ਤਾਜਾ ਖ਼ਬਰਾਂ


ਕੇਰਲ 'ਚ ਦੋ ਹੋਰ ਲੋਕਾਂ ਦੀ ਨਿਪਾਹ ਵਾਇਰਸ ਦੇ ਚੱਲਦਿਆਂ ਮੌਤ
. . .  15 minutes ago
ਕਾਲੀਕਟ, 22 ਮਈ- ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ 'ਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਨਿਪਾਹ ਵਾਇਰਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਦੋਹਾਂ ਮਰੀਜ਼ਾਂ ਦੀ ਇਲਾਜ ਹਸਪਤਾਲ 'ਚ ਇੱਕ ਵੱਖਰੇ...
ਦੇਸ਼ 'ਚ ਸਿਆਸੀ ਮਾਹੌਲ ਅਸ਼ਾਂਤ, ਚੋਣਾਂ ਤੋਂ ਪਹਿਲਾ ਕਰੋ ਪ੍ਰਾਰਥਨਾਵਾਂ - ਆਰਕਬਿਸ਼ਪ
. . .  23 minutes ago
ਨਵੀਂ ਦਿੱਲੀ, 22 ਮਈ - ਦਿੱਲੀ ਦੇ ਆਰਕਬਿਸ਼ਪ ਨੇ ਇਕ ਖ਼ਤ ਲਿਖ ਕੇ ਸਿਆਸੀ ਵਿਵਾਦ ਖੜਾ ਕਰ ਦਿੱਤਾ ਹੈ। ਜਿਸ ਵਿਚ ਉਨ੍ਹਾਂ ਨੇ ਅਸ਼ਾਂਤ ਸਿਆਸੀ ਵਾਤਾਵਰਨ ਦਾ ਜ਼ਿਕਰ ਕੀਤਾ ਹੈ। ਖ਼ਤ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਦੇਸ਼ ਦੇ ਲੋਕਤੰਤਰ ਤੇ ਧਰਮ-ਨਿਰਪੇਖਤਾ ਨੂੰ ਖ਼ਤਰਾ ਹੈ...
ਨੇਪਾਲ 'ਚ ਭਾਰਤੀ ਦੂਤਘਰ ਦਾ ਅਸਥਾਈ ਦਫ਼ਤਰ ਹੋਵੇਗਾ ਬੰਦ
. . .  30 minutes ago
ਨਵੀਂ ਦਿੱਲੀ, 22 ਮਈ- ਭਾਰਤ ਨੇ ਨੇਪਾਲ ਦੇ ਬਿਰਾਟਨਗਰ 'ਚ ਸਥਿਤ ਭਾਰਤੀ ਦੂਤਘਰ ਦੇ ਅਸਥਾਈ ਦਫ਼ਤਰ ਨੂੰ ਬੰਦ ਕਰਨ ਅਤੇ ਕਿਸੇ ਹੋਰ ਥਾਂ 'ਤੇ ਮੁੜ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਵਲੋਂ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ...
ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਚੈਕਿੰਗ ਦੌਰਾਨ ਕੈਦੀ ਨੇ ਕੀਤੀ ਭੰਨ ਤੋੜ, ਲਗਾਈ ਅੱਗ
. . .  40 minutes ago
ਗੁਰਦਾਸਪੁਰ 22 ਮਈ (ਆਰਿਫ਼) - ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਅੰਦਰ ਜੇਲ੍ਹ ਮੰਤਰੀ ਸ. ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਡੀ. ਐੱਸ. ਪੀ ਗੁਰਬੰਸ ਸਿੰਘ ਬੈਂਸ ਅਤੇ ਜੇਲ੍ਹ ਸੁਪਰਡੈਂਟ ਵੱਲੋਂ ਅੱਜ ਸਵੇਰੇ ਅਚਨਚੇਤ ਚੈਕਿੰਗ ਕੀਤੀ। ਜਿਸ ਦੌਰਾਨ ਪੁਲਿਸ ਨੂੰ 3 ਮੋਬਾਈਲ ਫ਼ੋਨ ਬਰਾਮਦ...
ਗੁਜਰਾਤ 'ਚ ਵਿਅਕਤੀ ਨੇ ਪਤਨੀ ਅਤੇ ਧੀਆਂ ਦਾ ਕੀਤਾ ਕਤਲ
. . .  51 minutes ago
ਅਹਿਮਦਾਬਾਦ, 22 ਮਈ- ਗੁਜਰਾਤ ਦੇ ਅਹਿਮਾਦਾਬਾਦ 'ਚ ਇੱਕ ਵਿਅਕਤੀ ਵਲੋਂ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਦੋ ਧੀਆਂ ਦਾ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਉਕਤ ਵਿਅਕਤੀ ਵਲੋਂ ਕਤਲ ਕਿਉਂ ਕੀਤੇ ਗਏ, ਇਸ ਸੰਬੰਧੀ ਕੋਈ ਜਾਣਕਾਰੀ...
ਗੋਬਿੰਦ ਸਿੰਘ ਦਿਓ ਮਲੇਸ਼ੀਆ 'ਚ ਬਣੇ ਪਹਿਲੇ ਸਿੱਖ ਕੈਬਨਿਟ ਮੰਤਰੀ
. . .  about 1 hour ago
ਕੁਆਲਾਲੰਪੁਰ, 22 ਮਈ - ਮਲੇਸ਼ੀਆ ਵਿਚ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਦੇ ਕੈਬਨਿਟ ਮੰਤਰੀ ਬਣਨ ਨਾਲ ਉਹ ਮਲੇਸ਼ੀਆ ਦੇ ਇਤਿਹਾਸ ਵਿਚ ਪਹਿਲੇ ਸਿੱਖ ਬਣ ਗਏ ਹਨ, ਜਿਨ੍ਹਾਂ ਦੀ ਇਕ ਮੰਤਰੀ ਵਜੋਂ ਨਿਯੁਕਤੀ ਹੋਈ ਹੈ। 45 ਸਾਲਾਂ ਦਿਓ ਨੂੰ ਵਜ਼ਾਰਤ...
ਤਾਜ ਮਹਿਲ 'ਚ ਬਾਂਦਰਾਂ ਨੇ ਸੈਲਾਨੀਆਂ 'ਤੇ ਕੀਤਾ ਹਮਲਾ
. . .  about 1 hour ago
ਆਗਰਾ, 22 ਮਈ- ਤਾਜ ਮਹਿਲ 'ਚ ਅੱਜ ਬਾਂਦਰਾਂ ਵਲੋਂ ਦੋ ਸੈਲਾਨੀਆਂ 'ਤੇ ਹਮਲਾ ਕੀਤੇ ਜਾਣ 'ਚ ਸੂਚਨਾ ਪ੍ਰਾਪਤ ਹੋਈ ਹੈ। ਬਾਂਦਰਾਂ ਦੇ ਇਸ ਹਮਲੇ 'ਚ ਦੋਵੇਂ ਸੈਲਾਨੀ ਜ਼ਖ਼ਮੀ ਹੋ...
ਈ.ਡੀ. ਵੱਲੋਂ ਡਾਬਰ ਦੇ ਡਾਇਰੈਕਟਰ ਦੀ 20.87 ਕਰੋੜ ਦੀ ਸੰਪਤੀ ਜ਼ਬਤ
. . .  about 1 hour ago
ਨਵੀਂ ਦਿੱਲੀ, 22 ਮਈ - ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਡਾਬਰ ਇੰਡੀਆ ਲਿਮਟਿਡ ਦੇ ਡਾਇਰੈਕਟਰ ਪ੍ਰਦੀਪ ਬਰਮਨ ਦੀ 20.87 ਕਰੋੜ ਕੀਮਤ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਫੋਰਨ ਐਕਸਚੇਂਜ ਮੈਨੇਜਮੈਂਟ ਐਕਟ, 1999 ਦੀ 37ਏ ਧਾਰਾ ਤਹਿਤ ਇਹ...
ਪਾਕਿਸਤਾਨ ਵੱਲੋਂ ਹੁਣ ਤੱਕ 20 ਚੌਕੀਆਂ ਤੇ ਕਈ ਪਿੰਡਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਜੰਮੂ, 22 ਮਈ - ਪਾਕਿਸਤਾਨ ਵੱਲੋਂ ਮੁਸਲਸਲ ਜੰਗ ਬੰਦੀ ਦੀ ਉਲੰਘਣਾ ਜਾਰੀ ਹੈ। ਸੋਮਵਾਰ ਸ਼ਾਮ ਤੋਂ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਗੋਲੀਬਾਰੀ ਵਿਚ ਪਾਕਿਸਤਾਨ ਨੇ ਜੰਮੂ - ਸਾਂਬਾ ਸੈਕਟਰਾਂ 'ਚ ਹੁਣ ਤੱਕ 20 ਸਰਹੱਦੀ ਚੌਕੀਆਂ ਤੇ 30 ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ...
ਉਤਰਾਖੰਡ ਦੇ ਜੰਗਲਾਂ 'ਚ ਪਿਛਲੇ ਪੰਜ ਦਿਨਾਂ ਤੋਂ ਲੱਗੀ ਹੈ ਅੱਗ
. . .  about 2 hours ago
ਦੇਹਰਾਦੂਨ, 22 ਮਈ - ਉਤਰਾਖੰਡ ਦੇ ਸ੍ਰੀਨਗਰ ਦੇ ਜੰਗਲਾਂ ਵਿਚ ਪਿਛਲੇ ਪੰਜ ਦਿਨਾਂ ਤੋਂ ਅੱਗ ਲੱਗੀ ਹੋਈ ਹੈ, ਜਿਸ ਨੂੰ ਅਜੇ ਤੱਕ ਬੁਝਾਇਆ ਨਹੀਂ ਜਾ ਸਕਿਆ। ਇਸ ਅੱਗ ਵਿਚ ਕਈ ਜਾਨਵਰਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਇਹ ਅੱਗ ਰਿਸ਼ੀਕੇਸ਼-ਬਦਰੀਨਾਥ ਹਾਈਵੇ 58...
ਹੋਰ ਖ਼ਬਰਾਂ..
  •     Confirm Target Language  

ਧਰਮ ਤੇ ਵਿਰਸਾ

ਸਿੱਖ ਪੰਥ ਦੇ ਹਿਤ ਵਿਚ ਨਹੀਂ ਆਪਸੀ ਟਕਰਾਅ

ਸਿੱਖ ਪੰਥ ਨੂੰ ਕੂੜ-ਕੁਸੱਤ ਦਾ ਨਾਸ਼ ਕਰਦਿਆਂ ਤੇ ਲੋਕਾਈ ਨੂੰ ਅਗਿਆਨਤਾ ਵਿਚੋਂ ਬਾਹਰ ਕੱਢ ਕੇ ਧਰਮ ਦਾ ਅਸਲੀ ਰਾਹ ਦਿਖਾਉਂਦਿਆਂ ਸਦੀਆਂ ਤੋਂ ਅਨੇਕਾਂ ਬਾਹਰੀ ਅਤੇ ਅੰਦਰੂਨੀ ਹਮਲਿਆਂ ਤੇ ਵਿਚਾਰਧਾਰਕ ਜੰਗਾਂ-ਯੁੱਧਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਹੱਕ-ਸੱਚ ਦਾ ਪਰਚਮ ਝੂਲਦਾ ਰੱਖਣ ਅਤੇ ਧਰਮ ਦਾ ਜੈਕਾਰ ਬਣਾਈ ਰੱਖਣ ਲਈ 'ਸ਼ਾਸਤਰ' ਅਤੇ 'ਸ਼ਸਤਰ' ਰੂਪੀ ਦੋ ਹਥਿਆਰ ਦਿੱਤੇ ਹਨ। 'ਸ਼ਾਸਤਰ' ਤੋਂ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਦੇ ਪ੍ਰਕਾਸ਼ ਵਿਚ ਵਿਚਾਰ-ਚਰਚਾ/ਸੰਵਾਦ/ਗਿਆਨ ਖੜਗ ਜ਼ਰੀਏ ਕਿਸੇ ਵੀ ਕਿਸਮ ਦੇ ਵਿਰੋਧਾਭਾਸ ਤੇ ਸੰਕਟ ਨੂੰ ਨਵਿਰਤ ਕਰਨਾ ਅਤੇ ਅਗਿਆਨਤਾ ਦੇ ਧੁੰਦੂਕਾਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨਾ ਹੈ। 'ਸ਼ਸਤਰ' ਤੋਂ ਭਾਵ ਜਦੋਂ ਦੁਸ਼ਮਣ ਮਨੁੱਖਤਾ ਦਾ ਘਾਣ ਕਰਨ ਅਤੇ ਸਿੱਖ ਧਰਮ ਦੀ ਮਾਨਵ-ਕਲਿਆਣਕਾਰੀ ਮਸ਼ਾਲ ਨੂੰ ਬੁਝਾਉਣ 'ਤੇ ਤੁਲਿਆ ਫਿਰੇ, ਤਾਂ ਉਸ ਦਾ 'ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ॥' ਦੇ ਮਹਾਂਵਾਕ ਅਨੁਸਾਰ ਹਥਿਆਰਬੰਦ ਟਾਕਰਾ ਕੀਤਾ ਜਾਵੇ।
ਸ਼ਾਸਤਰ (ਵਿਚਾਰਾਂ) ਦੀ ਜੰਗ ਕਿੰਨੀ ਸ਼ਕਤੀਸ਼ਾਲੀ ਹੁੰਦੀ ਹੈ, ਇਸ ਗੱਲ ਦੀ ਸਭ ਤੋਂ ਢੁਕਵੀਂ ਮਿਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ-ਜੋਗੀਆਂ ਨਾਲ ਅਚਲ ਬਟਾਲੇ ਵਿਚ ਹੋਈ ਗੋਸ਼ਟੀ ਤੋਂ ਮਿਲ ਜਾਂਦੀ ਹੈ। ਸਿੱਧਾਂ ਨੇ ਜਦੋਂ ਗੁਰੂ ਸਾਹਿਬ ਨੂੰ ਆਪਣੀ ਉਮਰ ਅਤੇ ਜਪ-ਤਪ ਦੇ ਅੱਗੇ ਨਿਆਣਾ ਆਖਿਆ ਤਾਂ ਗੁਰੂ ਸਾਹਿਬ ਨੇ 'ਗਿਆਨ ਖੜਗ' (ਵਿਚਾਰਾਂ) ਸਦਕਾ ਸਿੱਧਾਂ ਨੂੰ ਨਿਰਉੱਤਰ ਕਰ ਦਿੱਤਾ।
ਗੁਰੂ ਨਾਨਕ ਸਾਹਿਬ ਨੇ ਦੁਨੀਆ ਦੇ 30 ਦੇਸ਼ਾਂ ਦੀ ਲਗਪਗ 48 ਹਜ਼ਾਰ ਮੀਲ ਯਾਤਰਾ ਚਾਰ ਉਦਾਸੀਆਂ ਦੇ ਰੂਪ ਵਿਚ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਬਾਦਸ਼ਾਹ ਬਾਬਰ, ਕੌਡਾ ਰਾਖ਼ਸ਼, ਵਲੀ ਕੰਧਾਰੀ, ਮਲਿਕ ਭਾਗੋ ਆਦਿ ਵਰਗੇ ਅਨੇਕਾਂ ਕੁਰਾਹੇ ਤੇ ਮਾਨਵਤਾ ਦੇ ਘਾਣ ਦੇ ਰਾਹ ਪਏ ਬਾਦਸ਼ਾਹਾਂ ਤੇ ਲੁਟੇਰਿਆਂ ਨੂੰ 'ਗਿਆਨ ਖੜਗ' ਦੀ ਜੰਗ ਵਿਚ ਸੋਧਿਆ ਤੇ ਉਨ੍ਹਾਂ ਅੰਦਰਲੇ ਮਨੁੱਖ ਨੂੰ ਜਗਾਇਆ। ਜਿਸ ਵੇਲੇ ਦੁਸ਼ਮਣ ਹਥਿਆਰ ਲੈ ਕੇ ਧਰਮ ਦੇ ਅੱਗੇ ਜ਼ੁਲਮ ਦੀ ਚੁਣੌਤੀ ਲੈ ਕੇ ਆਇਆ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 'ਸ਼ਸਤਰ' ਦੀ ਵਰਤੋਂ ਕੀਤੀ ਤੇ ਜ਼ੁਲਮ ਦੇ ਖ਼ਿਲਾਫ਼ ਹਥਿਆਰਬੰਦ ਲੜਾਈ ਆਰੰਭੀ। ਵਿਚਾਰਾਂ ਦੀ ਜੰਗ ਕਦੋਂ ਲੜਨੀ ਹੈ ਅਤੇ ਸ਼ਸਤਰਾਂ ਦੀ ਜੰਗ ਕਦੋਂ, ਇਹ ਫ਼ੈਸਲਾ ਲੈਣਾ ਸਿੱਖ ਦੀ ਬੌਧਿਕ ਅਤੇ ਅਧਿਆਤਮਕ ਯੋਗਤਾ 'ਤੇ ਨਿਰਭਰ ਕਰਦਾ ਹੈ।
ਅੱਜ ਸਿੱਖ ਕੌਮ ਲਈ ਇਕ ਵੱਡੀ ਚੁਣੌਤੀ ਇਹ ਬਣ ਰਹੀ ਹੈ ਕਿ ਅਸੀਂ 'ਸ਼ਸਤਰ' ਅਤੇ 'ਸ਼ਾਸਤਰ' ਦੀ ਅੱਡੋ-ਅੱਡਰੀ ਪ੍ਰਸੰਗਕਤਾ ਨੂੰ ਸਮਝਣ ਤੋਂ ਅਸਮਰੱਥ ਸਾਬਤ ਹੋ ਰਹੇ ਹਾਂ। ਮੌਜੂਦਾ ਸਮੇਂ ਪੰਥ ਦੇ ਅੰਦਰੂਨੀ ਵਿਚਾਰਧਾਰਕ ਮਤਭੇਦਾਂ ਨੂੰ 'ਸੰਵਾਦ' ਜ਼ਰੀਏ ਨਵਿਰਤ ਕਰਨ ਦੀ ਆਪਣੀ ਅਯੋਗਤਾ ਸਦਕਾ ਹੀ ਅਸੀਂ ਹਰ ਮਸਲੇ 'ਤੇ 'ਸ਼ਸਤਰ' ਨੂੰ ਹੀ ਅੱਗੇ ਰੱਖ ਲਿਆ ਹੈ। ਗੁਰੂ ਸਾਹਿਬ ਨੇ ਜਿਹੜਾ 'ਸ਼ਾਸਤਰ' ਦਾ ਪਹਿਲਾ ਹਥਿਆਰ ਸਾਨੂੰ ਦਿੱਤਾ ਸੀ, ਸ਼ਾਇਦ ਅਸੀਂ ਉਸ ਦੀ ਵਰਤੋਂ ਦੇ ਸਮਰੱਥ ਹੀ ਨਹੀਂ ਰਹੇ, ਜਿਸ ਕਰਕੇ ਬੌਧਿਕ ਤੌਰ 'ਤੇ ਸਿੱਖ ਕਮਜ਼ੋਰ ਹੋ ਰਹੇ ਹਨ ਅਤੇ ਸਮੂਹਿਕ ਸਿੱਖ ਮਾਨਸਿਕਤਾ ਅਗਿਆਨਤਾ ਦੇ ਹਨੇਰੇ ਵਿਚ ਫ਼ਸ ਰਹੀ ਹੈ। ਸਿੱਖਾਂ ਅੰਦਰ ਵਧ ਰਹੇ ਕਰਮ-ਕਾਂਡੀ ਪਸਾਰੇ ਅਤੇ ਸ਼ਬਦ-ਗੁਰੂ ਤੋਂ ਟੁੱਟ ਕੇ 'ਦੇਹ ਪੂਜਾ' ਦੀ ਪ੍ਰਵਿਰਤੀ ਸਿੱਖ ਧਰਮ ਦੇ ਪ੍ਰਚਾਰ ਦੇ ਪ੍ਰਭਾਵਹੀਣ ਹੋਣ ਦਾ ਨਮੂਨਾ ਹੈ। ਨਿੱਕੀ-ਨਿੱਕੀ ਗੱਲ 'ਤੇ ਸਿੱਖਾਂ ਵਲੋਂ ਆਪਸ ਵਿਚ ਹੀ ਕਿਰਪਾਨਾਂ ਚੁੱਕ ਲੈਣ ਕਾਰਨ ਪੰਥ ਦੀ ਸਾਰੀ ਊਰਜਾ ਨਾਕਾਰਾਤਮਕ ਪਾਸੇ ਨਸ਼ਟ ਹੋ ਰਹੀ ਹੈ। ਸਾਨੂੰ 'ਸ਼ਸਤਰ' ਜ਼ਰੀਏ ਵਿਰੋਧੀ ਵਿਚਾਰਾਂ 'ਤੇ ਹਮਲਾਵਰ ਹੋਣ ਲੱਗਿਆਂ ਇਹ ਯਾਦ ਰਹਿਣਾ ਚਾਹੀਦਾ ਹੈ ਕਿ ਜਦੋਂ ਤੱਕ ਸਿੱਖ ਪੰਥ ਸਿਰਜਣਾਤਮਕ ਕਾਰਜਾਂ ਵੱਲ ਊਰਜਾ ਦਾ ਉਲਾਰ ਨਹੀਂ ਕਰਦਾ, 'ਗਿਆਨ ਖੜਗ' ਜ਼ਰੀਏ ਵਿਚਾਰਾਂ 'ਤੇ ਜਿੱਤਣ ਦੀ ਯੋਗਤਾ ਨਹੀਂ ਵਿਖਾਉਂਦਾ, ਉਦੋਂ ਤੱਕ ਵਿਚਾਰਧਾਰਕ ਤੇ ਸਿਧਾਂਤਕ ਵਿਰੋਧ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।
ਕੁਦਰਤ ਦੀ ਅਟੱਲ ਮੌਜ ਹੈ ਕਿ ਕਿਸੇ ਵੀ ਸਮਾਜ, ਪਰਿਵਾਰ, ਪੰਥ ਅਤੇ ਜਥੇਬੰਦੀ ਵਿਚ ਸਾਰੇ ਮਨੁੱਖਾਂ ਦੇ ਸੁਭਾਅ ਅਤੇ ਸੋਝੀ ਇਕ ਨਹੀਂ ਹੋ ਸਕਦੀ। ਪਰ 'ਗੁਰਮਤਿ' ਵਿਚ ਸਿੱਖਾਂ ਨੂੰ ਆਪਸੀ ਮਤਭੇਦ ਤੇ ਵਿਚਾਰਾਂ ਵਿਚ ਦੁਬਿਧਾ ਨੂੰ ਲੈ ਕੇ ਵਿਵਾਦਾਂ-ਤਕਰਾਰਾਂ ਵਿਚ ਪੈਣ ਦੀ ਆਗਿਆ ਨਹੀਂ ਦਿੱਤੀ ਗਈ, ਸਗੋਂ ਗੁਰੂ ਸਾਹਿਬ ਦਾ ਆਦੇਸ਼ ਹੈ: 'ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥' (ਬਸੰਤੁ ਮ: 5, ਅੰਗ 1185) ਕਿਸੇ ਦੁਬਿਧਾ ਦੀ ਸੂਰਤ ਵਿਚ ਗੁਰੂ ਦੀ ਸ਼ਰਨ ਵਿਚ ਇਕੱਠਿਆਂ ਬੈਠ ਕੇ 'ਗੁਰੂ ਦੀ ਮਤਿ' ਦੀ ਰੌਸ਼ਨੀ 'ਚ ਮਨਾਂ ਦੇ ਮਤਭੇਦ ਦੂਰ ਕਰਨ ਦੀ ਜੁਗਤੀ ਦੱਸੀ ਗਈ ਹੈ।
ਜਦੋਂ ਤੱਕ ਸਿੱਖਾਂ ਨੇ ਗੁਰੂ ਆਦਰਸ਼ ਨੂੰ ਸਾਹਮਣੇ ਰੱਖਿਆ ਹੈ ਤਾਂ ਮਤਭੇਦਾਂ ਵਾਲੇ ਵਾਦ-ਵਿਵਾਦ ਅਤੇ ਵਿਚਾਰਧਾਰਕ ਟਕਰਾਅ ਵਾਲੀ ਸਥਿਤੀ ਨਹੀਂ ਉਪਜੀ। ਬਿਖੜੇ ਸਮਿਆਂ 'ਚ ਜੇਕਰ ਵਿਸ਼ੇਸ਼ ਹਾਲਾਤ ਵਿਚ ਜਥੇਬੰਦਕ ਪੱਧਰ 'ਤੇ ਮਾਮੂਲੀ ਮਤਭੇਦ ਹੋਏ ਵੀ ਤਾਂ ਗੁਰੂ ਫ਼ਲਸਫ਼ੇ ਨੂੰ ਕੇਂਦਰੀ ਧੁਰਾ ਮੰਨਦਿਆਂ ਸਿੱਖਾਂ ਨੇ ਆਪਸ ਵਿਚ ਮਿਲ ਬੈਠ ਕੇ ਮਸਲਿਆਂ ਨੂੰ ਸੁਲਝਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ 'ਬੰਦਈ ਖ਼ਾਲਸਾ' ਅਤੇ 'ਤੱਤ ਖ਼ਾਲਸਾ' ਵਿਚਾਲੇ ਮਤਭੇਦ ਨੂੰ ਭਾਈ ਮਨੀ ਸਿੰਘ ਵਲੋਂ ਆਪਣੀ ਬੌਧਿਕ ਸੂਝ-ਬੂਝ ਅਤੇ ਸਿਆਣਪ ਨਾਲ ਦੂਰ ਕਰਨਾ ਇਸ ਦੀ ਉੱਘੜਵੀਂ ਮਿਸਾਲ ਹੈ।
ਵਿਰੋਧੀ ਤਾਂ ਗੁਰੂ ਸਾਹਿਬਾਨ ਦੇ ਵੀ ਰਹੇ ਹਨ ਪਰ ਗੁਰੂ ਸਾਹਿਬਾਨ ਨੇ ਕਦੇ ਵੀ ਵਿਚਾਰਧਾਰਕ ਵਿਰੋਧ ਨੂੰ ਲੈ ਕੇ ਹਥਿਆਰਬੰਦ ਟਕਰਾਅ ਦੀ ਨੀਤੀ ਧਾਰਨ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦੇ ਮਨੋਰਥ ਅਤੇ ਨਿਸ਼ਾਨੇ ਬਹੁਤ ਉੱਚੇ ਅਤੇ ਵਿਆਪਕ ਸਨ। ਉਨ੍ਹਾਂ ਗਿਆਨ ਖੜਗ, ਨਿਮਰਤਾ, ਹਲੀਮੀ, ਸਹਿਣਸ਼ੀਲਤਾ ਅਤੇ ਪਿਆਰ ਵਰਗੇ ਗੁਣਾਂ ਦੇ ਨਾਲ 'ਵਿਰੋਧੀ' ਨੂੰ ਵੀ 'ਆਪਣਾ' ਬਣਾ ਲਿਆ।
ਬਾਬਾ ਬਕਾਲਾ ਵਿਚ ਧੀਰ ਮੱਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ 'ਤੇ ਗੋਲੀ ਚਲਵਾ ਦਿੱਤੀ ਸੀ ਤਾਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਰੋਹ ਵਿਚ ਆ ਕੇ ਧੀਰ ਮੱਲ ਦੇ ਕਰਤਾਰਪੁਰ ਡੇਰੇ 'ਤੇ ਧਾਵਾ ਬੋਲ ਕੇ ਉਸ ਨੂੰ ਬੰਨ੍ਹ ਕੇ ਬਾਬਾ ਬਕਾਲਾ ਲੈ ਆਂਦਾ ਸੀ। ਗੁਰੂ ਜੀ ਸਿੱਖਾਂ ਦੀ ਇਸ ਕਾਰਵਾਈ 'ਤੇ ਬਹੁਤ ਨਾਖੁਸ਼ ਹੋਏ ਤੇ ਹੁਕਮ ਕੀਤਾ, ਧੀਰ ਮੱਲ ਨੂੰ ਛੱਡ ਦਿਓ ਤੇ ਇਸ ਦਾ ਖੋਹਿਆ ਸਾਰਾ ਧਨ-ਮਾਲ ਵੀ ਵਾਪਸ ਕਰ ਦਿਓ। ਗੁਰੂ ਸਾਹਿਬ ਫ਼ਰਮਾਉਣ ਲੱਗੇ, 'ਦਰਬ ਕੇ ਕਾਰਨੇ, ਗੁਰੂ ਮਹਾਰਾਜ ਨੇ, ਨਹੀਂ ਬੈਠ ਇਹ ਦੁਕਾਨ ਪਾਈ।' ਸਪੱਸ਼ਟ ਹੈ ਕਿ ਗੁਰੂ ਸਾਹਿਬ ਦੇ ਸਿਧਾਂਤ ਬਹੁਤ ਉੱਚੇ-ਸੁੱਚੇ ਹਨ, ਜੋ ਸਾਨੂੰ ਵਿਚਾਰਧਾਰਕ ਵੈਰ-ਵਿਰੋਧਾਂ ਵਿਚ ਪੈਣ ਦੀ ਥਾਂ ਉੱਚੇ-ਸੁੱਚੇ ਸਰਬ-ਕਲਿਆਣਕਾਰੀ ਉਦੇਸ਼ਾਂ ਦੀ ਪ੍ਰਾਪਤੀ ਲਈ ਜਥੇਬੰਦਕ ਹੋ ਕੇ ਤਤਪਰ ਹੋਣ ਅਤੇ 'ਗਿਆਨ ਖੜਗ' ਜ਼ਰੀਏ ਅਗਿਆਨਤਾ ਦੇ ਧੁੰਦੂਕਾਰੇ ਨੂੰ ਦੂਰ ਕਰਨ ਲਈ ਯਤਨਸ਼ੀਲ ਹੋਣ ਦਾ ਸੁਨੇਹਾ ਦਿੰਦੇ ਹਨ।
ਮਤਭੇਦ ਤਾਂ ਹਰੇਕ ਧਰਮ ਅਤੇ ਮਤ ਵਿਚ ਹੁੰਦੇ ਆਏ ਹਨ। ਹਿੰਦੂ ਧਰਮ ਦੇ ਅਨੇਕਾਂ ਧਾਰਮਿਕ ਗ੍ਰੰਥ ਹਨ ਜਿਵੇਂ ਕਿ 4 ਵੇਦ, 6 ਸ਼ਾਸਤ੍ਰ, 18 ਪੁਰਾਣ, 27 ਸਿਮ੍ਰਿਤੀਆਂ, 52 ਉਪਨਿਸ਼ਦ, ਪਵਿੱਤਰ ਰਾਮਾਇਣ ਅਤੇ ਗੀਤਾ ਆਦਿ। ਇਨ੍ਹਾਂ ਗ੍ਰੰਥਾਂ ਨੂੰ ਮੰਨਣ ਵਾਲੇ ਵੱਖੋ-ਵੱਖਰੇ ਅਨੇਕਾਂ ਫ਼ਿਰਕੇ ਹਨ, ਜਿਵੇਂ ਕਿ ਸ਼ਿਵ ਨੂੰ ਮੰਨਣ ਵਾਲੇ ਸ਼ੈਵ, ਵਿਸ਼ਨੂੰ ਨੂੰ ਮੰਨਣ ਵਾਲੇ ਵੈਸ਼ਨਵ ਅਤੇ ਮੂਰਤੀ ਪੂਜਾ ਨੂੰ ਨਾ ਮੰਨਣ ਵਾਲੇ ਆਰੀਆ ਸਮਾਜੀ ਆਦਿ। ਇਨ੍ਹਾਂ ਫ਼ਿਰਕਿਆਂ ਦੀ ਮਰਯਾਦਾ ਅਤੇ ਰਹਿਤ ਵਿਚ ਬਹੁਤ ਫ਼ਰਕ ਹਨ ਪਰ ਫਿਰ ਵੀ ਇਹ ਸਾਰੇ ਹੀ ਚਾਰ ਵੇਦਾਂ ਦੀ ਸਰਬਉੱਚਤਾ ਨੂੰ ਮੰਨਣ ਲਈ ਇਕਮਤ ਹਨ। ਇਸਾਈ ਮਤ ਦੇ ਸੰਨ 1900 ਵਿਚ 1600 ਫ਼ਿਰਕੇ ਸਨ ਪਰ ਹੁਣ ਦੇ ਅੰਦਾਜ਼ੇ ਮੁਤਾਬਕ 20 ਹਜ਼ਾਰ ਤੋਂ ਵੱਧ ਫ਼ਿਰਕੇ ਹਨ। ਇਨ੍ਹਾਂ ਵਿਚ ਅਨੇਕਾਂ ਛੋਟੇ-ਵੱਡੇ ਫ਼ਰਕ ਹਨ ਪਰ ਇਹ ਸਭ ਈਸਾ ਮਸੀਹ ਨੂੰ ਆਪਣਾ ਮਸੀਹਾ (ਸੇਵੀਅਰ) ਮੰਨਦੇ ਹਨ ਅਤੇ ਬਾਈਬਲ ਦੀ ਮਾਨਤਾ 'ਤੇ ਇਹ ਕੋਈ ਉਜਰ ਨਹੀਂ ਕਰਦੇ, ਹਾਲਾਂਕਿ ਬਾਈਬਲ ਦੇ ਅਰਥਾਂ ਵਿਚ ਮਤਭੇਦ ਜ਼ਰੂਰ ਹਨ। ਬਹੁਤੇ ਇਸਾਈ 25 ਦਸੰਬਰ ਨੂੰ ਕ੍ਰਿਸਮਿਸ ਮਨਾਉਂਦੇ ਹਨ ਪਰ ਕਰੋੜਾਂ ਇਸਾਈ ਜੋ ਕਿ ਰੂਸ, ਯੂਕਰੇਨ, ਇਥੋਪੀਆ ਆਦਿ ਦੇਸ਼ਾਂ ਦੇ ਵਾਸੀ ਹਨ, ਇਹ ਦਿਨ 7 ਜਨਵਰੀ ਨੂੰ ਮਨਾਉਂਦੇ ਹਨ, ਕਿਉਂਕਿ ਉਹ ਹਾਲੇ ਵੀ ਜੂਲੀਅਨ ਕੈਲੰਡਰ ਨੂੰ ਮੰਨਦੇ ਹਨ ਅਤੇ ਗਰੈਗੋਰੀਅਨ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੇ। ਪਰ ਕਦੇ ਇਸਾਈ ਧਰਮ 'ਚ ਕ੍ਰਿਸਮਿਸ ਦਿਹਾੜਾ ਮਨਾਉਣ ਨੂੰ ਲੈ ਕੇ ਵਾਦ-ਵਿਵਾਦ ਜਗ-ਹਸਾਈ ਦਾ ਕਾਰਨ ਬਣਦਾ ਨਹੀਂ ਦੇਖਿਆ-ਸੁਣਿਆ। ਫਿਰ ਸਾਡੇ ਸਿੱਖਾਂ ਅੰਦਰ ਹੀ ਕਦੇ ਕੈਲੰਡਰਾਂ ਦੇ ਵਾਦ-ਵਿਵਾਦ, ਕਦੇ ਇਤਿਹਾਸ ਬਾਰੇ ਮਤਭੇਦ ਅਤੇ ਕਦੇ ਮਰਯਾਦਾ ਨੂੰ ਲੈ ਕੇ ਖਾਨਾਜੰਗੀ ਕਿਉਂ ਹੁੰਦੀ ਹੈ?
ਵਿਚਾਰਧਾਰਕ ਮਤਭੇਦਾਂ ਨੂੰ ਲੈ ਕੇ ਆਪਸੀ ਖਾਨਾਜੰਗੀ ਕਰਨ ਲੱਗਿਆਂ ਸਾਨੂੰ ਇਹ ਕਿਉਂ ਯਾਦ ਨਹੀਂ ਆਉਂਦਾ ਕਿ ਅਸੀਂ ਉਸ ਭਾਈ ਘਨੱਈਆ ਜੀ ਦੇ ਵਾਰਸ ਹਾਂ, ਜਿਨ੍ਹਾਂ ਨੇ ਜੰਗ ਦੇ ਮੈਦਾਨ 'ਚ ਫ਼ੱਟੜ ਦੁਸ਼ਮਣ ਸਿਪਾਹੀਆਂ ਨੂੰ ਵੀ ਬਿਨਾਂ ਵਿਤਕਰੇ ਤੋਂ ਪਾਣੀ ਪਿਲਾਇਆ ਅਤੇ ਮਲ੍ਹਮ-ਪੱਟੀ ਕੀਤੀ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪਵਿੱਤਰ ਆਦਰਸ਼ ਸਾਨੂੰ ਕਿੱਥੇ ਵਿਸਰ ਗਿਆ ਹੈ, ਜਿਨ੍ਹਾਂ ਨੇ ਉਲਟ ਵਿਚਾਰਾਂ ਦੀ ਰੱਖਿਆ ਲਈ ਵੀ ਸੀਸ ਵਾਰ ਦਿੱਤਾ ਸੀ। ਜੇਕਰ ਅਸੀਂ ਸਾਰੇ ਆਪਣੇ-ਆਪ ਨੂੰ ਗੁਰੂ ਦੇ ਸਿੱਖ ਮੰਨਦੇ ਹਾਂ, ਸਾਡਾ ਇਸ਼ਟ ਇਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਹੈ, ਸਾਡਾ ਅਕੀਦਾ ਇਕੋ 'ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖ਼ਾਲਸੇ ਕਾ' ਹੈ, ਸਾਡਾ ਨਿਸ਼ਾਨ ਇਕ ਹੈ, ਸਾਡਾ ਜੈਕਾਰਾ ਇਕ ਹੈ, ਸਾਡੀ ਬੋਲੀ 'ਗੁਰਮੁਖੀ' ਇਕ ਹੈ ਅਤੇ ਫਿਰ ਵੀ ਅਸੀਂ ਏਨੀ ਬੁਰੀ ਤਰ੍ਹਾਂ ਧੜਿਆਂ ਅਤੇ ਨਫ਼ਰਤਾਂ ਵਿਚ ਕਿਉਂ ਵੰਡੇ ਹੋਏ ਹਾਂ ਕਿ ਗੁਰੂ ਦੀ ਸ਼ਰਨ (ਗੁਰਦੁਆਰਿਆਂ) ਵਿਚ ਵੀ ਇਕੱਠੇ ਇਤਫ਼ਾਕ ਨਾਲ ਨਹੀਂ ਬੈਠ ਸਕਦੇ?
ਅਜੋਕੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਿਤ 'ਸਿੱਖ ਰਹਿਤ ਮਰਯਾਦਾ' ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਪੰਥ ਲਈ 'ਅਨੇਕ ਹੈਂ॥ ਫਿਰ ਏਕ ਹੈਂ॥' ਦਾ ਘੱਟੋ-ਘੱਟ ਸਾਂਝਾ ਆਧਾਰ ਬਣ ਸਕਦੀ ਹੈ। ਜਥੇਬੰਦੀਆਂ ਵਿਚ ਵੱਖੋ-ਵੱਖਰੀਆਂ ਮਰਯਾਦਾਵਾਂ ਨੂੰ ਲੈ ਕੇ ਵਿਵਾਦ ਖੜ੍ਹੇ ਕਰਨੇ ਵੀ ਪੰਥਕ ਇਤਫ਼ਾਕ ਨੂੰ ਖੇਰੂੰ-ਖੇਰੂੰ ਕਰਨ ਦਾ ਬਾਨ੍ਹਣੂ ਬੰਨ੍ਹਦੇ ਹਨ, ਜੋ ਅਜੋਕੇ ਸਮੇਂ ਸਿੱਖ ਪੰਥ ਲਈ ਬੇਹੱਦ ਨੁਕਸਾਨਦੇਹ ਹੈ। ਕਿਉਂਕਿ ਅੱਜ ਸਿੱਖ ਪੰਥ ਦੀ ਹਾਲਤ ਬਹੁਤ ਸੰਕਟਮਈ ਹੈ। ਕੌਮਾਂਤਰੀ ਪੱਧਰ 'ਤੇ ਅਸੀਂ ਅੱਜ ਆਪਣੀ ਵੱਖਰੀ ਪਛਾਣ, ਧਾਰਮਿਕ ਆਜ਼ਾਦੀ ਅਤੇ ਹੋਂਦ ਸਥਾਪਿਤ ਕਰਨ ਲਈ ਜੂਝ ਰਹੇ ਹਾਂ। ਵਿਸ਼ਵ ਭਾਈਚਾਰੇ ਨੂੰ ਆਪਣੇ ਵਿਲੱਖਣ ਅਤੇ ਸਰਬ-ਕਲਿਆਣਕਾਰੀ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਦੀ ਚੁਣੌਤੀ ਸਾਡੇ ਸਾਹਮਣੇ ਦਰਕਾਰ ਹੈ। 80 ਫ਼ੀਸਦੀ ਸਿੱਖ ਨੌਜਵਾਨ ਪਤਿਤਪੁਣੇ ਦਾ ਸ਼ਿਕਾਰ ਹਨ। ਸਿੱਖ ਨੌਜਵਾਨਾਂ 'ਚ ਪੰਥਕ ਜਜ਼ਬਾ ਤਾਂ ਹੈ ਪਰ ਉਨ੍ਹਾਂ ਨੂੰ ਕੋਈ 'ਮਾਰਗ ਦਰਸ਼ਕ' ਨਹੀਂ ਵਿਖਾਈ ਦੇ ਰਿਹਾ, ਜਿਸ ਕਾਰਨ ਉਹ ਸਿੱਖੀ ਦੀ ਮੁੱਖ ਧਾਰਾ ਤੋਂ ਦੂਰ ਜਾ ਰਹੇ ਹਨ। ਵਿਸ਼ਵ ਦੀਆਂ ਕੌਮਾਂ ਦੇ ਮੁਕਾਬਲੇ ਸਿੱਖਾਂ ਦਾ ਸਮੂਹਿਕ ਸਿੱਖਿਆ ਦਾ ਪੱਧਰ ਕਿਤੇ ਵੀ ਮੁਕਾਬਲੇ 'ਚ ਨਹੀਂ ਖੜ੍ਹਦਾ। 60 ਫ਼ੀਸਦੀ ਪੰਜਾਬ ਦੇ ਸਿੱਖ ਨੌਜਵਾਨ ਸਿੱਖਿਆ ਦੇ ਮੈਟ੍ਰਿਕ ਪੱਧਰ ਤੋਂ ਅੱਗੇ ਨਹੀਂ ਵਧ ਰਹੇ। ਕਾਲਜ, ਯੂਨੀਵਰਸਿਟੀਆਂ ਅਤੇ ਵਿਸ਼ਵ ਸਿੱਖਿਆ ਸੰਸਥਾਵਾਂ 'ਚ ਸਿੱਖ ਵਿਦਿਆਰਥੀਆਂ ਦੀ ਕੋਈ ਜ਼ਿਕਰਯੋਗ ਹੋਂਦ ਨਹੀਂ ਹੈ।
ਗੁਰੂ ਸਾਹਿਬਾਨ ਦੇ ਬਖ਼ਸ਼ੇ ਉਚੇਰੇ ਸਰਬ-ਕਲਿਆਣਕਾਰੀ ਫ਼ਲਸਫ਼ੇ ਦਾ ਚਾਨਣ ਦੁਨੀਆ ਤੱਕ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਤੋਂ ਬੇਮੁਖ ਹੋ ਕੇ, ਆਪਸੀ ਵਾਦ-ਵਿਵਾਦਾਂ ਕਾਰਨ ਕਮਜ਼ੋਰ ਹੋ ਰਹੇ ਪੰਥ ਲਈ, ਸਿੱਖ ਵਿਰੋਧੀ ਤਾਕਤਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਇਨ੍ਹਾਂ ਵਾਦ-ਵਿਵਾਦਾਂ ਲਈ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕਰਦੇ? ਕੀ ਅਸੀਂ ਗੁਰੂ ਦੁਆਰਾ ਬਖ਼ਸ਼ੀ 'ਵਿਵੇਕ ਬੁੱਧੀ' ਨਾਲ ਸਿੱਖ ਵਿਰੋਧੀ ਤਾਕਤਾਂ ਦੇ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਦੇ? ਕੀ ਸਾਨੂੰ ਗੁਰੂ ਸਾਹਿਬਾਨ ਵਲੋਂ ਬਖ਼ਸ਼ੀ 'ਗਿਆਨ ਖੜਗ' ਚਲਾਉਣ ਤੋਂ ਅਸੀਂ ਅਸਮਰੱਥ ਹੋ ਗਏ ਹਾਂ, ਜੋ ਵਿਚਾਰਾਂ ਦੇ ਵਖਰੇਵਿਆਂ ਕਾਰਨ ਹੀ ਗੁਰੂ-ਘਰਾਂ ਅੰਦਰ ਆਪਣੇ ਭਰਾਵਾਂ ਦੀਆਂ ਪੱਗਾਂ ਲਾਹ ਕੇ ਅਤੇ ਆਪਸ ਵਿਚ ਹੀ ਤਲਵਾਰਾਂ ਚਲਾ ਕੇ ਦੁਨੀਆ ਲਈ ਤਮਾਸ਼ਾ ਬਣ ਰਹੇ ਹਾਂ। ਕੀ ਅੱਜ ਵਾਪਰ ਰਹੀਆਂ ਘਟਨਾਵਾਂ ਸਿੱਖਾਂ ਦੇ ਬੌਧਿਕ, ਆਤਮਿਕ ਅਤੇ ਸਿਧਾਂਤਕ ਖੋਖਲੇਪਨ ਦੀਆਂ ਸੂਚਕ ਨਹੀਂ ਹਨ?
ਅਜੋਕੇ ਸਿੱਖ ਪੰਥ ਦੇ ਹਾਲਾਤ ਦੇ ਮੱਦੇਨਜ਼ਰ ਇੱਥੇ 'ਦਿਸਹੱਦਿਆਂ ਤੋਂ ਪਾਰ ਵੇਖਣ ਵਾਲੇ' ਉੱਨੀਵੀਂ ਸਦੀ ਦੇ ਸਿੱਖਾਂ ਦੇ ਰੌਸ਼ਨ ਦਿਮਾਗ਼ ਵਿਦਵਾਨ ਤੇ ਪੰਥ ਚਿੰਤਕ ਗਿਆਨੀ ਦਿੱਤ ਸਿੰਘ ਦੀ ਨਸੀਹਤ ਯਾਦ ਆਉਂਦੀ ਹੈ, ਜਿਸ ਵਿਚ ਉਹ 'ਜਾਤੀ ਦੇ ਵੈਰ ਦਾ ਫਲ' ਸਿਰਲੇਖ ਵਾਲੀ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ, 'ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ, ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ, ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜਾਤੀ ਭਾਈ ਹੀ ਮਦਦਗਾਰ ਹੋ ਗਏ ਹਨ, ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਵਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ, ਸੋ ਹੁਣ ਅਸੀਂ ਨਹੀਂ ਬਚਾਂਗੇ।'


-ਸ਼ਹੀਦ ਬਾਬਾ ਦੀਪ ਸਿੰਘ ਜੀ ਕਾਲੋਨੀ, ਸ੍ਰੀ ਦਸਮੇਸ਼ ਅਕੈਡਮੀ ਰੋਡ, ਸ੍ਰੀ ਅਨੰਦਪੁਰ ਸਾਹਿਬ। ਮੋਬਾ: 98780-70008.
e-mail: ts1984buttar@yahoo.com


ਖ਼ਬਰ ਸ਼ੇਅਰ ਕਰੋ

ਰੂਹਾਨੀ ਅਤੇ ਜਿਸਮਾਨੀ ਫ਼ਾਇਦਿਆਂ ਨਾਲ ਭਰਪੂਰ ਹੈ ਰੋਜ਼ਾ

ਇਸਲਾਮ ਧਰਮ ਦੇ ਆਖਰੀ ਨਬੀ ਤੇ ਪੈਗ਼ੰਬਰ ਹਜ਼ਰਤ ਮੁਹੰਮਦ ਸੱਲ. ਸਾਹਿਬ ਰਮਜ਼ਾਨ-ਉਲ-ਮੁਬਾਰਕ ਤੋਂ 2 ਮਹੀਨੇ ਪਹਿਲਾਂ ਤੋਂ ਹੀ ਬੜੀ ਸ਼ਿੱਦਤ ਨਾਲ ਰਮਜ਼ਾਨ ਮਹੀਨੇ ਦਾ ਇੰਤਜ਼ਾਰ ਕਰਨ ਲੱਗ ਪੈਂਦੇ ਸਨ ਅਤੇ ਇਹ ਦੁਆ (ਅਰਦਾਸ) ਕਰਦੇ ਕਿ ਐ ਅੱਲਾਹ ਰਜ਼ਬ ਅਤੇ ਸ਼ਾਬਾਨ ਦੋਵੇਂ ਮਹੀਨਿਆਂ ਦੀਆਂ ਬਰਕਤਾਂ ਸਾਨੂੰ ਨਸੀਬ ਫਰਮਾ ਅਤੇ ਸਾਨੂੰ ਰਮਜ਼ਾਨ ਤੱਕ ਪਹੁੰਚਾ। ਰੋਜ਼ਾ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ 'ਵਰਤ, ਫਾਕਾ, ਪਹੁ ਫੁਟਣ ਤੋਂ ਲੈ ਕੇ ਸੂਰਜ ਡੁੱਬਣ ਤੱਕ ਖਾਣ-ਪੀਣ ਆਦਿ ਤੋਂ ਰੁਕਣਾ'। ਅਰਬੀ ਭਾਸ਼ਾ ਵਿਚ ਰੋਜ਼ੇ ਨੂੰ ਸੌਮ ਕਹਿੰਦੇ ਹਨ, ਜਿਸ ਦਾ ਆਮ ਅਰਥ ਹੈ 'ਰੁਕਣਾ' 'ਰੋਜ਼ੇ' ਦੀ ਨੀਯਤ ਦੇ ਨਾਲ ਸੁਬਹ ਸਾਦਿਕ (ਪਹੁ-ਫੁਟਣ) ਤੋਂ ਲੈ ਕੇ ਸੂਰਜ ਡੁੱਬਣ ਤੱਕ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਖ਼ਾਣ-ਪੀਣ ਤੋਂ ਅਤੇ ਆਪਣੇ ਨਫ਼ਸ ਦੀਆਂ (ਖ਼ਾਹਿਸ਼ਾਂ) ਦਿਲੀ ਤਮੰਨਾਵਾਂ, ਆਰਜ਼ੂਆਂ ਨੂੰ ਪੂਰਾ ਕਰਨ ਤੋਂ ਰੁਕੇ ਰਹਿਣਾ ਹੈ। 'ਅੰਗਰੇਜ਼ੀ ਭਾਸ਼ਾ ਵਿਚ ਰੋਜ਼ੇ ਨੂੰ ਫਾਸਟ ਕਹਿੰਦੇ ਹਨ। ਇਸ ਦਾ ਅਰਥ ਵੀ 'ਵਰਤ ਰੱਖਣਾ' ਹੀ ਹੈ। ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਹੈ : ਤੌਹੀਦ, ਨਮਾਜ਼, ਰੋਜ਼ਾ, ਜ਼ਕਾਤ, ਹੱਜ। ਰੋਜ਼ਾ ਅੱਲਾਹ ਤਾਅਲਾ ਦਾ ਹੁਕਮ ਹੈ। ਰੋਜ਼ੇ ਦੀ ਫ਼ਰਜ਼ੀਅਤ ਦਾ ਐਲਾਨ ਅੱਲਾਹ ਤਾਅਲਾ ਨੇ ਆਪਣੀ ਆਖਰੀ ਆਸਮਾਨੀ ਕਿਤਾਬ 'ਕੁਰਆਨ ਮਜੀਦ' ਵਿਚ ਕੀਤਾ ਹੈ ਕਿ 'ਐ ਈਮਾਨ ਵਾਲਿਓ ਤੁਹਾਡੇ ਉੱਤੇ ਰੋਜ਼ੇ ਫ਼ਰਜ਼ ਕੀਤੇ ਗਏ ਹਨ ਜਿਵੇਂ ਕਿ ਤੁਹਾਡੇ ਤੋਂ ਪਹਿਲੇ ਲੋਕਾਂ 'ਤੇ ਫ਼ਰਜ਼ ਕੀਤੇ ਗਏ ਸਨ, ਤਾਂ ਕਿ ਤੁਸੀਂ ਪਰਹੇਜ਼ਗ਼ਾਰ ਬਣ ਜਾਵੋ'। (ਸੂਰਹ ਅਲ-ਬਕਰਹ, ਆਇਤ ਨੰ: 183)
ਇਸ ਆਇਤ ਤੋਂ ਪਤਾ ਚੱਲਦਾ ਹੈ ਕਿ ਜਿਸ ਤਰ੍ਹਾਂ ਰੋਜ਼ਾ ਹਜ਼ਰਤ ਮੁਹੰਮਦ ਸੱਲ. ਸਾਹਿਬ ਤੱਕ ਕੋਈ ਸ਼ਰੀਅਤ ਨਮਾਜ਼ ਦੀ ਇਬਾਦਤ ਤੋਂ ਖ਼ਾਲੀ ਨਹੀਂ ਸੀ, ਇਸੇ ਤਰ੍ਹਾਂ ਰੋਜ਼ਾ ਵੀ ਹਰ ਸ਼ਰੀਅਤ ਦੇ ਅੰਦਰ ਫ਼ਰਜ਼ ਰਿਹਾ ਹੈ। ਪਰ ਪਿਛਲੀਆਂ ਸ਼ਰੀਅਤਾਂ ਵਿਚ ਰੋਜ਼ਿਆਂ ਦੀ ਗਿਣਤੀ ਅਤੇ ਸਮੇਂ ਆਦਿ ਵਿਚ ਫਰਕ ਜ਼ਰੂਰ ਰਿਹਾ ਹੈ। ਰੋਜ਼ਾ ਫ਼ਰਜ਼ ਕਰਨ ਦੀ ਇਕ ਹਿਕਮਤ ਅਤੇ ਵਜ੍ਹਾ ਤਾਂ ਅੱਲਾਹ ਤਾਅਲਾ ਨੇ ਆਪ ਹੀ ਬਿਆਨ ਕਰ ਦਿੱਤੀ ਹੈ 'ਤਾਂ ਕਿ ਤੁਸੀਂ ਪਰਹੇਜ਼ਗਾਰ, ਮੁੱਤਕੀ, (ਰੱਬ ਤੋਂ ਡਰਨ ਵਾਲੇ, ਆਪਣੇ ਨਫ਼ਸ 'ਤੇ ਕਾਬੂ ਪਾਉਣ ਵਾਲੇ) ਬਣ ਜਾਵੋ।' ਇਸ ਤੋਂ ਇਲਾਵਾ ਰੋਜ਼ੇ ਦੇ ਹੋਰ ਅਨੇਕਾਂ ਹੀ ਫ਼ਾਇਦੇ ਹਨ। ਅਜਿਹੇ ਫ਼ਾਇਦੇ ਅਤੇ ਨਫ਼ੇ, ਜਿਨ੍ਹਾਂ ਦਾ ਸਬੰਧ ਵਿਅਕਤੀ ਦੀ ਰੂਹ ਅਤੇ ਆਖ਼ਿਰਤ ਨਾਲ ਹੈ, ਉਹ ਤਾਂ ਬਹੁਤ ਜ਼ਿਆਦਾ ਹਨ, ਜਿਹੜੇ ਕਿ ਅਸੀਂ 'ਫ਼ਜ਼ਾਇਲ-ਏ-ਰਮਜ਼ਾਨ' ਆਦਿ ਨਾਮੀ ਕਿਤਾਬਾਂ ਵਿਚ ਪੜ੍ਹਦੇ ਵੀ ਰਹਿੰਦੇ ਹਾਂ ਅਤੇ ਉਲਮਾਂ ਤੋਂ ਸੁਣਦੇ ਵੀ ਰਹਿੰਦੇ ਹਾਂ ਕਿ ਹਦੀਸਾਂ ਦੇ ਅੰਦਰ ਰੋਜ਼ੇ ਦੀ ਪਾਬੰਦੀ ਕਰਨ 'ਤੇ ਕੈਸੇ-ਕੈਸੇ ਇਨਾਮ ਹਨ। ਇਹ ਫ਼ਾਇਦੇ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਸੇ ਕਰਕੇ ਹਜ਼ਰਤ ਮੁਹੰਮਦ ਸਾਹਿਬ ਨੇ ਫ਼ਰਮਾਇਆ ਹੈ ਕਿ 'ਅਗਰ ਮੇਰੀ ਉੱਮਤ ਨੂੰ ਇਹ ਪਤਾ ਲੱਗ ਜਾਵੇ ਕਿ ਰਮਜ਼ਾਨ ਕੀ ਚੀਜ਼ ਹੈ ਤਾਂ ਉਹ ਇਹ ਤਮੰਨਾ (ਆਰਜ਼ੂ) ਕਰਨ ਲੱਗਣ ਕਿ ਸਾਰਾ ਸਾਲ ਹੀ ਰਮਜ਼ਾਨ ਹੋ ਜਾਵੇ।' ਇਕ ਪਾਸੇ ਰੋਜ਼ਾ ਅੱਲਾਹ ਤਾਅਲਾ ਦਾ ਹੁਕਮ ਹੈ ਤੇ ਦੂਜੇ ਪਾਸੇ ਅਣਗਿਣਤ ਦੁਨਿਆਵੀ ਫ਼ਾਇਦਿਆਂ ਨਾਲ ਭਰਪੂਰ ਹੈ। ਹਜ਼ਰਤ ਅੱਬੂ ਹੁਰੈਰ੍ਹਾ ਰਜਿ: (ਹਜ਼ਰਤ ਮੁਹੰਮਦ ਸੱਲ. ਸਾਹਿਬ ਦੇ ਵਿਦਿਆਰਥੀ ਯਾਨੀ (ਸਾਥੀ) ਕਹਿੰਦੇ ਹਨ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਇਰਸ਼ਾਦ ਫ਼ਰਮਾਇਆ ਕਿ ਰੋਜ਼ਾ ਰੱਖਿਆ ਕਰੋ ਤੰਦਰੁਸਤ ਰਿਹਾ ਕਰੋਗੇ।'
ਇਕ ਹੀ ਨਹੀਂ, ਅਣਗਿਣਤ ਹੀ ਹਦੀਸ ਦੀਆਂ ਕਿਤਾਬਾਂ ਵਿਚ ਹਦੀਸਾਂ ਮੌਜੂਦ ਹਨ, ਜਿਨ੍ਹਾਂ ਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ ਕਿ ਰੋਜ਼ਾ ਬਿਮਾਰੀਆਂ ਤੋਂ ਸ਼ਿਫ਼ਾ ਹੈ। ਕੁਝ ਕਮਜ਼ੋਰ ਯਕੀਨ ਵਾਲਿਆਂ ਦਾ ਖ਼ਿਆਲ ਹੈ ਕਿ ਰੋਜ਼ਾ ਰੱਖਣ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ, ਸੁਸਤੀ ਆਉਂਦੀ ਹੈ ਜਾਂ ਵਿਅਕਤੀ ਬਿਮਾਰ ਹੋ ਜਾਂਦਾ ਹੈ, ਖ਼ਾਸ ਕਰਕੇ ਗ਼ਰਮੀਆਂ ਦੇ ਰੋਜ਼ੇ ਰੱਖਣ ਨਾਲ। ਪਰ ਅਜਿਹਾ ਨਹੀਂ ਹੈ, ਕਿਉਂਕਿ ਜਿਸ ਚੀਜ਼ ਵਿਚ ਹਜ਼ਰਤ ਮੁਹੰਮਦ ਸੱਲ. ਸਾਹਿਬ ਸ਼ਿਫ਼ਾ, ਤੰਦਰੁਸਤੀ ਕਹਿਣ, ਉਸ ਵਿਚ ਬਿਮਾਰੀ ਹੋ ਹੀ ਨਹੀਂ ਸਕਦੀ। ਜਿਨ੍ਹਾਂ ਲੋਕਾਂ ਨੇ ਭੁੱਖੇ ਰਹਿ ਕੇ ਜਾਂ ਰੱਖ ਕੇ ਤਜਰਬੇ ਕੀਤੇ ਹਨ, ਉਨ੍ਹਾਂ ਦੇ ਤਜਰਬੇ ਅਤੇ ਭੁੱਖੇ ਰਹਿਣ ਬਾਰੇ ਉਨ੍ਹਾਂ ਦੇ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕੀਤੇ ਜਾਂਦੇ ਹਨ, ਭਾਵੇਂ ਕਿ ਉਨ੍ਹਾਂ ਮਹਾਨ ਤਜਰਬੇਕਾਰ ਵਿਅਕਤੀਆਂ ਦਾ ਧਰਮ ਇਸਲਾਮ ਤੋਂ ਇਲਾਵਾ ਹੀ ਹੈ। ਫਿਰ ਵੀ ਉਨ੍ਹਾਂ ਨੇ ਇਸਲਾਮ ਦੇ ਇਸ ਫ਼ਾਰਮੂਲੇ 'ਤੇ ਅਮਲ ਕਰਕੇ ਉਸ ਤੋਂ ਪ੍ਰਾਪਤ ਹੋਏ ਨਤੀਜੇ ਨੂੰ ਸਾਫ਼-ਸਾਫ਼ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ, ਤਾਂ ਕਿ ਹਰ ਵਿਅਕਤੀ ਫ਼ਾਇਦਾ ਉਠਾ ਸਕੇ। ਸਿਕੰਦਰ-ਏ-ਆਜ਼ਮ ਅਤੇ ਅਰਸਤੂ ਦੋਵੇਂ ਯੂਨਾਨੀ ਮਾਹਿਰ ਹਨ। ਉਨ੍ਹਾਂ ਨੇ ਫ਼ਾਕਾ (ਭੁੱਖਾ ਰਹਿਣਾ) ਅਤੇ ਫਿਰ ਲਗਾਤਾਰ ਭੁੱਖੇ ਰਹਿਣ ਨੂੰ ਸਰੀਰ ਦੀ ਤਾਕਤ ਲਈ ਜ਼ਰੂਰੀ ਕਰਾਰ ਦਿੱਤਾ ਹੈ। ਸਿਕੰਦਰ-ਏ-ਆਜ਼ਮ ਕਹਿੰਦੇ ਹਨ ਕਿ 'ਮੇਰੀ ਜ਼ਿੰਦਗੀ ਲਗਾਤਾਰ ਤਜਰਬਿਆਂ ਅਤੇ ਹਾਦਸਿਆਂ 'ਚੋਂ ਦੀ ਗੁਜ਼ਰੀ ਹੈ। ਜੋ ਆਦਮੀ ਸਵੇਰੇ ਅਤੇ ਸ਼ਾਮ ਦੇ ਖਾਣੇ 'ਤੇ ਇਕਤਿਫਾ (ਗੁਜ਼ਰ) ਕਰਦਾ ਹੈ, ਉਹ ਅਜਿਹੀ ਜ਼ਿੰਦਗੀ ਗ਼ੁਜ਼ਾਰ ਸਕਦਾ ਹੈ, ਜਿਸ ਦੇ ਅੰਦਰ ਕਿਸੇ ਤਰ੍ਹਾਂ ਦੀ ਲਚਕ ਨਾ ਹੋਵੇ। ਮੈਂ ਹਿੰਦੁਸਤਾਨੀ ਧਰਤੀ 'ਤੇ ਗਰਮੀ ਦੇ ਅਜਿਹੇ ਇਲਾਕੇ ਵੇਖੇ, ਜਿੱਥੇ ਹਰਿਆਵਲ ਜਲ ਗਈ ਸੀ ਪਰ ਉੱਥੇ ਮੈਂ ਸਵੇਰ ਤੋਂ ਸ਼ਾਮ ਤੱਕ ਨਾ ਕੁਝ ਖਾਧਾ ਤੇ ਨਾ ਹੀ ਪੀਤਾ, ਤਾਂ ਮੈਂ ਆਪਣੇ ਅੰਦਰ ਇਕ ਤਾਜ਼ਗੀ ਅਤੇ ਤਾਕਤ ਮਹਿਸੂਸ ਕੀਤੀ। (ਸਿਕੰਦਰ-ਏ-ਆਜ਼ਮ)
ਇਨ੍ਹਾਂ ਤੋਂ ਇਲਾਵਾ ਚੰਦਰ ਗੁਪਤ ਮੌਰੀਆ ਦੇ ਅਕਲਮੰਦ ਵਜ਼ੀਰ ਚਾਣਕਿਆ ਦਾ ਕਹਿਣਾ ਹੈ ਕਿ 'ਮੈਂ ਭੁੱਖਾ ਰਹਿ ਕੇ ਜਿਊਣਾ ਸਿੱਖਿਆ ਅਤੇ ਭੁੱਖਾ ਰਹਿ ਕੇ ਉੱਡਣਾ ਸਿੱਖਿਆ। ਮੈਂ ਦੁਸ਼ਮਣਾਂ ਦੀਆਂ ਤਦਬੀਰਾਂ, ਸਕੀਮਾਂ ਨੂੰ ਭੁੱਖੇ ਢਿੱਡ ਉਲਟਾ ਕੀਤਾ ਹੈ।' ਮਹਾਤਮਾ ਗਾਂਧੀ ਨੂੰ ਕੌਣ ਨਹੀਂ ਜਾਣਦਾ? ਪੂਰੀ ਜ਼ਿੰਦਗੀ ਬਾਰੇ ਭਾਵੇਂ ਲੋਕ ਨਾ ਜਾਣਦੇ ਹੋਣ ਪਰ ਉਨ੍ਹਾਂ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਦੇ ਫਾਕੇ (ਬਰਤ) ਮਸ਼ਹੂਰ ਹਨ। ਫ਼ਿਰੋਜ਼ ਰਾਜ ਨੇ ਮਹਾਤਮਾ ਗਾਂਧੀ ਦੀ ਜ਼ਿੰਦਗੀ ਦੇ ਹਾਲਾਤ ਵਿਚ ਇਹ ਗੱਲ ਲਿਖੀ ਕਿ ਗਾਂਧੀ ਜੀ ਰੋਜ਼ੇ ਦੇ ਹਾਮੀ ਸਨ। ਉਹ ਕਿਹਾ ਕਰਦੇ ਸੀ ਕਿ ਇਨਸਾਨ ਖ਼ਾ-ਖ਼ਾ ਕੇ ਆਪਣੇ ਸਰੀਰ ਨੂੰ ਸੁਸਤ ਕਰ ਲੈਂਦਾ ਹੈ ਅਤੇ ਕਾਹਲ, ਸੁਸਤ ਸਰੀਰ ਨਾ ਹੀ ਦੁਨੀਆ ਦੇ ਕੰਮ ਦਾ ਅਤੇ ਨਾ ਹੀ ਮਹਾਰਾਜ ਦੇ ਕੰਮ ਦਾ। ਜੇਕਰ ਤੁਸੀਂ ਸਰੀਰ ਨੂੰ ਗਰਮ ਅਤੇ ਚੁਸਤ ਰੱਖਣਾ ਚਾਹੁੰਦੇ ਹੋ ਤਾਂ ਜਿਸਮ ਨੂੰ ਘੱਟ ਤੋਂ ਘੱਟ ਖ਼ੁਰਾਕ ਦੇਵੋ ਅਤੇ ਰੋਜ਼ੇ ਰੱਖੋ, ਸਾਰਾ ਦਿਨ ਜਪ ਕਰੋ ਅਤੇ ਫ਼ਿਰ ਸ਼ਾਮ ਨੂੰ ਬੱਕਰੀ ਦੇ ਦੁੱਧ ਨਾਲ ਰੋਜ਼ਾ ਖੋਲ੍ਹੋ।' (ਦਾਸਤਾਨ-ਏ-ਗਾਂਧੀ)।
ਪੌਪ ਈਲਫ ਗਾਲ ਹਾਲੈਂਡ ਦੇ ਪਾਦਰੀ ਹੋਏ ਹਨ। ਉਨ੍ਹਾਂ ਨੇ ਰੋਜ਼ੇ ਦੇ ਬਾਰੇ ਆਪਣੇ ਤਜਰਬੇ ਦਾ ਖ਼ੁਲਾਸਾ ਕੀਤਾ ਹੈ ਕਿ 'ਮੈਂ ਆਪਣੇ ਪੈਰੋਕਾਰਾਂ ਨੂੰ ਹਰ ਮਹੀਨੇ ਤਿੰਨ ਰੋਜ਼ੇ ਰੱਖਣ ਲਈ ਕਿਹਾ ਕਰਦਾ ਸੀ। ਇਸ ਤਰੀਕੇ ਨਾਲ ਮੈਂ ਜਿਸਮਾਨੀ ਅਤੇ ਵਜ਼ਨੀ ਫ਼ਾਇਦਾ ਮਹਿਸੂਸ ਕੀਤਾ। ਫ਼ਿਰ ਮੈਂ ਇਹ ਅਸੂਲ ਬਣਾ ਲਿਆ ਕਿ ਉਹ ਮਰੀਜ਼ ਜੋ ਲਾਇਲਾਜ ਸਨ, ਉਨ੍ਹਾਂ ਨੂੰ ਤਿੰਨ ਦਿਨਾਂ ਦੇ ਨਹੀਂ, ਬਲਕਿ ਉਨ੍ਹਾਂ ਨੂੰ ਇਕ ਮਹੀਨੇ ਦੇ ਰੋਜ਼ੇ ਰਖ਼ਵਾਏ ਜਾਣ। ਲਿਹਾਜ਼ਾ ਮੈਂ ਸ਼ੂਗਰ ਦੇ ਮਰੀਜ਼ਾਂ ਦੇ ਰੋਜ਼ੇ ਰਖਵਾਏ ਤਾਂ ਉਨ੍ਹਾਂ ਦੀ ਹਾਲਤ ਬਿਹਤਰ ਹੋ ਗਈ ਤੇ ਸ਼ੂਗਰ ਕੰਟਰੋਲ ਹੋ ਗਈ। ਦਿਲ ਦੇ ਮਰੀਜ਼ਾਂ ਦੇ ਰੋਜ਼ੇ ਰਖਵਾਏ ਤਾਂ ਉਨ੍ਹਾਂ ਦੀ ਬੇਚੈਨੀ ਅਤੇ ਸਾਹ ਫ਼ੁੱਲਣਾ ਘੱਟ ਹੋ ਗਿਆ। ਮਿਹਦੇ ਦੇ ਮਰੀਜ਼ਾਂ ਨੂੰ ਲਗਾਤਾਰ ਇਕ ਮਹੀਨੇ ਦੇ ਰੋਜ਼ੇ ਰਖਵਾਏ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਫ਼ਾਇਦਾ ਹੋਇਆ। ਡਾਕਟਰ ਲੋਥਰ ਫ਼ਾਰਮਾਕਾਲੋਜੀ ਦੇ ਮਾਹਿਰ ਸਨ। ਹਰ ਚੀਜ਼ ਨੂੰ ਧਿਆਨ ਅਤੇ ਬਾਰੀਕੀ ਨਾਲ ਦੇਖਣਾ ਉਨ੍ਹਾਂ ਦੀ ਆਦਤ ਸੀ। ਡਾ: ਲੋਥਰ ਦਾ ਕਹਿਣਾ ਹੈ ਕਿ 'ਰੋਜ਼ਾ ਸਰੀਰ ਅਤੇ ਖ਼ਾਸ ਕਰ ਮਿਹਦੇ ਦੀਆਂ ਬਿਮਾਰੀਆਂ ਨੂੰ ਖ਼ਤਮ ਕਰਦਾ ਹੈ।' ਸਿਗਮੰਡ ਨਰਾਇਡ ਮਸ਼ਹੂਰ ਮਾਹਿਰ ਮਨੋਵਿਗਿਆਨੀ ਹਨ, ਇਹ ਵੀ ਭੁੱਖੇ ਰਹਿਣ ਅਤੇ ਰੋਜ਼ੇ ਦੇ ਹਾਮੀ ਸਨ। ਉਨ੍ਹਾਂ ਦਾ ਕਹਿਣਾ ਹੈ ਕਿ 'ਰੋਜ਼ੇ ਨਾਲ ਦਿਮਾਗੀ ਅਤੇ ਮਾਨਸਿਕ ਰੋਗਾਂ ਦਾ ਪੂਰੇ ਤਰੀਕੇ ਨਾਲ ਖ਼ਾਤਮਾ ਹੁੰਦਾ ਹੈ। ਮਨੁੱਖੀ ਸਰੀਰ 'ਤੇ ਅਲੱਗ-ਅਲੱਗ ਹਾਲਤਾਂ ਆਉਂਦੀਆਂ ਹਨ ਪਰ ਰੋਜ਼ਾ ਰੱਖਣ ਵਾਲੇ ਆਦਮੀ ਦਾ ਸਰੀਰ ਲਗਾਤਾਰ ਬਾਹਰੀ ਦਬਾਓ ਨੂੰ ਬਰਦਾਸ਼ਤ ਕਰਨ ਦੀ ਤਾਕਤ ਹਾਸਲ ਕਰ ਲੈਂਦਾ ਹੈ। ਰੋਜ਼ੇਦਾਰ ਨੂੰ ਜਿਸਮਾਨੀ ਖਿੱਚ (ਬਾਡੀ ਕੰਨਜੇਸ਼ਨ) ਅਤੇ ਦਿਮਾਗੀ ਪ੍ਰੇਸ਼ਾਨੀ (ਮੈਂਟਲ ਡਿਪਰੈਸ਼ਨ) ਦਾ ਸਾਹਮਣਾ ਨਹੀਂ ਕਰਨਾ ਪੈਂਦਾ।'
ਇਨ੍ਹਾਂ ਤੋਂ ਇਲਾਵਾ ਯੂਰਪੀ ਮਾਹਿਰ ਰੋਜ਼ੇ ਬਾਰੇ ਲਗਾਤਾਰ ਖੋਜ ਕਰ ਰਹੇ ਹਨ, ਇਥੋਂ ਤੱਕ ਕਿ ਉਹ ਇਹ ਗੱਲ ਮੰਨ ਚੁੱਕੇ ਹਨ ਕਿ ਰੋਜ਼ਾ ਜਿੱਥੇ ਜਿਸਮਾਨੀ ਜ਼ਿੰਦਗੀ ਨੂੰ ਨਵੀਂ ਜਾਨ ਅਤੇ ਤਾਕਤ ਦਿੰਦਾ ਹੈ, ਉੱਥੇ ਹੀ ਇਸ ਨਾਲ ਅਣਗਿਣਤ ਆਰਥਿਕ ਪ੍ਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ, ਕਿਉਂਕਿ ਜਦੋਂ ਬਿਮਾਰੀਆਂ ਘੱਟ ਹੋਣਗੀਆਂ ਤਾਂ ਹਸਪਤਾਲ ਵੀ ਘੱਟ ਹੋਣਗੇ। ਹਸਪਤਾਲਾਂ ਦਾ ਘੱਟ ਹੋਣਾ ਸਕੂਨ ਦੀ ਨਿਸ਼ਾਨੀ ਹੈ। ਰੋਜ਼ੇ ਬਾਰੇ ਇਹ ਕੁਝ ਮਹਾਨ ਵਿਅਕਤੀਆਂ ਦੇ ਤਜਰਬੇ ਅਤੇ ਵਿਚਾਰ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੇ ਇਸਲਾਮ ਦੇ ਇਸ (ਰੋਜ਼ੇ ਦੇ) ਫ਼ਾਰਮੂਲੇ 'ਤੇ ਅਮਲ ਕਰਕੇ ਖ਼ੁਦ ਵੀ ਰੂਹਾਨੀ ਅਤੇ ਜਿਸਮਾਨੀ ਫ਼ਾਇਦਾ ਹਾਸਲ ਕੀਤਾ ਅਤੇ ਦੂਜਿਆਂ ਨੂੰ ਫ਼ਾਇਦਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ।


-ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ।
ਮੋਬਾ: 95927-54907

ਸੁਲਤਾਨ-ਉਲ-ਕੌਮ

ਸਰਦਾਰ ਜੱਸਾ ਸਿੰਘ ਆਹਲੂਵਾਲੀਆ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਵਿਆਹ ਤੋਂ ਕਾਫੀ ਸਮਾਂ ਬਾਅਦ ਤੱਕ ਭਾਈ ਬਦਰ ਸਿੰਘ ਦੇ ਘਰ ਕੋਈ ਸੰਤਾਨ ਨਾ ਹੋਈ। ਪਤੀ, ਪਤਨੀ ਜੋਦੜੀ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਹਾਜ਼ਰ ਹੋਏ। ਗੁਰੂ ਸਾਹਿਬ ਨੇ ਅਸੀਸ ਦਿੱਤੀ-'ਵਾਹਿਗੁਰੂ ਅਕਾਲ ਪੁਰਖ ਦੀ ਅਰਾਧਨਾ ਕਰੋ, ਸਾਧ ਸੰਗਤ ਦੀ ਸੇਵਾ ਕਰੋ, ਗੁਰੂ ਨਾਨਕ ਦਾ ਧਿਆਨ ਧਰੋ, ਗੁਰੂ ਅੰਗ ਸੰਗ ਹੈ, ਤੁਹਾਡਾ ਪੁੱਤਰ ਗੁਰੂ ਕਾ ਲਾਲ ਹੋਵੇਗਾ।' ਗੁਰੂ ਗੋਬਿੰਦ ਸਿੰਘ ਜੀ 1708 ਈ: ਨੂੰ ਨਾਂਦੇੜ ਵਿਖੇ ਜੋਤੀ ਜੋਤ ਸਮਾ ਗਏ। ਪਰ ਗੁਰੂ ਜੀ ਦੀ ਅਸੀਸ ਅਟੱਲ ਸਾਬਤ ਹੋਈ। ਸੰਮਤ 1775, ਬਿਸਾਖ ਸੁਦੀ 15 ਪੂਰਨਮਾਸ਼ੀ, 3 ਮਈ, 1718 ਈ: ਨੂੰ 'ਗੁਰੂ ਕੇ ਲਾਲ' ਜੱਸਾ ਸਿੰਘ ਦਾ ਜਨਮ ਹੋਇਆ।
ਮਾਤਾ ਜੀ ਨੇ ਪੂਰੀ ਚਾਹ ਨਾਲ ਜੱਸਾ ਸਿੰਘ ਦੀ ਪਾਲਣਾ-ਪੋਸ਼ਣਾ ਕੀਤੀ। ਜੱਸਾ ਸਿੰਘ ਨੂੰ ਗੁਰਬਾਣੀ ਅਤੇ ਕੀਰਤਨ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ। ਬਾਲ ਜੱਸਾ ਸਿੰਘ 4 ਸਾਲ ਦੇ ਹੀ ਸਨ ਕਿ ਉਸ ਦੇ ਪਿਤਾ ਸ: ਬਦਰ ਸਿੰਘ ਅਕਾਲ ਚਲਾਣਾ ਕਰ ਗਏ। ਹੁਣ ਘਰ ਦਾ ਸਾਰਾ ਬੋਝ ਜੱਸਾ ਸਿੰਘ ਦੀ ਮਾਤਾ ਦੇ ਸਿਰ ਪੈ ਗਿਆ। ਇਹ ਸਮਾਂ ਬੜਾ ਖ਼ਤਰਨਾਕ ਸੀ। ਇਕ ਪਾਸੇ ਸਰਕਾਰ ਦੇ ਜ਼ੁਲਮ, ਸਿੰਘਾਂ ਦੀਆਂ ਸ਼ਹੀਦੀਆਂ ਅਤੇ ਦੂਜਾ ਪਤੀ ਦਾ ਸਾਇਆ ਸਿਰ ਤੋਂ ਉਠ ਜਾਣਾ। ਪਰ ਜੱਸਾ ਸਿੰਘ ਦੀ ਮਾਤਾ ਅਡੋਲ ਰਹੀ, ਪਤੀ ਦਾ ਅਕਾਲ ਚਲਾਣਾ ਵਾਹਿਗੁਰੂ ਜੀ ਦਾ ਭਾਣਾ ਸਮਝ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਅਤੇ ਯਾਦ ਵਿਚ ਸਮਾਂ ਬਤੀਤ ਕਰਨ ਲੱਗੀ। ਮਾਤਾ ਜੀ ਦ੍ਰਿੜ੍ਹ ਇਰਾਦੇ ਵਾਲੇ ਸਨ, ਘਬਰਾਏ ਨਹੀਂ ਅਤੇ ਜੱਸਾ ਸਿੰਘ ਦੀ ਸਰੀਰਕ ਤੇ ਧਾਰਮਿਕ ਪ੍ਰਪੱਕਤਾ ਵੱਲ ਪੂਰਾ ਧਿਆਨ ਦਿੱਤਾ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਮਾਤਾ ਸੁੰਦਰੀ ਜੀ ਦਿੱਲੀ ਵਿਚ ਨਿਵਾਸ ਕਰ ਰਹੇ ਸਨ। ਇਥੇ ਹੀ ਸਿੱਖ ਸੰਗਤਾਂ ਉਨ੍ਹਾਂ ਦੇ ਦਰਸ਼ਨ ਕਰਨ ਦਸਮ ਪਾਤਸ਼ਾਹ ਦੀਆਂ ਸਿੱਖਿਆਵਾਂ ਅਤੇ ਸਿੱਖੀ ਵਿਚਾਰਧਾਰਾ ਦੀ ਜਾਣਕਾਰੀ ਹਾਸਲ ਕਰਨ ਲਈ ਹਾਜ਼ਰ ਹੋਇਆ ਕਰਦੀਆਂ ਸਨ। ਜੱਸਾ ਸਿੰਘ ਦੇ ਜਨਮ ਤੋਂ ਬਾਅਦ ਉਨ੍ਹਾਂ ਦੀ ਮਾਤਾ ਜੀ ਨੂੰ ਦਿੱਲੀ ਜਾ ਕੇ ਮਾਤਾ ਸੁੰਦਰੀ ਜੀ ਦੇ ਦਰਸ਼ਨ ਕਰਨ ਦਾ ਸਮਾਂ ਨਹੀਂ ਸੀ ਪ੍ਰਾਪਤ ਹੋਇਆ। ਸੰਨ 1723 ਈ: ਦੀ ਗੱਲ ਹੈ ਜਦੋਂ ਜੱਸਾ ਸਿੰਘ ਦੀ ਮਾਤਾ ਨੂੰ ਸੰਗਤਾਂ ਦੇ ਦਿੱਲੀ ਜਾਣ ਬਾਰੇ ਪਤਾ ਲੱਗਾ ਤਾਂ ਆਪ ਜੀ ਜੱਸਾ ਸਿੰਘ ਨੂੰ ਨਾਲ ਲੈ ਕੇ ਸੰਗਤਾਂ ਸੰਗ ਦਿੱਲੀ ਜਾਣ ਲਈ ਤਿਆਰ ਹੋ ਗਏ। ਦਿੱਲੀ ਪਹੁੰਚ ਕੇ ਜੱਸਾ ਸਿੰਘ ਦੀ ਮਾਤਾ ਨੇ ਮਾਤਾ ਸੁੰਦਰੀ ਜੀ ਦੀ ਬਹੁਤ ਸੇਵਾ ਕੀਤੀ। ਇਨ੍ਹਾਂ ਦੇ ਸੁਰੀਲੇ ਕੀਰਤਨ ਤੇ ਗੁਰਬਾਣੀ ਦੇ ਪ੍ਰੇਮ ਨੇ ਮਾਤਾ ਸੁੰਦਰੀ ਜੀ ਦੇ ਦਿਲ 'ਤੇ ਏਨਾ ਡੂੰਘਾ ਅਸਰ ਕੀਤਾ ਕਿ ਉਨ੍ਹਾਂ ਨੇ ਜੱਸਾ ਸਿੰਘ ਅਤੇ ਉਸ ਦੀ ਮਾਤਾ ਨੂੰ ਆਪਣੇ ਕੋਲ ਹੀ ਰੱਖ ਲਿਆ। ਇਥੇ ਹੀ ਇਹ ਆਪਣੇ ਨਿਤਨੇਮ ਅਨੁਸਾਰ ਸਵੇਰੇ-ਸ਼ਾਮ ਪਾਠ ਪਿੱਛੋਂ ਸ਼ਬਦ ਚੌਕੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ। ਬਾਲ ਜੱਸਾ ਸਿੰਘ ਵੀ ਆਪਣੀ ਮਾਤਾ ਦੇ ਨਾਲ ਸ਼ਬਦ ਪੜ੍ਹਦਾ। ਇਨ੍ਹਾਂ ਦੇ ਕੀਰਤਨ ਤੋਂ ਸਾਰੀ ਸੰਗਤ ਬਹੁਤ ਪ੍ਰਸੰਨ ਸੀ।
ਮਾਤਾ ਸੁੰਦਰੀ ਜੀ ਜੱਸਾ ਸਿੰਘ ਨੂੰ ਬਹੁਤ ਪਿਆਰ ਕਰਦੇ, ਉਸ ਨੂੰ ਆਪਣੇ ਪੁੱਤਰਾਂ ਵਾਂਗ ਲਾਡ ਲਡਾਉਂਦੇ, ਖੁਆਉਂਦੇ-ਪਿਆਉਂਦੇ ਅਤੇ ਪਾਲਣਾ ਕਰਦੇ। ਮਾਤਾ ਸੁੰਦਰੀ ਜੀ ਜੱਸਾ ਸਿੰਘ ਦੀ ਧਾਰਮਿਕ ਪ੍ਰਪੱਕਤਾ ਅਤੇ ਗੁਰਬਾਣੀ ਲਈ ਪ੍ਰੇਮ ਦੇਖ ਕੇ ਬਹੁਤ ਖੁਸ਼ ਹੁੰਦੇ ਅਤੇ ਅਸੀਸਾਂ ਦਿਆ ਕਰਦੇ ਸਨ। ਇਸ ਤਰ੍ਹਾਂ ਕੋਈ ਸੱਤ ਕੁ ਸਾਲ ਜੱਸਾ ਸਿੰਘ ਅਤੇ ਉਨ੍ਹਾਂ ਦੀ ਮਾਤਾ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਦੀ ਸੇਵਾ ਵਿਚ ਰਹੇ। ਦਿੱਲੀ ਵਿਚ ਮਾਤਾ ਸੁੰਦਰੀ ਜੀ ਕੋਲ ਰਹਿਣ ਸਮੇਂ ਜੱਸਾ ਸਿੰਘ ਨੇ ਕੇਵਲ ਸਿੱਖ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਹੀ ਨਹੀਂ ਸਨ ਪੜ੍ਹੀਆਂ, ਸਗੋਂ ਇਕ ਮਕਤਬ (ਸਕੂਲ) ਵਿਚ ਜਾ ਕੇ ਫਾਰਸੀ ਵੀ ਕਾਫੀ ਸਿੱਖ ਲਈ। ਉਸ ਸਮੇਂ ਦਿੱਲੀ ਸ਼ਹਿਰ ਦੀ ਬੋਲੀ ਹਿੰਦੁਸਤਾਨੀ ਸੀ ਅਤੇ ਹਰ ਪਾਸੇ ਹਰ ਕੋਈ ਇਹੋ ਬੋਲੀ ਬੋਲਦਾ ਸੀ। ਇਸ ਲਈ ਜੱਸਾ ਸਿੰਘ ਦੀ ਬੋਲੀ ਵੀ ਹਿੰਦੁਸਤਾਨੀ ਹੋ ਗਈ ਅਤੇ ਇਸ ਦਾ ਅਸਰ ਵੱਡੀ ਉਮਰ ਤੱਕ ਉਨ੍ਹਾਂ ਦੀ ਬੋਲਚਾਲ ਵਿਚ ਰਿਹਾ। ਦਿੱਲੀ ਰਹਿੰਦਿਆਂ ਲੋਕਾਂ ਵਿਚ ਇਹ ਪ੍ਰਸਿੱਧ ਵੀ ਹੋਇਆ ਕਿ ਜੱਸਾ ਸਿੰਘ ਮਾਤਾ ਜੀ ਦਾ 'ਪੁਤ੍ਰੈਲਾ' ਹੈ। ਜੱਸਾ ਸਿੰਘ ਬਚਪਨ ਵਿਚ ਹੀ ਸੂਝਵਾਨ ਸੀ। ਜੱਸਾ ਸਿੰਘ ਕਈ ਵਾਰ ਏਨੀਆਂ ਸੂਝਵਾਨਾਂ ਵਾਲੀਆਂ ਵਿਚਾਰਾਂ ਕਰਦੇ ਕਿ ਸੁਣਨ ਵਾਲੇ ਹੈਰਾਨ ਰਹਿ ਜਾਂਦੇ। ਮਾਤਾ ਸੁੰਦਰੀ ਜੀ ਨੇ ਇਕ ਵਾਰੀ ਗੋਦ ਵਿਚ ਲੈ ਕੇ ਫ਼ਰਮਾਇਆ ਵੀ 'ਯਹਿ ਬਾਦਸ਼ਾਹ-ਪੰਥ' ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਬਠਿੰਡਾ। ਮੋਬਾ: 98155-33725

ਖ਼ਾਲਸਾ ਰਾਜ ਵਿਚ ਵਧ ਰਹੀ ਸੀ ਬੇਵਿਸ਼ਵਾਸੀ

ਫੌਜੀਆਂ ਦੀ ਖੁੱਲ੍ਹੀ ਬਗਾਵਤ ਦੀ ਸੂਰਤ ਵਿਚ ਸ਼ੇਰ ਸਿੰਘ ਸਿਰਫ ਉਨ੍ਹਾਂ ਨੂੰ ਤਰੀਕੇ ਨਾਲ ਚੱਲਣ ਵਾਸਤੇ ਦਲੀਲ ਦੇ ਸਕਦਾ ਸੀ। ਉਸ ਨੇ ਉਨ੍ਹਾਂ ਦੀਆਂ ਤਨਖਾਹਾਂ ਵਿਚ ਇਕ ਰੁਪਏ ਮਹੀਨੇ ਦਾ ਵਾਧਾ ਕਰ ਦਿੱਤਾ ਤੇ ਇਕ ਮਹੀਨੇ ਦੀ ਤਨਖਾਹ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ। ਫੌਜੀਆਂ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਦਾ ਨੌਂ ਮਹੀਨੇ ਦਾ ਬਕਾਇਆ ਅਦਾ ਕੀਤਾ ਜਾਵੇ ਤੇ ਪਹਿਲਾਂ ਵਾਅਦਾ ਕੀਤਾ ਇਨਾਮ ਵੀ। ਉਨ੍ਹਾਂ ਆਪਣੇ ਤਰੀਕੇ ਨਾਲ ਧਮਕੀ ਵੀ ਦੇ ਦਿੱਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਮਾਈ ਨੂੰ ਤਾਕਤ ਤੋਂ ਹਟਾਇਆ ਸੀ, ਸ਼ੇਰ ਸਿੰਘ ਨੂੰ ਵੀ ਤਖ਼ਤ ਤੋਂ ਹਟਾ ਸਕਦੇ ਹਨ। ਇਸ ਬਗਾਵਤ ਨੂੰ ਮਜ਼ਬੂਤੀ ਨਾਲ ਦਬਾਉਣ ਦੀ ਬਜਾਏ ਸ਼ੇਰ ਸਿੰਘ ਨੇ ਆਪਣਾ ਬਚਾਅ ਗਲਾਸੀ ਦੇ ਦੌਰ ਤੇ ਦਰਬਾਰੀਆਂ ਦੇ ਘੇਰੇ ਵਿਚ ਹੀ ਲੱਭਿਆ। ਉਦੋਂ ਪੰਜਾਬ ਨੂੰ ਇਕ ਮਜ਼ਬੂਤ ਤੇ ਸਮਝਦਾਰ ਤਾਨਾਸ਼ਾਹ ਦੀ ਲੋੜ ਸੀ ਪਰ ਜੋ ਮਿਲਿਆ, ਉਹ ਇਕ ਖੂਬਸੂਰਤ ਤੇ ਸੋਹਣੇ ਲਿਬਾਸ ਵਿਚ ਸਜਿਆ ਸ਼ਹਿਜ਼ਾਦਾ ਜੋ ਅੰਗੂਰਾਂ ਦੀ ਸ਼ਰਾਬ ਤੇ ਔਰਤਾਂ ਦੇ ਨਖਰਿਆਂ ਦਾ ਜ਼ਿਆਦਾ ਵਾਕਿਫ਼ ਸੀ ਤੇ ਰਾਜ ਚਲਾਉਣ ਦੇ ਦਾਅਪੇਚਾਂ ਦਾ ਘੱਟ।
ਅਜੀਤ ਸਿੰਘ ਸੰਧਾਵਾਲੀਆ, ਜੋ ਪੰਜਾਬ ਦੀ ਸਰਹੱਦ ਉੱਪਰ ਅੰਗਰੇਜ਼ੀ ਰਾਜ ਵਿਚ ਰਹਿੰਦਾ ਸੀ, ਸ਼ੇਰ ਸਿੰਘ ਦੀਆਂ ਮੁਸੀਬਤਾਂ ਦੀ ਜਾਣਕਾਰੀ ਰੱਖਦਾ ਸੀ ਤੇ ਉਹ ਅੰਗਰੇਜ਼ਾਂ ਨੂੰ ਦਖਲ ਦੇਣ ਦੀ ਪ੍ਰੇਰਨਾ ਦੇ ਰਿਹਾ ਸੀ। ਸ਼ੇਰ ਸਿੰਘ ਨੇ ਇਹ ਸਾਜਿਸ਼ ਰੋਕਣ ਵਾਸਤੇ ਅੰਗਰੇਜ਼ਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਬਾਹਰਲੀਆਂ ਤਾਕਤਾਂ ਨਾਲ ਸਾਜਿਸ਼ਾਂ ਦੇ ਘਿਨੌਣੇ ਡਰਾਮਿਆਂ ਨਾਲ ਸ਼ਾਹੀ ਖਾਨਦਾਨ ਦੀ ਤਰਫ ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਸੀ। ਕੁਝ ਦਿਨਾਂ ਬਾਅਦ ਹੀ ਮਿਸਟਰ ਕਲੇਰਕ ਨੇ ਇਕ ਤਜਵੀਜ਼ ਪੰਜਾਬ ਵਿਚ ਫੌਜ ਸਮੇਤ ਦਾਖਲ ਹੋਣ ਦੀ ਬਣਾਈ। ਇਸ ਨਾਲ ਲੋਕਾਂ ਨੂੰ ਇਹ ਦੇਖਣ ਦਾ ਵੀ ਮੌਕਾ ਮਿਲ ਸਕਦਾ ਸੀ ਕਿ ਲਾਹੌਰ ਦਰਬਾਰ ਵਿਦੇਸ਼ੀ ਤਾਕਤਾਂ ਨੂੰ ਖੁਸ਼ ਕਰਨ ਵਾਸਤੇ ਕਿਸ ਹੱਦ ਤੱਕ ਜਾ ਸਕਦਾ ਹੈ। ਅੰਗਰੇਜ਼ਾਂ ਨੇ ਸ਼ਾਹ ਸ਼ੁਜਾ ਤੇ ਸ਼ਾਹ ਜ਼ਮਾਨ ਦੇ ਹਰਮ ਦੀਆਂ ਔਰਤਾਂ ਨੂੰ ਪੰਜਾਬ ਵਿਚੋਂ ਲੰਘਾ ਕੇ ਅਫ਼ਗਾਨਿਸਤਾਨ ਪਹੁੰਚਾਉਣ ਦਾ ਰਾਹ ਮੰਗਿਆ। ਇਸ ਦੀ ਇਜਾਜ਼ਤ ਖੁਸ਼ੀ ਨਾਲ ਦੇ ਦਿੱਤੀ ਗਈ ਤੇ ਕਈ ਸਾਰੀਆਂ ਔਰਤਾਂ ਦੇ ਸ਼ਾਹੀ ਗਰੁੱਪ ਦੇ ਨਾਲ-ਨਾਲ ਹੀਜੜੇ ਸੇਵਾਦਾਰ ਤੇ ਅੰਗ-ਰੱਖਿਆ ਜਾ ਰਹੇ ਸਨ।
ਇਹ ਸਭ ਮੇਜਰ ਬਰੌਡਫੋਰਡ ਦੀ ਕਮਾਂਡ ਹੇਠ ਸਨ ਤੇ ਉੱਤਰ ਵੱਲ ਵਧ ਰਹੇ ਸਨ। ਦਰਬਾਰ ਨੇ ਉਨ੍ਹਾਂ ਦੀ ਅਗਵਾਈ ਵਾਸਤੇ ਮੁਸਲਿਮ ਫੌਜੀਆਂ ਦਾ ਇਕ ਜਥਾ ਭੇਜਿਆ। ਸ਼ੁਰੂ ਤੋਂ ਹੀ ਬਰੌਡਫੋਰਡ ਦਾ ਵਤੀਰਾ ਹਮਲਾਵਰ ਸੀ। ਉਹ ਰਸਤੇ ਵਿਚ ਜਿਥੇ ਵੀ ਪੰਜਾਬੀ ਸਿਪਾਹੀ ਕਾਫਲੇ ਦੇ ਨਜ਼ਦੀਕ ਪਹੁੰਚਦੇ, ਉਨ੍ਹਾਂ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੰਦਾ। ਦਰਬਾਰ ਵਲੋਂ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਥੋਂ ਤੱਕ ਕਿ ਸਿੰਧ ਦਰਿਆ ਪਾਰ ਕਰਦਿਆਂ ਹੀ ਬਰੌਡਫੋਰਡ ਨੇ ਕਬਾਇਲੀ ਲੋਕਾਂ ਨੂੰ ਪੰਜਾਬ ਸਰਕਾਰ ਵਿਰੁੱਧ ਬਗਾਵਤ ਕਰਨ ਵਾਸਤੇ ਕਿਹਾ। ਜਨਰਲ ਵੈਨਤੂਰਾ, ਜੋ ਅੰਗਰੇਜ਼ਾਂ ਦਾ ਹਮਾਇਤੀ ਸੀ, ਨੇ ਵੀ ਬਰੌਡਫੋਰਡ ਦੇ ਵਤੀਰੇ ਦੀ ਨਿਖੇਧੀ ਕੀਤੀ। ਕੈਪਟਨ ਜੇ.ਡੀ. ਕਨਿੰਘਮ, ਜੋ 'ਸਿੱਖ ਇਤਿਹਾਸ' ਦਾ ਮਸ਼ਹੂਰ ਲੇਖਕ ਹੈ ਤੇ ਜਿਸ ਨੂੰ ਇਸ ਸਾਰੀ ਕਾਰਵਾਈ ਦਾ ਜਾਤੀ ਗਿਆਨ ਸੀ, ਲਿਖਦਾ ਹੈ ਕਿ 'ਇਹ ਕਿਸੇ ਤਰ੍ਹਾਂ ਨਹੀਂ ਲਗਦਾ ਸੀ ਕਿ ਬਰੌਡਫੋਰਡ ਦੇ ਰਵੱਈਏ ਦਾ ਕੋਈ ਵੀ ਹਮਾਇਤੀ ਸੀ। ਇਸ ਨਾਲ ਲੋਕਾਂ ਵਿਚ ਬੇਚੈਨੀ ਫੈਲ ਗਈ ਤੇ ਸ਼ੇਰ ਸਿੰਘ ਨੂੰ ਵੀ ਮੌਕਾ ਮਿਲਿਆ ਆਪਣੇ ਬਾਗੀ ਸਿਪਾਹੀਆਂ ਨੂੰ ਇਹ ਕਹਿਣ ਦਾ ਕਿ ਪੰਜਾਬ ਦੁਸ਼ਮਣਾਂ ਵਲੋਂ ਘੇਰਿਆ ਜਾ ਰਿਹਾ ਹੈ ਤੇ ਅੰਗਰੇਜ਼ ਉਸ ਵਿਰੁੱਧ ਲੜਾਈ ਛੇੜਨ ਦੀਆਂ ਤਿਆਰੀਆਂ ਕਰ ਰਹੇ ਹਨ।'
ਪਰ ਕੀ ਅੰਗਰੇਜ਼ਾਂ ਨੇ ਪੰਜਾਬ ਦੇ ਵਿਰੁੱਧ ਲੜਾਈ ਛੇੜਨ ਦਾ ਇਰਾਦਾ ਕਰ ਲਿਆ ਸੀ? ਇਸ ਬਾਰੇ ਕੋਈ ਪੱਕੀ ਸਕੀਮ ਤਾਂ ਨਹੀਂ ਸੀ, ਕਿਉਂਕਿ ਅਜੇ ਵੀ ਅੰਗਰੇਜ਼ਾਂ ਨੂੰ ਅਫ਼ਗਾਨ ਮੁਹਿੰਮ ਵਿਚ ਲਾਹੌਰ ਦਰਬਾਰ ਦੀ ਮਦਦ ਚਾਹੀਦੀ ਸੀ ਪਰ ਫਿਰ ਵੀ ਅੰਗਰੇਜ਼ੀ ਸਰਕਲ ਅੰਦਰ ਭਵਿੱਖ ਵਿਚ ਪੰਜਾਬ ਨੂੰ ਆਪਣੇ ਰਾਜ ਵਿਚ ਸ਼ਾਮਿਲ ਕਰਨ ਦੀ ਚਰਚਾ ਜ਼ਰੂਰੀ ਹੋ ਰਹੀ ਸੀ। ਪੰਜਾਬ ਦੇ ਮਾਮਲਿਆਂ ਦਾ ਮਾਹਿਰ ਤੇ ਪੰਜਾਬ ਦੇ ਸੰਭਾਵਤ ਪਹਿਲੇ ਰੈਜ਼ੀਡੈਂਟ ਹੈਨਰੀ ਲਾਰੈਂਸ ਦੀ ਪਤਨੀ ਨੇ 26 ਮਈ, 1841 ਨੂੰ ਇਕ ਜਾਤੀ ਖ਼ਤ ਵਿਚ ਦੱਸਿਆ ਕਿ 'ਲੜਾਈ ਤੇ ਲੜਾਈ ਦੀਆਂ ਗੱਲਾਂ ਦੋਵੇਂ ਪਾਸੇ ਚੱਲ ਰਹੀਆਂ ਹਨ। ਲਗਦਾ ਹੈ ਕਿ ਇਨ੍ਹਾਂ ਸਰਦੀਆਂ ਵਿਚ ਇਸ ਬਾਰੇ ਕੋਈ ਫੈਸਲਾ ਹੋ ਜਾਣਾ ਹੈ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਮੇਰੇ ਪਤੀ ਨੂੰ ਸਿਵਲ ਤੇ ਫੌਜੀ ਦੋਵਾਂ ਅਹੁਦਿਆਂ ਦੇ ਮੁਤਾਬਿਕ ਉਸ ਵਿਚ ਸਰਗਰਮ ਹਿੱਸਾ ਲੈਣਾ ਹੋਵੇਗਾ।'
ਬਰੌਡਫੋਰਡ ਦਾ ਮਾਮਲਾ ਲੰਮੀ ਦੇਰ ਚਲਦੀਆਂ ਰਹੀਆਂ ਅਫਵਾਹਾਂ ਤੋਂ ਬਾਅਦ ਸਾਹਮਣੇ ਆਇਆ ਸੀ। ਇਸ ਨੇ ਅਫਵਾਹਾਂ ਨੂੰ ਸਚਾਈ ਵਿਚ ਬਦਲਣ ਦਾ ਉਪਰਾਲਾ ਕੀਤਾ। ਦਰਬਾਰੀਆਂ ਤੇ ਅਫਸਰਾਂ ਦੇ ਦੋਗਲੇ ਕੰਮਾਂ ਨੂੰ ਧਿਆਨ ਵਿਚ ਰੱਖ ਕੇ ਫੌਜੀ ਸੋਚਦੇ ਸਨ ਕਿ ਉਨ੍ਹਾਂ ਨੂੰ ਆਪ ਕੁਝ ਕਰਨਾ ਚਾਹੀਦਾ ਹੈ, ਜਿਸ ਵਾਸਤੇ ਉਹ ਇਕ ਵਾਰ ਫਿਰ ਆਪਣੇ ਪੰਚ ਚੁਣਨ ਲੱਗ ਪਏ ਸਨ।
ਇਨ੍ਹਾਂ ਹਾਲਤਾਂ ਵਿਚ ਫੌਜੀ ਅਫਸਰ ਤੇ ਦਰਬਾਰੀ ਇਕ ਗੱਲ 'ਤੇ ਸਹਿਮਤ ਹੋ ਰਹੇ ਸਨ ਕਿ ਫੌਜ ਨੂੰ ਵਿਹਲਿਆਂ ਬਿਠਾਉਣ ਵਿਚ ਕੋਈ ਤੁਕ ਨਹੀਂ। ਜਨਰਲ ਜ਼ੋਰਾਵਰ ਸਿੰਘ ਨੇ ਪਹਿਲਾਂ ਹੀ ਇਕ ਸਕੀਮ ਹਿਮਾਲਿਆ ਵਿਚ ਅੱਗੇ ਵਧਣ ਦੀ ਬਣਾਈ ਹੋਈ ਸੀ। ਉਸ ਦੇ ਫੌਰੀ ਹਾਕਮ ਗੁਲਾਬ ਸਿੰਘ ਡੋਗਰਾ ਨੇ ਵੀ ਉਸ ਨੂੰ ਅੱਗੇ ਵਧਣ ਦੀ ਹੌਸਲਾ ਅਫਜ਼ਾਈ ਦਿੱਤੀ। ਕਸ਼ਮੀਰ ਦੇ ਗਵਰਨਰ ਕਰਨਲ ਮੀਹਾਂ ਸਿੰਘ ਦੇ ਕਤਲ ਤੋਂ ਬਾਅਦ ਜੇਹਲਮ ਦੀ ਵਾਦੀ ਡੋਗਰਿਆਂ ਦੇ ਕਬਜ਼ੇ ਹੇਠ ਸੀ। ਦਰਬਾਰ ਦੀਆਂ ਫੌਜਾਂ ਤੇ ਪਹਾੜੀ ਜਗੀਰਦਾਰਾਂ ਦੇ ਸਿਪਾਹੀਆਂ ਨੂੰ ਨਾਲ ਲੈ ਕੇ ਜ਼ੋਰਾਵਰ ਸਿੰਘ ਤਿੱਬਤ ਉੱਪਰ ਪੰਜਾਬ ਦੇ ਕਬਜ਼ੇ ਦੀ ਦੂਜੀ ਲੜੀ ਸ਼ੁਰੂ ਕਰਨ ਵਾਸਤੇ ਨਿਕਲ ਪਿਆ।
ਹਿਮਾਲਿਆ ਵਿਚ ਆਪਣੀ ਸਰਹੱਦ ਨੂੰ ਅੱਗੇ ਵਧਾਉਣ ਦੀ ਲੋੜ ਦੇ ਆਰਥਿਕ ਕਾਰਨ ਵੀ ਸਨ। ਭਾਰਤ ਨੂੰ ਜਾਂਦੇ ਤਿੱਬਤੀਅਨ ਵਪਾਰੀ ਕਸ਼ਮੀਰ ਵਿਚੋਂ ਗੁਜ਼ਰਦੇ ਸਨ, ਕਿਉਂਕਿ ਅੰਗਰੇਜ਼ਾਂ ਨੇ ਆਪਣੀ ਸਰਹੱਦ ਸਤਲੁਜ ਤੱਕ ਕਰ ਲਈ ਸੀ, ਇਹ ਬੁਸ਼ੈਰ ਦੀ ਰਿਆਸਤ ਵਿਚੋਂ ਗੁਜ਼ਰਦੇ ਸਨ। ਕਸ਼ਮੀਰ ਦੇ ਸ਼ਾਲ ਬੁਨਕਰ ਆਪਣੀ ਉੱਨ ਲੱਦਾਖ ਤੇ ਲਾਸਾ ਤੋਂ ਹਾਸਲ ਕਰਦੇ ਸਨ। ਕਸ਼ਮੀਰ ਦੀ ਸ਼ਾਲ ਸਨਅਤ ਖ਼ਤਮ ਹੋਣ ਦੇ ਕਗਾਰ 'ਤੇ ਸੀ ਤੇ ਇਸ ਨੂੰ ਚਾਲੂ ਰੱਖਣ ਦਾ ਇਕ ਹੀ ਤਰੀਕਾ ਸੀ ਕਿ ਲੱਦਾਖ ਤੇ ਲਾਸਾ ਦੇ ਭੇਡ ਪਾਲਕਾਂ ਨੂੰ ਆਪਣਾ ਕੱਚਾ ਮਾਲ ਕਸ਼ਮੀਰ ਵਿਚ ਵੇਚਣ ਵਾਸਤੇ ਪ੍ਰੇਰਿਤ ਜਾਂ ਮਜਬੂਰ ਕੀਤਾ ਜਾਵੇ। ਜੇ ਇਕ ਵਾਰੀ ਤਿੱਬਤ ਕਬਜ਼ੇ ਵਿਚ ਆ ਜਾਂਦਾ ਹੈ ਤਾਂ ਪੰਜਾਬ ਪੂਰਬ ਵੱਲ ਵਧਣ ਦਾ ਸੁਪਨਾ ਵੀ ਲੈ ਸਕਦਾ ਸੀ। ਦੂਜਾ ਤਿੱਬਤ ਵੱਲ ਅੱਗੇ ਕਬਜ਼ਾ ਕਰਨ ਨਾਲ ਗੁਲਾਬ ਸਿੰਘ ਡੋਗਰਾ ਵੀ ਇਹ ਸਮਝਦਾ ਸੀ ਕਿ ਇਹ ਸਾਰਾ ਇਲਾਕਾ ਉਸੇ ਦੀ ਸਰਦਾਰੀ ਵਿਚ ਹੋਵੇਗਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਕਿਲ੍ਹਾ ਗੋਬਿੰਦਗੜ੍ਹ ਦੀ ਨਵਉਸਾਰੀ 'ਚ 10 ਵਰ੍ਹੇ ਵੀ ਪਏ ਘੱਟ

ਅੰਮ੍ਰਿਤਸਰ ਦੇ ਦਰਵਾਜ਼ਾ ਲੋਹਗੜ੍ਹ ਦੇ ਬਾਹਰ ਕਿਲ੍ਹਾ ਗੋਬਿੰਦਗੜ੍ਹ ਦੇ ਰੂਪ 'ਚ ਮੌਜੂਦ ਸਿੱਖ ਰਾਜ ਦੀ ਪ੍ਰਮੁੱਖ ਧਰੋਹਰ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਵਲੋਂ ਸੰਨ 1808 ਦੇ ਫਰਵਰੀ-ਮਾਰਚ ਮਹੀਨੇ 'ਚ ਸ: ਸ਼ਮੀਰ ਸਿੰਘ ਠੇਠਰ ਦੀ ਦੇਖ-ਰੇਖ ਵਿਚ ਸ਼ੁਰੂ ਕਰਵਾਇਆ ਗਿਆ। ਭੰਗੀ ਮਿਸਲ ਦੇ ਕੱਚੇ ਕਿਲ੍ਹੇ ਨੂੰ ਢਾਹ ਕੇ ਉਸ ਦੀ ਜਗ੍ਹਾ ਉਸਾਰੇ ਜਾਣ ਵਾਲੇ ਇਸ ਕਿਲ੍ਹੇ ਦਾ ਨਕਸ਼ਾ ਤਿਆਰ ਕੀਤੇ ਜਾਣ ਦੇ ਬਾਅਦ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਹ ਵਿਸ਼ਾਲ ਕਿਲ੍ਹਾ ਤਿੰਨ ਸਾਲ ਵਿਚ ਮੁਕੰਮਲ ਹੋਵੇਗਾ। ਜਦਕਿ ਸ: ਸ਼ਮੀਰ ਸਿੰਘ ਨੇ ਦਿਨ-ਰਾਤ ਕਾਰੀਗਰਾਂ ਦੀਆਂ ਸੇਵਾਵਾਂ ਜਾਰੀ ਰੱਖਦਿਆਂ ਇਸ ਕਿਲ੍ਹੇ ਦੀ ਉਸਾਰੀ ਨੂੰ ਸਾਢੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਸਿਰੇ ਚਾੜ੍ਹ ਲਿਆ। ਅੱਜ ਕਿਲ੍ਹਾ ਬਣਨ ਦੇ ਲਗਪਗ 200 ਵਰ੍ਹੇ ਬਾਅਦ ਇਹ ਵੇਖ ਕੇ ਵੱਡੀ ਹੈਰਾਨੀ ਹੁੰਦੀ ਹੈ ਕਿ ਉਨ੍ਹੀਂ ਦਿਨੀਂ ਜਦੋਂ ਢੁਆ-ਢੁਆਈ ਦੇ ਸਾਧਨ ਬਹੁਤੇ ਵਿਕਸਿਤ ਨਹੀਂ ਸਨ, ਕਾਰੀਗਰਾਂ ਦੀ ਵੀ ਘਾਟ ਸੀ ਅਤੇ ਸਾਰਾ ਕੰਮ ਮਸ਼ੀਨਾਂ ਦੀ ਬਜਾਏ ਹੱਥਾਂ ਨਾਲ ਕਰਨਾ ਹੁੰਦਾ ਸੀ, ਤਾਂ ਉਸ ਦੌਰ 'ਚ ਇਹ ਕਿਲ੍ਹਾ ਅਤੇ ਕਿਲ੍ਹੇ ਨਾਲ ਸਬੰਧਤ ਸਭ ਸਮਾਰਕ 11 ਮਹੀਨਿਆਂ ਵਿਚ ਸਿਰਫ਼ ਸਾਢੇ 3 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਗਏ, ਜਦੋਂਕਿ ਅੱਜ ਆਧੁਨਿਕ ਸਹੂਲਤਾਂ ਅਤੇ ਮਸ਼ੀਨੀ ਸੇਵਾਵਾਂ ਦੇ ਚਲਦਿਆਂ ਕਿਲ੍ਹੇ ਦੇ ਥੋੜ੍ਹੇ ਜਿਹੇ ਬਚੇ ਹਿੱਸੇ ਦਾ ਨਵਨਿਰਮਾਣ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਅਦ 10 ਵਰ੍ਹਿਆਂ 'ਚ ਵੀ ਮੁਕੰਮਲ ਨਹੀਂ ਹੋ ਸਕਿਆ ਹੈ। ਕਿਲ੍ਹੇ ਦੀ ਨਵਉਸਾਰੀ 'ਚ ਕੀਤੀ ਜਾ ਰਹੀ ਲਾਪ੍ਰਵਾਹੀ ਦੇ ਇਲਾਵਾ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਵਾਏ ਉਨ੍ਹਾਂ ਦੇ ਇਸ ਕਿਲ੍ਹੇ ਵਿਚਲੇ ਲਗਪਗ ਸਭ ਸਮਾਰਕਾਂ ਦਾ ਇਤਿਹਾਸ ਅਤੇ ਇਤਿਹਾਸਕ ਦਿੱਖ ਵਿਗਾੜ ਦਿੱਤੀ ਗਈ ਹੈ, ਜਿਸ ਕਾਰਨ ਇਹ ਸਮਾਰਕ ਪੰਜਾਬੀਆਂ ਦੇ ਨਾਲ-ਨਾਲ ਖੁਦ ਸ਼ੇਰ-ਏ-ਪੰਜਾਬ ਨੂੰ ਮੂੰਹ ਚਿੜਾਉਂਦੇ ਪ੍ਰਤੀਤ ਹੋ ਰਹੇ ਹਨ। ਅੰਮ੍ਰਿਤਸਰ ਵਿਚਲੇ ਪੰਜ ਕਿਲ੍ਹਿਆਂ ਵਿਚੋਂ ਸਿਰਫ਼ ਇਕੋ-ਇਕ ਬਚੇ ਕਿਲ੍ਹਾ ਗੋਬਿੰਦਗੜ੍ਹ ਬਾਰੇ ਸ਼ੇਰ-ਏ-ਪੰਜਾਬ ਦਾ ਕਹਿਣਾ ਸੀ ਕਿ ਕਿਲ੍ਹਾ ਗੋਬਿੰਦਗੜ੍ਹ ਸਮੁੱਚੇ ਪੰਜਾਬ ਦੀ ਕੁੰਜੀ (ਚਾਬੀ) ਹੈ ਅਤੇ ਜਿਸ ਪਾਸ ਇਹ ਕਿਲ੍ਹਾ ਹੋਵੇਗਾ, ਉਹੀ ਸਲਤਨਤ-ਏ-ਪੰਜਾਬ ਦਾ ਮਾਲਕ ਹੋਵੇਗਾ। ਕਿਲ੍ਹਾ ਗੋਬਿੰਦਗੜ੍ਹ ਨੂੰ ਲੈ ਕੇ ਕੁਝ ਅਜਿਹੀ ਹੀ ਸੋਚ ਕਿਲ੍ਹੇ 'ਤੇ ਕਾਬਜ਼ ਅੰਗਰੇਜ਼ ਸ਼ਾਸਕਾਂ ਦੀ ਵੀ ਰਹੀ, ਜਿਸ ਦਾ ਅੰਦਾਜ਼ਾ ਸੰਨ 1857 ਦੀ ਕ੍ਰਾਂਤੀ ਸਮੇਂ ਅੰਗਰੇਜ਼ ਸ਼ਾਸਕਾਂ ਵਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਫ. ਐਚ. ਕੂਪਰ ਨੂੰ ਭੇਜੀਆਂ ਟੈਲੀਗ੍ਰਾਮ ਤੋਂ ਸਹਿਜ ਹੀ ਹੋ ਜਾਂਦਾ ਹੈ, ਜਿਨ੍ਹਾਂ ਵਿਚ ਸਾਫ਼ ਤੌਰ 'ਤੇ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਵਿਦਰੋਹੀ ਸਿਪਾਹੀ ਪੰਜਾਬ ਦੇ ਸਿੱਖਾਂ ਦੇ ਸਹਿਯੋਗ ਨਾਲ ਕਿਲ੍ਹਾ ਗੋਬਿੰਦਗੜ੍ਹ 'ਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਏ ਤਾਂ ਪੰਜਾਬ ਨੂੰ ਅੰਗਰੇਜ਼ੀ ਹਕੂਮਤ ਦੇ ਅਧਿਕਾਰ 'ਚੋਂ ਨਿਕਲਣ ਲੱਗਿਆਂ ਬਹੁਤਾ ਸਮਾ ਨਹੀਂ ਲੱਗੇਗਾ। ਕਰੀਬ 100 ਵਰ੍ਹਿਆਂ ਤੱਕ ਦੀ ਅੰਗਰੇਜ਼ੀ ਸ਼ਾਸਨ ਦੀ ਗ਼ੁਲਾਮੀ ਤੋਂ ਬਾਅਦ ਲੰਬੇ ਸਮੇਂ ਤੱਕ ਭਾਰਤੀ ਫ਼ੌਜ ਦੇ ਅਧਿਕਾਰ ਅਧੀਨ ਰਿਹਾ ਕਿਲ੍ਹਾ ਗੋਬਿੰਦਗੜ੍ਹ ਅਪ੍ਰੈਲ, 2005 ਵਿਚ ਸੈਨਾ ਵਲੋਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਮਾਰਫ਼ਤ ਪੰਜਾਬ ਸਰਕਾਰ ਨੂੰ ਸੌਂਪਿਆ ਗਿਆ। ਜਦੋਂ ਭਾਰਤੀ ਫੌਜ ਨੇ ਪੰਜਾਬ ਸਰਕਾਰ ਨੂੰ ਸੌਂਪਿਆ ਤਾਂ ਨਾਲ ਹੀ ਫੌਜ ਨੇ ਆਪਣੇ ਢੰਗ ਨਾਲ ਇਸ ਦਾ ਬਦਲਿਆ ਹੋਇਆ ਇਤਿਹਾਸ ਭੇਟ ਵਜੋਂ ਪੰਜਾਬ ਸਰਕਾਰ ਦੀ ਝੋਲੀ 'ਚ ਪਾ ਦਿੱਤਾ। (ਚਲਦਾ)


-ਅੰਮ੍ਰਿਤਸਰ। ਫੋਨ : 9356127771

ਸਮਾਜ ਭਲਾਈ ਵਿਚ ਗੁਰਦੁਆਰਾ ਸੰਸਥਾ ਦਾ ਮਹੱਤਵ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ
ਦਾ ਧਰਮ ਤੇ ਵਿਰਸਾ ਅੰਕ ਦੇਖੋ)
* ਧਰਤੀ ਅਤੇ ਵਾਤਾਵਰਨ ਦੇ ਗਰਮ ਹੋ ਰਹੇ ਪ੍ਰਾਕਰਮ ਨੂੰ ਰੋਕਣ ਅਤੇ ਵਾਤਾਵਰਨ ਸੰਭਾਲ ਲਈ ਗੁਰਦੁਆਰਾ ਕੇਂਦਰਾਂ ਦੇ ਅੰਦਰ ਅਤੇ ਬਾਹਰ ਹਰ ਉਸ ਸਥਾਨ ਉੱਤੇ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਹਰਬਲ ਦਵਾਈਆਂ ਆਦਿ ਨਾਲ ਸਬੰਧਿਤ ਬੂਟੇ ਲਗਾਏ ਜਾਣ ਅਤੇ ਉਨ੍ਹਾਂ ਦੀ ਲਗਾਤਾਰ ਸੰਭਾਲ ਕੀਤੀ ਜਾਵੇ।
* ਸਬੰਧਿਤ ਕੇਂਦਰ ਨਾਲ ਜੁੜੇ ਹੋਏ ਇਲਾਕੇ ਵਿਚ ਸਥਿਤ ਸਰਕਾਰੀ ਤੇ ਗ਼ੈਰ-ਸਰਕਾਰੀ ਸਕੂਲਾਂ ਵਿਚ ਪੜ੍ਹਦੇ, ਵਿਸ਼ੇਸ਼ ਕਰਕੇ ਸਕੂਲੀ ਪੜ੍ਹਾਈ ਵਿਚ ਕਮਜ਼ੋਰ ਬੱਚੇ-ਬੱਚੀਆਂ ਨੂੰ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਅਧਿਆਪਕ, ਰਿਟਾਇਰਡ ਜਾਂ ਸਵੈ-ਸੇਵੀ ਅਧਿਆਪਕ ਰੋਜ਼ਾਨਾ ਸ਼ਾਮ ਨੂੰ ਲੋੜੀਂਦੇ ਸਮੇਂ ਲਈ ਸਕੂਲੀ ਪੜ੍ਹਾਈ ਕਰਵਾਉਣਗੇ। ਚੰਗਾ ਹੋਵੇ ਜੇਕਰ ਇਸ ਅਧਿਆਪਨ ਕਾਰਜ ਲਈ ਬੇਰੁਜ਼ਗਾਰ ਅਧਿਆਪਕਾਂ ਨੂੰ ਪਹਿਲ ਦਿੱਤੀ ਜਾਵੇ।
* ਇਨ੍ਹਾਂ ਕੇਂਦਰਾਂ ਵਿਚ ਸਮਰਿੱਧ ਅਧਿਆਪਕਾਂ ਦੀ ਅਗਵਾਈ ਹੇਠ ਕੰਪਿਊਟਰ ਅਤੇ ਇਲੈਕਟ੍ਰਾਨਿਕ ਮੀਡੀਆ ਆਦਿ ਵਿਸ਼ਿਆਂ ਦੀ ਪੜ੍ਹਾਈ ਅਤੇ ਸਿਖਲਾਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਕਮੇਟੀਆਂ ਦੀ ਆਰਥਿਕ ਸਮਰੱਥਾ ਅਨੁਸਾਰ ਅਤੇ ਯੋਗ ਅਧਿਆਪਕਾਂ ਦੀ ਨਿਗਰਾਨੀ ਹੇਠ ਕੰਪਿਊਟਰੀਕਰਨ ਨਾਲ ਸਬੰਧਿਤ ਕੋਰਸ ਵੀ ਕਰਵਾਏ ਜਾਣ।
* ਇਨ੍ਹਾਂ ਕੇਂਦਰਾਂ ਵਿਚ ਇਲਾਕੇ ਦੇ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਲੋਕਾਂ, ਵਿਸ਼ੇਸ਼ ਕਰਕੇ ਘਰੇਲੂ ਬੀਬੀਆਂ ਅਤੇ ਨੌਜਵਾਨਾਂ ਨੂੰ ਸਿੱਖਿਆ ਦੇਣ ਦੇ ਪ੍ਰਬੰਧ ਕੀਤੇ ਜਾਣ। ਗਰੀਬ ਅਤੇ ਲੋੜਵੰਦ ਬੱਚਿਆਂ ਦੀਆਂ ਫੀਸਾਂ, ਸਕੂਲ ਵਰਦੀਆਂ ਅਤੇ ਕਿਤਾਬਾਂ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇ, ਵਿੱਦਿਅਕ ਕਾਰਜ ਕਰਦਿਆਂ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਵਿਚ ਪ੍ਰਪੱਕ ਤੇ ਪੰਜਾਬੀ ਸਾਹਿਤ ਸਰਗਰਮੀਆਂ ਵਿਚ ਕੁਸ਼ਲ ਬਣਾ ਕੇ ਨਵੇਂ ਕਵੀਆਂ, ਬੁਲਾਰਿਆਂ ਅਤੇ ਲਿਖਾਰੀਆਂ ਆਦਿ ਦੀ ਸਿਰਜਣਾ ਪ੍ਰਥਾਇ ਯਤਨ ਕੀਤੇ ਜਾਣ।
* ਗੁਰਦੁਆਰਾ ਸੰਸਥਾ ਆਧਾਰਿਤ ਇਹ ਕੇਂਦਰ ਆਪਣੇ ਇਲਾਕੇ ਦੇ ਬੱਚਿਆਂ, ਬਜ਼ੁਰਗਾਂ, ਬੀਬੀਆਂ ਅਤੇ ਹੋਰ ਲੋੜਵੰਦਾਂ ਦੀ ਸਿਹਤ ਸੰਭਾਲ ਕਰਨ ਅਤੇ ਰੋਗ ਨਵਿਰਤੀ ਆਦਿ ਕਰਨ ਲਈ ਆਪਣੇ ਕੇਂਦਰ ਵਿਚ ਉੱਚ ਪੱਧਰ ਦੀ ਐਲੋਪੈਥਿਕ/ਆਯੁਰਵੈਦਿਕ ਡਿਸਪੈਂਸਰੀ ਅਤੇ ਬਦਲਵੀਆਂ ਮੈਡੀਸਨ ਸਹੂਲਤਾਂ ਦਾ ਪ੍ਰਬੰਧ ਕਰਨਗੇ, ਜਿਸ ਲਈ ਇਲਾਕੇ ਦਾ ਕੋਈ ਯੋਗ ਡਾਕਟਰ ਸਵੇਰੇ-ਸ਼ਾਮ ਸੇਵਾ ਨਿਭਾਅ ਸਕਦਾ ਹੈ।
* ਇਹ ਕੇਂਦਰ ਸਿੱਖ ਪਰੰਪਰਾ ਨਾਲ ਜੁੜੀਆਂ ਹੋਈਆਂ ਪਰੰਪਰਿਕ ਖੇਡਾਂ ਕਬੱਡੀ, ਪਹਿਲਵਾਨੀ, ਅਥਲੈਟਿਕਸ, ਹਾਕੀ, ਫੁੱਟਬਾਲ, ਘੋੜਸਵਾਰੀ, ਗੱਤਕਾ ਅਤੇ ਕਰਾਟੇ ਆਦਿ ਖੇਡਾਂ ਵਿਚ ਲੜਕੇ-ਲੜਕੀਆਂ ਨੂੰ ਸਿਖਲਾਈ ਦੇਣ ਅਤੇ ਆਪਸੀ ਮੁਕਾਬਲੇ ਕਰਵਾਉਣ ਦਾ ਵੀ ਪ੍ਰਬੰਧ ਕਰਨ ਅਤੇ ਜਿਮ ਖੋਲ੍ਹਣ।
* ਇਹ ਕੇਂਦਰ ਤੇ ਇਲਾਕੇ ਦੇ ਨੌਜਵਾਨ ਗੁਰਸਿੱਖ ਘਰਾਂ ਅਤੇ ਹੋਰ ਲੋਕਾਂ ਦੇ ਆਰਥਿਕ ਸੋਮਿਆਂ ਤੋਂ ਪੈਦਾ ਹੋਈ ਕਮਾਈ ਦੇ ਦਿੱਤੇ ਜਾਣ ਵਾਲੇ ਦਸਵੰਧ/ਮਾਇਆ ਨੂੰ ਇਕ ਜਗ੍ਹਾ ਕੇਂਦਰਿਤ ਕਰਕੇ ਇਲਾਕੇ ਦੇ ਲੋੜਵੰਦ ਪਰਿਵਾਰਾਂ ਤੇ ਵਿਅਕਤੀਆਂ ਦੀਆਂ ਆਰਥਿਕ ਮੁਸ਼ਕਿਲਾਂ ਤੇ ਹੋਰ ਸਮੱਸਿਆਵਾਂ ਨੂੰ ਵੀ ਹੱਲ ਕਰਨਗੇ। ਬੇਰੁਜ਼ਗਾਰਾਂ ਲਈ ਰੁਜ਼ਗਾਰ ਅਤੇ ਲੋਕਾਂ ਦੀ ਜਾਇਜ਼ ਆਰਥਿਕ ਲੋੜਾਂ ਦੀ ਪੂਰਤੀ ਲਈ ਇਹ ਕੇਂਦਰ ਹਰ ਸੰਭਵ ਯਤਨ ਕਰੇ। ਗਰੀਬ ਬੱਚੇ-ਬੱਚੀਆਂ ਦੀ ਸ਼ਾਦੀ ਅਤੇ ਹੋਰ ਲੋੜਵੰਦਾਂ ਦੇ ਰਹਿਣ-ਸਹਿਣ ਲਈ ਮਕਾਨ ਆਦਿ ਬਣਾਉਣ ਦਾ ਸਮਰਿੱਧ ਕਮੇਟੀਆਂ ਅਤੇ ਕੇਂਦਰ ਯਤਨ ਕਰਨਗੇ।
ਗੁਰਦੁਆਰਾ ਕੇਂਦਰਾਂ ਦੇ ਸਮਾਜ ਭਲਾਈ ਸੇਵਾਵਾਂ ਸਬੰਧੀ ਇਨ੍ਹਾਂ ਸੁਝਾਵਾਂ ਬਾਰੇ ਪੰਥ ਨੂੰ ਵਿਚਾਰ ਕਰਨ ਦੀ ਅਪੀਲ ਕੀਤੀ ਜਾਂਦੀ ਹੈ। (ਸਮਾਪਤ)


-ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ। ਮੋਬਾ: 98725-91713

ਸੁਲਤਾਨ ਬਾਹੂ ਦੀ ਪੁਸਤਕ ਹੱਕ ਨੁਮਾਏ

ਸੂਫ਼ੀਆਂ ਦੇ ਕਾਦਰੀ ਸਿਲਸਿਲੇ ਨਾਲ ਸਬੰਧਤ ਹਜ਼ਰਤ ਸੁਲਤਾਨ ਬਾਹੂ (1631-1691 ਈ:) ਪੰਜਾਬੀ ਦੇ ਗਿਣੇ-ਚੁਣੇ ਸਿਰਕੱਢ ਸੂਫ਼ੀਆਂ ਵਿਚੋਂ ਸਨ। ਉਨ੍ਹਾਂ ਦਾ ਜਨਮ ਪਿੰਡ ਅਵਾਣ, ਤਹਿਸੀਲ ਸ਼ੋਰਕੋਟ, ਜ਼ਿਲ੍ਹਾ ਝੰਗ (ਅੱਜਕਲ੍ਹ ਪਾਕਿਸਤਾਨ) ਵਿਚ ਹਜ਼ਰਤ ਬਾਜੀਦ ਮੁਹੰਮਦ ਅਤੇ ਮਾਤਾ ਰਾਸਤੀ ਦੇ ਘਰ ਹੋਇਆ। ਉਨ੍ਹਾਂ ਦੀ ਗੱਦੀ ਅੱਜ ਵੀ ਇਥੇ ਚਲਦੀ ਹੈ। ਬਾਹੂ ਦੀਆਂ ਸੌ ਤੋਂ ਵੱਧ ਪੁਸਤਕਾਂ ਅਰਬੀ ਅਤੇ ਫਾਰਸੀ ਵਿਚ ਰਚੇ ਹੋਣ ਦੀ ਸੂਚਨਾ ਮਿਲਦੀ ਹੈ ਪਰ ਪੰਜਾਬੀ ਵਿਚ ਇਨ੍ਹਾਂ ਦੀਆਂ ਸੀਹਰਫੀਆਂ ਪ੍ਰਸਿੱਧ ਹਨ, ਜਿਨ੍ਹਾਂ ਦੇ ਕੁਝ ਬੋਲ ਤਾਂ ਲੋਕੋਕਤੀਆਂ ਦਾ ਦਰਜਾ ਅਖ਼ਤਿਆਰ ਕਰ ਗਏ ਹਨ। 'ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ', 'ਅਲਫ਼ ਅੱਲਾ ਚੰਬੇ ਦੀ ਬੂਟੀ, ਮੇਰੇ ਮੁਰਸ਼ਦ ਮਨ ਵਿਚ ਲਾਈ ਹੂ' ਆਦਿ ਅਜਿਹੀਆਂ ਹੀ ਕਾਵਿ ਸਤਰਾਂ ਹਨ। 'ਹੂ' ਨਾਲ ਖਤਮ ਹੋਣ ਵਾਲੀਆਂ ਸਤਰਾਂ ਕਰਕੇ ਸੁਲਤਾਨ ਬਾਹੂ ਨੂੰ ਹੂਕਾਂ ਵਾਲਾ ਕਵੀ ਕਰਕੇ ਵੀ ਜਾਣਿਆ ਜਾਂਦਾ ਹੈ। ਜਿਵੇਂ ਮਾਤਾ ਮਰੀਅਮ ਦਾ ਬਾਬਾ ਫ਼ਰੀਦ ਦੀ ਸ਼ਖ਼ਸੀਅਤ ਉਸਾਰੀ ਅਤੇ ਹੋਰ ਰੁਚੀਆਂ ਪ੍ਰਚਲਿਤ ਕਰਨ ਵਿਚ ਵੱਡਾ ਯੋਗਦਾਨ ਸੀ, ਇਵੇਂ ਹੀ ਸੁਲਤਨ ਬਾਹੂ ਉੱਪਰ ਉਨ੍ਹਾਂ ਦੀ ਮਾਤਾ ਰਾਸਤੀ ਦਾ ਭਾਰੀ ਅਸਰ ਸੀ। ਉਨ੍ਹਾਂ ਦੀ ਗੱਦੀ ਅੱਜ ਵੀ ਦਰਿਆ ਝਨਾ ਦੇ ਕੰਢੇ ਸ਼ੋਰਕੋਟ ਵਿਚ ਚੱਲ ਰਹੀ ਹੈ, ਜਿਥੇ ਉਨ੍ਹਾਂ ਦੀ ਮਜ਼ਾਰ ਵੀ ਹੈ।
ਪੰਜਾਬ ਵਿਚ ਸੂਫ਼ੀਆਂ ਦੇ ਸਿਲਸਿਲਿਆਂ ਵਿਚ ਇਕ ਕਾਦਰੀ ਸਿਲਸਿਲਾ ਵੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਕਾਦਰੀ ਸਨ ਅਤੇ ਬੁੱਲੇ ਸ਼ਾਹ ਵੀ ਕਾਦਰੀ ਸਨ। ਬੇਸ਼ੱਕ ਵੱਖ-ਵੱਖ ਸੂਫ਼ੀ ਸਿਲਸਿਲਿਆਂ ਦੇ, ਇਸਲਾਮੀ ਮਾਨਤਾਵਾਂ ਸਮੇਤ, ਬਹੁਤ ਸਾਰੇ ਸਿਧਾਂਤ ਸਾਂਝੇ ਹਨ ਪਰ ਫਿਰ ਵੀ ਕਿਧਰੇ-ਕਿਧਰੇ ਵਖਰੇਵਾਂ ਦਿਸ ਪੈਂਦਾ ਹੈ। ਕਾਦਰੀਆਂ ਵਿਚ ਆਤਮਿਕ ਸ਼ੁੱਧੀ ਲਈ ਸਰੀਰ ਨੂੰ ਕਸ਼ਟ ਦੇਣਾ (ਜ਼ੁਹਦ ਜਾਂ ਤਪ) ਦਾ ਵਿਧਾਨ ਨਹੀਂ ਹੈ, ਸਗੋਂ ਸਾਦਗੀ ਅਤੇੇ ਨਿਮਰਤਾ ਹੈ। ਫਾਕਾਕਸ਼ੀ ਵੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਜੰਗਲਾਂ-ਬੇਲਿਆਂ ਵਿਚ ਭਟਕਣ ਦੀ ਲੋੜ ਹੈ। ਤਸਬੀ ਵੀ ਜ਼ਰੂਰੀ ਨਹੀਂ ਅਤੇ ਕਿਸੇ ਖਾਸ ਪਹਿਰਾਵੇ ਨਾਲ ਲਗਾਓ ਵੀ ਨਹੀਂ। ਇਨ੍ਹਾਂ ਤੋਂ ਬਿਨਾਂ ਤਿੰਨ ਅਸੂਲ ਹੋਰ ਵੀ ਹਨ, ਆਪਣੇ-ਆਪ ਨੂੰ ਛੁਪਾ ਕੇ ਰੱਖਣ (ਗੋਸ਼ਾਨਸ਼ੀਨੀ), ਫਜ਼ੂਲ ਕਿਸਮ ਦੀਆਂ ਵਸਤਾਂ ਦਾ ਤਿਆਗ ਅਤੇ ਸ਼ਰਾਅ ਮੁਹੰਮਦੀ ਉੱਤੇ ਪਹਿਰਾ ਦੇਣਾ।
'ਹੱਕ ਨੁਮਾਏ' ਪੁਸਤਕ ਸੁਲਤਾਨ ਬਾਹੂ ਦੀ ਮੰਨੀ ਗਈ ਹੈ। ਇਨ੍ਹਾਂ ਹੀ ਕਾਲਮਾਂ ਵਿਚ 'ਕਸ਼ਫੁਲ ਮਹਿਜੂਬ', 'ਖੈਰੁਲ ਮਜਾਲਿਸ', 'ਫਵਾਇਦੁਲ ਫ਼ਵਾਦ' ਅਤੇ 'ਸਿਅਰ-ਉਲ-ਔਲੀਆਂ' ਆਦਿ ਪੁਸਤਕਾਂ ਦੇ ਪੰਜਾਬੀ ਅਨੁਵਾਦਾਂ ਬਾਰੇ ਚਰਚਾ ਕੀਤੀ ਗਈ ਹੈ। 'ਹੱਕ ਨੁਮਾਏ' ਵੀ ਇਸੇ ਕੜੀ ਦੀ ਇਕ ਹੋਰ ਪੁਸਤਕ ਹੈ। ਸੁਲਤਾਨ ਬਾਹੂ ਦੇ ਸ਼ਗਿਰਦਾਂ ਵਿਚੋਂ ਇਕ ਨੂਰ ਮੁਹੰਮਦ ਸੀ, ਜਿਸ ਨੇ ਬਾਹੂ ਦੀਆਂ ਅਰਬੀ-ਫਾਰਸੀ ਪੁਸਤਕਾਂ ਨੂੰ ਉਰਦੂ ਵਿਚ ਤਰਜ਼ਮਾਇਆ ਸੀ, ਜਿਨ੍ਹਾਂ ਵਿਚ ਚਰਚਾ ਅਧੀਨ ਪੁਸਤਕ ਵੀ ਸ਼ਾਮਿਲ ਹੈ। ਉਰਦੂ ਤੋਂ ਇਸ ਦਾ ਹਿੰਦੀ ਅਤੇ ਪੰਜਾਬੀ ਤਜ਼ਰਮਾ ਸੁਲੱਖਣ ਸਰਹੱਦੀ ਨੇੇ ਕੀਤਾ ਹੈ। ਪਹਿਲਾਂ ਸਰਹੱਦੀ ਨੇ 'ਹੱਕ ਨੁਮਾਏ' ਦਾ ਹਿੰਦੀ ਤਰਜ਼ਮਾ ਕੀਤਾ, ਜਿਸ ਨੂੰ ਮੇਰਠ ਦੀ ਕਿਸੇ ਏਜੰਸੀ ਨੇ ਪ੍ਰਕਾਸ਼ਿਤ ਕੀਤਾ ਸੀ ਅਤੇ ਫਿਰ ਸਰਹੱਦੀ ਨੇ ਹੀ ਇਸ ਨੂੰ ਪੰਜਾਬੀ ਰੂਪ ਦਿੱਤਾ, ਜੋ ਲੋਕ ਗੀਤ ਪ੍ਰਕਾਸ਼ਨ ਵਲੋਂ 2016 ਵਿਚ ਛਾਪਿਆ ਗਿਆ। ਬੇਸ਼ੱਕ 'ਹੱਕ ਨੁਮਾਏ' ਸੁਲਤਾਨ ਬਾਹੂ ਦੀ ਰਚਨਾ ਕਹੀ ਗਈ ਹੈ ਪਰ ਸਾਨੂੰ ਇਹ ਮੰਨਣ ਵਿਚ ਸੰਕੋਚ ਹੈ। ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾ ਇਹ ਕਿ ਇਸ ਵਿਚ ਅੰਗਰੇਜ਼ੀ ਸ਼ਬਦ ਹਨ ਅਤੇ ਦੂਜਾ ਇਹ ਕਿ ਇਸ ਦੇ ਹਰ ਅਧਿਆਇ ਦੇ ਆਖਰ ਵਿਚ ਹਵਾਲੇ ਅਤੇ ਟਿੱਪਣੀਆਂ ਹਨ। ਇਹ ਦੋਵੇਂ ਗੱਲਾਂ ਸੁਲਤਾਨ ਬਾਹੂ ਦੇ ਰਚਨਾ ਕਾਲ ਨਾਲ ਮੇਲ ਨਹੀਂ ਖਾਂਦੀਆਂ। ਹੋਇਆ ਇੰਜ ਲਗਦਾ ਹੈ ਕਿ 'ਹੱਕ ਨੁਮਾਏ' ਦਾ ਨੂਰ ਮੁਹੰਮਦ ਨੇ ਜਦ ਉਰਦੂ ਤਰਜ਼ਮਾ ਕੀਤਾ ਤਾਂ ਉਸ ਨੇ ਖੁੱਲ੍ਹ ਲੈਂਦਿਆਂ ਅੰਗਰੇਜ਼ੀ ਸ਼ਬਦ ਵਰਤ ਲਏ ਅਤੇ ਨਾਲ ਹੀ ਇਸ ਗ੍ਰੰਥ ਨੂੰ ਆਪਣੇ ਢੰਗ ਨਾਲ ਸੰਪਾਦਿਤ ਵੀ ਕਰ ਦਿੱਤਾ। ਇਸ ਲਈ ਮੂਲ ਪਾਠ ਤਾਂ ਸੁਲਤਾਨ ਬਾਹੂ ਦਾ ਹੈ, ਪਰ ਹਵਾਲੇ ਤੇ ਟਿੱਪਣੀਆਂ ਵਿਚ ਵਿਆਖਿਆ ਨੂਰ ਮੁਹੰਮਦ ਦੀ ਹੈ। ਸਿੱਟੇ ਵਜੋਂ ਅਸੀਂ 'ਹੱਕ ਨੁਮਾਏ' ਦੇ ਪੰਜਾਬੀ ਸੰਸਕਰਨ ਨੂੰ ਸੁਲਤਾਨ ਬਾਹੂ ਅਤੇ ਨੂਰ ਮੁਹੰਮਦ ਦੇ ਸਾਂਝੇ ਯਤਨਾਂ ਦਾ ਸਿੱਟਾ ਸਮਝਾਂਗੇ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ਼ਬਦ ਵਿਚਾਰ

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਪੰਚਮ ਗੁਰਦੇਵ ਰਾਗੁ ਗੌਡ ਵਿਚ ਦ੍ਰਿੜ੍ਹ ਕਰਵਾ ਰਹੇ ਹਨ ਕਿ ਜਿੰਨੇ ਵੀ ਸ਼ਾਹ ਪਾਤਸ਼ਾਹ, ਅਮੀਰ, ਸਰਦਾਰ, ਚੌਧਰੀ ਆਦਿ ਹਨ, ਇਹ ਸਭ ਨਾਸਵੰਤ ਹਨ। ਇਨ੍ਹਾਂ ਦਾ ਮਾਇਆ ਨਾਲ ਪਿਆਰ ਝੂਠਾ ਜਾਣੋ। ਨਾਸ ਤੋਂ ਰਹਿਤ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ। ਇਸ ਲਈ ਹੇ ਮਨਾਂ, ਸਦਾ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ, ਜਿਸ ਸਦਕਾ ਤੂੰ ਦਰਗਾਹੇ ਪਰਵਾਨ ਹੋ ਜਾਵੇਂਗਾ-
ਜਿਤਨੇ ਸਾਹ ਪਾਤਿਸਾਹ ਉਮਰਾਵ
ਸਿਕਦਾਰ ਚਉਧਰੀ ਸਭਿ ਮਿਥਿਆ
ਝੂਠੁ ਭਾਉ ਦੂਜਾ ਜਾਣੁ॥
ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ
ਤਿਸੁ ਮੇਰੇ ਮਨ ਭਜੁ ਪਰਵਾਣੁ॥੧॥ (ਅੰਗ 861)
ਸਾਹ-ਸ਼ਾਹ। ਉਮਰਾਵ-ਅਮੀਰ। ਸਿਕਦਾਰ-ਸਰਦਾਰ। ਮਿਥਿਆ-ਨਾਸਵੰਤ ਹਨ। ਭਾਉ-ਪਿਆਰ। ਦੂਜਾ-ਮਾਇਆ। ਅਬਿਨਾਸੀ-ਨਾਸ ਤੋਂ ਰਹਿਤ। ਥਿਰੁ-ਸਦਾ ਕਾਇਮ ਰਹਿਣ ਵਾਲਾ। ਨਿਹਚਲੁ-ਅਟੱਲ।
ਪਰਮਾਤਮਾ ਦੀ ਬੇਅੰਤਤਾ ਦਾ ਕੋਈ ਅੰਤ ਨਹੀਂ ਪਾ ਸਕਦਾ, ਜੋ ਜੀਵਾਂ ਨੂੰ ਆਪ ਹੀ ਭੇਜਦਾ (ਪੈਦਾ ਕਰਦਾ) ਹੈ ਅਤੇ ਆਪ ਹੀ ਫਿਰ ਵਾਪਸ ਬੁਲਾ ਲੈਂਦਾ ਹੈ। ਉਸ ਨੂੰ ਕੋਈ ਹੋਰ ਦੂਜਾ ਮੱਤਾਂ (ਸਲਾਹ ਮਸ਼ਵਰਾ) ਦੇਣ ਵਾਲਾ ਨਹੀਂ। ਉਹ ਆਪ ਹੀ ਆਪਣੀ ਪੈਦਾ ਕੀਤੀ ਹੋਈ ਜਗਤ ਰਚਨਾ ਨੂੰ ਢਾਹੁਣ ਵਾਲਾ ਹੈ ਅਤੇ ਮੁੜ ਇਸ ਦੀ ਉਸਾਰੀ ਕਰਨ ਵਾਲਾ ਵੀ ਆਪ ਹੀ ਹੈ ਭਾਵ ਉਹ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਰਾਗੁ ਸੂਹੀ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਘਲੇ ਆਣੇ ਆਪਿ
ਜਿਸੁ ਨਾਹੀ ਦੂਜਾ ਮਤੈ ਕੋਇ॥
ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ॥ (ਅੰਗ 729)
ਘਲੇ-ਭੇਜਦਾ ਹੈ। ਆਣੇ-ਵਾਪਸ ਸੱਦ ਲੈਂਦਾ ਹੈ। ਮਤੈ-ਮੱਤਾਂ। ਸਾਜਿ-ਸਾਜ ਕੇ, ਬਣਾ ਕੇ। ਜਾਣੈ ਸਭ ਸੋਇ-ਸਭ ਦੇ ਦਿਲਾਂ ਦੀਆਂ ਜਾਨਣ ਵਾਲਾ ਹੈ।
ਪੰਚਮ ਗੁਰਦੇਵ ਦੇ ਰਾਗੁ ਮਾਰੂ ਕੀ ਵਾਰ ਮਹਲਾ ੫ ਵਿਚ ਪਾਵਨ ਬਚਨ ਹਨ ਕਿ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਅਤੇ ਫਿਰ ਇਸ ਨੂੰ ਨਾਸ ਕਰਨ ਦੇ ਸਮਰੱਥ ਵੀ ਪ੍ਰਭੂ ਆਪ ਹੀ ਹੈ-
ਭੰਨਣ ਘੜਣ ਸਮਰਥੁ ਹੈ
ਓਪਤਿ ਸਭ ਪਰਲੈ॥ (ਅੰਗ 1102)
ਭੰਨਣ-ਨਾਸ ਕਰਨ ਦੇ। ਘੜਣ-ਪੈਦਾ ਕਰਨ ਦੇ। ਓਪਤਿ-ਉਤਪਤੀ, ਪੈਦਾ ਕਰਨ ਦੇ। ਪਰਲੈ-ਨਾਸ ਕਰਨ ਦੇ।
ਪ੍ਰਭੂ ਜੋ ਜਗਤ ਦੀ ਉਤਪਤੀ ਕਰਨ ਦੇ ਸਮਰੱਥ ਹੈ ਅਤੇ ਹਰੇਕ ਜੀਵ ਅੰਦਰ ਉਹ ਆਪ ਹੀ ਬੋਲਦਾ ਹੈ ਭਾਵ ਉਸ ਦਾ ਹਰੇਕ ਜੀਵ ਵਿਚ ਵਾਸ ਹੈ, ਉਹ ਤਾਂ (ਐਨਾ ਦਿਆਲੂ) ਹੈ ਕਿ ਸਭਨਾਂ ਨੂੰ ਰਿਜਕ ਵੀ ਆਪ ਹੀ ਪਹੁੰਚਾਉਂਦਾ ਹੈ, ਮਨੁੱਖ ਤਾਂ ਐਵੇਂ ਹੀ ਘਾਬਰਦਾ ਰਹਿੰਦਾ ਹੈ-
ਕਰਣ ਕਾਰਣ ਸਮਰਥੁ ਹੈ
ਘਟਿ ਘਟਿ ਸਭ ਬੋਲੈ॥ (ਅੰਗ 1102)
ਜਿਸ 'ਤੇ ਉਸ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਸ ਨੂੰ ਉਹ ਸਤਿਗੁਰੂ ਦੀ ਸੇਵਾ ਵਿਚ ਲਾਉਂਦਾ ਹੈ-
ਜਿਸੁ ਹੋਵਹਿ ਆਪਿ ਦਇਆਲੁ
ਤਿਸੁ ਸਤਿਗੁਰ ਸੇਵਾ ਲਾਵਹੀ॥ (ਅੰਗ 1095)
ਅਜਿਹਾ ਸਾਧਕ ਜੋ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ, ਉਸ ਨੂੰ ਕਿਸੇ ਪ੍ਰਕਾਰ ਦੀ ਤੋਟ ਅਥਵਾ ਘਾਟ ਨਹੀਂ ਰਹਿੰਦੀ-
ਤਿਸੁ ਕਦੇ ਨ ਆਵੈ ਤੋਟਿ
ਜੋ ਹਰਿ ਗੁਣ ਗਾਵਹੀ॥
(ਅੰਗ 1095)
ਤੋਟਿ-ਘਾਟ।
ਰਾਗੁ ਆਸਾ ਮਹਲਾ ੧ ਪਟੀ ਲਿਖੀ ਵਿਚ ਗੁਰੂ ਬਾਬੇ ਦੇ ਪਾਵਨ ਬਚਨ ਹਨ-
ਢਢੈ ਢਾਹਿ ਉਸਾਰੈ ਆਪੇ
ਜਿਉ ਤਿਸੁ ਭਾਵੈ ਤਿਵੈ ਕਰੇ॥
ਕਰਿ ਕਰਿ ਵੇਖੈ ਹੁਕਮੁ ਚਲਾਏ
ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ॥ (ਅੰਗ 433)
ਭਾਵ ਪਰਮਾਤਮਾ ਆਪ ਹੀ ਜਗਤ ਨੂੰ ਨਾਸ ਕਰਨ ਵਾਲਾ ਹੈ ਅਤੇ ਆਪ ਹੀ ਇਸ ਦੀ ਉਸਾਰੀ ਕਰਨ ਵਾਲਾ ਹੈ ਭਾਵ ਜਿਵੇਂ ਉਸ ਨੂੰ ਚੰਗਾ ਲਗਦਾ ਹੈ, ਉਹ ਕਰਦਾ ਹੈ। ਪਰਮਾਤਮਾ ਜੀਵਾਂ ਨੂੰ ਪੈਦਾ ਕਰਕੇ ਫਿਰ ਆਪ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ ਅਤੇ ਸਭਨਾਂ 'ਤੇ ਆਪਣਾ ਹੁਕਮ ਚਲਾਉਂਦਾ ਹੈ, ਸਭਨਾਂ ਨੂੰ ਆਪਣੇ ਹੁਕਮ ਵਿਚ ਰੱਖਦਾ ਹੈ। ਜਿਸ-ਜਿਸ 'ਤੇ ਉਸ ਦੀ ਨਜ਼ਰ ਸਵੱਲੀ ਹੁੰਦੀ ਹੈ, ਉਹ (ਇਸ ਭਵਸਾਗਰ 'ਚੋਂ) ਤਰ ਕੇ ਪਾਰ ਲੰਘ ਜਾਂਦਾ ਹੈ।
ਜਿੰਨੇ ਧਨਾਢ, ਉੱਚੀ ਕੁਲ ਵਾਲੇ ਅਤੇ ਜ਼ਮੀਨਾਂ ਦੇ ਮਾਲਕ ਦਿਸਦੇ ਹਨ ਇਹ ਸਭ ਇਸ ਤਰ੍ਹਾਂ ਨਾਸ ਹੋ ਜਾਣਗੇ ਜਿਵੇਂ ਕਸੁੰਭੇ ਦੇ ਕੱਚੇ ਰੰਗ ਨੂੰ ਜਾਂਦਿਆਂ (ਫਿੱਕੇ ਪੈਂਦਿਆਂ) ਦੇਰ ਨਹੀਂ ਲਗਦੀ-
ਜਿਤਨੇ ਧਨਵੰਤ ਕੁਲਵੰਤ ਮਿਲਖਵੰਤ
ਦੀਸਹਿ ਮਨ ਮੇਰੇ
ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ॥
(ਰਾਗੁ ਗੌਡ ਮਹਲਾ ੪, ਅੰਗ 861)
ਕੁਲਵੰਤ-ਉੱਚੀ ਕੁਲ ਵਾਲੇ। ਮਿਲਖਵੰਤ-ਜ਼ਮੀਨਾਂ ਦੇ ਮਾਲਕ। ਬਿਨਸਿ ਜਾਹਿ-ਨਾਸ ਹੋ ਜਾਣਗੇ। ਰੰਗੁ ਕਚਾਣੁ-ਕੱਚਾ ਰੰਗ।
ਇਸ ਲਈ ਹੇ ਮੇਰੇ ਮਨ, ਮਾਇਆ ਤੋਂ ਨਿਰਲੇਪ ਅਤੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਹਰ ਵੇਲੇ ਸਿਮਰਨ ਕਰ, ਜਿਸ ਸਦਕਾ ਤੈਨੂੰ ਦਰਗਾਹੇ ਮਾਣ-ਸਤਿਕਾਰ ਪ੍ਰਾਪਤ ਹੋਵੇਗਾ-
ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ
ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ॥ (ਅੰਗ 861)
ਸ਼ਬਦ ਦੇ ਅੱਖਰੀਂ ਅਰਥ : ਪ੍ਰਾਣੀ ਨੂੰ ਜਿਵੇਂ-ਜਿਵੇਂ ਗੁਰੂ ਦੇ ਗੁਣਾਂ ਨੂੰ ਆਖਣ (ਬੋਲਣ) ਦੀ ਸੋਝੀ ਪੈਂਦੀ ਹੈ, ਤਿਵੇਂ-ਤਿਵੇਂ ਉਸ ਦੇ ਗੁਣਾਂ ਨੂੰ ਆਖ-ਆਖ ਕੇ (ਮਨ ਵਿਚ) ਵਜਾਉਣਾ ਚਾਹੀਦਾ ਹੈ ਪਰ ਜਿਸ ਪ੍ਰਭੂ ਦੇ ਗੁਣਾਂ ਬਾਰੇ ਹੋਰਨਾਂ ਨੂੰ ਬੋਲ-ਬੋਲ ਕੇ ਸੁਣਾਈਦਾ ਹੈ, ਉਸ ਦੇ ਬਾਰੇ ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਕਿੰਨਾ ਕੁ ਵੱਡਾ ਹੈ ਅਤੇ ਕਿਸ ਥਾਂ 'ਤੇ ਉਸ ਦਾ ਵਾਸਾ ਹੈ। ਜਿੰਨੇ ਵੀ ਉਸ ਦੀ ਵਡਿਆਈ ਕਰਨ ਵਾਲੇ ਹਨ, ਉਹ ਸਾਰੇ ਉਸ ਵਿਚ ਲਿਵ ਨੂੰ ਜੋੜ ਕੇ ਪ੍ਰਭੂ ਦਾ ਜਸ ਗਾ (ਆਖ) ਰਹੇ ਹਨ।
ਹੇ ਭਾਈ, ਪਰਮਾਤਮਾ ਅਪਹੁੰਚ ਹੈ, ਸਾਡੀ ਪਹੁੰਚ ਤੋਂ ਪਰੇ ਹੈ ਅਤੇ ਉਸ ਦਾ ਪਾਰਲਾ ਬੰਨ੍ਹਾ ਲੱਭਿਆ ਨਹੀਂ ਜਾ ਸਕਦਾ। ਉਸ ਦਾ ਨਾਮ ਪਵਿੱਤਰ ਹੈ ਅਤੇ ਉਸ ਦਾ ਸਥਾਨ ਵੀ ਪਵਿੱਤਰ ਹੈ। ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਭ ਦੀ ਪਾਲਣਾ ਕਰਨ ਵਾਲਾ ਹੈ। ਹੇ ਪ੍ਰਭੂ, ਤੇਰਾ ਹੁਕਮ ਐਨਾ ਅਟੱਲ ਹੈ ਕਿ ਇਸ ਦੀ ਕਿਸੇ ਨੂੰ ਵੀ ਸੋਝੀ ਨਹੀਂ ਪਈ ਅਤੇ ਨਾ ਹੀ ਕੋਈ ਲਿਖ ਕੇ (ਇਸ ਭੇਦ ਨੂੰ) ਸਮਝਾ ਸਕਦਾ ਹੈ। ਜੇਕਰ ਸੈਂਕੜੇ ਕਵੀਆਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਵੀ ਯਤਨ ਕਰਨ ਦੇ ਬਾਵਜੂਦ ਕਲਪਨਾ ਦੁਆਰਾ ਇਕ ਤਿਲ ਮਾਤਰ ਤੇਰੀ ਵਡਿਆਈ ਨੂੰ ਸਮਝ ਨਹੀਂ ਸਕਦੇ। ਅਸਲ ਵਿਚ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਸਭ ਇਕ-ਦੂਜੇ ਤੋਂ ਸੁਣ-ਸੁਣ ਕੇ ਹੀ ਤੇਰੀ ਉਪਮਾ ਕਰਦੇ ਹਨ।
ਪੀਰ, ਪੈਗੰਬਰ, ਪਰਮਾਤਮਾ ਦਾ ਮਾਰਗ ਦਿਖਾਉਣ ਵਾਲੇ ਸਾਲਕ, ਪਰਮਾਤਮਾ 'ਤੇ ਭਰੋਸਾ ਰੱਖਣ ਵਾਲੇ ਸਿਦਕੀ ਲੋਕ, ਮਸਤ ਮਲੰਗ, ਸ਼ੇਖ, ਪ੍ਰਭੂ ਦਰ 'ਤੇ ਪੁੱਜੇ ਹੋਏ ਰਸੀਦ, ਸ਼ਹਾਦਤਾਂ ਦੇਣ ਵਾਲੇ ਸ਼ਹੀਦ, ਮੌਲਾਣੇ, ਦਰਵੇਸ਼ ਆਦਿ ਲੋਕਾਂ ਨੇ ਪ੍ਰਭੂ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ। ਕੇਵਲ ਉਨ੍ਹਾਂ ਨੂੰ ਹੀ (ਪ੍ਰਭੂ ਦੇ ਗੁਣਾਂ ਦੀ) ਬਰਕਤ ਪ੍ਰਾਪਤ ਹੋਈ ਹੈ, ਜੋ ਰੱਬ (ਅੱਲਾਹ) ਅੱਗੇ ਅਰਦਾਸ ਕਰਦੇ ਰਹਿੰਦੇ ਹਨ ਭਾਵ ਉਸ ਦਾ ਸਿਮਰਨ ਕਰਦੇ ਹਨ, ਉਸ ਨੂੰ ਯਾਦ ਕਰਦੇ ਹਨ।
ਪਰਮਾਤਮਾ ਕਿਸੇ ਨੂੰ ਪੁੱਛ ਕੇ ਸ੍ਰਿਸ਼ਟੀ ਦੀ ਰਚਨਾ ਨਹੀਂ ਕਰਦਾ ਅਤੇ ਨਾ ਹੀ ਕਿਸੇ ਪਾਸੋਂ ਪੁੱਛ ਕੇ ਇਸ ਨੂੰ ਢਾਹੁੰਦਾ ਹੈ। ਉਹ ਨਾ ਹੀ ਕਿਸੇ ਨੂੰ ਪੁੱਛ ਕੇ ਦਾਤਾਂ ਦਿੰਦਾ ਹੈ ਅਤੇ ਨਾ ਹੀ ਕਿਸੇ ਨੂੰ ਪੁੱਛ ਕੇ ਇਨ੍ਹਾਂ ਦਾਤਾਂ ਨੂੰ ਵਾਪਸ ਲੈਂਦਾ ਹੈ। ਆਪਣੀ ਰਚੀ ਹੋਈ ਕੁਦਰਤ ਬਾਰੇ ਉਹ ਆਪ ਹੀ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਸਭਨਾਂ ਜੀਆਂ ਨੂੰ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ ਪਰ ਜੋ ਉਸ ਨੂੰ ਭਾਵਦਾ ਹੈ, ਉਸ ਨੂੰ ਹੀ ਨਾਮ ਦੀ ਦਾਤ ਬਖਸ਼ਦਾ ਹੈ।
ਕਰਤੇ ਦੀ ਵਿਸ਼ਾਲ ਰਚਨਾ ਵਿਚੋਂ ਸਭ ਥਾਵਾਂ ਅਤੇ ਨਾਮਾਂ 'ਚੋਂ ਪ੍ਰਭੂ ਦਾ ਨਾਮ ਕਿੰਨਾ ਕੁ ਬੇਅੰਤ ਹੈ, ਇਸ ਨੂੰ ਜਾਣਿਆ ਨਹੀਂ ਜਾ ਸਕਦਾ। ਇਹ ਵੀ ਆਖਿਆ ਨਹੀਂ ਜਾ ਸਕਦਾ ਕਿ ਜਿਥੇ-ਜਿਥੇ ਮੇਰਾ ਪ੍ਰਭੂ ਪਾਤਸ਼ਾਹ ਵਸਦਾ ਹੈ, ਉਹ ਸਥਾਨ ਕਿੰਨਾ ਕੁ ਵੱਡਾ ਅਥਵਾ ਵਿਸ਼ਾਲ ਹੈ। ਉਸ ਸਥਾਨ ਤੱਕ ਕੋਈ ਅੱਪੜ ਨਹੀਂ ਸਕਦਾ। ਇਸ ਲਈ ਉਸ ਬਾਰੇ ਕਿਸ ਨੂੰ ਪੁੱਛਣ ਜਾਈਏ।
ਪ੍ਰਭੂ ਕਿਸੇ ਨੂੰ ਵੱਡਾ ਕਰਨ ਲੱਗਿਆਂ ਉਸ ਦੀ ਜਾਤ-ਕੁਜਾਤ ਭਾਵ ਵੱਡੀ-ਛੋਟੀ ਜਾਤ ਨਹੀਂ ਦੇਖਦਾ। ਸਭ ਵਡਿਆਈਆਂ ਤਾਂ ਵੱਡੇ ਮਾਲਕ (ਪਰਮਾਤਮਾ) ਦੇ ਹੱਥ ਵਿਚ ਹਨ। ਉਸ ਨੂੰ ਜੋ ਭਾਉਂਦਾ ਹੈ, ਚੰਗਾ ਲਗਦਾ ਹੈ, ਉਸ ਨੂੰ ਹੀ ਦਿੰਦਾ ਹੈ, ਜਿਸ ਨੂੰ ਫਿਰ ਆਪਣੇ ਹੁਕਮ ਵਿਚ ਰੱਖ ਕੇ ਉਸ ਦਾ ਜੀਵਨ ਸੰਵਾਰਨ ਵਿਚ ਰਤਾ ਭਰ ਢਿੱਲ (ਦੇਰੀ) ਨਹੀਂ ਕਰਦਾ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਉਲਟ ਹਾਲਾਤ ਵਿਚ ਵੀ ਧੀਰਜ ਸਫਲਤਾ ਤੱਕ ਪਹੁੰਚਾਉਂਦਾ ਹੈ

ਜੀਵਨ ਵਿਚ ਸੁੱਖ ਅਤੇ ਦੁੱਖ, ਸਫਲਤਾ ਅਤੇ ਅਸਫਲਤਾ, ਖੁਸ਼ੀ ਅਤੇ ਗ਼ਮੀ, ਸ਼ੋਹਰਤ ਤੇ ਬਦਨਾਮੀ ਨਾਲ-ਨਾਲ ਚਲਦੇ ਹਨ। ਸਵਾਮੀ ਵਿਵੇਕਾਨੰਦ ਵੀ ਗੀਤਾਂ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ ਕਿ ਸਾਡਾ ਜੀਵਨ ਵੀ ਗੁਣਾਂ ਅਤੇ ਅਵਗੁਣਾਂ ਦਾ ਮਿਸ਼ਰਣ ਹੈ। ਸਾਡੇ ਜੀਵਨ ਵਿਚ ਵੀ ਵਿਪਰੀਤ ਹਾਲਤਾਂ ਆਉਂਦੀਆਂ ਰਹਿੰਦੀਆਂ ਹਨ। ਵਿਪਰੀਤ ਹਾਲਤਾਂ ਵਿਚ ਨਿਕਲ ਕੇ ਸਫਲਤਾ ਵੱਲ ਜਾਂਦੀ ਹਰ ਰਾਹ ਅਜੀਬ ਹੁੰਦੀ ਹੈ। ਸੁਖਾਵੇਂ ਹਾਲਾਤ ਵਿਚ ਤਾਂ ਹਰ ਕੋਈ ਵਿਚਰ ਸਕਦਾ ਹੈ ਪਰ ਜੀਵਨ ਉਨ੍ਹਾਂ ਦਾ ਸਾਰਥਕ ਹੈ, ਜੋ ਵਿਪਰੀਤ ਹਾਲਤਾਂ ਵਿਚ ਵੀ ਘਬਰਾਉਂਦੇ ਨਹੀਂ ਅਤੇ ਲਗਨ ਨਾਲ ਮਿਹਨਤ ਕਰਦੇ ਹਨ। ਵਿਪਰੀਤ ਹਾਲਤਾਂ ਸਾਨੂੰ ਨਿਰਾਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹੀਆਂ ਹਾਲਤਾਂ ਵਿਚ ਕਮਜ਼ੋਰ ਮਾਨਸਿਕਤਾ ਵਾਲੇ ਘਬਰਾ ਕੇ ਹਤਾਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਚਰਿੱਤਰ ਵੀ ਬਦਲਣ ਲਗਦਾ ਹੈ। ਪਰ ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਵਿਅਕਤੀ ਭਾਵੇਂ ਜਿਹੜੇ ਵੀ ਖੇਤਰ ਦਾ ਹੋਵੇ, ਕੇਵਲ ਲਗਨ ਅਤੇ ਮਿਹਨਤ ਵਾਲੇ ਹੀ ਇਤਿਹਾਸ ਸਿਰਜਦੇ ਹਨ। ਭਾਵੇਂ ਦੇਰ ਲੱਗ ਜਾਵੇ, ਮਿਹਨਤ ਅਤੇ ਲਗਨ ਵਾਲੇ ਵਿਅਕਤੀ ਦੇ ਰਾਹ ਵਿਚੋਂ ਔਕੜਾਂ ਮਿਟ ਜਾਂਦੀਆਂ ਹਨ। ਮਿਹਨਤੀ ਲੋਕ ਮੁਸੀਬਤਾਂ ਭਰੇ ਹਾਲਾਤ ਵਿਚੋਂ ਲੰਘ ਕੇ ਹੋਰ ਵੀ ਮਜ਼ਬੂਤ ਹੋ ਕੇ ਨਿਕਲਦੇ ਹਨ। ਜਿਵੇਂ ਤਪਸ਼ ਨਾਲ ਸੋਨੇ ਦੀ ਚਮਕ ਵਧਦੀ ਹੈ, ਉਸੇ ਤਰ੍ਹਾਂ ਮਿਹਨਤੀ ਵਿਅਕਤੀ ਵਿਪਰੀਤ ਹਾਲਤਾਂ ਨੂੰ ਸੁਨਹਿਰੀ ਹਾਲਤਾਂ ਵਿਚ ਰੁਪਾਂਤ੍ਰਿਤ ਕਰ ਦਿੰਦੇ ਹਨ। ਸਾਡਾ ਸਰੀਰ ਤਾਂ ਇਕ ਯੰਤਰ ਹੈ, ਜਿਸ ਨੂੰ ਊਰਜਾ ਤਾਂ ਇਸ ਦੀ ਇੱਛਾਸ਼ਕਤੀ ਅਤੇ ਮਿਹਨਤ ਤੋਂ ਪ੍ਰਾਪਤ ਹੁੰਦੀ ਹੈ। ਮਾਨਸਿਕ ਰੁਕਾਵਟ ਵਾਲੇ ਹਾਲਾਤ ਖਤਰਨਾਕ ਹੁੰਦੇ ਹਨ ਪਰ ਸ਼ਾਂਤ ਚਿੱਤ, ਸੰਕਲਪ, ਲਗਨ ਤੇ ਮਿਹਨਤ ਅੱਗੇ ਰੁਕਾਵਟਾਂ ਨਹੀਂ ਟਿਕਦੀਆਂ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 86991-47667

ਧਾਰਮਿਕ ਸਾਹਿਤ

ਅਸੀਂ ਕਦੋਂ ਬਣਾਂਗੇ ਸਿੱਖਾਂ ਤੋਂ ਖ਼ਾਲਸੇ
ਲੇਖਕ : ਪ੍ਰਿੰਸੀਪਲ ਬਲਵਿੰਦਰ ਸਿੰਘ ਫ਼ਤਹਿਪੁਰੀ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਹਾਲ ਬਾਜ਼ਾਰ, ਅੰਮ੍ਰਿਤਸਰ।
ਕੀਮਤ : 250 ਰੁਪਏ, ਪੰਨੇ : 224
ਸੰਪਰਕ : 98146-19342


ਇਕ ਪ੍ਰਭਾਵਸ਼ਾਲੀ ਅਤੇ ਅਸਰਦਾਰ ਲੇਖ ਸੰਗ੍ਰਹਿ ਦੇ ਰੂਪ ਵਿਚ ਲਿਖੀ ਗਈ ਇਹ ਕਿਤਾਬ ਵਾਕਈ ਇਕ ਧਾਰਮਿਕ ਅਹਿਮੀਅਤ ਵਾਲਾ ਸਾਹਿਤ ਸਾਬਤ ਹੁੰਦੀ ਹੈ। ਇਸ ਕਿਤਾਬ ਵਿਚ ਲੇਖਕ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ ਨੇ ਕੁੱਲ 57 ਲੇਖਾਂ ਰਾਹੀਂ ਆਧੁਨਿਕ ਸਮੇਂ ਦੇ ਸਿੱਖ ਮਾਹੌਲ ਦਾ ਹਾਲ ਬਿਆਨ ਕੀਤਾ ਹੈ। ਸਿੱਖ ਧਰਮ ਜੋ ਏਨੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਦੀ ਲੰਮੇਰੀ ਫੇਹਰਿਸਤ ਸਦਕਾ ਮਾਣ ਨਾਲ ਸਿਰ ਉੱਚਾ ਚੁੱਕ ਕੇ ਤੁਰਦਾ ਹੈ, ਪਰ ਉਸ ਵਿਚ ਆਈਆਂ ਤਮਾਮ ਊਣਤਾਈਆਂ ਨੂੰ ਲੇਖਕ ਨੇ ਇਸ ਕਿਤਾਬ ਰਾਹੀਂ ਤਰਤੀਬਵਾਰ ਕੀਤਾ ਹੈ। ਹਰ ਇਕ ਲੇਖ ਸਿੱਖ ਧਰਮ ਦੇ ਹਰ ਇਕ ਅਜੋਕੇ ਪਹਿਲੂ ਨੂੰ ਦੱਸਦਾ ਹੋਇਆ ਗੱਲ ਅੱਗੇ ਤੋਰਦਾ ਹੈ। ਸਿੱਖ ਕੌਮ ਨੂੰ ਆਧੁਨਿਕ ਸਮੇਂ ਵਿਚ ਅਤੇ ਖਾਸ ਕਰ ਪਿਛਲੀ ਸਦੀ ਦੌਰਾਨ ਜੋ ਸਮਾਂ ਵੇਖਣਾ ਪਿਆ, ਉਸ ਨੂੰ ਲੇਖਕ ਨੇ ਵੱਖ-ਵੱਖ ਲੇਖਾਂ ਦੇ ਮਾਧਿਅਮ ਰਾਹੀਂ ਇਕ ਬਿਹਤਰੀਨ ਬਣਤਰ ਸਮੇਤ ਪ੍ਰਸਤੁਤ ਕੀਤਾ ਹੈ ਅਤੇ ਇਹ ਕਿਤਾਬ ਹਰ ਪੱਖੋਂ ਪੜ੍ਹਨ ਯੋਗ ਬਣਾ ਦਿੱਤੀ ਹੈ। ਇਹ ਕਿਤਾਬ ਸਿੱਖੀ ਤੋਂ ਖਾਲਸਾ ਬਣਨ ਦੀ ਤਾਂਘ ਨੂੰ ਪ੍ਰਗਟ ਕਰਦੀ ਹੈ ਅਤੇ ਕੁੱਲ ਮਿਲਾ ਕੇ ਇਸ ਕਿਤਾਬ ਦੇ ਹਰ ਲੇਖ ਵਿਚ ਇਸ ਭਾਵ ਦੀ ਤਰਜਮਾਨੀ ਬਾਖੂਬੀ ਹੋ ਜਾਂਦੀ ਹੈ। ਕਿਤਾਬ ਦਾ ਆਗਾਜ਼ ਸਵੈ-ਪੜਚੋਲ ਸੁਰ ਵਾਲੇ ਲੇਖ 'ਪੰਥ ਨੂੰ ਅੰਦਰ ਝਾਤ ਦੀ ਲੋੜ' ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਉਪਰੰਤ ਕਿਤਾਬ ਦੇ ਸਿਰਲੇਖ ਯਾਨੀ 'ਅਸੀਂ ਕਦੋਂ ਬਣਾਂਗੇ ਸਿੱਖ ਤੋਂ ਖਾਲਸੇ?', 'ਸਰਬੱਤ ਦਾ ਭਲਾ', 'ਅਕਾਲ ਪੁਰਖ ਕੀ ਫੌਜ', 'ਸਿੰਘਾਂ ਦੀ ਜੀਵਨ ਜਾਚ' 'ਸਿੱਖ ਅਤੇ ਭਾਰਤ' ਜਿਥੇ ਚਲੰਤ ਮਾਮਲਿਆਂ ਦੀ ਗੱਲ ਤੋਰਦੇ ਹਨ, ਉਥੇ 'ਢੌਂਗੀਆਂ ਦੇ ਵੱਗ ਫਿਰਦੇ', 'ਮੈਂ ਜੀਵਾਂ ਮਰੇ ਪੰਥ', 'ਕਾਹਦੇ ਸਿੱਖ ਹੋ ਤੁਸੀਂ', 'ਸਿੱਖੋ ਜੀਣਾ ਸਿੱਖੋ' ਅਜਿਹੇ ਲੇਖ ਹਨ ਜੋ ਪਾਠਕ ਨੂੰ ਅਜੋਕੇ ਹਾਲਾਤ ਦੀ ਉਹ ਤਸਵੀਰ ਵਿਖਾ ਕੇ ਸੋਚੀਂ ਪਾ ਦਿੰਦੇ ਹਨ, ਜੋ ਸ਼ਾਇਦ ਉਨ੍ਹਾਂ ਆਮ ਤੌਰ 'ਤੇ ਮਹਿਸੂਸ ਨਹੀਂ ਕੀਤੀ ਹੁੰਦੀ। ਇਸੇ ਤਰ੍ਹਾਂ ਇਸ ਕਿਤਾਬ ਵਿਚ 'ਸਿਆਸਤਾਂ ਨਹੀਂ ਆਉਂਦੀਆਂ', 'ਦੇਸੀ ਸਿੱਖ ਅਤੇ ਵਲੈਤੀ ਸਿੱਖ', 'ਮਾਰਕਸਵਾਦ ਅਤੇ ਸਿੱਖੀ', 'ਸਵਾ ਲੱਖ ਵਾਲਾ ਭਾਰਤ' ਮਹਿਜ਼ ਪੰਜਾਬ ਦੀ ਸਿੱਖੀ ਅਤੇ ਦੇਸ਼ ਅੰਦਰਲੀ ਸਿੱਖੀ ਤੱਕ ਸੀਮਤ ਨਾ ਹੋ ਕੇ ਸਿੱਖ ਕੌਮ ਸਬੰਧੀ ਇਕ ਦੁਨਿਆਵੀ ਨਜ਼ਰੀਆ ਪੇਸ਼ ਕਰਦੇ ਹਨ। ਲੇਖਕ ਨੇ ਹਰ ਲੇਖ ਵਿਚ ਆਪਣੇ ਵਿਚਾਰਾਂ ਦੇ ਨਾਲ-ਨਾਲ ਉਦਾਹਰਨਾਂ ਅਤੇ ਮਿਸਾਲਾਂ ਵੀ ਬਾਖੂਬੀ ਪੇਸ਼ ਕੀਤੀਆਂ ਹਨ, ਜਿਨ੍ਹਾਂ ਸਦਕਾ ਸਾਰਾ ਵਿਸ਼ਾ ਵਸਤੂ ਤਰਕ ਆਧਾਰਿਤ ਅਤੇ ਠੋਸ ਪ੍ਰਤੀਤ ਹੁੰਦਾ ਹੈ ਅਤੇ ਕਿਤਾਬ ਪੜ੍ਹਦੇ-ਪੜ੍ਹਦੇ ਪਾਠਕ ਲੇਖਕ ਨਾਲ ਸਹਿਮਤ ਹੁੰਦਾ ਜਾਂਦਾ ਹੈ। ਸਿੱਖ ਕੌਮ ਦੀ ਮੌਜੂਦਾ ਦਿਸ਼ਾ ਤੇ ਦਸ਼ਾ ਬਾਰੇ ਬਹੁਤ ਕੁਝ ਲਿਖਿਆ ਜਾਂਦਾ ਹੈ ਪਰ ਇਸ ਕਿਤਾਬ ਦੀ ਬੇਬਾਕੀ ਅਤੇ ਇਸ ਅੰਦਰਲਾ ਨਿਰੋਲ ਸੱਚ ਇਸ ਨੂੰ ਵਾਕਈ ਨਿਵੇਕਲਾ ਰੂਪ ਦਿੰਦਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023

ਛੋਟਾ ਘੱਲੂਘਾਰਾ ਕਾਹਨੂੰਵਾਨ (ਗੁਰਦਾਸਪੁਰ) ਇਕ ਖੂਨੀ ਦੁਖਾਂਤ

ਇਹ ਦੁਖਾਂਤ 17 ਮਈ, 1746 ਈ: ਨੂੰ ਵਾਪਰਿਆ ਸੀ, ਜਿਸ ਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਕਿਹਾ ਜਾਂਦਾ ਹੈ। ਇਤਿਹਾਸ ਦੇ ਪੰਨੇ ਫਰੋਲਿਆਂ ਪਤਾ ਲੱਗਦਾ ਹੈ ਕਿ 1726 ਈ: ਨੂੰ ਅਬਦੁਸ-ਸੱਮਦ ਖਾਂ ਦੀ ਥਾਂ 'ਤੇ ਉਸ ਦੇ ਪੁੱਤਰ ਜ਼ਕਰੀਆਂ ਖਾਂ (ਖਾਨ ਬਹਾਦਰ) ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਗਿਆ ਸੀ। ਅੱਗੇ ਜਕਰੀਆਂ ਖਾਂ ਦਾ ਪੁੱਤਰ ਯਹੀਆਂ ਖਾਂ ਸੀ, ਜੋ ਆਪਣੇ ਪਿਤਾ ਜਕਰੀਆਂ ਖਾਂ ਦੀ ਤਰ੍ਹਾਂ ਹੀ ਜ਼ਾਲਮ ਤੇ ਬਹੁਤ ਨਿਰਦਈ ਸੀ। ਯਹੀਆ ਖਾਂ ਨੇ ਲੱਖਪਤ ਰਾਏ ਤੇ ਉਸ ਦੇ ਭਰਾ ਜਸਪਤ ਰਾਏ ਨੂੰ ਏਮਨਾਬਾਦ ਦਾ ਫ਼ੌਜਦਾਰ ਨਿਯੁਕਤ ਕੀਤਾ ਸੀ। ਉਸ ਨੇ ਇਨ੍ਹਾਂ ਨੂੰ ਬਹੁਤ ਜ਼ਿਆਦਾ ਅਧਿਕਾਰ ਦੇ ਰੱਖੇ ਸਨ। ਸੰਨ 1746 ਈ: ਵਿਚ ਜਸਪਤ ਰਾਏ ਨੇ ਆਮ ਜਨਤਾ 'ਤੇ ਹੱਦੋਂ ਵੱਧ ਸਖ਼ਤੀ ਕਰਕੇ ਜ਼ਜ਼ੀਆ ਵਸੂਲਣਾ ਸ਼ੁਰੂ ਕਰ ਦਿੱਤਾ ਤਾਂ ਬਹੁਤ ਲੋਕ ਤੰਗ ਆ ਕੇ ਖਾਲਸਾ ਫ਼ੌਜ ਵਿਚ ਭਰਤੀ ਹੋ ਗਏ। ਸਿੱਖਾਂ ਦਾ ਇਹ ਜਥਾ ਘੁੰਮਦਾ-ਘੁੰਮਾਉਂਦਾ ਏਮਨਾਬਾਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਰੋੜੀ ਸਾਹਿਬ ਪਹੁੰਚ ਗਿਆ। ਫ਼ੌਜਦਾਰ ਜਸਪਤ ਰਾਏ ਨੂੰ ਇਤਲਾਹ ਮਿਲੀ ਕਿ ਸਿੱਖਾਂ ਦਾ ਇਕ ਜਥਾ ਗੁ: ਰੋੜੀ ਸਾਹਿਬ ਆ ਕੇ ਠਹਿਰਿਆ ਹੋਇਆ ਹੈ।
ਜਸਪਤ ਰਾਏ ਫ਼ੌਜ ਲੈ ਕੇ ਉੱਥੇ ਪਹੁੰਚ ਗਿਆ ਤੇ ਸਿੱਖਾਂ ਨੂੰ ਕਹਿਣ ਲੱਗਾ ਕਿ 'ਤੁਸੀ ਇੱਥੋਂ ਚਲੇ ਜਾਉ', ਤਾਂ ਅੱਗੋਂ ਸਿੱਖਾਂ ਨੇ ਕਿਹਾ ਕਿ 'ਸਾਡੇ ਪਾਸ ਰਸਦ ਪਾਣੀ ਖਤਮ ਹੋ ਚੁੱਕਾ ਹੈ। ਅਸੀਂ ਇਕ ਰਾਤ ਇੱਥੇ ਠਹਿਰ ਕੇ ਰਸਦ ਪਾਣੀ ਇਕੱਠਾ ਕਰਕੇ ਸੁਭਾ ਹੁੰਦਿਆਂ ਹੀ ਇਥੋਂ ਚਲੇ ਜਾਵਾਂਗੇ।' ਪਰ ਜਸਪਤ ਰਾਏ ਕਿੱਥੇ ਮੰਨਣ ਵਾਲਾ ਸੀ। ਉਹ ਤਾਂ ਮੌਕੇ ਦੀ ਭਾਲ ਵਿਚ ਸੀ। ਉਸ ਨੇ ਸਿੱਖਾਂ ਉੱਪਰ ਹਮਲਾ ਕਰ ਦਿੱਤਾ। ਸਿੱਖਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਲੜਾਈ ਲੜਨੀ ਪਈ। ਦੋਵੇਂ ਪਾਸਿਉਂ ਗਹਿਗੱਚ ਲੜਾਈ ਹੋਈ। ਇਸੇ ਲੜਾਈ ਦੌਰਾਨ ਹੀ ਨਿਰਭੈ ਸਿੰਘ ਨਾਂਅ ਦੇ ਇਕ ਸਿੱਖ ਨੇ ਬਿਜਲੀ ਦੀ ਤਰ੍ਹਾਂ ਫੁਰਤੀ ਦਿਖਾਉਂਦਿਆ ਫ਼ੌਜਦਾਰ ਜਸਪਤ ਰਾਏ ਦੇ ਹਾਥੀ ਦੀ ਪੂਛ ਫੜ ਕੇ ਹਾਥੀ ਉੱਪਰ ਚੜ੍ਹ ਕੇ ਬੈਠੇ ਜਸਪਤ ਰਾਏ ਦੀ ਗਰਦਨ ਉਡਾ ਦਿੱਤੀ। ਜਸਪਤ ਰਾਏ ਦੀ ਮੌਤ ਨਾਲ ਮੁਗ਼ਲ ਫ਼ੌਜ ਵਿਚ ਭਗਦੜ ਮਚ ਗਈ ਤੇ ਫ਼ੌਜ ਉੱਥੋਂ ਭੱਜ ਗਈ। ਸਿੱਖਾਂ ਮੌਕਾ ਸੰਭਾਲਦਿਆਂ ਜਿਨਾ ਹੋ ਸਕਦਾ ਸੀ, ਏਮਨਾਬਾਦ ਸ਼ਹਿਰ ਵਿਚੋਂ ਰਸਦ ਪਾਣੀ ਇਕੱਠਾ ਕਰ ਲਿਆ।
ਜਸਪਤ ਰਾਏ ਦੀ ਮੌਤ ਦੀ ਖਬਰ ਜਦ ਉਸ ਦੇ ਭਰਾ ਲਖਪਤ ਰਾਏ ਨੂੰ ਲੱਗੀ ਤਾਂ ਉਹ ਲਾਹੌਰ ਪਹੁੰਚ ਗਿਆ ਤੇ ਲਾਹੌਰ ਦਰਬਾਰ ਮਿੰਨਤਾਂ-ਤਰਲੇ ਕਰਨ ਲੱਗਾ। ਆਪਣੇ ਸਿਰ ਤੋਂ ਪਗੜੀ ਉਤਾਰ ਕੇ ਕਸਮ ਖਾਧੀ ਕਿ ਜਿੰਨਾ ਚਿਰ ਸਿੱਖਾਂ ਦਾ ਖੁਰਾ-ਖੋਜ ਨਹੀਂ ਮਿਟਾ ਲੈਂਦਾ, ਮੈਂ ਆਪਣੇ ਸਿਰ 'ਤੇ ਪੱਗ ਨਹੀਂ ਬੰਨ੍ਹਾਂਗਾ। ਇਸ ਜ਼ਾਲਮਾਨਾ ਕਾਰਵਾਈ ਦੀ ਆਰੰਭਤਾ ਉਸ ਨੇ ਲਾਹੌਰ ਸ਼ਹਿਰ ਤੋਂ ਹੀ ਕਰ ਦਿੱਤੀ। ਲਖਪਤ ਰਾਏ ਦੀ ਦਰਿੰਦਗੀ ਦੀ ਖਬਰ ਜਦ ਕਪੂਰ ਸਿੰਘ ਨੂੰ ਲੱਗੀ ਤਾਂ ਉਸ ਨੇ ਸਿਰਕੱਢ ਸਿੱਖ ਆਗੂਆਂ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸੁਨੇਹੇ ਭੇਜ ਕੇ ਗੁਰਦਾਸਪੁਰ ਜ਼ਿਲ੍ਹੇ ਦੀ ਕਾਹਨੂੰਵਾਨ ਛੰਭ, ਜੋ ਮੁਕੇਰੀਆਂ ਨੂੰ ਜਾਂਦੀ ਸੜਕ 'ਤੇ 8 ਕਿਲੋਮੀਟਰ ਦੂਰ ਫ਼ੌਜੀ ਛਾਉਣੀ ਤਿੱਬੜ ਤੋਂ ਸੱਜੇ ਪਾਸੇ ਨੂੰ 4 ਕਿਲੋਮੀਟਰ 'ਤੇ ਸਥਿਤ ਹੈ, ਵਿਖੇ ਇਕੱਠੇ ਹੋਣ ਦੇ ਸੰਦੇਸ਼ੇ ਭੇਜੇ।
ਸ: ਜੱਸਾ ਸਿੰਘ ਆਹਲੂਵਾਲੀਆ ਵੀ ਇਸ ਲੜਾਈ ਵਿਚ ਅੱਗੇ ਹੋ ਕੇ ਲੜੇ। ਇਸ ਗੱਲ ਦੇ ਪ੍ਰਮਾਣ ਰਤਨ ਸਿੰਘ ਭੰਗੂ ਰਚਿਤ 'ਪੰਥ ਪ੍ਰਕਾਸ਼' ਵਿਚ ਮਿਲਦੇ ਹਨ। ਇਸ ਛੰਭ ਵਿਚ ਕੋਈ 15,000 ਸਿੱਖ ਇਕੱਠੇ ਹੋ ਗਏ। ਕਈ ਇਤਿਹਾਸਕਾਰਾਂ ਨੇ ਇਹ ਗਿਣਤੀ 25,000 ਵੀ ਲਿਖੀ ਹੈ। ਸੂਹ ਮਿਲਣ 'ਤੇ ਜਕਰੀਆਂ ਖਾਂ ਦਾ ਪੁੱਤਰ ਯਹੀਆਂ ਖਾਂ ਤੇ ਲਖਪਤ ਰਾਏ ਆਪਣੀ ਭਾਰੀ ਭਰਕਮ ਗੋਲੇ ਬਾਰੂਦ ਨਾਲ ਲੈਸ ਫ਼ੌਜ ਲੈ ਕੇ ਹਮਲਾ ਕਰਨ ਲਈ ਆਣ ਪਹੁੰਚੇ। ਇਹ ਲੜਾਈ ਕਾਫੀ ਲੰਬੀ ਲਗਪਗ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲੀ। ਏਨੀ ਲੰਬੀ ਲੜਾਈ ਚੱਲਣ ਕਰਕੇ ਸਿੰਘਾਂ ਦਾ ਕੌੜਾ ਮੱਲ ਵਲੋਂ ਭੇਜਿਆ ਹੋਇਆ ਰਾਸ਼ਣ-ਪਾਣੀ ਵੀ ਖਤਮ ਹੋ ਗਿਆ। ਗੋਲੀ ਸਿੱਕਾ ਖਤਮ ਹੋ ਗਿਆ, ਲੜਦੇ-ਲੜਦੇ ਹਥਿਆਰ ਵੀ ਖੁੰਢੇ ਹੋ ਗਏ। ਲਖਪਤ ਰਾਏ ਦਾ ਮਾਮਾ ਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਗਏ। ਲਖਪਤ ਰਾਏ ਨੇ ਗੁੱਸੇ ਵਿਚ ਅੰਨ੍ਹੇ ਹੋਏ ਨੇ ਛੰਭ ਨੂੰ ਅੱਗ ਲਗਵਾ ਦਿੱਤੀ ਤੇ ਮਜਬੂਰ ਹੋ ਕੇ ਭੁੱਖਣ ਭਾਣੇ ਸਿੰਘਾਂ ਨੂੰ ਛੰਭ ਵਿਚੋਂ ਨਿਕਲਣਾ ਪਿਆ। ਸਿੱਖ ਛੰਭ ਵਿਚੋਂ ਨਿਕਲ ਕੇ ਮੁਗ਼ਲ ਫ਼ੌਜਾਂ ਨਾਲ ਲੜਦੇ-ਲੜਦੇ ਬਿਆਸ ਦਰਿਆ ਵੱਲ ਨੂੰ ਹੋ ਤੁਰੇ, ਪਰ ਅੱਗੇ ਬਿਆਸ ਦਰਿਆ ਵੀ ਚੜ੍ਹਿਆਂ ਹੋਇਆ, ਠਾਠਾਂ ਮਾਰ ਰਿਹਾ ਸੀ। ਘੋੜੇ ਵੀ ਬੜੇ ਕਮਜ਼ੋਰ ਹੋ ਚੁੱਕੇ ਸਨ। ਅੱਗੇ ਟੋਇਆ ਤੇ ਪਿੱਛੇ ਖਾਈ ਵਾਲੀ ਗੱਲ ਹੋ ਗਈ। ਲੜਾਈ ਸ਼ੁਰੂ ਹੋ ਗਈ, ਕਈ ਸਿੱਖ ਮੁਗ਼ਲਾਂ ਨਾਲ ਲੜਦੇ ਸ਼ਹੀਦ ਹੋ ਗਏ। ਇਨ੍ਹਾਂ ਵਿਚੋਂ ਇਕ ਜਥੇ ਦੇ ਮੋਢੀ ਸੁੱਖਾ ਸਿੰਘ ਵਰਗਿਆਂ ਨੇ ਮੁਗ਼ਲ ਫ਼ੌਜ ਦੇ ਚੰਗੇ ਆਹੂ ਲਾਹੇ ਤੇ ਆਪ ਵੀ ਜ਼ਖਮੀ ਹੋ ਗਿਆ। ਕਾਫੀ ਜੱਦੋ- ਜਹਿਦ ਕਰਦਿਆਂ ਸਿੱਖ ਦਰਿਆ ਵਿਚ ਠਿੱਲ ਪਏ। ਕਈ ਰੁੜ੍ਹ ਗਏ, ਕਈ ਬਚ ਕੇ ਪਹਾੜਾਂ ਵੱਲ ਚਲੇ ਗਏ ਤੇ ਕਈ ਕੀਰਤਪੁਰ ਸਾਹਿਬ ਵੱਲ ਚਲੇ ਗਏ। ਕਈ ਮੁਗ਼ਲਾਂ ਨੇ ਕੈਦ ਕਰ ਲਏ। ਇਸ ਲੜਾਈ ਵਿਚ ਲਗਪਗ 7,000 ਹਜ਼ਾਰ (ਕਈ ਇਤਿਹਾਸਕਾਰਾਂ ਮੁਤਾਬਿਕ ਗਿਣਤੀ 11,000 ਹਜ਼ਾਰ) ਦੇ ਕਰੀਬ ਸ਼ਹੀਦੀਆਂ ਹੋਈਆਂ ਤੇ 3,000 ਹਜ਼ਾਰ (ਕਈਆਂ ਨੇ ਇੱਥੇ ਗਿਣਤੀ 2,000 ਲਿਖੀ ਹੈ) ਦੇ ਕਰੀਬ ਸਿੱਖਾਂ ਨੂੰ ਕੈਦ ਕਰਕੇ ਲਖਪਤ ਰਾਏ ਲਾਹੌਰ ਲੈ ਗਿਆ। ਲਾਹੌਰ ਦੇ ਨਾਖਾਸ ਚੌਕ ਵਿਚ ਬੜੇ ਹੀ ਜ਼ਾਲਮਾਨਾ ਤਰੀਕੇ ਨਾਲ ਤਸੀਹੇ ਦੇ ਕੇ ਸਿਰਾਂ ਦੇ ਢੇਰ ਲਗਾ ਦਿੱਤੇ। ਸਰੀਰਾਂ ਨੂੰ ਮਸੀਤਾਂ ਦੀਆਂ ਦੀਵਾਰਾਂ ਵਿਚ ਦੱਬ ਦਿੱਤਾ ਗਿਆ। ਖੂਨ ਨਾਲ ਮਸੀਤਾਂ ਦੇ ਫਰਸ਼ ਧੋਤੇ ਗਏ। ਇਸ ਮੰਦਭਾਗੀ ਘਟਨਾ ਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ। ਪ੍ਰਣਾਮ ਸ਼ਹੀਦਾਂ ਨੂੰ।


-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
email: dharmindersinghchabba@gmail.com

ਬਾਬਾ ਬਚਿੱਤਰ ਸਿੰਘ ਦੀ ਯਾਦ

(1886-1968)

ਮੈਨੂੰ ਬੜੀ ਖੁਸ਼ੀ ਹੈ ਕਿ ਬਾਬਾ ਬਚਿਤਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੇ ਪਿੰਡ ਰਾਮਪੁਰ ਵਿਖੇ ਇਕ ਗੁਰਦੁਆਰਾ ਅਤੇ ਆਸ਼ਰਮ ਬਣਾ ਕੇ ਇਲਾਕੇ ਦੇ ਲੋਕਾਂ ਦੀ ਬੜੀ ਸੇਵਾ ਕੀਤੀ ਹੈ। ਬਾਬਾ ਬਚਿਤਰ ਸਿੰਘ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਹੇ, ਉਹ ਇਕ ਪੂਰਨ ਗੁਰਸਿੱਖ ਦਾ ਜੀਵਨ ਬਤੀਤ ਕਰਦੇ ਸਨ, ਸੰਤ ਅਤਰ ਸਿੰਘ ਮਸਤੂਆਣਾ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਨ੍ਹਾਂ ਦੇ ਨਾਲ ਰਹੇ, ਫਿਰ ਸੰਤ ਭਗਵਾਨ ਸਿੰਘ ਰੈੜੂ ਸਾਹਿਬ ਦੀ ਸੰਗਤ ਕੀਤੀ ਤੇ ਦੁਰਾਂਹ ਦਾ ਇਲਾਕਾ, ਜੋ ਪਟਿਆਲਾ ਰਿਆਸਤ ਵਿਚ ਸੀ, ਉਥੇ ਸਿੱਖੀ ਦਾ ਪ੍ਰਚਾਰ ਕੀਤਾ। ਹਰ ਵਕਤ ਭਜਨ ਬੰਦਗੀ ਅਤੇ ਲੋਕ ਭਲਾਈ ਕਰਨਾ ਉਨ੍ਹਾਂ ਦੀ ਵਡਿਆਈ ਸੀ। 1953 ਵਿਚ 27 ਦਸੰਬਰ ਨੂੰ ਫ਼ਤਹਿਗੜ੍ਹ ਸਾਹਿਬ ਵਿਚ ਜੋੜ ਮੇਲਾ ਹੋਇਆ ਸੀ। ਹਰ ਸਾਲ ਲੋਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਾਕੇ ਨੂੰ ਪ੍ਰਣਾਮ ਕਰਨ ਲਈ ਉਸ ਦਿਨ ਉੱਥੇ ਆਉਂਦੇ ਹਨ। ਉਸ ਸਾਲ ਅਜੀਬ ਘਟਨਾ ਵਾਪਰੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਉੱਥੇ ਪੁੱਜ ਗਏ। ਪ੍ਰੋਗਰਾਮ ਅਨੁਸਾਰ ਗੁਰਦੁਆਰੇ ਦੇ ਅੰਦਰ ਇਕ ਸਟੇਜ ਤੋਂ ਉਨ੍ਹਾਂ ਭਾਸ਼ਣ ਦੇਣਾ ਸੀ। ਮਾਸਟਰ ਤਾਰਾ ਸਿੰਘ ਜੋ ਉਸ ਸਮੇਂ ਅਕਾਲੀ ਲੀਡਰ ਸਨ, ਨੇ ਇਹ ਫੈਸਲਾ ਕੀਤਾ ਕਿ ਗੁਰਦੁਆਰੇ ਅੰਦਰ ਭਾਸ਼ਣ ਨਹੀਂ ਹੋ ਸਕਦਾ, ਕੇਵਲ ਮੱਥਾ ਟੇਕ ਕੇ ਵਾਪਸ ਹੋ ਜਾਣਾ ਚਾਹੀਦਾ ਹੈ। ਪਰ ਪੰਡਿਤ ਜੀ ਸਟੇਜ 'ਤੇ ਖਲੋ ਕੇ ਜਦ ਬੋਲਣ ਲੱਗੇ ਤਾਂ ਸੰਗਤ ਵਿਚੋਂ ਉੱਠ ਕੇ ਉਨ੍ਹਾਂ ਵਿਰੁੱਧ ਨਾਅਰੇ ਲੱਗਣ ਲੱਗ ਗਏ, ਸਟੇਜ ਤੋਂ ਮਾਈਕ ਵੀ ਖੋਹ ਲਿਆ ਗਿਆ। ਪੰਡਿਤ ਜੀ ਨੂੰ ਬਿਨਾਂ ਬੋਲੇ ਵਾਪਸ ਜਾਣਾ ਪਿਆ। ਪੁਲਿਸ ਨੇ ਬਾਹਰ ਸੰਗਤਾਂ 'ਤੇ ਲਾਠੀਚਾਰਜ ਕੀਤਾ। ਦੂਸਰੇ ਦਿਨ ਪੁਲਿਸ ਨੇ 9 ਬੰਦੇ ਫੜ ਲਏ। ਉਨ੍ਹਾਂ ਵਿਚ ਬਾਬਾ ਬਚਿਤਰ ਸਿੰਘ ਵੀ ਸਨ, ਜੋ ਉਸ ਸਮੇਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਕਾਲੀ ਜਥਾ ਦੇ ਪ੍ਰਧਾਨ ਸਨ। ਉਨ੍ਹਾਂ 9 ਵਿਚ ਮੈਂ ਵੀ ਸ਼ਾਮਿਲ ਸੀ। ਬਸੀ ਪਠਾਣਾਂ ਦੀ ਪੁਰਾਣੀ ਜੇਲ੍ਹ ਵਿਚ 36 ਦਿਨ ਸਾਨੂੰ ਰੱਖਿਆ ਗਿਆ ਸੀ। ਪੈਰਾਂ ਵਿਚ ਬੇੜੀਆਂ ਪਾ ਕੇ ਰੱਖੀਆਂ ਗਈਆਂ ਸਨ।
ਬਾਬਾ ਬਚਿਤਰ ਸਿੰਘ ਸਵੇਰੇ-ਸ਼ਾਮ ਪਾਠ ਕਰਦੇ ਅਤੇ ਦਿਨ ਭਰ ਭਜਨ ਬੰਦਗੀ ਵਿਚ ਰਹਿੰਦੇ ਸਨ। ਉਨ੍ਹਾਂ ਦਾ ਨੇਕ ਸੁਭਾਅ ਹਰ ਇਕ ਨੂੰ ਪਸੰਦ ਸੀ। ਕਚਹਿਰੀ ਵਿਚ ਵੀ ਬਾਬਾ ਜੀ ਅਡੋਲ ਖੜ੍ਹੇ ਰਹਿੰਦੇ ਸਨ, ਆਪਣੇ ਜੀਵਨ ਵਿਚ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਿਚ ਵੀ ਮਾਣ-ਸਤਿਕਾਰ ਮਿਲਿਆ। ਅਨੰਦਪੁਰ ਸਾਹਿਬ ਗੁਰਦੁਆਰੇ ਦੀ ਬੜੀ ਸੇਵਾ ਕੀਤੀ, ਬੜੀਆਂ ਸਹੂਲਤਾਂ ਬਣਵਾਈਆਂ। ਬਾਬਾ ਜੀ ਆਪਣੇ ਪਿੰਡ ਵਿਚ ਲੋਕਾਂ ਵਿਚ ਏਕਤਾ ਕਰਵਾਉਣ ਵਿਚ ਕਾਮਯਾਬ ਰਹੇ, ਪਿੰਡ ਵਿਚ ਸਕੂਲ ਬਣਵਾਉਣ ਵਿਚ ਅੱਗੇ ਰਹੇ, ਪਿੰਡ ਵਿਚ ਹਮੇਸ਼ਾ ਬਾਹਰੋਂ ਸੰਗਤਾਂ ਨੂੰ ਬੁਲਾ ਕੇ ਕੀਰਤਨ ਦਰਬਾਰ ਕਰਾਉਂਦੇ। ਬਾਬਾ ਦੀ ਫ਼ੌਜ ਵਿਚ ਵੀ ਭਰਤੀ ਹੋਏ ਸਨ ਤੇ ਕਈ ਸਾਲ ਰਹੇ। ਹਾਕੀ ਦੀ ਟੀਮ ਦੇ ਕਪਤਾਨ ਸਨ।
ਬਾਬਾ ਬਚਿਤਰ ਸਿੰਘ ਦੀ ਫੋਟੋ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮਿਊਜ਼ੀਅਮ ਵਿਚ ਲੱਗੀ ਹੋਈ ਹੈ। ਬਾਬਾ ਜੀ ਦੀ ਲੜਕੀਆਂ ਅਤੇ ਜਵਾਈਆਂ ਨੇ ਬਾਬਾ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦੀ ਸਾਰੀ ਜ਼ਮੀਨ-ਜਾਇਦਾਦ ਪਬਲਿਕ ਭਲਾਈ ਲਈ ਲਗਾ ਦਿੱਤੀ ਹੈ। ਬਾਬਾ ਜੀ ਦੇ ਅਕਾਲ ਚਲਾਣੇ ਦੇ 25 ਸਾਲ ਪਿੱਛੋਂ ਪਰਿਵਾਰ ਵਲੋਂ ਇਹ ਕੁਟੀਆ ਤੇ ਆਸ਼ਰਮ ਪਬਲਿਕ ਸੇਵਾ ਲਈ ਖੋਲ੍ਹਿਆ ਜਾ ਰਿਹਾ ਹੈ। ਪਰਿਵਾਰ ਦਾ ਇਸ ਸੇਵਾ ਜਿਹਾ ਕੰਮ ਸ਼ਲਾਘਾਯੋਗ ਹੈ।


-ਤਰਲੋਚਨ ਸਿੰਘ
ਸਾਬਕਾ ਐਮ. ਪੀ.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX