ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਉਰਦੂ ਕਹਾਣੀ: ਮੋਮ ਦੀ ਚੱਟਾਨ

ਵਕੀਲ ਸਾਹਬ ਆਸਿਫ ਦੇ ਕਮਰੇ ਵਿਚ ਸਾਦਾ ਲਿਫ਼ਾਫ਼ਾ ਲੈਣ ਗਏ ਸੀ | ਐਪਰ ਉਥੋਂ ਵਾਪਸ ਆਏ ਤਾਂ ਖਾਲਦਾ ਦਾ ਹੱਥ ਉਨ੍ਹਾਂ ਦੇ ਹੱਥ ਵਿਚ ਸੀ ਅਤੇ ਉਨ੍ਹਾਂ ਦਾ ਚਿਹਰਾ ਖ਼ੁਸ਼ੀ ਨਾਲ ਖਿੜਿਆ ਹੋਇਆ ਸੀ |
'ਅਰੇ ਭਈ ਬੇਗ਼ਮ', ਉਨ੍ਹਾਂ ਨੇ ਚਹਿਕ ਕੇ ਬੇਗ਼ਮ ਨੂੰ ਸੰਬੋਧਨ ਕੀਤਾ ਤਾਂ ਬੇਗ਼ਮ ਨੇ ਹੈਰਾਨ ਹੋ ਕੇ ਸਿਰ ਚੁੱਕਿਆ | ਹੈਰਾਨ ਕਰਨ ਵਾਲੀ ਗੱਲ ਹੈ ਈ ਸੀ | ਵਕੀਲ ਸਾਹਬ ਚਹਿਕਦੇ ਕਦੋਂ ਸਨ | ਉਨ੍ਹਾਂ ਦਾ ਬਹੁਤਾ ਵਕਤ ਤਾਂ ਗੱਜਦੇ ਤੇ ਵੱਸਦੇ ਹੋਏ ਹੀ ਲੰਘਦਾ ਸੀ | ਕੀ ਪਤਨੀ, ਕੀ ਬੱਚੇ, ਕੀ ਨੌਕਰ ਚਾਕਰ ਘਰ ਵਾਲੇ ਇਨ੍ਹਾਂ ਦੇ ਇਸ ਅੰਦਾਜ਼ ਦੇ ਇਸ ਤਰ੍ਹਾਂ ਦੇ ਆਦੀ ਹੋ ਗਏ ਸਨ ਕਿ ਜਿਸ ਦਿਨ ਕਿਸੇ ਵਕਤ ਉਹ ਮੁਸਕਰਾ ਕੇ ਗੱਲ ਕਰਦੇ ਤਾਂ ਉਹ ਸਮਾਂ ਸਾਰਿਆਂ 'ਤੇ ਹੈਰਾਨੀ ਅਤੇ ਖ਼ੁਸ਼ੀ ਦਾ ਤੂਫ਼ਾਨ ਲੈ ਕੇ ਆਉਂਦਾ ਸੀ | ਉਦੋਂ ਵੀ ਇੰਜ ਹੀ ਹੋਇਆ | ਬੇਗ਼ਮ ਨੇ ਹੈਰਾਨੀ ਅਤੇ ਖ਼ੁਸ਼ੀ ਦੇ ਤੂਫ਼ਾਨ ਨੂੰ ਬੜੀ ਮੁਸ਼ਕਿਲ ਨਾਲ ਰੋਕਦੇ ਹੋਏ ਪੁੱਛ ਲਿਆ, 'ਤੁਸੀਂ ਕੀ ਆਖਦੇ ਪਏ ਹੋ?' ਉਂਜ ਉਹ ਕਹਿਣਾ ਤਾਂ ਇਹ ਚਾਹੁੰਦੀ ਸੀ ਕਿਉਂ ਚਹਿਕ ਰਹੇ ਹੋ ਤੁਸੀਂ ਜੀ | ਐਪਰ ਏਨੀ ਹਿੰਮਤ ਕਿਵੇਂ ਕਰਦੀ ਕਿਉਂਕਿ ਵਕੀਲ ਸਾਹਬ ਦਾ ਸੁਭਾਅ ਹੀ ਅਜਿਹਾ ਸੀ | ਲੰਮਾ ਚੌੜਾ ਗੋਰਾ ਚਿੱਟਾ ਵਕੀਲ ਆਪਣੇ ਸੀਨੇ ਵਿਚ ਬੜਾ ਸਖ਼ਤ ਦਿਲ ਰਖਦਾ ਸੀ | ਘਰ ਵਿਚ ਏਸੇ ਦਾ ਸਿੱਕਾ ਚਲਦਾ ਸੀ | ਇਸ ਦਾ ਏਨਾ ਰੋਹਬ ਸੀ ਕਿ ਇਹ ਘਰ ਦੇ ਅੰਦਰ ਆਇਆ ਕਿ ਪੂਰਾ ਸੰਨਾਟਾ ਛਾ ਜਾਂਦਾ ਸੀ | ਜੇਕਰ ਸੂਈ ਵੀ ਡਿੱਗੇ ਤਾਂ ਉਸ ਦੀ ਆਵਾਜ਼ ਸੁਣੀ ਜਾ ਸਕਦੀ ਸੀ |
ਉਨ੍ਹਾਂ ਦੀ ਲੜਕੀ ਆਸਿਫ਼ਾ ਵੀਹ ਸਾਲ ਦੀ ਹੋਵੇਗੀ | ਮੰੁਡਾ ਆਸਿਫ਼ ਪੱਚੀ ਸਾਲ ਦਾ ਸੋਹਣਾ-ਸੁਨੱਖਾ ਨੌਜਵਾਨ | ਦੋਵੇਂ ਜਵਾਨ ਹੋ ਗਏ ਸਨ ਅਤੇ ਅੱਜਕਲ੍ਹ ਦੇ ਮਾਹੌਲ ਵਿਚ ਪ੍ਰਵਾਨ ਚੜ੍ਹੇ ਸਨ | ਫਿਰ ਵੀ ਕੀ ਮਜਾਲ ਜੇ ਆਪਣੇ ਬਾਪ ਸਾਹਮਣੇ ਉੱਚੀ ਆਵਾਜ਼ ਨਾਲ ਬੋਲ ਵੀ ਸਕਣ | ਵਕੀਲ ਸਾਹਬ ਉਂਜ ਤਾਂ ਆਪਣੇ ਬੱਚਿਆਂ ਤੋਂ ਜਾਨ ਛਿੜਕਦੇ ਸਨ | ਬੇਗ਼ਮ ਸਾਹਿਬਾ ਨੂੰ 30 ਸਾਲ ਵਿਆਹਿਆਂ ਹੋ ਗਏ ਸਨ ਪਰ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਸੀ | ਉਹ ਸਦਾ ਆਪਣੀ ਬੇਗ਼ਮ ਦੇ ਵਫ਼ਾਦਾਰ ਰਹੇ ਸਨ | ਇਹ ਹੋਰ ਗੱਲ ਕਿ ਇਨ੍ਹਾਂ ਦੀ ਮੁਹੱਬਤ ਦਾ ਅੰਦਾਜ਼ ਏਨਾ ਹੀ ਸਖ਼ਤ ਹੁੰਦਾ ਕਿ ਜਿਵੇਂ ਉਹ ਮੁਹੱਬਤ ਨਾ ਕਰ ਰਹੇ ਹੋਣ ਸਗੋਂ ਡਾਂਟ ਰਹੇ ਹੋਣ | ਇਨ੍ਹਾਂ ਦੇ ਬੱਚੇ ਚੰਗੇ ਤੋਂ ਚੰਗਾ ਖਾਂਦੇ, ਚੰਗੇ ਤੋਂ ਚੰਗਾ ਪਹਿਨਦੇ | ਇਨ੍ਹਾਂ ਨੂੰ ਹਰ ਤਰ੍ਹਾਂ ਦਾ ਆਰਾਮ ਹਾਸਲ ਸੀ | ਵਕੀਲ ਸਾਹਬ ਹਰ ਇਕ ਦੀ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਦੇ ਸਨ | ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਤਾਂ ਉਹ ਉਨ੍ਹਾਂ ਨੂੰ ਸਿੱਧਾ ਨਾ ਆਖਦਾ, ਹਿੰਮਤ ਨਹੀਂ ਸੀ ਹੁੰਦੀ | ਮਿਸਾਲ ਦੇ ਤੌਰ 'ਤੇ ਘਰ ਵਿਚ ਅਸਲੀ ਦੇਸੀ ਘਿਓ ਮੁੱਕ ਗਿਆ ਹੋਵੇ ਤਾਂ ਖਾਣ ਵਾਲੇ ਮੇਜ਼ 'ਤੇ ਬਗੈਰ ਤੜਕੇ ਦੀ ਦਾਲ ਰੱਖ ਦਿੱਤੀ ਜਾਂਦੀ | ਵਕੀਲ ਸਾਹਬ ਸਮਝ ਜਾਂਦੇ ਅਤੇ ਦੂਜੇ ਦਿਨ ਦੇਸੀ ਘਿਓ ਆ ਜਾਂਦਾ | ਆਸਿਫ਼ ਨੂੰ ਕਾਲਜ ਦੀ ਫੀਸ ਚਾਹੀਦੀ ਹੋਵੇ ਜਾਂ ਨਵੇਂ ਬੂਟ ਲੈਣੇ ਹੋਣ ਤਾਂ ਉਹ ਵਕੀਲ ਸਾਹਬ ਦੇ ਕਮਰੇ ਦੇ ਲਾਗੇ ਖੜ੍ਹੇ ਹੋ ਕੇ ਉੱਚੀ ਸਾਰੀ ਆਪਣੀ ਮਾਂ ਨੂੰ ਆਖਦਾ, 'ਮੰਮੀ, ਤੁਹਾਨੂੰ ਯਾਦ ਹੈ ਨਾ ਅੱਜ ਫੀਸ ਡੇਅ ਹੈ |' ਜਾਂ 'ਅੰਮੀ ਹੁਣ ਤਾਂ ਇਹ ਵਾਲੇ ਬੂਟ ਪਾਉਣ ਨੂੰ ਮਨ ਨਹੀਂ ਕਰਦਾ, ਅੰਮੀ ਤੁਸੀਂ ਜ਼ੁਬੈਰ ਦੀ ਬੁਸ਼ਰਟ ਵੇਖੀ ਸੀ ਜੋ ਹੁਣ ਪਾ ਕੇ ਆਇਆ ਹੋਇਆ ਸੀ ਕਿੰਨੀ ਸੋਹਣੀ ਸੀ |' ਦੂਜੇ ਦਿਨ ਜ਼ੁਬੈਰ ਇਕ ਨਵੀਂ ਬੁਸ਼ਰਟ ਲੈ ਕੇ ਆ ਜਾਏਗਾ ਅਤੇ ਦੱਸੇਗਾ' 'ਅੰਕਲ ਨੇ ਇਕ ਸਲਿਪ ਅਤੇ ਪੈਸੇ ਭੇਜੇ ਸਨ ਕਿ ਬਿਲਕੁਲ ਆਪਣੇ ਵਰਗੀ ਬੁਸ਼ਰਟ ਆਸਿਫ ਲਈ ਖਰੀਦ ਕੇ ਪਹੁੰਚਾ ਦਿਓ |' ਫੀਸ ਦੇ ਪੈਸੇ ਆਸਿਫ਼ ਨੂੰ ਖਾਣਾ ਖਾਣ ਵਾਲੇ ਮੇਜ਼ 'ਤੇ ਮਿਲ ਜਾਣਗੇ | ਨਵੇਂ ਬੂਟ ਲੈਣ ਲਈ ਪੈਸੇ ਵੀ ਮਿਲ ਜਾਣਗੇ |
ਆਸਿਫ਼ਾ ਵੀ ਇਸੇ ਤਰ੍ਹਾਂ ਦੀ ਫਰਮਾਇਸ਼ ਕਰਦੀ ਰਹਿੰਦੀ ਸੀ | ਹੋਰ ਤਾਂ ਹੋਰ ਉਨ੍ਹਾਂ ਦੀ ਬੇਗ਼ਮ ਵੀ ਏਹੋ ਜਿਹੀ ਤਰਕੀਬ ਇਸਤੇਮਾਲ ਕਰਦੀ ਰਹਿੰਦੀ ਸੀ | ਜੇਕਰ ਨਵੀਂ ਸਾੜ੍ਹੀ ਲੈਣੀ ਹੋਵੇ ਤਾਂ ਉਹ ਵਕੀਲ ਸਾਹਬ ਦੇ ਸਾਹਮਣੇ ਬੈਠ ਜਾਂਦੀ ਅਤੇ ਪਾਈ ਹੋਈ ਸਾੜ੍ਹੀ ਵਿਚ ਕਿਸੇ ਥਾਂ ਵੀ ਸੂਈ ਨਾਲ ਬਖੀਆ ਮਾਰਨ ਲੱਗ ਜਾਂਦੀ | ਵਕੀਲ ਸਾਹਬ ਵੀ ਸਰਸਰੀ ਜਿਹੀ ਨਜ਼ਰ ਮਾਰਦੇ ਅਤੇ ਫਿਰ ਸ਼ਾਮ ਨੂੰ ਬੇਗ਼ਮ ਸਾਹਬ ਦੇ ਬਿਸਤਰੇ 'ਤੇ ਦੋ ਸਾੜ੍ਹੀਆਂ ਵਾਲਾ ਪੈਕਟ ਪਹੁੰਚ ਜਾਂਦਾ ਸੀ | ਵਕੀਲ ਸਾਹਬ ਸਿਰਫ਼ ਆਪਣੀ ਬੇਗ਼ਮ ਅਤੇ ਬੱਚਿਆਂ ਦੀ ਹਰ ਲੋੜ ਦੀ ਪੂਰਤੀ ਹੀ ਨਹੀਂ ਕਰਦੇ ਸਨ ਸਗੋਂ ਇਕ ਬੇਸਹਾਰਾ ਯਤੀਮ ਕੁੜੀ ਦਾ ਵੀ ਪੂਰਾ ਖਿਆਲ ਰੱਖਦੇ ਸਨ ਜਿਸ ਨੂੰ ਉਨ੍ਹਾਂ ਗੋਦ ਲਿਆ ਹੋਇਆ ਸੀ | ਉਸ ਬੇਸਹਾਰਾ ਯਤੀਮ ਕੁੜੀ ਦਾ ਨਾਂਅ ਸੀ ਖ਼ਾਲਿਦਾ |
ਵੀਹ ਇੱਕੀ ਸਾਲ ਦੀ ਜਵਾਨ ਕੁੜੀ ਖ਼ਾਲਿਦਾ | ਇਸ ਬਾਰੇ ਵਕੀਲ ਸਾਹਬ ਦਾ ਹੁਕਮ ਸੀ ਕਿ ਜਿਵੇਂ ਦੇ ਕੱਪੜੇ ਆਸਿਫਾ ਪਾਉਂਦੀ ਹੈ, ਉਸੇ ਤਰ੍ਹਾਂ ਦੇ ਕੱਪੜੇ ਖ਼ਾਲਿਦਾ ਦੇ ਵੀ ਹੋਣ | ਜਿਹੜਾ ਖਾਣਾ ਆਸਿਫ਼ ਅਤੇ ਆਸਿਫਾ ਖਾਂਦੇ-ਪੀਂਦੇ ਹਨ, ਉਹੋ ਜਿਹਾ ਖਾਣਾ ਹੀ ਖਾਲਿਦਾ ਨੂੰ ਪਰੋਸਿਆ ਜਾਏ | ਉਹ ਖਾਣੇ ਦੀ ਮੇਜ਼ ਉਤੇ ਖਾਲਿਦਾ ਦੀ ਗ਼ੈਰ-ਹਾਜ਼ਰੀ ਕਿਸੇ ਸੂਰਤ ਵੀ ਸਹਿਣ ਨਹੀਂ ਸੀ ਕਰਦੇ | ਹੁਣ ਉਨ੍ਹਾਂ ਦੀ ਬੇਗਮ ਮਨੋਂ ਕਰਨ ਜਾਂ ਮਜਬੂਰੀ ਵੱਸ ਉਸ ਨੂੰ ਆਸਿਫਾ ਅਤੇ ਖਾਲਿਦਾ ਨੂੰ ਇਕੋ ਜਿਹੀ ਨਜ਼ਰ ਨਾਲ ਵੇਖਣਾ ਪੈਂਦਾ ਸੀ | ਹੁਣ ਉਹ ਵਕੀਲ ਸਾਹਬ ਨੂੰ ਕਿਵੇਂ ਦੱਸੇ ਕਿ ਬੇਸ਼ੱਕ ਖਾਲਿਦਾ ਸਾਡੇ ਨਾਲ ਆਪਣਿਆਂ ਵਾਂਗ ਰਹਿੰਦੀ ਹੋਵੇ, ਇਕ ਮੇਜ਼ 'ਤੇ ਸਾਡੇ ਨਾਲ ਰਲ ਕੇ ਖਾਣਾ ਖਾਂਦੀ ਹੋਵੇ ਆਸਿਫ਼ਾ ਦੇ ਬਰਾਬਰ ਉਹਦੀ ਮੰਜੀ ਡਹਿੰਦੀ ਹੋਵੇ ਐਪਰ ਹੈ ਤਾਂ ਗੰੁਮਨਾਮ ਮਾਪਿਆਂ ਦੀ ਧੀ, ਜਿਹੜੀ ਵੀਹ ਸਾਲ ਪਹਿਲਾਂ ਅਸਾਂ ਦੋਵਾਂ ਨੂੰ ਟਰੇਨ ਦੇ ਸਫ਼ਰ ਦੌਰਾਨ ਲਾਵਾਰਿਸ ਪਈ ਹੋਈ ਮਿਲੀ ਸੀ | ਜਿਸ ਦੀ ਨਾ ਜਾਤ ਦਾ ਪਤਾ ਨਾ ਖਾਨਦਾਨ ਦਾ | ਉਹ ਸਾਡੇ ਸਤਿਕਾਰਯੋਗ ਖਾਨਦਾਨ ਦੀ ਨੂੰ ਹ ਕਿਵੇਂ ਬਣ ਸਕਦੀ ਹੈ | ਨੂੰ ਹ...ਵਕੀਲ ਸਾਹਬ ਤਾਂ ਆਪਣੀ ਨੂੰ ਹ ਨੂੰ ਲੱਭਣ ਦਾ ਖਿਆਲ ਕਈ ਵਾਰੀ ਪ੍ਰਗਟ ਕਰ ਚੁੱਕੇ ਸਨ | ਉਨ੍ਹਾਂ ਦਾ ਪੁੱਤਰ ਆਸਿਫ਼ ਲੱਖਾਂ ਵਿਚੋਂ ਇਕ ਸੀ | ਉਨ੍ਹਾਂ ਨੂੰ ਕੁੜੀ ਵੀ ਲੱਖਾਂ ਵਿਚੋਂ ਇਕ ਚਾਹੀਦੀ ਸੀ | ਬੇਗ਼ਮ ਸਾਹਿਬਾਂ ਦੀ ਵੀ ਇਹੋ ਇੱਛਾ ਸੀ | ਐਪਰ ਉਹ ਕਿਵੇਂ ਦੱਸੇ ਵਕੀਲ ਸਾਹਬ ਨੂੰ ਕਿ ਖ਼ਾਲਿਦਾ ਨੂੰ ਵੇਖ ਕੇ ਆਸਿਫ਼ ਦੀਆਂ ਅੱਖਾਂ ਜੋ ਮਸਤ ਹੋ ਜਾਂਦੀਆਂ ਹਨ ਉਹ ਕਿੰਨੀ ਖ਼ਤਰਨਾਕ ਗੱਲ ਹੈ | ਬੇਗ਼ਮ ਸਾਹਿਬਾਂ ਵਕੀਲ ਸਾਹਬ ਤੋਂ ਬਹੁਤ ਡਰਦੀ ਸੀ | ਉਨ੍ਹਾਂ ਦੀਆਂ ਅੱਗ ਭੜਕਾਊ ਨਜ਼ਰਾਂ ਨਾਲ ਝੁਲਸਣ ਦੀ ਹਿੰਮਤ ਉਹਦੇ ਵਿਚ ਨਹੀਂ ਸੀ | ਤਦ ਉਹ ਕਿਵੇਂ ਗਵਾਰਾ ਕਰ ਲੈਂਦੀ ਕਿ ਉਨ੍ਹਾਂ ਦਾ ਬੇਟਾ ਉਨ੍ਹਾਂ ਅੰਗਿਆਰਿਆਂ ਦੇ ਸਾਹਵੇਂ ਖਲੋਵੇ | ਵਕੀਲ ਸਾਹਬ ਦੀ ਇਕ ਆਦਤ ਇਹ ਵੀ ਸੀ ਕਿ ਜਿਹੜੀ ਗੱਲ ਡਰਾਉਣ ਵਾਲੇ ਅੰਦਾਜ਼ ਵਿਚ ਉਨ੍ਹਾਂ ਦੇ ਅੱਗੇ ਰੱਖੀ ਜਾਵੇ ਤਾਂ ਉਹ ਚਿੜ੍ਹ ਕੇ ਉਸ ਗੱਲ ਦਾ ਰੰਗ ਹੋਰ ਹੀ ਬਣਾ ਦਿੰਦੇ ਸਨ | ਇਸ ਤਰ੍ਹਾਂ ਗੱਲ ਕਰਨ ਵਾਲੇ ਨੂੰ ਪਛਤਾਣਾ ਪੈਂਦਾ |
ਬੇਗਮ ਅਜੀਬ ਮੁਸ਼ਕਿਲ ਵਿਚ ਫਸ ਗਈ ਸੀ | ਸੋਚਦੇ-ਸੋਚਦੇ, ਸਬਰ ਕਰਦੇ-ਕਰਦੇ ਜਦ ਤੰਗ ਆ ਗਈ ਤਾਂ ਇਕ ਦਿਨ ਵਕੀਲ ਸਾਹਬ ਦੇ ਸਾਹਮਣੇ ਆਸਿਫ਼ਾ ਨੂੰ ਕਹਿਣ ਲੱਗੀ, 'ਆਸਿਫਾ ਤੂੰ ਮਸਊਦ ਦੀ ਵਹੁਟੀ ਨੂੰ ਵੇਖਿਆ ਕਿੰਨੀ ਪਿਆਰੀ ਏ |' 'ਹਾਂ ਅੰਮੀ ਸਈਦਾ ਦੇ ਤਾਂ ਪੈਰ ਧਰਤੀ 'ਤੇ ਨਹੀਂ ਲੱਗਦੇ | ਭਾਬੀ ਭਾਬੀ ਕਹਿ ਕੇ ਚਿੰਬੜੀ ਰਹਿੰਦੀ ਏ |' 'ਮਸਊਦ ਦਾ ਵਿਆਹ ਵੀ ਚੰਗੀ ਉਮਰ ਵਿਚ ਹੋਇਆ ਏ |' 'ਵੀਹ ਪੱਚੀ ਸਾਲਾਂ ਦੀ ਉਮਰ 'ਚ ਮੰੁਡੇ ਦਾ ਵਿਆਹ ਹੋ ਜਾਏ ਤਾਂ ਉਸ ਦੀਆਂ ਔਲਾਦਾਂ ਨੂੰ ਦਾਦਾ-ਦਾਦੀ ਜੀ ਭਰ ਲਾਡ ਪਿਆਰ ਕਰ ਲੈਂਦੇ ਹਨ |' ਬੇਗਮ ਨੇ ਬੜੇ ਜ਼ੋਰ ਨਾਲ ਠੰਢਾ ਸਾਹ ਲਿਆ ਅਤੇ ਉੱਠ ਕੇ ਚਲੀ ਗਈ | ਬਸ ਏਨਾ ਹੀ ਕਾਫ਼ੀ ਸੀ ਵਕੀਲ ਸਾਹਬ ਵਾਸਤੇ | ਦੂਜੇ ਦਿਨ ਵਕੀਲ ਸਾਹਬ ਨੇ ਗੱਜ ਵੱਜ ਕੇ ਫੈਸਲਾ ਸੁਣਾ ਦਿੱਤਾ | 'ਬੇਗਮ, ਮੇਰਾ ਖਿਆਲ ਏ ਕਿ ਆਸਿਫ਼ ਦਾ ਵਿਆਹ ਕਰ ਦੇਣਾ ਚਾਹੀਦਾ ਏ |' ਬੇਗਮ ਨੇ ਉਨ੍ਹਾਂ ਦੀ ਆਦਤ ਦਾ ਲਾਭ ਲੈਂਦੇ ਹੋਏ ਉਨ੍ਹਾਂ ਨੂੰ ਗੁੱਸਾ ਚੜ੍ਹਾਉਂਦੇ ਹੋਏ ਆਖਿਆ, 'ਜੀ ਉਹ ਠੀਕ ਏ ਐਪਰ ਪਹਿਲਾਂ ਆਸਿਫ਼ਾ ਦਾ ਵਿਆਹ'... ਇਹ ਸੁਣ ਕੇ ਵਕੀਲ ਸਾਹਿਬ ਨੇ ਸ਼ੇਰ ਵਾਂਗੂ ਬੋਲ ਕੇ ਕਿਹਾ, 'ਆਸਿਫ਼ਾ ਦਾ ਵਿਆਹ ਵੀ ਹੋ ਜਾਏਗਾ | ਆਸਿਫ਼ ਦੀ ਵਹੁਟੀ ਹਵਾ ਤਾਂ ਨਹੀਂ ਹੋਵੇਗੀ ਕਿ ਆਸਿਫ਼ਾ ਨੂੰ ਜੀ ਭਰ ਕੇ ਆਪਣੀ ਭਾਬੀ ਨਾਲ ਨਾ ਰਹਿਣ ਦਿੱਤਾ ਜਾਏ |'
ਬੇਗਮ ਦੇ ਦਿਲ ਵਿਚ ਲੱਡੂ ਫੁਟਣ ਲੱਗ ਪਏ | ਉਸੇ ਦਿਨ ਤੋਂ ਕੁੜੀ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ | ਵਕੀਲ ਸਾਹਬ ਕੁੜੀਆਂ ਦੇ ਫੋਟੋ ਵੇਖਦੇ ਰਹੇ | ਰੱਦ ਕਰਦੇ ਰਹੇ | ਖਾਨਦਾਨਾਂ 'ਤੇ ਨਜ਼ਰ ਰੱਖਦੇ ਰਹੇ ਅਤੇ ਫਿਰ ਇਕ ਘਰ ਦੀ ਕੁੜੀ ਪਸੰਦ ਆ ਗਈ | ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਸਬਰ ਸੰਤੋਖ ਵਾਲੀ, ਚੰਗੇ ਸੁਭਾਅ ਦੀ | ਤੇ ਹੋਰ ਕੀ ਚਾਹੀਦਾ ਸੀ? ਉਨ੍ਹਾਂ ਨੇ ਆਪਣੇ ਪੁੱਤਰ ਆਸਿਫ਼ ਨਾਲ ਇਸ ਮਾਮਲੇ ਵਿਚ ਕੋਈ ਗੱਲ ਨਹੀਂ ਕੀਤੀ | ਆਸਿਫ਼ ਅਤੇ ਖਾਲਿਦਾ | ਉਫ਼ ਦੋਵਾਂ ਦੇ ਮਾਸੂਮ ਸੁਪਨੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ ਕਿ ਕਿਰਚਾਂ ਵੀ ਸਮੇਟੀਆਂ ਨਹੀਂ ਸਨ ਜਾ ਸਕਦੀਆਂ ਅਤੇ ਜਿਸ ਦਿਨ ਵਕੀਲ ਸਾਹਬ ਨੇ ਰਿਸ਼ਤੇ ਦੀ ਚਿੱਠੀ ਲਿਖੀ ਉਸੇ ਦਿਨ ਰਹੀ ਸਹੀ ਆਸ ਵੀ ਮੁੱਕ ਗਈ | ਬਹੁਤ ਘੱਟ ਬੋਲਣ ਵਾਲੀ, ਸਬਰ ਸੰਤੋਖ ਵਾਲੀ, ਸਵੈਮਾਣ ਵਾਲੀ ਖਾਲਿਦਾ 'ਤੇ ਏਨਾ ਅਸਰ ਹੋਇਆ ਕਿ ਆਪਣਾ ਸਬਰ ਗੁਆ ਬੈਠੀ | ਆਸਿਫ਼ ਦੇ ਕਮਰੇ ਵਿਚ ਛੁਪ ਕੇ ਏਨਾ ਰੋਈ ਕਿ ਅੱਖਾਂ ਸੁੱਜ ਗਈਆਂ | ਉਸ ਦਾ ਦਿਲ ਲਹੂ-ਲੁਹਾਨ ਹੋਇਆ ਪਿਆ ਸੀ | ਉਹ ਆਸਿਫ਼ ਦੀ ਮਜਬੂਰੀ ਸਮਝਦੀ ਸੀ, ਉਸ ਨੂੰ ਬੇਵਫ਼ਾ ਕਿਵੇਂ ਆਖਦੀ |
ਜਦੋਂ ਉਹ ਆਸਿਫ਼ ਦੀ ਵੱਡੀ ਸਾਰੀ ਤਸਵੀਰ ਦੇ ਸਾਹਮਣੇ ਫੁੱਟ-ਫੁੱਟ ਕੇ ਰੋ ਰਹੀ ਸੀ ਤਦ ਅਚਾਨਕ ਵਕੀਲ ਸਾਹਬ ਨੇ ਕਮਰੇ ਵਿਚ ਕਦਮ ਰੱਖਿਆ | ਉਹ ਕਦੇ ਵੀ ਆਸਿਫ਼ ਦੇ ਹੁੰਦੇ ਹੋਏ ਉਸ ਕਮਰੇ ਵਿਚ ਨਹੀਂ ਸਨ ਆਉਂਦੇ | ਇਸ ਵੇਲੇ ਵੀ ਕਮਰਾ ਖਾਲੀ ਸਮਝ ਕੇ ਰਿਸ਼ਤੇ ਲਈ ਲਿਖੀ ਚਿੱਠੀ ਲਈ ਲਿਫ਼ਾਫ਼ਾ ਲੈਣ ਲਈ ਕਮਰੇ ਵਿਚ ਆਏ ਸਨ | ਉਹ ਉਥੇ ਖਾਲਿਦਾ ਨੂੰ ਦੇਖ ਕੇ ਹੱਕੇ-ਬੱਕੇ ਰਹਿ ਗਏ |
ਖਾਲਿਦਾ ਨੇ ਉਨ੍ਹਾਂ ਨੂੰ ਨਹੀਂ ਸੀ ਵੇਖਿਆ | ਉਸ ਦੇ ਲੰਮੇ ਕਾਲੇ ਵਾਲ ਖਿੱਲਰੇ ਹੋਏ ਸਨ | ਕਾਲੇ ਵਾਲਾਂ ਵਿਚਕਾਰ ਉਸ ਦਾ ਮਾਸੂਮ ਅਤੇ ਗ਼ਮ ਦਾ ਮਾਰਿਆ ਚਿਹਰਾ ਡੁੱਬਦੇ ਹੋਏ ਸੂਰਜ ਵਾਂਗ ਉਦਾਸ ਚਮਕ ਨਾਲ ਚਮਕ ਰਿਹਾ ਸੀ | ਉਸ ਦੀਆਂ ਹਿਰਨੀ ਵਰਗੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸਨ ਅਤੇ ਆਸਿਫ਼ ਦੀ ਤਸਵੀਰ ਤੇ ਉਹਦੇ ਹੱਥ ਕੰਬ ਰਹੇ ਸਨ | ਲੋਕ ਆਖਦੇ ਸਨ ਕਿ ਵਕੀਲ ਸਾਹਬ ਦੇ ਚੱਟਾਨ ਵਰਗੇ ਸੀਨੇ ਵਿਚ ਪੱਥਰ ਵਰਗਾ ਦਿਲ ਸੀ ਤੇ ਪੱਥਰ ਮੋਮ ਹੁੰਦਾ ਹੈ ਤਾਂ ਹੰਝੂਆਂ ਨਾਲ |
ਬੇਗਮ ਨੇ ਚੌਾਕ ਕੇ ਪੁੱਛਿਆ, 'ਕੀ ਆਖ ਰਹੇ ਹੋ ਤੁਸੀਂ?' ਵਕੀਲ ਸਾਹਬ ਜ਼ਿੰਦਗੀ ਵਿਚ ਪਹਿਲੀ ਵਾਰ ਜ਼ੋਰ ਨਾਲ ਹੱਸੇ ਅਤੇ ਖਾਲਿਦਾ ਦੇ ਸਿਰ 'ਤੇ ਪਿਆਰ ਭਰਿਆ ਹੱਥ ਫੇਰ ਕੇ ਮਾਖਿਓਾ ਮਿੱਠੀ ਬੋਲੀ ਵਿਚ ਬੋਲੇ, 'ਆਪਣੇ ਘਰ ਵਿਚ ਇਕ ਹੀਰਾ ਹੁੰਦੇ ਹੋਏ ਵੀ ਅਸੀਂ ਦੂਜਿਆਂ ਦੀਆਂ ਤਜੌਰੀਆਂ ਵਲ ਝਾਕ ਰਹੇ ਸਾਂ | ਭਲਾ ਇਸ ਤੋਂ ਵੱਡੀ ਕੋਈ ਬੇਵਕੂਫ਼ੀ ਹੋ ਸਕਦੀ ਏ |' ਬੇਗਮ ਨੂੰ ਹੈਰਾਨ-ਪ੍ਰੇਸ਼ਾਨ ਵੇਖ ਕੇ ਉਹ ਬੋਲੇ, 'ਮੈਂ ਆਖਿਆ ਸੀ ਨਾ ਕਿ ਮੇਰੀ ਨੂੰ ਹ ਲੱਖਾਂ ਵਿਚੋਂ ਇਕ ਹੋਵੇਗੀ |' ਬੇਗ਼ਮ ਫਿਰ ਵੀ ਨਾ ਬੋਲੀ ਤਾਂ ਉਹ ਆਪਣੀ ਆਦਤ ਮੁਤਾਬਿਕ ਗੱਜ ਕੇ ਬੋਲੇ, 'ਕਿਉਂ ਕੋਈ ਇਤਰਾਜ਼ ਹੈ ਤੈਨੂੰ?' 'ਨਹੀਂ ਨਹੀਂ' ਬੇਗ਼ਮ ਵੀ ਬਹੁਤ ਵੱਡੀ ਰਾਜਨੀਤੀ ਵਾਲੀ ਸੀ | ਛੇਤੀ ਨਾਲ ਖਾਲਿਦਾ ਨੂੰ ਸੀਨੇ ਨਾਲ ਲਗਾ ਲਿਆ | ਫਿਰ ਮੁਸਕਰਾਈ ਅਤੇ ਆਖਿਆ, 'ਮੈਨੂੰ ਤਾਂ ਚੱਟਾਨ ਦੇ ਮੋਮ ਹੋ ਜਾਣ 'ਤੇ ਹੈਰਾਨੀ ਹੈ |'
ਆਸਿਫ਼ ਜੋ ਛੁਪਕੇ ਇਹ ਸਭ ਕੁਝ ਵੇਖ ਤੇ ਸੁਣ ਰਿਹਾ ਸੀ, ਉਸ ਦਾ ਜੀਅ ਕੀਤਾ ਕਿ ਉਹ ਬੱਚਿਆਂ ਵਾਂਗੂ ਜ਼ੋਰ ਦੀ ਕਿਲਕਾਰੀ ਮਾਰੇ ਅਤੇ ਆਪਣੇ ਪੱਥਰ ਤੋਂ ਕੋਮਲ ਅੱਬਾ ਮੀਆਂ ਦੇ ਗਲ ਵਿਚ ਲਟਕ ਜਾਏ |

-ਜੇਠੀ ਨਗਰ, ਮਲੇਰਕੋਟਲਾ ਰੋਡ ਖੰਨਾ-141401. (ਪੰਜਾਬ)
ਮੋਬਾਈਲ : 94170-91668.


ਖ਼ਬਰ ਸ਼ੇਅਰ ਕਰੋ

ਕਰ— ਨਾਟਕ

ਕੋਈ ਵੀ ਆਦਮੀ, ਜਦ ਤੁਹਾਡੇ ਸਾਹਮਣੇ ਝੂਠ-ਮੂਠ, ਗਪੌੜ ਮਾਰ ਕੇ ਆਪਣੀ ਹੈਸੀਅਤ ਨੂੰ ਵਧਾ-ਚੜ੍ਹਾ ਕੇ ਬਿਆਨ ਕਰਦਾ ਹੈ ਤਾਂ ਜੇਕਰ ਤੁਸੀਂ ਮੰੂਹ-ਫਟ ਹੋ ਤਾਂ ਉਹਨੂੰ ਮੰੂਹ 'ਤੇ ਹੀ ਆਖ ਦਿੰਦੇ ਹੋ, 'ਨਾਟਕ ਨਾ ਕਰ ਓਏ-ਐਵੇਂ ਫੜ੍ਹਾਂ ਮਾਰੀ ਜਾਨੈਂ, ਤੇਰੀ ਸਚਾਈ ਕਿਸ ਨੂੰ ਨਹੀਂ ਪਤਾ |'
ਐਹੋ ਜਿਹੇ ਗਪੌੜ, ਸੰਖ ਨੂੰ ਲੋਕੀ ਇਹ ਆਖ ਕੇ ਸਲਾਹੁੰਦੇ ਹਨ, 'ਬੜਾ ਨਾਟਕਬਾਜ਼ ਹੈ |' ਨਾਟਕ ਤਾਂ ਅਸਲ 'ਚ ਸਟੇਜਾਂ ਯਾਨਿ ਰੰਗਮੰਚਾਂ 'ਤੇ ਖੇਡੇ ਜਾਂਦੇ ਹਨ | ਇਹਦੇ ਸਾਰੇ ਐਕਟਰ, ਕਿਸੇ ਨਾ ਕਿਸੇ ਪਾਤਰ ਨੂੰ ਜੀਵੰਤ ਕਰਦੇ ਹਨ | ਨਾਟਕਬਾਜ਼ ਅਸਲ ਨਹੀਂ, ਨਕਲ 'ਚ ਮਾਹਿਰ ਹੁੰਦੇ ਹਨ | ਆਪਣਾ ਕਿਰਦਾਰ ਜਦ ਕੋਈ ਕਲਾਕਾਰ ਰੱਜ ਕੇ ਸੋਹਣਾ ਨਿਭਾਅ ਜਾਏ, ਨਾਟਕ ਵੇਖ ਰਹੇ ਦਰਸ਼ਕਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾ ਕੇ ਖੁਸ਼ ਕਰ ਦਏ ਤਾਂ ਉਹਦੇ ਲਈ ਤਾੜੀਆਂ ਦੀ ਗੰੂਜ ਹੁੰਦੀ ਹੈ |
ਇਹ ਕਥਨ ਕਿੰਨਾ ਮਸ਼ਹੂਰ ਹੈ:
'ਇਹ ਦੁਨੀਆ ਇਕ ਰੰਗਮੰਚ ਹੈ, ਅਸੀਂ ਸਭੇ ਮਨੁੱਖ ਰੰਗ-ਕਰਮੀ ਹਾਂ ਤੇ ਜ਼ਿੰਦਗੀ ਦੇ ਨਾਟਕ 'ਚ ਆਪਣਾ-ਆਪਣਾ ਕਿਰਦਾਰ ਨਿਭਾਅ ਰਹੇ ਹਾਂ |'
ਆਪਣੇ ਭਾਰਤ ਮਹਾਨ 'ਚ ਇਕ ਰਾਜ ਹੈ 'ਕਰਨਾਟਕ' ਇਸ ਰਾਜ 'ਚ ਇਨ੍ਹੀਂ ਦਿਨੀਂ ਅਸੰਬਲੀ ਦੀਆਂ ਚੋਣਾਂ ਹੋ ਕੇ ਹਟੀਆਂ ਹਨ ਤੇ ਸਰਕਾਰ ਬਣਾਉਣ ਲਈ ਨਾਟਕ ਚੱਲ ਰਿਹਾ ਹੈ |
ਕਰਨਾਟਕ ਦਾ ਸੰਧੀ ਛੇਦ ਕਰੀਏ ਤਾਂ ਇਹ ਆਪ ਹੀ ਉਕਸਾ ਉਕਸਾ ਕੇ ਹਰ ਕਿਸੇ ਨੂੰ ਉਤਸ਼ਾਹਿਤ ਕਰ ਰਿਹਾ ਹੈ:
'ਕਰ...ਨਾਟਕ |'
ਤੇ ਕੀ ਕਾਂਗਰਸੀ, ਤੇ ਕੀ ਭਾਜਪਾ ਤੇ ਕੀ ਜੇ.ਡੀ.ਐਸ. ਸਭੇ ਪਾਰਟੀਆਂ ਆਪਣਾ-ਆਪਣਾ ਨਾਟਕ ਖੇਡ ਰਹੀਆਂ ਹਨ | ਨਾਟਕ ਉਹੀਓ, ਜਿਹੜਾ ਹਰ ਵੋਟਰ ਨੂੰ ਆਪਣੇ ਵੱਲ ਖਿੱਚੇ, ਦੂਜਿਆਂ ਦੇ ਪਜਾਮੇ ਖਿੱਚੇ,
ਆਪੇ ਮੈਂ ਚੰਗੀ-ਭਲੀ
ਮੈਂ ਸਿਆਣੀ, ਮੈਂ ਦੇਵਣਹਾਰ
ਬਾਕੀ ਸਭੇ ਬੇਕਾਰ |
ਦੇ, ਤੇਰੀ ਸੀ
ਦੋ ਸਿਆਸੀ ਪਾਰਟੀਆਂ ਖਾਸ ਕਰਕੇ ਕਾਂਗਰਸ ਤੇ ਭਾਜਪਾ, ਜ਼ੋਰਦਾਰ ਨਾਟਕ 'ਪ੍ਰਸਤੁਤ' ਕਰ ਰਹੀਆਂ ਹਨ | ਨਾਟਕ 'ਚ ਹਰ ਦਿਨ ਨਵਾਂ ਮੋੜ ਨਾ ਆਏ ਤਾਂ ਉਹ ਨਾਟਕ ਕਾਹਦਾ |
ਯਾਦ ਕਰੋ, ਅਲਾਦੀਨ ਦਾ ਜਾਦੂਈ ਚਿਰਾਗ | ਇਹ ਵੀ ਨਾਟਕੀ ਕਥਾ ਕਹਾਣੀ ਹੈ | ਅਸਲ 'ਚ ਇਹ ਕਹਾਣੀ ਪੁਸਤਕ ਹਜ਼ਾਰ ਰਾਤੇਂ (ਥੋਜ਼ੈਂਡ ਨਾਈਟਸ) ਅਰੇਬੀਅਨ ਨਾਈਟਸ 'ਚ ਦਰਜ ਕਹਾਣੀਆਂ 'ਚੋਂ ਇਕ ਹੈ | ਸਾਰ ਇਹ ਹੈ ਕਿ ਇਕ ਗਰੀਬੜਾ ਅਲਾਦੀਨ, ਇਕ ਕਬਾੜੀਏ ਦੀ ਦੁਕਾਨ ਤੋਂ ਇਕ ਪੁਰਾਣਾ ਚਿਰਾਗ (ਦੀਵਾ) ਖਰੀਦ ਕੇ ਲਿਆਉਂਦਾ ਹੈ, ਉਹ ਇਸ ਪੁਰਾਣੇ ਦੀਵੇ ਨੂੰ ਸਾਫ਼ ਕਰਨ ਲਈ ਜਦ ਇਹਨੂੰ ਰਗੜਦਾ ਹੈ ਤਾਂ ਅਲਾਦੀਨ ਚੌਾਕ ਜਾਂਦਾ ਹੈ, ਕਿਉਂਕਿ ਦੀਵੇ 'ਚੋਂ ਇਕ ਜਿੰਨ ਨਿਕਲ ਕੇ, ਉਹਦੇ ਸਾਹਮਣੇੇ ਪ੍ਰਗਟ ਹੋ ਜਾਂਦਾ ਹੈ | ਬੜੇ ਅਦਬ ਨਾਲ ਕਹਿੰਦਾ ਹੈ 'ਬੋਲ ਮੇਰੇ ਆਕਾ ਕੀ ਹੁਕਮ ਹੈ? ਤੂੰ ਜੋ ਕਹੇਂਗਾ, ਮੈਂ ਕਰਾਂਗਾ, ਤੇਰੀ ਹਰ ਖਵਾਹਿਸ਼ ਪੂਰੀ ਕਰਾਂਗਾ |'
ਅੱਗੇ ਤੁਹਾਨੂੰ ਪਤਾ ਹੀ ਹੈ ਕਿ ਇਸ ਦੀਵੇ ਦੇ ਜਿੰਨ ਸਦਕਾ ਅਲਾਦੀਨ ਦਿਨਾਂ 'ਚ ਹੀ ਗਰੀਬੜੇ ਦੀ ਥਾਂ ਅਮੀਰਾਂ 'ਚੋਂ ਅਮੀਰ ਬਾਇੱਜ਼ਤ, ਪੈਸੇ ਵਾਲਾ, ਕਹਿੰਦਾ ਕਹਾਉਂਦਾ ਬਣ ਜਾਂਦਾ ਹੈ |
ਹੈ ਤਾਂ ਭੋਲਾ, ਉਹ ਆਪ ਹੀ ਦੱਸ ਦਿੰਦਾ ਹੈ ਕਿ ਉਹਦੀ ਕਿਸਮਤ ਪਲਟ ਦੇਣ ਦਾ ਕਾਰਨ ਉਹ ਦੀਵਾ ਹੈ, ਜਿਸ 'ਚ ਵਸਦਾ ਜਿੰਨ ਉਸ ਦਾ ਗੁਲਾਮ ਹੈ | ਬਸ ਫਿਰ ਕੀ? ਉਹਦੇ ਦੁਸ਼ਮਣ, ਉਸ ਕੋਲੋਂ ਉਹ ਜਾਦੂਈ ਚਿਰਾਗ ਹਥਿਆਉਣ ਦੀਆਂ ਕੋਸ਼ਿਸ਼ਾਂ 'ਚ ਲੱਗ ਜਾਂਦੇ ਹਨ | ਇਹ ਚੋਣਾਂ ਹੈਨ ਕੀ... ਸੱਚਮੁੱਚ ਅਲਾਦੀਨ ਦਾ ਜਾਦੂਈ ਚਿਰਾਗ ਹਨ, ਇਹ ਇਕ-ਦੂਜੀ ਪਾਰਟੀ ਵਲੋਂ ਖੋਹਿਆ ਜਾਂਦਾ ਹੈ, ਜਿਹੜੀ ਪਾਰਟੀ ਜਿੱਤ ਗਈ, ਉਹਦੇ ਹੱਥ ਇਹ ਚਿਰਾਗ ਆ ਗਿਆ, ਉਹਦਾ ਜਿੰਨ ਪੂਰੇ ਪੰਜ ਸਾਲਾਂ ਲਈ ਬਿਨਾਂ ਦੀਵਾ ਰਗੜਿਆਂ ਹੀ ਹੱਥ ਬੰਨ੍ਹੀਂ ਆਪਣੇ ਮਾਲਕ (ਪਾਰਟੀ) ਦੇ ਸਾਹਵੇਂ ਖੜ੍ਹਾ ਇਕੋ ਅਰਜ਼ ਕਰਦਾ ਹੈ, 'ਬੋਲ ਮੇਰੇ ਆਕਾ ਕੀ ਹੁਕਮ ਹੈ? ਜੋ ਮੰਗੇਂਗਾ ਉਹੀਓ ਮਿਲੇਗਾ |'
ਇਕ ਹੋਰ ਵੀ ਕਹਾਣੀ ਹੈ, ਇਸੇ ਤਰ੍ਹਾਂ ਦੀ | ਉਹਦੇ 'ਚ ਅਲਾਦੀਨ ਦਾ ਚਿਰਾਗ ਨਹੀਂ, ਸਗੋਂ ਇਕ ਬੰਦ ਬੋਤਲ ਹੈ, ਜਿਹੜੀ ਸਮੰੁਦਰ 'ਚ ਰੁੜ੍ਹਦੀ ਆਉਂਦੀ ਹੈ, ਕਿਨਾਰੇ ਆ ਲਗਦੀ ਹੈ ਤੇ ਉਹਨੂੰ ਕੋਈ ਚੁੱਕ ਲੈਂਦਾ ਹੈ | ਉਤਸੁਕਤਾ ਨਾਲ ਇਹ ਜਾਨਣ ਲਈ ਕਿ ਇਹਦੇ ਵਿਚ ਕੀ ਹੈ? ਉਹ ਬੋਤਲ ਦਾ ਢੱਕਣ ਖੋਲ੍ਹ ਲੈਂਦਾ ਹੈ | ਜਿਉਂ ਹੀ ਢੱਕਣ ਖੋਲ੍ਹਦਾ ਹੈ, ਬੜੇ ਜ਼ੋਰ ਨਾਲ ਉਸ 'ਚੋਂ ਧੂੰਏਾ ਦਾ ਗੁਬਾਰ ਨਿਕਲਦਾ ਹੈ ਤੇ ਉਸ 'ਚੋੋਂ ਇਕ ਡਰਾਉਣਾ ਹਾਸਾ ਹੱਸਦਾ, 'ਹਾ...ਹਾ... ਹਾ...' ਕਰਦਾ ਇਕ ਜਿੰਨ ਪ੍ਰਗਟ ਹੋ ਜਾਂਦਾ ਹੈ | ਉਹ ਵੀ ਅਲਾਦੀਨ ਦੇ ਜਾਦੂਈ ਚਿਰਾਗ ਵਾਂਗ ਇਹੋ ਕਹਿੰਦਾ ਹੈ, 'ਬੋਲ ਮੇਰੇ ਆਕਾ ਕੀ ਹੁਕਮ ਹੈ?' ਬੋਤਲ 'ਚ ਬੰਦ ਜਿੰਨ ਬੜਾ ਮਸ਼ਹੂਰ ਹੈ, ਜਾਪਦੈ ਇਹ ਬੋਤਲ 'ਚ ਬੰਦ ਜਿੰਨ ਵਾਲੀ ਬੋਤਲ ਹਰ ਪਾਰਟੀ ਕੋਲ ਹੈ | ਬੋਤਲਾਂ ਵੀ ਅਨੇਕ ਹਨ | ਹਰ ਪਾਰਟੀ ਇਕ-ਦੂਜੇ ਵਿਰੁੱਧ ਅਚਾਨਕ ਹੀ ਇਕ ਨਵਾਂ ਜਿੰਨ ਕੱਢ ਕੇ, ਵਿਰੋਧੀ ਪਾਰਟੀ ਜਾਂ ਪਾਰਟੀਆਂ ਦੇ ਸਿਰ ਤੁਹਮਤਾਂ ਵਾਲੀ ਖੇਹ ਪਾਉਣ ਲਈ ਲਾਮਬੰਦ ਹੋ ਜਾਂਦੀ ਹੈ | ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਦਾ ਨਾਂਅ ਸੀ ਸਿੱਧਾਰਮੱਈਆ | ਰਾਜ ਕਪੂਰ ਦੀ ਫ਼ਿਲਮ 'ਸ੍ਰੀ 420' 'ਚ ਵੀ ਇਕ ਗਾਣਾ ਸੀ-
ਰਮੱਈਆ ਵਸਤਾਵੱਈਆ
ਰਮੱਈਆ ਵਸਤਾਵੱਈਆ |
ਸ਼ਾਇਦ ਗਾਣੇ ਦੇ ਇਹ ਬੋਲ ਰਮੱਈਆ ਵਸਤਾਵੱਈਆ ਰਾਜ ਕਪੂਰ ਨੇ ਇਸੇ ਸਿੱਧਾਰਮਈਆ ਦੇ ਨਾਂਅ ਤੋਂ ਪ੍ਰਭਾਵਿਤ ਹੋ ਕੇ ਲਏ ਹੋਣ ਕਿਉਂਕਿ ਉਸ ਵੇਲੇ ਜਦ ਰਾਜ ਕਪੂਰ ਨੂੰ ਲੋਕਾਂ ਨੇ ਪੁੱਛਿਆ ਸੀ ਕਿ ਰਮੱਈਆ ਵਸਤਾਵੱਈਆ ਦਾ ਕੀ ਮਤਲਬ ਹੈ? ਤਾਂ ਰਾਜ ਕਪੂਰ ਨੇ ਆਖਿਆ ਸੀ, 'ਐਵੇਂ ਨਿਰਅਰਥਕ ਸ਼ਬਦ ਹਨ, ਸਾਨੂੰ ਆਪ ਨੂੰ ਨਹੀਂ ਪਤਾ ਕਿ ਇਨ੍ਹਾਂ ਦੇ ਕੀ ਅਰਥ ਹਨ, ਅਸਾਂ ਐਵੇਂ ਤੁਕਬੰਦੀ ਲਈ ਜੋੜ ਦਿੱਤੇ ਹਨ |'
ਭਾਜਪਾ ਵਾਲਿਆਂ ਨੇ ਇਸ ਦੇ ਅਰਥ ਸਪੱਸ਼ਟ ਕਰ ਦਿੱਤੇ ਹਨ, ਸਿੱਧਾ ਇਲਜ਼ਾਮ ਰਮੱਈਆ 'ਤੇ ਲਾ ਕੇ, 'ਉਹ ਦਸ ਫੀਸਦੀ ਕਮਿਸ਼ਨ ਲਏ ਬਿਨਾਂ ਕੋਈ ਕੰਮ ਨਹੀਂ ਕਰਦਾ | ਦਸ ਫੀਸਦੀ ਉਸ ਦਾ ਪੱਕਾ ਹੈ, ਇਸ ਲਈ ਉਨ੍ਹਾਂ ਇਸ ਤੁੱਕ ਨੂੰ ਇਉਂ ਸਰਲ ਕਰ ਦਿੱਤਾ ਹੈ:
ਰਮੱਈਆ ਵਖਤਾਂ ਪਈਆ,
ਰਮੱਈਆ ਸਿੱਧਾ ਰੁਪਈਆ
ਚੋਣਾਂ ਹੁੰਦੀਆਂ ਕਿਸ ਲਈ ਹਨ? ਜਿੱਤਣ ਲਈ | ਕਿਉਂਕਿ ਜਿਹੜਾ ਜਿੱਤ ਗਿਆ ਉਹ ਬੋਤਲ ਦੇ ਜਿੰਨ ਦਾ ਜਾਂ ਅਲਾਦੀਨ ਦੇ ਚਿਰਾਗ ਦਾ ਮਾਲਕ... ਜੋ ਹਾਰ ਗਏ, ਸੁ ਪਾਰ ਗਏ | ਜਿੰਨ ਕਿੰਨੇ ਵੀ ਤਕੜੇ ਕਿਉਂ ਨਾ ਹੋਣ ਉਹ ਭਗਵਾਨ ਯਾਨਿ ਰੱਬ ਤੋਂ ਡਰਦੇ ਹਨ | ਸਿੱਧਾਰਮੱਈਆ ਤੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਨੂੰ ਭਾਜਪਾ ਵਾਲਾ ਜਿੰਨ ਸਾਹਮਣੇ ਖੜ੍ਹਾ ਦਿਖਾਈ ਦੇ ਰਿਹਾ ਸੀ | ਇਸ ਲਈ ਉਨ੍ਹਾਂ ਰੱਬ ਦਾ ਆਸਰਾ ਲਿਆ, ਰਾਹੁਲ ਜੀ ਤੇ ਸਿੱਧਾ ਰਮੱਈਆ ਦੋਵੇਂ ਕਰਨਾਟਕ ਦਾ ਕਿਹੜਾ ਮੰਦਰ ਹੈ, ਕਿਹੜਾ ਮੱਠ ਹੈ, ਜਿਸ 'ਚ ਪੂਜਾ ਅਰਚਨਾ ਕਰਨ ਨਹੀਂ ਗਏ? ਇਕੋ ਮਨਸ਼ਾ, ਇਕੋ ਬੇਨਤੀ ਸੀ 'ਭਗਵਾਨ ... ਭਾਜਪਾ ਦੇ ਇਸ ਜਿੰਨ ਤੋਂ ਬਚਾਅ |'
ਸਿੱਧਾ ਰਮੱਈਆ ਨੇ ਆਪਣੀ ਬੰਦ ਬੋਤਲ 'ਚੋਂ ਲਿੰਗਿਆਇਤ ਫਿਰਕ ਵਾਲਾ ਜਿੰਨ ਕੱਢ ਲਿਆ, ਇਹ ਗਿਣਤੀ ਵਿਚ ਕਰਨਾਟਕ ਦੀ ਸਭ ਤੋਂ ਵੱਡੀ ਸਮੂਦਾਇ ਹੈ, ਇਹਦਾ ਝੁਕਾਅ ਭਾਜਪਾ ਵੱਲ ਹੈ | ਸਿੱਧਾ ਰਮੱਈਆ ਨੇ ਐਨ ਅੰਤਲੇ ਸਮੇਂ ਲਿੰਗਿਆਇਤ ਫਿਰਕੇ ਨੂੰ ਹਿੰਦੂ ਧਰਮ ਤੋਂ ਵੱਖ ਕਰਨ ਹਿਤ, ਘੱਟ ਗਿਣਤੀ ਸਟੇਟਸ ਦੇਣ ਦਾ ਐਲਾਨ ਕਰ ਕੇ ਭਾਜਪਾ ਵਾਲਿਆਂ ਨੂੰ ਵਖਤ ਪਾ ਦਿੱਤਾ | ਪੂਰੀ ਕੋਸ਼ਿਸ਼ ਸੀ ਕਿ ਇਹ ਸਮੂਦਾਇ ਦੋਫਾੜ ਹੋ ਜਾਏ |
ਜਿੰਨ ਵਾਲੀ ਬੰਦ ਬੋਤਲੇ
ਤੈਨੂੰ ਖੋਲ੍ਹਣਗੇ ਨਸੀਬਾਂ ਵਾਲੇ |
ਭਾਜਪਾ ਵਾਲਿਆਂ ਦੇ ਨਸੀਬ ਐਨੇ ਭੈੜੇ ਨਹੀਂ ਹਨ, ਉਨ੍ਹਾਂ ਨੇ ਆਪਣੀ ਬੰਦ ਬੋਤਲ ਵਿਚ ਚੁੱਪ-ਚਾਪ ਵੜ ਕੇ ਬੈਠੇ ਹਿੰਦੁਤਵ ਵਾਲੇ ਜਿੰਨ ਨੂੰ ਖੋਲ੍ਹ ਕੇ ਬਾਹਰ ਕੱਢ ਲਿਆ | ਮੰਦਰ ਸਾਡੇ, ਮੱਠ ਹਿੰਦੂਆਂ ਦੇ....ਕਰ-ਨਾਟਕ, ਕਰ-ਨਾਟਕ |
ਭਾਜਪਾ ਵਾਲਿਆਂ ਇਕ ਨਾਟਕ ਹੋਰ ਕੀਤਾ, ਬੰਦ ਬੋਤਲ 'ਚੋਂ ਜਿਨਾਹ ਵਾਲਾ ਜਿੰਨ ਕੱਢ ਲਿਆ |
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਪਾਕਿਸਤਾਨ ਦੇ ਬਾਨੀ ਕਾਇਦ-ਏ-ਆਜ਼ਮ ਜਿਨਾਹ ਦਾ ਇਕ ਪੋਰਟਰੇਟ ਲੱਗਾ ਹੈ, ਕਈ ਸਾਲਾਂ ਤੋਂ ਉਥੇ ਸੁਸ਼ੋਭਿਤ ਹੈ | ਅਖੇ, ਇਸ ਨੇ ਪਾਕਿਸਤਾਨ ਵਾਲਾ, ਮੁਸਲਮਾਨਾਂ ਲਈ ਵੱਖਰਾ ਦੇਸ਼ ਮੰਗ ਕੇ, ਲੈ ਕੇ ਭਾਰਤ ਦੇਸ਼ ਦੇ ਟੁਕੜੇ ਕਰਵਾ ਦਿੱਤੇ ਤੇ 1947 'ਚ ਲੱਖਾਂ ਹੀ ਬੇਗੁਨਾਹ ਭਾਰਤੀ ਲੋਕਾਂ ਦਾ ਕਤਲੇਆਮ ਕਰਵਾ ਦਿੱਤਾ | ਕੀ ਹੋਇਆ, ਅਲੀਗੜ੍ਹ ਕਰਨਾਟਕ 'ਚ ਨਹੀਂ ਹੈ ਪਰ ਹੈ ਤਾਂ ਹਿੰਦੁਸਤਾਨ 'ਚ ਹੀ | ਇਸ ਜਿੰਨ ਨੇ ਬੜਾ ਕਲੇਸ਼ ਪਾਇਆ ਹੈ-ਹਿੰਦੁ ਮੁਸਲਿਮ ਵਿਵਾਦ ਖੜ੍ਹਾ ਕਰ ਦਿੱਤਾ ਹੈ | ਯੂਨੀਵਰਸਿਟੀ 'ਚ, ਮੁਸਲਿਮ ਫਿਰਕੇ ਦੇ ਪੈਰੋਕਾਰ ਹੱਠ 'ਤੇ ਅੜੇ ਹਨ ਕਿ ਜਿਨਾਹ ਦੀ ਪੇਂਟਿੰਗ ਉਥੋਂ ਲਾਹੁਣ ਨਹੀਂ ਦੇਣੀ ਤੇ ਦੂਜੇ ਬਜ਼ਿੱਦ ਹਨ ਕਿ ਇਹ ਪੇਂਟਿੰਗ ਉਤੇ ਰਹਿਣ ਨਹੀਂ ਦੇਣੀ | ਜਦ ਤੱਕ ਕਰਨਾਟਕ ਦੀਆਂ ਚੋਣਾਂ ਹੋ ਨਹੀਂ ਗਈਆਂ ਇਹ ਨਾਟਕ ਜਾਰੀ ਰਿਹਾ | ਫਿਰ ਟੀਪੂ ਸੁਲਤਾਨ ਵਾਲਾ ਜਿੰਨ ਵੀ ਬੋਤਲ 'ਚੋਂ ਬਾਹਰ ਆ ਗਿਆ | ਕਾਂਗਰਸ ਨੇ ਕਰਨਾਟਕ 'ਚ ਟੀਪੂ ਸੁਲਤਾਨ ਦੀ ਜੈਅੰਤੀ ਮਨਾਉਣ ਵਾਲਾ ਨਾਟਕ ਕੀਤਾ ਤੇ ਭਾਜਪਾ ਨੇ ਟੀਪੂ ਸੁਲਤਾਨ ਨੂੰ ਹਿੰਦੂਆਂ ਦਾ ਕਾਤਲ ਆਖਣ ਵਾਲਾ ਨਾਟਕ ਰਚਿਆ |
ਕਰਨਾਟਕ 'ਚ, ਕਰ-ਨਾਟਕ, ਕਰ-ਨਾਟਕ |
ਗੁਟ ਘੜੀ ਵਾਲਾ ਜਿੰਨ ਵੀ ਭਾਜਪਾ ਵਾਲਿਆਂ ਨੇ ਬੋਤਲ 'ਚੋਂ ਕੱਢਿਆ, ਅਖੇ ਸਿੱਧਾ ਰਮੱਈਆ ਨੇ ਜਿਹੜੀ ਹਬੈਲ ਘੜੀ, 40 ਲੱਖ ਦੀ ਕੀਮਤ ਵਾਲੀ ਗੁੱਟ 'ਤੇ ਬੰਨ੍ਹੀ ਸੀ, ਉਹ ਉਨ੍ਹਾਂ ਕਿਥੋਂ ਲਈ ਹੈ ਤੇ ਕਿਸ ਨੇ ਦਿੱਤੀ ਹੈ? ਸਿੱਧਾਰਮੱਈਆ ਕੋਲ ਸਿੱਧਾ ਜਵਾਬ ਨਹੀਂ ਸੀ, ਨਾ ਰਾਹੁਲ ਜੀ ਕੋਲ ਨਾ ਕਾਂਗਰਸ ਕੋਲ, ਸੱਭ ਚੁੱਪ-ਗੜੁੱਪ |
ਪਰ ਰਾਹੁਲ ਜੀ ਤੇ ਕਾਂਗਰਸ ਦਾ ਇਕ ਜਿੰਨ ਐਸਾ ਵੀ ਹੈ, ਜਿਹੜਾ ਰਾਹੁਲ ਜੀ ਦੀ ਕੀਤੀ ਕਰਾਈ ਮਿਹਨਤ 'ਤੇ ਇਕ ਸਕਿੰਟ 'ਚ ਪਾਣੀ ਫਿਰ ਦਿੰਦਾ ਹੈ | ਇਹ ਹੈ ਨੇ ਰਾਹੁਲ ਜੀ ਦਾ ਪਿਆਰਾ, ਅੰਕਲ ਮਣੀਸ਼ੰਕਰ ਅਈਅਰ, ਪਹਿਲਾਂ ਗੁਜਰਾਤ ਦੀਆਂ ਚੋਣਾਂ ਵੇਲੇ, ਐਨ ਆਖਰੀ ਸਮੇਂ, ਉਨ੍ਹਾਂ 'ਮੋਦੀ' ਨੂੰ ਨੀਚ ਆਖ ਕੇ ਕਾਂਗਰਸ ਲਈ ਵਖਤ ਪਾ ਦਿੱਤਾ ਸੀ | ਭਾਜਪਾ ਇਸੇ ਕਾਰਨ 'ਧੰਨਵਾਦ ਸਹਿਤ' ਇਲੈਕਸ਼ਨ ਜਿੱਤ ਗਈ ਸੀ, ਹੁਣ ਕਰਨਾਟਕ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ 'ਚ ਜਾ ਕੇ ਖੂਬ ਇੱਜ਼ਤ-ਮਾਣ, ਨਵਾਜਿਆ ਹੈ ਕਿ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ-ਬਹੁਤ ਵੱਡੇ ਰਾਸ਼ਟਰਵਾਦੀ ਸਨ | ਇਕ ਵਾਰ ਫਿਰ ਕਰਨਾਟਕ 'ਚ ਅਜਿਹਾ ਨਾਟਕ ਰਚ ਕੇ, ਰਾਹੁਲ ਜੀ ਦੀ ਪਰਮਾਨੈਂਟ ਮੁਸੀਬਤ ਮਣੀਸ਼ੰਕਰ ਅਈਅਰ ਨੇ ਉਨ੍ਹਾਂ ਦਾ ਨੁਕਸਾਨ ਕੀਤਾ ਹੈ | ਕੀ ਮਣੀਸ਼ੰਕਰ ਅਈਅਰ ਦਾ ਪਾਕਿਸਤਾਨ ਪ੍ਰਸਤੀ ਦਾ ਨਾਟਕ, ਕਰਨਾਟਕ 'ਚ, ਸਭੇ ਨਾਟਕਾਂ ਦਾ ਅੰਤ ਕਰਨ ਵੱਲ ਤੋਰ ਦਏਗਾ?

ਮਿੰਨੀ ਕਹਾਣੀ: ਸਵਾਲ

ਇਕ ਹਸਪਤਾਲ ਦੀ ਕੰਟੀਨ 'ਤੇ ਚਾਹ ਪੀ ਰਿਹਾ ਸਾਂ ਕਿ ਇਕ ਪੰਜਾਬੀ ਨੌਜਵਾਨ ਜੋੜਾ ਅੰਦਰ ਆਇਆ | ਉਨ੍ਹਾਂ ਨਾਲ ਚਿੱਟੇ ਕਮੀਜ਼-ਪਜਾਮੇ ਤੇ ਕਾਲੇ ਪਟਕੇ ਵਿਚ ਸਜਿਆ ਇਕ ਛੋਟਾ ਬਹੁਤ ਹੀ ਪਿਆਰਾ ਜਿਹਾ ਬੱਚਾ ਵੀ ਸੀ | ਪਤਨੀ ਨੇ ਕੰਟੀਨ ਵਾਲੇ ਨੂੰ ਪੁੱਛਿਆ, 'ਚਾਏ ਕਾ ਕੱਪ ਕਿਤਨੇ ਕਾ ਹੈ ਭਈਆ?' 'ਜੀ ਚਾਹ ਦਾ ਕੱਪ ਸੱਤ ਰੁਪਏ ਦਾ ਹੈ ਤੇ ਕੌਫੀ ਦਾ ਦਸ ਰੁਪਏ ਦਾ', ਕੰਨਟੀਨ ਵਾਲੇ ਨੇ ਜਵਾਬ ਦਿੱਤਾ | 'ਚਲੋ ਦੋ ਕੱਪ ਕੌਫੀ ਦੇ ਦੇ ਦਿਓ | ਔਰ ਯੇਹ ਪੈਟੀ ਕਿਤਨੇ ਮੇਂ ਹੈ?' ਪਤੀ ਨੇ ਪੁੱਛਿਆ | 'ਜੀ ਵੀਹ ਰੁਪਏ ਦੀ ਇਕ, ' ਕੰਨਟੀਨ ਵਾਲਾ ਬੋਲਿਆ | 'ਚਲੋ ਦੋ ਪੈਟੀਜ਼ ਵੀ ਦੇ ਦੋ', ਪਤੀ ਬੋਲਿਆ | 'ਆਪ ਕਿਆ ਲੋਗੇ ਬੇਟੇ?' ਬੱਚੇ ਵੱਲ ਝੁਕਦੇ ਹੋਏ, ਉਸ ਨੇ ਸਵਾਲ ਕੀਤਾ | 'ਮੈਂ ਤੋ ਚਾਕਲੇਟ ਲੰੂਗਾ', ਬੱਚੇ ਨੇ ਝੱਟ ਜਵਾਬ ਦਿੱਤਾ | 'ਲਓਜੀ ਛੋਟੇ ਸਰਦਾਰ ਜੀ, ਪਹਿਲਾਂ ਤੁਸੀਂ ਚਾਕਲੇਟ ਲਓ', ਕੰਟੀਨ ਵਾਲੇ ਨੇ ਬਹੁਤ ਹੀ ਪਿਆਰ ਨਾਲ ਚਾਕਲੇਟ ਬੱਚੇ ਵੱਲ ਵਧਾ ਦਿੱਤਾ | ਬੱਚੇ ਨੇ ਖੁਸ਼ ਹੁੰਦੇ ਹੋਏ ਝੱਟ ਚਾਕਲੇਟ ਫੜ ਲਿਆ | ਆਪੋ-ਆਪਣਾ ਕੌਫੀ ਦਾ ਕੱਪ ਤੇ ਪੈਟੀ ਲੈ ਕੇ ਉਹ ਮੇਰੇ ਨਾਲ ਵਾਲੇ ਇਕ ਮੇਜ਼ 'ਤੇ ਆ ਬੈਠੇ | ਪਤਨੀ ਕਹਿ ਰਹੀ ਸੀ, 'ਰੇਟ ਤੋ ਬਹੁਤ ਕੰਮ ਹੈਾ ਯਹਾਂ ਕੇ |' 'ਹਾਂ ਯੇਹ ਤੋ ਬਹੁਤ ਸਸਤੇ ਮੇਂ ਦੇ ਰਹੇ ਹੈਾ ਸਭੀ ਕੁਛ, ਇਸੀ ਲੀਏ ਤੋ ਮੈਂਨੇ ਚਾਕਲੇਟ ਕਾ ਰੇਟ ਨਹੀਂ ਪੂਛਾ |' ਪਤੀ ਨੇ ਪ੍ਰੋੜ੍ਹਤਾ ਕੀਤੀ | 'ਕੈਸਾ ਹੈ ਚਾਕਲੇਟ ਨੰਨ੍ਹੇ', ਨਾਲ ਹੀ ਉਸ ਨੇ ਬੱਚੇ ਨੂੰ ਪੁੱਛਿਆ | 'ਬਹੁਤ ਬੜੀਆ, ਯੰਮੀ ਯੰਮੀ', ਚਾਕਲੇਟ ਨਾਲ ਲਿੱਬੜੇ ਬੁੱਲ੍ਹਾਂ ਵਿਚੋਂ ਹੱਸਦੇ ਹੋਏ ਬੱਚੇ ਨੇ ਜਵਾਬ ਦਿੱਤਾ | ਮੇਰਾ ਚਾਹ ਦਾ ਕੱਪ ਖਾਲੀ ਹੋ ਗਿਆ ਸੀ | ਸਵਾਲਾਂ ਨਾਲ ਭਰੇ ਦਿਮਾਗ ਨੂੰ ਸੰਭਾਲਦਾ ਹੋਇਆ ਮੈਂ ਬਾਹਰ ਆ | ਗਿਆ |

-ਪਿੰਡ ਤੇ ਡਾਕ: ਕਲਾਹੜ,
ਜ਼ਿਲ੍ਹਾ ਲੁਧਿਆਣਾ-141117.
ਫੋਨ : 98783-37222.

ਕਹਾਣੀ: ਸ਼ਰੀਕ ਜਾਂ ਆਪਣੇ

'ਵੇੇ ਨੈਬੀ ਆ ਜਾ ਪੁੱਤ ਕੁਛ ਖਾ ਲੈ ਵੇ..... ਮੇਰਾ ਕਾਲਜਾ ਨਿਕਲਦੈ ਤੈਨੂੰ ਭੁੱਖੇ ਨੂੰ ਵੇਖ ਕੇ... ਕੁਛ ਨ੍ਹੀ ਖਾਧਾ ਸਵੇਰ ਦਾ ਮੇਰੇ ਲਾਡਲੇ ਨੇ |' ਬਾਹਰੋਂ ਆਪਣੇ ਪੁੱਤ ਨੂੰ 'ਵਾਜ਼ ਮਾਰ ਕੇ ਅੰਦਰ ਆਉਂਦੀ ਕੈਲੋ ਸਾਂਝੀ ਕੰਧ ਕੋਲੋਂ ਲੰਘਦੀ ਆਪਣੀ ਜਠਾਣੀ ਨੂੰ ਸੁਣਾ ਕੇ ਬੋਲਦੀ ਹੈ, ਮੇਰਾ ਪੁੱਤ ਕਿਤੇ ਘੱਟ ਐ ਕਿਸੇ ਨਾਲੋਂ.... ਮੈਂ ਕਰੂੰਗੀ ਆਵਦੇੇ ਲਾਡਲੇ ਦੀ ਰੀਝ ਪੂਰੀ... ਚਾਹੇ ਮੈਨੂੰ ਆਵਦੀਆਂ ਆਂਦਰਾਂ ਕਿਉਂ ਨਾ ਵੇਚਣੀਆਂ ਪੈਣ |'
ਖੇਤ 'ਚੋਂ ਆਉਂਦੇ ਸੱਤੇ ਨੇ ਹਾਲੇ ਸਾਇਕਲ ਵਿਹੜੇ 'ਚ ਖੜ੍ਹਾ ਈ ਕੀਤਾ ਸੀ ਕਿ ਉਸ ਦੇ ਕੰਨੀਂ ਕੈਲੋ ਦੀਆਂ ਕੁੜੱਤਣ ਭਰੀਆਂ ਆਵਾਜ਼ਾਂ ਪਈਆਂ ਤਾਂ ਉਹ ਖਿੱਝ ਕੇ ਬੋਲਿਆ, 'ਕੀ ਹੋ ਗਿਆ ਹੁਣ ਤੈਨੂੰ ਤੇ ਤੇਰੇ ਲਾਡਲੇ ਨੂੰ .... ਬਾਹਰ ਕਿਉਂ ਖੜ੍ਹੈ ਉਹ ਮਾਂਹਾਂ ਦੇ ਆਟੇ ਵਾਂਗੂ ਆਕੜਿਆਂ | '
'ਹੋਣਾ ਕੀ ਸੀ, ਉਹ ਵੱਡੇ ਦੇ ਨੇ ਮੋਟਰ-ਸੈਂਕਲ ਲਿਆਂਦਾ, ਇਹ ਵੇਖ-ਵੇਖ ਰਿੱਝੀ ਜਾਂਦੈ....ਨਪੁੱਤੇ ਦੇ ਨੂੰ ਐਾਵੀ ਨੀ ਕਿ ਇਕ ਝੂਟਾ ਈ ਦੇ ਦੇ ਇਹਨੂੰ....ਲੈ ਈ ਦੇ ਇਹਨੂੰ ਵੀ ਹੁਣ ਨਾਲੇ ਆਪਣੇ ਵੀ ਕੰਮ ਆਊ... ਸ਼ੈਹਰ ਜਾਣਾ ਸੌਖਾ ਹੋਜੂ.... ਸਾੈਕਲ 'ਤੇ ਕਿਥੇ ਠੀਕ ਆਉਦੈਂ ਹੁਣ | '
'ਰਿੱਝਦੀ ਤਾਂ ਤੂੰ ਵੀ ਬਹੁਤ ਐਾ ਉਨਾਂ ਨੂੰ ਵੇਖ ਕੇ, ਜੇ ਤੂੰ ਕਦੇ ਅਕਲ ਤੋਂ ਕੰਮ ਲਿਆ ਹੋਵੇ ਤਾਂ ਹੀ ਇਹਨੂੰ ਸਿਖਾਏਾਗੀ... ਕਦੇ ਕਹੂ ਉਹਦੇ ਐਡਾ ਕੋਕਾ ਪਾਇਆ ਸੀ ਕਦੇ ਕਹੂ ਉਹਦੇ ਕਾਂਟੇ ਨਵੇਂ ਪਾਏ ਸੀ, ਹੁਣ ਤੇਰੇ ਵਾਲੀ ਰੀਤ ਇਹਨੇ ਫੜ੍ਹ ਲੀ... ਚੰਗੀ ਮੱਤ ਨਾ ਦੇਈਾ ਕਦੇ ਇਹਨੂੰ... ਮੋਟਰ-ਸੈਕਲ ਚਲਾਉਣ ਦੀ ਉਮਰ ਹੋਗੀ ਇਹਦੀ? ਕਦੇ ਪੜ੍ਹਨ ਬਿਠਾਇਐ ਤੂੰ ਇਹਨੂੰ? ਪਹਿਲਾਂ ਈ ਅਵਾਰਾ ਫਿਰਦੈ ਰਹਿੰਦੈ ਉਤੋਂ ਹੋਰ ਪੁੱਠੀਆਂ ਮੱਤਾਂ ਦੇਈ ਜਾਨੀ ਐ....ਵੀਰ ਦਾ ਸਾਲਾ ਮੋਟਰ-ਸੈਕਲਾਂ ਦੀ ਦੁਕਾਨ 'ਤੇ ਲੱਗਿਐ, ਉਥੋਂ ਲਿਆਂਦਾ ਹੋਊ ਉਨ੍ਹਾਂ ਨੇ ਸਿਖਾਉਣ ਵਾਸਤੇ, ਨਵੇਂ ਲਿਆਉਣੇ ਕਿਤੇ ਸੌਖੇ ਈ ਨੇ.... ਤੁਸੀਂ ਆਵਦੇ ਕੰਮਾਂ ਵੱਲ ਧਿਆਨ ਦਿਆ ਕਰੋ, ਸਿੱਧੀ ਨੀਤ ਰੱਖੋ, ਬਣਜੂ ਸਾਰਾ ਕੁਛ ਥੋਡੇ ਕੋਲ ਵੀ, ਕਿਸੇ ਵੱਲ ਮਾੜੀ ਨਿਗ੍ਹਾ ਰੱਖੋਂਗੇ ਤਾਂ ਵੇਖਦੇ ਈ ਰਹਿ ਜੋ ਗੇ....ਕੋਈ ਚਾਹ-ਪਾਣੀ ਮਿਲੂ ਕਿ ਐੲਾੀਂ ਕਲੇਸ਼ ਈ ਕਰੀਂ ਜਾਏਾਗੀ?'
ਕੈਲੋ ਪਾਣੀ ਦਾ ਗਿਲਾਸ ਫੜਾ ਕੇ ਥੋੜਾ ਪਰ੍ਹਾਂ ਹੋ ਕੇ ਕਹਿਣ ਲੱਗੀ, 'ਸਿੱਖਣ ਨੂੰ ਕਾਹਨੂੰ, ਨਵਾਂ ੲ੍ਹੀ ਲਿਆਂਦੈ...ਤੜ੍ਹਕੇ ਜਾਂਦੇ ਸੀ ਦੋਵੇਂ ਡੇਰੇ ਮੱਥਾ ਟੇਕਣ ਮੋਟਰ-ਸਾੈਕਲ 'ਤੇ ਚੜ੍ਹ ਕੇ ਖੱਮਣੀ ਬੰਨ੍ਹੀ ਹੋਈ ਸੀ, ਮੇਰੇ ਕੋਲ ਦੀ ਲੰਘਗੇ ਛੂ ਕਰ ਕੇ, ਝਾਕੀ ਵੀ ਨ੍ਹੀ ਪਿੱਛੇ ਮੁੜਕੇ ਮੈਂ ਨਾਲ ਤਾਂ ਨ੍ਹੀ ਚੜ੍ਹਦੀ ਸੀ ਉਨ੍ਹਾਂ ਦੇ.........ਸੋਨਾ-ਸੁਨਾ ਕੁਛ ਨ੍ਹੀਂ ਮੰਗਦੀ ਮੈਂ, ਚਾਹੇ ਪਹਿਲਾਂ ਵਾਲਾ ਵੀ ਵੇਚਦੇ...ਥੋੜ੍ਹੇ ਪੈਸੇ ਮੇਰੇ ਕੋਲ ਕੱਠੇ ਕੀਤੇ ਹੋਏ ਨੇ, ਥੋੜ੍ਹੇ ਹੋਰ ਪਾ ਕੇ.. ਐਾ ਰਲ-ਮਿਲ ਕੇ ਲੈ ਲੈਨੇ ਆ, ਚੀਜ਼ ਦੀ ਚੀਜ਼ ਬਣਜੂ, ਨਾਲੇ ਮੁੰਡਾ ਖੁਸ਼ ਹੋਜੂ....ਜੇ ਘਟਗੇ ਮੈਂ ਵਿਆਜ 'ਤੇ ਫੜ੍ਹ ਲਿਆਊਾ ਪਰ ਲੈਣਾ ਇਨ੍ਹਾਂ ਤੋਂ ਵੀ ਉਤੇ ਵਾਲੀ ਕੰਪਨੀ ਦਾ ਏ......ਮੈਂ ਸ਼ਰੀਕਾਂ ਦੀ ਨੱਕ ਵੱਡਣੀ ਐ | 'ਕੈਲੋ ਪਿਛਲੇ ਸ਼ਬਦ ਮੂੰਹ 'ਚ ਈ ਬੁੜਬੁੜਾਉਂਦੀ ਅੰਦਰ ਚਲੀ ਗਈ |
ਦੋ ਦਿਨ ਨ੍ਹੀ ਨਿਕਲਣ ਦਿੱਤੇ ਕੈਲੋ ਨੇ ਸੱਤੇ ਨੂੰ ਧੱਕ-ਧੁੱਕ ਕੇ ਮੋਟਰ ਸਾਈਕਲ ਲਿਆਂਦਾ...ਫੇਰ ਕੀ ਸੀ, ਖੁਸ਼ੀ ਦੇ ਮਾਰੇ ਕੈਲੋ ਦੇ ਪੈਰ ਨ੍ਹੀ ਸੀ ਲੱਗਦੇ ਧਰਤੀ 'ਤੇ | ਲੱਡੂ ਵੰਡੇ ਗਲੀ 'ਚ, ਜਠਾਣੀ ਨੂੰ ਦੋ ਵੱਧ ਈ ਦੇ ਕੇ ਆਈ | ਐਨੇ ਨਾਲ ਵੀ ਕਿਥੇ ਸਰਦਾ ਸੀ ਕੈਲੋ ਨੂੰ , ਉਹ ਸੱਤੇ ਨੂੰ ਮਜਬੂਰ ਵੀ ਕਰਦੀ ਰਹਿੰਦੀ ਸੀ ਕਿ ਹੁਣ ਇਹਨੂੰ ਚਲਾਓ ਵੀ ਪਰ ਉਹ ਖੇਤ ਦੇ ਕੰਮ ਕਰੇ ਕਿ ਮੋਟਰਸਾਈਕਲ 'ਤੇ ਗੇੜੀਆਂ ਕੱਢੇ | ਡੇਰੇ ਮੱਥਾ ਟੇਕਣ ਤਾਂ ਦੋ-ਤਿੰਨ ਵਾਰ ਲੈ ਈ ਗਈ ਕੈਲੋ ਸੱਤੇ ਨੂੰ | ਨੈਬੀ ਨੂੰ ਸੱਤੇ ਨੇ ਪਹਿਲਾਂ ਈ ਇਹ ਕਿਹਾ ਸੀ ਕਿ ਜਿੰਨਾ ਚਿਰ ਤੇਰੀ ਉਮਰ ਚਲਾਉਣ ਦੇ ਹਿਸਾਬ ਨਾਲ ਛੋਟੀ ਐ, ਤੂੰ ਨਹੀਂ ਚਲਾਉਣਾ, ਮੇਰੇ ਪਿੱਛੇ ਈ ਬੈਠਣਾ ਏ |
ਇਕ ਦਿਨ ਸੱਤਾ ਤੇ ਕੈਲੋ ਕਿਸੇ ਕੰਮ ਬਾਹਰ ਗਏ ਹੋਏ ਸਨ, ਨੈਬੀ ਸਕੂਲ 'ਚੋਂ ਆਉਂਦਿਆਂ ਈ ਵੇਖਦਾ ਹੈ ਕਿ ਘਰ 'ਚ ਕੋਈ ਨਹੀਂ ਹੈ ਤਾਂ ਝੱਟ ਚਾਬੀ ਚੁੱਕੀ ਤੇ ਮੋਟਰ ਸਾਈਕਲ ਸਟਾਰਟ ਕਰ ਲੈਂਦਾ ਹੈ | ਕਾਹਲੀ ਨਾਲ ਬਾਹਰ ਲੈ ਕੇ ਜਾਣ ਲੱਗਦਾ ਹੈ, ਮੋਟਰ ਸਾਇਕਲ ਕਾਬੂ ਨਹੀਂ ਹੋਇਆ ਕੰਧ ਵਿਚ ਬਹੁਤ ਜ਼ੋਰ ਨਾਲ ਟੱਕਰ ਲੱਗ ਜਾਂਦੀ ਹੈ, ਖੜ੍ਹਕਾ ਸੁਣ ਕੇ ਉਸਦੀ ਤਾਈ ਬਾਹਰ ਆ ਕੇ ਖੂਨ ਨਾਲ ਲੱਥ-ਪੱਥ ਹੋਏ ਨੈਬੀ ਨੂੰ ਵੇਖਦੀ ਹੈ ਤੇ ਛੇਤੀ ਹਸਪਤਾਲ ਚੁੱਕ ਕੇ ਲੈ ਜਾਂਦੇ ਹਨ |
ਜਦੋਂ ਸੱਤਾ ਤੇ ਕੈਲੋ ਵਾਪਸ ਆਉਂਦੇ ਹਨ ਤਾਂ ਘਰ 'ਚ ਆਉਂਦਿਆਂ ਹੀ ਮੋਟਰਸਾਈਕਲ ਦੀ ਬੁਰੀ ਹਾਲਤ ਵੇਖ ਕੇ ਹੈਰਾਨ ਹੋ ਜਾਂਦੇ ਹਨ | ਕੈਲੋ ਫੇਰ ਬੁਰਾ-ਭਲਾ ਬੋਲਣ ਲੱਗ ਪੈਂਦੀ ਹੈ, 'ਬੱਸ ਖਾ ਲਿਆ ਨਜ਼ਰਾਂ ਨੇ....ਘਰ 'ਚ ਆ ਕੇ ਤੋੜ-ਫੋੜ ਕੀਤੀ ਐ ਇਨ੍ਹਾਂ ਨੇ ...ਪਤਾ ਲੱਗ ਗਿਆ ਹੁਣ ਤੈਨੂੰ ਵੀ ਸ਼ਰੀਕਾਂ ਦਾ .... ਬਹੁਤਾ ਕਰਦਾ ਸੀ ਮੇਰੇ-ਮੇਰੇ | 'ਕੈਲੋ ਦੀ ਆਵਾਜ਼ ਸੁਣ ਕੇ ਗੁਆਂਢਣ ਤੇਜੋ ਆ ਜਾਂਦੀ ਹੈ ਤੇ ਉੱਚੀ ਆਵਾਜ਼ 'ਚ ਬੋਲਦੀ ਹੈ, 'ਕਿਉਂ ਭੌਾਕੀ ਜਾਨੀ ਏ.... ਜ਼ਬਾਨ ਸੰਭਾਲ ਕੇ ਬੋਲਿਆ ਕਰ.... ਜਿਨ੍ਹਾਂ ਨੂੰ ਤੂੰ ਸ਼ਰੀਕ ਕਹਿਨੀ ਏਾ ਉਨ੍ਹਾਂ ਨੇ ਹੀ ਜਾਨ ਬਚਾਈ ਐ ਅੱਜ ਤੇਰੇ ਪੁੱਤ ਦੀ......ਜਾ ਕੇ ਵੇਖ ਲੈ ਹਸਪਤਾਲ ਪਿਐ ਤੇਰਾ ਝੰਭਲਾਇਆ ਹੋਇਆ | '
ਹਸਪਤਾਲ ਪਹੁੰਚਦਿਆਂ ਹੀ ਕੈਲੋ ਆਪਣੀ ਜਠਾਣੀ ਨੂੰ ਨੈਬੀ ਦੇ ਸਿਰਹਾਣੇ ਬੈਠੀ ਨੂੰ ਵੇਖ ਕੇ ਹੈਰਾਨ ਹੋ ਜਾਂਦੀ ਹੈ |
ਦੋ-ਤਿੰਨ ਦਿਨਾਂ ਤੋਂ ਬਾਅਦ ਜਦੋਂ ਹਸਪਤਾਲ 'ਚੋਂ ਛੁੱਟੀ ਮਿਲਣੀ ਸੀ ਤਾਂ ਹਸਪਤਾਲ ਦਾ ਬਿਲ ਭਰਨ ਲਈ ਸੱਤੇ ਕੋਲ ਪੂਰੇ ਪੈਸੇ ਨਹ੍ਹੀਂ ਸਨ | ਵੱਡੇ ਭਾਈ ਨੇ ਪੂਰੇ ਕਰ ਕੇ ਦਿੱਤੇ ਤੇ ਛੁੱਟੀ ਲੈ ਕੇ ਸਾਰੇ ਘਰ ਆ ਗਏ | ਤੇਜੋ ਨੂੰ ਜਦੋਂ ਪਤਾ ਲੱਗਾ ਹੈ ਤਾਂ ਉਹ ਖੈਰ-ਸੁੱਖ ਪੁੱਛਣ ਆ ਗਈ | ਤੇਜੋ ਬਹੁਤਾ ਕੁਝ ਤਾਂ ਕਹਿ ਨਾ ਸਕੀ ਕੈਲੋ ਨੂੰ ਕਿਉਂਕਿ ਨੈਬੀ ਦੇ ਤਾਇਆ-ਤਾਈ ਕੋਲ ੲ੍ਹੀ ਬੈਠੇ ਸਨ ਪਰ ਕੈਲੋ ਨੂੰ ਐਨਾ ਜ਼ਰੂਰ ਕਹਿ ਗਈ ਜਾਂਦੀ-ਜਾਂਦੀ ਕਿ ਦੁੱਖ ਵੇਲੇ ਆਪਣੇ ਈ ਕੰਮ ਆਉੁਾਦੇ ਨੇ, ਦੁੱਖ ਵੰਡਾਉਣ ਲਈ | '

-ਸ.ਕੰ.ਸ.ਸ.ਸ.ਨਿ.ਪਾ.ਹਾ.ਕ. ਪਟਿਆਲਾ |

ਲਘੂ ਕਥਾ: ਸੰਘਰਸ਼

ਉਨ੍ਹਾਂ ਦਿਨਾਂ ਵਿਚ ਮੇਰੀ ਬਦਲੀ ਜਲੰਧਰ ਹੋ ਗਈ ਸੀ | ਮੈਂ ਹਰ ਰੋਜ਼ ਆਪਣੇ ਸਾਥੀਆਂ ਨਾਲ ਪਠਾਨਕੋਟ ਤੋਂ ਜਲੰਧਰ ਤੱਕ ਜਾਣ ਵਾਲੀ ਪੈਸੇਂਜਰ ਟਰੇਨ 'ਤੇ ਜਾਂਦਾ | ਉਸਨੂੰ ਅਸੀਂ ਹਰ ਰੋਜ਼ ਰੇਲ ਗੱਡੀ ਦੇ ਡਿੱਬੇ ਵਿਚ ਬਿਸਕੁਟ ਤੇ ਦਾਲ ਭੁਜੀਆ ਵੇਚਦੇ ਵੇਖਦੇ ਸੀ | ਉਹ ਬਚਪਨ ਤੋਂ ਹੀ ਅੱਖਾਂ ਤੋਂ ਅੰਨ੍ਹਾ ਸੀ ਤੇ ਉਸ ਦੀ ਇਕ ਲੱਤ ਵੀ ਚੰਗੀ ਤਰ੍ਹਾਂ ਥੱਲੇ ਨਹੀਂ ਸੀ ਲਗਦੀ | ਉਸ ਨੇ ਇਕ ਵੱਡਾ ਸਾਰਾ ਕੱਪੜੇ ਦਾ ਹੱਥ ਨਾਲ ਬਣਾਇਆ ਥੈਲਾ ਆਪਣੇ ਗਲ ਵਿਚ ਲਟਕਾਇਆ ਹੁੰਦਾ | ਥੈਲਾ ਬਿਸਕੁਟਾਂ ਤੇ ਦਾਲ ਭੁਜੀਏ ਨਾਲ ਭਰਿਆ ਹੁੰਦਾ | ਇਕ ਹੱਥ ਵਿਚ ਉਸ ਨੇ ਡੰਡਾ ਵੀ ਸਹਾਰੇ ਲਈ ਫੜਿਆ ਹੁੰਦਾ | ਉਹ ਹੌਲੀ-ਹੌਲੀ ਡਿੱਬੇ ਦੇ ਵਿਚਕਾਰ ਅੱਗੇ ਵਧਦਾ ਜਾਂਦਾ ਤੇ ਬਿਸਕੁਟ ਤੇ ਭੁਜੀਏ ਨੂੰ ਖਰੀਦਣ ਲਈ ਲੋਕਾਂ ਨੂੰ ਹੌਕਾ ਵੀ ਦਿੰਦਾ ਜਾਂਦਾ | ਮੈਂ ਉਸ ਨੂੰ ਪਿਛਲੇ ਦੋ ਵਰਿ੍ਹਆਂ ਤੋਂ ਇਸ ਰੇਲ ਗੱਡੀ ਵਿਚ ਹੀ ਵੇਖਦਾ ਆ ਰਿਹਾ ਸੀ | ਹਰ ਰੋਜ਼ ਮੈਂ ਉਸ ਕੋਲੋਂ ਦੋ ਬਿਸਕੁਟਾਂ ਦੇ ਪੈਕਟ ਖਰੀਦ ਕੇ ਆਪਣੇ ਪਰਸ ਵਿਚ ਰੱਖ ਲੈਂਦਾ | ਸੋਚਦਾ ਉਸ ਕੋਲੋਂ ਕੁਝ ਖਰੀਦਣ ਦਾ ਮਤਲਬ ਹੈ ਉਸ ਨਾਲ ਇਸ ਜ਼ਿੰਦਗੀ ਨੂੰ ਜਿਊਣ ਲਈ ਕੀਤੇ ਸੰਘਰਸ਼ ਵਿਚ ਉਸ ਦੀ ਸਹਾਇਤਾ ਕਰਨੀ | ਬਿਸਕੁਟਾਂ ਦੇ ਪੈਕਟ ਖਰੀਦ ਦੇ ਸਮੇਂ ਕਈ ਵਾਰ ਸੋਚਦਾ ਕਿ ਇਸ ਆਦਮੀ ਨੂੰ ਪੁੱਛਾਂ ਕਿ ਕੀ ਉਸ ਦਾ ਕੋਈ ਪਰਿਵਾਰ ਵੀ ਹੈ ਜਾਂ ਉਹ ਇਕੱਲਾ ਹੀ ਇਸ ਜ਼ਿੰਦਗੀ ਦਾ ਭਾਰ ਢੋਅ ਰਿਹਾ ਹੈ | ਪਰ ਹਰ ਵਾਰ ਮੈਂ ਉਸ ਤੋਂ ਬਿਸਕੁਟਾਂ ਦੇ ਪੈਕਟ ਤਾਂ ਖਰੀਦ ਲੈਂਦਾ ਪਰ ਪੁੱਛਣ ਦੀ ਪ੍ਰਕਿਰਿਆ ਨੂੰ ਅਗਲੀ ਵਾਰ 'ਤੇ ਪਾ ਦਿੰਦਾ ਪਰ ਅੱਜ ਮੈਂ ਪੱਕਾ ਘਰੋਂ ਤੁਰਨ ਵੇਲੇ ਹੀ ਉਸ ਤੋਂ ਪੁੱਛਣ ਦਾ ਮਨ ਬਣਾ ਲਿਆ ਹੋਇਆ ਸੀ |
ਉਹ ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਆਇਆ ਤੇ ਬਿਸਕੁਟਾਂ ਦੇ ਪੈਕਟ ਤੇ ਭੁਜੀਆ ਵੇਚਣ ਲੱਗ ਪਿਆ | ਮੈਂ ਵੀ ਉਸ ਤੋਂ ਹਰ ਰੋਜ਼ ਦੀ ਤਰ੍ਹਾਂ ਦੋ ਪੈਕਟ ਖਰੀਦੇ ਤੇ ਹੌਲੀ ਜਿਹੀ ਉਸ ਨੂੰ ਪੁੱਛਣ ਲੱਗ ਪਿਆ |
'ਭਾਈ ਸਾਹਿਬ! ਕਿੰਨੇ ਚਿਰ ਤੋਂ ਇਸ ਤਰ੍ਹਾਂ ਰੇਲ ਗੱਡੀ ਵਿਚ ਬਿਸਕੁਟ ਤੇ ਦਾਲ ਭੁਜੀਆ ਵੇਚ ਰਹੇ ਹੋ?'
ਮੇਰੀ ਗੱਲ ਸੁਣ ਕੇ ਪਹਿਲਾਂ ਤਾਂ ਉਹ ਸਹਿਮ ਗਿਆ | ਉਸ ਨੇ ਸੋਚਿਆ ਹੋ ਸਕਦਾ ਹੈ ਕੋਈ ਰੇਲਵੇ ਦਾ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਿਹਾ ਹੋਵੇ | ਪਰ ਛੇਤੀ ਹੀ ਮੇਰੇ ਵਲੋਂ ਨਾ ਡਰਨ ਦਾ ਭਰੋਸਾ ਦੇਣ ਤੋਂ ਬਾਅਦ ਉਹ ਸਾਡੇ ਸਾਹਮਣੇ ਵਾਲੀ ਖਾਲੀ ਸੀਟ 'ਤੇ ਬੈਠ ਗਿਆ | ਥੈਲਾ ਮੋਢੇ ਤੋਂ ਥੱਲੇ ਰੱਖ ਕੇ ਕਹਿਣ ਲੱਗਾ, 'ਮੈਂ ਪਿਛਲੇ ਦਸਾਂ ਸਾਲਾਂ ਤੋਂ ਇਸ ਰੇਲ ਗੱਡੀ ਵਿਚ ਇੰਜ ਆਪਣੀ ਰੋਜ਼ੀ-ਰੋਟੀ ਲਈ ਬਿਸਕੁਟ ਤੇ ਭੁਜੀਆ ਵੇਚ ਰਿਹਾ ਹਾਂ | ਸੋਚਦਾ ਹਾਂ ਕਿਸੇ ਭਿਖਾਰੀ ਵਾਂਗ ਸੜਕ ਦੇ ਕਿਨਾਰੇ ਖੜ੍ਹੇ ਹੋ ਕੇ ਮੰਗਣ ਨਾਲੋਂ ਤਾਂ ਚੰਗਾ ਹੈ ਕਿ ਕੰਮ ਕੀਤਾ ਜਾਵੇ | ਤੁਹਾਡੇ ਵਰਗੇ ਲੋਕ ਸਹਾਇਤਾ ਵੀ ਕਰਦੇ ਹਨ ਤੇ ਹਮਦਰਦੀ ਵੀ | ਮੈਂ ਜਨਮ ਤੋਂ ਹੀ ਅੰਨ੍ਹਾ ਤੇ ਲੰਗੜਾ ਹਾਂ | ਮੇਰੇ ਮਾਂ-ਪਿਓ ਵੀ ਹਨ ਤੇ ਦੋ ਭਰਾ ਵੀ | ਪਰ ਮੈਂ ਉਨ੍ਹਾਂ 'ਤੇ ਵਿਹਲੇ ਬੈਠ ਕੇ ਬੋਝ ਨਹੀਂ ਬਣਨਾ ਚਾਹੁੰਦਾ | ਇਸ ਲਈ ਮੇਰਾ ਪਿਓ ਹਰ ਰੋਜ਼ ਸਵੱਖਤੇ ਅੱਠ ਵਜੇ ਇਥੇ ਸਟੇਸ਼ਨ 'ਤੇ ਛੱਡ ਜਾਂਦਾ ਹੈ ਤੇ ਸ਼ਾਮ ਨੂੰ ਰੇਲ ਗੱਡੀ ਦੇ ਪਹੁੰਚਣ ਦੇ ਸਮੇਂ ਆ ਕੇ ਲੈ ਵੀ ਜਾਂਦਾ ਹੈ | ਇਸ ਤਰ੍ਹਾਂ ਮੇਰਾ ਦਿਨ ਵੀ ਲੰਘ ਜਾਂਦਾ ਹੈ ਤੇ ਕੰਮ ਵੀ ਹੋ ਜਾਂਦਾ ਹੈ | ਇਸ ਜ਼ਿੰਦਗੀ ਨੂੰ ਜਿਊਣ ਲਈ ਜ਼ਰੂਰੀ ਹੈ ਕਿ ਆਪਣੀ ਸਮਰੱਥਾ ਦੇ ਅਨੁਸਾਰ ਕੰਮ ਕੀਤਾ ਜਾਵੇ | ਥੋੜ੍ਹੀ ਦੇਰ ਲਈ ਸੜਕ 'ਤੇ ਫੜ੍ਹੀ ਲਗਾਈ ਸੀ ਪਰ ਗਾਹਕ ਬੜੇ ਘੱਟ ਠਹਿਰਦੇ ਸਨ | ਦਾਲ ਰੋਟੀ ਵੀ ਨਹੀਂ ਸੀ ਚਲਦੀ | ਇਥੇ ਤੁਹਾਡੇ ਵਰਗੇ ਅਨੇਕ ਲੋਕ ਸਾਥੋਂ ਜਾਣ ਬੁੱਝ ਕੇ ਬਿਸਕੁਟਾਂ ਦੇ ਪੈਕਟ ਖਰੀਦ ਲੈਂਦੇ ਹਨ ਤਾਂ ਕਿ ਸਾਡੀ ਸਹਾਇਤਾ ਕੀਤੀ ਜਾਵੇ | ਉਨ੍ਹਾਂ ਨੂੰ ਇਹ ਕੰਮ ਕਰਨਾ ਚੰਗਾ ਲਗਦਾ ਹੈ | ਇਸ ਨਾਲ ਸਾਡਾ ਉਤਸ਼ਾਹ ਵਧਦਾ ਹੈ ਤੇ ਜ਼ਿੰਦਗੀ ਨੂੰ ਅੱਗੇ ਤੋਰਨ ਵਿਚ ਸਹਾਇਤਾ ਮਿਲਦੀ ਹੈ | ਇੰਜ ਸਾਡੀਆਂ ਗੱਲਾਂ ਸੁਣ ਕੇ ਕੋਲ ਬੈਠੀਆਂ ਕੁਝ ਹੋਰ ਸਵਾਰੀਆਂ ਨੇ ਵੀ ਉਸ ਤੋਂ ਬਿਸਕੁਟਾਂ ਦੇ ਪੈਕਟ ਖਰੀਦ ਲਏ ਸਨ | ਉਸ ਨੇ ਵੀ ਅੰਦਾਜ਼ੇ ਨਾਲ ਪੈਸੇ ਗਿਣੇ ਤੇ ਥੈਲੇ ਵਿਚ ਰੱਖ ਲਏ ਤੇ ਫਿਰ ਉਹ ਅੱਗੇ ਵਧ ਗਿਆ | ਮੈਨੂੰ ਲੱਗਾ ਜਿਵੇਂ ਉਹ ਕਹਿ ਰਿਹਾ ਹੋਵੇ, 'ਮਿਹਨਤ ਤੇ ਸੰਘਰਸ਼ ਹੀ ਜ਼ਿੰਦਗੀ ਦਾ ਦੂਜਾ ਨਾਂਅ ਹੈ |'

-ਸ਼ਹੀਦ ਭਗਤ ਸਿੰਘ ਨਗਰ, ਸੁਜਾਨਪੁਰ (ਪਠਾਨਕੋਟ) |
ਮੋਬਾਈਲ : 94644-25912.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX