ਤਾਜਾ ਖ਼ਬਰਾਂ


ਅਨੰਤਨਾਗ ਤੋਂ ਲੜਾਂਗੀ ਚੋਣ - ਮਹਿਬੂਬਾ ਮੁਫ਼ਤੀ
. . .  54 minutes ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਉਹ ਅਨੰਤਨਾਗ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ।
ਆਈ.ਪੀ.ਐਲ 2019 : ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਪੂਰੀ ਟੀਮ 70 ਦੌੜਾਂ ਬਣਾ ਕੇ ਆਊਟ
. . .  about 1 hour ago
ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  about 2 hours ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 3 hours ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 4 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਹੋਰ ਖ਼ਬਰਾਂ..

ਦਿਲਚਸਪੀਆਂ

ਵੋਟ ਰਾਜ

'ਕੁੜੇ ਆਹ ਤਾਂ ਉਹ ਕਣਕ ਲਗਦੀ ਐ, ਜਿਹੜੀ ਗ਼ਰੀਬਾਂ ਨੂੰ ਵੰਡੀ ਜਾਂਦੀ ਐ |'
ਇਕ ਧਨਾਢ ਘਰ ਪੋਚਾ ਲਾਉਣ ਆਈ ਨਸੀਬ ਕੌਰ ਨੇ ਥੈਲਿਆਂ ਵੱਲ ਇਸ਼ਾਰਾ ਕਰ ਮਾਲਕਣ ਨੂੰ ਪੁੱਛਿਆ |
'ਆਹੋ ਨਸੀਬੋ ਉਹੀ ਐ, ਤੂੰ ਤਾਂ ਜਾਣਦੀਓਾ ਐਾ ਵੋਟਾਂ 'ਚ ਆਪਣਾ ਸਰਪੰਚ ਬਣਾਉਣ ਵਾਸਤੇ ਕਿੰਨਾ ਘਸਮਾਣ ਪਿਐ | ਊਾ ਪੂਰੀਆਂ ਵੀਹ ਬਾਈ ਵੋਟਾਂ ਤਾਂ ਸਾਡੇ ਹੀ ਲਾਣੇ ਦੀਆਂ ਨੇ | ਫਿਰ ਕਾਰਾਂ ਮੋਟਰਸਾਈਕਲ ਵੱਖਰੇ ਤੁੜਵਾਏ ਨੇ, ਅਖੇ ਸਤਵਿੰਦਰ ਦਾ ਪਿਓ ਤਾਂ ਜਾਅਲੀ ਵੋਟਾਂ ਭੁਗਤਾਉਂਦੈ | ਲੜਾਈ 'ਚ ਲੱਗੀ ਸੱਟ ਉਹਦੇ ਸਿਰ 'ਚ ਅਜੇ ਵੀ ਪਿਲਪਿਲ ਕਰਦੀ ਐ |'
'ਗਲ ਤਾਂ ਠੀਕ ਐ ਬੀਬੀ ਰਾਣੀ | ਸਾਡੀਆਂ ਤਾਂ ਦੋ ਵੋਟਾਂ ਤੀਆਂ ਉਹ ਵੀ ਨੀ ਪਾ ਸਕੇ | ਵੋਟਾਂ ਆਲੇ ਦਿਨ ਕੁੰਤੋਂ ਦੇ ਪਿਓ ਨੂੰ ਅੱਗ ਲਗਣੀ ਸਪਰੇਅ ਚੜ੍ਹਗੀ | ਮੈਂ ਹਸਪਤਾਲ ਉਹਦੇ ਸਿਰਹਾਣੇ ਬੈਠੀ ਰਹੀ | ਖਉਰੇ ਕਾਟ ਬਣਨ 'ਚ ਤਾਹੀਂ ਅੜਿੱਕਾ ਲਗਦੈ |' ਕਹਿੰਦਿਆਂ ਨਸੀਬ ਕੌਰ ਨੇ ਲੰਮਾ ਹਾਉਕਾ ਲਿਆ ਤੇ ਕਣਕ ਦੇ ਥੈਲੇ ਪਰ੍ਹਾਂ ਹਟਾ ਪੋਚਾ ਲਾਉਣ 'ਚ ਰੁੱਝ ਗਈ

-ਮਾ: ਰਾਜ ਸਿੰਘ ਬਧੌਛੀ
ਪਿੰਡ ਤੇ ਡਾਕ: ਬਧੌਛੀ ਕਲਾਂ (ਫ. ਗ. ਸ.)-140405.
ਮੋਬਾਈਲ : 70098-78336.


ਖ਼ਬਰ ਸ਼ੇਅਰ ਕਰੋ

ਤੀਰ ਤੁੱਕਾ: ਪੰਛੀ ਉੱਡ ਗਏ ਨੇ

ਕਈ ਲੋਕ ਕੰਮ ਕਰਨ ਵਿਚ ਅਕਸਰ ਬੜੀ ਆਲਸ ਦਿਖਾਉਂਦੇ ਹਨ, ਮਿੰਟਾਂ ਸਕਿੰਟਾਂ ਵਿਚ ਹੋਣ ਵਾਲੇ ਕੰਮ ਨੂੰ ਮਹੀਨਿਆਂ ਬੱਧੀ ਲਟਕਾਈ ਰੱਖਦੇ ਹਨ। ਅਜਿਹਾ ਕਰਨਾ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਚੁੱਕਿਆ ਹੁੰਦਾ ਹੈ। ਕਦੇ ਕਦੇ ਏਨੀ ਦਿਖਾਈ ਆਲਸ ਫਿੱਟ ਬੈਠ ਜਾਂਦੀ ਹੈ ਤੇ ਉਹ ਡੀਂਗਾਂ ਮਾਰਦੇ ਨਹੀਂ ਥੱਕਦੇ ਕਿ ਕੰਮ ਮੈਂ ਤਾਂ ਲਟਕਾਇਆ ਹੋਇਆ ਸੀ ਮੈਨੂੰ ਪਤਾ ਸੀ ਕਿ ਇਹ ਕੰਮ ਕਰਨ ਦਾ ਕੋਈ ਫ਼ਾਇਦਾ ਤਾਂ ਹੋਣ ਵਾਲਾ ਨਹੀਂ ਸੀ। ਦਰ ਅਸਲ ਕੀਤੀ ਗਈ ਆਲਸ ਇਨਸਾਨ ਨੂੰ ਨਿਕੰਮਾ ਤਾਂ ਬਣਾਉਂਦੀ ਹੈ ਸਗੋਂ ਵੱਡੇ ਨੁਕਸਾਨ ਕਰ ਵੀ ਦਿੰਦੀ ਹੈ,ਫੇਰ ਸਾਰੀ ਉਮਰ ਬੰਦਾ ਝੂਰਦਾ ਹੈ ਕਿ ਮੈਂ ਜੇ ਏਦਾਂ ਕਰਦਾ ਤਾਂ ਏਦਾਂ ਹੋਣੀ ਸੀ ਵਗ਼ੈਰਾ ਵਗ਼ੈਰਾ...।
ਕਿਹਰ ਸਿੰਘ ਵੀ ਘੱਟ ਆਲਸੀ ਨਹੀਂ ਸੀ, ਉਹ ਕੰਮਾਂ ਨੂੰ ਲਟਕਾਈ ਜਾਂਦਾ। ਸਿਆਲ ਚੜ੍ਹਦੇ ਹੀ ਉਸ ਦੇ ਮਿੱਤਰ ਨੇ ਉਸ ਨੂੰ ਕਿਹਾ ਸੀ ਕਿ ਆਪਾਂ ਕਿਸੇ ਦਿਨ ਫਲਾਣੀ ਝੀਲ ਉੱਤੇ ਘੁੰਮਣ ਜਾਣਾ ਹੈ ਉੱਥੇ ਸਿਆਲ ਰੁੱਤੇ ਦੇਸ਼ ਵਿਦੇਸ਼ ਤੋਂ ਰੰਗ ਬਿਰੰਗੇ ਪੰਛੀ ਆਉਂਦੇ ਹਨ। ਪੰਛੀਆਂ ਦੇ ਚਹਿਕਣ ਦੀ ਆਵਾਜ਼ ਜੋ ਹੁਣ ਮੌਜੂਦਾ ਵਾਤਾਵਰਣ ਵਿਚ ਪਿੰਡਾਂ ਸ਼ਹਿਰਾਂ ਵਿਚੋਂ ਗੁਆਚ ਰਹੀ ਹੈ, ਨੂੰ ਮੈਂ ਸੁਣਨਾ ਚਾਹੁੰਦਾ ਹਾਂ। ਕਿਹਰ ਸਿੰਘ ਡੰਗ ਟਪਾਈ ਗਿਆ। ਅਖੀਰ ਮਿੱਤਰ ਦੇ ਵਾਰ-ਵਾਰ ਕਹਿਣ 'ਤੇ ਸਿਆਲ ਦੇ ਅਖੀਰਲੇ ਦਿਨਾਂ ਵਿਚ ਆਪਣੇ ਮਿੱਤਰ ਸਮੇਤ ਦੋਵੇਂ ਪਰਿਵਾਰਾਂ ਨੂੰ ਝੀਲ ਕਿਨਾਰੇ ਲੈ ਗਿਆ।
ਉੱਥੇ ਕੁਝ ਲੋਕ ਉਨ੍ਹਾਂ ਨੂੰ ਘੁੰਮਦੇ ਜ਼ਰੂਰ ਮਿਲੇ,ਪਰ ਝੀਲ ਤੇ ਵਿਦੇਸ਼ਾਂ ਤੋਂ ਆਏ ਪੰਛੀ ਉੱਡ ਚੁੱਕੇ ਸਨ। ਕਿਹਰ ਸਿੰਘ ਅਤੇ ਉਸ ਦੇ ਦੋਸਤ ਨੂੰ ਜਦੋਂ ਪੰਛੀਆਂ ਦੇ ਉੱਥੋਂ ਉੱਡ ਜਾਣ ਦਾ ਪਤਾ ਲੱਗਾ ਤਾਂ ਉਹ ਸੋਚੀਂ ਪੈ ਗਏ। ਕੋਲ ਹੀ ਖੜ੍ਹੀ ਕਿਹਰ ਸਿੰਘ ਦੀ ਘਰਵਾਲੀ ਨੇ ਕਿਹਾ ਸੀ, 'ਜੀ ਤੁਸੀਂ ਹਰੇਕ ਕੰਮ ਨੂੰ ਹਲਕੇ ਵਿਚ ਲੈਂਦੇ ਹੋ,ਏਦਾਂ ਹੀ ਸਾਰੀ ਜ਼ਿੰਦਗੀ ਕੱਢ 'ਤੀ, ਸਮੇਂ ਸਮੇਂ ਦੀ ਗੱਲ ਹੁੰਦੀ ਹੈ, ਹੁਣ ਕੀ ਫ਼ਾਇਦਾ ਜਦ ਪੰਛੀ ਹੀ ਉੱਡ ਗਏ ਹਨ, ਚਲੋ ਇਹ ਤਾਂ ਅਗਲੀ ਬਾਰ ਸਹੀ, ਪਰ ਜਿਹੜੇ ਮੌਕੇ ਕਦੇ ਕਦੇ ਮਿਲਣੇ ਹੁੰਦੇ ਹਨ, ਉਨ੍ਹਾਂ ਤੋਂ ਖੁੰਝਾਂ, ਇਨਸਾਨ ਹੀ ਝੂਰਦਾ ਰਹਿੰਦਾ ਹੈ।

ਨੇੜੇ ਨੇਕੀ ਵਾਲੀ ਦੀਵਾਰ, ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ। ਫ਼ੋਨ : 01826502280

ਬਚਿਓ! ਅੰਗ੍ਰੇਰੀਆ ਤੋਂ

ਜਨਾਬ! ਮੱਛਰ ਵੱਢੇ ਤਾਂ ਮਲੇਰੀਆ ਹੋ ਜਾਂਦਾ ਹੈ, ਨੈਣ ਮਿਲ ਜਾਣ ਤਾਂ ਲਵੇਰੀਆ ਹੋ ਜਾਂਦਾ ਹੈ ਤੇ ਜੇ ਅੰਗਰੇਜ਼ੀ ਵੱਢ ਜਾਵੇ ਤਾਂ ਅੰਗ੍ਰੇਰੀਆ ਹੋ ਜਾਂਦਾ ਹੈ | ਕੀ ਕਿਹੈ ਅੰਗਰੇਜ਼ੀ ਕਿੱਦਾਂ ਵੱਢ ਸਕਦੀ ਹੈ? ਕੀ ਕਿਹੈ ਇਹਦੇ ਕਿਹੜਾ ਦੰਦ ਹਨ? ਦੰਦ ਹਨ ਜਨਾਬ | ਦੰਦ ਹਨ | ਇਹ ਵੀ ਵੱਢ ਸਕਦੀ ਹੈ ਤੇ ਜੀਹਨੂੰ ਵੱਢ ਜਾਵੇ ਉਹਦਾ ਰੱਬ ਹੀ ਰਾਖਾ | ਕਿਉਂਕਿ ਇਸ ਰੋਗ ਦੀ ਦਵਾਈ ਨਾ ਤਾਂ ਡਾਕਟਰ ਕੋਲ ਹੁੰਦੀ ਹੈ ਅਤੇ ਨਾ ਹੀ ਹਸੀਨ ਮਹਿਬੂਬਾ ਦੇ ਨੈਣਾਂ ਦੀ ਸਰਿੰਜ ਵਿਚ | ਜਿਸ ਨੂੰ ਇਹ ਹੋ ਜਾਵੇ ਉਹ ਬਿਨਾਂ ਐਮ.ਏ. ਅੰਗਰੇਜ਼ੀ ਕੀਤਿਆਂ ਹੀ ਅੰਗਰੇਜ਼ ਬਣ ਜਾਂਦਾ ਹੈ | ਉਹ ਚਲਦੀ-ਫਿਰਦੀ ਅੰਗਰੇਜ਼ੀ ਦੀ ਡਿਕਸ਼ਨਰੀ ਬਣ ਜਾਂਦਾ ਹੈ | ਲਵੇਰੀਆ ਦਾ ਰੋਗੀ ਠੰਢੇ-ਠੰਢੇ ਸਾਹ ਭਰਦਾ ਹੈ ਤੇ ਅੰਗ੍ਰੇਰੀਆ ਦਾ ਰੋਗੀ ਗਰਮਾ-ਗਰਮ ਅੰਗਰੇਜ਼ੀ ਦੇ ਅੱਖਰ ਛੱਡਦਾ ਹੈ | ਅੱਖਰ ਠੀਕ ਹੋਣ ਭਾਵੇਂ ਗ਼ਲਤ, ਖਸਮਾਂ ਨੂੰ ਖਾਣ, ਉਹਨੇ ਵਰਤੀ ਜਾਣੇ ਹਨ | ਇਹ ਰੋਗ ਪੜ੍ਹੇ-ਲਿਖੇ ਲੋਕਾਂ ਨਾਲੋਂ ਅਨਪੜ੍ਹ ਲੋਕਾਂ ਨੂੰ ਜ਼ਿਆਦਾ ਹੁੰਦਾ ਹੈ | ਆਮ ਤੌਰ 'ਤੇ ਛੇਵੀਂ, ਸੱਤਵੀਂ ਤੱਕ ਪੜ੍ਹੇ-ਲਿਖੇ ਲੋਕ ਵਧੇਰੇ ਇਸ ਦੇ ਸ਼ਿਕੰਜੇ ਵਿਚ ਆਉਂਦੇ ਹਨ |
ਸਾਡੇ ਸਮਾਜ ਵਿਚ ਵੀ ਅੰਗਰੇਜ਼ੀ ਬੋਲਣ ਵਾਲੇ ਨੂੰ ਪੜਿ੍ਹਆ-ਲਿਖਿਆ ਤੇ ਕਾਬਲ ਇਨਸਾਨ ਮੰਨਿਆ ਜਾਂਦਾ ਹੈ, ਸਾਡੀ ਬੈਟਰ ਹਾਫ਼ ਵੀ ਹਮੇਸ਼ਾ ਸਾਡੇ ਨਾਲ ਮਹਾਂਭਾਰਤ ਛੇੜੀ ਰੱਖਦੀ ਹੈ ਕਿ ਅਸੀਂ ਐਡਾ ਪੜ੍ਹ-ਲਿਖ ਕੇ ਵੀ ਘਰੇ ਅੰਗਰੇਜ਼ੀ ਨਹੀਂ ਬੋਲਦੇ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਬੋਲਣ ਲਈ ਕਹਿੰਦੇ ਹਾਂ | ਅਸੀਂ ਬਥੇਰਾ ਕਹਿੰਦੇ ਹਾਂ ਕਿ ਭਾਗਵਾਨੇ! ਆਪਣੀ ਮਾਂ-ਬੋਲੀ ਸ਼ਹਿਦ ਨਾਲੋਂ ਵੀ ਮਿੱਠੀ ਹੈ | ਸਾਨੂੰ ਇਹਦੇ ਹੀ ਘੁੱਟ ਭਰਨੇ ਚਾਹੀਦੇ ਹਨ | ਹਾਂ, ਲੋੜ ਪੈਣ 'ਤੇ ਅੰਗਰੇਜ਼ੀ ਲਿਖਣ ਤੇ ਬੋਲਣ ਵਿਚ ਕੋਈ ਹਰਜ਼ ਨਹੀਂ | ਪਰ ਉਹ ਝੱਟ ਸਾਡੀ ਗੱਲ ਟੋਕ ਕੇ ਕਹਿੰਦੀ ਹੈ, 'ਸਨੀ ਦੇ ਪਾਪਾ, ਗਲੀ ਵਿਚ ਛੇ-ਛੇ ਜਮਾਤਾਂ ਪਾਸ ਲੋਕਾਂ ਦੀਆਂ ਨੂੰ ਹਾਂ, ਧੀਆਂ ਅੰਗਰੇਜ਼ੀ ਦੇ ਅੱਖਰ ਪਟਾਕ-ਪਟਾਕ ਬੋਲਦੀਆਂ ਹਨ ਤੇ ਥੋਨੂੰ ਕੀ ਹੋਇਆ? ਤੁਸੀਂ ਤਾਂ ਸੁਖ ਨਾਲ ਅੰਗਰੇਜ਼ੀ ਦੀ ਐਮ.ਏ. ਕੀਤੀ ਹੋਈ ਆ. ਮੈਂ ਐਵੇਂ ਝੂਠ ਨਹੀਂ ਬੋਲਦੀ | ਤੁਸੀਂ ਸੁਣਿਓ ਤਾਂ ਸਹੀ ਉਨ੍ਹਾਂ ਦੀ ਅੰਗਰੇਜ਼ੀ | ਮਾਰ ਵਾਰੇ ਨੀ ਆਉਣ ਦਿੰਦੀਆਂ |' 'ਅੱਛਾ! ਮਨਜੀਤ ਜੀਓ! ਅੱਛਾ ਮੇਰੀ ਸੋਹਣੀ ਸਰਕਾਰ | ਸੁਣ ਲਵਾਂਗੇ ਉਨ੍ਹਾਂ ਦੀ ਵੀ ਅੰਗਰੇਜ਼ੀ ਜਦੋਂ ਮੌਕਾ ਮਿਲਿਆ', ਅਸੀਂ ਹੱਸਦਿਆਂ ਕਹਿੰਦੇ ਹਾਂ |
ਰੱਬਦੀ ਕਰਨੀ ਸ਼ਾਮ ਨੂੰ ਹੀ ਸਾਡੀ ਸ੍ਰੀਮਤੀ ਜੀ ਦੀ ਇਕ ਸਹੇਲੀ ਬਾਗੋਬਾਗ ਹੋਈ ਸਾਡੇ ਗਰੀਬ ਖਾਨੇ ਆ ਪਧਾਰੀ | ਸਾਡੀ ਬੈਟਰ ਹਾਫ਼ ਨੇ ਆਪਣੇ ਨੈਣਾਂ ਦੇ ਝਲਕਾਰੇ ਨਾਲ ਉਸ ਦੀ 'ਅੰਗਰੇਜ਼ ਦੀ ਬੱਚੀ' ਹੋਣ ਦੀ ਹਾਮੀ ਭਰ ਦਿੱਤੀ | ਆਉਂਦਿਆਂ ਹੀ ਉਹ ਕਹਿਣ ਲੱਗੀ, 'ਭੈਣ ਜੀ! ਅੱਜ ਤਾਂ ਬੜਾ ਹੀ ਮਜ਼ਾ ਆਇਆ | ਮੈਂ ਤੇ ਇਹ ਡਾਕਟਰ ਦੀ ਪਾਰਟੀ 'ਤੇ ਗਏ ਸੀ | ਅੰਗਰੇਜਮੈਂਟ ਸੀ ਉਹਦੀ | ਬੜੀ ਇੱਜ਼ਤ ਕੀਤੀ ਉਸ ਨੇ ਇਨ੍ਹਾਂ ਦੀ | ਸਭ ਨੂੰ ਕਹਿੰਦੇ ਫਿਰਨ 'ਮੇਰਾ ਕਲਾਸਫੈਲੋ ਹੈ | ਪੰਜ ਸਾਲ ਤੋਂ ਨਾਲ ਹੀ ਕੰਮ ਕਰਦੈ | ਭੈਣ ਜੀ ਰੱਬ ਸਭ ਨੂੰ ਕਲਾਸਫੈਲੋ ਬਣਾਵੇ | ਸਭ ਨੂੰ ਐਡੇ ਵੱਡੇ ਅਹੁਦੇ ਬਖ਼ਸ਼ੇ | ਇਨ੍ਹਾਂ ਨੇ ਜ਼ਰੂਰ ਪਿਛਲੇ ਜਨਮ ਵਿਚ ਚਿੱਟੇ ਚੌਲ ਪੰੁਨ ਕੀਤੇ ਹੋਣੇ ਆ ਜਿਹੜੇ ਇਸ ਜਨਮ ਵਿਚ ਕਲਾਸਫੈਲੋ ਬਣ ਗਏ |' ਸਾਡੇ ਕੁਤਕਤਾੜੀਆਂ ਨਿਕਲਣ | ਮਸਾਂ ਹਾਸਾ ਰੋਕਿਆ | ਅਸਲ ਵਿਚ ਉਹਦੇ ਘਰ ਵਾਲਾ ਡਾਕਟਰ ਕੋਲ ਕਲਾਸ ਫੋਰ ਕਰਮਚਾਰੀ ਸੀ | ਡਾਕਟਰ ਨੇ ਸਭ ਨੂੰ ਦੱਸਿਆ ਸੀ ਕਿ ਇਹ ਉਹਦਾ ਕਲਾਸਫੋਰ ਕਰਮਚਾਰੀ ਸੀ | ਲੌਢੂਵਾਲ ਤੱਕ ਪੜ੍ਹੀ ਉਹ ਵਿਚਾਰੀ 'ਕਲਾਸਫੋਰ' ਨੂੰ 'ਕਲਾਸ ਫੈਲੋ' ਸਮਝ ਬੈਠੀ ਸੀ |
ਕੁਝ ਕੁ ਦਿਨਾਂ ਬਾਅਦ ਫਿਰ 'ਬਿੱਲੀ ਭਾਣੈ ਛਿੱਕਾ ਟੁੱਟਾ' ਵਾਲੀ ਗੱਲ ਹੋ ਗਈ | ਇਕ ਹੋਰ ਮੇਮ ਨੇ ਸਾਡੇ ਘਰ ਵਿਚ ਅੰਗਰੇਜ਼ੀ ਦੀਆਂ ਲਹਿਰਾਂ-ਬਹਿਰਾਂ ਲਾ ਦਿੱਤੀਆਂ | ਆਉਂਦਿਆਂ ਹੀ ਕਹਿਣ ਲੱਗੀ, 'ਸਨੀ ਦੀ ਮੰਮੀ | ਹਨੀ ਦੀ ਮੰਮੀ | ਚੱਲ ਚੱਲੀਏ 'ਬਿੱਡ' ਲੈਣ | ਇਨ੍ਹਾਂ ਨੂੰ ਏਰੀਅਲ ਮਿਲਿਆ | ਭੈਣ ਜੀ | ਬੜੇ ਚਿਰ ਤੋਂ ਹੱਥ 'ਟੈਟ' ਸੀ | 'ਏਰੀਅਲ' ਨਾਲ ਸੁੱਖ ਦਾ ਸਾਹ ਆਊ | ਕਈ ਬੀਕਾਂ ਤੋਂ ਉਡੀਕਦੇ ਸੀ ਏਰੀਅਲ ਨੂੰ | ਨਾਲੇ ਭੈਣ ਜੀ | ਮੈਂ ਪੌਡਰ ਵੀ ਲਿਆਊਾ | ਪੌਡਰ ਨਾਲ 'ਬੂਟੀ' ਬਹੁਤ ਵਧ ਜਾਂਦੀ ਆ |' ਅਸੀਂ ਕਹਿਣ ਹੀ ਲੱਗੇ ਸੀ ਕਿ 'ਏਰੀਅਲ' ਕਿਹੜੇ ਰੇਡੀਓ ਨਾਲ ਮਿਲਿਆ? ਕੋਈ ਸਕੀਮ ਚੱਲੀ ਹੈ ਭਲਾ? ਪਰ ਫਿਰ ਸੋਚਿਆ, ਮਨਾਂ ਏਰੀਅਲ ਹੋਵੇ ਜਾਂ ਏਰੀਅਰ | ਆਪਾਂ ਕੀ ਲੈਣਾ? ਐਵੇਂ ਕਹੂਗੀ, 'ਜੀਜਾ ਜੀ ਟਿੱਚਰਾਂ ਕਰਦੇ ਆ |' ਹੈਗੀ ਵੀ ਸ਼ੈਤਾਨ ਆ | ਐਵੇਂ ਡਾਈ ਦਾ ਝਮੇਲਾ ਪਾ ਬੈਠੂ | ਚੁੱਪ ਹੀ ਭਲੀ ਆ | ਪਿਛਲੀ ਵਾਰ ਜਦੋੋਂ ਮੈਂ ਡਾਈ ਕਰਦਾ ਪਿਆ ਸੀ, ਧੁੱਸ ਦੇ ਕੇ ਬੂਹਾ ਖੋਲ੍ਹ ਕੇ ਸਿਰ 'ਤੇ ਆ ਖੜ੍ਹੀ ਸੀ | ਮੈਥੋਂ ਡਾਈ ਵਾਲਾ ਬੁਰਸ਼ ਤੇ ਕੌਲੀ ਵੀ ਨਹੀਂ ਸੀ ਲੁਕੋ ਹੋਈ | ਆਉਂਦਿਆਂ ਹੀ ਕਹਿਣ ਲੱਗੀ ਸੀ, 'ਜੀਜਾ ਜੀ | ਸਾਡੀ ਭੈਣ ਸੁਖੀ-ਸਾਂਦੀ ਐ?' 'ਹਾਂ ਵਧੀਐ | ਉਹਨੂੰ ਕੀ ਹੋਇਆ?' ਅਸੀਂ ਸੁਭਾਇਕੀ ਕਿਹਾ | 'ਨਾ ਦਾੜ੍ਹੀ ਤਾਂ ਐਾ ਰੰਗੀ ਆ ਜਿਵੇਂ ਕਰੇਵਾ ਲਿਆਉਣਾ ਹੋਵੇ |' ਉਹ ਮਸ਼ਕਰੀ ਕਰਦੀ ਬੋਲੀ ਸੀ | ਨਾ ਬਾਬਾ ਨਾ, ਅਸੀਂ ਨੀ ਇਸ ਭੰੂਡਾਂ ਦੇ ਖੱਖਰ ਨੂੰ ਛੇੜਨਾ | ਅਸੀਂ ਘੇਸਲ ਵੱਟ ਲਈ | ਉਹ ਢਾਈ ਘੰਟੇ ਬਿੱਡਾਂ, ਬੀਕਾਂ, ਬੂਟੀਆਂ ਤੇ ਏਰੀਅਲਾਂ ਦਾ ਗੁਣਗਾਣ ਕਰਦੀ ਰਹੀ ਤੇ ਫਿਰ ਮੈਂ ਤਾਂ 'ਟਰੈਡ' ਹੋ ਗਈ 'ਟਰੈਡ' ਹੋ ਗਈ, ਕਰਦੀ ਅਹੁ ਗਈ, ਅਹੁ ਗਈ |
ਸਾਡੇ ਕਈ ਜਾਣ-ਪਛਾਣ ਵਾਲਿਆਂ ਨੇ ਹੁਣ 'ਡੱਕ' ਵੀ ਲੈ ਲਏ ਹਨ ਤੇ ਚੌਵੀ ਘੰਟੇ ਸਤਵਿੰਦਰ ਬਿੱਟੀ, ਮਿਸ ਪੂਜਾ, ਦਲੇਰ ਮਹਿੰਦੀ, ਗਿੱਪੀ ਗਰੇਵਾਲ ਤੇ ਮਣੀ ਨੂੰ ਸੁਣ-ਸੁਣ ਕੇ ਮਸਤੀ ਵਿਚ ਝੂਮ ਰਹੇ ਹਨ | ਸਾਡਾ ਜੀ ਤਾਂ ਬੜਾ ਕਰਦਾ ਹੈ ਕਿ ਪੁੱਛੀਏ 'ਡੱਕ' ਆਂਡੇ ਵੀ ਦਿੰਦੀ ਹੈ ਕਿ ਨਹੀਂ? ਚੋਗਾ ਕਿੰਨੀ ਕੁ ਖਾਂਦੀ ਹੈ? ਪਰ ਪੁੱਛੀਦਾ ਨਹੀਂ | ਮਨ ਨੂੰ ਸਮਝਾ ਲਈਦਾ ਹੈ | 'ਇਕ ਚੁੱਪ ਸੌ ਸੁੱਖ' ਵਾਲਾ ਫਾਰਮੂਲਾ ਆਪਣਾ ਲਈਦਾ ਹੈ | ਸਾਡੀ ਗਲੀ ਦਾ ਘੁੱਦੂ ਹਲਵਾਈ ਵੀ ਕਹਿੰਦਾ ਹੈ ਕਿ ਲੜਾਈ-ਭੜਾਈ ਕਰਨ ਵਾਲਾ ਬੰਦਾ 'ਆਜੂਗੇਟਿਡ' ਨਹੀਂ ਸਗੋਂ 'ਔੜ' ਲਗਦਾ ਹੈ |
ਅਸੀਂ ਉਸ ਦੀ ਸਲਾਹ 'ਤੇ ਫੁੱਲ ਚੜ੍ਹਾਉਣ ਦਾ ਫ਼ੈਸਲਾ ਕਰ ਲਿਆ ਹੈ, ਕਿਉਂਕਿ ਜੇ 'ਔੜ' ਹੋ ਗਈ ਤਾਂ ਨੁਕਸਾਨ ਸਾਡਾ ਹੀ ਨਹੀਂ, ਤੁਹਾਡਾ ਵੀ ਹੈ ਤੇ ਪਿਆਰੇ ਪਾਠਕੋ | ਮੈਨੂੰ ਤੁਹਾਡੇ ਨੁਕਸਾਨ ਦਾ ਬਹੁਤ ਫਿਕਰ ਹੈ, ਤੁਸੀਂ ਸਾਡੇ ਕਦਰਦਾਨ ਜੁ ਹੋ |

-ਵਾਰਡ ਨੰ: 28, ਮਕਾਨ ਨੰ: 582, ਨੇੜੇ ਗੁਰਦੁਆਰਾ ਮੱਲ ਸਿੰਘ, ਮੋਗਾ (ਪੰਜਾਬ) |
ਮੋਬਾਈਲ : 93573-61417.

ਕਾਵਿ-ਮਹਿਫਲ

* ਤੇਲੂ ਰਾਮ
ਕੁਹਾੜਾ *

ਇਕ ਪਿਆਸੇ ਦੀ ਪਿਆਸ ਕਿਵੇਂ ਬੁਝਾਏਗਾ ਪਾਣੀ?
ਧਰਤੀ ਹੇਠੋਂ ਜੇਕਰ ਗੰਧਲਾ ਹੋ ਕੇ ਆਏਗਾ ਪਾਣੀ।
ਪਿਤਾ ਬਰਾਬਰ ਰੁਤਬਾ ਦਿੱਤਾ ਇਸ ਨੂੰ ਗੁਰੂਆਂ ਨੇ,
ਜੇ ਕਰਾਂਗੇ ਆਦਰ ਤਾਂ ਬਚਾਏਗਾ ਪਾਣੀ।
ਪਾਣੀ ਦਾ ਸੁਭਾਅ ਹੈ, ਚੜ੍ਹੇ ਨਾ ਉਚੇ ਪਾਸੇ ਇਹ,
ਨੀਵੇਂ ਪਾਸੇ ਵੱਲ ਹੀ ਲਹਿਰ ਬਣਾਏਗਾ ਪਾਣੀ।
ਚਲਦਾ ਜਾਏ, ਜੇ ਮਸਤੀ ਵਿਚ ਇਹ ਚਲਦਾ ਜਾਏ,
ਜੋਸ਼ 'ਚ ਆਏ ਤਾਂ ਕੰਢਿਆਂ ਨੂੰ ਢਾਹੇਗਾ ਪਾਣੀ।
ਜਦੋਂ ਟੂਟੀਆਂ ਵਿਚ ਨਾ ਆਵੇ, ਮਚਦੀ ਹਾਹਾਕਾਰ,
ਹਰ ਕੋਈ ਪੁੱਛੇ ਦੱਸੋ ਕਦ ਕੁ ਆਏਗਾ ਪਾਣੀ।
ਸਾਂਭ ਕੇ ਰੱਖੀਏ, ਇਸ ਨੂੰ ਜੀਵਨ ਇਸ ਦੇ ਨਾਲ,
ਨਾ ਮਿਲਿਆ ਤਾਂ ਮੱਛੀ ਵਾਂਗ ਤੜਫਾਏਗਾ ਪਾਣੀ।
ਮਾਰੂਥਲ ਦੇ ਜੀਵ ਅਸੀਂ ਬਣ ਜਾਵਾਂਗੇ ਫਿਰ,
ਜੇ ਹੇਠਾਂ ਹੀ ਹੇਠਾਂ ਵੱਲ ਨੂੰ ਜਾਏਗਾ ਪਾਣੀ।
ਰੰਗ ਤਾਂ ਆਪਣਾ ਪਾਣੀ ਦਾ ਕੋਈ ਹੁੰਦਾ ਨਾਹੀਂ,
ਜਿਸ ਵਿਚ ਪਾਈਏ ਉਹੀ ਰੰਗ ਦਿਖਾਏਗਾ ਪਾਣੀ।
ਨਿਰਮਲ, ਨਿਰਮਲ ਜੋ ਹੈ, ਜੇਕਰ ਹੋ ਗਿਆ ਮੈਲ਼ਾ,
ਫਿਰ ਜਾਨਾਂ ਨੂੰ ਖਾਏਗਾ ਹੀ, ਖਾਏਗਾ ਪਾਣੀ।

-ਪਿੰਡ ਤੇ ਡਾਕ: ਕੁਹਾੜਾ, ਜ਼ਿਲ੍ਹਾ ਲੁਧਿਆਣਾ।
ਮੋਬਾਈਲ : 94633-53760.

* ਕੁਲਦੀਪ ਸਿੰਘ ਰੁਪਾਲ *
ਫਸਿਆ ਵਿਚ ਝਮੇਲੇ ਬੰਦਾ,
ਕੀ ਕੀ ਪਾਪੜ ਵੇਲੇ ਬੰਦਾ।
ਰੱਬ ਦਾ ਚੇਤਾ ਭੁੱਲ ਜਾਂਦਾ ਹੈ,
ਨੋਟਾਂ ਵਿਚ ਜਦ ਖੇਲੇ ਬੰਦਾ।
ਜਦ ਫਸਦੀ ਹੈ ਜਾਨ ਕਸੂਤੀ,
ਫਿਰ ਸੱਪ ਵਾਂਗੂੰ ਮੇਲ੍ਹੇ ਬੰਦਾ।
ਅੰਦਰ ਝਾਤੀ ਮਾਰਨ ਦੀ ਥਾਂ,
ਢੂੰਡੇ ਜੰਗਲ ਬੇਲੇ ਬੰਦਾ।
ਮਨ 'ਚੋਂ ਮਿੱਠਤ ਮਾਰ ਮੁਕਾਈ,
ਹੋਇਆ ਵਾਂਗ ਕਰੇਲੇ ਬੰਦਾ।
ਹਰ ਕੋਈ ਹੈ ਗੁਰੂ ਕਹਾਵੇ,
ਲੱਭਦਾ ਫਿਰਦਾ ਚੇਲੇ ਬੰਦਾ।
ਭੀੜ ਭੜੱਕੇ ਵਿਚ ਵੀ 'ਕੱਲਾ,
ਇਸ ਦੁਨੀਆ ਦੇ ਮੇਲੇ ਬੰਦਾ।
ਖ਼ੁਦ ਦੀ ਕੀਮਤ ਭੁੱਲ ਬੈਠਾ ਹੈ,
ਗਿਣ ਗਿਣ ਪੈਸੇ ਧੇਲੇ ਬੰਦਾ।
ਅੰਤ ਸਮੇਂ ਨੂੰ ਹੱਥ ਝਾੜ ਕੇ,
ਚੜ੍ਹ ਜਾਂਦਾ ਹੈ ਰੇਲੇ ਬੰਦਾ।

-ਮੋਬਾਈਲ : 94174-56778.

* ਬਿਸ਼ੰਬਰ ਅਵਾਂਖੀਆ *
ਕੰਮ ਤਰੱਕੀ ਉਤੇ ਜਾਵੇ ਸਹਿਜੇ ਸਹਿਜੇ।
ਢੇਰਾਂ ਘਰ ਵਿਚ ਲਛਮੀ ਆਵੇ ਸਹਿਜੇ ਸਹਿਜੇ।
ਧੋਖੇਬਾਜ਼ੀ ਨਾਲ ਹਮੇਸ਼ਾ ਘਾਟਾ ਪੈਂਦਾ,
ਮਿਹਨਤ ਵਾਲਾ ਬਰਕਤ ਪਾਵੇ ਸਹਿਜੇ ਸਹਿਜੇ।
ਨਜ਼ਰ ਟਿਕਾ ਲੈ ਦੂਰ ਨਿਸ਼ਾਨੇ ਉਤੇ ਬੰਦੇ,
ਜੇਤੂ ਤੈਨੂੰ ਰੱਬ ਬਣਾਵੇ ਸਹਿਜੇ ਸਹਿਜੇ।
ਬਿਜਲੀ ਕੜਕੇ, ਲਹਿਰਾਂ ਉੱਠਣ ਨਾ ਘਬਰਾਈਂ,
ਹਿੰਮਤ ਬੇੜੀ ਬੰਨ੍ਹੇ ਲਾਵੇ ਸਹਿਜੇ ਸਹਿਜੇ।
ਪਹਿਲਾ ਸਬਕ ਸਿਖਾਵੇ ਤੈਨੂੰ ਤੇਰੀ ਕੋਸ਼ਿਸ਼,
ਬਾਕੀ ਰਹਿੰਦਾ ਜੱਗ ਸਿਖਾਵੇ ਸਹਿਜੇ ਸਹਿਜੇ।
ਜਿਹੜੇ ਰਾਹੀ ਚਲਦੇ ਜਾਵਣ ਮੰਜ਼ਿਲ ਖਾਤਿਰ,
ਮੰਜ਼ਿਲ ਵੀ ਖੁਦ ਹੱਥ ਵਧਾਵੇ ਸਹਿਜੇ ਸਹਿਜੇ।
ਨਸ਼ਿਆਂ ਦੀ ਏ ਆਦਤ ਭੈੜੀ ਛੁੱਟੇ ਕਿੱਥੇ,
ਬੰਦੇ ਨੂੰ ਏ ਮਾਰ ਮੁਕਾਵੇ ਸਹਿਜੇ ਸਹਿਜੇ।
ਬਹੁਤ 'ਬਿਸ਼ੰਬਰ' ਮਸਲੇ ਏਥੇ ਸੁਲਝਣ ਵਾਲੇ,
ਹਾਕਮ ਸ਼ਾਤਿਰ ਕਿਉਂ ਉਲਝਾਵੇ ਸਹਿਜੇ ਸਹਿਜੇ।

-ਪਿੰਡ ਤੇ ਡਾਕ: ਅਵਾਂਖਾ, ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ। ਮੋਬਾਈਲ : 97818-25255.

* ਭੁਪਿੰਦਰ ਸਿੰਘ ਬੋਪਾਰਾਏ *
ਹੱਸਣ ਖੇਡਣ ਹਰਦਮ ਦੋਸਤ,
ਨੱਚਣ-ਟੱਪਣ ਹਰਦਮ ਦੋਸਤ।
ਮੇਰੀ ਤਾਂ ਅਰਦਾਸ ਇਹੇ ਹੈ,
ਮੌਜਾਂ ਮਾਨਣ ਹਰਦਮ ਦੋਸਤ।
ਨੇਰ੍ਹਾ ਦੂਰ ਭਜਾਵਣ ਖਾਤਿਰ,
ਵੰਡਣ ਚਾਨਣ ਹਰਦਮ ਦੋਸਤ।
ਬੇਸ਼ੱਕ ਮੈਂ ਹਾਂ ਔਗੁਣ ਭਰਿਆ,
ਪਰਦਾ ਕੱਜਣ ਹਰਦਮ ਦੋਸਤ।
ਵੇਖ ਮੁਸੀਬਤ ਮੈਨੂੰ ਘਿਰਿਆ,
ਫੜਕੇ ਕੱਢਣ ਹਰਦਮ ਦੋਸਤ।
ਅਪਣੀ ਬਸ ਇਹ ਲੋਚਾ ਯਾਰੋ,
ਲਿਸ਼ਕਣ ਚਮਕਣ ਹਰਦਮ ਦੋਸਤ।
'ਬੋਪਾਰਾਏ' ਮਰਦਾ ਮਰਜੇ
ਜੀਵਣ ਵੱਸਣ ਹਰਦਮ ਦੋਸਤ।

-ਸੋਹੀਆ ਰੋਡ, ਸੰਗਰੂਰ।
ਮੋਬਾਈਲ :"98550-91442.ਹੱਕ

ਸਰਦਾਰ ਬੰਤਾ ਸਿੰਘ ਬਰਾੜ ਦੀ ਇਕਲੌਤੀ ਲਾਡਲੀ ਧੀ ਬੰਸੋ ਸ਼ਾਦੀ ਤੋਂ ਬਾਅਦ ਆਪਣੇ ਸਹੁਰੇ ਘਰ ਪਿੰਡ ਹਮੀਰਗੜ੍ਹ ਵਿਖੇ ਬੜੇ ਸੁਖ ਆਰਾਮ ਨਾਲ ਆਨੰਦ ਮਾਣ ਰਹੀ ਸੀ | ਉਸ ਦਾ ਸਹੁਰਾ ਤਾਂ ਚੜ੍ਹਾਈ ਕਰ ਚੁੱਕਾ ਸੀ ਪਰ ਸੱਸ ਤੇਜ ਕੌਰ ਹੀ ਪਰਿਵਾਰ ਦਾ ਮੁਖੀਆ ਸੀ | ਕੁਝ ਦਿਨਾਂ ਬਾਅਦ ਬੰਤਾ ਸਿੰਘ ਆਪਣੀਧੀ ਨੂੰ ਲੈਣ ਗਿਆ ਤਾਂ ਸਭ ਨੇ ਉਸ ਦਾ ਚੰਗਾ ਸਵਾਗਤ ਕੀਤਾ | ਦਰਵਾਜ਼ੇ ਵਿਚ ਬੈਠ ਸਾਰਾ ਪਰਿਵਾਰ ਖੁਸ਼ੀ ਸਾਂਝੀ ਕਰ ਰਿਹਾ ਸੀ | ਬੰਤਾ ਸਿੰਘ ਨੇ ਹਾਸੇ ਨਾਲ ਆਪਣੀ ਕੁੜਮਣੀ ਨੂੰ ਮੁਖਾਤਿਬ ਹੋ ਕੇ ਕਿਹਾ, 'ਸਰਦਾਰਨੀਏ ਜ਼ਰਾ ਖਿਆਲ ਰੱਖੀਂ ਮੇਰੀ ਧੀ ਪੇਕੇ ਘਰ ਕੱਚਾ ਦੁੱਧ ਪੀਣ ਗਿੱਝੀ ਹੋਈ ਏ, ਕਿਤੇ ਇਹਨੂੰ ਖਾਣ-ਪੀਣ ਤੋਂ ਨਾ ਵਰਜੀਂ, ਮੇਰੀ ਭੈਣ |'
'ਬਾਈ ਜੀ, ਜੇ ਤੁਹਾਨੂੰ ਆਪਣੀ ਧੀ ਦਾ ਐਨਾ ਈ ਖਿਆਲ ਐ ਤਾਂਇਹਨੂੰ ਨਵੀਂ ਮੱਝ ਲੈ ਦਿਓ |'
ਬੰਤਾ ਸਿੰਘ ਨੇ ਗੱਲ ਹਾਸੇ 'ਚ ਪਾ ਕੇ ਟਾਲ ਦਿੱਤੀ ਪਰ ਉਸ ਨੂੰ ਕੁੜਮਣੀ ਦਾ ਮਿਹਣਾ ਚੁਭ ਗਿਆ | ਉਹ ਜੰਗਲ-ਪਾਣੀ ਦੇ ਬਹਾਨੇ 'ਕੱਲਾ ਹੀ ਬਾਹਰ ਨੂੰ ਹੋ ਟੁਰਿਆ | ਉਸ ਨੇ ਦਿਲ ਵਿਚ ਧਾਰ ਲਈ ਸੀ ਕਿ ਕੁੜਮਣੀ ਦੀ ਬੋਲੀ ਦਾ ਜਵਾਬ ਅੱਜ ਹੀ ਦਿੱਤਾ ਜਾਵੇ ਤਾਂ ਲਾਜ ਰਹਿੰਦੀ ਐ |
ਹਮੀਰਗੜ੍ਹ ਵਿਚ ਉਸ ਦਾ ਇਕ ਗੂੜ੍ਹਾ ਮਿੱਤਰ ਨੱਥਾ ਸਿੰਘ ਵੀ ਸੀ | ਉਹ ਮਿਲਣ ਦੇ ਬਹਾਨੇ ਉਸ ਕੋਲ ਗਿਆ ਤੇ ਉਸ ਨੂੰ ਪਾਸੇ ਕਰ ਕੇ ਦਿਲ ਦੀ ਗੱਲ ਜਾ ਆਖੀ | ਨੱਥਾ ਸਿੰਘ ਨੂੰ ਆਪਣੇ ਪਿਆਰੇ ਦੋਸਤ ਦੀ ਮਾਨਸਿਕ ਦਸ਼ਾ ਦਾ ਅਹਿਸਾਸ ਹੋ ਗਿਆ | ਬੰਤਾ ਸਿੰਘ ਨੇ ਆਪਣੇ ਯਾਰ ਨੂੰ ਆਖਿਆ, 'ਪਿੰਡ ਵਿਚ ਕੋਈ ਸੱਜਰ ਸੂਈ ਮੱਝ ਵਿਕਾਊ ਹੋਵੇ ਤਾਂ ਅੱਜ ਹੀ ਖਰੀਦੀਏ ਤਾਂ ਸੁਆਦ ਆਉਂਦੇ, ਨਹੀਂ ਤਾਂ ਨਹੀਂ |'
ਕੁਦਰਤੀਂ ਹੀ ਅਜਿਹੀ ਇਕ ਮੱਝ ਬਾਰੇ ਪਤਾ ਲੱਗਾ ਤਾਂ ਦੋਵੇਂ ਮਿੱਤਰ ਹੌਲੀ ਦੇਣੇ ਜਾ ਕੇ ਮੱਝ ਖਰੀਦ ਲਿਆਏ ਤੇ ਧੀ ਦੇ ਘਰੇ ਲਿਆ ਬੰਨ੍ਹੀ ਤੇ ਬੜੇ ਸਵੈ-ਵਿਸ਼ਵਾਸ ਨਾਲ ਆਖਿਆ, 'ਲੈ ਭੈਣੇ, ਨਵੀਂ ਮੱਝ... ਨਾਲੇ ਮੈਨੂੰ ਹੁਣ ਦੱਸੀਂ ਕਿ ਮੇਰੀ ਧੀ ਨੂੰ ਤਾਂ ਚੰਗਾ ਦੁੱਧ ਮਿਲੂ ਕਿ ਨਾ?'
ਅੱਗੋਂ ਕੁੜਮਣੀ ਕਿਹੜਾ ਘੱਟ ਸੀ ਤੇ ਸੀ ਬੜੀ ਪਕਰੋਟ | ਉਹ ਬੜੇ ਸੋਹਣੇ ਅੰਦਾਜ਼ 'ਚ ਬੋਲੀ, 'ਭਰਾਵਾ ਇਹ ਹੋਈ ਨਾ ਗੱਲ, ਹੁਣ ਤੇਰੀ ਬੇਟੀ ਦਾ ਕੱਚਾ ਦੁੱਧ ਪੀਣ ਦਾ ਪੂਰਾ ਹੱਕ ਹੈ |'
ਬੰਤਾ ਸਿੰਘ ਬਰਾੜ ਦੀ ਦਿਲੇਰੀ ਤੇ ਜ਼ਿੰਦਾਦਿਲੀ ਦੀ ਸਾਰੇ ਇਲਾਕੇ ਵਿਚ ਖੂਬ ਚਰਚਾ ਹੋ ਰਹੀ ਸੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਮਿੰਨੀ ਕਹਾਣੀਆਂ

ਦੁਚਿੱਤੀ
ਉਹ ਕੰਮ ਤੋਂ ਲੇਟ ਹੋ ਚੁੱਕੀ ਸੀ। ਦਫ਼ਤਰੀ ਕੰਮ ਮੁਕਾਉਣ ਦੇ ਆਹਰ 'ਚ ਘੜੀ ਦੀਆਂ ਸੂਈਆਂ ਰਾਤ ਦੇ ਨੌਂ ਵਜੇ ਨੂੰ ਪਾਰ ਕਰ ਚੁੱਕੀਆਂ ਸਨ। ਉਹ ਸਹਿਮੀ ਬੱਸ ਅੱਡੇ 'ਤੇ ਆ ਗਈ। ਇਕ ਨੌਜਵਾਨ ਤੋਂ ਛੁੱਟ ਉਥੇ ਕੋਈ ਨਹੀਂ ਸੀ। ਉਹ ਡਰ ਗਈ। ਨੌਜਵਾਨ ਨੇ ਕਿਹਾ, 'ਭੈਣ ਡਰ ਨਾ, ਮੈਂ ਤੇਰੀ ਸੁਰੱਖਿਆ ਲਈ ਹੀ ਖੜ੍ਹਾ ਹਾਂ, ਭਾਈ ਦਾ ਫਰਜ਼ ਨਿਭਾਉਣ ਲਈ...।' ਉਸ ਦੀ ਘਬਰਾਹਟ ਦੂਰ ਹੋ ਗਈ। ਫਿਰ ਇਕ ਆਟੋ ਆਇਆ। ਉਹ ਉਸ ਵਿਚ ਬੈਠ ਗਈ। ਹਨੇਰੇ ਰਸਤੇ 'ਤੇ ਚਲਦਿਆਂ ਡਰ ਕਾਰਨ ਉਸ ਨੂੰ ਪਸੀਨਾ ਆ ਰਿਹਾ ਸੀ। ਆਟੋ ਵਾਲੇ ਨੇ ਦੇਖਿਆ ਤਾਂ ਬੋਲਿਆ, 'ਡਰ ਨਾ ਬੇਟੀ, ਮੈਂ ਤੇਰੇ ਪਿਤਾ ਸਮਾਨ ਹਾਂ, ਸਹੀ ਸਥਾਨ 'ਤੇ ਪਹੁੰਚਾਉਣਾ ਮੇਰਾ ਫ਼ਰਜ਼ ਹੈ।' ਉਹ ਸ਼ਾਂਤ ਹੋ ਗਈ। ਭੀੜੀਆਂ ਗਲੀਆਂ ਹੋਣ ਕਾਰਨ ਆਟੋ ਵਾਲਾ ਉਸ ਨੂੰ ਸੜਕ 'ਤੇ ਉਤਾਰ ਕੇ ਚਲਾ ਗਿਆ। ਗੋਲ-ਗੱਪੇ ਵਾਲੀ ਰੇਹੜੀ ਤੋਂ ਬਿਨਾਂ ਸਭ ਪਾਸੇ ਸੁੰਨ ਸੀ। ਉਹ ਫਿਰ ਸਹਿਮ ਗਈ। ਰੇਹੜੀ ਵਾਲਾ ਕਹਿਣ ਲੱਗਾ, 'ਡਰੋ ਮਤ ਬੀਬੀ ਜੀ, ਮੈਂ ਆਪ ਕੋ ਗਲੀਏਂ ਪਾਰ ਕਰਵਾ ਦੇਤਾ ਹੂੰ, ਹਮਾਰਾ ਜਹਾਂ ਰੋਜ਼ੀ-ਰੋਟੀ ਚਲਤਾ, ਉਸਕਾ ਕਰਜ਼ ਉਤਾਰੇਂਗੇ, ਅਪਨੀ ਭੈਨੋਂ, ਮਾਤਾਓਂ ਔਰ ਬੇਟੀਓਂ ਕੋ ਸੁਰੱਕਸ਼ਾ ਦੇ ਕਰ।' ਰਸਤੇ ਵਿਚ ਹਰ ਪੱਧਰ 'ਤੇ ਮਿਲੀ ਸੁਰੱਖਿਆ ਕਾਰਨ ਉਹ ਸਕੂਨ ਮਹਿਸੂਸ ਕਰ ਰਹੀ ਸੀ। ਹੁਣ ਉਸ ਦਾ ਘਰ ਚੰਦ ਕੁ ਕਦਮਾਂ ਦੀ ਦੂਰੀ 'ਤੇ ਸੀ। ਇਥੇ ਚਾਰ-ਪੰਜ ਮੁੰਡਿਆਂ ਦੀ ਟੋਲੀ ਗੱਪਾਂ ਮਾਰ ਰਹੀ ਸੀ। ਹਨੇਰਾ ਪੂਰੀ ਤਰ੍ਹਾਂ ਪਸਰ ਚੁੱਕਾ ਸੀ। ਉਸ ਦੇ ਪੈਰਾਂ ਦੀ ਆਹਟ ਸੁਣ ਮੁਡੀਹਰ ਇਕ ਸੁਰ 'ਚ ਬੋਲੀ, 'ਹਾਏ ਓਏ ਪਟੋਲਾ ਆ ਰਿਹਾ।' ਇਹ ਸੁਣ ਉਹ ਦੁਚਿੱਤੀ 'ਚ ਫਸ ਗਈ ਕਿ ਔਰਤ ਬਾਹਰ ਸੁਰੱਖਿਅਤ ਹੈ ਜਾਂ ਅੰਦਰ, ਬਿਗਾਨਿਆਂ ਦੇ ਹੱਥਾਂ 'ਚ ਜਾਂ ਆਪਣਿਆਂ ਦੇ।

-ਪਿਆਰਾ ਸਿੰਘ ਗੁਰਨੇ ਕਲਾਂ,
ਪਿੰਡ ਤੇ ਡਾਕ: ਗੁਰਨੇ ਕਲਾਂ, ਤਹਿ: ਬੁਢਲਾਡਾ (ਮਾਨਸਾ)। ਮੋਬਾ: 99156-21188

ਪੈਸਾ ਵੱਡਾ-ਬੰਦਾ ਛੋਟਾ
ਪੰਚਾਇਤੀ ਚੋਣਾਂ 'ਚ 'ਸਰਪੰਚੀ' ਦੀ ਚੋਣ ਲਈ ਹਾਕਮ ਸਿੰਘ ਅਤੇ ਬਲਵੀਰ ਸਿੰਘ ਚੋਣ ਮੈਦਾਨ 'ਚ ਉੱਤਰੇ। ਹਾਕਮ ਸਿੰਘ ਸ਼ਾਹੂਕਾਰ, ਜ਼ਿਆਦਾ ਜ਼ਮੀਨ-ਜਾਇਦਾਦ ਵਾਲਾ ਸੀ, ਪ੍ਰੰਤੂ ਬਲਵੀਰ ਸਿੰਘ ਦਰਮਿਆਨੇ ਦਰਜੇ ਦਾ ਕਿਸਾਨ ਸੀ, ਹਰ ਵਿਅਕਤੀ ਦੇ ਦੁੱਖ-ਸੁੱਖ 'ਚ ਜ਼ਰੂਰ ਸ਼ਰੀਕ ਹੁੰਦਾ ਅਤੇ ਵਰਤ-ਵਰਤਾਣੇ ਦੀ ਸਾਂਝ ਰੱਖਣਾ ਉਹ ਆਪਣਾ ਧਰਮ ਤੇ ਨੈਤਿਕ ਫ਼ਰਜ਼ ਸਮਝਦਾ ਸੀ।
ਸੁਖਵੰਤ ਸਿੰਘ ਨੇ ਬੱਚਾ ਬਿਮਾਰ ਹੋਣ 'ਤੇ ਉਸ ਦਾ ਇਲਾਜ ਕਰਵਾਉਣ ਲਈ 5,000 (ਪੰਜ ਹਜ਼ਾਰ) ਰੁਪਏ ਉਧਾਰ ਲੈਣ ਦੀ ਸਾਰੇ ਪਿੰਡ 'ਚ ਦੁਹਾਈ ਪਾਈ ਪ੍ਰੰਤੂ ਨਹੀਂ ਮਿਲੇ, ਅਖੀਰ 'ਤੇ ਢਾਣੀ 'ਚ ਰਹਿੰਦੇ ਬਲਵੀਰ ਸਿੰਘ ਨੇ, ਗੋਡੇ ਦੁਖਦੇ ਹੋਣ ਕਰਕੇ ਨਵੀਂ ਲੈਣ ਵਾਲੀ ਸਾਈਕਲ ਲਈ ਘਰ 'ਚ ਰੱਖੇ 5000 ਸੁਖਵੰਤ ਸਿੰਘ ਨੂੰ ਪਹਿਲੇ ਬੋਲ ਹੀ ਬੱਚੇ ਦੇ ਇਲਾਜ ਲਈ ਫੜਾ ਦਿੱਤੇ ਸਨ।
ਜਦ ਵੋਟਾਂ ਮੰਗਣ ਲਈ ਬਲਵੀਰ ਸਿੰਘ ਹੁਰੀਂ ਸੁਖਵੰਤ ਸਿੰਘ ਦੇ ਘਰ ਆਏ ਤਾਂ ਸੁਖਵੰਤ ਸਿੰਘ ਨੇ ਬਾਹਰ ਗਲੀ 'ਚ ਆਉਣ ਦੀ ਬਜਾਏ ਵਿਹੜੇ 'ਚ ਬੈਠੇ ਤਾਸ਼ ਖੇਡਦੇ ਹੋਏ ਉੱਚੀ ਆਵਾਜ਼ 'ਚ ਕਹਿ ਦਿੱਤਾ ਕਿ ਭਾਈ! ਮੇਰੇ ਬਿਮਾਰ ਬੱਚੇ ਨੂੰ ਦੁੱਧ ਪਲਾਉਣ ਲਈ ਸ਼ਾਹੂਕਾਰ ਸ: ਹਾਕਮ ਸਿੰਘ ਬੱਕਰੀ ਖਰੀਦਣ ਲਈ 2,000 ਨਕਦ ਦੇ ਗਿਆ ਹੈ ਭਾਈ। ਸੋ, ਸਾਡੇ ਘਰ ਦੀਆਂ ਸਾਰੀਆਂ ਵੋਟਾਂ ਉਸੇ ਨੂੰ ਹੀ ਪਾਉਣ ਦਾ ਹੁਕਮ ਵੀ ਚਾੜ੍ਹ ਗਿਆ ਹੈ, ਸੋ ਭਾਈ! ਸਾਡੇ ਪਰਿਵਾਰ ਦੀਆਂ ਤਾਂ ਚਾਰੇ ਵੋਟਾਂ ਸ਼ਾਹੂਕਾਰ ਸ: ਹਾਕਮ ਸਿੰਘ ਨੂੰ ਹੀ ਸਰਪੰਚੀ ਲਈ ਪੈਣਗੀਆਂ। ਬਲਵੀਰ ਸਿੰਘ ਕੁਝ ਵੀ ਬੋਲੇ ਬਗੈਰ ਤੇ ਸੋਚਦਾ ਹੋਇਆ ਕਿ ਇਥੇ 'ਪੈਸਾ ਵੱਡਾ ਹੈ, ਬੰਦਾ ਛੋਟਾ' ਹੈ, ਸਮੇਤ ਆਪਣੇ ਸਮਰਥਕਾਂ ਦੇ ਉਥੋਂ ਅੱਗੇ ਤੁਰ ਗਿਆ।

-ਗੁਰਤੇਜ ਸਿੰਘ ਔਲਖ
-23560, ਨੇੜੇ ਗੁਰਦੁਆਰਾ ਸਾਹਿਬ, ਹਰਬੰਸ ਨਗਰ, ਬਠਿੰਡਾ (ਪੰਜਾਬ)-151001.
ਮੋਬਾਈਲ : 94639-37100.

ਵਿਅੰਗ: ਸ਼ਰਾਰਤੀ ਬੱਚਾ

ਬੱਚਾ-ਸਰ ਮੇਰੇ ਸਵਾਲ ਦਾ ਜਵਾਬ ਦੇ ਦੇਵੋਗੇ?
ਅਧਿਆਪਕ- ਹਾਂ ਹਾਂ ਪੁੱਛੋ |
ਬੱਚਾ-ਹਾਥੀ ਨੂੰ ਫਰਿੱਜ ਵਿਚ ਕਿਵੇਂ ਰੱਖਾਂਗੇ?
ਅਧਿਆਪਕ-ਉਏ ਮੂਰਖਾ ਹਾਥੀ ਫਰਿੱਜ ਚ ਨਹੀਂ ਆ ਸਕਦਾ |
ਬੱਚਾ-ਮਾਸਟਰ ਜੀ, ਫਰਿੱਜ ਬਹੁਤ ਵੱਡਾ, ਪਹਿਲਾਂ ਖੋਲਾਂਗੇ ਫਿਰ ਹਾਥੀ ਵਿਚ ਪਾ ਦੇਵਾਂਗੇ |
ਬੱਚਾ-ਸਰ ਇਕ ਸਵਾਲ ਹੋਰ ਪੁੱਛਾਂ?
ਅਧਿਆਪਕ-ਹਾਂ ਹਾਂ ਪੁੱਛ |
ਬੱਚਾ-ਗਧੇ ਨੂੰ ਫਰਿਜ਼ ਕਿਵੇਂ ਰੱਖਗੇ?
ਅਧਿਆਪਕ-ਫਰਿਜ਼ ਖੋਲਾਂਗੇ ਫਿਰ ਗਧੇ ਵਿਚ ਪਾ ਦੇਵਾਂਗੇ |
ਬੱਚਾ-ਜਵਾਬ ਗ਼ਲਤ ਹੈ ਪਹਿਲਾਂ ਹਾਥੀ ਨੂੰ ਬਾਹਰ ਕੱਢਾਂਗੇ ਫਿਰ ਗਧਾ ਵਿਚ ਰੱਖਾਂਗੇ |
ਬੱਚਾ- ਸਰ, ਇਕ ਸਵਾਲ ਹੋਰ ਪੁੱਛਾਂ ?
ਅਧਿਆਪਕ- ਹਾਂ ਹਾਂ ਪੁੱਛ ਬਈ ਪੁੱਛ |
ਬੱਚਾ-ਬਾਂਦਰ ਦੇ ਜਨਮ ਦਿਨ ਦੇ ਸਾਰੇ ਜਾਨਵਰ ਆਏ ਪਰ ਇਕ ਜਾਨਵਾਰ ਨਹੀਂ ਆਇਆ ਉਸ ਦਾ ਨਾਂਅ ਦੱਸੋ?
ਅਧਿਆਪਕ-ਸ਼ੇਰ ਨਹੀਂ ਆਇਆ ਹੋਣਾ, ਜੇ ਆਉਂਦਾ ਤਾਂ ਸਾਰੇ ਜਾਨਵਰ ਖਾ ਜਾਂਦਾ |
ਬੱਚਾ-ਫਿਰ ਜਵਾਬ ਗ਼ਲਤ, ਗਧਾ ਨਹੀਂ ਆਇਆ ਕਿਉਂਕਿ ਗਧਾ ਫਰਿੱਜ ਵਿਚ ਬੰਦ ਸੀ |
ਬੱਚਾ-ਸਰ ਇਕ ਸਵਾਲ ਹੋਰ ਪੁੱਛਾਂ?
ਅਧਿਆਪਕ-(ਦੁੱਖੀ ਹੋ ਕੇ) ਉਏ ਉੱਲੂਆ ਪੱਛ |
ਬੱਚਾ-ਰਸਤੇ ਵਿਚ ਇਕ ਨਦੀ ਹੈ ਉਸ ਵਿਚ ਖਤਰਨਾਕ ਮੱਗਰਮੱਛ ਰਹਿੰਦਾ ਹੈ, ਨਦੀ ਉੱਤੇ ਪੁਲ ਨਹੀਂ ਤੁਸੀਂ ਪਾਰ ਕਿਵੇਂ ਕਰੋਗੇ?
ਅਧਿਆਪਕ-ਮੈਂ ਬੇੜੀ ਲੈ ਕੇ ਨਦੀ ਪਾਰ ਕਰ ਲਵਾਂਗਾ |
ਬੱਚਾ-ਫਿਰ ਜਵਾਬ ਗ਼ਲਤ?
ਅਧਿਆਪਕ-ਹੁਣ ਕੀ ਗ਼ਲਤੀ ਹੈ?
ਬੱਚਾ-ਮਾਸਟਰ ਜੀ ਏਨੀ ਛੇਤੀ ਬੇੜੀ ਕਿਵੇਂ ਮਿਲੇਗੀ ਉਨੇ ਚਿਰ 'ਚ ਤੁਸੀ ਤੈਰ ਕੇ ਨਦੀ ਪਾਰ ਕਰ ਲਵੋਗੇ |
ਅਧਿਆਪਕ- ਮੱਗਰਮੱਛ ਤੋਂ ਤੇਰਾ ਪਿਉ ਬਚਾਉ?
ਬੱਚਾ-ਮਾਸਟਰ ਜੀ ਏਨਾਂ ਕਿਉਂ ਡਰਦੇ ਹੋ ਸਾਰੇ ਜਾਨਵਰ ਬਾਂਦਰ ਦੇ ਜਨਮ ਦਿਨ 'ਤੇ ਹੋਣਗੇ | ਮਗਰਮੱਛ ਕਿਵੇਂ ਨਦੀ ਵਿਚ ਹੋਵੇਗਾ |

-ਹੈਮਿਲਟਨ (ਕੈਨੇਡਾ)

ਮੂਰਖਾਂ ਵਾਲੀ ਜ਼ਿਦ

ਉਹ ਇਕ ਪਿਆਰਾ ਇਨਸਾਨ ਸੀ, ...ਤੇ ਮੇਰਾ ਪਿਆਰਾ ਮਿੱਤਰ ਵੀ | ਸਾਡਾ ਖਾਣ-ਪੀਣ ਸਾਂਝਾ ਸੀ | ਅਸੀਂ ਰੋਜ਼ ਮਿਲਦੇ ਸਾਂ ਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸਾਂ | ਰੂਹਾਂ ਦੇ ਹਾਣੀ ਸਾਂ | ਜੇ ਕਿਸੇ ਦਿਨ ਕਿਸੇ ਕਾਰਨ ਅਸੀਂ ਨਾ ਮਿਲ ਸਕਣਾ ਤਾਂ ਇਕ-ਦੂਜੇ ਦੀ ਅਣਹੋਂਦ ਬੜੀ ਮਹਿਸੂਸ ਹੁੰਦੀ |
ਪਰ ਅਚਾਨਕ ਇਕ ਦਿਨ ਇਕ ਮਹਿਫ਼ਲ ਵਿਚ ਕਿਸੇ ਗੱਲੋਂ ਸਾਡਾ ਮਨ ਮੁਟਾਵ ਹੋ ਗਿਆ | ਇਕ ਮੂਰਖਤਾ ਭਰਿਆ ਪਲ ਸਾਡੇ 'ਤੇ ਹਾਵੀ ਹੋ ਗਿਆ | ਅਸੀਂ ਇਕ-ਦੂਜੇ ਨੂੰ ਮਿਲਣ ਤੋਂ ਕਤਰਾਉਣ ਲੱਗੇ | ਸਾਡੇ ਦਰਮਿਆਨ ਦੂਰੀਆਂ ਵਧਣ ਲੱਗੀਆਂ |
ਮੇਰੇ ਮਨ ਵਿਚ ਉਸ ਨੂੰ ਮਿਲਣ ਦੀ ਇੱਛਾ ਪੈਦਾ ਹੁੰਦੀ, ਪਰ ਮੈਂ ਆਪਣੀ ਇਸ ਇੱਛਾ ਦਾ ਗਲਾ ਘੱੁਟ ਦਿੰਦਾ | ਮੇਰੇ ਮਨ ਵਿਚ ਆਉਂਦਾ, 'ਜੇ ਉਸ ਨੂੰ ਮੇਰੀ ਲੋੜ ਨਹੀਂ ਤਾਂ ਮੈਨੂੰ ਉਸ ਦੀ ਕੀ ਲੋੜ ਹੈ |'
ਮੈਂ ਇਕ ਚਿੱਤਰ ਬਣਾ ਰਿਹਾ ਸਾਂ | ਮੇਰੇ ਅੰਦਰੋਂ ਇੱਛਾ ਉਠਦੀ ਕਿ ਉਹ ਇਸ ਚਿੱਤਰ ਨੂੰ ਦੇਖੇ | ਮੈਂ ਇਹ ਚਿੱਤਰ ਉਸ ਨੂੰ ਵਿਖਾਉਣਾ ਚਾਹੁੰਦਾ ਸਾਂ, ਕਿਉਂਕਿ ਉਹ ਮੇਰੀ ਕਵਿਤਾ ਤੇ ਮੇਰੀ ਚਿੱਤਰ ਕਲਾ ਤੋਂ ਬੜਾ ਪ੍ਰਭਾਵਿਤ ਹੁੰਦਾ ਸੀ ਤੇ ਮੇਰੀ ਕਲਾ ਦਾ ਸੁਹਿਰਦ ਆਲੋਚਕ ਸੀ, ਪਰ ਮੈਂ ਉਸ ਅੱਗੇ ਝੁਕਣਾ ਨਹੀਂ ਸਾਂ ਚਾਹੁੰਦਾ |
ਸ਼ਾਇਦ ਉਸ ਦੇ ਦਿਲ ਵਿਚ ਵੀ ਮੈਨੂੰ ਮਿਲਣ ਦੀ ਤਾਂਘ ਉਠਦੀ ਹੋਵੇ?
ਇਕ ਦਿਨ ਅਚਾਨਕ ਸਵੇਰੇ-ਸਵੇਰੇ ਉਸ ਦੇ ਬੇਟੇ ਦਾ ਫ਼ੋਨ ਆਇਆ, 'ਪਾਪਾ ਪੂਰੇ ਹੋ ਗਏ... |'
ਮੈਂ ਤੜਪ ਕੇ ਰਹਿ ਗਿਆ | ਪਰ ਹੁਣ ਤੱਕ ਬਹੁਤ ਦੇਰ ਹੋ ਚੱੁਕੀ ਸੀ | ਸੱਚਮੱੁਚ ਅਜਿਹੇ ਮਾਮਲਿਆਂ ਵਿਚ ਅਸੀਂ ਦੇਰ ਕਰ ਬੈਠਦੇ ਹਾਂ | ਮੈਂ ਮਹਿਸੂਸ ਕੀਤਾ ਅਸੀਂ ਦਿਲਾਂ ਵਿਚ ਬਹੁਤ ਤਰਸਯੋਗ ਗ਼ਲਤ ਫ਼ਹਿਮੀਆਂ ਪਾਲ ਰੱਖੀਆਂ ਸਨ, ਜਿਨ੍ਹਾਂ ਨੂੰ ਨਾ ਉਹ ਛੱਡ ਸਕਿਆ ਤੇ ਨਾ ਮੈਂ |
ਮੈਂ ਉਸ ਦੇ ਘਰ ਪਹੁੰਚਿਆ | ਉਸ ਦੀ ਪਤਨੀ ਨੇ ਮੈਨੂੰ ਦੱਸਿਆ ਕਿ, 'ਉਹ ਮਰਨ ਤੋਂ ਪਹਿਲਾਂ ਮੈਨੂੰ ਮਿਲਣ ਲਈ ਤੜਪਦਾ ਰਿਹਾ | ...ਪਰ ਅਸੀਂ ਜਦੋਂ ਤੁਹਾਨੂੰ ਬੁਲਾ ਲਿਆਉਣ ਲਈ ਕਹਿੰਦੇ ਤਾਂ ਪਤਾ ਨਹੀਂ ਕਿਉਂ ਉਹ ਸਾਨੂੰ ਰੋਕ ਦਿੰਦੇ |'
ਮੇਰੇ ਮਨ ਵਿਚ ਆ ਰਿਹਾ ਸੀ ਕਿ ਅਸੀਂ ਸਿਰਫ ਇਸ ਲਈ ਗਿਲੇ-ਸ਼ਿਕਵਿਆਂ ਨੂੰ ਆਪਣੇ ਮਨ ਵਿਚ ਜ਼ਿੰਦਾ ਰੱਖਦੇ ਹਾਂ ਕਿ ਅਸੀਂ ਆਪਣੇ ਅਭਿਮਾਨ ਦੀ ਬਲੀ ਨਹੀਂ ਦੇ ਸਕਦੇ, ਜਦਕਿ ਇਹ ਅਭਿਮਾਨ ਝੂਠਾ ਅਤੇ ਬੇਬੁਨਿਆਦ ਹੈ | ਅਸੀਂ ਆਪਣੇ ਕਿਸੇ ਪਿਆਰੇ ਨੂੰ ਬੁਲਾ ਲੈਣ ਤੋਂ ਸੰਕੋਚ ਕਰਦੇ ਹਾਂ | ਕੀ ਸਾਡੀ ਇਹ ਜ਼ਿਦ ਮੂਰਖਤਾ ਭਰੀ ਨਹੀਂ ਹੁੰਦੀ?

-ਮੋਬਾ: 98881-79758

ਇਕ ਦੇਹ ਪੱਥਰਾਂ ਸਾਹਮਣੇ!

ਰੱਬਾ! ਜੇ ਅਸੀਂ ਅਨਪੜ੍ਹ ਹਾਂ, ਗ਼ਰੀਬ ਹਾਂ ਤਾਂ ਕੀ ਸਾਨੰੂ ਜਿਊਣ ਦਾ ਕੋਈ ਹੱਕ ਨਹੀਂ? ਸਾਡੇ ਘਰ ਦੋ ਵੇਲੇ ਦਾ ਰੋਟੀ-ਟੁੱਕ ਕਰਨਾ ਔਖਾ ਸੀ ਤਾਂ ਇਹ ਅਮੀਰੀ ਪੜ੍ਹਾਈ ਕਿਵੇਂ ਪਾਲਦੇ? ਲੋਕ ਕਹਿੰਦੇ ਯੁਗ ਬਦਲ ਗਏ, ਸੋਚ ਬਦਲ ਗਈ ਪਰ ਸੱਚ ਤਾਂ ਇਹ ਕਿ ਦੁਨੀਆ ਅੱਜ ਵੀ ਉਥੇ ਦੀ ਉਥੇ | ਨੇਤਾ ਆਉਂਦੇ ਨੇ, ਚਲੇ ਜਾਂਦੇ ਨੇ | ਕਹਿੰਦੇ ਅਸੀਂ ਗ਼ਰੀਬਾਂ ਲਈ ਲੜਦੇ ਹਾਂ | ਪਰ ਰੱਬਾ ਗਰੀਬੀ ਲਈ ਲੜਨਾ ਤੇ ਗ਼ਰੀਬੀ ਨਾਲ ਲੜਨ 'ਚ ਬਹੁਤ ਫਰਕ ਹੈ | ਮੇਰੀ ਔਲਾਦ...? ਇੰਝ ਲਗਦੈ ਮੇਰੀ ਔਲਾਦ ਦਾ ਭਵਿਖ ਵੀ ਗ਼ਰੀਬੀ ਹੈ, ਧੱਕੇ ਹੈ | ਉਮੀਦ ਰੱਖਾਂ ਵੀ ਤਾਂ ਕਿਸ ਉੱਤੇ? ਇਥੇ ਲੜਾਈ ਅਹੁਦੇ ਦੀ ਹੈ, ਧਰਮਾਂ ਦੀ ਹੈ | ਲੋਕ ਇਕ ਵਾਰ ਮਰਦੇ ਨੇ, ਅਸੀਂ ਪਲ-ਪਲ ਮਰਦੇ ਹਾਂ | ਸਾਡੀ ਮੌਤ ਵੀ ਅਵੱਲੀ ਹੁੰਦੀ ਹੈ, ਕਦੇ ਕਿਸੇ ਕਰਮ ਦੇ ਰੂਪ 'ਚ ਤੇ ਕਦੇ ਧਰਮ ਦੇ ਰੂਪ 'ਚ | ਰੱਬਾ! ਤੇਰੇ ਨਾਮ ਲਈ ਵੀ ਪੈਸਾ ਚਾਹੀਦੈ | ਇਨਸਾਨੀਅਤ ਕਿਤੇ ਵੀ ਨਹੀਂ | ਇਨਸਾਨੀਅਤ ਹੈ ਤਾਂ ਸਿਰਫ ਮੁਰਦੇ ਕੋਲ ਤੇ ਦੋ ਕਦਮ ਦੂਰ ਇਹ ਦੁਨੀਆ | ਜਜ਼ਬਾਤ ਦੇ ਜੰਜਾਲ 'ਚ ਫਸਿਆ ਨਿਰੰਜਨ ਬੁੜ-ਬੁੜ ਕਰਦਾ ਸੌਾ ਗਿਆ | ਪਹਿਲੇ ਪਹਿਰ ਦੇ ਚੜ੍ਹਦੇ ਹੀ ਰਾਣੋ ਦੇ ਘਰ ਚੀਕਾਂ ਵੱਜਣ ਲੱਗੀਆਂ, ਧਾਹਾਂ ਸੁਣਾਈ ਦਿੱਤੀਆਂ | ਸਾਰੇ ਰਾਣੋ ਦੇ ਘਰ ਭੱਜੇ ਜਾਣ | ਸਾਰਿਆਂ ਦੇ ਹੋਸ਼ ਉਡ ਗਏ, ਪੈਰੋਂ ਜ਼ਮੀਨ ਖਿਸਕ ਗਈ | ਜਦੋਂ ਨਿਰੰਜਨ ਦੀ ਲਾਸ਼ ਬਰਾਂਡੇ 'ਚ ਲਟਕਦੀ ਮਿਲੀ | ਸਭ ਨਿਰੰਜਨ ਦੀ ਮੌਤ ਦਾ ਕਾਰਨ ਲੱਭਦੇ ਰਹੇ | ਨਿਰੰਜਨ ਦੀ ਤੀਵੀਂ ਰਾਣੋ ਤੇ ਔਲਾਦ ਰੋ-ਰੋ ਕੇ ਜਿਵੇਂ ਪੱਥਰ ਬਣ ਗਏ | ਇੰਝ ਲਗਦਾ ਸੀ ਜਿਵੇਂ ਇਕ ਦੇਹ ਪੱਥਰਾਂ ਸਾਹਮਣੇ ਪਈ ਹੋਵੇ |

-ਪਿੰਡ-ਮਾਧੋਪੁਰ ਜੱਲੋਵਾਲ, ਕਪੂਰਥਲਾ |
ਮੋਬਾ:98159-36616


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX