ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਖੇਡ ਜਗਤ

ਭਾਰਤੀ ਬੈਡਮਿੰਟਨ ਲਈ ਪਰਖ ਦੀ ਘੜੀ

ਥਾਮਸ-ਉਬੇਰ ਕੱਪ

ਬੈਡਮਿੰਟਨ ਦੀ ਦੁਨੀਆ ਵਿਚ ਥਾਮਸ-ਉਬੇਰ ਕੱਪ ਇਕ ਖਾਸ ਮੁਕਾਮ ਰੱਖਦਾ ਹੈ। ਇਹ ਉਹੀ ਟੂਰਨਾਮੈਂਟ ਹੈ, ਜਿਸ ਰਾਹੀਂ ਬੈਡਮਿੰਟਨ ਖਿਡਾਰੀ ਆਪਣਾ ਸਹੀ ਮੁਲਾਂਕਣ ਕਰ ਸਕਦੇ ਹਨ, ਕਿਉਂਕਿ ਇਸ ਵੱਕਾਰੀ ਟੂਰਨਾਮੈਂਟ ਵਿਚ ਚੋਟੀ ਦੇ ਖਿਡਾਰੀ ਇਕ-ਦੂਜੇ ਮੂਹਰੇ ਹੁੰਦੇ ਹਨ। ਇਸੇ ਟੂਰਨਾਮੈਂਟ ਰਾਹੀਂ ਕਈ ਸਟਾਰ ਖਿਡਾਰੀ ਅੱਗੇ ਆਏ ਹਨ ਅਤੇ ਇਸੇ ਟੂਰਨਾਮੈਂਟ ਨੇ ਬੈਡਮਿੰਟਨ ਦੀ ਖੇਡ ਦਾ ਰੁਤਬਾ ਕੌਮਾਂਤਰੀ ਪੱਧਰ ਉੱਤੇ ਲਗਾਤਾਰ ਵਧਾਇਆ ਹੈ। ਥਾਈਲੈਂਡ ਦੇਸ਼ ਵਿਚ ਹੁੰਦਾ ਥਾਮਸ-ਉਬੇਰ ਕੱਪ ਦੋ ਹਿੱਸੇ ਤਹਿਤ ਮੁਕਾਬਲੇ ਕਰਾਉਂਦਾ ਹੈ, ਕਿਉਂਕਿ ਥਾਮਸ ਕੱਪ ਪੁਰਸ਼ ਖਿਡਾਰੀਆਂ ਲਈ ਅਤੇ ਉਬੇਰ ਕੱਪ ਖ਼ਾਲਸ ਮਹਿਲਾ ਖਿਡਾਰੀਆਂ ਲਈ ਹੁੰਦਾ ਹੈ। ਐਤਕੀਂ ਦੇ ਥਾਮਸ ਅਤੇ ਉਬੇਰ ਕੱਪ ਦਾ ਆਯੋਜਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਸ਼ਹਿਰ ਵਿਚ 20 ਤੋਂ 27 ਮਈ ਤੱਕ ਹੋਵੇਗਾ। ਭਾਰਤ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਟੂਰਨਾਮੈਂਟ ਪਰਖ ਦੀ ਘੜੀ ਹੈ ਅਤੇ ਦੁਨੀਆ ਦੇ ਅੱਠਵੇਂ ਨੰਬਰ ਦੇ ਬੈਡਮਿੰਟਨ ਖਿਡਾਰੀ ਐੱਚ.ਐੱਸ. ਪ੍ਰਣਯ ਅਤੇ ਦੁਨੀਆ ਦੀ 10ਵੀਂ ਰੈਂਕਿੰਗ ਪ੍ਰਾਪਤ ਸਾਇਨਾ ਨੇਹਵਾਲ ਥਾਮਸ ਅਤੇ ਉਬੇਰ ਕੱਪ ਟੂਰਨਾਮੈਂਟ ਵਿਚ ਭਾਰਤੀ ਟੀਮ ਦੀ ਅਗਵਾਈ ਕਰਨਗੇ। ਥਾਮਸ ਕੱਪ ਦੇ ਲਈ ਪ੍ਰਣਯ ਦੇ ਨਾਲ ਦੁਨੀਆ ਦੇ 18ਵੀਂ ਰੈਂਕਿੰਗ ਪ੍ਰਾਪਤ ਬੀ. ਸਾਈ ਪ੍ਰਣੀਤ, ਨੌਜਵਾਨ ਖਿਡਾਰੀ ਸਮੀਰ ਵਰਮਾ ਅਤੇ ਜੂਨੀਅਰ ਵਿਸ਼ਵ ਨੰਬਰ 4 ਖਿਡਾਰੀ ਲਕਸ਼ ਸੇਨ ਟੀਮ ਵਿਚ ਸ਼ਾਮਿਲ ਹਨ। ਇਹ ਸਾਰੇ ਸਿੰਗਲ ਵਰਗ ਵਿਚ ਮੁਕਾਬਲਾ ਕਰਨਗੇ। ਆਸਟ੍ਰੇਲੀਆ ਦੇ ਗੋਲਡਕੋਸਟ ਵਿਚ ਇਸ ਸਾਲ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਸਾਇਨਾ ਤੋਂ ਇਲਾਵਾ ਵੈਸ਼ਣਵੀ ਜਾਕਾ ਰੇਡੀ, ਕ੍ਰਿਸ਼ਨਾ ਪ੍ਰਿਯਾ, ਅਰੁਣਾ ਪ੍ਰਭੂ ਅਤੇ ਵੈਸ਼ਣਵੀ ਭਾਲੇ ਉਬੇਰ ਕੱਪ ਵਿਚ ਮੁਕਾਬਲਾ ਕਰਨਗੀਆਂ।
ਇਨ੍ਹਾਂ ਤੋਂ ਇਲਾਵਾ ਸੁਮਿਤ ਰੈਡੀ ਅਤੇ ਮਨੂ ਅਤਰੀ ਦੀ ਜੋੜੀ ਥਾਮਸ ਕੱਪ ਦੇ ਪੁਰਸ਼ ਡਬਲਜ਼ ਵਰਗ ਵਿਚ ਮੁਕਾਬਲਾ ਕਰਨਗੇ। ਇਸ ਵਿਚ ਉਨ੍ਹਾਂ ਦੇ ਨਾਲ ਸ਼ਲੋਕ ਰਾਮਚੰਦਰਨ-ਐੱਮ.ਆਰ. ਅਰਜੁਨ ਦੀ ਜੋੜੀ, ਸੰਯਮ ਸ਼ੁਕਲਾ-ਅਰੁਣ ਜਾਰਜ ਦੀ ਜੋੜੀ ਹਿੱਸਾ ਲਵੇਗੀ। ਉਬੇਰ ਕੱਪ ਲਈ ਮਹਿਲਾ ਡਬਲਜ਼ ਵਰਗ ਵਿਚ ਜੇਮੇਘਨਾ, ਪੂਰਵਿਸ਼ਾ ਰਾਮ, ਪ੍ਰਾਜਕਤਾ ਸਾਵੰਤ ਅਤੇ ਸੰਗੀਤਾ ਘੋਰਪੜੇ ਹਿੱਸਾ ਲੈਣਗੀਆਂ। ਥਾਮਸ ਕੱਪ ਦੀਆਂ ਟੀਮਾਂ ਲਈ ਚੁਣੇ ਗਏ ਸਾਰੇ ਖਿਡਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਸਿੰਗਲ ਵਰਗ ਵਿਚ ਐੱਚ.ਐੱਸ.ਪ੍ਰਣਯ, ਬੀ. ਸਾਈ ਪ੍ਰਣੀਤ, ਸਮੀਰ ਵਰਮਾ ਅਤੇ ਲਕਸ਼ ਸੇਨ ਸ਼ਾਮਿਲ ਹਨ ਜਦਕਿ ਡਬਲਜ਼ ਵਰਗ ਵਿਚ ਇਸ ਵਾਰ ਲੋਕ ਰਾਮਚੰਦਰਨ-ਐੱਮ.ਆਰ. ਅਰਜੁਨ, ਸੰਯਮ ਸ਼ੁਕਲਾ-ਅਰੁਣ ਜਾਰਜ ਅਤੇ ਮਨੂ ਅਤਰੀ-ਬੀ ਸੁਮਿਤ ਰੇਡੀ ਖੇਡ ਰਹੇ ਹਨ। ਉਬੇਰ ਕੱਪ ਦੀਆਂ ਟੀਮਾਂ ਲਈ ਸਿੰਗਲ ਵਰਗ ਵਿਚ ਸਾਇਨਾ ਨੇਹਵਾਲ, ਵੈਸ਼ਣਨੀ ਜਾਕਾ ਰੇਡੀ, ਕ੍ਰਿਸ਼ਣਾ ਪ੍ਰਿਯਾ, ਅਰੁਣਾ ਪ੍ਰਭੂ ਅਤੇ ਵੈਸ਼ਣਨੀ ਭਾਲੇ ਜਦਕਿ ਡਬਲਜ਼ ਵਰਗ ਵਿਚ ਜੇ. ਮੇਘਨਾ-ਪੂਰਵਿਸ਼ਾ ਰਾਮ, ਪ੍ਰਾਜਕਤਾ ਸਾਵੰਤ-ਸੰਯੋਗਿਤਾ ਘੋਰਪੜੇ ਸ਼ਾਮਿਲ ਹਨ। ਪਿਛਲੇ ਦਿਨੀਂ ਵੱਖ-ਵੱਖ ਮੁਕਾਬਲਿਆਂ ਵਿਚ ਉਤਸ਼ਾਹ ਭਰਪੂਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਇਨ੍ਹਾਂ ਸਾਰੇ ਭਾਰਤੀ ਖਿਡਾਰੀਆਂ ਦੀ ਅਸਲ ਪਰਖ ਇਸੇ ਟੂਰਨਾਮੈਂਟ ਰਾਹੀਂ ਹੋਵੇਗੀ ਅਤੇ ਨਾਲ ਦੀ ਨਾਲ ਪਰਖ ਹੋ ਜਾਵੇਗੀ ਭਾਰਤੀ ਬੈਡਮਿੰਟਨ ਦੇ ਉਤਸ਼ਾਹ ਦੀ ਵੀ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.com


ਖ਼ਬਰ ਸ਼ੇਅਰ ਕਰੋ

ਨਿਸ਼ਾਨੇਬਾਜ਼ੀ 'ਚ ਭਾਰਤ ਦਾ ਮਾਣ ਬਣੀ ਪੰਜਾਬਣ ਹਿਨਾ ਸਿੱਧੂ

ਸ਼ਾਹੀ ਸ਼ਹਿਰ ਪਟਿਆਲਾ ਦੀ ਜੰਮਪਲ ਹਿਨਾ ਸਿੱਧੂ ਨੇ ਨਿਸ਼ਾਨੇਬਾਜ਼ੀ 'ਚ ਜੋ ਦਿਸਹੱਦੇ ਸਰ ਕੀਤੇ ਹਨ, ਉਹ ਕਿਸੇ ਹੋਰ ਭਾਰਤੀ ਔਰਤ ਨਿਸ਼ਾਨੇਬਾਜ਼ ਦੇ ਹਿੱਸੇ ਨਹੀਂ ਆਏ ਹਨ। ਸ: ਰਾਜਬੀਰ ਸਿੰਘ ਈ.ਟੀ.ਓ. ਅਤੇ ਸ੍ਰੀਮਤੀ ਰਾਮਿੰਦਰ ਕੌਰ ਦੀ ਸਪੁੱਤਰੀ ਹਿਨਾ ਸਿੱਧੂ ਨੇ ਹਾਲ ਹੀ ਵਿਚ ਗੋਲਡਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ 'ਚੋਂ ਸੋਨ ਤੇ ਚਾਂਦੀ ਦਾ 1-1 ਤਗਮਾ ਜਿੱਤ ਕੇ ਇਕ ਵਾਰ ਫਿਰ ਦੇਸ਼ ਦਾ ਨਾਂਅ ਚਮਕਾਇਆ ਹੈ। ਮੁੰਬਈ ਵਾਸੀ ਅਰਜਨ ਐਵਾਰਡੀ ਨਿਸ਼ਾਨੇਬਾਜ਼ ਅਸ਼ੋਕ ਪੰਡਿਤ ਦੇ ਸਪੁੱਤਰ ਰੌਣਕ ਪੰਡਤ ਨਾਲ ਹਿਨਾ ਦਾ 2013 'ਚ ਵਿਆਹ ਹੋਇਆ। ਰੌਣਕ ਵੀ ਕੌਮਾਂਤਰੀ ਖੇਡ ਉਤਸਵਾਂ 'ਚੋਂ ਦੇਸ਼ ਲਈ ਤਗਮੇ ਜਿੱਤ ਚੁੱਕਾ ਹੈ ਅਤੇ ਅੱਜਕਲ੍ਹ ਹਿਨਾ ਦੇ ਕੋਚ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਜਰਮਨੀ 'ਚ ਵਿਸ਼ਵ ਕੱਪ ਖੇਡਣ ਜਾਣ ਤੋਂ ਪਹਿਲਾਂ ਹਿਨਾ ਸਿੱਧੂ ਨਾਲ ਫੋਨ 'ਤੇ ਹੋਈ ਮੁਲਾਕਾਤ 'ਅਜੀਤ' ਦੇ ਪਾਠਕਾਂ ਦੇ ਸਨਮੁੱਖ ਹੈ-
* ਹਾਲ ਹੀ ਵਿਚ ਰਾਸ਼ਟਰਮੰਡਲ ਖੇਡਾਂ 'ਚੋਂ ਜਿੱਤੇ ਦੋ ਤਗਮਿਆਂ ਤੋਂ ਬਾਅਦ ਅਗਲਾ ਨਿਸ਼ਾਨਾ ਕੀ ਹੈ?
-ਰਾਸ਼ਟਰਮੰਡਲ ਖੇਡਾਂ 'ਚੋਂ ਜਿੱਤੇ ਤਗਮਿਆਂ ਨਾਲ ਮੇਰਾ ਉਤਸ਼ਾਹ ਬਹੁਤ ਵਧਿਆ ਹੈ। ਨਿਸ਼ਾਨਾ ਤਾਂ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੀ ਹਾਂ। ਸਿਰਫ ਉਲੰਪਿਕ ਖੇਡਾਂ 'ਚ ਹੀ ਦੇਸ਼ ਲਈ ਤਗਮਾ ਜਿੱਤਣਾ ਹੈ, ਜਿਸ ਲਈ ਮੈਂ ਸਖ਼ਤ ਮਿਹਨਤ ਕਰ ਰਹੀ ਹਾਂ।
* ਤੁਸੀਂ ਆਪਣੇ ਪ੍ਰਦਰਸ਼ਨ ਤੋਂ ਕਿਸ ਹੱਦ ਤੱਕ ਸੰਤੁਸ਼ਟ ਹੋ?
-ਮੈਂ ਆਪਣੇ ਪ੍ਰਦਰਸ਼ਨ 'ਚ ਸਥਿਰਤਾ ਲਿਆਉਣ ਲਈ ਯਤਨਸ਼ੀਲ ਹਾਂ। ਮੇਰੇ ਨਾਲ ਕਈ ਵਾਰ ਹੋ ਚੁੱਕਾ ਹੈ ਕਿ ਇਕ-ਦੋ ਟੂਰਨਾਮੈਂਟਾਂ 'ਚ ਮੇਰੀ ਕਾਰਗੁਜ਼ਾਰੀ ਬਹੁਤ ਚੰਗੀ ਰਹਿੰਦੀ ਹੈ ਅਤੇ ਅਗਲੇ ਟੂਰਨਾਮੈਂਟ 'ਚ ਮੈਂ ਆਪਣੇ ਸਕੋਰਜ਼ ਦਾ ਮਿਆਰ ਕਾਇਮ ਨਹੀਂ ਰੱਖ ਪਾਉਂਦੀ। ਇਸ ਕਮੀ ਨੂੰ ਦੂਰ ਕਰਕੇ ਮੈਂ ਆਪਣੇ ਵਧੀਆ ਪ੍ਰਦਰਸ਼ਨ 'ਚ ਲਗਾਤਾਰਤਾ ਲਿਆਉਣਾ ਚਾਹੁੰਦੀ ਹਾਂ।
* ਇਸ ਤਰ੍ਹਾਂ ਪ੍ਰਦਰਸ਼ਨ 'ਚ ਉਚਾਣ-ਨਿਵਾਣ ਆ ਜਾਣ ਦਾ ਤੁਸੀਂ ਕੀ ਕਾਰਨ ਮੰਨਦੇ ਹੋ?
-ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ 10 ਮੀਟਰ ਏਅਰ ਪਿਸਟਲ ਈਵੈਂਟ ਨਾਲ ਕੀਤੀ ਸੀ। ਫਿਰ 2017 'ਚ ਮੈਂ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ 'ਚ ਵੀ ਹਿੱਸਾ ਲੈਣ ਲੱਗੀ। ਇਸ ਤਰ੍ਹਾਂ ਜਿੱਥੇ ਪਹਿਲਾਂ ਮੈਂ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ ਟੀਮ ਮੁਕਾਬਲੇ 'ਚ ਹਿੱਸਾ ਲੈਂਦੀ ਸੀ। ਕਿਸੇ ਵੀ ਕੌਮਾਂਤਰੀ ਟੂਰਨਾਮੈਂਟਾਂ 'ਚ ਇਨ੍ਹਾਂ ਦੋਵਾਂ ਈਵੈਂਟਸ 'ਚ ਦੋ-ਤਿੰਨ ਦਿਨ ਆਰਾਮ ਲਈ ਮਿਲ ਜਾਂਦੇ ਸਨ। ਪਰ ਹੁਣ ਮੈਨੂੰ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ 'ਚ ਹਿੱਸਾ ਲੈਣ ਕਰਕੇ, ਪੂਰੇ ਟੂਰਨਾਮੈਂਟ ਦੌਰਾਨ 7-8 ਦਿਨ ਲਗਾਤਾਰ ਮੁਕਾਬਲੇਬਾਜ਼ੀ 'ਚ ਹਿੱਸਾ ਲੈਣਾ ਪੈਂਦਾ ਹੈ, ਜਿਸ ਕਰਕੇ ਅਕੇਵਾਂ ਅਤੇ ਥਕਾਵਟ ਵੀ ਮੇਰੇ ਪ੍ਰਦਰਸ਼ਨ 'ਚ ਕਿਤੇ ਨਾ ਕਿਤੇ ਨਿਵਾਣ ਲਿਆਉਣ 'ਚ ਜ਼ਿੰਮੇਵਾਰ ਬਣਦੇ ਹਨ।
* ਅੱਜਕਲ੍ਹ ਕਿਸ ਟੂਰਨਾਮੈਂਟ ਵੱਲ ਧਿਆਨ ਕੇਂਦਰਿਤ ਹੈ?
-ਜਰਮਨੀ ਦੇ ਸ਼ਹਿਰ ਮਿਊਨਿਖ 'ਚ 22 ਤੋਂ 29 ਮਈ ਤੱਕ ਹੋਣ ਵਾਲੇ ਵਿਸ਼ਵ ਕੱਪ 'ਚ ਤਿਆਰੀ ਲਈ ਮੈਂ ਜਰਮਨੀ ਦੇ ਸ਼ਹਿਰ ਫੌਰਜੀਅਮ 'ਚ ਕਰ ਰਹੀ ਹਾਂ ਅਤੇ ਵਿਸ਼ਵ ਕੱਪ ਤੋਂ ਪਹਿਲਾਂ 13 ਮਈ ਨੂੰ ਅਭਿਆਸ ਮੈਚ ਵੀ ਖੇਡਾਂਗੀ। ਉਮੀਦ ਹੈ ਕਿ ਆਲਮੀ ਕੱਪ 'ਚ ਮੈਂ ਆਪਣਾ ਮਿਆਰ ਕਾਇਮ ਰੱਖਾਂਗੀ ਅਤੇ ਇਕ ਵਾਰ ਫਿਰ ਕੌਮਾਂਤਰੀ ਮੰਚ 'ਤੇ ਤਿਰੰਗਾ ਲਹਿਰਾਵਾਂਗੀ।
* ਪੰਜਾਬ 'ਚ ਨਿਸ਼ਾਨੇਬਾਜ਼ੀ ਨੂੰ ਪ੍ਰਫੁੱਲਤ ਕਰਨ ਲਈ ਕੀ ਸੁਝਾਅ ਦੇਵੋਗੇ?
-ਪੰਜਾਬ ਦੇ ਬਹੁਤ ਸਾਰੇ ਨਵੇਂ ਨਿਸ਼ਾਨੇਬਾਜ਼ ਅੱਗੇ ਆ ਰਹੇ ਹਨ। ਇਨ੍ਹਾਂ ਨੂੰ ਸੰਭਾਲਣ ਲਈ ਮਿਆਰੀ ਕੋਚਿੰਗ ਅਤੇ ਸਹੂਲਤਾਂ ਦੇਣ ਦੀ ਲੋੜ ਹੈ। ਕੌਮਾਂਤਰੀ ਖੇਡ ਮੰਚ 'ਤੇ ਪਿਛਲੇ ਕੁਝ ਸਾਲਾਂ ਦੌਰਾਨ ਨਿਸ਼ਾਨੇਬਾਜ਼ਾਂ ਨੇ ਹੀ ਕੌਮਾਂਤਰੀ ਮੰਚ 'ਤੇ ਪੰਜਾਬੀਆਂ ਵਲੋਂ ਸਭ ਤੋਂ ਵਧੇਰੇ ਤਗਮੇ ਜਿੱਤੇ ਹਨ। ਇਸ ਦੇ ਨਾਲ ਹੀ ਹਰਿਆਣਾ ਵਾਂਗ ਜੇਤੂ ਖਿਡਾਰੀਆਂ ਨੂੰ ਸਮੇਂ ਸਿਰ ਨਕਦ ਇਨਾਮ ਦਿੱਤੇ ਜਾਣ ਅਤੇ ਇਹ ਹਰਿਆਣਾ ਦੀ ਤਰਜ਼ 'ਤੇ ਦਿੱਤੇ ਜਾਣ। ਵੈਸੇ ਜ਼ਰੂਰਤ ਹੈ ਦੇਸ਼ ਦੇ ਸਾਰੇ ਰਾਜਾਂ 'ਚ ਨਕਦ ਇਨਾਮਾਂ 'ਚ ਇਕਸਾਰਤਾ ਲਿਆਂਦੀ ਜਾਵੇ, ਜਿਸ ਨਾਲ ਖਿਡਾਰੀਆਂ ਦਾ ਉਤਸ਼ਾਹ ਵਧੇਗਾ।


-ਪਟਿਆਲਾ। ਮੋਬਾ: 97795-90575

ਭਾਰਤ ਨੇ ਵਿਸ਼ਵ 'ਚ ਖੇਡ ਮਹਾਂਸ਼ਕਤੀ ਬਣਨ ਲਈ ਵਿਸ਼ੇਸ਼ ਵਿਉਂਤਬੰਦੀ ਕੀਤੀ

ਕਿਸੇ ਵੇਲੇ ਦੇਸ਼ ਵਿਚ ਖੇਡਾਂ ਦੀ ਆਮ ਕਹਾਵਤ ਪ੍ਰਚੱਲਤ ਸੀ ਕਿ 'ਪੜ੍ਹੋਗੇ ਲਿਖੋਗੇ ਬਣੋਗੇ ਨਵਾਬ ਤੇ ਖੇਲੋਗੇ ਕੁੱਦੋਗੇ ਹੋਵੋਗੇ ਖਰਾਬ', ਪਰ ਅੱਜ ਦੇਸ਼ ਵਿਚ ਇਸ ਕਹਾਵਤ ਨੂੰ ਖਿਡਾਰੀਆਂ ਨੇ ਗ਼ਲਤ ਸਿੱਧ ਕਰ ਦਿੱਤਾ ਹੈ ਤੇ ਹੁਣ ਦੇਸ਼ ਵਿਚ ਇਹ ਨਾਅਰਾ ਖੇਡ ਖੇਤਰ ਵਿਚ ਗੂੰਜ ਰਿਹਾ ਰਿਹਾ ਕਿ 'ਖੇਲੋਗੇ ਕੁੱਦੋਗੇ ਬਣੋਗੇ ਲਾਜਵਾਬ' ਤੇ ਭਾਰਤ ਨੂੰ ਵਿਸ਼ਵ ਵਿਚ ਖੇਡ ਮਹਾਂਸ਼ਕਤੀ ਬਣਾਉਣ ਲਈ 2024 ਤੇ 2028 ਦੀਆਂ ਉਲੰਪਿਕ ਖੇਡਾਂ 'ਚ 20 ਤੋਂ 30 ਤਗਮੇ ਜਿੱਤਣ ਦਾ ਨਿਸ਼ਾਨਾ ਰੱਖਿਆ ਗਿਆ ਤੇ ਭਾਰਤ ਇਸ ਦਿਸ਼ਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਇਹ ਜਾਣਕਾਰੀ ਭਾਰਤ ਸਰਕਾਰ ਦੇ ਖੇਡ ਸਕੱਤਰ ਰਾਹੁਲ ਭਟਨਾਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਲਾਨਾ ਇਨਾਮ ਵੰਡ ਸਮਾਗਮ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਖੇਡ ਸੱਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ ਤੇ ਜੋ ਅੱਜ ਸਾਡੇ ਦੇਸ਼ ਦੇ ਖਿਡਾਰੀਆਂ ਦੇ ਰਾਸ਼ਟਰਮੰਡਲ ਖੇਡਾਂ ਵਿਚੋਂ ਤਗਮੇ ਆਏ ਹਨ, ਇਨ੍ਹਾਂ ਦੇ ਮਾਪਿਆਂ ਨੂੰ ਸਲਾਮ ਕਰਨਾ ਬਣਦਾ ਹੈ। ਭਾਰਤ ਸਰਕਾਰ ਜਨਵਰੀ, 2019 ਵਿਚ ਖੇਲੋ ਇੰਡੀਆ ਸਕੂਲ ਗੇਮਜ਼ ਤੇ ਯੂਨੀਵਰਸਿਟੀ ਗੇਮਜ਼ ਕਰਵਾਉਣ ਜਾ ਰਹੀ ਹੈ ਤੇ ਇਸ ਵਿਚ ਟੇਲੈਂਟ ਦੀ ਚੋਣ ਕੀਤੀ ਜਾਵੇਗੀ ਤੇ ਚੁਣੇ ਗਏ ਖਿਡਾਰੀਆਂ ਨੂੰ 5 ਲੱਖ ਦੀ ਸਕਾਲਸ਼ਿੱਪ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਸੈਂਟਰ ਆਫ ਐਕਸੀਲੈਂਸ ਵਿਚ ਦਾਖਲ ਕੀਤਾ ਜਾਵੇਗਾ। ਰਾਹੁਲ ਭਟਨਾਗਰ ਨੇ ਦੱਸਿਆ ਕਿ ਹੁਣ ਭਾਰਤ ਸਰਕਾਰ ਵਲੋਂ ਨਵੋਦਿਆ ਵਿਦਿਆਲਿਆਂ ਤੇ ਕੇਂਦਰੀ ਵਿਦਿਆਲਿਆਂ ਵਿਚ ਖੇਡ ਸੈਂਟਰ ਸਥਾਪਿਤ ਕੀਤੇ ਜਾਣ ਦੀ ਤਜਵੀਜ਼ ਹੈ ਤੇ ਹਰ ਸਾਲ 6ਵੀਂ ਕਲਾਸ ਵਿਚੋਂ 25 ਖਿਡਾਰੀ ਭਰਤੀ ਕੀਤੇ ਜਾਣਗੇ ਤੇ 12ਵੀਂ ਕਲਾਸ ਤੱਕ 200 ਦੇ ਕਰੀਬ ਇਕ ਸਕੂਲ ਵਿਚ ਖਿਡਾਰੀ ਤਿਆਰ ਕੀਤੇ ਜਾਣਗੇ।
ਭਟਨਾਗਰ ਨੇ ਦੱਸਿਆ ਕਿ ਅਸੀਂ ਹੁਣ ਖੇਡ ਸਟੇਡੀਅਮਾਂ 'ਤੇ ਖਰਚਾ ਘਟਾਉਣ ਜਾ ਰਹੇ ਹਾਂ ਤੇ ਸਾਡਾ ਨਿਸ਼ਾਨਾ ਹੁਣ ਦੇਸ਼ ਵਿਚ ਵੱਧ ਤੋਂ ਵੱਧ ਖੇਡ ਮੈਦਾਨ ਸਥਾਪਿਤ ਕਰਨ ਦਾ ਹੈ। ਉਨ੍ਹਾਂ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ, 'ਇਸ 'ਤੇ 11 ਹਜ਼ਾਰ ਕਰੋੜ ਰੁਪਏ ਖਰਚ ਹੋਏ ਹਨ ਤੇ ਖੇਡਣ ਲਈ ਸਿਰਫ 5 ਫੀਸਦੀ ਹੀ ਵਰਤੋਂ ਵਿਚ ਆਉਂਦਾ ਹੈ ਤੇ ਬਾਕੀ ਦਾ ਖਰਚਾ ਸਾਂਭ-ਸੰਭਾਲ 'ਤੇ ਆਉਂਦਾ ਹੈ। ਇਸ ਲਈ ਅਸੀਂ ਹੁਣ ਨੀਤੀ ਬਦਲ ਕੇ ਫੈਸਲਾ ਕੀਤਾ ਹੈ ਕਿ ਵੱਧ ਤੋਂ ਵੱਧ ਖੇਡ ਮੈਦਾਨ ਦੇਸ਼ ਵਿਚ ਬਣਾਏ ਜਾਣ ਤੇ ਖਿਡਾਰੀ ਵੱਧ ਇਸ ਦਾ ਲਾਭ ਲੈ ਸਕਣ। ਸੀ.ਬੀ.ਐਸ.ਈ. ਦਾ ਜ਼ਿਕਰ ਕਰਦਿਆਂ ਦੱਸਿਆ ਕਿ ਹੁਣ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦਾ ਵਿਸ਼ਾ ਲਾਜ਼ਮੀ ਬਣਾ ਦਿੱਤਾ ਗਿਆ ਹੈ ਤੇ 70 ਨੰਬਰ ਪ੍ਰੈਕਟੀਕਲ ਤੇ 30 ਨੰਬਰ ਥਿਊਰੀ ਦੇ ਰੱਖੇ ਗਏ ਹਨ, ਤਾਂ ਜੋ ਸਕੂਲਾਂ ਦੇ ਵਿਦਿਆਰਥੀ ਖੇਡਾਂ ਵੱਲ ਆਕਰਸ਼ਤ ਹੋਣ।
ਇਸ ਤੋਂ ਇਲਾਵਾ ਦੇਸ਼ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਨਵੀਨਤਵ ਢੰਗਾਂ ਦੀ ਸਿਖਲਾਈ ਦੇਣ ਲਈ ਗੁਹਾਟੀ ਤੇ ਗਵਾਲੀਆਰ ਵਿਖੇ 100 ਤੋਂ 200 ਅਧਿਆਪਕਾਂ ਦੀ ਬੈਚ ਵਾਈਜ਼ ਸਿਖਲਾਈ ਦਿੱਤੀ ਜਾ ਰਹੀ ਹੈ ਤੇ ਇਸ ਸਿਖਲਾਈ ਤੋਂ ਬਾਅਦ ਉਹ ਸਕੂਲਾਂ ਵਿਚ ਕੋਚ ਦੇ ਰੂਪ ਵਿਚ ਕੰਮ ਕਰਨਗੇ। ਇਸ ਦੇ ਨਾਲ ਹੀ ਦੇਸ਼ ਵਿਚ ਕੋਚਾਂ ਦੀ ਦਰਜਾਬੰਦੀ ਵੀ ਕੀਤੀ ਗਈ ਹੈ ਤੇ ਪਹਿਲੇ ਬੇਸਕ ਕੋਚ ਜੋ ਪ੍ਰਾਇਮਰੀ ਪੱਧਰ 'ਤੇ ਖਿਡਾਰੀਆਂ ਨੂੰ ਸਿਖਲਾਈ ਦੇਣਗੇ ਤੇ ਫਿਰ ਇਸ ਤੋਂ ਉਪਰ ਹਾਈ ਸਕੂਲ ਤੇ ਕਾਲਜ ਦੇ ਖਿਡਾਰੀਆਂ ਨੂੰ ਸਿਖਲਾਈ ਦੇਣਗੇ ਤੇ ਤੀਜੇ ਦਰਜੇ ਵਿਚ ਕੌਮਾਂਤਰੀ ਪੱਧਰ 'ਤੇ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਰੱਖਿਆ ਜਾਵੇਗਾ ਤੇ ਇਸ ਵਿਚ ਵਿਦੇਸ਼ੀ ਕੋਚ ਵੀ ਦੇਸ਼ ਦੇ ਖਿਡਾਰੀਆਂ ਨੂੰ ਸਿਖਲਾਈ ਦੇਣਗੇ। ਖੇਡ ਸਕੱਤਰ ਰਾਹੁਲ ਭਟਨਾਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੇਡ ਖੇਤਰ ਦੀਆਂ ਪ੍ਰਾਪਤੀਆਂ ਦੀ ਤਾਰੀਫ਼ ਵੀ ਕੀਤੀ ਤੇ ਇਸ ਮੌਕੇ 'ਤੇ ਉਨ੍ਹਾਂ ਯੂਨੀਵਰਸਿਟੀ ਦੇ ਤੈਰਾਕੀ ਪੂਲ, ਜਿਮਨੇਜ਼ੀਅਮ ਹਾਲ, ਸ਼ੂਟਿੰਗ ਰੇਂਜ ਤੇ ਹਾਕੀ ਐਸਟਰੋਟਰਫ ਮੈਦਾਨ ਦਾ ਨਿਰੀਖਣ ਵੀ ਕੀਤਾ ਤੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਜੀ.ਐਨ.ਡੀ.ਯੂ. ਦੇ ਉਪ-ਕੁਲਪਤੀ ਡਾ: ਜਸਪਾਲ ਸਿੰਘ ਸੰਧੂ ਨੇ ਵੀ ਯੂਨੀਵਰਸਿਟੀ ਦੇ ਤੈਰਾਕੀ ਪੂਲ ਨੂੰ ਸਾਰੇ ਮੌਸਮ ਵਿਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ, ਅਥਲੈਟਿਕਸ ਦਾ ਸਿੰਥੈਟਿਕਸ ਟਰੈਕ ਬਣਾਉਣ ਤੇ ਸ਼ੂਟਿੰਗ ਰੇਂਜ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਤੇ ਯੂਨੀਵਰਸਿਟੀ ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਖੇਡ ਸੈਂਟਰ ਸਥਾਪਿਤ ਕਰਨ ਦੀ ਮੰਗ ਕੀਤੀ। ਇਸ ਮੌਕੇ 'ਤੇ ਸਾਈ ਨਾਰਥ ਸੈਂਟਰ ਦੀ ਡਾਇਰੈਕਟਰ ਲਲਿਤਾ ਸ਼ਰਮਾ ਤੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀ ਦੇ ਡਾ: ਗੁਰਦੀਪ ਸਿੰਘ ਨੇ ਵੀ ਯੂਨਵਰਸਿਟੀ ਨੂੰ ਖੇਡਾਂ ਦੇ ਖੇਤਰ ਵਿਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ 'ਤੇ ਜੀ.ਐਨ.ਡੀ.ਯੂ. ਦੇ ਡਾਇਰੈਕਟਰ ਸਪੋਰਟਸ ਡਾ: ਸੁਖਦੇਵ ਸਿੰਘ ਤੇ ਸਹਾਇਕ ਡਾਇਰੈਕਟਰ ਸਪੋਰਟਸ ਡਾ: ਕੰਵਰ ਮਨਦੀਪ ਸਿੰਘ ਢਿੱਲੋਂ (ਜਿੰਮੀ) ਵਲੋਂ ਖੇਡਾਂ ਨੂੰ ਉਤਸ਼ਹਿਤ ਕਰਨ ਦੇ ਉਪਰਾਲਿਆਂ ਦੀ ਤਾਰੀਫ ਵੀ ਕੀਤੀ ਗਈ। ਭਾਰਤ ਸਰਕਾਰ ਦੇ ਖੇਡ ਸਕੱਤਰ ਨੇ ਪੰਜਾਬ ਦੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਕਿਹਾ ਕਿ ਕੇਂਦਰੀ ਖੇਡ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਵੋ ਤੇ ਪੰਜਾਬ ਨੂੰ ਖੇਡ ਖੇਤਰ ਵਿਚ ਸਿਰਮੌਰ ਸੂਬਾ ਬਣਾਓ ਤਾਂ ਜੋ ਦੇਸ਼ ਕੌਮਾਂਤਰੀ ਪੱਧਰ 'ਤੇ ਆਪਣਾ ਖੇਡ ਟੀਚਾ ਪੂਰਾ ਕਰ ਸਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਵੀ ਇਸ ਕੰਮ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ ਤੇ ਉਹ ਦੇਸ਼ ਦੀਆਂ ਖੇਡਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ।


-ਮੋਬਾ: 98729-78781.

ਪੈਰਾ ਪਾਵਰ ਲਿਫਟਰ ਮੁਹੰਮਦ ਨਦੀਮ ਮਲੇਰਕੋਟਲਾ

ਹਾਅ ਦਾ ਨਾਅਰਾ ਦੇ ਨਾਂਅ ਨਾਲ ਵਿਸ਼ਵ ਪ੍ਰਸਿੱਧ ਪੰਜਾਬ ਦੇ ਇਤਿਹਾਸਕ ਸ਼ਹਿਰ ਮਲੇਰਕੋਟਲਾ ਦਾ ਪੈਰਾ ਪਾਵਰ ਲਿਫਟਿੰਗ ਦਾ ਅਪਾਹਜ ਖਿਡਾਰੀ ਹੈ ਮੁਹੰਮਦ ਨਦੀਮ, ਜੋ ਆਪਣੀ ਖੇਡ ਸਦਕਾ ਪੰਜਾਬ, ਕੌਮੀ ਅਤੇ ਵਿਸ਼ਵ ਪੱਧਰ 'ਤੇ ਦਰਜਨਾਂ ਤਗਮੇ ਜਿੱਤ ਕੇ ਆਪਣੀ ਸ਼ਾਨਦਾਰ ਖੇਡ ਸਦਕਾ ਭਾਰਤ ਦਾ ਨਾਂਅ ਵਿਸ਼ਵ ਪੱਧਰ 'ਤੇ ਚਮਕਾ ਰਿਹਾ ਹੈ। ਮੁਹੰਮਦ ਨਦੀਮ ਦਾ ਜਨਮ ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਵਿਖੇ ਪਿਤਾ ਮਰਹੂਮ ਮੁਹੰਮਦ ਯਾਸੀਨ ਦੇ ਘਰ ਮਾਤਾ ਰਸ਼ੀਦਾਂ ਦੀ ਕੁੱਖੋਂ 5 ਜੂਨ, 1986 ਨੂੰ ਹੋਇਆ। ਮੁਹੰਮਦ ਨਦੀਮ ਜਨਮ ਤੋਂ ਹੀ ਅਪਾਹਜ ਹੈ। ਉਸ ਦੀਆਂ ਦੋਵੇਂ ਲੱਤਾਂ ਛੋਟੀਆਂ ਅਤੇ ਹੇਠਲੇ ਪੈਰ ਵੀ ਜੁੜੇ ਹੋਏ ਸਨ। ਸਕੂਲ ਸਮੇਂ ਤੋਂ ਹੀ ਮੁਹੰਮਦ ਨਦੀਮ ਨੂੰ ਖੇਡਾਂ ਦਾ ਸ਼ੌਕ ਜਾਗਿਆ ਅਤੇ ਆਪਣੇ ਸਾਥੀ ਖਿਡਾਰੀਆਂ ਨਾਲ ਖੇਡਾਂ ਖੇਡਣ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। ਭਾਵੇਂ ਨਦੀਮ ਦੀਆਂ ਦੋਵੇਂ ਲੱਤਾਂ ਛੋਟੀਆਂ ਸਨ ਪਰ ਤਕੜੇ ਜੁੱਸੇ ਦਾ ਹੋਣ ਕਰਕੇ ਉਸ ਨੇ ਪੈਰਾ ਲਿਫਟਰ ਲਿਫਟਿੰਗ (ਭਾਰ ਤੋਲਕ ਖੇਡ) ਵਿਚ ਜ਼ੋਰ-ਅਜ਼ਮਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਸੰਨ 2003 ਵਿਚ ਜਿੰਮ ਵਿਚ ਦਾਖਲਾ ਲੈ ਲਿਆ ਅਤੇ ਪੈਰਾ ਪਾਵਰ ਲਿਫ਼ਟਿੰਗ ਦੇ ਮੁਕਾਬਲਿਆਂ ਵਿਚ ਭਾਗ ਲੈਣਾ ਸ਼ੁਰੂ ਕੀਤਾ। ਜੇਕਰ ਮੁਹੰਮਦ ਨਦੀਮ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਨੈਸ਼ਨਲ ਪੱਧਰ ਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿਚ 7 ਸੋਨ ਤਗਮੇ, ਪੰਜਾਬ ਪੱਧਰ ਦੇ ਮੁਕਾਬਲਿਆਂ ਵਿਚ 15 ਵਾਰ ਚੋਟੀ ਦੇ ਸਥਾਨ 'ਤੇ ਰਹਿੰਦਿਆਂ ਮਾਣ ਹਾਸਲ ਕਰ ਚੁੱਕਾ ਹੈ। ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਹੋਰ ਵੀ ਕਈ ਜਿੱਤਾਂ ਦਰਜ ਕਰਕੇ ਪੰਜਾਬ ਦਾ ਨਾਂਅ ਚਮਕਾ ਚੁੱਕਾ ਹੈ। ਸੰਨ 2013 ਵਿਚ ਸ਼ਹਿਰ (ਪੂਨੇ) ਮਹਾਂਰਾਸ਼ਟਰ ਵਿਖੇ ਹੋਈਆਂ ਨੈਸ਼ਨਲ ਪੈਰਾ ਖੇਡਾਂ ਵਿਚ ਭਾਗ ਲੈਂਦਿਆਂ ਚਾਂਦੀ ਦਾ ਤਗਮਾ, ਸੰਨ 2015 ਵਿਚ ਹੀ ਨਵੀਂ ਦਿੱਲੀ ਵਿਖੇ ਹੋਈਆਂ ਪੈਰਾ ਖੇਡਾਂ ਵਿਚ ਚਾਂਦੀ ਦੇ ਤਗਮੇ ਜਿੱਤ ਆਪਣੀ ਖੇਡ ਦਾ ਲੋਹਾ ਮਨਵਾਇਆ। 2015 ਵਿਚ ਹੀ ਹਰਿਆਣਾ ਵਿਖੇ ਹੋਈਆਂ ਪੈਰਾ ਨੈਸ਼ਨਲ ਖੇਡਾਂ ਵਿਚ ਸੋਨੇ ਦਾ ਤਗਮਾ ਜਿੱਤ ਕੇ ਆਪਣੀ ਜਿੱਤ ਦਾ ਡੰਕਾ ਵਜਾਇਆ। 2017 ਵਿਚ ਸ਼ਹਿਰ ਵਾਸਿਮ ਮਹਾਰਾਸ਼ਟਰ ਵਿਖੇ ਹੋਈਆਂ ਨੈਸ਼ਨਲ ਪੈਰਾ ਖੇਡਾਂ ਵਿਚ 2 ਸੋਨ ਤਗਮੇ ਜਿੱਤ ਕੇ ਪੰਜਾਬ ਦਾ ਨਾਂਅ ਦੇਸ਼ ਭਰ ਵਿਚ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਵਾਸਿਮ ਸ਼ਹਿਰ ਵਿਖੇ ਹੋਈਆਂ ਪੈਰਾ ਲਿਫਟਿੰਗ ਨੈਸ਼ਨਲ ਖੇਡਾਂ ਵਿਚ 2 ਸੋਨ ਤਗਮੇ ਜਿੱਤਣ ਉਪਰੰਤ ਉਸ ਦੀ ਚੋਣ ਵਿਸ਼ਵ ਪੱਧਰ 'ਤੇ ਖੇਡਣ ਲਈ ਹੋਈ ਅਤੇ ਭਾਰਤੀ ਖੇਡ ਦਲ ਦਾ ਹਿੱਸਾ ਬਣਿਆ। 6ਵੀਂ ਪੈਰਾ ਅੰਤਰਰਾਸ਼ਟਰੀ ਏਸ਼ੀਅਨ ਸਟ੍ਰੈਂਥ ਲਿਫ਼ਟਿੰਗ ਐਂਡ ਇੰਕਲਾਈਨ ਬੈਂਚ ਪ੍ਰੈੱਸ ਚੈਂਪੀਅਨਸ਼ਿਪ 2018 ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿਖੇ ਹੋਈ ਜਨਰਲ ਵਰਗ ਵਿਚ ਖੇਡਦਿਆਂ ਸ੍ਰੀਲੰਕਾ ਦੇ ਖਿਡਾਰੀ ਨੂੰ ਹਰਾ ਕੇ ਸੋਨ ਤਗਮਾ ਹਾਸਲ ਕੀਤਾ ਅਤੇ ਇੰਡੋਨੇਸ਼ੀਆ ਵਿਖੇ ਹੀ ਹੈਂਡੀਕੈਪਡ ਵਰਗ ਦੇ ਹੋਏ ਭਾਰ ਤੋਲਕ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਾ ਵਿਖਾਵਾ ਕਰਦਿਆਂ ਇੰਡੋਨੇਸ਼ੀਆ ਦੇ ਖਿਡਾਰੀ ਨੂੰ ਪਛਾੜ ਕੇ ਇਕ ਹੋਰ ਸੋਨ ਤਗਮਾ ਆਪਣੇ ਦੇਸ਼ ਦੇ ਨਾਂਅ ਕੀਤਾ ਅਤੇ ਆਪਣੀ ਖੇਡ ਦੇ ਜੇਤੂ ਰੱਥ ਦੀ ਸਰਦਾਰੀ ਕਾਇਮ ਰੱਖੀ। ਆਪਣੇ ਦੇਸ਼ ਤੇ ਤਿਰੰਗੇ ਦਾ ਵਿਸ਼ਵ ਭਰ ਵਿਚ ਨਾਂਅ ਰੌਸ਼ਨ ਕਰਕੇ 2 ਸੋਨ ਤਗਮੇ ਜਿੱਤ ਕੇ ਦੇਸ਼ ਦੀ ਝੋਲੀ ਪਾਏ। ਨਦੀਮ ਦਾ ਅਗਲਾ ਨਿਸ਼ਾਨਾ ਵਿਸ਼ਵ ਚੈਂਪੀਅਨਸ਼ਿਪ ਤੇ ਪੈਰਾ ਉਲੰਪਿਕ ਚੈਂਪੀਅਨਸ਼ਿਪ ਜਿੱਤਣਾ ਹੈ, ਜੋ ਕਿ 2020 ਵਿਚ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋਵੇਗੀ।


-ਮੁਹੰਮਦ ਹਨੀਫ਼ ਥਿੰਦ,
ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ। ਮੋਬਾ: 95927-54907

ਅੰਤਰਰਾਸ਼ਟਰੀ ਖਿਡਾਰੀ ਸਾਬਤ ਹੋਵੇਗਾ ਹਰਿਆਣਾ ਦਾ ਪ੍ਰਦੀਪ ਢਿੱਲੋਂ

ਪ੍ਰਦੀਪ ਢਿੱਲੋਂ ਉੁਹ ਨੌਜਵਾਨ ਖਿਡਾਰੀ ਹੈ, ਜਿਸ ਨੇ ਅਪਾਹਜ ਹੁੰਦਿਆਂ ਵੀ ਆਪਣੀ ਖੇਡ ਕਲਾ ਨਾਲ ਹਰਿਆਣਾ ਪ੍ਰਾਂਤ ਦਾ ਨਾਂਅ ਉੱਚਾ ਕੀਤਾ ਹੈ ਅਤੇ ਬਿਨਾਂ ਸ਼ੱਕ ਪ੍ਰਦੀਪ ਢਿੱਲੋਂ ਆਉਣ ਵਾਲੇ ਦਿਨਾਂ ਵਿਚ ਹਰਿਆਣਾ ਦਾ ਹੀ ਖਿਡਾਰੀ ਨਹੀਂ ਹੋਵੇਗਾ, ਸਗੋਂ ਪੂਰਾ ਦੇਸ਼ ਉਸ 'ਤੇ ਮਾਣ ਕਰੇਗਾ। ਇਸੇ ਕਰਕੇ ਤਾਂ ਉਹ ਆਪਣੇ ਬਹੁਤ ਹੀ ਮਿਹਨਤੀ ਕੋਚ ਸੁੰਦਰ ਸਿੰਘ ਦੀ ਰਹਿਨੁਮਾਈ ਹੇਠ ਲਗਾਤਾਰ ਮਿਹਨਤ ਕਰ ਰਿਹਾ ਹੈ। ਪ੍ਰਦੀਪ ਢਿੱਲੋਂ ਦਾ ਜਨਮ ਹਰਿਆਣਾ ਪ੍ਰਾਂਤ ਦੇ ਜ਼ਿਲ੍ਹਾ ਫਤਿਆਬਾਦ ਦੀ ਤਹਿਸੀਲ ਬੁੱਨਾ ਦੇ ਪਿੰਡ ਨੇਹਲਾ ਵਿਚ ਪਿਤਾ ਰਾਮ ਚੰਦਰ ਦੇ ਘਰ ਮਾਤਾ ਸੰਤੋਸ਼ ਦੇਵੀ ਦੀ ਕੁੱਖੋਂ ਹੋਇਆ। ਪ੍ਰਦੀਪ ਨੇ ਬਚਪਨ ਵਿਚ ਹੀ ਪੈਰ ਧਰਿਆ ਸੀ ਕਿ ਉਹ ਪੋਲੀਓ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਉਹ ਖੱਬੀ ਲੱਤ ਤੋਂ ਲੰਗੜਾਅ ਕੇ ਤੁਰਦਾ ਹੈ ਪਰ ਉਸ ਦੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ ਕਿ ਉਸ ਨੇ ਹਿੰਮਤ ਅਤੇ ਹੌਸਲੇ ਨਾਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਅਪਣਾਇਆ ਅਤੇ ਅੱਜ ਉਹ ਲੰਮੀ ਛਾਲ ਦਾ ਮੰਨਿਆ ਹੋਇਆ ਖਿਡਾਰੀ ਹੈ। ਪ੍ਰਦੀਪ ਨੇ ਆਪਣੀ ਪਿੰਡ ਦੇ ਖੇਡ ਮੈਦਾਨ ਤੋਂ ਲੰਮੀ ਛਾਲ ਦੇ ਖਿਡਾਰੀ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਬੋਧੀਆ ਖੇੜਾ ਸਟੇਡੀਅਮ ਵਿਚ ਆਪਣੇ ਅੰਤਰਰਾਸ਼ਟਰੀ ਮੁਕਾਮ ਨੂੰ ਹਾਸਲ ਕਰਨ ਲਈ ਦਿਨ-ਰਾਤ ਇਕ ਕਰ ਰਿਹਾ ਹੈ।
ਪ੍ਰਦੀਪ ਢਿੱਲੋਂ ਦੀਆਂ ਜੇਕਰ ਹੁਣ ਤੱਕ ਦੀਆਂ ਖੇਡ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਸਾਲ 2015 ਵਿਚ ਉਸ ਨੇ ਪਹਿਲੀ ਵਾਰ ਗਾਜ਼ੀਆਬਾਦ ਵਿਖੇ ਹੋਈ 15ਵੀਂ ਸੀਨੀਅਰ ਪੈਰਾ ਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਸਾਲ 2016 ਵਿਚ 16ਵੀਂ ਸੀਨੀਅਰ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਜੋ ਪੰਚਕੂਲਾ ਵਿਖੇ ਹੋਈ, ਵਿਚ 100 ਮੀਟਰ ਲੌਂਗ ਜੰਪ ਵਿਚ ਸੋਨ ਤਗਮਾ ਜਿੱਤਿਆ। ਸਾਲ 2017 ਵਿਚ ਜੈਪੁਰ ਵਿਚ ਹੋਈ 17ਵੀਂ ਸੀਨੀਅਰ ਪੈਰਾ ਨੈਸ਼ਨਲ ਅਥਲੈਟਿਕ ਚੈਂਪੀਅਨਸ਼ਿਪ ਵਿਚ 400 ਅਤੇ 100 ਮੀਟਰ ਲੌਂਗ ਜੰਪ ਵਿਚ ਸੋਨ ਤਗਮਾ ਅਤੇ ਇਕ ਚਾਂਦੀ ਦਾ ਤਗਮਾ ਹਾਸਲ ਕੀਤਾ। ਸਾਲ 2018 ਵਿਚ 18ਵੀਂ ਸੀਨੀਅਰ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਜੋ ਪੰਚਕੂਲਾ ਵਿਖੇ ਹੋਈ, ਵਿਚ ਖੇਡਦਿਆਂ 400 ਮੀਟਰ ਅਤੇ 100 ਮੀਟਰ ਵਿਚ ਸੋਨ ਤਗਮਾ ਅਤੇ ਚਾਂਦੀ ਦਾ ਤਗਮਾ ਜਿੱਤ ਕੇ ਆਪਣੇ ਪ੍ਰਾਂਤ ਦਾ ਮਾਣ ਨਾਲ ਸਿਰ ਉੱਚਾ ਕੀਤਾ। ਦੁਬਈ ਵਿਖੇ ਹੋਈ ਫਾਜਾ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਵੀ ਲੌਂਗ ਜੰਪ ਵਿਚੋਂ ਦੂਜਾ ਸਥਾਨ ਹਾਸਲ ਕੀਤਾ। ਪ੍ਰਦੀਪ ਢਿੱਲੋਂ ਦੁਬਈ ਵਿਖੇ ਹੋਣ ਵਾਲੀਆਂ ਏਸ਼ੀਅਨ ਪੈਰਾ ਖੇਡਾਂ ਲਈ ਵੀ ਚੁਣਿਆ ਗਿਆ ਹੈ। ਪ੍ਰਦੀਪ ਆਖਦਾ ਹੈ ਕਿ, 'ਨਾ ਥਕੇ ਕਭੀ ਪੈਰ ਨਾ ਕਭੀ ਹਿੰਮਤ ਹਾਰੀ ਹੈ, ਜਜ਼ਬਾ ਹੈ ਜਿੰਦਗੀ ਮੇਂ ਪ੍ਰੀਵਰਤਨ ਕਾ, ਇਸੀ ਲੀਏ ਸਫ਼ਰ ਜਾਰੀ ਹੈ।'


-ਮੋਬਾ: 98551-14484

ਦੇਸ਼ ਦੀ ਇੱਜ਼ਤ ਅਤੇ ਸਨਮਾਨ ਲਈ ਖੇਡਣ ਖਿਡਾਰੀ

ਕੋਈ ਵੀ ਖਿਡਾਰਨ ਜਾਂ ਖਿਡਾਰੀ ਜਦੋਂ ਖੇਡ ਜਗਤ 'ਚ ਜੱਦੋ-ਜਹਿਦ ਕਰ ਰਿਹਾ ਹੁੰਦਾ ਹੈ, ਮਨ 'ਚ ਸਭ ਤੋਂ ਵੱਡੀ ਮਨਸ਼ਾ ਇਹੀ ਹੁੰਦੀ ਹੈ ਕਿ ਇਕ ਦਿਨ ਉਹ ਦੇਸ਼ ਦੀ ਕੌਮੀ ਖੇਡ 'ਚ ਆਪਣੀ ਸ਼ਮੂਲੀਅਤ ਬਣਾਵੇ, ਮੀਡੀਆ 'ਚ ਉਸ ਦੀ ਚਰਚਾ ਛਿੜੇ ਕਿ ਉਹ ਭਾਰਤ ਦੀ ਟੀਮ 'ਚ ਆਪਣੀ ਥਾਂ ਬਣਾ ਕੇ ਇਕ ਵੱਡੀ ਪ੍ਰਾਪਤੀ ਕਰ ਚੁੱਕਾ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਠੀਕ ਹੈ ਕਿ ਰਾਸ਼ਟਰੀ ਟੀਮ 'ਚ ਕਿਸੇ ਲੰਮੇ ਸੰਘਰਸ਼ ਤੋਂ ਬਾਅਦ ਪਹੁੰਚਣਾ ਉਸ ਖੇਡ ਹਸਤੀ ਦੀ ਅਹਿਮ ਪ੍ਰਾਪਤੀ ਹੈ। ਪਰ ਉਸ ਨੂੰ ਇਹ ਵੀ ਯਾਦ ਆਉਣਾ ਚਾਹੀਦਾ ਹੈ ਕਿ ਖੇਡ ਇਕ ਸਿਹਤਮੰਦ ਮਾਧਿਅਮ ਹੈ ਰਾਸ਼ਟਰ ਪ੍ਰੇਮ ਦੇ ਸੰਚਾਰ ਦਾ, ਦੇਸ਼ ਭਗਤੀ ਦੇ ਇਜ਼ਹਾਰ ਦਾ। ਆਪਣੇ-ਆਪ ਲਈ ਬਥੇਰੀਆਂ ਜਗ੍ਹਾ ਉਸ ਨੇ ਲੜੀਆਂ ਹੁੰਦੀਆਂ ਹਨ ਪਰ ਦੇਸ਼ ਲਈ, ਵਤਨ ਦੀ ਖਾਤਰ ਉਸ ਦੀ ਖੇਡ ਸ਼ਖ਼ਸੀਅਤ ਦੀ ਅਸਲੀ ਜੰਗ ਤਾਂ ਉਦੋਂ ਤੋਂ ਸ਼ੁਰੂ ਹੁੰਦੀ ਹੈ, ਜਦੋਂ ਉਹ ਖਿਡਾਰਨ ਜਾਂ ਖਿਡਾਰੀ ਦੇਸ਼ ਦੀ ਕੌਮੀ ਟੀਮ 'ਚ ਪ੍ਰਵੇਸ਼ ਕਰਦੈ। 'ਇੰਡੀਆ' ਸ਼ਬਦ ਨਾਲ ਸਜੀ ਹੋਈ ਕਿੱਟ ਤਾਂ ਉਹ ਪਾਉਂਦੈ ਪਰ ਦੇਸ਼ ਲਈ ਮਰ ਮਿਟਣ ਦਾ ਜਜ਼ਬਾ ਉਸ 'ਚ ਨਹੀਂ ਹੁੰਦਾ।
ਜਨਾਬ! ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਲਈ ਉਸ ਖੇਡ ਹਸਤੀ ਨੂੰ ਬਚਪਨ ਤੋਂ ਤਿਆਰ ਕਰਨ ਦੀ ਲੋੜ ਹੈ। ਆਪਣੇ ਪ੍ਰਾਇਮਰੀ ਸਕੂਲ ਦੀ ਇੱਜ਼ਤ ਤੇ ਸਨਮਾਨ ਲਈ ਖੇਡਣ ਤੋਂ ਲੈ ਕੇ ਕਾਲਜ, ਯੂਨੀਵਰਸਿਟੀ, ਖੇਡ ਅਕੈਡਮੀ, ਖੇਡ ਕਲੱਬ ਦੇ ਵੱਕਾਰ ਲਈ ਜੂਝਣ ਦਾ ਜਜ਼ਬਾ ਉਸ 'ਚ ਪੈਦਾ ਕਰਨ ਦੀ ਲੋੜ ਹੈ। ਰਾਸ਼ਟਰ ਭਾਵਨਾ, ਕੌਮੀ ਅਣਖ ਦਾ ਜਜ਼ਬਾ ਅਤੇ ਅਹਿਸਾਸ ਰਾਤੋ-ਰਾਤ ਪੈਦਾ ਹੋਣ ਵਾਲੀ ਚੀਜ਼ ਨਹੀਂ ਹੈ। ਇਸ ਪਾਸੇ ਪ੍ਰੇਰਿਤ ਕਰਨ ਲਈ ਸਾਨੂੰ ਛੋਟੀ ਉਮਰੇ ਖਿਡਾਰੀਆਂ-ਖਿਡਾਰਨਾਂ 'ਚ ਖੇਡ ਅਤੇ ਵਿੱਦਿਅਕ ਸੰਸਥਾਵਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਪੈਦਾ ਕਰਨ ਦੀ ਲੋੜ ਹੈ, ਜੋ ਅੱਜ ਦੇ ਖਿਡਾਰੀਆਂ 'ਚ ਨਹੀਂ ਹੈ। ਖੇਡਾਂ ਦੇ ਆਧਾਰ 'ਤੇ ਖੇਡ ਵਿੱਦਿਅਕ ਸੰਸਥਾਵਾਂ ਵਲੋਂ ਖਾਸ-ਖਾਸ ਸਹੂਲਤਾਂ ਪ੍ਰਾਪਤ ਕਰਨਾ, ਮੁਫਤ ਪੜ੍ਹਾਈ ਕਰ ਜਾਣੀ ਹੀ ਸਾਡੇ ਵਿਦਿਆਰਥੀ ਖਿਡਾਰੀਆਂ ਦਾ ਮੰਤਵ ਨਹੀਂ ਹੋਣਾ ਚਾਹੀਦਾ। ਛੋਟੀ ਉਮਰੇ ਜੋ ਖਿਡਾਰਨ-ਖਿਡਾਰੀ ਆਪਣੀ ਖੇਡ ਅਤੇ ਵਿੱਦਿਅਕ ਸੰਸਥਾ ਲਈ ਸੱਚੇ ਮਨੋਂ ਜੱਦੋ-ਜਹਿਦ ਕਰਨ ਲਈ ਉਤਸ਼ਾਹਤ ਨਹੀਂ, ਉਹ ਵੱਡਾ ਹੋ ਕੇ ਦੇਸ਼ ਦੇ ਸਨਮਾਨ ਅਤੇ ਵੱਕਾਰ ਲਈ ਕੌਮੀ ਜਜ਼ਬੇ ਨਾਲ ਕੀ ਜੂਝੇਗਾ? ਉਹ ਤਾਂ ਸਿਰਫ ਪੈਸੇ ਅਤੇ ਨੌਕਰੀ ਦੇ ਵਾਸਤੇ ਹੀ ਖੇਡ ਜੰਗਾਂ ਲੜੇਗਾ। ਉਸ ਨੂੰ ਯਾਦ ਰਹਿਣਾ ਚਾਹੀਦੈ, ਜਿਸ ਵੱਡੇ ਪੱਧਰ ਦੇ ਖੇਡ ਮੰਚ 'ਤੇ ਉਸ ਨੂੰ ਆਪਣੀ ਖੇਡ ਕਲਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ, ਉਸ 'ਚ ਸਮੁੱਚੇ ਦੇਸ਼ ਦਾ ਕਿੰਨਾ ਵੱਡਾ ਯੋਗਦਾਨ ਹੈ।
ਦੇਸ਼ ਦੀ ਕੌਮੀ ਟੀਮ 'ਚ ਥਾਂ ਬਣਾ ਲੈਣੀ ਹੀ ਕਾਫੀ ਨਹੀਂ, ਬਲਕਿ ਦੇਸ਼ ਦੀ ਖੇਡ ਝੋਲੀ ਨੂੰ ਇਨਾਮਾਂ-ਸਨਮਾਨਾਂ ਨਾਲ ਭਰਨਾ ਖਿਡਾਰਨ ਜਾਂ ਖਿਡਾਰੀ ਦੇ ਮਨ ਦੀ ਮਨਸ਼ਾ ਹੋਣੀ ਚਾਹੀਦੀ ਹੈ। ਮੈਦਾਨ ਦੇ ਅੰਦਰ 100 ਫੀਸਦੀ ਦੇਣ ਦੀ ਤਾਂਘ ਹੋਣੀ ਚਾਹੀਦੀ ਹੈ, ਕਿਉਂਕਿ ਉਹ ਖੇਡ ਹਸਤੀ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕਰ ਰਹੀ ਹੁੰਦੀ ਹੈ। ਪੂਰੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਉਸ ਖੇਡ ਜਾਂ ਖਿਡਾਰੀ ਨਾਲ ਜੁੜੀਆਂ ਹੁੰਦੀਆਂ ਹਨ। ਉਹ ਖਿਡਾਰੀ ਹਾਰਦੈ ਤਾਂ ਦੇਸ਼ ਹਾਰਦੈ। ਉਹ ਖਿਡਾਰੀ ਜਿੱਤਦੈ ਤਾਂ ਦੇਸ਼ ਜਿੱਤਦੈ। ਯਾਦ ਰੱਖਿਓ, ਜਦੋਂ ਕੋਈ ਦੇਸ਼ ਕੌਮਾਂਤਰੀ ਪੱਧਰ 'ਤੇ ਮਾਣਮੱਤੀਆਂ ਪ੍ਰਾਪਤੀਆਂ ਕਰਦਾ ਹੈ। ਇਹ ਉਸ ਦੇਸ਼ ਦੇ ਖਿਡਾਰੀਆਂ ਦੇ ਖੇਡ ਹੁਨਰ ਦਾ ਹੀ ਮਹਿਜ ਕਮਾਲ ਨਹੀਂ ਹੁੰਦਾ, ਬਲਕਿ ਦੇਸ਼ ਲਈ ਜਿੱਤਣ ਦੀ ਪ੍ਰਤਿੱਗਿਆ, ਵਚਨਬੱਧਤਾ ਅਤੇ ਇੱਛਾ ਸ਼ਕਤੀ ਦਾ ਕਮਾਲ ਵੀ ਹੁੰਦਾ ਹੈ। ਸੋ, ਸਾਡੇ ਖਿਡਾਰੀਆਂ ਨੂੰ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਮਾਣ ਅਤੇ ਸਨਮਾਨ ਲਈ ਜੱਦੋ-ਜਹਿਦ ਕਰਨ ਲਈ ਦੇਸ਼ ਪ੍ਰੇਮ ਤੋਂ ਪ੍ਰੇਰਿਤ ਹੋਣ ਦੀ ਲੋੜ ਹੈ। ਹਾਰ-ਜਿੱਤ ਵਿਅਕਤੀ ਦੀ ਨਹੀਂ, ਦੇਸ਼ ਦਾ ਵਕਾਰ ਹੁੰਦੀ ਹੈ। ਕੌਮਾਂਤਰੀ ਮੈਦਾਨਾਂ 'ਚ ਸਾਡਾ ਤਿਰੰਗਾ ਪੂਰੀ ਸ਼ਾਨੋ-ਸ਼ੌਕਤ ਨਾਲ ਝੁੱਲੇ, ਤਾਂ ਹੀ ਦੇਸ਼ ਵਾਸੀਆਂ ਨੂੰ ਖੁਸ਼ੀ ਹੁੰਦੀ ਹੈ। ਖੇਡਾਂ ਵੀ ਇਸ ਪੱਖੋਂ ਕੌਮੀ ਸਤਿਕਾਰ ਅਤੇ ਸ਼ਾਨ ਦਾ ਸਬੱਬ ਬਣ ਸਕਦੀਆਂ ਹਨ। ਖਿਡਾਰੀਆਂ ਦੀ ਕਠਿਨ ਮਿਹਨਤ ਅਤੇ ਤਪੱਸਿਆ ਸਦਕਾ ਤਿਰੰਗੇ ਦੀ ਲਾਜ ਰੱਖਣ ਦੀ ਕੋਸ਼ਿਸ਼ ਖਿਡਾਰੀ ਦੇ ਸੱਚੇ ਮਨੋਂ ਹੋਣੀ ਚਾਹੀਦੀ ਹੈ।
ਭਾਰਤੀਆਂ ਨੂੰ ਆਪਣੇ ਗੁਆਂਢੀ ਦੇਸ਼ ਚੀਨ ਜੋ ਦੁਨੀਆ ਦੀ ਵੱਡੀ ਖੇਡ ਸ਼ਕਤੀ ਹੈ, ਤੋਂ ਸਬਕ ਲੈਣ ਦੀ ਲੋੜ ਹੈ, ਜਿਥੋਂ ਤੱਕ ਦੇਸ਼ ਲਈ ਕੌਮੀ ਜਜ਼ਬੇ ਦਾ ਸਬੰਧ ਹੈ। ਚੀਨੀ ਖਿਡਾਰੀਆਂ 'ਚ ਦੇਸ਼ ਭਗਤੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੈ, ਉਹ ਖੇਡਾਂ ਦੇ ਖੇਤਰ 'ਚ ਆਪਣੇ ਦੇਸ਼ ਦਾ ਨਾਂਅ ਉੱਚਾ ਰੱਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਲੰਪਿਕ ਖੇਡਾਂ 'ਚ ਚੀਨ ਅਤੇ ਭਾਰਤੀਆਂ ਦੀ ਪ੍ਰਾਪਤੀ ਦਾ ਜੋ ਫਰਕ ਹੈ, ਖੇਡ ਪੰਡਿਤ ਮੰਨਦੇ ਹਨ ਕਿ ਚੀਨੀ ਉਲੰਪਿਕ ਤਗਮੇ ਨੂੰ ਆਪਣਾ ਉਦੇਸ਼ ਮੰਨਦੇ ਹਨ ਪਰ ਭਾਰਤੀ ਆਪਣਾ ਤੇ ਪਰਿਵਾਰ ਦਾ ਪੇਟ ਪਾਲਣ ਲਈ ਖੇਡਦੇ ਹਨ। ਹਕੀਕਤ ਇਹ ਹੈ ਕਿ ਅਸੀਂ ਖੇਡ ਸਹੂਲਤਾਂ ਦੀ ਕਮੀ ਦੇ ਸ਼ੋਰ 'ਚ ਕੌਮੀ ਖੇਡ ਜਜ਼ਬੇ ਦੀ ਘਾਟ ਦੀ ਗੱਲ ਹੀ ਕਦੇ ਨਹੀਂ ਕਰਦੇ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX