਰਾਂ ਪੜ੍ਹਨਾ, ਟੀ. ਵੀ. ਦੇਖਣਾ ਜੋ ਵੀ ਚੰਗਾ ਲੱਗੇ, ਕਰੋ।
* ਜੇ ਤੁਸੀਂ ਧਾਰਮਿਕ ਹੋ ਤਾਂ ਨਿਯਮਤ ਧਾਰਮਿਕ ਸਥਾਨ 'ਤੇ ਜਾਣ ਦਾ ਨਿਯਮ ਬਣਾਓ।
* ਕਿਸੇ ਵੀ ਗੱਲ ਨੂੰ ਗੰਭੀਰਤਾ ਨਾਲ ਲਓ ਪਰ ਤਣਾਅ ਨਾ ਪਾਲੋ। ਇਸ ਨਾਲ ਤੁਹਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ 'ਤੇ ਮਾੜਾ ਪ੍ਰਭਾਵ ਪਵੇਗਾ।
**

ਛੋਟੀਆਂ ਪਰ ਵੱਡੀਆਂ ਗੱਲਾਂ

* ਭੁੱਖ ਲੱਗਣ 'ਤੇ ਹੀ ਭੋਜਨ ਕਰੋ।
* ਤੰਦਰੁਸਤ ਰਹਿਣ ਲਈ ਆਪਣੇ ਖਾਣ-ਪੀਣ 'ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ।
* ਸਵਾਦ ਵਿਚ ਕਦੇ ਲੋਭੀ ਨਾ ਬਣੋ। ਜ਼ਿਆਦਾ ਭੋਜਨ ਅਪਚ ਅਤੇ ਅਜੀਰਣ ਨੂੰ ਜਨਮ ਦਿੰਦਾ ਹੈ।
* ਭੋਜਨ ਖਾਣ ਤੋਂ ਪਹਿਲਾਂ ਥੋੜ੍ਹੇ ਅਦਰਕ 'ਤੇ ਥੋੜ੍ਹਾ ਸੇਂਧਾ ਨਮਕ ਪਾ ਕੇ ਖਾਣ ਨਾਲ ਭੋਜਨ ਅਸਾਨੀ ਨਾਲ ਹਜ਼ਮ ਹੁੰਦਾ ਹੈ। ਇਸ ਦਾ ਸੇਵਨ ਤਿੰਨ ਹਫ਼ਤੇ ਤੋਂ ਜ਼ਿਆਦਾ ਨਾ ਕਰੋ।
* ਘਿਓ, ਮੱਖਣ, ਤੇਜ਼ ਮਸਾਲੇ, ਮਲਾਈ ਵਾਲੇ ਦੁੱਧ ਦਾ ਸੇਵਨ ਦਿਲ ਦੇ ਰੋਗੀਆਂ ਲਈ ਬਹੁਤ ਹਾਨੀਕਾਰਕ ਹੁੰਦਾ ਹੈ।
* ਰਾਤ ਦਾ ਭੋਜਨ ਰਾਤ 8 ਵਜੇ ਤੱਕ ਜ਼ਰੂਰ ਕਰ ਲੈਣਾ ਚਾਹੀਦਾ ਹੈ।
* ਸਵੇਰੇ ਛੇਤੀ ਉੱਠਣਾ, ਪਖਾਨਾ ਸਮੇਂ ਸਿਰ ਜਾਣਾ, ਇਸ਼ਨਾਨ ਕਰਨਾ, ਸਮੇਂ 'ਤੇ ਭੋਜਨ ਕਰਨਾ ਅਤੇ ਸਮੇਂ 'ਤੇ ਸੌਣਾ ਚੰਗੀ ਸਿਹਤ ਦੇ ਮੂਲ ਮੰਤਰ ਹਨ।
* ਤਾਜ਼ੇ ਪਾਣੀ ਨਾਲ ਚਿਹਰਾ, ਅੱਖਾਂ ਅਤੇ ਇਸ਼ਨਾਨ ਕਰਨਾ ਸਿਹਤ ਲਈ ਲਾਭਦਾਇਕ ਹੈ।
* ਹੱਥ ਧੋਏ ਬਿਨਾਂ ਭੋਜਨ ਨਾ ਕਰੋ। ਪਾਣੀ ਪੀਂਦੇ ਸਮੇਂ ਪਾਣੀ ਦੇਖ ਕੇ ਪੀਓ।
* ਖਾਂਦੇ ਸਮੇਂ ਅਤੇ ਸੌਣ ਸਮੇਂ ਮਨ ਨੂੰ ਇਕਾਗਰ ਰੱਖੋ।
* ਲੋੜ ਤੋਂ ਵੱਧ ਮਿਹਨਤ ਨਾ ਕਰੋ।
* ਰੋਗ ਨੂੰ ਸਾਧਾਰਨ ਸਮਝ ਕੇ ਨਾ ਟਾਲੋ।
* ਨਹਾਉਂਦੇ ਸਮੇਂ ਪਹਿਲਾਂ ਪੈਰਾਂ 'ਤੇ ਪਾਣੀ ਪਾਓ, ਫਿਰ ਉੱਪਰੋਂ ਦੀ ਸਰੀਰ 'ਤੇ ਪਾਣੀ ਪਾਓ।

-ਨੀਤੂ ਗੁਪਤਾ

ਗਰਮੀ ਵਿਚ ਜਦੋਂ ਫੁੱਟੇ ਨਕਸੀਰ

ਗਰਮੀ ਦੇ ਦਿਨਾਂ ਵਿਚ ਅਕਸਰ ਨੱਕ ਵਿਚੋਂ ਖੂਨ ਵਗਣ ਲਗਦਾ ਹੈ। ਖੂਨ ਵਗਣ ਦੀ ਸਥਿਤੀ ਨੂੰ ਨਕਸੀਰ ਫੁੱਟਣਾ ਵੀ ਕਿਹਾ ਜਾਂਦਾ ਹੈ। ਕਈ ਵਾਰ ਵਗਣ ਵਾਲੇ ਖੂਨ ਦੀ ਮਾਤਰਾ ਨੂੰ ਦੇਖ ਕੇ ਆਮ ਆਦਮੀ ਘਬਰਾ ਜਾਂਦਾ ਹੈ ਕਿ ਅਜਿਹੇ ਵਿਚ ਕੀ ਕਰੀਏ? ਨਕਸੀਰ ਫੁੱਟਣ 'ਤੇ ਪ੍ਰਾਥਮਿਕ ਇਲਾਜ ਕਰਕੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਆਓ, ਅਸੀਂ ਨਕਸੀਰ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੀਏ-
ਨੱਕ ਵਿਚੋਂ ਖੂਨ ਵਗਣ ਦਾ ਇਕ ਪ੍ਰਮੁੱਖ ਕਾਰਨ ਨੱਕ ਵਿਚ ਉਂਗਲੀ ਨਾਲ ਕੁਰੇਦਣਾ ਵੀ ਹੁੰਦਾ ਹੈ। ਬਹੁਤ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਨੱਕ ਵਿਚ ਜੰਮੇ ਸ੍ਰਾਵ ਨੂੰ ਉਂਗਲੀ ਨਾਲ ਖੁਰਚ ਕੇ ਕੱਢਣਾ ਚਾਹੁੰਦੇ ਹਨ। ਅਜਿਹੇ ਵਿਚ ਜੇ ਨਹੁੰ ਵੱਡੇ ਹੋਣ ਅਤੇ ਨੱਕ ਦੀ ਅੰਦਰੂਨੀ ਨਰਮ ਪਰਤ ਵਿਚ ਚੋਟ ਜਾਂ ਖਰੋਚ ਲੱਗ ਜਾਵੇ ਤਾਂ ਨੱਕ ਵਿਚੋਂ ਖੂਨ ਵਗਣ ਲਗਦਾ ਹੈ।
ਨੱਕ ਦੇ ਅੰਦਰ ਕਿਸੇ ਤਰ੍ਹਾਂ ਦੇ ਸੰਕ੍ਰਮਣ ਹੋ ਜਾਣ ਦੀ ਹਾਲਤ ਵਿਚ ਜਵਰ, ਨੱਕ ਵਿਚੋਂ ਪਾਣੀ ਵਗਣਾ ਅਤੇ ਮੂੰਹ ਵਿਚੋਂ ਬਦਬੂ ਆਉਣ ਦੇ ਨਾਲ-ਨਾਲ ਖੂਨ ਵੀ ਨਿਕਲਣ ਲਗਦਾ ਹੈ। ਨੱਕ ਦੀ ਚਮੜੀ ਵਿਚ ਕਿਸੇ ਤਰ੍ਹਾਂ ਦੀ ਅਲਰਜੀ ਹੋ ਜਾਵੇ ਤਾਂ ਉਸ ਦਾ ਸ੍ਰਾਵ ਨੱਕ ਵਿਚ ਸੁੱਕ ਜਾਂਦਾ ਹੈ ਅਤੇ ਉਥੇ ਪਪੜੀ ਜੰਮ ਜਾਂਦੀ ਹੈ। ਇਹ ਪੇਪੜੀ ਜਦੋਂ ਅਲੱਗ ਹੁੰਦੀ ਹੈ ਤਾਂ ਨੱਕ ਵਿਚੋਂ ਖੂਨ ਵਗਣ ਲਗਦਾ ਹੈ।
ਉੱਚ ਖੂਨ ਦਬਾਅ ਦੇ ਮਰੀਜ਼ਾਂ ਵਿਚ ਵੀ ਨਕਸੀਰ ਫੁੱਟਣ ਲਗਦੀ ਹੈ। ਨੱਕ ਵਿਚ ਕਿਸੇ ਤਰ੍ਹਾਂ ਦਾ ਟਿਊਮਰ ਜਾਂ ਗੰਢ ਵੀ ਖੂਨ ਵਗਣ ਦਾ ਜਨਮਦਾਤਾ ਹੋ ਸਕਦਾ ਹੈ। ਅਜਿਹੇ ਵਿਚ ਸਾਹ ਲੈਣ ਵਿਚ ਤਕਲੀਫ ਦਾ ਹੋਣਾ, ਨੱਕ ਵਿਚੋਂ ਪਾਣੀ ਆਉਣਾ ਅਤੇ ਨੱਕ ਵਿਚ ਦਰਦ ਵਰਗੇ ਲੱਛਣ ਅਕਸਰ ਦਿਖਾਈ ਦਿੰਦੇ ਰਹਿੰਦੇ ਹਨ। ਨੱਕ ਵਿਚ ਕਿਸੇ ਤਰ੍ਹਾਂ ਦੀ ਸੱਟ ਲੱਗ ਜਾਣ ਜਾਂ ਕਈ ਵਾਰ ਬੱਚਿਆਂ ਵਿਚ ਜਾਂ ਲਾਪ੍ਰਵਾਹੀ ਕਾਰਨ ਵੱਡਿਆਂ ਵਿਚ ਨੱਕ ਦੇ ਅੰਦਰ ਨੁਕੀਲੀ ਚੀਜ਼, ਅਨਾਜ ਦੇ ਦਾਣੇ, ਕਲਮ ਆਦਿ ਦੀਆਂ ਖਰੋਚਾਂ ਨਾਲ ਵੀ ਨੱਕ ਵਿਚੋਂ ਖੂਨ ਵਗਣ ਲਗਦਾ ਹੈ।
ਸਮੁੰਦਰ ਤਲ ਤੋਂ ਬਹੁਤ ਉੱਚਾਈ ਵਾਲੇ ਸਥਾਨ 'ਤੇ ਵੀ ਨਕਸੀਰ ਫੁੱਟ ਸਕਦੀ ਹੈ। ਇਹ ਧਮਨੀਆਂ 'ਤੇ ਜ਼ਿਆਦਾ ਦਬਾਅ ਪੈਣ ਦੀ ਵਜ੍ਹਾ ਨਾਲ ਹੁੰਦਾ ਹੈ। ਰੁਮੇਟਿਕ ਫੀਵਰ ਜਿਸ ਵਿਚ ਬੁਖਾਰ ਦੇ ਨਾਲ-ਨਾਲ ਜੋੜਾਂ ਵਿਚ ਦਰਦ, ਸਰੀਰ 'ਤੇ ਲਾਲ ਦਾਣੇ ਉੱਭਰ ਆਉਂਦੇ ਹਨ, ਨਾਲ ਵੀ ਨਕਸੀਰ ਫੁੱਟ ਸਕਦੀ ਹੈ। ਕੁਝ ਵਿਅਕਤੀਆਂ ਵਿਚ ਖੂਨ ਕੋਸ਼ਿਕਾ ਦੇ ਵਿਕ੍ਰਤ ਹੋਣ 'ਤੇ ਖੂਨ ਜੰਮਣ ਦੀ ਕਿਰਿਆ ਦੇਰੀ ਨਾਲ ਹੁੰਦੀ ਹੈ ਜਾਂ ਬਿਲਕੁਲ ਨਹੀਂ ਹੁੰਦੀ। ਉਨ੍ਹਾਂ ਨੂੰ ਵੀ ਕਈ ਵਾਰ ਇਸ ਬਿਮਾਰੀ ਨਾਲ ਦੋ-ਚਾਰ ਹੋਣਾ ਪੈਂਦਾ ਹੈ।
ਨੱਕ ਵਿਚੋਂ ਵਗਣ ਵਾਲੇ ਖੂਨ ਦੀ ਮਾਤਰਾ ਘੱਟ ਜਾਂ ਵੱਧ ਵੀ ਹੋ ਸਕਦੀ ਹੈ। ਕੁਝ ਬੂੰਦਾਂ ਤੋਂ ਲੈ ਕੇ ਇਕ ਲਿਟਰ ਤੋਂ ਜ਼ਿਆਦਾ ਮਾਤਰਾ ਵਿਚ ਖੂਨ ਵਗਦਾ ਦੇਖਿਆ ਗਿਆ ਹੈ। ਆਮ ਤੌਰ 'ਤੇ ਖੂਨ ਬਹੁਤ ਘੱਟ ਵਗਦਾ ਹੈ ਜਾਂ ਤਾਂ ਨੱਕ ਵਿਚੋਂ ਕੁਝ ਬੂੰਦਾਂ ਖੂਨ ਦੀਆਂ ਟਪਕਦੀਆਂ ਹਨ ਜਾਂ ਨੱਕ ਵਿਚ ਖੂਨ ਦਾ ਥੱਕਾ ਜੰਮਿਆ ਦਿਖਾਈ ਦਿੰਦਾ ਹੈ ਪਰ ਇਸ ਨੂੰ ਮਾਮੂਲੀ ਸਮਝ ਕੇ ਇਸ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ।
ਖਾਸ ਕਰਕੇ ਬੱਚਿਆਂ ਵਿਚ ਅਜਿਹੀ ਹਾਲਤ ਵਿਚ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਸਮੇਂ ਸਿਰ ਠੀਕ ਇਲਾਜ ਕਰਾਇਆ ਜਾ ਸਕੇ। ਜਦੋਂ ਖੂਨ ਜ਼ਿਆਦਾ ਨਿਕਲਦਾ ਹੈ ਤਾਂ ਉਸ ਦਾ ਕੁਝ ਹਿੱਸਾ ਗਲੇ ਵਿਚੋਂ ਹੋ ਕੇ ਪੇਟ ਵਿਚ ਚਲਾ ਜਾਂਦਾ ਹੈ। ਇਹ ਖੂਨ ਪੇਟ ਦੀ ਅੰਦਰੂਨੀ ਦੀਵਾਰ ਵਿਚ ਪੇਟ ਸੋਜ ਪੈਦਾ ਕਰ ਦਿੰਦਾ ਹੈ, ਜਿਸ ਨਾਲ ਮਰੀਜ਼ ਨੂੰ ਖੂਨ ਦੀਆਂ ਉਲਟੀਆਂ ਵੀ ਆ ਸਕਦੀਆਂ ਹਨ।
ਨੱਕ ਵਿਚੋਂ ਵਗਣ ਵਾਲੇ ਖੂਨ ਦੀ, ਚਾਹੇ ਉਹ ਘੱਟ ਮਾਤਰਾ ਵਿਚ ਹੀ ਕਿਉਂ ਨਾ ਹੋਵੇ, ਅਣਦੇਖੀ ਨਹੀਂ ਕਰਨੀ ਚਾਹੀਦੀ, ਸਗੋਂ ਡਾਕਟਰ ਨਾਲ ਸਲਾਹ ਕਰਕੇ ਖੂਨ ਵਗਣ ਦੇ ਕਾਰਨਾਂ ਨੂੰ ਜਾਣ ਕੇ ਤਦ ਲੋੜ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਜੇ ਅਚਾਨਕ ਹੀ ਕਿਸੇ ਦੇ ਨੱਕ ਵਿਚੋਂ ਖੂਨ ਵਗਣ ਲੱਗੇ ਤਾਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਮਰੀਜ਼ ਨੂੰ ਕਿਸੇ ਸ਼ਾਂਤ ਅਤੇ ਠੰਢੀ ਜਗ੍ਹਾ 'ਤੇ ਲਿਜਾ ਕੇ ਹੌਸਲਾ ਦਿੰਦੇ ਹੋਏ ਮੁਢਲੇ ਇਲਾਜ ਵੱਲ ਕਦਮ ਉਠਾਇਆ ਜਾਵੇ। ਅਜਿਹਾ ਨਾ ਕਰਨ 'ਤੇ ਬਦਹਵਾਸੀ ਅਤੇ ਡਰ ਦੇ ਕਾਰਨ ਮਰੀਜ਼ ਦੇ ਖੂਨ ਦਾ ਦਬਾਅ ਵਧ ਕੇ ਖੂਨ ਵਗਣ ਦੀ ਮਾਤਰਾ ਵਿਚ ਵਾਧਾ ਕਰ ਸਕਦਾ ਹੈ। ਰੋਗੀ ਦਾ ਹੇਠ ਲਿਖੇ ਅਨੁਸਾਰ ਇਲਾਜ ਕੀਤਾ ਜਾ ਸਕਦਾ ਹੈ :
* ਨੱਕ ਨੂੰ ਅੰਗੂਠੇ ਅਤੇ ਤਰਜਨੀ ਨਾਲ ਜ਼ੋਰ ਨਾਲ 5 ਮਿੰਟ ਤੱਕ ਲਗਾਤਾਰ ਦਬਾਈ ਰੱਖੋ, ਨਾਲ ਹੀ ਮਰੀਜ਼ ਨੂੰ ਮੂੰਹ ਰਾਹੀਂ ਸਾਹ ਲੈਣ ਲਈ ਕਹੋ। ਜੇ ਗਲੇ ਵਿਚ ਵੀ ਖੂਨ ਆ ਰਿਹਾ ਹੈ ਤਾਂ ਉਸ ਨੂੰ ਥੁੱਕਣ ਲਈ ਕਹੋ।
* ਮਰੀਜ਼ ਨੂੰ ਬਿਨਾਂ ਸਿਰਹਾਣੇ ਦੀ ਚੌਕੀ ਜਾਂ ਸਮਤਲ ਕਠੋਰ ਜਗ੍ਹਾ 'ਤੇ ਇਸ ਤਰ੍ਹਾਂ ਲੰਮਾ ਪਾਓ ਕਿ ਉਸ ਦਾ ਮੱਥਾ ਹੇਠਾਂ ਵੱਲ ਹੋ ਜਾਵੇ।
* ਮਰੀਜ਼ ਦੇ ਨੱਕ ਅਤੇ ਮੱਥੇ 'ਤੇ ਬਰਫ ਦੇ ਪਾਣੀ ਦੀਆਂ ਪੱਟੀਆਂ ਜਾਂ ਭਿੱਜਿਆ ਹੋਇਆ ਤੌਲੀਆ ਲਪੇਟ ਕੇ ਸਿੱਧਾ ਲੰਮਾ ਪਾ ਦਿਓ।
* ਜੇ ਇਸ 'ਤੇ ਵੀ ਖੂਨ ਵਗਣਾ ਬੰਦ ਨਾ ਹੋਵੇ ਤਾਂ ਇਕ ਰੂੰ ਦਾ ਗੋਲਾ ਬਣਾ ਕੇ ਉਸ ਨੂੰ ਕਿਸੇ ਵੀ ਕ੍ਰੀਮ ਜਾਂ ਗਲਿਸਰੀਨ ਵਿਚ ਡੁਬੋ ਕੇ ਨੱਕ ਦੇ ਅੰਦਰ ਚੰਗੀ ਤਰ੍ਹਾਂ ਤੁੰਨ ਦਿਓ।
* ਖੂਨ ਵਗਣਾ ਬੰਦ ਹੋਣ 'ਤੇ ਮਰੀਜ਼ ਨੂੰ ਠੰਢਾ ਪੀਣ ਵਾਲਾ ਪਦਾਰਥ ਪੀਣ ਨੂੰ ਦੇਣਾ ਚਾਹੀਦਾ ਹੈ। ਧਿਆਨ ਰੱਖੋ ਕਿ ਮਰੀਜ਼ ਨੱਕ ਵਿਚ ਉਂਗਲੀ ਨਾ ਪਾਵੇ। ਵਾਰ-ਵਾਰ ਜ਼ੋਰ ਨਾਲ ਸਾਹ ਲੈਣ 'ਤੇ ਵੀ ਦੁਬਾਰਾ ਨੱਕ ਵਿਚੋਂ ਖੂਨ ਵਗ ਸਕਦਾ ਹੈ।
* ਨਹਾਉਣ ਤੋਂ ਪਹਿਲਾਂ ਹਰ ਰੋਜ਼ ਦੋਵੇਂ ਨਾਸਾਂ ਵਿਚ ਸ਼ੁੱਧ ਸਰ੍ਹੋਂ ਦਾ ਤੇਲ ਇਕ-ਦੋ ਬੂੰਦਾਂ ਪਾਉਂਦੇ ਰਹਿਣ ਨਾਲ ਅਕਸਰ ਨਕਸੀਰ ਨਹੀਂ ਫੁੱਟਦੀ।
* ਨੱਕ ਵਿਚੋਂ ਖੂਨ ਬੰਦ ਹੋ ਜਾਣ ਤੋਂ ਬਾਅਦ ਪੱਕੇ ਇਲਾਜ ਲਈ ਚੰਗੇ ਡਾਕਟਰ ਦੇ ਕੋਲ ਲਿਜਾਣ ਵਿਚ ਢਿੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਇਲਾਜ ਨਾ ਕਰਾਉਣ 'ਤੇ ਦੁਬਾਰਾ ਕਦੇ ਵੀ ਨਕਸੀਰ ਫੁੱਟ ਸਕਦੀ ਹੈ।

ਪੇਟ ਦੀਆਂ ਬਿਮਾਰੀਆਂ

ਵੱਖੀ ਵਿਚ ਦਰਦ ਕਿਉਂ?

ਸੱਜੀ ਵੱਖੀ ਵਿਚ ਦਰਦ ਕਿਉਂ ਹੁੰਦਾ ਹੈ? ਇਸ ਦੇ ਕੀ ਕਾਰਨ ਹਨ, ਪੇਟ ਦੇ ਸੱਜੇ ਪਾਸੇ ਪਸਲੀਆਂ ਦੇ ਥੱਲੇ ਤੇ ਚੂਲੇ ਦੀ ਹੱਡੀ ਦੇ ਉੱਪਰ ਧੁੰਨੀ ਦੇ ਸੱਜੇ ਪਾਸੇ ਦੀ ਜਗ੍ਹਾ ਨੂੰ ਅਸੀਂ ਸੱਜੀ ਵੱਖੀ ਦਾ ਨਾਂਅ ਦਿੰਦੇ ਹਾਂ। ਸੱਜੀ ਵੱਖੀ ਵਿਚ ਤੇਜ਼ ਦਰਦ ਹੋਣ ਦੇ ਕਾਰਨ ਹਨ : ਪਿੱਤੇ ਦੀ ਸੋਜ ਤੇ ਪੱਥਰੀ, ਸੱਜੇ ਗੁਰਦੇ ਦੀ ਦਰਦ, ਨਾੜ ਦਾ ਫੁੱਲ ਜਾਣਾ, ਸੱਜੇ ਪਾਸੇ ਅੰਤੜੀਆਂ ਦੀ ਸੋਜ।
ਜਦੋਂ ਵੀ ਕਿਸੇ ਨੂੰ ਪੇਟ ਦੇ ਸੱਜੇ ਪਾਸੇ ਦਰਦ ਹੋਵੇ ਤਾਂ ਸਭ ਤੋਂ ਪਹਿਲਾਂ ਸਾਨੂੰ ਦੇਖਣਾ ਚਾਹੀਦਾ ਹੈ ਕਿ ਦਰਦ ਦਾ ਕਾਰਨ ਕੀ ਹੈ? ਉੱਪਰ ਲਿਖੇ ਕਾਰਨਾਂ ਵਿਚੋਂ ਕਿਸ ਤਰ੍ਹਾਂ ਦੀ ਦਰਦ ਹੈ। ਬਹੁਤ ਤੇਜ਼ ਦਰਦ ਵਿਚ ਦਰਦ ਨੂੰ ਦੂਰ ਕਰਨ ਦੀ ਦਵਾਈ ਲੈ ਕੇ ਪੇਟ ਰੋਗਾਂ ਦੇ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਬਹੁਤ ਜ਼ਰੂਰੀ ਹੈ।
ਪਿੱਤੇ ਦੀ ਸੋਜ ਤੇ ਪੱਥਰੀ : ਆਮ ਤੌਰ 'ਤੇ ਔਰਤਾਂ ਵਿਚ 40 ਸਾਲ ਦੀ ਉਮਰ ਦੇ ਨੇੜੇ ਭਾਰੇ ਸਰੀਰ ਵਾਲੀਆਂ ਔਰਤਾਂ, ਜਿਨ੍ਹਾਂ ਦੇ ਬੱਚੇ ਹੋਣ, ਉਨ੍ਹਾਂ ਨੂੰ ਪਿੱਤੇ ਦੀ ਸੋਜ ਹੋ ਜਾਂਦੀ ਹੈ। ਪਿੱਤਾ ਇਕ ਨਾਸ਼ਪਾਤੀ ਵਾਂਗ ਸਾਡੇ ਜਿਗਰ ਵਿਚ ਹੁੰਦਾ ਹੈ ਤੇ ਕਈ ਤਰ੍ਹਾਂ ਦੇ ਰਸ ਪੈਦਾ ਕਰਦਾ ਹੈ, ਜੋ ਸਾਡੇ ਭੋਜਨ ਨੂੰ ਹਜ਼ਮ ਕਰਨ ਵਿਚ ਮਦਦ ਕਰਦੇ ਹਨ। ਪਿੱਤੇ ਦੀ ਸੋਜ ਵਿਚ ਪਿੱਤੇ ਦੀ ਪਰਤ ਮੋਟੀ ਹੋ ਜਾਂਦੀ ਹੈ ਅਤੇ ਬਹੁਤ ਤੇਜ਼ ਦਰਦ ਸੱਜੀ ਵੱਖੀ ਵਿਚ ਹੁੰਦਾ ਹੈ। ਇਹ ਦਰਦ ਪਿੱਛੇ ਵੱਲ ਜਾਂਦੀ ਹੈ ਤੇ ਕਦੇ-ਕਦੇ ਮੋਢੇ ਵੱਲ ਵੀ ਜਾਂਦੀ ਹੈ। ਦਰਦ ਨਾਲ ਕਈ ਵਾਰੀ ਉਲਟੀ ਵੀ ਆ ਜਾਂਦੀ ਹੈ। ਇਸ ਬਿਮਾਰੀ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਪਿੱਤੇ ਦੀ ਸੋਜ, ਪਿੱਤੇ ਦੀ ਪੱਥਰੀ ਵਿਚ ਬਦਲ ਜਾਂਦੀ ਹੈ। ਪਿੱਤੇ ਦੀਆਂ ਪੱਥਰੀਆਂ ਛੋਟੀਆਂ-ਛੋਟੀਆਂ (ਜੋ ਕਿ 1 ਤੋਂ 100 ਤੱਕ) ਹੋ ਸਕਦੀਆਂ ਹਨ ਤੇ ਕਈ ਵਾਰੀ ਪਿੱਤਾ ਪੱਥਰੀਆਂ ਨਾਲ ਭਰ ਜਾਂਦਾ ਹੈ। ਇਲਾਜ ਕੇਵਲ ਪਿੱਤਾ ਕਢਵਾਉਣਾ ਹੈ। ਬਾਅਦ ਵਿਚ ਪ੍ਰਹੇਜ਼ ਕਰਕੇ ਇਲਾਜ ਹੋ ਸਕਦਾ ਹੈ। ਕਈ ਲੋਕਾਂ ਦਾ ਵਹਿਮ ਹੈ ਕਿ ਪਿੱਤੇ ਦੀ ਪੱਥਰੀ ਜਦੋਂ ਬਣ ਜਾਵੇ, ਇਸ ਦਾ ਇਲਾਜ ਸਿਰਫ ਆਪ੍ਰੇਸ਼ਨ ਹੈ।
ਸੱਜੇ ਗੁਰਦੇ ਦੀ ਦਰਦ : ਗੁਰਦੇ ਦੀ ਪੱਥਰੀ ਕਾਰਨ ਬਹੁਤ ਖਿੱਚ ਪੈਂਦੀ ਹੈ। ਤੇਜ਼ ਦਰਦ ਨਾਲ ਕਈ ਵਾਰੀ ਪਿਸ਼ਾਬ ਰੁਕ ਜਾਂਦਾ ਹੈ। ਜਲਣ ਨਾਲ ਪਿਸ਼ਾਬ ਆਉਣਾ, ਪਿਸ਼ਾਬ ਵਿਚ ਖੂਨ, ਪੀਕ ਵੀ ਆਉਂਦੀ ਹੈ ਅਤੇ ਦਰਦ ਬਹੁਤ ਜ਼ਿਆਦਾ ਹੁੰਦੀ ਹੈ।
ਨਾੜ ਦਾ ਫੁੱਲਣਾ : ਇਸ ਕਾਰਨ ਦਰਦ ਬਹੁਤ ਤੇਜ਼ ਹੁੰਦੀ ਹੈ। ਦਰਦ ਦੇ ਨਾਲ-ਨਾਲ ਬੁਖਾਰ, ਉਲਟੀ ਆਉਣਾ, ਸ਼ੁਰੂ-ਸ਼ੁਰੂ ਵਿਚ ਧੁੰਨੀ ਦੇ ਆਲੇ-ਦੁਆਲੇ ਤੇ ਸੱਜੀ ਵੱਖੀ ਵਿਚ ਤੇਜ਼ ਦਰਦ ਹੁੰਦੀ ਹੈ। ਇਸ ਤਕਲੀਫ ਵਿਚ ਕਦੇ ਵੀ ਕਾਹਲੀ ਤੋਂ ਕੰਮ ਨਹੀਂ ਲੈਣਾ ਚਾਹੀਦਾ। ਚੰਗੀ ਤਰ੍ਹਾਂ ਟੈਸਟ ਕਰਵਾ ਕੇ ਦਵਾਈਆਂ ਨਾਲ ਇਸ ਬਿਮਾਰੀ ਨੂੰ ਠੀਕ ਕਰਨਾ ਚਾਹੀਦਾ ਹੈ।
ਅੰਤੜੀ ਦੀ ਸੋਜ : ਇਸ ਹਾਲਤ ਵਿਚ ਜੇ ਸੱਜੇ ਪਾਸੇ ਦੀਆਂ ਅੰਤੜੀਆਂ ਵਿਚ ਸੋਜ ਆ ਜਾਵੇ ਤਾਂ ਪੇਟ ਵਿਚ ਤੇਜ਼ ਦਰਦ ਦੇ ਕਾਰਨ ਪਖਾਨਾ ਵਾਰ-ਵਾਰ ਆਉਣਾ, ਪਖਾਨੇ ਦਾ ਟੁੱਟ-ਟੁੱਟ ਕੇ ਆਉਣਾ, ਮਲ ਤਿਆਗਦੇ ਸਮੇਂ ਖੂਨ, ਪੀਕ ਦਾ ਆਉਣਾ, ਮਲ ਵਿਚ ਲੇਸ ਜਾਂ ਚਰਬੀ ਆਉਣਾ ਮੁੱਖ ਲੱਛਣ ਹਨ। ਇਸ ਤਕਲੀਫ ਵਿਚ ਬਹੁਤ ਕਮਜ਼ੋਰੀ ਆ ਜਾਂਦੀ ਹੈ। ਸਰੀਰ ਹਰ ਵੇਲੇ ਸੁਸਤ ਰਹਿੰਦਾ ਹੈ ਤੇ ਕਿਸੇ ਵੀ ਕੰਮ ਨੂੰ ਦਿਲ ਨਹੀਂ ਕਰਦਾ। ਹੌਲੀ-ਹੌਲੀ ਮਰੀਜ਼ ਦਾ ਭਾਰ ਘਟ ਜਾਂਦਾ ਹੈ। ਇਸ ਦਾ ਇਲਾਜ ਹਲਕੇ ਜਿਹੇ ਟੈਸਟ ਕਰਵਾ ਕੇ ਬਹੁਤ ਸੌਖਾ ਹੈ। ਮਰੀਜ਼ ਨੂੰ 5-7 ਦਿਨਾਂ ਵਿਚ ਮੁਕੰਮਲ ਆਰਾਮ ਆ ਜਾਂਦਾ ਹੈ ਤੇ ਅੱਗੇ ਤੋਂ ਪ੍ਰਹੇਜ਼ ਰੱਖ ਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਨੋਟ : ਖੱਬੀ ਵੱਖੀ ਵਿਚ ਵੀ ਦਰਦ ਦੇ ਇਹੀ ਕਾਰਨ ਹੁੰਦੇ ਹਨ ਪਰ ਪਿੱਤੇ ਦੀ ਪੱਥਰੀ ਕੇਵਲ 'ਸੱਜੇ' ਪਾਸੇ ਹੀ ਹੁੰਦੀ ਹੈ।

-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਜਾਣੋ ਕੀ ਹੈ ਅਲਰਜੀ

ਜੀਵਨ ਵਿਚ ਹਰ ਆਦਮੀ ਕਦੇ ਨਾ ਕਦੇ ਅਲਰਜੀ ਦਾ ਸ਼ਿਕਾਰ ਜ਼ਰੂਰ ਹੁੰਦਾ ਹੈ। ਭੋਜਨ ਕਰਕੇ ਅਲਰਜੀ ਦੇ ਕਾਰਨ ਰੋਜ਼ਾਨਾ ਜੀਵਨ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਆਖਰ ਅਲਰਜੀ ਕਿਉਂ ਹੁੰਦੀ ਹੈ? ਇਸ ਦੇ ਕਿਹੜੇ-ਕਿਹੜੇ ਲੱਛਣ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਦਾ ਹੱਲ ਕਿਵੇਂ ਹੋ ਸਕਦਾ ਹੈ ਆਦਿ ਬਿੰਦੂਆਂ 'ਤੇ ਇਸ ਲੇਖ ਵਿਚ ਵਿਚਾਰ ਕੀਤਾ ਜਾਵੇਗਾ।
ਅਸੀਂ ਜੋ ਕੁਝ ਵੀ ਭੋਜਨ ਦੇ ਰੂਪ ਵਿਚ ਗ੍ਰਹਿਣ ਕਰਦੇ ਹਾਂ, ਉਸ ਦਾ ਪ੍ਰੋਟੀਨ ਵਰਗੀ ਅੰਸ਼ ਪਾਚਣ ਕਿਰਿਆ ਦੁਆਰਾ ਅਮੀਨੋ ਐਸਿਡ ਵਿਚ ਬਦਲ ਜਾਂਦਾ ਹੈ, ਜਿਸ ਕਾਰਨ ਉਹ ਅਸਾਨੀ ਨਾਲ ਪਚ ਜਾਂਦਾ ਹੈ। ਮਨੁੱਖ ਦੇ ਸਰੀਰ ਵਿਚ ਛੋਟੀ ਅੰਤੜੀ ਦੀ ਸ਼ਲੈਸ਼ਿਮਕ ਝਿੱਲੀ ਵਿਚ 'ਇਮਿਊਨੋਗਲੋ ਬਿਊਲਿਨ' ਨਾਮਕ ਪ੍ਰਤੀਰੱਕਸ਼ੀ ਪ੍ਰਤਿਕਾਯ ਪਾਇਆ ਜਾਂਦਾ ਹੈ ਜੋ ਸਰੀਰ ਵਿਚ ਪ੍ਰਵੇਸ਼ ਕਰਨ ਵਾਲੇ ਅਲਰਜੀਕਾਰਕਾਂ ਨੂੰ ਰੋਕਦਾ ਹੈ। ਨਤੀਜੇ ਵਜੋਂ ਅਲਰਜੀਕਾਰਕ ਪ੍ਰਤਿਜਨ ਸਰੀਰ ਵਿਚ ਅਵਸ਼ੋਸ਼ਤ ਹੋ ਕੇ ਖੂਨ ਵਿਚ ਦਾਖਲ ਨਹੀਂ ਹੁੰਦੇ। ਇਸੇ ਕਾਰਨ ਪਾਚਣ ਮਾਰਗ ਵਿਚ ਕਾਫੀ ਅਲਰਜੀਕਾਰਕ ਪ੍ਰਤਿਜਨ/ਐਂਟੀਜਨ ਦੇ ਹੁੰਦੇ ਹੋਏ ਵੀ ਸਰੀਰ 'ਤੇ ਕੋਈ ਬਾਹਰੀ ਲੱਛਣ ਨਹੀਂ ਪੈਦਾ ਹੁੰਦਾ ਹੈ।
ਕਾਰਨ : ਖਾਧ ਜਨਿਤ ਅਲਰਜੀ ਦੇ ਹੇਠ ਲਿਖੇ ਵੱਖ-ਵੱਖ ਕਾਰਨ ਹਨ-
ਚਮੜੀ : ਖੁਜਲਾਹਟ, ਸ਼ੀਤ ਪਿੱਤੀ ਅਤੇ ਏਂਜਿਓ ਓਡਿਮਾ ਜਾਂ ਏਂਜਿਓ ਨਿਊਰੋਟਿਕ ਓਡਿਮਾ ਚਮੜੀ ਦੇ ਹੇਠਾਂ ਜਗ੍ਹਾ-ਜਗ੍ਹਾ 'ਤੇ ਸੋਜ ਜੋ ਹੱਥਾਂ-ਪੈਰਾਂ, ਧੌਣ, ਚਿਹਰੇ ਅਤੇ ਜਣਨ-ਇੰਦਰੀਆਂ 'ਤੇ ਦਿਖਾਈ ਦੇ ਸਕਦੀ ਹੈ।
ਪਾਚਣ ਤੰਤਰ : ਉਲਟੀ, ਪੇਟ ਦਰਦ, ਦਸਤ, ਕਦੇ-ਕਦੇ ਦਸਤ ਦੇ ਨਾਲ ਖੂਨ ਆਉਣਾ ਆਦਿ।
ਦੁੱਧ ਤੋਂ ਅਲਰਜੀ : ਆਮ ਤੌਰ 'ਤੇ ਬੱਚਿਆਂ ਨੂੰ ਦੁੱਧ ਤੋਂ ਅਲਰਜੀ ਹੋ ਜਾਂਦੀ ਹੈ। ਮਾਂ ਦਾ ਦੁੱਧ ਪੀਂਦੇ ਹੋਏ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੇਟ ਦਰਦ, ਪਾਚਣ ਵਿਚ ਗੜਬੜੀ, ਸ਼ਵਸਨ ਤੰਤਰ ਦੀਆਂ ਪ੍ਰੇਸ਼ਾਨੀਆਂ ਅਤੇ ਚਮੜੀ ਦੀਆਂ ਕਈ ਸਮੱਸਿਆਵਾਂ ਘੇਰ ਲੈਂਦੀਆਂ ਹਨ। ਗਾਂ ਦੇ ਦੁੱਧ ਵਿਚ ਪਾਏ ਜਾਣ ਵਾਲੇ ਵਿਟਾਮਿਨ 'ਲੈਕਟੋਗਲੋਬਿਊਲਿਨ' ਨਾਮੀ ਪ੍ਰੋਟੀਨ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਦੁੱਧ ਨੂੰ ਉਬਾਲਣ ਤੋਂ ਬਾਅਦ ਵੀ ਇਹ ਪ੍ਰੋਟੀਨ ਨਹੀਂ ਬਦਲਦਾ ਅਤੇ ਅਲਰਜੀ ਜਨਿਤ ਪ੍ਰਤੀਕਿਰਿਆ ਪੈਦਾ ਕਰਦਾ ਹੈ।
ਖਾਧ ਜਨਿਤ ਅਲਰਜੀ ਤੋਂ ਬਚਣ ਦਾ ਪ੍ਰਮੁੱਖ ਅਤੇ ਇਕੋ-ਇਕ ਉਪਾਅ ਹੈ ਕਿ ਉਨ੍ਹਾਂ ਖਾਧ ਪਦਾਰਥਾਂ ਦਾ ਸੇਵਨ ਹੀ ਨਾ ਕੀਤਾ ਜਾਵੇ, ਜਿਨ੍ਹਾਂ ਤੋਂ ਅਲਰਜੀ ਪੈਦਾ ਹੋ ਰਹੀ ਹੋਵੇ। ਉਸ ਖਾਧ ਪਦਾਰਥ ਦੀ ਨਿਸਚਿਤ ਤੌਰ 'ਤੇ ਪਛਾਣ ਹੋ ਜਾਣ 'ਤੇ ਉਸ ਅਲਰਜੀ ਪੈਦਾ ਕਰਨ ਵਾਲੇ ਖਾਧ ਪਦਾਰਥ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਮੁਸ਼ਕਿਲ ਨਹੀਂ ਹੈ। ਆਨੁਸ਼ੰਗਿਕ ਲੱਛਣਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਦਵਾਈਆਂ ਦਾ ਸੇਵਨ ਕੀਤਾ ਜਾ ਸਕਦਾ ਹੈ। ਇਮਿਊਨੋਥੈਰੇਪੀ ਨਾਲ ਖਾਧ ਜਨ ਅਲਰਜੀ ਦੀ ਰੋਕਥਾਮ ਸੰਭਵ ਨਹੀਂ ਹੈ।
ਖਾਧ ਜਨਿਤ ਅਲਰਜੀ ਤੋਂ ਇਲਾਵਾ ਦਵਾਈਆਂ ਦੇ ਸੇਵਨ ਨਾਲ ਵੀ ਅਲਰਜੀ ਪੈਦਾ ਹੋ ਜਾਂਦੀ ਹੈ, ਜਿਸ ਨੂੰ ਔਸ਼ਧੀ ਜਨਿਤ ਅਲਰਜੀ ਕਿਹਾ ਜਾਂਦਾ ਹੈ। ਇਹ ਇਕ ਅਤਿਅੰਤ ਜਟਿਲ ਵਿਸ਼ਾ ਹੈ। ਬਿਨਾਂ ਡਾਕਟਰ ਦੀ ਸਲਾਹ ਤੋਂ ਆਪਣਾ ਇਲਾਜ ਖੁਦ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਸਿਹਤ ਖ਼ਬਰਨਾਮਾ

ਸਮਾਜਿਕ ਰਹੋ, ਸੁਡੌਲ ਬਣੋ

ਸਮਾਜਿਕ ਰਹਿਣਾ ਹਰ ਪੱਖੋਂ ਲਾਭ ਪਹੁੰਚਾਉਂਦਾ ਹੈ। ਇਹ ਤਨ, ਮਨ ਸ਼ੁੱਧ ਰੱਖਦਾ ਹੈ ਅਤੇ ਅਨੇਕ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਚੁਣੌਤੀਆਂ ਨਾਲ ਜੂਝਣਾ ਸਿਖਾਉਂਦਾ ਹੈ। ਇਕ ਅਧਿਐਨ ਅਨੁਸਾਰ ਸਮਾਜਿਕ ਰਹਿਣ ਵਾਲਾ ਛੇਤੀ ਹੀ ਪਤਲਾ ਬਣ ਜਾਂਦਾ ਹੈ। ਇਸ ਨਾਲ ਕੈਲੋਰੀ ਖਰਚ ਵਧਦਾ ਹੈ ਅਤੇ ਮੋਟਾਪਾ ਘਟਦਾ ਹੈ।
ਗੀਤ ਗਾਉਣ ਨਾਲ ਪ੍ਰਤੀਰੋਧਕ ਸਮਰੱਥਾ ਵਧਦੀ ਹੈ

 

ਸਿਹਤ ਖ਼ਬਰਨਾਮਾ

ਗੀਤ ਗਾਉਣ ਨਾਲ ਪ੍ਰਤੀਰੋਧਕ ਸਮਰੱਥਾ ਵਧਦੀ ਹੈ


ਗੀਤ ਗਾਉਣਾ-ਗੁਣਗੁਣਾਉਣਾ ਮਨ ਦਾ ਸੁਭਾਅ ਹੈ। ਵਿਅਕਤੀ ਜਦੋਂ ਖੁਸ਼ ਹੁੰਦਾ ਹੈ ਜਾਂ ਦੁਖੀ ਹੁੰਦਾ ਹੈ ਉਦੋਂ ਉਹ ਗਾਣਾ ਗਾਉਂਦਾ ਹੈ ਜਾਂ ਫਿਰ ਕਿਸੇ ਗੀਤ-ਸੰਗੀਤ ਨੂੰ ਸੁਣ ਕੇ ਉਸ ਦੇ ਨਾਲ-ਨਾਲ ਗਾਉਂਦਾ ਹੈ। ਜਰਮਨੀ ਦੇ ਫ੍ਰੈਂਕਫਰਟ ਵਿਸ਼ਵਵਿਦਿਆਲਾ ਵਿਚ ਕੀਤੀ ਇਕ ਖੋਜ ਮੁਤਾਬਿਕ ਗਾਣਾ ਗਾਉਣ ਦਾ ਸਿੱਧਾ ਸਬੰਧ ਮਨੁੱਖ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਅਤੇ ਤੰਦਰੁਸਤੀ ਦੇ ਨਾਲ ਹੈ। ਖੋਜ ਨਾਲ ਇਹ ਸਿੱਧ ਹੋਇਆ ਹੈ ਕਿ ਗੀਤ ਗਾਉਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਅਤੇ ਵਿਅਕਤੀ ਤੰਦਰੁਸਤ ਰਹਿੰਦਾ ਹੈ। ਨਾਲ ਹੀ ਨਾਲ ਵਿਅਕਤੀ ਦੇ ਵਿਵਹਾਰ ਵਿਚ ਵੀ ਕਾਫੀ ਬਦਲਾਅ ਆ ਜਾਂਦਾ ਹੈ।

ਮਾਨਸਿਕ ਬਿਮਾਰੀਆਂ ਹੁਣ ਲਾਇਲਾਜ ਨਹੀਂ

ਆਧੁਨਿਕਤਾ ਅਤੇ ਤਣਾਅ ਵਿਚ ਸਿੱਧਾ ਸਬੰਧ ਹੈ। ਅੱਜ ਸਮਾਜ ਦਾ ਕੋਈ ਵੀ ਵਰਗ ਤਣਾਅ ਤੋਂ ਮੁਕਤ ਨਹੀਂ ਹੈ। ਉੱਚ ਵਰਗ ਤੋਂ ਲੈ ਕੇ ਹੇਠਲੇ ਵਰਗ ਤੱਕ ਸਾਰੇ ਤਣਾਅਗ੍ਰਸਤ ਹਨ, ਭਾਵੇਂ ਉਨ੍ਹਾਂ ਦੇ ਕਾਰਨ ਵੱਖਰੇ ਹਨ। ਤਣਾਅ ਦਾ ਮੁੱਖ ਕਾਰਨ ਨਜ਼ਰਅੰਦਾਜ਼ ਹੈ ਅਤੇ ਇਹੀ ਇਸ ਤਣਾਅ ਦਾ ਕਾਰਨ ਹੈ।
ਵਿਅਕਤੀ ਦੀ ਜ਼ਿੰਦਗੀ ਵਿਚ ਸੁੱਖ-ਦੁੱਖ, ਉਤਰਾਅ-ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਹਨ। ਇਹ ਸੁਭਾਵਿਕ ਵੀ ਹੈ ਪਰ ਇਨ੍ਹਾਂ ਦਾ ਇਕ ਹਫ਼ਤੇ ਤੋਂ ਜ਼ਿਆਦਾ ਬਣੇ ਰਹਿਣਾ ਹਾਨੀਕਾਰਕ ਹੈ। ਤੁਸੀਂ ਇਸ ਨਾਲ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ। ਅੱਜ ਦੀ ਭੱਜ-ਦੌੜ ਵਾਲੀ ਜੀਵਨ ਸ਼ੈਲੀ ਦੇ ਕਾਰਨ ਹਰ ਪੰਜ ਵਿਚੋਂ ਇਕ ਵਿਅਕਤੀ ਮਾਨਸਿਕ ਰੋਗਾਂ ਤੋਂ ਪੀੜਤ ਹੈ।
ਉਦਾਸੀ ਦੇ ਕਾਰਨਾਂ ਨੂੰ ਜਾਣਦੇ ਹੋਏ ਇਹ ਕਹਿਣਾ ਔਖਾ ਹੁੰਦਾ ਹੈ ਕਿ ਇਹ ਇਕ ਬਿਮਾਰੀ ਹੈ, ਜੋ ਦਿਮਾਗ ਦੇ ਕੁਝ ਰਸਾਇਣਾਂ ਦੀ ਕਮੀ ਨਾਲ ਹੁੰਦੀ ਹੈ ਜਾਂ ਸਿਰਫ ਹਾਲਾਤ ਦੀ ਉਪਜ ਹੈ। ਕਈ ਵਾਰ ਇਕ ਹੀ ਪਰਿਵਾਰ ਵਿਚ ਕਈ ਲੋਕ ਇਸ ਦੇ ਸ਼ਿਕਾਰ ਹੁੰਦੇ ਹਨ। ਆਧੁਨਿਕ ਸਾਧਨਾਂ ਨਾਲ ਪਤਾ ਲੱਗ ਚੁੱਕਾ ਹੈ ਕਿ ਇਹ ਖਾਨਦਾਨੀ ਕਾਰਨ ਕਰਕੇ ਵੀ ਹੁੰਦੀ ਹੈ। ਆਮ ਲੋਕਾਂ ਦੇ ਮੁਕਾਬਲੇ ਖਾਨਦਾਨੀ ਕਾਰਨਾਂ ਨਾਲ ਹੋਣ ਦੀ ਇਸ ਦੀ ਸੰਭਾਵਨਾ ਸੱਤ ਗੁਣਾ ਜ਼ਿਆਦਾ ਹੁੰਦੀ ਹੈ। ਵਿਅਕਤੀ ਦੇ ਬਚਪਨ ਤੋਂ ਲੈ ਕੇ ਵੱਡਾ ਹੋਣ ਤੱਕ ਵਿਅਕਤੀ ਦੇ ਸੁਭਾਅ, ਅਨੁਭਵ, ਪਰਿਵਾਰਕ ਅਤੇ ਸਮਾਜਿਕ ਵਾਤਾਵਰਨ ਦੇ ਵਿਚ ਲਗਾਤਾਰ ਪ੍ਰਤੀਕਿਰਿਆ ਹੁੰਦੀ ਹੈ, ਜਿਸ ਦਾ ਦਿਮਾਗ 'ਤੇ ਸਿੱਧਾ ਅਸਰ ਪੈਂਦਾ ਹੈ। ਅਜਿਹਾ ਪ੍ਰਭਾਵ ਪ੍ਰਤੀਕੂਲ ਹੋਣ 'ਤੇ ਦਿਮਾਗੀ ਬਿਮਾਰੀਆਂ ਪੈਦਾ ਕਰ ਸਕਦਾ ਹੈ। ਅਜਿਹੀਆਂ ਕੁਝ ਪ੍ਰਸਥਿਤੀਆਂ ਇਸ ਤਰ੍ਹਾਂ ਹਨ-ਬਚਪਨ ਵਿਚ ਮਾਂ-ਬਾਪ ਦੇ ਪਿਆਰ, ਤ੍ਰਿਸਕਾਰ, ਸਖ਼ਤ ਪ੍ਰਤਾੜਨਾ, ਸਮਰੱਥਾ ਤੋਂ ਵੱਧ ਮੁਕਾਬਲੇ, ਤੀਵਰ ਈਰਖਾ ਦੀਆਂ ਭਾਵਨਾਵਾਂ, ਅਨੇਕਾਂ ਤਰ੍ਹਾਂ ਦੀਆਂ ਤਕਲੀਫ਼ਾਂ ਅਤੇ ਬੁਰੇ ਵਿਅਕਤੀ ਨੂੰ ਆਦਰਸ਼ ਮੰਨਣਾ ਆਦਿ। ਇਨ੍ਹਾਂ ਨਾਲ ਕੋਮਲ ਦਿਮਾਗ ਨੂੰ ਠੇਸ ਪਹੁੰਚਦੀ ਹੈ। ਇਨ੍ਹਾਂ ਨਾਲ ਅਨੇਕਾਂ ਤਰ੍ਹਾਂ ਦੀਆਂ ਇੱਛਾਵਾਂ, ਨਿਰਾਸ਼ਾ, ਹੀਣ ਭਾਵਨਾ ਆਦਿ ਪੈਦਾ ਹੋ ਸਕਦੀਆਂ ਹਨ।
ਵੱਡੇ ਹੋਣ 'ਤੇ ਉਲਟ ਹਾਲਤਾਂ ਮਾਨਸਿਕ ਰੋਗ ਪੈਦਾ ਕਰਨ ਵਿਚ ਸਹਾਇਕ ਹੁੰਦੀਆਂ ਹਨ, ਜਿਵੇਂ ਤਾਪ, ਤਣਾਅ, ਅਪਰਾਧ, ਘਰੋਂ ਦੌੜ ਜਾਣਾ ਆਦਿ। ਮਨੁੱਖ ਦੇ ਵਿਵਹਾਰ ਨੂੰ ਚੰਗਾ ਜਾਂ ਮਾੜਾ ਬਣਾਉਣ ਅਤੇ ਕਾਬੂ ਕਰਨ ਵਿਚ ਸਮਾਜ, ਸੱਭਿਆਚਾਰ ਅਤੇ ਧਰਮ ਦੀ ਅਹਿਮ ਭੂਮਿਕਾ ਹੁੰਦੀ ਹੈ। ਵਿਅਕਤੀ ਦੇ ਵਿਵਹਾਰ, ਖਾਣ-ਪੀਣ, ਰਹਿਣ-ਸਹਿਣ ਆਦਿ ਨਾਲ ਵੀ ਮਾਨਸਿਕ ਰੋਗ ਪੈਦਾ ਹੋ ਸਕਦੇ ਹਨ।
ਬੇਹੋਸ਼ੀ ਦੇ ਦੌਰੇ ਪੈਣੇ, ਸਾਹ ਫੁੱਲਣਾ, ਦਿਲ ਦਾ ਤੇਜ਼ੀ ਨਾਲ ਧੜਕਣਾ, ਪਸੀਨਾ ਆਉਣਾ, ਵਾਰ-ਵਾਰ ਇਕ ਹੀ ਵਿਚਾਰ ਆਉਣ 'ਤੇ ਪ੍ਰੇਸ਼ਾਨ ਹੋਣਾ, ਇਕ ਹੀ ਕੰਮ ਵਾਰ-ਵਾਰ ਕਰਨਾ, ਤਰ੍ਹਾਂ-ਤਰ੍ਹਾਂ ਦੇ ਵਹਿਮ ਕਰਨਾ, ਬੁੱਧੀ ਜਾਂ ਯਾਦਦਾਸ਼ਤ ਦਾ ਘੱਟ ਹੋਣਾ, ਵਿਵਹਾਰ ਜਾਂ ਕਿਰਿਆ-ਕਲਾਪਾਂ ਵਿਚ ਪਰਿਵਰਤਨ, ਚਿੰਤਾਗ੍ਰਸਤ ਰਹਿਣਾ ਆਦਿ ਲੱਛਣ ਮਾਨਸਿਕ ਤਣਾਅ ਦੇ ਹੋ ਸਕਦੇ ਹਨ।
ਖੁਦ ਦੇਖਭਾਲ ਕਿਵੇਂ ਕਰੀਏ
ਇਸ ਵਿਚ ਹੇਠ ਲਿਖੀਆਂ ਗੱਲਾਂ ਪ੍ਰਮੁੱਖ ਹਨ :
* ਗੱਲਾਂ ਨੂੰ ਮਨ ਵਿਚ ਨਾ ਰੱਖੋ। ਜੇ ਕੋਈ ਬੁਰੀ ਖ਼ਬਰ ਮਿਲੀ ਹੈ ਜਾਂ ਜੀਵਨ ਵਿਚ ਕੋਈ ਵਿਸ਼ੇਸ਼ ਘਟਨਾ ਘਟੀ ਹੈ ਤਾਂ ਉਸ ਨੂੰ ਮਨ ਵਿਚ ਦਬਾਅ ਕੇ ਨਹੀਂ ਰੱਖਣਾ ਚਾਹੀਦਾ, ਸਗੋਂ ਉਸ ਨੂੰ ਦੋਸਤਾਂ-ਮਿੱਤਰਾਂ ਜਾਂ ਨੇੜਲੇ ਲੋਕਾਂ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ। * ਦੁੱਖਾਂ-ਤਕਲੀਫਾਂ ਨੂੰ ਮਨ ਵਿਚ ਦਬਾ ਕੇ ਰੱਖਣ ਦੀ ਗੱਲ ਨਹੀਂ ਸੋਚਣੀ ਚਾਹੀਦੀ। * ਆਪਣੇ-ਆਪ ਨੂੰ ਕਮਰੇ ਵਿਚ ਬੰਦ ਨਹੀਂ ਰੱਖਣਾ ਚਾਹੀਦਾ। ਖੁੱਲ੍ਹੇ ਵਾਤਾਵਰਨ ਵਿਚ ਘੁੰਮਣਾ ਚਾਹੀਦਾ। ਕੁਝ ਕਸਰਤ ਵੀ ਕਰਨੀ ਚਾਹੀਦੀ ਹੈ। * ਸੰਤੁਲਤ ਅਤੇ ਸਿਹਤਦਾਇਕ ਭੋਜਨ ਖਾਣਾ ਚਾਹੀਦਾ ਹੈ। * ਅਜਿਹੀ ਹਾਲਤ ਵਿਚ ਮਨੋਚਿਕਿਤਸਕ, ਮਨੋਵਿਗਿਆਨੀ ਜਾਂ ਸਲਾਹਕਾਰ ਨੂੰ ਮਿਲ ਕੇ ਮਾਨਸਿਕ ਦਬਾਅ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਹਾਲਾਤ ਦੇ ਵਿਸ਼ੇ ਵਿਚ ਸਲਾਹ ਲੈਣੀ ਚਾਹੀਦੀ ਹੈ।

ਨਾ ਪ੍ਰੇਸ਼ਾਨ ਹੋਵੋ ਪਸੀਨੇ ਦੀ ਬਦਬੂ ਤੋਂ

ਪਸੀਨਾ ਆਉਣਾ ਕੁਦਰਤੀ ਪ੍ਰਕਿਰਿਆ ਹੈ। ਪਸੀਨੇ ਰਾਹੀਂ ਸਰੀਰ ਦੇ ਕੁਝ ਹਾਨੀਕਾਰਕ ਪਦਾਰਥ ਬਾਹਰ ਨਿਕਲਦੇ ਹਨ, ਜਿਨ੍ਹਾਂ ਨਾਲ ਸਰੀਰ ਦਾ ਤਾਪਮਾਨ ਵੀ ਠੀਕ ਬਣਿਆ ਰਹਿੰਦਾ ਹੈ। ਆਮ ਪਸੀਨਾ ਆਉਣਾ ਤਾਂ ਚੰਗਾ ਹੁੰਦਾ ਹੈ ਪਰ ਬਦਬੂ ਭਰਿਆ ਪਸੀਨਾ, ਚਿਪਚਿਪਾ ਜਾਂ ਜ਼ਿਆਦਾ ਪਸੀਨਾ ਆਉਣਾ ਕਿਸੇ ਬਿਮਾਰੀ ਦਾ ਲੱਛਣ ਵੀ ਹੋ ਸਕਦਾ ਹੈ।
ਜੇ ਤੁਹਾਡਾ ਪਸੀਨਾ ਵੀ ਬਦਬੂ ਨਾਲ ਭਰਿਆ ਹੈ ਅਤੇ ਤੁਸੀਂ ਪ੍ਰੇਸ਼ਾਨ ਹੋ ਤਾਂ ਉਸ ਲਈ ਕੁਝ ਕਰੋ। ਫਿਰ ਵੀ ਪ੍ਰੇਸ਼ਾਨੀ ਘੱਟ ਨਾ ਹੋਵੇ ਤਾਂ ਡਾਕਟਰ ਨਾਲ ਸਲਾਹ ਕਰਨਾ ਨਾ ਭੁੱਲੋ।
ਕੀ ਕਰੀਏ : * ਕੱਪੜੇ ਹਮੇਸ਼ਾ ਸੂਤੀ ਅਤੇ ਨਰਮ ਪਹਿਨੋ। ਜੇ ਤੁਸੀਂ ਸਿੰਥੈਟਿਕ ਜਾਂ ਗਰਮ ਕੱਪੜੇ ਪਹਿਨ ਰਹੇ ਹੋ ਤਾਂ ਅੰਡਰਸ਼ਰਟ ਸੂਤੀ ਪਹਿਨੋ, ਕਿਉਂਕਿ ਸੂਤੀ ਕੱਪੜੇ ਪਸੀਨਾ ਜ਼ਿਆਦਾ ਸੋਖਦੇ ਹਨ।
* ਹਰ ਰੋਜ਼ ਨਹਾਓ। ਗਰਮੀਆਂ ਵਿਚ ਦੋ ਵਾਰ ਅਤੇ ਸਰਦੀਆਂ ਵਿਚ ਇਕ ਵਾਰ ਜ਼ਰੂਰ ਨਹਾਓ।
* ਕੱਪੜੇ ਹਰ ਰੋਜ਼ ਬਦਲੋ। ਸਾਫ਼-ਸੁਥਰੇ, ਧੋਤੇ ਹੋਏ ਕੱਪੜੇ ਪਹਿਨੋ।
* ਅੰਦਰੂਨੀ ਕੱਪੜੇ ਗਰਮੀ ਵਿਚ ਦੋ ਵਾਰ ਬਦਲੋ। ਟਾਈਟ ਫਿਟਿੰਗ ਵਾਲੇ ਅੰਦਰੂਨੀ ਕੱਪੜੇ ਨਾ ਪਹਿਨੋ ਅਤੇ ਨਾ ਹੀ ਸਰੀਰ ਫਿਟਿੰਗ ਕੱਪੜੇ ਪਹਿਨੋ।
* ਨਹਾਉਣ ਲਈ ਚੰਦਨ ਵਾਲੇ ਸਾਬਣ ਜਾਂ ਨਿੰਮ ਵਾਲੇ ਸਾਬਣ ਦੀ ਵਰਤੋਂ ਕਰੋ। ਨਿੰਮ ਵਾਲੇ ਸਾਬਣ ਬਦਬੂਨਾਸ਼ਕ ਅਤੇ ਐਂਟੀਸੈਪਟਿਕ ਹੁੰਦੇ ਹਨ।
* ਨਹਾਉਣ ਤੋਂ ਬਾਅਦ ਸੁਗੰਧਿਤ ਟੈਲਕਮ ਪਾਊਡਰ ਦੀ ਵਰਤੋਂ ਕਰੋ।
* ਡਿਓਡਰੈਂਟ ਅਤੇ ਪਰਫਿਊਮ ਵੀ ਵਰਤੋਂ ਵਿਚ ਲਿਆ ਸਕਦੇ ਹੋ, ਜੋ ਪਸੀਨੇ ਦੀ ਬਦਬੂ ਨੂੰ ਘੱਟ ਕਰਦੇ ਹਨ।
* ਜ਼ਿਆਦਾ ਪਸੀਨਾ ਆਉਣ 'ਤੇ ਨਿੰਮ ਦੇ ਪੱਤੇ ਪਾਣੀ ਵਿਚ ਭਿਉਂ ਕੇ ਉਸ ਪਾਣੀ ਨੂੰ ਪੁਣ ਕੇ ਉਸ ਨਾਲ ਨਹਾਉਣਾ ਵੀ ਲਾਭਦਾਇਕ ਹੁੰਦਾ ਹੈ।
* ਗੁਲਾਬ, ਚਮੇਲੀ ਦੇ ਪੱਤੇ, ਨਾਰੰਗੀ, ਸੰਤਰੇ, ਨਿੰਬੂ ਦੀਆਂ ਛਿੱਲਾਂ ਵੀ ਨਹਾਉਣ ਵਾਲੇ ਪਾਣੀ ਵਿਚ ਪਾ ਕੇ ਉਸ ਨਾਲ ਨਹਾਉਣ ਨਾਲ ਬਦਬੂ ਦੂਰ ਹੁੰਦੀ ਹੈ।
* ਜ਼ੁਰਾਬਾਂ ਵੀ ਹਰ ਰੋਜ਼ ਬਦਲੋ। ਪੈਰਾਂ ਦੀਆਂ ਉਂਗਲੀਆਂ ਵਿਚ ਪਾਊਡਰ ਪਾਓ ਅਤੇ ਡਿਓਡਰੈਂਟ ਦੀ ਵੀ ਵਰਤੋਂ ਕਰੋ। ਗਰਮੀਆਂ ਵਿਚ ਅੱਗਿਓਂ ਖੁੱਲ੍ਹੇ ਸੈਂਡਲ ਪਾਓ, ਤਾਂ ਕਿ ਪੈਰਾਂ ਵਿਚ ਪਸੀਨਾ ਜ਼ਿਆਦਾ ਨਾ ਆਵੇ।
* ਨਹਾਉਣ ਵਾਲੇ ਪਾਣੀ ਵਿਚ ਨਿੰਬੂ ਨਿਚੋੜ ਕੇ ਉਸ ਪਾਣੀ ਨਾਲ ਨਹਾਉਣ ਨਾਲ ਵੀ ਪਸੀਨੇ ਕਾਰਨ ਆਉਣ ਵਾਲੀ ਬਦਬੂ ਘੱਟ ਹੁੰਦੀ ਹੈ।
ਕੀ ਨਾ ਕਰੀਏ : * ਭੀੜੀ ਫਿਟਿੰਗ ਵਾਲੇ ਕੱਪੜੇ ਨਾ ਪਹਿਨੋ।
* ਜ਼ਿਆਦਾ ਪਰਫਿਊਮ ਅਤੇ ਡਿਓਡਰੈਂਟ ਦੀ ਵਰਤੋਂ ਨਾਲ ਮੁਸਾਮ ਬੰਦ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਦੀ ਵਰਤੋਂ ਸਿੱਧੀ ਚਮੜੀ 'ਤੇ ਨਾ ਕਰੋ।
* ਖਾਣਾ ਜ਼ਿਆਦਾ ਤਿੱਖੇ ਮਸਾਲੇ ਵਾਲਾ ਨਾ ਖਾਓ।
* ਜ਼ਿਆਦਾ ਬਦਬੂ ਵਾਲੇ ਖਾਧ ਪਦਾਰਥਾਂ ਦਾ ਸੇਵਨ ਘੱਟ ਕਰੋ ਜਿਵੇਂ ਲਸਣ, ਪਿਆਜ਼, ਮਾਸ, ਮੱਛੀ ਆਦਿ।
**

ਸਾਵਧਾਨ! ਬਰਫ਼ ਦਾ ਪਾਣੀ ਹਾਨੀਕਾਰਕ ਹੋ ਸਕਦਾ ਹੈ

ਗਰਮੀਆਂ ਵਿਚ ਸਰੀਰ ਵਿਚੋਂ ਕਾਫੀ ਪਸੀਨਾ ਨਿਕਲਦਾ ਹੈ, ਜਿਸ ਨਾਲ ਸਰੀਰ ਵਿਚ ਪਾਣੀ ਦੀ ਭਾਰੀ ਕਮੀ ਹੋ ਜਾਂਦੀ ਹੈ ਅਤੇ ਸਾਨੂੰ ਜ਼ੋਰਾਂ ਦੀ ਪਿਆਸ ਲਗਦੀ ਹੈ। ਪਿਆਸ ਬੁਝਾਉਣ ਅਤੇ ਰਾਹਤ ਪਾਉਣ ਲਈ ਅਸੀਂ ਠੰਢੇ ਪੀਣ ਵਾਲੇ ਪਦਾਰਥ, ਆਈਸ ਕ੍ਰੀਮ, ਲੱਸੀ, ਸ਼ਰਬਤ ਅਤੇ ਫਰਿੱਜ ਵਿਚ ਰੱਖੇ ਪਾਣੀ ਦਾ ਸੇਵਨ ਕਰਦੇ ਹਾਂ। ਇਨ੍ਹਾਂ ਵਿਚ ਬਰਫ਼ ਦਾ ਪਾਣੀ ਸਾਡੀ ਸਿਹਤ ਲਈ ਖਤਰਾ ਬਣ ਸਕਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਜਿਸ ਪਾਣੀ ਨਾਲ ਬਰਫ਼ ਬਣਾਈ ਗਈ ਹੈ, ਉਸ ਦੇ ਦੂਸ਼ਿਤ ਹੋਣ ਨਾਲ ਤਰ੍ਹਾਂ-ਤਰ੍ਹਾਂ ਦੇ ਰੋਗ ਹੋ ਸਕਦੇ ਹਨ। ਦੂਜਾ, ਬਹੁਤ ਜ਼ਿਆਦਾ ਠੰਢਾ ਹੋਣ ਕਾਰਨ ਦੰਦਾਂ, ਗਲੇ ਅਤੇ ਭੋਜਨ ਨਲੀ 'ਤੇ ਬੁਰਾ ਅਸਰ ਹੋ ਸਕਦਾ ਹੈ। ਤੀਜਾ, ਪਾਣੀ ਨੂੰ ਰੋਗਾਣੂਮੁਕਤ ਨਾ ਕੀਤਾ ਗਿਆ ਹੋਵੇ ਤਾਂ ਰੋਗ ਫੈਲਣ ਦੀ ਸੰਭਾਵਨਾ ਰਹਿੰਦੀ ਹੈ।
ਵੈਸੇ 'ਕੋਲਡ ਡ੍ਰਿੰਕਸ' ਵੀ ਘੱਟ ਖ਼ਤਰਨਾਕ ਨਹੀਂ ਹਨ, ਕਿਉਂਕਿ ਇਨ੍ਹਾਂ ਦੀ ਵਰਤੋਂ ਤੁਲਨਾਤਮਕ ਘੱਟ ਹੀ ਹੁੰਦੀ ਹੈ। ਬਰਫ਼ ਚਾਹੇ ਘਰ ਵਿਚ ਜਮਾਈ-ਬਣਾਈ ਗਈ ਹੋਵੇ ਜਾਂ ਬਾਜ਼ਾਰੋਂ ਖਰੀਦੀ ਗਈ ਹੋਵੇ, ਪ੍ਰਦੂਸ਼ਣ ਮੁਕਤ ਨਹੀਂ ਹੁੰਦੀ। ਇਸ ਲਈ ਬਰਫ਼ ਦੀ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ। ਖਾਸ ਕਰਕੇ ਉਸ ਸਮੇਂ ਤਾਂ ਬਰਫ਼ ਦਾ ਪਾਣੀ ਪੀਣਾ ਹੀ ਨਹੀਂ ਚਾਹੀਦਾ ਜਦੋਂ ਸਰੀਰ ਪਸੀਨੇ ਨਾਲ ਲਥਪਥ ਹੋਵੇ। ਜ਼ਿਆਦਾ ਚੰਗਾ ਰਹੇਗਾ ਜੇ ਬਿਨਾਂ ਬਰਫ਼ ਨਿੰਬੂ ਦਾ ਸ਼ਰਬਤ, ਪੁਦੀਨੇ ਦਾ ਅਰਕ, ਦਹੀਂ ਦੀ ਲੱਸੀ, ਫਲਾਂ ਦਾ ਰਸ, ਗੰਨੇ ਦਾ ਰਸ ਆਦਿ ਦੀ ਵਰਤੋਂ ਕੀਤੀ ਜਾਵੇ। ਬਰਫ਼ ਵਾਲੇ ਪਾਣੀ ਦੀ ਵਰਤੋਂ ਕਦੇ-ਕਦੇ ਹੀ ਕਰਨੀ ਚਾਹੀਦੀ ਹੈ।


-ਘਣਸ਼ਿਆਮ ਪ੍ਰਸਾਦ ਸਾਹੂ

ਅਰੋਗਤਾ ਅਤੇ ਚੁਸਤੀ ਲਈ ਜੂਸ

ਜਿਵੇਂ-ਜਿਵੇਂ ਗਰਮੀ ਰੁੱਤ ਦਸਤਕ ਦੇਣ ਲਗਦੀ ਹੈ, ਉਵੇਂ-ਉਵੇਂ ਲੋਕ ਵੱਖ-ਵੱਖ ਫਲਾਂ ਦੇ ਰਸ ਦਾ ਅਨੰਦ ਲੈਣ ਲਗਦੇ ਹਨ, ਕਿਉਂਕਿ ਇਹ ਕੁਦਰਤੀ ਊਰਜਾ ਦਿੰਦੇ ਹਨ। ਠੰਢ ਵਿਚ ਜਿਥੇ ਅਕਸਰ ਲੋਕ ਗਾਜਰ ਅਤੇ ਚੁਕੰਦਰ ਦਾ ਰਸਾਹਾਰ ਕਰਨ ਵਿਚ ਰੁਚੀ ਦਿਖਾਉਂਦੇ ਹਨ, ਉਥੇ ਗਰਮੀਆਂ ਆਉਂਦੇ ਹੀ ਤਾਜ਼ੇ ਫਲਾਂ ਵਿਚ ਮੌਸੰਮੀ, ਸੰਤਰਾ, ਅੰਬ, ਅਨਾਰ ਅਤੇ ਸੇਬ ਆਦਿ ਮੌਸਮੀ ਫਲਾਂ ਦਾ ਰਸ ਪੀਣ ਲੱਗਦੇ ਹਨ।
ਬਿਨਾਂ ਸ਼ੱਕ ਰੋਗਾਂ ਤੋਂ ਸੁਰੱਖਿਆ ਅਤੇ ਤਰੋਤਾਜ਼ਗੀ ਦੇ ਪੱਖੋਂ ਗਰਮੀਆਂ ਵਿਚ ਇਸ ਨਾਲੋਂ ਬਿਹਤਰ ਬਦਲ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸ ਲਈ ਤਾਜ਼ੇ ਫਲਾਂ ਦਾ ਰਸ ਇਨ੍ਹਾਂ ਦਿਨਾਂ ਵਿਚ ਸਿਹਤ ਲਈ ਲਾਭਦਾਇਕ ਹੁੰਦਾ ਹੈ। ਸਿਹਤ ਨੂੰ ਦਰੁਸਤ ਰੱਖਦਾ ਹੈ। ਇਹੀ ਨਹੀਂ, ਸਰੀਰ ਵੀ ਰਸ ਨੂੰ ਪਚਾਉਣ ਵਿਚ ਕਾਫੀ ਘੱਟ ਸਮਾਂ ਲੈਂਦਾ ਹੈ, ਨਤੀਜੇ ਵਜੋਂ ਇਸ ਵਿਚ ਮੌਜੂਦ ਮਿਨਰਲ ਅਤੇ ਵਿਟਾਮਿਨ ਅਸਾਨੀ ਨਾਲ ਖੂਨ ਵਿਚ ਘੁਲ ਕੇ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਚੁਸਤ-ਦਰੁਸਤ ਬਣਾ ਦਿੰਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਵੱਖ-ਵੱਖ ਫਲਾਂ ਦੇ ਜੂਸਾਂ ਬਾਰੇ, ਜਿਨ੍ਹਾਂ ਦਾ ਸੇਵਨ ਕਰਕੇ ਸਰੀਰ ਨੂੰ ਅਨੇਕਾਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਸੇਬ ਦਾ ਰਸ : ਸੇਬ ਵਿਚ ਮੇਕਿਲ ਐਸਿਡ ਹੁੰਦਾ ਹੈ, ਜੋ ਖੂਨ ਨਾਲ ਮਿਲ ਕੇ ਅਲਕਾਲਾਈਨ ਕਾਰਬੋਨੇਟ ਬਣਾਉਂਦਾ ਹੈ। ਇਹ ਖੂਨ ਵਿਚ ਜੰਮੇ ਹੋਏ ਯੂਰਿਕ ਐਸਿਡ ਦੇ ਪ੍ਰਭਾਵ ਨੂੰ ਖ਼ਤਮ ਕਰਕੇ ਪਿਸ਼ਾਬ ਅਤੇ ਪਖਾਨੇ ਰਾਹੀਂ ਬਾਹਰ ਕੱਢ ਦਿੰਦਾ ਹੈ। ਇਸ ਨਾਲ ਸਰੀਰ ਵਿਚ ਮੌਜੂਦ ਆਰਥਰਾਈਟਿਸ, ਗਠੀਆ, ਗੁਰਦੇ ਰੋਗ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਏਨਾ ਹੀ ਨਹੀਂ, ਦੋ ਗਿਲਾਸ ਸੇਬ ਦਾ ਰਸ ਹਰ ਰੋਜ਼ ਲੈਣ ਨਾਲ ਯਾਦਦਾਸ਼ਤ ਨੂੰ ਤੇਜ਼ ਰੱਖਣ ਅਤੇ ਦਿਮਾਗ ਦੀ ਕਾਰਜ ਪ੍ਰਣਾਲੀ ਨੂੰ ਦਰੁਸਤ ਰੱਖਣ ਵਿਚ ਵੀ ਕਾਫੀ ਮਦਦ ਮਿਲਦੀ ਹੈ।
ਅੰਗੂਰ ਦਾ ਰਸ : ਇਹ ਭਾਰ ਨੂੰ ਕਾਬੂ ਕਰਨ ਵਿਚ ਸਭ ਤੋਂ ਕਾਰਗਰ ਹੈ। ਇਸ ਨਾਲ ਕੋਸ਼ਿਕਾਵਾਂ ਨੂੰ ਊਰਜਾ ਕੰਪਾਊਂਡਸ ਨੂੰ ਅਵਸ਼ੋਸ਼ਤ ਕਰਨ ਵਿਚ ਸਹਾਇਤਾ ਮਿਲਦੀ ਹੈ। ਇਹ ਰਸ ਕੈਂਸਰ ਪ੍ਰਤੀਰੋਧੀ ਹੈ ਅਤੇ ਕਈ ਦਵਾਈਆਂ ਦੇ ਅਸਰ ਨੂੰ ਘੱਟ ਕਰ ਸਕਦਾ ਹੈ। ਇਸ ਲਈ ਭੋਜਨ ਕਰਨ ਤੋਂ ਪਹਿਲਾਂ ਇਕ ਗਿਲਾਸ ਅੰਗੂਰ ਦਾ ਰਸ ਲੈਣਾ ਫਾਇਦੇਮੰਦ ਸਾਬਤ ਹੁੰਦਾ ਹੈ ਪਰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਵੀ ਜ਼ਰੂਰੀ ਹੁੰਦੀ ਹੈ। ਇਹ ਲਿਵਰ, ਕਿਡਨੀ, ਕਬਜ਼ ਵਿਚ ਫਾਇਦੇਮੰਦ ਹੈ।
ਸੰਤਰੇ ਦਾ ਰਸ : ਸੰਤਰੇ ਵਿਚ ਵਿਟਾਮਿਨ 'ਸੀ', ਬੈਟਾਕੈਰੀਟਿਨ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ, ਜੋ ਕਿ ਸਰੀਰ ਨੂੰ ਅਨੇਕਾਂ ਰੋਗਾਂ ਨਾਲ ਲੜਨ ਦੀ ਸਮਰੱਥਾ ਦਿੰਦੇ ਹਨ। ਹੱਡੀਆਂ ਨੂੰ ਮਜ਼ਬੂਤੀ ਦੇਣ, ਦਿਮਾਗ ਦਾ ਵਿਕਾਸ ਕਰਨ ਦੇ ਨਾਲ-ਨਾਲ ਖੂਨ ਦਾ ਦਬਾਅ ਘੱਟ ਕਰਨ ਦੀ ਸਮਰੱਥਾ ਵੀ ਇਸ ਰਸ ਵਿਚ ਪ੍ਰਮੁੱਖਤਾ ਨਾਲ ਦੇਖੀ ਜਾਂਦੀ ਹੈ।
ਇਸ ਤੋਂ ਇਲਾਵਾ ਸੰਤਰੇ ਵਿਚ ਭਰਪੂਰ ਐਂਟੀਆਕਸੀਡੈਂਟਸ ਹੁੰਦਾ ਹੈ, ਜਿਸ ਨਾਲ ਦਿਲ ਸਬੰਧੀ ਰੋਗਾਂ ਦੀ ਸੰਭਾਵਨਾ ਨਾ ਦੇ ਬਰਾਬਰ ਹੁੰਦੀ ਹੈ। ਇਹ ਰਸ ਸਾਈਟ੍ਰੇਟ ਦਾ ਸ਼ਾਨਦਾਰ ਸਪਲੀਮੈਂਟ ਸਮਝਿਆ ਜਾਂਦਾ ਹੈ, ਕਿਉਂਕਿ ਇਹ ਤੱਤ ਵਿਸ਼ੇਸ਼ ਤੌਰ 'ਤੇ ਖੱਟੇ ਫਲਾਂ ਵਿਚ ਹੀ ਪਾਇਆ ਜਾਂਦਾ ਹੈ। ਇਹ ਗੁਰਦੇ ਦੀ ਪੱਥਰੀ ਦੀ ਪ੍ਰੇਸ਼ਾਨੀ ਨਾਲ ਵੀ ਦੋ-ਚਾਰ ਨਹੀਂ ਹੋਣ ਦਿੰਦਾ ਹੈ। ਇਸ ਲਈ ਰੋਜ਼ਾਨਾ ਇਕ ਗਿਲਾਸ ਸੰਤਰੇ ਦਾ ਰਸ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ।
ਅੰਬ ਦਾ ਰਸ : ਅੰਬ ਦਾ ਰਸ ਗਰਮੀਆਂ ਵਿਚ ਜ਼ਿਆਦਾ ਪੀਤਾ ਜਾਂਦਾ ਹੈ, ਕਿਉਂਕਿ ਇਸ ਵਿਚ ਫਿਨਾਲਸ ਅਤੇ ਆਇਰਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨਾਲ ਅਨੀਮੀਆ, ਕੈਂਸਰ ਅਤੇ ਸਕਿਨ ਡਿਸੀਜ਼ ਤੋਂ ਬਚਾਅ ਵਿਚ ਕਾਫੀ ਮਦਦ ਮਿਲਦੀ ਹੈ।
ਅਨਾਰ ਦਾ ਰਸ : ਅਨਾਰ ਵਿਚ ਮੌਜੂਦ ਰਸਾਇਣ ਸਰੀਰ ਦੀਆਂ ਕੋਸ਼ਿਕਾਵਾਂ ਦਾ ਨੁਕਸਾਨ ਹੋਣ ਤੋਂ ਰੋਕਦਾ ਹੈ ਅਤੇ ਕੈਂਸਰ ਤੋਂ ਪੀੜਤ ਕੋਸ਼ਿਕਾਵਾਂ ਨੂੰ ਖ਼ਤਮ ਕਰਦਾ ਹੈ। ਇਸ ਤਰ੍ਹਾਂ ਅਨਾਰ ਦਾ ਰਸ ਨਿਯਮਤ ਪੀਂਦੇ ਰਹਿਣ ਨਾਲ ਕੈਂਸਰ ਹੋਣ ਦੀ ਸੰਭਾਵਨਾ ਬਹੁਤ ਹੀ ਘੱਟ ਹੋ ਜਾਂਦੀ ਹੈ। ਹੋਰ ਤਾਂ ਹੋਰ, ਇਹ ਦਿਲ ਨੂੰ ਅਨੇਕਾਂ ਰੋਗਾਂ ਤੋਂ ਬਚਾਉਣ ਵਿਚ ਵੀ ਕਾਫੀ ਸਹਾਇਤਾ ਕਰਦਾ ਹੈ।
ਅਨਾਨਾਸ ਦਾ ਰਸ : ਅਨਾਨਾਸ ਦਾ ਰਸ ਬਹੁਤ ਹੀ ਸਵਾਦੀ ਅਤੇ ਪੇਟ ਦੇ ਵਿਕਾਰ ਲਈ ਲਾਭਦਾਇਕ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਪਾਚਣ ਕਿਰਿਆ ਤੇਜ਼ ਹੁੰਦੀ ਹੈ ਅਤੇ ਸਰੀਰਕ ਊਸ਼ਣਤਾ ਨਸ਼ਟ ਹੋ ਜਾਂਦੀ ਹੈ। ਪੀਲੀਆ, ਅਮਲਪਿੱਤ ਅਤੇ ਰਕਤਾਲਪਤਾ ਦੀ ਵਿਕ੍ਰਤੀ ਵਿਚ ਅਨਾਨਾਸ ਦਾ ਰਸ ਬਹੁਤ ਲਾਭਦਾਇਕ ਹੈ। ਅਨਾਨਾਸ ਦਾ ਰਸ ਪੀਣ ਨਾਲ ਸਰੀਰਕ ਸੁੰਦਰਤਾ ਵਧਦੀ ਹੈ, ਚਮੜੀ ਕੋਮਲ ਹੁੰਦੀ ਹੈ ਅਤੇ ਸਥੂਲਤਾ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ, ਜਦੋਂ ਕਿ ਗਰਮੀ ਰੁੱਤ ਵਿਚ ਊਸ਼ਣਤਾ ਨਾਲ ਪੈਦਾ ਦਿਲ ਦੀ ਬੇਚੈਨੀ ਨੂੰ ਵੀ ਖ਼ਤਮ ਕਰਦਾ ਹੈ।
ਇਸ ਤੋਂ ਇਲਾਵਾ ਇਨ੍ਹਾਂ ਗਰਮੀਆਂ ਵਿਚ ਤੁਸੀਂ ਅਮਰੂਦ, ਲੀਚੀ, ਤਰਬੂਜ, ਨਾਸ਼ਪਾਤੀ ਆਦਿ ਫਲਾਂ ਦੇ ਰਸ ਦਾ ਵੀ ਸੇਵਨ ਕਰ ਸਕਦੇ ਹੋ। ਇਹ ਰਸ ਸਰੀਰ ਵਿਚ ਮੌਜੂਦ ਬਿਮਾਰੀ ਫੈਲਾਉਣ ਵਾਲੇ ਕੀਟਾਣੂਆਂ ਨਾਲ ਤਾਂ ਲੜਦੇ ਹੀ ਹਨ, ਸਗੋਂ ਬੇਚੈਨੀ ਅਤੇ ਤਣਾਅ ਨੂੰ ਘੱਟ ਕਰਕੇ ਠੰਢਕ ਅਤੇ ਪਿਆਸ ਦੀ ਸ਼ਾਂਤੀ ਦਾ ਅਹਿਸਾਸ ਦਿਵਾਉਂਦੇ ਹਨ, ਜਿਸ ਨਾਲ ਮਨੁੱਖਾਂ ਨੂੰ ਇਸ ਤਣਾਅ ਭਰੀ ਜ਼ਿੰਦਗੀ ਵਿਚ ਸਰੀਰਕ ਥਕਾਨ ਅਤੇ ਆਲਸ ਵਰਗੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ।

ਕੀ ਹੈ ਘੁਲਣਸ਼ੀਲ ਅਤੇ ਗ਼ੈਰ-ਘੁਲਣਸ਼ੀਲ ਚਰਬੀ?

ਅਕਸਰ ਸਿਹਤ ਸਬੰਧੀ ਸਾਹਿਤ ਵਿਚ ਸਾਨੂੰ ਗ਼ੈਰ-ਘੁਲਣਸ਼ੀਲ ਚਰਬੀ ਖਾਣ ਨੂੰ ਕਿਹਾ ਜਾਂਦਾ ਹੈ ਅਤੇ ਘੁਲਣਸ਼ੀਲ ਚਰਬੀ ਤੋਂ ਬਚਣ ਨੂੰ ਕਿਹਾ ਜਾਂਦਾ ਹੈ। ਕੀ ਅਸੀਂ ਜਾਣਦੇ ਹਾਂ ਕਿ ਕਿਸ ਖਾਧ ਪਦਾਰਥ ਵਿਚ ਘੁਲਣਸ਼ੀਲ ਚਰਬੀ ਹੈ ਅਤੇ ਕਿਸ ਖਾਧ ਪਦਾਰਥ ਵਿਚ ਗ਼ੈਰ-ਘੁਲਣਸ਼ੀਲ?
* ਮਾਸ, ਸ਼ੁੱਧ ਘਿਓ, ਬਨਸਪਤੀ ਘਿਓ, ਮੱਖਣ, ਕ੍ਰੀਮਯੁਕਤ ਦੁੱਧ ਅਤੇ ਖੋਆ ਅਤੇ ਤਲੇ ਹੋਏ ਖਾਧ ਪਦਾਰਥ ਘੁਲਣਸ਼ੀਲ ਚਰਬੀ ਦੇ ਵੱਡੇ ਸਰੋਤ ਹਨ। ਇਹ ਘੁਲਣਸ਼ੀਲ ਚਰਬੀ ਸਾਡੀਆਂ ਖੂਨ ਵਹਿਣ ਵਾਲੀਆਂ ਨਾੜੀਆਂ ਲਈ ਘਾਤਕ ਹੋ ਸਕਦੀ ਹੈ।
* ਆਂਡੇ ਦਾ ਪੀਲਾ ਹਿੱਸਾ ਅਤੇ ਬਨਸਪਤੀ ਘਿਓ ਸਿਹਤ ਦੇ ਸਭ ਤੋਂ ਵੱਡੇ ਦੁਸ਼ਮਣ ਮੰਨੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਬਹੁਤ ਸੀਮਤ ਮਾਤਰਾ ਵਿਚ ਲਿਆ ਜਾਣਾ ਚਾਹੀਦਾ ਹੈ।
* ਜੈਤੂਨ ਦੇ ਤੇਲ, ਮੂੰਗਫਲੀ ਦੇ ਤੇਲ, ਤਿਲ ਦੇ ਤੇਲ ਅਤੇ ਸਰ੍ਹੋਂ ਦੇ ਤੇਲ ਵਿਚ ਅਦ੍ਰਿਸ਼ ਗ਼ੈਰ-ਘੁਲਣਸ਼ੀਲ ਚਰਬੀ ਹੁੰਦੀ ਹੈ। ਇਨ੍ਹਾਂ ਨੂੰ ਸੀਮਤ ਮਾਤਰਾ ਵਿਚ ਹੀ ਖਾਣਾ ਚਾਹੀਦਾ ਹੈ।
* ਬਦਾਮ, ਅਖਰੋਟ, ਕਾਜੂ ਅਤੇ ਮੂੰਗਫਲੀ ਵਿਚ ਵੀ ਅਦ੍ਰਿਸ਼ ਗ਼ੈਰ-ਘੁਲਣਸ਼ੀਲ ਚਰਬੀ ਹੁੰਦੀ ਹੈ ਅਤੇ ਇਨ੍ਹਾਂ ਨੂੰ ਸੀਮਤ ਮਾਤਰਾ ਵਿਚ ਖਾਧਾ ਜਾ ਸਕਦਾ ਹੈ।
* ਡੱਬਾਬੰਦ ਮਾਸ ਵਿਚ ਜ਼ਿਆਦਾ ਘੁਲਣਸ਼ੀਲ ਚਰਬੀ ਹੁੰਦੀ ਹੈ। ਇਸ ਲਈ ਉਸ ਦੀ ਜਗ੍ਹਾ ਤਾਜ਼ਾ ਮਾਸ ਲੈਣਾ ਬਿਹਤਰ ਹੈ।
* ਪਰਾਉਂਠੇ ਜਾਂ ਪੂੜੀ ਦੀ ਬਜਾਏ ਰੇਸ਼ਾਯੁਕਤ ਰੋਟੀ ਖਾਣਾ ਬਿਹਤਰ ਹੈ।
* ਬਿਸਕੁਟ ਆਦਿ ਖਾਣ ਦੀ ਬਜਾਏ ਬ੍ਰਾਊਨ ਬ੍ਰੈੱਡ ਖਾਣਾ ਬਿਹਤਰ ਹੈ। * ਬਾਜ਼ਾਰੂ ਤਲੇ ਹੋਏ ਨਮਕੀਨ ਪਦਾਰਥਾਂ ਦੀ ਜਗ੍ਹਾ ਭੁੰਨੇ ਹੋਏ ਨਮਕੀਨ ਹੀ ਖਾਓ।


-ਅਸ਼ੋਕ ਗੁਪਤ

ਤਾਂ ਕਿ ਤੁਹਾਡੇ ਤੋਂ ਪਿੱਤ ਰਹੇ ਕੋਹਾਂ ਦੂਰ...

ਇਸ ਗੱਲ ਵਿਚ ਕੋਈ ਦੋ ਰਾਇ ਨਹੀਂ ਹਨ ਕਿ ਗਰਮੀਆਂ ਦੇ ਦਿਨ ਨੇੜੇ ਆਉਂਦੇ ਹੀ ਕਈ ਤਰ੍ਹਾਂ ਦੀਆਂ ਹੋਰ ਵੀ ਬਿਮਾਰੀਆਂ ਸਾਡੇ ਸਰੀਰ ਵਿਚ ਦਾਖ਼ਲ ਹੋਣ ਲਗਦੀਆਂ ਹਨ, ਜੋ ਥੋੜ੍ਹੀ ਜਿਹੀ ਲਾਪ੍ਰਵਾਹੀ ਕਰਨ ਨਾਲ ਹੀ ਸਾਡੇ ਲਈ ਨਾਸੂਰ ਬਣ ਜਾਂਦੀਆਂ ਹਨ। ਜੇ ਸਮਾਂ ਰਹਿੰਦੇ ਇਨ੍ਹਾਂ ਬਿਮਾਰੀਆਂ ਦਾ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਇਸ ਵਿਸ਼ੇ 'ਤੇ ਬਹੁਤੇ ਡਾਕਟਰਾਂ ਦਾ ਇਹੀ ਮੰਨਣਾ ਹੈ ਕਿ ਗਰਮੀਆਂ ਦੇ ਦਸਤਕ ਦਿੰਦੇ ਹੀ ਇਸ ਦੇ ਪ੍ਰਕੋਪ ਨਾਲ ਪੈਦਾ ਗਰਮੀ ਅਤੇ ਹੁੰਮਸ ਦੇ ਕਾਰਨ ਵਾਕਿਆ ਹੀ ਕਈ ਗੰਭੀਰ ਬਿਮਾਰੀਆਂ ਦਾ ਹੋਣਾ ਆਮ ਗੱਲ ਹੈ, ਕਿਉਂਕਿ ਇਨ੍ਹਾਂ ਬਿਮਾਰੀਆਂ ਦੇ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਦੂਸ਼ਿਤ ਖਾਣ-ਪੀਣ ਅਤੇ ਸਾਫ਼-ਸਫ਼ਾਈ 'ਤੇ ਵਿਸ਼ੇਸ਼ ਧਿਆਨ ਨਾ ਦੇਣਾ ਹੁੰਦਾ ਹੈ। ਜੇ ਅਸੀਂ ਥੋੜ੍ਹੀ ਜਿਹੀ ਸਾਵਧਾਨੀ ਵਰਤਦੇ ਹੋਏ ਖਾਣ-ਪੀਣ ਦੀਆਂ ਚੀਜ਼ਾਂ 'ਤੇ ਖਾਸ ਧਿਆਨ ਰੱਖਦੇ ਹਾਂ ਤਾਂ ਇਨ੍ਹਾਂ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ।
ਇਨ੍ਹਾਂ ਬਿਮਾਰੀਆਂ ਵਿਚੋਂ ਹੀ ਇਕ ਹੈ ਪਿੱਤ ਜੋ ਵਿਅਕਤੀ ਦੇ ਸਰੀਰ ਵਿਚ ਬਹੁਤ ਜ਼ਿਆਦਾ ਖੁਜਲੀ ਅਤੇ ਜਲਣ ਪੈਦਾ ਕਰਦੀ ਹੈ। ਝੁਲਸਦੀ ਅਤੇ ਕੜਕਦੀ ਧੁੱਪ ਦੇ ਮੌਸਮ ਭਾਵ ਗਰਮੀਆਂ ਦੇ ਦਿਨਾਂ ਵਿਚ ਇਹ ਪਿੱਤ ਸਭ ਤੋਂ ਵੱਧ ਗਰਦਨ, ਪੇਟ ਅਤੇ ਪਿੱਠ 'ਤੇ ਦੇਖਣ ਨੂੰ ਮਿਲਦੀ ਹੈ। ਨਤੀਜੇ ਵਜੋਂ ਵਿਅਕਤੀ ਕੱਪੜਿਆਂ ਨੂੰ ਵੀ ਆਪਣੇ ਤਨ ਤੋਂ ਲਾਹ ਕੇ ਸੁੱਟਦਾ ਹੈ ਪਰ ਫਿਰ ਵੀ ਉਸ ਨੂੰ ਕਿਤੇ ਕੋਈ ਆਰਾਮ ਨਹੀਂ ਮਿਲਦਾ। ਅਜਿਹੇ ਬੁਰੇ ਸਮੇਂ ਵਿਚ ਜੇ ਤੁਸੀਂ ਤੁਰੰਤ ਆਰਾਮ ਪਾਉਣ ਦੇ ਅਤੀ ਇੱਛੁਕ ਹੋ ਤਾਂ ਹੇਠ ਲਿਖੇ ਘਰੇਲੂ ਨੁਸਖਿਆਂ ਨੂੰ ਅਮਲ ਵਿਚ ਲਿਆਓ ਤਾਂ ਯਕੀਨਨ ਪਿੱਤ ਦੇ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਕੁਝ ਅਸਰਦਾਰ ਘਰੇਲੂ ਉਪਾਅ
* ਗਰਮੀਆਂ ਦੇ ਦਿਨਾਂ ਵਿਚ ਘਰ ਵਿਚ ਮੌਜੂਦ ਬਰਫ਼ ਨੂੰ ਪਿੱਤ ਵਾਲੀ ਜਗ੍ਹਾ 'ਤੇ ਲਗਾਉਣ ਨਾਲ ਪਿੱਤ ਠੀਕ ਹੋ ਜਾਂਦੀ ਹੈ ਅਤੇ ਵਿਅਕਤੀ ਨੂੰ ਸਰੀਰ 'ਤੇ ਬਰਫ਼ ਮਲਣ ਨਾਲ ਠੰਢਕ ਵੀ ਮਿਲਦੀ ਹੈ।
* ਸਰੀਰ 'ਤੇ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਪਿੱਤ ਕੁਝ ਹੀ ਦਿਨਾਂ ਵਿਚ ਖ਼ਤਮ ਹੋ ਜਾਂਦੀ ਹੈ। ਕਿਉਂਕਿ ਇਹ ਮੁਲਤਾਨੀ ਮਿੱਟੀ ਪਿੱਤ ਦੀ ਜਲਣ ਦਾ ਨਾਸ ਕਰਦੇ ਹੋਏ ਵਿਅਕਤੀ ਨੂੰ ਗਰਮੀਆਂ ਦੇ ਦਿਨਾਂ ਵਿਚ ਵੀ ਠੰਢਕ ਦਾ ਅਹਿਸਾਸ ਦਿਵਾਉਂਦੀ ਹੈ। ਇਸ ਲਈ ਪਿੱਤ ਦੇ ਨਾਲ-ਨਾਲ ਖੁਜਲੀ ਦਾ ਵੀ ਨਾਸ਼ ਹੋ ਜਾਂਦਾ ਹੈ।
* ਹਰ ਰੋਜ਼ ਸਵੇਰੇ ਅਤੇ ਸ਼ਾਮ ਨਹਾਉਣ ਤੋਂ ਬਾਅਦ ਜੇ ਅਸੀਂ ਨਾਰੀਅਲ ਦੇ ਤੇਲ ਵਿਚ ਕਪੂਰ ਨੂੰ ਮਿਲਾ ਕੇ ਪੂਰੇ ਸਰੀਰ 'ਤੇ ਮਾਲਿਸ਼ ਕਰੀਏ ਤਾਂ ਪਿੱਤ ਕੁਝ ਹੀ ਦਿਨਾਂ ਵਿਚ ਠੰਢੇ ਬਸਤੇ ਵਿਚ ਚਲੀ ਜਾਵੇਗੀ ਅਤੇ ਸਮੱਸਿਆ ਦਾ ਖ਼ਾਤਮਾ ਹੋ ਜਾਵੇਗਾ।
* ਸਰੀਰ 'ਤੇ ਪਿੱਤ ਨਿਕਲਣ 'ਤੇ ਮਹਿੰਦੀ ਦਾ ਲੇਪ ਲਗਾਉਣ ਨਾਲ ਵੀ ਬਹੁਤ ਆਰਾਮ ਮਿਲਦਾ ਹੈ। ਨਹਾਉਂਦੇ ਸਮੇਂ ਪਾਣੀ ਵਿਚ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਮਿਲਾਓ। ਇਸ ਪਾਣੀ ਨਾਲ ਨਹਾਉਣ ਨਾਲ ਪਿੱਤ ਖੁਦ-ਬ-ਖੁਦ ਠੀਕ ਹੋਣ ਲਗਦੀ ਹੈ ਅਤੇ ਰੋਗੀ ਨੂੰ ਇਨ੍ਹਾਂ ਤੋਂ ਰਾਹਤ ਵੀ ਮਿਲਦੀ ਹੈ। * ਗਰਮੀ ਦੇ ਦਿਨਾਂ ਵਿਚ ਪਿੱਤ ਦੀ ਤਕਲੀਫ ਤੋਂ ਛੁਟਕਾਰਾ ਪਾਉਣ ਲਈ ਨਿੰਮ ਦੀ ਛਿੱਲ ਜਾਂ ਪੱਤਿਆਂ ਨੂੰ ਮਸਲ ਕੇ ਚੰਦਨ ਵਾਂਗ ਸਰੀਰ 'ਤੇ ਲਗਾਓ ਜਾਂ ਫਿਰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਨਹਾਓ ਤਾਂ ਵਾਕਿਆ ਹੀ ਖੁਦ ਨੂੰ ਬਚਾਇਆ ਜਾ ਸਕਦਾ ਹੈ।
* ਚੰਦਨ ਦੇ ਪਾਊਡਰ ਨੂੰ ਆਮ ਪਾਊਡਰ ਦੀ ਤਰ੍ਹਾਂ ਸਰੀਰ 'ਤੇ ਲਗਾਉਣ ਨਾਲ ਵੀ ਪਿੱਤ ਖੁਦ-ਬ-ਖੁਦ ਸਮਾਪਤ ਹੋ ਜਾਂਦੀ ਹੈ। ਇਸ ਤਰ੍ਹਾਂ ਵਿਅਕਤੀ ਨੂੰ ਜਲਣ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਗੁਲਾਬ ਜਲ ਵਿਚ ਚੰਦਨ ਅਤੇ ਕਪੂਰ ਨੂੰ ਮਸਲ ਕੇ ਪਿੱਤ 'ਤੇ ਲਗਾਉਣ ਨਾਲ ਵੀ ਕਾਫੀ ਲਾਭ ਹੁੰਦਾ ਹੈ।
* ਅਨਾਨਾਸ ਫਲ ਵੀ ਪਿੱਤ ਦਾ ਖ਼ਾਤਮਾ ਕਰਨ ਵਿਚ ਕਿਸੇ ਰਾਮਬਾਣ ਤੋਂ ਘੱਟ ਨਹੀਂ ਹੈ। ਜੇ ਅਸੀਂ ਅਨਾਨਾਸ ਦੇ ਗੁੱਦੇ ਨੂੰ ਪਿੱਤ ਵਾਲੀਆਂ ਜਗ੍ਹਾ 'ਤੇ ਲਗਾਈਏ ਤਾਂ ਬਿਨਾਂ ਸ਼ੱਕ ਇਸ ਨਾਲ ਸਾਡੇ ਸਰੀਰ ਨੂੰ ਹੋਣ ਵਾਲੀ ਤਕਲੀਫ ਤੋਂ ਕਾਫੀ ਆਰਾਮ ਮਿਲੇਗਾ।
* ਜੇ ਅਸੀਂ ਗਾਂ ਜਾਂ ਮੱਝ ਦੇ ਸ਼ੁੱਧ ਦੇਸੀ ਘਿਓ ਦੀ ਸਾਰੇ ਸਰੀਰ 'ਤੇ ਮਾਲਿਸ਼ ਕਰੀਏ ਤਾਂ ਇਹ ਪਿੱਤ ਦਾ ਨਾਸ਼ ਕਰਨ ਵਿਚ ਸਾਡੀ ਖੂਬ ਮਦਦ ਕਰੇਗਾ।
ਇਸ ਤੋਂ ਇਲਾਵਾ ਤੁਲਸੀ ਦੀ ਲੱਕੜੀ ਨੂੰ ਪੀਸ ਕੇ ਇਸ ਦੇ ਚੂਰਨ ਦਾ ਲੇਪ ਚੰਦਨ ਵਾਂਗ ਸਰੀਰ 'ਤੇ ਲਗਾਉਣ ਨਾਲ ਪਿੱਤ ਕੋਹਾਂ ਦੂਰ ਹੋ ਜਾਂਦੀ ਹੈ, ਜਦੋਂ ਕਿ ਛੋਲਿਆਂ ਦਾ ਸੱਤੂ ਵੀ ਮਹਾਂਸੰਜੀਵਨੀ ਸਾਬਤ ਹੁੰਦਾ ਹੈ। ਹਮੇਸ਼ਾ ਪਿੱਤ ਦੇ ਹੋਣ 'ਤੇ ਸੱਤੂ, ਅੰਬ ਦਾ ਪੱਨਾ, ਨਿੰਬੂ ਪਾਣੀ, ਮੱਠਾ, ਲੱਸੀ ਆਦਿ ਦਾ ਹਰ ਰੋਜ਼ ਸੇਵਨ ਕਰਦੇ ਹੋਏ ਸਰੀਰ ਦੀ ਸਾਫ਼-ਸਫ਼ਾਈ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਲਾਭ ਮਿਲੇਗਾ ਅਤੇ ਪਿੱਤ ਤੋਂ ਮੁਕਤੀ ਪਾਉਣ ਵਿਚ ਵੀ ਬਹੁਤ ਅਸਾਨੀ ਹੋਵੇਗੀ।

ਸਿਹਤ ਖ਼ਬਰਨਾਮਾ

ਸੂਰਜ ਦਾ ਉਜਾਲਾ ਊਰਜਾਵਾਨ ਬਣਾਉਂਦਾ

ਸੂਰਜ ਦਾ ਪ੍ਰਕਾਸ਼ ਘਰ ਵਿਚ ਆਉਂਦਾ ਹੈ ਤਾਂ ਉਸ ਵਿਚ ਰਹਿਣ ਵਾਲੇ ਉਤਸ਼ਾਹ ਅਤੇ ਊਰਜਾਵਾਨ ਮਹਿਸੂਸ ਕਰਦੇ ਹਨ। ਇਸ ਦਾ ਲਾਭ ਸਭ ਨੂੰ ਮਿਲੇ, ਇਸ ਵਾਸਤੇ ਘਰ ਦੇ ਹਰੇਕ ਕਮਰੇ ਵਿਚ ਵੱਧ ਤੋਂ ਵੱਧ ਰੌਸ਼ਨੀ ਨੂੰ ਲਿਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਖਿੜਕੀਆਂ ਅਤੇ ਰੋਸ਼ਨਦਾਨ ਪ੍ਰਮੁੱਖ ਸਹਾਇਕ ਹੁੰਦੇ ਹਨ। ਸੂਰਜ ਦਾ ਉਜਾਲਾ ਸਾਨੂੰ ਊਰਜਾਵਾਨ ਬਣਾਉਂਦਾ ਹੈ ਅਤੇ ਸਭ ਨੂੰ ਨਿਰੋਗ ਰੱਖਦਾ ਹੈ। ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ ਅਤੇ ਰਾਤ ਨੂੰ ਗੂੜ੍ਹੀ ਨੀਂਦ ਲਿਆਉਂਦਾ ਹੈ। ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਟ੍ਰੈਫ਼ਿਕ ਜਾਮ ਵਧਾ ਦਿੰਦਾ ਹੈ ਦਿਲ ਨੂੰ ਖ਼ਤਰਾ

ਵੱਡੇ ਸ਼ਹਿਰਾਂ ਵਿਚ ਸੜਕ ਆਵਾਜਾਈ ਵੱਡੀ ਸਮੱਸਿਆ ਬਣ ਚੁੱਕੀ ਹੈ। ਚੌਕਾਂ ਵਿਚ ਟ੍ਰੈਫ਼ਿਕ ਜਾਮ ਸਾਰਿਆਂ ਨੂੰ ਪ੍ਰੇਸ਼ਾਨ ਕਰ ਦਿੰਦਾ ਹੈ। ਇਸ ਨਾਲ ਜਾਮ ਵਿਚ ਫਸੇ ਲੋਕਾਂ ਦੀ ਵਿਆਕੁਲਤਾ, ਦਿਲ ਦੀ ਧੜਕਣ, ਬੀ. ਪੀ., ਸ਼ੂਗਰ, ਤਣਾਅ, ਅਵਸਾਦ, ਗੁੱਸਾ ਆਪਣੇ-ਆਪ ਵਧ ਜਾਂਦਾ ਹੈ। ਟ੍ਰੈਫ਼ਿਕ ਜਾਮ, ਉਥੇ ਦੇ ਪ੍ਰਦੂਸ਼ਣ ਅਤੇ ਸ਼ੋਰ ਦਾ ਸਭ ਤੋਂ ਵੱਧ ਅਸਰ ਦਮਾ, ਬੀ. ਪੀ. ਅਤੇ ਦਿਲ ਦੇ ਰੋਗੀਆਂ 'ਤੇ ਹੁੰਦਾ ਹੈ। ਇਸ ਨਾਲ ਖ਼ੂਨ ਦਾ ਦਬਾਅ ਵਧ ਜਾਂਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ। ਟ੍ਰੈਫ਼ਿਕ ਜਾਮ ਨਾਲ ਸਰੀਰ ਵਿਚ ਜਕੜਨ, ਦਰਦ ਅਤੇ ਪਾਣੀ ਦੀ ਕਮੀ ਵੀ ਹੋਣ ਲਗਦੀ ਹੈ।
ਗਠੀਏ ਤੋਂ ਬਚਾਏ ਦਾਲਚੀਨੀ

ਸਾਡੇ ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਵਿਚ ਦਵਾਈ ਵਾਂਗ ਕੁਝ ਨਾ ਕੁਝ ਗੁਣ ਮੌਜੂਦ ਹਨ। ਇਨ੍ਹਾਂ ਵਿਚ ਮਸਾਲੇ ਸਿਰਮੌਰ ਹਨ। ਦਾਲਚੀਨੀ ਨੂੰ ਮਸਾਲੇ ਦੀ ਕਿਸਮ ਵਿਚ ਰੱਖਿਆ ਗਿਆ ਹੈ। ਇਹ ਖਾਣ-ਪੀਣ ਦਾ ਸਵਾਦ ਅਤੇ ਉਸ ਵਿਚ ਮਹਿਕ ਵਧਾਉਣ ਲਈ ਵਰਤੀ ਜਾਂਦੀ ਹੈ। ਇਹ ਸਿੱਧੇ ਤੌਰ 'ਤੇ ਅਨੇਕ ਰੋਗਾਂ ਵਿਚ ਦਵਾਈ ਵਾਂਗ ਕੰਮ ਕਰਦੀ ਹੈ। ਦਾਲਚੀਨੀ ਇਕ ਸਦਾਬਹਾਰ ਰੁੱਖ ਦੀ ਛਿੱਲ ਹੈ। ਇਸ ਦਾ ਰੁੱਖ 10 ਤੋਂ 15 ਮੀਟਰ ਉੱਚਾ ਹੁੰਦਾ ਹੈ। ਇਹ ਸਮੁੰਦਰ ਦੇ ਕਿਨਾਰੇ ਜਾਂ ਛੋਟੇ ਦੀਪਾਂ ਵਿਚ ਵੱਡੀ ਗਿਣਤੀ ਵਿਚ ਪਾਇਆ ਜਾਂਦਾ ਹੈ।
ਦਾਲਚੀਨੀ ਚਬਾਉਣ ਜਾਂ ਪਾਊਡਰ ਦੀ ਇਕ ਚੁਟਕੇ ਲੈਣ ਨਾਲ ਪੇਟ ਫੁੱਲਣ, ਦਸਤ, ਖੰਘ ਅਤੇ ਸਰਦੀ ਵਿਚ ਲਾਭ ਮਿਲਦਾ ਹੈ। ਹਰ ਰੋਜ਼ ਨਾਸ਼ਤੇ ਤੋਂ ਪਹਿਲਾਂ ਇਕ ਚਮਚ ਦਾਲਚੀਨੀ ਪਾਊਡਰ ਲੈਣ ਨਾਲ ਜੋੜਾਂ ਵਿਚ ਦਰਦ ਅਤੇ ਗਠੀਏ ਦੀ ਪ੍ਰੇਸ਼ਾਨੀ ਤੋਂ ਇਕ ਮਹੀਨੇ ਦੇ ਅੰਦਰ-ਅੰਦਰ ਪੂਰੀ ਰਾਹਤ ਮਿਲ ਜਾਂਦੀ ਹੈ। ਇਹ ਚਾਹ, ਦੁੱਧ ਅਤੇ ਚੌਲਾਂ ਦੇ ਪਕਵਾਨ ਦੇ ਨਾਲ ਵਿਸ਼ੇਸ਼ ਤੌਰ 'ਤੇ ਵਰਤੀ ਜਾਂਦੀ ਹੈ। ਦਾਲਚੀਨੀ ਖੂਨ ਦੀ ਸ਼ੂਗਰ, ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਦੇ ਪੱਧਰ ਨੂੰ ਘੱਟ ਕਰਨ ਵਿਚ ਸਭ ਤੋਂ ਵਧੀਆ ਸਹਾਇਕ ਹੈ। ਇਹ ਹਲਕੀ ਮਿੱਠੀ ਅਤੇ ਮਹਿਕਦੀ ਹੁੰਦੀ ਹੈ।
ਕੈਂਸਰ ਪਨਪਣ ਤੋਂ ਰੋਕਦਾ ਹੈ ਗਾਂ ਦਾ ਘਿਓ
ਦੁੱਧ ਵਿਚੋਂ ਨਿਕਲਣ ਵਾਲੇ ਘਿਓ ਨੂੰ ਮਾੜਾ ਕਹਿ ਕੇ ਪੱਛਮੀ ਵਿਗਿਆਨੀਆਂ, ਡਾਕਟਰਾਂ ਅਤੇ ਖੋਜ ਕਰਤਾਵਾਂ ਨੇ ਹਮੇਸ਼ਾ ਬਦਨਾਮ ਕੀਤਾ ਹੈ। ਉਹ ਕਈ ਮਾਮਲਿਆਂ ਵਿਚ ਤੇਲਾਂ ਅਤੇ ਬਨਸਪਤੀ ਘਿਓ ਨੂੰ ਵਧੀਆ ਦੱਸਦੇ ਹਨ, ਜਦੋਂ ਕਿ ਅਜਿਹਾ ਨਹੀਂ ਹੁੰਦਾ। ਕਰਨਾਲ ਦੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਨੇ ਆਪਣੀ ਛੇ ਸਾਲ ਦੀ ਖੋਜ ਉਪਰੰਤ ਇਹ ਪਾਇਆ ਹੈ ਕਿ ਗਾਂ ਦੇ ਦੁੱਧ ਤੋਂ ਬਣੇ ਘਿਓ ਵਿਚ ਕੈਂਸਰ ਨੂੰ ਪਨਪਣ ਤੋਂ ਰੋਕਣ ਦੀ ਸਮਰੱਥਾ ਹੈ। ਗਾਂ ਦੇ ਘਿਓ ਨੂੰ ਪਵਿੱਤਰ ਮੰਨਣ ਦੀ ਪ੍ਰਾਚੀਨ ਭਾਰਤੀ ਪਰੰਪਰਾ ਨੂੰ ਇਸ ਵਿਗਿਆਨਿਕ ਖੋਜ ਨਾਲ ਬਲ ਮਿਲਿਆ ਹੈ। ਖੋਜ ਦੇ ਨਤੀਜੇ ਅਨੁਸਾਰ ਗਾਂ ਦੇ ਘਿਓ ਦੇ ਸੇਵਨ ਨਾਲ ਸਤਨ ਅਤੇ ਅੰਤੜੀ ਦੇ ਖ਼ਤਰਨਾਕ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਇਹ ਕੈਂਸਰ ਨੂੰ ਪੈਦਾ ਹੋਣ ਤੋਂ ਰੋਕਦਾ ਹੈ ਅਤੇ ਉਸ ਦੇ ਫੈਲਣ ਦੀ ਗਤੀ ਨੂੰ ਚਮਤਕਾਰੀ ਢੰਗ ਨਾਲ ਘੱਟ ਕਰ ਦਿੰਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX