ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਝੋਨੇ ਦੀ ਪਨੀਰੀ ਅਗੇਤੀ ਨਾ ਬੀਜੋ

ਪਿਛਲੇ ਸਮਿਆਂ ਵਿਚ ਪਰਾਹੁਣਿਆਂ ਦੇ ਆਉਣ ਉਤੇ ਜਾਂ ਵਿਸ਼ੇਸ਼ ਸਮਾਗਮ ਸਮੇਂ ਚੌਲ ਜ਼ਰੂਰ ਪਰੋਸੇ ਜਾਂਦੇ ਸਨ। ਚੌਲਾਂ ਦੀ ਖੀਰ, ਮਿੱਠੇ ਚਾਵਲ ਜਾਂ ਫਿਰ ਉਬਲੇ ਚੌਲਾਂ ਉਤੇ ਬੂਰਾ (ਪੀਸੀ ਹੋਈ ਖੰਡ) ਤੇ ਦੇਸੀ ਘਿਓ ਪਾ ਕੇ ਪਰੋਸੇ ਜਾਂਦੇ ਸਨ। ਚੌਲਾਂ ਹੇਠ ਹੋਏ ਰਕਬੇ ਦੇ ਵਾਧੇ ਨੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਜ਼ਰੂਰ ਖੜ੍ਹੀ ਕਰ ਦਿੱਤੀ ਹੈ। ਧਰਤੀ ਹੇਠਾਂ ਪਾਣੀ ਦਾ ਪੱਧਰ ਹਰ ਸਾਲ ਹੇਠਾਂ ਜਾ ਰਿਹਾ ਹੈ। ਇਸ ਕਰਕੇ ਕੁਝ ਰਕਬੇ ਨੂੰ ਝੋਨੇ ਹੇਠੋਂ ਕਢ ਕੇ ਦੂਜੀਆਂ ਫ਼ਸਲਾਂ ਬੀਜਣ ਦੀ ਲੋੜ ਹੈ। ਰੇਤਲੀਆਂ ਅਤੇ ਉਚੀਆਂ ਥਾਵਾਂ ਉਤੇ ਮੱਕੀ ਜਾਂ ਦਾਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਪਾਣੀ ਦੇ ਹੇਠਾਂ ਜਾ ਰਹੇ ਪੱਧਰ ਨੂੰ ਰੋਕਣ ਲਈ ਅਗੇਤਾ ਝੋਨਾ ਨਹੀਂ ਲਗਾਉਣਾ ਚਾਹੀਦਾ। ਝੋਨੇ ਦੀ ਬਹੁਤੀ ਲੁਆਈ ਪਨੀਰੀ ਰਾਹੀਂ ਕੀਤੀ ਜਾਂਦੀ ਹੈ। ਪਨੀਰੀ ਦੀ ਬਿਜਾਈ ਜੇਠ ਦੀ ਸੰਗਰਾਂਦ ਪਿਛੋਂ ਸ਼ੁਰੂ ਕਰਨੀ ਚਾਹੀਦੀ ਹੈ ਤੇ ਇਸ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿਛੋਂ 20 ਜੂਨ ਤੋਂ ਸ਼ੂਰੂ ਕੀਤੀ ਜਾਵੇ। ਜੇਕਰ ਜੁਲਾਈ ਦੇ ਪਹਿਲੇ ਹਫ਼ਤੇ ਵੀ ਪਨੀਰੀ ਲਗਾਈ ਜਾਵੇ ਤਾਂ ਵੀ ਝਾੜ ਪੂਰਾ ਪ੍ਰਾਪਤ ਹੋ ਜਾਂਦਾ ਹੈ। ਅਜਿਹਾ ਕੀਤਿਆਂ ਪਾਣੀ ਦੀ ਬੱਚਤ ਹੀ ਨਹੀਂ ਹੁੰਦੀ ਸਗੋਂ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵੀ ਘਟ ਹੁੰਦਾ ਹੈ। ਅਗੇਤੀ ਫ਼ਸਲ ਬਰਸਾਤ ਨਾਲ ਖਰਾਬ ਹੋਣ ਦਾ ਵੀ ਡਰ ਰਹਿੰਦਾ ਹੈ। ਹਮੇਸ਼ਾਂ ਪੰਜਾਬ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਘੱਟ ਸਮੇਂ ਵਿਚ ਪਕਣ ਵਾਲੀਆਂ ਕਿਸਮਾਂ ਦੀ ਹੀ ਕਾਸ਼ਤ ਕੀਤੀ ਜਾਵੇ।
ਪੀ ਆਰ 126 ਅਜਿਹੀ ਕਿਸਮ ਹੈ ਜਿਹੜੀ ਕੇਵਲ 123 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਚੌਲ ਲੰਬੇ, ਪਤਲੇ ਅਤੇ ਦੇਖਣ ਨੂੰ ਸੋਹਣੇ ਲਗਦੇ ਹਨ। ਇਹ ਝੁਲਸਰੋਗ ਦਾ ਵੀ ਮੁਕਾਬਲਾ ਕਰ ਸਕਦੀ ਹੈ। ਦੂਜੀਆਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਪੀ ਆਰ 121, ਪੀ ਆਰ 122, ਪੀ ਆਰ 123, ਪੀ ਆਰ 124, ਪੀ ਆਰ 113 ਅਤੇ ਪੀ ਆਰ 114 ਹਨ। ਇਸ ਵੇਰ ਇਕ ਨਵੀਂ ਕਿਸਮ ਪੀ ਆਰ 127 ਦੀ ਸਿਫਾਰਸ਼ ਕੀਤੀ ਗਈ ਹੈ। ਇਹ ਪਕਣ ਲਈ 137 ਦਿਨ ਲੈਂਦੀ ਹੈ ਤੇ 30 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਝਾੜ ਦਿੰਦੀ ਹੈ। ਕੇਵਲ ਇਕ ਹੀ ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ। ਅਗੇਤੀ ਬਿਜਾਈ ਲਈ ਪੀ ਆਰ 121 ਤੇ ਪੀ ਆਰ 122, ਪੀ ਆਰ 124 ਕਿਸਮਾਂ ਅਤੇ ਪਿਛੇਤੀ ਬਿਜਾਈ ਲਈ ਪੀ ਆਰ 126 ਕਿਸਮ ਬੀਜੋ। ਜੇਕਰ ਕੁਝ ਰਕਬੇ ਵਿਚ ਬਿਜਾਈ ਪਿਛੇਤੀ ਹੋ ਜਾਵੇ ਤਾਂ ਉਥੇ ਬਾਸਮਤੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਅੱਠ ਕਿਲੋ ਨਿਰੋਗ ਬੀਜ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਪਾਣੀ ਦੇ ਭਰੇ ਟਬ ਵਿਚ ਪਾ ਕੇ ਹਿਲਾਵੋ। ਕਮਜ਼ੋਰ ਬੀਜ ਉੱਤੇ ਤਰ ਪੈਣਗੇ। ਇਨ੍ਹਾਂ ਨੂੰ ਕੱਢ ਦਿੱਤਾ ਜਾਵੇ। ਬਾਕੀ ਬੀਜ ਨੂੰ ਸੁਧਾਈ ਕਰਨ ਲਈ 20 ਗ੍ਰਾਮ ਬਾਵਿਸਟਨ ਅਤੇ ਇਕ ਗ੍ਰਾਮ ਸਟਰੈਪਟੋਸਾਈਕਲੀਨ ਨੂੰ 10 ਲਿਟਰ ਪਾਣੀ ਵਿਚ ਘੋਲੋ। ਬੀਜਣ ਤੋਂ ਕੋਈ 10 ਘੰਟੇ ਪਹਿਲਾਂ ਬੀਜ ਨੂੰ ਇਸ ਵਿਚ ਡੋਬ ਲਵੋ। ਪਨੀਰੀ ਬੀਜਣ ਤੋਂ ਪਹਿਲਾਂ ਖੇਤ ਵਿਚ 15 ਟਨ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਵਹਾਈ ਕਰੋ। ਹੁਣ ਖੇਤ ਨੂੰ ਪਾਣੀ ਦੇਵੋ, ਇਸ ਨਾਲ ਨਦੀਨ ਉੱਗ ਪੈਣਗੇ। ਖੇਤ ਨੂੰ ਦੋ ਵਾਰ ਵਾਹ ਖੇਤ ਵਿਚ ਪਾਣੀ ਭਰਕੇ ਕੱਦੂ ਕਰੋ। ਕੱਦੂ ਕਰਦੇ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਵੋ। ਚੰਗੀ ਪਨੀਰੀ ਲਈ 40 ਕਿਲੋ ਜਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਪ੍ਰਤੀ ਏਕੜ ਪਾਵੋ। ਹੁਣ ਖੇਤ ਵਿਚ ਕੋਈ 10×2 ਮੀਟਰ ਆਕਾਰ ਦੇ ਕਿਆਰੇ ਬਣਾਵੋ। ਇਕ ਕਿਆਰੇ ਵਿਚ ਇਕ ਕਿਲੋ ਬੀਜ ਛੱਟੇ ਨਾਲ ਬੀਜੋ। ਬੀਜ ਨੂੰ ਬਰੀਕ ਰੂੜੀ ਨਾਲ ਢੱਕ ਦੇਵੋ। ਜਦੋਂ ਤੱਕ ਬੀਜ ਉੱਗ ਨਾ ਪੈਣ ਖੇਤ ਨੂੰ ਗਿੱਲਾ ਰੱਖਿਆ ਜਾਵੇ। ਕੇਵਲ 25-30 ਦਿਨਾਂ ਦੀ ਪਨੀਰੀ ਨੂੰ ਪੁੱਟ ਕੇ ਖੇਤ ਵਿਚ ਲਗਾ ਦੇਣੀ ਚਾਹੀਦੀ ਹੈ। ਪਨੀਰੀ ਵਿਚੋਂ ਨਦੀਨਾਂ ਨੂੰ ਬਕਾਇਦਗੀ ਨਾਲ ਪੁੱਟਦੇ ਰਹਿਣਾ ਜ਼ਰੂਰੀ ਹੈ।
ਜਿਹੜੇ ਖੇਤਾਂ ਵਿਚ ਝੋਨਾ ਲਗਾਉਣਾ ਹੈ ਉਨ੍ਹਾਂ ਵਿਚੋਂ ਕੁਝ ਖੇਤਾਂ ਵਿਚ ਹਰੀ ਖਾਦ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਨਾਲ ਖੇਤ ਦੀ ਸਿਹਤ ਠੀਕ ਹੁੰਦੀ ਹੈ ਤੇ ਰਸਾਇਣਿਕ ਖਾਦਾਂ ਦੀ ਲੋੜ ਵੀ ਘਟ ਜਾਂਦੀ ਹੈ। ਹਰੀ ਖਾਦ ਲਈ ਢੈਂਚਾ, ਸਣ ਜਾਂ ਰਵਾਂਹ ਬੀਜੇ ਜਾ ਸਕਦੇ ਹਨ। ਜਿਥੇ ਹਰੀ ਖਾਦ ਨਹੀਂ ਬੀਜੀ ਗਈ ਉਥੇ ਛੇ ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਜੇਕਰ ਪ੍ਰਤੀ ਏਕੜ ਛੇ ਟਨ ਪ੍ਰੈਸ ਮੱਡ ਜਾਂ ਢਾਈ ਟਨ ਮੁਰਗੀਆਂ ਦੀ ਖਾਦ ਪਾਈ ਜਾਵੇ ਤਾਂ ਨਾਈਟ੍ਰੋਜਨ ਅੱਧੀ ਕੀਤੀ ਜਾ ਸਕਦੀ ਹੈ। ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਵੇ। ਵੱਟਾਂ ਮਜ਼ਬੂਤ ਤੇ ਖੇਤ ਪੱਧਰਾ ਹੋਣਾ ਚਾਹੀਦਾ ਹੈ। ਖੇਤ ਵਿਚ ਪਾਣੀ ਖੜ੍ਹਾ ਕਰ ਕੇ ਕੱਦੂ ਕੀਤਾ ਜਾਵੇ। ਝੋਨੇ ਦੀ ਲੁਆਈ 20 ਜੂਨ ਤੋਂ ਸ਼ੁਰੂ ਕਰੋ। ਅਗੇਤਾ ਝੋਨਾ ਲਗਾਉਣ ਤੇ ਸਰਕਾਰੀ ਕਾਰਵਾਈ ਵੀ ਹੋ ਸਕਦੀ ਹੈ। ਪਨੀਰੀ ਪੁੱਟਣ ਤੋਂ ਪਹਿਲਾਂ ਖੇਤ ਨੂੰ ਪਾਣੀ ਲਾਵੋ ਤਾਂ ਜੋ ਪਨੀਰੀ ਸੌਖੀ ਪੁੱਟੀ ਜਾ ਸਕੇ। ਪਨੀਰੀ ਪੁੱਟਣ ਪਿਛੋਂ ਜੜ੍ਹਾਂ ਨੂੰ ਧੋ ਲੈਣਾ ਚਾਹੀਦਾ ਹੈ। ਪਨੀਰੀ ਲਾਈਨਾਂ ਵਿਚਕਾਰ ਲਗਾਵੋ। ਲਾਈਨਾਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 15 ਸੈਂਟੀਮੀਟਰ ਰੱਖਿਆ ਜਾਵੇ। ਇਕ ਥਾਂ ਦੋ ਬੂਟੇ ਲਗਾਵੋ। ਬੂਟੇ ਨੂੰ ਚੰਗੀ ਤਰ੍ਹਾਂ ਗਾਰੇ ਵਿਚ ਗੱਡਿਆ ਜਾਵੇ। ਇਕ ਵਰਗ ਮੀਟਰ ਵਿਚ 33 ਬੂਟੇ ਜ਼ਰੂਰ ਲਗਾਏ ਜਾਣ। ਪਨੀਰੀ ਲਗਾਉਣ ਸਮੇਂ ਆਪ ਕਾਮਿਆਂ ਨਾਲ ਕੰਮ ਕਰੋ ਤਾਂ ਜੋ ਕੋਈ ਕੁਤਾਹੀ ਨਾ ਹੋ ਸਕੇ। ਲੁਆਈ ਤੋਂ 15 ਦਿਨਾਂ ਪਿਛੋਂ ਪੈਡੀਵੀਡਰ ਨਾਲ ਗੋਡੀ ਕਰੋ। ਨਦੀਨਾਂ ਨੂੰ ਹੱਥਾਂ ਨਾਲ ਵੀ ਪੁੱਟਿਆ ਜਾ ਸਕਦਾ ਹੈ। ਪਹਿਲੇ 15 ਦਿਨ ਖੇਤ ਵਿਚ ਪਾਣੀ ਖੜ੍ਹਾ ਰੱਖਿਆ ਜਾਵੇ, ਮੁੜ ਪਾਣੀ ਉਦੋਂ ਲਗਾਵੋ ਜਦੋਂ ਪਾਣੀ ਸੁੱਕੇ ਨੂੰ ਦੋ ਦਿਨ ਹੋ ਜਾਣ। ਜਦੋਂ ਪੱਤੇ ਪੀਲੇ ਪੈ ਜਾਣ ਤਾਂ ਫ਼ਸਲ ਕਟ ਲਈ ਜਾਵੇ। ਕੰਬਾਈਨ ਨਾਲ ਕੱਟੀ ਫ਼ਸਲ ਦੇ ਨਾੜ ਨੂੰ ਖੇਤ ਵਿਚ ਅੱਗ ਨਾ ਲਗਾਈ ਜਾਵੇ ਸਗੋਂ ਖੇਤ ਵਿਚ ਵਾਹ ਦਿੱਤਾ ਜਾਵੇ। ਰੇਤਲੀਆਂ ਹਲਕੀਆਂ ਜ਼ਮੀਨਾਂ ਵਿਚ ਝੋਨਾ ਨਾ ਲਗਾਇਆ ਜਾਵੇ।


-ਮੋਬਾਈਲ : 94170-873289


ਖ਼ਬਰ ਸ਼ੇਅਰ ਕਰੋ

ਆੜੂ ਅਤੇ ਅਲੂਚੇ ਦੇ ਫਲਾਂ ਦੀ ਤੁੜਾਈ ਅਤੇ ਸੰਭਾਲ

ਆੜੂ : ਫਲਾਂ ਦੀ ਤੁੜਾਈ : ਫਲ ਨੂੰ ਵਧੇਰੇ ਸਮੇਂ ਲਈ ਤਾਜ਼ਾ ਰੱਖਣ ਲਈ ਅਤੇ ਖਰਾਬ ਹੋਣ ਤੋਂ ਬਚਾਉਣ ਲਈ ਇਨ੍ਹਾਂ ਦੀ ਤੁੜਾਈ ਸਹੀ ਅਵਸਥਾ ਅਤੇ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ। ਆੜੂ ਦੇ ਫਲ ਤੋੜਨ ਤੋਂ ਬਾਅਦ ਪੱਕਣ ਦੀ ਸਮਰੱਥਾ ਰੱਖਦੇ ਹਨ ਪਰ ਜੇਕਰ ਇਹ ਪੱਕਣ ਲਈ ਪੂਰੀ ਤਰ੍ਹਾਂ ਤਿਆਰ ਹੋਣ। ਸੋ, ਫਲ ਨੂੰ ਉਸ ਸਮੇਂ ਹੀ ਤੋੜੋ ਜਦੋਂ ਉਹ ਪੱਕਣ ਤੋਂ ਬਾਅਦ ਪੂਰੀ ਗੁਣਵੱਤਾ ਵਾਲਾ ਫਲ ਬਣਨ ਦੇ ਯੋਗ ਹੋਵੇ। ਆੜੂ ਦੇ ਫਲਾਂ ਦੀ ਤੁੜਾਈ ਮੰਡੀਕਰਨ ਦੇ ਆਧਾਰ 'ਤੇ ਵੀ ਕੀਤੀ ਜਾ ਸਕਦੀ ਹੈ। ਜੇਕਰ ਫਲ ਕਿਸੇ ਦੂਰ ਦੀ ਮੰਡੀ ਵਿਚ ਭੇਜਣਾ ਹੋਵੇ ਤਾਂ ਉਸ ਨੂੰ ਉਸ ਸਮੇਂ ਤੋੜੋ ਜਦੋਂ ਉਸ ਦਾ ਰੰਗ ਹਰੇ ਤੋਂ ਪੀਲਾ ਬਣਨਾ ਸ਼ੁਰੂ ਹੋ ਜਾਵੇ ਅਤੇ ਫਲ ਹੱਥਾਂ ਵਿਚ ਦਬਾਉਣ 'ਤੇ ਹਲਕੇ ਦੱਬਦੇ ਹੋਣ। ਇਸ ਤਰ੍ਹਾਂ ਦੇ ਫਲ ਦੂਰ ਦੀ ਮੰਡੀ ਵਿਚ ਪਹੁੰਚਣ ਤੱਕ ਪੱਕ ਕੇ ਤਿਆਰ ਹੋ ਜਾਣਗੇ। ਪਰ ਜੇਕਰ ਫਲ ਦਾ ਸਥਾਨਕ ਮੰਡੀਕਰਨ ਕਰਨਾ ਹੋਵੇ ਤਾਂ ਫਲ ਨੂੰ ਪੱਕਣ ਦੀ ਅਵਸਥਾ ਦੇ ਨੇੜੇ ਹੀ ਤੋੜਨਾ ਚਾਹੀਦਾ ਹੈ। ਬੂਟੇ ਉਪਰਲੇ ਸਾਰੇ ਫਲ ਇਕ ਹੀ ਸਮੇਂ ਨਹੀਂ ਪੱਕਦੇ, ਸੋ 3-4 ਤੁੜਾਈਆਂ ਕਰਨੀਆਂ ਚਾਹੀਦੀਆਂ ਹਨ। ਫਲਾਂ ਨੂੰ ਤੋੜਨ ਸਮੇਂ ਧਿਆਨ ਰੱਖੋ ਕਿ ਉਹ ਜ਼ਮੀਨ 'ਤੇ ਨਾ ਡਿੱਗਣ ਅਤੇ ਨਾ ਹੀ ਉਨ੍ਹਾਂ ਉੱਪਰ ਕੋਈ ਜ਼ਖ਼ਮ ਹੋਵੇ। ਫਲ ਤੋੜਨ ਲਈ ਟੋਕਰੀਆਂ ਜਾਂ ਲਿਫ਼ਾਫ਼ਿਆਂ ਦੀ ਵਰਤੋਂ ਕਰੋ। ਫਲਾਂ ਨੂੰ ਤੋੜਨ ਤੋਂ ਬਾਅਦ ਕਦੇ ਵੀ ਧੁੱਪੇ ਨਾ ਰੱਖੋ, ਤੋੜਨ ਤੋਂ ਤੁਰੰਤ ਬਾਅਦ ਕਿਸੇ ਠੰਢੀ ਅਤੇ ਹਵਾਦਾਰ ਥਾਂ 'ਤੇ ਰੱਖੋ। ਫਲ ਨੂੰ 10-15 ਮਿੰਟ ਲਈ ਠੰਢੇ ਪਾਣੀ ਵਿਚ ਡੁਬੋ ਦਿਓ, ਇਸ ਤਰ੍ਹਾਂ ਕਰਨ ਨਾਲ ਫਲਾਂ ਵਿਚਲੀ 'ਖੇਤ ਦੀ ਗਰਮੀ' ਨਿਕਲ ਜਾਵੇਗੀ ਅਤੇ ਇਨ੍ਹਾਂ ਦੀ ਸਾਹ ਅਤੇ ਪੱਕਣ ਦੀ ਕਿਰਿਆ ਘੱਟ ਹੋ ਜਾਵੇਗੀ। ਇਸ ਤਰ੍ਹਾਂ ਠੰਢੇ ਕੀਤੇ ਫਲਾਂ ਨੂੰ ਜ਼ਿਆਦਾ ਸਮੇਂ ਲਈ ਭੰਡਾਰ ਕੀਤਾ ਜਾ ਸਕਦਾ ਹੈ।
ਫਲਾਂ ਦਾ ਸ਼੍ਰੇਣੀਕਰਨ ਅਤੇ ਡੱਬਾਬੰਦੀ : ਫਲਾਂ ਦੀ ਡੱਬਾਬੰਦੀ ਕਰਨ ਤੋਂ ਪਹਿਲਾਂ, ਉਨ੍ਹਾਂ ਦੀ ਛਾਂਟੀ ਕਰਨੀ ਚਾਹੀਦੀ ਹੈ। ਜੇਕਰ ਕੋਈ ਜ਼ਖ਼ਮੀ, ਖ਼ਰਾਬ, ਜ਼ਿਆਦਾ ਪੱਕਿਆ ਹੋਇਆ ਜਾਂ ਬਹੁਤ ਛੋਟਾ ਫਲ ਹੋਵੇ ਤਾਂ ਬਾਹਰ ਕੱਢ ਦਿਓ। ਇਸ ਤੋਂ ਬਾਅਦ ਆਕਾਰ ਦੇ ਆਧਾਰ 'ਤੇ ਫਲਾਂ ਦਾ ਸ਼੍ਰੇਣੀਕਰਨ ਕਰੋ।
ਆਮ ਤੌਰ 'ਤੇ ਆੜੂ ਦੇ ਫਲ ਦੋ ਅਤੇ ਚਾਰ ਕਿਲੋਗ੍ਰਾਮ ਦੇ ਗੱਤੇ ਦੇ ਡੱਬਿਆਂ ਵਿਚ ਬੰਦ (ਪੈਕ) ਕੀਤੇ ਜਾਂਦੇ ਹਨ। ਗੱਤੇ ਦੇ ਡੱਬੇ ਵਿਚ ਹਵਾ ਲਈ ਗਲੀਆਂ (ਮੋਰੀਆਂ) ਦਾ ਹੋਣਾ ਬਹੁਤ ਜ਼ਰੂਰੀ ਹੈ। ਫਲਾਂ ਦੀ ਡੱਬਾਬੰਦੀ ਕਰਨ ਸਮੇਂ ਧਿਆਨ ਰੱਖੋ ਕਿ ਇਹ ਗਲੀਆਂ (ਮੋਰੀਆਂ) ਡੱਬੇ ਅੰਦਰ ਲਾਏ ਕਾਗਜ਼ ਨਾਲ ਬੰਦ ਨਾ ਹੋਣ, ਨਹੀਂ ਤਾਂ ਫਲਾਂ ਦੇ ਖਰਾਬ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।
ਅਲੂਚਾ : ਫਲਾਂ ਦੀ ਤੁੜਾਈ : ਪੰਜਾਬ ਵਿਚ ਲੱਗਣ ਵਾਲੀਆਂ ਅਲੂਚੇ ਦੀਆਂ ਦੋਵਾਂ ਕਿਸਮਾਂ (ਸਤਲੁਜ ਪਰਪਲ ਅਤੇ ਕਾਲਾ ਅੰਮ੍ਰਿਤਸਰੀ) ਦੇ ਫਲ ਮਈ ਮਹੀਨੇ ਦੇ ਪਹਿਲੇ ਅਤੇ ਦੂਜੇ ਹਫ਼ਤੇ ਪੱਕ ਕੇ ਤਿਆਰ ਹੋ ਜਾਂਦੇ ਹਨ। ਅਲੂਚੇ ਦੇ ਫਲਾਂ ਨੂੰ ਰੰਗ ਦੇ ਆਧਾਰ 'ਤੇ ਤੋੜਿਆ ਜਾਂਦਾ ਹੈ। ਦੂਰ ਦੀ ਮੰਡੀ ਵਿਚ ਫਲ ਵੇਚਣ ਲਈ ਫਲ ਨੂੰ ਉਸ ਸਮੇਂ ਤੋੜੋ ਜਦੋਂ 50 ਫੀਸਦੀ ਰੰਗ ਬਣ ਜਾਵੇ ਅਤੇ ਫਲ ਸਖਤ ਹੋਣ। ਫਲ ਨੂੰ ਹਮੇਸ਼ਾ ਛੋਟੀ ਡੰਡੀ ਸਮੇਤ ਤੋੜੋ ਅਤੇ ਤੁੜਾਈ ਸਮੇਂ ਜ਼ਖ਼ਮੀ ਨਾ ਹੋਣ ਦਿਓ। ਫਲਾਂ ਦੀ ਤੁੜਾਈ ਸਵੇਰੇ ਠੰਢੇ ਸਮੇਂ ਕਰਨੀ ਚਾਹੀਦੀ ਹੈ।
ਸ਼੍ਰੇਣੀਕਰਨ ਅਤੇ ਡੱਬਾਬੰਦੀ : ਫਲਾਂ ਦੀ ਦਰਜਾਬੰਦੀ ਕਰਨ ਤੋਂ ਪਹਿਲਾਂ ਨਰਮ, ਦਾਗੀ, ਕੱਚੇ ਜਾਂ ਬਹੁਤੇ ਪੱਕੇ ਹੋਏ ਫਲਾਂ ਨੂੰ ਛਾਂਟ ਕੇ ਬਾਹਰ ਕੱਢ ਦਿਓ। ਬਾਕੀ ਚੁਣੇ ਹੋਏ ਫਲਾਂ ਨੂੰ ਐਗ-ਮਾਰਕ ਸਤਰ ਮੁਤਾਬਿਕ ਵੱਖ-ਵੱਖ ਸ਼੍ਰੇਣੀਆਂ ਵਿਚ ਵੰਡ ਲਵੋ ਅਤੇ ਅਲੱਗ-ਅਲੱਗ ਡੱਬਾਬੰਦੀ ਕਰੋ।
ਦੂਰ ਦੀਆਂ ਮੰਡੀਆਂ ਲਈ ਅਲੂਚੇ ਦੇ ਫਲਾਂ ਨੂੰ 5 ਕਿਲੋ ਦੀਆਂ ਲੱਕੜ ਦੀਆਂ ਪੇਟੀਆਂ ਵਿਚ, ਹੇਠ 8-10 ਸੈਂਟੀਮੀਟਰ ਮੋਟੀ ਨਰਮ ਤਹਿ (ਕਾਗਜ਼ ਦੀਆਂ ਕਤਰਾਂ) ਲਗਾ ਕੇ ਬੰਦ ਕਰੋ। ਪੇਟੀ ਵਿਚ ਫਲਾਂ ਦੀ ਹਰ ਇਕ ਤਹਿ ਬਾਅਦ ਕਾਗਜ਼ ਦੀਆਂ ਕਤਰਾਂ ਦੀ ਤਹਿ ਵਿਛਾਓ।

ਮੋਬਾਈਲ : 81461-97777.

ਕਵਿਤਾ

ਨਿਪੱਤਰੀ ਵੇਲ

* ਸੁਰਿੰਦਰ ਮਕਸੂਦਪੁਰੀ *

ਦਿਲ ਦਰਿਆ ਦੇ ਕੰਢੇ ਬੈਠੀ
ਗੁਆਚੇ 'ਚੰਨ' ਦਾ ਅਕਸ ਨਿਹਾਰਾਂ
ਵਗਦੇ ਵਹਿਣੀ ਵਹਿੰਦੀ ਜਾਵਾਂ
ਦਿਸੇ ਨਾ ਕੋਈ ਥਹੁ ਕਿਨਾਰਾ।
ਹੋ ਗਈ ਔੜਾਂ ਮਾਰੀ ਬੰਜਰ ਧਰਤੀ
ਮੇਰੀ ਜਿੰਦ ਜ਼ਰਖੇਜ਼ ਜ਼ਮੀਨ
ਉਹਦੇ ਵਸਲਾਂ ਦੀ ਇਕ ਛੂਹ ਨੂੰ ਤਰਸੇ
ਪਲ-ਪਲ ਲੋਚੇ ਹੋ ਲਿਵਲੀਨ।
ਦਿਲ ਦਰਿਆ ਵੀ ਸੁੱਕ-ਮੁੱਕ ਗਿਆ
'ਚੰਨ' ਦਾ ਚਿਹਰਾ ਲੁੱਕ-ਛੁਪ ਗਿਆ
ਮਹਿਕਾਂ ਵੰਡਦਾ ਗੁਲਸਿਤਾਨ
ਬਣ ਗਿਆ ਤਪਦਾ ਰੇਗਿਸਤਾਨ।
ਬਲਦੇ ਜੀਵਨ-ਜੰਗਲ ਉੱਤੇ
ਜੇ ਕਰ ਦਏ ਸਾਵਣ ਆ ਬਰਸਾਤ
ਹਿਜ਼ਰਾਂ ਦੀ ਇਹ ਰਾਤ ਫਿਰ ਮਿਟ ਜੇ
ਹੋ ਜਾਏ ਵਸਲਾਂ ਦੀ ਪਰਭਾਤ।
ਦੁਸ਼ਮਣ ਹੋਇਆ ਚਾਰ-ਚੁਫੇਰਾ
ਵੱਢ-ਵੱਢ ਖਾਵੇ ਰੈਣ-ਬਸੇਰਾ
ਹਰ 'ਅੱਖ' ਪਰਖੇ ਮੇਰਾ ਕਿਰਦਾਰ
ਦਸ ਦਿਓ ਮੈਨੂੰ ਮੇਰੇ ਹਾਕਮੋਂ
ਕੀ ਹਨ ਮੇਰੇ ਮੌਲਿਕ ਅਧਿਕਾਰ।
ਸ਼ਾਲਾ, ਮੇਰੀ ਸੁਣੇ ਪੁਕਾਰ
ਸਰਬ-ਸੁਆਮੀ, ਦਾਤਾ ਦਾਤਾਰ
ਕਿਸੇ ਦਾ ਸੁਹਜ-ਸੁਹਾਗ ਨਾ ਵਿਛੜੇ
ਕਿਸੇ ਦੇ ਸਿਰ ਦਾ ਤਾਜ ਨਾ ਵਿਛੜੇ।
'ਮਕਸੂਦਪੁਰੀ' ਮੈਂ ਹਰਦਮ ਕੂਕਾਂ
ਸਾਹ-ਸਤਹੀਣ ਨਿਪੱਤਰੀ ਵੇਲ
ਕਿਸੇ ਦੇ ਘਰ ਨਾ ਪਾਵੀਂ ਰੱਬਾ
ਇਹ ਸੂਲੀ ਲਟਕਦੀ ਪੁੱਠੀ ਖੇਲ।


-234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ।
ਮੋਬਾਈਲ : 99887-10234.

ਖੇਤੀ ਵਿਭਿੰਨਤਾ ਲਈ ਮੱਕੀ ਬੀਜੋ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖਾਲੀਆਂ ਵਿਚ ਬਿਜਾਈ: ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿਚ ਕੀਤੀ ਜਾ ਸਕਦੀ ਹੈ, ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲੱਗਦਾ ਹੈ। ਖਾਲੀਆਂ ਵਿਚ ਬੀਜੀ ਮੱਕੀ ਦੀ ਫ਼ਸਲ ਬਹੁਤ ਘੱਟ ਡਿੱਗਦੀ ਹੈ ਅਤੇ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ।
ਬਿਨਾਂ ਵਹਾਈ ਬਿਜਾਈ : ਬਿਨਾਂ ਵਹਾਈ ਜਾਂ ਵਾਹ ਕੇ ਬੀਜੀ ਹੋਈ ਕਣਕ ਤੋਂ ਬਾਅਦ ਮੱਕੀ ਬਿਨਾਂ ਵਾਹੇ ਜ਼ੀਰੋ ਟਿੱਲ ਡਰਿੱਲ ਨਾਲ ਬੀਜੀ ਜਾ ਸਕਦੀ ਹੈ । ਜਿਨ੍ਹਾਂ ਖੇਤਾਂ ਵਿਚ ਨਦੀਨ ਜ਼ਿਆਦਾ ਹੋਣ ਉਥੇ ਅੱਧਾ ਲਿਟਰ ਗ੍ਰਾਮੈਕਸੋਨ 24 ਐਸ ਐਲ 200 ਲਿਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ ਪਹਿਲਾਂ ਛਿੜਕਣ ਨਾਲ ਉਨ੍ਹਾਂ ਦੀ ਰੋਕਥਾਮ ਕਰ ਸਕਦੇ ਹਾਂ । ਮੱਕੀ ਨੂੰ ਬਿਨਾਂ ਵਾਹੇ ਬੀਜਣ ਦੇ ਕਈ ਲਾਭ ਹਨ ਜਿਵੇਂ ਕਿ ਡੀਜ਼ਲ ਅਤੇ ਸਮੇਂ ਦੀ ਬੱਚਤ, ਵਾਯੂ ਮੰਡਲ ਦਾ ਘੱਟ ਪ੍ਰਦੂਸ਼ਣ, ਪਹਿਲੀ ਸਿੰਚਾਈ ਸਮੇਂ ਪਾਣੀ ਦੀ ਬੱਚਤ, ਨਦੀਨਾਂ ਦੀ ਘੱਟ ਸਮੱਸਿਆ ਆਦਿ ਕਾਰਨਾਂ ਕਰਕੇ ਫ਼ਸਲ ਝਾੜ ਪੂਰਾ ਦਿੰਦੀ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ।
ਗੋਡੀ ਕਰਨਾ ਅਤੇ ਬੂਟੇ ਵਿਰਲੇ ਕਰਨਾ : ਬਿਜਾਈ ਤੋਂ 15 ਅਤੇ 30 ਦਿਨਾਂ ਬਾਅਦ ਦੋ ਗੋਡੀਆਂ ਕਰਕੇ ਫ਼ਸਲ ਵਿਚੋਂ ਘਾਹ-ਫੂਸ ਖ਼ਤਮ ਕੀਤਾ ਜਾ ਸਕਦਾ ਹੈ। ਪਹਿਲੀ ਗੋਡੀ ਖੁਰਪੇ ਜਾਂ ਕਸੌਲੇ ਨਾਲ ਕਰੋ । ਦੂਜੀ ਗੋਡੀ ਲਈ ਇਕ ਪਹੀਏ ਵਾਲੀ ਤ੍ਰਿਫਾਲੀ ਵਰਤੋ । ਪਹਿਲੀ ਗੋਡੀ ਸਮੇਂ ਬੂਟੇ ਵਿਰਲੇ ਕਰ ਦਿਓ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਜੇ ਸਹੀ ਸਮੇਂ 'ਤੇ ਨਾ ਕੀਤੀ ਜਾਵੇ ਤਾਂ ਫ਼ਸਲ ਦੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਨਦੀਨ ਮੱਕੀ ਨਾਲ ਬਿਜਾਈ ਤੋਂ ਲੈ ਕੇ ਵੱਢਣ ਤੱਕ ਨਮੀਂ, ਪੋਸ਼ਟਿਕ ਤੱਤ, ਧੁੱਪ, ਜਗ੍ਹਾ ਆਦਿ ਲਈ ਮੁਕਾਬਲਾ ਕਰਦੇ ਹਨ। ਚੌੜੇ ਪੱਤੇ ਵਾਲੇ ਨਦੀਨਾਂ ਲਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਪ੍ਰਤੀ ਏਕੜ ਦਸ ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਵਰਤੋ ਜਾਂ 250 ਗ੍ਰਾਮ ਫ਼ਸਲ ਦੀਆਂ ਕਤਾਰਾਂ ਤੇ 20 ਸੈਂਟੀਮੀਟਰ ਚੌੜੀ ਪੱਟੀ ਵਿਚ ਛਿੜਕਾਅ ਕਰੋ ਅਤੇ ਕਤਾਰਾਂ ਵਿਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨ੍ਹਾਂ ਬਾਅਦ ਗੋਡੀ ਕਰ ਦਿਓ। ਸਖ਼ਤ ਜਾਨ ਨਦੀਨ ਜਿਵੇਂ ਕਿ ਬਾਂਸ ਪੱਤਾ, ਘਾਹ, ਕਾਂ ਮੱਕੀ ਦੀ ਰੋਕਥਾਮ ਲਈ 600 ਗ੍ਰਾਮ ਐਟਰਾਜੀਨ ਨੂੰ ਇਕ ਲਿਟਰ ਲਾਸੋ 50 ਈ ਸੀ ਜਾਂ ਇਕ ਲਿਟਰ ਸਟੌਂਪ 30 ਈ ਸੀ ਨੂੰ ਪ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਛਿੜਕਾਅ ਕਰੋ। ਖੜ੍ਹੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ 105 ਮਿਲੀਲਿਟਰ ਪ੍ਰਤੀ ਏਕੜ ਲੌਡਿਸ 420 ਐਸ ਸੀ ਦਾ ਛਿੜਕਾਅ 150 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ। ਡੀਲੇ-ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਪ੍ਰਤੀਸ਼ਤ 400 ਮਿ.ਲਿ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਸਿੰਚਾਈ: ਆਮ ਤੌਰ 'ਤੇ ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ 'ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ, ਖਾਸ ਕਰਕੇ ਨਿੱਸਰਣ ਅਤੇ ਸੂਤ ਕੱਤਣ ਸਮੇਂ। ਛੋਟੀ ਉਮਰ ਦੀ ਮੱਕੀ ਵਿਚ ਪਾਣੀ ਖੜ੍ਹਾ ਹੋਣ ਨਾਲ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ । ਫ਼ਸਲ ਨੂੰ ਖੜ੍ਹੇ ਪਾਣੀ ਤੋਂ ਬਚਾਉਣ ਲਈ ਖੇਤ ਦੇ ਨੀਵੇਂ ਪਾਸੇ ਵੱਲ ਇਕ ਲੋੜੀਂਦੀ ਨਿਕਾਸ ਨਾਲੀ ਬਣਾ ਲਓ ਜਿਸ ਰਾਹੀਂ ਵਾਧੂ ਪਾਣੀ ਬਾਹਰ ਕੱਢਿਆ ਜਾ ਸਕੇ । ਜੇਕਰ ਜ਼ਿਆਦਾ ਪਾਣੀ ਖੜ੍ਹਨ ਨਾਲ ਨੁਕਸਾਨ ਹੋ ਜਾਵੇ ਤਾਂ 6 ਕਿਲੋ ਯੂਰੀਆ ਨੂੰ 200 ਲਿਟਰ ਵਿਚ ਘੋਲ ਬਣਾ ਕੇ (3 ਪ੍ਰਤੀਸ਼ਤ) ਦੋ ਵਾਰੀ ਹਫ਼ਤੇ ਦੇ ਫ਼ਰਕ 'ਤੇ ਛਿੜਕੋ । ਜੇਕਰ ਨੁਕਸਾਨ ਦਰਮਿਆਨੇ ਤੋਂ ਭਾਰੀ ਹੋ ਜਾਵੇ ਤਾਂ ਫ਼ਸਲ ਵਿਚੋਂ ਪਾਣੀ ਕੱਢਣ ਮਗਰੋਂ 12-24 ਕਿਲੋ ਨਾਈਟ੍ਰੋਜਨ (25-50 ਕਿਲੋ ਯੂਰੀਆ) ਪ੍ਰਤੀ ਏਕੜ ਹੋਰ ਪਾਓ।
ਖਾਦਾਂ: ਮੱਕੀ ਦੀ ਫ਼ਸਲ ਖੁਰਾਕੀ ਤੱਤਾਂ ਨੂੰ ਬਹੁਤ ਮੰਨਦੀ ਹੈ। ਪਰ ਫ਼ਸਲ ਵਿਚ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਧਾਰ ਅਤੇ ਫ਼ਸਲੀ ਚੱਕਰ ਨੂੰ ਮੱਦੇ-ਨਜ਼ਰ ਰੱਖ ਕੇ ਕਰੋ। ਮੱਕੀ ਦੀ ਫ਼ਸਲ ਵਿਚ ਰੂੜੀ ਦੀ ਗਲੀ-ਸੜੀ ਅਤੇ ਹਰੀ ਖਾਦ ਪਾਉਣੀ ਚਾਹੀਦੀ ਹੈ। ਹਰੀ ਖਾਦ ਲਈ ਰਵਾਂਹ ਜਾਂ ਸਣ ਜਾਂ ਜੰਤਰ ਕ੍ਰਮਵਾਰ 12, 20 ਅਤੇ 20 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਪਾ ਕੇ ਬਿਜਾਈ ਅਪ੍ਰੈਲ ਦੇ ਦੂਜੇ ਪੰਦਰ੍ਹਵਾੜੇ ਵਿਚ ਕਰੋ । ਫ਼ਸਲ ਜਦੋਂ 50 ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਮੱਕੀ ਬੀਜਣ ਤੋਂ ਤਕਰੀਬਨ 10 ਦਿਨ ਪਹਿਲਾਂ ਮਿੱਟੀ ਵਿਚ ਦਬਾਅ ਦਿਓ ਤੇ ਗਲਣ ਦਿਓ। ਜੇਕਰ ਗਰਮ ਰੁੱਤ ਦੀ ਮੂੰਗੀ ਬੀਜੀ ਗਈ ਹੋਵੇ ਤਾਂ ਫ਼ਲੀਆਂ ਤੋੜਨ ਪਿੱਛੋਂ ਇਸ ਨੂੰ ਮੱਕੀ ਬੀਜਣ ਤੋਂ ਪਹਿਲਾਂ ਵਾਹ ਕੇ ਦੱਬ ਦਿਓ। ਰੂੜੀ ਦੀ ਖਾਦ ਦੀ ਵਰਤੋਂ ਨਾਲ ਜ਼ਮੀਨ ਦੀ ਹਾਲਤ ਸੁਧਰਦੀ ਹੈ ਅਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੀ ਵਧਦੀ ਹੈ।
ਖਾਦਾਂ ਦੀ ਸਮੇਂ ਸਿਰ ਵਰਤੋਂ ਫ਼ਸਲ ਦਾ ਝਾੜ ਵਧਾਉਂਦੀ ਹੈ। ਚੰਗਾ ਝਾੜ ਲੈਣ ਲਈ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ 1 ਨੂੰ 90 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ। ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 2, ਕੇਸਰੀ ਅਤੇ ਪਰਲ ਪੌਪ ਕੌਰਨ ਨੂੰ 65 ਕਿਲੋ ਯੂਰੀਆ, 27 ਕਿਲੋ ਡੀ.ਏ.ਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ। ਜੇ ਖੇਤ ਵਿਚ ਜ਼ਿੰਕ ਦੀ ਘਾਟ ਹੋਵੇ ਤਾਂ 10 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਸਾਰੀ ਫਾਸਫੋਰਸ, ਪੋਟਾਸ਼ ਅਤੇ ਤੀਜਾ ਹਿੱਸਾ ਨਾਈਟ੍ਰੋਜਨ ਵਾਲੀ ਖਾਦ ਬਿਜਾਈ ਸਮੇਂ ਪਾਉ। ਬਾਕੀ ਦੀ ਰਹਿੰਦੀ ਨਾਈਟ੍ਰੋਜਨ ਵਾਲੀ ਖਾਦ ਦੋ ਹਿੱਸਿਆਂ ਵਿਚ ਪਾਓ। ਇਕ ਹਿੱਸਾ ਉਸ ਵੇਲੇ ਜਦ ਫ਼ਸਲ ਗੋਡੇ-ਗੋਡੇ ਹੋ ਜਾਵੇ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦਿਓ। ਜੇ ਮੱਕੀ ਨੂੰ 6 ਟਨ ਪ੍ਰਤੀ ਏਕੜ ਤੋਂ ਵੱਧ ਚੰਗੀ ਗਲੀ ਸੜੀ ਰੂੜੀ ਹਰ ਸਾਲ ਪਾਈ ਜਾਵੇ ਤਾਂ ਬਿਜਾਈ ਸਮੇਂ ਮੱਕੀ ਨੂੰ ਕਿਸੇ ਖਾਦ ਦੀ ਲੋੜ ਨਹੀਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਮੋਬਾਈਲ : 98726-60990

ਵੀਰਾ ਜੀਣ ਜੋਗਿਆ ਵੇ

* ਗੁਰਭਜਨ ਗਿੱਲ *

ਵੀਰਾ ਜੀਣ ਜੋਗਿਆ ਵੇ
ਆਪਾਂ ਰਲ ਪੰਜਾਬ ਬਚਾਉਣਾ।
ਵੀਹ ਜੂਨ ਤੋਂ ਪਹਿਲਾਂ ਨਾ,
ਆਪਾਂ ਖੇਤ 'ਚ ਝੋਨਾ ਲਾਉਣਾ।
ਵੱਢ ਕਣਕ ਨਾੜਕੇ ਦੇ
ਪਹਿਲਾਂ ਬੀਜ ਤੂੰ ਮੂੰਗੀ ਸੱਠੀ।
ਦਾਲਾਂ ਗੁਣਕਾਰੀ ਨੇ,
ਜੜ੍ਹ ਵਿਚ ਕਰਨ ਖਾਦ ਵੀ ਕੱਠੀ।
ਕਾਹਲੀ ਨਾ ਕਰ ਵੀਰਾ
ਕਾਹਲੇ ਨੂੰ ਪੈਂਦਾ ਪਛਤਾਉਣਾ।
ਰਹਿੰਦੇ ਦਸ ਦਿਨ ਜੂਨ ਦਿਉਂ,
ਸ਼ੁਰੂ ਕਰੀਂ ਤੂੰ ਝੋਨਾ ਲਾਉਣਾ।
ਡੂੰਘੇ ਹੋਏ ਪਾਣੀਆਂ ਨੇ
ਮਹਿੰਗੇ ਬੋਰਾਂ ਬੱਸ ਕਰਾਈ।
ਧਰਤੀ ਵੀ ਨੁੱਚੜ ਗਈ,
ਤਾਹੀਉਂ ਸਾਡੀ ਸ਼ਾਮਤ ਆਈ।
ਜੇ ਹੁਣ ਵੀ ਸਮਝੇ ਨਾ,
ਪੈ ਜੂ ਝੁੱਗਾ ਚੌੜ ਕਰਾਉਣਾ।
ਰਹਿੰਦੇ ਦਸ ਦਿਨ ਜੂਨ ਦਿਉਂ
ਸ਼ੁਰੂ ਕਰੀਂ ਤੂੰ ਝੋਨਾ ਲਾਉਣਾ।
ਤੇਰੇ ਹੀ ਹੱਕ ਵਿਚ ਹੈ,
ਮੰਨ ਲੈ ਵਿਗਿਆਨ ਦਾ ਕਹਿਣਾ।
ਖਰਚੇ ਵਧ ਕਰ ਕਰ ਕੇ,
ਨਹੀਂਉਂ ਗਲੋਂ ਗਲਾਵਾਂ ਲਹਿਣਾ।
ਕਰ ਲਾਪ੍ਰਵਾਹੀਆਂ ਤੂੰ,
ਮੌਤ ਨੂੰ ਮਾਸੀ ਆਖ ਬੁਲਾਉਣਾ।
ਵੀਹ ਜੂਨ ਤੋਂ ਪਹਿਲਾਂ ਨਾ,
ਸ਼ੁਰੂ ਕਰੀਂ ਤੂੰ ਝੋਨਾ ਲਾਉਣਾ।
ਮਰਨਾ ਜਾਂ ਜੀਣਾ ਹੈ,
ਤੇਰੇ ਹੱਥ ਜੰਦਰੇ ਦੀ ਚਾਬੀ।
ਅਕਲਾਂ ਸਿਰ ਖਰਚ ਘਟਾ,
ਓਇ ਤੂੰ ਕਿਰਤੀ ਸ਼ੇਰ ਪੰਜਾਬੀ।
ਖੁਦ ਆਪ ਸਮਝਣਾ ਹੈ,
ਨਾਲੇ ਪਿੰਡ ਸਾਰਾ ਸਮਝਾਉਣਾ।
ਵੀਹ ਜੂਨ ਤੋਂ ਪਹਿਲਾਂ ਨਾ,
ਆਪਾਂ ਇਕ ਵੀ ਤੀਲ੍ਹਾ ਲਾਉਣਾ।


-ਮੋਬਾਈਲ : 81463-29999.

ਮੇਰਾ ਰੁੰਡ ਮਰੁੰਡ ਪੰਜਾਬ

ਜਿਉਂ-ਜਿਉਂ ਆਬਾਦੀ ਵਧੇਗੀ, ਆਵਾਜਾਈ ਵੀ ਵਧੇਗੀ ਤੇ ਇਸ ਦੇ ਨਾਲ ਹੀ ਸੜਕਾਂ ਦੇ ਜਾਲ ਵਿਛਾਉਣੇ ਪੈਣਗੇ ਤੇ ਮੌਜੂਦਾ ਸੜਕਾਂ ਨੂੰ ਚੌੜਾ ਕਰਨਾ ਪਵੇਗਾ। ਇਸ ਕਾਰਜ ਲਈ ਸੜਕਾਂ ਕੰਢੇ ਲੱਗੇ ਰੁੱਖ ਪੁੱਟਣੇ ਹੀ ਪੈਣਗੇ, ਇਹ ਵਿਕਾਸ ਅਧਿਕਾਰੀਆਂ ਦਾ ਮੰਨਣਾ ਹੈ। ਪਰ ਇਹ ਸਾਰਾ ਕੁਝ ਬਹੁਤ ਨੁਕਸਾਨ ਕਰ ਰਿਹਾ ਹੈ। ਖੇਤਾਂ ਵਿਚੋਂ ਛਾਂ ਦੀ ਮਾਰ ਤੋਂ ਫ਼ਸਲਾਂ ਨੂੰ ਬਚਾਉਣ ਦੇ ਬਹਾਨੇ, ਪਹਿਲੋਂ ਹੀ ਲੋਕ ਰੁੱਖ ਪੁੱਟੀ ਜਾਂਦੇ ਨੇ ਤੇ ਹੁਣ ਸੜਕਾਂ ਦੁਆਲੇ ਲੱਗੇ 50 ਸਾਲ ਤੋਂ ਵੀ ਪੁਰਾਣੇ ਰੁੱਖ ਸੜਕਾਂ ਦੀ ਹੀ ਭੇਟਾ ਚੜ੍ਹ ਰਹੇ ਨੇ। ਦੁੱਖ ਦੀ ਗੱਲ ਹੈ ਕਿ ਕੋਈ ਵੀ ਸੰਸਥਾ ਜਾਂ ਮਹਿਕਮਾ ਇਨ੍ਹਾਂ ਦੇ ਬਦਲੇ ਰੁੱਖ ਨਹੀਂ ਲਾ ਰਿਹਾ। ਜਦ ਕਈ ਸਾਲ ਪਹਿਲੋਂ ਹੀ (ਘੱਟੋ ਘੱਟ 5 ਸਾਲ ਤਾਂ) ਪਤਾ ਹੀ ਹੁੰਦਾ ਹੈ ਕਿ ਇਹ ਸੜਕ ਚੌੜੀ ਕਰਨੀ ਹੈ ਜਾਂ ਨਵੀਂ ਕੱਢਣੀ ਹੈ ਤਾਂ ਕਿਉਂ ਨਹੀਂ ਉਸ ਅਨੁਸਾਰ ਪਹਿਲੋਂ ਹੀ ਰੁੱਖ ਲਾਏ ਜਾਂਦੇ? ਸੜਕ ਬਣਦੇ ਵੀ 2-4 ਸਾਲ ਲੱਗ ਜਾਂਦੇ ਹਨ। ਏਨੇ ਚਿਰ ਵਿਚ ਰੁੱਖ ਆਰਾਮ ਨਾਲ ਛਾਂ ਦੇਣ ਲੱਗ ਜਾਂਦੇ ਹਨ। ਪਰ ਇਥੇ ਕਾਗਜ਼ਾਂ 'ਚ ਤਾਂ ਹੋ ਸਕਦਾ ਇਹ ਕਾਨੂੰਨ ਹੋਵੇ ਪਰ ਅਮਲ ਲਈ ਕਿਸੇ ਕੋਲ ਸਮਾਂ ਨਹੀਂ। ਸਾਰਾ ਢਾਂਚਾ ਹੀ ਵਿਗੜ ਚੁੱਕਾ ਹੈ, ਹੁਣ ਪੰਜਾਬ ਨੂੰ ਰੁੰਡ-ਮਰੁੰਡ ਹੋਣ ਤੋਂ ਬਚਾਉਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ।

-ਮੋਬਾ: 98159-45018

ਚਿੱਠੀ ਪੱਤਰ ਦੇ ਬਦਲੇ ਤੌਰ ਤਰੀਕੇ

ਯੁਗਾਂ-ਯੁਗਾਂਤਰਾਂ ਤੋਂ ਜਦੋਂ ਦੀ ਸ੍ਰਿਸ਼ਟੀ ਸਾਜੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਆਪਣੇ ਸਾਰੇ ਹੀ ਸੰਸਾਰੀ ਜੀਵ ਇਕ ਦੂਜੇ ਦੀ ਸੁੱਖ ਸ਼ਾਂਤੀ ਪੁੱਛਣ ਲਈ ਉਤਾਵਲੇ ਰਹਿੰਦੇ ਹਾਂ। ਰਿਸ਼ਤੇਦਾਰੀਆਂ ਭਾਵੇਂ ਦੂਰ ਹੋਣ ਜਾਂ ਨੇੜੇ ਪਰ ਇਕ ਦੂਜੇ ਦਾ ਹਾਲ ਜਾਨਣਾ ਵੀ ਆਪਣੀ ਜ਼ਿੰਦਗੀ ਦਾ ਅਹਿਮ ਪਹਿਲੂ ਰਿਹਾ ਹੈ ਪਰ ਇਹ ਜਾਨਣ ਲਈ ਸਮੇਂ ਸਮੇਂ 'ਤੇ ਇਸ ਦੇ ਤੌਰ 'ਤੇ ਤਰੀਕੇ ਬਦਲਦੇ ਰਹੇ ਹਨ। ਕੋਈ ਸਮਾਂ ਸੀ ਜਦੋਂ ਕਹਿੰਦੇ ਨੇ, ਸੁਣਿਆ ਵੀ ਹੈ ਕਿ ਕਬੂਤਰਾਂ ਦੇ ਗਲ ਵਿਚ ਲਿਖ ਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਕਿਸੇ ਦੂਰ ਦੁਰਾਡੇ ਸੱਜਣ-ਦੋਸਤ ਮਿੱਤਰ ਜਾਂ ਆਪਣੇ ਕਿਸੇ ਚਹੇਤੇ ਨੂੰ ਭੇਜ ਦੇਣੀ, ਸ਼ਾਇਦ ਉਦੋਂ ਹੀ ਇਹ ਗੀਤ ਦੇ ਬੋਲ ਬਣੇ ਜੋ ਇਸ ਦੀ ਹਾਮੀ ਵੀ ਭਰਦੇ ਹਨ : 'ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਵੀਂ ਵੇ ਕਬੂਤਰਾ'। ਇਸ ਵਿਚ ਕਿੰਨੀ ਕੁ ਸੱਚਾਈ ਹੈ ਇਸ ਦਾ ਕੋਈ ਪੱਕਾ ਇਲਮ ਤਾਂ ਨਹੀਂ ਹੈ ਪਰ ਇਹ ਬੋਲ ਜ਼ਰੂਰ ਸੁਣੇ ਨੇ। ਉਸ ਤੋਂ ਬਾਅਦ ਦੇ ਸਮਿਆਂ ਵਿਚ ਸਰਕਾਰੀ ਵਿਭਾਗ ਡਾਕ-ਤਾਰ ਮਹਿਕਮੇ ਰਾਹੀਂ ਚਿੱਠੀਆਂ ਭੇਜਣ ਤੇ ਆਉਣ ਦਾ ਸਿਲਸਿਲਾ ਵੀ ਕਾਫ਼ੀ ਪੁਰਾਣਾ ਹੈ। ਚਿੱਠੀ ਪੱਤਰਾਂ ਰਾਹੀਂ ਰਿਸ਼ਤੇਦਾਰੀਆਂ ਦੋਸਤਾਂ ਤੇ ਸਨੇਹੀਆਂ ਦੀ ਸੁੱਖ-ਸਾਂਦ ਦਾ ਪਤਾ ਲਾਉਣ ਲਈ ਇਨ੍ਹਾਂ ਦਾ ਅਦਾਨ ਪ੍ਰਦਾਨ ਕਾਫ਼ੀ ਸਮਾਂ ਸਿਖ਼ਰਾਂ 'ਤੇ ਰਿਹਾ ਹੈ ਪਰ ਆਮ ਹੀ ਕਹਿੰਦੇ ਸਨ ਕਿ ਕਈ ਵਾਰ ਤਾਂ ਚਿੱਠੀ ਨੂੰ ਥੋੜ੍ਹਾ ਸਫ਼ਰ ਤੈਅ ਕਰਨ ਲਈ ਵੀ ਮਹੀਨੇ ਲੱਗ ਜਾਂਦੇ ਸਨ ਭਾਵ ਇਸ ਮਹਿਕਮੇ ਨੂੰ ਸੁਸਤ ਮਹਿਕਮੇ ਦਾ ਦਰਜਾ ਦਿੱਤਾ ਗਿਆ ਸੀ। ਬੇਸ਼ੱਕ ਅੱਜ ਵੀ ਇਕੀਵੀਂ ਸਦੀ ਦੇ ਵਿਚ ਇਹ ਗੱਲ ਪ੍ਰਚੱਲਿਤ ਹੈ ਪਰ ਸਿਰਫ਼ ਸਰਕਾਰੀ ਵਿਭਾਗਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਪਿਛਲੇ ਸਮੇਂ ਵਿਚ ਰਾਜੇ-ਮਹਾਰਾਜੇ ਵੀ ਆਪਣੇ ਦਰਬਾਨ ਹੱਥੀਂ ਇਕ ਰਾਜੇ ਤੋਂ ਦੂਜੇ ਰਾਜੇ ਤੱਕ ਆਪਣਾ ਸੰਦੇਸ਼ ਲਿਖ ਕੇ ਭੇਜਦੇ ਰਹੇ ਹਨ। ਉਸ ਤੋਂ ਬਾਅਦ ਦੂਰ ਸੰਚਾਰ ਮਹਿਕਮੇ ਨੇ ਜਦੋਂ ਟੈਲੀਫ਼ੂਨ ਇਜ਼ਾਦ ਕੀਤਾ ਤਾਂ ਫ਼ਿਰ ਇਸ ਗੀਤ ਦੇ ਬੋਲ ਵੀ ਕੰਨਾਂ ਵਿਚ ਪਏ : 'ਤੁਸੀ ਚਿੱਠੀਆਂ ਪਾਉਣੀਆਂ ਭੁੱਲ ਗੇ, ਜਦੋਂ ਦਾ ਟੈਲੀਫੂਨ ਲੱਗਿਆ'। ਭਾਵ ਟੈਲੀਫੂਨ ਭਾਵੇਂ ਨੰਬਰ ਮੰਗ ਕੇ ਐਕਸਚੇਂਜ ਰਾਹੀਂ ਨੰਬਰ ਲਿਆ ਜਾਂਦਾ ਸੀ ਪਰ ਗੱਲਬਾਤ ਸਹੀ ਹੋ ਜਾਂਦੀ ਸੀ ਤੇ ਡਾਕ ਰਾਹੀਂ ਚਿੱਠੀਆਂ ਪਾਉਣ ਦਾ ਰਿਵਾਜ ਬਿਲਕੁਲ ਖ਼ਤਮ ਹੋ ਗਿਆ ਸੀ। ਫਿਰ ਡਾਇਲ ਵਾਲੇ ਫੋਨ ਸੰਚਾਰ ਵਿਭਾਗ ਨੇ ਕੱਢੇ ਤੇ ਹੁਣ ਤਾਂ ਇਕੀਵੀਂ ਸਦੀ ਵਿਚ ਇੰਟਰਨੈਟ ਨੇ ਐਨੀ ਤਰੱਕੀ ਕਰ ਲਈ ਹੈ ਕਿ ਚਿੱਠੀ ਪੱਤਰ ਤਾਂ ਬਿਲਕੁਲ ਖਤਮ ਹੋ ਗਏ ਹਨ ਤੇ ਵਿਆਹ ਸ਼ਾਦੀਆਂ ਤੇ ਕਿਸੇ ਗ਼ਮੀਂ ਦੇ ਸੰਦੇਸ਼ ਵੀ ਮੋਬਾਈਲ ਫੋਨਾਂ ਰਾਹੀਂ, ਫੇਸਬੁੱਕ ਜਾਂ ਵੱਟਸਐਪ ਰਾਹੀਂ ਹੀ ਦਿੱਤੇ ਜਾਂਦੇ ਹਨ। ਇਥੋਂ ਤੱਕ ਕੇ ਜੇ ਕੋਈ ਵਿਆਹ ਸ਼ਾਦੀ ਜਾਂ ਅੰਤਿਮ ਅਰਦਾਸ ਦਾ ਕਾਰਡ ਵੀ ਛਪਵਾਇਆ ਹੋਵੇ ਉਹ ਵੀ ਫੋਟੋ ਕਰਕੇ ਫੇਸਬੁੱਕ ਜਾਂ ਵੱਟਸਅੱਪ 'ਤੇ ਭੇਜ ਦਿੱਤਾ ਜਾਂਦਾ ਹੈ। ਕੋਈ ਵੀ ਚਿੱਠੀ ਪੱਤਰਾਂ ਜਾਂ ਫ਼ਿਰ ਡਾਕ ਤਾਰ ਵਾਲੇ ਝਮੇਲਿਆਂ ਵਿਚ ਪੈਂਦਾ ਹੀ ਨਹੀਂ ਹੈ। ਉਹ ਗੱਲ ਵੱਖਰੀ ਹੈ ਕਿ ਵਿਆਹ ਸ਼ਾਦੀ ਵਿਚ ਜੇਕਰ ਕਿਸੇ ਨੇ ਪੰਜ ਸੌ ਰੁਪਏ ਦਾ ਸ਼ਗਨ ਦੇਣਾ ਹੋਵੇ ਤਾਂ ਅਗਲੇ ਪਾਸਿਓਂ ਉਸ ਨੋਟ ਦੀ ਫੋਟੋ ਖਿੱਚ ਕੇ ਸੰਦੇਸ਼ ਭੇਜਣ ਵਾਲੇ ਨੂੰ ਸ਼ਗਨ ਦੇ ਤੌਰ 'ਤੇ ਭੇਜ ਦਿੰਦੇ ਹਨ ਤੇ ਉਹ ਮਠਿਆਈ ਦੀ ਭਰੀ ਪਲੇਟ ਦੀ ਫੋਟੋ ਉਤਾਰ ਕੇ ਸ਼ਗਨ ਵਾਲੇ ਨੂੰ ਵਾਪਸ ਭੇਜ ਦਿੰਦਾ ਹੈ (ਖ਼ੈਰ ਇਹ ਤਾਂ ਇਕ ਮਜ਼ਾਕੀਆ ਲਹਿਜਾ ਸੀ)। ਕੁਝ ਵੀ ਹੈ ਹੁਣ ਤਾਂ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਪੁਰਾਤਨ ਡਾਕ ਵਿਭਾਗ ਦੇ ਲੈਟਰ ਬਾਕਸ ਵੀ ਖ਼ਤਮ ਹੀ ਹੋ ਗਏ ਹਨ ਭਾਵ ਉਹ ਸਮੇਂ ਹੀ ਖੰਭ ਲਾ ਕੇ ਉੱਡ ਗਏ ਹਨ। ਇਹੋ ਹੀ ਹਾਲ ਟੈਲੀਗ੍ਰਾਮ ਭਾਵ ਤਾਰ ਦਾ ਹੈ, ਅਜੋਕੇ ਬਦਲੇ ਸਮੇਂ ਨੇ ਜਿੱਥੇ ਇਹ ਸਭ ਕੰਮ ਅਸਾਨ ਤੇ ਛੇਤੀ ਕਰ ਦਿੱਤੇ ਹਨ ਉਥੇ ਹੀ ਪੈਸੇ ਦੇ ਖ਼ਰਚ ਹੱਦੋਂ ਬਾਹਲੇ ਵਧਾ ਦਿੱਤੇ ਹਨ ਪਰ ਫਿਰ ਵੀ ਲੋਕ ਇਸ ਵਾਧੇ ਦਾ ਹੀ ਇਸਤੇਮਾਲ ਕਰ ਰਹੇ ਹਨ।


-ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾਈਲ : 94176-22046

ਜੂਨ ਮਹੀਨੇ ਦੇ ਰੁਝੇਵੇਂ

ਮੂੰਗਫਲੀ
ਬਰਾਨੀ ਹਾਲਤਾਂ ਵਿਚ ਮੂੰਗਫਲੀ ਦੀ ਬਿਜਾਈ ਜੂਨ ਦੇ ਅਖੀਰਲੇ ਹਫ਼ਤੇ ਤੋਂ ਬਾਰਿਸ਼ ਪੈਣ 'ਤੇ ਕਰੋ। ਬੀਜਣ ਤੋਂ ਪਹਿਲਾਂ ਖੇਤ ਨੂੰ ਪਾਣੀ ਦਿਓ। ਵਧੀਆ ਝਾੜ ਲੈਣ ਲਈ ਮੋਟਾ ਬੀਜ ਵਰਤੋ। ਗਿੱਚੀਦੇ ਗਾਲੇ ਦੀ ਰੋਕਥਾਮ ਲਈ ਬੀਜ ਨੂੰ 5 ਗ੍ਰਾਮ ਥੀਰਮ ਜਾਂ 3 ਗ੍ਰਾਮ ਇੰਡੋਫਿਲ ਐਮ-45 ਪ੍ਰਤੀ ਕਿਲੋਗ੍ਰਾਮ ਗਿਰੀਆਂ ਦੇ ਹਿਸਾਬ ਨਾਲ ਸੋਧ ਲਓ। 38 ਕਿਲੋ ਗਿਰੀਆਂ ਐਮ-522 ਅਤੇ ਐਸ. ਜੀ. 84 ਲਈ ਅਤੇ 40 ਕਿਲੋ ਐਸ. ਜੀ. 99 ਲਈ ਵਰਤੋ।
ਬਿਜਾਈ ਸਮੇਂ 50 ਕਿਲੋ ਸਿੰਗਲ ਸੁਪਰਫਾਸਫੇਟ, 50 ਕਿਲੋਜਿਪਸਮ ਅਤੇ 13 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦਿਓ। ਚਿੱਟੀ ਸੁੰਡੀ ਦੀ ਰੋਕਥਾਮ ਲਈ ਬੀਜਣ ਤੋਂ ਪਹਿਲਾਂ ਗਿਰੀਆਂ ਨੂੰ 12.5 ਮਿਲੀਲਿਟਰ ਡਰਸਬਾਨ 20 ਤਾਕਤ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧੋ। ਬੀਜਣ ਤੋਂ ਪਹਿਲਾਂ ਜਾਂ ਬੀਜਣ ਸਮੇਂ ਖੇਤ 'ਚ 13 ਕਿਲੋ ਫੂਰਾਡਾਨ ਦਾਣੇਦਾਰ 3 ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ।
ਸਾਉਣੀ ਦੀਆਂ ਦਾਲਾਂ
ਮਾਂਹ ਦੀ ਬਿਜਾਈ ਜੂਨ ਦੇ ਅਖੀਰਲੇ ਹਫ਼ਤੇ ਖਾਸ ਕਰਕੇ ਹਲਕੀਆਂ ਜ਼ਮੀਨਾਂ 'ਤੇ ਕਰਨੀ ਚਾਹੀਦੀ ਹੈ। ਮਾਂਹ ਦੀ ਫ਼ਸਲ ਵਿਚੋਂ ਨਦੀਨਾਂ ਦੀ ਰੋਕਥਾਮ ਸਟੌਂਪ 30 ਈ.ਸੀ. ਇਕ ਲਿਟਰ ਪ੍ਰਤੀ ਏਕੜ ਬਿਜਾਈ ਦੇ ਦੋ ਦਿਨਾਂ ਅੰਦਰ ਛਿੜਕ ਕੇ ਕੀਤੀ ਜਾ ਸਕਦੀ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਲਈ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਮਾਂਹ ਦੇ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਵਰਤੋ। ਮਾਂਹ ਨੂੰ 11 ਕਿਲੋ ਯੂਰੀਆ, 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਓ। ਸੱਠੀ ਮੂੰਗੀ 'ਤੇ ਥਰਿੱਪ ਦਾ ਹਮਲਾ ਫੁੱਲ ਡੋਡੀਆਂ ਅਤੇ ਫਲੀਆਂ ਆਦਿ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ ਫੁੱਲਾਂ ਤੇ ਆਈ ਫ਼ਸਲ 'ਤੇ 100 ਮਿਲੀਲਿਟਰ ਰੋਗਰ 30 ਤਾਕਤ ਜਾਂ ਮੈਲਾਥੀਆਨ 50 ਤਾਕਤ ਨੂੰ 80-120 ਲਿਟਰ ਪਾਣੀ ਵਿਚ ਮਿਲਾ ਕੇ ਛਿੜਕੋ।


ਸੰਯੋਜਕ : ਅਮਰਜੀਤ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX