ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ ...ਪਿਆਰ ਪੰਜਾਬੀ ਏ


'ਯਾਰ ਪੰਜਾਬੀ ਏ, ਮੇਰਾ ਪਿਆਰ ਪੰਜਾਬੀ ਏ' ਵਾਲੀ ਗੱਲ 'ਮਨਮਰਜ਼ੀਆਂ' ਫ਼ਿਲਮ ਵਾਲੀ 'ਪਿੰਕ' ਕੁੜੀ ਤਾਪਸੀ ਪੰਨੂੰ ਨੇ ਸਹੀ ਸਿੱਧ ਕਰਵਾਈ, ਜਦ ਉਹ ਆਪਣੇ ਸਾਥੀ ਸਿਤਾਰੇ ਵਿੱਕੀ ਕੌਸ਼ਲ ਨੂੰ 'ੳ. ਅ.' ਲਿਖ ਕੇ ਸਮਝਾਉਂਦੀ ਨਜ਼ਰ ਆਈ। ਹਾਲਾਂਕਿ ਵਿੱਕੀ ਵੀ ਪੰਜਾਬੀ ਹੈ ਪਰ ਵਿੱਕੀ ਪੰਜਾਬੀ ਬੋਲ ਲੈਂਦਾ ਹੈ, ਸਮਝ ਲੈਂਦਾ ਹੈ, ਪੜ੍ਹ ਲੈਂਦਾ ਹੈ ਪਰ 'ਗੁਰਮੁਖੀ' ਪੰਜਾਬੀ ਵਲੋਂ ਉਸ ਦਾ ਹੱਥ ਤੰਗ ਹੈ ਤੇ ਤਾਪਸੀ ਨੇ 'ੳ' ਤੋਂ ਲੈ ਕੇ 'ਸ' ਪੈਰ ਬਿੰਦੀ (ਸ਼), 'ਖ' ਪੈਰ ਬਿੰਦੀ (ਖ਼) ਪੂਰੀ ਗੁਰਮੁਖੀ ਉਸ ਨੂੰ ਰਟਾ ਦਿੱਤੀ, ਸਮਝਾ ਦਿੱਤੀ। ਦੋਵੇਂ ਤਾਮਿਲ ਫ਼ਿਲਮ 'ਮੁਲਕ' ਵੀ ਕਰਨਗੇ ਤੇ ਤਾਪਸੀ ਤੇ ਵਿੱਕੀ ਆਪਸੀ ਗੱਲਬਾਤ ਸੈੱਟ 'ਤੇ ਪੰਜਾਬੀ 'ਚ ਹੀ ਕਰਦੇ ਹਨ। 'ਦਿਲ ਜੰਗਲੀ' ਵਾਲੀ ਇਹ ਦੱਖਣ ਦੀ ਸਟਾਰ ਹੀਰੋਇਨ ਨਵੇਂ ਰੂਪ 'ਚ 'ਮਨਮਰਜ਼ੀਆਂ' ਨਾਲ ਨਜ਼ਰ ਪੈ ਰਹੀ ਹੈ। ਇਸ ਸਾਲ ਗਰਮੀਆਂ ਮੁੱਕਦੇ ਹੀ ਬਰਸਾਤਾਂ 'ਚ ਕਿਣਮਿਣ ਕਰੇਗੀ ਤਾਪਸੀ ਦੀ 'ਮਨਮਰਜ਼ੀਆਂ' ਤੇ ਉਸ ਸਬੰਧ ਨਾਲ 'ਸਰਦਾਰ ਜੀ' (ਅਭਿਸ਼ੇਕ ਬੱਚਨ) ਦੀ 'ਸਰਦਾਰਨੀ' (ਤਾਪਸੀ) ਇਸ ਫ਼ਿਲਮ 'ਚ ਬਣੀ ਹੈ। ਸਾਕਿਬ ਸਲੀਮ ਤਾਂ ਤਾਪਸੀ ਲਈ ਹਉਕੇ ਭਰਦਾ ਕਈਆਂ ਨੇ ਦੇਖਿਆ ਹੈ ਪਰ 'ਦਿਲ ਜੰਗਲੀ' ਲਈ ਤਾਪਸੀ ਤਾਂ 'ਸੂਰਮਾ' ਦਿਲਜੀਤ ਦੋਸਾਂਝ ਨਾਲ ਵੀ ਸੈੱਟ 'ਤੇ ਕੰਮ ਤੱਕ ਹੀ ਸੀਮਤ ਨਜ਼ਰ ਆਈ ਸੀ, ਤਾਂ ਸਾਕਿਬ ਉਸ ਮੂਹਰੇ ਕੀ ਹੈ? ਸੁਜਾਏ ਘੋਸ਼ ਦੀ ਨਵੀਂ ਫ਼ਿਲਮ 'ਬਦਲਾ' 'ਚ ਤਾਪਸੀ ਫਿਰ ਅਮਿਤਾਭ ਬੱਚਨ ਨਾਲ ਨਜ਼ਰ ਆਏਗੀ। 'ਮਨਮਰਜ਼ੀਆਂ', 'ਸੂਰਮਾ', 'ਬਦਲਾ', 'ਮੁਲਕ' ਇਹ ਵੱਡੀਆਂ ਫ਼ਿਲਮਾਂ ਉਸ ਕੋਲ ਹਨ। ਤਾਪਸੀ ਪੰਨੂੰ 'ਜੁੜਵਾਂ-2' ਨਾਲ ਖ਼ਬਰਾਂ 'ਚ ਰਹੀ ਹੈ। ਵਰੁਣ ਧਵਨ ਲਈ ਜ਼ਰੂਰ ਉਸ ਦਾ ਦਿਲ ਕੁਝ ਨਰਮ ਹੈ। ਸਾਕਿਬ ਕਿੱਥੇ ਤੇ ਕਿੱਥੇ ਵਰੁਣ? ਤਾਪਸੀ ਸਭ ਜਾਣਦੀ ਹੈ। ਸਪੇਨ ਵਿਖੇ ਪਰਿਵਾਰ ਨਾਲ ਤਾਪਸੀ ਨੇ ਨਵੀਆਂ ਫੋਟੋਆਂ ਖਿਚਵਾ ਕੇ ਪਾਈਆਂ ਹਨ। ਤਾਪਸੀ ਨਾਲ-ਨਾਲ ਇਹ ਅਹਿਸਾਸ ਵੀ ਕਰਵਾ ਰਹੀ ਹੈ ਕਿ ਕੰਮ ਦੇ ਨਾਲ-ਨਾਲ ਪਰਿਵਾਰ ਉਸ ਲਈ ਅਹਿਮ ਹੈ। ਹਾਂ, ਸੋਸ਼ਲ ਮੀਡੀਆ 'ਤੇ ਲਿਖਣ ਦੀ ਸ਼ੈਲੀ ਜ਼ਰੂਰ ਤਾਪਸੀ ਨੂੰ ਪ੍ਰੇਸ਼ਾਨੀਆਂ ਦਿਖਾਉਂਦੀ ਹੈ ਪਰ ਕੁੱਲ ਮਿਲਾ ਕੇ ਤਾਪਸੀ ਦੀਆਂ ਰਗਾਂ 'ਚ ਪੰਜਾਬੀ ਖ਼ੂਨ ਉਸ ਦੇ ਜੋਸ਼ ਨੂੰ ਠੰਢਾ ਨਹੀਂ ਪੈਣ ਦਿੰਦਾ, ਹਿੰਮਤ ਹੀ ਦਿੰਦਾ ਹੈ।


ਖ਼ਬਰ ਸ਼ੇਅਰ ਕਰੋ

ਸੋਨਾਕਸ਼ੀ ਸਿਨਹਾ ਹੈਪੀ ਫਿਰ ਭਾਗ ਜਾਏਗੀ?

ਸਿਰ ਦੇ ਭਾਰ ਖੜ੍ਹੀ ਹੋਣਾ ਸੋਨਾਕਸ਼ੀ ਸਿਨਹਾ ਨੂੰ ਇੰਜ ਆਉਂਦਾ ਏ ਜਿਵੇਂ ਭਲਵਾਨਾਂ ਦੇ ਖਾਨਦਾਨ 'ਚੋਂ ਹੋਵੇ। ਇਹ ਕਸਰਤ ਤਾਂ ਵੱਡੇ-ਵੱਡਿਆਂ ਨੂੰ ਨਾਨੀ ਯਾਦ ਕਰਵਾ ਦਿੰਦੀ ਹੈ। ਇਹ ਸਾਰਾ ਸਿਹਰਾ ਸੋਨਾ ਨੇ ਬਾਬਾ ਰਾਮਦੇਵ ਨੂੰ ਦਿੱਤਾ ਹੈ। ਵਾਅਦੇ ਦੀ ਪੱਕੀ ਇਹ 'ਦਬੰਗ ਕੁੜੀ' ਮਲੇਸ਼ੀਆ ਤੋਂ ਸ਼ੂਟਿੰਗ ਕਰ ਕੇ ਭਾਰਤ ਪਰਤੀ ਤਾਂ ਜੋ ਵਿਗਿਆਪਨ ਦੀ ਸ਼ੂਟਿੰਗ ਕਰੇ। 'ਹੈਪੀ ਫਿਰ ਭਾਗ ਜਾਏਗੀ' ਦੀ ਸ਼ੂਟਿੰਗ ਲਈ ਮਲੇਸ਼ੀਆ ਸੀ ਸੋਨਾ। ਕਿਉਂਕਿ ਕੁਆਲਾਲੰਪੁਰ 'ਚ ਭਾਰੀ ਮੀਂਹ ਕਾਰਨ ਕਈ ਦਿਨ ਫ਼ਿਲਮਾਂਕਣ ਰੁਕਿਆ ਰਿਹਾ। ਸ਼ਤਰੂ-ਪੂਨਮ ਦੀ ਇਹ ਹੋਣਹਾਰ ਬਿਟੀਆ ਆਪਣੇ ਫ਼ਿਲਮੀ ਸਫ਼ਰ ਨੂੰ ਕਾਮਯਾਬ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਸੋਨਾ ਨੂੰ ਜੇ ਕਿਸੇ ਗੱਲ ਤੋਂ ਹੈਰਾਨਗੀ ਹੋਈ ਤਾਂ ਉਹ ਸੀ ਨੇਹਾ ਧੂਪੀਆ ਦਾ ਵਿਆਹ ਤੇ ਇਸ ਵਿਆਹ 'ਤੇ ਸੋਨਾ ਨੇ ਸੁਨੇਹਾ ਲਿਖਿਆ ਹੈ 'ਹੈਂ ਹੋ ਗਿਆ'? ਗੱਲ ਕੀ ਸੋਨਾ ਹੁਣ ਨਵੇਂ ਪੱਛਮੀ-ਭਾਰਤੀ ਫੈਸ਼ਨ ਨੂੰ ਅਪਣਾ ਕੇ ਛੋਟੇ ਵਾਲਾਂ ਨਾਲ ਨਜ਼ਰ ਆ ਰਹੀ ਹੈ। ਜ਼ਰੂਰ ਕੁਝ ਨਵਾਂ ਕਰਨ ਦੇ ਰੌਂਅ ਵਿਚ ਉਹ ਹੈ। 'ਦਬੰਗ-3' 'ਚ ਸੋਨਾ ਫਿਰ ਸਲਮਾਨ ਨਾਲ ਆ ਸਕਦੀ ਹੈ। 'ਯਮਲਾ ਪਗਲਾ ਦਿਵਾਨਾ ਫਿਰ ਸੇ' ਧਰਮਿੰਦਰ ਦੀ ਇਸ ਫ਼ਿਲਮ 'ਚ ਸੋਨਾਕਸ਼ੀ ਸਿਨਹਾ ਇਕ ਖ਼ਾਸ ਡਾਂਸ ਕਰ ਰਹੀ ਹੈ। ਸਲਮਾਨ ਖਾਨ ਤੇ ਰੇਖਾ ਦੇ ਨਾਲ ਸੋਨਾ ਦਾ ਇਹ ਗਾਣਾ ਧਮਾਲ ਪਾਏਗਾ। ਸੋਨਮ ਦੇ ਵਿਆਹ ਤੋਂ ਬਾਅਦ, ਨੇਹਾ ਧੂਪੀਆ ਦੀ ਸ਼ਾਦੀ 'ਤੇ ਸ਼ਾਇਦ ਸੋਨਾਕਸ਼ੀ ਸਿਨਹਾ ਹੁਣ ਆਪਣੇ ਲਈ ਖੇਤਰ ਖਾਲੀ ਸਮਝ ਰਹੀ ਹੈ। ਮਨੀਸ਼ ਤੇ ਅਨੀਤਾ ਡੋਂਗਰੇ ਦੀ ਵੈੱਬ ਲੜੀ 'ਇਟਰਨ ਡਾਈਰੀਜ਼' ਸੋਨਾ ਕਰੇਗੀ। ਸੋਨਾ ਆਪ ਪਹਿਰਾਵੇ ਦੀ ਮਾਸਟਰਨੀ ਰਹੀ ਹੈ। 8 ਕਿਸ਼ਤਾਂ ਵਾਲੀ ਇਹ ਲੜੀ ਸੋਨਾ ਦੇ ਆਉਣ ਨਾਲ ਚਰਚਿਤ ਹੋ ਗਈ ਹੈ। 'ਵੈਲਕਮ ਟੂ ਨਿਊਯਾਰਕ' ਖ਼ਾਸ ਨਹੀਂ ਰਹੀ ਤੇ ਸੋਨਾਕਸ਼ੀ ਸਿਨਹਾ ਇਸ ਅਸਫ਼ਲਤਾ ਨੂੰ ਭੁਲਾਉਣ ਲਈ ਵੈੱਬ ਲੜੀ ਕਰ ਚੁੱਕੀ ਹੈ। ਰਹੀ ਗੱਲ 'ਹੈਪੀ ਫਿਰ ਭਾਗ ਜਾਏਗੀ' ਦੀ ਤਾਂ ਇਸ 'ਚ 'ਭਗੌੜੀ ਦੁਲਹਨ' ਦਾ ਮਜ਼ੇਦਾਰ ਕਿਰਦਾਰ ਉਸ ਨੇ ਕੀਤਾ ਹੈ। ਕੁੱਲ ਮਿਲਾ ਕੇ ਹਾਲੇ ਸਮੇਂ ਦੀ ਡੋਰ ਸੋਨਾਕਸ਼ੀ ਸਿਨਹਾ ਦੇ ਹੱਥ 'ਚ ਹੈ।

ਸੋਨੂੰ ਸੂਦਸਰਵਗੁਣ ਸੰਪੂਰਣ 'ਸਿੰਬਾ'


ਰਣਵੀਰ ਸਿੰਘ ਦੀ ਜਾਨ 'ਚ ਜਾਨ ਆਈ ਕਿਉਂਕਿ ਆਰ. ਮਾਧਵਨ ਦੀ ਨਾਂਹ ਤੋਂ ਬਾਅਦ ਫ਼ਿਲਮ 'ਸਿੰਬਾ' ਦਾ ਭਵਿੱਖ ਹਨੇਰੇ 'ਚ ਡੁੱਬ ਗਿਆ ਸੀ। ਰੋਹਿਤ ਸ਼ੈਟੀ ਨੇ ਸ਼ਾਨ ਨਾਲ ਐਲਾਨ ਕੀਤਾ ਹੈ ਕਿ ਹੁਣ 'ਸਿੰਬਾ' ਦਾ ਖਲਨਾਇਕ ਸੋਨੂੰ ਸੂਦ ਹੋਵੇਗਾ ਤੇ ਪਹਿਲੀ ਵਾਰ ਰਣਵੀਰ ਸਿੰਘ-ਸੋਨੂੰ ਸੂਦ ਦੀ ਜੋੜੀ ਨਜ਼ਰ ਆਏਗੀ ਤਾਂ ਨਜ਼ਾਰੇ ਹੀ ਹੋਰ ਹੋਣਗੇ। ਮਜ਼ੇਦਾਰ ਗੱਲ ਇਹ ਹੈ ਕਿ 'ਸਿੰਬਾ' ਦੇ ਰਣਵੀਰ ਤੇ ਸੋਨੂੰ ਦਾ ਸਰੀਰ ਸੁੱਖ ਨਾਲ ਦੋਵਾਂ ਦਾ ਹੀ ਚੰਗਾ ਹੈ। ਹਾਂ ਅਭਿਸ਼ੇਕ ਬੱਚਨ, ਆਰ. ਮਾਧਵਨ ਤੋਂ ਬਾਅਦ ਸੋਨੂੰ ਸੂਦ 'ਸਿੰਬਾ' 'ਚ ਆਇਆ ਹੈ। ਯਾਦ ਰਹੇ ਪੰਜਾਬੀ ਪੁੱਤ ਸੋਨੂੰ ਸੂਦ ਕਦੇ ਇਕਬਾਲ ਢਿੱਲੋਂ ਹੁਰਾਂ ਦੀ ਮਿਹਰਬਾਨੀ ਨਾਲ ਪਰਦੇ 'ਤੇ ਪਹਿਲੀ ਵਾਰ ਆਇਆ ਸੀ। ਫ਼ਿਲਮ ਚੱਲੀ ਜਾਂ ਨਹੀਂ ਸੋਨੂੰ ਪੂਰਾ ਸਫ਼ਲ ਹੋਇਆ ਤੇ ਅੱਜ ਉਹੀ ਸੋਨੂੰ ਸੂਦ ਅਭਿਨੇਤਾ ਹੀ ਨਹੀਂ ਨਿਰਮਾਤਾ ਵੀ ਹੈ। ਬੀ. ਟਾਊਨ ਤੇ ਦੱਖਣ ਲੋਕ ਦਾ ਚਹੇਤਾ 'ਸਿੰਬਾ' ਸੋਨੂੰ ਇਕ ਹੋਰ ਫ਼ਿਲਮ 'ਸਰਵ ਗੁਣ ਸੰਪੰਨ' ਵੀ ਕਰ ਰਿਹਾ ਹੈ। ਯੂ.ਪੀ. ਤੇ ਬਿਹਾਰ ਦੇ ਸੱਭਿਆਚਾਰ ਤੋਂ ਪ੍ਰੇਰਿਤ ਸੋਨੂੰ ਦੀ ਇਹ ਹਾਸਰਸ ਫ਼ਿਲਮ ਹੋਏਗੀ। ਲਖਨਊ ਤੇ ਫਰੁਖਾਬਾਦ ਵਿਖੇ ਜਾ ਕੇ ਸੋਨੂੰ ਸੂਦ ਨੇ 'ਸਿੰਬਾ' ਦੀ ਕਹਾਣੀ ਸੁਣੀ ਤੇ 'ਸਰਵਗੁਣ ਸੰਪੰਨ' ਲਈ ਯੋਜਨਾ ਉਲੀਕੀ। ਯੂ.ਪੀ. ਤੇ ਬਿਹਾਰ 'ਚ ਸੋਨੂੰ ਕਾਫੀ ਦੇਰ ਰਿਹਾ ਹੈ। ਅਰਜਨ ਰਾਮਪਾਲ ਨੂੰ ਵੀ 'ਸਰਵਗੁਣ ਸੰਪੰਨ' 'ਚ ਸੋਨੂੰ ਨੇ ਲਿਆ ਹੈ। ਕਰਨ ਕਸ਼ਯਪ ਨੂੰ ਨਿਰਦੇਸ਼ਨ ਦਾ ਜ਼ਿੰਮਾ ਸੋਨੂੰ ਸੂਦ ਨੇ 'ਸਰਵਗੁਣ ਸੰਪੰਨ' ਲਈ ਦਿੱਤਾ ਹੈ। ਕੰਗਨਾ ਦੇ ਨਾਲ ਵੀ ਬੀਕਾਨੇਰ 'ਚ ਉਸ ਨੇ ਸ਼ੂਟਿੰਗ ਕੀਤੀ ਹੈ। 'ਕੁੰਗਫੂ ਯੋਗ' ਨਾਲ ਹੋਰ ਹਰਮਨ-ਪਿਆਰੇ ਹੋਏ ਸੋਨੂੰ ਨੂੰ 'ਦਬੰਗ-3' 'ਚ ਕੰਮ ਮਿਲਣ ਦੇ ਮੌਕੇ ਮਿਲੇ ਹਨ। ਜੇ.ਪੀ. ਦੱਤਾ ਦੀ 'ਪਲਟਨ' 'ਚ ਵੀ ਸੋਨੂੰ ਸੂਦ ਹੈ। ਦੱਤਾ ਜੀ 'ਬਾਰਡਰ' ਤੋਂ ਬਾਅਦ 'ਪਲਟਨ' ਨਾਲ ਇਤਿਹਾਸ ਲਿਖਣਗੇ। ਇਸ ਤਰ੍ਹਾਂ ਪੰਜਾਬੀਆਂ ਦਾ ਆਪਣਾ ਸੋਨੂੰ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਤੇ ਚੰਨ ਤੱਕ ਮਸ਼ਹੂਰ ਹੋਇਆ ਹੈ ਤਾਂ ਇਸ ਪਿਛੇ ਉਸ ਦੀ ਮਿਹਨਤ, ਪ੍ਰਤਿਭਾ ਤੇ ਲਗਨ ਹੈ। 'ਸਰਵਗੁਣ ਸੰਪੰਨ', 'ਪਲਟਨ' ਸੋਨੂੰ ਸੂਦ ਦਾ ਅਭਿਨੈ ਜੀਵਨ ਹੋਰ ਨਿਖਾਰਨਗੀਆਂ। 'ਸਰਵਗੁਣ ਸੰਪੰਨ', 'ਸਿੰਬਾ' ਦਰਸ਼ਕਾਂ ਦੀ 'ਪਲਟਨ' ਨੂੰ ਇਸੇ ਹੀ ਤਰ੍ਹਾਂ ਖੁਸ਼ ਰੱਖੇਗਾ।

-ਸੁਖਜੀਤ ਕੌਰ

ਵਿਦਿਆ ਬਾਲਨ ਬਣੇਗੀ ਗੈਂਗਸਟਰ

ਪਤੀ ਪਰਮੇਸ਼ਵਰ ਸਿਧਾਰਥ ਰਾਏ ਕਪੂਰ ਨੇ ਸ੍ਰੀਮਤੀ ਇੰਦਰਾ ਗਾਂਧੀ ਸਾਬਕਾ ਪੀ.ਐਮ. 'ਤੇ ਲਿਖੀ ਕਿਤਾਬ ਦੇ ਅਧਿਕਾਰ ਖਰੀਦਣ ਤੋਂ ਬਾਅਦ ਧਰਮਪਤਨੀ ਸ੍ਰੀਮਤੀ ਸਿਧਾਰਥ ਰਾਏ ਕਪੂਰ ਭਾਵ ਵਿਦਿਆ ਬਾਲਨ ਨਾਲ ਮਸ਼ਵਰੇ ਕਰ ਕੇ ਇੰਦਰਾ ਗਾਂਧੀ 'ਤੇ ਫ਼ਿਲਮ ਬਣਾਉਣ ਦੀ ਯੋਜਨਾ ਕਾਗਜ਼ਾਂ 'ਤੇ ਉਲੀਕ ਲਈ ਹੈ। ਸਾਰਾ ਕੁਝ ਸਹੀ-ਸਲਾਮਤ ਰਿਹਾ ਤਾਂ ਇਹ ਕਿਰਦਾਰ ਵਿਦਿਆ ਬਾਲਨ ਹੀ ਕਰੇਗੀ ਪਰ ਹਾਲੇ ਇਸ ਦਾ ਐਲਾਨ ਹੋਣਾ ਬਾਕੀ ਹੈ। 'ਤੁਮਹਾਰੀ ਸੱਲੂ', 'ਕਹਾਨੀ' ਜਿਹੀਆਂ ਸਫ਼ਲ ਫ਼ਿਲਮਾਂ ਤੋਂ ਬਾਅਦ ਇਸ ਤਰ੍ਹਾਂ ਇਹ ਵਿਦਿਆ ਦੀ ਇਕ ਖਾਸ ਆਪਣੀ ਤਰ੍ਹਾਂ ਦੀ ਕਿਤਾਬ ਨਾਲ ਪਹਿਲੀ ਬਾਇਓਪਿਕ ਹੋਵੇਗੀ। ਇਸ ਸਮੇਂ ਸਨਅਤ ਦਾ ਧਿਆਨ ਅਚਾਨਕ ਵਿਦਿਆ ਵੱਲ ਗਿਆ ਹੈ। 15 ਸਾਲ ਦੇ ਫ਼ਿਲਮੀ ਜੀਵਨ 'ਚ 'ਡਰਟੀ ਪਿਕਚਰ' ਤੋਂ ਲੈ ਕੇ ਅਨੇਕਾਂ ਫ਼ਿਲਮਾਂ ਕੀਤੀਆਂ ਹਨ। ਹੁਣ ਜਯੋਤੀ ਦਾਸ ਨੇ ਵਿਦਿਆ ਨੂੰ ਲੈ ਲਿਆ ਹੈ। ਅਪਰਾਧ ਦੀ ਦੁਨੀਆ 'ਚੋਂ ਕਹਾਣੀ ਲੈ ਕੇ ਵਿਦਿਆ ਤੇ ਜਯੋਤੀ ਦਾਸ ਫ਼ਿਲਮ ਬਣਾਏਗੀ ਤੇ ਵਿਦਿਆ ਇਸ ਵਿਚ 'ਗੈਂਗਸਟਰ' ਬਣੇਗੀ। ਹੁਣ ਵਿਦਿਆ ਵੀ ਕਈ ਅਹਿਮ ਫ਼ੈਸਲੇ ਲੈ ਰਹੀ ਹੈ। ਹੁਣ ਸਾੜ੍ਹੀ ਦੀ ਥਾਂ ਉਹ ਕੁੜਤਾ-ਪਜਾਮਾ ਪਹਿਨਣਾ ਜ਼ਿਆਦਾ ਪਸੰਦ ਕਰ ਰਹੀ ਹੈ। ਯਾਦ ਰਹੇ ਵਿਦਿਆ ਲਗਾਤਾਰ 6 ਫੇਲ੍ਹ ਫ਼ਿਲਮਾਂ ਦੇ ਕੇ ਆਲੋਚਨਾ ਦਾ ਕੇਂਦਰ ਬਣੀ ਹੈ। ਇਸ ਦਾ ਅਰਥ ਇਹ ਹੈ ਕਿ ਹੁਣ ਢੀਠ ਹੋ ਕੇ ਹੀ ਚਲਣਾ ਪੈਣਾ ਹੈ। ਤੇ ਹਾਂ ਰੋਟੀ-ਟੁੱਕ ਵਿਦਿਆ ਦੇ ਵਸ ਦੀ ਗੱਲ ਨਹੀਂ, ਉਹ ਖਾਣਾ ਨਹੀਂ ਬਣਾ ਸਕਦੀ। ਘਰ 'ਚ ਜੁੱਤੀ ਪਹਿਨ ਕੇ ਚਲਣਾ ਵੀ ਉਸ ਦੀ ਆਦਤ ਨਹੀਂ। ਨੰਗੇ ਪੈਰੀਂ ਘਰ ਵਿਚ ਰਹਿਣਾ ਤੇ ਵਹਿਮ ਕਹਿ ਲਵੋ ਕਿ ਜੁੱਤੀਆਂ ਨਾਲ ਕੀਟਾਣੂ ਘਰ ਵਿਚ ਦਾਖਲ ਹੁੰਦੇ ਹਨ। ਅਸੀਂ ਦੋ ਤੇ ਸਾਡੇ... ਹਾਲੇ ਇਸ 'ਤੇ ਉਹ ਚੁੱਪ ਹੈ। ਖਾਣਾ ਬਣਾਉਣਾ ਨਹੀਂ ਸਿੱਖਣਾ ਕਿਉਂਕਿ ਸਮਾਂ ਹੀ ਨਹੀਂ ਹੈ। ਪੂਰੇ ਦੱਖਣ ਭਾਰਤੀ ਰੀਤ-ਰਸਮਾਂ ਨਾਲ ਉਹ ਜ਼ਿੰਦਗੀ ਬਸਰ ਕਰਦੀ ਹੈ। ਇੰਦਰਾ ਗਾਂਧੀ ਦੀ ਬਾਇਓਪਿਕ, ਗੈਂਗਸਟਰ ਵਾਲਾ ਕਿਰਦਾਰ, ਔਲਾਦ ਪ੍ਰਤੀ ਹਾਲੇ ਚੁੱਪ ਵਿਦਿਆ ਬਾਲਨ ਰਸਮੋ-ਰਿਵਾਜ ਅਪਣਾ, ਸੱਭਿਆਚਾਰ ਲੈ ਕੇ ਜ਼ਿੰਦਗੀ ਬਤੀਤ ਕਰ ਰਹੀ ਹੈ। ਚਾਹੇ ਫ਼ਿਲਮੀ ਕਿਰਦਾਰ ਉਹ ਕਿਸੇ ਵੀ ਤਰ੍ਹਾਂ ਦੇ ਕਰਦੀ ਹੋਵੇ। ਚੁੱਲ੍ਹਾ-ਚੌਂਕਾ ਚਾਹੇ ਨਹੀਂ ਕਰਨਾ ਆਉਂਦਾ ਪਰ ਅਭਿਨੈ ਦੀ ਮਹਾਰਾਣੀ ਉਹ ਹੈ ਤੇ ਹੋਰ ਚਾਹੀਦਾ ਵੀ ਉਸ ਨੂੰ ਕੀ ਹੈ?

ਪੂਨਮ ਪਾਂਡੇ ਦੀ ਸ਼ੁਰੂ ਹੋਈ ਦ ਜਰਨੀ ਆਫ਼ ਕਰਮਾ

ਪੂਨਮ ਪਾਂਡੇ ਸ਼ੁਰੂ ਤੋਂ ਹੀ ਆਪਣੇ ਅਭਿਨੈ ਦੀ ਬਜਾਏ ਆਪਣੀ ਬੇਬਾਕ ਬਿਆਨਬਾਜ਼ੀ ਤੇ ਗਲੈਮਰਸ ਫੋਟੋ ਸੈਸ਼ਨ ਦੀ ਬਦੌਲਤ ਖ਼ਬਰਾਂ ਵਿਚ ਬਣੀ ਰਹਿੰਦੀ ਆਈ ਹੈ। ਫ਼ਿਲਮਾਂ ਦੇ ਨਾਂਅ 'ਤੇ ਉਸ ਦੀ ਇਕਮਾਤਰ ਫ਼ਿਲਮ 'ਨਸ਼ਾ' ਹੈ, ਜਿਸ ਵਿਚ ਉਹ ਮੁੱਖ ਨਾਇਕਾ ਸੀ। 'ਆ ਗਿਆ ਹੀਰੋ' ਵਿਚ 'ਆਈਟਮ ਗਰਲ' ਦੇ ਤੌਰ 'ਤੇ ਚਮਕੀ ਤਾਂ 'ਯੁਵਾ' ਵਿਚ ਉਹ ਛੋਟੀ ਜਿਹੀ ਭੂਮਿਕਾ ਵਿਚ ਸੀ। ਹੁਣ ਪੂਨਮ ਪਾਂਡੇ ਨੂੰ ਮੁੱਖ ਭੂਮਿਕਾ ਵਿਚ ਚਮਕਾਉਂਦੀ ਫ਼ਿਲਮ 'ਦ ਜਰਨੀ ਆਫ਼ ਕਰਮਾ' ਆ ਰਹੀ ਹੈ। ਇਸ ਵਿਚ ਪੂਨਮ ਵਲੋਂ ਕਰਮਾ ਨਾਮੀ ਕੁੜੀ ਦਾ ਕਿਰਦਾਰ ਨਿਭਾਇਆ ਗਿਆ ਹੈ।
ਫ਼ਿਲਮ ਦਾ ਨਿਰਮਾਣ ਜਗਬੀਰ ਦਹੀਆ ਵਲੋਂ ਕੀਤਾ ਗਿਆ ਹੈ। ਇਸ ਹਰਿਆਣਵੀ ਨਿਰਮਾਤਾ ਨੇ ਪਹਿਲਾਂ ਗਾਇਕ ਸੁਖਵਿੰਦਰ ਨੂੰ ਨਾਇਕ ਦੇ ਤੌਰ 'ਤੇ ਲੈ ਕੇ 'ਖ਼ੁਦ ਹੀ ਕੋ ਕਰ ਬੁਲੰਦ ਇਤਨਾ' ਬਣਾਈ ਸੀ। ਜਦੋਂ ਸੁਖਵਿੰਦਰ ਵਲੋਂ 'ਚੱਕ ਦੇ ਇੰਡੀਆ' ਦਾ ਗੀਤ 'ਕੁਛ ਕਰੀਏ...' ਹਿੱਟ ਹੋਇਆ ਤਾਂ ਉਨ੍ਹਾਂ ਨੇ ਆਪਣੀ ਫ਼ਿਲਮ ਦਾ ਟਾਈਟਲ ਬਦਲ ਕੇ 'ਕੁਛ ਕਰੀਏ' ਰੱਖ ਲਿਆ. ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ ਟਿਕਟ ਖਿੜਕੀ 'ਤੇ ਕੁਝ ਕਰਨ ਵਿਚ ਨਾਕਾਮ ਰਹੀ ਸੀ।
ਆਪਣੀ ਇਸ ਨਵੀਂ ਫ਼ਿਲਮ ਵਿਚ ਜਗਬੀਰ ਨੇ ਕਰਮਾ ਨਾਮੀ ਕੁੜੀ ਦੀ ਕਹਾਣੀ ਪੇਸ਼ ਕੀਤੀ ਹੈ। ਕਰਮਾ ਗ਼ਰੀਬ ਘਰ ਦੀ ਕੁੜੀ ਹੈ ਪਰ ਪੜ੍ਹਾਈ ਵਿਚ ਕਾਫੀ ਤੇਜ਼ ਹੈ। ਉਹ ਅਮਰੀਕਾ ਜਾ ਕੇ ਉੱਚ ਸਿੱਖਿਆ ਹਾਸਲ ਕਰਨਾ ਚਾਹੁੰਦੀ ਹੈ ਪਰ ਪੈਸਿਆਂ ਦੀ ਘਾਟ ਦੇ ਚਲਦਿਆਂ ਉਹ ਵਿਦੇਸ਼ ਜਾ ਨਹੀਂ ਪਾਉਂਦੀ ਹੈ। ਕਰਮਾ ਦੀ ਜਾਣ-ਪਛਾਣ ਇਕ ਸ਼ਾਇਰ ਨਾਲ ਹੁੰਦੀ ਹੈ, ਜੋ ਕਿ ਵੱਡੀ ਉਮਰ ਦਾ ਹੈ। ਇਸ ਅਧੇੜ ਉਮਰ ਦੇ ਸ਼ਾਇਰ ਨੂੰ ਕਰਮਾ ਨਾਲ ਮੁਹੱਬਤ ਹੋ ਜਾਂਦੀ ਹੈ ਪਰ ਦੋਵਾਂ ਵਿਚਾਲੇ ਉਮਰ ਦੇ ਫ਼ਾਸਲੇ ਨੂੰ ਦੇਖਦੇ ਹੋਏ ਉਹ ਆਪਣੇ ਪਿਆਰ ਦਾ ਇਜ਼ਹਾਰ ਕਰਨ ਤੋਂ ਹਿਚਕਚਾਉਂਦੇ ਹਨ। ਆਖਿਰ ਸ਼ਾਇਰ ਤੇ ਕਰਮਾ ਵਿਚਾਲੇ ਜ਼ਿੰਦਗੀ ਕੀ-ਕੀ ਮੋੜ ਲਿਆਉਂਦੀ ਹੈ, ਇਹ ਇਸ ਦੀ ਕਹਾਣੀ ਹੈ।
ਸ਼ਾਇਰ ਦੀ ਭੂਮਿਕਾ ਇਥੇ ਸ਼ਕਤੀ ਕਪੂਰ ਵਲੋਂ ਨਿਭਾਈ ਗਈ ਹੈ। ਨਿਰਮਾਤਾ ਅਨੁਸਾਰ ਇਥੇ ਸ਼ਕਤੀ ਕਪੂਰ ਦੀ ਇਸ ਤਰ੍ਹਾਂ ਦੀ ਭੂਮਿਕਾ ਹੈ, ਜੋ ਯਾਦਗਾਰੀ ਬਣ ਸਕੇਗੀ। ਦੂਜੇ ਪਾਸੇ ਉਹ ਪੂਨਮ ਪਾਂਡੇ ਦੀ ਤਾਰੀਫ ਕਰਨ ਤੋਂ ਵੀ ਥੱਕਦੇ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੁੱਖ ਭੂਮਿਕਾ ਲਈ ਪੂਨਮ ਨੇ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਹੈ ਅਤੇ ਰੋਜ਼ਾਨਾ ਉਹ ਦੋ ਘੰਟੇ ਪਹਿਲਾਂ ਸ਼ੂਟਿੰਗ 'ਤੇ ਪਹੁੰਚ ਜਾਂਦੀ ਸੀ, ਤਾਂ ਕਿ ਕੰਮ ਸਮੇਂ 'ਤੇ ਸ਼ੁਰੂ ਹੋ ਸਕੇ। ਨਿਰਮਾਤਾ ਦਾ ਇਹ ਵੀ ਦਾਅਵਾ ਹੈ ਕਿ ਇਹ ਫ਼ਿਲਮ ਪੂਨਮ ਪਾਂਡੇ ਦੀ ਇਮੇਜ ਬਦਲ ਦੇਵੇਗੀ।
ਆਪਣੀ ਇਸ ਨਵੀਂ ਫ਼ਿਲਮ ਵਿਚ ਉਹ ਸੁਖਵਿੰਦਰ ਨੂੰ ਭੁੱਲੇ ਨਹੀਂ ਹਨ। ਫ਼ਿਲਮ ਲਈ ਸੁਖਵਿੰਦਰ ਨੇ ਇਕ ਗੀਤ ਲਈ ਆਵਾਜ਼ ਦਿੱਤੀ ਹੈ ਅਤੇ ਇਸ ਦੇ ਬੋਲ ਹਨ, 'ਓ ਰੇ ਪਰਿੰਦੇ... ਤੂ ਜੀਨਾ ਮਤ ਭੂਲ ਰੇ...'।
ਓਮਕਾਰ ਰਾਣਾ ਤੇ ਦਾਨਿਸ਼ ਦੇ ਸੰਗੀਤ ਨਾਲ ਸਜੀ ਇਸ ਫ਼ਿਲਮ ਵਿਚ ਪੰਜ ਗੀਤ ਹਨ ਅਤੇ ਇਹ ਜਲਦੀ ਪ੍ਰਦਰਸ਼ਿਤ ਹੋਣ ਜਾ ਰਹੀ ਹੈ।

ਈਸ਼ਾ ਗੁਪਤਾ ਫ਼ਿਲਮਾਂ 'ਚ ਰੁੱਝ ਗਈ

ਆਪਣੀ ਗਰਮ ਤੇ ਚਮਕੀਲੀ ਦਿੱਖ ਲਈ ਮਸ਼ਹੂਰ ਅਭਿਨੇਤਰੀ ਈਸ਼ਾ ਗੁਪਤਾ ਲਈ ਗਰਮੀਆਂ ਦਾ ਮੌਸਮ ਵਧੀਆ ਆਇਆ ਹੈ। ਹਾਲੇ ਤੱਕ ਈਸ਼ਾ ਦਾ ਕੈਰੀਅਰ ਰੋਟੀ-ਟੁੱਕ ਤੇ ਥੋੜ੍ਹੀ ਮਸਤੀ ਕਰਨ ਜੋਗੇ ਪੈਸੇ ਤੇ ਚਾਰ ਲੋਕਾਂ 'ਚ ਨਾਂਅ ਤੱਕ ਸੀਮਤ ਰਿਹਾ ਹੈ। ਅਜੈ ਦੇਵਗਨ ਨਾਲ ਫ਼ਿਲਮ ਨੇ ਜ਼ਰੂਰ ਈਸ਼ਾ ਦਾ ਕੱਦ ਵਧਾਇਆ ਹੈ। ਪ੍ਰਸਿੱਧ ਨਿਰਦੇਸ਼ਕ ਜੇ.ਪੀ. ਦੱਤਾ ਦਾ ਕਰਜ਼ ਸ਼ਾਇਦ ਜੀਵਨ ਭਰ ਨਾ ਲਾਹ ਸਕੇ ਈਸ਼ਾ ਜਿਨ੍ਹਾਂ ਨੇ ਭਾਰਤ-ਚੀਨ ਯੁੱਧ 'ਤੇ ਆਪਣੀ ਨਵੀਂ ਫ਼ਿਲਮ 'ਪਲਟਨ' 'ਚ ਈਸ਼ਾ ਗੁਪਤਾ ਨੂੰ ਲਿਆ ਹੈ। 'ਪਲਟਨ' 'ਚ ਈਸ਼ਾ ਬਣੀ ਹੈ ਅਰਜਨ ਰਾਮਪਾਲ ਦੀ ਵਹੁਟੀ ਤੇ ਲਵ ਸਿਨਹਾ, ਹਰਸ਼ਵਰਧਨ ਰਾਣੇ, ਸਿਧਾਂਤ ਕਪੂਰ, ਗੁਰਮੀਤ ਚੌਧਰੀ ਵੀ ਉਸ ਦੇ ਨਾਲ ਹਨ। 'ਰੁਸਤਮ' ਉਸ ਨੇ ਹਾਲਾਂ ਕਿ ਅਕਸ਼ੈ ਕੁਮਾਰ ਨਾਲ ਕੀਤੀ ਸੀ ਤੇ 'ਬਾਦਸ਼ਾਹੋ' 'ਚ ਉਹ ਅਜੈ ਦੇਵਗਨ ਨਾਲ ਸੀ। ਕਈ ਫਲਾਪ ਫ਼ਿਲਮਾਂ ਤੋਂ ਬਾਅਦ ਈਸ਼ਾ ਗੁਪਤਾ ਨੂੰ 'ਪਲਟਨ' ਜਿਹੀ ਚੰਗੀ ਫ਼ਿਲਮ ਮਿਲੀ ਹੈ। ਲਿਪ ਸਰਜਰੀ ਕਰਵਾ ਚੁੱਕੀ ਈਸ਼ਾ ਗੁਪਤਾ ਹੁਣ ਮਾੜੀਆਂ ਤਸਵੀਰਾਂ ਲੋਕਾਂ ਦੇ ਕਹਿਣ 'ਤੇ ਆਪਣੇ ਸੋਸ਼ਲ ਮੀਡੀਆ ਖਾਤੇ 'ਚੋਂ ਡਿਲੀਟ ਵੀ ਕਰਨ ਲੱਗ ਪਈ ਹੈ। ਅਨਾਰ ਨੂੰ ਤਰਬੂਜ਼ ਕਹਿਣ ਵਾਲੀ ਈਸ਼ਾ ਗੁਪਤਾ ਜਾਣ ਗਈ ਹੈ ਕਿ ਲੋਕ ਸਿਆਣੇ ਹਨ ਤੇ ਉਸ ਦਾ ਝੂਠ ਮਿੰਟ 'ਚ ਹੀ ਫੜਿਆ ਜਾਂਦਾ ਹੈ। 'ਜੰਨਤ-2' ਵਾਲੀ ਈਸ਼ਾ ਦਾ ਕੈਰੀਅਰ ਇਕਦਮ 'ਪਲਟਨ' ਨੇ ਹੀ ਬਦਲਣਾ ਹੈ। ਆਪਣੀ ਭੈਣ ਨੇਹਾ ਤੋਂ ਵੀ ਉਹ ਪ੍ਰਭਾਵਿਤ ਹੈ। ਯਾਦ ਰਹੇ ਈਸ਼ਾ ਨੇ ਈਰਾਨੀ ਫ਼ਿਲਮ 'ਡੇਵਿਲਸ ਡਾਟਰ' 'ਚ ਵੀ ਕੰਮ ਕੀਤਾ ਹੈ। ਅਲੀ ਫਜ਼ਨ ਨਾਲ ਰੈਪ ਕਰ ਚੁੱਕੀ ਈਸ਼ਾ ਗੁਪਤਾ ਨੂੰ ਜੇ.ਪੀ. ਦੱਤਾ 'ਤੇ ਬਹੁਤ ਵਿਸ਼ਵਾਸ ਹੈ। ਸੀਰੀਆ ਦੇ ਮਲਾਹ ਹੋਣ ਜਾਂ ਇਰਾਕ ਦੇ ਈਸ਼ਾ ਇਨ੍ਹਾਂ 'ਚ ਵੀ ਦਿਲਚਸਪੀ ਰੱਖਦੀ ਹੈ। ਕਾਨੂੰਨ ਦੀ ਸਕਾਲਰਸ਼ਿਪ ਠੁਕਰਾ ਕੇ ਈਸ਼ਾ ਨੇ ਸਿਨੇਮਾ ਨੂੰ ਜੇ ਚੁਣਿਆ ਸੀ ਤਾਂ ਅੱਜ ਭਾਵੇਂ ਹੌਲੀ ਹੀ ਸਹੀ, ਉਸ ਦਾ ਕੈਰੀਅਰ ਅੱਗੇ ਵਧ ਰਿਹਾ ਹੈ। ਈਸ਼ਾ ਗੁਪਤਾ ਦੀ ਫਿੱਟਨੈੱਸ ਬਰਕਰਾਰ ਹੈ। ਅੰਦਾਜ਼ ਤੇ ਫਿੱਟਨੈਸ ਦਾ ਦਰਪਣ ਹੈ ਈਸ਼ਾ। ਉਸ ਦੀ ਖੁਰਾਕ ਭਾਰੀ ਹੈ, ਰਾਜਮਾਂਹ-ਚੌਲ, ਫਿਰ ਵੀ ਉਹ ਮੋਟੀ ਨਹੀਂ ਹੁੰਦੀ ਕਿਉਂਕਿ ਮਾਰਸ਼ਲ ਆਰਟ, ਪਿਲਾਟੇ, ਡਾਂਸ ਤੇ ਯੋਗਾ ਉਹ ਨਿਰੰਤਰ ਕਰਦੀ ਹੈ। ਇਸ ਫਿੱਟਨੈੱਸ ਦਾ ਮੁੱਲ ਆਖਰ ਜੇ.ਪੀ. ਦੱਤਾ ਨੇ ਪਾ ਦਿੱਤਾ ਹੈ।

ਲੇਖ ਟੰਡਨ ਵਲੋਂ ਨਿਰਦੇਸ਼ਿਤ ਆਖ਼ਰੀ ਫ਼ਿਲਮ 'ਫਿਰ ਉਸੀ ਮੋੜ ਪਰ'

'ਪ੍ਰੋਫੈਸਰ', 'ਆਮਰਪਾਲੀ', 'ਝੁਕ ਗਯਾ ਆਸਮਾਨ', 'ਜਹਾਂ ਪਿਆਰ ਮਿਲੇ', 'ਦੁਲਹਨ ਵਹੀ ਜੋ ਪੀਆ ਮਨ ਭਾਏ', 'ਪ੍ਰਿੰਸ', 'ਅਗਰ ਤੁਮ ਨ ਹੋਤੇ' ਸਮੇਤ ਕਈ ਹੋਰ ਯਾਦਗਾਰ ਫ਼ਿਲਮਾਂ ਦੇਣ ਵਾਲੇ ਨਿਰਦੇਸ਼ਕ ਲੇਖ ਟੰਡਨ ਹੁਣ ਸਾਡੇ ਵਿਚਾਲੇ ਨਹੀਂ ਹਨ। ਪਰ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਆਪਣੀ ਉਮਰ ਦੇ ਅਖ਼ੀਰ ਤਕ ਉਹ ਆਪਣੇ ਪਸੰਦੀਦਾ ਕੰਮ ਨਿਰਦੇਸ਼ਨ ਵਿਚ ਰੁੱਝੇ ਰਹੇ। ਫ਼ਿਲਮਾਂ ਦੇ ਨਾਲ-ਨਾਲ ਲੜੀਵਾਰ ਨਿਰਦੇਸ਼ਿਤ ਕਰਨ ਵਾਲੇ ਲੇਖ ਟੰਡਨ ਆਪਣੀ ਆਖ਼ਰੀ ਫ਼ਿਲਮ ਦੇ 'ਪੋਸਟ ਪ੍ਰੋਡਕਸ਼ਨ' ਕੰਮ ਨੂੰ ਅੰਜਾਮ ਦੇ ਰਹੇ ਸਨ ਪਰ ਫਿਰ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਆਪਣੀ ਇਸ ਆਖ਼ਰੀ ਪੇਸ਼ਕਾਰੀ ਵਿਚ ਲੇਖ ਜੀ ਨੇ ਤਿੰਨ ਤਲਾਕ ਦਾ ਮੁੱਦਾ ਚੁੱਕਿਆ ਹੈ। ਪੰਡਿਤ ਰੇਵਤੀ ਸ਼ਰਣ ਸ਼ਰਮਾ ਵਲੋਂ ਲਿਖੀ ਕਹਾਣੀ 'ਤੇ ਬਣੀ ਇਸ ਫ਼ਿਲਮ ਵਿਚ ਇਕ ਇਸ ਤਰ੍ਹਾਂ ਦੀ ਮੁਸਲਿਮ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਸ ਦੇ ਪਤੀ ਵਲੋਂ ਤਲਾਕ ਦਿੱਤੇ ਜਾਣ ਤੋਂ ਬਾਅਦ ਕਾਫੀ ਕੁਝ ਸਹਿਣਾ ਪੈ ਜਾਂਦਾ ਹੈ। ਅੱਗੇ ਚੱਲ ਕੇ ਇਸ ਦੀ ਬੇਟੀ ਦੇ ਅੱਗੇ ਵੀ ਤਲਾਕ ਦਾ ਮੁੱਦਾ ਆਉਂਦਾ ਹੈ ਉਦੋਂ ਉਹ ਕੀ ਕਦਮ ਚੁੱਕਦੀ ਹੈ, ਇਹ ਇਸ ਦੀ ਕਹਾਣੀ ਹੈ।
ਇਹ ਫ਼ਿਲਮ ਤ੍ਰਿਨੇਤਰ ਵਾਜਪੇਈ ਵਲੋਂ ਬਣਾਈ ਗਈ ਹੈ। ਉਹ ਲੇਖ ਟੰਡਨ ਦੇ ਸ਼ੁਰੂ ਤੋਂ ਦੀਵਾਨੇ ਰਹੇ ਹਨ। ਸਾਲ 1962 ਵਿਚ ਜਦੋਂ ਉਨ੍ਹਾਂ ਨੇ ਲਖਨਊ ਵਿਚ 'ਪ੍ਰੋਫੈਸਰ' ਦੇਖੀ ਸੀ, ਉਦੋਂ ਤੋਂ ਸੋਚ ਲਿਆ ਸੀ ਕਿ ਇਕ ਦਿਨ ਉਹ ਇਸ ਨਿਰਦੇਸ਼ਕ ਨਾਲ ਜ਼ਰੂਰ ਫ਼ਿਲਮ ਬਣਾਉਣਗੇ। ਪਹਿਲਾਂ ਉਨ੍ਹਾਂ ਨੇ ਲੇਖ ਜੀ ਦੇ ਨਾਲ ਲੜੀਵਾਰ 'ਬਿਖਰੀ ਆਸ ਨਿਖਰੀ ਪ੍ਰੀਤ' ਦਾ ਨਿਰਮਾਣ ਕੀਤਾ ਅਤੇ ਫਿਰ ਇਹ ਫ਼ਿਲਮ। ਫ਼ਿਲਮ ਵਿਚ ਮੁੱਖ ਭੂਮਿਕਾ ਜਿਵਿਧਾ ਆਸ਼ਟਾ ਵਲੋਂ ਨਿਭਾਈ ਗਈ ਹੈ। ਉਨ੍ਹਾਂ ਨਾਲ ਇਸ ਵਿਚ ਜ਼ਿਆਦਾਤਰ ਉਹ ਕਲਾਕਾਰ ਹਨ ਜਿਨ੍ਹਾਂ ਨੇ ਲੇਖ ਜੀ ਨਾਲ ਲੜੀਵਾਰਾਂ ਵਿਚ ਕੰਮ ਕੀਤਾ ਸੀ। ਇਹ ਹਨ ਕੰਵਲਜੀਤ ਸਿੰਘ, ਪਰਮੀਤ ਸੇਠੀ, ਹੈਦਰ ਅਲੀ, ਅਰੁਣ ਬਾਲੀ, ਸੰਜੈ ਬੱਤਰਾ, ਗੋਵਿੰਦ ਨਾਮਦੇਵ, ਦਿਵਿਆ ਦਿਵੇਦੀ, ਰਾਜੀਵ ਵਰਮਾ, ਭਰਤ ਕਪੂਰ, ਸ਼ਿਖਾ ਇਟਕਾਨ ਆਦਿ। ਤ੍ਰਿਨੇਤਰ ਦੀ ਪਤਨੀ ਕਨਿਕਾ ਵਾਜਵੇਈ ਨੇ ਵੀ ਇਸ ਵਿਚ ਅਭਿਨੈ ਕੀਤਾ ਹੈ ਤੇ ਖ਼ੁਦ ਤ੍ਰਿਨੇਤਰ ਨੇ ਇਸ ਵਿਚ ਸੰਗੀਤ ਦਿੱਤਾ ਹੈ। ਉਨ੍ਹਾਂ ਅਨੁਸਾਰ ਲੇਖ ਜੀ ਨੂੰ ਫ਼ਿਲਮ ਲਈ ਕੱਵਾਲੀ ਦੀ ਜ਼ਰੂਰਤ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਸ਼ੰਕਰ-ਜੈਕਿਸ਼ਨ ਦੇ ਸਟਾਈਲ ਵਾਲੀ ਕੱਵਾਲੀ ਚਾਹੀਦੀ ਹੈ। ਤ੍ਰਿਨੇਤਰ ਫ਼ਿਲਮ ਵਿਚ ਸੰਗੀਤ ਦੇਣ ਨੂੰ ਰਾਜ਼ੀ ਹੋ ਗਏ ਅਤੇ ਅੱਠੇ ਗੀਤਾਂ ਵਿਚ ਉਨ੍ਹਾਂ ਨੇ ਸੰਗੀਤ ਪੇਸ਼ ਕੀਤਾ ਹੈ।

-ਮੁੰਬਈ ਪ੍ਰਤੀਨਿਧ

ਨਕਲੀ ਗਾਡਮੈਨ ਥ੍ਰੀ ਦੇਵ

ਇਕ ਫ਼ਿਲਮ ਆਈ ਸੀ 'ਤ੍ਰਿਦੇਵ', ਜਿਸ ਵਿਚ ਸੰਨੀ ਦਿਓਲ, ਨਸੀਰੂਦੀਨ ਸ਼ਾਹ ਤੇ ਜੈਕੀ ਸ਼ਰਾਫ ਸਨ। ਹੁਣ ਨਿਰਦੇਸ਼ਕ ਅੰਕੁਸ਼ ਭੱਟ ਤੇ ਨਵੇਂ ਨਿਰਮਾਤਾ ਚਿੰਤਨ ਰਾਣਾ ਇਸ ਨਾਲ ਮਿਲਦੇ ਜੁਲਦੇ ਨਾਂਅ ਵਾਲੀ ਫ਼ਿਲਮ 'ਥ੍ਰੀ ਦੇਵ' ਲੈ ਕੇ ਆਏ ਹਨ ਅਤੇ ਇਥੇ ਵੀ ਤਿੰਨ ਹੀਰੋ ਹਨ। ਇਹ ਹਨ ਕਰਣ ਸਿੰਘ ਗਰੋਵਰ, ਰਵੀ ਦੂਬੇ ਤੇ ਕੁਨਾਲ ਰਾਏ ਕਪੂਰ। ਫ਼ਿਲਮ ਦੀ ਕਹਾਣੀ 'ਬਾਬੂਮੋਸ਼ਾਏ ਬੰਦੂਕਬਾਜ਼' ਫੇਮ ਲੇਖਕ ਗ਼ਾਲਿਬ ਵਲੋਂ ਲਿਖੀ ਗਈ ਹੈ।
ਕਹਾਣੀ ਇਹ ਹੈ ਕਿ ਤਿੰਨ ਦੋਸਤ ਹਨ ਅਤੇ ਤਿੰਨੇ ਨਿਕੰਮੀ ਕਿਸਮ ਦੇ ਹਨ। ਇਕ ਚੋਰ ਹੈ ਤੇ ਦੂਜਾ ਚਰਸੀ ਤੇ ਤੀਜਾ ਹਰ ਵੇਲੇ ਝੂਠ ਬੋਲਦਾ ਹੈ। ਕਾਨੂੰਨ ਤੋਂ ਬਚਣ ਲਈ ਇਹ ਤਿੰਨੇ ਇਸ ਤਰ੍ਹਾਂ ਦੇ ਪਿੰਡ ਪਹੁੰਚ ਜਾਂਦੇ ਹਨ ਜਿਥੋਂ ਦੇ ਲੋਕ ਅੰਨ੍ਹੇ ਸ਼ਰਧਾਲੂ ਕਿਸਮ ਦੇ ਹਨ। ਉਸੇ ਪਿੰਡ ਵਿਚ ਰਹਿੰਦੇ ਇਕ ਬੰਦੇ ਨੇ ਆਪਣੇ ਘਰ ਤਿੰਨ ਕਮਰੇ ਕਿਰਾਏ 'ਤੇ ਦੇਣੇ ਹਨ ਅਤੇ ਉਸ ਦੀ ਪਤਨੀ ਨੂੰ ਪਿੰਡ ਦਾ ਪੰਡਿਤ ਇਹ ਸਲਾਹ ਦਿੰਦਾ ਹੈ ਕਿ ਜੇਕਰ ਉਹ ਪੂਜਾ-ਪਾਠ ਕਰਵਾ ਲਵੇ ਤਾਂ ਕਿਰਾਏਦਾਰ ਮਿਲ ਜਾਵੇਗਾ। ਤਿੰਨੇ ਦੋਸਤ ਇਨ੍ਹਾਂ ਨੂੰ ਕਿਰਾਏਦਾਰ ਦੇ ਰੂਪ ਵਿਚ ਮਿਲ ਜਾਂਦੇ ਹਨ ਅਤੇ ਇਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਕੇ ਪਤੀ ਨੂੰ ਲਗਦਾ ਹੈ ਕਿ ਜੇਕਰ ਇਨ੍ਹਾਂ ਤਿੰਨਾਂ ਨੂੰ ਬ੍ਰਹਮਾ, ਵਿਸ਼ਣੂ ਤੇ ਮਹੇਸ਼ ਦੇ ਰੂਪ ਵਿਚ ਪਿੰਡ ਵਾਲਿਆਂ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਚੰਦੇ ਦੇ ਨਾਂਅ 'ਤੇ ਚੰਗੀ ਦੌਲਤ ਇਕੱਠੀ ਕੀਤੀ ਜਾ ਸਕਦੀ ਹੈ। ਪੈਸੇ ਦੇ ਲਾਲਚ ਵਿਚ ਇਹ ਤਿੰਨੇ ਵੀ ਨਕਲੀ ਭਗਵਾਨ ਬਣਨ ਨੂੰ ਰਾਜ਼ੀ ਹੋ ਜਾਂਦੇ ਹਨ। ਪਰ ਬਾਅਦ ਵਿਚ ਉਹ ਕਿਹੜੀਆਂ ਉਲਝਣਾਂ ਵਿਚ ਉਲਝ ਜਾਂਦੇ ਹਨ, ਇਹ ਇਸ ਵਿਚ ਦਿਖਾਇਆ ਗਿਆ ਹੈ।
ਫ਼ਿਲਮ ਦੇ ਨਿਰਮਾਤਾ ਚਿੰਤਨ ਰਾਣਾ ਅਨੁਸਾਰ ਇਨ੍ਹੀਂ ਦਿਨੀਂ ਦੇਸ਼ ਵਿਚ ਨਕਲੀ ਗਾਡਮੈਨ ਦੀ ਚਰਚਾ ਬਹੁਤ ਹੈ। ਕਈ ਬਾਬੇ ਖ਼ੁਦ ਨੂੰ ਭਗਵਾਨ ਦਾ ਅਵਤਾਰ ਬਣਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ। ਫ਼ਿਲਮ ਵਿਚ ਨਕਲੀ ਗਾਡਮੈਨ ਦੇ ਖਿਲਾਫ਼ ਸੰਦੇਸ਼ ਦਿੱਤਾ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਅੱਜ ਦੇ ਸਮੇਂ ਦੀ ਫ਼ਿਲਮ ਹੈ।
ਫ਼ਿਲਮ ਵਿਚ ਜਿਹੜੀਆਂ ਤਿੰਨ ਨਾਇਕਾਵਾਂ ਹਨ, ਉਹ ਹਨ ਪੂਨਮ ਕੌਰ, ਪ੍ਰਿਆ ਬੈਨਰਜੀ ਤੇ ਰਾਇਮਾ ਸੇਨ। ਇਨ੍ਹਾਂ ਦੇ ਨਾਲ ਕੇ. ਕੇ. ਮੈਨਨ ਤੇ ਟਿਸਕਾ ਚੋਪੜਾ ਹਨ। ਪੂਨਮ ਕੌਰ ਦੱਖਣ ਦੀਆਂ ਫ਼ਿਲਮਾਂ ਵਿਚ ਕੰਮ ਕਰਨ ਤੋਂ ਬਾਅਦ ਹੁਣ ਬਾਲੀਵੁੱਡ ਵਿਚ ਆਈ ਹੈ ਤੇ ਪ੍ਰਿਆ ਬੈਨਰਜੀ ਪਹਿਲਾਂ 'ਜਜ਼ਬਾ' ਵਿਚ ਅਭਿਨੈ ਕਰ ਚੁੱਕੀ ਹੈ। ਫਿਲਹਾਲ ਆਪਣੇ ਜ਼ਮਾਨੇ ਵਿਚ 'ਤ੍ਰਿਦੇਵ' ਤਾਂ ਹਿੱਟ ਰਹੀ ਸੀ, ਹੁਣ ਦੇਖੋ 'ਥ੍ਰੀ ਦੇਵ' ਕੀ ਚਮਤਕਾਰ ਕਰਦੀ ਹੈ।

-ਮੁੰਬਈ ਪ੍ਰਤੀਨਿਧ

ਬਾਲੀਵੁੱਡ ਫਲੈਸ਼ਬੈਕ

ਇਕ ਥੱਪੜ ਨੇ ਬਦਲ ਦਿੱਤੀ ਸੀ ਲਲਿਤਾ ਪਵਾਰ ਦੀ ਜ਼ਿੰਦਗੀ

'ਦਾਗ਼', 'ਅਨਾੜੀ', 'ਆਂਖੇਂ', 'ਜਿਸ ਦੇਸ਼ ਮੇ ਗੰਗਾ ਬਹਿਤੀ ਹੈ' ਆਦਿ ਸਮੇਤ ਪੰਜ ਦਰਜਨ ਤੋਂ ਵੱਧ ਫ਼ਿਲਮਾਂ ਕਰਨ ਵਾਲੀ ਅਦਾਕਾਰਾ ਲਲਿਤਾ ਪਵਾਰ ਦੀ ਜ਼ਿੰਦਗੀ ਇਕ ਥੱਪੜ ਨੇ ਬਦਲ ਕੇ ਰੱਖ ਦਿੱਤੀ ਸੀ।
ਫ਼ਿਲਮ ਨਿਰਦੇਸ਼ਕ ਚੰਦਰ ਰਾਓ ਕਦਮ ਆਪਣੀ ਫ਼ਿਲਮ 'ਜੰਗੇ ਆਜ਼ਾਦੀ ' ਦੀ ਸ਼ੂਟਿੰਗ ਕਰ ਰਹੇ ਸਨ। ਅਦਾਕਾਰ ਭਗਵਾਨ ਦਾਦਾ ਨੇ ਫ਼ਿਲਮ ਦੇ ਦ੍ਰਿਸ਼ ਦੀ ਮੰਗ ਅਨੁਸਾਰ ਲਲਿਤਾ ਪਵਾਰ ਦੀ ਖੱਬੀ ਗੱਲ 'ਤੇ ਇਕ ਥੱਪੜ ਮਾਰਨਾ ਸੀ । ਚਾਰ-ਪੰਜ 'ਰੀਟੇਕ' ਹੋ ਗਏ ਪਰ ਦ੍ਰਿਸ਼ 'ਓ.ਕੇ.' ਨਾ ਹੋ ਸਕਿਆ । ਅਗਲੀ ਵਾਰ ਭਗਵਾਨ ਦਾਦਾ ਨੇ ਲਲਿਤਾ ਪਵਾਰ ਦੇ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਦੇ ਕੰਨ 'ਚੋਂ ਖ਼ੂਨ ਵਗਣ ਲਗ ਪਿਆ। ਕੁਝ ਦਿਨ ਹਸਪਤਾਲ 'ਚ ਰਹਿਣ ਮਗਰੋਂ ਲਲਿਤਾ ਨੇ ਤਿੰਨ ਸਾਲ ਤੱਕ ਕਿਸੇ ਵੀ ਹੋਰ ਫ਼ਿਲਮ 'ਚ ਕੰਮ ਨਾ ਕੀਤਾ। ਸੱਟ ਜ਼ਿਆਦਾ ਲੱਗਣ ਕਾਰਨ ਲਲਿਤਾ ਦੀ ਇਕ ਅੱਖ ਛੋਟੀ ਹੋ ਗਈ ਜਿਸ ਕਾਰਨ ਉਸ ਦੀ ਸਾਰੀ ਖ਼ੂਬਸੂਰਤੀ ਦਾਗ਼ਦਾਰ ਹੋ ਗਈ ਤੇ ਉਸ ਨੂੰ ਹੀਰੋਇਨ ਦੀ ਥਾਂ ਚਰਿੱਤਰ ਅਦਾਕਾਰਾ ਜਾਂ ਖਲਨਾਇਕਾ ਵਜੋਂ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਇਕ ਜ਼ਾਲਮ ਸੱਸ ਵਜੋਂ ਵੱਖ-ਵੱਖ ਫ਼ਿਲਮਾਂ 'ਚ ਨਿਭਾਈਆਂ ਭੂਮਿਕਾਵਾਂ ਲਈ ਅਤੇ ਮਸ਼ਹੂਰ ਟੀ.ਵੀ. ਲੜੀਵਾਰ 'ਰਾਮਾਇਣ' (ਨਿਰਦੇਸ਼ਕ ਰਾਮਾਨੰਦ ਸਾਗਰ) ਵਿਚ ਨਿਭਾਈ ਗਈ 'ਮੰਥਰਾ' ਦੀ ਭੂਮਿਕਾ ਲਈ ਲਲਿਤਾ ਪਵਾਰ ਨੂੰ ਸਦਾ ਹੀ ਯਾਦ ਰੱਖਿਆ ਜਾਵੇਗਾ।

-410, ਚੰਦਰ ਨਗਰ, ਬਟਾਲਾ, (ਗੁਰਦਾਸਪੁਰ)

ਮੁਰਲੀ-ਅਸ਼ਵਨੀ ਫਿਰ ਇਕੱਠੇ

ਅਸਲ ਜ਼ਿੰਦਗੀ ਵਿਚ ਪਤੀ-ਪਤਨੀ ਮੁਰਲੀ ਸ਼ਰਮਾ ਤੇ ਅਸ਼ਵਨੀ ਕਾਲਸੇਕਰ 'ਗੋਲਮਾਲ' ਲੜੀ ਦੀ ਫ਼ਿਲਮ ਵਿਚ ਦਿਸੇ ਸਨ। ਪਰ ਉਥੇ ਦੋਵੇਂ ਇਕੱਠੇ ਨਹੀਂ ਸਨ। ਹੁਣ ਨਿਰਦੇਸ਼ਕ ਜਗਨਨਾਥ ਪੁਰੀ ਨੇ ਤੇਲਗੂ ਫ਼ਿਲਮ 'ਮਹਿਬੂਬਾ' ਲਈ ਦੋਵਾਂ ਨੂੰ ਕਰਾਰਬੱਧ ਕੀਤਾ ਹੈ। ਇਥੇ ਉਨ੍ਹਾਂ ਨੂੰ ਪਤੀ-ਪਤਨੀ ਦੀ ਭੂਮਿਕਾ ਵਿਚ ਚਮਕਾਇਆ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਇਹ ਦੋਵੇਂ ਕਿਸੇ ਫ਼ਿਲਮ ਵਿਚ ਪਤੀ-ਪਤਨੀ ਦੀ ਭੂਮਿਕਾ ਨਿਭਾਅ ਰਹੇ ਹਨ। ਵਰਣਨਯੋਗ ਗੱਲ ਇਹ ਹੈ ਕਿ ਇਥੇ ਉਹ ਪਾਕਿਸਤਾਨੀ ਕੁੜੀ ਦੇ ਮਾਤਾ-ਪਿਤਾ ਬਣੇ ਹਨ, ਕਿਉਂਕਿ ਦੋਵਾਂ ਨੂੰ ਇਸ ਭੂਮਿਕਾ ਵਿਚ ਕੁਝ ਵੱਖਰੀ ਜਿਹੀ ਗੱਲ ਨਜ਼ਰ ਆਈ, ਸੋ ਫ਼ਿਲਮ ਲਈ ਹਾਮੀ ਭਰ ਦਿੱਤੀ।

ਹੁਣ 'ਕਭੀ ਖੁਸ਼ੀ...' ਵਾਲਾ ਲੜੀਵਾਰ

ਹਿੱਟ ਫ਼ਿਲਮ 'ਕਭੀ ਖੁਸ਼ੀ ਕਭੀ ਗ਼ਮ' ਦੀ ਕਹਾਣੀ ਨੂੰ ਲੜੀਵਾਰ ਵਿਚ ਬਦਲ ਕੇ ਪੇਸ਼ ਕੀਤਾ ਜਾ ਰਿਹਾ ਹੈ। ਲੜੀਵਾਰ ਨੂੰ 'ਦਿਲ ਹੀ ਤੋ ਹੈ' ਨਾਂਅ ਦਿੱਤਾ ਗਿਆ ਹੈ ਅਤੇ ਇਸ ਦਾ ਨਿਰਮਾਣ ਏਕਤਾ ਕਪੂਰ ਵਲੋਂ ਕੀਤਾ ਜਾ ਰਿਹਾ ਹੈ। 'ਕਭੀ ਖੁਸ਼ੀ...' ਵਿਚ ਜਿਥੇ ਅਮਿਤਾਭ ਬੱਚਨ, ਜਯਾ ਬੱਚਨ, ਸ਼ਾਹਰੁਖ ਖਾਨ, ਕਾਜੋਲ, ਰਿਤਿਕ ਰੌਸ਼ਨ ਅਤੇ ਕਰੀਨਾ ਕਪੂਰ ਵਰਗੇ ਵੱਡੇ ਸਿਤਾਰਿਆਂ ਦੀ ਫ਼ੌਜ ਸੀ, ਉਥੇ ਇਸ ਲੜੀਵਾਰ ਵਿਚ ਬਿਜੋਏ ਆਨੰਦ, ਯੋਗਿਤਾ ਬਿਹਾਨੀ, ਵਰੁਣ ਸੂਦ, ਰਜਤ ਟੋਕਸ ਆਦਿ ਕਲਾਕਾਰ ਚਮਕਣਗੇ।

ਮੇਰੇ ਅੰਦਰ ਵੀ ਨਿਮਕੀ ਹੈ ਭੂਮਿਕਾ ਗੁਰੰਗ

ਸਟਾਰ ਭਾਰਤ 'ਤੇ ਪ੍ਰਸਾਰਿਤ ਹੋ ਰਹੇ ਲੜੀਵਾਰ 'ਨਿਮਕੀ ਮੁਖੀਆ' ਨੇ ਆਪਣੇ ਪ੍ਰਸਾਰਨ ਦੇ ਦੋ ਸੌ ਐਪੀਸੋਡ ਪੂਰੇ ਕਰ ਲਏ ਹਨ ਅਤੇ ਹੁਣ ਇਹ ਲੜੀਵਾਰ ਤਿੰਨ ਸੌ ਦੇ ਅੰਕੜੇ ਵੱਲ ਵਧਿਆ ਹੈ। ਨਵੀਂ ਕਲਾਕਾਰ ਭੂਮਿਕਾ ਗੁਰੰਗ ਵਲੋਂ ਇਸ ਵਿਚ ਨਿਮਕੀ ਦੀ ਭੂਮਿਕਾ ਨਿਭਾਈ ਜਾ ਰਹੀ ਹੈ।
ਜ਼ਾਹਰ ਹੈ ਕਿ ਆਪਣੇ ਇਸ ਲੜੀਵਾਰ ਦੀ ਸਫ਼ਲਤਾ ਤੋਂ ਉਹ ਕਾਫੀ ਖ਼ੁਸ਼ ਹੈ। ਆਪਣੀ ਖ਼ੁਸ਼ੀ ਨੂੰ ਜ਼ਾਹਰ ਕਰਦੇ ਹੋਏ ਉਹ ਕਹਿੰਦੀ ਹੈ, 'ਜਦੋਂ ਇਹ ਲੜੀਵਾਰ ਸ਼ੁਰੂ ਹੋਇਆ ਸੀ, ਉਦੋਂ ਸੋਚਿਆ ਨਹੀਂ ਸੀ ਕਿ ਇਹ ਪ੍ਰਸਾਰਨ ਵੀ ਦੋਹਰਾ ਸੈਂਕੜਾ ਮਾਰਨ ਵਿਚ ਕਾਮਯਾਬ ਰਹੇਗਾ। ਲੜੀਵਾਰ ਦੀ ਸਫ਼ਲਤਾ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਕਈ ਚੀਜ਼ਾਂ ਇਥੇ ਨਹੀਂ ਸਨ। ਜਿਵੇਂ ਨਾ ਤਾਂ ਇਸ ਵਿਚ ਆਲੀਸ਼ਾਨ ਸੈੱਟ ਹੈ ਤੇ ਨਾ ਹੀ ਮਹਿੰਗੇ ਕੱਪੜੇ ਤੇ ਗਹਿਣਿਆਂ ਨਾਲ ਸਜੀਆਂ ਔਰਤਾਂ ਇਸ ਵਿਚ ਹਨ। ਇਹ ਕਹਾਣੀ ਪਿੰਡ 'ਤੇ ਆਧਾਰਿਤ ਹੈ। ਇਸ ਦਾ ਨਾਂਅ ਵੀ ਜ਼ਰਾ ਵੱਖਰਾ ਜਿਹਾ ਹੈ। ਹੁਣ ਇਸ ਲੜੀਵਾਰ ਦੀ ਸਫ਼ਲਤਾ ਨੂੰ ਦੇਖ ਕੇ ਲਗਦਾ ਹੈ ਕਿ ਸਾਡੀ ਮਿਹਨਤ ਸਫ਼ਲ ਰਹੀ।
* ਨਿਮਕੀ ਦੀ ਭੂਮਿਕਾ ਨਿਭਾਉਣ ਲਈ ਕਿਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਸੀ?
-ਇਸ ਲੜੀਵਾਰ ਵਿਚ ਬਿਹਾਰ ਦੇ ਇਕ ਪਿੰਡ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਨਿਮਕੀ ਬਿਹਾਰਨ ਹੈ, ਜਦੋਂ ਕਿ ਮੈਂ ਹਿਮਾਚਲ ਦੀ ਹਾਂ। ਇਹ ਭੂਮਿਕਾ ਨਿਭਾਉਣ ਤੋਂ ਪਹਿਲਾਂ ਮੈਨੂੰ ਬਿਹਾਰੀ ਲੜਕੀ ਵਾਲੀ ਹਿੰਦੀ ਬੋਲਣ ਦੀ ਰੀਹਰਸਲ ਕਰਨੀ ਪਈ। ਇਸ ਲੜੀਵਾਰ ਵਿਚ ਮੇਰਾ ਕੰਮ ਤੇ ਰੰਗ-ਢੰਗ ਦੇਖ ਕੇ ਲੋਕ ਇਹ ਸਮਝਦੇ ਹਨ ਕਿ ਮੈਂ ਵਾਕਈ ਬਿਹਾਰ ਤੋਂ ਹਾਂ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਬਿਹਾਰ ਵਿਚ ਕਿੱਥੋਂ ਦੀ ਹਾਂ। ਪਟਨਾ, ਛਪਰਾ ਜਾਂ ਦਰਭੰਗਾ। ਇਹ ਸਵਾਲ ਸੁਣ ਕੇ ਫ਼ਖਰ ਹੁੰਦਾ ਹੈ ਕਿ ਮੈਂ ਨਿਮਕੀ ਦੇ ਕਿਰਦਾਰ ਨੂੰ ਸਹੀ ਢੰਗ ਨਾਲ ਨਿਭਾਉਣ ਵਿਚ ਸਫ਼ਲ ਰਹੀ ਹਾਂ।
* ਉਂਝ, ਕੀ ਤੁਹਾਨੂੰ ਪਿੰਡ ਦੀ ਜ਼ਿੰਦਗੀ ਦਾ ਅਨੁਭਵ ਹੈ?
-ਜੀ ਹਾਂ, ਬਹੁਤ ਹੈ। ਛੁੱਟੀਆਂ ਵਿਚ ਆਪਣੇ ਪਿੰਡ ਜਾਂਦੀ ਹਾਂ। ਉਹ ਇਕ ਆਮ ਪਿੰਡ ਹੈ। ਕੁਝ ਸਮਾਂ ਪਹਿਲਾਂ ਤੱਕ ਨਾ ਤਾਂ ਸੜਕ ਸੀ ਤੇ ਨਾ ਹੀ ਪਾਣੀ ਦੀਆਂ ਟੂਟੀਆਂ ਸਨ। ਮੈਂ ਪਿੰਡ ਦੀ ਜ਼ਿੰਦਗੀ ਤੋਂ ਜਾਣੂ ਹਾਂ। ਮੰਨਿਆ ਕਿ ਮੇਰੇ ਪਿੰਡ ਵਿਚ ਜ਼ਿਆਦਾ ਸਹੂਲਤਾਂ ਨਹੀਂ ਹਨ ਪਰ ਮੈਨੂੰ ਆਪਣਾ ਪਿੰਡ ਬਹੁਤ ਪਸੰਦ ਹੈ। ਉਥੇ ਜਦੋਂ ਮੈਂ ਜਾਂਦੀ ਹਾਂ ਤਾਂ ਮਨ ਉਦਾਸ ਹੋ ਜਾਂਦਾ ਹੈ। ਸੱਚ ਕਹਾਂ ਤਾਂ ਮੇਰੇ ਅੰਦਰ ਵੀ ਨਿਮਕੀ ਹੈ, ਜਿਸ ਨੂੰ ਪਿੰਡ ਦੀ ਜ਼ਿੰਦਗੀ ਪਸੰਦ ਹੈ।
* ਇਥੇ ਤੁਸੀਂ ਮੁੱਖ ਭੂਮਿਕਾ ਨਿਭਾਅ ਰਹੇ ਹੋ, ਇਸ ਦਾ ਤਣਾਅ ਕਿੰਨਾ ਕੁ ਰਹਿੰਦਾ ਹੈ?
-ਹਾਂ, ਸ਼ੁਰੂ ਵਿਚ ਤਣਾਅ ਸੀ। ਪਰ ਬਾਅਦ ਵਿਚ ਮੈਂ ਇਸ ਤਣਾਅ ਨੂੰ ਸਾਕਾਰਾਤਮਕ ਰੂਪ ਨਾਲ ਲੈਣਾ ਸ਼ੁਰੂ ਕਰ ਦਿੱਤਾ ਅਤੇ ਇਸ ਨਾਲ ਕੰਮ ਵਿਚ ਮਜ਼ਾ ਆਉਣ ਲੱਗਿਆ ਅਤੇ ਅਭਿਨੈ ਵਿਚ ਨਿਖਾਰ ਵੀ ਆਉਣ ਲੱਗਿਆ। ਅੱਜ ਜਦੋਂ ਲੋਕ ਮੈਨੂੰ ਨਿਮਕੀ ਕਹਿ ਬੁਲਾਉਂਦੇ ਹਨ ਤਾਂ ਇਹ ਮੁੱਖ ਭੂਮਿਕਾ ਦੀ ਹੀ ਦੇਣ ਹੈ।

-ਇੰਦਮਰੋਹਨ ਪੰਨੂੰ

ਬਾਈਸਕੋਪਵਾਲਾ ਬਣਿਆ ਡੈਨੀ

ਰਵਿੰਦਰ ਨਾਥ ਟੈਗੋਰ ਨੇ ਇਕ ਕਹਾਣੀ 'ਕਾਬੁਲੀਵਾਲਾ' ਲਿਖੀ ਸੀ। ਇਸ ਵਿਚ ਇਕ ਇਸ ਤਰ੍ਹਾਂ ਦੇ ਪਠਾਣ ਦੀ ਕਹਾਣੀ ਪੇਸ਼ ਕੀਤੀ ਗਈ ਸੀ, ਜੋ ਆਪਣੇ ਦੇਸ਼ ਤੋਂ ਸੁੱਕਾ ਮੇਵਾ ਲਿਆ ਕੇ ਕੋਲਕਾਤਾ ਜਾ ਕੇ ਵੇਚਦਾ ਹੈ ਅਤੇ ਉਥੋਂ ਪੰਜ ਸਾਲ ਦੀ ਇਕ ਬੱਚੀ ਨੂੰ ਦੇਖ ਕੇ ਉਸ ਨੂੰ ਆਪਣੀ ਬੇਟੀ ਦੀ ਯਾਦ ਆਉਂਦੀ ਹੈ, ਜਿਸ ਨੂੰ ਉਹ ਆਪਣੇ ਦੇਸ਼ ਛੱਡ ਆਇਆ ਹੁੰਦਾ ਹੈ। ਹੁਣ ਇਸੇ ਕਹਾਣੀ ਨੂੰ ਫ਼ਿਲਮ 'ਬਾਈਸਕੋਪਵਾਲਾ' ਵਿਚ ਅੱਜ ਦੇ ਸਮੇਂ ਦਾ ਟੱਚ ਦੇ ਕੇ ਪੇਸ਼ ਕੀਤਾ ਗਿਆ ਹੈ ਅਤੇ ਇਸ ਵਿਚ ਡੈਨੀ ਵਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ।
ਕਹਾਣੀ ਇਹ ਹੈ ਕਿ ਇਕ ਪਠਾਣ ਬਾਈਸਕੋਪ ਲੈ ਕੇ ਕੋਲਕਾਤਾ ਦੀਆਂ ਗਲੀਆਂ ਵਿਚ ਘੁੰਮਦਾ ਰਹਿੰਦਾ ਹੈ ਅਤੇ ਉਹ ਬੱਚਿਆਂ ਨੂੰ ਬਾਈਸਕੋਪ 'ਤੇ ਫ਼ਿਲਮਾਂ ਦਿਖਾਉਂਦਾ ਹੈ। ਇਸ ਵਜ੍ਹਾ ਕਰਕੇ ਉਹ ਬੱਚਿਆਂ ਵਿਚ ਬਹੁਤ ਹਰਮਨ ਪਿਆਰਾ ਹੈ। ਇਸ ਬਾਈਸਕੋਪ ਵਾਲੇ ਦੀ ਮੁਲਾਕਾਤ ਇਕ ਨੰਨ੍ਹੀ ਬੱਚੀ ਮਿੰਨੀ ਨਾਲ ਹੁੰਦੀ ਹੈ। ਮਿੰਨੀ ਨੂੰ ਦੇਖ ਕੇ ਉਸ ਨੂੰ ਆਪਣੀ ਬੇਟੀ ਦੀ ਯਾਦ ਆਉਂਦੀ ਹੈ, ਜਿਸ ਨੂੰ ਉਹ ਆਪਣੇ ਦੇਸ਼ ਛੱਡ ਆਇਆ ਹੁੰਦਾ ਹੈ। ਆਪਣੀ ਬੇਟੀ ਲਈ ਪਿਤਾ ਦੀ ਚਿੰਤਾ ਉਦੋਂ ਹੋਰ ਵਧ ਜਾਂਦੀ ਹੈ, ਜਦੋਂ ਦੇਸ਼ ਵਿਚ ਜੰਗ ਛਿੜ ਜਾਂਦੀ ਹੈ। ਉਸ ਦੇ ਦਿਲ ਵਿਚ ਬੇਟੀ ਨੂੰ ਮਿਲਣ ਦੀ ਤਾਂਘ ਜਾਗਦੀ ਹੈ ਅਤੇ ਆਪਣੀ ਬੇਟੀ ਦੇ ਕੋਲ ਜਾਣ ਲਈ ਪਿਤਾ ਨੂੰ ਕਿਹੜੀਆਂ ਮਜਬੂਰੀਆਂ ਵਿਚੀਂ ਲੰਘਣਾ ਪੈਂਦਾ ਹੈ, ਇਸ ਵਿਚ ਦਿਖਾਇਆ ਗਿਆ ਹੈ।
ਡੈਨੀ ਦੇ ਨਾਲ ਗੀਤਾਂਜਲੀ ਥਾਪਾ, ਟਿਸਕਾ ਚੋਪੜਾ ਤੇ ਆਦਿਲ ਹੁਸੈਨ ਨੂੰ ਚਮਕਾਉਂਦੀ ਇਸ ਫ਼ਿਲਮ ਦਾ ਨਿਰਮਾਣ ਸੁਨੀਲ ਦੋਸ਼ੀ ਵਲੋਂ ਕੀਤਾ ਗਿਆ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਦੇਬ ਮੇਧੇਕਰ।

-ਪੰਨੂੰ

ਰਣਬੀਰ ਕਪੂਰ ਡਾਕੂ ਬਣੇਗਾ

ਯਸ਼ਰਾਜ ਫ਼ਿਲਮਜ਼ ਵਲੋਂ 'ਸ਼ਮਸ਼ੇਰਾ' ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਵਿਚ ਰਣਬੀਰ ਕਪੂਰ ਵਲੋਂ ਮੁੱਖ ਭੂਮਿਕਾ ਨਿਭਾਈ ਜਾਵੇਗੀ। ਪਹਿਲਾਂ ਰਣਬੀਰ ਨੇ ਯਸ਼ਰਾਜ ਬੈਨਰ ਲਈ 'ਰੋਕੇਟ ਸਿੰਘ ਸੇਲਜ਼ਮੈਨ ਆਫ਼ ਦ ਯੀਅਰ' ਵਿਚ ਕੰਮ ਕੀਤਾ ਸੀ। ਹੁਣ ਨੌਂ ਸਾਲ ਦੇ ਲੰਮੇ ਵਕਫ਼ੇ ਬਾਅਦ ਉਨ੍ਹਾਂ ਦਾ ਫਿਰ ਇਸ ਬੈਨਰ ਦੀ ਫ਼ਿਲਮ ਵਿਚ ਕੰਮ ਕਰਨ ਦਾ ਸੰਯੋਗ ਬਣਿਆ ਹੈ।
'ਸ਼ਮਸ਼ੇਰ' ਡਾਕੂ ਪ੍ਰਧਾਨ ਫ਼ਿਲਮ ਹੈ ਅਤੇ ਇਹ ਐਕਸ਼ਨ ਨਾਲ ਭਰੀ ਹੋਵੇਗੀ ਅਤੇ ਇਸ ਨੂੰ ਨਿਰਦੇਸ਼ਿਤ ਕਰ ਰਹੇ ਹਨ ਕਰਨ ਮਲਹੋਤਰਾ, ਜੋ ਪਹਿਲਾਂ 'ਅਗਨੀਪਥ' (ਰਿਤਿਕ ਰੌਸ਼ਨ) ਤੇ 'ਬ੍ਰਦਰਜ਼' ਨਿਰੇਦਸ਼ਿਤ ਕਰ ਚੁੱਕੇ ਹਨ।
ਰਣਬੀਰ ਵੀ ਇਸ ਐਕਸ਼ਨ ਫ਼ਿਲਮ ਨੂੰ ਲੈ ਕੇ ਬਹੁਤ ਖੁਸ਼ ਹਨ। ਉਹ ਕਹਿੰਦੇ ਹਨ, 'ਇਸ ਵਿਚ ਮੇਰੀ ਜੋ ਭੂਮਿਕਾ ਹੈ, ਉਹ ਮੇਰੇ ਪਿਤਾ ਨੇ ਕਦੀ ਨਹੀਂ ਨਿਭਾਈ। ਉਹ ਕਦੀ ਕਿਸੇ ਫ਼ਿਲਮ ਵਿਚ ਡਾਕੂ ਨਹੀਂ ਬਣੇ। ਮੈਂ ਆਪਣੇ ਕੈਰੀਅਰ ਦੇ ਉਸ ਮੋੜ 'ਤੇ ਹਾਂ, ਜਿਥੇ ਮੈਨੂੰ ਐਕਸ਼ਨ ਫ਼ਿਲਮ ਦੀ ਜ਼ਰੂਰਤ ਸੀ। ਮੈਂ ਐਕਸ਼ਨ ਫ਼ਿਲਮਾਂ ਦੇਖ ਕੇ ਵੱਡਾ ਹੋਇਆ ਹਾਂ ਅਤੇ ਸਾਡੇ ਦੇਸ਼ ਵਿਚ ਐਕਸ਼ਨ ਫ਼ਿਲਮਾਂ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਮੈਨੂੰ ਪੂਰੀ ਉਮੀਦ ਹੈ ਕਿ ਇਸ ਫ਼ਿਲਮ ਦੀ ਬਦੌਲਤ ਅੰਦਰੂਨੀ ਭਾਰਤ ਵਿਚ ਵੀ ਮੇਰਾ ਕੱਦ ਵਧੇਗਾ ਕਿਉਂਕਿ ਇਸ ਫ਼ਿਲਮ ਨੂੰ ਆਮ ਭਾਰਤੀ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾ ਰਿਹਾ ਹੈ।
ਇਕ ਜ਼ਮਾਨੇ ਵਿਚ ਵੱਡੇ ਪਰਦੇ 'ਤੇ ਡਾਕੂ ਬਣ ਕੇ ਅਮਿਤਾਭ ਬੱਚਨ, ਧਰਮਿੰਦਰ ਤੋਂ ਲੈ ਕੇ ਰਾਜ ਕੁਮਾਰ, ਸੁਨੀਲ ਦੱਤ ਤੇ ਵਿਨੋਦ ਖੰਨਾ ਆਦਿ ਨੇ ਬਹੁਤ ਲੋਕਪ੍ਰਿਅਤਾ ਹਾਸਲ ਕੀਤੀ ਸੀ। ਹੁਣ ਦੇਖੋ, ਰਣਬੀਰ ਕਪੂਰ ਡਾਕੂ ਬਣ ਕੇ ਕੀ ਕਮਾਲ ਦਿਖਾਉਂਦੇ ਹਨ।

-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX