ਤਾਜਾ ਖ਼ਬਰਾਂ


ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 2 hours ago
ਰਾਏਕੋਟ ,22 ਜਨਵਰੀ (ਸੁਸ਼ੀਲ)- ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਵਾਲਮੀਕਿ ਨੇੜੇ ਬਿਜਲੀ ਠੀਕ ਕਰ ਰਹੇ ਇੱਕ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖਬਰ ਹੈ .ਖ਼ਬਰ ਲਿਖੇ ਜਾਣ ਤੱਕ ...
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  about 3 hours ago
ਖਨੌਰੀ, 22 ਜਨਵਰੀ ( ਬਲਵਿੰਦਰ ਸਿੰਘ ਥਿੰਦ )- ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਕਾਂਗਰਸ ਪਾਰਟੀ...
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  about 3 hours ago
ਸੰਦੌੜ , 22 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਕਸਬਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰ ਹੀ ਲਗਾਤਾਰ ਇਕ ਘੰਟੇ ਭਾਰੀ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਦੇ ਕਾਰਨ ਸੜਕਾਂ 'ਤੇ ਚਿੱਟੀ ਚਾਦਰ ਵਿਛ ਗਈ ਭਾਰੀ ਗੜੇਮਾਰੀ ਦੇ ਨਾਲ ਭਾਰੀ ਤੇ ਮੁਹਲੇਧਾਰ ਬਾਰਸ਼ ਨੇ ਜਨਜੀਵਨ...
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  about 3 hours ago
ਅੰਮ੍ਰਿਤਸਰ, 22 ਜਨਵਰੀ (ਰਾਜੇਸ਼ ਕੁਮਾਰ) - ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅੱਜ ਕਾਂਗਰਸੀਆ ਵੱਲੋਂ ਕਾਲੀਆ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਦੀ ਨਵ ਨਿਯੁਕਤ ਪ੍ਰਧਾਨ ਜਤਿੰਦਰ...
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  about 3 hours ago
ਨਵੀਂ ਦਿੱਲੀ, 22 ਜਨਵਰੀ - ਲੰਡਨ ਵਿਖੇ ਭਾਰਤੀ ਸਾਈਬਰ ਮਾਹਿਰ ਸਈਦ ਸੂਜਾ ਵੱਲੋਂ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ ਹੈਕ ਹੋਣ ਸਬੰਧੀ ਕੀਤੀ ਗਈ ਪ੍ਰੈੱਸ ਵਾਰਤਾ...
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  about 4 hours ago
ਨਵਾਂ ਸ਼ਹਿਰ, 22 ਜਨਵਰੀ - ਪਿੰਡ ਉਸਮਾਨਪੁਰ ਨਜ਼ਦੀਕ ਬੁਲਟ ਮੋਟਰਸਾਈਕਲ ਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ 'ਚ ਬੁਲਟ ਮੋਟਰਸਾਈਕਲ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਜਲਵਾਹਾ ਦੇ ਰਹਿਣ ਵਾਲੇ ਸੁਖਵਿੰਦਰ...
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਬੈਂਗਲੁਰੂ, 22 ਜਨਵਰੀ - ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਜੋ ਕਿ ਬੀਤੇ ਦਿਨ ਸਵਰਗ ਸਿਧਾਰ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਟੁਮਕਰ ਵਿਖੇ ਕੀਤਾ...
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  about 4 hours ago
ਐੱਸ. ਏ. ਐੱਸ. ਨਗਰ, 22 ਜਨਵਰੀ (ਜਸਬੀਰ ਸਿੰਘ ਜੱਸੀ) - ਮੁਹਾਲੀ ਦੇ ਬਿਲਡਰ ਤੋਂ 10 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਮੁਹਾਲੀ ਪੁਲਿਸ ਨੇ ਉਤਰ ਪ੍ਰਦੇਸ਼ ਤੋਂ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਜੋ ਕਿ ਇਸ ਸਮੇਂ ਯੂ.ਪੀ ਦੀ ਜੇਲ 'ਚ ਬੰਦ ਹੈ ਨੂੰ ਪ੍ਰੋਡਕਸ਼ਨ ਵਾਰੰਟ...
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  about 5 hours ago
ਨਵੀਂ ਦਿੱਲੀ, 22 ਜਨਵਰੀ - ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਦਾ ਜੋ ਹਿੱਸਾ ਭਾਰਤ ਵਿਚ ਪੈਂਦਾ ਹੈ, ਉਹ ਜਲਦ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਸਬੰਧੀ ਉਨ੍ਹਾਂ ਵੱਲੋਂ ਅੱਜ ਸਮੀਖਿਆ ਕੀਤੀ ਗਈ ਹੈ। ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ...
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  about 5 hours ago
ਅੰਮ੍ਰਿਤਸਰ, 22 ਜਨਵਰੀ (ਹਰਮਿੰਦਰ ਸਿੰਘ) - ਬਾਲੀਵੁੱਡ ਅਦਾਕਾਰ ਵਰੁਨ ਧਵਨ ਅਤੇ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ .....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਪੰਜਾਬ ਦੇ ਸੱਭਿਆਚਾਰਕ ਦਿ੍ਸ਼ ਵਿਚ ਫ਼ੌਜੀ ਜਵਾਨ

ਪਰਵਾਸ ਪੰਜਾਬੀਆਂ ਲਈ ਕੋਈ ਨਵੀਂ ਗੱਲ ਨਹੀਂ ਪਰ ਨੌਕਰੀ, ਰੁਜ਼ਗਾਰ ਅਤੇ ਰੋਜ਼ੀ-ਰੋਟੀ ਕਮਾਉਣ ਲਈ ਪਰਵਾਸ ਵੀਹਵੀਂ ਸਦੀ ਵਿਚ ਹੀ ਸ਼ੁਰੂ ਹੋਇਆ | ਇਨ੍ਹਾਂ ਪਰਵਾਸੀਆਂ ਜਾਂ ਕਹਿ ਲਵੋ ਕਿ ਭਾਵੇਂ ਥੋੜੇ ਚਿਰ ਲਈ ਹੀ ਸਹੀ, ਦੂਜੇ ਮੁਲਕਾਂ ਵਿਚ ਰਹਿਣ ਵਾਲੇ ਲੋਕਾਂ ਵਿਚ ਫ਼ੌਜੀ ਜਵਾਨ ਵੀ ਆਉਂਦੇ ਹਨ | ਪੰਜਾਬ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਸਰਦਾਰਾਂ ਹੇਠ ਕੰਮ ਕਰਨ ਵਾਲੀ ਫ਼ੌਜ (ਫ਼ੌਜ-ਇ-ਆਈਨ ਅਤੇ ਫ਼ੌਜ-ਏ-ਖਾਸ) ਦੀਆਂ ਟੁਕੜੀਆਂ ਨੂੰ ਨੌਕਰੀਆਂ ਤੋਂ ਜਵਾਬ ਦੇ ਕੇ ਘਰੀਂ ਤੋਰ ਦਿੱਤਾ ਗਿਆ | ਪਰ 1857 ਈ: ਦੇ ਗ਼ਦਰ ਨੇ ਅੰਗਰੇਜ਼ ਹਾਕਮਾਂ ਨੂੰ ਪੰਜਾਬੀ ਸਿਪਾਹੀਆਂ ਦੀ ਕਦਰੋ-ਕੀਮਤ ਤੋਂ ਜ਼ਰੂਰ ਜਾਣੂ ਕਰਵਾ ਦਿੱਤਾ | ਸਿੱਖ ਫ਼ੌਜੀਆਂ ਦੇ ਜੁਝਾਰੂ ਜਜ਼ਬੇ ਨੂੰ ਚਾਲਬਾਜ਼ ਅੰਗਰੇਜ਼ ਨੇ ਆਪਣੇ ਹੱਕ ਵਿਚ ਵਰਨਣ ਲਈ ਯੋਜਨਾਬੰਦੀ ਕਰਨੀ ਸ਼ੁਰੂ ਕਰ ਦਿੱਤੀ |
ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਵਿਚ ਫ਼ੌਜੀ ਅਨੁਸ਼ਾਸ਼ਨ, ਤਨਖ਼ਾਹਾਂ, ਵਰਦੀ, ਟਿਕਾਣਿਆਂ (ਬੈਰਕਾਂ) ਆਦਿ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ ਪਰ ਕੁਝ ਸੰਕੇਤ ਜ਼ਰੂਰ ਮਿਲ ਜਾਂਦੇ ਹਨ ਜਿਨ੍ਹਾਂ ਦੇ ਆਧਾਰ 'ਤੇ ਕਿਸੇ ਨਾ ਕਿਸੇ ਨਤੀਜੇ ਉੱਪਰ ਪਹੁੰਚਿਆ ਜਾ ਸਕਦਾ ਹੈ | ਅਸੀਂ ਜਾਣਦੇ ਹਾਂ ਕਿ ਮਹਾਰਾਜੇ ਨੂੰ ਆਪਣੀ ਫ਼ੌਜ ਦੀ ਚੰਗੀ ਸਿਖਲਾਈ ਲਈ ਹਰ ਵੇਲੇ ਚਿੰਤਾ ਲੱਗੀ ਰਹਿੰਦੀ ਸੀ ਅਤੇ ਉਹ ਇਸ ਨੂੰ ਹਮੇਸ਼ਾਂ ਬਿਹਤਰ ਤੋਂ ਬਿਹਤਰੀਨ ਵਾਲੇ ਪਾਸੇ ਲਿਜਾਣ ਦੀ ਸੋਚਦੇ ਰਹਿੰਦੇ ਸੀ | ਅੰਗਰੇਜ਼ ਗਵਰਨਰ ਜਨਰਲ ਅਤੇ ਦੂਜੇ ਅੰਗਰੇਜ਼ ਅਫ਼ਸਰਾਂ ਨਾਲ ਆਉਣ ਵਾਲੇ ਫ਼ੌਜੀ ਦਸਤਿਆਂ ਅਤੇ ਹਥਿਆਰਾਂ ਨੂੰ ਉਹ ਬੜੀ ਉਤਸੁਕਤਾ ਨਾਲ ਵੇਖਦੇ ਅਤੇ ਉਨ੍ਹਾਂ ਵੱਲੋਂ ਵਰਤੇ ਜਾਂਦੇ ਸਾਰੇ ਸਾਜ਼ੋ-ਸਾਮਾਨ ਬਾਰੇ ਜਾਣਨ ਲਈ ਬੇਤਾਬ ਰਹਿੰਦੇ ਸਨ | ਆਪਣੀ ਫ਼ੌਜ ਨੂੰ ਆਧੁਨਿਕ ਜਾਂ ਯੂਰਪੀ ਲੀਹਾਂ ਉੱਪਰ ਸਿੱਖਿਅਤ ਕਰਨ ਲਈ ਉਸ ਨੇ ਫਰਾਂਸੀਸੀ, ਜਰਮਨ ਅਤੇ ਦੂਜੇ ਗੋਰੇ ਅਫ਼ਸਰਾਂ ਨੂੰ ਵੱਡੀਆਂ-ਵੱਡੀਆਂ ਤਨਖ਼ਾਹਾਂ ਦੇ ਕੇ ਨਿਯੁਕਤ ਕਰ ਰੱਖਿਆ ਸੀ | ਮਹਾਰਾਜੇ ਤੋਂ ਪਹਿਲਾਂ ਸ਼ਾਇਦ ਨਿਯਮਿਤ ਰੂਪ ਵਿਚ ਹਰ ਮਹੀਨੇ ਫ਼ੌਜੀਆਂ ਨੂੰ ਨਕਦ ਤਨਖ਼ਾਹ ਨਹੀਂ ਸੀ ਮਿਲਦੀ, ਪਰ ਰਣਜੀਤ ਸਿੰਘ ਵੇਲੇ ਇਹ ਸਿਲਸਿਲਾ ਸ਼ੁਰੂ ਹੋ ਗਿਆ ਸੀ ਅਤੇ ਇਸ ਲਈ ਸ਼ਬਦ 'ਤਲਬ' ਹੀ ਵਧੇਰੇ ਵਰਤਿਆ ਜਾਂਦਾ ਸੀ |
19ਵੀਂ ਸਦੀ ਦੇ ਮੁੱਕਣ ਤਕ ਸਿੱਖ ਰਿਆਸਤਾਂ ਦੀ ਫ਼ੌਜ ਤੋਂ ਇਲਾਵਾ ਅੰਗਰੇਜ਼ਾਂ ਨੇ ਆਪਣੀ ਫ਼ੌਜ ਵਿਚ ਪੰਜਾਬੀਆਂ, ਖਾਸ ਕਰਕੇ ਸਿੱਖਾਂ, ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ, ਬੇਸ਼ੱਕ ਉਹ ਇਸ ਫ਼ੌਜ ਨੂੰ ਹਿੰਦੁਸਤਾਨ ਵਿਚ ਉੱਠਦੀਆਂ ਬਗ਼ਾਵਤਾਂ ਅਤੇ ਸਥਾਨਕ ਰਾਜਿਆਂ, ਨਵਾਬਾਂ ਅਤੇ ਸਰਦਾਰਾਂ ਨਾਲ ਹੁੰਦੀਆਂ ਲੜਾਈਆਂ ਵਿਚ ਵਰਤਦੇ ਰਹੇ | ਪਹਿਲੀ ਸੰਸਾਰ ਜੰਗ (1914-1919 ਈ.) ਛਿੜਨ ਨਾਲ ਪੰਜਾਬੀ ਸਿਪਾਹੀਆਂ ਦਾ ਦੂਜੇ ਮੁਲਕਾਂ ਦੇ ਲੋਕਾਂ ਨਾਲ ਮੇਲ-ਜੋਲ ਵਧਣ ਲੱਗਾ | ਸਫੈਦਪੋਸ਼ਾਂ, ਨੰਬਰਦਾਰਾਂ, ਜ਼ੈਲਦਾਰਾਂ ਅਤੇ ਆਪਣੇ ਦੂਜੇ ਵਿਸ਼ਵਾਸ ਪਾਤਰਾਂ ਲਈ ਵੱਧ ਤੋਂ ਵੱਧ ਸਿੱਖਾਂ ਨੂੰ ਫ਼ੌਜ ਵਿਚ ਭਰਤੀ ਕਰਾਉਣ ਦਾ ਅਮਲ ਸ਼ੁਰੂ ਹੋ ਗਿਆ | ਖੇਤੀਬਾੜੀ ਦੀ ਮਾੜੀ ਹਾਲਤ ਅਤੇ ਨਿਰੰਤਰ ਹਰ ਮਹੀਨੇ ਤਨਖ਼ਾਹ ਮਿਲਣ ਦੇ ਲਾਲਚ ਵਿਚ, ਮਾੜੀ ਆਰਥਿਕਤਾ ਨੂੰ ਸਹਾਰਾ ਦੇਣ ਖ਼ਾਤਰ, ਸਿੱਖ ਵੀ ਉਤਸ਼ਾਹ ਨਾਲ ਭਰਤੀ ਹੁੰਦੇ | ਸਿੱਖ ਫ਼ੌਜੀ ਜਦ ਛੁੱਟੀ ਆਉਂਦੇ ਤਾਂ ਉਨ੍ਹਾਂ ਦੇ ਲਿਬਾਸ, ਦਿੱਖ ਅਤੇ ਰਹਿਣ ਸਹਿਣ ਤੋਂ ਸਥਾਨਕ ਲੋਕ ਹੋਰ ਵੀ ਪ੍ਰਭਾਵਿਤ ਹੁੰਦੇ | ਇੰਝ ਫ਼ੌਜ ਦੀ ਨੌਕਰੀ ਮਾਣ, ਸਤਿਕਾਰ ਅਤੇ ਇੱਜ਼ਤ ਦਾ ਪ੍ਰਤੀਕ ਬਣ ਗਈ | ਪੰਜਾਬੀ ਲੋਕ ਸਾਹਿਤ ਵਿਚ ਅਜਿਹੀ ਇੱਜ਼ਤ ਬਾਰੇ ਕਈ ਗੀਤ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਇਹ ਪ੍ਰਭਾਵ ਮਿਲਦਾ ਹੈ ਕਿ ਫ਼ੌਜੀ ਪਤੀ ਭਾਵੇਂ ਕਿਸੇ ਵੇਲੇ ਵਧੀਕੀ ਵੀ ਕਰ ਲਵੇ ਤਾਂ ਵੀ ਸਹਿ ਲੈਣਾ ਚਾਹੀਦਾ ਹੈ ਕਿਉਂਕਿ ਉਸਦੇ ਘਰ ਵੱਸਣਾ ਹੀ ਲਾਭਦਾਇਕ ਹੈ, ਦੋਹਾਂ ਗੱਲਾਂ ਕਰਕੇ ਮਾਣ-ਸਤਿਕਾਰ ਅਤੇ ਨਿਰੰਤਰ ਆਮਦਨ | ਏਸੇ ਕਰਕੇ ਕਿਸੇ ਲੋਕ ਕਵੀ ਨੇ ਕਿਹਾ ਸੀ:
ਵੱਸਣਾ ਫ਼ੌਜੀ ਦੇ,
ਭਾਵੇਂ ਬੂਟ ਸਣੇ ਲੱਤ ਮਾਰੇ |
ਦੋਹਾਂ ਆਲਮੀ ਜੰਗਾਂ ਵਿਚ ਬਾਹਰ ਗਏ ਫ਼ੌਜੀਆਂ ਦੀ ਤੜਕ-ਭੜਕ ਨੇ ਪੰਜਾਬ ਦੇ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ | ਫ਼ੌਜੀਆਂ ਦੀ ਇਕਸਾਰ ਵਰਦੀ ਅਤੇ ਬਾਹਰੀ ਦਿੱਖ ਨੂੰ ਸੰਵਾਰਨ ਨਿਖਾਰਨ ਦਾ ਅਸਰ ਆਮ ਲੋਕਾਂ ਉੱਪਰ ਦਿੱਸਣ ਲੱਗਾ | ਸਿੱਖ ਫ਼ੌਜੀਆਂ ਲਈ ਦਾੜ੍ਹੀ ਕੇਸ ਰੱਖਣੇ ਜ਼ਰੂਰੀ ਹੁੰਦੇ ਸਨ | ਇਸ ਲਈ ਇਨ੍ਹਾਂ ਦੀ ਸਾਂਭ ਸੰਭਾਲ ਲਈ ਨਿਯਮ ਬਣਾਉਣ ਦੀ ਲੋੜ ਮਹਿਸੂਸ ਹੋਈ | ਪਹਿਲਾਂ ਤਾਂ ਸ਼ਾਇਦ ਪੰਜਾਬੀ ਪੱਗ ਨੂੰ ਉੱਘੜ ਦੁੱਘੜ ਹੀ ਬੰਨ੍ਹ ਲੈਂਦੇ ਹੋਣਗੇ ਪਰ ਫ਼ੌਜ ਵਿਚ ਪੱਗ ਵਿਸ਼ੇਸ਼ ਢੰਗ ਨਾਲ ਤਹਿ ਲਾ ਕੇ ਪੇਚਦਾਰ ਬੰਨ੍ਹਣੀ ਪੈਂਦੀ ਸੀ | ਹਰ ਪੇਚ ਵੱਖਰਾ-ਵੱਖਰਾ ਦਿੱਸਣਾ ਵੀ ਜ਼ਰੂਰੀ ਸੀ | ਇਸ ਲਈ ਪੂਣੀ ਕਰ ਕੇ ਵੱਟਾਂ ਤੋਂ ਬਿਨਾਂ ਪੱਗ ਬੰਨ੍ਹਣ ਦਾ ਰਿਵਾਜ ਪ੍ਰਚਲਿਤ ਹੋਇਆ | ਪੱਗ ਦੇ ਹੇਠਾਂ ਇਕ ਛੋਟੀ ਪੱਗ (ਸਾਫਾ) ਆਦਿ ਬੰਨ੍ਹੀ ਜਾਂਦੀ ਤਾਂ ਜੋ ਪੱਗ ਪੱਕੇ ਤੌਰ 'ਤੇ ਟਿਕੀ ਰਹੇ | ਏਹੋ ਛੋਟੀ ਪੱਗ ਮਗਰੋਂ ਫ਼ਿਫ਼ਟੀ ਅਖਵਾਈ ਕਿਉਂਕਿ ਇਹ ਵੱਡੀ ਪੱਗ ਨਾਲੋਂ ਤਕਰੀਬਨ ਅੱਧੀ ਹੁੰਦੀ ਸੀ | ਫ਼ਿਫ਼ਟੀ ਅੰਗਰੇਜ਼ੀ ਸ਼ਬਦ ਹੈ ਜਿਸਦਾ ਅਰਥ ਹੀ ਅੱਧਾ ਹੈ | ਸੋ, ਫ਼ੌਜੀਆਂ ਦੇ ਪ੍ਰਭਾਵ ਕਾਰਨ ਪੂਣੀ ਕਰ ਕੇ ਫ਼ਿਫ਼ਟੀ ਸਮੇਤ ਬੱਧੀ, ਪੱਗ ਆਮ ਲੋਕਾਂ ਵਿਚ ਵੀ ਪ੍ਰਚਲਿਤ ਹੋ ਗਈ | ਇਸੇ ਤਰ੍ਹਾਂ ਸਿੱਖ ਫ਼ੌਜੀਆਂ ਵਿਚ ਦਾੜ੍ਹੀ ਬੰਨ੍ਹਣ ਦਾ ਵਿਸ਼ੇਸ਼ ਤਰੀਕਾ ਵੀ ਹੋਂਦ ਵਿਚ ਆਇਆ | ਸਿੱਖ ਫ਼ੌਜੀ ਆਪਣੀ ਦਾੜ੍ਹੀ ਨੂੰ ਜਾਲੀ ਪਾ ਕੇ ਸਿਰ ਉੱਪਰ ਕੱਸ ਕੇ ਬੰਨ੍ਹਦੇ | ਇਸ ਲਈ ਉਨ੍ਹਾਂ ਦੀ ਵੇਖਾ-ਵੇਖੀ ਆਮ ਸਿੱਖਾਂ ਵਿਚ ਵੀ ਜਾਲੀ ਨਾਲ ਦਾੜ੍ਹੀ ਬੰਨ੍ਹਣ ਦਾ ਰਿਵਾਜ ਵੀ ਚੱਲ ਪਿਆ | ਪਿੱਛੋਂ ਡੋਰੀ ਨਾਲ ਅਤੇ ਛੋਟੀ ਜਿਹੀ ਇਕ ਜਾਂ ਦੋ ਜੂੜੀਆਂ ਕਰ ਕੇ ਦਾੜ੍ਹੀ ਬੰਨ੍ਹਣ ਦਾ ਰਿਵਾਜ ਚੱਲ ਨਿਕਲਿਆ |
ਫ਼ੌਜ ਵਿਚ ਰਸਮੀ ਅਤੇ ਗ਼ੈਰ-ਰਸਮੀ ਮੌਕਿਆਂ ਉੱਪਰ ਵਿਸ਼ੇਸ਼ ਕੱਪੜੇ ਪਹਿਨਣ ਦਾ ਨਿਯਮ ਸੀ, ਇਸ ਲਈ ਇਹ ਨਿਯਮ ਆਮ ਲੋਕਾਂ ਵਿਚ ਪ੍ਰਵਾਨ ਹੋਣ ਲੱਗਾ | ਗਾਊਨ ਅਤੇ ਨਾਈਟ ਸੂਟ ਕੇਵਲ ਸੌਣ ਵੇਲੇ ਹੀ ਪਾਏ ਜਾਂਦੇ ਸਨ, ਇਸ ਲਈ ਪੰਜਾਬ ਵਿਚ ਵੀ ਇਹ ਰੁਝਾਨ ਚਲ ਨਿਕਲਿਆ | ਇਹ ਸਾਰਾ ਕੁਝ ਕਿਉਂਕਿ ਫ਼ੌਜੀ ਅਨੁਸ਼ਾਸਨ ਦਾ ਹਿੱਸਾ ਹੈ, ਇਸ ਲਈ ਲੰਮਾ ਸਮਾਂ ਫ਼ੌਜ ਵਿਚ ਨੌਕਰੀ ਕਰਨ ਕਰਕੇ ਇਹ ਫ਼ੌਜੀਆਂ ਦੀ ਜੀਵਨ ਸ਼ੈਲੀ ਦਾ ਜ਼ਰੂਰੀ ਅੰਗ ਬਣ ਕੇ ਉਨ੍ਹਾਂ ਦੀਆਂ ਆਦਤਾਂ ਵਿਚ ਸ਼ਾਮਿਲ ਹੋ ਗਿਆ | ਮੇਰੇ ਲਾਗੇ ਇਕ ਫ਼ੌਜੀ ਰਹਿੰਦਾ ਹੈ ਜੋ 1978 ਵਿਚ ਸੇਵਾ ਮੁਕਤ ਹੋਇਆ ਹੈ | ਉਸ ਕੋਲ ਅੱਜ ਕੋਈ ਕੰਮ ਨਹੀਂ ਪਰ ਫਿਰ ਵੀ ਉਹ ਸਾਫ਼-ਸੁਥਰੇ ਪ੍ਰੈੱਸ ਕੀਤੇ ਕੱਪੜੇ ਪਾ ਕੇ ਗੂੜੇ ਰੰਗ ਵਾਲੀ ਪੱਗ ਬੰਨ੍ਹ ਕੇ ਸਵੇਰੇ ਹੀ ਤਿਆਰ ਹੋ ਕੇ ਬੈਠ ਜਾਂਦਾ ਹੈ | ਕੁੜਤਾ ਪਜਾਮਾ ਵੀ ਉਹ ਕਮਰੇ ਦੇ ਅੰਦਰ ਅੰਦਰ ਹੀ ਪਹਿਨਦਾ ਹੈ, ਬਾਹਰ ਪੈੱਟ ਕਮੀਜ਼ ਵਿਚ ਹੀ ਦਿੱਸਦਾ ਹੈ ਕਿਉਂਕਿ ਪਜਾਮੇ ਨੂੰ ਉਹ ਰਸਮੀ ਲਿਬਾਸ ਨਹੀਂ ਸਮਝਦਾ | ਧੌੜੀ ਜਾਂ ਖੱਲ ਦੀ ਜੁੱਤੀ ਦੀ ਥਾਂ ਤਸਮਿਆਂ ਵਾਲੇ ਬੂਟ ਜੁਰਾਬਾਂ ਨੇ ਲੈ ਲਈ ਕਿਉੇਂਕਿ ਇਹ ਫ਼ੌਜੀ ਵਰਦੀ ਦਾ ਹਿੱਸਾ ਸਨ | ਵਰਦੀ ਸ਼ਬਦ ਅੰਗਰੇਜ਼ੀ ਯੂਨੀਫਾਰਮ ਦਾ ਤਰਜਮਾ ਹੈ ਜਿਸ ਦਾ ਅਰਥ ਇਕਸਾਰ ਹੈ | ਏਸੇ ਲਈ ਫ਼ੌਜੀਆਂ ਦੀ ਦਿੱਖ ਇਕਸਾਰ ਕਰਨ ਲਈ ਨਾ ਸਿਰਫ ਕੱਪੜਿਆਂ ਦੀ ਕਿਸਮ ਅਤੇ ਉਨ੍ਹਾਂ ਦੇ ਰੰਗਾਂ ਵਿਚ ਵੀ ਇਕਸਾਰਤਾ ਹੁੰਦੀ, ਸਗੋਂ ਉਨ੍ਹਾਂ ਨੂੰ ਪਹਿਨਣ ਦਾ ਢੰਗ ਵੀ ਇਕਸਾਰ ਹੁੰਦਾ | ਫ਼ੌਜੀ ਜਵਾਨਾਂ ਦੀ ਇਸ ਪ੍ਰਭਾਵਸ਼ਾਲੀ ਅਤੇ ਰੋਅਬਦਾਬ ਵਾਲੀ ਦਿੱਖ ਨੇ ਕਈ ਹੋਰ ਧਰਮਾਂ ਦੇ ਲੋਕਾਂ ਨੂੰ ਵੀ ਸਿੱਖੀ ਵਿਚ ਆਉਣ ਲਈ ਪ੍ਰੇਰਿਤ ਕੀਤਾ | ਪ੍ਰਸਿੱਧ ਵਿਦਵਾਨ ਪ੍ਰੋ: ਸਾਹਿਬ ਸਿੰਘ, ਸਿੰਘ ਸੱਜਣ ਤੋਂ ਪਹਿਲਾਂ ਹਿੰਦੂ ਸਨ ਜਿਸ ਦਾ ਨਾਂਅ ਨੱਥੂ ਰਾਮ ਸੀ | ਉਹ ਸਿੱਖ ਕਿਹੜੇ ਪ੍ਰਭਾਵ ਥੱੱਲੇ ਬਣੇ? ਇਸ ਦਾ ਕਥਨ ਉਨ੍ਹਾਂ ਆਪਣੀ ਸਵੈਜੀਵਨੀ 'ਮੇਰੀ ਜੀਵਨ ਕਹਾਣੀ' ਵਿਚ ਇਸ ਤਰ੍ਹਾਂ ਅੰਕਿਤ ਕੀਤਾ ਹੈ, 'ਸਾਡੇ ਪਿੰਡ ਥਰਪਾਲ ਤੋਂ ਗੋਤਾ ਫਤਹਿਗੜ੍ਹ ਪੰਜ ਮੀਲ ਸੀ | ਰਸਤੇ ਵਿਚ ਕੁਝ ਹਟਵਾਂ ਹੀ ਇਕ ਪਿੰਡ ਸੀ, ਢੇਹ | ਦੋਹਾਂ ਪਿੰਡਾਂ ਵਿਚੋਂ 'ਢੇਹ' ਦੇ ਸਿੰਘ ਆਮ ਤੌਰ ਉੱਤੇ ਫ਼ੌਜੀ ਨੌਕਰੀ ਕਰਦੇ ਸਨ | ਤਸੀਲ ਰੱਈਏ ਵੀ ਇਨ੍ਹਾਂ ਦੀ ਆਵਾਜਾਈ ਬਹੁਤ ਰਹਿੰਦੀ ਸੀ | ਪਿੰਡ 'ਢੇਹ' ਦੇ ਕਈ ਫ਼ੌਜੀ ਸਿੰਘਾਂ ਨੇ ਸਵੇਰੇ ਤਹਿਸੀਲ ਨੂੰ ਆਉਣਾ ਹੁੰਦਾ ਸੀ ਤੇ ਸ਼ਾਮ ਵੇਲੇ ਆਪਣੇ ਪਿੰਡ ਨੂੰ ਮੁੜਨਾ ਹੁੰਦਾ ਸੀ | ਇਸ ਤਰ੍ਹਾਂ ਸਾਨੂੰ ਕੋਈ ਨਾ ਕੋਈ ਫ਼ੌਜੀ ਸਿੰਘ ਮਿਲ ਪਿਆ ਕਰਦਾ ਸੀ | ਉਨ੍ਹਾਂ ਨੂੰ ਵੇਖ ਕੇ ਮੇਰੇ ਮਨ ਵਿਚ ਸਹਿਜੇ ਇਹ ਪ੍ਰੇਰਨਾ ਹੋਣੀ ਸ਼ੁਰੂ ਹੋ ਗਈ ਕਿ ਬਾਕੀਆਂ ਨਾਲੋਂ ਸਿੰਘ ਵਧੇਰੇ ਸੋਹਣੇ ਅਤੇ ਜਵਾਨ ਹਨ | ਇਹ ਪ੍ਰੇਰਣਾ ਵਧਦੀ ਗਈ ਤੇ ਸਹਿਜੇ-ਸਹਿਜੇ ਮੇਰੇ ਮਨ ਵਿਚ ਪੱਕੀ ਹੁੰਦੀ ਗਈ | ਇਹ ਮੈਨੂੰ ਹੋਰਨਾਂ ਨਾਲੋਂ ਵਧੀਕ ਸੋਹਣੇ ਤੇ ਜਵਾਨ ਕਿਉਂ ਲਗਦੇ ਹਨ? ਇਨ੍ਹਾਂ ਦੇ ਸਿਰ ਉੱਤੇ ਕੇਸ ਅਤੇ ਮੂੰਹ ਉੱਤੇ ਦਾੜ੍ਹਾ ਸੀ | ਆਖਰ ਮੇਰੇ ਮਨ ਵਿਚ ਨਵੀਆਂ ਸੋਚਾਂ ਉੇੱਠਣੀਆਂ ਸ਼ੁਰੂ ਹੋ ਗਈਆਂ ਕਿ ਮੈਂ ਵੀ ਕੇਸ ਕਿਉਂ ਨਾ ਰੱਖ ਲਵਾਂ?' (ਪੰਨੇ 21-22) ਇਹ ਸੰਕਲਪ ਅਜੇ ਨੱਥੂ ਰਾਮ (ਸਾਹਿਬ ਸਿੰਘ) ਦੇ ਮਨ ਵਿਚ ਹੀ ਸੀ ਕਿ ਉਸ ਦਾ ਮੇਲ ਰਿਸ਼ਤੇ ਵਿਚੋਂ ਰੋਡੇ ਭੋਡੇ ਸਾਧੂ ਬਣ ਗਏ ਮਹਾਰਾਜ ਨਾਲ ਅਚਾਨਕ ਹੀ ਹੋ ਗਿਆ ਜੋ ਹੁਣ ਅੰਮਿ੍ਤ ਛਕ ਕੇ ਧਰਮ ਸਿੰਘ ਬਣ ਚੁੱਕਾ ਸੀ | ਤਿਆਰ ਤਾਂ ਉਹ ਪਹਿਲੇ ਹੀ ਸੀ, ਹੁਣ ਮੌਕਾ ਮੇਲ ਅਜਿਹਾ ਬਣ ਗਿਆ ਕਿ ਸਤੰਬਰ 1906 ਈ. ਵਿਚ ਨੱਥੂ ਰਾਮ ਵੀ ਅੰਮਿ੍ਤ ਛਕ ਕੇ ਸਾਹਿਬ ਸਿੰਘ ਬਣਿਆ ਅਤੇ ਪਿੱਛੋਂ ਇਸੇ ਨਾਂਅ ਨਾਲ ਮਸ਼ਹੂਰ ਹੋਇਆ | ਫ਼ੌਜੀ ਜਵਾਨਾਂ ਤੋਂ ਪ੍ਰਭਾਵਿਤ ਹੋ ਕੇ ਹੋਰ ਕਿੰਨੇ ਕੁ ਹੋਰ ਧਰਮਾਂ ਦੇ ਲੋਕ ਸਿੰਘ ਸਜੇ ਹੋਣਗੇ? ਇਸ ਦਾ ਅਨੁਮਾਨ ਲਾਉਣਾ ਔਖਾ ਹੈ |
ਬਹੁਤਾ ਭਰੋਸੇ ਨਾਲ ਕਹਿਣਾ ਔਖਾ ਹੈ ਪਰ ਸਾਡਾ ਅਨੁਮਾਨ ਹੈ ਕਿ ਪੰਜਾਬ ਵਿਚ ਚਾਹ ਅਤੇ ਵਲੈਤੀ ਘਿਉ ਦੇ ਰੁਝਾਨ ਵਧਾਉਣ ਵਿਚ ਵੀ ਫ਼ੌਜੀ ਜਵਾਨਾਂ ਦਾ ਹੱਥ ਹੈ | ਚਾਹ ਨੂੰ ਪੰਜਾਬੀ, ਲੱਸੀ ਦੇ ਟਾਕਰੇ, ਪਸੰਦ ਨਹੀਂ ਸਨ ਕਰਦੇ | ਏਸੇ ਲਈ ਅਸੀਂ ਵੇਖਦੇ ਹਾਂ ਕਿ ਅੱਜ ਤੋਂ ਸੱਤਰ, ਅੱਸੀ ਸਾਲ ਪਹਿਲਾਂ ਦੇ ਲਿਖੇ ਕਿੱਸਿਆਂ ਵਿਚ 'ਝਗੜਾ ਲੱਸੀ ਤੇ ਚਾਹ ਦਾ' ਵਰਗੇ ਕਿੱਸੇ ਜਾਂ ਪ੍ਰਸੰਗ ਲਿਖੇ ਜਾਣ ਲੱਗੇ | ਅਜਿਹੇ ਕਿੱਸਿਆਂ ਵਿਚੋਂ ਬਚਪਨ ਵਿਚ ਸੁਣੀਆਂ ਕੁਝ ਸਤਰਾਂ ਮੈਨੂੰ ਅਜੇ ਵੀ ਯਾਦ ਹਨ:
ਦੋ ਕੁ ਪੱਤੇ ਚਾਹ ਦੇ ਪਤੀਲਾ ਪਾਣੀ ਦਾ |
ਪੈ ਗਿਆ ਸੁਆਦ ਖ਼ਸਮਾਂ ਨੂੰ ਖਾਣੀ ਦਾ |
ਚਾਹ ਜਾਂ ਤਾਂ ਸੇਵਾ ਮੁਕਤ ਫ਼ੌਜੀ ਪੀਂਦੇ ਸਨ ਜਾਂ ਫਿਰ ਬੀਮਾਰ | ਦੇਸੀ ਘਿਉ ਦੇ ਟਾਕਰੇ ਬਨਸਪਤੀ ਤੇਲ ਵਿਚ ਖਾਣ ਪਕਾਉਣ ਦਾ ਫ਼ੌਜ ਵਿਚ ਪ੍ਰਚਲਣ ਸੀ ਕਿਉਂਕਿ ਲੰਗਰ ਵਿਚ ਹਰ ਚੀਜ਼ ਵੱਡੀ ਮਾਤਰਾ ਵਿਚ ਬਣਨੀ ਹੁੰਦੀ ਸੀ | ਜਦੋਂ ਦੁੱਧ ਮੁੱਲ ਵਿਕਣ ਲੱਗਾ ਤਾਂ ਦੇਸੀ ਘਿਉ ਦੀ ਤੋਟ ਪੂਰੀ ਕਰਨ ਲਈ ਵਲੈਤੀ ਘਿਉ ਵਰਤਿਆ ਜਾਣ ਲੱਗਾ |
ਪਿਛਲੇ ਦਿਨੀਂ ਅੰਗਰੇਜ਼ੀ ਦੀ ਇਕ ਅਖ਼ਬਾਰ ਵਿਚ ਇਹ ਸਟੋਰੀ ਛਪੀ ਸੀ ਕਿ ਹੁਣੇ ਖ਼ਤਮ ਹੋਈਆਂ ਰਾਸ਼ਟਰ ਮੰਡਲ ਖੇਡਾਂ ਅਤੇ ਇਸ ਤੋਂ ਪਹਿਲਾਂ ਲੰਡਨ ਓਲੰਪਿਕ ਖੇਡਾਂ ਵਿਚ ਹਰਿਆਣੇ ਦੇ ਖਿਡਾਰੀਆਂ ਨੇ ਵਧੇਰੇ ਮੈਡਲ ਕਿਉਂ ਜਿੱਤੇ ਹਨ? ਇਸ ਦੇ ਜਵਾਬ ਵਿਚ ਲੇਖਕ ਦਾ ਨਿਰਣਾ ਸੀ ਕਿ ਹਰਿਆਣੇ ਦੇ ਪਿੰਡਾਂ ਵਿਚ ਖੇਡਾਂ ਦੀ ਬੁਨਿਆਦ ਸੇਵਾਮੁਕਤ ਫ਼ੌਜੀਆਂ ਨੇ ਰੱਖੀ ਸੀ ਜੋ ਸ਼ੌਕੀਆ ਤੌਰ 'ਤੇ ਸਿਖਾਂਦਰੂਆਂ ਨੂੰ ਕੋਚ ਵਜੋਂ ਸਿਖਲਾਈ ਦਿੰਦੇ ਸਨ | ਸਮਾਂ ਬੀਤਣ ਨਾਲ ਇਹ ਕੋਸ਼ਿਸ਼ਾਂ ਓਲੰਪਿਕਸ ਤੱਕ ਪਹੁੰਚੀਆਂ | ਪੰਜਾਬ ਵਿਚ ਖੇਡਾਂ ਦੇ ਪ੍ਰਚਲਣ ਵਿਚ ਫ਼ੌਜੀਆਂ ਦਾ ਕਿੰਨਾਂ ਕੁ ਯੋਗਦਾਨ ਹੈ? ਇਕ ਖੋਜਤਲਬ ਮਸਲਾ ਹੈ ਪਰ ਇਕ ਮਹਿੰਗੀ ਖੇਡ (ਗੋਲਫ਼) ਦਾ ਭੱਵਿਖ ਮੈਨੂੰ ਇਸ ਲਈ ਰੌਸ਼ਨ ਦਿੱਸਦਾ ਹੈ ਕਿਉਂਕਿ ਪੰਜਾਬੀ ਅੱਜਕਲ੍ਹ ਮਹਿੰਗੇ-ਮਹਿੰਗੇ ਸ਼ੌਕ ਪਾਲ ਰਹੇ ਹਨ | ਵੱਡੀਆਂ ਕੋਠੀਆਂ, ਵੱਡੀਆਂ ਕਾਰਾਂ, ਭਾਰੇ ਮੋਟਰਸਾਈਕਲ ਅਤੇ ਹੋਰ ਵਿਲਾਸੀ ਚੀਜ਼ਾਂ ਦੇ ਪੰਜਾਬੀ ਦਿਨੋ-ਦਿਨ ਸ਼ੌਕੀਨ ਹੋ ਰਹੇ ਹਨ, ਇਸ ਲਈ ਗੋਲਫ਼ ਮਹਿੰਗੀ ਹੀ ਸਹੀ ਪਰ ਉਨ੍ਹਾਂ ਦੀ ਮਨਪਸੰਦ ਖੇਡ ਬਣ ਜਾਵੇਗੀ | ਗੋਲਫ਼ ਵਧੇਰੇ ਕਰਕੇ ਫ਼ੌਜੀ ਅਫ਼ਸਰਾਂ ਅਤੇ ਸੰਪੰਨ ਲੋਕਾਂ ਦੀ ਖੇਡ ਹੈ, ਇਸ ਲਈ ਮੈਨੂੰ ਉਹ ਪੰਜਾਬੀਆਂ ਦੀ ਅਮੀਰੀ ਦੇ ਐਨ ਅਨੁਕੂਲ ਲਗਦੀ ਹੈ | ਫ਼ੌਜੀਆਂ ਵਾਲੇ ਸ਼ੌਕ, ਦਿਲਚਸਪੀਆਂ, ਰਹਿਣੀ-ਬਹਿਣੀ ਅਤੇ ਤੜਕ- ਭੜਕ ਦਾ ਅਸਰ ਸਾਰੇ ਪੰਜਾਬੀਆਂ ਉੱਪਰ ਨਾ ਸਹੀ ਪਰ ਸਰਦੇ ਪੁੱਜਦੇ ਲੋਕਾਂ ਉੱਪਰ ਜ਼ਰੂਰ ਹੋ ਰਿਹਾ ਹੈ | ਹਰ ਕੰਮ ਸਮੇਂ ਸਿਰ ਕਰਨਾ, ਕਿਸੇ ਦੇ ਸਵਾਗਤ ਲਈ ਸਲੂਟ ਮਾਰਨਾ ਅਤੇ ਰਹਿਣੀ-ਬਹਿਣੀ ਵਿਚ ਸਲੀਕਾ ਆਦਿ ਕੁਝ ਅਜਿਹੇ ਸੱਭਿਆਚਾਰਕ ਵਿਹਾਰ ਹਨ ਜਿਨ੍ਹਾਂ ਉੱਪਰ ਫ਼ੌਜੀ ਜਵਾਨਾਂ ਦੀ ਮੁਹਰ ਛਾਪ ਪ੍ਰਤੱਖ ਹੈ |

-ਮੋਬਾਈਲ : 98889-39808


ਖ਼ਬਰ ਸ਼ੇਅਰ ਕਰੋ

ਜਿਊਾਦੇ ਰਹਿਣ ਲਈ ਜ਼ਰੂਰੀ ਹੈ ਸਾਫ਼ ਅਤੇ ਸ਼ੁੱਧ ਪਾਣੀ

ਦੇਸ਼ ਵਿਚ ਬਹੁਤ ਵੱਡੇ ਪੈਮਾਨੇ 'ਤੇ ਲੋਕ ਸਾਫ਼ ਅਤੇ ਸ਼ੁੱਧ ਪਾਣੀ ਨੂੰ ਤਰਸ ਰਹੇ ਹਨ | ਪਹਿਲਾਂ ਮੰਨਿਆ ਜਾਂਦਾ ਸੀ ਕਿ ਸ਼ੁੱਧ ਪਾਣੀ ਦੀ ਸਮੱਸਿਆ ਆਉਣ ਵਾਲੇ ਸਮੇਂ ਦੀ ਸਮੱਸਿਆ ਹੋਵੇਗੀ ਪਰ ਇਹ ਸਮੱਸਿਆ ਅੰਦਾਜ਼ਿਆਂ ਤੋਂ ਬਹੁਤ ਜ਼ਿਆਦਾ ਗਹਿਰੀ ਹੋ ਗਈ ਹੈ | ਅੱਜ ਤੋਂ ਪੰਜ ਸਾਲ ਪਹਿਲਾਂ ਤੱਕ ਕਿਹਾ ਜਾਂਦਾ ਸੀ ਕਿ ਜੇਕਰ ਭਾਰਤ ਦੇ ਲੋਕ ਪਾਣੀ ਦੀ ਅੰਨ੍ਹੇਵਾਹ ਵਰਤੋਂ ਅਤੇ ਇਸ ਨੂੰ ਲਗਾਤਾਰ ਪ੍ਰਦੂਸ਼ਤ ਕਰਨ ਦੀਆਂ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ 2040 ਤੱਕ ਦੇਸ਼ ਵਿਚ ਪੀਣ ਯੋਗ ਪਾਣੀ ਨਹੀਂ ਬਚੇਗਾ | ਪਰ ਹੁਣ ਨਵੇਂ ਸਿਰੇ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਆਫ਼ਤ 2040 ਤੋਂ ਪਹਿਲਾਂ ਹੀ ਆ ਜਾਵੇਗੀ |
ਅੱਜ ਸ਼ੁੱਧ ਅਤੇ ਸਾਫ਼ ਪਾਣੀ ਦੀ ਘਾਟ ਦਾ ਆਲਮ ਇਹ ਹੈ ਕਿ ਆਸਾਮ ਵਿਚ 17 ਲੱਖ ਲੋਕ ਆਰਸੈਨਿਕ ਘੁਲਿਆ ਪਾਣੀ ਅਤੇ ਪੱਛਮੀ ਬੰਗਾਲ ਵਿਚ 2 ਕਰੋੜ ਤੋਂ ਵੀ ਜ਼ਿਆਦਾ ਲੋਕ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹਨ | ਕੁੱਲ ਮਿਲਾ ਕੇ ਦੇਸ਼ ਵਿਚ 47 ਕਰੋੜ ਤੋਂ ਜ਼ਿਆਦਾ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪੀਣ ਵਾਲਾ ਸਾਫ਼ ਅਤੇ ਸ਼ੁੱਧ ਪਾਣੀ ਨਹੀਂ ਮਿਲ ਰਿਹਾ | ਇਹ ਤਾਂ ਸਰਕਾਰੀ ਅੰਕੜੇ ਹਨ | ਹਕੀਕਤ ਇਸ ਤੋਂ ਵੀ ਕਿਤੇ ਜ਼ਿਆਦਾ ਖ਼ਰਾਬ ਹੈ | ਕਿਹਾ ਜਾਂਦਾ ਹੈ ਕਿ ਜਿਊਾਦੇ ਰਹਿਣ ਲਈ ਸਾਫ਼ ਤੇ ਸ਼ੁੱਧ ਪਾਣੀ ਜ਼ਰੂਰੀ ਹੈ | ਪਰ ਹਰ ਦਿਨ ਦੇਸ਼ ਵਿਚ ਸ਼ੁੱਧ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ |
ਆਜ਼ਾਦੀ ਤੋਂ ਬਾਅਦ ਹੀ ਸਾਫ਼-ਸੁਥਰਾ ਪਾਣੀ ਇਕ ਵੱਡੀ ਸਮੱਸਿਆ ਰਹੀ ਹੈ | ਪਰ ਹੈਰਾਨੀ ਦੀ ਗੱਲ ਇਹ ਹੈ ਕਿ ਏਨੀ ਵੱਡੀ ਸਮੱਸਿਆ ਹੋਣ ਦੇ ਬਾਵਜੂਦ ਸਾਡੀਆਂ ਸਰਕਾਰਾਂ ਨੇ ਇਸ ਨੂੰ ਕਦੀ ਗੰਭੀਰਤਾ ਨਾਲ ਨਹੀਂ ਲਿਆ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਪੂਰੇ ਦੇਸ਼ ਵਿਚ ਪੀਣ ਵਾਲੇ ਸਾਫ਼ ਅਤੇ ਸ਼ੁੱਧ ਪਾਣੀ ਦੀ ਬਹੁਤ ਘਾਟ ਹੈ | ਇਸ ਕਾਰਨ ਕਰੋੜਾਂ ਲੋਕ ਹਰ ਸਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦੇ ਇਲਾਜ 'ਤੇ ਅਰਬਾਂ, ਖਰਬਾਂ ਰੁਪਏ ਖ਼ਰਚ ਹੁੰਦੇ ਹਨ | ਇਹੀ ਨਹੀਂ ਦੂਸ਼ਿਤ ਪਾਣੀ ਪੀਣ ਨਾਲ ਹਰ ਸਾਲ ਦੇਸ਼ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਤੋਂ ਕਈ ਗੁਣਾ ਵਧੇਰੇ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ | ਦੇਸ਼ ਵਿਚ ਪੀਣ ਲਈ ਸ਼ੁੱਧ ਪਾਣੀ ਦੀ ਕਮੀ ਹੈ ਜਿਸ ਕਾਰਨ ਲੋਕਾਂ ਨੂੰ ਗੰਦਾ ਹੋਇਆ ਜ਼ਮੀਨ ਹੇਠਲਾ ਪਾਣੀ ਪੀਣਾ ਪੈਂਦਾ ਹੈ | ਹਾਲਾਂਕਿ ਅੱਜ ਤੋਂ 25-30 ਸਾਲ ਪਹਿਲਾਂ ਜ਼ਮੀਨ ਹੇਠਲਾ ਪਾਣੀ ਏਨਾ ਜ਼ਹਿਰੀਲਾ ਜਾਂ ਗੰਦਾ ਨਹੀਂ ਸੀ | ਪਰ ਜਿਵੇਂ-ਜਿਵੇਂ ਉਦਯੋਗੀਕਰਨ ਵਧਿਆ ਹੈ, ਬਹੁਤ ਸਾਰੇ ਕਾਰਖਾਨਿਆਂ ਦਾ ਪ੍ਰਦੂਸ਼ਿਤ ਪਾਣੀ ਨਦੀ-ਨਾਲਿਆਂ ਵਿਚ ਪੈਣ ਕਾਰਨ ਜਾਂ ਜ਼ਮੀਨ ਹੇਠਾਂ ਸੁੱਟ ਦੇਣ ਕਾਰਨ ਵੱਡੀ ਮਾਤਰਾ ਵਿਚ ਜ਼ਮੀਨ ਹੇਠਾਂ ਸਮਾ ਗਿਆ | ਉਸ ਨਾਲ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ | ਅੱਜ ਦੇਸ਼ ਦੇ ਦੋ ਤਿਹਾਈ ਤੋਂ ਜ਼ਿਆਦਾ ਹਿੱਸੇ ਵਿਚ ਜ਼ਮੀਨ ਹੇਠਲੇ ਪਾਣੀ ਵਿਚ ਫਲੋਰਾਈਡ, ਆਰਸੈਨਿਕ, ਲੋਹ ਅਤੇ ਨਾਈਟ੍ਰੇਟ ਵਰਗੇ ਤੱਤਾਂ ਅਤੇ ਭਾਰੀ ਧਾਤਾਂ ਦੀ ਮਾਤਰਾ ਬੇਤਹਾਸ਼ਾ ਵਧ ਚੁੱਕੀ ਹੈ |
ਇਸ ਪਾਣੀ ਦੀ ਵਰਤੋਂ ਨਾਲ ਚਮੜੀ ਸਬੰਧੀ ਰੋਗ, ਸਾਹ ਰੋਗ ਅਤੇ ਹੱਡੀਆਂ ਦਾ ਕਮਜ਼ੋਰ ਪੈਣਾ, ਗਠੀਆ ਅਤੇ ਕੈਂਸਰ ਵਰਗੇ ਰੋਗਾਂ ਦੀ ਬਹੁਤਾਤ ਹੋ ਗਈ ਹੈ | ਸਭ ਤੋਂ ਜ਼ਿਆਦਾ ਇਸ ਸਮੱਸਿਆ ਨਾਲ ਪੀੜਤ ਸੂਬੇ ਹਨ ਆਸਾਮ, ਪੱਛਮੀ ਬੰਗਾਲ ਅਤੇ ਰਾਜਸਥਾਨ | ਰਾਜਸਥਾਨ ਵਿਚ ਸਰਕਾਰੀ ਅੰਕੜਿਆਂ ਮੁਤਾਬਿਕ 77 ਲੱਖ ਤੋਂ ਜ਼ਿਆਦਾ ਲੋਕ ਹਰ ਰੋਜ਼ ਦੂਸ਼ਿਤ ਪਾਣੀ ਪੀਂਦੇ ਹਨ ਅਤੇ ਦਰਜਨਾਂ ਕਿਸਮ ਦੀਆਂ ਬਿਮਾਰੀਆਂ ਸਹੇੜ ਲੈਂਦੇ ਹਨ | ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚ 41 ਲੱਖ ਲੋਕ ਫਲੋਰਾਈਡ ਦੀ ਬਹੁਤਾਤ ਵਾਲਾ ਪਾਣੀ ਪੀ ਰਹੇ ਹਨ ਜਦਕਿ 36 ਲੱਖ ਲੋਕ ਨਮਕ, ਨਾਈਟ੍ਰੇਟ ਵਾਲਾ ਪਾਣੀ ਪੀਣ ਲਈ ਮਜਬੂਰ ਹਨ | ਸਰਕਾਰਾਂ ਆਉਂਦੀਆਂ ਹਨ, ਸਰਕਾਰਾਂ ਜਾਂਦੀਆਂ ਹਨ | ਹਰ ਵਾਰ ਵਾਅਦੇ ਕਰਦੀਆਂ ਹਨ ਪਰ ਕੋਈ ਨਹੀਂ ਜਾਣਦਾ ਇਨ੍ਹਾਂ ਤਮਾਮ ਵਾਅਦਿਆਂ ਦੇ ਬਾਵਜੂਦ ਸਾਰੇ ਆਮ ਹਿੰਦੁਸਤਾਨੀਆਂ ਨੂੰ ਕਦੋਂ ਸਾਫ਼ ਪਾਣੀ ਪੀਣ ਲਈ ਮਿਲੇਗਾ |
ਪਾਣੀ ਦੇ ਇਸ ਤਰ੍ਹਾਂ ਜ਼ਹਿਰੀਲੇ ਹੋਣ ਵਿਚ ਸਾਡੀ ਆਮ ਲੋਕਾਂ ਦੀ ਵੀ ਕੋਈ ਘੱਟ ਭੂਮਿਕਾ ਨਹੀਂ ਹੈ | ਖੇਤਾਂ ਵਿਚ ਲੋੜੋਂ ਵੱਧ ਰਸਾਇਣਾਂ ਦੀ ਵਰਤੋਂ ਅਤੇ ਬਰਸਾਤ ਦੇ ਮੌਸਮ ਵਿਚ ਕੁਦਰਤ ਤੋਂ ਹਾਸਲ ਤਮਾਮ ਮਿੱਠੇ ਪਾਣੀ ਨੂੰ ਇੰਜ ਹੀ ਵਹਿ ਜਾਣ ਦੇਣਾ ਸਾਡੀਆਂ ਇਹ ਸਭ ਤੋਂ ਵੱਡੀਆਂ ਦੋ ਗ਼ਲਤੀਆਂ ਹਨ ਜਿਨ੍ਹਾਂ ਨੂੰ ਖ਼ਤਮ ਕਰ ਕੇ ਅਸੀਂ ਸ਼ੁੱਧ ਪਾਣੀ ਦੀ ਇਸ ਵੱਡੀ ਸਮੱਸਿਆ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ ਪਾ ਸਕਦੇ ਹਾਂ | ਪਰ ਇਹ ਏਨਾ ਸੌਖਾ ਨਹੀਂ ਹੈ ਕਿਉਂਕਿ ਅਸੀਂ ਆਮ ਹਿੰਦੁਸਤਾਨੀਆਂ ਨੇ ਇਹ ਮੰਨ ਲਿਆ ਹੈ ਕਿ ਸਾਡੇ ਲਈ ਜੋ ਵੀ ਕੰਮ ਕਰਨਾ ਹੈ, ਉਹ ਸਿਰਫ਼ ਅਤੇ ਸਿਰਫ਼ ਸਰਕਾਰ ਨੇ ਹੀ ਕਰਨਾ ਹੈ | ਅਸੀਂ ਤਾਂ ਬਸ ਸਰਕਾਰਾਂ ਨੂੰ ਕੋਸਣਾ ਹੀ ਹੈ | ਇਕ ਆਮ ਆਦਮੀ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਪਾਣੀ ਨੂੰ ਪਲੀਤ ਕਰਦਾ ਹੈ ਅਤੇ ਇਸ ਦੀ ਦੁਰਵਰਤੋਂ ਵੀ ਕਰਦਾ ਹੈ | ਪਤਾ ਨਹੀਂ ਸ਼ੁਧ ਪਾਣੀ ਦੀ ਏਨੀ ਕਿੱਲਤ ਝੱਲਣ ਦੇ ਬਾਵਜੂਦ ਸਾਡੇ ਵਿਚ ਅਜਿਹੇ ਗੁਣ ਕਿਉਂ ਪੈਦਾ ਨਹੀਂ ਹੋ ਰਹੇ ਕਿ ਅਸੀਂ ਪਾਣੀ ਨੂੰ ਗੰਧਲਾ ਨਾ ਕਰੀਏ?
ਸਾਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਸਮੱਸਿਆ ਬਹੁਤ ਹੀ ਸੰਵੇਦਨਸ਼ੀਲ ਸਮੱਸਿਆ ਹੈ ਕਿਉਂਕਿ ਭਾਵੇਂ ਧਰਤੀ ਵਿਚ 70 ਫ਼ੀਸਦੀ ਤੋਂ ਜ਼ਿਆਦਾ ਪਾਣੀ ਹੋਵੇ ਪਰ ਜਿਹੜਾ ਪਾਣੀ ਪੀਣ ਦੇ ਯੋਗ ਹੈ, ਇਸ ਦੀ ਪੂਰੀ ਮਿਕਦਾਰ ਮਹਿਜ਼ 5-6 ਫ਼ੀਸਦੀ ਹੈ | ਭਾਰਤ ਖ਼ੁਸ਼ਕਿਸਮਤ ਹੈ ਕਿ ਕੈਨੇਡਾ ਤੋਂ ਬਾਅਦ ਦੁਨੀਆ ਵਿਚ ਇਹ ਦੂਸਰਾ ਅਜਿਹਾ ਦੇਸ਼ ਹੈ ਜਿਥੇ ਵੱਡੇ ਪੱਧਰ 'ਤੇ ਪੀਣ ਲਈ ਪਾਣੀ ਉਪਲਬੱਧ ਹੈ | ਪਰ ਅਸੀਂ ਆਪਣੀਆਂ ਹਰਕਤਾਂ ਅਤੇ ਲਾਪ੍ਰਵਾਹੀਆਂ ਕਾਰਨ ਪਾਣੀ ਨੂੰ ਇਕ ਬਹੁਤ ਵੱਡੀ ਸਮੱਸਿਆ ਬਣਾ ਲਿਆ ਹੈ | ਇਕ ਦਹਾਕਾ ਪਹਿਲਾਂ ਜਦੋਂ ਵਿਸ਼ਵ ਬੈਂਕ ਨੇ ਕਿਹਾ ਸੀ ਕਿ 20 ਸਾਲ ਬਾਅਦ ਭਾਰਤ ਵਿਚ ਸਭ ਤੋਂ ਵੱਡਾ ਵਪਾਰ ਪਾਣੀ ਦਾ ਹੋਵੇਗਾ ਤਾਂ ਸਾਰੇ ਕਾਰੋਬਾਰੀ ਲੋਕ ਮਜ਼ਾਕ ਉਡਾ ਰਹੇ ਸਨ | ਪਰ ਅੱਜ ਇਹ ਹਕੀਕਤ ਸਾਹਮਣੇ ਆ ਚੁੱਕੀ ਹੈ ਕਿ ਅੱਜ ਹਿੰਦੁਸਤਾਨ ਵਿਚ ਪਾਣੀ ਬਹੁਤ ਵੱਡਾ ਕਾਰੋਬਾਰ ਬਣ ਚੁੱਕਿਆ ਹੈ | ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਸ਼ੁੱਧ ਬੋਤਲ ਬੰਦ ਪਾਣੀ ਦਾ ਕਾਰੋਬਾਰ 16,000 ਕਰੋੜ ਰੁਪਏ ਤੋਂ ਵੱਧ ਜਾਵੇਗਾ | ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦੇਸ਼ ਵਿਚ ਦੁਨੀਆ ਦੇ ਦੂਸਰੇ ਨੰਬਰ ਦਾ ਸਭ ਤੋਂ ਜ਼ਿਆਦਾ ਪਾਣੀ ਕੁਦਰਤ ਦੇ ਤੋਹਫ਼ੇ ਵਜੋਂ ਮਿਲਦਾ ਹੋਵੇ, ਉਸ ਦੇਸ਼ ਵਿਚ ਕਰੀਬ 10 ਕਰੋੜ ਲੋਕ ਅਜਿਹੇ ਹੋਣ, ਜਿਨ੍ਹਾਂ ਨੂੰ ਪੀਣ ਵਾਲਾ ਪਾਣੀ ਮਿਲਦਾ ਹੀ ਨਹੀਂ ਹੈ |

-ਫਿਊਚਰ ਮੀਡੀਆ ਨੈੱਟਵਰਕ |

ਧਰਤੀ ਹੇਠਲੇ ਪਾਣੀ ਦਾ ਮਾਲਕ ਕੌਣ—ਕਿਸਾਨ ਜਾਂ ਸਰਕਾਰ?
ਭਾਰਤ ਵਿਚ ਧਰਤੀ ਹੇਠਲੇ ਪਾਣੀ ਦੀ ਵਰਤੋਂ ਲੋੜ ਤੋਂ ਵਧੇਰੇ ਕੀਤੀ ਜਾ ਰਹੀ ਹੈ, ਜੋ ਖ਼ਤਰੇ ਦੀ ਘੰਟੀ ਹੈ | 2011 ਦੇ ਨਮੂਨੇ ਮੁਲਾਂਕਣ ਅਨੁਸਾਰ ਭਾਰਤ ਦੇ 71 ਜ਼ਿਲਿ੍ਹਆਂ ਵਿਚੋਂ 19 (ਲਗਪਗ 26 ਫ਼ੀਸਦੀ) ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਬੇਹੱਦ ਗੰਭੀਰ ਹੈ, ਜਿਸ ਦਾ ਭਾਵ ਇਹ ਹੈ ਕਿ ਉਨ੍ਹਾਂ ਦੇ ਜਲ ਭੰਡਾਰਾਂ ਦੀ ਜੋ ਕੁਦਰਤੀ ਪੂਰਤੀ ਸਮਰਥਾ ਹੈ, ਉਸ ਦੇ ਬਰਾਬਰ ਜਾਂ ਉਸ ਤੋਂ ਵਧੇਰੇ ਪਾਣੀ ਉਨ੍ਹਾਂ 'ਚੋਂ ਕੱਢਿਆ ਜਾ ਰਿਹਾ ਹੈ | 2013 ਦੇ ਇਕ ਹੋਰ ਮੁਲਾਂਕਣ ਅਨੁਸਾਰ ਇਹ ਫ਼ੀਸਦੀ ਵਧ ਕੇ 31 ਹੋ ਗਈ ਹੈ, ਇਸ ਮੁਲਾਂਕਣ ਵਿਚ ਉਨ੍ਹਾਂ ਜ਼ਿਲਿ੍ਹਆਂ ਦੇ ਧਰਤੀ ਹੇਠਲੇ ਪਾਣੀ ਦੇ ਬਲਾਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ, ਜੋ ਖਾਰੇ ਹੋ ਗਏ ਸਨ | ਪਾਣੀ ਦਾ ਲੋੜ ਤੋਂ ਵਧੇਰੇ ਕੱਢਿਆ ਜਾਣਾ ਉੱਤਰ ਪੱਛਮੀ ਸੂਬਿਆਂ ਰਾਜਸਥਾਨ, ਪੰਜਾਬ ਤੇ ਹਰਿਆਣਾ ਵਿਚ ਜਾਰੀ ਹੈ | ਪੰਜਾਬ ਤੇ ਹਰਿਆਣਾ ਵਿਚ ਨਹਿਰਾਂ ਦਾ ਬਹੁਤ ਜ਼ਿਆਦਾ ਵਿਕਸਿਤ ਨੈੱਟਵਰਕ ਤਾਂ ਹੈ ਫਿਰ ਵੀ ਇਹ ਧਰਤੀ ਹੇਠਲੇ ਪਾਣੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ | ਪਿਛਲੇ ਸਾਲ ਕੇਂਦਰੀ ਜਲ ਮੰਤਰਾਲਾ ਇਕ ਬਿੱਲ ਲੈ ਕੇ ਆਇਆ ਸੀ, ਜਿਸ ਤਹਿਤ ਵੱਖ-ਵੱਖ ਵਰਗ, ਜੋ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਇਸ ਦੀ ਫੀਸ ਚੁਕਾਉਣੀ ਪਵੇਗੀ | ਮੌਜੂਦਾ ਸਥਿਤੀ ਇਹ ਹੈ ਕਿ ਭੂਮੀ ਦੇ ਮਾਲਕ ਨੂੰ ਹੀ ਉਸ ਭੂਮੀ ਦੇ ਧਰਤੀ ਹੇਠਲੇ ਪਾਣੀ ਦਾ ਮਾਲਕ ਸਮਝਿਆ ਜਾਂਦਾ ਹੈ | ਇਸ ਬਿੱਲ ਰਾਹੀਂ ਧਰਤੀ ਹੇਠਲੇ ਪਾਣੀ ਦਾ ਮਾਲਕ ਸੂਬੇ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਹੁਣ ਦੇਖਣਾ ਇਹ ਹੈ ਕਿ ਕੀ ਸੂਬੇ ਇਸ ਦਿ੍ਸ਼ਟੀਕੋਣ ਨੂੰ ਸਵੀਕਾਰ ਕਰਨਗੇ? ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਕੀ ਕਿਸਾਨ, ਜਿਸ ਧਰਤੀ ਹੇਠਲੇ ਪਾਣੀ ਨੂੰ ਹੁਣ ਤੱਕ ਆਪਣਾ ਮੰਨਦੇ ਆ ਰਹੇ ਹਨ, ਉਸ ਨੂੰ ਸੂਬੇ ਦੀ ਜਾਇਦਾਦ ਮੰਨ ਕੇ ਸੂਬੇ ਨੂੰ ਉਸ ਦਾ ਮੁੱਲ ਦੇਣ ਲਈ ਤਿਆਰ ਹੋ ਜਾਣਗੇ? ਇਸ ਨਾਲ ਤਾਂ ਲਗਾਤਾਰ ਕਰਜ਼ੇ ਵਿਚ ਡੁਬਦੇ ਕਿਸਾਨਾਂ 'ਤੇ ਹੋਰ ਬੋਝ ਵਧ ਜਾਏਗਾ |

ਤਾਜ਼ਗੀ ਬਖ਼ਸ਼ਦੇ- ਜਲ ਬਗ਼ੀਚੀ ਅਤੇ ਜਲ ਪੌਦੇ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ, ਬਲਕਿ ਧਰਤੀ 'ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ | ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ, ਜੋ ਜੀਵਨ ਦਾ ਆਧਾਰ ਹੈ ਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ | ਮੈਸੋਪੋਟਾਮੀਆ ਵਰਗੀਆਂ ਅਨੇਕਾਂ ਹੀ ਸੱਭਿਆਤਾਵਾਂ ਪਾਣੀ ਦੇ ਕੰਢੇ ਵਿਕਸਤ ਹੋਈਆਂ ਹੋਣ ਦੇ ਤੱਥ ਸਾਨੂੰ ਮਿਲਦੇ ਹਨ | ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਹੀ ਸਾਡੇ ਅੰਗ-ਸੰਗ ਰਹਿੰਦਾ ਹੈ | ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ | ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ | ਪਹਿਲਾਂ ਭੋਜਨ, ਰਹਿਣ-ਸਹਿਣ ਆਦਿ ਵਰਗੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਵੱਖ-ਵੱਖ ਪੌਦੇ | ਰੁੱਖ ਆਦਿ ਸਮਾਂ ਪਾ ਕੇ ਸ਼ੌਕ ਦਾ ਵੀ ਹਿੱਸਾ ਬਣੇ, ਜੋ ਬਗੀਚੀਆਂ ਦੇ ਰੂਪ ਵਿਚ ਸਾਹਮਣੇ ਆਏ | ਬਗੀਚੀਆਂ ਦੇ ਵਾਧੇ ਅਤੇ ਖੂਬਸੂਰਤੀ ਦੇ ਪੱਖ ਤੋਂ ਜਿੰਦ-ਜਾਨ ਪਾਉਣ ਦਾ ਕੰਮ ਵੀ ਪਾਣੀ ਨੇ ਬਾਖੂਬੀ ਨਿਭਾਇਆ ਹੈ |
ਪਹਿਲਾਂ-ਪਹਿਲ ਪਾਣੀ ਨੂੰ ਰੁੱਖ/ਪੌਦਿਆਂ ਜਾਂ ਪੂਰੇ ਬਗੀਚਿਆਂ ਨੂੰ ਸਿਰਫ਼ ਵਾਧੇ ਲਈ ਵਰਤਿਆ ਗਿਆ, ਪੰ੍ਰਤੂ ਹੌਲੀ-ਹੌਲੀ ਪਾਣੀ ਬਗੀਚੀ ਦਾ ਅਨਿੱਖੜਵਾਂ ਅੰਗ ਬਣ ਗਿਆ | ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਬਗੀਚੇ ਵਿਚ ਪਾਣੀ ਨੂੰ ਖੂਬਸੂਰਤੀ ਦੇ ਪੱਖ ਵਜੋਂ ਵਰਤਣ ਦੀ ਉਦਾਹਰਨ ਮਿਸਰ ਦੇਸ਼ ਦੇ ਬਗੀਚਿਆਂ ਵਿਚ ਵੇਖਣ ਨੂੰ ਮਿਲੀ ਹੈ | ਹਾਲਾਂਕਿ ਅਸੀਂ ਚਾਹੇ ਬੁੱਧ ਧਰਮ ਨਾਲ ਜੁੜੇ ਸਥਾਨਾਂ, ਚੀਨ ਦੇਸ਼ ਦੇ ਬਗੀਚਿਆਂ, ਜਾਪਾਨੀ ਬਗੀਚਿਆਂ, ਈਰਾਨੀ ਅਤੇ ਮੁਗ਼ਲ ਬਗੀਚਿਆਂ ਜਾਂ ਫਿਰ ਅਜੋਕੇ ਵਿਕਸਤ ਹੋ ਚੁੱਕੇ ਜਾਂ ਹੋ ਰਹੇ ਦੇਸ਼ਾਂ ਦੇ ਬਗੀਚਿਆਂ 'ਤੇ ਝਾਤੀ ਮਾਰਦੇ ਹਾਂ ਤਾਂ ਪਾਣੀ ਦੀ ਵਰਤੋਂ ਬਾਖੂਬੀ ਨਾਲ ਕੀਤੀ ਗਈ ਮਿਲਦੀ ਹੈ | ਖੜ੍ਹਾ ਪਾਣੀ ਜਿਥੇ ਸ਼ਾਂਤ ਮਾਹੌਲ ਸਿਰਜ ਕੇ ਕੁਦਰਤ ਦੇ ਨੇੜੇ ਹੋਣ ਦਾ ਮਾਹੌਲ ਸਿਰਜਦਾ ਹੈ, ਤਾਂ ਦੂਸਰੇ ਪਾਸੇ ਅਨੇਕਾਂ ਤਰੀਕਿਆਂ ਨਾਲ ਵਗਦਾ ਪਾਣੀ ਹੁਸੀਨ ਦਿ੍ਸ਼ ਅਤੇ ਆਵਾਜ਼ ਨਾਲ ਮਨੁੱਖੀ ਮਨ ਨੂੰ ਤਰੋਤਾਜ਼ਾ ਕਰਦਾ ਹੈ | ਜਾਪਾਨੀ ਅਤੇ ਮੁਗ਼ਲ ਬਗੀਚਿਆਂ ਨੂੰ ਤਾਂ ਪਾਣੀ ਤੋਂ ਬਿਨਾਂ ਸੋਚਿਆਂ ਵੀ ਨਹੀਂ ਜਾ ਸਕਦਾ | ਪੁਰਾਤਨ ਵੇਲਿਆਂ ਵਿਚ ਬਿਨਾਂ ਮੋਟਰਾਂ ਜਾਂ ਮਸ਼ੀਨੀਕਰਨ ਦੇ ਪਾਣੀ ਨੂੰ ਬੜੀ ਬਾਖੂਬੀ ਵਰਤਿਆ ਜਾਂਦਾ ਸੀ ਅਤੇ ਲੰਮੀ ਦੂਰੀ ਵੀ ਤਕਨੀਕੀ ਪੱਖਾਂ ਰਾਹੀਂ ਹੀ ਤੈਅ ਕਰਵਾ ਲਈ ਜਾਂਦੀ ਸੀ | ਭਾਵ ਪਾਣੀ ਨੂੰ ਬੜੀ ਦੂਰੋਂ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾ ਦਿੱਤਾ ਜਾਂਦਾ ਸੀ |
ਖੜ੍ਹੇ ਪਾਣੀ ਨੂੰ ਵਿਸ਼ੇਸ਼ ਤੌਰ 'ਤੇ ਬਗੀਚਿਆਂ ਵਿਚ ਦੋ ਕਾਰਨਾਂ ਕਰਕੇ ਵਰਤਿਆ ਜਾਂਦਾ ਹੈ | ਇਕ ਤਾਂ ਝੀਲ ਦੇ ਰੂਪ ਵਿਚ ਜਾਂ ਫਿਰ ਪੂਲ/ਛੱਪੜ ਆਦਿ ਦੇ ਰੂਪ ਵਿਚ ਰੱਬੀ ਧਿਆਨ ਜਾਂ ਤਪ/ਭਗਤੀ ਮਾਹੌਲ ਨੂੰ ਸਿਰਜਿਆ ਜਾਂਦਾ ਹੈ, ਦੂਸਰਾ ਖੜ੍ਹੇ ਪਾਣੀ ਵਿਚ ਆਕਾਸ਼, ਰੁੱਖ, ਬੱਦਲਾਂ, ਚੰਨ ਸੂਰਜ ਅਤੇ ਸਿਤਾਰਿਆਂ ਦੇ ਅਕਸ ਨੂੰ ਤੱਕਣ ਦੇ ਕੰਮ ਆਉਂਦਾ ਹੈ | ਵਗਦਾ ਪਾਣੀ ਬਗੀਚਿਆਂ ਵਿਚ ਨਹਿਰ, ਫੁਹਾਰੇ, ਝਰਨੇ ਆਦਿ ਦੇ ਰੂਪ ਵਿਚ ਵਰਤਿਆ ਜਾਂਦਾ ਹੈ | ਪਾਣੀ ਦਾ ਵਗਣਾ ਜੀਵਨ ਦੇ ਸਦਾ ਚਲਦੇ ਰਹਿਣ ਨੂੰ ਦਰਸਾਉਂਦਾ ਹੈ |
ਅੱਜ ਜਲ ਬਗੀਚੀਆਂ ਏਕੜਾਂ ਦੇ ਆਕਾਰ ਤੋਂ ਲੈ ਕੇ ਪਾਣੀ ਦੀ ਬੋਤਲ ਤੱਕ ਦੇ ਆਕਾਰ ਦੀਆਂ ਵੀ ਬਣਾਈਆਂ ਜਾਂਦੀਆਂ ਹਨ ਅਤੇ ਬਣਾਈਆਂ ਜਾ ਸਕਦੀਆਂ ਹਨ | ਬਗੀਚੀਆਂ ਵਿਚ ਜਲ ਬਗੀਚੀ ਬਣਾਉਣ ਖਾਤਰ ਬਗੀਚੀ ਦੇ ਸਟਾਈਲ ਮੁਤਾਬਿਕ ਜਾਂ ਪਾਣੀ ਪਸੰਦ ਅਨੁਸਾਰ ਪੂਲ ਜਾਂ ਤਾਲਾਬ ਕਹਿ ਲਈਏ, ਉਸ ਦਾ ਆਕਾਰ ਅਤੇ ਦਿੱਖ ਰੱਖੀ ਜਾਂਦੀ ਹੈ | ਬਗੀਚੀ ਵਿਚਲਾ ਤਾਲਾਬ ਗੋਲ, ਆਇਤਕਾਰ, ਗੁਰਦੇ ਦੀ ਸ਼ਕਲ, ਚੌਰਸ ਜਾਂ ਫਿਰ ਟੇਢਾ-ਮੇਢਾ ਆਦਿ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ | ਸੀਮੈਂਟ ਦੇ ਤਾਲਾਬ ਤੋਂ ਇਲਾਵਾ ਪਲਾਸਟਿਕ ਜਾਂ ਕਿਸੇ ਧਾਤ ਦੇ ਬਣੇ ਡਰੰਮਾਂ ਆਦਿ ਤੋਂ ਵੀ ਕੰਮ ਲਿਆ ਜਾ ਸਕਦਾ ਹੈ | ਛੋਟੇ ਆਕਾਰ ਦੇ ਬਗੀਚਿਆਂ ਲਈ ਤਾਂ ਬਾਜ਼ਾਰਾਂ ਵਿਚੋਂ ਬਣੇ-ਬਣਾਏ ਢਾਂਚੇ ਦੇ ਰੂਪ ਵਿਚ ਬੇਹੱਦ ਸੋਹਣੇ ਤਾਲਾਬ ਰੂਪੀ ਵੱਡਆਕਾਰੀ ਗਮਲੇ ਮਿਲ ਜਾਂਦੇ ਹਨ, ਜਿਨ੍ਹਾਂ ਵਿਚ ਘਰੇ ਪਾਣੀ ਪਾਉਣ ਉਪਰੰਤ ਪਾਣੀ ਵਿਚ ਲੱਗਣ ਵਾਲੇ ਪੌਦੇ ਲਾਏ ਜਾਂਦੇ ਹਨ | ਬਗੀਚਿਆਂ ਵਿਚ ਤਾਲਾਬ ਰੂਪੀ ਪਾਣੀ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਫੁਹਾਰੇ ਵੀ ਲਾਏ ਜਾਂਦੇ ਹਨ | ਉਪਰੋਂ ਹੇਠਾਂ ਵੱਲ ਨੂੰ ਪਾਣੀ ਨੂੰ ਸੁੱਟ ਕੇ ਝਰਨੇ ਦਾ ਰੂਪ ਦਿੱਤਾ ਜਾਂਦਾ ਹੈ | ਪੰ੍ਰਤੂ ਇਸ ਗੱਲ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਪਾਣੀ ਦੀ ਵਰਤੋਂ ਕਰਨ ਲੱਗਿਆਂ ਤਕਨੀਕੀ ਪੱਖਾਂ ਨੂੰ ਅੱਖੋਂ ਪਰੋਖੇ ਬਿਲਕੁਲ ਨਹੀਂ ਕਰਨਾ ਚਾਹੀਦਾ | ਚਾਹੇ ਅਸੀਂ ਤਾਲਾਬ ਰੂਪੀ ਪਾਣੀ ਨੂੰ ਬਗੀਚੀ ਵਿਚ ਵਰਤਣਾ ਹੋਵੇ ਜਾਂ ਫਿਰ ਫੁਹਾਰੇ, ਝਰਨੇ ਆਦਿ ਬਣਾਉਣੇ ਹੋਣ, ਉਨ੍ਹਾਂ ਦਾ ਸਥਾਨ, ਆਕਾਰ, ਦਿਖ ਆਦਿ ਆਪਣੀ ਸੋਚ-ਸਮਝ ਦੇ ਨਾਲ-ਨਾਲ ਤਕਨੀਕੀ ਮਾਹਿਰ ਭਾਵ ਲੈਂਡਸਕੇਪਿੰਗ ਦੇ ਖੇਤਰ ਵਿਚ ਜਾਣਕਾਰੀ ਰੱਖਣ ਵਾਲੇ ਤੋਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ | ਦੇਸੀ ਜੁਗਾੜ ਨਾਲ ਬਣਾਏ ਪੂਲ ਜਾਂ ਲਾਏ ਫੁਹਾਰੇ ਅਕਸਰ ਲੋਕਾਂ ਦੀਆਂ ਬਗੀਚੀਆਂ ਵਿਚ ਬੰਦ ਪਏ ਨਜ਼ਰ ਆਉਂਦੇ ਹਨ | ਵਾਟਰ ਫਾਲ ਦਾ ਫਾਲ ਅਕਸਰ ਦੇਖਣ ਵਿਚ ਸਹੀ ਨਹੀਂ ਮਿਲਦਾ | ਕਹਿਣ ਤੋਂ ਭਾਵ ਪਾਣੀ ਡਿੱਗਣ ਵਿਚ ਇਕਸਾਰਤਾ ਨਜ਼ਰ ਨਹੀਂ ਆਉਂਦੀ |
ਸੀਮੈਂਟ, ਪਲਾਸਟਿਕ ਜਾਂ ਫਾਈਬਰ ਆਦਿ ਦੇ ਢੋਲ ਰੂਪੀ ਤਾਲਾਬ ਜਾਂ ਛੋਟੇ-ਛੋਟੇ ਗਮਲਿਆਂ ਰੂਪੀ ਪੂਲ ਤਿਆਰ ਹੋ ਜਾਣ 'ਤੇ ਅਹਿਮ ਕੰਮ ਆਉਂਦਾ ਹੈ, ਉਸ ਵਿਚ ਬੂਟੇ ਲਾਉਣਾ | ਪਾਣੀ ਵਿਚ ਹੋਣ ਵਾਲੇ ਪੌਦਿਆਂ ਵਿਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਕਮਲ ਦਾ | ਕਮਲ ਸਾਡਾ ਰਾਸ਼ਟਰੀ ਫੁੱਲ ਹੈ ਅਤੇ ਵਿਸ਼ਨੂੰ ਭਗਵਾਨ ਨਾਲ ਵੀ ਜੁੜਿਆ ਹੋਇਆ ਮਿਥਹਾਸ ਦੱਸਦਾ ਹੈ | ਕਮਲ ਦਾ ਜ਼ਿਕਰ ਵੇਦਾਂ, ਗ੍ਰੰਥਾਂ ਵਿਚ ਮਿਲਦਾ ਹੈ | ਵਿਗਿਆਨੀਆਂ ਨੂੰ ਮਿਲੇ ਪਥਰਾਟਾਂ ਤੋਂ ਪਤਾ ਲਗਦਾ ਹੈ ਕਿ ਪਾਣੀ ਵਿਚ ਕਮਲ ਅਤੇ ਹੋਰਨਾਂ ਪੌਦੇ ਅਨੇਕਾਂ ਹੀ ਸਾਲਾਂ ਤੋਂ ਮਨੁੱਖ ਸ਼ੌਕ ਖਾਤਰ ਲਾਉਂਦਾ ਰਿਹਾ ਹੈ | ਪਾਣੀ ਵਿਚ ਹੋਣ ਵਾਲੇ ਲਿੱਲੀ ਕਿਸਮ ਦੇ ਪੌਦੇ ਭਾਵ 'ਵਾਟਰ ਲਿਲੀ' ਅਕਸਰ ਬਗੀਚੀਆਂ ਦਾ ਸ਼ਿੰਗਾਰ ਬਣਦੇ ਹਨ | ਇਸ ਤੋਂ ਇਲਾਵਾ ਹਾਈਡਰਿੱਲਾ, ਸਾਲਵੀਨੀਆ, ਜਲ ਘਾਹ (ਵੈਲਿਸ ਨੇਰੀਆ ਸਮਾਈਰਡਿਸ) ਅਤੇ ਹੋਰ ਅਨੇਕਾਂ ਕਿਸਮਾਂ ਦੇ ਪੌਦੇ ਪਾਣੀ ਵਿਚ ਉਗਾਏ ਜਾ ਸਕਦੇ ਹਨ, ਜਿਹੜੇ ਕਿ ਅਕਸਰ ਨਰਸਰੀਆਂ ਵਿਚੋਂ ਘੱਟ ਹੀ ਮਿਲਦੇ ਹਨ | ਪਾਣੀ ਵਿਚਲੇ ਪੌਦਿਆਂ ਤੋਂ ਇਲਾਵਾ ਪਾਣੀ ਦੇ ਆਸ-ਪਾਸ ਭਾਵ ਪੂਲ ਦੇ ਕਿਨਾਰਿਆਂ 'ਤੇ ਅੰਬਰੇਲਾ ਪਾਮ, ਐਸਪੈਰੇਗਸ, ਮਾਈਨਿਆ, ਕਲੋਰੋਫਾਈਟਮ ਅਤੇ ਬੰਸ ਜਾਤੀ ਦੇ ਕੁਝ ਪੌਦੇ ਸਜਾਵਟ ਲਈ ਲਾਏ ਜਾ ਸਕਦੇ ਹੁੰਦੇ ਹਨ | ਕੁਝ ਲੋਕ ਪਾਣੀ ਵਿਚ ਗੋਲਡਨ ਫਿਸ਼ ਵਰਗੀਆਂ ਮੱਛੀਆਂ ਵੀ ਖੂਬਸੂਰਤੀ ਪੱਖ ਲਈ ਛੱਡ ਲੈਂਦੇ ਹਨ |
ਕੁੱਲ ਮਿਲਾ ਕੇ ਜਲ ਬਗੀਚੀਆਂ ਅਤੇ ਜਲ ਪੌਦੇ ਸਾਡੀਆਂ ਬਗੀਚੀਆਂ ਨੂੰ ਹੁਸੀਨ ਤਾਂ ਬਣਾਉਂਦੇ ਹਨ, ਪੰ੍ਰਤੂ ਜੇਕਰ ਅਸੀਂ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕਰੀਏ ਤਾਂ | ਸਾਂਭ-ਸੰਭਾਲ ਤੋਂ ਵੀ ਅਹਿਮ ਹੈ ਬਣਾਉਣ ਵੇਲੇ ਤਕਨੀਕੀ ਪੱਖਾਂ ਵੱਲ ਧਿਆਨ ਜ਼ਰੂਰ ਦੇਵੋ | ਡਿਜ਼ਾਈਨ ਬਣਾਉਣ ਵੇਲੇ ਪਤਾ ਨਾ ਲੱਗੇ ਤਾਂ ਕਿਸੇ ਮਾਹਿਰ ਤੋਂ ਸਲਾਹ ਲੈਣ ਤੋਂ ਗੁਰੇਜ਼ ਬਿਲਕੁਲ ਨਾ ਕਰੋ | ਬਗੀਚੀਆਂ ਵਿਚਲੇ ਪਾਣੀ ਵਾਲੇ ਸਥਾਨਾਂ ਭਾਵ ਪੂਲ, ਫੁਹਾਰੇ, ਝਰਨੇ ਆਦਿ ਦੀ ਸਫ਼ਾਈ ਦਾ ਪੂਰਾ ਧਿਆਨ ਰੱਖੋ | ਜੇਕਰ ਸਾਂਭ-ਸੰਭਾਲ ਦਾ ਕਸ਼ਟ ਨਹੀਂ ਕਰ ਸਕਦੇ ਤਾਂ ਫਿਰ ਜਲ ਬਗੀਚੀ ਬਣਾਉਣ ਦਾ ਕਸ਼ਟ ਵੀ ਨਾ ਹੀ ਕੀਤਾ ਜਾਵੇ ਤਾਂ ਬਿਹਤਰ ਹੁੰਦਾ ਹੈ |
-ਮੋਬਾਈਲ : 98142-39041.
landscapingpeople0rediffmail.com

ਦੇਸੀ ਬਨਾਮ ਵਿਦੇਸ਼ੀ ਕੋਚ: ਭਾਰਤੀ ਹਾਕੀ ਲਈ ਬਿਹਤਰ ਕੌਣ?

ਜਿਨ੍ਹਾਂ ਸਵਦੇਸ਼ੀ ਕੋਚਾਂ ਦੀ ਸਿਖਲਾਈ ਅਧੀਨ ਭਾਰਤ ਨੇ ਵੱਖ-ਵੱਖ ਉਲੰਪਿਕ ਖੇਡਾਂ ਅਤੇ ਵਿਸ਼ਵ ਕੱਪ ਹਾਕੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ, ਉਹ ਹਨ ਪੰਕਜ ਗੁਪਤਾ, ਪ੍ਰੋ: ਜਗਨ ਨਾਥ, ਹਰਬੇਲ ਸਿੰਘ, ਕਿਸ਼ਨ ਲਾਲ, ਬਾਲਕ੍ਰਿਸ਼ਨ ਸਿੰਘ, ਧਰਮ ਸਿੰਘ ਸੀਨੀਅਰ, ਕੇ. ਡੀ. ਸਿੰਘ ਬਾਬੂ, ਬਲਬੀਰ ਸਿੰਘ ਸੀਨੀਅਰ ਅਤੇ ਗੁਰਚਰਨ ਸਿੰਘ ਬੋਧੀ | ਉਪਰੋਕਤ ਦਰਸਾਈਆਂ ਭਾਰਤੀ ਕੋਚਿੰਗ ਸ਼ਖ਼ਸੀਅਤਾਂ ਦੇ ਉਲਟ ਜਿਨ੍ਹਾਂ ਵਿਦੇਸ਼ੀ ਕੋਚਾਂ ਤੋਂ ਸਿਖਲਾਈ ਲੈ ਕੇ ਭਾਰਤ ਨਾ ਤਾਂ ਉਲੰਪਿਕਸ ਵਿਚ ਅਤੇ ਨਾ ਹੀ ਵਿਸ਼ਵ ਕੱਪ ਹਾਕੀ ਮੁਕਾਬਲਿਆਂ ਵਿਚ ਕੋਈ ਤਗਮਾ ਜਿੱਤ ਸਕਿਆ, ਉਹ ਹਨ ਗੈਰਹਾਰਡ ਰਾਕ, ਰਿੱਕ ਚਾਰਲਸਵਰਥ (ਮੱੁਖ ਹਾਕੀ ਸਲਾਹਕਾਰ), ਜੋਸ ਬਰਾਸਾ, ਮਾਈਕਲ ਨੌਬਜ਼, ਟੈਰੀ ਵਾਲਸ਼, ਪਾਲ ਵਾਨ ਆਸ ਅਤੇ ਰੌਇਲੈਂਟ ਓਲਟਮਨਜ਼ |
ਹਾਕੀ ਖੇਡ ਦੀ ਇਸ ਬੁਨਿਆਦੀ ਅਤੇ ਅਤਿ ਜ਼ਰੂਰੀ ਪ੍ਰਕਿਰਿਆ ਤੋਂ ਸਾਰੇ ਹੀ ਜਾਣੂ ਹਨ ਕਿ ਸਵਦੇਸ਼ੀ ਹਾਕੀ ਕੋਚ ਵੱਖ-ਵੱਖ ਉਮਰ ਗਰੱੁਪ ਦੇ ਹੋਣਹਾਰ ਬੱਚਿਆਂ ਨੂੰ ਮੁਢਲੇ ਪੱਧਰ ਤੋਂ ਹੀ ਲੋੜੀਂਦੀ ਕੋਚਿੰਗ ਅਤੇ ਸਰੀਰਕ ਟ੍ਰੇਨਿੰਗ ਦਿੰਦੇ ਹਨ ਅਤੇ ਉਨ੍ਹਾਂ ਨੂੰ ਕੁਸ਼ਲ, ਤੇਜੱਸਵੀ ਅਤੇ ਭਰੋਸੇਯੋਗ ਖਿਡਾਰੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਹ ਸਿਖਲਾਈ ਦਾ ਸਿਲਸਿਲਾ ਤਕਰੀਬਨ 21 ਵਰਿ੍ਹਆਂ ਦੀ ਉਮਰ ਤੱਕ ਚਲਦਾ ਰਹਿੰਦਾ ਹੈ | ਸਵਦੇਸ਼ੀ ਕੋਚ ਆਪਣੇ ਖਿਡਾਰੀਆਂ ਨੂੰ ਆਪਣੇ ਹੀ ਬੱਚਿਆਂ ਦੀ ਤਰ੍ਹਾਂ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਨਿੱਤ ਪ੍ਰਤੀ ਦਿਨ ਦੀਆਂ ਆਦਤਾਂ, ਜ਼ਰੂਰਤਾਂ, ਖੇਡਣ ਦੇ ਢੰਗ-ਤਰੀਕਿਆਂ, ਖੇਡ ਪ੍ਰਤੀ ਰੁਚੀ, ਲਗਨ, ਚਾਲ-ਚਲਣ, ਖੇਡ ਪ੍ਰਤੀ ਵਫਾਦਾਰੀ ਅਤੇ ਸਮਰਪਣ ਦੀ ਭਾਵਨਾ ਤੋਂ ਵੀ ਜਾਣੂ ਹੁੰਦੇ ਹਨ | ਦੂਜੇ ਸ਼ਬਦਾਂ ਵਿਚ ਸਵਦੇਸ਼ੀ ਕੋਚ ਇਨ੍ਹਾਂ ਖਿਡਾਰੀਆਂ ਦੀ ਰਗ-ਰਗ ਤੋਂ ਵਾਕਿਫ ਹੋਣ ਕਾਰਨ ਇਨ੍ਹਾਂ ਦੀ ਨਬਜ਼ ਨੂੰ ਵੀ ਚੰਗੀ ਤਰ੍ਹਾਂ ਪਛਾਣਦੇ ਹਨ |
ਹੁਣ ਸਵਾਲ ਉਠਦਾ ਹੈ ਕਿ ਜੇ ਏਨੀ ਮਿਹਨਤ ਕਰਨ ਤੋਂ ਬਾਅਦ ਇਨ੍ਹਾਂ ਤਰਾਸ਼ੇ ਹੋਏ ਖਿਡਾਰੀਆਂ ਨੂੰ ਭਾਰਤੀ ਟੀਮ 'ਚ ਸ਼ਾਮਿਲ ਕਰਕੇ ਅਗਲੇਰੀ ਕੋਚਿੰਗ ਲਈ ਇਕ ਅਣਜਾਣ ਵਿਦੇਸ਼ੀ ਕੋਚ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਇਹ ਕੋਈ ਸਾਰਥਿਕਤਾ ਵਾਲੀ ਗੱਲ ਨਹੀਂ ਜਾਪਦੀ | ਵਿਦੇਸ਼ੀ ਕੋਚਾਂ ਨੂੰ ਇਨ੍ਹਾਂ ਖਿਡਾਰੀਆਂ ਦੀਆਂ ਬੁਨਿਆਦੀ ਆਦਤਾਂ, ਅੰਦਰੂਨੀ ਸੰਭਾਵਨਾਵਾਂ, ਸਮਾਜਿਕ ਮਨੋਭਾਵਾਂ, ਕਦਰਾਂ-ਕੀਮਤਾਂ ਅਤੇ ਸਥਾਨਕ ਤੇ ਕੌਮੀ ਸੰਸਕਾਰਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਨੂੰ ਇਨ੍ਹਾਂ ਅਤਿ ਅਹਿਮ ਗੱਲਾਂ ਵਾਸਤੇ ਕੋਈ ਦਿਲਚਸਪੀ ਹੁੰਦੀ ਹੈ | ਵਿਦੇਸ਼ੀ ਕੋਚਾਂ ਦੀ ਬੋਲੀ ਤੇ ਭਾਸ਼ਾ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੁਕਮਾਂ-ਨਿਰਦੇਸ਼ਾਂ 'ਤੇ ਪੂਰਾ ਤੇ ਖਰਾ ਉਤਰਨਾ ਭਾਰਤੀ ਖਿਡਾਰੀਆਂ ਲਈ ਅਸਾਨ ਨਹੀਂ ਹੁੰਦਾ, ਕਿਉਂਕਿ ਜ਼ਿਆਦਾਤਰ ਖਿਡਾਰੀ ਪਿੰਡਾਂ, ਛੋਟੇ ਕਸਬਿਆਂ ਅਤੇ ਗਰੀਬ ਘਰਾਂ ਤੋਂ ਹੁੰਦੇ ਹਨ, ਜੋ ਅੰਗਰੇਜ਼ੀ ਭਾਸ਼ਾ ਘੱਟ ਜਾਣਦੇ ਹਨ | ਉਹ ਸਵਦੇਸ਼ੀ ਭਾਵ ਭਾਰਤੀ ਕੋਚ ਦੀ ਭਾਰਤੀ ਭਾਸ਼ਾ ਵਿਚ ਦਿੱਤੀ ਗਈ ਸਿਖਲਾਈ ਅਤੇ ਸਿੱਖਿਆ ਤੋਂ ਹੀ ਭਰਪੂਰ ਲਾਭ ਤੇ ਲਾਹਾ ਲੈ ਸਕਦੇ ਹਨ |
ਵਿਦੇਸ਼ੀ ਕੋਚ ਅਤੇ ਖਿਡਾਰੀਆਂ ਦੇ ਆਪਸੀ ਦਿ੍ਸ਼ਟੀਕੋਣ, ਨਜ਼ਰੀਏ, ਖੇਡ ਚਾਲਾਂ, ਖੇਡ ਤਕਨੀਕਾਂ ਅਤੇ ਖੇਡ ਸ਼ੈਲੀ ਵਿਚ ਵਖਰੇਵਾਂ, ਅਲਗਾਵ ਅਤੇ ਰੁਚੀਹੀਣਤਾ ਹੋਣ ਕਾਰਨ ਟੀਮ ਵਿਚ ਏਕਤਾ, ਇਕਸੁਰਤਾ ਅਤੇ ਆਪਸੀ ਤਾਲਮੇਲ ਬਣਾਈ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ | ਹਾਕੀ ਦੀ ਖੇਡ ਅਸਲ ਵਿਚ 'ਇਕ ਟੀਮ ਗੇਮ ਹੈ', ਇਸ ਲਈ ਵੱਖ-ਵੱਖ ਰਾਜਾਂ, ਖਿੱਤਿਆਂ ਅਤੇ ਸ਼੍ਰੇਣੀਆਂ 'ਚੋਂ ਆਏ ਖਿਡਾਰੀਆਂ ਨੂੰ ਇਕ ਸੂਤਰ ਵਿਚ ਪਰੋ ਕੇ ਰੱਖਣਾ ਵਿਦੇਸ਼ੀ ਕੋਚ ਲਈ ਇਕ ਚੁਣੌਤੀ ਵਾਂਗ ਹੁੰਦਾ ਹੈ | ਬਹੁਤ ਸਾਰੇ ਕੋਚ ਤਾਂ ਇਸ ਚੁਣੌਤੀ ਦਾ ਮੁਕਾਬਲਾ ਕਰਨ ਵਿਚ ਅਸਫਲ ਹੋ ਜਾਂਦੇ ਹਨ, ਜਿਸ ਨਾਲ ਸਬੰਧਤ ਦੇਸ਼ ਅਤੇ ਖਿਡਾਰੀਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਅਤੇ ਨੁਕਸਾਨ ਸਹਿਣਾ ਪੈਂਦਾ ਹੈ | ਮਿਸਾਲ ਦੇ ਤੌਰ 'ਤੇ 2012 ਦੀਆਂ ਲੰਡਨ ਅਤੇ 2016 ਦੀਆਂ ਰੀਓ ਉਲੰਪਿਕ ਖੇਡਾਂ ਵਿਚ ਭਾਰਤੀ ਟੀਮ ਵਿਦੇਸ਼ੀ ਕੋਚਾਂ ਅਧੀਨ ਨਾ ਤਾਂ ਇਕ ਨਿੱਗਰ ਅਤੇ ਠੋਸ ਯੂਨਿਟ ਦੇ ਤੌਰ 'ਤੇ ਸਾਹਮਣੇ ਆਈ, ਨਾ ਹੀ ਕੋਈ ਮਾਅਰਕੇ ਦੀ ਖੇਡ ਦਿਖਾਈ ਜਾਂ ਵਿਉਂਤ ਬਣਾਈ, ਨਾ ਹੀ ਸੰਘਰਸ਼ ਕੀਤਾ ਅਤੇ ਨਾ ਹੀ ਪੈਨਲਟੀ ਕਾਰਨਰਾਂ ਨੂੰ ਗੋਲਾਂ 'ਚ ਤਬਦੀਲ ਕਰ ਸਕੀ | ਕੋਚਾਂ ਨੇ ਖਿਡਾਰੀਆਂ ਨੂੰ ਉਸ ਤਰੀਕੇ ਨਾਲ ਨਹੀਂ ਖਿਡਾਇਆ ਅਤੇ ਇਸਤੇਮਾਲ ਕੀਤਾ, ਜਿਸ ਤਰੀਕੇ ਨਾਲ ਉਨ੍ਹਾਂ ਨੂੰ ਦਿੱਲੀ, ਪੁਣੇ ਅਤੇ ਬੰਗਲੌਰ ਵਿਖੇ ਸਿਖਲਾਈ ਪ੍ਰਦਾਨ ਕੀਤੀ ਗਈ ਸੀ | ਲੰਡਨ ਖੇਡਾਂ ਵਿਚ ਤਾਂ ਇਹ ਪਹਿਲੀ ਵਾਰ ਵਾਪਰਿਆ ਕਿ ਭਾਰਤੀ ਟੀਮ ਆਪਣੇ ਪੂਲ ਦਾ ਕੋਈ ਵੀ ਮੈਚ ਨਹੀਂ ਜਿੱਤ ਸਕੀ, ਜਿਸ ਕਾਰਨ ਭਾਰਤ ਨੂੰ ਬੜੀ ਨਮੋਸ਼ੀ ਝੱਲਣੀ ਪਈ |
ਕੋਚ ਹੀ ਨਹੀਂ, 'ਸੋਚ' ਵੀ ਬਦਲੇ ਹਾਕੀ ਇੰਡੀਆ
ਭਾਰਤੀ ਹਾਕੀ ਨੂੰ ਬਚਾਉਣ ਅਤੇ ਮੁੜ ਜੇਤੂ ਲੀਹਾਂ 'ਤੇ ਲਿਆਉਣ ਲਈ ਸਾਨੂੰ ਵਿਦੇਸ਼ੀ ਕੋਚਾਂ ਦੀ ਬਜਾਏ ਮਾਹਿਰ ਘਰੇਲੂ ਕੋਚਾਂ ਦੀ ਲੋੜ ਹੈ | ਸਮੇਂ ਦੀ ਮੰਗ ਵੀ ਹੈ ਕਿ ਭਾਰਤੀ ਹਾਕੀ ਦੇ ਸੁਧਾਰ ਲਈ ਸਾਨੂੰ ਵਿਦੇਸ਼ੀ ਨਹੀਂ, ਸਗੋਂ ਸਾਡੇ ਆਪਣੇ ਭਾਰਤੀ ਕੋਚ ਚਾਹੀਦੇ ਹਨ | ਇਸ ਸਬੰਧ ਵਿਚ 'ਹਾਕੀ ਇੰਡੀਆ' ਅਤੇ ਕੇਂਦਰੀ ਖੇਡ ਮੰਤਰਾਲੇ ਨੂੰ ਵੀ ਆਪਣੀ ਸੋਚ ਬਦਲਣੀ ਚਾਹੀਦੀ ਹੈ |
ਘਰੇਲੂ ਕੋਚਾਂ ਦੀ ਸਿਆਣਪ ਅਤੇ ਸਮਰੱਥਾ ਦਾ ਇਤਿਹਾਸ ਗਵਾਹ ਹੈ ਕਿ ਭਾਰਤੀ ਹਾਕੀ ਟੀਮ ਨੇ ਜਦੋਂ-ਜਦੋਂ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ ਤਾਂ ਟੀਮਾਂ ਨੂੰ ਸਵਦੇਸ਼ੀ ਕੋਚਾਂ ਨੇ ਹੀ ਕੋਚਿੰਗ ਮੁਹੱਈਆ ਕੀਤੀ ਸੀ | ਉਦਾਹਰਨ ਦੇ ਤੌਰ 'ਤੇ ਉਲੰਪਿਕ ਵਿਚ 1928, 1932, 1936 ਅਤੇ 1948 ਦੇ ਸੋਨ ਤਗਮੇ ਜਿੱਤਣ ਸਮੇਂ ਪੰਕਜ ਗੁਪਤਾ ਅਤੇ ਪ੍ਰੋ: ਜਗਨ ਨਾਥ (ਕੋਚ-ਕਮ-ਮੈਨੇਜਰ) ਨੇ, 1952 ਅਤੇ 1956 ਦੇ ਸੋਨ ਤਗਮੇ ਜਿੱਤਣ ਸਮੇਂ ਸ: ਹਰਬੇਲ ਸਿੰਘ (ਮੱੁਖ ਕੋਚ) ਨੇ, 1960 ਦੀਆਂ ਰੋਮ ਉਲੰਪਿਕ ਖੇਡਾਂ ਸਮੇਂ ਚਾਂਦੀ ਦਾ ਤਗਮਾ ਜਿੱਤਣ ਵੇਲੇ ਉਲੰਪੀਅਨ ਕਿਸ਼ਨ ਲਾਲ (ਮੱੁਖ ਕੋਚ) ਨੇ, 1964 ਦਾ ਸੋਨ ਤਗਮਾ ਜਿੱਤਣ ਵੇਲੇ ਉਲੰਪੀਅਨ ਧਰਮ ਸਿੰਘ (ਮੱੁਖ ਕੋਚ) ਨੇ, 1968 ਅਤੇ 1972 ਦੇ ਕਾਂਸੀ ਦੇ ਤਗਮੇ ਜਿੱਤਣ ਸਮੇਂ ਕ੍ਰਮਵਾਰ ਬਾਲਕ੍ਰਿਸ਼ਨ ਸਿੰਘ ਅਤੇ ਕੇ. ਡੀ. ਬਾਬੂ (ਮੱੁਖ ਕੋਚ) ਨੇ ਅਤੇ 1980 ਦਾ ਸੋਨ ਤਗਮਾ ਜਿੱਤਣ ਸਮੇਂ ਮੁੜ ਬਾਲਕ੍ਰਿਸ਼ਨ ਸਿੰਘ (ਮੱੁਖ ਕੋਚ) ਨੇ ਭਾਰਤੀ ਟੀਮ ਨੂੰ ਕੋਚਿੰਗ ਪ੍ਰਦਾਨ ਕੀਤੀ ਸੀ |
ਇਸੇ ਤਰ੍ਹਾਂ ਵਿਸ਼ਵ ਕੱਪ ਹਾਕੀ ਮੁਕਾਬਲਿਆਂ ਵਿਚ ਭਾਰਤ ਨੇ 1971, 1973 ਅਤੇ 1975 ਵਿਚ ਕ੍ਰਮਵਾਰ ਕਾਂਸੀ, ਚਾਂਦੀ ਅਤੇ ਸੋਨੇ ਦੇ ਤਗਮੇ ਜਿੱਤੇ ਤਾਂ ਭਾਰਤੀ ਟੀਮਾਂ ਦੇ ਕੋਚ ਸਵਦੇਸ਼ੀ ਹੀ ਸਨ, ਜਿਵੇਂ ਕਿ ਬਲਬੀਰ ਸਿੰਘ ਸੀਨੀਅਰ, ਬਾਲਕ੍ਰਿਸ਼ਨ ਸਿੰਘ, ਮੁੜ ਬਲਬੀਰ ਸਿੰਘ ਸੀਨੀਅਰ ਅਤੇ ਗੁਰਬਚਨ ਸਿੰਘ ਬੋਧੀ | ਇਸ ਤੋਂ ਇਲਾਵਾ ਜੂਨੀਅਰ ਵਿਸ਼ਵ ਕੱਪ ਹਾਕੀ ਵਿਚ ਭਾਰਤ ਨੂੰ 1997 'ਚ ਮਿਲਟਨ ਕੇਨਜ਼ ਵਿਖੇ ਚਾਂਦੀ, 2001 ਵਿਚ ਹਾਬਰਟ ਵਿਖੇ ਸੋਨੇ ਅਤੇ 18 ਦਸੰਬਰ, 2016 ਨੂੰ ਲਖਨਊ ਵਿਖੇ ਮੁੜ ਸੋਨੇ ਦਾ ਤਗਮਾ ਹਾਸਲ ਹੋਇਆ ਤਾਂ ਭਾਰਤੀ ਟੀਮ ਦੇ ਮੱੁਖ ਕੋਚ ਕ੍ਰਮਵਾਰ ਵੀ. ਭਾਸਕਰਨ, ਰਾਜਿੰਦਰ ਸਿੰਘ ਸੀਨੀਅਰ ਅਤੇ ਹਰਿੰਦਰਾ ਸਿੰਘ ਸਨ | ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਵਦੇਸ਼ੀ ਕੋਚਾਂ ਨੇ ਭਾਰਤੀ ਹਾਕੀ ਨੂੰ ਅਰਸ਼ਾਂ ਤੱਕ ਲੈ ਜਾਣ ਲਈ ਅਹਿਮ ਭੂਮਿਕਾ ਨਿਭਾਈ | ਇਸ ਦੇ ਮੁਕਾਬਲੇ ਜਦੋਂ-ਜਦੋਂ ਕਿਸੇ ਵਿਦੇਸ਼ੀ ਨੂੰ ਭਾਰਤੀ ਟੀਮ ਦਾ ਮੱੁਖ ਕੋਚ ਲਾਇਆ ਤਾਂ ਉਹ ਸਵਦੇਸ਼ੀ ਕੋਚਾਂ ਨਾਲੋਂ ਚੰਗੇ ਨਤੀਜੇ ਦੇਣ ਵਿਚ ਅਸਮਰੱਥ ਰਿਹਾ ਅਤੇ ਅਖੀਰ ਭਾਰਤੀ ਹਾਕੀ ਅਰਸ਼ ਤੋਂ ਫਰਸ਼ 'ਤੇ ਆ ਗਈ | ਮਿਸਾਲ ਦੇ ਤੌਰ 'ਤੇ 2004 ਦੀਆਂ ਏਥਨਜ਼ ਉਲੰਪਿਕ ਖੇਡਾਂ ਸਮੇਂ ਗੈਰਹਾਰਡ ਰਾਕ ਮੱੁਖ ਕੋਚ ਸਨ ਤਾਂ ਭਾਰਤ ਨੂੰ 7ਵਾਂ ਸਥਾਨ ਮਿਲਿਆ | 2008 ਵਿਚ ਰਿਕ ਚਾਰਲਸਵਰਥ (ਮੱੁਖ ਸਲਾਹਕਾਰ) ਸਮੇਂ ਟੀਮ ਪੇਇਚਿੰਗ ਉਲੰਪਿਕਸ 'ਚ ਕੁਆਲੀਫਾਈ ਕਰਨ ਤੋਂ ਵਾਂਝੀ ਰਹੀ | 2010 ਵਿਚ ਜੋਸ ਬਰਾਸਾ ਸਮੇਂ ਭਾਰਤ ਨੂੰ ਸੀਨੀਅਰ ਵਿਸ਼ਵ ਕੱਪ ਹਾਕੀ ਵਿਚ 8ਵਾਂ ਸਥਾਨ ਅਤੇ 2012 ਦੀਆਂ ਲੰਡਨ ਉਲੰਪਿਕ ਖੇਡਾਂ ਸਮੇਂ ਜਦੋਂ ਮਾਈਕਲ ਨੌਬਜ਼ ਭਾਰਤ ਦੇ ਮੱੁਖ ਕੋਚ ਸਨ ਤਾਂ ਟੀਮ ਨੂੰ ਆਖਰੀ 12ਵਾਂ ਸਥਾਨ ਪ੍ਰਾਪਤ ਹੋਇਆ | 2014 ਦੇ ਹੇਗ ਵਿਸ਼ਵ ਕੱਪ ਸਮੇਂ ਟੈਰੀ ਵਾਲਸ਼ ਭਾਰਤੀ ਟੀਮ ਦੇ ਮੱੁਖ ਕੋਚ ਸਨ | ਇਥੇ ਭਾਰਤ ਨੂੰ 12 ਟੀਮਾਂ 'ਚੋਂ 9ਵਾਂ ਸਥਾਨ ਹਾਸਲ ਹੋਇਆ | 2016 ਦੀਆਂ ਰੀਓ ਉਲੰਪਿਕਸ ਸਮੇਂ ਰੋਇਲੈਂਟ ਓਲਟਮਨਜ਼ ਭਾਰਤੀ ਟੀਮ ਦੇ ਮੱੁਖ ਕੋਚ ਸਨ | ਉਨ੍ਹਾਂ ਨੂੰ ਆਸ ਸੀ ਕਿ ਇਸ ਵਾਰ ਭਾਰਤ ਸੈਮੀਫਾਈਨਲ ਤੱਕ ਜ਼ਰੂਰ ਪੱੁਜੇਗਾ ਪਰ ਅਫਸੋਸ ਕਿ ਭਾਰਤ ਨੂੰ ਇਥੇ 8ਵਾਂ ਸਥਾਨ ਹੀ ਨਸੀਬ ਹੋਇਆ |
ਇਥੇ ਇਹ ਵਿਸ਼ੇਸ਼ ਤੌਰ 'ਤੇ ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਦੇ ਕਰਤਿਆਂ-ਧਰਤਿਆਂ ਨੇ ਹਾਕੀ ਵਿਚ ਹੋਰ ਸੁਧਾਰ ਲਿਆਉਣ ਲਈ ਸੰਨ 2004 ਵਿਚ ਵਿਦੇਸ਼ੀ ਕੋਚ ਲਿਆਉਣੇ ਸ਼ੁਰੂ ਕੀਤੇ | 2004 ਤੋਂ 2016 ਤੱਕ ਭਾਰਤ ਵਿਚ 7 ਵਿਦੇਸ਼ੀ ਕੋਚ ਆਏ ਪਰ ਇਨ੍ਹਾਂ ਵਿਚੋਂ ਕੋਈ ਵੀ ਭਾਰਤੀ ਟੀਮ ਨੂੰ ਉਲੰਪਿਕ ਅਤੇ ਵਿਸ਼ਵ ਕੱਪ ਪੱਧਰ 'ਤੇ ਤਗਮਾ ਜੇਤੂ ਨਹੀਂ ਬਣਾ ਸਕਿਆ | ਸਿੱਟੇ ਵਜੋਂ ਇਹ ਸਾਰੇ ਕੋਚ ਵਾਰੀ-ਵਾਰੀ ਸਿਰ ਬਰਖਾਸਤ ਕਰ ਦਿੱਤੇ ਗਏ | 'ਹਾਕੀ ਇੰਡੀਆ' ਨੇ ਇਨ੍ਹਾਂ ਕੋਚਾਂ ਦੀ ਤਨਖਾਹ, ਭੱਤਿਆਂ ਅਤੇ ਸਹੂਲਤਾਂ ਪ੍ਰਦਾਨ ਕਰਨ 'ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਪਰ ਭਾਰਤੀ ਹਾਕੀ ਨੂੰ ਕੋਈ ਫਾਇਦਾ ਨਹੀਂ ਹੋਇਆ | 1984 ਤੋਂ 2000 ਤੱਕ ਦੇ ਸਮੇਂ ਦੌਰਾਨ ਭਾਰਤ ਨੂੰ ਉਲੰਪਿਕ ਖੇਡਾਂ ਵਿਚ ਔਸਤਨ 7ਵਾਂ ਸਥਾਨ ਪ੍ਰਾਪਤ ਸੀ, ਜਦ ਕਿ 2012 ਲੰਡਨ ਉਲੰਪਿਕਸ ਵਿਚ ਭਾਰਤ ਵਿਦੇਸ਼ੀ ਕੋਚ ਕਾਰਨ 12 ਟੀਮਾਂ 'ਚੋਂ 12ਵੇਂ ਸਥਾਨ 'ਤੇ ਰਿਹਾ | 2016 ਰੀਓ ਉਲੰਪਿਕਸ ਵਿਚ ਭਾਰਤ ਵਿਦੇਸ਼ੀ ਕੋਚ ਓਲਟਮਨਜ਼ ਦੀ ਕੋਚਿੰਗ ਦੇ ਬਾਵਜੂਦ ਬੜੀ ਮੁਸ਼ਕਿਲ ਨਾਲ 8ਵਾਂ ਸਥਾਨ ਹਾਸਲ ਕਰ ਸਕਿਆ |
ਇਸ ਲਈ ਇਥੇ ਸਵਦੇਸ਼ੀ ਕੋਚਾਂ ਦੇ ਪੱਖ ਵਿਚ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਸ ਵੇਲੇ ਭਾਰਤ ਕੋਲ ਹਾਕੀ ਦੇ 7 ਦਰੋਣਾਚਾਰੀਆ ਐਵਾਰਡੀ ਅਤੇ ਕੁਝ ਹੋਰ ਚੰਗੇ ਕੋਚ ਮੌਜੂਦ ਹਨ ਜਿਵੇਂ ਕਿ ਰਾਜਿੰਦਰ ਸਿੰਘ ਸੀਨੀਅਰ, ਡਾ: ਏ. ਕੇ. ਬਾਂਸਲ, ਬਲਦੇਵ ਸਿੰਘ, ਐੱਮ. ਕੇ. ਕੌਸ਼ਿਕ, ਹਰਿੰਦਰਾ ਸਿੰਘ, ਰਾਜਿੰਦਰ ਸਿੰਘ ਜੂਨੀਅਰ, ਜੂਡ ਫੈਲਿਕਸ, ਵਾਸੂਦੇਵਨ ਭਾਸਕਰਨ, ਜਗਬੀਰ ਸਿੰਘ ਆਦਿ | ਹਾਕੀ ਇੰਡੀਆ ਨੂੰ ਚਾਹੀਦਾ ਹੈ ਕਿ ਉਹ ਸਵਦੇਸ਼ੀ ਕੋਚਾਂ ਦਾ ਸਤਿਕਾਰ ਕਰੇ ਅਤੇ ਵਿਦੇਸ਼ੀ ਕੋਚਾਂ 'ਤੇ ਰੁਪਏ ਬਰਬਾਦ ਨਾ ਕਰੇ | ਭਾਰਤੀ ਪੁਰਸ਼ ਟੀਮ ਨੂੰ ਕੋਚਿੰਗ ਦੇਣ ਲਈ ਆਪਣੇ ਦੇਸੀ ਕੋਚਾਂ ਨੂੰ ਯੋਗਤਾ ਤੇ ਸਮਰੱਥਾ ਦੇ ਆਧਾਰ 'ਤੇ ਮੱੁਖ ਅਤੇ ਸਹਾਇਕ ਕੋਚ ਦੀ ਜ਼ਿੰਮੇਵਾਰੀ ਸੌਾਪੇ | ਇਨ੍ਹਾਂ ਨੂੰ ਵੀ ਉਹੀ ਅਧਿਕਾਰ ਤੇ ਸਹੂਲਤਾਂ ਦੇਵੇ, ਜੋ ਵਿਦੇਸ਼ੀ ਕੋਚਾਂ ਨੂੰ ਦਿੱਤੀਆਂ ਜਾਂਦੀਆਂ ਹਨ | ਹਾਕੀ ਇੰਡੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤੀ ਕ੍ਰਿਕਟ ਟੀਮ ਪਿਛਲੇ ਸਮੇਂ ਤੋਂ ਜਿੱਤਾਂ 'ਤੇ ਜਿੱਤਾਂ ਦਰਜ ਕਰ ਰਹੀ ਹੈ, ਉਸ ਦਾ ਮੱੁਖ ਕੋਚ ਰਵੀ ਸ਼ਾਸਤਰੀ ਇਕ ਭਾਰਤੀ ਹੈ | ਹਾਕੀ ਇੰਡੀਆ ਭਾਰਤੀ ਕੋਚਾਂ ਨੂੰ ਕੌਮਾਂਤਰੀ ਹਾਕੀ ਸੰਘ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ 'ਹਾਕੀ ਕੋਚਿੰਗ ਸੈਮੀਨਾਰਾਂ' ਵਿਚ ਵਾਰੀ-ਵਾਰੀ ਸਿਰ ਭੇਜੇ, ਤਾਂ ਜੋ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਹਾਕੀ ਕੋਚਿੰਗ ਸਬੰਧੀ ਤਾਜ਼ਾ ਜਾਣਕਾਰੀ ਮਿਲਦੀ ਰਹੇ |

-ਕੋਠੀ ਨੰ: 2101, ਫੇਜ਼-7, ਮੁਹਾਲੀ |
ਮੋਬਾ: 99140-22101.

ਭਾਰਤੀ ਸਿਨੇਮਾ ਦੇ ਅਮਿੱਟ ਹਸਤਾਖ਼ਰ-144 _ ਸਮਾਜਿਕ ਸਿਨੇਮਾ ਦਾ ਬਾਗ਼ਬਾਂ ਬੀ.ਆਰ. ਚੋਪੜਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੀ.ਆਰ. ਚੋਪੜਾ ਦੀ ਇਕ ਹੋਰ ਖੂਬੀ ਇਹ ਸੀ ਕਿ ਉਹ ਪਟਕਥਾ ਨੂੰ ਬਹੁਤ ਹੀ ਮਹੱਤਵ ਦਿੰਦੇ ਸੀ | ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਬੈਨਰ ਲਈ ਕੁਝ ਕੁ ਲੇਖਕਾਂ ਨੂੰ ਸਥਾਈ ਤੌਰ 'ਤੇ ਨੌਕਰੀ ਦਿੱਤੀ ਹੋਈ ਸੀ | ਵਜ਼ਾਹਤ ਮਿਰਜ਼ਾ ਅਤੇ ਸੀ.ਜੇ. ਪਾਵਰੀ ਵਰਗੇ ਕੁਝ ਹੋਰ ਲੇਖਕ ਹਰ ਰੋਜ਼ ਉਸ ਦੇ ਦਫ਼ਤਰ 'ਚ ਇਕੱਠੇ ਹੁੰਦੇ ਤੇ ਨਵੇਂ-ਨਵੇਂ ਕਥਾਨਕਾਂ 'ਤੇ ਵਿਚਾਰ ਕਰਦੇ | ਸਪੱਸ਼ਟ ਹੈ ਅਜਿਹੇ ਉਪਰਾਲਿਆਂ ਨਾਲ ਉਸ ਦੀਆਂ ਫ਼ਿਲਮਾਂ 'ਚ ਨਵੀਨਤਾ ਆਉਣੀ ਹੀ ਸੀ |
ਇਸ ਲਈ 'ਗੰੁਮਰਾਹ' (1960) ਵਿਚ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਵਿਆਹ ਤੋਂ ਬਾਅਦ ਕਿਸੇ ਵੀ ਔਰਤ ਲਈ ਪਰਾਏ ਮਰਦ ਨਾਲ ਸਬੰਧ ਰੱਖਣਾ ਘਾਤਕ ਸਿੱਧ ਹੋ ਸਕਦਾ ਹੈ | ਫ਼ਿਲਮ ਦੀ ਨਾਇਕਾ (ਮਾਲਾ ਸਿਨਹਾ) ਇਕ ਗਾਇਕ (ਸੁਨੀਲ ਦੱਤ) ਨਾਲ ਪਿਆਰ ਕਰਦੀ ਹੈ | ਹਾਲਾਤ ਦੀ ਮਜਬੂਰੀ ਕਰ ਕੇ ਉਸ ਦੀ ਸ਼ਾਦੀ ਇਕ ਵਕੀਲ (ਅਸ਼ੋਕ ਕੁਮਾਰ) ਨਾਲ ਹੋ ਜਾਂਦੀ ਹੈ | ਸ਼ਾਦੀ ਤੋਂ ਬਾਅਦ ਵੀ ਉਹ ਆਪਣੇ ਪ੍ਰੇਮੀ ਨੂੰ ਮਿਲਣਾ ਜਾਰੀ ਰੱਖਦੀ ਹੈ | ਪਰ ਅੰਤ 'ਚ ਜਦੋਂ ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਉਸ ਲਈ ਆਪਣੇ ਦਰਵਾਜ਼ੇ ਬੰਦ ਕਰ ਲੈਂਦੀ ਹੈ |
ਨਵੇਂ-ਨਵੇਂ ਵਿਸ਼ਿਆਂ ਪ੍ਰਤੀ ਬੀ.ਆਰ. ਚੋਪੜਾ ਏਨਾ ਜ਼ਿਆਦਾ ਸੁਚੇਤ ਸਨ ਕਿ ਆਪਣੇ ਲੇਖਕਾਂ ਦੀਆਂ ਰਚਨਾਵਾਂ ਤੋਂ ਇਲਾਵਾ ਉਹ ਬਾਹਰ ਦੇ ਲੇਖਕਾਂ ਨੂੰ ਵੀ ਪੂਰਾ ਸਨਮਾਨ ਦਿੰਦੇ ਹੁੰਦੇ ਸੀ | ਮਿਸਾਲ ਦੇ ਤੌਰ 'ਤੇ ਇਕ ਦਿਨ ਪੰਡਿਤ ਸੁਖਰਾਮ ਸ਼ਰਮਾ ਨੇ ਉਨ੍ਹਾਂ ਨੂੰ ਕੁਆਰੀ ਮਾਂ ਬਣਨ ਸਬੰਧੀ ਇਕ ਵਿਸ਼ਾ ਸੁਣਾਇਆ | ਬੀ.ਆਰ. ਚੋਪੜਾ ਨੇ ਉਸੇ ਹੀ ਵੇਲੇ ਹਜ਼ਾਰ ਰੁਪਏ ਉਸ ਦੀ ਤਲੀ 'ਤੇ ਰੱਖ ਕੇ ਇਸ ਵਿਸ਼ੇ 'ਤੇ ਪਟਕਥਾ ਤਿਆਰ ਕਰਨ ਨੂੰ ਕਿਹਾ | ਇਸ ਕਥਾਨਕ 'ਤੇ 'ਧੂਲ ਕਾ ਫੂਲ' ਨਾਮਕ ਯਾਦਗਾਰੀ ਫ਼ਿਲਮ ਬਣਾਈ ਗਈ ਸੀ | ਇਸ 'ਚ ਰਾਜਿੰਦਰ ਕੁਮਾਰ ਅਤੇ ਮਾਲਾ ਸਿਨਹਾ ਨੇ ਪ੍ਰਮੁੱਖ ਭੂਮਿਕਾਵਾਂ ਪੇਸ਼ ਕੀਤੀਆਂ ਸਨ | ਇਸ ਦੇ ਗੀਤ ਸਾਹਿਰ ਨੇ ਲਿਖੇ ਸਨ, ਜਿਨ੍ਹਾਂ ਦੀ ਧੁਨ ਐਨ. ਦੱਤਾ ਨੇ ਤਿਆਰ ਕੀਤੀ ਸੀ | ਇਸ ਦਾ ਇਕ ਗੀਤ 'ਤੂ ਹਿੰਦੂ ਬਨੇਗਾ, ਨਾ ਮੁਸਲਮਾਨ ਬਨੇਗਾ' ਬਹੁਤ ਹੀ ਲੋਕਪਿ੍ਆ ਹੋਇਆ ਸੀ |
ਸਾਹਿਰ ਦਾ ਜ਼ਿਕਰ ਇਥੇ ਆਇਆ ਹੀ ਹੈ ਤਾਂ ਇਹ ਵੀ ਸਪੱਸ਼ਟ ਕਰ ਦੇਣਾ ਲਾਜ਼ਮੀ ਹੀ ਹੋਵੇਗਾ ਕਿ ਬੀ.ਆਰ. ਚੋਪੜਾ ਦੀ ਟੀਮ ਦਾ ਇਹ ਸ਼ਾਇਰ ਵੀ ਇਕ ਰੈਗੂਲਰ ਮੈਂਬਰ ਸੀ | ਚੋਪੜਾ ਆਪਣੇ ਇਸ ਸ਼ਾਇਰ ਨਾਲ ਏਨੇ ਜੁੜੇ ਹੋਏ ਸੀ ਕਿ ਜਦੋਂ ਸਾਹਿਰ ਅਤੇ ਓ.ਪੀ. ਨਈਅਰ ਦਾ 'ਨਯਾ ਦੌਰ' ਦੇ ਵੇਲੇ ਝਗੜਾ ਹੋਇਆ ਤਾਂ ਉਹ ਦੋਵੇਂ ਅਲੱਗ ਹੋ ਗਏ ਸਨ | ਬੀ.ਆਰ. ਨੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਲਈ ਓ.ਪੀ. ਨਈਅਰ ਨੂੰ ਤਾਂ ਬਾਹਰ ਕਰ ਦਿੱਤਾ ਸੀ ਪਰ ਸਾਹਿਰ ਦੀ ਸ਼ਾਇਰੀ ਉਸ ਦੇ ਜੀਵਨ ਦੇ ਅੰਤਿਮ ਸਮੇਂ ਤੱਕ ਇਸ ਬੈਨਰ ਦੇ ਨਾਲ ਜੁੜੀ ਰਹੀ ਸੀ |
ਕਿਉਂਕਿ ਬੀ.ਆਰ. ਚੋਪੜਾ ਸਾਹਿਤ ਦਾ ਉਪਾਸ਼ਕ ਸੀ | ਇਸ ਲਈ ਉਹ ਆਪਣੀਆਂ ਫ਼ਿਲਮਾਂ ਦੀ ਪ੍ਰੇਰਨਾ ਸਾਹਿਤਕ ਕਿਰਤਾਂ ਤੋਂ ਵੀ ਲਿਆ ਕਰਦੇ ਸੀ | ਇਸ ਸੰਦਰਭ 'ਚ ਉਨ੍ਹਾਂ ਦੀ ਫ਼ਿਲਮ 'ਧਰਮ ਪੁੱਤਰ' ਹਿੰਦੀ ਦੇ ਪ੍ਰਸਿੱਧ ਲੇਖਕ ਆਚਾਰੀਆ ਚਤੁਰਸੈਨ ਦੇ ਇਸੇ ਹੀ ਨਾਂਅ ਦੇ ਇਕ ਨਾਵਲ ਤੋਂ ਪ੍ਰੇਰਿਤ ਸੀ | ਇਹ ਰਚਨਾ ਵੀ ਕੌਮੀ ਏਕਤਾ ਨਾਲ ਸਬੰਧਤ ਸੀ | ਸ਼ਸ਼ੀ ਕਪੂਰ ਦੀ ਇਸ 'ਚ ਪ੍ਰਮੁੱਖ ਭੂਮਿਕਾ ਸੀ, ਜਦੋਂ ਕਿ ਇਸ ਦਾ ਨਿਰਦੇਸ਼ਨ ਬੀ.ਆਰ. ਚੋਪੜਾ ਦੇ ਛੋਟੇ ਭਰਾ ਯਸ਼ ਚੋਪੜਾ ਨੇ ਕੀਤਾ ਸੀ |
ਇਸੇ ਹੀ ਤਰ੍ਹਾਂ ਸ਼ੈਕਸਪੀਅਰ (Shakespeare) ਦੀ ਮਹਾਨ ਰਚਨਾ ਉਥਲੈਰੋ (Othelo) ਤੋਂ ਪ੍ਰੇਰਨਾ ਲੈ ਕੇ ਬੀ.ਆਰ. ਚੋਪੜਾ ਨੇ 'ਹਮਰਾਜ਼' ਦਾ ਨਿਰਮਾਣ ਵੀ ਕੀਤਾ ਸੀ | ਸੁਨੀਲ ਦੱਤ, ਰਾਜ ਕੁਮਾਰ, ਵਿੰਮੀ ਅਤੇ ਜੀਵਨ ਦੀ ਇਸ ਫ਼ਿਲਮ 'ਚ ਸ਼ਾਨਦਾਰ ਅਦਾਕਾਰੀ ਤੋਂ ਇਲਾਵਾ ਇਸ ਦਾ ਸੰਗੀਤ ਅਤੇ ਗੀਤ 'ਨਾ ਮੰੂਹ ਛੁਪਾ ਕੇ ਜੀਓ', 'ਨੀਲੇ ਗਗਨ ਕੇ ਤਲੇ' ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲੇ ਸਨ | ਸੰਗੀਤਕਾਰ ਰਵੀ ਨੂੰ ਉਸ ਦੀ ਇਸ ਮਿਹਨਤ ਕਰਕੇ ਅਨੇਕਾਂ ਅਦਾਰਿਆਂ ਨੇ ਸਨਮਾਨਿਤ ਵੀ ਕੀਤਾ ਸੀ |
ਸੰਗੀਤ ਦੇ ਸੰਦਰਭ 'ਚ ਇਕ ਗੌਰਤਲਬ ਗੱਲ ਇਹ ਵੀ ਹੈ ਕਿ ਬੀ.ਆਰ. ਚੋਪੜਾ ਨੇ ਵਧੇਰੇ ਗੀਤ ਮਹਿੰਦਰ ਕਪੂਰ ਅਤੇ ਆਸ਼ਾ ਭੌਾਸਲੇ ਦੀਆਂ ਆਵਾਜ਼ਾਂ 'ਚ ਹੀ ਰਿਕਾਰਡ ਕਰਵਾਏ ਸਨ | ਵੈਸੇ ਤਾਂ ਮੁਹੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਕੋਲੋਂ ਵੀ ਉਨ੍ਹਾਂ ਨੇ ਕੁਝ ਗੀਤ ਗਵਾਏ ਸਨ, ਪਰ ਫਿਰ ਵੀ ਉਨ੍ਹਾਂ ਦਾ ਝੁਕਾਅ ਸਪੱਸ਼ਟ ਇਸ਼ਾਰਾ ਕਰਦਾ ਹੈ ਕਿ ਗਾਇਕਾਂ ਦੇ ਬਾਰੇ 'ਚ ਵੀ ਉਸ ਦੀ ਆਪਣੀ ਹੀ ਸੋਚ ਸੀ | ਕਈ ਵਾਰ ਉਨ੍ਹਾਂ ਕੋਲੋਂ ਪੱਤਰਕਾਰਾਂ ਨੇ ਇਸ ਪ੍ਰਾਥਮਿਕਤਾ ਦੇ ਜਦੋਂ ਪਿਛੋਕੜ ਦੇ ਬਾਰੇ 'ਚ ਪੁੱਛਿਆ ਤਾਂ ਉਹ ਹਮੇਸ਼ਾ ਹੀ ਪ੍ਰਸ਼ਨ ਨੂੰ ਅਣਗੌਲਿਆ ਕਰ ਦਿੰਦੇ ਹੁੰਦੇ ਸੀ |
ਬੀ.ਆਰ. ਬੈਨਰ ਦੀ ਭਾਰਤੀ ਸਿਨੇਮਾ ਨੂੰ ਇਹ ਵੀ ਦੇਣ ਹੈ ਕਿ ਇਸ ਨੇ ਫ਼ਿਲਮ ਨਿਰਮਾਣ 'ਚ ਕਈ ਤਜਰਬੇ ਕੀਤੇ ਸਨ | ਮਿਸਾਲ ਦੇ ਤੌਰ 'ਤੇ ਮਲਟੀ ਸਟਾਰ ਫ਼ਿਲਮਾਂ ਬਣਾਉਣ ਦਾ ਕੰਮ ਇਸੇ ਹੀ ਕੰਪਨੀ ਨੇ 'ਵਕਤ' ਤੋਂ ਸ਼ੁਰੂ ਕੀਤਾ ਸੀ | 'ਵਕਤ' ਵਿਚ ਬਲਰਾਜ ਸਾਹਨੀ, ਸੁਨੀਲ ਦੱਤ, ਰਾਜ ਕੁਮਾਰ, ਸ਼ਸ਼ੀ ਕਪੂਰ, ਸ਼ਰਮੀਲਾ ਟੈਗੋਰ, ਅਚਲਾ ਸਚਦੇਵ ਅਤੇ ਰਹਿਮਾਨ ਵਰਗੇ ਅਦਾਕਾਰਾਂ ਦੀ ਭਰਮਾਰ ਸੀ, ਫ਼ਿਲਮ ਕਿਉਂਕਿ ਕਾਫੀ ਲੰਬੀ ਸੀ, ਇਸ ਲਈ ਇਸ 'ਚ ਦੋ ਇੰਟਰਵਲ ਰੱਖੇ ਗਏ ਸਨ | ਪਰ ਜਦੋਂ ਇਹ ਰਿਲੀਜ਼ ਹੋਈ ਤਾਂ ਦਰਸ਼ਕਾਂ ਦਾ ਹੜ੍ਹ ਹੀ ਆ ਗਿਆ ਸੀ | ਆਪਣੇ ਸਮੇਂ ਦੀ ਇਹ ਸਭ ਤੋਂ ਵਧ ਕਮਾਈ ਕਰਨ ਵਾਲੀ ਕਿਰਤ ਸੀ | ਨਿਰਦੇਸ਼ਕ ਯਸ਼ ਚੋਪੜਾ ਨੂੰ ਇਸੇ ਹੀ ਫ਼ਿਲਮ ਨੇ ਸਥਾਪਤ ਕੀਤਾ ਸੀ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਜਲੰਧਰ ਵਿਖੇ ਹੋਈ ਸਾਹਿਤਕ ਕਾਨਫਰੰਸ ਸਮੇਂ ਖਿੱਚੀ ਗਈ ਸੀ | ਉਸ ਵਕਤ ਸ: ਅਜੀਤ ਸਿੰਘ ਰਾਹੀ ਪ੍ਰਦੇਸੋਂ ਆਏ ਸੀ | ਉਹ ਆਪਣੇ ਮਿੱਤਰਾਂ ਨਾਲ ਤਸਵੀਰ ਖਿਚਵਾਉਣਾ ਚਾਹੁੰਦੇ ਸੀ | ਮੈਂ ਤਿੰਨਾਂ ਦੀ ਤਸਵੀਰ ਖਿੱਚ ਦਿੱਤੀ ਸੀ | ਇਹ ਤਸਵੀਰ ਮੇਰੇ ਕੋਲ ਹੀ ਰਹੀ ਸੀ | ਸ: ਅਜੀਤ ਸਿੰਘ ਰਾਹੀ ਨੂੰ ਮਿਲਿਆਂ ਬਹੁਤ ਸਮਾਂ ਹੋ ਗਿਆ ਹੈ | ਡਾ: ਰਘਬੀਰ ਸਿੰਘ ਸਿਰਜਣਾ ਨਾਲ ਉਨ੍ਹਾਂ ਦੇ ਪਰਚੇ ਰਾਹੀਂ ਮੇਲ ਹੁੰਦਾ ਰਿਹਾ | ਪ੍ਰੋ: ਸੁਰਿੰਦਰ ਗਿੱਲ ਵੀ ਕਦੀ-ਕਦੀ ਸਾਹਿਤਕ ਪ੍ਰੋਗਰਾਮਾਂ ਵਿਚ ਮਿਲ ਪੈਂਦੇ ਹਨ | ਇਹ ਤਸਵੀਰ ਇਕ ਯਾਦ ਬਣ ਕੇ ਰਹਿ ਗਈ ਹੈ |

-ਮੋਬਾਈਲ : 98767-41231

ਇਕੋ ਦਿਨ ਦੀ ਕਹਾਣੀ 'ਡੇ ਲਿਲੀਸ'

ਦੇਸ਼ ਦੇ ਬਟਵਾਰੇ ਤੋਂ ਬਾਅਦ ਜਲੰਧਰ ਸ਼ਹਿਰ ਲਾਗਲੀ 'ਗਾਰਡਨ ਕਾਲੋਨੀ' ਵਿਚ ਜ਼ਮੀਨ ਅਲਾਟ ਹੋਈ, ਸਾਦਾ ਘਰ ਪਰਮ ਮਿੱਤਰ ਸੁਰਿੰਦਰ ਸੇਖੋਂ ਨੇ ਡਿਜ਼ਾਈਨ ਕਰ ਦਿੱਤਾ ਅਤੇ ਦੁਆਲੇ ਲੈਂਡਸਕੇਪ ਮੈਂ ਇਉਂ ਉਲੀਕੀ ਕਿ ਬਿਲਕੁਲ ਘੱਟ ਦੇਖ-ਭਾਲ ਨਾਲ ਸਾਰਾ ਸਾਲ ਸਮੰੁਦਰ, ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲੇ |
ਪੱਕੇ ਫੁੱਲ-ਬੂਟੇ, ਝਾੜੀਆਂ, ਖੁੱਲ੍ਹੇ-ਡੁੱਲ੍ਹੇ ਲਾਅਨ ਜਿਸ ਦੀ ਕਟਾਈ, ਬਿਜਲੀ ਮਸ਼ੀਨ ਨਾਲ ਕਰ ਲਈ ਦੀ ਹੈ | ਸਬਜ਼ੀ-ਬਾੜੀ ਹਿੱਸੇ ਅਤੇ ਘਾਹ ਮੈਦਾਨ ਨੂੰ ਹਰਿਆਲੀ ਜਾਲੀ ਲਗਾ ਕੇ ਵੱਖ ਕੀਤਾ ਗਿਆ ਹੈ | ਇਕ ਫੋਟੋ ਵਿਚ ਲੱਗੀ ਸੰਤਰੇ ਰੰਗੀ ਡੇ ਲਿਲੀਸ (4ay Lilies) ਲੱਗੀ ਤੁਸੀਂ ਦੇਖ ਸਕਦੇ ਹੋ | ਜਿਸ ਦਾ ਖਿੜਿਆ ਫੁੱਲ ਕੇਵਲ ਇਕ ਦਿਨ ਹੀ ਰਹਿੰਦਾ ਹੈ, ਦੂਸਰੇ ਦਿਨ ਉਸੇ ਦੇ ਲਾਗੇ ਨਵਾਂ ਫੁੱਲ ਤਿਆਰ ਹੋ ਜਾਂਦਾ ਹੈ | ਇਸ ਸਜਾਵਟੀ ਬੂਟੇ ਦੀ ਉੱਕਾ ਹੀ ਕੋਈ ਦੇਖ-ਭਾਲ ਨਹੀਂ ਕੀਤੀ ਗਈ |
ਇਸ ਦੇ ਜਲਵੇ ਕੋਈ ਦੋ ਮਹੀਨੇ ਦਿਖਾਈ ਦੇਣਗੇ | ਅਨੇਕਾਂ ਰੰਗਾਂ ਦੀਆਂ ਨਵੀਆਂ ਕਿਸਮਾਂ ਲਗਾਤਾਰ ਮਾਹਿਰ ਬਣਾਈ ਜਾ ਰਹੇ ਹਨ, ਕੇਵਲ 2 ਹੀ ਵੰਨਗੀਆਂ ਇਥੇ ਹੋਰ ਦਿਖਾਈਆਂ ਗਈਆਂ ਹਨ, ਜੜ੍ਹਾਂ ਗੁੱਦੇਦਾਰ ਹੁੰਦੀਆਂ ਹਨ, ਜਦੋਂ ਬਹੁਤਾ ਖਿਲਾਰਾ ਪੈ ਜਾਵੇ ਤਾਂ ਇਹੋ ਜਿਹੇ ਬੂਟਿਆਂ ਨੂੰ ਪੁਟ ਕੇ 2-3 ਹਿੱਸਿਆਂ ਵਿਚ ਵੰਡ ਕੇ ਨਵੀਂ ਤਿਆਰ ਕੀਤੀ ਕਿਆਰੀ ਵਿਚ ਲਗਾ ਲਓ |

dosanjhsps@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX