ਤਾਜਾ ਖ਼ਬਰਾਂ


ਭਾਰਤ-ਪਾਕਿਸਤਾਨ ਮੈਚ - ਭਾਰਤ ਨੇ ਡਕਵਰਥ ਲੁਇਸ ਸਿਸਟਮ ਤਹਿਤ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
. . .  13 minutes ago
ਭਾਰਤ-ਪਾਕਿਸਤਾਨ ਮੈਚ : ਮੀਂਹ ਰੁਕਣ ਤੋਂ ਬਾਅਦ ਖੇਡ ਫਿਰ ਤੋਂ ਸ਼ੁਰੂ
. . .  1 day ago
ਭਾਰਤ-ਪਾਕਿਸਤਾਨ ਮੈਚ : ਮੀਂਹ ਕਾਰਨ ਰੁਕੀ ਖੇਡ
. . .  1 day ago
ਭਾਰਤ-ਪਾਕਿਸਤਾਨ ਮੈਚ - 35 ਓਵਰਾਂ ਤੋਂ ਬਾਅਦ ਪਾਕਿਸਤਾਨ 166/6
. . .  1 day ago
ਭਾਰਤ-ਪਾਕਿਸਤਾਨ ਮੈਚ : ਪਾਕਿਸਤਾਨ ਦਾ 6ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - 30 ਓਵਰਾਂ ਤੋਂ ਬਾਅਦ ਪਾਕਿਸਤਾਨ 140/5
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਦਾ 5ਵਾਂ ਖਿਡਾਰੀ ਆਊਟ
. . .  1 day ago
ਭਾਰਤ-ਪਾਕਿਸਤਾਨ ਮੈਚ - ਭਾਰਤ ਨੂੰ ਮਿਲੀ ਚੌਥੀ ਸਫਲਤਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਤੀਸਰਾ ਝਟਕਾ
. . .  1 day ago
ਭਾਰਤ-ਪਾਕਿਸਤਾਨ ਮੈਚ - ਪਾਕਿਸਤਾਨ ਨੂੰ ਦੂਸਰਾ ਝਟਕਾ
. . .  1 day ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ ਠੱਕਰਵਾਲ

ਪੱਖੋਵਾਲ ਰੋਡ 'ਤੇ ਲੁਧਿਆਣਾ ਤੋਂ 10 ਕਿੱਲੋਮੀਟਰ ਦੀ ਦੂਰੀ 'ਤੇ ਵਸੇ ਪਿੰਡ ਠੱਕਰਵਾਲ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਪਾਤਸ਼ਾਹੀ ਪਹਿਲੀ ਦੇ ਪਿਛੋਕੜ 'ਤੇ ਸਰਸਰੀ ਝਾਤ ਮਾਰੀ ਜਾਵੇ ਤਾਂ ਇਹ ਪਹਿਲਾਂ ਇਕ ਪਾਣੀ ਦੀ ਢਾਬ ਸੀ, ਜਿਸ ਦੇ ਕਿਨਾਰੇ ਆ ਕੇ ਮਹੰਤ ਠਾਕਰ ਦਾਸ ਨੇ ਡੇਰਾ ਲਾਇਆ ਤੇ ਆਪਣਾ ਪੱਕਾ ਟਿਕਾਣਾ ਇਸੇ ਸਥਾਨ 'ਤੇ ਕੀਤਾ, ਜਿਸ ਨਾਲ ਇਸ ਜਗ੍ਹਾ ਦਾ ਨਾਂਅ ਹੌਲੀ-ਹੌਲੀ 'ਠੱਕਰਵਾਲ' ਪੈ ਗਿਆ। ਇਸ ਸਥਾਨ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਭਾਈ ਬਾਲੇ ਤੇ ਮਰਦਾਨੇ ਨਾਲ ਪਧਾਰੇ ਸਨ ਤੇ ਮਹੰਤ ਠਾਕਰ ਦਾਸ ਦਾ ਹੰਕਾਰ ਤੋੜਿਆ ਤੇ ਉਸ ਨੂੰ ਸਤਿ ਕਰਤਾਰ ਦਾ ਉਪਦੇਸ਼ ਦਿੱਤਾ। ਠਾਕਰ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਨੇ ਆਪਣੇ ਸਾਥੀਆਂ ਭਾਈ ਬਾਲਾ ਤੇ ਮਰਦਾਨਾ ਦੇ ਨਾਲ ਲੰਗਰ ਪ੍ਰਸ਼ਾਦਾ ਛਕਿਆ ਤੇ ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਨੂੰ ਚਾਲੇ ਪਾ ਦਿੱਤੇ। ਗੁਰੂ-ਘਰ ਦੀ ਇਮਾਰਤ ਦਾ ਨੀਂਹ ਪੱਥਰ 1928 ਵਿਚ ਸੰਤ ਗੁਰਦਿਆਲ ਸਿੰਘ ਠੱਕਰਵਾਲ ਵਾਲਿਆਂ ਵਲੋਂ ਰੱਖਿਆ ਗਿਆ ਤੇ ਇਸ ਦੀ ਸੇਵਾ ਸੰਭਾਲ ਭਾਈ ਮੁਕੰਦ ਸਿੰਘ ਰਾਮਪੁਰ ਵਾਲਿਆਂ ਨੂੰ ਸੌਂਪ ਦਿੱਤੀ। ਉਸ ਤੋਂ ਬਾਅਦ ਇਸ ਸਥਾਨ ਦੀ ਸੇਵਾ-ਸੰਭਾਲ ਬਾਬਾ ਹਰਬੰਸ ਸਿੰਘ ਕਾਰਸੇਵਾ ਦਿੱਲੀ ਵਾਲਿਆਂ ਨੇ ਆਪਣੇ ਜਥੇਦਾਰ ਜਰਨੈਲ ਸਿੰਘ ਤੇ ਬਾਬਾ ਭਿੰਦਰ ਸਿੰਘ ਨੂੰ ਸੌਂਪ ਦਿੱਤੀ, ਜਿਸ ਨੂੰ ਉਹ ਹੁਣ ਤੱਕ ਤਨਦੇਹੀ ਨਾਲ ਨਿਭਾ ਰਹੇ ਹਨ।
ਉਨ੍ਹਾਂ ਨੇ ਸੰਗਤਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਭ ਤੋਂ ਪਹਿਲਾਂ ਇਸ ਪਾਵਨ ਸਥਾਨ 'ਤੇ ਪੁਰਾਤਨ ਸਰੋਵਰ ਢਾਬ ਦੀ ਸੇਵਾ ਆਰੰਭ ਕੀਤੀ ਤੇ ਇਸ ਵਿਚ 25 ਫੁੱਟ ਦੇ ਕਰੀਬ ਭਰਤੀ ਪਾ ਕੇ ਅਜੋਕੀ ਦਿੱਖ ਵਾਲਾ 200×190 ਫੁੱਟ ਦਾ ਸਰੋਵਰ ਤਿਆਰ ਕਰਵਾਇਆ। ਸ੍ਰੀ ਦਰਬਾਰ ਸਾਹਿਬ ਦੀ ਇਮਾਰਤ, ਲੰਗਰ ਹਾਲ, ਡਿਓੜੀ ਸਾਹਿਬ ਆਦਿ ਦੀ ਸੇਵਾ ਮੁਕੰਮਲ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਵਲੋਂ ਦਿੱਤੀ ਅਸੀਸ ਸਦਕਾ ਅੱਜ ਇਸ ਸਰੋਵਰ ਵਿਚ ਇਸ਼ਨਾਨ ਕਰਨ ਲਈ ਸ਼ਰਧਾ ਭਾਵਨਾ ਨਾਲ ਆਉਂਦੇ ਹਨ। ਹਰ ਮਹੀਨੇ ਮੱਸਿਆ ਵਾਲੇ ਦਿਨ ਭਾਰੀ ਜੋੜ ਮੇਲ ਹੁੰਦਾ ਹੈ, ਜਿਸ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿਚ ਸੰਗਤਾਂ ਦੂਰੋਂ-ਨੇੜਿਓਂ ਆ ਕੇ ਨਤਮਸਤਕ ਹੁੰਦੀਆਂ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਅਤੇ ਖਾਲਸਾ ਜੀ ਦਾ ਜਨਮ ਦਿਹਾੜਾ ਵਿਸਾਖੀ ਪੁਰਬ ਬੜੀ ਧੂਮ-ਧਾਮ ਨਾਲ ਮਨਾਏ ਜਾਂਦੇ ਹਨ। ਸੰਗਤਾਂ ਲਈ 24 ਘੰਟੇ ਗੁਰੂ ਕਾ ਲੰਗਰ ਚੱਲਦਾ ਹੈ।


-ਮਨਜੀਤ ਸਿੰਘ ਦੁੱਗਰੀ, ਫੁੱਲਾਂਵਾਲ।


ਖ਼ਬਰ ਸ਼ੇਅਰ ਕਰੋ

ਪੰਜਾਬ ਵਿਚ ਇਤਿਹਾਸ ਸੰਭਾਲਣ ਦੇ ਯਤਨ ਕਿਵੇਂ ਆਰੰਭ ਹੋਏ?

ਇਤਿਹਾਸ ਕੌਮ ਦੀ ਸਮੇਂ-ਸਮੇਂ 'ਤੇ ਅਗਵਾਈ ਕਰਦਾ ਹੈ ਤੇ ਕੌਮ ਅੰਦਰ ਨਵੀਂ ਰੂਹ ਭਰ ਕੇ ਅੱਗੇ ਵਧਣ ਤੇ ਜੂਝਣ ਲਈ ਉਤਸ਼ਾਹ ਅਤੇ ਜਜ਼ਬਾ ਪੈਦਾ ਕਰਦਾ ਹੈ। ਇਤਿਹਾਸਕ ਖੋਜੀਆਂ ਨੂੰ ਸਦਾ ਇਹ ਗਿਲਾ ਰਿਹਾ ਹੈ ਕਿ ਸਿੱਖਾਂ ਨੇ ਇਤਿਹਾਸ ਰਚਿਆ ਹੈ, ਪਰ ਲਿਖਿਆ ਅਤੇ ਸਾਂਭਿਆ ਨਹੀਂ। ਬਾਵਾ ਬੁੱਧ ਸਿੰਘ ਨੇ ਆਪਣੇ ਇਕ ਲੇਖ ਰਾਹੀਂ ਇਤਿਹਾਸ ਦੀ ਸੰਭਾਲ ਸਬੰਧੀ ਆਪਣੀ ਇੱਛਾ ਅਤੇ ਚਿੰਤਾ ਜ਼ਾਹਿਰ ਕੀਤੀ ਹੈ, 'ਜ਼ਰੂਰੀ ਹੈ ਕਿ ਜਾਂ ਤੇ ਅਸੀਂ ਸਿੱਖ ਇਤਿਹਾਸ ਸਭਾ ਕਾਇਮ ਕਰੀਏ ਜਾਂ ਸਿੱਖ ਇਤਿਹਾਸ ਦੀ ਕੁਰਸੀ ਖ਼ਾਲਸਾ ਕਾਲਜ ਵਿਚ ਜਾਂ ਹੋਰ ਕਿਸੇ ਕੇਂਦਰੀ ਥਾਂ ਕਾਇਮ ਕਰੀਏ, ਜਿਥੇ ਇਤਿਹਾਸ ਸਬੰਧੀ ਪੁਸਤਕਾਂ ਇਕੱਠੀਆਂ ਕੀਤੀਆਂ ਜਾਣ, ਵਲਾਇਤ ਵਾਲੀਆਂ ਪੁਸਤਕਾਂ ਦੇ ਉਤਾਰੇ ਮੰਗਾਏ ਜਾਣ।' ਸ: ਕਰਮ ਸਿੰਘ ਹਿਸਟੋਰੀਅਨ, ਬਾਵਾ ਬੁੱਧ ਸਿੰਘ ਅਤੇ ਹੋਰ ਪੰਥ ਦਰਦੀਆਂ ਦੁਆਰਾ ਸਿੱਖ ਇਤਿਹਾਸ, ਇਤਿਹਾਸ ਦੀ ਪੜਤਾਲ, ਲੇਖਨ ਅਤੇ ਇਤਿਹਾਸਕ ਸਰੋਤਾਂ ਦੀ ਸੰਭਾਲ ਦਾ ਜੋ ਸੁਪਨਾ ਵੇਖਿਆ ਗਿਆ, ਉਸ ਨੂੰ ਨੇਪਰੇ ਚਾੜ੍ਹਨ ਦਾ ਪਹਿਲਾ ਉਪਰਾਲਾ ਇਨ੍ਹਾਂ ਸੱਜਣਾਂ ਦੁਆਰਾ ਹੀ 1929 ਵਿਚ ਹੋਇਆ, ਜਦੋਂ 22 ਦਸੰਬਰ, 1929 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਇਕ ਆਰੰਭਕ ਮੀਟਿੰਗ ਕੀਤੀ ਗਈ ਤੇ ਸਿੱਖ ਸੁਸਾਇਟੀ ਇਤਿਹਾਸ ਕਾਇਮ ਕੀਤੀ ਗਈ। ਸ: ਕਰਮ ਸਿੰਘ ਨੂੰ ਇਸ ਦਾ ਸਕੱਤਰ ਥਾਪਿਆ ਗਿਆ। ਇਸੇ ਸਮੇਂ ਦੌਰਾਨ ਖ਼ਾਲਸਾ ਕਾਲਜ ਨੇ ਵੀ ਕਰਮ ਸਿੰਘ ਹਿਸਟੋਰੀਅਨ ਨੂੰ 250 ਰੁ: ਮਹੀਨਾ ਤਨਖ਼ਾਹ ਦੀ ਪੇਸ਼ਕਸ਼ ਕੀਤੀ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਸਿੱਖ ਇਤਿਹਾਸ ਖੋਜ ਦਾ ਮਹਿਕਮਾ ਸ਼ੁਰੂ ਕਰਨ ਦਾ ਵਿਚਾਰ ਬਣਾਇਆ, ਜੋ ਕਿਸੇ ਕਾਰਨ ਨੇਪਰੇ ਨਾ ਚੜ੍ਹ ਸਕਿਆ।
ਸੰਨ 1930 ਵਿਚ ਹੀ ਬਾਵਾ ਬੁੱਧ ਸਿੰਘ ਦੇ ਯਤਨਾਂ ਸਦਕਾ ਲਾਹੌਰ ਵਿਖੇ 'ਸਿੱਖ ਹਿਸਟੋਰੀਕਲ ਸੁਸਾਇਟੀ' ਦੀ ਨੀਂਹ ਰੱਖੀ ਗਈ ਅਤੇ ਇਸੇ ਸਮੇਂ ਦਸੰਬਰ, 1930 ਵਿਚ ਖ਼ਾਲਸਾ ਕਾਲਜ ਵਿਖੇ 'ਸਿੱਖ ਹਿਸਟਰੀ ਰੀਸਰਚ ਡਿਪਾਰਟਮੈਂਟ' ਕਾਇਮ ਕੀਤਾ ਗਿਆ ਅਤੇ ਸ: ਜਗਤ ਸਿੰਘ ਦੀ ਨਿਯੁਕਤੀ ਕੀਤੀ ਗਈ। ਕੁਝ ਸਮੇਂ ਬਾਅਦ ਹੀ ਬਾਵਾ ਬੁੱਧ ਸਿੰਘ ਦੇ ਚਲਾਣੇ ਪਿੱਛੋਂ ਲਾਹੌਰ ਵਿਖੇ ਸਥਾਪਤ ਹਿਸਟੋਰੀਕਲ ਸੁਸਾਇਟੀ ਲਗਪਗ ਖ਼ਤਮ ਹੋ ਗਈ। ਸਿੱਖ ਇਤਿਹਾਸ ਪ੍ਰਤੀ ਰੁਚੀ ਪੈਦਾ ਕਰਨ, ਇਤਿਹਾਸਕ ਸਰੋਤਾਂ ਦੀ ਸੰਭਾਲ ਅਤੇ ਖੋਜ ਕਾਰਜਾਂ ਲਈ ਖ਼ਾਲਸਾ ਕਾਲਜ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਇਤਿਹਾਸ ਦੇ ਵਿਦਵਾਨਾਂ ਦੀ ਖੋਜ ਅਤੇ ਸਰੋਤਾਂ ਦੀ ਸੰਭਾਲ ਸਬੰਧੀ ਚਿੰਤਾ ਅਤੇ ਉਨ੍ਹਾਂ ਦੇ ਨਿਰੰਤਰ ਯਤਨਾਂ ਸਦਕਾ 10 ਫ਼ਰਵਰੀ, 1945 ਈ: ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਇਤਿਹਾਸ ਪ੍ਰੇਮੀਆਂ ਅਤੇ ਪੰਥ ਦਰਦੀਆਂ ਦਾ ਇਕੱਠ ਹੋਇਆ ਅਤੇ 'ਸਿੱਖ ਹਿਸਟਰੀ ਸੁਸਾਇਟੀ' ਦੀ ਨੀਂਹ ਰੱਖੀ ਗਈ। ਕਾਲਜ ਵਿਖੇ ਹੋਈ ਇਸ ਇਕੱਤਰਤਾ ਦੀ ਪ੍ਰਧਾਨਗੀ ਪੰਜਾਬ ਦੇ ਅੰਤਿਮ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਨੇ ਕੀਤੀ। ਉਸ ਵਲੋਂ ਦਿੱਤੇ ਪ੍ਰਧਾਨਗੀ ਭਾਸ਼ਣ ਦਾ ਉਲਥਾ :
'ਮੈਨੂੰ ਅੱਜ ਤੁਹਾਡੇ ਵਿਚ ਮੌਜੂਦ ਹੋਣ ਨਾਲ ਬੜੀ ਪ੍ਰਸੰਨਤਾ ਹੋ ਰਹੀ ਹੈ। ਮੈਨੂੰ ਸਿੱਖ ਹਿਸਟਰੀ ਸੁਸਾਇਟੀ ਦੇ ਆਰੰਭਕ ਦੀਵਾਨ ਦੀ ਪ੍ਰਧਾਨਗੀ ਲਈ ਸੱਦ ਕੇ ਤੁਸਾਂ ਜੋ ਮਾਣ ਬਖ਼ਸ਼ਿਆ ਹੈ, ਉਸ ਲਈ ਮੈਂ ਆਪ ਦਾ ਧੰਨਵਾਦ ਕਰਦੀ ਹਾਂ। ਕਿਸੇ ਕੌਮ ਵਾਸਤੇ ਇਹੋ ਜਿਹੀ ਸੁਸਾਇਟੀ ਦਾ ਹੋਣਾ ਵੱਡੀ ਗੱਲ ਹੈ ਅਤੇ ਹਰ ਕਿਸੇ ਨੂੰ ਇਸ ਦੇ ਮੋਢੀਆਂ ਦਾ ਸ਼ੁਕਰ-ਗੁਜ਼ਾਰ ਹੋਣਾ ਚਾਹੀਦਾ ਹੈ।
ਇਹ ਇਕ ਬੜੀ ਤਰਸਯੋਗ ਗੱਲ ਹੈ ਕਿ ਸਾਡੇ ਬਜ਼ੁਰਗ ਪੁਰਾਤਨ ਹਿੰਦੂਆਂ ਨੇ ਇਤਿਹਾਸ ਵੱਲ ਕੋਈ ਗਹੁ ਨਹੀਂ ਕੀਤਾ ਅਤੇ ਇਸ ਦਾ ਜੋ ਥੋੜ੍ਹਾ-ਬਹੁਤ ਪਤਾ ਲਗਦਾ ਹੈ, ਉਹ ਹੋਰਨਾਂ ਦੀਆਂ ਲਿਖ਼ਤਾਂ ਤੇ ਪੁਰਾਤਨ ਨਿਸ਼ਾਨਾਂ ਤੋਂ ਹੀ ਲਗਦਾ ਹੈ।
ਸਿੱਖ ਇਤਿਹਾਸ ਦਾ ਆਰੰਭ ਮਹਾਨ ਉੱਚੇ ਤੇ ਸੁੱਚੇ ਗੁਰੂ ਸਾਹਿਬਾਨ ਤੋਂ ਹੁੰਦਾ ਹੈ, ਜਿਨ੍ਹਾਂ ਦੇ ਜੀਵਨ ਆਉਣ ਵਾਲੇ ਸਿੱਖਾਂ ਅਤੇ ਮਨੁੱਖ-ਮਾਤਰ ਲਈ ਆਮ ਕਰਕੇ ਹੈਰਾਨ ਕਰ ਦੇਣ ਵਾਲੀਆਂ ਮਿਸਾਲਾਂ ਹਨ।
ਇਸ ਤੋਂ ਬਾਅਦ ਮਹਾਨ ਸੂਰਬੀਰ ਯੋਧਿਆਂ ਦਾ ਸਮਾਂ ਆਉਂਦਾ ਹੈ, ਜਿਸ ਵਿਚ ਕਿ ਮੈਨੂੰ ਇਹ ਕਹਿਣ ਦਾ ਮਾਣ ਹੈ, ਮੇਰੇ ਬਜ਼ੁਰਗ ਸਰਦਾਰ ਨੌਧ ਸਿੰਘ, ਚੜ੍ਹਤ ਸਿੰਘ ਤੇ ਮਹਾਂ ਸਿੰਘ ਉੱਘੇ ਹੋਏ ਹਨ।
ਇਸ ਤੋਂ ਵੀ ਜ਼ਿਆਦਾ ਮਾਣ ਮੈਨੂੰ ਇਸ ਗੱਲ ਦਾ ਹੈ ਕਿ ਮੈਂ ਸਿੱਖ ਸਾਮਰਾਜ ਦੇ ਨਿਆਂਕਾਰੀ ਤੇ ਉਦਾਰ-ਚਿੱਤ ਸਮਰਾਟ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਹਾਂ।
ਉਹ ਸਾਰੇ ਪੰਜਾਬ ਵਾਸੀਆਂ ਦਾ, ਭਾਵੇਂ ਕਿਸੇ ਵੀ ਧਰਮ ਦੇ ਅਨੁਯਾਈ ਸਨ, ਇਕੋ ਜਿਹਾ ਧਿਆਨ ਰੱਖਦੇ ਸਨ। ਉਹ ਧਰਮ ਸਬੰਧੀ ਕੋਈ ਵਿਤਕਰਾ ਨਹੀਂ ਸਨ ਕਰਦੇ, ਸਾਰੇ ਹੀ ਸੁੱਖ-ਭਰੇ ਇਤਫ਼ਾਕ ਨਾਲ ਰਹਿੰਦੇ ਸਨ।
ਉਨ੍ਹਾਂ ਦੀ ਇਹ ਇੱਛਾ ਕਿ ਸਭ ਸੁਖੀ ਤੇ ਖੁਸ਼ਹਾਲ ਵਸਣ, ਪੂਰੀ ਹੋ ਗਈ ਸੀ।
ਵਾਹਿਗੁਰੂ ਕਰੇ ਕਿ ਪੰਜਾਬੀ ਸਦੀਵੀ ਇਕੱਠੇ ਰਹਿਣ ਅਤੇ ਬੁਰਾ ਸੋਚਣ ਵਾਲਿਆਂ ਦੀਆਂ ਚਾਲਾਂ ਦਾ ਟਾਕਰਾ ਕਰ ਸਕਣ।
ਵਾਹਿਗੁਰੂ ਕਰੇ ਕਿ ਸਿੱਖਾਂ ਦਾ ਇਤਿਹਾਸ ਇਸ (ਗੁਰੂ) ਵਰੋਸਾਈ ਭੂਮੀ ਵਿਚ ਸ਼ਾਂਤੀ ਕਾਇਮ ਰੱਖਣ ਲਈ ਸਹਾਈ ਹੋਵੇ।' -ਬੰਬਾ ਸਦਰਲੈਂਡ
'ਸਿੱਖ ਹਿਸਟਰੀ ਸੁਸਾਇਟੀ' ਨੇ ਕਾਇਮ ਹੁੰਦਿਆਂ ਸਾਰ ਫ਼ੈਸਲਾ ਕੀਤਾ ਸੀ ਕਿ ਸੁਸਾਇਟੀ ਵਲੋਂ ਤਿਮਾਹੀ ਪੱਤਰ ਜਾਰੀ ਕਰਕੇ ਕੌਮ ਨੂੰ ਸਿੱਖ ਤਵਾਰੀਖ਼ ਦੀ ਸਹੀ ਵਾਕਫੀਅਤ ਪਹੁੰਚਾਈ ਜਾਇਆ ਕਰੇਗੀ ਅਤੇ ਇਤਿਹਾਸ ਲਿਖਾਰੀਆਂ ਵਾਸਤੇ ਜ਼ਰੂਰੀ ਤੇ ਨਿੱਗਰ ਮਸਾਲਾ ਮੁਹੱਈਆ ਕਰਨ ਲਈ ਪੁਰਾਤਨ ਲਿਖਤਾਂ ਭਾਲ ਕੇ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਕਮੇਟੀ ਦੀ ਪਹਿਲੀ ਇਕੱਤਰਤਾ 29 ਅਪ੍ਰੈਲ, 1945 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 'ਤੇਜਾ ਸਿੰਘ ਸਮੁੰਦਰੀ ਹਾਲ' ਵਿਖੇ ਹੋਈ ਜਿਥੇ ਸੁਸਾਇਟੀ ਦੇ ਨਿਯਮ ਅਤੇ 'ਕਾਰਜ ਸਾਧਕ ਕਮੇਟੀ' ਬਣਾਈ ਗਈ। ਸੁਸਾਇਟੀ ਦੇ ਬੋਰਡ ਆਫ਼ ਕੰਟਰੋਲ ਦੀ 20 ਮਈ, 1945 ਦੀ ਇਕੱਤਰਤਾ ਵਿਚ ਪ੍ਰਵਾਨ ਹੋਇਆ ਕਿ 'ਸਭ ਤੋਂ ਪਹਿਲਾਂ ਸੁਸਾਇਟੀ ਵਲੋਂ ਸਿੱਖਾਂ ਦਾ ਸਮੁੱਚਾ ਇਤਿਹਾਸ ਗੁਰੂ ਨਾਨਕ ਤੋਂ ਲੈ ਕੇ ਅੱਜ ਤੱਕ ਲਿਖਿਆ ਜਾਵੇ।' (ਮਤਾ ਨੰ: 3) ਇਹ ਕੰਮ ਬੋਰਡ ਨੇ ਪ੍ਰੋਫੈਸਰ ਤੇਜਾ ਸਿੰਘ ਤੇ ਪ੍ਰੋਫੈਸਰ ਗੰਡਾ ਸਿੰਘ ਦੇ ਸਪੁਰਦ ਕੀਤਾ ਅਤੇ ਬਾਬਾ ਪ੍ਰੇਮ ਸਿੰਘ, ਪ੍ਰੋਫੈਸਰ ਗੁਰਮੁਖ ਨਿਹਾਲ ਸਿੰਘ ਤੇ ਬਾਵਾ ਹਰਕਿਸ਼ਨ ਸਿੰਘ ਨੂੰ ਇਸ ਦੀ ਪੜਤਾਲ ਆਦਿ ਲਈ ਨਿਯਤ ਕੀਤਾ। ਇਸ ਅਨੁਸਾਰ ਇਤਿਹਾਸ ਦੀ ਪਹਿਲੀ ਜਿਲਦ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 1764 ਈ: ਤੱਕ) ਜਲਦ ਹੀ ਮੁਕੰਮਲ ਕਰ ਲਈ ਗਈ। ਇਸ ਤੋਂ ਇਲਾਵਾ ਵਿਧੀਬੱਧ ਢੰਗ ਨਾਲ ਪੰਥਕ ਡਾਇਰੀ ਤਿਆਰ ਕਰਨ ਦਾ ਕੰਮ ਵੀ ਵਿਦਵਾਨਾਂ ਨੂੰ ਸੌਂਪਿਆ ਗਿਆ। ਸ਼੍ਰੋਮਣੀ ਕਮੇਟੀ ਦੀ 10 ਮਾਰਚ, 1945 ਈ: ਦੀ ਜਨਰਲ ਇਕੱਤਰਤਾ ਵਿਚ ਸਿੱਖ ਇਤਿਹਾਸ ਦੀ ਖੋਜ ਲਈ ਇਕ 'ਸਿੱਖ ਸੈਂਟਰਲ ਲਾਇਬ੍ਰੇਰੀ' ਕਾਇਮ ਕਰਨ ਸਬੰਧੀ ਤਜਵੀਜ਼ ਰੱਖੀ ਗਈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਰੀਸਰਚ ਸਕਾਲਰ ਸਿੱਖ ਇਤਿਹਾਸ ਰੀਸਰਚ ਬੋਰਡ, ਸ੍ਰੀ ਅੰਮ੍ਰਿਤਸਰ।
simran.sidhu662@gmail.com

ਜਨਮ ਦਿਨ 'ਤੇ ਵਿਸ਼ੇਸ਼

ਮਾਨਵੀ ਗੁਣਾਂ ਦਾ ਮੁਜੱਸਮਾ ਸਨ ਪੀਰ ਬੁੱਧੂ ਸ਼ਾਹ

ਧਰਮ ਦੀਆਂ ਪੱਕੀਆਂ ਤੇ ਤੰਗ ਸੀਮਾਵਾਂ ਤੋਂ ਉੱਪਰ ਦੀ ਸੋਚ ਦੇ ਧਾਰਨੀ ਅਤੇ ਮਾਨਵੀ ਗੁਣਾਂ ਦੇ ਮੁਜੱਸਮੇ ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਭੰਗਾਣੀ ਦੇ ਯੁੱਧ ਉਪਰੰਤ ਪੀਰ ਜੀ ਨੇ ਆਪਣੇ ਚਾਰ ਪੁੱਤਰਾਂ ਵਿਚੋਂ ਦੋ ਪੁੱਤਰ ਸੱਯਦ ਅਸ਼ਰਫ਼ ਸ਼ਾਹ ਅਤੇ ਸੱਯਦ ਮੁਹੰਮਦ ਸ਼ਾਹ ਅਤੇ ਸਕੇ ਭਾਈ ਭੂਰੇ ਸ਼ਾਹ ਨੂੰ ਅਤੇ ਸੱਤ ਸੌ ਮੁਰੀਦਾਂ ਵਿਚੋਂ ਅਨੇਕਾਂ ਮੁਰੀਦ ਸ਼ਹੀਦ ਕਰਵਾ ਕੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ ਸੀ। ਇਤਿਹਾਸਕ ਹਵਾਲਿਆਂ ਮੁਤਾਬਿਕ ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ, 1647 ਈ: ਨੂੰ ਸੱਯਦ ਗੁਲਾਮ ਸ਼ਾਹ ਦੇ ਘਰ ਅੰਬਾਲਾ ਜ਼ਿਲ੍ਹੇ ਦੇ ਸਢੌਰਾ ਕਸਬੇ ਵਿਚ ਹੋਇਆ। ਪੀਰ ਜੀ ਦਾ ਪੂਰਾ ਨਾਂਅ ਸੱਯਦ ਬਦਰੁੱਦੀਨ ਸ਼ਾਹ ਸੀ।
ਇਕ ਵਾਰ ਅਜਿਹਾ ਸਮਾਂ ਆਇਆ, ਜਦੋਂ ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਫ਼ੌਜ ਦੇ ਬਹੁਤ ਸਾਰੇ ਪਠਾਣਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਉਹ ਸਾਰੇ ਪਠਾਣ ਪੀਰ ਜੀ ਕੋਲ ਆਪਣੇ ਦੁਖੜੇ ਦੱਸਣ ਲਈ ਆਏ। ਪੀਰ ਜੀ ਨੇ ਉਨ੍ਹਾਂ ਪਠਾਣਾਂ ਨੂੰ ਨੌਕਰੀ ਦਿਵਾਉਣ ਲਈ ਪਾਉਂਟਾ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਗੁਰੂ ਸਾਹਿਬ ਨੇ ਪੀਰ ਜੀ ਦੀ ਬੇਨਤੀ ਸਵੀਕਾਰ ਕਰਦਿਆਂ ਸਾਰੇ ਪਠਾਣਾਂ ਨੂੰ ਆਪਣੇ ਪਾਸ ਰੱਖ ਲਿਆ। ਪਰ ਜਦੋਂ ਪਹਾੜੀ ਰਾਜਿਆਂ ਵਲੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੂੰ ਮਜਬੂਰ ਕਰਕੇ ਲੜਾਈ ਛੇੜ ਦਿੱਤੀ ਗਈ ਤਾਂ ਇਨ੍ਹਾਂ ਪਠਾਣਾਂ ਵਿਚੋਂ ਇਕ ਪਠਾਣ ਜਰਨੈਲ ਕਾਲੇ ਖਾਨ ਤੋਂ ਬਿਨਾਂ ਬਾਕੀ ਤਿੰਨ ਜਰਨੈਲ ਭੀਖਣ ਖਾਨ, ਨਜ਼ਾਬਤ ਖਾਨ ਅਤੇ ਹਯਾਤ ਖਾਨ ਨਮਕ-ਹਰਾਮੀ ਕਰਕੇ ਗੁਰੂ ਸਾਹਿਬ ਦਾ ਸਾਥ ਛੱਡ ਪਹਾੜੀ ਰਾਜਿਆਂ ਦੀ ਫ਼ੌਜ ਨਾਲ ਜਾ ਰਲੇ। ਜਦੋਂ ਪੀਰ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਹ ਆਪਣੇ ਸੱਤ ਸੌ ਮੁਰੀਦਾਂ, ਚਾਰ ਪੁੱਤਰਾਂ ਅਤੇ ਇਕ ਭਰਾ ਸਮੇਤ ਭੰਗਾਣੀ ਦੇ ਮੈਦਾਨ ਵਿਚ ਪੁੱਜ ਗਏ ਅਤੇ ਇਸ ਗਹਿਗੱਚ ਯੁੱਧ ਵਿਚ ਆਪਣਾ ਯੋਗਦਾਨ ਪਾਇਆ। ਇਸ ਯੁੱਧ ਵਿਚ ਪੀਰ ਜੀ ਦੇ ਅਨੇਕਾਂ ਮੁਰੀਦਾਂ, ਦੋ ਪੁੱਤਰਾਂ ਅਤੇ ਇਕ ਭਰਾ ਨੇ ਸ਼ਹਾਦਤ ਦਾ ਜਾਮ ਪੀਤਾ।
ਪੀਰ ਜੀ ਵਲੋਂ ਗੁਰੂ ਸਾਹਿਬ ਦੀ ਭੰਗਾਣੀ ਦੇ ਯੁੱਧ ਵਿਚ ਕੀਤੀ ਗਈ ਸਹਾਇਤਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਗਏ। ਔਰੰਗਜ਼ੇਬ ਨੇ ਸਢੌਰੇ ਦੇ ਹਾਕਮ ਉਸਮਾਨ ਖਾਨ ਨੂੰ ਪੀਰ ਜੀ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ। ਸਰਹਿੰਦ ਦੇ ਫ਼ੌਜਦਾਰ ਨੇ ਬਾਦਸ਼ਾਹ ਦੇ ਹੁਕਮ ਨੂੰ ਉਸਮਾਨ ਖਾਨ ਤੱਕ ਪਹੁੰਚਾਇਆ। ਪੀਰ ਜੀ ਨੂੰ ਇਹ ਖ਼ਬਰ ਪਹਿਲਾਂ ਹੀ ਮਿਲ ਚੁੱਕੀ ਸੀ, ਉਨ੍ਹਾਂ ਆਪਣਾ ਪਰਿਵਾਰ ਨਾਹਨ ਅਤੇ ਸਮਾਣਾ ਭੇਜ ਦਿੱਤਾ। ਸਢੌਰੇ ਦੇ ਹਾਕਮ ਉਸਮਾਨ ਖਾਨ ਨੇ 21 ਮਾਰਚ, 1704 ਨੂੰ ਪੀਰ ਬੁੱਧੂ ਸ਼ਾਹ ਨੂੰ ਬੜੀ ਬੇਦਰਦੀ ਨਾਲ ਟੋਟੇ-ਟੋਟੇ ਕਰਕੇ ਸ਼ਹੀਦ ਕਰ ਦਿੱਤਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸਢੌਰੇ ਦੀ ਇੱਟ ਨਾਲ ਇੱਟ ਖੜਕਾਈ ਅਤੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰਿਆ। ਸਮੁੱਚਾ ਸਿੱਖ ਜਗਤ ਅੱਜ ਪੀਰ ਜੀ ਦੇ ਜਨਮ ਦਿਨ 'ਤੇ ਪੀਰ ਜੀ ਦੀ ਕੁਰਬਾਨੀ, ਸ਼ਰਧਾ, ਗੁਰੂ ਪ੍ਰਤੀ ਪਿਆਰ ਨੂੰ ਯਾਦ ਕਰ ਰਿਹਾ ਹੈ।


-bhagwansinghjohal@gmail.com

ਆਸਾਮੀ ਸਿੱਖਾਂ ਦੀ ਵਿਥਿਆ...-4

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਦੂਸਰਾ ਵੱਡਾ ਪਿੰਡ ਲੰਕਾ ਹੈ, ਜੋ ਬਰਕੋਲੇ ਤੋਂ ਵੀ 80-90 ਕਿਲੋਮੀਟਰ ਦੂਰ ਹੈ, ਜਿਸ ਦੇ 200 ਘਰਾਂ ਦੀ ਆਬਾਦੀ ਇਸ ਸਮੇਂ 1000 ਦੇ ਕਰੀਬ ਹੈ। ਇਸ ਤੋਂ ਇਲਾਵਾ ਹਾਥੀਪਾੜਾ 25 ਪਰਿਵਾਰ, ਨੌਗਾਂਓ ਤੇ ਮਾਧੋਪੁਰ 30 ਪਰਿਵਾਰਾਂ ਵਿਚੋਂ 20 ਪਰਿਵਾਰ, ਹੋਜੇਈ, 8 ਪਰਿਵਾਰ ਅਤੇ ਲਾਸਵਿੰਗ ਦੇ ਕੇਵਲ 5 ਪਰਿਵਾਰ ਤੇ ਸਿੱਖ ਆਬਾਦੀ 25 ਦੇ ਕਰੀਬ ਹੈ। ਇਨ੍ਹਾਂ ਅੱਠਾਂ ਇਤਿਹਾਸਕ ਪਿੰਡਾਂ ਵਿਚੋਂ ਅਸੀਂ ਕੇਵਲ ਦੋ ਪਿੰਡਾਂ ਵਿਚ ਹੀ ਦੋ ਵਾਰ ਜਾ ਕੇ ਇਨ੍ਹਾਂ ਸਿੱਖਾਂ ਨੂੰ ਮਿਲ ਸਕੇ ਹਾਂ। ਇਨ੍ਹਾਂ ਅੱਠ ਪਿੰਡਾਂ ਦੀ ਮਿਲੇ ਵੇਰਵੇ ਅਨੁਸਾਰ ਕੁੱਲ ਆਬਾਦੀ 3605 ਹੈ ਤੇ ਕੁੱਲ 708 ਦੇ ਕਰੀਬ ਸਿੱਖ ਪਰਿਵਾਰ ਵਸਦੇ ਹਨ। 2011 ਈ: ਦੀ ਜਨ-ਗਨਣਾ ਅਨੁਸਾਰ ਆਸਾਮ 'ਚ ਸਿੱਖਾਂ ਦੀ ਕੁਲ ਆਬਾਦੀ 20,672 ਹੈ, ਜੋ ਆਸਾਮ ਦੀ ਆਬਾਦੀ ਦਾ 0.07 ਫੀਸਦੀ ਹੈ। ਇਹ ਆਸਾਮ ਦੇ ਨਗਾਓਂ ਤੇ ਸੋਨੀਪਤ ਜ਼ਿਲ੍ਹਿਆਂ 'ਚ ਵਸੇ ਹਨ। ਮਹੰਤ ਮਨਜੀਤ ਸਿੰਘ ਮੁਖੀ ਨਿਗਆਣਾ ਆਸ਼ਰਮ, ਜੰਮੂ ਹਰ ਸਾਲ ਇਨ੍ਹਾਂ ਆਸਾਮੀ ਸਿੱਖਾਂ ਨਾਲ ਕੁਝ ਦਿਨ ਗੁਰਮਤਿ ਸਮਾਗਮ ਕਰਦੇ ਹਨ। ਮੌਜੂਦਾ ਇਨ੍ਹਾਂ ਸਿੱਖ ਪਰਿਵਾਰਾਂ ਵਿਚੋਂ ਸ: ਸ਼ਮਸ਼ੇਰ ਸਿੰਘ ਆਈ. ਏ. ਐਸ ਹਨ ਤੇ ਡਿਪਟੀ ਕਮਿਸ਼ਨਰ ਦੇ ਪੱਧਰ 'ਤੇ ਗੁਹਾਟੀ 'ਚ ਸੇਵਾ ਕਰ ਰਹੇ ਹਨ। ਸ: ਹਰਵਿੰਦਰ ਸਿੰਘ ਜੋ ਗ੍ਰੈਜੂਏਟ ਆਸਾਮੀ ਸਿੱਖ ਹਨ, ਨੇ ਸਾਨੂੰ ਬਹੁਤ ਸਾਥ ਤੇ ਜਾਣਕਾਰੀ ਦਿੱਤੀ। ਸ: ਨੰਦਾ ਸਿੰਘ ਗੁਹਾਟੀ 'ਚ ਐਸ. ਪੀ. ਵਜੋਂ ਪੁਲਿਸ ਵਿਭਾਗ 'ਚ ਤਾਇਨਾਤ ਹਨ। 6-7 ਸਿੱਖ ਪੁਲਿਸ ਵਿਭਾਗ 'ਚ ਇੰਸਪੈਕਟਰ ਹਨ। ਸ: ਜੀਵਨ ਸਿੰਘ ਡੀ. ਆਈ. ਜੀ. ਵਜੋਂ ਸੇਵਾਮੁਕਤ ਹੋਏ ਹਨ। ਸ: ਐਲ. ਪੀ. ਸਿੰਘ, ਪੰਜਾਬ ਐਂਡ ਸਿੰਧ ਬੈਂਕ ਵਿਚੋਂ ਸੀਨੀਅਰ ਮੈਨੇਜਰ ਵਜੋਂ ਸੇਵਾ ਮੁਕਤ ਹੋਏ ਹਨ ਤੇ ਉੱਘੇ ਸਮਾਜ ਸੇਵੀ ਹਨ। ਹਰ ਖੇਤਰ ਵਿਚ ਇਨ੍ਹਾਂ ਸਿੱਖਾਂ ਨੇ ਨਾਮਣਾ ਖੱਟਿਆ ਹੈ। ਬਹੁਤ ਸਾਰੇ ਕਿਸਾਨੀ, ਮਜ਼ਦੂਰੀ ਕਰਕੇ ਗ਼ਰੀਬੀ ਦੇ ਹਾਲਾਤ ਵਿਚ ਸਿੱਖ ਪਰੰਪਰਾਵਾਂ ਨੂੰ ਕਾਇਮ ਰੱਖ ਰਹੇ ਹਨ। ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਇਨ੍ਹਾਂ ਦੀ ਪਹਿਲਾਂ ਵੀ ਸਾਰ ਲਈ ਸੀ ਤੇ ਹੁਣ ਵੀ ਲਵੇਗੀ।
ਇਹ ਸਿੱਖ ਇੱਥੇ ਕਿਵੇਂ ਤੇ ਕਦੋਂ ਵੱਸੇ? ਇਸ ਸਵਾਲ ਬਾਰੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਇਕ ਰਵਾਇਤ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ 1820 ਈ: ਦੇ ਕਰੀਬ ਆਸਾਮ ਦੇ ਰਾਜੇ ਦੀ ਬਰਮਾ ਦੇ ਰਾਜੇ ਨਾਲ ਲੜਾਈ ਹੋ ਗਈ ਤਾਂ ਆਸਾਮ ਦੇ ਰਾਜਾ ਚੰਦਰਕਾਂਤਾ ਸਿੰਹ ਦੀ ਮੰਗ 'ਤੇ 500 ਸਿੱਖਾਂ ਦਾ ਇਕ ਜਥਾ ਸ: ਚੇਤੰਨਿਆਂ ਸਿੰਘ ਸੈਨਾਪਤੀ ਦੀ ਅਗਵਾਈ 'ਚ ਇੱਥੇ ਪਹੁੰਚਿਆ ਸੀ। ਉਸ ਸਮੇਂ ਦੇਸ਼ 'ਚ ਵੱਖ-ਵੱਖ ਰਿਆਸਤਾਂ ਸਨ। ਬਹੁਤ ਸਾਰੇ ਭਾਰਤ 'ਤੇ ਉਸ ਸਮੇਂ ਅੰਗਰੇਜ਼ ਕਾਬਜ਼ ਸਨ। ਇਹ ਸਿੱਖ ਜਥਾ ਤੇ ਜਰਨੈਲ ਕਿਸ ਰਸਤੇ ਆਸਾਮ ਪਹੁੰਚੇ, ਖੋਜ ਦਾ ਵਿਸ਼ਾ ਹੈ? ਹੋ ਸਕਦਾ ਹੈ ਸਿੱਖ ਪਹਾੜੀ ਰਸਤੇ ਤਿੱਬਤ ਰਾਹੀਂ ਇਥੇ ਪਹੁੰਚੇ ਹੋਣ, ਕਿਉਂਕਿ ਸਮੁੱਚੇ ਜੰਮੂ-ਕਸ਼ਮੀਰ, ਹਿਮਾਚਲ ਤੇ ਕਾਬਲ-ਕੰਧਾਰ ਤੱਕ ਦੇ ਪਹਾੜੀ ਖੇਤਰ 'ਚ ਉਸ ਸਮੇਂ ਸਿੱਖ ਪਰਚਮ ਝੁਲਦਾ ਸੀ। ਇਕ ਗੱਲ ਨਿਸ਼ਚਿਤ ਹੈ ਕਿ ਸਿੱਖ ਇੱਥੇ ਪਹੁੰਚੇ ਸਨ ਤੇ ਉਨ੍ਹਾਂ ਨੇ ਆਸਾਮੀਆਂ ਦੀ ਮਦਦ ਕੀਤੀ ਸੀ। ਹਦਰਾਸ਼ਕੀ ਵਿਖੇ ਲੜਾਈ ਹੋਈ ਜੋ ਛਾਪਰਮੁਖ ਪਿੰਡ ਨੇੜੇ ਹੈ। ਭਾਵੇਂ ਕਿ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਜੋ ਬਚ ਗਏ, ਇੱਥੇ ਹੀ ਵਸ ਗਏ। ਇਸ ਵਿਚਾਰ ਨੂੰ ਮੌਜੂਦਾ ਆਸਾਮ ਸਰਕਾਰ ਤੇ ਇਸ ਦਾ ਟੂਰਿਜ਼ਮ ਵਿਭਾਗ ਸਵੀਕਾਰਦਾ ਹੈ।
ਸਿੱਖਾਂ ਦੀ ਇਕ ਟੁਕੜੀ ਰਾਜਾ ਚੰਦਰਕਾਂਤਾ ਸਿੰਹ ਦੇ ਰਾਜ ਦੌਰਾਨ ਬਰਮਾ ਦੀ ਫੌਜ ਨਾਲ ਜੰਗ ਲੜਨ ਆਈ। ਇਸ ਟੁਕੜੀ ਦਾ ਮੁਖੀ ਚੇਤੰਨਿਆ ਸਿੰਘ ਸੀ। ਇਨ੍ਹਾਂ ਨੇ ਆਸਾਮੀ ਫੌਜ ਨਾਲ ਰਲ ਕੇ ਬਹਾਦਰੀ ਨਾਲ ਹਦਾਰੀ ਚੌਕੀ ਦੀ ਜੰਗ ਲੜੀ ਸੀ। ਇਸ ਜੰਗ ਦੌਰਾਨ ਚੇਤੰਨਿਆ ਸਿੰਘ ਦੀ ਜੰਗ-ਏ-ਮੈਦਾਨ ਵਿਚ ਸ਼ਹੀਦੀ ਹੋਈ ਸੀ। ਆਸਾਮ ਦੇ ਮਸ਼ਹੂਰ ਕਵੀ 'ਸੈਲਾਧਰ ਰਾਜ ਖੈਵਾ' ਦੀ ਕਵਿਤਾ 'ਪਸਨ ਪ੍ਰਤਿਮਾ' ਵਿਚ ਵੀ ਚੇਤੰਨਿਆ ਸਿੰਘ ਦੀ ਸੂਰਬੀਰਤਾ ਦਾ ਜ਼ਿਕਰ ਆਉਂਦਾ ਹੈ। ਇਸ ਸਾਰੇ ਕਿੱਸੇ ਦੀ ਹਾਮੀ ਪ੍ਰਸਿੱਧ ਅੰਗਰੇਜ਼ ਇਤਿਹਾਸਕਾਰ ਮਕੈਲਿਫ਼ ਨੇ ਵੀ ਭਰੀ ਹੈ। ਆਰ. ਕੇ. ਬੋਰਦੋਲੈਈ ਦੇ ਇਤਿਹਾਸਕ ਨਾਵਲ 'ਮੌਨੂਮਤੀ' ਵਿਚ ਵੀ ਹਾਦੀਰਾ ਚੌਕੀ ਦੀ ਜੰਗ ਦਾ ਖੁੱਲ੍ਹ ਕੇ ਜ਼ਿਕਰ ਆਉਂਦਾ ਹੈ। ਆਸਾਮ ਦੀ ਰਾਜਨੀਤੀ ਵਿਚ ਵੀ ਸਿੱਖਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸ: ਕਿਰਪਾਲ ਸਿੰਘ, ਸ: ਧਿਆਨ ਸਿੰਘ, ਸ: ਮਨਜੀਤ ਸਿੰਘ ਅਤੇ ਸ: ਐਲ.ਪੀ. ਸਿੰਘ ਦੀ ਰਹਿਨੁਮਾਈ ਹੇਠ ਸੰਨ 1980 ਵਿਚ 'ਆਸਾਮੀਜ਼ ਸਿੱਖ ਐਸੋਸੀਏਸ਼ਨ' ਬਣਾਈ।
ਆਸਾਮ ਦੇ ਟੂਰਿਜ਼ਮ ਨਕਸ਼ੇ 'ਚ ਇਨ੍ਹਾਂ ਆਸਾਮੀ ਸਿੱਖਾਂ ਬਾਰੇ ਬਹੁਤ ਵਧੀਆਂ ਤਸਵੀਰਾਂ ਸਮੇਤ ਜ਼ਿਕਰ ਹੈ। ਬਰਮਾ ਦੀ ਫ਼ੌਜੀ ਸ਼ਕਤੀ ਤੋਂ ਮੁਕਤੀ ਪ੍ਰਾਪਤ ਕਰਨ ਵਾਸਤੇ ਆਸਾਮ ਦੇ ਰਾਜੇ ਦੀ ਮੰਗ 'ਤੇ ਇਹ ਸਿੱਖ ਇੱਥੇ ਆਏ ਸਨ ਤੇ 1820-22 ਈ: ਦਰਮਿਆਨ ਹਦਰਾਸ਼ਕੀ ਅਸਥਾਨ 'ਤੇ ਲੜਾਈ ਹੋਈ ਸੀ। ਜਿਹੜੇ ਬਚ ਗਏ, ਉਨ੍ਹਾਂ ਆਸਾਮੀ ਔਰਤਾਂ ਨਾਲ ਵਿਆਹ ਕਰ ਲਏ, ਇੱਥੇ ਹੀ ਵਸ ਗਏ। ਹੋ ਸਕਦਾ ਹੈ ਉਸ ਸਮੇਂ ਬਿਹਾਰ ਤੋਂ ਸਿੱਖ ਵੀ ਗਏ ਹੋਣਗੇ। ਇਨ੍ਹਾਂ ਦੀ ਮੁੱਖ ਖੁਰਾਕ ਚਾਵਲ ਹੈ, ਜਦੋਂ ਕਿ ਪੰਜਾਬੀ ਸਿੱਖ ਕਣਕ ਦੇ ਜ਼ਿਆਦਾ ਸ਼ੌਕੀਨ ਸਨ। ਪੰਜਾਬੀ ਸਿੱਖਾਂ ਤੇ ਆਸਾਮੀ ਸਿੱਖਾਂ ਦੇ ਅਨੰਦ ਕਾਰਜ ਨਹੀਂ ਹੁੰਦੇ, ਕਿਉਂਕਿ ਰਵਾਇਤੀ ਖੁਰਾਕ ਤੇ ਰਹਿਣ-ਸਹਿਣ ਵਿਚ ਢੇਰ ਸਾਰਾ ਅੰਤਰ ਹੈ।
ਬਾਰਿਸ਼ ਦੇ ਮੌਸਮ ਦੌਰਾਨ ਬਰਕੋਲਾ ਪਿੰਡ ਪਾਣੀ 'ਚ ਘਿਰਿਆ ਇਕ ਟਾਪੂ ਬਣ ਜਾਂਦਾ ਹੈ ਤੇ ਗੁਰੂ-ਘਰ 'ਚ ਪੀੜਤ ਲੋਕਾਂ ਵਾਸਤੇ ਨਿਵਾਸ ਬਣਦੇ ਹਨ। ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਤੇ ਸ: ਸੁਰਜੀਤ ਸਿੰਘ ਬਰਨਾਲਾ 1975 ਈ: ਵਿਚ ਇਨ੍ਹਾਂ ਸਿੱਖਾਂ ਨੂੰ ਮਿਲਣ ਵਾਸਤੇ ਗਏ ਸਨ। ਕੁਝ ਸਾਲ ਪਹਿਲਾਂ ਸ: ਪ੍ਰੀਤਮ ਸਿੰਘ ਪ੍ਰਧਾਨ, ਆਸਾਮੀ ਸਿੱਖ ਸੰਗਠਨ ਦੀ ਅਗਵਾਈ 'ਚ 166 ਆਸਾਮੀ ਸਿੱਖ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨਾਂ ਵਾਸਤੇ ਸ਼੍ਰੋਮਣੀ ਕਮੇਟੀ ਦੇ ਸੱਦੇ 'ਤੇ ਪਹੁੰਚੇ ਸਨ। ਆਉਣ-ਜਾਣ ਤੇ ਰਿਹਾਇਸ਼ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਆਸਾਮ ਦੇ ਮੁੱਖ ਮੰਤਰੀ ਹਤੇਸ਼ਵਰ ਸੇਖੀਆ ਨੇ 2002 ਈ: ਨੂੰ ਸਾਨੂੰ ਗੁਹਾਟੀ 'ਚ ਕੁਝ ਜਗ੍ਹਾ ਗੁਰੂ ਨਾਨਕ ਭਵਨ ਬਣਾਉਣ ਲਈ ਦੇਣ ਦਾ ਵਾਅਦਾ ਕੀਤਾ ਸੀ ਜੋ ਵਫ਼ਾ ਨਹੀਂ ਹੋਇਆ। ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੂੰ ਵੀ ਕਈ ਵਫ਼ਦ ਆਸਾਮੀ ਸਿੱਖਾਂ ਦੇ ਮਿਲੇ ਪਰ ਮਿਲਿਆ ਕੁਝ ਨਹੀਂ! ਭਾਵੇਂ ਉਹ ਗੁਹਾਟੀ ਤੋਂ ਰਾਜ ਸਭਾ ਦੇ ਮੈਂਬਰ ਸਨ। 2008 ਈ: ਵਿਚ ਪੰਜਾਬ ਸਰਕਾਰ ਨੇ ਵੀ 200 ਆਸਾਮੀ ਸਿੱਖਾਂ ਦੇ ਜਥੇ ਨੂੰ ਪੰਜਾਬ ਆਉਣ ਦਾ ਪ੍ਰਬੰਧ ਕੀਤਾ ਸੀ। 2010-2011 ਈ: 'ਚ ਮੁੱਖ ਮੰਤਰੀ ਆਸਾਮ ਤਰਨ ਗੰਗੋਈ ਨੇ ਬਰਕੋਲਾ ਦੇ ਗੁਰਦੁਆਰੇ ਵਾਸਤੇ ਚਾਰ ਲੱਖ ਰੁਪਏ ਦਿੱਤੇ ਸਨ।
ਆਸਾਮ ਦੀ ਧਰਤੀ ਨੂੰ ਜਗਤ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋ ਚੁੱਕਾ ਸੀ। ਆਸਾਮ ਤੋਂ ਹੀ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭੇਟਾ ਵਾਸਤੇ ਚਿੱਟਾ ਪ੍ਰਸ਼ਾਦੀ ਹਾਥੀ, ਚੰਦਨ ਦੀ ਚੋਕੀ ਤੇ ਹੋਰ ਕੀਮਤੀ ਵਸਤਾਂ ਅਨੰਦਪੁਰ ਸਾਹਿਬ ਪਹੁੰਚੀਆਂ ਸਨ।
ਆਸਾਮ ਵਿਚ ਸਿੱਖ ਹੋ ਸਕਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਹੀ ਰਹਿ ਰਹੇ ਹੋਣ। ਅਸੀਂ ਇਤਿਹਾਸਕ ਤੱਥਾਂ ਨੂੰ ਸੰਭਾਲ ਨਹੀਂ ਸਕੇ ਤੇ ਨਾ ਇਸ ਵਿਸ਼ੇ ਬਾਰੇ ਕੋਈ ਖੋਜ ਕਾਰਜ ਹੋਏ। ਆਸਾਮ ਵਿਚ ਸਿੱਖਾਂ ਦੇ ਵਸਣ ਦੇ ਹਵਾਲੇ ਸਾਨੂੰ ਦਿਬਰੂਗੜ੍ਹ੍ਹ-ਜੋਰਹਾਰਟ ਆਦਿ ਸ਼ਹਿਰਾਂ ਦੇ ਵਿਕਾਸ ਤੋਂ ਵੀ ਮਿਲ ਸਕਦੇ ਹਨ। ਅੰਗਰੇਜ਼ ਰਾਜਕਾਲ ਸਮੇਂ ਇਨ੍ਹਾਂ ਸ਼ਹਿਰਾਂ-ਨਗਰਾਂ ਦੇ ਵਿਕਾਸ ਵਾਸਤੇ ਰੇਲਵੇ ਲਾਈਨਾਂ ਵਿਛਾਈਆਂ ਗਈਆਂ। ਉਸ ਸਮੇਂ ਵੀ ਬਹੁਤ ਸਾਰੇ ਸਿੱਖ ਠੇਕੇਦਾਰ, ਤਕਨੀਕੀ ਮਾਹਰ ਮਜ਼ਦੂਰ ਜਾ ਕੇ ਆਸਾਮ ਵਿਚ ਵਸੇ ਹੋਣ। ਸਿੱਖ-ਧਾਰਮਿਕ, ਸਮਾਜਿਕ ਤੌਰ 'ਤੇ ਹਰ ਤਰ੍ਹਾਂ ਦੀ ਕਿਰਤ-ਕਮਾਈ ਵਿਸ਼ਵ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਕਰਨ ਨੂੰ ਤਿਆਰ ਹਨ। ਹਰ ਥਾਂ 'ਤੇ ਜਿਥੇ ਸਿੱਖ ਵਸੇ, ਉਸ ਧਰਤੀ ਦੇ ਵਿਕਾਸ-ਵਿਗਾਸ ਲਈ ਮਿਹਨਤ-ਇਮਾਨਦਾਰੀ ਨਾਲ ਯੋਗਦਾਨ ਪਾਇਆ ਤੇ ਨਾਮਣਾ ਖੱਟਿਆ ਹੈ। ਇਸ ਤਰ੍ਹਾਂ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਜਾ ਕੇ ਵੀ ਸਿੱਖਾਂ ਨੇ ਆਪਣੀ ਰੋਜ਼ੀ ਕਮਾਉਣ ਦੇ ਨਾਲ ਸਿੱਖੀ ਦੀ ਸਦਾਬਹਾਰ ਖ਼ੁਸ਼ਬੋਈ ਨੂੰ ਬਿਖੇਰਨ ਵਿਚ ਸਲਾਹੁਣਯੋਗ ਹਿੱਸਾ ਪਾਇਆ ਹੈ ਤੇ ਪਾ ਰਹੇ ਹਨ। ਅੱਜ ਆਸਾਮ ਦੇ ਹਰ ਖੇਤਰ ਵਿਚ ਕਾਰੋਬਾਰੀ, ਵਪਾਰੀ ਸਿੱਖ ਇੱਜ਼ਤ-ਮਾਣ ਦਾ ਜੀਵਨ ਬਸਰ ਕਰ ਰਹੇ ਹਨ।
ਇਨ੍ਹਾਂ ਆਸਾਮੀ ਸਿੱਖਾਂ ਦੇ ਪਿੰਡ ਵਿਚ ਕੇਵਲ ਸਿੱਖ ਹੀ ਵਸਦੇ ਹਨ ਤੇ ਪੰਜਾਬੀ-ਸਿੱਖ ਰਵਾਇਤਾਂ ਤੋਂ ਕਾਫੀ ਹਟਵੇਂ ਹਨ, ਭਾਵੇਂ ਇਹ ਸਾਰੇ ਗੁਰਪੁਰਬ ਦਿਨ-ਤਿਉਹਾਰ ਸਿੱਖੀ ਵਾਲੇ ਹੀ ਮਨਾਉਂਦੇ ਹਨ। ਅਮੀਰ ਸਿੱਖ ਬਿਹਾਰ 'ਚ ਨਿਵਾਸ ਰੱਖਣ ਵਾਲੇ ਸਿੱਖਾਂ ਨਾਲ ਵਿਆਹ ਕਾਰਜ ਕਰਾਉਂਦੇ ਹਨ ਤੇ ਬਾਕੀ ਆਪਸ ਵਿਚ ਹੀ ਵਿਆਹ ਕਰਦੇ ਹਨ। (ਸਮਾਪਤ)


-ਮੋਬਾ: 98146-37979
E-mail : roopz@yahoo.com

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬਾਬਾ ਗੁਰਬਖ਼ਸ਼ ਸਿੰਘ

ਸਰਬ ਸਾਂਝੇ ਹਰਿਮੰਦਰ ਸਾਹਿਬ ਸਾਰਿਆਂ ਦੇ ਦਿਲਾਂ ਦੀ ਧੜਕਣ ਹਨ। ਪਿਆਰ, ਸਾਂਝੀਵਾਲਤਾ, ਸ਼ਾਂਤੀ ਅਤੇ ਰੂਹਾਨੀਅਤ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਸਾਡੇ ਲਈ ਅਸਹਿ ਹੈ। ਇਨ੍ਹਾਂ ਦੇ ਅਦਬ ਲਈ ਅਨੇਕਾਂ ਮਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ ਹਨ। ਅਜਿਹੇ ਹੀ ਮਹਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਸਨ, ਜਿਨ੍ਹਾਂ ਦੀ ਯਾਦਗਾਰ ਅੱਜ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸੁਸ਼ੋਭਿਤ ਹੈ। ਇਹ ਮਾਝੇ ਦੇ ਪਿੰਡ ਲੀਲ ਦੇ ਵਸਨੀਕ ਸਨ। ਇਹ ਅੰਮ੍ਰਿਤਧਾਰੀ ਨਿਹੰਗ ਸਿੰਘ, ਨਾਮ ਬਾਣੀ ਦੇ ਰਸੀਏ, ਸੱਚੇ ਸੰਤ ਸਿਪਾਹੀ ਸਨ ਅਤੇ ਜੰਗਾਂ-ਯੁੱਧਾਂ ਵਿਚ ਹਮੇਸ਼ਾ ਅੱਗੇ ਹੋ ਕੇ ਜੂਝਦੇ ਸਨ। ਦਸੰਬਰ, 1764 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਸੱਤਵਾਂ ਹਮਲਾ ਕੀਤਾ। ਜਦੋਂ ਉਹ ਲਾਹੌਰ ਪਹੁੰਚਿਆ ਤਾਂ ਸ: ਚੜ੍ਹਤ ਸਿੰਘ ਦੇ ਜਥੇ ਨੇ ਅਬਦਾਲੀ ਦੇ ਕੈਂਪ 'ਤੇ ਕਰਾਰਾ ਹਮਲਾ ਕੀਤਾ। ਗੁੱਸੇ ਵਿਚ ਆਏ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਚੜ੍ਹਾਈ ਕਰ ਦਿੱਤੀ। ਇਸ ਸਮੇਂ ਉਥੇ ਕੇਵਲ 30 ਕੁ ਸਿੰਘ ਹੀ ਹਾਜ਼ਰ ਸਨ, ਜਿਨ੍ਹਾਂ ਦੇ ਜਥੇਦਾਰ ਬਾਬਾ ਗੁਰਬਖਸ਼ ਸਿੰਘ ਸਨ। ਦੂਜੇ ਪਾਸੇ ਅਬਦਾਲੀ ਦੀ ਫੌਜ ਦੀ ਗਿਣਤੀ 36 ਹਜ਼ਾਰ ਸੀ।
ਉਨ੍ਹਾਂ ਦੇ ਸਰੀਰਾਂ 'ਤੇ ਲੋਹੇ ਦੀਆਂ ਸੰਜੋਆਂ ਸਨ ਅਤੇ ਹਰ ਤਰ੍ਹਾਂ ਦੇ ਹਥਿਆਰ ਸਨ। ਸਿੰਘਾਂ ਕੋਲ ਤਾਂ ਤਨ ਢਕਣ ਲਈ ਪੂਰੇ ਬਸਤਰ ਵੀ ਨਹੀਂ ਸਨ। ਉਨ੍ਹਾਂ ਕੋਲ ਕੇਵਲ ਤੇਗਾਂ ਤੇ ਬਰਛੇ ਹੀ ਸਨ। ਸਵਾ ਲੱਖ ਨਾਲ ਇਕ ਲੜਾਉਣ ਵਾਲੇ ਸ੍ਰੀ ਦਸਮੇਸ਼ ਜੀ ਦਾ ਖ਼ਾਲਸਾ ਤਾਂ ਸਦਾ ਹੀ ਸ਼ਹਾਦਤਾਂ ਦੇ ਚਾਅ ਨਾਲ ਮਖ਼ਮੂਰ ਰਹਿੰਦਾ ਸੀ। ਸਾਰੇ ਸਿੰਘਾਂ ਨੇ ਕੇਸਰੀ, ਨੀਲੇ ਅਤੇ ਸਫੈਦ ਬਸਤਰ ਸਜਾ ਕੇ ਬਾਬਾ ਜੀ ਦੀ ਅਗਵਾਈ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਲਈ ਸ਼ਹੀਦੀ ਗਾਨੇ ਬੰਨ੍ਹ ਲਏ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੇਠਾਂ ਆ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਲਏ ਗਏ।
ਅਬਦਾਲੀ ਦੀਆਂ ਫੌਜਾਂ ਪਰਿਕਰਮਾ ਦੇ ਨੇੜੇ ਪਹੁੰਚੀਆਂ ਤਾਂ ਘਮਸਾਣ ਦੀ ਜੰਗ ਸ਼ੁਰੂ ਹੋ ਗਈ। ਸਾਰੇ ਸਿੰਘ ਆਪਣੇ ਪਾਵਨ ਅਸਥਾਨ ਤੋਂ ਜਾਨਾਂ ਕੁਰਬਾਨ ਕਰਨ ਦੇ ਉਮਾਹ ਨਾਲ ਭਰੇ ਹੋਏ ਸਨ। ਬਾਬਾ ਜੀ ਦੇ ਸਰੀਰ ਦਾ ਸਾਰਾ ਖੂਨ ਨੁੱਚੜ ਗਿਆ ਪਰ ਉਹ ਫਿਰ ਵੀ ਲੜੀ ਜਾ ਰਹੇ ਸਨ। ਇਸ ਸਾਕੇ ਬਾਰੇ ਕਾਜ਼ੀ ਨੂਰ ਮੁਹੰਮਦ ਨੇ ਵੀ ਲਿਖਿਆ ਹੈ ਕਿ ਕਿਸ ਤਰ੍ਹਾਂ 30 ਸਿੰਘਾਂ ਨੇ ਆਪਣੇ-ਆਪ ਨੂੰ ਗੁਰੂ ਤੋਂ ਕੁਰਬਾਨ ਕਰ ਦਿੱਤਾ। ਅਖੀਰ ਵਿਚ ਬਾਬਾ ਗੁਰਬਖਸ਼ ਸਿੰਘ ਜੀ ਨੇ ਵੀ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ ਪਰ ਜਿਉਂਦੇ ਜੀਅ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਨਹੀਂ ਹੋਣ ਦਿੱਤੀ।

ਪੂਰਨ ਭਗਤ ਦਾ ਖੂਹ ਤੇ ਭੋਰਾ ਹੋਣ ਲੱਗੇ ਕਬਰਸਤਾਨ ਵਿਚ ਤਬਦੀਲ

ਜੰਮੂ ਸਰਹੱਦ ਦੇ ਨਾਲ ਲਗਦੇ ਪਾਕਿਸਤਾਨ ਦੇ ਸ਼ਹਿਰ ਸਿਆਲਕੋਟ ਵਿਚ ਰਾਜਾ ਸਾਲਿਵਾਹਨ ਦੇ ਸਮੇਂ ਚਾਰ ਬਾਰਾਂਮਾਹ ਨਾਲੇ; ਐਕ, ਡੈਕ, ਪਾਲ਼ਖ਼ੂ ਤੇ ਬਸੰਤਰ ਦਾ ਪ੍ਰਵਾਹ ਜਾਰੀ ਸੀ। ਇਹ ਪਾਣੀ ਦੇ ਸੋਮੇ ਸੈਂਕੜੇ ਵਰ੍ਹਿਆਂ ਬਾਅਦ ਵੀ ਜਾਰੀ ਰਹੇ। ਹਰ ਧਰਮ ਦੇ ਲੋਕਾਂ ਦੀ ਇਨ੍ਹਾਂ 'ਤੇ ਆਸਥਾ ਤੇ ਵਿਸ਼ਵਾਸ ਕਾਇਮ ਸੀ। ਲੋਕ ਇਨ੍ਹਾਂ ਦੇ ਪਿੱਛੋਂ ਪਹਾੜਾਂ 'ਚੋਂ ਆਉਣ ਵਾਲੇ ਸਾਫ਼ ਅਤੇ ਸਵੱਛ ਜਲ ਨਾਲ ਇਸ਼ਨਾਨ ਕਰਦੇ ਅਤੇ ਇਨ੍ਹਾਂ ਦੇ ਪਾਣੀ ਵਿਚ ਮਿਲੀਆਂ ਜੜੀਆਂ-ਬੂਟੀਆਂ ਨਾਲ ਉਨ੍ਹਾਂ ਦੀਆਂ ਸਰੀਰਕ ਬਿਮਾਰੀਆਂ ਠੀਕ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮਿਕ ਸ਼ਾਂਤੀ ਵੀ ਮਿਲਦੀ। ਹੁਣ ਇਨ੍ਹਾਂ ਵਿਚੋਂ ਸਿਰਫ਼ ਐਕ ਨਾਲਾ ਹੀ ਬਾਕੀ ਬਚਿਆ ਰਹਿ ਗਿਆ ਹੈ ਅਤੇ ਉਹ ਵੀ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕਾ ਹੈ।
ਰਾਣੀ ਇੱਛਰਾਂ ਨਾਲ ਵਿਆਹ ਤੋਂ ਬਾਅਦ ਰਾਜਾ ਸਾਲਿਵਾਹਨ ਨੇ ਆਪਣੇ ਸਿਆਲਕੋਟ ਦੇ ਕਿਲ੍ਹੇ ਤੋਂ ਰਾਣੀ ਦੇ ਪਿੰਡ ਰੋੜਸ ਤੱਕ ਸਿੱਧੀ ਪੱਕੀ ਸੜਕ ਬਣਵਾਈ। ਇਹ 13.5 ਕਿਲੋਮੀਟਰ ਲੰਬੀ ਸੜਕ ਸਿਆਲਕੋਟ ਸ਼ਹਿਰ ਦੀ ਪਹਿਲੀ ਪੱਕੀ ਸੜਕ ਸੀ, ਜਦਕਿ ਹੁਣ ਸਿਆਲਕੋਟ ਦੇ ਕਿਲ੍ਹੇ ਤੋਂ ਪਿੰਡ ਰੋੜਸ ਤੱਕ ਪਹੁੰਚਣ ਲਈ ਕਈ ਸੜਕਾਂ ਅਤੇ ਪਿੰਡਾਂ ਦੇ ਵਿਚੋਂ ਦੀ ਹੋ ਕੇ ਜਾਣਾ ਪੈਂਦਾ ਹੈ। ਸ਼ਹਿਰ ਦੀ ਚਰਚ ਰੋਡ ਤੋਂ ਪੁਰਾਣੇ ਗਿਰਜਾ-ਘਰ ਤੋਂ ਪੂਰਾ ਇਕ ਕਿਲੋਮੀਟਰ ਅੱਗੇ ਉਗੋਕੀ ਰੋਡ ਸ਼ੁਰੂ ਹੋ ਜਾਂਦੀ ਹੈ। ਉਗੋਕੀ ਦੀਆਂ ਰੇਲਵੇ ਲਾਈਨਾਂ ਪਾਰ ਕਰਨ 'ਤੇ ਸੱਜੇ ਹੱਥ ਪਿੰਡ ਮਿਆਨਪੁਰਾ ਅਤੇ ਖੱਬੇ ਹੱਥ ਡਿਫੈਂਸ ਰੋਡ ਹੈ, ਜੋ ਸਿੱਧੀ ਪਿੰਡ ਸ਼ਹਿਆਬਪੁਰਾ ਦੇ ਰੇਲਵੇ ਫਾਟਕ 'ਤੇ ਜਾ ਪਹੁੰਚਦੀ ਹੈ। ਉਥੇ ਵਜ਼ੀਰਾਬਾਦ ਰੋਡ 'ਤੇ ਦੋ ਵੱਡੀਆਂ ਨਹਿਰਾਂ ਬੀ. ਆਰ. ਬੀ. ਅਤੇ ਬੀ. ਆਰ. ਐਲ. ਆਉਂਦੀਆਂ ਹਨ, ਜਿਨ੍ਹਾਂ ਨੂੰ ਪਾਰ ਕਰਦਿਆਂ ਹੀ ਪਿੰਡ ਰੋੜਸ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਇਸ ਪਿੰਡ ਵਿਚ ਰਾਣੀ ਇੱਛਰਾਂ ਦਾ ਮਹਿਲ ਅੱਜ ਵੀ ਮੌਜੂਦ ਹੈ। (ਚਲਦਾ)


-ਅੰਮ੍ਰਿਤਸਰ। ਮੋਬਾ: 93561-27771

ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਵਿਚ ਮੀਡੀਆ ਦਾ ਯੋਗਦਾਨ

ਭਾਵੇਂ ਅਜੋਕੇ ਦੌਰ ਵਿਚ ਮੀਡੀਆ ਅਤੇ ਸੰਚਾਰ ਦੇ ਅਣਗਿਣਗਤ ਸਾਧਨ ਮੁਹੱਈਆ ਹਨ, ਜਿਨ੍ਹਾਂ ਦੀ ਮਦਦ ਨਾਲ ਕਿਸੇ ਵੀ ਕਲਾ, ਵਸਤੂ, ਪ੍ਰਾਪਤੀਆਂ ਅਤੇ ਕਿਸੇ ਦੀਆਂ ਖੂਬੀਆਂ ਦੀ ਚਰਚਾ ਕਰਕੇ ਉਨ੍ਹਾਂ ਨੂੰ ਅਸਮਾਨੇ ਚਾੜ੍ਹਿਆ ਜਾ ਸਕਦਾ ਹੈ ਪਰ ਜੇ ਪਿਛਲੇ ਸਮੇਂ ਉੱਤੇ ਝਾਤ ਮਾਰੀਏ ਤਾਂ ਉਸ ਸਮੇਂ ਦੌਰਾਨ ਵੀ ਉਸ ਵੇਲੇ ਦੇ ਮੀਡੀਏ ਨੇ ਇਨ੍ਹਾਂ ਖੇਤਰਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸੰਗੀਤ ਕਲਾ ਨੂੰ ਪੁਰਾਤਨ ਸਮੇਂ ਤੋਂ ਹੀ ਪ੍ਰਸਾਰ ਮਾਧਿਅਮਾਂ ਰਾਹੀਂ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਇਸ ਸਬੰਧੀ ਕੁਝ ਤੱਥ ਪਾਠਕਾਂ ਨਾਲ ਸਾਂਝੇ ਕਰਦੇ ਹਾਂ।
1. ਗ੍ਰਾਮੋਫੋਨ ਕੰਪਨੀਆਂ : ਪੁਰਾਤਨ ਸਮੇਂ ਵਿਚ ਗ੍ਰਾਮੋਫੋਨ ਕੰਪਨੀਆਂ ਵੱਡੇ-ਵੱਡੇ ਕਲਾਕਾਰਾਂ ਦੇ ਗਾਇਨ ਨੂੰ ਰਿਕਾਰਡ ਕਰਕੇ ਸੰਗੀਤ ਪ੍ਰੇਮੀਆਂ ਤੱਕ ਪੁੱਜਦਾ ਕਰਦੀਆਂ ਸਨ। ਉਸ ਸਮੇਂ ਦੀ ਇਕ ਸਭ ਤੋਂ ਪੁਰਾਣੀ ਅਤੇ ਪ੍ਰਸਿੱਧ ਕੰਪਨੀ ਨੇ ਮੰਨੇ-ਪ੍ਰਮੰਨੇ ਸੰਗੀਤਕਾਰਾਂ ਦੇ ਗਾਇਨ ਅਤੇ ਵਾਦਨ ਨੂੰ ਕਾਲੇ ਰੰਗ ਦੇ ਲਾਖ ਦੇ ਤਵਿਆਂ ਵਿਚ ਰਿਕਾਰਡ ਕੀਤਾ ਸੀ। ਉਸ ਸਮੇਂ ਦੇ ਕੁਝ ਉੱਚ ਕੋਟੀ ਦੇ ਇਨ੍ਹਾਂ ਰਾਗੀ ਜਥਿਆਂ ਦੇ ਗਾਏ ਸ਼ਬਦ ਅਤੇ ਧਾਰਮਿਕ ਗੀਤ ਇਸ ਪ੍ਰਸਿੱਧ ਕੰਪਨੀ ਵਲੋਂ ਰਿਕਾਰਡ ਕੀਤੇ ਗਏ, ਜਿਹੜੇ ਬਹੁਤ ਲੋਕਪ੍ਰਿਆ ਹੋਏ-ਭਾਈ ਸੁੱਧ ਸਿੰਘ ਪ੍ਰਧਾਨ ਸਿੰਘ ਦੀ ਗਾਈ ਆਸਾ ਦੀ ਵਾਰ ਸ਼ਾਇਦ ਸਭ ਤੋਂ ਪਹਿਲੀ ਰਿਕਾਰਡਸ਼ੁਦਾ ਆਸਾ ਦੀ ਵਾਰ ਹੈ। ਇਸ ਤੋਂ ਇਲਾਵਾ ਸਿੱਖ ਪੰਥ ਦੇ ਮਹਾਨ ਸੁਰੀਲੇ ਰਾਗੀ ਭਾਈ ਸੰਤਾ ਸਿੰਘ ਦੀ ਆਵਾਜ਼ ਵਿਚ ਅਨੇਕਾਂ ਸ਼ਬਦਾਂ ਦੇ ਰਿਕਾਰਡ ਮਾਰਕੀਟ ਵਿਚ ਆਏ।
ਸ੍ਰੀ ਨਨਕਾਣਾ ਸਾਹਿਬ ਦੇ ਉਸ ਸਮੇਂ ਦੇ ਹਜ਼ੂਰੀ ਰਾਗੀ ਭਾਈ ਬੁੱਧ ਸਿੰਘ ਤਾਨ, ਭਾਈ ਮਿਹਰ ਸਿੰਘ ਤਾਨ, ਵਾਇਲਿਨ ਨਾਲ ਕੀਰਤਨ ਕਰਨ ਵਾਲੇ ਬੰਬਈ ਦੇ ਪ੍ਰਸਿੱਧ ਰਾਗੀ ਭਾਈ ਮੋਹਨ ਸਿੰਘ, ਪ੍ਰਸਿੱਧ ਰਬਾਬੀ ਭਾਈ ਛੈਲਾ ਪਟਿਆਲੇ ਵਾਲੇ, ਭਾਈ ਦੇਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਪੁਰਾਤਨ ਰਾਗੀ ਗਿਆਨ ਸਿੰਘ ਅਲਮਸਤ, ਠਾਕੁਰ ਸਿੰਘ ਅਲਮਸਤ, ਉਸ ਸਮੇਂ ਜਵਾਨੀ ਦੀ ਦਹਿਲੀਜ਼ ਉੱਤੇ ਕਦਮ ਧਰ ਰਹੇ ਰਾਗੀ ਕਾਕਾ ਸਮੁੰਦ ਸਿੰਘ (ਪਿੱਛੋਂ ਭਾਈ ਸਮੁੰਦ ਸਿੰਘ), ਭਾਈ ਤਰਲੋਚਨ ਸਿੰਘ ਦਿੱਲੀ ਤੋਂ ਇਲਾਵਾ ਸੁਪ੍ਰਸਿੱਧ ਪਿੱਠਵਰਤੀ ਗਾਇਕਾ ਆਸ਼ਾ ਭੋਂਸਲੇ ਦੀ ਆਵਾਜ਼ ਵਿਚ ਗਾਇਆ ਸ਼ਬਦ 'ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ...' ਸੰਗਤਾਂ ਵਲੋਂ ਬੇਹੱਦ ਸਲਾਹੇ ਗਏ। ਇਸ ਤੋਂ ਬਾਅਦ ਦੇ ਸਮੇਂ ਵਿਚ ਮਹਾਨ ਰਾਗੀ ਭਾਈ ਸੁਰਜਨ ਸਿੰਘ, ਭਾਈ ਗੋਪਾਲ ਸਿੰਘ ਦੀਆਂ ਆਵਾਜ਼ਾਂ ਵਿਚ ਆਸਾ ਦੀ ਵਾਰ ਦੇ ਰਿਕਾਰਡ ਆਏ। ਕਿਹਾ ਜਾਂਦਾ ਹੈ ਕਿ ਭਾਈ ਸੁਰਜਨ ਸਿੰਘ ਵਲੋਂ ਗਾਈ ਆਸਾ ਦੀ ਵਾਰ ਦੀ ਰਿਕਾਰਡਿੰਗ ਦੀ ਵਿਕਰੀ ਦਾ ਰਿਕਾਰਡ ਅੱਜ ਤੱਕ ਵੀ ਜਿਓਂ ਦਾ ਤਿਓਂ ਕਾਇਮ ਹੈ। ਕੁਝ ਹੋਰਨਾਂ ਗ੍ਰਾਮੋਫੋਨ ਕੰਪਨੀਆਂ ਨੇ ਵੀ ਮੰਨੇ-ਪ੍ਰਮੰਨੇ ਰਾਗੀਆਂ ਦੇ ਸ਼ਬਦ ਰਿਕਾਰਡ ਕੀਤੇ ਹਨ।
2. ਕੈਸੇਟ ਕੰਪਨੀਆਂ : ਕੈਸੇਟ ਕੰਪਨੀਆਂ ਨੇ ਰਾਗੀਆਂ ਦੇ ਨਾਲ-ਨਾਲ ਗੈਰ-ਰਾਗੀ ਕਲਾਕਾਰਾਂ ਜਿਵੇਂ ਮੁਹੰਮਦ ਰਫੀ, ਮੋਹਿਨੀ ਨਰੂਲਾ, ਜਸਪਿੰਦਰ ਨਰੂਲਾ, ਅਨੁਰਾਧਾ ਪੌਡਵਾਲ ਅਤੇ ਮੰਨਾ ਡੇਅ ਵਰਗੇ ਮਹਾਨ ਕਲਾਕਾਰਾਂ ਦੀ ਆਵਾਜ਼ ਵਿਚ ਸ਼ਬਦ ਅਤੇ ਧਾਰਮਿਕ ਗੀਤ ਰਿਕਾਰਡ ਕੀਤੇ।
3. ਪੰਜਾਬ ਦੀ ਇਕ ਟੀ.ਵੀ. ਬਣਾਉਣ ਵਾਲੀ ਕੰਪਨੀ ਨੇ ਰਾਗੀ ਜਥਿਆਂ ਅਤੇ ਧਾਰਮਿਕ ਗਾਇਕਾਂ-ਗਾਇਕਾਵਾਂ ਨੂੰ ਬੁਲਾ-ਬੁਲਾ ਕੇ ਸ਼ਬਦ ਕੀਰਤਨ ਅਤੇ ਧਾਰਮਿਕ ਗੀਤਾਂ ਦੀਆਂ ਬੇਸ਼ੁਮਾਰ ਮਿਆਰੀ ਕੈਸੇਟਾਂ ਸਰੋਤਿਆਂ ਦੀ ਝੋਲੀ ਪਾਈਆਂ। ਇਸ ਕੰਪਨੀ ਵਲੋਂ ਰਿਕਾਰਡ ਕੀਤਾ ਗਿਆ ਸ਼ਬਦ 'ਕੋਈ ਬੋਲੈ ਰਾਮ ਰਾਮ ਕੋਈ ਖੁਦਾਇ' ਸੰਗਤਾਂ ਬਹੁਤ ਚਾਓ ਨਾਲ ਸੁਣਦੀਆਂ ਹਨ।
4. ਆਕਾਸ਼ਵਾਣੀ : ਹੋਰਨਾਂ ਕਲਾਵਾਂ ਦੇ ਨਾਲ-ਨਾਲ ਗੁਰਬਾਣੀ ਕੀਰਤਨ ਦੇ ਪ੍ਰਚਾਰ ਪ੍ਰਸਾਰ ਲਈ ਆਕਾਸ਼ਵਾਣੀ (ਪਹਿਲਾ ਨਾਂਅ 'ਆਲ ਇੰਡੀਆ ਰੇਡੀਓ') ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵੰਡ ਤੋਂ ਪਹਿਲਾਂ ਲਾਹੌਰ ਰੇਡੀਓ ਤੋਂ ਕਦੇ-ਕਦੇ ਸ਼ਬਦ ਕੀਰਤਨ ਨਸ਼ਰ ਹੁੰਦਾ ਸੀ, ਫਿਰ ਜਦੋਂ ਜਲੰਧਰ ਵਿਚ ਆਕਾਸ਼ਵਾਣੀ ਕੇਂਦਰ ਸਥਾਪਤ ਹੋਇਆ ਤਾਂ ਇੱਥੋਂ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਬਾਕਾਇਦਾ ਸ਼ੁਰੂ ਹੋ ਗਿਆ। ਇਸ ਦਾ ਸਿਹਰਾ ਉਸ ਸਮੇਂ ਦੇ ਸਿੱਖ ਡਾਇਰੈਕਟਰ ਅਤੇ ਮਹਾਨ ਸਾਹਿਤਕਾਰ ਸਵਰਗੀ ਸ: ਕਰਤਾਰ ਸਿੰਘ ਦੁੱਗਲ ਅਤੇ ਸ: ਜੋਧ ਸਿੰਘ ਨੂੰ ਜਾਂਦਾ ਹੈ। ਹਫਤੇ ਵਿਚ ਹਰ ਬੁੱਧਵਾਰ ਨੂੰ ਸਵੇਰੇ ਪੌਣੇ 8 ਤੋਂ 8 ਵਜੇ ਤੱਕ, ਦੁਪਹਿਰੇ 12.15 ਵਜੇ ਤੋਂ 12.30 ਵਜੇ ਤੱਕ ਲਾਈਵ ਅਤੇ ਰਾਤ ਨੂੰ ਫਿਰ 7.45 ਤੋਂ 8.00 ਵਜੇ ਤੱਕ ਰੇਡੀਓ ਤੋਂ ਪ੍ਰਵਾਨਿਤ ਰਾਗੀ ਜਥਿਆਂ ਦਾ ਕੀਰਤਨ ਸੰਗਤਾਂ ਨੂੰ ਸੁਣਾਇਆ ਜਾਂਦਾ। ਉਸ ਸਮੇਂ ਦੇ ਪ੍ਰਸਿੱਧ ਰਾਗੀ ਜਥਿਆਂ ਵਿਚ ਭਾਈ ਸਮੁੰਦ ਸਿੰਘ, ਭਾਈ ਅਮਰੀਕ ਸਿੰਘ ਬਿਲਗਾ, ਭਾਈ ਬਖਸ਼ੀਸ਼ ਸਿੰਘ, ਭਾਈ ਦੇਵਿੰਦਰ ਸਿੰਘ ਗੁਰਦਾਸਪੁਰ, ਪ੍ਰੋਫੈਸਰ ਹਰਚੰਦ ਸਿੰਘ ਲੁਧਿਆਣਾ, ਭਾਈ ਧਰਮ ਸਿੰਘ ਜ਼ਖਮੀ, ਸੰਤ ਬਹਾਦਰ ਸਿੰਘ ਜਲੰਧਰ, ਭਾਈ ਮੁਨਸ਼ਾ ਸਿੰਘ ਕਪੂਰਥਲਾ, ਭਾਈ ਅਮਰੀਕ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਪ੍ਰਿੰਸੀਪਲ ਚੰਨਣ ਸਿੰਘ ਮਜਬੂਰ ਅਤੇ ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ ਦੇ ਨਾਂਅ ਪ੍ਰਮੁੱਖ ਹਨ। ਇਨ੍ਹਾਂ ਤੋਂ ਬਾਅਦ, ਸ਼੍ਰੋਮਣੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਸ਼੍ਰੋਮਣੀ ਰਾਗੀ ਡਾਕਟਰ ਗੁਰਨਾਮ ਸਿੰਘ ਪਟਿਆਲਾ, ਭਾਈ ਇਕਬਾਲ ਸਿੰਘ ਸਾਬਰ, ਭਾਈ ਅਵਤਾਰ ਸਿੰਘ ਲੁਧਿਆਣਾ ਅਤੇ ਭਾਈ ਜਗੀਰ ਸਿੰਘ ਹੁਸ਼ਿਆਰਪੁਰ, ਅਜੀਤ ਕੌਰ ਲੁਧਿਆਣਾ ਰੇਡੀਓ ਤੋਂ ਪ੍ਰਵਾਨਿਤ ਰਾਗੀ ਹਨ। ਆਕਾਸ਼ਵਾਣੀ ਜਲੰਧਰ ਤੋਂ ਹਫਤੇ ਵਿਚ ਇਕ ਵਾਰ ਨਿਰਧਾਰਿਤ ਰਾਗਾਂ ਵਿਚ ਗਾਏ ਸ਼ਬਦਾਂ ਦਾ ਪ੍ਰੋਗਰਾਮ 'ਸ਼ਬਦ ਗਾਇਨ' ਪ੍ਰਸਾਰਤ ਕੀਤਾ ਜਾਂਦਾ ਹੈ ਅਤੇ ਨਾਲ ਹੀ ਸਵੇਰੇ 4 ਤੋਂ 6 ਵਜੇ ਤੱਕ ਅਤੇ ਸ਼ਾਮ ਨੂੰ 4.30 ਵਜੇ ਤੋਂ 5.30 ਵਜੇ ਤੱਕ ਆਸਾ ਕੀ ਵਾਰ ਦੇ ਕੀਰਤਨ ਦਾ ਸਿੱਧਾ ਪ੍ਰਸਾਰਨ ਵੀ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸ਼ਾਮ 5.30 ਤੋਂ 6.00 ਵਜੇ ਤੱਕ 'ਗੁਰਬਾਣੀ ਵਿਚਾਰ' ਪ੍ਰੋਗਰਾਮ ਨਸ਼ਰ ਹੁੰਦਾ ਆ ਰਿਹਾ ਹੈ। ਇਸ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਉੱਤੇ ਕੀਤੀ ਗਈ ਸੀ।
5. ਦੂਰਦਰਸ਼ਨ : ਇਸ ਮਾਧਿਅਮ ਰਾਹੀਂ ਵੱਖ-ਵੱਖ ਸਥਾਨਾਂ ਉੱਤੇ ਹੋਣ ਵਾਲੇ ਕੀਰਤਨ ਦਰਬਾਰਾਂ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ।
6. ਪੰਜਾਬ ਐਂਡ ਸਿੰਧ ਬੈਂਕ : ਪੰਜਾਬ ਐਂਡ ਸਿੰਧ ਬੈਂਕ ਨੇ ਸ: ਕੰਵਲਜੀਤ ਸਿੰਘ ਆਈ.ਏ.ਐਸ. ਦੇ ਸਮੇਂ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਗੁਰਦਾਸਪੁਰੀ ਦੇ ਸਹਿਯੋਗ ਸਦਕਾ ਜਲੰਧਰ ਵਿਚ 'ਕੀਰਤਨ ਆਰਕਾਈਵਜ਼' ਸਥਾਪਤ ਕੀਤਾ ਹੋਇਆ ਹੈ। ਇੱਥੇ ਕੀਰਤਨ ਦੀ ਮੁਫਤ ਸਿਖਲਾਈ ਦੇਣ ਦੇ ਨਾਲ-ਨਾਲ ਕੋਈ ਵੀ ਵਿਅਕਤੀ ਆਪਣੇ ਮਨਪਸੰਦ ਦੇ ਰਾਗੀਆਂ, ਕਲਾਕਾਰਾਂ ਦੇ ਰਿਕਾਰਡ ਕੀਤੇ ਕੀਰਤਨ ਦੀਆਂ ਕੈਸੇਟਾਂ ਆਦਿ ਭੇਟਾ ਰਹਿਤ ਪ੍ਰਾਪਤ ਕਰ ਸਕਦਾ ਹੈ।
7. ਜਵੱਦੀ ਟਕਸਾਲ : ਇਸ ਟਕਸਾਲ ਵਿਚ ਗੁਰਮਤਿ ਸੰਗੀਤ ਦੀ ਸਿਖਲਾਈ ਦੇ ਨਾਲ 1991 ਤੋਂ ਲੈ ਕੇ ਹੁਣ ਤੱਕ ਹੋਏ ਅਦੁੱਤੀ ਸੰਗੀਤ ਸੰਮੇਲਨ ਦੀਆਂ ਆਡੀਓ-ਵੀਡੀਓ ਕੈਸੇਟਾਂ ਦੀ ਸਾਰੀ ਰਿਕਾਰਡਿੰਗ ਸੰਭਾਲੀ ਪਈ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਯੂ-ਟਿਊਬ ਉੱਤੇ ਵੀ ਪਾਇਆ ਗਿਆ ਹੈ। ਡਾ: ਗੁਰਨਾਮ ਸਿੰਘ ਨੇ ਗੁਰਬਾਣੀ ਵਿਚ ਅੰਕਿਤ 62 ਰਾਗਾਂ ਵਿਚ ਸ਼ਬਦਾਂ ਦੀਆਂ ਕੈਸੇਟਾਂ ਤਿਆਰ ਕਰਕੇ ਦਿੱਤੀਆਂ ਹਨ।
8. ਸਿੱਖਿਆ ਸੰਸਥਾਵਾਂ ਦਾ ਯੋਗਦਾਨ : ਮੌਜੂਦਾ ਸਮੇਂ ਵਿਚ ਯੂਨੀਵਰਸਿਟੀਆਂ ਅਤੇ ਕਾਲਜਾਂ ਅੰਦਰ ਸੰਗੀਤ ਖਾਸਕਰ ਗੁਰਮਤਿ ਸੰਗੀਤ ਨੂੰ ਇਕ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ, ਜਿਸ ਤਹਿਤ ਗੁਰਬਾਣੀ ਕੀਰਤਨ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਕਾਰਜ ਸਦਕਾ ਵਧੀਆ ਨੌਜਵਾਨ ਕੀਰਤਨਕਾਰ ਉੱਭਰ ਕੇ ਸਾਹਮਣੇ ਆ ਰਹੇ ਹਨ। ਗੁਰਮਤਿ ਸੰਗੀਤ ਚੇਅਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਰੀ (ਕੈਨੇਡਾ) ਦੀ ਸੰਗਤ ਦੇ ਸਹਿਯੋਗ ਨਾਲ ਆਨਲਾਈਨ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਅਤੇ ਸੰਤ ਸੁੱਚਾ ਸਿੰਘ ਜਵੱਦੀ ਦੀ ਯਾਦ ਵਿਚ ਆਰਕਾਈਵਜ਼ ਵੀ ਕਾਇਮ ਕੀਤਾ ਗਿਆ ਹੈ। ਗੁਰਮਤਿ ਸੰਗੀਤ ਚੇਅਰ ਵਲੋਂ ਭਾਈ ਰਣਧੀਰ ਸਿੰਘ ਆਨ-ਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਦੀ ਵੀ ਸਥਾਪਤੀ ਕੀਤੀ ਗਈ ਹੈ।


-ਮੈਂਬਰ, ਕੀਰਤਨ ਸਬ-ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ। ਮੋਬਾ: 98154-61710

ਭਾਰਤ ਦੇ ਮਹਾਨ ਪ੍ਰਾਚੀਨ ਮੰਦਰ

ਕਾਮਾਖਿਆ ਦੇਵੀ ਮੰਦਰ ਗੁਹਾਟੀ (ਆਸਾਮ)

ਦੇਵੀ ਸਤੀ ਤੇ ਭਗਵਾਨ ਸ਼ਿਵ ਦੀ ਪ੍ਰੇਮ ਕਥਾ ਨੂੰ ਬਿਆਨ ਕਰਦਾ ਰਹੱਸਮਈ ਕਾਮਾਖਿਆ ਦੇਵੀ ਮੰਦਰ ਆਸਾਮ ਦੀ ਰਾਜਧਾਨੀ ਦਿਸਪੁਰ ਤੋਂ 7 ਕਿਲੋਮੀਟਰ ਨਿਲਾਚਲ ਪਰਬਤ 'ਤੇ ਸਥਿਤ ਹੈ। ਭਾਰਤ ਦੇ 52 ਸ਼ਕਤੀ ਪੀਠਾਂ ਵਿਚੋਂ ਇਹ ਸਭ ਤੋਂ ਪੁਰਾਣਾ ਮੰਦਰ ਹੈ। ਇਸ ਮੰਦਰ 'ਤੇ ਜਾਣ ਲਈ ਗੁਹਾਟੀ ਤੋਂ ਰੇਲ ਦਾ ਸਫ਼ਰ ਵੀ ਕੀਤਾ ਜਾ ਸਕਦਾ ਹੈ। ਹਿੰਦੂ ਧਰਮ ਦੀਆਂ ਪੁਰਾਤਨ ਕਥਾਵਾਂ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਸਤੀ ਨੇ ਆਪਣੇ ਪਿਤਾ ਰਾਜਾ ਦਖਸ਼ ਦੀ ਪ੍ਰਵਾਨਗੀ ਤੋਂ ਬਿਨਾਂ ਭਗਵਾਨ ਸ਼ਿਵ ਜੀ ਨਾਲ ਪ੍ਰੇਮ ਵਿਆਹ ਰਚਾ ਲਿਆ ਸੀ, ਜਿਸ ਕਾਰਨ ਰਾਜਾ ਦਖਸ਼ ਬਹੁਤ ਨਾਰਾਜ਼ ਸੀ। ਰਾਜੇ ਦਖਸ਼ ਨੇ ਆਪਣੇ ਘਰ ਵਿਚ ਹਵਨ ਯੱਗ ਕਰਵਾਇਆ ਸੀ ਅਤੇ ਆਪਣੀ ਧੀ ਤੇ ਜਵਾਈ ਨੂੰ ਸੱਦਾ ਨਹੀਂ ਦਿੱਤਾ ਸੀ। ਦੇਵੀ ਸਤੀ ਸੱਦੇ ਤੋਂ ਬਿਨਾਂ ਹੀ ਭਗਵਾਨ ਸ਼ਿਵ ਨਾਲ ਹਵਨ ਯੱਗ ਵਿਚ ਸ਼ਾਮਿਲ ਹੋ ਗਈ ਸੀ। ਰਾਜੇ ਦਖਸ਼ ਨੇ ਦੇਵੀ ਸਤੀ ਨੂੰ ਬੁਰਾ-ਭਲਾ ਕਿਹਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਦੇਵੀ ਸਤੀ ਗੁੱਸੇ ਵਿਚ ਆ ਕੇ ਹਵਨ ਕੁੰਡ ਵਿਚ ਕੁੱਦ ਪਈ ਸੀ। ਉਹ ਕੁੰਡ ਵਿਚ ਭਸਮ ਹੋਣਾ ਚਾਹੁੰਦੀ ਸੀ। ਭਗਵਾਨ ਸ਼ਿਵ ਨੇ ਦੇਵੀ ਸਦੀ ਦੇ ਜਲ ਰਹੇ ਸਰੀਰ ਨੂੰ ਹਵਨ ਕੁੰਡ ਵਿਚੋਂ ਬਾਹਰ ਕੱਢ ਲਿਆ ਸੀ। ਭਗਵਾਨ ਸ਼ਿਵ ਬਹੁਤ ਕ੍ਰੋਧਿਤ ਹੋ ਗਏ ਸਨ ਅਤੇ ਗੁੱਸੇ ਵਿਚ ਤਾਂਡਵ ਕਰਨ ਲੱਗ ਪਏ ਸਨ। ਇਸ ਤਰ੍ਹਾਂ ਲਗਦਾ ਸੀ ਕਿ ਉਹ ਬ੍ਰਹਿਮੰਡ ਦਾ ਵਿਨਾਸ਼ ਕਰ ਦੇਣਗੇ।
ਭਗਵਾਨ ਵਿਸ਼ਨੂੰ ਨੇ ਸੁਦਰਸ਼ਨ ਚੱਕਰ ਚਲਾ ਕੇ ਦੇਵੀ ਸਤੀ ਦੇ ਜਲੇ ਸਰੀਰ ਦੇ ਅਨੇਕ ਟੁਕੜੇ ਕਰਕੇ ਭਗਵਾਨ ਸ਼ਿਵ ਨਾਲੋਂ ਦੇਵੀ ਸਤੀ ਨੂੰ ਅਲੱਗ ਕਰ ਦਿੱਤਾ ਸੀ। ਦੇਵੀ ਸਤੀ ਦੇ ਸਰੀਰ ਦੇ ਇਹ ਟੁਕੜੇ ਜਿਥੇ-ਜਿਥੇ ਡਿਗੇ ਸਨ, ਉਹ 51 ਸ਼ਕਤੀਪੀਠਾਂ ਵਜੋਂ ਪ੍ਰਚੱਲਿਤ ਹੋ ਗਏ ਸਨ। ਇਹ ਮੰਨਿਆ ਜਾਂਦਾ ਹੈ ਕਿ ਦੇਵੀ ਸਤੀ ਦੇ ਸਰੀਰ ਦਾ ਇਕ ਹਿੱਸਾ ਨਿਲਾਂਚਲ ਪਰਬਤ 'ਤੇ ਡਿਗਿਆ ਸੀ, ਜਿਥੇ ਅੱਜ ਕਾਮਾਖਿਆ ਦੇਵੀ ਮੰਦਰ ਸਥਿਤ ਹੈ। ਇਥੇ ਹਰ ਸਾਲ 22 ਜੂਨ ਤੋਂ 25 ਜੂਨ ਤੱਕ ਅੰਬੂਵਾਸੀ ਦਾ ਮੇਲਾ ਲਗਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਪੁੱਜਦੇ ਹਨ। ਇਸ ਮੇਲੇ ਵਿਚ ਸਾਧੂ, ਤਾਂਤਰਿਕ ਵੱਖ-ਵੱਖ ਪਹਿਰਾਵਿਆਂ ਵਿਚ ਪਹੁੰਚਦੇ ਹਨ। ਤਾਂਤਰਿਕ ਨਿਲਾਂਚਲ ਪਰਬਤ ਦੀਆਂ ਗੁਫ਼ਾਵਾਂ ਵਿਚ ਬੈਠ ਕੇ ਸਾਧਨਾ ਕਰਦੇ ਹਨ।


-ਪਿੰਡ ਤੇ ਡਾਕ: ਕੋਟਲੀਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94653-69343

ਸ਼ਬਦ ਵਿਚਾਰ

ਆਪੇ ਖਸਮਿ ਨਿਵਾਜਿਆ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ 'ਧਰਮ ਤੇ ਵਿਰਸਾ' ਅੰਕ ਦੇਖੋ)
ਸਿਰੀਰਾਗੁ ਮਹਲਾ ੧, ਅੰਗ ੩
ਆਪੇ ਖਸਮਿ ਨਿਵਾਜਿਆ॥
ਜੀਉ ਪਿੰਡੁ ਜੇ ਸਾਜਿਆ॥
ਆਪਣੇ ਸੇਵਕ ਜੀ ਪੈਜ ਰਖੀਆ
ਦੁਇ ਕਰ ਮਸਤਕਿ ਧਾਰਿ ਜੀਉ॥ ੧੬॥
ਸਭਿ ਸੰਜਮ ਰਹੇ ਸਿਆਣਪਾ॥
ਮੇਰਾ ਪ੍ਰਭੁ ਸਭੁ ਕਿਛੁ ਜਾਣਦਾ॥
ਪ੍ਰਗਟ ਪ੍ਰਤਾਪੁ ਵਰਤਾਇਓ
ਸਭੁ ਲੋਕੁ ਕਰੈ ਜੈਕਾਰੁ ਜੀਉ॥ ੧੭॥
ਮੇਰੇ ਗੁਣ ਅਵਗਨ ਨ ਬੀਚਾਰਿਆ॥
ਪ੍ਰਭਿ ਅਪਣਾ ਬਿਰਦੁ ਸਮਾਰਿਆ॥
ਕੰਠਿ ਲਾਇ ਕੈ ਰਖਿਓਨੁ
ਲਗੈ ਨ ਤਤੀ ਵਾਉ ਜੀਉ॥ ੧੮॥
ਮੈ ਮਨਿ ਤਨਿ ਪ੍ਰਭੂ ਧਿਆਇਆ॥
ਜੀਇ ਇਛਿਅੜਾ ਫਲੁ ਪਾਇਆ॥
ਸਾਹ ਪਾਤਿਸਾਹ ਸਿਰਿ ਖਸਮੁ ਤੂੰ
ਜਪਿ ਨਾਨਕ ਜੀਵੈ ਨਾਉ ਜੀਉ॥ ੧੯॥
(ਅੰਗ 72-73)
ਪਦ ਅਰਥ : ਖਸਮਿ-ਮਾਲਕ ਪ੍ਰਭੂ ਨੇ। ਨਿਵਾਜਿਆ-ਵਡਿਆਇਆ ਹੈ, ਵਡਿਆਈ ਦਿੱਤੀ ਹੈ। ਪਿੰਡੁ-ਸਰੀਰ। ਜੀਉ-ਜਿੰਦ। ਸਾਜਿਆ-ਪੈਦਾ ਕੀਤਾ ਹੈ। ਪੈਜ ਰਖੀਆ-ਇੱਜ਼ਤ ਰੱਖੀ ਹੈ, ਲਾਜ ਰੱਖੀ ਹੈ। ਦੁਇ ਕਰ-ਦੋਨੋ ਹੱਥ। ਮਸਤਕਿ ਧਾਰਿ-ਮੱਥੇ 'ਤੇ ਰੱਖ ਕੇ। ਸੰਜਮ-ਇੰਦਰੀਆਂ ਨੂੰ ਵੱਸ ਕਰਨ ਦੇ ਯਤਨ। ਪ੍ਰਗਟ ਪ੍ਰਤਾਪੁ-ਪ੍ਰਤੱਖ ਪਰਤਾਪ। ਸਭੁ ਲੋਕੁ-ਸਾਰੀ ਲੋਕਾਈ। ਕਰੈ ਜੈਕਾਰੁ-ਜੈ ਜੈਕਾਰ ਕਰ ਰਹੀ ਹੈ। ਅਵਗਨ-ਔਗੁਣ। ਨ ਬੀਚਾਰਿਆ-ਵਿਚਾਰਿਆ ਨਹੀਂ। ਬਿਰਦੁ ਸਮਾਰਿਆ-ਮੁਢਕਦੀਮਾਂ ਵਾਲੇ ਸੁਭਾਉ ਨੂੰ ਪਾਲਿਆ ਹੈ। ਕੰਠਿ ਲਾਇ-ਗਲੇ ਨਾਲ ਲਾ ਕੇ। ਰਖਿਓਨੁ-ਰੱਖਿਆ ਹੈ, ਬਚਾ ਲਿਆ ਹੈ। ਤਤੀ ਵਾਉ-ਗਰਮ ਹਵਾ, ਕੋਈ ਵੀ ਦੁੱਖ। ਲਗੈ ਨ-ਨਹੀਂ ਲੱਗ ਸਕਦੀ, ਨੇੜੇ ਨਹੀਂ ਆ ਸਕਦਾ।
ਮਨਿ ਤਨਿ-ਮਨ ਅਤੇ ਤਨ ਨਾਲ, ਮਨੋ ਤਨੋ। ਜੀਇ ਇਛਿਅੜਾ ਫਲੁ-ਮਨ ਚਿਤਵਿਆ ਫਲ। ਸਾਹ-ਸ਼ਾਹ। ਖਸਮੁ-ਮਾਲਕ। ਜਪਿ ਨਾਉ-ਨਾਮ ਜਪ ਕੇ। ਜੀਉ-ਜਿਊਂਦਾ ਹਾਂ।
ਮਾਲਕ ਪ੍ਰਭੂ ਦੀ ਅਜਬ ਖੇਡ ਹੈ, ਜੋ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਸ ਨੂੰ ਆਪ ਹੀ ਸਜਾਉਂਦਾ ਹੈ ਅਤੇ ਫਿਰ ਆਪ ਹੀ ਇਸ ਦੀ ਸੰਭਾਲ ਅਥਵਾ ਦੇਖਭਾਲ ਕਰਦਾ ਹੈ। ਜੀਵਾਂ ਨੂੰ ਇਸ ਵਿਚ ਪੈਦਾ ਕਰ-ਕਰ ਕੇ ਦੇਖਦਾ ਹੈ, ਉਨ੍ਹਾਂ ਨੂੰ ਥਾਓਂ-ਥਾਈਂ ਟਿਕਾ ਕੇ ਫਿਰ ਆਪ ਹੀ ਉਨ੍ਹਾਂ ਨੂੰ ਢਾਹ ਦਿੰਦਾ ਹੈ ਭਾਵ ਖ਼ਤਮ ਕਰ ਦਿੰਦਾ ਹੈ। ਗੁਰਵਾਕ ਹੈ-
ਆਪੇ ਸਾਜੇ ਕਰੇ ਆਪਿ
ਜਾਈ ਭਿ ਰਖੈ ਆਪਿ॥
ਤਿਸੁ ਵਿਚਿ ਜੰਤ ਉਪਾਇ ਕੈ
ਦੇਖੈ ਥਾਪਿ ਉਥਾਪਿ॥
(ਸਲੋਕ ਮਹਲਾ ੨, ਰਾਗੁ ਆਸਾ ਦੀ ਵਾਰ ਮਹਲਾ ੧, ਅੰਗ 475)
ਸਾਜੇ-ਸਾਜਦਾ ਹੈ, ਸਜਾਉਂਦਾ ਹੈ। ਕਰੇ ਆਪ-ਆਪ ਹੀ ਪੈਦਾ ਕਰਕੇ। ਭਿ ਰਖੇ ਆਪਿ-ਆਪ ਹੀ ਇਸ ਦੀ ਸਾਂਭ ਸੰਭਾਲ ਕਰਦਾ ਹੈ। ਜੰਤ ਉਪਾਇ ਕੈ-ਜੀਵਾਂ ਨੂੰ ਪੈਦਾ ਕਰਕੇ। ਥਾਪਿ-ਟਿਕਾ ਕੇ। ਉਥਾਪਿ-ਢਾਹ ਦਿੰਦਾ ਹੈ।
ਪਰ ਇਕ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਆਖਿਆ ਵੀ ਤਾਂ ਨਹੀਂ ਜਾ ਸਕਦਾ ਹੈ, ਮਨ ਦੀ ਵੇਦਨਾ ਦੱਸੀ ਵੀ ਤਾਂ ਨਹੀਂ ਜਾ ਸਕਦੀ, ਕਿਉਂਕਿ ਇਸ ਪ੍ਰਭੂ ਹੀ ਸਭ ਕੁਝ ਕਰਨ ਦੇ ਸਮਰੱਥ ਹੈ-
ਕਿਸ ਨੋ ਕਹੀਐ ਨਾਨਕਾ
ਸਭੁ ਕਿਛੁ ਆਪੇ ਆਪਿ॥ (ਅੰਗ 475)
ਸਭ ਕੁਝ ਪਰਮਾਤਮਾ ਦੇ ਧਿਆਨ ਵਿਚ ਹੈ। ਉਹ ਸਭ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕੰਮ-ਧੰਦਿਆਂ ਵਿਚ ਲਾਈ ਰੱਖਦਾ ਹੈ। ਆਪ ਹੀ ਜੀਵਾਂ ਪਾਸੋਂ ਚੰਗੇ ਕੰਮ ਕਰਵਾਉਂਦਾ ਹੈ ਅਤੇ ਫਿਰ ਆਪ ਹੀ ਉਨ੍ਹਾਂ ਨੂੰ ਵਡਿਆਈਆਂ ਬਖਸ਼ਦਾ ਹੈ-
ਚਿਤੈ ਅੰਦਰਿ ਸਭੁ ਕੋ
ਵੇਖਿ ਨਦਰੀ ਹੇਠਿ ਚਲਾਇਦਾ॥
ਆਪੇ ਦੇ ਵਡਿਆਈਆ
ਆਪੇ ਹੀ ਕਰਮ ਕਰਾਇਦਾ॥
(ਰਾਗੁ ਆਸਾ ਦੀ ਵਾਰ ਮਹਲਾ ੧, ਅੰਗ 472)
ਇਸ ਤਰ੍ਹਾਂ ਜਿਹੜਾ ਪ੍ਰਾਣੀ ਪਰਮਾਤਮਾ ਦਾ ਨਾਮ ਸਿਮਰਨ ਦੇ ਕਾਰਨ ਵਿਕਾਰਾਂ ਵਲੋਂ ਸਦਾ ਸੁਚੇਤ ਰਹਿੰਦਾ ਹੈ, ਉਸ ਨੂੰ ਤੱਤੀ ਵਾਅ ਤੱਕ ਨਹੀਂ ਲਗਦੀ ਭਾਵ ਉਸ ਨੂੰ ਕੋਈ ਦੁੱਖ ਜਾਂ ਵਿਕਾਰ ਪੋਹ ਨਹੀਂ ਸਕਦਾ। ਅਜਿਹਾ ਜਗਿਆਸੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ-ਕਰ ਕੇ ਆਤਮਿਕ ਅਨੰਦ ਨੂੰ ਮਾਣਦਾ ਹੈ ਅਤੇ ਉਸ ਦਾ ਫਿਰ ਮਾਇਆ ਨਾਲ ਕੋਈ ਤੁਅੱਲਕ ਨਹੀਂ ਰਹਿੰਦਾ ਭਾਵ ਉਹ ਮਾਇਆ ਦੇ ਮੋਹ ਤੋਂ ਸੁਚੇਤ ਰਹਿੰਦਾ ਹੈ। ਰਾਗੁ ਮਾਰੂ ਸੋਲਹੇ ਵਿਚ ਪੰਚਮ ਗੁਰਦੇਵ ਦੇ ਪਾਵਨ ਬਚਨ ਹਨ-
ਤਤੀ ਵਾਉ ਨ ਤਾ ਕਉ ਲਾਗੈ॥
ਸਿਮਰਤ ਨਾਮੁ ਅਨਦਿਨੁ ਜਾਗੈ॥
ਅਨਦ ਬਿਨੋਦ ਕਰੇ ਹਰਿ ਸਿਮਰਨੁ
ਤਿਸੁ ਮਾਇਆ ਸੰਗਿ ਨ ਤਾਲਕਾ॥ (ਅੰਗ 1085)
ਤਾ ਕਉ-ਉਸ ਨੂੰ। ਅਨਦਿਨੁ-ਦਿਨ ਰਾਤ, ਹਰ ਵੇਲੇ, ਸਦਾ। ਜਾਗੈ-ਜਾਗਦਾ ਰਹਿੰਦਾ ਹੈ, ਸਦਾ ਸੁਚੇਤ ਰਹਿੰਦਾ ਹੈ। ਅਨਦ ਬਿਨੋਦ-ਆਤਮਿਕ ਅਨੰਦ। ਤਿਸੁ-ਉਸ ਦਾ। ਨ ਤਾਲਕਾ-ਤੁਅੱਲਕ ਨਹੀਂ ਰਹਿੰਦਾ, ਸਬੰਧ ਨਹੀਂ ਰਹਿੰਦਾ।
ਹੁਣ ਜਦੋਂ ਜਗਿਆਸੂ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜ ਜਾਂਦਾ ਹੈ ਤਾਂ ਜੀਵਨ ਮਾਰਗ ਵਿਚ ਆਈਆਂ ਸਾਰੀਆਂ ਰੁਕਾਵਟਾਂ ਦਾ ਨਾਸ ਹੋ ਜਾਂਦਾ ਹੈ ਅਤੇ ਪ੍ਰਾਣੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਗੁਰਵਾਕ ਹੈ-
ਬਿਘਨ ਬਿਨਾਸਨ ਸਭਿ ਦੁਖ ਨਾਸਨ
ਗੁਰ ਚਰਣੀ ਮਨੁ ਲਾਗਾ॥
(ਰਾਗੁ ਸੋਰਠਿ ਮਹਲਾ ੫, ਅੰਗ 616)
ਬਿਘਨ-ਰੁਕਾਵਟਾਂ। ਬਿਨਾਸਨ-ਨਾਸ ਹੋ ਜਾਂਦਾ ਹੈ, ਦੂਰ ਹੋ ਜਾਂਦੇ ਹਨ।
ਪਰਮਾਤਮਾ ਦੀ ਸਿਫਤ ਸਾਲਾਹ ਕਰਨ ਨਾਲ ਜਿਥੇ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ, ਉਥੇ ਜਗਿਆਸੂ ਨੂੰ ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਵ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਪਰਮਾਤਮਾ ਸਦਾ ਲਈ ਮਿੱਤਰ (ਬੇਲੀ) ਬਣ ਜਾਂਦਾ ਹੈ-
ਮਨ ਇਛੇ ਸੇਈ ਫਲ ਪਾਏ
ਹਰਿ ਕੀ ਕਥਾ ਸੁਹੇਲੀ॥
ਆਦਿ ਅੰਤਿ ਮਧਿ ਨਾਨਕ ਕਉ
ਸੋ ਪ੍ਰਭੁ ਹੋਆ ਬੇਲੀ॥ (ਅੰਗ 616)
ਸੁਹੇਲੀ-ਸੁਖ ਦੇਣ ਵਾਲੀ, ਆਤਮਿਕ ਅਨੰਦ ਦੇਣ ਵਾਲੀ। ਆਦਿ ਅੰਤਿ ਮਧਿ-ਬਚਪਨ, ਜਵਾਨੀ ਅਤੇ ਬੁਢਾਪੇ ਵਿਚ ਭਾਵ ਸਦਾ ਲਈ।
ਅੱਖਰੀਂ ਅਰਥ : ਮਾਲਕ ਪ੍ਰਭੂ ਨੇ ਮਨੁੱਖ ਨੂੰ ਆਪ ਹੀ ਵਡਿਆਈ ਦਿੱਤੀ ਹੈ। ਇਸ ਵਿਚ ਜਿੰਦ ਪਾ ਕੇ ਅਤੇ ਸਰੀਰ ਨੂੰ ਬਣਾ ਕੇ ਇਸ ਨੂੰ ਸਾਜਿਆ ਹੈ, ਬਣਾਇਆ ਹੈ ਅਤੇ ਫਿਰ ਆਪਣੇ ਸੇਵਕ ਦੇ ਮੱਥੇ 'ਤੇ ਅਰਥਾਤ ਸਿਰ 'ਤੇ ਦੋਵੇਂ ਹੱਥ ਰੱਖ ਕੇ ਆਪਣੇ ਸੇਵਕ ਦੀ ਪੈਜ ਅਥਵਾ ਲਾਜ ਰੱਖੀ ਹੈ।
ਇੰਦਰੀਆਂ ਨੂੰ ਵੱਸ ਕਰਨ ਦੇ ਸਾਰੇ ਉਪਾਅ (ਯਤਨ) ਅਤੇ ਪ੍ਰਾਣੀ ਦੀ ਹੋਰ ਸਾਰੀਆਂ ਸਿਆਣਪਾਂ ਅਥਵਾ ਚਤੁਰਾਈਆਂ ਸਭ ਧਰੀਆਂ ਦੀਆਂ ਧਰੀਆਂ ਰਹਿ ਜਾਂਦੀਆਂ ਹਨ, ਕਿਉਂਕਿ ਮੇਰਾ ਮਾਲਕ ਪ੍ਰਭੂ ਮੇਰੇ ਸਾਰੇ ਔਗੁਣਾਂ ਨੂੰ (ਭਲੀ-ਭਾਂਤ) ਜਾਣਦਾ ਹੈ। ਪਰਮਾਤਮਾ ਆਪਣੇ ਜਿਸ ਸੇਵਕ ਦਾ ਤੇਜ ਪਰਤਾਪ ਪ੍ਰਗਟ ਕਰ ਦਿੰਦਾ ਹੈ, ਉਸ ਦੀ ਫਿਰ ਸਾਰਾ ਜਗਤ ਜੈ-ਜੈਕਾਰ ਕਰਦਾ ਹੈ।
ਪ੍ਰਭੂ ਨੇ ਮੇਰੇ ਗੁਣ-ਔਗੁਣਾਂ ਨੂੰ ਨਹੀਂ ਵਿਚਾਰਿਆ। ਜੋ ਉਸ ਦਾ ਮੁੱਢ-ਕਦੀਮਾਂ ਤੋਂ ਬਖਸ਼ਿਸ਼ ਕਰਨ ਦਾ ਸੁਭਾਅ ਹੈ, ਉਸ ਨੂੰ ਹੀ ਪ੍ਰਭੂ ਨੇ ਪਾਲਿਆ ਹੈ। ਉਸ ਨੇ ਮੈਨੂੰ ਆਪਣੇ ਗਲੇ ਨਾਲ ਲਾ ਕੇ ਮੇਰੀ (ਹਰ ਮੁਸ਼ਕਿਲ ਵਿਚ) ਰੱਖਿਆ ਕੀਤੀ ਹੈ ਅਤੇ ਮੈਨੂੰ ਕਿਸੇ ਪ੍ਰਕਾਰ ਦੀ ਤੱਤੀ ਵਾਅ ਤੱਕ ਲੱਗਣ ਨਹੀਂ ਦਿੱਤੀ।
ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਮੈਂ ਮਨ ਲਾ ਕੇ, ਤਨ ਲਾ ਕੇ ਪਰਮਾਤਮਾ ਦੇ ਨਾਮ ਦੀ ਅਰਾਧਨਾ ਕੀਤੀ ਹੈ, ਜਿਸ ਸਦਕਾ ਮੈਨੂੰ ਮਨ ਇੱਛਤ ਫਲ ਦੀ ਪ੍ਰਾਪਤੀ ਹੋਈ ਹੈ। ਆਪ ਜੀ ਦੇ ਹੋਰ ਬਚਨ ਹਨ ਕਿ ਹੇ ਪ੍ਰਭੂ, ਸ਼ਾਹਾਂ ਅਤੇ ਪਾਤਸ਼ਾਹਾਂ ਦੇ ਸਿਰਾਂ 'ਤੇ ਤੂੰ ਹੀ ਮਾਲਕ ਹੈਂ। ਮੈਂ ਨਾਨਕ, ਤੇਰਾ ਨਾਮ ਜਪ-ਜਪ ਕੇ ਹੀ ਜਿਊਂਦਾ ਹਾਂ।
(ਬਾਕੀ ਅਗਲੇ ਮੰਗਲਵਾਰ ਦੇ 'ਧਰਮ ਤੇ ਵਿਰਸਾ' ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ

ਪੰਜਾਬੀ ਕਲਚਰਲ ਸੈਂਟਰ ਅਮਰੀਕਾ ਵਲੋਂ ਕਰਵਾਇਆ ਸ਼ਹੀਦੀ ਕਵੀ ਦਰਬਾਰ

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਲੋਂ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਸ਼ਹੀਦੀ ਕਵੀ ਦਰਬਾਰ 'ਚ ਸ਼ਾਇਰੀ ਅਤੇ ਗਾਇਕੀ ਰਾਹੀਂ ਪੰਚਮ ਪਾਤਸ਼ਾਹ ਨੂੰ ਸਾਹਿਤਕ ਤੇ ਸੰਗੀਤਕ ਸਿਜਦਾ ਕੀਤਾ ਗਿਆ। ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਮੁੱਖ ਹਾਲ ਵਿਖੇ ਪਹਿਲੀ ਜੂਨ, 2019 ਸਨਿਚਰਵਾਰ ਨੂੰ ਕਰਵਾਏ ਗਏ ਇਸ ਪਲੇਠੇ ਕਵੀ ਦਰਬਾਰ 'ਚ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਬੇਏਰੀਆ, ਸੈਕਰਾਮੈਂਟੋ-ਯੂਬਾ ਸਿਟੀ ਤੋਂ ਇਲਾਵਾ ਫਰੈਜ਼ਨੋ ਅਤੇ ਆਸ-ਪਾਸ ਦੇ ਕਵੀਆਂ ਦੀ ਸ਼ਮੂਲੀਅਤ ਵਾਲੇ ਇਸ ਪ੍ਰੋਗਰਾਮ ਦੀ ਕਾਰਵਾਈ ਸ਼ੁਰੂ ਕਰਦਿਆਂ ਰਾਜਕਰਨਬੀਰ ਸਿੰਘ ਨੇ ਸ਼ਾਇਰਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ। ਪੰਜਾਬੀ ਕਲਚਰਲ ਸੈਂਟਰ ਦੇ ਕੋਆਰਡੀਨੇਟਰ ਦਲਜੀਤ ਸਿੰਘ ਸਰਾਂ ਨੇ ਸੈਂਟਰ ਦੀ ਸਥਾਪਨਾ ਦੇ ਮੰਤਵ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਵਿਚਾਰ ਸਾਂਝੇ ਕੀਤੇ। ਉੱਘੇ ਰੇਡੀਓ ਹੋਸਟ ਤੇ ਸ਼ਾਇਰ ਹਰਜਿੰਦਰ ਕੰਗ ਨੇ ਕਵੀ ਦਰਬਾਰ ਦੀ ਬਾਕਾਇਦਾ ਸ਼ੁਰੂਆਤ ਕਰਦਿਆਂ ਗਾਇਕਾ ਜੋਤ ਰਣਜੀਤ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਸੱਦਿਆ। ਜੋਤ ਨੇ ਅਪਣੀ ਦਮਦਾਰ ਆਵਾਜ਼ ਅਤੇ ਨਵੀਂ ਰਚਨਾ ਦੇ ਸ਼ਬਦਾਂ 'ਤਵੀਆਂ 'ਤੇ ਬਹਿ ਕੇ ਪਾਤਸ਼ਾਹ, ਤਖ਼ਤਾਂ ਨੂੰ ਭੁੰਜੇ ਲਾਹ ਗਏ...' ਰਾਹੀਂ ਮਾਹੌਲ ਨੂੰ ਸੁਰੀਲੇ ਰੰਗ 'ਚ ਰੰਗਿਆ। ਰਚਨਾਵਾਂ ਸੁਣਾਉਣ ਵਾਲੇ ਕਵੀਆਂ ਵਿਚ ਇੰਦਰਜੀਤ ਗਰੇਵਾਲ, ਲਾਜ ਨੀਲਮ ਸੈਣੀ, ਦਿਲ ਨਿੱਜਰ, ਪਿਸ਼ੌਰਾ ਸਿੰਘ ਢਿੱਲੋਂ, ਸਾਧੂ ਸਿੰਘ ਸੰਘਾ, ਗੋਗੀ ਸੰਧੂ, ਅਸ਼ਰਫ਼ ਗਿੱਲ, ਲਛਮਣ ਸਿੰਘ ਰਾਠੌਰ, ਸੰਤੋਖ ਮਿਨਹਾਸ, ਪਵਿੱਤਰ ਕੌਰ ਮਾਟੀ, ਗੁਰਦੀਪ ਸਿੰਘ ਨਿੱਝਰ, ਕੁੰਦਨ ਸਿੰਘ ਧਾਮੀ, ਗੁਰਸ਼ਰਨ ਸਿੰਘ, ਪਰਮਿੰਦਰ ਸਿੰਘ ਰਾਏ, ਅਵਤਾਰ ਸਿੰਘ ਹੀਰਾ, ਮਨਰੀਤ ਗਰੇਵਾਲ ਸਿੱਧੂ ਅਤੇ ਅਮਰੀਕ ਸਿੰਘ ਬਸਰਾ ਸ਼ਾਮਿਲ ਸਨ। ਬੇਏਰੀਆ ਤੋਂ ਗ਼ਜ਼ਲਗੋ ਕੁਲਵਿੰਦਰ ਅਤੇ ਉਨ੍ਹਾਂ ਦੀ ਜੀਵਨ ਸਾਥਣ ਮਨਜੀਤ ਪਲਾਹੀ ਉਚੇਚਾ ਪੁੱਜੇ। ਉੱਘੇ ਵਿਦਵਾਨ ਅਤੇ ਸ਼ਾਇਰ ਗੁਰੂਮੇਲ ਸਿੱਧੂ ਨੇ ਗੁਰੂ ਜੀ ਦੀ ਸ਼ਹਾਦਤ ਦੀ ਇਤਿਹਾਸਕ ਮਹੱਤਤਾ ਸਬੰਧੀ ਬੜੇ ਭਾਵਪੂਰਤ ਢੰਗ ਨਾਲ ਜਾਣੂ ਕਰਵਾਇਆ। ਉਨ੍ਹਾਂ ਦੀਆਂ ਸੱਜਰੀਆਂ ਕਾਵਿ ਰਚਨਾਵਾਂ ਦੇ ਦਾਰਸ਼ਨਿਕ ਬੋਲਾਂ 'ਸਿਰਲੱਥਾਂ ਦੇ ਸਿਰਾਂ 'ਤੇ ਕਲਗੀ, ਮੁਕਟ, ਸੁਰਖ਼ਾਬ ਨਹੀਂ ਹੁੰਦੇ, ਉਨ੍ਹਾਂ ਦੇ ਮਨਾਂ 'ਚ ਸਵਾਲਾਂ ਦੇ ਹੱਲ ਹੁੰਦੇ ਨੇ ਜਵਾਬ ਨਹੀਂ ਹੁੰਦੇ। ਕਈ ਤਾਜ਼ਦਾਰ, ਸ਼ਹਿਨਸ਼ਾਹ, ਬਾਦਸ਼ਾਹ ਆਏ ਤੇ ਤੁਰ ਗਏ, ਪਾਤਸ਼ਾਹਾਂ ਦੀ ਤਾਂ ਇਬਾਦਤ ਹੁੰਦੀ ਹੈ, ਹਿਸਾਬ ਨਹੀਂ ਹੁੰਦੇ। ਜਿਨ੍ਹਾਂ ਦੇ ਹੇਠ ਤੱਤੀ ਤਵੀ ਅਤੇ ਸਿਰਾਂ 'ਤੇ ਤਪਦੀ ਰੇਤ ਹੋਵੇ, ਉਨ੍ਹਾਂ ਦੀ ਸ਼ਹਾਦਤ ਦੀ ਇਹ ਤਾਬੀਰ ਹੁੰਦੀ ਏ, ਖ਼ੁਆਬ ਨਹੀਂ ਹੁੰਦੇ' ਨਾਲ ਕਵੀ ਦਰਬਾਰ ਦੀ ਸਮਾਪਤੀ ਹੋਈ।
ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਸਭਾ ਸੈਕਰਾਮੈਂਟੋ/ਯੂਬਾ ਸਿਟੀ, ਇੰਡੋ-ਅਮੈਰੀਕਨ ਫੋਰਮ, ਇੰਡੋ-ਯੂ. ਐੱਸ. ਹੈਰੀਟੇਜ ਫੋਰਮ ਦੇ ਸਹਿਯੋਗ ਅਤੇ ਪੰਜਾਬੀ ਰੇਡੀਓ ਯੂ.ਐੱਸ.ਏ. ਦੀ ਸਮੁੱਚੀ ਟੀਮ ਦੇ ਅਣਥੱਕ ਯਤਨਾਂ ਸਦਕਾ ਸਜੇ ਕਵੀ ਦਰਬਾਰ ਦੌਰਾਨ ਸੁਰਿੰਦਰ ਕੌਰ ਸਿਆਟਲ ਦੀ ਕਿਤਾਬ 'ਸੂਰਜ ਡੁੱਬਣ ਦਾ ਆਇਆ ਵੇਲਾ' ਅਤੇ ਮਨਰੀਤ ਗਰੇਵਾਲ ਸਿੱਧੂ ਦੀ ਕਿਤਾਬ 'ਮਿੱਟੀ ਦੇ ਰੰਗ' ਲੋਕ ਅਰਪਣ ਕੀਤੀਆਂ ਗਈਆਂ। ਪੰਜਾਬੀ ਭਾਈਚਾਰੇ ਦੀਆਂ ਨਾਮਵਰ ਸ਼ਖ਼ਸੀਅਤਾਂ ਚਰਨਜੀਤ ਸਿੰਘ ਬਾਠ, ਨਾਜ਼ਰ ਸਿੰਘ ਸਹੋਤਾ, ਰਾਣਾ ਗਿੱਲ, ਕੁਲਵਿੰਦਰ ਬਾਠ ਤੇ ਹੋਰਨਾਂ ਨੇ ਪੂਰਾ ਸਮਾਂ ਕਵੀ ਦਰਬਾਰ 'ਚ ਸ਼ਮੂਲੀਅਤ ਕਰਦਿਆਂ ਪ੍ਰਬੰਧਕਾਂ ਦੇ ਉੱਦਮ ਦੀ ਦਾਦ ਦਿੱਤੀ।


-ਫਰਿਜ਼ਨੋ, ਕੈਲੀਫੋਰਨੀਆ।
ਫੋਨ : 001-916-308-7997

ਸਾਲਾਨਾ ਜੋੜ ਮੇਲੇ 'ਤੇ ਵਿਸ਼ੇਸ਼

ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਖਿਆਲਾ ਚੌਕ, ਅੰਮ੍ਰਿਤਸਰ

ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਖਿਆਲਾ ਚੌਕ, ਛਾਉਣੀ ਪੰਥ ਅਕਾਲੀ ਦਲ ਖਾਲਸਾ ਨਿਹੰਗ ਸਿੰਘਾਂ ਵਿਖੇ ਸਾਲਾਨਾ ਜੋੜ ਮੇਲਾ 11 ਜੂਨ (28 ਜੇਠ) ਨੂੰ ਹਰ ਸਾਲ ਦੀ ਤਰ੍ਹਾਂ ਪੰਥ ਅਕਾਲੀ ਦਲ ਖਾਲਸਾ ਨਿਹੰਗ ਸਿੰਘਾਂ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਦੀ ਸਰਪ੍ਰਸਤੀ ਹੇਠ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਲਾਹੌਰ ਤੋਂ ਆਉਂਦੇ ਹੋਏ ਕੁਝ ਦੇਰ ਇਸ ਅਸਥਾਨ 'ਤੇ ਠਹਿਰੇ ਸਨ। ਇਹ ਅਸਥਾਨ ਅੰਮ੍ਰਿਤਸਰ ਤੋਂ 18 ਕਿਲੋਮੀਟਰ ਦੂਰ ਲੋਪੋਕੇ-ਚੋਗਾਵਾਂ ਰੋਡ 'ਤੇ ਸਥਿਤ ਹੈ। ਜਥੇ: ਬਾਬਾ ਤਰਲੋਕ ਸਿੰਘ ਇਸ ਅਸਥਾਨ ਤੋਂ ਇਲਾਵਾ ਗੁ: ਅੰਗੀਠਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਗੁ: ਸ੍ਰੀ ਹਰਿਗੋਬਿੰਦਪੁਰੀ ਸਾਹਿਬ ਅਜਨਾਲਾ ਰੋਡ ਚੋਗਾਵਾਂ, ਗੁ: ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਿੰਡ ਕੋਟਲੀ ਸੱਕਾ ਚੋਗਾਵਾਂ ਤੋਂ ਅਜਨਾਲਾ ਰੋਡ ਅੰਮ੍ਰਿਤਸਰ, ਗੁ: ਬਾਬਾ ਝੰਡਾ ਸ਼ਹੀਦ ਪਿੰਡ ਚੈਨਪੁਰ-ਭਿੱਟੇਵੱਡ, ਗੁ: ਰਬਾਬ ਸਾਹਿਬ ਸੁਲਤਾਨਪੁਰ ਲੋਧੀ, ਗੁ: ਗੁਰਮਤਾ ਸਾਹਿਬ ਸ੍ਰੀ ਮੁਕਤਸਰ ਸਾਹਿਬ, ਗੁ: ਸ੍ਰੀ ਹਰਿ ਰਾਇ ਸਾਹਿਬ ਪਿੰਡ ਹਰੜ, ਗੁ: ਬਾਬਾ ਦੀਪ ਸਿੰਘ ਛਾਉਣੀ ਦਲ ਪੰਥ ਪਿੰਡ ਲੱਲੇ ਬੂਹ ਆਦਿ ਗੁਰਧਾਮਾਂ ਦੀ ਜਿਥੇ ਕਾਰ ਸੇਵਾ ਕਰਵਾ ਰਹੇ ਹਨ ਅਤੇ ਉਹ ਦੇਸ਼-ਵਿਦੇਸ਼ਾਂ ਵਿਚ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾ ਰਹੇ ਹਨ। 11 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਬਾਬਾ ਸੁਖਦੇਵ ਸਿੰਘ ਖਿਆਲੇ ਵਾਲਿਆਂ ਅਨੁਸਾਰ ਸ਼ਾਮ ਨੂੰ ਕਬੱਡੀ ਦਾ ਸ਼ੋਅ ਮੈਚ ਹੋਵੇਗਾ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ, ਸਤਿਗੁਰ ਜੀ ਦੀ ਪੁਰਾਤਨ ਰਵਾਇਤ ਅਨੁਸਾਰ ਘੋੜਸਵਾਰੀ, ਨੇਜ਼ਾਬਾਜ਼ੀ, ਤਲਵਾਰਬਾਜ਼ੀ, ਗੱਤਕੇਬਾਜ਼ੀ ਅਤੇ ਸ਼ਸਤਰ ਵਿੱਦਿਆ ਦੇ ਜੌਹਰ ਦਿਖਾਉਣਗੇ।


-ਮੋਬਾ: 98152-82283

ਸੰਤ ਬਖ਼ਸ਼ੀਸ਼ ਸਿੰਘ ਦੇ ਤਪ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ

ਚੋਲਾਂਗ ਦੇ ਨਜ਼ਦੀਕੀ ਪਿੰਡ ਜੌੜਾ ਭੱਟੀਆਂ (ਹੁਸ਼ਿਆਰਪੁਰ) ਵਿਖੇ ਸੰਤ ਬਖਸ਼ੀਸ਼ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਗੁਰਸਾਗਰ ਬਖਸ਼ੀਸ਼ ਦੁੱਖ ਨਿਵਾਰਨ ਸਾਹਿਬ ਵਿਖੇ ਹਰ ਸਾਲ ਵਾਂਗ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਸੇਵਾਦਾਰ ਭਾਈ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦੀਵਾਨ ਸਜਾਏ ਗਏ। ਦੀਵਾਨ ਦੇ ਆਰੰਭ ਵਿਚ ਭਾਈ ਬਲਵਿੰਦਰ ਸਿੰਘ ਰੰਧਾਵਾ ਬਰੋਟਾ ਵਾਲਿਆਂ ਦੇ ਜਥੇ ਵਲੋਂ ਬਾਬਾ ਦੀਪ ਸਿੰਘ ਦੀ ਜੀਵਨੀ ਬਾਰੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ, ਉਪਰੰਤ ਗਿਆਨੀ ਧਰਮਵੀਰ ਸਿੰਘ ਦੇ ਜਥੇ ਨੇ ਨਿਰੋਲ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਫਿਰ ਢਾਡੀ ਸਿੰਘਾਂ ਤੇ ਕਵੀਸ਼ਰੀ ਜਥੇ ਵਲੋਂ ਸ਼ਹੀਦਾਂ ਦੀਆਂ ਵਾਰਾਂ ਤੇ ਕਵਿਤਾਵਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਾਰੇ ਸਮਾਗਮ 'ਚ ਸਟੇਜ ਸੈਕਟਰੀ ਦੀ ਭੂਮਿਕਾ ਗਿਆਨੀ ਮਹਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਪਹੁੰਚ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਦੂਰੋਂ-ਦੂਰੋਂ ਸੰਗਤਾਂ ਵਲੋਂ ਪਹੁੰਚ ਕੇ ਚਾਹ-ਮਠਿਆਈਆਂ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ, ਗੁਰੂ ਕੇ ਅਟੁੱਟ ਲੰਗਰ ਲਗਾਏ ਗਏ। ਸਮਾਗਮ ਦੇ ਅੰਤ ਵਿਚ ਭਾਈ ਸੁਰਿੰਦਰਪਾਲ ਸਿੰਘ ਵਲੋਂ ਸੰਗਤਾਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ ਗਿਆ ਤੇ ਗੁਰਬਾਣੀ ਦੇ ਚੱਲ ਰਹੇ ਪਰਵਾਹ ਦਾ ਲਾਹਾ ਅੱਗੇ ਤੋਂ ਵੀ ਇਸੇ ਤਰ੍ਹਾਂ ਲੈਂਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਲਖਵੀਰ ਸਿੰਘ, ਮਹਿੰਦਰ ਸਿੰਘ, ਧਰਮ ਸਿੰਘ ਤੋਂ ਇਲਾਵਾ ਹੋਰ ਵੀ ਸੇਵਾਦਾਰ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।


-ਸੁਖਦੇਵ ਸਿੰਘ,
ਪਿੰਡ ਤੇ ਡਾਕ: ਜੌੜਾ (ਹੁਸ਼ਿਆਰਪੁਰ)। ਮੋਬਾ: 94172-69572

ਬਰਸੀ 'ਤੇ ਵਿਸ਼ੇਸ਼

ਪਰਉਪਕਾਰੀ ਸੰਤ ਹਰਨਾਮ ਸਿੰਘ ਨਿਹੰਗ ਸਿੰਘ ਰੋਡੇ ਵਾਲੇ

ਸੰਤ ਹਰਨਾਮ ਸਿੰਘ ਦਾ ਜਨਮ 1898 ਈ: ਨੂੰ ਪਿਤਾ ਸ: ਹਰਵੰਦ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਪਿੰਡ ਰੋਡੇ, ਨੇੜੇ ਰੰਗਪੁਰ, ਤਹਿ: ਖੁਸ਼ਾਬ, ਜ਼ਿਲ੍ਹਾ ਸਰਗੋਧਾ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਸਮੇਤ ਤਿੰਨ ਭਰਾ ਅਜਾਇਬ ਸਿੰਘ, ਹਰਨਾਮ ਸਿੰਘ ਤੇ ਮੋਹਕਮ ਸਿੰਘ ਹਨ। ਉਨ੍ਹਾਂ ਨੇ ਬਾਰ੍ਹਵੀਂ ਤੱਕ ਸਕੂਲੀ ਵਿੱਦਿਆ ਖਾਲਸਾ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੂੰ ਘਰ ਦੇ ਕੰਮਕਾਰ ਵਿਚ ਕੋਈ ਰੁਚੀ ਨਹੀਂ ਸੀ। ਪਿਤਾ ਜੀ ਨੇ ਉਨ੍ਹਾਂ ਨੂੰ ਆੜ੍ਹਤ ਦੀ ਦੁਕਾਨ 'ਤੇ ਬਿਠਾ ਦਿੱਤਾ। ਉਸ ਤੋਂ ਬਾਅਦ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਉਨ੍ਹਾਂ ਦਾ ਵਿਆਹ ਜੈ ਕੌਰ ਨਾਲ ਹੋਇਆ। ਉਨ੍ਹਾਂ ਦੇ ਗ੍ਰਹਿ ਦੋ ਲੜਕੀਆਂ ਨੇ ਜਨਮ ਲਿਆ। ਸੰਤ ਹਰਨਾਮ ਸਿੰਘ ਨੇ ਪਿੰਡ ਸਾਧਵਾਲਾ ਵਿਖੇ ਕਈ ਪਰਿਵਾਰਾਂ ਨੂੰ ਗੁਰਮਤਿ ਦੇ ਧਾਰਨੀ ਬਣਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀਂ ਲਾਇਆ। ਸੰਤ 1947 ਈ: ਵਿਚ ਦੇਸ਼ ਵੰਡ ਤੋਂ ਬਾਅਦ ਸੰਤ ਹਰਨਾਮ ਸਿੰਘ ਨੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਰਵਾਨੇ ਵਾਲਾ ਗੁਰਦੁਆਰਾ ਸੁਰਗਾਪੁਰੀ ਕੋਟਕਪੂਰਾ ਵਿਖੇ ਚਰਨ ਪਾਏ ਤੇ ਇਥੇ ਲਗਾਤਾਰ ਅਖੰਡ ਪਾਠਾਂ ਦਾ ਪ੍ਰਵਾਹ ਚਲਾਇਆ। ਸੰਤ ਹਰਨਾਮ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਸੰਤ ਹਰਨਾਮ ਸਿੰਘ ਨੇ ਗੁਰਦੁਆਰਾ ਪਿੰਡ ਬੀਹੜਾ (ਜਲੰਧਰ), ਗੁਰਦੁਆਰਾ ਪਿੰਡ ਗੂੜੀ ਸੰਘਰ, ਗੁਰਦੁਆਰਾ ਪਿੰਡ ਸੂਰੇਵਾਲਾ ਤੇ ਮੋਇਲਾ ਵਾਹਿਦਪੁਰ, ਗੜ੍ਹਸ਼ੰਕਰ (ਹੁਸ਼ਿਆਰਪੁਰ) ਦੇ ਨੇੜੇ ਵੱਖ-ਵੱਖ ਪਿੰਡਾਂ ਵਿਚ ਨੌਂ ਗੁਰਦੁਆਰਿਆਂ ਦੀ ਸੇਵਾ ਕਰਵਾਈ। ਸੰਤ ਹਰਨਾਮ ਸਿੰਘ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦਿਹਾੜੇ ਹੀ 11 ਜੂਨ, 1967 ਈ: ਨੂੰ 69 ਸਾਲ ਦੀ ਉਮਰ ਭੋਗ ਕੇ ਸੱਚਖੰਡ ਜਾ ਬਿਰਾਜੇ।
ਗੁਰੂਆਂ ਦੀ ਲਾਡਲੀ ਫੌਜ ਦੇ ਸੰਤ ਸਿਪਾਹੀ, ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਰੋਡੇ ਵਾਲਿਆਂ ਦੀ 52ਵੀਂ ਬਰਸੀ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦਸਰ ਪਿੰਡ ਮੋਇਲਾ-ਵਾਹਿਦਪੁਰ, ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਮਾਤਾ ਬੀਬੀ ਰਣਜੀਤ ਕੌਰ ਦੀ ਸਰਪ੍ਰਸਤੀ ਹੇਠ 11 ਜੂਨ (23 ਜੇਠ) ਨੂੰ ਬੜੇ ਪ੍ਰੇਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ, ਜਿਸ ਵਿਚ ਭਾਈ ਪ੍ਰਿਤਪਾਲ ਸਿੰਘ, ਗੋਨਿਆਣਾ ਮੰਡੀ, ਮੀਰੀ ਪੀਰੀ ਜਥਾ ਜਗਾਧਰੀ, ਗਿਆਨੀ ਰਜਵੰਤ ਸਿੰਘ, ਪ੍ਰਤਾਪ ਸਿੰਘ, ਗੁਰਦਿਆਲ ਸਿੰਘ ਤਰਨਾ ਦਲ ਮਹਿਤਾ ਚੌਕ ਕਵੀਸ਼ਰੀ ਜਥਾ, ਸੰਤ-ਮਹਾਂਪੁਰਸ਼, ਗੁਣੀ-ਗਿਆਨੀ, ਪ੍ਰਚਾਰਕ, ਭਾਈ ਵਰਿੰਦਰ ਸਿੰਘ ਵਾਸੂ ਮਾਛੀਵਾੜਾ ਵਾਲੇ ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਟੁੱਟ ਵਰਤੇਗਾ।


-ਕਰਨੈਲ ਸਿੰਘ ਐਮ.ਏ.,
1138/63-ਏ, ਗੁਰੂ ਤੇਗ਼ ਬਹਾਦਰ ਨਗਰ, ਗਲੀ ਨੰ: 1, ਚੰਡੀਗੜ੍ਹ ਰੋਡ, ਜਮਾਲਪੁਰ (ਲੁਧਿਆਣਾ)।
karnailsinghma@gmail.com

ਧਾਰਮਿਕ ਸਾਹਿਤ

ਜੀਵਨ-ਇਤਿਹਾਸ
ਗੁਰੂ ਨਾਨਕ ਸਾਹਿਬ

ਲੇਖਕ : ਡਾ: ਸੁਖਦਿਆਲ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਪੰਨੇ : 344, ਮੁੱਲ : 350 ਰੁਪਏ
ਸੰਪਰਕ : 98158-80539


ਡਾ: ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਇਤਿਹਾਸ ਵਿਭਾਗ ਵਿਚ 3-4 ਦਹਾਕੇ ਕੰਮ ਕਰਦਾ ਰਿਹਾ ਹੈ। ਡਾ: ਗੰਡਾ ਸਿੰਘ, ਡਾ: ਫੌਜਾ ਸਿੰਘ ਅਤੇ ਡਾ: ਕਿਰਪਾਲ ਸਿੰਘ ਦੀ ਅਗਵਾਈ ਵਿਚ ਸ਼ੁਰੂ ਹੋਇਆ ਇਹ ਵਿਭਾਗ ਪ੍ਰੋ: ਪਰਮਬਖਸ਼ੀਸ਼ ਸਿੰਘ ਅਤੇ ਡਾ: ਸੁਖਦਿਆਲ ਸਿੰਘ ਦੇ ਸਮੇਂ ਵਿਚ ਵੀ ਬੜਾ ਪ੍ਰਮਾਣੀਕ ਕੰਮ ਕਰਦਾ ਰਿਹਾ ਹੈ। ਡਾ: ਸੁਖਦਿਆਲ ਸਿੰਘ ਦੁਆਰਾ ਲਿਖੀ ਗਈ ਇਹ ਪੁਸਤਕ ਉਸ ਦੀ ਖੋਜ-ਪ੍ਰਤਿਭਾ ਅਤੇ ਮੌਲਿਕ ਸਿੱਟੇ ਸਥਾਪਿਤ ਕਰਨ ਦੀ ਰੁਚੀ ਦਾ ਇਕ ਸੁਚੱਜਾ ਨਮੂਨਾ ਪੇਸ਼ ਕਰਦੀ ਹੈ।
ਪੰਜਾਬੀ ਇਤਿਹਾਸਕਾਰੀ ਦਾ ਬਹੁਤਾ ਕੰਮ ਪ੍ਰਾਚੀਨ ਖਰੜਿਆਂ ਨੂੰ ਪੜ੍ਹਨ, ਵਾਚਣ ਅਤੇ ਉਨ੍ਹਾਂ ਦੀ ਉੱਚਿਤ ਵਰਤੋਂ ਉੱਪਰ ਨਿਰਭਰ ਰਿਹਾ ਹੈ। ਪੰਜਾਬ ਦੇ ਇਤਿਹਾਸ ਨਾਲ ਸਬੰਧਤ ਬਹੁਤੇ ਖਰੜੇ ਡਾ: ਗੰਡਾ ਸਿੰਘ, ਪ੍ਰੋ: ਪ੍ਰੀਤਮ ਸਿੰਘ, ਪ੍ਰੋ: ਸ਼ਮਸ਼ੇਰ ਸਿੰਘ ਅਸ਼ੋਕ, ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਆਰਕਾਈਵਜ਼ ਦੇ ਭੰਡਾਰ ਵਿਚ ਪਏ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪਬਲਿਕ ਲਾਇਬ੍ਰੇਰੀ ਪਟਿਆਲਾ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਵੀ ਕੁਝ ਦੁਰਲੱਭ ਖਰੜੇ ਸਾਂਭੇ ਹੋਏ ਹਨ। ਇਨ੍ਹਾਂ ਖਰੜਿਆਂ ਨੂੰ ਪੜ੍ਹਨਾ ਅਤੇ ਇਕ ਹੀ ਰਚਨਾ ਦੇ ਵੱਖ-ਵੱਖ ਖਰੜਿਆਂ ਦੀ ਪੁਰਾਤਨਤਾ ਨੂੰ ਨਿਸਚਿਤ ਕਰਨਾ ਕੋਈ ਸੌਖਾ ਕਾਰਜ ਨਹੀਂ ਹੈ। ਭਾਈ ਵੀਰ ਸਿੰਘ ਵਰਗੇ ਨਿਸ਼ਠਾਵਾਨ ਖੋਜੀਆਂ ਤੋਂ ਵੀ ਕੁਝ ਉਕਾਈਆਂ ਹੋ ਗਈਆਂ ਹਨ, ਕਿਉਂਕਿ ਉਨ੍ਹਾਂ ਦਿਨਾਂ ਵਿਚ ਸੰਪਾਦਨ ਕਾਰਜ ਵਿਗਿਆਨਕ ਲੀਹਾਂ ਉੱਪਰ ਨਹੀਂ ਸੀ ਚਲਦਾ। ਸੰਪਾਦਕ ਲੋਕ ਆਪਣੇ ਪੂਰਵਾਗ੍ਰਹਿਆਂ ਦੇ ਵੀ ਸ਼ਿਕਾਰ ਹੋ ਜਾਂਦੇ ਸਨ।
ਮੈਨੂੰ ਖੁਸ਼ੀ ਹੈ ਕਿ ਡਾ: ਸੁਖਦਿਆਲ ਸਿੰਘ ਨੇ ਇਤਿਹਾਸਕਾਰੀ ਦੇ ਕੰਮ ਵਿਚ ਪੂਰੀ ਨਿਸ਼ਠਾ ਅਤੇ ਸੱਚਾਈ ਤੋਂ ਕੰਮ ਲਿਆ ਹੈ। ਉਸ ਨੇ ਕੋਸ਼ਿਸ਼ ਕੀਤੀ ਹੈ ਕਿ ਸਹੀ ਸਿੱਟਿਆਂ ਦੀ ਸਥਾਪਨਾ ਕੀਤੀ ਜਾਵੇ, ਭਾਵੇਂ ਉਹ ਬਹੁਸੰਮਤੀ ਨਾਲ ਮੇਲ ਨਾ ਖਾਂਦੇ ਹੋਣ। ਗੁਰੂ ਨਾਨਕ ਸਾਹਿਬ ਦੀ ਜਨਮ ਤਿਥੀ ਬਾਰੇ ਉਸ ਦਾ ਨਿਰਣਾ ਹੈ ਕਿ ਕੱਤਕ ਦੀ ਪੂਰਨਮਾਸ਼ੀ ਹੀ ਉਨ੍ਹਾਂ ਦੀ ਸਹੀ ਜਨਮ-ਤਿਥੀ ਹੈ। ਵੈਸਾਖ ਵਾਲੀ ਧਾਰਨਾ ਉੱਚਿਤ ਨਹੀਂ ਹੈ। ਇਸੇ ਤਰ੍ਹਾਂ ਉਹ ਭਾਈ ਬਾਲਾ ਅਤੇ ਭਾਈ ਬਾਲੇ ਵਾਲੀ ਜਨਮਸਾਖੀ ਨੂੰ ਵੀ ਪ੍ਰਮਾਣਿਕ ਮੰਨਦਾ ਹੈ, ਹਾਲਾਂਕਿ ਅਜੋਕੇ ਇਤਿਹਾਸਕਾਰਾਂ ਅਨੁਸਾਰ ਦੋਵਾਂ ਦੀ ਪ੍ਰਮਾਣਿਕਤਾ ਸੰਦਿਗਧ ਹੈ। ਇਸ ਪੁਸਤਕ ਵਿਚ ਗੁਰੂ ਸਾਹਿਬ ਦੇ ਜਨਮ, ਬਚਪਨ, ਉਦਾਸੀਆਂ ਅਤੇ ਵਿਚਾਰਧਾਰਾ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਤ ਸਰੋਤ-ਸਮੱਗਰੀ ਦਾ ਅਧਿਐਨ ਅਤੇ ਵਿਸ਼ਲੇਸ਼ਣ ਇਸ ਪੁਸਤਕ ਦੀ ਇਕ ਹੋਰ ਉਪਲਬਧੀ ਹੈ। ਗੁਰੂ ਬਾਬੇ ਦੇ 550ਵੇਂ ਪ੍ਰਕਾਸ਼ ਪੁਰਬ ਸਮੇਂ ਲਿਖੀ ਗਈ ਇਹ ਇਕ ਮਹੱਤਵਪੂਰਨ ਰਚਨਾ ਹੈ।


-ਬ੍ਰਹਮਜਗਦੀਸ਼ ਸਿੰਘ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX