ਤਾਜਾ ਖ਼ਬਰਾਂ


ਚੋਣ ਜਿੱਤੇ ਤਾਂ ਵਿਧਾਇਕ ਅਤੇ ਪਾਰਟੀ ਤੈਅ ਕਰੇਗੀ ਮੁੱਖ ਮੰਤਰੀ ਦਾ ਨਾਂਅ - ਸਚਿਨ ਪਾਇਲਟ
. . .  1 day ago
ਜੈਪੁਰ, 21 ਨਵੰਬਰ - ਕਾਂਗਰਸੀ ਆਗੂ ਸਚਿਨ ਪਾਇਲਟ ਦਾ ਕਹਿਣਾ ਹੈ ਕਿ ਜੇਕਰ ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜਿੱਤ ਹੁੰਦੀ ਹੈ, ਤਾਂ ਵਿਧਾਇਕ ਅਤੇ ਪਾਰਟੀ...
ਮਾਨਸਾ ਪੁਲਿਸ ਨੇ 2 ਘੰਟੇ 'ਚ ਸੁਲਝਾਈ ਅੰਨੇ ਕਤਲ ਦੀ ਗੁੱਥੀ
. . .  1 day ago
ਮਾਨਸਾ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਨੂੰ 2 ਘੰਟੇ ਅੰਦਰ ਸੁਲਝਾਉਂਦੇ ਹੋਏ 2 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ...
ਫ਼ੈਕਟਰੀ 'ਚ ਹੋਇਆ ਧਮਾਕਾ, ਇੱਕ ਮਜ਼ਦੂਰ ਦੀ ਮੌਤ
. . .  1 day ago
ਲੁਧਿਆਣਾ, 21 ਨਵੰਬਰ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿਚ ਇੱਕ ਫ਼ੈਕਟਰੀ ਵਿਚ ਹੋਏ ਧਮਾਕੇ ਵਿਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਸੜਕ ਹਾਦਸੇ 'ਚ ਇੱਕ ਦੀ ਮੌਤ, 3 ਜ਼ਖਮੀ
. . .  1 day ago
ਬੀਜਾ, 21 ਨਵੰਬਰ (ਰਣਧੀਰ ਸਿੰਘ ਧੀਰਾ) - ਅੱਜ ਬਾਅਦ ਦੁਪਹਿਰ ਬੀਜਾ ਨੇੜੇ ਵਾਪਰੇ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਜ਼ਖਮੀ ਹੋ ਗਏ। ਇਹ...
ਤੇਜ ਰਫ਼ਤਾਰ ਕਾਰ ਦੀ ਟੱਕਰ 'ਚ ਐਕਟਿਵਾ ਸਵਾਰ ਔਰਤ ਦੀ ਮੌਤ
. . .  1 day ago
ਜਲੰਧਰ, 21 ਨਵੰਬਰ - ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਸੰਜੇ ਨਗਰ ਵਿਖੇ ਤੇਜ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਪਤੀ-ਪਤਨੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਔਰਤ...
ਸਾਰਾ ਪਿੰਡ ਹਿਤੈਸ਼ੀ ਹੈ ਬਿਕਰਮਜੀਤ ਸਿੰਘ ਦਾ
. . .  1 day ago
ਰਾਜਾਸਾਂਸੀ, 21 (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਬਿਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਧਾਰੀਵਾਲ...
ਤਹਿਸੀਲ ਅਜਨਾਲਾ ਨਾਲ ਸਬੰਧਿਤ ਹਨ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ
. . .  1 day ago
ਅਜਨਾਲਾ, 21 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਪੈਂਦੇ ਅਦਲੀਵਾਲ 'ਚ ਬਣੇ ਨਿਰੰਕਾਰੀ ਭਵਨ 'ਚ ਧਮਾਕਾ ਕਰਨ ਵਾਲੇ ਦੋਵੇਂ ਮੁਲਜ਼ਮ ਤਹਿਸੀ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਆਸਟ੍ਰੇਲੀਆ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾਇਆ
. . .  1 day ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 7ਵਾਂ ਝਟਕਾ
. . .  1 day ago
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਭਾਰਤ ਨੂੰ 6ਵਾਂ ਝਟਕਾ
. . .  1 day ago
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਆਂ ਦੇ ਪ੍ਰਸਿੱਧ ਕਾਰਟੂਨ ਚਰਿੱਤਰ-30: ਬੈਟਮੈਨ

ਸੰਸਾਰ ਪ੍ਰਸਿੱਧ ਲਿਓਨਾਰਡੋ ਦਾ ਵਿੰਸੀ ਦੇ ਇਕ ਚਿੱਤਰ ਵਿਚ ਇਕ ਵਿਅਕਤੀ ਨੂੰ ਚਮਗਿੱਦੜ ਵਰਗਾ ਬਣਾਇਆ ਗਿਆ ਸੀ | ਇਹ ਪਾਤਰ ਚਮਗਿੱਦੜ ਵਾਂਗ ਹੀ ਉਡਦਾ ਦਿਖਾਇਆ ਗਿਆ | ਇਸ ਚਿੱਤਰ ਤੋਂ ਪ੍ਰਭਾਵਿਤ ਹੋ ਕੇ ਕਾਰਟੂਨ ਪਾਤਰ 'ਬੈਟਮੈਨ' ਨੂੰ ਇਸ ਦੇ ਬਾਬ ਕੇਨ ਨੇ 1939 ਈਸਵੀ ਵਿਚ ਘੜਿਆ ਸੀ, ਜੋ ਡਿਟੈਕਟਿਵ ਕਾਮਿਕਸ 27 (ਡੀ.ਸੀ. ਕਾਮਿਕਸ) ਦੇ ਰੂਪ ਵਿਚ ਸਾਹਮਣੇ ਆਇਆ | ਇਹ ਕਾਰਟੂਨ ਚਰਿੱਤਰ ਖੜ੍ਹੇ ਕੰਨਾਂ ਵਾਲਾ ਹੈ | ਨੀਲੇ ਰੰਗ ਦੀ ਡ੍ਰੈਸ ਪਹਿਨਣ ਵਾਲਾ ਬੈਟਮੈਨ 6 ਫੁੱਟ ਤੋਂ ਵੀ ਵੱਧ ਕੱਦ ਵਾਲਾ ਪਾਤਰ ਹੈ | ਇਸ ਦਾ ਅਸਲ ਨਾਂਅ ਬਰੂਸ ਵੇਨ ਹੈ | ਉਸ ਨੇ ਬਚਪਨ ਵਿਚ ਹੀ ਕਈ ਅਜਿਹੀਆਂ ਘਟਨਾਵਾਂ ਨੂੰ ਤੱਕਿਆ ਹੈ, ਜਿਨ੍ਹਾਂ ਨੇ ਉਸ ਦੇ ਬਾਲ ਮਨ ਉਪਰ ਡੂੰਘਾ ਅਸਰ ਪਾਇਆ ਹੈ | ਇਨ੍ਹਾਂ ਵਿਚੋਂ ਇਕ ਘਟਨਾ ਉਸ ਦੀਆਂ ਅੱਖਾਂ ਸਾਹਮਣੇ ਮਾਤਾ-ਪਿਤਾ ਦੀ ਹੱਤਿਆ ਨਾਲ ਸਬੰਧਿਤ ਸੀ | ਇਹ ਪਾਤਰ ਦੁਸ਼ਮਣਾਂ ਨੂੰ ਡਰਾ-ਧਮਕਾ ਕੇ ਮੂੰਹ ਦੀ ਖਾਣ ਲਈ ਮਜਬੂਰ ਕਰ ਦਿੰਦਾ ਹੈ | ਇਹ ਪਾਤਰ ਯੁੱਧ ਕਲਾ ਵਿਚ ਇੰਨਾ ਮਾਹਿਰ ਹੈ ਕਿ ਉਹ ਹਿਡਲਰ, ਜੋਕਰ, ਪੈਂਗੁਇਨ ਅਤੇ ਕੈਟ ਵੁਮਨ ਵਰਗੇ ਵਿਰੋਧੀ ਪਾਤਰਾਂ ਦੀਆਂ ਚਾਲਾਂ ਸਫ਼ਲ ਨਹੀਂ ਹੋਣ ਦਿੰਦਾ ਅਤੇ ਸੰਘਰਸ਼ ਵਿਚੋਂ ਜੇਤੂ ਬਣ ਕੇ ਨਿਕਲਦਾ ਹੈ |

-ਪੰਜਾਬੀ ਯੂਨੀਵਰਸਿਟੀ


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਸੱਪ ਅਤੇ ਮੋਰ

ਪਿਆਰੇ ਬੱਚਿਓ! ਅੱਜ ਤੋਂ ਕਾਫੀ ਵਰ੍ਹੇ ਪਹਿਲਾਂ ਇਕ ਪਿੰਡ ਵਿਚ ਕੇਵਲ ਸਿੰਘ ਨਾਂਅ ਦਾ ਇਕ ਮਿਹਨਤੀ ਕਿਸਾਨ ਰਹਿੰਦਾ ਸੀ | ਉਸ ਨੇ ਬੜੀ ਮਿਹਨਤ ਨਾਲ ਆਪਣੇ ਖੇਤਾਂ 'ਚ ਇਕ ਪਾਸੇ ਅੰਬਾਂ ਦਾ ਇਕ ਬਾਗ ਲਗਾਇਆ ਹੋਇਆ ਸੀ | ਸਰਦੀ-ਗਰਮੀ ਤੋਂ ਬਚਾਉਂਦਿਆਂ ਉਸ ਨੇ ਇਹ ਸਾਰੇ ਬੂਟੇ ਆਪਣੀ ਔਲਾਦ ਵਾਂਗ ਪਾਲੇ ਸਨ | ਅੱਜ ਭਾਵੇਂ ਕੇਵਲ ਸਿੰਘ ਨੂੰ ਇਸ ਜਹਾਨ ਤੋਂ ਗਿਆਂ ਹੋਇਆਂ ਵੀ ਕਈ ਸਾਲ ਬੀਤ ਗਏ ਸਨ, ਤਾਂ ਵੀ ਉਸ ਦੇ ਹੱਥੀਂ ਲਾਏ ਬਾਗ ਕਾਰਨ ਉਸ ਦਾ ਨਾਂਅ ਜਿਉਂਦਾ ਸੀ | ਸਮਾਂ ਪਾ, ਕੇਵਲ ਸਿੰਘ ਦੇ ਪਿੱਛੋਂ ਉਸ ਦੀ ਜ਼ਮੀਨ ਉਸ ਦੇ ਪੱੁਤਰਾਂ 'ਚ ਵੰਡੀ ਗਈ | ਇਸੇ ਵੰਡ-ਵੰਡਾਈ 'ਚ ਅੰਬਾਂ ਦਾ ਬਾਗ ਵੀ ਵੰਡਿਆ ਗਿਆ ਤੇ ਖੇਤੀ ਵਧਾਉਣ ਦੇ ਲਾਲਚ 'ਚ ਉਸ ਦੇ ਪੱੁਤਰਾਂ ਨੇ ਬਾਗ ਦਾ ਬਹੁਤਾ ਹਿੱਸਾ ਵਢਾਅ ਮਾਰਿਆ | ਹੁਣ ਕੇਵਲ ਅੰਬਾਂ ਦੇ 5-7 ਰੱੁਖ ਹੀ ਬਚੇ ਸਨ, ਜੋ ਕੇਵਲ ਸਿੰਘ ਦੇ ਸਭ ਤੋਂ ਛੋਟੇ ਪੱੁਤ ਦੇ ਹਿੱਸੇ ਆਏ ਸਨ | ਆਪਣੇ ਵੱਡੇ ਭਰਾਵਾਂ ਦੀ ਰੀਸੇ ਆਖਰ ਉਸ ਨੇ ਵੀ ਅੰਬਾਂ ਦੇ ਰੱੁਖ ਵਢਾਉਣ ਦਾ ਇਰਾਦਾ ਬਣਾ ਲਿਆ |
ਅੰਬਾਂ ਦੇ ਇਸ ਬਾਗ 'ਚ ਬਹੁਤ ਸਾਰੇ ਮੋਰ ਰਹਿੰਦੇ ਸਨ | ਸ਼ਾਮ-ਸਵੇਰੇ ਉਨ੍ਹਾਂ ਦੀ ਕੁਆਂ-ਕੁਆਂ ਦੂਰ ਪਿੰਡ ਤੱਕ ਸੁਣਾਈ ਦਿੰਦੀ ਸੀ | ਪਰ ਅੰਬਾਂ ਦੇ ਰੱੁਖ ਘਟਣ ਕਰਕੇ ਉਹ ਹੁਣ ਉਦਾਸ ਰਹਿਣ ਲੱਗੇ ਸਨ | ਆਪਣਾ ਇਹ ਪਿਆਰਾ ਰੈਣ-ਬਸੇਰਾ ਉਹ ਕਿਵੇਂ ਨਾ ਕਿਵੇਂ ਬਚਾਉਣਾ ਚਾਹੁੰਦੇ ਸਨ | ਇਕ ਸਵੇਰ ਉਨ੍ਹਾਂ ਜਦ ਕੁਝ ਲੱਕੜਹਾਰੇ ਬਾਗ ਵੱਲ ਆਉਂਦੇ ਦੇਖੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ | ਭੈ-ਭੀਤ ਹੋਏ ਉਹ ਇਕ ਰੱੁਖ ਤੋਂ ਦੂਜੇ ਰੱੁਖ ਵੱਲ ਉਡਾਰੀਆਂ ਭਰਨ ਲੱਗੇ | ਜਦੋਂ ਲੱਕੜਹਾਰੇ ਆਪਣੇ ਔਜ਼ਾਰ ਲੈ ਕੇ ਇਕ ਰੱੁਖ ਦੇ ਬਿਲਕੁਲ ਨੇੜੇ ਪੱੁਜੇ ਤਾਂ ਉਨ੍ਹਾਂ ਦਾ ਇਕ ਸਾਥੀ ਇਕਦਮ ਚੀਖਿਆ, 'ਓਹ ਭਰਾਵੋ! ਰੁਕ ਜਾਓ, ਔਹ ਦੇਖੋ ਕਿੰਨਾ ਵੱਡਾ ਫਨੀਅਰ ਸੱਪ... |' ਉਸ ਦਾ ਮੰੂਹ ਅੱਡਿਆ ਹੀ ਰਹਿ ਗਿਆ | ਇਹ ਸੁਣਦੇ ਬਾਕੀ ਲੱਕੜਹਾਰੇ ਵੀ ਕੰਬਦੇ ਹੋਏ ਥਾਏਾ ਖੜ੍ਹ ਗਏ | ਸ਼ਾਹ ਕਾਲਾ ਫਨੀਅਰ ਨਾਗ ਉਨ੍ਹਾਂ ਦੇ ਦੇਖਦਿਆਂ-ਦੇਖਦਿਆਂ ਅੰਬ ਹੇਠ ਬਣੀ ਵਰਮੀ 'ਚ ਜਾ ਵੜਿਆ | ਉਸ ਵਰਮੀ ਦੇ ਇਰਦ-ਗਿਰਦ ਉਹੋ ਜਿਹੀਆਂ ਕੁਝ ਹੋਰ ਵਰਮੀਆਂ ਦੇਖ ਲੱਕੜਹਾਰੇ ਆਪਸ 'ਚ ਘੁਸਰ-ਮੁਸਰ ਕਰਨ ਲੱਗੇ, 'ਆਪਾਂ ਨਹੀਂ ਵੱਢਣੇ ਇਹ ਰੱੁਖ, ...ਔਹ ਦੇਖੋ ਐਥੇ ਕਿੰਨੀਆਂ ਵਰਮੀਆਂ! ਪਤਾ ਨਹੀਂ ਐਹੋ ਜਹੇ ਕਿੰਨੇ ਕੁ ਹੋਰ ਫਨੀਅਰ ਸੱਪ ਐਥੇ ਰਹਿੰਦੇ ਹੋਣੇ, ...ਐਵੇਂ ਆਪਣੀ ਜਾਨ ਗੁਆਉਣੀ |'
ਤੇ ਆਪਸ ਵਿਚ ਕਾਹਲੀ ਨਾਲ ਸਲਾਹ ਕਰਕੇ ਉਨ੍ਹਾਂ ਆਪਣਾ ਫੈਸਲਾ ਕੇਵਲ ਸਿੰਘ ਦੇ ਛੋਟੇ ਪੱੁਤ ਨੂੰ ਵੀ ਦੱਸ ਦਿੱਤਾ | ਸ਼ਾਹ ਕਾਲਾ ਨਾਗ ਉਸ ਨੇ ਵੀ ਕਈ ਵਾਰ ਇਥੇ ਘੁੰਮਦਾ ਦੇਖਿਆ ਸੀ | ਲੱਕੜਹਾਰਿਆਂ ਦੀ ਸਲਾਹ ਮੰਨ ਉਸ ਨੇ ਵੀ ਅੰਬਾਂ ਦੇ ਰੱੁਖ ਵਢਾਉਣ ਦਾ ਇਰਾਦਾ ਸਦਾ ਲਈ ਟਾਲ ਦਿੱਤਾ |
ਅੰਬਾਂ ਉੱਪਰ ਬੈਠੇ ਮੋਰਾਂ ਨੂੰ ਜਿਉਂ ਹੀ ਇਸ ਗੱਲ ਦੀ ਭਿਣਕ ਪਈ ਤਾਂ ਉਹ ਖੁਸ਼ੀ 'ਚ ਫਿਰ ਤੋਂ 'ਕੁਆਂ-ਕੁਆਂ' ਗਾਉਣ ਲੱਗੇ | ਉਨ੍ਹਾਂ ਵਿਚੋਂ ਸਭ ਤੋਂ ਸਿਆਣਾ ਮੋਰ ਮਨੋ-ਮਨੀ ਸੱਪ ਦਾ ਧੰਨਵਾਦ ਕਰਦਾ ਉਨ੍ਹਾਂ ਸਭ ਨੂੰ ਕਹਿਣ ਲੱਗਾ, 'ਸੱਪ ਨਾਲ ਸਾਡੀ ਦੁਸ਼ਮਣੀ ਤਾਂ ਐਵੇਂ ਮਨੱੁਖ ਦੀ ਘੜੀ ਹੋਈ ਐ, ਅਸੀਂ ਸਾਰੇ ਇਕੱਠੇ ਰਹਿਣ ਵਾਲੇ, ਸਾਡਾ ਇਹ ਸਾਂਝਾ ਰੈਣ-ਬਸੇਰਾ, ਭਲਾ ਸਾਡੇ 'ਚ ਕਾਹਦੀ ਦੁਸ਼ਮਣੀ!'

-ਬਗੀਚੀ ਮੁਹੱਲਾ, ਮਾਹਿਲਪੁਰ (ਹੁਸ਼ਿਆਰਪੁਰ) | ਮੋਬਾ: 98550-24495

ਦਿਲਚਸਪ ਇਤਿਹਾਸ ਲਾਇਬ੍ਰੇਰੀ ਦਾ

ਪਿਆਰੇ ਬਾਲ ਸਾਥੀਓ! ਤੁਸੀਂ ਜਦ ਵੀ ਕਿਸੇ ਲਾਇਬ੍ਰੇਰੀ 'ਚ ਬੜੀ ਤਰਤੀਬ, ਸਲੀਕੇ ਪੂਰਵਕ ਸੈਂਕੜੇ-ਹਜ਼ਾਰਾਂ ਕਿਤਾਬਾਂ, ਰਸਾਲੇ ਅਤੇ ਹੋਰ ਪੜ੍ਹਨ ਸਮੱਗਰੀ ਸਜਾ ਕੇ ਰੱਖੇ ਹੋਏ ਦੇਖਦੇ ਹੋਵੋਗੇ ਤਾਂ ਆਪਮੁਹਾਰੇ ਹੀ ਤੁਹਾਡੇ ਬਾਲ-ਮਨਾਂ 'ਚੋਂ ਕਈ ਸਵਾਲ ਜਿਵੇਂ ਲਾਇਬ੍ਰੇਰੀ ਦੀ ਸ਼ੁਰੂਆਤ ਕਦੋਂ, ਕਿਵੇਂ, ਕਿਸ ਵਲੋਂ ਹੋਈ ਆਦਿ ਜ਼ਰੂਰ ਹੀ ਉਪਜਦੇ ਹੋਣਗੇ | ਅਤੇ ਆਓ ਦੋਸਤੋ! ਅਸੀਂ ਇਸ ਬਾਰੇ ਦਿਲਚਸਪ ਜਾਣਕਾਰੀ ਹਾਸਲ ਕਰਦੇ ਹਾਂ |
ਲਗਪਗ 5 ਹਜ਼ਾਰ ਵਰ੍ਹੇ ਪਹਿਲਾਂ ਦੀ ਗੱਲ ਹੈ, ਸੀਰੀਆ ਦੇਸ਼ ਦੇ ਰਾਜੇ ਨੂੰ ਕਲਾਕਾਰਾਂ, ਬੱੁਧੀਜੀਵੀਆਂ, ਬਲਵਾਨਾਂ ਨੂੰ ਆਪਣੇ ਦਰਬਾਰ 'ਚ ਬੁਲਾ ਕੇ ਉਨ੍ਹਾਂ ਨਾਲ ਵਿਚਾਰ-ਵਟਾਂਦਰਾ, ਤਜਰਬੇ ਸਾਂਝੇ ਕਰਨ ਦਾ ਬੜਾ ਹੀ ਸ਼ੌਕ ਸੀ ਪਰ ਉਹ ਅਤੇ ਉਸ ਦੇ ਮੰਤਰੀ ਅਹਿਲਕਾਰ ਅਜਿਹੇ ਤਜਰਬੇ ਭਰੇ ਕੀਮਤੀ ਵਿਚਾਰਾਂ ਨੂੰ ਬਹੁਤੇ ਦਿਨਾਂ, ਮਹੀਨਿਆਂ ਤੱਕ ਯਾਦ ਨਹੀਂ ਸੀ ਰੱਖ ਸਕਦੇ | ਉਸ ਰਾਜੇ ਨੇ ਆਪਣੇ ਮਨ 'ਚੋਂ ਉਪਜੀ ਸਕੀਮ ਤਹਿਤ ਭਾਂਡੇ ਬਣਾਉਣ ਵਾਲੇ ਘੁਮਿਆਰਾਂ ਤੋਂ ਚੀਕਣੀ ਮਿੱਟੀ ਦੀਆਂ ਚੌਰਸ, ਮੁਲਾਇਮ ਫੱਟੀਆਂ ਜਿਹੀਆਂ ਬਣਵਾ, ਅੱਗ 'ਚ ਪਕਵਾ ਸੁੰਦਰ ਰੰਗਾਂ ਨਾਲ ਰੰਗਵਾ ਲਈਆਂ | ਫਿਰ ਆਪਣੇ ਦਰਬਾਰੀਆਂ, ਮੰਤਰੀਆਂ ਦੇ ਸਹਿਯੋਗ ਨਾਲ ਇਨ੍ਹਾਂ ਫੱਟੀਆਂ ਉੱਪਰ ਚਿੱਤਰ ਲਿਪੀ ਜਿਹੀ ਭਾਸ਼ਾ ਵਿਚ ਬੱੁਧੀਜੀਵੀਆਂ ਦੇ ਕੀਮਤੀ ਵਿਚਾਰ, ਗੱਲਾਂ ਉਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੌਲੀ-ਹੌਲੀ ਉਸ ਕੋਲ ਅਜਿਹੀਆਂ ਵੀਹ ਹਜ਼ਾਰ ਦੇ ਕਰੀਬ ਫੱਟੀਆਂ ਹੋ ਗਈਆਂ ਸਨ | ਜਿਥੇ ਇਹ ਫੱਟੀਆਂ ਸੰਭਾਲ-ਸਜਾ ਕੇ ਰੱਖੀਆਂ ਗਈਆਂ ਸਨ, ਬਸ ਉਹ ਹੀ ਦੁਨੀਆ ਦੀ ਪਹਿਲੀ ਲਾਇਬ੍ਰੇਰੀ ਮੰਨੀ ਗਈ ਹੈ |
ਰਾਜੇ ਸਿਕੰਦਰ ਨੂੰ ਸਿਕੰਦਰੀਆ ਨਗਰ ਵਿਖੇ ਅਜਿਹੀ ਹੀ ਕਿਸਮ ਦੀ ਦੂਜੀ ਸਭ ਤੋਂ ਪੁਰਾਤਨ ਲਾਇਬ੍ਰੇਰੀ ਸਥਾਪਤ ਕਰਨ ਦਾ ਮਾਣ ਹਾਸਲ ਹੈ | ਦਰੱਖਤਾਂ ਦੇ ਤਣੇ ਦੇ ਗੱੁਦੇ, ਪਲਪ, ਸੱਕ ਨੂੰ ਪਾਣੀ 'ਚ ਗਾਲ ਕੇ, ਚਪਟਾ ਕਰ, ਚੌਰਸ ਪੱਟੀਆਂ ਬਣਾ ਸੁਕਾ ਲਿਆ ਜਾਂਦਾ ਸੀ, ਜਿਸ ਉੱਪਰ ਵੱਖ-ਵੱਖ ਬਨਸਪਤੀਆਂ, ਰੱੁਖਾਂ ਤੋਂ ਬਣੇ ਰੰਗਾਂ, ਸਿਆਹੀ ਨਾਲ ਲਿਖਿਆ ਜਾਂਦਾ ਸੀ | ਸਾਡੇ ਭਾਰਤ ਵਿਚ ਵੀ ਪੁਰਾਤਨ ਕਾਲ ਸਮੇਂ ਰਿਸ਼ੀ-ਮੁਨੀ, ਰਾਜੇ-ਮਹਾਰਾਜੇ ਰੱੁਖਾਂ ਦੇ ਤਣੇ ਦੀਆਂ ਛਿੱਲਾਂ, ਜਾਨਵਰਾਂ ਦੀਆਂ ਖੱਲਾਂ ਅਤੇ ਭੋਜ-ਪੱਤਰਾਂ ਉੱਪਰ ਆਪਣੇ ਕੀਮਤੀ ਵਿਚਾਰ, ਨੁਸਖੇ, ਸੰਦੇਸ਼ ਆਦਿ ਲਿਖਦੇ ਸਨ ਪਰ ਇਹ ਲਿਖਤਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਨ ਜੋ ਕਿ ਹਵਾ, ਪਾਣੀ, ਧੱੁਪ ਦੇ ਸਿੱਧੇ ਅਸਰ ਸਦਕਾ ਅਕਸਰ ਖਰਾਬ ਹੋ ਜਾਂਦੀਆਂ ਸਨ | ਸਮਾਂ ਬਦਲਦਿਆਂ ਜਿਵੇਂ-ਜਿਵੇਂ ਸਾਇੰਸ ਨੇ ਤਰੱਕੀ ਕੀਤੀ, ਲਿਖਣ ਸ਼ੈਲੀਆਂ, ਭਾਸ਼ਾਵਾਂ, ਸਿਆਹੀ, ਕਾਗਜ਼, ਪਿੰ੍ਰਟਿੰਗ ਪ੍ਰੈੱਸਾਂ ਹੋਂਦ 'ਚ ਆਈਆਂ, ਵੱਡੀ ਗਿਣਤੀ 'ਚ ਕਿਤਾਬਾਂ ਛਪਣੀਆਂ ਆਰੰਭ ਹੋਈਆਂ ਅਤੇ ਪਾਠਕਾਂ ਦੇ ਪੜ੍ਹਨ-ਬੈਠਣ ਲਈ ਲਾਇਬ੍ਰੇਰੀਆਂ ਬਣਨ ਲੱਗੀਆਂ, ਜਿਸ ਵਿਚ ਵੱਖ-ਵੱਖ ਵਿਸ਼ਿਆਂ, ਭਾਸ਼ਾਵਾਂ ਦੀਆਂ ਕਿਤਾਬਾਂ ਰੱਖੀਆਂ ਗਈਆਂ | ਈਸਾ ਤੋਂ 300 ਸਾਲ ਪਹਿਲਾਂ ਬਣੀ ਅਲੈਗਜੈਂਡਰੀਆ ਨਾਮੀ ਲਾਇਬ੍ਰੇਰੀ ਨੂੰ ਵੀ ਚਰਚਿਤ ਪੁਰਾਣੀ ਲਾਇਬ੍ਰੇਰੀ ਮੰਨਿਆ ਜਾਂਦਾ ਹੈ | ਇਸ ਦੀਆਂ 120 ਅਲਮਾਰੀਆਂ ਵਿਚ 70 ਹਜ਼ਾਰ ਦੇ ਕਰੀਬ ਹੱਥ-ਲਿਖਤ ਕਾਗਜ਼ ਦੇ ਰੋਲ ਅੱਜ ਤੱਕ ਵੀ ਸੰਭਾਲ ਕੇ ਰੱਖੇ ਹੋਏ ਹਨ | ਸੰਨ 1400 ਵਿਚ ਆਕਸਫੋਰਡ ਯੂਨੀਵਰਸਿਟੀ ਵਿਚ ਵੱਡੀ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ, ਜਿਸ ਦਾ ਨਾਂਅ 'ਬੋਡਲੀਅਨ ਲਾਇਬ੍ਰੇਰੀ' ਹੈ ਅਤੇ ਇਸ ਨੂੰ ਦੁਨੀਆ ਦੀ ਪੁਰਾਣੀ, ਵੱਡੀ ਲਾਇਬ੍ਰੇਰੀ ਮੰਨਿਆ ਗਿਆ ਹੈ | ਸਿਵਲ ਲਾਇਬ੍ਰੇਰੀਆਂ ਦੀ ਸਥਾਪਨਾ ਦਾ ਪ੍ਰਸਤਾਵ ਸੰਨ 1850 ਦੌਰਾਨ ਇੰਗਲੈਂਡ ਪਾਰਲੀਮੈਂਟ ਵਿਚ ਸਰਬਸੰਮਤੀ ਨਾਲ ਪਾਸ ਹੋਇਆ, ਜਿਸ ਤੋਂ ਬਾਅਦ ਸਿਵਲ ਲਾਇਬ੍ਰੇਰੀਆਂ ਦੀ ਸ਼ੁਰੂਆਤ ਹੋਈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ | ਮੋਬਾ: 70870-48140

ਬੁਝਾਰਤਾਂ

1. ਇਕ ਗਜ਼ ਕੱਪੜਾ ਬਾਰ੍ਹਾਂ ਪੱਟ, ਕਲੀਆਂ ਪਾਈਆਂ ਤਿੰਨ ਸੌ ਸੱਠ |
2. ਵੱਡੀ ਬਹੂ ਨੇ ਕੁਤਰਾ ਕੀਤਾ, ਛੋਟੀ ਬਹੂ ਨੇ 'ਕੱਠਾ ਕੀਤਾ |
ਵਾਹ ਨੀ ਨਿੱਕੀਏ, ਤੰੂ ਬੜਾ ਕੰਮ ਕੀਤਾ |
3. ਸੱੁਕਾ ਢੀਂਗਰ, ਆਂਡੇ ਦੇਵੇ |
4. ਦੋ ਕਬੂਤਰ ਲੜਦੇ ਜਾਂਦੇ, ਵੱਢ-ਵੱਢ ਡੱਕਰੇ ਕਰਦੇ ਜਾਂਦੇ |
5. ਥੜ੍ਹੇ ਉੱਤੇ ਥੜ੍ਹਾ, ਉੱਤੇ ਲਾਲ ਕਬੂਤਰ ਖੜ੍ਹਾ |
6. ਮੱੁਲ ਲਿਆ ਤੈਨੂੰ ਕੁੜੇ, ਬਣਾਇਆ ਤੈਨੂੰ ਧੀ ਕੁੜੇ |
ਖਾਂਦੀ-ਪੀਂਦੀ ਨਿਕਲ ਗਈ ਏਾ, ਹੋਇਆ ਤੈਨੂੰ ਕੀ ਕੁੜੇ |
7. ਆਪਣੀ ਰੰਨ ਨੂੰ ਮਾਰਦਾ, ਦੂਜਿਆਂ ਦਾ ਕੰਮ ਸਾਰਦਾ |
8. ਜਿਸ ਘਰ ਜਾਂਦੀ, ਲੱਕੜੀ ਖਾਂਦੀ |
9. ਨਿੱਕੀ ਅੱਖ ਲੰਬੀ ਗਰਦਨ, ਅਜਬ ਢੰਗ ਦਾ ਮੁਰਗਾ |
ਪਿੱਠ ਆਪਣੀ ਚੱੁਕ ਕੇ, ਦੋ ਲੱਤੀ ਤੁਰਦਾ |
10. ਪਹਾੜੋਂ ਆਏ ਰੋੜੇ, ਆਉਂਦਿਆਂ ਦੇ ਸਿਰ ਤੋੜੇ |
ਉੱਤਰ : (1) ਇਕ ਸਾਲ, ਬਾਰ੍ਹਾਂ ਮਹੀਨੇ, ਤਿੰਨ ਸੌ ਸੱਠ ਦਿਨ, (2) ਕੈਂਚੀ ਤੇ ਸੂਈ, (3) ਚਰਖਾ, (4) ਟੋਕਾ ਮਸ਼ੀਨ ਦੇ ਗੰਡਾਸੇ, (5) ਲੈਟਰ ਬਾਕਸ, (6) ਕੜਛੀ, (7) ਉੱਖਲੀ-ਮੋਹਲਾ, (8) ਆਰੀ, (9) ਸ਼ੁਤਰ ਮੁਰਗ, (10) ਅਖਰੋਟ |

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) | ਮੋਬਾ: 98763-22677

ਬਾਲ ਨਾਵਲ-62: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਠੀਕ ਐ ਬੇਟਾ, ਮੇਘਾ ਵੀ ਘਰ ਇਕੱਲੀ ਉਡੀਕਦੀ ਹੋਣੀ ਏਾ |'
ਹਰੀਸ਼ ਆਪਣੇ ਵੀਰ ਜੀ ਨੂੰ ਬਾਹਰ ਸਕੂਟਰ ਤੱਕ ਛੱਡਣ ਗਿਆ | ਸਕੂਟਰ ਕੋਲ ਪਹੁੰਚ ਕੇ ਉਸ ਨੇ ਘੱੁਟ ਕੇ ਵੀਰ ਜੀ ਨੂੰ ਜੱਫੀ ਪਾ ਲਈ | ਸਿਧਾਰਥ ਨੇ ਵੀ ਉਸ ਨੂੰ ਘੱੁਟ ਲਿਆ ਅਤੇ ਕਿੰਨੀ ਦੇਰ ਪਿੱਠ 'ਤੇ ਹੱਥ ਫੇਰਦਾ ਰਿਹਾ |
ਫਿਰ ਸਿਧਾਰਥ ਨੇ ਸਕੂਟਰ ਸਟਾਰਟ ਕੀਤਾ | ਹਰੀਸ਼ ਓਨੀ ਦੇਰ ਉਥੇ ਹੀ ਖੜ੍ਹਾ ਰਿਹਾ, ਜਿੰਨੀ ਦੇਰ ਸਕੂਟਰ ਅੱਖਾਂ ਤੋਂ ਉਹਲੇ ਨਹੀਂ ਹੋ ਗਿਆ |
ਦੋ ਟਿਊਸ਼ਨਾਂ ਰੱਖਣ ਤੋਂ ਬਾਅਦ ਸਮਾਂ ਤੁਰਨ ਦੀ ਥਾਂ ਦੌੜਨ ਲੱਗ ਪਿਆ ਸੀ ਪਰ ਦੋ ਤੋਂ ਜਦੋਂ ਚਾਰ ਟਿਊਸ਼ਨਾਂ ਹੋ ਗਈਆਂ ਤਾਂ ਸਮਾਂ ਦੌੜਨ ਦੀ ਥਾਂ ਉਡਣ ਲੱਗ ਪਿਆ | ਉਸ ਨੂੰ ਪਤਾ ਹੀ ਨਾ ਲੱਗਾ ਕਿ ਦਸ-ਗਿਆਰਾਂ ਮਹੀਨੇ ਕਿਵੇਂ ਲੰਘ ਗਏ ਅਤੇ ਸਾਲਾਨਾ ਇਮਤਿਹਾਨ ਸਿਰ 'ਤੇ ਆ ਗਿਆ |
ਪੇਪਰਾਂ ਦੇ ਦਿਨਾਂ ਵਿਚ ਪੜ੍ਹਾਈ ਦਾ ਹੋਰ ਜ਼ੋਰ ਵਧਿਆ | ਇਕ-ਇਕ ਕਰਕੇ ਸਾਰੇ ਪੇਪਰ ਠੀਕ ਹੁੰਦੇ ਗਏ | ਹੁਣ ਸਿਰਫ ਪ੍ਰੈਕਟੀਕਲ ਰਹਿ ਗਏ ਸਨ | ਪਲੱਸ ਵਨ ਦੇ ਪੇਪਰ ਕਾਲਜ ਪੱਧਰ ਦੇ ਹੀ ਹੁੰਦੇ ਸਨ, ਇਸ ਕਰਕੇ ਪੇਪਰਾਂ ਤੋਂ ਬਾਅਦ ਵੀ ਕਿਸੇ ਕਿਸਮ ਦਾ ਆਰਾਮ ਨਹੀਂ ਸੀ ਮਿਲਦਾ | ਨਤੀਜਾ ਨਿਕਲਿਆ, ਹਰੀਸ਼ ਦੀ ਕਲਾਸ ਵਿਚੋਂ ਅੱਠਵੀਂ ਪੁਜ਼ੀਸ਼ਨ ਆਈ | ਹਰੀਸ਼ ਦੀ ਇਸ ਨਤੀਜੇ ਨਾਲ ਤਸੱਲੀ ਨਹੀਂ ਸੀ ਹੋਈ | ਉਹ ਉਪਰਲੀਆਂ ਤਿੰਨ ਪੁਜ਼ੀਸ਼ਨਾਂ ਵਿਚ ਆਉਣਾ ਚਾਹੁੰਦਾ ਸੀ | ਸਿਧਾਰਥ ਦੀ ਅੰਦਰੋਂ ਇਸ ਨਤੀਜੇ ਨਾਲ ਤਸੱਲੀ ਹੋ ਗਈ ਸੀ ਪਰ ਉੱਪਰੋਂ ਉਹ ਹਰੀਸ਼ ਦੀ ਹਾਂ ਵਿਚ ਹਾਂ ਮਿਲਾ ਰਿਹਾ ਸੀ |
ਨਤੀਜੇ ਤੋਂ ਬਾਅਦ ਅਜੇ ਬੱਚਿਆਂ ਨੂੰ ਸਾਹ ਵੀ ਨਹੀਂ ਸੀ ਆਇਆ ਕਿ ਨਾਲ ਹੀ ਪਲੱਸ ਟੂ ਦੀ ਪੜ੍ਹਾਈ ਸ਼ੁਰੂ ਹੋ ਗਈ | ਕੁਝ ਦਿਨਾਂ ਵਿਚ ਹੀ ਚਾਰੇ ਟਿਊਸ਼ਨਾਂ ਵੀ ਸ਼ੁਰੂ ਹੋ ਗਈਆਂ | ਹਰੀਸ਼ ਸਵੇਰ ਤੋਂ ਲੈ ਕੇ ਰਾਤ ਤੱਕ ਫਿਰ ਰੱੁਝ ਗਿਆ |
ਸਿਧਾਰਥ ਨੂੰ ਪਤਾ ਸੀ ਕਿ ਪਲੱਸ ਟੂ ਦਾ ਸਾਲ ਕਿਸੇ ਵੀ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਸਾਲ ਹੁੰਦਾ ਹੈ | ਜੇ ਬੱਚਾ ਇਸ ਕਲਾਸ ਵਿਚੋਂ ਚੰਗੇ ਨੰਬਰ ਲੈ ਕੇ ਅੱਗੋਂ ਕਿਸੇ ਪ੍ਰੋਫੈਸ਼ਨਲ ਕਾਲਜ ਵਿਚ ਚਲਾ ਜਾਂਦਾ ਹੈ ਤਾਂ ਉਸ ਦੀ ਸਾਰੀ ਜ਼ਿੰਦਗੀ ਚੰਗੀ ਬਣ ਜਾਂਦੀ ਹੈ | ਇਸੇ ਕਰਕੇ ਉਸ ਨੇ ਹਰੀਸ਼ ਨੂੰ ਸਾਰੀਆਂ ਟਿਊਸ਼ਨਾਂ ਸ਼ੁਰੂ ਤੋਂ ਹੀ ਲਵਾ ਦਿੱਤੀਆਂ | ਹਰੀਸ਼ ਭਾਵੇਂ ਕਾਫੀ ਨਾਂਹ-ਨੱੁਕਰ ਕਰਦਾ ਸੀ ਪਰ ਸਿਧਾਰਥ ਨੇ ਉਸ ਮਾਮਲੇ ਵਿਚ ਉਸ ਦੀ ਇਕ ਨਾ ਸੁਣੀ | ਉਹ ਚਾਹੁੰਦਾ ਸੀ ਕਿ ਇਕ ਵਾਰੀ ਹਰੀਸ਼ ਨੂੰ ਕਿਸੇ ਚੰਗੇ ਮੈਡੀਕਲ ਕਾਲਜ ਵਿਚ ਸੀਟ ਮਿਲ ਜਾਵੇ ਤਾਂ ਉਸ ਦੀ ਕੀਤੀ ਸਾਰੀ ਮਿਹਨਤ ਸਫਲ ਹੋ ਜਾਵੇ | ਹਰੀਸ਼ ਨੇ ਵੀ ਮਿਹਨਤ ਵਿਚ ਕੋਈ ਕਸਰ ਨਹੀਂ ਸੀ ਛੱਡੀ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਕਵਿਤਾ: ਵੱਡਿਆਂ ਦਾ ਸਤਿਕਾਰ ਕਰੋ

ਵੱਡਿਆਂ ਦਾ ਸਤਿਕਾਰ ਕਰੋ,
ਛੋਟਿਆਂ ਦੇ ਨਾਲ ਪਿਆਰ ਕਰੋ |
ਚੰਗਾ ਜੀਵਨ ਜੀਣਾ ਹੈ,
ਅੰਮਿ੍ਤ ਸਦਾ ਹੀ ਪੀਣਾ ਹੈ |
ਅਨੁਸ਼ਾਸਨ ਵਿਚ ਰਹਿਣਾ ਹੈ,
ਅਧਿਆਪਕ ਜੀ ਦਾ ਕਹਿਣਾ ਹੈ |
ਮਿੱਠੇ ਬੋਲ ਜ਼ੁਬਾਂ 'ਤੇ ਰੱਖੋ,
ਮਿਸ਼ਰੀ ਦਾ ਸਵਾਦ ਵੀ ਚੱਖੋ |
ਸ਼ੀਤਲਤਾ ਅਪਣਾਉਣੀ ਹੈ,
ਫਿਰ ਚੰਗੀ ਰੱੁਤ ਆਉਣੀ ਹੈ |
'ਅਮਰ' ਸਦਾ ਇਹ ਕਹਿੰਦਾ ਹੈ,
ਸੱਚ ਦਾ ਬੇੜਾ ਵਹਿੰਦਾ ਹੈ |

-ਕੇ. ਐਸ. ਅਮਰ,
ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) |
ਮੋਬਾ: 94653-69343

ਬਾਲ ਸਾਹਿਤ

ਅਸਲੀ ਸੁੰਦਰਤਾ
ਲੇਖਕ : ਪਰਮਜੀਤ ਪੰਮਾ ਪੇਂਟਰ
ਪ੍ਰਕਾਸ਼ਕ : ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ, ਮਾਹਿਲਪੁਰ |
ਮੁੱਲ : 70 ਰੁਪਏ, ਪੰਨੇੇ : 40
ਸੰਪਰਕ : 94632-90505

'ਅਸਲੀ ਸੁੰਦਰਤਾ' ਕਹਾਣੀ-ਸੰਗ੍ਰਹਿ ਵਿਚ ਲੇਖਕ ਪਰਮਜੀਤ ਪੰਮਾ ਪੇਂਟਰ ਨੇ ਬੱਚਿਆਂ ਦੀ ਚਰਿੱਤਰ-ਉਸਾਰੀ ਵਾਲੀਆਂ ਕਹਾਣੀਆਂ ਦੀ ਸਿਰਜਣਾ ਕੀਤੀ ਹੈ | ਇਨ੍ਹਾਂ ਕਹਾਣੀਆਂ ਵਿਚ 'ਅਸਲੀ ਸੁੰਦਰਤਾ', 'ਨੀਮ ਹਕੀਮ ਖ਼ਤਰਾ-ਏ-ਜਾਨ', 'ਸ਼ੈਤਾਨ ਫੜਿਆ ਗਿਆ', 'ਤਿਤਲੀ', 'ਸ਼ਹਿਦ ਦੀ ਮੱਖੀ', 'ਬੁੱਢੀ ਚਿੜੀ ਦਾ ਘੁਮੰਡ' ਅਤੇ 'ਅਕਲਮੰਦ ਟਟੀਹਰੀ' ਕਹਾਣੀਆਂ ਜੀਵ-ਜੰਤੂਆਂ ਦੁਆਲੇ ਕੇਂਦਿ੍ਤ ਹਨ | ਇਹ ਜੀਵ-ਜੰਤੂ ਪਾਤਰ ਪ੍ਰਤੀਕਮਈ ਅੰਦਾਜ਼ ਵਿਚ ਸਮਾਜਿਕ ਐਬਾਂ ਦਾ ਖ਼ਾਤਮਾ ਕਰਨ ਦਾ ਪੈਗ਼ਾਮ ਦਿੰਦੇ ਹੋਏ 'ਜੀਓ ਅਤੇ ਜਿਊਣ ਦਿਓ' ਦੀ ਸੋਚ ਨੂੰ ਫੈਲਾਉਂਦੇ ਹਨ | ਇਹ ਕਹਾਣੀਆਂ ਬਾਲ ਪਾਠਕਾਂ ਨੂੰ ਸਬਰ-ਸੰਤੋਖ, ਸਾਂਝੀਵਾਲਤਾ, ਸਮੂਹਿਕ ਏਕਤਾ, ਸੁਰੱਖਿਆ ਦੀ ਭਾਵਨਾ, ਸਿਆਣਪ, ਚੌਗਿਰਦੇ ਦੀ ਸਾਂਭ-ਸੰਭਾਲ, ਹੰਕਾਰ ਦਾ ਤਿਆਗ ਕਰਨ, ਏਕਤਾ ਦੀ ਸ਼ਕਤੀ ਵਧਾਉਣ ਅਤੇ ਉਪਕਾਰ ਕਰਨ ਵਰਗੇ ਕਾਰਜਾਂ ਦਾ ਗਿਆਨ ਕਰਵਾਉਂਦੀਆਂ ਹਨ, ਜਦੋਂ ਕਿ 'ਮਮਤਾ ਦੀ ਜਿੱਤ', 'ਵੀਨੂੰ ਪਰੀ ਸ਼ਹਿਜ਼ਾਦੀ ਤੇ ਜੁਗਨੂੰ' ਅਤੇ 'ਪਛਤਾਵੇ ਦੇ ਹੰਝੂ' ਆਦਿ ਕਹਾਣੀਆਂ ਮਨੁੱਖੀ ਪਾਤਰਾਂ ਨੂੰ ਲੈ ਕੇ ਘੜੀਆਂ ਗਈਆਂ ਹਨ, ਜਿਨ੍ਹਾਂ ਦੁਆਰਾ ਵੰਨ-ਸੁਵੰਨੇ ਸਮਾਜਿਕ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ | ਕਿਹੜੇ ਗੁਣਾਂ ਨਾਲ ਦੁਨੀਆ ਵਿਚ ਨਾਮਣਾ ਖੱਟਿਆ ਜਾ ਸਕਦਾ ਹੈ ਅਤੇ ਸੁਚੱਜੀ ਜੀਵਨ ਸ਼ੈਲੀ ਅਪਣਾਉਂਦੇ ਹੋਏ ਕਿਵੇਂ ਆਪਣੀ ਵੱਖਰੀ ਪਛਾਣ ਬਣਾਈ ਜਾ ਸਕਦੀ ਹੈ, ਇਹ ਕਹਾਣੀਆਂ ਅਜਿਹੇ ਸੁਨੇਹਿਆਂ ਨੂੰ ਪ੍ਰਚਾਰਦੀਆਂ ਪ੍ਰਸਾਰਦੀਆਂ ਹਨ | ਕਹਾਣੀਆਂ ਦੇ ਪਾਤਰਾਂ ਦੀ ਆਪਸੀ ਨੋਕ-ਝੋਕ ਕਹਾਣੀ ਦੇ ਘਟਨਾ ਕਾਰਜ ਨੂੰ ਅੱਗੇ ਤੋਰਦੀ ਹੈ | ਪੁਸਤਕ ਦਾ ਮੁੱਖ ਚਿੱਤਰ ਬਾਲ ਪਾਠਕਾਂ ਨੂੰ ਆਪਣੇ ਵੱਲ ਖਿੱਚਦਾ ਹੈ | ਲੇਖਕ ਤੋਂ ਭਵਿੱਖ ਵਿਚ ਹੋਰ ਉਸਾਰੂ ਕਹਾਣੀਆਂ ਦੀ ਆਸ ਕੀਤੀ ਜਾਂਦੀ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)

ਚੁਟਕਲੇ

• ਭਿਖਾਰੀ-ਬਾਬੂ ਜੀ, ਲੰਗੜੇ ਨੂੰ ਦੋ ਰੁਪਏ ਦੇ ਦਿਓ |
ਬਾਬੂ ਜੀ-ਅਜੇ ਖੱੁਲ੍ਹੇ ਰੁਪਏ ਨਹੀਂ ਹਨ, ਬਾਅਦ ਵਿਚ ਲੈ ਜਾਣਾ |
ਭਿਖਾਰੀ-ਏਸੇ ਉਧਾਰ ਵਿਚ ਤਾਂ ਮੇਰੇ ਹਜ਼ਾਰਾਂ ਰੁਪਏ ਡੱੁਬੇ ਪਏ ਹਨ |
• ਜੈਪਾਲ (ਪੁਸ਼ਪਾ ਨੂੰ )-ਚਾਹ ਪੀਣੀ ਸਿਹਤ ਲਈ ਹਾਨੀਕਾਰਕ ਹੈ ਜਾਂ ਲਾਭਦਾਇਕ?
ਪੁਸ਼ਪਾ-ਜੇਕਰ ਕੋਈ ਚਾਹ ਪਿਲਾ ਦੇਵੇ ਤਾਂ ਲਾਭਦਾਇਕ ਅਤੇ ਜੇਕਰ ਕਿਸੇ ਨੂੰ ਪਿਲਾਉਣੀ ਪਵੇ ਤਾਂ ਹਾਨੀਕਾਰਕ |
• ਇਕ ਵਾਰ ਇਕ ਆਦਮੀ ਹਸਪਤਾਲ ਵਿਚ ਡਾਕਟਰ ਕੋਲ ਦੌੜਾ-ਦੌੜਾ ਗਿਆ ਅਤੇ ਕਿਹਾ ਕਿ ਡਾਕਟਰ ਸਾਹਿਬ, 'ਮੇਰੀ ਪਤਨੀ ਦੀ ਆਵਾਜ਼ ਬੰਦ ਹੋ ਗਈ ਹੈ, ਤੁਸੀਂ ਘਰ ਆ ਕੇ ਦੇਖੋ ਕਿ ਉਸ ਦੀ ਆਵਾਜ਼ ਸੱਚੀਂ ਬੰਦ ਹੋ ਗਈ ਹੈ ਜਾਂ ਡਰਾਮਾ ਕਰ ਰਹੀ ਹੈ |
ਅੱਗੋਂ ਡਾਕਟਰ ਉਸ ਨੂੰ ਜਵਾਬ ਦਿੰਦਾ ਹੈ ਕਿ ਕੋਈ ਚਿੰਤਾ ਨਾ ਕਰੋ, ਤੁਸੀਂ ਅੱਜ ਆਪਣੇ ਘਰ ਰਾਤ 12 ਵਜੇ ਤੋਂ ਬਾਅਦ ਜਾਣਾ, ਤੁਹਾਨੂੰ ਆਪਣੇ-ਆਪ ਪਤਾ ਲੱਗ ਜਾਵੇਗਾ |

-ਗੋਬਿੰਦ ਸੁਖੀਜਾ,
ਢਿਲਵਾਂ (ਕਪੂਰਥਲਾ) | ਮੋਬਾ: 98786-05929

ਬਾਲ ਕਵਿਤਾ: ਗਰਮੀ ਆਈ

ਗਰਮੀ ਆਈ ਗਰਮੀ ਆਈ,
ਮੱਖੀਆਂ ਮੱਛਰ ਨਾਲ ਲਿਆਈ |
ਦਿਨੇ ਕਰਦੀਆਂ ਮੱਖੀਆਂ ਤੰਗ,
ਰਾਤੀਂ ਚਲਾਉਂਦਾ ਮੱਛਰ ਡੰਗ |
ਬਿਜਲੀ ਜਦੋਂ ਭੱਜ ਹੈ ਜਾਂਦੀ,
ਸਾਡੀ ਉਦੋਂ ਸ਼ਾਮਤ ਆਂਦੀ |
ਪਸੀਨੇ ਨਾਲ ਭਿੱਜ ਹਾਂ ਜਾਂਦੇ,
ਖੇਡਣ ਤੋਂ ਵੀ ਖਿਝ ਹਾਂ ਜਾਂਦੇ |
ਪੜ੍ਹਾਈ ਨੂੰ ਦਿਲ ਨ੍ਹੀਂ ਕਰਦਾ,
ਕਿਵੇਂ ਕਰੀਏ ਕੰਮ ਜੋ ਘਰ ਦਾ |
ਸਰ ਕਹਿੰਦੇ ਨੇ ਪਾਣੀ ਬਚਾਓ,
ਬਹੁਤੀ ਵਾਰ ਤੁਸੀਂ ਨਾ ਨਹਾਓ |
ਏਹਦੇ ਨਾਲੋਂ ਤਾਂ ਚੰਗੀ ਸਰਦੀ,
ਮੱਖੀ ਕੋਈ ਵੀ ਤੰਗ ਨਾ ਕਰਦੀ |
ਮੱਛਰ ਵੀ ਨਾ ਨੇੜੇ ਆਉਂਦਾ,
ਨਾ ਹੀ ਤਿੱਖਾ ਡੰਗ ਚਲਾਉਂਦਾ |
ਤਾਏ 'ਤਲਵੰਡੀ' ਦਾ ਹੈ ਕਹਿਣਾ,
ਗਰਮੀ ਕੋਲੋਂ ਬਚ ਕੇ ਰਹਿਣਾ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਅਨਮੋਲ ਜਾਣਕਾਰੀ

• ਭਾਰਤ ਦਾ ਰਾਸ਼ਟਰੀ ਝੰਡਾ—ਤਿਰੰਗਾ
• ਭਾਰਤ ਦਾ ਰਾਸ਼ਟਰੀ ਗਾਣ—ਜਨ-ਗਨ-ਮਨ
• ਭਾਰਤ ਦਾ ਰਾਸ਼ਟਰੀ ਗੀਤ—ਬੰਦੇ ਮਾਤਰਮ
• ਭਾਰਤ ਦਾ ਰਾਸ਼ਟਰੀ ਚਿੰਨ੍ਹ—ਅਸ਼ੋਕ ਸਤੰਬ
• ਭਾਰਤ ਦੀ ਰਾਸ਼ਟਰੀਅਤਾ—ਭਾਰਤੀ
• ਭਾਰਤ ਦੀ ਰਾਸ਼ਟਰੀ ਭਾਸ਼ਾ—ਹਿੰਦੀ
• ਭਾਰਤ ਦੀ ਰਾਸ਼ਟਰੀ ਲਿਪੀ—ਦੇਵਨਾਗਰੀ
• ਭਾਰਤ ਦੀ ਰਾਸ਼ਟਰੀ ਨਦੀ—ਗੰਗਾ
• ਭਾਰਤ ਦਾ ਰਾਸ਼ਟਰੀ ਫੱੁਲ—ਕਮਲ
• ਭਾਰਤ ਦਾ ਰਾਸ਼ਟਰੀ ਫਲ—ਅੰਬ
• ਭਾਰਤ ਦੀ ਰਾਸ਼ਟਰੀ ਖੇਡ—ਹਾਕੀ
• ਭਾਰਤ ਦਾ ਰਾਸ਼ਟਰੀ ਪਸ਼ੂ—ਬਾਗ
• ਭਾਰਤ ਦਾ ਰਾਸ਼ਟਰੀ ਵਾਕ—ਸੱਤਅ ਮੇਵਜਯਨਤੀ
• ਭਾਰਤ ਦਾ ਰਾਸ਼ਟਰੀ ਪੁਰਸਕਾਰ—ਭਾਰਤ ਰਤਨ
• ਭਾਰਤ ਦੀ ਰਾਸ਼ਟਰੀ ਮਠਿਆਈ—ਜਲੇਬੀ
• ਭਾਰਤ ਦਾ ਸਭ ਤੋਂ ਉੱਚਾ ਦਰਵਾਜ਼ਾ—ਬੁਲੰਦ ਦਰਵਾਜ਼ਾ
• ਭਾਰਤ ਦਾ ਸਭ ਤੋਂ ਉੱਚਾ ਪਸ਼ੂ—ਜਿਰਾਫ਼
• ਭਾਰਤ ਦਾ ਸਭ ਤੋਂ ਵੱਡਾ ਡੈਲਟਾ—ਸੁੰਦਰਬਨ
• ਭਾਰਤ ਦੀ ਸਭ ਤੋਂ ਲੰਬੀ ਨਦੀ—ਗੰਗਾ
• ਭਾਰਤ ਵਿਚ ਸਭ ਤੋਂ ਵੱਡਾ ਪਸ਼ੂਆਂ ਦਾ ਮੇਲਾ—ਸੋਨਪੁਰ ਵਿਚ

-ਕੰਚਨ ਕੁਮਾਰੀ ਲਾਂਬਾ,
ਸ਼ਹਾਬਦੀ ਨੰਗਲ, ਹੁਸ਼ਿਆਰਪੁਰ |

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX