ਤਾਜਾ ਖ਼ਬਰਾਂ


ਸੁਖਪਾਲ ਖਹਿਰਾ ਨੇ ਬਠਿੰਡਾ ਤੋਂ ਭਰਿਆ ਨਾਮਜ਼ਦਗੀ ਪੱਤਰ
. . .  1 minute ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਏਕਤਾ ਪਾਰਟੀ ਦੇ ਆਗੂ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਆਪਣਾ ਨਾਮਜ਼ਦਗੀ...
ਬਠਿੰਡਾ ਤੋਂ 'ਆਪ' ਉਮੀਦਵਾਰ ਪ੍ਰੋ. ਬਲਜਿੰਦਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ
. . .  13 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਵਲੋਂ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ...
ਲੋਕ ਦੇਸ਼ ਦਾ ਸ਼ਾਸਨ ਕਾਂਗਰਸ ਦੇ ਹੱਥ 'ਚ ਦੇਣ ਲਈ ਤਿਆਰ- ਬੀਬੀ ਭੱਠਲ
. . .  21 minutes ago
ਲਹਿਰਾਗਾਗਾ, 26 ਅਪ੍ਰੈਲ (ਸੂਰਜ ਭਾਨ ਗੋਇਲ) - ਮੀਡੀਆ ਦੇ ਇੱਕ ਹਿੱਸੇ 'ਚ ਮੇਰਾ ਛਪਿਆ ਬਿਆਨ ਕੀ ਬੀਬੀ ਭੱਠਲ ਭਾਜਪਾ 'ਚ ਸ਼ਾਮਿਲ ਹੋਣ ਜਾ ਰਹੀ ਹੈ ਇਹ ਬਿਲਕੁਲ ਝੂਠ ਹੈ, ਕਿਉਂਕਿ ਕਾਂਗਰਸ ਮੇਰੀ ਮਾਂ ਪਾਰਟੀ ਹੈ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਪੰਜਾਬ ਦੀ .....
ਬਠਿੰਡਾ ਤੋਂ ਬੀਬਾ ਬਾਦਲ ਨੇ ਦਾਖ਼ਲ ਕੀਤਾ ਨਾਮਜ਼ਦਗੀ ਕਾਗ਼ਜ਼
. . .  25 minutes ago
ਬਠਿੰਡਾ, 26 ਅਪ੍ਰੈਲ (ਕੰਵਲਜੀਤ ਸਿੰਘ ਸਿੱਧੂ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਇੱਥੇ ਇੱਕ ਵਿਸ਼ਾਲ ਰੋਡ...
ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਲੰਡਨ ਕੋਰਟ ਵੱਲੋਂ ਖ਼ਾਰਜ
. . .  55 minutes ago
ਨਵੀਂ ਦਿੱਲੀ, 26 ਅਪ੍ਰੈਲ- ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਸ਼ੁੱਕਰਵਾਰ ਨੂੰ ਲੰਦਨ ਦੀ ਵੈਸਟਮਿੰਸਟਰ ਕੋਰਟ 'ਚ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਈ। ਇਸ ਸੁਣਵਾਈ ਦੇ ਦੌਰਾਨ ਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ....
ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੇ ਦਾਖ਼ਲ ਕਰਾਇਆ ਨਾਮਜ਼ਦਗੀ ਪੱਤਰ
. . .  about 1 hour ago
ਪਟਿਆਲਾ, 26 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)- ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ...
ਖਡੂਰ ਸਾਹਿਬ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ
. . .  about 1 hour ago
ਤਰਨ ਤਾਰਨ, 26 ਅਪ੍ਰੈਲ- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਅੱਜ ਨਾਮਜ਼ਦਗੀ ਪੱਤਰ...
ਜਲੰਧਰ 'ਚ ਨਾਮਜ਼ਦਗੀ ਭਰਨ ਵੇਲੇ ਆਹਮੋ-ਸਾਹਮਣੇ ਹੋਏ ਅਕਾਲੀ ਦਲ ਤੇ ਬਸਪਾ ਦੇ ਸਮਰਥਕ
. . .  about 1 hour ago
ਜਲੰਧਰ, 26 ਅਪ੍ਰੈਲ (ਚਿਰਾਗ)- ਜਲੰਧਰ 'ਚ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਬਲਵਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ...
ਆਸਾਰਾਮ ਦੇ ਬੇਟੇ ਨਰਾਇਣ ਸਾਈਂ ਜਬਰ ਜਨਾਹ ਮਾਮਲੇ 'ਚ ਦੋਸ਼ੀ ਕਰਾਰ
. . .  about 1 hour ago
ਨਵੀਂ ਦਿੱਲੀ, 26 ਅਪ੍ਰੈਲ- ਆਸਾਰਾਮ ਦੇ ਬੇਟੇ ਨਰਾਇਣ ਸਾਈਂ ਦੇ ਖ਼ਿਲਾਫ਼ ਸੂਰਤ ਦੀ ਰਹਿਣ ਵਾਲੀਆਂ ਦੋ ਭੈਣਾਂ ਵੱਲੋਂ ਲਗਾਏ ਜਬਰ ਜਨਾਹ ਦੇ ਦੋਸ਼ 'ਚ ਅੱਜ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ 'ਚ ਅਦਾਲਤ .....
ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੇ ਭਰੇ ਨਾਮਜ਼ਦਗੀ ਪੱਤਰ
. . .  about 1 hour ago
ਤਰਨਤਾਰਨ, 26 ਅਪ੍ਰੈਲ- ਲੋਕ ਸਭਾ ਹਲਕੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਦੇ ਸਾਬਕਾ ਖ਼ੁਰਾਕ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਵਿਧਾਇਕ....
ਹੋਰ ਖ਼ਬਰਾਂ..

ਨਾਰੀ ਸੰਸਾਰ

ਸਾਕਾਰਾਤਮਕ ਸੋਚ ਦਾ ਜਾਦੂ

ਮਨੁੱਖੀ ਸ਼ਖ਼ਸੀਅਤ ਬੜੀ ਹੀ ਡੂੰਘੀ ਅਤੇ ਰਹੱਸਮਈ ਹੈ। ਜ਼ਿੰਦਗੀ ਦੇ ਇਸ ਦਿਲਚਸਪ ਸਫ਼ਰ ਦੌਰਾਨ ਹਰੇਕ ਮੋੜ 'ਤੇ ਇਸ ਵਿਚ ਬਦਲਾਅ ਆਉਣਾ ਲਾਜ਼ਮੀ ਹੈ। ਹਰੇਕ ਇਨਸਾਨ ਦਾ ਆਪਣਾ ਸੁਭਾਅ ਅਤੇ ਨਜ਼ਰੀਆ ਹੁੰਦਾ ਹੈ, ਜਿਸ ਦੇ ਆਖੇ ਲੱਗ ਉਹ ਦੂਜਿਆਂ ਨਾਲ ਵਿਚਰਦਾ ਹੈ। ਹਜ਼ਾਰਾਂ ਵਿਚਾਰ ਸਾਡੇ ਮਨ ਰੂਪੀ ਸਮੁੰਦਰ ਵਿਚ ਛੱਲਾਂ ਮਾਰਦੇ ਫਿਰਦੇ ਹਨ। ਕਦੇ ਵੀ ਸਾਡਾ ਮਨ ਵਿਚਾਰਾਂ ਤੋਂ ਮੁਕਤ ਹੁੰਦਾ ਹੀ ਨਹੀਂ। ਇਹ ਸਾਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਹੀ ਤਰ੍ਹਾਂ ਦੇ ਹੁੰਦੇ ਹਨ। ਇਹ ਵਿਚਾਰ ਹੀ ਸਾਨੂੰ ਬਣਾਉਂਦੇ ਜਾਂ ਵਿਗਾੜਦੇ ਹਨ। ਸਾਡਾ ਨਜ਼ਰੀਆ ਹੀ ਸਾਡੀ ਸ਼ਖ਼ਸੀਅਤ ਦਾ ਮੁੱਢ ਬੰਨ੍ਹਦਾ ਹੈ। ਜੋ ਵੀ ਅਸੀਂ ਸੋਚਦੇ ਹਾਂ, ਉਹ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਜੇਕਰ ਕਿਸੇ ਇਨਸਾਨ ਬਾਰੇ ਤੁਸੀਂ ਇਹ ਜਾਨਣ ਵਿਚ ਸਫਲ ਹੋ ਗਏ ਕਿ ਉਹ ਕੀ ਸੋਚ ਰੱਖਦਾ ਹੈ ਤਾਂ ਤੁਸੀਂ ਅਸਾਨੀ ਨਾਲ ਉਸ ਦੀ ਸ਼ਖ਼ਸੀਅਤ ਬਾਰੇ ਵੀ ਜਾਣ ਸਕੋਗੇ। ਉਦਾਹਰਨ ਦੇ ਤੌਰ 'ਤੇ ਜੇਕਰ ਕਿਸੇ ਵਿਦਿਆਰਥੀ ਦੀ ਸੋਚ ਆਸ਼ਾਵਾਦੀ ਹੈ ਤਾਂ ਉਹ ਤਮਾਮ ਔਕੜਾਂ ਦੇ ਬਾਵਜੂਦ ਮਿਹਨਤ ਅਤੇ ਸੰਘਰਸ਼ ਕਰਕੇ ਜ਼ਿੰਦਗੀ ਵਿਚ ਕੁਝ ਨਿਵੇਕਲਾ ਕਰਨ ਦੀ ਇੱਛਾ ਰੱਖੇਗਾ, ਉਸ ਦੀ ਸਾਕਾਰਾਤਮਕ ਸੋਚ ਉਸ ਨੂੰ ਜ਼ਰੂਰ ਸਫਲਤਾ ਦੁਆਵੇਗੀ ਅਤੇ ਦੂਜੇ ਪਾਸੇ ਨਿਰਾਸ਼ਾਵਾਦੀ ਸੋਚ ਵਾਲਾ ਵਿਦਿਆਰਥੀ ਇਹੀ ਸੋਚੇਗਾ ਕਿ ਏਨੀਆਂ ਔਕੜਾਂ ਮੇਰਾ ਰਸਤਾ ਮੱਲੀ ਖੜ੍ਹੀਆਂ ਹਨ, ਮੈਂ ਤਾਂ ਸਫਲ ਹੀ ਨਹੀਂ ਹੋ ਸਕਦਾ, ਮੇਰੀ ਤਾਂ ਕਿਸਮਤ ਹੀ ਮਾੜੀ ਹੈ ਅਤੇ ਬਿਨਾਂ ਮਿਹਨਤ ਅਤੇ ਸੰਘਰਸ਼ ਕੀਤਿਆਂ ਸਾਰਾ ਦੋਸ਼ ਕਿਸਮਤ ਦੇ ਮੱਥੇ ਮੜ੍ਹ ਦਿੱਤਾ ਜਾਵੇਗਾ। ਕਿਉਂਕਿ ਸਫਲ ਵਿਅਕਤੀ ਕੋਲ ਹਿੰਮਤ, ਉਦੇਸ਼ ਅਤੇ ਆਦਰਸ਼ ਹੁੰਦੇ ਹਨ ਅਤੇ ਨਾਕਾਰਾਤਮਕ ਸੋਚ ਵਾਲੇ ਕੋਲ ਬਹਾਨੇ, ਸ਼ਿਕਾਇਤਾਂ ਅਤੇ ਸਾੜੇ ਹੁੰਦੇ ਹਨ। ਆਪਣੇ ਵਿਚਾਰ ਬਦਲ ਲਵੋ, ਤੁਹਾਡੀ ਦੁਨੀਆ ਬਦਲ ਜਾਵੇਗੀ। ਉਸਾਰੂ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿਚ ਸ਼ਾਮਿਲ ਕਰੋ। ਸਾਕਾਰਾਤਮਕ ਸੋਚ ਰੱਖਣਾ ਬਹੁਤ ਵਧੀਆ ਗੱਲ ਹੈ ਪਰ ਸਭ ਤੋਂ ਵੱਡੀ ਗੱਲ ਹੈ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ।
ਰੁਝੇਵੇਂ ਭਰੀ ਜ਼ਿੰਦਗੀ ਵਿਚ ਕੁਝ ਸਮਾਂ ਆਪਣੇ-ਆਪ ਨੂੰ ਦਿਓ। ਆਤਮ-ਚਿੰਤਨ ਕਰੋ, ਆਪਣੇ-ਆਪ ਨੂੰ ਜਾਨਣ ਦੀ ਕੋਸ਼ਿਸ਼ ਕਰੋ, ਕਿਉਂਕਿ ਹਰੇਕ ਇਨਸਾਨ ਦੀ ਸ਼ਖ਼ਸੀਅਤ ਦੇ ਦੋ ਪੱਖ ਹੁੰਦੇ ਹਨ, ਇਕ ਉਹ ਜੋ ਉਹ ਦੂਜਿਆਂ ਨੂੰ ਦਿਖਾਉਂਦਾ ਹੈ, ਇਕ ਅਜਿਹਾ ਰਹੱਸਮਈ ਪੱਖ ਹੁੰਦਾ ਹੈ, ਜਿਸ ਬਾਰੇ ਸਿਰਫ ਉਸ ਨੂੰ ਹੀ ਪਤਾ ਹੁੰਦਾ ਹੈ। ਸੋ, ਦੂਜਿਆਂ ਦੀ ਫਜ਼ੂਲ ਨਿੰਦਾ ਕਰਨ ਨਾਲੋਂ ਆਪਣੀੇ ਸ਼ਖ਼ਸੀਅਤ ਨੂੰ ਹੋਰ ਬਿਹਤਰ ਬਣਾਉਣ ਬਾਰੇ ਸੋਚੋ। ਜੇ ਸਾਡੇ ਵਿਚਾਰ ਚੜ੍ਹਦੀ ਕਲਾ ਵਿਚ ਰਹਿਣਗੇ, ਤਾਂ ਅਸੀਂ ਹਮੇਸ਼ਾ ਸੁਖੀ ਰਹਾਂਗੇ, ਪਰ ਜੇਕਰ ਅਸੀਂ ਹਮੇਸ਼ਾ ਅਸਫਲਤਾ ਬਾਰੇ ਸੋਚਾਂਗੇ ਜਾਂ ਢਹਿੰਦੀ ਕਲਾ 'ਚ ਰਹਾਂਗੇ ਤਾਂ ਅਸੀਂ ਦੁਖੀ ਹੀ ਰਹਾਂਗੇ। ਜੇਕਰ ਸਾਡੇ ਵਿਚਾਰਾਂ ਵਿਚ ਦੂਜਿਆਂ ਲਈ ਵੈਰ ਹੈ, ਸਾਡੇ ਵਤੀਰੇ ਵਿਚ ਨਿੱਘ ਨਹੀਂ, ਸਾਨੂੰ ਕਿਸੇ ਨਾਲ ਹਮਦਰਦੀ ਨਹੀਂ, ਹਮੇਸ਼ਾ ਜੋੜਨ ਮੱਲਣ ਦੀ ਲਾਲਸਾ ਹੈ। ਜਿੱਥੇ ਖੁਦਗਰਜ਼ੀ ਹੈ, ਜਿੱਥੇ ਕਿਸੇ ਨੂੰ ਭੰਡਣ ਦਾ ਕੋਈ ਮੌਕਾ ਨਾ ਛੱਡਿਆ ਜਾਵੇ, ਜਿੱਥੇ ਦੂਜੇ ਦੀ ਸਫਲਤਾ ਲਈ ਉਤਸ਼ਾਹ ਨਹੀਂ, ਸਗੋਂ ਉਸ ਨੂੰ ਸਰਾਹੁਣ ਦੀ ਥਾਂ ਮੂੰਹ ਸੀਤੇ ਜਾਣ, ਉੱਥੇ ਵਧੀਆ ਸ਼ਖ਼ਸੀਅਤ ਦਾ ਮੰਦਰ ਨਹੀਂ ਉਸਰ ਸਕਦਾ। ਜਿਹੜਾ ਆਪਣੇ-ਆਪ ਨੂੰ ਪੂਰਨ ਅਤੇ ਦੂਜਿਆਂ ਨੂੰ ਅਧੂਰਾ ਸਮਝਦਾ ਹੈ, ਉਸ ਤੋਂ ਕਦੇ ਵੀ ਉੱਚੀ ਸ਼ਖ਼ਸੀਅਤ ਦੀ ਆਸ ਨਹੀਂ ਰੱਖੀ ਜਾ ਸਕਦੀ। ਵਧੀਆ ਵਿਚਾਰਾਂ ਲਈ ਵਧੀਆ ਕਿਤਾਬਾਂ ਪੜ੍ਹੋ। ਸਾਡੇ ਧਾਰਮਿਕ ਗ੍ਰੰਥ ਇਸ ਖਜ਼ਾਨੇ ਨਾਲ ਭਰਪੂਰ ਹਨ ਪਰ ਅਸੀਂ ਇਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਨਹੀਂ ਕਰਦੇ, ਜਿਸ ਕਾਰਨ ਅਸੀਂ ਦੁਖੀ ਰਹਿੰਦੇ ਹਾਂ। ਇਸ ਜ਼ਿੰਦਗੀ ਰੂਪੀ ਸਫਰ ਵਿਚ ਸਾਡਾ ਕਈ ਇਨਸਾਨਾਂ ਨਾਲ ਵਾਹ ਪੈਂਦਾ ਹੈ ਅਤੇ ਕਈ ਇਨਸਾਨ ਵੀ ਸਾਨੂੰ ਬਹੁਤ ਕੁਝ ਸਿਖਾ ਦਿੰਦੇ ਹਨ। ਜਿਸ ਦਾ ਵੀ ਕੋਈ ਵਧੀਆ ਗੁਣ ਲੱਗੇ, ਉਸ ਨੂੰ ਅਪਣਾ ਲਵੋ। ਘਟੀਆ ਅਤੇ ਮੈਲੇ ਵਿਚਾਰਾਂ ਨੂੰ ਮਨ ਰੂਪੀ ਮਨਮੋਹਕ ਵਿਹੜੇ ਵਿਚ ਦਸਤਕ ਨਾ ਦੇਣ ਦਿਓ, ਕਿਉਂਕਿ ਇਹ ਸ਼ਖਸੀਅਤ ਨੂੰ ਖੋਰਾ ਜ਼ਰੂਰ ਲਾਉਣਗੇ। ਮਨ ਦੇ ਵਿਹੜੇ ਵਿਚ ਵਧੀਆ ਬੀਜ ਬੀਜੋ, ਕੁਦਰਤ ਦਾ ਸ਼ੁਕਰਾਨਾ ਕਰੋ ਅਤੇ ਸਰਬੱਤ ਦਾ ਭਲਾ ਮੰਗੋ।

-ਸ: ਸੀ: ਸੈ: ਸਕੂਲ, ਮੁਸਤਫਾਬਾਦ (ਫਤਹਿਗੜ੍ਹ ਸਾਹਿਬ)। ਮੋਬਾ: 94643-89293
preetminhas09@gmail.com


ਖ਼ਬਰ ਸ਼ੇਅਰ ਕਰੋ

ਗਰਮੀ ਵਿਚ ਝੁਲਸੀ ਚਮੜੀ ਦੀ ਦੇਖਭਾਲ

ਗਰਮੀਆਂ ਦੇ ਮੌਸਮ ਵਿਚ ਤੇਜ਼ ਧੁੱਪ ਵਿਚ ਬਾਹਰ ਘੁੰਮਣ ਨਾਲ ਸੂਰਜ ਦੀਆਂ ਪੈਰਾਬੈਂਗਣੀ ਕਿਰਨਾਂ ਨਾਲ ਟੈਨਿੰਗ ਅਤੇ ਸਨਬਰਨ ਦੀ ਸਮੱਸਿਆ ਆਪਣੇ ਸਿਖਰ 'ਤੇ ਹੁੰਦੀ ਹੈ। ਸੂਰਜ ਦੀ ਗਰਮੀ ਅਤੇ ਹਵਾ ਪ੍ਰਦੂਸ਼ਣ ਦੀ ਵਜ੍ਹਾ ਨਾਲ ਚਿਹਰੇ 'ਤੇ ਕਿੱਲ, ਮੁਹਾਸੇ, ਛਾਈਆਂ, ਕਾਲੇ ਦਾਗ, ਬਲੈਕ ਹੈੱਡ ਅਤੇ ਪਸੀਨੇ ਦੀ ਬਦਬੂ ਦੀ ਸਮੱਸਿਆ ਆਮ ਹੋ ਜਾਂਦੀ ਹੈ, ਜਿਸ ਨਾਲ ਚਮੜੀ ਨੂੰ ਪੂਰਾ ਗ੍ਰਹਿਣ ਜਿਹਾ ਲੱਗ ਜਾਂਦਾ ਹੈ ਅਤੇ ਤੁਸੀਂ ਘਰੋਂ ਬਾਹਰ ਨਿਕਲਣ ਵਿਚ ਅਸਹਿਜ ਮਹਿਸੂਸ ਕਰਦੇ ਹੋ ਅਤੇ ਮੌਸਮ ਤੁਹਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦਾ ਹੈ।
ਇਸ ਸਮੱਸਿਆ ਦਾ ਉਚਿਤ ਹੱਲ ਕੀ ਹੈ? ਸੂਰਜ ਦੀਆਂ ਕਿਰਨਾਂ ਤੋਂ ਚਮੜੀ ਦੇ ਬਚਾਅ ਲਈ ਸਨਸਕਰੀਨ ਦਾ ਲੇਪ ਕਾਫੀ ਪ੍ਰਭਾਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਟੋਪੀ ਪਹਿਨਣਾ, ਛਤਰੀ ਲੈ ਕੇ ਚੱਲਣਾ ਅਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰ ਵਿਚ ਹੀ ਰਹਿਣਾ ਵੀ ਬਦਲਵੇਂ ਉਪਾਅ ਮੰਨੇ ਜਾਂਦੇ ਹਨ। ਜੇ ਤੁਹਾਨੂੰ ਸਿਖਰ ਦੁਪਹਿਰੇ ਘਰੋਂ ਨਿਕਲਣਾ ਹੀ ਪਵੇ ਤਾਂ ਸੂਰਜ ਦੀ ਗਰਮੀ ਤੋਂ ਬਚਾਅ ਕਰਨ ਵਾਲੀ ਸਨਸਕਰੀਨ ਬਾਜ਼ਾਰ ਵਿਚ ਉਪਲਬਧ ਹੈ। ਇਸ ਵਿਚ ਫੇਸ਼ੀਅਲ ਸਕਰੱਬ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਤੁਸੀਂ ਆਪਣੀ ਚਮੜੀ ਦੇ ਅਨੁਰੂਪ ਫੇਸ਼ੀਅਲ ਸਕਰੱਬ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੀ ਚਮੜੀ ਖੁਸ਼ਕ ਹੋਵੇ ਤਾਂ ਹਫ਼ਤੇ ਵਿਚ ਸਿਰਫ ਇਕ ਵਾਰ ਹੀ ਸਕਰੱਬ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਤੇਲੀ ਚਮੜੀ ਵਿਚ ਤੁਸੀਂ ਇਸ ਦੀ ਵਰਤੋਂ ਦੁਹਰਾ ਸਕਦੇ ਹੋ। ਇਸ ਨਾਲ ਚਮੜੀ ਵਿਚ ਮ੍ਰਿਤਕ ਕੋਸ਼ਿਕਾਵਾਂ ਹਟ ਜਾਂਦੀਆਂ ਹਨ, ਜਿਸ ਨਾਲ ਚਮੜੀ ਵਿਚ ਨਿਖਾਰ ਆ ਜਾਂਦਾ ਹੈ ਅਤੇ ਧੁੱਪ ਨਾਲ ਝੁਲਸੀ ਚਮੜੀ ਹਟ ਜਾਂਦੀ ਹੈ। ਤੁਸੀਂ ਆਪਣੀ ਰਸੋਈ ਵਿਚ ਰੱਖੇ ਉਤਪਾਦਾਂ ਤੋਂ ਅਸਾਨੀ ਨਾਲ ਸਕਰੱਬ ਬਣਾ ਸਕਦੇ ਹੋ।
ਜੇ ਦਿਨ ਭਰ ਬਾਹਰ ਰਹਿਣਾ ਤੁਹਾਡੀ ਨੌਕਰੀ ਜਾਂ ਪੇਸ਼ੇਵਰ ਮਜਬੂਰੀ ਹੈ ਤਾਂ ਸ਼ਾਮ ਨੂੰ ਚਿਹਰੇ ਨੂੰ ਠੰਢਕ ਪਹੁੰਚਾਉਣ ਲਈ ਚਿਹਰੇ 'ਤੇ ਕੁਝ ਸਮੇਂ ਤੱਕ ਬਰਫ ਦੇ ਟੁਕੜਿਆਂ ਨੂੰ ਰੱਖੋ। ਇਸ ਨਾਲ ਸੂਰਜ ਦੀ ਧੁੱਪ ਨਾਲ ਹੋਏ ਨੁਕਸਾਨ ਤੋਂ ਰਾਹਤ ਮਿਲੇਗੀ ਅਤੇ ਚਮੜੀ ਵਿਚ ਨਮੀ ਵਧੇਗੀ। ਚਿਹਰੇ 'ਤੇ ਟਮਾਟਰ ਦੀ ਲੁਗਦੀ ਲਗਾਉਣ ਨਾਲ ਵੀ ਗਰਮੀਆਂ ਵਿਚ ਝੁਲਸੀ ਚਮੜੀ ਨੂੰ ਕਾਫੀ ਸਕੂਨ ਮਿਲਦਾ ਹੈ। ਗਰਮੀਆਂ ਵਿਚ ਚਮੜੀ 'ਤੇ ਸਨਬਰਨ ਦੇ ਨੁਕਸਾਨ ਨੂੰ ਘੱਟ ਕਰਨ ਲਈ ਚਿਹਰੇ ਨੂੰ ਵਾਰ-ਵਾਰ ਤਾਜ਼ੇ, ਸਾਫ਼ ਅਤੇ ਠੰਢੇ ਪਾਣੀ ਨਾਲ ਧੋਵੋ। ਚਿਹਰੇ ਨੂੰ ਧੋਣ ਤੋਂ ਬਾਅਦ ਇਸ ਨੂੰ ਤੌਲੀਏ ਨਾਲ ਪੂੰਝਣ ਦੀ ਬਜਾਏ ਆਪਣੇ-ਆਪ ਸੁੱਕਣ ਦਿਓ, ਜਿਸ ਨਾਲ ਚਿਹਰੇ ਵਿਚ ਠੰਢਕ ਬਣੀ ਰਹੇਗੀ। ਗੁਲਾਬ-ਜਲ ਵਿਚ ਤਰਬੂਜ਼ ਦਾ ਰਸ ਮਿਲਾ ਕੇ ਚਿਹਰੇ 'ਤੇ ਲਗਾਉਣ ਤੋਂ 20 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਦੇਣ ਨਾਲ ਸਨਬਰਨ ਦਾ ਅਸਰ ਖ਼ਤਮ ਹੋ ਜਾਵੇਗਾ।
ਸਕਰੱਬ : ਬਦਾਮ ਨਾਲ ਸਭ ਤੋਂ ਬਿਹਤਰੀਨ ਫੇਸ਼ੀਅਲ ਸਕਰੱਬ ਬਣਦਾ ਹੈ। ਬਦਾਮ ਨੂੰ ਗਰਮ ਪਾਣੀ ਵਿਚ ਉਦੋਂ ਤੱਕ ਭਿਉਂ ਕੇ ਰੱਖੋ ਜਦੋਂ ਤੱਕ ਇਸ ਦੀ ਬਾਹਰੀ ਛਿੱਲ ਨਾ ਹਟ ਜਾਵੇ। ਇਸ ਤੋਂ ਬਾਅਦ ਬਦਾਮ ਨੂੰ ਸੁਕਾ ਕੇ ਪੀਸ ਲਓ ਅਤੇ ਇਸ ਪਾਊਡਰ ਨੂੰ ਇਕ ਹਵਾਬੰਦ ਡੱਬੇ ਵਿਚ ਰੱਖ ਲਓ। ਰੋਜ਼ਾਨਾ ਸਵੇਰੇ ਦੋ ਚਮਚ ਪਾਊਡਰ ਵਿਚ ਦਹੀਂ ਜਾਂ ਠੰਢਾ ਦੁੱਧ ਮਿਲਾ ਕੇ ਇਸ ਮਿਸ਼ਰਨ ਨੂੰ ਕੋਮਲਤਾ ਨਾਲ ਚਮੜੀ 'ਤੇ ਲਗਾਓ ਅਤੇ ਬਾਅਦ ਵਿਚ ਇਸ ਨੂੰ ਪਾਣੀ ਨਾਲ ਧੋ ਦਿਓ। ਚੌਲਾਂ ਦੇ ਪਾਊਡਰ ਵਿਚ ਦਹੀਂ ਮਿਲਾ ਕੇ ਸਕਰੱਬ ਦੇ ਤੌਰ 'ਤੇ ਵਰਤਣ ਨਾਲ ਤੇਲੀ ਚਮੜੀ ਨੂੰ ਰਾਹਤ ਮਿਲਦੀ ਹੈ। ਥੋੜ੍ਹੀ ਜਿਹੀ ਹਲਦੀ ਨੂੰ ਦਹੀਂ ਵਿਚ ਮਿਲਾਓ। ਇਸ ਨੂੰ ਹਰ ਰੋਜ਼ ਚਮੜੀ 'ਤੇ ਕੋਮਲਤਾ ਨਾਲ ਲਗਾਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ।
ਇਕ ਚਮਚ ਸ਼ਹਿਦ ਵਿਚ ਦੋ ਚਮਚ ਨਿੰਬੂ ਰਸ ਮਿਲਾਓ। ਇਸ ਨੂੰ ਹਰ ਰੋਜ਼ ਚਿਹਰੇ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
ਤੇਲੀ ਚਮੜੀ ਹੋਵੇ ਜਾਂ ਝੁਲਸੀ ਚਮੜੀ ਨੂੰ ਰਾਹਤ ਪ੍ਰਦਾਨ ਕਰਨ ਲਈ ਖੀਰੇ ਦੀ ਲੁਗਦੀ ਨੂੰ ਦਹੀਂ ਵਿਚ ਮਿਲਾਓ ਅਤੇ ਇਸ ਮਿਸ਼ਰਨ ਨੂੰ ਹਰ ਰੋਜ਼ ਚਿਹਰੇ 'ਤੇ ਲਗਾਓ। ਇਸ ਮਿਸ਼ਰਨ ਨੂੰ 20 ਮਿੰਟ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ ਅਤੇ ਇਹ ਤੇਲੀ ਚਮੜੀ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੋਵੇਗਾ।
ਤੇਲੀ ਚਮੜੀ ਲਈ ਟਮਟਾਰ ਦੀ ਲੁਗਦੀ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਇਸ ਮਿਸ਼ਰਨ ਨੂੰ ਹਰ ਰੋਜ਼ ਚਮੜੀ 'ਤੇ ਲਗਾਓ ਅਤੇ 20 ਮਿੰਟ ਬਾਅਦ ਧੋ ਦਿਓ। ਚਮੜੀ ਨੂੰ ਸੂਰਜ ਦੀ ਗਰਮੀ ਨਾਲ ਜਲਣ ਤੋਂ ਬਚਾਉਣ ਲਈ ਰੂੰ ਦੀ ਮਦਦ ਨਾਲ ਠੰਢਾ ਦੁੱਧ ਕੋਮਲਤਾ ਨਾਲ ਹਰ ਰੋਜ਼ ਚਮੜੀ 'ਤੇ ਲਗਾਓ। ਇਸ ਨਾਲ ਚਮੜੀ ਨੂੰ ਨਾ ਸਿਰਫ ਰਾਹਤ ਮਿਲੇਗੀ, ਸਗੋਂ ਚਮੜੀ ਕੋਮਲ ਬਣ ਕੇ ਨਿਖਰੇਗੀ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ ਅਤੇ ਇਹ ਖੁਸ਼ਕ ਅਤੇ ਸਾਧਾਰਨ ਚਮੜੀ ਦੋਵਾਂ ਲਈ ਫਾਇਦੇਮੰਦ ਸਿੱਧ ਹੋਵੇਗੀ।
ਸੂਰਜ ਦੀ ਗਰਮੀ ਨਾਲ ਝੁਲਸੀ ਚਮੜੀ ਦੇ ਇਲਾਜ ਅਤੇ ਬਚਾਅ ਵਿਚ ਤਿਲ ਅਹਿਮ ਭੂਮਿਕਾ ਅਦਾ ਕਰਦੇ ਹਨ। ਮੁੱਠੀ ਭਰ ਤਿਲ ਨੂੰ ਪੀਸ ਕੇ ਇਸ ਨੂੰ ਅੱਧੇ ਕੱਪ ਪਾਣੀ ਵਿਚ ਮਿਲਾ ਲਓ ਅਤੇ ਦੋ ਘੰਟੇ ਤੱਕ ਮਿਸ਼ਰਨ ਨੂੰ ਕੱਪ ਵਿਚ ਰਹਿਣ ਦੇਣ ਤੋਂ ਬਾਅਦ ਪਾਣੀ ਨੂੰ ਪੁਣ ਕੇ ਇਸ ਨਾਲ ਚਿਹਰਾ ਸਾਫ਼ ਕਰ ਲਓ।
ਕਲੀਂਜ਼ਿੰਗ ਮਾਸਕ : ਖੀਰੇ ਅਤੇ ਪਪੀਤੇ ਦੀ ਲੁਗਦੀ ਦਾ ਮਿਸ਼ਰਨ ਬਣਾ ਕੇ ਇਸ ਵਿਚ ਇਕ ਚਮਚ ਦਹੀਂ, ਇਕ ਚਮਚ ਸ਼ਹਿਦ, ਚਾਰ ਚਮਚ ਜਈ ਦਾ ਆਟਾ ਅਤੇ ਇਕ ਚਮਚ ਨਿੰਬੂ ਰਸ ਮਿਲਾ ਲਓ ਅਤੇ ਇਸ ਮਿਸ਼ਰਨ ਨੂੰ ਹਫ਼ਤੇ ਵਿਚ ਦੋ ਵਾਰ ਚਿਹਰੇ ਅਤੇ ਧੌਣ 'ਤੇ ਲਗਾਓ ਲਓ ਅਤੇ ਅੱਧੇ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਦਿਓ।
ਸਰੀਰ : ਸਰੀਰ ਦੀ ਹਰ ਰੋਜ਼ ਤਿਲ ਦੇ ਲੇਪ ਨਾਲ ਮਾਲਿਸ਼ ਕਰਨੀ ਚਾਹੀਦੀ ਹੈ। ਦਹੀਂ ਵਿਚ ਵੇਸਣ, ਨਿੰਬੂ ਦਾ ਰਸ ਅਤੇ ਥੋੜ੍ਹੀ ਹਲਦੀ ਮਿਲਾਓ ਅਤੇ ਇਸ ਨੂੰ ਚਿਹਰੇ ਅਤੇ ਧੌਣ 'ਤੇ ਹਫਤੇ ਵਿਚ ਤਿੰਨ ਵਾਰ ਮਾਲਿਸ਼ ਅਤੇ 30 ਮਿੰਟ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ।
ਹੱਥਾਂ ਲਈ : ਦੋ ਚਮਚ ਸੂਰਜਮੁਖੀ ਤੇਲ ਅਤੇ ਤਿੰਨ ਚਮਚ ਖੁਰਦਰੀ ਖੰਡ ਦੇ ਮਿਸ਼ਰਨ ਨੂੰ ਮਿਲਾ ਕੇ ਇਸ ਦਾ ਪੇਸਟ ਬਣਾ ਲਓ। ਇਸ ਨੂੰ ਹੱਥਾਂ 'ਤੇ ਰਗੜੋ ਅਤੇ 15 ਮਿੰਟ ਬਾਅਦ ਹੱਥਾਂ ਨੂੰ ਸ਼ੁੱਧ ਪਾਣੀ ਨਾਲ ਧੋ ਦਿਓ।
ਪੈਰਾਂ ਲਈ : ਪਾਣੀ ਵਿਚ ਨਿੰਬੂ ਰਸ ਮਿਲਾ ਕੇ ਇਸ ਵਿਚ ਪੈਰਾਂ ਨੂੰ ਡੁਬੋ ਦਿਓ। ਇਸ ਨਾਲ ਪੈਰਾਂ ਨੂੰ ਸ਼ੀਤਲਤਾ, ਕੋਮਲਤਾ ਅਤੇ ਠੰਢਕ ਦਾ ਅਹਿਸਾਸ ਹੁੰਦਾ ਹੈ ਅਤੇ ਪੈਰਾਂ ਦੀ ਬਦਬੂ ਖਤਮ ਹੋ ਜਾਂਦੀ ਹੈ। ਪੈਰਾਂ 'ਤੇ ਨਿੰਬੂ ਰਗੜਨ ਨਾਲ ਵੀ ਪੈਰਾਂ ਦੀ ਸੁੰਦਰਤਾ ਵਧਦੀ ਹੈ।

ਆਈਸਕ੍ਰੀਮ ਬਣਾਓ ਅਤੇ ਖਿਲਾਓ

ਬਲੈਕ ਗ੍ਰੇਪਸ ਆਈਸਕ੍ਰੀਮ
ਸਮੱਗਰੀ : ਇਕ ਲਿਟਰ ਦੁੱਧ, 200 ਗ੍ਰਾਮ ਬਲੈਕ ਗ੍ਰੇਪਸ (ਕਾਲਾ ਅੰਗੂਰ) ਅਤੇ 150 ਗ੍ਰਾਮ ਸ਼ੱਕਰ (ਖੰਡ)।
ਵਿਧੀ : ਸਭ ਤੋਂ ਪਹਿਲਾਂ ਦੁੱਧ ਨੂੰ ਹੌਲੀ ਅੱਗ 'ਤੇ ਉਬਾਲ ਕੇ ਸੰਘਣਾ ਕਰ ਲਓ। ਜਦੋਂ ਦੁੱਧ ਲਗਪਗ 300 ਗਰਾਮ ਰਹਿ ਜਾਵੇ ਤਾਂ ਉਸ ਨੂੰ ਲਾਹ ਕੇ ਠੰਢਾ ਕਰ ਲਓ। ਠੰਢਾ ਹੋਣ 'ਤੇ ਉਸ ਵਿਚ ਕਾਲੇ ਅੰਗੂਰਾਂ ਨੂੰ ਮਸਲ-ਮਸਲ ਕੇ ਪਾਉਂਦੇ ਜਾਓ ਅਤੇ ਅੰਤ ਵਿਚ ਚੰਗੀ ਤਰ੍ਹਾਂ ਮਿਲਾ ਲਓ। ਉਸ ਤੋਂ ਬਾਅਦ ਇਸ ਵਿਚ ਖੰਡ ਪਾ ਕੇ ਮਿਲਾ ਲਓ ਅਤੇ ਦੁਬਾਰਾ ਅੱਗ 'ਤੇ ਚੜ੍ਹਾ ਕੇ ਗਰਮ ਕਰ ਲਓ। ਕੁਝ ਗਰਮ ਹੋ ਜਾਣ ਤੋਂ ਬਾਅਦ ਉਸ ਨੂੰ ਲਾਹ ਕੇ ਠੰਢਾ ਕਰਕੇ ਆਈਸਕ੍ਰੀਮ ਪਾਟ ਵਿਚ ਪਾ ਕੇ ਫਰਿੱਜ ਵਿਚ ਰੱਖ ਦਿਓ। ਅੱਧੇ ਘੰਟੇ ਵਿਚ 'ਗ੍ਰੇਪਸ ਆਈਸਕ੍ਰੀਮ' ਤਿਆਰ ਹੋ ਜਾਵੇਗੀ। ਚਾਅ ਨਾਲ ਇਸ ਨੂੰ ਖਾਓ ਅਤੇ ਖਵਾਓ। ਆਈਸਕ੍ਰੀਮ ਬਣਾਉਣ ਲਈ ਜੇ ਮੱਝ ਦਾ ਤਾਜ਼ਾ ਦੁੱਧ ਵਰਤਿਆ ਜਾਵੇ ਤਾਂ ਜ਼ਿਆਦਾ ਠੀਕ ਹੋਵੇਗਾ।
ਕੇਸਰ-ਪਿਸਤਾ ਆਈਸਕ੍ਰੀਮ
ਸਮੱਗਰੀ : ਇਕ ਗ੍ਰਾਮ ਕੇਸਰ, 30 ਗ੍ਰਾਮ ਪਿਸਤਾ, ਇਕ ਲਿਟਰ ਦੁੱਧ, 20 ਬੂੰਦਾਂ ਗੁਲਾਬ-ਜਲ ਅਤੇ 150 ਗ੍ਰਾਮ ਸ਼ੱਕਰ।
ਵਿਧੀ : ਦੁੱਧ ਨੂੰ ਤੇਜ਼ ਅੱਗ 'ਤੇ ਉਬਾਲ ਕੇ ਸੰਘਣਾ ਕਰ ਲਓ। ਫਿਰ ਉਸ ਨੂੰ ਲਾਹ ਕੇ ਠੰਢਾ ਕਰਕੇ ਉਸ ਵਿਚ ਕੇਸਰ ਅੇਤ ਪਿਸਤਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਉੱਪਰੋਂ ਦੀ ਸ਼ੱਕਰ ਪਾ ਕੇ ਦੁਬਾਰਾ ਗਰਮ ਕਰ ਲਓ। ਕੋਸਾ ਹੋ ਜਾਣ ਤੋਂ ਬਾਅਦ ਇਸ ਨੂੰ ਲਾਹ ਕੇ ਠੰਢਾ ਕਰਕੇ ਇਸ ਵਿਚ ਗੁਲਾਬਜਲ ਪਾ ਕੇ ਆਈਸਕ੍ਰੀਮ ਪਾਟ ਵਿਚ ਪਾ ਕੇ ਫਰਿੱਜ ਵਿਚ ਜਮਾ ਲਓ। 'ਕੇਸਰ-ਪਿਸਤਾ ਆਈਸਕ੍ਰੀਮ' ਬਣ ਕੇ ਤਿਆਰ ਹੈ।
ਅੰਬ ਤੋਂ ਬਣੀ ਆਈਸਕ੍ਰੀਮ
ਸਮੱਗਰੀ : 100 ਗ੍ਰਾਮ ਅੰਬ ਦੇ ਟੁਕੜੇ, 200 ਗ੍ਰਾਮ ਮਿੱਠਾ ਕੱਟਿਆ ਹੋਇਆ ਅੰਬ ਦਾ ਪਲਪ, 1 ਲਿਟਰ ਦੁੱਧ ਅਤੇ 150 ਗ੍ਰਾਮ ਸ਼ੱਕਰ।
ਵਿਧੀ : ਦੁੱਧ ਨੂੰ ਤੇਜ਼ ਅੱਗ 'ਤੇ ਉਬਾਲੋ। ਜਦੋਂ ਇਹ ਰਬੜੀ ਜਿੰਨਾ ਸੰਘਣਾ ਹੋ ਜਾਵੇ ਤਾਂ ਉਸ ਨੂੰ ਲਾਹ ਕੇ ਉਸ ਵਿਚ ਅੰਬ ਦੇ ਟੁਕੜੇ, ਪਲਪ ਅਤੇ ਸ਼ੱਕਰ ਮਿਲਾ ਕੇ ਪਾਟ ਵਿਚ ਰੱਖ ਕੇ ਫਰਿੱਜ ਵਿਚ ਜਮਾ ਲਓ। ਇਹ ਬਹੁਤ ਸਵਾਦੀ ਆਈਸਕ੍ਰੀਮ ਹੁੰਦੀ ਹੈ।
ਪਪੀਤਾ ਆਈਸਕ੍ਰੀਮ
ਸਮੱਗਰੀ : ਇਕ ਲਿਟਰ ਦੁੱਧ, 200 ਗ੍ਰਾਮ ਪੱਕਿਆ ਪਪੀਤਾ, ਕਾਜੂ, ਬਦਾਮ, ਇਲਾਇਚੀ (ਸਾਰੇ 50-50 ਗ੍ਰਾਮ), ਸ਼ੱਕਰ 150 ਗ੍ਰਾਮ।
ਵਿਧੀ : ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਸੰਘਣਾ ਕਰ ਲਓ। ਇਸ ਨੂੰ ਲਾਹ ਕੇ ਇਸ ਵਿਚ ਕਾਜੂ, ਬਦਾਮ ਅਤੇ ਇਲਾਇਚੀ ਦਾ ਡਸਟ ਬਣਾ ਕੇ ਪਾ ਦਿਓ ਅਤੇ ਖੰਡ ਮਿਲਾ ਕੇ ਫਿਰ ਥੋੜ੍ਹਾ ਗਰਮ ਕਰਕੇ ਲਾਹ ਲਓ। ਇਸ ਵਿਚ ਪਪੀਤੇ ਦੇ ਗੁੱਦੇ ਨੂੰ ਮੱਥ ਕੇ ਚੰਗੀ ਤਰ੍ਹਾਂ ਮਿਲਾ ਕੇ ਪਾਟ ਵਿਚ ਪਾ ਕੇ ਫਰਿੱਜ ਵਿਚ ਜਮਾ ਲਓ। ਇਹ ਪੌਸ਼ਟਿਕ, ਸਿਹਤਵਰਧਕ ਆਈਸਕ੍ਰੀਮ ਹੈ।

-ਪੂਨਮ ਦਿਨਕਰ

ਛਿੱਲਾਂ ਨੂੰ ਫਾਲਤੂ ਸਮਝ ਕੇ ਨਾ ਸੁੱਟੋ

ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਵਿਚ ਜਿੰਨੇ ਪੌਸ਼ਟਿਕ ਤੱਤ ਹੁੰਦੇ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਉਨ੍ਹਾਂ ਦੀਆਂ ਛਿੱਲਾਂ ਵਿਚ ਹੁੰਦੇ ਹਨ। ਜ਼ਿਆਦਾਤਰ ਘਰਾਂ ਵਿਚ ਇਨ੍ਹਾਂ ਛਿੱਲਾਂ ਨੂੰ ਕੂੜਾ ਸਮਝ ਕੇ ਕੂੜੇ ਦੇ ਢੇਰ ਵਿਚ ਸੁੱਟ ਦਿੱਤਾ ਜਾਂਦਾ ਹੈ। ਬੇਕਾਰ ਸਮਝ ਕੇ ਸੁੱਟੇ ਦਿੱਤੇ ਜਾਣ ਵਾਲੀਆਂ ਇਨ੍ਹਾਂ ਛਿੱਲਾਂ ਤੋਂ ਅਸੀਂ ਥੋੜ੍ਹੀ ਜਿਹੀ ਸੂਝ-ਬੂਝ ਨਾਲ ਹੇਠ ਲਿਖੇ ਤਰੀਕਿਆਂ ਨਾਲ ਲਾਭ ਲੈ ਸਕਦੇ ਹਾਂ-
* ਸੰਤਰੇ ਦੀਆਂ ਛਿੱਲਾਂ ਨੂੰ ਛਾਂ ਵਿਚ ਸੁਕਾ ਕੇ ਬਰੀਕ ਪੀਸ ਕੇ ਰੱਖ ਲਓ। ਥੋੜ੍ਹੀ ਜਿਹੀ ਮਲਾਈ ਅਤੇ ਮੁਲਤਾਨੀ ਮਿੱਟੀ ਨਾਲ ਬਣਿਆ ਹੋਇਆ ਇਸ ਦਾ ਫੇਸ ਪੈਕ ਤੁਹਾਡੀ ਚਮੜੀ ਨੂੰ ਸਾਫ਼ ਅਤੇ ਚਮਕਦਾਰ ਬਣਾ ਦੇਵੇਗਾ।
* ਸੰਤਰੇ ਦੀ ਛੋਟੀ ਜਿਹੀ ਛਿੱਲ ਨੂੰ ਚਾਹ ਦੇ ਉੱਬਲਦੇ ਪਾਣੀ ਵਿਚ ਪਾ ਦਿਓ। ਇਸ ਨਾਲ ਚਾਹ ਖੁਸ਼ਬੂਦਾਰ ਅਤੇ ਵਧੇਰੇ ਸੁਆਦੀ ਬਣੇਗੀ।
* ਨਿੰਬੂ ਦੀਆਂ ਛਿੱਲਾਂ ਨੂੰ ਚਿਹਰੇ ਅਤੇ ਕੂਹਣੀਆਂ 'ਤੇ ਮਸਲਣ ਨਾਲ ਉਸ ਜਗ੍ਹਾ ਤੋਂ ਚਮੜੀ ਸਾਫ਼ ਅਤੇ ਚਮਕਦਾਰ ਬਣ ਜਾਂਦੀ ਹੈ।
* ਪਿਆਜ਼ ਅਤੇ ਆਂਡਿਆਂ ਦੀਆਂ ਛਿੱਲਾਂ ਨੂੰ ਉਸ ਜਗ੍ਹਾ ਰੱਖੋ, ਜਿਥੇ ਕਿਰਲੀਆਂ ਦੀ ਬਹੁਤਾਤ ਹੋਵੇ। ਉਥੇ ਉਹ ਨਜ਼ਰ ਨਹੀਂ ਆਉਣਗੀਆਂ।
* ਗੁਲਾਬ ਦੇ ਬੂਟਿਆਂ 'ਤੇ ਜੇਕਰ ਫੁੱਲ ਚੰਗੇ ਨਾ ਆਉਂਦੇ ਹੋਣ ਤਾਂ ਉਨ੍ਹਾਂ ਦੀਆਂ ਜੜ੍ਹਾਂ ਵਿਚ ਆਂਡਿਆਂ ਦੀਆਂ ਛਿੱਲਾਂ ਪਾ ਦਿਓ। ਇਹ ਖਾਦ ਦਾ ਕੰਮ ਕਰਨਗੀਆਂ।
* ਕੇਲਿਆਂ ਦੀਆਂ ਛਿੱਲਾਂ ਨੂੰ ਸੁਕਾ ਕੇ ਜਲਾਉਣ ਨਾਲ ਕਮਰੇ ਦੀ ਬਦਬੂ ਦੂਰ ਹੋ ਜਾਂਦੀ ਹੈ ਅਤੇ ਵਾਤਾਵਰਨ ਸਾਫ਼ ਅਤੇ ਤਾਜ਼ਾ ਹੋ ਜਾਂਦਾ ਹੈ।
* ਤੋਰੀਆਂ ਦੀਆਂ ਛਿੱਲਾਂ ਨੂੰ ਬਰੀਕ-ਬਰੀਕ ਕੱਟੋ। ਫਿਰ ਨਮਕ, ਮਿਰਚ ਅਤੇ ਹਿੰਗ ਨਾਲ ਥੋੜ੍ਹੇ ਜਿਹੇ ਤੇਲ ਨਾਲ ਤੜਕ ਕੇ ਸਬਜ਼ੀ ਬਣਾ ਲਓ। ਘੱਟ ਤੇਲ ਅਤੇ ਮਸਾਲੇ ਦੀ ਬਣੀ ਇਹ ਸਬਜ਼ੀ ਸੁਆਦ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੋਵੇਗੀ।
* ਨਿੰਬੂ ਅਤੇ ਸੰਤਰਿਆਂ ਦੀਆਂ ਸੁਕਾਈਆਂ ਹੋਈਆਂ ਛਿੱਲਾਂ ਨੂੰ ਇਕੱਠਾ ਕਰਕੇ ਬਰੀਕ ਪੀਸ ਲਓ। ਇਸ ਮਿਸ਼ਰਨ ਨਾਲ ਦੰਦ ਸਾਫ਼ ਕਰੋ। ਇਸ ਨਾਲ ਦੰਦ ਸਾਫ਼ ਅਤੇ ਮਜ਼ਬੂਤ ਤਾਂ ਹੋਣਗੇ ਹੀ, ਮੂੰਹ ਵਿਚੋਂ ਬਦਬੂ ਵੀ ਨਹੀਂ ਆਵੇਗੀ।
* ਮੂੰਗੀ ਅਤੇ ਮਸਰਾਂ ਦੀ ਦਾਲ ਦੀਆਂ ਛਿੱਲਾਂ ਨੂੰ ਆਟੇ ਨਾਲ ਗੁੰਨ੍ਹ ਲਓ ਅਤੇ ਨਾਲ ਹੀ ਨਮਕ, ਮਿਰਚ ਪਾਊਡਰ ਅਤੇ ਗਰਮ ਮਸਾਲਾ ਪਾ ਕੇ ਗਰਮ-ਗਰਮ ਪਰੌਂਠੇ ਤਿਆਰ ਕਰੋ। ਸੁਆਦੀ ਹੋਣ ਦੇ ਨਾਲ ਇਹ ਪਰੌਂਠੇ ਪ੍ਰੋਟੀਨ ਦਾ ਭੰਡਾਰ ਵੀ ਹੋਣਗੇ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਮਾਂ ਤਾਂ ਰੱਬ ਦਾ ਦੂਜਾ ਨਾਂਅ

ਕੀ-ਕੀ ਸਿਫਤ ਕਰਾਂ ਤੇ
ਕੀ-ਕੀ ਕਰਾਂ ਬਿਆਨ
ਲੱਖ ਰਿਸ਼ਤੇ ਬਣ ਜਾਂਦੇ ਨੇ
ਇਕ ਵੀ ਰਿਸ਼ਤਾ ਨਹੀਂ ਵਰਗਾ ਮਾਂ
ਮਾਂ ਤਾਂ ਰੱਬ ਦਾ ਦੂਜਾ ਨਾਂਅ
ਬਾਕੀ ਰਿਸ਼ਤੇ ਝੂਠੇ ਨੇ
ਤੇਰਾ ਰਿਸ਼ਤਾ ਸੱਚਾ ਮਾਂ
ਜਿੰਨਾ ਕਰੀਏ ਆਦਰ ਤੇਰਾ
ਓਨਾ ਹੀ ਹੈ ਥੋੜ੍ਹਾ ਮਾਂ
ਮਾਂ ਤਾਂ ਰੱਬ ਦਾ......
ਮਮਤਾ ਦੀ ਹੈ ਦੇਵੀ ਮਾਂ
ਲੱਖਾਂ ਪੀੜਾਂ ਸਹਿੰਦੀ ਮਾਂ
ਬੱਚੇ ਦੀ ਪੀੜ ਨਾ ਜਰਦੀ ਮਾਂ
ਮਾਂ ਤਾਂ ਰੱਬ ਦਾ.....

ਹੋਵੇ ਜਦ ਭੁੱਖਾ ਬੱਚਾ ਮਾਂ
ਤੇਰੀ ਭੁੱਖ ਵੀ ਮਰਦੀ ਮਾਂ
ਖੁਸ਼ ਰਹਿਣ ਬੱਚੇ ਹਰਦਮ
ਰੱਬ ਤੋਂ ਇਹੋ ਮੰਗਦੀ ਮਾਂ
ਮਾਂ ਤਾਂ ਰੱਬ ਦਾ.......
ਮਾਂ ਦਾ ਬਦਲ ਕੋਈ ਮਿਲਦਾ ਨਾ
ਇਕ ਵਾਰ ਜੇ ਚਲੀ ਜਾਵੇ
ਦੂਜਾ ਕੋਈ ਨਹੀਂ ਬਣਦਾ ਮਾਂ
ਮਾਂ ਤਾਂ ਰੱਬ ਦਾ ਦੂਜਾ......

ਪਤਾ ਨਹੀਂ ਉਹ ਕੈਸੇ ਬੱਚੇ
ਮਾਵਾਂ ਨੂੰ ਜੋ ਦਿੰਦੇ ਧੱਕੇ
ਮਾਵਾਂ ਦੀਆਂ ਜੋ ਖੋਹਵਣ ਛਾਵਾਂ
ਆਪੂੰ ਸੜਦੇ ਲੋਕ ਉਹ ਧੁੱਪੇ
ਆਪੂੰ ਸੜਦੇ ਲੋਕ ਉਹ ਧੁੱਪੇ
**


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX