ਤਾਜਾ ਖ਼ਬਰਾਂ


ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  13 minutes ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  40 minutes ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  55 minutes ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਨੇਤਾ ਸੰਜੈ ਰਾਊਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਅੱਜ ਹੀ ਪਾਰਟੀ...
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  40 minutes ago
ਓਠੀਆ, 19 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ 'ਚ ਅੱਜ ਇੱਕ ਦਰਜੀ ਦੀ ਦੁਕਾਨ 'ਚ ਰੱਖੇ ਗੈਸ ਸਲੰਡਰ 'ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੂੰ ਵੀ ਭਾਜੜਾਂ ਪੈ ਗਈਆਂ। ਇਸ ਹਾਦਸੇ 'ਚ ਕਿਸੇ...
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਪਾਰਟੀ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼ ਲਾਉਣ ਵਾਲੇ ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ...
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ- ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਪਾਰਟੀ ਤੋਂ ਅਸਤੀਫ਼ਾ ਦੇ ਸਕਦੀ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੋਂ...
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਘਰ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਹੀ ਸਮਾਗਮ ਦੌਰਾਨ...
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)- ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ...
ਹੋਰ ਖ਼ਬਰਾਂ..

ਲੋਕ ਮੰਚ

ਵਾਤਾਵਰਨ ਨੂੰ ਨਿਗਲਦੇ ਕੰਕਰੀਟ ਦੇ ਜੰਗਲ

ਪਰਮਾਤਮਾ ਨੇ ਇਸ ਸੰਪੂਰਨ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਅਤੇ ਧਰਤੀ ਨੂੰ ਸਭ ਤੋਂ ਅਨਮੋਲ ਗ੍ਰਹਿ ਹੋਣ ਦਾ ਮਾਣ ਬਖ਼ਸ਼ਿਆ ਹੈ। ਧਰਤੀ ਮਾਤਾ ਸਾਡੀ ਸਭ ਦੀ ਪਾਲਣਹਾਰ ਹੈ ਅਤੇ ਪਰਮਾਤਮਾ ਨੇ ਇਸ ਨੂੰ ਸ਼ਿੰਗਾਰਨ ਵਿਚ ਕੋਈ ਕਸਰ ਨਹੀਂ ਛੱਡੀ। ਪਰਮਪਿਤਾ ਨੇ ਹਰੇ ਭਰੇ ਰੁੱਖ, ਸਾਫ ਪਾਣੀ ਦੀਆਂ ਨਦੀਆਂ, ਸਮੁੰਦਰ, ਘਾਟੀਆਂ, ਹਿਮਾਲਿਆ ਵਰਗੇ ਬਰਫ਼ ਦੇ ਪਹਾੜ ਅਤੇ ਹੋਰ ਕਈ ਅਲੌਕਿਕ ਨਜ਼ਾਰਿਆਂ ਨਾਲ ਧਰਤੀ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਵੀ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਦਾ ਬਿਆਨ ਕੀਤਾ ਗਿਆ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਕੁਦਰਤੀ ਸੋਮਿਆਂ ਨੂੰ ਕੁਝ ਦਹਾਕੇ ਪਹਿਲਾਂ ਅਸੀਂ ਰੱਬ ਵਾਂਗ ਪੂਜਦੇ ਸਾਂ, ਉਨ੍ਹਾਂ ਨੂੰ ਹੀ ਹੁਣ ਮਨੁੱਖ ਦੁਆਰਾ ਸੱਭਿਅਤਾ ਦੇ ਵਿਕਾਸ ਅਤੇ ਉਦਯੋਗਿਕ ਕ੍ਰਾਂਤੀ ਦੇ ਨਾਂਅ 'ਤੇ ਬੜੀ ਬੇਰਹਿਮੀ ਨਾਲ ਲੁੱਟਿਆ-ਖਸੁੱਟਿਆ ਜਾ ਰਿਹਾ ਹੈ। ਜੋ ਜੰਗਲ ਦੇ ਰੁੱਖ ਸੂਰਜ ਦੀ ਭਿਆਨਕ ਤਪਸ਼ ਨੂੰ ਆਪਣੇ ਉੱਪਰ ਝੱਲ ਕੇ, ਆਪ ਝੁਲਸ ਕੇ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਬਾਰਿਸ਼ ਕਰਾਉਣ ਵਿਚ ਸਹਾਇਕ ਬਣ ਕੇ ਧਰਤੀ ਮਾਤਾ ਦੀ ਹਿੱਕ ਠਾਰਦੇ ਹਨ, ਉਨ੍ਹਾਂ 'ਤੇ ਬੇਦਰਦੀ ਨਾਲ ਕੁਹਾੜਾ ਚਲਾਇਆ ਜਾ ਰਿਹਾ ਹੈ। ਤਰੱਕੀ ਦੀ ਅੰਨ੍ਹੀ ਦੌੜ ਵਿਚ ਭੱਜਦਾ ਮਨੁੱਖ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ' ਵਿਚ ਛੁਪੇ ਰੁੱਖਾਂ ਪ੍ਰਤੀ ਸਨਮਾਨ ਨੂੰ ਸਿਰੋਂ ਖਾਰਜ ਕਰਦਾ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਉਦਯੋਗਿਕ ਕ੍ਰਾਂਤੀ ਦੇ ਨਾਂਅ 'ਤੇ ਇੰਨੀ ਤੇਜ਼ੀ ਨਾਲ ਖਿੱਚਿਆ ਜਾ ਰਿਹਾ ਹੈ ਕਿ ਸੰਸਾਰ ਦੇ ਕਈ ਵਿਕਸਿਤ ਦੇਸ਼ਾਂ ਦੇ ਸ਼ਹਿਰਾਂ ਵਿਚ 'ਜ਼ੀਰੋ ਵਾਟਰ ਡੇ' ਘੋਸ਼ਿਤ ਕਰਨ ਦੀ ਨੌਬਤ ਆ ਗਈ ਹੈ। ਪਰਮਾਤਮਾ ਨੇ ਧਰਤੀ 'ਤੇ ਰਹਿਣ ਦਾ ਹੱਕ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਇਨਸਾਨਾਂ ਵਾਂਗ ਹੀ ਦਿੱਤਾ ਹੈ ਪਰ ਮਨੁੱਖ ਦੇ ਵਾਤਾਵਰਨ ਨਾਲ ਕੀਤੇ ਜਾ ਰਹੇ ਸਵਾਰਥੀ ਦੁਰਵਿਵਹਾਰ ਕਾਰਨ ਪੰਛੀਆਂ ਦੇ ਰਹਿਣ ਲਈ ਆਲ੍ਹਣੇ ਬਣਾਉਣਾ ਹੀ ਦੁੱਭਰ ਹੋ ਗਿਆ ਹੈ। ਚਿੜੀਆਂ ਵਾਂਗ ਕਈ ਹੋਰ ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ 'ਤੇ ਹਨ। ਜੰਗਲ ਤਾਂ ਪਰਮਾਤਮਾ ਦੁਆਰਾ ਬਖਸ਼ੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ, ਪਰ ਅਜਿਹੇ ਮਨੁੱਖ ਦੇ ਦੋਸਤਾਂ ਨੂੰ ਕੱਟ-ਵੱਢ ਕੇ ਜੋ ਇੱਟਾਂ, ਪੱਥਰਾਂ, ਲੋਹੇ ਅਤੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ, ਉਸ ਨਾਲ ਮਨੁੱਖ ਆਪ ਆਪਣੀ ਸੱਭਿਅਤਾ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ।
ਜੇ ਹੁਣ ਵੀ ਅਸੀਂ ਨਾ ਸੰਭਲੇ ਤਾਂ ਸੋਚੋ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਵਿਚ ਕੀ ਦੇ ਕੇ ਜਾਵਾਂਗੇ? ਜੇ ਧਰਤੀ ਹੇਠਲਾ ਪਾਣੀ ਸੁੱਕ ਗਿਆ, ਸ਼ੁੱਧ ਹਵਾ ਨਾ ਰਹੀ ਅਤੇ ਸੁੱਖ ਦਾ ਸਾਹ ਲੈਣ ਲਈ ਰੁੱਖਾਂ ਦੀ ਠੰਢੀ ਛਾਂ ਨਾ ਰਹੀ ਤਾਂ ਆਉਣ ਵਾਲੀ ਪੀੜ੍ਹੀ ਸਾਡੀ ਕੰਕਰੀਟ ਦੇ ਜੰਗਲਾਂ ਦੀ ਸੌਗਾਤ ਤੋਂ ਕੀ ਸੁੱਖ ਪਾਵੇਗੀ? ਹੁਣ ਤਾਂ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਹਰ ਸਾਲ ਕਿਸੇ ਵੀ ਮੁਬਾਰਕ ਦਿਨ ਇਕ ਰੁੱਖ ਲਗਾਈਏ ਅਤੇ ਉਸ ਦੀ ਸਾਂਭ-ਸੰਭਾਲ ਆਪਣੇ ਪੁੱਤਾਂ ਜਾਂ ਮਾਵਾਂ ਵਾਂਗ ਕਰੀਏ ਅਤੇ ਪਰਮਾਤਮਾ ਦੀ ਰਚਨਾ ਇਸ ਧਰਤੀ ਮਾਤਾ ਨੂੰ ਫੇਰ ਤੋਂ ਰੁੱਖਾਂ ਨਾਲ ਸ਼ਿੰਗਾਰ ਕੇ ਹਰਾ-ਭਰਾ ਕਰ ਦੇਈਏ।

-ਜਲੰਧਰ। ਮੋਬਾ: 81465-46260


ਖ਼ਬਰ ਸ਼ੇਅਰ ਕਰੋ

ਕਦੋਂ ਰੁਕਣਗੇ ਧੀਆਂ 'ਤੇ ਅੱਤਿਆਚਾਰ

ਮੁੰਡੇ ਦੇ ਮਾਪੇ ਸੁੱਖਣਾ ਸੁੱਖ-ਸੁੱਖ ਕੇ ਮੁੰਡੇ ਵਿਆਹੁੰਦੇ, ਜੋੜੀ ਤੋਂ ਪਾਣੀ ਵਾਰ ਕੇ ਪੀਂਦੇ ਤੇ ਫਿਰ ਹੱਥੀਂ ਵਿਆਹ ਕੇ ਲਿਆਂਦੀ ਨੂੰਹ ਨੂੰ ਪਰਿਵਾਰ ਦਾ ਜੀਅ ਬਣਾ ਕੇ ਜਾਣਬੁੱਝ ਕੇ ਤੰਗ ਕਰਦੇ, ਕਦੇ ਦਾਜ ਨੂੰ ਲੈ ਕੇ ਤੇ ਕਦੇ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਪਰ ਲਾਹਨਤ ਹੈ ਇਹੋ ਜਿਹੇ ਪਰਿਵਾਰਾਂ 'ਤੇ ਜੋ ਆਪਣੀ ਨੂੰਹ ਨੂੰ ਧੀ ਦਾ ਦਰਜਾ ਤਾਂ ਬੜੀ ਦੂਰ, ਨੂੰਹ ਹੋਣ ਦਾ ਦਰਜਾ ਵੀ ਨਹੀਂ ਦਿੰਦੇ। ਅੱਜ ਦੇ ਦੌਰ ਵਿਚ ਧੀਆਂ ਬਹੁਤ ਭਿਆਨਕ ਮੁਸੀਬਤਾਂ ਨਾਲ ਲੜ ਰਹੀਆਂ ਹਨ ਜਿਵੇਂ ਕਿ ਘਰੇਲੂ ਝਗੜੇ, ਦਾਜ ਦੀ ਬਲੀ, ਜਬਰ ਜਨਾਹ ਆਦਿ। ਉਨ੍ਹਾਂ ਸਭ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਜਾਂ ਕਾਨੂੰਨ ਦੀ ਨਹੀਂ, ਸਗੋਂ ਇਹ ਜ਼ਿੰਮੇਵਾਰੀ ਸਾਡੇ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਅਤੇ ਆਪਣੇ ਪੁੱਤਰਾਂ ਨੂੰ ਹਰੇਕ ਧੀ-ਭੈਣ ਦੀ ਇੱਜ਼ਤ, ਸਤਿਕਾਰ ਅਤੇ ਰੱਖਿਆ ਕਰਨ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਾਉਣ ਅਤੇ ਹਰੇਕ ਧੀ-ਭੈਣ ਨੂੰ ਆਪਣੀ ਧੀ-ਭੈਣ ਵਾਂਗ ਸਮਝਣ ਅਤੇ ਕਦੇ ਵੀ ਬੁਰੀ ਨਜ਼ਰ ਨਾਲ ਨਾ ਦੇਖਣ।
ਜ਼ਰੂਰਤ ਹੈ ਧੀਆਂ ਨੂੰ ਆਪਣੀ ਸੁਰੱਖਿਆ ਆਪ ਕਰਨ ਲਈ ਤਿਆਰ ਕਰਨ ਦੀ, ਤਾਂ ਜੋ ਕੋਈ ਬੁਰੀ ਨਜ਼ਰ ਨਾਲ ਤੱਕੇ ਤਾਂ ਉਸ ਦਾ ਸਾਹਮਣਾ ਕਰ ਸਕਣ ਅਤੇ ਡਟ ਕੇ ਮੁਕਾਬਲਾ ਕਰਨ, ਜਿਸ ਦੇ ਲਈ ਕੁੜੀਆਂ ਨੂੰ ਸਕੂਲਾਂ, ਕਾਲਜਾਂ ਵਿਚ ਮਾਰਸ਼ਲ ਆਰਟ (ਸਵੈ-ਰੱਖਿਅਕ ਖੇਡਾਂ) ਜਿਵੇਂ ਕਿ ਕਰਾਟੇ, ਗੱਤਕਾ, ਕੁਸ਼ਤੀ ਆਦਿ ਸਿਖਾਈ ਜਾਵੇ, ਤਾਂ ਜੋ ਉਹ ਜਬਰ-ਜ਼ੁਲਮ ਦਾ ਸਾਹਮਣਾ ਆਪ ਕਰ ਸਕਣ। ਸਕੂਲਾਂ, ਕਾਲਜਾਂ ਵਿਚ ਵਿੱਦਿਅਕ ਢਾਂਚੇ ਨੂੰ ਵੀ ਬਦਲਣ ਦੀ ਲੋੜ ਹੈ, ਤਾਂ ਜੋ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਵੇ। ਪਿੰਡਾਂ ਤੇ ਸ਼ਹਿਰਾਂ ਵਿਚ ਖੇਡ ਕਲੱਬ ਬਣਾਏ ਜਾਣ, ਪਿੰਡਾਂ ਤੇ ਸ਼ਹਿਰਾਂ ਵਿਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ, ਜਿਥੇ ਹਰ ਰੋਜ਼ ਅਖ਼ਬਾਰ ਆਵੇ, ਜਿਸ ਨੂੰ ਪੜ੍ਹਨ ਨਾਲ ਨੌਜਵਾਨਾਂ ਦੀ ਬੁੱਧੀ ਤੇ ਗਿਆਨ ਦਾ ਵਿਕਾਸ ਹੋਵੇ। ਪੜ੍ਹਾਈ ਦੇ ਨਾਲ-ਨਾਲ ਹੱਥੀਂ ਕਿਰਤ ਦੇ ਯੋਗ ਬਣਾਇਆ ਜਾਵੇ, ਤਾਂ ਜੋ ਉਹ ਛੋਟਾ-ਮੋਟਾ ਕਾਰੋਬਾਰ ਕਰ ਸਕਣ। ਸਰਕਾਰਾਂ ਵਲੋਂ ਅਜਿਹੇ ਪ੍ਰੋਗਰਾਮ ਚਲਾਏ ਜਾਣ ਜਿਸ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇ ਅਤੇ ਉਹ ਰੁੱਝੇ ਰਹਿਣ। ਇਸ ਤੋਂ ਇਲਾਵਾ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਲੜਕੀਆਂ ਨੂੰ ਸਮੇਂ ਸਿਰ ਇਨਸਾਫ ਦਿਵਾਉਣ ਦੇ ਸਮਰੱਥ ਬਣਾਉਣ ਦੀ ਲੋੜ ਹੈ। ਇਹ ਮਨੁੱਖਾ ਜੀਵਨ ਬੜੀ ਮੁਸ਼ਕਿਲ ਨਾਲ ਮਿਲਿਆ ਹੈ। ਸੋ ਹਰੇਕ ਬੰਦਾ 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ 'ਤੇ ਚੱਲੇ। ਮਸਲਾ ਸਿਰਫ ਸੋਚ ਬਦਲਣ ਦਾ ਹੈ। ਜੇ ਸੋਚ ਬਦਲੇ ਤਾਂ ਕੋਈ ਵੀ ਧੀ-ਭੈਣ ਦਾਜ ਜਾਂ ਘਰੇਲੂ ਹਿੰਸਾ ਦੀ ਬਲੀ ਨਾ ਚੜ੍ਹੇ।

-ਪ੍ਰਿੰ: ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ, ਕਲਿਆਣਪੁਰ (ਗੁਰਦਾਸਪੁਰ)।

ਟੀਕਾਕਰਨ ਬਨਾਮ ਖੁਦ ਦੀਆਂ ਜ਼ਿੰਮੇਵਾਰੀਆਂ

ਭਾਰਤ ਵਿਚ ਖ਼ਸਰਾ ਅਤੇ ਰੂਬੇਲਾ ਟੀਕਾਕਰਨ ਸਬੰਧੀ ਜੋ ਵੀ ਅਫ਼ਵਾਹਾਂ ਅਤੇ ਗ਼ਲਤ-ਫ਼ਹਿਮੀਆਂ ਸ਼ਰਾਰਤੀ ਅਨਸਰਾਂ ਵਲੋਂ ਉਡਾਈਆਂ ਜਾ ਰਹੀਆਂ ਹਨ ਅਤੇ ਭੋਲੀ-ਭਾਲੀ ਜਨਤਾ ਨੂੰ ਭਰਮ ਵਿਚ ਪਾਇਆ ਜਾ ਰਿਹਾ ਹੈ, ਇਹ ਕਾਫ਼ੀ ਭਖਦਾ ਹੋਇਆ ਮਸਲਾ ਬਣ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ, ਮਾਪੇ ਆਪਣੀ ਔਲਾਦ ਲਈ ਕਾਫ਼ੀ ਫ਼ਿਕਰਮੰਦ ਨਜ਼ਰ ਆ ਰਹੇ ਹਨ ਅਤੇ ਅਜਿਹੇ ਮਾਹੌਲ ਵਿਚ ਡਰ ਤੇ ਦੁਚਿੱਤੀ ਵਾਲੀ ਸਥਿਤੀ ਬਣ ਗਈ ਹੈ ਕਿ ਟੀਕਾ ਲਗਵਾਇਆ ਜਾਵੇ ਜਾਂ ਨਹੀਂ?
ਹੁਣ ਸਵਾਲ ਇਹ ਉੱਠਦਾ ਹੈ ਕਿ ਅੱਜ ਦੇ ਦੌਰ ਵਿਚ, ਖਾਸ ਕਰਕੇ ਪੰਜਾਬ ਪ੍ਰਦੇਸ਼ ਵਿਚ ਜਿੱਥੇ ਨਸ਼ਿਆਂ ਦਾ ਬੋਲ-ਬਾਲਾ ਹੈ, ਖੁਰਾਕ ਵਿਚ ਮਿਲਾਵਟ ਹੈ, ਹਵਾ ਵਿਚ ਜ਼ਹਿਰਾਂ ਘੁਲ ਰਹੀਆਂ ਹਨ, ਪਾਣੀ ਦੂਸ਼ਿਤ ਹੋ ਰਿਹਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਵੀ ਹੁਣ ਫ਼ਰਟੀਲਾਈਜ਼ਰ ਖਾਦਾਂ 'ਤੇ ਨਿਰਭਰ ਰਹਿ ਗਈ ਹੈ, ਸਮੋਗ, ਜ਼ਹਿਰੀਲਾ ਧੂੰਆਂ ਹਾਨੀਕਾਰਕ ਸਥਿਤੀਆਂ ਪੈਦਾ ਕਰ ਰਿਹਾ ਹੈ, ਕੀ ਇਹ ਸਭ ਕੁਝ ਇਨਸਾਨ ਨੂੰ ਬਿਮਾਰ, ਕਮਜ਼ੋਰ, ਨਿਪੁੰਸਕ, ਨਾਮਰਦ ਨਹੀਂ ਬਣਾ ਰਹੀਆਂ? ਕੀ ਇਸ ਟੀਕਾਕਰਨ ਤੋਂ ਪਹਿਲਾਂ ਕੋਈ ਲਾਇਲਾਜ ਬਿਮਾਰੀਆਂ ਜਾਂ ਕੋਈ ਬੇਔਲਾਦ ਨਹੀਂ ਹੈ? ਜਾਂ ਫਿਰ ਭਵਿੱਖ ਵਿਚ ਕੋਈ ਇਨ੍ਹਾਂ ਚੀਜ਼ਾਂ ਦਾ ਅਸਰ ਸਾਡੇ 'ਤੇ ਨਹੀਂ ਪਵੇਗਾ? ਗ਼ਰੀਬੀ, ਸੰਤੁਲਿਤ ਭੋਜਨ ਦੀ ਘਾਟ, ਦੂਸ਼ਿਤ ਵਾਤਾਵਰਨ ਦੇ ਕੀ ਸਿੱਟੇ ਹੋਣਗੇ? ਇਸ ਬਾਰੇ ਕੌਣ ਸੋਚ ਰਿਹਾ ਹੈ? ਪਰ ਅਫ਼ਸੋਸ! ਇਨ੍ਹਾਂ ਚੀਜ਼ਾਂ ਦੇ ਬੁਰੇ ਨਤੀਜੇ ਨੂੰ ਨਜ਼ਰਅੰਦਾਜ਼ ਕਰਕੇ ਲੋਕ ਜ਼ਿੰਮੇਵਾਰ ਸਿਰਫ਼ ਟੀਕਿਆਂ ਨੂੰ ਹੀ ਠਹਿਰਾਉਣਗੇ ਤਾਂ ਇਹ ਬਹੁਤ ਹੀ ਗ਼ਲਤ ਤੇ ਨਾਜਾਇਜ਼ ਗੱਲ ਹੈ।
ਅਜੋਕੇ ਸਮੇਂ ਦਾ ਮਾਹੌਲ, ਵਾਤਾਵਰਨ, ਪ੍ਰਦੂਸ਼ਣ, ਮਿਲਾਵਟੀ ਖੁਰਾਕਾਂ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਢੰਗ ਸਿਹਤ 'ਤੇ ਜੋ ਅਸਰ ਪਾਉਣਗੇ, ਉਸ ਦਾ ਜ਼ਿੰਮੇਵਾਰ ਕੌਣ ਹੈ? ਫ਼ਿਕਰਮੰਦ ਕੌਣ ਹੈ? ਇਹ ਨਤੀਜੇ ਕਿੰਨੇ ਫ਼ਾਇਦੇਮੰਦ ਹਨ?
'ਨਸ਼ਿਆਂ ਦਾ ਬਾਈਕਾਟ' ਕਦੇ ਕਿਸੇ ਨੇ ਇੰਨੀ ਸ਼ਿੱਦਤ ਨਾਲ ਨਹੀਂ ਕੀਤਾ ਜੋ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਰਹੇ ਨੇ, ਜਿੰਨੀ ਅਖੌਤੀ ਜਾਗਰੂਕਤਾ ਟੀਕਿਆਂ ਪ੍ਰਤੀ ਹੈ। ਆਉਣ ਵਾਲੀ ਪੀੜ੍ਹੀ ਖੁਦ ਜ਼ਿੰਮੇਵਾਰ ਹੋਵੇਗੀ ਸਰੀਰਕ ਕਮਜ਼ੋਰੀਆਂ ਅਤੇ ਵੰਨ-ਸੁਵੰਨੀਆਂ, ਨਵੀਆਂ-ਨਵੀਆਂ ਬਿਮਾਰੀਆਂ ਲਈ। ਸੋ, ਸਾਰੇ ਦੇਸ਼ਵਾਸੀਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਅਤੇ ਲੋੜ ਹੈ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਦਾ ਬਾਈਕਾਟ ਕਰਨ ਦੀ। ਲੋੜ ਹੈ ਟੀਕਾ ਲਗਵਾਉਣ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਧਿਆਨ ਵਿਚ ਰੱਖਣ ਦੀ, ਜਿਵੇਂ ਬੱਚਾ ਖਾਲੀ ਪੇਟ ਨਾ ਹੋਵੇ, ਬੱਚੇ ਨੂੰ ਬੁਖਾਰ ਜਾਂ ਕੋਈ ਹੋਰ ਬਿਮਾਰੀ ਨਾ ਹੋਵੇ, ਬੱਚੇ ਨੂੰ ਡਰ ਨਹੀਂ ਸਗੋਂ ਹੌਸਲਾ ਦਿੱਤਾ ਜਾਵੇ ਤਾਂ ਕਿ ਡਰ ਜਾਂ ਘਬਰਾਹਟ ਨਾਲ ਚੱਕਰ ਜਾਂ ਬੇਹੋਸ਼ੀ ਨਾ ਆਵੇ।

-ਸ: ਸੀ: ਸੈ: ਸਕੂਲ, ਰੱਲੀ (ਮਾਨਸਾ)।
ਮੋਬਾ: 82838-32839

ਸਿੱਖਿਆ ਪ੍ਰਣਾਲੀ ਵਿਚ ਸੁਧਾਰ ਦੀ ਲੋੜ

ਸਾਡੀ ਸਿੱਖਿਆ ਪ੍ਰਣਾਲੀ ਵਿਚ ਪ੍ਰੀਖਿਆ ਪ੍ਰਣਾਲੀ ਦਾ ਮਹੱਤਵਪੂਰਨ ਸਥਾਨ ਹੈ। ਇਹ ਹੀ ਫੈਸਲਾ ਕਰਦੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਆਪਣੇ ਮਿੱਥੇ ਉਦੇਸ਼ਾਂ ਨੂੰ ਪੂਰਾ ਕਰਦੀ ਹੈ ਜਾਂ ਨਹੀਂ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਵਿਦਿਆਰਥੀਆਂ ਦੀ ਤਰੱਕੀ ਲਈ ਜ਼ਿੰਮੇਵਾਰ ਹੈ। ਕਿਉਂਕਿ ਜਿੰਨਾ ਚਿਰ ਵਿਦਿਆਰਥੀ ਪ੍ਰੀਖਿਆਵਾਂ 'ਚੋਂ ਚੰਗੇ ਅੰਕ ਪ੍ਰਾਪਤ ਨਹੀਂ ਕਰ ਲੈਂਦੇ, ਉਨ੍ਹਾਂ ਨੂੰ ਤਰੱਕੀ ਹਾਸਲ ਨਹੀਂ ਹੁੰਦੀ। ਇਸ ਨਾਲ ਵਿਦਿਆਰਥੀ ਅੰਦਰ ਛੁਪੀ ਹੋਈ ਪ੍ਰਤਿਭਾ ਸਾਹਮਣੇ ਆਉਂਦੀ ਹੈ।
ਪਰ ਇਹ ਗੁਣ ਹੋਣ ਦੇ ਬਾਵਜੂਦ ਕੀ ਅਸੀਂ ਸਮਝਦੇ ਹਾਂ ਕਿ ਪ੍ਰੀਖਿਆਵਾਂ ਸਾਡੀ ਜ਼ਿੰਦਗੀ ਦੇ ਫੈਸਲੇ ਲੈਣ ਜਾਂ ਵਧੀਆ ਨਾਗਰਿਕ ਬਣਨ ਲਈ ਸਾਡੀ ਸਹਾਇਤਾ ਕਰਦੀਆਂ ਹਨ? ਪ੍ਰੀਖਿਆ ਪ੍ਰਣਾਲੀ ਦੇ ਇਹ ਗੁਣ ਕਦੇ ਫੈਸਲਾ ਨਹੀਂ ਕਰ ਸਕਦੇ ਕਿ ਵਿਦਿਆਰਥੀ ਇਸ ਤੋਂ ਸੰਤੁਸ਼ਟ ਹਨ। ਪ੍ਰੀਖਿਆਵਾਂ ਸਿਰਫ ਅੰਕ ਪ੍ਰਾਪਤ ਕਰਨ ਵਿਚ ਮਦਦ ਕਰਦੀਆਂ ਹਨ। ਅਸਲ ਯੋਗਤਾ ਪਰਖਣ ਵਿਚ ਨਹੀਂ। ਇਹ ਸਿਰਫ ਅੰਕ ਪ੍ਰਾਪਤ ਕਰਨ 'ਚ ਸਹਾਇਕ ਹਨ। ਹਾਂ, ਅੰਕ ਪ੍ਰਾਪਤ ਕਰਨ ਦਾ ਜ਼ਰੀਆ ਕੋਈ ਵੀ ਹੋ ਸਕਦਾ ਹੈ, ਕੋਈ ਹੁਸ਼ਿਆਰ ਬੱਚਾ ਅਸਫਲ ਅਤੇ ਬੇਹੱਕਦਾਰ ਬੱਚਾ ਇਸ 'ਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਇਹੀ ਵਿਦਿਆਰਥੀ ਦੀ ਰੁਚੀ, ਰੁਝਾਨ, ਚੰਗੇ ਨਾਗਰਿਕ ਗੁਣਾਂ, ਸ਼ਖ਼ਸੀਅਤ ਦੇ ਗੁਣਾਂ ਨੂੰ ਅਣਗੌਲਿਆ ਕਰਕੇ ਸਿਰਫ ਅੰਕ ਪ੍ਰਾਪਤ ਕਰਨ ਤੱਕ ਸੀਮਤ ਹੈ। ਵਿਦਿਆਰਥੀ ਕੁਝ ਨਵਾਂ ਸਿੱਖਣ ਦੀ ਬਜਾਏ ਰੱਟਾ ਲਾ ਕੇ ਜਾਂ ਹਰ ਜਾਇਜ਼-ਨਾਜਾਇਜ਼ ਤਰੀਕਿਆਂ ਨਾਲ ਅੰਕ ਪ੍ਰਾਪਤ ਕਰਨ ਵੱਲ ਉਤਸ਼ਾਹਿਤ ਹੁੰਦੇ ਹਨ।
ਇਸ ਨਾਲ ਸਾਡੇ ਨੈਤਿਕ ਪੱਧਰ ਨੂੰ ਵੀ ਠੇਸ ਪਹੁੰਚਦੀ ਹੈ। ਇਥੋਂ ਤੱਕ ਕਿ ਦੇਸ਼ ਦੇ ਭਵਿੱਖ ਦੀ ਚੰਗੀ ਉਸਾਰੀ ਕਰਨ ਵਾਲੇ ਅਧਿਆਪਕਾਂ ਨੂੰ ਵੀ ਇਸੇ ਪ੍ਰੀਖਿਆ ਪ੍ਰਣਾਲੀ ਵਿਚੋਂ ਗੁਜ਼ਰਨਾ ਪੈਂਦਾ ਹੈ। ਪਰਖ ਤਾਂ ਇਸੇ ਪ੍ਰਣਾਲੀ ਨੇ ਹੀ ਕਰਨੀ ਹੈ। ਅਧਿਆਪਕ ਚੁਣਨ ਲਈ ਵੀ ਵੱਧ ਤੋਂ ਵੱਧ ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਉਹ ਚਾਹੇ ਜਾਇਜ਼ ਤਰੀਕੇ ਨਾਲ ਲਏ ਹੋਣ ਜਾਂ ਨਾਜਾਇਜ਼। ਇਹ ਵਿਅਕਤੀ ਦੇ ਵਿਅਕਤੀਗਤ ਗੁਣਾਂ ਜਾਂ ਸਮਾਜਿਕ ਗੁਣਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ। ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਦਿੰਦੀਆਂ ਹਨ। ਇਹ ਰੱਟਾ ਲਾਉਣ ਲਈ ਹੀ ਜ਼ਿਆਦਾ ਪ੍ਰੇਰਦੀ ਹੈ, ਮਿਹਨਤ ਕਰਨ ਲਈ ਨਹੀਂ। ਫਿਰ ਵਿਦਿਆਰਥੀ ਵਰਗ ਦਾ ਵਿਕਾਸ ਕਿਵੇਂ ਸੰਭਵ ਹੋ ਸਕਦਾ ਹੈ? ਇਹ ਅੰਕ ਪ੍ਰਾਪਤ ਕਰਨ ਜਾਂ ਡਿਗਰੀਆਂ ਪ੍ਰਾਪਤ ਕਰਨ ਦਾ ਹੀ ਜ਼ਰੀਆ ਹਨ। ਪ੍ਰੀਖਿਆ ਵਿਦਿਆਰਥੀ ਨੂੰ ਭਰੋਸੇਯੋਗਤਾ ਕਦੇ ਵੀ ਨਹੀਂ ਦੇ ਸਕਦੀ, ਕਿਉਂਕਿ ਗ਼ਲਤ ਨੀਤੀਆਂ ਕਦੇ ਤਸੱਲੀ ਨਹੀਂ ਦਿੰਦੀਆਂ। ਇਸੇ ਕਰਕੇ ਹਰ ਸਾਲ ਲੱਖਾਂ ਹੀ ਵਿਦਿਆਰਥੀ ਕਲਾਸਾਂ ਪਾਸ ਕਰਕੇ ਬੇਰੁਜ਼ਗਾਰੀ ਦੀ ਕਤਾਰ ਵਿਚ ਖੜ੍ਹੇ ਹੋ ਜਾਂਦੇ ਹਨ।
ਇਸ ਵਿਚ ਕਸੂਰ ਵਿਦਿਆਰਥੀਆਂ ਦਾ ਨਹੀਂ, ਬਲਕਿ ਸਾਡੀ ਸਿੱਖਿਆ ਵਿਵਸਥਾ ਦਾ ਹੈ। ਪ੍ਰੀਖਿਆ ਪ੍ਰਣਾਲੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ। ਅੱਜ ਆਜ਼ਾਦੀ ਤੋਂ ਏਨੇ ਸਾਲ ਬਾਅਦ ਵੀ ਇਹ ਪਰੰਪਰਾ ਸਾਡੀ ਸਿੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹੈ। ਸੈਕੰਡਰੀ ਸਿੱਖਿਆ ਕਮਿਸ਼ਨ ਦੇ ਇਹ ਮੰਨਣ ਤੋਂ ਬਾਅਦ ਵੀ ਇਹ ਦੋਸ਼ ਸਾਡੀ ਸਿੱਖਿਆ ਪ੍ਰਣਾਲੀ ਵਿਚ ਮੌਜੂਦ ਹਨ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ? ਸੋ, ਲੋੜ ਹੈ ਸਾਡੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਕਾਸ ਦੀਆਂ ਸਹੀ ਲੀਹਾਂ 'ਤੇ ਲਿਜਾਇਆ ਜਾ ਸਕੇ।

-ਪਿੰਡ ਤੇ ਡਾਕ: ਛਾਜਲੀ (ਸੰਗਰੂਰ)।

ਟੁੱਟੀਆਂ ਚੱਪਲਾਂ ਤੋਂ ਤਿਆਰ ਕਰਦਾ ਕਲਾਕ੍ਰਿਤੀਆਂ-ਗੁਰਮੀਤ ਸਿੰਘ ਰਾਠੀ

ਹਰ ਇਨਸਾਨ ਵਿਚ ਕੁਦਰਤੀ ਤੌਰ 'ਤੇ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ। ਲੋੜ ਹੁੰਦੀ ਹੈ ਆਪਣੀ ਕਲਾ ਵਿਚ ਦਿਮਾਗੀ ਤੌਰ 'ਤੇ ਉਤਰਨ ਦੀ ਤੇ ਉਸ ਵਿਚ ਗੁਆਚਣ ਦੀ। ਜਦੋਂ ਇਨਸਾਨ ਆਪਣੀ ਕਲਾ ਨੂੰ ਸਮਝਣ ਲੱਗ ਪਵੇ ਤਾਂ ਉਹ ਉਸ ਨੂੰ ਤਰਾਸ਼ਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਕਲਾਕਾਰ ਬਣ ਜਾਂਦਾ ਹੈ। ਅਜਿਹਾ ਹੀ ਅਨੋਖੀ ਕਲਾਕ੍ਰਿਤੀ ਦਾ ਮਾਲਕ ਹੈ ਗੁਰਮੀਤ ਸਿੰਘ ਰਾਠੀ। ਪਟਿਆਲਾ-ਬਠਿੰਡਾ ਹਾਈਵੇ ਵਾਇਆ ਮਾਨਸਾ, ਮਾਨਸਾ ਕੈਂਚੀਆਂ ਤੋਂ 10 ਕੁ ਕਿਲੋਮੀਟਰ ਦੀ ਦੂਰੀ 'ਤੇ ਮੇਨ ਹਾਈਵੇ ਰੋਡ ਦੇ ਉੱਤੇ ਹੀ ਆਉਂਦਾ ਹੈ ਛੋਟਾ ਜਿਹਾ ਪਿੰਡ ਭਾਈ ਦੇਸਾ। ਇੱਥੇ ਹੀ ਆਪਣੇ ਘਰ ਦੇ ਇਕ ਕਮਰੇ ਵਿਚ ਆਪਣੀ ਕਲਾਕਾਰੀ ਦੀ ਪ੍ਰਦਰਸ਼ਨੀ ਲਾ ਕੇ ਬੈਠਾ ਹੈ ਗੁਰਮੀਤ ਸਿੰਘ ਰਾਠੀ, ਜਿਸ ਨੇ ਆਪਣਾ 'ਰਾਠੀ ਕਲਾ ਕੇਂਦਰ' ਖੋਲ੍ਹਿਆ ਹੋਇਆ ਹੈ।
ਗੁਰਮੀਤ ਸਿੰਘ ਇਨ੍ਹਾਂ ਸਭ ਤੋਂ ਉਲਟ ਹੈ। ਉਸ ਨੇ ਆਪਣੀ ਕਲਾ ਦੇ ਨਾਲ ਕੂੜੇ ਦੇ ਢੇਰਾਂ ਵਿਚ ਪਈਆਂ ਟੁੱਟੀਆਂ ਚੱਪਲਾਂ, ਜਿਨ੍ਹਾਂ ਨੂੰ ਕਬਾੜ ਵਾਲੇ 50 ਪੈਸੇ ਮੁੱਲ 'ਤੇ ਵੀ ਮਸਾਂ ਖ਼ਰੀਦਦੇ ਹਨ, ਉਨ੍ਹਾਂ ਚੱਪਲਾਂ ਤੋਂ ਆਪਣੀ ਕਲਾਕ੍ਰਿਤੀ ਤਿਆਰ ਕਰਕੇ ਉਨ੍ਹਾਂ ਵਿਚ ਜਾਨ ਪਾ ਦਿੱਤੀ। ਸਾਡੇ ਪੰਜਾਬੀ ਸੱਭਿਆਚਾਰ ਵਿਚੋਂ ਅਲੋਪ ਹੋ ਚੁੱਕੀਆਂ ਉਹ ਚੀਜ਼ਾਂ, ਜਿਨ੍ਹਾਂ ਤੋਂ ਨਵੀਂ ਪੀੜ੍ਹੀ ਕੋਹਾਂ ਦੂਰ ਹੈ, ਉਹ ਸਭ ਤਿਆਰ ਕੀਤੀਆਂ ਹਨ। ਜਿਵੇਂ ਚਰਖਾ, ਹੱਥ ਚੱਕੀ, ਕੁੱਚ, ਸੰਦੂਕ, ਉਰਾ, ਉਰੀ, ਅਟੇਰਨ, ਸੱਜ, ਬਲਦ ਗੱਡਾ, ਊਠ, ਗੁੱਲੀਡੰਡਾ, ਘੜਾ, ਰੇਡੀਓ, ਘੋੜਾ, ਖੂਹ ਆਦਿ ਨੂੰ ਆਪਣੀ ਕਲਾਕ੍ਰਿਤੀ ਨਾਲ ਸਾਡੇ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਹੈ। ਬਲਦਾਂ ਨਾਲ ਹਲ ਵਾਹ ਰਿਹਾ ਕਿਸਾਨ, ਜੋੜੇ ਬਣਾਉਂਦਾ ਮੋਚੀ, ਹਰ ਪ੍ਰਕਾਰ ਦੇ ਟਰੈਕਟਰਾਂ ਦਾ ਮਾਡਲ ਉਸ ਨੇ ਬੜੀ ਖ਼ੂਬਸੂਰਤੀ ਨਾਲ ਤਿਆਰ ਕੀਤਾ ਹੋਇਆ ਹੈ। ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਚੱਪਲਾਂ ਤੋਂ ਬਣੇ ਹਨ।
ਗੁਰਮੀਤ ਸਿੰਘ ਰਾਠੀ ਨੇ ਦੱਸਿਆ ਕਿ ਉਹ ਬਚਪਨ ਵਿਚ ਆਮ ਪਿੰਡਾਂ ਦੇ ਬੱਚਿਆਂ ਵਾਂਗ ਚੱਪਲਾਂ ਦੇ ਟਾਇਰ ਬਣਾ ਕੇ ਖੇਡਦਾ ਹੁੰਦਾ ਸੀ ਪਰ ਉਹ ਆਪਣੇ ਬਣਾਏ ਟਾਇਰਾਂ ਨੂੰ ਬੜੀ ਲਗਨ ਨਾਲ ਤਰਾਸ਼ਦਾ ਸੀ। ਅੱਜ ਉਸ ਦੀ ਇਹ ਕਲਾ ਇਕ ਹੁਨਰ ਬਣ ਗਈ ਹੈ। ਇਕ ਕਲਾਕ੍ਰਿਤੀ ਨੂੰ ਬਣਾਉਣ ਲਈ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਕਈ-ਕਈ ਦਿਨ ਲੱਗ ਜਾਂਦੇ ਹਨ, ਬੜਾ ਬਰੀਕੀ ਦਾ ਕੰਮ ਹੈ। ਜੇ ਪ੍ਰਸ਼ਾਸਨ ਉਸ ਦੀ ਮਦਦ ਕਰੇ ਤਾਂ ਉਹ ਸਕੂਲਾਂ ਵਿਚ ਆਪਣੀ ਕਲਾ ਰਾਹੀਂ ਬੱਚਿਆਂ ਨੂੰ ਉਤਸ਼ਾਹਿਤ ਕਰ ਸਕਦਾ ਹੈ। ਰਾਠੀ ਹੁਣ ਹੋਰ ਸਾਰੇ ਕੰਮ-ਧੰਦੇ ਛੱਡ ਕੇ ਆਪਣੀ ਕਲਾ ਨੂੰ ਚਮਕਾਉਣ 'ਤੇ ਉੱਤੇ ਜ਼ੋਰ ਲਾ ਰਿਹਾ ਹੈ। ਆਪਣੀ ਕਲਾ 'ਤੇ ਮਾਣ ਕਰਦਿਆਂ ਉਸ ਨੇ ਇੱਛਾ ਜ਼ਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿਚ 'ਰਾਠੀ ਕਲਾ ਕੇਂਦਰ' ਇਕ ਮਿਊਜ਼ੀਅਮ ਦੇ ਤੌਰ 'ਤੇ ਜਾਣਿਆ ਜਾਵੇ। ਜੇਕਰ ਤੁਸੀਂ ਕਦੇ ਬਠਿੰਡਾ-ਮਾਨਸਾ ਵਾਲੇ ਰੋਡ ਉੱਤੋਂ ਦੀ ਲੰਘਦੇ ਹੋ ਤਾਂ ਗੁਰਮੀਤ ਸਿੰਘ ਰਾਠੀ ਦੀ ਇਸ ਅਨੋਖੀ ਕਲਾ ਨੂੰ ਨਜ਼ਰਅੰਦਾਜ਼ ਨਾ ਕਰਿਓ।

-ਪਿੰਡ ਤੇ ਡਾਕ: ਭੀਖੀ, ਜ਼ਿਲ੍ਹਾ ਮਾਨਸਾ। ਮੋਬਾ: 98143-98762

ਮਨੁੱਖਤਾ ਦਾ ਆਧਾਰ ਪੁਸਤਕ

ਮਨੁੱਖ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਪੁਸਤਕਾਂ ਦਾ ਹਾਣੀ ਬਣਿਆ ਰਿਹਾ ਹੈ। ਅੱਜ ਭਾਵੇਂ ਕੰਪਿਊਟਰ ਯੁੱਗ ਆ ਗਿਆ ਹੈ ਪਰ ਪੁਸਤਕਾਂ ਦੀ ਮਹਾਨਤਾ ਕਿਸੇ ਪੱਖੋਂ ਵੀ ਘੱਟ ਨਹੀਂ ਹੋਈ ਹੈ। ਪੁਸਤਕਾਂ ਸਾਨੂੰ ਸਹੀ, ਉਸਾਰੂ ਤੇ ਸੁਚਾਰੂ ਜੀਵਨ ਜਾਚ ਸਿਖਾਉਂਦੀਆਂ ਹਨ ਅਤੇ ਸਾਡਾ ਜੀਵਨ ਖੁਸ਼ਹਾਲ ਬਣਾ ਦਿੰਦੀਆਂ ਹਨ। ਪੁਸਤਕਾਂ, ਚੰਗੇ ਸਾਹਿਤ ਆਦਿ ਤੋਂ ਬਿਨਾਂ ਸਾਡਾ ਜੀਵਨ ਅਤੇ ਸਾਡੀ ਸੋਚ ਵਿਚ ਬਦਲਾਓ, ਤਰੱਕੀ ਤੇ ਖੁਸ਼ਹਾਲੀ ਆਉਣਾ ਅਸੰਭਵ ਹੈ। ਸਾਨੂੰ ਆਪਣੀ ਪੜ੍ਹਾਈ ਦੀਆਂ ਪਾਠ-ਪੁਸਤਕਾਂ ਤੋਂ ਬਿਨਾਂ ਮਹਾਂਪੁਰਖਾਂ ਦੀਆਂ ਜੀਵਨੀਆਂ, ਹਿਤੋਪਦੇਸ਼ ਦੀਆਂ ਕਹਾਣੀਆਂ, ਧਾਰਮਿਕ ਸਾਹਿਤ, ਇਤਿਹਾਸਕ ਸਾਹਿਤ ਅਤੇ ਸਕਾਰਾਤਮਕ ਸਾਹਿਤ ਜ਼ਰੂਰ ਖੁਦ ਪੜ੍ਹਨਾ ਚਾਹੀਦਾ ਹੈ ਅਤੇ ਆਪਣੇ ਸਮੁੱਚੇ ਪਰਿਵਾਰ ਨੂੰ ਪੜ੍ਹਨ ਦੀ ਚੇਟਕ ਲਗਾਉਣੀ ਚਾਹੀਦੀ ਹੈ। ਪੁਸਤਕਾਂ ਅਤੇ ਚੰਗਾ ਸਾਹਿਤ ਪੜ੍ਹਨ ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ, ਤਣਾਓ ਆਦਿ ਸਮੱਸਿਆਵਾਂ ਖੁਦ-ਬ-ਖੁਦ ਦੂਰ ਹੋ ਜਾਂਦੀਆਂ ਹਨ। ਸਾਨੂੰ ਆਪਣੇ ਘਰੇਲੂ ਬਜਟ ਵਿਚ ਚੰਗੇ ਸਾਹਿਤ, ਪੁਸਤਕਾਂ, ਰਸਾਲਿਆਂ, ਅਖ਼ਬਾਰਾਂ ਨੂੰ ਜ਼ਰੂਰ ਥਾਂ ਦੇਣੀ ਚਾਹੀਦੀ ਹੈ।
ਪੁਸਤਕਾਂ ਨਾਲ ਪਾਇਆ ਪਿਆਰ ਕਦੇ ਵੀ ਵਿਅਰਥ ਨਹੀਂ ਜਾਂਦਾ। ਇਕ 50 ਜਾਂ 100 ਰੁਪਏ ਦੀ ਪੁਸਤਕ ਆਪਣੇ ਵਿਸ਼ਾਲ ਗਿਆਨ ਭੰਡਾਰ ਨਾਲ ਸਾਨੂੰ ਤਰੋਤਾਜ਼ਾ ਅਤੇ ਸਕਾਰਾਤਮਕ ਬਣਾ ਸਕਦੀ ਹੈ ਅਤੇ ਆਪਣੀ ਕੀਮਤ ਵੀ ਅਦਾ ਕਰ ਜਾਂਦੀ ਹੈ। ਮਹਾਂਪੁਰਖਾਂ, ਗੁਰੂਆਂ-ਪੀਰਾਂ ਤੇ ਵੱਡੇ ਬਜ਼ੁਰਗਾਂ ਦੇ ਜੀਵਨ-ਤਜਰਬਿਆਂ ਦਾ ਸਾਰ ਸਾਨੂੰ ਕੇਵਲ ਤੇ ਕੇਵਲ (ਬਿਨਾਂ ਸਾਲਾਂ-ਮਹੀਨਿਆਂ ਦਾ ਸਮਾਂ ਗੁਆਏ) ਚੰਗੀਆਂ ਪੁਸਤਕਾਂ ਤੋਂ ਹੀ ਮਿਲ ਸਕਦਾ ਹੈ। ਸਾਡੇ ਮਹਾਨ ਦੇਸ਼ਭਗਤ, ਸ਼ਹੀਦ, ਬੁੱਧੀਜੀਵੀ, ਨੇਤਾ ਤੇ ਮਹਾਂਪੁਰਖ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਤਰ੍ਹਾਂ ਚੰਗੇ ਸਾਹਿਤ ਤੇ ਚੰਗੀਆਂ ਪੁਸਤਕਾਂ ਨਾਲ ਜੁੜੇ ਰਹੇ। ਪੁਸਤਕਾਂ ਸਾਨੂੰ ਅਹੁਦੇ, ਰਹਿਣ-ਸਹਿਣ, ਸੋਚਣ, ਵਿਚਰਨ ਅਤੇ ਵਿਵਹਾਰ ਕਰਨ ਦੀ ਅਮੀਰੀ ਪ੍ਰਦਾਨ ਕਰਕੇ ਸਾਡਾ ਜੀਵਨ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀਆਂ ਹਨ। ਸੋ, ਸਾਨੂੰ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਨ ਲਈ ਜ਼ਿੰਦਗੀ ਵਿਚ ਚੰਗੀਆਂ ਪੁਸਤਕਾਂ ਨੂੰ ਆਪਣੀਆਂ ਹਾਣੀ ਬਣਾਉਣਾ ਚਾਹੀਦਾ ਹੈ। ਤੁਸੀਂ ਜ਼ਿੰਦਗੀ ਵਿਚ ਪੁਸਤਕਾਂ ਨੂੰ ਜ਼ਰੂਰ ਥਾਂ ਦਿਓ, ਫਿਰ ਦੇਖਣਾ ਇਹ ਤੁਹਾਨੂੰ ਕੀ ਕੁਝ ਨਹੀਂ ਦਿੰਦੀਆਂ।

-ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)। ਮੋਬਾ: 94785-61356

ਹੁਣ 'ਸਮਾਰਟ' ਦੇ ਨਾਂਅ 'ਤੇ ਲੁੱਟੇ ਜਾਂਦੇ ਲੋਕ

ਅੱਜਕਲ੍ਹ ਸਮਾਜਿਕ ਜੀਵਨ ਦੇ ਹਰ ਖੇਤਰ ਵਿਚ 'ਸਮਾਰਟ' ਸ਼ਬਦ ਨੇ ਆਪਣਾ ਖੂਬ ਦਬਦਬਾ ਬਣਾਇਆ ਹੈ। ਸਿਆਸੀ ਲੋਕ ਰਾਜਨੀਤਕ ਲਾਭ ਲੈਣ ਲਈ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਵਰਗੇ ਨਾਅਰਿਆਂ ਨਾਲ ਲੋਕਾਂ ਨੂੰ ਭਰਮਾਉਂਦੇ ਹਨ, ਭਾਵੇਂ ਇਸ ਲਈ ਲੋਕਾਂ ਨੂੰ ਫਾਲਤੂ ਦੇ ਬੇਲੋੜੇ ਟੈਕਸ ਹੀ ਕਿਉਂ ਨਾ ਦੇਣੇ ਪੈਣ। ਸ਼ਹਿਰਾਂ ਨੂੰ ਸਮਾਰਟ ਬਣਾਉਣ ਦੇ ਚੱਕਰ ਵਿਚ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਪਰ ਸ਼ਹਿਰ ਦਾ ਰੂਪ ਬਦਲਿਆ ਨਜ਼ਰ ਨਹੀਂ ਆਉਂਦਾ। ਵੱਡੇ ਸ਼ਹਿਰ ਅਤੇ ਖਾਸ ਕਰਕੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਪਾਰਕਿੰਗ ਸਮੱਸਿਆ ਨੂੰ ਮੁੱਖ ਰੱਖ ਕੇ ਗੱਡੀਆਂ ਲਈ ਪਾਰਕਿੰਗ ਪਾਰਕਾਂ ਬਣਾ ਕੇ ਠੇਕੇ 'ਤੇ ਦਿੱਤੀਆਂ ਜਾਂਦੀਆਂ ਹਨ ਅਤੇ ਹੁਣ ਉਨ੍ਹਾਂ ਪਾਰਕਾਂ ਨੂੰ ਸਮਾਰਟ ਬਣਾਉਣ ਲਈ ਲੋਕਾਂ ਦੀਆਂ ਜੇਬਾਂ ਨੂੰ ਫਰੋਲਿਆ ਜਾਂਦਾ ਹੈ ਅਤੇ ਪਾਰਕਿੰਗ ਫੀਸ ਵਿਚ ਬੇਲੋੜਾ ਵਾਧਾ ਕੀਤਾ ਜਾਂਦਾ ਹੈ। ਸਰਕਾਰੀ ਅਤੇ ਸਮਾਜਿਕ ਖੇਤਰ ਵਿਚ ਵਿੱਦਿਅਕ ਖੇਤਰ ਇਕ ਵੱਡਾ ਖੇਤਰ ਹੈ, ਜਿੱਥੋਂ ਵੱਧ ਪੈਸੇ ਕਮਾਉਣ ਲਈ 'ਸਮਾਰਟ' ਸ਼ਬਦ ਬਹੁਤ ਜਲਦ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਤੇ ਪ੍ਰਭਾਵ ਪਾਉਂਦਾ ਹੈ। ਵੱਡੇ-ਵੱਡੇ ਵਿੱਦਿਅਕ ਅਦਾਰੇ ਆਪਣੇ ਸਕੂਲ ਨੂੰ ਸਮਾਰਟ ਸਕੂਲ ਜਾਂ ਸਮਾਰਟ ਕਲਾਸ ਰੂਮਜ਼ ਦਾ ਨਾਂਅ ਦੇ ਕੇ ਖੂਬ ਪ੍ਰਚਾਰ ਕਰਦੇ ਹਨ ਅਤੇ ਇਸੇ ਆੜ ਵਿਚ ਫੀਸਾਂ ਵਿਚ ਬੇਲੋੜਾ ਵਾਧਾ ਕਰਕੇ ਮਾਪਿਆਂ ਦੀਆਂ ਜੇਬਾਂ ਢਿੱਲੀਆਂ ਕਰਦੇ ਹਨ। ਮਾਪੇ ਵੀ ਸਮਾਰਟ ਨਾਂਅ ਸੁਣ ਕੇ ਖਿੱਚੇ ਚਲੇ ਆਉਂਦੇ ਹਨ ਅਤੇ ਬਿਨਾਂ ਕਿਸੇ ਤੱਥਾਂ ਦੀ ਪੜਚੋਲ ਤੋਂ, ਬਿਨਾਂ ਆਪਣੇ ਬੱਚਿਆਂ ਨੂੰ ਵੱਧ ਖਰਚ ਕਰਕੇ ਅਜਿਹੇ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ। ਉਹ ਕਦੇ ਵੀ ਅਜਿਹੇ ਸਕੂਲਾਂ ਦੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਨਹੀਂ ਦੇਖਦੇ, ਸਗੋਂ ਸਮਾਰਟ ਸ਼ਬਦ ਨੂੰ ਸੁਣ ਕੇ ਹੀ ਖਿੱਚੇ ਚਲੇ ਜਾਂਦੇ ਹਨ। ਸਕੂਲਾਂ ਵਿਚ ਨਵੀਂ ਤਕਨੀਕ ਨੂੰ ਲਾਗੂ ਕਰਨਾ, ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਨੂੰ ਅਪਣਾਉਣਾ ਅਤੇ ਸਿੱਖਿਆ ਦੇ ਖੇਤਰ ਵਿਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਇਕ ਚੰਗਾ ਉੱਦਮ ਹੈ ਪਰ ਇਸ ਲਈ ਇਸ ਨੂੰ ਲੁੱਟ ਦਾ ਵਸੀਲਾ ਨਹੀਂ ਬਣਨ ਦੇਣਾ ਚਾਹੀਦਾ।
ਦੇਖਣ ਵਿਚ ਆਇਆ ਹੈ ਕਿ ਅੱਜਕਲ੍ਹ ਬਹੁਤ ਸਾਰੇ ਸਕੂਲ ਆਪਣੇ ਸਕੂਲਾਂ ਵਿਚ ਇਕ-ਦੋ ਕਲਾਸ ਰੂਮਜ਼ ਵਿਚ ਨਵਾਂ ਸਮਾਰਟ ਸਿਸਟਮ ਲਗਾ ਕੇ ਸਕੂਲ ਦੇ ਸਮਾਰਟ ਬਣਨ ਦਾ ਖੂਬ ਸ਼ੋਰ ਪਾਉਂਦੇ ਹਨ ਪਰ ਦੇਖਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਕੀ ਉਹ ਸਮਾਰਟ ਸਿਸਟਮ ਕੰਮ ਵੀ ਕਰਦੇ ਹਨ ਜਾਂ ਨਹੀਂ? ਇਹ ਵੀ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਕੀ ਅਜਿਹੇ ਸਿਸਟਮ ਨੂੰ ਚਲਾਉਣ ਲਈ ਸਕੂਲ ਵਿਚ ਨਿਪੁੰਨ ਅਧਿਆਪਕ ਹਨ ਜਾਂ ਨਹੀਂ?
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮਾਰਟ ਸ਼ਬਦ ਸਮੇਂ ਦੀ ਨਵੀਂ ਕਾਢ ਹੈ ਪਰ ਇਸ ਦਾ ਗਰੀਬ ਲੋਕਾਂ 'ਤੇ ਉਲਟਾ ਅਸਰ ਹੋ ਰਿਹਾ ਹੈ। ਗਰੀਬ ਲੋਕ ਵੀ ਦੇਖਾ-ਦੇਖੀ ਸਮੇਂ ਦੇ ਨਾਲ ਦੌੜਨ ਦੀ ਹਿੰਮਤ ਦਿਖਾਉਂਦੇ ਹਨ ਪਰ ਉਹ ਵੀ ਇਕ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਭਾਵੇਂ ਸਮਾਰਟ ਸ਼ਹਿਰਾਂ ਦੀ ਗੱਲ ਹੋਵੇ ਜਾਂ ਸਮਾਰਟ ਸਕੂਲ ਦੀ, ਲੋਕਾਂ ਕੋਲੋਂ ਵਾਧੂ ਅਤੇ ਬੇਲੋੜੇ ਕਰ ਨਾ ਵਸੂਲੇ ਜਾਣ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ। ਮੋਬਾ: 98764-52223

ਸਮੇਂ ਨਾਲ ਬਦਲਦੇ ਰਿਵਾਜ

ਰਸਮ-ਰਿਵਾਜ ਇਕ ਤਰ੍ਹਾਂ ਦਾ ਕਰਮ-ਕਾਂਡ ਹੁੰਦਾ ਹੈ, ਅਰਥਾਤ ਕਿਸੇ ਕਾਰਜ ਨੂੰ ਕਰਨ ਲਈ ਲੋਕਾਂ ਵਲੋਂ ਨਿਰਧਾਰਤ ਵਿਧੀ ਹੁੰਦੀ ਹੈ, ਜਿਸ ਨੂੰ ਨਿਭਾਉਣਾ ਰਸਮ ਅਖਵਾਉਂਦਾ ਹੈ। ਇਸ ਰਸਮ ਨੂੰ ਵਾਰ-ਵਾਰ ਨਿਭਾਉਣ ਨਾਲ ਇਹ ਰਸਮ ਰੂੜ੍ਹ ਪੱਕੀ ਹੋ ਜਾਂਦੀ ਹੈ। ਇਸ ਨੂੰ ਰਿਵਾਜ ਕਿਹਾ ਜਾਂਦਾ ਹੈ। ਪੰਜਾਬ ਵਿਚ ਵਿਆਹ ਸਬੰਧੀ ਅਜਿਹੀਆਂ ਹੀ ਰਸਮਾਂ ਤੇ ਰਿਵਾਜ ਹਨ, ਜਿਨ੍ਹਾਂ ਦਾ ਪਾਲਣ ਕੀਤਾ ਜਾਂਦਾ ਹੈ। ਇਸ ਦੀ ਮੁੱਖ ਰਸਮ ਵਿਆਹ ਤੋਂ ਇਕ ਦਿਨ ਪਹਿਲਾਂ ਵਾਲੀ ਰਾਤ ਨਾਨਕਿਆਂ ਵਲੋਂ ਜਾਗੋ ਦੀ ਰਸਮ ਹੁੰਦੀ ਹੈ, ਜਿਸ ਵਿਚ ਲੜਕੇ ਜਾਂ ਲੜਕੀ ਦੀ ਭਰਜਾਈ ਜਾਂ ਮਾਮੀ ਇਕ ਗਾਗਰ ਵਿਚ ਥੋੜ੍ਹਾ ਜਿਹਾ ਪਾਣੀ ਭਰ ਕੇ ਗਾਗਰ ਦਾ ਮੂੰਹ ਆਟੇ ਨਾਲ ਬੰਦ ਕਰਕੇ ਉਸ 'ਤੇ ਆਟੇ ਦੇ 5 ਜਾਂ 7 ਦੀਵੇ ਬਾਲ ਕੇ ਪਿੰਡ ਦੀਆਂ ਹੋਰ ਕੁੜੀਆਂ ਨਾਲ ਪਿੰਡ ਦੇ ਘਰਾਂ ਵਿਚ ਸਿੱਠਣੀਆਂ, ਬੋਲੀਆਂ ਗਾ ਕੇ ਜਾਗਦੇ ਰਹਿਣ ਦਾ ਸੁਨੇਹਾ ਦਿੰਦੀਆਂ ਸਨ। ਇਸ ਰਸਮ ਨੂੰ ਨਿਭਾਉਣ ਪਿੱਛੇ ਇਕ ਇਹ ਧਾਰਨਾ ਵੀ ਸੀ ਕਿ ਅਜਿਹਾ ਕਰਨ ਨਾਲ ਬਦਰੂਹਾਂ ਅਤੇ ਪ੍ਰੇਤ ਆਤਮਾਵਾਂ ਪਿੰਡ ਵਿਚੋਂ ਨੱਸ ਜਾਂਦੀਆ ਹਨ, ਜਿਸ ਕਾਰਨ ਲਾੜੇ-ਲਾੜੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਇਕ ਧਾਰਨਾ ਅਨੁਸਾਰ ਪੁਰਾਣੇ ਸਮੇਂ ਵਿਚ ਜਦੋਂ ਵਿਆਹ ਜਾਂ ਕੋਈ ਵੱਡਾ ਸਮਾਗਮ ਹੁੰਦਾ ਸੀ, ਡਾਕੇ ਪੈਣੇ ਸੁਭਾਵਿਕ ਸਨ। ਇਨ੍ਹਾਂ ਡਾਕੂਆਂ ਤੋਂ ਬਚਣ ਲਈ ਵਿਆਹ ਸਮੇਂ ਜਾਗੋ ਕੱਢੀ ਜਾਂਦੀ ਸੀ, ਤਾਂ ਜੋ ਲੁੱਟ-ਖੋਹ ਦਾ ਖਤਰਾ ਘਟ ਜਾਵੇ। ਜਾਗੋ ਕੱਢਣ ਦਾ ਇਕ ਮੁੱਖ ਉਦੇਸ਼ ਇਹ ਵੀ ਸੀ ਕਿ ਨੌਜਵਾਨ ਮੁੰਡੇ-ਕੁੜੀਆਂ ਦੇ ਵਿਹਲੇ ਮਨਾਂ ਨੂੰ ਜਾਗੋ ਰਾਹੀਂ ਕੰਮਾਂ 'ਤੇ ਲਾ ਲਿਆ ਜਾਂਦਾ ਸੀ। ਪਰੰਪਰਾ ਤੇ ਆਧੁਨਿਕ ਸਮੇਂ 'ਤੇ ਕੱਢੀ ਜਾਂਦੀ ਜਾਗੋ ਵੱਲ ਜੇ ਗਹੁ ਨਾਲ ਨਜ਼ਰ ਮਾਰੀਏ ਤਾਂ ਜਾਗੋ ਦਾ ਕੋਈ ਮਤਲਬ ਨ੍ਹੀਂ ਰਹਿ ਜਾਂਦਾ, ਕਿਉਂਕਿ ਸਵੈਵਾਦੀ ਰੁਚੀਆਂ ਦੇ ਧਾਰਨੀ ਲੋਕਾਂ ਤੇ ਪੂੰਜੀ ਦੀ ਹੋੜ ਵਿਚ ਸਾਰੀ ਮਨੁੱਖਤਾ ਲੱਗੀ ਹੋਈ ਹੈ। 21ਵੀਂ ਸਦੀ ਤੇ ਗਲੋਬਲਾਈਜ਼ੇਸ਼ਨ ਦਾ ਯੁੱਗ ਹੈ, ਜਿਸ ਦੇ ਪ੍ਰਭਾਵ ਸਦਕਾ ਸਾਡੇ ਰੀਤੀ-ਰਿਵਾਜ ਵੀ ਬਦਲਦੇ ਜਾ ਰਹੇ ਹਨ। ਬਦਲਣ ਵੀ ਕਿਉਂ ਨਾ, ਨਿਰੰਤਰ ਪਰਿਵਰਤਨ ਪ੍ਰਾਕ੍ਰਿਤੀ ਦਾ ਨਿਯਮ ਹੈ, ਜੋ ਮਨੁੱਖੀ ਸਮਾਜ 'ਤੇ ਢੁਕਵਾਂ ਵੀ ਹੈ। ਰਸਮ-ਰਿਵਾਜ ਸਮਾਜਿਕ ਭਾਈਚਾਰੇ ਨਾਲ ਸਬੰਧਤ ਹੁੰਦੇ ਹਨ। ਪ੍ਰਾਕ੍ਰਿਤੀ ਦੇ ਖਿਲਾਫ ਅੱਜ ਦਾ ਮਨੁੱਖ ਆਪਣੇ-ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਇਸ ਲਈ ਰਸਮ-ਰਿਵਾਜਾਂ ਨੂੰ ਵਹਿਮ-ਭਰਮ ਕਹਿ ਕੇ ਸੈਕੂਲਰ ਹੁੰਦਾ ਜਾ ਰਿਹਾ ਹੈ। ਵਿਆਹ ਸਬੰਧੀ ਜੋ ਰੀਤੀ-ਰਿਵਾਜ ਸਨ, ਉਨ੍ਹਾਂ ਵਿਚ ਬਦਲਾਅ ਆ ਗਿਆ ਹੈ, ਇਨ੍ਹਾਂ ਵਿਚ ਇਕ ਰਸਮ ਜਾਗੋ ਦੀ ਹੈ। ਹੁਣ ਜਾਗੋ ਦੀ ਥਾਂ ਡੀ.ਜੇ ਨੇ ਲੈ ਲਈ ਹੈ। ਇਸ ਦਿਨ ਸਾਰੇ ਸਾਕ-ਸਬੰਧੀ, ਮਿੱਤਰ-ਸੱਜਣ ਡੀ.ਜੇ. 'ਤੇ ਖੂਬ ਮਸਤੀ ਕਰਦੇ ਹਨ। ਕਈ ਵਾਰ ਨਸ਼ੇ ਦੀ ਲੋਰ ਵਿਚ ਖੁਸ਼ੀ-ਖੁਸ਼ੀ ਚਲਾਈਆਂ ਬੰਦੂਕ ਦੀਆਂ ਗੋਲੀਆਂ ਘਰਾਂ ਦੇ ਚਿਰਾਗ ਬੁਝਾ ਦਿੰਦੀਆਂ ਹਨ। ਹੁਣ ਲੋੜ ਹੈ ਨਸ਼ਿਆਂ ਖਿਲਾਫ ਜਾਗੋ ਕੱਢਣ ਦੀ, ਤਾਂ ਕਿ ਅੱਜ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਤੇ ਅਲੋਪ ਹੋ ਰਹੇ ਰੀਤੀ-ਰਿਵਾਜਾਂ ਨੂੰ ਬਚਾਇਆ ਜਾ ਸਕੇ।

-ਮੋਬਾ: 98054-80900

ਜ਼ਿੰਦਾਦਿਲੀ ਹੈ ਨਾਂਅ ਜ਼ਿੰਦਗੀ ਦਾ

ਮਨੁੱਖੀ ਜੀਵਨ ਪਰਮਾਤਮਾ ਦੀ ਵਡਮੁੱਲੀ ਦੇਣ ਹੈ। ਇਨਸਾਨੀ ਜੀਵਨ ਤੋਂ ਸ੍ਰੇਸ਼ਠ ਇਸ ਧਰਤੀ ਉੱਤੇ ਕੋਈ ਜੀਵਨ ਨਹੀਂ ਹੈ। ਇਸ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਹੈ, ਇਹ ਇਨਸਾਨ ਦੇ ਆਪਣੇ ਹੱਥ ਵਿਚ ਹੈ। ਉਤਰਾਅ-ਚੜ੍ਹਾਅ ਜ਼ਿੰਦਗੀ ਦਾ ਅਹਿਮ ਅੰਗ ਹਨ। ਬਿਨਾਂ ਖੁਸ਼ੀ ਅਤੇ ਦੁੱਖ-ਤਕਲੀਫ ਦੇ ਮਨੁੱਖੀ ਜੀਵਨ ਪੂਰਨ ਨਹੀਂ ਹੋ ਸਕਦਾ, ਇਹ ਸਚਾਈ ਜੁਗਾਂ-ਜੁਗਾਂ ਤੋਂ ਅਟੱਲ ਹੈ। ਮਿਹਨਤ ਕਰਕੇ ਖਾਣਾ ਗੁਰੂ ਸਾਹਿਬਾਨ ਨੇ ਮਨੁੱਖੀ ਜੀਵਨ ਦਾ ਵੱਡਾ ਫਰਜ਼ ਦੱਸਿਆ ਹੈ। ਕਿਸਾਨ ਅਤੇ ਕਿਰਤੀ ਹੱਥੀਂ ਸਖ਼ਤ ਕਿਰਤ ਕਰਨ ਕਰਕੇ ਦੁਨੀਆ ਵਿਚ ਅਹਿਮ ਸਥਾਨ ਰੱਖਦੇ ਹਨ। ਉਨ੍ਹਾਂ ਦੁਆਰਾ ਕੀਤੀ ਕਿਰਤ ਅਤੇ ਮਿਹਨਤ ਕਰਕੇ ਅੱਜ ਦੇਸ਼ਾਂ ਦੇ ਭੰਡਾਰ ਅੰਨ ਨਾਲ ਭਰੇ ਪਏ ਹਨ। ਜੋ ਦੇਸ਼ ਕਦੇ ਦੂਜੇ ਦੇਸ਼ਾਂ ਤੋਂ ਅਨਾਜ ਮੰਗ ਕੇ ਆਪਣੇ ਦੇਸ਼ ਦੀਆਂ ਲੋੜਾਂ ਪੂਰੀਆਂ ਕਰਦੇ ਸਨ, ਅੱਜ ਉਨ੍ਹਾਂ ਦੇਸ਼ਾਂ ਕੋਲ ਦੂਜੇ ਦੇਸ਼ਾਂ ਨੂੰ ਦੇਣ ਲਈ ਵਾਧੂ ਅਨਾਜ ਹੈ। ਇਹ ਸਭ ਦੇਸ਼ ਦੇ ਕਿਸਾਨਾਂ ਅਤੇ ਕਿਰਤੀ ਵੀਰਾਂ ਦੀ ਕਮਾਈ ਸਦਕਾ ਹੀ ਸੰਭਵ ਹੋ ਸਕਿਆ ਹੈ। ਭਾਰਤ ਵਿਚਲੇ ਕਿਸੇ ਵੀ ਸੂਬੇ ਦੇ ਕਿਸਾਨਾਂ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ। ਅੱਜ ਇਨ੍ਹਾਂ ਦੇ ਪੱਲੇ ਦਰਦਨਾਕ ਮੌਤ ਰਹਿ ਗਈ ਹੈ। ਖੇਤੀ ਉੱਤੇ ਹੁੰਦੇ ਖਰਚੇ ਕਮਾਈ ਨਾਲੋਂ ਜ਼ਿਆਦਾ ਹੋਣ ਕਰਕੇ ਕਿਸਾਨ ਨਿੱਤ ਕਰਜ਼ੇ ਦੇ ਜਾਲ ਵਿਚ ਫਸਦੇ ਜਾ ਰਹੇ ਹਨ। ਕੀੜੇਮਾਰ ਦਵਾਈਆਂ, ਖਾਦ ਅਤੇ ਲੇਬਰ ਖਰਚੇ ਬਿਨਾਂ ਅੱਜ ਦੇ ਸਮੇਂ ਖੇਤੀ ਕਰਨੀ ਸੰਭਵ ਨਹੀਂ ਹੈ। ਪੱਕ ਕੇ ਤਿਆਰ ਹੋਈ ਫਸਲ ਦਾ ਬਾਜ਼ਾਰੀ ਮੁੱਲ ਓਨਾ ਨਹੀਂ ਵਧਿਆ, ਜਿੰਨਾ ਕਿ ਉਸ ਉੱਤੇ ਆਉਣ ਵਾਲਾ ਖਰਚਾ ਵਧ ਗਿਆ ਹੈ। ਫਸਲ ਪਾਲਣ ਉੱਤੇ ਹੁੰਦੇ ਜ਼ਿਆਦਾ ਖਰਚ ਅਤੇ ਘੱਟ ਫਸਲੀ ਮੁੱਲ ਦੇ ਖਪੇ ਨੇ ਸਖ਼ਤ ਮਿਹਨਤ ਕਰਨ ਵਾਲੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ।
ਇਹ ਵੀ ਸੱਚ ਹੈ ਕਿ ਖੁਦਕੁਸ਼ੀ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਹੈ। ਮਿਹਨਤ ਕਰਕੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨਾ ਇਕ ਵੱਡੀ ਜਿੱਤ ਹੈ। ਇਤਿਹਾਸ ਗਵਾਹ ਹੈ ਕਿ ਹਾਰ ਕੇ ਜਿੱਤਣ ਵਾਲੇ ਮਨੁੱਖ ਆਪਣੀ ਗੁਆਚ ਚੁੱਕੀ ਜ਼ਿੰਦਗੀ ਦਾ ਦੁਬਾਰਾ ਅਨੰਦ ਲੈ ਸਕਦੇ ਹਨ, ਗੱਲ ਸਿਰਫ ਮਨ ਨੂੰ ਮਜ਼ਬੂਤ ਕਰਕੇ ਹਿੰਮਤ ਨਾਲ ਮੁਸ਼ਕਿਲ ਹਾਲਾਤ ਨੂੰ ਟੱਕਰ ਦੇਣ ਦੀ ਹੈ। ਹਾਲਾਤ ਇਨਸਾਨ ਦੇ ਅਨੁਕੂਲ ਨਹੀਂ ਬਣਦੇ, ਬਲਕਿ ਇਨਸਾਨ ਨੂੰ ਹਾਲਾਤ ਦੇ ਅਨੁਕੂਲ ਰਹਿ ਕੇ ਔਖੇ ਸਮੇਂ ਵਿਚੋਂ ਚੰਗੇ ਭਵਿੱਖ ਦੀ ਤਲਾਸ਼ ਕਰਨੀ ਚਾਹੀਦੀ ਹੈ। ਜ਼ਿੰਦਾਦਿਲ ਇਨਸਾਨ ਜ਼ਿੰਦਗੀ ਦੀ ਰਫ਼ਤਾਰ ਨੂੰ ਅਨੰਦਮਈ ਬਣਾ ਦਿੰਦੇ ਹਨ ਅਤੇ ਦੂਜਿਆਂ ਲਈ ਇਕ ਮਿਸਾਲ ਬਣ ਜਾਂਦੇ ਹਨ। ਉਹ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਸਕਾਰਾਤਮਕ ਬਣਾ ਦਿੰਦੇ ਹਨ ਅਤੇ ਕਿਸੇ ਵੀ ਵੱਡੀ ਚੁਣੌਤੀ ਨੂੰ ਟੱਕਰ ਦੇਣ ਦੇ ਸਮਰੱਥ ਹੁੰਦੇ ਹਨ। ਕਿਸਾਨ ਵੀਰ ਆਪਣੇ-ਆਪ ਨੂੰ ਆਤਮਵਿਸ਼ਵਾਸ ਅਤੇ ਹਿੰਮਤ ਨਾਲ ਲੈਸ ਕਰਕੇ ਕਰਜ਼ੇ ਨਾਲ ਭਾਰੀ ਹੋ ਚੁੱਕੀ ਜ਼ਿੰਦਗੀ ਵਿਚੋਂ ਇਕ ਨਵੀਂ ਉਮੀਦ ਜਗਾ ਸਕਦੇ ਹਨ। ਸੋ, ਆਓ ਇਸ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣ ਦਾ ਅਹਿਦ ਕਰੀਏ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਫਤਹਿਗੜ੍ਹ ਸਾਹਿਬ।
ਮੋਬਾ: 94784-60084

ਸਵੱਛ ਜਲ-ਸਵੱਛ ਭਾਰਤ

ਪਾਣੀ ਦੇ ਇਸ ਵਧ ਰਹੇ ਪ੍ਰਦੂਸ਼ਣ ਦੇ ਕਾਰਨਾਂ ਦੀ ਘੋਖ ਕਰਨ 'ਤੇ ਪਤਾ ਲਗਦਾ ਹੈ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਪਾਣੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਉਦਯੋਗਾਂ ਦੁਆਰਾ ਰਸਾਇਣ ਅਤੇ ਕੀਟਨਾਸ਼ਕ ਆਦਿ ਬਣਾਉਣ ਦੌਰਾਨ ਨਿਕਾਸ ਕੀਤਾ ਗਿਆ ਜ਼ਹਿਰੀਲਾ ਪਾਣੀ, ਜਿਸ ਨੂੰ ਬਿਨਾਂ ਫਿਲਟਰ ਕੀਤੇ ਹੀ ਸੀਵਰੇਜ ਵਿਚ ਸੁੱਟ ਦਿੱਤਾ ਜਾਂਦਾ ਹੈ, ਜੋ ਕਿ ਵੱਡੇ ਜਲ ਭੰਡਾਰਾਂ ਵਿਚ ਮਿਲ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ। ਇਸੇ ਕਾਰਨ ਸਾਲ 1953 ਵਿਚ ਪ੍ਰਦੂਸ਼ਿਤ ਪਾਣੀ ਦੀਆਂ ਮੱਛੀਆਂ ਦਾ ਸੇਵਨ ਕਰਨ ਨਾਲ 100 ਤੋਂ ਵੱਧ ਲੋਕਾਂ ਦੀ ਜਪਾਨ ਦੇ ਮਿਨਿਮਾਟਾ ਸ਼ਹਿਰ ਵਿਚ ਮੌਤ ਹੋ ਗਈ। ਇਸ ਤੋਂ ਇਲਾਵਾ ਖੁੱਲ੍ਹੇ ਵਿਚ ਪਖਾਨਾ ਜਾਣ ਦੀ ਪਰੰਪਰਾ ਵੀ ਆਸ-ਪਾਸ ਦੇ ਜਲ ਭੰਡਾਰਾਂ ਨੂੰ ਦੂਸ਼ਿਤ ਕਰਦੀ ਹੈ। ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਵਿਚ ਖੇਤੀ ਦੌਰਾਨ ਵਰਤੀਆਂ ਗਈਆਂ ਰਸਾਇਣਕ ਖਾਦਾਂ ਵੀ ਨਜ਼ਦੀਕੀ ਜਲ ਭੰਡਾਰਾਂ ਵਿਚ ਮਿਲ ਕੇ ਪਾਣੀ ਦੇ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਇਸ ਤੋਂ ਇਲਾਵਾ ਸੀਵਰੇਜ ਦੇ ਸਿੱਧਾ ਜਲ-ਭੰਡਾਰਾਂ ਵਿਚ ਮਿਲਣ ਕਾਰਨ ਹੋਈ ਯੂਟਰੀਫਿਕੇਸ਼ਨ ਵੀ ਪਾਣੀ ਨੂੰ ਦੂਸ਼ਿਤ ਕਰਦੀ ਹੈ ਤੇ ਪਾਣੀ ਵਿਚ ਰਹਿਣ ਵਾਲੇ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਕ ਰਿਪੋਰਟ ਅਨੁਸਾਰ ਹਰ ਦਿਨ 2 ਬਿਲੀਅਨ ਟਨ ਸੀਵਰੇਜ, ਉਦਯੋਗਿਕ ਤੇ ਖੇਤੀਬਾੜੀ ਦਾ ਕੂੜਾ-ਕਰਕਟ ਪਾਣੀ ਵਿਚ ਸੁੱਟਿਆ ਜਾਂਦਾ ਹੈ। ਅਜਿਹੀਆਂ ਚੀਜ਼ਾਂ ਨਾ ਸਿਰਫ ਪਾਣੀ ਵਿਚ ਰਹਿਣ ਵਾਲੇ ਜੀਅ-ਜੰਤਾਂ ਲਈ ਖਤਰਾ ਸਾਬਤ ਹੁੰਦੀਆਂ ਹਨ, ਸਗੋਂ ਇਨ੍ਹਾਂ ਖੇਤਰਾਂ ਵਿਚ ਸੈਰ-ਸਪਾਟੇ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਸੋ, ਇਸ ਗੰਭੀਰ ਸਮੱਸਿਆ ਨਾਲ ਨਿਪਟਣ ਲਈ ਕੁਝ ਸੁਝਾਅ ਇਸ ਤਰ੍ਹਾਂ ਹਨ :
* ਥਰਮਲ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਉਦਯੋਗਾਂ ਤੋਂ ਪਾਣੀ ਨੂੰ ਠੰਢਾ ਅਤੇ ਫਿਲਟਰ ਕਰਕੇ ਹੀ ਹੋਰ ਜਲ ਸਰੋਤਾਂ ਵਿਚ ਮਿਲਣ ਦਿੱਤਾ ਜਾਵੇ।
* ਖੇਤੀ ਦੁਆਰਾ ਹੋਣ ਵਾਲਾ ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕਿਸਾਨਾਂ ਦੁਆਰਾ ਰਸਾਇਣਕ ਖਾਦਾਂ ਦਾ ਘੱਟ ਤੋਂ ਘੱਟ ਪ੍ਰਯੋਗ ਕੀਤਾ ਜਾਵੇ। ਸਰਕਾਰ ਵਲੋਂ ਕਿਸਾਨਾਂ ਨੂੰ ਜੈਵਿਕ ਖਾਦਾਂ ਖਰੀਦਣ ਲਈ ਸਬਸਿਡੀ ਮੁਹੱਈਆ ਕਰਵਾਈ ਜਾਵੇ।
* ਉਦਯੋਗਾਂ ਵਲੋਂ ਵਰਤੋਂ ਤੋਂ ਬਾਅਦ ਫਿਲਟਰ ਕੀਤੇ ਪਾਣੀ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਵੇ।
* ਪਾਣੀ ਪ੍ਰਦੂਸ਼ਣ ਦੇ ਕੰਟਰੋਲ ਨਾਲ ਸਬੰਧਤ ਕਾਨੂੰਨਾਂ ਨੂੰ ਕੇਵਲ ਦਸਤਾਵੇਜ਼ਾਂ ਤੱਕ ਹੀ ਸੀਮਤ ਨਾ ਰਹਿਣ ਦਿੱਤਾ ਜਾਵੇ, ਸਗੋਂ ਅਮਲੀ ਰੂਪ ਵਿਚ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
* ਇਸ ਤੋਂ ਇਲਾਵਾ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਲੋਕਾਂ ਤੇ ਸੰਗਠਨਾਂ ਨੂੰ ਸਨਮਾਨਿਤ ਕਰਕੇ ਵੀ ਬਾਕੀਆਂ ਨੂੰ ਇਸ ਕੰਮ ਵਿਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ, ਤਾਂ ਜੋ ਸਵੱਛ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।

-ਸ੍ਰੀ ਮੁਕਤਸਰ ਸਾਹਿਬ।
ਮੋਬਾ: 98784-11197

ਹੱਕਾਂ ਦੀ ਹੋੜ ਵਿਚ ਮੁਰਝਾਏ ਫਰਜ਼

ਜ਼ਿੰਦਗੀ ਦਾ ਫਰਜ਼ਾਂ ਪ੍ਰਤੀ ਰਵਾਨਗੀ ਨਾਲ ਤੁਰਨਾ ਬੀਤੇ ਸਮੇਂ ਦੀ ਗੱਲ ਜਾਪਦਾ ਹੈ। ਉਸ ਸਮੇਂ ਨੂੰ ਯਾਦ ਕਰਕੇ ਮਨ ਸਵਾਦ-ਸਵਾਦ ਹੋ ਜਾਂਦਾ ਹੈ, ਜਦੋਂ ਰਿਸ਼ਤਿਆਂ ਦੇ ਮਾਇਨੇ ਬੜੇ ਗੂੜ੍ਹੇ ਸਨ। ਇਕ ਅਪਣੱਤ ਤੇ ਭਾਈਚਾਰਕ ਸਾਂਝ ਸੀ। ਰਿਸ਼ਤਿਆਂ ਵਿਚ ਮਰਿਆਦਾ ਸੀ। ਮਸ਼ੀਨੀ ਯੁੱਗ ਦੀ ਸ਼ੁਰੂਆਤ ਹੋਣ ਨਾਲ ਲੋਕਾਂ ਵਿਚ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ ਵਧਣੀ ਸ਼ੁਰੂ ਹੋ ਗਈ। ਮਾਰਕਸਵਾਦੀ ਤੇ ਸਮਾਜਵਾਦੀ ਲਹਿਰਾਂ ਨੇ ਸਮਾਜ ਵਿਚ ਜਾਗ੍ਰਿਤੀ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਜਨਤਾ ਨੂੰ ਸੰਵਿਧਾਨਕ ਤੌਰ 'ਤੇ ਜਮਹੂਰੀ ਤੇ ਕਾਨੂੰਨੀ ਹੱਕ ਮਿਲੇ।
ਹੱਕਾਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਸ ਨੂੰ ਸਕੂਲਾਂ-ਕਾਲਜਾਂ ਵਿਚ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ। ਆਮ ਆਦਮੀ ਤੱਕ ਹੱਕਾਂ ਦੀ ਜਾਣਕਾਰੀ ਪਹੁੰਚਾਉਣ ਲਈ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਲਗਾਏ ਜਾਂਦੇ ਸੈਮੀਨਾਰਾਂ ਅਤੇ ਸੰਚਾਰ ਮਾਧਿਅਮ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਾਂ ਪਰ ਆਪਣੇ ਫਰਜ਼ਾਂ ਪ੍ਰਤੀ ਅਵੇਸਲੇ ਹੋਣਾ ਸਮਾਜ ਲਈ ਇਕ ਚਿੰਤਾਜਨਕ ਵਿਸ਼ਾ ਹੈ। ਕਦਰਾਂ-ਕੀਮਤਾਂ ਵਿਚ ਆ ਰਿਹਾ ਨਿਘਾਰ ਅਤੇ ਅਰਾਜਕਤਾ ਦਾ ਫੈਲਣਾ ਸਮਾਜ ਨੂੰ ਇਕ ਵੱਖਰੀ ਦਿੱਖ ਪ੍ਰਦਾਨ ਕਰ ਰਿਹਾ ਹੈ। ਮਾਤਾ-ਪਿਤਾ ਦੀ ਜਾਇਦਾਦ, ਪੈਸਾ-ਧੇਲਾ ਤੇ ਘਰ ਵਿਚੋਂ ਹਿੱਸਾ ਪ੍ਰਾਪਤ ਕਰਨਾ ਸਾਡਾ ਕਾਨੂੰਨੀ ਹੱਕ ਹੈ ਪਰ ਬੁਢਾਪੇ ਦਾ ਸਹਾਰਾ ਬਣ ਕੇ ਉਨ੍ਹਾਂ ਦੀ ਸੇਵਾ ਕਰਨਾ ਇਕ ਬੋਝ ਸਮਝਦੇ ਹਾਂ। ਹੱਕਾਂ ਨੂੰ ਪ੍ਰਾਪਤ ਕਰਨ ਦੀ ਦੌੜ ਵਿਚ ਸਹਿਣਸ਼ੀਲਤਾ ਘਟ ਰਹੀ ਹੈ। ਅਸੀਂ ਇਹ ਗੱਲ ਯਾਦ ਰੱਖਦੇ ਹਾਂ ਕਿ ਸਰਕਾਰਾਂ ਦੇ ਫਰਜ਼ ਹਨ ਕਿ ਸੰਵਿਧਾਨਿਕ ਤੌਰ 'ਤੇ ਮਿਲੇ ਹੋਏ ਹੱਕ ਪੂਰੇ ਹੋਣ ਪਰ ਦੇਸ਼ ਕੌਮ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਵਿਚ ਅਸੀਂ ਕੰਨੀ ਕਤਰਾਉਂਦੇ ਹਾਂ।
ਹੱਕਾਂ ਨੂੰ ਪ੍ਰਾਪਤ ਕਰਨਾ ਤੇ ਫਰਜ਼ਾਂ ਪ੍ਰਤੀ ਆਪਣੇ-ਆਪ ਨੂੰ ਇਮਾਨਦਾਰੀ ਨਾਲ ਸਮਰਪਿਤ ਕਰਕੇ ਅਸੀਂ ਇਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਫਿਜ਼ਿਕਸ ਦਾ ਇਕ ਸਿਧਾਂਤ ਹੈ ਐਨਟਰੌਪੀ (5ntrop਼), ਇਸ ਦਾ ਅਰਥ ਹੈ ਬੇਤਰਤੀਬੀ ਅਤੇ ਸਿਧਾਂਤ ਅਨੁਸਾਰ ਬ੍ਰਹਿਮੰਡ ਵਿਚ ਐਨਟਰੌਪੀ ਦੀ ਦਰ ਕਦੇ ਮਨਫੀ ਨਹੀਂ ਹੁੰਦੀ ਭਾਵ ਬੇਤਰਤੀਬੀ ਲਗਾਤਾਰ ਵਧ ਰਹੀ ਹੈ। ਇਹ ਸਿਧਾਂਤ ਸਮਾਜ ਲਈ ਵੀ ਲਾਗੂ ਹੁੰਦਾ ਹੈ। ਜੇਕਰ ਅਸੀਂ ਇਹ ਕਹਿ ਲਈਏ ਕਿ ਸਮਾਜ ਵਿਚ ਬੇਤਰਤੀਬੀ, ਅਰਾਜਕਤਾ ਵਧ ਰਹੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਰਿਸ਼ਤੇ ਤਾਰ-ਤਾਰ ਹੋ ਰਹੇ ਹਨ, ਸਮਾਜ ਨਿਘਾਰ ਵੱਲ ਜਾ ਰਿਹਾ ਹੈ, ਚਾਰ-ਚੁਫੇਰੇ ਫੈਲਿਆ ਅਸ਼ਾਂਤੀ ਅਤੇ ਅਸਹਿਣਸ਼ਲਿਤਾ ਦਾ ਪਸਾਰਾ, ਅਰਥਵਿਵਸਥਾ ਨੂੰ ਚੁਣੌਤੀਆਂ, ਅਮੀਰੀ-ਗਰੀਬੀ ਦਾ ਪਾੜਾ, ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਆਦਿ ਸਮਾਜ ਵਿਚ ਵਧ ਰਹੀ ਬੇਤਰਤੀਬੀ ਦਾ ਹਿੱਸਾ ਹਨ। ਅੱਜ ਲੋੜ ਹੈ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਹੋਣ ਦੀ। ਜਿਸ ਦਿਨ ਅਸੀਂ ਸਹੀ ਮਾਇਨੇ ਵਿਚ ਆਪਣੇ ਫਰਜ਼ਾਂ ਨੂੰ ਨਿਭਾਉਣਾ ਸਿੱਖ ਲਿਆ, ਉਸ ਦਿਨ ਸਾਡੇ ਹੱਕ ਬਿਨਾਂ ਮੰਗੇ ਹੀ ਮਿਲਣਗੇ। ਜ਼ਿੰਦਗੀ ਦੀ ਤਾਲ ਫਰਜ਼ਾਂ ਦੇ ਪਿਆਰ 'ਚ ਬੱਝੀ ਹੀ ਸੰਗੀਤਮਈ ਹੋ ਸਕਦੀ ਹੈ।

-ਮੈਂਬਰ, ਪੰਜਾਬ ਰਾਜ ਮਹਿਲਾ ਕਮਿਸ਼ਨ।
ਮੋਬਾ: 95921-33339

ਮੋਬਾਈਲ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ

ਮੋਬਾਈਲ ਕੰਪਨੀਆਂ ਨੇ ਚਕਾਚੌਂਧ ਦਿਖਾ ਕੇ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਲਪੇਟ ਲਿਆ ਹੈ, ਜੋ ਫਾਲਤੂ ਸਮਾਂ ਮੋਬਾਈਲਾਂ 'ਤੇ ਬਰਬਾਦ ਕਰ ਰਹੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਰਿਸ਼ਤਿਆਂ ਵਿਚ ਤਰੇੜਾਂ ਪੈਦਾ ਕਰ ਦਿੱਤੀਆਂ ਹਨ। ਜੇ ਪੰਜਾਬ ਦੇ ਸੰਦਰਭ ਵਿਚ ਦੇਖਿਆ ਜਾਵੇ, ਮੋਬਾਈਲਾਂ ਕਰਕੇ ਸਮਾਜਿਕ ਸੰਕਟ ਤਾਂ ਵਧਿਆ ਹੀ ਹੈ, ਦੂਜੇ ਪਾਸੇ ਵੱਡੇ ਪੱਧਰ 'ਤੇ ਰਾਜ ਦੀ ਆਰਥਿਕ ਬਰਬਾਦੀ ਵੀ ਹੋ ਰਹੀ ਹੈ। ਟੈਲੀਫੋਨ ਘਣਤਾ ਦੇ ਆਧਾਰ 'ਤੇ ਪੰਜਾਬ ਦਾ ਦੇਸ਼ ਵਿਚ ਤੀਜਾ ਸਥਾਨ ਹੈ।
ਪੰਜਾਬ ਮੌਜੂਦਾ ਸਮੇਂ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਸੰਚਾਰ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਾਲ 2017 ਵਿਚ ਪੰਜਾਬ ਦੀ ਆਬਾਦੀ ਲਗਪਗ 2.99 ਕਰੋੜ ਸੀ, ਜਦ ਕਿ ਫੋਨਾਂ ਦੀ ਗਿਣਤੀ 3.84 ਕਰੋੜ ਹੈ। ਹੋਰ ਵੇਰਵਿਆਂ ਅਨੁਸਾਰ ਪੰਜਾਬ ਵਿਚ ਘਰਾਂ ਦੀ ਗਿਣਤੀ 55 ਲੱਖ ਹੈ, ਜਿਸ ਅਨੁਸਾਰ ਹਰ ਘਰ ਦੇ ਹਿੱਸੇ ਸੱਤ ਫੋਨ ਆਉਂਦੇ ਹਨ। ਸੰਚਾਰ ਮੰਤਰਾਲੇ ਅਨੁਸਾਰ 2014 ਤੱਕ ਟੈਲੀਫੋਨਾਂ ਦੀ ਗਿਣਤੀ 3.23 ਕਰੋੜ ਸੀ, ਜੋ 2017 ਤੱਕ ਵਧ ਕੇ 3.84 ਕਰੋੜ ਹੋ ਗਈ। ਸਾਢੇ ਤਿੰਨ ਸਾਲਾਂ ਵਿਚ 61 ਲੱਖ ਕੁਨੈਕਸ਼ਨ ਵਧੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ 18,333 ਮੋਬਾਈਲ ਟਾਵਰ ਅਤੇ 49 ਐਕਸਚੇਂਜਾਂ ਹਨ। ਜੇਕਰ 3.84 ਹਰ ਕੁਨੈਕਸ਼ਨ ਪ੍ਰਤੀ ਮਹੀਨਾ 100 ਰੁ: ਦੇ ਹਿਸਾਬ ਨਾਲ ਖਰਚ ਕਰੇ ਤਾਂ ਇਹ ਰਕਮ 4608 ਕਰੋੜ ਰੁਪਏ ਸਾਲਾਨਾ ਬਣਦੀ ਹੈ। ਇਸ ਤਰ੍ਹਾਂ ਪੰਜਾਬ ਦੇ ਲੋਕ ਰੋਜ਼ਾਨਾ ਘੱਟੋ-ਘੱਟ 13 ਕਰੋੜ ਰੁਪਏ ਫੋਨ ਦੀ 'ਹੈਲੋ ਹੈਲੋ' 'ਤੇ ਖਰਚ ਕਰ ਦਿੰਦੇ ਹਨ, ਇਹ ਅੰਕੜੇ ਸਾਬਤ ਕਰਦੇ ਹਨ ਕਿ ਭਾਰੀ ਮਾਤਰਾ ਵਿਚ ਪੈਸਾ ਲੋਕਾਂ ਦੀਆਂ ਜੇਬਾਂ ਵਿਚੋਂ ਨਿਕਲ ਕੇ ਕੰਪਨੀਆਂ ਦੇ ਖਾਤਿਆਂ ਵਿਚ ਚਲਾ ਜਾਂਦਾ ਹੈ। ਪੰਜਾਬ ਦੇ ਲੋਕ ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਹਨ।
ਭਾਵੇਂ ਮੋਬਾਈਲ ਸਮੇਂ ਦੀ ਲੋੜ ਬਣ ਗਿਆ ਹੈ ਪਰ ਗੱਲ ਇਸ ਦੀ ਲੋੜ ਤੋਂ ਵੱਧ ਵਰਤੋਂ ਦੀ ਹੈ। ਜੇ ਦੇਖਿਆ ਜਾਵੇ, ਨੌਜਵਾਨ ਪੀੜ੍ਹੀ ਬਿਨਾਂ ਲੋੜ ਤੋਂ ਫੋਨ 'ਤੇ ਜ਼ਿਆਦਾ ਸਮਾਂ ਖਰਚ ਕਰ ਰਹੀ ਹੈ। ਜੀਵਨ ਦਾ ਸੁਨਹਿਰੀ ਕਾਲ ਜੋ ਭਵਿੱਖ ਨੂੰ ਬਣਾਉਣ ਦਾ ਹੈ, ਕੁਝ ਕਰਨ ਦਾ ਹੈ, ਉਹ ਮੋਬਾਈਲਾਂ ਦੇ ਲੇਖੇ ਲੱਗ ਰਿਹਾ ਹੈ। ਮਾਪਿਆਂ ਨੂੰ ਚਾਹੀਦਾ ਹੈ ਜਦੋਂ ਤੱਕ ਫੋਨ ਬੱਚੇ ਦੀ ਜ਼ਰੂਰਤ ਨਹੀਂ, ਉਦੋਂ ਤੱਕ ਫੋਨ ਤੋਂ ਦੂਰ ਰੱਖਿਆ ਜਾਵੇ, ਤਾਂ ਕਿ ਉਹ ਵਿਹਲਾ ਸਮਾਂ ਚੰਗੀਆਂ ਰੁਚੀਆਂ ਵਿਚ ਲਗਾਉਣ। ਆਮ ਲੋਕਾਂ ਨੂੰ ਵੀ ਬੱਚਤ ਦੀ ਆਦਤ ਵਿਕਸਤ ਕਰਨੀ ਚਾਹੀਦੀ ਹੈ, ਗੱਲਾਂ-ਗੱਲਾਂ ਵਿਚ ਨੋਟ ਨਹੀਂ ਉਡਾਉਣੇ ਚਾਹੀਦੇ, ਜ਼ਰੂਰਤ ਇਸ ਦੀ ਸਹੀ ਤੇ ਯੋਗ ਵਰਤੋਂ ਦੀ ਹੈ।

-ਪਿੰਡ ਭੋਤਨਾ (ਬਰਨਾਲਾ)। ਮੋਬਾ: 94635-12720

ਸੋਸ਼ਲ ਮੀਡੀਆ ਦੀ ਜਾਣਕਾਰੀ ਪ੍ਰਤੀ ਸੁਚੇਤ ਹੋਣ ਦੀ ਲੋੜ

ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਪਰ ਇਸ ਦੀ ਕਾਰਜਕਾਰੀ ਅਤੇ ਕੰਮ ਕਰਨ ਦੇ ਢੰਗ ਤੋਂ ਜ਼ਿਆਦਾਤਰ ਲੋਕ ਅਣਜਾਣ ਹਨ। ਅੰਗਰੇਜ਼ੀ ਵਿਚ ਮੀਡੀਆ ਦੀ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਅਤੇ ਵਿਦਵਾਨਾਂ ਨੂੰ 'ਮੀਡੀਆ ਲਿਟਰੇਟ ਪੀਪਲ' ਕਿਹਾ ਜਾਂਦਾ ਹੈ, ਜਿਸ ਨੂੰ ਪੰਜਾਬੀ ਵਿਚ ਮੀਡੀਆ ਸਾਖਰਤ ਲੋਕ ਜਾਂ ਮੀਡੀਆ ਦੇ ਮਾਹਿਰ ਕਹਿ ਸਕਦੇ ਹਾਂ। ਮੀਡੀਆ ਸਾਖਰਤ ਲੋਕ ਹੀ ਮੀਡੀਆ ਵਿਚ ਆਉਣ ਵਾਲੇ ਸੰਦੇਸ਼ਾਂ ਦੀ ਸਹੀ ਤਰੀਕੇ ਨਾਲ ਵਿਆਖਿਆ ਕਰ ਸਕਦੇ ਹਨ ਕਿ ਇਹ ਸੰਦੇਸ਼ ਜਾਂ ਜਾਣਕਾਰੀ ਕਿੰਨੀ ਮਹੱਤਵਪੂਰਨ ਹੈ, ਇਹ ਜਾਣਕਾਰੀ ਅਧੂਰੀ ਹੈ ਜਾਂ ਪੂਰੀ ਹੈ, ਇਹ ਜਾਣਕਾਰੀ ਲੋਕ ਹਿਤ ਵਿਚ ਹੈ ਜਾਂ ਨਹੀਂ। ਬਹੁਤ ਸਾਰੇ ਪੜ੍ਹੇ-ਲਿਖੇ ਵਿਅਕਤੀ ਵੀ ਮੀਡੀਆ ਸਾਖਰਤ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਨਹੀਂ ਹੁੰਦੇ ਅਤੇ ਭਾਰਤ ਵਿਚ ਜ਼ਿਆਦਾਤਰ 45 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਨਿਊ ਮੀਡੀਆ ਦੀ ਵਰਤੋਂ ਤੋਂ ਵੀ ਸੱਖਣੇ ਹਨ।
ਭਾਰਤ ਵਿਚ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀ ਵੱਡੀ ਗਿਣਤੀ ਇਨ੍ਹਾਂ ਨੌਜਵਾਨਾਂ ਦੀ ਹੈ ਜੋ ਕਿ ਇਕ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ ਅਤੇ ਦਿਨ ਭਰ ਮੋਬਾਈਲ ਫੋਨ ਅਤੇ ਇੰਟਰਨੈੱਟ ਦੇ ਰੁਝੇਵਿਆਂ ਵਿਚ ਰੁੱਝੇ ਰਹਿੰਦੇ ਹਨ। ਹਰ ਦਿਨ ਇੰਨਟਰਨੈੱਟ 'ਤੇ ਨਵੀਆਂ ਸਾਈਟਸ ਖੁੱਲ੍ਹ ਰਹੀਆਂ ਹਨ ਜੋ ਕਿ ਪੇਸੈ ਦੇ ਲੈਣ-ਦੇਣ ਤੋਂ ਲੈ ਕੇ ਘਰ ਵਿਚ ਖਾਣਾ ਪਹੁੰਚਾਉਣ ਤੱਕ ਦੇ ਰੋਜ਼ਮਰਾ ਦੇ ਕੰਮ ਕਰਦੀਆਂ ਹਨ। ਇੰਟਰਨੈੱਟ ਦੇ ਆਉਣ ਨਾਲ ਰੋਜ਼ਗਾਰ ਦੇ ਨਵੇਂ ਖੇਤਰ ਵੀ ਪੈਦਾ ਹੋ ਰਹੇ ਹਨ। ਇਸ ਕਰਕੇ ਅੱਜ ਸਾਡੇ ਦੇਸ਼ ਵਿਚ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਬਹੁਤ ਤਵੱਜੋ ਦਿੱਤੀ ਜਾ ਰਹੀ ਹੈ, ਉਹ ਚਾਹੇ ਫੇਸਬੁੱਕ, ਵੱਟਸਐਪ 'ਤੇ ਰਾਜਨੀਤਕ ਪ੍ਰੋਪੇਗੰਡਾ ਹੋਵੇ ਜਾਂ ਫਿਰ ਇਸ਼ਤਿਹਾਰ ਏਜੰਸੀਆਂ ਹੋਣ ਜਾਂ ਫਿਰ ਸਰਕਾਰ ਦੁਆਰਾ ਡਿਜੀਟਲ ਇੰਡੀਆ ਦੀ ਗੱਲ ਹੋਵੇ। ਸੋਸ਼ਲ ਮੀਡੀਆ ਉਪਰ ਕਿਸੇ ਖਾਸ ਵਿਅਕਤੀ ਵਲੋਂ ਕੀਤੀ ਟਿੱਪਣੀ ਵੀ ਅਗਲੇ ਦਿਨ ਅਖ਼ਬਾਰ ਜਾਂ ਟੈਲੀਵਿਜ਼ਨ ਦੀਆਂ ਸੁਰਖ਼ੀਆਂ ਬਣਨ ਦੀ ਸਮਰੱਥਾ ਰੱਖਦੀ ਹੈ। ਹਰ ਖੇਤਰ ਦੀਆਂ ਮਸ਼ਹੂਰ ਹਸਤੀਆਂ ਖਾਸ ਕਰਕੇ ਰਾਜਨੀਤਕ ਖੇਤਰ ਵਿਚ ਸਰਗਰਮ ਬਹੁਤ ਸਾਰੇ ਵਿਅਕਤੀਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਚਲਾਉਣ ਲਈ ਮਾਹਿਰ ਵਿਅਕਤੀਆਂ ਦੀਆਂ ਟੀਮਾਂ ਰੱਖ ਲਈਆਂ ਹਨ ਜੋ ਕਿ ਉਨ੍ਹਾਂ ਦੀਆਂ ਦਿਨ ਭਰ ਦੀਆਂ ਗਤੀਵਿਧੀਆਂ ਨੂੰ ਪ੍ਰਚਾਰ ਦੇ ਰੂਪ ਵਿਚ ਪੇਸ਼ ਕਰਦੀਆਂ ਹਨ। ਇਸ ਦੇ ਨਾਲ ਹੀ ਨਵੇਂ ਰੁਝਾਨ ਅਨੁਸਾਰ ਸੋਸ਼ਲ ਮੀਡੀਆ 'ਤੇ ਕਿਸੇ ਖਾਸ ਮੁੱਦੇ, ਧਰਮ, ਕੌਮ ਜਾਂ ਖੇਤਰ ਨੂੰ ਧਿਆਨ ਵਿਚ ਰੱਖ ਕੇ ਪੇਜ ਬਣਾਏ ਜਾ ਰਹੇ ਹਨ ਜੋ ਕਿ ਪੈਸੇ ਕਮਾਉਣ ਲਈ ਆਮ ਲੋਕਾਂ ਵਿਚ ਨਫ਼ਰਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ।
ਪਿਛਲੇ ਦਹਾਕੇ ਵਿਚ ਜਦੋਂ ਸੋਸ਼ਲ ਮੀਡੀਆ ਦਾ ਰੁਝਾਨ ਵਧ ਰਿਹਾ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਸੋਸ਼ਲ ਮੀਡੀਆ ਲੋਕਾਂ ਦੀ ਆਵਾਜ਼ ਹੈ, ਇਸ ਨਾਲ ਲੋਕਤੰਤਰ ਨੂੰ ਹੋਰ ਬਲ ਮਿਲੇਗਾ। ਪਰ ਹੁਣ ਇਹ ਗੱਲ ਨਹੀਂ ਰਹੀ, ਹੁਣ ਸੋਸ਼ਲ ਮੀਡੀਆ ਵਰਤਣ ਵਾਲੇ ਵਿਅਕਤੀ ਇਕ ਗਾਹਕ ਦਾ ਰੋਲ ਅਦਾ ਕਰ ਰਹੇ ਹਨ, ਉਨ੍ਹਾਂ ਕੋਲ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ ਦੀ ਭਰਮਾਰ ਹੈ ਪਰ ਸੋਚਣ ਦੀ ਸ਼ਕਤੀ ਘਟਦੀ ਜਾ ਰਹੀ ਹੈ। ਇਕ ਥਾਂ 'ਤੇ ਹੋਈ ਹਿੰਸਾ ਦੇ ਸੰਦੇਸ਼ ਸੋਸ਼ਲ ਮੀਡੀਆ ਦੀ ਮਦਦ ਨਾਲ ਕੁਝ ਘੰਟਿਆਂ-ਮਿੰਟਾਂ ਵਿਚ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿਚ ਲੈਂਦੇ ਹਨ, ਜਿਸ ਕਾਰਨ ਸਰਕਾਰ ਨੂੰ ਕਈ ਥਾਵਾਂ 'ਤੇ ਇੰਟਰਨੈੱਟ ਸੇਵਾਵਾਂ ਕੁਝ ਸਮੇਂ ਲਈ ਬੰਦ ਕਰਨੀਆਂ ਪੈਂਦੀਆਂ ਹਨ। ਇਸ ਦੇ ਨਾਲ ਹੀ ਬਹੁਤ ਸਾਰੀਆਂ ਨਿੱਜੀ ਕੰਪਨੀਆਂ ਅਤੇ ਸਮਾਜ ਵਿਚ ਅਰਾਜਕਤਾ ਫੈਲਾਉਣ ਵਾਲੀਆਂ ਸ਼ਕਤੀਆਂ ਨੇ ਇਸ ਮੀਡੀਆ ਨੂੰ ਵੀ ਕਬਜ਼ੇ ਵਿਚ ਕਰਨ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ। ਸੋਸ਼ਲ ਮੀਡੀਆ ਉੱਪਰ ਜਾਣਕਾਰੀ ਨੂੰ ਤੋੜ-ਮਰੋੜ ਕੇ ਆਸਾਨੀ ਨਾਲ ਆਪਣੇ ਨਿੱਜੀ ਮਕਸਦ ਲਈ ਵਰਤਿਆ ਜਾ ਸਕਦਾ ਹੈ। ਇਨ੍ਹਾਂ ਕੰਪਨੀਆਂ, ਅਦਾਰਿਆਂ ਅਤੇ ਮੰਤਰੀਆਂ ਦਾ ਕੰਮ ਸਿਰਫ਼ ਆਪਣੇ ਪ੍ਰੋਪੇਗੰਡਾ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਜੇਕਰ ਤੁਸੀਂ ਇੰਟਰਨੈੱਟ 'ਤੇ ਕੋਈ ਮੈਸੇਜ ਪੜ੍ਹਦੇ ਹੋ ਤਾਂ ਉਸ ਸੰਦੇਸ਼ ਬਾਰੇ ਮੀਡੀਆ ਦੇ ਹੋਰ ਸਾਧਨਾਂ ਤੋਂ ਜਾਣਕਾਰੀ ਦੀ ਪੁਸ਼ਟੀ ਕਰਨਾ ਜ਼ਰੂਰੀ ਹੈ ਅਤੇ ਇਹ ਵੀ ਸੋਚਣ ਦੀ ਲੋੜ ਹੈ ਕਿ ਕੀ ਅਸੀਂ ਕਿਸੇ ਗ਼ਲਤ ਪ੍ਰਚਾਰ ਜਾਂ ਭਾਵਨਾ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ?

ਪਿੰਡ ਰੋੜਗੜ੍ਹ, ਜ਼ਿਲ੍ਹਾ ਪਟਿਆਲਾ। ਮੋਬਾ: 88724-92584

ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ

ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਗੁਰੂ-ਚੇਲੇ ਦਾ ਰਿਸ਼ਤਾ ਹੈ। ਇਹ ਪੁਰਾਤਨ ਸਮੇਂ ਤੋਂ ਪ੍ਰੰਪਰਾਗਤ ਚੱਲਿਆ ਆ ਰਿਹਾ ਹੈ। ਸਕੂਲ ਦੇ ਨਿੱਜੀਕਰਨ ਤੇ ਆਪਸੀ ਮੁਕਾਬਲੇਬਾਜ਼ੀ ਦੇ ਯੁੱਗ ਵਿਚ ਦਾਖਲਾ ਪੂਰਤੀ ਲਈ ਅਣਦੇਖਿਆ ਜਾਂ ਚੁੱਪ ਵੱਟਣ ਦੀਆਂ ਕਨਸੋਆਂ ਅਕਸਰ ਹੀ ਮਿਲਦੀਆਂ ਹਨ। ਵਿਦਿਆਰਥੀ ਨੂੰ ਲੋੜੋਂ ਵੱਧ ਢਿੱਲ ਤੇ ਲੋੜੋਂ ਵੱਧ ਸਖਤੀ ਕਈ ਵਾਰ ਗੰਭੀਰ ਰੂਪ ਧਾਰਨ ਕਰ ਬਹਿੰਦੀ ਹੈ। ਤਾਜ਼ਾ ਘਟਨਾ ਵਿਚ ਯਮੁਨਾਨਗਰ ਦੇ ਇਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਵਲੋਂ ਖਫ਼ਾ ਹੋ ਕੇ ਆਪਣੇ ਪਿਤਾ ਦੀ ਪਿਸਤੌਲ ਨਾਲ ਹੀ ਆਪਣੇ ਸਕੂਲ ਦੀ ਪ੍ਰਿੰਸੀਪਲ ਦੀ ਹੱਤਿਆ ਕਰ ਦਿੱਤੀ ਹੈ, ਜੋ ਕਿ ਦੁੱਖਦਾਇਕ ਤੇ ਦਿਲ ਨੂੰ ਝੰਜੋੜਨ ਵਾਲੀ ਘਟਨਾ ਹੈ। ਵਿਦਿਆਰਥੀ ਦੇ ਕੋਮਲ ਮਨ 'ਤੇ ਹਰ ਘਟਨਾ ਤੇ ਹਰ ਗੱਲ ਅਸਰ ਕਰਦੀ ਹੈ। ਵਿਦਿਆਰਥੀ ਦੇ ਮਨ ਵਿਚ ਇਹ ਗੱਲ ਘਰ ਕਰਵਾਉਣ ਦੀ ਲੋੜ ਹੈ ਕਿ ਅਧਿਆਪਕ ਉਸ ਦਾ ਗੁਰੂ ਹੈ, ਵਿਦਿਆਰਥੀ ਤੇ ਅਧਿਆਪਕ ਦਾ ਗੁਰੂ-ਚੇਲੇ ਦਾ ਰਿਸ਼ਤਾ ਪਵਿੱਤਰ ਤੇ ਸਵਾਰਥ ਰਹਿਤ ਹੈ। ਅਧਿਆਪਕ ਨੂੰ ਵੀ ਅੱਜ ਦੇ ਸੰਦਰਭ ਵਿਚ ਸਵੈ-ਚਿੰਤਨ ਕਰਨ ਦੀ ਲੋੜ ਹੈ। ਪੁਰਾਣੇ ਸਮੇਂ ਵਿਚ ਮਾਪੇ ਆਪ ਕਹਿੰਦੇ ਸਨ ਕਿ ਇਹਨੂੰ ਕੁੱਟਿਆ ਕਰੋ ਜੀ, ਪੜ੍ਹਦਾ ਨ੍ਹੀਂ ਜਾਂ ਜਿੰਨਾ ਮਰਜ਼ੀ ਕੁੱਟੋ-ਮਾਰੋ, ਬਸ ਪੜ੍ਹਨਾ ਚਾਹੀਦਾ ਹੈ। ਹੁਣ ਵਕਤ ਦਾ ਤਕਾਜ਼ਾ ਸਮਝਣ ਦੀ ਵੀ ਲੋੜ ਹੈ। ਅਧਿਆਪਕ ਦਾ ਹੁਲਾਸ ਭਰਿਆ ਮਨ ਚੰਗੀ ਸਿੱਖਿਆ ਤੇ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਕਾਰਗਰ ਸਾਬਤ ਹੋ ਸਕਦਾ ਹੈ। ਕਈ ਵਾਰ ਵਿਦਿਆਰਥੀ ਦੀ ਭਰੀ ਸਭਾ ਵਿਚ ਵੱਡੀ ਸਜ਼ਾ ਦੀ ਥਾਂ ਉਸ ਨੂੰ ਪਿਆਰ ਨਾਲ ਉਸ ਦੀ ਗਲਤੀ ਦਾ ਅਹਿਸਾਸ ਕਰਵਾਇਆ ਜਾਵੇ। ਗੁੱਸੇ ਦੀ ਬਜਾਏ ਮੋਹ ਦੀ ਭਾਸ਼ਾ ਹਰ ਮਰਜ਼ ਦੀ ਦਵਾ ਮੰਨੀ ਜਾਂਦੀ ਹੈ। ਮੁਆਫ਼ ਕਰਨਾ, ਮੁਆਫ਼ੀ ਮੰਗਣਾ ਅਤੇ ਗਲਤੀ ਸੁਧਾਰਨ ਦਾ ਮੌਕਾ ਦੇਣਾ ਬਹੁਤ ਵੱਡੇ ਇਨਸਾਨੀ ਗੁਣ ਮੰਨੇ ਜਾਂਦੇ ਹਨ। ਅਧਿਆਪਕ ਵੀ ਮਿਲ-ਬੈਠ ਕੇ ਸਮੁੱਚੇ ਰੂਪ ਵਿਚ ਚਿੰਤਨ ਕਰਨ, ਤਾਂ ਜੋ ਭਵਿੱਖ ਵਿਚ ਕੋਈ ਵਿਦਿਆਰਥੀ ਦੇ ਮਨ ਵਿਚ ਆਪਣੇ ਗੁਰੂ ਅਧਿਆਪਕ 'ਤੇ ਹੱਥ ਚੁੱਕਣ ਦਾ ਖਿਆਲ ਤੱਕ ਨਾ ਆਵੇ।

-ਰੌਂਤਾ (ਮੋਗਾ)। ਮੋਬਾ: 98764-86187

ਨਸ਼ੇ ਦੀ ਲਾਹਨਤ

ਗੱਲ ਕਰੀਏ ਨਸ਼ੇ ਦੀ ਸ਼ੁਰੂਆਤ ਹੁੰਦੀ ਕਿਵੇਂ ਹੈ? ਨਸ਼ਾ ਵਿਅਕਤੀ ਤਿੰਨ ਹੀ ਹਾਲਤਾਂ ਵਿਚ ਕਰਨਾ ਸ਼ੁਰੂ ਕਰਦਾ ਹੈ। ਪਹਿਲਾਂ ਸ਼ੌਕ ਨਾਲ, ਦੂਜਾ ਖੁਸ਼ੀ ਵਿਚ, ਤੀਜਾ ਦੁਖੀ ਜਾਂ ਮਾਨਸਿਕ ਦਬਾਅ ਵਿਚ ਕਰਦਾ ਹੈ। ਨਸ਼ੇ ਦਾ ਸ਼ੌਕ ਕਿਵੇਂ ਪੈਦਾ ਹੁੰਦਾ ਹੈ? ਅਸੀਂ ਅਕਸਰ ਦੇਖਦੇ ਹਾਂ ਕਿ ਸਾਡੇ ਪਰਿਵਾਰ ਵਿਚ ਬੱਚੇ ਉਹੀ ਕਰਦੇ ਹਨ ਜੋ ਉਨ੍ਹਾਂ ਦੇ ਘਰ ਵਿਚ ਵੱਡੇ ਕਰਦੇ ਹਨ। ਜਿਸ ਤਰ੍ਹਾਂ ਕਿਸੇ ਘਰ ਵਿਚ ਕੋਈ ਵਿਅਕਤੀ ਸ਼ਰਾਬ ਦਾ ਆਦੀ ਹੈ ਤਾਂ ਬੱਚਾ ਉਸ ਨੂੰ ਦੇਖ-ਦੇਖ ਕੇ ਸ਼ਰਾਬ ਪੀਣ ਦਾ ਸ਼ੌਕ ਪੈਦਾ ਕਰੇਗਾ। ਦੂਜਾ ਨਸ਼ੇ ਦੇ ਵਧਣ ਦਾ ਕਾਰਨ ਜਾਂ ਆਮ ਨੌਜਵਾਨ ਪੀੜ੍ਹੀ ਵਿਚ ਫੈਲਣ ਦਾ ਕਾਰਨ ਹੈ ਸਾਡੇ ਖੁਸ਼ੀਆਂ ਦੇ ਮੌਕੇ ਨਸ਼ੇ ਦੀ ਭਰਮਾਰ। ਜਿਸ ਤਰ੍ਹਾਂ ਕਿਸੇ ਵੀ ਵਿਆਹ ਸ਼ਾਦੀ, ਜਨਮ ਦਿਨ ਪਾਰਟੀ ਜਾਂ ਫਿਰ ਕੋਈ ਹੋਰ ਖੁਸ਼ੀ ਦੇ ਮੌਕੇ ਸ਼ਰਾਬ ਤੋਂ ਬਿਨਾਂ ਹਰ ਪਾਰਟੀ ਨੂੰ ਫਿੱਕੀ ਹੀ ਮੰਨਿਆ ਜਾਂਦਾ ਹੈ, ਫਿਰ ਚਾਹੇ ਹੋਰ ਜਿੰਨੀਆਂ ਮਰਜ਼ੀ ਚੀਜ਼ਾਂ ਖਾਣ-ਪੀਣ ਲਈ ਹੋਣ। ਅਜਿਹੇ ਮੌਕਿਆਂ 'ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਕਰਦੇ ਆਮ ਹੀ ਦੇਖਿਆ ਜਾਂਦਾ ਹੈ। ਤੀਜੀ ਗੱਲ ਆ ਜਾਂਦੀ ਹੈ ਉਦਾਸੀ ਜਾਂ ਨਿਰਾਸ਼ਾ ਵਿਚ ਨਸ਼ੇ ਦਾ ਸੇਵਨ। ਬਹੁਤ ਸਾਰੇ ਲੋਕ ਸਾਨੂੰ ਅਜਿਹੇ ਵੀ ਮਿਲਦੇ ਹਨ ਜੋ ਆਪਣੀ ਜ਼ਿੰਦਗੀ ਵਿਚ ਨਿਰਾਸ਼ ਹੁੰਦੇ ਹਨ, ਉਹ ਆਪਣੀ ਨਿਰਾਸ਼ਾ ਦਾ ਹੱਲ ਕਰਨ ਦੀ ਬਜਾਏ ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਕਰਨ ਲੱਗ ਜਾਂਦਾ ਹੈ। ਇਹ ਹੀ ਤਿੰਨ ਮੁੱਖ ਕਾਰਨ ਹਨ ਨਸ਼ੇ ਕਰਨ ਦੇ ਜਾਂ ਨਸ਼ੇ ਵਧਣ ਦੇ। ਹੁਣ ਗੱਲ ਕਰਾਂਗੇ ਕਿ ਇਸ ਦੇ ਪ੍ਰਭਾਵ ਕੀ ਪੈਂਦੇ ਹਨ? ਨਸ਼ਾ ਚਾਹੇ ਕਿਸੇ ਕਾਰਨ ਵੀ ਸ਼ੁਰੂ ਹੁੰਦਾ ਹੈ, ਇਸ ਦਾ ਲਗਾਤਾਰ ਸੇਵਨ ਕਰਨ ਨਾਲ ਮਨੁੱਖ ਇਸ ਦਾ ਆਦੀ ਹੋ ਜਾਂਦਾ ਹੈ। ਕੋਈ ਵੀ ਨਸ਼ਾ ਹੋਵੇ, ਉਹ ਮਨੁੱਖ ਲਈ ਖਤਰਨਾਕ ਹੈ। ਨਸ਼ੇ ਵਿਚ ਬਸ ਇੰਨਾ ਕੁ ਫਰਕ ਹੈ ਕਿ ਕੁਝ ਨਸ਼ੇ ਹੌਲੀ-ਹੌਲੀ ਸਰੀਰ ਨੂੰ ਖਤਮ ਕਰਦੇ ਹਨ ਤੇ ਕੁਝ ਤੇਜ਼ੀ ਨਾਲ ਸਰੀਰ ਨੂੰ ਖਤਮ ਕਰ ਦਿੰਦੇ ਹਨ। ਨਸ਼ੇ ਨਾਲ ਸਭ ਮੋਹ-ਪਿਆਰ ਖਤਮ ਹੋ ਜਾਂਦਾ ਹੈ ਅਤੇ ਸੁਭਾਅ ਵਿਚ ਚਿੜਚਿੜਾਪਣ ਆ ਜਾਂਦਾ ਹੈ, ਜੋ ਕਿ ਸਾਨੂੰ ਆਪਣਿਆਂ ਤੋਂ ਦੂਰ ਕਰਦਾ-ਕਰਦਾ ਐਨਾ ਦੂਰ ਕਰ ਦਿੰਦਾ ਹੈ ਜਿਥੋਂ ਅਸੀਂ ਕਦੇ ਵਾਪਸ ਨਹੀਂ ਪਰਤ ਸਕਦੇ। ਸਮਾਜਿਕ ਅਤੇ ਪਰਿਵਾਰਕ ਕਦਰਾਂ ਘਟਣ ਨਾਲ ਉਹ ਮਾਨਸਿਕਤਾ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੀਆਂ ਹਾਲਤਾਂ ਵਿਚ ਉਸ ਅੰਦਰ ਖੁਦਕੁਸ਼ੀ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ। ਨਸ਼ੇ ਕਰਨ ਨਾਲ ਪਹਿਲਾਂ ਵਿਅਕਤੀ ਦਿਮਾਗੀ ਤੌਰ 'ਤੇ ਖੁਦਕੁਸ਼ੀ ਕਰਦਾ ਹੈ, ਅਖੀਰ ਆਪ ਸਰੀਰਕ ਖੁਦਕੁਸ਼ੀ ਕਰ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲੈਂਦਾ ਹੈ। ਪਤਾ ਨਹੀਂ ਕਿੰਨੇ ਕੁ ਘਰ ਖਰਾਬ ਕਰ ਦਿੱਤੇ ਇਸ ਨਸ਼ੇ ਦੀ ਲਾਹਨਤ ਨੇ। ਆਓ! ਇਸ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀਏ।

-ਪਿੰਡ ਮੰਡੇਰਾਂ, ਤਹਿ: ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ।
ਮੋਬਾ: 97814-08731

ਕਿਸਾਨਾਂ ਨੂੰ ਵਿਆਜ ਦੇ ਜਾਲ ਤੋਂ ਮੁਕਤ ਕਰੇ ਸਰਕਾਰ

ਇਸ ਦੁਨੀਆ ਵਿਚ ਹਰ ਵਿਅਕਤੀ ਚਾਹੁੰਦਾ ਹੈ ਕਿ ਉਸ ਕੋਲ ਵੱਡੀ ਕਾਰ ਹੋਵੇ, ਕੋਠੀ ਹੋਵੇ, ਏ.ਸੀ. ਹੋਵੇ, ਵੱਡਾ ਟੀ. ਵੀ. ਹੋਵੇ ਆਦਿ। ਪਰ ਉਹ ਆਪਣੀ ਆਮਦਨ ਦੇ ਸਰੋਤਾਂ ਨੂੰ ਦੇਖਦੇ ਹੋਏ ਇਨ੍ਹਾਂ ਚੀਜ਼ਾਂ ਤੋਂ ਬਿਨਾਂ ਵੀ ਆਪਣੀ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਜੇਕਰ ਕਿਸੇ ਵਿਅਕਤੀ ਨੂੰ ਇਹ ਕਹਿ ਦਿੱਤਾ ਜਾਵੇ ਕਿ ਉਹ ਇਹ ਸਭ ਚੀਜ਼ਾਂ ਬਿਨਾਂ ਕਿਸੇ ਮੁਸ਼ਕਿਲ ਦੇ ਆਸਾਨੀ ਨਾਲ ਕਰਜ਼ਾ ਲੈ ਕੇ ਪ੍ਰਾਪਤ ਕਰ ਸਕਦਾ ਹੈ ਤਾਂ ਉਹ ਵਿਅਕਤੀ ਇਕ ਵਾਰ ਤਾਂ ਜ਼ਰੂਰ ਆਕਰਸ਼ਤ ਹੁੰਦਾ ਹੈ। ਇਨਸਾਨ ਦੀ ਇਸੇ ਕਮਜ਼ੋਰੀ ਦਾ ਫਾਇਦਾ ਇਨ੍ਹਾਂ ਨਿੱਜੀ ਬੈਂਕਾਂ ਨੇ ਉਠਾਇਆ। ਇਨ੍ਹਾਂ ਬੈਂਕਾਂ ਨੇ ਆਮ ਵਿਅਕਤੀ ਦੇ ਨਾਲ-ਨਾਲ ਪੰਜਾਬ ਵਿਚ ਵੱਡੀ ਗਿਣਤੀ ਵਿਚ ਰਹਿੰਦੇ ਕਿਸਾਨ ਨੂੰ ਇਸ ਜਾਲ ਵਿਚ ਫਸਾ ਲਿਆ।
ਇਥੇ ਇਕ ਗੱਲ ਧਿਆਨ ਦੇਣ ਵਾਲੀ ਹੈ, ਉਹ ਇਹ ਕਿ ਕਰਜ਼ਾ ਦਿੰਦੇ ਸਮੇਂ ਇਹ ਵੀ ਨਹੀਂ ਦੇਖਿਆ ਗਿਆ ਕਿ ਉਹ ਵਿਅਕਤੀ ਕਰਜ਼ਾ ਵਾਪਸ ਕਰ ਵੀ ਸਕੇਗਾ ਜਾਂ ਨਹੀਂ। ਕਿਸਾਨ ਤੋਂ ਜਾਮਨੀ ਦੇ ਰੂਪ ਵਿਚ ਉਸ ਦੀ ਕਮਾਈ ਦਾ ਇਕੋ-ਇਕ ਸਾਧਨ ਜ਼ਮੀਨ ਗਹਿਣੇ ਰੱਖ ਲਈ ਗਈ। ਇਸ ਤਰ੍ਹਾਂ ਬੈਂਕਾਂ ਨੇ ਆਪਣੇ ਦਿੱਤੇ ਪੈਸੇ ਵਾਪਸ ਲੈਣ ਦਾ ਪੱਕਾ ਇੰਤਜ਼ਾਮ ਕਰ ਲਿਆ।
ਇਹ ਵਿਆਜ ਦਾ ਅਜਿਹਾ ਜਾਲ ਸੀ, ਜਿਸ ਤੋਂ ਕਿਸਾਨ ਨੂੰ ਜਾਣੂ ਨਹੀਂ ਕਰਵਾਇਆ ਗਿਆ ਸੀ। ਅੱਜ ਪੰਜਾਬ ਦਾ ਕਿਸਾਨ ਇਨ੍ਹਾਂ ਬੈਂਕਾਂ ਵਲੋਂ ਲਏ ਕਰਜ਼ੇ ਦੇ ਪੈਸੇ ਤੋਂ ਕਈ ਗੁਣਾਂ ਵੱਧ ਪੈਸੇ ਤਾਂ ਮੋੜ ਚੁੱਕਾ ਹੈ ਪਰ ਵਿਆਜ ਕਾਰਨ ਬਣਿਆ ਪੈਸਾ ਨਹੀਂ ਮੋੜ ਪਾ ਰਿਹਾ, ਜੋ ਕਿ ਹਰ ਸਾਲ-ਦਰ-ਸਾਲ ਵਧਦਾ ਹੀ ਜਾ ਰਿਹਾ ਹੈ। ਕਿਸਾਨ ਇਸ ਜਾਲ ਵਿਚੋਂ ਨਿਕਲਣ ਦੀ ਜਿੰਨੀ ਕੋਸ਼ਿਸ਼ ਕਰ ਰਿਹਾ ਹੈ, ਓਨਾ ਹੀ ਜ਼ਿਆਦਾ ਫਸ ਰਿਹਾ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਹਰ ਕਿਸਾਨ ਦਾ ਬੈਂਕ ਦਾ ਖਾਤਾ ਦੇਖਿਆ ਜਾਵੇ, ਜਿਸ ਤੋਂ ਇਹ ਪਤਾ ਲੱਗ ਸਕੇ ਕਿ ਕਿਸਾਨ ਨੇ ਬੈਂਕ ਤੋਂ ਕਿੰਨੇ ਪੈਸੇ ਲਏ ਸਨ ਅਤੇ ਕਿੰਨੇ ਮੋੜ ਦਿੱਤੇ ਹਨ, ਜਿਸ ਨਾਲ ਇਹ ਗੱਲ ਸਾਹਮਣੇ ਆਵੇਗੀ ਕਿ ਕਿਸਾਨ ਨੇ ਜੋ ਪੈਸੇ ਲਏ ਸਨ, ਉਸ ਤੋਂ ਕਈ ਗੁਣਾਂ ਪੈਸੇ ਵਾਪਸ ਕਰ ਚੁੱਕਾ ਹੈ ਅਤੇ ਕਰ ਰਿਹਾ ਹੈ। ਏਨੇ ਪੈਸੇ ਦੇਣ ਦੇ ਬਾਵਜੂਦ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਕਰਵਾਈ ਜਾ ਰਹੀ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਬੈਂਕਾਂ ਨੂੰ ਹਦਾਇਤਾਂ ਜਾਰੀ ਕਰਨ ਕਿ ਸਿਰਫ ਕਿਸਾਨਾਂ ਤੋਂ ਓਨਾ ਵਿਆਜ ਹੀ ਲਿਆ ਜਾਵੇ, ਜਿੰਨਾ ਕਿਸੇ ਵਿਅਕਤੀ ਨੂੰ ਆਪਣੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ 'ਤੇ ਨਿਰਧਾਰਤ ਸਮੇਂ 'ਤੇ ਬੈਂਕ ਦਿੰਦਾ ਹੈ। ਇਸ ਤਰੀਕੇ ਨਾਲ ਬੈਂਕਾਂ ਦਾ ਕਿਸਾਨਾਂ ਵੱਲ ਫਸਿਆ ਕਰੋੜਾਂ ਰੁਪਏ ਦਾ ਕਰਜ਼ਾ ਵਾਪਸ ਮਿਲ ਜਾਵੇਗਾ ਅਤੇ ਉਚਿਤ ਵਿਆਜ ਵੀ ਪ੍ਰਾਪਤ ਹੋ ਜਾਵੇਗਾ।
ਆਪਣੀ ਇਸ ਲਿਖਤ ਦਾ ਅੰਤ ਹੇਠ ਲਿਖੀਆਂ ਕੁਝ ਸਤਰਾਂ ਲਿਖ ਕੇ ਕਰਦਾ ਹਾਂ, ਜੋ ਲੋਕ ਇਹ ਕਹਿੰਦੇ ਹਨ ਕਿ ਕਿਸਾਨ ਬਿਨਾਂ ਕਿਸੇ ਕਾਰਨ ਹੀ ਆਤਮਹੱਤਿਆਵਾਂ ਕਰ ਰਹੇ ਹਨ-
ਜ਼ਿੰਦਗੀਏ ਨੀ ਕਿਹੋ ਜਿਹੇ ਇਲਜ਼ਾਮ ਲਾਈ ਜਾਨੀ ਏਂ,
ਦੱਸ ਮੌਤ ਨੂੰ ਆ ਕੌਣ ਪਿਆਰ ਕਰਦਾ।

-ਮ: ਨੰ: 2847, ਚੰਡੀਗੜ੍ਹ ਹਾਊਸਿੰਗ ਬੋਰਡ ਫਲੈਟਸ, ਸੈਕਟਰ 49-ਡੀ, ਚੰਡੀਗੜ੍ਹ। ਮੋਬਾ: 98556-62747

ਮਨੁੱਖ ਦਾ ਬਦਲਿਆ ਰਹਿਣ-ਸਹਿਣ ਚਿੰਤਾ ਦਾ ਵਿਸ਼ਾ

ਅੱਜ ਮੁਕਾਬਲੇਬਾਜ਼ੀ ਦਾ ਯੁੱਗ ਚੱਲ ਰਿਹਾ ਹੈ ਅਤੇ ਇਨਸਾਨ ਨੇ ਇਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿਚ ਆਪਣਾ ਰਹਿਣ-ਸਹਿਣ, ਖਾਣ-ਪੀਣ ਦਾ ਢੰਗ ਹੀ ਬਦਲ ਲਿਆ ਹੈ ਅਤੇ ਕੰਮ ਦੀ ਭੱਜ-ਦੌੜ ਵਿਚ ਆਪਣੀ ਸਿਹਤ ਪ੍ਰਤੀ ਕੋਈ ਧਿਆਨ ਨਹੀਂ ਦੇ ਰਿਹਾ। ਦੇਖਣ ਨੂੰ ਰਿਸ਼ਟ-ਪੁਸ਼ਟ ਲੱਗਣ ਵਾਲਾ ਵਿਅਕਤੀ ਵੀ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਹਸਪਤਾਲਾਂ ਵਿਚ ਡਾਕਟਰਾਂ ਕੋਲੋਂ ਆਪਣੀ ਸਰੀਰਕ ਤੰਦਰੁਸਤੀ ਦੀ ਤਲਾਸ਼ ਕਰ ਰਿਹਾ ਹੈ। ਪਹਿਲੇ ਸਮਿਆਂ ਵਿਚ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟਰੋਲ, ਹਾਰਟ ਅਟੈਕ ਆਦਿ ਬਿਮਾਰੀਆਂ ਦਾ ਕਦੇ ਨਾਂਅ ਵੀ ਨਹੀਂ ਸੀ ਸੁਣਿਆ ਪਰ ਅੱਜ ਹਰ ਇਕ ਆਦਮੀ-ਔਰਤ ਇਨ੍ਹਾਂ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਚੁੱਕਾ ਹੈ।
ਪੁਰਾਣੇ ਸਮਿਆਂ ਵਿਚ ਲੋਕ ਦੁੱਧ, ਦੇਸੀ ਘਿਓ ਆਦਿ ਰੱਜ ਕੇ ਖਾਂਦੇ ਸਨ ਅਤੇ ਹੱਥੀਂ ਕੰਮ ਵੀ ਬਹੁਤ ਜ਼ਿਆਦਾ ਕਰਦੇ ਸਨ। ਸਰੀਰਕ ਕਸਰਤ ਹੋਣ ਨਾਲ ਖਾਧਾ-ਪੀਤਾ ਜਲਦੀ ਹਜ਼ਮ ਹੋ ਜਾਂਦਾ ਸੀ ਅਤੇ ਸਰੀਰ ਰਿਸ਼ਟ-ਪੁਸ਼ਟ ਰਹਿੰਦਾ ਸੀ। ਪੁਰਾਣੇ ਸਮਿਆਂ ਦੇ ਮੁਕਾਬਲੇ ਅੱਜ ਮੋਟਰ-ਗੱਡੀਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ, ਜਿਸ ਕਾਰਨ ਸੜਕਾਂ ਉਪਰ ਉਠਦਾ ਧੂੰਆਂ, ਖੇਤਾਂ ਵਿਚ ਪਰਾਲੀ ਸਾੜਨ ਦੇ ਰੁਝਾਨ, ਫੈਕਟਰੀਆਂ ਵਿਚੋਂ ਨਿਕਲਦੇ ਜ਼ਹਿਰੀਲੇ ਧੂੰਏਂ ਨਾਲ ਵਾਤਾਵਰਨ ਨੂੰ ਪਲੀਤ ਕਰਕੇ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ। ਸਾਡੇ ਖੇਤਾਂ ਵਿਚ ਅੰਨ੍ਹੇਵਾਹ ਕੀਤੇ ਜਾਂਦੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਨਾਲ ਸਾਡੀ ਸਿਹਤ 'ਤੇ ਮਾਰੂ ਅਸਰ ਪੈ ਰਿਹਾ ਹੈ। ਹਰੀ ਕ੍ਰਾਂਤੀ ਆਉਣ ਤੋਂ ਬਾਅਦ ਖੇਤੀ ਦਾ ਮਸ਼ੀਨੀਕਰਨ ਹੋ ਗਿਆ। ਖੇਤਾਂ ਵਿਚ ਸਾਰਾ ਕੰਮ ਮਸ਼ੀਨਾਂ ਕਰਨ ਲੱਗੀਆਂ ਹਨ। ਘੰਟਿਆਂ ਦਾ ਕੰਮ ਮਿੰਟਾਂ ਵਿਚ ਹੋਣ ਲੱਗਿਆ ਹੈ। ਖੇਤਾਂ ਵਿਚ ਕਿਸਾਨਾਂ ਦਾ ਅਤੇ ਘਰਾਂ ਵਿਚ ਔਰਤਾਂ ਦਾ ਕੰਮ ਪਹਿਲਾਂ ਨਾਲੋਂ ਅੱਧਾ ਰਹਿ ਗਿਆ ਹੈ। ਪਹਿਲਾਂ ਘਰੇਲੂ ਔਰਤਾਂ ਘਰਾਂ ਵਿਚ ਹੀ ਚੱਕੀ ਉਪਰ ਹੱਥੀਂ ਆਟਾ ਪੀਂਹਦੀਆਂ ਸਨ, ਦੁੱਧ ਰਿੜਕਦੀਆਂ ਸਨ, ਥਾਪੀ ਨਾਲ ਕੱਪੜੇ ਧੋਣਾ, ਕੂੰਡੇ ਵਿਚ ਚੱਟਣੀ ਰਗੜਨਾ, ਚਰਖਾ ਕੱਤਣਾ, ਤਾਣਾ ਤਣਨਾ, ਦਰੀਆਂ ਬੁਣਨਾ, ਖੂਹੀ ਵਿਚੋਂ ਪਾਣੀ ਕੱਢਣਾ, ਖੇਤਾਂ ਵਿਚ ਰੋਟੀ ਲੈ ਕੇ ਜਾਣਾ ਆਦਿ ਸਭ ਕੰਮ ਹੱਥੀਂ ਕੀਤੇ ਜਾਂਦੇ ਸਨ।
ਅੱਜ ਇਹ ਕੰਮ ਬੀਤੇ ਸਮੇਂ ਦੀਆਂ ਗੱਲਾਂ ਹਨ। ਇਸ ਕਰਕੇ ਸਰੀਰ ਆਲਸੀ ਹੋ ਗਏ ਹਨ। ਪਿਛਲੇ ਸਾਲਾਂ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਸਰੀਰ ਵੱਲ ਧਿਆਨ ਦੇਣ ਦੀ ਲੋੜ ਹੈ। ਸਾਨੂੰ ਵਿਸ਼ੇਸ਼ ਤੌਰ 'ਤੇ ਆਪਣੇ ਖਾਣ-ਪੀਣ ਦੇ ਢੰਗ-ਤਰੀਕੇ ਬਦਲਣ ਦੀ ਲੋੜ ਹੈ। ਬਾਜ਼ਾਰ ਵਿਚ ਪਈਆਂ ਚਟਪਟੀਆਂ ਅਤੇ ਜ਼ਿਆਦਾ ਫੈਟ ਵਾਲੀਆਂ ਵਸਤੂਆਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਮੇਸ਼ਾ ਸਾਦਾ ਖਾਣਾ ਹੀ ਲੈਣਾ ਚਾਹੀਦਾ ਹੈ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਰੋਜ਼ਾਨਾ 5-6 ਕਿਲੋਮੀਟਰ ਸੈਰ ਕਰਨੀ ਚਾਹੀਦੀ ਹੈ।

-ਪਿੰਡ ਤੇ ਡਾਕ: ਦਿਆਲਪੁਰਾ ਭਾਈਕਾ, ਤਹਿ: ਫੂੁਲ (ਬਠਿੰਡਾ)।
ਮੋਬਾ: 90419-42308

ਸਿਆਸਤ ਵਿਚ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਸਖ਼ਤ ਕਾਨੂੰਨ ਬਣਨ

ਜੇਕਰ ਸਾਡੇ ਕਾਨੂੰਨ ਨੇ ਜਾਂ ਚੋਣ ਕਮਿਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਔਰਤਾਂ ਨੂੰ ਬਰਾਬਰ ਦਾ ਅਧਿਕਾਰ ਦੇਣਾ ਹੈ ਤਾਂ ਫਿਰ ਉਹ ਸਿਰਫ਼ ਕਾਗਜ਼ ਭਰਨ ਤੱਕ ਹੀ ਕਿਉਂ ਸੀਮਤ ਹਨ? ਜੇਕਰ ਕੋਈ ਔਰਤ ਪੰਚ-ਸਰਪੰਚ ਜਾਂ ਬਲਾਕ ਸੰਪਤੀ ਮੈਂਬਰ ਜਾਂ ਫਿਰ ਨਗਰ ਨਿਗਮਾਂ ਵਿਚ ਕੌਂਸਲਰ ਬਣਦੀ ਹੈ, ਤਾਂ ਕੀ ਉਹ ਉਸ ਪਿੰਡ, ਕਸਬੇ ਜਾਂ ਸ਼ਹਿਰ ਜਿੱਥੋਂ ਉਹ ਚੋਣ ਜਿੱਤੀ ਹੈ, ਦਾ ਕੰਮ-ਕਾਜ ਵੀ ਆਪ ਹੀ ਦੇਖਦੀ ਹੈ? ਕੀ ਉਸ ਵਿਚ ਕਾਬਲੀਅਤ ਹੈ ਕਿ ਉਹ ਕਿਸੇ ਦਫ਼ਤਰ ਜਾਂ ਸਰਕਾਰੇ ਦਰਬਾਰੇ ਜਾ ਕੇ ਕੋਈ ਕੰਮ ਕਰਵਾ ਸਕੇ? ਆਮ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਘੱਟ ਔਰਤਾਂ ਹਨ ਜੋ ਆਪ ਸਾਰਾ ਕੰਮ ਦੇਖਦੀਆਂ ਹਨ ਜਾਂ ਪੜ੍ਹੀਆਂ-ਲਿਖੀਆਂ ਹੋਣ ਕਰਕੇ ਹਰ ਕੰਮ ਨੂੰ ਆਪਣੇ ਹੱਥੀਂ ਕਰਨ ਦਾ ਮਾਦਾ ਰੱਖਦੀਆਂ ਹੋਣ।
ਬਹੁਤ ਘੱਟ ਔਰਤਾਂ ਹੀ ਹਨ ਜੋ ਆਪ ਸਾਰਾ ਕੁਝ ਆਪਣੀ ਮਰਜ਼ੀ ਨਾਲ ਕਰਦੀਆਂ ਹਨ। ਜੇਕਰ ਅਸੀਂ ਚੋਣਾਂ ਤਾਂ ਔਰਤਾਂ ਨੂੰ ਲੜਾ ਦਿੱਤੀਆਂ, ਉਹ ਜਿੱਤ ਵੀ ਗਈਆਂ ਪਰ ਉਨ੍ਹਾਂ ਨੂੰ ਆਪਣੇ ਹੱਥੀਂ ਕੰਮ ਕਰਨ ਦਾ ਅਧਿਕਾਰ ਵੀ ਦਿਵਾਈਏ ਤਾਂ ਫਾਇਦਾ ਹੈ ਇਹ ਕਾਨੂੰਨ ਬਣਾਉਣ ਦਾ, ਨਹੀਂ ਤਾਂ ਸਿਵਾਏ ਕਾਗਜ਼ੀ ਕਾਰਵਾਈ ਦੇ ਕੁਝ ਨਹੀਂ ਹੈ। ਇੱਥੇ ਹੀ ਮੈਂ ਇਕ ਗੱਲ ਹੋਰ ਵੀ ਕਹਿਣੀ ਚਾਹਾਂਗਾ ਕਿ ਕੀ ਪਿੰਡਾਂ ਵਿਚ ਪੰਚਾਇਤੀ ਚੋਣਾਂ ਵਿਚ ਕਈ ਪਿੰਡ ਰਿਜ਼ਰਵ ਕਰ ਦਿੱਤੇ ਜਾਂਦੇ ਹਨ ਕਿ ਉਥੇ ਸਿਰਫ ਐੱਸ.ਸੀ. ਹੀ ਚੋਣ ਲੜ ਸਕਦਾ ਹੈ ਪਰ ਉਥੇ ਵੀ ਇਸ ਦੇ ਉਲਟ ਹੁੰਦਾ ਹੈ ਕਿ ਚੋਣ ਤਾਂ ਐਸ.ਸੀ. ਲੜਦਾ ਹੈ ਪਰ ਲੜਾਉਂਦਾ ਕੋਈ ਹੋਰ ਹੈ। ਚੋਣ ਜਿੱਤਣ ਤੋਂ ਬਾਅਦ ਸਾਰਾ ਕੰਮ ਵੀ ਉਹੀ ਕਰਦਾ ਹੈ ਜੋ ਇਸ ਚੋਣ ਸਮੇਂ ਪਿੱਛੇ ਤੋਂ ਮਦਦ ਕਰਕੇ ਆਪਣੇ ਧੜੇ ਦੇ ਬੰਦੇ ਨੂੰ ਜਿਤਾਉਂਦਾ ਹੈ। ਇਸੇ ਸਾਲ ਹੀ ਪੰਜਾਬ ਵਿਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਪਾਸੇ ਵੱਲ ਜ਼ਰੂਰ ਚੋਣ ਕਮਿਸ਼ਨ ਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
ਅੱਜ ਦੀਆਂ ਚੋਣਾਂ ਬਹੁਤ ਖਰਚੇ ਵਾਲੀਆਂ ਹੋ ਗਈਆਂ ਹਨ। ਆਮ ਆਦਮੀ ਦੇ ਵੱਸ ਤੋਂ ਬਾਹਰ ਹੈ ਚੋਣ ਜਿੱਤਣੀ। ਇਸ ਕਰਕੇ ਵੀ ਕਈ ਵਾਰ ਰਿਜ਼ਰਵ ਸੀਟ 'ਤੇ ਖੜ੍ਹਾ ਹੋਣ ਵਾਲਾ ਉਮੀਦਵਾਰ ਪੈਸੇ ਪੱਖੋਂ ਕਮਜ਼ੋਰ ਹੋਣ ਕਰਕੇ ਇਸ ਪਾਸੇ ਤੋਂ ਕੰਨੀ ਕਤਰਾਉਂਦਾ ਹੈ ਤੇ ਉਸ ਨੂੰ ਮਜਬੂਰਨ ਸਰਮਾਏਦਾਰਾਂ ਦਾ ਹੱਥ ਠੋਕਾ ਬਣਨਾ ਪੈਂਦਾ ਹੈ। ਉਪਰੋਕਤ ਗੱਲਾਂ ਵੱਲ ਚੋਣ ਕਮਿਸ਼ਨ ਨੂੰ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਸਭ ਬਰਾਬਰ ਦੇ ਅਧਿਕਾਰ ਦੇਣ ਦੀਆਂ ਗੱਲਾਂ ਜਾਂ ਕਾਨੂੰਨ ਹਵਾ ਵਿਚ ਹੀ ਰਹਿ ਜਾਣਗੇ। ਪੰਜਾਬ ਵਿਚ ਚੋਣਾਂ ਸਮੇਂ ਬਹੁਤ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾਂਦਾ ਹੈ। ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤੇ ਜਾਂਦੇ ਹਨ। ਨਸ਼ੇ ਤੇ ਹੋਰ ਵੰਡ-ਵੰਡਾਈ ਜੋ ਚਲਦੀ ਹੈ, ਉਸ ਨੂੰ ਠੱਲ੍ਹ ਪਾਉਣੀ ਚਾਹੀਦੀ ਹੈ।

-(ਤਰਨ ਤਾਰਨ)। ਮੋਬਾ: 98723-67922


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX