ਤਾਜਾ ਖ਼ਬਰਾਂ


ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  52 minutes ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  about 1 hour ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  about 1 hour ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  about 1 hour ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  about 2 hours ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  about 2 hours ago
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  about 2 hours ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  about 3 hours ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  about 3 hours ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  about 3 hours ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਹੋਰ ਖ਼ਬਰਾਂ..
  •     Confirm Target Language  

ਖੇਡ ਜਗਤ

ਯੂਏਫਾ ਚੈਂਪੀਅਨ ਲੀਗ ਫਾਈਨਲ

ਮਹਾਂਮੁਕਾਬਲੇ ਦੀ ਇੰਤਜ਼ਾਰ 'ਚ ਹੈ ਦੁਨੀਆ

ਫੁੱਟਬਾਲ ਦੀ ਦੁਨੀਆ 'ਚ ਯੂਏਫਾ ਚੈਂਪੀਅਨ ਲੀਗ ਨੂੰ ਫੁੱਟਬਾਲ ਕਲੱਬਾਂ ਦਾ ਸਭ ਤੋਂ ਵੱਡਾ ਅਤੇ ਵੱਕਾਰੀ ਟੂਰਨਾਮੈਂਟ ਗਿਣਿਆ ਜਾਂਦਾ ਹੈ। ਯੂਰਪੀ ਫੁੱਟਬਾਲ ਜਥੇਬੰਦੀ ਵਲੋਂ ਕਰਵਾਈ ਜਾਂਦੀ ਇਸ ਕਲੱਬ ਚੈਂਪੀਅਨਸ਼ਿਪ 'ਚ ਯੂਰਪ ਦੀਆਂ 32 ਉਹ ਟੀਮਾਂ ਖੇਡਦੀਆਂ ਹਨ, ਜੋ ਆਪਣੇ ਦੇਸ਼ ਵਿਚ ਸਿਖਰਲਾ ਦਰਜਾ ਪ੍ਰਾਪਤ ਕਰਦੀਆਂ ਹਨ। ਇਨ੍ਹਾਂ 32 ਟੀਮਾਂ ਨੂੰ 4-4 ਦੇ 8 ਗਰੁੱਪਾਂ 'ਚ ਵੰਡਿਆ ਗਿਆ ਸੀ ਅਤੇ ਲਗਪਗ 8 ਮਹੀਨਿਆਂ ਦੌਰਾਨ ਖੇਡੇ ਗਏ 78-79 ਗਰੁੱਪ ਮੈਚਾਂ ਦੇ ਰੁਮਾਂਚਿਕ ਅਤੇ ਉਤਰਾਅ-ਚੜ੍ਹਾਅ ਭਰੇ ਨਤੀਜਿਆਂ ਤੋਂ ਬਾਅਦ ਸੈਮੀਫਾਈਨਲ 'ਚ ਪੰਜ ਵਾਰ ਦੀ ਚੈਂਪੀਅਨ ਲਿਵਰਪੂਲ ਅਤੇ ਇਟਲੀ ਦੀ ਕਲੱਬ ਰੋਮਾ ਅਤੇ ਦੂਜੇ ਸੈਮੀਫਾਈਨਲ ਰੀਅਲ ਮੈਡਰਿਡ ਅਤੇ ਜਰਮਨ ਦੀ ਕਲੱਬ ਬਾਇਰਨ ਮਿਊਨਖ ਯੂਰਪ ਦੇ ਇਸ ਵੱਕਾਰੀ ਟੂਰਨਾਮੈਂਟ 'ਚ ਭਿੜੀਆਂ ਤੇ ਹੁਣ ਇਸ ਬਹੁਚਰਚਿਤ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਯੂਕਰੇਨ ਦੇ ਕੀਫੁ ਸਟੇਡੀਅਮ 'ਚ ਖੇਡਿਆ ਜਾਵੇਗਾ।
ਯੂਏਫਾ ਚੈਂਪੀਅਨ ਲੀਗ 'ਚ ਲਿਵਰਪੂਲ ਨੇ 11 ਸਾਲ ਬਾਅਦ ਚੈਂਪੀਅਨ ਲੀਗ ਦੇ ਫਾਈਨਲ 'ਚ ਟਿਕਟ ਪੱਕਾ ਕੀਤਾ ਤੇ ਹੁਣ ਉਸ ਦੀ ਫੈਸਲਾਕੁਨ ਟੱਕਰ 12 ਵਾਰ ਦੇ ਚੈਂਪੀਅਨ ਰੀਅਲ ਮੈਡਰਿਡ ਨਾਲ ਹੋਵੇਗੀ ਤੇ ਇਸ ਵਾਰ ਰੀਅਲ ਮੈਡਰਿਡ ਦੀ ਨਿਗ੍ਹਾ ਲਗਾਤਾਰ ਤੀਜੇ ਖ਼ਿਤਾਬ 'ਤੇ ਟਿਕੀ ਹੋਈ ਹੈ। ਸੈਮੀਫਾਈਨਲ ਦੇ ਪਹਿਲੇ ਗੇੜ 'ਚ 5-2 ਨਾਲ ਜਿੱਤ ਦਰਜ ਕਰਨ ਵਾਲੀ ਲਿਵਰਪੂਲ ਦੀ ਟੀਮ ਰੋਮਾ ਦੇ ਘਰੇਲੂ ਮੈਦਾਨ 'ਚ 4-2 ਨਾਲ ਪਛੜ ਗਈ ਪਰ ਦੂਜੇ ਗੇੜ ਦੇ ਸੈਮੀਫਾਈਨਲ ਤੋਂ ਬਾਅਦ ਕੋਚ ਜਰਗੇਨ ਕਲੋਪ ਦੀ ਟੀਮ ਲਿਵਰਪੂਲ 7-6 ਦੀ ਔਸਤ ਨਾਲ ਜਿੱਤ ਦਰਜ ਕਰਕੇ 2007 ਤੋਂ ਬਾਅਦ ਪਹਿਲੀ ਵਾਰ ਫਾਈਨਲ 'ਚ ਥਾਂ ਬਣਾਉਣ 'ਚ ਸਫਲ ਰਹੀ। ਚੈਂਪੀਅਨ ਲੀਗ ਦੇ ਦੂਜੇ ਸੈਮੀਫਾਈਨਲ ਦੇ ਪਹਿਲੇ ਅਤੇ ਦੂਜੇ ਗੇੜ ਦੇ ਮੁਕਾਬਲੇ 'ਚ 12 ਵਾਰ ਦੀ ਚੈਂਪੀਅਨ ਰੀਅਲ ਮੈਡਰਿਡ ਨੇ ਜਰਮਨ ਦੀ ਕਲੱਬ ਬਾਇਰਨ ਮਿਊਨਖ ਨੂੰ 4-3 ਦੀ ਔਸਤ ਨਾਲ ਪਛਾੜ ਕੇ ਫਾਈਨਲ 'ਚ ਪ੍ਰਵੇਸ਼ ਕੀਤਾ। ਹੁਣ ਜਦ ਕਿ 27 ਮਈ ਨੂੰ ਲਿਵਰਪੂਲ ਅਤੇ ਰੀਅਲ ਮੈਡਰਿਡ ਦੀਆਂ ਟੀਮਾਂ ਵਿਚਕਾਰ ਯੂਕਰੇਨ ਦੇ ਕੀਵ ਸਟੇਡੀਅਮ 'ਚ ਖ਼ਿਤਾਬੀ ਜੰਗ 'ਚ 'ਕਰੋ ਜਾਂ ਮਰੋ' ਦੇ ਜਜ਼ਬੇ ਨਾਲ ਮੈਦਾਨ 'ਚ ਉਤਰਨਗੀਆਂ ਤਾਂ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਸ ਮਹਾਂਮੁਕਾਬਲੇ ਦੀ ਖ਼ਿਤਾਬੀ ਭਿੜਤ 'ਤੇ ਟਿਕ ਗਈਆਂ ਹਨ।
ਅੰਕੜਿਆਂ ਦੀ ਨਜ਼ਰਸਾਨੀ 'ਚ 37 ਸਾਲ ਬਾਅਦ ਦੋਵੇਂ ਟੀਮਾਂ ਇਕ ਵਾਰ ਫਿਰ ਖ਼ਿਤਾਬੀ ਮੁਕਾਬਲੇ 'ਚ ਟਕਰਾਉਣਗੀਆਂ। ਇਸ ਤੋਂ ਪਹਿਲਾਂ 1981 'ਚ ਯੂਰਪੀਅਨ ਕੱਪ ਦੇ ਫਾਈਨਲ 'ਚ ਲਿਵਰਪੂਲ ਨੇ ਰੀਅਲ ਮੈਡਰਿਡ ਨੂੰ 1-0 ਨਾਲ ਹਰਾ ਕੇ ਟਰਾਫੀ ਜਿੱਤੀ ਸੀ। ਇਸ ਵਾਰ ਸੈਮੀਫਾਈਨਲ ਗੇੜ ਮੁਕਾਬਲਿਆਂ 'ਚ ਲਿਵਰਪੂਲ ਅਤੇ ਰੋਮਾ ਵਿਚਕਾਰ ਖੇਡੇ ਗਏ ਮੁਕਾਬਲਿਆਂ 'ਚ 13 ਗੋਲ ਹੋਏ, ਜੋ ਕਿ ਇਕ ਰਿਕਾਰਡ ਹੈ। ਇਸ ਤੋਂ ਪਹਿਲਾਂ 1998 ਚੈਂਪੀਅਨ ਲੀਗ ਸੈਮੀਫਾਈਨਲ 'ਚ ਮੋਨਾਕੋ ਅਤੇ ਜੁੱਵਟਸ ਵਿਚਕਾਰ ਖੇਡੇ ਗਏ ਮੈਚ 'ਚ 10 ਗੋਲ ਦਰਜ ਹੋਏ ਸਨ। ਲਿਵਰਪੂਲ ਨੇ ਇਸ ਵਾਰ ਆਪਣੇ ਕੁੱਲ ਮੈਚ ਖੇਡਦਿਆਂ 20 ਗੋਲ ਘਰੇਲੂ ਮੈਦਾਨ ਤੋਂ ਬਾਹਰ ਕੀਤੇ। ਅਜਿਹਾ ਕਰਕੇ ਉਸ ਨੇ ਰੀਅਲ ਮੈਡਰਿਡ ਵਲੋਂ ਇਕ ਸਤਰ 'ਚ ਘਰ ਤੋਂ ਬਾਹਰ ਕੀਤੇ ਗੋਲਾਂ ਦੇ ਰਿਕਾਰਡ ਦੀ (2013-14) ਬਰਾਬਰੀ ਕਰ ਲਈ। ਇਸ ਦੇ ਨਾਲ ਹੀ ਲਿਵਰਪੂਲ ਇਸ ਵਾਰ ਇਕ ਸੀਜ਼ਨ 'ਚ 40 ਗੋਲ ਕਰਨ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਬਾਰਸੀਲੋਨਾ (45 ਗੋਲ 1900-00) ਅਤੇ ਰੀਅਲ ਮੈਡਰਿਡ ਨੇ (41 ਗੋਲ 2013-14) ਕੀਤੇ ਸਨ।
ਲਿਵਰਪੂਲ ਇਸ ਵਾਰ 8ਵੀਂ ਵਾਰ ਫਾਈਨਲ 'ਚ ਪਹੁੰਚਿਆ ਹੈ। ਉਹ ਪੰਜ ਵਾਰ ਵਿਜੇਤਾ ਅਤੇ ਦੋ ਵਾਰ ਉਪ-ਵਿਜੇਤਾ ਰਿਹਾ ਹੈ। ਰੀਅਲ ਮੈਡਰਿਡ ਇਸ ਵਾਰ 16ਵੀਂ ਵਾਰ ਖ਼ਿਤਾਬੀ ਮੁਕਾਬਲੇ ਲਈ ਪੂਰੇ ਲਾਮ ਲਸ਼ਕਰ ਨਾਲ ਮੈਦਾਨ 'ਚ ਉਤਰੇਗਾ। ਉਹ 12 ਵਾਰ ਚੈਂਪੀਅਨ ਦੀ ਗੁਰਜ ਜਿੱਤਣ 'ਚ ਸਫਲ ਰਿਹਾ ਹੈ ਅਤੇ ਪਿਛਲੇ ਦੋ ਸਾਲ ਤੋਂ ਲਗਾਤਾਰ ਖ਼ਿਤਾਬੀ ਸਿਹਰਾ ਵੀ ਰੀਅਲ ਮੈਡਰਿਡ ਦੇ ਸਿਰ ਬੱਝਿਆ ਹੋਇਆ। ਪਿਛਲੀ ਵਾਰ ਉਸ ਨੇ ਜੁੱਵਟਸ ਕਲੱਬ ਨੂੰ 4-1 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ ਸੀ। ...ਖੈਰ, ਅੰਕੜਿਆਂ ਦੀ ਨਜ਼ਰ 'ਚ ਭਾਵੇਂ ਰੀਅਲ ਮੈਡਰਿਡ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਹੈ ਪਰ ਲਿਵਰਪੂਲ ਦੇ ਕੋਚ/ਮੈਨੇਜਰ ਜਰਗੇਨ ਕਲੋਪ ਦੇ ਲਫਜ਼ਾਂ 'ਚ ਕੁਝ ਭੇਦ ਜ਼ਰੂਰ ਛੁਪਿਆ ਹੈ। ਉਸ ਨੇ ਕਿਹਾ, 'ਅਸੀਂ ਤਾਂ ਕੁਆਲੀਫਾਇਰ ਦੇ ਰੂਪ 'ਚ ਟੂਰਨਾਮੈਂਟ 'ਚ ਆਏ ਸੀ ਪਰ ਹੁਣ ਅਸੀਂ ਫਾਈਨਲ 'ਚ, ਮੈਂ ਟੀਮ ਅਤੇ ਪ੍ਰਸੰਸਕ ਖੁਸ਼ ਹਨ। ਹੁਣ ਅਸੀਂ ਖ਼ਿਤਾਬੀ ਟੱਕਰ ਲਈ ਕੀਵ ਦੇ ਮੈਦਾਨ 'ਚ ਉਤਰਾਂਗੇ। ...ਖੈਰ, ਯੂਏਫਾ ਚੈਂਪੀਅਨ ਲੀਗ ਦਾ ਖ਼ਿਤਾਬੀ ਤਾਜ ਕਿਸ ਦੇ ਸਿਰ ਸਜੇਗਾ, ਇਹ ਤਾਂ ਵਕਤ ਹੀ ਦੱਸੇਗਾ ਪਰ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੂੰ ਇਸ ਮਹਾਂਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ।


-ਚੀਫ ਫੁੱਟਬਾਲ ਕੋਚ ਸਾਈ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


ਖ਼ਬਰ ਸ਼ੇਅਰ ਕਰੋ

ਆਸਟ੍ਰੇਲੀਆ ਓਪਨ ਬੈਡਮਿੰਟਨ ਦਾ ਲੇਖਾ-ਜੋਖਾ

ਸੀਮਤ ਭਾਗਦਾਰੀ ਪਰ ਸੰਤੁਸ਼ਟੀਜਨਕ ਪ੍ਰਦਰਸ਼ਨ

ਇਸ ਸਾਲ 2018 ਵਿਚ ਆਸਟਰੇਲੀਆ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤ ਕੋਈ ਗੰਭੀਰ ਚੁਣੌਤੀ, ਮੁੱਖ ਖਿਡਾਰੀਆਂ ਸਾਇਨਾ ਨੇਹਵਾਲ ਤੇ ਪੀ. ਵੀ. ਸਿੰਧੂ ਦੇ ਹਿੱਸਾ ਨਾ ਲੈਣ ਕਰਕੇ, ਨਾ ਪੇਸ਼ ਕਰ ਸਕਿਆ ਤੇ ਚੀਨ ਦੇਸ਼ ਦੇ ਖਿਡਾਰੀਆਂ ਨੇ ਆਪਣੇ ਦੇਸ਼ ਲਈ ਚੀਨ ਦੀ ਦੀਵਾਰ ਬਣ ਕੇ ਬੈਡਮਿੰਟਨ ਖੇਡ ਵਿਚ ਸਭ ਤੋਂ ਪ੍ਰਤਿਸ਼ਟਤ ਵੰਨਗੀ ਮਹਿਲਾ ਸਿੰਗਲਜ਼ ਵਿਚ ਚੀਨ ਦੀਆਂ ਹੀ ਦੋ ਖਿਡਾਰਨਾਂ ਦੁਆਰਾ ਫਾਈਨਲ ਖੇਡ ਕੇ ਵਿਸ਼ਵ ਵਿਚ ਆਪਣੀ ਧਾਂਕ ਜਮਾ ਲਈ। ਖੇਡ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇ ਚੀਨ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਂਦਾ ਤਾਂ ਸਥਿਤੀ ਕੁਝ ਹੋਰ ਹੋਣੀ ਸੀ। ਇਸ ਟੂਰਨਾਮੈਂਟ ਵਿਚ ਚੀਨ ਦੀਆਂ ਹੀ ਦੋ ਖਿਡਾਰਨਾਂ ਵਿਚਕਾਰ ਫਾਈਨਲ ਮੈਚ ਸਿੰਗਲਜ਼ ਦੇ ਖੇਡੇ ਗਏ। ਇਸ ਦਾ ਇਕ ਮਹੱਤਵਪੂਰਨ ਕਾਰਨ ਭਾਰਤ ਦੀ ਸੀਮਤ ਭਾਗਦਾਰੀ ਮੰਨਿਆ ਜਾ ਸਕਦਾ ਹੈ। ਕੋਈ ਸਮਾਂ ਸੀ ਕਿ ਭਾਰਤ ਕਦੇ ਬੈਡਮਿੰਟਨ ਦੇ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਵਿਚ ਭਾਗ ਲੈਣਾ ਇਕ ਸੁਪਨੇ ਦੇ ਮੁਤਾਬਕ ਸਮਝਦਾ ਸੀ। ਸਭ ਤੋਂ ਪਹਿਲਾਂ ਪ੍ਰਕਾਸ਼ ਪਾਦੂਕੋਨ ਨੇ ਆਲ ਇੰਗਲੈਂਡ ਇਕ ਸਭ ਤੋਂ ਵਕਾਰੀ ਟੂਰਨਾਮੈਂਟ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਫਿਰ ਗੋਪੀ ਚੰਦ ਨੇ ਉਸ ਦੇ ਨਕਸ਼ੇ ਕਦਮਾਂ 'ਤੇ ਚਲਦੇ ਹੋਏ ਆਲ ਇੰਗਲੈਂਡ ਕਿਸੇ ਭਾਰਤੀ ਦਾ ਦੂਜੀ ਵਾਰ ਜਿੱਤ ਕੇ ਇਸ ਖੇਡ ਨੂੰ ਉਤਸ਼ਾਹਿਤ ਕੀਤਾ। ਹੁਣ ਇਹ ਗੱਲ ਬਹੁਤ ਸੰਤੋਸ਼ਜਨਕ ਹੈ ਕਿ ਹੁਣ ਭਾਰਤ ਨੇ ਬੈਡਮਿੰਟਨ ਦੇ ਹਰ ਅੰਤਰਰਸ਼ਾਟਰੀ ਟੂਰਨਾਮੈਂਟ ਵਿਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਓਪਨ ਆਸਟ੍ਰੇਲੀਆ ਵਿਚ ਭਾਰਤ ਨੇ ਹਿੱਸਾ ਲਿਆ ਹੈ ਪਰ ਕਈ ਖੇਡ ਪ੍ਰੇਮੀਆਂ ਨੂੰ ਇਸ ਗੱਲ ਦੀ ਨਿਰਾਸ਼ਾ ਹੋਈ ਕਿ ਇਸ ਟੂਰਨਾਮੈਂਟ ਵਿਚ ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਹਿੱਸਾ ਨਹੀਂ ਸਨ ਲੈ ਰਹੀਆਂ। ਪਰ ਖੇਡ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਹੁਣ ਭਾਰਤ ਦੇ ਬੈਡਮਿੰਟਨ ਵਿਚ ਇਹ ਸਮਾਂ ਆ ਗਿਆ ਹੈ ਕਿ ਭਾਰਤ ਹੁਣ ਆਪਣੇ ਕੁਝ ਖਿਡਾਰੀਆਂ ਨੂੰ ਆਰਾਮ ਦੇ ਸਕਦਾ ਹੈ, ਜਿਵੇਂ ਕ੍ਰਿਕਟ ਵਿਚ ਅਸੀਂ ਕੋਹਲੀ ਜਾਂ ਧੋਨੀ ਨੂੰ ਕਦੇ ਆਰਾਮ ਦੇ ਸਕਦੇ ਹਾਂ। ਮਾਹਿਰਾਂ ਅਨੁਸਾਰ ਇਹ ਗੱਲ ਇਸ ਖੇਡ ਦੇ ਸੁਧਾਰ ਹੋਣ ਕਰਕੇ ਹੀ ਸੰਭਵ ਹੋਈ ਹੈ।
ਫਿਰ ਦੂਸਰੀ ਵਿਸ਼ੇਸ਼ ਪ੍ਰਾਪਤੀ ਇਸ ਖੇਡ ਵਿਚ ਇਸ ਵਾਰ ਆਸਟਰੇਲੀਆ ਓਪਨ ਵਿਚ ਕੁਆਟਰ ਫਾਈਨਲ ਵਿਚ ਦੋਵੇਂ ਭਾਰਤੀ ਟੀਮਾਂ ਦਾ ਆਪਸ ਵਿਚ ਟਾਕਰਾ ਹੋ ਗਿਆ ਤੇ ਇਕ ਭਾਰਤੀ ਟੀਮ ਨੂੰ ਬਾਹਰ ਹੋਣਾ ਪਿਆ। ਪਹਿਲੀ ਨਜ਼ਰ ਨਾਲ ਦੇਖਿਆਂ ਜਦੋਂ ਭਾਰਤ ਦੀ ਇਕ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਜਾਂਦੀ ਹੈ ਤਾਂ ਸੁਭਾਵਿਕ ਹੈ ਕਿ ਕਿਤੇ ਤਾਂ ਇਹ ਨਿਰਾਸ਼ਾ ਦਾ ਆਲਮ ਛਾ ਜਾਂਦਾ ਹੈ।
ਪਰ ਮਾਹਿਰਾਂ ਅਨੁਸਾਰ ਇਹ ਵੀ ਭਾਰਤ ਦੀ ਇਕ ਪ੍ਰਾਪਤੀ ਸਮਝੀ ਜਾਣੀ ਚਾਹੀਦੀ ਹੈ, ਕਿਉਂਕਿ ਦੋਵੇਂ ਟੀਮਾਂ ਭਾਰਤ ਦੀਆਂ ਹੋਣ ਕਰਕੇ ਇਕ ਟੀਮ ਅੱਗੇ ਚਲੀ ਜਾ ਸਕਦੀ ਹੈ ਤੇ ਇਹ ਗੱਲ ਵੀ ਇਸ ਖੇਡ ਦੇ ਵਿਕਾਸ ਦੀ ਸੂਚਕ ਹੋ ਸਕਦੀ ਹੈ। ਮਾਹਿਰਾਂ ਅਨੁਸਾਰ ਜੋ ਟੈਨਿਸ ਵਿਚ ਆਮ ਦੇਖਿਆ ਗਿਆ ਹੈ ਕਿ ਦੋ ਅਮਰੀਕਾ ਦੀਆਂ ਵਿਲੀਅਮ ਭੈਣਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਇਕ ਨੇ ਤਾਂ ਹਾਰ ਕੇ ਬਾਹਰ ਹੋਣਾ ਹੀ ਹੁੰਦਾ ਹੈ ਪਰ ਇਹ ਗੱਲ ਅਮਰੀਕਾ ਦੇ ਇਸ ਟੈਨਿਸ ਖੇਡ ਵਿਚ ਵਿਕਾਸ ਦੀ ਸੂਚਕ ਮੰਨੀ ਜਾਂਦੀ ਹੈ। ਹੁਣ ਇਹ ਗੱਲ ਭਾਰਤ ਦੇ ਬੈਡਮਿੰਟਨ ਦੇ ਵਿਕਾਸ ਬਾਰੇ ਵੀ ਕਹੀ ਜਾ ਸਕਦੀ ਹੈ ਕਿ ਇਸ ਖੇਡ ਵਿਚ ਸੁਧਾਰ ਇੰਨਾ ਹੋ ਚੁੱਕਾ ਹੈ ਕਿ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀਆਂ ਹੀ ਸਾਇਨਾ ਤੇ ਪੀ.ਵੀ. ਸਿੰਧੂ ਤਗਮੇ ਲਈ ਆਪਸ ਵਿਚ ਭਿੜੀਆਂ ਤੇ ਸੋਨੇ ਦਾ ਤਗਮਾ ਸਾਇਨਾ ਨੂੰ ਤੇ ਚਾਂਦੀ ਦਾ ਪੀ. ਵੀ. ਸਿੰਧੂ ਦੋਵੇਂ ਖਿਡਾਰਨਾਂ ਨੂੰ ਮਿਲਿਆ। ਇਸ ਬਹੁਤ ਹੀ ਵਕਾਰੀ ਟੂਰਨਾਮੈਂਟ ਵਿਚ ਮਾਹਿਰਾਂ ਅਨੁਸਾਰ ਭਾਰਤ ਦੀ ਡਬਲਜ਼ ਖੇਡ ਵਿਚ ਸੰਤੁਸ਼ਟੀਜਨਕ ਸੁਧਾਰ ਹੋਇਆ ਹੈ। ਭਾਰਤ ਨੇ ਇਸ ਵੰਨਗੀ ਵਿਚ ਜੋ ਉੱਤਮ ਸ਼ੁਰੂਆਤ ਰਾਸ਼ਟਰਮੰਡਲ ਖੇਡਾਂ ਵਿਚ ਡਬਲਜ਼ ਵਿਚ ਇੰਗਲੈਂਡ ਵਰਗੀ ਟੀਮ ਨਾਲ ਫਾਈਨਲ ਖੇਡਿਆ ਤੇ ਚਾਂਦੀ ਦਾ ਤਗਮਾ ਭਾਰਤ ਦੀ ਝੋਲੀ ਵਿਚ ਪਾਇਆ ਸੀ, ਉਸ ਤੋਂ ਅੱਗੇ ਭਾਰਤ ਹੁਣ ਹੋ ਗਿਆ ਹੈ। ਰਾਸ਼ਟਰਮੰਡਲ ਵਿਚ ਸੀਮਤ ਦੇਸ਼ ਹੀ ਭਾਗ ਲੈ ਰਹੇ ਸਨ। ਹੁਣ ਆਸਟ੍ਰੇਲੀਆ ਓਪਨ ਵਿਚ ਆਪਣੇ ਸਾਰੇ ਲੀਗ ਮੈਚ ਡਬਲਜ਼ ਦੇ ਜਿੱਤਣੇ ਤੇ ਅੰਤਿਮ ਅੱਠ ਵਿਚ ਸਾਡੀਆਂ ਦੋ ਟੀਮਾਂ ਦਾ ਪਹੁੰਚਣਾ ਆਸਟ੍ਰੇਲੀਆ ਓਪਨ ਦੀ ਇਕ ਹੋਰ ਪ੍ਰਾਪਤੀ ਹੈ। ਜਿਥੇ ਸਿੰਗਲਜ਼ ਵਿਚ ਭਾਰਤ ਦੇ ਸ੍ਰੇਸ਼ਠ ਖਿਡਾਰੀਆਂ ਨੇ ਸਾਨੂੰ ਨਿਰਾਸ਼ ਕੀਤਾ ਹੈ, ਉਥੇ ਡਬਲਜ਼ ਦੇ ਖਿਡਾਰੀਆਂ ਨੇ ਭਾਰਤ ਦੀ ਇੱਜ਼ਤ ਵਧਾਈ ਹੈ। ਸਮੁੱਚੇ ਰੂਪ ਵਿਚ ਆਸਟਰੇਲੀਆ ਓਪਨ ਚੀਨ ਤੇ ਇੰਡੋਨੇਸ਼ੀਆ ਦੇ ਨਾਂਅ ਰਿਹਾ ਪਰ ਭਾਰਤ ਨੇ ਵੀ ਇਸ ਖੇਡ ਵਿਚ ਇਕ ਕਦਮ ਅੱਗੇ ਪੁੱਟਿਆ ਹੈ। ਭਾਰਤ ਲਈ ਅਗਲੀ ਚੁਣੌਤੀ ਥਾਮਸ-ਉਬੇਰ ਕੱਪ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਰਾਸ਼ਟਰ ਮੰਡਲ ਖੇਡਾਂ ਵਿਚ ਆਖ਼ਰ ਸਭ ਤੋਂ ਘੱਟ ਉਮਰ ਦਾ

ਭਾਰਤੀ ਸੋਨ ਤਗਮਾ ਜੇਤੂ ਕਿਹੜਾ?

ਹਾਲ ਹੀ ਵਿਚ ਹੋਈਆਂ ਰਾਸ਼ਟਰ ਮੰਡਲ ਖੇਡਾਂ ਵਿਚ ਗੋਲਡ ਕੋਸਟ ਵਿਚ ਖ਼ਤਮ ਹੋਈਆਂ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੇ ਸ਼ੂਟਰ ਅਨੀਸ਼ ਭਾਨਵਾਲਾ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਸੀ। ਇਹ ਪੂਰੇ ਦੇਸ਼ ਲਈ ਖੁਸ਼ੀ ਤੇ ਫ਼ਖਰ ਦਾ ਮੌਕਾ ਸੀ। ਵਿਸ਼ੇਸ਼ ਕਰਕੇ ਇਸ ਲਈ ਕਿ ਹਰਿਆਣਾ ਦੇ ਇਸ ਮੁੰਡੇ ਨੇ ਸਿਰਫ਼ 15 ਸਾਲ ਦੀ ਉਮਰ ਵਿਚ ਇਹ ਕਾਰਨਾਮਾ ਕਰ ਦਿਖਾਇਆ ਸੀ। ਮੀਡੀਆ ਨੇ ਤੁਰੰਤ ਇਹ ਸੁਰਖੀ ਲਾ ਦਿੱਤੀ-'ਅਨੀਸ਼ ਬਣੇ ਭਾਰਤ ਲਈ ਸਭ ਤੋਂ ਘੱਟ ਉਮਰ ਵਿਚ ਰਾਸ਼ਟਰ ਮੰਡਲ ਖੇਡਾਂ ਦਾ ਸੋਨ ਤਗਮਾ ਲਿਆਉਣ ਵਾਲੇ'। ਜਿਥੋਂ ਤੱਕ ਸ਼ੂਟਿੰਗ ਦੀ ਗੱਲ ਹੈ ਤਾਂ ਨਿਸਚਤ ਤੌਰ 'ਤੇ ਇਹ ਗੱਲ ਸਹੀ ਹੈ ਕਿ ਇਸ ਮੁਕਾਬਲੇ ਵਿਚ ਅਨੀਸ਼ ਸਭ ਤੋਂ ਘੱਟ ਉਮਰ ਦੇ ਭਾਰਤੀ ਸ਼ੂਟਰ ਹਨ ਜਿਨ੍ਹਾਂ ਨੂੰ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਗਮਾ ਹਾਸਲ ਕਰਨ ਦਾ ਫ਼ਖ਼ਰ ਹਾਸਲ ਹੋਇਆ ਹੈ। ਪਰ ਇਹ ਸਾਰੇ ਮੁਕਾਬਲਿਆਂ ਦੇ ਸੰਦਰਭ ਵਿਚ ਕਹਿਣਾ ਸਹੀ ਨਹੀਂ ਹੋਵੇਗਾ।
ਪੁਰਾਣੇ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਪਤਾ ਲਗਦਾ ਹੈ ਕਿ ਭਾਰਤ ਲਈ ਰਾਸ਼ਟਰ ਮੰਡਲ ਖੇਡਾਂ ਵਿਚ ਸਭ ਤੋਂ ਘੱਟ ਉਮਰ ਵਿਚ ਸੋਨ ਤਗਮਾ ਲਿਆਉਣ ਦਾ ਸਿਹਰਾ ਪਹਿਲਵਾਨ ਵੇਦ ਪ੍ਰਕਾਸ਼ ਨੂੰ ਜਾਣਾ ਚਾਹੀਦਾ, ਜਿਨ੍ਹਾਂ ਨੇ ਸਿਰਫ 14 ਸਾਲ ਦੀ ਉਮਰ ਵਿਚ ਐਡਿਨਬਰਗ ਰਾਸ਼ਟਰ ਮੰਡਲ ਖੇਡਾਂ (ਜੁਲਾਈ 16 ਤੋਂ 25, 1970) ਦੀ ਲਾਈਟ-ਫਲਾਈਵੇਟ ਸ਼੍ਰੇਣੀ ਵਿਚ ਸੋਨ ਤਗਮਾ ਜਿੱਤਿਆ ਸੀ। ਦਰਅਸਲ, ਵੇਦ ਪ੍ਰਕਾਸ਼ ਦੀ ਉਮਰ ਵੱਡੇ ਵਿਵਾਦ ਦਾ ਕਾਰਨ ਬਣ ਗਈ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਚੁੱਕੀਆਂ ਸਨ ਕਿ ਉਹ ਸਿਰਫ਼ 12 ਸਾਲ ਦੇ ਸਨ ਅਤੇ ਖੇਡ ਆਯੋਜਕਾਂ ਦਾ ਮੰਨਣਾ ਸੀ ਕਿ ਮੁਕਾਬਲੇ ਵਿਚ ਹਿੱਸਾ ਲੈਣ ਲਈ ਇਹ ਬਹੁਤ ਘੱਟ ਉਮਰ ਹੈ, ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਹੈ। ਇਕ 'ਜੂਨੀਅਰ' ਨੂੰ ਕਿਸੇ 'ਸੀਨੀਅਰ' ਨਾਲ ਕੁਸ਼ਤੀ ਕਿਵੇਂ ਨਹੀਂ ਕਰਨੀ ਚਾਹੀਦੀ। ਪਰ ਸਫਲਤਾ ਦੇ ਬਾਅਦ ਵੇਦ ਪ੍ਰਕਾਸ਼ ਨੂੰ 'ਵੰਡਰ ਬੁਆਏ', 'ਮਾਈਟੀ ਐਟਮ', 'ਰੈਸਲਿੰਗ ਜਵੈਲ' ਆਦਿ ਅਲੰਕਾਰਾਂ ਨਾਲ ਨਿਵਾਜਿਆ ਗਿਆ ਸੀ।
25 ਜੁਲਾਈ 1970 ਨੂੰ ਫਰਾਂਸ ਦੀ ਨਿਊਜ਼ ਏਜੰਸੀ ਏ. ਐਫ. ਪੀ. ਦੇ ਹਵਾਲੇ ਤੋਂ ਦੁਨੀਆ ਭਰ ਦੇ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਖ਼ਬਰਾਂ ਵਿਚ ਕਿਹਾ ਗਿਆ ਸੀ-'ਰਾਸ਼ਟਰ ਮੰਡਲ ਖੇਡਾਂ ਵਿਚ ਕੁਸ਼ਤੀ ਪ੍ਰਤੀਯੋਗਤਾ ਦਾ 'ਬੇਬ' (ਬਾਲਕ)। ਭਾਰਤ ਦੇ 14 ਸਾਲਾ 'ਵੰਡਰ ਬੁਆਏ' ਵੇਦ ਪ੍ਰਕਾਸ਼ ਨੇ ਕੈਨੇਡਾ ਦੇ ਕੇਨ ਸ਼ੰਡ ਨੂੰ ਲਾਈਟ-ਫਲਾਈਵੇਟ ਦੇ ਫਾਈਨਲ ਵਿਚ ਹਰਾ ਕੇ ਆਪਣੇ ਦੇਸ਼ ਲਈ ਪਹਿਲਾ ਸੋਨ ਤਗਮਾ ਜਿੱਤਿਆ।
ਫਿਲਹਾਲ, ਬੁਰੀ ਕਿਸਮਤ ਦਖੀਏ ਕਿ ਭਾਰਤੀ ਕੁਸ਼ਤੀ ਸੰਘ ਦੇ ਕੋਲ ਵੇਦ ਪ੍ਰਕਾਸ਼ ਦੀ ਉਮਰ ਦਾ ਰਿਕਾਰਡ ਨਹੀਂ ਹੈ। ਉਸ ਦੇ ਕੋਲ ਹਾਲ ਦੇ ਸਾਲਾਂ ਦੇ ਪਹਿਲਵਾਨਾਂ ਦੇ ਤਾਂ ਰਿਕਾਰਡ ਹਨ ਜਿਵੇਂ ਪਾਸਪੋਰਟ, ਜਨਮ ਸਰਟੀਫਿਕੇਟ ਆਦਿ ਪਰ ਉਨ੍ਹਾਂ ਪਹਿਲਵਾਨਾਂ ਦਾ ਕੋਈ ਰਿਕਾਰਡ ਨਹੀਂ ਹੈ ਜਿਨ੍ਹਾਂ ਨੇ 1970 ਦੇ ਦਹਾਕੇ ਵਿਚ ਤਗਮੇ ਜਿੱਤੇ ਸਨ। ਇਸ ਤਰ੍ਹਾਂ ਦਾ ਸੰਘ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦਾ ਕਹਿਣਾ ਹੈ। ਉਸ ਸਮੇਂ ਦੇ ਖੇਡ ਪੱਤਰਕਾਰਾਂ ਦਾ ਕਹਿਣਾ ਹੈ ਕਿ ਕੁਸ਼ਤੀ ਖੇਤਰਾਂ ਵਿਚ ਇਹ ਆਮ ਚਰਚਾ ਸੀ ਕਿ ਵੇਦ ਪ੍ਰਕਾਸ਼ ਨੇ 14 ਸਾਲ ਦੀ ਉਮਰ ਵਿਚ ਸੋਨ ਤਗਮਾ ਜਿੱਤਿਆ ਸੀ। ਸੀਨੀਅਰ ਖੇਡ ਪੱਤਰਕਾਰ ਕੇ. ਦੱਤਾ ਦਾ ਵੀ ਇਹੀ ਕਹਿਣਾ ਹੈ। ਉਨ੍ਹਾਂ ਨੇ ਅਡਿਨਬਰਗ ਵਿਚ ਕੁਸ਼ਤੀ 'ਚ ਤਗਮਾ ਜਿੱਤਣ ਵਾਲੇ ਪਹਿਲਵਾਨਾਂ 'ਤੇ ਜੋ ਡਾਕੂਮੈਂਟਰੀ ਬਣੀ ਹੈ, ਉਸ ਵਿਚ ਸਹਿਯੋਗ ਕੀਤਾ ਹੈ।
ਭਾਰਤ ਵਿਚ ਕੁਸ਼ਤੀ ਦੇ ਮੁੱਖ ਸਮੀਖਿਅਕ ਮਨੋਜ ਜੋਸ਼ੀ ਵੀ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਅਨੁਸਾਰ 'ਕੁਸ਼ਤੀ ਸੰਸਾਰ ਵਿਚ ਹਰ ਕੋਈ ਇਹੀ ਕਹਿੰਦਾ ਸੀ।' ਫਿਲਮ 'ਦੰਗਲ' ਵਿਚ ਅਭਿਨੈ ਕਰਨ ਵਾਲੇ ਜੋਸ਼ੀ ਨੇ ਲਗਪਗ ਇਕ ਦਹਾਕਾ ਪਹਿਲਾਂ ਦੂਰਦਰਸ਼ਨ ਲਈ ਵੇਦ ਪ੍ਰਕਾਸ਼ ਦੇ ਨਾਲ ਇਕ ਡਾਕੂਮੈਂਟਰੀ ਕੀਤੀ ਸੀ। ਉਹ ਕਹਿੰਦੇ ਹਨ, 'ਵੇਦ ਪ੍ਰਕਾਸ਼ ਦਰੋਣਾਚਾਰਿਆ ਪੁਰਸਕਾਰ ਜੇਤੂ ਗੁਰੂ ਹਨੂਮਾਨ ਦੇ ਸ਼ਿਸ਼ ਸਨ। ਉਹ ਹਮੇਸ਼ਾ ਸਕਾਰਾਤਮਕ, ਹਸਮੁੱਖ ਤੇ ਕੁਸ਼ਤੀ ਨੂੰ ਸਮਰਪਿਤ ਸਨ।' ਅਡਿਨਬਰਗ ਵਿਚ ਪਹਿਲਵਾਨ ਸੱਜਣ ਸਿੰਘ ਨੇ ਚਾਂਦੀ ਤਗਮਾ ਜਿੱਤਿਆ ਸੀ। ਹੁਣ ਉਹ ਕਾਫੀ ਬਜ਼ੁਰਗ ਹੋ ਗਏ ਹਨ, ਥੋੜ੍ਹਾ ਉੱਚਾ ਸੁਣਦੇ ਹਨ, ਉਨ੍ਹਾਂ ਨੇ ਵੀ ਫੋਨ 'ਤੇ ਆਪਣੇ ਬੇਟੇ ਜ਼ਰੀਏ ਦੱਸਿਆ ਕਿ ਉਸ ਸਮੇਂ ਵੇਦ ਪ੍ਰਕਾਸ਼ ਦੀ ਉਮਰ 13-14 ਸਾਲ ਸੀ।
ਖ਼ੁਦ ਵੇਦ ਪ੍ਰਕਾਸ਼ ਨਾਲ ਸੰਪਰਕ ਨਹੀਂ ਹੋ ਸਕਿਆ, ਪਰ 2010 ਵਿਚ ਉਮਰ ਸਬੰਧੀ ਵਿਵਾਦ ਬਾਰੇ ਉਨ੍ਹਾਂ ਨੇ ਇਕ ਅੰਗਰੇਜ਼ੀ ਦੈਨਿਕ ਨੂੰ ਦੱਸਿਆ ਸੀ, 'ਸਾਨੂੰ ਮੇਰਾ ਪਾਸਪੋਰਟ ਮਿਲਿਆ, ਮੇਰਾ ਕੁਸ਼ਤੀ ਪਰਮਿਟ ਅਤੇ ਮੇਰੇ ਮਾਤਾ-ਪਿਤਾ ਦਾ ਬਿਆਨ ਪੇਸ਼ ਕਰਨਾ ਪਿਆ ਸੀ, ਤਦੇ ਮੈਨੂੰ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਦਿੱਤਾ ਗਿਆ ਸੀ। ਉਹ ਜਾਣਦੇ ਸਨ ਕਿ ਮੈਨੂੰ ਮੇਰੀ ਸ਼੍ਰੇਣੀ ਵਿਚ ਕੋਈ ਹਰਾ ਨਹੀਂ ਸਕਦਾ।'
ਫਿਲਹਾਲ, ਵੇਦ ਪ੍ਰਕਾਸ਼ ਦੀ ਜਿੱਤ ਤੋਂ ਪਹਿਲਾਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਭਾਰਤ ਨਾਲ ਹੋਏ ਸੰਚਾਰ ਵਿਚ ਉਨ੍ਹਾਂ ਦੀ ਉਮਰ ਗ਼ਲਤੀ ਨਾਲ 12 ਸਾਲ ਦੇ ਦਿੱਤੀ ਗਈ ਸੀ। ਆਯੋਜਕ ਇਕ ਬੱਚੇ ਨੂੰ ਕੁਸ਼ਤੀ ਮੁਕਾਬਲੇ ਵਿਚ ਕਿਵੇਂ ਹਿੱਸਾ ਲੈਣ ਦੇ ਸਕਦੇ ਹਨ। ਇਹ ਗ਼ਲਤ ਫਹਿਮੀ ਇਸ ਆਧਾਰ 'ਤੇ ਦੂਰ ਹੋਈ ਕਿ ਵੇਦ ਪ੍ਰਕਾਸ਼ ਦੇ ਕੋਲ ਕੁਸ਼ਤੀ ਲਈ ਅੰਤਰਰਾਸ਼ਟਰੀ ਲਾਇਸੈਂਸ ਹੈ, ਜਿਸ ਦੇ ਅਨੁਸਾਰ ਉਹ 10 ਦਸੰਬਰ 1970 ਨੂੰ 15 ਸਾਲ ਦੇ ਹੋ ਜਾਣਗੇ।
ਵੇਦ ਪ੍ਰਕਾਸ਼ ਦਿੱਲੀ ਦੇ ਗੁਰੂ ਹਨੂਮਾਨ ਅਖਾੜੇ ਤੋਂ ਨਿਕਲੇ ਸਨ। ਉਨ੍ਹਾਂ ਦੇ ਗੁਰੂ ਉਸ ਨੂੰ 'ਕੁਸ਼ਤੀ ਕਾ ਤਾਜ' ਕਹਿੰਦੇ ਸਨ। ਵੇਦ ਪ੍ਰਕਾਸ਼ ਨੇ 6 ਸਾਲ ਦੀ ਉਮਰ ਵਿਚ ਕੁਸ਼ਤੀ ਦੇ ਖੇਤਰ ਵਿਚ ਦਾਖਲਾ ਲਿਆ ਸੀ। ਉਸ ਸਮੇਂ ਉਹ ਪਤਲੇ, ਕਮਜ਼ੋਰ ਤੇ ਬੱਚੇ ਸਨ। ਪਰ ਸਿਰਫ਼ ਅੱਠ ਸਾਲ ਵਿਚ ਉਹ ਰਾਸ਼ਟਰ ਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਣ ਦੇ ਯੋਗ ਹੋ ਗਏ। ਇਨ੍ਹਾਂ ਸਭ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਰਾਸ਼ਟਰ ਮੰਡਲ ਖੇਡਾਂ ਵਿਚ ਸਭ ਤੋਂ ਘੱਟ ਉਮਰ ਦਾ ਸੋਨ ਤਗਮਾ ਜਿੱਤਣ ਵਾਲੇ ਵੇਦ ਪ੍ਰਕਾਸ਼ ਸਨ, ਨਾ ਕਿ ਸ਼ੂਟਰ ਅਨੀਸ਼। ਹਾਂ, ਸਿਰਫ਼ ਸ਼ੂਟਿੰਗ ਦੇ ਮਾਮਲੇ ਵਿਚ ਅਨੀਸ਼ ਨੂੰ ਇਹ ਸਿਹਰਾ ਦਿੱਤਾ ਜਾ ਸਕਦਾ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਵੱਡੀਆਂ ਪ੍ਰਾਪਤੀਆਂ ਦਾ ਮਾਲਕ ਹੈ ਉੱਤਰਾਖੰਡ ਦਾ ਨੇਤਰਹੀਣ ਖਿਡਾਰੀ ਆਸ਼ੀਸ਼ ਨੇਗੀ

ਜੇਕਰ ਸਦੀਵੀ ਤੌਰ 'ਤੇ ਖੇਡ ਜਗਤ ਦੇ ਇਤਿਹਾਸ ਵਿਚ ਸਾਡੇ ਦੇਸ਼ ਦੇ ਕੌਮੀ ਖਿਡਾਰੀਆਂ ਦੀ ਗੱਲ ਚੱਲੇਗੀ ਜਾਂ ਇਤਿਹਾਸ ਨੂੰ ਦੁਹਰਾਇਆ ਜਾਵੇਗਾ ਤਾਂ ਦੇਸ਼ ਦੇ ਨੇਤਰਹੀਣ ਖਿਡਾਰੀ ਵੀ ਸੁਨਹਿਰੀ ਪੰਨਿਆਂ 'ਤੇ ਹੋਣਗੇ, ਜਿਨ੍ਹਾਂ ਨੇ ਨੇਤਰਹੀਣ ਹੁੰਦਿਆਂ ਵੀ ਹੋਰ ਖਿਡਾਰੀਆਂ ਵਾਂਗ ਖੇਡ ਜਗਤ ਵਿਚ ਅਜਿਹੇ ਨਾਮਣੇ ਖੱਟੇ, ਜਿਸ ਨਾਲ ਪੂਰੇ ਭਾਰਤ ਦੇਸ਼ ਦਾ ਨਾਂਅ ਰੌਸ਼ਨ ਹੋਇਆ। ਹਿਮਾਲਿਆ ਦੀ ਕੁੱਖ ਵਿਚ 1 ਦਸੰਬਰ, 1980 ਨੂੰ ਪਿਤਾ ਜਗਮੋਹਣ ਸਿੰਘ ਨੇਗੀ ਦੇ ਘਰ ਮਾਤਾ ਕਿਰਨ ਨੇਗੀ ਦੀ ਕੁੱਖੋਂ ਪੈਦਾ ਹੋਇਆ ਆਸ਼ੀਸ਼ ਨੇਗੀ ਭਾਵੇਂ ਨੇਤਰਹੀਣ ਹੈ ਪਰ ਖੇਡ ਜਗਤ ਵਿਚ ਉਸ ਦੀਆਂ ਪ੍ਰਾਪਤੀਆਂ 'ਤੇ ਪੂਰਾ ਉੱਤਰਾਖੰਡ ਹੀ ਮਾਣ ਨਹੀਂ ਕਰਦਾ, ਸਗੋਂ ਦੇਸ਼ ਦਾ ਮਾਣ ਹੈ। ਆਸ਼ੀਸ਼ ਨੇਗੀ ਅਜੇ 8 ਕੁ ਸਾਲ ਦਾ ਸੀ ਕਿ ਬੁਖਾਰ ਹੋ ਗਿਆ। ਬੁਖਾਰ ਵਿਚ ਲਈ ਦਵਾਈ ਨੇ ਬੁਖਾਰ ਤਾਂ ਕੀ ਠੀਕ ਕਰਨਾ ਸੀ, ਉਸ ਨੂੰ ਹਮੇਸ਼ਾ ਲਈ ਅੱਖਾਂ ਤੋਂ ਮੁਨਾਖੇ ਕਰ ਦਿੱਤਾ। ਉਸ ਦੀ ਖੱਬੀ ਅੱਖ ਦੀ ਰੌਸ਼ਨੀ ਉਸੇ ਵਕਤ ਚਲੀ ਗਈ ਅਤੇ ਹੌਲੀ-ਹੌਲੀ ਸੱਜੀ ਅੱਖ ਤੋਂ ਵੀ ਘੱਟ ਵਿਖਾਈ ਦੇਣ ਲੱਗਾ ਅਤੇ ਹੁਣ ਆਸ਼ੀਸ਼ ਨੇਗੀ ਨੂੰ ਸਿਰਫ 4 ਮੀਟਰ ਤੱਕ ਹੀ ਵਿਖਾਈ ਦਿੰਦਾ ਹੈ ਅਤੇ ਉਸ ਲਈ ਅਗਾਂਹ ਦਾ ਸੰਸਾਰ ਹਨੇਰ ਵਿਚ ਡੁੱਬ ਜਾਂਦਾ ਹੈ।
ਆਸ਼ੀਸ਼ ਨੂੰ ਬਚਪਨ ਤੋਂ ਹੀ ਖੇਡਾਂ ਦਾ ਸ਼ੌਕ ਸੀ ਅਤੇ ਉਹ ਖੇਡ ਕਲਾ ਵਿਚ ਸਿਤਾਰੇ ਵਾਂਗ ਚਮਕਣਾ ਚਾਹੁੰਦਾ ਸੀ ਪਰ ਉਸ ਦੀਆਂ ਅੱਖਾਂ ਦਾ ਸਿਤਾਰਾ ਹਮੇਸ਼ਾ ਲਈ ਗਰਦਸ਼ ਵਿਚ ਗੁਆਚ ਗਿਆ। ਪਿਤਾ ਏਅਰ ਫੋਰਸ ਵਿਚ ਨੌਕਰੀ ਕਰਦਾ ਸੀ ਅਤੇ ਉਹ ਆਪਣੇ ਇਸ ਬੱਚੇ ਨੂੰ ਵੀ ਕਿਸੇ ਡੂੰਘੇ ਸਦਮੇ ਵਾਂਗ ਨਾਲ ਹੀ ਲਈ ਫਿਰਦਾ ਅਤੇ ਉਸ ਦੇ ਭਵਿੱਖ ਦੀ ਚਿੰਤਾ ਵੀ ਨਾਲੋ-ਨਾਲ ਡੰਗਦੀ ਰਹੀ। ਆਖਰ ਡੂੰਘੀ ਨਿਰਾਸ਼ਾ 'ਚੋਂ ਇਕ ਆਸ ਨੇ ਜਨਮ ਲਿਆ ਅਤੇ ਪਿਤਾ ਨੇ ਹੌਸਲੇ ਨਾਲ ਬੇਟੇ ਨੂੰ ਕਿਹਾ ਕਿ, 'ਬੱਚੇ ਹਨੇਰ ਨਹੀਂ, ਦੇਰ ਹੈ 'ਬੇਸ਼ੱਕ ਪਲਟ ਕਰ ਵੇਖੋ ਵੋ ਬੀਤਾ ਹੂਆ ਕੱਲ੍ਹ ਹੈ, ਪਰ ਬੜਨਾ ਤੋ ਇਧਰ ਹੀ ਹੈ ਜਹਾਂ ਆਨੇ ਵਾਲਾ ਕੱਲ੍ਹ ਹੈ।' ਆਸ਼ੀਸ਼ ਨੇਗੀ ਨੂੰ ਪਿਤਾ ਨੇ ਡਿਊਟੀ ਦੌਰਾਨ ਕਾਨਪੁਰ ਤੋਂ ਮੁਢਲੀ ਵਿੱਦਿਆ ਦਿਵਾਈ ਅਤੇ ਦੇਹਰਾਦੂਨ ਤੋਂ ਸਪੈਸ਼ਲ ਸਕੂਲ ਵਿਚੋਂ ਕੰਪਿਊਟਰ ਦੀ ਸਿੱਖਿਆ ਅਤੇ ਅੱਜ ਆਸ਼ੀਸ਼ ਨੇਗੀ ਦੇਹਰਾਦੂਨ ਵਿਖੇ ਹੀ ਬੈਂਕ ਵਿਚ ਨੌਕਰੀ ਕਰਕੇ ਆਪਣਾ ਗੁਜ਼ਾਰਾ ਆਪ ਕਰਦਾ ਹੈ। ਆਸ਼ੀਸ਼ ਨੇ ਕੁਝ ਨਵਾਂ ਕਰਨ ਦੇ ਮਕਸਦ ਨਾਲ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਇਹ ਉਸ ਦੀ ਮਿਹਨਤ ਦਾ ਹੀ ਫਲ ਸੀ ਕਿ ਉਹ ਛੇਤੀ ਹੀ ਉੱਤਰਾਖੰਡ ਦੀ ਨੇਤਰਹੀਣ ਕ੍ਰਿਕਟ ਟੀਮ ਵਿਚ ਖੇਡਣ ਲੱਗਾ ਅਤੇ ਕਪਤਾਨ ਦੇ ਅਹੁਦੇ ਤੱਕ ਪਹੁੰਚਿਆ। ਇਥੇ ਹੀ ਬਸ ਨਹੀਂ, ਉਸ ਦੀ ਖੇਡ ਕਲਾ ਨੇ ਐਨੇ ਕੁ ਲੋਕਾਂ ਦੇ ਦਿਲ ਮੋਹੇ ਕਿ ਉਸ ਦੀ ਚੋਣ ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਵਿਚ ਹੋ ਗਈ ਅਤੇ ਸਾਲ 2003 ਤੋਂ ਲੈ ਕੇ 2015 ਤੱਕ ਭਾਰਤ ਦੀ ਟੀਮ ਵਿਚ ਵੱਖ-ਵੱਖ ਮੁਲਕਾਂ ਵਿਚ ਖੇਡਦਿਆਂ ਦਰਸ਼ਕਾਂ ਦੀਆਂ ਤਾੜੀਆਂ ਕੰਨੀਂ ਸੁਣਦਾ ਰਿਹਾ।
ਆਸ਼ੀਸ਼ ਨੇਗੀ ਨੇ ਕ੍ਰਿਕਟ ਦੇ ਨਾਲ-ਨਾਲ ਅਥਲੈਟਿਕ ਵਿਚ ਸ਼ਾਟਪੁੱਟ ਖੇਡਣੀ ਸ਼ੁਰੂ ਕੀਤੀ ਅਤੇ ਉਸ ਨੇ ਆਪਣੇ ਨਾਂਅ ਨੈਸ਼ਨਲ ਰਿਕਾਰਡ ਵੀ ਬਣਾਇਆ ਅਤੇ ਉਹ ਅਥਲੈਟਿਕ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਹਿਚਾਣ ਬਣਾਉਣ ਵਿਚ ਵੀ ਸਫ਼ਲ ਹੋਇਆ ਹੈ। ਆਸ਼ੀਸ਼ ਨੇਗੀ ਹੁਣ ਜਕਾਰਤਾ ਵਿਚ ਹੋਣ ਵਾਲੀਆਂ ਏਸ਼ੀਆ ਖੇਡਾਂ ਅਤੇ ਸਾਲ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀ ਉਲੰਪਿਕ ਦੀ ਤਿਆਰੀ ਆਪਣੇ ਹਰਮਨ ਪਿਆਰੇ ਕੋਚ ਨਰੇਸ਼ ਸਿੰਘ ਨਿਯਾਲ ਤੋਂ ਕਰ ਰਿਹਾ ਹੈ ਅਤੇ ਉਸ ਨੂੰ ਆਪਣੇ-ਆਪ 'ਤੇ ਐਨਾ ਵਿਸ਼ਵਾਸ ਹੈ ਕਿ ਉਹ ਜਿੱਤ ਕੇ ਭਾਰਤ ਮਾਤਾ ਦੀ ਝੋਲੀ ਸੋਨ ਤਗਮਾ ਪਾ ਕੇ 'ਜੈ ਹਿੰਦ' ਬੋਲੇਗਾ। ਆਸ਼ੀਸ਼ ਨੇਗੀ ਉੱਪਰ ਉੱਤਰਾਖੰਡ ਸਰਕਾਰ ਮਾਣ ਕਰਦੀ ਹੋਈ ਉਸ ਨੂੰ ਵਿਸ਼ਵ ਅਪਾਹਜ ਦਿਵਸ 'ਤੇ ਦਕਸ਼ ਵਿਕਲਾਂਗ ਖਿਡਾਰੀ ਦੇ ਸਨਮਾਨ ਨਾਲ ਸਨਮਾਨ ਚੁੱਕੀ ਹੈ।


-ਮੋਬਾ: 98551-14484

ਵਿਸ਼ਵ ਕੱਪ ਹਾਕੀ : ਬਾਰਸੀਲੋਨਾ ਤੋਂ ਹੇਗ ਤੱਕ

ਵਿਸ਼ਵ ਕੱਪ ਹਾਕੀ ਦੀ ਕਹਾਣੀ ਪਾਕਿਸਤਾਨ ਦੇ ਚੈਂਪੀਅਨ ਬਣਨ ਤੋਂ ਸ਼ੁਰੂ ਹੁੰਦੀ ਹੈ। 1971 ਦਾ ਇਹ ਪਹਿਲਾ ਐਡੀਸ਼ਨ, ਜੋ ਪਾਕਿਸਤਾਨ 'ਚ ਖੇਡਿਆ ਜਾਣਾ ਸੀ, ਰਾਜਨੀਤਕ ਪ੍ਰਸਥਿਤੀਆਂ ਦੇ ਕਾਰਨ ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਖੇਡਿਆ ਗਿਆ। ਪਾਕਿਸਤਾਨ ਜੇ ਪਾਕਿਸਤਾਨ 'ਚ ਫਤਹਿਯਾਬ ਹੁੰਦਾ ਤਾਂ ਲੋਕਾਂ ਨੇ ਕਹਿਣਾ ਸੀ ਕਿ ਘਰੇਲੂ ਮੈਦਾਨ ਦਾ ਲਾਭ ਪਾਕਿਸਤਾਨ ਨੂੰ ਪਹੁੰਚਿਆ ਪਰ ਯੂਰਪੀਨ ਦੇਸ਼ 'ਚ ਪਾਕਿਸਤਾਨ ਨੇ ਆਪਣੇ ਖੇਡ ਹੁਨਰ ਦਾ ਲੋਹਾ ਮੰਨਵਾਇਆ। ਅਸੀਂ ਇਸ ਜਿੱਤ ਨੂੰ ਪਾਕਿਸਤਾਨ ਹਾਕੀ ਲਈ ਵਿਸ਼ਵ ਕੱਪ ਹਾਕੀ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ਟੂਰਨਾਮੈਂਟ ਲਈ ਇਕ ਵਧੀਆ ਸ਼ੁਰੂਆਤ ਮੰਨਦੇ ਹਾਂ। ਵਿਸ਼ਵ ਕੱਪ ਹਾਕੀ ਦੇ ਇਸ ਐਡੀਸ਼ਨ 'ਚ ਸਪੇਨ ਦੂਜੇ ਨੰਬਰ 'ਤੇ ਅਤੇ ਭਾਰਤ ਤੀਜੇ ਸਥਾਨ 'ਤੇ ਰਿਹਾ। ਕੀਨੀਆ ਚੌਥੇ ਸਥਾਨ 'ਤੇ। ਵਿਸ਼ਵ ਕੱਪ ਹਾਕੀ ਦਾ ਦੂਜਾ ਐਡੀਸ਼ਨ 1973 'ਚ ਹਾਲੈਂਡ ਦੇ ਸ਼ਹਿਰ ਅਮੈਸਟਲਵੀਨ 'ਚ ਖੇਡਿਆ ਗਿਆ। ਹਾਲੈਂਡ ਭਾਰਤ ਨੂੰ ਹਰਾ ਕੇ ਚੈਂਪੀਅਨ ਬਣਿਆ। ਵੈਸਟ ਜਰਮਨੀ ਤੀਜੇ ਸਥਾਨ 'ਤੇ ਰਿਹਾ ਅਤੇ ਪਾਕਿਸਤਾਨ ਨੂੰ ਚੌਥਾ ਸਥਾਨ ਮਿਲਿਆ। 1975 'ਚ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ 'ਚ ਵਿਸ਼ਵ ਕੱਪ ਹਾਕੀ ਦਾ ਤੀਜਾ ਐਡੀਸ਼ਨ ਖੇਡਿਆ। ਉਲੰਪਿਕ ਹਾਕੀ ਦੇ ਸਰਦਾਰ ਰਹੇ ਭਾਰਤ ਨੂੰ ਪਹਿਲੀ ਵਾਰ ਕਿਸੇ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟ 'ਚ ਫਿਰ ਸਰਦਾਰੀ ਮਿਲੀ।
ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਇਹ ਟੂਰਨਾਮੈਂਟ ਜਿੱਤਿਆ। ਵੈਸਟ ਜਰਮਨੀ ਨੇ ਮਲੇਸ਼ੀਆ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 1978 'ਚ ਅਰਜਨਟੀਨਾ ਦੇ ਸ਼ਹਿਰ ਬਿਊਨਸ ਆਇਰਸ ਵਿਖੇ ਵਿਸ਼ਵ ਕੱਪ ਹਾਕੀ ਦਾ ਅਗਲਾ ਐਡੀਸ਼ਨ ਖੇਡਿਆ ਗਿਆ, ਜਿਸ ਨੂੰ ਪਾਕਿਸਤਾਨ ਨੇ ਨੀਦਰਲੈਂਡ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਹਾਕੀ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਆਸਟ੍ਰੇਲੀਆ ਨੇ ਵੈਸਟ ਜਰਮਨੀ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਭਾਰਤ ਦੇ ਸ਼ਹਿਰ ਮੁੰਬਈ 'ਚ 1982 'ਚ ਅਗਲਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਆਯੋਜਿਤ ਹੋਇਆ, ਜਿਸ ਨੂੰ ਤੀਜੀ ਵਾਰ ਗੁਆਂਢੀ ਮੁਲਕ ਪਾਕਿਸਤਾਨ ਨੇ ਜਿੱਤ ਲਿਆ, ਵੈਸਟ ਜਰਮਨੀ ਨੂੰ ਹਰਾ ਕੇ। ਆਸਟ੍ਰੇਲੀਆ ਨੇ ਨੀਦਰਲੈਂਡ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ਵ ਕੱਪ ਹਾਕੀ 1986 'ਚ ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ਆਯੋਜਿਤ ਹੋਈ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਵੈਸਟ ਜਰਮਨੀ ਨੇ ਸੋਵੀਅਤ ਯੂਨੀਅਨ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।
1990 'ਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਵਿਸ਼ਵ ਕੱਪ ਹਾਕੀ ਦਾ ਅਗਲਾ ਐਡੀਸ਼ਨ ਖੇਡਿਆ ਗਿਆ, ਜਿਥੇ ਨੀਦਰਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਪੱਧਰੀ ਇਹ ਖ਼ਿਤਾਬ ਹਾਸਲ ਕੀਤਾ। ਆਸਟ੍ਰੇਲੀਆ ਨੇ ਵੈਸਟ ਜਰਮਨੀ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 1994 'ਚ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਵਿਸ਼ਵ ਕੱਪ ਹਾਕੀ ਦਾ ਅਗਲਾ ਟੂਰਨਾਮੈਂਟ ਆਯੋਜਿਤ ਹੋਇਆ, ਜੋ ਪਾਕਿਸਤਾਨ ਨੇ ਜਿੱਤਿਆ। ਪਾਕਿਸਤਾਨ ਦੀ ਇਹ ਜਿੱਤ ਇਹ ਦੱਸਦੀ ਹੈ ਕਿ ਏਸ਼ੀਆ ਦੇ ਮੁਲਕ ਹਾਕੀ ਦੀ ਸਰਦਾਰੀ ਹਾਸਲ ਕਰਨ 'ਚ ਉਦੋਂ ਤੱਕ ਅਜੇ ਵੀ ਸਮਰੱਥ ਹਨ। ਨੀਦਰਲੈਂਡ ਦੂਜੇ ਸਥਾਨ 'ਤੇ ਰਿਹਾ। ਦੂਜੇ ਪਾਸੇ ਆਸਟ੍ਰੇਲੀਆ ਨੇ ਜਰਮਨੀ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। 2006 'ਚ ਜਰਮਨੀ ਦੇ ਸ਼ਹਿਰ 'ਚ ਵਿਸ਼ਵ ਕੱਪ ਹਾਕੀ ਦਾ ਅਗਲਾ ਐਡੀਸ਼ਨ ਖੇਡਿਆ ਗਿਆ, ਜਿਸ ਨੂੰ ਜਰਮਨੀ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤਿਆ ਅਤੇ ਸਪੇਨ ਨੇ ਦੱਖਣੀ ਕੋਰੀਆ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 2010 'ਚ ਭਾਰਤ ਦੇ ਸ਼ਹਿਰ ਨਵੀਂ ਦਿੱਲੀ 'ਚ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਆਯੋਜਿਤ ਹੋਇਆ। ਇਹ ਐਡੀਸ਼ਨ ਆਸਟ੍ਰੇਲੀਆ ਨੇ ਜਿੱਤਿਆ ਜਰਮਨੀ ਨੂੰ ਹਰਾ ਕੇ ਅਤੇ ਹਾਲੈਂਡ ਨੇ ਇੰਗਲੈਂਡ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। 2014 'ਚ ਨੀਦਰਲੈਂਡ ਦੇ ਸ਼ਹਿਰ ਹੇਗ 'ਚ ਵਿਸ਼ਵ ਕੱਪ ਹਾਕੀ ਦਾ ਆਯੋਜਨ ਹੋਇਆ, ਜੋ ਆਸਟ੍ਰੇਲੀਆ ਨੇ ਜਰਮਨੀ ਨੂੰ 6-1 ਨਾਲ ਹਰਾ ਕੇ ਜਿੱਤਿਆ। ਦੂਜੇ ਪਾਸੇ ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾ ਕੇ ਤੀਜੇ ਦਰਜੇ ਦਾ ਖ਼ਿਤਾਬ ਪ੍ਰਾਪਤ ਕੀਤਾ। 2018 ਵਾਲਾ ਵਿਸ਼ਵ ਕੱਪ ਹਾਕੀ ਦਾ ਆਯੋਜਨ ਭਾਰਤ ਦੇ ਸ਼ਹਿਰ ਭੁਵਨੇਸ਼ਵਰ ਵਿਖੇ ਆਯੋਜਿਤ ਹੋਣਾ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਕਬੱਡੀ ਦੀਆਂ ਤਿੰਨ ਵੰਨਗੀਆਂ 'ਚ ਏਸ਼ੀਅਨ ਚੈਂਪੀਅਨ ਬਣੀ ਪੰਜਾਬਣ ਰਣਦੀਪ ਕੌਰ ਖਹਿਰਾ

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੱਥੂ ਖਹਿਰਾ ਦੇ ਵਸਨੀਕ ਸ: ਹਰਦੀਪ ਸਿੰਘ ਖਹਿਰਾ ਤੇ ਸ੍ਰੀਮਤੀ ਵੀਰ ਕੌਰ ਦੀ ਸਪੁੱਤਰੀ ਰਣਦੀਪ ਕੌਰ ਖਹਿਰਾ ਪੰਜਾਬ ਦੀ ਇਕੋ-ਇਕ ਅਜਿਹੀ ਖਿਡਾਰਨ ਹੈ, ਜਿਸ ਨੇ ਕਬੱਡੀ ਦੀਆਂ ਤਿੰਨੇ ਵੰਨਗੀਆਂ, ਦਾਇਰੇ ਵਾਲੀ, ਨੈਸ਼ਨਲ ਸਟਾਈਲ ਅਤੇ ਬੀਚ ਕਬੱਡੀ 'ਚ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਹਾਲ ਹੀ ਵਿਚ ਦਾਇਰੇ ਵਾਲੀ ਕਬੱਡੀ ਦੀ ਮਲੇਸ਼ੀਆ 'ਚ ਹੋਈ ਪਹਿਲੀ ਏਸ਼ੀਅਨ ਚੈਂਪੀਅਨਸ਼ਿਪ 'ਚ ਅੱਵਲ ਰਹੀ ਭਾਰਤੀ ਟੀਮ ਦੀ ਕਪਤਾਨੀ ਦਾ ਤਾਜ ਵੀ ਰਣਦੀਪ ਨੂੰ ਆਪਣੇ ਸਿਰ ਸਜਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਦੇ ਨਾਲ ਹੀ ਉਹ ਕੁਸ਼ਤੀ ਦੇ ਖੇਤਰ 'ਚ ਵਿਸ਼ਵ ਪੱਧਰ 'ਤੇ ਤਗਮਾ ਜਿੱਤ ਕੇ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੀ ਹੈ।
ਰਣਦੀਪ ਕੌਰ ਨੇ ਕਲਾਸਵਾਲਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਦਸਵੀਂ ਜਮਾਤ 'ਚ ਪੜ੍ਹਦਿਆਂ ਆਪਣੇ ਪਿਤਾ ਦੀ ਪ੍ਰੇਰਨਾ ਨਾਲ ਅਥਲੈਟਿਕਸ ਦੇ 800 ਮੀਟਰ ਦੌੜ ਈਵੈਂਟ ਰਾਹੀਂ ਖੇਡਾਂ ਦੇ ਖੇਤਰ 'ਚ ਪੈਰ ਰੱਖਿਆ ਅਤੇ 12 ਜਮਾਤ ਤੱਕ ਪੜ੍ਹਦਿਆਂ ਕੌਮੀ ਪੱਧਰ ਤੱਕ ਖੇਡਣ ਦਾ ਮਾਣ ਹਾਸਲ ਕੀਤਾ। ਐਸ.ਐਮ. ਕਾਲਜ ਦੀਨਾਨਗਰ ਵਿਖੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਹੀ ਕੋਚ ਨਿਰਮਲ ਕੌਰ ਤੇ ਮੁਖਵਿੰਦਰ ਸਿੰਘ ਦੀ ਪ੍ਰੇਰਨਾ ਨਾਲ ਰਣਦੀਪ ਨੇ ਬਤੌਰ ਰੇਡਰ ਨੈਸ਼ਨਲ ਸਟਾਈਲ ਕਬੱਡੀ ਖੇਡਣੀ ਸ਼ੁਰੂ ਕੀਤੀ ਅਤੇ ਪਹਿਲੇ ਹੀ ਵਰ੍ਹੇ ਪੰਜਾਬ ਪੱਧਰ 'ਤੇ ਖੇਡਣ ਦਾ ਮਾਣ ਪ੍ਰਾਪਤ ਕੀਤਾ। ਰਾਜ ਪੱਧਰੀ ਮੁਕਾਬਲਿਆਂ ਦੌਰਾਨ ਰਣਦੀਪ ਦਾ ਮੇਲ ਸਵ: ਕੋਚ ਗੁਰਦੀਪ ਸਿੰਘ ਮੱਲ੍ਹੀ ਨਾਲ ਹੋਇਆ, ਜਿਨ੍ਹਾਂ ਦੀ ਅਗਵਾਈ 'ਚ ਉਸ ਨੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿਖੇ ਦਾਖ਼ਲਾ ਲਿਆ ਅਤੇ ਇੱਥੇ ਉਸ ਦੀ ਖੇਡ 'ਚ ਏਨਾ ਕੁ ਨਿਖਾਰ ਆ ਗਿਆ ਕਿ ਉਹ 2008 ਤੋਂ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਦੀ ਕਪਤਾਨ ਚੱਲੀ ਆ ਰਹੀ ਹੈ।
ਉਸ ਨੇ ਐਮ.ਏ. (ਪੰਜਾਬੀ ਅਤੇ ਇਤਿਹਾਸ) ਤੱਕ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਕਈ ਵਾਰ ਨੈਸ਼ਨਲ ਪੱਧਰ 'ਤੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਕੇਰਲਾ 'ਚ ਹੋਈਆਂ ਕੌਮੀ ਖੇਡਾਂ 'ਚ ਪੰਜਾਬ ਲਈ ਕਾਂਸੀ ਦਾ ਤਗਮਾ ਵੀ ਜਿੱਤਿਆ। ਇਸੇ ਵਰ੍ਹੇ ਕੌਮੀ ਚੈਂਪੀਅਨਸ਼ਿਪ 'ਚ ਪੰਜਾਬ ਨੂੰ ਕਾਂਸੀ ਦਾ ਤਗਮਾ ਅਤੇ ਕੁੱਲ ਹਿੰਦ ਪੁਲਿਸ ਖੇਡਾਂ 'ਚ ਸੋਨ ਤਗਮਾ ਜਿਤਾਉਣ ਵਾਲੀ ਰਣਦੀਪ ਆਪਣੀ ਧੜੱਲੇਦਾਰ ਖੇਡ ਸਦਕਾ ਏਸ਼ੀਅਨ ਚੈਂਪੀਅਨ ਬਣੀ ਭਾਰਤੀ ਟੀਮ ਦੀ ਸਿਰਕੱਢ ਖਿਡਾਰਨ ਸਾਬਤ ਹੋ ਚੁੱਕੀ ਹੈ। ਉਹ ਤਿੰਨ ਵਾਰ ਬੀਚ ਏਸ਼ੀਅਨ ਚੈਂਪੀਅਨਸ਼ਿਪ 'ਚ ਵੀ ਦੇਸ਼ ਲਈ ਸੋਨ ਤਗਮੇ ਜਿੱਤ ਚੁੱਕੀ ਹੈ ਅਤੇ ਇਸ ਵੇਲੇ ਏਸ਼ੀਅਨ ਖੇਡਾਂ ਲਈ ਕੌਮੀ ਕੈਂਪ ਵੀ ਲਗਾ ਰਹੀ ਹੈ। ਇਸ ਦੇ ਸਮਾਂਤਰ ਹੀ ਰਣਦੀਪ ਦਾਇਰੇ ਵਾਲੀ ਕਬੱਡੀ 'ਚ ਵੀ ਸ਼ਾਨਦਾਰ ਮੱਲਾਂ ਮਾਰਦਿਆਂ ਕੌਮੀ ਚੈਂਪੀਅਨਸ਼ਿਪਾਂ 'ਚ ਪੰਜਾਬ ਲਈ 2-2 ਵਾਰ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। ਟੀ.ਵੀ. ਅਤੇ ਯੂ-ਟਿਊਬ ਜ਼ਰੀਏ ਪੰਜਾਬ ਸਟਾਈਲ ਕਬੱਡੀ ਦੀ ਸਟਾਪਰ ਵਜੋਂ ਮੁਹਾਰਤ ਹਾਸਲ ਕਰਨ ਵਾਲੀ ਰਣਦੀਪ 2013 ਦੇ ਵਿਸ਼ਵ ਕੱਪ 'ਚ ਭਾਰਤ ਦੀ ਚੈਂਪੀਅਨ ਟੀਮ ਦਾ ਹਿੱਸਾ ਬਣੀ। ਫਿਰ 2016 ਦੇ ਪੰਜਵੇਂ ਆਲਮੀ ਕੱਪ 'ਚ ਉਹ ਚੈਂਪੀਅਨ ਬਣੀ ਭਾਰਤੀ ਟੀਮ ਵਲੋਂ ਦੁਨੀਆ ਦੀ ਸਰਬੋਤਮ ਸਟਾਪਰ ਸਾਬਤ ਹੋਈ।
ਹਾਲ ਹੀ ਵਿਚ ਦਾਇਰੇ ਵਾਲੀ ਕਬੱਡੀ ਦੀ ਪਹਿਲੀ ਏਸ਼ੀਅਨ ਚੈਂਪੀਅਨਸ਼ਿਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮਾਣ ਵੀ ਰਣਦੀਪ ਦੇ ਹਿੱਸੇ ਆਇਆ ਹੈ। ਉਹ ਮਾਝਾ ਕਬੱਡੀ ਅਕੈਡਮੀ ਅਤੇ ਸ਼ਹੀਦ ਭਗਤ ਸਿੰਘ ਕਲੱਬ ਸਮੈਣ (ਹਰਿਆਣਾ) ਵਲੋਂ ਪੇਸ਼ੇਵਰ ਕਬੱਡੀ ਖੇਡਦੀ ਹੈ। ਉੱਚ ਪਾਏ ਦੀ ਖੇਡ, ਉਚੇਰੀ ਪੜ੍ਹਾਈ ਹਾਸਲ ਕਰਨ ਦੇ ਨਾਲ-ਨਾਲ 2011 'ਚ ਰਣਦੀਪ ਪੰਜਾਬ ਪੁਲਿਸ 'ਚ ਬਤੌਰ ਕਾਂਸਟੇਬਲ ਭਰਤੀ ਹੋਈ ਅਤੇ ਅੱਜਕਲ੍ਹ ਏ.ਐਸ.ਆਈ. ਦੇ ਅਹੁਦੇ 'ਤੇ ਤਾਇਨਾਤ ਹੈ। ਇਸ ਦੇ ਨਾਲ ਹੀ ਰਣਦੀਪ ਕੌਰ ਕੁੱਲ ਹਿੰਦ ਪੁਲਿਸ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ 'ਚੋਂ ਸੋਨ ਤਗਮਾ ਜਿੱਤ ਕੇ ਲਾਸ ਏਂਜਲਸ (ਅਮਰੀਕਾ) 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਦੇਸ਼ ਦੀ ਨੁਮਾਇੰਦਗੀ ਕਰਦਿਆਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕਰ ਚੁੱਕੀ ਹੈ। ਰਣਦੀਪ ਕੌਰ ਦਾ ਨਿਸ਼ਾਨਾ ਨੈਸ਼ਨਲ ਸਟਾਈਲ ਕਬੱਡੀ 'ਚ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਣਾ ਹੈ।


-ਪਟਿਆਲਾ। ਮੋਬਾ: 97795-90575


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX