ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਵਾਤਾਵਰਨ ਨੂੰ ਨਿਗਲਦੇ ਕੰਕਰੀਟ ਦੇ ਜੰਗਲ

ਪਰਮਾਤਮਾ ਨੇ ਇਸ ਸੰਪੂਰਨ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਅਤੇ ਧਰਤੀ ਨੂੰ ਸਭ ਤੋਂ ਅਨਮੋਲ ਗ੍ਰਹਿ ਹੋਣ ਦਾ ਮਾਣ ਬਖ਼ਸ਼ਿਆ ਹੈ। ਧਰਤੀ ਮਾਤਾ ਸਾਡੀ ਸਭ ਦੀ ਪਾਲਣਹਾਰ ਹੈ ਅਤੇ ਪਰਮਾਤਮਾ ਨੇ ਇਸ ਨੂੰ ਸ਼ਿੰਗਾਰਨ ਵਿਚ ਕੋਈ ਕਸਰ ਨਹੀਂ ਛੱਡੀ। ਪਰਮਪਿਤਾ ਨੇ ਹਰੇ ਭਰੇ ਰੁੱਖ, ਸਾਫ ਪਾਣੀ ਦੀਆਂ ਨਦੀਆਂ, ਸਮੁੰਦਰ, ਘਾਟੀਆਂ, ਹਿਮਾਲਿਆ ਵਰਗੇ ਬਰਫ਼ ਦੇ ਪਹਾੜ ਅਤੇ ਹੋਰ ਕਈ ਅਲੌਕਿਕ ਨਜ਼ਾਰਿਆਂ ਨਾਲ ਧਰਤੀ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚ ਵੀ ਹਵਾ, ਪਾਣੀ ਅਤੇ ਧਰਤੀ ਦੀ ਮਹੱਤਤਾ ਦਾ ਬਿਆਨ ਕੀਤਾ ਗਿਆ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੇ ਕੁਦਰਤੀ ਸੋਮਿਆਂ ਨੂੰ ਕੁਝ ਦਹਾਕੇ ਪਹਿਲਾਂ ਅਸੀਂ ਰੱਬ ਵਾਂਗ ਪੂਜਦੇ ਸਾਂ, ਉਨ੍ਹਾਂ ਨੂੰ ਹੀ ਹੁਣ ਮਨੁੱਖ ਦੁਆਰਾ ਸੱਭਿਅਤਾ ਦੇ ਵਿਕਾਸ ਅਤੇ ਉਦਯੋਗਿਕ ਕ੍ਰਾਂਤੀ ਦੇ ਨਾਂਅ 'ਤੇ ਬੜੀ ਬੇਰਹਿਮੀ ਨਾਲ ਲੁੱਟਿਆ-ਖਸੁੱਟਿਆ ਜਾ ਰਿਹਾ ਹੈ। ਜੋ ਜੰਗਲ ਦੇ ਰੁੱਖ ਸੂਰਜ ਦੀ ਭਿਆਨਕ ਤਪਸ਼ ਨੂੰ ਆਪਣੇ ਉੱਪਰ ਝੱਲ ਕੇ, ਆਪ ਝੁਲਸ ਕੇ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਬਾਰਿਸ਼ ਕਰਾਉਣ ਵਿਚ ਸਹਾਇਕ ਬਣ ਕੇ ਧਰਤੀ ਮਾਤਾ ਦੀ ਹਿੱਕ ਠਾਰਦੇ ਹਨ, ਉਨ੍ਹਾਂ 'ਤੇ ਬੇਦਰਦੀ ਨਾਲ ਕੁਹਾੜਾ ਚਲਾਇਆ ਜਾ ਰਿਹਾ ਹੈ। ਤਰੱਕੀ ਦੀ ਅੰਨ੍ਹੀ ਦੌੜ ਵਿਚ ਭੱਜਦਾ ਮਨੁੱਖ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ' ਵਿਚ ਛੁਪੇ ਰੁੱਖਾਂ ਪ੍ਰਤੀ ਸਨਮਾਨ ਨੂੰ ਸਿਰੋਂ ਖਾਰਜ ਕਰਦਾ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਉਦਯੋਗਿਕ ਕ੍ਰਾਂਤੀ ਦੇ ਨਾਂਅ 'ਤੇ ਇੰਨੀ ਤੇਜ਼ੀ ਨਾਲ ਖਿੱਚਿਆ ਜਾ ਰਿਹਾ ਹੈ ਕਿ ਸੰਸਾਰ ਦੇ ਕਈ ਵਿਕਸਿਤ ਦੇਸ਼ਾਂ ਦੇ ਸ਼ਹਿਰਾਂ ਵਿਚ 'ਜ਼ੀਰੋ ਵਾਟਰ ਡੇ' ਘੋਸ਼ਿਤ ਕਰਨ ਦੀ ਨੌਬਤ ਆ ਗਈ ਹੈ। ਪਰਮਾਤਮਾ ਨੇ ਧਰਤੀ 'ਤੇ ਰਹਿਣ ਦਾ ਹੱਕ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਇਨਸਾਨਾਂ ਵਾਂਗ ਹੀ ਦਿੱਤਾ ਹੈ ਪਰ ਮਨੁੱਖ ਦੇ ਵਾਤਾਵਰਨ ਨਾਲ ਕੀਤੇ ਜਾ ਰਹੇ ਸਵਾਰਥੀ ਦੁਰਵਿਵਹਾਰ ਕਾਰਨ ਪੰਛੀਆਂ ਦੇ ਰਹਿਣ ਲਈ ਆਲ੍ਹਣੇ ਬਣਾਉਣਾ ਹੀ ਦੁੱਭਰ ਹੋ ਗਿਆ ਹੈ। ਚਿੜੀਆਂ ਵਾਂਗ ਕਈ ਹੋਰ ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ 'ਤੇ ਹਨ। ਜੰਗਲ ਤਾਂ ਪਰਮਾਤਮਾ ਦੁਆਰਾ ਬਖਸ਼ੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ, ਪਰ ਅਜਿਹੇ ਮਨੁੱਖ ਦੇ ਦੋਸਤਾਂ ਨੂੰ ਕੱਟ-ਵੱਢ ਕੇ ਜੋ ਇੱਟਾਂ, ਪੱਥਰਾਂ, ਲੋਹੇ ਅਤੇ ਕੰਕਰੀਟ ਦੇ ਜੰਗਲ ਉਸਾਰੇ ਜਾ ਰਹੇ ਹਨ, ਉਸ ਨਾਲ ਮਨੁੱਖ ਆਪ ਆਪਣੀ ਸੱਭਿਅਤਾ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ।
ਜੇ ਹੁਣ ਵੀ ਅਸੀਂ ਨਾ ਸੰਭਲੇ ਤਾਂ ਸੋਚੋ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਵਿਚ ਕੀ ਦੇ ਕੇ ਜਾਵਾਂਗੇ? ਜੇ ਧਰਤੀ ਹੇਠਲਾ ਪਾਣੀ ਸੁੱਕ ਗਿਆ, ਸ਼ੁੱਧ ਹਵਾ ਨਾ ਰਹੀ ਅਤੇ ਸੁੱਖ ਦਾ ਸਾਹ ਲੈਣ ਲਈ ਰੁੱਖਾਂ ਦੀ ਠੰਢੀ ਛਾਂ ਨਾ ਰਹੀ ਤਾਂ ਆਉਣ ਵਾਲੀ ਪੀੜ੍ਹੀ ਸਾਡੀ ਕੰਕਰੀਟ ਦੇ ਜੰਗਲਾਂ ਦੀ ਸੌਗਾਤ ਤੋਂ ਕੀ ਸੁੱਖ ਪਾਵੇਗੀ? ਹੁਣ ਤਾਂ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਹਰ ਸਾਲ ਕਿਸੇ ਵੀ ਮੁਬਾਰਕ ਦਿਨ ਇਕ ਰੁੱਖ ਲਗਾਈਏ ਅਤੇ ਉਸ ਦੀ ਸਾਂਭ-ਸੰਭਾਲ ਆਪਣੇ ਪੁੱਤਾਂ ਜਾਂ ਮਾਵਾਂ ਵਾਂਗ ਕਰੀਏ ਅਤੇ ਪਰਮਾਤਮਾ ਦੀ ਰਚਨਾ ਇਸ ਧਰਤੀ ਮਾਤਾ ਨੂੰ ਫੇਰ ਤੋਂ ਰੁੱਖਾਂ ਨਾਲ ਸ਼ਿੰਗਾਰ ਕੇ ਹਰਾ-ਭਰਾ ਕਰ ਦੇਈਏ।

-ਜਲੰਧਰ। ਮੋਬਾ: 81465-46260


ਖ਼ਬਰ ਸ਼ੇਅਰ ਕਰੋ

ਕਦੋਂ ਰੁਕਣਗੇ ਧੀਆਂ 'ਤੇ ਅੱਤਿਆਚਾਰ

ਮੁੰਡੇ ਦੇ ਮਾਪੇ ਸੁੱਖਣਾ ਸੁੱਖ-ਸੁੱਖ ਕੇ ਮੁੰਡੇ ਵਿਆਹੁੰਦੇ, ਜੋੜੀ ਤੋਂ ਪਾਣੀ ਵਾਰ ਕੇ ਪੀਂਦੇ ਤੇ ਫਿਰ ਹੱਥੀਂ ਵਿਆਹ ਕੇ ਲਿਆਂਦੀ ਨੂੰਹ ਨੂੰ ਪਰਿਵਾਰ ਦਾ ਜੀਅ ਬਣਾ ਕੇ ਜਾਣਬੁੱਝ ਕੇ ਤੰਗ ਕਰਦੇ, ਕਦੇ ਦਾਜ ਨੂੰ ਲੈ ਕੇ ਤੇ ਕਦੇ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਪਰ ਲਾਹਨਤ ਹੈ ਇਹੋ ਜਿਹੇ ਪਰਿਵਾਰਾਂ 'ਤੇ ਜੋ ਆਪਣੀ ਨੂੰਹ ਨੂੰ ਧੀ ਦਾ ਦਰਜਾ ਤਾਂ ਬੜੀ ਦੂਰ, ਨੂੰਹ ਹੋਣ ਦਾ ਦਰਜਾ ਵੀ ਨਹੀਂ ਦਿੰਦੇ। ਅੱਜ ਦੇ ਦੌਰ ਵਿਚ ਧੀਆਂ ਬਹੁਤ ਭਿਆਨਕ ਮੁਸੀਬਤਾਂ ਨਾਲ ਲੜ ਰਹੀਆਂ ਹਨ ਜਿਵੇਂ ਕਿ ਘਰੇਲੂ ਝਗੜੇ, ਦਾਜ ਦੀ ਬਲੀ, ਜਬਰ ਜਨਾਹ ਆਦਿ। ਉਨ੍ਹਾਂ ਸਭ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਜਾਂ ਕਾਨੂੰਨ ਦੀ ਨਹੀਂ, ਸਗੋਂ ਇਹ ਜ਼ਿੰਮੇਵਾਰੀ ਸਾਡੇ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਮਾਂ-ਬਾਪ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਅਤੇ ਆਪਣੇ ਪੁੱਤਰਾਂ ਨੂੰ ਹਰੇਕ ਧੀ-ਭੈਣ ਦੀ ਇੱਜ਼ਤ, ਸਤਿਕਾਰ ਅਤੇ ਰੱਖਿਆ ਕਰਨ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਾਉਣ ਅਤੇ ਹਰੇਕ ਧੀ-ਭੈਣ ਨੂੰ ਆਪਣੀ ਧੀ-ਭੈਣ ਵਾਂਗ ਸਮਝਣ ਅਤੇ ਕਦੇ ਵੀ ਬੁਰੀ ਨਜ਼ਰ ਨਾਲ ਨਾ ਦੇਖਣ।
ਜ਼ਰੂਰਤ ਹੈ ਧੀਆਂ ਨੂੰ ਆਪਣੀ ਸੁਰੱਖਿਆ ਆਪ ਕਰਨ ਲਈ ਤਿਆਰ ਕਰਨ ਦੀ, ਤਾਂ ਜੋ ਕੋਈ ਬੁਰੀ ਨਜ਼ਰ ਨਾਲ ਤੱਕੇ ਤਾਂ ਉਸ ਦਾ ਸਾਹਮਣਾ ਕਰ ਸਕਣ ਅਤੇ ਡਟ ਕੇ ਮੁਕਾਬਲਾ ਕਰਨ, ਜਿਸ ਦੇ ਲਈ ਕੁੜੀਆਂ ਨੂੰ ਸਕੂਲਾਂ, ਕਾਲਜਾਂ ਵਿਚ ਮਾਰਸ਼ਲ ਆਰਟ (ਸਵੈ-ਰੱਖਿਅਕ ਖੇਡਾਂ) ਜਿਵੇਂ ਕਿ ਕਰਾਟੇ, ਗੱਤਕਾ, ਕੁਸ਼ਤੀ ਆਦਿ ਸਿਖਾਈ ਜਾਵੇ, ਤਾਂ ਜੋ ਉਹ ਜਬਰ-ਜ਼ੁਲਮ ਦਾ ਸਾਹਮਣਾ ਆਪ ਕਰ ਸਕਣ। ਸਕੂਲਾਂ, ਕਾਲਜਾਂ ਵਿਚ ਵਿੱਦਿਅਕ ਢਾਂਚੇ ਨੂੰ ਵੀ ਬਦਲਣ ਦੀ ਲੋੜ ਹੈ, ਤਾਂ ਜੋ ਬੱਚਿਆਂ ਨੂੰ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਵੇ। ਪਿੰਡਾਂ ਤੇ ਸ਼ਹਿਰਾਂ ਵਿਚ ਖੇਡ ਕਲੱਬ ਬਣਾਏ ਜਾਣ, ਪਿੰਡਾਂ ਤੇ ਸ਼ਹਿਰਾਂ ਵਿਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਖੋਲ੍ਹੀਆਂ ਜਾਣ, ਜਿਥੇ ਹਰ ਰੋਜ਼ ਅਖ਼ਬਾਰ ਆਵੇ, ਜਿਸ ਨੂੰ ਪੜ੍ਹਨ ਨਾਲ ਨੌਜਵਾਨਾਂ ਦੀ ਬੁੱਧੀ ਤੇ ਗਿਆਨ ਦਾ ਵਿਕਾਸ ਹੋਵੇ। ਪੜ੍ਹਾਈ ਦੇ ਨਾਲ-ਨਾਲ ਹੱਥੀਂ ਕਿਰਤ ਦੇ ਯੋਗ ਬਣਾਇਆ ਜਾਵੇ, ਤਾਂ ਜੋ ਉਹ ਛੋਟਾ-ਮੋਟਾ ਕਾਰੋਬਾਰ ਕਰ ਸਕਣ। ਸਰਕਾਰਾਂ ਵਲੋਂ ਅਜਿਹੇ ਪ੍ਰੋਗਰਾਮ ਚਲਾਏ ਜਾਣ ਜਿਸ ਨਾਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲੇ ਅਤੇ ਉਹ ਰੁੱਝੇ ਰਹਿਣ। ਇਸ ਤੋਂ ਇਲਾਵਾ ਭਾਰਤ ਦੀ ਕਾਨੂੰਨ ਵਿਵਸਥਾ ਨੂੰ ਲੜਕੀਆਂ ਨੂੰ ਸਮੇਂ ਸਿਰ ਇਨਸਾਫ ਦਿਵਾਉਣ ਦੇ ਸਮਰੱਥ ਬਣਾਉਣ ਦੀ ਲੋੜ ਹੈ। ਇਹ ਮਨੁੱਖਾ ਜੀਵਨ ਬੜੀ ਮੁਸ਼ਕਿਲ ਨਾਲ ਮਿਲਿਆ ਹੈ। ਸੋ ਹਰੇਕ ਬੰਦਾ 'ਜੀਓ ਅਤੇ ਜਿਉਣ ਦਿਓ' ਦੇ ਸਿਧਾਂਤ 'ਤੇ ਚੱਲੇ। ਮਸਲਾ ਸਿਰਫ ਸੋਚ ਬਦਲਣ ਦਾ ਹੈ। ਜੇ ਸੋਚ ਬਦਲੇ ਤਾਂ ਕੋਈ ਵੀ ਧੀ-ਭੈਣ ਦਾਜ ਜਾਂ ਘਰੇਲੂ ਹਿੰਸਾ ਦੀ ਬਲੀ ਨਾ ਚੜ੍ਹੇ।

-ਪ੍ਰਿੰ: ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ, ਕਲਿਆਣਪੁਰ (ਗੁਰਦਾਸਪੁਰ)।

ਟੀਕਾਕਰਨ ਬਨਾਮ ਖੁਦ ਦੀਆਂ ਜ਼ਿੰਮੇਵਾਰੀਆਂ

ਭਾਰਤ ਵਿਚ ਖ਼ਸਰਾ ਅਤੇ ਰੂਬੇਲਾ ਟੀਕਾਕਰਨ ਸਬੰਧੀ ਜੋ ਵੀ ਅਫ਼ਵਾਹਾਂ ਅਤੇ ਗ਼ਲਤ-ਫ਼ਹਿਮੀਆਂ ਸ਼ਰਾਰਤੀ ਅਨਸਰਾਂ ਵਲੋਂ ਉਡਾਈਆਂ ਜਾ ਰਹੀਆਂ ਹਨ ਅਤੇ ਭੋਲੀ-ਭਾਲੀ ਜਨਤਾ ਨੂੰ ਭਰਮ ਵਿਚ ਪਾਇਆ ਜਾ ਰਿਹਾ ਹੈ, ਇਹ ਕਾਫ਼ੀ ਭਖਦਾ ਹੋਇਆ ਮਸਲਾ ਬਣ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ, ਮਾਪੇ ਆਪਣੀ ਔਲਾਦ ਲਈ ਕਾਫ਼ੀ ਫ਼ਿਕਰਮੰਦ ਨਜ਼ਰ ਆ ਰਹੇ ਹਨ ਅਤੇ ਅਜਿਹੇ ਮਾਹੌਲ ਵਿਚ ਡਰ ਤੇ ਦੁਚਿੱਤੀ ਵਾਲੀ ਸਥਿਤੀ ਬਣ ਗਈ ਹੈ ਕਿ ਟੀਕਾ ਲਗਵਾਇਆ ਜਾਵੇ ਜਾਂ ਨਹੀਂ?
ਹੁਣ ਸਵਾਲ ਇਹ ਉੱਠਦਾ ਹੈ ਕਿ ਅੱਜ ਦੇ ਦੌਰ ਵਿਚ, ਖਾਸ ਕਰਕੇ ਪੰਜਾਬ ਪ੍ਰਦੇਸ਼ ਵਿਚ ਜਿੱਥੇ ਨਸ਼ਿਆਂ ਦਾ ਬੋਲ-ਬਾਲਾ ਹੈ, ਖੁਰਾਕ ਵਿਚ ਮਿਲਾਵਟ ਹੈ, ਹਵਾ ਵਿਚ ਜ਼ਹਿਰਾਂ ਘੁਲ ਰਹੀਆਂ ਹਨ, ਪਾਣੀ ਦੂਸ਼ਿਤ ਹੋ ਰਿਹਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਵੀ ਹੁਣ ਫ਼ਰਟੀਲਾਈਜ਼ਰ ਖਾਦਾਂ 'ਤੇ ਨਿਰਭਰ ਰਹਿ ਗਈ ਹੈ, ਸਮੋਗ, ਜ਼ਹਿਰੀਲਾ ਧੂੰਆਂ ਹਾਨੀਕਾਰਕ ਸਥਿਤੀਆਂ ਪੈਦਾ ਕਰ ਰਿਹਾ ਹੈ, ਕੀ ਇਹ ਸਭ ਕੁਝ ਇਨਸਾਨ ਨੂੰ ਬਿਮਾਰ, ਕਮਜ਼ੋਰ, ਨਿਪੁੰਸਕ, ਨਾਮਰਦ ਨਹੀਂ ਬਣਾ ਰਹੀਆਂ? ਕੀ ਇਸ ਟੀਕਾਕਰਨ ਤੋਂ ਪਹਿਲਾਂ ਕੋਈ ਲਾਇਲਾਜ ਬਿਮਾਰੀਆਂ ਜਾਂ ਕੋਈ ਬੇਔਲਾਦ ਨਹੀਂ ਹੈ? ਜਾਂ ਫਿਰ ਭਵਿੱਖ ਵਿਚ ਕੋਈ ਇਨ੍ਹਾਂ ਚੀਜ਼ਾਂ ਦਾ ਅਸਰ ਸਾਡੇ 'ਤੇ ਨਹੀਂ ਪਵੇਗਾ? ਗ਼ਰੀਬੀ, ਸੰਤੁਲਿਤ ਭੋਜਨ ਦੀ ਘਾਟ, ਦੂਸ਼ਿਤ ਵਾਤਾਵਰਨ ਦੇ ਕੀ ਸਿੱਟੇ ਹੋਣਗੇ? ਇਸ ਬਾਰੇ ਕੌਣ ਸੋਚ ਰਿਹਾ ਹੈ? ਪਰ ਅਫ਼ਸੋਸ! ਇਨ੍ਹਾਂ ਚੀਜ਼ਾਂ ਦੇ ਬੁਰੇ ਨਤੀਜੇ ਨੂੰ ਨਜ਼ਰਅੰਦਾਜ਼ ਕਰਕੇ ਲੋਕ ਜ਼ਿੰਮੇਵਾਰ ਸਿਰਫ਼ ਟੀਕਿਆਂ ਨੂੰ ਹੀ ਠਹਿਰਾਉਣਗੇ ਤਾਂ ਇਹ ਬਹੁਤ ਹੀ ਗ਼ਲਤ ਤੇ ਨਾਜਾਇਜ਼ ਗੱਲ ਹੈ।
ਅਜੋਕੇ ਸਮੇਂ ਦਾ ਮਾਹੌਲ, ਵਾਤਾਵਰਨ, ਪ੍ਰਦੂਸ਼ਣ, ਮਿਲਾਵਟੀ ਖੁਰਾਕਾਂ, ਰਹਿਣ-ਸਹਿਣ ਅਤੇ ਖਾਣ-ਪੀਣ ਦੇ ਢੰਗ ਸਿਹਤ 'ਤੇ ਜੋ ਅਸਰ ਪਾਉਣਗੇ, ਉਸ ਦਾ ਜ਼ਿੰਮੇਵਾਰ ਕੌਣ ਹੈ? ਫ਼ਿਕਰਮੰਦ ਕੌਣ ਹੈ? ਇਹ ਨਤੀਜੇ ਕਿੰਨੇ ਫ਼ਾਇਦੇਮੰਦ ਹਨ?
'ਨਸ਼ਿਆਂ ਦਾ ਬਾਈਕਾਟ' ਕਦੇ ਕਿਸੇ ਨੇ ਇੰਨੀ ਸ਼ਿੱਦਤ ਨਾਲ ਨਹੀਂ ਕੀਤਾ ਜੋ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਰਹੇ ਨੇ, ਜਿੰਨੀ ਅਖੌਤੀ ਜਾਗਰੂਕਤਾ ਟੀਕਿਆਂ ਪ੍ਰਤੀ ਹੈ। ਆਉਣ ਵਾਲੀ ਪੀੜ੍ਹੀ ਖੁਦ ਜ਼ਿੰਮੇਵਾਰ ਹੋਵੇਗੀ ਸਰੀਰਕ ਕਮਜ਼ੋਰੀਆਂ ਅਤੇ ਵੰਨ-ਸੁਵੰਨੀਆਂ, ਨਵੀਆਂ-ਨਵੀਆਂ ਬਿਮਾਰੀਆਂ ਲਈ। ਸੋ, ਸਾਰੇ ਦੇਸ਼ਵਾਸੀਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਅਤੇ ਲੋੜ ਹੈ ਸਮਾਜ ਵਿਚ ਪ੍ਰਚੱਲਿਤ ਬੁਰਾਈਆਂ ਦਾ ਬਾਈਕਾਟ ਕਰਨ ਦੀ। ਲੋੜ ਹੈ ਟੀਕਾ ਲਗਵਾਉਣ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ਧਿਆਨ ਵਿਚ ਰੱਖਣ ਦੀ, ਜਿਵੇਂ ਬੱਚਾ ਖਾਲੀ ਪੇਟ ਨਾ ਹੋਵੇ, ਬੱਚੇ ਨੂੰ ਬੁਖਾਰ ਜਾਂ ਕੋਈ ਹੋਰ ਬਿਮਾਰੀ ਨਾ ਹੋਵੇ, ਬੱਚੇ ਨੂੰ ਡਰ ਨਹੀਂ ਸਗੋਂ ਹੌਸਲਾ ਦਿੱਤਾ ਜਾਵੇ ਤਾਂ ਕਿ ਡਰ ਜਾਂ ਘਬਰਾਹਟ ਨਾਲ ਚੱਕਰ ਜਾਂ ਬੇਹੋਸ਼ੀ ਨਾ ਆਵੇ।

-ਸ: ਸੀ: ਸੈ: ਸਕੂਲ, ਰੱਲੀ (ਮਾਨਸਾ)।
ਮੋਬਾ: 82838-32839

ਸਿੱਖਿਆ ਪ੍ਰਣਾਲੀ ਵਿਚ ਸੁਧਾਰ ਦੀ ਲੋੜ

ਸਾਡੀ ਸਿੱਖਿਆ ਪ੍ਰਣਾਲੀ ਵਿਚ ਪ੍ਰੀਖਿਆ ਪ੍ਰਣਾਲੀ ਦਾ ਮਹੱਤਵਪੂਰਨ ਸਥਾਨ ਹੈ। ਇਹ ਹੀ ਫੈਸਲਾ ਕਰਦੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਆਪਣੇ ਮਿੱਥੇ ਉਦੇਸ਼ਾਂ ਨੂੰ ਪੂਰਾ ਕਰਦੀ ਹੈ ਜਾਂ ਨਹੀਂ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਵਿਦਿਆਰਥੀਆਂ ਦੀ ਤਰੱਕੀ ਲਈ ਜ਼ਿੰਮੇਵਾਰ ਹੈ। ਕਿਉਂਕਿ ਜਿੰਨਾ ਚਿਰ ਵਿਦਿਆਰਥੀ ਪ੍ਰੀਖਿਆਵਾਂ 'ਚੋਂ ਚੰਗੇ ਅੰਕ ਪ੍ਰਾਪਤ ਨਹੀਂ ਕਰ ਲੈਂਦੇ, ਉਨ੍ਹਾਂ ਨੂੰ ਤਰੱਕੀ ਹਾਸਲ ਨਹੀਂ ਹੁੰਦੀ। ਇਸ ਨਾਲ ਵਿਦਿਆਰਥੀ ਅੰਦਰ ਛੁਪੀ ਹੋਈ ਪ੍ਰਤਿਭਾ ਸਾਹਮਣੇ ਆਉਂਦੀ ਹੈ।
ਪਰ ਇਹ ਗੁਣ ਹੋਣ ਦੇ ਬਾਵਜੂਦ ਕੀ ਅਸੀਂ ਸਮਝਦੇ ਹਾਂ ਕਿ ਪ੍ਰੀਖਿਆਵਾਂ ਸਾਡੀ ਜ਼ਿੰਦਗੀ ਦੇ ਫੈਸਲੇ ਲੈਣ ਜਾਂ ਵਧੀਆ ਨਾਗਰਿਕ ਬਣਨ ਲਈ ਸਾਡੀ ਸਹਾਇਤਾ ਕਰਦੀਆਂ ਹਨ? ਪ੍ਰੀਖਿਆ ਪ੍ਰਣਾਲੀ ਦੇ ਇਹ ਗੁਣ ਕਦੇ ਫੈਸਲਾ ਨਹੀਂ ਕਰ ਸਕਦੇ ਕਿ ਵਿਦਿਆਰਥੀ ਇਸ ਤੋਂ ਸੰਤੁਸ਼ਟ ਹਨ। ਪ੍ਰੀਖਿਆਵਾਂ ਸਿਰਫ ਅੰਕ ਪ੍ਰਾਪਤ ਕਰਨ ਵਿਚ ਮਦਦ ਕਰਦੀਆਂ ਹਨ। ਅਸਲ ਯੋਗਤਾ ਪਰਖਣ ਵਿਚ ਨਹੀਂ। ਇਹ ਸਿਰਫ ਅੰਕ ਪ੍ਰਾਪਤ ਕਰਨ 'ਚ ਸਹਾਇਕ ਹਨ। ਹਾਂ, ਅੰਕ ਪ੍ਰਾਪਤ ਕਰਨ ਦਾ ਜ਼ਰੀਆ ਕੋਈ ਵੀ ਹੋ ਸਕਦਾ ਹੈ, ਕੋਈ ਹੁਸ਼ਿਆਰ ਬੱਚਾ ਅਸਫਲ ਅਤੇ ਬੇਹੱਕਦਾਰ ਬੱਚਾ ਇਸ 'ਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਇਹੀ ਵਿਦਿਆਰਥੀ ਦੀ ਰੁਚੀ, ਰੁਝਾਨ, ਚੰਗੇ ਨਾਗਰਿਕ ਗੁਣਾਂ, ਸ਼ਖ਼ਸੀਅਤ ਦੇ ਗੁਣਾਂ ਨੂੰ ਅਣਗੌਲਿਆ ਕਰਕੇ ਸਿਰਫ ਅੰਕ ਪ੍ਰਾਪਤ ਕਰਨ ਤੱਕ ਸੀਮਤ ਹੈ। ਵਿਦਿਆਰਥੀ ਕੁਝ ਨਵਾਂ ਸਿੱਖਣ ਦੀ ਬਜਾਏ ਰੱਟਾ ਲਾ ਕੇ ਜਾਂ ਹਰ ਜਾਇਜ਼-ਨਾਜਾਇਜ਼ ਤਰੀਕਿਆਂ ਨਾਲ ਅੰਕ ਪ੍ਰਾਪਤ ਕਰਨ ਵੱਲ ਉਤਸ਼ਾਹਿਤ ਹੁੰਦੇ ਹਨ।
ਇਸ ਨਾਲ ਸਾਡੇ ਨੈਤਿਕ ਪੱਧਰ ਨੂੰ ਵੀ ਠੇਸ ਪਹੁੰਚਦੀ ਹੈ। ਇਥੋਂ ਤੱਕ ਕਿ ਦੇਸ਼ ਦੇ ਭਵਿੱਖ ਦੀ ਚੰਗੀ ਉਸਾਰੀ ਕਰਨ ਵਾਲੇ ਅਧਿਆਪਕਾਂ ਨੂੰ ਵੀ ਇਸੇ ਪ੍ਰੀਖਿਆ ਪ੍ਰਣਾਲੀ ਵਿਚੋਂ ਗੁਜ਼ਰਨਾ ਪੈਂਦਾ ਹੈ। ਪਰਖ ਤਾਂ ਇਸੇ ਪ੍ਰਣਾਲੀ ਨੇ ਹੀ ਕਰਨੀ ਹੈ। ਅਧਿਆਪਕ ਚੁਣਨ ਲਈ ਵੀ ਵੱਧ ਤੋਂ ਵੱਧ ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਉਹ ਚਾਹੇ ਜਾਇਜ਼ ਤਰੀਕੇ ਨਾਲ ਲਏ ਹੋਣ ਜਾਂ ਨਾਜਾਇਜ਼। ਇਹ ਵਿਅਕਤੀ ਦੇ ਵਿਅਕਤੀਗਤ ਗੁਣਾਂ ਜਾਂ ਸਮਾਜਿਕ ਗੁਣਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ। ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਦਿੰਦੀਆਂ ਹਨ। ਇਹ ਰੱਟਾ ਲਾਉਣ ਲਈ ਹੀ ਜ਼ਿਆਦਾ ਪ੍ਰੇਰਦੀ ਹੈ, ਮਿਹਨਤ ਕਰਨ ਲਈ ਨਹੀਂ। ਫਿਰ ਵਿਦਿਆਰਥੀ ਵਰਗ ਦਾ ਵਿਕਾਸ ਕਿਵੇਂ ਸੰਭਵ ਹੋ ਸਕਦਾ ਹੈ? ਇਹ ਅੰਕ ਪ੍ਰਾਪਤ ਕਰਨ ਜਾਂ ਡਿਗਰੀਆਂ ਪ੍ਰਾਪਤ ਕਰਨ ਦਾ ਹੀ ਜ਼ਰੀਆ ਹਨ। ਪ੍ਰੀਖਿਆ ਵਿਦਿਆਰਥੀ ਨੂੰ ਭਰੋਸੇਯੋਗਤਾ ਕਦੇ ਵੀ ਨਹੀਂ ਦੇ ਸਕਦੀ, ਕਿਉਂਕਿ ਗ਼ਲਤ ਨੀਤੀਆਂ ਕਦੇ ਤਸੱਲੀ ਨਹੀਂ ਦਿੰਦੀਆਂ। ਇਸੇ ਕਰਕੇ ਹਰ ਸਾਲ ਲੱਖਾਂ ਹੀ ਵਿਦਿਆਰਥੀ ਕਲਾਸਾਂ ਪਾਸ ਕਰਕੇ ਬੇਰੁਜ਼ਗਾਰੀ ਦੀ ਕਤਾਰ ਵਿਚ ਖੜ੍ਹੇ ਹੋ ਜਾਂਦੇ ਹਨ।
ਇਸ ਵਿਚ ਕਸੂਰ ਵਿਦਿਆਰਥੀਆਂ ਦਾ ਨਹੀਂ, ਬਲਕਿ ਸਾਡੀ ਸਿੱਖਿਆ ਵਿਵਸਥਾ ਦਾ ਹੈ। ਪ੍ਰੀਖਿਆ ਪ੍ਰਣਾਲੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ। ਅੱਜ ਆਜ਼ਾਦੀ ਤੋਂ ਏਨੇ ਸਾਲ ਬਾਅਦ ਵੀ ਇਹ ਪਰੰਪਰਾ ਸਾਡੀ ਸਿੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹੈ। ਸੈਕੰਡਰੀ ਸਿੱਖਿਆ ਕਮਿਸ਼ਨ ਦੇ ਇਹ ਮੰਨਣ ਤੋਂ ਬਾਅਦ ਵੀ ਇਹ ਦੋਸ਼ ਸਾਡੀ ਸਿੱਖਿਆ ਪ੍ਰਣਾਲੀ ਵਿਚ ਮੌਜੂਦ ਹਨ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋਵੇਗੀ? ਸੋ, ਲੋੜ ਹੈ ਸਾਡੀ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਕਾਸ ਦੀਆਂ ਸਹੀ ਲੀਹਾਂ 'ਤੇ ਲਿਜਾਇਆ ਜਾ ਸਕੇ।

-ਪਿੰਡ ਤੇ ਡਾਕ: ਛਾਜਲੀ (ਸੰਗਰੂਰ)।

ਟੁੱਟੀਆਂ ਚੱਪਲਾਂ ਤੋਂ ਤਿਆਰ ਕਰਦਾ ਕਲਾਕ੍ਰਿਤੀਆਂ-ਗੁਰਮੀਤ ਸਿੰਘ ਰਾਠੀ

ਹਰ ਇਨਸਾਨ ਵਿਚ ਕੁਦਰਤੀ ਤੌਰ 'ਤੇ ਕੋਈ ਨਾ ਕੋਈ ਕਲਾ ਜ਼ਰੂਰ ਹੁੰਦੀ ਹੈ। ਲੋੜ ਹੁੰਦੀ ਹੈ ਆਪਣੀ ਕਲਾ ਵਿਚ ਦਿਮਾਗੀ ਤੌਰ 'ਤੇ ਉਤਰਨ ਦੀ ਤੇ ਉਸ ਵਿਚ ਗੁਆਚਣ ਦੀ। ਜਦੋਂ ਇਨਸਾਨ ਆਪਣੀ ਕਲਾ ਨੂੰ ਸਮਝਣ ਲੱਗ ਪਵੇ ਤਾਂ ਉਹ ਉਸ ਨੂੰ ਤਰਾਸ਼ਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਕਲਾਕਾਰ ਬਣ ਜਾਂਦਾ ਹੈ। ਅਜਿਹਾ ਹੀ ਅਨੋਖੀ ਕਲਾਕ੍ਰਿਤੀ ਦਾ ਮਾਲਕ ਹੈ ਗੁਰਮੀਤ ਸਿੰਘ ਰਾਠੀ। ਪਟਿਆਲਾ-ਬਠਿੰਡਾ ਹਾਈਵੇ ਵਾਇਆ ਮਾਨਸਾ, ਮਾਨਸਾ ਕੈਂਚੀਆਂ ਤੋਂ 10 ਕੁ ਕਿਲੋਮੀਟਰ ਦੀ ਦੂਰੀ 'ਤੇ ਮੇਨ ਹਾਈਵੇ ਰੋਡ ਦੇ ਉੱਤੇ ਹੀ ਆਉਂਦਾ ਹੈ ਛੋਟਾ ਜਿਹਾ ਪਿੰਡ ਭਾਈ ਦੇਸਾ। ਇੱਥੇ ਹੀ ਆਪਣੇ ਘਰ ਦੇ ਇਕ ਕਮਰੇ ਵਿਚ ਆਪਣੀ ਕਲਾਕਾਰੀ ਦੀ ਪ੍ਰਦਰਸ਼ਨੀ ਲਾ ਕੇ ਬੈਠਾ ਹੈ ਗੁਰਮੀਤ ਸਿੰਘ ਰਾਠੀ, ਜਿਸ ਨੇ ਆਪਣਾ 'ਰਾਠੀ ਕਲਾ ਕੇਂਦਰ' ਖੋਲ੍ਹਿਆ ਹੋਇਆ ਹੈ।
ਗੁਰਮੀਤ ਸਿੰਘ ਇਨ੍ਹਾਂ ਸਭ ਤੋਂ ਉਲਟ ਹੈ। ਉਸ ਨੇ ਆਪਣੀ ਕਲਾ ਦੇ ਨਾਲ ਕੂੜੇ ਦੇ ਢੇਰਾਂ ਵਿਚ ਪਈਆਂ ਟੁੱਟੀਆਂ ਚੱਪਲਾਂ, ਜਿਨ੍ਹਾਂ ਨੂੰ ਕਬਾੜ ਵਾਲੇ 50 ਪੈਸੇ ਮੁੱਲ 'ਤੇ ਵੀ ਮਸਾਂ ਖ਼ਰੀਦਦੇ ਹਨ, ਉਨ੍ਹਾਂ ਚੱਪਲਾਂ ਤੋਂ ਆਪਣੀ ਕਲਾਕ੍ਰਿਤੀ ਤਿਆਰ ਕਰਕੇ ਉਨ੍ਹਾਂ ਵਿਚ ਜਾਨ ਪਾ ਦਿੱਤੀ। ਸਾਡੇ ਪੰਜਾਬੀ ਸੱਭਿਆਚਾਰ ਵਿਚੋਂ ਅਲੋਪ ਹੋ ਚੁੱਕੀਆਂ ਉਹ ਚੀਜ਼ਾਂ, ਜਿਨ੍ਹਾਂ ਤੋਂ ਨਵੀਂ ਪੀੜ੍ਹੀ ਕੋਹਾਂ ਦੂਰ ਹੈ, ਉਹ ਸਭ ਤਿਆਰ ਕੀਤੀਆਂ ਹਨ। ਜਿਵੇਂ ਚਰਖਾ, ਹੱਥ ਚੱਕੀ, ਕੁੱਚ, ਸੰਦੂਕ, ਉਰਾ, ਉਰੀ, ਅਟੇਰਨ, ਸੱਜ, ਬਲਦ ਗੱਡਾ, ਊਠ, ਗੁੱਲੀਡੰਡਾ, ਘੜਾ, ਰੇਡੀਓ, ਘੋੜਾ, ਖੂਹ ਆਦਿ ਨੂੰ ਆਪਣੀ ਕਲਾਕ੍ਰਿਤੀ ਨਾਲ ਸਾਡੇ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕੀਤੀ ਹੈ। ਬਲਦਾਂ ਨਾਲ ਹਲ ਵਾਹ ਰਿਹਾ ਕਿਸਾਨ, ਜੋੜੇ ਬਣਾਉਂਦਾ ਮੋਚੀ, ਹਰ ਪ੍ਰਕਾਰ ਦੇ ਟਰੈਕਟਰਾਂ ਦਾ ਮਾਡਲ ਉਸ ਨੇ ਬੜੀ ਖ਼ੂਬਸੂਰਤੀ ਨਾਲ ਤਿਆਰ ਕੀਤਾ ਹੋਇਆ ਹੈ। ਕੋਈ ਅੰਦਾਜ਼ਾ ਨਹੀਂ ਲਾ ਸਕਦਾ ਕਿ ਇਹ ਚੱਪਲਾਂ ਤੋਂ ਬਣੇ ਹਨ।
ਗੁਰਮੀਤ ਸਿੰਘ ਰਾਠੀ ਨੇ ਦੱਸਿਆ ਕਿ ਉਹ ਬਚਪਨ ਵਿਚ ਆਮ ਪਿੰਡਾਂ ਦੇ ਬੱਚਿਆਂ ਵਾਂਗ ਚੱਪਲਾਂ ਦੇ ਟਾਇਰ ਬਣਾ ਕੇ ਖੇਡਦਾ ਹੁੰਦਾ ਸੀ ਪਰ ਉਹ ਆਪਣੇ ਬਣਾਏ ਟਾਇਰਾਂ ਨੂੰ ਬੜੀ ਲਗਨ ਨਾਲ ਤਰਾਸ਼ਦਾ ਸੀ। ਅੱਜ ਉਸ ਦੀ ਇਹ ਕਲਾ ਇਕ ਹੁਨਰ ਬਣ ਗਈ ਹੈ। ਇਕ ਕਲਾਕ੍ਰਿਤੀ ਨੂੰ ਬਣਾਉਣ ਲਈ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਕਈ-ਕਈ ਦਿਨ ਲੱਗ ਜਾਂਦੇ ਹਨ, ਬੜਾ ਬਰੀਕੀ ਦਾ ਕੰਮ ਹੈ। ਜੇ ਪ੍ਰਸ਼ਾਸਨ ਉਸ ਦੀ ਮਦਦ ਕਰੇ ਤਾਂ ਉਹ ਸਕੂਲਾਂ ਵਿਚ ਆਪਣੀ ਕਲਾ ਰਾਹੀਂ ਬੱਚਿਆਂ ਨੂੰ ਉਤਸ਼ਾਹਿਤ ਕਰ ਸਕਦਾ ਹੈ। ਰਾਠੀ ਹੁਣ ਹੋਰ ਸਾਰੇ ਕੰਮ-ਧੰਦੇ ਛੱਡ ਕੇ ਆਪਣੀ ਕਲਾ ਨੂੰ ਚਮਕਾਉਣ 'ਤੇ ਉੱਤੇ ਜ਼ੋਰ ਲਾ ਰਿਹਾ ਹੈ। ਆਪਣੀ ਕਲਾ 'ਤੇ ਮਾਣ ਕਰਦਿਆਂ ਉਸ ਨੇ ਇੱਛਾ ਜ਼ਾਹਿਰ ਕੀਤੀ ਕਿ ਆਉਣ ਵਾਲੇ ਸਮੇਂ ਵਿਚ 'ਰਾਠੀ ਕਲਾ ਕੇਂਦਰ' ਇਕ ਮਿਊਜ਼ੀਅਮ ਦੇ ਤੌਰ 'ਤੇ ਜਾਣਿਆ ਜਾਵੇ। ਜੇਕਰ ਤੁਸੀਂ ਕਦੇ ਬਠਿੰਡਾ-ਮਾਨਸਾ ਵਾਲੇ ਰੋਡ ਉੱਤੋਂ ਦੀ ਲੰਘਦੇ ਹੋ ਤਾਂ ਗੁਰਮੀਤ ਸਿੰਘ ਰਾਠੀ ਦੀ ਇਸ ਅਨੋਖੀ ਕਲਾ ਨੂੰ ਨਜ਼ਰਅੰਦਾਜ਼ ਨਾ ਕਰਿਓ।

-ਪਿੰਡ ਤੇ ਡਾਕ: ਭੀਖੀ, ਜ਼ਿਲ੍ਹਾ ਮਾਨਸਾ। ਮੋਬਾ: 98143-98762

ਮਨੁੱਖਤਾ ਦਾ ਆਧਾਰ ਪੁਸਤਕ

ਮਨੁੱਖ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਢੰਗ-ਤਰੀਕੇ ਨਾਲ ਪੁਸਤਕਾਂ ਦਾ ਹਾਣੀ ਬਣਿਆ ਰਿਹਾ ਹੈ। ਅੱਜ ਭਾਵੇਂ ਕੰਪਿਊਟਰ ਯੁੱਗ ਆ ਗਿਆ ਹੈ ਪਰ ਪੁਸਤਕਾਂ ਦੀ ਮਹਾਨਤਾ ਕਿਸੇ ਪੱਖੋਂ ਵੀ ਘੱਟ ਨਹੀਂ ਹੋਈ ਹੈ। ਪੁਸਤਕਾਂ ਸਾਨੂੰ ਸਹੀ, ਉਸਾਰੂ ਤੇ ਸੁਚਾਰੂ ਜੀਵਨ ਜਾਚ ਸਿਖਾਉਂਦੀਆਂ ਹਨ ਅਤੇ ਸਾਡਾ ਜੀਵਨ ਖੁਸ਼ਹਾਲ ਬਣਾ ਦਿੰਦੀਆਂ ਹਨ। ਪੁਸਤਕਾਂ, ਚੰਗੇ ਸਾਹਿਤ ਆਦਿ ਤੋਂ ਬਿਨਾਂ ਸਾਡਾ ਜੀਵਨ ਅਤੇ ਸਾਡੀ ਸੋਚ ਵਿਚ ਬਦਲਾਓ, ਤਰੱਕੀ ਤੇ ਖੁਸ਼ਹਾਲੀ ਆਉਣਾ ਅਸੰਭਵ ਹੈ। ਸਾਨੂੰ ਆਪਣੀ ਪੜ੍ਹਾਈ ਦੀਆਂ ਪਾਠ-ਪੁਸਤਕਾਂ ਤੋਂ ਬਿਨਾਂ ਮਹਾਂਪੁਰਖਾਂ ਦੀਆਂ ਜੀਵਨੀਆਂ, ਹਿਤੋਪਦੇਸ਼ ਦੀਆਂ ਕਹਾਣੀਆਂ, ਧਾਰਮਿਕ ਸਾਹਿਤ, ਇਤਿਹਾਸਕ ਸਾਹਿਤ ਅਤੇ ਸਕਾਰਾਤਮਕ ਸਾਹਿਤ ਜ਼ਰੂਰ ਖੁਦ ਪੜ੍ਹਨਾ ਚਾਹੀਦਾ ਹੈ ਅਤੇ ਆਪਣੇ ਸਮੁੱਚੇ ਪਰਿਵਾਰ ਨੂੰ ਪੜ੍ਹਨ ਦੀ ਚੇਟਕ ਲਗਾਉਣੀ ਚਾਹੀਦੀ ਹੈ। ਪੁਸਤਕਾਂ ਅਤੇ ਚੰਗਾ ਸਾਹਿਤ ਪੜ੍ਹਨ ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ, ਤਣਾਓ ਆਦਿ ਸਮੱਸਿਆਵਾਂ ਖੁਦ-ਬ-ਖੁਦ ਦੂਰ ਹੋ ਜਾਂਦੀਆਂ ਹਨ। ਸਾਨੂੰ ਆਪਣੇ ਘਰੇਲੂ ਬਜਟ ਵਿਚ ਚੰਗੇ ਸਾਹਿਤ, ਪੁਸਤਕਾਂ, ਰਸਾਲਿਆਂ, ਅਖ਼ਬਾਰਾਂ ਨੂੰ ਜ਼ਰੂਰ ਥਾਂ ਦੇਣੀ ਚਾਹੀਦੀ ਹੈ।
ਪੁਸਤਕਾਂ ਨਾਲ ਪਾਇਆ ਪਿਆਰ ਕਦੇ ਵੀ ਵਿਅਰਥ ਨਹੀਂ ਜਾਂਦਾ। ਇਕ 50 ਜਾਂ 100 ਰੁਪਏ ਦੀ ਪੁਸਤਕ ਆਪਣੇ ਵਿਸ਼ਾਲ ਗਿਆਨ ਭੰਡਾਰ ਨਾਲ ਸਾਨੂੰ ਤਰੋਤਾਜ਼ਾ ਅਤੇ ਸਕਾਰਾਤਮਕ ਬਣਾ ਸਕਦੀ ਹੈ ਅਤੇ ਆਪਣੀ ਕੀਮਤ ਵੀ ਅਦਾ ਕਰ ਜਾਂਦੀ ਹੈ। ਮਹਾਂਪੁਰਖਾਂ, ਗੁਰੂਆਂ-ਪੀਰਾਂ ਤੇ ਵੱਡੇ ਬਜ਼ੁਰਗਾਂ ਦੇ ਜੀਵਨ-ਤਜਰਬਿਆਂ ਦਾ ਸਾਰ ਸਾਨੂੰ ਕੇਵਲ ਤੇ ਕੇਵਲ (ਬਿਨਾਂ ਸਾਲਾਂ-ਮਹੀਨਿਆਂ ਦਾ ਸਮਾਂ ਗੁਆਏ) ਚੰਗੀਆਂ ਪੁਸਤਕਾਂ ਤੋਂ ਹੀ ਮਿਲ ਸਕਦਾ ਹੈ। ਸਾਡੇ ਮਹਾਨ ਦੇਸ਼ਭਗਤ, ਸ਼ਹੀਦ, ਬੁੱਧੀਜੀਵੀ, ਨੇਤਾ ਤੇ ਮਹਾਂਪੁਰਖ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਤਰ੍ਹਾਂ ਚੰਗੇ ਸਾਹਿਤ ਤੇ ਚੰਗੀਆਂ ਪੁਸਤਕਾਂ ਨਾਲ ਜੁੜੇ ਰਹੇ। ਪੁਸਤਕਾਂ ਸਾਨੂੰ ਅਹੁਦੇ, ਰਹਿਣ-ਸਹਿਣ, ਸੋਚਣ, ਵਿਚਰਨ ਅਤੇ ਵਿਵਹਾਰ ਕਰਨ ਦੀ ਅਮੀਰੀ ਪ੍ਰਦਾਨ ਕਰਕੇ ਸਾਡਾ ਜੀਵਨ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀਆਂ ਹਨ। ਸੋ, ਸਾਨੂੰ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਨ ਲਈ ਜ਼ਿੰਦਗੀ ਵਿਚ ਚੰਗੀਆਂ ਪੁਸਤਕਾਂ ਨੂੰ ਆਪਣੀਆਂ ਹਾਣੀ ਬਣਾਉਣਾ ਚਾਹੀਦਾ ਹੈ। ਤੁਸੀਂ ਜ਼ਿੰਦਗੀ ਵਿਚ ਪੁਸਤਕਾਂ ਨੂੰ ਜ਼ਰੂਰ ਥਾਂ ਦਿਓ, ਫਿਰ ਦੇਖਣਾ ਇਹ ਤੁਹਾਨੂੰ ਕੀ ਕੁਝ ਨਹੀਂ ਦਿੰਦੀਆਂ।

-ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਤਹਿ: ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ)। ਮੋਬਾ: 94785-61356

ਹੁਣ 'ਸਮਾਰਟ' ਦੇ ਨਾਂਅ 'ਤੇ ਲੁੱਟੇ ਜਾਂਦੇ ਲੋਕ

ਅੱਜਕਲ੍ਹ ਸਮਾਜਿਕ ਜੀਵਨ ਦੇ ਹਰ ਖੇਤਰ ਵਿਚ 'ਸਮਾਰਟ' ਸ਼ਬਦ ਨੇ ਆਪਣਾ ਖੂਬ ਦਬਦਬਾ ਬਣਾਇਆ ਹੈ। ਸਿਆਸੀ ਲੋਕ ਰਾਜਨੀਤਕ ਲਾਭ ਲੈਣ ਲਈ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਵਰਗੇ ਨਾਅਰਿਆਂ ਨਾਲ ਲੋਕਾਂ ਨੂੰ ਭਰਮਾਉਂਦੇ ਹਨ, ਭਾਵੇਂ ਇਸ ਲਈ ਲੋਕਾਂ ਨੂੰ ਫਾਲਤੂ ਦੇ ਬੇਲੋੜੇ ਟੈਕਸ ਹੀ ਕਿਉਂ ਨਾ ਦੇਣੇ ਪੈਣ। ਸ਼ਹਿਰਾਂ ਨੂੰ ਸਮਾਰਟ ਬਣਾਉਣ ਦੇ ਚੱਕਰ ਵਿਚ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਪਰ ਸ਼ਹਿਰ ਦਾ ਰੂਪ ਬਦਲਿਆ ਨਜ਼ਰ ਨਹੀਂ ਆਉਂਦਾ। ਵੱਡੇ ਸ਼ਹਿਰ ਅਤੇ ਖਾਸ ਕਰਕੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿਚ ਪਾਰਕਿੰਗ ਸਮੱਸਿਆ ਨੂੰ ਮੁੱਖ ਰੱਖ ਕੇ ਗੱਡੀਆਂ ਲਈ ਪਾਰਕਿੰਗ ਪਾਰਕਾਂ ਬਣਾ ਕੇ ਠੇਕੇ 'ਤੇ ਦਿੱਤੀਆਂ ਜਾਂਦੀਆਂ ਹਨ ਅਤੇ ਹੁਣ ਉਨ੍ਹਾਂ ਪਾਰਕਾਂ ਨੂੰ ਸਮਾਰਟ ਬਣਾਉਣ ਲਈ ਲੋਕਾਂ ਦੀਆਂ ਜੇਬਾਂ ਨੂੰ ਫਰੋਲਿਆ ਜਾਂਦਾ ਹੈ ਅਤੇ ਪਾਰਕਿੰਗ ਫੀਸ ਵਿਚ ਬੇਲੋੜਾ ਵਾਧਾ ਕੀਤਾ ਜਾਂਦਾ ਹੈ। ਸਰਕਾਰੀ ਅਤੇ ਸਮਾਜਿਕ ਖੇਤਰ ਵਿਚ ਵਿੱਦਿਅਕ ਖੇਤਰ ਇਕ ਵੱਡਾ ਖੇਤਰ ਹੈ, ਜਿੱਥੋਂ ਵੱਧ ਪੈਸੇ ਕਮਾਉਣ ਲਈ 'ਸਮਾਰਟ' ਸ਼ਬਦ ਬਹੁਤ ਜਲਦ ਹੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ 'ਤੇ ਪ੍ਰਭਾਵ ਪਾਉਂਦਾ ਹੈ। ਵੱਡੇ-ਵੱਡੇ ਵਿੱਦਿਅਕ ਅਦਾਰੇ ਆਪਣੇ ਸਕੂਲ ਨੂੰ ਸਮਾਰਟ ਸਕੂਲ ਜਾਂ ਸਮਾਰਟ ਕਲਾਸ ਰੂਮਜ਼ ਦਾ ਨਾਂਅ ਦੇ ਕੇ ਖੂਬ ਪ੍ਰਚਾਰ ਕਰਦੇ ਹਨ ਅਤੇ ਇਸੇ ਆੜ ਵਿਚ ਫੀਸਾਂ ਵਿਚ ਬੇਲੋੜਾ ਵਾਧਾ ਕਰਕੇ ਮਾਪਿਆਂ ਦੀਆਂ ਜੇਬਾਂ ਢਿੱਲੀਆਂ ਕਰਦੇ ਹਨ। ਮਾਪੇ ਵੀ ਸਮਾਰਟ ਨਾਂਅ ਸੁਣ ਕੇ ਖਿੱਚੇ ਚਲੇ ਆਉਂਦੇ ਹਨ ਅਤੇ ਬਿਨਾਂ ਕਿਸੇ ਤੱਥਾਂ ਦੀ ਪੜਚੋਲ ਤੋਂ, ਬਿਨਾਂ ਆਪਣੇ ਬੱਚਿਆਂ ਨੂੰ ਵੱਧ ਖਰਚ ਕਰਕੇ ਅਜਿਹੇ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ। ਉਹ ਕਦੇ ਵੀ ਅਜਿਹੇ ਸਕੂਲਾਂ ਦੇ ਅਧਿਆਪਕਾਂ ਦੀ ਵਿੱਦਿਅਕ ਯੋਗਤਾ ਨਹੀਂ ਦੇਖਦੇ, ਸਗੋਂ ਸਮਾਰਟ ਸ਼ਬਦ ਨੂੰ ਸੁਣ ਕੇ ਹੀ ਖਿੱਚੇ ਚਲੇ ਜਾਂਦੇ ਹਨ। ਸਕੂਲਾਂ ਵਿਚ ਨਵੀਂ ਤਕਨੀਕ ਨੂੰ ਲਾਗੂ ਕਰਨਾ, ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਨੂੰ ਅਪਣਾਉਣਾ ਅਤੇ ਸਿੱਖਿਆ ਦੇ ਖੇਤਰ ਵਿਚ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਇਕ ਚੰਗਾ ਉੱਦਮ ਹੈ ਪਰ ਇਸ ਲਈ ਇਸ ਨੂੰ ਲੁੱਟ ਦਾ ਵਸੀਲਾ ਨਹੀਂ ਬਣਨ ਦੇਣਾ ਚਾਹੀਦਾ।
ਦੇਖਣ ਵਿਚ ਆਇਆ ਹੈ ਕਿ ਅੱਜਕਲ੍ਹ ਬਹੁਤ ਸਾਰੇ ਸਕੂਲ ਆਪਣੇ ਸਕੂਲਾਂ ਵਿਚ ਇਕ-ਦੋ ਕਲਾਸ ਰੂਮਜ਼ ਵਿਚ ਨਵਾਂ ਸਮਾਰਟ ਸਿਸਟਮ ਲਗਾ ਕੇ ਸਕੂਲ ਦੇ ਸਮਾਰਟ ਬਣਨ ਦਾ ਖੂਬ ਸ਼ੋਰ ਪਾਉਂਦੇ ਹਨ ਪਰ ਦੇਖਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਕੀ ਉਹ ਸਮਾਰਟ ਸਿਸਟਮ ਕੰਮ ਵੀ ਕਰਦੇ ਹਨ ਜਾਂ ਨਹੀਂ? ਇਹ ਵੀ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਕੀ ਅਜਿਹੇ ਸਿਸਟਮ ਨੂੰ ਚਲਾਉਣ ਲਈ ਸਕੂਲ ਵਿਚ ਨਿਪੁੰਨ ਅਧਿਆਪਕ ਹਨ ਜਾਂ ਨਹੀਂ?
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮਾਰਟ ਸ਼ਬਦ ਸਮੇਂ ਦੀ ਨਵੀਂ ਕਾਢ ਹੈ ਪਰ ਇਸ ਦਾ ਗਰੀਬ ਲੋਕਾਂ 'ਤੇ ਉਲਟਾ ਅਸਰ ਹੋ ਰਿਹਾ ਹੈ। ਗਰੀਬ ਲੋਕ ਵੀ ਦੇਖਾ-ਦੇਖੀ ਸਮੇਂ ਦੇ ਨਾਲ ਦੌੜਨ ਦੀ ਹਿੰਮਤ ਦਿਖਾਉਂਦੇ ਹਨ ਪਰ ਉਹ ਵੀ ਇਕ ਤਰ੍ਹਾਂ ਦੀ ਲੁੱਟ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਭਾਵੇਂ ਸਮਾਰਟ ਸ਼ਹਿਰਾਂ ਦੀ ਗੱਲ ਹੋਵੇ ਜਾਂ ਸਮਾਰਟ ਸਕੂਲ ਦੀ, ਲੋਕਾਂ ਕੋਲੋਂ ਵਾਧੂ ਅਤੇ ਬੇਲੋੜੇ ਕਰ ਨਾ ਵਸੂਲੇ ਜਾਣ।

-ਮ: ਨੰ: 3098, ਸੈਕਟਰ 37-ਡੀ, ਚੰਡੀਗੜ੍ਹ। ਮੋਬਾ: 98764-52223

ਸਮੇਂ ਨਾਲ ਬਦਲਦੇ ਰਿਵਾਜ

ਰਸਮ-ਰਿਵਾਜ ਇਕ ਤਰ੍ਹਾਂ ਦਾ ਕਰਮ-ਕਾਂਡ ਹੁੰਦਾ ਹੈ, ਅਰਥਾਤ ਕਿਸੇ ਕਾਰਜ ਨੂੰ ਕਰਨ ਲਈ ਲੋਕਾਂ ਵਲੋਂ ਨਿਰਧਾਰਤ ਵਿਧੀ ਹੁੰਦੀ ਹੈ, ਜਿਸ ਨੂੰ ਨਿਭਾਉਣਾ ਰਸਮ ਅਖਵਾਉਂਦਾ ਹੈ। ਇਸ ਰਸਮ ਨੂੰ ਵਾਰ-ਵਾਰ ਨਿਭਾਉਣ ਨਾਲ ਇਹ ਰਸਮ ਰੂੜ੍ਹ ਪੱਕੀ ਹੋ ਜਾਂਦੀ ਹੈ। ਇਸ ਨੂੰ ਰਿਵਾਜ ਕਿਹਾ ਜਾਂਦਾ ਹੈ। ਪੰਜਾਬ ਵਿਚ ਵਿਆਹ ਸਬੰਧੀ ਅਜਿਹੀਆਂ ਹੀ ਰਸਮਾਂ ਤੇ ਰਿਵਾਜ ਹਨ, ਜਿਨ੍ਹਾਂ ਦਾ ਪਾਲਣ ਕੀਤਾ ਜਾਂਦਾ ਹੈ। ਇਸ ਦੀ ਮੁੱਖ ਰਸਮ ਵਿਆਹ ਤੋਂ ਇਕ ਦਿਨ ਪਹਿਲਾਂ ਵਾਲੀ ਰਾਤ ਨਾਨਕਿਆਂ ਵਲੋਂ ਜਾਗੋ ਦੀ ਰਸਮ ਹੁੰਦੀ ਹੈ, ਜਿਸ ਵਿਚ ਲੜਕੇ ਜਾਂ ਲੜਕੀ ਦੀ ਭਰਜਾਈ ਜਾਂ ਮਾਮੀ ਇਕ ਗਾਗਰ ਵਿਚ ਥੋੜ੍ਹਾ ਜਿਹਾ ਪਾਣੀ ਭਰ ਕੇ ਗਾਗਰ ਦਾ ਮੂੰਹ ਆਟੇ ਨਾਲ ਬੰਦ ਕਰਕੇ ਉਸ 'ਤੇ ਆਟੇ ਦੇ 5 ਜਾਂ 7 ਦੀਵੇ ਬਾਲ ਕੇ ਪਿੰਡ ਦੀਆਂ ਹੋਰ ਕੁੜੀਆਂ ਨਾਲ ਪਿੰਡ ਦੇ ਘਰਾਂ ਵਿਚ ਸਿੱਠਣੀਆਂ, ਬੋਲੀਆਂ ਗਾ ਕੇ ਜਾਗਦੇ ਰਹਿਣ ਦਾ ਸੁਨੇਹਾ ਦਿੰਦੀਆਂ ਸਨ। ਇਸ ਰਸਮ ਨੂੰ ਨਿਭਾਉਣ ਪਿੱਛੇ ਇਕ ਇਹ ਧਾਰਨਾ ਵੀ ਸੀ ਕਿ ਅਜਿਹਾ ਕਰਨ ਨਾਲ ਬਦਰੂਹਾਂ ਅਤੇ ਪ੍ਰੇਤ ਆਤਮਾਵਾਂ ਪਿੰਡ ਵਿਚੋਂ ਨੱਸ ਜਾਂਦੀਆ ਹਨ, ਜਿਸ ਕਾਰਨ ਲਾੜੇ-ਲਾੜੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਇਕ ਧਾਰਨਾ ਅਨੁਸਾਰ ਪੁਰਾਣੇ ਸਮੇਂ ਵਿਚ ਜਦੋਂ ਵਿਆਹ ਜਾਂ ਕੋਈ ਵੱਡਾ ਸਮਾਗਮ ਹੁੰਦਾ ਸੀ, ਡਾਕੇ ਪੈਣੇ ਸੁਭਾਵਿਕ ਸਨ। ਇਨ੍ਹਾਂ ਡਾਕੂਆਂ ਤੋਂ ਬਚਣ ਲਈ ਵਿਆਹ ਸਮੇਂ ਜਾਗੋ ਕੱਢੀ ਜਾਂਦੀ ਸੀ, ਤਾਂ ਜੋ ਲੁੱਟ-ਖੋਹ ਦਾ ਖਤਰਾ ਘਟ ਜਾਵੇ। ਜਾਗੋ ਕੱਢਣ ਦਾ ਇਕ ਮੁੱਖ ਉਦੇਸ਼ ਇਹ ਵੀ ਸੀ ਕਿ ਨੌਜਵਾਨ ਮੁੰਡੇ-ਕੁੜੀਆਂ ਦੇ ਵਿਹਲੇ ਮਨਾਂ ਨੂੰ ਜਾਗੋ ਰਾਹੀਂ ਕੰਮਾਂ 'ਤੇ ਲਾ ਲਿਆ ਜਾਂਦਾ ਸੀ। ਪਰੰਪਰਾ ਤੇ ਆਧੁਨਿਕ ਸਮੇਂ 'ਤੇ ਕੱਢੀ ਜਾਂਦੀ ਜਾਗੋ ਵੱਲ ਜੇ ਗਹੁ ਨਾਲ ਨਜ਼ਰ ਮਾਰੀਏ ਤਾਂ ਜਾਗੋ ਦਾ ਕੋਈ ਮਤਲਬ ਨ੍ਹੀਂ ਰਹਿ ਜਾਂਦਾ, ਕਿਉਂਕਿ ਸਵੈਵਾਦੀ ਰੁਚੀਆਂ ਦੇ ਧਾਰਨੀ ਲੋਕਾਂ ਤੇ ਪੂੰਜੀ ਦੀ ਹੋੜ ਵਿਚ ਸਾਰੀ ਮਨੁੱਖਤਾ ਲੱਗੀ ਹੋਈ ਹੈ। 21ਵੀਂ ਸਦੀ ਤੇ ਗਲੋਬਲਾਈਜ਼ੇਸ਼ਨ ਦਾ ਯੁੱਗ ਹੈ, ਜਿਸ ਦੇ ਪ੍ਰਭਾਵ ਸਦਕਾ ਸਾਡੇ ਰੀਤੀ-ਰਿਵਾਜ ਵੀ ਬਦਲਦੇ ਜਾ ਰਹੇ ਹਨ। ਬਦਲਣ ਵੀ ਕਿਉਂ ਨਾ, ਨਿਰੰਤਰ ਪਰਿਵਰਤਨ ਪ੍ਰਾਕ੍ਰਿਤੀ ਦਾ ਨਿਯਮ ਹੈ, ਜੋ ਮਨੁੱਖੀ ਸਮਾਜ 'ਤੇ ਢੁਕਵਾਂ ਵੀ ਹੈ। ਰਸਮ-ਰਿਵਾਜ ਸਮਾਜਿਕ ਭਾਈਚਾਰੇ ਨਾਲ ਸਬੰਧਤ ਹੁੰਦੇ ਹਨ। ਪ੍ਰਾਕ੍ਰਿਤੀ ਦੇ ਖਿਲਾਫ ਅੱਜ ਦਾ ਮਨੁੱਖ ਆਪਣੇ-ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਇਸ ਲਈ ਰਸਮ-ਰਿਵਾਜਾਂ ਨੂੰ ਵਹਿਮ-ਭਰਮ ਕਹਿ ਕੇ ਸੈਕੂਲਰ ਹੁੰਦਾ ਜਾ ਰਿਹਾ ਹੈ। ਵਿਆਹ ਸਬੰਧੀ ਜੋ ਰੀਤੀ-ਰਿਵਾਜ ਸਨ, ਉਨ੍ਹਾਂ ਵਿਚ ਬਦਲਾਅ ਆ ਗਿਆ ਹੈ, ਇਨ੍ਹਾਂ ਵਿਚ ਇਕ ਰਸਮ ਜਾਗੋ ਦੀ ਹੈ। ਹੁਣ ਜਾਗੋ ਦੀ ਥਾਂ ਡੀ.ਜੇ ਨੇ ਲੈ ਲਈ ਹੈ। ਇਸ ਦਿਨ ਸਾਰੇ ਸਾਕ-ਸਬੰਧੀ, ਮਿੱਤਰ-ਸੱਜਣ ਡੀ.ਜੇ. 'ਤੇ ਖੂਬ ਮਸਤੀ ਕਰਦੇ ਹਨ। ਕਈ ਵਾਰ ਨਸ਼ੇ ਦੀ ਲੋਰ ਵਿਚ ਖੁਸ਼ੀ-ਖੁਸ਼ੀ ਚਲਾਈਆਂ ਬੰਦੂਕ ਦੀਆਂ ਗੋਲੀਆਂ ਘਰਾਂ ਦੇ ਚਿਰਾਗ ਬੁਝਾ ਦਿੰਦੀਆਂ ਹਨ। ਹੁਣ ਲੋੜ ਹੈ ਨਸ਼ਿਆਂ ਖਿਲਾਫ ਜਾਗੋ ਕੱਢਣ ਦੀ, ਤਾਂ ਕਿ ਅੱਜ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਤੇ ਅਲੋਪ ਹੋ ਰਹੇ ਰੀਤੀ-ਰਿਵਾਜਾਂ ਨੂੰ ਬਚਾਇਆ ਜਾ ਸਕੇ।

-ਮੋਬਾ: 98054-80900

ਜ਼ਿੰਦਾਦਿਲੀ ਹੈ ਨਾਂਅ ਜ਼ਿੰਦਗੀ ਦਾ

ਮਨੁੱਖੀ ਜੀਵਨ ਪਰਮਾਤਮਾ ਦੀ ਵਡਮੁੱਲੀ ਦੇਣ ਹੈ। ਇਨਸਾਨੀ ਜੀਵਨ ਤੋਂ ਸ੍ਰੇਸ਼ਠ ਇਸ ਧਰਤੀ ਉੱਤੇ ਕੋਈ ਜੀਵਨ ਨਹੀਂ ਹੈ। ਇਸ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਹੈ, ਇਹ ਇਨਸਾਨ ਦੇ ਆਪਣੇ ਹੱਥ ਵਿਚ ਹੈ। ਉਤਰਾਅ-ਚੜ੍ਹਾਅ ਜ਼ਿੰਦਗੀ ਦਾ ਅਹਿਮ ਅੰਗ ਹਨ। ਬਿਨਾਂ ਖੁਸ਼ੀ ਅਤੇ ਦੁੱਖ-ਤਕਲੀਫ ਦੇ ਮਨੁੱਖੀ ਜੀਵਨ ਪੂਰਨ ਨਹੀਂ ਹੋ ਸਕਦਾ, ਇਹ ਸਚਾਈ ਜੁਗਾਂ-ਜੁਗਾਂ ਤੋਂ ਅਟੱਲ ਹੈ। ਮਿਹਨਤ ਕਰਕੇ ਖਾਣਾ ਗੁਰੂ ਸਾਹਿਬਾਨ ਨੇ ਮਨੁੱਖੀ ਜੀਵਨ ਦਾ ਵੱਡਾ ਫਰਜ਼ ਦੱਸਿਆ ਹੈ। ਕਿਸਾਨ ਅਤੇ ਕਿਰਤੀ ਹੱਥੀਂ ਸਖ਼ਤ ਕਿਰਤ ਕਰਨ ਕਰਕੇ ਦੁਨੀਆ ਵਿਚ ਅਹਿਮ ਸਥਾਨ ਰੱਖਦੇ ਹਨ। ਉਨ੍ਹਾਂ ਦੁਆਰਾ ਕੀਤੀ ਕਿਰਤ ਅਤੇ ਮਿਹਨਤ ਕਰਕੇ ਅੱਜ ਦੇਸ਼ਾਂ ਦੇ ਭੰਡਾਰ ਅੰਨ ਨਾਲ ਭਰੇ ਪਏ ਹਨ। ਜੋ ਦੇਸ਼ ਕਦੇ ਦੂਜੇ ਦੇਸ਼ਾਂ ਤੋਂ ਅਨਾਜ ਮੰਗ ਕੇ ਆਪਣੇ ਦੇਸ਼ ਦੀਆਂ ਲੋੜਾਂ ਪੂਰੀਆਂ ਕਰਦੇ ਸਨ, ਅੱਜ ਉਨ੍ਹਾਂ ਦੇਸ਼ਾਂ ਕੋਲ ਦੂਜੇ ਦੇਸ਼ਾਂ ਨੂੰ ਦੇਣ ਲਈ ਵਾਧੂ ਅਨਾਜ ਹੈ। ਇਹ ਸਭ ਦੇਸ਼ ਦੇ ਕਿਸਾਨਾਂ ਅਤੇ ਕਿਰਤੀ ਵੀਰਾਂ ਦੀ ਕਮਾਈ ਸਦਕਾ ਹੀ ਸੰਭਵ ਹੋ ਸਕਿਆ ਹੈ। ਭਾਰਤ ਵਿਚਲੇ ਕਿਸੇ ਵੀ ਸੂਬੇ ਦੇ ਕਿਸਾਨਾਂ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ। ਅੱਜ ਇਨ੍ਹਾਂ ਦੇ ਪੱਲੇ ਦਰਦਨਾਕ ਮੌਤ ਰਹਿ ਗਈ ਹੈ। ਖੇਤੀ ਉੱਤੇ ਹੁੰਦੇ ਖਰਚੇ ਕਮਾਈ ਨਾਲੋਂ ਜ਼ਿਆਦਾ ਹੋਣ ਕਰਕੇ ਕਿਸਾਨ ਨਿੱਤ ਕਰਜ਼ੇ ਦੇ ਜਾਲ ਵਿਚ ਫਸਦੇ ਜਾ ਰਹੇ ਹਨ। ਕੀੜੇਮਾਰ ਦਵਾਈਆਂ, ਖਾਦ ਅਤੇ ਲੇਬਰ ਖਰਚੇ ਬਿਨਾਂ ਅੱਜ ਦੇ ਸਮੇਂ ਖੇਤੀ ਕਰਨੀ ਸੰਭਵ ਨਹੀਂ ਹੈ। ਪੱਕ ਕੇ ਤਿਆਰ ਹੋਈ ਫਸਲ ਦਾ ਬਾਜ਼ਾਰੀ ਮੁੱਲ ਓਨਾ ਨਹੀਂ ਵਧਿਆ, ਜਿੰਨਾ ਕਿ ਉਸ ਉੱਤੇ ਆਉਣ ਵਾਲਾ ਖਰਚਾ ਵਧ ਗਿਆ ਹੈ। ਫਸਲ ਪਾਲਣ ਉੱਤੇ ਹੁੰਦੇ ਜ਼ਿਆਦਾ ਖਰਚ ਅਤੇ ਘੱਟ ਫਸਲੀ ਮੁੱਲ ਦੇ ਖਪੇ ਨੇ ਸਖ਼ਤ ਮਿਹਨਤ ਕਰਨ ਵਾਲੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ।
ਇਹ ਵੀ ਸੱਚ ਹੈ ਕਿ ਖੁਦਕੁਸ਼ੀ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਹੈ। ਮਿਹਨਤ ਕਰਕੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨਾ ਇਕ ਵੱਡੀ ਜਿੱਤ ਹੈ। ਇਤਿਹਾਸ ਗਵਾਹ ਹੈ ਕਿ ਹਾਰ ਕੇ ਜਿੱਤਣ ਵਾਲੇ ਮਨੁੱਖ ਆਪਣੀ ਗੁਆਚ ਚੁੱਕੀ ਜ਼ਿੰਦਗੀ ਦਾ ਦੁਬਾਰਾ ਅਨੰਦ ਲੈ ਸਕਦੇ ਹਨ, ਗੱਲ ਸਿਰਫ ਮਨ ਨੂੰ ਮਜ਼ਬੂਤ ਕਰਕੇ ਹਿੰਮਤ ਨਾਲ ਮੁਸ਼ਕਿਲ ਹਾਲਾਤ ਨੂੰ ਟੱਕਰ ਦੇਣ ਦੀ ਹੈ। ਹਾਲਾਤ ਇਨਸਾਨ ਦੇ ਅਨੁਕੂਲ ਨਹੀਂ ਬਣਦੇ, ਬਲਕਿ ਇਨਸਾਨ ਨੂੰ ਹਾਲਾਤ ਦੇ ਅਨੁਕੂਲ ਰਹਿ ਕੇ ਔਖੇ ਸਮੇਂ ਵਿਚੋਂ ਚੰਗੇ ਭਵਿੱਖ ਦੀ ਤਲਾਸ਼ ਕਰਨੀ ਚਾਹੀਦੀ ਹੈ। ਜ਼ਿੰਦਾਦਿਲ ਇਨਸਾਨ ਜ਼ਿੰਦਗੀ ਦੀ ਰਫ਼ਤਾਰ ਨੂੰ ਅਨੰਦਮਈ ਬਣਾ ਦਿੰਦੇ ਹਨ ਅਤੇ ਦੂਜਿਆਂ ਲਈ ਇਕ ਮਿਸਾਲ ਬਣ ਜਾਂਦੇ ਹਨ। ਉਹ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਸਕਾਰਾਤਮਕ ਬਣਾ ਦਿੰਦੇ ਹਨ ਅਤੇ ਕਿਸੇ ਵੀ ਵੱਡੀ ਚੁਣੌਤੀ ਨੂੰ ਟੱਕਰ ਦੇਣ ਦੇ ਸਮਰੱਥ ਹੁੰਦੇ ਹਨ। ਕਿਸਾਨ ਵੀਰ ਆਪਣੇ-ਆਪ ਨੂੰ ਆਤਮਵਿਸ਼ਵਾਸ ਅਤੇ ਹਿੰਮਤ ਨਾਲ ਲੈਸ ਕਰਕੇ ਕਰਜ਼ੇ ਨਾਲ ਭਾਰੀ ਹੋ ਚੁੱਕੀ ਜ਼ਿੰਦਗੀ ਵਿਚੋਂ ਇਕ ਨਵੀਂ ਉਮੀਦ ਜਗਾ ਸਕਦੇ ਹਨ। ਸੋ, ਆਓ ਇਸ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਣ ਦਾ ਅਹਿਦ ਕਰੀਏ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਫਤਹਿਗੜ੍ਹ ਸਾਹਿਬ।
ਮੋਬਾ: 94784-60084


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX